ਪ੍ਰਿੰ. ਸਰਵਣ ਸਿੰਘ ਦੀ
ਲਿਖੀ ਤੇ ਸੰਗਮ ਪਬਲੀਕੇਸ਼ਨਜ਼ ਪਟਿਆਲਾ ਵੱਲੋਂ ਪ੍ਰਕਾਸ਼ਤ ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ
ਗੋਲ’ ਮੈਂ ਰੀਝ ਨਾਲ ਪੜ੍ਹੀ ਹੈ। ਪੜ੍ਹ ਕੇ ਮਹਿਸੂਸ ਹੋਇਆ ਕਿ ਅਸੀਂ ਆਪਣੇ ‘ਆਈਕੋਨਿਕ
ਓਲੰਪੀਅਨ’ ਬਲਬੀਰ ਸਿੰਘ ਨੂੰ ‘ਘਰ ਦੇ ਜੋਗੀ ਜੋਗੜੇ’ ਵਾਂਗ ਹੀ ਸਮਝ ਰਹੇ ਸਾਂ। ਪੁਸਤਕ ਪੜ੍ਹ
ਕੇ ਪਤਾ ਲੱਗਾ ਕਿ ਬਲਬੀਰ ਸਿੰਘ ਤਾਂ ਹਾਕੀ ਦੀ ਖੇਡ ਦਾ ਦੁਨੀਆਂ ‘ਚ ਅੱਵਲ ਨੰਬਰ ਖਿਡਾਰੀ
ਹੈ। ਉਸ ਦੀਆਂ ਪ੍ਰਾਪਤੀਆਂ ਹਾਕੀ ਦੇ ਜਾਦੂਗਰ ਕਹੇ ਜਾਂਦੇ ਧਿਆਨ ਚੰਦ ਤੋਂ ਵੀ ਵੱਧ ਹਨ।
ਪੰਜਾਬੀ ਖੇਡ ਲੇਖਕਾਂ ਵਿਚ ਸਰਵਣ ਸਿੰਘ ਦੀ ਪਹਿਲਾਂ ਹੀ ਝੰਡੀ
ਹੈ। ਉਹ ਲੰਮੇ ਸਮੇਂ ਤੋਂ ਲਗਾਤਾਰ ਛਪਣ ਵਾਲਾ ਤੇ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਖੇਡ
ਲੇਖਕ ਹੈ। ਉਹ ਖੇਡਾਂ ਤੇ ਖਿਡਾਰੀਆਂ ਬਾਰੇ ਵਿਲੱਖਣ ਵਾਰਤਕ ਸ਼ੈਲੀ ਦਾ ਜਨਮਦਾਤਾ ਹੈ। ਉਸ ਨੇ
ਤੀਹ ਕੁ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿਚ ਖਿਡਾਰੀਆਂ ਦੇ ਰੇਖਾ ਚਿਤਰ, ਖੇਡ ਮੇਲਿਆਂ ਦੇ
ਅੱਖੀਂ ਡਿੱਠੇ ਨਜ਼ਾਰੇ, ਖੇਡਾਂ ਦੀ ਜਾਣ ਪਛਾਣ ਤੇ ਉਨ੍ਹਾਂ ਦਾ ਇਤਿਹਾਸ, ਖੇਡ ਮਸਲੇ, ਦੇਸੀ
ਖੇਡਾਂ, ਦੇਸ ਪਰਦੇਸ ਦੇ ਸਫ਼ਰਨਾਮੇ, ਪਿੰਡ ਦੀ ਸੱਥ ‘ਚੋਂ, ਜੀਵਨੀ, ਸਵੈਜੀਵਨੀ ਤੇ ਫੁਟਕਲ
ਪੁਸਤਕਾਂ ਸ਼ਾਮਲ ਹਨ। ਉਹ ਸ਼ਬਦਾਂ ਨੂੰ ਬੀੜਨ ਦੀ ਕਲਾ ਦਾ ਮਾਹਰ ਹੈ ਅਤੇ ਵੇਗ ਮਈ, ਲੈਅ ਮਈ
ਤੇ ਰਸੀਲੀ ਵਾਰਤਕ ਦਾ ਉਸਤਾਦ ਹੈ। ਵਰਿਆਮ ਸਿੰਘ ਸੰਧੂ ਉਸ ਨੂੰ ‘ਪੰਜਾਬੀ ਵਾਰਤਕ ਦਾ ਉੱਚਾ
ਬੁਰਜ’ ਕਹਿੰਦਾ ਹੈ। ਉਸ ਦੀ ਨਵੇਕਲੀ ਸ਼ੈਲੀ ਵਿਚ ਅਜਿਹਾ ਵੇਗ ਤੇ ਵਹਾਅ ਹੈ ਕਿ ਹਰ ਸ਼ਬਦ
ਨ੍ਰਿਤ ਕਰਦਾ ਤੇ ਹਰ ਵਾਕ ਜਲਤਰੰਗ ਵਾਂਗ ਸੰਗੀਤਕ ਧੁਨਾਂ ਪੈਦਾ ਕਰਦਾ ਜਾਪਦਾ ਹੈ। ਪਾਠਕ ਦੇ
ਜਿ਼ਹਨ ਵਿਚ ਸੁਰ ਹੋਈ ਸਿਤਾਰ ਦੇ ਪੋਟੇ ਵਜਦੇ ਤੇ ਸੁਰੀਲਾ ਨਗਮਾਂ ਛੇੜਦੇ ਜਾਪਦੇ ਹਨ।
ਸਮੁੱਚੀ ਰਚਨਾ ਵਿਚ ਕੋਈ ਵਾਕ ਜਾਂ ਵਾਕ ਵਿਚ ਕੋਈ ਸ਼ਬਦ ਬੇਲੋੜਾ ਨਹੀਂ ਹੁੰਦਾ। ਲਿਖਤ ਨੂੰ
ਰੌਚਕ ਬਨਾਉਣ ਲਈ ਉਹ ਵਾਧੂ ਦੇ ਅਲੰਕਾਰ ਜਾਂ ਵਿਸ਼ੇਸ਼ਣ ਨਹੀਂ ਵਰਤਦਾ ਤੇ ਨਾ ਹੀ ਖ਼ਸਤਾ
ਕਰਾਰੀ ਬਣਾਉਣ ਲਈ ਕਾਮ ਕਲੋਲਾਂ ਦੀਆਂ ਜੁਗਤਾਂ ਵਰਤਦੈ। ਉਸ ਦੇ ਚੁਸਤ ਫਿਕਰਿਆਂ ਦੀ ਸ਼ੈਲੀ
ਵਿਚ ਹੀ ਲੋਹੜੇ ਦਾ ਵੇਗ ਹੈ ਜੋ ਪਾਠਕ ਨੂੰ ਆਮੁਹਾਰੇ ਆਪਣੇ ਨਾਲ ਵਹਾਈ ਲਈ ਜਾਂਦਾ ਹੈ।
‘ਗੋਲਡਨ ਗੋਲ’ ਹਾਕੀ ਸੰਸਾਰ ਦੇ ਸਿਰਮੌਰ ਖਿਡਾਰੀ ਬਲਬੀਰ ਸਿੰਘ ਦੀ ਇਕ ਯਾਦਗਾਰੀ ਜੀਵਨੀ ਹੈ।
272 ਪੰਨਿਆਂ ਦੀ ਸਚਿੱਤਰ ਪੁਸਤਕ ਦਾ ਹਰ ਸਫ਼ਾ ਹੀ ਬਲਬੀਰ ਸਿੰਘ ਦੇ ਜੀਵਨ ਤੇ ਹਾਕੀ ਕਲਾ ਦਾ
ਇਤਹਾਸ ਸਮੋਈ ਬੈਠਾ ਹੈ। 46 ਲੇਖਾਂ ਦੇ ਹਰ ਲੇਖ ਦੀ ਤੋਰ ਅਗਲੇ ਲੇਖ ਦੀ ਤੋਰ ਨਾਲ਼ ਤੁਰਦੀ
ਤੇ ਸਾਂਝ ਸਥਾਪਤ ਕਰਦੀ ਜਾਂਦੀ ਹੈ। ਮਹਾਂਬਲੀ ਮੰਨੇ ਜਾਂਦੇ ਅਰਜਨ ਤੇ ਭੀਮ ਵਾਂਗ ਹਾਕੀ ਜਗਤ
ਦਾ ਬਲਬੀਰ ਸਿੰਘ ਵੀ ਮਹਾਂਬਲੀ ਖਿਡਾਰੀ ਮੰਨਿਆਂ ਜਾਂਦਾ ਸੀ। ਖੇਡਾਂ ਦੀ ਦੁਨੀਆਂ ਵਿਚ ਬਲਬੀਰ
ਨਾਂ ਦੀ ਏਨੀ ਦਹਿਸ਼ਤ ਸੀ ਕਿ ਕੁੱਲ ਸੰਸਾਰ ਵਿਚ ਗੱਲ ਧੁੰਮ ਗਈ ਸੀ ਪਈ ਬਲਬੀਰ ਸਿੰਘ ਦੀ ਟੀਮ
ਨੂੰ ਹਰਾਉਣਾ ਔਖਾ ਹੀ ਨਹੀਂ, ਅਸੰਭਵ ਹੈ।
31 ਦਸੰਬਰ 1923 ਨੂੰ ਜਨਮੇ ਬਲਬੀਰ ਸਿੰਘ ਲਈ ਮੋਗੇ ਦੀਆਂ ਗਰਾਊਡਾਂ ਉਸ ਦੀ ਹਾਕੀ ਦਾ
ਪੰਘੂੜਾ ਸਨ। ਲਾਹੌਰ ਤੇ ਅੰਮ੍ਰਿਤਸਰ ਦੀਆਂ ਗਰਾਊਡਾਂ ਵਿਚ ਉਹ ਟੀਸੀ ਦਾ ਬੇਰ ਬਣਿਆਂ। ਫਿਰ
ਭਾਰਤ ਦਾ ਨਿੱਕਾ ਵੱਡਾ ਕੋਈ ਸ਼ਹਿਰ ਨਹੀਂ; ਜਿਥੇ ਉਸ ਨੇ ਆਪਣੀ ਖੇਡ ਦੇ ਚਮਤਕਾਰ ਨਾ ਦਿਖਾਏ
ਹੋਣ। ਉਹ ਅਨੇਕਾਂ ਦੇਸ਼ਾਂ ਵਿਚ ਖੇਡਿਆ। ਉਸ ਦੇ ਜ਼ਮਾਨੇ ਵਿਚ ਭਾਰਤੀ ਹਾਕੀ ਸੰਸਾਰ ਦੇ
ਅੰਬਰਾਂ ‘ਤੇ ਛਾਈ ਰਹੀ ਤੇ ਭਾਰਤੀ ਹਾਕੀ ਟੀਮਾਂ ਦੀਆਂ ਓਲੰਪਿਕ ਖੇਡਾਂ ਵਿਚ ਧੁੰਮਾਂ
ਪੈਂਦੀਆਂ ਰਹੀਆਂ। ਉਸ ਨੇ ਓਲੰਪਿਕ ਖੇਡਾਂ ਦੇ ਤਿੰਨ ਗੋਲਡ ਮੈਡਲ ਜਿੱਤੇ ਜਿਸ ਕਰਕੇ ਉਸ ਨੂੰ
‘ਗੋਲਡਨ ਹੈਟ ਟ੍ਰਿਕ’ ਵਾਲਾ ਬਲਬੀਰ ਕਿਹਾ ਜਾਣ ਲੱਗਾ।
ਬਲਬੀਰ ਸਿੰਘ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਲੈ ਕੇ ਓਲੰਪਕ ਤੇ ਏਸ਼ੀਆਈ ਖੇਡਾਂ ਵਿਚ
ਭਾਰਤੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਹੈਲਸਿੰਕੀ 1952 ਤੇ ਮੈਲਬੋਰਨ 1956 ਦੀਆਂ ਓਲੰਪਕ
ਖੇਡਾਂ ਵਿਚ ਭਾਰਤੀ ਦਲਾਂ ਦਾ ਝੰਡਾ ਬਰਦਾਰ ਬਣਿਆਂ। 1954 ਵਿਚ ਸਿੰਘਾਪੁਰ ਮਲਾਇਆ ਦੇ ਟੂਰ
ਸਮੇਂ 16 ਮੈਚਾਂ ਵਿਚ ਭਾਰਤੀ ਟੀਮ ਦੇ 121 ਗੋਲਾਂ ਵਿਚੋਂ ਉਸ ਨੇ 83 ਗੋਲ ਕੀਤੇ ਸਨ। 1955
ਵਿਚ ਨਿਊਜ਼ੀਲੈਂਡ ਦੇ ਟੂਰ ਵਿਚ 37 ਮੈਚਾਂ ਵਿਚ ਭਾਰਤੀ ਟੀਮ ਦੇ 203 ਗੋਲਾਂ ਵਿਚੋਂ 141
ਗੋਲ ਬਲਬੀਰ ਸਿੰਘ ਦੀ ਹਾਕੀ ਨਾਲ਼ ਹੋਏ ਤੇ ਉਸ ਨੂੰ ‘ਗੋਲ ਕਿੰਗ’ ਦਾ ਖਿ਼ਤਾਬ ਮਿਲਿਆ। 1957
ਵਿਚ ਭਾਰਤੀ ਖਿਡਾਰੀਆਂ ਵਿਚੋਂ ਸਭ ਤੋਂ ਪਹਿਲਾਂ ਬਲਬੀਰ ਸਿੰਘ ਨੂੰ ‘ਪਦਮ ਸ੍ਰੀ’ ਅਵਾਰਡ
ਦਿੱਤਾ ਗਿਆ ਅਤੇ ਦੇਸ਼ ਦਾ ਸਰਬੋਤਮ ਖਿਡਾਰੀ ਮੰਨਿਆਂ ਗਿਆ। 1982 ਦੀਆਂ ਏਸ਼ੀਆਈ ਖੇਡਾਂ
ਮੌਕੇ ਖੇਡ ਪੱਤਰਕਾਰਾਂ ਨੇ ਉਸ ਨੂੰ ‘ਸਪੋਰਟਸਮੈਨ ਆਫ ਦਾ ਸੈਂਚਰੀ’ ਐਲਾਨਿਆਂ। ਲੰਡਨ-2012
ਦੀ ਐਗਜ਼ੀਬੀਸ਼ਨ ਵਿਚ ਓਲੰਪਿਕ ਖੇਡਾਂ ਦੇ ਇਤਹਾਸ ਵਿਚੋਂ ਜਿਹੜੇ 16 ਖਿਡਾਰੀ ‘ਆਈਕੋਨਿਕ
ਓਲੰਪੀਅਨ’ ਚੁਣੇ ਗਏ ਬਲਬੀਰ ਸਿੰਘ ਉਨ੍ਹਾਂ ਵਿਚੋਂ ਇੱਕ ਹੈ। ਹਾਕੀ ਦਾ ਸਿਰਫ ਉਹੀ ਇੱਕੋ ਇੱਕ
ਖਿਡਾਰੀ ਹੈ, ਜਿਸ ਨੂੰ ਇਹ ਮਾਣ ਮਿਲਿਆ। ਓਲੰਪਿਕ ਖੇਡਾਂ ਦੇ 16 ਰਤਨਾਂ ਵਿਚ ਏਸ਼ੀਆ ਦੇ ਦੋ
ਤੇ ਭਾਰਤੀ ਉਪ ਮਹਾਂਦੀਪ ਦਾ ਇਕੱਲਾ ਬਲਬੀਰ ਸਿੰਘ ਹੀ ਹੈ।
‘ਗੋਲਡਨ ਗੋਲ’ ਦੇ ਪੰਨੇ ਅਜਿਹੇ ਤੱਥਾਂ ਤੇ ਅੰਕੜਿਆਂ ਨਾਲ਼ ਭਰੇ ਪਏ ਹਨ। ਬਲਬੀਰ ਸਿੰਘ ਦੀਆਂ
ਟੀਮਾਂ ਵੱਲੋਂ ਖੇਡੇ ਮੈਚ, ਕੀਤੇ ਗੋਲ਼, ਜਿੱਤੇ ਮੈਡਲ, ਖਿ਼ਤਾਬ, ਜੀਵਨ ਦੇ ਉਤਰਾਅ ਚੜ੍ਹਾਅ,
ਖ਼ੁਸ਼ੀਆਂ ਗ਼ਮੀਆਂ, ਹੈਰਾਨਕੁਨ ਤੱਥ ਅਤੇ ਵਿਸਮਾਦਤ ਕਰਨ ਵਾਲੀ ਜਾਣਕਾਰੀ ਦਿੱਤੀ ਗਈ ਹੈ।
ਦਿਲਚਸਪ ਏਨੀ ਕਿ ਪਾਠਕ ਖਾਣਾ ਪੀਣਾ ਭੁੱਲ ਸਕਦੈ, ਕਿਤਾਬ ਪੜ੍ਹਨੀ ਨਹੀਂ ਛੱਡ ਸਕਦਾ। ਕਿਸੇ
ਵੀ ਸਾਹਿਤਕ ਰਚਨਾ ਨੂੰ ਸੁਆਦਲੀ ਬਨਾਉਣ ਲਈ ਅਕਸਰ ਕਲਪਣਾ ਦਾ ਸਹਾਰਾ ਲਿਆ ਜਾਂਦਾ ਹੈ। ਪਰ
ਸਰਵਣ ਸਿੰਘ ਆਪਣੀ ਰਚਨਾ ਨੂੰ ਰਸਦਾਰ ਬਨਾਉਣ ਦੀ ਕਲਾ ਦਾ ਏਨਾ ਮਾਹਰ ਹੈ ਕਿ ਉਸ ਦੀ ਕਲਪਣਾ
ਵੀ ਯਥਾਰਥ ਦਾ ਲਿਬਾਸ ਪਹਿਨ ਕੇ ਹਾਜ਼ਰ ਹੁੰਦੀ ਹੈ। ਬਿਰਤਾਂਤ ਵਿਚ ਉਹ ਏਨੀ ਸਿ਼ੱਦਤ ਭਰਦਾ
ਹੈ ਕਿ ਪਾਠਕ ਖਿਡਾਰੀ ਨਾਲ ਵਰਤਦਾ ਭਾਣਾ ਆਪਣੇ ਨਾਲ ਹੀ ਵਰਤਦਾ ਮਹਿਸੂਸ ਕਰਦਾ ਹੈ। ਕਿਤੇ
ਕਿਤੇ ਇੰਜ ਵੀ ਲਗਦੈ ਜਿਵੇਂ ਉਹ ਖਿਡਾਰੀ ਦੇ ਚੜ੍ਹੇ ਸਾਹਾਂ ਨਾਲ ਸਾਹੋ ਸਾਹ ਰਿਹਾ ਹੋਵੇ,
ਚਾਲ ਨਾਲ਼ ਤਾਲ ਮੇਲ ਰਿਹਾ ਹੋਵੇ ਤੇ ਉਸ ਦੀ ਧੜਕਣ ਦੀ ਧੁਨ ਨਾਲ਼ ਧੜਕ ਰਿਹਾ ਹੋਵੇ। ਉਹਦੀ
ਸ਼ੈਲੀ ਦੀ ਇਹ ਖ਼ਾਸ ਖੂਬੀ ਪਾਠਕ ਦੀ ਲਿਵ ਪੁਸਤਕ ਨਾਲੋਂ ਨਹੀਂ ਟੁੱਟਣ ਦਿੰਦੀ ਅਤੇ ਕਰਤਾਰੀ
ਤੇ ਸਰਸ਼ਾਰੀ ਰਸ ਪਰਦਾਨ ਕਰਦੀ ਰਹਿੰਦੀ ਹੈ।
ਬਲਬੀਰ ਸਿੰਘ ਜਿਹੇ ਰੋਲ ਮਾਡਲ ਖਿਡਾਰੀ ਦੀ ਜੀਵਨੀ ਬੱਚਿਆਂ ਤੇ ਜੁਆਨਾਂ ਲਈ ਪ੍ਰੇਰਨਾ ਦਾ
ਸੋਮਾ ਬਣੇਗੀ। ਆਪਣੇ ਸਿਰੜ, ਸਿਦਕ, ਸਖ਼ਤ ਮਿਹਨਤ ਤੇ ਦਿਲੀ ਲਗਨ ਨਾਲ ਉਹ ਖੇਡ ਜਗਤ ਦਾ ਨਾਇਕ
ਬਣਿਆ ਹੈ। ਇਹ ਸਰਵਣ ਸਿੰਘ ਦਾ ਯੋਗਦਾਨ ਹੈ ਜੋ ਖੇਡ ਖੇਤਰ ਦੇ ਕੌਮੀ ਨਾਇਕਾਂ ਦੀਆਂ
ਘਾਲਣਾਵਾਂ ਨੂੰ ਅਤੀਤ ਦੇ ਹਨੇਰਿਆਂ ਵਿਚ ਗੁਆਚ ਜਾਣ ਤੇ ਅਲੋਪ ਹੋਣ ਤੋਂ ਬਚਾ ਰਿਹਾ ਹੈ ਅਤੇ
ਖੇਡ ਇਤਿਹਾਸ ਵਿਚ ਉਨ੍ਹਾਂ ਦਾ ਯੋਗ ਸਥਾਨ ਬਣਾਈ ਰੱਖਣ ਲਈ ਉਨ੍ਹਾਂ ਦੀ ਦੇਣ ਨੂੰ ਲਿਖਤਬੱਧ
ਕਰ ਰਿਹਾ ਹੈ।
ਤੱਥ ਸਿੱਧ ਕਰਦੇ ਹਨ ਕਿ ਸਰਬੋਤਮ ਖੇਡ ਲਈ ਬਲਬੀਰ ਸਿੰਘ ਭਾਰਤ ਰਤਨ ਪੁਰਸਕਾਰ ਦਾ ਪੂਰਾ
ਹੱਕਦਾਰ ਹੈ। ਸੁਆਲ ਪੈਦਾ ਹੁੰਦਾ ਹੈ ਕਿ ਆਯੂ ਦੇ 92ਵੇਂ ਟੰਬੇ ‘ਤੇ ਪਹੁੰਚੇ ਬਲਬੀਰ ਸਿੰਘ
ਨੂੰ ਕੀ ਇਹ ਸਨਮਾਨ ਉਹਦੇ ਜਿਊਂਦੇ ਜੀਅ ਮਿਲੇਗਾ ਜਾਂ ਮੜ੍ਹੀ ਦੀ ਪੂਜਾ ਵਾਲੀ ਗੱਲ ਹੋਵੇਗੀ?
ਹਾਕੀ ਦੇ ਨਾਇਕ ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਲਿਖਣ ਲਈ ਪ੍ਰਿੰਸੀਪਲ ਸਰਵਣ ਸਿੰਘ
ਨੂੰ ਮੁਬਾਰਕਾਂ! ਮੇਰੇ ਵਿਚਾਰ ਵਿਚ ਇਸ ਸਾਲ ਦੀ ਇਹ ਬਿਹਤਰੀਨ ਪੁਸਤਕ ਹੈ ਜੋ ਪਾਠਕਾਂ ਨੂੰ
ਪੜ੍ਹਨੀ ਚਾਹੀਦੀ ਹੈ।(ਪ੍ਰਕਾਸ਼ਕ ਦਾ ਫੋਨ 99151-03490 ਹੈ)
-0-
|