ਵਿਸਾਖੀ ਦਾ ਦਿਨ ਮੈਨੂੰ ਸਦਾ ਟਿੱਲੇ ਦੀ ਟੀਸੀ ਉਤੇ ਚੜ੍ਹਨ ਵਰਗਾ ਅਹਿਸਾਸ
ਕਰਾਉਂਦਾ ਹੈ। ਜਿੱਥੇ ਖਲੋ ਕੇ ਮੈਂ ਚਾਰੇ ਪਾਸੇ, ਅੱਗੇ ਪਿੱਛੇ ਦੂਰ ਦੂਰ
ਤਕ ਬੜਾ ਕੁਛ ਵੇਖ ਸਕਦਾ ਹੋਵਾਂ। ਟਿੱਲੇ ਦੀ ਟੀਸੀ ਉੱਤੇ ਬੁੜ੍ਹਕਣੀ ਮਾਰ
ਕੇ ਨਹੀਂ, ਸਹਿਜ ਨਾਲ ਪਹੁੰਚੀਦਾ ਹੈ। ਸਿਖਰ ਤੇ ਪਹੁੰਚੀਏ ਤਾਂ ਹਰ ਪਾਸੇ
ਨਿਗਾਹ ਜਾਣੀ ਵੀ ਸੁਭਾਵਕ ਹੈ।
ਦੋ ਘਟਨਾਵਾਂ ਹਨ ਸਾਡੇ ਤਿਓਹਾਰ ਵਿਸਾਖੀ ਨੂੰ ਟੀਸੀ ਵਰਗਾ ਰੁਤਬਾ ਦੇਣ
ਵਾਲੀਆਂ, ਜਿੰਨ੍ਹਾ ਉੱਤੇ ਭਰਵੀਂ ਨਿਗਾਹ ਸੁੱਟਿਆਂ ਹਰ ਵਾਰ ਰੂਹ ਕੰਬਣੀ
ਖਾਂਦੀ ਹੈ। ਇਕ ਹੈ ਖਾਲਸੇ ਦੀ ਸਾਜਨਾ ਤੇ ਦੂਜੀ ਹੈ ਜਲ੍ਹਿਆਂ ਵਾਲੇ ਬਾਗ
ਦਾ ਸਾਕਾ।
ਇਤਿਹਾਸ ਨੂੰ ਬਦਲ ਦੇਣ ਵਾਲੀਆਂ ਇਹਨਾਂ ਦੋ ਘਟਨਾਵਾਂ ਦਾ ਸਫਰ ਰਮਜ਼ ਨਾਲ ਇਹ
ਵੀ ਆਖਦਾ ਹੈ ਕਿ ਟੀਸੀ ਉੱਤੇ ਪੁਚਾਉਣ ਵਾਲੀਆਂ ਪੈੜਾਂ ਨੂੰ ਵੀ ਵੇਖਿਓ,
ਉਹਨਾਂ ਦੀ ਵੀ ਕਦਰ ਕਰਿਓ। ਯਾਦ ਰੱਖਿਓ ਕਿ ਪੈੜਾਂ ਭੁੱਲ ਜਾਣ ਵਾਲੇ ਲੋਕ
ਰਸਤੇ ਵੀ ਭੁੱਲ ਜਾਂਦੇ ਹੁੰਦੇ ਜੇ।
ਰਾਤ ਦਾ ਬਾਰਾਂ ਇਕ ਵੱਜ ਗਿਆ ਹੋਊਗਾ। ਖਾਲਸੇ ਦੀ ਸਾਜਨਾ ਦੇ ਤਿੰਨ ਸੌ
ਸਾਲਾ ‘‘ਜਸ਼ਨਾਂ‘‘ ਤੋਂ ਤਿੰਨ ਦਿਨ ਪਿੱਛੋਂ। ਅਸੀਂ ਦੋਵੇਂ ਜੀਅ ਤੇ ਨਾਲ
ਬੇਟੀਆਂ ਅਨੰਦਪੁਰ ਸਾਹਿਬ ਕੇਸ-ਗੜ੍ਹ ਦੀ ਛੱਤ ਉੱਤੇ ਬੈਠੇ ਸਾਂ ਇਕੱਲੇ।
ਚੁੱਪ, ਸ਼ਾਂਤ ਟਿਕੀ ਰਾਤ। ਸੁਰਤੀ ਦੀ ਉਂਗਲ ਫੜਕੇ, ਕਿਰਨਾਂ ਦੀ ਪੈੜ ਦਾ
ਪਿੱਛਾ ਕਰਦਾ ਕਰਦਾ ਮੈਂ ਸ਼ੇਖੂਪੁਰੇ ਵੱਲ ਜਾ ਪਹੁੰਚਿਆ। ਅੰਦਰੋਂ ਅਵਾਜ਼
ਕੰਨੀ ਪਈ ‘‘ਨੀ ਭੈਣ ਤ੍ਰਿਪਤਾ, ਚੰਦ ਵਰਗੇ ਪੁੱਤ ਦੇ ਜਨਮ ਦੀਆਂ ਵਧਾਈਆਂ‘‘
ਨਾਨਕਿਆਂ ਦੇ ਘਰ ਨਾਨਕ ਨਾਨਕ ਹੋਣ ਲੱਗੀ। ਇਨਸਾਨੀ ਸੋਚ ਦੀ ਤਕਦੀਰ ਦਾ
ਮਲਾਹ ਵਧਣ ਫੁੱਲਣ ਲੱਗਾ।
ਉਸਨੇ ਕੋਈ ਰਸਮੀ ਵਿੱਦਿਆ ਨਹੀਂ ਸੀ ਲਈ, ਪਰ ਉਸਨੇ ਧਰਮ, ਦਰਸ਼ਨ, ਸਮਾਜ,
ਸਭਿਆਚਾਰ, ਸਾਹਿਤ ਅਤੇ ਸੰਗੀਤ ਵਰਗੇ ਅਨੇਕਾਂ ਖੇਤਰਾਂ ਨੂੰ ਜਾਣਿਆਂ ਹੀ
ਨਹੀਂ, ਸਗੋਂ ਨਵੀਆਂ ਨਕੋਰ ਪੈੜਾਂ ਵੀ ਪਾਈਆਂ। ਨਿੱਕੇ ਹੁੰਦਿਆਂ ਮਾਪਿਆਂ
ਨਾਲ ਸਾਰੇ ਕੰਮ ਧੰਦੇ ਵੀ ਕਰਵਾਏ। ਡੰਗਰ ਚਾਰੇ। ਵਿਆਹ ਕਰਵਾਇਆ। ਬੱਚੇ
ਹੋਏ। ਨੌਕਰੀ ਕੀਤੀ। ਪਰ ਫਿਰ ਇਕਾਂਤ ਵਿਚ ਬੈਠ ਕੇ ਮਨ ਬਣਾਇਆ ਕਿ ਮੈਂ
ਕੇਵਲ ਦੋ ਚਾਰ ਜੀਆਂ ਲਈ ਉਮਰ ਭਰ ਭੰਮੀਰੀ ਵਾਂਙੂੰ ਘੁਕਣ ਅਤੇ ਖਤਮ ਹੋ ਜਾਣ
ਲਈ ਪੈਦਾ ਨਹੀਂ ਹੋਇਆ, ਲੋਕਾਈ ਦੀ ਸਾਰ ਵੀ ਲੈਣੀ ਬਣਦੀ ਹੈ। ਫਿਰ ਤੁਰ ਪਿਆ
ਮਰਦਾਨੇ ਨੂੰ ਨਾਲ ਲੈ ਕੇ ਉਦਾਸੀਆਂ (ਯਾਤਰਾਵਾਂ) ਤੇ। ਵੀਹ ਬਾਈ ਸਾਲ ਘਰੋਂ
ਬਾਹਰ।
ਉਹ ਉਸ ਜੋਬਨ ਰੁੱਤੇ ਤੁਰਿਆ, ਜਦ ਬੰਦਾ ਜ਼ੁਲਫ਼ਾਂ ਦੇ ਜੰਗਲ ਵਿਚ ਪੋਟਿਆਂ ਦੀ
ਸਰਸਰਾਹਟ ਵਿਚੋਂ ਨਿਕਲੇ ਰਸ ਨੂੰ ਅਮ੍ਰਿੰਤ ਸਮਝਦਾ ਹੈ। ਓਦੋਂ ਉਹ ਜੰਗਲ
ਬੀਆਬਾਨਾ ਨੂੰ ਹਜ਼ਾਰਾਂ ਮੀਲ ਪੈਦਲ ਚੀਰਦਾ ਸੱਪਾਂ ਸ਼ੀਹਾਂ ਦੀ ਸਰਸਰਾਹਟ
ਵਿਚੋਂ ਦੀ ਜੀਵਨ ਦੇ ਅਸਲੀ ਅਰਥ ਲੱਭਦਾ ਲੁਭਾਉਂਦਾ ਲੋਕਾਂ ਕੋਲ ਆਪ
ਪਹੁੰਚਿਆ।
ਉਹ ਇਨਸਾਨਾਂ ਦੇ ਅੰਦਰਲੇ ਅੰਧਕਾਰ ਨਾਲ ਲੜਿਆ ਸੂਰਮਿਆਂ ਵਾਂਗ, ਦਾਰਸ਼ਨਿਕਾਂ
ਵਾਂਗ, ਕਲਾਕਾਰਾਂ ਵਾਂਗ, ਸੰਤ ਰੂਪ ਵਿਚ।
ਉਹ ਸੰਸਾਰੀ ਭਵਸਾਗਰ ਵਿਚੋਂ ਨਿਕਲ ਗਿਆ ਚੇਤਨਾ ਦੀ ਪੱਧਰ ਤੇ। ਫਿਰ ਭਵਸਾਗਰ
ਵਿਚ ਹੀ ਵਿਚਰਿਆ ਸਰੀਰ ਦੀ ਪੱਧਰ ਤੇ। ਭਵਸਾਗਰ ਵਿਚੋਂ ਹੀ ਨਿਰਲੇਪ ਹੋ ਗਿਆ
ਮਨ ਦੇ ਪੱਧਰ ਤੇ ......ਭਵਸਾਗਰ ਵਿਚ ਗੋਤੇ ਖਾਂਦਿਆਂ ਨੂੰ ਤਾਰਨ ਲਈ।
ਉਹ ਅੱਗੇ ਹੀ ਅੱਗੇ ਤੁਰੀ ਗਿਆ, ਕਿਸੇ ਅਨੰਤ ਪੈਂਡਿਆਂ ਉੱਤੇ। ਉਹ ਪ੍ਰਕਾਸ਼
ਦੇ ਸੋਮੇ ਦਾ ਸੰਗ ਕਰਦਾ ਕਰਦਾ ਓਸੇ ਪ੍ਰਕਾਸ਼ ਦਾ ਰੂਪ ਹੋ ਗਿਆ, ਪ੍ਰਕਾਸ਼
ਵਿਚ ਲੀਨ........ ਪ੍ਰਕਾਸ਼ ਵਿੱਚ ਪ੍ਰਬੀਨ......ਪ੍ਰਕਾਸ਼ ਵਿਚ ਵਿਲੀਨ।
ਫਿਰ ਉਹ ਸੂਰਜ ਵਾਂਗ ਜਾਪਣ ਲੱਗਾ। ਅਸੀਂ ਤੁਸੀਂ ਮੇਰਾ ਮੇਰਾ ਕਰਨ ਲੱਗੇ।
ਪਰ ਮੇਰਾ ਮੇਰਾ ਕਰਨ ਵਾਲਿਆਂ ਦੇ ਹੱਥ ਉਸਨੇ ਆਪਣੇ ਜਿਸਮ ਨੂੰ ਵੀ ਨਾ ਆਉਣ
ਦਿੱਤਾ। ਉਹ ਸਭਨਾ ਦਾ ਹੀ ਸੀ। ਜਿਸਦੀ ਕਾਇਆ ਵੀ ਇਸ ਮੇਰ ਤੇਰ ਤੋਂ ਮੁਕਤ
ਸੀ, ਉਸਦੇ ਸ਼ਬਦਾਂ ਨੂੰ ਜੱਫਾ ਕੌਣ ਮਾਰ ਸਕਦਾ ਹੈ? ਇਹ ਓਸੇ ਨੂੰ ਰੌਸ਼ਨੀ
ਦੇਣਗੇ, ਜਿਹੜਾ ਇਹਨਾਂ ਉਤੇ ਅਮਲ ਕਰੇਗਾ। ਉਹ ਆਪਣੇ ਸ਼ਬਦਾਂ ਦੀ ਵਸੀਅਤ
ਆਪਣੇ ਦੁਨਿਆਵੀ ਪੁੱਤਰਾਂ ਦੇ ਨਾਮ ਕਰਨ ਦੀ ਬਜਾਏ ਆਪਣੇ ਵਿਚਾਰਾਂ ਦੀ ਸਾਂਝ
ਵਾਲੇ ਪੈਰੋਕਾਰਾਂ ਦੇ ਨਾਮ ਕਰ ਗਿਆ।
ਮਰਦਾਨੇ ਦੀ ਰਬਾਬ ਬਾਬੇ ਨਾਨਕ ਦੀ ਉਨੀ ਰਾਗਾਂ ਵਿਚ ਲਿਖੀ ਬਾਣੀ ਅਤੇ ਉਸਦੀ
ਮਧੁਰ ਸੁਰੀਲੀ ਅਵਾਜ਼ ਨਾਲ ਇਕਸੁਰ ਹੋ ਕੇ ਵੱਜਦੀ ਰਹੀ ਪਰ ਅਸੀਂ ਅਜੇ ਤਕ
ਭਾਈ ਮਰਦਾਨੇ ਨੂੰ ਆਪਣਾ ਪ੍ਰਾਚੀਨ ਮਹਾਨ ਸੰਗੀਤਕਾਰ ਤਸੱਵਰ ਨਹੀਂ ਕਰ ਸਕੇ।
ਉਹਨਾਂ ਵਰਗੀ ਦੋਸਤੀ ਦੀ ਮਿਸਾਲ ਲੱਭਣੀ ਵੀ ਮੁਸ਼ਕਲ ਹੈ।
ਉਸ ਮਹਾਨ ਸੰਤ ਨੇ ਮਗਰਲੀ ਉਮਰੇ ਅਠਾਰਾਂ ਸਾਲ ਹਲ ਦੀ ਜੰਘੀ ਫੜ੍ਹ ਕੇ ਰੋਟੀ
ਖਾਧੀ। ਤੇ ਵਖਾਇਆ ਕਿ ਗ੍ਰਹਿਸਥ, ਕਿਰਤ ਅਤੇ ਭਗਤੀ ਦਾ ਅਨੂਠਾ ਸੰਗਮ ਕਿਵੇਂ
ਹੁੰਦਾ ਹੈੇ। ਉਸਨੇ ਸਦਾ ਮਾੜਿਆਂ ਦੀ ਬਾਂਹ ਫੜੀ। ਔਰਤਾਂ ਨਾਲ ਵਿਤਕਰਾ ਰੱਦ
ਕੀਤਾ। ਔਰਤਾਂ ਨੂੰ ਵਡਿਆਇਆ। ਜਾਤ ਪਾਤ ਤੇ ਕਰਾਰੀ ਚੋਟ ਕੀਤੀ। ਇਸ ਤਰਾਂ
ਦਾ ਸੀ ਆਪਣਾ ਬਾਬਾ ਕਹਿਣੀ ਅਤੇ ਕਥਨੀ ਦਾ ਪੂਰਾ।
ਅਲਾਮਾ ਇਕਬਾਲ ਬਾਬਾ ਨਾਨਕ ਬਾਰੇ ਲਿਖਦਾ ਹੈ ਕਿ ਬਾਬਾ ਤੂੰ ਸੂਰਜ ਸੈਂ।
ਬੜਾ ਚਮਕਿਐਂ। ਪਰ ਤੈਨੂੰ ਵੇਖਣ ਵਾਲੀਆਂ ਅੱਖਾਂ ਤੋਂ ਮਹਿਰੂਮ ਜਨਤਾ ਤੈਨੂੰ
ਵੇਖ ਨਾ ਸਕੀ।
ਪਰ ਰਾਤ ਤਾਂ ਮੁੜ ਮੁੜ ਆਉਂਦੀ ਹੈ, ਜਿਵੇਂ ਕਿਤੇ ਸੂਰਜ ਦਾ ਇਮਤਿਹਾਨ ਲੈ
ਰਹੀ ਹੋਵੇ।
ਰਾਤ ਹੀ ਸੀ ਜਦ ਸਭ ਲੋਕ ਆਪਣੇ ਆਪਣੇ ਬੱਚਿਆਂ ਨੂੰ ਜੱਫੀਆਂ ਪਾਈ, ਬਾਹਵਾਂ
ਉੱਤੇ ਚੜ੍ਹਾਈ ਘੂਕ ਸੁੱਤੇ ਘੁਰਾੜੇ ਮਾਰ ਰਹੇ ਸਨ। ‘ਹਾਏ! ਬੱਚੇ ਕਿੰਨੇ
ਪਿਆਰੇ ਲਗਦੇ ਹਨ।‘ ਬਹੁਤ ਸਾਰੀਆਂ ਦਾਦੀਆਂ ਵੀ ਬੱਚੇ ਨਾਲ ਲਈ ਸੁੱਤੀਆਂ
ਸਨ, ਅਸੀਸਾਂ ਨਾਲ ਭਰੀਆਂ ਹੋਈਆਂ.........‘‘ਕਿ ਬੱਚਿਓ ਤੁਹਾਨੂੰ ਕਦੀ
ਤੱਤੀ ‘ਵ ਨਾ ਲੱਗ।‘‘
ਪਰ ਇਕ ਦਾਦੀ ਆਪਣੇ ਸੱਤ ਸਾਲ ਅਤੇ ਨੌ ਸਾਲ ਦੇ ਪੋਤਰਿਆਂ ਨੂੰ ਠੰਡੀ ਯੱਖ
ਰਾਤ ਵਿਚ ਛਾਤੀ ਨਾਲ ਲਾਈ ਜਾਗ ਰਹੀ ਸੀ। ਸਰਹੰਦ ਦੇ ਠੰਡੇ ਬੁਰਜ ਵਿਚ ਕੈਦ।
ਬੱਚੇ ਵੀ ਜਾਗ ਰਹੇ ਸਨ।
ਇਹ ਦਾਦੀ ਉਹਨਾ ਨੂੰ ‘ਤੱਤੀ ‘ਵਾ ਨਾ ਲੱਗੇ‘ ਦੀ ਅਸੀਸ ਵੀ ਦੇਣ ਵਾਲੀ ਨਹੀਂ
ਸੀ। ਉਹ ਇਸ ਧਰਤੀ ਉਤੇ ਪੈਦਾ ਹੋਏ ਇਨਸਾਨਾ ਵਿਚੋਂ ਇਕੋ ਇਕ ਨਿਰਾਲੀ ਦਾਦੀ
ਸੀ, ਜਿਹੜੀ ਨੰਨ੍ਹੇ ਮੁੰਨੇ ਪੋਤਰਿਆਂ ਦੇ ਸਿਰ ਪਲੋਸਦੀ ਹੋਈ
ਕਹਿੰਦੀ,‘‘ਬੱਚਿਓ ਜਦ ਤੁਹਾਨੂੰ ਝੁਲਸਾ ਦੇਣ ਵਾਲੀ ਤੱਤੀ ‘ਵਾ ਲੱਗੇ, ਕਿਤੇ
ਮਨੋ ਨਾ ਡੋਲ ਜਾਇਓ! ਓਦੋਂ ਆਪਣੇ ਦਾਦੇ ਦੇ ਦਾਦੇ ਦਾ ਧਿਆਨ ਕਰਿਓ। ਵੇਖੋ
ਉਹਨੇ ਤੱਤੀ ਲੋਹ ਉਤੇ ਬੈਠ ਕੇ, ਸੀਸ ਵਿਚ ਤੱਤੀ ਰੇਤ ਪਵਾ ਕੇ ਅਤੇ ਉਬਲਦੀ
ਦੇਗ ਵਿਚ ਬੈਠ ਕੇ ਮੂਹੋਂ ‘ਹਾਏ‘ ਤਕ ਨਹੀਂ ਸੀ ਆਖੀ। ਤੁਸੀਂ ਆਪਣੇ ਦਾਦੇ
ਨੂੰ ਯਾਦ ਕਰਿਓ, ਉਸਨੇ ਮਨੁੱਖਤਾ ਦੀ ਅਜ਼ਾਦੀ ਲਈ ਦਿੱਲੀ ਦੇ ਚਾਂਦਨੀ ਚੌਂਕ
ਵਿਚ ਆਪ ਜਾ ਕੇ ਸੀਸ ਨਿਛਾਵਰ ਕਰ ਦਿੱਤਾ ਸੀ।‘‘
‘ਅੰਤਿਮ ਮਿਲਣੀ‘ ਵਾਲੀ ਅਗਲੀ ਗੱਲ ਜਿਹੜੀ ਕਹਿਣੀ ਸੀ ਉਹ ਦਾਦੀ ਆਪਣੇ
ਪੋਤਰਿਆਂ ਨੂੰ ਕਹਿਣ ਲੱਗੀ ਤਾਂ ਕਾਲਜੇ ਨੂੰ ਰੁੱਗ ਭਰਿਆ ਗਿਆ। ਪੋਤਰੇ ਖੁਦ
ਵੀ ਸਮਝਦੇ ਸਨ। ਉਹ ਸਾਰੀ ਰਾਤ ਜਾਗਦੇ ਰਹੇ। ਉਹ ਤਾਂ ਧੁਰੋਂ ਹੀ ਜਾਗੇ ਸਨ।
ਉਸ ਅਭਾਗੀ ਰਾਤ ਦੇ ਇਕ ਇਕ ਪਲ ਨੂੰ ਬਿਆਨ ਕਰਨਾ ਕਿਸੇ ਲੇਖਕ ਦੇ ਵੱਸ
ਨਹੀਂ। ਉਸਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਦਿਨ ਚੜ੍ਹਿਆ ਤਾਂ ਬੱਚੇ
ਹਕੂਮਤ ਨੇ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ। ਦਾਦੀ ਨੇ ਠੰਡੇ ਬੁਰਜ
ਵਿਚ ਪ੍ਰਾਣ ਤਿਆਗ ਦਿੱਤੇ।
ਪਰ ਇਹ ਕਾਲੀ ਬੋਲੀ ਰਾਤ ਤਾਂ ਅਜੇ ਲੰਮੀ ਸੀ। ਜਵਾਨ ਪੁੱਤਰਾਂ ਦੇ ਮਾਪੇ
ਹੁਸੀਨ ਸੁਪਨੇ ਲੈ ਰਹੇ ਸਨ ਕਿ ਮੁੰਡਾ ਸਿਹਰੇ ਲਾ ਕੇ ਘੋੜੀ ਚੜ੍ਹਿਆ ਹੈ।
ਕੋਈ ਹੂਰ ਪਰੀ ਮਹਿੰਦੀ ਲਾ ਕੇ ਉਸ ਵਿਚ ਸਮਾ ਜਾਣ ਲਈ ਤਿਆਰੀ ਕਰੀ ਬੈਠੀ
ਹੈ। ਘੋੜੀਆਂ ਗਾਈਆਂ ਜਾ ਰਹੀਆਂ ਹਨ। ਬਾਪ ਸੁੱਟ ਕਰ ਰਿਹਾ ਹੈ।
ਪਰ ਇਕ ਬਾਪ (ਗੁਰੂ ਗੋਬਿੰਦ ਸਿੰਘ) ਚਮਕੌਰ ਦੀ ਗੜ੍ਹੀ ਵਿਚ ਆਪਣੇ ਬੱਚਿਆਂ
ਲਈ ਜੋ ਸੁਪਨੇ ਜਾਗਦਿਆਂ ਹੋਇਆਂ ਲੈ ਰਿਹਾ ਸੀ, ਉਹੋ ਜਿਹਾ ਸੁਪਨਾ ਲੈਣ ਦੀ
ਕਦੇ ਕਿਸੇ ਬਾਪ ਦੀ ਹਿੰਮਤ ਨਹੀਂ ਪਈ।
ਉਸਦੀ ਆਪਣੀ ਸ਼ਖਸ਼ੀਅਤ ਦੀ ਲੋਅ ਵਿਚ ਉਸਦੇ ਗੱਭਰੂ ਪੁੱਤ ਅਜੀਤ ਸਿੰਘ, ਜੁਝਾਰ
ਸਿੰਘ ਤਿਆਰ ਹੋ ਰਹੇ ਹਨ। ਉਹ ਉਹਨਾ ਦੀਆਂ ਪੁਸ਼ਾਕਾਂ ਅਤੇ ਸਰੀਰਾਂ ਉਤੇ ਕੋਈ
ਅਤਰ ਫੁਲੇਲ ਨਹੀਂ ਛਿੜਕ ਰਿਹਾ, ਸਗੋਂ ਮੈਦਾਨੇ ਜੰਗ ਵਿਚ ਤੋਰਨ ਲਈ
ਜ਼ਰਾ-ਬਖ਼ਤਰ ਸਜਾ ਰਿਹਾ ਹੈ, ਪੱਗ ਉਤੇ ਸਿਹਰੇ ਨਹੀਂ ਸਗੋਂ ਤਲਵਾਰ ਦੇ ਵਾਰ
ਨੂੰ ਰੋਕਣ ਲਈ ਲੋਹੇ ਦੇ ਚੱਕਰ ਪਾਏ ਜਾ ਰਹੇ ਹਨ। ਉਹ ਆਪਣੇ ਪੁੱਤਾਂ ਨੂੰ
ਕਿਸੇ ਹੂਰ ਪਰੀ ਨੂੰ ਵਿਆਹੁਣ ਲਈ ਤਿਆਰ ਨਹੀਂ ਕਰ ਰਿਹਾ ਸਗੋਂ ਮੌਤ ਨੂੰ ਗਲ਼
ਲਾਉਣ ਲਈ ਕਰ ਰਿਹਾ ਹੈ। ਦੋ ਵੱਡੇ ਪੁੱਤ ਅੱਖਾਂ ਦੇ ਸਾਹਮਣੇ ਯੁੱਧ ਕਰਦੇ
ਸ਼ਹੀਦ ਹੋ ਗਏ ਤੇ ਦੋ ਨਿੱਕਿਆਂ ਬਾਰੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰਨ ਦੀ
ਖ਼ਬਰ ਮਿਲੀ। ੲੋਹੋ ਜਿਹੀ ਔਲਾਦ ਅੱਜ ਤਕ ਕਿਸੇ ਨੂੰ ਨਸੀਬ ਨਹੀਂ ਹੋਈ, ਜੋ
ਮਾਪਿਆਂ ਦੇ ਆਦਰਸ਼ ਉਤੋਂ ਏਨੀ ਛੋਟੀ ਉਮਰੇ ਇਸ ਤਰਾਂ ਕੁਰਬਾਨ ਹੋ ਗਈ ਹੋਵੇ।
ਕੌਣ ਹੈ ਐਸਾ ਜਿਸਨੇ ਚਮਕੌਰ ਦੀ ਗੜ੍ਹੀ ਵਰਗੇ ਮੈਦਾਨੇ ਜੰਗ ਵਿਚ ‘ਚੰਡੀ ਦੀ
ਵਾਰ‘ ਸਿਰਜੀ ਹੋਵੇ। ਕਦੀ ਕਲਮ ਤਲਵਾਰ ਬਣ ਜਾਂਦੀ ਤੇ ਕਦੀ ਤਲਵਾਰ ਕਲਮ ਦਾ
ਰੂਪ ਧਾਰ ਲੈਂਦੀ। ਲੱਭੋ ਕੋਈ ਹੋਰ ਏਦਾਂ ਦਾ ਕਵੀ?
‘ਸੱਚਾ ਪਾਤਸ਼ਾਹ‘ ਦੇ ਮਇਨੇ ਸਮਝ ਆਏ। ਕਿਉਂਕਿ ਦੁਨਿਆਵੀ ਪਾਤਸ਼ਾਹ ਵੀ ਯੁੱਧ
ਤਾਂ ਕਰਦਾ ਪਰ ਆਪਣੇ ਜਾਂ ਬੱਚਿਆਂ ਦੇ ਸਿਰ ਹਕੂਮਤੀ ਕਲਗੀ ਸਜਾਉਣ ਲਈ। ਪਰ
ਗੁਰੂ ਨੇ ਆਪਾ/ਬੱਚੇ ਕੁਰਬਾਨ ਕਰਤੇ ਲੋਕਾਂ ਲਈ।
ਮਾਛੀਵਾੜੇ ਦੇ ਜੰਗਲ ਨੇ ਸਰਬੰਸਦਾਨੀ ਗੁਰੂ ਦੇ ਨੈਣਾਂ ਨੂੰ ਬਾਰ ਬਾਰ
ਭਿੱਜਦਿਆਂ ਸੁੱਕਦਿਆਂ ਵੇਖਿਆ ਹੋਵੇਗਾ ਤੇ ਨਾਲੇ ਹੌਂਸਲਾ ਵੇਖ ਕੇ ਦੰਗ ਵੀ
ਰਹਿ ਗਿਆ ਹੋਵੇਗਾ।
ਔਲਾਦ ਸ਼ਹੀਦ ਕਰਵਾਉਣੀ ਬੜੀ ਔਖੀ ਹੈ ਤੇ ਉਹ ਵੀ ਆਪਣੇ ਨਿੱਜ ਖਾਤਰ ਨਹੀਂ,
ਲੋਕਾਂ ਖਾਤਰ। ਅੰਦਾਜਾ ਲਾਓ ਕਿ ਕਿੰਨੀ ਕੁ ਮੁਹੱਬਤ ਹੋਵੇਗੀ ਲੋਕਾਂ ਨਾਲ?
ਤੇ ਆਪਣੇ ਏਹੋ ਜਿਹੇ ਪਿਆਰੇ ਲੋਕਾਂ ਨੂੰ ਆਨੰਦਪੁਰ ਇੱਕਠੇ ਕਰਕੇ ਜਦ ਹੱਥ
ਵਿਚ ਤਲਵਾਰ ਫੜ ਕੇ ਗੁਰੂ ਨੇ ਲਲਕਾਰਿਆ ਹੋਵੇਗਾ,‘‘ਕਿ ਕੋਈ ਇਕ ਸਿੱਖ
ਉੱਠੋ, ਮੇਰੇ ਕੋਲ ਆਓ, ਮੈਂ ਉਸਦੀ ਧੌਣ ਵੱਢਣੀ ਹੈ,‘‘ ਤਾਂ ਗੁਰੂ ਨੇ
ਕਿੰਨਾ ਵੱਡਾ ਜਿਗਰਾ ਕਰਕੇ ਇਹ ਗੱਲ ਆਖੀ ਹੋਵੇਗੀ। ਤੇ ਫਿਰ ਜਦੋਂ ਗੁਰੂ
ਗੋਬਿੰਦ ਸਿੰਘ ਨੇ ਤੰਬੂ ਵਿਚੋਂ ਖੂਨ ਨਾਲ ਲਿਬੜੀ ਤਲਵਾਰ ਲੈ ਕੇ ਉਵੇਂ ਹੀ
ਦੂਜਾ ਸਿਰ ਮੰਗਿਆ ਹੋਵੇਗਾ। ਸਿੱਖ ਸਿਰ ਦੇਣ ਲਈ ਉੱਠ ਕੇ ਗੁਰੂ ਵੱਲ ਤੁਰ
ਪਿਆ ਹੋਵੇਗਾ ਤਾਂ ਆਪਣੇ ਸਿੱਖਾਂ ਦਾ ਪਿਆਰ, ਸ਼ਰਧਾ, ਕੁਰਬਾਨੀ, ਤਿਆਗ ਤੇ
ਭਰੋਸਾ ਵੇਖ ਕੇ ਮਾਣ ਨਾਲ ਗੁਰੂ ਦੀਆਂ ਅੱਖਾਂ ਦੇ ਹੰਝੂ ਅੰਦਰ ਹੀ ਅੰਦਰ
ਠਾਠਾਂ ਮਾਰਦੇ ਵਹਿ ਤੁਰੇ ਹੋਣਗੇ। ਭਰੋਸੇ ਅਤੇ ਕੁਰਬਾਨੀ ਦਾ ਇਹੀ ਹੜ੍ਹ ਸੀ
ਜਿਸ ਦੇ ਵੇਗ ਦੇ ਸਾਹਮਣੇ ਮੁਗਲ ਹਕੂਮਤ ਵੀ ਇਕ ਦਿਨ ਰੁੜ੍ਹ ਗਈ।
ਅੱਡੋ ਅੱਡ ਜਾਤਾਂ ਦੇ ਪੰਜ ਪਿਆਰੇ ਸਾਜ ਕੇ ਜਾਤ ਪਾਤ ਖਤਮ ਕਰ ਦਿਤੀ। ਨਵਾਂ
ਮਨੁੱਖ ਸਿਰਜ ਦਿੱਤਾ। ਸ਼ੁੱਧ ਖਾਲਸਾ। ਜਿਸਨੇ ਹਿੰਦੁਸਤਾਨ ਦੇ ਇਤਿਹਾਸ ਦਾ
ਰੁਖ਼ ਮੋੜ ਦਿੱਤਾ।
ਇੰਜ ਹਰ ਸਾਲ ਵਿਸਾਖੀ ਦਾ ਦਿਨ ਵੀ ਨਿਆਰੀਆਂ ਚਮਕਾਂ ਮਾਰਨ ਲੱਗਾ।
ਕਾਸ਼ ਸਾਨੂੰ ਉਹ ਭਾਵਨਾ ਸਦਾ ਚੇਤੇ ਰਵ੍ਹੇ ਤੇ ਸਾਡੇ ਅਮਲਾਂ ਵਿਚ ਵੀ ਆਵੇ,
ਜਿਸ ਤਹਿਤ ਸਾਡੇ ਗੁਰੂਆਂ ਨੇ ਇਹ ਸਾਰੀ ਘਾਲਣਾ ਘਾਲੀ। ਪਰ ਅੰਦਰੋਂ ਚਸਕ
ਜਿਹੀ ਪੈਂਦੀ ਹੈ ਕਿ ਜਿਹੜੀ ਊਚ ਨੀਚ, ਭਿੰਨ ਭੇਦ ਗੁਰੂਆਂ ਨੇ ਆਪਣੀ ਵੱਲੋਂ
ਮਾਰ ਦਿੱਤੇ, ਉਹ ਸਾਡੇ ਅੰਦਰੋਂ ਅੱਜ ਤੱਕ ਵੀ ਨਹੀਂ ਮਰੇ।
ਚਸਕ ਨੇ ਸੁਰਤੀ ਉਰਾਂ ਮੋੜੀ, ਅਤੇ ਜਲ੍ਹਿਆਂਵਾਲੇ ਬਾਗ ਵਿਚ ਲੈ ਵੜੀ। ਜਨਰਲ
ਡਾਇਰ ਸਾਡੇ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੱਨਣ ਡਿਅ੍ਹਾ। ਸੈਂਕੜੇ
ਮਾਰ ਸੁੱਟੇ। ਸੈਂਕੜੇ ਤੜਫਣ ਡੲ੍ਹੇ। 1919 ਦੀ ਵਿਸਾਖੀ ਖੂਨ ਨਾਲ ਲਥਪਥ ਹੋ
ਗਈ। ਰੋਹ ਦੀ ਲਾਟ ਅਸਮਾਨ ਛੂਹਣ ਲੱਗੀ।
1919 ਦੀ ਵਿਸਾਖੀ ਦੀ ਟੀਸੀ ਦੀਆਂ ਪੈੜਾਂ ਵਿਚ ਸਭ ਤੋਂ ਅੱਗੇ ਨਾਮਧਾਰੀ
ਸਿੰਘ ਤੋਪਾਂ ਦੇ ਮੂੰਹਾਂ ਅੱਗੇ ਹਿੱਕਾਂ ਡਾਹੀ ਖੜ੍ਹੇ ਹਨ। ਵਿਦੇਸ਼ੀ
ਗੁਲਾਮੀ ਤੋਂ ਅਜ਼ਾਦ ਹੋਣ ਬਾਰੇ ਸੋਚਣ ਦੀ ਅਜਿਹੀ ਸਜ਼ਾ, ਜਿਸਨੂੰ ਸੋਚ ਕੇ
ਰੂਹ ਕੰਬ ਜਾਏ। ਮਲੇਰਕੋਟਲੇ ਦੇ ਮੈਦਾਨ ਵਿਚ ਸੱਤ ਤੋਪਾਂ ਲਿਆ ਕੇ ਬੀੜੀਆਂ।
ਹੁਕਮ ਹੋਇਆ ਕਿ ਨਾਮਧਾਰੀ ਸਿੰਘਾਂ ਨੂੰ ਤੋਪਾਂ ਦੇ ਮੂੰਹਾਂ ਅੱਗੇ ਬੰਨ੍ਹ
ਕੇ ਉਡਾ ਦਿੱਤਾ ਜਾਵੇ। 17 ਜਨਵਰੀ 1872 ਨੂੰ ਨਾਮਧਾਰੀ ਸਿੰਘਾਂ ਨੇ ਲਲਕਾਰ
ਕੇ ਆਖਿਆ ਕਿ ਸਾਨੂੰ ਬੰਨ੍ਹਣ ਦੀ ਲੋੜ ਨਹੀਂ ਪਵੇਗੀ। ਅਸੀਂ ਖੁਦ ਹੀ ਅੱਗੇ
ਖਲੋਵਾਂਗੇ। ਪਹਿਲਾਂ 7 ਜਣੇ ਉਡਾਏ। ਫਿਰ ਦੂਜੇ ਸੱਤ ਆ ਖਲੋਤੇ। ਇਵੇਂ 49
ਨਾਮਧਾਰੀਆਂ ਸਿੰਘਾਂ ਸ਼ਹਾਦਤ ਦਾ ਜਾਮ ਪੀਤਾ। ਤੇ ਫਿਰ ਇਵੇਂ ਹੀ 16 ਹੋਰਨਾਂ
ਨੇ। ਸਤਿਗੁਰੂ ਬਾਬਾ ਰਾਮ ਸਿੰਘ ਨੇ ਨਾਮਿਲਵਰਤਣ ਲਹਿਰ ਦਾ ਬੀਜ ਵੀ ਬੀਜਿਆ
ਜਿਸਨੂੰ ਮਗਰੋਂ ਮਹਾਤਮਾ ਗਾਂਧੀ ਨੇ ਆਪਣਾ ਆਦਰਸ਼ ਬਣਾਇਆ ਤੇ ਨਾਮਧਾਰੀ ਲਹਿਰ
ਨੇ ਤੋਪਾਂ ਦੇ ਮੂੰਹਾਂ ਅੱਗੇ ਸ਼ਹੀਦੀ ਦੇ ਕੇ ਕਰਾਂਤੀਕਾਰੀ ਅਜ਼ਾਦੀ ਅੰਦੋਲਨ
ਨੂੰ ਵੀ ਬੇਮਿਸਾਲ ਹੌਂਸਲਾ ਦਿੱਤਾ।
ਆਪਣੀ ਵੱਲੋਂ ਨਾਮਧਾਰੀ ਕੂਕਾ ਅੰਦੋਲਨ ਦਾ ਮਲੀਆਮੇਟ ਕਰਕੇ ਜਦ ਅੰਗਰੇਜ
ਹਕੂਮਤ ਨੇ ਪਿੱਛਾ ਭਉਂ ਕੇ ਵੇਖਿਆ ਤਾਂ ਪੰਜਾਬੀਆਂ ਦੀ ਹੀ ਅਗਵਾਈ ਵਿਚ
ਗਦਰੀ ਬਾਬਿਆਂ ਦਾ ਲਾਮ ਲਸ਼ਕਰ ਅਮਰੀਕਾ ਕਨੇਡਾ ਵੱਲੋਂ ਵਤਨ ਦੀ ਅਜ਼ਾਦੀ ਲਈ
ਚੜ੍ਹ ਆਇਆ। ਹਜ਼ਾਰਾਂ ਦੀ ਗਿਣਤੀ ਵਿਚ ਆਏ ਗਦਰੀ ਸੂਰਮੇ ਏਨੀ ਵੱਡੀ ਫਰੰਗੀ
ਹਕੂਮਤ ਨਾਲ ਟਕਰਾ ਗਏ। ਕਰਤਾਰ ਸਿੰਘ ਸਰ੍ਹਾਭੇ ਹੋਰੀਂ 145 ਜਣੇ ਜਾਨਾਂ
ਨਿਛਾਵਰ ਕਰ ਗਏ। ਬਾਬਾ ਸੋਹਣ ਸਿੰਘ ਭਕਨਾ, ਜਵਾਲਾ ਸਿੰਘ ਠੱਠੀਆਂ,
ਗੁਰਮੁੱਖ ਸਿੰਘ ਲਲਤੋਂ, ਊਧਮ ਸਿੰਘ ਕਸੇਲ ਹੋਰੀਂ 307 ਸੂਰਮੇ ਉਮਰ ਕੈਦਾਂ
ਤੇ ਕਾਲੇ ਪਾਣੀ ਵਰਗੀਆਂ ਸਜਾਵਾਂ ਖਾ ਗਏ। ਤੇ ਇਵੇਂ ਹੀ ਸੈਂਕੜੇ ਹੋਰ। ਪਰ
ਡੋਲਿਆ ਨਾ ਕੋਈ। 1914-15 ਦੀ ਗੱਲ ਹੈ ਇਹ।
ਅਜਿਹੀ ਸ਼ਾਨਦਾਰ ਵਿਰਾਸਤ ਵਾਲਿਆਂ ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂ ਵਾਲੇ
ਬਾਗ ਅਮ੍ਰਿਤਸਰ ਵਿਚ ਗੋਲੀਆਂ ਨਾਲ ਭੁੰਨ ਕੇ ਡਰਾਉਣ ਦਬਾਉਣ ਦੀ ਕੋਸ਼ਿਸ਼ ਕਰ
ਰਹੀ ਅੰਗਰੇਜ਼ ਸਰਕਾਰ ਬੜੀ ਭੁਲੇਖੇ ਵਿਚ ਸੀ।
ਇਹ ਘਟਨਾ ਤਾਂ ਸਗੋਂ ਰੋਸ ਨੂੰ ਰੋਹ ਅਤੇ ਬਗਾਵਤ ਵਿਚ ਬਦਲਨ ਵਾਲੀ ਮੁੱਖ
ਘਟਨਾ ਸਾਬਤ ਹੋਈ।
ਜਲ੍ਹਿਆਂ ਵਾਲਾ ਬਾਗ ਦੀ ਵਿਸਾਖੀ ਦਾ ਕਤਲੇਆਮ ਤਾਂ ਚਿੰਗਾਰੀ ਸੀ, ਜਿਸ ਨਾਲ
ਗਦਰੀ ਬਾਬਿਆਂ ਦੇ ਕਤਲਾਮ ਅਤੇ ਸਜਾਵਾਂ ਦੋ ਰੋਹ ਨੂੰ ਸੀਨੇ ਵਿਚ ਲਈ ਬੈਠਾ
ਪੰਜਾਬ ਸ਼ੇਰ ਵਾਂਗ ਗਰਜਿਆ। ਲਹੌਰ, ਅਮ੍ਰਿਤਸਰ, ਕਸੂਰ, ਗੁਜਰਾਂਵਾਲਾ,
ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਸ਼ੇਖੂਪੁਰਾ ਵਿਚ ਬਗਾਵਤ ਹੋ ਗਈ। ਹੋਰ
ਇਲਾਕਿਆਂ ਵਿਚ ਫੈਲ ਗਈ। ਲੋਕਾਂ ਸਟੇਸ਼ਨ ਸਾੜ ਦਿੱਤੇ। ਜਿੱਥੇ ਅੰਗਰੇਜ
ਮਿਲਿਆ, ਸਿੱਧੇ ਟੱਕਰੇ। ਇਹ ਬਗਾਵਤ ਏਨੀ ਵਿਆਪਕ ਸੀ ਕਿ ਉਡਵਾਇਰ ਦੀ ਆਪਣੀ
ਰਿਪੋਰਟ ਮੁਤਾਬਕ ‘‘ਇਸ ਵਿਚ 500 ਪੰਜਾਬੀ ਮਰੇ ਅਤੇ 2500 ਤੇ ਮੁਕੱਦਮੇ
ਚਲਾਏ ਗਏ। ਜਿੰਨ੍ਹਾ ਵਿਚ 1800 ਨੂੰ ਸਜਾਵਾਂ ਹੋਈਆਂ। ਸਜਾਵਾਂ ਇਸ ਤਰਾਂ
ਸਨ: ਇਕ ਸੌ ਅੱਠ ਨੂੰ ਫਾਂਸੀ ਦੀ ਸਜ਼ਾ, ਦੋ ਸੌ ਪੈਂਹਠ ਨੂੰ ਉਮਰ ਕੈਦ, ਦੋ
ਨੂੰ ਦਸ ਸਾਲ ਤੋਂ ਵੱਧ ਦੀ ਸਜ਼ਾ, ਬਹੁਤਿਆਂ ਦੀਆਂ ਜਾਇਦਾਦਾਂ ਜਬਤ ਤੇ
ਬਾਕੀਆਂ ਨੂੰ ਇਸ ਤੋਂ ਘੱਟ ਸਜ਼ਾਵਾਂ। ਉਪਰਲਾ ਫੈਸਲਾ ਜਸਟਿਸ ਬਰੌਡਵੇ ਨੇ 5
ਜੁਲਾਈ 1919 ਨੂੰ ਲਹੌਰ ਵਿਚ ਸੁਣਾਇਆ ਸੀ। ਜਿਲ੍ਹਾ ਹੈਡਕੁਆਟਰਾਂ ਤੇ
ਦਿੱਤੀਆਂ ਸਜ਼ਾਵਾਂ ਇਸਤੋਂ ਵੱਖਰੀਆਂ ਸਨ। (ਗਦਰ ਲਹਿਰ ਦੇ ਅਣਫੋਲੇ ਵਰਕੇ,
ਪੰਨਾ 131)
1919 ਦੀ ਵਿਸਾਖੀ ਦੀ ਇਹੀ ਘਟਨਾ ਮਗਰੋਂ ਗੁਰਦੁਆਰਾ ਸੁਧਾਰ ਲਹਿਰ ਦੇ ਸ਼ੁਰੂ
ਹੋਣ ਦੀ ਂਿੲਕ ਫੌਰੀ ਵਜਾਹ ਵੀ ਬਣੀ। ਅਤੇ ਗੁਰਦੁਆਰਾ ਸੁਧਾਰ ਲਹਿਰ ਅੰਤਿਮ
ਰੂਪ ਵਿਚ ਅੰਗਰੇਜ ਵਿਰੋਧੀ ਲਹਿਰ ਹੋ ਨਿੱਬੜੀ। ਜਿਸ ਵਿਚ ਮੇਰਾ ਨਾਨਾ
ਜਥੇਦਾਰ ਊਧਮ ਸਿੰਘ ਭਿੱਖੀਵਿੰਡ ਵੀ ਇਕ ਨਿਮਾਣਾ ਜਿਹਾ ਜਰਨੈਲ ਸੀ।
ਹਰ ਕਰਾਂਤੀਕਾਰੀ ਜੋ ਵਤਨ ਦੀ ਅਜ਼ਾਦੀ ਲਈ ਜੂਝਿਆ, ਜਲ੍ਹਿਆਂ ਵਾਲੇ ਬਾਗ ਦਾ
ਸਾਕਾ ਉਸਦੇ ਰੋਹ ਨੂੰ ਪ੍ਰਚੰਡ ਕਰਨ ਦਾ ਸਬੱਬ ਬਣਦਾ ਰਿਹਾ। ਤੇ ਮੁਲਕ ਅਜ਼ਾਦ
ਹੋ ਗਿਆ।
ਇੰਜ ਵਿਸਾਖੀ ਹਰ ਸਾਲ ਸਾਡੀ ਰੂਹ ਨੂੰ ਕੰਬਣੀ ਛੇੜਨ ਆਉਂਦੀ ਹੈ। ਕੁਛ
ਸੋਚØਣ ਤੇ ਸੇਧ ਦੇਣ ਆਉਂਦੀ ਹੈ ਕਿ ਆਪਣੇ ਅੰਦਰ ਝਾਤੀ ਮਾਰੋ ਕਿ ਕੀ ਅਸੀਂ
ਆਪਣੀ ਸ਼ਾਨਦਾਰ ਵਿਰਾਸਤ ਦੇ ਯੋਗ ਵਾਰਿਸ ਹਾਂ? ਕਿਤੇ ਪਖੰਡੀ ਜਾਂ ਅਗਿਆਨੀ
ਤਾਂ ਨਹੀਂ?
ਵਿਸਾਖੀ ਤਿਓਹਾਰ ਵੀ ਹੈ। ਹਾੜੀ ਪੱਕਦੀ। ਰਿਜਕ ਆਉਂਦਾ। ਵਾਹੀਵਾਨਾਂ ਦਾ
ਨਵਾਂ ਸਾਲ ਵੀ ਚੜ੍ਹਦਾ। ਵਿਸਾਖੀ ਨਾਉ੍ਹਣ ਦਾ ਰਿਵਾਜ ਵੀ ਹੈ ਵਗਦੇ ਪਾਣੀ
ਵਿਚ।
ਤਿਓਹਾਰ ਮੁਰਝਾ ਸਕਦੇ ਸਮਾਂ ਪਾ ਕੇ। ਜਿਵੇਂ ‘ਤੀਆਂ‘ ਤੇ ‘ਹੋਲੀ‘ ਦਾ ਰੂਪ
ਅੱਗੇ ਵਰਗਾ ਨਹੀਂ ਰਿਹਾ। ‘ਦੀਵਾਲੀ‘ ਦਾ ਚਿਹਰਾ-ਮੋਹਰਾ ਵੀ ਖਰਾਬ ਜਿਅ੍ਹਾ
ਹੋ ਗਿਆ।
ਪਰ ਵਿਸਾਖੀ ਤਾਂ ਮੋਇਆਂ ਵਿਚ ਜਾਨ ਪਾ ਦੇਣ ਵਾਲਾ ਦਿਨ ਹੈ।
ਸੁਰਿੰਦਰਪਾਲ ਸਿੰਘ ਮੰਡ (ਡਾ.)
ਮੁਖੀ, ਪੋਸਟ ਗਰੈਜੂਏਟ ਪੰਜਾਬੀ ਵਿਭਾਗ,
ਸਰਕਾਰੀ ਕਾਲਿਜ ਤਲਵਾੜਾ,
ਜਿਲ੍ਹਾ ਹੁਸ਼ਿਆਰਪੁਰ।
9417324543
-0-
|