Welcome to Seerat.ca
Welcome to Seerat.ca

ਲੱਖੇ ਵਾਲ਼ਾ ਜੋਰਾ ‘ਬਾਈ’!

 

- ਇਕਬਾਲ ਰਾਮੂਵਾਲੀਆ

ਭਰਾਵਾਂ ਦਾ ਮਾਣ

 

- ਵਰਿਆਮ ਸਿੰਘ ਸੰਧੂ

ਯਾਦਾਂ ਦੀ ਐਲਬਮ - ਦੀਦਾਰ ਸਿੰਘ ਪਰਦੇਸੀਂ

 

- ਸੁਰਜੀਤ ਪਾਤਰ

ਗ਼ਦਰ ਪਾਰਟੀ ਦੇ ਦਿਮਾਗ ਬਾਬਾ ਜਵਾਲਾ ਸਿੰਘ ਠੱਠੀਆਂ ਦੀ ਦੂਰ ਅੰਦੇਸ਼ੀ ਸੋਚ: ਗੁਰੂ ਗੋਬਿੰਦ ਸਿੰਘ ਸਾਹਿਬ ਐਜੂਕੇਸ਼ਨਲ ਸਕਾਲਰਸ਼ਿਪ

 

- ਸੀਤਾ ਰਾਮ ਬਾਂਸਲ

ਇਸ ਵਾਰੀ ਵਾਲ਼ੀ ਪੰਜਾਬ ਦੀ ਫੇਰੀ (12 ਜਨਵਰੀ ਤੋਂ 14 ਅਪ੍ਰੈਲ 2015)

 

- ਸੰਤੋਖ ਸਿੰਘ

ਲਿਸ਼ਕਣਹਾਰ ਬਰੇਤੀ

 

- ਹਰਜੀਤ ਗਰੇਵਾਲ

ਯਾਦਾਂ ਦੀ ਕਬਰ ‘ਚੋਂ

 

- ਅਮੀਨ ਮਲਿਕ

ਨਜ਼ਮ ਤੇ ਛੰਦ-ਪਰਾਗੇ

 

- ਗੁਰਨਾਮ ਢਿਲੋਂ

ਦੋ ਨਜ਼ਮਾਂ

 

- ਉਂਕਾਰਪ੍ਰੀਤ

ਨਜ਼ਮ

 

- ਪਿਸ਼ੌਰਾ ਸਿੰਘ ਢਿਲੋਂ

ਚਿਤਵਉ ਅਰਦਾਸ ਕਵੀਸਰ

 

- ਸੁਖਦੇਵ ਸਿੱਧੂ

ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਸ਼ਹਿਰ ਅਦਨ

 

- ਹਰਜੀਤ ਅਟਵਾਲ

ਹੋ ਹੋ ਦੁਨੀਆਂ ਚਲੀ ਜਾਂਦੀ ਐ ਵੀਰ…

 

- ਬਲਵਿੰਦਰ ਗਰੇਵਾਲ

ਕਹਾਣੀ
ਮਿੱਟੀ

 

- ਲਾਲ ਸਿੰਘ ਦਸੂਹਾ

ਨੇਤਾ ਹੋਣ ਦੇ ਮਾਅਨੇ

 

- ਬਲਵਿੰਦਰ ਸਿੰਘ ਗਰੇਵਾਲ 

ਤਰਦੀਆਂ ਲਾਸ਼ਾਂ ‘ਤੇ ਰੂਮ ਸਾਗਰ ਦਾ ਹਾਅ ਦਾ ਨਾਅਰਾ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਮੈਢ਼ਾ ਪਿੰਡੀ ਘੇਬ

 

- ਸੁਭਾਸ਼ ਰਾਬੜਾ

ਹਰਦੇਵ ਸਿੰਘ ਢੇਸੀ ਇਕ ਬਹੁਪੱਖੀ ਸ਼ਖ਼ਸੀਅਤ

 

- ਡਾ: ਪ੍ਰੀਤਮ ਸਿੰਘ ਕੈਂਬੋ

ਵਿਸਾਖੀ ਦੇ ਆਰ ਪਾਰ

 

- ਡਾ. ਸੁਰਿੰਦਰਪਾਲ ਸਿੰਘ ਮੰਡ

ਪਿੰਡ ਪਹਿਰਾ ਲੱਗਦੈ - ਠੀਕਰੀ ਪਹਿਰਾ

 

- ਹਰਮੰਦਰ ਕੰਗ

ਚਰਿੱਤਰ; ਇਨਸਾਨ ਦੇ ਕਰਮਾਂ ਦਾ ਚਿੱਤਰ !

 

- ਮਿੰਟੂ ਗੁਰੂਸਰੀਆ

ਦੋ ਧਾਰੀ ਕਿਰਪਾਨ ਵਰਗੀ ਕਿਤਾਬ – ‘ਨੀ ਮਾਂ’

 

- ਉਂਕਾਰਪ੍ਰੀਤ

ਬਲਬੀਰ ਸਿੰਘ ਦੀ ਜੀਵਨੀ ‘ਗੋਲਡਨ ਗੋਲ’ ਪੜ੍ਹਦਿਆਂ

 

- ਪੂਰਨ ਸਿੰਘ ਪਾਂਧੀ

'ਉੱਡਦੇ ਪਰਿੰਦੇ' ਪੜ੍ਹਦਿਆਂ....

 

- ਸਤਨਾਮ ਚੌਹਾਨ

ਧਰਤੀ ਦੇ ਵਾਰਸਾ

 

- ਹਰਜਿੰਦਰ ਸਿੰਘ ਗੁਲਪੁਰ

ਦੋ ਕਵਿਤਾਵਾਂ

 

- ਦਿਲਜੋਧ ਸਿੰਘ

 

 


 ਮੈਢ਼ਾ ਪਿੰਡੀ ਘੇਬ

- ਸੁਭਾਸ਼ ਰਾਬੜਾ
 

 

— ਮੇਰੀ ਪੈਦਾਇਸ਼ ਤਾਂ ਇਧਰ ਦੀ ਹੈ I ਰੌਲਿਆਂ ਦੇ ਕੋਈ ਡੇਢ ਕੁ ਸਾਲ ਬਾਅਦ ,ਫਰੀਦ ਕੋਟ ਦੀ (ਲਹਿੰਦੇ ਵਾਲੇ ਪੰਜਾਬ ਵਾਲਾ ਫਰੀਦ ਕੋਟ ਨਹੀਂ , ਚੜਦੇ ਵਾਲਾ ) I ਮਾਂ ਦੱਸਿਆ ਕਰਦੀ ਸੀ ਕਿ ਵਖਰੇਵੇਂ ਵੇਲੇ ਮੈਥੋਂ ਵੱਡਾ ਓਹਦੇ ਕੁਛੜ ਸੀ ਤੇ ਸਭ ਤੋਂ ਵੱਡਾ ਸ਼ਾਇਦ ਸੱਤਵੀ ਜਾਂ ਅੱਠਵੀ ਚ I
— ਯਾਦ ਹਨ ਨਿੱਕੇ ਹੁੰਦਿਆਂ ਦੀਆਂ ਗੱਲਾਂ I ਤਿਰਕਾਲਾਂ ਵੇਲੇ ਸਾਰਾ ਟੱਬਰ ਰੋਟੀ ਟੁਕਰੋਂ ਵਿਹਲਾ ਹੋ , ਜੁੜ ਬੈਠਦਾ I ਸਿਆਲਾ ਹੋਵੇ ਤਾਂ ਪਸਾਰੇ ਚ I ਮਾਂ ਮਠੀ ਮਠੀ ਅੱਗੇ ਦੁਧ ਕਾੜਦੀ ਰਹਿੰਦੀ ਤੇ ਪਿਓ ਕਿਸੇ ਛੋਟੀ ਜਿਹੀ ਮੰਜੀ ਉੱਤੇ I ਅਸੀਂ ਸਾਰੇ ਚੁੱਲੇ ਦੁਆਲੇ ਫ਼ੰਡੀਆਂ ਉਤੇ I ਅੱਗ ਕਿਸੇ ਸਾਈਂ ਦੇ ਮੱਚ ਵਾਂਗੂੰ ਚੁਫੇਰੇ ਧੂਆਂ ਬਿਖੇਰਦੀ ਹੋਈ ਧੁਖਦੀ ਰਹਿੰਦੀ I ਹੁਨਾਲ ਹੁੰਦੇ ਤਾਂ ਤਿਰਕਾਲਾਂ ਢਲਦਿਆਂ ਹੀ ਛਤ ਤੇ ਪਹਿਲਾਂ ਛਿੜਕਾ ਕਰ ਮੰਜੀਆਂ ਵਿਛਾਉਣੀਆਂ ਤੇ ਬਿਸਤਰੇ ਡਾਹੁਣੇ I ਅਤੇ ਫਿਰ ਰੋਟੀ ਟੁੱਕ ਵੀ ਮੰਜੀਆਂ ਉੱਤੇ ਬੈਠ ਕੇ ਹੀ ਖਾਣਾ I
—- ਜੋੜ ਭਾਵੇਂ ” ਸਾਈੰ ਦੇ ਮੱਚ ” ਦੁਆਲੇ ਜੁੜਿਆ ਹੋਵੇ ਭਾਵੇਂ ਮੰਜੀਆਂ ਉੱਤੇ , ਗੱਲਾਂ ਚੱਲ ਨਿਕਲਣੀਆਂ I ਕਦੇ ਪਿੰਡੀ ਘੇਬ ਦੀਆਂ ( ਪਹਿਲਾਂ ਜ਼ਿਲਾ ਕੈਬਲ ਪੁਰ , ਹਾਲ ਜ਼ਿਲਾ ਅੱਟਕ ) ਕਦੇ ਭੋਣ ਚਕਵਾਲ ( ਓਦੋਂ ਜ਼ਿਲਾ ਝੇਲਮ ਅੱਜ ਕੱਲ ਜ਼ਿਲਾ ਚਕਵਾਲ ) ਦੀਆਂ I ਪਿੰਡੀ ਘੇਬ ਸਾਡੇ ਦਾਦਕੇ ਅਤੇ ਭੋਣ ਚਕਵਾਲ ਨਾਨਕੇ I
---- ” ਪਾੜੇ ਬਾਰੇ ਤਾਂ ਸੌਂਦਿਆਂ ਜਾਗਦਿਆਂ ਵੀ ਕਦੇ ਨਹੀਂ ਸੀ ਸੋਚਿਆਂ ” , ਗੱਲ ਸ਼ੁਰੂ ਹੁੰਦੀ I ” ਹੱਸਦੇ ਵੱਸਦੇ ਬਾਗ ਪਰਿਵਾਰ। ....ਸਾਰੇ ਸੁੱਖੀ ਸਾਂਦੀ। ...ਹਨੇਰੀ ਤਾਂ ਜਿਵੇਂ ਅਸਮਾਨੋਂ ਉੱਤਰੀ। ... ਸੁੱਤਿਆਂ ਹੀ ਘੇਰੇ ਚ ਆ ਗਏ I ਥਾਨ ਵਾਲੀ ਗਲੀ ਚ ਘਰ ਸੀ I ਗਲੀ ਦੀ ਨੁੱਕਰੇ ਥਾਨ ( ਸ਼ਿਵ ਮੰਦਰ ) I ਸਾਰੇ ਦੇ ਸਾਰੇ ਚਾਚੇ ਤਾਏ ਇੱਕੋ ਗਲੀ ਚ I j ਸਰਦੇ ਪੁੱਜਦੇ I ਜੇ ਕਿਤੇ ਵਾਘਾ ਨਾਂ ਉਸਰਿਆ ਹੁੰਦਾ ਤਾਂ ਮੇਰੀ ਪਛਾਣ ਸੁਭਾਸ਼ ਚੰਦਰ ਰਾਬੜਾ ਵਲਦ ਸ਼੍ਰੀ ਕ੍ਰਿਸ਼ਨ ਲਾਲ ਰਾਬੜਾ ਵਲਦ ਸ੍ਰੀ ਰਾਮ ਰਖਾ , ਜਾਤ ਬਰਾਹਮਣ ਪਿੰਡ ਡਾਕ ਖਾਨਾ ਅਤੇ ਤਸੀਲ ਪਿੰਡੀ ਘੇਬ ਜ਼ਿਲਾ ਅੱਟਕ ਦੇ ਤੌਰ ਤੇ ਹੋਣੀ ਸੀ I ਜਮੀਨਾਂ ਤੂਤ ਥੱਟੇ ਅਤੇ ਦੁਮੇਲ ਵਿਚ... . ਰਾਹਕਾਂ ਕੋਲ I ਦਾਣਿਆਂ ਦੀ ਰੁੱਤੇ ਕੋਠੇ ਭਰੇ ਜਾਣੇਂ I ਅਜੇ ਇੱਕ ਫੇਰਾ ਸੰਭਾਲਿਆ ਵੀ ਨਾਂ ਜਾਣਾਂ ਤੇ ਓਠੀਆਂ ਦੂਜਾ ਲੈ ਆਓਣਾ I ਜਮੀਨਾਂ ਦੇ ਰਖਵਾਲੇ ਘਰ ਚੋਂ ਕੋਈ ਇੱਕ ਦੋ I ਬਾਕੀ ਆਪੋ ਆਪਣੇਂ ਕਾਰ ਵਿਹਾਰਾਂ ਚ I ਵਕਾਲਤ ਖਾਨਦਾਨੀ ਪੇਸ਼ਾ I ਜਿਨ੍ਹੇਂ ਉੱਠਣਾ , ਲਾਹੋਰੋੰ ਵਕਾਲਤ ਕਰ ਆਓਣੀ ਅਤੇ ਤਹਸੀਲ ਦੀਆਂ ਕਚਹਿਰੀਆਂ ਚ ਆ ਡੇਰੇ ਲਾਉਣੇ I ਸਾਡੇ ਦਾਦਾ ਜੀ ਸ਼ਹਿਰ ਦੇ ਮੰਨੇੰ ਪਰਮੰਨੇ ਹਕ਼ੀਮ I ਜਜਾਂ ਅਤੇ ਮੁਨਸਿਫਾਂ ਤੱਕ ਨੇ ਅਲਾਹਣੀਆਂ ਮੰਜੀਆਂ ਤੇ ਬੈਠ ਵੀ ਦਵਾਈਆਂ ਲੈ ਜਾਣੀਆਂ “
.....” ਤਾਏ ਚਾਚੇ ਚੰਗੇ ਰਹੇ, ” ਗੱਲ ਅੱਗੇ ਤੁਰਦੀ , ” ਪੜੇ ਲਿਖੇ ਸਨ.... ਉਡਦੀ ਡਾਰ ਪਛਾਣਨ ਵਾਲੇ I ਜਦੋਂ ਵੇਖਿਆ ਹਾਲਾਤ ਸਾਜ਼ਗਾਰ ਨਹੀਂ ਤਾਂ ਓਹਨਾਂ ਪਾੜੇ ਤੋਂ ਪਹਿਲਾਂ ਹੀ ਜਮੀਨਾਂ ਵੇਚੀਆਂ I ਕਿਸੇ ਨੇੰ ਲਖੀਮ ਪੁਰ ਖੀਰੀ ( ਅਜੋਕਾ ਯੂ ਪੀ )ਅਤੇ ਕਿਸੇ ਨੇ ਜਬਲ ਪੁਰ ( ਅਜੋਕਾ M P ਓਦੋਂ C P ) ਜਾ ਫਾਰਮ ਬਣਾਏ I ਰਹਿ ਗਏ ਸਾਡੇ ਵਰਗੇ ਜਿਨ੍ਹਾਂ ਵੇਲੇ ਦੀ ਹਵਾ ਨਾਂ ਪਛਾਤੀ ” I
----” ਮੁਸਲਮਾਨ ਐਨੇ ਜਨੂਨੀਂ ਤਾਂ ਨਹੀ ਸਨ I ਜਨੂਨੀ ਸ਼ਾਇਦ ਕੋਈ ਵੀ ਨਹੀਂ ਸੀ ਜਿਆਦਾਤਰ I ਹਿੰਦੂਆਂ ਥਾਨ ਸ਼ਿਵਾਲੇ ਵੀ ਮੱਥਾ ਟੇਕ ਆਓਣਾ ਅਤੇ ਮਖੱਡ ਵਾਲੇ ਪੀਰਾਂ ਦੇ ਵੀ I ਹੁਣ ਤੱਕ ਵੀ ਹੋਲੀ ਦੀਵਾਲੀ ਦੇ ਮੌਕੇ ਤੇ ਪੀਰਾਂ ਦਾ ਪਰੋਸਾ ਕਢਿਆ ਜਾਂਦਾ ਹੈ I ਮੁਸਲਮਾਨ ਭਾਵੇਂ ਥਾਨ ਸ਼ਿਵਾਲੇ ਤਾਂ ਨਹੀਂ ਸਨ ਜਾਂਦੇ ਪਰ ਸਮਾਜਕ ਤਿਓਹਾਰਾਂ ਉੱਤੇ ਨਾਲ ਖੜੇ ਮਿਲਦੇ I ਬੋਲੀ ਬਿਲਕੁਲ ਹੀ ਇੱਕ ... ਪੇਹਰਾਵੇ ਚ ਵੀ ਕੋਈ ਕੋਈ ਬਹੁਤ ਫਰਕ਼ ਨਹੀਂ ...ਸਾਰਿਆ ਦੇ ਪਠਾਣੀ ਸਲਵਾਰਾਂ ਤੇ ਕਮੀਜਾਂ .... ਪੱਗਾਂ ਵੀ ਇੱਕੋ ਜਿਹੀਆਂ .... ਮੁਹਾਂਦਰੇ ਦਾ ਰੱਖ ਰਖਾ ਵੀ ...ਸਿਰਫ ਦਾੜੀਆਂ ਨੂੰ ਛੱਡ ਕੇ I ਖਾਣ ਪੀਣ ਥੋੜਾ ਜਰੂਰ ਵੱਖਰਾ ਪਰ ਫਿਰ ਵੀ ਇੱਕ ਦੂਜੇ ਦੇ ਤੌਰ ਤਰੀਕ਼ਿਆਂ ਦਾ ਧਿਆਨ ਰਖਿਆ ਜਾਂਦਾ I ਦੋਵਾਂ ਦੇ ਘਰਾਂ ਚ ਬਾਕ਼ੀਆਂ ਲਈ ਭਾਂਡੇ ਟੀਂਡੇ ਵਖਰੇ I ਜਦੋਂ ਕਿਸੇ ਘਰੇ ਆਓਣਾ ਤਾਂ ਸੁੱਕਾ ਰਾਸ਼ਨ ਹਾਜ਼ਰ ਅਤੇ ਬਣਾਂ ਕੇ ਦੇਣ ਲਈ ਬੰਦੇ ਵੀ ” I
----” ਫਿਰ ਥੋੜਾ ਫਰਕ਼ ਹਵਾ ਚ ਉਭਰਿਆ ” ਪਿਤਾ ਜੀ ਨੇਂ ਦੱਸਣਾ ,” ਮੁਹਾਂਦਰੇ ਬਦਲਣ ਲੱਗੇ ਅਤੇ ਪਹਿਨਣ ਪਚਰਨ ਵੀ I ਗਿਰਾਂ ਚ ਬਾਹਰਲੇ ਬੰਦਿਆਂ ਦੀ ਆਮਦੋ ਰਫਤ ਵੀ ਵਧਣ ਲੱਗੀ ਅਤੇ ਅੱਖਾਂ ਦੀ ਰੰਗਤ ਵੀ I ਅਸੀਂ ਹੀ ਕਮਲੇ ਰਮਲੇ ਰਹੇ... ਕੁਝ ਜਾਣ ਹੀ ਨਾਂ ਪਾਏ .....ਸੋ ਮਾਰੇ ਗਏ “
-----ਗਿਰਾਂ ਚ ਪਹਲਾ ਕਤਲ ਤੁਸਾਂ ਨੇ ਤਾਏ ਦਾ ਹੋਇਆ I ਬਾਅਦ ਚ ਕੀਹਦਾ ਕੀਹਦਾ ਹੋਇਆ , ਕੁਝ ਪਤਾ ਨਹੀਂ I ਸੀਲੋਂ ( ਸੀਲ ਪਿੰਡੀ ਘੇਬ ਦੇ ਨਾਲ ਲੱਗਦੀ ਇੱਕ ਨਦੀ ) ਵਾਪਸ ਆਓਂਦੇ ਹੋਏ ਥਾਨ ਵਾਲੇ ਮੋੜ ਕੋਲ ਘੇਰ ਕੇ ਵਢ ਦਿੱਤੇ ਗਏ I ਵਢੇ ਵੀ ਉਸ ਨੇਂ ਜਿਹੜਾ ਸਵੇਰੇ ਹੀ ਤਾਏ ਕੋਲੋਂ ਖ਼ਤ ਲਿਖਵਾਉਣ ਆਇਆ ਸੀ ਤੇ ਜਿਨ੍ਹੂੰ ਵੇਖ ਤਾਏ ਨੇਂ ਮੇਰੀ ਦਾਦੀ ਨੂੰ ਕਿਹਾ ਸੀ .... ਮੈਨੂੰ ਉਸਦੀਆਂ ਅੱਖਾਂ ਤੋਂ ਡਰ ਲੱਗਦੈ ਬੇਬੇ I ਦਾਦੀ ਨੇ ਅੱਗੋਂ ਮੋੜਾ ਦਿੱਤਾ ਸੀ ..... ਹਨੇਰ ਸ਼ਾਈਂ ਦਾ I ਭੈੜਿਆ ਹਰ ਦੂਜੇ ਦਿਨ ਤਾਂ ਤੇਰੇ ਕੋਲ ਆਓਂਦਾ ਏ ਚਿੱਠੀ ਪੱਤਰੀ ਲਿਖਾਉਣ ਨੂੰ I ਮਾਂ ਦਸਦੀ ਸੀ , ਤਾਏ ਨੇ ਬੜੀਆਂ ਲੇਲੜੀਆਂ ਕਢੀਆਂ “ਨਾਂ ਚਾਚਾ ਨਾਂ ਮਾਰ ਮੈਨੂੰ !! ਨਿੱਕੇ ਨਿੱਕੇ ਮੈਂਡੇ ਜਾਤਕ ...ਤਰਸ ਖਾ ....ਮੈਂ ਮੁਸਲਮਾਨ ਬਣ ਵੈਸਾਂ ” I ਪਰ ਕਿਸੇ ਇੱਕ ਨਾਂ ਸੁਣੀ I
.....” ਤਾਏ ਤੇਰੇ ਨਾਂ ਤਾਂ ਸਾਨੂੰ ਘੂਕਰ ਨੀਦਰੋਂ ਜਗਾ ਤਾ , ਨਹੀਂ ਤਾਂ ਅਸੀਂ ਤਾਂ ਪਏ ਸਾਂ ਆਪਣੀਂ ਸੁੱਤੇ ” , ਮਾਂ ਕਿਹਾ ਕਰਦੀ ਸੀ I
---- ਪੁਲੀਸ ਦੀ ਦੇਖ ਰੇਖ ‘ ਚ ਸਸਕਾਰ ਹੋਇਆ I ਸ਼ਹਿਰ ਚ ਕਰਫਿਊ I ਮਾਹੌਲ ਹੱਥੋਂ ਬਾਹਰ ਹੋਇਆ ਲੱਗਦਾ ਸੀ I ਸੋ ਫਿਰ ਦੋਆ ਕੁ ਦਿਨਾਂ ਚ ਹੀ ਪਿੰਡੀ ਘੇਬ ਛਡਣ ਦਾ ਫੈਸਲਾ ਕਰਨਾਂ ਪਿਆ I ਪਰ ਅਜੇ ਵੀ ਲੱਗਦਾ ਸੀ ਜਿਵੇ ਸਾਰਾ ਕੁਝ ਥੋੜ ਚਿਰਾ ਹੈ I ਰੌਲੇ ਠੰਡੇ ਪੈ ਜਾਣਗੇ ਤੇ ਅਸੀਂ ਘਰ ਵਾਪਸ ਮੁੜ ਆਵਾਂਗੇ I ਜੱਗੋਂ ਅਵੱਲੀ ਤਾਂ ਨਹੀਂ ਹੋਣੀ I ਮੁਲਖ ਵੰਡੀ ਦੇ ਸੁਣੇ ਨੇਂ ਮੁਲਖੀਏ ਚਾਰੋਂ ਕੰਨੇ ਕਿਸੇ ਨਹੀਂ I ਬਰਤਨ ਭਾਂਡੇ ਸੰਭਾਲੇ , ਘਰ ਦੀਆਂ ਕੁੰਡੀਆਂ ਜਿੰਦੀਆਂ ਪੱਕੀਆਂ ਕੀਤੀਆਂ ਮਿਸਤਰੀ ਨੂੰ ਸਦ ਅੰਦਰੋਂ ਛਪਕੇ ਲਗਵਾਏ , , ਥੋੜਾ ਬਹੁਤ ਗਹਿਣਾ ਗੱਟਾ ਨਾਲ ਲਿਆ , ਹਾਂ ਸਚ ਵਹੀਆਂ ਵੀ ਜਿਨ੍ਹਾਂ ਚ ਲੈਣ ਦਾਰੀ ਦੇਣ ਦਾਰੀ ਦਾ ਹਿਸਾਬ ਸੀ I ਕੰਧ ਟੱਪੀ , ਬਾਹਰ ਆਏ ਤੇ ਪਿੰਡੀ ਘੇਬ ਨੂੰ ਅਲਵਿਦਾ ਕਹ ਦਿੱਤਾ I ਕਿਧਰ ਜਾਣਾ ਹੈ , ਕੁਝ ਪਤਾ ਨਹੀਂ I ਮਲਿਕ ਸਾਹਿਬ ਦੀ ਤ੍ਰੀਮਤ ਨੇ ਰਾਹ ਵਾਸਤੇ ਮਿਠੀਆਂ ਰੋਟੀਆਂ ਨਾਲ ਬੰਨ ਦਿੱਤੀਆ I ਪਿੰਡੀ ਘੇਬੋਂ ਬਸਾਲ ਤੱਕ ਮੋਟਰ ਲਾਰੀ ਅਤੇ ਬਸਾਲੋਂ ਗੱਡੀ ਫੜ ਤੇ ਲਾਹੋਰ I
----- ਜਦੋਂ ਕਦੀ ਵੀ ਮਾਤਾ ਪਿਤਾ ਜੀ ਨੂੰ ਬਸਾਲੋਂ ਫਰੀਦ ਕੋਟ ਤਕ ਦੇ ਸਫ਼ਰ ਦੀ ਗੱਲ ਪੁਛਣੀ , ਓਹਨਾਂ ਇੱਕ ਅਜੀਬ ਜਿਹੀ ਚੁੱਪ ਧਾਰ ਲੈਣੀ , ਅੱਖਾਂ ਚ ਪਤਾ ਨਹੀਂ ਕਿੰਨੇ ਕੁ ਪਰਛਾਵੇਂ ਤੈਰ ਆਓਣੇ, ਡਰ ਦੇ ...ਖੌਫ਼ ਦੇ I
----- ਲੋਕ ਤਾਂ ਓਦੋਂ ਆਪਣੇ ਪਰਛਾਵੇਂ ਦਾ ਵੀ ਆਸਰਾ ਭਾਲਦੇ ਸਨ I ਸੋ ਫਰੀਦ ਕੋਟ ਦਾ ਰਾਹ ਫੜਿਆ ਜਿੱਥੇ ਓਦੋਂ ਘਰਾਂ ਚੋ ਮੇਰੀ ਮਾ ਦੇ ਚਾਚਾ ਜੀ ਹੋਇਆ ਕਰਦੇ ਸਨ ਜਿਹੜੇ ਮਹਾਰਾਜਾ ਫਰੀਦ ਕੋਟ ਕੋਲ ਨਾਜਰ ਸਨ I ਲੌਹੋਰੋਂ ਫਰੀਦ ਕੋਟ ਸੀ ਵੀ ਨੇੜੇ I ਸੋ ਗੱਡੀ ਫੜੀ ਤੇ ਫਰੀਦ ਕੋਟ I
----- ਜੇ ਮੇਰਾ ਅੱਜ ਦਾ ਸਿਰਨਾਵਾਂ ਪੁਛਣਾਂ ਹੋਵੇ ਤਾਂ ਓਹ ਹੈ .......ਮਾਰਫਤ ਰਾਬੜਾ ਸਿਨਰਜੀਜ਼ ਆਈ ਓ ਸੀ ਪੈਟਰੋ ਆਉਟ ਲੈਟ , ਮਾਸਟਰ ਕਰਿਸ਼ਨ ਲਾਲ ਰਾਬੜਾ ਕਮਰਸ਼ੀਅਲ ਕੰਪਲੈਕਸ , ਸਰਕੁਲਰ ਰੋਡ ਫਰੀਦ ਕੋਟ I ਚਾਰ ਛੇ ਸਾਲ ਪਹਿਲਾਂ ਕੇਂਦਰੀ ਸਰਕਾਰ ਦੇ ਇੱਕ ਅਦਾਰੇ ਚੋ ਅਸਿਸਟੇਂਟ ਕਮਿਸ਼ਨਰ ਦੇ ਤੌਰ ਰੀਟਾਇਰ ਹੋਣ ਤੋਂ ਬਾਅਦ ਪਟਰੌਲ ਪੰਪ ਨੂੰ ਬਹਿਣ ਉਠਣ ਦਾ ਜੁਗਾੜ ਬਣਾਇਆ ਹੈ I
----- 60-65 ਸਾਲਾਂ ਦਾ ਸਫਰ ਇੰਨਾਂ ਆਸਾਨ ਨਹੀਂ ਸੀ I
----- ਆਪਣੀਂ ਪਛਾਣ ਦੀ ਤਲਾਸ਼ ਦੇ ਸੰਤਾਪ ਬਾਰੇ ਪਿਤਾ ਜੀ ਵੀ ਦਸਦੇ ਰਹਿੰਦੇ ਸਨ ਅਤੇ ਸੁਰਤ ਸੰਭਾਲਣ ਤੋਂ ਬਾਅਦ ਖੁਦ ਵੀ ਪਿੰਡੇ ਹੰਡਆਉਂਦਾ ਰਿਹਾ I ਜਿਹੜੇ ਲੋਕ ਖੁਦ , ਨਵੇਂ ਆਸਮਾਨਾਂ ਦੀ ਤਲਾਸ਼ ਚ ,ਪੈਲੀ ਡੰਗਰ ਵੇਚ ਵਿਚਾ ਦੂਜਿਆਂ ਦੇਸ਼ਾਂ ਚ ਜਾ ਡੇਰੇ ਲਾਉਣ , ਓਹਨਾਂ ਵਾਸਤੇ ਤਾਂ ਪਛਾਣ ਦੀ ਤਲਾਸ਼ ਦਾ ਸੰਤਾਪ ਤਾਂ ਇੱਕ ਆਪ ਸਹੇੜਿਆ ਪੁਆੜਾ ਹੈ I ਓਹਨਾਂ ਨੂੰ ਤਾਂ ਇਹ ਕਿਹਾ ਜਾ ਸਕਦੈ ਕਿ ਭਾਈ ਘਰ ਘਾਟ ਛਡਣ ਤੋਂ ਪਹਿਲਾਂ ਕਿਸੇ ਪਾਂਧੇ ਨੂੰ ਚੰਗੀ ਤਰਾਂ ਪੱਤਰੀ ਵਿਖਵਾ ਲੈਣੀ ਸੀ I ਪਰ ਆਪਣੇ ਬਾਰੇ ਕੀ ਕਹੀਏ ...ਅਸੀਂ ਤਾਂ ਡਾਂਗ ਦੇ ਜ਼ੋਰ ਨਾਲ ਓਥੋਂ ਜਬਰੀ ਕਢੇ ਗਏ I
----- ਜਿਥੇ ਪਹਿਲਾਂ ਹੀ ਵੱਡੇ ਵੱਡੇ ਬੋਹੜ ਹੋਣ, ਤੇ ਓਹਨਾਂ ਦੀ ਛਾਂਵੇਂ ਕਿਸੇ ਨਵੇਂ ਬੂਟੇ ਨੇਂ ਆਪਣੀਆਂ ਜੜਾਂ ਜਮਾਉਣੀਆਂ ਹੋਣ ਤਾਂ ਆਪਣੀ ਹਿੱਕ ਦੇ ਜੋਰ ਤੇ ਤਾਂ ਭਾਵੇਂ ਜਮਾ ਲਵੇ I ਸੁਣਿਆ ਹੈ ਬਾਬੇ ਨਾਨਕ ਨੇ ਵੀ ਕਿਸੇ ਸ਼ਹਿਰ ਚ ਦਾਖਲ ਹੋਣ ਤੇ ਪਹਿਲਾਂ , ਓਥੋਂ ਦੇ ਸਾਧਾਂ ਸੰਤਾਂ ਨੂੰ ਨੱਕੋ ਨੱਕ ਭਰੇ ਦੁਧ ਦੇ ਕਟੋਰੇ ਉੱਤੇ ਗੁਲਾਬ ਦੀਆਂ ਪੱਤੀਆਂ ਰਖ ਕੇ ਸੰਦੇਸ ਭਿਜਵਾਇਆ ਸੀ ਕੇ ਅਸੀਂ ਤਾਂ ਤੁਹਾਡੇ ਗਿਰਾਂ ਓਵੇਂ ਹੀ ਰਹਿ ਲਵਾਂਗੇ , ਜਿਵੇਂ ਨੱਕੋ ਨੱਕ ਨਕ਼ ਭਰੇ ਦੁਧ ਕਟੋਰੇ ਉੱਤੇ ਗੁਲਾਬ ਦੀਆਂ ਪੱਤੀਆਂ ...ਯਾਨੀ ਤੁਹਾਡੀ ਹੋਂਦ ਲਈ ਕੋਈ ਖਤਰਾ ਨਹੀਂ ਪੈਦਾ ਕਰਾਂ ਗੇ I ਕਹਿੰਦੇ ਨੇਂ , ਬਾਬੇ ਨਾਨਕ ਨੂੰ ਤਾਂ ਨਗਰ ਵਿਚ ਥਾਂ ਮਿਲ ਗਈ ਸੀ , ਪਰ ਹਰ ਸ਼ਖਸ ਦੀ ਕਿਸਮਤ ਬਾਬੇ ਨਾਨਕ ਵਰਗੀ ਕਿਥੇ ?

---- ਘਰ ਘਾਟ ਛੱਡ ਕੇ ਆਓਣ ਵਾਲਿਆਂ ਨੂੰ , ਜਿਹੜੇ ਖੂਬ ਸੂਰਤ ਸ਼ਬਦਾਂ ਨਾਲ ਨਵਾਜਿਆ ਗਿਆ , ਓਹ ਸਨ ,' ਉੱਜੜੇ ਉਖੜੇ ” ( ਓਹਨਾਂ ਲੋਕਾ ਵੱਲੋਂ ਜਿਹੜੇ ਲਾਰੀਆਂ ਵਾਲੇ ਅੱਡੇ ਤਕ ਪੜੇ ਲਿਖੇ ਸਨ ) , ' ਰੀਫਿਊਜੀ ' ( ਲੋਕਾਂ ਚ ਬਹਿਣ ਖੜਨ ਵਾਲਿਆਂ ਵੱਲੋਂ) ,ਅਤੇ ” ਸ਼ਰਣਾਰਥੀ ” (ਸਰਕਾਰੇ ਦਰਬਾਰੇ ਕਮ ਕਾਜ ਕਰਣ ਵਾਲਿਆਂ ਵੱਲੋਂ ) I ਬਾਅਦ ਚ ਉਸ ਵਕ਼ਤ ਦੇ ਅਗਾਂਹ ਵਧੂ ਸਾਨੂੰ ' ਪੁਰਸ਼ਾਰਥੀ , ਵੀ ਕਹਿਣਾ ਸ਼ੁਰੂ ਕਰ ਦਿੱਤਾ ਪਰ ਕਿਸੇ ਨੇਂ ਵੀ ਲਹਿਂਦੇ ਪੰਜਾਬੀਆਂ ਨਾਂ ਨਾਲ ਨਹੀਂ ਨਵਾਜਿਆ I ਇਹ ਤਾਂ ਹੋਈ ਹਿੰਦੁਆਂ ਦੀ ਗੱਲ I ਖੱਤਰੀ ਰੋੜੇ ਸਿੱਖਾਂ ਵਾਸਤੇ ਇੱਕ ਹੋਰ ਖੂਬਸੂਰਤ ਸ਼ਬਦ ਤਰਾਸ਼ਿਆ ਗਿਆ। ..... ਭਾਪੇ I ਇਓਂ ਲੱਗਦਾ ਸੀ ਜਿਵੇਂ,ਕੋਈ ਗਾਲ ਕਢ ਰਿਹਾ ਹੋਵੇ I ਰਗੜ ਕੇ ਫੱਟਾਂ ਤੇ ਲਾਓਣੀ ਹੈ ਇਹੋ ਜਿਹੀ ਪੰਜਾਬੀਅਤ ? ਜਿਹਦੇ ਵਾਸਤੇ ਅਸੀਂ ਵਾਹਗਾ ਟੱਪ ਕੇ ਆਏ ਤੇ ਸੱਤ ਬਿਗਾਨੇ ਹੋ ਗਏ ? ਸੱਤਾਂ ਚੁਲਿਆਂ ਦੀ ਸੁਆਹ , ਇਹੋ ਜਿਹੇ ਧਰਮਾਂ ਸਿਰ , ਜਿਨ੍ਹਾਂ ਧਰਮ ਦੇ ਅਧਾਰ ਤੇ ਵੀ ਸਾਨੂੰ ਬੁੱਕਲ ਚ ਨਾਂ ਲਿਆ I
-----ਜਿਹੜੇ ਇਧਰੋਂ ਓਧਰ ਲਹਿੰਦੇ ਵੱਲ ਗਏ , ਉਨ੍ਹਾਂ ਨੂੰ ਹੁਣ ਤੱਕ ਵੀ ' ਮੁਹਾਜਿਰ ' ਜਾਂ ' ਯੂ ਪੀ ਸੀ ਪੀ ਵਾਲੇ ' ਕਿਹਾ ਜਾਂਦੈ I ਹੋਰ ਕੀ ਕੁਝ ਕਿਹਾ ਜਾਂਦੈ ਇਹ ਤਾਂ ਲਹਿੰਦੇ ਵਾਲੇ ਹੀ ਜਾਣਨ I ਹੋਰ ਵੀ ਕਈ ਅੱਲਾ ਨਾਲ ਜੁੜੀਆਂ ਰਹੀਆਂ, ਜਿਵੈਂ ਲਾਹੋਰਈਏ ਝਾਂਗੀ I ਬੰਗਾਲ ਚ ਕੀ ਵਾਪਰਿਆ ਅਤੇ ਰਾਜਸਥਾਨ ਚ ਕੀ , ਇਹ ਵੀ ਓਥੋਂ ਵਾਲੇ ਹੀ ਜਾਣਨ I ਵਾਹਗਾ ਕੱਲਾ ਪੰਜਾਬ ਚ ਹੀ ਥੋੜਾ ਉੱਸਰਿਆ ਹੈ ? ਬੰਗਾਲ ਅਤੇ ਰਾਜਸਥਾਨ ਵੀ ਤਾਂ ਮਾਰ ਥੱਲੇ ਆਏ I ਸਾਨੂੰ ਤਾਂ ਫਿਰ ਵੀ ਪੰਜਾਬ ਮਿਲ ਗਿਆ ਅਤੇ ਬੰਗਾਲੀਆਂ ਨੂੰ ਬੰਗਾਲ I ਪੁਛੋ ਵਿਚਾਰੇ ਸਿੰਧੀਆਂ ਨੂੰ ਜਿਨ੍ਹਾ ਦਾ ਯਹੂਦੀਆਂ ਵਾਂਗ ਆਪਣਾਂ ਕੋਈ ਵਤਨ ਹੀ ਨਹੀਂ I
----- ਓਹਨੀਂ ਦਿਨੀਂ ਸਾਡੇ ਉੱਤੇ ਕਿਸੇ ਰੱਤੇ ਪੈਸੇ ਦਾ ਇਤਬਾਰ ਵੀ ਨਾਂ ਕੀਤਾ ਇਨ੍ਹਾ , ਉੱਜੜ ਉੱਖੜ ਕੇ ਆਇਆਂ ਉੱਤੇ I ਇਓਂ ਮਹਿਸੂਸ ਕਰਵਾਇਆ ਜਾਂਦਾ ਰਿਹਾ , ਜਿਵੇਂ ਅੱਸੀ ਚੋਰ ਉਚੱਕੇ ਹੋਈਏ ਜਾਂ ਬਹੁਤ ਨੀਵੇਂ ਦਰਜੇ ਦੇ ਕੰਮੀ ਕਮੀਣ I ਸੋ ਸਾਨੂੰ ਆਪਸ ਚ ਹੀ ਇੱਕ ਦੂਜੇ ਦੀ ਬਾਂਹ ਫੜ ਕੇ ਹੀ ਖੜਾ ਰਹਣਾ ਪਿਆ I ਸਭ ਮਾਇਆ ਦੀਆਂ ਖੇਡਾਂ I
----- ਅਸੀਂ ਤਾਂ ਰਤਾ ਫਿਰ ਵੀ ਠੀਕ ਠਾਕ ਰਹੇ I ਢਾਸਣਾ ਸੀ ਤਦੇ ਤਾਂ ਇਥੇ ਆ ਗਾਏ I ਜਿਆਦਾ ਮਾਰ ਤਾਂ ਉਨ੍ਹਾਂ ਝੱਲੀ , ਜਿਨ੍ਹਾਂ ਦਾ ਇਧਰ , ਨਾਂ ਕੋਈ ਅੱਗਿਓਂ ਨਾਂ ਕੋਈ ਪਿਛਿਓਂ ਤੇ ਨਾਂ ਹੀ ਕੋਈ ਰੁਜਗਾਰ ਦਾ ਵਸੀਲਾ। .. ਨਤੀਜਤਨ ਕੈਂਪਾਂ ਚ ਰੁਲਦੇ ਰਹੇ I
------ ਫਿਰ ਸ਼ੁਰੂ ਹੋਈ ਪੈਰ ਜਮਾਉਣ ਦੀ ਕਵਾਇਦ I ਵਡੇਰਿਆਂ ਨੇਂ ਪਹਿਲਾਂ ਪਹਿਰਾਵਾ ਛੱਡਿਆ , ਫਿਰ ਬੋਲੀ I ਯਾਦ ਹੈ ਬਚਪਨ ਚ ਪਿਤਾ ਜੀ ਨੂੰ ਪਠਾਣੀ ਸਲਵਾਰ ਕਮੀਜ਼ ਚ ਵੇਖਿਆ ਕਰਦਾ ਸਾਂ I ਚਿੱਟੇ ਲੱਠੇ ਦੀ ਪਠਾਣੀ ਸਲਵਾਰ , ਦੋ ਘੋੜੇ ਦੀ ਬੋਸਕੀ ਦੀ ਕਮੀਜ਼ , ਸਿਰ ਤੁਰਲੇ ਵਾਲੀ ਪੱਗ, ਪਿਛੇ ਲੜ ,ਪੈਰੀਂ ਪਿਸ਼ੌਰੀ ਖੇੜੀ I ਫਿਰ ਉਨ੍ਹਾਂ ਪਜਾਮਾ ਕਮੀਜ਼ ਪਾਉਣੀ ਸ਼ੁਰੂ ਕੀਤਾ I ਪੈਰੀਂ ਧੌੜੀ ਵਾਲੀ ਜੁੱਤੀ I ਹੋਣਾ ਵੀ ਸੀ I ਜਿੱਥੋਂ ਦਾ ਅੰਨ ਖਾਈਏ ਓਥੋਂ ਦਾ ਸਭਿਆਚਾਰ ਵੀ ਤਾਂ ਹੰਡਾਉਣਾ ਪੈਂਦਾ ਹੈ I ਬੋਲੀ ਬਦਲਣਾਂ ਸ਼ਾਇਦ ਜਿਆਦਾ ਤਕ਼ਲੀਫ਼ ਦੇ ਸਾਬਤ ਹੋਇਆ I ਕਿਥੇ ਘੇਬੀ ਅਤੇ ਪੋਠੋਹਾਰੀ ਅਤੇ ਕਿੱਥੇ ਮਲਵਈ I ਪੈਂਡਾ ਸੀ ਵੀ ਤਾਂ ਚੋਖਾ ਲੰਬਾ I
------ ਧੱਕੇ ਧੋੜੇ ਖਾ ਕੇ ਇੱਕ ਗੱਲ ਤਾਂ ਪਿਤਾ ਜੀ ਦੇ ਸਮਝ ਚ ਆ ਗਈ ਸੀ .... ਕਿਸੇ ਨਵੀਂ ਥਾਵੇਂ ਪੈਰ ਜਮਾਉਣ ਲਈ ਆਦਮੀ ਕੋਲ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਨੇਂ ......ਖੀਸੇ ਚ ਚਾਰ ਪੇਸੇ ਅਤੇ ਪੱਲੇ ਕੋਈ ਹੁਨਰ I ਸਮਾਜਕ ਪਛਾਣ ਵੀ ਤਾਂ ਹੀ ਬਣਦੀ ਹੈ ਅਤੇ ਸਮਾਜਕ ਗੰਢਾਂ ਵੀ ਤਾਂ ਹੀ ਬਝੀਦੀਆਂ ਨੇ I ਪਹਿਲਾਂ ਕਿਰਾਏ ਦੇ ਮਕਾਨਾਂ ਚ ਰੁਲਦੇ ਰਹੇ , ਫਿਰ ਆਪਣਾ ਮਕਾਨ ਅਲਾਟ ਹੋ ਗਿਆ .... ਮੁਹੱਲਾ ਬਘੀਵਾਨਾ ਕ ਨਿਮ ਵਾਲਾ ਘਰ I ਕੀਰਤ ਪੁਰ ਸਾਹਿਬ ਵਾਲੀਆਂ ਅਲਾਟੀ ਜਮੀਨਾਂ ਵੇਚੀਆਂ ਅਤੇ ਕੁਝ ਇਧਰੋਂ ਓਧਰੋਂ ਫੜ ਫੜਾ ਕੇ ਫਰੀਦ ਕੋਟ ਸ਼ਹਿਰ ਦੇ ਨਾਲ ਲੱਗਦੀ ਨਿਆਈਂ ਦੀ ਜਮੀਨ ਲੈ ਲਈ I ਮੁੜ ' ਜਮੀਨਾਂ ਵਾਲੇ ' ਹੋ ਗਏ I
----- ਫਰੀਦਕੋਟ ਨਾਂ ਛਡਣ ਦਾ ਫੈਸਲਾ ਕੀਤਾ ਗਿਆ , ਕਿਓਂ ਕੇ ਇਹ ਪੰਜਾਬ ਦਾ ਇੱਕ ਚੰਗਾ ਵਿਦਿਅਕ ਕੇਂਦਰ ਸੀ I ਪਿਤਾ ਜੀ ਪੜੇ ਲਿਖੇ ਤਾਂ ਸੀਗੇ ਹੀ , ਸੋ ਇੱਕ ਪਰਾਈਵੇਟ ਸਕੂਲ ਚ ਨੌਕਰੀ ਕਰ ਲਈ i ਸੰਸਕ੍ਰਿਤ ਦੇ ਵੀ ਵਿਦਵਾਨ ਸਨ , ਸੋ ਜਲਦੀ ਹੀ ਬਿਰਾਦਰੀ ਚ ਵੀ ਆਪਣੀਂ ਥਾ ਬਣਾ ਲਈ i ਬਾਕ਼ੀ ਕੁਝ ਖਾਨਦਾਨੀ ਹਿਕ਼ਮਤ ਅਤੇ ਕੁਝ ਕਚਹਿਰੀ ਦੇ ਦੀ ਜਾਣਕਾਰੀ I ਥੋੜੇ ਸਮੇਂ ਚ ਹੀ ਨਾਂ ਪਛਾਣਿਆ ਜਾਣ ਲੱਗ ਪਿਆ I ਸਾਨੂੰ ਉਨ੍ਹਾਂ ਪੜਾਇਆ ਲਿਖਾਇਆ ਵੀ ਅਤੇ ਆਪਣੇ ਆਪ ਜੋਗਰਾ ਵੀ ਕੀਤਾ I ੭੨-੭੩ ਤਕ ਲੱਗਣ ਲੱਗ ਪਿਆ ਕਿ ਪੈਰ ਜਮਾ ਲਏ ਗਏ ਹਨ I ਸਮਾਜਕ ਗੰਢਾਂ ਵੀ ਬਝਣ ਲੱਗੀਆਂ I ਰਿਸ਼ਤੇ ਨਾਤੇ ਵੀ ਉਸਰਨ ਲੱਗੇ I ਇਹ ਸਭ ਕੁਝ ਆਰਥਕ ਸਥਾਪਤੀ ਨਾਲ ਜਿਆਦਾ ਜੁੜਿਆ ਹੋਇਆ ਸੀ I ਕੋਈ ਕਿੰਨਾਂ ਸਾਹਿਬ ਏ ਰੋਜ਼ਗਾਰ ਹੈ ਤੇ ਕਿੰਨਾਂ ਸਾਹਿਬ ਏ ਜਾਇਦਾਦ , ਵਿਅਕਤੀ ਦੀ ਪਛਾਣ ਦਾ ਇੱਕ ਅਹਿਮ ਹਿੱਸਾ ਜੋ ਹੋਇਆ I
----60-65 ਸਾਲਾਂ ਬਾਅਦ ਅੱਜ ਵੀ ਕੋਈ ਨਾਂ ਕੋਈ ਕਦੇ ਨਾਂ ਕਦੇ ਸਾਨੂੰ ਸਾਡੀ ' ਔਕਾਤ ' ਸਮਝਾ ਹੀ ਜਾਂਦਾ ਹੈ I ਅਜੇ ਪਿਛ੍ਚੇ ਜਿਹੇ ਹੀ ਇੱਕ ਪਛਾਂਣੂ ਪੰਪ ਤੋਂ ਤੇਲ ਪੁਆਉਣ ਆਏ ( ਪਹਿਲਾਂ ਓਹਨਾ ਕੋਲ ਗੱਡੀ ਹੁੰਦੀ ਸੀ ਹੁਣ ਓਹਨਾਂ ਗੱਡੀ ਵੇਚ ਸ੍ਕੂਟਰ ਲਿਆ ਹੈ ) I ਨਾਲ ਓਹਨਾ ਦਾ ਪੋਤਰਾ ਸੀ I ਪੋਤਰੇ ਨੂੰ ਕਹਣ ਲੱਗੇ ” ਦੇਖ ਬੇਟਾ ! ਤੇਰੇ ਅੰਕਲ ਪਾਕਿਸਤਾਨੋਂ ਆਏ ਸੀ , ਕੁਝ ਨਹੀਂ ਸੀ ਹੁੰਦਾ ਇਨ੍ਹਾਂ ਕੋਲ , ਆਪਣੇ ਮੁਹੱਲੇ ਚ ਕਿਰਾਏ ਤੇ ਰਹੇ , ਤੇ ਅੱਜ ਵੇਖੋ !! ” ਸਮਝ ਨਹੀਂ ਆਈ ਕਿ ਉਹ ਤਾਰੀਫ਼ ਸੀ ਜਾਂ ਨੰਗੀਆਂ ਗਾਲਾਂ I
---- ਪਿਛੇ ਜਦੋਂ ਪੰਜਾਬ ਚ ਫਿਰ ਕਾਲੀ ਬੋਲੀ ਹਨੇਰੀ ਵਗਣ ਲੱਗੀ , ਤਾਂ ਮਾਂ ਦੇ ਚੇਹਰੇ ਤੇ ਡਰ ਦੇ ਪਰਛਾਵੇਂ ਫਿਰ ਗੂਹੜੇ ਹੋਣ ਲੱਗੇ I ਉਸ ਕਈ ਵਾਰ ਕਹੀ ਦੇਣਾ , ” ਵੇ ਪੁੱਤਰਾ ਵੇਖੀਂ ! ਕਿਤੇ ਹੁਣ ਇਹ ਪਿੰਡੀ ਘੇਬ ਵੀ ਨਾਂ ਛਡਣਾ ਪਵੇ ” I
___ ਸਰਾਪੇ ਦਿਨਾਂ ਚ ਕਈਆਂ ਨੇਂ ਪੰਜਾਬ ਛਡਿਆ ਵੀ ਅਤੇ ਲੋਕਾਂ ਓਹਨਾਂ ਨੂੰ ਕਖੋਂ ਹੌਲੇ ਹੁੰਦਿਆਂ ਵੀ ਵੇਖਿਆ I ਜਿਹੜੇ ਇੱਥੇ ਲੱਖਾਂ ਕਰੋੜਾਂ ਚ ਖੇਡਦੇ ਸੀ , ਓਹ ਹਰਿਆਣੇ ਚ ਮੂੰਗਫਲੀਆਂ ਦੀਆਂ ਰੇਹੜੀਆਂ ਲਾਉਂਦੇ ਲਾਉਂਦੇ ਆਪਣੀ ਹਯਾਤੀ ਦੇ ਚਾਰ ਦਿਨ ਪੂਰੇ ਕਰ ਗਾਏ I ਓਹਨਾਂ ਦੇ ਹਮ ਮਜਹਬਾਂ ਨੇ ਕਿਹੜੀ ਓਹਨਾਂ ਦੀ ਵੱਟੀ ਵਾਹੀ ? ਐਥੇ ਰਹਿ , ਲੜ ਲੜਾ ਕੇ , ਇੱਥੇ ਹੀ ਮਰ ਮਰਾ ਜਾਂਦੇ ਤਾਂ ਚੰਗੇ ਰਹਿੰਦੇ I ਕੌਡੀਆਂ ਦੇ ਭਾਅ ਘਰ ਘਾਟ ਵੇਚੇ ਜਾਂ ਇਓਂ ਕਹਿ ਲਓ ਕੇ ਵੇਚਣੇ ਪਏ I ਜਿਨ੍ਹਾਂ ਖਰੀਦੇ ਓਹਨਾਂ ਦੀ ਚਾਂਦੀ I ਓਹ ਕਦੋਂ ਚਾਹੁਣਗੇ ਕਿ ਕਾਲੀ ਬੋਲੀ ਹਨੇਰੀ ਖਤਮ ਹੋਏ ਅਤੇ ਆਸਮਾਨ ਸਾਫ਼ I
----- ਅੱਜ ' ਚਾਰਾਂ ਚੋਂ ਪੰਜਵੇਂ ' ਹਾਂ I ਪਰ ਪਛਾਣ ਸਥਾਪਤੀ ਦੀ ਲੜਾਈ ਲੱਗਦਾ ਹੈ ਅੱਜ ਵੀ ਬਦਸਤੂਰ ਕਾਇਮ ਹੈ I ਪਤਾ ਨਹੀਂ ਕਿਓਂ ਅਜੇ ਵੀ ਸਾਡੇ ਚੋਂ ਬਥੇਰੇ ਆਪਣੀਆਂ ਜੜਾਂ ਨੂੰ ਕਬੂਲਣ ਚ ਸ਼ਰਮ ਮੇਹ੍ਸੂਸ ਕਰਦੇ ਨੇਂ I ਸਾਨੂੰ ਆਪਣੇ ਆਪ ਨੂੰ ਦਿੱਲੀ ਯਾ ਚੰਡੀਗੜ ਵਾਲੇ ਕਹਾਉਣਾ ਜਿਆਦਾ ਮੁਫੀਦ ਲੱਗਦਾ ਹੈ I ਜੇ ਕਿਤੇ ਆਪਣੇ ਪਿਛੋਕੜ ਦੀ ਗੱਲ ਕਰਨੀਂ ਪੈ ਵੀ ਜਾਵੇ ਤਾਂ ਵੀ ਇਸ ਤਰ੍ਹਾਂ ਕਰਦੇ ਹਾਂ ਜਿਵੇਂ ਗੱਲ ਨੂੰ ਗਲੋਂ ਲਾਹੁਣਾ ਹੋਵੇ। ...” ਸੁਣਿਆ ਹੈ ਸਾਡੇ ਵੱਡ ਵਡੇਰੇ ਪਾਕਿਸਤਾਨੋਂ ਆਏ ਸਨ ਲਾਹੌਰੋਂ ਲਹੂਰੋੰ ਕਿਤੇ .. ਹੋਰ ਤਾਂ ਕੁਝ ਪਤਾ ਨਹੀਂ , ਬਾਕ਼ੀ ਅਸੀ ਤਾਂ ਪਿਛਲੇ ੫੦ – ੬੦ ਸਾਲਾਂ ਤੋਂ ਦਿੱਲੀ ਚ ਹੀ ਹਾਂ ” I ਪਰ ਯਕ਼ੀਨਨ ਇੱਕ ਖੂਬ ਸੂਰਤੀ ਅੱਜ ਵੀ ਬਰਕਰਾਰ ਰੱਖੀ ਹੋਈ ਹੈ I ਬਾਹਰ ਕਾਰ ਵਿਹਾਰਾਂ ਚ ਭਾਵੇਂ ਅਸੀੰ ਅੰਗ੍ਰੇਜ਼ੀ ਬੋਲਦੇ ਹੋਈਏ , ਹਿੰਦੀ ਜਾਂ ਗੁਜਰਾਤੀ I ਘਰ ਦੀ ਚਾਰ ਦੀਵਾਰੀ ਚ ਅਸੀਂ ਲੋਕ ਅੱਜ ਵੀ ਆਪਣੀਂ ਮਾਂ ਬੋਲੀ ਨੂੰ ਅੱਜ ਵੀ ਸੰਭਾਲੀ ਬੈਠੇ ਹਾਂ I ਸਿੱਖਾਂ ਨੇ ਤਾਂ ਇਸ ਨੂੰ ਆਪਣੇ ਧਰਮ ਨਾਲ ਜੁੜਿਆ ਹੋਣ ਕਰ ਕੇ ਸੰਭਾਲਣਾ ਹੀ ਸੀ , ਦੂਜੇ ਵੀ ਬੜੀ ਮੁਸਤੈਦੀ ਨਾਲ ਇਸ ਉੱਤੇ ਪਹਿਰਾ ਦੇ ਰਹੇ ਹਨ I
------ ਜਦ ਕਦੇ ਵੀ ਵਾਹਗੇ ਗਿਆਂ ਜਾਂ ਹੁਸੈਨੀ ਵਾਲੇ, ਤਾਂ ਆਪਣੀ ਇਸ ਨਿਮਾਣੀ ਨੂੰ ਚਾਰ ਚੁਫੇਰੇ ਸੁਆਲੀਆ ਚਿਨ੍ਹਾਂ ਨਾਲ ਘਿਰਿਆਂ ਤੱਕਿਆ ਹੈ I ਕਦੇ ਜੀ ਕਰਦੈ ਕਿ ਵੇਖਾਂ ਤਾਂ ਸਹੀ ਕਿ ਧਰਤ ਉੱਤੇ ਖਿੱਚੀ ਗਈ ਚਿੱਟੀ ਲਕ਼ੀਰ ਕਿਨੇਂ ਕੁ ਪੱਕੇ ਰੰਗ ਨਾਲ ਖਿੱਚੀ ਗਈ ਹੈ ? ਕਿਤੇ ਹੈ ਉਮੀਦ ਇਸ ਦੇ ਰੰਗ ਦੀ ਧਰਤ ਦੇ ਰੰਗ ਨਾਲ ਇੱਕ ਮਿੱਕ ਹੋ ਜਾਣ ਦੀ ? ਕੰਡਿਆਲੀਆਂ ਤਾਰਾਂ ਕਿੰਨੀਆਂ ਕੁ ਪੱਕੀਆਂ ਨੇਂ ? ਕਦੇ ਇਹ ਵੇਖਣ ਨੂੰ ਜੀ ਵੀ ਕਰਦੈ ਕਿ ' ਚਾਬੀ ਭਰੇ ਖਿਡਾਉਣਿਆਂ ' ਵਾਂਗ, ਸਿਰੋਂ ਉਤਾਹ ਪੈਰ ਚੱਕੀ, ਬੂਟ ਖੜਕਾਉਂਦੇ ਅਤੇ ਘੂਰੀਆਂ ਵੱਟ ਵੱਟ ਚਿੱਟੀ ਲਕ਼ੀਰ ਦੇ ਪਰਲੇ ਬੰਨੇ ਖੜੇ ਖਿਡਾਉਣਿਆਂ ਵੱਲ ਵੇਖਦੇ ਇਨ੍ਹਾਂ ਖਿਡਾਉਣਿਆਂ ਦਾ ਮਕੈਨਿਜ਼ਮ ਕੀ ਹੈ ਅਤੇ ਇਹ ਵੀ ਕਿ ਕੀ ਚਾਬੀਆਂ ਨੂੰ ਕੋਈ ਪੁੱਠਾ ਗੇੜ ਦੇ ਕੇ ਇਨ੍ਹਾਂ ਖਿਡਾਉਣਿਆਂ ਦੀ ਚਾਲ ਢਾਲ ਨੂੰ ਠੀਕ ਕੀਤਾ ਜਾ ਸਕਦੈ ? ਓਹ ਵਿਚਾਰੇ ਤਾਂ ਭਲਾ ਢਿਡ ਦੀ ਅੱਗ ਨੂੰ ਠੰਡਿਆਂ ਕਰਨ ਲਈ ਬੂਟ ਖੜਕਾਈ ਜਾਂਦੇ ਨੇ ਤੇ ਘੂਰੀਆਂ ਵੱਟੀ ਜਾਂਦੇ ਨੇ ਪਰ ਅਸੀਂ ਕਿਓਂ ਤਾੜੀਆਂ ਮਾਰ ਮਾਰ ਐਵੈਂ ਹੀ ਬਲਦੀ ਅੱਗ ਚ ਤੀਲੇ ਸਿੱਟੀ ਜਾਂਦੇ ਹਾਂ ?
-----ਕਦੇ ਕਦੇ ਇਓਂ ਵੀ ਜੀ ਕਰਦਾ ਹੈ ਕਿ ਛਾਲ ਮਾਰ ਵਾਹਗਾ ਟੱਪ ਜਾਵਾਂ ਅਤੇ ਆਪਣੇ ਪਿੰਡੀ ਘੇਬ ਜਾ ਬੈਠਾਂ I ਕੋਈ ਪੁਛਣ ਲੱਗੇ ਤਾਂ ਕਹਾਂ ਕਿ ਇਸ ਜਮੀਨ ਚ ਮੇਰੇ ਪੁਰਖਿਆਂ ਦੀ ਮਿੱਟੀ ਵੀ ਹੈ I ਹਕ਼ ਬਣਦਾ ਹੈ ਮੇਰਾ ਇੱਥੇ ਆਉਣ ਦਾ I ਤੁਸੀਂ ਵੀ ਜੰਮ ਜੰਮ ਫਰੀਦ ਕੋਟ ਆਓ , ਖੋਖਰ ਵੀ , ਅਰਾਈਂ ਵੀ ,ਡੋਗਰ ਵੀ I ਤੁਹਾਡਾ ਵੀ ਓਨਾਂ ਹੀ ਹਕ਼ ਬਣਦੈ ਫਰੀਦ ਕੋਟ ਉੱਤੇ I
ਕਦੇ ਕਦੇ ਹੋਰ ਪਿਛੇ ਮੁੜ ਜਾਂਦਾ ਹਾਂ I ਜੀ ਕਰਦੈ ਕਿ ਜੇ ਕਿਤੇ ਓਦੋਂ ਵਾਲੇ ਬਾਬੇ ਮਿਲ ਜਾਣ ( ਲਕੀਰੋਂ ਆਰ ਵਾਲੇ ਵੀ ਅਤੇ ਪਾਰ ਵਾਲੇ ਵੀ , ਜਿਨ੍ਹਾਂ ਚਿੱਟੀਆਂ ਲਕੀਰਾਂ ਖਿਚਣ ਲਈ ਆਪ ਆਪਣੇ ਹਥੀਂ ਜਰੀਬਾਂ ਫੜ ਫੜ ਕੇ ਪੈਮਾਂਇਸ਼ਾਂ ਕਰਵਾਈਆਂ ) ਤਾਂ ਗਲਮਿਓਂ ਜਾ ਫੜਾਂ ਤੇ ਪੁਛਾਂ ,” ਤੁਹਾਨੂੰ ਕਿਹੜੇ ਕੰਜਰ ਨੇ ਕਿਹਾ ਸੀ ਤੁਸੀਂ ਸਾਡੀ ਧਰਤ ਤੇ ਲਕੀਰਾਂ ਖਿਚੋ ਅਤੇ ਮੁਲਖਈਆ ਵੰਡ ਦਿਓ ? ਆਪ ਤਾਂ ਚੌਧਰੀ ਬਣ ਕੇ ਬਹਿ ਗਏ ਅਤੇ ਝੋਲੀਆਂ ਭਰਦੇ ਰਹੇ I ਤੁਸਾਂ ਤੇ ਆਪੋ ਆਪਣੀਆਂ ਹੱਟਾਂ ਚਮਕਾਉਣੀਆਂ ਸਨ ਅਤੇ ਗਾਹਕੀ ਪੱਕੀ ਕਰਨੀਂ ਸੀ .....ਲੋਕਾਂ ਦੀ ਹਯਾਤੀ ਕਿਓਂ ਦੋਜਖ ਬਣਾ ਦਿੱਤੀ ? “
-----ਪਰ ਜਿਹੜੀ ਕੱਤੀ ਗਈ ਸੋ ਕੱਤੀ ਗਈ I ਚਰਖੇ ਨੂੰ ਪੁੱਠਾ ਗੇੜਾ ਦੇਣਾ ਕਿਹੜਾ ਸੌਖਾ ਹੈ ਨਾਲੇ ਇਹਦੇ ਨਾਲ ਸੌਰਨੇ ਵੀ ਕੀ ? ਓਦੋਂ ਵਾਲੇ ਬਾਬਿਆਂ ਮਿਲ ਮਿਲਾ ਕੇ ਜਿਹੜਾ ਪਿੱਪਲ ਵਾਹਗੇ ‘ ਚ ਲਾ ਤਾ , ਉਨੂੰ ਤਾਂ ਬਾਅਦ ਵਾਲੇ ਵੀ ਰੇਹ ਖਾਦ ਪਾਉਂਦੇ ਰਹੇ I ਹੁਣ ਤਾਂ ਡੂੰਘੀਆਂ ਜੜਾਂ ਫੜ ਗਿਆ ਹੈ ਇਹ I ਐਧਰ ਤੇ ਓਧਰ ਦੋਵੇਂ ਪਾਸਿਆਂ ਦੇ ਬਾਬੇ ਹੀ ਇਹਦੀ ਛਾਂ ਮਾਣ ਰਹੇ ਨੇਂ I ਕਿਹੜਾ ਕੱਟਣ ਦਿਊ ਇਹਨੂੰ ? ਤੇ ਕਿਹੜਾ ਇਨਹੂੰ ਵਢ ਪਾਪਾਂ ਦਾ ਭਾਗੀ ਬਣੂੰ ? ਜਿੰਨਾਂ ਚਿਰ ਜਿਓਨੇੰ ਹਾਂ ਪਿੰਡੀ ਘੇਬ ਹੱਡਾਂ ਚ ਵੱਸਿਆ ਰਹੂ I ਪੁੱਤ ਪੋਤਿਆਂ ਨੂੰ ਤਾਂ ਇਹ ਵੀ ਯਾਦ ਨਹੀਂ ਰਹਿਣਾ ਕਿ ਲਹਿੰਦੇ ਪੰਜਾਬ ਚ ਪਿੰਡੀ ਘੇਬ ਨਾਂ ਦਾ ਵੀ ਕੋਈ ਗਿਰਾਂ ਹੁੰਦਾ ਸੀ ਜਿਥੋਂ ਦਰ ਬਦਰ ਹੋ ਕੇ ਓਹਨਾਂ ਦੇ ਪੁਰਖੇ ਫਰੀਦ ਕੋਟ ਆਏ ਸਨ I

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346