ਤੈਨੂੰ ਛੱਜ ਚ ਪਾਕੇ
ਛੱਟਿਆ,
ਤੇ ਮੰਦਾ ਕੀਤਾ ਹਾਲ,
ਜੱਟਾ ਮੰਡੀ ਅੰਦਰ ਰੁਲਦਿਆ,
ਉਠ ਆਪਣੀ ਪੱਗ ਸੰਭਾਲ.
ਵਹੀਆਂ ਦੇ ਵਿਚ ਕੈਦ ਹੈ,
ਤੇਰਾ ਘੁੱਗ ਵਸਦਾ ਸੰਸਾਰ,
ਤੂੰ ਤੋੜ ਕੇ ਧਾਗੇ ਵਹੀ ਦੇ,
ਦੇਹ ਲੋਹੜੀ ਉਹਦੀ ਬਾਲ.
ਮਾਰ ਨਾ ਹੋਰ ਟਪੂਸੀਆਂ,
ਨਾ ਭੇਡੂ ਬਣ ਕੇ ਨਚ,
ਤੈਨੂੰ ਘੋਲਾਂ ਦਾ ਪਿੜ ਡੀਕਦਾ,
ਚੱਲ ਲਾ ਪਟੜੀ ਦੀ ਛਾਲ.
ਲਾ ਲਾਰਾ ਤੈਨੂੰ ਛੱਤ ਦਾ,
ਤੇਰਾ ਝੁੱਗਾ ਕੀਤਾ ਚੌੜ,
ਹੋਏ ਦੇਸ਼ ਅਜਾਦ ਨੂੰ,
ਲੰਘ ਗਏ ਸਤਰ ਸਾਲ.
ਠੰਡੀ ਛਾਂ ਦੀ ਆਸ ਕਰ,
ਤੂੰ ਸੇਕ ਸਿਰਾਂ ਤੇ ਝੱਲ ਨਾ,
ਆ ਪੰਜੀੰ ਸਾਲੀਂ ਰੁਖ ਦੀ,
ਉਹ ਛਾਂਗ ਲੈਣਗੇ ਡਾਲ.
ਤੈਨੂੰ ਪੱਟਣ ਲਈ ਬਜਾਰ ਵੀ,
ਉਹਨਾਂ ਭੇਜਿਆ ਤੇਰੇ ਕੋਲ,
ਤੂੰ ਬਚ ਕੇ ਇਹਦੇ ਰੰਗ ਤੋਂ,
ਖੁਦ ਆਪਣੇ ਆਪ ਨੂੰ ਢਾਲ.
ਸਭ ਦੀ ਸਾਂਝੀ ਰੇਤ ਵੀ,
ਇਥੇ ਵਿਕਦੀ ਸੋਨੇ ਭਾਅ,
ਰਹਿੰਦਾ ਚੌਵੀ ਘੰਟੇ ਕੂਕਦਾ,
ਹੈ "ਚਿੱਟੇ"ਰੰਗ ਦਾ ਕਾਲ.
ਕਿਰਤ ਚੋਂ ਕਿਰਤੀ ਕਢ ਕੇ,
ਦਿੱਤੇ ਠੇਕੇ ਵਲ ਨੂੰ ਤੋਰ,
ਫਿਰ ਨਸ਼ੇ ਚ ਤੈਨੂੰ ਖੋਰ ਕੇ,
ਤੇਰਾ ਲੁੱਟ ਕੇ ਲੈ ਗਏ ਮਾਲ.
ਤੇਰੇ ਕੱਟੇ ਵਛੇ ਖੋਹਲ ਕੇ,
ਦੇਣੇ ਮੰਡੀ ਅੰਦਰ ਵੇਚ,
ਪੀ ਠੰਡਾ ਪਾਣੀ ਸੋਚ ਲੈ,
ਹੈ ਕੀ ਦੁਸ਼ਮਣ ਦੀ ਚਾਲ.
ਉਹਨਾ ਜੰਗਲ ਬੇਲੇ ਵੱਢ ਕੇ,
ਸਭ ਪੰਛੀ ਲਏ ਦਬੋਚ,
ਕਰ ਏਕਾ ਹੰਭਲਾ ਮਾਰ ਤੂੰ,
ਤੇ ਉਡ ਜਾ ਲੈ ਕੇ "ਜਾਲ".
ਕੀ ਇਹੀ ਤੇਰਾ ਪੰਜਾਬ ਹੈ ?
ਜਰਾ ਦੱਸ ਧਰਤੀ ਦੇ ਵਾਰਸਾ!
ਜਿਥੇ ਮੌਤ ਵੰਡਦੀਆਂ ਲਾਰੀਆਂ,
ਅਤੇ ਪਿਓ ਪੁੱਤ ਆਟਾ ਦਾਲ.
ਮੈਲਬੌਰਨ(ਆਸਟਰੇਲੀਆ)
0061469976214
-0- |