ਪਿੰਡ ਉਹਨੂੰ ‘ਬਾਬਿਆਂ ਦਾ ਜੀਤ’ ਕਹਿੰਦਾ। ਬਾਪੂ ਜੀਤ ਸਿਓਂ ਕਹਿੰਦਾ। ਬੇਬੇ ਹਮੇਸ਼ਾ ‘ਥੋਡਾ
ਜੀਤ ਚਾਚਾ’ ਕਹਿੰਦੀ। ਮੈਂ ਚਾਚਾ ਕਹਿੰਦਾ ਤੇ ਮੇਰਾ ਛੋਟਾ ਭਰਾ ਸੁਖਦੇਵ ਤਾਂ ਹੁਣ ਤੱਕ ਵੀ
ਉਹਨੂੰ ‘ਬਾਈ’ ਕਹਿੰਦੈ।
ਜੀਤੋ ਭੂਆ ਸਿਰਫ ‘ਵੀਰ’ ਕਹਿੰਦੀ। ਬਾਕੀ ਸਾਰੇ ਭਰਾਵਾਂ ਨਾਲ ਵੀਰ ਤੋਂ ਪਹਿਲਾਂ ਨਾ ਲਾਉਂਦੀ।
ਬਾਪੂ ਨੂੰ ਤੇਜਾ ਵੀਰ ਤੇ ਚਾਚੇ ਚੰਨਣ ਸਿਓਂ ਨੂੰ ਚੰਨਣ ਵੀਰ ਕਹਿੰਦੀ। ਮੈਂ ਮਨ ‘ਚ ਕੁੜੱਤਣ
ਨਾਲ ਸੋਚਦਾ, ਭੂਆ ਫਰਕ ਰੱਖਦੀ ਐ। ਰਹਿੰਦੀ ਸਾਡੇ ਕੰਨੀ ਐ, ਗੋਗੇ ਜੀਤ ਚਾਚੇ ਦੇ ਗਾਉਂਦੀ ਐ।
ਇਹ ਤਾਂ ਵਰ੍ਹਿਆਂ ਬਾਅਦ ਸੋਝੀ ਆਈ ਬਈ ਮੋਹ ਫਰਕ ਰੱਖਦਾ ਈ ਹੁੰਦੈ।
ਅਸੀਂ ਉਦੋਂ ਅਜੇ ‘ਬਾਹਰਲੇ’ ਘਰ ਨੀ ਸੀ ਆਏ। ਅੰਦਰਲੇ ਘਰ ਸਾਡੀ ਕੰਧ ਜੀਤ ਚਾਚੇ ਨਾਲ ਸਾਂਝੀ
ਸੀ। ਸਾਰਾ ਪਰਿਵਾਰ ਅੰਦਰਲੇ ਘਰ ਸੌਂਦਾ, ਮੈਂ ਤੇ ਜੀਤੋ ਭੂਆ ਬਾਹਰਲੇ ਘਰ ਤੋਂ ਵੀ ਬਾਹਰ,
ਵਿਹੜੇ ‘ਚ। ਮੈਂ ਦਸਵੀਂ ‘ਚ ਸੀ ਜਦੋਂ ਜੀਤ ਚਾਚਾ ਮਰਿਆ। ਉਸ ਦਿਨ ਤੋਂ ਬਾਅਦ ਮੈਂ ਜੀਤੋ ਭੂਆ
ਸੁੱਤੀ ਪਈ ਨੀ ਦੇਖੀ। ਜੀਤੋ ਭੂਆ, ਜੀਤ ਚਾਚੇ ਦੀ ਮਾਸੀ ਦੀ ਧੀ ਸੀ। ਪਾਕਿਸਤਾਨ
ਦੇ ਚੱਕ 42
‘ਚੋਂ ਉਜੜ ਕੇ ਆਈ ਭੂਆ ਦੇ ਟੱਬਰ ਨੂੰ, ਦਾਣਿਆਂ ਦੀ ਪਹਿਲੀ ਬੋਰੀ ਜੀਤ ਚਾਚਾ ਦੇ ਕੇ ਆਇਆ
ਸੀ। ਬਾਪੂ ਨਾਲ ਗਿਆ ਸੀ। ਚੱਕ 42 ਅਤੇ ਦਸੌਂਦੇ ਕੱਟ ਕੇ ਅਲਾਟ ਹੋਏ ਪਿੰਡ ਜਲੋਵਾਲ ਵਿਚਕਾਰ
ਭੂਆ ਏਨੀ ਵੰਡੀ ਗਈ ਕਿ ਮਹੀਨਿਆਂ ਬੱਧੀ ਉਹ ਆਪਣੇ ਬਿਆਈਆਂ ਪਾਟੇ ਪੈਰਾਂ ‘ਚ ਜੁੱਤੀ ਪਾਉਣੀ
ਭੁੱਲੀ ਰਹੀ, ਫਿਰ ਵਰ੍ਹਿਆਂ ਬੱਧੀ ਜੁੱਤੀ ਨਸੀਬ ਨੀ ਹੋਈ। ਜਦੋਂ ਨਸੀਬ ਹੋਈ, ਪੈਰ ਜੁੱਤੀ
ਨੂੰ ਮੰਨਣੋਂ ਇਨਕਾਰੀ ਹੋ ਗਏ। ਰਾਵੀ ਦੇ ਕੰਢੇ ‘ਤੇ ਲੱਗੇ ਕੈਂਪ ‘ਤੇ ਹੋਏ ‘ਟਿੱਕ’ ‘ਚ ਉਹ
ਜਿੳ ੁਂ ਭੱਜੀ, ਚਿਤਾ ਤੱਕ ਨੰਗੇ ਪੈਰੀਂ ਰਹੀ। ਅੰਗ੍ਰੇਜ਼ਾਂ ਤੋਂ ਆਜ਼ਾਦ ਹੋਏ ਭਾਰਤ ਨੇ ਭੂਆ
ਦੇ ਪੈਰ, ਜੁੱਤੀ ਤੋਂ ਪੱਕੀ ਤਰ੍ਹਾਂ ਆਜ਼ਾਦ ਕਰ ਦਿੱਤੇ ਸਨ।
ਮਧਰੇ ਕੱਦ ਦੀ ਭੂਆ ਆਮ ਤੌਰ ‘ਤੇ ਮਿੱਟੀ ਰੰਗੇ ਕੱਪੜੇ ਪਾਉਂਦੀ, ਚਿੱਟੀ ਚੁੰਨੀ ਲੈਂਦੀ।
ਚੰਗੇ ਜਚਦੇ ਰੰਗ ‘ਚ ਜੇ ਕੋਈ ਚੁੰਨੀ ਉਸ ਨੂੰ ਦਿਸਦੀ, ਮੌਕਾ ਮਿਲਦੀ ਸਾਰ ਲਕੋ ਲੈਂਦੀ। ਜਦੋਂ
ਕੋਈ ਚੁੰਨੀ ਨਾ ਮਿਲਣੀ, ਬੇਬੇ ਨੇ ਕਹਿਣਾ-ਜੀਤੋ ਬੀਬੀ ਦੀ ਗੋਠੜੀ ‘ਚ ਹੋਊ। ਕਿਸੇ ਭੜੋਲੀ ਦੀ
ਖੱਲ ‘ਚ ਹੋਊ। ਕਿਹੀ ਚੰਦਰੀ ਬਾਣ ਐਂ। ਪੈਸਾ ਧੇਲਾ ਨੀ ਕਦੇ ਚੱਕਿਆ, ਟੂਮ-ਟੱਲਾ ਨੀ ਕਦੇ
ਹਿਲਾਇਆ; ਸਾਰਾ ਘਰ ਖੁੱਲ੍ਹਾ ਈ ਹੁੰਦੈ। ਬੱਸ ਚੰਗੀ ਚੁੰਨੀ ਨੀ ਛੱਡਦੀ, ਨਾਲੇ ਆਪ ਲੈਣੀ ਨੀ
ਹੁੰਦੀ। ਕਈ ਵਾਰ ਮਾੜੀ ਮੋਟੀ ਤਿੜਕ-ਧਾਂਸ ਵੀ ਹੋਣੀ, ਪਰ ਭੂਆ ਕਦੇ ਆਪਣੇ ‘ਤੇਜੇ ਵੀਰ’ ਦੇ
ਘਰੋਂ ਨੀ ਹਿੱਲੀ-
-ਆਪਣਾ ਬੀਜਿਆ ਖਾਂਦੀ ਐ ਬਲਵਿੰਦਰ ਸਿੰਘ, ਐਥੇ ਕੌਣ ਐ ਕਿਸੇ ਨੂੰ ਖਲੌਣ ਆਲਾ-ਬਾਪੂ ਕਦੇ
ਕਦਾਈਂ ਗੱਲ ਤੁਰੀ ਤੋਂ ਕਹਿੰਦਾ-
-ਵੀਰ ਕਰਕੇ ਮੇਰੀ ਟਬਰੀ ਬਚ ਰਹੀ ਬਲਵਿੰਦਰ ਸਿਆਂ, ਨਹੀਂ ਮੈਂ ਤੇ ਮੇਰੇ ਪੁੱਤ ਭੁੱਖ ਦੇ
ਦੁਖੋਂ ਮਰ ਜਾਂਦੇ-ਭੂਆ ਮੈਨੂੰ ਸੰਬੋਧਨ ਕਰਕੇ, ਆਪਣੇ ਆਪ ਨਾਲ ਗੱਲਾਂ ਕਰਦੀ। ਪਰ ਉਸ ਨੇ ਇਹ
ਕਦੇ ਨਹੀਂ ਦੱਸਿਆ ਕਿ ਉਹਦੀ ‘ਬਚ ਰਹੀ’ ਟੱਬਰੀ ‘ਚ ਅਜਿਹਾ ਕੀ ਵਾਪਰਿਆ ਕਿ ਜਿਉਂ-ਜਿਉਂ
ਮੁੰਡੇ ਉਡਾਰ ਹੁੰਦੇ ਗਏ, ਉਨ੍ਹਾਂ ਦੇ ਖੰਭਾਂ ਹੇਠਲੇ ਅਸਮਾਨ ‘ਚ ਭੂਆ ਲਈ ਧਰਤੀ ਘਟਦੀ ਗਈ …
ਤੇ ਇੱਕ ਦਿਨ ਭੂਆ ਗਠੜੀ ਚੁੱਕ, ਨੰਗੇ ਪੈਰ, ਸਿੰਘਾਂ ਦੀ ਉਹ ਮਲੌਦੀ ਛੱਡ ਆਈ, ਜਿਥੇ ਆਪਣੇ
ਛੋਟੇ ਮੁੰਡੇ ਕੋਲ ਰਹਿਣ ਲਈ ਉਹਨੇ ਵੱਡੇ ਦਾ ਜੱਲੋਵਾਲ ਛੱਡਿਆ ਸੀ। ਸਾਡੇ ਘਰ ਉਹ ਐਂ ਆ ਟਿਕੀ
ਜਿਵੇਂ ਥੱਕਿਆ-ਮਾਂਦਾ ਪੰਛੀ ਆਪਣੇ ਆਲ੍ਹਣੇ ਆ ਟਿਕਦਾ ਹੈ। ਭੂਆ ਮੇਰੀ ਸੋਝੀ ਵਿੱਚ ਪਹਿਲਾ
ਓਪਰਾ ਜੀਅ ਸੀ ਜਿਹੜਾ ਸਾਡੇ ਘਰ ਰਿਹਾ। ਫੇਰ ਤਾਂ ਤਾਈ ਕਰਤਾਰੀ ਤੋਂ ਲੈ ਕੇ, ਬੀਬੀ ਕਰਤਾਰੋ,
ਵੀਰ ਹਰਦੇਵ ਸਿਓਂ, ਭਾਗ ਵੀਰ, ਗਾਂਧੀ ਬਚਨਾ … ਤੇ ਚਿੱਟ ਕੱਪੜੀਏ ਸੁੱਚੇ ਤੱਕ ਕਿੰਨੇ ਹੀ
ਜੀਅ ਸਨ ਜਿਨ੍ਹਾਂ ਨੂੰ ਮੇਰੇ ਬਾਪੂ ਦੇ ਘਰ ਨੇ ਪਨਾਹ ਦਿੱਤੀ ਤੇ ਮੇਰੀ ਬੇਬੇ ਦੇ ਚੁੱਲ੍ਹੇ
ਨੇ ਉਨ੍ਹਾਂ ਦੇ ਢਿੱਡ ਨੂੰ ਝੁਲਕਾ। ਜਦੋਂ ਕਦੇ ਨਾਭੇ ਵਾਲੀ ਬੋਬੋ ਤੇ ਦੇਵਕੀ ਭੂਆ ਨੇ ਆ
ਰਹਿਣਾ, ਸਾਡੇ ਛੋਟੇ ਜਿਹੇ ਘਰ ਦੇ ਨਾ ਅੰਦਰ ਨਾ ਕੋਠੇ ‘ਤੇ ਮੰਜਾ ਡਹਿਣ ਲਈ ਥਾਂ ਨਾ ਬਚਣੀ।
ਮੈਨੂੰ ਕਦੇ-ਕਦੇ ਜਾਪਦਾ ਹੁੰਦੈ ਜਿਵੇਂ ਸੰਤੋਖ ਸਿੰਘ ਧੀਰ ਨੇ ਕਹਾਣੀ ‘ਸਵੇਰ ਹੋਣ ਤੱਕ’
ਸਾਨੂੰ ਹੀ ਵੇਖ ਕੇ ਲਿਖੀ ਹੋਵੇ। ਕਦੇ-ਕਦੇ ਸੱਚ ਮੁੱਚ ਸਾਰੀ ਸਾਰੀ ਰਾਤ ਕੋਠੇ ‘ਤੇ ਮੰਜੇ
ਚੜ੍ਹਾਉਂਦਿਆਂ/ਲਾਹੁੰਦਿਆਂ ਦੀ ਲੰਘ ਜਾਣੀ। ਬਿਜਲੀ ਹੁੰਦੀ ਨੀ ਸੀ, ਦੀਵਾ ਹਵਾ ਨੇ ਬੁਝਾ
ਦੇਣਾ। ਅਸੀਂ ਕਈ ਵਾਰ ਇੱਕ ਦੂਜੇ ‘ਚ ਵੱਜਦੇ ਫਿਰਨਾ। ਥਾਂ ਬਹੁਤ ਘੱਟ ਪੈ ਜਾਣੀ। ਬੱਸ ਮੇਰੇ
ਬਾਪੂ ਬੇਬੇ ਦਾ ਦਿਲ ਮੋਕਲਾ ਸੀ ਜਿਹਦੇ ਵਿੱਚ ਆਪੋ ਆਪਣੀ ਬਣਦੀ ਹੱਕੀ ਥਾਂ ਲਈ ਦੋ ਜੀਅ ਆਪਸ
ਵਿੱਚ ਖਹਿ ਵੀ ਜਾਂਦੇ। ਰਗੜ ‘ਚੋਂ ਨਿਕਲੇ ਚੰਗਿਆੜੇ ਕਦੇ-ਕਦੇ, ਮਸਾਂ ਦੋਂਹ ਬੰਦਿਆਂ ਦੇ
ਤੁਰਨ ਜੋਗੀ ਵੀਹੀ ‘ਚ ਵੀ ਆ ਡਿਗਦੇ। ਡਿਓੜ੍ਹੀ ਤਾਂ ਪਹਿਲਾਂ ਈ ਸਾਡੇ ਘਰ ਦੀ ਐਨੀ ਕੁ ਸੀ ਬਈ
ਇੱਕ ਵੱਡਾ ਮੰਜਾ ਡਾਹੁਣ ਲਈ, ਪੈਂਦ ਦਿਹਲੀਆਂ ਤੋਂ ਬਾਹਰ ਵੀਹੀ ‘ਚ ਕੱਢਣੀ ਪੈਂਦੀ, ਤਾਂ ਸਿਰ
ਛੱਤ ਹੇਠ ਰਹਿੰਦਾ-ਮੇਰੇ ਵੀਰ ਦਾ ਘਰ ਐ, ਤੇਰਾ ਕੀ ਐ, ਨਾ ਜਾਤ ਨਾ ਗੋਤ-ਭੂਆ ਕਰਤਾਰੀ ਤਾਈ
ਨੂੰ ਕਹਿੰਦੀ-ਤੇਰੇ ਹਰਾਮੜ ਦੇ, ਤੇਰਾ ਕੀ ਐ, ਐਥੇ, ਮੇਰੇ ਸਹੁਰੇ ਦਾ ਘਰ ਐ, ਤੂੰ ਕੱਦ ਲੱਗੀ
ਐਂ-ਤਾਈ ਚੜ੍ਹਿਆ ਸਾਹ ਠੀਕ ਕਰਦੀ, ਫੇਰ ਹੱਥ ‘ਚ ਘਸ ਕੇ ਕੂਲੀ ਹੋਈ ਸੋਟੀ ਭੂਆ ਵੱਲ
ਉਲਾਰਦੀ-ਚੱਲ ਐਥੋਂ-
ਭੂਆ ਉਸੇ ਰਾਤ ਬਾਹਰਲੇ ਘਰ ਆ ਪਈ। ਉਸ ਦਿਨ ਤੋਂ ਬਾਅਦ ਮੈਂ ਤੇ ਭੂਆ ਅੰਦਰਲੇ ਘਰ ਨੀ ਸੁੱਤੇ।
ਕਦੇ ਕਦਾਈਂ ਭੂਆ, ਆਪਣੀ ਭੈਣ, ਭਾਣਜੇ ਕੋਲ ਜਲੋਵਾਲ ਜਾ ਰਹਿੰਦੀ।
ਭੂਆ ਗਈ ਹੋਈ ਸੀ ਜਦੋਂ ਜੀਤ ਚਾਚਾ ਪੂਰਾ ਹੋਇਆ। ਭੂਆ ਫੁੱਲਾਂ ਤੋਂ ਤੀਏ ਦਿਨ ਆਈ। ਆਉਂਦੀ
ਸਾਰ ਦਾਗਾਂ ‘ਤੇ ਨਾ ਬਲਾਉਣ ਕਰਕੇ, ਸਾਡੇ ਨਾਲ ਲੜੀ। ਫੇਰ ਰੋਣ ਲੱਗੀ ਤਾਂ ਸੋਤੇ ਪਏ ਤੱਕ
ਇਕੋ ਥਾਂ ਬੈਠੀ ਰੋਂਦੀ ਰਹੀ। ਜੀਤ ਚਾਚੇ ਦੇ ਘਰ ਤੱਕ ਨੀ ਗਈ। ਬੇਬੇ ਨੇ ਕਿਹਾ ਤਾਂ ਹੌਕਾ
ਭਰਕੇ ਬੋਲੀ-ਹੁਣ ਕੀ ਐ ਓਧਰ, ਨਾ ਭਾਬੀ ਨਾ ਵੀਰ। ਅਸੀਂ ਰੋਟੀ ਨੂੰ ਕਿਹਾ ਤਾਂ ਨਾਂਹ ਕਰ
ਦਿੱਤੀ। ਉਸ ਦਿਨ ਉਹਨੇ ਪਾਣੀ ਦੀ ਘੁੱਟ ਤੋਂ ਬਿਨਾਂ ਹੋਰ ਅੰਨ ਮੂੰਹ ਨੂੰ ਨੀ ਲਾਇਆ। ਨ੍ਹੇਰੇ
ਹੋਏ ਚੁੱਪ ਕਰਕੇ ਬਾਹਰਲੇ ਘਰ ਜਾ ਪਈ। -
-ਮੰਜਾ ਆਪਣਾ, ਆਪਣੀ ਭੂਆ ਦੇ ਨੇੜੇ ਡਾਹੀਂ, ਗੱਲਾਂ ਕਰੀਂ ਉਹਦੇ ਨਾਲ। ਮਰਿਆਂ ਦਾ ਮੋਹ ਤਾਂ
ਬੰਦੇ ਨੂੰ ਕਮਲਾ ਕਰ ਦਿੰਦੈ-ਬਾਹਰਲੇ ਘਰ ਸੌਣ ਲਈ ਤੁਰਨ ਲੱਗੇ ਨੂੰ ਮੈਨੂੰ ਬਾਪੂ ਨੇ ਕਿਹਾ-
…. . ਭੂਆ ਨੂੰ ਮੇਰੇ ਖਿੱਚ ਕੇ ਕੋਲ ਕੀਤੇ ਮੰਜੇ ਦਾ ਕੋਈ ਪਤਾ ਨੀ ਲੱਗਿਆ। ਅੱਖਾਂ ਮੀਚੀ ਪਈ
ਦੇਖ ਕੇ ਮੈਂ ਬੁਲਾਈ ਵੀ ਨੀ। ਪਰ ਉਹ ਸੁੱਤੀ ਨਹੀਂ ਸੀ, ਉਹ ਤਾਂ ਚਾਚੇ ਨਾਲ ਗੱਲੀਂ ਲੱਗੀ
ਹੋਈ ਸੀ। ਅਚਾਨਕ ਉੱਠ ਕੇ ਬਹਿ ਗਈ-
-ਵੀਰ, ਤੈਨੂੰ ਕਿਸੇ ਨੇ ਪਾਣੀ ਵੀ ਨਾ ਦਿੱਤਾ-ਬਹੁਤ ਦੇਰ ਬਾਅਦ ਮੇਰੇ ਇਹ ਗੱਲ ਸਮਝ ਆਈ ਬਈ
ਉਹ ਤਾਂ ਮੋਟਰ ਦੇ ਕੋਠੇ ‘ਚ ਇਕੱਲੇ ਮਰ ਰਹੇ ਚਾਚੇ ਨਾਲ ਗੱਲੀਂ ਲੱਗੀ ਹੁੰਦੀ ਸੀ। ਚਾਚਾ
ਮੋਟਰ ‘ਤੇ ਸੌਣ ਗਿਆ, ਪਿਆ ਈ ਰਹਿ ਗਿਆ ਸੀ। ਪਰ ਭੂਆ ਨੂੰ ਲਗਦਾ ਰਿਹਾ, ਵੀਰ ਪਾਣੀ ਮੰਗਦਾ
ਰਿਹਾ ਹੋਊ-
-ਬਾਬਿਆਂ ਦੇ ਚਾਲ਼ੀ ਜੀਅ, ਤੂੰ ਕੱਲਾ ਮਰਿਆ। -ਉਹ ਸਾਰੀ-ਸਾਰੀ ਰਾਤ ਚਾਚੇ ਨਾਲ ਗੱਲੀਂ ਲੱਗੀ
ਰਹਿੰਦੀ। -ਮੈਨੂੰ ਤਾਂ ਜਾਣੀ ਹਾੜ ਬੋਲਦਾ ਸੁਣਦੈ-ਕਈ ਵਾਰ ਉਹ ਮੈਨੂੰ ਸੁੱਤੇ ਪਏ ਨੂੰ ਜਗਾ
ਕੇ ਕਹਿੰਦੀ-
-ਦੇਖੀਂ ‘ਬਲਵਿੰਦਰ ਸਿੰਆਂ, ਤੇਰੇ ਕੋਲ ਤਾਂ ਨੀ ਗਿਆ ਵੀਰ, ਆਹ ਹੁਣੇ ਮੇਰੇ ਨਾਲ ਗੱਲਾਂ
ਕਰਦਾ ਗਿਐ-ਬੁੜਬੜਾਉਂਦੀ ਭੂਆ ਸੁਣਦੀ। ਪਹਿਲਾਂ-ਪਹਿਲਾਂ ਮੈਂ ਡਰਦਾ ਵੀ ਰਿਹਾ। ਇੱਕ ਦੋ ਵਾਰ,
ਇੱਟਾਂ ਦੇ ਪੌਡਿਆਂ ਰਾਹੀਂ ਕੋਠੇ ‘ਤੇ ਚੜ੍ਹਕੇ ਵੀ ਸੁੱਤਾ। ਪਰ ਭੂਆ ਫੇਰ ਆਪਣੇ ਕੋਲ ਮੰਜਾ
ਡਹਾਉਂਦੀ-
-ਮੰਜਾ ਥੋੜ੍ਹਾ ਜਿਹਾ ਐਥੇ ਨੂੰ ਕਰਵਾ, ਏਥੇ ਤਾਂ ਜਾਣੀ ਨੀਂਦ ਨੀ ਆਉਂਦੀ-ਮੈਂ ਭੂਆ ਦਾ ਮੰਜਾ
ਖਿੱਚ ਕੇ ਪਰੇ ਕਰ ਦਿੰਦਾ। ਕਈ ਵਾਰ ਇਕੋ ਰਾਤ ‘ਚ, ਦਸ-ਦਸ ਥਾਂ ਮੰਜੇ ਅਸੀਂ ਘੜੀਸਦੇ।
-ਤੁਸੀਂ ਸੌਂਦੇ ਵੀ ਓਂ, ਕਿ ਮੰਜੇ ਈ ਘੜੀਸੀ ਫਿਰਨੀ ਜਾਨੇ ਓਂ, ਸਾਰਾ ਵਿਹੜਾ ਝਰੀਟਿਆ
ਪਿਐ-ਕੱਚੇ ਵਿਹੜੇ ‘ਚ ਮੰਜਿਆਂ ਦੇ ਵਾਹੇ ਚੌਕੇ, ਆਠੇ ਵੇਖ ਕੇ ਪਖੀਰੀਆ ਵੀਰ ਕਹਿੰਦਾ ….
…. . ਜੀਤੋ ਬੀਬੀ? -ਇਕ ਦਿਨ, ਸ਼ਹਿਰੋਂ ਮੁੜੀ, ਅੰਦਰੋਂ ਕੋਠੜੀ ‘ਚੋਂ ਕੱਪੜੇ ਬਦਲ ਕੇ ਨਿਕਲੀ
ਬੇਬੇ ਨੇ ਕਾਹਲੀ ਨਾਲ ਪੁੱਛਿਆ-
-ਚਲੀ ਗਈ, ਥੋਡੇ ਜਾਣ ਤੋਂ ਥੋੜ੍ਹਾ ਚਿਰ ਮਗਰੋਂ ਈ। ਦੱਸਿਆ ਵੀ ਨੀ ਕੁਝ-ਕਰਤਾਰੀ ਤਾਈ ਨੇ
ਫਿਕਰ ਨਾਲ ਦੱਸਿਆ।
-ਐਤਕੀਂ ਗਈ ਨੀ ਮੁੜਦੀ ਫੇਰ-ਬੇਬੇ ਥਾਏਂ ਬੈਠ ਗਈ ਸੀ-ਹੱਥ ‘ਚ ਫੜੀਆਂ ਦੋ ਗੁਲਾਬੀ ਤੇ ਹਰੀਆਂ
ਚੁੰਨੀਆਂ ਅੱਖਾਂ ‘ਤੇ ਰੱਖਦੀ, ਅਤਿ ਦੀ ਨਿਰਾਸ਼ਾ ‘ਚ ਬੋਲੀ-
-ਲਕੋਈਆਂ ਹੋਈਆਂ ਦੋਏਂ ਚੁੰਨੀਆਂ, ਆਹ, ਮੇਰੀ ਪੇਟੀ ‘ਤੇ ਰੱਖਗੀ ਕੱਢਕੇ, ਹੁਣ ਨੀ ਆਉਂਦੀ-
…. ਤੇ ਭੂਆ ਸੱਚੀਂ ਨੀ ਆਈ। ਕੁੱਝ ਖਾ ਕੇ ਮਰ ਜਾਣ ਦੀ ਖਬਰ ਆਈ ਬੱਸ। ਭੂਆ ਦੇ ਬਿਆਈਆਂ
ਬਿਆਈਆਂ ਪਾਟੇ ਪੈਰਾਂ ‘ਤੇ ਆਖਰੀ ਵਾਰ ਸਿਰ ਰੱਖ ਕੇ ਮੈਂ ਐਨਾ ਕਿਉਂ ਰੋਇਆ, ਕਿਸੇ ਦੇ ਸਮਝ
ਨੀ ਆਈ। ਜਦੋਂ ਭੂਆ ਦੇ ਵੱਡੇ ਮੁੰਡੇ, ਪ੍ਰੇਮ ਵੀਰ ਨੇ ਮੈਨੂੰ ਫੜ ਕੇ ਖੜਾ ਕੀਤਾ ਤਾਂ ਕੋਈ
ਪੁੱਛ ਰਿਹਾ ਸੀ-
-ਆਹ ਮੁੰਡਾ ਕੌਣ ਐ ਭਲਾਂ? -
ਭੂਆ ਨੂੰ ਰੋਣ ਵਾਲਾ ਮੈਂ ‘ਕੱਲਾ ਖੜਾ ਸੀ, ਬਾਪੂ ਦੀਆਂ ਭਰੀਆਂ ਅੱਖਾਂ ਦੇ ਸਾਹਮਣੇ।
… ਲਿਖਣ ਤਾਂ ਮੈਂ ਜੀਤ ਚਾਚੇ ਬਾਰੇ ਲੱਗਿਆ ਸੀ, ਪਰ ਇਹ ਭੂਆ ਜੀਤੋ ਲੇਖ ‘ਚ ਧੁੱਸ ਕੇ ਆ
ਵੜੀ, ਐਨ ਉਵੇਂ ਜਿਵੇਂ ਸਾਡੀ ਜ਼ਿੰਦਗੀ ਵਿੱਚ ਅਚਾਨਕ ਘੁਸਪੈਠ ਕਰ ਗਈ ਸੀ, ਤੇ ਮੁੜ ਕੇ ਮਰ ਕੇ
ਵੀ ਨੀ ਨਿਕਲੀ। ਪਰ ਸੱਚੀ ਗੱਲ ਇਹ ਵੀ ਐ, ਬਈ ਪਤਾ ਨੀ ਕਿਉਂ, ਜੀਤ ਚਾਚੇ ਦਾ ਨਾਂਅ ਆਉਂਦੀ
ਸਾਰ ਮੈਨੂੰ ਸਾਡਾ ‘ਝਰੀਟਿਆ ਹੋਇਆ’ ਵਿਹੜਾ ਦਿਸਣ ਲੱਗ ਪੈਂਦਾ ਹੈ।
ਚਾਚਾ ਜੀਤ, ਜਿਹਦੇ ਸੱਥਰ ‘ਤੇ ਬੈਠਿਆਂ ਕਿਸੇ ਨੇ ਸ਼ੱਕ ਜ਼ਾਹਿਰ ਕੀਤਾ ਸੀ।
-ਮੈਂ ਕਹਿਨੈ ਕੁੱਝ ਲੜ ਲੁੜ ਨਾ ਗਿਆ ਹੋਵੇ, ਸੁੱਤੇ ਪਏ ਦੇ ਈ-
-ਨਾ ਲੜਨਾ ਕੀ ਤੀ, ਇਹ ਤਾਂ ਦਿਲ ਫੇਲ੍ਹ ਹੋਇਐ। ਮਰਿਆ ਤਾਂ ਉਹ ਸੱਪ ਲੜੇ ਤੋਂ ਨੀ ਤੀ-ਕਿਸੇ
ਨੇ ਚਾਚੇ ਬਾਰੇ ਪ੍ਰਚਲਤ ਦੰਦ ਕਥਾਵਾਂ ‘ਚੋਂ ਇੱਕ ਛੇੜ ਲਈ ਸੀ ….
… ਕਹਿੰਦੇ ਇੱਕ ਵਾਰ ਚਾਚੇ ਦੇ ਕੋਈ ਮਿੱਟੀ ਖਾਣਾ ਸੱਪ ਲੜ ਗਿਆ। ਚਾਚਾ ਦੋ ਦਿਨ ਬੇ-ਸੁਰਤੀ
ਜਿਹੀ ‘ਚ ਪਿਆ ਰਿਹਾ। ਉੱਠ ਕੇ ਵੀ ਇੱਕ ਦੋ ਦਿਨ ਸਰੂਰ ‘ਚ ਰਿਹਾ। ਦਰਵਾਜ਼ੇ ਬੈਠੇ ਨੂੰ ਕਿਸੇ
ਨੇ ਹਮਦਰਦੀ ਵਸ ਹਾਲ ਪੁੱਛਿਆ, ਤਾਂ ਕਹਿੰਦਾ ਐਹੋ ਜੀ ਚੀਜ਼ ਮਿਲੇ, ਧਰਮ ਨਾਲ ‘ਫੀਮ ਛੱਡਦਾਂ-
ਪਰ ਚਾਚੇ ਦੀ ਪ੍ਰਸਿੱਧੀ ਅਸਲ ‘ਚ ਭੂਤਾਂ ਦੀਆਂ ਉਨ੍ਹਾਂ ਕਹਾਣੀਆਂ ਕਰਕੇ ਸੀ, ਜਿਹੜੀਆਂ ਉਹ
ਅਕਸਰ ਸੁਣਾਉਂਦਾ-
-ਮੈਂ ਕਹਿਨੈ ਮੇਰੇ ਜਮਾ ਮੂਹਰੇ-ਮੂਹਰੇ ਤੁਰੀ ਜਾਂਦੀ ਤੀ, ਮੇਰੇ ਨਾਲੋਂ ਵੀ ਲੰਬੀ, ਗੋਰੀ
ਨਿਛੋਹ, ਦੋ ਗੁੱਤਾਂ, ਭੂੜ-ਭੂਤ ਹੱਥ ਦੀਆਂ …. ਚਾਚਾ ਆਪਣੇ ਸਾਹਮਣੇ ਜਾਂਦੀ ਕੁੜੀ ਨੂੰ ਸੱਥ
‘ਚ ਤੁਰਦੀ ਦਿਖਾ ਦਿੰਦਾ-
-ਪਿੰਡੋਂ ਈ ਮੇਰੇ ਮੂਹਰੇ ਹੋ ਲੀ। ਮੋਟਰ ਨੂੰ ਮੁੜਨ ਲੱਗੇ ਦੇ, ਮੇਰੇ ਪਿੱਛੇ ਖੜਕਾ ਜਿਹਾ
ਹੋਇਆ। ਬਸ ਦੇਖਲੈ-
-ਮੈਂ ਗਰਦਨ ਘੁਮਾਈ, ਉਹ ਛਾਈਂ ਮਾਈਂ। ਮੇਰੇ ਮੂਹਰੇ ਇੱਕ ਕੰਡੇਰਨਾ ਜਿਹਾ ਰੁੜਿਆ ਜਾਵੇ। ਮੈਂ
ਸਮਝ ਗਿਆ ਬਈ ਮਨਾ, ਇਹ ਤਾਂ ਸਹੁਰੀ ਦਾ ਛਲੇਡਾ ਤੀ। ਚੰਗੀ ਕਿਸਮਤ ਨੂੰ ਬੁਲਾ ਨਾ
ਬੈਠਿਆ-ਚਾਚੇ ਦੇ ਸੁਨੱਖੇ ਮੂੰਹ ‘ਤੇ ਇੱਕ ਤਸੱਲੀ ਫੈਲੀ ਦਿਸਦੀ ਤੇ ਉਸਦੇ ਨਾਂਹ ਵਿੱਚ ਹਿਲਦੇ
ਸਿਰ ‘ਤੇ ਢਿੱਲੀ ਖਾਕੀ ਪੱਗ ਡੁਗਡੁਗੀ ਵਾਂਗ ਹਿੱਲਦੀ। ਮੇਰੇ ਵਰਗੇ ਕਈਆਂ ਨੂੰ, ਛਲੇਡਾ
ਸੁਪਨੇ ‘ਚ ਰੁੜਿਆ ਜਾਂਦਾ ਦਿਸਦਾ।
ਕਦੇ-ਕਦੇ ਚਾਚੇ ਨੂੰ ਆਪਣੇ ਖੂਹ ਦੇ ਤੌੜ ‘ਚ ਭੂਤ ਨੱਚਦੇ ਦਿਸਦੇ। ਕੋਠੇ ਅੰਦਰ ਖੜ੍ਹਾ ਚਾਚਾ,
ਮੋਰੀ ਥਾਣੀ ਇਹ ਨਾਚ ਦੇਖਦਾ ਰਹਿੰਦਾ। ਮੋਰੀ ‘ਚੋਂ ਬਾਹਰ ਦੇਖਣ ਦਾ ਸੀਨ, ਉਹ ਅੱਖਾਂ ‘ਤੇ
ਹੱਥ ਰੱਖ ਕੇ ਐਂ ਸਿਰਜਦਾ ਕਿ ਸੁਣਨ ਵਾਲਿਆਂ ‘ਬਾਰਾਂ ਮਣ ਦੀ ਧੋਬਣ’ ‘ਚ ਨੱਚਦੀਆਂ ਫ਼ਿਲਮੀ
ਸੁੰਦਰੀਆਂ ਦਿਸਣ ਲੱਗ ਪੈਂਦੀਆਂ। ਚਾਚੇ ਦੇ ਬੋਲ ਹਟਣ ਤੋਂ ਬਾਅਦ ਵੀ ਦਰਵਾਜ਼ੇ ‘ਚ ਧਮਕ ਪੈਂਦੀ
ਸੁਣਦੀ।
-ਭੂਤ ਜੀਤ ਚਾਚੇ ਨੂੰ ਏ ਕਿਓਂ ਦੀਂਹਦੇ ਨੇ?- ਇੱਕ ਵਾਰ ਮੈਂ ਆਪਣੇ ਤੋਂ ਉਮਰ ‘ਚ ਵੱਡੇ,
ਤਰਕਸ਼ੀਲ ਮਿੱਤਰ ਬਹਾਦਰ ਸਿੰਘ ਦਿਨਕਰਪਾਲ ਤੋਂ ਪੁੱਛਿਆ ਸੀ।
-ਅਜੇ ਤੂੰ ਇਹ ਖਿਆਲ ਨੀ ਕੀਤਾ ਬਈ ਦੀਂਹਦੇ ਵੀ ਉਹਨੂੰ ਆਪਣੇ ਖੇਤ ਜਾਂ ਖੂਹ ‘ਤੇ ਈ
ਨੇ-ਬਹਾਦਰ ਮਿੰਨਾ ਜਿਹਾ ਮੁਸਕਰਾਇਆ ਸੀ ਤੇ ਫੇਰ ਰਮਜ਼ ਭਰੀ ਆਵਾਜ਼ ‘ਚ ਉਹਨੇ ਮੇਰੀ ਗੱਲ ਦਾ
ਜਵਾਬ ਦਿੱਤਾ ਸੀ-ਚਲ ਚੰਗੈ, ਚਾਚੇ ਦੀ ਫਸਲ ਦੀ ਰਾਖੀ ਭੂਤ ਛਲੇਡੇ ਕਰੀ ਜਾਂਦੇ ਨੇ, ਤੈਨੂੰ
ਕੀ ਕਹਿੰਦੈ-ਗੱਲ ਸਮਝ ‘ਚ ਆਉਣ ਨੂੰ ਕੁੱਝ ਪਲ ਲੱਗੇ। ਪਰ ਜਦ ਸਮਝ ਆਈ, ਮੇਰੇ ਮੂੰਹੋਂ ਆਪ
ਮੁਹਾਰੇ ਨਿਕਲਿਆ-
-ਵਾਹ ਓਏ ਚਾਚਾ ਸਿਆਂ, ਬਹੁਤੀਆਂ ਸਕੀਮਾਂ ਲਾਉਨੈਂ, ਪਰ ਚਾਚਾ ਜਦ ਸਕੀਮਾਂ ਲਾਉਂਦਾ,
ਵੱਡੇ-ਵੱਡੇ ਸਕੀਮੀ ਧੁਰ ਅੰਦਰ ਤੱਕ ਹਿੱਲ ਜਾਂਦੇ ….
…. ਜਿਵੇਂ ਲੁਧਿਆਣੇ ਜ਼ਿਲ੍ਹਾ ਅਦਾਲਤ ਦਾ ਵਕੀਲ ਹਿੱਲ ਗਿਆ ਸੀ। ਚਾਚੇ ਦਾ ਕੋਈ ਦੀਵਾਨੀ
ਮੁਕੱਦਮਾ ਚੱਲਦਾ ਸੀ। ਤਹਿਸੀਲ ‘ਚੋਂ ਹਾਰ ਕੇ ਚਾਚਾ ਜ਼ਿਲ੍ਹਾ ਕਚਿਹਰੀ ਜਾ ਚੜ੍ਹਿਆ। ਵਕੀਲ
ਚੰਗਾ ਸੀ, ਬਹਿਸ ਦੌਰਾਨ ਹਾਜ਼ਰ ਹਰ ਮਾਈ ਭਾਈ ਨੂੰ ਚਾਚੇ ਦੇ ਜਿੱਤਣ ਦਾ ਯਕੀਨ ਹੋ ਗਿਆ। ਵਕੀਲ
ਦੀਆਂ ਦਲੀਲਾਂ ਦੇ ਜਵਾਬ ‘ਚ, ਹਾਂ ‘ਚ ਹਿੱਲਦੇ ਜੱਜ ਦੇ ਸਿਰ ਵੱਲ ਚਾਚਾ ਗਹੁ ਨਾਲ ਵੇਖਦਾ
ਰਿਹਾ। ਵਕੀਲ ਦੇ ਡੱਬੇ ਦੇ ਉਤਸ਼ਾਹੀ ਮਹੌਲ ‘ਚ ਚਾਚਾ ਜੀਤ ਸਿਓਂ, ਨਿਮੋਝੂਣਾ ਜਿਹਾ ਬੋਲਿਆ
-ਮੈਨੂੰ ਲਗਦੈ ਕੇਸ ਆਪਾਂ ਜਿੱਤ ਰਹੇ ਆਂ ….
-ਕੇਸ ਦਾ ਤਾਂ ਜੀਤ ਸਿਆਂ ਆਪਣੇ ਹੱਕ ‘ਚ ਫ਼ੈਸਲਾ ਈ ਅਨਾਉਂਸ ਹੋਣ ਤੋਂ ਰਹਿੰਦੈ, ਤੂੰ ਅਗਲੀ
ਤਰੀਕ ‘ਤੇ ਮੂੰਹ ਮਿੱਠਾ ਕਰਾਉਣ ਦੀ ਤਿਆਰੀ ਕਰ-
ਪਰ ਨੀਵੀਂ ਪਾਈ ਬੈਠਾ ਚਾਚਾ ਕੁਸ਼ ਹੋਰ ਸੋਚਾਂ ਨਾਲ ਦੋ-ਚਾਰ ਹੋ ਰਿਹਾ ਸੀ-
-ਹਾਰ ਕੇ, ਉਹ ਹਾਈਕੋਰਟ ਤਾਂ ਨੀ ਜਾਂਦੇ ਲਗਦੇ ਮੈਨੂੰ-ਚਾਚੇ ਨੇ ਆਪਣਾ ਸੰਸਾ ਜ਼ਾਹਿਰ ਕੀਤਾ-
-ਮੂਰਖ ਹੋਣਗੇ ਜੇ ਜਾਣਗੇ। ਕੇਸ ਐਨਾ ਸਾਫ਼ ਐ ਕਿ ਜੱਜਮੈਂਟ ਤੇ ਅਪੀਲ ਦੀ ਗੁੰਜਾਇਸ਼ ਏ ਨੀ
ਬਚਣੀ-ਵਕੀਲ ਨੇ ਕਾਰੋਬਾਰੀ ਅੰਦਾਜ਼ ‘ਚ ਐਲਾਨ ਕੀਤਾ।
ਚਾਚਾ ਚੁੱਪ ਕੀਤਾ ਬੈਠਾ ਰਿਹਾ। ਤੁਰਨ ਲੱਗਿਆ ਵਕੀਲ ਨੂੰ ਸਾ’ ਸਰੀ ਕਾਲ ਬੁਲਾਉਣ ਤੋਂ
ਪਹਿਲਾਂ ਬੋਲਿਆ
-ਫੇਰ ਆਪਣਾ ਕੇਸ ਹਾਰ ਏ ਜਾਓ। ਮੈਂ ਤਾਂ … ਨੂੰ ਚੰਡੀਗੜ੍ਹ ਤੱਕ ਘਸਾਉਣੈ-ਜੱਜ ਤੋਂ ਪਹਿਲਾਂ
ਈ ਫ਼ੈਸਲਾ ਦੇ ਕੇ ਚਾਚਾ ਡੱਬੇ ‘ਚੋਂ ਨਿਕਲ ਆਇਆ …. .
… ਬੱਸ ਜ਼ਿੱਦ ਫੜ ਗਿਆ, ਊਂ ਜੀਤ ਸਿਓਂ ਵਰਗਾ ਖਰਾ ਬੰਦਾ ਘੱਟ ਏ ਹੁੰਦੈ-ਬਾਪੂ ਨੇ ਜਦੋਂ
ਮੈਨੂੰ ਇਹ ਮੁਕੱਦਮੇ ਵਾਲੀ ਗੱਲ ਸੁਣਾਈ ਤਾਂ ਇੱਕ ਅਜਿਹੀ ਗੱਲ ਵੀ ਨਾਲ ਹੀ ਦੱਸੀ ਜਿਹਨੇ ਜੀਤ
ਚਾਚੇ ਪ੍ਰਤੀ ਬਾਪੂ ਦੇ ਛੋਟੇ ਭਾਈ ਪ੍ਰਤੀ ਮੋਹ ਦੇ ਨਾਲ-ਨਾਲ ਕਿਸੇ ਬਹੁਤ ਵੱਡੇ ਬੰਦੇ ਪ੍ਰਤੀ
ਸਤਿਕਾਰ ਵਰਗੀ ਭਾਵਨਾ ਦਾ ਰਾਜ਼ ਵੀ ਖੋਲ੍ਹਿਆ। ਬਾਪੂ, ਜੀਤ ਚਾਤੇ ਦਾ ਨਾਂ, ਉਹਦੀ ਗੈਰ ਹਾਜ਼ਰੀ
‘ਚ ਹਮੇਸ਼ਾ ਸਤਿਕਾਰ ਨਾਲ ਲੈਂਦਾ ਹੁੰਦਾ ਸੀ ….
… … ਗੱਲ ਇਸ ਤਰ੍ਹਾਂ ਸੀ ਕਿ ….
… … ਚਾਚੇ ਦਾ ਇੱਕ ਫੌਜ਼ਦਾਰੀ ਮੁਕੱਦਮਾ, ਤਾਏ ਕਿਹਰ ਸਿਓਂ ਨਾਲ ਬਹੁਤ ਲੰਮਾ ਸਮਾਂ ਚੱਲਦਾ
ਰਿਹੈ। ਕਿਹਰ ਸਿਓਂ ਤਾਇਆ ਸਾਡੇ ਪਿੰਡ ਦੀ ਅਜਿਹੀ ਇਨਸਾਫ ਪਸੰਦ ਲੜਾਕੂ ਧਿਰ ਦਾੰੌਢੀ ਸੀ,
ਜਿਹਦਾ ਲੋਹਾ ਉਹਦੇ ਵਿਰੋਧੀ ਵੀ ਮੰਨਦੇ ਸਨ। ਉਹਨੇ ਕਿਸੇ ਤੋਂ ਲਕੋ ਕੇ ਕਦੇ ਕੁਸ਼ ਨੀ ਕੀਤਾ।
ਮੇਰੇ ਬਾਪੂ ਦੇ ਜੀਵਨ ‘ਚ, ਚਾਚੇ ਜੀਤ ਸਿਓਂ ਦੇ ਨਾਲ-ਨਾਲ ਤਾਏ ਕਿਹਰ ਸਿਓਂ ਦਾ ਵਡੇਰਾ
ਯੋਗਦਾਨ ਸੀ। ਕਦੇ ਕੁਦਰਤ ਨੇ ਆਪਣੇ ਖਾਨਦਾਨ ਪ੍ਰਤੀ ਕੁੱਝ ਅਸੁਵਿਧਾਜਨਕ ਸੱਚ ਲਿਖ ਸਕਣ ਦੀ
ਦਲੇਰੀ ਬਖਸ਼ੀ ਤਾਂ ਤਾਏ ਕਿਹਰ ਸਿਓਂ ਬਾਰੇ ਲਿਖ ਸਕਾਂਗਾ। ਉਹ ਸਾਡੇ ਪਿੰਡ ‘ਚ ਪੈਦਾ ਹੋਏ
ਵੱਡੇ ਬੰਦਿਆਂ ‘ਚੋਂ ਇੱਕ ਹੈ ….
… ਇਸ ਵੱਡੇ ਬੰਦੇ ਨਾਲ ਫੌਜਦਾਰੀ ਕੇਸ ਦੀ ਤਰੀਕ ਭੁਗਤ ਕੇ ਆਇਆ ਚਾਚਾ ਜੀਤ ਸਿਓਂ, ਦਿਨ
ਛਿਪਦੇ ਨਾਲ ਘਰ ਵੜਿਆ। ਚੁੰਗੀ ਵਾਲੇ ਤੋਂ ਗਲਾਸ ਲੈ ਕੇ, ਬੋਤਲ ਚੋਂ ਪਹਿਲਾ ਪਊਆ, ਤੇ ਅੱਧ
ਦੀ ਖੂਹੀ ‘ਤੇ ਬਹਿ ਕੇ ਪੀਤਾ ਦੂਜਾ ਪਊਆ, ਚਾਚੇ ਦੇ ਸਰੂਰ ‘ਚ ਪਹਿਲਾਂ ਹੀ ਸ਼ਾਮਿਲ ਸੀ। ਮੇਰੇ
ਅੰਤਰ-ਮਨ ‘ਚ, ਉਸ ਦਿਨ ਕਚਹਿਰੀਓਂ ਮੁੜਦੇ ਚਾਚੇ ਦੀ ਤਸਵੀਰ ਸਦੀਵੀ ਬਣ ਗਈ ਹੈ। ਛੇ ਫੁੱਟ
ਤੋਂ ਵੀ ਵੱਧ ਲੰਮਾ, ਛਾਂਟਵੇਂ ਸਰੀਰ ਤੇ ਸੁਨੱਖੇ ਚਿਹਰੇ ਵਾਲਾ ਚਾਚਾ, ਖਾਕੀ ਚਾਦਰਾ ਕੁੜਤਾ
ਪਹਿਨਦਾ। ਕੁੜਤਾ ਆਮ ਨਾਲੋਂ ਲੰਮਾ। ਤੰਗ ਜਿਹੀ ਵੀਹੀ ‘ਚ ਝੂਮ ਕੇ ਤੁਰਦਾ ਚਾਚਾ, ਸਭ ਕਾਸੇ
ਦਾ ਮਾਲਕ ਜਾਪਦਾ। ਘਰ ਆ ਕੇ, ਜੁੱਤੀ ਖੋਲ੍ਹਣ ਲਈ ਅਜੇ ਖੱਬੇ ਪੈਰ ਦੀ ਨੋਕ, ਸੱਜੇ ਦੀ ਅੱਡੀ
ਨਾਲ ਲਾਈ ਹੀ ਸੀ ਕਿ ਚਾਅ ਮੱਚੀ ਚਾਚੀ ਬੋਲੀ-
-ਕਿਹਰ ਸਿਓਂ ਦੇ ਪੋਤਾ ਹੋਇਐ, ਦਿਆਲ ਦੇ ਘਰੋਂ-ਮੁੰਡਾ ਤਿੰਨ ਕੁੜੀਆਂ ਤੋਂ ਬਾਅਦ ਜੰਮਿਆ ਸੀ।
ਜੁੱਤੀ ਖੋਲ੍ਹਣ ਲਈ ਉੱਠਿਆ ਚਾਚੇ ਦਾ ਪੈਰ ਥਾਏਂ ਰੁਕ ਗਿਆ। ਥਮ੍ਹਲੇ ਨਾਲ ਆਸਰੇ ਲਈ ਲੱਗਿਆ
ਹੱਥ ਪਿੱਛੇ ਹਟ ਗਿਆ। ਚਾਚੇ ਨੇ ਡੱਬ ਚੋਂ ਬੋਤਲ ਕੱਢੀ ਤੇ ਕੰਗਣੀ ਆਲੇ ਗਲਾਸ ‘ਚ ਪਾ ਕੇ ਇਕੋ
ਹਾੜੇ ਪੀ ਗਿਆ। ਨਲਕੇ ਤੋਂ ਹੱਥ ਧੋਤੇ ਤੇ ਤਾਏ ਕਿਹਰ ਸਿਓਂ ਦੇ ਘਰ ਨੂੰ ਜਾਂਦੀ ਵੀਹੀ ਪੈ
ਗਿਆ। ਤੈਥੋਂ ਘੜੀ ਸਬਰ ਨੀ ਕਰ ਹੋਇਆ, ਹੁਣ ਲੜੂ ਜਾ ਕੇ ਉਨ੍ਹਾਂ ਨਾਲ-ਟੱਬਰ ਦੇ ਬਾਕੀ ਜੀਅ
ਚਾਚੀ ਨੂੰ ਸਮਝਾਉਣ ਲੱਗ ਪਏ। ਚਾਚੀ ਜਗੀਰ ਕੁਰ, ਜੀਹਨੂੰ ਸਾਰੇ ਸੰਸਾਰ ਦੀਆਂ ਖੁਸ਼ੀਆਂ
ਆਪਣੀਆਂ ਲਗਦੀਆਂ ਸਨ। ਸਬਰ ਸਿਰਫ ਉਹ ਆਪਣੇ ਦੁੱਖ ਦੇ ਸਾਹਮਣੇ ਦਿਖਾਉਂਦੀ। ਸੰਸਾਰ ਦਾ ਕੋਈ
ਜੀਅ ਦਾਅਵਾ ਨੀ ਕਰ ਸਕਦਾ, ਉਹਨੇ ਚਾਚੀ ਨੂੰ ਆਪਣਾ ਦੁੱਖ ਫੋਲਦੇ ਦੇਖਿਆ ਹੈ। ਉਹਨੂੰ ਤਾਂ
ਮੁੰਡੇ ਦਾ ਚਾਅ ਐਨਾ ਹੋਣੈ ਜਿਵੇਂ ਉਹਦੇ ਜਰਨੈਲ ਦੇ ਘਰ ਜੰਮਿਆ ਹੋਵੇ। ਪਰ ਟੱਬਰ ਚਾਚੇ ਦੀ
ਸ਼ਰਾਬ ਪੀਤੀ ਹੋਈ ਹੋਣ ਕਰਕੇ ਡਹਿ ਗਿਆ ਸੀ … ਤੇ ਓਧਰ
… ਓਧਰ ਤਾਏ ਕਿਹਰ ਸਿਓਂ ਹੋਰੀਂ ਆ ਕੇ ਬੈਠੇ ਹੀ ਸਨ, ਜਦ ਨੂੰ ਚਾਚਾ ਦਰਾਂ ਮੂਹਰੇ ਜਾ
ਖੜ੍ਹਿਆ, ਮੁੱਛਾਂ ‘ਤੇ ਪੁੱਠਾ ਹੱਥ ਫੇਰਦਾ। ਲੁਧਿਆਣੇ ਨੂੰ ਇਕੋ ਤਾਂ ਬੱਸ ਜਾਂਦੀ ਹੁੰਦੀ ਸੀ
ਖੰਨੇ ਤੋਂ, ਉਹੀ ਸ਼ਾਮ ਨੂੰ ਵਾਪਸ ਮੁੜਦੀ। ਉਹ ਇਕੱਠੇ ਹੀ ਮੁੜੇ ਸਨ। ਪੋਤੇ ਦੇ ਜਨਮ ਦੀ
ਖੁਸ਼ਖਬਰੀ ਤਾਏ ਕਿਹਰ ਸਿਓਂ ਨੂੰ ਵੀ ਘਰ ਆ ਕੇ ਹੀ ਮਿਲੀ ਸੀ। ਖੁਸ਼ੀ ਅਜੇ ਪੂਰੀ ਤਰ੍ਹਾਂ ਰੋਮਾ
‘ਚ ਰਮੀ ਵੀ ਨਹੀਂ ਸੀ ਕਿ ‘ਬਾਬਿਆਂ ਦੇ ਜੀਤ’ ਨੇ ਆ ਹੋਕਰਾ ਮਾਰਿਆ-ਕਿਹਰ ਸਿਆਂ ….
-ਹੁਣ ਇਹਦੇ ਨਾਲ ਲੜਨਾ ਪਊ-ਤਾਏ ਦੇ ਪਹਿਲੀ ਗੱਲ ਖਿਆਲ ‘ਚ ਆਈ। ਉਹਨੇ ਉੱਠਣ ਲਈ ਜੁੱਤੀ
ਪੈਰਾਂ ਨੇੜੇ ਕੀਤੀ। ਜਦ ਨੂੰ ਚਾਚਾ ਸਾਹਮਣੇ ਆ ਖੜ੍ਹਿਆ। ਸਾਰਾ ਟੱਬਰ ਪੈਰਾਂ ਪਰਨੇ ਹੋ ਗਿਆ
ਸੀ। ਚੁੱਪ! ਦੁੱਧ ‘ਚ ਕਾਂਜੀ ਘੁਲੀ ਕਿ ਘੁਲੀ।
-ਸੁਣਿਐ ਦਿਆਲ ਦੇ ਘਰ ਭੁਚੰਗੀ ਆਇਐ-
ਚਾਚਾ ਦੇਹਲੀ ਲੰਘ ਨਿੰਮ ਨਾਲ ਜਾ ਖੜ੍ਹਿਆ ਸੀ-
-ਹਾਂ ਜੀਤ ਸਿਆਂ, ਮੈਨੂੰ ਵੀ ਘਰ ਆ ਕੇ ਈ ਪਤਾ ਲੱਗਿਐ-ਸ਼ਸ਼ੋਪੰਜ ‘ਚ ਪਏ ਤਾਏ ਕਿਹਰ ਸਿਓ ਨੇ,
ਬਚਾ ਕੇ ਉੱਤਰ ਦਿੱਤਾ।
-ਵਧਾਈ ਹੋਵੇ। -ਚਾਚੇ ਨੇ ਖੀਸੇ ‘ਚੋਂ ਰੁਪਈਆ ਕੱਢਿਆ।
-ਆਹ ਲੈ, ਮੇਰਾ ਸ਼ਗਨ ਦੇਹ ਮੁੰਡੇ ਨੂੰ, ਮੈਨੂੰ ਬਹੁਤ ਖੁਸ਼ੀ ਹੋਈ ਐ-
ਰੁਪਈਆ ਫੜਾ ਕੇ ਮੁੜਨ ਲੱਗੇ ਚਾਚੇ ਨੂੰ, ਤਾਏ ਨੇ ਸੁਲ੍ਹਾ ਮਾਰੀ-ਆ ਜਾ, ਬਹਿ ਬਿੰਦ ਕੁ,
ਮੂੰਹ ਸੁੱਚਾ ਕਰਕੇ ਜਾਈਂ-
-ਨਾ …. ਚਾਚੇ ਨੇ ਸਿਰ ਮਾਰਿਆ-ਖਾਈ ਪੀਈ ਦਾ ਨੀ ਦੁਸ਼ਮਣ ਨਾਲ ਹੁੰਦਾ। ਮੈਂ ਆਪਣੀ ਪੀਊਂ ਘਰ
ਜਾ ਕੇ, ਪੋਤੇ ਦੇ ਨਾਓਂ ਦੀ-ਚਾਚਾ ਬੋਲਦਾ ਬਾਹਰ ਨਿਕਲ ਗਿਆ-
-ਉਮਰਾਂ ਭੋਗੇ, ਜਿਊਂਦਾ ਰਹੇ …. ਕੋਈ ਹੋਊ ਤਾਂ ਲੜੂ-ਭਿੜੂ-
…. ਹੁਣ ਵੀ ਜਦੋਂ ਕਦੇ ਮੈਂ ਵੀਹੀ ‘ਚ ਝੂਲਦੇ, ਮੁੜੇ ਆਉਂਦੇ ਚਾਚੇ ਦਾ ਦ੍ਰਿਸ਼ ਤਸੱਵਰ
ਕਰਦੈਂ, ਭੂਆ ਜੀਤੋ ਦਾ ਆਖਰੀ ਹਉਕਾ ਯਾਦ ਆ ਜਾਂਦੈ-
-ਹੋ, ਹੋ ਦੁਨੀਆਂ ਚਲੀ ਜਾਂਦੀ ਐ ਵੀਰ!
-0-
|