(ਸਿਰ ਦਾ ਸਾਈਂ ਗੁਆ ਕੇ , ੳਹਦੀ ਮਾਂ ਬਹੁਤ ਤੜਫੀਂ । ਬਹੁਤ ਰੋਈ । ਪਰ, ਡੋਲੀ ਨਾ । ਅਲੜ੍ਹ
ਪੁੱਤ ਨੂੰ ਜੱਫੀ ‘ਚ ਲੈ ਕੇ ਹੌਸਲਾ ਦਿੰਦੀ ਰਹੀ – “ ਨਈਂ ਡੌਲਣ ਦਿੰਦੀ ਮੈਂ ਪੁੱਤ ਨੂੰ ...
ਤੂੰ ਐਂ ਕਿਉਂ ਕਰਦਾਂ ਮੇਰਾ ਪੁੱਤ, ਮੇਰਾ ਛਿੰਦ ! ਮੈਂ ਜੁ ਹੈਗੀ ਹਜੇ ਜੀਂਦੀ । ਚੱਲ ਮੈਂ
ਚਲਦੀ ਆਂ ਤੇਰੇ ਨਾਲ । ਜਿੱਥੇ ਮੇਰਾ ਪੁੱਤ ਕੰਮ ਕਰੂ , ਓਥੇ ਮੈਂ ਵੀ ਕਿਸੇ ਦਾ ਭਾਂਡਾ-ਠੀਕਰ
ਮਾਂਝ ਲਊਂ । ਸਾਡੇ ਲੋਕਾਂ ਦਾ ਹੈ ਕੀ ਏਥੇ ! ਆਹ ਦੋ ਖਾਨੇ ਢਾਰਾ ! ਉਹ ਵੀ ਬੇਗਾਨਾ !!
ਬਾਬਿਆਂ ਦੀ ਖ਼ਰੈਤ । ਸਾਡੇ ਲੋਕਾਂ ਦਾ ਤਾਂ ਰਿਜ਼ਕ ਈ ਪੁੱਤ ਦੇਸੀਂ-ਪ੍ਰਦੇਸੀਂ ਆਂ ..। ਐਥੇ
ਸਾਡੇ ਕੋਲ ਹੈ ਕੀ ਆ ...ਮਿੱਟੀ !)-ਇਸੇ ਕਹਾਣੀ ਵਿੱਚੋਂ
-----
ਆਤੂ ਬੁੜ੍ਹੇ ਨਾਲ ਉੱਪਰ-ਹੇਠਾਂ ਹੋਣ ਲੱਗੇ ਤਾਏ ਨੇ ਹੱਦ ਈ ਕਰ ਦਿੱਤੀ । ਬਿਚਾਰੇ ਮਾੜਕੂ
ਜਿਹੇ ਬੁੱਢੇ ਨੂੰ ਹੇਠਾਂ ਸੁੱਟ ਕੇ ਆਖੀ ਜਾਏ – “ ਦੱਸ ਕਰਨੀ ਆਂ ਕਿ ਨਈਂ ? ਦੱਸ ਛੇਤੀ !
ਨਈਂ ਤਾਂ ਹੱਡੀ –ਪੱਸਲੀ ਤੋੜ ਦਊਂ ਤੇਰੀ । “
ਤਾਏ ਦੇ ਭਾਰੇ ਗੋਡੇ ਹੇਠ ਨੱਪੀ ਹੋਈ ਗਿੱਚੀ ਵਿਚੋਂ ਨਿਕਲਦੀ ਘੜਕਦੀ ਆਵਾਜ਼ ਨਾਲ ਥੱਲੇ
ਡਿੱਗਿਆ ਆਤੂ ਹੋਂਕੀ ਜਾਏ – “ ਨਈਂ ਕਰਨੀ ਜਾਹ ਲਾਅਲਾ ਜ਼ੋਰ , ਬਜਾ ਲਾਆ ਢੋਲ ! ਮਾਰ ਸੁੱਟ
ਭਾਮੇਂ ! ਨੱਪ ਦੇ ਸੰਘੀ ! ਨਈਂ ਕਰਨੀ ਮੈਂ ! ਜਿੰਨਾ ਚਿਰ ਕਰ –ਪੈਰ ਚਲਦੇ ਆ ਨਈਂ ਹੱਥ
ਲਾਉਣਾ ਮੈਂ ...! “
ਥੋੜੀ ਖੂਹੀ ਦੀ ਮੌਣ ਨਾਲ ਢੋਅ ਲਾਈ ਬੈਠਾ ਖੇਮਾਂ ਹੰਭਲਾ ਮਾਰ ਕੇ ਉੱਠਿਆ । ਪੂਰਾ ਜ਼ੋਰ ਲਾ
ਕੇ ਉਸ ਨੇ ਤਾਏ ਨੂੰ ਆਤੂ ਉਪਰੋਂ ਪਰ੍ਹਾਂ ਧੱਕਿਆ – “ ਕੋਈ ਅਕਲ ਕਰ ਅਕਲ ! ਕਿਉਂ ਮਾਰਨ
ਲੱਗਾਂ ਗਰੀਬ ਨੂੰ ? “ ਬਓਤੀ ਈ ਰੜਕ ਆ ਤਾਂ ਆਪ ਈ ਕਰਲਾ ਤੂੰ । ਮਾਰ ਲਾਆ ਚਾਰ ਕੈਂਚੀਆਂ ,
ਹੇਠਾਂ-ਉੱਤੇ । ਉਦ੍ਹੇ ਕਿਉਂ ਪ੍ਰਾਣ ਕੱਢਣ ਲੱਗਾਂ ਚੋਰਿਆ ...? “
“ ਕਿਉਂ ਕਰਾਂ ਮੈਂ ਆਪੇ ਈ ! ਕੰਮ ਏਦ੍ਹਾ ਕਿ ਮੇਰਾ ! ...ਅੱਛਾ ਪੁੱਤ ਨਈਂ ਤਾਂ ਨਾ ਸਈ ।
ਆਹ ਚੱਲਿਆਂ ਮੈਂ ਅੱਡੇ ਨੂੰ , ਖੋਖੇ ਤੇ ! ਕਰਾ ਕੇ ਆਉਨਾ ਸਫਾ-ਚੱਟ ਹੁਣੇ ਈ !! “ ਘੱਟੇ
ਲਿਬੜੀਆਂ ਐਨਕਾਂ ਅੱਖਾਂ ਤੇ ਟਿਕਾਉਂਦਾ ਤਾਈਆ ਧੁੜੱਪ-ਧੜੱਪ ਪੈਰ ਬਾਹਰਲੀ ਫਿਰਨੀ ਵੱਲ ਨੂੰ
ਨਿਕਲ ਤੁਰਿਆ ।
“ ਰੱਖੀਂ ਤਾਂ ਪੈਰ ਪਿੰਡ ਦੀ ਜੂਹ ‘ਚ , ਦਾੜ੍ਹੀ –ਮੁੱਛ ਕਰਤਾ ਕੇ ! ਐਸੇ ਈ ਉਸਤਰੇ ਨਾਂ
ਛਿੱਲੂ ਤੇਰੀਆਂ ਲੱਤਾਂ – ਬਾਹਾਂ । ਐਦ੍ਹੇ ਨਾਲ ਢਿੱਡ ਪਾੜੂ ਤੇਰਾ ਆਉਂਦੇ ਦਾਅ , ਬੱਗਿਆ
ਸਾਨ੍ਹਾ ...! “ ਕੱਚੇ ਰਾਹ ਦੀ ਧੂੜ- ਧੁਦੱਲ ‘ਚੋਂ ਨਿਕਲਦੇ ਆਤੂ ਨੇ ਬੱਗਲਾਂ ਲਾਹੁਣ ਉਸਤਰਾ
ਤਾਏ ਵਲ੍ਹ ਨੂੰ ਉਛਾਲਦਿਆ ਲਲਕਾਰ ਮਾਰੀ ।
ਆਤੂ ਦੀ ਚੀਕ ਜਿਹੀ ਸੁਣ ਕੇ ਤਾਏ ਦੀ ਤਿੱਖੀ ਚਾਲ ਥਾਏਂ ਜੰਮ ਗਈ – “ ਲਿਆ ਹੁਣੇ ਛਿੱਲ ,
ਮੈਂ ਤਾਂ ਕੈਨ੍ਹਾਂ ਆ ...। ਆ , ਹੁਣੇ ਈ ਮਾਰ । ਉਸਤਰਾ ਤਾਂ ਕੀ ਤੇਤੋਂ ਨਹੇਰਨਾ ਨਈਂ
ਖੋਭਿਆ ਜਾਣਾ , ਕਾਗਤੀ ਭਲਵਾਨਾ ! ਓਏ ...ਓਏ ਤੂੰ ਉਨਾਂ ‘ਚੋਂ ਨਈਂ ...ਜਿਨ੍ਹਾਂ ਨੇ ...,
“ਆਖਦੇ ਤਾਏ ਦੀ ਭੁੱਬ ਨਿਕਲ ਗਈ , ਉਹਨੀਂ ਪੈਰੀਂ ਮੁੜਿਆ , ਉਹ ਆਤੂ ਥੁੜ੍ਹੇ ਨੂੰ ਜੱਫੀ ਪਾ
ਕੇ ਕਿੰਨਾਂ ਈ ਚਿਰ ਹਟਕੋਰੇ ਭਰਦਾ ਰਿਹਾ । ਭਰਿਆ ਚਿੱਤ ਥੋੜਾ ਕੁ ਹਲਕਾ ਕਰਕੇ ਤਾਏ ਨੇ ਫਿਰ
ਅਮਲੀ ਨੂੰ ਦਬੱਲ ਲਿਆ –ਤੂੰ ...ਤੂੰ ਕਿਉਂ ਕਟੁਆਈ ਆ ਓਏ ..ਤੂੰ ਬੋਲਦਾ ਨਈਂ ! ਦੱਸ ਕਿਉਂ
ਬੇਅਦਬੀ ਕੀਤੀ ਆ ਰੋਮਾਂ ਦੀਈ ...? “ ਉਹਦੇ ਹੱਥੋਂ ਖੂੰਟੀ ਖੋਹ ਕੇ ਤਾਏ ਨੇ ਠਾਹ ਕਰਦੀ
ਖੇਮੇਂ ਦੀ ਪਿੱਠ ਤੇ ਠੋਕ ਦਿੱਤੀ ।
ਬੁੱਢੇ ਮੌਰਾਂ ਦੀ ਚੀਸ ਪਲੋਸਦਾ ਖੇਮਾਂ , ਇਕੋ-ਸਾਹ ਤਾਏ ਨੂੰ ਉਪਰੋ-ਥਲੀ ਪੰਜ-ਸੱਤ ਗਾਲ੍ਹਾਂ
ਕੱਢ ਗਿਆ – “ ਓਏ , ਮਰ ਜਾਏਂ ਤੂੰ ਕੁੱਤੇ ਦੀਏ ਪੂਛੇ । ਹਰਾਮ ਦੀਏ ਮਾਰੇ । ਮਾਲੀ-ਖੌਲੀਆ
ਹੋਇਆ ਪਿਆ ਕੰਜਰ ਦੇ ਨੂੰ ...! ਓਏ ਗਰਕ ਜਾਏ ਤੂੰ , ਨਿਕਾਲਾ ਨਿਕਲੇ ਤੈਨੂੰ ,ਕੱਖ ਨਾ ਰਏ
ਤੇਰਾ , ਜੂਠ ਦਾਅ ..! “
ਆਤੂ-ਖੇਮਾਂ ਤਾਏ ਤੋਂ ਮਾਰ ਖਾ ਕੇ ਵਿਲਕੀ ਜਾਣ । ...ਤਾਇਆ , ਉਹਨਾਂ ਨਾਲ ਜੁੜ ਕੇ ਖੜਾ ਰੋਈ
ਜਾਏ । ਹਟਕੋਰੇ ਭਰੀ ਜਾਏ , ਉੱਚੀ ਉੱਚੀ ।
ਉਂਝ ਥੋੜਾ ਬਹੁਤ ‘ਗਾਲੀ-ਗਲੋਚ’ ਤਾਂ ਹਰ ਰੋਜ਼ ਉਹਨਾਂ ਵਿਚਕਾਰ ਚਲਦਾ ਹੀ ਰਹਿੰਦਾ ਸੀ । ਕਦੀ
ਕਿਸੇ ਨੇ ਧਿਆਨ ਨਹੀਂ ਸੀ ਦਿੱਤਾ । ਇਸ ਵਾਰ ਬਹੁਤਾ ਈ ਚੀਕ-ਚਿਹਾੜਾ ਸੁਣ ਕੇ ਪੰਚਾਇਤ-ਥੜੇ
ਤੇ ਬੈਠੇ ਕਿੰਨੇ ਈ ਜਣੇ , ਉਹਨਾਂ ਕੋਲ ਨੂੰ ਨੱਠ ਆਏ । ਹੱਥੋਂ – ਹੱਥੀ ਉਹਨਾਂ ਤਾਏ ਨੂੰ ,
ਖੇਮੇਂ ਨੂੰ , ਆਤੂ ਨੂੰ , ਪਹਿਲਾਂ ਇਕ-ਦੂਜੇ ਤੋਂ ਪਰ੍ਹਾਂ-ਪਰ੍ਹਾਂ ਕੀਤਾ , ਫਿਰ ਤਿੰਨਾਂ
ਨੂੰ ਵੱਖ ਵੱਖ ਰਾਹੇ ਤੋਰ ਵੰਨ-ਸਵੰਨੀਆਂ ਊਝਾਂ ਲਾਉਣ ਲੱਗ ਪਏ , ਤਾਏ ਤੇ ।
“ ਮੈਂ ਤਾਂ ਆਹਨਾਂ ਡਮਾਕ ਹਿੱਲ ਗਿਆ , ਏਦਾ ਡਮਾਕ , ਓਧਰ ਕਿਤੇ ਦਿੱਲੀ-ਦੁੱਲੀ ਅਲ੍ਹ ਈ
...ਹੋਰ ਗੱਲ ਕੋਈ ਨਈਂ ਬਿਚੋਂ “ , ਰਾਧੂ ਹੱਟੀ ਵਾਲਾ ਹਓਕਾ ਜਿਹਾ ਲੈ ਕੇ ਬੋਲਿਆ ।
“ ਏਨੂੰ ਤਾਈ ਦਾ ਬਜੋਗ ਆ ਤਾਈ ਆ , ਮੈਨੂੰ ਪੁੱਛ ! ਪੱਕੀ ਗੱਲ ਆ ਪੱਕੀ , ਇੱਟ ਅਰਗੀ ...।“
ਬਾਲੇ ਬੱਕਰੀਆਂ ਵਾਲੇ ਨੇ ਆਪਣਾ ਟੋਣਾ ਮਾਰਿਆ ।
“ ਸਾਰੀ ਉਮਰ ਨਿਖੱਸਮੀਆਂ ਚਿੱਚੜੀ ਆਂਗੂ ਚੁਮੜੀਆਂ ਰਈਆਂ...ਹੁਣ ਕੁਲਗਦੇ ਨੂੰ ਧੱਕੇ
ਮਾਰਦੀਆਂ , ਕੰਜਰੀਆਂ ....” ਘਾ-ਪੱਠਾ ਲੈਣ ਤੁਰੀ ਭਾਗੋ ਝੀਰੀ ਨਹੋਰਾ ਮਾਰਦੀ ਆਪਣੇ ਰਾਹੇ
ਲੰਘ ਗਈ ।
ਪਰ, ਤਾਏ ਨੇ ਕਿਸੇ ਦੀ ਕੋਈ ਗੱਲ ਨਾ ਸੁਣੀ । ਉਹ ਧੜੱਪ-ਧੜੱਪ ਪੈਰ ਮਾਰਦਾ , ਲਹਿੰਗੇ ਪਾਸੇ
ਦੀ ਸਾਰੀ ਜੂਹ ਲੰਘ-ਉਲੰਘ ਕੇ , ਚੋਅ ਕੰਢੇ ਉਸਰੀ ਸ਼ਿਵ-ਨਾਥਾਂ ਦੀ ਕੁਟੀਆ ਜਾ ਪੁੱਜਾ ।ਕੰਗਣੀ
ਵਾਲਾ ਗਲਾਸ ਮਾਂਜ-ਸੁਆਣ ਕੇ ਨਾਂਗੇ-ਬਾਵੇ ਅੱਗੇ ਧਰਦਿਆਂ , ਉਹਨੇ ਪੂਰੀ ਸ਼ਰਧਾ ਨਾਲ ਅਲਖ਼
ਜਗਾਈ – “ ਜੈ ਭੋਲੇ ਨਾਥ ...! “
ਕੀਲੀ ਨਾਲ ਲਟਕਦੇ ਡੋਲ ‘ਚੋਂ ਸੰਘਣੇ ਮਾਵੇ ਦਾ ‘ਪ੍ਰਸ਼ਾਦ’ ਭਰਦਿਆਂ ਨਾਂਗੇ –ਨਾਥ ਨੇ ਪ੍ਰਬਚਨ
ਬੋਲੇ – “ਬੱਸ ਬੱਚਾ ਬੱਸ...ਵਿਯੋਗ ਨਹੀਂ ਕਰਨੇ ਕਾ । ਯੈਹ ਦੀਖ਼ਤ ਸੰਸਾਰ ਸੱਭ ਝੂਹਟ ਹੈਅ ,
ਕਪਟ ਹੈਅ ....ਫਰੇਬ ਕਾ ਵਰਤਾਓ ਹੈਅ ਫਰੇਬ ਕਾ ...ਬੱਸ ਏਕ ਪ੍ਰਭੂ ਕਾ ਨਾਮ ਸਤੱਯਾ ਹੈਅ...
। ...ਚਰਨਾਮਤ ਲੌ , ਔਰ ਪ੍ਰਭੂ ਕੇ ਧਿਆਨ ਮੇਂ ਲੀਨ ਹੋ ਜਾਓ । ...ਸੁੱਖ ਮਿਲੇਗਾ , ਸੱਚਾ
ਔਰ ਪੂਰਨ ਸੁੱਖ ...ਜੈ ਭੋਲੇ ਨਾਥ ...! “
“ ਕੇੜ੍ਹਾ ਸੁੱਖ ਮਿਲੂ ..., ਕੋਟੇ ਆਲਾ , ਰਾਓਲਪਿੰਡੀ ਕਿ ਦਿੱਲੀ ਆਲਾ ...? “ ਪੂਰਾ ਗਲਾਸ
ਇਕੋ ਡੀਕੇ ਖਾਲੀ ਕਰਕੇ ਤਾਏ ਨੇ ਨਾਂਗੇ-ਨਾਥ ਵਲ੍ਹ ਹੋਰੂੰ ਹੋਰੂੰ ਜਿਹਾ ਝਾਕਿਆ ।
“ ਸਭ ਮਿਲੇਗਾ ਬੱਚਾ , ਸਭ ਮਿਲੇਗਾ ...।“ ਆਪਣੇ ਪੁੱਤਾਂ –ਭਤੀਜਿਆਂ ਦੀ ਉਮਰ ਦੇ ਸਾਧ
ਮੂੰਹੋ ਪੁੱਤ-ਬੱਚਾ ਦਾ ਸੰਬੋਧਨ , ਉਸ ਦਿਨ ਤਾਏ ਨੂੰ ਜਿਵੇਂ ਧਮੋੜੀ ਵਾਂਗ ਡੰਗ ਗਿਆ – “
ਬੱਲੇ ਉਏ ਸਾਧਾ , ਤੈਨੂੰ ਮੈਂ ਬੱਚਾ ਦੀਹਦਾਂ ! ਵਾਹਲਾ ਉਪਦੇਸ਼ ਨਾ ਝਾੜੀ ਜਾ ...ਜਾਣਦਾਂ
ਮੈਂ ਤੈਨੂੰ ਵੱਡੇ ਰੱਬ ਨੂੰ ....! “
“ ਠੀਕ ਐ ,ਠੀਅਕ ਹੈਅ ... ਤੁਮ ਬਹੁਤ ਉੱਤਮ ਪੁਰਸ਼ ਹੋਅ, ਮਹਾਨ ਆਤਮਾ ਹੋਅ । ਅਬ ਥੋੜਾ ਨਸ਼ਾ
ਹੈਅ ਤੁਮਾਰੇ ਕੋ , ਆਰਾਮ ਸੇ ਘਰ ਜਾਓ ਔਰ ..ਔਰ ...” ਨਾਂਗੇ –ਸਾਧ ਮੂੰਹੋਂ ਨਿਕਲੇ ਬੋਲ ,
ਉਹਦੇ ਕਈ ਸਾਰੇ ਚੇਲੇ –ਚਾਟਕਿਆਂ ਅੱਖ ਝੱਪਕਦਿਆਂ ਈ ਹੱਥਾਂ ਤੇ ਬੋਚ ਲਏ । ਤਾਏ ਨੂੰ ਡੇਰਿਓਂ
ਬਾਹਰ ਧੱਕ ਕੇ , ਉਹਨਾਂ ਕੁਟੀਆ ਦੇ ਭਿੱਤ ਨੂੰ ਅੰਦਰੋਂ ਕੁੰਡੀ ਲਾ ਲਈ ।
ਚੜ੍ਹਦੇ ਕੱਤੇ ਦੀ ਢਲਦੀ ਸ਼ਾਮ ਤਾਏ ਦੇ ਮਾਵੇ ਨੂੰ ਹੋਰ ਹਵਾ ਦੇ ਗਈ । ਡੇਰਿਓਂ ਬਾਹਰ ਨਿਕਲਦੇ
ਨੂੰ ਉਹਨੂੰ ਪਿੰਡ ਨੂੰ ਜਾਂਦੇ ਦੋਨੋਂ ਰਾਹ ਦਿਸਣੋਂ ਹਟ ਗਏ – ਪੱਕੀ ਨੂੰ ਚੜ੍ਹਦਾ ਛੋਟਾ
ਪੈਹਾ ਵੀ , ਰੋਹੀ ਥਾਣੀਂ ਲੰਘਦੀ ਵੱਡੀ ਫਿਰਨੀ ਵੀ ।
ਅਟੇ-ਸਟੇ ਨਾਲ ਸਿੱਧੀ ਸੇਧ ਮਿੱਥ ਕੇ , ਉਹ ਖੇਤਾਂ-ਹਾਰੀਂ ਹੋ ਤੁਰਿਆ । ਅਪਣੇ ਮੁਰੱਬੇ
ਵਿਚੋਂ ਦੀ । ਦੋ ਕੂ ਬੰਨੇ ਟੱਪ ਕੇ ਉਸਦੇ ਕਦਮ ਹੋਰ ਉੱਖੜ ਗਏ । ਉਹਨੂੰ ਪੈਰਾਂ ਹੇਠਲੀ ਧਰਤੀ
ਡੋਲਦੀ ਜਾਪੀ । ਜ਼ਰਾ ਕੁ ਉੱਪਰ ਵੱਲ ਨੂੰ ਨਿਗਾਹ ਘੁਮਾਈ , ਤਾਂ ਸਾਰਾ ਆਕਾਸ਼ ਵਾਵਰੋਲੇ ਵਾਂਗ
ਉਹਨੂੰ ਅਪਣੇ ਉੱਪਰ ਚੱਕਰ ਕੱਟਦਾ ਲੱਗਾ । ਅਗਲੇ ਹੀ ਪਲ ,ਉਹ ਗੁੱਛਾ ਜਿਹਾ ਬਣਿਆ ਹੇਠਾਂ
ਡਿੱਗ ਪਿਆ –“ ਭੂਚਾਲ ...ਭੂਚਾਲ , ਬਾਅਰ ਆ ਜਾਓ , ਭੂਚਾਲ ...., “ ਉਹਨੇ ਆਪਣੀ ਵਲੋਂ
ਪੂਰੇ ਜ਼ੋਰ ਨਾਲ ਹਾਕ ਮਾਰੀ – “ ਓਏ ਪੁੰਗਿਆ , ਭਾਪੇ ਨੂੰ ਜਗਾ , ਬਾਹਰ ਕੱਢ ਉਹਨੂੰ
...ਕਿੱਥੇ ਆਂ ਤੂੰ , ਓਏ ਪੁੰਗੇ ....?”
....ਪੁੰਗਾ , ਤਾਏ ਦੇ ਜਤੱਲ ਕੁੱਤੇ ਦਾ ਨਾਂ ਸੀ । ਨਿੱਕੇ ਜਿਹੇ ਬਲੂੰਗੜੇ ਵਰਗੇ ਕਤੂਰੇ ਦਾ
। ਕਿਸੇ ਠੇਕੇਦਾਰ ਘਰੋਂ ਲਿਆਂਦਾ ਸੀ ਭਾਪੇ ਉਹਨੇ ਨੇ ,ਐਵੇਂ ਰੂਹ ਰਾਜ਼ੀ ਕਰਨ ਲਈ । ਉਹਦੇ
ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲਈ । ਜਿਵੇਂ ਪਿੰਡ ਗੁਰੇ ਨਾਲ ਕਰਦਾ ਹੁੰਦਾ ਸੀ ।
...ਗੁਰਾ ਅਜੇ ਬਾਰਾਂ ਸਾਲਾਂ ਦਾ ਵੀ ਨਹੀਂ ਸੀ ਹੋਇਆ , ਉਹਦਾ ਪਿਓ ਹੁਕਮਾਂ ਉਸਨੂੰ ਨਾਲ ਲੈ
ਗਿਆ , ਕੋਇਟੇ । ਹੱਥ ਸਿੱਧੇ ਕਰਨ ਲਈ । ਉਹਨੂੰ ਪਿਤਾ-ਪੁਰਖੀ ਕਾਰ-ਧੰਦਾ ਸਿਖਾਉਣ ਲਈ ।
ਟਕਾ-ਦੋ ਟਕੇ ਦਿਹਾੜੀ ਪੁਗਦੀ ਕਰਨ ਲਈ । ਏਨੇ ਨਾਲ ਹੁਕਮੇ ਦਾ ਕਿੰਨਾ ਈ ਭਾਰ ਹਲਕਾ ਹੋਣਾ ਸੀ
। ਸਸਤਾ ਸਮਾ ਕਰਕੇ । ਬੜੀ ਕਦਰ ਸੀ ਰੁਪਈਏ ਦੀ ਓਦੋਂ । ਮਣ-ਪੱਕਾ ਆਟਾ ਹੁੰਦਾ ਸੀ ਰੁਪਏ ਦਾ
। ਦੋ ਵੱਟੀਆਂ ਘਿਓ । ਹੋਰ ਕੋਈ ਐਬ ਕਿਸੇ ਨੂੰ ਹੈਅ ਕੋਈ ਨਹੀਂ ਸੀ । ਸਿਵਾ ਰੋਟੀ ਦੇ , ਤੇ
ਰੋਟੀ , ਬਿਨਾਂ ਹੱਥ ਹਿਲਾਇਆ ਪੂਰੀ ਨਈਂ ਸੀ ਹੁੰਦੀ ਕਿਸੇ ਦੀ । ਖਾਸ ਕਰ ਕੰਮੀ-ਕਮੀਣਾਂ ਦੀ
, ਜਿਹਨਾਂ ਦਾ ਹੀਲਾ-ਵਸੀਲਾ ਈ ਸਾਰਾ ਹੱਥਾਂ ਤੇ ਟਿਕਿਆ ਹੁੰਦਾ । ਜਿੰਨੇ ਕਿਸੇ ਦੇ ਹੱਥ
ਸਿੱਥੇ , ਸਾਫ਼ ਤੇ ਛੋਹਲੇ , ਓਨੀ ਹੀ ਉਹਦੀ ਮੁੱਠੀ ਗਰਮ, ਜੇਬ ਭਾਰੀ । ਗੁਰੇ ਨੂੰ ਰੰਦੇ
ਅੱਗੇ ਜੁੜਿਆ ਅਜੇ ਛੇ ਮਹੀਨੇ ਵੀ ਨਹੀਂ ਸੀ ਹੋਏ ਕਿ ਇਕ ਖ਼ਤਰਨਾਕ ਭਾਣਾ ਵਰਤ ਗਿਆ – ਭੂਚਾਲ
ਨੇ ਹਜ਼ਾਰਾਂ ਲੋਕ ਸੁੱਤੇ ਪਏ ਨੱਪ ਲਏ । ਪੁੰਗਾ ਗੁਰੇ ਕਲ ਸੌਂਦਾ ਸੀ , ਕਦੀ ਪੁਆਂਦੀ ਕਦੀ
ਮੰਜੀ ਹੇਠਾਂ । ਉਹਨੇ ਸਿਰ ਤੇ ਆਈ ਆਫ਼ਤ ਝੱਟ ਸੁੰਘ ਲਈ । ਝੱਟ ਉਹਨੇ ਗੁਰੇ ਦੇ ਪੈਰ ਤੇ
ਦੰਦੀ ਵੱਡੀ । ਗੁਰੇ ਦੀ ਜਾਗ ਖੁਲ੍ਹ ਗਈ । ਡੋਲਦੀ ਛੱਤ ਹੇਠੋਂ ਛਾਲ ਮਾਰ ਕੇ ਉਹ ਝੱਟ ਬਾਹਰ
ਨਿਕਲ ਗਿਆ । ਪਰ , ਉਹਦੇ ਭਾਪੇ ਨੂੰ ਜਗਾਉਂਦਾ ਪੁੰਗਾ ਨਾ ਆਪ ਬਚਿਆ ਨਾ ਹੁਕਮਾਂ । ਦੋਨੋਂ
ਮਲਵੇ ਹੇਠ ਨੱਪੇ ਗਏ । ਮਿੰਟਾਂ-ਸਕਿੰਟਾਂ ‘ਚ ਈ ਸਾਰਾ ਕੁਝ ਤਬਾਹ ਹੋ ਗਿਆ । ਸਾਰਾ ‘ਕੋਟਾ’
ਗ਼ਰਕ ਗਿਆ ।ਹਜ਼ਾਰਾਂ ਲੋਕ ਮਾਰੇ ਗਏ । ਜਿਹੜੇ ਬਚੇ , ਉਹ ਮਰਿਆਂ ਨਾਲੋਂ ਵੀ ਭੈੜੇ । ਕੋਈ
ਜ਼ਖਮੀ , ਕੋਈ ਬਿਮਾਰ , ਕੋਈ ਅਪਾਹਜ਼ , ਕੋਈ ਬੇ-ਘਰਾ ਬੇ –ਆਸਰਾ । ਗਲੋਂ –ਤੇੜੋਂ ਨੰਗਾ ,
ਗੁਰਾ ਬਹੁਤ ਰੋਇਆ , ਬਹੁਤ ਕਲਪਿਆ । ਪਰ , ਉਹਦੀ ਪੇਸ਼ ਕੋਈ ਨਾ ਗਈ । ਕਿਸੇ ਤੋਂ
ਝੱਗਾ-ਪਜਾਮਾ ਮੰਗ ਮੇ ਗੁਰਾਂ ਪਿੰਡ ਪੁੱਜਾ । ਘਰੋਂ ਕਮਾਈ ਕਰਨ ਗਿਆ , ਉਹ ਪੰਜੀਂ-ਛੇਈਂ
ਮਹੀਨੀਂ ਬਰੰਗ ਪਰਤ ਆਇਆ । ਮੁਰਝਾਇਆ –ਕਮਲਾਇਆ , ਹਾਰਿਆ –ਹੰਭਿਆ , ਡੌਰ-ਭੌਰ ਜਿਹਾ । ਉਹਦਾ
ਪਿਆਰਾ ਪੁੰਗਾ ਵੀ ਨਾ ਰਿਹਾ ਤੇ ਉਸਤਾਦ ਪਿਓ ਵੀ । ਕਈ ਚਿਰ ਉਹਦੀ ਸੁਰਤ ਟਿਕਾਣੇ ਨਾ ਆਈ ।
ਸਿਰ ਦਾ ਸਾਈਂ ਗੁਆ ਕੇ , ੳਹਦੀ ਮਾਂ ਬਹੁਤ ਤੜਫੀਂ । ਬਹੁਤ ਰੋਈ । ਪਰ, ਡੋਲੀ ਨਾ । ਅਲੜ੍ਹ
ਪੁੱਤ ਨੂੰ ਜੱਫੀ ‘ਚ ਲੈ ਕੇ ਹੌਸਲਾ ਦਿੰਦੀ ਰਹੀ – “ ਨਈਂ ਡੌਲਣ ਦਿੰਦੀ ਮੈਂ ਪੁੱਤ ਨੂੰ
...,” ਗੁਰੇ ਨੂੰ ਹੱਲਾ-ਸ਼ੇਰੀ ਦਿੰਦੀ ਕਰਤਾਰੀ ਕਦੀ ਸੰਭਾਲੀ ਰਹਿੰਦੀ , ਕਦੀ ਉਹਦਾ ਆਪਣਾ ਕੜ
ਪਾਟ ਜਾਂਦਾ । ਉਹ ਕੀਰਨੇ ਪਾਉਣ ਲੱਗਦੀ ।
ਉਹਨੂੰ ਧਾਹੀਂ ਰੋਂਦੀ ਦੇਖ ਗੁਰਾ ਵੀ ਉੱਚੀ –ਉੱਚੀ ਰੌਂਦਾ । ਕੋਈ ਜਣਾ ਗਲੀ-ਗੁਆਢੋਂ ਆ ਉਹਨਾ
ਨੂੰ ਵਰਾਉਂਦਾ , ਚੁੱਪ ਕਰਾਉਂਦਾ । ਪਰ, ਵਾਪਰ ਚੁੱਕੇ ਭਾਣੇ ਦਾ ਦਰਦ ਉਵੇਂ ਦਾ ਉਵੇਂ ਉਹਨਾਂ
ਦੀਆਂ ਰੂਹਾਂ ਦੇ ਪਸਰਿਆ ਰਹਿੰਦਾ ।
ਭਰਿਆ ਮਨ ਹਲਕਾ ਕਰਕੇ ਕਰਤਾਰੀ ਫਿਰ ਸੰਭਲਦੀ – “ ਤੂੰ ਐਂ ਕਿਉਂ ਕਰਦਾਂ ਮੇਰਾ ਪੁੱਤ, ਮੇਰਾ
ਛਿੰਦ ! ਕਾਨੂੰ ਨਿਸੱਤਾ ਜਿਆ ਹੁੰਨਾ ਆ ! ਮੈਂ ਜੁ ਹੈਗੀ ਹਜੇ ਜੀਂਦੀ । ਚੱਲ ਮੈਂ ਚਲਦੀ ਆਂ
ਤੇਰੇ ਨਾਲ । ਜਿੱਥੇ ਮੇਰਾ ਪੁੱਤ ਕੰਮ ਕਰੂ , ਓਥੇ ਮੈਂ ਵੀ ਕਿਸੇ ਦਾ ਭਾਂਡਾ-ਠੀਕਰ ਮਾਂਝ
ਲਊਂ । ਸਾਡੇ ਲੋਕਾਂ ਦਾ ਹੈ ਕੀ ਏਥੇ ! ਆਹ ਦੋ ਖਾਨੇ ਢਾਰਾ ! ਉਹ ਵੀ ਬੇਗਾਨਾ !! ਬਾਬਿਆਂ
ਦੀ ਖ਼ਰੈਤ । ਉਹ ਜਦ ਚਾਹੁਣ ਢਾਅ ਲੈਣ । ਮਰਲਾ-ਖੰਡ ਥਾਂ ਵਗਦੀ ਕਰ ਲੈਣ । ਸਾਡੇ ਲੋਕਾਂ ਦਾ
ਤਾਂ ਰਿਜ਼ਕ ਈ ਪੁੱਤ ਦੇਸੀਂ-ਪ੍ਰਦੇਸੀਂ ਆਂ ..। ਐਥੇ ਸਾਡੇ ਕੋਲ ਹੈ ਕੀ ਆ ...ਮਿੱਟੀ !
...ਹੁਣ ਤਾਂ ਖੈਂਰ ਤਾਏ ਦੇ ਘਰੇ ਈ ਬਥੇਰਾ ਰਿਜ਼ਕ ਐ ! ਕੋਠੀ ਵਰਗਾ ਘਰ-ਘਾਟ ਐ । ਚੱਕੀ ਐ ,
ਆਰਾ ਐ , ਆਰੇ ਤੋਂ ਲੈਕੇ ਲਹਿੰਦੇ ਬਸੀਮੇਂ ਤੱਕ ,ਤਾਇਆ ਈ ਤਾਇਆ । ਤਾਈ ਈ ਤਾਂਈ ਐ । ਤਾਏ
ਨੇ ਪਿੰਡ ਵੀ ਕੰਮਕਾਰ ਚਲਦਾ ਰੱਖਿਆ , ਮੁਸਾਫ਼ਰੀ ਵੀ ਕੱਟੀ । ਨਾਲ ਦੀ ਨਾਲ ਤਾਈ ਵੀ ਵਾਹਵਾ
ਚੜ੍ਹਦੀ ਕਲਾ ‘ਚ ਰਹੀ ।ਜਦ ਵੀ ਉਸਦਾ ਦਾਅ ਭਰਦਾ , ਉਹ ਕੋਈ ਨਾ ਕੋਈ ਰਜਿਸਟਰੀ ਤਿਆਰ ਰੱਖਦੀ
। ਤਾਇਆ ਫੱਟ ਹੇਠਾ-ਉੱਤਾ ਕਰਦਾ । ਚੱਲ ਮੇਰੇ ਭਾਈ , ਪੈਸੇ ਅਗਲੇ ਹੱਥ । ਖੇਤ ਆਪਣੇ ਨਾਂ ।
ਪਹਿਲਾਂ ਉਹਨਾਂ ਹਰਬੰਸ ਸੂੰਹ ਬਾਰੀਏ ਦੀ ਪੰਜ ਕਿੱਲੇ ਨਿਆਈਂ ਖ਼ਰੀਦੀ । ਫਿਰ ਬਾਬਿਆਂ ਦਾ
ਮਹਿੰਗਾ ਅਪਣਾ ਹਿੱਸਾ ਵੇਚ ਕੇ ਯੂ.ਪੀ. ਚਲਾ ਗਿਆ । ਅਗਲਾ ਟੱਕ ਕੂਕੇ ਬੱਧਣਾਂ ਵਾਲੇ ਦਾ ਸੀ
। ਉਹ ਚਿਰਾਂ ਤੋਂ ਵੇਚੂ ਸੀ ,ਨਾਨਕੀ ਢੇਰੀ । ਐਨ ਸਿਰੇ ਤੇ ਖੇਮ ਸੂੰਹ ਅਮਲੀ ,ਫਿਮੀ ,
ਪੋਸਤੀ । ਉਹਦਾ ਤਾਈ ਨਾਲ ਚਿਰਾਂ ਤੋਂ ਹਿਸਾਬ ਕਿਤਾਬ ਚਲਦਾ ਸੀ । ਕਦੀ ਦਸ ਲੈ , ਕਦੀ ਵੀਹ ,
ਕਦੀ ਪੰਜਾਹ-ਸੌ । ਪਤਾ ਓਦੋਂ ਲੱਗਾਂ , ਜਦੋਂ ਇਕੋ ਹੱਲੇ ਖੇਮਾਂ ਹੱਥਲ ਹੋ ਬੈਠਾ । ਤੇ ਉਹਦੇ
ਕੋਲ ਬਚੀ ਇਕ ਛੰਨ ,ਛੇ ਬੱਕਰੀਆਂ ,ਇਕ ਢਾਂਗੀ , ਤਵਾ , ਥਾਲੀ, ਚਾਹ ਵਾਲੀ ਪਤੀਲੀ , ਦੋ
ਗਲਾਸੀਆਂ ਤੇ ਇਕ-ਦੋ ਕੌਲੇ । ਬਾਕੀ ਸੱਭ ਅੱਲਾ-ਅੱਲਾ ਤੇ ਖੈਰ-ਸੱਲਾ ।
...ਖੇਮੇ ਤੋਂ ਖਰੀਦੇ ਖੇਤ ਦੀ ਵੱਟ ਤੇ ਲੁੜਕੇ ਤਾਏ ਨੂੰ ਥੋੜੇ ਕੁ ਚਿਰੀ ਹੋਸ਼ ਦਾ ਝੌਕਾ ਆਇਆ
। ਬਾਹਾਂ-ਗੋਡਿਆਂ ਤੇ ਸਾਰਾ ਭਾਰ ਪਾ ਕੇ ਉਹਨੇ ਪੂਰੇ ਜ਼ੋਰ ਨਾਲ ਅਪਣਾ-ਆਪ ਸਿੱਧਾ ਕੀਤਾ ।
ਪੰਜ-ਦਸ ਕਦਮ ਪਿੰਡ ਵਲ ਨੂੰ ਤੁਰ ਕੇ ਉਹ ਫਿਰ ਡਿੱਗ ਪਿਆ , ਘੁਮੇਰ ਜਿਹੀ ਖਾ ਕੇ । ਜਿਵੇਂ
ਕਿਸੇ ਨੇ ਉਸ ਨੂੰ ਜੋਰਦਾਰ ਭੁਆਂਟਣੀ ਦਿੱਤੀ ਹੋਵੇ । ਉਹ ਹੱਸਣ ਲੱਗ ਪਿਆ । ਪਹਿਲਾਂ ਹੌਲੀ
,ਫਿਰ ਹੋਰ ਉੱਚੀ । ਭੁੱਜਦੀਆਂ ਖਿੱਲਾਂ ਵਾਂਗ । ਜਿਵੇਂ ਉਹ ਰਾਓਲਪਿੰਡੀ ਹੱਸਿਆ ਕਰਦਾ ਸੀ ।
ਲੁਕਣ ਮੀਟੀ ਖੇਲ੍ਹਦਾ , ਟਾਂਗਾ ਚੌਕ ‘ਚ । ....ਮੀਟੀ ਸਿਰ , ਉਹਨਾਂ ‘ਚੋਂ ਕੋਈ ਜਣਾ ਗੁਰੇ
ਨੂੰ ਜ਼ੋਰਦਾਰ ਭੁਆਂਟਣੀ ਦਿੰਦਾ । ਆਪ ਉਹ ਸਾਰੇ ਲੁਕੂੰ-ਛਿਪੂੰ ਹੋ ਜਾਂਦੇ । ਐਧਰ-ਓਧਰ
ਖੋਖਿਆਂ ਉਹਲੇ ਦੁਕਾਨਾਂ ਪਿੱਛੇ ਜਾਂ ਘਰਾਂ ਅੰਦਰ ਇਕੱਠੇ । ਕਦੀ ਕਿਸੇ ਘਰ, ਕਦੀ ਕਿਸੇ ਘਰ ,
ਗਈ ਰਾਤ ਤੱਕ ਗੁਰਾ ਉਹਨਾਂ ਨੂੰ ਲੱਭਦਾ ਟੋਲਦਾ ! ਕਿਸੇ ਇਕ ਨੂੰ ਛੂਟ ਵੱਟ ਕੇ ਛੂੰਹਦਾ ।
ਜਿੰਨਾਂ ਚਿਰ ਮੀਟੀ ਨਾ ਪੁਗਦੀ , ਉਹਨਾਂ ਵਿਚੋਂ ਕੋਈ ਜਣਾ ਵੀ ਘਰ ਨਾਂ ਮੁੜਦਾ । ਅਗਲੀ ਸ਼ਾਮ
ਫਿਰ ਉਹੀ ਸਿਲਸਿਲਾ ।
ਜਿਹਦੇ ਸਿਰ ਮੀਟੀ ਹੁੰਦੀ , ਉਹ ਸੱਭ ਤੋਂ ਪਹਿਲਾਂ ਅੱਪੜਦਾ । ਬਾਕੀ ਸੱਭ ਮਗਰੇ –ਮਗਰ ।
ਅਸਲਮ ਟਾਂਗਾ ਵਾਹੁੰਦਾ ਸੀ । ਦਿਨ ਖੜੈ ਈ ਘੋੜੀ ਬੰਨ੍ਹ ਆਉਂਦਾ । ਸ਼ਰੀਫ ਛਾਬੜੀ ਲਾਉਂਦਾ ਸੀ
,ਸਨਾਤੱਮ ਧਰਮ ਸਕੂਲ ਸਾਹਮਣੇ । ਬਚਦੇ ਖਿੱਲਾਂ-ਛੋਲੇ , ਉਹ ਗਲੀਆਂ-ਮੁਹੱਲਿਆਂ ‘ਚ ਘੁੰਮ-ਫਿਰ
ਕੇ ਵੇਚਣ ਦਾ ਲਾਲਚ ਨਾ ਕਰਦਾ । ਰਾਮਾ ਘਾਹ ਮੰਡੀ ਸੀ । ਲਾਅਲੇ ਆਪਣੇ ਨਾਲ ਕਰਿਆਨੇ ਦੀ ਹੱਟੀ
ਤੇ । ਪਿਓ ਨੂੰ ਝੁੱਕੀ ਦੇ ਕੇ ਹਰਰੋਜ਼ ਖਿਸਕ ਆਉਂਦਾ । ਕੇਹਰਾ ਖਾਨ ਸਾਹਬ ਦੀ ਕੋਠੀ
ਸੀ,ਪਹਿਰੇਦਾਰ । ਖਾਨ ਸਾਹਬ ਜਿੰਦਾ-ਦਿਲ ਬੰਦੇ ਸਨ ।ਕਿਸੇ ਨੂੰ ਵੀ ਹੱਸਣੋਂ-ਖੇਡਣੋਂ ਮਨ੍ਹਾ
ਨਾ ਕਰਦੇ । ਕੇਹਰੇ ਨੂੰ ਹਰ ਸ਼ਾਮ ਘੰਟੇ-ਦੋ ਘੰਟੇ ਛੁੱਟੀ ਹੁੰਦੀ । ਤੇ ਗੁਰਾ , ਇਕ ਫ਼ਰਨੀਚਰ
ਵਰਕਸ਼ਾਪ ‘ਚ ਕੰਮ ਕਰਦਾ ਹੋਣ ਕਰਕੇ ਸੱਭ ਤੋਂ ਪਿਛੋਂ ਅੱਪੜਦਾ । ਉਹਦੇ ਚਾਰੇ ਯਾਰ-ਬੇਲੀ
ਪਹਿਲਾਂ ਉਹਦੀ ਲੇਟ ਕੱਢਦੇ । ਉਹਨੂੰ ਖੂਬ ਘਸੁੰਨ-ਮੁੱਕੀ ਕਰਦੇ । ਫਿਰ ਜ਼ੋਰਦਾਰ ਭੂਆਟਣੀ
ਦੇਕੇ ਚਲਦੀ ਮੀਟੀ ਉਹਦੇ ਸਿਰ ਪਾਉਂਦੇ । ਉਹ ਹੱਸਦਾ । ਪਹਿਲੋਂ ਹੌਲੀ , ਫਿਰ ਉੱਚੀ , ਫਿਰ
ਹੋਰ ਉੱਚਜੀ ਜਿਵੇਂ ਖਿੱਲਾਂ ਭੁੱਜਦੀਆਂ ਹੋਣ । ਸਾਰਾ ਚੌਂਕ ਉਹਨੂੰ ਹੱਸਦੇ ਨੂੰ ਸੁਣ ਕੇ ਹੱਸ
ਪੈਂਦਾ । ਕੋਈ ਸਹਿਜ-ਭਾਅ , ਕੋਈ ਖੁਲ੍ਹਕੇ । ਸ਼ਾਮ ਦੀ ਸੈਰੋ-ਤਫ਼ਰੀਹ ਤੇ ਨਿਕਲੇ ਵੱਡੇ
–ਮੀਆਂ ਜੀ ਗੁਰੇ ਨੂੰ ਹੱਸਦਾ ਦੇਖਦੇ ਸਭਾਵਕ ਰੁਕ ਜਾਂਦੇ । ਖੂੰਟੀ ਤੇ ਭਾਰ ਪਾਈ ਖੜੇ ,
ਗੁਰੇ ਵੱਲ ਦੇਖਕੇ ਮੁਸਕਰਾਉਂਦੇ । ਫਿਰ ਬੜੇ ਪਿਆਰ ਨਾਲ ਉਸ ਨੂੰ ਲਾਗੇ ਬੁਲਾ ਕੇ ਆਖਦੇ – “
ਅਰੇ ਗੁਰੂਬਚਨ ਬੇਟਾ ,ਇਤਨਾ ਜ਼ੋਰ ਸੇ ਮੱਤ ਹੰਸਾ ਕਰੋ । ...ਜਿੰਦਗੀ ਮੇਂ ਅਗਰ ਰੋਨਾ ਪੜ ਗਿਆ
, ਤੋ ਇਤਨਾ ਜ਼ੋਰ ਸੇ ਰੋਇਆ ਨਈਂ ਜਾਏਗਾ ਤੁਮ ਸੇ ...ਦੰਮ ਟੂਟ ਜਾਏਗਾ , ਤੁਮਾਰਾ...? ਅਪਣੇ
ਈ ਹੌ-ਹੱਲੇ ‘ਚ ਰੁੱਝੇ ਗੁਰੇ ਨੇ , ਪਹਿਲੋਂ –ਪਹਿਲ ਤਾਂ ਮੀਆਂ ਜੀ ਦੀ ਆਖੀ ਕਦੇ ਨਹੀਂ ਸੀ
ਗੌਲੀ । ਪਰ , ਅਗਲੀ ਛਿਮਾਹੀ ਦੇ ਸੱਚ ਨੇ ਉਸਦਾ ਸਾਰਾ ਹਾਸਾ ਜਿਵੇਂ ਹੌਲੀ-ਹੌਲੀ ਪੂਰੀ
ਤਰ੍ਹਾਂ ਜ਼ਬਤ ਕਰ ਲਿਆ । ਉਹਦੀ ਗਲੀ-ਮਹੱਲੇ ਦੇ ਲੋਕ ਉਹਦੀ ਵੱਲ ਹੋਰੂੰ-ਹੋਰੂੰ ਤਰ੍ਹਾਂ ਝਾਕਣ
ਲੱਗ ਪਏ ।ਉਹਦੀ ਜੁਆਨ-ਜਹਾਨ ਮਾਂ ਵਲ੍ਹਾਂ ਵਹਿਸ਼ੀਆਂ ਵਾਂਗ ਦੇਖਣ ਲੱਗ ਪਏ । ਟਾਂਗਾ ਚੌਂਕ ‘ਚ
ਖੇਲ ਹੁੰਦੀ ਲੁਕਣ-ਮੀਟੀ ਵੀ ਸਹਿਜੇ –ਸਹਿਜੇ ਅਧਰੰਗੀ ਗਈ । ਹੁਣ ਕਦੀ ਅਸਲਮ ਗੈਰ-ਹਾਜ਼ਰ
ਹੁੰਦਾ ਕਦੀ ਕੇਹਰਾ । ਰਾਮੇ ਦਾ ਲਾਲਾ ਤਾਂ ਪਹਿਲੋਂ ਹੀ ਹਿਜ਼ਰਤ ਕਰ ਗਿਆ । ਹੱਟੀ –ਵੱਟੀ
ਸਾਰਾ ਟੱਬਰ ਸਾਂਭ ਕੇ ਜਲੰਧਰ ਚਲਾ ਗਿਆ । ਸ਼ਰੀਫ ਦੀ ਛਾਬੜੀ ਵੀ ਐਸ.ਡੀ.ਸਕੂਲ ਅੱਗੋਂ ਚੁੱਕੀ
ਗਈ । ਟਾਂਗਾ ਚੌਂਕ ‘ਚ ਬੈਠਦੇ ਦੀ ਉਹਦੀ ਵਣਕ ਅੱਧਿਓਂ ਵੀ ਘੱਟ ਗਈ । ਅਫ਼ਸੋਸਿਆਂ ਜਿਹਾ
ਮੂੰਹ ਲੈ ਕੇ , ਹਰ ਰੋਜ਼ ਗੁਰਾ ਟਾਂਗਾ ਚੌਂਕ ‘ਚ ਗੇੜਾ ਮਾਰਦਾ । ਪਰ ਉਹਦੇ ਮੂੰਹੋਂ ਕਿਰਦਾ
ਖਿੱਲਾਂ ਵਰਗਾ ਹਾਸਾ ਕਦੀ ਕਿਸੇ ਨੂੰ ਸੁਣਾਈ ਨਹੀਂ ਸੀ ਦਿੱਤਾ ।
ਨਿੱਮੋਝਾਣ ਹੋਇਆ ਉਹ ਉਨ੍ਹੀ ਪੈਰੀ ਘਰ ਪਰਤ ਆਉਂਦਾ । ਰਾਤੀਂ ਸੁੱਤਾ ਪਿਆ ਅਬੜਵਾਹੇ ਉੱਠ
ਬੈਠਦਾ । ਨਿੱਤ ਨਵੇਂ ਵਾਪਰਦੀਆਂ ਹੋਣੀਆਂ-ਅਣਹੋਣੀਆਂ ਨੂੰ ਮੀਆਂ ਜੀ ਕੇ ਕਥਨ ਨਾਲ ਜੋੜ ਕੇ
ਵਾਚਦਾ । ਉਹਦਾ ਚਿੱਤ ਕਰਦਾ ਮਾਂ ਨੂੰ ਲੈ ਕੇ ਰਾਮੇ ਵਾਂਗ ਮਲਕਚਾਰੇ ਪਿੰਡੀਓਂ ਖਿਸਕ ਜਾਏ ।
ਪਰ, ਪਿਛਲੇ ਪਿੰਡ ਦੀ ਉਜਾੜ ਨੇ ਉਸ ਨੂੰ ਰਤਾ ਵੀ ਆਪਣੀ ਵਲ ਧੂਹ ਨਾ ਪਾਈ । ਉਹਦੇ
ਰਿਜਕ-ਪਾਣੀ ਵਾਲੇ ਸੰਘਣੇ ਸ਼ਹਿਰ ਵਲੋਂ ਉੱਠੀਆਂ ਲਾਟਾਂ ਬੱਸ ਦੇਖਦਿਆਂ ਈ ਦੇਖਦਿਆਂ ਟਾਂਗਾ
ਚੌਂਕ ਤੱਕ ਪਹੁੰਚ ਗਈਆਂ । ਦਿਨ-ਦਿਹਾੜੇ ਦੋਨੋਂ ਮਾਂ-ਪੁੱਤ ਸਾੜ-ਫੂਕ ਦੀ ਲਿਪੇਟ ‘ਚ ਘਿਰੇ
ਗਏ । ਮਾਂ,ਡਿੱਗਦੀ ਛੱਤ ਹੇਠ ਆ ਕੇ ਦੱਬ-ਝੁਲਸ ਗਈ ਤੇ ਉਹ ਬੇ-ਪਛਾਣ ਹੋਇਆ ਝੁੱਕੀ ਦੇ ਕੇ
ਮੀਆਂ ਜੀ ਦੇ ਘਰ ਜਾ ਲੁਕਿਆ । ਰੋਦਾ ਡੁਸਕਦਾ , ਮਾਂ ਦਾ ਵਿਯੋਗ ਕਰਦਾ । ਅਸਲਮ,ਸਰੀਫ਼ ਤੇ
ਹਿਰਖ਼ ਕਰਦਾ , ਉਹ ਬਹੁਤ ਕਲਪਿਆ , ਬਹੁਤ ਰੋਇਆ । ਪਹਿਲਾਂ ਹੌਲੀ , ਫਿਰ ਉੱਚੀ , ਫਿਰ ਹੋਰ
ਉੱਚੀ ...।
ਅਪਣੇ ਮੁਰੱਬੇ ਦੀ ਕਿਸੇ ਵੱਟ ਤੇ ਲੁੜਕਿਆ ਤਾਇਆ , ਉੱਚੀ ਉੱਚੀ ਹੱਸਦਾ , ਪਤਾ ਨਈਂ ਕਦੋਂ
ਰੋਣ ਲੱਗ ਪਿਆ । ਪਹਿਲਾਂ ਸਹਿਮਿਆਂ –ਸਹਿਮਿਆਂ । ਫਿਰ ਉੱਚੀ-ਉੱਚੀ ਭੁੱਬਾਂ ਮਾਰ ਕੇ ।
...ਥੋੜੀ ਖੂਹੀ ਲਾਗਿਉਂ ਉੱਠੇ , ਉਸ ਦਾ ਪਿੱਛਾ ਕਰਦੇ ਦੋਨੋਂ ਬੁੜ੍ਹੇ ਤਾਏ ਨੂੰ ਭੁੱਬਾਂ
ਮਾਰਦਾ ਸੁਣ ਕੇ , ਫਟਾ-ਫੱਟ ਪੈਰ ਘਸੀਟਦੇ ਉਹਦੇ ਕੋਲ ਆ ਪਹੁੰਚੇ ।
“ਓਏ ਕੀਈ ਹੋ ਗਿਆ ਤੈਨੂੰ , ਓਏ ਬਚਨ ਸਿਆਂ ...” ਆਤੂ ਨੇ ਤਾਏ ਦੇ ਗੋਡੇ ਮੁੱਢ ਬੈਠਦਿਆਂ
ਪੁੱਛਿਆਂ ।
“ ਕਿਉਂ ਰੋਈ ਜਾਨਾਂ ਕੰਜਰ ਦਿਆਂ ਤੁਖ਼ਮਾਂ , ਕਿਤੇ ਮਾਵਾਂ ਤਾਂ ਡੱਫ ਆਇਆ ਨਾਂਗੇ ਲੰਡਰ ਦਾਆ
...,” ਖੇਮੇਂ ਅਮਲੀ ਦੀ ਝਿੜਕ ਸੁਣ ਕੇ ਤਾਏ ਨੂੰ ਝੁਣਝੁਣੀ ਜਿਹੀ ਆਈ । “ ...ਲੈ ਹਾਅ ਗੱਲ
ਆ ਬਿਚੋਂ । ਤੈਨੂੰ ਕਿੰਨੀ ਵਾਰ ਕਿਹਾ , ਨਾ ਮਰਿਆ ਕਰ ਓਥੇ । ਉਹ ਧਤੂਰਾ ਰਗੜਦਾ ਭੰਗ ‘ਚ
ਰਲਾ ਕੇ ...ਨਿਰੀ ਜ਼ੈਰ , ਮਾਂ ਚੋ ...। ਪਤਾ ਨਈਂ ਕਿਉਂ ਨਈਂ ਟਲਦੀ , ਕੁੱਤੇ ਦੀ ਪੂਛ ...!
“ ਆਤੂ-ਖੇਮੇ ਨੇ ਪੂਰਾ ਜ਼ੋਰ ਲਾ ਕੇ ਤਾਏ ਨੂੰ ਬੈਠਦਾ ਕੀਤਾ । ਵਗੇ ਵਾਹਣ ਦੀ ਧੂੜ ‘ਚ ਡਿੱਗੀ
ਪਗੜੀ ਸਿੱਧੀ ਕਰਕੇ ਉਹਦੇ ਸਿਰ ਤੇ ਟਿਕਾਈ । ਥੋੜਾ ਹਟਵੀਂ ਪਈ ਐਨਕ ਸਾਂਭ ਕੇ ਅਪਣੇ ਕੋਲ
ਸਾਂਭ ਲਈ । ਉਹਨੂੰ ਸੁਰਤ ਸਿਰ ਕਰਨ ਦੇ ਆਹਰ-ਪਾਹਰ ‘ਚ ਦੋਨੋਂ ਜਣੇ ਉਹਨੂੰ ਦੋਨਾਂ ਬਾਹਾਂ
ਤੋਂ ਫੜ ਕੇ ਬੈਠ ਗਏ ।
ਰੋਣੋਂ ਚੁੱਪ ਹੋ ਕੇ ਤਾਇਆ ਫਿਰ ਅਪਣੇ-ਆਪ ਨਾਲ ਗੱਲੀਂ ਲੱਗ ਪਿਆ ....।
ਆਪ-ਮੁਹਾਰੇ ਗੱਲਾਂ ਕਰਦਾ ,ਉਹ ਵਿਚ-ਵਿਚਾਲੇ ਆਵਾਜ਼ਾਂ ਮਾਰਨ ਲੱਗ ਪਿਆ ਪੈਂਦਾ –ਪੁੰਗੇ ਨੂੰ ,
ਭਾਪੇ ਨੂੰ , ਮਾਂ ਨੂੰ ,ਅਨਵਰ ਨੂੰ , ਸ਼ਰੀਫ਼ ਨੂੰ ,ਰਤਨੀ ਨੂੰ , ਕਦੀ ਕਦੀ ਹਰੀਏ ਨੂੰ ।
ਨਾਲ ਨਾਲ ਹਟਕੋਰੇ , ਨਾਲ ਨਾਲ ਆਵਾਜ਼ਾਂ । ਕਦੀ ਉੱਚੀ , ਕਦੀ ਹੌਲੀ ।
ਭਰਦੇ –ਫਿਸਦੇ ਤਾਏ ਦੀ ਧੌਣ ਅਗਲੇ ਹੀ ਪਲ ਫਿਰ ਉਹਦੀ ਛਾਤੀ ਵਲ ਨੂੰ ਲੁੜਕ ਗਈ । ਮੂੰਹ
ਅੰਦਰੋਂ ਵਗਦੀਆਂ ਲਾਲਾਂ , ਦਾੜ੍ਹੀ ਦੇ ਡਿੱਗਦੀਆਂ ਘੱਟੇ-ਲਿਬੜੇ ਕੁੜਤੇ ਤੇ ਲੀਕਾਂ ਪਾਉਣ
ਲੱਗੀਆਂ ।
ਤਾਏ ਦੀ ਢਹਿੰਦੀ ਹਾਲਤ ਦੇਖ, ਖੇਮੇਂ ਅਮਲੀ ਨੂੰ ਸੱਚ-ਮੁੱਚ ਦੀ ਚਿੰਤਾ ਹੋ ਗਈ – “ ਐਂ ਕਰ
ਤੂੰ ਆਤੂ ,ਘੇਅ ਲਿਆ ਤੂੰ ਪਿੰਡੋਂ । ਚਾਰ ਚਮਚੇ ਮੰਗ ਲਿਆ ਕਿਸੇ ਘਰੋਂ । ਨਈਂ ਤਾਂ ਪਊਆ-ਖੰਡ
ਨਸ਼ਾ ਈ ਫੜ ਲਿਆਈਂ ਫੌਜੀ ਦੇਬੇ ਤੋਂ । ਜਾਹ ਮੇਰਾ ਭਾਅ, ਹੱਲਾ ਕਰ । ਮੈਂ ਬੈਨ੍ਹਾ ਏਦ੍ਹੇ
ਕੋਅਲ । ਨਈਂ ਤਾਂ ਮਰ ਜਊ ਏਹ ਕੰਜਰ .....!”
ਆਤੂ ਨੂੰ ਪਿੰਡ ਭੇਜ ਕੇ ਖੇਮੇਂ ਨੇ ਤਾਏ ਨੂੰ ਫਿਰ ਹਲੂਣਿਆ । ਤਾਏ ਦੇ ਹੱਥਾਂ ਨੇ ਥੋੜੀ ਜਈ
ਹਰਕਤ ਕੀਤੀ । ਉਹਦੇ ਜੀਉਂਦੇ ਹੋਣ ਦੇ ਚਾਅ ਨੇ ਖੇਮੇਂ ਨੂੰ ਬਹੁਤਾ ਡੋਲਣ ਨਾ ਦਿੱਤਾ – “
ਕਿਉਂ ਪੁੱਤ ! ਹੋਰ ਆਵੇ ਅੱਧੀ ਕੁ ਵਾਟੀ ...ਕਸਰ ਆ ਜੇ ਥੋੜੀ ਬਓਤ । ਓਏ ਤੂੰ ਸਾਡੀਆਂ
ਰੀਸਾਂ ਕਰਦਆਂ । ਕੜਾਹ ਖਾਣੇ ਭਾਅਈ ਸਾਡੀਆਂ ਰੀਸਾਂ ਨਹੀਂ ਕਰ ਸਕਦੇ ...। ਕੰਗਣੀ ਆਲਾ ਗਲਾਸ
ਹਜ਼ਮ ਕਰਨਾ , ਕੱਚੇ-ਪਿੱਲੇ ਅਮਲੀ ਦਾ ਕੰਮ ਨਈਂ ...ਸੁਣਦਾ ਕਿ ਨਈਂ ਸੁਣਦਾ ....?”
ਖੇਮੇਂ ਦੀ ਦੂਜੀ ਝਿੜਕ ‘ਸੁਣ’ ਕੇ ਤਾਏ ਨੂੰ ਅਪਣਾ ਗੇੜੇ ਖਾਂਦਾ ਸਿਰ ਰਤਾ ਕੁ ਰੁਕਦਾ ਲੱਗਾ
। ਛਾਤੀ ਵੱਲ ਨੂੰ ਲੁੜਕੀ ਧੌਣ ਉਸ ਨੇ ਪੂਰਾ ਤਾਣ ਲਾ ਕੇ ਉੱਪਰ ਚੁੱਕੀ । ਥੋੜੀਆਂ ਕੁ ਅੱਖਾਂ
ਪੱਟ ਕੇ ਉਸ ਨੇ ਲਾਗੇ ਬੈਠੇ ਖੇਮੇਂ ਵੱਲ ਦੇਖਦਿਆਂ ਥਰਕਦੀ ਜਿਹੀ ਆਵਾਜ਼ ਕੱਢੀ – “ ਕੌਅਣ ਆਂ
...ਹਰੀਆ ? ਓਏ , ਕਿਅਥੇ ਚਲਿਆ ਗਿਇਆ ਸੀਈ ਤੂੰਅ ਹਰਈਆ ਰਾਆਮਾਂ ! ਕਿਅਥੈ ਗੁਆਅਚ ਗਇਆ ਸੀਈ
ਤੂੰਅਅ ... ? ਖੇਮੇਂ ਅਮਲੀ ਨੂੰ ਜੱਫੀ ‘ਚ ਘੁਟਦਾ ਤਾਇਆ ਫਿਰ ਉੱਚੀ ਉੱਚੀ ਰੋਣ ਲੱਗ ਪਿਆ ।
...ਹਰੀਆ ਤਾਏ ਨੂੰ ਚਾਣਚੱਕ ਮਿਲਿਆ ਸੀ , ਸੰਤਾਲੀ ਦੇ ਫਸਾਦਾਂ ਵੇਲੇ । ਰਾਵਲਪਿੰਡੀਓ
ਨਿਕਲਦਿਆਂ । ਫੌਜੀ ਟਰੱਕ ‘ਚ ਸੂੰਗੜ ਕੇ ਬੈਠਾ । ਹਾਰਿਆ – ਟੁੱਟਿਆਂ ,
ਤਿੰਨ ਭਰਾ ਸਨ , ਹਰੀਏ ਹੋਰੀਂ । ਵਾਹਵਾ ਸਰਦੇ –ਪੱਜਦੇ । ਵੱਡਾ ਸਿੱਖ ਸੱਜ ਗਿਆ ਸੀ ,
ਖਾਨਦਾਨੀ ਰਵਾਇਤ ਮੂਜਬ । ਮਾਲ ਮਹਿਕਮੇ ‘ਚ ਨੌਕਰ ਸੀ ਉਹ , ਪੁਟਆਰੀ । ਛੋਟੇ ਦੋਨੋਂ ਦੁਕਾਨ
ਕਰਦੇ ਸਨ ,ਇਕੱਠੇ । ਸਬਜ਼ੀ ਮੰਡੀ । ਦੁਕਾਨ ਦੇ ਪਿਛਵਾੜੇ ਉਹਨਾਂ ਦਾ ਘਰ ਸੀ । ਵੱਡਾ ਸਾਰਾ
ਸੋਹਣਾ –ਸੁਥਰਾ । ਐਨ ਚਿੱਟੇ ਦਿਨ ਸੜ ਕੇ ਸੁਆਹ ਹੋ ਗਿਆ । ਖੰਡਰ ਬਣ ਗਿਆ । ਬਿਰਧ-ਬੁੱਢੇ ,
ਬਾਲ –ਬੱਚੇ ਸੜ ਝੁਲਸ ਗਏ ਜਾਂ ਨੱਠ-ਭੱਜ ਕੇ ਜਾਨਾਂ ਬਚਾਉਂਦੇ ,ਛੁਰੇ –ਬਰਛਿਆਂ ਚਿੱਤ ਕਰ
ਛੱਡੋ । ਪਰ , ਜੁਆਨ –ਜਹਾਨ ਇਸਤਰੀਆਂ ਦੰਗਾਕਾਰੀਆਂ, ਬੜੀ ਪੌਰਖ ਨਾਲ ਸਾਂਭ ਲਈਆਂ । ਪਰਾਏ
ਹੱਥਾਂ ‘ਚ ਧੂਹ-ਘਸੀਟ ਹੁੰਦੀ ਸੀਤਾ ਨੂੰ ‘ ਛੱਡ ‘ ਕੇ ਜਾਨ ਬਚਾਉਂਦਾ ਹਰੀਆਂ ਬਚਨੇ ਤਾਏ ਨੂੰ
ਇਕ ਫੌਜੀ ਫਰੱਕ ‘ਚ ਚਾਨਚੱਕ ਮਿਲ ਗਿਆ । ਥੱਕਿਆ-ਟੁੱਟਿਆ ।
ਬਾਡਰ ਲੰਘਣ ਤੱਕ ਉਹ ਦੋਨੋਂ ਚੁੱਪ-ਚਾਪ ਬੈਠੇ ਰਹੇ । ਹਓਕੇ ਭਰਦੇ ਰਹੇ । ਹੰਝੂ , ਪੀਂਦੇ
ਰਹੇ । ਕੈਂਪ ਪਹੁੰਚ ਕੇ ਬਚਨ ਨੇ ਹਰੀਏ ਨੂੰ ਪੁੱਛਿਆ – “ ਕੇਹੜਾ ਪਿੰਡ ਆ ਪਿੱਛੇ ? “
ਹਰੀਆਂ ਸਗੋਂ ਫਿਸ ਗਿਆ – “ ਕੋਈ ਨਈਂ ਭਰਆ , ਸਾਰਾ ਕੁਸ਼ ਓਧਰੇਈ ਸੀਈ ; ਘਰ-ਬਾਰ
,ਹੱਟੀ-ਭੱਠੀ ...!” ਬਚਨ ਨੂੰ ੳਹਨੇ ਸਾਰਾ ਕੁਝ ਦੱਸਿਆ । ਸਾਰੇ ਜੀਅ ਗਿਣਾਏ । ਜੀਉਂਦੇ
–ਬਚਦੇ ਵੀ , ਸੜੇ –ਮੋਏ ਵੀ ,ਬਚਨੇ ਤੋਂ ਉਸਦੀ ਹਾਲਤ ਸਹਾਈ ਨਾ ਗਈ । ਅੱਖਾਂ ਸਾਹਮਣੇ ਸੜੀ
ਮਾਂ ਦਾ ਦੁੱਖ ਉਸਨੂੰ ਘੱਟ ਹੁੰਦਾ ਲੱਗਾ ।
ਅਗਲਾ ਕੈਂਪ ਐਨ ਬਚਨ ਦੇ ਪਿੰਡ ਲਾਗੇ ਸੀ , ਪਰ , ਉਹ ਕਈ ਦਿਨ ‘ਘਰ’ ਨਾ ਗਿਆ ।ਜਾਦਾ ਵੀ
ਕਿਹੜੇ ਕੋਲ । ਪਿਓ ਕੋਇਟੇ ‘ਰਹਿ’ ਗਿਆ ,ਮਾਂ ਰਾਵਲਪਿੰਡੀ । ਪਿੰਡ ਇਕ ਢਾਰਾ ਸੀ , ਉਹ ਵੀ
ਜੱਟਾ ਦੀ ਖ਼ਰਾਇਤ । ਕੰਮੀਂ-ਕਮੀਣਾਂ ਨੂੰ ‘ਦਾਨ-ਪੁੰਨ’ । ਉਹ ਜਦ ਚਾਹੁਣ ਢਾਅ ਲੈਣ ।ਜਦ ਲੋੜ
ਹੋਵੇ ਬਣਾਉਣ ਦੀ ਆਗਿਆ ਦੇ ਦੇਣ । ਬਚਨੇ ਦਾ ਜੀਅ ਕੀਤਾ ,ਹਰੀਏ ਨਾਲ ਤੁਰਿਆ , ਹੋਰ ਅੱਗੇ
ਨਿਕਲ ਜਾਏ । ਕਿਧਰੇ ਦੂਰ-ਪਾਰ । ਦਿੱਲੀ-ਦੱਖਣ । ਪਰ ਉਹਦੇ ਢਾਰੇ ਦੇ ਮੋਹ ਨੇ ਉਸਨੂੰ ਇਉਂ
ਵੀ ਨਾ ਕਰਨ ਦਿੱਤਾ । ਉਹ ਨਾ ਢਾਰੇ ਨੂੰ ਭੁੱਲਾ ਸਕਿਆ ਨਾ ,ਪਿੰਡ ਨੂੰ । ਥੋੜੇ ਕੁ ਦਿਨੀਂ
ਪਿੰਡ ਪਹੁੰਚ ਗਿਆ । ਢਾਰਾ ਅਜੇ ਖੜਾ ਸੀ, ਕਿਰਪਾ ਸੂੰਹ ਲੰਬੜ ਅਜੇ ਜੀਉਂਦਾ ਸੀ । ਉਹ ਧਾਹ
ਮਾਰ ਕੇ ਬਚਨ ਨੂੰ ਮਿਲਿਆ । ਉਹਨੂੰ ਬਗਲ ‘ਚ ਲੈ ਕੇ ਮੋਹ-ਪਿਆਰ ਕੀਤਾ –“ ਪੁੱਤ ਬਚਨਿਆ ,
ਓਦਰ ਨਾ ਮੇਰਾ ਛਿੰਦ ...!ਤੇਰਾ ਦੁੱਖ ਬਓਤਾ ਈ ਡੂੰਘਾ ! ਮੈਂ ਸਭ ਸਮਝਦਾਂ । ਪਰ, ਚਾਰਾ ਕੋਈ
ਨਈਂ ਹੋਣੀ ਅੱਗੇ ! ਉੱਠ ਮੇਰਾ ਚੰਦ ਕੈਅਮ ਹੋ ...। ਹਭੀ-ਨਭੀ ਜੀਂਦੇ ਜੀਆਂ ਨੂੰ ਈ ਝੱਲਣੀ
ਪੈਂਦੀ ਆ । ਹਿੰਮਤ ਕਰ ਤੇ ਘਰ ਆਪਣਾ ਸਾਂਭ-ਸੁਆਬ ...! ਸਰਦੀ –ਪੁੱਜਦੀ ਮਦਾਦ ਮੇਰੀ ਅਲੋਂ
ਹੋਈ ਜਾਊ ..!”
ਵੱਡੇ ਲੰਬੜ ਦੀ ਹੱਲਾ-ਸ਼ੇਰੀ ਸਦਕਾ ,ਬਚਨਾ ਮੁੜ ਆਹਰੇ ਲੱਗ ਪਿਆ । ਹਰੀਏ ਨੇ ਕਈ ਵਾਰ ਕਿਧਰੇ
ਅਗਾਂਹ ਜਾਣ ਦੀ ਗੱਲ ਕੀਤੀ , ਪਰ ਬਚਨ ਨਾ ਮੰਨਿਆ । ਦੋਨੋਂ ਪਹਿਲਾਂ ਕੋਠਾ ਸੁਆਰਨ ‘ਚ ਰੁੱਝੇ
ਰਹੇ । ਫਿਰ ਆਰ੍ਹਨ-ਭੱਠੀ ਬਣਾਉਣ ‘ਚ । ਫਿਰ ਆਲਮ ਲੁਹਾਰ ਦਾ ਢੱਠਾ ਖ਼ਰਾਸ ਖੜਾ ਕਰਨ ਵਿਚ ।
ਖ਼ਰਾਸ ਨਾਲ ਲਗਦੀ ਆਲਮ ਦੀ ਕੱਚੀ ਕੋਠੜੀ ਉਹਨਾਂ ਲੰਬੜ ਤੋਂ ਪੁਛ ਕੇ ਹਰੀਏ ਲਈ ਝਾੜ-ਸੁਆਰ ਲਈ
, ਹੱਟੀ ਪਾਉਣ ਲਈ । ਲੂਣ-ਤੇਲ ਤੋਂ ਤੁਰਿਆ ਹਰੀਆਂ , ਸਹਿਜੇ ਜਹਿਜੇ ਚੁੱਲੇ –ਚੌਂਕੇ ਨੂੰ
ਚਾਹੀਦੀਆਂ ਸਾਰੀਆਂ ਚੀਜ਼ਾਂ-ਵਸਤਾਂ ਰੱਖਣ ਲੱਗ ਪਿਆ । ਹੌਲੀ-ਹੌਲੀ ਹੱਟੀ –ਖ਼ਰਾਸ ਸਾਰੇ ਪਿੰਡ
ਦੀ ਰੌਣਕ ਬਣ ਗਏ । ਸਹਿਜੇ-ਸਹਿਜੇ ਦੋਨਾਂ ਦੀ ਉਦਾਸੀ ਦੂਰ ਹੋਣ ਲੱਗੀ ।
ਫਿਰ...ਚਾਣਚੱਕ ਹਰੀਏ ਨੂੰ ਉਹਨੇ ਵੱਡੇ ਭਾਈ ਬਿਸ਼ਨ ਸਿੰਘ ਦੀ ਜੀਉਂਦੇ ਹੋਣ ਦੀ ਖ਼ਬਰ ਮਿਲ ਗਈ
। ਵਟਵਾਰੇ ਕਾਰਨ ਉਹਦੀ ਨੌਕਰੀ ਦਾ ਕੋਈ ਸਬੱਬ ਨਾ ਬਣਿਆ । ਉਹ ਦੁਕਾਨ ਪਾ ਕੇ ਬਹਿ ਗਿਆ
ਦਿੱਲੀ । ਜਮਨਾ ਪਾਰ । ਮਨਿਆਰੀ ਦੀ । ਸਾਰਾ ਮੋਹ ਪਿਆਰ ਛੱਡ ਹਰੀਆ ਦਿੱਲੀ ਚਲਾ ਗਿਆ । ਬਚਨਾ
ਫਿਰ ਕੱਲਾ ਰਹਿ ਗਿਆ । ਨਾ ਕੋਈ ਸਰੀਕਾ , ਨਾ ਕੋਈ ਭਾਈਚਾਰਾ , ਨਾ ਕੋਈ ਵੈਰੀ ਨਾ ਮਿੱਤਰ ।
ਉਸ ਦੇ ਕਈ ਸਾਰੇ ਹਾਣੀ ਵਿਆਹੇ –ਵਰੇ ਗਏ । ਕਈਆਂ ਦੇ ਦੋ-ਦੋ ਤਿੰਨ-ਤਿੰਨ ਮੁੰਡੇ-ਕੁੜੀਆਂ
ਵੀ। ਉਹਦੇ ਹਾਣਦਿਆਂ ਦੇ ਵੀ ,ਉਸਤੋਂ ਛੋਟਿਆਂ ਦੇ ਵੀ । ਖ਼ਰਾਸ ਹੱਕਦੇ ਉਹਨਾਂ ਦੇ ਬਾਲ ਬੱਚੇ
ਜਾਂ ਬਚਨ ਨੂੰ ਚਾਚਾ ਆਖਕੇ ਬੁਲਾਉਂਦੇ ਤਾ ਬਚਨਾ ਅੰਦਰੋ-ਅੰਦਰ ਖਿੜ ਜਾਂਦਾ । ਪਰ ਆਟਾ ਲੈਣ
ਆਏ ਲੰਮੇ ਘੁੰਡਾਂ ‘ਚ ਹੱਸਦੇ ਬੋਲ ਫਿਰ ਉਸਨੂੰ ਉਦਾਸ ਕਰ ਦਿੰਦੇ – “ ਤਾਇਆ ਆਖੋ ਪੁੱਤ ਤਾਇਆ
ਭਾਅਈ ਜੀ ਨੂੰ , ਭਾਪੇ ਤੁਆਡੇ ਨਾਲੋਂ ਵਡੇਰਾ ਆ,ਭਾਈ ...।“
ਸਹਿਜੇ ਸਹਿਜੇ ਬਚਨਾ ਸਭ ਦਾ ਤਾਇਆ ਬਣ ਗਿਆ । ਨਿੱਕਿਆਂ ਦਾ ਵੀ, ਵੱਡਿਆਂ ਦਾ ਵੀ । ਅਗਲੇ
ਦਿਨ ਦੀ ਖ਼ਰਾਸ ਵੀ ਵਾਰੀ ਲੈਣ ਆਈਆਂ ਜੁਆਨ-ਜਹਾਨ ਜੱਟੀਆਂ ਵੀ ਉਹਨੂੰ ਜੁਆਕਾਂ ਰੀਸੇ ਤਾਇਆ
ਕਹਿ ਕੇ ਬੁਲਾਉਂਦੀਆਂ ।ਕਈ ਹੁੰਦੜ-ਹੇੜ ਤਾਂ ਉਸ ਨਾਲ ਬੋਲ-ਕਬੋਲ ਵੀ ਕਰਦੀਆਂ- ‘ਕੇਦ੍ਹੇ ਲਈ
ਜੋੜੀ ਜਾਨਾਂ ਤੂੰ ਐਨਾ ਕੁਸ ...’ ਕਿਤੇ ਵੰਡ-ਵਰਤਾ ਵੀ ਛੱਡਿਆ ਕਰ ਮਾਤੜਾਂ ਨੂੰ ....। “
“ ਕੋਈ ਨਾ ਭਾਬੀ ਜਿਮੇਂ ਤੁਸੀ ਆਖੋ ,ਮੈਂ ਕੋਈ ਨਾਬਰ ਆ ਕਿਸੇ ਗੱਲੋਂ ...! “ ਉਹ ਅਗੋਂ
ਚਾਂਬਲ ਜਾਂਦਾ ।
ਉਮਰੋਂ ਛੋਟੀ ਖੇਮੇਂ ਅਮਲੀ ਦੀ ਪ੍ਰੀਤੋ ਨੂੰ ਭਾਬੀ ਕਹਿੰਦਿਆਂ ਉਹਨੂੰ ਬਹੁਤਾ ਈ ਮੋਹ ਜਾਗ
ਪੈਂਦਾ । ਉਹ ਕਦੀ –ਕਦਾਈਂ ਉਸਨੂੰ ਗੁੱਝੀਆਂ ਗੁੱਝੀਆਂ ਰਮਜ਼ਾ ਵੀ ਮਾਰ ਲੈਂਦਾ । ਗੱਲੀ
–ਗੱਲੀਂ ਉਹ ਪ੍ਰੀਤੋ ਨੂੰ ਕੋਈ ਨਾ ਕੋਈ ਓਹੜ-ਪੋਹੜ ਕਰਨ ਲਈ ਆਖਦਾ ਵੀ । ਪ੍ਰੀਤੋ ਜਾਣਬੁੱਝ
ਕੇ ਉਸਦੇ ਤਰਲੇ-ਮਿੰਨਤਾਂ ਸੁਣਦੀ , ਵੇਅਰ ਜਾਂਦੀ – “ ਤੂੰ...ਤੂੰ ਤਾਂ ਹੁਣ ਵਤੋਂ ਲੰਘ ਗਿਆ
ਜੇਠਾ । ਛੱਡ ਕਰ ਹੁਣ । ਐਂ ਈ ਕੱਟ ਲਾਅ ਚਾਰ ਦਿਨ ਔਖੇ-ਸੌਖੇ ! “ ਉਹ ਜੇ ਚਾਹੁੰਦੀ ਤਾਂ
ਉਸਦਾ ਗੰਢ-ਤੁੱਪ ਕਰਵਾ ਸਕਦੀ ਸੀ । ਦੂਰ ਤੱਕ ਨਿਗਾਹ ਜਾਂਦੀ ਸੀ ਉਹਦੀ । ਇਕ ਦੋ ਥਾਈਂ ਉਹਦਾ
ਹੱਥ ਵੀ ਪੈਂਦਾ ਸੀ । ਪਰ, ਉਹਨੇ ਤਾਏ ਨੂੰ ਊਈਂ ਭੂਤ-ਫੇਰੀ ‘ਪਾ ਰੱਖਿਆ । ਕਦੀ ਕਿਸੇ ਪਾਸੇ
ਲੈ ਤੁਰਦੀ ,ਕਦੀ ਕਿਸੇ । ਪਿਛਲੀ ਵਾਰ ਉਹਨੂੰ ਉਹ ਮੱਸਿਆ ਲੈ ਗਈ , ਤਰਨਤਾਰਨ । ਕਹਿੰਦੀ
–ਓਥੇ ਮੇਰੇ ਪੇਕਿਆਂ ਤੋਂ ਵਿਆਈ ਵੀ ਆ ਸੀਤਲੋ । ਬੱਸ ਲਾਗੇ ਈ ਸ਼ਹਿਰੋਂ । ਤੇਰੀ ਈ
ਜਾਤ-ਬਰਾਦਰੀ ਦੀ ਆ । ਉਹਦੇ ਹੱਥਾਂ ‘ਚ ਹੈ ਇਕ ਕੁੜੀ । ਤੂੰ ਸ਼ਨਾਨ ਕਰਕੇ ਬਿੰਦ ਕੁ ਰਮਾਨ
ਕਰੀ , ਪਰਕਰਮਾ ‘ ਚ । ਮੈਂ ਤਾਗਾ ਕਰਕੇ ਗਈ ਕਿ ਆਈ । ਕੁੜੀ ਆਲਿਆ ਨੂੰ ਨਾਲ ਈ ਲੈਂਦੀ ਆਊਂ
, ਤੇਰੇ ਕੋਲ ...! ਊਂ ਬੰਦੇ ਉਹ ਐਹੋ ਜਿਹੇ ਈ ਆ । ਚਾਰ ਛਿੱਲੜ ਕੋਲ ਰੱਖੀਂ । ਝੱਟ ਅਗਲੇ
ਦੇ ਹੱਥ ਤੇ ਰੱਖਾਂਗੇ । ਅਗਲਾ ਨਾਂਹ –ਨੁੱਕਰ ਕਰੂ ਈ ਕਿਉਂ ....!”
ਤੀਵੀਂ ਲਈ ਤਰਲੋ-ਮੱਛੀ ਹੋਇਆ ਤਾਇਆ , ਫੱਟ ਤਿਆਰ ਹੋ ਗਿਆ । ਝੱਟ ਆਤੂ ਨੂੰ ਸੱਦ ਕੇ ਦਾੜ੍ਹੀ
ਦੇ ਖ਼ਤ ਕਢਵਾ ਲਏ । ਗਲ , ਬਦਾਮੀਂ ਬੇਸਬਕੀ ਦਾ ਖਡਕਦਾ ਝੱਗਾ । ਤੇੜ ਚਾਬੀ ਲੱਠੇ ਦਾ ਚਿੱਟਾ
ਖਜਾਮਾ । ਗੂੜ੍ਹੇ ਉਨਾਭੀ ਰੰਗ ਦੀ ਨਵੀਂ ਨਕੋਰ ਪੱਗ , ਪੋਚ –ਸਆਰ ਕੇ ਬੰਨ , ਉਹ ਪੂਰਾ ਲਾੜਾ
ਬਣ ਗਿਆ । ਨਿੱਕੀ ਟਰੰਕੀ ‘ਚ ਸਾਂਭ ਕੇ ਰੱਖਿਆ ਪੈਸਾ-ਧੈਲਾ ਜਾਂ ਰੁਮਾਲ ਦੀ ਨੁੱਕਰ ‘ਚ ਲਪੇਟ
ਕੇ ਉਹ ਬਗਲ ਜੇਬ ‘ਚ ਪਾਉਣ ਈ ਲੱਗਾ ਤਾਂ ਪ੍ਰੀਤੋ ਝੱਟ ਸਿਰ ਤੇ ਆ ਪਹੁੰਚੀ – “ ਹਾਆ ਕੀ
ਕਰਦਾਂ ...! ਹੈਥੇ ਕਾਨੂੰ ਰੱਖਦਆਂ ਕੁਲੱਗਦੇ ...! ਗੁਆ ਬੈਠੇਂਗਾ । ਭੀੜ –ਭੜੱਕਾ ਬਓਤ
ਹੁੰਦਆ ..। ਲਿਆ ਫੜਾ , ਲਿਆ ਫੜਾ ਐਧਰ । ਮੈਂ ਸਾਂਭਦੀ ਆਂ ਤੇਰੀ ਅਮਾਨਤ ... । “
ਸੂਹੇ ਜੰਪਰ ਦਾ ਅਗਲਾ ਪੱਲਾ ਢਿੱਡ ਤੱਕ ਚੁੱਕ ਕੇ ਪ੍ਰੀਤੋ ਨੇ ਗੰਢ ਕੀਤਾ ਰੁਮਾਲ , ਹੇਠਾਂ
ਪਾਈ ਕੁੜਤੀ ਦੀ ਜੇਬ ‘ ਚ ਰੱਖ ਲਿਆ । ਖੁਲ੍ਹੀ ਜੇ ਬ ਦਾ ਵੱਡਾ ਮੂੰਹ ਬਸਕੂਆ ਲਾ ਕੇ ਉੱਪਰੋਂ
ਘੁੱਟ ਲਿਆ – “ ਲੈਅ ਦੇਖਿਆ , ਐਂ ਸਾਂਭੀਦੀ ਆ ਕੀਮਤੀ ਚੀਜ਼-ਵਸਤ । ਤੂੰ...ਤੂੰ...ਤਾਂ ਬੱਸ
ਭਾਈ ਦਾ ਭਾਈ ਈ ਰੈਹਣਾ ...!”
“ ਲੈਅ, ਹੁਣ ਮੈਂ ਨਿਕਲਦੀ ਆਂ ਅੱਗੇ –ਅੱਗੇ ਟੇਸ਼ਣ ਨੂੰ । ਤੂੰ ਰਤਾ ਅਟਕ ਕੇ ਆ ਜਾ
...।ਗੱਡੀ ਨੂੰ ਹਜੇ ਟੈਮ ਹੈਗਾ । ਐਂ ਕਰੀ ਜ਼ਰਾ ....,” ਤਾਏ ਨੂੰ ਪਰਦੇ ਦੀ ਗੱਲ ਸਮਝਾਉਂਦੀ
ਪ੍ਰੀਤੋ ਨੇ ਆਖਿਆ – “ ਏਨ੍ਹਾਂ ਚੰਦਰੇ ਮੂਹਾਂ ਆਲੀਆਂ ਨੂੰ ਜਾਣੋਂ ਕੰਮ ਈ ਕੋਈ ਨਈਂ ਹੋਰ ।
ਸਾਰਾ ਦਿਨ ਊਈਂ ਮੁਸ਼ਕ ਸੁੰਘਦੀਆਂ ਰੈਣਗੀਆਂ ...। ਕੇੜੀ ਕਿੱਥੇ ਜਾਂਦੀ ਆ, ਕੇੜੀ ਕਿਹਦੇ ਨਾਲ
ਆ । .....ਅਪਣਾ ਸਭਿਆਚਰ ਨੂੰ ਥੌਹ ਪਤਾ ਈ ਨਈਂ ...। ਰੰਡਾਂ ਚਾਰ ਜ਼ਮਾਨੇ ਦੀਆਂ ...।“
ਸਵੇਰ ਦਿਨ ਚੜ੍ਹੇ ਦਾ ਗਿਆ ਬਚਨਾ ਸ਼ਾਮੀ ਹਨੇਰੇ ਪਏ ਤਰਨਤਾਰਨੋ ਪਿੰਡ ਪਰਤ ਆਇਆ । ਪ੍ਰੀਤੋ
ਕਿਧਰੇ ਤੀਜੇ-ਚੌਥੇ ਵਾਪਸ ਆਈ । ਪਿੰਡ ਆ ਕੇ ਵੀ ਉਹ ਕਈ ਚਿਰ ਤਾਏ ਦੇ ਮੱਥੇਨਾ ਲੱਗੀ । ਇਹ
ਦਿਨ ਤਾਏ ਨੇ ਬੜੀ ਬੇਸਬਰੀ ਨਾਲ ਕੱਟੇ । ਆਖਿਰ ਸਮਾਂ ਵਿਚਾਰ ਕੇ ਉਹ ਉਹਦੇ ਪਿੱਛੇ ਚਲਾ ਗਿਆ
, ਖੂਹ ਤੇ । ਪ੍ਰੀਤੋ ਨੇ ਤਾਏ ਨੂੰ ਫਿਰ ਉਪਰੋਂ ਦੀ ਵਗਲ ਲਿਆ – “ਲੈਅ ਮੈਂ ਤਾਂ ਤੈਨੂੰ
ਮਿਲਣ –ਮਿਲਣ ਈ ਕਰਦੀ ਰਈ । ਅੱਗ-ਲੱਗਣਾ ਟੈਮ ਜਿਆ ਨਈਂ ਬਣਿਆ । ...ਕੰਮ ਤੇਰਾ ਜਾਣੋ ਹੋਇਆ
ਕਿ ਹੋਇਆ । ਕੁੜੀ ਆਲੇ ਕੈਂਹਦੇ ਸੀਈ , ਸਾਨੂੰ ਪਸੰਦ ਆ ਮੁੰਡਾ । ਉਹਨਾਂ ਤੈਨੂੰ ਨਜ਼ਰ ਮਾਰ
ਲਈ ਸੀ , ਘੁੰਮਦੇ ਨੂੰ । ਮੇਲੇ ‘ਚ । ਬੱਸ ਨੂੰ ਜ਼ੇਰਾ ਕਰ , ਉਹ ਕਿਸੇ ਦਿਨ ਆਏ ਕਿ ਆਏ ...।
“
ਤਾਏ ਨੇ ‘ਉਹਨਾਂ’ ਦੀ ਉਡੀਕ ‘ਚ ਕਈ ਦਿਨ ਹੋਰ ਗੁਜ਼ਾਰ ਦਿੱਤੇ । ਓਨੇ ਦਿਨ ਉਸ ਤੋਂ ਕੋਈ ਕੰਮ
ਨਾ ਹੋਇਆ । ਚੀਰੀਆਂ ਪਈਆਂ ਹਲਸਾਂ-ਪੱਥੀਆਂ ਜਿੱਥੇ ਸੀ ਉਥੇ ਈ ਪਈਆਂ ਰਹੀਆਂ । ਕਈਆਂ ਦੇ
ਫਾਲ੍ਹੇ-ਗੰਡਾਸੇ , ਖੁੰਡੇ ਹੁੰਦੇ –ਹੁੰਦੇ ਡੁੱਪੜ ਨਿਕਲ ਆਏ ।
ਤਾਏ ਦੀ ਉਲਝੀ ਹਾਲਤ ਦੇਖ ਕੇ , ਵੱਡੇ ਲੰਬੜ ਕਿਰਪਾ ਸੂੰਹ ਨੂੰ ਵੀ ਚਿੰਤਾ ਹੋਈ – “ ਹੇ
ਮਨਾਂ ਕਰ ਕੁਸ਼ ਏਸ ਮੁੰਡੇ ਦਾ ...,” ਉਸ ਨੇ ਆਪਣੇ ਆਪ ਨਾਲ ਸਲ੍ਹਾਹ ਕੀਤੀ- “ ਬੜੀ ਚੀਜ਼ ਐ
ਮੁੰਡਾ ...। ਏਦ੍ਹਾ ਕੀਈ ਆ !ਆਰੀ ਤੇਸਾ ਮੋਢੇ ਲਾਊ , ਹੋਰ ਕਿਤੇ ਜਾ ਬੈਠੂ । ਕਿਸੇ ਵੀ
ਥਾਂ-ਗਰਾਂ । ਏਨੂੰ ਕਾਦ੍ਹੀਆਂ ਘਾਟਾਂ ...। ਘੋੜੇ ਅਗਰੀ ਦੇਹ ਆ । ਬੋਲ –ਬਾਲੀ ਮਿੱਠੀ ਆ ।
ਹੱਥਾਂ ‘ਚ ਹੁਨਰ ਆ । ...ਵਿਗੋਚਾ ਤਾਂ ਮਾਤੜ੍ਹਾਂ ਨੂੰ ਪੈਣਾ । ਫੇਅਰ ਚੁੱਕੀ ਫਿਰਾਂਗੇ
ਹਲ-ਪੰਜਾਲੀਆਂ ਹੋਰਨੀਂ ਪਿੰਡੀਂ । ...ਵਾਹ ਓਏ ਮਾਲਕਾ, ਏਹ ਤੀਮੀਂ ਵੀ ਕੀ ਚੀਜ਼ ਆ , ਸੌਹਰੀ
ਦੀ । ਜ੍ਹਿਨੂੰ ਮਿਲ ਜਾਂਦੀ ਆ ਉਹ ਵੀ ਔਖਾ , ਜ੍ਹਿਨੂੰ ਨਈਂ ਮਿਲਦੀ ਉਦ੍ਹਾ ਤਾਂ ਬੱਸ ਸਾਹ ਈ
ਸੂਤਿਆ ਜਾਂਦਾ । ਰਤਾ ਵੀ ਮੋਹ ਨਈਂ ਕਰਦਾ ਉਹ ਘਰ ਦੀ ਮਿੱਟੀ ਨਾ ...।“
ਤਾਏ ਬਚਨੇ ਦਾ ਮਿੱਟੀ ਨਾਲ ਮੋਹ ਬਣਾਈ ਰੱਖਣ ਲਈ , ਕਿਰਪਾ ਸੂੰਹ ਲੰਬੜ ਨੇ ਦੂਰ ਤੱਕ ਨਿਗਾਹ
ਦੁੜਾਈ । ਪੇਕੇ ਪਿੰਡ ਮਿਲਣ ਆਈ ਵੱਡੀ ਧੀ ਧੰਨਵੰਤੋ ਨਾਲ ਵੀ ਉਹਦੇ ਗੱਲ ਕੀਤੀ । ਵੱਡੇ
ਚੌਕੇਂ ‘ਚ ਗੱਲੀਂ ਪਈ ਧੰਨਵੰਤੋ ਨੇ ਸੌਹਰੇ ਪਿੰਡ ਦੇ ਕਈ ਘਰ ਫਰੋਲੇ – “ ਹੈਅ ਤਾਂ ਸਈ ਭਾਪਾ
ਇਕ ਕੁੜੀ ਸਾਡੇ, ਲੁਹਾਰਾਂ ਦੀ । ...ਮੈਂ ਕਰੂੰ ਗੱਲ ਜਾਂਦੀਓ , ਉਦ੍ਹੇ ਪੇਅ ਨਾ ‘। ਹੈਅ
ਤਾਂ ਵੈਲ੍ਹੀ ਜਿਆ ਈ ਉਹ । ਮਾਂ ਪਰ ਸਾਲ ਮਰ ਗਈ ਸੀ , ਉਦ੍ਹੀ । ਊਂ ਸਾਡੇ , ਹੋਰ ਵੀ ਘਰ
ਹੈਗੇ ਤਖਾਣਾਂ ਦੇ , ਪਰ ਉਹ ਬਾਅਰ –ਅੰਦਰ ਰਹਿੰਦੇ ਆ ...। “
ਲੰਬੜ-ਬਾਪੂ ਦੀ ਫਰਮਾਇਸ਼ ਪੂਰੀ ਕਰਕੇ ਧੰਨਵੰਤੋ ਪੰਜੀਂ-ਸੱਤੀਂ ਫਿਰ ਮੁੜ ਆਈ , ਤਾਏ ਦਾ ਜਾਣੋ
ਪੈਰ ਹੀ ਭੁੰਜੇ ਲੱਗਣੋਂ ਜਾਂਦਾ ਲੱਗਾ । ਉਹਨੇ ਦਿਨਾਂ ਅੰਦਰ ਹੀ ਸਭ ਤਿਆਰੀਆਂ ਮੁਕੰਮਲ ਕਰ
ਲਈਆਂ । ਉਹਦੇ ਪਿਓ ਦੀ ਥਾਂ ਕਿਰਪਾ ਸੂੰਹ ਲੰਬੜ ਨੇ ਮਿਲਣੀ ਕੀਤੀ ।ਦਿੱਲੀ, ਹਰੀਏ ਨਾਲ ਵੱਡੇ
ਭਾਈ ਦੇ ਟੱਬਰ ਨੇ ਸਿੱਧੇ ਮੂੰਹ ਗੱਲ ਈ ਨਹੀਂ ਸੀ ਕੀਤੀ । ਹਰ ਰੋਜ਼ ਕੋਈ ਨਾ ਕੋਈ
ਬੋਲ-ਬੁਲਾਰਾ ਹੋਇਆ ਰਹਿੰਦਾ । ਕਦੀ ਪੈਸੇ ਪਿੱਛੇ , ਕਦੀ ਮਰ-ਪੱਖ ਗਏ ਜੀਆਂ ਪਿੱਛੇ । ਹਾਰ
ਕੇ ਬਰੰਗ ਮੁੜਿਆ ਰਹੀਆਂ ,ਤਾਏ ਦੇ ਛੋਟੇ ਵੱਡੇ ਭਰਾਵਾਂ ਦੀ ਥਾਂ ਕੱਲਾ ਭੁਗਤਿਆ ।
ਰਤਨੀ ਨੇ ਆਉਦਿਆ ਸਾਰ ਬਚਨ ਦਾ ਕਈ ਕੁਝ ਬਦਲ ਦਿੱਤਾ । ਉਹਦਾ ਕੱਚਾ ਕੋਠਾ, ਸੋਹਣਾ –ਸੁੰਦਰ
ਘਰ-ਘਾਟ ਦਿਸਣ ਲੱਗਾ ।ਵਾਗਲ੍ਹਾ , ਖ਼ਰਾਸ ਲਿੱਪ-ਸੰਵਰ ਕੇ ਬਦਲੇ ਬਦਲੇ ਜਾਪਣ ਲੱਗੇ । ਪਰ,
ਜਿਹੜੀ ਚੀਜ਼ ਰਤਨੀ ਦੇ ਢੇਰ ਸਾਰੇ ਯਤਨ ਕਰਨ ਤੇ ਵੀ ਨਾ ਬਦਲੀ , ਉਹ ਸੀ ਭਾਈ ਗੁਰਬਚਨ ਸੂੰਹ
ਦੀ ਉੱਪਨਾਮ , ਤਾਇਆ । ਉਹਦੇ ਪਿਓ-ਦਾਦੇ ਦੀ ਉਮਰ ਦੇ ਵੱਡੇ-ਵਡੇਰੇ ਵੀ ਜਦ ਬਚਨ ਨੂੰ ਤਾਇਆ
ਕਹਿ ਕੇ ਬਾਹਰੋਂ ‘ ਵਾਜ਼ ਮਾਰਦੇ ਤਾਂ ਰਤਨੀ ਬਹੁਤ ਈ ਹਲੀਮੀਂ ਨਾਲ ਉਹਨਾਂ ਨੂੰ ਘਰ ਅੰਦਰ
ਬਲਾਉਂਦੀ । ਚੁੰਨੀ –ਦੁਪੱਟੇ ਦਾ ਘੁੰਡ ਕੱਢ ਕੇ ਮੰਜੇ-ਪੀੜੀ ਤੇ ਬੈਠਣ ਲਈ ਆਖਦੀ । ਲੱਸੀ
–ਪਾਣੀ ਦਾ ਗਲਾਸ ਆਏ ਬੰਦੇ ਨੂੰ ਫੜਾ ਕੇ ਕੇ ਬੜੀ ਨਿਮਰਤਾ ਨਾਲ ਆਖਦੀ – “ ਏਹ ਤਾਂ ਜੀਈ
ਤੁਆਡੇ ਪੁੱਤ-ਬੱਚਿਆਂ ਅਰਗੇ ਆ ਤੁਸੀਂ ਏਨਾ ਦਾ ਨਾਂ ਲੈ ਕੇ ‘ ਵਾਜ਼ ਮਾਰਦੇ ! “
ਰਤਨੀ ਦੇ ਆਖਿਆਂ-ਦੱਸਿਆਂ ਇਕ ਅੱਧ ਵਾਰ ਜੇ ਕਿਸੇ ਨੇ ਬਚਨ ਨੂੰ ਗੁਰਬਚਨ ਸਿਆਂ ਜਾਂ ਬਚਨ
ਸਿਆਂ ਕਹਿ ਕੇ ਬੁਲਾਇਆ ਵੀ ਤਾਂ ਅਗਲੀ ਵਾਰ ਫਿਰ ਉਹੀ ਭੁੱਲ । “ ...ਕੋਈ ਨਾ ਪੁੱਤ ਤੂੰ ਸੰਗ
ਜਿਹੀ ਨਾ ਕਰ , ਐਮੇਂ ਅੱਲ ਜਿਈ ਬਣ ਗਈ ਆ ਬਚਨੇ ਪੁੱਤ ਦੀ , ਬੀਬੇ ਰਾਣੇ ਦੀ ...।“
ਆਖਿਰ ਰਤਨੀ ਇਸ ਗਲੋਂ ਅਵੇਸਲੀ ਹੀ ਹੋ ਗਈ । ਕੋਈ ਕੁਝ ਕਹਿ ਕੇ ਬੁਲਾਏ , ਉਸ ਨੇ ਕਦੀ ਬਹੁਤਾ
ਧਿਆਨਾ ਨਾ ਦਿੱਤਾ ।
ਇਸ ਬੇ-ਧਿਆਨੀ ‘ਚ ਗੁਰਬਚਨ ਦੇ ਨਾਲ ਨਾਲ ਉਸ ਦੇ ਪੇਕਿਆਂ ਦਾ ਆਪਣਾ ਨਾਂ ਵੀ ਗੁੰਮ ਹੋ ਗਿਆ ।
ਤਾਈ ਰਤਨੀ ਤੋਂ ਘਟਦੀ, ਉਹ ਵੀ ਕੱਲੀ ਤਾਈ ਈ ਰਹਿ ਗਈ । ਸਾਰਿਆਂ ਦੀ ਵਡੇਰੀ । ਸਿਰਫ ਨਾ
ਪੱਖੋਂ ਹੀ ਨਹੀਂ । ਕੰਮ-ਕਾਰ ਪੱਖੋਂ ਵੀ , ਵਰਤੋਂ ਵਿਓਹਾਰ ਪੱਖੋਂ ਵੀ । ਤਾਏ ਦਾ ਤਾਂ
ਜਾਣੋਂ ਜਹਾਨ ਈ ਬਦਲ ਗਿਆ । ਉਹਨੂੰ ਪਿਛਲੇ ਸਾਰੇ ਦੁੱਖ ਭੁੱਲਣ ਲੱਗੇ । ਕੋਇਟੇ ਵਾਲੇ ਵੀ ,
ਰਾਵਲਪਿੰਡੀ ਵਾਲੇ ਵੀ । ਹਰੀਏ ਨੂੰ ਵੀ ਉਹ ਹੋਇਆ –ਬੀਤਿਆ ਸੱਭ ਕੁਝ ਭੁਲ ਜਾਣ ਲਈ ਆਖਦਾ – “
ਐਂ ਢੇਰੀ ਢਾਇਆਂ ਕੁਸ਼ ਨਈਂ ਬਣਦਾ , ਹਿੰਮਤ ਕਰ ਹਿੰਮਤ ....”,” ਹਰ ਵੇਲੇ ਮੂੰਹ ਲਮਕਾਈ
ਰਖਦੇ ਹਰੀਏ ਨੂੰ , ਉਹ ਝਿੜਕ ਜਿਹੀ ਮਾਰ ਕੇ ਕਹਿੰਦਾ – “ ...ਤੇਰੇ ‘ਚ ਕੀ ਕਮੀਂ ਆਂ ? ਕੀ
ਹੋਇਆ ਜੇ ਚਾਰ ਛਿੱਲੜ ਨਈਂ ਦਿੱਤੇ ਵੱਡੇ ਭਰਾ ਨੇ ਕਲੇਮ ‘ਚੋਂ ...! ਤੂੰ ਆਪ ਖੜੋ ਆਪਣੇ
ਪੈਰਾਂ ਤੇ । ਤੂੰ ਕੋਈ ਲੂਲਾ ਆਂ ਕਿ ਲੰਗੜਾ ...? “
.... ਡੋਲੇ–ਥਿੜਕੇ ਹਰੀਏ ਨੂੰ ਠੱਮਣਾ ਦੇਣ ਵਾਲਾ ਤਾਇਆ , ਹੁਣ ਆਪ ਲੁੜਕਿਆ ਪਿਆ ਸੀ ।
ਪਿੰਡੋਂ ਕਾਫੀ ਦੂਰ , ਦੂਜੇ ਪਿੰਡ ਦੇ ਵਸੀਮੇਂ ਤੇ । ਹਾਰਿਆ –ਥਿੜਕਿਆ ਅੰਦਰੋਂ ਟੁੱਟਿਆ ।
ਹੁਣ ਜਿਵੇਂ ਹਰ ਚੀਜ਼ ਉਸ ਨੂੰ ਵੱਢ-ਵੱਢ ਖਾਂਦੀ ਹੋਵੇ – ਅਪਣੇ ਖੇਤ, ਅਪਣਾ ਘਰ , ਆਪਣੀ ਚੱਕੀ
, ਆਰਾ , ਧੀਆਂ-ਪੁੱਤ । ਖੇਮੇ ਅਮਲੀ ਨੂੰ ਘੁੱਟ ਕੇ ਜੱਫੀ ਪਾਈ ਉਹ ਕਦੀ ਕਿਸੇ ਨੂੰ ਆਵਾਜ਼ਾ
ਮਾਰਦਾ ਕਦੀ ਕਿਸੇ ਨੂੰ । ਜਿਹਨਾਂ ਦੇ ਨਾਂ ਵੀ ਹੁਣ ਉਸ ਤੋਂ ਠੀਕ ਤਰ੍ਹਾਂ ਬੋਲੇ ਨਹੀਂ ਸੀ
ਜਾਂਦੇ , ਬੜੀ ਮੁਸ਼ਕਲ ਨਾਲ ਉਹ ਮਾਂ ਨੂੰ ‘ ਆਂ , ਰਤਨੀ ਨੂੰ ‘ ਤਨੀ ਤੇ ਹਰੀਏ ਨੂੰ ਹਈਆ
ਆਖਦਾ , ਰੋਈ ਜਾ ਰਿਹਾ ਸੀ ,ਉੱਚੀ –ਉੱਚੀ ...।
ਦਿੱਲੀ ਦੀ ਸਾਰੀ ਤਾਂਘ ਛੱਡ ਕੇ ਹਰੀਆਂ ਪੱਕਾ ਟਿਕ ਗਿਆ , ਨੂਰਪੁਰ ।ਤਾਏ ਦੇ ਖ਼ਰਾਸ ਲਾਗੇ ।
ਸਾਲ ਖੰਡ ‘ਚ ਉਹਦੀ ਹੱਟੀ , ਦੋ-ਹੱਟੇ ‘ ਚ ਬਦਲ ਗਈ । ਨੈਣੋਵਾਲੀਏ ਖ਼ਤਰੀਆਂ ਵਲ੍ਹ ਮੰਗਿਆ
–ਵਿਆਇਆ ਗਿਆ । ਹੁਣ ਕਦੀ ਉਸ ਨੂੰ ਓਧਰ ਰਹਿ ਗਈ , ਨਾ ਸੀਤਾ ਯਾਦ ਆਉਂਦੀ ਨਾ ਘਰ-ਬਾਹਰ ਦੀ ।
ਨੂਰਪੁਰ ਪਿੰਡ ਦਾ ਸਾਰਾ ਲੈਣ-ਦੇਣ, ਹਾਸੇ-ਰੋਸੇ , ਉਸ ਦੀ ਹੱਟੀ ਨਾਲ ਜੁੜਦੇ ਗਏ ਜਾ ਖ਼ਰਾਸ
ਦੀ ਥਾਂ ਲਾਈ ਤਾਏ ਦੀ ਚੱਕੀ ਨਾਲ । ਨਿੱਕੇ-ਮੋਟੇ ਕੰਮ ਤੋਂ ਲੈ ਕੇ , ਵੱਡੇ –ਵੱਡੇ ਕਾਰਜਾਂ
ਤੱਕ ਉਸ ਸੱਭ ਦੀ ਗਰਜ਼ ਪੂਰੀ ਕਰਦੇ । ਕੱਲੇ ਕੱਲੇ ਵੀ ਇਕੱਠੇ ਜੁੜ ਕੇ ਵੀ । ਹਰੀਆਂ
ਗਹਿਣੇ-ਗੱਟੇ ਬਦਲੇ ਵਿਆਜੂ ਰਕਮ ਦੇ ਕੇ । ਤਾਇਆ ਰੋਹੀ-ਚਾਹੀ ਖੇਤਾਂ ਦੀ ਫ਼ਸਲ ਦਾ ਅੱਧ ਅਪਣੇ
ਨਾ ਲਿਖਵਾ ਕੇ ।
ਦੋਨਾਂ ਵਿਚਕਾਰ ਵੱਧਦਾ ਮਿੱਤਰਚਾਰਾ ਬਹੁਤਿਆਂ ਨੂੰ ਰੜਕਦਾ । ਕਿਸੇ ਨੂੰ ਕਿਸੇ ਗੱਲ ਕਰਕੇ ,
ਕਿਸੇ ਨੂੰ ਕਿਸੇ ਕਰਕੇ । ਪਰ ਖੇਮਾਂ ਐਹੋ ਜਿਹੀ ਲੱਗ-ਲਬੇੜ ਤੋਂ ਦੂਰ ਰਹਿੰਦਾ । ਕਦੀ ਉਹਦਾ
ਡੰਗ ਹਰੀਆ ਸਾਰ ਦੇਂਦਾ, ਕਦੀ ਤਾਇਆ । ਪ੍ਰੀਤੋ ‘ਚ ਹੁਣ ਪਹਿਲੀਆਂ ਵਰਗੀ ਟੱਸ ਨਹੀਂ ਸੀ ਰਹੀ
। ਊਂ ਵੀ ਸੱਭ ਅਪਣੀ ਅਪਣੀ ਥਾਂ ਸਿਆਣੇ ਹੁੰਦੇ ਗਏ । ਉਮਰ ਪੱਖੋਂ ਵੀ , ਜੇਬ ਪੱਖੋਂ ਵੀ ।
ਹੌਲੀ –ਹੌਲੀ ਖੇਮੇਂ ਦੇ ਚਾਰੇ ਖੇਤ ਰੱਖੇ ਗਏ । ਪਹਿਲਾਂ ਰਹਿਨ, ਫਿਰ ਬੈਅ । ਅੱਧੇ ਤਾਏ ਕੋਲ
, ਅੱਧੇ ਹਰੀਏ ਕੋਲ । ਖੇਮਾਂ ਖਾਲੀ ਹੋ ਗਿਆ । ਹਲ-ਪੰਜਾਲੀ , ਗੱਡਾ ਬਲਦ ਸੱਭ ਵੇਚ-ਵੱਟ
ਛੱਡੋ । ਇਕ ਗਾਂ ਰੱਖ ਲਈ ਮਾੜਚੂ ਜਈ , ਕੁਝ ਬੱਕਰੀਆਂ ਉਹ ਵੀ ਓਨਾ ਕੁ ਚਿਰ ਰੱਖਿਆਂ ,
ਜਿੰਨਾ ਚਿਰ ਪ੍ਰੀਤੋ ਰਹੀ । ਖੇਮੇਂ ਨੂੰ ਹੌਲਾ ਹੋਇਆ ਦੇਖ , ਪ੍ਰੀਤੋ ਨੇ ਜੁੱਤੀ –ਸੁੱਭਰ
ਚੁੱਕਿਆ , ਨਰਿਆਲੀਂ ਜਾ ਬੈਠੀ । ਸੰਤ ਗੱਡੇ ਆਲੇ ਕੋਲ । ਖੇਮੇਂ ਅਮਲੀ ਦੇ ਹੱਡ ਛੁੱਟੋ । ਉਹ
ਵਿਹਲਾ ਹੋ ਗਿਆ । ਗਾਂ-ਬੱਕਰੀਆਂ ਵੇਚ , ਤਾਏ ਦੀ ਚੱਕੀ ਤੇ ਆ ਬੈਠਾ , ਨਾਲ ਈ ਉਹਦਾ ਯਾਰ
ਆਤੂ , ਦੋਨੋਂ ਘਰੋਂ-ਬਾਹਰੋਂ ਨੰਗ । ਉਹ ਹੁਣ ਤਾਏ ਦੀ ਪੂਰੀ ਸੇਵਾ ਕਰਦੇ । ਤਾਈ ਦੀ ਵੀ ।
ਦੋਨਾਂ ਮੁੰਡਿਆਂ ਨੂੰ ਤਾਂ ਉਹ ਅਪਣੇ ਸਕੇ ਪੁੱਤ ਗਿਣਦੇ । ਮੁੰਡੇ ਵੀ ਉਹਨਾਂ ਨੂੰ ਚਾਚਾ ਆਖ
ਕੇ ਬਲਾਉਂਦੇ । ਖੇਮੇਂ ਨੂੰ ਵੱਡਾ ਚਾਚਾ , ਆਤੂ ਨੂੰ ਛੋਟਾ । ਉਹਨਾਂ ਦੀ ਰੀਸੇ ਨਿੱਕੀ ਕੁੜੀ
ਦੀਪੀ ਵੀ ।
ਤਿੰਨਾਂ ਨਿਆਣਿਆਂ ਦੇ ਵੱਡੇ ਚਾਚੇ ਨੇ ਇਕ ਦਿਨ ਪੂਰੀ ਲੋਰ ‘ਚ ਹੋਏ ਨੇ ਚਾਂਬਲ ਕੇ ਤਾਏ ਨੂੰ
ਆਖਿਆ –“ਸੁਣ ,ਭਾਈ ਬਚਨ ਸਿਆਂ ! ਦੇਖ , ਏਦੇ ‘ਚ ਲੁਕ-ਲਕੋ ਆਲੀ ਕੋਈ ਨਈਂ ਹੈਗੀ ; ਬੰਦੇ ਆਂ
ਆਪਾਂ ਕੰਮ ਦੇ , ਹੋਰ ਤਾਂ ਪਿੰਡ ‘ਚ ਕੋਈ ਹੈਅ ਨਈਂ, ਜੇੜ੍ਹਾ ਆਪਣੀ ਝਾਲ ਝੱਲੇ ! ਅੱਗੇ
ਜਿੱਦਾਂ ਤੂੰ ਕਹੇਂ ਆਪਾਂ ਓਸੇ ਤਰ੍ਹਾਂ ਰਾਜ਼ੀ ਆਂ ...!”
ਤਾਇਆ ਉਹਦੀ ਗੱਲ ਸੁਣ ਕੇ ਖੂਬ ਹੱਸਿਆ ,ਉੱਚੀ –ਉੱਚੀ । ਜਿਵੇਂ ਖਿੱਲਾਂ ਭੁਜਦੀਆਂ ਹੋਣ ।
ਫਿਰ ਥੋੜਾ ਸਾਹ ਟਿਕਾਣੇ ਕਰਕੇ ਬੋਲਿਆ – “ਬੱਲੇ ਓਏ ਖੇਮ ਸਿਆਂ , ਅਮਲੀਆਂ ਸਰਦਾਰਾ ਨਈਂ
ਰੀਸਾਂ ਤੇਰੀਆਂ । ਬੰਦਾ ਹੋਏ ਤਾਂ ਤੇਰੇ ਅਗਰਾ । ਕਿਸੇ ਸ਼ੈਅ ਨਾ ਲੱਗ ਲਗਾਓ ਨਈਂ । ਨਾ ਘਰ
ਨਾ , ਨਾ ਘਰ ਵਾਲੀ ਨਾ । ਨਾ ਜਿਮੀਂ ਜੈਦਾਤ ਨਾਲ , ਨਾ ਮਾਲ –ਡੰਗਰ ਨਾਲ । ਸਾਰਾ ਕੁਸ਼ ਗੁਆ
ਕੇ ਵੀ ਅਪਣਾ ਆਪ ਸਾਂਭੀ ਬੈਠਾ । ਪੂਰੀ ਠੁੱਕ ਨਾਲ । ਵਕਤ ਅੱਗੇ ਗੋਡੇ ਨਈਂ ਟੇਕੇ । ਕਿਆ
ਬਾਤਾਂ ਐਂ ਤੇਰੀਆਂ ...., “ ਖੇਮੇਂ ਦੀ ਵਡਿਆਈ ਕਰਦਾ ਤਾਇਆ , ਫਿਰ ਇਕਦਮ ਚੁੱਪ ਹੋ ਗਿਆ ।
ਚੁੱਪ ਈ ਨਹੀਂ ਬਿਲਕੁਲ ਗੁੱਮ-ਸੁੱਮ ਫਿਰ ... ਫਿਰ ਪਹਾੜ ਜਿੱਡਾ ਹਓਕਾ ਭਰਦੇ ਕਹਿਣ ਲੱਗਾ –
“ ਭਰਾ ਖੇਮ ਸਿਆਂ ਆਹ ਸਾਡੇ ਪੈਰਾਂ ਹੇਠਲੀ ਮਿੱਟੀ ਦਾ ਸੁਭਾ ਪਤਾ ਨਈਂ ਕਿਹੋ ਜਿਹਾ ਆ ,
ਮੇਰੇ ਆਰ ! ...ਜੇੜ੍ਹਾ ਏਦ੍ਹੇ ਨਾਲ ਬਓਤਾ ਮੋਹ ਕਰਦਾ ,ਉਹਨੂੰ ਵੀ ਜੀਣ ਨਈਂ ਦਿੰਦੀ ;
ਜੇੜ੍ਹਾ ਨਈਂ ਕਰਦਾ , ਉਦ੍ਹਾ ਤਾਂ ਬਚਦਾ ਈ ਕੁਸ਼ ਨਈਂ , ਫੱਕਾ ਨਈਂ ਛੱਡਦੀ ਏਹ ...।“
“ਆਪਾਂ ਨੂੰ ਤੇਰੀ ਆਹ ਗਿਆਨ ਗੋਸ਼ਠ ਕੋਈ ਸਮਝ ਨਈਂ ਆਈ “, ਤਾਏ ਨੂੰ ਵਿਚਕਾਰੋਂ ਟੋਕ ਕੇ
ਖੇਮਾਂ ਮੂੜੇ ਤੇ ਗੱਛਾ ਹੋਇਆ ਬੈਠਾ , ਉੱਠ ਖੜਾ ਹੋਇਆ । “ ਊਂ ਵੀ ਸਾਨੂੰ ਮਰੂੰ-ਮਰੂੰ ਕਰਨ
ਆਲੇ ਬੰਦੇ , ਖਰੇ ਜਏ ਨਈਂ ਲਗਦੇ । ... ਚੰਗਾ ਭਾਅਈ ਜੀ ,ਵਾਗੁਰ ਜੀ ਕੀ ਫਤ੍ਹੇ । ਜੋਗੀ
ਚਲਦੇ ਭਲੇ । ਤੂੰ ਸਾਂਭਦਾ ਰੌਹ ਹਆ ਮੜੀ-ਮਿੱਟੀ ! ਆਪਾ ਹੋਰ ਕੋਈ ਲੱਭਦੇ ਆ ਥਾਂ ਟਿਕਾਣਾ
...।“
“ ਓ...ਓ ਕਿੱਥੇ ਚਲਿਆਂ ...? ਬੈਠ ‘ਰਮਾਨ ਨਾ । ਆਹ ਲੈ ਫੜ ਚਾਬੀਆਂ । ਤਾਲ੍ਹਾ ਖੋਲ ਚੱਕੀ
ਦਾ ।“
ਕਈ ਵਾਰ ਖੇਮੇਂ ਨੇ ਤਾਏ ਲਾਗੋਂ ਉੱਠ ਕੇ ਤੁਰ ਜਾਣ ਲਈ ਆਕੜਾਂ ਭੰਨੀਆਂ । ਕਈ ਵਾਰ ਉਹਨੂੰ
ਰੋਕ ਕੇ ਤਾਏ ਨੇ ਚੱਕੀ ਦੀਆਂ ਚਾਬੀਆਂ ਉਹਦੇ ਹਵਾਲੇ ਕੀਤੀਆਂ ।
ਖੇਮੇਂ ਨੂੰ , ਆਟਾ ਮੋਟਾ –ਬਰੀਕ ਕਰਨ ਦੀ ਜਾਚ ਦੱਸ ਕੇ ਤਾਇਆ ਸ਼ਹਿਰੋਂ ਕੋਹਲੂ ਖ਼ਰੀਦ ਲਿਆਇਆ
। ਕੋਹਲੂ ਨੂੰ ਪਟਾ ਚੜਿਆ , ਫਿਰ ਰੂੰ-ਪਿੰਜਣੀ ਆ ਗਈ । ਉਹ ਘੁੰਮਣ ਲੱਗੀ , ਤਾਂ ਚੌਲ-ਛੜਦੀ
ਗੱਡੀ ਗਈ । ਮੋਟੇ ਤੇਲ ਵਾਲੇ ਇੰਜਣ ਦੀ ਥਾਂ , ਮੋਟਰ ਫਿੱਟ ਹੋ ਗਈ , ਬਿਜਲੀ ਦੀ ਵੱਡੀ ।
ਪੰਝੀ ਹਾਰਸਪਾਵਰ ਦੀ । ਆਰੀ ਉਂਝ ਖਿੱਚੀ ਨਹੀਂ ਸੀ ਜਾਣੀ । ....ਜਿੰਨੇ ਕੰਮ ਓਨੇ ਬੰਦੇ ,
ਰੱਖ ਲਏ ਤਾਏ ਨੇ । ਸਿਆਣੇ , ਤਜ਼ਰਬੇਕਾਰ , ਆਤੂ –ਖੇਮਾਂ ਉਹਨਾਂ ਸਾਰਿਆਂ ਤੋਂ ਉੱਪਰ । ਇਕ
ਚੌਧਰੀ , ਇਕ ਰਾਖਾ । ਤਾਏ ਨੂੰ ਉੱਪਰਲੇ ਹੇਠਲੇ ਕੰਮ ਈ ਸਾਹ ਨਾ ਲੈਣ ਦਿੰਦੇ । ਉਹ ਹੁਣ
ਖੜੀਆਂ ਝਿੜੀਆਂ ਦੇ ਸੌਦੇ ਕਰਦਾ । ਟਾਹਲੀ –ਜਾਮਣ , ਬਾਲੇ-ਸ਼ਤੀਰੀਆਂ ਲਈ , ਅੰਬ-ਕਿੱਕਰ
–ਬੇਰੀ , ਫੱਟ-ਚੁਗਾਠਾਂ ਲਈ । ਬਾਕੀ ਦਾ ਬਾਲਣ-ਬੂਰ ।
ਆਰੇ ਦੇ ਖਿਲਰ –ਖਲਾਰੇ ਕਾਰਨ ਤਾਏ ਨੂੰ ਚੱਕੀ ਨਾਲ ਜੁੜਵੀਂ ਬਲਵੰਤ ਸੂੰਹ ਬਾਰੀਏ ਦੀ ਨਿਆਈਂ
ਖਰੀਦਣੀ ਪਈ । ਪੁਰਾਣੇ ਛੰਨਾਂ-ਢਾਰੇ ਢਾਹ ਕੇ ਪੱਕੇ ਬਰਾਂਡੇ ਉਸਾਰ ਲਏ । ਉਸ ਦੇ ਘਰ ਦਾ
ਜਾਣੋਂ ਮੂੰਹ-ਮੱਥਾ ਈ ਬਦਲ ਗਿਆ ।
ਸਾਰਾ ਕੁਝ ਬਦਲਿਆ-ਸੰਵਰਿਆ ਦੇਖ ਕੇ ਰਤਨੀ ਬਹੁਤਾ ਈ ਖੁਸ਼ ਰਹਿੰਦੀ । ਬਾਲ-ਬੱਚਾ ਵੀ ਪੁੱਠੀਆਂ
ਛਾਲਾਂ ਮਾਰਦਾ। ਪਰ ਤਾਇਆ , ਤਾਏ ਨੂੰ ਜਿਵੇਂ ਅੱਠੇ-ਪਹਿਰ ਤੋੜਾ –ਖੋਹੀ ਲੱਗੀ ਰਹਿੰਦੀ । ਉਹ
ਹਰ ਵੇਲੇ ਉਦਾਸ-ਉਦਾਸ ਬੇਚੈਨ ਜਿਹਾ ਹੋਇਆ ਰਹਿੰਦਾ ।
ਉਂਝ ਉਹ ਸੀ ਵੀ ਸੱਚਾ ।ਆਵਾਜਾਰ ਤਾਂ ਹੋਣਾ ਈ ਹੋਣਾ ਸੀ ਓਹਨੇ ! ... ਹਰੀਏ ਨੂੰ ਉਸ ਨੇ
ਆਪਣੀ ਹੱਥੀਂ ਬੈਠਦਾ ਕੀਤਾ ਸੀ , ਆਪਣੇ ਲਾਗੇ । ਆਪਣਾ ਮੋਢਾ ਦੇ ਕੇ ਖੜਾ ਕੀਤਾ ਸੀ ,ਅਪਣੇ
ਬਰਾਬਰ । ਅੜੀ-ਥੁੜੀ ਨੂੰ ਡੱਟ ਕੇ ‘ ਮਦਾਦ ਕੀਤੀ ਸੀ । ਸਲਾਹ ਮਸ਼ਵਰੇ ਦੀ ਵਖ਼ਰੀ , ਪੈਸੇ
–ਧੇਲੇ ਦੀ ਵਖ਼ਰੀ । ਜਦ ਵੀ ਹਰੀਏ ਨੂੰ ਕੋਈ ਔਖ-ਸੌਖ ਆਉਂਦੀ , ਤਾਇਆ ਝੱਟ ਉਹਦੇ ਨਾਲ ਉੱਠ
ਤੁਰਦਾ । ਸ਼ਹਿਰ ਨੂੰ ਆਖੇ ਸ਼ਹਿਰ ਨੂੰ ,ਕਿਸੇ ਪਿੰਡ ਨੂੰ ਆਖੇ ਪਿੰਡ ਨੂੰ । ਕਿਰਪਾ ਸੂੰਹ
ਲੰਬੜ ਅਜੇ ਜੀਉਂਦਾ ਸੀ । ਉਹ ਕਈ ਵਾਰ ਤਾਏ ਨੂੰ ਟੋਕਦਾ ਵੀ – “ ਤੂੰ ਮਿਸਤਰੀ ਅਪਣਾ ਕੰਮ
ਛੱਡ ਕੇ ਉਦ੍ਹੇ ਨਾਲ ਕਿਉਂ ਤੁਰਿਆਂ ਰੈਨ੍ਹਾਂ ...? ਕਿਤੇ ਹਿੱਸਾ-ਪੱਤੀ ਤਾਂ ਨਈਂ ਰੱਖ ਲਈ
ਉਦ੍ਹੇ ਨਾ ...!
ਪਰ ਤਾਇਆ ਮਜ਼ਾਲ ਈ ਇਕ ਪੈਸੇ ਦਾ ਵੀ ਰਵਾਦਾਰ ਹੋਇਆ ਹੋਵੇ ਕਦੀ – “ ਵਾਖ਼ਰੂ-ਵਾਖ਼ਰੂ ਕਰੋ
ਲੰਬੜਦਾਰ ਜੀਈ ...ਏਹ ਕੇਹੋ ਜਹੀ ਗੱਲ ਕਰ ‘ਇਤੀ ਤੂੰ ! ਮੈਂ ਤਾਂ ਆਹਨਾਂ , ਪਈ ਆਪਾਂ
ਸਿਰ-ਖੁਦ ਹੋ ਕੇ ਆਂਦਾ ਏਨੂੰ । ਅਗਲਾ ਏਹ ਨਾ ਸੋਚੇ ਪਈ ਮੇਰਾ ਹੈ ‘ਕੋਈ ਨਈਂ ਏਥੇ ...।“
“ਹੈਅ ਕਿਉਂ ਨਈਂ ਉਦ੍ਹਾ , ਏਥੇ ! ਹੁਣ ਤਾਂ ਕਿੰਨੇ ਈ ਹੋ ਗਏ ਆ ਉਦ੍ਹੇ । ਉਹਦਾ ਅਪਣਾ
ਬਾਲ-ਬੱਚਾ , ਟੱਬਰ –ਟੀਰ , ਸਾਲੇ –ਸਾਲੀਆਂ । ਗਾਂਹਾਂ ਉਨ੍ਹਾਂ ਦੇ ਸਾਕ-ਸਬੰਧੀ –ਲਾਲ੍ਹੇ ।
ਬਾਣੀਏਂ , ਆੜ੍ਹਤੀਏ , ਸ਼ੈਲਰਾਂ ਆਲੇ । ਉਹ ਕੱਲਾ ਕਿਧਰੋਂ ਆ ਹੁਣ ! ....ਕੱਲੇ ਤਾਂ ਪੁੱਤ
ਜੀਈ ਅਸੀਂ ਤੁਸੀਂ ਆਂ ਜਿਨ੍ਹਾਂ ਉਹੀ ਕਮਾਉਣਾ ਹੁੰਦਾ ,ਉਹੀ ਖਾਣਾ ਹੁੰਦਾ । ਏਨ੍ਹਾਂ ਦੇ
ਅੰਦਰੀਂ ਪਿਆ ਤਾਂ ਸਾਡਾ ਈ ਮਾਲ , ਅਗਲੇ ਦਿਨ ਸਾਡੇ ਲਈ ਈ ਦੂਣੇ-ਤੀਣੇ ਮੁੱਲ ਦਾ ਹੋ ਜਾਂਦਾ
ਆ ...।“
ਬੇਚੈਨ ਰਹਿੰਦਾ ਤਾਇਆ ਕਦੀ ਲੰਬੜ ਦੀ ਆਖੀ ਚੇਤੇ ਕਰਦਾ , ਕਦੀ ਰਤਨੀ ਦੀ । ਰਤਨੀ ਤਾਂ ਤਾਏ
ਨੂੰ ਸ਼ੁਰੂ ਤੋਂ ਆਖਦੀ ਰਹੀ ਸੀ – “ ਦੋਖੋ ਜੀ , ਯਾਰੀ-ਦੋਸਤੀ ਵੀ ਰਾਹ-ਰਾਹ ਦੀ ਓ ਖ਼ਰੀ
ਲਗਦੀ ਆ । ...ਐਨਾ ਵੀ ਅਗਲੇ ਦੇ ਉੱਪਰ ਨਾ ਚੜੋ ਕਿ ਅਗਲਾ ਨਿਘਲ੍ਹ ਈ ਜਾਏ , ਤੇ ਨਾਂ ਵੀ
ਐਨਾ ਪਿਛਾਂਹ ਹਟੋ ਕਿ ਅਗਲਾ ਤੁਹਾਡੀ ਅਲ੍ਹ ਦੇਖ ਕੇ ਥੁੱਕੇ । “
ਆਖਿਰ ਰਤਨੀ ਦਾ ਆਖਿਆ ਸਮਝਾਇਆ ਸੱਚ ਬਣ ਕੇ ਸਾਹਮਣੇ ਆਉਣ ਲੱਗਾ ।...ਖੇਮੇਂ ਅਮਲੀ ਦੇ ਖੇਤ
ਅੱਧੋ ਖ਼ਰੀਦਣ ਤੱਕ ਉਹ ਬਰਾਬਰ ਚਲਦੇ ਰਹੇ । ਹਰਬੰਸ ਸੂੰਹ ਬਾਰੀਏ ਦੀ ਨਿਆਈਂ ਖ਼ਰੀਦਣ ਵੇਲੇ
ਦੀ ਤਾਏ ਨੇ ਹਰੀਏ ਨੂੰ ਹਰਬੰਸ ਸੂੰਹ ਦਾ ਪਿੰਡ ਅੰਦਰਲਾ ਤੌੜ , ਘਰ ਬਣਾਉਣ ਲਈ ਰਜਿਸਟਰੀ ਕਰਾ
ਦਿੱਤਾ । ਇਸ ਤੋਂ ਅੱਗੇ ਤਾਏ ਦੀ ਪੇਸ਼ੀ ਨਾ ਗਈ । ਚੱਕੀ ,ਕੋਹਲੂ , ਆਰੀ ਜਿੱਥੋਂ ਕੁ ਚਾਲੂ
ਹੋਏ ਸੀ , ਓਥੇ ਕੁ ਟਿਕੇ ਰਹੇ । ਮਰ ਕੇ ਸੌ , ਦੋ ਸੌ ਦਿਹਾੜੀ । ਓਧਰ ਹਰੀਏ ਦਾ ਕਾਰੋਬਾਰ
ਹਜ਼ਾਰਾਂ-ਲੱਖਾਂ ‘ਚ ਪਹੁੰਚ ਗਿਆ । ਪਿੰਡ ਨਾਲ ਆ ਜੁੜੀ ਸੜਕ ਕੰਢੇ ਪਹਿਲੋਂ ਉਹਨੇ ਚਾਰ-ਪੰਜ
ਪੱਕੀਆਂ ਦੁਕਾਨਾਂ ਉਸਾਰ ਲਈਆਂ । ਫਿਰ ਨਵੀਂ ਅਨਾਜ-ਮੰਡੀ ‘ਚ ਆੜ੍ਹਤੀਆਂ ਬਣ ਬੈਠਾ । ਆੜ੍ਹਤ
ਰਾਸ ਆਈ , ਤਾ ਸ਼ੈਲਰ ਲਾ ਲਿਆ , ਖੇਮੇਂ ਆਲੇ ਖੇਤਾਂ ‘ਚ । ਕਿੰਨੇ ਸਾਰੇ ਨੌਕਰ ਰੱਖ ਲਏ ।
ਸ਼ਹਿਰ ਆਉਣ ਜਾਣ ਲਈ ਕਾਰ ਖ਼ਰੀਦ ਲਈ । ਮਾਲ-ਸਬਾਬ ਢੋਣ ਲਈ ਟਰੱਕ ਲੈ ਲਿਆ । ਪਹਿਲਾਂ ਇਕ,
ਫਿਰ ਹੋਰ , ਫਿਰ ਇਕ ਹੋਰ । ਤਿੰਨੇ –ਚਾਰੇ ਮੁੰਡੇ ਕਿਧਰੇ ਦੂਰ-ਪਾਰ ਪੜ੍ਹਨੇ ਭੇਜ ਦਿੱਤੇ ,
ਖਾਸੇ ਮਹਿੰਗੇ ਸਕੂਲੀਂ-ਕਾਲਜੀਂ ।
ਉਸ ਨੂੰ ਬਹੁਤਾ ਈ ਅੱਗੇ ਲੰਘਿਆ ਦੇਖ ਕੇ ਤਾਏ ਨੂੰ ਲਗਦਾ ਕਿ ਹਰੀਆਂ ਉਸ ਦੀ ਕੰਡ ਤੇ ਕਸਵੀਂ
, ਜ਼ੋਰ ਦੀ ਲੱਤ ਮਾਰ ਕੇ ਉਹਨੂੰ ਪਿਛਾਂਹ ਛੱਡ ਗਿਆ ਹੈ ।
ਪਿੰਡ ਦੀ ਮਿੱਟੀ ਨਾਲ ਉਸ ਦਾ ਮਸਾਂ ਬਣਿਆ ਮੋਹ , ਏਸੇ ਦੁੱਖ ਮਾਰਿਆ , ਇਕ ਵਾਰ ਫਿਰ ਤਿੜਕ
ਗਿਆ ।
ਉਹ ਬੁਝਿਆ ਬੁਝਿਆ ਰਹਿਣ ਲੱਗਾ । ਬਹੁਤਾ ਈ ਉਦਾਸ । ਪਰ, ਦੰਮ ਛੱਡਣ ਵਾਲਾ ਉਹ ਹੈ ਨਈਂ ਸੀ ।
ਹਿੰਮਤੀ ਬਹੁਤ ਸੀ ਸ਼ੁਰੂ ਤੋਂ ਈ । ਉਹਨੇ ਰਤਨੀ ਨਾਲ ਸਲਾਹ ਕੀਤੀ – “ ਵੱਡਾ , ਸੁਖਵਿੰਦਰ
ਤਾਂ ਚਲੋ ਬੈਠਦਾ ਈ ਆ ਚੱਕੀ ਤੇ , ਆਪਾਂ ਨਿੱਕੇ ਨੂੰ ਵੀ ਉਠਾਲ ਲੈਨੇ ਆਂ ਸਕੂਲੋਂ । ਬਓਤਾ
ਪੜ੍ਹ ਕੇ ਉਹਨੇ ਕੇੜ੍ਹਾ ਘਰ ਦੇ ਕੰਮ ਜੋਗਾ ਰਹਿਣਾ । ਤੇ ....ਤੇ ਮੈਂ ਨਿਕਲਦਾਂ ਕਿਤੇ
ਹੋਦਰ੍ਹੇ , ਬਾਅਰ-ਅੰਦਰ । ਐਥੇ ਕਿੱਦਾਂ ਸਰੂ ਸਾਰੇ ਟੱਬਰ ਦਾ ਆ ....! “ ਤਾਈ ਉਹਦੀ ਗੱਲ
ਸੁਣ ਕੇ ਤਰਲੋ –ਮੱਛੀ ਹੋ ਉੱਠੀ । ਆਖਣ ਲੱਗੀ-“ ਸੁਰਤ ਟਿਕਾਣੇ ਆ ਤੇਰੀ , ਕੀ ਗੱਲਾਂ ਕਰਦਆ
ਤੂੰ ! ਤੇਰੀ ਹੁਣ ਵਰੇਸ ਆ ਪ੍ਰਦੇਸਾਂ ‘ਚ ਧੱਕੇ ਖਾਣ ਦੀ । ...ਚੱਲ ਜੇ ਬਓਤਾ ਈ ਕਰਨਆ ਤਾਂ
ਮੁੰਡਿਆ ‘ਚੋਂ ਕਿਸੇ ਨੂੰ ਭੇਜ ਦੇ ਕਿਤੈ । ਆਹ ਥੋੜੇ ਲੋਕੀਂ ਤੁਰਿਓ ਆ ਦੁਬਈ-ਦਬੂਈ । ਆਖਿਰ
ਬਰੋਬਰ ਦੇ ਨਿਆਣੇ ਆ ,ਏਨਾਂ ਵੀ ਕਿਸੇ ਕਾਰ-ਕਿੱਤੇ ਲੱਗਣਾ ਈ ਲੱਗਣਾ । “
ਤਾਏ ਨੇ ਬੜੇ ਠਰੱਮੇ ਨਾਲ ਫਿਰ ਆਖਿਆ – “ਓਈਓ ਤਾਂ ਮੈਂ ਕਹਿਨਾ ,ਪਈ ਛੋਟੇ ਨੂੰ ਵੀ ਸਕੂਲੋਂ
ਹਟਾ ਕੇ ਕੰਮ ‘ਚ ਪਓਨੇ ਆ । ਇਕ ਤਾਂ ਹੱਥ ਸਿੱਧੇ ਹੋਣਗੇ ਓਹਦੇ , ਦੂਜੇ ਧਿਆਨ ਉਦ੍ਹਾ ਹੋਧਰੇ
ਜਾਣੋ ਹਟੂ । ਹੁਣ ਜੇੜ੍ਹਾ ਨਿੱਤ-ਨਮੇਂ ਕੋਈ ਨਾ ਕੋਈ ਉਲ੍ਹਾਮਾ ਖੱਟ ਲਿਆਉਂਦਾ , ਉਹਤੋਂ ਬਚਾ
ਹਊ ...।“
“ਏਦ੍ਹੇ ਬਾਰੇ ਕੀਈ ਕੈਹ ਸਕਦੇ ਆ ਹਜੇ ! ...ਕਿਤੇ ਰੈਂਦ੍ਹੀ ਗਿਲ-ਸੁੱਕ ਨਾ ਜਾਂਦੀ ਲੱਗੇ ।
ਹੁਣ ਤਾਂ ਚਲੋ ‘ਸਾਬ-‘ ਕਤਾਬ ਨਾਲ ਈ ਦਈਦੇ ਆ ਉਹਨੂੰ ਖਰਚਣ ਨੂੰ , ਫੇਰ ਦਾ ਕੀਈ ਪਤਾ
ਕਿੱਦਾਂ ਹੋਵੇ ...?”
“ਪਰ ਹੀਲਾ-ਵਸੀਲਾ ਤਾਂ ਕੋਈ ਨਾ ਕੋਈ ਕੀਤਿਆਂ ਈ ਹੋਣਾ । ਐਂ ਘਰ ਬੈਠਿਆਂ ਤਾਂ ਸਰਨਾ ਨਈਂ
ਸਾਰਿਆਂ ਦਾ । ਐਥੇ ਤਾਂ ਖੂਹ ਦੀ ਮਿੱਟੀ ਖੂਹ ਨੂੰ ਈ ਲਗਦੀ ਜਾਣੀ ਆਂ । ...ਕਲ-ਕਲੰਤਰ ਹੋਰ
ਵੀ ਕਾਰਜ ਕਰਨੇ ਆ ,ਛੋਟੇ –ਵੱਡੇ । ਉਹ ਕਿੱਦਾਂ ਕਰਨੇ ?...ਹੁਣ ਜੇੜ੍ਹਾ ਭਰਮ ਭੌਅ ਬਣਿਆ
ਪਿਆ ਓਦ੍ਹਾ ਵੀ ....” ਥੋੜ੍ਹਾ ਕੁ ਚੁੱਪ ਜਿਹਾ ਕਰਕੇ ਤਾਇਆ ਫਿਰ ਛੇਤੀ-ਛੇਤੀ ਬੋਲਣ ਲੱਗ
ਪਿਆ , ਜਿਵੇਂ ਚਾਨਚੱਕ ਉਸ ਨੂੰ ਕੁਝ ਚੇਤੇ ਆ ਗਿਆ ਹੋਵੇ –“ ਤੂੰ ਐਂ ਕਰ , ਮੈਨੂੰ ਜਾਣ ਦੇ
ਦਿੱਲੀ ...! ਓਥੇ ਮੇਰਾ ਇਕ ਗੁਰਭਾਈ ਰੈਂਦ੍ਹਾ , ਮਾਨ ਸੂੰਹ । ...ਨਿੱਕੇ ਹੁੰਦੇ ਕੱਠੇ
ਪੜ੍ਹਦੇ ਸੀ ਅਸੀਂ , ਧਾਰਮਕ । ਨਿਰਆਲੀਂ , ਗੁਰਦਵਾਰੇ । ਉਹ ਠੇਕੇਦਾਰੀ ਕਰਦਾ ਓਥੇ । ਬਓਤਾ
ਵੱਡਾ ਕਾਰੋਬਾਰ ਆ , ਸੁਣਿਆ ਉਦ੍ਹਾ । ਉਦ੍ਹੇ ਰਾਹੀਂ ਕੋਈ ਨਾ ਕੋਈ ਆੜ-ਜੁਗਾੜ ਕਰੂੰ ਮੈਂ ,
ਆਪਣਾ ਜਾਂ ਮੁੰਡਿਆ ਦਾਆ ...। ਆਇਆ ਨਈਂ ਸੀ ਐਸੇ ਵਸਾਖੀ ਤੇ ਘਰ ! ਤੁਰਨ ਲੱਗੇ ਸੀਈ ਜਦ
ਆਪਾਂ । ਗਰਨ੍ਹਾ-ਸਾਬ੍ਹ ਨੂੰ ....! ਵੱਡੀ ਸਾਰੀ ਕਾਰ ‘ ਚ !! ਆਇਆ ਚੇਤੇ ...!!!!”
“ ਹੈਂਅ....ਹਾਂ....ਹਾਂ “ , ਤਾਈ ਜਿਵੇਂ ਗੂੜ੍ਹੀ ਨੀਂਦ ‘ਚ ਜਾਗੀ ਹੋਵੇ । ਤਾਇਆ ਕੀ ਆਖ
ਕੇ ਕਦੋਂ ਰੁਕਿਆ ਸੀ , ਉਸ ਨੂੰ ਪਤਾ ਈ ਨਹੀਂ ਸੀ ਲੱਗਾ । ਉਹ ਤਾਂ ਆਪਣੇ ਟੱਬਰ ਦੇ ਬਣੇ
ਭਰਮ-ਭੌਓ ਅੰਦਰ ਹੀ ਗੁਆਚੀ ਰਹੀ । ....ਇਕ ਵੇਲਾ ਸੀ ਜਦ ਉਹ ਆਪਣੇ ਪੇਕੇ ਪਿੰਡ ਗੋਹੇ
–ਗਹੀਰੇ ਲਾਉਣ ਵਿਚ ਸਭ ਤੋਂ ‘ਸਿਆਣੀ ’ ਗਿਣੀ ਜਾਂਦੀ ਸੀ । ਇਕ ਦੂਜੀ ਤੋਂ ਅੱਗੇ ਲੰਘਣ ਲਈ
ਕਈ ਜੱਟੀਆਂ ਤਾਂ ਆਪੋ ਵਿਚ ਹੀ ਖਹਿਬੜ ਈ ਪੈਦੀਆਂ । ਉਹਨੂੰ ਤੜਕਸਾਰ ਘਰੋਂ ਉਠਾਲ ਖੜਦੀਆਂ ।
ਉਹਨੇ , ਕਦੇ ਮੱਥੇ ਵੱਟ ਨਹੀਂ ਸੀ ਪਾਇਆ । ਨਾਂਹ ਉਹਦੀ ਮਾਂ ਨੇ । ਉਹਦਾ ਬਾਪੂ ਕਈ ਵਾਰ
ਖ਼ਫਾ ਹੋ ਉੱਠਦਾ – “ ਕੀ ਕੰਮ ਫੜਿਆ ਆ ਤੁਸੀਂ ਟੱਬਰ ਨੇ ,ਚੂਹੜੇ-ਚਮਾਰਾਂ ਆਲਾ ...! “
ਉਹਦੀ ਮਾਂ ਅੱਗੋਂ ਖਿਝ ਕੇ ਪੈਂਦੀ ਉਹਨੂੰ – ‘ਏਹ ਤੇਰੀਓ ਨਕਾਬਲੀ ਆ ਬੰਦਿਆ ! ਤੂੰ ਕਿਸੇ
ਪਾਸੇ ਜੋਗਾ ਹੁੰਦਾ ਤਾਂ ਮਾਮਾਂ –ਧੀਆਂ ਐਂ ਹੀਣੀਆਂ ਨਾ ਹੁੰਦੀਆਂ ਸਾਰੇ ਪਿੰਡ ਮੋਹਰੇ
।...ਹੋਰ ਵੀ ਹੈਗਈਆ ਤੇਰੇ ਭੈਣ ਭਾਈ । ਉਹ ਖ਼ਰੇ ਭਲੇ ਆ ਸਾਰੇ । ਕਮਾਈ ਕਰਦੇ । ਰਾਜ ਕਰਦੇ
ਉਨ੍ਹਾ ਦੇ ਧੀਆਂ-ਪੱਤਰ ...” ਹਟਕੋਰੇ ਭਰਦੀ ਬੰਤੋ ਆਪਣੇ ਆਪ ਨੂੰ ਵੀ ਕੋਸਦੀ- “ਏਹ ਔਂਤਰਾ ,
ਹੁੱਕੀ ਚੁੰਘ ਖ਼ਬਨੀ ਕਿਥੋਂ ਲਿਖਦਿਆ ਸੀ ਮੇਰੇ ਕਰਮਾਂ ‘ਚ , ਸਿਰ –ਸੜੀ ਦੇ ...। “
ਹਰ ਰੋਜ਼ ਕਲਪਦੀ ਬੰਤੀ ਰੋਜ਼-ਰੋਜ਼ ਨਿਘਰਦੀ ਗਈ । ਜੁਆਨ ਹੁੰਦੀ ਰਤਨੀ ਦਾ ਫਿਕਰ ਉਸ ਨੂੰ ਵਖ
ਖਾਂਦਾ ਗਿਆ । ਆਖਿਰ ਭਾਣ ਵਰਤ ਗਿਆ । ਰਤਨੀ ਦਾ ਜਹਾਨ ਉਜੜ ਗਿਆ । ਉਸ ਦੀ ਮਾਂ ਤੁਰਦੀ ਬਣੀ
। ...ਫੇਰ ਪਤਾ ਨਈ ਰਤਨੀ ਅੰਦਰੋਂ ਕਿਹੋ ਜਿਹਾ ਤਾਅ ਉੱਠਿਆ । ਉਹ ਧੌਣ ਉੱਚੀ ਕਰਕੇ ਸਾਰੇ
ਘਰਾਂ ‘ ਚ ਜਾਣ ਲੱਗ ਪਈ , ਕੱਲੀ । ਕੰਮ ਕਰਨ ਲਈ । ਜਿਹੋ ਜਿਹਾ ਲੱਭੇ – ਪੀਣ ਕਰਨ ਦਾ ,
ਗਹੀਰੇ ਲਾਉਣ ਦ , ਲੇਈ ਦੇਣ ਦਾ , ਚੌਕਾ-ਚੱਲਾ ਪੋਚਣ ਦਾ ...। ਕਿਰਪਾ ਸੂੰਹ ਲੰਬੜ ਦੀ
ਧੰਨਵੰਤੋ ਤਾ ਉਹਦਾ ਖਹਿੜਾ ਈ ਨਾ ਛੱਡਦੀ ।...ਪਿਓ ਦੀ ਫੁਰਮਾਇਸ਼ ਤੇ ਧੰਨਵੰਤੋ ਉਹਨੂੰ ਆਪਣੇ
ਪੇਕੇ ਪਿੰਡ ‘ਲੈ’ ਗਈ । ਮੁੜਨ ਲੱਗੀ ਭਰਾ-ਭਰਜਾਈਆਂ ਆਖਿਆ – “ ਕੁੜੀ ਕਾਦ੍ਹੀ ਆ ਗਹਿਣਾ ਈ
ਨਿਰਾ ,ਗਹਿਣਾ । ਤੁਹਾਡੇ ਸਾਰੇ ਕੰਮ ਸੁਆਰੂ, ਘਰ ਦੇ ਵੀ ਹਵੇਲੀ ਦੇ ਵੀ । ਬਓਤਾ ਈ ਸਚਿਆਰਾ
ਹੱਥ ਆ ਰੰਡ ਦਾਆ ....!”
ਤਾਏ ਕੋਲ ਆ ਕੇ ਰਤਨੀ ਦਾ ਜਹਾਨ ਈ ਬਦਲ ਗਿਆ । ਉਹ ਕਮੀਂ –ਕਮੀਣ ਦੀ ਥਾਂ ਮਿਸਤਰਆਣੀ ਬਣ ਗਈ
, ਆਂਉਂਦੀਓ ਈ । ਫਿਰ ਚੱਕੀ ਆਲੀ । ਫੇਰ ਠੇਕੇਦਾਰਨੀ । ਪਰ , ਉਹਦੇ ਹੱਥਾਂ ਅੰਦਰਲਾ ਗੁਣ
ਓਸੇ ਤਰ੍ਹਾਂ ਕਾਇਮ ਰਿਹਾ । ਉਹ ਜਿਹੜੇ ਕੰਮ ਨੂੰ ਹੱਥ ਲਾਉਂਦੀ , ਨਕਸ਼ਾ ਈ ਖਿਚਿਆ ਜਾਂਦਾ ।
ਦੇਖਣ ਵਾਲਾ ਆਪ-ਮੁਹਾਰੇ ਵਾਹ-ਵਾਹ ਕਰ ਉੱਠਦਾ । ਏਹੋ ਹਾਲ ਉਹਦੀ ਸਿੱਖ-ਸਲਾਹ ਦਾ ਸੀ । ਤਾਇਆ
ਛੋਟਾ-ਵੱਡਾ ਕੰਮ ਉਸ ਤੋਂ ਪੁੱਛ ਕੇ ਕਰਦਾ । ਹਰ ਫੈਸਲਾ ਉਹਦੀ ਸਹਿਮਤੀ ਨਾਲ ਹੁੰਦਾ । ਪਰ ,
ਤਾਏ ਨੇ ਦਿੱਲੀ ਜਾਣ ਦਾ ਫੈਸਲਾ ਅਪਣੇ ਆਪ ਪੱਕਾ ਕਰ ਲਿਆ । ਤਾਈ ਨੇ ਬਥੇਰਾ ਰੋਕ-ਟੋਕ ਕੀਤੀ
। ਮੁੰਡੇ-ਕੁੜੀਆਂ ਦੀ ਸਾਂਭ ਸੰਭਾਲ ਕਰਨ ‘ਚ ਅਪਣੀ ਬੇ-ਬਸੀ ਵੀ ਜ਼ਾਹਰ ਕੀਤੀ ।ਪਰ ਤਾਏ ਨੂੰ
ਜਿਵੇਂ ਹਰੀਏ ਦਾ ਵਧਿਆ ਕਾਰੋਬਾਰ ਭੂਤ ਬਣ ਕੇ ਚਿੱਮੜ ਗਿਆ ਹੋਵੇ । ਉੱਠਦਾ-ਬਹਿੰਦਾ , ਸੋਂਦਾ
–ਜਾਗਦਾ , ਉਹ ਬੱਸ ਇਕੋ-ਇਕ ਫਿਕਰ ‘ਚ ਡੁਬਿਆ ਰਹਿੰਦਾ – ‘ਹਰੀਏ ’ ਦੇ ਬਰਾ-ਬਰੋਬਰ ਹੋਇਆ
ਜਾਵੇ ਤਾਂ ਕਿੱਦਾਂ ਹੋਇਆ ਜਾਵੇ ...! ਉਹਦੇ ਕਹਿਣ ਮੂਜਬ , ਹਰੀਏ ਦਾ ਬੂਟਾ ਉਹਨੇ ਅਪਣੇ
ਹੱਥੀਂ ਲਾਇਆ ਸੀ । ਨਾ ਰਾਤ ਦੇਖੀ ਸੀ ਨਾ ਦਿਨ, ਉਸ ਦਾ ‘ਪਾਲਣ-ਪੋਸਣ’ ਕਰਦਿਆ । ਹਰੀਏ ਨੇ
ਵੀ ਕਦੀ ਉਹਨੂੰ ਉਲ੍ਹਾਮਾਂ ਨਹੀਂ ਸੀ ਆਉਣ ਦਿੱਤਾ । ਤਾਏ ਨਾਲ ਪੂਰਾ ਨਿੱਠ ਕੇ ਨਿਭਾਇਆ ਸੀ
,ਮਿੱਤਰਚਾਰਾ । ਪਰ ਉਹਦੇ ਕੰਮਕਾਰ ਨੇ ਹਰੀਏ ਨੂੰ ਐਹੋ ਜਿਹਾ ਲੀਹੇ ਚਾੜ੍ਹਿਆ , ਐਹੋ ਜਿਹਾ
ਰੇਲਾ ਦਿੱਤਾ , ਕਿ ਦੇਖਦਿਆ ਈ ਦੇਖਦਿਆਂ ਉਹ ਛੜੱਪੇ ਮਾਰਦਾ ਅੱਗੇ ਲੰਘ ਗਿਆ । ...ਐਧਰ ਤਾ
ਮਾਲ ਊਧਰ , ਓਧਰ ਦ ਐਧਰ । ਨਾ ਹਿੰਗ ਲੱਗੇ ਨਾ ਫਟਕੜੀ , ਸਿਰਖਪਾਈ ਨਾ-ਮਾਤਰ । ਤੇ ਆਮਦਣ !
...ਪੱਛੋ ਈ ਕੁਝ ਨਾ !! ...ਅੱਧੋ-ਸੁੱਧ । ਠਾਠ-ਬਾਠ ਪੂਰੀ । ਉਹਦੇ ਧੋਤੀ-ਕੁਰਤੇ ਨੂੰ ਕਦੀ
ਕਿਧਰੇ ਦਾਗ਼ ਨਹੀਂ ਸੀ ਲੱਗਾ । ਜੱਟ-ਜਿਮੀਂਦਾਰ ਤਾਂ ਸਾਰਾ ਸਾਲ ਹੱਡ –ਗੋਡੇ ਰਗੜਾਉਂਦੇ
ਰਹਿੰਦੇ । ਹੇਠੋਂ –ਉਪਰੋਂ ਮਿੱਟੀ-ਘੱਟੇ ਨਾਲ ਲਿਬੜੇ ,ਬਿੱਜੂ ਬਣੇ ਰਹਿੰਦੇ । ਸਾਰਾ ਪਿੰਡ
ਕੱਠਾ ਹੋ ਕੇ ਵੀ ਹਾੜ੍ਹੀ ਸਾਉਣੀ ਓਨੀ ਕਮਾਈ ਨਹੀਂ ਸੀ ਕਰਦਾ , ਜਿੰਨੀ ਹਰੀਆ ਦੌਂਹ-ਚੌਂਹ
ਦਿਨਾਂ ‘ਚ ਕਰ ਲੈਂਦਾ । ਤੇ ਤਾਇਆ ...ਤਾਏ ਨੂੰ ਹਰੀਏ ਵਰਗੇ ਗੱਫੇ ਕਦੀ ਵੀ ਨਹੀਂ ਸੀ ਲੱਭੇ
। ਬੱਸ, ਆਈ-ਚਲਾਈ ਬਣੀ ਰਹਿੰਦੀ । ਨਾ ਸੋਕਾ , ਨਾ ਡੋਬਾ । ਕਰੀਬ , ਘੁਮਾਂ ਭਰ ‘ਚ ਪਏ
ਖਿੱਲਰ-ਖਿਲਾਰੇ ਦੀ ਹਊਂ ‘ਚ ਜੇ ਕਿਧਰੇ ਉਹ ਹੇਠਾਂ-ਉੱਤਾ ਕਰ ਵੀ ਲੈਂਦਾ , ਤਾਂ ਹੋਰ ਵੀ ਤੰਗ
ਹੋ ਜਾਂਦਾ । ਇਉਂ ਪਿਛਲੀ ਵਾਰ ਹੋਈ ਵੀ । ਹਰਬੰਸ ਸੂੰਹ ਬਾਰੀਏ ਵਾਲੀ ਨਿਆਂਈ ਨਾਲ ਲਗਦੇ ,
ਬਾਬਿਆਂ ਦੇ ਮਹਿੰਗੇ ਦੇ ਚਾਰ ਕਿੱਲੇ ਤਾਏ ਨੇ ਰਹਿਣ ਰੱਖ ਲਏ । ਮਹਿੰਗੇ ਨੇ ਟਰੈਕਟਰ ਲੈ ਲਿਆ
ਸੀ , ਕਿਸੇ ਬੈਂਕ ਤੋਂ । ਉਹ ਫਸ ਗਿਆ । ਅਗਲੀ ਕਿਸ਼ਤੇ ਈ ,ਤਾਏ ਦੇ ਗੋਡੇ ਮੁੱਢ ਆ ਬੈਠਾ –
“ਜਿਓਂ ਜਾਣਦਾਂ , ਮੇਰੀ ਲਾਜ਼ ਰੱਖ ; ਭਾਮੇਂ ਚਾਰੇ ਕਿੱਲੇ ਬੈਅ ਲਿਖਵਾ ਲਾਆ , ਕੱਠੇ । ਨਈਂ
ਤਾਂ ਅਗਲਿਆਂ ਟਰੈਕਟਰ ਡੱਕ ਲੈਣਾ , ਠਾਣੇ । ਨਾਲ ਈ ਮੈਂ ਵੀ ਜਾਊ ਅੰਦਰ ....।“ ਤਾਇਆ ਉਹਦਾ
ਵਿਲੀਪਾਪ ਸੁਣ ਕੇ ਪਸੀਜ ਗਿਆ । ਪਰ ,ਕਰਦਾ ਕਿੱਥੋਂ ? ਐਡੀ ਰਕਮ ਐਨੀ ਛੇਤੀ ! ਤਾਏ ਦਾ ਜੀਅ
ਕੀਤਾ , ਹਰੀਏ ਨੂੰ ਪੁੱਛ ਵੇਖੇ । ਪਰ ਅਗਲੇ ਹੀ ਪਲ ਉਹਨੇ ਇਹ ਵਿਚਾਰ ਛੰਡ ਮਾਰਿਆ – “ ਵਾਹ
ਓਏ ਗੁਰਬਚਨ ਸਿਆਂ , ਜੇਸ ਬੰਦੇ ਨੂੰ ਤੂੰ ਹਜ਼ਾਰ –ਖੰਡ ਦੇ ਕੇ ਕਦੀ ਮੁੜਕੇ ਕਰਨ ਬਾਰੇ ਨਈਂ
ਸੀ ਆਖਿਆ , ਉਦ੍ਹੇ ਅੱਗੇ ਹੱਥ ਅੱਡੇਂਗਾ ਹੁਣ ...। ਤਕੜਾ ਹੋ ਤਕੜਾ । ਹੋਰ ਕੋਈ ਕਰ
ਹੀਲਾ-ਵਸੀਲਾ । ਕਿਉਂ ਲੱਗਿਆਂ ਬਣਿਆ-ਬਣਾਇਆ ਭਰਮ-ਭੌਓ ਖ਼ਰਾਬ ਕਰਨ ...!”
...ਬਣਿਆ ਭਰਮ-ਭੌਓ ਖ਼ਰਾਬ ਹੋਣੋ ਬਚਾਉਣ ਲਈ , ਤਾਏ ਦੀਆਂ ਘਰ ਦੀ ਮਿੱਟੀ ‘ਚ ਲੱਗੀਆਂ
ਜੜ੍ਹਾਂ ਇਕ ਵਾਰ ਫਿਰ ਉੱਖੜ ਗਈਆਂ । ਪਿੰਡ ਨਾਲ , ਰਤਨੀ ਨਾਲ ਤੋੜ-ਵਿਛੋੜਾ ਕਰ ਕੇ ਤਾਇਆ
ਦਿੱਲੀ ਪਹੁੰਚ ਗਿਆ । ਰਾਤ ਦੀ ਗੱਡੀ । ਤੜਕਸਾਰ ਉਹ ਠੇਕੇਦਾਰ ਮਾਨ ਸਿੰਘ ਕੋਲ ਸੀ ,ਜਮਨਾ
ਪਾਰ । ਮਦਰ –ਡੇਅਰੀ ਲਾਗੇ । ਪਟਪੜ-ਗੰਜ । ਤਿੰਨ ਮੰਜਲੀ ਕੋਠੀ ‘ ਚ । ਮਾਨ ਸਿੰਘ ਨੇ ਉਸ
ਨੂੰ ਗੇਟ ਤੇ ਆ ਜੱਫੀ ਪਾਈ । ਬੜੀ ਗਰਮਜੋਸ਼ੀ ਨਾਲ । ਉਹਨੇ ਸੋਚਿਆ –‘ਕਾਰੋਬਾਰੀ ਬੰਦਾ ਐ
ਗੁਰਬਚਨ ਸੂੰਹ । ਕੋਈ ‘ਮਾਲ –ਅਸਬਾਬ ਵੇਚਣ ਆਇਆ ਹੋਣਾ ਦਿੱਲੀ-ਫੱਟੇ , ਬੱਤੇ , ਬੱਲੀਆਂ ।
‘ਅੰਦਰ ਸੋਫੇ ਤੇ ਬੈਠਦਿਆਂ ਸਾਰ ਮਾਨ ਸਿੰਘ ਛਿੜ ਪਿਆ –“ਭਾਅ ਬਚਨ ਸਿਆ ਤੁਆਡੇ ਮਾਲ ਦੀ ਬਓਤੀ
ਈ ਲਾਗਤ ਐ ਐਥੇ । ਮੇਰਾ ਅਪਣਾ ਮਸਾਂ ਈ ਪੂਰਾ ਹੁੰਦਆ । ਕਦੀ ਕਿਤੋਂ ਫੜ ਕਦੀ ਕਿਤੋਂ । ਪੂਰੀ
ਨਈਂ ਹੁੰਦੀ ਸ਼ਟਰਿੰਗ । ਮੰਗ ਈ ਐਨੀ ਆ । ਖ਼ਬਨੀ ਕਿਥੋਂ ਆ ਗਿਆ ਐਨਾ ਪੈਹਾ ਲੋਕਾ ਕੋਅ...।
ਅੱਜ ਜੇਦ੍ਹਾ ਮਕਾਨ ਆਜ਼ਾਦ ਨਗਰ ਹੁੰਦਆ । ਕਲ੍ਹ ਨੂੰ ਪਟਪੜ-ਗੰਜ ਪਹੁੰਚ ਜਾਂਦਾ । ਉਸ ਤੋਂ
ਅਗਲੇ ਦਿਨ ਲਾਜਪੱਤ ਨਗਰ । ਅਗਲੇ ਦਿਨ ਡੀਫੈਂਨਸ ਕਲੋਨੀ , ਹੌਸਖਾਬ ....! ਚਲੋ ਸਾਨੂੰ ਕੀਈ
ਸਾਡੀ ਅਲੋਂ ਸਾਰਾ ਮੁਲਕ ਈ ਨਮੀਂ ਦਿੱਲੀ ਆ ਵੜੇ ! ਸਾਨੂੰ ਤਾਂ ...! “ ਚਾਹ ਦੀ ਚੁਸਕੀ ਭਰਨ
ਲੱਗਾ ਮਾਨ ਸਿੰਘ ਜ਼ਰਾ ਕੁ ਰੁਕ ਕੇ ਫਿਰ ਬੋਲਿਆ – “ ਹਾਂ ਸੱਚ ਕੀ ਹਾਲ ਆ ਪਿੰਡਾਂ ਦਾਆ,
ਮੁੰਡੇ-ਕੁੰੜੀਆਂ ਦਾਆ । ...ਓਂ ਮੈਂ ਗਿਆ ਵੀ ਆਂ ਦੋ ਕੁ ਵਾਰੀ । ਬੱਸ ਜਾ ਈ ਨਈਂ ਹੋਇਆ
ਤੇਰੇ ਤੱਕ । ਉਦਣ ਗਿਆ ਈ ਗਿਆ ਤਾਂ ਮੇਲੇ ਤਿਆਰ ਹੋਏ ਬੈਠੇ ਸੀਈ ਤੁਸੀਂ ਸਾਰੇ । ਸੋਚਿਆ
ਅਗਲੀ ਵੇਰਾਂ ਕਰੂੰ ਗੱਲ ..”
ਚਾਹ ਪੀਣ ਤੱਕ ਤਾਇਆ ਉਹਨੂੰ ਇਕ ਟੱਕ ਬੋਲਦੇ ਨੂੰ ਸੁਣਦਾ ਰਿਹਾ । ਹੂੰ –ਹਾਂ ਕਹਿਣ ਦੀ ਬਜਾਏ
ਸਿਰ ਹਿਲਾ ਕੇ ਹੁੰਗਾਰਾ ਭਰਦਾ ਰਿਹਾ । ਫਿਰ, ਹੱਥਲਾ ਕੱਪ ਮੇਜ਼ ਤੇ ਟਿਕਾ ਕੇ ਹੈਰਾਨ ਜਿਹਾ
ਹੋ ਕੇ ਬੋਲਿਆ – “ ਸਾਰੇ ਪਾਸੇ ਨੱਠ-ਭੱਜ ਆਪ ਈ ਕਰਦਾ ....? “ ਨਈਂ-ਨਈ , ਐਨੀ ਹੁੰਦੀ ਆ
ਕੱਲੇ ਤੋਂ ..! ਬੰਦੈ ਰੱਖਓ ਆ ਕਈ ਸਾਰੇ । ਦਫ਼ਤਰ ਆ ਪੱਕਾ , ਨਹਿਰੂ ਪਲੇਸ ...ਆਹ ਤਾਂ
ਸਵੇਰੇ-ਸਵੇਰੇ ਲੱਭ ਗਿਆਂ ਕੋਠੀ , ਨਈਂ ਸਾਰਾ ਦਿਨ ਦਫ਼ਤਰੋਂ ਈ ਵਿਹਲ ਨਈਂ ਮਿਲਦੀ, ਕਈ ਕੋਈ
ਸਿਰ ਦਰਦੀ ਕਦੀ ਕੋਈ , ਕਿਧਰੇ ਕੁਛ ਵੱਧ ਗਿਆ , ਕਿਧਰੇ ਘੱਟ ਗਿਆ । ਹੁਣ ਤਾਂ ਆਪਾਂ ਕੰਮ ਈ
ਹੋਰ ਕਰ ਲਿਆ ਸਾਲ-ਖੰਡ ਤੋਂ । ਛੋਟੇ-ਮੋਟੇ ਕੋਠੀਆਂ-ਫਲੈਟ ਤਾਂ ਊਂਈ ਸੌਂਪ ਛੱਡੀ ਦੇ ਆ ਪੈਟੀ
ਕੰਨਟਰੈਕਟਰਾਂ ਨੂੰ , ਅਪਣਾ ਮਾਰਜਨ ਰੱਖ ਕੇ । ਹਾਂ ,ਸਰਕਾਰੀ ਬਿਲਡਗਾਂ , ਪੁਲ-ਫ਼ਲਾਈਓਵਰ
ਅਪਣੇ ਕੋਅਲ ਸਿੱਧੇ । ...ਏਧਰੋਂ ਚਾਰ ਪੈਹੇ ਖ਼ਰੇ ਲੱਭ ਜਾਂਦੇ ਆ । ਓਂ ਤਾਂ ਪਿੱਛੇ ਜਿਹੇ
ਡੁਬਈ –ਮਸਕਟ ਵੀ ਭਰੇ ਸੀ ਟੈਂਡਰ , ਪਰ ਗੱਲ ਕੋਈ ਬਣੀ ਨਈਂ । ਓਥੋਂ ਦੇ ਸ਼ੇਖ ਸਾਲੇ
ਹਿੰਦੁਸਤਾਨੀ ਲੋਕਾਂ ਦੇ ਯਕੀਨ ਜਿਆ ਨਈਂ ਕਰਦੇ । ਗੋਰੇ ਭਾਮੇਂ ਸਾਰਾ ਕੁਸ ਲੁੱਟ ਕੇ ਲੈ ਜਾਣ
ਉਹਨਾਂ ਦਾ । ਚੂੰ ਨਈਂ ਕਰਦੇ ਮਾਦਰ ‘ਚੋਂ ....!”
ਮਾਨ ਸਿੰਘ ਦੀਆਂ ਗੱਲਾਂ ਸੁਣਦੇ ਤਾਂਏ ਨੂੰ ਅਚੋਆਈ ਜਿਹੀ ਲੱਗ ਗਈ । ਉਂਝ ਦਫ਼ਤਰ ਜਾਣ ਦੀ
ਮਾਨ ਸਿੰਘ ਨੂੰ ਵੀ ਕਾਹਲ ਸੀ ।ਹੱਥੋਂ ਕੱਪ ਰੱਖ ਕੇ ਉਹ ਝੱਟ ਦੇਣੀ ਉੱਠ ਖੜੋਇਆ – “ ਕਰ ਫੇਏ
ਸ਼ਨਾਨ-ਬਨਾਨ ।....ਆਹ ਤੇਰੇ ਪਿੱਛੇ ਆ ਬਾਥਰੂਮ –ਟਾਇਲੈਟ । ਮੈਂ ਵੀ ਹੁੰਨਆਂ ਤਿਆਰ । ਚਲਦੇ
ਆਂ ਫੇਏ ਦਫ਼ਤਰ ...।“
“ ਦੋ ਮਿੰਟ ਅਟਕ ਨਾ ਲਈਏ , ਚਾਹ ਪੀਤੀ ਆ ਹਜੇ ...” ਤਾਏ ਨੇ ਚਾਹ ਦਾ ਨਿੱਘ ਮਹਿਸੂਸਦੇ ਨੇ
ਆਖਿਆ ।
“ ਲੈਅ ਤਾਂ ਕੀਆ , ਚਾਹ ਫੇਹ ਪੀਤੀ ਜਾਊ , ਨ੍ਹਾ ਕੇ । ਐਥੇ ਤਾਂ ਐਈਂ ਚਲਦਾ ...। ਐਨਾ
ਅਟਕਣ ਦੀ ਵੇਹਲ ਕਿੱਥੇ ...।“ ਫੱਟਾ-ਫੱਟ ਉੱਠਿਆ ਮਾਨ ਸਿੰਘ ਪਰਦੇ ਪਿਛਲਾ , ਦਰਵਾਜ਼ਾ ਖੋਲ੍ਹ
ਕੇ ਦੂਜੇ ਅੰਦਰ ਚਲਾ ਗਿਆ ।
ਤਾਏ ਨੇ ਉਹਦੀਆਂ ਗੱਲਾਂ ਤੋਂ ਉਹਦੇ ਕੰਮਕਾਰ ਦਾ ਅੰਦਾਜ਼ਾ ਲਾ ਲਿਆ । ਸਾਰਾ ਦਿਨ ਨਾਲ
ਤੁਰਦੇ-ਫਿਰਦੇ ਨੂੰ ਉਹਦੇ ਖਿਲਰ-ਖਲਾਰ ਦੀ ਹੋਰ ਸਮਝ ਪੈ ਗਈ । ...ਆਲੀਸ਼ਾਨ ਦਫਤਰ ਕਿੰਨੇ
ਸਾਰੇ ਬਾਬੂ , ਕਈ ਸਾਰੇ ਮੇਜ਼-ਕੁਰਸੀਆਂ , ਸੋਫੇ , ਅਲਮਾਰੀਆਂ , ਪੱਖੇ , ਕੂਲਰ ।
ਕੱਲੇ-ਕੱਲੇ ਮੇਜ਼ ਤੇ ਟੈਲੀਫੂਨ , ਫਾਇਲਾਂ , ਕਾਗਜ਼ ਪੱਤਰ । ਮਾਨ ਸੂੰਹ ਦਾ ਕਮਰਾ ਤਾਂ ਨਿਰਾਈ
ਸੁਅਰਗ , ਨਾਂ ਗਰਮ ਨਾ ਠੰਡਾ । ਰਾਜਿਆਂ-ਮਹਾਂਰਾਜਿਆਂ ਵਰਗੀ ਕੁਰਸੀ । ਅੱਗੇ ਕਿੱਡਾ ਸਾਰਾ
ਮੇਜ਼ । ਉੱਪਰ ਪੰਜ –ਛੇ ਟੈਲੀਫੋਨ , ਉਹ , ਇਕ ਚੱਕਦਾ , ਦੂਜਾ ਰੱਖਦਾ । ਦੂਜਾ ਰੱਖਦਾ ,
ਤੀਜਾ ਚੁੱਕਦਾ । ਸਾਰਾ ਦਿਨ ਘਰੀਂ ਘਰੀਂ ਹੁੰਦੀ ਰਹੀ । ਟੈਲੀਫੂਨਾਂ ਦੀ ਵਖ਼ਰੀ , ਕਾਲ-ਬੈਲ
ਦੀ ਵਖ਼ਰੀ । ਲੌਢੇ ਕੁ ਵੇਲੇ ਉਹ ਲੰਚ ਕਰਨ ਉੱਠੇ , ਅਸ਼ੋਕਾ ਚਲੇ ਗਏ । ਤਾਏ ਨੇ ਪਹਿਲੋਂ ਕਦੀ
ਐਹੋ ਜਿਹੇ ਨਾ ਬੰਦੇ ਵੇਖੇ ਸੀ ,ਨਾਂ ਥਾਂ ।
....ਸ਼ੀਸ਼ ਮਹਿਲ ਵਰਗਾ ਹਾਲ । ਵੱਡਾ ਸਾਰਾ । ਪਿੰਡ, ਗੁਰਦੁਵਾਰੇ ਦੇ ਹਾਲ-ਕਮਰੇ ਨਾਲੋਂ ਵੀ
ਚੌਗਣਾ-ਪਚੌਗਣਾਂ । ਸਲੀਕੇ ਨਾਲ ਟਿਕਾਏ ਸੋਹਣੈ ਕੁਰਸੀਆਂ ਮੇਜ਼ । ਟੋਕਵੇਂ-ਟੋਕਵੇਂ ਜਿਹੇ ।
ਇਕ ਕੌਣੇ ਤੇ ਉੱਚਾ ਸਾਰਾ ਥੜਾ । ਇਸ ਤੇ ਰੰਗ-ਬਿਰੰਗੇ ,ਵਿੰਗ-ਤਿੰੜਗੇ ਸਾਜ਼ । ਢੋਲ ਢੋਲਕੀਆਂ
। ਕੋਈ ਉੱਚੀਆਂ , ਕੋਈ ਲੰਮੀਆਂ । ਪਿਤੱਲ ਦੀ ਵੱਡੀ ਪਰਾਤ ਜਿੱਡੀਆਂ-ਜਿੱਡੀਆਂ ਖੜਤਾਲਾਂ ।
ਤਾਏ ਨੇ ਬੱਸ ਹਰਨਾਮ ਸੂੰਹ ਭਾਈ ਦਾ ਹਰਮੋਨੀਅਮ ਦੇਖਿਆ ਸੀ ਜਾਂ ਫੱਗੂ ਮਰਾਸੀ ਦੀ ਡੋਲਕੀ ।
ਜਾਂ ਕਦੀ-ਕਦਾਈ ਕਿਸੇ ਵਿਆਹ ਸ਼ਾਦੀ ਸਮੇਂ ਕਿਸੇ ਦੇ ਘਰ ਦੇ ਬਨੇਰੇ ਤੇ ਰੱਖਿਆ , ਬਾਲਟੀ ਜਿਹੀ
ਵਰਗਾ ‘ਲਓਡ-ਸਪਿੱਕਰ ’ ।
ਮਾਨ ਸੂੰਹ ਦੇ ਪਿੱਛੇ –ਪਿੱਛੇ ਤੁਰਿਆ ਤਾਇਆ ਇਕੱਲਵੰਜੇ ਜਾ ਬੈਠਾ । ਗੱਦੇਦਾਰ ਕੁਰਸੀ ਤੇ ।
ਬਿਜਲੀ ਦੀ ਫੁਰਤੀ ਵਾਂਗ ਇਕ ਬੰਦਾ ਲਾਗੇ ਆ ਖੜਿਆ । ਚੁਸਤ-ਫੁਸਤ । ਦੁੱਧ-ਚਿੱਟੀ ਵਰਦੀ । ਐਨ
ਕੱਸੀ ਪਈ । ਸਿਰ ਤੇ ਪੋਚਵੀ ਲਾਲ ਪਗੜੀ । ਉਹਨੇ ਬੜੇ ਸਲੀਕੇ ਨਾਲ ਸਲੂਟ ਮਾਰਿਆ । ਖਾਣੇ ਦੀ
ਵੰਨਗੀ ਪੁਛੀ –“ ਵੈਜ਼ ਆਰ ਨਾਨ ਵੈਜ਼ ?” ਮਾਨ ਸਿੰਘ ਨੇ ਅੱਗੋਂ ਤਾਏ ਵਲ੍ਹ ਸੈਨਤ ਮਾਰੀ – “
ਕਿਹੋ ਜਿਆ ਚਲੇਗਾ , ਭਾਅ ਜੀ ? ਮੀਟ-ਮੁਰਗਾ ਜਾਂ ਦਾਲ –ਭਾਜੀ !” “ ਤਾਏ ਨੇ ਅਜੇ ਉਸਦੀ
ਪੂਰੀ ਗੱਲ ਸਮਝੀ ਵੀ ਨਹੀਂ ਸੀ ਕਿ ਮਾਨ ਸਿੰਘ ਨੇ ਬਹਿਰੇ ਨੂੰ ਪਹਿਲੋਂ ਈ ਆਖ ਦਿੱਤਾ – “
ਨਾਨ – ਵੈਜ਼ ਕੱਮ ਲਾਈਟ ਡਰਿੰਕਸ ...।“ ਮਿੰਟਾਂ ਅੰਦਰ ਹੀ ਦੋ ਵੱਡੇ-ਵੱਡੇ ਗਲਾਸ ਉਹਨਾਂ ਦੇ
ਸਾਹਮਣੇ ਸਨ । ਸ਼ਰਬਤੀ ਰੰਗੇ । ਹੁੱਕੇ ਦੀ ਚਿਲਮ ਵਰਗੇ । ਮੂੰਹੋ –ਮੂੰਹ ਭਰੇ ।ਜਿਹਨਾਂ
ਅੰਦਰਲੀ ਸ਼ੈਅ –ਵਸਤ ਉੱਪਰ ਹੇਠਾਂ ਹਿਲਦੀ ਦਿਸੀ ਤਾਏ ਨੂੰ ।ਤਾਏ ਨੇ ਸੋਚਿਆ , ਕੋਈ ਰਵਾਜ਼ ਹਊ
ਏਥੋਂ ਦਾ । ਰੋਟਿਓ ਪਹਿਲਾਂ ਸੋਡਾ-ਵਾਟਰ ਪੀਣ ਦਾ । ਖਾਲੀ ਢਿੱਡ ਤੋਂ ਹਵਾ ਪਾਣੀ ਕੱਢਣ ਦਾ
.....। ਮਾਨ ਸਿੰਘ ਨੇ ਝੱਟ ਗਲਾਸ ਚੁੱਕਿਆ । ਤਾਏ ਦੇ ਗਲਾਸ ਨਾਲ ਟਕਰਾ ਕੇ ਆਖਿਆ – “ਚੀਅਰਜ਼
..ਭਾਅ ਗੁਰਬਚਨ ਸੂੰਹ ਦੀ ਦਿੱਲੀ ਯਾਤਰਾ ਦੇ ਨਾਂ ...।“
ਤਾਏ ਨੂੰ ਹੁਣ ਗੱਲ ਸਮਝ ਪੈ ਗਈ । ਪਰ , ਉਹ ਭਰਿਆ ਗਲਾਸ ਦੇਖਕੇ ਡੈਂਬਰ ਗਿਆ । ਉਂਝ ਪੀਣ
ਨੂੰ ਤਾਇਆ ਪੀ ਤਾਂ ਲੈਂਦਾ ਸੀ । ਕਦੀ-ਕਦਾਈਂ , ਜਦ ਕਿਧਰੇ ਮੌਜ-ਮੇਲਾ ਹੋਵੇ । ਲੋਹੜੀ
–ਵਿਸਾਖੀ ਤੇ । ਜਾਂ ਕੋਈ ਵਿਆਹ ਸ਼ਾਦੀ ਹੋਵੇ । ਦੋ-ਘੁੱਟ ਸ਼ਰਾਬ , ਚਾਰ ਘੁੱਟ ਪਾਣੀ । ਉਹ ਵੀ
ਤਿਕਾਲਾਂ ਵੇਲੇ । ਪਰ ਹੁਣ ...ਹੁਣ ਦੁਪੈਰਾ ਦਿਨ ਦਾ । ਉੱਪਰੋਂ ਮੂੰਹ-ਮੂੰਹ ਭਰਿਆ ਗਲਾਸ ।
ਤਾਇਆ ਥੋੜਾ ਡਰ ਜਿਹਾ ਗਿਆ । ਮਾਨ ਸਿੰਘ ਨੇ ਅਪਣੇ ਗਲਾਸ ਨੂੰ ਡੀਕ ਲਾਈ , ਇਕੋ ਸਾਹੇ ਪੀ
ਗਿਆ । ਤਾਏ ਨੂੰ ਥੋੜਾ ਹੌਸਲਾ ਹੋਇਆ । ਹਿੰਮਤ ਕਰਕੇ ਦੋ-ਤਿੰਨ ਘੁੱਟ ਭਰੇ । ਖੱਟੀ ਲੱਸੀ
ਵਰਗੀ ਕੁੜੱਤਣ ਉਹਦੀਆਂ ਨਾਸਾਂ ਨੂੰ ਚੜ ਗਈ । ਉਹ ਸਮਝ ਗਿਆ । ਬੀਅਰ ਸੀ । ਉਹਨੇ ਹਰੀਏ ਨਾਲ
ਦੋ-ਚਾਰ ਵੇਰ੍ਹਾਂ ਪਹਿਲੋਂ ਵੀ ਪੀਤੀ ਸੀ , ਜਲੰਧਰੋਂ । ਪਰ , ਓਦੋਂ ਉਹਨਾਂ ਠੰਡੀ –ਠਾਰ
ਬੋਤਲ ਆਪ ਖੋਲ੍ਹੀ ਸੀ , ਆਪਣੇ ਹੱਥੀਂ । ਆਪ ਉਲਟਾਈ ਸੀ ਅਪਣੇ ਗਲਾਸਾਂ ‘ਚ । ਹੌਲੀ-ਹੌਲੀ
ਮੁਕਾਈ ਸੀ ।ਸਾਹ ਲੈ ਲੈ ਕੇ ,ਦੋ ਤਿੰਨ ਵਾਰ ! ਹੁਣ ਵੀ ਤਾਏ ਨੇ ਦੋ-ਤਿੰਨ ਸਾਹ ਲੈ ਕੇ ਭਰਿਆ
ਗਲਾਸ ਖ਼ਤਮ ਕਰ ਲਿਆ । ਬਿਜਲੀ ਦੀ ਫੁਰਤੀ ਨਾਲ ਬਹਿਰਾ ਮੁੜ ਆ ਖੜਾ ਹੋਇਆ । ਮਾਨ ਸਿੰਘ ਨੇ
ਦੋ ਉਂਗਲਾਂ ਖੜੀਆ ਕਰਕੇ ਦੋ ਬੀਕਰ ਹੋਰ ਮੰਗਵਾ ਲਏ । ਹਲਕੀ ਜਿਹੀ ਲੇਅਰ ਮਹਿਸੂਸਦਾ ਤਾਇਆ ,
ਮੇਜ ਤੇ ਕੂਣੀਆਂ ਰੱਖ ਕੇ ਸੌਖਾ ਜਿਹਾ ਹੋ ਕੇ ਬੈਠ ਗਿਆ – “ ਦੁਪੈਰ ਵੇਲੇ ਘਰ ਨਹੀਂ ਜਾਂਦੇ
ਰੋਟੀ ਖਾਣ ....? “ ਕਿੱਥੇ ਨਿਕਲ ਹੁੰਦਾ ਦਫ਼ਤਰੋਂ । ...ਆਹ ਤਾਂ ਤੇਰੇ ਕਰਕੇ ਆ ਹੋ ਗਿਆ
ਐਥੇ ਤੱਕ ਵੀ , ਨਈਂ ਓਥੇ ਈ ਮੰਗਵਾ ਲਈਦੀ ਫੋਨ ਤੇ ...। ਕੰਮਕਾਰ ਦੀ ਐਨਾ , ਸਿਰ –ਖੁਰਕਣ
ਦੀ ਵਿਹਲ ਨਈਂ ਮਿਲਦੀ ....!”
ਕੰਮਕਾਰ ਦੀ ਗੱਲ ਛਿੜੀ ਦੇਖ ਤਾਇਆ ਹੋਰ ਚੁਸਤ ਹੋ ਕੇ ਬੈਠ ਗਿਆ । ਮੌਕਾ ਵਿਚਾਰ ਕੇ ਅਪਣੀ
ਗੱਲ ਕਰਨੀ ਚਾਹੀ । ਫਿਰ ਪਤਾ ਨਈਂ ਕਿਹੜੀ ਗਲੋਂ ਝਿਜਕ ਗਿਆ – ਬਣਿਆ ਮਰਮ-ਭੈਓ ਗੁਆ ਦੇਣ ਦੇ
ਡਰੋਂ ਜਾਂ ਕਿਸੇ ਹੋਰ ਭਾਵਨਾ ਕਰਕੇ । ਉਂਝ ਪਹਿਲੇ ਗਲਾਸ ਦੀ ਝਰਨਾਹਟ ਨੇ ਉਸਨੂੰ ਬੋਲਣ ਜੋਗਾ
ਕਰ ਜ਼ਰੂਰ ਦਿੱਤਾ ਸੀ “ ਕੰਮ ਕਾਰ ਨਾਲ ਈ ਭਾਅ ਆ ਭਾਈ , ਹੋਰ ਸਾਡੇ ਲੋਕਾਂ ਦੀਆਂ ਕੇੜੀਆਂ
ਜਗੀਰਾਂ-ਜਾਇਦਾਤਾਂ ....! “
“ ਨਈਂ ਭਾਅ ਜੀ ਨਈਂ , ਏਹ ਭੁਲੇਖਾ ਆ ਤੈਨੂੰ ...। ਅਪਣੇ ਕੰਮਕਾਰ ਨਾਲੋਂ ਵੱਡੀ ਜਗੀਰ ਹੋਰ
ਕੇੜੀ ਹੋਈ ! ਫੇਰ ਐਸ ਜਮਾਨੇ ‘ਚ ...” ਦਿਨਾਂ ਅੰਦਰ ਈ ਬੰਦਾ ਕਿਤੇ ਦਾ ਕਿਤੇ ਹੁੰਦਆ । “
ਮਾਨ ਸਿੰਘ ਨੂੰ ਹੁੰਗਾਰਾ –ਭਰਦਾ ਤਾਇਆ , ਧੁਰ ਅੰਦਰੋਂ ਵਿੰਨਿਆ ਗਿਆ । ...ਦਿਨਾਂ ਅੰਦਰ ਹੀ
ਉਸ ਤੋਂ ਕਿਤੇ ਅੱਗੇ ਲੰਘਿਆ ਹਰੀਆ , ਫਿਰ ਉਸ ਦੇ ਸਾਹਮਣੇ ਆ ਖੜਾ ਹੋਇਆ ।
ਮੇਜ਼ ਤੋਂ ਕੁਹਣੀਆਂ ਲਾਹ , ਉਹ ਮੁੜ ਕੁਰਸੀ ਤੇ ਜਿਵੇਂ ਢੇਰੀ ਹੋ ਗਿਆ ਹੋਵੇ ।
“ ਕੀ ਗਲ੍ਹ ਹੋਈ ਭਾਅ, ਖ਼ਰੀ ਨਈਂ ਲੱਗੀ ਬੀਅਰ ....?” ਮਾਨ ਸਿੰਘ ਨੇ ਜਿਵੇਂ ਉਸ ਨੂੰ
ਮੋਢਿਓਂ ਫੜ ਕੇ ਹਲੂਣਿਆਂ ਹੋਵੇ ।
“ ਨਈਂ ਨਈਂ ...ਬਓਤ ਖ਼ਰੀ ਆ ।ਊਈਂ ਜ਼ਰਾ ਉਣੀਦਾਂ ਜਿਆ ਆ ਰਾਤ ਦਾ ...” ਤਾਏ ਦੀ ਆਵਾਜ਼ ਬੋੜੇ
ਖੂਹ ‘ਚੋਂ ਨਿਕਲਣ ਵਾਂਗ ਮਸਾਂ ਮਾਨ ਸਿੰਘ ਤੱਕ ਪਹੁੰਚੀ । ਲੈ ਹੁਣੇ ਹੋ ਜਾਂਦਾ ਉਣੀਦਾ ਦੂਰ
....,” ਬਹਿਰੇ ਨੂੰ ਘੰਟੀ ਤੇ ਬੁਲਾ ਕੇ ਮਾਨ ਸਿੰਘ ਨੇ ਅਪਣੀ ਗੱਲ ਜ਼ਾਰੀ ਰੱਖੀ – “ ਤੈਨੂੰ
ਪਤਾ ਈ ਆ ਭਾਅ ਜੀ , ਹੰਦਆ ਕੀ ਸੀਈ ਅਪਣੇ ਕੋਅਲ ਪਿੰਡੀ ਥਾਈਂ ! ਹੁਣ ਦੇਖ ਲਾਅ ਤੇਰੇ
ਸਾਹਮਣੇ ਆ ਸਾਰਾ ਕੁਸ਼ । ...ਲੈ ਹੋਰ ਦੱਸਦਾ ਤੈਨੂੰ । ਉਹ ਹੁੰਦਾ ਨਈਂ ਸੀ ਸ਼ੈਹਰ ਜਾਂਦਿਆਂ
ਨੂੰ , ਮੂੰਗਫਲੀ ਵੇਚਦਾ ਹੁੰਦਾ ਸੀ ਛਾਬੜੀ ਲਾ ਕੇ ਫਾਕਟ ਲਾਗੇ ! ਕੀ ਨਾਂ ਸੀਈ ਉਦ੍ਹਾ ?
ਹਾਂ ਸੱਚ ਅਮੀਆਂ ...। ਮੁੰਡੇ ਉਦ੍ਹੇ ਪਤਾ ਕਿਥੇ ਪਹੁੰਚਿਓ ਆ , ਅਮੀਏ ਦੇ , ਵੱਡਾ ਇੰਗਲੈਂਡ
ਬੈਠਾ ਤੇ ਛੋਟਾ, ਛੋਟਾ ਐਥੇ ਆ ਸੱਤਪਾਲ । ...ਆਇਆ ਯਾਦ ! ਸੱਤਾ-ਸੱਤਾ ਪੜ੍ਹਦਾ ਨਈਂ ਸੀਈ
ਹੁੰਦਾ ਅਪਣੇ ਨਾਂ ਅਸਲਾਮੀਆਂ ਸਕੂਲੇ ਦੂਜੀ-ਤੀਜੀ ‘ਚ ! ਪੈਰ ਵਿੰਗ ਜਿਆ ਸੀ ਜੇਦ੍ਹਾ
...।ਤੂੰ ...ਤੂੰ ਤਾਂ ਸੱਚ ਪੜ੍ਹਿਆ ਈ ਨਈਂ ਸ਼ੈਹਰ । ਕੋਟੇ ਚੱਲਿਆ ਗਿਆ ਸੀ ਤੂੰ ਬੁੜ੍ਹੇ
ਅਪਣੇ ਨਾਂ । ਮੈਂ ਵੀ ਛੇਤੀ ਹੱਟ ਗਿਆ ਸੀ । ਉਹ ਪੜ੍ਹਦਾ ਗਿਆ ਅੱਗੇ । ਬੜੀਆਂ ਜਮਾਤਾਂ ਪਾਸ
ਕੀਤੀਆਂ , ਉਹਨੇ ਖਬਰੀ ਚੌਦਾਂ , ਖ਼ਬਨੀ ਸੋਲਾ ! ਮਗਰੋਂ ਉਹਨੇ ਕਿਤੇ ਦੁਆਬਾ ਸਕੂਲੇ ਮਾਸਟਰੀ
ਕਰਨ ਦੀ ਅਰਜ਼ੀ ਦਿੱਤੀ । ਪਤਾ ਕੀ ਕਹਿੰਦੇ ਅਗਲੇ ? ਅਗਲੇ ਕਹਿੰਦੇ , ਅਸੀਂ ਨਈਂ ਰੱਖਣਾ ਲੂਲਾ
–ਲੰਘੜਾ ਜਿਆ ਬੰਦਾ , ਮਾਹਟਰ ...! ਅੱਜ ਓਹੀ ਬੰਦਾ ਓਸੇਈ ਸ਼ਹਿਰ ਦੇ ਸਾਰੇ ਸਕੂਲਾਂ ਦਾਂ
ਮਾਲਕ ਆ । ਪੱਤਾ ਨਈਂ ਹਿਲਦਾ ਉਦ੍ਹੀ ਮਰਜ਼ੀ ਬਿਨਾ ਇਕ ਵੀ , ਸਕੂਲੀਂ-ਕਾਲਜੀ । ਉਹਦੀਆਂ ,
ਕੱਪੜੇ –ਖੰਡ-ਘੇਅ –ਸੀਮਿੰਟ-ਸਟੀਲ-ਕਾਗਜ਼ ਦੀਆਂ ਸਤਾਈ ਮਿਲਾਂ ਆ , ਸਤਾਈਂ । ‘ ਸਾਬ ਲਾ ਲਾ
ਤੂੰ....! ਹਿੰਮਤ ਹੋਣੀ ਚਾਹੀਦੀ ਆ ਬੰਦੇ ‘ਚ , ਅਪਣੇ ਕੰਮ ਅਰਗੀ ਰੀਸ ਆ ਕੋਈ ...।“
ਬਹਿਰੇ ਨੇ , ਗੱਪ-ਸ਼ੱਪ ਮਾਰਦੇ ਦੋਨਾਂ ਅੱਗੇ ਦੋ ਗਲਾਸ ਹੋਰ ਲਿਆ ਰੱਖੇ । ਪਹਿਲਿਆ ਨਾਲੋਂ
ਵੱਖਰੇ । ਹੋਰ ਈ ਕਿਸਮ ਦੇ । ਨਿਰੇ –ਪੁਰੇ ਗੁਲਦੱਸੇਤ । ਚਿੱਟੇ ਦੁੱਧ ਰੰਗੇ । ਜਿਹੋ ਜਿਹਾ
ਉਹਨਾਂ ਦਾ ਕੱਚ , ਉਹੋ ਜਿਹੀ ਅੰਦਰਲੀ ਵਸਤ । ਪਹਿਲਾ ਈ ਘੁੱਟ ਭਰਦਿਆ ਤਾਏ ਦੀਆਂ ਅੱਖਾਂ
ਲਿਸ਼ਕ ਪਈਆਂ । ਗੋਆ ਦੀ ਡਰਾਈ –ਜਿੰਨ ਟਿਕਵਾਂ ਸਰੂਰ ਦੇਣ ਲੱਗੀ । ਤਾਏ ਅੰਦਰਲੀ ਹੀਣਤਾ ਪਰ
ਲਾਕੇ ਉੱਡ ਗਈ । ਮੇਜ਼ ਤੇ ਕੂਹਣੀਆਂ ਟੇਕ , ਉਹ ਮਾਨ ਸਿੰਘ ਦੀਆਂ ਅੱਖਾਂ ‘ਚ ਸਿੱਧਾ ਝਾਕਿਆ –
“ ਆਖੇ ਤਾਂ ਐਥੇ ਚੁੱਕ ਲਿਆਈਏ ਲਕਾ-ਤੁਕਾ , ਪਿੰਡ ਤੋਂ ...?” “ ਕਾਨੂੰ ਐਥੇ ਕਾਨੂੰ
ਲਿਆਉਣਾ ! ...ਲੜਕੀ ਕਿਥੋਂ ਆਊ ਐਥੇ । ਆਰੇ ਦਾ ਕੰਮਕਾਰ ਤਾਂ ਪਿੰਡਾਂ ‘ਚ ਈ ਸੂਤ ਬੈਠਦਾ ।
ਬਾਗਾਂ ਲਾਗੇ , ਜੰਗਲਾਂ ਲਾਗੇ ।....ਐਥੇ ਕਰਨ ਨੂੰ ਹੋਰ ਕੰਮ ਥੋੜੇ ਆ ? ਜ਼ਰੂਰ ਬੂਰ ਪੁਆਉਣਾ
, ਸਿਰ ਮੂੰਹ ‘ਚ ...! “
ਗੱਲ ਅਪਣੇ ਆਪ ਲੀਹੇ ਆਈ ਦੇਖ ਤਾਇਆ ਸਪਾਟ ਬੋਲ ਪਿਆ – “ਅਸਲ ‘ਚ ਮਾਨ ਸਿਆ , ਮੈਂ ਆਇਆ ਤਾਂ
ਏਸੇ ਕੰਮ ਆਂ , ਤੇਰੇ ਤੋਂ ਕਾਦ੍ਹਾ ਲਕੋ ਆ । ...ਮੁੰਡੇ ਤੈਨੂੰ ਪਤਾ ਆਹ ਕੁੱਤੇ –ਕੰਮ ਨੁੰ
ਹੱਥ ਨਈਂ ਲਾਉਂਦੇ । ਬਾਲੇ-ਫੱਟੇ ਚੀਰਨ ਨੂੰ ...। ਏਹ ਨਮਾਂ ਪੂਰ ਤਾਂ ਨਮਿਓਂ ਈ ਕੰਮ ਲੱਭਦਆ
।ਸੱਕੇ –ਪੁੱਕੇ । ...ਊਂ ਵੱਡਾ ਸਾਂਭਦਾ ਕੰਮ ਥੋੜਾ ਬਓਤ । ਪਰ ,ਤੰਦ ਜਈ ਜੁੜਦੀ ਨਈਂ ਸਾਰੇ
ਜੀਆਂ ਦੀ ....,” ਥੋੜੀ-ਥੋੜੀ ,ਰੁਕ-ਰੁਕ ਕੇ , ਤਾਏ ਨੇ ਪੂਰੀ ਗੱਲ ਖੋਲ੍ਹ ਦਿੱਤੀ –“ ਮੈਂ
ਸੋਚਿਆ , ਇਕ ਅੱਧ ਜੀਅ ਬਾਅਰ ਨਿਕਲਦੇ ਆਂ । ...ਊਂ ਹੁਣ ਮੇਰੀ ਕੇੜ੍ਹਾ ਵਰੇਸ ਆ ,ਪਰਦੇਸੀਂ
ਘੁੱਮਣ ਦੀਈ ...!” ਤਾਏ ਦੀ ਵਿਥਿਆ ਸੁਣ ਕੇ ਮਾਨ ਸਿੰਘ ਥੋੜ੍ਹਾ ਝੇਂਪ ਗਿਆ । ਰਾਹ ਜਾਂਦੀ
ਬਲ੍ਹਾ ਗੱਲ ਪੈਣੋ ਡਰਦੇ ਨੇ ਸੋਚਿਆ –ਕਿੱਡੀ ਕੁ ਰਿਸ਼ਤੇਦਾਰੀ ਆ ਏਦ੍ਹੀ-ਮੇਰੀ ! ਪੜ੍ਹਦੇ ਈ
ਸੀ ਕੱਠੇ , ਉਹ ਵੀ ਧਾਰਮਕ ! ...ਬਓਤਾ ਈ ਨੇੜਿਓਂ ਹੋਵੇ ਤਾਂ ਬੰਦਾ ਕਰੇ ਵੀ ਕੋਈ ਓਹੜ-ਪੌਹੜ
। ..ਐਥੇ ਕੋਈ ਕਮੀਂ ਆਂ ਕਿਸੇ ਗੱਲ ਦੀ ...। ਪਲ-ਛਿੰਨ ਦੀ ਗਿਣਤੀ-ਗਿਣਤੀ ਪਿਛੋਂ ਮਾਨ ਸਿੰਘ
ਦੂਜੇ ਰੁਖ ਹੋ ਤੁਰਿਆ – “ਐਂ ਤਾਂ ਖੈਰ ਕਰ ਕੇ ਈ ਲਭਦੀ ਆ ਹਰ ਥਾਂ , ਘਰ ਹੋਵੇ ਜਾਂ ਬਾਹਰ ।
...ਆਹ ਤੂੰ ਦੇਖਿਆ ਈ ਆ । ਤੇਰੇ ਸਾਹਮਣੇ ਸੀਈ ਸਾਰਾ ਕੁਸ਼ ! ਲੱਕ ਲੱਕ ਤਾਈ ਖੁੱਭੇ ਰਏਆਂ
ਸਵੇਰੇ ਤੋਂ । ਇਹੋ ਹਾਲ ਸ਼ਾਮਾਂ ਤੱਕ ਰੈਹਣਾ । ਕਈ ਵਾਰ ਅੱਧੀਂ ਅੱਧੀ ਰਾਤ ਹੋ ਜਾਂਦੀ ਆ ,
ਦਫ਼ਤਰੋਂ ਈ ! ਸਿਰ ਖ਼ਪਾਈ ਕਰਦਿਆਂ ! ਤਾਂ ਜਾ ਕੇ ਡੰਗ ਨਾ ਡੰਗ ਜੁੜਦਾ ....। “ ਏਨਾ ਕੁ
ਆਖ , ਮਾਨ ਸਿੰਘ ਨੇ ਵਪਾਰੀ ਪੈਂਤੜਾ ਫਿਰ ਬਦਲ ਲਿਆ । ਪਿੰਡਾਂ ਲਾਗਿਓਂ ਚੱਲ ਕੇ ਆਏ ਬੰਦੇ
ਤੇ ਬਣਿਆ ਰੋਹਬ , ਹੋਰ ਚਮਕਾਉਣ ਲੱਗ ਪਿਆ –“ ਲੈ ਸੱਚ ਚੇਤੇ ਆ ਗਈ ਮੇਰੇ ...! ਕੰਮਕਾਰ ਈ
ਕੁੜੀ ਯਾਵਾ ਐਸਾ , ਕਈ ਗੱਲਾਂ ਊਈਂ ਭੁਲ-ਭੁਲਾ ਜਾਦੀਆਂ । ਨਸ਼ਾ ਵੀ ਸੋਹਰਾ ਮੱਤ ਮਾਰ ਲੈਂਦਾ
ਬੰਦੇ ਦੀ ...।“
ਦੂਜਾ ਦੂਜਾ ਬੀਕਰ ਖਾਲੀ ਕਰਕੇ ਮਾਨ ਸਿੰਘ ਨੇ ਬਹਿਰੇ ਨੂੰ ਹੋਰ ਲਿਆਉਣ ਲਈ ਦੋ ਉਂਗਲਾਂ ਫਿਰ
ਖੜੀਆ ਕਰ ਦਿੱਤੀਆ । ਪਰ , ਤਾਏ ਨੇ ਝੱਟ ਦੇਣੀ ਨਾਂਹ ਕਰ ਦਿੱਤੀ – “ ਨਾ ਬਈ ਨਾ , ਹੋਰ ਨਈਂ
ਐਸਲੇ । ਆਪਾਂ ਨਈਂ ਆਦੀ ਐਨੀ ਪੀਣ ਦੇਏ ...।“ ਚੱਲ ਜਿੱਦਾਂ ਤੇਰੀ ਮਰਜ਼ੀ ! ਫੇਰ ਸਈ ਤਕਾਲਾਂ
ਨੂੰ ....।“
ਬਹਿਰੇ ਨੂੰ ਖਾਣਾ ਲਿਆਉਣ ਲਈ ਆਖ ਮਾਨ ਸੂੰਹ ਫਿਰ ਤਾਏ ਵਲ੍ਹ ਨੂੰ ਆਹੁਲਿਆ –“ ...ਹਾਂ ਸੱਚ
ਕੀ ਗੱਲ ਕਰਦੇ ਸੀ ਆਪਾ ? ...ਹਾਂਅ , ਓਹੀ ਕੰਮਕਾਰ ਆਲੀ । ਫਰੀਦਾਬਾਦ , ਅਪਣੀ ਹੈਕਸਾਅ
ਮਿੱਲ ਆ ।ਹੁਣੇ ਲਾਈ ਆ ,ਥੋੜੇ ਚਿਰ ਤੋਂ । ਓਥੇ ਲਈ ਬੰਦਾ ਚਾਹੀਦਾ ਸਿਆਣਾ ਤੇ ਇਮਾਨਦਾਰ ,
ਬਤੌਰ ਫੋਰਮੈਨ , ਤੈਨੂੰ ਪਤਾਅ ਸਾਰੇ ਪਾਸੇ ਤਾ ਜਾਇਆ ਨਈਂ ਜਾਂਦਾ ਕੱਲੇ ਤੋਂ । ਤੇ ਬਿਨਾਂ
ਪੋਰਖ ਕੀਤਿਆਂ , ਲੇਬਰ ਹੱਥ-ਪੱਲੇ ਕੁਸ਼ ਨਈਂ ਪਾਉਂਦੀ ...। ਮੈਂ ਸੋਚਿਆ ਕੋਈ ਅਪਣਾ ਬੰਦਾ
ਹੋਵੇ ਓਥੇ ਤਾਂ ਮੇਰਾ ਫਿਕਰ ਮੁੱਕੇ ...! ਪਿੰਡ ਆਹੀ ਗੱਲ ਕਰਨੀ ਸੀਈ । ਮੈਂ ਤੇਰੇ ਨਾਂ ,
ਓਦਣ ...।“
ਪਿੱਤਲ ਦੀ ਵੱਡੀ ਥਾਲੀ ਜਿੱਡੀਆਂ ਦੋ ਚਮਕਦਾਰ ਪਲੇਟਾਂ ‘ਚੋਂ ਰੋਸਟ ਮੁਰਗੇ , ਮਾਨ ਸਿੰਘ ਦੀ
ਗੱਲ ਮੁਕੱਣ ਤੋਂ ਪਹਿਲਾਂ ਤਾਏ ਦੇ ਸਾਹਮਣੇ ਪਏ ਸਨ । ਨੈਪਕਿਨ ,ਛੁਰੀ-ਕਾਂਟਾ , ਚਮਚਾ ,
ਸਲਾਦ , ਫੁਲਕਾ ਵਾਰੀ ਸਿਰ ਜਿਉਂ-ਜਿਉਂ ਮਾਨ ਸਿੰਘ ਚੁੱਕਦਾ ਗਿਆ , ਤਾਇਆ ਚੋਰੀ ਅੱਖ ਉਹਦੀ
ਵਲ੍ਹ ਦੇਖਦਾ ਉਵੇਂ ਉਵੇਂ ਖਾਂਦਾਂ ਗਿਆ । ਤਾਏ ਨੂੰ ਰਾਤ ਦੇ ਉਣੀਦਰੇ ਦੀ ਥਕਾਵਟ ਭੁੱਲ ਗਈ ।
ਜਿਸ ਕੰਮ ਆਇਆ ਸੀ ਸਹਿ-ਸੁਭਾ ਸਿਰੇ ਚੜ੍ਹਦਾ ਲੱਗਾ । ਮੁਰਗੇ-ਮਸਲੱਮ ਨਾਲ ਖਾ ਹੁੰਦੀ ਰੋਟੀ
ਉਹਨੂੰ ਹੱਦੋਂ ਵੱਧ ਸੁਆਦ ਲੱਗੀ । ਊਂ ਤਾਇਆ ਮੀਟ-ਮੁਰਗਾ ਖਾਣ ਦਾ ਪੂਰਾ ਸ਼ੁਕੀਨ ਸੀ । ਉਹ ਵੀ
ਅਪਣੇ ਹੱਥੀਂ ਬਣਾ ਕੇ । ਖੂਭ ਗੰਡਾ-ਅਧਰਕ ਰਗੜ ਕੇ। ਦੇਸੀ ਘੇਏ ‘ਚ ਰਾੜ ਕੇ । ਪਰ, ਐਹੋ
ਜਿਹਾ ਰੱਜ਼ ਤਾਏ ਦਾ ਸ਼ਾਇਦ ਈ ਪਹਿਲਾਂ ਕਦੀ ਹੋਇਆ ਹੋਵੇ । ਹੋਟਲੋਂ ਵਾਪਸ ਪਰਤ ,ਮਾਨ ਸੂੰਹ
ਮੁੜ ਪ੍ਰਬੰਧਕੀ ਕੰਮ ‘ਚ ਰੁਝ ਗਿਆ । ਤੇ ਤਾਇਆ , ਤਾਇਆ ਦਫ਼ਤਰ ਪਿਛਵਾੜੀ ਬਣੇ ਰੀਟਾਇੰਰਿੰਗ
ਰੂਮ ‘ਚ ਲੱਗੇ ਗੱਦੇਦਾਰ ਪਲੰਘ ਤੇ ਘੁਕ ਸੁੱਤਾ ਹਰੀਏ ਨਾਲ ਆਡੇ ਲੈਂਦਾ ਰਿਹਾ- “ ਹੁਣ ਦੱਸ
ਪੁੱਤ ! ਚੱਲ ਲਾਆ ਜਿੱਥੇ ਨੂੰ ਚੱਲਣਾ । ਦੌੜ ਲਾ ਅੱਗੇ-ਅੱਗੇ । ਤੈਨੂੰ ਹੁਣ ਠਿੱਬੀ ਲੱਗੀ
ਕਿ ਲੱਗੀ । ਤੇਰੇ ਸ਼ੈਲਰ ਦੇ ਐਨ ਬਰੋਬਰ , ਮੈਂ ਦੋ ਲਾਊਂ ਕੱਠੇ ਈ । ਇਕ ਖੇਮਾਂ ਚਲਾਊ ,
ਦੂਜੇ ਨੂੰ ਆਤੂ । ਤੇ ਮੈਂ , ਮੈਂ ਦੋਨਾਂ ਦਾ ਫੋਰਮੈਨ ਵੱਡਾ ਮਾਲਕ , ਬਚਨ ਸੂੰਹ ਉਰਫ਼ ਮਾਨ
ਸੂੰਹ ...ਹਾਹਾ....ਹਾਅ...ਆ .....ਆ । “
....ਤਾਏ ਮੁੰਹੋ ਨਿਕਲਦਾ ਫੁਸਲਸਾ ਜਿਹਾ ਹਾਸਾ , ਉਸ ਨੂੰ ਢੋਅ ਲਾਈ ਬੈਠੇ ਖੇਮੇਂ ਨੂੰ ਥੋੜਾ
ਕੁ ਹੌਸਲਾ ਦਿੰਦਾ ਲੱਗਾ । ਉਸਦਾ ਲੁੜਕਿਆ ਸਿਰ ਬੰਨੇ ਤੇ ਟਿਕਾ ਕੇ , ਖੇਮੇਂ ਨੇ ਉਸਨੂੰ
ਉਪਰੋਥਲੀ ਕਈ ‘ ਵਾਜ਼ਾ ਮਾਰੀਆਂ । ਉਸ ਨੂੰ ਚੰਗਾ-ਚੋਖਾ ਹਿਲੂਣਿਆਂ । ਪਰ ,ਬੇ-ਸੁੱਧ ਪਏ ਤਾਏ
ਨੇ ਅੱਗੋਂ ਨਾ ਕੋਈ ਹੂਅ-ਹਾਂ ਕੀਤੀ ਨਾ ਕੋਈ ਹਿੱਲ-ਜੁੱਲ ।
“ ...ਉੱਠ ਭਾਅ, ਚਲੀਏ । ....ਦਿਨੇ ਈ ਸੌਲੈਣਾ ਸਾਰਾ । ਰਾਤ ਜੋਗਾ ਵੀ ਰੱਖ ਲਾ ਕੁਸ਼....,”
ਤਾਏ ਨੂੰ ਅੱਡਾ –ਖਾਸਾ ਹਿਲੂਣ ਕੇ ਮਾਨ ਸਿੰਘ ਨੇ ਜਗਾ ਲਿਆ । ਦਫਤਰੋਂ ਸਾਰੇ ਨੌਕਰ –ਬਾਬੂ
ਚਲੇ ਗਏ ਸਨ । ਸਿਰਫ ਚੌਕੀਦਾਰ ਤਾਲੇ ਬੰਦ ਕਰਨ ਦੀ ਉਡੀਕ ‘ ਚ ਬਾਹਰ ਖੜੋਤਾ ਸੀ ।
ਲਿਫਟ ਬੰਦ ਸੀ । ਪੌੜੀਆਂ ਉੱਤਰ ਉਹ , ਹੇਠਾਂ ਖੜੀ ਕਾਰ ‘ਚ ਆ ਬੈਠੇ । ਤਾਇਆ ਹੁਣ ਪੂਰਾ
ਪੈਰੀਂ ਸੀ । ਕਨਾਟ-ਪਲੋਸੋ ਕਓਫੀ ਪੀ ਕੇ ਉਹ ਹੋਰ ‘ਕੈਮ ‘ ਹੋ ਗਿਆ । ਪੂਰੀ ਚੁਸਤੀ ਨਾਲ ਆਲਾ
ਦੁਆਲਾ ਭਾਪਣ ਲੱਗਾ –‘ਕਿੰਨੀ ਤਰੱਕੀ ਹੋਈ ਆ ਸਾਡੇ ਮੁਲਕ ਦੀਈ , ਐਥ ਤਾਂ ਇਹ ਲੋਕ ਰਾਤ ਪੈਣ
ਈ ਨਈਂ ਦਿੰਦੇ ! ...ਖੜੇ ਦਿਨ ਈ ਸਭ ਪਾਸੇ ਬੱਤੀਆਂ ਈ ਬੱਤੀਆਂ !! ਸੜਕਾਂ ਤੇ ਵੀ ਇਮਾਰਤਾਂ
ਅੰਦਰ ਵੀ । ‘
ਕੋਠੀ ਨੂੰ ਜਾਂਦੀ ਕਾਰ ਰਾਹ ‘ਚ ਕਈ ਵਾਰ ਰੁਕੀ । ਲਾਲ-ਬੱਤੀ ਕਰਕੇ ਜਾਂ ਮਾਨ ਸਿੰਘ ਦੀ
ਖਰੀਦੋ-ਫਰੋਖਤ ਕਰਕੇ । ਪਰ ਤਾਏ ਦਾ ਕਿੰਤੂ-ਪਰੰਤੂ ਲਗਾਤਾਰ ਦੌੜਦਾ ਰਿਹਾ । ਸਾਰੀ ਵਾਟ ਗਸ਼ਤ
ਕਰਦਾ , ਚੱਕਰ ਕਟਦਾ ਰਿਹਾ – ਆਤੂ-ਖੇਮੇ ਦੁਆਲੇ ,ਅਪਣੇ ਆਪ ਦੁਆਲੇ , ਪਰ ਬਹੁਤਾ ਕਰਕੇ ਹਰੀਏ
ਨੂੰ ਲੱਗੀ ਮਿੱਟੀ ਦੇ ਰੰਗ-ਢੰਗ ਦੁਆਲੇ , ਜਿਹੜੀ ਉਪਰੋਂ ਦਿਸਣ ਨੂੰ ਨਰਮ , ਨਿੱਘੀ, ਕੌਮਲ
ਤੇ ਉਪਜਾਊ ਦਿਸਦੀ ਸੀ , ਪਰ ਇਸ ਦਾ ਸਾਰਾ ਅੰਦਰ ਕਾਲੇ , ਲੁੱਕ ਵਰਗੇ ਸੜਦੇ-ਬਲ੍ਹਦੇ ਲਾਵੇ
ਨਾਲ ਭਰਿਆ ਪਿਆ ਸੀ ।
ਮਾਨ ਸਿੰਘ ਨਾਲ ਚੱਲਦੀ ਮਾੜੀ-ਮੋਟੀ ਗੱਲਬਾਤ ਦਾ ਹੁੰਗਾਰਾ ਭਰਦਾ , ਉਹ ਕਿੰਨੀ ਰਾਤ ਗਈ ਤੇ
ਕੋਠੀ ਪਹੁੰਚ ਗਿਆ ਤੇ ਅਗਲੇ ਦਿਨ ਫ਼ਰੀਦਾਬਾਦ । ਸਿੰਘ ਸਾਅ ਮਿਲਜ਼ । ਬਤੌਰ ਫੋਰਮੈਨ । ਮੁੱਖ
ਪ੍ਰੁਬੰਧਕ । ਜਿੱਥੋਂ ਤੱਕ ਉਸਦੀ ਨਿਗਾਹ ਜਾਂਦੀ ਲਕੜ ਈ ਲਕੜ , ਆਰੇ ਈ ਆਰੇ । ਸੱਭ ਬੰਦੇ
ਅਪਣੀ ਥਾਂ ਜੁੱਟ ਪਏ ,ਡੱਟ ਕੇ । ਬਿਨਾਂ ਕਿਸੇ ਢਿੱਲ-ਮੱਠ ਦੇ । ਬਗੈਰ ਕਿਸੇ ਡਰ-ਭੋਓ ਦੇ ।
...ਪਿੰਡ ਤਾਏ ਨੇ ਜਿੰਨੇ ਵੀ ਬੰਦੇ ਅਪਣੇ ਨਾਲ ਕੰਮ ਤੇ ਲਾਏ , ਸੱਭ ਖੇਮੇਂ ਵਰਗੇ ਜਾਂ ਆਤੂ
ਮਾਰਕਾ । ਕਿਸੇ ਦੀ ਕੋਈ ਚੂਲ ਵਿੰਗੀ , ਕਿਸੇ ‘ਚ ਕੋਈ ਐਬ । ਕੋਈ ਦਿਨ ‘ ਚ ਵੀਹ-ਵੀਹ
ਸਿਰਗਟਾਂ ਪੀਂਦਾ , ਕੋਈ ਘੜੀ-ਮੁੜੀ ਹੁੱਕੀ ਚੁੰਘਦਾ । ਚੂੰਝੀ ਲਾਉਂਦਾ ਜਾਂ ਗੋਲੀ ਲੱਭਦਾ ।
ਲੱਕੜ-ਬਾਲਣ ਦੀ ਚੁੱਕ-ਥੱਲ ਵੀ ਬਹੁਤੀ ਕਰਕੇ ਉਸ ਨੂੰ ਆਪੂੰ ਈ ਕਰਨੀ ਪੈਂਦੀ । “...ਜਿੱਥੋ
ਐਹੋ ਜਏ ਕਾਮੇਂ ਹੋਣ ਉਹ ਕੰਪਨੀ ਤਰੱਕੀ ਕਿੱਦਾਂ ਨਾ ਕਰੂੰ , “ ਤਾਏ ਦਾ ਧਿਆਨਾ ਫਿਰ ਝੱਟ
ਦੂਜੇ ਪਾਸੇ ਚਲਾ ਗਿਆ – “ ਚੱਲ ਮਾਰ ਗੋਲ੍ਹੀ, ਆਪਾਂ ਨੂੰ ਕੀ !ਆਪਾਂ ਨੂੰ ਵੀ ਤਾਂ ਲੋੜ ਸੀ
, ਕੰਮ ਦੀ । ...ਮੈਂ ਨਾ ਆਖਾਂ ਐਨੀ ਸੇਵਾ ਕਾਤ੍ਹੋਂ ਹੁੰਦੀ ਆ ! – ਅਖੇ ਲੱਕੜ ਕਿੱਥੋਂ ਆਊ
! ਆਹ ਕਿੱਥੋਂ ਆ ਗਈ ਐਨੀ ? ਮੈਨੂੰ ਤਾਂ ਕਹਿੰਦਾ ਸੀ ਆਰਾ ਬਾਗਾਂ ਲਾਗੇ ਈ ਸੂਤ ਬੈਠਦਾ !
ਐਥੇ ਕਿੰਨੇ ਕੁ ਬਾਗ ਆ ਲਾਗੇ !! –ਚੱਲ ਅਪਣਾ ਸਰ ਗਿਆ । ਐਥੇ ਫੋਰਮੈਨੀ ਕਰਨੀ ਕੋਈ ਔਖੀ ਨਈਂ
–।“
ਓਸ ਦਿਨ ਤੋਂ ਤਾਏ ਨੇ ‘ ਸਿੰਘ ਸਾਅ ਮਿਲਜ਼ ‘ ਦਾ ਕੰਮਕਾਰ ਸਾਂਭ ਲਿਆ । ਸਮੇਤ ਰਿਹਾਇਸ਼ ।
ਮਿੱਲ ਦੇ ਪਾਰਲੇ ਕੋਣੇ । ਬੂਰ ਦੇ ਢੇਰਾਂ ਲਾਗੇ । ਕਿੰਨੇ ਸਾਰੇ ਕੁਆਟਰ । ਪੱਕੇ ਲੋਹੇ
ਵਰਗੇ। ਅੱਵਲ ਲੋਹੇ ਦੇ ਈ । ਖਿੜਕੀਆਂ –ਦਰਵਾਜ਼ੇ ਵੈਲਡ ਹੋਈਆਂ ਗਰਿੱਲਾਂ ਦੇ । ਛੱਤਾਂ ਲੋਹੇ
ਦੀਆਂ ਚਾਦਰਾਂ ਦੀਆਂ । ਉਹਨਾਂ ਅੰਦਰੇ ਈ ਚੁਲ੍ਹੇ-ਖੁਰੇ । ਅੰਦਰ ਈ ਮੰਜੇ-ਬਿਸਤਰੇ । ਕਈਆਂ
‘ਚ ਇਕ-ਇਕ , ਕਈਆਂ ‘ਚ ਦੋ-ਦੋ । ਪਰ , ਤਾਏ , ਨੂੰ ‘ਅਲਾਟ’ ਹੋਇਆ ਕੁਆਟਰ ਉਹਨਾਂ ਪਾਲਾਂ
ਤੋਂ ਹਟਵਾਂ । ਵਖ਼ਰੀ ਕਿਸਮ ਦਾ । ਥੋੜਾ ਸਾਫ਼-ਸੁਥਰਾ ਸੀ । ਇਸ ਅੱਗੇ ਦੋ ਟੀਨਾਂ ਦਾ
ਬਰਾਂਡਾ । ਇਹ ਸ਼ਾਇਦ ਤਾਏ ਨੂੰ , ਵਡੇਰਾ ਹੋਣ ਕਰਕੇ ਮਿਲਿਆ ਸੀ ਜਾਂ ਉਸਦੀ ਫੋਰਮੈਨੀ ਦੀ
ਹੈਸੀਅਤ ਕਰਕੇ । ਜਾਂ ਦੋਨਾਂ ਕਰਕੇ ਈ । ਨਾਲ ਇਕ ਖ਼ਲਾਸੀ ਵੀ, ਕੱਪੜੇ ਧੋਣ ਲਈ । ਪਾਣੀ ਭਰਨ
ਲਈ , ਮੰਜਾ-ਬਿਸਤਰਾ ਕਰਨ ਲਈ ਤੇ ਰੋਟੀ ਪਕਾਉਣ ਲਈ । ਪਿੰਡੋ ਤਾਇਆ ਮਾਨ ਸਿੰਘ ਕੋਲ ਊਈਂ ਆਇਆ
ਸੀ , ਪਤਾ –ਥੌਹ ਕਰਨ । ਕੰਮ-ਕਾਰ ਦਾ । ਬਿਨਾਂ ਤਿਆਰੀ ਦੇ । ਲੀੜੇ –ਕੱਪੜੇ ਤੋਂ ਖਾਲੀ ।
ਮਾਨ ਸਿੰਘ ਨੇ ਉਸਦਾ ਇਹ ਮਸਲਾ ਵੀ ਹੱਲ ਕਰ ਛੜਿਆ । ਖ਼ਲਾਸੀ ਭੇਜ ਕੇ ਖ਼ਦੀ ਭੰਡਾਰ ਤੋਂ ਇਕ
ਦਰੀ ਮੰਗਵਾ ਲਈ, ਇਕ ਚਾਦਰ , ਦੋ ਖੇਸੀਆਂ, ਇਕ ਸਰ੍ਹਾਣਾ – “ ਕੰਮ ਦਾ ਬੰਦਾ ਐ । ਸਿਆਣਾ
–ਬਿਆਣਾ ਆ , ਤਜਰਬੇਕਾਰ । ਪਿੰਡ –ਬਿਸਤਰਾ ਲੈਣ ਗਿਆਂ ਊਈਂ ਨਾ ਖਿਸਕਦਾ ਬਣੇ ...! ਕੰਮ ਤਾਂ
ਆਖਿਰ ਬੰਦਿਆ ਈ ਕਰਨਾ ! ਬਚਨ ਸੂੰਹ ਹੋਵੇ ਜਾਂ ਕੋਈ ਹੋਰ ਸੂੰਹ । ...ਮਹੀਨਾ ਖੰਡ ਦੇਖਦੇ ਆਂ
, ਚਲਦਾ ਦਿਸੂ ਠੀਕ ਆਂ ,ਨਈਂ ਆਪੇ ਈ ਬਰੰਗ ਹੈ ਜੂ ਪਿੱਛੇ ਨੂੰ । ਅਪਣੇ ਕੇੜੀ ਰਿਸ਼ਤੇਦਾਰੀ ਆ
ਸਕੀ ਏਦ੍ਹੇ ਨਾ ....। “
ਪਰ ਤਾਏ ਨੇ ਮਾਨ ਸਿੰਘ ਨਾਲ ਸਕਿਆ ਤੋਂ ਵੀ ਵੱਧ ਨਿਭਾਈ । ਇਕ ਤਾਂ ਉਹਨੂੰ ਆਪੂੰ ਨੂੰ ਗਰਜ਼
ਸੀ , ਦੂਜੇ ਕੰਮ ਵੀ ਕੋਈ ਔਖਾ ਨਹੀਂ ਸੀ । ਸਗੋਂ ਸੌਖਾ ਸੀ , ਹਲਕਾ-ਫੁਲਕਾ । ਪਿੰਡ ਤਾਂ
ਟਾਹਲੀਆਂ –ਅੰਬਾਂ ਦੇ ਭਾਰੇ ਮੋਛੇ ਢਿੱਡ ਦੇ ਜ਼ੋਰ ਨਾਲ ਧੱਕਦਾ ਤਾਇਆ , ਊਈਂ ਹਾਲੀ ਹੋਇਆ
ਰਹਿੰਦਾ , ਸਾਰਾ ਸਾਰਾ ਦਿਨ । ਐਥੋ...ਐਥੋ ਬੱਸ ਹੱਥ ‘ਚ ਫੜੇ ਫੁੱਟੇ ਨਾਲ ਇਸ਼ਾਰੇ ਈ ਕਰਨੇ
ਹੁੰਦੇ ਸਨ – “ ਓਸ ਮੁੱਢ ‘ਚੋਂ ਸਲਪਰ ਕੱਢੋ , ਐਸ ‘ਚੋਂ ਫੱਟੇ । ਓਸ ‘ਚੋਂ ਫਰਨੀਚਰ , ਐਸ ‘
ਚ ਜੋੜੀਪੱਲਾ , ਓਸ ‘ਚੋਂ ਫੱਟੀ , ਐਸ ‘ ਚੋਂ ਗਜ਼ । ਓਸ ‘ਚੋਂ ਆਹ , ਐਸ ‘ਚੋਂ ਆਹ ।
ਬਚੀ-ਖੁਚੀ ਸਕਰੈਪ ‘ਚੋਂ ਵੀ ਤਾਇਆ ਜੁਗਤ ਨਾਲ ਕੁਝ ਨਾ ਕੁਝ ਕੱਢਵਾ ਛੱੜਦਾ । ਬਹੁਤ ਘੱਟ
ਲਕੜੀ ਬਾਲਣ ਬਣਦੀ ।
ਦਿਨਾਂ ਅੰਦਰ ਈ ਮਾਨ ਸਿੰਘ ਤਾਏ ਤੇ ਲੋਟੂ ਹੋ ਗਿਆ । ਪਹਿਲੋਂ ਅੰਗੀ ਤਨਖਾਹ ਡੂਢੀ ਕਰਕੇ
ਦਿੱਤੀ । ਪੂਰੇ ਪੰਦਰਾਂ ਹਜ਼ਾਰ । ਪੂਰੀ ਪੰਜ ਸੌ ਰੁਪਈਆ ਦਿਹਾੜੀ । ਰਾਜ-ਮਿਸਤਰੀ , ਲੱਕੜ
ਮਿਸਤਰੀ ਨਾਲੋਂ ਕਰੀਬ ਦੁੱਗਣੀ । ਉਹ ਵੀ ਦਿੱਲੀ ‘ਚ । ਪਿੰਡੀ ਥਾਈਂ ਤਾਂ ਤਿੰਨ ਸੌ ਵੀ
ਉਹਨੂੰ ਮਿਲਦੇ ਜਿਹੜਾ ਸਿਆਣਾ ਹੋਵੇ । ਉਹ ਵੀ ਜਾਤ-ਬਰਾਦਰੀ ‘ਚ । ਹੇਠਲੀਆਂ ਜਾਤਾਂ ਆਲੇ ਤਾਂ
ਦੋ-ਢਾਈ ਸੌ ਈ ਧੱਕੇ ਖਾਂਦੇ ਰਹਿੰਦੇ । ਅਵੱਲ ਡੂੜ ਦੋ ਸੌ ਤੇ , ਮਜੂਰਾਂ ਜਿੰਨੇ ਪੈਹੇ ।
ਕਾਰੀਗਰ ਬਣੇ ਫਿਰਦੇ ਆ ਸੌਹਰੀ ਦੇਏ ...” ਅਪਣੀ ਕਾਰੀਗੀਰੀ ਤੇ ਮਾਣ ਕਰਦਾ ਤਾਇਆ ਅੰਦਰੋ
ਅੰਦਰ ਪ੍ਰਸੰਨ ਹੋਇਆ ਰਹਿੰਦਾ ।
ਕਾਰੀਗਰ ਤਾਂ ਹੁਣ ਵੀ ਤਾਏ ਕੋਲ ਅਨੇਕਾਂ ਸਨ । ਭਰੇ ਪਏ ਸਨ ਸਾਰੇ ਕੁਆਰਟਰ । ਤਿੰਨੇ ਦੀਆਂ
ਤਿੰਨੇ ਪਾਲਾਂ । ਲੱਕੜ ਚਿਰਾਈ ਵਾਲੇ ਵੱਖਰੇ । ਪਥਾਈ ਵਾਲੇ ਵੱਖਰੇ । ਰੱਖਣ-ਚੱਕਣ ਵਾਲੇ
ਵੱਖਰੇ । ਧਾਰਾ ਲਾਉਣ ਵਾਲੇ , ਹੈਕਸਾਅ, ਮਿਸਤਰੀ , ਖ਼ਰਾਦੀਏ, ਸੱਭ ਅਪਦੇ ਅਪਣੇ ਕੰਮਾਂ ‘ਚ
ਪੂਰੇ ਮਾਹਿਰ । ਪਰ ਕਿਸੇ ਦੀ ਦਿਹਾੜੀ ਸੌ ਕਿਸੇ ਦੀ ਸਵਾ ਸੌ । ਉਹ ਵੀ ਲੱਗੀ ਤੇ । ਬੱਝਵੀ
ਤਨ਼ਖਾਹ ਸਿਰਫ਼ ਫੋਰਮੈਨਾਂ , ਚਾਂਰਜਮੈਨਾਂ , ਸੁਪਰਵਾਇਜ਼ਰਾਂ ਜਾਂ ਦਫ਼ਤਰੀ ਬਾਬੂਆ ਦੀ ,
ਜਿਹੜੇ ਹੱਥੀਂ ਕੰਮ ਭੰਨ ਕੇ ਦੋਹਰਾ ਨਾ ਕਰਦੇ । ਬੱਸ , ਸਾਰਾ ਦਿਨ ਕਾਲੀਆਂ –ਪੀਲੀਆਂ ਐਨਕਾਂ
ਲਾ ਕੇ ਫਿਰਦੇ ਰਹਿੰਦੇ । ਕਾਰੀਗਰ –ਕਾਮਿਆਂ ਦੀ ਟੋਕਾ-ਟਕਾਈ ਕਰਦੇ ਰਹਿੰਦੇ ।
ਤਾਇਆ , ਏਹ ਸਾਰਾ ਕੁਝ ਦੇਖ ਕੇ ਬਹੁਤ ਦੁਖੀ ਹੁੰਦਾ- “ ਏਹ ਕਿਹੋ ਜਿਆ ,ਪ੍ਰਬੰਧ ਆ ਏਸ
ਮੁਲਖ਼ ਦਾ ....? ਜੇਹੜੇ ਹੱਥੀਂ ਕਰਦੇ ਆ, ਕਾਰੀਗਰ ਸਿਰੇ ਦੇ ਆ , ਸਿਰ ਤੋਂ ਪੈਰਾਂ ਤੱਕ
ਕਾਲਖ਼ ਮਿੱਟੀ ਨਾਲ ਲਿਬੜੇ ਰਹਿੰਦੇ ਆ ,ਉਨ੍ਹਾਂ ਦੀ ਧੇਲੇ ਜਿੰਨੀ ਕਦਰ ਨਈਂ । ਡੰਗ ਨਾ ਡੰਗ
ਨਈਂ ਜੁੜਦਾ ਉਨ੍ਹਾ ਦਾ । ਕਿਸੇ ਦੇ ਗਲ ਝੱਗਾ ਨਈਂ । ਕੋਈ ਨੰਗੀਆਂ ਲੱਤਾਂ ਨਾਲ ਈ ਚੱਲ ਸੋ
ਚੱਲ । ...ਤੇ ਆਹ ਬਾਬੂ-ਸ਼ਾਬੂ ਸੌਹਰੇ ਡੱਕਾ ਨਈਂ ਤੋੜਦੇ ਹੱਥੀਂ । ਪੂਰੀ ਟੈਂਸ ਨਾ ਰਹਿੰਦੇ
ਆ, ਹੇਠੋਂ ਲੈ ਕੇ ਉੱਪਰ ਤੱਕ । ਫਿੱਟ-ਫਿੱਟੀਆਂ ਜੈਹੀਆਂ ਤੋਂ ਬਿਨਾਂ ਪੈਰ ਨਈਂ ਤੁਰਦੇ ਕਿਤੇ
ਨੂੰ । ਏਨਾ ਨੂੰ ਕੀਈ ਸੁਰਖਾਬ ਦੇ ਖੰਭ ਲੱਗੇਓ ਆ । ਚਾਰ ਅੱਖਰ ਪੜ੍ਹ ਈ ਲਏ ਹੋਣਗੇ । ਵੱਧ
ਤੋਂ ਵੱਧ ! ਹੋਰ ਕੀ ਸਮਾਨ ਢਾਅ ਲਿਆਂ ਏਨ੍ਹਾਂ ..., “ ਖੌ-ਪੀਏ ਤੱਕ ਤਾਇਆ ਕਾਰੀਗਰਾਂ
–ਮਿਸਤਰੀਆਂ ਦੇ ਕੁਆਟਰੀਂ ਬੈਠਾ ਹੇਠਲੀਆਂ-ਉੱਤਲੀਆਂ ਮਾਰਦਾ ਰਹਿੰਦਾ । ਪਰ ,ਚਲਦੀਆਂ ਗੱਲਾਂ
‘ਚ ਜਦ ਵੀ ਦਫ਼ਤਰੀ ਬਾਬੂਆਂ ਦੀ ਗੱਲ ਤੁਰਦੀ, ਤਾਏ ਦੀ ਹਮਦਰਦੀ ਫਿਰ ਉਹਨਾਂ ਦੇ ਹੱਕ ‘ਚ
ਭੁਗਤਦੀ – “ ਏਨ੍ਹਾਂ ਬਿਨਾ ਵੀ ਕਿੱਥੇ ਸਰਦਆ ....। ਏਹ ਵੀ ਅਪਣੇ ਥਾਂ ਕੰਮ ਕਰਦੇ ਆ ,
ਪੂਰਾ । ਹੱਥੀਂ ਨਾ ਸਈ , ਦਿਮਾਗੀ ਈ ਸੇਈ । ਸਵੇਰੇ ਤੋਂ ਸ਼ਾਮ ਤੱਕ ਪੂਰੀ ਸਿਰ ਖ਼ਪਾਈ ਹੁੰਦੀ
ਆ – ਕਾਰੀਗਰਾਂ ਨਾ ਵੱਖਰੀ , ਫਾਈਲਾਂ-ਕਾਗਤਾਂ ਨਾਲ ਵੱਖਰੀ । ਉਪਰੋਂ ਮਾਲਕਾਂ ਦਾ ਨਜ਼ਲਾ ਵੀ
ਏਨਾ ਤੇ ਈ ਡਿਗਦਾ ਸਾਰਾ । ਕਸੂਰ ਭਾਮੇਂ ਖ਼ਲਾਸੀ ਦਾ ਹੋਵੇ , ਭੁੳਤਣਾ ਬਾਬੂਆਂ ਨੂੰ ਪੈਂਦਾ
। ..ਏਹ ਟੈਂਸ –ਵੈਂਸ ਵੀ ਏਨ੍ਹਾਂ ਦੀ ਦੇਖਣ ਨੂੰ ਦੀਹਦੀ ਐ । ਅੰਦਰੋਂ ਏਹ ਵੀ ਨੰਗ ਈ ਸਾਰੇ
। ...ਹਰਰੋਜ਼ ਦੇਖੀਦਾ ਆਂ ਦੁਪੈਰੇ । ਕੋਈ ਛੋਲੇ-ਸਮੋਸੇ ਖਾ ਕੇ ਢਿੱਡ ਭਰਦਾ , ਕੋਈ ਭੁਜੀਆ
–ਸੇਮੀਆਂ ਚੱਬ ਕੇ । ਊਂ ਸੌਹਰੇ ਮੂੰਗਫਲੀ ਚੱਬਦੇ ਵੀ ਗੱਲਾਂ ਬਦਾਮਾਂ ਦੀਆਂ ਕਰਨਗੇ । ਰਈਸਾਂ
ਵਰਗੀਆਂ । ਘਰੀਂ ਭਾਮੇਂ ਭੰਗ ਭੁਜਦੀ ਹੋਵੇ , ਏਨ੍ਹਾਂ ਦੇ । ...ਏਨਾਂ ਦੇ ਤਾਂ ਪਿਓ-ਦਾਦੇ
ਨੇ ‘ਅਸ਼ੋਕਾ’ ਨਈਂ ਦੇਖੇ ਹੋਣੇ , ਜਿੱਥੇ ਏਨਾਂ ਦੇ ਮਾਲਕ ਦੋ-ਟੈਮ ਜਾਂਦੇ ਆਂ ...। ਤਾਏ ਦਾ
ਇਹ ਸੋਚ-ਫਿਕਰ ਬਹੁਤੀ ਵਾਰ ਉਹਨੂੰ ਸੌਣ ਤੱਕ ਨਾ ਦਿੰਦਾ – “ ਸਾਰੇਈ ਏਹ ਹਾਲ ਆ, ਜੇਹੜਾ
ਹੱਥੀਂ ਕਰਦਾ , ਉਹ ਤੰਗ। ਜੇਹੜਾ ਨਈਂ ਕਰਦਾ ,ਲੱਤ ਤੇ ਲੱਤ ਧਰ ਕੇ ਬੈਠਾ ਰਹਿੰਦਾ ਗੱਦੀ ਤੇ
,ਉਹ ਸੁਖੀ । ..ਪਿੰਡ ,ਖੇਮਾਂ ਤਾਂ ਚੱਲ ਮੰਨਿਆ , ਕੱਲਾ-ਕਹਿਰਾ ਸੀ ,ਅਮਲੀ ਵੈਲੀ ਸੀ ;
ਕੀਤਾ ਕੱਖ ਨਈਂ ਹੱਥੀਂ । ਦੂਜੇ ਟੱਬਰਾਂ ‘ਚ ਕੀ ਕਮੀਂ ਆ । ਬਾਬੀਆਂ ਦਾ ਮੁਹੈਣ ਆ ਪੂਰਾ ।
ਕਿਰਪਾ ਸੂੰਹ ਹੌਣੀ ਆਂ , ਕੂਕੇ ਆ ,ਬੈਣੀਏ ਆਂ , ਸੋਢੀ ਆ , ਬੋਲੇ ਆ, ਮੁੱਛਿਆਣੇ ਆ,
ਮੱਦੋਆਲੀਏ ਆ ।ਬੰਦਿਆ ਆਲੇ ਆ ਸਾਰੇ । ਰਾਤ ਪੁਰ ਦਿਨੇ ਖੁੱਭੇ ਰਹਿੰਦੇ ਆ ,ਖੇਤਾਂ ‘ਚ ,
ਸਣ-ਟੱਬਰੇ ਈ ।ਨਾ ਖਾਣ ਦੀ ਸੁਰਤ ਨਾ ਪਹਿਨਣ ਦੀ । ਹਾਲ ਫਿਰ ਉਹੀ ਦਾ ਉਹੀ । ਦੂਜੇ ਮਹੀਨੇ ਈ
ਖਾਲੀ ! ਫੇਰ ਗੇੜੇ ਤੇ ਗੇੜਾ । ਆੜ੍ਹਤੀਆਂ ਅੱਲ ਵੱਖਰਾ ,ਬੈਂਕਾਂ ਅੱਲ ਵੱਖਰਾ । ਏਹੋ ਹਾਲ
ਰੁਲਦੇ ਹੋਣਾ ਦੇ ਵੇਹੜੇ ਦਾ , ਜੀਤੇ ਹੋਣਾਂ ਦੀ ਠੱਠੀ ਦਾ । ਨਿੱਕੇ ਤੋਂ ਲੈ ਕੇ ਵੱਡੇ ਤੱਕ
ਵਗਦੇ ਆ , ਧੋਣ ਸੁੱਟੀ । ਕੋਈ ਦਿਹਾੜੀ-ਦੱਪਾ ਕਰਦਾ , ਕੋਈ ਸੀਰ-ਭਿਆਲੀ । ਕੋਈ ਡੱਗੀ-ਫੇਰੀ
ਲਾ ਕੇ ਡੰਗ ਟਪਾਈ ਕਰਦਾ , ਕੋਈ ਜੁੱਤੀਆਂ ਗੰਢ ਕੇ , ਰੂੰ ਪਿੰਜ ਕੇ , ਗਲੀਆਂ –ਨਾਲੀਆਂ
ਸਾਫ਼ ਕਰਕੇ । ਬਣਦਾ –ਸਰਦਾ ਫੇਰ ਕਿਸੇ ਦਾ ਕਸ਼ ਨਈਂ ! ਨਿੱਕੇ –ਨਿਆਣੇ ਵੱਖ ਰੁਲ੍ਹਦੇ ਆ
ਉਨ੍ਹਾਂ ਦੇ , ਬੁੜ੍ਹੀਆ-ਕੁੜੀਆਂ ਵੱਖ ਖੱਜਲ-ਖੁਆਰ ਹੁੰਦੀਆਂ । ਸੁੱਖ ਦਾ ਸਾਹ ਫੋਏ ਨਈ ਲੈਣਾ
ਮਿਲਦਾ ਕਿਸੇ ਨੂੰ ਪਿੰਡ ‘ਚ ! ਸਿਵਾ ਦੋ ਬੰਦਿਆ ਦੇ – ਇਕ ਹਰੀ ਰਾਮ ਗੁਪਤਾ , ਦੂਜਾ ਦਿਆਲ
ਸੂੰਹ ਠੇਕੇਦਾਰ । ਜਾਂ ਫਿਰ ਮਾੜਾ-ਮੋਟਾ ਮਾਹਟਰਾਂ ਦਾ ਟੱਬਰ , ਉਹ ਵੀ ਦੋ-ਤਿੰਨ ਤਨਖਾਹਾਂ
ਆਉਂਦੀਆਂ ਕਰਕੇ । ਦਿਆਲ ਸੂੰਹ ਵੀ ਹੁਣ ਰਲਿਆ ਨੱਠ-ਭੱਜ ਨਾ ! ਉਹ ਵੀ ਜਦ ਗੱਡੀਆ ਪਾਇਆ । -
ਆਖਣ ਨੂੰ ਜੋ ਮਰਜ਼ੀ ਆਖੀ ਜਾਏ , ਹਰੀਏ ਨਾਲੋ ਬਓਤ ਪਿੱਛੇ ਹਜੇ । ਹਰੀਆ ਤਾਂ ਸੋਹਰਾ ਘੂਆ ਆਂ
ਘੂਆ । ਸੱਭ ਕੁਸ਼ ਹੁੰਦਿਆ-ਸੁੰਦਿਆ ਮਰੂੰ-ਮਰੂੰ ਕਰੀ ਜਾਊ । - ਦੇਖ ਲਾਅ ਕੱਖ ਨਈਂ ਸੀ ਪੱਲੇ
, ਜਦ ਆਇਆ ਸੀ ਪਿੰਡ ! ਵੱਡੇ ਭਾਈ ਨੇ ਬਰੰਗ ਭੇਜ ਛੱਡਿਆ ਦਿੱਲੀਓ । ਇਹ ਤਾਂ ਅਸੀਓ ਆਂ ,
ਹੱਥੀ ਕਰਨ ਆਲੇ , ਸੌ ਬਾਦਰਾਂ ਦੇ ਬਾਂਦਰ । ਜਣੇ-ਖਣੇ ਨੂੰ ਚੁੱਕੀ ਫਿਰੀ ਦਾ ਹੱਥਾਂ ਤੇ ।
ਪੱਲਾ ਗੁਆ ਕੇ ਵੀ ਅਗਲੇ ਦੀ ਮਦਾਦ ਕਰੀਦੀ ਆ ,ਪੂਰੀ ।- ਨਾ ਜੀ ਨਾ , ਏਹ ਲੋਕ ਨਈਂ ਜਾਣਦੇ
-! ਊਂ ਬੜੀ ਪੋਚਾ-ਪਾਚੀ ਕਰਨਗੇ, ਮੂੰਹ –ਜ਼ਬਾਨੀ । -ਪਿੰਡ ਅੰਦਰਲਾ ਪਲਾਟ ਖਰੀਦਣਾ ਸੀ , ਤਾਂ
ਮਗਰ –ਮਗਰ ਫਿਰਦਾ ਸੀ ਬਿੱਲੀ ਆਂਗ । ਡੀਪੂ ਲੈਣਾ ਸੀ ਤਾਂ ਮੁੱਚ-ਮੁੱਚ ਕਰਦਾ ਰਿਆ , ਸਾਲ ਭਰ
! ਸ਼ੈਲਰ ਲਾਉਣਾ ਸੀ ਤਾਂ ਮਾਰ ਫੜ ਕੇ ਗੇੜੇ ਤੇ ਗੇੜਾ । ਜਦ ਸਾਂਝ-ਭਿਆਲੀ ਪਾਉਣ ਦੀ ਵਾਰੀ ਆਈ
ਤਾਂ ਰੰਨ ਦੇ ਭਰਾ-ਭਾਈ ਮੂਹਰੇ ਹੋ ਤੁਰੇ । ਮੇਰੀ ਵੀ ਦੋ-ਕਿੱਲੇ ਲੱਗਦੀ ਸੀ ਨਾਲ । ਹੋਰ ਨਈ
, ਬੰਦਾ ਸੁਲਾਹ ਈ ਮਾਰ ਲੈਂਦਾ । ਪਰ ਜੀ ਕਿੱਥੇ ! ਏਹ ਕੌਮ ਨਈਂ ਐਹੋ ਜੇਈ ! ਅਪਣਾ ਕੰਮ
ਕੱਢਿਆ ,ਚੱਲ ਮੇਰੇ ਭਾਈ , ਤੂੰ ਕੌਣ , ਮੈਂ ਕੌਣ ! – ਕੋਈ ਨਈਂ ਪੁੱਤ ਹੁਣ ਦੱਸੂ ਤੈਨੂੰ ,
ਤੂੰ ਕੌਣ ਆਂ ਤੇ ਮੈਂ ਕੌਣ ਆ ! ਤੇਰੇ ਬਰੋਬਰ ਤੇ ਸਾਅ-ਮਿੱਲ ਨਾ ਖੜੀ ਕੀਤੀ ਤਾਂ ਸਰਦਾਰ
ਗੁਰਚਰਨ ਸੂੰਹ ਨੂਰਪੁਰੀਏ ਦੀ ਪਿਸ਼ਾਬ ਨਾ ਦਾੜ੍ਹੀ ਮੁਨਾ ਦਈਂ – ਹਾਂ ਪਿਸ਼ਾਬ ਨਾ ,ਸੁਣਿਆ ਈ -
! “
-ਬੰਨੇ ਲਾਗੇ ਪਈ ਢੀਮ ਤੇ ਰੱਖ ਹੋਇਆ ਤਾਏ ਦਾ ਨੰਗਾ ਸਿਰ , ਲਾਗੇ ਖੜੋਤੇ ਖੇਮੇ ਨੂੰ ਰਤਾ ਕੁ
ਹਿਲਦਾ ਲੱਗਾ । ਝੱਟ ਉਹ , ਉਸ ਦੇ ਲਾਗੇ ਨੂੰ ਹੋ ਕੇ ਬੈਠ ਗਿਆ । ਤਾਏ ਮੂੰਹੋਂ ਨਿਕਲਦੀ
ਬੁੜ-ਬੁੜ ਨੂੰ ਧਿਆਨ ਨਾਲ ਸੁਣਦਾ ਰਿਹਾ । ਪਰ , ਉਸ ਦੇ ਪਿੜ-ਪੱਲੇ ਬਹੁਤਾ ਕੁਝ ਨਾ ਪਿਆ ।
ਉਸ ਦਾ ਸਿਰ ਹੋਰ ਸਿੱਧਾ ਕਰਕੇ ਖੇਮੇ ਨੇ ਤਾਏ ਨੂੰ ਕਾਹਲੀ ਨਾਲ ਪੁੱਛਿਆ – “ ਕੀ ਗੱਲ ਆ ਬਚਨ
ਸਿਆਂ ,ਪਿਸ਼ਾਬ ਕਰਨਾ ਆ - ?” ਪਰ ਤਾਇਆ , ਖੇਮੇਂ ਨੂੰ ਬਿਨਾਂ ਕੁਝ ਆਖੇ-ਦੱਸੇ , ਮੁੜ
ਫਰੀਦਾਬਾਦ ਅੱਪੜ ਗਿਆ ਸੀ । ਮਾਨ ਸਿੰਘ ਕੋਲ । ਜਿਹਦੀਆਂ ‘ਸਿੰਘ ਸਾਅ-ਮਿਲਜ਼’ ਵਰਗੀਆਂ ਹੋਰ
ਵੀ ਕਈ ਮਿੱਲਾਂ ਸਨ , ਫੈਕਟਰੀਆਂ ਸਨ ਤੇ ਜਿਸਤੋਂ ਕਾਫੀ ਸਾਰਾ ਅੱਗੇ ਕਰਕੇ ਸੱਤਪਾਲ ਖੜਾ ਸੀ
, ਸਰਾਫ਼ ਸਤਾਈ ਫੈਕਟਰੀਆਂ ਕਰਤਾ-ਧਰਤਾ । ਤੇ ਉਹਦੇ ਪਿੱਛੇ ਸੀ ਹਰੀ ਰਾਮ ਗੁਪਤਾ ,
ਸ਼ੈਲਰ-ਮਾਲਕ , ਆੜਤੀਆ , ਡੀਪੂ-ਹੋਲਡਰ ਤੇ ਅਨਾਜ-ਮੰਡੀ ‘ਚ ਬਣੀਆਂ ਕਈਆਂ ਦੁਕਾਨਾਂ ਦਾ ਮਾਲਕ
। - ਤੇ ਹਰੀਏ –ਮਾਨ ਸਿੰਘ ਵਾਲੀ ਲੰਮੀ ਲਾਈਨ ‘ਚ ਈ ਵਿਚਕਾਰ ਜਿਹੇ ਜਾ ਖੜਾ ਹੋਇਆ ਸੀ ਤਾਇਆ
, ਗੁਰਬਚਨ ਸਿੰਘ , ਜਿਹੜਾ ਹੁਣ ਮਿਸਤਰੀ ਗੁਰਬਚਨ ਸੂੰਹ ਨਈਂ, ਫੋਰਮੈਨ ਗੁਰਬਚਨ ਸਿੰਘ ਸੀ ।
ਪਰ ਸੀ ਅਜੇ ਉਦਾਸ-ਉਦਾਸ ,ਨਿਮੋਝਾਣ ਜਿਹਾ ! ਕਈ ਵਾਰ ਉਹਦਾ ਜੀਅ ਕਰਦਾ ਕਿ ਛੜੱਪਾ ਮਾਰ ਕੇ
ਸਭ ਤੋਂ ਅੱਗੇ ਹੋ ਤੁਰੇ , ਪਰ ਉਸਦੀ ਕੋਈ ਵਾਹ-ਪੇਸ਼ ਨਾ ਜਾਂਦੀ । ਤਰਲੋ ਮੱਛੀ ਹੋਏ ਤਾਏ ਦੀ
ਖਾਲੀ-ਖਾਲੀ ਨਿਗਾਹ ਵਿਚ ਵਾਰ ਪਿਛਾਂਹ ਵਲ ਵੀ ਘੁੰਮਦੀ । ਮਿਸਤਰੀ ,ਮਜ਼ਦੂਰ , ਕਾਮੇਂ,
ਦਿਹਾੜੀਦਾਰ ਦੂਰ ਤੱਕ ਉਸਦੇ ਪਿੱਛੇ ਪਾਲ ਬਣਾਈ ਖੜੋਤੇ ਹੁੰਦੇ । ਡੌਰ-ਭੌਰ ਹੋਇਆ ਉਹ ਫਿਰ
ਬੈਰਕਾਂ ਵੱਲ ਨਿਕਲ ਤੁਰਦਾ । ਕਦੀ ਕਿਸੇ ਕਿਸੇ ਨਾਲ ਦੁੱਖ-ਸੁੱਖ , ਕਦੀ ਦਿਸੇ ਨਾਲ
ਸੁਲਾਹ-ਮਸ਼ਵਰਾ । ਖਾਸ ਕਰ ਬੈਨਰਜੀ ਨਾਲ ਜਾਂ ਸੈਮੂਅਲ ਪੀਟਰ ਨਾਲ । ਉਹ ਦੋਨੋਂ ਉਹਦੇ ਹਾਣ ਦੇ
ਵੀ ਸਨ ਤੇ ਸਿਆਣੇ ਵੀ । ਪਰ ਦੇਖਣ ਚਾਖਣ ਨੂੰ ਜੁਆਨ । ਹਰ ਬੰਨਿਓ ਚੁਸਤ । ਕੰਮਕਾਰ ਪੱਖੋਂ
ਵੀ । ਗੱਲਬਾਤ ਪੱਖੋਂ ਵੀ । ਤਾਇਆ ਉਹਨਾਂ ਨਾਲ ਘਰ-ਬਾਹਰ ਦੀਆਂ, ਕੰਮ-ਕਾਰ ਦੀਆਂ ਸਾਰੀਆਂ
ਬਰੀਕੀਆਂ ਫੋਲ ਲੈਂਦਾ । ਉਹ ਵੀ ਅੱਗੋਂ ਉਸ ਨੂੰ ਬਹੁਤ ਈ ਅਜੀਬ ਕਹਾਣੀਆਂ ਸੁਣਾਉਂਦੇ ।
ਸਰਕਾਰਾਂ ਦੀਆਂ , ਮੁਲਕਾਂ ਦੀਆਂ, ਦੁਨੀਆਂ ਭਰ ਦੇ ਬੇਬੱਸ , ਗਰੀਬ ਤੇ ਕਾਮੇਂ ਲੋਕਾਂ ਦੀਆਂ
। ਜਿਹਨਾਂ ਅੰਦਰਲੀ ਪੀੜ ਤਾਏ ਨੂੰ ਗਈ ਰਾਤ ਤੱਕ ਨੀਂਦ ਨਾ ਆਉਣ ਦਿੰਦੀ । ਤੇ ਜੇ ਨੀਂਦ
ਆਉਂਦੀ ਈ ਆਉਂਦੀ , ਫਿਰ ਫਿਰ ਉਹੀ ਸੁਪਨੇ । ਅਲੋਕਾਰ ਜਿਹੇ- ਸਤਪਾਲ ਸਰਾਫ਼ ਦੇ , ਮਾਨ ਸਿੰਘ
ਠੇਕੇਦਾਰ ਦੇ , ਹਰੀਏ ਆੜ੍ਹਤੀਏ ਦੇ ,ਮਾਸਟਰਾਂ ਦੇ , ਖੇਮੇਂ-ਆਤੂ ਦੇ ਤੇ ਰਤਨੀ ਦੇ । ਸੱਭ
ਰਲਗੱਡ ਹੋਏ । ਕਿਸੇ ਦਾ ਕੋਈ ਸਿਰ ਨਈਂ , ਪੈਰ ਨਈਂ । ਕੋਈ ਕੋਈ ਸੁਖਾਵਾਂ , ਪਰ ਬਹੁਤੇ
ਦੁੱਖੀ ਕਰਨ ਵਾਲੇ । ਤੜਫਾਉਣ ਵਾਲੇ । ਅਚੋਅਈ ਲਾਉਣ ਵਾਲੇ । ਬੇਚੈਨ ਹੋਏ ਤਾਏ ਦੀ ਝੱਟ ਜਾਗ
ਖੁੱਲ੍ਹ ਜਾਂਦੀ । ਉਹ ਐਧਰ-ਓਧਰ ਝਾਕਦਾ । ਹਰ ਪਾਸੇ ਹਨੇਰਾ ਈ ਹਨੇਰਾ ਹੁੰਦਾ । ਮੱਧਮ ਬੱਤੀ
ਜਗਾ ਉਹ ਮੂੰਹ ਸਿਰ ਲਿਪੇਟ ਕੇ ਫਿਰ ਲੇਟ ਜਾਂਦਾ । ਚੁੱਪ-ਚਾਪ, ਗੁੰਮ-ਸੁੰਮ ।
.....ਖੇਮੇਂ ਅਮਲੀ ਦੇ ਲਾਗੇ ਪਿਆ ਤਾਇਆ , ਹੋਰ ਵੀ ਨਿਢਾਲ ਹੁੰਦਾ ਗਿਆ । ਵਿਚ-ਵਿਚਾਲੇ
ਹੁੰਗਦਾ , ਉਹ ਬਿਲਕੁਲ ਚੁੱਪ ਹੋ ਗਿਆ , ਗੁੰਮ-ਸੁੰਮ । ਉਸਦੇ ਹੱਥਾਂ ‘ਚ ਸਾਂਭਿਆ ਤਾਏ ਦਾ
ਸਿਰ ਝਟਕਾ ਜਿਹਾ ਖਾ ਕੇ ‘ੲਕ ਪਾਸੇ ਨੂੰ ਹੋਰ ਲੁੜਕ ਗਿਆ । ਉਸਦੀਆਂ ਵਿਚ-ਵਿਚਾਲੇ
ਖੁਲ੍ਹਦੀਆਂ ਅੱਖਾ ਇਕ ਦਮ ਤਾੜੇ ਲੱਗ ਗਈਆਂ । ਅੱਧ-ਖੁਲ੍ਹੇ ਮੂੰਹ ‘ਚੋਂ ਝੱਗ ਜਿਹੀ ਰਿਸਕਣ
ਲੱਗ ਪਈ ।
ਉਸਦੀ ਅਤਿ ਨਿੱਘਰਦੀ ਹਾਲਤ ਦੇਖਦੇ ਖੇਮੇਂ ਅਮਲੀ ਦੀ ਖਾਨਿਉਂ ਜਾਣ ਲੱਗੀ। ਗੋਡਿਆਂ ਤੇ ਹੱਥ
ਰੱਖ ਕੇ ਉੱਠਦਿਆਂ ਉਹਨੇ ਦੂਰ ਵੱਲ ਨਿਗਾਹ ਮਾਰੀ । ਆਤੂ- ਬੁੜਾ ਕਿਧਰੇ ਵੀ ਆਉਂਦਾ ਦਿਖਾਈ ਨਾ
ਦਿੱਤਾ । ਹਾਰ ਕੇ ਉਹ ਆਪ ਸਿੱਧਾ ਖੇਤਾਂ ਹਾਰੀ ਪਿੰਡ ਨੂੰ ਹੋ ਤੁਰਿਆ । ਹੋਂਕਦਾ-ਹਫ਼ਦਾ ।
ਪਿੰਡ ਪਹੁੰਚ ਕੇ ਉਹਨੇ ਕਈਆਂ ਤੋਂ ਆਤੂ ਦੀ ਪੁੱਛ-ਪੜਤਾਲ ਕੀਤੀ । “...ਆਹੋ ਭਾਅਈ ਸੀਗਾ ਤਾਂ
ਸਈ ਹੁਣੇ ਜੇਏ ਐਥੇ ਈ ....ਘੇਅ-ਘੂਉ ਮੰਗਦਾ ਸੀ ਖ਼ਬਨੀ । ਸਾਡਿਓਂ ਤਾਂ ਸ਼ੈਂਤ ਮਿਲਿਆ ਨਈਂ
ਅੱਗੇ ਗਿਆ ਕਿਸੇ ਦੇਏ ।“ ਆਤੂ ਦਾ ਪੁਛਦੇ –ਪਛਾਂਦੇ , ਉਹਨੇ ਮੀਕੋ ਨੂੰ ‘ ਵਾਜ ਮਾਰ ਲਈ ।
ਹਵੇਲੀਓਂ , ਟੋਕਾ ਕਰਦੇ ਨੂੰ । ਮੀਕੋ ਨੇ ਅੱਗੇਂ ਗਿਆਨ ਨੂੰ ਸੱਦ ਲਿਆ। ਹੱਲੇ ਨਾਲ ਦੋਨੋਂ
ਤਾਏ ਕੋਲ ਨੱਠ ਪਹੁੰਚੇ ।
ਤਾਇਆ ਉਵੇਂ ਦਾ ਉਂਵੇਂ ਪਿਆ ਸੀ ਮੂੰਹਦੜੇ ਮੂੰਹ ,ਪੂਰੀ ਤਰ੍ਹਾਂ ਬੇ-ਸੁੱਧ ।
ਉਹਨਾਂ ਇਕੱਠਿਆਂ ਜ਼ੋਰ ਲਾ ਕੇ ਪਹਿਲਾਂ ਤਾਏ ਨੂੰ ਬੈਠਦਾ ਕੀਤਾ , ਫਿਰ ਉਸਦੀਆਂ ਬਗਲਾਂ ਹੇਠ
ਮੋਢੇ ਟੇਕ ਉਸਨੂੰ ਖੜਾ ਕਰ ਲਿਆ । ਪਰ , ਤਾਏ ਨੂੰ ਰਤਾ ਮਾਸਾ ਵੀ ਲੱਤ ਨਾ ਲਾਈ । ਉਸਦੀ
ਭਾਰੀ ਦੇਹ, ਦੋਹਾਂ ਦੀ ਪਕੜ ‘ਚੋਂ ਫਿਰ ਢਿਲਕ ਗਈ । ਸਾਂਭਦਿਆਂ ਸਾਂਭਦਿਆਂ ਖਿਸਕ ਕੇ ਹੇਠਾਂ
ਡਿੱਗ ਪਈ । ਇਕ ਵਾਰ ਫਿਰ ਉਹਨਾਂ ਉਹੋ ਜਿਹਾ ਹੰਭਲਾ ਮਾਰਿਆ । ਪਰ ਬੇ-ਅਰਥ ।ਖਿੱਝ ਕੇ ਮੀਕੋ
ਨੇ ਤਾਏ ਨੂੰ ਲਕੋਂ ਜੱਫਾ ਮਾਰਕੇ , ਮੋਢਿਆਂ ਤੇ ਸੁੱਟ ਲਿਆ ।ਵਗੇ ਵਾਹਣਾਂ ਦੇ ਸਿਆੜਾਂ
ਰਾਹੀਂ , ਦੋ ਕੁ ਬੰਨੇ ਪਿੰਡ ਵੱਲ ਨੁੰ ਟਪਾ ਲਏ । ਸੀ ਤਾਂ ਮੀਕੋ ਵੀ ਤਕੜਾ , ਪਰ ਤਾਇਆ
ਭਾਰਾ ਸੀ ,ਬਹੁਤਾ । ਉਪਰੋਂ ਬੇਸੁਰਤ ਹੋਇਆ ਪਿਆ ਸੀ , ਨਿਰੀ ਮਿੱਟੀ । ਮੀਕੋ ਹੰਭ ਗਿਆ ।
ਫਿਰ ਇਕ ਖੇਤ ਗਿਆਨ ਨੇ ਹਿੰਮਤ ਮਾਰੀ । ਉਹ ਵੀ ਥੱਕ ਗਿਆ । ਤਾਇਆ ਫਿਰ ਧਰਤੀ ਉੱਤੇ ਸੀ।
ਚੌਫਾਲ ਅੱਧ-ਮੋਇਆ ਜਿਹਾ ;
ਉਹਦੇ ਮੂੰਹ ਥਾਣੀਂ ਨਿਕਲਦੀ ਝੱਗ ਥੋੜਾ ਕੁ ਘੱਟ ਹੋ ਗਈ । ਤਾੜੇ ਲੱਗੀਆਂ ਅੱਖਾਂ ਵੀ ਵਿਚ
–ਵਿਚਾਲੇ ਹਿੱਲਣ ਲੱਗ ਪਈਆਂ ।
ਹੂੰ...ਹਾਏ ...ਕਰਦੇ ਤਾਏ ਨੇ ਕਿਸੇ ਨੂੰ ਗਾਲ੍ਹ ਕੱਢੀ । ਪਤਾ ਨਈਂ ਹਰੀਏ ਨੂੰ, ਜਿਹਨੇ ਤਾਏ
ਦੀ ਕੀਤੀ ਕਰਾਈ ਕੱਖ ਕਰਕੇ ਨਈਂ ਸੀ ਜਾਣੀ ਜਾਂ ਪੀਟਰ ਨੂੰ ਜਿਹੜਾ ਪੈਰ ਪੈਰ ਤੇ ਤਾਏ ਦੀ
ਫੋਰਮੈਨੀ ‘ਚ ਲੱਤ ਅੜਾਉਣ ਲੱਗ ਪਿਆ ਸੀ । ਹਰ ਰੋਜ਼ ਉਹ ਕੋਈ ਨਾ ਕੋਈ ਪੰਗਾ ਖੜਾ ਕਰਦਾ ।
ਕੰਮ-ਕਾਰ ਪੱਖੋਂ ਵੀ ਉਹ ਅਵੇਸਲਾ ਹੁੰਦਾ ਗਿਆ , ਪਰ ਗੱਲਾਂ ਕਰਨ ‘ਚ ਪੂਰਾ ਚੰਟ । ਐਧਰ ਦੀਆਂ
ਓਧਰ ਲਾਉਣ ‘ਚ ਬਹੁਤਾ ਈ ਹੁਸ਼ਿਆਰ । ਨਿਰਾਂ ਈ ਲੂੰਬੜ । ਤਾਏ ਦੀ ਨਿੱਕੀ ਨਿੱਕੀ ਗੱਲ ਮਾਨ
ਸਿੰਘ ਕੋਲ ਅੱਪੜਦੀ ਕਰਦਾਂ –“ਅੱਜ ਤਾਏ ਨੇ ਆਹ ਕੀਤਾ , ਅੱਜ ਤਾਇਆ , ਓਥੇ ਬੈਠਾ ਸੀ ; ਅੱਜ
ਤਾਇਆ ਐਂ ਕਹਿੰਦਾ ਸੀਈ....।“
ਤਾਇਆ , ਅੰਦਰੋ ਅੰਦਰ ਪੀਟਰ ਤੋਂ ਬਹੁਤ ਤੰਗ ਹੁੰਦਾ ਗਿਆ । ਆਨੇ –ਬਹਾਨੇ ਉਸਦੀ ਖੂਭ
ਪੱਖ-ਝੰਡ ਕਰਦਾ । ਛਾਂਟੀ ਕਰਨ ਦੀ ਧਮਕੀ ਭੀ ਦਿੰਦਾ । ਪਰ , ਪੀਟਰ ਦੀਆਂ ਜੜ੍ਹਾਂ ਬਹੁਤ
ਪੱਕੀਆਂ ਸਨ । ਉਹਨੇ ਮਾਨ ਸਿੰਘ ਦੇ ਐਹੋ ਜਿਹੇ ਕੰਨ ਭਰੇ , ਐਹੋ ਜਿਹੀਆਂ ਲੂਤੀਆਂ ਲਾਈਆਂ ਕਿ
ਉਲਟਾ ਤਾਏ ਨੂੰ ਝਾੜ ਪੈ ਗਈ । ਉਹ ਵੀ ਚੰਗੀ ਤਕੜੀ । ਸੱਭ ਦੇ ਸਾਹਮਣੇ । ਵੱਡੇ ਦਫ਼ਤਰ
ਬੁਲਾਕੇ – “ ਦੇਖ ਭਾਅ , ਤੈਨੂੰ ਐਸ ਲਈ ਨਈਂ ਸੀ ਰੱਖਿਆ , ਕਿ ਤੂੰ ਮਿੱਲ-ਵਰਕਰਾਂ ਨੂੰ
ਪੁੱਠੀਆਂ-ਸਿੱਧੀਆਂ ਪੜ੍ਹਾਏ । ਉਹਨਾਂ ਨਾ ਅੱਧੀ ਅੱਧੀ ਰਾਤ ਤਕ ਬੈਠਾ , ਕਾਰੋਬਾਰੀ ਗੱਲਾਂ
ਕਰਦਾ ਰਏਂ । ਅੰਦਰ ਖਾਤੇ ਸਾਂਡੇ-ਸਾਂਡੇ ਬਣਾ ਕ ਮਿੱਲ ‘ਚ ਬੈਚੈਨੀ ਪੈਦਾ ਕਰੇਂ ...।“
ਨਿਮੋਝਾਣ ਹੋਇਆ ਤਾਇਆ ਸੱਭ ਕੁਝ ਸੁਣੀ ਗਿਆ । ਅਪਣੀ ਵਲੋਂ ਉਸ ਨੇ ਕੋਈ ਸਫਾਈ ਪੇਸ਼ ਨਾ ਕੀਤੀ
।
ਤਾਏ ਨੂੰ ਛਿੱਥਾ ਪਿਆ ਦੇਖ , ਮਾਨ ਸਿੰਘ ਨੇ ਰੁੱਖ ਬਦਲ ਲਿਆ – “...ਦੇਖ ਤੂੰ ਆਇਆ ਪਿੰਡੇਂ
ਨਮਾਂ-ਨਮਾਂ ।ਤੈਨੂੰ ਹਜੇ ਸ਼ਹਿਰੀ ਤਬਕੇ ਦੇ ਸੁਭਾ ਦੀ ਬਹੁਤੀ ਸਮਝੀ ਨਈਂ । ਤੂੰ ਸਮਝਦਾਂ
ਆਪਣੇ ਅਰਗੇ ਸਾਰਿਆਂ ਨੂੰ ਸਿੱਧ-ਪੱਧਰੇ , ਸਾਫ਼-ਦਿਲ ...। ਪਰ , ਏਥੇ ਦੀ ਲੇਬਰ ਬੜੀ ਮਾਂ
ਚੋਦ ਆ ...। ਐਨ ਕੱਸੀ ਵੀ ਸੂਤ ਰਹਿੰਦੀ ਆ । ਜਿੱਦਾਂ ਤੂੰ ਕਰਦਾਂ ,ਏਦਾਂ ਤਾਂ ਇਹ ਸਾਲੀ
ਜਲੂਸ ਕੱਢ ਦਊ , ਮੇਰਾ ਵੀ ਨਾਲ ਈ , ਵਿੱਚੇ ਤੇਰਾ , ..ਸੁਣਿਆ ਈ ਨਾ ...। “
ਨੀਵੀਂ ਪਾਈ ਬੈਠਾ ਤਾਇਆ ਚੁੱਪ-ਚਾਪ ਸੁਣੀ ਗਿਆ । ਇਕ ਵਾਰ ਤਾਂ ਉਸਦੇ ਅੰਦਰਲੇ ਗੁਰਬਚਨ ਸਿੰਘ
ਨੇ ਕਰਵਟ ਲਈ ਵੀ –“ ਜਾਹ-ਜਾਹ ਤੂੰ ਵੱਡਾ ਦਾਨੀ ...। ਮੈਂ ਥੁੱਕਦਾ ਵੀ ਨਈਂ ਐਹੋ ਜਿਹੇ
ਕੁੱਤੇ ਕੰਮ ਤੇ , ਮੈਂ ਕੋਈ ਹੀਣਾ ਕਿਸੇ ਗੱਲੋਂ । ਸਾਰੇ ਜਹਾਨ ਦਾ ਹੁਨਰ ਆ ਮੇਰੇ ਕੋਅਲ
...।“ਪਰ , ਅਗਲੇ ਹੀ ਛਿੰਨ ਹਰੀਏ ਦਾ ਸ਼ੈਲਰ ਉਸਦੀਆਂ ਅੱਖਾਂ ਸਾਹਮਣੇ ਆ ਖੜਾ ਹੋਇਆ ।
...ਸ਼ੈਲਰ ਜਿਹੜਾ ਉਹਦੀ ਆਰੀ-ਚੱਕੀ ਨਾਲੋਂ ਕਈ ਗੁਣਾਂ ਉੱਚਾ ਵੀ ਸੀ ਤੇ ਵੱਡਾ ਵੀ ।
ਹਰੀਏ ਦੇ ਐਨ ਬਰਾਬਰ ਦਾ ਵੱਡਾ-ਉੱਚਾ ਕਾਰੋਬਾਰ ਕਰਨ ਦੀ ਹਿਰਸ ਨੇ , ਤਾਏ ਦੀ ਛਾਤੀ ਅੰਦਰਲਾ
ਗੁਬਾਰ ਉਸ ਦੇ ਬੁੱਲ੍ਹਾਂ ਤੱਕ ਨਾ ਆਉਣ ਦਿੱਤਾ ।
ਨਿਸ਼ਾਨਾ ਠੀਕ ਥਾਂ ਵੱਜਾ ਦੇਖ ਕੇ ਮਾਨ ਸਿੰਘ ਨੇ ਫਿਰ ਵਪਾਰੀ ਦਾਅ ਵਰਤਿਆ- “..ਐ ਕਰ , ਪਿੰਡ
ਗੇੜਾ ਮਾਰ ਇਆ, ਨਈ ਖੁਭਦਾ ਮੰਨ ਕੇ ਕੰਮ-ਕਾਰ ‘ਚ ਹਜੇ ...!”
ਮਾਨ ਸਿੰਘ ਦੀ ਆਖੀ ਤਾਏ ਨੂੰ ਜ਼ੋਰਦਾਰ ਝਟਕਾ ਮਾਰ ਗਈ । ਦੋਨਾਂ ਗੋਡਿਆਂ ਤੇ ਭਾਰ ਪਾ ਕੇ ਉਹ
ਸੋਫੇ ਤੋਂ ਉੱਠਦਾ ਬੋਲਿਆ – “ ਐਨਾ ਹੇਰਵਾ ਨਈਂ ਮੰਨਦਾ ਮੈਂ ਪਿੰਡ ਦਾ ...! ਬਾਕੀ ਤੁਸੀਂ
ਫਿਕਰ ਨਾ ਕਰੋ ; ਅੱਗੇ ਤੋਂ ਕੋਈ ਸ਼ਕੈਤ ਨਈਂ ਆਉਂਦੀ ਐਹੋ ਜੇਈ ...।“
ਓਸੇ ਸ਼ਾਮ ਤਾਏ ਦੀ ਰਹਾਇਸ਼ ਮਿੱਲ ਅੰਦਰਲੇ ਕੁਆਟਰਾਂ ‘ਚੋਂ ਬਦਲ ਕੇ ਪਟਪੜ ਪਹੁੰਚ ਗੳੲ । ਮਾਨ
ਸਿੰਘ ਦੀ ਖਾਲੀ ਕੋਠੀ ‘ ਚ । ਫੈਕਟਰੀ ਆਉਣ ਜਾਣ ਲਈ ਕਾਰ ਮਿਲ ਗਈ । ਨਵੀਂ , ਨਕੋਰ ਫੀਅਟ ।
ਤਾਇਆ ਫਿਰ ਸੱਚਮੁੱਚ ਦੀ ਫੋਰਮੈਨੀ ਕਰਨ ਲੱਗਾ , ਉਹ ਵੀ ਸਪੈਸ਼ਲ । ਮਾਨ ਸਿੰਘ ਨਾਲੋਂ ਵੀ
ਉੱਪਰ ਦੀ । ਕਈ ਵਾਰ ਉਸ ਤੋਂ ਵੀ ਖਾਸ਼ । ਸਿੰਘ ਸਾਅ-ਮਿਲਜ਼ , ਫਰੀਦਾਬਾਦ ਦੀ ਵੀ । ਮਠਾਰੂ
ਟਿੰਬਰ-ਟਰੇਡਰਜ਼ , ਗਾਜ਼ੀਆਬਾਦ ਦੀ ਵੀ। ਮਾਨ ਸਿੰਘ ਪਲਾਈ ਵੁਡਜ਼ , ਸ਼ਾਹਦਰੇ ਦੀ ਵੀ ਤੇ ਪੰਜਾਬ
ਵੁੱਡ ਸੀਜ਼ਨਿੰਗ ਦੀ ਵੀ ।
ਤਾਏ ਦੀ ਝਾਕ ਹੁਣ ਸਿੱਧੀ ਅੱਗੇ ਵੱਲ ਨੂੰ ਹੋ ਤੁਰੀ । ਹਰੀਏ ਵੱਲ ਨੂੰ , ਮਾਨ ਸਿੰਘ ਵੱਲ
ਨੂੰ ਜਾਂ ਸੱਤਪਾਲ ਵੱਲ ਨੂੰ । ਪਿੱਛੇ ਖੜੇ ਕਾਰੀਗਰਾਂ –ਕਾਮਿਆਂ ਵੱਲ ਹੁਣ ਉਸ ਨੇ ਕਦੀ ਭੁੱਲ
ਕੇ ਵੀ ਨਿਗਾਹ ਨਹੀਂ ਸੀ ਘੁਮਾਈ । ਦਫਤਰੀ ਬਾਬੂ-ਛਾਬੂ ਵੀ ਉਸ ਨੂੰ ਹੁਣ ਕੀੜੇ-ਮਕੌੜੇ ਈ
ਦਿੱਸਦੇ । ਉਹਦੇ ਕੱਦ-ਕਾਠ ਨਾਲੋਂ ਬਹੁਤ ਛੋਟੇ , ਲਾਚਾਰ ਜਿਹੇ ।
ਉਸ ਦੀ ਫੋਰਮੈਨੀ ਹੇਠਲੀਆਂ ਸਾਰੀਆਂ ਮਿੱਲਾਂ ਹੱਦੋਂ ਵੱਧ ਮੁਨਾਫਾ ਦੇਣ ਲੱਗੀਆਂ ਮਾਨ ਸਿੰਘ
ਨੂੰ ,ਇਸ ਵੰਨਿਓਂ ਚਿੰਤਾ ਮੁਕਤ ਹੋਇਆ ਮਾਨ ਸਿੰਘ ਦੂਜੇ ਵੰਨੇ ਸਾਰਾ ਧਿਆਨ ਦਿੰਦਾ –ਨਹਿਰਾਂ
ਵੰਨੀ , ਇਮਾਰਤਾਂ ਵੰਨੀ , ਪੁਲਾਂ ਜਾਂ ਫਲਾਇਓਵਰਾਂ ਵੰਨੀ ।
ਥੋੜੀ ਕੁ ਹੋਰ ਭੱਜ-ਦੌੜ ਕਰਕੇ ਉਸਨੂੰ ਦੋ ਟੈਂਡਰ ਬਾਹਰੋ ਮਿਲ ਗਏ । ਅਰਬ ਦੇਸ਼ਾਂ ‘ ਚੋਂ ,
ਇਕ ਮਸਕਟ ਇਕ ਡੁਬਈ । ਸਿੱਧੇ ਨਈਂ ,ਇਰਾਨੀ ਸ਼ੇਖ ਨਾਲ ਮਿਲ ਕੇ । ਬਿਬਹਾਨੀ ਨਾਲ । ਉਹਦੀ
ਕੰਪਨੀ ਦੇ ਨਾਂ ਹੇਠ । ਮਾਨ ਸਿੰਘ ਪੂਰਾ ਪ੍ਰਸੰਨ ਸੀ ਹੁਣ । ਤਾਏ ਵੱਲੋਂ ਵੀ ,ਨਵੇਂ ਕੰਮਕਾਰ
ਵਲੋਂ ਵੀ ।ਏਸ ਪ੍ਰਸੰਨਤਾ ਦਾ ਪ੍ਰਦਰਸ਼ਨ ਕਰਨ ਲਈ , ਉਹਨੇ ਸੱਭ ਤੋਂ ਪਹਿਲਾਂ ਅਖੰਡ ਪਾਠ
ਰਖਵਾਇਆ , ਘਰ ‘ਚ । ਘਰ ‘ਚ ਕਾਨੂੰ। ਕੋਠੀ ‘ਚ । ਨਵੀਂ ਗਰੀਨ ਪਾਰਕ ਵਾਲੀ ‘ਚ । ਜਮਨਾ
ਪਾਰਲੀ ਕੋਠੀ ਉਹਦੇ ਊਈਂ ਛੱਡ ਦਿੱਤੀ । ਅੱਧੀ ਕੁ ਤਾਏ ਲਈ, ਅੱਧੀ ਕੁ ਆਏ-ਗਏ ਲਈ । ਅਖੇ –
“ਬਸਤੀ ਦਾ ਨਾਂ ਚੰਗਾ ਨਈਂ । ਖ਼ਰਾ ਜਿਆ ਨਈਂ ਲਗਦਾ ਬੋਲਣ ਨੂੰ – ਪਟਪੜਾ ਗੰਜ । ....ਹੂੰਅ
! ਜਿਹੋ ਜਿਹੇ ਲੋਕੀਂ ਜਮਨਾ ਪਾਰ ਦੇ , ਪਛੜੇ ਜਿਹੇ , ਓਹੋ ਜਿਏ ਨਾਂ ਉਨ੍ਹਾਂ ਦੀਆਂ ਬਸਤੀਆਂ
ਦੇ –ਪਾਂਡੇ ਨਗਰ , ਗਨ੍ਹੇਸ਼ ਨਗਰ , ਲਕਸ਼ਮੀ ਪੁਰ , ਸ਼ਕਰਪੁਰ , ਪਟਪੜ ਗੰਜ , ਆਹ ਗੰਜ਼ , ਔਹ
ਪੁਰ ...ਹੁੰਅ ।“
“ ਪਾਟੋਧਾੜ ਤਾਂ ਖੈਰ ਹਰ ਥਾਂ ਹੁੰਦੀ ਈ ਹੁੰਦੀ ਆ । ਪਰ ਓਸ ਪਾੜਪੜ ਗੰਜ ‘ਚ ਕੁਸ਼ ਬਹੁਤਈ ਸੀ
। ਵਿਤੋਂ ਈ ਬਾਹਲੀ । ਰੰਗਾਂ –ਨਸਲਾਂ ਦੀ ਵੱਖਰੀ , ਧਰਮਾਂ –ਮਜ਼ਬ੍ਹਾਂ ਦੀ ਵਖਰੀ । ਕੋਈ ਇਕ
ਦੂਜੇ ਨੂੰ ਦੇਖ ਨਈਂ ਸੀ ਸੁਖਾਂਦਾ । ਨਾ ਸਿੱਖ, ਹਿੰਦੂ ਨੂੰ , ਨਾ ਹਿੰਦੂ , ਸਿੱਖ ਨੂੰ ।
ਨਾ ਮੁਸਲੇ , ਸਾਈਆਂ ਨੂੰ ਨਾ ਹਸਾਈ ਮੁਸਲਿਆਂ ਨੂੰ ! ਕਮਾਲ ਈ ਹੋਈ ਪਈ ਸੀ ਓਧਰ ...! “
ਊਂ ਤਾਂ ਖੈਰ ਮਾਨ ਸਿੰਘ ਨੇ ਸਿੱਖ-ਪੁਣੇ ਦੀ ਕੋਈ ਨਿਸ਼ਾਨੀ ਬਾਕੀ ਨਹੀਂ ਸੀ ਰਹਿਣ ਦਿੱਤੀ –ਨਾ
ਕੇਸ , ਨਾ ਦਾੜ੍ਹੀ , ਨਾਕਛੈਰਾ , ਨਾ ਕੜਾ । ਕਿਰਪਾਨ ਪਾਉਣ ਦਾ ਤਾਂ ਰਿਵਾਜ਼ ਜਾਂਦਾ ਲੱਗਾ
ਸੀ । ਤੇ ਕੰਘਾ , ਉਹ ਤਾਂ ਕੋਈ ਕੇਸਾਂ ਵਾਲਾ ਵੀ ਨਾਲ ਨਹੀਂ ਸੀ ਰੱਖਦਾ । ਮਾਨ ਸਿੰਘ ਤਾਂ
ਸਭ ਪਾਸਿਓਂ ਸੁਰਖਰੂ ਈ ਸੁਰਖਰੂ ਸੀ । ਪੂਰਾ ਘੋਨ-ਮੋਨ । ਪੱਕਾ ਬਾਬੂ । ਪਿੰਡ , ਧਾਰਮਿਕ ਦੀ
ਪੜਾਈ ਕਰਦਿਆਂ , ਉਹ ਬਹੁਤ ਕੱਟੜ ਹੁੰਦਾ ਵੀ , ਰਹਿਤ-ਮਰਯਾਦਾ ਰੱਖਣ ‘ਚ । ਫਿਰ ਸ਼ਹਿਰ ਦੇ
ਸਕੂਲ ਜਾ ਕੇ ਥੋੜਾ ਮੱਠਾ ਪੈ ਗਿਆ । ਪਰ ਐਥੋ ਆ ਕੇ ਐਹੋ ਜਿਹਾ ਮਹੌਲ ਬਣਿਆ , ਐਹੋ ਜਿਹੀ
ਕੰਪਨੀ ਮਿਲੀ: ਸਾਰਾ ਕੁਝ ਈ ਜਾਂਦਾ ਰਿਹਾ । ਨਾ ਪਾਠ-ਪੂਜਾ ਚੇਤੇ ਰਹੀ ਨਾ ਰਹਿਤ-ਮਰਯਾਦਾ।
ਬੱਸ ਇਕੋ-ਇਕ ਗੱਲ ਯਾਦ ਰਹੀ , ਉਸ ਨੂੰ ਪੈਸਾ ਕਮਾਉਣ ਦੀ । ਸੱਤਪਾਲ ਬਣਨ ਦੀ । ਕੰਮ ਕਾਰ
ਹੋਰ ਵਧਾ ਕੇ , ਚੰਗੀ ਤੋਂ ਚੰਗੀ ਕੋਠੀ ‘ਚ ਰੈਣ-ਵਸੇਰਾ ਰੱਖਣ ਦੀ । - ਪਹਿਲੋਂ ਜਦ ਉਹ
ਦਿੱਲੀ ਆਇਆ ਸੀ ਪਿੰਡੋਂ , ਵਰਿਆਮ ਸੂੰਹ ਮਿਸਤਰੀ ਨਾਲ ; ਮਹਿਰੋਲੀ ਰੋਡ ਤੋਂ ਥੋੜਾ ਹਟਵੇਂ
ਇਕ ਮਹੱਲੇ ‘ਚ ਆ ਟਿਕਿਆ , ਹਮਾਯੂੰ-ਨਗਰ ।ਸ਼ਾਂਤੀ-ਨਿਵਾਸ , ਕੁਆਟਰ ਨੰਬਰ ਛੇ ‘ਚ । ਬਿਲਕੁਲ
ਉਹੋ ਜਿਹੇ ਕੁਆਟਰ ‘ਚ ਜਿਹੋ ਜਿਹੇ ਹੁਣ ਉਹਦੀਆਂ ਸਾਅ-ਮਿੱਲਾਂ ‘ਚ ਬਣੇ ਪਏ ਆਂ ,
ਵੁੱਡ-ਫੈਕਟਰੀਆਂ ਜੁੜੇ ਪਏ ਆ , ਲੰਮੀਆਂ-ਲੰਮੀਆਂ ਪਾਲਾਂ ਦੀਨਾਂ ਦੀਆਂ ਚਾਦਰਾਂ ਵਾਲੇ ਛੋਟੇ
ਛੋਟੇ ਵਿਹੜਿਆਂ ਵਾਲੇ । ਪੰਦਰਾਂ ਰੁਪਏ ਮਹੀਨਾ ਕਰਾਏ ਤੇ । ਰਾਜ ਮਿਸਤਰੀ ਦੀ ਇਕ ਦਿਹਾੜੀ
ਜਿੰਨੇ । ਸ਼ਾਮੀ ਰੋਟੀ ਪਾਣੀ ਤੋਂ ਵਿਹਲੇ ਹੋ ਕੇ ਸ਼ਾਂਤੀ ਨਿਵਾਸ ਦੇ ਸਾਰੇ ਮਿਸਤਰੀ ਬੜੀਆਂ
ਗੱਲਾਂ ਮਾਰਦੇ । ਵਿਤੋਂ ਵੱਧ । ਕੋਈ ਅਪਣੀ ਸੁਣਾਉਂਦਾ , ਕੋਈ ਅਪਣੇ ਮਾਲਕ ਦੀ । ਕੋਈ
ਠੇਕੇਦਾਰ ਦੀ ਸੁਣਾਉਂਦਾ । ਕੋਈ ਕੰਪਨੀ ਦੀ । ਮਾਨ ਸਿੰਘ ਬੋਲਦਾ ਘੱਟ, ਸੁਣਦਾ ਬਹੁਤਾ
।ਸਮਝਦਾ ਉਸ ਤੋਂ ਵੀ ਬਹੁਤਾ । ਸਹਿਜੇ ਉਹ ਵੀ ‘ਠੇਕੇ’ ਲੈਣ ਲੱਗ ਪਿਆ । ਇਕ ਦੀ ਥਾਂ ਦੋ-ਦੋ
ਤਿੰਨ-ਤਿੰਨ ਦਿਹਾੜੀਆਂ ਆਉਣ ਲੱਗੀਆਂ । ਫਿਰ ਹੋਰ ਅੱਗੇ ਪੈਰ ਰੱਖਿਆ । ਹੋਰ ਬੱਚਤ ਹੋਈ ।
ਹੋਰ ਹਿੰਮਤ ਮਾਰੀ , ਠੇਕੇਦਾਰ ਜੀ , ਠੇਕੇਦਾਰ ਜੀ ਹੋਣ ਲੱਗੀ । ਫੇਰ ਅੱਗੇ – ਚੱਲ ਸੋ ਚੱਲ
। ਸ਼ਾਤੀ ਨਿਵਾਸ ਛੱਡ ਕੇ ਉਹ ਸ਼ਿਵ ਨਗਰ ਚਲਾ ਗਿਆ । ਅਪਣੇ ਮਕਾਨ ‘ਚ । ਸ਼ਿਵ ਨਗਰ ਛੱਡਿਆ ਤਿਲਕ
ਨਗਰ ਬਣੀ ਬਣਾਈ ਕੋਠੀ ਖ਼ਰੀਦ ਲਈ । ਪਰ ,ਤਸੱਲੀ ਜਿਹੀ ਨਾ ਹੋਈ । ਜਮਨਾ ਪਾਰ ਦੋ ਸੌ ਗਜ਼ ਦਾ
ਪਲਾਟ ਖ਼ਰੀਦ ਕੇ ਕੋਠੀ ਬਣਾਈ , ਪੜਪੜ –ਗੰਜ । ਰੂਹ ਅਜੇ ਵੀ ਰਾਜ਼ੀ ਨਾ ਹੋਈ –ਇਕ
ਪ੍ਰਾਜ਼ੈਕਟਾਂ ,ਮਿੱਲਾਂ ,ਫੈਕਟਰੀਆਂ ਦੇ ਵੱਧ ਜਾਣ ਕਰਕੇ ; ਦੂਜੇ , ਮਹੱਲੇ ਦੇ ਫੁਸਫੁਸੇ
ਜਿਹੇ ਨਾ ਕਰਕੇ । ਉਹਨੇ ਝੱਟ ਫੈਸਲਾ ਕਰ ਲਿਆ ; ਗਰੀਨ-ਪਾਰਕ ਕੋਠੀ ਬਣਾ ਲਈ । ਅਪਣੇ ਪੱਧਰ
ਦੀ । ਆਪਣੀ ਰੂਹ ਦੀ । ਆਲੀਸ਼ਾਨ ਵੀ , ਫੈਸ਼ਨਏਬਲ ਵੀ । ਹੁਣੇ-ਹੁਣੇ ਖ਼ਰੀਦੀ ਇਮਪਾਲਾ ਵਰਗੀ ।
-ਓਧਰ ਏਸ ਕੋਠੀ ਦੀ ਤਿਆਰੀ ਮੁਕੰਮਲ ਹੋਈ ; ਓਧਰ ਅਰਬ-ਦੇਸ਼ਾਂ ਨੂੰ ਭੇਜੇ ਟੈਂਡਰ ਪਾਸ ਹੋ ਗਏ
, ਇਕੱਠੇ । ਮਾਨ ਸਿਘ ਲਈ ਜਿਵੇਂ ਨਵਾਂ ਸੂਰਜ ਉਦੈ ਹੋ ਗਿਆ ।ਉਸ ਨੂੰ ਲੱਗਾ , ਉਹ ਸੱਤਪਾਲ
ਬਣਿਆ ਕਿ ਬਣਿਆ –ਫੈਕਟਰੀਆਂ , ਮਿੱਲਾਂ , ਕਾਨ੍ਹਾਂ ,ਹੋਟਲਾਂ ,ਟਰਾਸਪੋਰਟ ਕੰਪਨੀਆਂ ,
ਸ਼ਿਪਿੰਗ ਏਜੰਸੀਆਂ ਵਾਲਾ ਸੱਤਪਾਲ ਸਰਾਫ਼ ।ਮਾਨ ਸਿੰਘ ਨੇ ਇਸ ਸਾਰੀ ਪ੍ਰਾਪਤੀ ਦਾ ਸਿਹਰਾ
ਨਵੀਂ ਕੋਠੀ , ਸਿਰ ਬੰਨ੍ਹਿਆ । ਉਸ ਵੱਡਭਾਗੀ ਸਮਝਿਆ ਜਾਣ ਲੱਗਾ । ਕਲਿੱਪ-ਬ੍ਰਿਖ ਵਰਗੀ ।
ਕਾਮਧੇਨ-ਗਊ ਵਰਗੀ । ਅਨਾਪੂਰਨਾ । ਪਾਕ ਤੇ ਪਵਿੱਤਰ । ਜਿਸ ਨੂੰ ‘ਪਾਕ ਤੇ ਪਵਿੱਤਰ ‘ ਰੱਖਣਾ
ਮਾਨ ਸਿਘ ਦੇ ਮੁੱਢਲੇ ਪ੍ਰੋਗਰਾਮ ਅੰਦਰ ਸ਼ਾਮਿਲ ਸੀ । ਖਾਸ ਕਰ ਗ੍ਰਹਿ-ਪ੍ਰਵੇਸ਼ ਵੇਲੇ । ਉਂਝ
ਵੀ ਕੋਠੀ ਦੀ ਐਨ ਟੀਸੀ ਤੇ ਬਣਾਈ ਬਾਲਕੋਨੀ ਪਹਿਲਾਂ ਤਿਆਰ ਕਰਵਾਈ । ਗੁਰੂ ਬਾਬੇ ਦੇ ਨਿਵਾਸ
ਲਈ । ਇਕ ਗ੍ਰੰਥੀ ਹਰ ਰੋਜ਼ ਆਉਂਦਾ , ਦੋ ਵੇਲੇ ਪਾਠ-ਕਰਦਾ । ਗ੍ਰਹਿ-ਪ੍ਰਵੇਸ਼ ਕਰਦਿਆਂ ਉਸ ਨੇ
ਰਹਿਤ –ਮਰਯਾਦਾ ਪੂਰੀ ਕਾਇਮ ਰੱਖੀ । ਅਖੰਡ-ਪਾਠ ਦੇ ਭੋਗ ਸਮੇਂ ਨਾ ਮੀਟ ਚੱਲਿਆ , ਨਾ ਮੁਰਗਾ
। ਨਾ ਮੱਛੀ ਵਰਤੀ , ਨਾ ਵਿਸਕੀ । ਐਹੋ ਜਿਹੀਆਂ ਪਾਰਟੀਆਂ ਅਸ਼ੋਕਾਂ ‘ਚ ਚੱਲੀਆਂ ਜਾਂ ਜਨਪੱਥ
‘ਚ । ਓਬਾਰਾਏ ‘ ਚ ਹੋਈਆਂ ਜਾਂ ਮੇਘਦੂਤ ‘ਚ । ਕੋਠੀ ਦਾ ਬ੍ਰਹਮ-ਯੱਗ ਤਾਂ ਬੱਸ ਸਾਦ
–ਮੁਰਾਦਾ ਭੋਜਨ-ਖੀਰ ਵਾਲੇ ਨੂੰ ਖੀਰ ,ਕੜਾਹ ਵਾਲੇ ਨੂੰ ਕੜਾਹ-ਪੂਰੀ , ਜ਼ਰਦੇ ਵਾਲੇ ਨੂੰ
ਜ਼ਰਦਾ, ਮਠਿਆਈ ਵਾਲੇ ਨੂੰ ਮਿੱਠਾ । ਸਬਜ਼ੀਆਂ ,ਦਾਲਾਂ , ਖੁੰਬਾਂ ,ਪਨੀਰ ,ਸ਼ਾਹੀ-ਪਨੀਰ ਤਾਂ
ਚਲੋ ਨਾਨ-ਫੁਲਕੇ ਨਾਲ ਬਨਣੇ ਈ ਬਨਣੇ ਸਨ ।ਤਾਏ ਨੇ ਇਸ ਕੰਮ ਦੀ ਵੀ ਪੂਰੀ ਫੋਰਮੈਨੀ ਕੀਤੀ ,
ਸਾਰੀਆਂ ਮਿੱਲਾਂ ,ਫੈਕਟਰੀਆਂ, ਪ੍ਰਾਜੈਕਟਾੱ ਤੋਂ ਕਿੰਨੇ ਸਾਰੇ ਬੰਦੇ ਆਏ । ਤਾਏ ਨੇ ਸਭ ਨੂੰ
ਨਿਹਾਲ ਕੀਤਾ । ਜਾਣ ਲੱਗਿਆਂ ਨੂੰ ਰਸਗੁੱਲਿਆਂ-ਲੱਡੂਆਂ ਦੇ ਡੱਬੇ ਫੜਾਏ । ਹੱਸ ਕੇ ,
ਮੁਸਕਰਾ ਕੇ ਵਿਦਾ ਕੀਤਾ । ਪਰ , ਸੈਮੂਅਲ ਪੀਟਰ ਨਾਲ ਤਾਇਆ ਕੁਝ ਔਖਾ-ਭਾਰਾ ਜਿਹਾ ਬੋਲਿਆ –
ਟਕੋਰ ਜਿਹੀ ਲਾ ਕੇ , ਉਸ ਨੂੰ ਬੈਨਰਜੀ ਸਾਹਮਣੇ ਚੁਗਲ਼ਖੋਰ ਵੀ ਆਖਿਆ , ਕਾਲਾ ਕਾਂ ਵੀ ਤੇ
ਸਾਲਾ ਹਰਾਮੀਂ ਵੀ । ...ਚੌਫਾਲ ਪਏ ਤਾਏ ਨੂੰ ਚੁਕਦੇ –ਸਾਂਭਦੇ ਮੀਕੋ-ਗਿਆਨ ਉਸ ਦੀਆਂ
ਹਲਕੀਆਂ-ਫੁਲਕੀਆਂ ਗਾਲ੍ਹਾਂ ਸੁਣਦੇ ਮੁਸਕਰਾ ਪਏ । ਉਹਨਾਂ ਸੋਚਿਆ- ‘ਦੂਜਾ ਬੰਦਾ , ਐਸੇ
ਹਾਲਤ ‘ਚ ਈ ਠੀਕ ਠੀਕ ।ਸਾਹਮਣੇ ਦੀਹਦਾ । ਚੰਗਾ , ਚੰਗਾ ਬਣ ਕੇ , ਮਾੜਾ, ਮਾੜਾ ਬਣ ਕੇ ।
ਝੂਠ ਬੋਲਿਆ ਈ ਨਈਂ ਜਾਂਦਾ ਕਤੱਈ ਵੀ ਸ਼ਰਾਬੀ ਬੰਦੇ ਤੋਂ ।‘....ਉਹਨਾਂ , ਅਪਨੇ ਨਾਲ ਅਨੇਕਾਂ
ਵਾਰ ਐਊਂ ਬੀਤੀ ਸੀ । ਥੋੜੀ ਥੋੜੀ ਭੋਏਂ ਸੀ ਦੋਨਾਂ ਕੋਲ । ਮਰ ਕੇ ਡੰਗ ਪੂਰਾ ਕਰਦੇ
,ਵਿਚਾਰੇ । ਅੜੀ-ਥੁੜੀ ਨੂੰ ਤਾਈ ਦਾ ਮਿੰਨਤ-ਤਰਲਾ ਕਰਕੇ ਜਾਂ ਮਾਸਟਰ –ਮਾਸਟਰਨੀ ਦਾ । ਹਰੀਏ
ਆੜ੍ਹਤੀਏ ਦੇ ਤਾਂ ਉਹ ਹਮੇਸ਼ਾ ਕਰਜ਼ਾਈ ਰਹਿੰਦੇ । ਖੜੀਆਂ ਈ ਖਾ ਜਾਂਦਾ ਸੀ ਹਰੀਆ , ਉਹਨਾਂ
ਦੀਆਂ । ਉਹ ਬਥੇਰਾ ਹੱਥ ਘੁਟਦੇ , ਬਥੇਰੇ ਸੌੜੇ ਲੈਂਦੇ , ਪਰ ਸੋਰਦਾ ਕੁਝ ਨਾ । ਹਾਰ ਕੇ
ਘੜੇ ਦੇ ਚਰਨੀ ਲਗਦੇ , ਗੁੜ ਦੀ ਓਟ ਲੈਂਦੇ । ਰੂੜੀ-ਢੇਰ ਦੀ ਮਿੰਨਤ ਕਰਦੇ – ਪਈ , “ਹੇਅ
ਢੇਰ ਪਾਤਸ਼ਾਅ, ਜਿਉਂ ਜਾਣਦਾ , ਬੱਸ ਬੰਬ ਬੁਲਾ ਦੇ । ਦੋ-ਤਿੰਨ ਦਿਨਾਂ ‘ ਚ ,ਘੜੇ ਆਲੇ । ਲਾ
ਦੇ ਲਹਿਰਾਂ –ਬਹਿਰਾਂ ਚਿੱਟੀ –ਪਰੀ ਆਲੀਆਂ ...।“ ਹੱਥ ਦੀ ਕੱਢੀ ਮਿੱਟੀ –ਰੰਗੀ ਨੂੰ ਉਹ
ਚਿੱਟੀ ਪਰੀ ਕਹਿ ਕੇ ਸਤਿਕਾਰਦੇ । ਐਨ ਟੱਲੀ ਹੋ ਕੇ ਉਹ ਤਾਈ ਦੀ ਬੜੀ ਫੂਕ ਬੰਨ੍ਹਦੇ ।
ਮਾਸਟਰ-ਮਾਸਟਰਨੀ ਦੀਆਂ ਵਾਹ-ਵਾਹ ਸਿਫ਼ਤਾਂ ਕਰਦੇ । ਪਰ ਹਰੀਏ ਦੀ –ਹਰੀਏ ਦੀ ਰੱਜ ਕੇ ਐਹੀ
–ਤੈਹੀ ਫੇਰਦੇ । ਕਦੀ ਪਿੱਠ-ਪਿੱਛੇ ਕਦੀ ਸਿੱਧੀ ਮੂੰਹ ਤੇ । ਹਰੀਆ ਵੀ ਸਭ ਕਾਸ਼ੇ ਤੋਂ ਜਾਣੂ
ਸੀ । ਨੱਪ-ਘੁੱਟ ਕੇ ਵੇਲਾ ਟਪਾ ਛੱਡਦਾ । ਅਗਲੇ ਦਿਨ ਸਭ ਰਾਜ਼ੀ-ਬਾਜ਼ੀ । ਮੁੜ ਓਹੀ ਬੋਲੀ ,
ਉਹੀ ਗੱਲਾਂ, ਓਹੀ ਮਿੰਨਤਾਂ –ਸ਼ਾਹ ਜੀ , ਸ਼ਾਹ ਜੀ ਵਾਲੀਆ ।ਤਾਏ ਨੂੰ ਮੂੰਹ –ਬੁੱਲ ਹਿਲਾਉਂਦਾ
ਦੇਖ, ਮੀਕੋ-ਗਿਆਨ ਨੂੰ ਹੌਂਸਲਾ ਹੋਇਆ । ਥੋੜ੍ਹਾ ਕੁ ਦੰਮ ਮਾਰ ਕੇ ਉਹਨਾਂ , ਉਸ ਨੂੰ ਫਿਰ
ਖੜਾ ਕੀਤਾ । ਬਗਲਾਂ ਹੇਠ ਮੋਢੇ ਫਸਾ ਕੇ , ਪਿੰਡ ਵੱਲ ਨੂੰ ਤੁਰਨ ਲਈ ਇਕ ਲਾਂਘ ਪੁੱਟੀ । ਪਰ
ਤਾਏ ਦੀਆਂ ਲੱਤਾਂ ਜਿਵੇਂ ਸੱਚ-ਮੁੱਚ ਜਵਾਬ ਦੇ ਗਈਆਂ ਹੋਣ । ਤਾਏ ਨੂੰ ਸਾਂਭਦੇ , ਉਹ ਦੋਨੋਂ
ਡਿੱਗ ਪਏ । ਹੇਠਾਂ ਗਿਆਨ , ਉੱਪਰ ਤਾਇਆ ।ਉੱਪਰ ਈ ਮੀਕੋ । ਤਾਏ ਨੂੰ ਮੋਢਿਓਂ ਖਿੱਚ ਕੇ
ਮੀਕੋ ਨੇ ਮਸਾਂ ਗਿਆਨ ਨੂੰ ਉਹਨਾਂ ਹੇਠੋਂ ਕੱਢਿਆ ।ਤਾਇਆ ਫਿਰ ਵਗੇ ਵਾਣ੍ਹ ‘ਚ ਪਿਆ ਸੀ ।
ਮੂੰਹਦੜੇ ਮੂੰਹ ਘੱਟੇ ਮਿੱਟੀ ਨਾਲ ਲੱਥ-ਪੱਥ । “ ਐਂ ਤਾਂ ਕਦੀ ਨਈਂ ਹੋਈ ਸਾਲੀ ....ਡਿੱਗੇ
ਤਾਂ ਆਪਾਂ ਵੀ ਕਈ ਵੇਰੀਂ ਆਂ ...।“ ਤਾਏ ਹੇਠੋਂ ਨਿਕਲਦੇ ਗਿਆਨ ਨੇ ਸ਼ਰਮਿੰਦਾ ਜਿਹਾ ਹੋ ਕੇ
ਆਇਆ । “ਐਉਂ ਨਈਂ ਬਨਣੀ ਗੱਲ ! ਮੈਂ ਲਿਆਉਨਾਂ ਮੰਜੀ ਕਿਤਿਓਂ । ਤੂੰ ਐਥੇ ਖੜੋ...” ਗਿਆਨ
ਨੂੰ ਤਾਏ ਕੋਲ ਖੜ੍ਹਾ ਕਰਕੇ ਮੀਕੋ ਪਿੰਡ ਵੱਲ ਤੁਰਨ ਹੀ ਲੱਗਾ ਸੀ ਕਿ ਖੂੰਗਿਆ ਦੇ ਬਾਗ
ਉਹਲਿਓਂ ਦੋਨੋਂ ਬੁੜੇ ਸਾਹਮਣੇ ਆਉਂਦੇ ਦਿਸੇ । ਅੱਗੋ ਅੱਗੇ ਖੇਮਾਂ । ਸਿਰ ਤੇ ਇਕ ਛੋਟੀ
ਜਿਹੀ ਮੰਜੀ । ਮਗਰੇ ਮਗਰ ਆਤੂ । ਕੁੱਬਾ-ਕੁੱਬਾ ਜਿਹਾ ਤੁਰਿਆ , ਹਝੋਕੇ ਮਾਰਦਾ ।
ਪਟਾਕ-ਪਟਾਕ ਬੋਲਦਾ । ਬਿਨਾਂ ਕਿਸੇ ਦਾ ਹੁੰਗਾਰਾ ਉਡੀਕੇ – “ਦੇਖ ਭਾਅ ਅਮਲੀਆਂ , ਸਾਰੇ ਈ
ਕੱਢਦੇ ਆ , ਕੇਦ੍ਹੇ ਨਈਂ ਹੁੰਦੀ । ਸਾਰੇ ਈ ਰਖਦੇ ਆ ,ਕੌਣ ਨਈਂ ਪੀਂਦਾ । ...ਊਈਂ ਅਗਲੇ ਦੀ
ਵੱਢੀ ਉਂਗਲੀ ਤੇ ਮੂਤ ਕੇ ਰਾਜ਼ੀ ਕੋਈ ਨਈਂ। ਆਪਣਾ ਢਿੱਡ ਭਰੇ ਤਾਂ ਥੋੜ੍ਹਾ ...! ਆਹ ਫੌਜੀਆ
ਦਾ ਟੱਬਰ ਵੀ ਮੈਂ ਆਹਨਾਂ , ਸੀਸਾਂ ਦੇਣ ਜੋਗਾ । ਦੋਹੀਂ ਜਹਾਨੀ ਭਲਾ ਹੋਵੇ ਏਨ੍ਹਾ ਦਾ ।
ਪੈਂਦੀ ਸੱਟੇ ਈ ਗਲਾਸ ਭਰਤਾ ਫੌਜਣ ਨੇ । ...ਹਜੇ ਮੈਂ ਤੁਰਨ ਈ ਲੱਗਾ ਸੀ ਤੇਰੀ ਅਲ੍ਹ ਨੂੰ ,
ਮੈਨੂੰ ਪਿਛੋਂ ‘ਵਾਜ਼ ਮਾਰ ਕੇ ਕੈਂਦ੍ਹੀ –ਤੂੰ ਮੀਂ ਦੇਖ ਲਾ ਸੁਆਦ । ਪੀ ਲੈ ਛਿੱਟ ਕੁ ।
ਸਰਕਾਰੀ ਰੱਮ ਆ । ਦੂਰੋਂ ਆਂਦੀ ਆ ਤੇਰੇ ਪੁੱਤ ਨੇ । ਸੈਕਮ-ਭਟਾਨ ਤੋਂ । ਮੈਂ ਕਿਆ ,
ਜਜਮਾਨੇ ਭਲਾ ਹੋਵੇ ਤੇਰਾ । ਜੀਂਦੀ ਵਸਦੀ ਰੌਹ । ਬੁੱਢ-ਸੁਆਗਣ ਹੋਮੇਂ । ਬਾਲ-ਬੱਚਾ
ਸੁਖੀ...। ਨਿੱਕਾ-ਨਿਆਣਾ ਤਾਂ ਖ਼ਬਨੀ ਉਦ੍ਹੇ ਹੈਅ ਈ ਕੋਈ ਨਈਂ ਹਜੇ ...। ਕੋਈ ਨਾ ਉਹ ਵੀ
ਹੋ ਜਊ । ਰੱਬ ਦੇ ਘਰ ‘ਚ ਬੜਾ ਕੁਸ਼ ਆ । ਅਵੇਰ-ਸਵੇਰ ਹੋ ਈ ਜਾਂਦੀ ਆ ...। ਓਂ ਦੇਖ ਲਾਅ
ਆਪਾਂ ਘੱਟ ਕੋਈ ਨਈਂ ਕੀਤੀ । ਉਪਰੋ-ਥਲੀ ਸਾਰੀਆਂ ਈ ਸੀਸਾਂ ਦੇ ਦਿੱਤੀਆਂ ਕਾਕੋ ਨੂੰ । ਕਈ
ਆਰੀ ਤੇਰੇ ਮੇਰੇ ਅਰਗੇ ਦੀਆਂ ਸੀਸਾਂ ਈ ਬੱਤਾ ਸਾਰ ਜਾਂਦੀਆਂ । ਮੰਨਦਾ ਨਾ ਮੇਰੀ ਗੱਲ ।
...ਸੌਹ ਗੁਰੂ ਦੀ ਮੇਰੀ ਤਾਂ ਜੂਨ ਈ ਸੁਧਰ ਗਈ । ਐਡੀ ਸੋਹਣੀ ਚੀਜ਼ ਪੀ ਕੇ । ਹੱਥਾਂ ਪੈਰਾਂ
‘ਚ ਸਾਲੀ ਜਾਨ ਜੇਈ ਭਰ ਗਈ । ਅੱਧੀ ਗਲਾਸੀ ਨਾ ਈ ...।““ ਹਾਅ ਕੀ ਫੜੀ ਲਿਆਉਨਾ ਗਲਾਸ ‘ਚ
...?” ਤਾਏ ਕੋਲ ਆ ਪੁੱਜੇ ਆਤੂ ਨੂੰ ਗਿਆਨ ਨੇ ਉੱਚੀ ਦੇਣੀ ਪੁੱਛਿਆ ।“ਰੱਮ ਅ ਰੱਮ ।
ਫੌਜੀਆਂ ਘਰੋਂ ਆਂਦੀ ਆ । ਆਪਣੇ ਆਲੀ ਤਾਂ ਮਿਲੀ ਨਈਂ ਕਿਤੋਂ ਵੀ । ਹੁੰਦਿਆ-ਸੁੰਦਿਆ ਸਾਰੇ
ਮੁੱਕਰ ਗਏ ...।“ਮੀਕੋ ਨੇ ਅਗਲਵਾਂਡੀ ਹੋ ਕੇ ਖੇਮੇਂ ਸਿਰੋਂ ਮੰਜੀ ਲਾਹ ਤਾਏ ਲਾਗੇ ਰੱਖ
ਦਿੱਤੀ । “ ਐਂ ਕਰੋ ਪੁੱਤ , ਆਹ ਰੱਮ ਦਾ ਘੁੰਟ ਲੰਘਾਓ ਏਦੇ ਅੰਦਰ ਜ਼ਿੱਦਾਂ ਵੀ ਹੁੰਦਾ
...।“ ਸਾਹੋ ਸਾਹ ਹੋਇਆ ਖੇਮਾਂ ਸਾਹ ਲੈਣ ਲਈ ਬੰਨੇ ਤੇ ਬੈਠ ਗਿਆ ।
ਮੀਕੋ ਨੇ ਪਲਸੇਟਾ ਦੇ ਕੇ ਤਾਏ ਨੂੰ ਸਿੱਧਾ ਕੀਤਾ । ਮੂੰਹ ਸਿਰ ‘ਚ ਪਈ ਮਿੱਟੀ , ਉਹਦੀ
ਡਿੱਗੀ ਪੱਗ ਨਾਲ ਝਾੜੀ ! ਵੱਡੀ ਸਾਰੀ ਢੀਮ ਚੁੱਕ ਕੇ ਉਹਦੇ ਸਿਰ ਹੇਠ ਦਿੱਤੀ । ਪੋਲੇ ਜਿਹੇ
ਪੋਟਿਆਂ ਨਾਲ ਦੋਨੋਂ ਨਸਾਂ ਘੁੱਟ ਕੇ ਬੰਦ ਕਰ ਦਿੱਤੀਆਂ । ਨੱਕ ਥਾਣੀਂ ਆਉਂਦਾ ਸਾਹ ਥੋੜਾ ਕੁ
ਰੁਕ ਕੇ ਜਾਂ ਮੂੰਹ ਥਾਈਂ ਇਕੱਠਾ ਨਿਕਲਿਆ ਤਾਂ ਲਾਲ੍ਹਾਂ ਦਾ ਫੁਆਰਾ ਮੀਕੋ ਦੀ ਸਾਰੀ ਬਾਂਹ
ਲਿਬੇੜ ਗਿਆ ।
“ ਦੁਰ ਫਿੱਟੇ ਮੂੰਹ , ਗੰਦੀ ਜਾਤ ਦੇ ...”, ਖੇਮੇਂ ਦੀ ਟਕੋਰ ਸਭ ਦੇ ਚਿਹਰਿਆਂ ਤੇ ਹਾਸਾ
ਖਿਲਾਰ ਗਈ । ਪਰ, ਅਗਲੇ ਹੀ ਛਿੰਨ ਤਾਏ ਮੂੰਹੋਂ ਨਿਕਲੀ ‘ਹਾਏ -ਮਾਂ’ ਦੀ ਰੋਣ-ਹਾਕੀ ਹੂਕ ਨੇ
ਸਭ ਨੂੰ ਮੁੜ ਉਦਾਸ ਕਰ ਦਿੱਤਾ ।
ਮੀਕੋ-ਗਿਆਨ ਨੇ ਧੱਕੇ –ਜ਼ੋਰੀ ਤਾਏ ਦੇ ਮੂੰਹ ‘ਚ ਘੁੱਟ ਕੁ ਰੱਮ ਸੁੱਟੀ । ਪਰ, ਸੰਘੀਓਂ
ਹੇਠਾਂ ਲੰਘਣ ਦੀ ਬਜਾਏ ਉਹ ਬਰਾਛਾਂ ਥਾਣੀਂ ਬਾਹਰ ਆ ਗਈ । ਤਾਏ ਨੂੰ ਹੋਰ ਸਿੱਧਾ ਬਿਠਾ ਕੇ
ਉਹਨਾਂ ਇਕ ਹੰਭਲਾ ਹੋਰ ਮਾਰਿਆ ।ਘੁੱਟ ਦੋ ਘੁੱਟ ਅੰਦਰ ਲੰਘਾ ਕੇ ਤਾਏ ਨੂੰ ਹੁੱਥੂ ਆ ਗਿਆ ।
ਏਨੀ ਕੁ ਹਿੱਲ ਜੁੱਲ ਨਾਲ ਉਸ ਨੇ ਇਕ ਵਾਰ ਫਿਰ ਅੱਖਾਂ ਪੁੱਟੀਆਂ । ਸਾਹਮਣੇ ਖੜੇ ਮੀਕੇ ਗਿਆਨ
ਵਲ੍ਹ ਧਿਆਨ ਨਾਲ ਦੇਖਿਆ । ਪਰ ,ਕੋਈ ਪਛਾਣ ਨਾ ਹੋਇਆ । ...ਅਜੇ ਵੀ ਤਾਇਆ ਦਿੱਲੀ ਨਾਲ ਹੀ
ਜੁੜਿਆ ਪਿਆ ਸੀ । ਮਾਨ ਸਿੰਘ ਦੀ ਗਰੀਨ ਪਾਰਕ ਵਾਲੀ ਕੋਠੀ ਨਾਲ । ਕੋਠੀ ‘ਚ ਹੋਏ ਬੀਤੇ
ਜ਼ਸ਼ਨਾਂ ਨਾਲ । ਬੈਨਰਜੀ ਨਾਲ , ਬਹੁਤਾ ਪੀਟਰ ਨਾਲ ।
ਗ੍ਰਹਿ-ਪ੍ਰਵੇਸ਼ ਵੇਲੇ ਹੋਈ ਹੇਠੀ ਦੀ ਪੀਟਰ ਨੇ ਬਹੁਤ ਰੜਕ ਰੱਖੀ । ਉਸ ਦੀ ਤਾਏ ਨਾਲ ਹੋਰ
ਖੜਕ ਪਈ । ਦੋਨਾਂ ਵਿਚਕਾਰ ਜਿਵੇਂ ਜੰਗ ਛਿੜ ਪਈ । ਠੰਡੀ ਵੀ ਤੇ ਗਰਮ ਵੀ । ਦੂਸ਼ਣ-ਬਾਜ਼ੀ ਦੀ
,ਹੇਰਾ-ਫੇਰੀ ਦੀ , ਠਗੀ –ਠੋਰੀ ਦੀ । ਦੋਣੋਂ ਇਕ ਦੂਜੇ ਦੀ ਖੁਲ੍ਹ ਕੇ ਸ਼ਿਕਾਇਤ ਕਰਦੇ । ਮਾਨ
ਸਿੰਘ ਕੋਲ । ਪਰ ਮਾਨ ਸਿੰਘ ਨੇ ਦੋਨਾਂ ਵਿਚੋਂ ਕਿਸੇ ਵਿਰੁੱਧ ਵੀ ਕੋਈ
ਐਕਸ਼ਨ ਨਾ ਲਿਆ । ਲੈਂਦਾ ਵੀ ਕਿੱਦਾਂ ! ਦੋਨੋਂ ਕੰਮ ਬੰਦੇ ਸੀ , ਉਹਦੇ ਲਈ । ਪੀਟਰ ਵਾਲਾ
ਕੰਮ ਹੋਰ ਕੋਈ ਕਰ ਨਹੀਂ ਸੀ ਸਕਦਾ ਤੇ ਤਾਇਆ ! ਉਹ ਹੁਣ ਪਹਿਲਾਂ ਵਾਲਾ ਤਾਇਆ ਰਿਹਾ ਈ ਕਿੱਥੇ
ਸੀ । ਉਹ ਤਾਂ ਮਾਨ ਸਿੰਘ ਨਾਲੋਂ ਵੀ ਦੋ ਰੱਤੀਆਂ ਉੱਪਰ ਸੀ । ਕੰਮ-ਕਾਰ ਸੰਭਾਲਣ ਵਿਚ ।
ਕਾਮਿਆਂ-ਕਾਰੀਗਰਾਂ ਨੂੰ ਨਪੱਟ-ਘੁਰਨ ਵਿੱਚ ।
ਮਾਨ ਸਿੰਘ ਨੇ ਇਕੋ ਚਾਲ ਨਾਲ ਦੋਨੋਂ ਸਰਾਂ ਜਿੱਤ ਲਈਆਂ –ਪੀਟਰ ਦੀ ਸ਼ੈਡ ਦਾ ਕੰਮ, ਅੱਧਾ ਤਾਏ
ਦੇ ਮੁੰਡੇ ਨੂੰ ਸੌਂਪ ਦਿੱਤਾ । ਸੁਖਵਿੰਦਰ ਨੂੰ । ਪਿੰਡੋਂ ਬੁਲਾ ਕੇ , ਉਚੇਚ ਨਾਲ ।
...ਸੁਖਵਿੰਦਰ ਪਹਿਲੋਂ ਈ ਭਾਜੂ ਸੀ ਪਿੰਡੋਂ । ਕੰਮ-ਕਾਰ ਕੋਈ ਹੈ ਨਈਂ ਸੀ ਸੁਆਦ ਦਾ । ਜੇ
ਹੁੰਦਾ ਈ ਹੁੰਦਾ ,ਤਾਂ ਮਗਰ ਮਗਰ ਫਿਰਨਾ ਪੈਂਦਾ । ਕਰਨ ਵਾਲੇ ਦੇ ਵੀ , ਕਰਾਉਣ ਵਾਲੇ ਦੇ ਵੀ
। ਦਿਹਾੜੀਦਾਰ ਬੰਦੇ ਨੇ ਤਾਂ ਆਪਣੀ ਮਿਹਨਤ ਲੈਣੀ ਈ ਲੈਣੀ ਹੁੰਦੀ । ਦੇਣ ਵਾਲੇ ਕਈ ਚੱਕਰ
ਮਾਰਦਾ । ਫੇਰ ਜੇ ਕਿਤੇ ਰਾਜੇ ਦੀ ਘੋੜੀ ਸੂੰਦੀ ਈ ਸੂੰਦੀ ਤਾਂ ਕਦੀ ਪੰਜਾਹ ਕਦੀ ਸੌ ।
...ਨਾ ਕੋਈ ਸਿਰ ਨਾ ਤਾਲੂ । ਹਾਰ ਕੇ ਆਰਾ ਈ ਖੜ੍ਹਾ ਕਰ ਦਿੱਤਾ । ਬਾਲੇ-ਫੱਟੇ ਚੀਰਨੇ ਈ
ਬੰਦ ਕਰ ਦਿੱਤੇ –‘ ਨਾ ਲੱਭੂ ਬਾਂਸ ਨਾ ਵੱਜੂ ਬੰਸਰੀ । ਖਸਮਾਂ ਨੂੰ ਖਾਏ ।ਐਹੋ ਜਿਹੀ ਵਗਾਰ
ਨਾਲੋਂ ਵਿਹਲੇ ਈ ਖ਼ਰੇ । ਥੋੜਾ ਕਰ ਲਾਂਗੇ । ਥੋੜਾ ਖਾ ਲਾਂਗੇ । ਜ਼ਰੂਰ ਤੰਗ ਹੋਣਾ ਵਾਧੂ
ਦਾਅ ।
ਤੰਗ ਹੋਣ ਨੂੰ ਤਾਂ ਖੈਂਰ ਸੁੱਖੇ ਹੋਣਾਂ ਕੋਲ ਪੈਲੀ ਈ ਵਾਹਵਾ ਸੀ ।ਚਲਦੀ –ਪੁਰਜੀ ਸਾਮੀਂ ਸੀ
, ਪਿੰਡ ਦੀ । ਕਮਾਈ ਵੀ ਘੱਟ ਨਹੀਂ ਸੀ , ਕੀਤੀ ਤਾਏ ਨੇ ਦਿੱਲੀ । ਕਾਰੋਬਾਰ ਈ ਏਨਾਂ ਸੀ
ਉਹਦੇ ਹੇਠਾਂ । ਸਾਰੀ ਖ਼ਰੀਦੋ-ਫ਼ਰੋਖਤ ਤਾਏ ਰਾਹੀਂ ਈ ਹੁੰਦੀ ਸੀ , ਮਿੱਲਾਂ ਦੀ । ਸਾਰੀ
ਵੇਚ-ਵਟਕ ਤੇ ਉਹਦੇ ਦਸਖ਼ਤ ਹੁੰਦੇ । ਮਾਲ ਖ਼ਰੀਦਣ ਵਾਲੇ ਵੀ ਤਾਏ ਨੂੰ ‘ਖੁਸ਼ ’ ਰਖਦੇ ,
ਵੇਚਣ ਵਾਲੇ ਵੀ । ਪਹਿਲਾਂ ਪਹਿਲ ਤਾਂ ਉਹਨੇ ਬੜੀ ਕਰੜਾਈ ਰੱਖੀ । ਫਿਰ ਉਹਦੀ ਕੁ ਉਮਰ ਦੇ ਇਕ
ਸਪਲਾਈ ਠੇਕੇਦਾਰ ਨੇ ਤਾਏ ਦੇ ਕੰਨ ‘ਚ ਫੂਕ ਮਾਰੀ –‘ਵੱਡਹੇ ਭਹਆ ਜੀਈ , ਹੇਅ ਕੋਈ ਰਿਸ਼ਵਤ
ਨਾਏ ਥੀ ਵੰਝੀ ! ਹੇਅ ਤਾਂ ਰੀਵਾਜ਼ ਹੈਅ , ਹਸਾਡੇ ਮੁਲਖ਼ ਦਾਆ । ਕਾਰੋਬਾਰੀ ਸ਼ਗਨ ਥੀ ਵੰਝੀ
ਹੇਅ ਤਾਂ । ਤੁਸਾਂ ਵੈਹਮ ਨਾ ਕਹੀਤਾ ਕਰੋ , ਹਾਂਆਂ ਜੀਈ ...! ਫਿਰ, ਤਾਏ ਨੇ ਵਹਿਮ ਕਰਨਾ
ਛੱਡ ਦਿੱਤਾ । ਥੋੜਾ ਥੋੜਾ ਕਰਕੇ ਸਾਰਾ ਈ । ਤਨਖਾਹ ਸਾਲਮ ਬੱਚ ਜਾਂਦੀ । ਕਈ ਵਾਰ ਉਸ ਤੋਂ
ਵੀ ਵੱਧ । ਤਾਇਆ ਜਦ ਵੀ ਪਿੰਡ ਆਉਂਦਾ , ਕੋਈ ਨਾ ਕੋਈ ਨਵਾਂ ਸੌਦਾ ਤਿਆਰ ਹੁੰਦਾ । ਵਾਰੀ
ਵਾਰੀ ਕਰਕੇ ਤਾਏ ਨੇ ਤਿੰਨੋਂ ਟੱਕ ਖਰੀਦ ਲਏ । ਮਹਿੰਗੇ ਵਾਲਾ ਵੀ ,ਕੂਕਿਆ ਵਾਲਾ ਵੀ ,
ਵੈਣੀਆਂ ਵਾਲਾ ਵੀ । ਖੇਮੇਂ ਵਾਲਾ , ਹਰਬੰਸ ਸੂੰਹ ਬਾਰੀਏ ਵਾਲੇ ਪਹਿਲੋਂ ਕੋਲ ਸਨ , ਤਾਏ ਦੇ
। ਤਾਇਆ ਜਿਹਦੇ ਪਾਸ ਕਦੀ ਦੋ-ਖਾਨੇ ਢਾਰਾ ਹੁੰਦਾ ਸੀ । ਉਹ ਵੀ ਬੇਗਾਨਾ । ਲੰਬੜਾਂ ਦੀ
ਮਾਲਕੀ ਚੌਂ । ਖ਼ਰੇਤ ਵਜੋਂ ਮਿਲਿਆ । ਤਾਏ ਨੇ ਪਹਿਲੇ ਹੱਲੇ , ਇਹ ਅਪਣੇ ਨਾਂ ਕੀਤਾ । ਪੂਰਾ
ਮੁੱਲ ਤਾਰ ਕੇ । ਪੂਰੇ ਭਾਅ ਖ਼ਰੀਦ ਕੇ , ਫਿਰ ਇਹ ਖ਼ਰੀਦ ਲਗਾਤਾਰ ਚਲਦੀ ਰਹੀ । ਪਹਿਲਾਂ ਘਰ
ਲਈ , ਫਿਰ ਆਰੇ ਲਈ । ਫਿਰ ਖੇਤੀ ਲਈ । ਫਿਰ...ਫਿਰ । ਤਾਈ ਹਿੰਮਤ ਨਾਲ ਖੇਤਾਂ ਦਾ ਫੇਰਾ
ਤੋਰਾ ਰੱਖਦੀ । ਪਰ, ਸੁੱਖਾ , ਅੰਬੂ ਕੋਈ ਧਿਆਨ ਨਾ ਦਿੰਦੇ ।ਅੰਬੂ ਪੜ੍ਹਦਾ ਹੋਣ ਕਰਕੇ ।
ਸੁੱਖਾ , ਸੁੱਖ ਰਹਿਣੇ ਸੁਭਾ ਕਰਕੇ ।
....ਪੀਟਰ ਦੀ ਅੱਧੀ ਚਾਰਚਮੈਨੀ ਸੁੱਖੇ ਨੂੰ ਬੜੀ ਫਿੱਟ ਬੈਠੀ । ਤਾਏ ਨੂੰ ਉਸ ਤੋਂ ਵੱਧ ।
ਮਾਨ ਸੂੰਹ ਨੂੰ ਸਭ ਤੋਂ ਵੱਧ । ਪਿੱਛੋ ਦਾ ਉਸ ਨੂੰ ਕੋਈ ਫਿਕਰ ਈ ਨਾ ਰਿਹਾ ।ਇਹਨਾਂ ਦਿਨਾਂ
‘ਚ ਮਾਨ ਸਿੰਘ ਨੇ ਤਾਏ ਨੂੰ ਫਿਰ ਕੋਠੀ ਬੁਲਾਇਆ । ਸ਼ਾਮੀ ਜਿਹੇ । ਪੈਗ-ਛੈਗ ਲਿਆ –ਦਿੱਤਾ ।
ਵਾਹ ਵਾਹ ਕੰਡੇ ਜਿਹੇ ਤੇ ਹੋ ਮਾਨ ਸਿੰਘ ਨੇ ਤਾਏ ਨੁੰ ਆਖਿਆ –“ ਦੇਖ ਭਾਅ, ਮੈਨੂੰ
ਜਾਣਾ-ਆਉਣਾ ਪੈਣਾ ਬਾਅਰ –ਅੰਦਰ –ਕਦੀ ‘ ਮਰੀਕਾ , ਕਦੀ ਮਸਕੱਟ , ਕਦੀ ਕੁਐਛ । ਐਥੇ ਆਲੇ
ਸਾਰੇ ਕੰਮ ਤੇਰੇ ਹਵਾਲੇ । ਤੂੰ ਜਾਣੇ ਤੇਰਾ ਕੰਮ ,ਆਪਾਂ ਹੁਣ ਸੁਰਖ਼ਰੂ । ਹੁਣ ਤਾਂ ਘਰ ਦੇ
ਤਿੰਨ ਬੰਦੇ ਹੋ ਗਏ ਤੁਸੀਂ । ਮਿੰਦਰ ਵੀ ਕਰ ਆਇਆ ਡਿਗਰੀ । ਐਹੋ ਸਾਲ ਸੀ ਉਦ੍ਹਾ । ਪੱਪੀ
ਤਾਂ ਅਜੇ ਛੋਟਾ । ਨਾਲੇ ਉਹਦੀ ਤਾਂ ਲੈਅਨ ਈ ਦੂਜੀ ਆ , ਡਾਰਕਟੀ ਆਲੀ । ਓਸ ਕੰਜਰ ਨੂੰ
ਬਥੇਰਾ ਕਿਹਾ-ਪਈ ਕਾਕਾ ਸਾਡੀ ਇੰਜਨੀਰੀ ਲੈਅਨ ਆਂ । ਵੀਹੀਂ ਥਾਈਂ ਕੰਮ ਚਲਦੇ ਆਪਣੇ । ਅਗੋਂ
ਜਿੰਨੇ ਜੀਅ ਕਰਦਾ ਹੋਰ ਵਧਾ ਲਓ । ਹਿੰਮਤ ਆ ਅਪਣੀ । ਹੁਣ ਸਮਾਂ ਦੇਖ ਕਿੰਨਾ ਚੰਗਾ ! ਅੱਗੇ
ਤਾਂ ਸਰਕਾਰਾਂ ਲਾਗੇ ਨਈਂ ਸੀ ਲੱਗਣ ਦਿੰਦੀਆਂ , ਵੱਡੇ ਕੰਮਾਂ ਕੇ । ਡੈਮ, ਲਿੰਕ , ਨਹਿਰਾਂ
,ਥਰਮਲਾਂ , ਸੜਕ, ਰੇਲਾਂ ਵਰਗੇ ਕਮਾਈ ਆਲੇ ਸਾਰੇ ਪ੍ਰਾਜੈਕਟ ਅਪਣੇ ਕੋਲ ਈ ਰਖਦੀਆਂ । ਬੱਸ
ਰੈਂਹਦ-ਖੂੰਹਦ ਸਾਨੂੰ ਮਿਲਦੀ ਸੀ । ਹੁਣ ...ਹੁਣ ਤਾਂ ਪੁਛੋ ਈ ਕੁਸ਼ ਨਾ । ਮੌਜਾਂ ਈ ਮੌਜਾਂ
ਹੁਣ । ਸਾਰੇ ਈ ਦਰ ਖੁਲੇ ਪਏ ਆ । ਸਾਡੇ ਲਈ ਵੀ , ਬਾਹਰਲੀਆਂ ਕੰਪਣੀਆਂ ਲਈ ਵੀ । ਜੀਅ ਕਰਦਾ
ਆਪਣੇ ਸਿਰ –ਖੁਦ ਚਲਦੇ ਜਾਓ । ਜੀਅ ਕਰਦਾ ਬਦੇਸ਼ੀਆਂ ਨਾ ਭਾਈਵਾਲੀ ਕਰ ਲਓ , ਮਲਟੀ ਨੈਸ਼ਨਲ
ਨਾਂ । ਐਧਰੋਂ ਕੋਈ ਨਾਂਹ ਨਈਂ । ਸਾਡੀ ਸਰਕਾਰ ਅਲੋਂ ਸਾਰੇ ਦਰ ਖੁਲੇ ਆ । ਜੇਦ੍ਹਾ ਚਿੱਤ
ਕਰਦਾ ਆਏ ! ਪੈਸਾ ਲਾਏ , ਪੈਸਾ ਕਮਾਏ ।...ਚੱਲ ਸਾਨੂੰ ਕੀ ! ਸਾਡੀ ਅਲੋਂ ਭਾਮੇਂ ਸਾਰਾ
ਹਿੰਦੁਸਤਾਨ ਈ ਠੇਕੇ ਤੇ ਚੜ੍ਹ ਜੇ । ਸਾਨੂੰ ਤਾਂ ਮਿਲੀ ਈ ਜਾਂਦਾ ਸਾਡੇ ਜੋਗਾ । ਭਲਾ ਤੂੰ ਈ
ਦੱਸ ਭਾਅ ਐਹੋ ਜਿਹਾ ਟੈਮ ਵਾਰ ਵਾਰ ਹੱਥ ਆਉਂਦੇ ਆ । ਭਲਕ ਨੂੰ ਪਤਾ ਨਈਂ ਕੇੜ੍ਹੇ ਰਾਜੇ ਦੀ
ਪਰਜਾ ਹੋਣੀ ਅਸੀਂ । ਹੁਣ ਤਾਂ ਗੰਗਾ ਵਗਦੀ ਆ ਐਨ ਨਿੱਤਰ ਕੇ । ਹੁਣ ਤਾਂ ਲਾਓ ਤਾਰੀਆਂ
,ਰੱਜਮੀਆਂ । ਪਰ , ਡਾਕਟਰ ਕੋੜ੍ਹੇ ਨੂੰ ਕੌਣ ਸਮਝਾਏ ਇਹ ਗੁਰ । ਓਸ ਸੁਹਰੇ ਤੇ ਇਕੋ ਈ ਭੂਤ
ਸੁਆਰ ਰਿਆ ਸ਼ੁਰੂ ਤੋਂ- ਅਖੇ ,” ਮੈਂ ਸੇਵਾ ਕਰੂ ਦੁਖੀਆਂ ਦੀ , ਬਿਮਾਰ ਲੋਕਾਂ ਦੀ ।ਭਲਾ ਕੋਈ
ਪੁੱਛੇ ਉਨੂੰ , ਪਈ ,ਭਲਿਆ ਮਾਣਸਾ –ਏਹ ਸੜੀ –ਸੇਵਾ ਕਿੱਦਾਂ ਕਰੇਂਗਾ ਤੂੰ , ਖਾਲੀ ਹੱਥੀ !
ਕੱਲੀ ਟੁਟੀ ਜਹੀ ਨਾ ...!!”
ਹੱਥਲਾ ਪੈਗ ਖਾਲੀ ਕਰਕੇ ਮਾਨ ਸਿੰਘ ਨੇ ਚਾਰ ਕੁ ਦਾਣੇ ਕਾਜੂ ਚੱਬਿਆਂ ,ਦਸ ਕੁ ਦਾਣੇ ਪਿਸਤਾ-
“ ਭਾਅ, ਏਹ ਡਾਕਟਰ ਲੋਕ ਪਹਿਲਾਂ ਸਾਰੇ ਐਈ ਕੈਂਦ੍ਹੇ ਆ ।ਅੱਗੇ ਜਾ ਕੇ ਸਾਰੇ ਉਸੇ ਈ ਲੀਹੇ
ਚੜ੍ਹ ਜਾਂਦੇ ਆਂ , ਦੇਖਾ ਦੇਖੀ ।...ਓਂ ਤਾਂ ਖੈਂਰ ਡਾਕਟਰੀ ਲੈਨ ‘ ਚ ਵੀ ਬੜਾ ਪੈਸਾ ।
ਕਰੋੜਾਂ ‘ਚ ਖੇਲਦੇ ਆ , ਵੱਡੇ ਡਾਕਟਰ । ਪਰ ਓਥੇ ਤੱਕ ਐਮੇਂ ਈ ਥੋੜਾ ਪੁੱਜ ਹੁੰਦਾ ।
ਚੁੱਟਕੀ ਮਾਰ ਕੇ । ਪਹਿਲਾਂ ਬੰਦਾ ਕਿਤੇ ਨੌਕਰੀ ਕਰੂ । ਅਪਣੀ ਭੱਲ ਬਣਾਉ , ਗਾਹਕ ਪੱਕੇ ਕਰੂ
। ਤਾਂ ਕਿਤੇ ਜਾ ਕੇ ਲਾਊ ਆਪਣਾ ਹਸਪਤਾਲ ...। ਐਥੇ ਕੀਤਾ ਕਰਾਇਆ ਸਭ ਕੁਸ਼ ਤਿਆਰ । ....ਏਹ
ਸੌਹਰਾ ਨਿੱਕੇ ਹੁੰਦਿਆਂ ਤੋਂ ਈ ਐਹੋ ਜਿਹਾ ਈ ਆ , ਮਨ-ਮਤੀਆਂ ਜਿਆਂ ...।“
ਇਕ-ਇਕ ਪੈਗ ਹੋਰ ਪੀ ਕੇ ਉਹਨਾਂ ਕਾਰੋਬਾਰੀ ਗੱਲ ਅੱਗੇ ਚਾਲੂ ਰੱਖੀ । ਮਾਨ ਸਿੰਘ ਨੇ ਸਣਾਉਣ
ਸਮਝਾਉਣ ਦੀ, ਤਾਏ ਨੇ ਹੁੰਗਾਰਾ ਭਰਨ ਦੀ – “ ਚੱਲ ਯਾਰ ਗੋਲੀ ਮਾਰ ਉਹਨੂੰ । ...ਵੱਡਾ
ਸਮਝਦਾਰ ਆ,ਮਿੰਦਰ । ਬੜਾ ਸ਼ੌਕ ਆ ਉਹਨੁੰ ਅਪਣੇ ਆਲੇ ਕੰਮ ਦਾਆ । ਉਹ ਤਾਂ ਮੈਂ ਈ ਭੇਜਿਆ ਸੀ
ਨੰਦੇੜ ,ਡਿਗਰੀ ਲੈਣ ਲਈ । ...ਸਾਨੂੰ ਦੇਖ ਲਾਅ ਸਾਡੇ ਬੁੜ੍ਹਿਆਂ ਨੇ ਏਹ ਵੀ ਨਾ ਦੱਸਿਆ ,
ਪਈ ਕੀ ਪੜ੍ਹੋ ਕੀ ਨਾ ਪੜ੍ਹੋ । ਓਦੋਂ ਉਨ੍ਹਾਂ ਨੂੰ ਕਾਦ੍ਹੇ ਪਤੇ ਸੀ ਐਹੋ ਜੇਏ ! ਸਾਨੂੰ
ਤਾਂ ਹੁਣ ਸਾਰੀ ਗੱਲ ਦੀ ਸਮਝ ਆ ਪੂਰੀ । ਫੇਰ ਵਸੀਲੇ ਆ , ਵਾਕਫੀ ਆ, ਤੇਰੀ ਦਇਆ ਨਾਂ ਐਨ
ਉੱਪਰ ਤੱਕ। ਆਹ ਦੜੇ-ਦਾਖਲੇ ਦੀ ਤਾਂ ਗੱਲ ਈ ਕੋਈ ਨਈਂ । ਖੱਬੇ ਹੱਥ ਦਾ ਖੇਲ੍ਹ ਆ ਆਪਣਾ ।
ਇਕ ਹੱਥ ਮਾਲ ਦਿਓ , ਦੂਜੇ ਹੱਥ ਕੰਮ ਹੋਇਆ ਲੈ ...। ਆਹ ਹੁਣ ਟੈਂਡਰ ਭਰੀਦੇ ਆ । ਤੈਨੂੰ
ਪਤਆ , ਏਹ ਐਮੇਈ ਥੋੜਾ ਪਾਸ ਹੋ ਜਾਂਦੇ ਆ । ਸਾਰੀ ਗੱਲ ਪਹਿਲੋਂ ਤੈਅ ਹੁੰਦੀ ਆ , ਅੰਦਰੋ
ਅੰਦਰ । ਸੈਕਟਰੀਆਂ-ਮਨਿਸਟਰਾਂ ਨਾਂ ਵੱਖਰੀ , ਡਰੈਕਟਰਾਂ –ਇਨਸਪੈਰਟਾਂ ਨਾਂ ਵੱਖਰੀ ...।“
ਹੂੰ-ਹੱਛਾ , ਦਾ ਹੁੰਗਾਰਾ ਭਰਦੇ ਤਾਏ ਨੂੰ ਇਹ ਜਾਣਕਾਰੀ ਪਹਿਲੋਂ ਨਹੀਂ ਸੀ ਹੈਗੀ – “ ਏਹ
ਤਾਂ ਬੜੇ ਭੇਤ ਆਲੇ ਕੰਮ ਹੋਏ ਫੇਏ ...ਮੈਂ ਤਾਂ ਕਿਆ ਖ਼ਬਨੀ ਐਮੇਂ ਈ ...। “
“ ਨਈਂ ਨਈਂ ਫੋਰਮੈਨ ਸਾਬ੍ਹ , ਐਮੇਂ ਉਮੇਈ ਨਈਂ ਹੁੰਦਾ ਕੁਛ ਵੀ .....! ਤੂੰ , ਤੂੰ ਫਿਕਰ
ਨਾ ਕਰ , ਏਹ ਸਭ ਪਤੇਆ ਆ ਮਿੰਦਰ ਨੂੰ ਵੀ , ਸਟੈਨੋ ਨੂੰ ਵੀ , ਹੋਰ ਵੀ ਦੌਹ-ਚੌਂਹ ਨੂੰ
...।“
ਇਕ ਪਲੇਟ ‘ ਚ ਪਏ ਨੈਪਕਿੰਨ ਨਾਲ ਉਂਗਲਾਂ ਸਾਫ ਕਰਦੇ ਮਾਨ ਸਿੰਘ ਨੇ ਤਾਏ ਵਲ੍ਹ ਸਿੱਧਾ
ਝਾਕਿਆ –“ ਲਓ ਭਾਅ ਜੀ , ਕਲ੍ਹ , ਤੋਂ ਸਰਦਾਰ ਗੁਰਬਚਨ ਸਿੰਘ ਕਲਸੀ ,ਮਾਨ ਸਿੰਘ ਕੰਪਨੀ ਦੇ
ਐਮ. ਡੀ. । ਅਵੱਲ ਅੱਜ ਤੋਂ ਈ । ਮੇਰਾ ਮਤਲਬ , ਹੁਣ ਤੋਂ ਈ ਕੰਪਨੀ ਦੀ ਸਾਰੀ ਜੁਮੇਵਾਰੀ
ਮੈਨੇਜਿੰਗ-ਡਰੈਕਟਰ ਸਿਰ ...।“
ਫੋਰਮੈਨ ਤੋਂ ਐਮ .ਡੀ. ਬਣਦਿਆਂ ਸਾਰ ਤਾਏ ਦੀ ਹਵਾ ਬਦਲ ਗਈ । ਸਿੱਧਾ ਸੋਫੇ ਤੇ ਬੈਠਾ ਉਹ
ਪੂਰੀ ਢੋਅ ਲਾ ਕੇ ਤਣ ਗਿਆ । ਖੁਸ਼ੀ ਤਾਂ ਖੈਰ ਉਸ ਨੂੰ ਹੋਣੀ ਈ ਹੋਣੀ ਸੀ, ਪਰ ਉਸ ਦੇ ਪੈਰ
ਅਪਣੀ ਮਿੱਟੀ ਤੋਂ ਬਹੁਤਾ ਈ ਚੱਕੇ ਗਏ । ਮਨੋ-ਮਨੀ ਉਸ ਨੇ ਹਰੀਏ ਨੂੰ ਕਈ ਸਾਰੀਆਂ ਗਾਲ੍ਹਾਂ
ਕੱਢੀਆਂ , ਪੰਜ –ਸੱਤ ਠੁੱਡ ਵੀ ਮਾਰੇ – “ ਹੁਣ ਦੱਸ ਪੁੱਤ , ਤੂੰ ਅੱਗੇ ਕਿ ਮੈਂ ...!
ਐਮੇਂ ਪੂਛ ਚੁੱਕੀ ਫਿਰਦਾ ਸੀ, ਸਾਨ੍ਹ ਆਂਗੂ । ...ਪੁੱਛ ਤਾਂ ਕਿਸੇ ਨੂੰ ਆੜਤੀਆ ਵੱਡਾ
ਹੁੰਦਾ ਕਿ ਐਮ.ਡੀ. ....। “
ਗਰੀਨ ਪਾਰਕੋਂ ਨਿਕਲ ਉਹ ਸਿੱਧਾ ਖਾਨ-ਮਾਰਕੀਟ ਗਿਆ । ਵਧੀਆ ਅੰਗਰੇਜ਼ੀ ਸ਼ਰਾਬ ਦੀ ਪੂਰੀ ਬੋਤਲ
ਖਰੀਦੀ । ਫੀਅਟ ਕਾਰ ਦੀ ਪਿਛਲੀ ਸ਼ੀਟ ਤੇ ਆਪਣੀ ਬਗ਼ਲ ਨਾਲ ਰੱਖ ਲਈ ।ਨਾਲ ਜੋੜ ਕੇ । ਜਿਵੇਂ
ਨਵੀਂ ਆਈ ਰਤਨੀ ਬੈਠਿਆਂ ਕਰਦੀ ਸੀ । ਪਿਛਲੀ ਕੋਠੜੀ ਲੁੱਕ-ਛਿੱਪ ਕੇ । ਜਾਂ ਅੱਜ ਕੱਲ੍ਹ
ਸ਼ੈਲੀ ਬੈਠਦੀ ਸੀ । ਸ਼ਰੇ-ਆਮ । ਪਲਾਈਵੁੱਡ ਫੈਕਟਰੀ ਦੀ ਸਟੈਨੋ । ਗੋਆ ਦੀ ਇਸਾਇਣ । ਪੀਟਰ ਦੀ
ਕੋਈ ਰਿਸ਼ਤੇਦਾਰ । ਤਾਏ ਤੋਂ ਘਰ ਤੱਕ ਦੀ ਲਿਫ਼ਟ ਲੈਂਦੀ । ਉਹ ਥੋੜਾ ਕੁ ਚਿਰ ਤਾਏ ਨੂੰ
‘ਡੈਡ’ ਕਹਿੰਦੀ ਰਹੀ । ਫਿਰ ‘ਅੰਕਲ’ ਤੇ ਆ ਗਈ । ਹੌਲੀ ਹੌਲੀ ਸਰਕਦੀ ਉਹ ਤਾਏ ਦੇ ਨਾਲ ਜੁੜ
ਬੈਠਣ ਲੱਗੀ । ਅੰਗਰੇਜ਼ੀ ਸ਼ਰਾਬ ਦੀ ਵਧਿਆ ਬੋਤਲ ਵਾਂਗ ।
ਤਾਏ ਨੇ ਐਹੋ ਜਿਹਾ ਰੰਗ ਪਹਿਲੋਂ ਕਦੀ ਨਹੀਂ ਸੀ ਡਿੱਠਾ । ਗੂੜ੍ਹਾ ਤੇ ਚਮਕਦਾਰ । ਤਾਈ ਦੇ
ਆਉਣ ਤੋਂ ਪਹਿਲਾਂ ਉਸ ਦੀ ਪਾਸ਼ੋ ਨਾਲ ਸਾਂਝ ਬਹੁਤ ਸੀ , ਤੇ ਉਹ ਵੀ ਗਹਿ-ਗੱਚ । ਪਾਸ਼ੋ ਤਾਏ
ਦੇ ਨਿੱਗਰ ਸਰੀਰ ਤੇ ਲੱਟੂ ਵੀ ਸੀ । ਆਨੇ-ਬਹਾਨੇ ਉਸ ਨੂੰ ਖੂਹ ਤੇ ਵੀ ਲੈਂ ਜਾਂਦੀ ਰਹੀ ਤੇ
ਮੇਲਿਆਂ-ਮਸ਼ਾਹਵਿਆ ਤੇ ਵੀ । ਪਰ ਤਾਇਆ ਮਾਲ-ਪੱਲਾ ਗੁਆ ਕੇ ਵੀ ਉਹਦੇ ਅੜਿਕੇ ਨਾ ਚੜ੍ਹਿਆ ।
ਨਿਮੋਝਾਣ ਹੋਈ ਉਹ ਤਾਏ ਨੂੰ ਵੀ ਛੱਡ ਗਈ , ਖੇਮੇਂ ਅਮਲੀ ਨੂੰ ਵੀ , ਤਾਏ ਨੇ ਸਾਰਾ ਰੰਗ ਤਾਈ
ਲਈ ਸਾਂਭ ਰੱਖਿਆ । ਫਿਰ ਪੰਜੀਂ-ਸੱਤੀਂ ਸਾਲੀਂ ਉਹ ਵੀ ਬਦਰੰਗ ਹੋ ਗਿਆ । ਲੂਣ-ਤੇਲ-ਲਕੜੀਆਂ
ਦੇ ਫਿਕਰ ਹੇਠ ਦੱਬ ਗਿਆ – ਥੋੜ੍ਹਾ ਕੁ ਸੇਪੀ ਕਰਦਿਆਂ, ਥੋੜ੍ਹਾ ਕੁ ਆਟਾ ਪੀਂਦਿਆ , ਬਾਕੀ
ਦਾ ਬੱਤੇ –ਮੋਛੇ ਚੀਰਦਿਆਂ ...।
ਦਿੱਲੀ ਆ ਕੇ ਤਾਏ ਨੂੰ ਕਿੰਨਾ ਕੁਝ ਨਵਾਂ ਪ੍ਰਾਪਤ ਹੋਇਆ , ਸਮੇਤ ਸਟੈਨੋ ਦੇ । ਆਪਣੇ ਸਟਾਪ
ਤੇ ਉਤਰਦੀ ਉਤਰਦੀ ਉਹ ਕਈ ਵਾਰ ਤਾਏ ਨਾਲ ਕੋਠੀ ਜਾਣ ਲੱਗੀ । ਖਲਾਸੀ ਐਧਰ ਓਧਰ ਗਿਆ ਹੁੰਦਾ
ਤਾਂ ਉਹ ਖਾਣਾ ਤਿਆਰ ਕਰਦੀ । ਗਈ ਰਾਤ ਤੱਕ ਤਾਏ ਨਾਲ ਗਲੀਂ ਲੱਗੀ ਰਹਿੰਦੀ । ਪਰ , ਬਹੁਤ
ਕਰਕੇ ਉਸ ਦਾ ਧਿਆਨ ਦੂਜੇ ਕਰਮਿਆਂ ਵਲ੍ਹ ਹੁੰਦਾ । ਕੰਪਨੀ ਮਹਿਮਾਨਾਂ ਵਲ੍ਹ । ਉਹਨਾਂ ਦੀ
‘ਮਹਿਮਾਨਬਾਜ਼ੀ’ ਕਰਨ ਵਲ ।
ਤਾਏ ਨੂੰ ‘ਵਿਚਲੀ ਗੱਲ’ ਤਾ ਪਤਾ ਲੱਗਾ ਤਾਂ ਉਹਨੇ ਮਾਨ ਸਿੰਘ ਨੂੰ ਦੱਸਿਆ , ਪਰਦੇ ਨਾਂ ।
ਮਾਨ ਸਿੰਘ ਅੱਗੋਂ ਠਹਾਕਾ ਮਾਰ ਕੇ ਹੱਸ ਪਿਆ - “ਬੱਲੇ ਓਏ ਭਾਅ ਜੀ ਤੂੰ ਮੀ ਭੋਲੇ ਨਾਥ ਈ
ਰਿਹਾ । ....ਪਿਆਰਿਓ , ਇਹ ਦਿੱਲੀ ਆ ਦਿੱਲੀ । ਰਤਨੀ ਆਲਾ ਨੂਰਪੂਰ ਨਈਂ । ਏਥੇ ਸਾਰਾ ਕੁਸ਼
ਐਈਂ ਚਲਦਾ । ਅਵੱਲ ਕਰਨਾ ਪੈਂਦਾ , ਜ਼ਰੂਰੀ । ਪੁਲਾਂ-ਇਮਾਰਤਾਂ ਦੀ ਇਨਸਪੈਕਸ਼ਨ ਖਾਤਰ,
ਨਹਿਰਾਂ-ਫਲਾਈ-ਓਵਰਾਂ ਨੂੰ ਓ.ਕੇ. ਕਰਾਉਣ ਖਾਤਰ । ਅੱਗੋਂ ਨਵੇਂ ਕੰਮ ਵੀ ਲੈਣੇ ਹੁੰਦੇ ਆ
ਅਫ਼ਸਰਾਂ ਤੋਂ , ਐਨੀ ਕੁ ਸੇਵਾ ਤਾਂ ਕਰਨੀ ਈ ਪੈਂਦੀ , ਆਏ ਗਏ ਦੀ ਫੋਰਮੈਨ ਸਾਬ੍ਹ ... !”
ਆਏ ਗਏ ਦੀ ਸੇਵਾ ਦਾ ਨਵਾ ਢੰਗ –ਤਰੀਕਾ ਜਾਣ ਸਮਝ ਕੇ ਤਾਇਆ ਸਿਰ ਤੋਂ ਪੈਰਾਂ ਤੱਕ ਝਜੋੜਿਆਂ
ਗਿਆ । ਪੀਟਰ ਨਾਲ ਮਾਨ ਸਿੰਘ ਦੀ ਨੇੜਤਾ ਵੀ ਉਸਨੂੰ ਉਸੇ ਵੇਲੇ ਸਮਝ ਪੈ ਗਈ ।
...ਕੋਠੀ ਪਹੁੰਚ ਕੇ ਤਾਏ ਨੇ ਖ਼ਲਾਸੀ ਨੂੰ , ਵਾਜ਼ ਮਾਰੀ , ਸਹਿਵਨ । ਰਸੋਈ ਵਲ੍ਹ ਮੂੰਹ
ਕਰਕੇ – “ ਓਏ ਰਾਮਧਨ , ਕੀ ਕਰਦਾਂ ਅੰਦਰ ਖਾਣਾ ਤਿਆਰ ਈ ...।
“ ਹਾਂ ਸਰ ...ਤਈਯਾਰ ਹੈਅ....,” ਰਾਮਧਨ ਦੀ ਥਾਂ ਰਸੋਈ ਅੰਦਰੋਂ ਆਈ ਆਵਾਜ਼ ਸ਼ੈਲੀ ਦਾ ਸੀ ।
“ ਤੂੰ...ਤੂੰ ਕਿਆ ਕਰਦੀ ਅੰਦਰ ! ਰਾਮਧਨ ਕਿੱਥੇ ਐ...? ਆਮ ਦਿਨਾਂ ਤੋਂ ਉਲਟ ਤਾਇਆ ਬਹੁਤਾ
ਈ ਖ਼ਫਾ ਹੋ ਕੇ ਬੋਲਿਆ ।
“ਵੋਹ-ਵੋਹ ਬਾਜ਼ਾਰ ਗਿਆ ਹੈਅ ਸਰ ,ਕੁਛ ਲੇਨੇ ਆਤਾ ਹੀ ਹੋਗਾ , ਬੱਸ....” ਸ਼ੈਲੀ ਨੂੰ ਤਾਏ ਦਾ
ਗੁੱਸਾ ਬੁਰਾ ਵੀ ਲੱਗਾ ਤੇ ਅਜੀਬ ਵੀ । ਪਰ ਉਸ ਨੇ ਅਪਣੇ ਚਿਹਰੇ ਦੀ ਮੁਸਕਾਨ ਰਤਾ ਵੀ ਫਿੱਕੀ
ਨਾ ਹੋਣ ਦਿੱਤੀ ।
“ ਸ਼ੇਰ ਸਿੰਘ ਇਹ ਕੋ ਸਟੈਂਡ ਤੇ ਛੱਫ ਆ ...,” ਸੈਂਟਰ ਟੇਬਲ ਤੇ ਬੋਤਲ ਰਖਦੇ ਡਰਾਇਵਰ ਨੂੰ
ਤਾਏ ਨੇ ਇਕ ਦੰਮ ਹੁਕਮ ਜ਼ਾਰੀ ਕਰ ਦਿੱਤਾ ।
“ਥੈਂਕ ਯੂ ਸਰ ...ਵੈਰ੍ਹੀ ਵੈਰ੍ਹੀ ਥੈਂਕਸ , “ ਕਮਰਿਓਂ ਬਾਹਰ ਨਿਕਲਦੀ ਸ਼ੈਲੀ ਈ ਸਦਾ-ਬਹਾਰ
ਹਲੀਮੀਂ ਨੂੰ ਤਾਏ ਉਵੇਂ ਦੀ ਉਂਵੇ ਕਾਇਮ ਸੀ ।
ਰਾਮਧਨ ਨੂੰ ਉਡੀਕਦੇ ਤਾਏ ਨੇ ਅਜੇ ਦੋ ਕੁ ਪੈੱਗ ਪੀਤੇ ਸਨ ਕਿ ਕਿ ਟੈਨੀਫੂਨ ਦੀ ਘੰਟੀ ਖੜਕੀ
। ਇਹ ਮਾਨ ਸਿੰਘ ਸੀ ।
“ ਯੈਸ , ਗੁਰਬਚਨ ਸਿੰਘ ਹੀਅਰ ...,” ਟੈਲੀਫੂਨ ਕਰਨ-ਸੁਨਣ ਲਈ ਵਰਤੇ ਜਾਂਦੇ ਮੋਟੇ ਸ਼ਬਦ,
ਤਾਏ ਨੇ ਹੁਣ ਤੱਕ ਚੰਗੀ ਤਰ੍ਹਾਂ ਕੰਠ ਕਰ ਲਏ ਸਨ ।
“ ਕੀ ਗੱਲ ਹੋਈ ...ਸ਼ੈਲੀ ਨੂੰ ਕੀ ਆਖਿਆ ਤੂੰ .....?” ਮਾਨ ਸਿੰਘ ਦੇ ਬੋਲਾਂ ‘ਚ ਤਾਏ ਨੂੰ
ਤਲਖੀ ਮਹਿਸੂਸ ਹੋਈ ।
“ ਕੁਸ਼ ਨਈਂ ...ਕੁਛ ਵੀ ਨਈਂ.....ਬਿਲਕੁਲ ਕੁਛ ਨਈਂ ਆਖਿਆ ਮੈਂ ਮਾਨ ਸਿੰ...........,”
ਤਾਏ ਨੁੰ ਵਿਚਕਾਰੋਂ ਟੋਕ ਕੇ ਮਾਨ ਸਿੰਘ ਨੇ ਜ਼ੋਰਦਾਰ ਭਵਕ ਮਾਰੀ – “ ਵੱਟ ਮਾਨ ਸਿੰਘ ...ਯੂ
ਨੌਅ , ਤੂੰ ...ਤੂੰ ਕਿਸ ਨਾਲ ਗੱਲ ਕਰ ਰਿਹਾ ...! ਆਈ ਐਮ ਕੰਪਨੀ ਚੇਅਰਮੈਨ , ਨਾਟ ਮਾਨ
ਸਿੰਘ....ਮਾਈਂਡ ਇੱਟ ...! “
ਹੁਣ ਤੱਕ ਪੀਤੀ-ਪਲਾਈ ਤਾਏ ਦੀ ਸਾਰੀ ਉੱਤਰ ਗਈ । ਮਾਨ ਸਿੰਘ ਦੀ ‘ਝਾੜ-ਝੰਭ’ ਉਹ ਪੂਰੀ
ਤਰ੍ਹਾਂ ਸਮਝ ਗਿਆ – “ ਗੱਲ ਤਾਂ ਦੱਸੋ , ਹੋਇਆ ਕੀ ਆ , ਚੇਅਰਮੈਨ ਸਾਬ੍ਹ ? ਸੌਂਹ ਗੁਰੂ ਦੀ
ਮੈਂ ਤਾਂ ਕੁਛ ਵੀ ਨਈਂ ਕਿਹਾ ਸ਼ੈਲੀ ਨੂੰ ...। ਯਕੀਨ ਕਰੋ ਮੇਰੇ ਤੇ ਸਰਦਾਰ ਬਆਦਰ , “ ਮਾਨ
ਸਿੰਘ ਤੋਂ ਤਾਏ ਨੇ ਐਹੋ ਜਿਹੇ ਭੈੜੇ ਸ਼ਬਦ ਪਹਿਲੋਂ ਕਦੀ ਨਹੀਂ ਸੀ ਸੁਣੇ ।
ਤਾਏ ਦੀਆਂ ਲੇਹਲੜੀਆਂ ਸੁਣ ਕੇ ਮਾਨ ਸਿੰਘ ਕੁਝ ਮੱਠਾ ਪੈ ਗਿਆ –“ਅੱਛਾ ਠੀਅਕ ਐ ਅੱਗੋ ਤੋਂ
ਕਦੀ ਐਹੋ ਜਿਹੀ ਸ਼ਕੈਤ ਨਈਂ ਆਉਣੀ ਚਾਹਿਦੀ ...ਸਮਝੇ ! ਯੂ ਨੋਅ , ਏਹ ਲੋਕ ਮੇਰੇ ਲਈ ਕਿੰਨੇ
ਜ਼ਰੂਰੀ ਨੇ ...ਦੇ ਆਰ ਮੱਚ ਇਮਪਾਰਟੈਂਟ ਦੈਨ ਯੂ । ਦੇ ਆਰ ਟਰੇਡ –ਸੀਕਰਟ ਯੂ ਨੋਅ...,” ਮਾਨ
ਸਿੰਘ ਨੇ ਜਾਣ-ਬੁਝ ਕੇ ਅੰਤਲਾ ਵਾਕ ਓਪਰੀ ਜਿਹੀ ਭਾਸ਼ਾ ‘ਚ ਬੋਲਿਆ । ਲਾਗੇ ਬੈਠੇ ਪੀਟਰ-ਸ਼ੈਲੀ
ਨੂੰ ਖੁਸ਼ ਕਰਨ ਲਈ ਵੀ , ਅਤੇ ਤਾਏ ਨੂੰ ਹੁਣੇ –ਹੁਣੇ ਦਿੱਤਾ ਨਵਾਂ ਆਹੁਦਾ ਬਰਕਰਾਰ ਰੱਖਣ ਲਈ
ਵੀ ।
ਪੀਟਰ –ਸ਼ੈਲੀ ਦੇ ਮਾਨ ਸਿੰਘ ਲਾਗੇ ਬੈਠੇ ਹੋਣ ਦੀ ਗੱਲ ਤਾਏ ਨੂੰ ਵੀ ਖੁੜਕ ਗਈ । ਉਨ੍ਹਾਂ
‘ਸਾਹਮਣੇ’ ਹੋਰ ਸਫਾਈ ਦੇਣੀ ਵੀ ਉਸਨੇ ਮੁਨਾਸਿਬ ਨਾ ਸਮਝੀ ।“ ...ਅੱਛਾ ਜਨਾਬ ਠੀਅਕ ਐ “ ਆਖ
, ਉਸ ਨੇ ਫ਼ਟਾਕ ਕਰਦਾ ਟੈਲੀਫੂਨ ਬੰਦ ਕਰ ਦਿੱਤਾ । ਹਥਲਾ ਪੈੱਗ ਭਰਿਆ ਭਰਾਇਆਂ ਉਵੇਂ ਪਰਾਂ
ਕਰਕੇ ਰੱਖ ਦਿੱਤਾ । ਤੇ ਆਪ ਸੋਫੇ ਤੇ ਟੇਢਾ ਜਿਹਾ ਡਿੱਗਦਿਆਂ ਉਸ ਨੇ ਪੂਰੇ ਜ਼ੋਰ ਨਾਲ ਭੈਣ
ਦੀ ਗਾਲ੍ਹ ਕੱਢੀ । ਪਤਾ ਨਈਂ ਮਾਨ ਸਿੰਘ ਨੂੰ ,ਪਤਾ ਨਈਂ ਪੀਟਰ-ਸ਼ੈਲੀ ਨੂੰ ...।
...ਤਾਏ ਮੂੰਹੋਂ ਐਡੀ ਮੋਟੀ ਗਾਲ੍ਹ ਉਹਨਾਂ ਪਹਿਲੋਂ ਕਦੀ ਨਹੀਂ ਸੀ ਸੁਣੀ । ਨਾ ਖੇਮੋਂ ਨੇ ।
ਨਾ ਆਤੂ ਨੇ । ਮੀਕੋ-ਗਿਆਨ ਤਾਂ ਸੀ ਈ ਉਹਦੇ ਪੁੱਤ-ਪੋਤਿਆਂ ਵਰਗੇ ਬੀਬੇ ਰਾਣੇ । ਉਹਨਾਂ
ਸਾਹਮਣੇ ਤਾਂ ਕਦੀ ਉਹ ਫਾਲਤੂ ਕੂਇਆ ਤੱਕ ਵੀ ਨਹੀਂ ਸੀ । ਬੱਸ , ਪੁੱਤ-ਬੱਚਾ ਆਖ ਕੇ
ਹਾਲ-ਚਾਲ ਪੁੱਛ ਰੱਖਦਾ , ਤੇ ਲੋੜ ਪੈਣ ਤੇ ਕੰਮ-ਕਾਰ ਲਈ ਹਾਕ ਮਾਰ ਕੇ ਅਸੀਸਾਂ ਤੇ ਛੱਡਦਾ ।
ਤਾਏ ਨੂੰ ਸੁਰਤ ਕਰਦਾ ਸਮਝ , ਉਹਨਾਂ ਮੋਢਿਆਂ ਤੱਕ ਚੁੱਕੀ ਮੰਜੀ ਫਿਰ ਹੇਠਾਂ ਰੱਖ ਲਈ ।
ਬੰਨੇ ਲਾਗਿਉਂ ਉਠ , ਖੇਮੇਂ ਨੇ ਤਾਏ ਨੂੰ ਇਕ ਵਾਰ ਹੋਰ ਜ਼ੋਰ ਦੀ ਹਿਲੂਣਿਆਂ – “ ਬਚਨ ਸਿਆਂ
, ਓ ਬਚਨ ਸਿਆ , ...ਉੱਠ ਮੇਰਾ ਵੀਰ , ਕੈਮ ਹੋਅ ਕੈਮ ...।
ਤਾਇਆ ਜਿਵੇਂ ਪਿਆ ਸੀ ਉਵੇਂ ਈ ਪਿਆ ਰਿਹਾ । ਰਤਾ ਮਾਸਾ ਵੀ ਨਾ ਹਿੱਲਿਆ ।
“ਚਲੋ ਪੁੱਤ ਚੁੱਕੋ । ਕਰੋ ਹਿੰਮਤ । ਲੈ ਚਲੋ ਏਨੂੰ , ਪਿੰਡ ਆਪੇ ਈ ਠੀਅਕ ਹੋ ਜੁ ਰਾਤੋ
–ਰਾਤ । “ ਚੜ੍ਹਦੇ ਸਿਆਲ ਦਾ ਲੋਢਾ –ਵੇਲਾ , ਹੰਭੇ –ਥੱਕੇ ਖੇਮੇਂ ਨੂੰ ਲਹਿੰਦੇ ਵਲ੍ਹ ਨੂੰ
ਛੇਤੀ –ਛੇਤੀ ਡਿਗਦਾ ਲੱਗਾ ।
ਹੰਭਲਾ ਮਾਰ ਕੇ ਦੋਨਾਂ ਮੁੰਡਿਆਂ ਮੁੜ ਤਾਏ ਦਾ ਮੰਜਾ ਪਹਿਲਾਂ ਮੋਢਿਆਂ ਤੇ ਚਾੜ੍ਹਿਆ ਫਿਰ
ਸਿਰਾਂ ਤੇ ; ਅਗਲੇ-ਪਿਛਲੇ ਪਾਵੇ ਚੰਗੀ ਤਰ੍ਹਾਂ ਘੱਟ ਕੇ ਫੜੀ ਉਹ ਪਿੰਡ ਵਲ੍ਹ ਨੂੰ ਹੋ ਤੁਰੇ
। ਹਲਕਾ ਹਲਕਾ ਝੋਲਾ ਮਾਰਦੇ । ਲੰਮੀਆਂ-ਲੰਮੀਆਂ ਲਾਂਘਾਂ ਭਰਦੇ । ਤਾਏ ਨੂੰ ਹੂਟੇ ਦਿੰਦੇ ।
ਪਰ,ਤਾਏ ਤੇ ਉਹਨਾਂ ਹੂਟਿਆਂ ਦਾ ਕੋਈ ਅਸਰ ਨਹੀਂ ਸੀ , ਉਹ ਊਵੇਂ ਪਿਆ ਸੀ , ਨਿਢਾਲ ਜਿਹਾ ।
ਲੁੜਕਿਆ ਜਿਹਾ ...ਜਿਵੇਂ ਪਟਪੜ ਗੰਜ ਵਾਲੀ ਕੋਠੀ ‘ਚ ਨਿਢਾਲ –ਲੁੜਕਿਆ ਰਿਹਾ ਸੀ । ਸੋਫੇ ਤੇ
। ਮਾਨ ਸਿੰਘ ਦਾ ਟੈਲੀਫੂਨ ਸੁਣ ਕੇ । ਪੀਟਰ ਬਾਰੇ । ਸ਼ੈਲੀ ਹੁਣ ਉਸ ਦਾ ਧਿਆਨ ਵਿਚ ਨਹੀਂ ਸੀ
ਰਹੀ । ਸਿਰਫ ਪੀਟਰ ਸੀ ਪੀਟਰ । ਜਿਹਦੇ ਕਾਰਨ ਉਸਨੂੰ ਝਿੜਕ ਖਾਣੀ ਪਈ । ਉਹ ਵੀ ਮਾਨ ਸਿੰਘ
ਤੋਂ । ਜਿਹਨੂੰ ਕਦੇ ਉਹ ਆਪ ਪੜ੍ਹਾਇਆ ਕਰਦਾ ਸੀ । ਵਾਰ –ਵਾਰ ਗੁਰਬਾਣੀ-ਉਚਾਰਨ ਸ਼ੁੱਧ
ਕਰਵਾਇਆ ਕਰਦਾ ਸੀ , ਉਹਦਾ । ਖਿੱਝ ਕੇ ਕਦੇ –ਕਦਾਈ ਇਕ-ਅੱਧ ਜੜ੍ਹ ਵੀ ਦਿਆ ਕਰਦਾ ਸੀ ।
ਪੋਲੀ ਜਿਹੀ । ਐਵੇਂ ਨਾ ਮਾਤਰ ਦੀ । ਆਪ ਤਾਂ ਛੇਤੀ ਈ ਪਿੱਛੋਂ , ਉਹ ਪਹਿਲੋਂ ਕੋਇਟੇ ਚਲਾ
ਗਿਆ , ਭਾਪੇ ਅਪਣੇ ਨਾਂ , ਫਿਰ ਰਾਵਲਪਿੰਡੀ ,ਬੀਬੀ ਨੂੰ ਨਾਲ ਲੈ ਕੇ । ਕੰਮ ਸਿੱਖਣ ਲਈ ।
ਹੱਥ ਸਿੱਧੇ ਕਰਨ ਲਈ । ਪਰ ਮਾਨ ਸੂੰਹ ਸਾਧਾਂ ਡੇਰਿਓਂ ਉੱਠ ਸਕੂਲੇ ਜਾ ਪਿਆ , ਸ਼ਹਿਰ ।ਮਾੜੀ
–ਮੋਟੀ ਅੰਗਰੇਜ਼ੀ –ਹਿੰਦੀ ਸਿੱਖ ਕੇ ਦਿੱਲੀ ਆ ਟਿਕਿਆ –ਸ਼ਾਂਤੀ ਨਿਵਾਸ । ਦੋ ਖਾਨਿਆਂ ਵਾਲੇ
ਕਮਰੇ ਵਿਚ । ਤੇ , ਹੁਣ ਉਹਨਾਂ ਦੀ ਦੋ ਖਾਨਿਆਂ ਦੇ ਲਾਗੇ ਚਾਗੇ ਉੱਸਰੀ ਕਈ-ਮੰਜਲੀ
‘ਅਨਾਪੂਰਨਾ’ ਤੋਂ ਮਾਨ ਸਿੰਘ ਨੇ ਤਾਏ ਦੀ ਝਿੜਕ-ਝੰਭ ਕੀਤੀ । ਉਹ ਵੀ ਪੀਟਰ ਖਾਤਰ ।
“ ਕੋਈ ਨਈਂ ਪੁੱਤ –ਜੀ ਤੇਰੀ ਖ਼ਬਰ ਲਊਂ ਮੈਂ ਛੇਤੀ ਈ ...ਜਾ ਲੈਣ ਦੇ ਮਾਨ ਸਿੰਘ ਨੂੰ
‘ਮਰੀਕਾ’ ਚੌਫਾਲ ਪਿਆ ਕੰਪਨੀ ਐਮ.ਡੀ. ਗੁੱਸਾ ਜਿਹਾ ਖਾ ਕੇ ਸਿੱਧਾ ਹੋ ਕੇ ਬੈਠ ਗਿਆ ।ਭਰਿਆ
ਗਲਾਸ ਪੀ ਕੇ, ਦੋ-ਤਿੰਨ ਪੈੱਗ ਹੋ ਚਾੜ੍ਹ ਲਏ , ਉਪਰੋ-ਥਲੀ । ਅੱਧੀ ਕੁ ਬੋਤਲ ਮੁਕਾ ਕੇ ਉਹ
ਬਾਥ-ਰੂਮ ਜਾਣ ਲਈ ਉੱਠਣ ਹੀ ਲੱਗਾ ਸੀ ਟੈਨੀਫੂਨ ਫਿਰ ਖੜਕਿਆ । ਹੁਣ ਕੰਪਣੀ ਚੈਅਰਮੈਨ ਨਈਂ ,
ਮਾਨ ਸਿੰਘ ਮਠਾਰੂ ਬੋਲ ਰਿਹਾ ਸੀ , ਵੱਡੇ ਭਾਅ ਗੁਰਬਚਨ ਸਿੰਘ ਕਲਸੀ ਨਾਲ – “ ਭਾਅ ਜੀਈ , ਓ
ਭਾਅ ਜੀ , ਗੁੱਸੇ ਤਾਂ ਨਈਂ ਹੋ ਗਏ । ...ਆਹ ਹੁਣੇ ਗਈਆਂ ਏਥੋਂ ਕੁੜੀ ਝਾਵੀਆਂ ਲੇਝਾਂ ।
ਐਥੇ ਆ ਕੇ ਪਿੱਟ-ਸਿਆਪਾ ਈ ਪਾ ਕੇ ਬਹਿ ਗਿਆ , ਸਾਰਾ ਕੁੰਨਬਾ । ਹੋਰ ਈ ਤਰ੍ਹਾਂ ਦਾ
ਗੰਦ-ਮੰਦ ਬੋਲੀ ਜਾਂਦੇ ਸੀਈ ਤੇਰੇ ਬਾਰੇ । ਮੈਂ ਸੋਚਿਆ , ਜੇੜ੍ਹਾ ਸਾਲਾ ਗੂੜ ਦਿੱਤਿਆਂ ਮਰ
ਜਏ , ਉਨੂੰ ਜ਼ੈਰੂ ਜ਼ਰੂਰ ਦੇਣਾ ...। ਐਮੋਂ ਹੋਅਏ –ਹੋਅਏ ਕਰਾਉਣੀ ਆਂ, ਖਾਹ-ਮੁਖਾਹ ਦੀ ।
...ਏਥੇ ਲਈ ਮੈਂ ਜ਼ਰਾ , ਉਹਨਾਂ ਸਾਹਮਣੇ ...!”
ਮਾਨ ਸਿੰਘ ਦੀ ‘ਸਫਾਈ ’ ਸੁਣ ਕੇ ਤਾਇਆ ਸਤੀਂ-ਕਪੜੀਂ ਬਲ੍ਹ ਗਿਆ । ਉਹਨੂੰ ਨਾ ਐਮ.ਡੀ. ਬਨਣ
ਦਾ ਚਾਅ ਰਿਹਾ , ਨਾ ਹਰੀਏ ਬਰੋਬਰ ਸਾਅ-ਮਿੱਲ ਲਾਉਣ ਦਾ ਚੇਤਾ । ਉਹਨੇ ਕੰਪਣੀ ਚੇਅਰਮੈਨ ਨੂੰ
ਇਕ –ਵਡਿਓਂ ਧਰ ਲਿਆ –“ ਤੂੰ ..ਤੂੰ ਹੁੰਨਾ ਕੌਣ ਆਂ ਮੈਨੂੰ ਬੁਰਾ-ਭਲਾ ਕੈਣ੍ਹ ਆਲਾ ,
ਉਹਨਾਂ ਚਵਲਾਂ ਸਾਹਮਣੇ ! ਤੂੰ ਸਮਝਿਆ ਕੀਈ ਆ ਅਪਣੇ ਆਪ ਨੂੰ ? ਮੈਂ ਤਾਂ ਧਾਰ ਵੀ ਨਈਂ
ਮਾਰਦਾ , ਐਹੋ ਜਏ , ਕੁੱਤੇ ਕੰਮ ਤੇ । ...ਓ ਮੇਰੇ ‘ਚ ਕੀ ਕਮੀਂ ਆਂ ! ਸੌ ਕਿਸਮ ਦਾ ਹੁਨਰ
ਆ ਮੇਰੇ ਹੱਥ ‘ਚ । ਅਸੀਂ ਕਾਰੀਗਰ ਲੋਕ ਐਂ ਨਈਂ ਸੁਣਦੇ ਕਿਸੇ ਵੀ ਲਾਟੀਖਾਨ ਤੋਂ ...ਹਾਂਆਂ
...!”
ਮਾਨ ਸਿੰਘ ਬਥੇਰਾ ਢਿੱਲਾ ਪਿਆ ਬਥੇਰੀ ਪੋਚਾ-ਪਾਚੀ ਕੀਤੀ । ਤਾਏ ਨੂੰ ਮੁਲਕੋਂ ਬਾਹਰ
,ਕੁਐਤ-ਮਸਕੱਟ ਭੇਜਣ ਦਾ ਲਾਲਚ ਵੀ ਦਿੱਤਾ । ਪਰ,ਤਾਇਆ ਇਕੋ ਅੜੀ ਤੇ ਅੜਿਆ ਰਿਹਾ- “ ਉਹਨਾਂ
ਸਾਹਮਣੇ ਮਾੜਾ-ਚੰਗਾ ਕਿਹਾ ਤਾਂ ਕਿਹਾ ਈ ਕਿਉਂ ! ਕੱਲ ਨੂੰ ਮੈਂ ਕੇੜ੍ਹਾ ਮੂੰਹ ਲੈ ਕੇ
ਜਾਊਂਗਾ ,ਦਫ਼ਤਰ ! ਓ...ਓ ਤੂੰ ਮੈਨੂੰ ਸਮਝਿਆ ਕੀ ਆ , ਵੱਡਿਆ ਠੇਕੇਦਾਰਾ ! ਐਹੋ ਜਿਹੀਆਂ
ਠੇਕੇਦਾਰੀਆਂ ਮੇਰੇ ਅੱਗੇ –ਪਿੱਛੇ ...” , ਜਿਉਂ-ਜਿਉਂ ਤਾਏ ਨੂੰ ਨੂੰ ਲੋਅਰ ਚੜ੍ਹਦੀ ਗਈ
ਤਿਉਂ –ਤਿਉਂ ਤੱਤਾ ਹੁੰਦਾ ਗਿਆ – “ ਓ, ਮੈਂ ਦੱਸੂ ਤੈਨੂੰ ਠੇਕੇਦਾਰੀ ਕਰਕੇ , ਛੇਤੀ ਈ !
ਤੇਰੇ ਨਾਲੋਂ ਵੀ ਚਾਰ ਰੱਤੀਆਂ ਉੱਪਰ ਦੀਈ ...ਹਾਂਆਂ । “
“ ਅੱਛਾ ਏਹ ਗੱਲ ਆ ...! ਐਨਾ ਫਤੂਰ ਭਰ ਗਿਆ ਤੇਰੇ ‘ਚ ? – ਐ ਨਈਂ ਹੋਣ ਦਿੰਦੇ ਆਪਾਂ
ਸਹਿਜੇ ਕੀਤੇ । ਪੈਰਾਂ ਹੇਠਲੀ ਮਿੱਟੀ , ਪੈਰਾਂ ਹੇਠ ਈ ਰੱਖੀਦੀ ਐਂ । ਸਿਰ ਤੇ ਨਈਂ ਚੜ੍ਹਨ
ਦਈਦੀ । ਝਾੜ-ਛੱੜੀਦੀ ਆ , ਲਗਦੇ ਹੱਥ । ...ਲੈ ਹੁਣੇ ਕਰਦਆਂ , ਆਲਾਜ਼ । ਮੈਨੂੰ ਐਹੋ ਜੇਏ
ਅੜੀਅਲ ਬੰਦੇ ਦੀ ਲੋੜ ਨਈਂ ...। ਤੂੰ ਚਲਦਾ ਹੋ , ਕੱਲ੍ਹ ਤੋਂ ਈ । ਕੱਲ੍ਹ ਤੋਂ ਕੀ , ਹੁਣ
ਤੋਂ ਈ ਤੇਰੀ ਫੜੀ-ਫੋਰਮੈਨੀ ਖ਼ਤਮ । ਨਾਲ ਈ ਤੇਰੇ ਮੁੰਡੇ ਦੀ । ਸਵੇਰੇ ‘ ਹਸਾਬ –ਕਤਾਬ ਦੇ
ਜਾਈਂ ਮਿੰਦਰ ਨੂੰ । ਜੋ ਕੁਛ ਵੀ ਲਿਆ ਦਿੱਤਾ ,ਉਪਰੋਂ ਹੇਠੋਂ । ਕੰਪਨੀ ਖ਼ਰੀਦੋ-ਫਰੋਖਤ
‘ਚੋਂ ...ਆਈ ਸਮਝ ! “ ਹੰਢੇ-ਵਰਤੇ ਚੇਅਰਮੈਨ ਨੇ ਤਾਏ ਦ ਛਾਟੀ-ਨੋਟਿਸ ਬੜੇ ਸਹਿਜ ਨਾਲ ਉਚਾਰ
ਛੱਡਿਆ । ਰਤਾ ਭਰ ਵੀ ਤਲ਼ਖੀ ਨਾ ਦਰਸਾਈ ।
ਮਾਨ ਸਿੰਘ ਵਲੋਂ ਜਾਰੀ ਹੋਇਆ ਛਾਂਟੀ-ਹੁਕਮ ਸੁਣ ਕੇ ਅੱਧ ਅਸਮਾਨ ਚੜ੍ਹਿਆ ਤਾਇਆ ਪਟਾਕ ਕਰਦਾ
ਹੇਠਾਂ ਆ ਡਿਗਿਆ । ਦੁਬਾਰਾ ਪੀਤੀ-ਚੜ੍ਹੀ ਇਕ ਵਾਰ ਫਿਰ ਉੱਤਰ ਗਈ । ਉਹ ਜਿੱਥੇ ਖੜਾ ਸੀ ਓਥੇ
ਰਹਿ ਗਿਆ । ਪਲ-ਛਿੰਨ ਪਿੱਛੋਂ ਉਸ ਨੂੰ ਖੜੇ-ਖੜੇ ਨੁੰ ਲੱਗਾ ਕਿ ਉਸ ਨੂੰ ਘੇਰਨੀ ਜਿਹੀ ਗਈ
ਹੈ । ਉਸ ਦੇ ਆਸ-ਪਾਸ ਪਿਆ –ਰੱਖਿਆ ਸਾਰਾ ਕੁਝ ਉੱਥਲ-ਪੁੱਥਲ ਹੋ ਕੇ ਖਿੱਲਰ-ਬਿੱਖਰ ਗਿਆ ਹੈ
। ਦਿੱਲੀ, ਮਾਨ ਸਿੰਘ ਦੇ ਕੰਮਕਾਰ ‘ਚ ਮਸਾਂ ਜੰਮੇਂ ਪੈਰ ਇਕ ਵਾਰ ਫਿਰ ਉੱਖੜ ਗਏ ਹਨ –
ਜਿਵੇਂ ਕੋਟਿਓਂ ਉੱਖੜ ਸੀ , ਜ਼ੋਰਦਾਰ ਭੂਚਾਲ ਕਾਰਨ ,ਜਿਵੇਂ ਰਾਵਲਪਿੰਡੀਓਂ ਉਖੜੇ ਸੀ ,
ਕਾਲੀਸ਼ਾਹ ‘ਹਨੇਰੀ’ ਕਾਰਨ ,ਜਾਂ ਪਿੰਡੋਂ ਉੱਖੜੇ ਸੀ , ਬਣਿਆ ਭਰਮ-ਭਓ ਬਣਾਈ ਰੱਖਣ ਦੇ
ਜਵਾਰਭਾਟੇ ਕਾਰਨ ।
ਟੈਲੀਫੂਨ ਰੱਖ ਕੇ ਉਸ ਨੇ ਫਿਰ ਐਧਰ-ਓਧਰ ਨਿਗਾਹ ਘੁਮਾਈ । ਕਮਰੇ ਅੰਦਰ ਵੀ ,ਬਾਹਰ ਵਿਹ੍ਹੜੇ
ਵੰਨੀ ਵੀ । ...ਸਾਰਾ ਕੁਝ ਅਪਣੇ ਥਾਂ ਸਿਰ ਪਿਆ ਸੀ ਕਿਧਰੇ ਕੋਈ ਭੂਚਾਲ ਨਹੀਂ ਸੀ ਆਇਆ , ਨਾ
ਕੋਈ ਜਵਾਰਭਾਟਾਂ । ਫਿਰ ਵੀ ਕੁਝ ਨਾ ਕੁਝ ਹੋਇਆ –ਵਾਪਰਿਆ ਜ਼ਰੂਰ ਸੀ –ਭੂਚਾਲ , ਹਨ੍ਹੇਰੀ
ਜਾਂ ਜਵਾਰਭਾਟੇ ਨਾਲੋਂ ਵੀ ਵੱਧ ਸ਼ਕਤੀਸ਼ਾਲੀ , ਵੱਧ ਖ਼ਤਰਨਾਕ । ਜਵਾਲਾ –ਮੁੱਖੀ ਵਰਗਾ – ਮਾਨ
ਸਿੰਘ ਦੀ ਮਿੱਲ-ਮਾਲਕੀ –ਹਊਂ ਦਾ ਵਿਸਫੋਟ ਜਾਂ ਤਾਏ ਦੀ ਭੌਏਂ-ਮਾਲਕੀ –ਹਓਂ ਦਾ ਅਪਰਦਨ ।
ਜਾਂ ਦੋਨੋਂ ਇਕੱਠੇ ....!
ਉਹ ਦੋਨੋਂ ਬਹੁਤ ਚਿਰ ਇਕ-ਦੂਜੇ ਨਾਲ ਜੁੜ ਕੇ ਟਿਕੇ ਰਹੇ ਸਨ –ਇਕ ਮਿਆਨ ‘ਚ ਪਈਆਂ ਦੋ
ਤਲਵਾਰਾਂ ਵਾਂਗ । ਮਾੜੀ-ਮੋਟੀ ਰਗੜ ਖਾ ਕੇ ਚੁੱਪ ਰਹਿੰਦੇ ਰਹੇ । ਅਪਨਾ-ਅਪਨਾ ਗੋਓਂ ਸੀ
ਦੋਨਾਂ ਨੂੰ । ਪਰ , ਦੋਨਾਂ ਨੂੰ ਲਗਾਤਾਰ ਅਪਣੇ ਰੰਗ ਦੀ ਪਾਣ ਵੀ ਚੜ੍ਹਦੀ ਗਈ ।
ਮਿੰਦਰ ਦੇ ਪੜ੍ਹਾਈ ਚੋਂ ਵਿਹਲਾ ਹੋ ਜਾਣ ਕਾਰਨ ਮਾਨ ਸਿੰਘ ਨੂੰ ਕੋਈ ਖਾਸ ਫਰਕ ਨਾ ਪਿਆ ।
ਪਰ, ਤਾਇਆ ਉਸ ਨਾਲ ਟਕਰਾ ਕੇ ਬਹੁਤ ਨੀਵੇਂ ਜਾ ਡਿਗਿਆ । ਡੂੰਘੇ ਟੋਏ ਵਿਚ । ਜਿੱਥੇ ਬਾਹਰ
ਨਿਕਲਣੇ ਲਈ ਉਸ ਨੂੰ ਕਿਸੇ ਨਾ ਕਿਸੇ ਸਹਾਰੇ ਦੀ ਜ਼ਰੂਰ ਲੋੜ ਸੀ – ਖਾਸ਼ ਕਰ ਬੈਨਰਜੀ ਦੇ ,
ਜਾਂ ਕਿਸੇ ਹੋਰ ਹਮਦਰਦ , ਹਮਜ਼ੋਲੀ ਜਾਂ ਹਮਰਾਹੀ ਦੇ । ਪਰ , ਉਸਦੀ ਫੋਰਮੈਨੀ-ਮੈਨਜ਼ਰੀ ਨੇ ਉਸ
ਨੂੰ ਉਹਨਾਂ ਨਾਲ ਕੂਣਾ –ਬੋਲਣਾ ਜੋਗਾ ਛੱਡਿਆ ਈ ਕਿੱਥੇ ਸੀ !
ਅਗਲੇ ਦਿਨ ਸਵੇਰੇ –ਸਵੇਰੇ ਤਾਇਆ , ਫਿਰ ਕੰਪਣੀ-ਚੈਅਰਮੈਨ ਦੀ ਨਵੀਂ ਕੋਠੀ ਸੀ – ਵੱਧ ਘੱਟ
ਬੋਲੇ ਦ ਪਛਤਾਵਾ ਕਰਨ । ਹੋਈ-ਬੀਤੀ ਦੀ ਮੁਆਫੀ ਮੰਗਣ । ਪਰ , ਕਮਾਨੋਂ ਨਿਕਲਿਆ ਤੀਰ ਬਹੁਤ
ਦੂਰ ਜਾ ਵੱਜਾ ਸੀ – ਐਨ ਮਾਨ ਸਿੰਘ ਦੀ ਹਿੱਕ ‘ਚ ।
ਕੋਠੀ ਦੇ ਗੇਟ ਤੇ ਖੜੇ ਦਰਬਾਨ ਨੇ ਉਸ ਨੂੰ ਅੰਦਰ ਜਾਣ ਦੀ ਆਗਿਆ ਈ ਨਾ ਦਿੱਤੀ ।
ਅਖੀਰਲੇ ਡੰਡੇ ਤੇ ਪੁੱਜੇ ਤਾਏ ਦੇ ਪੈਰਾਂ ਹੋਠੋਂ ਜਿਵੇਂ ਕਿਸੇ ਨੇ ਇਕ ਦਮ ਦੰਮ ਪੌੜੀ ਖਿੱਚ
ਕੇ ਪਰਾਂ ਵਗਾਹ ਮਾਰੀ ਹੋਵੇ ।
ਹਰੀਆ-ਮਾਨ ਸਿੰਘ ਬਨਣ ਦੇ ਸੁਪਨੇ ਲੈਂਦਾ ਉਹ ਮਿਸਤਰੀ ਬਣਿਆ ਰਹਿਣੋ ਵੀ ਜਾਂਦਾ ਰਿਹਾ ।
ਕੰਪਨੀ ਦੀ ਕਾਰ ਮਾਨ ਸਿੰਘ ਦੀ ਕੋਠੀ ਖੜੀ ਕਰਕੇ ਤਾਇਆ ਹਓਕੇ ਭਰਨ ਦੀ ਬਜਾਏ ਹੱਸਿਆ । ਖੂਬ
ਉੱਚੀ-ਉੱਚੀ । ਜਿਵੇਂ ਖਿੱਲਾਂ ਭੁੱਜਦੀਆਂ ਹੋਣ ...!
“...ਹੱਸਿਆ ਈ ...ਹੱਸਿਆ ਈ ...ਕੀਤੀ ਲਗਦੀ ਆ ਕੁਸ਼ ਸੁਰਤ ਮਾਈ ਦੇ ਲਾਲ ਨੇ ....,” ਥੋੜਾ
ਕੁ ਚੁੱਪ ਰਹਿਣ ਪਿੱਛੋਂ ਖੇਮੇਂ ਅਮਲੀ ਦੇ ਪਿੱਛੇ –ਪਿੱਛੇ ਤੁਰਿਆ ਆਤੂ-ਬੁੜਾ ਫਿਰ ਛਿੜ ਪਿਆ
– “ ਮੈਂ ਤਾਂ ਆਹਨਾ ਰੋਕ ਲਓ ਸਵਾਰੀ ਮਾਰ੍ਹਾਜ਼ ਦੀ । ਲਾਹ ਲਓ ਪਾਲਕੀ ਹੇਠਾ । ਆਹ ਰਹਿੰਦਾ
ਘੁੱਟ ਵੀ ਲੰਘਾਓ ਏਦ੍ਹੇ ਅੰਦਰ , ਕਿਸੇ ਨਾ ਕਿਸੇ ਤਰ੍ਹਾਂ । ...ਧਰਮ ਨਾ ਬੜੀ ਸ਼ੈਅ ਆ ਫੌਜਣ
। ਮੈਨੂੰ ਤੁਰਨ ਲੱਗੇ ਨੂੰ ‘ਵਾਜ਼ ਮਰ ਕੇ ਕੈਦ੍ਹੀ-ਪੀ ਲੈ ਛਿੱਟ ਤੂੰ ਮੀਂ। ਮੈਂ ਕਿਆ –
ਜਜਮਾਨਣੇ , ਜ਼ੀਦੀਂ ਵਸਦੀ ਰੌਅ । ਬੁੱਢ-ਸੁਆਗਣ ਹਮੇਂ ....। ਬਾਲ-ਬੱਚਾ ਸੁਖੀ ...! ਬਾਲ
ਬੱਚਾ ਤਾਂ ਖ਼ਬਨੀ ਓਦ੍ਹਾਂ ਹੈ ਈ ਨਈਂ ਹਜੇ ....! ਫੇਰ ਵੀ ਦੇਖ ਲਾ ਕਿੰਨ੍ਹਾ ਮੋਹ ਕਰਦੀ ਆ
ਹਮਾੜਾਂ ਨਾ । ਸੌਂਹ ਗੁਰੂ ਦੀ ਮੇਰੀ ਤਾਂ ਜ਼ਿੰਦਗੀ ਬਣਗੀ , ਅੱਧੀ ਗਲਾਸੀ ਨਾਂ ਈ ...”
ਆਤੂ –ਬੁੜੇ ਦੀ ਟੇਪ ਸੁਣਦੇ , ਸਾਹੋ-ਸਾਹ ਹੋਏ ਦੋਨੋ ਮੁੰਡੇ ਰਤਾ ਕੁ ਢਿੱਲੇ ਪੈ ਗਏ ।
ਖੇਮੇਂ ਦੇ ਹਾਮੀਂ ਭਰਨ ਤੇ ਉਹਨਾਂ ਤਾਏ ਨੂੰ ਅਡੋਲ ਹੇਠਾਂ ਰੱਖ ਲਿਆ । ...ਤਾਇਆ ਅਜੇ ਤੱਕ
ਵੀ ਹੱਸ ਜਾ ਰਿਹਾ ਸੀ , ਲਗਾਤਾਰ ।
ਹਚਕੋਲੇ ਖਾਦਾਂ ਆਤੂ ਉਸ ਦੇ ਐਨ ਸਿਰ ਤੇ ਆ ਖੜਾ ਹੋਇਆ – “...ਸ਼ਾਬਾਖੇ , ਸ਼ਾਬਾਖੇ ਹੱਸ ਮੇਰਾ
ਛਿੰਦ , ਹੋਰ ਹੱਸ ....! ਹਜੇ ਤਾਂ ਛਿੱਟ ਕੁ ਪੀਤੀ ਆ ਫੌਜਣ ਆਲੀ ....! ਲੈ ਹੋਰ ਪੀ , ਉੱਠ
ਮੇਰਾ ਭਾਅ ।ਫੜ ਗਲਾਸ । ਚਾੜ੍ਹ ਲੈਅ ਡਕਾ-ਡੱਕ । ਜ਼ਿੰਦਗੀ ਬਣ ਜੂ ਜ਼ਿੰਦਗੀ ...” ਡੁਲਕਦੇ
ਹੱਥਾਂ ਨਾਲ ਸਾਂਭਿਆ ਗਲਾਸ , ਆਤੂ ਨੇ ਤਾਏ ਮੂੰਹ ਲਾਗੇ ਕਰ ਦਿੱਤਾ । ਪਰ ,ਤਾਏ ਨੇ ਕੋਈ
ਸੁਰਤ ਨਾ ਕੀਤੀ । ਹੱਸਣੋਂ ਬੰਦ ਹੋ ਕੇ , ਉਹ ਜਿਵੇਂ ਪਿਆ ਸੀ ਉਵੇਂ ਪਿਆ ਰਿਹਾ । ਰਤੀ ਭਰ
ਨਾ ਹਿੱਲਿਆ ।
“ ....ਨਈਂ ਪੀਣੀ ਨਾ ਸਈ , ਡਿੱਗ ਢੱਠੇ ਖੂਹ ‘ਚ ! ਆਹ ਲੱਗੇ ਆ ਮੁੰਡੇ ਭੋਗ ਲਾਉਣ ਤੇਰੇ
ਸਾਮਣੇ । ...ਲਓ ਪੁੱਤਰੋ ਛਕੋ , ਹੋਵੋ ਕੈਮ ਲੋਥ ਕੇੜ੍ਹਾ ਹਲਕੀ ਆ ਏਦ੍ਹੀ । ...ਲੈਅ
ਪੈਹਲਾਂ ਮੈ ਪੀਨਾਂ ਤਿੱਪ , “ ਤਾਏ ਲਾਗੇ ਖੜੇ ਆਤੂ ਨੇ ਦੋ-ਤਿੰਨ ਘੁੱਟ ਇਕੋ ਸਾਹੇ ਚਾੜ੍ਹ
ਲਏ – “..ਓ ਸਾਲੀ ਜ਼ੈਰ੍ਹ ਓ ਨਿਰੀ । ਖ਼ਬਨੀ ਪਾਣੀ ਈ ਨਈਂ ਪਾਇਆ ਫੌਜਣ ਨੇ ...ਅਸ਼ਕੇ ਓਏ
ਤੇਰੇ ਕਾਕੋ ...,” ਨੱਕ ਮੂੰਹ ਵੱਟਦੇ ਆਤੂ ਨੈ ਮੂੰਹ ਗਲਾਸ ਪਹਿਲਾਂ ਮੀਕੋ ਵਲ੍ਹ ਨੂੰ
ਸਰਕਾਇਆ ਫਿਰ ਗਿਆਨ ਵੱਲ ਨੂੰ ।
“ ਨਈਂ ਬਾਪੂ , ਤੂੰ ਈ ਸਾਰ ਆਪਣਾ , ...ਸਾਡਾ ਨਈਂ ਬਨਣਾ ਐਨੀਂ ਜੀ ਦੇ ਨਾ ਕੁਸ ...।
“ਦੋਨਾਂ ਵਲੋਂ ਹੋਈ ਨਾਂਹ ਸੁਣ ਕੇ ਆਤੂ ਲੁੱਡੀਆਂ ਪਾਉਣ ਲੱਗ ਪਿਆ –“ ਜੀਦੇ ਵਸਦੇ ਰਓ ,
ਮੇਰੇ ਬੀਬੇ ਪੁੱਤ । ...ਲਾਦ ਹੋਵੇ ਤਾਂ ਐਹੀ ਜੇਈ ਬੁਢਿਆ –ਠੇਰਿਆਂ ਦੀ ਸੇਵਾ ਕਰਨ ਆਲੀ
...। ਸ਼ਾਬਾਖੇ ਬਈ ਸ਼ਾਬਾਖੇ , ਜੀਂਦੇ ਵਸਦੇ ਰਓ ...ਓ...। ਓਂ ਵੀ ਤੁਹੀ ਹਜੇ ਭਾਰ ਚੁੱਕਣਾ ।
ਹੈਨੂੰ ਵੀ ਪਿੰਡ ਉੱਪੜਦਾ ਕਰਨਾ ...।“
ਏਹ ਉੱਪੜੇ ਨਾ ਉੱਪੜੇ ਤੂੰ ਅਪਨਾਂ ਰਾਝਾਂ ਰਾਜ਼ੀ ਕਰੀ ਚੱਲ ,ਮਾੜੀਏ ਨੀਤੇ ...,” ਖਿਝਿਆ
–ਖਪਿਆ ਖੇਮਾਂ, ਆਤੂ ਨੂੰ ਘੂਰੀ ਵੱਟ ਕੇ ਪਿਆ –“ ਦੁਪੈਰਾਂ ਦਾ ਭੇਜਿਆ ਆ ਪਿੰਡ ਨੂੰ
....ਹੁਣ ਆ ਵੜਿਆ ਕਿਤਿਉਂ ...। ਜ਼ੂਠ ਚਾਰ ਜਮਾਨੇ ਦੀਈ ...!
ਚਲੋਂ ਚੁੱਕੋ ਮੁੰਡਿਓ , ਮਾਰੋ ਇਕ ਹੱਲਾਂ ਹੋਰ ....। ਬੱਸ ਹੁਣ ਪੁੱਜੇ ਈ ਜਾਣੋ ..., “
ਆਤੂ ਵਲੋਂ ਧਿਆਨ ਮੋੜ ਕੇ ਖੇਮੇਂ ਨੇ ਮੀਕੋ –ਗਿਆਨ ਨੂੰ ਫਿਰ ਹੱਲਾ-ਸ਼ੇਰੀ ਦਿੱਤੀ । ਹੋਕਦੇ
ਸਾਹ ਟਿਕਾਣੇ ਕਰਕੇ ਉਹਨਾਂ ਤਾਏ ਦੀ ਮੰਜੀ ਫਿਰ ਸਿਰਾਂ ਤੇ ਚਾੜ੍ਹ ਲਈ ।
ਮਹਿੰਗੇ ਵਾਲਾ ਟੱਕ ਤੇ ਬਾਰੀਏ ਵਾਲੀ ਨਿਆਈਂ ਟਪਾ ਕੇ ਚੱਕੀ ਤੱਕ ਪਹੁੰਚਦੇ ਮੀਕੋ-ਗਿਆਨ ਨੇ
ਤਾਂ ਇਕ ਸਾਹ ਹੋਰ ਲਿਆ , ਪਰ ਕਾਰ ,ਮਾਨ ਸਿੰਘ ਦੀ ਕੋਠੀ ਖੜੀ ਕਰਕੇ ਤਾਏ ਨੇ ਹੋਰ ਕਿਧਰੇ
ਕੰਮ ਲਭਦੇ ਨੇ ਕੋਈ ਸਾਹ ਨਾ ਲਿਆ । ਉਹਨੇ ਕਈ ਪਾਸੇ ਟੱਕਰਾਂ ਮਾਰੀਆਂ , ਬਹੁਤੀ ਹੀ ਦੌੜ-ਭੱਜ
ਕੀਤੀ । ਜਾਣ-ਪਛਾਣ ਵਾਲੇ ਸਾਰੇ ਮੈਨੇਜ਼ਰਾ-ਠੇਕੇਦਾਰਾਂ ਦੇ ਤਰਲੇ ਵੀ ਕੀਤੇ । ਪਰ ,ਕਿਸੇ ਨੇ
ਉਸ ਨੂੰ ਲਾਗੇ ਨਾ ਲੱਗਣ ਦਿੱਤਾ । ਸਾਰੀ ਦਿੱਲੀ ‘ਚ ਉਹ ਨੁੰ ਫੋਰਮੈਨੀ ਤਾਂ ਕੀ ਸਾਅ-ਮੈਨੀ
ਤੱਕ ਨਾ ਲੱਭੀ । ਕਈਆਂ ਥਾਵਾਂ ਤੋਂ ਤਾਂ ਉਸਨੂੰ ਬਹੁਤ ਈ ਅਵੈੜੇ-ਅਵੈੜੇ ਬੋਲ ਸੁਨਣੇ ਪਏ –
ਮਾਨ ਸਿੰਘ ਕੰਪਨੀ ਨਾਲ ਕੀਤੀ ਘੱਪਲੇਬਾਜ਼ੀ ਦੇ , ਸ਼ੈਲੀ ਵਰਗੀਆਂ ‘ਬਾ-ਰਸੂਖ’ ਔਰਤਾਂ ਨਾਲ
ਕੀਤੀ ਇਸ਼ਕਬਾਜ਼ੀ ਦੇ , ਜ਼ਾਂ ਬੈਨਰਜੀ ਵਰਗੇ ‘ਹੜਤਾਲੀ -ਅੰਨਸਰਾਂ’ ਨਾਲ ਅੰਦਰ – ਖਾਤੇ ਚਲਦੀ
ਸਾਂਝ-ਭਿਆਲੀ ਦੇ ...!
ਕਿਧਰੇ ਕੋਈ ਦਾਲ੍ਹ ਨਾ ਗਲ੍ਹਦੀ ਦੇਖ ਆਖਿਰ ਤਾਇਆ ਪਿੰਡ ਪਹੁੰਚ ਗਿਆ ਹਾਰਿਆ –ਥੱਕਿਆ ,
ਟੁੱਟਿਆ –ਥਿੜਕਿਆ । ਸ਼ਕਲ-ਸੂਰਤ ਵਿਗਾੜੀ । ਮੂੰਹ ਤੋਂ ਲੱਪਰੀ-ਕੁਤਰੀ ਦਾੜ੍ਹੀ ਗਾਇਬ । ਸਿਰ
ਤੇ ਨਿੱਕੀ-ਨਿੱਕੀ ਬੁਲਬੁਲ –ਪਿੰਡ ਵਾਲੇ ਹਰੀਏ ਵਰਗੀ ਜਾਂ ਦਿੱਲੀ ਵਾਲੇ ਮਾਨ ਸਿੰਘ ਵਰਗੀ
ਘੋਨ ਮੋਨ ਹੋਏ ਘਰ ਪਹੁੰਚੇ ਤਾਏ ਨੂੰ , ਨਾ ਤਾਈ ਨੇ ਪਛਾਣਿਆ ਨਾ ਮੁੰਡੇ –ਕੁੜੀ ਨੇ , ਕਿੰਨਾ
ਈ ਚਿਰ ਉਹ ਬੋਰਿਆ ਵਾਂਗ ਉਹਦੀ ਵਲ੍ਹ ਦੇਖਦੇ ਰਹੇ –ਹੈਰਾਨ ਪ੍ਰੇਸ਼ਾਨ ਹੋਏ ।
ਖੇਮੇਂ ਆਤੂ ਨੇ ਵੀ ਉਸ ਨਾਲ ਕਈ ਦਿਨ ਦੁਆ-ਸਲਾਮ ਨਾ ਕੀਤੀ ।
ਘਰੋਂ –ਬਾਹਰੋਂ , ਸਵੇਰੇ-ਸ਼ਾਮੀ , ਉਸਨੂੰ ਹਰ ਕੋਈ ਇਹ ਮਿਹਣਾ ਜ਼ਰੂਰ ਮਾਰਦਾ – “ ਹਾਅ ਕੀ
ਚੰਦ ਚਾੜ੍ਹਿਆ ਈ ਭਾਈ , ਬੁੱਢੇ ਬਾਰੇ ! ਕਿਧਰੇ ਕੋਈ ...!! ਕੋਈ ਸਿੱਧਾ ਈ ਆਖ ਛੱੜਦਾ ,
ਕੋਈ ਫੇਰ ਵਗਲ੍ਹ ਪਾ ਕੇ ।
ਹਾਰ ਕੇ ਤਾਏ ਨੇ ਦਾੜ੍ਹੀ –ਕੇਸ ਤਾਂ ਰੱਖ ਲਏ , ਪਰ ਘਰ-ਬਾਹਰ , ਆਰੀ –ਚੱਕੀ , ਖੇਤ –ਬੰਨੇ
ਦੇ ਕਿਸੇ ਕੰਮ ਤੋ ਸੌਂਹ ਖਾਣ ਨੂੰ ਵੀ ਉਂਗਲ ਨਾ ਰੱਖੀ । ਉਹ ਸਾਰਾ-ਸਾਰਾ ਦਿਨ ,ਐਧਰ –ਓਧਰ
ਘੁੰਮਦਾ ਰਹਿੰਦਾ । ਨਿਸ਼ੱਤਾ ਜਿਹਾ , ਡੌਰ-ਭੌਰ ਹੋਇਆ ।
ਪਿੰਡੋਂ ਸਾਰਾ ਕੁਝ ਵੇਚ-ਵੱਟ ਕੇ ਹਰੀਆਂ , ਕਿਧਰੇ ਦੂਰ-ਪਾਰ ਚਲਾ ਗਿਆ । ਕਿਸੇ ਵੱਡੇ ਸ਼ਹਿਰ
।ਤਾਏ ਨੂੰ ਇਸ ਦੀ ਵੀ ਕੋਈ ਖੁਸ਼ੀ ਨਾ ਹੋਈ । ਉਹਦੇ ਹਿੱਸੇ ਦਾ ਕਾਰ-ਕਿੱਤਾ ਕਰਦੀ ਤਾਈ ਰਤਨੀ
ਦੀ ਬੁੱਢੀ ਜਾਨ ਵੀ ਹਾਰ-ਥੱਕ ਕੇ ਤੁਰਦੀ ਬਣੀ , ਤਾਏ ਨੇ ਉਹਦਾ ਵੀ ਕੋਈ ਗ਼ਮ ਨਾ ਕੀਤਾ ।
ਵਿਆਹੇ –ਵਰ੍ਹੇ ਮੁੰਡਿਆਂ ਨੇ ਉਹਦਾ ਸੋਹਣਾ –ਸਨੁੱਖਾ ਘਰ ਲੀਕਾਂ ਮਾਰ ਕੇ ਵੰਡ ਲਿਆ , ਤਾਏ
ਨੂੰ ਰਤਾ –ਮਾਸਾ ਵੀ ਹਿਰਖਂ ਨਾ ਹੋਇਆ । ਅਪਣੇ ਹਿੱਸੇ ਆਏ ਚੱਕੀ ਵਾਲੇ ਕੋਠੇ ‘ਚੋਂ ਉੱਠ ਉਹ
ਹਰ-ਰੋਜ਼ ਸਵੇਰੇ –ਸਵੇਰੇ ਨਿਕਲ ਤੁਰਦਾ । ਕਦੀ ਕਿਧਰੇ , ਕਦੀ ਕਿਧਰੇ । ਕਦੀ ਸ਼ਹਿਰ ਨੂੰ ,
ਕਦੀ ਅੱਡੇ ਵਲ੍ਹ ਨੂੰ , ਜਾਂ ਪਿੰਡ ‘ਚ ਹੀ ,ਐਥੋਂ ਉੱਠ , ਓਥੇ ਬੈਠ । ਜਿੱਥੋਂ ਜੋ ਹੱਥ
ਲਗਦਾ ਖਾ ਛਡੱਦਾ , ਪੀ ਛੱਡਦਾ – ਫੀਮ, ਡੋਡੋ , ਭੁੱਕੀ ,ਲ੍ਹਾਅਣ । ਪਰ ,ਨਾਂਗੇ –ਥਾਵੇ ਦੀ
ਸ਼ਰਦਾਰੀ ਉਹ ਓਦਣ ਛੱਕਦਾ , ਜਿੱਦਣ ਬਹੁਤ ਹੀ ਦੁਖੀ ਹੋਵੇ ,ਮਾਨ ਸਿੰਘ ਤੋਂ ਪ੍ਰੀਵਾਰ ਤੋਂ
ਹਰੀਏ ਤੋਂ ਜਾਂ ਆਤੂ ਤੋਂ ਜਿਹਨੇ ਲੱਖ ਮਿੰਨਤਾਂ ਕਰਨ ਤੇ ਵੀ ਕਈਆਂ ਚਿਰਾ ਤੋਂ ਉਹਦੇ ਵਾਲਾਂ
ਨੂੰ ਕੈਂਚੀ ਨਹੀਂ ਸੀ ਲਾਈ । ਨਾ ਨਿੱਕੀ –ਨਿੱਕੀ ਬੁਲਬੁਲ ਬਣਾਈ ਸੀ ਨਾ ਸਫਾ-ਚੱਟ ਦਾੜ੍ਹੀ
–ਜਿਵੇਂ ਦੀ ਪਿੰਡ ਵਾਲੇ ਹਰੀਏ ਦੀ ਹੁੰਦੀ ਸੀ ਜਾਂ ਦਿੱਲੀ ਵਾਲੇ ਮਾਨ ਸਿੰਘ ਦੀ । ਹਰ-ਰੋਜ਼
ਉਹ ਆਤੂ ਨਾਲ ਇਸ ਗੱਲੋਂ ਵੱਧ-ਘੱਟ ਬੋਲਦਾ । ਗਾਲ੍ਹੋ –ਬਾਲੀ ਵੀ ਹੁੰਦਾ । ਪਰ,ਉਸ ਦਿਨ ਤਾਂ
ਤਾਏ ਨੇ ਹੱਦ ਕਰ ਦਿੱਤੀ ।
ਬਿਚਾਰੇ ਮਾੜਚੂ ਜਿਹੇ ਬੁੱਢੇ ਨੂੰ ਹੇਠਾਂ ਸੁੱਟ ਕੇ ਆਖੀ ਜਾਏ – “ ਦੱਸ ਕਰਨੀ ਆ ਕਿ ਨਹੀਂ ?
ਦੱਸ ਛੇਤੀ ! ਨਈਂ ਤਾਂ ਹੱਡੀ-ਪਸੱਲੀ ਤੋੜ ਦਊਂ ਤੇਰੀ ...।“
ਤਾਏ ਦੇ ਭਾਰੇ ਗੋਡੇ ਹੇਠ ਨੱਪ ਹੋਈ ਗਿੱਚੀ ‘ਚੋਂ ਨਿਕਲਦੀ , ਘੜਕਦੀ ਆਵਾਜ਼ ਨਾਲ ਥੱਲੇ ਡਿਗਿਆ
ਆਤੂ ਹੋਂਕੀ ਜਾਏ – “ ਨਈਂ ਕਰਨੀ ਜਾਹ ਲਾਅਲਾ ਜੋਰ , ਬਜਾ ਲਾਅ ਢੋਅਲ ...ਨਈਂ ਕਰਨੀ
.....ਨਈਂ ਕਰਨੀ ...!”
----------------------------------
ਲਾਲ ਸਿੰਘ ਦਸੂਹਾ
ਨੇੜੇ ਐਸ.ਡੀ.ਐਮ. ਕੋਰਟ,
ਜੀ.ਟੀ.ਰੋਡ ਦਸੂਹਾ(ਹੁਸ਼ਿਆਰਪੁਰ)
MOBILE NO : 094655-74866
-0- |