ਚਰਿੱਤਰ ਕਰਮਾਂ ਦਾ ਚਿੱਤਰ ਹੈ, ਜੋ ਜ਼ਿੰਦਗੀ ਦੇ ਕੈਨਵਸ ‘ਤੇ ਤਿਆਗ ਦੇ ਬੁਰਸ਼ ਅਤੇ ਨਿਯਮਾਂ
ਦੇ ਰੰਗ ਨਾਲ ਸਿਰਜਿਆ ਜਾਂਦਾ ਹੈ। ਚਰਿੱਤਰ ਦਾ ਸ਼ੀਸ਼ਾ ਇਨਸਾਨ ਦੇ ਵਿਚਾਰਾਂ ਦਾ ਹੀ
ਪ੍ਰਤੀਬਿੰਬ ਨਹੀਂ ਵਿਖਾਉਂਦਾ ਸਗੋਂ ਉਸ ਗਿਆਨ ਦੀ ਝਲਕ ਵੀ ਦਿੰਦਾ ਹੈ ਜੋ ਇਨਸਾਨ ਦੇ ਪੱਲੇ
ਹੁੰਦਾ ਹੈ। ਚਰਿੱਤਰ ਰੁੱਖਾਂ ਜਿਹਾ ਹੈ; ਕਿਤੇ ਇਹ ਕੰਡਿਆਲੀ ਕਿੱਕਰ ਜਿਹਾ ਤੇ ਕਿਤੇ ਮੇਵਿਆਂ
ਨਾਲ ਲੱਦੇ ਰੁੱਖ ਜਿਹਾ। ਚਰਿੱਤਰ ਹੀ ਹੈ ਜੋ ਮੁਰਦੇ ਦੀ ਲਾਸ਼ ਨਾਲ ਰਾਖ਼ ਨਹੀਂ ਹੁੰਦਾ। ਇਨਸਾਨ
ਦੇ ਜਾਣ ਬਾਅਦ ਵੀ ਉਸ ਦਾ ਚਰਿੱਤਰ ਯਾਦ ਰਹਿੰਦਾ ਹੈ। ਕਿਸੇ ਚਰਿੱਤਰ ਨੂੰ ਲਾਹਨਤ ਪੈਂਦੀ ਹੈ
ਤੇ ਕਿਸੇ ਨੂੰ ਦੁਨੀਆਂ ਚੇਤੇ ਕਰ-ਕਰ ਰੋਂਦੀ ਹੈ। ਪਹਿਲਾਂ ਇਨਸਾਨ ਚਰਿੱਤਰ ਬਣਾਉਂਦਾ ਹੈ ਤੇ
ਫ਼ੇਰ ਚਰਿੱਤਰ ਇਨਸਾਨ ਨੂੰ ਬਣਾਉਂਦਾ ਹੈ। ਦੋਵਾਂ ਦਾ ਰਿਸ਼ਤਾ ਚੀਚੀ-ਛੱਲੇ ਵਾਲਾ ਹੈ। ਹਰ
ਇਨਸਾਨ ਆਪਣੇ ਚਰਿੱਤਰ ਦਾ ਆਪ ਵਿਧਾਤਾ ਹੈ। ਕੋਈ ਲਾਸ਼ਾਂ ਦੇ ਢੇਰ ਲਾ ਕੇ ਇਹ ਨਹੀਂ ਆਖ ਸਕਦਾ
ਕਿ ਇੰਝ ਕਰਨਾ ਉਸ ਦੀ ਤਕਦੀਰ ‘ਚ ਲਿਖਿਆ ਸੀ ਬਲਕਿ ਇੰਝ ਕਰਨਾ ਉਸ ਨੇ ਆਪਣੇ ਚਰਿੱਤਰ ‘ਚ ਆਪ
ਲਿਖਿਆ ਹੁੰਦਾ ਹੈ। ਬੁਰੇ ਅਤੇ ਨੇਕ ਚਰਿੱਤਰ; ਦੋਵੇਂ ਹੀ ਨਾ ਪਲ ‘ਚ ਘੜੇ ਜਾ ਸਕਦੇ ਹਨ ਤੇ
ਨਾ ਹੀ ਬਦਲੇ ਜਾ ਸਕਦੇ ਨੇ। ਚਰਿੱਤਰ ਦਾ ਬੁੱਤ ਤਰਾਸ਼ਦਿਆਂ ਦਹਾਕੇ ਲੰਘ ਜਾਂਦੇ ਹਨ। ਪਰ ਚੰਗੇ
ਨੂੰ ਮਾੜੇ ਚਰਿੱਤਰ ਦੇ ਰੂਪ ‘ਚ ਗੰਦਲਾ ਕਰਨ ਲਈ ਇੱਕੋ ਬਦੀ ਹੀ ਕਾਫ਼ੀ ਹੈ। ਚੰਗੇ ਚਰਿੱਤਰ ਦਾ
ਸਾਜਣਹਾਰ ਪਹਿਲਾਂ ਕਲਪਨਾ ਜਗਾਉਂਦਾ ਹੈ ਤੇ ਫੇਰ ਆਪਣੇ ਵਿਚਾਰਾਂ ਨੂੰ ਵਲਗਣਾਂ ‘ਚੋਂ ਕੱਢ ਕੇ
ਸੰਸਾਰ-ਵਿਆਪੀ ਬਣਾਉਂਦਾ ਹੈ। ਇਹ ਉਹ ਅਵਸਥਾ ਹੈ, ਜਿੱਥੇ ਖੜ੍ਹੀ ਬਹੁਤੀ ਭੀੜ ਇੱਕ ਸਧਾਰਨ
ਚਰਿੱਤਰ ਦੀ ਪੰਡ ਲੈ ਕੇ ਜਹਾਨ ਤੋਂ ਰੁਖ਼ਸਤ ਹੋ ਜਾਂਦੀ ਹੈ। ਵਿਚਾਰ ਦਾ ਸੰਕਲਪ ਕਰਮ ਬਣਦਾ ਹੈ
ਤੇ ਕਰਮਾਂ ਦਾ ਸੰਗ੍ਰਿਹ ਚਰਿੱਤਰ ਦਾ ਰੂਪ ਲੈਂਦਾ ਹੈ। ਜੋ ਛੋਟੇ ਅਤੇ ਕਪਟੇ ਵਿਚਾਰਾਂ ਦੀ
ਵਲਗਣ ‘ਚ ਵਲੇ ਰਹਿੰਦੇ ਹਨ ਉਨ੍ਹਾਂ ਦਾ ਚਰਿੱਤਰ ਅੰਨ੍ਹੇ ਊਠ ਵਰਗਾ ਹੈ ਜੋ ਮਾਲਕ ਦਾ ਭਾਰ
ਉਠਾਉਣ ਦੀ ਥਾਂ ਉਲਟਾ ਮਾਲਕ ‘ਤੇ ਬੋਝ ਹੈ।
ਚਰਿੱਤਰ ਨਿਰਮਾਣ ਦੇ ਕਈ ਪੜ੍ਹਾਅ ਹਨ। ਹਰ ਪੜ੍ਹਾਅ ਦਾ ਇੱਕ ਵੱਖਰਾ ਗੁਰੂ ਹੈ। ਉਦਾਹਰਣ ਦੇ
ਤੌਰ ‘ਤੇ ਨੰਗੇਜ਼ ਕੱਜਣਾ ਮਾਂ ਬੱਚੇ ਨੂੰ ਸਿਖਾਉਂਦੀ ਹੈ ਪਰ ਕਿੱਥੇ ਨੰਗਾ ਹੋਣਾ ਹੈ ਇਹ ਉਹ
ਆਪਣੇ-ਆਪ ਸਿੱਖ ਜਾਂਦਾ ਹੈ। ਦੋਵਾਂ ਪ੍ਰਸਥਿਤੀਆਂ ਵਿੱਚ ਨੈਤਿਕਤਾ ਕਾਇਮ ਕਿਵੇਂ ਰੱਖਣੀ ਹੈ
ਇਹ ਉਸ ਨੂੰ ਅਧਿਆਪਕ ਸਿਖਾਉਂਦਾ ਹੈ। ਧਰਮ ਵੀ ਚਰਿੱਤਰ ਨਿਰਮਾਣ ਦਾ ਇੱਕ ਪੜਾਅ ਹੈ ਪਰ ਧਰਮ
ਦੀਆਂ ਕੁਝ ਸ਼ਰਤਾਂ ਹਨ, ਕੁਝ ਸਿਧਾਂਤ ਹਨ। ਇਹ ਸ਼ਰਤਾਂ-ਸਿਧਾਂਤ ਏਨੇ ਸਖ਼ਤ ਹਨ ਕਿ ਬਹੁਤੇ ਲੋਕ
ਇਸ ਔਖੇ ਪਹਾੜ ‘ਤੇ ਚੜ੍ਹਨ ਦੇ ਸਫ਼ਰ ਦੀ ਸ਼ੁਰੂੁਆਤ ਹੀ ਨਹੀਂ ਕਰ ਪਾਉਂਦੇ। ਜਿਸ ਕੌਂਮ ਦੇ
ਢਾਂਚੇ ‘ਚ ਚਰਿੱਤਰ ਨਿਰਮਾਣ ਪ੍ਰਤੀ ਸ਼ਿੱਦਤਾ ਨਹੀਂ ਹੋਵੇਗੀ ਉਹ ਕੌਂਮ ਬੌਧਿਕ, ਆਰਥਿਕ, ਅਤੇ
ਸਮਾਜਿਕ ਵਿਕਾਸ ਪੱਖੋਂ ਕੰਗ਼ਾਲ ਰਹੇਗੀ। ਅੱਜ ਦੇ ਸਮਾਜ ਵਿੱਚ ਜਦੋਂ ਪਦਾਰਥ ਦੀ ਭਰਮਾਰ ਹੈ ਪਰ
ਫ਼ੇਰ ਵੀ ਮਨੁੱਖੀ ਅਰਾਜ਼ਕਤਾ ਚਰਮ ‘ਤੇ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅੱਜ ਨਾ
ਚਰਿੱਤਰ ‘ਚ ਸੰਜਮ ਹੈ ਤਾ ਨਾ ਸੰਤੁਸ਼ਟੀ। ਅੱਜ ਦੇ ਮਨੁੱਖ ਨੂੰ ਵੱਢ-ਫ਼ੱਟ ਕਰਕੇ ਕੁਝ ਪਾਉਣ ਦੀ
ਕਾਹਲੀ ਹੈ ਪਰ ਪਾ ਕੇ ਸੰਤੁਸ਼ਟ ਹੋਣ ਦੀ ਕਿਸੇ ਕੋਲ ਵਿਹਲ ਨਹੀਂ। ਇਹੋ ਜਿਹੀ ਬੇ-ਅਸੂਲੀ ਦੌੜ
ਚਰਿੱਤਰਵਾਨ ਨਹੀਂ ਚਰਿੱਤਰਹੀਣ ਹੀ ਹੋ ਸਕਦੀ ਹੈ। ਇੱਕ ਚਰਿੱਤਰ ਦੇ ਅਨੇਕ ਰੰਗ ਅੱਜ ਇੱਕ
ਵਿਅਕਤੀ ਕੋਲ ਮਿਲ ਜਾਂਦੇ ਹਨ। ਸਵੇਰੇ ਚੌਂਕ ‘ਚ ਖੜ੍ਹਾ ਤਰਕ ਦੀਆਂ ਗੱਲਾਂ ਕਰਦਾ ਮਿਲੇਗਾ ਤੇ
ਦੁਪਿਹਰ ਨੂੰ ਕਿਸੇ ਬਾਬੇ ਦੇ ਗੋਢੇ ਘੁੱਟ ਰਿਹਾ ਹੋਵੇਗਾ, ਖੜ੍ਹਦਾ ਇੱਥੇ ਵੀ ਨਹੀਂ ਦੁਪਿਹਰ
ਦਾ ‘ਸਤਸੰਗੀ‘ ਸ਼ਾਮ ਨੂੰ ਅਹਾਤੇ ‘ਚ ਮਿਲੇਗਾ। ਚੰਗੇ ਚਰਿੱਤਰ ਦੀ ਪਹਿਲੀ ਨਿਸ਼ਾਨੀ ਹੀ ਇਹ ਹੈ
ਕਿ ਉਹਦਾ ਕਿਰਦਾਰ ਇਕ-ਮੁਖੀ ਹੋਵੇਗਾ। ਬਹੁ-ਮੁਖੀ ਚਰਿੱਤਰ ਚੰਗਾ ਕਲਾਕਾਰ ਤਾਂ ਹੋ ਸਕਦਾ ਹੈ
ਪਰ ਚੰਗਾ ਨਹੀਂ। ਬਹੁ-ਮੁਖੀ ਚਰਿੱਤਰ ਜਿੰਨ੍ਹੀ ਮਰਜ਼ੀ ਚਤੁਰਤਾ ਕਰੇ ਉਸ ਦੀ ਪਛਾਣ ਹੋ ਜਾਂਦੀ
ਹੈ। ਇੱਕ ਨੌਜਵਾਨ ਕਿਸੇ ਜੌਹਰੀਏ ਕੋਲ ਨੌਂਕਰੀ ਕਰਦਾ ਸੀ। ਉਸ ਨੇ ਆਪਣੇ ਕੁਝ ਸਾਥੀ ਨਾਲ ਲੈ
ਕੇ ਜੌਹਰੀਏ ਨੂੰ ਉਸ ਵੇਲੇ ਲੁੱਟ ਲਿਆ ਜਦੋਂ ਉਹ ਗਹਿਣੇ ਲੈ ਕੇ ਚੰਡੀਗੜ੍ਹ ਤੋਂ ਦਿੱਲੀ ਜਾ
ਰਿਹਾ ਸੀ। ਅਗਲੀ ਸਵੇਰ ਉਹੀ ਨੌਂਕਰ ਕੰਮ ‘ਤੇ ਹਾਜ਼ਰ ਵੀ ਹੋ ਗਿਆ। ਪੁਲਸ ਉਸ ‘ਤੇ ਸ਼ੱਕ ਨਾ ਕਰ
ਸਕੀ। ਪਰ ਕੁਝ ਦਿਨਾਂ ਬਾਅਦ ਉਹ ਸਾਰੇ ਫੜ੍ਹੇ ਗਏ ਕਿਉਂਕਿ ਕੰਮ ਤੋਂ ਨੌਂਕਰ ਦਾ ਚਰਿੱਤਰ
ਨਿਭਾਅ ਕੇ ਲੁਟੇਰਾ ਅਤੇ ਉਸ ਦੇ ਸਾਥੀ ਸ਼ਾਮ ਨੂੰ ਨਵਾਬ ਬਣ ਜਾਂਦੇ ਸਨ। ਚਰਿੱਤਰ ‘ਤੇ ਬਨਾਵਟ
ਕੱਚੇ ਰੰਗ ਜਿਹੀ ਹੁੰਦੀ ਹੈ ਜੋ ਕਸੌਟੀ ਦੀ ਬੂੰਂਦ ਪਈ ਤੋਂ ਧੁਪ ਜਾਂਦੀ ਹੈ। ਕਿਸੇ ਮੋਟੇ
ਪੱਟਾਂ ਵਾਲੇ ਅਨਾੜੀ ਨੂੰ ਕੁਸ਼ਤੀ ਦੇ ਅਖਾੜੇ ‘ਚ ਖੜ੍ਹਾ ਕਰ ਦਈਏ ਤਾਂ ਉਹ ਭਲਵਾਨ ਓਨਾ ਚਿਰ
ਹੀ ਹੈ ਜਿੰਨ੍ਹਾ ਚਿਰ ਕੁਸ਼ਤੀ ਸ਼ੁਰੂ ਨਹੀਂ ਹੁੰਦੀ। ਕੁਸ਼ਤੀ ਸ਼ੁਰੂ ਹੁੰਦਿਆਂ ਹੀ ਪੇਸ਼ੇਵਰ
ਭਲਵਾਨ ਉਸ ਨੂੰ ਧੂੜ ਚਟਾ ਦੇਵੇਗਾ।
ਇਨਸਾਨ ਦੀ ਸੀਰਤ ਚਰਿੱਤਰ ਦਾ ਪਰਛਾਵਾਂ ਹੈ। ਚੰਗਾ ਚਰਿੱਤਰ ਬਦਸੂਰਤ ਬੰਦੇ ਨੂੰ ਵੀ ਮੁੱਲਵਾਨ
ਬਣਾ ਦਿੰਦਾ ਹੈ। ਮਾੜਾ ਚਰਿੱਤਰ ਰਾਜਿਆਂ ਨੂੰ ਵੀ ਗਾਲ੍ਹਾਂ ਜੋਗਾ ਰੱਖਦਾ ਹੈ। ਜੋ ਲੋਕ ਹਰੇਕ
ਘਰ ਦੀ ਇੱਜ਼ਤ ਤਕਾਉਂਦੇ ਹਨ ਉਨ੍ਹਾਂ ਨੂੰ ਕੋਈ ਘਰ ਦੇ ਅੱਗੇ ਨਹੀਂ ਖੜ੍ਹਨ ਦਿੰਦਾ। ਜਦਕਿ
ਮਜ਼ਬੂਤ ਅਤੇ ਨੇਕ ਚਰਿੱਤਰ ਵਾਲੇ ਮੰਗਤਿਆਂ ਨੂੰ ਵੀ ਸਨਮਾਨ ਮਿਲਦਾ ਹੈ। ਮੈਲੀ ਅੱਖ ਵਾਲੇ
ਚਰਿੱਤਰ ਹਰ ਗਲੀ, ਹਰ ਮੁਹੱਲੇ ਮਿਲ ਜਾਂਦੇ ਹਨ। ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ‘ਚ ਤਾਂ ਇਹੋ
ਜਿਹੇ ਹੌਲੇ ਚਰਿੱਤਰ ਦੇ ਬੰਦਿਆਂ ਨੂੰ ਲੋਕ ਜ਼ਿਆਦਾ ਘ੍ਰਿਣਾ ਕਰਦੇ ਹਨ। ਕੋਈ ਜਿੰਨ੍ਹਾ ਮਰਜ਼ੀ
ਚਰਿੱਤਰ ‘ਤੇ ਅੱਛਾਈਆਂ ਦਾ ਮਲੰਮਾ ਚਾੜ੍ਹ ਲਵੇ ਪਰ ਪਛਾਨਣ ਵਾਲੇ ਅੱਖ ਦੀ ਤੱਕਣੀ ਤੋਂ ਬੰਦੇ
ਦੇ ਚਰਿੱਤਰ ਦੀ ਕਿਤਾਬ ਪੜ੍ਹ ਲੈਂਦੇ ਹਨ। ਕਈ ਚਰਿੱਤਰ ਦੇ ਦੋਹਰੇ ਕਿਰਦਾਰ ਜਾਣ-ਬੁਝ ਕੇ
ਬਣਾਉਂਦੇ ਹਨ ਪਰ ਕਈਆਂ ਦੇ ਚਰਿੱਤਰ ਉਨ੍ਹਾਂ ਦੇ ਕੰਮਾਂ ਮੁਤਾਬਕ ਲੋਕ ਤੈਅ ਕਰਦੇ ਹਨ।
ਦੁਨੀਆਂ ‘ਤੇ ਅਜਿਹੇ ਲੋਕਾਂ ਦੀ ਬਹੁਤਾਤ ਹੈ ਜੋ ਕਿਸੇ ਲਈ ਪੂਜਣਯੋਗ ਹਨ ਤੇ ਕਈਆਂ ਲਈ ਨਫ਼ਰਤ
ਦਾ ਕਾਰਨ। ਲਾਦੇਨ ਅਰਬ ਦੇਸ਼ਾਂ ਅਤੇ ਮੁਸਲਮਾਨ ਬਾਗ਼ੀ ਲੜਾਕਿਆਂ ਲਈ ਪੂਜਣਹਾਰ ਹੈ ਪਰ ਅਮਰੀਕਾ
ਦਾ ਉਹ ਦੁਸ਼ਮਨ ਨੰਬਰ ਵੰਨ ਸੀ। ਸੱਦਾਮ ਹੂਸੈਨ ਅਤੇ ਹਿਟਲਰ ਵੀ ਇਸੇ ਸ਼ੇਣੀ ‘ਚ ਆਉਂਦੇ ਸਨ। ਆਮ
ਲੋਕਾਂ ‘ਚ ਵੀ ਅਜਿਹੇ ਲੋਕ ਹੁੰਦੇ ਹਨ ਜਿੰਨ੍ਹਾਂ ਦੇ ਕੰਮਾਂ ਦਾ ਪਰਛਾਵਾਂ ਕਿਸੇ ਲਈ ਚੰਗਾ
ਹੁੰਦਾ ਹੈ ਕਿਸੇ ਲਈ ਮਾੜਾ। ਕਿਸੇ ਕੋਲੋਂ ਇਨ੍ਹਾਂ ਨੂੰ ਗਾਲ੍ਹਾਂ ਪੈਂਦੀਆਂ ਹਨ ਤੇ ਕਿਸੇ
ਕੋਲੋਂ ਪ੍ਰਸੰਸਾ ਮਿਲਦੀ ਹੈ।
ਚਰਿੱਤਰ ਦਾ ਗ਼ੁਮਾਨ ਮਰਦ ਵਧੇਰੇ ਕਰਦਾ ਹੈ ਪਰ ਇਸ ਦੀ ਪ੍ਰਵਾਹ ਔਰਤ ਕਰਦੀ ਹੈ। ਔਰਤਾਂ ਲਈ
ਚਰਿੱਤਰ ਇੱਕ ਗ਼ਹਿਣਾ ਹੈ ਜਦਕਿ ਮਰਦ ਲਈ ਇਹ ਅਹੰ ਅਤੇ ਸਨਮਾਨ ਦਾ ਸੁਆਲ ਹੁੰਦਾ ਹੈ। ਇਹ
ਬਦਕਿਸਮਤੀ ਹੈ ਔਰਤਾਂ ਦੀ ਕਿ ਔਰਤ ਨੂੰ 365 ਚਰਿੱਤਰ ਦੀ ਮਾਲਕ ਆਖ ਕੇ ਭੰਡਿਆ ਗਿਆ ਪਰ ਸੱਚ
ਇਹ ਹੈ ਕਿ ਇੱਕ ਔਰਤ ਆਪਣੇ ਇੱਕ ਚਰਿੱਤਰ ‘ਚ ਅਨੇਕਾਂ ਰੰਗ ਇਸ ਲਈ ਭਰਦੀ ਹੈ ਕਿਉਂਕਿ ਉਹ
ਕਿਸੇ ਦੀ ਮਾਂ ਹੈ ਤੇ ਕਿਸੇ ਦੀ ਇੱਜ਼ਤ। ਹਰ ਰਿਸ਼ਤੇ ਲਈ ਅੱਡ ਚਰਿੱਤਰ ਔਰਤ ਵਿਚਲੀ ਸੂੁਖ਼ਮ ਕਲਾ
ਦਾ ਮੀਰੀ ਗੁਣ ਹੈ। ਜੇ ਇਹ ਗੁਣ ਨਾ ਹੁੰਦਾ ਤਾਂ ਪਤੀ ਅਤੇ ਪੁੱਤ ਇੱਕ ਔਰਤ ਨੂੰ ਵੱਖ-ਵੱਖ
ਰੂਪਾਂ ਤੇ ਵੱਖ-ਵੱਖ ਮਰਿਆਦਾ ਨਾਲ ਨਾ ਵੇਖ ਪਾਉਂਦੇ। ਦੂਜੇ ਪਾਸੇ ਮਰਦ ਆਪਣੇ ਚਰਿੱਤਰ ਨੂੰ
ਅਣਖ ਦਾ ਸਪੂਤ ਦੱਸਦੇ ਹਨ ਪਰ ਇਸ ਨੂੰ ਆਪਣੇ ਮਤਲਬ ਲਈ ਕੱਚੀ ਮਿੱਟੀ ਵਾਂਗ ਮੋੜ ਵੀ ਲੈਂਦੇ
ਹਨ।
ਚਰਿੱਤਰ ਜਦੋਂ ਵਿਗੜਦਾ ਹੈ ਤਾਂ ਆਪਣੇ ਵਰਗਾ ਵਿਗੜਿਆ ਚਰਿੱਤਰ ਹੀ ਲੱਭਦਾ ਹੈ। ਇਹ ਭਾਲ
ਅਨੈਤਿਕ ਰਿਸ਼ਤਿਆਂ ‘ਤੇ ਮੁੱਕਦੀ ਹੈ। ਇੱਕ ਬੁਰੇ ਚਰਿੱਤਰ ਨੂੰ ਲੁਕਾਉਣ ਲਈ ਦਰਜ਼ਨਾਂ ਨਕਲੀ
ਚਰਿੱਤਰਾਂ ਦਾ ਸਹਾਰਾ ਲਿਆ ਜਾਂਦਾ ਹੈ। ਪਰ ਬੁਰੇ ਚਰਿੱਤਰ ਦੀ ਇੱਕ ਕਮਜ਼ੋਰੀ ਹੈ ਕਿ ਉਹ ਚੋਰੀ
ਕਰਕੇ ਬਹੁਤਾ ਭੱਜ ਨਹੀਂ ਸਕਦਾ ਜਲਦੀ ਡਿੱਗ ਪੈਂਦਾ ਹੈ। ਚੰਗਾ ਚਰਿੱਤਰ ਕਦੇ ਅਨੈਤਿਕ ਕੰਮ
ਨਹੀਂ ਕਰਦਾ ਤੇ ਅਨੈਤਿਕ ਲੋਕਾਂ ‘ਚ ਕਦੇ ਚੰਗਾ ਚਰਿੱਤਰ ਨਹੀਂ ਹੁੰਦਾ। ਕਈ ਵਾਰ ਚੰਗੇ
ਚਰਿੱਤਰ ਨੂੰ ਵੀ ਸਮਝੌਤੇ ਕਰਨੇ ਪੈ ਜਾਂਦੇ ਹਨ। ਪਰ ਚੰਗਾ ਚਰਿੱਤਰ ਚਿੱਕੜ ‘ਚ ਵੀ ਬੇਦਾਗ਼ ਹੈ
ਕਿਉਂਕਿ ਮੈਲ ਜਿਸਮ ਨੂੰ ਲਿਬੇੜਦੀ ਹੈ ਰੂਹ ਨੂੰ ਨਹੀਂ। ਲਿੱਬੜੀਆਂ ਰੂੁਹਾਂ ਤਾਂ ਸਾਬਣ ਦੀ
ਫ਼ੈਕਟਰੀ ‘ਚ ਵੀ ਸਾਫ਼ ਨਹੀਂ ਹੁੰਦੀਆਂ। ਸੁੰਘੜੀ ਦੁਨੀਆਂ ਤੇ ਵਿੱਚ ਦੁਨੀਆਂ ਦੇ ਮੁਕਾਬਲੇਬਾਜ਼ੀ
ਨੇ ਚਰਿੱਤਰਾਂ ਦੇ ਰੰਗ ਬਦਲ ਦਿੱਤੇ। ਧਾਰਮਿਕ ਲੋਕ ਇਸ ਨੂੰ ਕਲਯੁਗ ਆਖਦੇ ਹਨ ਤੇ ਤਰਕ-ਬੁਧੀ
ਵਾਲੇ ਇਸ ਨੂੰ ਪਦਾਰਥਵਾਦ ਦੁਆਰਾ ਬਦਲੀ ਸੋਚ ਦਾ ਹਿੱਸਾ ਕਹਿੰਦੇ ਹਨ। ਬਦਲਿਆ ਕੁਝ ਵੀ ਨਹੀਂ।
ਮਨੁਖਤਾ ਦਾ ਵੱਡਾ ਹਿੱਸਾ ਗਿਆਨ ਦੇ ਛੱਟੇ ਨਾਲ ਜਾਗ ਪਿਆ ਤੇ ਜਾਗੇ ਮਨੁੱਖ ਦੀਆਂ ਚਾਹਤਾਂ
ਅਤੇ ਸੁਫ਼ਨੇ ਵੱਡੇ ਹੋ ਜਾਂਦੇ ਹਨ। ਇਨ੍ਹਾਂ ਨੂੰ ਪੂਰਿਆਂ ਕਰਨ ਦੀ ਹੋੜ ‘ਚ ਵਰਤੇ ਗ਼ਲਤ ਢੰਗਾਂ
ਨੂੰ ਅਸੀਂ ਕਲਯੁਗੀ ਆਖੀਏ ਜਾਂ ਪਦਾਰਥਵਾਦੀ ਸੋਚ, ਕੋਈ ਫ਼ਰਕ ਨਹੀਂ ਪੈਂਦਾ। ਪਰ ਇਹ ਕੰਮ
ਮਨੁੱਖ ਸਦੀਆਂ ਪਹਿਲਾਂ ਵੀ ਕਰਦਾ ਰਿਹਾ ਹੈ ਤੇ ਸਦੀਆਂ ਬਾਅਦ ਵੀ ਕਰਦਾ ਰਹੇਗਾ। ਕਿਉਂਕਿ ਨਾ
ਧਰਤੀ ‘ਤੇ ਕਦੇ ਇਕਸਾਰਤਾ ਹੋਈ ਹੈ ਤੇ ਨਾ ਹੋਵੇਗੀ। ਚੰਗੇ ਚਰਿੱਤਰ ਵੀ ਦੁਨੀਆਂ ਦਾ ਹਿੱਸਾ
ਰਹਿਣਗੇ ਤੇ ਮਾੜੇ ਵੀ।
ਬੱਚੇ ਦੇ ਚਰਿੱਤਰ ਨਿਰਮਾਣ ‘ਚ ਕੀਤੀ ਅਣਦੇਖੀ ਖ਼ਤਰਨਾਕ ਹੈ। ਇਸ ਦਾ ਨਤੀਜਾ ਮਾਪੇ ਹੀ ਨਹੀਂ
ਮੁਲਖ਼ ਵੀ ਭੋਗਦੇ ਹਨ। ਚਰਿੱਤਰ ਇਮਾਰਤ ਹੈ ਤੇ ਗੁਣ ਇੱਟਾਂ। ਇੱਕ-ਇੱਕ ਇੱਟ ਇਸ ਇਮਾਰਤ ਨੂੰ
ਦਿੱਖ ਤੇ ਮਜਬੂਤੀ ਦਿੰਦੀ ਜਾਂਦੀ ਹੈ। ਪਰ ਵਿੱਚ ਲੱਗੀ ਇੱਕ ਵੀ ਪਿੱਲੀ ਇੱਟੀ ਸਮੁੱਚੇ ਢਾਂਚੇ
ਦੀ ਜੱਖਣਾ ਖ਼ਰਾਬ ਕਰ ਦਿੰਦੀ ਹੈ। ਇੱਕ ਚਰਿੱਤਰ ਵਿਚਲੇ ਹਜ਼ਾਰਾਂ ਚੰਗੇ ਗੁਣਾਂ ਨੂੰ ਇੱਕ ਔਗੁਣ
ਪ੍ਰਭਾਵਹੀਣ ਕਰ ਦਿੰਦਾ ਹੈ। ਬੱਚੇ ਦੇ ਮਨ ਦੀ ਸਲੇਟ ‘ਤੇ ਅਜਿਹੇ ਪੂਰਨੇ ਪਾਉਣੇ ਚਾਹੀਦੇ ਹਨ
ਕਿ ਅੱਗੇ ਚੱਲ ਕੇ ਉਹ ਚੰਗੇ ਚਰਿੱਤਰ ਦੀ ਇਬਾਰਤ ਲਿਖ ਸਕੇ। ਚੰਗੇ ਚਰਿੱਤਰ ਇੱਜ਼ਤ ਹੀ ਨਹੀਂ
ਕਮਾਉਂਦੇ ਹਾਲਾਤਾਂ ‘ਤੇ ਜਿੱਤ ਵੀ ਪਾਉਂਦੇ ਹਨ। ਚੰਗੇ ਚਰਿੱਤਰ ਦਾ ਦੁਨੀਆਂ ਨੂੰ ਵੇਖਣ ਦਾ
ਨਜ਼ਰੀਆ ਬਦਲ ਜਾਂਦਾ ਹੈ। ਫਿਰ ਇਨਸਾਨ ਆਪਣੇ ਹੱਕ ਛੱਡਦਾ ਨਹੀਂ ਤੇ ਕਿਸੇ ਦਾ ਰੱਖਦਾ ਨਹੀਂ,
ਆਪ ਜ਼ੁਲਮ ਕਰਦਾ ਨਹੀਂ ਤੇ ਕਿਸੇ ਦਾ ਜਰਦਾ ਨਹੀਂ, ਨਫ਼ਰਤ ਲੈ ਪਿਆਰ ਦਿੰਦਾ ਜਾਂਦਾ ਹੈ। ਇੱਕ
ਚਰਿੱਤਰ ਹੀ ਹੈ ਜੋ ਕੱਖ਼ ਵੀ ਕੋਲ ਨਾ ਹੁੰਦਿਆਂ ਇਨਸਾਨ ਨੂੰ ਮਾਲਾਮਾਲ ਰੱਖਦਾ ਹੈ। ਕਿਉਂਕਿ
ਚੰਗੇ ਚਰਿੱਤਰ ਨੂੰ ਨਾ ਇੱਜ਼ਤ-ਪਿਆਰ ਦੀ ਕਮੀਂ ਰਹਿੰਦੀ ਹੈ ਤੇ ਨਾ ਹੀ ਕਿਸੇ ਪਾਸਿਓਂ ਨਾਂਹ
ਹੁੰਦੀ ਹੈ।
-ਮਿੰਟੂ ਗੁਰੂਸਰੀਆ
ਪਿੰਡ ਤੇ ਡਾਕ: ਗੁਰੂਸਰ ਯੋਧਾ, ਤਹਿ: ਮਲੋਟ (ਸ੍ਰੀ ਮੁਕਤਸਰ ਸਾਹਿਬ)152115
ਸੰਪਰਕ: 95921-56307
e-mail: gurusaria302@yahoo.com
-0-
|