ਜਦੋਂ ਖਹਿੜੇ ਹੀ ਪੈ ਗਈ ਅਤੇ ਰਾਣੀ ਨੂੰ ਮੈਂ ਉਹਦੇ ਘਰ ਲੈ ਗਿਆ। ਚੁਗੱਤਿਆਂ ਦੇ ਵੇਲਿਆਂ
ਦੀਆਂ ਬਣੀਆਂ ਇੱਟਾਂ ਦਾ ਇੱਕ ਸਰਕਾਰੀ ਕੁਆਟਰ ਸੀ, ਜਿਹੜਾ ਲਾਇਲਪੁਰ ਦੇ ਜ਼ਰਾਇਤੀ ਕਾਲਜ ਦੇ
ਖ਼ੂਬਸੂਰਤ ਆਲ-ਦੁਆਲ ਦੇ ਰੁੱਖਾਂ ਵਿੱਚ ਲੁਕਿਆ ਹੋਇਆ ਇੰਜ ਲੱਗਦਾ ਸੀ ਜਿਵੇਂ ਕਿਸੇ ਬਿਜੜੇ ਨੇ
ਸੋਹਣੀ ਥਾਂ ਲੱਭ ਕੇ ਕੁੱਜੇ ਵਰਗਾ ਖਡ੍ਹੋਲਣਾ ਬਣਾ ਲਿਆ ਹੋਵੇ। ਸਰਕਾਰੀ ਹਸਪਤਾਲ ਦੇ ਕਾਮਿਆਂ
ਦੀ ਵਸੋਂ ਲਈ ਇਹ ਥਾਂ ਬੜੀ ਸੋਹਣੀ ਸੀ, ਜਿਹਦੇ ਵਿੱਚ ਇੱਕ ਪੰਛੀ ਰਹਿੰਦਾ ਸੀ। ਮੈਂ ਇਸ ਪੰਛੀ
ਨੂੰ ਓਸੇ ਵੇਲੇ ਛੱਡ ਗਿਆ ਸਾਂ, ਜਦੋਂ ਮੈਨੂੰ ਦਾਣੇ ਦੁਣਕੇ ਲਈ ਬੜੀ ਲੰਮੀ ਉਡਾਰੀ ਮਾਰਨੀ ਪਈ
ਸੀ। ਢਿੱਡ ਦਾ ਰੋਗ ਰਾਤ ਨੂੰ ਸੌਣ ਨਾ ਦੇਵੇ ਤਾਂ ਪਿਆਰ ਦੇ ਪੰਘੂੜੇ ਚੋਂ ਨਿਕਲ ਕੇ ਰੋਟੀ ਲਈ
ਗੋਡਿਆਂ ਪਰਨੇ ਟੁਰਨਾ ਹੀ ਪੈਂਦਾ ਹੈ। ਇਸ ਰੋਟੀ ਨੇ ਬੜਿਆਂ ਬੜਿਆਂ ਨੂੰ ਆਪਣੇ ਪੈਰਾਂ ਨਾਲ
ਗੁੰਨ੍ਹ ਕੇ ਰੱਖ ਦਿੱਤਾ ਹੈ, ਇਸ ਨੇ ਦੇਸ ਛੁਡਾਏ, ਭੈਣਾਂ ਕੋਲੋਂ ਵੀਰ ਅਤੇ ਮਾਵਾਂ ਕੋਲੋਂ
ਮਹਿੰਗੇ ਪੁੱਤ ਖੋਹ ਲਏ। ਢਿੱਡ ਭਰਨ ਲਈ ਕੁੱਖ ਵਿੱਚ ਜੁਦਾਈ ਦੀ ਧੂਣੀ ਧੁਖਾਉਣੀ ਪੈ ਗਈ।
ਮਾਵਾਂ ਨੂੰ ਇੱਕ ਰੋਟੀ ਲਈ ਦੁੱਖਾਂ ਦੇ ਤਪਦੇ ਤੰਦੂਰ ਸੇਕਣੇ ਪੈਂਦੇ ਹਨ। ਮੈਂ ਵੀ ਲਾਇਲਪੁਰ
ਜਿਹੇ ਰੰਗੀਲੇ ਸ਼ਹਿਰ ਨੂੰ ਛੱਡ ਕੇ ਦੁਨੀਆਂ ਦੇ ਬਦਰੰਗ ਜਿਹੇ ਝੇੜਿਆਂ ਵਿੱਚ ਪੈ ਗਿਆ- ਕੋਇਟੇ
ਚਲਾ ਗਿਆ। ਅਜੇ ਮੱਸ ਫੁੱਟੀ ਹੀ ਸੀ, ਅਜੇ ਜੁਆਨੀ ਨਵੀਂ ਨਵੀਂ ਉੱਠੀ ਸੀ ਅਤੇ ਅਜੇ ਨਵੇਂ ਖੰਭ
ਲੈ ਕੇ ਚੁੰਗੀਆਂ ਮਾਰਦੀ ਜਵਾਨੀ ਦੀ ਸੋਮ ਚਿੜੀ ਆਹਲਣੇ ‘ਚੋਂ ਉੱਡੀ ਸੀ। ਉੱਡਦੀ ਨੂੰ ਹੀ
ਰੋਟੀ ਦਾ ਬਾਜ ਪੈ ਗਿਆ। ਲਾਇਲਪੁਰ ਜਿਹੇ ਪੇਂਡੂ ਸ਼ਹਿਰ ਵਿੱਚੋਂ ਇੱਕ ਪਿੰਡ ਦਾ ਜੰਮਪਲ ਕੋਇਟੇ
ਦੀ ਕੈਦ ‘ਚ ਤਾੜ ਦਿੱਤਾ ਜਾਵੇ ਤੇ ਕੀ ਗੁਜ਼ਰਦੀ ਹੋਵੇਗੀ, ਉਹਦੇ ‘ਤੇ। ਉਹਦੇ ਨਾਲੋਂ ਤੇ
ਉੱਚੀਆਂ ਉੱਚੀਆਂ ਕੰਧਾਂ ਵਾਲੀ ਮੱਛ ਜੇਲ੍ਹ ਹੀ ਚੰਗੀ ਸੀ, ਜਿੱਥੋਂ ਮੇਰਾ ਪੰਜਾਬ ਤੇ ਕੁੱਝ
ਨੇੜੇ ਸੀ।
ਬੜਾ ਰੋਇਆ ਸਾਂ ਕੰਧਾਰੀ ਬਾਜ਼ਾਰ ਦੇ ਚੌਂਕ ਚ ਖਲੋ ਖਲੋ ਕੇ ਰਾਤਾਂ ਨੂੰ। ਬੜਾ ਯਾਦ ਆਇਆ ਸੀ
ਉਹ ਪੰਛੀ ਜਿਹੜਾ ਅੱਜ ਜ਼ਰਾਇਤੀ ਕਾਲਜ ਦੇ ਆਹਲਣੇ ‘ਚ ਇਕਲਾਪਾ ਭੋਗ ਰਿਹਾ ਹੈ। ਇਸ ਖਡ੍ਹੋਲਣੇ
‘ਚ ਬਹਿ ਕੇ ਉਹਨੇ ਖ਼ੌਰੇ ਕਿਵੇਂ ਗੁਜ਼ਾਰੇ ਹੋਣਗੇ ਜੁਆਨੀ ਦੇ ਝੱਖੜ, ਜਜ਼ਬਿਆਂ ਦੇ ਮੀਂਹ ਦਾ
ਫ਼ਾਂਡਾ ਅਤੇ ਡੰਡ ਪਾਉਂਦੇ ਸੱਧਰਾਂ ਦੇ ਝੁਲਦੇ ਜੰਮੇ ਸਾਹ। ਪਤਾ ਨਹੀਂ ਕਿਵੇਂ ਡੱਕਿਆ ਹੋਵੇਗਾ
ਸ਼ਰਾਫ਼ਤ ਦੀਆਂ ਬਾਹਵਾਂ ਦਾ ਜੱਫ਼ਾ ਛੁਡਾ ਕੇ ਦੌੜਨ ਵਾਲੀ ਜੁਆਨੀ ਨੂੰ। ਖ਼ੌਰੇ ਕਿਸਰਾਂ ਲੱਤ ਫੜੀ
ਹੋਵੇਗੀ ਸ਼ਰਮ ਹਿਆ ਦੀ ਵਲਗਣ ਵਿੱਚੋਂ ਕੰਧ ਟੱਪ ਕੇ ਬੱਸ ਜਾਣ ਵਾਲੀ ਜੁਆਨੀ ਦੀ- ਬੜੀ ਹੀ ਔਖੀ
ਹੋਈ ਹੋਵੇਗੀ ਉਹ ਜਵਾਨੀ ਦੇ ਫ਼ਿਤਰੀ ਜਜ਼ਬਿਆਂ ਦੇ ਘੋੜੇ ਨੂੰ ਘੇਰਦੀ ਘੇਰਦੀ- ਪਤਾ ਨਹੀਂ
ਕਿੰਨੇ ਕੁ ਜ਼ਖ਼ਮ ਖਾਧੇ ਹੋਣਗੇ ਉਸ ਮੁੰਹ ਜ਼ੋਰ ਘੋੜੇ ਦੇ ਸੁੰਬਾਂ ਨਾਲ। ਅੰਦਰ ਡੱਕੀ ਜਾਸੇ ਤੇ
ਕੀੜੀ ਵੀ ਹੁੱਸੜ ਕੇ ਮਰ ਜਾਂਦੀ ਹੈ। ਉਹ ਤੇ ਫ਼ਿਰ ਇੱਕ ਭਰ ਜੁਆਨ ਕੁੜੀ ਸੀ- ਇੱਕ ਲੰਮ ਸਲੰਮੀ
ਖ਼ੂਬਸੂਰਤ ਕੁੜੀ। ਅੱਗੋਂ ਜ਼ਮਾਨਾ ਇਸ ਤਰ੍ਹਾਂ ਦਾ ਕਿ ਗ਼ਰੀਬ ਕੁੜੀਆਂ ਜੇ ਅਪਣੀ ਸ਼ਰਾਫ਼ਤ ਦੀ
ਝੋਲੀ ਨੂੰ ਘੁੱਟ ਘੁੱਟ ਕੇ ਵੀ ਰੱਖਣ ਅਤੇ ਮੂੰਹ ਮਾਰਨ ਵਾਲੇ ਲੁੱਚੇ ਬੌ ਬੱਕਰੇ ਸਿੰਗ ਮਾਰ
ਕੇ ਚੁੰਨੀ ਪਾੜ ਦੇਂਦੇ ਹਨ। ਰੂੜੀ ਉੱਤੇ ਉੱਗ ਆਉਣ ਵਾਲੇ ਗੁਲਾਬਾਂ ਦੀਆਂ ਰੱਬ ਹੀ ਰਾਖੀਆਂ
ਕਰੇ ਅਤੇ ਉਹ ਜਵਾਨੀ ਹੰਡਾ ਕੇ ਆਪਣੇ ਪੱਤਿਆਂ ਨੂੰ ਰੂੜੀ ਦਾ ਹਿੱਸਾ ਬਣਾ ਜਾਂਦੇ ਹਨ। ਜੇ
ਰੱਬ ਅੱਖ ਫ਼ੇਰ ਲਵੇ ਯਾਂ ਨਸੀਬਾਂ ਨੂੰ ਉਂਘਲਾਅ ਆ ਜਾਵੇ ਅਤੇ ਰੂੜੀ ਦੇ ਗੁਲਾਬ ਨੂੰ ਵੀ ਕੋਈ
ਸਰਕਾਰੀ ਸਾਹਨ ਮਰੁੰਡ ਜਾਂਦਾ ਹੈ।
ਰਾਣੀ ਮਲਿਕ ਨੂੰ ਬੜਾ ਚਾਅ ਹੋਵੇਗਾ ਕਿ ਉਹ ਅਮੀਨ ਮਲਿਕ ਦੀ ਹਿਆਤੀ ਦੇ ਰੁੱਖ ਉੱਤੋਂ ਡਿੱਗੇ
ਇੱਕ ਜ਼ਰਦ ਪੱਤੇ ਨੂੰ ਜ਼ਰਾਇਤੀ ਕਾਲਜ ਵਿੱਚ ਵੇਖਣ ਜਾ ਰਹੀ ਹੈ। ਜਿਸ ਪੱਤੇ ਦੀ ਮੈਂ ਐਵੇਂ
ਰੌਂਅ ‘ਚ ਯਾਂ ਲੋਰ ‘ਚ ਆ ਕੇ ਦੱਸ ਪਾ ਬੈਠਾ ਸਾਂ। ਮੇਰੀ ਹਿਆਤੀ ਵਿੱਚ ਉਂਜ ਵੀ ਇੰਨੇ ਭੁੱਲ
ਭੁਲੇਖੇ, ਝੂਠ ਚਲਾਕੀਆਂ ਯਾਂ ਲੁਕ ਲੁਕਾ ਨਹੀਂ ਕਿ ਵਿਆਹ ਤੋਂ ਬਾਅਦ ਕੀੜੇ ਪਏ ਜ਼ਖ਼ਮਾਂ ਨੂੰ
ਝੂਠ ਦਾ ਵਰਕ ਲਾ ਕੇ ਢੱਕ ਛੱਡਦਾ। ਸੱਚੀ ਗੱਲ ਹੈ ਕਿ ਜੁਆਨੀ ਜਦੋਂ ਦੀ ਗਲਮਿਓਂ ਫੜ ਕੇ
ਸ਼ਰਾਰਤ ਦੀ ਕਿਸੇ ਗਲੀ ‘ਚ ਖੜਦੀ ਤੇ ਚਲਾ ਜਾਂਦਾ ਹੁੰਦਾ ਸਾਂ। ਪਰ ਸ਼ਰਾਰਤ ਨੂੰ ਇਹ ਇਜਾਜ਼ਤ
ਕਦੇ ਨਹੀਂ ਸੀ ਦਿੱਤੀ ਕਿ ਊਹ ਸ਼ਰਾਫ਼ਤ ਦੀਆਂ ਲੀਰਾਂ ਲਾਹ ਸੁੱਟੇ। ਜੁਆਨੀ ਦੇ ਆਖੇ ਲੱਗ ਕੇ
ਕੰਧਾਂ ਕੋਠੇ ਟੱਪ ਕੇ ਹਨੇਰਿਆਂ ਵਿੱਚ ਗਿਆ ਜ਼ਰੂਰ ਸਾਂ ਪਰ ਜੁਆਨੀ ਨੂੰ ਏਡਾ ਵੀ ਛਿੰਦਾ ਨਾ
ਜਾਣਿਆ ਕਿ ਕਿਸੇ ਹਨੇਰੇ ਦਾ ਕਾਲਾ ਡੱਬ ਕਿਸੇ ਦੀ ਚਿੱਟੀ ਚਾਦਰ ਤੇ ਪੈ ਜਾਵੇ। ਕਿਸੇ ਮਹਿੰਗੇ
ਪੁੱਤ ਨੂੰ ਜ਼ਿੱਦ ਕਰਨ ਤੇ ਲੰਗੋਜ਼ਾ ਲੈ ਦਈਦਾ ਹੈ, ਪਰ ਜੇ ਉਹ ਚੰਨ ਮੰਗੇ ਯਾਂ ਸੰਨ੍ਹ ਲਾਣ
ਵਾਲਾ ਸੰਦੇਸਾ ਮੰਗੇ ਤੇ ਡੱਕ ਦੇਣਾ ਚਾਹੀਦਾ ਹੈ।
ਇਸ ਕਰਕੇ ਮੈਂ ਆਪਣੀ ਹਿਆਤੀ ਦੀ ਗੁਥਲੀ ਵਿੱਚੋਂ ਸਾਰੇ ਚੰਗੇ ਮੰਦੇ ਸੰਦ ਕੱਢ ਕੇ ਵਿਆਹ ਦੇ
ਦੂਜੇ ਦਿਹਾੜੇ ਹੀ ਰਾਣੀ ਦੇ ਅੱਗੇ ਖਿਲਾਰ ਦਿੱਤੇ ਸਨ। ਗੱਲ ਵੀ ਇਹ ਹੀ ਚੰਗੀ ਹੈ। ਕਿਓਂ ਜੇ
ਐਬਾਂ ਦੀ ਗੁਥਲੀ ਲੁਕਾਈ ਫ਼ਿਰੀਏ ਤੇ ਕਦੀ ਨਾ ਕਦੀ ਕਿਸੇ ਕੂ ਰੁਖ਼ੇ ਜਿਹੇ ਕੰਧਾਲੇ ਦਾ ਤ੍ਰਿਖ਼ਾ
ਪਾਸਾ ਗੁਥਲੀ ਪਾੜ ਕੇ ਮੂੰਹ ਬਾਹਰ ਕੱਢ ਲੈਂਦਾ ਹੈ ਅਤੇ ਫ਼ੇਰ ਕੰਧਾਲੇ ਦੀ ਇਹ ਵੀ ਚੁੰਝ ਬੰਦੇ
ਦੀ ਵਿਆਹੁਤਾ (ਅਜ਼ਦੂਆਜ਼ੀ) ਜ਼ਿੰਦਗੀ ਦੀ ਵੱਖੀ ਵਿੱਚ ਵੱਜ ਕੇ ਫ਼ੱਟ ਲਾ ਸਕਦੀ ਹੈ।
ਮੇਰਾ ਹਿਆਤੀ ਵਿੱਚ ਮੇਰਾ ਬਿਹਤਰੀਨ ਸਾਥੀ ਅਤੇ ਹਮਦਰਦ ਜਿਹਾ ਫ਼ਾਇਦਾਵੰਦ ਸੰਗੀ ਸਿਰਫ਼ ਸੱਚ ਹੀ
ਹੈ। ਸੱਚ ਨੁੰ ਵੰਝ ਸਮਝ ਲਵੋ ਤੇ ਟੁੱਟੀਆਂ ਹੋਈਆਂ ਬੇੜੀਆਂ ਵੀ ਪਾਰ ਲੰਘ ਜਾਂਦੀਆਂ ਹਨ।
ਰਾਣੀ ਬੜੇ ਚਿਰ ਦੀ ਖਹਿੜੇ ਪਈ ਹੋਈ ਸੀ ਕਿ ਕਿਸੇ ਤਰ੍ਹਾਂ ਸਾਹਿਰਾ (ਫ਼ਰਜ਼ੀ ਨਾਮ) ਮਿਲਾ ਦੇ।
ਮੈਨੂੰ ਉਹਦੇ ਕੋਲੋਂ ਵਿਛੜੇ ਪੰਝੀ ਵਰ੍ਹੇ ਹੋ ਗਏ ਸਨ। ਕਿਹੜੇ ਮੁੰਹ ਨਾਲ ਮਿਲਦਾ। ਵਿੱਛੜਣ
ਲੱਗਿਆਂ ਵਾਹਦਾ ਕੀਤਾ ਸੀ ਕਿ ਅੱਜ ਮੈਂ ਤੇਰੇ ਆਖੇ ਲੱਗ ਕੇ ਹੀ ਤੇਰੀਆਂ ਯਾਦਾਂ ਦੀ ਕਬਰ ਕੱਢ
ਲਵਾਂਗਾ-ਦੱਬ ਦੇਵਾਂਗਾ ਤੈਨੂੰ ਜੁਆਨੀ ਹੱਥੋਂ ਡਿੱਗੇ ਕੋਠੇ ਦੀ ਛੱਤ ਥੱਲੇ--
ਉਹਦੇ ਨਾਲ ਵਿਆਹ ਦੇ ਵਾਅਦੇ ਪਹਿਲਾਂ ਵੀ ਕਦੇ ਨਹੀਂ ਸਨ ਕੀਤੇ। ਪਰ ਹੱਸ ਦੰਦਾਂ ਦੀ ਪ੍ਰੀਤ
ਹੀ ਏਨਾ ਪੈਂਡਾ ਕਰ ਗਈ ਕਿ ਪ੍ਰੀਤ ਨੂੰ ਦੰਦਣ ਪੈ ਗਈ।
ਦਿਲਸ਼ਾਦ ਅਹਿਮਦ ਚੰਨ ਦੇ ਨਾਅਤੀਆ ਪਰਾਗਾ ਦੀ ਮੁੱਖ ਵਖਾਲੀ ਤੋਂ ਵਿਹਲੇ ਹੋ ਕੇ ਹੋਟਲ ‘ਚੋਂ
ਬਾਹਰ ਨਿਕਲੇ ਤਾਂ ਰਾਣੀ ਨੇ ਮੈਨੂੰ ਮੇਰਾ ਵਾਅਦਾ ਚੇਤੇ ਕਰਵਾਇਆ ਕਿ ‘ਕਦੀ ਲਾਇਲਪੁਰ ਗਏ ਤਾਂ
ਤੈਨੂੰ ਸਾਹਿਰਾ ਵਿਖਾਵਾਂਗਾ।”
ਮੈਨੂੰ ਬੜਾ ਖ਼ੌਫ਼ ਆਇਆ। ਕਿਉਂਕਿ ਵੱਸਣ ਤੋਂ ਪਹਿਲਾਂ ਹੀ ਉੱਜੜ ਜਾਣ ਵਾਲੇ ਚੁਬਾਰਿਆਂ ਦੀ
ਢਿੱਠਵਾਹ ਦਾ ਮਲਬਾ ਕਿਸੇ ਹੱਸਾਸ ਬੰਦੇ ਨੂੰ ਵਿੰਨ੍ਹ ਕੇ ਰੱਖ ਦਿੰਦਾ ਹੈ। ਮੈਨੂੰ ਉਹਦੇ
ਕੋਲੋਂ ਵਿਛੜੇ ਨੂੰ ਭਾਂਵੇਂ ਜ਼ਮਾਨੇ ਲੰਘ ਗਏ ਸਨ, ਪਰ ਯਾਦਾਂ ਦੇ ਪਿਛਵਾੜੇ ਕੱਢੀ ਕਬਰ
ਵਿੱਚੋਂ ਉਹ ਕਦੀ ਕਦੀ ਸਿਰ ਕੱਢ ਕੇ ਪੁੱਛ ਲੈਂਦੀ ਹੁੰਦੀ ਸੀ ਕਿ, “ਸੁਣਾ ਕਦੀ ਮੈਨੂੰ ਯਾਦ
ਵੀ ਕੀਤਾ ਈ” ਮੈਂ ਵੀ ਆਪਣੇ ਯਾਰ ਹਫ਼ੀਜ਼ ਮਰਹੂਮ ਕੋਲੋਂ ਉਹਦਾ ਹਾਲ ਚਾਲ ਪੁੱਛ ਲੇਂਦਾ ਹੁੰਦਾ
ਸਾਂ। ਉਹ ਮਹਿਕਮਾ ਸਿਹਤ ‘ਚ ਮੁਲਾਜ਼ਮ ਹੋ ਗਈ ਅਤੇ ਆਪਣੇ ਅੰਦਰ ਸ਼ਰਾਫ਼ਤ ਦੀ ਹੂੰਗਦੀ ਲਾਸ਼ ਲੈ
ਕੇ ਜ਼ਿੰਦਗੀ ਗੁਜ਼ਾਰ ਰਹੀ ਸੀ। ਬੱਸ, ਮੇਰਾ ਸਦੀਆਂ ਤੋਂ ਉਹਦੇ ਨਾਲ ਇਹੋ ਹੀ ਸੰਬੰਧ ਸੀ। ਨਾ
ਕਦੇ ਊਹਨੂੰ ਆਪਣਾ ਹੱਥ ਵਿਖਾਣ ਗਿਆ ਅਤੇ ਨਾ ਹੀ ਉਹਦੀ ਨਬਜ਼ ਨੂੰ ਟੋਹ ਕੇ ਵੇਖਿਆ। ਏਨਾ ਕੁ
ਪਤਾ ਸੀ ਕਿ ਊਹ ਅਜੇ ਵੀ ਜਿਊਂਦੀ ਹੈ--ਆਪਣੇ ਬਿਜੜੇ ਵਰਗੇ ਕੁਆਟਰ ‘ਚ--
ਖ਼ੂਬਸੂਰਤ ਜ਼ਰਾਇਤੀ ਕਾਲਜ ਦੀ ਸੜਕਾਂ ਤੋਂ ਹੁੰਦੀ ਹੋਈ ਕਾਰ ਜਦੋਂ ਇੱਕ ਕੁਆਰਟਰ ਦੇ ਬੂਹੇ
ਅੱਗੇ ਜਾ ਕੇ ਖਲੋਤੀ ਤੇ ਦਿਲ ਬੜੇ ਕਾਹਲੇ ਕਾਹਲੇ ਪੈਰ ਪੁੱਟਣ ਲੱਗ ਪਿਆ। ਕੀ ਹੋਵੇਗਾ? ਕੀ
ਦੱਸਾਂਗਾ? ਰਾਣੀ ਕੌਣ ਹੈ? ਸਦੀਆਂ ਦੇ ਵਿਛੋੜੇ ਨੇ ਕਿਸ ਨੂੰ ਕੀ ਦਿੱਤਾ? ਅਸੀਂ ਇੱਕ ਦੂਜੇ
ਦੇ ਕੀ ਲੱਗਦੇ ਸਾਂ ਅਤੇ ਹੁਣ ਕੀ ਰਿਸ਼ਤਾ ਹੈ?
ਲੱਖਾਂ ਹੀ ਸੁਆਲ ਸਨ। ਪਰ ਜੁਆਬ ਕਿਸੇ ਦਾ ਵੀ ਨਹੀਂ ਸੀ। ਅੱਜ ਮੇਰੇ ਕੋਲੋਂ ਖੁੱਲ੍ਹ ਕੇ
ਨਹੀਂ ਦੱਸਿਆ ਜਾ ਰਿਹਾ ਕਿ ਮੈਨੂੰ ਕੀ ਕੁੱਝ ਮਹਿਸੂਸ ਹੁੰਦਾ ਸੀ। ਪਤਾ ਨਹੀਂ ਉਹ ਇੱਕ ਝਾਕਾ
ਸੀ ਜਾਂ ਨਮੋਸ਼ੀ। ਅਸੀਂ ਇੱਕ ਦੂਜੇ ਦਾ ਕੁੱਝ ਮਾਰ ਕੇ ਦੌੜੇ ਹੋਏ ਵੀ ਨਹੀਂ ਸਾਂ। ਨਾ ਹੀ
ਕਿਸੇ ਨੇ ਕਿਸੇ ਦਾ ਇਤਬਾਰ ਲੁੱਟਿਆ ਸੀ। ਬੱਸ ਕੁੱਝ ਇੰਝ ਦਾ ਖ਼ੌਫ਼ ਜਿਹਾ ਸੀ ਜਿਵੇਂ ਕਿਸੇ
ਅਜਿਹੇ ਕਮਰੇ ਵਿੱਚ ਵੜਨ ਲੱਗਾ ਹਾਂ ਜਿਸ ਵਿੱਚ ਹੁਣੇ ਹੁਣੇ ਕਿਸੇ ਬੰਦੇ ਚੌਂਕੀ ਖਿਡਾ ਕੇ
ਉਹਦੇ ਚੋਂ ਚੰਬੜੀ ਹੋਈ ਚੁੜੇਲ ਕੱਢੀ ਹੈ ਯਾਂ ਰਾਤ ਵੇਲੇ ਮੜੀਆਂ ਵਿੱਚੋਂ ਲਘਣਾ ਪੈ ਗਿਆ
ਹੋਵੇ। ਇੱਕ ਅਣਗੌਲਾ ਜਿਹਾ ਅਹਿਸਾਸ ਸੀ। ਗੱਲ ਇਹ ਵੀ ਨਹੀਂ ਸੀ ਕਿ ਹੁਣ ਉਹਦੇ ਘਰੋਂ ਮੈਨੂੰ
ਕੋਈ ਇਹ ਆਖੇਗਾ ਕਿ “ਤੂੰ ਕੌਣ ਹੋਨਾਂ ਏਂ ਇੱਥੇ ਆਉਣ ਵਾਲਾ” ਹੁਣ ਤੇ ਮੇਰੇ ਹੱਥ ਵਿੱਚ
ਜੁਆਨੀ ਵਰਗੀ ਕੋਈ ਖ਼ਤਰਨਾਕ ਸ਼ੈਅ ਵੀ ਨਹੀਂ ਸੀ - ਜਿਵੇਂ ਬਾਲ ਹੱਥ ਚਾਕੂ।
ਮੈਂ ਅਜੇ ਜੱਕੋ ਤੱਕੀ ਹੀ ਕਰ ਰਿਹਾ ਸਾਂ ਕਿ ਰਾਣੀ ਨੇ ਚਾਈਂ ਚਾਈਂ ਕੁੰਡਾ ਖੜਕਾ ਦਿੱਤਾ।
ਬੂਹਾ ਖੁੱਲ੍ਹਣ ਵਿੱਚ ਚਿਰ ਇਸ ਕਰਕੇ ਲੱਗਾ ਕਿ ਕਾਹਲੀਆਂ ਤਾਂ ਜੁਆਨੀ ਸਾਰੀਆਂ ਹੀ ਆਪਣੇ ਨਾਲ
ਲੈ ਜਾਂਦੀ ਹੈ-ਸਾਹਿਰਾ ਤੇ ਬੜੀ ਦੂਰ ਛੱਡ ਆਈ ਸੀ ਜੁਆਨੀ ਨੂੰ। ਨਾਲੇ ਕੁੰਡਾ ਖੋਲ੍ਹਣ ਦੀ
ਛੇਤੀ ਤਾਂ ਉਸ ਬੰਦੇ ਨੂੰ ਹੁੰਦੀ ਹੈ, ਜਿਹਨੂੰ ਕਿਸੇ ਦੀ ਉਡੀਕ ਹੋਵੇ। ਇੰਤਜ਼ਾਰ ਤੇ ਉਡੀਕਾਂ
ਵੀ ਜੁਆਨੀ ਆਪਣੇ ਨਾਲ ਹੀ ਲੈ ਜਾਂਦੀ ਹੈ। ਹੁਣ ਤੇ ਇੱਕੋ ਹੀ ਸ਼ੈਅ ਦੀ ਉਡੀਕ ਹੁੰਦੀ ਹੈ ਜਿਸ
ਨੇ ਆਪਣੇ ਵਾਅਦੇ ਤੇ ਇੱਕ ਦਿਨ ਜ਼ਰੂਰ ਆਉਣਾ ਹੁੰਦਾ ਹੈ।
ਬੂਹਾ ਖੁੱਲ੍ਹ ਗਿਆ। ਅੱਖਾਂ ਉੱਤੇ ਨਜ਼ਰ ਦੀ ਇੱਕ ਮਹਿੰਗੀ ਜਿਹੀ ਐਨਕ, ਗਲ ਵਿੱਚ ਮਲਮਲ ਦੇ
ਸਸਤੇ ਜਿਹੇ ਲੀੜੇ। ਪੀਲੇ ਵੱਲ ਟੁਰਿਆ ਜਾਂਦਾ ਚਿੱਟਾ ਰੰਗ, ਜਿਹਦੇ ਵਿੱਚ ਕਦੇ ਲਾਲੀ ਹੁੰਦੀ
ਸੀ। ਹੁਣ ਉਹ ਵਾਲ ਚਿੱਟੇ ਸਫ਼ੈਦ ਹੋ ਗਏ ਸਨ ਜਿਹੜੇ ਕਦੇ ਬੜੇ ਹੀ ਲੰਮੇ ਅਤੇ ਕਾਲੇ ਸਿਆਹ
ਹੁੰਦੇ ਸਨ।
ਉਹਨੇ ਬਾਹਰ ਝਾਤੀ ਮਾਰੀ ਅਤੇ ਮੈਂ ਇਵੇਂ ਜੀ ਭਿਆਣਾ ਜਿਹਾ ਹੋ ਕੇ ਰਾਣੀ ਦੇ ਪਿੱਛੇ ਹੋ
ਖਲੋਤਾ। ਉਹਨੇ ਮੱਥੇ ਉੱਤੇ ਦੋ ਕੁ ਵੱਟ ਪਾਏ। ਜਿਸਦਾ ਮਤਲਬ ਇਹ ਸੀ ਕਿ ਉਹ ਰਾਣੀ ਨੂੰ ਨਹੀਂ
ਪਛਾਣਦੀ। ਮੈਂ ਨੰਗਾ ਹੋ ਗਿਆ ਅਤੇ ਉਹ ਵੇਖ ਕੇ ਮੁਸਕਰਾਈ। ਅਸੀਂ ਦੋਵੇਂ ਅੰਦਰ ਲੰਘ ਗਏ।
ਸਾਨੂੰ ਦੋ ਕੁਰਸੀਆਂ ਦੇ ਕੇ ਉਹ ਆਪਣੀ ਮੰਜੀ ਉੱਤੇ ਬਹਿ ਕੇ ਹੀ ਸਿਰ ਦੀ ਚੁੰਨੀ ਸੁਆਹਰੀ ਕਰ
ਕੇ ਆਖਣ ਲੱਗੀ, “ਅੱਜ ਤੁਸੀਂ ਕਿੱਸਰਾਂ ਭੁੱਲ ਆਏ?”
ਰਾਣੀ: ਤੁਹਾਨੁੰ ਵੇਖਣ ਤੇ ਮੇਰਾ ਬੜਾ ਹੀ ਜੀਅ ਕਰਦਾ ਸੀ।
ਸਾਹਿਰਾ: ਮੈਨੂੰ ਤੁਹਾਡੇ ਜੀਅ ਵਿੱਚ ਕਿਸ ਨੇ ਵਾੜ ਦਿੱਤਾ?
ਰਾਣੀ: ਅਮੀਨ ਨੇ- ਜਿਹਦੇ ਦਿਲ ਵਿੱਚ ਤੁਸੀਂ ਰਹਿੰਦੇ ਹੋ”
ਸਾਹਿਰਾ: ਰਹਿੰਦੀ ਹਾਂ ਯਾਂ ਰਹਿੰਦੀ ਸਾਂ?”
ਰਾਣੀ: ਇਹ ਤੇ ਰੱਬ ਹੀ ਜਾਣਦਾ ਹੈ। ਪਰ ਹੁਣ ਤੁਸੀਂ ਮੇਰੇ ਦਿਲ ਵਿੱਚ ਰਹਿੰਦੇ ਹੋ।
ਸਾਹਿਰਾ: ਚਲੋ ਚੰਗਾ ਹੋਇਆ ਅਮੀਨ ਸਾਹਿਬ ਨੇ ਆਪਣੇ ਦਿਲ ‘ਚੋਂ ਕੱਢ ਕੇ ਤੁਹਾਡੇ ਦਿਲ ਵਿੱਚ
ਰੱਖ ਦਿੱਤਾ। ਕੋਈ ਰੌਣਕ ਤੇ ਲੱਭੇਗੀ ਤੁਹਾਡੇ ਦਿਲ ਵਿੱਚ।”
ਰਾਣੀ: ਕੀ ਗੱਲ ਅਮੀਨ ਦਾ ਦਿਲ ਬੰਜਰ ਹੀ ਸੀ?
ਸਾਹਿਰਾ: ਹੋ ਸਕਦੈ ਹੁਣ ਤੁਸਾਂ ਕੁੱਝ ਬੀਜ ਦਿੱਤਾ ਹੋਵੇ। ਉਸ ਵੇਲੇ ਤੇ ਗ਼ਮਗ਼ੀਨ ਜਿਹੇ ਗਾਣੇ
ਸੁਣ ਕੇ ਐਵੇਂ ਰੋਣ ਦੇ ਬਹਾਨੇ ਹੀ ਲੱਭਦਾ ਹੁੰਦਾ ਸੀ।
ਥੋੜ੍ਹਾ ਜਿਹਾ ਸੋਚ ਕੇ ਸਾਹਿਰਾ ਫ਼ੇਰ ਬੋਲੀ ਅਤੇ ਆਖਣ ਲੱਗੀ, “ਦਰਅਸਲ ਬਚਪਨ ਦੀਆਂ
ਮਹਿਰੂਮੀਆਂ ਖ਼ੌਰੇ ਹਰ ਵੇਲੇ ਇਹਨਾਂ ਦਾ ਪਿੱਛਾ ਕਰਦੀਆਂ ਰਹਿੰਦੀਆਂ ਸਨ। ਵੈਸੇ ਜਦੋਂ ਇਹ
ਖ਼ੂਬਸੂਰਤ ਗੱਲਾਂ ਕਰਦਾ ਸੀ ਤੇ ਬੰਦੇ ਨੂੰ ਮਸਹੂਰ (ਜਾਦੂ) ਕਰ ਕੇ ਰੱਖ ਦੇਂਦਾ ਸੀ। ਮੈਂ ਤੇ
ਇਸ ਨੂੰ ਸਿਰਫ਼ ਸੁਣਿਆ ਹੀ ਸੀ, ਪੜ੍ਹ ਕੇ ਤੇ ਰਾਣੀ ਜੀ ਤੁਸਾਂ ਹੀ ਵੇਖਿਆ ਹੀ ਹੋਵੇਗਾ। ਹੋ
ਸਕਦਾ ਹੈ ਬੜੇ ਚੰਗੇ ਚੰਗੇ ਚੈਪਟਰ ਵੀ ਹੋਣ।” (ਸਾਰੇ ਹੱਸਣ ਲੱਗ ਪਏ)
ਰਾਣੀ: ਸਾਹਿਰਾ ਜੀ ਆਪਣੇ ਮੁੰਹੋਂ ਦੱਸੋ ਕਿ ਤੁਸੀਂ ਦੋਹਵੇਂ ਕਿਵੇਂ ਮਿਲੇ ਅਤੇ ਵਿੱਛੜੇ
ਕਿਓਂ? ਮੈਂ ਤੁਹਾਡੇ ਮੂੰਹੋਂ ਸੱਚ ਸੁਣਨਾ ਚਾਹਵਾਂਗੀ।
ਸਾਹਿਰਾ: ਕੀ ਗੱਲ, ਅਮੀਨ ਸਾਹਿਬ ਦੇ ਮੂੰਹੋਂ ਸੁਣੀਆਂ ਗੱਲਾਂ ਤੇ ਝੂਠ ਦਾ ਗੁਮਾਨ ਹੁੰਦਾ
ਸੀ। ਜੇ ਇਹ ਝੂਠੇ ਹੁੰਦੇ ਤੇ ਅੱਜ ਤੁਹਾਨੂੰ ਮੇਰੇ ਘਰ ਹੀ ਨਾ ਲੈ ਕੇ ਆਉਂਦੇ। ਇਹਨਾਂ ਦੀਆਂ
ਖ਼ੂਬਸੂਰਤ ਗੱਲਾਂ ਤੋਂ ਇਲਾਵਾ ਇਹਨਾਂ ਕੋਲ ਕੋਈ ਖ਼ੂਬਸੂਰਤ ਚੀਜ਼ ਹੈ ਤਾਂ ਉਹ ਹੈ ਇਹਨਾਂ ਦੀ
ਸੱਚਾਈ। ਜੇ ਸੱਚ ਪੁੱਛੋ ਤੇ ਮੈਨੂੰ ਅਮੀਨ ਸਾਹਿਬ ਨਾਲੋਂ ਇਹਨਾਂ ਦੇ ਸੱਚ ਨਾਲ ਪਿਆਰ ਹੈ।
ਸੱਚ ਦੇ ਮੁਆਮਲੇ ਵਿੱਚ ਇਸ ਨੇ ਆਪਣੇ ਘਰ ਬਾਰੇ ਵੀ ਉਹ ਗੱਲਾਂ ਦੱਸ ਦਿੱਤੀਆਂ ਜਿਹੜੀਆਂ ਹਰ
ਬੰਦਾ ਛੁਪਾ ਲੈਂਦਾ ਹੈ। ਇਸ ਨੇ ਜਿਹੜਾ ਮੇਰੇ ਨਾਲ ਆਖ਼ਰੀ ਵਾਅਦਾ ਕੀਤਾ ਸੀ ਉਸ ਨੂੰ ਵੀ ਸੱਚ
ਕਰ ਵਿਖਾਇਆ। ਉਹ ਵਾਅਦਾ ਅਮੀਨ ਸਾਹਿਬ ਨੇ ਅੱਜ ਹੀ ਤੋੜਿਆ ਹੈ। ਪਰ ਅੱਜ ਇਹ ਵਾਅਦਾ ਟੁੱਟਣ
ਨਾਲ ਮੈਨੂੰ ਖ਼ੁਸ਼ੀ ਹੋਈ ਹੈ। ਰਹਿ ਗਈ ਇਹ ਗੱਲ ਕਿ ਅਸੀਂ ਮਿਲੇ ਕਿਸਰਾਂ ਅਤੇ ਵਿੱਛੜੇ ਕਿਓਂ?
ਅਸੀਂ ਮਿਲਣ ਵਾਸਤੇ ਤੇ ਮਿਲੇ ਹੀ ਨਹੀਂ ਸਾਂ। ਬੱਸ ਏਨਾ ਕੁ ਹੀ ਹੈ ਸੀ ਕਿ ਸਾਡਾ ਇੱਕ ਦੂਜੇ
ਨੂੰ ਮਿਲਣ ਤੇ ਜੀ ਕਰਦਾ ਹੁੰਦਾ ਸੀ। ਮਿਲਣ ਏਨਾ ਪੱਕਾ ਨਹੀਂ ਸੀ ਕੀਤਾ ਕਿ ਵਿਛੋੜਾ ਅਜ਼ਾਬ ਬਣ
ਜਾਏ। ਤੁਸਾਂ ਪੁੱਛਿਆ ਕਿ ਮਿਲੇ ਕਿਸ ਤਰ੍ਹਾਂ। ਇਹ ਤੇ ਅਮੀਨ ਸਾਹਿਬ ਨੇ ਦੱਸਿਆ ਹੀ ਹੋਵੇਗਾ
ਕਿ ਮੇਰੇ ਸਭ ਤੋਂ ਨਿਕੇ ਖਾਲੂ ਇਹਨਾਂ ਦੇ ਕਲਾਸ ਫ਼ੈਲੋ ਸਨ। ਉਹਨਾਂ ਨਾਲ ਕਦੀ ਕਦੀ ਇਹ ਸਾਡੇ
ਘਰ ਆਉਂਦੇ ਹੁੰਦੇ ਸਨ। ਮੇਰੀਆਂ ਅੱਖਾਂ ਨੂੰ ਤੇ ਕੋਈ ਖ਼ਾਸ ਖਿੱਚ ਨਾ ਪਾਈ, ਪਰ ਕੰਨਾਂ ਨੇ
ਬੜਾ ਅਸਰ ਕਬੂਲ ਕੀਤਾ। ਜਦੋਂ ਇਹ ਕੋਈ ਦੁੱਖ ਭਰੀ ਆਪਣੀ ਕੋਈ ਕਹਾਣੀ ਸੁਣਾਉਂਦੇ ਤੇ ਸੁਣ ਕੇ
ਜੋ ਕੁੱਝ ਹੁੰਦਾ ਸੀ, ਉਸ ਨੂੰ ਹਮਦਰਦੀ ਆਖ ਲਵੋ ਜਾਂ ਪਿਆਰ। ਜਦੋਂ ਇਹ ਆਮ ਗੱਲਾਂ ਕਰਦੇ ਤੇ
ਹਾਸੇ ਹੀ ਹਾਸੇ ਹੀ ਸਨ। ਬੱਸ ਇੱਕ ਤਾਂਘ ਜਿਹੀ ਸੀ ਜਿਸ ਨੂੰ ਉਡੀਕ ਆਖ ਲਵੋ। ਹੌਲੀ ਹੌਲੀ
ਰਾਹ ਰਸਮ ਵੱਧ ਗਿਆ। ਸਾਡੇ ਅੰਮੀਂ ਜੀ ਇਹਨਾਂ ਨੂੰ ਬੜਾ ਪਿਆਰ ਕਰਦੇ ਸਨ। ਲੇਕਿਨ ਅੱਬਾ ਜੀ
ਦੇ ਚਿਹਰੇ ਤੇ ਬੇਜ਼ਾਰੀ ਸੀ। ਕਰਦਿਆਂ ਕਰਦਿਆਂ ਇਹਨਾਂ ਕੋਲੋਂ ਨਿੱਕੀ ਜਿਹੀ ਭੁੱਲ ਹੋ ਗਈ।
ਉਮੀਦ ਹੈ, ਤੁਹਾਨੂੰ ਦੱਸ ਹੀ ਛੱਡੀ ਹੋਣੀ ਏਂ। ਜੇ ਨਹੀਂ ਤਾਂ ਹੁਣ ਪੁੱਛ ਲਵੋ। ਉਮੀਦ
ਕਰਾਂਗੀ ਕਿ ਇਹ ਝੂਠ ਨਹੀਂ ਬੋਲਣਗੇ। ਰਹਿ ਗਈ ਗੱਲ ਵਿੱਛੜਣ ਦੀ-- ਵਿਛੜਨਾ ਤੇ ਹੈਗਾ ਈ ਸੀ।
ਪਰ ਵਿਛੋੜੇ ਦਾ ਸੀਨ ਬੜਾ ਡਰਾਓਣਾ, ਦਰਦਨਾਕ ਅਤੇ ਡਰਾਮਾਮਈ ਸੀ। ਇਹ ਗ਼ਲਤੀ ਮੇਰੇ ਕੋਲੋਂ ਹੋਈ
ਯਾਂ ਮੇਰੀਆਂ ਛੋਟੀਆਂ ਦੋ ਭੈਣਾਂ ਕੋਲੋਂ। ਉਹ ਅਮੀਨ ਸਾਹਿਬ ਨਾਲ ਬੜਾ ਪਿਆਰ ਕਰਦੀਆਂ ਸਨ। ਜੇ
ਸਾਰਾ ਕੁੱਝ ਸੁਣ ਚੁੱਕੇ ਹੋ ਤੇ ਖ਼ੈਰ। ਜੇ ਤਫ਼ਸੀਲ ਦਰਕਾਰ ਹੈ ਤੇ ਮੈਂ ਅਮੀਨ ਸਾਹਿਬ ਅੱਗੇ
ਮਿੰਨਤ ਕਰਾਂਗੀ ਕਿ ਉਹ ਤੁਹਾਨੂੰ ਹੂ-ਬ-ਹੂ
ਸੁਣਾ ਦੇਣ। ਹੁਣ ਮੈਂ ਤੁਹਾਡੇ ਲਈ ਚਾਹ ਦਾ ਇੰਤਜ਼ਾਮ ਕਰਾਂ। ਨਾਲੇ ਅੱਜ ਮੇਰੇ ਕੋਲ ਹੀ ਰਹੋ।”
ਸਾਹਿਰਾ ਉੱਠਣ ਲੱਗੀ ਤੇ ਰਾਣੀ ਨੇ ਫੜ ਲਿਆ। ਬਿਠਾ ਕੇ ਕਹਿਣ ਲੱਗੀ, “ਚਾਹ ਨਾਲੋਂ ਤੁਹਾਡੀਆਂ
ਗੱਲਾਂ ਬਹੁਤੀਆਂ ਸੁਆਦੀ ਹਨ। ਇਹ ਦੱਸੋ ਕਿ ਹੁਣ ਤੁਸੀ ਇਕੱਲੇ ਹੀ ਰਹਿ ਰਹੇ ਹੋ? ਅੱਜ ਤੀਕ
ਸ਼ਾਦੀ ਕਿਉਂ ਨਾ ਕਰਾਈ? ਕੀ ਅਮੀਨ ਦੇ ਮਿਲਣ ਤੋਂ ਬਾਅਦ ਕੋਈ ਮਿਲਿਆ ਹੀ ਨਹੀਂ ਜਾਂ ਕੋਈ ਚੰਗਾ
ਹੀ ਨਾ ਲੱਗਾ?”
ਸਾਹਿਰਾ ਨੇ ਸਿਰ ਤੋਂ ਚੁੰਨੀ ਨੂੰ ਸੁਆਹਰਾ ਕੀਤਾ ਅਤੇ ਐਨਕ ਲਾਹ ਕੇ ਥੱਲੇ ਰੱਖਦਿਆਂ ਬੋਲੀ,
“ਸ਼ਾਦੀ ਲਈ ਤੇ ਕਦੇ ਅਮੀਨ ਸਾਹਿਬ ਬਾਰੇ ਵੀ ਨਹੀਂ ਸੀ ਸੋਚਿਆ ਪਰ ਅਮੀਨ ਸਾਹਿਬ ਦੇ ਵਿਛੜਨ
ਵਾਲੇ ਡਰਾਮਾਮਈ ਹਾਦਸੇ ਨੇ ਬੜਾ ਹੀ ਚਿਰ ਅੱਧਮੋਇਆ ਜਿਹਾ ਕਰ ਛੱਡਿਆ। ਇਹ ਅੁਹਿਸਾਸ ਕਈ
ਵਰ੍ਹਿਆਂ ਤੱਕ ਝੰਜੋੜਦਾ ਰਿਹਾ ਕਿ ਮੇਰੀ ਵਜ੍ਹਾ ਨਾਲ ਇੱਕ ਬੜੇ ਹੀ ਸ਼ਰੀਫ਼ ਇਨਸਾਨ ਦੀ
ਨਾਕਾਬਲੇ ਤਲਾਫ਼ੀ ਹੱਤਕ ਕਿਓਂ ਹੋਈ। ਹੋ ਸਕਦਾ ਹੈ ਕਿ ਦੱਸ ਲੱਗਿਆਂ ਅਮੀਨ ਸਾਹਿਬ ਝਿਜਕ
ਮਹਿਸੂਸ ਕਰਨ ਪਰ ਇੱਕ ਵੇਰਾਂ ਫ਼ੇਰ ਮਿੰਨਤ ਕਰਾਂਗੀ ਕਿ ਹਮੇਸ਼ਾਂ ਦੀ ਤਰ੍ਹਾਂ ਸਾਰਾ ਕੁੱਝ ਸੱਚ
ਸੱਚ ਬਿਆਨ ਕਰ ਦੇਣ। ਇਹ ਆਪਣੇ ਮੂੰਹੋਂ ਸੁਣਾਣਗੇ ਤੇ ਦੁੱਖ ਦਾ ਸੁਆਦ ਦੁਗਣਾ ਹੋਵੇਗਾ। ਬੱਸ
ਰਾਣੀ ਜੀ ਇਸ ਇਹਸਾਸ ਤੋਂ ਬਹਾਰ ਨਿਕਲੀ ਤੇ ਬੜੀ ਦੇਰ ਹੋ ਚੁੱਕੀ ਸੀ। ਕਈ ਰਿਸ਼ਤੇ ਆਏ। ਕੁੱਝ
ਅ਼ੱਖਾਂ ਨੂੰ ਨਾ ਭਾਏ ਤੇ ਕੁੱਝ ਤਬੀਅਤ ਨੇ ਰੱਦ ਕਰ ਦਿੱਤੇ। ਗ਼ਰੀਬ ਮਾਂ-ਪਿਓ ਦਾ ਬੋਝ ਵੀ
ਮੇਰੇ ਮੋਢਿਆਂ ਤੇ ਆ ਪਿਆ। ਫ਼ੇਰ ਨਿੱਕੀਆਂ ਤਿੰਨ ਭੈਣਾਂ ਵਿਆਹੁੰਦੀ-ਵਿਆਹੁੰਦੀ ਮੈਂ ਵਿਆਹ ਦੇ
ਦਾਇਰੇ ਤੋਂ ਬਾਹਰ ਨਿਕਲ ਗਈ। ਜਦੋਂ ਕੰਮ ਮੁੱਕੇ ਤੇ ਵਾਲਦੈਨ ਚਲਾਣਾ ਕਰ ਗਏ। ਭਰਾ ਵਿਆਹ ਕਰਾ
ਕੇ ਦੁਬਈ ਚਲਾ ਗਿਆ। ਭੈਣਾਂ ਸਸੁਰਾਲ ਜਾ ਵੱਸੀਆਂ।”
ਇਹ ਆਖਦੀ-ਆਖਦੀ ਸਾਹਿਰਾ ਦੀਆਂ ਅੱਖਾਂ ‘ਚੋਂ ਦੋ ਮੋਟੇ ਮੋਟੇ ਹੰਝੂ ਉਹਦੇ ਫ਼ਰਸ਼ਿਤਿਆਂ ਵਰਗੇ
ਚਿਹਰੇ ਚੋਂ ਢਲਕ ਕੇ ਉਹਦੀ ਝੋਲੀ ਵਿੱਚ ਡਿੱਗ ਪਏ। ਰਾਣੀ ਨੇ ਉੱਠ ਕੇ ਉਹਨੂੰ ਜੱਫ਼ੀ ਪਾ ਲਈ
ਅਤੇ ਮਾਹੌਲ ਗੰਭੀਰ ਜਿਹਾ ਹੋ ਗਿਆ। ਰਾਣੀ ਨੇ ਮੈਨੂੰ ਇਸ਼ਾਰਾ ਕੀਤਾ ਕਿ ਕੋਈ ਗੱਲ ਕਰ। ਮੈਂ
ਗੱਲ ਨੂੰ ਮੋੜਾ ਦੇ ਕੇ ਆਖਿਆ ਜੇ ਸਾਡੇ ਆਉਣ ਦੀ ਖ਼ੁਸ਼ੀ ‘ਚ ਹੰਝੂਆਂ ਦੀ ਛੂਟ ਹੀ ਹੋਣੀ ਸੀ ਤੇ
ਅਸੀਂ ਕਾਹਨੂੰ ਤੁਹਾਡੇ ਘਰ ਢੁੱਕ ਪਏ। ਸਾਹਿਰਾ ਨੇ ‘ਸੌਰੀ’ ਆਖ ਕੇ ਮਜਬੂਰੀ ਨੂੰ ਹਾਸਾ ਬਣਾ
ਲਿਆ।
ਰਾਣੀ ਨੇ ਉਹਦੇ ਸਿਰ ਨੂੰ ਆਪਣੇ ਮੋਢੇ ਨਾਲ ਲਾਇਆ ਤੇ ਇੰਝ ਲੱਗਾ ਜਿਵੇਂ ਕੜਾਂਕੇ ਦੀ ਧੁੱਪ
ਸ਼ਰੀਂਹ ਦੀ ਛਾਂ ਨੂੰ ਗਲ ਮਿਲ ਰਹੀ ਹੈ। ਦੋ ਚਾਰ ਏਧਰ ਓਧਰ ਦੀਆਂ ਗੱਲਾਂ ਕਰ ਕੇ ਰਾਣੀ ਨੇ
ਫ਼ੇਰ ਆਖਿਆ, “ਸੁਆਲ ਤੇ ਔਖਾ ਜਿਹਾ ਹੈ ਸਾਹਿਰਾ ਬਾਜੀ, ਪਰ ਜੁਆਬ ਜ਼ਰੂਰ ਦਿਓ ਕਿ ਜੇ ਅਮੀਨ
ਸਾਹਿਬ ਵੱਲੋਂ ਕੋਈ ਵਿਆਹ ਦੀ ਪਰੋਪੋਜ਼ਲ ਲੈ ਕੇ ਆਉਂਦਾ ਤਾਂ ਤੁਹਾਡਾ ਰਵੱਈਆ ਕੀ ਹੋਣਾ ਸੀ?”
ਸਾਹਿਰਾ ਕੁੱਝ ਅਫ਼ਸੋਸ ਵਰਗੇ ਹਾਸੇ ਨੂੰ ਹੋਠਾਂ ‘ਚ ਖਡਾਉਂਦੀ ਰਹੀ ਅਤੇ ਆਪਣੀ ਐਨਕ ਨੂੰ
ਚੁੰਨੀ ਨਾਲ ਸਾਫ਼ ਕਰ ਕੇ ਅੱਖਾਂ ਨੂੰ ਲਾ ਕੇ ਆਖਣ ਲੱਗੀ, “ਰਾਣੀ ਮੈਂ ਤੈਨੂੰ ਹੀ ਪੁੱਛਾਂਗੀ
ਕਿ ਜੇ ਇਹੀ ਅਮੀਨ ਤੈਨੂੰ ਅਗਲੇ ਜਨਮ ‘ਚ ਮਿਲੇ ਤੇ ਕੀ ਤੂੰ ਇਨਕਾਰ ਕਰੇਂਗੀ?” ਰਾਣੀ ਹੱਸ ਕੇ
ਆਖਣ ਲੱਗੀ, “ਬਾਜੀ ਇਹ ਤੇ ਕੋਈ ਜਵਾਬ ਨਾ ਹੋਇਆ। ਕਿਸੇ ਸੁਆਲ ਦਾ ਜਵਾਬ ਸੁਆਲ ਵਿੱਚ ਹੀ ਤੇ
ਨਹੀਂ ਹੁੰਦਾ।”
ਸਾਹਿਰਾ ਨੇ ਆਖਿਆ, “ਰਾਣੀ ਤੁਹਾਡੇ ਸਵਾਲ ਦਾ ਜਵਾਬ ਤੇ ਵਾਜ਼ੇ ਹੈ, ਬੱਸ ਮਜ਼ੀਦ ਇੰਨਾ ਹੀ
ਕਹਾਂਗੀ ਕਿ ਵਕਤ ਹਰ ਕਿਸੇ ਤੇ ਮਿਹਰਬਾਨ ਨਹੀਂ ਹੁੰਦਾ। ਜੇ ਮੈਂ ਉਸ ਵੇਲੇ ਅਮੀਨ ਸਾਹਿਬ
ਵਾਸਤੇ ਫ਼ੈਸਲਾ ਕਰ ਲੈਂਦੀ ਤੇ ਮੇਰਾ ਫ਼ੈਸਲਾ ਕੋਈ ਬੁਰਾ ਨਹੀਂ ਸੀ। ਅੱਜ ਬਤੌਰ ਬੀਵੀ ਰਾਣੀ
ਆਪਣੇ ਮੀਆਂ ਤੇ ਫ਼ਖ਼ਰ ਕਰਦੀ ਹੈ। ਖਾਵੰਦ ਉਹਦਾ ਹੱਥ ਫੜ ਕੇ ਟੁਰਦਾ ਹੈ। ਊਹਦੇ ਸਾਹ ਨਾਲ ਸਾਹ
ਲੈਂਦਾ ਹੈ ਅਤੇ ਪਿਆਰ ਮੁਹੱਬਤ ਵੰਡਦਾ ਹੈ।”
ਉਹ ਅਜੇ ਗੱਲਾਂ ਹੀ ਕਰ ਰਹੀ ਸੀ ਤੇ ਰਾਣੀ ਹੱਸ ਕੇ ਆਖਣ ਲੱਗੀ, “ਇਹ ਸਾਰਾ ਕੁੱਝ ਤੁਹਾਨੁੰ
ਕਿੱਸਰਾਂ ਪਤਾ ਹੈ?” ਰਾਣੀ ਦਾ ਇਹ ਸਵਾਲ ਸੁਣ ਕੇ ਸਾਹਿਰਾ ਦੇ ਚਿਹਰੇ ਤੇ ਥੋੜ੍ਹੀ ਜਿਹੀ
ਘਬਰਾਹਟ ਆਈ ਤੇ ਗੱਲ ਨੂੰ ਦੂਜੇ ਪਾਸੇ ਖੜਨ ਲਈ ਫ਼ੇਰ ਚਾਹ ਲਈ ਉੱਠੀ। ਉਹਨੁੰ ਇੰਜ ਲੱਗਾ
ਜਿਵੇਂ ਕਿਸੇ ਲੁਕਾਅ ਦੇ ਕੱਜੇ ਹੋਏ ਕੁੱਜੇ ਉੱਤੋਂ ਰਾਜ਼ ਦਾ ਢੱਕਣ ਚੁੱਕਿਆ ਚੱਲਿਆ ਹੈ।
ਚਾਹ ਪੀਂਦਿਆਂ ਸਾਰੇ ਘਰ ਵੱਲ ਧਿਆਨ ਮਾਰ ਕੇ ਪਤਾ ਲੱਗਿਆ ਕਿ ਇਸ ਘਰ ਵਿੱਚ ਨਾ ਤੇ ਕੋਈ ਦੂਜਾ
ਬੰਦਾ ਰਹਿੰਦਾ ਹੈ ਅਤੇ ਪਰਾਹੁਣਾ ਵੀ ਸ਼ਾਇਦ ਹੀ ਕੋਈ ਆਉਂਦਾ ਹੋਵੇਗਾ। ਇਸ ਭਰੀ ਦੁਨੀਆਂ ਵਿੱਚ
ਸਾਹਿਰਾ ਦਾ ਸੱਖਣਾ, ਸੱਖਣਾ ਘਰ, ਚਾਰ ਹੀ ਚਾਹ ਦੇ ਪਿਆਲੇ ਅਤੇ ਇੱਕ ਮੰਜੀ ਉੱਤੇ ਵਿਛਿਆ
ਹੋਇਆ ਬਿਸਤਰਾ। ਇੱਕ ਦੂਜੀ ‘ਚ ਫ਼ਸਾ ਕੇ ਇੱਕ ਨੁੱਕਰੇ ਟੰਗੀਆਂ ਹੋਈਆਂ ਧੂੜ ਨਾਲ ਲਿੱਬੜੀਅਘਾਂ
ਦੋ ਮੰਜੀਆਂ ਅਤੇ ਕਮਰੇ ਵਿੱਚ ਠੋਕੀਆਂ ਹੋਈਆਂ ਲੀੜਿਆਂ ਲਈ ਸਿਰਫ਼ ਦੋ ਹੀ ਕਿੱਲੀਆਂ ਸਨ।
ਦਿਲ ਦਾ ਵਿਹੜਾ ਉੱਜੜ ਜਾਏ ਤੇ ਉਸ ਖ਼ਾਨਾ ਖ਼ਰਾਬ ਘਰ ਦੇ ਸਾਰੇ ਖ਼ਾਨੇ ਖਾਲੀ ਹੋ ਜਾਂਦੇ ਹਨ।
ਸਾਹਿਰਾ ਨੂੰ ਪੁੱਛਣ ਤੇ ਦਿਲ ਤਾਂ ਬੜਾ ਕਰਦਾ ਸੀ ਕਿ ਇਸ ਘਰ ਵਿੱਚ ਕੋਈ ਦੂਸਰਾ ਹੈ ਵੀ ਕਿ
ਨਹੀਂ। ਪਰ ਇਸ ਸਵਾਲ ਦੇ ਜੁਆਬ ਵਿੱਚੋਂ ਫ਼ਨ ਖ਼ਲਾਰ ਕੇ ਖਲੋ ਜਾਣ ਵਾਲੇ ਫ਼ਨੀਅਰ ਡਰਾ ਜਾਂਦੇ
ਸਨ। ਜੀ ਨਹੀਂ ਸੀ ਕਰਦਾ ਕਿ ਐਡੇ ਪੁਰਾਣੇ ਫੱਟ ਤੋਂ ਲੀੜਾ ਚੁੱਕਣ ਲਈ। ਕੀ ਪਤਾ ਫ਼ੱਟ ਲੱਗਣ
ਵਾਲੇ ਨਾਲੋਂ ਵੇਖਣ ਵਾਲੇ ਦੀਆਂ ਬਹੁਤੀਆਂ ਡਾਡਾਂ ਨਿਕਲ ਜਾਂਦੀਆਂ।
ਮਾਹੌਲ ਦਾ ਮੁਹਾਂਦਰਾ ਬਦਲਣ ਲਈ ਰਾਣੀ ਨੇ ਮੇਰੀ ਸ਼ਿਅਰੋ ਸ਼ਾਇਰੀ ਦਾ ਕਿੱਸਾ ਛੋਹ ਲਿਆ। ਅਤੇ
ਸਾਹਿਰਾ ਆਖਣ ਲੱਗੀ, “ਸ਼ਾਇਰੀ ਬਾਰੇ ਤੇ ਮੈਂ ਕੁੱਝ ਆਖ ਨਹੀਂ ਸਕਦੀ ਪਰ ਜੇ ਇਹ ਕਹਾਣੀਆਂ
ਲਿਖਦੇ ਹਨ, ਤੇ ਉਹ ਜ਼ਰੂਰ ਪੜ੍ਹਨ ਦੇ ਲਾਇਕ ਹੋਣਗੀਆਂ। ਕਿਉਂਕਿ ਇਹਨਾਂ ਦੀ ਤੇ ਆਮ ਜਿਹੀ ਗੱਲ
ਵੀ ਕਹਾਣੀ ਜਿਡਾ ਸਵਾਦ ਦਿੰਦੀ ਹੈ। ਤੁਸਾਂ ਦੱਸਿਆ ਹੈ ਕਿ ਕਹਾਣੀਆਂ ਦੀ ਦੂਜੀ ਕਿਤਾਬ ਵੀ
ਤਿਆਰ ਹੈ। ਜੇ ਛਪ ਜਾਵੇ ਤੇ ਮੈਨੂੰ ਜ਼ਰੂਰ ਰਵਾਨਾ ਕਰਿਓ।” ਰਾਣੀ ਨੇ ਹੈਰਾਨ ਹੋ ਕੇ ਪੁੱਛਿਆ
ਕਿ ਤੁਸੀਂ ਇਹਨਾਂ ਦੀ ‘ਗੁੰਗੀ ਤਰੇਹ’ ਪੜ੍ਹ ਲਈ ਹੈ?” ਸਾਹਿਰਾ ਪਰੇਸ਼ਾਨ ਜਿਹੀ ਹੋ ਕੇ ਆਖਣ
ਲੱਗੀ, “ਹਾਏ ਮੈਂ ਕਿੱਥੋਂ ਪੜ੍ਹਨੀ ਸੀ, ਮੇਰਾ ਮਤਲਬ ਹੈ ਕਿ ਪਹਿਲੀ ਦੇ ਨਾਲ ਦੂਜੀ ਵੀ ਜ਼ਰੂਰ
ਘੱਲ ਦਿਓ।” ਚਾਹ ਪੀ ਕੇ ਉੱਠਣ ਲੱਗੇ ਤੇ ਰਾਣੀ ਨੇ ਇੱਕ ਵੇਰਾਂ ਫ਼ੇਰ ਆਪਣੇ ਸੁਆਲ ਨੂੰ ਦੁਹਰਾ
ਕੇ ਆਖਿਆ, “ਵੇਖ ਲਵੋ ਸਾਹਿਰਾ ਬਾਜੀ ਤੁਸਾਂ ਆਪਣੇ ਮਿਲਾਪ ਅਤੇ ਵਿਛੋਪੜੇ ਵਾਲੇ ਕਿੱਸੇ
ਮੈਨੂੰ ਨਹੀਂ ਸੁਣਾਏ।”
ਸਾਹਿਰਾ ਨੇ ਆਪਣੇ ਚਾਂਦੀ ਰੰਗੇ ਵਾਲਾਂ ਦੀ ਲੱਟ ਨੂੰ ਵਾਲਾਂ ਵਿੱਚ ਫ਼ਸਾ ਕੇ ਉੱਤੇ ਚਿੱਟੀ
ਚੁੰਨੀਂ ਨੂੰ ਸੁਆਹਰਾ ਕੀਤਾ ਤੇ ਮੇਰੇ ਵੱਲ ਵੇਖਿਆ ਅਤੇ ਹਲਕਾ ਜਿਹਾ ਮੁਸਕਰਾ ਕੇ ਕਹਿਣ
ਲੱਗੀ, “ਅਮੀਨ ਸਾਹਿਬ ਮੈਂ ਤੇ ਨਹੀਂ ਸਮਝਦੀ ਕਿ ਤੁਹਾਡੀ ਆਦਤ ਵਿੱਚ ਕੋਈ ਲੁਕ ਲੁਕਾਅ ਯਾਂ
ਪਰਦਾ ਪੋਸ਼ੀਆਂ ਦਾ ਕੋਈ ਪਹਿਲੂ ਵੀ ਹੋਵੇਗਾ। ਯਾਂ ਤੇ ਰਾਣੀ ਹੀ ਮੈਨੂੰ ਛੇੜਨ ਦੇ ਮੂਡ ਵਿੱਚ
ਹੈ ਯਾਂ ਤੁਸਾਂ ਹੀ ਆਪਣੀ ਆਦਤ ਤੇ ਕੋਈ ਮਸਲਿਹਤ ਦਾ ਪਰਦਾ ਯਾਂ ਪਹਿਰਾ ਲਾ ਲਿਆ ਹੋਵੇਗਾ। ਪਰ
ਹੁਣ ਜੇ ਰਾਣੀ ਨੂੰ ਮੇਰੇ ਘਰ ਤੱਕ ਲੈ ਹੀ ਆਏ ਹੋ ਤੇ ਕਹਾਣੀ ਦਾ ਕੋਈ ਟੋਟਾ ਲੁਕਾ ਕੇ ਆਪਣੇ
ਆਪ ਨੂੰ ਮਸ਼ਕੂਕ ਕਿਓਂ ਬਣਾਉਂਦੇ ਹੋ? ਤੁਸਾਂ ਕਿਓਂ ਨਹੀਂ ਦੱਸ ਦਿੱਤਾ ਕਿ ਤੁਹਾਡੀ ਇੱਕ
ਤਹਿਰੀਰ ਨੇ ਤੁਹਾਡੀ ਰਾਹ ਵਿੱਚ ਲਕੀਰ ਖਿੱਚ ਦਿੱਤੀ ਅਤੇ ਹਮੀਦਾ ਦੀ ਨਿੱਕੀ ਜਿਹੀ ਖ਼ਾਹਿਸ਼ ਨੇ
ਵਿਛੋੜੇ ਦੇ ਨਾਲ ਨਮੋਸ਼ੀ ਦੇ ਦਿੱਤੀ। ਜੇ ਨਹੀਂ ਦੱਸਿਆ ਤਾਂ ਮੇਰੀ ਮਜਬੂਰੀ ਦੇ ਨਾਲ ਮੇਰੇ ਉਹ
ਬੜੇ ਹੀ ਗ਼ੈਰ ਇਖਲਦਕੀ ਨਹਾਇਤ ਸਖ਼ਤ ਇਲਫ਼ਾਜ਼ ਵੀ ਦੱਸ ਦਿਓ ਜਿਹੜੇ ਮੈਂ ਬੜੀ ਹੀ ਔਖਿਆਈ ਨਾਲ
ਵਿੱਛੜਨ ਲੱਗਿਆਂ ਤੁਹਾਨੂੰ ਆਖ ਦਿੱਤੇ ਸਨ--
ਮੈਂ ਤੇ ਅੱਗੇ ਵੀ ਰਾਣੀ ਕੋਲੋਂ ਕੋਈ ਲੁਕਾਅ ਨਹੀਂ ਸੀ ਰੱਖਿਆ। ਕਿਓਂ ਜੇ ਉਹੀ ਬੰਦਾ ਆਪਣੀ
ਬੀਵੀ ਦੇ ਸਾਹਮਣੇ ਇੱਕ ਦਿਨ ਨੰਗਾ ਹੋ ਜਾਂਦਾ ਹੈ ਜਿਹੜਾ ਆਪਣੇ ਆਪ ਨੂੰ ਕੱਜ ਕੱਜ ਕੇ ਰੱਖਦਾ
ਹੈ। ਸਾਰੀ ਉਮਰ ਦਾ ਸਾਥ ਨਿਭਾਉਣਾ ਹੋਵੇ ਤੇ ਲੁਕਣ ਮੀਟੀ ਯਾਂ ਝਾਤ ਬੱਲੀਆਂ ਬੜਾ ਘਾਟੇ ਵੰਦਾ
ਸੌਦਾ ਹੁੰਦਾ ਹੈ। ਰਾਣੀ ਨੂੰ ਮੈਂ ਇਹ ਆਖਦਾ ਆਖਦਾ ਉੱਠ ਬੈਠਾ ਕਿ ਲਾਇਲਪੁਰ ਤੋਂ ਲਾਹੌਰ ਤੀਕ
ਦੇ ਸਫ਼ਰ ਵਿੱਚ ਤੈਨੂੰ ਮਿਲਣੀਆਂ ਅਤੇ ਵਿਛੋੜਿਆਂ ਦਾ ਪੈਂਡਾਂ ਹੂ-ਬ-ਹੂ ਕਰਾ ਦਿਆਂਗਾ।”
ਬਾਹਰ ਨਿਲਲਣ ਹੀ ਲੱਗੇ ਸਾਂ ਕਿ ਬੱਦਲ ਗੱਜਣ ਲੱਗ ਪਏ। “ਖਲੋ ਜਾਓ ਮੇਂ ਲਾਨ ਚੋਂ ਲੀੜੇ ਲਾਹ
ਲਿਆਵਾਂ ਕਿੱਧਰੇ ਭਿੱਜ ਹੀ ਨਾ ਜਾਣ”
ਇਹ ਆਖ ਕੇ ਸਾਹਿਰਾ ਵਿਹੜੇ ਵੱਲ ਟੁਰ ਪਈ। ਰਾਣੀ ਕਮਰੇ ‘ਚ ਫ਼ਿਰਦੀ ਫ਼ਿਰਦੀ ਸ਼ੈਵਾਂ ਤੇ ਝਾਤ
ਮਾਰਦੀ ਮਾਰਦੀ ਇੱਕ ਬਾਰੀ ਅੱਗੇ ਜਾ ਖਲੋਤੀ ਤੇ ਅਚਨਚੇਤ ਕਿਸੇ ਸ਼ੈ ਨੂੰ ਵੇਖ ਕੇ ਆਖਣ ਲੱਗੀ,
“ਨੱਸ ਕੇ ਆਓ ਮੈਂ ਤੁਹਾਨੂੰ ਇੱਕ ਸ਼ੈ ਵਿਖਾਵਾਂ।” ਮੈਂ ਕੋਲ ਗਿਆ ਤੇ ਸ਼ੈਅ ਨੂੰ ਵੇਖ ਕੇ ਦਿਲ
ਦਾ ਇੱਕ ਰੁੱਗ ਜਿਹਾ ਭਰਿਆ ਗਿਆ। ਆਪਣੇ ਹੋਠਾਂ ਤੇ ਊਂਗਲ ਰੱਖ ਕੇ ਰਾਣੀ ਨੂੰ ਚੁੱਪ ਰਹਿਣ ਦੀ
ਪੱਕੀ ਕਰ ਕੇ ਅਸਾਂ ਆਪਣਾ ਬੈਗ ਚੁੱਕ ਲਿਆ। ਦਿਲ ਤੇ ਇੱਕ ਵੱਡਾ ਸਾਰਾ ਭਾਰ ਵੀ ਨਾਲ ਹੀ
ਰੱਖਿਆ ਗਿਆ ਕਿਉਂਕਿ ਸਾਹਿਰਾ ਦੀ ਗੁਫ਼ਤ-ਗੂ ਤੋਂ ਬੜੀ ਬੇਨਿਆਜ਼ੀ ਅਤੇ ਲਾਪਰਵਾਹੀ ਜਿਹੀ ਦਾ
ਇਹਸਾਸ ਹੁੰਦਾ ਸੀ। ਪਰ ਉਹਦੀ ਬਾਰੀ ਵਿੱਚ ਮੇਰੀਆਂ ਦੋਹਵੇਂ ਕਿਤਾਬਾਂ “ਬੋਲਦੇ ਅੱਥਰੂ’ ਅਤੇ
ਗੁੰਗੀ ਤ੍ਰੇਹ’ ਪਈਆਂ ਸਨ। ਸਾਹਿਰਾ ਨੇ ਸਾਨੁੰ ਬੂਹੇ ‘ਚ ਖਲੋ ਕੇ ਖ਼ੁਦਾ ਹਾਫ਼ਿਜ਼ ਆਖਿਆ। ਅਸੀਂ
ਕਾਰ ਵਿੱਚ ਬੈਠ ਗਏ ਅਤੇ ਉਹ ਹੱਥ ਹਿਲਾਉਂਦੀ ਰਹੀ। ਕਾਰ ਚੱਲਦੀ ਰਹੀ ਤੇ ਉਹਦਾ ਹੱਥ ਹਵਾ
ਵਿੱਚ ਹਿੱਲਦਾ ਰਿਹਾ। ਰਾਣੀ ਦੂਰ ਤੱਕ ਉਸਨੁੰ ਵੇਖਦੀ ਰਹੀ। ਜਿੰਨਾ ਚਿਰ ਨਜ਼ਰ ਕੰਮ ਕਰਦੀ ਸੀ,
ਬੂਹਾ ਖੁੱਲਿਆ ਰਿਹਾ। ਅਖ਼ੀਰ ਇੱਕ ਮੋੜ ਆਇਆ ਕਿ ਨਾ ਰਿਹਾ ਬੂਹਾ ਤੇ ਨਾ ਸਾਹਿਰਾ ਨਜ਼ਰ
ਆਈ--ਇੱਕ ਸੜਕ ਸਾਨੂੰ ਕਿਸਾਹਿਰਾ ਦੇ ਘਰ ਟੁਰਨ ਵਾਲੀ ਸੜਕ ਕੁਝ ਦੇਰ ਲਈ ਤੇ ਸਾਨੂੰ ਚੁੱਪ ਦੇ
ਉੱਡਣ ਖਟੋਲੇ ਤੇ ਬਿਠਾ ਕੇ ਉਦਾਸੀ ਦੀ ਬਸਤੀ ਵਿੱਚ ਲੈ ਗਈ। ਸਾਹਿਰਾ ਦਾ ਪ੍ਰੀਚੇ ਰਾਣੀ ਮਲਿਕ
ਨੂੰ ਬੜਾ ਹੀ ਮਹਿੰਗਾ ਪਿਆ ਸੀ। ਆਪਣੇ ਵੱਲੋਂ ਤੇ ਉਹ ਅਮੀਨ ਮਲਿਕ ਦੀਆਂ ਜੁਆਨੀ ਵਿੱਚ
ਲੁੱਟੀਆਂ ਹੋਈਆਂ ਮੌਜ ਬਹਾਰਾਂ ਦਾ ਮੌਜੂ ਲਾਣ ਗਈ ਸੀ। ਪਰ ਬਹਾਰਾਂ ਵਿੱਚ ਉੱਜੜੇ ਹੋਏ ਬਾਗਾਂ
ਦੀਆਂ ਕਦੀ ਨਾ ਵਸੀਆਂ ਬਹਾਰਾਂ ਦਾ ਸੱਲ੍ਹ ਉਹ ਦਿਲ ‘ਤੇ ਲੈ ਕੇ ਪਰਤ ਆਈ। ਰਾਣੀ ਤੇ ਕਿਸੇ
ਖੇਡੀ ਹੋਈ ਖੇਡ ਦਾ ਹਾਲ ਵੇਖਣ ਸੁਣਨ ਗਈ ਸੀ ਪਰ ਜਦੋਂ ਵੀਰਾਨ ਹੋਏ ਮੈਦਾਨ ਵਿੱਚ ਕਿਸੇ ਹਾਰ
ਜਾਣ ਵਾਲੇ ਦੀ ਹਾਲਤ ਨਾ ਵੇਖੀ ਗਈ ਤੇ ਉਸ ਨੂੰ ਅਫ਼ਸੋਸ ਤੋਂ ਬਿਨਾ ਕੁਝ ਨਾ ਲੱਭਾ। ਉੱਥੇ ਤੇ
ਮੁੱਕ ਗਈ ਖੇਡ ਦੇ ਟੁੱਟੇ ਹੋਏ ਖਡੌਣੇ, ਉੱਜੜੇ ਹੋਏ ਘਰ ਦੇ ਬੁਝੇ ਹੋਏ ਦੀਵੇ ਅਤੇ ਖ਼ੂਬਸੂਰਤ
ਮਾਜ਼ੀ (ਅਤੀਤ) ਦਾ ਉੱਜੜਿਆ ਹੋਇਆ ਹਾਲ ਹੀ ਸੀ। ਇੱਕ ਨਿੱਕੇ ਜਿਹੇ ਘਰ ਵਿੱਚ ਇਕਲਾਪੇ ਨੂੰ ਗਲ
ਨਾਲ ਲਾ ਜਿਊਣ ਵਾਲੀ ਖ਼ੂਬਸੂਰਤ ਜੁਆਨੀ ਹੰਢਾ ਕੇ ਬੁਢੇਪਾ ਗੁਜ਼ਾਰ ਰਹੀ ਸਾਹਿਰਾ ਨੂੰ ਵੇਖ ਕੇ
ਹਿਰਖ ਅਤੇ ਦੁੱਖ ਤੋਂ ਸਿਵਾ ਲੱਭਣਾ ਵੀ ਕੀ ਸੀ।
ਸਾਹਿਰਾ ਨੂੰ ਵੇਖ ਆਏ ਸਾਂ ਕਿ ਉਹ 25 ਵਰ੍ਹਿਆਂ ਦਾ ਪੈਂਡਾ ਕਰ ਕੇ ਆਪਣੀ ਮੰਜ਼ਿਲ ਦੇ ਕਿਹੜੇ
ਮੁਕਾਮ ਤੇ ਆਣ ਖਲੋਤੀ ਹੈ ਅਤੇ ਉਹਦਾ ਅਗਲਾ ਪੈਂਡਾ ਕਿਸਰਾਂ ਦਾ ਹੋਵੇਗਾ, ਇਹ ਸੁਆਲ ਹੋਰ ਵੀ
ਅਹਿਸਾਸ ਵਿੱਚ ਅੱਗ ਲਾ ਦੇਣ ਵਾਲੇ ਸਨ।
ਸਾਡਾ ਸਫ਼ਰ ਹੁਣ ਸਿਰਫ਼ ਲਾਇਲਪੁਰ ਤੋਂ ਲਾਹੌਰ ਤੀਕ ਦਾ ਸੀ ਜਿਹਦੇ ਵਿੱਚ ਜ਼ਿਹਨੀ ਤੌਰ ਤੇ
ਸਾਹਿਰਾ ਵੀ ਸਾਡੇ ਨਾਲ ਨਾਲ ਹੀ ਤੁਰ ਰਹੀ ਸੀ। ਉਹਦੇ ਸਾਰੇ ਹਵਾਲੇ, ਹਾਦਸੇ, ਹਾਵਾਂ, ਹੌਕੇ
ਅਤੇ ਪੀੜਾਂ, ਸਭ ਸਾਡੇ ਨਾਲ ਹੀ ਸਨ। ਬੜਾ ਔਖਾ ਸੀ ਉਹਨਾਂ ਤੋਂ ਖਹਿੜਾ ਛੁਡਾਉਣਾ।
ਜ਼ਰਾਇਤੀ ਕਾਲਿਜ ਤੋਂ ਨਿਕਲੇ ਤੇ ਦੋ ਸੜਕਾਂ ਟੱਪ ਕੇ ਗੱਡੀ ਦਾ ਮੂੰਹ ਲਾਹੌਰ ਵਾਲੇ ਪਾਸੇ
ਕੀਤਾ ਤੇ ਰਾਹ ਵਿੱਚ ਮਾਈ ਦੀ ਝੁੱਗੀ ਯਾ ਬੋਲੇ ਦੀ ਝੁੱਗੀ ਅਤੇ ਹੋਰ ਵੀ ਗ਼ਰੀਬ ਗ਼ਰੀਬ ਜਿਹੇ
ਮੁਹੱਲੇ ਪੈਂਦੇ ਸਨ ਜਿੱਥੇ ਸਾਹਿਰਾ ਮੈਨੂੰ ਉਡੀਕਦੀ ਹੁੰਦੀ ਸੀ ਤੇ ਮੈਂ ਤਾਂਘਦਾ ਹੁੰਦਾ
ਸਾਂ।
ਇਹਨਾਂ ਘੂਰਦੀਆਂ ਹੋਈਆਂ ਗਲੀਆਂ ਤੋਂ ਅੱਖ ਬਚਾ ਕੇ ਮੈਂ ਲਾਹੌਰ ਵਾਲੀ ਸੜਕ ‘ਤੇ ਪੈ ਗਿਆ ਤੇ
ਰਾਣੀ ਨੇ ਚੁੱਪ ਦੇ ਜੰਦਰੇ ਨੂੰ ਕੁੰਜੀ ਲਾ ਕੇ ਆਖਿਆ “ਉਸ ਵਿਚਾਰੀ ਵੱਲ ਵੇਖ ਕੇ ਤੁਹਾਨੂੰ
ਵੀ ਅਫ਼ਸੋਸ ਤੇ ਹੋਇਆ ਹੀ ਹੋਵੇਗਾ?” ਮੈਂ ਕੀ ਦੱਸਦਾ ਕਿ ਮੈਂ ਵੀ ਕੋਈ ਪੱਥਰ ਨਹੀਂ ਜਿਸ ਨੂੰ
ਇੱਡੇ ਵੱਡੇ ਬਲਦੇ ਭਾਂਬੜ ਦਾ ਸੇਕ ਵੀ ਨਾ ਲੱਗੇ। ਬਣਾ ਕੇ ਸੋਚਿਆ ਜਾਏ ਤੇ ਮੇਰੀਆਂ ਸਾਰੀਆਂ
ਬੇ-ਗ਼ੁਨਾਹੀਆਂ ਦੇ ਬਾਵਜੂਦ ਵੀ ਮੈਂ ਹੀ ਗ਼ੁਨਾਹਗਾਰ ਸਾਂ। ਔਰਤ ਭਾਵੇਂ ਤੀਲੀਆਂ ਨਾਲ ਭਰੀ ਹੋਈ
ਡੱਬੀ ਹੀ ਕਿਉਂ ਨਾ ਹੋਵੇ। ਪਰ ਉਸ ਡੱਬੀ ਵਿੱਚੋਂ ਤੀਲੀ ਕੱਢ ਕੇ ਰਗੜਨ ਵਾਲਾ ਹਮੇਸ਼ਾ ਮਰਦ ਹੀ
ਹੁੰਦਾ ਹੈ। ਕਿਸੇ ਸ਼ਰੀਫ਼ ਜਿਹੀ ਕੁੜੀ ਦਾ ਬਲਣ ਨੂੰ ਕਿੰਨਾ ਵੀ ਜੀ ਕਰਦਾ ਹੋਵੇ ਪਰ ਤੀਲੀ
ਬਾਲਣ ਦੀ ਸ਼ੁਰੂਆਤ ਕਦੀ ਨਹੀਂ ਕਰਦੀ। ਉਹ ਧੁਖ਼ਦੀ ਰਹਵੇ ਪਰ ਭੰਬਾਕਾ ਬਣਾਣ ਵਾਲਾ ਸਿਰਫ਼ ਮਰਦ
ਹੀ ਹੁੰਦਾ ਹੈ। ਦੁਨੀਆ ਦੇ ਧੱਕੇ ਧੋੜੇ, ਧੋਖੇ ਖਾ ਕੇ ਡਿੱਗੀ ਢੱਠੀ ਔਰਤ ਤੇ ਹੋ ਸਕਦਾ ਹੈ
ਹਾਲਾਤ ਦੇ ਰਗੜੇ ਖਾ ਕੇ ਆਪਣੀ ਡੱਬੀ ਵਿੱਚੋਂ ਤੀਲੀ ਰਗੜਨ ਦਾ ਮੌਹਰਾ ਖਾ ਲਵੇ। ਪਰ ਆਮ
ਲੜਕੀਆਂ ਹਯਾ ਦੀ ਕੰਧ ਟੱਪ ਕੇ ਲਾਜ ਦੀ ਲੱਤ ਨਹੀਂ ਤੋੜਦੀਆਂ। ਇਹ ਮਾਅਰਕਾ ਹਮੇਸ਼ਾ ਮਰਦ ਨੇ
ਹੀ ਮਾਰ ਕੇ ਕਈ ਮਾਸੂਮਾਂ ਨੂੰ ਮਾਰਿਆ ਹੈ।
ਅੱਜ ਤੱਕ ਕਦੀ ਨਹੀਂ ਸੁਣਿਆ ਕਿਤੇ ਮਰਦਾਂ ਦੀ ਹੀਰਾ ਮੰਡੀ ਬਣੀ ਹੋਵੇ ਜਿੱਥੇ ਔਰਤਾਂ ਮਰਦਾਂ
ਵਾਂਗ ਮੂੰਹ ਲੁਕਾ ਕੇ ਕਾਰੇ ਕਰਨ ਜਾਂਦੀਆਂ ਹੋਣ। ਉਹ ਕਿੱਡਾ ਵੀ ਵੱਡੇ ਮੁਜਰੇ ਦਾ ਮਾਹਿਰ
ਹੋਵੇ ਕੋਈ ਔਰਤ ਤਮਾਸ਼ਬੀਨ ਬਣ ਕੇ ਵੇਲਾਂ ਦੇਣ ਨਹੀੰ ਜਾਵੇਗੀ। ਕਿਸੇ ਅਖ਼ਬਾਰ ਵਿੱਚ ਕਦੀ ਨਹੀਂ
ਪੜ੍ਹਿਆ ਕਿ ਸੁਰਈਆ ਬੇਗ਼ਮ ਨੇ ਅਕਬਰ ਖ਼ਾਨ ਨਾਲ ਜਿਨਸੀ ਜ਼ਿਆਦਤੀ ਕੀਤੀ ਤੇ ਪੁਲਸ ਨੇ ਗ੍ਰਿਫ਼ਤਾਰ
ਕਰ ਲਈ। ਬੜੀਆਂ ਮਿਹਰਬਾਨੀਆਂ ਹਨ ਮਰਦ ਸਾਹਿਬ ਦੀਆਂ ਔਰਤਾਂ ਉੱਤੇ-ਪਰ ਚੱਲੋ! ਇਹ ਤੇ
ਵਿਚਾਰਾਂ ਦੀ ਵੰਡ ਹੈ। ਹੋ ਸਕਦਾ ਹੈ ਇਹ ਵਿਚਾਰ ਮੇਰੇ ਹਿੱਸੇ ਹੀ ਆਏ ਹੋਣ।
ਰਾਣੀ ਦੇ ਸੁਆਲਾਂ ਦਾ ਜੁਆਬ ਦੇਣ ਲੱਗਿਆਂ ਮੈਂ ਆਪਣੇ ਵਿਚਾਰਾਂ ਦੀ ਬੇ-ਸ਼ਰਮ ਜਿਹੀ ਗੁੱਥਲੀ
ਤੇ ਨਾ ਖੋਲ੍ਹੀ ਪਰ ਇਹ ਜ਼ਰੂਰ ਆਖ ਦਿੱਤਾ ਕਿ ਰਾਣੀ! ਮੈਨੂੰ ਤੇ ਅਫ਼ਸੋਸ ਦੇ ਨਾਲ ਨਾਲ ਕੁਝ
ਨਦਾਮਤ ਵੀ ਹੋਈ ਹੈ।
ਨਾਲ ਦੀ ਸੀਟ ਤੇ ਬੈਠੀ ਰਾਣੀ ਨੇ ਬੜੇ ਗ਼ੌਰ ਨਾਲ ਸੱਜੇ ਪਾਸੇ ਧੌਣ ਘੁੰਮਾ ਮੈਨੂੰ ਵੇਖਿਆ।
ਉਹਦੀ ਵੇਖਣੀ ਵਿੱਚ ਇੱਕ ਬੜਾ ਹੀ ਅਹਿਮ ਸਵਾਲ ਸੀ ਜਿਸ ਨੂੰ ਸੁਣਿਆਂ ਬਿਨਾ ਹੀ ਮੈਂ ਸਮਝ ਲਿਆ
ਤੇ ਨਾਲ ਹੀ ਸਹਿਮ ਗਿਆ। ਮੈਂ ਆਪਣੀ ਨਦਾਮਤ ਦਾ ਭੋਗ ਪਾ ਕੇ ਆਪਣੇ ਗਲ਼ ਆਪ ਹੀ ਗਲ਼ਾਵਾਂ ਪਾ
ਲਿਆ ਸੀ ਤੇ ਮੁਆਮਲੇ ਦੀ ਤਫ਼ਤੀਸ਼ ਨੂੰ ਆਪ ਹੀ ਵਾਜ ਮਾਰ ਲਈ ਸੀ। ਇਹ ਕਹਾਣੀ ਸੁਣਾਉਣ ਦਾ ਮੁੱਢ
ਆਪ ਹੀ ਬੰਨ੍ਹ ਲਿਆ ਸੀ। ਰਾਣੀ ਨੇ ਬੜੇ ਮਾਅਨੀ ਖ਼ੇਜ਼ ਅੰਦਾਜ਼ ਨਾਲ ਆਖਿਆ “ਨਦਾਮਤ? ---ਕਾਹਦੀ
ਨਦਾਮਤ? ਕੀ ਹੋਇਆ ਸੀ? ਅੱਜ ਤੇ ਪੂਰੀ ਗੱਲ ਖੋਲ੍ਹ ਕੇ ਸੁਣਾਓ ਕਿ ਸਾਹਿਰਾ ਤੁਹਾਨੂੰ ਕਿੱਥੇ,
ਕਿਸਰਾਂ ਅਤੇ ਕਿਵੇਂ ਟੱਕਰੀ। ਫ਼ੇਰ ਉਸ ਕਹਾਣੀ ਵਿੱਚ ਵਿਛੋੜਾ ਕਿਵੇਂ ਵੜਿਆ ਅਤੇ ਨਦਾਮਤਾਂ
ਕਿਸਰਾਂ ਆਈਆਂ” ? ? ?
ਗੱਡੀ ਨੇ ਲਾਇਲਪੁਰ ਦੀ ਜੂਹ ਛੱਡ ਦਿੱਤੀ ਸੀ ਤੇ ਜੜ੍ਹਾਂਵਾਲਾ ਰੋਡ ਉੱਪਰ ਟੁਰਦੀ ਹੋਈ ਲਾਹੌਰ
ਵੱਲ ਮੂੰਹ ਕੀਤੀ ਬੈਠੀ ਸੀ। ਮੈਂ ਦੋ ਘੁੱਟ ਪਾਣੀ ਦੇ ਪੀ ਕੇ ਬੇਵ੍ਹਜਾ ਸ਼ਰਮਿੰਦਗੀ ਨੂੰ
ਘੁੱਟੋ ਵੱਟੀ ਅੰਦਰ ਲੰਘਾਇਆ ਤੇ ਕਿਸੇ ਵੱਲ ਉਲਾਂਘ ਪੁੱਟਦਿਆਂ ਗੱਲ ਸ਼ੁਰੂ ਕੀਤੀ।
ਮੁਸਲਿਮ ਹਾਈ ਸਕੂਲ ਲਾਇਲਪੁਰ ਦਸਵੀਂ ਵਿੱਚ ਪੜ੍ਹਦਾ ਸਾਂ। ਪੜ੍ਹਨਾ ਭਾਵੇਂ ਮੈਨੂੰ ਆਉਂਦਾ ਸੀ
ਪਰ ਪੜ੍ਹਨ ਤੇ ਉੱਕਾ ਜੀ ਨਹੀਂ ਸੀ ਕਰਦਾ। ਰੋਜ਼ ਰੋਂਦਾ ਧੋਂਦਾ ਪਿੰਡੋਂ ਸੱਤ ਮੀਲ ਸਾਈਕਲ ਚਲਾ
ਕੇ ਸਕੂਲੇ ਆਉਣਾ ਅਤੇ ਛੇ ਸੱਤ ਘੰਟੇ ਬੱਧਾ ਰੁੱਧਾ ਘੁੱਟਿਆ ਵੱਟਿਆ ਜਿਹਾ ਨਜ਼ਮੋ ਜ਼ਬਤ ਜਿਹੀ
ਬਿਮਾਰੀ ਕੋਲੋਂ ਡਰ ਕੇ ਕੌਣ ਜ਼ਿੰਦਗੀ ਗੁਜ਼ਾਰਦਾ।
ਇਹ ਰੲਜਮੲਨਟੲਦ ਯਾ ਧਸਿਚਪਿਲਨਿੲਦ ਜਿਹੀ ਹਿਆਤੀ ਤੇ ਮੈਨੂੰ ਖਾਣ ਨੂੰ ਪੈਂਦੀ ਸੀ। ਮੇਰੀ
ਪਿਛਲੀ ਸਾਰੀ ਹਿਆਤੀ ਨੰਗੀ ਪੈਰੀਂ ਦਰ ਦਰ ਦੀ ਭਿੱਖ ਅਤੇ ਥਾਂ ਥਾਂ ਦਾ ਪਾਣੀ ਪੀ ਕੇ ਲੰਘੀ
ਸੀ। ਮੈਂ ਰੁੱਖ਼ਾਂ ਤੇ ਚੜ੍ਹਿਆ, ਖ਼ੂਹਾਂ ਵਿੱਚ ਉੱਤਰਿਆ, ਪਰਾਲੀ ਵਿੱਚ ਸੁੱਤਾ, ਝੋਨੇ
(ਮੁੰਜੀ) ਦਾ ਸੱਥਰ ਚੁਰਾ ਕੇ ਨੈਤੇ ਕਸ਼ਮੀਰੀ ਦੀ ਹੱਟੀ ਤੋਂ ਨੁਗਦੀ ਖਾਧੀ, ਕਾਵਾਂ ਦੇ ਆਂਡੇ
ਭੰਨੇ, ਕੁੱਤਿਆਂ ਨੂੰ ਤਾਉਣੀ ਲਾਈ, ਮਾਈਆਂ ਬਾਬਿਆਂ ਉੱਤੇ ਪਾਣੀ ਡ੍ਹੋਲਿਆ, ਮਣ ‘ਤੇ ਬਹਿ ਕੇ
ਖੂਹ ਵਿੱਚ ਲੱਤਾਂ ਲਮਕਾਈਆਂ ਅਤੇ ਭੱਠੀ ਉੱਤੇ ਸਿਆਲ ਦੀਆਂ ਰਾਤਾਂ ਲੰਘਾਈਆਂ। ਹੁਣ ਤੇ ਇਵੇਂ
ਵੇਲਾ ਲੰਘਾ ਰਿਹਾ--ਪਿਓ ਕੋਲੋਂ ਡਰਦਾ। ਉਹਦੇ ਕੋਲੋਂ ਵੀ ਐਵੇਂ ਹੀ ਡਰਦਾ ਸਾਂ। ਹੋਰ ਕੋਈ
ਇਡਾ ਇਹਤਰਾਮ ਤੇ ਨਹੀਂ ਸੀ। ਇਹਤਰਾਮ ਹੁੰਦਾ ਵੀ ਕਿਵੇਂ। ਮੇਰੇ ਬਾਲਪਨ ਵਿੱਚ ਅਜਿਹੀਆਂ
ਕੁੜਿੱਤਣਾਂ ਸਨ ਕਿ ਹੁਣ ਮੇਰੇ ਪਿਓ ਵਾਸਤੇ ਮੇਰੇ ਕੋਲ ਕੋਈ ਵੀ ਪੋਲਾ ਪੱਖ ਨਹੀਂ ਸੀ ਰਿਹਾ।
ਮੈਂ ਆਪਣੀ ਮਾਂ ਨਾਲ ਐਸੇ ਠੇਡੇ ਖਾ ਖਾ ਕੇ ਡਿੱਗਾ ਸਾਂ ਕਿ ਹੁਣ ਕਿਸੇ ਨੂੰ ਵੀ ਅੱਖਾਂ ਤੇ
ਨਹੀਂ ਸਾਂ ਬਿਠਾ ਸਕਦਾ। ਹੁਣ ਤੇ ਮੈਨੂੰ ਵੇਲੇ ਦਾ ਸਿਪਾਹੀ ਹੱਥਕੜੀ ਲਾ ਕੇ ਪਿਓ ਦੇ ਥਾਣੇ
ਵਿੱਚ ਬਿਠਾਈ ਬੈਠਾ ਸੀ। ਲਿਹਾਜ਼ਾ ਥਾਣੇ ਦਾ ਤੇ ਸਿਰਫ਼ ਡਰ ਹੀ ਹੁੰਦਾ ਹੈ ਇਹਤਰਾਮ ਨਹੀਂ। ਮੈਂ
ਅੱਗੇ ਹੀ ਔਹੁਰਿਆ ਔਹੁਰਿਆ ਅਤੇ ਆਫ਼ਰਿਆ ਜਿਹਾ ਰਹਿੰਦਾ ਸਾਂ ਉੱਤੋਂ ਮੇਰੇ ਇੱਕ ਯਾਰ ਦਾ ਵਿਆਹ
ਆ ਗਿਆ। ਮੈਨੂੰ ਮੇਰੇ ਜਾਨੀ ਯਾਰ ਦੇ ਵਿਆਹ ਜਾਣ ਦੀ ਮਨਾਹੀ ਕਰ ਦਿੱਤੀ ਗਈ। ਮੇਰਾ ਪਿਓ ਪਿੰਡ
ਦਾ ਚੌਧਰੀ ਹੋਵੇਗਾ ਪਰ ਮੈਂ ਚੌਧਰੀ ਨਹੀਂ ਸਾਂ। ਕੌਣ ਆਖਦਾ ਹੈ ਕਿ ਕੰਮੀ ਕਮੀਨਿਆਂ ਦੇ ਵਿਆਹ
ਨਹੀਂ ਜਾਈਦਾ। ਇਹ ਕੰਮੀ ਕਮੀਨ ਕੌਣ ਹੁੰਦੇ ਹਨ? ਕੀ ਲੋਕਾਂ ਦੇ ਕੰਮ ਆਉਣ ਵਾਲੇ ਕਾਮੇ ਨਿੱਕੇ
ਲੋਕ ਹੁੰਦੇ ਹਨ? ਜੇ ਇਹ ਸੱਚ ਹੈ ਤੇ ਸਾਰਾ ਜਹਾਨ ਦੇ ਕੰਮ ਕਰਨ ਵਾਲਾ ਰੱਬ ਸਾਰਿਆਂ ਦਾ ਕਾਮਾ
ਤੇ ਸਾਰਿਆਂ ਤੋਂ ਵੱਡਾ ਨਿੱਕਾ ਹੋਇਆ।
ਨਾਦਰ ਮੇਰਾ ਯਾਰ ਸੀ। ਮੈਂ ਸਾਰੇ ਅੰਗਾਂ ਸਾਕਾਂ ਸਮੇਤ ਪਿਓ ਨੂੰ ਵੀ ਛੱਡ ਕੇ ਨਾਦਰ ਦੀ
ਜੰਞੇਂ ਚਲਾ ਗਿਆ ਸਾਂ। ਜੰਞ ਵੇਖ ਕੇ ਪਿਓ ਦੀ ਮਿਹਰਬਾਨੀ ਅਤੇ ਉਹਦੇ ਕਰਮ ਵੀ ਵੇਖ ਲਏ। ਮੇਰੀ
ਸਾਇਕਲ ਖੋਹ ਕੇ ਜੰਦਰਾ ਮਾਰ ਦਿੱਤਾ, ਮੇਰੀਆਂ ਕਿਤਾਬਾਂ ਖੋਹ ਕੇ ਜ਼ੁਲਮ ਨੇ ਚਾਰੇ ਕੂਟਾਂ ਮੱਲ
ਲਈਆਂ ਅਤੇ ਮੈਂ ਦੁਬਾਰਾ ਉਹਨਾਂ ਹੀ ਸੂਲਾਂ ਤੇ ਤੁਰਨ ਲੱਗ ਪਿਆ ਜਿਹੜੀਆਂ ਅਜੇ ਮੇਰੇ ਬਚਪਨ
ਦੇ ਅਹਿਸਾਸ ਵਿੱਚੋਂ ਨਿਕਲੀਆਂ ਹੀ ਨਹੀਂ ਸਨ।
ਪਿਓ ਛੱਡ ਦਿੱਤਾ। ਨਾਦਰ ਨਾ ਛੱਡਿਆ। ਚੌਧਰੀ ਛੱਡਿਆ ਪਰ ਜ਼ਿੱਦ ਨਾ ਛੱਡੀ। ਨਾਦਰ ਨੇ ਮੇਰੇ
ਤੋਂ ਦੋ ਵਰ੍ਹੇ ਪਹਿਲਾਂ ਠੀਕਰੀ ਵਾਲੇ ਤੋਂ ਦਸਵੀਂ ਪਾਸ ਕੀਤੀ ਸੀ ਤੇ ਉਹ ਲਾਇਲਪੁਰ ਗਣੇਸ਼
ਮਿਲਜ਼ ਵਿੱਚ ਮਜ਼ਦੂਰ ਸੀ। ਰਾਤ ਦਿਨ ਨੌਕਰੀ ਹੋਣ ਕਰ ਕੇ ਉਹ ਪੁਤਲੀ ਘਰ ਕੱਚੀ ਅਬਾਦੀ ਵਿੱਚ
ਇੱਕ ਕੋਠੜੀ ਕਰਾਏ ਤੇ ਲੈ ਕੇ ਰਹਿੰਦਾ ਸੀ। ਮੈਂ ਵੀ ਚੌਧਰੀ ਸਾਹਿਬ ਦਾ ਪਿੰਡ ਛੱਡ ਕੇ ਕੱਚੀ
ਅਬਾਦੀ ਵਿੱਚ ਪੱਕੀ ਯਾਰੀ ਨਾਲ ਜੱਫੀ ਪਾ ਲਈ।
ਨਾਦਰ ਅੱਜ ਇਸ ਦੁਨੀਆ ਵਿੱਚ ਨਹੀਂ ਰਿਹਾ। ਕੱਚੀ ਅਬਾਦੀ ਦੇ ਮਜ਼ਦੂਰਾਂ ਦੀ ਮੌੱਤ ਰੱਬ ਦੇ
ਹੁਕਮ ਨਾਲ ਸਗੋਂ ਗ਼ਰੀਬੀ ਹੀ ਜਦੋਂ ਚਾਹਵੇ ਸੰਘ ਘੁੱਟ ਦਿੰਦੀ ਹੈ। ਅੱਜ ਉਹ ਮੇਰਾ ਯਾਰ ਨਹੀਂ
ਹੈਗਾ ਇਸ ਜਹਾਨ ਵਿੱਚ ਪਰ ਉਹਦੀ ਯਾਰੀ ਵਰਗੀ ਯਾਰੀ ਵੀ ਅੱਜ ਇਸ ਦੁਨੀਆ ਵਿੱਚ ਨਹੀਂ ਰਹੀ।
ਉਸਨੂੰ ਮੇਰੀ ਆਦਤ ਦਾ ਪਤਾ ਸੀ। ਉਸ ਨੇ ਆਖਿਆ “ਅਮੀਨ ਅਸੀਂ ਦੋਵੇਂ ਰੁੱਖੀ ਸੁੱਕੀ ਖਾਵਾਂਗੇ
ਤੇ ਤੂੰ ਇਸ ਕੋਠੜੀ ਨੂੰ ਅੱਜ ਤੋਂ ਆਪਣਾ ਹੀ ਘਰ ਆਖ।” ਮੈਂ ਤਿੰਨ ਚਾਰ ਮੀਲ ਪੈਦਲ ਆਪਣੇ
ਸਕੂਲ ਜਾਂਦਾ, ਪਰ ਸਿਰਫ਼ ਨਾਦਰ ਦੀ ਖ਼ਾਹਿਸ਼ ਪੂਰੀ ਕਰਨ। ਉਹ ਮੇਰਾ ਯਾਰ ਸੀ। ਉਸ ਨੇ ਮੈਨੂੰ
ਮਿਲਜ਼ ਵਿੱਚ ਨੌਕਰ ਨਾ ਹੋਣ ਦਿੱਤਾ ਸਿਰਫ਼ ਪੜ੍ਹਨ ਦੀ ਪੱਕੀ ਕੀਤੀ। ਨਾ ਕੋਲ ਪੈਸੇ ਨਾ ਪੂਰੀਆਂ
ਕਿਤਾਬਾਂ। ਨਾ ਮੇਰੇ ਕੋਲ ਰਿਵਾਜ ਨਾ ਰਵਾਇਤਾਂ, ਨਾ ਇਹਤਰਾਮ ਨਾ ਕਿਸੇ ਦਾ ਖ਼ੌਫ਼ ਅਤੇ ਨਾ ਹੀ
ਨਜ਼ਮੋ ਜ਼ਬਤ ਜਿਹੀ ਕੋਈ ਸ਼ੈ। ਕੀ ਕਰਦਾ? ਕਲਾਸ ‘ਚੋਂ ਸਭ ਤੋਂ ਮਹਿੰਗੀ ਕਿਤਾਬ “ਦਿਲ ਕਾ
ਅਲਜਬਰਾ” ਚੁਰਾਇਆ ਤੇ ਘੰਟਾ ਘਰ ਕੋਲ “ਮਲਿਕ ਬਰਾਦਰਜ਼” ਦੀ ਦੁਕਾਨ ਤੇ ਵੇਚਦਾ ਫੜਿਆ ਗਿਆ।
ਕਿਤਾਬ ਉੱਤੇ ਮਾਲਿਕ ਦਾ ਨਾਂ ਲਿਖਿਆ ਗਿਆਂ ਸੀ ਤੇ ਮੈਂ ਦੁਕਾਨਦਾਰ ਨੂੰ ਆਪਣਾ ਅਸਲੀ ਨਾਂ
ਦੱਸ ਦਿੱਤਾ। ਚੋਰ ਵੀ ਸਿਆਣਾ ਨਹੀਂ ਸਾਂ। ਦੁਕਾਨਦਾਰ ਦੂਜੇ ਦਿਹਾੜੇ ਸਕੂਲੇ ਆ ਗਿਆ ਅਤੇ ਮੈਂ
ਸਕੂਲੋਂ ਨਿਕਲ ਗਿਆ---ਹੈੱਡ ਮਾਸਟਰ ਦੇ ਦਸ ਬਾਰ੍ਹਾਂ ਬੈਂਤ ਖਾ ਕੇ।
“ਚੰਗਾ ਹੋਇਆ ਲੜ ਨੇੜਿਓਂ ਛੁੱਟਾ ਤੇ ਸਾਡੀ ਉਮਰ ਨਾ ਬੀਤੀ ਸਾਰੀ” ਇਹ ਆਖ ਕੇ ਯਾਰ ਦੀ ਕੁੱਲੀ
ਵਿੱਚ ਆ ਬੈਠਾ। ਆਨੇ ਦੁਆਨੀ ਦੇ ਗੋਂਗਲੂ ਯਾਂ ਸਰ੍ਹਿਓਂ ਦਾ ਸਾਗ ਪਕਾ ਲੈਂਦੇ ਸਾਂ। ਮੈਂ
ਨਾਦਰ ਦੀ ਰੋਟੀ ਮਿਲਜ਼ ਵਿੱਚ ਖੜਦਾ ਹੁੰਦਾ ਸਾਂ ਤੇ ਉੱਥੇ ਡਰੰਮਾਂ ਦੇ ਡਰੰਮ ਡਾਲਡਾ ਸੀ।
ਅਸੀਂ ਖੁੱਲ੍ਹ ਡੁੱਲ੍ਹ ਕੇ ਤੜਕਾ ਲਾਂਦੇ ਤੇ ਰੋਟੀ ਖਾ ਕੇ ਬਾਕੀ ਤੜਕਾ ਲੱਗਾ ਸਾਲਣ ਘਰ ਲੈ
ਆਉਂਦੇ। ਦੋ ਚਾਰ ਦਿਨ ਕੱਢ ਲੈਂਦੇ ਸਾਂ। ਨਾਦਰ ਹਫ਼ਤੇ ਵਾਲੇ ਦਿਹਾੜੇ ਪਿੰਡ ਜਾਂਦਾ ਤੇ ਆਪਣੀ
ਬੀਵੀ ਅਤੇ ਮਾਂ ਪਿਓ ਨੂੰ ਮਿਲ ਆਉਂਦਾ। ਮੈਂ ਤੇ ਰੱਜ ਗਿਆ ਸਾਂ ਸਾਰੀਆਂ ਮਿਲਣੀਆਂ ਤੇ ਮਿਲਣ
ਵਾਲਿਆਂ ਤੋਂ। ਪਿਓ ਨੇ ਨਾਦਰ ਨੂੰ ਬੜਾ ਆਖਿਆ ਕਿ “ਉਸ ਹਰਾਮਦੇ ਨੂੰ ਆਖੀਂ ਪਿੰਡ ਮੁੜ ਆਵੇ”।
ਉਹਨੂੰ ਖ਼ੌਰੇ ਪਤਾ ਨਹੀਂ ਸੀ ਕਿ ਹਲਾਲਦੇ ਇੱਕ ਵੇਰਾਂ ਆ ਜਾਣ ਤੇ ਫ਼ੇਰ ਭੌਂ ਕੇ ਨਹੀਂ
ਜਾਂਦੇ।
ਮੈਂ ਪੁਰਾਣੀਆਂ ਕਿਤਾਬਾਂ ਖ਼ਰੀਦ ਲਈਆਂ। ਨਾਦਰ ਨੇ ਬੜੇ ਆਹਰ ਨਾਲ ਮੈਨੂੰ ਪੜ੍ਹਾਇਆ, ਕੁਝ
ਮੇਰੇ ਜੀ ਵਿੱਚ ਆਈ ਤੇ ਕੁਝ ਰੱਬ ਵੱਲੋਂ ਇੰਝ ਹੀ ਹੋਣਾ ਸੀ। ਮੈਂ ਕਿਤਾਬਾਂ ਨੂੰ ਸ਼ੌਕ ਦੇ
ਗਿਲਾਸ ਵਿੱਚ ਘੋਲ ਕੇ ਪੀ ਗਿਆ। ਇੱਕ ਹਿਸਾਬ ਹੀ ਸੀ ਜਿਹੜਾ ਮੈਨੂੰ ਬੜਾ ਘੱਟ ਆਓਂਦਾ ਸੀ।
ਆਓਂਦਾ ਵੀ ਕਿਵੇਂ, ਮੇਰੇ ਨਾਲ ਤੇ ਮੁੱਢੋਂ ਰੱਬ ਨੇ ਵੀ ਬੇਹਿਸਾਬੀਆਂ ਕੀਤੀਆਂ ਸਨ। ਮੈਂ
ਹਿਸਾਬ ਨੂੰ ਅੱਗ ਲਾਉਂਦਾ। ਮੇਰੇ ਨਾਲ ਤੇ ਕੋਈ ਵੀ ਹਿਸਾਬ ਨਾਲ ਨਹੀਂ ਸੀ ਚੱਲਿਆ। ਪਰ ਭਲਾ
ਕਰੇ ਰੱਬ ਬਹਿਸ਼ਤੀ ਨਾਦਰ ਦਾ। ਉਸ ਨੇ ਮੈਨੂੰ ਹਿਸਾਬ ਵੀ ਪੜ੍ਹਾਇਆ।
ਨਾਦਰ ਦੀ ਸਭ ਤੋਂ ਵੱਡੀ ਸਾਲੀ ਦਾ ਖ਼ਾਵੰਦ ਇੱਕ ਸਰਕਾਰੀ ਹਸਪਤਾਲ ਵਿੱਚ ਕਲਰਕ ਸੀ ਅਤੇ ਉਹ
ਸਰਕਾਰੀ ਕੁਆਟਰ ਵਿੱਚ ਰਹਿੰਦੇ ਸਨ। ਨਾਦਰ ਕਦੀ ਕਦੀ ਉਹਨਾਂ ਨੂੰ ਮਿਲਣ ਜਾਂਦਾ ਤੇ ਮੈਨੂੰ ਵੀ
ਨਾਲ ਲੈ ਜਾਂਦਾ। ਉਹ ਜ਼ਮਾਨੇ ਵੱਖਰੇ ਜਿਹੇ ਸਨ ਤੇ ਰਹਿਤਲ ਵਿੱਚ ਇੱਕ ਦੂਜੇ ਨਾਲ ਬੇ ਤਕੁੱਲਫ਼ੀ
ਯਾਂ ਖੁੱਲ੍ਹ ਡੁੱਲ੍ਹ ਘੱਟ ਹੀ ਸੀ। ਖ਼ਾਸ ਕਰ ਮਰਦਾਂ ਜ਼ਨਾਨੀਆਂ ਵਿੱਚ ਇੱਕ ਖ਼ਾਸ ਫ਼ਾਸਲਾ
ਰਹਿੰਦਾ ਸੀ। ਨਾਦਰ ਮੈਨੂੰ ਹਸਪਤਾਲ ਦੇ ਨਿੱਕੇ ਜਿਹੇ ਲਾਨ ਵਿੱਚ ਬਿਠਾ ਕੇ ਉਹਨਾਂ ਨੂੰ ਮਿਲ
ਗਿਲ ਕੇ ਆ ਜਾਂਦਾ ਹੁੰਦਾ ਸੀ। ਕਦੀ ਕਦੀ ਉਸ ਘਰ ਵਿੱਚੋਂ ਸਿਰ ਕੱਢ ਕੇ ਕਿਸੇ ਨੇ ਮੈਨੂੰ
ਵੇਖਣਾ ਪਰ ਮੈਂ ਕਦੀ ਸਿਰ ਨਹੀਂ ਸਾਂ ਹੋਇਆ। ਮੈਨੂੰ ਨਹੀਂ ਸੀ ਪਤਾ ਇਹ ਕੌਣ ਹੈ ਅਤੇ ਕਿਸ
ਨਾਲ ਇਹਦਾ ਕੀ ਰਿਸ਼ਤਾ ਹੈ। ਇਸਰਾਂ ਕਈ ਵੇਰਾਂ ਹੋਇਆ ਪਰ ਕਿਸੇ ਨੂੰ ਵੀ ਕੁਝ ਨਾ ਹੋਇਆ।
ਇੱਕ ਦਿਹਾੜੇ ਨਾਦਰ ਨੂੰ ਅੰਦਰ ਵਾਹਵਾ ਚਿਰ ਹੋ ਗਿਆ ਤੇ ਘਰ ਵਾਲਿਆਂ ਨੂੰ ਪਤਾ ਨਹੀਂ ਕੀ
ਖ਼ਿਆਲ ਆਇਆ, ਉਹਨਾਂ ਮੈਨੂੰ ਵੀ ਅੰਦਰ ਸੱਦ ਲਿਆ। ਨਾਦਰ ਦਾ ਯਾਰ ਸਾਂ। ਮੈਨੂੰ ਵੀ ਵੱਖਰੇ
ਕਮਰੇ ਵਿੱਚ ਬਿਠਾ ਕੇ ਚਾਹ ਨਾਲ ਬਿਸਕਿਟ ਦਿੱਤੇ ਤੇ ਵਡੇਰੀ ਉਮਰ ਦੀ ਔਰਤ ਨਾਦਰ ਦੀ ਸਾਲੀ ਨੇ
ਮੇਰੇ ਸਿਰ ‘ਤੇ ਪਿਆਰ ਦੇ ਕੇ ਆਖਿਆ “ਹਾਏ ਹਾਏ ਤੂੰ ਤੇ ਸਾਡੇ ਬਾਲਾਂ ਵਾਂਗ ਹੈਂ। ਤੂੰ
ਕਾਹਨੂੰ ਬੈਠਾ ਰਿਹਾ ਸੈਂ।” ਹਾਲਾਂਕਿ ਮੈਂ ਕਈ ਵਾਰ ਬਾਹਿਰ ਬੈਠਾ ਤੇ ਆਪਣੀ ਮਰਜ਼ੀ ਨਾਲ ਵੀ
ਨਹੀਂ ਸਾਂ ਬੈਠਾ। ਭਾਵੇਂ ਮੈਨੂੰ ਅੰਦਰ ਬੈਠਣ ਦਾ ਵੀ ਨਹੀਂ ਸੀ ਸ਼ੌਕ। ਇੰਝ ਹੀ ਉੱਠਦਿਆਂ
ਬੈਠਦਿਆਂ ਵੇਲਾ ਰਿੜ੍ਹਨ ਲੱਗ ਪਿਆ। ਨਾਦਰ ਉਹਨਾਂ ਨੂੰ ਅੰਦਰ ਜਾ ਕੇ ਮਿਲ ਆਉਂਦਾ ਅਤੇ ਮੈਂ
--ਮੈਂ ਤੇ ਨਾਦਰ, ਸਾਹਿਰਾ ਦੇ ਘਰ ਆਉਂਦੇ ਜਾਂਦੇ ਰਹੇ। ਹੌਲੀ ਹੌਲੀ ਮੈਂ ਵੀ ਨਾਦਰ ਵਾਂਗ ਹੀ
ਗੱਲਾਂ ਬਾਤਾਂ ਵਿੱਚ ਸਾਂਝ ਪਾਉਣ ਲੱਗ ਪਿਆ ਤੇ ਉਹ ਤਿੰਨੇ ਭੈਣਾਂ ਬੜੀ ਗਹੁ ਨਾਲ ਮੈਨੂੰ
ਸੁਣਦੀਆਂ ਅਤੇ ਗੱਲਾਂ ਕਰਦੀਆਂ। ਖ਼ਾਸ ਕਰ ਜਦੋਂ ਉਹਨਾਂ ਦਾ ਪਿਓ ਘਰ ਨਹੀਂ ਸੀ ਹੁੰਦਾ। ਕਿਓਂ
ਜੇ ਪਿਓ ਵਾਹਵਾ ਹੀ ਡਾਢਾ ਸੀ।
ਸਾਹਿਰਾ ਕਦੀਂ ਕਦੀਂ ਮੇਰੇ ਕੋਲੋਂ ਉਰਦੂ ਕੋਰਸ ਦੀ ਕਿਤਾਬ ਦੇ ਮਾਅਨੇ ਵੀ ਪੁੱਛਦੀ। ਕਦੀਂ
ਕਦੀਂ ਉਹ ਤਾਅਨਾ ਵੀ ਦਿੰਦੀ ਕਿ “ਪੇਂਡੂ ਅਤੇ ਪਰਾਈਵੇਟ ਹੋ ਕੇ ਵੀ ਤੈਨੂੰ ਉਰਦੂ ਅੰਗਰੇਜ਼ੀ
ਇਡੀ ਚੰਗੀ ਕਿਓਂ ਆਉਂਦੀ ਹੈ”। ਮੇਰੇ ਜੁਆਬ ਤੇ ਉਹ ਖਿੜਖਿੜਾ ਕੇ ਹੱਸ ਪੈਂਦੀ। ਕਦੀ ਕਦੀ ਉਹ
ਬੜਾ ਹੀ ਨਿੱਜੀ ਜਿਹਾ ਸੁਆਲ ਕਰਦੀ ਤੇ ਮੇਰੇ ਜੁਆਬ ਤੇ ਉਹਦੀਆਂ ਅੱਖਾਂ ਸਿੱਲ੍ਹੀਆਂ ਹੋ
ਜਾਂਦੀਆਂ। ਇੱਕ ਦਿਨ ਉਸ ਨੇ ਮੈਨੂੰ ਬੜੇ ਸੰਜੀਦੇ ਲਹਿਜੇ ਵਿੱਚ ਆਖਿਆ “ਅਮੀਨ ਸਾਹਿਬ ਤੁਹਾਡੀ
ਜ਼ਿੰਦਗੀ ਦੇ ਦੋਹਵੇਂ ਹੀ ਪਹਿਲੂ ਐਸੇ ਹਨ ਕਿ ਬੰਦੇ ਵਿੱਚ ਸਰਾਇਤ ਕਰ ਜਾਂਦੇ ਹੋ”। ਰੱਬ ਕਰੇ
ਕਿਸੇ ਦੇ ਅੰਦਰ ਕਿਸੇ ਗ਼ੈਰ ਦਾ ਵਸੇਬਾ ਨਾ ਹੋ ਜਾਏ। ਇਹ ਬੰਦੇ ਨੂੰ ਉਜਾੜ ਕੇ ਰੱਖ ਦਿੰਦਾ
ਹੈ। ਪਰ ਸਿਆਪਾ ਇਹ ਹੈ ਕਿ ਮਕਾਨ ਖਾਲੀ ਪਿਆ ਹੋਵੇ ਤੇ ਵੱਸੋਂ ਕਰਨ ਵਾਲੇ ਕਦੀ ਨਾ ਕਦੀ ਕਿਸੇ
ਨਾ ਕਿਸੇ ਬੂਹੇ ਦੀ ਚੂਥੀ ਪੁੱਟ ਕੇ ਅੰਦਰ ਆ ਵੜਦੇ ਹਨ। ਅੱਗੋਂ ਮਾਲਿਕ ਮਕਾਨ ਵੀ ਭਾਂ ਭਾਂ
ਕਰਦੇ ਘਰ ਵਿੱਚ ਰੌਣਕ ਚਾਹੁੰਦਾ ਹੋਵੇ ਤੇ ਕੰਮ ਹੋਰ ਸੌਖਾ ਹੋ ਜਾਂਦਾ ਹੈ।
ਸਾਹਿਰਾ ਇੱਕ ਨੇਕ ਜਿਹੀ ਸ਼ਰੀਫ਼ ਅਤੇ ਸਾਊ ਕੁੜੀ ਸੀ। ਜਿਸ ਕੋਲ ਖ਼ੂਬਸੂਰਤੀ ਤੋਂ ਵੱਖ ਹਿਆ
ਜਿਹੀ ਸੌਗਾਤ ਵੀ ਹੈਗੀ ਸੀ। ਮੇਰੇ ਖ਼ਿਆਲ ਵਿੱਚ ਉਹ ਬੜਾ ਚਿਰ ਕਿਸੇ ਜੱਕੋ ਤੱਕੇ ਯਾਂ ਕਸ਼ਮਕਸ਼
ਵਿੱਚ ਗ੍ਰਿਫ਼ਤਾਰ ਹੋ ਕੇ ਆਪਣੇ ਦਿਲ ਨੂੰ ਡੱਕ ਡੱਕ ਰੱਖ ਰਹੀ ਸੀ ਤੇ ਹਿਆ ਦੀ ਦਹਿਲੀਜ਼ ਨਹੀਂ
ਸੀ ਟੱਪਦੀ। ਅੱਗੋਂ ਮੇਰੀ ਹਾਲਤ ਇੰਝ ਸੀ ਜਿਵੇਂ ਕੋਈ ਘਰ ਪਾਲਿਆ ਬਲੂੰਗਾ ਪੌਂਹੁੰਚਾ ਮਾਰ ਕੇ
ਕਾੜ੍ਹਨੀ ‘ਤੇ ਜੂਠੀ ਨਾ ਕਰੇ ਪਰ ਡੁੱਲ੍ਹੇ ਹੋਏ ਦੁੱਧ ਨੂੰ ਲਕ ਲਵੇ। ਮੈਂ ਸਾਹਿਰਾ ਦੇ ਘਰ
ਜਾ ਕੇ ਖੁਸ਼ ਹੁੰਦਾ। ਗੱਲਾਂ ਕਰਨ ਨੂੰ ਜੀ ਕਰਦਾ ਅਤੇ ਦਿਲ ਵਿੱਚ ਇੱਕ ਜਾਗੋਮੀਟੀ ਜਿਹੀ ਤਾਂਘ
ਉੱਸਲ ਵੱਟੇ ਲੈਂਦੀ ਰਹੀ ਸੀ।
ਉੱਤੋਂ ਅੱਗ ਲੱਗੇ ਜਜ਼ਬਿਆਂ ਨੂੰ ਪੁੱਠੀ ਰਾਹੀਂ ਪਾਓਣ ਵਾਲੀਆਂ ਸੌਣ ਭਾਦੋਂ ਦੀਆਂ ਸੁਰਮਈ
ਘਟਾਵਾਂ ਅਤੇ ਛੱਮ ਛੱਮ ਕਰਦਾ ਮੀਂਹ ਸੀ। ਇਹ ਸਾਰਾ ਕੁਝ ਸੀ, ਪਰ ਇਹ ਸਾਰਾ ਕੁਝ ਹੁੰਦਿਆਂ ਵੀ
ਸਾਹਿਰਾ ਬੇ ਬਾਕ ਨਾ ਹੋ ਸਕੀ ਤੇ ਮੈਂ ਬੇ ਹਿਆ ਨਾ ਹੋ ਸਕਿਆ। ਸਾਡੇ ਦੋਹਾਂ ਕੋਲੋਂ ਉਹ ਕੁਝ
ਨਾ ਹੋ ਸਕਿਆ ਜਿਹੜਾ ਇੰਝ ਦੇ ਮੁਕਾਮ ਤੇ ਪੁੱਜ ਕੇ ਅਕਸਰ ਹੋ ਜਾਂਦਾ ਹੈ।
ਅੱਜ ਹਫ਼ਤਾ ਸੀ, ਤੇ ਹਮੇਸ਼ਾ ਵਾਂਗ ਨਾਦਰ ਐਤਵਾਰ ਦੀ ਛੁੱਟੀ ਗੁਜ਼ਾਰਨ ਪਿੰਡ ਤੁਰ ਗਿਆ ਸੀ।
ਮੀਂਹ ਰੱਜ ਕੇ ਵਰ੍ਹ ਹਟਿਆ ਸੀ ਤੇ ਘਟਾਵਾਂ ਅਜੇ ਵੀ ਨੀਲੀਆਂ ਨੀਲੀਆਂ ਹੀ ਸਨ। ਰੁੱਖਾਂ ਦੀਆਂ
ਸ਼ਾਖਾਂ ਪੁਰੇ ਦੀ ਹਵਾ ਨਾਲ ਝੂਮਦੀਆਂ ਤੇ ਪੱਤਿਆਂ ਤੋਂ ਪਾਣੀ ਦੇ ਤੁਪਕੇ ਤਰਿੱਪ ਤਰਿੱਪ ਭੋਏਂ
ਤੇ ਡਿੱਗਦੇ ਬੜੇ ਸੋਹਣੇ ਲੱਗਦੇ। ਕੋਈ ਦੁੱਖ ਨਾ ਹੋਵੇ ਤੇ ਭਾਦੋਂ ਦੀ ਇਹ ਸੁਹਾਨੀ ਸ਼ਾਮ
ਜੁਆਨੀਆਂ ਕੋਲੋਂ ਝੱਲੀ ਨਹੀਂ ਜਾਂਦੀ। ਬਦੋ ਬਦੀ ਲੀੜਿਆਂ ‘ਚੋਂ ਬਾਹਿਰ ਹੋਣ ਨੂੰ ਜੀ ਕਰਦਾ
ਹੈ। ਪਰ ਮੈਂ ਆਪਣੀ ਕੱਚੀ ਕੋਠੜੀ ਵਿੱਚ ਕੱਲਮ ਕੱਲਾ ਬੈਠਾ ਸੋਗ ਮਨਾ ਰਿਹਾ ਸਾਂ ਸੁਹਾਨੀ ਸ਼ਾਮ
ਦਾ। ਸਮਾਂ ਸੋਹਣਾ ਹੋਵੇ ਤੇ ਇਕਲਾਪਾ ਹੋਰ ਵੀ ਬੰਦੇ ਨੂੰ ਹੁੱਜਾਂ ਮਾਰਦਾ ਹੈ। ਸੋਚਦਾ ਸਾਂ
ਚਾਰ ਘੜੀਆਂ ਘੰਟਾ ਘਰ ਕੋਲ ਖਲੋ ਕੇ ਲੋਕਾਂ ਦੀ ਭੀੜ ਵਿੱਚ ਗੁਆਚ ਆਵਾਂ। ਅਜੇ ਲੱਠੇ ਦਾ
ਚਿੱਟਾ ਪਾਜਾਮਾ ਪਾ ਕੇ ਬਨਿਆਨ ਤੋਂ ਬਗ਼ੈਰ ਕੁੜਤਾ ਚੜ੍ਹਾ ਹੀ ਰਿਹਾ ਸਾਂ ਕਿ ਮੇਰੀ ਕੋਠੀ ਦਾ
ਕੁੰਡਾ ਖੜਕਿਆ। ਜਿਹਨੂੰ ਕਦੀ ਕਿਸੇ ਵੀ ਨਾ ਖੜਕਾਇਆ ਹੋਵੇ ਉਹ ਖੜਕੇ ਤੇ ਕੰਨ ਤੇ ਖੜ੍ਹੇ ਹੀ
ਹੋ ਜਾਂਦੇ ਹਨ। ਬਾਹਿਰ ਵੇਖਿਆ ਤੇ ਐਵੇਂ ਜੁਗਨੂੰ ਵਰਗੀ ਜਿਹੀ ਖੁਸ਼ੀ ਜਿਹੜੀ ਜਗ ਕੇ ਬੁਝ ਵੀ
ਸਕਦੀ ਸੀ।
“ਭਾਈ ਜਾਨ, ਬਾਜੀ ਹਮੀਦਾ ਨੇ ਆਖਿਆ ਹੈ ਅੱਬਾ ਜੀ ਅੱਜ ਬਲੋਕੀ ਚਲੇ ਗਏ ਹਨ ਅਸੀਂ ਇਕੱਲੇ ਹਾਂ
ਤੇ ਸਾਡੇ ਘਰ ਆਉ!” ਸਾਹਿਰਾ ਦੀ ਨਿੱਕੀ ਭੈਣ ਹਮੀਦਾ ਦਾ ਇਹ ਸੁਨੇਹਾ ਉਹਨਾਂ ਦੇ ਨਿੱਕੇ ਭਰਾ
ਸਲੀਮ ਨੇ ਦਿੱਤਾ ਤੇ ਦਿਲ ਨੇ ਚਾਵਾਂ ਦੇ ਘੋੜੇ ਤੇ ਕਾਠੀ ਪਾ ਲਾਈ। ਬੇ ਲਗਾਮੇ ਘੋੜੇ ਨੇ ਅਜੇ
ਪੈਰ ਵੀ ਨਹੀਂ ਸੀ ਪੁੱਟਿਆ ਤੇ ਅਕਲ ਨੇ ਜੋੜ ਲਿਆ। ਅਕਲ ਅਤੇ ਅਰਮਾਨਾਂ ਦਾ ਇੱਟ ਕੁੱਤੇ ਦਾ
ਵੈਰ ਤਾਂ ਹੁੰਦਾ ਹੈ। ਇਸਰਾਂ ਹੀ ਸੱਪ ਤੇ ਨਿਉਲੇ ਦੀ ਜੰਗ ਲੱਗ ਗਈ। ਅਕਲ ਨੇ ਘੂਰੀ ਵੱਟ ਕੇ
ਆਖਿਆ ਕਿ ਨਾ ਤੇ ਇੱਥੇ ਨਾਦਰ ਹੈ ਜਿਸ ਦੀ ਵਜ੍ਹਾ ਨਾਲ ਸਾਹਿਰਾ ਦੇ ਘਰ ਜਾਂਦਾ ਹੈਂ ਅਤੇ ਨਾ
ਹੀ ਉਹਨਾਂ ਦਾ ਬੰਜਰ ਜਿਹੇ ਮਿਜਾਜ਼ ਵਾਲਾ ਕੁੜਾਂਘਾ ਪਿਓ ਘਰ ਹੈ। ਜਿਸ ਵਾੜੇ ਵਿੱਚ ਕੋਈ ਵੀ
ਰਾਖਾ ਨਾ ਹੋਵੇ ਉਹਦੀ ਵੱਟ ਟੱਪਦਾ ਬੰਦਾ ਵੀ ਫੜਿਆ ਜਾਵੇ ਤੇ ਉਹ ਚੋਰ ਹੀ ਹੁੰਦਾ ਹੈ ਭਾਵੇਂ
ਖ਼ਰਬੂਜ਼ਾ ਕੋਈ ਵੀ ਨਾ ਤੋੜੇ। ਇਹ ਤੇ ਸੀ ਮਸ਼ਵਰਾ ਅਕਲ ਦਾ। ਦੂਜੇ ਪਾਸੇ ਠੰਡੇ ਠੰਡੇ ਮੌਸਮ ਦੀ
ਅੱਗ, ਪੁਰੇ ਦੀ ਹਵਾ ਦੀ ਮਸਤੀ, ਇਕਲਾਪੇ ਦਾ ਸਾੜਾ ਅਤੇ ਅੱਲ੍ਹੜ ਜਿਹੀ ਉਮਰ ਦਾ ਖਰੂਦ।
ਅਕਲ ਵਿਚਾਰੀ ਹੱਥ ਹੀ ਪਾਉਂਦੀ ਰਹੀ। ਪਿੱਛੋਂ ਵਾਜਾਂ ਹੀ ਮਾਰਦੀ ਰਹੀ ਪਰ ਮੈਂ ਪਾਜਾਮਾ ਉਤਾਰ
ਕੇ ਸਰ੍ਹਾਣੇ ਥੱਲੇ ਰੱਖ ਕੇ ਇਸਤਰੀ ਕੀਤੀ ਪਤਲੂਣ ਪਾਈ ਅਤੇ ਸਾਹਿਰਾ ਦੇ ਘਰ ਵਗ ਗਿਆ। ਅੱਗੋਂ
ਉਹਨਾਂ ਨੇ ਜਿਹੜਾ ਪ੍ਰੋਗਰਾਮ ਦੱਸਿਆ ਮੈਂ ਸੁਣ ਕੇ ਅੰਨ੍ਹਾ ਬੋਲਾ ਹੋ ਗਿਆ ਅਤੇ ਦੁਨੀਆ ਦੇ
ਸਾਰੇ ਘਾਟੇ ਨਫ਼ੇ ਚਾਵਾਂ ਨੇ ਪੈਰਾਂ ਥੱਲੇ ਲੈ ਕੇ ਮਿੱਧ ਛੱਡੇ।
ਹਮੀਦਾ ਨੇ ਆਖਿਆ “ਭਾਈ ਜਾਨ! ਅੱਜ ਹਸਪਤਾਲ ਵੱਲੋਂ ਕਿਸੇ ਨੇ ਫ਼ਿਲਮ ‘ਜ਼ਿੱਦੀ’ ਦੀਆਂ ਚਾਰ
ਟਿਕਟਾਂ ਦਿੱਤੀਆਂ ਹਨ ਅਤੇ ਦੇਵ ਆਨੰਦ ਦੀ ਬੜੀ ਹੀ ਚੰਗੀ ਫ਼ਿਲਮ ਲੱਗੀ ਹੋਈ ਹੈ। ਮੈਂ ਬਾਜੀ
ਸਾਹਿਰਾ ਨੂੰ ਮਨਾ ਕੇ ਅੰਮੀ ਜੀ ਕੋਲੋਂ ਇਜਾਜ਼ਤ ਲੈ ਲਈ ਹੈ। ਕਿਉਂਜੇ ਸਬੱਬ ਨਾਲ ਅੱਬਾ ਜੀ ਘਰ
ਨਹੀਂ ਸਨ।” ਹਮੀਦਾ ਦਾ ਇਹ ਪ੍ਰੋਗਰਾਮ ਮੇਰੇ ਲਈ ਅੱਗ ਪਾਣੀ ਦਾ ਖੇਡ ਸੀ। ਸ਼ੌਕ ਅਤੇ ਖ਼ੌਫ਼
ਦੋਵ੍ਹੇਂ ਹੱਥੋ ਪਾਈ ਹੋ ਗਏ। ਅਖ਼ੀਰ ਮੂੰਹ ਜ਼ੋਰ ਸ਼ੌਕ ਨੇ ਅਕਲ ਤੇ ਖ਼ੌਫ਼ ਨੂੰ ਵਗਾਹ ਕੇ
ਮਾਰਿਆ। ਸਾਹਿਰਾ ਨੂੰ ਥੋੜ੍ਹਾ ਜਿਹਾ ਛੇੜ ਕੇ ਹਮੀਦਾ ਨੇ ਮੈਨੂੰ ਆਖਿਆ “ਭਾਈ ਜਾਨ ਤੁਹਾਨੂੰ
ਸਾਹਿਰਾ ਬਾਜੀ ਦੀ ਮਰਜ਼ੀ ਨਾਲ ਹੀ ਸੱਦਿਆ ਗਿਆ ਜੇ।” ਸਾਹਿਰਾ ਦਾ ਪਿਆਰ ਭਰੇ ਗੁੱਸੇ ਨਾਲ
ਮੂੰਹ ਲਾਲ ਹੋ ਗਿਆ ਅਤੇ ਆਖਣ ਲੱਗੀ “ਦਫ਼ਾ ਹੋ ਕਮੀਨੀਏ, ਝੂਠ ਨਾ ਬੋਲ”। ਹਾਲਾਂਕਿ ਇਹ ਝੂਠ
ਹੀ ਇੱਕ ਬੜਾ ਖ਼ੂਬਸੂਰਤ ਸੱਚ ਸੀ। ਅਖ਼ੀਰ ਸਾਰੇ ਝੂਠ ਸੱਚ ਯਾਂ ਖ਼ੌਫ਼ ਖਤਰੇ ਗਲੋਂ ਲਾਹ ਕੇ
ਨਾਵਲਟੀ ਸਿਨੇਮਾ ਵਿੱਚ ਮੈਂ, ਸਾਹਿਰਾ, ਹਮੀਦਾ ਅਤੇ ਰੁਖ਼ਸਾਨਾ ਫ਼ਿਲਮ ਵੇਖ ਰਹੇ ਸਾਂ। ਅਖੀਰਲਾ
ਸ਼ੋ ਵੇਖ ਕੇ ਰਾਤ ਇੱਕ ਵਜੇ ਪਰਤੇ ਤੇ ਸਾਹਿਰਾ ਨੇ ਮੈਨੂੰ ਰਾਹ ਵਿੱਚੋਂ ਹੀ ਆਪਣੇ ਘਰੇ ਚਲੇ
ਜਾਣ ਦਾ ਮਸ਼ਵਰਾ ਦਿੱਤਾ। ਪਰ ਹੋਣੀ ਨੂੰ ਸਾਡੀਆਂ ਦੋ ਚਾਰ ਖੁਸ਼ੀਆਂ ਵੀ ਹਜ਼ਮ ਨਾ ਹੋਈਆਂ। ਮੈਂ
ਉਹਨਾਂ ਨੂੰ ਘਰ ਤੀਕ ਅੰਦਰ ਵਾੜ ਕੇ ਮੁੜਿਆ ਹੀ ਸਾਂ ਤੇ ਪਿੱਛੋਂ ਵਾਜ ਆਈ “ਅਮੀਨ ਸਾਹਿਬ ਜ਼ਰਾ
ਮੇਰੀ ਗੱਲ ਸੁਣ ਜਾਇਓ”। ਗੱਲ ਦੀ ਸਮਝ ਤੇ ਮੈਨੂੰ ਗੱਲ ਸੁਣਿਓਂ ਬਗ਼ੈਰ ਹੀ ਆ ਗਈ ਸੀ,
ਕਿਓਂਜੇ ਇਹ ਅਵਾਜ਼ ਖ਼ੈਰ ਨਾਲ ਉਹਨਾਂ ਦੇ ਪਿਓ ਦੀ ਸੀ ਜਿਹੜਾ ਸਾਡੀ ਉਡੀਕ ਦੀ ਅੱਗ ਵਿੱਚ ਪਤਾ
ਨਹੀਂ ਕਦੋਂ ਦਾ ਸੜ ਰਿਹਾ ਸੀ। ਮੈਂ ਸ਼ਰੀਫ਼ਾਂ ਵਾਂਗ ਪਰਤ ਆਇਆ ਤੇ ਉਸ ਨੇ ਆਪਣੀ ਬੀਵੀ ਨੂੰ
ਵਾਜ ਮਾਰ ਲਈ ਤੇ ਮੈਨੂੰ ਨਾਲ ਦੇ ਕਮਰੇ ਵਿੱਚ ਖੜ ਕੇ ਆਖਣ ਲੱਗਾ।
“ਬਰਖ਼ੁਰਦਾਰ ਹਾਂਡੀ ਦਾ ਮੂੰਹ ਖੁੱਲ੍ਹਾ ਹੋਵੇ ਤੇ ਕੁੱਤੇ ਨੂੰ ਹੀ ਸ਼ਰਮ ਚਾਹੀਦੀ ਹੈ। ਮੈਂ
ਤੇ ਅੱਗੇ ਹੀ ਆਪਣੀ ਇਸ ਨਾਲਾਇਕ ਬੀਵੀ ਨੂੰ ਆਖਿਆ ਸੀ ਕਿ ਆਪਣੇ ਚਹੇਤੇ ਭਣਵੱਈਏ ਨਾਲ ਵੀ
ਇੰਨੇ ਲਾਡ ਕਰਨੇ ਛੱਡ ਦੇ ਅਤੇ ਉਹਦਾ ਬਹੁਤਾ ਆਣਾ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ। ਉੱਤੋਂ
ਉਹ ਤੇਰੇ ਵਰਗੇ ਯਾਰ ਵੀ ਸਾਡੇ ਘਰ ਲੈ ਆਇਆ। ਇਸ ਦੀ ਬੇ ਹਿਆਈ ਦੀ ਇਹ ਜ਼ਿੰਮੇਦਾਰ ਹੈ।” ਉਸ
ਬੰਦੇ ਨੇ ਮੇਰੀ ਰੱਜ ਕੇ ਕੁੱਤੇ ਖਾਣੀ ਕੀਤੀ। ਆਖਣ ਲੱਗਾ “ਅੱਗੋਂ ਤੋਂ ਇਹ ਸਾਕਾਦਾਰੀ ਬੰਦ
ਕਰੋ ਸਾਨੂੰ ਇੰਝ ਦੀਆਂ ਰਿਸ਼ਤੇ ਦਾਰੀਆਂ ਨਹੀਂ ਪੁਜਦੀਆਂ।
ਪਿਆਰ ਦੀ ਸੋਮ ਚਿੜੀ ਨੇ ਅਜੇ ਉਡਾਰੀ ਵੀ ਨਹੀਂ ਸੀ ਮਾਰੀ ਤੇ ਕਿਸਮਤ ਦੇ ਸ਼ਿਕਰੇ ਨੇ ਦਬੋਚ
ਲਈ। ਮੈਂ ਇੱਜ਼ਤ ਦਾ ਜਨਾਜ਼ਾ ਮੋਢਿਆਂ ਤੇ ਧਰ ਕੇ ਘਰ ਆ ਗਿਆ। ਹੁਣ ਮੈਨੂੰ ਆਹ ਦੀ ਨਹੀਂ ਪਾਹ
ਦੀ ਸੀ। ਹੋਣ ਵਾਲੀ ਭੁੱਲ ਗਈ ਅਤੇ ਅੱਗੋਂ ਹੋਣ ਵਾਲੀ ਦਾ ਗ਼ਮ ਪੈ ਗਿਆ। ਨਾਦਰ ਨੂੰ ਕੀ
ਦੱਸਾਂਗਾ। ਉਹ ਇਸ ਗੱਲ ਨੂੰ ਜਿਹੜੇ ਮਰਜ਼ੀ ਪਾਸੇ ਲੈ ਜਾਵੇ। ਇੱਕ ਬੇ ਇਜ਼ਤੀ ਤੋਂ ਬਾਅਦ ਦੂਜੀ
ਨਮੋਸ਼ੀ ਦੀ ਉਡੀਕ ਵਿੱਚ ਨੀਂਦ ਨਾ ਆਈ ਤੇ ਦੂਜੇ ਦਿਨ ਨਾਦਰ ਆ ਗਿਆ। ਉਹ ਬੜਾ ਹੀ ਠੰਡ ਮਿੱਠਾ
ਨਿੱਘਾ ਜਿਹਾ ਦੂਲਾ ਅਤੇ ਧੀਰਾ ਬੰਦਾ ਸੀ। ਮੇਰੀ ਗੱਲ ਸੁਣ ਕੇ ਪਰੇਸ਼ਾਨ ਹੋਇਆ ਅਤੇ ਆਖਣ ਲੱਗਾ
“ਯਾਰ ਉਹ ਕੁੜੀਆਂ ਤੇ ਬੇਵਕੂਫ਼ ਸਨ ਪਰ ਤੈਨੂੰ ਨਹੀਂ ਸੀ ਜਾਣਾ ਚਾਹੀਦਾ। ਉੱਤੋਂ ਬਾਬੂ ਕਮਰ
(ਉਹਦਾ ਸਾਂਢੂ) ਵੀ ਬੜਾ ਅੜ੍ਹਬ, ਤੰਗ ਦਿਲ ਅਤੇ ਸਖ਼ਤ ਮਿਜ਼ਾਜ ਵਾਲਾ ਹੈ।”
ਬੜੇ ਦਿਹਾੜੀਆਂ ਪਿੱਛੋਂ ਨਾਦਰ ਉਹਨਾਂ ਦੇ ਘਰ ਗਿਆ। ਮੈਂ ਮਹਿਸੂਸ ਕੀਤਾ ਕਿ ਨਾਦਰ ਨੇ ਉਸ
ਤੋਂ ਪਿੱਛੋਂ ਉਹਨਾਂ ਦੇ ਘਰ ਜਾਣ ਦਾ ਕਦੀ ਵੀ ਨਾਂ ਨਾ ਲਿਆ।
ਵੇਲਾ ਉਲਾਂਘਾਂ ਭਰਦਾ ਗਿਆ ਅਤੇ ਵਕਤ ਦੀ ਧੂੜ ਨੇ ਸਾਹਿਰਾ ਵਾਲੇ ਸਦਮੇ ਨੂੰ ਥੋੜ੍ਹਾ ਜਿਹਾ
ਕੱਜ ਲਿਆ। ਪੂਰੀ ਤਰ੍ਹਾਂ ਅਰਾਮ ਤੇ ਨਹੀਂ ਸੀ ਆਇਆ ਪਰ ਇਹਸਾਸ ਨੂੰ ਲੱਗੇ ਠੇਡੇ ਦੇ ਜ਼ਖ਼ਮ
ਉੱਤੇ ਖਰੀਂਢ ਆ ਗਿਆ ਸੀ।
ਦਸਵੀਂ ਦੇ ਇਮਤਿਹਾਨ ਸਿਰ ਤੇ ਆ ਗਏ ਤੇ ਪੁਰਾਣੀਆਂ ਫ਼ਿਕਰਾਂ ਉੱਤੇ ਨਵੇਂ ਗ਼ਮ ਦਾ ਪਰਦਾ ਪੈ
ਗਿਆ। ਮੇਰੇ ਦਿਮਾਗ ਵਿੱਚ ਸੀ ਕਿ ਆਪਣੇ ਪਿਓ ਕੋਲੋਂ ਇੰਝ ਹੀ ਬਦਲਾ ਲੈ ਸਕਦਾ ਹਾਂ ਕਿ ਦਸਵੀਂ
ਪਾਸ ਕਰ ਕੇ ਵਿਖਾਵਾਂ। ਅਖ਼ੀਰ ਇਮਤਿਹਾਨ ਹੋ ਗਏ। ਨਤੀਜੇ ਨਿਕਲੇ ਵੇਖ ਕੇ ਆਪ ਵੀ ਹੈਰਾਨ ਹੋ
ਗਿਆ। ਇੰਨੇ ਸਾਰੇ ਨੰਬਰ। ਰਾਤ ਨੂੰ ਬਾਰਾਂ ਵਜੇ ਨਤੀਜਾ ਵੇਖ ਕੇ ਮੈਂ ਉਸੇ ਵੇਲੇ ਪਿੰਡ ਚਲਾ
ਗਿਆ। ਪਿਓ ਨੂੰ ਨਤੀਜਾ ਮੈਂ ਇਸਰਾਂ ਸੁਣਾਇਆ ਜਿਵੇਂ ਕਿਸੇ ਨੂੰ ਤਾਅਨਾ ਦਿੱਤਾ ਹੋਵੇ। ਉਹ ਵੀ
ਇਵੇਂ ਤਲਖ਼ ਜਿਹਾ ਹੱਸਿਆ ਅਤੇ ਇੰਨਾ ਹੀ ਆਖਿਆ “ਚੱਲ ਚੰਗਾ ਹੋ ਗਿਆ”। ਹੋਰ ਕੋਈ ਗੱਲ ਨਾ
ਹੋਈ।
ਆਪ ਭਾਵੇਂ ਮੈਂ ਵਿਗੜਿਆ ਹੀ ਸਾਂ ਪਰ ਕਿਸੇ ਦਾ ਕਦੀ ਕੁਝ ਨਹੀਂ ਸੀ ਵਿਗਾੜਿਆ। ਸ਼ਾਇਦ ਇਸੇ ਕਰ
ਕੇ ਰੱਬ ਮੇਰੇ ਸਾਰੇ ਕੰਮ ਸੁਆਰਦਾ ਰਿਹਾ ਹੈ। ਪਾਕਿਸਤਾਨ ਵਿੱਚ ਪਹਿਲਾ ਪਹਿਲਾ ਅਯੂਬ ਖ਼ਾਨ
ਵਾਲਾ ਕਰੜਾ ਜਿਹਾ ਮਾਰਸ਼ਲ ਲਾਅ ਲੱਗਾ ਸੀ ਤੇ ਕੁਝ ਚਿਰ ਲਈ ਰਿਸ਼ਵਤ ਸਿਫ਼ਾਰਿਸ਼ ਉੱਤੇ ਛੁਰੀ ਫਿਰ
ਗਈ ਸੀ। ਰੇਲਵੇ ਵਿੱਚ ਪੰਜ ਸਾਲਾ ਕੋਰਸ ਲਈ ਸਿਰਫ਼ 23 ਅਸਾਮੀਆਂ ਨਿਕਲੀਆਂ ਤੇ ਦੁਨੀਆ ਹੁੰਮ
ਹੁੰਮਾ ਕੇ ਪੈ ਗਈ। ਉਮੀਦ ਤੇ ਨਹੀਂ ਸੀ ਪਰ ਬੜੀ ਛਾਣ ਪੁਣ ਕਰ ਕੇ ਮੈਨੂੰ ਵੀ ਚੁਣ ਲਿਆ ਗਿਆ।
ਵਾਲਟਨ ਟਰੇਨਿੰਗ ਕਾਲਜ ਲਾਹੌਰ ਦੇ ਹੋਸਟਲ ਦੇ ਆਪਣੇ ਕਮਰੇ ਦਾ ਬੂਹਾ ਮਾਰ ਕੇ ਨਮਾਜ਼
ਪੜ੍ਹੀ---ਜ਼ਿੰਦਗੀ ਦੀ ਪਹਿਲੀ ਨਮਾਜ਼। ਮਹੀਨੇ ਬਾਅਦ ਸੱਠ ਰੁਪਏ ਵਜ਼ੀਫ਼ਾ ਲੱਭਾ ਤੇ ਬੜੇ ਚਿਰ
ਪਿੱਛੋਂ ਮਾਮਿਆਂ ਦੇ ਪਿੰਡ ਜਾ ਕੇ ਮਾਂ ਨੂੰ ਮਿਲਿਆ। ਉਹਦੇ ਅੱਗੇ ਪੈਸੇ ਰੱਖੇ ਅਤੇ ਉਹ ਬੜਾ
ਚਿਰ ਮੈਨੂੰ ਗਲ ਲਾ ਕੇ ਰੋਂਦੀ ਰਹੀ। ਦਸ ਰੁਪਏ ਆਪਣੀ ਮਹਿੰਦੀ ਲੱਗੀ ਤਲੀ ‘ਚ ਫੜ ਕੇ ਆਖਿਆ
“ਜਾ ਪੁੱਤ ਤੈਨੂੰ ਰੱਬ ਦੀਆਂ ਸਪੁਰਦਾਂ। ਪੁੱਤ ਜਾਚ ਕਰੀਂ ਇਸ ਦੁਨੀਆ ਵਿੱਚ ਬੜੀ ਤਿਲ੍ਹਣ
ਬਾਜ਼ੀ ਊ ਤੇ ਤੂੰ ਬੜਾ ਲਾਗ਼ਰਜ਼ ਜਿਹਾ ਹੈਂ, ਟੋਹ ਟੋਹ ਕੇ ਟੁਰਿਆ ਕਰ ਮੇਰਾ ਪੁੱਤ। ਨਮਾਜ਼ ਨੂੰ
ਘੁੱਟ ਕੇ ਫੜ ਲੈ ਤੇ ਸੱਚ ਦਾ ਸੰਗ ਨਾ ਛੱਡੀਂ---ਜਾ----ਤੈਨੂੰ ਰੱਬ ਦੀਆਂ ਰੱਖਾਂ।”
ਦੋ ਵਰ੍ਹੇ ਵਾਲਟਨ ਵਿੱਚ ਗੁਜ਼ਾਰਨ ਪਿੱਛੋਂ ਦੋ ਸਾਲ ਪ੍ਰੈਕਟੀਕਲ ਵਾਸਤੇ ਕੋਇਟੇ ਜਾਣ ਦਾ ਹੁਕਮ
ਹੋਇਆ ਤੇ ਤਿਆਰੀ ਵਾਸਤੇ ਅੱਠ ਛੁੱਟੀਆਂ ਹੋਈਆਂ। ਼ਲੋਕ ਆਪਣੇ ਆਪਣੇ ਸ਼ਹਿਰਾਂ ਅਤੇ ਪਿੰਡਾਂ
ਨੂੰ ਵਗ ਗਏ। ਉੱਚੇ ਪਿੰਡ ਦਾ ਸਾਦ ਮੁਰਾਦਾ ਜਿਹਾ ਮੇਰਾ ਯਾਰ ਫ਼ੈਜ਼ ਮੁਹੰਮਦ ਸਿੱਧੂ ਵੀ ਆਪਣੀ
ਜੁੱਲੀ ਲਵ੍ਹੇਟ ਕੇ ਪਿੰਡ ਚਲਾ ਗਿਆ ਅਤੇ ਮੈਂ ਇਕੱਲਾ ਹੀ ਰਹਿ ਗਿਆ। ਬਾਕੀ ਬਹੁਤੇ ਮੁੰਡੇ
ਸ਼ਹਿਰੀਏ ਸਨ ਯਾਂ ਸ਼ੋਖ਼ੇ---ਮੇਰੇ ਕਿਸ ਕੰਮ।
ਫ਼ੈਜ਼ ਹੀ ਮੇਰਾ ਗੂੜ੍ਹਾ ਬੇਲੀ ਸੀ ਜਿਹੜਾ ਅਫ਼ਸਰ ਯਾਂ ਅਮੀਰ ਅਖਵਾਣ ਲਈ ਲੋਕਾਂ ਵਾਂਗ ਹੋਸਟਲ
ਵਿੱਚ ਰਾਤ ਨੂੰ ਲੁਧਿਆਣੇ ਦੇ ਫੱਟਿਆਂ ਵਾਲੇ ਸਲੀਪਿੰਗ ਸੂਟ ਦੀ ਬਜਾਏ ਧੋਤੀ ਬੰਨ੍ਹ ਕੇ
ਸੌਂਦਾ ਸੀ। ਸਿਗਰਟ ਨੂੰ ਹੁੱਕੇ ਦੀ ਨੜੀ ਵਾਂਗ ਮੁੱਠ ਵਿੱਚ ਲੈ ਕੇ ਸੂਟੇ ਮਾਰਦਾ ਅਤੇ ਇਵੇਂ
ਗ਼ਮਾਂ ਦਾ ਫੰਡਿਆ ਸਾਰੀ ਉਮਰ ਨੀਵੀਂ ਪਾ ਕੇ ਟੁਰਦਾ ਰਿਹਾ। ਅਜੇ ਜੁਆਨੀ ਵੀ ਨਹੀਂ ਸੀ ਮੁੱਕੀ
ਤੇ ਫ਼ੈਜ਼ ਸਿੱਧੂ ਦੁਨੀਆ ਨਾਲ ਮੁੱਕ ਮੁਕਾ ਕੇ ਚਲਿਆ ਗਿਆ। ਉਹਦਾ ਕਮਰਾ ਮੇਰੇ ਗੁਆਂਢ ਸੀ। ਉਹ
ਮੇਰੇ ਨਾਲ ਦਾ ਤੇ ਹਾਲ ਦਾ ਸੀ। ਬੜਾ ਰੋਇਆ ਸਾਂ ਉਹਦੀ ਮੌਤ ਤੇ।
ਮੈਂ ਛੁੱਟੀਆਂ ਕਿੱਥੇ ਗੁਜ਼ਾਰਦਾ। ਕੋਈ ਪਾਸਾ ਨਹੀਂ ਸੀ, ਕਿੱਥੇ ਜਾਂਦਾ। ਗੁੱਜਰਾਂਵਾਲੇ ਆਪਣੀ
ਮਾਂ ਨੂੰ ਮਿਲ ਕੇ ਲਾਇਲਪੁਰ ਕੱਚੀ ਅਬਾਦੀ ਵਿੱਚ ਵਸਦੇ ਨਾਦਰ ਕੋਲ ਚਲਾ ਗਿਆ। ਇੱਕ ਦਿਨ ਪਿੰਡ
ਵੀ ਗਿਆ ਪਰ ਜਿਹੜੇ ਵਿਹੜੇ ਵਿੱਚ ਮਾਂ ਦੀ ਛਾਂ ਨਾ ਹੋਵੇ ਉੱਥੇ ਕਿੱਕਰਾਂ ਵਰਗੇ ਪਿਓ ਮੁੱਢ
ਬਹਿ ਕੇ ਸੂਲਾਂ ਨਾਲ ਕਿਹੜਾ ਹੇਜ ਜਗਾਉਂਦਾ। ਐਵੇਂ ਹੀ ਗਿਆ ਸਾਂ --ਜਿਵੇਂ ਕੋਈ ਉਲਾਹਮਾ
ਲਾਹੁਣ ਜਾਈਦਾ ਹੈ।
ਨਾਦਰ ਮਿੱਲ ਵਿੱਚ ਚਲਾ ਜਾਂਦਾ ਅਤੇ ਮੈਂ ਸਾਰਾ ਦਿਨ ਕੱਲਮ ਕੱਲਾ ਲਾਇਲਪੁਰ ਦੇ ਅੱਠ ਬਾਜ਼ਾਰਾਂ
ਨੂੰ ਕੱਛਦਾ ਕੀਲਦਾ ਤਕਾਲੀਂ ਕੱਚੀ ਕੋਠੜੀ ਵਿੱਚ ਆ ਵੜਦਾ। ਖ਼ੌਰੇ ਕੀ ਹੋਣਾ ਸੀ। ਇੱਕ ਦਿਹਾੜੇ
ਘੰਟਾ ਘਰ ਟੱਪ ਕੇ ਕਚਹਿਰੀ ਬਾਜ਼ਾਰ ਵਿੱਚ ਵੜਿਆ ਹੀ ਸਾਂ ਤੇ ਸੱਜੇ ਹੱਥ ਜਲੰਧਰ ਮੋਤੀ ਚੂਰ
ਹਾਊਸ ਤੇ ਖਲੋਤੀ ਹਮੀਦਾ ਨੇ ਕਿਧਰੇ ਵੇਖ ਲਿਆ। ਉਹ ਮੇਰੇ ਵੱਲ ਇਸਰਾਂ ਦੌੜ ਕੇ ਆਈ ਕਿ
ਦੁਬਾਰਾ ਕਿਧਰੇ ਦੁਨੀਆ ਦੀ ਭੀੜ ਵਿੱਚ ਗੁਆਚ ਨਾ ਜਾਵਾਂ।
ਕਿਸੇ ਵਿਹਾਰ ਵਪਾਰ ਵਿੱਚ ਕਿਸੇ ਧਿਰ ਨੇ ਵੀ ਡੰਡੀ ਨਾ ਮਾਰੀ ਹੋੱਵੇ ਤੇ ਸੱਚੇ ਸੁੱਚੇ
ਜਜ਼ਬਿਆਂ ਦਾ ਕਾਰੋਬਾਰ ਦਿਲਾਂ ਵਿੱਚ ਵਸਦੇ ਵਲਵਲੇ ਨਹੀਂ ਮਰਨ ਦਿੰਦਾ। ਹਮੀਦਾ ਆਲ ਦੁਆਲ ਦੀ
ਭੀੜ ਨੂੰ ਭੁੱਲ ਕੇ ਮੇਰੇ ਗਲ਼ ਲੱਗ ਕੇ ਇੰਝ ਰੋਈ ਕਿ ਗੁਜ਼ਰੀਆਂ ਯਾਦਾਂ ਦੀ ਕਾਂਗ ਗਲ ਗਲ ਆ
ਗਈ। ਮੈਂ ਵੀ ਉਸਨੂੰ ਨਿੱਕੀਆਂ ਭੈਣਾਂ ਵਾਂਗ ਗਲ ਨਾਲ ਲਾ ਕੇ ਗਏ ਵੇਲੇ ਦੀ ਕਬਰ ਤੇ ਦੋ
ਹੰਝੂਆਂ ਦਾ ਚੜ੍ਹਾਵਾ ਚੜ੍ਹਾ ਕੇ ਉਹਨੂੰ ਤਸੱਲੀ ਦਿੱਤੀ। ਉਹ ਅੱਖਾਂ ਪੂੰਝ ਕੇ ਆਖਣ ਲੱਗੀ
“ਭਾਈ ਜਾਨ! ਦੁੱਖ ਵਿੱਛੜਨ ਦਾ ਨਹੀਂ। ਦੁੱਖ ਤੇ ਇਹ ਹੈ ਕਿ ਤੁਹਾਨੂੰ ਕਿਸੇ ਜੁਰਮ ਤੋਂ ਬਗ਼ੈਰ
ਹੀ ਸਜ਼ਾ ਮਿਲੀ ਜਿਸ ਦੀ ਜ਼ਿੰਮੇਵਾਰ ਮੈਂ ਹਾਂ। ਅੱਗੋਂ ਸਾਹਿਰਾ ਬਾਜੀ ਵੀ ਇਸ ਕਦਰ ਹੱਸਾਸ ਕਿ
ਇਸ ਹਾਦਸੇ ਨੂੰ ਸੰਭਾਲ ਕੇ ਦਿਲ ਵਿੱਚ ਰੱਖ ਲਿਆ ਹੈ। ਅੱਬਾ ਜੀ ਨਾਲ ਵੀ ਫ਼ਾਸਲੇ ਤੇ ਰਹਿਣ
ਲੱਗ ਪਈ ਅਤੇ ਹੀਲੇ ਬਹਾਣੇ ਮੇਰੇ ਨਾਲ ਗੱਲਾਂ ਕਰਦੀ ਕਰਦੀ ਰੋ ਪੈਂਦੀ ਹੈ।
ਹਮੀਦਾ ਦੀਆਂ ਗੱਲਾਂ ਸੁਣ ਕੇ ਦਿਲ ਵਿੱਚ ਰੁੱਗ ਜਿਹਾ ਭਰਿਆ ਗਿਆ। ਇਹ ਸੋਚ ਕੇ ਰੂਹ ਧੁਖਣ
ਲੱਗ ਪਈ ਕਿ ਸਾਹਿਰਾ ਇੱਕ ਤਰੇਲ ਦੇ ਤੁਪਕੇ ਵਰਗੀ ਪਵਿੱਤਰ ਕੁੜੀ ਸੀ ਜਿਹੜੀ ਅੱਜ ਵੀ ਮੇਰੇ
ਨਾਲ ਵਾਪਰੇ ਹੋਏ ਹਾਦਸੇ ਨੂੰ ਨਹੀਂ ਭੁੱਲੀ। ਇਸ ਅਹਿਸਾਸ ਵਿੱਚ ਡੁੱਬ ਕੇ ਮੈਂ ਸਾਰੇ ਖ਼ੌਫ਼
ਖਤਰੇ ਅਤੇ ਨਫੇ ਨੁਕਸਾਨ ਨੂੰ ਭੁੱਲ ਗਿਆ ਤੇ ਆਖਿਆ ਕਿ ਇੱਕ ਵੇਰਾਂ ਸਾਹਿਰਾ ਨੂੰ ਤੇ ਮਿਲਾ
ਦੇ। ਉਹ ਦੁਚਿੱਤੀ ਜਿਹੀ ਹੋ ਕੇ ਸੋਚਣ ਲੱਗ ਪਈ। ਸ਼ਾਇਦ ਉਹ ਬੇਵੱਸੀ ਦੇ ਜਾਲ ਦੀਆਂ ਰੱਸੀਆਂ
ਤੋੜਨ ਦਾ ਜਤਨ ਕਰ ਰਹੀ ਸੀ ਤੇ ਮੈਂ ਆਖਿਆ, ਹਮੀਦਾ ਅੱਜ ਦੇ ਵਿੱਛੜੇ ਸ਼ਾਇਦ ਅਸੀਂ ਸਾਰੀ
ਹਿਆਤੀ ਇੱਕ ਦੂਜੇ ਨਂੂੰ ਕਦੀ ਵੀ ਨਾ ਵੇਖ ਸਕਾਂਗੇ। ਮੈਂ ਦੋ ਦਿਨ ਬਾਅਦ ਪਂਜਾਬ ਛੱਡ ਕੇ
ਬਲੋਚਿਸਤਾਨ ਜਾ ਰਿਹਾ ਹਾਂ ਅਤੇ ਪਤਾ ਨਹੀਂ ਇਸ ਸ਼ਹਿਰ ਨੂੰ ਫਿਰ ਕਦੀ ਵੇਖਣਾ ਨਸੀਬ ਹੋੱਵੇਗਾ
ਕਿ ਨਹੀਂ।
ਹਮੀਦਾ ਦੀਆਂ ਅੱਖਾਂ ਵਿੱਚੋਂ ਫ਼ੇਰ ਦੋ ਬੇਗ਼ਰਜ਼ ਮੋੱਤੀ ਨਿਕਲੇ ਤੇ ਡਿੱਗ ਕੇ ਮਿੱਟੀ ਵਿੱਚ ਰੁਲ
ਗਏ। ਉਹਦੇ ਸਿਰ ਵਿੱਚ ਵੀ ਕੁਝ ਦੇਰ ਜਜ਼ਬਾਤ ਤੇ ਅਕਲ ਦੀ ਜੰਗ ਹੁੰਦੀ ਰਹੀ। ਅਖ਼ੀਰ ਆਖਣ ਲੱਗੀ
“ਅੱਬਾ ਜੀ ਰਿਟਾਇਰ ਹੋ ਗਏ ਸਨ ਤੇ ਅਸਾਂ ਘਰ ਬਦਲ ਲਿਆ ਹੈ। ਧੋਬੀ ਘਾਟ ਵਿੱਚ--ਗਲੀ ਵਿੱਚ
ਮਕਾਨ ਨੰਬਰ 13 ਦੇ ਸਾਹਮਣੇ ਬਰਫ਼ਖਾਨੇ ਦੇ ਖੱਬੇ ਪਾਸੇ ਛੱਤੇ ਹੋਏ ਥੜ੍ਹੇ ਕੋਲ ਰਾਤ ਦੇ ਸਾਢੇ
ਯਾਰਾਂ ਵਜੇ ਖਲੋ ਜਾਇਓ ਅਤੇ ਮੈਂ ਤੁਹਾਨੂੰ ਅੰਦਰ ਲੈ ਜਾਵਾਂਗੀ।”
ਸਿਆਲ ਦੀਆਂ ਕਾਲੀਆਂ ਰਾਤਾਂ ਵਿੱਚ ਮੈਂ ਗੋਡਿਆਂ ਤੀਕ ਰੇਲਵੇ ਦਾ ਓਵਰ ਕੋਟ ਪਾ ਕੇ ਦੱਸੀ ਹੋਈ
ਥਾਂ ਤੇ ਹਮੀਦਾ ਨੂੰ ਉਡੀਕ ਰਿਹਾ ਸਾਂ ਕਿ ਪੌਣੇ ਬਾਰਾਂ ਵਜੇ 13 ਨੰਬਰ ਮਕਾਨ ਦੀ ਬੈਠਕ ਦੇ
ਬੂਹੇ ਵਿੱਚ ਝੀਤ ਹੋਈ। ਮੇਰੇ ਦਿਲ ਦੀ ਕੋਠੀ ਹਿੱਲ ਗਈ ਅਤੇ ਕਲੇਜਾ ਉਛਲਣ ਲੱਗ ਪਿਆ। ਹਮੀਦਾ
ਨੇ ਸੱਜੇ ਖੱਬੇ ਵੇਖ ਕੇ ਸੈਂਤ ਮਾਰੀ ਅਤੇ ਮੈਂ ਅੰਦਰ ਜਾ ਵੜਿਆ। ਘਰ ਦੇ ਇੱਕ ਪਾਸੇ ਜਿਹੇ
ਸ਼ਾਇਦ ਇਹ ਤਿੰਨ ਭੈਣਾਂ ਦਾ ਕਮਰਾ ਸੀ ਜਿੱਥੇ ਤਿੰਨ ਬਿਸਤਰੇ ਸਨ। ਹਮੀਦਾ ਤੋਂ ਨਿੱਕੀ
ਰੁਖ਼ਸਾਨਾ ਵੀ ਗਲ਼ ਲੱਗ ਕੇ ਮਿਲੀ। ਪਰ ਸਾਹਿਰਾ ਸਿਰਫ਼ ਮੰਜੀ ਤੋਂ ਉੱਠੀ, ਮੇਰੇ ਵੱਲ ਇੱਕ ਨਜ਼ਰ
ਵੇਖਿਆ, ਅੱਥਰੂ ਲੁਕਾਏ ਤੇ ਚੋਰੀ ਪੂੰਝ ਕੇ ਆਖਣ ਲੱਗੀ “ਤੁਸੀਂ ਠੀਕ ਹੋ ਨਾ? ਕੀ ਜ਼ਰੂਰਤ ਸੀ
ਇਡੀ ਠੰਡੀ ਰਾਤ ਦੇ ਇਡੇ ਅਨ੍ਹੇਰੇ ਵਿੱਚ ਇੱਡਾ ਖਤਰਾ ਮੁੱਲ ਲੈਣ ਦੀ? ਹਮੀਦਾ ਤੇ ਪਾਗਲ ਹੈ।”
ਪਤਾ ਨਹੀਂ ਕਿਹਨੂੰ ਕਿਹਨੂੰ ਕਿਹੜੀ ਕਿਹੜੀ ਜ਼ਰੂਰਤ ਸੀ। ਨਾਲੇ ਜ਼ਰੂਰਤਾਂ ਦੀ ਭੀੜ ਪੈ ਜਾਏ ਤੇ
ਦਿਲ ਦੀ ਸੌੜ, ਪਾਲੇ, ਅਨ੍ਹੇਰੇ, ਮੀਂਹ, ਫਾਂਡੇ ਯਾਂ ਠੱਕੇ ਅਨ੍ਹੇਰੀਆਂ ਕਦੋਂ ਵੇਖਦੀ ਹੈ।
ਨਾਲੇ ਜ਼ਰੂਰਤਾਂ ਮਜਬੂਰੀਆਂ ਬਣ ਜਾਣ ਤੇ ਉਹ ਖਤਰਿਆਂ ਨੂੰ ਢਾਕੇ ਲਾ ਕੇ ਝਨ੍ਹਾਂ ਵਿੱਚ ਠਿੱਲ
ਪੈਂਦੀਆਂ ਹਨ ਭਾਵੇਂ ਉਹ ਕੱਚਾ ਅੱਧ ਵਿਚਕਾਰ ਹੀ ਡੋਬ ਦੇਵੇ।
ਪਤਾ ਨਹੀਂ ਘਰ ਵਾਲੇ ਦੂਜੇ ਕਿੱਥੇ ਕਿੱਥੇ ਸਨ ਤੇ ਘਰ ਦਾ ਜੁਗਰਾਫ਼ੀਆ ਕੀ ਸੀ। ਸਾਡੇ ਕਮਰੇ
ਵਿੱਚ ਟੇਬਲ ਲੈਂਪ ਉੱਤੇ ਖੇਸ ਪਾ ਕੇ ਲੋਅ ਨੂੰ ਬੜਾ ਮੱਧਮ ਕਰ ਲਿਆ ਸੀ। ਮੇਰੇ ਡੱਕਣ ਦੇ
ਬਾਵਜੂਦ ਹਮੀਦਾ ਦੱਬੇ ਪੈਰੀਂ ਹੌਲੀ ਹੌਲੀ ਚਾਹ ਰੋਟੀ ਲੈ ਆਈ ਤੇ ਅਸੀਂ ਸਾਰੀ ਰਾਤ ਸ਼ਦਾਈ
ਜਿਹੀਆਂ ਗੱਲਾਂ ਕਰਦੇ ਰਹੇ। ਹਮੀਦਾ ਤੇ ਰੁਖ਼ਸਾਨਾ ਕਦੀ ਕਦੀ ਹੱਸ ਪੈਂਦੀਆਂ ਪਰ ਸਾਹਿਰਾ ਨੇ
ਤੇ ਗੱਲਾਂ ਦਾ ਵੀ ਬੜਾ ਸਰਫ਼ਾ ਕੀਤਾ, ਹੱਸਣਾ ਕੀ ਸੀ। ਉਹ ਤੇ ਮੇਰੇ ਵੱਲ ਵੀ ਉਸ ਵੇਲੇ ਵੇਖਦੀ
ਜਦੋਂ ਮੈਂ ਕਿਸੇ ਹੋੱਰ ਪਾਸੇ ਵੇਖ ਰਿਹਾ ਹੁੰਦਾ ਸਾਂ। ਵਿੱਚ ਜਿਹੇ ਇੱਕ ਵਰਾਂ ਫ਼ੇਰ ਮੈਂ ਉਸ
ਨੂੰ ਹੰਝੂ ਲੁਕਾਉਂਦੇ ਵੇਖਿਆ ਤੇ ਮੇਰਾ ਜੀ ਕੀਤਾ ਸਾਰੇ ਬੂਹੇ ਖੋਲ੍ਹ ਕੇ ਸਾਰੀਆਂ ਬੱਤੀਆਂ
ਜਗਾ ਕੇ ਆਪਣੇ ਆਉਣ ਦਾ ਏਲਾਨ ਕਰ ਕੇ ਕਦੀ ਨਾ ਜਾਣ ਦਾ ਅਹਿਦ ਕਰ ਲਵਾਂ। ਇਹ ਸਾਰਾ ਕੁਝ ਕਰਨ
ਨੂੰ ਖ਼ੌਰੇ ਤਦ ਹੀ ਜੀ ਕਰਦਾ ਸੀ ਕਿ ਕਰ ਨਹੀਂ ਸਾਂ ਸਕਦਾ।
ਕਰਦੇ ਕਰਦੇ ਮਸਜਿਦ ਵਿੱਚੋਂ ਮੌਲਵੀ ਨੇ ਮੁਲਾਕਾਤ ਮੁੱਕਣ ਦਾ ਏਲਾਨ ਕਰ ਦਿੱਤਾ ਕਿ “ਅੱਲਾਹੋ
ਅਕਬਰ” ਅੱਲਾ ਸਭ ਤੋਂ ਵੱਡਾ ਹੈ, ਉਹਦੇ ਬਰਾਬਰ ਕੋਈ ਵੀ ਨਹੀਂ। ਅੱਲਾ ਦੀ ਵਡਿਆਈ ਦੇ ਨਾਲ ਹੀ
ਵਿੱਛੜਨ ਦੀ ਘੜੀ ਆ ਗਈ। ਇਹ ਸੀ ਵਿਛੋੜਾ ਸਾਡੀ ਆਖ਼ਰੀ ਮੁਲਾਕਾਤ ਦਾ। ਹਮੀਦਾ ਨੇ ਮੇਰੇ ਜੂਠੇ
ਭਾਂਡੇ ਮੰਜੀ ਥੱਲੇ ਵਾੜਦਿਆਂ ਆਖਿਆ “ਅੱਬਾ ਜੀ ਮਸੀਤੇ ਨਿਮਾਜ਼ ਪੜ੍ਹਨ ਜਾਂਦੇ ਹਨ ਤੇ ਇਸ ਤੋਂ
ਪਹਿਲਾਂ ਪਹਿਲਾਂ ਤੁਸੀਂ ਨਿਕਲ ਜਾਓ।”
ਮੈਂ ਪੈਂਦਾਂ ਤੋਂ ਆਪਣਾ ਓਵਰਕੋਟ ਫੜ ਕੇ ਗਲ ਪਾਇਆ ਅਤੇ ਉਹਦੇ ਕਾਲਰ ਖੜ੍ਹੇ ਕਰ ਕੇ ਮਫ਼ਲਰ
ਨਾਲ ਮੂੰਹ ਸਿਰ ਲਵ੍ਹੇਟ ਲਿਆ। ਆਖ਼ਰੀ ਵਾਰ ਸਾਹਿਰਾ ਵੱਲ ਵੇਖਿਆ। ਪਰ ਹੁਣ ਉਸ ਨੇ ਚੋਰੀ ਨਹੀਂ
ਸੀ ਕੀਤੀ। ਉਹ ਮੇਰੇ ਸਾਹਮਣੇ ਹੀ ਮੇਰੇ ਵੱਲ ਵੇਖਦੀ ਰਹੀ। ਕਿੱਡਾ ਸ਼ਰੀਫ਼ ਜਿਹਾ ਮਾਸੂਮ ਚਿਹਰਾ
ਸੀ ਜਿਹਦੇ ਤੇ ਨਾਉਮੀਦੀ, ਹਸਰਤ ਅਤੇ ਬੇਵੱਸੀ ਨੇ ਕੋਠਾ ਪਾ ਲਿਆ ਸੀ।
ਮੁੱਲਾਂ ਦੀ ਬਾਂਗ ਅਜੇ ਅੱਧੀ ਮੁੱਕੀ ਸੀ ਤੇ ਮੈਂ ਦਿਲ ਤੇ ਪੱਥਰ ਰੱਖ ਕੇ ਖ਼ਾਹਿਸ਼ਾਂ ਨੂੰ
ਸੰਗਸਾਰ ਕਰ ਕੇ ਆਰਜ਼ੂਆਂ ਨੂੰ ਕੈਦ ਵਿੱਚ ਪਾ ਕੇ ਸਾਹਿਰਾ ਦੀਆਂ ਬਰੂਹਾਂ ਤੋਂ ਬਾਹਿਰ ਆ ਗਿਆ।
ਗਲੀ ਵਿੱਚ ਅਜੇ ਉਸੇ ਤਰ੍ਹਾਂ ਹਨੇਰਾ ਸੀ। ਸਗੋਂ ਕਿਧਰੇ ਕਿਧਰੇ ਖੰਬੇ ਦੇ ਬੱਲਬ ਉੱਤੇ ਕੋਰੇ
ਦੀ ਧੂੜ ਨੇ ਰੋਸ਼ਨੀ ਹੋਰ ਵੀ ਘੱਟ ਕਰ ਦਿੱਤੀ ਹੋਈ ਸੀ। ਮੂੰਹ ਸਿਰ ਲਵ੍ਹੇਟ ਕੇ ਡਰਦਾ ਡਰਦਾ
ਜਾ ਰਿਹਾ ਸਾਂ ਕਿ ਤਕਦੀਰ ਦੇ ਜਾਲ ਵਿੱਚ ਫਸ ਗਿਆ। ਫੁੱਟਪਾਥ ਨੂੰ ਪੁੱਟ ਕੇ ਕਿਸੇ ਚੀਜ਼ ਦੀ
ਪਾਇਪ ਲਾਈਨ ਵਿਛਾਣ ਵਾਲਿਆਂ ਨੇ ਕੋਈ ਦਸ ਫੁੱਟ ਡੂੰਘਾ ਟੋੱਇਆ ਪੁੱਟਿਆ ਹੋਇਆ ਸੀ। ਵਿੱਚ
ਡਿੱਗਾ ਅਤੇ ਦਸ ਮਿੰਟ ਇਹ ਹੀ ਨਾ ਪਤਾ ਲੱਗਾ ਕਿ ਮੈਂ ਕਿੱਥੇ ਹਾਂ ਤੇ ਹੁਣ ਬਾਹਿਰ ਕਿਵੇਂ
ਨਿਕਲਣਾ ਹੈ। ਗੱਲ ਰੇਲਵੇ ਦਾ ਮੋਟਾ ਸਾਰਾ ਕੋਟ ਨਾ ਹੁੰਦਾ ਤੇ ਵਾਹਵਾ ਲਹੂਲੁਹਾਨ ਹੋੱਣਾ ਸੀ।
ਅਜੇ ਬਾਹਿਰ ਨਿਕਲਣ ਦੀ ਕਾਹਲੀ ਵਿੱਚ ਹੁੰਬਲੀਆਂ ਹੀ ਮਾਰ ਰਿਹਾ ਸਾਂ ਤੇ ਕੋਲੋਂ ਲੰਘਦੇ ਕਿਸੇ
ਰੱਬ ਦੇ ਬੰਦੇ ਨੇ ਮੇਰੀ ਜੱਦੋ ਜਹਿਦ ਵੇਖ ਸੁਣ ਕੇ ਵਾਜ ਦਿੱਤੀ। ਮੈਂ ਮਦਦ ਮੰਗੀ ਤੇ ਅੱਲਾ
ਉਸ ਦਾ ਭਲਾ ਕਰੇ ਉਸ ਨੇ ਮੇਰੀ ਬਾਂਹ ਫੜ ਲਈ। ਬਾਹਿਰ ਨਿਕਲਿਆ ਅਤੇ ਬਾਂਹ ਫੜਨ ਵਾਲੇ ਨੂੰ
ਵੇਖ ਕੇ ਉਸ ਤੋਂ ਵੀ ਡੂੰਘੇ ਖੂਹ ਵਿੱਚ ਡਿੱਗ ਪਿਆ। ਅਸਾਂ ਅਨ੍ਹੇਰੇ ਵਿੱਚ ਵੀ ਇੱਕ ਦੂਜੇ
ਨਾਲ ਦੋ ਚਾਰ ਗੱਲਾਂ ਕੀਤੀਆਂ ਅਤੇ ਦੋਵ੍ਹੇਂ ਹੀ ਇੱਕ ਦੂਜੇ ਨੂੰ ਜਾਣ ਪਛਾਣ ਗਏ। ਸਗੋਂ ਬੜੀ
ਪੁਰਾਣੀ ਸਾਂਝ ਨਿਕਲ ਆਈ। ਉਹ ਬੰਦਾ ਮਸੀਤੇ ਅੱਲਾ ਨੂੰ ਯਾਦ ਕਰਨ ਜਾਣ ਵਾਲਾ ਸਾਹਿਰਾ ਦਾ ਪਿਓ
ਸੀ।
ਮੈਂ ਏਡਾ ਬੇਗ਼ੈਰਤ ਬੁਜ਼ਦਿਲ ਨਾ ਹੋ ਸਕਿਆ ਕਿ ਹੱਥ ਛੁਡਾ ਕੇ ਨੱਸ ਜਾਂਦਾ ਤੇ ਉਹ ਇੱਡਾ ਚੰਗਾ
ਨਾ ਬਣ ਸਕਿਆ ਕਿ ਤੋਏ ਲਾਅਨਤ ਕਰ ਕੇ ਛੱਡ ਦਿੰਦਾ। ਉਹਨੇ ਮਸੀਤ ਛੱਡ ਦਿੱਤੀ ਤੇ ਮੇਰਾ ਗੁੱਟ
ਘੁੱਟ ਕੇ ਫੜ ਲਿਆ। ਉਹਨੂੰ ਸਾਰੀ ਹਾਲ ਹਕੀਕਤ ਦੀ ਸੂਹ ਲੱਗ ਗਈ ਸੀ। ਮੇਰਾ ਹੱਥ ਫੜ ਕੇ ਆਪਣੇ
ਘਰ ਲੈ ਗਿਆ। ਸਾਹਿਰਾ ਦੀ ਮਾਂ ਨੂੰ ਜਗਾ ਕੇ ਆਖਣ ਲੱਗਾ “ਮੈਨੂੰ ਸਖ਼ਤੀ ਕਰਨ ਤੇ ਸਾਰਾ ਟੱਬਰ
ਜ਼ਾਲਮ ਆਖਦਾ ਹੈ, ਮੈਂ ਜੇ ਇਹ ਵੀ ਨਾ ਕਰਦਾ ਤੇ ਤੇਰੀਆਂ ਧੀਆਂ ਨੇ ਖ਼ੌਰੇ ਕੀ ਕਰਨਾ ਸੀ। ਇਹ
ਜਿਹੜੇ ਅੱਧੀ ਰਾਤ ਨੂੰ ਭਾਂਡੇ ਖੜਕਦੇ ਸਨ ਉਹਦੀ ਵਜ੍ਹਾ ਉੱਠ ਕੇ ਆਪਣੀ ਅੱਖਾਂ ਨਾਲ ਚੰਨ
ਚੜ੍ਹਿਆ ਵੇਖ ਲੈ।” ਸਾਰੇ ਘਰ ਨੂੰ ਲੋਅ ਲੱਗ ਗਈ। ਸਾਰੇ ਜਾਗ ਪਏ ਪਰ ਸ਼ਾਇਦ ਅੱਜ ਵੀ ਕਿਸੇ
ਨੂੰ ਨਹੀਂ ਪਤਾ ਕਿ ਮੇਰਾ ਕਾਲਾ ਕੋਟ ਮਿੱਟੀਓ ਮਿੱਟੀ ਕਿਵੇਂ ਹੋਇਆ ਅਤੇ ਮੇਰਾ ਮੂੰਹ ਸਿਰ
ਲਿਬੜ ਕੇ ਮੇਰਾ ਇਹ ਹਸ਼ਰ ਕਿਸ ਨੇ ਕੀਤਾ ਹੈ।
ਹੁਣ ਉਨ੍ਹਾਂ ਦੇ ਪਿਓ ਨੇ ਜਿਹੜੀ ਸਜ਼ਾ ਤਜਵੀਜ਼ ਕੀਤੀ, ਯਾਂ ਜੁਰਮਾਨਾ ਮਿੱਥਿਆ ਉਹ ਬੜਾ ਹੀ
ਨਿਰਾਲਾ ਸੀ। ਪਿਓ ਥੋੜ੍ਹਾ ਜਿਹਾ ਮੌਲਵੀ ਜਿਹਾ ਵੀ ਸੀ। ਉਹਦੇ ਕੋਲੋਂ ਇੰਝ ਦੀ ਸਜ਼ਾ ਦੀ ਹੀ
ਉਮੀਦ ਰੱਖਣੀ ਚਾਹੀਦੀ ਸੀ। ਮੈਂ ਵਿਹੜੇ ਦੇ ਵਿਚਕਾਰ ਇੱਕ ਪੁਰਾਣੀ ਜਿਹੀ ਮੁੰਜ ਦੀ ਮੰਜੀ ਤੇ
ਬੈਠਾ ਮੂੰਹ ‘ਚੋਂ ਮਿੱਟੀ ਘੱਟਾ ਬਾਹਿਰ ਥੁੱਕ ਰਿਹਾ ਸਾਂ ਤੇ ਉਹ ਸਾਰਾ ਟੱਬਰ ਇੱਕ ਕਮਰੇ
ਵਿੱਚ ਪਤਾ ਨਹੀਂ ਕੀ ਮਤਾ ਪਕਾ ਰਿਹਾ ਸੀ। ਪਤਾ ਨਹੀਂ ਮੇਰੇ ਲਈ ਕੀ ਹੁਕਮ ਜਾਰੀ ਹੋਣੇ ਸਨ।
ਉਹਨਾਂ ਦੀ ਵਾਜ ਕਦੀ ਕਦੀ ਵਾਹਵਾ ਉੱਚੀ ਹੋ ਜਾਂਦੀ ਤੇ ਕਦੀ ਕਦੀ ਕਿਸੇ ਦੀ ਮਿੰਨਤ ਕਰਨ ਦਾ
ਝੌਲਾ ਵੀ ਪੈਂਦਾ ਸੀ। ਸੂਰਜ ਦੀ ਟਿੱਕੀ ਤੇ ਅਜੇ ਵੀ ਨਹੀਂ ਸੀ ਉੱਗੀ ਪਰ ਲੋਅ ਚੰਗੀ ਤਰ੍ਹਾਂ
ਹੋ ਗਈ ਸੀ। ਬੜਾ ਮੰਦਾ ਹੋਇਆ ਕਿ ਹਰ ਇੱਕ ਨੂੰ ਹਰ ਇੱਕ ਦਾ ਚਿਹਰਾ ਚੰਗੀ ਤਰ੍ਹਾਂ ਨਜ਼ਰ ਆਉਣ
ਲੱਗ ਪਿਆ ਸੀ। ਮੈਨੂੰ ਪਤਾ ਸੀ ਕਿ ਇੱਜ਼ਤ ਰੋਸ਼ਨੀ ਵਿੱਚ ਅਤੇ ਬੇਇਜ਼ਤੀ ਅਨ੍ਹੇਰੇ ਵਿੱਚ ਹੀ ਹੋਈ
ਚੰਗੀ ਲੱਗਦੀ ਹੈ। ਪਰ ਬਦਨਸੀਬੀ ਦਾ ਸੂਰਜ ਲਿਸ਼ਕਦਾ ਹੋਵੇ ਤੇ ਬੇ ਇੱਜ਼ਤੀ ਕਿੱਥੋਂ ਢੱਕੀ
ਰਹਿੰਦੀ ਹੈ। ਸਾਰੇ ਟੱਬਰ ਨੇ ਪਤਾ ਨਹੀਂ ਕਿਹੜੀ ਸਲਾਹ ਕੀਤੀ। ਕੀ ਮਤਾ ਪਕਾਇਆ ਅਤੇ ਮੇਰੇ
ਮੁਕੱਦਰ ਦਾ ਕੀ ਫ਼ੈਸਲਾ ਲਿਖਿਆ ਗਿਆ ਸੀ। ਉਹ ਸਾਰਾ ਟੱਬਰ ਵਿਹੜੇ ਵਿੱਚ ਮੇਰੇ ਕੋਲ ਆ ਖਲੋਤਾ
ਅਤੇ ਮੈਂ ਵੀ ਜੀ ਭਿਆਣਾ ਉੱਠ ਕੇ ਖਲੋ ਗਿਆ। ਪਿਓ ਨੇ ਥਾਣੇਦਾਰ ਵਾਂਗ ਸਾਹਿਰਾ ਨੂੰ ਆਖਿਆ
“ਹੁਣ ਬਕਵਾਸ ਕਰ ਵੀ ਦੇ ਕੇ ਮੈਂ ਛਿੱਤਰ ਫੜਾਂ”। ਸਾਹਿਰਾ ਨੀਵੀਂ ਪਾ ਕੇ ਪੈਰ ਦੇ ਅੰਗੂਠੇ
ਨਾਲ ਮਿੱਟੀ ਖੁਰਚਦੀ ਖੁਰਚਦੀ ਰੋ ਕੇ ਮੈਨੂੰ ਆਖਣ ਲੱਗੀ “ਮੈਂ ਜ਼ਿੰਦਗੀ ਵਿੱਚ ਕਦੀ ਵੀ ਤੇਰੀ
ਸ਼ਕਲ ਨਹੀਂ ਵੇਖਣੀ ਚਾਹੁੰਦੀ, ਜੇ ਤੂੰ ਇਨਸਾਨ ਹੈਂ ਤੇ ਮੇਰੇ ਸਾਹਮਣੇ ਕਦੀ ਨਾ ਆਵੀਂ ਤੇ
ਸਾਡੇ ਘਰੋਂ ਦਫ਼ਾ ਹੋ ਜਾ”।
ਇਹਦੇ ਨਾਲ ਹੀ ਉਹਦੇ ਅੰਗੂਠੇ ਦੀ ਖੁਰਚੀ ਹੋਈ ਮਿੱਟੀ ਵਿੱਚ ਦੋ ਅੱਥਰੂ ਡਿੱਗੇ ਤੇ ਟੁੱਟ ਗਏ।
ਅਜੇ ਪਤਾ ਨਹੀਂ ਉਹਦੇ ਕੋਲੋਂ ਕੀ ਕੁਝ ਅਖਵਾਉਣਾ ਸੀ ਕਿ ਮੈਂ ਗੁੱਸੇ ਨਾਲ ਉਹਦੇ ਪਿਓ ਵੱਲ
ਵੇਖ ਕੇ ਬੂਹੇ ਵੱਲ ਟੁਰ ਪਿਆ। ਮੇਰੇ ਚਿਹਰੇ ਤੇ ਲਿਖਿਆ ਗਿਆ ਮੇਰਾ ਅੰਦਰ ਪੜ੍ਹ ਕੇ ਕਿਸੇ
ਨੂੰ ਹਿੰਮਤ ਨਾ ਹੋਈ ਕਿ ਮੈਨੂੰ ਵਾਜ ਮਾਰ ਕੇ ਡੱਕਦਾ ਯਾਂ ਕੁਝ ਆਖਦਾ।
ਉਸੇ ਦਿਹਾੜੇ ਲਾਇਲਪੁਰ ਨੂੰ ਛੱਡ ਦਿੱਤਾ ਤੇ ਉਹਦੀਆਂ ਗਲੀਆਂ ਨੂੰ ਆਖ਼ਰੀ ਸਲਾਮ ਕਰ ਕੇ ਕੋਇਟੇ
ਚਲਾ ਗਿਆ।
ਅੱਜ ਰਾਣੀ ਦੀ ਮੰਨ ਕੇ ਪੰਝੀ ਵਰ੍ਹੇ ਪਹਿਲਾਂ ਯਾਦਾਂ ਦੀ ਦੱਬੀ ਲਾਸ਼ ਨੂੰ ਕਬਰ ‘ਚੋਂ ਕੱਢ ਕੇ
ਵੇਖਿਆ ਹੈ।
ਸੁਣਦਿਆਂ ਸੁਣਦਿਆਂ ਰਾਣੀ ਨੇ ਦਿਲ ਤੇ ਪਹਾੜ ਜਿੱਡਾ ਭਾਰ ਅਤੇ ਪੀੜਾਂ ਦੀ ਪੰਡ ਰੱਖ ਕੇ ਕਈ
ਵੇਰਾਂ ਅੱਖਾਂ ਦਾ ਪਾਣੀ ਪੂੰਝਿਆ ਅਤੇ ਕਈ ਵਰਾਂ ਮੇਰੇ ਵੱਲ ਇਸਰਾਂ ਵੇਖਿਆ ਜਿਵੇਂ ਅੱਜ
ਮੈਨੂੰ ਪਹਿਲੀ ਵਾਰ ਵੇਖਿਆ ਹੋਵੇ।
ਹੁਣ ਸਾਡੀ ਗੱਡੀ ਦਰਿਆ ਰਾਵੀ ਦਾ ਪੁਲ ਟੱਪ ਕੇ ਲਾਹੌਰ ਦੀ ਭੀੜ ਵਿੱਚ ਵੜ ਗਈ ਸੀ। ਯਾਦਾਂ ਦਾ
ਕਾਫ਼ਲਾ ਹੌਲੀ ਹੌਲੀ ਗੁਆਚਦਾ ਜਾ ਰਿਹਾ ਸੀ---ਹੌਲੀ ਹੌਲੀ ਹਰ ਸ਼ੈਅ ਹੀ ਗੁਆਚ ਜਾਂਦੀ ਹੈ।ਸੋ
ਹੋਰ ਪਾਸੇ ਲੈ ਕੇ ਚਲੀ ਗਈ।
-0-
|