ਹਰਦੇਵ ਸਿੰਘ ਢੇਸੀ ਇਕ ਬਹੁਪੱਖੀ ਸ਼ਖ਼ਸੀਅਤ ਦੇ ਸਵਾਮੀ ਸਨ। ਉਨ੍ਹਾਂ ਦੀ ਸ਼ਖ਼ਸੀਅਤ ਦੇ ਜਿਸ ਪੱਖ
ਨੂੰ ਵੀ ਛੂੰਹਦੇ ਹਾਂ ਉਹ ਪੱਖ ਹੀ ਰਤਨਾ ਰੂਪੀ ਗੁਣਾ ਨਾਲ ਭਰਪੂਰ ਦੇਖਦੇ ਹਾਂ। ਅਜਿਹੀ
ਪ੍ਰਤਿਭਾ ਦਾ ਸਾਡੇ ਕੋਲੋਂ ਵਿਛੜ ਜਾਣਾ ਨਿਰਸੰਦੇਹ ਅਸਿਹ ਹੈ ਪ੍ਰੰਤੂ ਗੁਰਬਾਣੀ ਦਾ ਇਹ
ਸੁੰਦਰ ਫੁਰਮਾਨ ਸਾਨੂੰ ਚੇਤੰਨ ਵੀ ਕਰਦਾ ਹੈ।
‘‘ਜੋ ਉਪਜਿਉ ਸੋ ਬਿਨਸ ਹੈ ਪਰੋ ਆਜ ਕੇ ਕਾਲ
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ।‘‘
ਮੌਤ ਅਟੱਲ ਹੈ। ਇਸ ਨੇ ਇਕ ਨਾ ਇਕ ਦਿਨ ਦਬੋਚਣਾ ਹੀ ਹੈ। ਇਸ ਸੰਦਰਭ ਵਿਚ ਬਾਵਾ ਬਲਵੰਤ ਦਾ
ਇਕ ਕਾਵਿ-ਕਥਨ ਜੀਵਨ-ਸੇਧ ਲਈ ਮਾਰਗ ਦਰਸ਼ਨ ਕਰਵਾਉਂਦਾ ਹੈ।
‘‘ਜਦ ਮੌਤ ਨੇ ਨਹੀਂ ਹੈ ਇਕ ਪਲ ਦੇਣਾ
ਤਾਂ ਇਕ ਪਲ ਵੀ ਹੈ ਆਪਣਾ ਕਿਉਂ ਮੌਤ ਕਰਨਾ।‘‘
ਹਰਦੇਵ ਸਿੰਘ ਢੇਸੀ ਉਪਰੋਕਤ ਸਚਿਆਈਆਂ ਨੂੰ ਜਾਨਣ ਵਾਲੇ ਸਨ। ਉਹ ਜੀਵਨ ਨੂੰ ਪਲ-ਪਲ ਦੇਣ ਲਈ
ਜੀਵੇ ਤੇ ਅੰਤਲੇ ਪਲ ਵੀ ਜੀਵਨ ਨੂੰ ਹੀ ਨਿਸ਼ਾਵਰ ਕਰ ਗਏ। ਅਜਿਹੀ ਸ਼ਖ਼ਸੀਅਤ ਨਾਲ ਮੇਰੇ ਨੇੜਲੇ
ਸਬੰਧ ਰਹੇ ਹਨ। ਉਨ੍ਹਾਂ ਦੀ ਜੀਵਨ-ਦੇਣ ਪ੍ਰਤੀ ਕੁਝ ਲਿਖਣ ਦਾ ਮੌਕਾ ਮਿਲਣਾ ਮੇਰੇ ਲਈ
ਸੁਭਾਗਸ਼ੀਲ ਗੱਲ ਹੈ। ਢੇਸੀ ਜੀ ਜੀਵਨ ਦੇ ਅਸੀਮ ਖੇਤਰਾਂ ਵਿਚ ਵਿਚਰੇ ਹਨ ਅਤੇ ਉਨ੍ਹਾਂ
ਖੇਤਰਾਂ ਦੇ ਅਨੇਕਾਂ ਹੀ ਸਾਧਕ ਉਨ੍ਹਾਂ ਦੇ ਕਾਰਜ-ਕਰਮ ਤੇ ਵਿਚਾਰਾਂ ਤੋਂ ਭਲੀਭਾਂਤ ਜਾਣੂ
ਹਨ। ਮੈਨੂੰ ਉਨ੍ਹਾਂ ਦੇ ਪੰਜਾਬੀ ਭਾਸ਼ਾ, ਸਭਿਆਚਾਰ ਤੇ ਸਾਹਿਤ ਬਾਰੇ ਲਿਖਣ ਦਾ ਅਵਸਰ ਪ੍ਰਦਾਨ
ਹੋਇਆ ਹੈ ਜਿਸ ਲਈ ਮੈਂ ਢੇਸੀ ਹੋਰਾਂ ਬਾਰੇ ਸ਼ਰਧਾਂਜਲੀ ਕਮੇਟੀ ਦਾ ਰਿਣੀ ਤੇ ਧੰਨਵਾਦੀ ਹਾਂ।
ਮੈਂ ਆਪਣੇ ਵਿਚਾਰਾਂ ਨੂੰ ਦਿੱਤੇ ਵਿਸ਼ੇ ਤਕ ਹੀ ਸੀਮਤ ਰੱਖਾਂਗਾ।
ਸਭਿਆਚਾਰ ਵਗਦੇ ਹੋਏ ਦਰਿਆ ਦੇ ਪ੍ਰਵਾਹ ਵਾਂਗ ਹੈ। ਭਾਵੇਂ ਪੂਰੇ ਵਿਸ਼ਵ ਦਾ ਇਕ ਸਭਿਆਚਾਰ
ਹੁੰਦਾ ਹੈ ਪ੍ਰੰਤੂ ਇਹ ਸਮੂਹ ਦੇਸ਼ਾਂ ਦੇ ਮਿਲਵੇਂ ਸਭਿਆਚਾਰ ਦੇ ਸੰਯੋਗੀ ਪ੍ਰਭਾਵ ਸਦਕਾ ਹੀ
ਬਣਦਾ ਹੈ। ਹਰ ਕੌਮ ਦੇ ਸਭਿਆਚਾਰ ਵਿਚ ਖਿੱਤੇ ਦੇ ਲੋਕਾਂ ਦਾ ਜੀਵਨ ਢੰਗ, ਵਿਹਾਰ, ਰੀਤਾਂ
ਰਸਮਾਂ, ਰਿਵਾਜ, ਧਰਮ ਸਹਿਤ, ਸੰਗੀਤ, ਕਲਾਵਾਂ ਆਦਿ ਸਭ ਕੁਝ ਹੀ ਇਸ ਵਿਚ ਸਮਾ ਜਾਂਦਾ ਹੈ।
ਇੰਝ ਸਭਿਆਚਾਰ ਦਾ ਸੰਕਲਪ ਵਿਸ਼ਾਲ ਹੱਦਾਂ ਵਾਲਾ ਹੈ। ਇਹ ਸਮੇਂ ਅਨੁਸਾਰ ਬਦਲਦਾ, ਵਿਕਸਦਾ ਤੇ
ਵਿਸ਼ਾਲਤਰ ਹੁੰਦਾ ਜਾਂਦਾ, ਸੰਕੀਰਣ ਭਾਵਾਂ ਨੂੰ ਤਿਆਗਦਾ ਤੇ ਵਿਸ਼ਾਲ ਸੰਦਰਭਾ ਨੂੰ ਨਾਲ ਜੋੜੀ
ਜਾਂਦਾ ਹੈ। ਢੇਸੀ ਹੁਰੀਂ ਸਭਿਆਚਾਰ ਦੇ ਵਿਸ਼ਾਲ ਸੰਕਲਪ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਹ
ਸਭਿਆਚਾਰ ਤੇ ਸਭਿਅਤਾ ਦੇ ਭੇਦ ਨੂੰ ਵੀ ਪਹਿਚਾਣਦੇ ਸਨ। ਇਸੇ ਲਈ ਉਨ੍ਹਾਂ ਦੇ ਖਿਆਲ ਅਨੁਸਾਰ
ਕੋਈ ਮੁਲਕ ਸਭਿਅਕ ਤੌਰ ਤੇ ਅਮੀਰ ਹੋ ਸਕਦਾ ਹੈ ਪਰ ਜ਼ਰੂਰੀ ਨਹੀਂ ਉਹ ਸਭਿਆਚਾਰਕ ਤੌਰ ਤੇ ਹੀ
ਜ਼ਿਅਦਾ ਸਰੇਸ਼ਟ ਹੋਵੇ। ਢੇਸੀ ਹੁਰੀਂ ਆਪਣੇ ਲੇਖ ‘‘ਬਰਤਾਨਵੀ ਪੰਜਾਬੀਆਂ ਦੀ ਪੰਜਾਬੀ ਦਾ
ਸਵਾਲ‘‘ ਵਿਚ ਡੂੰਘਾ ਅਧਿਅਨ ਪੇਸ਼ ਕਰਦੇ ਹੋਏ ਪੰਜਾਬੀ ਸਭਿਆਚਾਰ ਨੂੰ ਵੀ ਸ਼ੋਸਕ ਤੇ ਜਾਬਰੀ
ਕਲਚਰ ਦੇ ਧੱਕੇ ਵਿਰੁੱਧ, ਗਊ ਗਰੀਬ ਦੀ ਬੀਰਤਾ ਭਰਪੂਰ ਭਾਵਨਾ ਨਾਲ ਰੱਖਿਆ ਕਰਨੀ ਅਤੇ ਨੈਤਿਕ
ਕੀਮਤਾਂ ‘ਤੇ ਪਹਿਰਾ ਦੇਣਾ ਆਦਿ ਗੁਣਾਂ ਨਾਲ ਉਭਾਰਿਆ ਹੈ। ਢੇਸੀ ਹੁਰਾਂ ਦਾ ਵਿਚਾਰ ਸੀ ਕਿ
ਲੁੱਟ-ਕਸੁੱਟ ਨਾਲ ਉਸਾਰੀਆਂ ਸਭਿਆਤਾਵਾਂ ਜ਼ਰੂਰੀ ਨਹੀਂ ਸੁਚਾਰੂ ਕੀਮਤਾਂ ਵਾਲੇ ਸਭਿਆਚਾਰ
ਦੀਆਂ ਮਾਲਕ ਹੋਣ।
ਭਾਸ਼ਾ ਤੇ ਸਭਿਆਚਾਰ ਦਾ ਅਤੁਟ ਰਿਸ਼ਤਾ ਹੈ। ਭਾਸ਼ਾ ਦਾ ਹਰ ਸਭਿਆਚਾਰ ਦਾ ਮੂੰਹ ਮੁਹਾਂਦਰਾ ਘੜਦਾ
ਹੈ। ਭਾਸ਼ਾ ਰਾਹੀਂ ਹੀ ਸਭਿਆਚਾਰ ਦੀ ਪ੍ਰਫੁੱਲਤਾ ਹੁੰਦੀ ਹੈ। ਜੇ ਭਾਸ਼ਾ ਨਹੀਂ ਬਚਦੀ ਤਾਂ
ਸਭਿਆਚਾਰ ਦੇ ਸ੍ਰੋਤ ਸੁੱਕਦੇ ਜਾਣਗੇ। ਭਾਵੇਂ ਸਭਿਆਚਾਰ ਦੇਰ ਤੱਕ ਜੀਵਤ ਰਹਿੰਦਾ ਹੈ ਪ੍ਰੰਤੂ
ਜੇਕਰ ਭਾਸ਼ਾ ਸੁੰਗੜਦੀ ਜਾਵੇ ਤਾਂ ਸਭਿਆਚਾਰ ਦਾ ਬਾਹਰਮੁਖੀ ਸਰੂਪ ਤੇ ਰਹਿੰਦ-ਖੂੰਹਦ ਹੀ ਬਚਦਾ
ਹੈ। ਬਰਤਾਨਵੀ ਸਭਿਆਚਾਰ ਵਿਚ ਪੰਜਾਬੀ ਕਿਵੇਂ ਜੀਵਤ ਰਹੇ, ਕਿਵੇਂ ਵਧੇ ਫੁੱਲੇ ਤੇ ਵਿਕਸੇ ਤੇ
ਕਿਵੇਂ ਸਰਕਾਰੀ ਸਕੂਲਾਂ ਵਿਚ ਕਰੀਕਲਮ ਦਾ ਭਾਗ ਬਣ ਕੇ ਆਪਣੀ ਹੋਂਦ ਕਾਇਮ ਰੱਖੇ ਇਹ ਢੇਸੀ
ਹੁਰਾਂ ਦਾ ਸਦੀਵੀ ਫਿਕਰ ਰਿਹਾ ਹੈ। ਉਹ ਆਪਣੀਆਂ ਚਿੰਤਾਵਾਂ, ਤੌਖਲੇ, ਆਸ਼ਾਵਾਂ ਨੂੰ ਆਪਣੇ
ਵਿਚਾਰਾਂ ਰਾਹੀਂ ਪ੍ਰਗਟ ਕਰਦੇ ਰਹਿੰਦੇ ਸਨ। ਇਸ ਸਬੰਧ ਵਿਚ ‘ਬਰਤਾਨਵੀ ਸਕੂਲਾਂ ਵਿਚ ਪੰਜਾਬੀ
ਦਾ ਅਧਿਆਪਨ‘ ਨਿਠ ਕੇ ਲਿਖਿਆ ਲੇਖ ਹੈ। ਕੁਝ ਬੁੱਧੀਜੀਵੀ ਤਾਂ ਇਨ੍ਹਾਂ ਖਿਆਲਾਂ ਦੇ ਧਾਰਨੀ
ਹਨ ਕਿ ਪਰਵਾਸੀਆਂ ਦਾ ਮੁਲਕਾਂ ਵਿਚ ਆ ਕੇ ਅੰਗਰੇਜ਼ੀ ਭਾਸ਼ਾ ਦੀ ਸਰਵਸ਼੍ਰੇਸ਼ਟਤਾ ਸਵੀਕਾਰ ਕਰਕੇ
ਆਪਣੇ ਬੱਚਿਆਂ ਨੂੰ ਵਿਦਿਅਕ ਤੌਰ ਤੇ ਪ੍ਰਫੁੱਲਤ ਕਰਨਾ ਚੰਗੇਰਾ ਕਦਮ ਹੈ ਨਹੀਂ ਤਾਂ ਉਨ੍ਹਾਂ
ਦਾ ਵਿਕਾਸ ਨਹੀਂ ਹੋਵੇਗਾ। ਇਹ ਵਿਦਵਾਨ ਅਕਾਦਮਕ ਪੱਧਰ ਨੂੰ ਹੀ ਵੇਖਦੇ ਹਨ ਪ੍ਰੰਤੂ ਭਾਸ਼ਾ ਦਾ
ਰੋਲ ਭਾਵਆਤਮਕ ਵੀ ਹੈ। ਢੇਸੀ ਜੀ ਉਨ੍ਹਾਂ ਲੇਖਕਾਂ ਵਿਚੋਂ ਨਹੀਂ ਸਨ। ਉਨ੍ਹਾਂ ਦਾ ਵਿਚਾਰ
ਪ੍ਰਗਤੀਵਾਦੀ ਵਿਚਾਰਾਂ ਤੇ ਅਧਾਰਤ ਸੀ। ਬਦੇਸ਼ਾਂ ਦੇ ਬੇਅੰਤ ਮੁਲਕਾਂ ਵਿਚ ਪ੍ਰਵਾਸੀਆਂ ਦੀਆਂ
ਭਾਵਨਾਵਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਂਦੀ ਹੈ ਜਿਵੇਂ ਕਿ ਬਰਤਾਨੀਆ ਵਿਚ ਹੈ। ਪ੍ਰੰਤੂ
ਕਾਨੂੰਨ ਰਾਹੀਂ ਦਿੱਤੀਆਂ ਸੁਵਿਧਾਵਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ। ਢੇਸੀ
ਹੁਰਾਂ ਨੇ ਉਪਰੋਕਤ ਲੇਖ ਵਿਚ ਸਕੂਲਾਂ ਵਿਚ ਅਲਪ ਭਾਸ਼ਾਵਾਂ ਦੇ ਪੜ੍ਹਾਉਣ ਸੰਬੰਧੀ ਸਵੈਨ
(ੰੱਅਨ) ਕਮੇਟੀ ਦੀਆਂ ਸਿਫਾਰਸ਼ਾਂ ਤੇ ਅਮਲੀ ਰੂਪ ਵਿਚ ਸਰਕਾਰੀ ਅਲਗਰਜੀਆਂ ਤੇ ਅਸੁਹਿਰਦ
ਭਾਵਨਾਂ ਦੀ ਸਕਾਰ ਤਸਵੀਰ ਖਿੱਚੀ ਹੈ ਜਿਸ ਦੇ ਮਾਰੂ ਸਿੱਟਿਆਂ ਨੂੰ ਵੀ ਉਜਾਗਰ ਕੀਤਾ ਹੈ
ਜਿੱਥੇ ਉਨ੍ਹਾਂ ਨੇ ਸਰਕਾਰੀ ਅਦਾਰਿਆਂ ਦੀ ਦੁਰਗਤ ਬਣਾਈ ਹੈ, ਉੱਥੇ ਪੰਜਾਬੀ ਮਾਪਿਆਂ ਦੀ
ਕੁਤਾਹੀ ਵਲ ਵੀ ਧਿਆਨ ਦੁਆ ਕੇ ਪੰਜਾਬੀ ਭਾਈਚਾਰੇ ਨੂੰ ਪ੍ਰਸਥਿਤੀਆਂ ਅਨੁਸਾਰ ਢਲ ਕੇ ਆਪਣੇ
ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਪ੍ਰੇਰਿਆ ਹੈ। ਇਹ ਲੇਖ ਬਹੁਤ ਹੀ ਖੋਜ ਭਰਪੂਰ
ਡੂੰਘੇ ਅਧਿਐਨ ਤੇ ਕਿਰਟੀਕ ਵਿਧੀ ਰਾਹੀਂ ਪੇਸ਼ ਕੀਤਾ ਗਿਆ ਹੈ।
ਢੇਸੀ ਜੀ ਹੁਰਾਂ ਦੇ ਮੁੱਖ ਖੇਤਰ ਭਾਵੇਂ ਰਾਜਨੀਤਕ, ਸਮਾਜਕ ਤੇ ਸਭਿਆਚਾਰਕ ਸਨ ਪਰ ਉਹ ਇਕ
ਅਨੁਭਵੀ ਸਾਹਿਤਕਾਰ ਵੀ ਸਨ। ਸਾਹਿਤ ਉਨ੍ਹਾਂ ਦੀ ਮਨ ਭਾਉਂਦੀ ਖੁਰਾਕ ਸੀ। ਵਧੀਆ ਸਾਹਿਤ
ਪੜ੍ਹਨਾ, ਉਸ ਬਾਰੇ ਡੂੰਘੀ ਵਿਚਾਰ ਕਰਨੀ, ਮਹਿਫ਼ਲਾਂ ਸਜਾ ਕੇ ਗੰਭੀਰ ਵਿਸ਼ਿਆਂ ਤੇ ਆਲੋਚਨਾਤਮਕ
ਮਾਹੌਲ ਸਿਰਜਣਾ ਉਨ੍ਹਾਂ ਦਾ ਸ਼ੌਕ ਸੀ। ਭਾਈ ਵੀਰ ਸਿੰਘ ਤੇ ਡਾ. ਇਕਬਾਲ ਦੀਆਂ ਰਚਨਾਵਾਂ
ਪ੍ਰਤੀ ਵਿਚਾਰਾਤਮਕ ਆਦਾਨ ਪ੍ਰਦਾਨ ਕਰਨ ਹਿੱਤ ਉਨ੍ਹਾਂ ਦੇ ਗ੍ਰਹਿ ਵਿਖੇ ਸਜਾਈਆਂ ਬੈਠਕਾਂ
ਰੌਸ਼ਨ ਤੇ ਸਦੀਵੀ ਯਾਦਗਾਰ ਵਜੋਂ ਹਮੇਸ਼ਾ ਹੀ ਯਾਦ ਰਹਿਣਗੀਆਂ। ਇੰਟਰਨੈਸ਼ਨਲ ਪੰਜਾਬੀ ਸਾਹਿਤ
ਸਭਾ ਨਾਲ ਉਨ੍ਹਾਂ ਦੇ ਵਿਸ਼ੇਸ਼ ਸੰਬੰਧ ਸਨ। ਭਾਰਤ ਤੋਂ ਆਏ ਸਾਹਿਤਕਾਰਾਂ ਨਾਲ ਮਿਲਣੀਆਂ
ਕਰਨੀਆਂ, ਸਾਹਿਤਕ ਚਰਚਾ ਛੇੜਨੀਆਂ ਤੇ ਆਪਣੇ ਪ੍ਰਭਾਵਾਂ ਦਾ ਪ੍ਰਗਟਾਵਾ ਕਰਨਾ ਉਨ੍ਹਾਂ ਦੇ
ਸਾਹਿਤਕ ਝੁਕਾ ਦਾ ਵਿਸ਼ੇਸ਼ ਪੱਖ ਸੀ। ਸੈਮੀਨਾਰਾਂ ਤੇ ਕਾਨਫਰੰਸਾਂ ਵਿਚ ਉਹ ਵਿਸ਼ੇਸ਼ ਤੌਰ ਤੇ
ਭਾਗ ਲੈ ਕੇ ਪਰਚਿਆਂ ਉੱਤੇ ਨਿਝੱਕਤਾ ਸਹਿਤ ਨੁਕਤਾਚੀਨੀ ਕਰਦੇ ਸਨ। ਉਨ੍ਹਾਂ ਦੀਆਂ ਟਿੱਪਣੀਆਂ
ਸਾਹਿਤਕਾਰਾਂ ਦਾ ਧਿਆਨ ਕੇਂਦਰਤ ਕਰਦੀਆਂ ਸਨ। ਇਥੇ ਹੀ ਬੱਸ ਨਹੀਂ ਉਹ ਪ੍ਰਮੁੱਖ ਸਾਹਿਤਕਾਰਾਂ
ਦੀਆਂ ਰਚਨਾਵਾਂ ਦਾ ਨਿਸ਼ਠਾ ਨਾਲ ਅਧਿਅਨ ਕਰਦੇ ਤੇ ਖੁਸ਼ੀ-ਖੁਸ਼ੀ ਆਪਣੇ ਦ੍ਰਿਸ਼ਟੀਕੋਣ ਨੂੰ
ਲਿਖਤੀ ਰੂਪ ਵਿਚ ਰੁਪਾਂਤ੍ਰਿਤ ਕਰਦੇ ਸਨ।
ਉਨ੍ਹਾਂ ਦੀ ਸਾਹਿਤਕ ਚੇਸ਼ਟਾ ਅਸੀਮ ਸੀ। ਉਹ ਕਰਮਯੋਗੀ ਸਨ ਤੇ ਰਾਜਨੀਤਕ/ਸਮਾਜਕ ਸਮੱਸਿਆਵਾਂ
ਨਾਲ ਜੂਝਣ ਵਾਲੇ ਸਾਹਿਤਕਾਰਾਂ ਦੀ ਪ੍ਰੋੜਤਾ ਕਰਦੇ ਸਨ। ਉਹ ਸਾਹਿਤਕਾਰਾਂ ਦੇ ਹਿਰਦੇ ਅੰਦਰ
ਵਸੀ ਮਾਨਵਤਾ ਦੇ ਆਦਰਸ਼ਾਂ ਨੂੰ ਰਚਨਾ ਚੋਂ ਢੂੰਡ ਭਾਲ ਕੇ ਸਾਹਿਤਕ ਸ਼ਬਦਾਂ ਰਾਹੀਂ ਜ਼ਬਾਨ
ਦਿੰਦੇ ਸਨ। ਉਹ ਸਾਹਿਤ ਨੂੰ ਜੀਵਨ ਦੀ ਆਲੋਚਨਾ ਮੰਨਦੇ ਸਨ। ਇਸ ਸੰਦਰਭ ਵਿਚ ਉਨ੍ਹਾਂ ਦੇ
ਵਿਚਾਰ ਅੰਕਿਤ ਕੀਤੇ ਜਾਂਦੇ ਹਨ।
‘‘ਜੀਵਨ ਦੀ ਆਲੋਚਨਾ ਸਦਾ ਹੀ ਕਿਸੇ ਚਿੰਤਨ ਅਧੀਨ ਹੁੰਦੀ ਰਹੀ ਹੈ। ਇਸ ਨੂੰ ਧਰਮ, ਰਾਜਨੀਤੀ,
ਦਰਸ਼ਨ, ਇਖਲਾਕ, ਨਿਆਇ, ਸਮਾਜ-ਸ਼ਾਸਤਰ, ਕਾਨੂੰਨ, ਆਮ ਬੁੱਧ ਆਦਿਕ ਕਈ ਨਾਂ ਦਿੱਤੇ ਜਾਂਦੇ
ਹਨ।‘‘
(ਨੂਰ ਦਾ ਵਣਜਾਰਾ)
ਉਨ੍ਹਾਂ ਦਾ ਚਿੰਤਨ ਵਿਸ਼ਾਲ ਸੀ। ਉਹ ਔਖੀ ਟੈਕਟਸ ਨੂੰ ਵੀ ਆਪਣੇ ਵਿਸ਼ਾਲ ਅਨੁਭਵ ਤੇ ਡੂੰਘੇ
ਅਧਿਅਨ ਨਾਲ ਪੜ੍ਹਨ, ਸਮਝਣ ਪਚਾਉਣ ਤੇ ਨਿਰਣੈਕਾਰੀ ਸਿੱਟੇ ਪ੍ਰਸਤੁਤ ਕਰਨ ਵਿਚ ਸਮਰੱਥ ਸਨ।
ਬਰਤਾਨੀਆ ਵਿਚ ਵਸਦੇ ਪੂਰਨ ਸਿੰਘ ਦਾਰਸ਼ਨਿਕ ਵਿਚਾਰਧਾਰਾ ਦੇ ਵਿਲੱਖਣ ਹਸਤਾਖਰ ਹਨ। ਉਨ੍ਹਾਂ
ਨੇ ਪੰਜਾਬੀ ਸਾਹਿਤ ਵਿਚ ਮਨੁੱਖੀਪਨ ਦੇ ਵਿਕਾਸ ਦੀ ਦ੍ਰਿਸ਼ਟੀ ਨਿਰਧਾਰਤ ਕਰਦਿਆਂ ਇਕ ਨਿਵੇਕਲੀ
ਪਹੁੰਚ ਅਪਣਾਈ ਹੈ ਅਤੇ ਉਹ ਪੁਰਾਤਨ ਸੰਕਲਪਾਂ ਨੂੰ ਰੱਦ ਕਰਦੇ ਪ੍ਰਤੀਤ ਹੁੰਦੇ ਹਨ। ਢੇਸੀ ਜੀ
ਹੁਰਾਂ ਨੇ ਉਨ੍ਹਾਂ ਦੀ ਪੁਸਤਕ ਸੰਘਰਸ਼ ਨੂੰ ਘੋਖਵੀ ਦ੍ਰਿਸ਼ਟੀ ਨਾਲ ਅਧਿਅਨ ਹੇਠ ਲਿਆਉਂਦਿਆਂ
ਆਪਣੇ ਤਰਕ ਰਾਹੀਂ ਜਿਥੇ ਲੇਖਕ ਦੇ ਕੁਝ ਵਿਚਾਰਾਂ ਪ੍ਰਤੀ ਵਿਪਰੀਤ ਪਹੁੰਚ ਅਪਣਾਈ ਹੈ ਉਥੇ
ਪੂਰਨ ਸਿੰਘ ਹੋਰਾਂ ਦੇ ਮਾਨਵੀ ਆਦਰਸ਼ਾਂ ਦੀ ਰੱਜ ਕੇ ਤਾਰੀਫ਼ ਵੀ ਕੀਤੀ ਹੈ। ਇਹ ਪੱਖ ਉਨ੍ਹਾਂ
ਦੇ ਸੁਭਾਅ, ਨਿਰਪੱਖਤਾ, ਸੁਹਿਰਦਤਾ, ਵਿਸ਼ਾਲਦਿਲੀ ਤੇ ਰਵਾਦਾਰੀ ਭਾਵਨਾ ਦੇ ਸੂਚਕ ਸਨ।
ਲੋੜੀਂਦਾ ਤਰਕ ਤੇ ਨਿਸਤਾਰਾ ਕਰਨ ਦੀ ਦ੍ਰਿਸ਼ਟੀ ਵੀ ਜੋ ਉਨ੍ਹਾਂ ਦੇ ਆਲੋਚਨਾਤਮਕ ਲੇਖਾਂ ਵਿਚ
ਪ੍ਰਜਵਲਤ ਹੋਈ ਵੇਖ ਸਕਦੇ ਹਾਂ। ਢੇਸੀ ਜੀ ਹੁਰਾਂ ਦੀ ਕਲਮ ਵਿਚਲੀ ਮਿੱਠੀ ਚਾਸ਼ਣੀ ਵੀ ਚੱਖ
ਸਕਦੇ ਹਾਂ। ਉਹ ਰਚਨਾ ਦੀ ਸਮੁੱਚਤਾ ਨੂੰ ਭਾਵੁਕ ਸ਼ਬਦਾਂ ਵਿਚ ਰਚਾ ਕੇ ਪੇਸ਼ ਕਰਦੇ ਸਨ।
ਇਸ ਸਜਰੀ ਕਲਮ ਨੂੰ, ਸੁਹਿਰਦ ਕਲਮ ਨੂੰ, ਸਦਾਚਾਰਕ ਕਲਮ ਨੂੰ, ਮਾਨਵੀ ਕਲਮ ਨੂੰ, ਪਿਆਰ
ਵਿਗੁਤੀ ਕਲਮ ਨੂੰ, ਪੀੜਾਂ ਵੰਡਦੀ ਕਲਮ ਅਤੇ ਕਲਾਤਮਕ ਕਲਮ ਨੂੰ ਨਮਸਕਾਰ।
(ਸੰਧਿਆ ਦੀ ਲਾਲੀ-ਗੁਰਦਾਸ ਸਿੰਘ ਪਰਮਾਰ)
ਢੇਸੀ ਜੀ ਹੁਰਾਂ ਨੇ ਪੰਜਾਬ ਸਮੱਸਿਆ ਬਾਰੇ ਵੀ ਆਪਣੇ ਪਰਚੇ ਦੇ ਰੂਪ ਵਿਚ ਅੰਕਿਤ ਕੀਤੇ ਸਨ।
ਉਹ ਖੱਬੇ-ਪੱਖੀ ਮਾਰਸਵਾਦੀ ਵਿਚਾਰਧਾਰਾ ਅਨੁਸਾਰ ਆਪਣੇ ਸਿੱਟੇ ਪ੍ਰਸਤੁਤ ਕਰਦੇ ਹਨ ਪਰ ਉਹ
ਕੇਂਦਰੀ ਸਰਕਾਰ ਦੀ ਨੀਤੀ ਨੂੰ ਵੀ ਜ਼ੋਰਦਾਰ ਸ਼ਬਦਾਂ ਵਿਚ ਭੰਡਦੇ ਹਨ।
‘‘ਰਾਜ ਕਰਦੀ ਪਾਰਟੀ ਦੇ ਕਰਮਚਾਰੀਆਂ ਅਤੇ ਨੇਤਾਵਾਂ ਤੇ ਇਹਨਾਂ ਫਸਾਦਾਂ ਨੂੰ ਆਯੋਜਿਤ ਕਰਨ
ਦੇ ਦੂਸ਼ਣ ਵੀ ਲੱਗੇ। ਪਰ ਨਿਆਂ ਨੂੰ ਪਾਰਟੀ ਹਿੱਤ ਬਦਲੇ ਕੁਰਬਾਨ ਕਰ ਦਿੱਤਾ। ਨਿਰਪੱਖ ਜਾਂਚ
ਕਮਿਸ਼ਨਾਂ ਦੀਆਂ ਰਿਪੋਰਟਾਂ ਅੱਖੋਂ ਓਹਲੇ ਕਰ ਦਿੱਤੀਆਂ ਗਈਆਂ। ਅਕਾਲੀ ਆਗੂਆਂ ਨਾਲ ਲਿਖਤੀ
ਸਮਝੌਤਾ ਕਰਕੇ ਉਸ ਉੱਤੇ ਅਮਲ ਪੂਰੀ ਵਚਨਬੱਧਤਾ ਨਾਲ ਨਾ ਕੀਤਾ ਗਿਆ। ਇਹ ਨਾਂਹ ਪੱਖੀ ਕਦਮ
ਅਤੇ ਅਮਲ ਵਾਸਤਵ ਵਿਚ ਪੰਜਾਬ ਵਿਚ ਨਿਰੰਤਰ ਹੁੰਦੇ ਖੂਨ ਖਰਾਬੇ ਦੇ ਜ਼ਿੰਮੇਵਾਰ ਹਨ। ਨਾਲੇ ਇਹ
ਵੱਖਰੀ ਸਿੱਖ ਸਟੇਟ ਦੇ ਸੰਕਲਪ ਲਈ ਉਪਜਾਊ ਭੂਮੀ ਤਿਆਰ ਕਰ ਰਹੇ ਹਨ।‘‘
(ਮੈਨਰ ਪਾਰਕ ਲਾਇਬ੍ਰੇਰੀ ਵਿਚ ਪੜ੍ਹਿਆ ਪਰਚਾ)
ਇਸੇ ਤਰ੍ਹਾਂ ਉਹ ਪੰਜਾਬੀ ਭਾਸ਼ਾ ਦੀ ਸਰਵਸ਼੍ਰੇਟਤਾ ਤੇ ਵਡੱਤਣ ਵੀ ਭਾਵਪੂਰਤ ਸ਼ਬਦਾਂ ਵਿਚ
ਅੰਕਿਤ ਕਰਦੇ ਹਨ।
‘‘ਸਮਾਜਕ, ਸਭਿਆਚਾਰਕ ਤੇ ਸੰਸਕ੍ਰਿਤਕ ਉੱਨਤੀ ਵਿਚ ਭਾਸ਼ਾ ਦਾ ਵੱਡਾ ਭਾਗ ਹੁੰਦਾ ਹੈ। ਭਾਸ਼ਾ
ਰਾਹੀਂ ਅਸੀਂ ਕੇਵਲ ਆਪਣੇ ਕਾਰ ਵਿਹਾਰ ਕਰਨੇ ਹੀ ਨਹੀਂ ਸਿੱਖਦੇ ਸਗੋਂ ਇਕ ਦੂਜੇ ਦੇ ਦਰਦ,
ਚਿੰਤਾਵਾਂ, ਗੁੱਸੇ, ਖੁਸ਼ੀਆਂ ਵੀ ਸਾਂਝੇ ਕਰਦੇ ਹਾਂ। ਪੰਜਾਬ ਵਿਚ ਪੰਜਾਬੀ ਤੋਂ ਬਿਨਾਂ ਕੋਈ
ਹੋਰ ਬੋਲੀ ਇਥੋਂ ਦੇ ਦੋ ਵੱਡੇ ਧਾਰਮਕ ਫਿਰਕਿਆਂ ਵਿਚ ਸਾਂਝ ਨਹੀਂ ਪੁਆ ਨਹੀਂ ਪੁਆ ਸਕਦੀ। ਇਸ
ਲਈ ਇਥੇ ਸਰਕਾਰੀ ਅਤੇ ਸਮਾਜਕ ਖੇਤਰਾਂ ਵਿਚ ਪੰਜਾਬੀ ਦੀ ਸਰਬਸ਼੍ਰੇਟਤਾ ਜ਼ਰੂਰੀ ਹੈ।‘‘
(ਉਪਰੋਕਤ ਪਰਚੇ ਚੋਂ)
ਗੁਰੂ ਸਾਹਿਬਾਨ ਪ੍ਰਤੀ ਉਨ੍ਹਾਂ ਦੀ ਅਪਾਰ ਸ਼ਰਧਾ ਸੀ। ਉਨ੍ਹਾਂ ਵਲੋਂ ਚਲਾਈ ਲਹਿਰ ਨੂੰ ਉਹ
ਜ਼ਬਰ, ਜ਼ੁਲਮ ਤੇ ਸ਼ੋਸ਼ਣ ਵਿਰੁੱਧ ਸਮਾਜਕ, ਸਭਿਆਚਾਰਕ ਅਜ਼ਾਦੀ ਵਜੋਂ ਦੇਖਦੇ ਸਨ।
‘‘ਗੁਰੂ ਨਾਨਕ ਦੇਵ ਜੀ ਦਾ ਬਾਬਰ ਨੂੰ ਸ਼ੀਂਹ ਅਤੇ ਉਸ ਦੇ ਅਹਿਲਕਾਰਾਂ ਨੂੰ ਕੁੱਤੇ ਆਖਣਾ
ਪੰਜਾਬੀ ਦਿਲ ਦੀ ਆਵਾਜ਼ ਹੈ। ਗੁਰੂ ਅਰਜਨ ਦੇਵ ਜੀ ਦਾ ਚੁਬਾਰੇ ਨਾਲ ਮੋਰੀ ਦੀ ਇੱਟ ਨੂੰ
ਤਰਜੀਹ ਦੇਣਾ, ਬਾਦਸ਼ਾਹ ਜਹਾਂਗੀਰ ਦੇ ਪੁੱਤਰ ਨੂੰ ਆਮ ਲੋਕਾਂ ਦੀ ਪੰਗਤ ਵਿਚ ਬਿਠਾਉਣਾ, ਗੁਰੂ
ਤੇਗ ਬਹਾਦਰ ਜੀ ਦਾ ਔਰੰਗਜ਼ੇਬ ਅੱਗੇ ਨਿਡਰਤਾ ਨਾਲ ਪੇਸ਼ ਹੋਣਾ ਅਤੇ ਗੁਰੂ ਗੋਬਿੰਦ ਸਿੰਘ ਜੀ
ਦਾ ਜਫ਼ਰਨਾਮਾ ਲਿਖਣਾ ਪੰਜਾਬੀ ਸਭਿਆਚਾਰ ਦੀ ਅਜ਼ਾਦੀ ਅਤੇ ਬਰਾਬਰੀ ਲਈ ਭਾਵਨਾਵਾਂ ਦੀਆਂ ਹੋਰ
ਮਿਸਾਲਾਂ ਹਨ।‘‘
(ਬਰਤਾਨੀਆਂ ਵਿਚ ਪੰਜਾਬੀ ਭਾਸ਼ਾ ਵਿਚ ਅੰਕਿਤ ਲੇਖ ਵਿਚ-ਸ. ਦਰਸ਼ਨ ਸਿੰਘ ਤਾਤਲਾ)
ਢੇਸੀ ਹੁਰਾਂ ਪੰਜਾਬੀ ਸਾਹਿਤ ਨਾਲ ਨਿਰੰਤਰ ਜੁੜੇ ਰਹੇ ਸਨ। ਭਾਵੇਂ ਉਨ੍ਹਾਂ ਨੇ ਬਹੁਤ ਹੀ
ਸੀਮਤ ਗਿਣਤੀ ਵਿਚ ਆਲੋਚਨਾ ਲੇਖ ਰਚੇ ਹਨ ਪ੍ਰੰਤੂ ਸਾਧਨਾ, ਖੋਜ ਭਰਪੂਰ ਤੇ ਆਲੋਚਨਾਤਮਕ
ਦ੍ਰਿਸ਼ਟੀ ਉਨ੍ਹਾਂ ਦੇ ਹਰ ਲੇਖ ਵਿਚ ਝਲਕਦੀ ਪ੍ਰਤੀਤ ਹੁੰਦੀ ਹੈ। ਸੱਚੇ ਸਾਹਿਤਕਾਰ ਵਿਚ
ਬੇਅੰਤ ਮਾਨਵੀ ਗੁਣ ਹੁੰਦੇ ਹਨ। ਸਾਹਿਤਕਾਰ ਜਿਥੇ ਜੀਵਨ ਦੇ ਬੇਅੰਤ ਹਨ੍ਹੇਰੇ ਕੋਨਿਆਂ ਨੂੰ
ਰੋਸ਼ਨੀ ਦੀਆਂ ਕਿਰਨਾਂ ਨਾਲ ਰੁਸ਼ਨਾਉਂਦੇ ਹਨ, ਉੱਥੇ ਸਾਹਿਤਕਾਰਾਂ ਦਾ ਕਰਤਵ ਹੁਸੀਨ ਜੀਵਨ ਨੂੰ
ਉਮੰਗਾਂ, ਉਤਸ਼ਾਹਾਂ ਨਾਲ ਰੁਸ਼ਨਾ ਕੇ ਜੀਵਨ ਵਿਚ ਮਘਦੀ ਚਿਣਗ ਵੀ ਪੈਦਾ ਕਰਨੀ ਹੁੰਦੀ ਹੈ।
ਸਾਹਿਤਕਾਰ ਆਪਣੇ ਸੁਭਾਅ ਵਿਚ ਮਿਠਾਸ, ਮਿਠਬੋਲੜਾਪਨ ਭਰਦਾ ਹੈ ਤੇ ਮਨੁੱਖਾਂ ਨਾਲ ਸਾਂਝ ਪਾ
ਕੇ ਆਪਣੇ ਸ਼ੁੱਭ ਕਰਮ ਨਾਲ ਨਰੋਏ ਕਰਤਵਾਂ ਦੀ ਪਾਲਣਾ ਕਰਦਿਆਂ ਮਨੁੱਖੀ ਜੀਵਨ ਨੂੰ ਖੁਸ਼ੀਆਂ
ਨਾਲ ਫਲੀਭੂਤ ਕਰਦਾ ਹੈ। ਢੇਸੀ ਹੁਰਾਂ ਵਿਚ ਬੇਅੰਤ ਮਾਨਵੀ ਗੁਣ ਸਨ। ਉਹ ਸਹਿਣਸ਼ੀਲਤਾ ਵਾਲੇ,
ਸਬਰ ਵਾਲੇ, ਸਬਰ ਵਾਲੇ, ਮਿੱਠਬੋਲੜੇ, ਕਿਸੇ ਦਾ ਬੁਰਾ ਨਾ ਚਿਤਵਣ ਵਾਲੇ, ਦੂਸਰੇ ਦੇ
ਵਿਚਾਰਾਂ ਨੂੰ ਧੀਰਜ ਤੇ ਤੁਹੰਮਲ ਨਾਲ ਸਮਝਣ ਵਾਲੇ, ਆਪਣੇ ਵਿਚਾਰਾਂ ਨੂੰ ਸਪੱਸ਼ਟਤਾ ਨਾਲ
ਦਰਸਾਉਣ ਵਾਲੇ ਸਨ। ਆਪਣੇ ਵਿਚਾਰਾਂ ਨੂੰ ਜਬਰਦਸਤੀ ਦੂਜੇ ਤੇ ਠੋਸਣ ਨੂੰ ਉਹ ਗੈਰ-ਮਨੁੱਖੀ
ਕਰਮ ਸਮਝਦੇ ਸਨ। ਨਿਰਸੰਦੇਹ ਢੇਸੀ ਜੀ ਹੁਰੀਂ ਮਹਾਨ ਵਿਅਕਤੀ ਸਨ। ਮਹਾਨ ਵਿਅਕਤੀਆਂ ਵਿਚ
ਆਪਣੇ ਆਪ ਨੂੰ ਨਾ ਵਡਿਆਉਣਾ ਸੁਨਿੰਮਰ ਰਹਿਣਾ, ਉਦਾਰ ਚਿੱਤ ਰਹਿ ਕੇ ਉਚਿਤ ਵਿਵਹਾਰਕ ਵਤੀਰਾ
ਧਾਰਣ ਕਰਨਾ ਆਦਿ ਗੁਣ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਰਚੇ ਹੁੰਦੇ ਹਨ। ਢੇਸੀ ਹੁਰਾਂ ਦੀ ਪ੍ਰਤਿਭਾ
ਵਿਲੱਖਣ ਸੀ। ਉਹ ਸਾਰੀ ਉਮਰ ਪੰਜਾਬੀ ਸਭਿਆਚਾਰ ਦੇ ਪਲਰਨ ਤੇ ਆਪਣੇ ਦੇਸ਼ ਦੇ ਪ੍ਰਫੁੱਲਤ ਹੋਣ
ਵਿਚ ਹਮੇਸ਼ਾ ਗੌਰਵ ਮਹਿਸੂਸ ਕਰਦੇ ਰਹੇ ਹਨ। ਪ੍ਰੰਤੂ ਉਹ ਇਸ ਸਭ ਕਾਸੇ ਦੇ ਬਾਵਜੂਦ ਮੇਜ਼ਬਾਨੀ
ਸਭਿਆਚਾਰ ਪ੍ਰਤੀ ਵੀ ਪ੍ਰੀਤੀ ਰੱਖਦੇ ਸਨ ਤੇ ਵਿਸ਼ਵ ਸਨ ਤੇ ਵਿਸ਼ਵ ਸਮਾਜ ਨੂੰ ਸਚਾਰੂ ਸਭਿਆਚਾਰ
ਵਜੋਂ ਦੇਖਣ ਦੇ ਅਭਿਲਾਖੀ ਸਨ। ਢੇਸੀ ਹੁਰਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੀ ਹੈ ਕਿ ਅਸੀਂ
ਉਨ੍ਹਾਂ ਵਲੋਂ ਛੋਹੇ ਹੋਏ ਸਾਕਾਰਤਮਕ ਕਾਰਜਾਂ ਨੂੰ ਅੱਗੇ ਤੋਰੀਏ। ਅਜਿਹੀ ਸ਼ਖ਼ਸੀਅਤ ਨੂੰ ਸਾਡਾ
ਢੇਰ ਸਾਰਾ ਪ੍ਰਣਾਮ ਹੈ।
-0- |