ਬਸਤੀਵਾਦ ਦਾ ਮਰਸੀਆ ਜੋ ਲਾਲ ਕਿਲ੍ਹੇ ਤੋਂ 15 ਅਗਸਤ 1947 ਨੂੰ ਪੜ੍ਹ ਦਿੱਤਾ ਜਾਣਾ ਚਾਹਿਦਾ
ਸੀ, ਬਸਤੀਵਾਦੀਆਂ ਦੀ ਰਹਿੰਦ-ਖੂੰਦ ਵਲੋਂ ਠੀਕ ਤਰਾਂ ਨਹੀਂ ਸੀ ਪੜ੍ਹਿਆ ਗਿਆ, ਜਿਸ ਉੱਪਰ
ਰੋਸ ਵਜੋਂ ਦੇਸ਼ਭਗਤਾਂ ਦੀ ਪੰਡਤ ਨਹਿਰੂ ਨਾਲ ਮਿਲਣੀ ਸਮੇਂ ਬਾਬਾ ਸੋਹਣ ਸਿੰਘ ਭਕਨਾ ਨੇ ਆਖਿਆ
ਸੀ, "ਪੰਡਤ ਜੀ ਤੁਸੀਂ 'ਹਿੰਦੁਸਤਾਨ ਦੀ ਆਜ਼ਾਦੀ' ਦੀ ਗੱਲ ਕਰਦੇ ਹੋ ਅਸੀਂ 'ਹਿੰਦੁਸਤਾਨੀਆਂ
ਦੀ ਆਜ਼ਾਦੀ' ਲਈ ਆਖ ਰਹੇ ਹਾਂ "|
ਜੁਗ-ਬਦਲ ਦਾ ਤਲਿੱਸਮ
ਉਸ ਜੁਗ ਦਾ ਅੰਤ ਹੋਇਆ ਤੇ ਇਸਦਾ ਆਦਿ ਹੋਇਆ
ਹੈਰਾਨ ਇਸ ਲਈ ਹਾਂ ਬੜੀ ਦੇਰ ਬਾਅਦ ਹੋਇਆ
*ਜਿਸ 'ਇਨਕਲਾਬ' ਖਾਤਿਰ ਦੇਂਦਾ ਗਿਓਂ ਤੂੰ ਹੋਕਾ
ਆ ਵੇਖ ਤੇਰਾ ਨਾਅਰਾ ਅਜ 'ਜ਼ਿੰਦਾਬਾਦ' ਹੋਇਆ
ਓਹ ਦਬ ਰਿਹਾ ਹੈ ਆਪੇ ਆਪਣੇ ਹੀ ਭਾਰ ਹੇਠਾਂ
ਜੁਗ-ਬਦਲ ਦਾ ਤਲਿੱਸਮ ਤਾਂ ਬਿਨ-ਆਵਾਜ਼ ਹੋਇਆ
ਇਸ ਰੁੱਤ ਵਿਚ ਬੜਾ ਕੁਝ ਝੜਨਾ ਤੇ ਫਿਰ ਪੁੰਗਰਨਾ
ਸੰਵਰਨਾ ਜੋ ਤਾਣਾ, ਬਾਣਾ ਖਰਾਬ ਹੋਇਆ
ਇਸ ਦੌਰ ਵਿਚ ਨਾ ਰਹਿਣੇ ਜ਼ਾਤਾਂ ਦੇ ਪਏ ਬਖੇੜੇ
ਹਰ ਧਰਮ ਵਿਚ ਮਿਲੇਗਾ ਬੰਦਾ ਆਜ਼ਾਦ ਹੋਇਆ
ਹੁਣ ਧਰਤ-ਮਾਂ ਦੇ ਸਾਰੇ ਰੋਸੇ ਤੇ ਤਾਨ੍ਹੇ-ਮਿਹਣੇ
ਗਿਣ-ਗਿਣ ਕੇ ਲਾਹ ਦਿਆਂਗੇ ਜੋ ਵੀ ਹਿਸਾਬ ਹੋਇਆ
ਮੋਦੀ ਦਾ ਮੋਦੀਖਾਨਾ ਹੁਣ ਵੇਖਦਾ ਜ਼ਮਾਨਾ
ਪੁਛਣਗੇ ਤੋਲ ਲੋਕੀਂ ਜਦ ਵੀ ਹਿਸਾਬ ਹੋਇਆ !
*ਆਜ਼ਾਦੀ ਲਹਿਰ ਵੇਲੇ ਇਨਕਲਾਬ ਦਾ ਨਾਅਰਾ ਲਾਉਣ ਵਾਲੇ ਦੇਸ਼ਭਗਤ ਜੋ ਫਾਂਸੀਆਂ ‘ਤੇ ਲਟਕਾ ਦਿਤੇ
ਗਏ !
-0-
|