ਸੰਨ 2007. ਮੈਂ ਲੰਡਨ ਹਾਂ ਆਪਣੇ ਚਾਚਾ ਜੀ ਦੇ ਬੇਟੇ, ਮਸ਼ਹੂਰ ਗਾਇਕ ਦੀਦਾਰ ਸਿੰਘ ਪਰਦੇਸੀ
ਦੇ ਘਰ। ਦੀਦਾਰ ਦੀ ਗਾਇਕੀ ਨੂੰ ਸੁਣਨਾ ਤਾਂ ਇੱਕ ਅਨੂਠਾ ਜਿਹਾ ਅਨੁਭਵ ਹੁੰਦਾ ਹੀ ਹੈ,
ਦੀਦਾਰ ਨਾਲ ਸ਼ਾਮਾਂ ਗੁਜ਼ਾਰਨ ਦਾ ਵੀ ਬਹੁਤ ਮਜ਼ਾ ਆਉਦਾ ਹੈ। ਸ਼ਾਮ ਹੁੰਦੀ ਹੈ ਤਾਂ ਉਹ ਬਲੈਕ
ਲੇਬਲ ਦੇ ਨਾਲ ਹੀ ਯਾਦਾਂ ਦੀ ਐਲਬਮ ਖੋਲ੍ਹ ਲੈਦਾ ਹੈ। ਉਹਦੇ ਚੇਤਿਆਂ ਵਿੱਚ ਪਿੰਡ ਜਾਗ ਪੈਦਾ
ਹੈ। ਦੱਸਣਾ ਸ਼ੁਰੂ ਕਰਦਾ ਹੈ: ਆਪਣੇ ਘਰਾਂ ਕੋਲ ਘੁਮਾਰਾਂ ਦੇ ਘਰ ਹੁੰਦੇ ਸੀ। ਆਪਣੀ ਕੰਧ ਨਾਲ
ਬਾਹਮਣਾਂ ਦੀ ਕੰਧ ਸਾਂਝੀ ਹੁੰਦੀ ਸੀ। ਆਪਣੇ ਪਿੰਡ ਵਿੱਚ ਇੱਕ ਟੱਬਰ ਨੂੰ ਕਨੂੰਨੀਆਂ ਦਾ
ਟੱਬਰ ਕਹਿੰਦੇ ਹੁੰਦੇ ਸੀ। ਇਕ ਟੱਬਰ ਦੀ ਅੱਲ ਸੀ ਇਲਤੀਆਂ ਦਾ ਟੱਬਰ। ਇਕ ਪੱਕਿਆਂ ਦਾ ਟੱਬਰ
ਸੀ। ਓਨ੍ਹਾਂ ਨੇ ਪਿੰਡ ਵਿੱਚ ਸਭ ਤੋਂ ਪਹਿਲਾਂ ਪੱਕੀਆਂ ਇੱਟਾਂ ਦਾ ਕੋਠਾ ਪਾਇਆ ਸੀ। ਇਕ ਬ
ਜ਼ੁਰਗ ਹੁੰਦੇ ਸੀ, ਓਨ੍ਹਾਂ ਦੀ ਅੱਲ ਰੱਬ ਸੀ। ਇਕ ਬੁੜੀ ਹੁੰਦੀ ਸੀ, ਉਹ ਤੇਜ਼ ਤੇਜ਼ ਕੁੱਬੀ
ਜਿਹੀ ਤੁਰਦੀ ਰੋਜ਼ ਖੇਤੀਂ ਰੋਟੀ ਲੈ ਕੇ ਜਾਂਦੀ ਸੀ। ਉਹਦਾ ਨਾਂ ਲੋਕਾਂ ਨੇ ਬਿੱਸੀ ਡਾਕ ਪਾਇਆ
ਹੋਇਆ ਸੀ। ਕਹਿੰਦੇ ਨੇ ਉਹ ਕਦੀ ਕੁਵੇਲਾ ਨਹੀਂ ਕਰਦੀ ਸੀ। ਉਹਦਾ ਟਾਈਮ ਬੱਧਾ ਹੋਇਆ ਸੀ। ਓਸੇ
ਟਾਈਮ ਹੀ ਉਹ ਘਰੋਂ ਨਿਕਲਦੀ ਤਦੇ ਉਹਨੂੰ ਡਾਕ ਕਹਿੰਦੇ ਸੀ, ਬਿੱਸੀ ਡਾਕ, ਬਿੱਸੀ ਉਹਦਾ ਨਾਂ
ਸੀ। ਕਮਾਲ ਦੇ ਸਮੇਂ ਸੀ ਉਹ। ਪਰ ਸੁਰਜੀਤ, ਬਚਪਨ ਵਿੱਚ ਮੈਂ ਦੁੱਖ ਵੀ ਬਹੁਤ ਦੇਖੇ। ਮਾਂ ਦਾ
ਮੈਂ ਮੂੰਹ ਵੀ ਨਹੀਂ ਦੇਖਿਆ। ਅਜੇ ਸੁਰਤ ਵੀ ਨਹੀਂ ਸੰਭਾਲੀ ਸੀ ਕਿ ਉਹ ਵਿਚਾਰੀ ਇਸ ਜਹਾਨ
ਤੋਂ ਤੁਰ ਗਈ। ਸਾਨੂੰ ਤਾਂ ਦਾਦੀ ਨੇ ਪਾਲਿਆ। ਭਾਈਆ ਜੀ ਅਫ਼ਰੀਕਾ ਚਲੇ ਗਏ। ਚਲੋ ਖ਼ੈਰ ਫਿਰ
ਰੱਬ ਨੇ ਖੁਸ਼ੀਆਂ ਵੀ ਬਹੁਤ ਦਿਖਾਈਆਂ ਼ ਼ ਼ ਼
ਦੀਦਾਰ ਗੱਲ ਵਿਚੇ ਛੱਡ ਕੇ ਆਪਣੇ ਬੇਟੇ ਰਾਜੂ ਨੂੰ ਆਵਾਜ਼ ਮਾਰਦਾ ਹੈ। ਰਾਜੂ ਜੋ ਹੁਣ ਹਟੈਚੀ
ਕੰਪਨੀ ਵਿੱਚ ਇੰਜਨੀਅਰ ਹੈ। ਇਕ ਪੁੱਤਰ ਦਾ ਪਿਤਾ ਹੈ ਪਰ ਦੀਦਾਰ ਦੇ ਸਾਹਮਣੇ ਉਹ ਅਜੇ ਵੀ
ਛੋਟਾ ਜਿਹਾ ਆਗਿਆਕਾਰ ਪੁੱਤਰ ਹੈ, ਦੀਦਾਰ ਦੇ ਅੱਖ ਦੇ ਇਸ਼ਾਰੇ ਨੂੰ ਸਮਝਦਾ, ਦੀਦਾਰ ਨੂੰ
ਆਪਣੇ ਆਦਰਸ਼ ਵਾਂਗ ਸਤਿਕਾਰਦਾ। ਦੀਦਾਰ ਵੀ ਰਾਜੂ ਨੂੰ ਓੜਕਾਂ ਦਾ ਪਿਆਰ ਕਰਦਾ ਹੈ। ਦੀਦਾਰ ਦੀ
ਅੱਧੀ ਆਵਾਜ਼ ਸੁਣਕੇ ਫੁੱਲ ਵਰਗੇ ਖਿੜੇ ਪਾਵਨ ਜਿਹੇ ਮੁਖੜੇ ਵਾਲਾ ਰਾਜੂ ਕੋਲ ਆ ਕੇ ਸ਼ਹਿਦ
ਨਾਲੋਂ ਵੀ ਮਿੱਠੀ ਹਾਂ ਜੀ ਕਹਿੰਦਾ ਹੈ। ਸਮਰਪਣ ਤੇ ਪਿਆਰ ਦੀ ਮੂਰਤ ਜਿਹੇ ਰਾਜੂ ਨੂੰ ਦੀਦਾਰ
ਕਹਿੰਦਾ: ਬੇਟਾ ਉਹ ਟੇਪ ਲੈ ਕੇ ਆ ਪਿੰਡ ਵਾਲੀ ਜਿਹਦੇ ਵਿੱਚ ਗਿਆਨੀ ਹੋਣਾਂ ਦੀ, ਤਾਇਆ ਜੀ
ਦੀ ਤੇ ਭਾਈਆ ਜੀ ਦੀ ਗੱਲ ਬਾਤ ਰਿਰਾਕਡ ਕੀਤੀ ਹੋਈ ਐ।
ਰਾਜੂ ਦੇ ਸਿਰ ਤੇ ਦੀਦਾਰ ਵਰਗੀ ਹੀ ਸੋਹਣੀ ਅਫ਼ਰੀਕੀ ਪਗੜੀ ਹੈ। ਉਹ ਦੀਦਾਰ ਵਰਗਾ ਹੀ ਲੰਮ
ਸਲੰਮਾ ਤੇ ਨਰੋਆ ਹੈ ਪਰ ਆਪਣਾ ਗੋਰਾ ਰੰਗ, ਨਿਮਰਤਾ ਤੇ ਮੱਧਮ ਮਿੱਠੀ ਆਵਾਜ਼ ਉਹਨੇ ਆਪਣੀ
ਮੰਮੀ ਹਰਬੰਸ ਕੌਰ ਕੋਲੋਂ ਲਈ ਹੈ। ਜਦੋ ਦੀਦਾਰ ਦਾ ਵਿਆਹ ਹੋਇਆ, ਉਦੋਂ ਉਹ ਕੀਨੀਆ ਵਿੱਚ ਸੀ।
ਕੀਨੀਆ ਵਿੱਚ ਉਹ ਸਭ ਤੋਂ ਵੱਡਾ ਸਟਾਰ ਸੀ। ਉਹਦੇ ਵਿਆਹ ਦੀ ਰਨਿੰਗ ਕੁਮੈਟਰੀ ਨੈਰੋਬੀ ਰੇਡੀਓ
ਵੌਇਸ ਆਫ਼ ਕੇਨੀਆ ਤੋਂ ਬ੍ਰੌਡਕਾਸਟ ਹੋਈ ਸੀ। ਇੰਡੀਆ ਤੇ ਪਾਕਿਸਤਾਨ ਦੋਹਾਂ ਦੇ ਹਾਈ ਕਮਿਸ਼ਨਰ
ਉਹਦੇ ਵਿਆਹ ਵਿੱਚ ਸ਼ਾਮਲ ਹੋਏ ਸੀ। ਮਸ਼ਹੂਰ ਰੇਡੀਓ ਬ੍ਰੌਡਕਾਸਟਰ ਤੇ ਕਵੀ ਚਮਨ ਲਾਲ ਚਮਨ ਨੇ
ਉਹਦਾ ਸਿਹਰਾ ਪੜ੍ਹਿਆ ਸੀ, ਜਿਸ ਦੀ ਇੱਕ ਸਤਰ ਮੈਨੂੰ ਅਜੇ ਵੀ ਯਾਦ ਹੈ:
ਹੀਰ ਗਾਉਣ ਵਾਲੇ ਤੈਨੂੰ ਹੀਰ ਮਿਲ ਗਈ
ਦੀਦਾਰ 15 ਸਾਲ ਦੀ ਉਮਰ ਵਿੱਚ ਪਰਦੇਸੀ ਹੋ ਗਿਆ ਸੀ। ਪਿਤਾ ਤਾਂ ਪਹਿਲਾਂ ਹੀ ਪਰਦੇਸੀ ਸੀ।
ਉਹਨੇ ਰਾਹਦਾਰੀ ਭੇਜੀ ਤਾਂ ਦੋਵੇਂ ਪੁੱਤਰ ਲਸ਼ਕਰ ਤੇ ਦੀਦਾਰ ਵੀ ਨੈਰੋਬੀ ਆ ਗਏ।। ਦੀਦਾਰ
ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕੀਨ ਸੀ। ਸਾਡੇ ਪਿੰਡ ਦਾ ਅਮਰੂ ਅਮਲੀ ਕਹਿੰਦਾ ਹੁੰਦਾ ਸੀ
ਏਸ ਮੁੰਡੇ ਦੀ ਤਾਂ ਦੇਸੀ ਘੇ ਵਰਗੀ ਵਾਜ ਆ। ਦੀਦਾਰ ਦੱਸਦਾ ਹੁੰਦਾ ਕਿ ਜਦੋਂ ਉਹਨੇ ਗੁਰੂ
ਨਾਨਕ ਦੇਵ ਜੀ ਦੇ ਗੁਰਪੁਰਬ ਤੇ ਕਵਿਤਾ ਗਾਈ ਤਾਂ ਆਪਣੇ ਪਿੰਡ ਦੇ ਹਕੀਮ ਕਰਤਾਰ ਸਿੰਘ ਨੇ
ਮੈਨੂੰ ਇੱਕ ਚਾਂਦੀ ਦਾ ਰੁਪਈਆ ਇਨਾਮ ਵਜੋਂ ਦਿੱਤਾ। ਉਹ ਚਾਂਦੀ ਦਾ ਰੁਪਈਆ ਮੇਰੇ ਲਈ ਅੱਜ ਵੀ
ਅਸਮਾਨਾਂ ਵਿੱਚ ਚਮਕਦੇ ਚੰਦ ਜਿਹਾ ਹੈ।
ਨੈਰੋਬੀ ਰੇਡੀਓ ਤੇ ਦੀਦਾਰ ਨੇ ਪਹਿਲਾਂ ਪਹਿਲ ਬੱਚਿਆਂ ਦੇ ਪ੍ਰੋਗਰਾਮ ਵਿੱਚ ਹੀਰ ਗਾਈ। ਇਹ
ਹੀਰ ਏਨੀ ਪ੍ਰਸਿੱਧ ਹੋਈ ਕਿ ਹਰ ਪ੍ਰੋਗਰਾਮ ਵਿੱਚ ਹੀਰ ਦੀ ਫਰਮਾਇਸ਼ ਹੁੰਦੀ। ਉਸ ਦੀ ਹੀਰ ਹੀ
ਸੀ ਜਿਸ ਨੂੰ ਸੁਣ ਕੇ ਮਸ਼ਹੂਰ ਸਰੋਦ ਵਾਦਕ ਉਸਤਾਦ ਅਲੀ ਅਕਬਰ ਖ਼ਾਨ ਹੋਰਾਂ ਆਪਣੀ ਹੀਰੇ-ਜੜੀ
ਮੁੰਦਰੀ ਉਤਾਰ ਕੇ ਉਸ ਨੂੰ ਇਨਾਮ ਵਜੋਂ ਦੇ ਦਿੱਤੀ ਤੇ ਕਿਹਾ ਹੀਰ ਵਿੱਚ ਤੂੰ ਭੈਰਵੀ ਦੇ
ਕੁੱਝ ਐਸੇ ਸੁਰ ਲਗਾਏ ਹਨ ਕਿ ਮੈਂ ਹੈਰਾਨ ਹੋ ਗਿਆ ਹਾਂ। ਉਸਤਾਦ ਜੀ ਨੇ ਉਸ ਨੂੰ ਹੀਰ ਦਾ
ਕੋਈ ਹੋਰ ਬੰਦ ਸੁਣਾਉਣ ਲਈ ਕਿਹਾ। ਇਸ ਵਾਰ ਉਸਤਾਦ ਜੀ ਨੇ ਆਪਣੇ ਸੋਨੇ ਦੇ ਬਟਨ ਦੀਦਾਰ ਨੂੰ
ਬਖਸ਼ ਦਿੱਤੇ। ਦੀਦਾਰ ਦੱਸਦਾ ਹੈ ਕਿ ਉਹ ਸੋਨੇ ਦੇ ਬਟਨ ਤਾਂ ਮੈਂ ਉਸਤਾਦ ਜੀ ਨੂੰ ਸਤਿਕਾਰ
ਸਹਿਤ ਮੋੜ ਦਿੱਤੇ ਪਰ ਉਹ ਮੁੰਦਰੀ ਮੈਂ ਯਾਦਗਾਰ ਵਜੋਂ ਸੰਭਾਲ ਲਈ। ਉਹ ਮੁੰਦਰੀ ਅਜੇ ਵੀ
ਦੀਦਾਰ ਦੀ ਉਗਲੀ ਵਿੱਚ ਸੋਭਦੀ ਹੈ ਤੇ ਉਸ ਦੀ ਗਾਈ ਹੀਰ ਦੀ ਯਾਦ ਕਰਵਾਉਦੀ ਰਹਿੰਦੀ ਹੈ।
ਭਾ ਜੀ, ਉਹ ਹੀਰ ਦਾ ਕਿਹੜਾ ਬੰਦ ਸੀ ਜੋ ਤੁਸੀਂ ਉਸ ਦਿਨ ਗਾਇਆ ਸੀ? ਮੈਂ ਪੁੱਛਦਾ ਹਾਂ
ਦੀਦਾਰ ਗਾਉਣ ਲੱਗਦਾ ਹੈ:
ਘਰ ਆਇ ਨਣਾਨ ਨੇ ਗੱਲ ਕੀਤੀ,
ਭਾਬੀ ਇੱਕ ਜੋਗੀ ਨਵਾਂ ਆਇਆ ਨੀ
ਕੰਨੀਂ ਓਸਦੇ ਦਰਸ਼ਣੀ ਮੁੰਦਰਾਂ ਨੇ
ਗਲ ਹੈਕਲਾ ਅਜਬ ਸੁਹਾਇਆ ਨੀ
ਫਿਰੇ ਢੂੰਡਦਾ ਵਿੱਚ ਹਵੇਲੀਆਂ ਦੇ,
ਕੋਈ ਓਸ ਨੇ ਗਾਲ ਗਵਾਇਆ ਨੀ
ਨਾਲੇ ਰੋਵਦਾ ਤੇ ਨਾਲੇ ਗਾਂਵਦਾ ਈ,
ਵੱਡਾ ਓਸ ਨੇ ਰੰਗ ਮਚਾਇਆ ਨੀ ਼ ਼
ਦੀਦਾਰ ਦੇ ਆਨੰਦ ਕਾਰਜ ਤੇ ਪੜ੍ਹੇ ਚਮਨ ਦੇ ਸਿਹਰੇ ਦੀ ਉਹ ਸਤਰ: ਹੀਰ ਗਾਉਣ ਵਾਲੇ ਤੈਨੂੰ
ਹੀਰ ਮਿਲ ਗਈ, ਦੀਦਾਰ ਦੀ ਹੀਰ ਗਾਇਕੀ ਦੀ ਮਸ਼ਹੂਰੀ ਦੀ ਗਵਾਹੀ ਤਾਂ ਦੇਦੀ ਹੀ ਹੈ ਉਸਦੀ
ਜੀਵਨ-ਸਾਥਣ ਸਾਡੀ ਭਾਬੀ ਹਰਬੰਸ ਦੀ ਖ਼ੂਬਸੂਰਤੀ ਵੱਲ ਵੀ ਸੰਕੇਤ ਕਰਦੀ ਹੈ।
ਉਸ ਹਰਬੰਸ, ਉਸ ਹੀਰ ਨੇ ਸਾਰੀ ਉਮਰ ਆਪਣੇ ਰਾਂਝੇ ਨੂੰ ਚੂਰੀ ਕੁੱਟ ਕੁੱਟ ਖਵਾਉਣ ਵਿੱਚ ਲਾ
ਦਿੱਤੀ। ਦੀਦਾਰ ਵਧੀਆ ਖਾਣਾ ਖਾਣ ਅਤੇ ਸ਼ਾਨਦਾਰ ਮਹਿਮਾਨ ਨਵਾਜ਼ੀ ਦਾ ਬਹੁਤ ਸ਼ੌਕੀਨ ਹੈ। ਉਹ
ਆਪਣੀ ਹੀਰ ਨੂੰ ਆਵਾਜ਼ ਮਾਰਦਾ ਹੈ: ਬੰਸੋ ਮੱਛੀ ਰੋਸਟ ਹੋਈ ਨਹੀਂ ਅਜੇ?
ਏਨੇ ਨੂੰ ਰਾਜੂ ਟੇਪ ਲੈ ਕੇ ਆ ਜਾਂਦਾ ਹੈ। ਦੀਦਾਰ ਮੈਨੂੰ ਕਹਿੰਦਾ ਹੈ: ਆ ਸੁਰਜੀਤ ਤੈਨੂੰ
ਇੱਕ ਕਮਾਲ ਦੀ ਚੀਜ਼ ਸੁਣਾਵਾਂ।
ਟੇਪਰੀਕਾਰਡਰ ਵਿੱਚ ਸਾਡੇ ਤਾਇਆ ਜੀ ਮੂਲ ਸਿੰਘ ਬੋਲਦੇ ਹਨ, ਉਨ੍ਹਾਂ ਦੀ ਆਵਾਜ਼ ਇਉਂ ਹੈ ਜਿਵੇ
ਕੋਈ ਡੂੰਘੀਆਂ ਜੜ੍ਹਾਂ ਵਾਲਾ ਰੁੱਖ ਬੋਲਦਾ ਹੋਵੇ। ਉਹ ਦੱਸਦੇ ਹਨ: ਸਾਡੇ ਬਾਪੂ ਦੇ ਦੋ ਵਿਆਹ
ਸੀ, ਪਹਿਲੀ ਘਰ ਵਾਲੀ ਦਾ ਨਾਂ ਸੱਦਾਂ ਸੀ, ਉਹ ਵਿਚਾਰੀ ਮਰ ਗਈ ਸੀ। ਦੂਜੀ ਸਾਡੀ ਮਾਂ ਸੀ
ਮਾਲਾਂ। ਉਹ ਆਪਣੇ ਗਲ ਵਿੱਚ ਸੌਕਣਨਾਮਾ ਪਾਉਦੀ ਹੁੰਦੀ ਸੀ। ਸੌਕਣਨਾਮਾ ਏਸ ਲਈ ਪਾਈਦਾ ਪਈ
ਮਰੀ ਹੋਈ ਸੌਕਣ ਤੰਗ ਨਾ ਕਰੇ। ਪੁਰਾਣੇ ਲੋਕਾਂ ਦੀ ਸੋਚ ਸੀ।
ਇਹ ਸੌਕਣਨਾਮਾ ਕੀ ਹੋਇਆ? ਮੈ ਲੰਡਨ ਤੋਂ ਵਾਪਿਸ ਆ ਕੇ ਵਣਜਾਰਾ ਬੇਦੀ ਹੋਰਾਂ ਦਾ ਪੰਜਾਬੀ
ਲੋਕ ਧਾਰਾ ਵਿਸ਼ਵਕੋਸ਼ ਖੋਲ੍ਹਿਆ ਤਾਂ ਮੈਨੂੰ ਬਹੁਤ ਦਿਲਚਸਪ ਜਾਣਕਾਰੀ ਮਿਲੀ । ਉਸ ਵਿੱਚ
ਮੈਨੂੰ ਸੌਕਣਨਾਮਾ ਤਾਂ ਨਹੀਂ ਮਿਲਿਆ, ਸੌਕਣ ਮੋਹਰਾ ਮਿਲਿਆ ਜੋ ਕਿ ਅਸਲ ਵਿੱਚ ਦੁਆਬੇ ਦੇ
ਸੌਕਣਨਾਮੇ ਦਾ ਹੀ ਇੱਕ ਵੱਖਰਾ ਸ਼ਬਦ-ਰੂਪ ਹੈ। ਓਥੇ ਲਿਖਿਆ ਹੈ:
ਪਹਿਲੀ ਪਤਨੀ ਦੀ ਮ੍ਰਿਤੂ ਪਿਛੋਂ ਜੇ ਕੋਈ ਸ਼ਖ਼ਸ ਦੂਜਾ ਵਿਆਹ ਕਰਵਾ ਲਵੇ ਤਾਂ ਉਸ ਦੀ ਦੂਜੀ
ਪਤਨੀ ਆਪਣੇ ਗਲੇ ਵਿੱਚ ਇੱਕ ਤਵੀਤ ਧਾਰਨ ਕਰਦੀ ਹੈ ਜਿਸ ਉਤੇ ਉਸ ਦੀ ਸੌਕਣ ਦਾ ਬਿੰਬ ਉਕਰਿਆ
ਹੁੰਦਾ ਹੈ। ਇਸੇ ਨੂੰ ਸੌਕਣ ਮੋਹਰਾ ਆਖਦੇ ਹਨ। ਜਦੋਂ ਵੀ ਦੂਜੀ ਪਤਨੀ ਨੂੰ ਕਿਧਰੋਂ, ਪੇਕਿਆਂ
ਜਾਂ ਸਹੁਰਿਆਂ ਤੋਂ ਕੋਈ ਸੁਗਾਤ ਮਿਲਦੀ ਹੈ ਜਾਂ ਉਹ ਨਵੇਂ ਵਸਤਰ, ਗਹਿਣੇ ਆਦਿ ਖਰੀਦਦੀ ਹੈ
ਤਾਂ ਉਹ ਪਹਿਲਾਂ ਉਹ ਚੀਜ਼ ਵਸਤ ਸੌਕਣ ਮੋਹਰੇ ਨੂੰ ਛੁਹਾਉਦੀ ਹੈ ਤੇ ਫਿਰ ਉਸ ਨੂੰ ਖ਼ੁਦ ਵਰਤਦੀ
ਪਹਿਨਦੀ ਹੈ। ਇਸੇ ਤਰਾਂ ਘਰ ਵਿੱਚ ਬਣਾਏ ਗਏ ਖਾਣ ਪੀਣ ਦੇ ਚੰਗੇ ਪਦਾਰਥ ਜਾਂ ਉਹ ਪਦਾਰਥ ਜੋ
ਮੋਈ ਸੌਕਣ ਨੂੰ ਵਿ ਸ਼ੇਸ਼ ਤੌਰ ਤੇ ਪਸੰਦ ਸਨ, ਜੇ ਕਦੇ ਬਣਾਏ ਜਾਣ ਤਾਂ ਪਹਿਲਾਂ ਸੌਕਣ ਮੋਹਰੇ
ਨੂੰ ਭੋਗ ਲਗਾਇਆ ਜਾਂਦਾ ਹੈ ਤਾਂ ਜੋ ਮੋਈ ਸੌਕਣ ਦੇ ਪ੍ਰੇਤ ਨੂੰ ਈਰਖਾ ਨਾ ਹੋਵੇ ਅਤੇ ਉਹ
ਕੋਈ ਨੁਕਸਾਨ ਨਾ ਪਹੁੰਚਾਵੇ। ਮੁਸਲਮਾਨਾਂ ਵਿੱਚ ਵੀ ਸੌਕਣ ਮੋਹਰਾ ਪਹਿਨਣ ਦੀ ਪ੍ਰਥਾ ਹੈ। ਈਦ
ਦੇ ਦਿਨ ਨਵੇਂ ਕੱਪੜੇ ਪਹਿਨਣ ਤੋਂ ਪਹਿਲਾਂ ਉਹ ਸੌਕਣ ਮੋਹਰੇ ਨੂੰ ਛੁਹਾ ਲੈਦੀਆਂ ਹਨ। ਕਈ
ਮੁਸਲਮਾਨੀਆਂ ਤਾਂ ਸੌਕਣ ਦੀ ਕਬਰ ਉਪਰ ਜਾ ਕੇ ਦੁਧ ਘਿਉ ਤੇ ਫਲ ਆਦਿ ਭੇਟ ਕਰ ਆਉਦੀਆਂ ਹਨ।
ਧਾਰਨਾ ਹੈ ਕਿ ਸੌਕਣ ਮੋਹਰੇ ਵੱਲੋਂ ਲਾਪਰਵਾਹੀ ਵਰਤਣ ਵਾਲੀ ਤੀਵੀਂ ਦੁਖ ਦਲਿਦਰ ਵਿੱਚ ਗ੍ਰਸੀ
ਰਹਿੰਦੀ ਹੈ।
ਮੈਂ ਆਪਣੀ ਦਾਦੀ ਮਾਲਾਂ ਦੇ ਗਲ ਬਚਪਨ ਵਿੱਚ ਉਹ ਤਵੀਤ ਦੇਖਿਆ ਸੀ ਪਰ ਮੈਨੂੰ ਪਤਾ ਨਹੀਂ ਸੀ
ਕਿ ਇਹ ਸੌਕਣਨਾਮਾ ਹੈ। ਦੀਦਾਰ ਦੀ ਕੀਤੀ ਹੋਈ ਔਡੀਓ ਰਿਕਾਰਡਿੰਗ ਵਿਚੋ ਮੈਨੂੰ ਆਪਣੇ ਤਾਇਆ
ਜੀ ਦਾ ਚਿਹਰਾ ਸਾਫ਼ ਦਿਸਿਆ, ਉਨ੍ਹਾਂ ਦੀ ਛਿਦਰੀ ਜਿਹੀ ਦਾੜ੍ਹੀ, ਉਚੀ ਘੋੜੀ ਵਾਲਾ ਲੰਮਾ
ਨੱਕ, ਆਪਣੇ ਭਾਪਾ ਜੀ ਦਿਸੇ ਉਨ੍ਹਾਂ ਦੀ ਚਿੱਟੀ ਪੱਗ ਦਿਸੀ , ਚਾਚਾ ਜੀ ਦੀਆਂ ਅੱਖਾਂ
ਦਿਸੀਆਂ ਤੇ ਮੁਸਕਰਾਹਟ।
ਮੈਨੂੰ ਦੀਦਾਰ ਤੇ ਬਹੁਤ ਪਿਆਰ ਆਇਆ ਜਿਸ ਕੋਲ ਸਾਡੇ ਪਰਵਾਰ ਦੇ ਏਨੇ ਖਜ਼ਾਨੇ ਹਨ। ਉਹਦੇ ਕੋਲ
ਭਾਪਾ ਜੀ ਦੀ ਆਵਾਜ਼ ਵਿੱਚ ਪੜ੍ਹਿਆ ਹੋਇਆ ਜਪੁਜੀ ਸਾਹਿਬ ਵੀ ਹੈ। ਆਪਣੀ ਬੀ ਜੀ ਤਸਵੀਰ ਵੀ
ਮੈਨੂੰ ਦੀਦਾਰ ਕੋਲੋਂ ਹੀ ਮਿਲੀ। ਸਾਡੇ ਪਰਵਾਰ ਵਿੱਚ ਸਭ ਤੋਂ ਪਹਿਲਾ ਕੈਮਰਾ ਦੀਦਾਰ ਨੇ
ਖਰੀਦਿਆ। ਫੋਟੋਆਂ ਖਿੱਚੀਆਂ ਤੇ ਫਿਰ ਉਨ੍ਹਾਂ ਨੂੰ ਏਨੀ ਚੰਗੀ ਤਰਾਂ ਸੰਭਾਲ ਕੇ ਰੱਖਿਆ।
ਸੋਚਦਾ ਹਾਂ ਸ਼ਾਇਦ ਜਦੋ ਕੋਈਂ ਪਰਦੇਸੀ ਹੋ ਜਾਂਦਾ ਹੈ ਉਸ ਨੂੰ ਇਸ ਗੱਲ ਦਾ ਤੀਖਣ ਅਹਿਸਾਸ
ਹੁੰਦਾ ਹੈ ਕਿ ਇਹ ਸਭ ਕੁੱਝ ਜੋ ਦਿਸ ਰਿਹਾ ਹੈ, ਇਹ ਸਾਡੇ ਤੋਂ ਕਿਸੇ ਵੀ ਪਲ ਖੁੱਸ ਸਕਦਾ
ਹੈ। ਕਈ ਚੀਜ਼ਾਂ ਨਜ਼ਰਾਂ ਤੋਂ ਉਹਲੇ ਹੋ ਕੇ ਵਧੇਰੇ ਸਾਫ਼ ਦਿਸਦੀਆਂ ਹਨ। ਕਈ ਆਵਾਜ਼ਾਂ ਦੂਰ ਜਾ
ਕੇ ਸੁਣਾਈ ਦਿੰਦੀਆਂ। ਅਮਰਜੀਤ ਚੰਦਨ ਜੇ ਲੰਡਨ ਨਾ ਜਾਂਦਾ ਤਾਂ ਸ਼ਾਇਦ ਉਹਨੂੰ ਨਕੋਦਰ ਵਿੱਚ
ਪਏ ਕੈਹੇ ਦੇ ਛੰਨੇ ਦੀ ਆਵਾਜ਼ ਨਾ ਸੁਣਦੀ।
ਦੀਦਾਰ ਨੂੰ ਦਸਤਾਵੇਜ਼ਾਂ ਸੰਭਾਲਣ ਤੇ ਯਾਦਾਂ ਸੁਣਾਉਣ ਦਾ ਬਹੁਤ ਸ਼ੌਕ ਹੈ। ਉਹ ਹਰ ਸ਼ਾਮ
ਤੁਹਾਨੂੰ ਆਪਣੀਆਂ ਯਾਦਾਂ ਦੀ ਮਿਊਜ਼ੀਅਮ ਵਿੱਚ ਲੈ ਜਾਂਦਾ ਹੈ। ਉਹ ਬੜੀ ਵਾਰ ਸੁਣਾਉਦਾ ਹੈ ਕਿ
ਮੈਂ ਤੇ ਮਸ਼ਹੂਰ ਹੀਰੋਇਨ ਰੇਖਾ ਇੱਕੋ ਦਿਨ ਬੰਬਈ ਪਹੁੰਚੇ ਸੀ। ਅਸੀਂ ਦੋਵੇ ਕੁਲਜੀਤ ਦੀ
ਫਾਂਈਡ ਹਾਂ। ਓਹੀ ਕੁਲਜੀਤ ਜਿਹਨੇ ਅਰਥ ਫਿਲਮ ਬਣਾਈ ਸੀ। ਕੁਲਜੀਤ ਨੈਰੋਬੀ ਵਿੱਚ ਮੇਰਾ ਕਲਾਸ
ਫੈਲੋ ਸੀ।
ਨੈਰੋਬੀ ਵਿੱਚ ਦੀਦਾਰ ਨੂੰ ਮੁਹੰਮਦ ਰਫ਼ੀ ਆਫ਼ ਈਸਟ ਅਫ਼ਰੀਕਾ ਕਿਹਾ ਜਾਂਦਾ ਸੀ। ਇਕ ਵਾਰ
ਮੁਹੰਮਦ ਰਫ਼ੀ ਨੈਰੋਬੀ ਆਇਆ ਤਾਂ ਮੱਸਫੁੱਟ ਦੀਦਾਰ ਨੇਂ ਉਹਦੀ ਹਾਜ਼ਰੀ ਵਿੱਚ ਉਹਦਾ ਗਾਇਆ ਗੀਤ
ਗਾਇਆ: ਚੌਧਵੀਂ ਕਾਛਾਂਧ ਹੋ ਼ ਼ ਼। ਗੀਤ ਮੁੱਕਣ ਤੇ ਮੁਹੰਮਦ ਰਫ਼ੀ ਨੇ ਸਟੇਜ ਉਤੇ ਆ ਕੇ
ਉਹਨੂੰ ਗਲਵੱਕੜੀ ਵਿੱਚ ਲੈ ਲਿਆ।
ਜਦੋਂ ਕੀਨੀਆ ਆਜ਼ਾਦ ਹੋਇਆ ਤਾਂ ਨਵੀਆਂ ਆਰਥਿਕ ਪਾਲਸੀਆਂ ਕਾਰਨ ਬਹੁਤ ਸਾਰੇ ਭਾਰਤੀ ਕੀਨੀਆ
ਛੱਡ ਕੇ ਬਰਤਾਨੀਆ ਆ ਗਏ ਕਿਉਕਿ ਉਹ ਬਰਤਾਨਵੀ ਨਾਗਰਿਕ ਸਨ। ਦੀਦਾਰ ਵੀ ਲੰਡਨ ਆ ਗਿਆ। ਬੇਸ਼ਕ
ਬਰਤਾਨੀਆ ਆ ਕੇ ਵੀ ਦੀਦਾਰ ਨੇ ਬਹੁਤ ਕੁੱਝ ਗਾਇਆ, ਰਿਕਾਰਡ ਕੀਤਾ, ਸ਼ੁਹਰਤ ਤੇ ਪੈਸੇ ਵੀ
ਕਮਾਏ ਪਰ ਉਸ ਦੇ ਸੁਨਹਿਰੀ ਦਿਨ ਨੈਰੋਬੀ ਹੀ ਰਹਿ ਗਏ। ਉਹ ਅਕਸਰ ਉਨ੍ਹਾਂ ਦਿਨਾਂ ਨੂੰ ਯਾਦ
ਕਰਦਾ ਹੈ: ਇੱਕ ਵਾਰ ਬਹੁਤ ਵੱਡਾ ਸਮਾਗਮ ਸੀ, ਬਹੁਤ ਵੱਡਾ ਇਕੱਠ ਸੀ। ਮੈਂ ਗੀਤ ਗਾਏ ਤੇ
ਸਮਾਗਮ ਵਿਚੋਂ ਬਾਹਰ ਆ ਗਿਆ। ਬਹੁਤ ਸਾਰੇ ਲੋਕ ਵੀ ਮੇਰੇ ਨਾਲ ਹੀ ਉਠ ਕੇ ਬਾਹਰ ਆ ਗਏ।
ਪ੍ਰਬੰਧਕਾਂ ਨੇ ਮੈਨੂੰ ਰੁਕਣ ਲਈ ਬੇਨਤੀ ਕੀਤੀ ਤੇ ਅਨਾਊਸ ਕੀਤਾ ਕਿ ਦੀਦਾਰ ਸਿੰਘ ਪਰਦੇਸੀ
ਸਮਾਗਮ ਦੇ ਅੰਤ ਵਿੱਚ ਹੋਰ ਗੀਤ ਗਾਉਣਗੇ। ਮੇਰੇ ਨਾਲ ਸਾਰੇ ਸਰੋਤੇ ਫਿਰ ਪੰਡਾਲ ਵਿੱਚ ਆ ਗਏ।
ਸੋ ਸੁਰਜੀਤ ਇਹ ਜ਼ਿੰਦਗੀ ਇਸਤਰਾਂ ਹੀ ਹੈ।
ਜਦੋਂ ਦੀਦਾਰ ਬੰਬਈ ਆਇਆ, ਓਦੋਂ ਮੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹਦਾ ਸੀ। ਹੋਸਟਲ
ਵਿੱਚ ਮੇਰੇ ਕੋਲ ਸਪੂਲ ਵਾਲਾ ਟੇਪ ਰਿਕਾਰਡਰ ਸੀ। ਉਸ ਟੇਪ ਰਿਕਾਰਡਰ ਸਦਕਾ ਦੀਦਾਰ ਦੀ ਆਵਾਜ਼
ਹੋਸਟਲ ਵਿੱਚ ਅਕਸਰ ਗੂੰਜਦੀ ਰਹਿੰਦੀ:
ਖ਼ਰੀਦਾਰੋ ਬਤਾਓ ਕਿਆ ਖ਼ਰੀਦੋਗੇ
ਯਹਾਂ ਹਰ ਚੀਜ਼ ਬਿਕਤੀ ਹੈ
ਯੇ ਵੁਹ ਬਾਜ਼ਾਰ ਹੈ
ਜਿਸ ਮੇਂ ਫਰਿਸ਼ਤੇ ਆ ਕੇ ਬਿਕ ਜਾਏਂ
ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾਂ
ਹਰ ਕਦਮ ਤੇ ਠੋਕਰਾਂ ਹੀ ਖਾ ਰਿਹਾਂ
ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ
ਤਾਂ ਇੱਕ ਦੇ ਮੈਂ ਦੋ ਜੰਮਦੀ
ਜੱਗਿਆ
ਵੇ ਸੁੱਤੀ ਪਈ ਮਾਂ ਦੇ ਕਲੇਜੇ ਛੁਰਾ ਵੱਜਿਆ
ਗੋਰੀਏ ਨੀ ਲੈ ਜਾ ਦਰਦ ਵੰਡਾ ਕੇ
ਕਿਹੜੇ ਦੇਸਾਂ ਨੂੰ ਲਾਈਆਂ ਉਡਾਰੀਆਂ ਨੀ
ਸਾਨੂੰ ਸ਼ਹੁ ਜਿਹਾ ਪਾ ਕੇ
ਡਾਢਾ ਰੋਗ ਲਗਾ ਕੇ
ਬੰਬਈ ਦਿਨਾਂ ਦੌਰਾਨ ਸਟਾਰ ਐਡ ਸਟਾਈਲ ਵਿੱਚ ਉਹਦੀ ਫੋਟੋਗਰਾਫ਼ ਆਸ਼ਾ ਭੋਸਲੇ ਨਾਲ ਛਪੀ। ਉਸ ਨੇ
ਆਪਣੇ ਦੋਸਤ ਕੁਲਜੀਤ ਦੀਆਂ ਫਿਲਮਾਂ ਲਈ ਗੀਤ ਗਾਏ। ਪਗੜੀਧਾਰੀ ਸਰਦਾਰ ਗਾਇਕ ਦੀਆਂ ਧੁੰਮਾਂ
ਪੈ ਗਈਆਂ। ਕੁਲਜੀਤ ਦੀ ਦਿਲੀ ਖ਼ਾਹਿਸ਼ ਸੀ ਕਿ ਦੀਦਾਰ ਬੰਬਈ ਰਹਿ ਜਾਵੇ। ਉਸ ਨੇ ਉਹਨੂੰ ਫਲੈਟ
ਲੈ ਕੇ ਦੇਣ ਦੀ ਪੇਸ਼ਕਸ਼ ਵੀ ਕੀਤੀ। ਕਈ ਸ਼ਾਮਾਂ ਦੀਦਾਰ, ਕੁਲਜੀਤ ਤੇ ਸਾਹਿਰ ਲੁਧਿਆਣਵੀ ਨੇ
ਇਕੱਠਿਆਂ ਗੁਜ਼ਾਰੀਆਂ। ਸਾਹਿਰ ਨੇ ਵੀ ਦੀਦਾਰ ਨੂੰ ਬੰਬਈ ਰਹਿ ਪੈਣ ਲਈ ਉਹਨੂੰ ਬਹੁਤ ਜ਼ੋਰ
ਲਾਇਆ। ਕਿਹਾ: ਜਦੋਂ ਮੈਂ ਆਇਆ ਤਾਂ ਏਥੇ ਆ ਕੇ ਮੈਨੂੰ ਖੋਲੀ ਵਿੱਚ ਰਹਿਣਾ ਪਿਆ। ਤੈਨੂੰ ਤਾਂ
ਅਸੀਂ ਆਪਣੇ ਏਅਰ ਕੰਡੀਸ਼ਨਡ ਕਮਰਿਆਂ ਵਿੱਚ ਰੱਖਣ ਨੂੰ ਤਿਆਰ ਹਾਂ। ਪਰ ਦੀਦਾਰ ਬੰਬਈ ਰਹਿਣ ਲਈ
ਰਾਜ਼ੀ ਨਾ ਹੋਇਆ। ਉਹ ਨੂੰ ਆਪਣੀਆਂ ਦੋ ਛੋਟੀਆਂ ਛੋਟੀਆਂ ਧੀਆਂ ਤੇ ਆਪਣੀ ਪਿਆਰੀ ਬੀਵੀ ਹੋਰ
ਹਰ ਚੀਜ਼ ਨਾਲੋਂ ਪਿਆਰੀ ਹੈ।
ਜਦੋਂ ਦੋ ਭੈਣਾਂ ਤੋਂ ਬਾਅਦ ਰਾਜੂ ਦਾ ਜਨਮ ਹੋਇਆ ਤਾਂ ਦੀਦਾਰ ਬਹੁਤ ਖੁਸ਼ ਸੀ। ਰਾਜੂ ਬਾਰੇ
ਅਕਸਰ ਉਹ ਸ਼ੇਅਰ ਪੜ੍ਹਦਾ ਹੈ:
ਸਭ ਕੁਛ ਖ਼ੁਦਾ ਸੇ ਮਾਂਗ ਲਿਆ,
ਤੁਝ ਕੋ ਮਾਂਗ ਕਰ
ਉਠਤੇ ਨਹੀ ਹੈਂ ਹਾਥ ਮੇਰੇ ਇਸ ਦੁਆ ਕੇ ਬਾਅਦ
ਦੀਦਾਰ ਦੇ ਪਾਲਣ ਪੋਸ਼ਣ ਸਦਕਾ ਦੀਦਾਰ ਦੇ ਧੀਆਂ ਪੁੱਤ ਜ਼ਮਾਨੇ ਤੋਂ ਬਹੁਤ ਵੱਖਰੇ ਹਨ। ਉਹ
ਆਪਣੀਆਂ ਬੱਚੀਆਂ ਤੇ ਬੇਟੇ ਨੂੰ ਰੋਜ਼ ਅੱਧੀ ਛੁੱਟੀ ਵੇਲੇ ਘਰ ਲਿਆਉਦਾ ਸੀ। ਘਰੋਂ ਖਾਣਾ ਖੁਆ
ਕੇ ਫੇਰ ਸਕੂਲ ਛੱਡ ਕੇ ਆਉਦਾ। ਉਹ ਆਪ ਵੀ ਓਸੇ ਸਕੂਲ ਵਿੱਚ ਜੌਗਰਫ਼ੀ ਡੀਪਾਰਟਮੈਟ ਦਾ ਹੈਡ
ਸੀ। ਇਸ ਪਾਲਣ ਪੋਸਣ ਸਦਕਾ ਹੀ ਪਰਦੇਸ ਦੇ ਜੰਮੇ ਜਾਏ ਹੋਣ ਦੇ ਬਾਵਜੂਦ ਉਸ ਦੇ ਬੱਚੇ ਬਹੁਤ
ਸੁਹਣੀ ਪੰਜਾਬੀ ਬੋਲਦੇ ਹਨ, ਅਪਣੱਤ ਤੇ ਸਤਿਕਾਰ ਦੇ ਭਰੇ ਹੋਏ ਹਨ। ਇਸ ਵਾਰ ਮੈਂ ਦੀਦਾਰ ਦੇ
ਪੋਤਰੇ ਜਸਬੀਰ ਦੇ ਮੂੰਹੋ ਕਰਾਰੀਂ ਪੰਜਾਬੀ ਸੁਣ ਕੇ ਹੈਰਾਨੀ ਭਰੀ ਖੁਸ਼ੀ ਨਾਲ ਭਰ ਗਿਆ। ਮੈ
ਤੇ ਦੀਦਾਰ ਸੋਫ਼ੇ ਉਤੇ ਬੈਠੇ ਹੋਏ ਸਾਂ। ਜਸਬੀਰ ਸਾਡੇ ਕੋਲ ਆਇਆ ਤੇ ਕਹਿਣ ਲੱਗਾ: ਬਾਬਾ ਜੀ,
ਮੈਂ ਵੀ ਏਥੇ ਫਸ ਕੇ ਬੈਠਣਾ।
ਦੀਦਾਰ ਪਿਆਰ ਨਾਲ ਕਹਿਣ ਲੱਗਾ: ਦੌੜ ਜਾ, ਕੱਦੂ ਜਿਹਾ। ਜਸਬੀਰ ਵਾਰ ਵਾਰ ਕੱਦੂ ਜਿਹਾ ਕਹਿ
ਕੇ ਹੱਸਦਾ ਰਿਹਾ। ਉਹਨੂੰ ਪੰਜਾਬੀ ਦਾ ਨਵਾਂ ਲਫ਼ਜ਼ ਖੇਡ ਵਾਂਗ ਮਿਲਦਾ ਹੈ, ਜਿਸ ਨਾਲ ਉਹ ਬਹੁਤ
ਦੇਰ ਤੱਕ ਖੇਡਦਾ ਰਹਿੰਦਾ ਹੈ। ਇਕ ਦਿਨ ਮੈਂ ਅਟੈਚੀ ਖੋਲ੍ਹ ਕੇ ਬੈਠਾ ਸਾਂ। ਜਸਬੀਰ ਆਇਆ
ਕਹਿਣ ਲੱਗਾ: ਤੂੰ ਖਲਾਰਾ ਬਹੁਤ ਪਾਇਆ। ਮੈਂ ਦੀਦਾਰ ਨੂੰ ਕਿਹਾ: ਜਦੋਂ ਇਹ ਸਕੂਲ ਜਾਊ, ਇਹ
ਤਾਂ ਅੰਗਰੇਜ਼ ਬੱਚਿਆਂ ਨੂੰ ਪੰਜਾਬੀ ਸਿਖਾਊ। ਦੀਦਾਰ ਨੂੰ ਖ਼ੁਦ ਕਰਾਰੀ ਜਿਹੀ ਪੰਜਾਬੀ ਬੋਲਣ
ਦਾ ਬਹੁਤ ਸ਼ੌਕ ਹੈ।
ਦੀਦਾਰ ਦਾ ਇੱਕ ਹੋਰ ਸ਼ੌਕ ਸਬਜ਼ੀਆਂ ਲਾਉਣਾ ਹੈ। ਆਪਣੇ ਘਰ ਦੇ ਪਿਛਲੇ ਵਿਹੜੇ ਵਿੱਚ ਉਸ ਨੇ
ਗ੍ਰੀਨ ਹਾਊਸ ਵੀ ਬਣਾਇਆ ਹੋਇਆ ਤੇ ਉਹ ਗਮਲਿਆਂ ਵਿੱਚ ਹੀ ਕੱਦੂ, ਵਤਾਊਂ, ਟਮਾਟਰ, ਕਰੇਲੇ,
ਮਿਰਚਾਂ ਲਾਈ ਰੱਖਦਾ ਹੈ। ਚਮਨ ਨੇ ਉਹਦੇ ਸੱਤਰਵੇਂ ਜਨਮ ਦਿਨ ਤੇ ਕਵਿਤਾ ਲਿਖੀ, ਜਿਸਦੀਆਂ ਦੋ
ਤੁਕਾਂ ਇਸਤਰਾਂ ਹਨ:
ਇਕ ਉਹਨੂੰ ਸ਼ੌਕ ਫੁੱਲ ਬੂਟੇ ਲਾਣ ਦਾ
ਉਹਨੂੰ ਹਰ ਕੱਦੂ ਤੇ ਵਤਾਊਂ ਜਾਣਦਾ
ਕੁੱਝ ਸਾਲ ਪਹਿਲਾਂ ਦੀਦਾਰ ਤੇ ਮੈਂ ਇਕੱਠੇ ਕੈਨੇਡਾ ਗਏ। ਐਡਮਿੰਟਨ ਹਰਦੇਵ ਵਿਰਕ ਕੋਲ
ਠਹਿਰੇ। ਦੀਦਾਰ ਨੂੰ ਹਰ ਰੋਜ਼ ਉਸ ਦੇ ਬੇਟੇ ਰਾਜੂ ਦਾ ਫ਼ੋਨ ਆਉਦਾ। ਦੀਦਾਰ ਸਾਰਿਆਂ ਦਾ ਹਾਲ
ਪੁੱਛਦ ਾ: ਪ੍ਰੀਤੀ ਠੀਕ ਐ? ਆਪਣੀ ਮੰਮੀ ਨਾਲ ਗੱਲ ਕਰਾ ਦੇ। ਜਸਬੀਰ ਕਿੱਥੇ ਐ? ਨਾਲ ਹੀ ਉਹ
ਕਦੀ ਇਹ ਕਹਿਣਾ ਨਾ ਭੁੱਲਦਾ: ਕੱਦੂਆਂ ਦਾ ਖ਼ਿਆਲ ਰੱਖਿਓ। ਕਰੇਲਿਆਂ ਦੀ ਵੇਲ ਨੂੰ ਲੱਕੜ ਦੀ
ਪੁਰਾਣੀ ਪੌੜੀ ਤੇ ਚਾੜ੍ਹ ਦਿਓ। ਜੇ ਕੱਦੂ ਬਹੁਤੇ ਉਤਰ ਆਏ ਤਾਂ ਓਸੇ ਦੁਕਾਨਦਾਰ ਨੂੰ ਦੇ
ਆਇਓ। ਉਹਦੇ ਨਾਲ ਹਿਸਾਬ ਮੈਂ ਆਪੇ ਆ ਕੇ ਕਰ ਲਵਾਂਗਾ।
ਮੈ ਦੀਦਾਰ ਨੂੰ ਭਾ ਜੀ ਕਹਿੰਦਾ ਹਾਂ ਤੇ ਹਰਦੇਵ ਪਿਆਰ ਨਾਲ ਭਾਈਆ ਕਹਿ ਕੇ ਬੁਲਾਉਦਾ ਹੈ।
ਅਸੀਂ ਦੀਦਾਰ ਦੀ ਸੰਗਤ ਵੀ ਬਹੁਤ ਮਾਣਦੇ ਹਾਂ ਤੇ ਉਹਦੀ ਗ਼ੈਰਹਾਜ਼ਰੀ ਵਿੱਚ ਵੀ ਉਹਦੀਆਂ
ਗੱਲਾਂ ਛੇੜ ਲੈਦੇ ਹਾਂ।
ਲੰਡਨ ਆ ਕੇ ਦੀਦਾਰ ਨੇ ਆਪਣੇ ਪੰਜਾਬੀ ਗੀਤਾਂ ਦਾ ਪਹਿਲਾ ਐਲ ਪੀ ਪ੍ਰੋਡਿਊਸ ਕੀਤਾ ਜਿਸ ਵਿੱਚ
ਉਹਨੇ ਮੋਹਨ ਸਿੰਘ ਦਾ ਅੰਬੀ ਦਾ ਬੂਟਾ ਵੀ ਗਾਇਆ ਤੇ ਸ਼ਿਵ ਕੁਮਾਰ ਦਾ ਰਾਤ ਚਾਨਣੀ ਵੀ। ਪਰ
ਦੇਖਦੇ ਦੇਖਦੇ ਗਾਇਕੀ ਦਾ ਵਹਿਣ ਬਦਲ ਗਿਆ। ਢੋਲ ਉਚਾ ਹੋ ਗਿਆ, ਬੋਲ ਨੀਵੇਂ ਹੁੰਦੇ ਗਏ। ਇਕ
ਵਾਰ ਮੈਂ ਲੰਡਨ ਇੱਕ ਵਿਆਹ ਤੇ ਮੈਂ ਦੀਦਾਰ ਨਾਲ ਗਿਆ। ਦੀਦਾਰ ਨੇ ਦੋ ਤਿੰਨ ਗੀਤ ਗਾਏ ਤਾਂ
ਇੱਕ ਅਧਖੜ ਮੇਲਣ ਦੀਦਾਰ ਨੂੰ ਕਹਿਣ ਆਈ: ਭਾ ਜੀ ਕੋਈ ਚੱਕਵਾਂ ਜਿਹਾ ਗਾਓ, ਸਾਡੀ ਤਾਂ ਅੱਡੀ
ਨਹੀਂ ਉਠਦੀ।
ਦੀਦਾਰ ਹੁਣ ਵਿਆਹਾਂ ਤੇ ਨਹੀਂ ਗਾਉਦਾ। ਸਿਰਫ਼ ਉਨ੍ਹਾਂ ਮਹਿਫਲਾਂ ਦੇ ਸੱਦੇ ਪਰਵਾਨ ਕਰਦਾ ਹੈ
ਜਿਨ੍ਹਾਂ ਵਿੱਚ ਵਾਰਿਸ, ਬੁੱਲਾ, ਸ਼ਾਹ ਹੁਸੈਨ ਤੇ ਮੋਹਨ ਸਿੰਘ ਸੁਣਿਆ ਜਾਵੇ। ਪੰਜਾਬੀ ਤੋਂ
ਇਲਾਵਾ ਦੀਦਾਰ ਕੋਲ ਉਰਦੂ ਸ਼ਾਇਰੀ ਦਾ ਵੀ ਬਹੁਤ ਵੱਡਾ ਖਜ਼ਾਨਾ ਹੈ:
ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ
ਅਭੀ ਇਸ਼ਕ ਕੇ ਇਮਤਿਹਾਨ ਔਰ ਭੀ ਹੈਂ
ਨ ਤੂ ਜ਼ਮੀਂ ਕੇ ਲਿਏ ਹੈ ਨ ਆਸਮਾਂ ਕੇ ਲਿਏ
ਜਹਾਂ ਹੈ ਤੇਰੇ ਲਿਏ ਤੂ ਨਹੀਂ ਜਹਾਂ ਕੇ ਲਿਏ
ਅਰਜ਼ ਓ ਨਿਆਜ਼ੇ ਇਸ਼ਕ ਕੇ ਕਾਬਿਲ ਨਹੀਂ ਰਹਾ
ਜਿਸ ਦਿਲ ਪੇ ਨਾਜ਼ ਥਾ ਮੁਝੇ ਵੋ ਦਿਲ ਨਹੀਂ ਰਹਾ
ਬਹਾਰ ਬੀਤਨੇ ਵਾਲੀ ਹੈ ਆ ਭੀ ਜਾ ਸਲਮਾ
ਕੁੰਦਨ ਲਾਲ ਸਹਿਗਲ ਤੇ ਮੁਹੰਮਦ ਰਫ਼ੀ ਦੀਦਾਰ ਦੇ ਆਦਰਸ਼ ਰਹੇ ਹਨ। ਉਹਨੇ ਆਪਣਾ ਬਹੁਤਾ ਰਿਆਜ਼
ਇਨ੍ਹਾਂ ਦੋਹਾਂ ਦੇ ਗੀਤ ਗਾ ਗਾ ਕੇ ਹੀ ਕੀਤਾ ਹੈ। ਦੀਦਾਰ ਦੀ ਆਵਾਜ਼ ਵਿੱਚ ਇਨ੍ਹਾਂ ਦੋਹਾਂ
ਦੀ ਰੰਗਤ ਦੇਖੀ ਜਾ ਸਕਦੀ ਹੈ। ਪਿਛਲੇ ਦਿਨੀਂ ਦੀਦਾਰ ਨੇ ਪੰਜਾਬੀ ਗ਼ਜ਼ਲਾਂ ਤੇ ਗੀਤਾਂ ਦੀਆਂ
ਸੀਡੀਜ਼ ਪ੍ਰੋਡਿਊਸ ਕੀਤੀਆਂ: ਪਿਆਸੀਆਂ ਰੂਹਾਂ ਤੇ ਨੰਗੀਆਂ ਸ਼ਾਖ਼ਾਂ। ਉਸ ਨੇ ਆਪਣੇ ਘਰ ਹੀ
ਸਟੂਡੀਓ ਬਣਾਇਆ ਹੋਇਆ ਤੇ ਹਿਟੈਜੀ ਵਾਲਿਆਂ ਦਾ ਇੰਜਨੀਅਰ ਉਸਦਾ ਬੇਟਾ ਰਾਜੂ ਛੁੱਟੀਆਂ ਵਾਲੇ
ਦਿਨੀਂ ਉਹਦਾ ਸਾਜ਼ਿੰਦਾ ਤੇ ਸੰਗੀਤਕਾਰ ਬਣ ਜਾਂਦਾ ਹੈ। ਡੂੰਘੀ ਰਾਤ ਤੱਕ ਉਹਦੇ ਗੀਤਾਂ ਦੀ
ਟੇਪ ਚੱਲਦੀ ਰਹਿੰਦੀ ਹੈ। ਉਹਦਾ ਗਾਇਆ ਜੱਗਾ ਸੁੰਨੇ ਅਸਮਾਨ ਨੂੰ ਵਿੰਨਂਦਾ ਜਾਂਦਾ ਹੈ।
ਲੱਗਦਾ ਅੱਧੀ ਰਾਤੇ ਮੋਏ ਜੱਗੇ ਦੀ ਮਾਂ ਸੁੱਤੇ ਰੱਬ ਦੇ ਮਹਿਲਾਂ ਦਾ ਬੂਹਾ ਖੜਕਾ ਰਹੀ ਹੈ।
ਦੀਦਾਰ ਕਹਿੰਦਾ ਹੈ: ਕਦੀ ਕਦੀ ਮੈਂ ਸੋਚਦਾਂ ਜੇ ਮੈਂ ਓਦੋਂ ਬੰਬਈ ਤੋਂ ਨਾ ਮੁੜਦਾ ਤਾਂ ਮੈਂ
ਵੀ ਸਹਿਗਲ ਤੇ ਮੁਹੰਮਦ ਰਫ਼ੀ ਜਿਹੇ ਮਹਾਨ ਗਾਇਕਾਂ ਵਿੱਚ ਗਿਣਿਆਂ ਜਾਂਦਾ। ਆਪਣੀ ਆਵਾਜ਼ ਦਾ
ਹੁਸਨ ਦੇਖ ਕੇ ਦੀਦਾਰ ਦੇ ਮਨ ਵਿੱਚ ਖ਼ਿਆਲ ਆਉਦਾ ਹੈ। ਪਰ ਸੁਰਜੀਤ ਮੈਨੂੰ ਕੋਈ ਪਛਤਾਵਾ
ਨਹੀਂ। ਮੈਂ ਬਹੁਤ ਖੁਸ਼ ਹਾਂ ਆਪਣੇ ਸੋਹਣੇ ਪਰਵਾਰ ਵਿਚ। ਬੰਬਈ ਦਾ ਕੀ ਭਰੋਸਾ। ਅਸਲ ਵਿੱਚ
ਦੀਦਾਰ ਆਪਣੇ ਪਰਵਾਰ ਨਾਲ, ਆਪਣੇ ਪਿਛੋਕੜ ਨਾਲ, ਆਪਣੇ ਪੁਰਖਿਆਂ ਨਾਲ ਬਹੁਤ ਗਹਿਰਾਈ ਤੇ
ਸ਼ਿੱਦਤ ਨਾਲ ਜੁੜਿਆ ਹੋਇਆ ਹੈ। ਆਪਣੇ ਪਿੰਡ ਨੂੰ ਸਿਰਫ਼ ਯਾਦ ਹੀ ਨਹੀਂ ਕਰਦਾ। ਉਹ ਹਰ ਸਾਲ
ਪਿੰਡ ਆਉਦਾ ਹੈ, ਦੋ ਤਿੰਨ ਮਹੀਨੇ ਰਹਿੰਦਾ। ਆਪਣੀ ਹਵੇਲੀ ਵਿੱਚ ਲਾਏ ਅੰਬਾਂ, ਲੁਕਾਠਾਂ,
ਅਮਰੂਦਾਂ ਦੀ ਦੇਖ ਭਾਲ ਕਰਦਾ ਹੈ। ਆਪਣੇ ਪੁਰਾਣੇ ਆੜੀਆਂ ਨੂੰ ਮਿਲਦਾ ਹੈ।
ਡੂੰਘੀ ਰਾਤ ਗਿਆਂ ਦੀਦਾਰ ਨੂੰ ਰਵੀ ਮਾਨ ਦਾ ਗਾਇਆ ਗੀਤ ਯਾਦ ਆਉਦਾ ਹੈ। ਉਹ ਮੈਨੂੰ ਟੇਪ
ਰਿਕਾਰਡਰ ਤੇ ਇਹ ਗੀਤ ਲਾਉਣ ਲਈ ਕਹਿੰਦਾ ਹੈ। ਅਸਲ ਵਿੱਚ ਇਹ ਗੀਤ ਕਦੀ ਮੈਂ ਦੀਦਾਰ ਦੀ ਆਤਮਾ
ਵਿੱਚ ਬੈਠ ਕੇ ਹੀ ਲਿਖਿਆ ਸੀ:
ਓ ਖੁਸ਼ਦਿਲ ਸੁਹਣੀਓ ਰੂਹੋ
ਓ ਰੁਮਝੁਮ ਰੁਮਕਦੇ ਖੂਹੋ
ਓ ਮੇਰੇ ਪਿੰਡ ਦੀਓ ਜੂਹੋ
ਤੁਸੀਂ ਹਰਗਿਜ਼ ਨਾ ਕੁਮਲਾਇਓ
ਮੈਂ ਇੱਕ ਦਿਨ ਫੇਰ ਆਉਣਾ ਹੈ
ਨੀ ਕਿੱਕਰੋ ਟਾਹਲੀਓ ਡੇਕੋ
ਨੀ ਨਿੰਮੋ ਸਾਫ਼ਦਿਲ ਨੇਕੋ
ਓ ਪਿੱਪਲੋ ਬਾਬਿਓ ਵੇਖੋ
ਕਿਤੇ ਧੋਖਾ ਨਾ ਦੇ ਜਾਇਓ
ਮੈਂ ਛਾਂਵੇਂ ਬਹਿਣ ਆਉਣਾ ਹੈ
ਜੋ ਚੱਕ ਘੁੰਮੇ ਘੁਮਾਰਾਂ ਦਾ
ਤਪੇ ਲੋਹਾ ਲੁਹਾਰਾਂ ਦਾ
ਮੇਰਾ ਸੰਦੇਸ਼ ਪਿਆਰਾਂ ਦਾ
ਉਨ੍ਹਾਂ ਤੀਕਰ ਵੀ ਪਹੁੰਚਾਇਓ
ਮੈਂ ਇੱਕ ਦਿਨ ਫੇਰ ਆਉਣਾ ਹੈ
ਦੀਦਾਰ ਕੈਸਿਟ ਦੀ ਆਵਾਜ਼ ਹੌਲੀ ਕਰ ਦੇਦਾ ਹੈ, ਕਹਿੰਦਾ ਹੈ: ਉਹ ਤੇਰੀਆਂ ਸਤਰਾਂ ਕਿਵੇਂ ਸਨ?
ਜਿਨ੍ਹਾਂ ਥਾਂਵਾਂ ਕੋਲ ਪਰਦੇਸੀ ਪਰਤਣਾ ਚਾਹੁੰਦਾ ਹੈ ਼ ਼ ਼ ਼ ਼ਮੈਂ ਦੱਸਦਾ ਹਾਂ:
ਜਿਨ੍ਹਾਂ ਥਾਂਵਾਂ ਕੋਲ ਪਰਦੇਸੀ ਪਰਤਣਾ ਚਾਹੁੰਦਾ ਹੈ
ਸਚਮੁਚ ਮੈਂ ਆਪਣੇ ਜਿਹੜੇ ਪਿੰਡ ਪਰਤਣਾ ਚਾਹੁੰਦਾ ਹੈ, ਉਹ ਪਿੰਡ ਹੁਣ ਕਿੱਥੇ ਹੈ? ਪਰ ਫਿਰ
ਵੀ ਆਦਮੀ ਪਰਤਣਾ ਚਾਹੁੰਦਾ ਹੈ ਕਿ਼ਤੇ। ਦੀਦਾਰ ਆਪਣੀ ਨਵੀਂ ਟੇਪ ਨੰਗੀਆਂ ਸ਼ਾਖ਼ਾਂ ਦਾ ਇਹ ਗੀਤ
ਲਗਾ ਦਿੰਦਾ ਹੈ:
ਮੁਕਾ ਕੇ ਪਰਬਤਾਂ ਜੰਗਲਾਂ ਥਲਾਂ ਦਾ ਲੰਮਾ ਸਫ਼ਰ
ਨਦੀ ਦਾ ਨੀਰ ਹਾਂ ਸਾਗਰ ਨੂੰ ਜਾ ਰਿਹਾ ਹਾਂ ਮੈਂ
ਇਨ੍ਹਾਂ ਹਵਾਵਾਂ ਚ ਹੀ ਗੀਤ ਬਣ ਕੇ ਗੂੰਜਾਂਗਾ
ਤੇਰੇ ਹੀ ਕੋਲ ਹਾਂ ਕਦ ਦੂਰ ਜਾ ਰਿਹਾ ਹਾਂ ਮੈ।
-0-
|