1.
ਫਿਊਨਰਲ ਹੋਮ
ਹਾਦਸੇ ਵਾਲੀ ਥਾਂ ਤੋਂ
ਤੇਰੇ ਸਾਮਾਨ ਦਾ ਲਿਫ਼ਾਫਾ
ਇੱਕ ਇੱਕ ਕਰਕੇ
ਕੱਢ ਰਿਹਾਂ ਤੇਰੀਆਂ ਚੀਜ਼ਾਂ
ਜੈਕਟ ਉਪਰ
ਤੇਰੀ ਸ਼ਾਹ ਰਗ ਦੇ ਖੂੰਨ ਦੀ ਘਰਾਲ
ਚਿਤ ‘ਚ ਫਿਰ ਰਹੀ ਚੇਤੇ ਦੀ ਕਟਾਰ
ਤੁੰ ਨਿੱਕੀ ਹੁੰਦੀ
ਘਰੋਂ ਮੁੜ ਰਹੇ ਪ੍ਰਾਹੁਣਿਆਂ ਨੂੰ
ਅਪਣੀ ਜੈਕਟ ਫੜਾ ਕੇ ਕਹਿੰਦੀ:
‘ਆਹ ਮੇਰੀ ਜੈਕਟ ਲੈ ਜਾਓ!
ਮੈਂ ਆਪੇ ਆ ਕੇ ਲੈ ਲਵਾਂਗੀ।’
ਝੱਲੀਏ!
ਇਸ ਵਾਰ ਤੁੰ ਆਪ ਤੁਰ ਗਈਂਓਂ!
ਜੈਕਟ ਪਿੱਛੇ ਛੱਡ ਕੇ
ਏਨਾ ਵੀ ਨਾ ਕਿਹਾ ਤੁਰਨ ਵੇਲੇ:
‘ਆ ਕੇ ਲੈ ਲਵਾਂਗੀ’।
2.
ਫਿਊਨਰਲ ਹੋਮ
ਹਾਦਸੇ ਵਾਲੀ ਥਾਂ ਤੋਂ
ਤੇਰੇ ਸਾਮਾਨ ਦਾ ਲਿਫ਼ਾਫਾ
ਇੱਕ ਇੱਕ ਕਰਕੇ
ਕੱਢ ਰਿਹਾਂ ਤੇਰੀਆਂ ਚੀਜ਼ਾਂ
ਤੇਰੀ ਟੁੱਟੀ ਐਨਕ
ਸ਼ੀਸ਼ੇ ਵਾਲੀ ਖਾਲੀ ਥਾਂ
ਫੇਰਦਿਆਂ ਉਂਗਲ
ਚਿਤ ‘ਚ ਫਿਰ ਰਹੀ ਚੇਤੇ ਦੀ ਕਟਾਰ
ਤੂੰ ਬੱਚੀ ਨੂੰ ਪਾਰਕ ‘ਚ ਖਿਡਾਉਂਦੀ
ਅਚਾਨਕ ਆਏ ਵਾਵਰੋਲੇ ‘ਚ
ਬੱਚੀ ਨੂੰ ਸਾਂਭਦੀ ਡਿਗ ਪਈ ਸੀ
ਗੁੰਮ ਗਿਆ ਸੀ ਤੇਰੀ ਐਨਕ ਦਾ ਸ਼ੀਸ਼ਾ
ਤੂੰ ਰੋ ਪਈ ਸੀ ਲੱਭਦੀ ਲੱਭਦੀ
ਅੱਜ...
ਤੇਰੀ ਐਨਕ ਦੇ ਗੁੰਮ ਸ਼ੀਸ਼ੇ ਨੂੰ ਟਟੋਲਦਾ
ਮੈਂ ਰੋ ਪਿਆਂ।
-0-
|