ਮਹਾਂਰਾਜੇ ਨੇ ਆਪਣੀ ਲੜਾਈ
ਦੇ ਅਗਲੇ ਮੁਹਾਜ਼ ਵਿਚ ਦਾਖਲ ਹੁੰਦਿਆਂ ‘ਟਾਈਮਜ਼ ਔਫ ਇੰਡੀਆ’ ਵਿਚ ਛਪਣ ਲਈ ਇਕ ਚਿੱਠੀ
ਲਿਖਣੀ ਸ਼ੁਰੂ ਕੀਤੀ;
‘...ਸਰ, ਆਪਣੇ ਇਸ ਪ੍ਰਭਾਵਸ਼ਾਲੀ ਜਰਨਲ ਰਾਹੀਂ ਮੈਨੂੰ ਆਪਣੇ ਬਾਰੇ ਕੁਝ ਗੱਲਾਂ ਕਰਨ ਦੀ
ਇਜਾਜ਼ਤ ਦਿਓ, ਮੈਨੂੰ ਆਸ ਹੈ ਇਹ ਆਮ ਲੋਕਾਂ ਲਈ ਦਿਲਚਸਪੀ ਤੇ ਕੰਮ ਦੀਆਂ ਗੱਲਾਂ ਸਿਧ
ਹੋਣਗੀਆਂ। ਬੇਸ਼ੱਕ ਮੈਂ ਇੰਗਲਿਸ਼ ਸ਼ਹਿਰੀਅਤ ਵੀ ਹਾਸਲ ਕਰ ਚੁੱਕਾ ਹਾਂ ਪਰ ਫਿਰ ਵੀ ਅਦਨ
ਵਿਚ ਮੈਨੂੰ ਬਿਨਾਂ ਵਰੰਟ ਕੈਦ ਕਰ ਲਿਆ ਗਿਆ ਸੀ। ਅਦਨ ਵਿਚ ਠਹਿਰਿਆਂ ਮੈਂ ਸਿੱਖ ਧਰਮ
ਦੁਬਾਰਾ ਅਪਣਾ ਲਿਆ ਹੈ। ਇੰਗਲੈਂਡ ਛੱਡਣ ਤੋਂ ਪਹਿਲਾਂ ਹਿੰਦੁਸਤਾਨ ਦੀ ਸਰਕਾਰ ਨੇ ਮੈਨੂੰ
ਕੁਲ 50,000 ਪੌਂਡ ਦੀ ਪੇਸ਼ਕਸ਼ ਕੀਤੀ ਸੀ ਕਿ ਇਸ ਵਾਅਦੇ ਨਾਲ ਕਿ ਮੈਂ ਹਿੰਦੁਸਤਾਨ ਕਦੇ ਵੀ
ਨਾ ਜਾਵਾਂ। ਪਰ ਮੈਂ ਇਹ ਪੇਸ਼ਕਸ਼ ਠੁਕਰਾ ਦਿਤੀ ਸੀ ਤੇ ਮੈਂ ਇਸ ਮਾਮਲੇ ਵਿਚ ਪੰਜਾਂਹ ਹਜ਼ਾਰ
ਤਾਂ ਕੀ ਪੰਜ ਲੱਖ ਪੌਂਡ ਵੀ ਮਨਜ਼ੂਰ ਨਹੀਂ ਕਰਾਂਗਾ। ਅਦਨ ਰਹਿਣ ਸਮੇਂ ਮੇਰੀ ਸਿਹਤ ਬਹੁਤ
ਖਰਾਬ ਹੋ ਗਈ ਸੀ, ਹੁਣ ਮੈਂ ਜਰਮਨ-ਪਾਣੀ ਪੀਣ ਯੋਰਪ ਨੂੰ ਵਾਪਸ ਜਾ ਰਿਹਾ ਹਾਂ।
ਭਾਵੇਂ ਹਿੰਦੁਸਤਾਨ ਦੀ ਸਰਕਾਰ ਮੈਨੂੰ ਬੰਬੇ ਪੁੱਜਣ ਤੋਂ ਰੋਕਣ ਵਿਚ ਕਾਮਯਾਬ ਹੋ ਗਈ ਹੈ ਪਰ
ਉਹ ਹਿੰਦੁਸਤਾਨ ਨੂੰ ਜਾਂਦੇ ਸਾਰੇ ਰਾਹ ਬੰਦ ਕਰਨ ਦੇ ਕਾਬਲ ਨਹੀਂ ਹੈ। ਜਦੋਂ ਮੈਂ ਆਵਾਂ ਮੈਂ
ਪਾਂਡੀਚਰੀ ਜਾਂ ਗੋਆ ਵੀ ਆ ਸਕਦਾ ਹਾਂ, ਜਾਂ, ਜੇ ਜ਼ਮੀਨੀ ਰਸਤੇ ਆਉਣਾ ਹੋਇਆ ਤਾਂ ਮੈਂ ਰੂਸ
ਰਾਹੀਂ ਪੰਜਾਬ ਵਿਚ ਦਾਖਲ ਹੋ ਸਕਦਾ ਹਾਂ। ਮੈਨੂੰ ਲਗਦਾ ਹੈ ਕਿ ਸਾਰੀ ਬ੍ਰਤਾਨਵੀ ਫੌਜ ਤੇ
ਨਾਲ ਹੀ ਹੋਰ ਸਾਂਝੀਆ ਧਿਰਾਂ ਦੀ ਫੌਜ ਸੀਮਾ ‘ਤੇ ਭੇਜ ਦਿਤੀ ਜਾਵੇਗੀ, ਕਿਹੋ ਜਿਹਾ ਨਜ਼ਾਰਾ
ਹੋਵੇਗਾ ਕਿ ਮੇਰੇ ਵਰਗਾ ਇਕ ਇਨਸਾਨ ਤੇ ਦੂਜੇ ਪਾਸੇ ਸਾਰੀ ਫੌਜ!
ਹਿੰਦੁਸਤਾਨ ਦੇ ਮਾਲੀਆ ਦੇਣ ਵਾਲੇ ਲੋਕ, ਬਿਨਾਂ ਸ਼ੱਕ ਇਹ ਜਾਣ ਕੇ ਖੁਸ਼ ਹੋਣਗੇ ਕਿ ਮੈਂ
ਨਾਮੁਰਾਦ ਸਟਾਈਪੰਡ ਲੈਣਾ ਬੰਦ ਕਰ ਦਿਤਾ ਹੈ ਜੋ ਸੰਧੀ ਦੇ ਇਵਜ਼ ਵਿਚ ਮੈਨੂੰ ਦਿਤਾ ਜਾ ਰਿਹਾ
ਸੀ...। ...ਮੇਰੀ ਸਿਹਤ ਜ਼ਰਾ ਠੀਕ ਹੋਵੇ ਮੈਂ ਆਪਣੇ ਰਾਜਕੁਮਾਰ ਭਰਾਵਾਂ ਤੇ ਹਿੰਦੁਸਤਾਨ ਦੀ
ਆਮ ਜੰਤਾ ਤੋਂ ਮੱਦਦ ਦੀ ਮੰਗ ਕਰਾਂਗਾ। ਹੋ ਸਕਦਾ ਹੈ ਸਰਕਾਰ ਇਥੇ ਵੀਟੋ ਕਰੇ ਤਾਂ ਮੈਂ ਕਿਸੇ
ਯੋਰਪੀਅਨ ਤਾਕਤ ਦੀ ਮੱਦਦ ਲੈਣ ਲਈ ਮਜਬੂਰ ਹੋਵਾਂਗਾ...।’...
ਤੁਹਾਡਾ ਦਲੀਪ ਸਿੰਘ, 7 ਜੂਨ, 1886. ਸ.ਸ. ਨਟਾਲ, ਸੁਏਜ਼।
ਇਹ ਚਿੱਠੀ ਮਹਾਂਰਾਜੇ ਨੇ ਅਦਨ ਤੋਂ ਨਟਾਲ ਸਟੀਮਰ ਵਿਚ ਬੈਠ ਕੇ ਲਿਖੀ ਸੀ ਤੇ ਸੁਏਜ਼ ਸ਼ਹਿਰ
ਪੁੱਜ ਕੇ ਡਾਕ ਵਿਚ ਪਾ ਦਿਤੀ। ਉਹ ਆਪਣੇ ਲੋਕਾਂ ਤਕ ਆਪਣਾ ਸੁਨੇਹਾ ਪਹੁੰਚਦਾ ਕਰਨਾ ਚਾਹੁੰਦਾ
ਸੀ। ਚਿੱਠੀ ਨੂੰ ਹਿੰਦੁਸਤਾਨ ਪੁਜਦਿਆਂ ਕੁਝ ਵਕਤ ਲਗਣਾ ਹੀ ਸੀ। ਟਾਈਮਜ਼ ਔਫ ਇੰਡੀਆ ਨੇ ਇਸ
ਨੂੰ ਇਕ ਮਹੀਨੇ ਬਾਅਦ ‘ਸੁਏਜ਼ ਮੈਨੀਫੈਸਟੋ’ ਦੇ ਨਾਂ ਹੇਠ ਛਾਪੀ। ਚਿੱਠੀ ਵਿਚ ‘ਜਰਮਨ-ਪਾਣੀ’
ਪੀਣ ਦੀ ਜਿਹੜੀ ਗੱਲ ਮਹਾਂਰਾਜੇ ਨੇ ਲਿਖੀ ਸੀ, ਇਹ ਇਸ਼ਾਰਾ ਸੀ ਕਿ ਉਹ ਅਗਲੀ ਲੜਾਈ ਜਰਮਨੀ
ਵਿਚ ਬੈਠ ਕੇ ਲੜਨੀ ਚਾਹੁੰਦਾ ਸੀ। ਵੈਸੇ ਉਸ ਨੂੰ ਵੀ ਹਾਲੇ ਪੱਕ-ਪਤਾ ਨਹੀਂ ਸੀ ਕਿ ਉਸ ਦਾ
ਅਗਲਾ ਟਿਕਾਣਾ ਕਿਹੜਾ ਹੋਣਾ ਸੀ ਪਰ ਬੈਡਿਨ ਸ਼ਹਿਰ ਦਾ ਨਾਂ ਉਸ ਦੇ ਮਨ ਵਿਚ ਵਾਰ ਵਾਰ ਆ
ਰਿਹਾ ਸੀ। ਇਸ ਬਾਰੇ ਉਸ ਨੇ ਹਾਲੇ ਹੋਰ ਸੋਚਣਾ ਸੀ। ਜਿਸ ਸਟੀਮਰ ਵਿਚ ਉਹ ਬੈਠਿਆ ਸੀ ਉਹ
ਫਰਾਂਸ ਜਾ ਰਿਹਾ ਸੀ ਇਸ ਕਰਕੇ ਅਦਨ ਵਿਚ ਬੈਠੇ ਸਰਕਾਰੀ ਏਜੰਟਾਂ ਨੇ ਇਹੋ ਅੰਦਾਜ਼ਾ ਲਗਾਇਆ
ਸੀ ਕਿ ਉਹ ਫਰਾਂਸ ਰਹਿ ਕੇ ਹੀ ਸਰਕਾਰ ਨੂੰ ਤੰਗ ਕਰੇਗਾ। ਲੰਡਨ ਦੇ ਵਾਈਟਹਾਲ ਵਿਚ ਬੈਠੇ
ਇੰਡੀਆ ਔਫਿਸ ਦੇ ਅਧਿਕਾਰੀ ਤੇ ਸਿ਼ਮਲੇ ਵਿਚ ਬੈਠਾ ਵੋਇਸਰਾਏ ਇਸ ਵੇਲੇ ਇਹੋ ਚਾਹੁੰਦੇ ਸਨ ਕਿ
ਉਹ ਅਦਨ ਤੋਂ ਇਕ ਦਮ ਚਲੇ ਜਾਵੇ। ਉਸ ਦੀ ਬਿਮਾਰੀ ਨੇ ਸਭ ਨੂੰ ਡਰਾ ਦਿਤਾ ਹੋਇਆ ਸੀ। ਅਸਲ
ਵਿਚ ਮਹਾਂਰਾਜਾ ਕੋਈ ਖਾਸ ਬਿਮਾਰ ਨਹੀਂ ਸੀ। ਮਾਨਸਿਕ ਪਰੇਸ਼ਾਨੀਆਂ ਕਾਰਨ ਉਹ ਨਿਢਾਲ ਜਿਹਾ
ਹੋ ਗਿਆ ਸੀ, ਫਿਰ ਏਨੀ ਗਰਮੀ ਵੀ ਉਹ ਪਹਿਲੀ ਵਾਰ ਦੇਖ ਰਿਹਾ ਸੀ। ਡਾਕਟਰਾਂ ਨੂੰ ਉਸ ਦੀ
ਬਿਮਾਰੀ ਬਹੁਤ ਵੱਡੀ ਲਗ ਰਹੀ ਸੀ। ਮਹਾਂਰਾਜੇ ਦਾ ਸਟੀਮਰ ਰੈਡ-ਸੀਅ ਵਿਚ ਦਾਖਲ ਹੋਇਆ ਤਾਂ ਉਹ
ਨੌਂ ਬਰ ਨੌਂ ਮਹਿਸੂਸ ਕਰਨ ਲਗ ਪਿਆ। ਉਹ ਆਪਣੇ ਕੁਦਰਤੀ ਮੂਡ ਵਿਚ ਆਉਂਦਾ ਜਹਾਜ਼ ਦੀਆਂ
ਸਵਾਰੀਆਂ ਨਾਲ ਦੋਸਤੀਆਂ ਪਾਉਣ ਲਗਿਆ। ਜਿਸ ਮਹਿਫਲ ਵਿਚ ਵੀ ਉਹ ਬੈਠਦਾ, ਆਪਣੀ ਕਹਾਣੀ
ਸੁਣਾਉਣ ਲਗ ਪੈਂਦਾ।
ਅਦਨ ਤੋਂ ਤੁਰਿਆ ਸਟੀਮਰ ਗਿਆਰਾਂ ਦਿਨ ਦਾ ਸਫਰ ਤੈਅ ਕਰਕੇ ਫਰਾਂਸ ਦੀ ਮਾਰਸੀਲ ਬੰਦਰਗਾਹ ‘ਤੇ
ਜਾ ਲਗਿਆ। ਉਥੋਂ ਮਹਾਂਰਾਜਾ ਰੇਲਵੇ ਸਟੇਸ਼ਨ ਪੁੱਜਿਆ ਤਾਂ ਬਹੁਤਾ ਕੁਝ ਸੋਚੇ ਬਿਨਾਂ ਉਸ ਨੇ
ਪੈਰਿਸ ਜਾਣ ਵਾਲਾ ਸਲੀਪਰ ਬੁੱਕ ਕਰਾ ਲਿਆ ਤੇ ਅਗਲੀ ਸਵੇਰ ਸ਼ਾਹ ਵੇਲੇ ਉਹ ਗੇਅਰ ਡੀ ਲੌਅਨਜ਼
ਆ ਉਤਰਿਆ। ਪੈਰਿਸ ਦਾ ਨਾਂ ਉਸ ਮਨ ਵਿਚ ਇਕਦਮ ਇਸ ਕਰਕੇ ਆ ਗਿਆ ਕਿ ਉਹ ਇਸ ਸ਼ਹਿਰ ਦਾ ਚੰਗੀ
ਤਰ੍ਹਾਂ ਵਾਕਫ ਸੀ। ਇਥੇ ਉਸ ਦਾ ਆਉਣਾ-ਜਾਣਾ ਆਮ ਸੀ। ਲੰਡਨ ਤੇ ਪੈਰਿਸ ਦਾ ਪਹਿਲਾਂ ਤੋਂ ਹੀ
ਅਜੀਬ ਜਿਹਾ ਰਿਸ਼ਤਾ ਰਿਹਾ ਸੀ; ਪਿਆਰ ਤੇ ਨਫਰਤ ਵਾਲਾ ਰਿਸ਼ਤਾ। ਜਿਥੇ ਪੈਰਿਸ ਵਾਸੀ ਲੰਡਨ
ਵਿਚ ਛੁੱਟੀਆਂ ਮਨਾ ਕੇ ਖੁਸ਼ ਸਨ ਉਥੇ ਲੰਡਨ ਵਾਸੀਆਂ ਦੀ ਛੁੱਟੀਆਂ ਲਈ ਪਹਿਲੀ ਚੋਣ ਪੈਰਿਸ
ਹੀ ਹੁੰਦਾ। ਮਹਾਂਰਾਜਾ ਵੀ ਆਪਣੇ ਦੋਸਤਾਂ ਨਾਲ ਇਥੇ ਅਯਾਸ਼ੀ ਕਰਨ ਆਉਂਦਾ-ਜਾਂਦਾ ਰਹਿੰਦਾ
ਸੀ। ਪੈਰਿਸ ਵਿਚ ਭਰ ਗਰਮੀਆਂ ਵਿਚ ਸ਼ੋਖੀਆਂ ਚਾਰੇ ਪਾਸੇ ਖਿਲਰੀਆਂ ਹੁੰਦੀਆਂ। ਔਰਤਾਂ ਬਣ
ਸੰਵਰ ਕੇ ਘੋੜਾ-ਬੱਘੀਆਂ ਵਿਚ ਨਿਕਲਦੀਆਂ, ਉੱਚੀਆਂ ਉੱਚੀਆਂ ਟੋਪੀਆਂ ਵਾਲੇ ਲੋਕ ਸ਼ਾਮ ਨੂੰ
ਰੈਸਟੋਰੈਂਟਾਂ ਵਿਚ ਕਤਾਰਾਂ ਬਣਾ ਕੇ ਜਾ ਰਹੇ ਹੁੰਦੇ, ਕੈਫੀਆਂ ਵਿਚ ਲੰਮੇ ਲੰਮੇ ਕਸ਼ ਖਿਚਦੇ
ਲੋਕ ਦੁਨੀਆਂ ਭਰ ਦੀ ਸਿਆਸਤ ਛਾਂਟ ਰਹੇ ਹੁੰਦੇ। ਪੂੰਜੀ ਤੇ ਸਮਾਜ ਦੀਆਂ ਗੱਲਾਂ ਕਰ ਰਹੇ
ਹੁੰਦੇ। ਵੱਡੇ ਵੱਡੇ ਕਲਾਕਾਰ ਕਲਾ ਬਾਰੇ ਬਹਿਸਾਂ ਕਰ ਰਹੇ ਹੁੰਦੇ। ਕੋਈ ਨਵੀਂ ਲਗੀ
ਕਲਾ-ਕ੍ਰਿਤਾਂ ਦੀ ਨੁਮਾਇਸ਼ ਬਾਰੇ ਵਿਚਾਰਾਂ ਕਰ ਰਿਹਾ ਹੁੰਦਾ। ਬਾਲ-ਡਾਂਸ ਦਾ ਮਹਾਂਰਾਜਾ
ਮਾਹਿਰ ਸੀ ਤੇ ਪੈਰਿਸ ਦੀਆਂ ਕਲੱਬਾਂ ਤੇ ਨਾਚ-ਘਰਾਂ ਵਿਚ ਮਹਾਂਰਜੇ ਦੇ ਬਹੁਤ ਸਾਰੇ ਵਾਕਫ
ਸਨ। ਇਹ ਸਾਰੀਆਂ ਸਰਗਰਮੀਆਂ ਮਹਾਂਰਾਜੇ ਨੂੰ ਪੈਰਿਸ ਵਲ ਖਿਚਣ ਲਈ ਕਾਫੀ ਸਨ ਪਰ ਇਸ ਵਾਰ
ਮਹਾਂਰਾਜਾ ਇਹਨਾਂ ਕਰਕੇ ਇਸ ਸ਼ਹਿਰ ਨਹੀਂ ਸੀ ਆਇਆ। ਹੁਣ ਉਹ ਪਹਿਲਾਂ ਵਾਲਾ ਅਯਾਸ਼ ਨਹੀਂ ਸੀ
ਰਹਿ ਗਿਆ। ਹੁਣ ਤਾਂ ਉਹ ਲੜ੍ਹਾਈ ਵਿਚ ਵਿਚਰ ਰਹੇ ਜਨਰਲ ਵਾਂਗ ਸੋਚ ਰਿਹਾ ਸੀ। ਬ੍ਰਤਾਨੀਆਂ
ਸਰਕਾਰ ਨਾਲ ਮੱਥ ਲਾਉਣ ਲਈ ਉਸ ਦੇ ਵਿਰੋਧੀਆਂ ਨਲ ਲਾਮਬੰਦੀ ਜ਼ਰੂਰੀ ਸੀ। ਰੂਸ ਬ੍ਰਤਾਨੀਆਂ
ਦਾ ਸਭ ਤੋਂ ਵੱਡਾ ਵਿਰੋਧੀ ਸੀ। ਮਹਾਂਰਾਜਾ ਰੂਸ ਦਾ ਨਾਂ ਵਰਤਦਾ ਕਈ ਵਾਰ ਡਰਾਵੇ ਦੇ ਚੁੱਕਿਆ
ਸੀ। ਹੁਣ ਡਰਾਵਿਆਂ ਤੋਂ ਉਪਰ ਉਠ ਕੇ ਕੁਝ ਕਰਨ ਦਾ ਸਮਾਂ ਆ ਗਿਆ ਸੀ। ਮਹਾਂਰਾਜੇ ਨੂੰ ਪਤਾ
ਸੀ ਕਿ ਪੈਰਿਸ ਬ੍ਰਤਾਨੀਆਂ ਵਿਰੋਧੀ ਸੰਗਠਨਾਂ ਦਾ ਗੜ੍ਹ ਸੀ। ਇਹਨਾਂ ਸੰਗਠਨਾਂ ਨੇ ਸਰਕਾਰ ਦੇ
ਨੱਕ ਵਿਚ ਦਮ ਕੀਤਾ ਪਿਆ ਸੀ, ਮਹਾਂਰਾਜੇ ਲਈ ਇਸ ਤੋਂ ਵਧੀਆ ਦੋਸਤ ਕਿਹੜੇ ਹੋ ਸਕਦੇ ਸਨ। ਉਸ
ਨੂੰ ਠਾਕੁਰ ਸਿੰਘ ਸੰਧਾਵਾਲੀਆ ਦੀ ਕਹੀ ਗੱਲ ਯਾਦ ਆ ਰਹੀ ਸੀ ਕਿ ਦੁਸ਼ਮਣ ਦੇ ਦੁਸ਼ਮਣ ਨਾਲ
ਦੋਸਤੀ ਪਾਉਣੀ ਬੁਰੀ ਗੱਲ ਨਹੀਂ ਹੁੰਦੀ।
ਵੈਸੇ ਤਾਂ ਪੈਰਿਸ ਦੁਨੀਆਂ ਭਰ ਦੀ ਸਿਆਸਤ ਦਾ ਅੱਡਾ ਬਣਿਆਂ ਹੋਇਆ ਸੀ ਪਰ ਅਜਕੱਲ ਇਹ ਸ਼ਹਿਰ
ਬਹੁਤ ਵੱਡੇ ਸੰਕਟ ਵਿਚ ਦੀ ਲੰਘ ਰਿਹਾ ਸੀ। ਫਰਾਂਸ ਦੇ ਜਰਮਨੀ ਨਾਲ ਸਬੰਧ ਬਹੁਤ ਖਰਾਬ ਹੋ
ਚੁੱਕੇ ਸਨ। ਜਨਰਲ ਬੌਲੰਜਰ ਵਾਰ-ਮਨਿਸਟਰੀ ਵਿਚ ਖੜ ਕੇ ਜਰਮਨੀ ਤੋਂ ਬਦਲਾ ਲੈਣ ਦੀ ਵਕਾਲਤ ਕਰ
ਰਿਹਾ ਸੀ। ਯੋਰਪ ਦੇ ਮੁਲਕਾਂ ਵਿਚ ਚੱਲ ਰਹੀ ਖਿਚੋ-ਤਾਣ ਨੂੰ ਲੈ ਕੇ ਪੈਰਿਸ ਸਾਜਿਸ਼ਾਂ ਦਾ
ਗੜ੍ਹ ਵੀ ਬਣਿਆਂ ਪਿਆ ਸੀ। ਮਹਾਂਰਾਜੇ ਦੀ ਲੋੜ ਨੂੰ ਇਹ ਸਭ ਸਹੀ ਬੈਠ ਜਾਣਾ ਸੀ।
ਇਹਨਾਂ ਹਾਲਤਾਂ ਵਿਚ ਮਹਾਂਰਾਜਾ ਫਰਾਂਸ ਨਾਲ ਆਪਣੇ ਸਬੰਧ ਡੂੰਘੇ ਕਰਨੇ ਬਹੁਤ ਮਹੱਤਵਪੂਰਨ
ਸਮਝਦਾ ਸੀ। ਇਸ ਦਾ ਕਾਰਨ ਸੀ; ਪਾਂਡੀਚਰੀ। ਪਾਂਡੀਚਰੀ ਹਿੰਦੁਸਤਾਨ ਦਾ ਛੋਟਾ ਜਿਹਾ ਇਲਾਕਾ
ਸੀ ਜਿਥੇ ਫਰਾਂਸੀਸੀਆਂ ਦਾ ਰਾਜ ਸੀ। ਇੰਗਲੈਂਡ ਨਾਲ ਦੁਸ਼ਮਣਾਂ ਲਈ ਸ਼ਰਣ ਲਈ ਲਈ ਬਹੁਤ
ਢੁਕਵੀਂ ਜਗਾਹ ਸੀ। ਠਾਕੁਰ ਸਿੰਘ ਸੰਧਾਵਾਲੀਆ ਨੇ ਪਹਿਲਾਂ ਹੀ ਪਾਂਡੀਚਰੀ ਨਾਲ ਰਾਬਤਾ ਜੋੜ
ਲਿਆ ਹੋਇਆ ਸੀ। ਇਵੇਂ ਹੀ ਹਿੰਦੁਸਤਾਨ ਵਿਚ ਗੋਆ ਨਾਂ ਇਲਾਕਾ ਵੀ ਸੀ ਜਿਥੇ ਪੁਰਤਗਾਲੀਆਂ ਦਾ
ਰਾਜ ਚਲਦਾ ਸੀ। ਮਹਾਂਰਾਜਾ ਹੁਣ ਇਹਨਾਂ ਜਗਾਵਾਂ ਨੂੰ ਮਨ ਵਿਚ ਰੱਖਣ ਲਗਿਆ ਸੀ।
ਪੈਰਿਸ ਪੁੱਜ ਕੇ ਉਸ ਨੂੰ ਇਹ ਫਿਕਰ ਸੀ ਕਿ ਆਪਣੀ ਰਿਹਾਇਸ਼ ਕਿਥੇ ਰੱਖੇ। ਉਸ ਨੇ ਇਕ ਬੈਂਕ
ਵੀ ਲੱਭਣਾ ਸੀ ਜਿਥੇ ਉਸ ਨੇ ਲੌਕਰ ਕਿਰਾਏ ‘ਤੇ ਲੈਣਾ ਸੀ। ਹੁਣ ਉਸ ਨੂੰ ਕੋਈ ਭਰੋਸੇ ਯੋਗ
ਸੈਕਟਰੀ ਵੀ ਚਾਹੀਦਾ ਸੀ। ਕਾਫੀ ਕੁਝ ਸੋਚ ਕੇ ਉਸ ਨੇ ਗਰੈਂਡ ਹੋਟਲ, 211 ਰਿਊ ਸਟਰੀਟ ਵਿਚ
ਇਕ ਕਮਰਾ ਕਿਰਾਏ ‘ਤੇ ਲੈ ਲਿਆ। ਇਹ ਏਨਾ ਵਧੀਆ ਹੋਟਲ ਤਾਂ ਨਹੀਂ ਸੀ ਪਰ ਇਹ ਜਗਾਹ ਬਹੁਤ
ਢੁਕਵੀਂ ਸੀ। ਮੈਸਰਜ਼ ਮਿਲਟ ਫਰੈਰਜ਼ ਬੈਂਕ ਕੁਝ ਕਦਮ ਦੀ ਦੂਰੀ ‘ਤੇ ਹੀ ਸੀ ਜਿਸ ਵਿਚ ਉਸ
ਨੂੰ ਸਟਰੌਂਗ-ਬੌਕਸ ਕਿਰਾਏ ‘ਤੇ ਮਿਲ ਗਿਆ ਜਿਸ ਵਿਚ ਉਹ ਆਪਣੇ ਬਾਕੀ ਬਚਦੇ ਗਹਿਣੇ ਤੇ
ਹਿੰਦੁਸਤਾਨ ਤੋਂ ਆਇਆ ਇਕ ਲੱਖ ਰੁਪੱਈਆ ਰੱਖ ਸਕਦਾ ਸੀ। ਨਾਲ ਹੀ ਉਸ ਨੂੰ ਡਾਕ ਪ੍ਰਾਪਤ ਕਰਨ
ਲਈ ਇਕ ਬੌਕਸ ਵੀ ਮਿਲ ਗਿਆ। ਬ੍ਰਿਟਿਸ਼ ਅੰਬੈਸੀ ਵੀ ਹੋਟਲ ਦੇ ਨਾਲ ਦੇ ਖੂੰਜੇ ‘ਤੇ ਹੀ ਸਥਿਤ
ਸੀ। ਸਭ ਤੋਂ ਪਹਿਲਾਂ ਮਹਾਂਰਾਜੇ ਨੇ ਬੈਂਕ ਵਿਚ ਜਾ ਕੇ ਆਪਣਾ ਕੀਮਤੀ ਸਮਾਨ ਜਮਾਂ ਕੀਤਾ ਤੇ
ਇਕ ਲੱਖ ਰੁਪਏ ਜਮਾਂ ਕਰਾਉਣ ਦੀ ਰਸੀਦ ਲੈ ਕੇ ਠਾਕੁਰ ਸਿੰਘ ਸੰਧਾਵਾਲੀਏ ਦੇ ਏਜੰਟ ਨੂੰ ਭੇਜ
ਦਿਤੀ ਤਾਂ ਜੋ ਪਤਾ ਚਲ ਜਾਵੇ ਕਿ ਪੈਸੇ ਸੁਰੱਖਿਅਤ ਸਨ।
ਚਿੱਠੀਆਂ ਲਿਖਣ ਦਾ ਮਹਾਂਰਾਜੇ ਨੂੰ ਸ਼ੌਂਕ ਤਾਂ ਹੈ ਹੀ ਸੀ। ਕਿਸੇ ਵੀ ਨਵੀਂ ਜਗਾਹ ਜਾਂਦਾ
ਜਾਂ ਕੋਈ ਨਵੀਂ ਘਟਨਾ ਵਾਪਰਦੀ ਤਾਂ ਉਸ ਬਾਰੇ ਕਿਸੇ ਨਾ ਕਿਸੇ ਦੋਸਤ ਨੂੰ ਚਿੱਠੀ ਲਿਖਣੋਂ
ਰਹਿ ਨਾ ਸਕਦਾ। ਉਹ ਇੰਡੀਆ ਹਾਊਸ ਵਿਚ ਕੰਮ ਕਰਦੇ ਆਪਣੇ ਪੁਰਾਣੇ ਮਿੱਤਰ ਸਰ ਰੌਬਰਟ
ਮੌਂਟਗੋਮਰੀ, ਜਿਸ ਨੇ ਉਸ ਦੀ ਮੱਦਦ ਕਰਨ ਦੀ ਕੋਸਿ਼ਸ਼ ਕੀਤੀ ਸੀ, ਨਾਲ ਖਤ ਰਾਹੀਂ ਕੁਝ
ਗੱਲਾਂ ਕਰਨ ਬਹਿ ਗਿਆ;
21 ਜੂਨ, 1886,
‘...ਮੈਂ ਅਦਨ ਤੋਂ ਇਕ ਨਿਰਾਸ਼ ਆਦਮੀ ਵਾਂਗ ਵਾਪਸ ਆ ਗਿਆ ਹਾਂ। ਮੇਰੇ ਬਾਰੇ ਜਿੰਨੀਆਂ ਵੀ
ਅਫਵਾਹਾਂ ਤੇਰੇ ਤਕ ਪੁੱਜੀਆਂ ਹਨ ਸਭ ਨੂੰ ਭੁੱਲ ਜਾ। ਮੈਂ ਇਸ ਜ਼ਾਲਮ ਤੇ ਨਿਰਦਈ ਸਰਕਾਰ ਦੀ
ਸੰਧੀ ਇਕ ਪਾਸੇ ਸੁੱਟ ਦਿਤੀ ਹੈ ਜਿਸ ਸੰਧੀ ਰਾਹੀਂ ਇਹਨਾਂ ਨੇ ਮੇਰੇ ਸਰਪਰਸਤ ਬਣ ਕੇ ਮੇਰਾ
ਸ਼ੋਸ਼ਣ ਕੀਤਾ ਸੀ ਜਦ ਕਿ ਮੈਂ ਨਬਾਲਗ ਤੇ ਕਮਜ਼ੋਰ ਸਾਂ। ...ਮੈਂ ਬਹੁਤ ਜਲਦੀ ਰੂਸ ਜਾਣ ਦੀ
ਤਿਆਰੀ ਕਰ ਰਿਹਾ ਹਾਂ, ਜੇ ਜ਼ਾਰ ਨੇ ਮੈਨੂੰ ਉਤਸ਼ਹਿਤ ਕੀਤਾ ਤਾਂ ਮੈਂ ਰੂਸ ਜਾਵਾਂਗਾ, ਨਹੀਂ
ਤਾਂ ਮੈਂ ਪਾਂਡੀਚਰੀ ਵਿਚ ਜਾ ਕੇ ਰਹਾਂਗਾ। ਹੁਣ ਉਹ ਬੇਵਕੂਫ ਲੌਰਡ ਡੁਫਰਿਨ ਮੇਰਾ ਕੀ ਵਿਗਾੜ
ਸਕੇਗਾ? ਉਹ ਮੇਰੇ ਅੰਦਰੋਂ ਇਕ ਵਫਾਦਾਰ ਦਿਲ ਨੂੰ ਬਾਹਰ ਕੱਢਣ ਵਿਚ ਕਾਮਯਾਬ ਹੋ ਗਿਆ ਹੈ
ਜਿਹੜਾ ਕਿ ਸਹਿਜੇ ਹੀ ਇੰਗਲੈਂਡ ਲਈ ਖੂਨ ਵਹਾ ਸਕਦਾ ਸੀ। ...ਮੇਰੇ ਦੋਸਤ ਅਲਵਿਦਾ!
...ਮੈਨੂੰ ਪਰਖਣ ਲਈ ਜ਼ਰਾ ਨਰਮੀ ਵਰਤੀਂ..। ...ਇਕ ਗੱਲ ਹੋਰ ਕਿ ਮੈਂ ਸਿੱਖ ਬਣ ਗਿਆ ਹਾਂ
ਤੇ ਮੈਂ ਆਪਣਾ ਇਸਾਈ ਭਾਈਚਾਰਾ ਛੱਡ ਦਿਤਾ ਹੈ।’... (ਦਲੀਪ ਸਿੰਘ)
ਮਹਾਂਰਾਜਾ ਅਸਲ ਵਿਚ ਆਪਣਾ ਇਹ ਸੁਨੇਹਾ ਬ੍ਰਤਾਨਵੀ ਸਰਕਾਰ ਨੂੰ ਦੇਣਾ ਚਾਹੁੰਦਾ ਸੀ। ਸਰਕਾਰ
ਨੂੰ ਇਸ ਗੱਲ ਨੇ ਬਹੁਤ ਤੰਗ ਕਰਨਾ ਸੀ ਕਿ ਮਹਾਂਰਾਜਾ ਉਹਨਾਂ ਦੇ ਕੱਟੜ ਦੁਸ਼ਮਣ ਰੂਸ ਨਾਲ
ਸਬੰਧ ਵਧਾ ਰਿਹਾ ਸੀ। ਸਰ ਰੋਬਰਟ ਮੌਂਟਗੋਮਰੀ ਨੇ ਉਸੇ ਵਕਤ ਮਹਾਂਰਾਜੇ ਦੀ ਚਿੱਠੀ ਮਹਾਂਰਾਜੇ
ਦੇ ਕੇਸ-ਅਫਸਰ ਸਰ ਓਇਨ ਬਰਨ ਨੂੰ ਦਿਖਾਈ। ਸਰ ਬਰਨ ਨੂੰ ਮਹਾਂਰਾਜੇ ਦੀ ਚਿੱਠੀ ਹਜ਼ਮ ਨਹੀਂ
ਸੀ ਹੋ ਰਹੀ। ਉਹ ਉਸੇ ਵੇਲੇ ਹੀ ਚਿੱਠੀ ਲੈ ਕੇ ਲੌਰਡ ਕਿੰਬਰਲੇ ਕੋਲ ਚਲੇ ਗਿਆ। ਉਸੇ ਵੇਲੇ
ਹੀ ਪੈਰਿਸ ਵਿਚ ਸਥਿਤ ਬ੍ਰਤਾਨਵੀ ਰਾਜਦੂਤ ਲੌਰਡ ਲਾਇਨਜ਼ ਨੂੰ ਖਾਸ ਹਿਦਾਇਤਾਂ ਭੇਜ ਦਿਤੀਆਂ
ਗਈਆਂ ਕਿ ਮਹਾਂਰਾਜੇ ਦੀਆਂ ਹਰਕਤਾਂ ਉਪਰ ਨਿਗਾਹ ਰੱਖੀ ਜਾਵੇ।
ਇਸ ਚਿੱਠੀ ਨੂੰ ਦੇਖ ਕੇ ਮਹਾਂਰਾਣੀ ਵਿਕਟੋਰੀਆ ਵੀ ਖੁਸ਼ ਨਹੀਂ ਸੀ। ਨਾਲ ਦੀ ਨਾਲ ਉਸ ਨੂੰ
ਦੁੱਖ ਹੋ ਰਿਹਾ ਸੀ ਕਿ ਉਸ ਦੀ ਮਹਾਂਰਾਜੇ ਨਾਲ ਕਾਫੀ ਦੇਰ ਤੋਂ ਖਤੋ-ਖਿਤਾਬਤ ਨਹੀਂ ਸੀ ਹੋ
ਸਕੀ। ਇਕ ਵਾਰ ਮਹਾਂਰਾਜੇ ਦੇ ਦੋਸਤ ਗਰੈਫਟਨ ਤੇ ਲਿਨਕਰ ਮਹਾਂਰਾਣੀ ਨੂੰ ਮਿਲੇ ਸਨ ਤੇ ਸਲਾਹ
ਦਿਤੀ ਸੀ ਕਿ ਮਹਾਂਰਾਜੇ ਦੀ ਭਲਾਈ ਇਸ ਗੱਲ ਵਿਚ ਹੈ ਕਿ ਉਸ ਨੂੰ ਕੁਝ ਦੇਰ ਲਈ ਇਕੱਲੇ ਛੱਡ
ਦੇਣਾ ਚਾਹੀਦਾ ਹੈ। ਮਹਾਂਰਾਜੇ ਦਾ ਸੁਭਾਅ ਉਹਨਾਂ ਲਈ ਕੁਝ ਜਿ਼ਆਦਾ ਹੀ ਔਖਾ ਹੋ ਰਿਹਾ ਸੀ।
ਉਹਨਾਂ ਦੀ ਕਿਸੇ ਗੱਲ ਨੂੰ ਮੰਨਣ ਲਈ ਉਹ ਤਿਆਰ ਨਹੀਂ ਸੀ ਹੁੰਦਾ। ਉਹ ਸੋਚ ਰਹੇ ਸਨ ਕਿ ਜਦ
ਲੋੜ ਹੋਏਗੀ ਮਹਾਂਰਾਜਾ ਆਪ ਹੀ ਦੁਬਾਰਾ ਗੱਲ ਸ਼ੁਰੂ ਕਰ ਲਵੇਗਾ। ਜਦ ਉਸ ਨੂੰ ਪੈਸਿਆਂ ਦੀ
ਜ਼ਰੂਰਤ ਹੋਈ ਤਾਂ ਆਪ ਹੀ ਗੱਲਬਾਤ ਵਾਲੇ ਮੇਜ਼ ‘ਤੇ ਮੁੜ ਆਵੇਗਾ ਪਰ ਇਹ ਕਿਸੇ ਨੇ ਸੁਫਨੇ
ਵਿਚ ਵੀ ਨਹੀਂ ਸੀ ਸੋਚਿਆ ਕਿ ਉਹ ਆਪਣਾ ਸਟਾਈਪੰਡ ਵੀ ਛੱਡ ਜਾਵੇਗਾ। ਮਹਾਂਰਾਣੀ ਤੇ
ਮਹਾਂਰਾਜੇ ਦੇ ਦੋਸਤਾਂ ਨੂੰ ਹੁਣ ਉਸ ਦਾ ਫਿਕਰ ਹੋਰ ਵੀ ਵਧ ਗਿਆ। ਉਹਨਾਂ ਨੂੰ ਪਤਾ ਸੀ ਕਿ
ਮਹਾਂਰਾਜੇ ਕੋਲ ਹੋਰ ਤਾਂ ਕੋਈ ਆਮਦਨ ਦਾ ਸਾਧਨ ਹੈ ਨਹੀਂ ਸੀ।
ਪਰ ਮਹਾਂਰਾਜਾ ਹੁਣ ਤਕ ਕਾਫੀ ਚਲਾਕੀ ਦਿਖਾਉਂਦਾ ਆ ਰਿਹਾ ਸੀ। ਉਹ ਹਰ ਚਿੱਠੀ ਦਾ ਬਹੁਤ ਹੀ
ਧਿਆਨ ਨਾਲ ਜਵਾਬ ਦਿੰਦਾ, ਮਿਣੀ-ਚੁਣੀ ਬੋਲੀ ਬੋਲਦਾ। ਕਿਸੇ ਨੂੰ ਕਿੰਨਾ ਕੁ ਤੰਗ ਕਰਨਾ ਹੈ
ਓਨੀ ਕੁ ਹੀ ਕੁੜੱਤਣ ਆਪਣੀ ਗੱਲਬਾਤ ਵਿਚ ਪਾਉਂਦਾ। ਪੈਰਿਸ ਆ ਕੇ ਉਹ ਆਪਣੇ ਆਪ ਨੂੰ ਅਜ਼ਾਦ
ਸਮਝਣ ਲਗਿਆ ਸੀ ਜਿਸ ਕਾਰਨ ਉਸ ਦਾ ਵਰਤਾਵ ਵੀ ਬਦਲਣ ਗਿਆ। ਉਹ ਅਜੀਬ ਜਿਹੇ ਬਿਆਨ ਦੇਣ ਲਗਿਆ।
ਉਸ ਦੇ ਬਿਆਨ ਦੋਸਤਾਂ ਨੂੰ ਚੰਗੇ ਨਹੀਂ ਸਨ ਲਗਦੇ। ਉਹ ਸਮਝਦੇ ਸਨ ਕਿ ਉਹ ਹੰਢਿਆ ਹੋਇਆ
ਸਿਆਸਤਦਾਨ ਨਹੀਂ ਸੀ ਇਸ ਲਈ ਕਈ ਵਾਰ ਉਸ ਨੂੰ ਸਹੀ ਸ਼ਬਦਾਂ ਦੀ ਚੋਣ ਨਹੀਂ ਸੀ ਕਰਨੀ ਆਉਂਦੀ
ਪਰ ਉਸ ਨੇ ਮੱਥਾ ਵੱਡੀ ਤਾਕਤ ਨਾਲ ਲਾਇਆ ਹੋਣ ਕਰਕੇ ਬਹੁਤ ਸਾਵਧਾਨੀ ਦੀ ਲੋੜ ਸੀ।
ਮਹਾਂਰਾਜਾ ਹੁਣ ਕਿਸੇ ਨਾ ਕਿਸੇ ਤਰ੍ਹਾਂ ਰੂਸ ਨਾਲ ਦੋਸਤੀ ਪਾਉਣੀ ਚਾਹੁੰਦਾ ਸੀ। ਪੈਰਿਸ ਆ
ਕੇ ਜਦ ਉਹ ਜ਼ਰਾ ਕੁ ਟਿਕਿਆ ਤਾਂ ਉਸ ਨੇ ਰੂਸੀ ਰਾਜਦੂਤ ਪਾਵਲੋਵਿਚ ਮੌਨਰੇਹੀਮ ਨਾਲ ਮੁਲਾਕਾਤ
ਦੀ ਬੇਨਤੀ ਦੀ ਅਰਜ਼ੀ ਦੇ ਦਿਤੀ ਤੇ ਨਾਲ ਹੀ ਆਪਣੇ ਪੁਰਾਣੇ ਦੋਸਤਾਂ ਨੂੰ, ਜਿਹੜੇ ਉਸ ਨਾਲ
ਸਿ਼ਕਾਰ ਖੇਡਦੇ ਰਹੇ ਸਨ, ਸਭ ਨੂੰ ਇਸ ਬਾਰੇ ਇਕ-ਇਕ ਚਿੱਠੀ ਕੱਢ ਦਿਤੀ:
‘ਮੈਂ ਰੂਸੀ ਸਫਾਰਤਖਾਨੇ ਨੂੰ ਆਪਣੀਆਂ ਸੇਵਾਵਾਂ ਪੇਸ਼ ਕਰਨ ਲਈ ਅਰਜ਼ੀ ਦਿਤੀ ਹੈ ਤੇ ਨਾਲ ਹੀ
ਰੂਸੀ ਪਾਸਪੋਰਟ ਦੀ ਮੰਗ ਵੀ ਕੀਤੀ ਹੈ। ਜਦ ਵੀ ਇਹ ਮਿਲ ਗਿਆ ਤਾਂ ਮੈਂ ਸੇਂਟ ਪੀਟਰਜ਼ਬਰਗ
ਜਵਾਂਗਾ। ਜੇ ਮੁਹਰੇ ਮੈਨੂੰ ਜਾਰ ਲੈਣ ਆਇਆ ਤਾਂ ਮੈਂ ਹਿੰਦੁਸਤਾਨ ਦੀ ਸਰਹੱਦ ‘ਤੇ ਵੀ
ਜਾਵਾਂਗਾ। ਜੇ ਨਹੀਂ ਤਾਂ ਮੈਂ ਪਾਂਡੀਚਰੀ ਪੁੱਜ ਕੇ ਲੌਰਡ ਡੁਫਰਿਨ ਲਈ ਸਿਰਦਰਦੀ ਪੈਦਾ
ਕਰਾਂਗਾ।’
ਉਸ ਦਾ ਇਹ ਸੁਨੇਹਾ ਅਗੇ ਸਰਕਾਰ ਤਕ ਪੁੱਜਣਾ ਹੀ ਸੀ ਤੇ ਸਰਕਾਰ ਨੇ ਹਰਕਤ ਵਿਚ ਆਉਣਾ ਹੀ ਸੀ।
ਸਰ ਓਇਨ ਬਰਨ ਨੂੰ ਤਾਂ ਜਿਵੇਂ ਕੰਮ ਮਿਲ ਗਿਆ ਹੋਵੇ। ੳਸ ਨੇ ਸਿ਼ਮਲੇ ਨੂੰ ਤਾਰ ਦੇ ਕੇ
ਮਹਾਂਰਾਜੇ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਉਹ ਇਸ ਵੇਲੇ ਪੈਰਿਸ ਬੈਠਾ ਹਵਾ ਵਿਚ ਤਲਵਾਰਾਂ
ਚਲਾ ਰਿਹਾ ਹੈ। ਉਸ ਨੇ ਇਕ ਵਾਰ ਫਿਰ ਪੈਰਿਸ ਵਿਚਲੇ ਆਪਣੇ ਰਾਜਦੂਤ ਨੂੰ ਸਥਿਤੀ ਤੇ ਨਜ਼ਰ
ਰੱਖਣ ਲਈ ਕਿਹਾ। ਜੋ ਵੀ ਇਹ ਗੱਲ ਸੁਣਦਾ ਮਹਾਂਰਾਜੇ ਨੂੰ ਕਮਲ਼ਾ ਕਹਿ ਛੱਡਦਾ। ਲੌਰਡ
ਕਿੰਬਰਲੇ ਨੇ ਇਸੇ ਮਸਲੇ ਨੂੰ ਲੈ ਕੇ ਮਹਾਂਰਾਣੀ ਨਾਲ ਵਿਸ਼ੇਸ਼ ਮੁਲਕਾਤ ਕੀਤੀ ਤੇ ਆਖਿਆ,
“ਯੋਅਰ ਮੈਜਿਸਟੀ, ਇਸ ਬੰਦੇ ਦਾ ਸਿਰ ਫਿਰ ਗਿਆ ਏ। ਹੁਣ ਇਹ ਸਹੀ ਮਹਿਨਿਆਂ ਵਿਚ ਗੱਦਾਰੀ
ਦਿਖਾ ਰਿਹਾ ਏ। ਹਰ ਮੈਜਿਸਟੀ ਵਲੋਂ ਕੀਤੇ ਅਹਿਸਾਨਾਂ ਨੂੰ ਬਿਲਕੁਲ ਹੀ ਭੁੱਲ ਗਿਆ ਏ। ਇਸ
ਬੰਦੇ ਨੂੰ ਆਪਣੇ ਪਰਿਵਾਰ ਦਾ ਤਾਂ ਕੋਈ ਫਿਕਰ ਹੀ ਨਹੀਂ ਏ, ਨਾਂ ਬੱਚਿਆਂ ਤੇ ਪਤਨੀ ਦੀ
ਸੁਰੱਖਿਆ ਦਾ ਤੇ ਨਾਂ ਹੀ ਉਹਨਾਂ ਦੇ ਖਾਣ, ਪੀਣ ਤੇ ਪਹਿਨਣ ਦਾ।”
ਕੋਈ ਮਹਾਂਰਾਜੇ ਦੇ ਖਿਲਾਫ ਬੋਲੇ ਮਹਾਂਰਾਣੀ ਨੂੰ ਇਹ ਚੰਗਾ ਨਹੀਂ ਸੀ ਲਗਦਾ ਪਰ ਹੁਣ ਉਹ ਉਸ
ਦਾ ਬਚਾਅ ਵੀ ਨਹੀਂ ਸੀ ਕਰ ਸਕਦੀ। ਮਹਾਂਰਾਜਾ ਹਰਕਤਾਂ ਹੀ ਅਜਿਹੀਆਂ ਕਰ ਰਿਹਾ ਸੀ ਕਿ
ਮਹਾਂਰਾਣੀ ਲਈ ਉਸ ਦੇ ਹੱਕ ਵਿਚ ਕੁਝ ਕਹਿਣਾ ਆਪਣਾ ਵਕਾਰ ਜੋਖਮ ਵਿਚ ਪਾਉਣ ਵਾਲੀ ਗੱਲ ਹੋਣੀ
ਸੀ। ਹੁਣ ਜਦ ਵੀ ਕੋਈ ਮਹਾਂਰਾਜੇ ਦੇ ਖਿਲਾਫ ਬੋਲ ਰਿਹਾ ਹੁੰਦਾ ਤਾਂ ਉਹ ਚੁੱਪ ਕਰਕੇ ਸੁਣਦੀ
ਰਹਿੰਦੀ।
ਮਹਾਂਰਾਜੇ ਦਾ ਪਰਿਵਾਰ ਅਦਨ ਤੋਂ ਵਾਪਸ ਮੁੜ ਕੇ ਕੁਝ ਦਿਨ ਕਲੇਅਰਿਜ ਹੋਟਲ ਵਿਚ ਰਿਹਾ।
ਪਰਿਵਾਰ ਦੇ ਸਾਰੇ ਜੀਅ ਕਾਫੀ ਮੁਸੀਬਤ ਝੱਲ ਰਹੇ ਸਨ। ਉਹਨਾਂ ਦੇ ਪੈਸੇ ਮੁਕਣ ਲਗੇ ਸਨ, ਰਹਿਣ
ਨੂੰ ਕੋਈ ਜਗਾਹ ਨਹੀਂ ਸੀ। ਐੱਲਵੇਡਨ ਇਸਟੇਟ ਵਿਕਰੀ ‘ਤੇ ਲਗ ਗਈ ਸੀ। ਹੌਲੈਂਡ ਪਾਰਕ ਵਾਲਾ
ਘਰ ਤਾਂ ਸਿਰਫ ਨਾਂ ਦਾ ਹੀ ਘਰ ਸੀ। ਉਸ ਵਿਚ ਸਮਾਨ ਦੇ ਨਾਂ ‘ਤੇ ਕੁਝ ਬਿਸਤਰ ਪਏ ਸਨ। ਉਹਨਾਂ
ਦੀ ਹਾਲਤ ਸਾਰੇ ਪਾਸਿਆਂ ਤੋਂ ਹੀ ਬਹੁਤ ਖਸਤਾ ਸੀ। ਜੋ ਵੀ ਸੀ ਪਰ ਉਹ ਵਾਪਸ ਇੰਗਲੈਂਡ ਆ ਕੇ
ਬਹੁਤ ਖੁਸ਼ ਸਨ। ਕੁੜੀਆਂ ਬਹੁਤਾ ਨਹੀਂ ਸਨ ਬੋਲਦੀਆਂ ਪਰ ਦੋਵੇਂ ਮੁੰਡੇ ਇਸ ਸਾਰੀ ਸਥਿਤੀ ਦਾ
ਜਿ਼ੰਮੇਵਾਰ ਆਪਣੇ ਪਿਤਾ ਨੂੰ ਹੀ ਠਹਿਰਾਅ ਰਹੇ ਸਨ। ਕਈ ਵਾਰ ਤਾਂ ਉਹ ਸ਼ਰੇਆਮ ਹੀ ਮਹਾਂਰਾਜੇ
ਪ੍ਰਤੀ ਆਪਣੀ ਨਫਰਤ ਦਾ ਇਜ਼ਹਾਰ ਕਰਨ ਲਗਦੇ। ਮਹਾਂਰਾਣੀ ਬਾਂਬਾ ਮਹਾਂਰਾਜੇ ਨਾਲ ਅਸਹਿਮਤ ਹੋ
ਕੇ ਵੀ ਉਸ ਨੂੰ ਬਹੁਤ ਘੱਟ ਗਲਤ ਕਹਿੰਦੀ। ਮਹਾਂਰਾਜਾ ਵੀ ਪਹਿਲੇ ਦਿਨ ਤੋਂ ਹੀ ਸਮਝਦਾ ਸੀ ਕਿ
ਦੋਵੇਂ ਮੁੰਡੇ ਉਸ ਨਾਲ ਸਹਿਮਤ ਨਹੀਂ ਸਨ ਪਰ ਉਹ ਮੱਲੋਮੱਲੀ ਉਹਨਾਂ ਨੂੰ ਨਾਲ ਘੜੀਸ ਰਿਹਾ
ਸੀ। ਓਧਰ ਮਹਾਂਰਾਜੇ ਨੂੰ ਦੁੱਖ ਹੁੰਦਾ ਕਿ ਉਸ ਦੇ ਮੁੰਡਿਆਂ ਨੂੰ ਇਸ ਗੱਲ ਦੀ ਕਦਰ ਹੀ ਨਹੀਂ
ਸੀ ਕਿ ਉਹ ਸ਼ੇਰੇ ਪੰਜਾਬ ਦੇ ਪੋਤਰੇ ਸਨ।
ਹੁਣ ਮਹਾਂਰਾਜੇ ਦੇ ਵਿਰੋਧੀਆਂ ਕੋਲ ਉਸ ਦੀ ਮੁਖਾਲਫਤ ਕਰਨ ਲਈ ਇਕ ਹੋਰ ਨੁਕਤਾ ਜੁੜ ਗਿਆ ਸੀ
ਕਿ ਉਹ ਨਵਾਂ ਬਣਿਆਂ ਸਿੱਖ ਇਸਾਈ ਮਿਸ਼ਨ-ਸਕੂਲ ਦੀ ਕੁੜੀ ਨੂੰ ਬੱਚੇ ਪੈਦਾ ਕਰਕੇ ਇਸ ਲਈ ਛੱਡ
ਗਿਆ ਸੀ ਕਿਉਂਕਿ ਬੱਚੇ ਇਸਾਈ ਸਨ। ਹੁਣ ਇਹ ਵੀ ਇਕ ਸਵਾਲ ਸੀ ਕਿ ਮਹਾਂਰਾਣੀ ਬਾਂਬਾ ਦਾ ਕੀ
ਬਣੇਗਾ ਤੇ ਇਹਨਾਂ ਬੱਚਿਆਂ ਦਾ ਭਵਿੱਖ ਕੀ ਹੋਵੇਗਾ। ਸਰ ਪੌਨਸਨਬੀ ਸੋਚ ਰਿਹਾ ਸੀ ਕਿ ਸ਼ਾਇਦ
ਮਹਾਂਰਾਣੀ ਵਿਕਟੋਰੀਆ ਇਹਨਾਂ ਦੀ ਕੋਈ ਮੱਦਦ ਕਰੇ। ਲੌਰਡ ਕਿੰਬਰਲੇ ਵੀ ਮਹਾਂਰਾਣੀ ਵਿਕਟੋਰੀਆ
ਤੋਂ ਹੀ ਆਸ ਰੱਖ ਰਿਹਾ ਸੀ। ਮਹਾਂਰਾਜੇ ਵਲੋਂ ਕੋਈ ਚੰਗੀ ਖ਼ਬਰ ਨਹੀਂ ਸੀ ਆ ਰਹੀ। ਹੁਣ ਤਾਂ
ਇਹ ਵੀ ਕਿਹਾ ਜਾ ਰਿਹਾ ਸੀ ਕਿ ਉਸ ਨੇ ਆਪਣੇ ਆਪ ਨੂੰ ਸ਼ਰਾਬ ਵਿਚ ਡਬੋ ਲਿਆ ਸੀ ਤੇ ਉਸ ਨੂੰ
ਹੁਣ ਕਿਸੇ ਵੀ ਜਿ਼ੰਮੇਵਾਰੀ ਦਾ ਅਹਿਸਾਸ ਨਹੀਂ ਸੀ ਰਿਹਾ। ਉਸ ਦੇ ਪਰਿਵਾਰ ਦੀ ਹਾਲਤ
ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਸੀ।
ਮਹਾਂਰਾਜੇ ਦੇ ਦੋਸਤਾਂ ਵਿਚੋਂ ਸਰ ਰੋਬਰਟ ਤੇ ਲੇਡੀ ਮੌਂਟਗੌਮਰੀ ਉਸ ਦੇ ਹਾਲੈਂਡ ਪਾਰਕ ਵਾਲੇ
ਘਰ ਨੂੰ ਦੇਖਣ ਗਏ ਕਿ ਉਸ ਨੂੰ ਕਿਵੇਂ ਰਹਿਣ ਯੋਗ ਬਣਾਇਆ ਜਾ ਸਕਦਾ ਸੀ। ਉਹਨਾਂ ਨੇ
ਮਹਾਂਰਾਣੀ ਬਾਂਬਾ ਤੋਂ ਲੌਡਰ ਕਿੰਬਰਲੇ ਨੂੰ ਮੱਦਦ ਲਈ ਬੇਨਤੀ-ਪੱਤਰ ਲਿਖਵਾਇਆ। ਪਰਿੰਸ
ਵਿਕਟਰ ਮੱਦਦ ਦੀ ਆਸ ਵਿਚ ਇੰਡੀਆ ਹਾਊਸ ਗਿਆ। ਆਪਣੇ ਪਿਤਾ ਦੀ ਬਦਖੋਹੀ ਕਰਦਿਆਂ ਤੇ ਉਸ ਨੇ
ਆਪਣਾ ਵਿਸ਼ਵਾਸ ਬ੍ਰਤਾਨਵੀ ਸਰਕਾਰ ਵਿਚ ਦਿਖਾਉਂਦਿਆਂ ਸਹਾਇਤਾ ਲਈ ਅਰਜ਼ੀ ਦੇ ਦਿਤੀ। ਇੰਡੀਆ
ਹਾਊਸ ਵਾਲਿਆਂ ਨੇ ਉਸ ਦੀ ਅਰਜ਼ੀ ਇਹ ਕਹਿ ਕੇ ਫਾਈਲ ਵਿਚ ਰੱਖ ਲਈ ਕਿ ਇਸ ਉਪਰ ਵਿਚਾਰ ਕੀਤਾ
ਜਾਵੇਗਾ। ਵਿਗੜੇ ਹਾਲਾਤ ਤੋਂ ਜਾਣੂੰ ਕਰਾਉਣ ਲਈ ਮਹਾਂਰਾਣੀ ਬਾਂਬਾ ਨੇ ਮਹਾਂਰਾਜੇ ਨੂੰ ਵੀ
ਚਿੱਠੀ ਲਿਖੀ। ਮਹਾਂਰਾਜੇ ਨੇ ਆਪਣੀ ਪਤਨੀ ਨੂੰ ਜਵਾਬ ਦੇਣ ਦੀ ਥਾਂ ਸਰ ਰੌਬਰਟ ਮੌਂਟਗੋਮਰੀ
ਨੂੰ ਲਿਖਿਆ,
‘...ਅਦਨ ਤੋਂ ਅਲੱਗ ਹੋਣ ਤੋਂ ਬਾਅਦ ਮਹਾਂਰਾਣੀ ਦਾ ਪਹਿਲਾ ਖਤ ਮਿਲਿਆ ਹੈ, ਉਸ ਨੇ ਤੁਹਾਡਾ
ਤੇ ਲੇਡੀ ਮੌਂਟਗੋਮਰੀ ਦੀ ਦਿਅਲਾਤਾ ਦਾ ਜਿ਼ਕਰ ਕੀਤਾ ਹੈ, ਸੋ ਮੈਂ ਤੁਹਾਡੀ ਇਸ ਅੱਛਾਈ ਦਾ
ਧੰਨਵਾਦ ਕਰਦਾ ਹਾਂ। ...ਮੈਨੂੰ ਪਤਾ ਹੈ ਕਿ ਇੰਡੀਆ ਔਫਿਸ ਮੇਰੇ ਪਰਿਵਾਰ ਨੂੰ ਸੰਭਵ ਸਹਾਇਤਾ
ਬਾਰੇ ਮੇਰੇ ਨਾਲ ਰਾਬਤਾ ਵੀ ਕਰੇਗਾ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਹਾਲੇ ਕੋਈ
ਖਤ-ਪਤਰ ਨਾ ਲਿਖੋ। ...ਮੈਂ ਕੌਂਸਲ ਔਫ ਇੰਡੀਆ ਤੇ ਹਿੰਦੁਸਤਾਨ ਦੀ ਸਰਕਾਰ ਨਾਲ ਹਰ ਕਿਸਮ ਦੀ
ਗੱਲਬਾਤ ਬੰਦ ਕਰ ਦਿਤੀ ਹੈ। ...ਮੈਂ ਨਾ ਤਾਂ ਇਸ ਬੇਇਨਸਾਫੀ ਤੇ ਜ਼ਾਲਮ ਸਰਕਾਰ ਦੀ ਇੱਜ਼ਤ
ਕਰਦਾ ਹਾਂ ਤੇ ਨਾ ਹੀ ਇਸ ਪ੍ਰਤੀ ਵਫਾਦਾਰ ਹਾਂ ਕਿਉਂਕਿ ਹੁਣ ਮੈਂ ਆਪਣੀਆਂ ਸੇਵਾਵਾਂ ਦੀ
ਪੇਸ਼ਕਸ਼ ਰੂਸ ਨੂੰ ਕਰ ਚੁੱਕਾ ਹਾਂ। ...ਮੇਰੇ ਦੋਸਤੋ ਤੇ ਚੰਗੇ ਇਨਸਾਨੋ, ਮੈਨੂੰ ਤੁਹਾਡੇ
ਤੋਂ ਕੁਝ ਨਹੀਂ ਚਾਹੀਦਾ, ਮੈਨੂੰ ਇਨਸਾਫ ਤੋਂ ਇਨਕਾਰ ਕਰ ਦਿਤਾ ਗਿਆ ਹੈ ਤੇ ਮੇਰੀ ਵਫਾ ਦੀ
ਬੇਇਜ਼ਤੀ ਹੋਈ ਹੈ। ਮੇਰੀ ਰੱਬ ਮੁਹਰੇ ਹੁਣ ਇਕੋ ਅਰਦਾਸ ਹੈ ਕਿ ਮੇਰੇ ਮਰਨ ਤੋਂ ਪਹਿਲਾਂ ਮੈਂ
ਹਿੰਦੁਸਤਾਨ ਦੀ ਸਰਕਾਰ ਤੋਂ ਆਪਣੀ ਬੇਇਜ਼ਤੀ ਦਾ ਬਦਲਾ ਲੈ ਸਕਾਂ ਤੇ ਇਹ ਤੀਹ ਲੱਖ ਪੌਂਡ ਦਾ
ਹਰਜਾਨਾ ਪ੍ਰਾਪਤ ਕਰ ਸਕਾਂ। ...ਮੇਰੇ ਪੁਰਾਣੇ ਦੋਸਤ, ਮੈਂ ਦੁਆ ਮੰਗਦਾ ਹਾਂ ਕਿ ਰੱਬ ਤੈਨੂੰ
ਤੇ ਤੇਰੀ ਪਤਨੀ ਨੂੰ ਸਦਾ ਖੁਸ਼ ਰੱਖੇ ਭਾਵੇਂ ਹੁਣ ਮੈਂ ਖਤਰਨਾਕ ਬਾਗੀ ਹਾਂ।’
(ਦਲੀਪ ਸਿੰਘ)
ਇੰਡੀਆ ਔਫਿਸ ਨੇ ਇਹ ਚਿੱਠੀ ਪੜ੍ਹ ਕੇ ਸੋਚਿਆ ਕਿ ਮਹਾਂਰਾਜੇ ਦਾ ਦਿਮਾਗ ਵਾਕਿਆ ਹੀ ਹਿੱਲ
ਗਿਆ ਹੈ। ਹੁਣ ਆਪਣੀ ਕੀਮਤ ਤੀਹ ਲੱਖ ਜਾਂ ਤਿੰਨ ਮਿਲੀਅਨ ਪੌਂਡ ਆਂਕਣ ਲਗ ਪਿਆ ਸੀ।
ਮਹਾਂਰਾਣੀ ਵਿਕਟੋਰੀਆ ਨੂੰ ਪਤਾ ਚਲਿਆ ਤਾਂ ਉਸ ਨੂੰ ਮਹਾਂਰਾਜੇ ਨਾਲ ਹੋਰ ਵੀ ਹਮਦਰਦੀ ਉਮੜ
ਆਈ। ਉਹ ਸੋਚ ਰਹੀ ਸੀ ਕਿ ਇਕ ਵਾਰੀ ਕਿਸੇ ਤਰ੍ਹਾਂ ਮਹਾਂਰਾਜਾ ਉਸ ਨੂੰ ਮਿਲ ਪਵੇ ਤਾਂ ਉਹ
ਜ਼ਰੂਰ ਉਸ ਨੂੰ ਸਿਧੇ ਰਸਤੇ ਲੈ ਆਵੇਗੀ। ਇਸ ਵੇਲੇ ਮਹਾਂਰਾਜੇ ਨੂੰ ਲੱਭਣਾ ਮੁਸ਼ਕਲ ਸੀ। ਉਹ
ਦੁਸ਼ਮਣ ਦੀ ਧਰਤੀ ‘ਤੇ ਬੈਠਾ ਸੀ ਜਿਥੇ ਨਾ ਤਾਂ ਬ੍ਰਤਾਨਵੀ ਕਾਨੂੰਨ ਦੀ ਕੋਈ ਅਹਿਮੀਅਤ ਸੀ
ਤੇ ਨਾ ਹੀ ਸਿ਼ਮਲੇ ਤੋਂ ਉਸ ਖਿਲਾਫ ਜਾਰੀ ਹੋਏ ਵਾਰੰਟ ਕਿਸੇ ਕੰਮ ਦੇ ਸਨ। ਸਰਕਾਰੀ ਇਦਾਰਿਆਂ
ਵਿਚ ਮਹਾਂਰਾਜੇ ਨੂੰ ਗੰਭੀਰਤਾ ਨਾਲ ਲਿਆ ਜਾਣ ਲਗ ਪਿਆ ਸੀ ਪਰ ਹਾਲੇ ਬਹੁਤੀ ਸਖਤੀ ਨਹੀਂ ਸੀ
ਵਰਤੀ ਜਾ ਰਹੀ। ਇਵੇਂ ਹੁੰਦਾ ਤਾਂ ਉਸ ਦਾ ਕੇਸ ਵਿਦੇਸ਼ੀ ਵਿਭਾਗ ਕੋਲ ਚਲੇ ਜਾਣਾ ਸੀ, ਜਿਥੋਂ
ਉਸ ਦੀ ਮੱਦਦ ਕਰਨੀ ਬਹੁਤ ਮੁਸ਼ਕਲ ਹੋ ਜਾਣੀ ਸੀ। ਵੈਸੇ ਵਿਦੇਸ਼ ਵਿਭਾਗ ਨੇ ਪੈਰਿਸ ਵਿਚ
ਆਪਣੇ ਰਾਜਦੂਤ ਨੂੰ ਮਹਾਂਰਾਜੇ ਉਪਰ ਨਜ਼ਰ ਰੱਖਣ ਲਈ ਆਖ ਦਿਤਾ ਹੀ ਹੋਇਆ ਸੀ। ਇਹਨਾਂ ਦਿਨਾਂ
ਵਿਚ ਹੀ ਉਥੋਂ ਦੇ ਰਾਜਦੂਤ ਦੀ ਸਰ ਫਿਲਿਪ ਕਰੀ ਨੂੰ ਚਿੱਠੀ ਆ ਗਈ;
‘...26 ਜੂਨ ਦੀ ਚਿੱਠੀ ਵਿਚ ਤੁਸੀਂ ਮਹਾਂਰਾਜੇ ‘ਤੇ ਨਜ਼ਰ ਰੱਖਣ ਲਈ ਕਿਹਾ ਹੈ, ...ਉਹ
ਹਾਲੇ ਇਥੇ ਹੀ ਗਰੈਂਡ ਹੋਟਲ ਵਿਚ ਠਹਿਰਿਆ ਹੋਇਆ ਹੈ, ਉਹ ਹਾਲੇ ਉਹੋ ਜਿਹਾ ਹੀ ਹੈ ਜਿਹੋ
ਜਿਹਾ ਤੁਸੀਂ ਉਸ ਨੂੰ ਸਰ ਰੌਬਰਟ ਮੌਂਟਗੋਮਰੀ ਨੂੰ ਲਿਖੀ ਚਿੱਠੀ ਤੋਂ ਪਾਇਆ ਸੀ। ...ਮੈਂ ਉਸ
ਦੀ ਹਰ ਚਾਲ ਦਾ ਧਿਆਨ ਰੱਖਾਂਗਾ ਤੇ ਪਤਾ ਦਿੰਦਾ ਰਹਾਂਗਾ, ...ਜੇ ਤੁਸੀਂ ਉਸ ਨੂੰ ਬਹੁਤਾ
ਨੇੜਿਓਂ ਵਾਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੁਲੀਸ ਰਾਹੀਂ ਜਾਂ ਕਿਸੇ ਹੋਰ ਜ਼ਰੀਏ ਰਾਹੀਂ
ਕਿਸੇ ਜਸੂਸ ਦਾ ਇੰਤਜ਼ਾਮ ਕਰਨਾ ਪਵੇਗਾ ਕਿਉਂਕਿ ਸਫਾਰਤਖਾਨੇ ਦੀਆਂ ਜਿ਼ੰਮੇਵਾਰੀਆਂ ਕਾਰਨ
ਮੇਰੇ ਕੋਲ ਵੀ ਵਸੀਲੇ ਸੀਮਤ ਹਨ।’
ਮਹਾਂਰਾਣੀ ਤੋਂ ਵੀ ਰਿਹਾ ਨਹੀਂ ਸੀ ਜਾ ਰਿਹਾ। ਉਸ ਨੇ ਮਹਾਂਰਾਜੇ ਨੂੰ ਚਿੱਠੀ ਲਿਖੀ ਪਰ ਹੁਣ
ਉਸ ਨੂੰ ਪੁੱਜਦੀ ਕਿਵੇਂ ਕਰੇ। ਆਖਰ ਉਸ ਨੇ ਸਰ ਪੌਨਸਨਬੀ ਦੀ ਹੀ ਮੱਦਦ ਲਈ। ਉਸ ਨੇ ਅਗੇ
ਲੌਰਡ ਲਾਇਨ ਰਾਹੀਂ ਮਹਾਂਰਾਜੇ ਤਕ ਪੁੱਜਦੀ ਕਰ ਦਿਤੀ। ਮਹਾਂਰਾਣੀ ਨੇ ਲਿਖਿਆ ਸੀ;
‘ਵਿੰਡਸਰ, 6 ਜੁਲਾਈ, 1886; ਪਿਆਰੇ ਮਹਾਂਰਾਜਾ, ਬਹੁਤ ਅਜੀਬ ਜਿਹੀਆਂ ਤੁਹਾਡੀਆਂ
ਰਿਪ੍ਰੋਟਾਂ ਆ ਰਹੀਆਂ ਹਨ ਕਿ ਤੁਸੀਂ ਆਪਣੇ ਭੱਤੇ ਲੈਣੇ ਬੰਦ ਕਰ ਦਿਤੇ ਹਨ, ਤੁਹਾਡੀ
ਵਫਾਦਾਰੀ ਹੁਣ ਰੂਸ ਨਾਲ ਹੋ ਗਈ ਹੈ। ਮੈਂ ਇਹਨਾਂ ਗੱਲਾਂ ਦਾ ਯਕੀਨ ਨਹੀਂ ਕਰ ਸਕਦੀ ਕਿ ਜੋ
ਵਿਅਕਤੀ ਮੇਰੇ ਪ੍ਰਤੀ ਏਨਾ ਵਫਾਦਾਰ ਤੇ ਅਰਪਿਤ ਸੀ, ਜਿਸ ਨੂੰ ਮੈਂ ਸਦਾ ਆਪਣਾ ਸੱਚਾ ਦੋਸਤ
ਕਿਹਾ ਤੇ ਉਸ ਲਈ ਸਦਾ ਇਕ ਮਾਂ ਵਾਲੀ ਭਾਵਨਾ ਮਹਿਸੂਸ ਕੀਤੀ, ਜੋ ਬੱਤੀ ਸਾਲ ਪਹਿਲਾਂ
ਇੰਗਲੈਂਡ ਇਕ ਖੂਬਸੂਰਤ ਤੇ ਹਸਮੁੱਖ ਮੁੰਡੇ ਵਾਂਗ ਆਇਆ ਉਹ ਇਹ ਸਭ ਕਿਵੇਂ ਕਰ ਸਕਦਾ ਹੈ? ...
...ਮੈਂ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਜਿ਼ੰਦਗੀ ਵਿਚ ਖਾਸ ਦਿਲਚਸਪੀ ਲਈ ਹੈ ਜੋ ਕਿ ਹੋਰ
ਹਿੰਦੁਸਤਾਨੀ ਰਾਜਕੁਮਾਰਾਂ ਲਈ ਨਮੂਨੇ ਦੀ ਜਿ਼ੰਦਗੀ ਸੀ ਪਰ ਤੁਹਾਡੇ ਖਾਸ ਦੋਸਤ ਕਰਨਲ
ਓਲੀਫੈਂਟ ਦੀ ਮੌਤ ਤੋਂ ਬਾਅਦ ਇਹ ਝੂਠੇ ਦੋਸਤ ਤੁਹਾਡੇ ਦੁਆਲੇ ਆ ਜੁੜੇ ਤੇ ਤੁਹਾਡੇ
ਦਿਲੋ-ਦਿਮਾਗ ਵਿਚ ਇਹ ਗਲਤ ਗੱਲਾਂ ਭਰ ਦਿਤੀਆਂ ਜੋ ਕਦੇ ਨਹੀਂ ਸੀ ਹੋ ਸਕਦੀਆਂ। ...ਮੈਂ
ਤੁਹਾਡੇ ਅੰਦਰ ਵਸਦੀ ਹਰ ਚੰਗਿਆਈ ਨੂੰ ਅਪੀਲ ਕਰਦੀ ਹਾਂ ਕਿ ਤੁਹਾਡੇ ਅੰਦਰਲੀ ਹਰ ਬੁਰਿਆਈ
ਨੂੰ ਖਤਮ ਕਰ ਦੇਵੇ ਜਿਹੜੀ ਕਿ ਤੁਹਾਨੂੰ ਹੋਰ ਮੁਸ਼ਕਲਾਂ ਵਲ ਨੂੰ ਲੈ ਕੇ ਜਾ ਰਹੀ ਹੈ।...
...ਆਪਣੀ ਵਧੀਆ ਦੋਸਤ ਬਾਰੇ ਸੋਚੋ, ਆਪਣੇ ਵੱਡੇ ਮੁੰਡੇ ਦੀ ਗੌਡਮਦਰ ਬਾਰੇ ਸੋਚੋ ਜਿਸ ਮੁੰਡੇ
ਦੇ ਨਾਂ ਵਿਚ ਮੇਰਾ ਨਾਂ ਜਮਾਂ ਹੈ। ...ਆਸ ਹੈ ਕਿ ਤੁਸੀਂ ਮੈਨੂੰ ਯਕੀਨ ਦਵਾ ਦੇਓਂਗੇ ਕਿ
ਮੈਨੂੰ ਮਿਲਣ ਵਾਲੀਆਂ ਰਿਪ੍ਰੋਟਾਂ ਗਲਤ ਹਨ। ...ਯਕੀਨ ਕਰਨਾ ਕਿ ਸਦਾ ਤੁਹਾਡੀ ਸੱਚੀ ਦੋਸਤ
ਹਾਂ, ਵਿਕਟੋਰੀਆ।’
ਮਹਾਂਰਾਣੀ ਦੀ ਚਿੱਠੀ ਨਾਲ ਮਹਾਂਰਾਜੇ ਨੂੰ ਕੁਝ ਕੁ ਤਸੱਲੀ ਵੀ ਹੋਈ ਤੇ ਇਸ ਚਿੱਠੀ ਦੇ ਦੇਰ
ਨਾਲ ਲਿਖਣ ਤੇ ਹਿਰਖ ਵੀ। ਉਸ ਨੂੰ ਇਹ ਚਿੱਠੀ 10 ਜੁਲਾਈ ਨੂੰ ਮਿਲੀ ਤੇ ਉਸੇ ਵਕਤ ਹੀ ਜਵਾਬ
ਦੇਣ ਬਹਿ ਗਿਆ।
‘ਯੋਅਰ ਮੈਜਿਸਟੀ, ਮੇਰੀ ਸ਼ਾਨੋ ਸ਼ੌਕਤ ਵਾਲੀ ਸਰਕਾਰ, ...ਇਹ ਵਾਕਿਆ ਹੀ ਦੁੱਖ ਵਾਲੀ ਗੱਲ
ਹੈ ਕਿ ਜਿਹੜੀਆਂ ਰਿਪ੍ਰੋਟਾਂ ਤੁਹਾਡੇ ਤਕ ਪੁਜੀਆਂ ਹਨ ਪਰ ਸੱਚੀਆਂ ਹਨ। ...ਮੇਰੇ ਕੋਲ ਕੋਈ
ਹੋਰ ਦਰ ਖੁਲ੍ਹਾ ਹੀ ਨਹੀਂ ਸੀ ਰਹਿ ਗਿਆ, ਜਾਂ ਤਾਂ ਹਿੰਦੁਸਤਾਨ ਦੀ ਸਰਕਾਰ ਵਲੋਂ ਵਾਰ ਵਾਰ
ਬੇਇਜ਼ਤੀ ਕਰਵਾਈ ਜਾਵਾਂ ਤੇ ਗੱਦਾਰ ਕਹਿਲਾਈ ਜਾਵਾਂ ਜਾਂ ਫਿਰ ਗੱਦਾਰ ਬਣ ਜਾਵਾਂ। ...ਇਸ
ਸੱਚ ਹੈ ਕਿ ਮੈਂ ਆਪਣੀਆਂ ਸੇਵਾਵਾਂ ਰੂਸ ਦੀ ਸਰਕਾਰ ਨੂੰ ਪੇਸ਼ ਕੀਤੀਆਂ ਹਨ ਪਰ ਹਾਲੇ ਤਕ
ਕੋਈ ਜਵਾਬ ਨਹੀਂ ਆਇਆ।... ਮੇਰੀ ਸਭ ਤੋਂ ਵਧ ਸ਼ਾਨੋ ਸ਼ੌਕਤ ਵਾਲੀ ਸਰਕਾਰ, ਮੈਂ ਆਪਣੇ
ਸਟਾਈਪੰਡ ਹੀ ਨਹੀਂ ਛੱਡੇ ਮੈਂ ਪੰਜਾਬ ਨੂੰ ਰਲਾਉਣ ਸਮੇਂ ਕੀਤੀ ਸੰਧੀ ਵੀ ਨਕਾਰ ਦਿਤੀ ਹੈ
ਜਿਹੜਾ ਕਿ ਮੇਰੇ ਬਚਪਨ ਵਿਚ ਲੌਰਡ ਡਲਹੌਜ਼ੀ ਵਲੋਂ ਹੋਇਆ ਬਹੁਤ ਵੱਡਾ ਧਰੋਹ ਸੀ।...
ਯੋਅਰ ਮੈਜਿਸਟੀ, ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਮੁਆਫੀ ਦੇ ਦੇਣੀ ਕਿ ਮੈਂ ਅਜਿਹਾ ਸਿੱਖ
ਹਾਂ ਜੋ ਟੁੱਟ ਤਾਂ ਸਕਦਾ ਹੈ ਪਰ ਝੁਕ ਨਹੀਂ ਸਕਦਾ, ਜਿੰਨਾ ਵੀ ਖਤਰਨਾਕ ਨਤੀਜਾ ਹੋਵੇਗਾ ਮੈਂ
ਭੁਗਤਣ ਲਈ ਤਿਆਰ ਹਾਂ।... ਪੂਰੇ ਸ਼ਾਨੋਸ਼ੌਕਤ ਵਾਲੀ ਸਰਕਾਰ, ਮੁਆਫੀ ਮੰਗਦੇ ਹੋਏ ਮੈਂ ਆਪਣੇ
ਦਿਲ ਦੀਆਂ ਕੁਝ ਗੱਲਾਂ ਕਹਿ ਰਿਹਾ ਹਾਂ, ...ਵਧੀਆ ਸਿਹਤ ਨਾ ਹੋਣ ਕਰਕੇ ਇਹ ਖਤ ਬੁਰੀ
ਤਰ੍ਹਾਂ ਲਿਖਿਆ ਗਿਆ ਹੈ। ...ਯੋਅਰ ਮੈਜਿਸਟੀ ਮੈਂ ਨਿਮਰਤਾ ਸਹਿਤ ਇਹ ਕਹਿਣ ਦੀ ਆਗਿਆ ਮੰਗਦਾ
ਹਾਂ ਕਿ ਮੈਂ ਆਪਣੇ ਆਪ ਨੂੰ ਤਹਾਡਾ ਇਕ ਨਿਮਰ, ਅਰਪਿਤ ਤੇ ਵਫਾਦਾਰ ਨੌਕਰ ਮੰਨਦਾ ਹਾਂ।
...ਦਲੀਪ ਸਿੰਘ।’
ਮਹਾਂਰਾਜੇ ਨੇ ਚਿੱਠੀ ਲਿਖੀ, ਮਹਾਂਰਾਣੀ ਨੂੰ ਭੇਜ ਕੇ ਇਕ ਦਮ ਅਲੋਪ ਹੋ ਗਿਆ। ਅਸਲ ਵਿਚ
ਮਹਾਂਰਾਜੇ ਦੀ ਪੈਰ ਪੈਰ ਦੀ ਖ਼ਬਰ ਅਖ਼ਬਾਰਾਂ ਵਿਚ ਛਪ ਰਹੀ ਸੀ। ਜ਼ਾਹਰ ਸੀ ਕਿ ਉਸ ਉਪਰ
ਨਿਗਾਹ ਰੱਖੀ ਜਾ ਰਹੀ ਸੀ। ਉਸ ਨੇ ਇਕ ਦਮ ਹੀ ਆਮ ਲੋਕਾਂ ਨੂੰ ਮਿਲਣਾ ਬੰਦ ਕਰ ਦਿਆ। ਜਦ
ਪਤਰਕਾਰ ਉਸ ਨੂੰ ਕਈ ਦਿਨ ਤਕ ਨਾ ਲੱਭ ਸਕੇ ਤਾਂ ਉਸ ਦੇ ਅਲੋਪ ਹੋਣ ਦੀਆਂ ਖ਼ਬਰਾਂ ਗਰਮ ਹੋ
ਗਈਆਂ। ਬ੍ਰਤਾਨਵੀ ਸਰਕਾਰ ਵੀ ਹੈਰਾਨ ਸੀ ਕਿ ਮਹਾਂਰਾਜਾ ਕਿਧਰ ਚਲੇ ਗਿਆ ਹੋਇਆ। ਇਹ ਵੀ
ਤੌਖਲਾ ਸੀ ਕਿ ਉਹ ਕਿਸੇ ਹੋਰ ਮੁਲਕ ਨਾਲ ਵੀ ਕੋਈ ਲੈਣ-ਦੇਣ ਕਰਨ ਦੀ ਕੋਸਿ਼ਸ਼ ਕਰ ਸਕਦਾ ਸੀ।
ਉਸ ਦੇ ਇਵੇਂ ਪਰਦੇ ਤੋਂ ਗਾਇਬ ਹੋ ਜਾਣ ਨੂੰ ਲੈ ਕੇ ਪੈਰਿਸ ਦੇ ਬ੍ਰਤਾਨਵੀ ਰਾਜਦੂਤ ਨੇ ਆਪਣੀ
ਮੰਗ ਇਕ ਵਾਰ ਫਿਰ ਦੁਹਰਾਈ ਕਿ ਮਹਾਂਰਾਜੇ ਦੀਆਂ ਸਰਗਰਮੀਆਂ ਉਪਰ ਨਜ਼ਰ ਰੱਖਣ ਲਈ ਜਾਸੂਸਾਂ
ਦੀ ਜ਼ਰੂਰਤ ਸੀ। ਫਿਰ ਪੈਰਿਸ ਦੀ ਹੀ ਇਕ ਅਖ਼ਬਾਰ ਨੇ ਲਿਖਿਆ ਕਿ ਮਹਾਂਰਾਜਾ ਹੈ ਤਾਂ ਪੈਰਿਸ
ਵਿਚ ਹੀ ਪਰ ਉਸ ਨੇ ਭੇਸ ਬਦਲ ਲਿਆ ਸੀ। ਕਈ ਲੋਕਾਂ ਨੇ ਮਹਾਂਰਾਜੇ ਦੇ ਬੈਂਕਰ ਤਕ ਵੀ ਉਸ ਦਾ
ਪਤਾ ਜਾਣਨ ਲਈ ਪਹੁੰਚ ਕੀਤੀ ਪਰ ਉਸ ਦੇ ਬੈਂਕਰ ਨੂੰ ਵੀ ਉਸ ਦੇ ਸਿਰਨਾਵੇਂ ਦਾ ਨਹੀਂ ਸੀ
ਪਤਾ। ਰਾਜਦੂਤ ਲੌਰਡ ਲਾਇਨਜ਼ ਇਸ ਲਈ ਫਿਕਰਵੰਦ ਹੋਇਆ ਪਿਆ ਸੀ। ਇਕ ਅਫਵਾਹ ਇਹ ਵੀ ਉਡਣ ਲਗੀ
ਕਿ ਮਹਾਂਰਾਜੇ ਨੇ ਮੂੰਹ-ਸਿਰ ਮਨਵਾ ਲਿਆ ਸੀ ਤੇ ਮੁੜ ਕੇ ਇਸਾਈ ਬਣ ਗਿਆ ਸੀ। ਇਵੇਂ ਅਫਵਾਹਾਂ
ਦਾ ਬਾਜ਼ਾਰ ਗਰਮ ਸੀ।
ਇੰਗਲੈਂਡ ਦੀ ਖਾਸਕਰ ਲੰਡਨ ਦੀ ਹਰ ਮਹਿਫਲ ਦਾ ਵਿਸ਼ਾ ਮਹਾਂਰਾਜਾ ਹੀ ਹੁੰਦਾ। ਵਿੰਡਸਰ ਕੈਸਲ
ਵਿਚ ਵੀ ਮਹਾਂਰਾਜੇ ਨੂੰ ਲੈ ਕੇ ਮਹੌਲ ਖਰਾਬ ਜਿਹਾ ਸੀ। 15ਜੁਲਾਈ ਨੂੰ ਮਹਾਂਰਾਣੀ ਨੇ ਆਪਣੇ
ਨੋਟ ਵਿਚ ਲਿਖਿਆ;
‘...ਹਰ ਮੈਜਿਸਟੀ ਮਹਾਂਰਾਜੇ ਦਾ ਅਜੀਬ ਜਿਹਾ ਖਤ ਪਾ ਕੇ ਬਹੁਤ ਉਦਾਸ ਹੋ ਗਈ, ਇਹ ਵਿਚਾਰਾ
ਤੇ ਕਮਲ਼ਾ ਮਹਾਂਰਾਜਾ ਕੀ ਕਰ ਰਿਹਾ ਸੀ, ਬਹੁਤ ਹੀ ਨਾ-ਉਮੀਦੀ ਵਾਲਾ ਸਭ ਕੁਝ...।’
ਮਹਾਂਰਾਣੀ ਹਰ ਵੇਲੇ ਮਹਾਂਰਾਜੇ ਬਾਰੇ ਹੀ ਸੋਚਦੀ ਰਹਿੰਦੀ ਤੇ ਮਸਲੇ ਦਾ ਹੱਲ ਲੱਭਣ ਦਾ ਯਤਨ
ਕਰਦੀ ਰਹਿੰਦੀ। ਇਹਨਾਂ ਦਿਨਾਂ ਵਿਚ ਹੀ ਬ੍ਰਤਾਨਵੀ ਸਿਆਸਤ ਵਿਚ ਅਜਿਹੀ ਹਿਲਜੁਲ ਸ਼ੁਰੂ ਹੋ
ਗਈ ਕਿ ਸਭ ਦਾ ਧਿਆਨ ਉਸ ਪਾਸੇ ਵਲ ਖਿਚਿਆ ਗਿਆ। ਲਿਬਰਲ ਪਾਰਟੀ ਦੀ ਸਰਕਾਰ ਡਿਗ ਪਈ। ਆਇਰਸ਼
ਹੋਮ ਰੂਲ ਨੂੰ ਲੈ ਕੇ ਗਲੈਡਸਟੋਨ ਦੀ ਸਰਕਾਰ ਨੂੰ ਅਸਤੀਫਾ ਦੇਣਾ ਪੈ ਗਿਆ। ਟੋਰੀ ਪਾਰਟੀ ਦਾ
ਲੌਰਡ ਸੇਲਜ਼ਬਰੀ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣ ਗਿਆ। ਇਸ ਨਵੀਂ ਭੱਜ-ਦੌੜ ਵਿਚ ਮਹਾਂਰਾਜਾ
ਸਭ ਨੂੰ ਵਿਸਰਿਆ ਰਿਹਾ ਜਿਵੇਂ ਕਿ ਮੇਲੇ ਵਿਚ ਚੱਕੀ ਰਾਹੇ ਨੂੰ ਕੌਣ ਪੁੱਛਦਾ ਹੈ। ਨਵਾਂ
ਪ੍ਰਧਾਨ ਮੰਤਰੀ ਲੌਰਡ ਸੇਲਜ਼ਬਰੀ ਤਾਂ ਪਹਿਲਾਂ ਹੀ ਮਹਾਂਰਾਜੇ ਦੇ ਖਿਲਾਫ ਜਾਂਦਾ ਸੀ ਸੋ ਉਸ
ਦੀ ਖਿਲਾਫਤ ਉਵੇਂ ਦੀ ਉਵੇਂ ਰਹੀ।
ਮਹਾਂਰਾਣੀ ਵਿਕਟੋਰੀਆ ਮਹਾਂਰਾਜੇ ਬਾਰੇ ਇਕ ਮਾਂ ਵਾਂਗ ਫਿਕਰ ਕਰਨ ਲਗਦੀ। ਉਸ ਨੂੰ ਦੁੱਖ ਸੀ
ਕਿ ਮਹਾਂਰਾਜਾ ਆਪਣੀ ਪਤਨੀ ਬਾਂਬਾ ਤੇ ਇਸਾਈ ਪਰਿਵਾਰ ਤੋਂ ਦੂਰ ਹੁੰਦਾ ਜਾ ਰਿਹਾ ਸੀ। ਉਸ
ਨੂੰ ਜਾਪਦਾ ਸੀ ਕਿ ਮਹਾਂਰਾਜੇ ਦੇ ਬੱਚੇ ਇਕ ਪਿਓ ਤੋਂ ਵਾਂਝੇ ਹੋ ਰਹੇ ਸਨ। ਪਰ ਮਹਾਂਰਾਜਾ
ਇਵੇਂ ਨਹੀਂ ਸੀ ਸੋਚਦਾ। ਉਹ ਇਸ ਵੇਲੇ ਪੈਰਿਸ ਵਿਚ ਬੈਠਾ ਨਵਿਆਂ ਚਾਵਾਂ ਤੇ ਉਮੀਦਾਂ ਨਾਲ
ਭਰਿਆ ਪਿਆ ਸੀ। ਕਦੇ ਕਦੇ ਉਹ ਆਪਣੇ ਆਪ ਨੂੰ ਇਕ ਫਕੀਰ ਵਾਂਗ ਸਮਝਣ ਲਗਦਾ ਜਿਵੇਂ ਉਹ ਇਸ
ਦੁਨੀਆਂ ਦਾ ਹਿੱਸਾ ਹੀ ਨਾ ਹੋਵੇ। ਕਦੇ ਸੋਚਦਾ ਕਿ ਅਸਲ ਜਿ਼ੰਦਗੀ ਦਾ ਸਫਰ ਤਾਂ ਹਾਲੇ ਸ਼ੁਰੂ
ਹੋਣਾ ਸੀ। ਉਹ ਆਪਣਾ ਸਾਰਾ ਧਿਆਨ ਆਪਣੇ ਦੁਸ਼ਮਣ ਵਿਚ ਕੇਂਦਰਤ ਰੱਖਣ ਦੀ ਕੋਸਿ਼ਸ਼ ਕਰਦਾ।
ਫਿਰ ਵੀ ਉਹ ਹਲਕੇ ਜਿਹੇ ਰੌਂਅ ਵਿਚ ਰਹਿੰਦਾ। ਸੁਚੇਤ ਤੌਰ ‘ਤੇ ਮਾਨਸਿਕ ਤੋਂ ਬਚਣ ਦੀ
ਕੋਸਿ਼ਸ਼ ਵਿਚ ਹੁੰਦਾ।
30 ਜੁਲਾਈ ਨੂੰ ਉਸ ਨੇ ਆਪਣੇ ਬਚਪਨ ਦੇ ਦੋਸਤ ਟੌਮੀ ਸਕੌਟ, ਜੋ ਕਿ ਹੁਣ ਹਿੰਦੁਸਤਾਨੀ ਫੌਜ
ਵਿਚ ਮੇਜਰ ਸੀ, ਨੂੰ ਮਜ਼ਾਹੀਆ ਜਿਹੇ ਲਹਿਜੇ ਵਿਚ ਚਿੱਠੀ ਲਿਖੀ;
‘...ਅਜਕੱਲ ਮੈਂ ਆਪਣੇ ਆਪ ਨੂੰ ਸਿੱਖ ਕੌਮ ਦਾ ਰਾਜਾ ਬਣਾ ਲਿਆ ਹੈ, ...ਕਿਵੇਂ ਦੋਸਤਾ,
ਜਾਪਦੀ ਕਿ ਨਹੀਂ ਬਹੁਤ ਵੱਡੀ ਗੱਲ! ...ਸਿੱਖ ਹੁੰਦੇ ਹੋਏ ਇਕ ਗੱਲ ਤੈਅ ਹੈ ਕਿ ਮੇਰੀ
ਹਿੰਦੁਸਤਾਨ ਦੀ ਸਰਕਾਰ ਨਾਲ ਲੜਾਈ ਹੋਵੇਗੀ, ਮੈਂ ਵਧ ਤੋਂ ਵਧ ਪੰਗਾ ਪਾਵਾਂਗਾ, ...ਪਸੰਦ
ਕਰੇਂਗਾ ਲੜਾਈ ਦੇ ਮੈਦਾਨ ਵਿਚ ਮਿਲਣਾ! ...ਪਰ ਮੈਂ ਜੇ ਕਦੇ ਮੇਰੇ ਨਾਲ ਤੇਰਾ ਸਾਹਮਣਾ ਹੋ
ਗਿਆ ਤਾਂ ਵਾਅਦਾ ਰਿਹਾ ਕਿ ਗੋਲ਼ੀ ਪਹਿਲਾਂ ਮੈਂ ਹੀ ਚਲਾਵਾਂਗਾ।’...
‘...ਪਿਆਰੇ ਟੌਮੀ, ਮੈਂ ਇਸਾਈ ਧਰਮ ਬਾਰੇ ਏਨੀਆਂ ਕਿਤਾਬਾ ਪੜ੍ਹ ਲਈਆਂ ਕਿ ਮੇਰਾ ਯਕੀਨ ਹਿੱਲ
ਗਿਆ, ...ਬਚਪਨ ਵਿਚ ਤਾਂ ਕੋਈ ਵੀ ਧਰਮ ਅਪਣਾ ਲਿਆ ਹੋਵੇ ਪਰ ਹੁਣ ਉਮਰ ਦੇ ਇਸ ਪੜਾਅ ‘ਤੇ
ਜਾਂ ਤਾਂ ਮੈਂ ਆਪਣੇ ਵਡੇਰਿਆਂ ਦੇ ਧਰਮ ਵਲ ਮੁੜਾਂ ਜਾਂ ਫਿਰ ਸਿੱਖ ਧਰਮ ‘ਤੇ ਇਕ ਧੱਬੇ ਦੇ
ਤੌਰ ‘ਤੇ ਮਰਾਂ।’...
(ਤਿਆਰੀ ਅਧੀਨ ਨਾਵਲ ‘ਆਪਣਾ’ ਵਿਚੋਂ)
-0-
|