Welcome to Seerat.ca
|
|
ਦੋ ਕਵਿਤਾਵਾਂ
- ਅਮਰਜੀਤ ਟਾਂਡਾ
|
(1)
ਕਦੇ 2 -
ਕਦੇ 2 ਉਦਾਸੀ ਨਾਲ ਗੱਲਾਂ ਕਰੀ ਦੀਆਂ
ਵਿਯੋਗ 'ਚ ਬੈਠ ਯਾਦਾਂ ਕੱਤੀ ਦੀਆਂ
ਸੋਚੀਦਾ ਕਿ
ਜੇ ਉਹ ਹੁੰਦੀ
ਦੁਨੀਆਂ ਵਸ ਜਾਣੀ ਸੀ-
ਅਰਸ਼ ਤੇ ਨੱਚਦੇ ਦੋਵੇਂ-
ਆਹ ਕਰਦੇ
ਔਹ ਕਰਦੇ
ਓਹਦੇ ਹੱਥਾਂ ਦੀ ਛੁਹ
ਨਾਲ ਅੰਬਰੀਂ ਕੰਪਨ ਉੱਗਦੀ
ਬੱਗੀਆਂ ਨਰਮ ਕਲਾਈਆਂ 'ਚ
ਵੰਗਾਂ ਦੀ ਛਣਕਾਰ ਗਾਉਂਦੀ
ਹਵਾਵਾਂ ਨੂੰ ਗੀਤ ਮਿਲਦੇ -
ਓਹਦੀਆਂ ਅੱਖਾਂ 'ਚੋਂ
ਵਿਲਕਦੇ ਇਸ਼ਾਰੇ ਸਿਰਜਦੇ
ਬੁੱਲਾਂ੍ਹ ਤੋਂ ਪਿਆਸ ਸਿੰਮਦੀ ਉੱਤਰਦੀ
ਇਕੱਲਤਾ 'ਚ ਰਿਮਝਿਮ ਬਣ ਵਰ੍ਹਦੀ
ਨਜ਼ਮ ਮੇਲਦੀ-
ਉਹ ਰੋਂਦੀ ਤਾਂ
ਰੁੱਖ ਪਰਬਤ ਰੋਂਦੇ
ਇੱਕ 2 ਹੰਝੂ
ਦਰਿਆ ਬਣ ਟੁਰਦਾ
ਸਾਗਰ ਬਣਦਾ-ਜਨਤ ਜ਼ਿੰਦ ਰੋਂਦੀ
ਓਹਦੇ ਹਾਸਿਆਂ 'ਚ
ਗੁਆਚਣ ਨੂੰ ਦਿਲ ਕਰਦਾ
ਓਹਦੇ ਖੁੱਲ੍ਹੇ ਵਾਲਾਂ 'ਚ
ਸੰਸਾਰ ਵਸ ਜਾਂਦਾ-
ਗੁਆਚ ਜਾਂਦਾ ਸੀ -ਦਿਨ ਰਾਤ
ਓਹਦੇ ਨਾਲ ਬਿਤਾਇਆ ਹਰ ਪਲ
ਸਵਰਗ ਸਿਰਜਦਾ-
ਹਰ ਸ਼ਾਮ ਜਗਦੀ-
ਓਹਦੇ ਵਿਯੋਗ ਨਾਲ ਮੁਲਾਕਾਤ ਹੁੰਦੀ-
ਦੋ ਪਲ ਓਹਦੀ ਗੋਦ 'ਚ ਪਿਘਲਦੇ
ਕਦੇ ਮੁਹੱਬਤ ਰੋਂਦੀ
ਕਦੇ ਵਿਯੋਗ ਚ ਗੀਤ ਤਰਸਦਾ-
(2)
ਮੈਂ ਨਹੀਂ ਸੀ ਕਾਲੀਆਂ ਰਾਤਾਂ ਮੰਗੀਆਂ
ਮੈਂ ਨਹੀਂ ਸੀ ਕਾਲੀਆਂ ਰਾਤਾਂ ਮੰਗੀਆਂ
ਤੂੰ ਕਿਉਂ ਮਾਵਾਂ ਪੁੱਤਾਂ ਉਡੀਕੀਂ ਟੰਗੀਆਂ
ਸੂਰਜ ਬਲਦਾ ਫਿਰਦਾ ਸੀ ਪਿੰਡ ਇੱਕ
ਰਿਸ਼ਮਾਂ ਓਹਦੀਆਂ ਸਨ ਖ਼ੂਨ 'ਚ ਰੰਗੀਆਂ
ਲਿਖਾਂ ਕਿੱਦਾਂ ਗੀਤ ਭੈਣ ਦੇ ਚਾ ਵਰਗਾ
ਤੈਂ ਫ਼ਤਵੇ ਦੇ ਕਲਮਾਂ ਸੂਲੀ ਟੰਗੀਆਂ
ਖਬਰੇ ਇਹਨਾਂ ਦੀ ਕਦ ਮੁੱਕੇਗੀ ਪਿਆਸ
ਤੁਰੀਆਂ ਫਿਰਨ ਰੋਜ਼ ਤਲਵਾਰਾਂ ਨੰਗੀਆਂ
ਰਾਤ ਇੱਕ ਸੁਣਿਆ ਮੈਂ ਗੀਤ ਰੁੱਖ ਦਾ
ਸੁਰਾਂ ਸਨ ਉਸ ਗੀਤ ਦੀਆਂ ਵੈਰੰਗੀਆਂ
ਬਿਨ ਡੁੱਬਿਆਂ ਨਾ ਗੀਤ ਝਨਾਂ੍ਹ ਚੋਂ ਲੱਭਦੇ
ਤਾਂਹੀ ਤਰਜ਼ਾਂ ਡੁੱਬੀਆਂ ਤੈਥੋਂ ਚੰਗੀਆਂ
ਕਫ਼ਨ ਵੀ ਨਾ ਜੁੜਨ ਏਥੇ ਜਿਸਮਾਂ ਨੂੰ
ਸਾੜ੍ਹਨ ਮੇਰੀਆਂ ਨਜ਼ਮਾਂ ਕਫ਼ਨੋਂ ਨੰਗੀਆਂ
ਵੈਣ ਸੁਣੇ ਨਾ ਜਾਣ ਨਦੀ ਦੀਆਂ ਲਹਿਰਾਂ ਦੇ
ਖਬਰੇ ਇਹਨਾਂ ਦੀਆਂ ਹਿੱਕਾਂ ਵਿਚ ਕੀ ਤੰਗੀਆਂ
ਤੇਰੇ ਦਰੀਂ ਕੀ ਦੇਖਾਂ ਦੀਵੇ ਜਗਦੇ
ਮੇਰੇ ਪਿੰਡੋਂ ਲਾਸ਼ਾਂ ਰਾਤੀਂ ਲੰਘੀਆਂ
-0- |
|