Welcome to Seerat.ca
Welcome to Seerat.ca

ਮੋਈ ਪਤਨੀ ਦਾ ਸਾਮਾਨ

 

- ਉਂਕਾਰਪ੍ਰੀਤ

ਸ਼ਰਧਾਂਜਲੀ ਲੇਖ/ਬਹੁ-ਬਿਧ ਪ੍ਰਤਿਭਾ ਦਾ ਝਲਕਾਰਾ: ਜਗਜੀਤ ਸਿੰਘ ਆਨੰਦ

 

- ਵਰਿਆਮ ਸਿੰਘ ਸੰਧੂ

ਦੋ ਗਜ਼ਲਾਂ

 

- ਮੁਸ਼ਤਾਕ

ਚਾਰ ਗਜ਼ਲਾਂ

 

- ਗੁਰਨਾਮ ਢਿੱਲੋ

ਸਵੈਜੀਵਨੀ (ਭਾਗ-2) ਦਾ ਅਖ਼ਰੀ ਤੋਂ ਪਹਿਲਾ ਕਾਂਡ / 'ਫ਼ਾਦਰ' ਟਰੀਸਾ!

 

- ਇਕਬਾਲ ਰਾਮੂਵਾਲੀਆ

ਮੇਰੀਆਂ ਦੋ ਕਹਾਣੀਆਂ ਦੇ ਬੀਜ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਪੈਰਿਸ ਦਾ ਪਾਣੀ

 

- ਹਰਜੀਤ ਅਟਵਾਲ

ਜਦੋਂ ਨਿੱਕੇ ਹੁੰਦੇ ਸਾਂ

 

- ਗੁਰਮੁਖ ਸਿੰਘ ਮੁਸਾਫਰ

ਟੋਕਰੀ ਦੇ ਸੇਬ

 

- ਪਿਆਰਾ ਸਿੰਘ ਭੋਗਲ

ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!

 

- ਹਰਨੇਕ ਸਿੰਘ ਘੜੂੰਆਂ

ਹੁੰਦਾ ਨਈਂ ਨਿਆਂ

 

- ਅਮੀਨ ਮਲਿਕ

ਸ਼ੁਕਰ ਐ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਲਾਹੌਰ ਦਿੱਸਿਐ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਪਹੁਤਾ ਪਾਂਧੀ (ਟੂ)

 

- ਰਿਸ਼ੀ ਗੁਲਾਟੀ

ਕਾਮਰੇਡ ਗੁਰਦਿਆਲ ਸਿੰਘ ਡਾਲ਼ਾ

 

- ਸੁਦਾਗਰ ਬਰਾੜ ਲੰਡੇ

ਸਮਾਜਿਕ ਵੰਡੀਆਂ ਲਈ ਯੋਗ ਨੂੰ ਬਣਾਇਆ ਜਾ ਰਿਹਾ ਹੈ ਮਾਧਿਅਮ

 

- ਹਰਜਿੰਦਰ ਗੁੱਲਪੁਰ

ਦੋ ਕਵਿਤਾਵਾਂ

 

- ਅਮਰਜੀਤ ਟਾਂਡਾ

ਕਵਿਤਾ / ਪਿਆਰ ਦਾ ਸਫ਼ਰ

 

- ਸੁਖਵਿੰਦਰ ਕੌਰ 'ਹਰਿਆਓ'

ਕਦੇ ਵਿਰਸਾ ਵੀ ਮਰਿਆ ਜਿੰਨਾ ਚਿਰ ਬਾਪੂ ਵਰਗੇ ਜਿਉਂਦੇ ਆ।

 

- ਕਰਨ ਬਰਾੜ

ਬੂਟਾ ਸਿੰਘ ਰਫਿਊਜੀ

 

- ਬਾਜਵਾ ਸੁਖਵਿੰਦਰ

ਟੈਕਸੀਨਾਮਾ

 

- ਬਿਕਰਮਜੀਤ ਸਿੰਘ ਮੱਟਰਾਂ

ਬਾਬਾ ਬਖਤੌਰ ਸਿੰਓਂ ਦੀ ਸੱਥ ਤੋਂ...

 

- ਕਮਲਜੀਤ ਮਾਂਗਟ

 

 


ਬੂਟਾ ਸਿੰਘ ਰਫਿਊਜੀ

- ਬਾਜਵਾ ਸੁਖਵਿੰਦਰ
 

 

ਸ਼ਾਮ ਦਾ ਵੇਲਾ ਏ, ਸੰਘਣੇ ਕਾਲੇ ਬੱਦਲਾਂ 'ਚੋ ਫੂਰ ਪੈ ਰਹੀ ਏ ਧਰਤੀ 'ਤੇ । ਡਿਓੜ੍ਹੀ 'ਚ ਦੋ ਸਾਣੀਆ ਮੰਜੀਆਂ ਡਾਹੀਆਂ ਹੋਈਆਂ ਨੇ , ਇੱਕ ਮੰਜੀ 'ਤੇ ਬੂਟਾ ਸਿੰਘ ਬੈਠਾ ਕਿਸੇ ਡੂੰਘੀ ਸੋਚੇ ਡੁੱਬਿਆ | ਬੂਟਾ ਸਿੰਘ ਦਾ ਪਹਿਰਾਵਾ ਅਸਲ ਪੰਜਾਬੀ ਚਿੱਟੇ ਰੰਗ ਦਾ ਕੁੜਤਾ, ਬਦਾਮੀ ਰੰਗ ਦੀ ਚਾਦਰ, ਸਿਰ 'ਤੇ ਚਿੱਟਾ ਪਰਨਾ ਬੰਨਿਆਂ ਰੋਹਬਦਾਰ ਦਿੱਖ ਪਰ ਮੱਥੇ ਸੋਚਾਂ ਦੀਆਂ ਲਕੀਰਾਂ । ਗੁਰਮੁਖ ਸਿੰਘ ਡੰਗਰਾ ਵਾਲੀ ਹਵੇਲੀ 'ਚੋ ਦੁੱਧ ਵਾਲੀ ਡਰੰਮੀ ਲੈ ਡਿਓੜ੍ਹੀ ਵੜਦਾ ਹੋਇਆ ਬੂਟਾ ਸਿੰਘ ਨੂੰ ਆਖਦਾ ਹੈ, " ਚਾਚਾ ਲਗਦਾ ਕਰਾਏਗਾ ਅੱਜ ਜਲ ਥਲ, ਲੈ ਇਹੋ ਬਚੀ ਆ ਇਹਦਾ ਵੀ ਭੋਗ ਪੈ ਜਾਣਾ ਅੱਜ ।" ਗੁਰਮੁਖ ਸਿੰਘ ਡੱਬ 'ਚ ਲਾਈ ਘਰ ਦੀ ਕੱਢੀ ਸ਼ਰਾਬ ਦੀ ਬੋਤਲ ਬੂਟਾ ਸਿੰਘ ਅੱਗੇ ਆ ਰੱਖਦਾ । ਦੁੱਧ ਦੀ ਡਰੰਮੀ ਚੌਕੇ ਦੀ ਬੰਨੀ 'ਤੇ ਰੱਖ, ਇੱਕ ਕੌਲੀ 'ਚ ਅਚਾਰ, ਦੋ ਗਲਾਸ ਤੇ ਪਾਣੀ ਦੀ ਗੜਵੀ ਬੂਟਾ ਸਿੰਘ ਅੱਗੇ ਧਰ ਆਪ ਦੂਜੀ ਮੰਜੀ 'ਤੇ ਬਹਿ ਜਾਂਦਾ । ਬੂਟਾ ਸਿੰਘ ਹੂੰ ਹਾਂ ਨਹੀਂ ਕਰਦਾ ਗੁਰਮੁਖ ਸਿੰਘ ਬਾਂਹ ਤੋਂ ਹਿਲਾ ਕਹਿੰਦਾ, " ਚਾਚਾ ਕਿੱਥੇ ਗਵਾਚਾ ਫਿਰਦਾ ?"
" ਗਵਾਚਣਾਂ ਕਿੱਥੇ ਆ, ਬੱਸ ਗਵਾਚਿਆ ਹੀ ਲੱਭੀ ਜਾਨਾਂ । ਨਿਆਣੀ ਉਮਰ ਹੀ ਚੰਗੀ ਸੀ ਬਸ਼ੀਰਿਆ , ਜਦੋਂ ਵਰ੍ਹਦੇ ਮੀਂਹ 'ਚ ਭਿੱਜਣਾ ਚਿਕਨੀ ਮਿੱਟੀ 'ਤੇ ਜਾਣ ਜਾਣ ਤਿਲਕਣਾ ਹੱਸਣਾ ਨੱਚਣਾ । ਦਾਦੀ ਦੀ ਗੋਦ , ਮਾਂ ਦੀ ਬੁੱਕਲ ਦਾ ਨਿੱਘ ਮਾਨਣਾ । ਸਿਆਲੀ ਸ਼ਾਮਾਂ ਤੇ ਉਹ ਸਾਂਝੇ ਚੁੱਲ੍ਹੇ ਦੁਆਲੇ ਬਹਿ ਪਿਉ, ਚਾਚਿਆ ਦੀਆਂ ਸਲਾਹਾਂ ...। ਨਿੰਮ ਥੱਲੇ ਚਰਖਾ ਕੱਤਦੀ ਦਾਦੀ ਕੋਲ ਜਾ ਬਹਿਣਾ, ਕਦੇ ਆਪ ਹੀ ਚਰਖਾ ਕੱਤਣ ਲੱਗ ਜਾਣਾ , ਜਾਣ-ਜਾਣ ਦਾਦੀ ਤੋਂ ਮਿੱਠੀਆਂ ਝਿੜਕਾਂ ਲੈਣੀਆਂ ।" ਬੂਟਾ ਸਿੰਘ ਬੋਤਲ ਦੇ ਗਲ 'ਚੋ ਫਸਿਆ ਤੁੱਕਾ ਕੱਢ ਦੋ ਪੈੱਗ ਪਾਉਂਦਾ ਹੈ । ਦੋਵੇਂ ਜਣਿਆ ਇੱਕੋ ਘੁੱਟ ਕੀਤਾ । ਬਸ਼ੀਰ ਭਾਵੇਂ ਹੁਣ ਲੋਕਾਂ ਲਈ ਗੁਰਮੁਖ ਸਿੰਘ ਸੀ । ਪਰ ਬੂਟਾ ਸਿੰਘ ਬਸ਼ੀਰ ਹੀ ਸੱਦਦਾ ਪੀਤੀ ਦੇ ਸਰੂਰ 'ਚ ਬਸ਼ੀਰ ਸਿਹਾ ਆਖ ਬਲਾਉਦਾ ।
" ਬਸ਼ੀਰਿਆ ਜਦੋਂ ਵੀ ਅੰਬਰੋਂ ਤਾਰਾ ਟੁੱਟਦਾ ਉਦੋਂ ਖੱਪਾ ਕਿਉਂ ਨਹੀਂ ਨਜ਼ਰੀਂ ਪੈਦਾ ? ਰੋਜ ਇੱਕੋ ਸੁਖਨਾਂ ਜਿਵੇਂ ਮੈਂ ਲਹੂ ਨਾਲ ਲਿੱਬੜਿਆ ਹੋਵਾਂ , ਪੈਰਾਂ 'ਚ ਰਿੜ੍ਹਦੇ ਸਿਰ ਤੇ ਮੈਂ ਠੁੱਡੇ ਖਾਂਦਾ ਡਿਗਦਾ ਉੱਠਦਾ | ਲਾਸ਼ਾ ਦੇ ਢੇਰ 'ਚੋ ਆਪਣਿਆਂ ਦੀਆਂ ਲਾਸ਼ਾ ਲੱਭਦਾ ਫਿਰਦਾ । ਆਪਣਿਆਂ ਦੀਆਂ ..... ਨਈ ਮੈਂ ਤਾਂ ਦਿਲਾਵਰ ਨੂੰ ਲੱਭਦਾ.....। ਤ੍ਰਭਕ ਕੇ ਉੱਠਦਾ ਮੁੜ੍ਹਕੇ ਨਾਲ ਸਾਰਾ ਸਰੀਰ ਗੱਚ ਹੋ ਜਾਂਦਾ । ਚੀਕ ਸੰਗ 'ਚ ਦੱਬ ਕੇ ਰਹਿ ਜਾਂਦੀ ਏ ਜਿਵੇਂ ਕਿਸੇ ਸੰਗੀਓ ਫੜਿਆ ਹੋਵੇ । ਐਸੇ ਘਰੋਂ ਬੇਘਰ ਹੋਏ ਅੱਜ ਤਾਈ ਰਫ਼ਿਊਜੀ ਆ......ਭਾਵੇਂ ਕੋਠੀਆਂ ਭਰੀਆਂ ।" ਦੋਵੇਂ ਕੁਝ ਦੇਰ ਕੁਝ ਨਾ ਬੋਲੇ । ਚੁੱਪ ਨੂੰ ਤੋੜਦਿਆਂ ਗੁਰਮੁਖ ਸਿੰਘ ਨੇ ਵਿਹੜੇ ਦੀ ਬੰਨੀ 'ਤੇ ਬੈਠੇ ਸੁਖਜੀਤ ਨੂੰ ਅਵਾਜ ਮਾਰੀ, "ਜੀਤ ਵੇਖ ਦਾਲ ਬਣੀ ਏ ਕਿ ਨਹੀਂ ।" ਸੁਖਜੀਤ ਦਾਲ ਦੀ ਕੌਲੀ ਮੰਜੀ 'ਤੇ ਰੱਖ ਬਿਨਾਂ ਕੁਝ ਬੋਲਿਆ ਤੁਰ ਗਿਆ । " ਹੈ ਵੀ ਬਸ਼ੀਰਿਆ ਕਹਿੰਦੇ ਆ ਬਈ ਮੂਲ ਨਾਲੋਂ ਵਿਆਜ ਜਿਆਦਾ ਪਿਆਰਾ ਹੁੰਦਾ, ਜੇ ਮੂਲ ਹੀ ਡੁੱਬ ਜਾਏ.....। ਸਾਰੇ ਹੀ ਅਧਵਾਟੇ ਛੱਡ ਤੁਰੇ ਪਹਿਲਾ ਦਿਲਾਵਰ ਫੇਰ ਹਰਨੇਕ......।" ਬੂਟਾ ਸਿੰਘ ਦਾ ਗੱਚ ਭਰ ਆਇਆ । ਬੋਤਲ ਵੀ ਉਣੀ ਹੋ ਗਈ ਸੀ।
" ਵੇ ਗੁਰਮੁਖਾ ।" ਬਿਸ਼ਨ ਕੌਰ ਨੇ ਅਵਾਜ ਮਾਰੀ । " ਆਇਆ,ਚਾਚੀ ।" ਗੁਰਮੁਖ ਸਿੰਘ ਕਾਹਲੇ ਕਦਮੀਂ ਚੌਕੇ ਕੋਲ ਪਹੁੰਚ ਗਿਆ । " ਵੇ ਚਾਚੇ ਨੂੰ ਆਖ ਰੋਟੀ ਖਾ ਲਓ , ਠੰਡੀ ਦਾ ਕੀ ਸਵਾਦ ਭਲਾ ।" " ਅੱਛਾ ਚਾਚੀ ।" ਗੁਰਮੁਖ ਸਿੰਘ ਕਾਹਲੇ ਕਦਮੀਂ ਹੀ ਵਾਪਸ ਆ ਗਿਆ । " ਲੈ ਵੀ ਚਾਚਾ ਇੱਕ ਹਾੜਾ ਹੋਰ ਤੇ ਰੋਟੀ ਖਾਈਏ ।" " ਤੂੰ ਵੀ ਪਤੰਦਰਾ ਚਾਚੀ ਦਾ ਭਗਤ ਏ ।" ਬੂਟਾ ਸਿੰਘ ਨੇ ਖਚਰਾਂ ਹਾਸਾ ਹੱਸਦਿਆਂ ਆਖਿਆ । " ਲੈ ਹੁਣ ਤਾਂ ਡਿੱਗਣ ਦੀ ਕਸਰ ਏ..।" ਗੁਰਮੁਖ ਸਿੰਘ ਨੇ ਕੰਨ ਖੁਰਕਦਿਆਂ ਕਿਹਾ । " ਲਿਆਓ ਜੀਤ ਪੁੱਤ ਰੋਟੀ ਲਿਆਓ ।" ਬੂਟਾ ਸਿੰਘ ਦੀ ਜੁਬਾਨ ਥਿੜਕਣ ਲੱਗ ਪਈ ਸੀ । ਰੋਟੀ ਖਾ ਦੋਵੇਂ ਜਣੇ ਡਿਓੜ੍ਹੀ 'ਚ ਹੀ ਲੰਮੇ ਪੈ ਗਏ । ਹਵਾ ਫਰਨ ਫਰਨ ਵਗ ਰਹੀ ਸੀ ਤੇ ਮੀਂਹ ਵੀ ਜੋਰਾਂ 'ਤੇ ਸੀ । ਬੂਟਾ ਸਿੰਘ ਤੇ ਗੁਰਮੁਖ ਸਿੰਘ ਦੋਵੇਂ ਜਣੇ ਗੱਲਾਂ ਕਰਦੇ ਕਰਦੇ ਪਤਾ ਨਹੀਂ ਕਦੋਂ ਸੌ ਗਏ । ਅੱਧੀ ਕੁ ਰਾਤੀਂ ਬੂਟਾ ਸਿੰਘ ਬੁੜਬੁੜਾਉਣ ਲੱਗਾ । .ਅੱਜ ਫਿਰ ਦੱਬਾ ਪਿਆ ਸੀ । ਗੁਰਮੁਖ ਸਿੰਘ ਦੀ ਅੱਖ ਖੁੱਲ੍ਹ ਗਈ । " ਚਾਚਾ...ਚਾਚਾ...।" ਅਵਾਜ ਜਿਵੇਂ ਉਹਦੇ ਕੰਨਾਂ ਤੱਕ ਪਹੁੰਚੀ ਹੀ ਨਾਂਹ ਹੋਵੇ । ਗੁਰਮੁਖ ਸਿੰਘ ਨੇ ਬਾਂਹ ਤੋਂ ਫੜ ਹਲੂਣਾ ਦਿੱਤਾ | " ਚਾਚਾ....।" " ਹੂੰ....।" ਬੂਟਾ ਸਿੰਘ ਇੱਕ ਦਮ ਤ੍ਰਭਕ ਕੇ ਉੱਠਿਆ । " ਬਸ਼ੀਰਿਆ, ਜਿਹੜੇ ਮਿੱਟੀ 'ਚ ਮਿੱਟੀ ਹੋ ਗਏ, ਅਜੇ ਤਾਈ ਸੌਣ ਨਈ ਦਿੰਦੇ । ਫੇਰ ਓਹੀ ਸੁਖਨਾਂ ਜਿਵੇਂ ਮੈਂ ਲਹੂ ਨਾਲ ਲਿੱਬੜਿਆ ਹੋਵਾਂ , ਪੈਰਾਂ 'ਚ ਰਿੜ੍ਹਦੇ ਸਿਰ ਤੇ ਮੈਂ ਠੁੱਡੇ ਖਾਂਦਾ ਡਿਗਦਾ ਉੱਠਦਾ | ਲਾਸ਼ਾਂ ਦੇ ਢੇਰ 'ਚੋ ਆਪਣਿਆਂ ਦੀਆਂ ਲਾਸ਼ਾ ਲੱਭਦਾ ਫਿਰਦਾ । ਆਪਣਿਆਂ ਦੀਆਂ ......ਨਈ ਮੈਂ ਤਾਂ ਦਿਲਾਵਰ ਨੂੰ ਲੱਭਦਾ.....। ਬੂਟਾ ਸਿੰਘ ਮੱਥੇ ਤੋਂ ਤ੍ਰੇਲੀ ਪੂੰਝ ਫਿਰ ਮੰਜੀ ਤੇ ਲੰਮਾ ਪੈ ਗਿਆ । ਤੜਕਸਾਰ ਚਾਹ ਪੀ ਬੂਟਾ ਸਿੰਘ ਕੁਝ ਲੱਭਦਾ ਫਿਰਦਾ ਵੱਡੇ ਅੰਦਰ, ਬੈਠਕ 'ਚ ਤੇ ਕਦੇ ਵਿਹੜੇ 'ਚ ਡਾਹੀਆਂ ਮੰਜੀਆਂ ਹੇਠ । " ਕੀ ਲੱਭਦੇ ਜੇ ਖੂੰਡਾ ? ਰਹਿਣ ਦੇਵੋ ਗੇੜਾ ਲਾਉਣ ਨੂੰ ਗੁਰਮੁਖ ਗਿਆ ਪੈਲੀ 'ਚ ਗੇੜਾ ਮਾਰਨ । ਰਾਤੀਂ ਅੰਨ੍ਹਾ ਮੀਂਹ ਵਰ੍ਹਿਆ | ਸਾਰੇ ਪਾਸੇ ਤਿਲਕਣ ਹੋਈ ਪਈ ਏ, ਅੈਵੇ ਸੱਟ-ਫੇਟ ਨਾਂਹ ਮਰਾਇਓ । ਲਓ ਉਹ ਆ ਗਿਆ ਜੇ ਗੁਰਮੁਖ । " ਬਿਸ਼ਨ ਕੌਰ ਨੇ ਗੁਰਮੁਖ ਸਿੰਘ ਵੱਲ ਇਸ਼ਾਰਾ ਕਰ ਕਿਹਾ, ਸਾਹਮਣੇ ਗੁਰਮੁਖ ਸਿੰਘ ਤੁਰਿਆ ਆਉਂਦਾ । " ਲੈ ਵੀ ਚਾਚਾ ਰਾਤੀਂ ਤਾਂ ਡੋਲ ਟੱਪ ਹੋ ਗਈ | ਪ੍ਰਮਾਤਮਾ ਨੇ ਪਾਣੀਓ-ਪਾਣੀ ਕਰਤਾ ਸਾਰੇ ਕਿੱਲਿਆਂ 'ਚ | ਝੋਨਾ ਮੱਛਰਿਆ ਫਿਰਦਾ ।" " ਬਸ਼ੀਰਿਆ, ਮੇਰਾ ਵੀ ਮਨ ਕਰਦਾ ਸੀ ਵੀ ਜਾ ਹੀ ਆਵਾ ।" " ਕੋਈ ਨਾ ਚਾਚਾ ਸ਼ਾਮ ਢਲੀ ਚੱਲਦੇ ਆ ।" " ਵੇ ਗੁਰਮੁਖ ਚਾਚੇ ਨੂੰ ਕਹਿ ਸ਼ਾਮ ਢਲੀ ਗੁਰਦਵਾਰੇ ਵੀ ਜਾ ਆਇਆ ਕਰੇ ਕਦੇ । ਸੋਹ ਹੀ ਪਾ ਛੱਡੀ ਏ ਕਿ ਗੁਰੂ ਘਰ ਤਾਂ ਜਾਣਾ ਹੀ ਨਹੀਂ । ਜਮੀਨ ਠੇਕੇ ਦਿੱਤੀ ਆ ਪਰ ਜਾਣਾ ਰੋਜ ਏ ਪੈਲੀਆ 'ਚ । ਮੀਂਹ ਕਣੀ 'ਚ ਵੀ ਟਿਕ ਕੇ ਨਹੀਂ ਬਹਿਆ ਜਾਂਦਾ ।" ਬਿਸ਼ਨ ਕੌਰ ਗੁੱਸੇ ਭਰੇ ਬੋਲ ਬੋਲਦੀ ਏ ਬੂਟਾ ਸਿੰਘ ਨੂੰ ਪਰ ਬੂਟਾ ਸਿੰਘ ਅੱਗੋਂ ਹੱਸ ਛੱਡਦਾ ਤੇ ਗੁਰਮੁਖ ਸਿੰਘ ਮੋਢੇ 'ਤੇ ਪਰਨਾ ਸੁੱਟ ਹੱਸਦਾ-ਹੱਸਦਾ ਘਰੋਂ ਬਾਹਰ ਨਿਕਲ ਜਾਂਦਾ । ਬੂਟਾ ਸਿੰਘ ਨੇ ਜਿੰਦਗੀ 'ਚ ਅੱਜ ਤੀਕ ਕੋਈ ਮੰਦਾ ਬੋਲ ਨਈ ਸੀ ਬੋਲਿਆ ਬਿਸ਼ਨ ਕੌਰ ਨੂੰ । ਦੋਵੇਂ ਇੱਕ ਦੂਜੇ ਦਾ ਸਹਾਰਾ ਬਣੇ ਸੰਨ ਸੰਤਾਲੀ 'ਚ ਵੰਡ ਦੇ ਦੁਖਾਂਤ ਵੇਲੇ ਜਦੋਂ ਘਰ ਬਾਰ ਛੱਡ ਇੱਧਰ ਆ ਮੁਰੱਬਿਆਂ ਦੇ ਮਾਲਕ ਇੱਕ ਮੁੱਠੀ ਆਟੇ ਲਈ ਤਰਸਦੇ ਰਹੇ । ਬਿਸ਼ਨ ਕੌਰ ਨੂੰ ਸੋਚਾਂ 'ਚ ਡੁੱਬੀ ਵੇਖ ਬੂਟਾ ਸਿੰਘ ਕਹਿਣ ਲੱਗਾ, " ਐਤਕੀਂ ਆਪਾ ਜਮੀਨ ਠੇਕੇ ਤੇ ਨਈ ਦੇਣੀ, ਆਪ ਹੀ ਵਾਹੀ ਜੋਤੀ ਕਰਾਂਗੇ । ਸੁਖਜੀਤ ਪੜ੍ਹਨ 'ਚ ਤਾਂ ਇਹੋ ਜਿਹਾ ਹੀ ਆ ਪਰ ਖੇਤੀ ਕਰਨ ਦਾ ਬੜਾ ਚਾਅ ਏ ਉਸਨੂੰ । ਹਾੜ੍ਹੀ-ਸਾਉਣੀ ਪੜ੍ਹਾਈ ਵਿੱਚੇ ਛੱਡ ਮੁਰੀਦ ਕੇ ਭੱਜ ਜਾਂਦਾ ਆਪਣੇ ਫੁੱਫੜ ਕੋਲ ਅਖੇ ਮੈਂ ਪੈਲੀ ਵਾਹੁਣੀ ਸਿੱਖਣੀ ਏ । ਵਾਹੀ ਜੋਤੀ ਦਾ ਭਲਾ ਕੀ ਸਿੱਖਣਾ ਇਹ ਤਾਂ ਜੱਟ ਦੇ ਖੂਨ 'ਚ ਹੁੰਦੀ ਏ, ਭਲਾ ਬੰਦਾ ਇਹ ਕੀਕਣ ਭੁੱਲ ਸਕਦਾ । ਆਪਣਾ ਸੁਖਜੀਤ ਪਰਨਾ ਬੰਨ੍ਹਦਾ ਤਾਂ ਲੱਗਦਾ ਵੀ ਨਿਰਾ ਹਰਨੇਕ...।" ਬੂਟਾ ਸਿੰਘ ਨੇ ਗੱਲ ਪੂਰੀ ਵੀ ਨਾਂਹ ਕੀਤੀ ਕਿ ਬਿਸ਼ਨ ਕੌਰ ਭੁੱਬਾਂ ਮਾਰ ਰੋਣ ਲੱਗੀ । ਆਪਣੇ ਪੁੱਤਰ ਹਰਨੇਕ ਦੀ ਬੇਵਕਤੀ ਮੌਤ ਨਾਲ ਅੰਦਰੇ ਟੁੱਟ ਚੁੱਕੇ ਬੂਟਾ ਸਿੰਘ ਤੇ ਬਿਸ਼ਨ ਕੌਰ ਅੰਦਰੋ-ਅੰਦਰੀ ਗਿੱਲੀ ਲੱਕੜ ਵਾਂਗ ਧੁਖਦੇ ਰਹਿੰਦੇ । ਬੂਟਾ ਸਿੰਘ ਆਪਣਾ ਆਪ ਸੰਭਾਲਦਾ ਬਿਸ਼ਨ ਕੌਰ ਨੂੰ ਹੌਂਸਲਾ ਦਿੰਦਾ ।
ਬਿਸ਼ਨ ਕੌਰ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦੀ ਆਖਦੀ ਏ, " ਖਰੇ ਕਿਹੋ ਜਿਹੇ ਕਰਮ ਲਿਖਾਂ ਕੇ ਲਿਆਇਆ......| ਹਰਨੇਕ ਨੂੰ ਹਰ ਘੜੀ ਚਿੰਤਾ 'ਚ ਵੇਖ ਦਿਲ ਨੂੰ ਹੌਲ ਜਿਹੇ ਪੈਂਦੇ ਰਹਿਣੇ । ਬਾਰਾਂ ਸਾਲ ਹੋ ਗਏ ਸੀ ਹਰਨੇਕ ਨੂੰ ਵਿਆਹੇ ਹੋਏ, ਪਰ.....।" ਬਿਸ਼ਨ ਕੌਰ ਨੇ ਲੰਮਾ ਹਉਕਾ ਭਰਿਆ । " ਮੂੰਹੋਂ ਭਾਵੇਂ ਕੁਝ ਨਈ ਸੀ ਬੋਲਦਾ ਮੇਰਾ ਹਰਨੇਕ ਪਰ ਅੰਦਰੋ-ਅੰਦਰੀ ਧੁਖਦਾ ਰਹਿੰਦਾ । ਆਪਣੇ ਆਪ 'ਤੇ ਝੂਰਦਾ ਰਹਿੰਦਾ । ਜਦੋਂ ਕਦੇ ਬਹੁਤੀ ਪੀ ਲੈਣੀ ਤਾਂ ਮੇਰੀ ਗੋਦੀ ਸਿਰ ਰੱਖ ਰੋਣ ਲੱਗ ਜਾਣਾ, ਮੈਂ ਤੇ ਦਲਬੀਰ ਨੇ ਵੀ ਰੋਣਾ ।" ਇਹੋ ਆਖਣਾ ਹਰਨੇਕ ਨੇ, " ਜੇ ਕਿਤੇ ਰੱਬ ਮਿਲੇ ਢਾਹ ਕੇ ਕੁੱਟਾਂ ,ਢਿੱਡੀ ਮੁੱਕੀਆਂ ਮਾਰਾ । ਰੱਬ.... ਪਤਾ ਨਈ ਰਹਿੰਦਾ ਕਿੱਥੇ ਆ ।" " ਨਿਆਣੇ ਨੂੰ ਵਰਾਉਣ ਦੇ ਤਾਂ ਸੋ ਤਰੀਕੇ ਹੁੰਦੇ ਨੇ । ਹਰਨੇਕ ਨੂੰ ਕਿੰਝ ਸਮਝਾਉਂਦੇ । ਕਈ ਵਾਰੀ ਤਾਂ ਮੇਰੀ ਗੋਦੀ 'ਚ ਰੋਂਦਾ ਰੋਂਦਾ ਹੀ ਸੌ ਜਾਂਦਾ ।" ਬੂਟਾ ਸਿੰਘ ਨੇ ਇਹ ਗੱਲਾਂ ਪਹਿਲਾ ਹੀ ਭਾਵੇਂ ਕਈ ਵਾਰ ਸੁਣੀਆਂ ਸੀ ਬਿਸ਼ਨ ਕੌਰ ਦੇ ਮੂੰਹੋਂ । ਪਰ ਕਦੇ ਵੀ ਉਸਨੇ ਬਿਸ਼ਨ ਕੌਰ ਨੂੰ ਨਹੀਂ ਸੀ ਟੋਕਿਆ ਕਿ ਹਰ ਰੋਜ ਉਹੀ ਗੱਲਾਂ । ਬਿਸ਼ਨ ਕੌਰ ਚੁੰਨੀ ਦੇ ਲੜ ਨਾਲ ਅੱਖਾਂ ਪੂੰਝ ਆਖਣ ਲੱਗੀ, "ਰੱਬ ਵੀ ਸਾਡੇ ਨਾਲ ਰੁੱਸ ਪਿੱਠ ਕਰੀ ਬੈਠਾ ਰਿਹਾ । ਨੱਕ ਰਗੜ ਰਗੜ ਮੱਥੇ ਟੇਕ ਟੇਕ ਮੱਥੇ ਦੀਆਂ ਲੀਕਾਂ ਵੀ ਮਿਟਾ ਲਈਆਂ । ਸਾਡੇ ਲਈ ਤਾਂ ਜਿਵੇਂ ਰੱਬ ਹੈ ਈ ਨਈ ਸੀ ।" ਥੋੜ੍ਹੀ ਦੇਰ ਚੁੱਪ ਰਹਿਣ ਮਗਰੋਂ ਬਿਸ਼ਨ ਕੌਰ ਗਿੱਲੀਆਂ ਅੱਖਾਂ ਪੂੰਝਦੀ , " ਮੇਰੇ ਹੀ ਸਬਰ ਦਾ ਬੰਨ੍ਹ ਟੁੱਟ ਗਿਆ ਸੀ । ਰੱਬ ਦੇ ਘਰ ਦੇਰ ਏ ਹਨੇਰ ਨਈ । ਸੱਚੇ ਸਤਿਗੁਰ ਦੀਆਂ ਮਿਹਰਾਂ ਸਦਕੇ ਚੌਦਾ ਸਾਲੀ ਦਲਬੀਰ ਮਾਂ ਬਣੀ, ਉਹ ਵੀ ਜੁੜਵੇਂ ਪੁੱਤਰਾ ਦੀ । ਹਰਨੇਕ ਬਾਹਰ ਪੈਲੀਆ 'ਚ ਕਣਕ ਬੀਜਦਾ ਸੀ । ਜਦੋਂ ਤੁਸੀਂ ਜਾ ਕੇ ਦੱਸਿਆ ਤਵਾਨੂੰ ਤਾਂ ਉਸਨੇ ਮੋਢਿਆਂ ਤੇ ਹੀ ਚੁੱਕ ਲਿਆ । ਕਿੰਨੇ ਦਿਨ ਤਵਾਡੇ ਤੋਂ ਸੰਗਦਾ ਰਿਹਾ ।" ਦੋਵਾਂ ਦੀਆਂ ਅੱਖਾਂ ਵਿੱਚ ਹੰਝੂ ਤੇ ਬੁੱਲ੍ਹਾ ਤੇ ਹਾਸਾ ਸੀ । " ਮੇਰੇ ਤੋਂ ਪਤਾ ਨਈ ਕਿਉਂ ਸੰਗਦਾ ਸੀ ? ਮੇਰਾ ਵੀ ਦਿਲ ਕਰਦਾ ਸੀ ਕੇ ਮੇਰਾ ਪੁੱਤ ਮੈਨੂੰ ਘੁੱਟ ਕੇ ਜੱਫੀ ਪਾਵੇ । ਦੋਵੇਂ ਕੱਠੇ ਬਹਿ ਕੇ ਪੀਏ । ਉਂਝ ਭਾਵੇਂ ਮੈਂ ਉਸਨੂੰ ਪੀਣੋਂ ਰੋਕਦਾ ਦਿਨੋ-ਦਿਨ ਮਾੜਚੂ ਜਿਹਾ ਹੋਈ ਜਾਂਦਾ ਸੀ । ਔਲਾਦ ਨਾ ਹੋਣ ਦਾ ਦੁੱਖ ਅੰਦਰੋ-ਅੰਦਰੀ ਖੋਖਲਾ ਕਰੀ ਜਾਂਦਾ ਸੀ ਉਸਨੂੰ । ਜਦੋਂ ਤਰਸ ਤਰਸ ਕੇ ਪੋਤਰੇ ਮਿਲੇ ਤਾਂ ਮੇਰਾ ਵੀ ਦਿਲ ਕੀਤਾ ਕੇ ਅੱਜ ਯਾਰਾ ਦੀ ਤਰਾ ਖੁਸ਼ੀ ਸਾਂਝੀ ਕਰੀਏ । ਦੋਵੇਂ ਕੱਠੇ ਬਹਿ ਪੀਏ । ਪਰ ਉਹ ਮੇਰੇ ਤੋਂ ਝਕਦਾ ਰਹਿੰਦਾ । ਮੈਨੂੰ ਚੰਗਾ ਵੀ ਲੱਗਦਾ ਸੀ ਬਿਸ਼ਨ ਕੋਰੇ ਕਿ ਪਿਉ ਦੇ ਬਰਾਬਰ ਨਈ ਬਹਿੰਦਾ । ਸਭ ਬੀਤੇ ਦੀਆਂ ਗੱਲਾਂ ਹੋ ਗਈਆਂ ।" ਬੂਟਾ ਸਿੰਘ ਨੇ ਲੰਮਾ ਹਉਕਾ ਭਰਿਆ । " ਹਰਨੇਕ ਦੇ ਤਾਂ ਧਰਤੀ ਪੈਰ ਨਈ ਸੀ ਲੱਗਦੇ । ਅੱਧੀ ਰਾਤ ਤਾਈਂ ਯਾਰਾ ਨਾਲ ਬਹਿ ਪੀਂਦਾ ਰਿਹਾ । ਘਰ ਆਇਆ ਤਾਂ ਮੈਨੂੰ ਘੁੱਟ ਗਲਵੱਕੜੀ 'ਚ ਲੈ ਆਖਣ ਲੱਗਾ, " ਬੀਬੀ ! ਬੇਬੇ ਬਣ ਗਈ ਬੇਬੇ !! ਬੀਬੀ ਉਹ ਵੇਖ ਕਿੰਨੇ ਤਾਰੇ ਜਿਵੇਂ ਸਾਰੇ ਤਾਰੇ ਨੱਚਦੇ ਹੋਣ । ਹੁਣ ਪੈਲੀਅਾਂ 'ਚ ਜਾਨਾਂ ਬੀਬੀ ਤਾਂ ਅੈਵੇ ਲੱਗਦਾ ਜਿਵੇਂ ਹਵਾ ਸੰਗ ਸਾਰੀ ਫਸਲ ਨੱਚਦੀ ਹੋਵੇ ।ਪੱਤਿਆਂ ਦਾ ਸੰਗੀਤ ਸੁਣ ਕੁਦਰਤ ਮੰਤਰ ਮੁਗਧ ਹੋਈ ਜਾਪਦੀ ਏ ਬੀਬੀ ! ਮੈਂ ਜਿਵੇਂ ਕਿਸੇ ਹੋਰ ਹੀ ਦੁਨੀਆਂ 'ਚ ਹੋਵਾਂ !! " " ਕਿੰਨਾ ਖੁਸ਼ ਸੀ ਹਰਨੇਕ । ਲੱਗਦਾ ਹੀ ਨਈ ਸੀ ਕੇ ਇਹ ਉਹੀ ਹਰਨੇਕ ਏ ਜੋ ਸੋਚਾਂ 'ਚ ਡੁੱਬਿਆ ਰਹਿੰਦਾ ਸੀ ।" ਇਹ ਆਖ ਬਿਸ਼ਨ ਕੌਰ ਦੀਆਂ ਅੱਖਾਂ 'ਚੋ ਹੰਝੂ ਵਹਿ ਤੁਰੇ । " ਇੱਕ ਦਿਨ ਮੈਂ ਸੁੱਤਾ ਸਾਂ ਕਿ ਮੇਰੀ ਮੰਜੀ ਦੀ ਪੈਂਦੇ ਆ ਬੈਠਾ । ਪਤਾ ਨਈ ਕਿੰਨੀ ਕੁ ਰਾਤ ਬੀਤੀ ਸੀ । ਮੈਂ ਉੱਠ ਕੇ ਕੰਧ ਦਾ ਆਸਰਾ ਲੈ ਬਹਿ ਗਿਆ । ਕੁਝ ਜਿਆਦਾ ਹੀ ਪੀਤੀ ਲੱਗਦੀ ਸੀ ਹਰਨੇਕ ਨੇ । ਮੇਰੇ ਪੈਰ ਫੜ ਆਖਣ ਲੱਗਾ, " ਹੁਣ ਨਈ ਮਰਦਾ ਤੇਰਾ ਪੁੱਤ, ਚਾਚਾ ! ਰੱਬ ਨੇ ਮੈਨੂੰ ਦੋ ਬਾਹਵਾਂ ਹੀ ਨਈ ਦੋ ਥੰਮ੍ਹ ਦਿੱਤੇ ਨੇ । ਹੁਣ ਮੇਰੀ ਜਿੰਦਗੀ ਦਾ ਮਹਿਲ ਕਦੇ ਨਈ ਢਹਿਣਾ । ਮੈਂ ਤੇਰਾ ਇੱਕ ਪੁੱਤ ਸਾਂ ਚਾਚਾ, ਮੇਰੇ ਦੋ ਪੁੱਤਰ ਮੇਰੀਆਂ ਦੋ ਬਾਹਵਾ ਨੇ ਮੇਰੀ ਜਿੰਦਗੀ ਦੇ ਮਹਿਲ ਦੇ ਦੋ ਥੰਮ੍ਹ ਨੇ ਥੰਮ੍ਹ । ਮੈਨੂੰ ਕਲਾਵੇ ਭਰ ਕਿੰਨਾ ਚਿਰ ਰੋਂਦਾ ਰਿਹਾ । ਦੁੱਖ ਕਦੇ ਨਈ ਸੀ ਵੰਡਿਆ ਮੇਰੇ ਪੁੱਤ ਨੇ ਮੇਰੇ ਨਾਲ ਖੁਸ਼ੀ ਵੰਡੀ ਸਿਰਫ ਖੁਸ਼ੀ । ਕਿੰਨਾ ਖੁਸ਼ ਸਾਂ ਮੈਂ । ਮੈਂ ਵੀ ਹਰਨੇਕ ਨੂੰ ਘੁੱਟ ਕੇ ਗਲ ਨਾਲ ਲਾ ਲਿਆ । ਮੇਰੇ ਨਾਲ ਹੀ ਮੰਜੀ ਤੇ ਲੰਮਾ ਪੈ ਗਿਆ । ਜਿਵੇਂ ਨਿੱਕਾ ਜਿਹਾ ਜਵਾਕ ਹੋਵੇ । ਸੱਚ ਜਾਣੀ ਬਿਸ਼ਨ ਕੋਰੇ ਉਦੋਂ ਹਰਨੇਕ ਨਿੱਕਾ ਜਿਹਾ ਨੇਕ ਲੱਗਾ ਜਿਹੜਾ ਮੇਰੇ ਨਾਲ ਸੌਣ ਦੀ ਹੀ ਜਿੰਦ ਕਰਦਾ । ਬੇਹੋਸ਼ੀ ਜਿਹੀ ਦੀ ਹਾਲਤ 'ਚ ਇੱਕੋ ਗੱਲ ਬੁੜਬੁੜਾਉਂਦਾ ਰਿਹਾ, " ਹੁਣ ਨਈ ਮਰਦਾ ਜੱਟ...ਹੁਣ ਨਈ ਮਰਦਾ ਜੱਟ......। " ਬਿਸ਼ਨ ਕੌਰ ਇਹ ਸੁਣ ਮੂੰਹ 'ਤੇ ਚੁੰਨੀ ਰੱਖੀ ਵੱਡੇ ਅੰਦਰ ਚਲੀ ਗਈ । ਬੂਟਾ ਸਿੰਘ ਜਾਣਦਾ ਸੀ ਕਿ ਅੱਜ ਫਿਰ ਹਰਨੇਕ ਦੀ ਮਾਂ ਹਰਨੇਕ ਨੂੰ ਯਾਦ ਕਰ ਰੱਜ ਕੇ ਰੋਏਗੀ,ਖਪੇਗੀ । ਪਰ ਬੂਟਾ ਸਿੰਘ ਅੰਦਰ ਜਾਣ ਦੀ ਬਜਾਏ ਡਿਓੜ੍ਹੀ ਵਿੱਚ ਡਾਹੀ ਮੰਜੀ ਤੇ ਜਾ ਲੰਮਾ ਪਿਆ । ਸਵੇਰ ਤੋਂ ਦੁਪਹਿਰ ਹੋ ਗਈ । ਬੂਟਾ ਸਿੰਘ ਭੁੱਲ ਗਿਆ ਕਿ ਅੱਜ ਬਹੁਤ ਮੀਂਹ ਵਰ੍ਹਿਆ ਤੇ ਉਸ ਨੇ ਬਿਸ਼ਨ ਕੌਰ ਤੋਂ ਚੋਰੀ ਖੇਤਾਂ ਵਿੱਚ ਗੇੜਾ ਮਾਰਨ ਜਾਣਾ ਸੀ । ਉਹ ਸੋਚਾਂ ਦੀਆਂ ਘੁੰਮਣ ਘੇਰੀਆਂ 'ਚ ਗੋਤੇ ਖਾਂਦਾ ਸਾਣੀ ਮੰਜੀ ਤੇ ਹੀ ਸੌ ਗਿਆ । ਤਿੰਨ ਮਹੀਨੇ ਦੇ ਸਨ ਸੁਖਜੀਤ ਤੇ ਹਰਮੀਤ ਜਦੋਂ ਹਰਨੇਕ ਦਿਲ ਦਾ ਦੋਰਾ ਪੈਣ ਨਾਲ ਇਸ ਜਹਾਨ ਨੂੰ ਸਦਾ ਲਈ ਅਲਵਿਦਾ ਆਖ ਗਿਆ । ਸਮਾਂ ਆਪਣੀ ਚਾਲੇ ਚਲਦਾ ਰਿਹਾ । ਸੁਖਜੀਤ ਤੇ ਹਰਮੀਤ ਉੱਚੇ-ਲੰਮੇ ਹਰਨੇਕ ਦੇ ਕੱਦ-ਕਾਠ 'ਤੇ ਗਏ । ਬੂਟਾ ਸਿੰਘ ਜਦੋਂ ਕਦੇ ਆਪਣੇ ਪੋਤਰਿਆਂ ਸੰਗ ਪੈਲੀਅਾਂ ਨੂੰ ਜਾਂਦਾ ਤਾਂ ਸੁਖਜੀਤ ਤੇ ਹਰਮੀਤ ਬੂਟਾ ਸਿੰਘ ਦੇ ਸੱਜੇ-ਖੱਬੇ ਹੁੰਦੇ । ਬੂਟਾ ਸਿੰਘ ਮਹਿਸੂਸ ਕਰਦਾ ਕਿ ਉਹਦੀ ਜਿੰਦਗੀ ਦਾ ਮਹਿਲ ਵਿਰਾਨ ਖੰਡਰ ਨਹੀਂ ਹੋ ਸਕਦਾ ਕਿਉਂ ਕਿ ਹਰਨੇਕ ਦੇ ਇਹ ਦੋ ਥੰਮ੍ਹ ਮੇਰੇ ਨਾਲ ਹਨ । ਹਰਨੇਕ ਦੇ ਗੁਜਰ ਜਾਣ ਤੋਂ ਬਾਅਦ ਤਾਂ ਬੂਟਾ ਸਿੰਘ ਨੂੰ ਜਾਪਦਾ ਜਿਵੇਂ ਧਰਤੀ ਪੁੱਠੀ ਹੋ ਗਈ ਹੋਵੇ । ਕਈ ਮਹੀਨੇ ਉਹ ਘਰੋਂ ਬਾਹਰ ਨਾ ਨਿਕਲਿਆ । ਡੰਗਰ ਗੁਰਮੁਖ ਸਿੰਘ ਸਾਂਭਦਾ ਅਤੇ ਜਮੀਨ ਠੇਕੇ ਤੇ ਦੇ ਦਿੱਤੀ । ਪਰ ਐਤਕੀਂ ਜਮੀਨ ਠੇਕੇ ਤੇ ਲੈਣ ਆਏ ਲੰਬੜਦਾਰ ਧਰਮ ਸਿੰਘ ਨੂੰ ਬੂਟਾ ਸਿੰਘ ਨੇ ਇਹ ਆਖ ਜਵਾਬ ਦੇ ਦਿੱਤਾ , " ਐਤਕੀਂ ਧਰਮ ਸਿਹਾ ਅਸੀ ਆਪ ਹੀ ਵਾਹੁਣੀ ਏ ਪੈਲੀ ।"
ਸਤਾਰਾਂ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਸੀ ਜਮੀਨ ਠੇਕੇ 'ਤੇ ਦਿੱਤੀ ਨੂੰ । ਬੱਸ ਇਕ ਕਿੱਲਾ ਹੀ ਰੱਖਿਆ ਹੋਇਆ ਸੀ ਵਾਹੀ ਜੋਤੀ ਲਈ । ਅੱਧਾ ਕਿੱਲਾ ਪੱਠੇ-ਦੱਥੇ ਲਈ ਅਤੇ ਅੱਧਾ ਕਿੱਲਾ ਦਾਣੇ-ਫੱਕੇ ਲਈ । ਜਿਸ ਨੂੰ ਲੰਬੜਦਾਰ ਧਰਮ ਸਿੰਘ ਹੋਰੀਂ ਹੀ ਵਾਹ ਬੀਜ ਛੱਡਦੇ । ਪਹਿਲਾ ਜਦੋਂ ਵੀ ਬੂਟਾ ਸਿੰਘ ਪੈਲੀ 'ਚ ਗੇੜਾ ਮਾਰਨ ਆਉਂਦਾ ਤਾਂ ਫਸਲਾਂ ਭਾਵੇਂ ਭਰ ਜੋਬਨ 'ਤੇ ਹੁੰਦੀਆਂ ਪਰ ਉਸਨੂੰ ਫਸਲਾਂ 'ਤੇ ਮੋਹ ਨਾ ਆਉਂਦਾ । ਓਪਰੀਆ-ਓਪਰੀਆ ਜਾਪਦੀਆਂ । ਇਹ ਉਹ ਫਸਲਾਂ ਨਈ ਸੀ ਜਿਹਨਾਂ ਨੂੰ ਹਰਨੇਕ ਆਪਣੇ ਖੂਨ ਪਸੀਨੇ ਨਾਲ ਸਿੰਜਦਾ ਸੀ। ਫਸਲਾਂ ਨੂੰ ਵੀ ਆਪਣੇ ਮਾਲਕ 'ਤੇ ਮੋਹ ਆਉਂਦਾ , ਪਰ ਬੂਟਾ ਸਿੰਘ ਨੂੰ ਇਹ ਨਿਰਮੋਹੀਆ ਜਾਪਦੀਆਂ । ਤੁਰਦੇ ਤੁਰਦੇ ਤਿੰਨੇ ਜਣੇ ਪੈਲੀ 'ਚ ਪਹੁੰਚ ਗਏ । ਮੋਟਰ ਵਾਲੇ ਕੋਠੇ ਦੇ ਖੱਬੇ ਪਾਸੇ ਦੋ ਅਮਰੂਦ ਦੇ ਬੂਟੇ ਤੇ ਇੱਕ ਨਿੰਬੂ ਦਾ ਬੂਟਾ ਹਵਾ ਸੰਗ ਝੂਲ ਰਹੇ ਸੀ । ਬੋਰ ਦੇ ਪਾਣੀ ਦੀ ਚਬੱਚੇ 'ਚ ਡਿੱਗਣ ਦੀ ਅਵਾਜ ਹੀ ਬੂਟਾ ਸਿੰਘ ਨੂੰ ਅਨੰਦ ਨਾਲ ਭਰ ਦਿੰਦੀ । ਪਾਣੀ ਖਾਲ 'ਚ ਸ਼ਾਂਤ ਵਗਦਾ ਕਿਸੇ ਮੰਤਰ ਦਾ ਜਾਪ ਕਰਦਾ ਖਾਲੀ ਵਾਹਣ ਧਰਤੀ 'ਤੇ ਵਿਛਦਾ ਜਾ ਰਿਹਾ ਸੀ । ਬੂਟਾ ਸਿੰਘ ਕਾਦਰ ਦੀ ਕੁਦਰਤ ਤੋਂ ਵਾਰੇ ਵਾਰੇ ਜਾਂਦਾ । ਉੱਡਦੇ ਪਰਿੰਦਿਆਂ ਸੰਗ ਬੂਟਾ ਸਿੰਘ ਆਪ ਉੱਡ ਰਿਹਾ ਸੀ । ਪਰਿੰਦਿਆਂ ਨੂੰ ਉਹ ਦਿਲੋਂ ਪਿਆਰ ਕਰਦਾ । ਬੂਟਾ ਸਿੰਘ ਦਾ ਦਿਲ ਕਰਦਾ ਕਿ ਪਰਿੰਦਾ ਬਣ ਉੱਡਦਾ ਉੱਡਦਾ ਹੱਦਾਂ ਸਰਹੱਦਾਂ ਤੋਂ ਪਾਰ ਆਪਣੇ ਪਿੰਡ ਪੰਜਾਸੀ ਚੱਕ ਪਹੁੰਚ ਜਾਵਾ । ਪਿੰਡ ਦੀ ਰੌਣਕ ਵਗਦੀ ਕੱਚੀ ਨਹਿਰ ਦੇ ਪਾਣੀ 'ਚੋ ਚੁੰਝ ਭਰਾਂ ਤੇ ਇਸ ਖਾਲ 'ਚ ਵਗਦੇ ਪਾਣੀ 'ਚ ਰਲਾਂ ਦੇਵਾਂ । ਕਦੇ ਉਹਦਾ ਦਿਲ ਕਰਦਾ ਹਵਾ ਦਾ ਬੁੱਲਾ ਬਣ ਆਪਣੇ ਸੁਫਨਿਆਂ ਦੇ ਘਰ ਜਾ ਪਹੁੰਚੇ। ਆਪਣੀ ਪੈਲੀਆ 'ਚ ਖੂਹ ਦੇ ਆਲੇ-ਦੁਆਲੇ ਉੱਗੇ ਰੁੱਖਾ ਦਿਆਂ ਪੱਤਿਆਂ ਨੂੰ ਜਾ ਚੁੰਮੇ । ਉਹਨਾਂ ਰੁੱਖਾ 'ਚੋ ਇੱਕ ਰੁੱਖ ਉਹ ਵੀ ਹੈ ਜੋ ਉਸਦੇ ਬਾਪੂ ਚੇਤ ਸਿੰਘ ਤੇ ਉਸਨੇ ਰਲ ਮਿਲ ਲਾਇਆ ਸੀ।
" ਲੈ ਵੀ ਚਾਚਾ, ਪਨੀਰੀ ਲਈ ਤਾਂ ਪੈਲੀ ਵਾਹ ਗਿਆ ਲੰਬੜਾਂ ਦਾ ਧੰਨਾ ।" ਗੁਰਮੁਖ ਸਿੰਘ ਦੀ ਅਵਾਜ ਬੂਟਾ ਸਿੰਘ ਦੇ ਕੰਨਾ ਤੱਕ ਪਹੁੰਚੀ ਹੀ ਨਾਂਹ । ਗੁਰਮੁਖ ਸਿੰਘ ਨੇ ਮੋਢੇ ਤੋਂ ਫੜ ਹਿਲਾਇਆ ਤਾਂ ਬੂਟਾ ਸਿੰਘ ਦਾ ਮੂੰਹ ਉਤਰ ਗਿਆ । ਜਿਵੇਂ ਕੋਈ ਕੀਮਤੀ ਚੀਜ ਉਹਦੇ ਹੱਥਾ 'ਚੋ ਡਿੱਗ ਚਕਨਾ ਚੂਰ ਹੋ ਗਈ ਹੋਵੇ । " ਕੀ ਕਿਹਨਾਂ ? " " ਮੈਂ ਕਿਹਾ ਵੀ ਧੰਨਾ ਆਪਣੀ ਪੈਲੀ ਵਾਹਣ ਆਇਆ ਸੀ । ਮੈਂ ਉਹਨੂੰ ਕਿਹਾ ਵੀ ਸਾਡੀ ਪੈਲੀ ਵੀ ਵਾਹ ਦੇ ਅਸੀਂ ਪਨੀਰੀ ਬੀਜਣੀ ਏ । ਵਿਚਾਰੇ ਨੇ ਨਾਂਹ ਨਈ ਕੀਤੀ ਵਾਹ ਕੇ ਸਵਾਗਾ ਵੀ ਮਾਰ ਗਿਆ ।" " ਚੱਲੋ ,ਚੰਗਾ ਹੋਇਆ ।" ਇਹ ਆਖ ਬੂਟਾ ਸਿੰਘ ਆਪਣੇ ਮਨ ਸੰਗ ਗੱਲਾਂ ਕਰਦਾ," ਕਮਾਲ ਏ ਟਰੈੱਕਟਰ ਚੱਲਣ ਦੀ ਅਵਾਜ ਵੀ ਨਹੀਂ ਸੁਣੀ । ਕਿੱਥੇ ਗਵਾਚ ਗਿਆ ਸਾਂ ਮੈਂ ? ਮੈਂ ਵੀ ਕੀ ਸੋਚਦਾ ਰਹਿਨਾਂ, ਨਿਆਣਿਆਂ ਦੀ ਤਰਾ ।" ਬੂਟਾ ਸਿੰਘ ਆਪਣੇ ਆਪ 'ਤੇ ਹੱਸਿਆ | ਜੇਠ ਦਾ ਮਹੀਨਾ ਸੀ । ਗੋਲ ਸੰਧੂਰੀ ਡੁੱਬਦਾ ਸੂਰਜ ਗਵਾਹ ਸੀ ਆਉਣ ਵਾਲੇ ਨਵੇਂ ਸਵੇਰੇ ਨਵੇਂ ਕੱਲ੍ਹ ਦਾ । ਕੋਠਿਆਂ ਦੀਆਂ ਛਤਾ 'ਤੇ ਮੰਜੀਆਂ ਡਾਹੀ ਸੁੱਤੇ ਲੋਕ । ਬੂਟਾ ਸਿੰਘ ਦੀ ਮੰਜੀ ਜਿਵੇਂ ਪੁੱਠੀ ਹੁੰਦੀ ਜਾ ਰਹੀ ਏ । ਬੂਟਾ ਸਿੰਘ ਮੰਜੀ ਦੀ ਹੀਅ ਨੂੰ ਘੁੱਟ ਕੇ ਹੱਥ ਪਾ ਲੈਂਦਾ । ਥੱਲੇ ਡਿੱਗਣੋਂ ਮਸਾਂ ਬਚਦਾ , "ਦਿਲਾਵਰਾ ਤੂੰ ! " " ਸੁੱਤਾ ਰਹਿ ਲੰਮੀਆਂ ਤਾਣ ਜੱਟਾ ! ਵਿਆਹ ਕੇ ਨਈ ਲਿਆਉਣੀ ਸਾਡੀ ਭਾਬੀ ?" ਇਹ ਆਖਦਿਆਂ ਦਿਲਾਵਰ ਦੇ ਮੂੰਹ ਤੇ ਖਚਰਾ ਹਾਸਾ ਸੀ । " ਲਿਆਵਾਂਗੇ ਗੱਜ-ਵੱਜ ਕੇ ਢੋਲ-ਢਮੱਕੇ ਨਾਲ ਦਿਨ ਤੇ ਆਉਣ ਦੇ ।" ਬੂਟਾ ਸਿੰਘ ਹੱਸ ਕੇ ਆਖਦਾ ਹੈ । " ਬਰਾਤੀ ਦਾਣਾ-ਫੱਕਾ ਸਾਂਭਣ ਦੇ ਫਿਕਰਾ 'ਚ ਸੌਦੇ ਨਈ ਤੇ ਲਾੜਾ ਘੋੜੇ ਵੇਚ ਕੇ ਸੁੱਤਾ ਜੇ ।" " ਤੂੰ ਹੈ ਈ ਏ ਦਾਣਾ ਫੱਕਾ ਸਾਂਭਣ ਨੂੰ... ।" ਬੂਟਾ ਸਿੰਘ ਦਿਲਾਵਰ ਦੀ ਵੱਖੀ 'ਚ ਉਗਲ ਚੋਭ ਆਖਦਾ । " ਚੱਲ,ਚੱਲੀਏ ।" ਦਿਲਾਵਰ, ਬੂਟਾ ਸਿੰਘ ਨੂੰ ਬਾਂਹ ਤੋਂ ਫੜ ਉਠਾਉਂਦਿਆਂ ਆਖਦਾ । " ਕਿੱਥੇ ?" " ਵਾਢੀ ਕਰਨ ਕਣਕ ਨਈ ਵੱਢਣੀ ?" " ਹੁਣੇ ਹੀ ਤਾਂ ਅੱਖ ਲੱਗੀ ਏ ।" " ਲੱਗੀ ਵਾਲੇ ਅੱਖ ਨਈ ਲਾਉਂਦੇ ਸੱਜਣਾ ।" ਦਿਲਾਵਰ ਹੱਸ ਕੇ ਆਖਦਾ । " ਜੇ ਕਿਤੇ ਮਿਲਦੀ ਅੱਖ ਲੱਗਦੀ, ਅਜੇ ਤਾਂ ਬੁਝਾਰਤ ਹੀ ਏ ਯਾਰਾ ! " " ਮਨ 'ਚ ਤਾਂ ਮੂਰਤਾਂ ਉੱਸਰਦਾ ਢਾਹੁੰਦਾ ਰਹਿਨਾ । ਠੋਡੀ 'ਚ ਡੂੰਘ,ਮੱਥੇ ਚੰਨ,ਸਰ੍ਹੋਂ ਦੇ ਕੱਦ ਦੀ, ਉਤਲੇ ਬੁੱਲ੍ਹ ਦੇ ਖੱਬੇ ਪਾਸੇ ਤਿਲ, ਪੂਰਨਮਾਸੀ ਦਾ ਚੰਨ ।" " ਬੱਸ ਕਰ ਮਰਾਸੀਆ, ਜੱਟ ਤਾਂ ਸਿੱਧੀ-ਸਾਦੀ ਜੱਟੀ ਭਾਲਦਾ ।" " ਭਲਾ ਕਿੰਨੇ ਕੁ ਦਿਨ ਚੁੰਨੀ ਦੇ ਬੱਦਲ ਓਹਲੇ ਲੁਕੋ ਕੇ ਰੱਖੇਗਾ ਪੂਰਨਮਾਸੀ ਦੇ ਚੰਨ ਨੂੰ । ਛੜਿਆ ਨੇ ਤਾਂ ਇੱਕ ਨਾ ਇੱਕ ਦਿਨ ਦਰਸ਼ਨ ਕਰ ਹੀ ਲੈਣੇ ਨੇ ਜੱਟਾ..।" ਦਿਲਾਵਰ ਦੀ ਇਹ ਗੱਲ ਸੁਣ ਬੂਟੇ ਦਾ ਅੰਦਰ ਧੰਨ ਧੰਨ ਹੋ ਗਿਆ । " ਤਾਇਆ ਨਰੈਣਾ, ਆਪ ਤਾਂ ਛੜਾ ਪਰ ਸਾਡੇ ਬੂਟੇ ਯਾਰ ਨੂੰ ਘੋੜੀ ਚੜ੍ਹਾ ਪੁੰਨ ਖੱਟ ਚੱਲਿਆ ਇਸ ਜਹਾਨ ਤੋਂ ।" ਦੋਵੇਂ ਜਣੇ ਹੱਸੇ ਤਾਂ ਨਾਲ ਸ਼ਾਂਤ ਰਾਤ ਵੀ ਹੱਸ ਪਈ । ਸੁਹਾਗ ਕਮਰਾ ਆਲੇ 'ਚ ਰੱਖੇ ਬਲਦੇ ਦੀਵੇ ਦੀ ਮੱਧਮ ਜਿਹੀ ਲੋਅ, ਮਨ ਛੋਹਦੀ ਚੁੱਪ । ਪਲੰਘ 'ਤੇ ਫੁੱਲ ਪੱਤੀਆਂ 'ਚ ਲਿਪਟੀ ਵਿਛੀ ਚਾਦਰ । ਪਲੰਘ 'ਤੇ ਫੁਲਕਾਰੀ ਦੀ ਬੁੱਕਲ 'ਚ ਘੁੰਡ ਕੱਢੀ ਸੁੰਗੜੀ ਜਿਹੀ ਬੈਠੀ ਸੱਜ ਵਿਆਹੀ ਨਾਰ ਬੂਹੇ ਦੇ ਖੜਾਕ ਨਾਲ ਆਪਣਿਆਂ ਗੋਡਿਆ ਨੂੰ ਹਿੱਕ ਨਾਲ ਜੋੜਦੀ ਹੋਰ ਸੁੰਗੜ ਜਾਂਦੀ ਹੈ । ਬੂਟਾ ਸਿੰਘ ਧਰਤੀ 'ਤੇ ਸੰਭਲ ਸੰਭਲ ਪੈਰ ਟਿਕਾਉਂਦਾ ਕਮਰੇ 'ਚ ਦਾਖਲ ਹੁੰਦਾ ਹੈ । ਉਸਨੂੰ ਜਾਪਦਾ ਉਹ ਜਿਵੇਂ ਧਰਤੀ ਨੂੰ ਪੈਰ ਛੂਹਾਣ ਦੀ ਕੋਸ਼ਿਸ਼ ਕਰਦਾ ਤਾਂ ਧਰਤੀ ਨੀਵੀਂ ਹੋਰ ਨੀਵੀਂ ਹੋਈ ਜਾਂਦੀ ਏ । ਸਿਰ ਤੇ ਚੁੱਕੀ ਖੁਸ਼ੀਆਂ ਦੀ ਪੰਡ ਸਮੇਤ ਜਿਵੇਂ ਉਹ ਧਰਤੀ ਦੀ ਹਿੱਕ 'ਚ ਸਮਾ ਚੱਲਾਂ ਹੋਵੇ । ਸੱਜ ਵਿਆਹੀ ਨਾਰ ਭੁੱਬਾਂ ਮਾਰ ਰੋ ਰਹੀ ਏ । ਬੂਟਾ ਸਿੰਘ ਨੀਂਦ ਦੀ ਬੁੱਕਲ 'ਚੋ ਤ੍ਰਭਕ ਕੇ ਉੱਠਦਾ ਹੈ, ਤੇ ਇਸ ਦੇ ਨਾਲ ਹੀ ਟੁੱਟ ਜਾਂਦੀ ਹੈ ਸੁਫਨਿਆਂ ਦੀ ਲੜੀ । ਮੱਥੇ ਤੋਂ ਤਰੇਲੀ ਪੂੰਝਦਾ ਸਰਦ ਹਉਕਾ ਭਰਦਾ ਆਪਣੇ ਆਪ ਨਾਲ ਹੀ ਗੱਲਾਂ ਕਰਦਾ, " ਜੱਗੋਂ ਤੇਰ੍ਹਵੀਂ ਹੀ ਹੋਈ ਸਾਡੇ ਨਾਲ । ਰੀਝਾਂ ਦੀ ਅੱਲ੍ਹੜ ਉਮਰੇ ਹੀ ਬੇਵਤਨੇ ਹੋ ਗਏ ।" ਪ੍ਰਭਾਤੀ ਤਾਰਾ ਭਰ ਜੋਬਨ 'ਤੇ ਸੀ । ਬੂਟਾ ਸਿੰਘ ਦੀਅਾਂ ਅੱਖਾਂ 'ਚੋ ਨੀਂਦ ਖੰਭ ਲਾ ਉੱਡ ਗਈ । ਥੋੜ੍ਹੀ ਦੇਰ ਬਾਅਦ ਹੀ ਗੁਰੂ ਘਰ ਤੋਂ ਗੁਰਬਾਣੀ ਦਾ ਜਾਪ ਹੋਣ ਲੱਗਾ । ਸੁਖਜੀਤ ਨੇ ਖੇਤੀ ਦੇ ਨਾਲ-ਨਾਲ ਘਰ ਦੀਆਂ ਜਿੰਮੇਵਾਰੀਆਂ ਵੀ ਮੋਢੇ 'ਤੇ ਚੁੱਕ ਲਈਆਂ ਹਨ । ਦੋ ਸਾਲ ਹੋ ਗਏ ਹਨ ਸੁਖਜੀਤ ਦੇ ਵਿਆਹ ਹੋਏ ਨੂੰ, ਸੁਖਜੀਤ ਦਾ ਵਿਆਹ ਬੂਟਾ ਸਿੰਘ ਨੇ ਗੱਜ-ਵੱਜ ਕੇ ਕੀਤਾ ਸੀ । ਘਰ 'ਚ ਖੁਸ਼ਹਾਲੀ ਹੈ,ਪਿਆਰ ਹੈ । ਬੂਟਾ ਸਿੰਘ ਸਿਰ ਕਿਸੇ ਦੇ ਲੈਣ ਦੇਣ ਦਾ ਭਾਰ ਤਾਂ ਪਹਿਲਾ ਹੀ ਨਹੀਂ ਸੀ । ਬੂਟਾ ਸਿੰਘ ਨੂੰ ਚਾਰੇ ਪਾਸਿਓਂ ਖੁਸ਼ੀਆਂ ਨੇ ਘੇਰ ਰੱਖਿਆ । ਪਰ ਫਿਰ ਵੀ ਉਹ ਗੁਰਮੁਖ ਸਿੰਘ ਲਈ ਫਿਕਰਮੰਦ ਰਹਿੰਦਾ । ਸਾਰਾ ਪਰਿਵਾਰ ਗੁਰਮੁਖ ਸਿੰਘ ਦੀ ਬਹੁਤ ਇੱਜਤ ਕਰਦਾ । ਸੁਖਜੀਤ,ਹਰਮੀਤ ਤਾਇਆ ਜੀ ਤੋਂ ਬਿਨਾਂ ਨਹੀਂ ਬੋਲਦੇ । ਬਿਸ਼ਨ ਕੋਰ ਗੁਰਮੁਖ ਸਿੰਘ ਨੂੰ ਪੋਤਰਿਆਂ ਤੋਂ ਵੱਧ ਮੰਨਦੀ ਹੈ । ਪਰ ਫਿਰ ਵੀ ਬੂਟਾ ਸਿੰਘ ਫਿਕਰਾ 'ਚ ਹੈ । " ਲਓ ਬਾਪੂ ਜੀ ਚਾਹ ਪੀ ਲਓ ।" ਮਨਪ੍ਰੀਤ, ਸੁਖਜੀਤ ਦੀ ਵਹੁਟੀ ਚਾਹ ਦਾ ਗਲਾਸ ਬੂਟਾ ਸਿੰਘ ਨੂੰ ਫੜਾਉਂਦੀ ਹੋਈ ਆਖਦੀ ਹੈ । " ਬਸ਼ੀਰ ਕਿੱਥੇ ਅਾਂ ?" ਬੂਟਾ ਸਿੰਘ ਪੁੱਛਦਾ ਹੈ । " ਉਹ ਤਾਂ ਗੁੱਠਾਂ ਗੋਡਣ ਗਿਆ ਜੇ ਸਵੇਰ ਦਾ, ਧਾਰਾਂ ਕੱਢ ਕੇ ਉਦੋਂ ਹੀ ਚਲਾ ਗਿਆ ਸੀ ।" " ਮੇਰੀ ਤੇ ਬਸ਼ੀਰ ਦੀ ਚਾਹ ਪਾ ਦੇਵੋ ਮੈਂ ਲੈ ਜਾਨਾਂ ਪੈਲੀਆ 'ਚ ।" " ਸੁਖਜੀਤ ਆਉਣ ਵਾਲੇ ਜੇ ਸ਼ਹਿਰੋਂ ਉਹ ਲੈ ਜਾਏਗਾ ਚਾਹ ਰੋਟੀ ।" " ਉਹਦੇ ਹੱਥ ਰੋਟੀ ਘੱਲ ਦੇਵੀਂ, ਮੈਂ ਜਾਨਾਂ ਚਾਹ ਲੈ ਕੇ ।" ਬੂਟਾ ਸਿੰਘ ਨੂੰ ਚਾਹ ਲੈ ਕੇ ਆਉਂਦਿਆਂ ਵੇਖ ਗੁਰਮੁਖ ਸਿੰਘ ਕਹੀ ਮੋਢੇ 'ਤੇ ਰੱਖ ਮੋਟਰ ਵੱਲ ਤੁਰ ਪੈਦਾ ਹੈ । " ਚਾਚਾ ਸੁਖਜੀਤ ਨੂੰ ਘੱਲ ਦਿੰਦੇ ਚਾਹ ਦੇ ਕੇ ।" " ਉਹ ਸ਼ਹਿਰ ਗਿਆ ਸੀ ਕਿਸੇ ਕੰਮ ਮੈਂ ਆਖਿਆ ਚੱਲੋ ਮੈਂ ਹੀ ਦੇ ਆਨਾ ਚਾਹ ਨਾਲੇ ਗੇੜਾ ਮਾਰ ਆਨਾ ਪੈਲੀ 'ਚ ।" ਦੋਵੇਂ ਜਣੇ ਚਬੱਚੇ ਕੋਲ ਮੰਜੀ ਡਾਹ ਬੈਠ ਜਾਂਦੇ ਹਨ । ਗੁਰਮੁਖ ਸਿੰਘ ਦੋਵਾਂ ਗਿਲਾਸਾਂ ਵਿੱਚ ਚਾਹ ਪਾ ਇੱਕ ਗਲਾਸ ਬੂਟਾ ਸਿੰਘ ਨੂੰ ਫੜਾ ਦਿੰਦਾ । " ਬਸ਼ੀਰ ਪਹੀ ਦੇ ਨਾਲ ਵਾਲੇ ਕਿੱਲੇ 'ਚ ਕਣਕ ਬਹੁਤ ਘੱਟ ਉੱਗੀ ਏ ।" " ਆਹੋ ਚਾਚਾ ਓਸ ਕਿੱਲੇ 'ਚ ਕੱਲਰ ਜੋ ਹੋਇਆ ।" " ਵੇਖ ਲੈ ਬਸ਼ੀਰਿਆ ਬੀਜ ਆਪਾ ਪੂਰੇ ਕਿੱਲੇ 'ਚ ਇੱਕ ਸਾਰ ਪਾਇਆ ।" " ਕੱਲਰ 'ਚ ਦਾਣੇ ਨਈ ਜੰਮਦੇ ਚਾਚਾ ।" ਗੁਰਮੁਖ ਸਿੰਘ ਹੱਸਦਿਆਂ ਆਖਦਾ ਹੈ। " ਆਹੀਂ ਤਾਂ ਮੈਂ ਤੈਨੂੰ ਸਮਝਾਉਂਦਾ ਥੱਕ ਗਿਆ ਬਈ ਛੜੇ ਬੰਦੇ ਕੋਲ ਕੱਲਰ ਤੋਂ ਵੱਧ ਕੁਝ ਨਈ ਹੁੰਦਾ । ਕੱਲਰ 'ਚ ਬੀਜੇ ਦਾਣੇ ਕਦੇ ਨਈ ਉੱਗਦੇ ।" " ਚਾਚਾ ਫੇਰ ਉਹੀ ਪੁਰਾਣੇ ਰਾਗ ਅਲਾਪਣ ਲੱਗ ਗਿਆ । ਕੀ ਯਾਦ ਆ ਗਿਆ ਅੱਜ ?" ਗੁਰਮੁਖ ਸਿੰਘ ਥੋੜ੍ਹਾ ਕਾਹਲਾ ਪੈ ਆਖਦਾ ਹੈ । ਬੂਟਾ ਸਿੰਘ ਗੰਭੀਰ ਹੋ ਕੇ, "ਜਦੋਂ ਉੱਜੜ ਕੇ ਇੱਧਰ ਆਏ ਕੁਝ ਨਈ ਸੀ ਪੱਲੇ ਜੋ ਕੁਝ ਹੈ ਸੀ ਉਹ ਕੁਝ ਹੀ ਦਿਨਾਂ 'ਚ ਖਰਚ ਹੋ ਗਿਆ । ਖਾਲੀ ਪਈ ਮਸੀਤ 'ਚ ਆ ਆਸਰਾ ਲਿਆ । ਚਾਰ ਟੱਬਰ ਇੱਕ ਮਸੀਤ । ਰਾਤ ਨੂੰ ਚੋਰੀ ਰੁੱਖ ਵੱਢਣੇ ਰਾਤੋ-ਰਾਤ ਗੱਡਿਆ 'ਤੇ ਲੱਦ ਸ਼ਹਿਰ ਪਹੁੰਚ ਜਾਣਾ । ਲੱਕੜ ਵੇਚ ਰਾਸ਼ਨ ਪਾਣੀ ਲਿਆਉਣਾ ਫੇਰ ਕਿਤੇ ਜਨਾਨੀਆਂ ਨੇ ਚੁੱਲ੍ਹੇ ਧੁਖਾਉਣੇ । ਸਿਆਣੇ ਕਹਿੰਦੇ ਆ ਬਈ ਚੋਰੀ ਦਾ ਪੱਠਾ ਕਦੇ ਨਾ ਪਾਓ ਮਾਲ ਡੰਗਰ ਨੂੰ, ਪੱਠੇ ਤੱਕ ਚੋਰੀ ਕਰਨੇ ਪਏ । ਬਸ਼ੀਰਿਆ ਬੜੇ ਮਾੜੇ ਦਿਨ ਵੇਖੇ ਆ ਤੇਰੇ ਚਾਚੇ ਨੇ । ਮਜਬੂਰੀ,ਬੇਵੱਸੀ ,ਮੁਥਾਜੀ ਬਹੁਤ ਬੁਰੀ ਸ਼ੈਅ ਅਾਂ । ਜਿੰਨਾ ਚਿਰ ਜ਼ਮੀਨ ਲਾਟ ਨਾ ਹੋਈ ਧੱਕੇ ਹੀ ਖਾਂਦੇ ਰਹੇ । ਮੁਰੱਬਿਆਂ ਦੇ ਮਾਲਕ ਚੋਰ ਬਣ ਗਏ ।" " ਚਾਚਾ ਉਹ ਸਮਾਂ ਹੀ ਇਹੋ ਜਿਹਾ ਸੀ ।" " ਬਸ਼ੀਰਿਆ ਬੁੱਢੇ ਵਾਰੇ ਕੋਈ ਨਈ ਪੁੱਛਦਾ । ਤੂੰ ਮੇਰੀ ਆਖੀ ਕਦੇ ਨਈ ਮੋੜੀ ਪਰ ਪਤਾ ਨਈ ਕਿਉਂ ਇਹ ਗੱਲ ਤੇਰੇ ਖਾਨੇ ਨਈ ਪੈਦੀ? ਚੱਲ ਵਿਆਹ ਨਈ ਕਰਵਾਇਆ ਕੋਈ ਗੱਲ ਨਈ.... ।" ਗੁਰਮੁਖ ਸਿੰਘ, ਬੂਟਾ ਸਿੰਘ ਦੀ ਗੱਲ ਵਿੱਚੋਂ ਟੋਕ ਇਹ ਆਖ ਉੱਠ ਪੈਦਾ ਹੈ, " ਚੰਗਾ ਬਈ ਚਾਚਾ ਗੋਡ ਆਈਏ ਗੁੱਠਾਂ ਕਣਕ ਉੱਗਣ ਲੱਗ ਪਈ ਏ ।" " ਇੰਨੇ ਨਈ ਸਮਝਣਾ ਬੂਟਾ ਸਿਹਾ ਇਹਦੇ ਕੋਲ ਤਾਂ ਇੱਕੋ ਗੱਲ ਏ ," ਮੇਰਾ ਰੱਬ ਸਭ ਕੁਝ ਤੂੰ ਹੀ ਏ ਚਾਚਾ ।" ਚਾਚੇ ਨੇ ਭਲਾ ਸਦਾ ਬੈਠਾ ਰਹਿਣਾ ਇਸ ਦੁਨੀਆਂ ਤੇ । ਉਂਝ ਤਾਂ ਸਾਊ ਵੀ ਨੇ ਤੇ ਸਿਆਣੇ ਵੀ ਸੁਖਜੀਤ ਤੇ ਹਰਮੀਤ ਮੂਰਖ ਤਾਂ ਨਈ ਜੋ ਆਪਣੇ ਬਸ਼ੀਰ ਤਾਏ ਨੂੰ ਪਿਛਲੀ ਉਮਰੇ ਧੱਕਾ ਦੇਣ ਪਰ ਕੱਲ੍ਹ ਦਾ ਕੀਹਨੂੰ ਪਤਾ। " ਬੂਟਾ ਸਿੰਘ ਆਪਣੇ ਆਪ ਨਾਲ ਗੱਲਾਂ ਕਰਦਾ ਮੰਜੀ 'ਤੇ ਲੰਮਾ ਪੈ ਗਿਆ । ਬੂਟਾ ਸਿੰਘ ਮਨ ਹੀ ਮਨ ਫੈਸਲਾ ਕਰਦਾ ਕਿ ਕੱਲ੍ਹ ਨੂੰ ਸ਼ਹਿਰ ਜਾ ਵਸੀਅਤ ਕਰਾ ਦੇਣੀ ਏ । ਦੋ ਕਿੱਲੇ ਬਸ਼ੀਰ ਦੇ ਨਾਂ,ਦੋ ਕਿੱਲੇ ਦਲਬੀਰ ਕੋਰ ਦੇ ਨਾਂ ਤੇ ਬਾਕੀ ਦੋਵਾਂ ਭਰਾਵਾਂ ਦੇ ਨਾਂ ਅੱਧੀ ਅੱਧੀ । ਬੱਸ ਭਲਕੇ ਹੀ ਸ਼ਹਿਰ ਜਾ ਵਸੀਅਤ ਕਰਾਂ ਆਨਾ । ਬੂਟਾ ਸਿੰਘ ਪੱਕਾ ਫੈਸਲਾ ਕਰ ਲੈਂਦਾ ਆਪਣੇ ਆਪ ਨਾਲ । ਬੂਟਾ ਸਿੰਘ ਅਤੇ ਬਿਸ਼ਨ ਕੌਰ ਦੇ ਦਰ-ਦਰਵਾਜੇ ਫਿਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ । ਮਨਪ੍ਰੀਤ ਨੇ ਕੁੜੀ ਨੂੰ ਜਨਮ ਦਿੱਤਾ ਹੈ । ਸਾਰਾ ਟੱਬਰ ਬਹੁਤ ਖੁਸ਼ ਹੈ । ਦਾਦੀ ਦਲਬੀਰ ਕੌਰ ਨੇ ਗੁੜ੍ਹਤੀ ਦਿੱਤੀ ਅਤੇ ਪੜਦਾਦੀ ਬਿਸ਼ਨ ਕੌਰ ਨੇ ਕੁੜੀ ਦਾ ਨਾਂ ਰੱਖਿਆ ' ਕੁਲਜੀਤ ਕੌਰ ' । ਮਨਪ੍ਰੀਤ ਚੌਕੇ ਚੜ੍ਹੀ ਤਾਂ ਰਿਸ਼ਤੇਦਾਰਾਂ ਸ਼ਰੀਕੇ ਬਰਾਦਰੀ ਨੂੰ ਸੱਦਿਆ ਗਿਆ । ਘਰ ਦੀ ਕੱਢੀ ਸ਼ਰਾਬ ਹਵਾ 'ਚ ਘੁਲ ਗਈ । ਘਰ ਦੇ ਹਰ ਕੋਨੇ 'ਚ ਹਾਸਾ ਗੂੰਜ ਰਿਹਾ । ਖੁਸ਼ੀ ਦੁਗਣੀ ਚੌਗੁਣੀ ਕਰ ਸਾਰੇ ਆਪੋ-ਆਪਣੇ ਘਰ ਚਲੇ ਗਏ । ਬੂਟਾ ਸਿੰਘ ਤੇ ਗੁਰਮੁਖ ਸਿੰਘ ਆਏ ਸਾਕ ਸਬੰਧੀਆ ਨੂੰ ਤੋਰ ਫਿਰ ਮੰਜੀ 'ਤੇ ਆ ਬੈਠੇ । " ਚਾਚਾ ਅੱਜ ਤਾਂ ਨੱਚਣ ਨੂੰ ਜੀਅ ਕਰਦਾ । ਮੈਂ ਦਾਦਾ ਤੂੰ ਪੜਦਾਦਾ...।" " ਬੱਲੇ ਓਏ ਮਾਲਕਾ..। ਬਸ਼ੀਰਿਆ ਪਾ ਲੈ ਭੋਰਾ ਖਾਲੀ ਗਲਾਸ ਪਏ ਚੰਗੇ ਨਈ ਲੱਗਦੇ ।" " ਜੋ ਹੁਕਮ..।" " ਬਸ਼ੀਰ ਸਿਹਾ ਪੜਦਾਦੀ ਦੇ ਪੈਰ ਤਾਂ ਧਰਤੀ ਨਈ ਲਗਦੇ ਅੱਜ ।ਬਿਸ਼ਨ ਕੌਰੇ...ਸਾਡੀ ਵੀ ਸੁਣ ਲਓ ।" ਬੂਟਾ ਸਿੰਘ ਬਿਸ਼ਨ ਕੌਰ ਨੂੰ ਅਵਾਜ ਮਾਰਦਾ ਹੈ । " ਲਿਆਓ ਬੀਬੀ ਜੀ ਮੈਂ ਚੁੱਕਦੀ ਆ ਕੁਲਜੀਤ ਨੂੰ, ਤੁਸੀਂ ਗੱਲ ਸੁਣ ਲਓ ..।" ਦਲਬੀਰ ਕੌਰ ਬਿਸ਼ਨ ਕੌਰ ਨੂੰ ਆਖਦੀ ਹੈ । " ਕੀ ਹੋ ਗਿਆ ਜੇ..? " ਬਿਸ਼ਨ ਕੌਰ ਚੁੰਨੀ ਨਾਲ ਸਿਰ ਢਕਦੀ ਹੋਈ ਆਖਦੀ ਹੈ । " ਬਿਸ਼ਨ ਕੌਰੇ ਤੈਨੂੰ ਇੱਕ ਗੱਲ ਪਤਾ..?" " ਕਿਹੜੀ ਗੱਲ ?" " ਬਸ਼ੀਰ ਆਪਣਾ ਬਸ਼ੀਰ....।" " ਕੀ ਬਸ਼ੀਰ ਨੂੰ..?" " ਬਿਸ਼ਨ ਕੌਰੇ ਬਸ਼ੀਰ, ਬਸ਼ੀਰ ਨਈ..।" " ਹੋਰ ਕੋਣ ਜੇ..?" ਰੱਬਾ ਇਹਨਾਂ ਸ਼ਰਾਬੀਆ ਦਾ ਪਤਾ ਨਈ ਹੁਣ ਕਿਹੜੀ ਦੁਨੀਆਂ 'ਚ ਨੇ । ਬਿਸ਼ਨ ਕੌਰ ਮਨ 'ਚ ਸੋਚਦੀ ਹੈ । " ਆਪਣਾ ਬਸ਼ੀਰ ਦਿਲਾਵਰ ਏ, ਮੇਰਾ ਯਾਰ ਦਿਲਾਵਰ..।" " ਚਾਚਾ..।" ਬੂਟਾ ਸਿੰਘ ਗੁਰਮੁਖ ਸਿੰਘ ਦੀ ਗੱਲ ਟੋਕ ਆਖਦਾ ਹੈ," ਤੈਨੂੰ ਯਾਦ ਏ ਬਸ਼ੀਰਿਆ ਨਿੱਕੇ ਹੁੰਦਿਆਂ ਤੂੰ ਮੈਨੂੰ ਕਿਹਾ ਸੀ," ਚਾਚਾ ਮੈਂ ਬਸ਼ੀਰ ਨਈ..।" ਤੂੰ ਸੱਚ ਹੀ ਕਿਹਾ ਸੀ ਮੈਂ ਹੀ ਨਾ ਸਮਝ ਸਕਿਆ । ਤੂੰ ਦਿਲਾਵਰ ਮੈਂ ਬੂਟਾ..।" " ਤੁਸੀਂ ਬਹੋ ਮੈਂ ਜਾਨੀ ਆ ।" ਬਿਸ਼ਨ ਕੌਰ ਮੰਜੀ 'ਤੋਂ ਉੱਠਦੀ ਹੋਈ ਆਖਦੀ ਹੈ । " ਬਹਿਜਾ ਬਿਸ਼ਨੀਏ ਬਹਿਜਾ ।" ਇਹ ਸੁਣ ਗੁਰਮੁਖ ਸਿੰਘ ਤੇ ਬਿਸ਼ਨ ਕੌਰ ਨਿੰਮਾ ਨਿੰਮਾ ਹੱਸਦੇ ਹਨ । " ਬਸ਼ੀਰ ਮੈਨੂੰ ਦਿਲਾਵਰ ਜਾਪਦਾ, ਇਹਦੇ ਨਾਲ ਦੋ ਘੁੱਟ ਪੀ ਦਿਲ ਦੀ ਪੀੜ ਸਾਂਝੀ ਕਰ ਲੇਨਾਂ । ਬਿਸ਼ਨ ਕੌਰੇ ਤੈਨੂੰ ਪਤਾ ਜੇ ਆ ਦਿਲਾਵਰ ਮੇਰਾ ਯਾਰ ਤੇ ਆ ਸ਼ਰਾਬ ਨਾ ਹੁੰਦੀ ਤਾਂ ਮੇਰੇ ਕਾਲਜੇ ਨੇ ਕਦੋਂ ਦਾ ਪਾਟ ਜਾਣਾ ਸੀ ।" ਇਹ ਆਖ ਬੂਟਾ ਸਿੰਘ ਰੋਣ ਲੱਗਦਾ | ਬੂਟਾ ਸਿੰਘ ਨੂੰ ਰੋਂਦਿਆਂ ਵੇਖ ਗੁਰਮੁਖ ਸਿੰਘ ਵੀ ਰੋਣ ਲੱਗ ਜਾਂਦਾ । " ਵੇ ਹਰਮੀਤ ਪੁੱਤ ਬਾਪੂ ਜੀ ਹੋਰਾਂ ਨੂੰ ਰੋਟੀ ਖਵਾਓ ।" ਬਿਸ਼ਨ ਕੌਰ ਹਰਮੀਤ ਨੂੰ ਅਵਾਜ ਮਾਰਦੀ ਹੈ । " ਮੈਂ ਖਵਾਨਾ ਆਪਣੇ ਚਾਚੇ ਨੂੰ ਰੋਟੀ ।" ਗੁਰਮੁਖ ਸਿੰਘ ਮੰਜੀ 'ਤੋਂ ਉੱਠਦਾ ਹੈ ਪਰ ਉੱਠਿਆ ਨਹੀਂ ਜਾਂਦਾ । " ਤੁਸੀਂ ਬਹਿਜੋ, ਮੈਂ ਲਿਆਉਂਦੀ ਆ ਰੋਟੀ ।" ਬਿਸ਼ਨ ਕੌਰ ਉੱਠ ਕੇ ਚਲੀ ਜਾਂਦੀ ਹੈ । ਹਰਮੀਤ ਰੋਟੀ ਲੈ ਕੇ ਆਉਂਦਾ ਹੈ । ਪਰ ਬੂਟਾ ਸਿੰਘ ਤੇ ਗੁਰਮੁਖ ਸਿੰਘ ਦੋਵੇਂ ਹੀ ਰੋਟੀ ਨਹੀਂ ਖਾਂਦੇ । ਸੁਖਜੀਤ ਤੇ ਹਰਮੀਤ ਦੋਵੇਂ ਜਣਿਆ ਨੂੰ ਵਾਰੋ-ਵਾਰੀ ਆਸਰਾ ਦੇ ਵੱਡੇ ਅੰਦਰ ਵਿਛੀਆਂ ਮੰਜੀਆਂ 'ਤੇ ਲੰਮਾ ਪਾ ਦਿੰਦੇ ਹਨ । ਪੂਰਬ ਦੀ ਬੁੱਕਲ 'ਚੋ ਸੂਰਜ ਬਾਹਰ ਨਿਕਲ ਚਾਨਣ ਵੰਡ ਰਿਹਾ । ਦਲਬੀਰ ਕੌਰ ਵਿਹੜੇ 'ਚ ਬਹੁਕਰ ਫੇਰ ਰਹੀ ਏ । ਬਿਸ਼ਨ ਕੌਰ ਮੰਜੀ 'ਤੇ ਬੈਠੀ ਆਪਣੇ ਢਿੱਡ ਨੂੰ ਘੁੱਟ ਰਹੀ ਏ । ਦਲਬੀਰ ਕੌਰ ਬਿਸ਼ਨ ਕੌਰ ਨੂੰ ਢਿੱਡ ਘੁੱਟਦੀ ਵੇਖ ਬਹੁਕਰ ਵਿੱਚੇ ਛੱਡ ਬਿਸ਼ਨ ਕੌਰ ਨੂੰ ਪੁੱਛਦੀ ਹੈ, " ਕੀ ਗੱਲ ਬੀਬੀ ਜੀ, ਕੀ ਹੋਇਆ ਜੇ ?" " ਢਿੱਡ 'ਚ ਵਲੇਵੇਂ ਜਿਹੇ ਉੱਠੀ ਜਾਂਦੇ ਨੇ ਜਿਵੇਂ ਢਿੱਡ 'ਚ ਕੋਈ ਗੋਲਾ ਘੁੰਮਦਾ ਹੋਵੇ ।" " ਹਰਮੀਤ ਨਾਲ ਸ਼ਹਿਰ ਜਾ ਕੇ ਦਵਾਈ ਲੈ ਆਇਓ ।" " ਕੁਝ ਨਈ ਹੋਇਆ ਮੈਨੂੰ, ਮੈਂ ਕਿਹੜਾ ਬਿਮਾਰ ਆ । ਖੁਸ਼ੀ ਗਮੀ 'ਚ ਹਰਨੇਕ ਯਾਦ ਆ ਜਾਂਦਾ ਤਾਂ ਢਿੱਡ 'ਚ ਖੋਹ ਜਿਹੀ ਪੈਣ ਲਗਦੀ ਏ । ਤੂੰ ਇਉਂ ਕਰ ਜਵੈਣ ਪਾ ਕੇ ਕਾਹਵਾ ਬਣਾ ਮੇਰੇ ਲਈ ਆਪੇ ਠੀਕ ਹੋ ਜਾਏਗੀ ਪੀੜ ਪੁੜ । ਮੈਨੂੰ ਤਾਂ ਆ ਡਾਕਟਰ ਕੋਲੋਂ ਬੜਾ ਡਰ ਲੱਗਦਾ ਐਵੇਂ ਹੀ ਨਾਂਹ ਢਿੱਡ ਪਾੜ ਧਰਨ " " ਤੁਸੀਂ ਅਰਾਮ ਕਰੋ ਮੈਂ ਲਿਆਉਂਦੀ ਆ ਕਾਹਵਾ ਬਣਾ ਕੇ ।" " ਵੇਖ ਲੈ ਹਾਲੇ ਤਾਈ ਨਈ ਉੱਠੇ ਗੁਰਮੁਖ ਹੋਣੀ ।" ਬਿਸ਼ਨ ਕੌਰ ਕਾਹਵਾ ਲੈ ਕੇ ਆਈ ਦਲਬੀਰ ਕੌਰ ਨੂੰ ਆਖਦੀ ਹੈ । ਕਾਹਵਾ ਪੀ ਬਿਸ਼ਨ ਕੌਰ ਮੰਜੀ 'ਤੇ ਲੰਮੀ ਪੈ ਜਾਂਦੀ ਹੈ । ਅੱਧੇ ਕੁ ਘੰਟੇ ਪਿੱਛੋਂ ਦਲਬੀਰ ਕੌਰ ਆਣ ਪੁੱਛਦੀ ਹੈ, " ਬੀਬੀ ਜੀ ਹੁਣ ਠੀਕ ਜੇ ।" " ਆਹੋ ਅੱਗੇ ਨਾਲੋਂ ਤਾਂ ਰਾਮ ਜਾਪਦਾ । ਹਰਨੇਕ ਦਾ ਚਾਚਾ ਉੱਠਿਆ ਕੇ ਨਈ ਅਜੇ ? " " ਨਈ ਬੀਬੀ ਜੀ, ਉਹ ਤਾਂ ਹਾਲੇ ਵੀ ਸੁੱਤੇ ਪਏ ਨੇ ।" " ਗੋਡੇ-ਗੋਡੇ ਦਿਨ ਚੜ੍ਹ ਆਇਆ ਹਾਲੇ ਵੀ ਸੁੱਤੇ ਨੇ, ਮੈਂ ਵੇਖਦੀ ਆ ਜਾ ਕੇ ।" " ਗੋਡੇ - ਗੋਡੇ ਦਿਨ ਚੜ੍ਹ ਆਇਆ ਉੱਠੋ ਹੁਣ ।" ਬਿਸ਼ਨ ਕੌਰ ਬੂਟਾ ਸਿੰਘ ਦੇ ਮੂੰਹ 'ਤੋ ਰਜਾਈ ਲਾਹ ਆਖਦੀ ਹੈ । ਬੂਟਾ ਸਿੰਘ ਉੱਠ ਗੁਰਮੁਖ ਸਿੰਘ ਨੂੰ ਵੀ ਜਗਾਉਂਦਾ ਹੈ । ਦੋਵੇਂ ਜਣੇ ਮੂੰਹ ਹੱਥ ਧੋ ਕੇ ਵਿਹੜੇ 'ਚ ਡਾਹੀ ਮੰਜੀ 'ਤੇ ਬੈਠ ਜਾਂਦੇ ਹਨ । " ਕੀ ਪੀਣਾ ਜੇ ਲੱਸੀ, ਚਾਹ ਕੇ ਕੁਝ ਹੋਰ..?" ਬਿਸ਼ਨ ਕੌਰ ਹੱਸਦੀ ਹੋਈ ਦੋਵਾਂ ਜਣਿਆ ਨੂੰ ਪੁੱਛਦੀ ਹੈ । " ਚਾਚੀ ਬਾਲਟੀ ਫੜਾ ਮੱਝ ਚੋਅ ਕੇ ਲਿਆਵਾਂ ।" ਗੁਰਮੁਖ ਨੀਵੀਂ ਪਾ ਆਖਦਾ ਹੈ । " ਮੱਝਾਂ ਤਾਂ ਕਦੋਂ ਦੀਆਂ ਚੋਅ ਲਈਆਂ ਸੁਖਜੀਤ ਨੇ ।" " ਬਹਿਜਾ ਬਸ਼ੀਰ ਬਥੇਰਾ ਕੰਮ ਕਰ ਲਿਆ । ਪੁੱਤਰ ਜਵਾਨ ਹੋ ਗਏ ਆਪੀ ਸਾਂਭਣ ਘਰ ਬਾਰ ਜਿੰਮੇਵਾਰੀਆਂ । ਆਪਾ ਤਾਂ ਹੁਣ ਰੱਬ ਨੂੰ ਧਿਆਇਆ ਕਰੀਏ ।" ਬੂਟਾ ਸਿੰਘ ਹਾਸੇ 'ਚ ਆਖਦਾ ਹੈ । " ਰੱਬ ਤਾਂ ਤੁਸੀਂ ਆਪ ਬਣੇ ਫਿਰਦੇ ਸੀ ਰਾਤ । ਗੁਰਮੁਖ ਤਾਂ ਮੰਜੀ 'ਤੇ ਬੈਠਾ ਹੀ ਨੱਚੀ ਜਾਂਦਾ ਸੀ । ਉਹ ਵੇਖ ਮੰਜੀ ਤੋੜ ਛੱਡੀ ਆ ਰਾਤ ।" ਬਿਸ਼ਨ ਕੌਰ ਟੁੱਟੀ ਮੰਜੀ ਵੱਲ ਹੱਥ ਕਰ ਗੁਰਮੁਖ ਸਿੰਘ ਨੂੰ ਆਖਦੀ ਹੈ । " ਚਾਚੀ ਅਸੀਂ ਕਦੋਂ ਤੋੜੀ ਮੰਜੀ...?" " ਅਖੇ ਰਾਤ ਗਈ ਬਾਤ ਗਈ, ਤਵਾਨੂੰ ਕਿੱਥੇ ਹੁਣ ਯਾਦ ਰਾਤ ਦੀਆਂ ਗੱਲਾਂ ।" " ਭਾਅ ਜੀ ਤੁਸੀਂ ਐਵੇਂ ਨਾਂਹ ਫਿਕਰ ਕਰੀ ਜਾਓ । ਮੰਜੀ ਤਾਂ ਕੁਲਜੀਤ ਦੇ ਨਾਨਕੇ ਤੋੜ ਗਏ ।" ਦਲਬੀਰ ਕੌਰ ਚਾਹ ਫੜਾਉਂਦੀ ਹੋਈ ਗੁਰਮੁਖ ਨੂੰ ਆਖਦੀ ਹੈ । " ਚੱਲੋ , ਫੇਰ ਕੀ ਜੇ ਮੰਜੀ ਗੁਰਮੁਖ ਤੋਂ ਟੁੱਟ ਗਈ ਓਹ ਜਾਣੇ । ਚਾਅ ਓਹੀ ਜਿਹੜਾ ਦਿਲੋਂ ਹੋਵੇ ।" ਬਿਸ਼ਨ ਕੌਰ ਦੀ ਗੱਲ ਸੁਣ ਸਾਰੇ ਹੱਸ ਪਏ । ਇੱਕ ਸਾਲ ਹੋਰ ਬੀਤ ਗਿਆ ਢਲਦੇ ਪਰਛਾਵੇ ਵਾਗ । ਬੂਟਾ ਸਿੰਘ ਅਤੇ ਬਿਸ਼ਨ ਕੌਰ ਮੰਜੀ ਡਾਹ ਕੇ ਧਰੇਕ ਦੀ ਛਾਵੇਂ ਬੈਠੇ ਹਨ । ਬੂਟਾ ਸਿੰਘ ਮੰਜੀ 'ਤੇ ਬੈਠਾ ਖੂੰਡੇ ਨਾਲ ਲੀਕਾਂ ਜਿਹੀਆਂ ਵਾਹ ਰਿਹਾ ਧਰਤੀ 'ਤੇ । " ਹੁਣ ਤਾਂ ਔਂਤਰੀ ਨੀਂਦ ਵੀ ਨਈ ਆਉਂਦੀ । ਸਾਰੀ ਰਾਤ ਪਾਸੇ ਮਾਰਦਿਆਂ ਕੱਢਣੀ ਪੈਂਦੀ ਏ । ਅੱਖ ਲੱਗ ਵੀ ਜਾਏ ਤਾਂ ਭੈੜੇ ਭੈੜੇ ਸੁਖਨੇ ਆਉਂਦੇ ਨੇ ।" ਬਿਸ਼ਨ ਕੌਰ ਹਉਕਾ ਭਰ ਆਖਦੀ ਹੈ । " ਤੂੰ ਐਵੇਂ ਹੀ ਬਹੁਤਾ ਵਹਿਮ ਨਾ ਕਰ ।" " ਪਰਸੋਂ ਸੁਖਨਾਂ ਆਇਆ, ਜਿਵੇਂ ਦੋ ਸਾਧ ਪਤਾ ਨਈ ਕਦੋਂ ਕੁ ਦੇ ਸਮਾਧੀ 'ਚ ਲੀਨ ਹੋਣ । ਝੱਖੜ ਝੁੱਲਿਆ , ਮੀਂਹ ਵਰਿਆ, ਸੂਰਜ ਅੱਗ ਵਰਸਾਈਂ ਸਭ ਤੋਂ ਬੇਖਬਰ ਚੌਂਕੜੀ ਮਾਰੀ ਬੈਠੇ ਰਹੇ । ਮੇਰੇ ਆਲੇ-ਦੁਆਲੇ ਜੰਗਲ ਹੀ ਜੰਗਲ ਹੈ । ਫੁੱਲ .ਪੱਤਿਆਂ ਤੋਂ ਸੱਖਣੇ ਰੁੱਖ । ਰੁੱਖਾ ਦੀਆਂ ਟਹਿਣੀਆ 'ਤੇ ਕੁੰਡਲੀਆ ਮਾਰੀ ਲਟਕਦੇ ਸੱਪ....। ਮੇਰੀ ਅੱਖ ਖੁੱਲ੍ਹ ਗਈ । ਸਾਰੀ ਰਾਤ ਨੀਂਦ ਨਾਂਹ ਆਈ । ਸੋਚਦੀ ਰਹੀ, ਇਹ ਕੇਹੀ ਦੁਨੀਆਂ ਸੀ ? ਮੈਂ ਕਿੱਥੇ ਸਾਂ ? ਉਹ ਦੋ ਸਾਧ ਕੋਣ ਸਨ ਸਮਾਧੀ 'ਚ ਲੀਨ ? " " ਬਿਸ਼ਨ ਕੌਰੇ ਸੁਖਨੇ ਹਵਾ ਵਰਗੇ ਹੁੰਦੇ ਨੇ ਫੜੇ ਨਈ ਜਾਂਦੇ । ਤੂੰ ਫਿਕਰ ਨਾਂਹ ਕਰਿਆ ਕਰ ।" " ਕੱਲ੍ਹ ਸੁਖਨਾਂ ਆਇਆ , ਮੈਂ ਸੁੱਤੀ ਸਾਂ ਤੇ ਮੇਰੇ ਸਿਰ੍ਹਾਣੇ ਹਰਨੇਕ ਖੜਿਆ ਮੈਨੂੰ ਬਾਹੋਂ ਫੜ੍ਹ ਆਖਦਾ, " ਚੱਲ ਬੀਬੀ ਮੇਰੇ ਨਾਲ ਚੱਲ| ਮੈਂ ਤ੍ਰਭਕ ਕੇ ਉੱਠੀ ਜੋਰ ਦੀ ਵਾਜ ਮਾਰੀ ਹਰਨੇਕ...। ਮੇਰੇ ਕੋਲ ਸੁੱਤੀ ਦਲਬੀਰ ਵੀ ਉੱਠ ਗਈ । ਮੈਂ ਦਲਬੀਰ ਦੇ ਗਲ ਲੱਗ ਕਿੰਨੀ ਦੇਰ ਰੋਂਦੀ ਰਹੀ । ਪਤਾ ਨਈ ਕਿਹੋ ਕਿਹੋ ਜਿਹੇ ਸੁਖਨੇ ਆਉਂਦੇ ਨੇ ।" " ਚੱਲ ਛੱਡ ਸੁਖਨਿਆ ਦੀਆਂ ਗੱਲਾਂ ਕੋਈ ਹੋਰ ਗੱਲ ਕਰ ।" ਬੂਟਾ ਸਿੰਘ ਕਾਹਲਾ ਪੈ ਆਖਦਾ ਹੈ। ਕੁਝ ਦੇਰ ਦੋਵੇਂ ਚੁੱਪ ਬੈਠੇ ਰਹੇ। ਫਿਰ ਬਿਸ਼ਨ ਕੌਰ ਇਕਦਮ ਰੋਣ ਲੱਗ ਪਈ । " ਕਿਉਂ ਦਿਲ ਛੱਡੀ ਜਾਨੀ ਏ ?" " ਪਤਾ ਨਈ ਦਿਲ ਨੂੰ ਹੌਲ ਜਿਹੇ ਪੈਂਦੇ ਨੇ । ਬੜੇ ਯਾਦ ਆਉਂਦੇ ਨੇ ਬਾਪੂ ਜੀ, ਬੇਬੇ ਜੀ, ਹਰਨੇਕ..। ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦੀ ਬਿਸ਼ਨ ਕੌਰ ਆਖਦੀ ਹੈ । ਬੂਟਾ ਸਿੰਘ ਨੂੰ ਕੋਈ ਗੱਲ ਨਹੀਂ ਸੁੱਝਦੀ । ਬੂਟਾ ਸਿੰਘ ਮੰਜੀ 'ਤੋਂ ਉੱਠ ਬਾਹਰ ਨੂੰ ਚਲਾ ਜਾਂਦਾ ਹੈ । ਬਿਸ਼ਨ ਕੌਰ ਚੌਂਕੜੀ ਮਾਰ ਸ਼ਬਦ ਦਾ ਜਾਪ ਕਰਨ ਲੱਗ ਜਾਂਦੀ ਹੈ ।
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥ ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥ ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥ ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥"

ਬੂਟਾ ਸਿੰਘ ਨੂੰ ਰਫ਼ਿਊਜੀ ਅਖਵਾਉਣਾ ਅਜੇ ਵੀ ਚੰਗਾ ਲੱਗਦਾ, ਉਸਨੂੰ ਗੁੱਸਾ ਨਹੀਂ ਆਉਂਦਾ । ਉਸ ਨੂੰ ਇਹ ਵੰਡਿਆ ਪੰਜਾਬ ਇਹ ਮੁਲਕ ਕਦੇ ਵੀ ਆਪਣਾ ਨਾ ਲੱਗਿਆ । ਬੂਟਾ ਸਿੰਘ ਇਸ ਵੰਡੇ ਪੰਜਾਬ ਨੂੰ ਵੀ ਦਿਲੋਂ ਨਾ ਕਬੂਲ ਸਕਿਆ । ਉਹ ਤਾਂ ਵੇਖਣਾ ਚਾਹੁੰਦਾ ਸੀ ਉਹੀ ਸਾਂਝਾ ਪੰਜਾਬ ਜਿੱਥੇ ਕਦੇ ਪੰਜ ਆਬ ਵਗਦੇ ਸਨ, ਪੂਰਾ ਪੰਜਾਬ ਸਾਂਝਾ ਪੰਜਾਬ । ਉਹ ਸੋਚਦਾ," ਸਾਡੇ ਵਰਗੇ ਲੋਕਾਂ ਲਈ ਅਜਾਦੀ ਦਾ ਅਰਥ ਕੀ ਭਲਾ,ਅਜਾਦੀ .......। ਅਜਾਦੀ ਇੱਕ ਮੁੱਠੀ ਰੇਤ ਜੋ ਪੰਜਾਬੀਆ ਦੀਆਂ ਬੰਦ ਮੁੱਠੀਆਂ 'ਚ ਨਿਮਖ ਵੀ ਨਾ ਟਿਕ ਸਕੀ । ਅਜਾਦੀ ਤਬਾਹੀ ਬਣ ਝੁੱਲੀ ਪੰਜਾਬ 'ਤੇ ਪੰਜਾਬੀਆ 'ਤੇ...। ਧਰਮੀ ਲੋਕ ਧਰਮ ਕਮਾ ਕੁਝ ਲੋਕਾਂ ਦੀਆਂ ਨਜਰਾਂ 'ਚ ਮਹਾਨ ਹੋ ਗਏ । ਧਰਮ ਦੇ ਨਾਂ 'ਤੇ ਸਭ ਜਾਇਜ ਨਾਜਾਇਜ ਕੁਝ ਨਈ । ਕਿੰਨੀਆਂ ਪੀਡੀਆਂ ਗੰਡਾ ਸਨ ਸਾਂਝਾ ਦੀਆਂ ਖੋਲ੍ਹਿਆਂ ਨਈ ਸੀ ਖੁੱਲ੍ਹਦੀਆਂ । ਅਜਾਦੀ ਦੇ ਵਾਵਰੋਲੇ 'ਚ ਸਭ ਉਲਝ ਕੇ ਰਹਿ ਗਏ ਅੰਨ੍ਹੇ ਹੋ ਗਏ ਅੰਨ੍ਹੇ । ਕਿੰਨਾ ਰੋਈ ਸੀ ਅੰਮੀ * ਮੇਰੀ ਮਾਂ ਦੇ ਗਲ ਲੱਗ, ਮੇਰੇ ਗਲ ਲੱਗ । ਅਸੀਂ ਪੰਜਾਬੀਆ ਕੀ ਵੰਡਿਆ ? ਧਰਤ ਮਾਂ ਪਾਣੀ ਪਿਤਾ ! ਅਸੀਂ ਅਣਖ ਵਾਲੇ ਪੰਜਾਬੀ ਕਿਉਂ ਨਾਂਹ ਧਰਤ ਮਾਂ ਪੰਜਾਬ ਦੀ ਲਾਜ ਰੱਖ ਸਕੇ ? ਅਸੀਂ ਉਦੋਂ ਪੰਜਾਬੀ ਕਿੱਥੇ ਸਾਂ ,ਅਸੀਂ ਤਾਂ ਧਰਮਾਂ ਦੇ ਨਕਾਬ ਲਾਂ ਇੱਕ-ਦੂਜੇ ਦੀ ਪਛਾਣ ਹੀ ਭੁੱਲ ਗਏ । ਕੀ ਕਸੂਰ ਸੀ ਬਸ਼ੀਰ ਦਾ ਜੋ ਉਸਨੂੰ ਬਸ਼ੀਰ ਤੋਂ ਗੁਰਮੁਖ ਸਿੰਘ ਬਣਨਾ ਪਿਆ ? ਕਿੰਨਾ ਬੇਵੱਸ ਲਾਚਾਰ ਸੀ ਨਿੱਕਾ ਜਿਹਾ ਰੱਬ ਡਰਿਆ ਡਰਿਆ ਉਹਦੀ ਬਾਂਹ 'ਤੇ ਲਿਖਿਆ ਬਸ਼ੀਰ ਹੀ ਉਹਦੀ ਪਛਾਣ ਸੀ । ਸ਼ੈਤਾਨ ਬਣਨਾ ਕਿੰਨਾ ਸੌਖਾ ਤੇ ਇੱਕ ਨੇਕ ਇਨਸਾਨ....ਨੇਕ ਇਨਸਾਨ ਤਾਂ ਰੱਬ ਤੋਂ ਵੀ ਉੱਚਾ ਬੂਟਾ ਸਿਹਾ ਸਿਰਫ ਇਨਸਾਨ ਬਣਨਾ ਹੀ ਬਹੁਤ ਔਖਾ....। ਲੋਕਾਂ ਦੀ ਭੀੜ 'ਚ ਵੀ ਉਹ ਕੱਲਮ-ਕੱਲਾ ਸੀ, ਭੀੜ ਧੱਕਮ-ਧੱਕਾ ਤੇ ਉਹ ਇੱਕੋ ਥਾਵੇਂ ਖੜਿਆ ਰੋਂਦਾ ਕਿਸੇ ਨਾ ਤੱਕਿਆ । ਮੈਂ ਉਹਨੁੰ ਘੁੱਟ ਸੀਨੇ ਲਾ ਲਹਿਆਂ । ਮੇਰੇ ਗਲ ਲੱਗ ਐਨਾ ਰੋਇਆ ਕਿ ਸਾਹ ਨਾਲ ਸਾਹ ਨਈ ਸੀ ਰਲਦਾ ਪਾਕ ਸ਼ਬਦ ਅੰਮੀ ਵੀ ਸਿਸਕੀਆਂ 'ਚ ਦੱਬ ਸਿਸਕੀ ਬਣ ਜਾਂਦਾ । ਉਸ ਦੇ ਆਪਣੇ ਉਸ ਤੋ ਵਿੱਛੜ ਗਏ ਜਾਂ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਗਏ ਬਸ਼ੀਰ ਨੇ ਅੱਜ ਤੀਕ ਨਈ ਦੱਸਿਆ । ਉਹ ਮੇਰਾ ਪੁੱਤਰ ਓਸ ਵੇਲੇ ਹੀ ਬਣ ਗਿਆ ਜਿਸ ਵੇਲੇ ਮੈਂ ਆਪਣੀ ਪੱਗ ਉਹਦੇ ਸਿਰ ਬੰਨ੍ਹ ਦਿੱਤੀ ਤੇ ਪੱਗ ਦੀ ਕੰਨੀ ਪਾੜ ਬਾਂਹ 'ਤੇ ਬੰਨ੍ਹ ਦਿੱਤੀ ਬਸ਼ੀਰ ਨੂੰ ਧਰਮੀ ਬੰਦਿਆ ਤੋਂ ਲੁਕਾਉਣ ਲਈ । ਜਦੋਂ ਟਿਕ ਟਕਾ ਹੋਇਆ ਤਾਂ ਮੇਰੇ ਆਪਣੇ ਹੀ ਮੇਰੇ ਨਾਲ ਇਉਂ ਵਰਤਾਓ ਕਰਦੇ ਜਿਵੇਂ ਮੈਂ ਬੜਾ ਵੱਡਾ ਜੁਲਮ ਕੀਤਾ ਹੋਵੇ ਬਸ਼ੀਰ ਨੂੰ ਆਪਣਾ ਪੁੱਤਰ ਬਣਾ ਕੇ । ਵਕਤ ਨੇ ਉਮਰੋਂ ਵੱਧ ਸਿਆਣਾ ਬਣਾ ਦਿੱਤਾ ਅੱਠ ਦਸ ਸਾਲਾ ਦੇ ਬਸ਼ੀਰ ਨੂੰ । ਇੱਕ ਦਿਨ ਦਿਲ 'ਚ ਪਤਾ ਨਈ ਕੀ ਆਇਆ ਬਾਂਹ ਤੇ ਲਿਖੇ ਬਸ਼ੀਰ ਨੂੰ ਖੋਰੇ ਕਿਹੜੀ ਸ਼ੈਅ ਨਾਲ ਖੁਰਚ ਖੁਰਚ ਕੇ ਬਾਂਹ ਲਹੂ-ਲੁਹਾਨ ਕਰ ਲਈ । ਰੋਂਦਾ ਰੋਂਦਾ ਘਰ ਆਇਆ ਮੇਰੀਆਂ ਲੱਤਾਂ ਨੂੰ ਚੰਬੜ ਆਖਣ ਲੱਗਾ, " ਚਾਚਾ ਮੈਂ ਬਸ਼ੀਰ ਨਹੀਂ ਤੂੰ ਮੇਰਾ ਚਾਚਾ ਏ... ।" ਇਹ ਆਖ ਉੱਚੀ-ਉੱਚੀ ਰੋਣ ਲੱਗਾ । ਮੈਂ ਘੁੱਟ ਗਲਵੱਕੜੀ 'ਚ ਲੈ ਲਿਆ । ਕਿੰਨਾ ਰੋਇਆ ਸਾਂ ਮੈਂ ਸਭ ਤੋਂ ਚੋਰੀ ਕੱਲਾ....। ਮੈਂ ਕਦੇ ਵੀ ਬਸ਼ੀਰ ਨੂੰ ਹਰਨੇਕ ਤੋਂ ਵੱਖ ਕਰਕੇ ਨਈ ਸੀ ਵੇਖਿਆ, ਪਰ ਲੋਕਾਂ ਦੀਆਂ ਅੱਖਾਂ ਵੱਖਰੀਆਂ ਸੀ ਮੇਰੀਆਂ ਅੱਖਾਂ ਨਾਲੋਂ ...। ਬਸ਼ੀਰ ਦੀ ਰੀਸ ਨਾਲ ਹਰਨੇਕ ਵੀ ਚਾਚਾ ਹੀ ਆਖਣ ਲੱਗਾ । ਦੋਂਹਾਂ ਭਰਾਵਾ 'ਚ ਪਿਆਰ ਵੀ ਸਕੇ ਭਰਾਵਾਂ ਵਾਂਗ ਸੀ । ਪਰ ਲੋਕਾਂ ਦੀਆਂ ਅੱਖਾਂ 'ਚ ਬਾਹੀ ਲਿਖਿਆ ਬਸ਼ੀਰ ਹੀ ਰੜਕਦਾ ਰਿਹਾ, ਜਿੰਨਾ ਚਿਰ ਬਸ਼ੀਰ, ਗੁਰਮੁਖ ਸਿੰਘ ਨਾ ਬਣਿਆ । ਬਸ਼ੀਰ, ਗੁਰਮੁਖ ਸਿੰਘ ਹੋ ਗਿਆ । ਨਾ ਬਾਬੇ ਨਾਨਕ ਦਾ ਪੰਜਾਬ ਵੰਡਿਆ ਜਾਂਦਾ ਨਾ ਇਹ ਦਿਨ ਵੇਖਣੇ ਪੇਦੈ । ਧਰਤ ਮਾਂ ਵੰਡ ਚੁੰਨੀ ਲਹੂ ਨਾਲ ਰੰਗ ਪਤ ਰੋਲ ਦਿੱਤੀ ਧਰਤੀ ਮਾਂ ਦੀ.... । ਸਭ ਰਿਸ਼ਤੇ ਵਿੱਸਰ ਗਏ । ਅਜਾਦੀ ਗਾਲ ਜਿਹੀ ਲੱਗਦੀ ਏ ਜਿਵੇਂ ਕਿਸੇ ਮਾਂ ਦੀ ਗਾਲ ਕੱਢੀ ਹੋਵੇ ।"
" ਕੀ ਗੱਲ ਚਾਚਾ, ਬੜਾ ਸੋਚੀ ਪਿਆ ?" " ਆ ਬਸ਼ੀਰਿਆ ਬਹਿਜਾ, ਮੈਂ ਤਾਂ ਨਿੱਤ ਆਪਣੇ ਆਪ ਨਾਲ ਹੀ ਲੜਦਾ ਰਹਿਨਾਂ ।" ਥੋੜ੍ਹੀ ਦੇਰ ਚੁੱਪ ਰਹਿਣ ਪਿੱਛੋਂ ਬੂਟਾ ਸਿੰਘ ਆਖਦਾ ਹੈ," ਸਾਰੇ ਜੀਅ ਜੰਤ ਜਿੰਦਗੀ ਦੇ ਰਥ 'ਤੇ ਸਵਾਰ ਨੇ । ਜਿੰਦਗੀ ਦਾ ਰਥ ਜੋ ਕਦੇ ਰੁਕਦਾ ਨਹੀਂ , ਮੁਸਾਫਰ ਚੜ੍ਹਦੇ ਉੱਤਰਦੇ ਰਹਿੰਦੇ ਹਨ । ਜਿੰਦਗੀ ਦਾ ਰਥ ਸਮੇਂ ਦੇ ਚੱਕੇ....। ਬਸ਼ੀਰਿਆ ਕਿੱਥੋਂ ਤੁਰੇ ਹਾਂ ਕਿੱਥੇ ਪਹੁੰਚਣਾ ਕੋਈ ਨਈ ਜਾਣਦਾ । ਤੂੰ ਕੋਣ ਏ ? ਮੈਂ ਕੋਣ ਹਾਂ ? ਕਿੱਥੋਂ ਆਏ ? ਕਿੱਥੇ ਜਾਣਾ ? ਆਪਾ ਸਾਰੇ ਕਿਸੇ ਆਦਮ ਦੇ ਜਾਏ । ਫਿਰ ਆ ਹਿੰਦੂ ,ਮੁਸਲਮਾਨ ,ਸਿੱਖ ਏ ਕੋਣ ਨੇ ?" ਗੁਰਮੁਖ ਸਿੰਘ ਬੜੇ ਧਿਆਨ ਨਾਲ ਬੂਟਾ ਸਿੰਘ ਦੀਆਂ ਗੱਲਾਂ ਸੂਣ ਰਿਹਾ । ਉਹ ਮਨ ਹੀ ਮਨ ਸੋਚਦਾ ਹੈ - " ਚਾਚਾ ਸੌਂਫੀ ਤਾਂ ਇਹੋ ਜਿਹੀਆਂ ਗੱਲਾਂ ਕਰਦਾ ਨਈ । ਅੱਜ ਚਾਚੇ ਨੂੰ ਕੀ ਹੋਇਆ ? "
" ਬਸ਼ੀਰਿਆ । " " ਹੂੰ..." ਗੁਰਮੁਖ ਸਿੰਘ ਦੀ ਸੁਰਤੀ ਟੁੱਟਦੀ ਹੈ ।
" ਇੱਕ ਗੱਲ ਦੱਸ, ਹਿੰਦੋਸਤਾਨ ਪਾਕਿਸਤਾਨ ਕਿਉਂ ਏ ਭਲਾ ? ਦੋ ਪੰਜਾਬ ਕਿਉਂ ਨੇ ਪੰਜ -ਆਬ ਤਾਂ ਵੰਡੇ ਗਏ ? ਦੋਵੇਂ ਦੇਸਾਂ ਦੇ ਪੰਜਾਬੀ ਅਜੇ ਤੀਕ ਵੀ ਰਫ਼ਿਊਜੀ ਮੁਹਾਜਿਰ ਕਿਉਂ ਨੇ ? ਬਸ਼ੀਰਿਆ ਅਗਲੀ ਦੁਨੀਆਂ ਪਤਾ ਨਈ ਕਿਹੋ ਜਿਹੀ ਏ ? ਦਿਲਾਵਰ ਯਾਦ ਆਉਂਦਾ ਤਾਂ ਯਾਦ ਆਉਂਦਾ ਚੱਕ ਪੰਜਾਸੀ ਸਰਗੋਧਾ , ਸੁਖ਼ਨਾਂ ਹੀ ਹੋ ਗਿਆ ਚੱਕ ਪੰਜਾਸੀ ਜੰਮਣ ਭੋਇ...।" ਬੂਟਾ ਸਿੰਘ ਆਖਦਾ ਆਖਦਾ ਚੁੱਪ ਕਰ ਜਾਂਦਾ ਹੈ । ਬੂਟਾ ਸਿੰਘ ਲੰਮਾ ਹਉਕਾ ਭਰ,

ਬੁੱਲ੍ਹੇ ਨੂੰ ਲੋਕ ਮੱਤੀਂ ਦੇਂਦੇ, ਬੁੱਲ੍ਹਿਆ ਤੂੰ ਜਾ ਬਹੁ ਮਸੀਤੀ ।
ਵਿਚ ਮਸੀਤਾਂ ਕੀ ਕੁਝ ਹੁੰਦਾ, ਜੋ ਦਿਲੋਂ ਨਮਾਜ਼ ਨਾ ਕੀਤੀ ।
ਬਾਹਰੋਂ ਪਾਕ ਕੀਤੇ ਕੀ ਹੁੰਦਾ, ਜੇ ਅੰਦਰੋਂ ਨਾ ਗਈ ਪਲੀਤੀ ।
ਬਿਨ ਮੁਰਸ਼ਦ ਕਾਮਲ ਬੁੱਲ੍ਹਿਆ,ਤੇਰੀ ਐਵੇਂ ਗਈ ਇਬਾਦਤ ਕੀਤੀ। 1
..........................

ਬੁੱਲ੍ਹਿਆ ਧਰਮਸ਼ਾਲਾ ਵਿਚ ਨਾਹੀਂ, ਜਿੱਥੇ ਮੋਮਨ ਭੋਗ ਪਵਾਏ।
ਵਿੱਚ ਮਸੀਤਾਂ ਧੱਕੇ ਮਿਲਦੇ, ਮੁੱਲਾਂ ਤਿਉੜੀ ਪਾਏ ।
ਦੌਲਤਮੰਦਾਂ ਨੇ ਬੂਹਿਆਂ ਉੱਤੇ, ਰੋਹਬਦਾਰ ਬਹਾਏ ।
ਪਕੜ ਦਰਵਾਜਾ ਰੱਬ ਸੱਚੇ ਦਾ,ਜਿੱਥੋਂ ਦੁੱਖ ਦਿਲ ਦਾ ਮਿਟ ਜਾਏ। 2

" ਬਸ਼ੀਰਿਆ ਇੱਕ ਗੱਲ ਦੱਸ, ਦੁਨੀਆਂ 'ਤੇ ਰੱਬ ਹੈ ਕਿ ਨਈ ?" " ਪਤਾ ਨਈ ਚਾਚਾ ਕੀ ਲੈਣਾ ਚੱਕਰਾਂ 'ਚ ਪੈ ਕੇ । ਤੂੰ ਆਹ ਪੀ ਗੁੜ ਦਾ ਰਸ,ਸੋਮਰਸ ।" ਗੁਰਮੁਖ ਸਿੰਘ ਡੱਬ 'ਚ ਲਾਈ ਬੋਤਲ ਕੱਢ ਬੂਟਾ ਸਿੰਘ ਅੱਗੇ ਧਰਦਾ ਹੈ । ਦੋਵੇਂ ਜਣੇ ਇੱਕ-ਦੂਜੇ ਵੱਲ ਤੱਕ ਹੱਸਦੇ ਹਨ । ਬੂਟਾ ਸਿੰਘ ਹੁਣ ਜਿਆਦਾ ਸਮਾਂ ਘਰ ਤੋਂ ਬਾਹਰ ਖੇਤਾਂ ਵਿੱਚ ਮੋਟਰ 'ਤੇ ਹੀ ਗੁਜਾਰਦਾ । ਬੂਟਾ ਸਿੰਘ ਬੇਚੈਨ ਹੈ । ਉਹ ਸੋਚਦਾ - " ਦੁਨੀਆਂ ਕਿੰਨੀ ਵੱਡੀ ਹੈ । ਕਿੰਨੇ ਮੁਲਕ ਕਿੰਨੀਆਂ ਹੀ ਹੱਦਾਂ - ਸਰਹੱਦਾਂ । ਹਰ ਮੁਲਕ ਦੇ ਬਸ਼ਿੰਦਿਆਂ ਦੇ ਆਪਣੇ ਆਪਣੇ ਰੱਬ...। ਇੱਕੋ ਮੁਲਕ 'ਚ ਵੱਸਦਿਆਂ ਬੰਦਿਆ ਦੇ ਵੱਖੋ ਵੱਖਰੇ ਰੱਬ...। ਕਿੰਨੀ ਵੱਡੀ ਦੁਨੀਆਂ ,ਕਿੰਨੇ ਹੀ ਰੱਬ....। ਜਨਮ-ਮਰਨ , ਕਰਮ-ਧਰਮ , ਪਾਪ ਪੁੰਨ...। ਮੈਂ ਕਿਹੜੀ ਬੇੜੀ 'ਚ ਸਵਾਰ ਆ ਪਾਪ ਦੀ ਜਾ ਪੁੰਨ ਦੀ ਅੱਜ ਤੀਕ ਨਈ ਸਮਝ ਸਕਿਆ । ਪਰ ਬਿਸ਼ਨ ਕੌਰ ਤਾਂ ਹਰ ਘੜੀ ਰੱਬ ਦਾ ਸਿਮਰਨ ਕਰਦੀ, ਬਿਨਾਂ ਨਾਗੇ ਗੁਰੂ ਘਰ ਜਾਂਦੀ | ਸਰਬੱਤ ਦਾ ਭਲਾ ਮੰਗਦੀ । ਦਰ 'ਤੇ ਆਏ ਸਾਧ, ਜੋਗੀ ਨੂੰ ਕਦੇ ਨਾਂਹ ਖਾਲੀ ਹੱਥੀ ਮੋੜਦੀ । ਫੇਰ ਉਹ ਕਿਹੜੇ ਕਰਮਾਂ ਦਾ ਫਲ ਭੋਗ ਰਹੀ ਏ, ਤਸੀਹੇ ਝੱਲ ਰਹੀ ਏ । ਪਿਛਲੇ ਕਰਮਾਂ ਦਾ ਲੇਖਾ-ਜੋਖਾ ਇਸ ਜਨਮ ਦੀ ਪੀੜਾਂ .......। ਨਰਕ ਸਵਰਗ..., ਅੱਗਾ ਕਿੰਨੇ ਵੇਖਿਆ ਬੂਟਾ ਸਿਹਾ । ਕਦੇ ਕਦੇ ਮਨ 'ਚ ਖਿਆਲ ਆਉਂਦਾ ਕਿ ਸੱਚਮੁਚ ਹੀ ਮਨੁੱਖਾ ਜੀਵਨ ਸਭ ਤੋਂ ਉੱਤਮ ਏ ! ਜਾਂ ਅਸੀਂ ਸਾਰੇ ਆਦਮ ਜਾਏ ਇਸੇ ਭਰਮ ਜਾਲ 'ਚ ਫਸੇ ਪਏ ਆ । ਜਿਸ 'ਚੋ ਨਿਕਲਣ ਦਾ ਰਾਹ ਦਿਸਦਾ ਹੀ ਨਈ ਸਾਨੂੰ..... ।" ਬੂਟਾ ਸਿੰਘ ਪੱਠੇ ਵੱਢਦੇ ਗੁਰਮੁਖ ਸਿੰਘ ਨੂੰ ਇੱਕ ਟੁੱਕ ਵੇਖ ਰਿਹਾ । ਗੁਰਮੁਖ ਸਿੰਘ ਆਪਣੇ ਧਿਆਨ ਪਠੇ ਵੱਢ ਰਿਹਾ । ਪਤਲੇ ਸਰੀਰ ਦਾ ਗੁਰਮੁਖ ਸਿੰਘ ਅਜੇ ਵੀ ਫੁਰਤੀਲਾ ਹੈ, ਕੰਮ-ਕਾਰ ਨੂੰ ਤਕੜਾ ਹੈ । ਬੂਟਾ ਸਿੰਘ ਇਕੱਲਾ ਬੈਠਾ ਆਪਣੇ ਮਨ ਨਾਲ ਗੱਲਾਂ ਕਰ ਰਿਹਾ," ਬਸ਼ੀਰ ਸਰੀਰ ਦਾ ਕਰੜਾ ਹੱਡ ਵਾਹੁੰਦਾ ਰਹਿੰਦਾ,ਪਰ ਕਿੰਨਾ ਚਿਰ ? ਬਸ਼ੀਰ ਦੀ ਚਿੱਟੀ ਦਾੜ੍ਹੀ ਵੇਖ ਮੈਂ ਡਰ ਜਾਨਾਂ । ਕੀ ਬਸ਼ੀਰ ਵੀ ਬੀਮਾਰ ਹੋ ਮੰਜੀ ਫੜ੍ਹ ਲਏਗਾ ਬਿਸ਼ਨ ਕੌਰ wang ? ਕੋਣ ਸਾਂਭੇਗਾ ਇਹਨੂੰ ? ਪਤਾ ਨਈ ਓਸ ਵੇਲੇ ਮੈਂ ਆਪਣੇ ਬਸ਼ੀਰ ਕੋਲ ਹੋਵਾਂਗਾ ਜਾਂ ਨਈ ! ਬਸ਼ੀਰ ਨੂੰ ਆਸਰਾ ਦੇਣਾ ਕੀ ਸੱਚਮੁਚ ਬਹੁਤ ਵੱਡਾ ਗੁਨਾਹ ਸੀ, ਕੀ ਮੈਂ ਪਾਪੀ ਆ, ਅਧਰਮੀ ਆ ? ਕੋਣ ਆ ਮੈਂ ? ਕਦੇ ਕਦੇ ਮੈਨੂੰ ਆਪਣੇ ਆਪ ਤੇ ਗੁੱਸਾ ਆਉਂਦਾ , ਮੈਂ ਜੋ ਹੈ ਵਾਂ ਉਹ ਕਿਉਂ ਆ । ਮੈਂ ਖੋਰੇ ਕਿੰਨੇ ਸਾਲਾ ਮਗਰੋਂ ਗੁਰੂ ਘਰ ਗਿਆ । ਬਾਬੇ ਨਾਨਕ ਤੋਂ ਮੰਗਿਆ ਤਾਂ ਮੰਗਿਆ ਵੀ ਕਈ ਮੋਤ......ਬਸ਼ੀਰ ਲਈ ਉਹ ਵੀ ਆਪਣੇ ਤੋਂ ਪਹਿਲਾ । ਮੇਰੀਆਂ ਅੱਖਾਂ ਸਾਹਵੇਂ ਮੇਰੇ ਹੱਥਾ 'ਚ ਜਾਨ ਨਿਕਲੇ ਬਸ਼ੀਰ ਦੀ । ਇਹ ਮੰਗਦਿਆਂ ਅਰਦਾਸ 'ਚ ਜੁੜੇ ਹੱਥ ਤੇ ਮੇਰੀ ਪੂਰੀ ਦੇਹ ਕੰਬਣ ਲੱਗ ਪਈ ਸੀ । " ਬੂਟਾ ਸਿੰਘ ਮੰਜੀ 'ਤੇ ਬੈਠਾ ਹੀਅ ਨੂੰ ਦੋਵਾਂ ਹੱਥ 'ਚ ਘੁੱਟ ਆਖਦਾ ਹੈ, " ਰੱਬ ਕਰੇ ਬਿਸ਼ਨ ਕੌਰ, ਬਸ਼ੀਰ ਤੇ ਮੈਂ ਕੱਠੇ ਹੀ ਮਰ ਜਾਈਏ ਇੱਕੋ ਘੜੀ ਇੱਕੋ ਦਿਨ । ਬੀਤੇ ਮਹੀਨੇ ਦੀ ਗੱਲ ਹੈ । ਬਿਸ਼ਨ ਕੌਰ ਚੌਕੇ ਵਿਚੋਂ ਰੋਟੀ ਖਾਹ ਕੇ ਪੀੜ੍ਹੀ 'ਤੋਂ ਉੱਠਣ ਲੱਗੀ ਤਾਂ ਚੱਕਰ ਆਉਣ ਨਾਲ ਓਸੇ ਥਾਂ ਡਿੱਗ ਪਈ । ਸਾਰੇ ਪਰਿਵਾਰ ਨੂੰ ਹੱਥਾ ਪੈਰਾ ਦੀ ਪੈ ਗਈ । ਬਿਸ਼ਨ ਕੌਰ ਨੂੰ ਗੁਆਂਢੀਆ ਦੀ ਕਾਰ 'ਤੇ ਸ਼ਹਿਰ ਡਾਕਟਰ ਜਿੰਦਲ ਕੋਲ ਲਿਜਾਇਆ ਗਿਆ । ਰਿਪੋਰਟਾਂ ਆਈਆਂ ਲਾਇਲਾਜ ਬਿਮਾਰੀ ਸੀ ਉਹ ਵੀ ਸਿਖਰਾਂ 'ਤੇ । ਤਿੰਨ ਮਹੀਨੇ ਹੋ ਗਏ ਸੀ ਬਿਸ਼ਨ ਕੌਰ ਦੇ ਇਲਾਜ ਚੱਲਦੇ ਨੂੰ । ਕਿਸੇ ਵੀ ਚੀਜ ਨੇ ਅਸਰ ਨਾਂਹ ਦਿਖਾਇਆ ਨਾ ਦਵਾ ਨੇ ਨਾ ਹੀ ਦੂਆ ਨੇ । ਅੱਜ ਅੱਠ ਦਿਨ ਹੋ ਗਏ ਹਨ ਬਿਸ਼ਨ ਕੌਰ ਗੁੰਮ-ਸੁੰਮ ਹੋਇਆ । ਸਾਰਾ ਪਰਿਵਾਰ ਉਸ ਦੇ ਦੁਆਲੇ ਬੈਠਾ ਹੈ । ਆਂਢੀਓ-ਗੁਆਂਢੀਓ ਖ਼ਬਰ ਸਾਰ ਲੈਣ ਆਉਂਦੀਆਂ ਹਨ | ਕੋਈ ਆਖਦੀ ਹੈ, " ਚਮਚੇ ਨਾਲ ਪਾਣੀ ਪਾਓ ਖਾ ਮੂੰਹ 'ਚ ਕੀ ਪਤਾ ਕਿਸ ਹੱਥੋਂ ਪਾਈ ਬੂੰਦ ਅਮ੍ਰਿਤ ਹੋ ਜਾਏ ।" ਕੋਈ ਆਖਦੀ ਹੈ, "ਗੁਰਦਵਾਰੇ ਜਾ ਭਾਈ ਜੀ ਨੂੰ ਆਖੋ ਕੇ ਅਰਦਾਸ ਕਰੇ । ਪਤਾ ਨਈ ਕਿਹੜੀ ਘੜੀ ਨੂੰ ਉਡੀਕਦੀ ਏ ।" ਕੋਈ ਆਖਦੀ ਹੈ, " ਦਲਬੀਰ ਕੌਰੇ ਪਾਠ ਕਰਿਆ ਕਰੋ । ਕੰਨੀ ਤਾਂ ਸੁਣਦੀ ਹੋਏਗੀ, ਬਿਨਾਂ ਨਾਗੇ ਗੁਰੂ ਘਰ ਜਾਂਦੀ ਸੀ । ਚੱਲੋ ਜਿੰਨੇ ਸਵਾਸ ਲਿਖਾਏਂ ਨੇ ਉਹ ਤਾਂ ਭੋਗਣੇ ਹੀ ਪੈਣੇ ਨੇ ।" ਇਹ ਸੁਣ ਦਲਬੀਰ ਕੌਰ ਦੇ ਮਨ 'ਚ ਹੌਲ ਜਿਹੇ ਪੈਂਦੇ ਨੇ । ਦਿਨ ਰਾਤ ਦੀ ਬੁੱਕਲ 'ਚ ਖਮੋਸ਼ ਸੌ ਰਿਹਾ । ਬੂਟਾ ਸਿੰਘ ਡਿਓੜ੍ਹੀ 'ਚ ਮੰਜੀ 'ਤੇ ਲੰਮਾ ਪਿਆ । ਬੂਟਾ ਸਿੰਘ ਮਹਿਸੂਸ ਕਰਦਾ ਜਿਵੇਂ ਉਹ ਉੱਥੇ ਹੋਵੇ ਹੀ ਨਾਂਹ ਬੱਸ ਉਹਦਾ ਸਰੀਰ ਹੈ ਜਿਸ 'ਚ ਕੋਈ ਹਰਕਤ ਨਈ ਹੋ ਰਹੀ । ਕਦੇ ਉਸਨੂੰ ਜਾਪਦਾ ਜਿਵੇਂ ਕਿਸੇ ਨੇ ਉਹਦੀ ਹਿੱਕ 'ਤੇ ਮਣਾਂ ਮੂੰਹੀਂ ਭਾਰ ਰੱਖ ਦਿੱਤਾ ਹੋਵੇ ਤੇ ਉਸ ਤੋਂ ਪੂਰੀ ਸੱਤਿਆ ਲਾ ਵੀ ਉੱਠਿਆ ਨਹੀਂ ਜਾਂਦਾ । ਉਹਦੇ ਅੰਗ ਹਰਕਤ ਨਹੀਂ ਕਰਦੇ । ਮੱਥੇ 'ਤੇ ਤਰੇਲੀਆਂ ਹਨ । ਉਹ ਪੂਰਾ ਜੋਰ ਲਾ ਗੁਰਮੁਖ ਸਿੰਘ ਨੂੰ ਅਵਾਜ ਮਾਰਦਾ, ਬਸ਼ੀਰ....ਪਰ ਉਹਦੇ ਸੰਗ 'ਚੋ ਅਵਾਜ ਨਹੀਂ ਨਿਕਲਦੀ । ਅਮ੍ਰਿਤ ਵੇਲਾ ਹੈ । ਬਿਸ਼ਨ ਕੌਰ ਦੇ ਸਿਰ੍ਹਾਣੇ ਪੀੜ੍ਹੀ 'ਤੇ ਬੈਠੀ ਦਲਬੀਰ ਕੌਰ ਜਪੁਜੀ ਸਾਹਿਬ ਦਾ ਪਾਠ ਕਰ ਰਹੀ ਹੈ । ਦਲਬੀਰ ਕੌਰ ਪਾਠ ਕਰ ਉੱਠਦੀ ਹੈ ਤਾਂ ਉਹ ਬਿਸ਼ਨ ਕੌਰ ਨੂੰ ਸ਼ਾਂਤ ਵੇਖ ਜੋਰ ਜੋਰ ਦੀ ਅਵਾਜਾਂ ਮਾਰਦੀ ਹੈ, "ਸੁਖਜੀਤ....ਬਾਪੂ ਜੀ....।" ਅਵਾਜ ਸੁਣ ਗੁਰਮੁਖ ਸਿੰਘ, ਹਰਮੀਤ, ਸੁਖਜੀਤ ਵੱਡੇ ਕਮਰੇ 'ਚ ਆਉਂਦੇ ਹਨ, ਬਿਸ਼ਨ ਕੌਰ ਜੋ ਖਿੱਚ ਖਿੱਚ ਕੇ ਔਖੇ ਸਾਹ ਲੈ ਰਹੀ ਸੀ ਸ਼ਾਂਤ ਹੈ । ਸਾਰੇ ਜਣੇ ਭੁੱਬਾਂ ਮਾਰ ਰੋ ਰਹੇ ਹਨ । ਰੋਂਦਿਆਂ ਨੂੰ ਵੇਖ ਆਂਢ-ਗੁਆਂਢ ਵੀ ਇਕੱਠਾ ਹੋ ਗਿਆ । ਗੁਰਮੁਖ ਸਿੰਘ ਸੁੱਤੇ ਹੋਏ ਬੂਟਾ ਸਿੰਘ ਨੂੰ ਜੱਫੀ ਪਾ ਭੁੱਬਾਂ ਮਾਰ ਰੋਂਦਾ ਆਖਦਾ, " ਚਾਚਾ......ਚਾਚੀ !" ਬੂਟਾ ਸਿੰਘ ਉੱਠਦਾ ਨਹੀਂ । ਗੁਰਮੁਖ ਸਿੰਘ, ਬੂਟਾ ਸਿੰਘ ਨੂੰ ਜੋਰ ਦੀ ਹਿਲਾਉਂਦਾ ਹੈ । ਬੂਟਾ ਸਿੰਘ ਦੀਆਂ ਹਿੱਕ 'ਤੇ ਰੱਖੀਆਂ ਬਾਹਾਂ ਲਮਕ ਜਾਂਦੀਆਂ । ਗੁਰਮੁਖ ਸਿੰਘ ਦੇ ਮੂੰਹੋਂ ਚੀਕ ਨਿਕਲਦੀ ਹੈ, " ਸੁਖਜੀਤ....ਚਾਚਾ....।" ਚੀਕ ਸੁਣ ਸਾਰੇ ਜਣੇ ਡਿਓੜ੍ਹੀ ਵੱਲ ਭੱਜ ਉੱਠਦੇ ਹਨ । ਸੂਰਜ ਦੀ ਲੋਅ ਦੇ ਨਾਲ ਨਾਲ ਇਹ ਖ਼ਬਰ ਵੀ ਚਾਰੇ ਪਾਸੇ ਫੈਲ ਗਈ ਕਿ ਬੂਟਾ ਸਿੰਘ ਰਫਿਊਜੀ ਪੂਰਾ ਹੋ ਗਿਆ । ਬੂਟਾ ਸਿੰਘ ਭਾਵੇਂ ਧਾਰਮਿਕ ਸਥਾਨਾਂ 'ਤੇ ਘੱਟ ਜਾਂਦਾ ਪਰ ਨਾਸਤਿਕ ਨਹੀਂ ਸੀ । ਉਹ ਮਨ ਹੀ ਮਨ ਰੱਬ ਨਾਲ ਗੱਲਾਂ ਕਰਦਾ, ਸ਼ਿਕਵੇ ਕਰਦਾ। ਅੱਡੀਆਂ ਚੁੱਕ ਧਰਮਾਂ ਦੀਆਂ ਕੰਧਾਂ ਤੋਂ ਉੱਤੋਂ ਦੀ ਝਾਕਦਾ । ਕਾਦਰ ਦੀ ਕੁਦਰਤ ਨੂੰ ਸਤਿਕਾਰਦਾ, ਫਸਲਾਂ ਨੂੰ ਪਿਆਰਦਾ । ਉੱਡਦੇ ਪੰਛੀਆਂ ਨੂੰ ਵੇਖ ਉੱਡਣਾ ਲੋਚਦਾ । ਹੱਕ ਸੱਚ ਲਈ ਲੜਦਾ । ਜੇ ਕੋਈ ਅਹਿਸਾਨ ਮੰਨ ਉਸਤਤ ਕਰਦਾ ਤਾਂ ਹੱਸ ਕੇ ਇਹੋ ਆਖਦਾ, " ਬੰਦਾ ਹੀ ਬੰਦੇ ਦੇ ਕੰਮ ਆਉਂਦਾ ਜੇ ਰੱਬ ਲੇਟ ਹੋ ਜਾਏ ।"
ਪੂਰੇ ਦੀ ਹਵਾ ਮੱਠੀ ਮੱਠੀ ਵਗ ਰਹੀ ਏ । ਸ਼ਮਸ਼ਾਨ-ਘਾਟ 'ਚ ਤਿਲ ਸੁੱਟਣ ਦੀ ਥਾਂ ਨਹੀਂ ਲੱਭਦੀ । ਗੁਰਮੁਖ ਸਿੰਘ ਨੇ ਦੋਵੇਂ ਚਿਖਾਵਾਂ ਨੂੰ ਅੱਗ ਵਿਖਾਈ, ਦੋਵੇਂ ਚਿਖਾਵਾਂ ਬਲ ਰਹੀਆਂ । ਬੂਟਾ ਸਿੰਘ ਬਿਸ਼ਨ ਕੌਰ ਦੋਵੇਂ ਇੱਕ-ਦੂਜੇ ਨਾਲ ਉਮਰਾਂ ਦੀ ਸਾਂਝ ਪੁੱਗਾਂ ਗਏ । ਲੋਕੀਂ ਗੱਲਾਂ ਕਰ ਰਹੇ ਨੇ,
" ਬੂਟਾ ਸਿੰਘ ਰਫ਼ਿਊਜੀ ਨੂੰ ਤਾਂ ਜਿਵੇਂ ਰੱਬ ਆਪ ਲੈਣ ਆਇਆ ਹੋਵੇ । ਚੰਗੇ ਭਲੇ ਖਾਂਦੇ ਪੀਂਦੇ ਨੂੰ ਬਾਹੋਂ ਫੜ੍ਹ ਲੈ ਗਿਆ । ਬੜਾ ਨੇਕ ਦਿਲ ਬੰਦਾ ਸੀ ।"
ਆਪਣੇ ਪਿੰਡ ਪੰਜਾਸੀ ਚੱਕ (ਸਰਗੋਧਾ) ਨੂੰ, ਜੰਮਣ ਭੋਏ ਵਤਨ ਦੀ ਮਿੱਟੀ ਨੂੰ ਤਰਸਦਾ ਰੱਬ ਤੋਂ ਉੱਚੀ ਤਾਂਘ ਆਪਣੇ ਦਿਲ 'ਚ ਲੈ ਬੂਟਾ ਸਿੰਘ ਰਫ਼ਿਊਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਤੇ ਗੁਰਮੁਖ ਸਿੰਘ ਗੁੰਮ-ਸੁੰਮ ਜਿਹਾ ਬਲਦੀਆਂ ਚਿਖਾਵਾਂ ਨੂੰ ਵੇਖ ਰਿਹਾ । ਗੁਰਮੁਖ ਸਿੰਘ ਅੰਦਰੋ ਭੁੱਬ ਮਾਰ ਦਬੀ ਅਵਾਜ 'ਚ ਆਖਦਾ , " ਚਾਚਾ ਤੇਰਾ ਬਸ਼ੀਰ ਵੀ ਮਰ ਗਿਆ ਅੱਜ ਤੇਰੇ ਨਾਲ ਹੀ....ਤੇਰੇ ਬਿਨਾ ਕਿਸੇ ਨਈ ਬਸ਼ੀਰ ਕਹਿ ਵਾਜ ਮਾਰਨੀ ।"
* ਦਿਲਾਵਰ ਦੀ ਮਾਂ
1,2 ਬਾਬਾ ਬੁੱਲ੍ਹੇ ਸ਼ਾਹ
ਮੌਬ-- 98882-72600

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346