Welcome to Seerat.ca
Welcome to Seerat.ca

ਮੋਈ ਪਤਨੀ ਦਾ ਸਾਮਾਨ

 

- ਉਂਕਾਰਪ੍ਰੀਤ

ਸ਼ਰਧਾਂਜਲੀ ਲੇਖ/ਬਹੁ-ਬਿਧ ਪ੍ਰਤਿਭਾ ਦਾ ਝਲਕਾਰਾ: ਜਗਜੀਤ ਸਿੰਘ ਆਨੰਦ

 

- ਵਰਿਆਮ ਸਿੰਘ ਸੰਧੂ

ਦੋ ਗਜ਼ਲਾਂ

 

- ਮੁਸ਼ਤਾਕ

ਚਾਰ ਗਜ਼ਲਾਂ

 

- ਗੁਰਨਾਮ ਢਿੱਲੋ

ਸਵੈਜੀਵਨੀ (ਭਾਗ-2) ਦਾ ਅਖ਼ਰੀ ਤੋਂ ਪਹਿਲਾ ਕਾਂਡ / 'ਫ਼ਾਦਰ' ਟਰੀਸਾ!

 

- ਇਕਬਾਲ ਰਾਮੂਵਾਲੀਆ

ਮੇਰੀਆਂ ਦੋ ਕਹਾਣੀਆਂ ਦੇ ਬੀਜ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਪੈਰਿਸ ਦਾ ਪਾਣੀ

 

- ਹਰਜੀਤ ਅਟਵਾਲ

ਜਦੋਂ ਨਿੱਕੇ ਹੁੰਦੇ ਸਾਂ

 

- ਗੁਰਮੁਖ ਸਿੰਘ ਮੁਸਾਫਰ

ਟੋਕਰੀ ਦੇ ਸੇਬ

 

- ਪਿਆਰਾ ਸਿੰਘ ਭੋਗਲ

ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!

 

- ਹਰਨੇਕ ਸਿੰਘ ਘੜੂੰਆਂ

ਹੁੰਦਾ ਨਈਂ ਨਿਆਂ

 

- ਅਮੀਨ ਮਲਿਕ

ਸ਼ੁਕਰ ਐ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਲਾਹੌਰ ਦਿੱਸਿਐ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਪਹੁਤਾ ਪਾਂਧੀ (ਟੂ)

 

- ਰਿਸ਼ੀ ਗੁਲਾਟੀ

ਕਾਮਰੇਡ ਗੁਰਦਿਆਲ ਸਿੰਘ ਡਾਲ਼ਾ

 

- ਸੁਦਾਗਰ ਬਰਾੜ ਲੰਡੇ

ਸਮਾਜਿਕ ਵੰਡੀਆਂ ਲਈ ਯੋਗ ਨੂੰ ਬਣਾਇਆ ਜਾ ਰਿਹਾ ਹੈ ਮਾਧਿਅਮ

 

- ਹਰਜਿੰਦਰ ਗੁੱਲਪੁਰ

ਦੋ ਕਵਿਤਾਵਾਂ

 

- ਅਮਰਜੀਤ ਟਾਂਡਾ

ਕਵਿਤਾ / ਪਿਆਰ ਦਾ ਸਫ਼ਰ

 

- ਸੁਖਵਿੰਦਰ ਕੌਰ 'ਹਰਿਆਓ'

ਕਦੇ ਵਿਰਸਾ ਵੀ ਮਰਿਆ ਜਿੰਨਾ ਚਿਰ ਬਾਪੂ ਵਰਗੇ ਜਿਉਂਦੇ ਆ।

 

- ਕਰਨ ਬਰਾੜ

ਬੂਟਾ ਸਿੰਘ ਰਫਿਊਜੀ

 

- ਬਾਜਵਾ ਸੁਖਵਿੰਦਰ

ਟੈਕਸੀਨਾਮਾ

 

- ਬਿਕਰਮਜੀਤ ਸਿੰਘ ਮੱਟਰਾਂ

ਬਾਬਾ ਬਖਤੌਰ ਸਿੰਓਂ ਦੀ ਸੱਥ ਤੋਂ...

 

- ਕਮਲਜੀਤ ਮਾਂਗਟ

 

Online Punjabi Magazine Seerat

ਸ਼ਰਧਾਂਜਲੀ ਲੇਖ
ਬਹੁ-ਬਿਧ ਪ੍ਰਤਿਭਾ ਦਾ ਝਲਕਾਰਾ:
ਜਗਜੀਤ ਸਿੰਘ ਆਨੰਦ
- ਵਰਿਆਮ ਸਿੰਘ ਸੰਧੂ (416-918-5212)

 

ਜਗਜੀਤ ਸਿੰਘ ਆਨੰਦ ਦੀ ਵੱਡ-ਆਕਾਰੀ ਤੇ ਬਹੁਪਾਸਾਰੀ ਅਲੋਕਾਰ ਸ਼ਖ਼ਸੀਅਤ ਦੀਆਂ ਰੁਚੀਆਂ, ਝੁਕਾਵਾਂ ਤੇ ਜੀਵਨ ਸਰਗਰਮੀਆਂ ਦੀ ਤਰਤੀਬ ਭਾਵੇਂ ਸਿਆਸਤ ਤੋਂ ਤੁਰ ਕੇ, ਪੱਤਰਕਾਰੀ ਵਿਚੋਂ ਹੁੰਦੀ ਹੋਈ ਸਾਹਿਤਕਾਰੀ ਤੱਕ ਪੁੱਜਦੀ ਹੈ ਪਰ ਇਹ ਤਰਤੀਬ ਵੱਖੋ-ਵੱਖ ਖਾਨਿਆਂ ਵਿਚ ਵੰਡੀ ਹੋਈ ਨਹੀਂ ਸਗੋਂ ਇਸ ਦੇ ਰੰਗ ਇਕ ਖੇਤਰ ਤੋਂ ਦੂਜੇ ਖੇਤਰ ਵਿਚ ਪਿਘਲਦੇ, ਘੁਲਦੇ ਤੇ ਲਿਸ਼ਕਦੇ ਨਜ਼ਰ ਆਉਂਦੇ ਹਨ। ਵਿਭਿੰਨ ਖੇਤਰਾਂ ਵਿਚ ਜੁੜਵਾਂ ਤੇ ਜਾਨਦਾਰ ਕੰਮ ਕਰਕੇ ਆਪਣੀ ਕਿਰਤ ਕਮਾਈ ਨਾਲ ਉਸ ਨੇ ਅਜਿਹਾ ਬੁਲੰਦ ਆਪਾ ਸਿਰਜ ਲਿਆ ਹੈ ਕਿ ਪੰਜਾਬੀ ਜਨ-ਜੀਵਨ ਵਿਚ ਉਸ ਜਿਹੀ ਬਹੁ-ਬਿਧ ਪ੍ਰਤਿਭਾ ਵਾਲਾ ਉਹ ਅਨੋਖਾ ਤੇ ਇਕੱਲਾ ਹੋ ਨਿਬੜਿਆ ਹੈ।
ਪਿਛਲੇ ਛੇ ਦਹਾਕਿਆਂ ਤੋਂ ਹਰੇਕ ਅਗਾਂਹਵਧੂ ਸਿਆਸੀ ਸਮਾਜੀ ਤੇ ਸਾਹਿਤਕ-ਸਭਿਆਚਾਰਕ ਲਹਿਰ ਦਾ ਉਸ ਨੂੰ ਨੇੜਲਾ, ਗਹਿ-ਗੱਚ ਤੇ ਪ੍ਰਮਾਣਿਕ ਅਨੁਭਵ ਹੈ ਕਿਉਂਕਿ ਉਸਨੇ ਇਹ ਇਤਿਹਾਸ ਆਪਣੇ ਜਿਸਮ ਅਤੇ ਜਾਨ ਉੱਤੇ ਹੰਢਾਇਆ ਹੈ ਤੇ ਇਸ ਨੂੰ ਉਸਾਰਨ, ਬਣਾਉਣ ਅਤੇ ਬਦਲਣ ਵਿਚ ਵਿਤੋਂ ਵੱਧ ਟਿੱਲ ਵੀ ਲਾਇਆ ਹੈ। ਸਾਡੇ ਵਾਂਗ ਸ਼ਾਇਦ ਜਗਜੀਤ ਸਿੰਘ ਆਨੰਦ ਨੂੰ ਵੀ ਇਸ ਗੱਲ ਦਾ ਝੋਰਾ ਹੋਵੇ ਕਿ ਜੇ ਉਹ ਭੱਜ-ਨੱਸ ਵਾਲੀ ਆਪਣੀ ਸਿਆਸੀ ਜਿ਼ੰਦਗੀ ਵਿਚੋਂ ਕੁਝ ਸਮਾਂ ਚੁਰਾ ਕੇ ਤੇ ਬਚਾ ਕੇ ਆਪਣੀਆਂ ਰਗਾਂ ਵਿਚ ਦੌੜਦੇ ਤੇ ਅੱਖਾਂ ਵਿਚੋਂ ਟਪਕਦੇ ਇਸ ਸਦੀ ਦੇ ਸੁਰਖ ਇਤਿਹਾਸ ਨੂੰ ਇਕ ਕਲਾਤਮਕ ਸੰਜਮ ਵਿਚ ਬੰਨ੍ਹ ਕੇ ਮਹਾਂ-ਕਾਵਿਕ ਪੱਧਰ ਦੀ ਕੋਈ ਰਚਨਾ ਕਰ ਜਾਂਦਾ ਤਾਂ ਉਹ ਰਚਨਾ ਸਮੁੱਚੇ ਭਾਰਤੀ ਸਾਹਿਤ ਦਾ ਸ਼ਾਹਕਾਰ ਹੋ ਨਿੱਬੜਣੀ ਸੀ। ਭਾਵੇਂ ਕਿ ਅਸੀਂ ਜਾਣਦੇ ਹਾਂ ਕਿ ਇਸ ਸਮੇਂ ਉਸ ਦੇ ਅਣਕੀਤੇ ਉੱਤੇ ਝੂਰਨ ਦਾ ਬਹਾਨਾ ਵੀ ਤਾਂ ਸਾਨੂੰ ਉਸ ਦੇ ਕੀਤੇ ਹੋਏ ਨੂੰ ਵਾਚਣ ਅਤੇ ਜਾਚਣ ਉਪਰੰਤ ਉਸ ਦੀ ਅਥਾਹ ਸਮਰੱਥਾ ਤੇ ਸੰਭਾਵਨਾ ਦੀ ਝਲਕ ਪੈਣ ਤੋਂ ਹੀ ਮਿਲਿਆ ਹੈ।
ਆਨੰਦ ਦਿਮਾਗ ਵਲੋਂ ਉਮਰ ਭਰ ਮਾਰਕਸੀ-ਲੈਨਿਨੀ ਵਿਚਾਰਧਾਰਾ ਨੂੰ ਕੱਟੜਤਾ ਦੀ ਹੱਦ ਤੱਕ ਪ੍ਰਣਾਇਆ ਸਿਰੜ੍ਹੀ, ਸਿਦਕੀ ਤੇ ਸਰਗਰਮ ਸਿਆਸੀ ਸੰਗਰਾਮੀਆਂ ਰਿਹਾ ਹੈ ਅਤੇ ਸਿਆਸਤ ਹਮੇਸ਼ਾ ਉਸਦੀ ਪਹਿਲੀ ਪਸੰਦ ਰਹੀ ਹੈ ਪਰ ਦਿਲ ਦੀਆਂ ਧੁਰ ਡੂੰਘਾਣਾਂ ਚੋਂ ਉਹ ਇਕ ਸੰਵੇਦਨਸ਼ੀਲ ਸਾਹਿਤਕਾਰ ਅਤੇ ਸੂਖ਼ਮ ਬਿਰਤੀਆਂ ਵਾਲਾ ਭਾਵੁਕ ਮਨੁੱਖ ਰਿਹਾ ਹੈ। ਆਪਣੇ ਵਿਚਾਰਾਂ ਅਤੇ ਅਸੂਲਾਂ ਉੱਪਰ ਲੋਹ-ਪੁਰਸ਼ ਬਣ ਕੇ ਪਹਿਰਾ ਦੇਣ ਵਾਲਾ ਤੇ ਜਾਨ ਤਲੀ ਤੇ ਧਰ ਕੇ, ਬੇਖੌਫ਼ ਹੋ ਕੇ ਰੱਬ ਦਾ ਸਾਂਢੂ ਬਣੇ ਧੱਕੜ-ਧਾਵੀਆਂ ਨਾਲ ਪੰਜਾ ਪਾਉਣ ਵਾਲਾ ਆਨੰਦ ਭਾਵੁਕ ਪਲਾਂ ਵਿਚ ਫਿੱਸ ਫਿੱਸ ਪੈਂਦਾ ਹੈ ਤੇ ਉਹਦੀ ਪਹਿਲੇ ਪਲ ਦੀ ਪਥਰੀਲੀ ਸਖ਼ਤੀ ਦੂਜੇ ਪਲ ਅੱਥਰੂਆਂ ਦੀ ਚਾਂਦੀ ਝਾਲ ਬਣ ਕੇ ਉਹਦੀਆਂ ਅੱਖਾਂ ਵਿਚ ਲਿਸ਼ਕ ਉਠਦੀ ਹੈ। ਸ਼ਾਇਦ ਇਹੋ ਦਰਦ-ਮੰਦ ਦਿਲ ਹੀ ਸੀ ਜਿਸ ਨੇ ਉਸ ਜਿਹੇ ਸੁੱਖਾਂ-ਲੱਧੇ, ਦੁੱਧ-ਮੱਖਣਾਂ ਨਾਲ ਪਾਲੇ, ਮਾਪਿਆਂ ਦੇ ਲਾਡਲੇ ਪੁੱਤਰ ਨੂੰ ਦੀਨ-ਦੁਖੀਆਂ ਦੇ ਭਲੇ ਲਈ ਲੜੀ ਜਾਣ ਵਾਲੀ ਜੰਗ ਦੇ ਮੂਹਰੈਲ ਦਸਤੇ ਦਾ ਸਿਪਾਹੀ ਬਣਾ ਦਿੱਤਾ।
ਆਪਣੇ ਵਿਚਾਰਾਂ ਸਮੇਤ ਦੁਨੀਆਂ ਉੱਤੇ ਛਾ ਜਾਣ ਦਾ ਅਮੋੜ ਵੇਗ ਭਰ ਜੁਆਨੀ ਵਿਚ ਹੀ ਉਹਦੇ ਬੋਲਾਂ ਅਤੇ ਲਿਖਤਾਂ ਵਿਚੋਂ ਡੁੱਲ੍ਹ-ਡੁੱਲ੍ਹ ਪੈਣ ਲੱਗਾ। ਆਪਣੀ ਲਿਖਣ ਅਤੇ ਬੋਲਣ ਯੋਗਤਾ ਨਾਲ ਚਕਾਚੌਂਧ ਕਰ ਸਕਣ ਵਾਲੀ ਇਸ ਕਾਮਿਲ ਪ੍ਰਤਿਭਾ ਦਾ ਕਮਾਲ ਹੀ ਸੀ ਕਿ ਵੀਹ ਸਾਲ ਦੀ ਛੋਟੀ ਉਮਰ ਵਿਚ ਹੀ ਉਹ ਕਮਿਊਨਿਸਟ ਪਾਰਟੀ ਦੀ ਪੰਜਾਬ ਦੀ ਸੂਬਾ ਕਮੇਟੀ ਦਾ ਮੈਂਬਰ ਬਣ ਗਿਆ ਤੇ ਛੇਤੀ ਹੀ ਪਾਰਟੀ ਪਰਚੇ ਦੀ ਸੰਪਾਦਕੀ ਵੀ ਸੰਭਾਲ ਲਈ। ਫਿਰ ਗੁਪਤਵਾਸਾਂ, ਜੇਲ-ਯਾਤਰਾਵਾਂ ਅਤੇ ਲੰਮੀਆਂ ਭੁੱਖ-ਹੜਤਾਲਾਂ ਦਾ ਇਕ ਅਮੁੱਕ ਸਿਲਸਿਲਾ ਚੱਲਿਆ ਤੇ ਜਿ਼ੰਮੇਵਾਰੀਆਂ ਅਤੇ ਅਹੁਦੇਦਾਰੀਆਂ ਦਾ ਘੇਰਾ ਅਤੇ ਕੱਦ ਵੀ ਚੌੜਾ ਤੇ ਉੱਚਾ ਹੁੰਦਾ ਗਿਆ। ਉਹ ਕਮਿਊਨਿਸਟ ਪਾਰਟੀ ਦੀ ਨੈਸ਼ਨਲ ਕੌਂਸਲ ਦਾ ਮੈਂਬਰ ਵੀ ਬਣਿਆ ਤੇ ਵਰਲਡ ਪੀਸ ਕੌਂਸਲ ਦਾ ਮੈਂਬਰ ਵੀ, ਪਰ ਪੰਜਾਬੀ ਦੇ ਸਾਹਿਤਕ ਤੇ ਸਭਿਆਚਾਰਕ ਹਲਕਿਆਂ ਵਿਚ ਉਹ ਹਮੇਸ਼ਾ ਸੱਭਿਆਚਾਰਕ ਮਾਮਲਿਆਂ ਦਾ ਵਜ਼ੀਰ ਬਣ ਕੇ ਆਪਣੀ ਗੱਲ ਕਹਿੰਦਾ ਅਤੇ ਮਨਾਉਂਦਾ ਆਇਆ ਹੈ। ਹੀਰਾ ਸਿੰਘ ਦਰਦ ਅਤੇ ਹੋਰਨਾਂ ਨਾਲ ਰਲ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀਆ ਪ੍ਰਧਾਨਗੀਆਂ ਸਕੱਤਰੀਆਂ ਦੇ ਫ਼ੈਸਲੇ ਵੀ ਉਸ ਦੀ ਮਰਜ਼ੀ ਨਾਲ ਹੀ ਹੁੰਦੇ-ਹਵਾਏ ਆਏ ਹਨ। ਪੰਜਾਬੀ ਭਾਸ਼ਾ ਦੀ ਠੁੱਕ ਬਣਾਈ ਰੱਖਣ ਅਤੇ ਇਸ ਨੂੰ ਸੰਸਕ੍ਰਿਤ ਦੇ ਹਮਲੇ ਤੋਂ ਬਚਾਈ ਰੱਖਣ ਲਈ ਇਕ ਵਿਸ਼ੇਸ਼ ਸਮੇਂ ਵਿਚ ਚਲਾਈ ਗਈ ਲਹਿਰ ਦਾ ਵੀ ਉਹ ਪ੍ਰਮੁੱਖ ਆਗੂ ਅਤੇ ਬੁਲਾਰਾ ਰਿਹਾ ਹੈ। ਪਾਰਟੀ ਦੇ ਅੰਦਰ ਅਤੇ ਪਾਰਟੀ ਦੇ ਬਾਹਰ ਹਮੇਸ਼ਾ ਹੀ ਉਸਨੇ ਆਪਣੇ ਵਿਚਾਰਾਂ ਅਤੇ ਅਸੂਲਾਂ ਉਪਰ ਦ੍ਰਿੜ ਅਤੇ ਬੇਲਚਕ ਲੜਾਈ ਲੜੀ ਪਰ ਇਸ ਲੜਾਈ ਵਿਚ ਸਭ ਤੋਂ ਕਾਰਗਰ ਹਥਿਆਰ ਉਸ ਦੀ ਕਲਮ ਹੀ ਰਿਹਾ ਹੈ।
ਕਲਮ ਦੀ ਨੋਕ ਵਿਚੋਂ ਛਲਕ-ਛਲਕ ਤੇ ਡੁੱਲ੍ਹ-ਡੁੱਲ੍ਹ ਪੈਂਦੀਆਂ ਪੱਤਰਕਾਰੀ ਤੇ ਸਾਹਿਤਕ ਰਚਨਾਵਾਂ ਵਿਚੋਂ ਸਹਿਜੇ ਹੀ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹਦੇ ਮਨ ਦੀਆਂ ਤਹਿਆਂ ਅੰਦਰ ਧੁਰ ਡੂੰਘਾਣਾਂ ਵਿਚ ਸੰਵੇਦਨਸ਼ੀਲਤਾ ਤੇ ਸਾਹਿਤਕਤਾ ਦਾ ਜੋ ਰੰਗ-ਬ-ਰੰਗਾ ਸਰ-ਚਸ਼ਮਾ ਝਰ ਝਰ, ਝੰਮ ਝੰਮ ਲਿਸ਼ਕਦਾ ਤੇ ਕਲ ਕਲ ਵਗਦਾ ਪਿਆ ਹੈ ਉਹਦੇ ਰੰਗਾਂ ਦੀ ਬਦੌਲਤ ਹੀ ਉਹਦੇ ਖੁਸ਼ਕ ਸਿਧਾਂਤਕ ਪ੍ਰਵਚਨ ਵੀ ਸੁਣਨ-ਯੋਗ ਤੇ ਪੜ੍ਹਣ-ਯੋਗ, ਮਾਨਣ-ਯੋਗ ਤੇ ਮੰਨਣ-ਯੋਗ ਬਣ ਜਾਂਦੇ ਹਨ।
ਜੰਗ-ਏ-ਆਜ਼ਾਦੀ ਤੋਂ ਲੈ ਕੇ ਨਵਾਂ ਜ਼ਮਾਨਾ ਦੀ ਮੁੱਖ ਸੰਪਾਦਕੀ ਤੱਕ ਵਿਚਕਾਰਲੇ ਕਈ ਦਹਾਕੇ ਉਹ ਅਨੇਕਾਂ ਅਖ਼ਬਾਰਾਂ ਨਾਲ ਜੁੜਿਆ ਰਿਹਾ। ਆਪਣੀ ਗੱਲ ਨੂੰ ਤਰਕਸੰਗਤ, ਨਿਰਣਾਜਨਕ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਡਰ ਹੋ ਕੇ ਦੋ-ਟੁੱਕ ਅੰਦਾਜ਼ ਵਿਚ ਕਹਿੰਦਿਆਂ ਉਸ ਨੇ ਪੱਤਰਕਾਰੀ ਦੇ ਖੇਤਰ ਵਿਚ ਇਕ ਅਜਿਹੀ ਨਿਵੇਕਲੀ ਸ਼ੈਲੀ ਨੂੰ ਜਨਮ ਦਿੱਤਾ ਹੈ ਜਿਸ ਵਿਚ ਸਿਧਾਂਤ ਦੀ ਅਡੋਲਤਾ ਹੈ, ਵਿਅੰਗ ਦੀ ਤੇਜ਼ਧਾਰ ਵੀ ਹੈ ਅਤੇ ਵਿਰੋਧੀ ਨੂੰ ਚੀਰ ਕੇ ਰੱਖ ਦੇਣ ਵਾਲੀ ਕਾਟਵੀਂ ਤਾਕਤ ਵੀ ਹੈ ਤੇ ਸਭ ਤੋਂ ਵੱਧ ਉਸਦੀਆਂ ਲਿਖਤਾਂ ਵਿਚ ਸ਼ਬਦਾਂ/ਵਾਕੰਸ਼ਾਂ ਦੇ ਜੁੜਵੇਂ ਤੇ ਵਿਰੋਧੀ ਜੁੱਟਾਂ ਦੀਆਂ ਬਾਜ਼ੀਆਂ ਪੈਂਦੀਆਂ ਵੇਖਣ ਦਾ ਆਪਣਾ ਵਿਲੱਖਣ ਸਾਹਿਤਕ ਸੁਆਦ ਵੀ ਹੁੰਦਾ ਹੈ। ਮਸਲਿਆਂ ਅਤੇ ਵਰਤਾਰਿਆਂ ਨੂੰ ਆਪਣੀ ਬਿਬੇਕ-ਬੁੱਧੀ ਨਾਲ ਸਮਝਣ/ਸਮਝਾਉਣ ਅਤੇ ਦਰਪੇਸ਼ ਅਹੁਰਾਂ ਦਾ ਇਲਾਜ ਲੱਭਦੀ ਉਹਦੀ ਲੁਕਮਾਨੀ ਲਿਆਕਤ ਦਰਿਆ ਵਾਂਗ ਵਾਕਾਂ ਵਿਚ ਵਗਦੀ ਜਾਂਦੀ ਹੈ। ਉਹ ਸ਼ਬਦਾਂ ਦੇ ਆਡੰਬਰ ਖੜ੍ਹੇ ਕਰਕੇ ਧੁੰਦ-ਖਿਲਾਰਨ ਦੀ ਥਾਂ ਸ਼ਬਦਾਂ ਨੂੰ ਚਿਰਾਗਾਂ ਵਾਂਗ ਬਾਲ ਕੇ ਦਿਲ ਦਿਮਾਗ ਦੀਆਂ ਹਨੇਰੀਆਂ ਕੁੰਦਰਾਂ ਨੂੰ ਰੌਸ਼ਨ ਕਰੀ ਜਾਂਦਾ ਹੈ। ਸਮੱਸਿਆ ਭਾਵੇਂ ਕੌਮੀ ਜਾਂ ਕੌਮਾਂਤਰੀ ਪੱਧਰ ਨਾਲ ਜੁੜਵੀਂ ਸਿਆਸਤ ਦੀ ਹੋਵੇ ਜਾਂ ਭਾਸ਼ਾ, ਸਾਹਿਤ ਜਾਂ ਸਭਿਆਚਾਰ ਨਾਲ ਸੰਬੰਧਤ ਕੋਈ ਸਥਾਨਕ ਮੁੱਦਾ ਹੋਵੇ, ਉਹ ਪੂਰੇ ਅਧਿਕਾਰ ਨਾਲ ਗੱਲ ਕਰਦਾ ਹੈ। ਅੱਖਰਾਂ ਦੇ ਅੱਖਰ ਉਹਦੇ ਨਿੱਕੇ-ਨਿੱਕੇ ਹੱਥਾਂ ਵਿਚੋਂ ਡਿੱਗ-ਡਿੱਗ ਵੀ ਪੈਂਦੇ ਹਨ ਤੇ ਡਿੱਗਦੇ ਵੀ ਐਨ ਠੀਕ ਟਿਕਾਣੇ ਉੱਪਰ ਹਨ, ਮਣਕੇ ਤੇ ਮਣਕਾ ਠਾਹ ਮਣਕਾ ਵਾਂਗ। ਦਲੀਲਾਂ ਦੀ ਇਹ ਪੂਰੀ ਦੀ ਪੂਰੀ ਸੰਗਲੀ ਸ਼ਬਦਾਂ ਦੇ ਸੁਹਜ ਨਾਲ ਇੰਜ ਸਵਾਰੀ ਹੁੰਦੀ ਹੈ ਕਿ ਉਹ ਉਹਦੀਆਂ ਰੀਝਾਂ, ਜਜ਼ਬਿਆਂ, ਸੋਚ ਅਤੇ ਸਿਧਾਂਤ ਨਾਲ ਗੁੰਦੀ ਹੋਈ ਮਾਲਾ ਵਾਂਗ ਲੱਗਦੀ ਹੈ। ਸੰਬੰਧਤ ਮਸਲੇ ਦੀਆਂ ਅੱਖਾਂ ਵਿਚ ਸਿੱਧਾ ਝਾਕਦਾ ਹੋਇਆ ਉਹ ਪੈਂਦੀ ਸੱਟੇ ਉਹਨੂੰ ਧੌਣੋਂ ਫੜਦਾ ਹੈ ਤੇ ਪੈਰਾਂ ਤੱਕ ਹਿਲਾ ਦਿੰਦਾ ਹੈ। ਨਾ ਉਹ ਏਧਰ-ਓਧਰ ਦੀਆਂ ਸੁਣਦਾ ਹੈ ਨਾ ਮਾਰਦਾ ਹੈ। ਉਹਦਾ ਨਿਸ਼ਾਨਾ ਤਾਂ ਸਦਾ ਚਿੜੀ ਦੀ ਅੱਖ ਉਪਰ ਹੁੰਦਾ ਹੈ। ਕਦੀ-ਕਦੀ ਇਹ ਵੀ ਹੋ ਸਕਦਾ ਹੈ ਕਿ ਮੇਰੇ ਵਾਂਗ ਹੋਰ ਲੋਕ ਵੀ ਕਿਤੇ ਕਿਤੇ ਉਸ ਨਾਲ ਸਹਿਮਤ ਨਾ ਹੋਣ ਪਰ ਉਹਦੇ ਗੱਲ ਕਹਿਣ ਦੇ ਅੰਦਾਜ਼ ਉਪਰ ਉਦੋਂ ਵੀ ਸਦਕੇ ਜਾਣ ਨੂੰ ਜੀ ਕਰਦਾ ਹੈ ਤੇ ਆਪ-ਮੁਹਾਰੇ ਉਸ ਦੇ ਅੰਦਾਜ਼ੇ-ਬਿਆਂ ਵਾਸਤੇ ਵਾਹ! ਵਾਹ!! ਨਿਕਲ ਜਾਂਦਾ ਹੈ। ਉਂਜ ਜਿਹੜਾ ਬੰਦਾ ਉਹਦੀ ਲਿਖਤ ਪੜ੍ਹ ਕੇ ਇਕ ਵਾਰ ਵਾਹ! ਵਾਹ!! ਕਹਿ ਉੱਠੇ ਉਸ ਦਾ ਉਸ ਨੂੰ ਦੋਬਾਰਾ ਪੜ੍ਹਨ ਨੂੰ ਜੀ ਜ਼ਰੂਰ ਕਰਦਾ ਹੈ। ਜੋ ਦੋਬਾਰਾ ਪੜ੍ਹਨ ਲੱਗ ਜਾਵੇਗਾ, ਉਹਦੀ ਆਨੰਦ ਦੇ ਜਾਲ ਵਿਚ ਫਸ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਆਨੰਦ ਦੀ ਕਲਮ ਦੀ ਪਾਰਸ-ਛੋਹ ਪੱਤਰਕਾਰੀ ਨੂੰ ਤਾਂ ਸਾਹਿਤਕਾਰੀ ਦਾ ਰੰਗ ਚਾੜ੍ਹਦੀ ਹੈ ਪਰ ਜਦੋਂ ਮਨ-ਚਿੱਤ ਬਿਰਤੀ ਨੂੰ ਇਕਾਗਰ ਕਰਕੇ ਉਹ ਕੋਈ ਮੌਲਿਕ ਲੇਖ ਲਿਖ ਰਿਹਾ ਹੋਵੇ ਜਾਂ ਆਪਣੇ ਚੇਤੇ ਦੀ ਚੰਗੇਰ ਵਿਚੋਂ ਕੋਈ ਪੂਣੀ ਛੋਹ ਰਿਹਾ ਹੋਵੇ ਤਾਂ ਉਸ ਦੀ ਕਰਤਾਰੀ ਪ੍ਰਤਿਭਾ ਦਾ ਜਲੌਅ ਵੇਖਣ ਯੋਗ ਹੁੰਦਾ ਹੈ। ਉਸ ਅੰਦਰ ਬੰਦ ਸੈਂਕੜੇ ਕਲੀਆਂ ਇਕ-ਦਮ ਜਿਵੇਂ ਚਟਕ ਕੇ ਫੁੱਲ ਬਣ ਜਾਂਦੀਆਂ ਹਨ। ਚੇਤੇ ਦੀ ਚੰਗੇਰ ਵਿਚੋਂ ਉਸ ਦੀ ਅਜਿਹੀ ਹੀ ਵਿਲੱਖਣ ਸਿਰਜਣਾ ਹੈ ਜੋ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਕ ਵੱਖਰੀ ਤੇ ਮਾਣਯੋਗ ਰੂਪ-ਵਿਧਾ ਬਣਨ ਵੱਲ ਯਤਨਸ਼ੀਲ ਹੈ। ਇਤਿਹਾਸ, ਜੀਵਨੀ ਤੇ ਗਲਪ ਦਾ ਮਿਸ਼ਰਣ ਇਹ ਲਿਖਤ ਸਾਧਾਰਨ ਦਿਸਦੇ ਪਰ ਮਹਾਂਮਹਿਮ ਪਾਤਰਾਂ ਦੇ ਅਣ-ਲਿਖੇ ਇਤਿਹਾਸ ਦੀ ਅਜਿਹੀ ਸਜਿੰਦ ਤੇ ਸੁਹਜੀਲੀ ਕਲਾਤਮਕ ਝਾਕੀ ਹੈ ਕਿ ਪਾਠਕ ਇਸ ਨੂੰ ਪੜ੍ਹਦਾ ਹੋਇਆ ਉਸ ਸਮੇਂ ਵਿਚ ਸਾਹ ਲੈਂਦਾ ਹੋਇਆ ਵੀ ਮਹਿਸੂਸ ਕਰਦਾ ਹੈ ਤੇ ਸੰਬੰਧਤ ਪਾਤਰਾਂ ਦੇ ਦਿਲ ਦੀ ਧੜਕਣ ਵੀ ਸੁਣ ਰਿਹਾ ਹੁੰਦਾ ਹੈ। ਇਸੇ ਸਮੇਂ ਉਹ ਇਤਿਹਾਸ ਦੀਆਂ ਉਲਝੀਆਂ ਹੋਈਆਂ ਤੰਦਾਂ ਵੀ ਸੁਲਝਾ ਰਿਹਾ ਹੁੰਦਾ ਹੈ ਤੇ ਮਨੁੱਖੀ ਮਨ ਉੱਤੇ ਡੂੰਘੀ ਅੰਤਰਝਾਤ ਵੀ ਪਾਉਂਦਾ ਹੈ। ਉਹਦਾ ਆਪਣੇ ਅੰਦਰਲੇ ਜਗਤ ਸਮੇਤ ਬਾਹਰਲੇ ਜਗਤ ਦੇ ਤੱਥਾਂ, ਘਟਨਾਵਾਂ ਤੇ ਪਾਤਰਾਂ ਪ੍ਰਤੀ ਮੁਲਾਂਕਣੀ ਰਵੱਈਆ ਉਨ੍ਹਾਂ ਸਭ ਨੂੰ ਲੋੜੀਂਦੀ ਮੁਹੱਬਤ ਵਾਂਗ ਨਾਲ-ਨਾਲ ਜਚਵੀਂ ਦੂਰੀ ਤੋਂ ਵੀ ਨਿਹਾਰਦਾ ਹੈ। ਕਿੰਨਾ ਚੰਗਾ ਹੋਵੇ ਜੇ ਉਹ ਚੇਤੇ ਦੀ ਚੰਗੇਰ ਵਿਚੋਂ ਹੋਰ ਪੂਣੀਆਂ ਕੱਤੇ ਤੇ ਸੋਹਣੇ ਸਾਹਿਤ ਵਿਚ ਕਲਾ ਦੀਆਂ ਰੰਗਦਾਰ ਪਿੜੀਆਂ ਪਾਵੇ।
ਅਨੁਵਾਦ ਦਾ ਇਕ ਹੋਰ ਖੇਤਰ ਹੈ, ਜਿਸ ਵਿਚ ਉਸ ਨੇ ਉੇੱਚ-ਦੁਮਾਲੜੇ ਕਲਾਕਾਰ ਵਜੋਂ ਆਪਣੇ ਆਪ ਨੂੰ ਸਥਾਪਤ ਕਰਕੇ ਆਪਣੀ ਨਿਵੇਕਲੀ ਪੈਂਠ ਬਣਾਈ ਤੇ ਪੰਜਾਬੀ ਜ਼ਬਾਨ ਨੂੰ ਭਰਪੂਰ ਅਮੀਰੀ ਬਖ਼ਸ਼ੀ। ਦਾਰਸ਼ਨਿਕ ਤੇ ਸਿਧਾਂਤਕ ਲਿਖਤਾਂ ਵਿਚ ਸੰਕਲਪਾਂ ਦੀ ਭਰਮਾਰ ਹੋਣ ਕਰਕੇ ਇਨ੍ਹਾਂ ਦਾ ਉਲਥਾਉਣਾ ਕੋਈ ਸਹਿਜ ਕਾਰਜ ਨਹੀਂ, ਖ਼ਾਸ ਕਰਕੇ ਪੰਜਾਬੀ ਵਿਚ ਤਾਂ ਇਹ ਹੋਰ ਵੀ ਔਖਾ ਤੇ ਬਿਖੜਾ ਪੰਧ ਤੈਅ ਕਰਨ ਬਰਾਬਰ ਹੈ। ਸਾਡੇ ਵਿਦਵਾਨ ਤਾਂ ਹੁਣ ਤੱਕ ਰੋਜ਼ ਇਹ ਡੌਂਡੀ ਪਿੱਟਦੇ ਆ ਰਹੇ ਹਨ ਕਿ ਸਾਡੀ ਜ਼ਬਾਨ ਵਿਚ ਤਕਨੀਕੀ ਤੇ ਸੰਕਲਪੀ ਸ਼ਬਦਾਂ ਨੂੰ ਉਲਥਾਉਣ ਲਈ ਸਾਵੇਂ ਤੁਲਦੇ ਸ਼ਬਦਾਂ ਦੀ ਡਾਢੀ ਅਣਹੋਂਦ ਹੈ। ਪਰ ਜਗਜੀਤ ਸਿੰਘ ਆਨੰਦ ਦੀ ਪੰਜਾਬੀ ਜ਼ਬਾਨ ਉੱਤੇ ਕਮਾਲ ਦੀ ਪਕੜ ਤੇ ਡੂੰਘੀ ਤੋਂ ਡੂੰਘੀ ਚੁੱਭੀ ਮਾਰ ਕੇ ਭਾਸ਼ਾ ਦੇ ਅਖੁੱਟ ਖ਼ਜ਼ਾਨੇ ਵਿਚੋਂ ਲੋੜੀਂਦਾ ਸ਼ਬਦ ਲੱਭ ਲਿਆਉਣ ਦਾ ਲੰਮਾ ਦਮ ਤੇ ਸੂਝ-ਸਮਰੱਥਾ ਹੀ ਹੈ ਕਿ ਉਹਦੇ ਕੀਤੇ ਅਨੁਵਾਦ ਏਨੇ ਸਹਿਜ ਅਤੇ ਪੰਜਾਬੀ ਮੁਹਾਵਰੇ ਦੇ ਏਨੇ ਨੇੜੇ ਹਨ ਕਿ ਬਲਰਾਜ ਸਾਹਨੀ ਜਿਹੇ ਪੰਜਾਬੀ ਜ਼ਬਾਨ ਦੇ ਆਸ਼ਕ ਨੂੰ ਮੈਂ ਆਪਣੇ ਵਲੋਂ ਇਕ ਗਵਾਹ ਵਜੋਂ ਭੁਗਤਾ ਸਕਦਾ ਹਾਂ। ਬਲਰਾਜ ਸਾਹਨੀ ਨੇ ਆਪਣਾ ਇਹ ਲਿਖਤੀ ਬਿਆਨ ਆਨੰਦ ਦੁਆਰਾ ਅਨੁਵਾਦਿਤ ਪੁਸਤਕ ਮਾਰਕਸਵਾਦ-ਲੈਨਿਨਵਾਦ ਦੇ ਮੂਲ ਸਿਧਾਂਤ ਨੂੰ ਵਾਚਣ ਤੋਂ ਪਿੱਛੋਂ ਉਸ ਦੀ ਬਲਵਾਨ ਸ਼ੈਲੀ ਨੂੰ ਖਿ਼ਰਾਜ-ਤਹਿਸੀਨ ਪੇਸ਼ ਕਰਦਿਆਂ ਦਿੱਤਾ ਸੀ :
... ਤੁਹਾਡਾ ਇਹ ਕਾਰਨਾਮਾ ਮੇਰੀਆਂ ਆਸ਼ਾਵਾਂ ਤੋਂ ਵੀ ਵੱਧ ਕਾਮਯਾਬ ਹੈ। ਤੁਸੀਂ ਆਵੱਸ਼ ਇਹ ਸੰਤੋਸ਼ ਮਨ ਵਿਚ ਰੱਖ ਸਕਦੇ ਹੋ ਕਿ ਤੁਸੀਂ ਇਕ ਐਸੀ ਖਿ਼ਦਮਤ ਅੰਜਾਮ ਦਿੱਤੀ ਹੈ ਜਿਸ ਲਈ ਪੰਜਾਬੀ ਭਾਸ਼ਾ ਅਤੇ ਪੰਜਾਬੀ ਜਨਤਾ ਤੁਹਾਨੂੰ ਬੜੇ ਹੀ ਪਿਆਰ ਤੇ ਸ਼ਰਧਾ ਨਾਲ ਯਾਦ ਕਰਿਆ ਕਰੇਗੀ।
ਸਿਧਾਂਤਕ ਜਾਂ ਦਾਰਸ਼ਨਿਕ ਲਿਖਤਾਂ ਦਾ ਅਨੁਵਾਦ ਤਾਂ ਪਾਰਟੀ ਲੋੜਾਂ ਦੀ ਮਜ਼ਬੂਰੀ ਦੀ ਉਪਜ ਵੀ ਹੋ ਸਕਦਾ ਹੈ ਪਰ ਸੰਸਾਰ ਦੀਆਂ ਜਿਨ੍ਹਾਂ ਮਹਾਨ ਸਾਹਿਤਕ ਰਚਨਾਵਾਂ ਨੇ ਉਸ ਨੂੰ ਸਵਾਦ ਗੜੂੰਦ ਕਰ ਦਿੱਤਾ ਹੋਵੇ ਉਨ੍ਹਾਂ ਦਾ ਅਨੁਵਾਦ ਤਾਂ ਉਨ੍ਹਾਂ ਮਹੱਤਵਪੂਰਨ ਲਿਖਤਾਂ ਦੀ ਰਚਨਾਤਮਕ ਵਡਿਆਈ ਪ੍ਰਤੀ ਉਹਦੀ ਭਿੱਜੀ ਹੋਈ ਰੂਹ ਦਾ ਪਰਤਵਾਂ ਹੁੰਗਾਰਾ ਹੈ। ਆਨੰਦ ਦੇ ਕੀਤੇ ਅਨੁਵਾਦਾਂ ਦੀ ਕਲਾਤਮਕ ਖੂਬੀ ਇਹ ਹੈ ਕਿ ਅਨੁਵਾਦਤ ਰਚਨਾ ਮੌਲਿਕ ਰਚਨਾ ਵਾਂਗ ਹੀ ਜੀਵੰਤ ਲੱਗਦੀ ਹੈ। ਉਹ ਏਨੀ ਚੰਗੀ ਤਰ੍ਹਾਂ ਪੰਜਾਬੀਆਈ ਗਈ ਹੁੰਦੀ ਹੈ ਕਿ ਉਸ ਵਿਚ ਪੇਸ਼ ਪਾਤਰ, ਮਾਹੌਲ ਤੇ ਮਾਨਸਿਕਤਾ ਸਾਡੀ ਅਤਿ ਨੇੜੇ ਦੀਆਂ ਯਾਦਾਂ ਵਿਚ ਵੱਸੀ ਝਾਕੀ ਲੱਗਦੇ ਹਨ। ਜਦੋਂ ਆਨੰਦ ਨੇ ਸਤਰੰਗੀ ਪੀਂਘ ਦੀ ਅਨੁਵਾਦਤ ਕਾਪੀ ਖੁਸ਼ਵੰਤ ਸਿੰਘ ਦੀ ਮਾਂ ਲੇਡੀ ਸੋਭਾ ਸਿੰਘ ਨੂੰ ਦਿੱਤੀ ਤਾਂ ਉਹ ਉਸਨੂੰ ਪੜ੍ਹਨ ਪਿੱਛੋਂ ਅਗਲੀ ਕਿਸੇ ਮਿਲਣੀ ਉੱਪਰ ਆਨੰਦ ਨੂੰ ਲਾਡ ਨਾਲ ਕਹਿਣ ਲੱਗੀ :
ਮਿੰਨਾ! ਜਾਤਕ ਤਾਂ ਤੂੰ ਡਾਢਾ ਚੰਗੈ... ਕਿਤਾਬ ਵੀ ਸੋਹਣੀ ਲਿਖੀ ਆ ਪਰ ਨਾਂ ਏਹ ਕਿਹੜੇ ਭੈੜੇ-ਭੈੜੇ ਲਿਖ ਦਿੱਤੇ ਨੀ... ਕੋਈ ਮੀਸ਼ਾ ਐ ਕੋਈ ਕੀ ਐ...
ਅਸਲ ਵਿਚ ਉਹ ਆਨੰਦ ਦੀ ਉਸ ਅਨੁਵਾਦਤ ਰਚਨਾ ਨੂੰ ਉਹਦੀ ਮੌਲਿਕ ਰਚਨਾ ਹੀ ਸਮਝ ਰਹੀ ਸੀ ਅਤੇ ਭੋਲੇ-ਭਾ ਹੀ ਆਨੰਦ ਦੇ ਅਨੁਵਾਦ ਕਰਨ ਦੀ ਕਲਾ ਦੀ ਵਡਿਆਈ ਕਰਦਿਆਂ ਅਸਿੱਧੇ ਤੌਰ ਤੇ ਕਹਿ ਗਈ ਸੀ ਕਿ ਉਹਦਾ ਅਨੁਵਾਦ ਕਿਵੇਂ ਵੀ ਮੌਲਿਕ ਲਿਖਤ ਤੋਂ ਘੱਟ ਨਹੀਂ। ਬਲਰਾਜ ਸਾਹਨੀ ਵਾਂਗ ਇਹ ਉਹਦੀ ਅਨੁਵਾਦ-ਯੋਗਤਾ ਨੂੰ ਦੂਜਾ ਵੱਡਾ ਖਿਰਾਜ-ਤਹਿਸੀਨ ਹੈ।
ਸਰਸਵਤੀ ਵਲੋਂ ਤਹਿਰੀਰ ਦੇ ਇਲਾਵਾ ਓਨੇ ਹੀ ਉੱਚੇ ਪੱਧਰ ਤੇ ਤਕਰੀਰ ਦੇ ਗੁਣ ਨਾਲ ਵਰੋਸਾਇਆ ਆਨੰਦ ਉਨ੍ਹਾਂ ਵਿਰਲੇ ਭਾਗਵਾਨ ਲੋਕਾਂ ਵਿਚੋਂ ਇਕ ਹੈ ਜਿਸ ਦੇ ਸ਼ਬਦਾਂ ਵਿਚ ਸਰੋਤਿਆਂ ਨੂੰ ਕੀਲ ਕੇ ਰੱਖਣ ਤੇ ਆਪਣੇ ਨਾਲ ਵਹਾਅ ਲੈ ਜਾਣ ਦੀ ਬੇਮਿਸਾਲ ਸਮਰੱਥਾ ਹੈ। ਉਮਰੋਂ ਛੋਟਾ ਪਰ ਅਕਲੋਂ ਬਾਬਾ ਬੁੱਢਾ ਤੀਖਣ ਬੁੱਧ ਤੇ ਹੱਸਾਸ ਨੌਜੁਆਨ ਆਨੰਦ ਪਹਿਲੀਆਂ ਤੋਂ ਹੀ ਆਪਣੇ ਬੋਲਾਂ ਦੀ ਤਾਕਤ ਦਾ ਮੁਜ਼ਾਹਰਾ ਕਰਦਿਆਂ ਆਪਣੀ ਜਮਾਤ ਦੇ ਪ੍ਰੋਫ਼ੈਸਰਾਂ ਨਾਲ ਨਹੁੰ-ਖੁਰ ਲੈਣ ਲਗ ਪਿਆ ਸੀ ਤੇ ਚੇਲਾ ਹੁੰਦਿਆਂ ਵੀ ਗੁਰੂ ਬਣ ਕੇ ਆਪਣੇ ਗੁਰੂਆਂ ਨੂੰ ਵੀ ਚੇਲਾ ਬਣਾ ਧਰਿਆ ਸੀ। ਪ੍ਰੋ. ਫਰੈਂਕ ਠਾਕੁਰ ਦਾਸ ਤੇ ਪ੍ਰੋ. ਐਰਿਕ ਸਿਪਨੀਅਨ ਨੂੰ ਜਮਾਤਾਂ ਵਿਚ ਬਹਿਸ ਕਰਕੇ ਹੀ ਉਸ ਨੇ ਲੈਨਿਲ ਦੇ ਮਾਰਗ ਤੇ ਲੈ ਆਂਦਾ ਸੀ। ਉਂਜ ਉਸ ਦੀ ਇਸ ਜਾਦੂ-ਬਿਆਨੀ ਨੇ ਪਿਛਲੀ ਸਾਰੀ ਉਮਰ ਪਤਾ ਨਹੀਂ ਕਿੰਨੇ ਲੋਕਾਂ ਨੂੰ ਉਧਰੋਂ ਪੁੱਟ ਕੇ ਇੱਧਰ ਲਾਇਆ।
ਦੂਜੇ ਰਾਜਾਂ ਅਤੇ ਬਦੇਸ਼ਾਂ ਵਿਚੋਂ ਆਏ ਪ੍ਰਸਿੱਧ ਆਗੂਆਂ ਵਲੋਂ ਪੰਜਾਬ ਦੇ ਵੱਖ-ਵੱਖ ਜਲਸਿਆਂ ਵਿਚ ਦਿੱਤੇ ਭਾਸ਼ਣਾਂ ਦੇ ਆਨੰਦ ਦੇ ਮੂੰਹੋਂ ਸੁਣੇ ਜਾਨਦਾਰ ਤੇ ਪ੍ਰਭਾਵਸ਼ਾਲੀ ਅਨੁਵਾਦਾਂ ਦੀ ਚਰਚਾ ਤਾਂ ਦੰਦ-ਕਥਾਵਾਂ ਵਾਂਗ ਅੱਜ ਤੱਕ ਹੁੰਦੀ ਹੈ। ਅਗਲੇ ਦੀ ਕੀਤੀ ਗੱਲ ਨੂੰ ਚੇਤੇ ਵਿਚ ਵਸਾ ਕੇ ਨਾਲ ਦੇ ਨਾਲ ਢੁਕਵੇਂ ਸ਼ਬਦ ਤਲਾਸ਼ਣੇ ਤੇ ਉਨ੍ਹਾਂ ਨੂੰ ਗੂੜ੍ਹੀ ਪੰਜਾਬੀ-ਪੁੱਠ ਦੇ ਕੇ ਏਨੇ ਪ੍ਰਭਾਵਸ਼ਾਲੀ ਢੰਗ ਨਾਲ ਕਹਿਣਾ ਕਿ ਲੋਕ ਅਸ਼! ਅਸ਼!! ਕਰ ਉੱਠਿਆ ਕਰਦੇ।
ਲੋਕਾਂ ਮੂੰਹੋਂ ਆਪ-ਮੁਹਾਰੇ ਵਾਹ! ਵਾਹ!! ਕਢਵਾ ਸਕਣ ਪਿੱਛੋਂ ਪੰਜਾਬੀ ਬੋਲੀ ਦੀ ਅਥਾਹ ਅਮੀਰੀ, ਸਮਰੱਥਾ ਤੇ ਸੰਭਾਵਨਾ ਵਿਚ ਉਸ ਦਾ ਅਟੁੱਟ ਵਿਸ਼ਵਾਸ ਹੈ। ਇਹ ਵਿਸ਼ਵਾਸ ਕੋਈ ਉਲਾਰ ਭਾਵੁਕ ਉਛਾਲ ਨਹੀਂ ਸਗੋਂ ਉਸ ਨੂੰ ਪੜ੍ਹਨ ਤੇ ਸੁਣਨ ਵਾਲੇ ਜਾਣਦੇ ਹਨ ਕਿ ਜਿਵੇਂ ਜਾਦੂਗਰ ਆਪਣੇ ਅੰਦਰੋਂ ਰੰਗਦਾਰ ਕਾਗ਼ਜਾਂ ਦੇ ਟੁਕੜਿਆਂ ਨੂੰ ਇਕ ਲੜੀ ਬਣਾ ਕੇ ਹੌਲੀ ਹੌਲੀ ਕੱਢੀ ਜਾਂਦਾ ਹੈ... ਕੱਢੀ ਜਾਂਦਾ ਹੈ ਤੇ ਵੇਖਣ ਵਾਲਿਆਂ ਨੂੰ ਚਕ੍ਰਿਤ ਕਰੀ ਜਾਂਦੀ ਹੈ, ਇੰਜ ਹੀ ਜਦੋਂ ਆਨੰਦ ਬੋਲ ਜਾਂ ਲਿਖ ਰਿਹਾ ਹੋਵੇ ਤਾਂ ਸ਼ਬਦਾਂ ਦੀਆਂ ਸਤਰੰਗੀਆਂ ਲੜੀਆਂ ਲੱਛਿਆਂ ਦੇ ਲੱਛੇ ਬਣ ਕੇ ਉਸ ਅੰਦਰੋਂ ਨਿਕਲੀ ਆਉਂਦੀਆਂ ਹਨ। ਇਸ ਵਿਚ ਉਸ ਨੂੰ ਔਖ ਤਾਂ ਕੀ ਹੋਣੀ ਹੈ ਸਗੋਂ ਸ਼ਬਦ ਤਾਂ ਉਹਦੀ ਹਜ਼ੂਰੀ ਵਿਚ ਹੱਥੀਂ-ਬੱਧੇ ਗੁਲਾਮ ਵਾਂਗ ਸਿਰ ਝੁਕਾਈ ਖੜੋਤੇ ਨਜ਼ਰ ਆਉਂਦੇ ਹਨ। ਸਮੇਂ ਦੀ ਧੂੜ ਵਿਚ ਗੁੰਮ-ਗੁਆਚ ਗਏ ਕਈ ਸ਼ਬਦ ਉਹ ਅਛੋਪਲੇ ਜਿਹੇ ਹੀ ਮਨ ਦੇ ਕਿਸੇ ਖੂੰਜੇ ਵਿਚੋਂ ਪੁੱਟ ਲਿਆਉਂਦਾ ਹੈ ਤੇ ਉਨ੍ਹਾਂ ਨੂੰ ਮਾਂਜ ਸਵਾਰ ਕੇ ਆਪਣੀ ਤਹਿਰੀਰ ਜਾਂ ਤਕਰੀਰ ਵਿਚ ਇੰਜ ਜੜਦਾ ਹੈ ਕਿ ਉਨ੍ਹਾਂ ਦੇ ਅਰਥਾਂ ਦੀ ਲਿਸ਼ਕ ਸਾਡੇ ਧੁਰ ਅੰਦਰ ਕੌਂਧ ਜਾਂਦੀ ਹੈ। ਜੜ੍ਹਤ-ਫੱਬਤ ਤੇ ਤਰਤੀਬ ਦੀ ਖ਼ੂਬਸੂਰਤੀ ਤੋਂ ਇਲਾਵਾ ਉਨ੍ਹਾਂ ਸ਼ਬਦਾਂ ਵਿਚ ਤਾਜ਼ੀ ਵਾਹੀ ਵੱਤਰ ਭੋਇ ਦੀ ਮਹਿਕ ਵੀ ਆਉਂਦੀ ਹੈ। ਕਈ ਵਾਰ ਅਸਲੋਂ ਮਾਮੂਲੀ ਦਿਸਦੇ ਸ਼ਬਦ ਉਹਦੀ ਛੋਹ ਪਾ ਕੇ ਜੱਟੀਓਂ ਹੀਰ ਹੋ ਜਾਂਦੇ ਹਨ।
ਸ਼ਬਦਾਂ ਨੂੰ ਬਣਾਉਣ, ਲਿਸ਼ਕਾਉਣ ਤੇ ਨਚਾਉਣ ਵਾਲੇ ਇਸ ਪ੍ਰਸਿੱਧ ਕਲਾਕਾਰ ਦੀ ਵਿਰਾਟਤਾ ਨੂੰ ਮੇਰੇ ਜਿਹੇ ਸਾਧਾਰਨ ਬੰਦੇ ਵਲੋਂ ਕਲਾਵੇ ਵਿਚ ਲੈ ਸਕਣਾ ਵੱਸੋਂ ਤੇ ਵਿੱਤੋਂ ਬਾਹਰੀ ਗੱਲ ਹੈ। ਆਪਣੀ ਇਸ ਸੀਮਾ ਨੂੰ ਸਵੀਕਾਰ ਕਰਦਾ ਹਾਂ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346