ਵਤਨੀਂ ਫੇਰੀ ਦੌਰਾਨ ਕਈ
ਦਿਨਾਂ ਬਾਅਦ ਉਹ ਦਿਨ ਆ ਹੀ ਗਿਆ, ਜਦੋਂ ਕਿ ਰਿਸ਼ਤੇਦਾਰੀਆਂ ‘ਚ ਜਾਣਾ ਸੀ । ਰਿਸ਼ਤੇਦਾਰੀਆਂ
ਦੂਰ ਨੇੜੇ ਹੁੰਦੀਆਂ ਹੀ ਹਨ, ਇਸ ਲਈ ਆਸਟ੍ਰੇਲੀਆ ਰਹਿੰਦਿਆਂ ਹੀ ਗੂਗਲ ‘ਤੇ ਸਰਚਾਂ ਮਾਰ ਮਰ
ਕੇ ਕੋਸਿ਼ਸ਼ ਕੀਤੀ ਸੀ ਕਿ ਕੋਈ ਅਜਿਹੀ ਟਰੈਵਲ ਏਜੰਸੀ ਮਿਲ ਜਾਏ ਜੋ ਕਿ ਸੈਲਫ਼ ਡਰਾਈਵਿੰਗ
ਲਈ ਗੱਡੀ ਦੇ ਦਏ ਤੇ ਆਪਣੇ ਹਿਸਾਬ ਨਾਲ਼ ਹੀ ਦੂਰੀਆਂ ਤੈਅ ਕੀਤੀਆਂ ਜਾ ਸਕਣ । ਸੈਲਫ਼
ਡਰਾਈਵਿੰਗ ਲਈ ਗੱਡੀ ਲੱਭਣ ਦਾ ਵੀ ਕਾਰਣ ਖ਼ਾਸ ਸੀ । ਜਦੋਂ ਕਿਰਾਏ ਦੀਆਂ ਗੱਡੀਆਂ ਬਾਰੇ ਪਤਾ
ਕੀਤਾ ਸੀ ਤਾਂ ਰਾਤ ਰੁਕਣ ਦੀ ਸਮੱਸਿਆ ਦਰ-ਪੇਸ਼ ਆ ਗਈ । ਪਿੰਡਾਂ ‘ਚ ਤਾਂ ਖੁੱਲੇ ਘਰ ਹੁੰਦੇ
ਨੇ, ਓਪਰੇ ਬੰਦਿਆਂ ਦੀ ਰਿਹਾਇਸ਼ ਲਈ ਅੱਡ ਬੈਠਕਾਂ ਵੀ ਬਣਾਈਆਂ ਗਈਆਂ ਹੁੰਦੀਆਂ ਨੇ ।
ਹਮਾਤੜਾਂ ਦੇ ਸਾਬਣਦਾਨੀ ਜਿੱਡੇ ਤਾਂ ਘਰ ਹੁੰਦੇ ਨੇ ਤੇ ਕਿਰਾਏ ਦੀ ਗੱਡੀ ਵਾਲਿਆਂ ਮੁਤਾਬਿਕ
ਉਨ੍ਹਾਂ ਦੇ ਡਰਾਈਵਰ ਨੂੰ ਰਾਤ ਰਹਿਣ ਲਈ ਅਲੱਗ ਕਮਰਾ ਚਾਹੀਦਾ ਸੀ । ਰਿਸ਼ਤੇਦਾਰੀਆਂ ‘ਚ
ਡਰਾਈਵਰ ਲਈ ਕਮਰੇ ਦਾ ਇੰਤਜ਼ਾਮ ਕਰਨਾ ਔਖਾ ਲੱਗਾ ਤਾਂ ਸੈਲਫ਼ ਡਰਾਈਵਿੰਗ ਲਈ ਗੱਡੀ ਲੈਣਾ
ਆਸਾਨ ਲੱਗਾ । ਪਹਿਲਾਂ ਤਾਂ ਅਣਜਾਣ ਨੂੰ ਕਿਸੇ ਨੇ ਆਪਣੀ ਗੱਡੀ ਦੇਣ ਦੀ ਹਾਂ ਹੀ ਨਾ ਕੀਤੀ ।
ਉਨ੍ਹਾਂ ਨੂੰ ਹੁਣ ਤੱਕ ਆਪਣੇ ਇੱਥੋਂ ਦੀ ਮਿੱਟੀ ਫੱਕਣ ਤੇ ਪਰਿਵਾਰ ਪੰਜਾਬ ‘ਚ ਹੋਣ ਦੀ ਬਾਰੇ
ਦੁਹਾਈ ਪਾਈ ਤਾਂ ਉਨ੍ਹਾਂ ਸਿੱਧਾ ਜਿਹਾ ਕੰਮ ਨਬੇੜ ਦਿੱਤਾ ਕਿ ਜੇ ਗੱਡੀ ਲੱਗ ਗਈ ਤਾਂ ਸਾਰਾ
ਖਰਚਾ ਝੱਲਣਾ ਪੈਣਾ, ਬੇਸ਼ੱਕ ਗੱਡੀ ਦਾ ਫੁੱਲ ਬੀਮਾ ਹੋਇਆ ਵੀ ਕਿਉਂ ਨਾ ਹੋਵੇ । ਨਾਲ਼ ਹੀ
ਉਨ੍ਹਾਂ ਇੱਕ ਦੋ ਕਹਾਣੀਆਂ ਅਜਿਹੀਆਂ ਦੁਰਘਟਨਾਵਾਂ ਦੀਆਂ ਵੀ ਸੁਣਾ ਦਿੱਤੀਆਂ ਜਿਨ੍ਹਾਂ ‘ਚ
ਬਾਹਰਲਿਆਂ ਨੇ ਗੱਡੀਆਂ ਠੋਕ ਦਿੱਤੀਆਂ ਸੀ ਤੇ ਗੱਡੀਆਂ ਲੱਗਭਗ ਖਤਮ ਹੀ ਹੋ ਗਈਆਂ । ਗੱਡੀ
ਠੋਕਣ ਦਾ ਜੀਅ ਤਾਂ ਕਦੇ ਵੀ ਕਿਸੇ ਦਾ ਨਹੀਂ ਕਰਦਾ ਪਰ ਟਾਈਮ ਮਾੜਾ ਹੋਵੇ ਤਾਂ ਬੋਤੇ ‘ਤੇ
ਬੈਠਿਆਂ ਵੀ ਕੁੱਤਾ ਵੱਢ ਜਾਂਦਾ ਹੈ, ਸੋ ਮਨ ਡਰ ਗਿਆ ਤੇ ਸੈਲਫ ਡਰਾਈਵਿੰਗ ਲਈ ਗੱਡੀ ਲੈਣ ਦਾ
ਮਨ ਬਦਲ ਗਿਆ । ਦਿੱਲੀਓਂ ਪੰਜਾਬ ਲਈ ਗੂਗਲ ਦੀ ਮੱਦਦ ਨਾਲ਼ “ਇਨੋਵਾ” ਪਹਿਲਾਂ ਹੀ ਬੁੱਕ
ਕਰਵਾ ਦਿੱਤੀ ਸੀ, ਜੋ ਕਿ ਅਣਜਾਣ ਬੰਦਿਆਂ ਦੀ ਗੱਡੀ ਬੁੱਕ ਕਰਵਾਉਣ ਬਾਰੇ ਘਰ ਦਿਆਂ ਨੇ
ਕਿੰਤੂ ਕੀਤਾ । ਗੱਡੀਓ ਗੱਡੀ ਹੋਣ ਦੇ ਇਸ ਸਾਰੇ ਕਾਰਜ ਦੌਰਾਨ ਇੱਕ ਗੱਲ ਸਾਹਮਣੇ ਆਈ ਕਿ
ਲੋਕਾਂ ਦੇ ਮਨ ਵਿਚ ਡਰ ਇਸ ਕਦਰ ਵੱਸ ਚੁੱਕਾ ਹੈ ਕਿ ਨਾ ਤਾਂ ਕੋਈ ਅਣਜਾਣ ਦੀ ਗੱਡੀ ਲੈ ਕੇ
ਰਾਜੀ ਹੈ ਤੇ ਨਾ ਕੋਈ ਅਣਜਾਣ ਨੂੰ ਗੱਡੀ ਦੇ ਕੇ । ਡਰਾਈਵਰ / ਮਾਲਕ ਅਣਜਾਣ ਨਾਲ ਜਾਣ ਦੀ
ਬਜਾਏ ਗੱਡੀ ਸਟੈਂਡ ਵਿਚ ਲਾਈ ਰੱਖਣੀ ਬਿਹਤਰ ਸਮਝਦੇ ਹਨ । ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ
ਇੰਝ ਉਨ੍ਹਾਂ ਦਾ ਕਾਰੋਬਾਰ ਕਿੱਦਾਂ ਚੱਲਦਾ ਹੋਏਗਾ ? ਹੋ ਸਕਦਾ ਹੈ ਕਿ ਸਭ ਦੀ ਸੋਚ ਇੱਦਾਂ
ਦੀ ਨਾ ਹੋਵੇ, ਪਰ ਜਿੰਨਾਂ ਦੋ-ਚਹੁੰ ਨਾਲ ਮੇਰੀ ਗੱਲਬਾਤ ਹੋਈ, ਉਹ ਸਭ ਹਨੇਰੇ ਦੇ ਡਰਾਏ
ਟਟਿਹਣੇ ਨਿੱਕਲੇ ।
ਏਧਰ ਹੋਰ ਰਿਸ਼ਤੇਦਾਰਾਂ ਸਮੇਤ ਆਪਣੇ ਆਲਾ ਸਾਲਗ ਰਾਮ (ਅੰਗ੍ਰੇਜ਼ੀ ‘ਚ ਬ੍ਰਦਰ ਇਨ ਲਾ)
“ਲਾਡੀ” ਵੀ ਪੱਬਾਂ ਭਾਰ ਹੋਇਆ ਪਿਆ ਸੀ, ਕਿ ਭਾਈਏ ਹੋਰੀਂ ਸਣੇ ਟੱਬਰ ਵਰ੍ਹਿਆਂ ਬਾਅਦ ਵਤਨੀਂ
ਆ ਰਹੇ ਨੇ । ਇਹਦੇ ਪਿੱਛੇ ਇਹ ਕਾਰਨ ਵੀ ਹੈ ਕਿ ਉਹਦੀ ਆਪਣੀਆਂ ਦੋਹਾਂ ਭਾਣਜੀਆਂ ਤਨੀਸ਼ਾ ਤੇ
ਗਰਿਮਾ ਨਾਲ ਬਹੁਤ ਬਣਦੀ ਹੈ । ਤਨੀਸ਼ਾ ਉਨ੍ਹਾਂ ਦੇ ਟੱਬਰ ਦੀ ਪਹਿਲੀ ਦੋਹਤੀ ਹੋਣ ਕਾਰਨ
ਉਸਨੇ ਸਾਰਿਆਂ ਦਾ ਬਹੁਤ ਮੋਹ ਲਿਆ ਹੋਇਆ ਹੈ ਤੇ ਬੱਚੀਆਂ ਨੂੰ ਵੀ ਇੱਕੋ ਇੱਕ “ਮਾਮੂ” ਨੂੰ
ਮਿਲਣ ਦਾ, ਗੱਲਾਂ ਬਾਤਾਂ ਕਰਨ ਦਾ ਬਥੇਰਾ ਚਾਅ ਰਹਿੰਦਾ ਹੈ । ਉਸਨੇ ਵੀ ਕੁਝ ਕੁ ਮਹੀਨੇ
ਪਹਿਲਾਂ ਆਪਣੀ ਗੱਡੀ ਵੇਚੀ ਸੀ ਤੇ ਹੁਣ ਲੱਖ ਰੁਪਈਆ ਹੋਰ ਘਰਦਿਆਂ ਕੋਲੋਂ ਫੜ ਕੇ ਹੋਰ ਗੱਡੀ
ਲੈਣ ਦਾ ਟੁੱਲ ਲੱਗ ਗਿਆ ਸੀ । ਉਸ ਸਾਡੇ ਵਤਨੀਂ ਆਉਣ ਤੋਂ ਪਹਿਲਾਂ ਗੱਡੀ ਲੈਣ ਦਾ ਆਪਣਾ
ਅਹਿਦ ਕਈ ਵਾਰ ਦੁਹਰਾਇਆ ਪਰ ਅਸੀਂ ਉਸਨੂੰ ਇਹ ਫੈਸਲਾ ਕਾਹਲੀ ‘ਚ ਨਾ ਕਰਨ ਦੀ ਸਲਾਹ ਦਿੱਤੀ
ਤੇ ਸਾਡੇ ਆਲੇ ਛੋਟੇ ਪ੍ਰਾਹੁਣੇ “ਗੋਲਡੀ” ਬਾਊ ਨੇ ਗੱਡੀ ਘਰੇ ਖੜੀ ਹੋਣ ਦੇ ਬਾਵਜੂਦ ਚਿੰਤਾ
ਕਰਨ ‘ਤੇ ਸੁਆਲ ਖੜਾ ਕੀਤਾ ਤੇ ਸੈਲਫ਼ ਡਰਾਈਵਿੰਗ ਦਾ ਹੌਸਲਾ ਵੀ ਦਿੱਤਾ । ਕੁੱਲ ਮਿਲਾ ਕੇ
ਸਾਰੇ ਦੁੱਧ (ਗੱਡੀ) ਰਿੜਕਣੇ ਦਾ ਫੈਸਲਾ ਇਹ ਨਿੱਕਲਿਆ ਕਿ ਸਾਡੇ ਆਲੇ ਪ੍ਰਾਹੁਣੇ ਦੀ ਗੱਡੀ
ਪੰਜਾਬ ਰਹਿਣ ਦੌਰਾਨ ਮਹੀਨੇ-ਸਵਾ ਮਹੀਨੇ ਲਈ ਰੱਖੀ ਜਾਵੇ । ਉਨ੍ਹਾਂ ਦੇ ਘਰ ਮਿਲਣ ਲਈ ਵੀ
ਜਾਣਾ ਹੀ ਸੀ, ਤੇ ਉਦੋਂ ਹੀ ਗੱਡੀ ਚੁੱਕਣ ਦਾ ਵੀ ਫੈਸਲਾ ਲੈ ਲਿਆ ਗਿਆ, ਇਸ ਕਰਕੇ ਉਨ੍ਹਾਂ
ਦੇ ਜਾਣ ਵਾਸਤੇ ਇਨੋਵਾ ਬੁੱਕ ਕਰਵਾ ਦਿੱਤੀ ।
ਜਿੱਦਾਂ ਜਿੱਦਾਂ ਪੰਜਾਬ ਰਹਿੰਦਿਆਂ ਦੋ-ਤਿੰਨ ਦਿਨ ਗੁਜ਼ਰੇ ਬਹੁਤ ਸਾਰੀਆਂ ਭੁੱਲੀਆਂ
ਵਿਸਰੀਆਂ ਯਾਦਾਂ ਚੇਤੇ ਆਉਣ ਲੱਗ ਗਈਆਂ, ਜੋ ਕਿ ਪਤਾ ਨਹੀਂ ਮਨ ਦੇ ਕਿਸ ਕੋਨੇ ਦਬ ਗਈਆਂ ਸਨ
। ਸਕੂਲੇ ਤੁਰ ਕੇ ਜਾਣਾ, ਕੈਂਚੀ ਸਾਈਕਲ ਚਲਾਉਣਾ, ਟਰਾਲੀਆਂ ਤੇ ਸਫ਼ਰ, ਟੈਂਪੂ ਮਗਰ ਲਟਕਣਾ,
ਬੱਸ ਦੀ ਛੱਤ ‘ਤੇ ਬੈਠਣਾ, ਰੋਡਵੇਜ਼ ਦੀਆਂ ਬੱਸਾਂ ਦਾ ਟੇਢਾ ਤੁਰਨਾ ਤੇ ਰੇਲਗੱਡੀ ਦਾ ਸਫ਼ਰ
। ਮਨ ‘ਚ ਸੋਚ ਆਈ ਕਿ ਨਿਆਣਿਆਂ ਨੂੰ ਵੀ ਆਪਣੇ ਬਚਪਨ ਤੇ ਕੈਰੀਅਰ ਦੇ ਸ਼ੁਰੂਆਤੀ ਦੌਰ ਤੋਂ
ਜਾਣੂ ਕਰਵਾਉਣ ਦੀ ਕੋਸਿ਼ਸ਼ ਕੀਤੀ ਜਾਏ । ਨਿਆਣੇ ਐਵੇਂ ਹੀ ਨਾ ਬਾਹਰਲੀ ਹਵਾ ‘ਚ ਉਡਦੇ
ਰਹਿਣ, ਉਨ੍ਹਾਂ ਨੂੰ ਆਪਣੇ ਵਤਨ ਦੀ ਆਮ ਜਿੰਦਗੀ ਨਜ਼ਦੀਕ ਤੋਂ ਦਿਖਾਈ ਜਾਵੇ । ਇਸ ਲਈ ਸਭ
ਤੋਂ ਪਹਿਲਾਂ ਭੈਣ ਹੋਰਾਂ ਦੇ ਘਰ ਉਨ੍ਹਾਂ ਦੀ ਗੱਡੀ ਚੁੱਕਣ ਜਾਣ ਲਈ ਬੁੱਕ ਕਰਵਾਈ ਗਈ ਇਨੋਵਾ
ਕੈਂਸਲ ਕਰਵਾਈ ਤੇ ਸਧਾਰਣ ਰੇਲਗੱਡੀ ਰਾਹੀਂ ਸਫ਼ਰ ਕਰਨ ਦਾ ਮਨ ਬਣਾਇਆ, ਜਿਸ ਵਿਚ ਸੀਟਾਂ ਦੀ
ਬੁਕਿੰਗ ਨਹੀਂ ਹੁੰਦੀ । ਘਰੋਂ ਸਟੇਸ਼ਨ ‘ਤੇ ਜਾਣ ਵਾਸਤੇ ਇੱਕ ਟੈਂਪੂ ਵੀ ਬੁੱਕ ਕਰਵਾ ਲਿਆ ।
ਜਦ ਪੰਜਾਬ ਰਹਿੰਦੇ ਸੀ ਤਾਂ ਕਾਲੇ ਜਿਹੇ ਟੈਂਪੂ ਬਹੁਤ ਹੁੰਦੇ ਸੀ ਤੇ ਕਈ ਵਾਰ ਉਨ੍ਹਾਂ ਦਾ
ਗਾਟਾ ਵੀ ਟੁੱਟਿਆ ਪਿਆ ਸੜਕ ‘ਤੇ ਦੇਖਣ ਨੂੰ ਮਿਲਦਾ ਸੀ । ਨਾਲ ਹੀ ਸਕੂਟਰ ਵਰਗੇ ਹੈਂਡਲ
ਵਾਲੇ ਥਰੀ ਵੀਲਰ ਬਹੁਤ ਹੁੰਦੇ ਸੀ, ਜੋ ਕਿ ਸਾਡੇ ਫਰੀਦਕੋਟ ਤਾਂ ਫੇਰ ਗਿਣਤੀ ਦੇ ਸਨ ਪਰ
ਲੁਧਿਆਣੇ-ਦਿੱਲੀ ਆਦਿ ਤਾਂ ਧੂੰਆਂ ਮਾਰਦੇ ਇਨ੍ਹਾਂ ਥਰੀ ਵੀਲਰਾਂ ਬਿਨਾਂ ਜਿੰਦਗੀ ਰੁਕ ਜਾਣੀ
ਸੰਭਵ ਜਾਪਦੀ ਹੁੰਦੀ ਸੀ । ਹੁਣ ਇਨ੍ਹਾਂ ਟੈਂਪੂਆਂ ਜਾਂ ਥਰੀ ਵੀਲਰਾਂ ਦੀ ਬਜਾਏ ਚਿੱਟੇ ਰੰਗ
ਦੇ ਨਵੇਂ ਫੋਰ ਵੀਲਰ ਟੈਂਪੂ ਨਜ਼ਰੀਂ ਆਏ, ਜਿਨ੍ਹਾਂ ‘ਤੇ ਬਾਹਰ ਨਹੀਂ ਲਟਕਿਆ ਜਾ ਸਕਦਾ ਜਾਂ
ਛੱਤ ‘ਤੇ ਨਹੀਂ ਬੈਠ ਸਕਦੇ । ਬੰਦ ਬਾਰੀਆਂ ਵਾਲੇ ਇਨ੍ਹਾਂ ਫੋਰ ਵੀਲਰਾਂ ‘ਚ ਸਫ਼ਰ ਕਰਨਾ
ਸੁਰੱਖਿਅਤ ਹੈ । ਬਾਕੀ ਸੁਰੱਖਿਅਤਾ ਵੀ ਆਪਣੇ ਆਪ ‘ਤੇ ਨਿਰਭਰ ਕਰਦੀ ਹੈ, ਕਈ ਤਾਂ ਅਜਿਹੇ
ਚੜਿੱਕ ਹੁੰਦੇ ਹਨ ਕਿ ਜਹਾਜ਼ ਦੀ ਬਾਰੀ ‘ਚੋਂ ਵੀ ਬਾਂਹ ਬਾਹਰ ਕੱਢਣ ਤੱਕ ਜਾਂਦੇ ਹਨ ।
ਤੜਕੇ ਸਾਢੇ ਚਾਰ ਵਜੇ ਟੈਂਪੂ ਵਾਲੇ ਦਿਲਪ੍ਰੀਤ ਨੂੰ ਫੋਨ ਲਾਇਆ ਕਿ ਮਿੱਤਰਾ ਪੰਜ ਵਜੇ ਘਰ
ਪੁੱਜ ਜਾਈਂ । ਪੰਜ ਵਜੇ ਤੱਕ ਜਦ ਉਹ ਨਾ ਪੁੱਜਾ ਤਾਂ ਮੁੜ ਰਿੰਗੋ ਰਿੰਗੀ ਹੋਣਾ ਪੈ ਗਿਆ ਤੇ
ਤਿੰਨਾਂ ਕੁ ਰਿੰਗਾਂ ਬਾਅਦ ਉਸ ਦਸਾਂ ਮਿੰਟਾਂ ‘ਚ ਪੁੱਜਣ ਬਾਰੇ ਦੱਸਿਆ । ਆਉਂਦਿਆਂ ਹੀ ਲੇਟ
ਹੋਣ ਦਾ ਕਾਰਨ ਉਸ ਇਸ ਤਰੀਕੇ ਪੇਸ਼ ਕੀਤਾ ਕਿ ਗੁੱਸਾ ਹੋਣ ਦੇ ਬਾਵਜੂਦ ਮੇਰਾ ਹਾਸਾ ਨਿੱਕਲ
ਗਿਆ, ਉਸਦਾ ਬਿਆਨ ਸੀ ਕਿ ਬਾਊ ਯਾਰ ! ਰਾਤ ਘਰ ਗਿਆ ਨਹੀਂ, ਸਹੇਲੀ ਕੋਲ ਰੁਕ ਗਿਆ ਸੀ ।
ਵਾਕਿਆ ਹੀ ਦੁਨੀਆਂ 61-62 ‘ਤੇ ਪੁੱਜ ਚੁੱਕੀ ਹੈ ਤੇ ਆਪਾਂ ਅਜੇ ਵੀ 15-16 ‘ਤੇ ਹੀ ਫਿਰਦੇ
ਹਾਂ ।
ਛੇ ਵਜੇ ਦਾ ਰੇਲਗੱਡੀ ਦਾ ਸਮਾਂ ਸੀ ਤੇ ਅਸੀਂ ਸਟੇਸ਼ਨ ‘ਤੇ ਅੱਧਾ ਘੰਟਾ ਪਹਿਲਾਂ ਹੀ ਜਾ
ਪੁੱਜੇ । ਜਿੱਦਾਂ ਕਿ ਛੋਟੇ ਸਟੇਸ਼ਨਾਂ ‘ਤੇ ਸਵੇਰ ਦਾ ਨਜ਼ਾਰਾ ਹੁੰਦਾ ਹੈ, ਉਹ ਵੀ ਨਜ਼ਰੀਂ
ਆਇਆ । ਬਹੁਤ ਸਾਰੇ ਲੋਕ ਸਵੇਰ ਦੀ ਸੈਰ ਕਰਨ ਲਈ ਸਟੇਸ਼ਨ ‘ਤੇ ਗੇੜੀ ਬੰਨੀ ਫਿਰਦੇ ਸਨ । ਚਾਹ
ਜਾਂ ਹੋਰ ਕੋਈ ਸ਼ੈਅ ਵੇਚਣ ਵਾਲਾ ਜਗਰਾਓਂ ਸਟੇਸ਼ਨ ‘ਤੇ ਨਜ਼ਰ ਨਹੀਂ ਸੀ ਆਇਆ । ਟਿਕਟ ਖਿੜਕੀ
ਗੱਡੀ ਆਉਣ ਤੋਂ ਦਸ ਮਿੰਟ ਪਹਿਲਾਂ ਖੁੱਲਣੀ ਸੀ । ਸਮਾਂ ਬੀਤਣ ਦੇ ਨਾਲ਼ ਨਾਲ਼ ਭੀੜ ਵਧਣੀ
ਸ਼ੁਰੂ ਹੋ ਗਈ ਸੀ ਤੇ ਮੈਂ ਟਿਕਟ ਖਿੜਕੀ ‘ਤੇ ਜਾ ਕੇ ਖੜਾ ਹੋ ਗਿਆ । ਪਹਿਲਾ ਨੰਬਰ ਮੇਰਾ ਹੀ
ਸੀ । ਖਿੜਕੀ ਖੁੱਲਦਿਆਂ ਹੀ ਮੇਰੇ ਤੋਂ ਪਹਿਲਾਂ ਪਿੱਛੇ ਖੜੇ ਬਾਊ ਨੇ ਲੰਬਾ ਹੱਥ ਵਧਾ ਕੇ
ਟਿਕਟ ਦੀ ਮੰਗ ਕੀਤੀ ਪਰ ਟਿਕਟ ਬਾਊ ਨੇ ਉਸਨੂੰ ਹਲਕਾ ਜਿਹਾ ਪ੍ਰਸ਼ਾਦਾ ਦੇ ਕੇ ਸ਼ਾਂਤ ਕੀਤਾ
ਤੇ ਖੁੱਲੇ ਪੈਸਿਆਂ ਦਾ ਸੁਆਲ ਟਿਕਟ ਬਾਊ ਨੇ ਪਹਿਲੇ ਹੀ ਗ੍ਰਾਹਕ ਨੂੰ ਪਾ ਦਿੱਤਾ । ਜਿੱਥੇ
ਵਰ੍ਹਿਆਂ ਪਹਿਲਾਂ ਖੁੱਲੇ ਪੈਸਿਆਂ ਦਾ ਸੁਆਲ ਭਾਨ ਜਾਂ ਇੱਕ – ਦੋ ਰੁਪਏ ਦੇ ਸਿੱਕਿਆਂ ਦਾ
ਪੈਂਦਾ ਸੀ, ਉਹ ਹੁਣ ਪੰਜਾਂ ਦੇ ਢਾਲੇ ਦਾ ਹੋ ਚੁੱਕਾ ਸੀ । ਇਸੇ ਦੌਰਾਨ ਸਾਨੂੰ ਵਾਰਨਿੰਗ
ਮਿਲ ਗਈ ਕਿ ਇਸ ਰੇਲ ਵਿਚ ਟਾਇਲਟਾਂ ਨਹੀਂ ਹੁੰਦੀਆਂ, ਇਸ ਕਰਕੇ ਨਿਆਣਿਆਂ ਨੂੰ ਕਿਹਾ ਕਿ ਭਾਈ
ਜਾ ਆਓ । ਸਾਡੇ ਆਲੀ ਛੋਟੀ (ਬੇਟੀ) ਗਈ ਪਰ ਨੱਕ ਚਿੜਾਉਂਦੀ “ਸਮੈਲੀ-ਸਮੈਲੀ” ਕਰਦੀ ਖੋਟੇ
ਸਿੱਕੇ ਵਾਂਗੂੰ ਵਾਪਸ ਪਰਤ ਆਈ । ਸਫ਼ਾਈ ਖਾਸ ਕਰਕੇ ਟਾਇਲਟਾਂ ਦੀ ਸਫ਼ਾਈ ਸਾਡੇ ਵਤਨ ‘ਚ
ਬਹੁਤ ਵੱਡੀ ਸਮੱਸਿਆ ਹੈ । ਹਾਲਾਂਕਿ ਇੱਥੇ “ਦੋ ਨੰਬਰ” ਜਾਣ ਦੇ ਪੈਸੇ ਵੀ ਲਏ ਜਾਂਦੇ ਹਨ,
ਪਰ ਮੁਸ਼ਕਾਟ ਨੱਕ ਰਾਹੀਂ ਹੋ ਕੇ ਸਿੱਧਾ ਮਗਜ਼ ‘ਤੇ ਮਾਰ ਕਰਦਾ ਹੈ ਤੇ ਪ੍ਰਦੇਸੀਆਂ ਨੂੰ ਵਤਨ
ਦੀ ਫੇਰੀ ਨੂੰ ਸੁਪਨਾ ਜਾਂ ਹਕੀਕਤ ਸਮਝਣ ਲਈ ਚੂੰਢੀ ਵੱਢਣ ਦੀ ਲੋੜ ਨਹੀਂ ਪੈਂਦੀ, ਜਿਵੇਂ
ਸਾਡੀ ਛੋਟੀ ਨੇ ਦਿੱਲੀਓਂ ਪੰਜਾਬ ਆਉਂਦਿਆਂ ਆਪਣੀ ਮਾਂ ਨੂੰ ਕਿਹਾ ਸੀ ਕਿ ਮੇਰੇ ਚੂੰਢੀ
ਵੱਢਿਓ, ਸੱਚੀਮੁੱਚੀ ਇੰਡੀਆ ਆਏ ਹਾਂ ਜਾਂ ਸੁਪਨਾ ਹੀ ਹੈ ।
ਰੇਲ ਆਈ ਤੇ ਲੋਕਾਂ ਨੇ ਰੇਲ ਦੇ ਨਾਲ਼ ਨਾਲ ਤੁਰਨਾ ਸ਼ੁਰੂ ਕਰ ਦਿੱਤਾ । ਰੇਲ ਯਾਤਰੀਆਂ ਦਾ
ਇਹ ਵਤੀਰਾ ਵੀ ਬਚਪਨ ਤੋਂ ਦੇਖਣ ਨੂੰ ਮਿਲ ਰਿਹਾ ਹੈ ਕਿ ਜਦੋਂ ਸੀਟ ਬੁੱਕ ਹੀ ਨਹੀਂ ਤਾਂ
ਸਾਹਮਣੇ ਆਏ ਗੱਡੀ ਦੇ ਡੱਬੇ ‘ਚ ਵੀ ਚੜ੍ਹਿਆ ਜਾ ਸਕਦਾ ਹੈ ਤਾਂ ਤੁਰਨ ਦੀ ਕੀ ਲੋੜ ਹੈ ?
ਕਿਉਂ ਜੋ ਹੁਣ ਅਸੀਂ ਦਸਾਂ ਬਾਰ੍ਹਾਂ ਦਿਨਾਂ ਲਈ ਰਿਸ਼ਤੇਦਾਰੀਆਂ ‘ਚ ਜਾਣਾ ਸੀ, ਇਸ ਲਈ
ਕੱਪੜੇ ਲੱਤੇ, ਨਿਆਣਿਆਂ - ਸਿਆਣਿਆਂ ਲਈ ਬਾਹਰਲੇ ਤੋਹਫ਼ੇ ਤੇ ਲੈਪਟਾਪ, ਕੁੱਲ ਮਿਲਾ ਕੇ
ਚੰਗਾ ਖਾਸਾ ਭਾਰ ਅਟੈਚੀਆਂ ਤੇ ਬੈਗਾਂ ‘ਚ ਭਰਿਆ ਹੋਇਆ ਸੀ । ਗੱਡੀ ਚੜਾਉਣ ਆਏ ਰਿਸ਼ਤੇਦਾਰਾਂ
ਨੇ ਕਾਹਲੀ-ਕਾਹਲੀ ਸਮਾਨ ਗੱਡੀ ‘ਚ ਰਖਾਇਆ ਤੇ ਡੱਬੇ ਦੇ ਵਿਚਾਲੇ ਜਿਹੇ ਸਾਨੂੰ ਸੀਟਾਂ
ਮਿਲੀਆਂ ਤੇ ਸਮਾਨ ਉਪਰ ਰੈਕਾਂ ‘ਚ ਟਿਕਾ ਦਿੱਤਾ । ਗੱਡੀ ਨੇ ਦੋ-ਤਿੰਨ ਕੂਕਾਂ ਮਾਰੀਆਂ ਤੇ
ਆਪਣੀ ਚਾਲੇ ਪੈ ਗਈ । ਗੱਡੀ ਆਪਣੀ ਮੰਜਿਲ ਵੱਲ ਵਧਦੀ ਗਈ ਤੇ ਪਹਿਲਾਂ ਸੀਟਾਂ ਫੁੱਲ, ਦਸ
ਬੰਦੇ ਖੜ੍ਹੇ, ਵੀਹ ਖੜ੍ਹੇ ਤੇ ਅੰਤ ਤਿਲ ਧਰਨ ਦੀ ਜਗ੍ਹਾ ਵੀ ਨਾ ਬਚੀ । ਮੇਰੇ ਨਾਲ਼ ਸਫ਼ਰ
‘ਚ ਸਿਡਨੀ ਵਾਲਾ ਬਾਈ ਅਮਰਜੀਤ ਖੇਲਾ ਮੁਫ਼ਤ ‘ਚ ਹੀ ਸਫ਼ਰ ਕਰ ਰਿਹਾ ਸੀ ਭਾਵ ਮੈਂ ਉਸਦੀ
ਕਿਤਾਬ “ਕਸਮ ਨਾਲ਼ ਝੂਠ ਨਹੀਂ ਬੋਲਦਾ” ਪੜ੍ਹ ਰਿਹਾ ਸੀ । ਵਿਚੇ ਵਿਚੇ ਗੱਡੀ ਦੀ ਬਾਰੀ ਨਾਲ਼
ਬੈਠਿਆਂ ਬਾਹਰ ਦੇ ਨਜ਼ਾਰੇ ਤੇ ਪਰਿਵਾਰ ਨਾਲ਼ ਨਿੱਕੀ ਨਿੱਕੀ ਗੱਲਬਾਤ ਵੀ ਚੱਲ ਰਹੀ ਸੀ ।
ਬਚਪਨ ਦੀਆਂ ਤੇ ਪੰਜਾਬ ਰਹਿਣ ਦੀਆਂ ਯਾਦਾਂ ਤਾਜ਼ਾ ਹੋ ਰਹੀਆਂ ਸਨ ਪਰ ਗੱਡੀ ਦੇ ਹਾਲਾਤ ਦੇਖ
ਕੇ ਸਕੂਲੇ ਪੜ੍ਹੀ ਕਹਾਣੀ, ਜਿਸਦਾ ਨਾਮ ਸ਼ਾਇਦ “ਪਹੁਤਾ ਪਾਂਧੀ” ਸੀ, ਯਾਦ ਆ ਰਹੀ ਸੀ । ਇਹ
ਫੌਜ ਦੇ ਇੱਕ ਮੇਜਰ ਸਾਹਿਬ ਦੇ ਰੇਲ ਦੇ ਸਫ਼ਰ ਦੀ ਕਹਾਣੀ ਸੀ, ਜੋ ਕਿ ਉਨ੍ਹਾਂ ਫਸਟ ਕਲਾਸ ਦੇ
ਡੱਬੇ ‘ਚ ਨਾ ਕਰਕੇ ਜਨਰਲ ਕੈਟਾਗਰੀ ਦੇ ਡੱਬੇ ‘ਚ ਕੀਤਾ ਸੀ । ਖੜ੍ਹੇ ਯਾਤਰੀਆਂ ਦੁਆਰਾ
ਬੈਠਿਆਂ ‘ਤੇ ਡਿੱਗੀ ਜਾਣਾ ਜਾਂ ਉਨ੍ਹਾਂ ਦੇ ਮੋਢਿਆਂ ਨਾਲ਼ ਢੋ ਲਾਉਣੀ, ਕਈ ਲੋਕਾਂ ਦੇ ਸਰੀਰ
ਦਾ ਮੁਸ਼ਕ, ਗੱਡੀ ਦੇ ਸ਼ੋਰ ‘ਚ ਗੱਲ ਦਾ ਸਮਝ ਨਾ ਆਉਣਾ ਜਾਂ ਘੱਟ ਸਮਝ ਆਉਣਾ ਆਦਿ ਨਾਲ਼,
ਬੀਤਿਆ ਸਮਾਂ ਵਰਤਮਾਨ ਦਾ ਹਾਣੀ ਬਣ ਰਿਹਾ ਸੀ । ਪੈਰ ਮਿੱਧਣ ਜਾਂ ਖੜੇ ਹੋਣ ਦੇ ਸਥਾਨ ਪਿੱਛੇ
ਲੜਾਈ (ਮੇਰੀ ਨਹੀਂ) ਦਾ ਪੰਜਾਬੀ ਤੜਕਾ ਵੀ ਸਫ਼ਰ ‘ਚ ਲੱਗ ਗਿਆ ਜੋ ਕਿ ਕਈ ਸਟੇਸ਼ਨ ਨਿੱਕਲਣ
ਦੇ ਬਾਵਜੂਦ ਜਾਰੀ ਸੀ । ਜੋ ਨਵੀਂ ਸਕੂਨ ਦੇਣ ਵਾਲੀ ਗੱਲ ਸੀ, ਉਹ ਇਹ ਕਿ ਸਟੇਸ਼ਨ ਤੇ
ਖੜ੍ਹਿਆਂ ਜਾਂ ਗੱਡੀ ‘ਚ ਸਫ਼ਰ ਦੌਰਾਨ ਬੀੜੀਆਂ ਜਾਂ ਸਿਗਰਟਾਂ ਦੀ ਮੁਸ਼ਕਾਟ ਤੋਂ ਬਚੇ ਰਹੇ ।
ਇੱਕ ਨਵਾਂ ਵਿਆਹਿਆ ਜੋੜਾ ਵੀ ਸਾਡੇ ਨਾਲ਼ ਦੀਆਂ ਸੀਟਾਂ ‘ਤੇ ਸਫ਼ਰ ਕਰ ਰਿਹਾ ਸੀ । ਕੁੜੀ ਦੇ
ਅਜੇ ਰੰਗਲਾ ਚੂੜਾ ਪਾਇਆ ਹੋਇਆ ਸੀ ਤੇ ਬਾਰੀ ਕੋਲ ਬੈਠੀ ਬਾਹਰ ਦੇਖ ਰਹੀ ਸੀ । ਭਰ ਗਰਮੀ ਦੀ
ਰੁੱਤ ਵਿਚ ਉਸਨੇ ਸੂਹੇ ਲਾਲ ਰੰਗ ਦਾ ਭਾਰਾ ਜਿਹਾ ਸੂਟ ਪਾਇਆ ਹੋਇਆ ਸੀ । ਓਹਦੇ ਹਾਣ ਦਾ
ਨਾਲ਼ ਬੈਠਾ ਹੋਇਆ ਆਪਣੇ ਸਮਾਰਟਫੋਨ ਵਿੱਚ ਉਲਝਿਆ ਹੋਇਆ ਸੀ । ਪਿੰਡਾਂ ਦੇ ਨੌਜਵਾਨ ਜੋੜਿਆਂ
ਨੂੰ ਤਾਂ ਸ਼ਾਇਦ ਅਜਿਹੇ ਇਕੱਲਤਾ ਦੇ ਪਲ ਬੜੀ ਮੁਸ਼ਕਿਲ ਨਾਲ਼ ਮਿਲਦੇ ਹਨ, ਫਿਰ ਉਹ
ਸਮਾਰਟਫੋਨ ਦੇ ਢਿੱਡ ‘ਚ ਪਤਾ ਨਹੀਂ ਕਿਉਂ ਉਂਗਲਾਂ ਮਾਰ ਰਿਹਾ ਸੀ । ਪੰਜਾਬ ‘ਚ ਵਿਚਰਨ ਦੇ
ਪਹਿਲੇ ਹਫ਼ਤੇ ਦੌਰਾਨ ਕਰੀਬ ਹਰ ਨੌਜਵਾਨ ਕੋਲ ਸਮਾਰਟਫੋਨ ਤੇ ਸਿਆਣੀ ਉਮਰ ਦਿਆਂ ਕੋਲ ਮੋਬਾਇਲ
ਜ਼ਰੂਰ ਨਜ਼ਰੀਂ ਪਿਆ ।
ਫਿਰੋਜ਼ਪੁਰ ਸਟੇਸ਼ਨ ਤੋਂ ਵੀਹਾਂ ਪੱਚੀਆਂ ਦੀ ਲਗੌੜ ਗੱਡੀ ‘ਚ ਚੜ੍ਹੀ । ਕਈਆਂ ਦੀਆਂ ਬੋਦੀਆਂ
ਰੰਗ ਬਿਰੰਗੀਆਂ ਤੇ ਕਈਆਂ ਦੇ ਬੋਦੇ ਜੈੱਲ ਲਗਾ ਕੇ ਖੜ੍ਹੇ ਕੀਤੇ ਹੋਏ ਲੋਹੜੇ ਦੀ ਗਰਮੀ ਦੇ
ਇਸ ਮੌਸਮ ‘ਚ ਰੱਬ ਤੋਂ ਮੀਂਹ ਮੰਗਦੇ ਪ੍ਰਤੀਤ ਹੋ ਰਹੇ ਸਨ । ਚੂਪੇ ਅੰਬ ਅਰਗੇ ਮੂੰਹ ਤੇ
ਪੈਰੀਂ ਹਵਾਈ ਚੱਪਲਾਂ । ਡੱਕਿਆਂ ਅਰਗੀਆਂ ਲੱਤਾਂ ‘ਚ ਭੀੜੀਆਂ ਜਿਹੀਆਂ ਸੁਥਣੀਆਂ ਫਸਾਈਆਂ
ਹੋਈਆਂ ਸਨ, ਜਿਨ੍ਹਾਂ ਚੋਂ ਕਈਆਂ ਦੇ ਅੰਡਰਵੀਅਰ ਲੱਕ ਕੋਲੋਂ “ਝਾ” ਕਰ ਰਹੇ ਸਨ । ਬੱਕਰੀ ਦੇ
ਥਣਾਂ ‘ਤੇ ਪਾਏ ਝੋਲਿਆਂ ਵਾਂਗ ਉਨ੍ਹਾਂ ਦੀਆਂ ਜੀਨਾਂ ਦੀਆਂ ਝੋਲੀਆਂ ਪੱਟਾਂ ਦੇ ਅੱਧ ‘ਚ
ਆਈਆਂ ਹੋਈਆਂ ਸਨ । ਕੁੱਲ ਮਿਲਾ ਕੇ ਜੋ ਪਹਿਰਾਵਾ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ‘ਤੇ ਦੇਖਣ
ਨੂੰ ਮਿਲਿਆ ਸੀ ਉਹ ਕਈ ਵਰ੍ਹੇ ਪਹਿਲਾਂ ਐਡੀਲੇਡ ‘ਚ ਵੀ ਤੱਕਿਆ ਸੀ । ਇਹ “ਨੌਜਵਾਨ” ਆਪਣੇ
ਸਫ਼ਰ ਦਾ ਭਰਪੂਰ ਨਜ਼ਾਰਾ ਸਟੇਸ਼ਨ ‘ਤੇ ਫਰੂਟੀਆਂ ਪੀ ਕੇ ਲੈ ਰਹੇ ਸਨ । ਰਾਹ ‘ਚ ਕਈ
ਛੋਟੇ-ਛੋਟੇ ਸਟੇਸ਼ਨ ਆਏ ਤੇ ਉਨ੍ਹਾਂ ਚੋਂ ਚਾਰ ਪੰਜ ਨੇ ਆਪਣੀ ਡਿਊਟੀ ਪੂਰੀ ਜਿੰਮੇਵਾਰੀ
ਨਾਲ਼ ਨਿਭਾਈ । ਹਰ ਸਟੇਸ਼ਨ ‘ਤੇ ਉਤਰਨਾ, ਜੇ ਪਲੇਟਫਾਰਮ ਆਪਣੀ ਸਾਈਡ ਨਹੀਂ ਤਾਂ ਥੱਲੇ ਜੋ
ਚੀਜ਼ ਮਿਲੇ, ਇੱਟ, ਲੱਕੜ ਆਦਿ ਉਸ ‘ਤੇ ਬੈਠਣਾ, ਗੱਡੀ ਜਦ ਸਰਕ ਪੈਂਦੀ ਤਾਂ ਉਠ ਕੇ ਕੁਝ ਕਦਮ
ਚੱਲਣਾ ਤੇ ਮੁੜ ਚੱਲਦੀ ਗੱਡੀ ‘ਤੇ ਚੜ੍ਹਣਾ । ਜਵਾਨੀ ਤਾਂ ਭੇਡ ਦੇ ਲੇਲੇ ‘ਤੇ ਵੀ ਆਉਂਦੀ ਹੈ
ਪਰ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆਂ ਹਾਂ ਕਿ ਦੁਨੀਆਂ ਸੱਚਮੁੱਚ 61-62 ‘ਤੇ ਪੁੱਜ
ਚੁੱਕੀ ਹੈ । ਇਸ ਤਰੀਕੇ ਨਾਲ਼ ਵਾਰ ਵਾਰ ਗੱਡੀ ‘ਤੇ ਚੜ੍ਹਨ ਉਤਰਨ ਜਾਂ ਚੱਲਦੀ ਗੱਡੀ ‘ਤੇ
ਚੜ੍ਹਨ ਦੀ ਉੱਕਾ ਹੀ ਲੋੜ ਨਹੀਂ ਸੀ ਪਰ ਸਮੱਸਿਆ ਤਾਂ ਆਪਣੀ ਖੁਦ ਦੀ ਸੁਰੱਖਿਅਤਾ ਬਾਰੇ ਜਾਣੂ
ਨਾ ਹੋਣ ਜਾਂ ਫੁਕਰੇਪਣ ਦੀ ਹੈ ।
ਢਿੱਡ ਬਾਹਰਲਾ ਗਿੱਝਿਆ ਹੋਣ ਕਰਕੇ ਗੱਡੀ ‘ਚ ਮਰੂੰਡੇ ਤੇ ਨਿੰਬੂ ਵਾਲੀ ਦਾਲ ਦਾ ਖਾਣ ਦਾ ਤਾਂ
ਸੁਆਲ ਹੀ ਪੈਦਾ ਨਹੀਂ ਸੀ ਹੁੰਦਾ ਪਰ ਜਦੋਂ ਦਾਲ ਵੇਚਣ ਵਾਲਾ ਕੋਲ ਦੀ ਲੰਘਿਆ ਤਾਂ ਨੱਕ
ਰਾਹੀਂ ਉਸਦੀ ਖੁਸ਼ਬੋ ਦਾ ਸੁਆਦ ਮੁਫ਼ਤ ‘ਚ ਜ਼ਰੂਰ ਲੈ ਲਿਆ । ਬਾਹਰ ਖਿੜਕੀ ਚੋਂ ਪਿੰਡ
ਪਿਛਾਂਹ ਵੱਲ ਭੱਜੇ ਤੁਰੇ ਜਾ ਰਹੇ ਸਨ । ਕੱਚੇ ਘਰ, ਪੱਕੇ ਘਰ, ਬਿਨਾਂ ਪਲਸਤਰ ਕੀਤੇ ਘਰ ਤੇ
ਝੁੱਗੀਆਂ । ਲਾਈਨ ਕਿਨਾਰੇ ਬਣੇ ਬਹੁਤ ਸਾਰੇ ਘਰਾਂ ਦੀਆਂ ਕੰਧਾਂ ‘ਤੇ ਪਾਥੀਆਂ ਥੱਪੀਆਂ
ਹੋਈਆਂ ਸਨ । ਨਿਆਣਿਆਂ ਦੀ ਪਾਥੀਆਂ ਨਾਲ਼ ਜਾਣ-ਪਹਿਚਾਣ ਤਾਂ ਦਿੱਲੀਓਂ ਪੰਜਾਬ ਦੇ ਰਸਤੇ ਹੀ
ਕਰਵਾ ਦਿੱਤੀ ਸੀ ਪਰ ਕੰਧ ‘ਤੇ ਥੱਪੀਆਂ ਪਾਥੀਆਂ ਵੱਲ ਉਨ੍ਹਾਂ ਦਾ ਧਿਆਨ ਨਾ ਦਿਵਾਇਆ, ਨਹੀਂ
ਤਾਂ ਉਨ੍ਹਾਂ ਪੁੱਛ ਲੈਣਾ ਸੀ ਕਿ ਮੱਝਾਂ, ਗਾਵਾਂ ਨੇ ਕੰਧ ‘ਤੇ ਚੜ੍ਹ ਕੇ ਗੋਹਾ ਕਿੱਦਾਂ ਕਰ
ਦਿੱਤਾ ? ਇੱਕ ਹੋਰ ਗੱਲ ਯਾਦ ਆ ਗਈ ਕਿ ਕੋਈ ਬੰਦਾ ਕਿਸੇ ਵੱਡੇ ਸ਼ਹਿਰ ‘ਚ ਪਹਿਲੀ ਵਾਰ ਗਿਆ
ਤੇ ਰਹਿਣ ਲਈ ਕਮਰਾ ਬੁੱਕ ਕਰਵਾ ਦਿੱਤਾ । ਸਾਰੀ ਦਿਹਾੜੀ ਏਧਰ ਓਧਰ ਘੁੰਮਦਾ ਰਿਹਾ ਤੇ ਕਦੇ
ਚਾਟ, ਕਦੇ ਪਾਪੜੀ, ਕਦੇ ਬਰਫ਼ੀ, ਕਦੇ ਲੱਡੂ ਤੇ ਕਦੇ ਗੁਲਾਬਜਾਮਣਾਂ । ਸਾਰੀ ਦਿਹਾੜੀ ਖਾ ਪੀ
ਕੇ ਚਿੱਤ ਰਾਜ਼ੀ ਕਰਦਾ ਰਿਹਾ । ਸ਼ਾਮ ਢਲੀ ਤੋਂ ਆਪਣੇ ਕਮਰੇ ‘ਚ ਆ ਗਿਆ ਤੇ ਅੱਧੀ ਰਾਤ ਨੂੰ
ਸਾਰੀ ਦਿਹਾੜੀ ਜੀ ਖੋਲ ਕੇ ਖਾਧੇ ਕਾਰਨ “ਜੋਰ” ਪੈ ਗਿਆ । ਹੁਣ ਉਸਨੂੰ ਨਾ ਤਾਂ ਟਾਇਲਟ ਲੱਭੇ
ਨਾ ਹੀ ਕੋਈ ਹੱਲ । ਮਾਂ ਦੇ ਸ਼ੇਰ ਨੇ ਪਲਾਸਟਿਕ ਦਾ ਲਿਫ਼ਾਫ਼ਾ ਖਾਲੀ ਕੀਤਾ ਤੇ ਆਪਣਾ ਕੰਮ
ਨਿਬੇੜ ਦਿੱਤਾ । ਹੁਣ ਅੱਧਾ ਕਿਲੋ ਦਾ ਲਿਫ਼ਾਫ਼ਾ ਟਿਕਾਣੇ ਲਾਉਣ ਦੀ ਮੁਸੀਬਤ ਗਲ਼ ਪੈ ਗਈ
ਤਾਂ ਉਸਨੇ ਲਿਫ਼ਾਫ਼ਾ ਉਤੇ ਛੱਤ ਵਾਲੇ ਪੱਖੇ ਨਾਲ਼ ਬੰਨ ਦਿੱਤਾ । ਮੁੜ ਜਦ ਗਰਮੀ ਲੱਗੀ ਤਾਂ
ਭੁੱਲ ਭੁਲੇਖੇ ਪੱਖੇ ਦਾ ਸੁੱਚ ਨੱਪ ਬੈਠਾ ਤੇ ਜੋ ਸਮਾਨ ਲਿਫ਼ਾਫ਼ੇ ‘ਚ ਸੀ, ਉਸ ਨਾਲ਼ ਕਮਰੇ
ਦੀਆਂ ਚਾਰੇ ਕੰਧਾਂ ‘ਤੇ ਡਿਜ਼ਾਇਨ ਬਣ ਗਿਆ । ਦਿਨ ਚੜ੍ਹਿਆ ਤਾਂ ਬਾਹਰੋਂ ਸਫਾਈ ਕਰਨ ਵਾਲੇ
ਨੂੰ ਬੁਲਾ ਲਿਆਇਆ ਤੇ ਕਹਿੰਦਾ, ਸੌ ਰੁਪਈਆ ਦੇੳਂੂ, ਚਾਰੇ ਕੰਧਾਂ ਸਾਫ਼ ਕਰ ਦੇ । ਅੱਗੋਂ
ਸਫ਼ਾਈ ਵਾਲਾ ਕਹਿੰਦਾ, ਰੁਪਈਏ ਤਾਂ ਮੈਂ ਦੋ ਸੌ ਦੇ ਦੇਊਂ, ਬੱਸ ਏਨਾ ਦੱਸ ਦੇ ਕਿ ਐਸ ਹਿਸਾਬ
ਨਾਲ਼ ਕੰਧਾਂ ਤੇ ਨਬੇੜਾ ਨਿਬੇੜਿਆ ਕਿਵੇਂ ? ਸਫ਼ਾਈ ਦੇ ਇਸ ਖੇਤਰ ਵਿਚ ਭਾਰਤ ਵਰਗੇ ਮੁਲਕਾਂ
ਨੂੰ ਅਜੇ ਬਹੁਤ ਜਿਆਦਾ ਕੰਮ ਕਰਨ ਦੀ ਲੋੜ ਹੈ । ਖਾਸ ਕਰ ਸਟੇਸ਼ਨਾਂ ‘ਤੇ ਖੜੀਆਂ ਗੱਡੀਆਂ ‘ਚ
ਟਾਇਲਟ ਨਾ ਵਰਤਣ ਦੀ ਯਾਤਰੀਆਂ ਵਿਚ ਜਾਗ੍ਰਿਤੀ ਦੀ ਲੋੜ ਹੈ । ਸਾਡੇ ਵਤਨ ‘ਚ ਇਸ ਵਿਸ਼ੇ ‘ਤੇ
ਜਾਣਕਾਰੀ ਪ੍ਰਦਾਨ ਕਰਨ ਜਾਂ ਜਾਗਰੂਕਤਾ ਦੀ ਲੋੜ ਤਾਂ ਹੈ ਪਰ ਸਾਰਥਕ ਨਤੀਜੇ ਆਉਣ ਦੀ
ਸੰਭਾਵਨਾ ਘੱਟ ਹੀ ਹੈ ।
ਜਿੱਦਾਂ ਜਿੱਦਾਂ ਰੇਲ ਗੱਡੀ ਸਾਡੀ ਮੰਜਿ਼ਲ ਵੱਲ ਵਧ ਰਹੀ ਸੀ, ਭੀੜ ਨੂੰ ਦੇਖਦਿਆਂ ਮਨ ‘ਚ
ਨਵੀਂ ਚਿੰਤਾ ਘਰ ਕਰ ਰਹੀ ਸੀ ਕਿ ਡੱਬੇ ਦੇ ਵਿਚਾਲੇ ਬੈਠੇ ਹਾਂ ਤੇ ਏਨਾਂ ਸਮਾਨ ਦਰਵਾਜ਼ੇ
ਤੱਕ ਕਿਵੇਂ ਲਿਜਾਇਆ ਜਾਵੇਗਾ ? ਕਦੇ ਕਦੇ ਮਨ ‘ਚ ਸੁਆਲ ਪੈਦਾ ਹੋ ਰਿਹਾ ਸੀ ਕਿ ਕਿਤੇ
ਬੱਚਿਆਂ ਨੂੰ ਜਿੰਦਗੀ ਨਜ਼ਦੀਕ ਤੋਂ ਦਿਖਾਉਣ ਦਾ ਫੈਸਲਾ ਲੈਣ ‘ਚ ਜਿ਼ਆਦਾ ਭਾਵੁਕ ਤਾਂ ਨਹੀਂ
ਹੋ ਗਿਆ ? ਵਰ੍ਹਿਆਂ ਪਹਿਲਾਂ ਜਨਰਲ ਡੱਬੇ ‘ਚ ਕੀਤੇ ਸਫ਼ਰ ਦੀਆਂ ਯਾਦਾਂ ਤਾਜ਼ਾ ਕਰਨ ਦਾ ਇਹ
ਯਤਨ ਹੁਣ ਮੁਸੀਬਤ ਬਣਦਾ ਨਜ਼ਰ ਆ ਰਿਹਾ ਸੀ । ਮੰਜਿ਼ਲ ਤੋਂ ਇੱਕ ਸਟੇਸ਼ਨ ਪਹਿਲਾਂ ਹੀ
ਦਰਵਾਜੇ ਵੱਲ ਖਿਸਕਣ ਦਾ ਯਤਨ ਕੀਤਾ ਪਰ ਕਿਸੇ ਰਸਤਾ ਨਾ ਦਿੱਤਾ । ਪਰ ਸਟੇਸ਼ਨ ਨੇੜੇ ਆਉਣ
‘ਤੇ ਇੱਕ ਨੌਜਵਾਨ ਨੇ ਅਟੈਚੀ ਤੇ ਬੈਗ ਸੰਭਾਲਿਆ ਤੇ ਸਮਾਨ ਉਤਾਰਨ ‘ਚ ਸਾਡੀ ਮੱਦਦ ਕੀਤੀ ।
ਇੰਝ ਖੱਟੇ ਮਿੱਠੇ ਤਿੰਨਾਂ ਘੰਟਿਆਂ ਦਾ ਜੋ ਸਫ਼ਰ ਮੁਸੀਬਤ ਬਣਦਾ ਨਜ਼ਰ ਆ ਰਿਹਾ ਸੀ, ਉਸਦਾ
ਸੁਖਦ ਅੰਤ ਹੋਇਆ ।
-0-
|