ਅੰਗਰੇਜ਼ੀ ਟ੍ਰਿਬਿਊਨ ਦੇ 25 ਜੂਨ ਦੇ ਪਹਿਲੇ ਸਫੇ ਵਿੱਚ ਲੱਗੀ ਖ਼ਬਰ ਨੇ
ਭਾਵੇਂ ਸਨਸਨੀ ਫੈਲਾ ਦਿੱਤੀ ਹੈ, ਪਰ ਜ਼ਮੀਨੀ ਹਕੀਕਤਾਂ ਨਾਲ ਜੁੜੇ ਲੋਕਾਂ
ਨੂੰ ਪਹਿਲਾਂ ਵੀ ਕੋਈ ਭੁਲੇਖੇ ਨਹੀਂ ਸੀ। ਇਹ ਖ਼ਬਰ 'ਪੰਜਾਬ ਟੀਚਰਜ਼ ਫਲੰਕ
ਮਨਿਸਟਰਜ਼ ਟੈਸਟ' ਨੇ ਹਰ ਚਿੰਤਕ ਦਾ ਧਿਆਨ ਖਿੱਚਿਐ ਅਤੇ ਸੋਚਣ ਲਾ ਦਿੱਤੈ।
'ਾਲੁਨਕ - ਫਲੰਕ' ਭਾਵ ਬੁਰੀ ਤਰ੍ਹਾਂ ਫੇਲ੍ਹ ਹੋਣਾ। ਖ਼ਬਰ ਦੇ ਮੋਟੇ
ਅੰਕੜਿਆਂ ਅਨੁਸਾਰ ਦਸਵੀਂ ਜਮਾਤ ਦੇ ਕੋਈ ਚਾਰ ਲੱਖ ਵਿਦਿਆਰਥੀਆਂ ‘ਚੋਂ ਕੋਈ
80,000 ਹਜ਼ਾਰ ਅੰਗਰੇਜ਼ੀ ‘ਚੋਂ ਫੇਲ੍ਹ ਵੇਖਕੇ ਸਿੱਖਿਆ ਮੰਤਰੀ ਨੇ 200
ਅੰਗਰੇਜ਼ੀ ਅਧਿਆਪਕਾਂ ਦੀ ਮੋਹਾਲੀ ਵਿਖੇ ਕਲਾਸ ਲਾ ਲਈ। ਦਿੱਤੇ ਟੈਸਟ ਵਿੱਚ
ਉਹ ਇੱਕ ਵੀ ਸਹੀ ਸਾਦਾ ਵਾਕ ਨਾ ਲਿਖ ਸਕੇ। ਨਮੂਨੇ ਵੇਖੋ: "English
language are international language", "Our school has
situated in remote area", "Students parents are not
educational so that time table should be fresh before
ressess", "It class was very weak class from 6th by chance",
…. etc. ਅਤੇ ਰੋਪੜ ਦੇ ਇੱਕ ਅਧਿਆਪਕ ਨੇ vacant ਦੇ ਸ਼ਬਦ ਜੋੜ vacent
ਲਿਖੇ, ਅਤੇ should ਨੂੰ shoud; ਫਾਜ਼ਲਕੀਏ ਆਧਿਆਪਕ ਨੇ lack of
interest ਨੂੰ lake of interest, ਆਦਿ। ਕਈ ਹੋਰਨਾਂ ਨੇ ਇਨ੍ਹਾਂ
ਗ਼ਲਤੀਆਂ ਵਾਸਤੇ ਲੰਗੀਆਂ ਤੇ ਹਾਸੋਹੀਣੀਆਂ ਬਹਾਨੇਬਾਜ਼ੀਆਂ ਕੀਤੀਆਂ। ਹਰ
ਇੱਕ ਨੇ 150 ਸ਼ਬਦਾਂ ਵਿੱਚ ਘੱਟ ਤੋਂ ਘੱਟ 60 ਗ਼ਲਤੀਆਂ ਕੀਤੀਆਂ। ਚੀਮਾ
ਸਾਹਿਬ ਬੜੇ ਦੁਖੀ ਹੋਏ ਤੇ ਕਿਹਾ ਤੁਸੀਂ ਸਾਰੇ ਮੇਰੀ ਕਲਾਸ ‘ਚ ਫੇਲ੍ਹ ਹੋ।
ਆਪਣੇ ਅਮਲੇ ਨੂੰ ਤੁਰੰਤ ਹੁਕਮ ਚਾੜ੍ਹ ਦਿੱਤਾ ਕਿ ਅੰਗਰੇਜ਼ੀ ਅਧਿਆਪਕਾਂ
ਵਾਸਤੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਉਲੀਕਿਆ ਜਾਵੇ। ਏਦਾਂ ਦੇ ਪ੍ਰੋਗਰਾਮ
ਸਿਰ ਦਰਦ ਲਈ ਐਸਪਰੀਨ ਦੇਣ ਵਾਲੇ ਹੀ ਸਿੱਧ ਹੁੰਦੇ ਹਨ।
ਸਿੱਖਿਆ ਮੰਤਰੀ ਜੀ! ਜਦੋਂ ਦਾਨਸ਼ਵਰ ਪੁਕਾਰਦੇ ਹੁੰਦੇ ਸੀ ਕਿ 'ਸਿੱਖਿਆ'
ਵੱਲ ਧਿਆਨ ਦਿਉ, ਕਿਸੇ ਨੇ ਗੌਲਿਆ ਨਾ। ਤੁਹਾਡੇ ਪਬਲਿਕ ਰੀਲੇਸ਼ਨ ਅਫਸਰਾਂ
ਨੇ ਜ਼ਮੀਨੀ ਹਕੀਕਤਾਂ ਬਾਰੇ ਤੁਹਾਨੂੰ ਕਿਉਂ ਨਾ ਜਾਣੂ ਕਰਾਇਆ? ਉਨ੍ਹਾਂ ਨੇ
ਸਿੱਖਿਆ ਸਬੰਧੀ ਅਖ਼ਬਾਰੀ ਲੇਖਾਂ ਤੇ ਸੰਪਾਦਕੀਆਂ ਵੱਲ ਤੁਹਾਡਾ ਧਿਆਨ ਕਿਉਂ
ਨਾ ਦਿਵਾਇਆ? ਏਨੇ ਸਾਲ ਹਨੇਰੇ ‘ਚ ਕਿਉਂ ਰੱਖਿਆ! ਕੀ ਸਕਤਰੇਤ ਤੋਂ ਲੈਕੇ
ਹੇਠਾਂ ਡੀ ਈ ਓ, ਬੀ ਈ ਓ ਪੱਧਰ ਤੱਕ ਕਿਸੇ ਨੂੰ ਡਿੱਗਦੇ ਸਿੱਖਿਆ ਮਿਆਰਾਂ
ਦਾ ਪਤਾ ਹੀ ਨਹੀਂ ਲੱਗਾ ਜਿਹਦਾ ਹੁਣ ਤੁਹਾਨੂੰ ਪਤਾ ਲੱਗੈ ਤੇ ਅੱਗ ਬਗੋਲਾ
ਹੋਏ ਹੋ। ਹੁਣ ਜਦੋਂ ਆਵਾ ਊਤ ਗਿਐ ਤਾਂ ਸਿੱਖਿਆ ਮੰਤਰੀ ਜੀ ਨੂੰ ਚਾਨਣ
ਹੋਇਐ। ਮੇਰਾ ਅਧਿਆਪਨ ਤੇ ਪ੍ਰਸ਼ਾਸਨ ਦੌਰਾਨ ਕਈ ਕਿਸਮ ਦੇ ਵਿਦਿਅਰਥੀਆਂ
ਨਾਲ ਵਾਹ ਪੈਂਦਾ ਰਿਹੈ। 70ਵਿਆਂ ਵਿੱਚ ਬੀ ਐੱਡ ਦੇ ਮੈਰਿਟ ਅਧਾਰਤ ਦਾਖਲੇ
ਵਿੱਚ 'ਰੂਰਲ' ਏਰੀਏ ਦੇ ਨੰਬਰ ਹੁੰਦੇ ਸਨ। ਉਮੀਦਵਾਰ ਕਹਿੰਦਾ: ਜੀ ਮੇਰੇ
'ਰੂਲਰ' ਦੇ ਵੀ ਨੰਬਰ ਬਣਦੇ ਹਨ। ਚੇਅਰਮੈਨ ਕਹਿੰਦੈ ਸਬੂਤ ਦੀ ਕੀ ਲੋੜ ਐ
'ਰੂਰਲ' ਸ਼ਬਦ ਦਾ ਉਚਾਰਨ ਹੀ ਵੱਡਾ ਸਬੂਤ ਐ। ਤੂੰ ਕਿਸੇ ਪੇਂਡੂ ਸਕੂਲ ਦਾ
ਹੀ ਪੜ੍ਹਿਆ ਹੋਇਆ ਏਂ। ਇਹ ਗੱਲ ਕੋਈ 35 ਸਾਲ ਪਹਿਲਾਂ ਦੀ ਹੈ। ਹੁਣ ਤੱਕ
ਉਨ੍ਹਾਂ ਪੁਲ਼ਾਂ ਦੇ ਹੇਠੋਂ ਅਤੇ ਉੱਤੋਂ ਦੀ ਬੇਬਹਾ ਪਾਣੀ ਵਹਿ ਚੁੱਕਿਐ।
ਜੇ ਹਾਲਾਤ ਬਿਹਤਰੀ ਵੱਲ ਨਹੀਂ ਤੁਰਦੇ ਤਾਂ ਗਿਰਾਵਟ ਤਾਂ ਆਪੇ ਹੀ ਆਈ ਜਾਣੀ
ਏਂ। ਇੰਗਲਿਸ਼ ਤੋਂ ਸਤੇ ਵਿਦਿਆਰਥੀ ਆਪਣੇ ਅੰਗਰੇਜ਼ੀ ਮੈਥਡਾਲੋਜੀ ਦੇ
ਪ੍ਰੋਫੈਸਰ ਨੂੰ ਕਹਿੰਦੇ: ਜੀ, ਅੰਗਰੇਜ਼ੀ ਤੋਂ ਕਦੋਂ ਖਹਿੜਾ ਛੁੱਟੂ!
ਹਾਜ਼ਰ ਜਵਾਬ ਪ੍ਰੋਫੈਸਰ ਕਹਿੰਦੈ: ਜਦੋਂ ਤੁਸੀਂ ਅੰਗਰੇਜ਼ੀ ਦੇ ਅਧਿਆਪਕ
ਲੱਗ ਗਏ ਅੰਗਰੇਜ਼ੀ ਨੇ ਆਪੇ ਹੀ ਭੱਜ ਜਾਣੈ! ਜਦੋਂ ਸਕੂਲੀ ਕਲਾਸਾਂ ਵਿੱਚ
60 ਤੋਂ ਵੱਧ ਵਿਦਿਆਰਥੀ ਬੈਠੇ ਹੋਣ ਓਦੋਂ ਤਾਂ ਕੇਵਲ ਉਨ੍ਹਾਂ ਨੂੰ ਕਾਬੂ
‘ਚ ਰੱਖਕੇ ਬਿਠਾ ਰੱਖਣਾ ਈ ਵੱਡਾ ਕੰਮ ਹੁੰਦੈ। ਇਸ ਮਾੜੇ ਮਿਆਰ ਵਿੱਚ
ਜਿਹੜਾ ਯੋਗਦਾਨ ਨਕਲ ਨੇ ਪਾਇਐ ਉਹ ਤਾਂ ਵਿਦਿਅਕ ਤੰਤਰ ਦਾ ਕੈਂਸਰ ਹੀ ਸਾਬਤ
ਹੋਣਾ ਸੀ, ਤੇ ਹੋ ਰਿਹੈ ਅਤੇ ਹੋ ਗਿਐ।
ਅਸਲ ਇਲਾਜ ਤਾਂ ਸਮੁੱਚੇ ਪ੍ਰਸ਼ਾਸਕੀ ਤੇ ਕਾਰਜੀ ਮਾਹੌਲ ਸਿਰਜਣ ਵਿੱਚ ਪਿਆ
ਹੁੰਦੈ। ਜਿਸ ਤੋਂ ਤੁਹਾਡਾ ਸਮੁੱਚਾ ਰਾਜ ਪ੍ਰਬੰਧ ਓਲਟ ਦਿਸ਼ਾ ਵਿੱਚ ਵਗ ਵਗ
ਆਪਣੇ ਖੀਸੇ ਤਾਂ ਸੋਣੇ ਦੀ ਚਿੜੀਆਂ ਨਾਲ ਭਰੀ ਜਾ ਰਿਹੈ। ਤੁਸੀਂ ਅਧਿਆਪਕ
ਜਨਾਂ ਨੂੰ ਆਪਣੀ ਕਾਰਜ ਕੁਸ਼ਲਤਾ ਵਧਾਉਣ ਲਈ ਬਿਆਨ ਦਾਗ ਰਹੇ ਹੋ। ਜਿਹੜੇ
ਤੁਹਾਡੇ ਅਖ਼ਬਾਰੀ ਸੁਰਖ਼ੀ ਮਕਸਦ ਜ਼ਰੂਰ ਪੂਰੇ ਕਰ ਦਿੰਦੇ ਹਨ ਪਰ ਮਸਲੇ ਦੇ
ਹੱਲ ਨੂੰ ਹਲੂਣਾ ਕੀ ਜਲੂਣ ਵੀ ਨਹੀਂ ਕਰ ਸਕਦੇ। ਤੁਹਾਡੇ ਵਿਸ਼ੇਸ ਸਿਖਲਾਈ
ਕੋਰਸਾਂ ਵਿੱਚ ਅਧਿਆਪਕ ਸਕੂਲਾਂ ਤੋਂ ਜਾਂ ਛੁੱਟੀਆਂ ‘ਚ ਜ਼ਰੂਰ ਪਹੁੰਚਣਗੇ
ਪਰ ਹਾਜ਼ਰੀ ਕਾਰਵਾਈਆਂ ਹੀ ਪੈਣਗੀਆਂ। ਮੰਤਰੀ ਜੀ, ਸਿੱਖਣ ਸਿਧਾਂਤਾਂ ਦਾ
ਬੁਨਿਆਦੀ ਅਸੂਲ ਮਨੋ ਤਨੋ ਤਿਆਰ ਹੋਣਾ ਜਾ ਕਰਨਾ। ਤੁਹਾਡੇ ਵਰਗੇ ਪੜ੍ਹੇ
ਲਿਖੇ ਬੰਦੇ ਨੂੰ ਇਹ ਸਮਝੌਤੀ ਦੇਣੀ ਚੰਗਾ ਨਹੀਂ ਲੱਗਦਾ। ਪਰ ਅਸਲੀਅਤ ਜੇ।
ਪਰਖਿਆ, ਅਜ਼ਮਾਇਆ ਸੱਚ ਹੈ। ਮਹਾਨ ਸਿੱਖਿਆ ਸ਼ਾਸਤਰੀਆਂ ਨੇ ਵੀ ਬਲ ਦੇ ਕੇ
ਕਿਹਾ ਹੈ। ਪੜ੍ਹਾਉਣਾ/ਅਧਿਆਪਨ ਸਿੱਖਿਆ ਓਦੋਂ ਓਦੇ ਹੁੰਦੀ ਹੈ ਜਦੋਂ
ਪ੍ਰੇਰਤ ਹੋਏ ਬੰਦੇ ਅੱਗੇ ਤਰਨ ਵਾਲਾ ਭਵਸਾਗਰ ਠਾਠਾਂ ਮਾਰ ਰਿਹਾ ਹੋਵੇ ਤੇ
ਤੁਹਾਨੂੰ ਤੁਹਾਡਾ ਈਮਾਨ ਤੇ ਸ਼ਾਨ ਵੰਗਾਰਦੀ ਹੋਵੇ। ਅਸੀਂ ਵੀ ਬੀ ਐੱਡ ਤੇ
ਐੱਮ ਐੱਡ ਕਰ ਪੜ੍ਹਾਉਣ ਦੇ ਯੋਗ ਹੋ ਪ੍ਰੋਫੈਸਰ ਲੱਗ ਗਏ। ਪਰ ਅਸਲ ਸਿੱਖਿਆ
ਓਦੋਂ ਸ਼ੁਰੂ ਹੋਈ ਜਦੋਂ ਸਾਨੂੰ ਆਪਣੀ ਜਮਾਤ ਦੀਆਂ ਅੱਖਾਂ ਵਿੱਚ ਅੱਖਾਂ ਪਾ
ਪੜ੍ਹਾਉਣਾ ਪਿਆ। ਗਿਆਨ ਦੀ ਡੂੰਘਾਈ ਦੀ ਘਾਟ ਤੁਹਾਡੇ ਵਿੱਚ ਹੀਣਤਾ ਪੈਦਾ
ਕਰ ਦਿੰਦੀ ਹੈ। ਫਾਰਸੀ ਦਾ ਸ਼ੇਅਰ ਯਾਦ ਆ ਜਾਂਦਾ 'ਕਸਬੇ ਕਮਾਲ ਕੁੰਨ,
ਅਜ਼ੀਜ਼ੇ ਜਹਾਂ ਛਵੀ' (ਜੇ ਤੂੰ ਦੁਨੀਆਂ ਦਾ ਚਹੇਤਾ ਨਾਇਕ ਬਣਨੈ ਤਾਂ ਆਪਣੇ
ਕਸਬ ਦਾ ਮਾਹਰ ਬਣ; ਦੁਨੀਆਂ ਆਪੇ ਤੈਨੂੰ ਅੱਖਾਂ ‘ਤੇ ਬਿਠਾ ਲਏਗੀ।)
ਐਜੂਕੇਸ਼ਨ ਦੇ ਸਿਧਾਂਤਾਂ ਦੀ ਅਸਲ ਸੂਝ ਓਦੋਂ ਪੈਦਾ ਹੋਈ ਜਦੋਂ ਪੜ੍ਹਾਉਣ
ਦੇ ਅਮਲ ਸ਼ੁਰੂ ਹੋਏ ਤੇ ਇੱਕ ਚਿੱਤ ਹੋ ਮਿਹਨਤ ਤੇ ਲਗਨ ਨਾਲ ਤਿਆਰੀ ਕਰਨਾ
ਸ਼ੁਰੂ ਹੋ ਗਿਆ। ਮਹਿਸੂਸ ਹੁੰਦਾ ਕਿ ਇਹ ਹੈ ਅਸਲ ਸਿੱਖਿਆ। ਤੁਹਾਡੇ ਸਾਹਮਣੇ
ਬੈਠੇ ਤੁਹਾਡੇ ਸਿ਼ਸ਼ਾਂ ਦੇ ਚਿਹਰਿਆਂ ਤੇ ਮਸਤਕਾਂ ਦੇ ਹੁੰਗਾਰੇ ਹੀ
ਤੁਹਾਨੂੰ ਦੱਸਣ ਲੱਗ ਪੈਂਦੇ ਹਨ ਕਿ ਤੁਸੀਂ ਆਪਣੇ ਕਾਰਜ ਨਾਲ ਇਨਸਾਫ ਕਰ
ਰਹੇ ਹੋ। ਕਲਾਸ ‘ਚੋਂ ਨਿਕਲਦਿਆਂ ਮਾਨ ਮਹਿਸੂਸ ਹੁੰਦਾ। ਇਹ ਹੀ ਅਧਿਆਪਕ ਦੇ
ਅਸਲ ਮਾਨ ਮੱਤੇ ਟੀਚੇ ਹੁੰਦੇ ਹਨ। ਸੋ ਅਧਿਆਪਕ ਜਦੋਂ ਪੜ੍ਹਾਉਣ ਵੇਲੇ ਲਗਨ
ਨਾਲ ਸਿੱਖਣ ਲੱਗੇਗਾ ਅੰਗਰੇਜ਼ੀ ਓਦੋਂ ਹੀ ਪੜ੍ਹਾ ਸਕੇਗਾ।
ਅੰਗਰੇਜ਼ੀ ਦੀ ਗੱਲ ਛੱਡੋ। ਜੇ ਤੁਸੀਂ ਦੂਸਰੇ ਵਿਸਿ਼ਆਂ ਦੀ ਕਹਾਣੀ ਛੇੜ
ਲਓ। ਏਥੇ ਵੀ ਆਵਾ ਊਤਿਆ ਵੇਖੋਗੇ। ਲਾਹੌਰ ਦੀ ਥਾਂ ‘ਤੇ ਪਸ਼ੌਰ ਕੀ ਕਾਬਲ
ਕੰਧਾਰ ਹੀ ਦਿੱਸੇਗਾ। ਬਹੁਤਿਆਂ ਨੂੰ ਪੰਜਾਬ ਦੀ ਆਪਣੀ ਬੋਲੀ ਵੀ ਕਿਹੜੀ
ਪੜ੍ਹਾਉਣੀ ਆਉਂਦੀ ਹੈ। ਅੱਠਵੀਂ ਤੱਕ ਦੇ ਬੱਚੇ ਪੜ੍ਹਨ ਲਿਖਣ ਤੇ ਗਿਣਨ ਤੋਂ
ਵੀ ਵਿਰਵੇ ਹੋਣਗੇ। ਕਿਸੇ ਨੂੰ ਫੇਲ੍ਹ ਨਹੀਂ ਕਰਨਾ, ਇਹ ਕਿੱਧਰ ਦੀ ਸਿੱਖਿਆ
ਨੀਤੀ ਐ ਬਈ! ਪਰ ਤੁਸੀਂ ਚਲਾਈ ਜਾ ਰਹੇ ਹੋ। ਤੁਹਾਡੀ ਚੱਲਦੀ ਹੈ। ਹੁਣ
ਕਾਹਨੂੰ ਹਾਲ ਪਾਹਰਿਆ ਕਰਦੇ ਹਾਂ। ਇਸ ਨੁਕਤੇ ‘ਤੇ ਕੁਝ ਮਾਪੇ ਵੀ ਕਸੂਰਵਾਰ
ਹਨ। ਉਨ੍ਹਾਂ ਨੂੰ ਵੀ ਆਪਣੇ ਸਕੂਲਾਂ ਦੇ ਪਹਿਰੇਦਾਰ ਬਣ ਵਿਚਰਨਾ ਚਾਹੀਦੈ।
ਹੁਣ ਹਰਿਆਣਾ ਦੇ 30 ਹਜ਼ਾਰ ਮਾਪਿਆਂ ਨੇ ਬੀੜਾ ਚੁੱਕਿਐ। ਕਿਤੇ ਕਿਤੇ
ਪੰਜਾਬ ਦੇ ਸਕੂਲਾਂ ਦੀ ਕਾਰਗੁਜ਼ਾਰੀ ‘ਤੇ ਵੀ ਗੇਟਾਂ ਨੂੰ ਜੰਦਰੇ ਲੱਗੇ।
ਪਰ ਫਿਰ ਤੁਹਾਡੇ ਸਿਆਸੀ ਜੋੜੀਦਾਰਾਂ ਨੇ ਲੱਲੇ ਪੱਪੇ ਲਾ ਉਨ੍ਹਾਂ ਨੂੰ
ਪਲੋਸ-ਪਲਾਸਕੇ ਚੁੱਪ ਕਰਾ ਲਿਐ। ਅਤੇ ਗੱਡੀ ਓਸੇ ਤਰ੍ਹਾਂ ਹੀ ਰਿੜ੍ਹੀ ਜਾ
ਰਹੀ ਐ। ਮੰਤਰੀ ਵਿਦੇਸ਼ਾਂ ਵਿੱਚ ਆ ਪੰਜਾਬੀ ਭਾਈਚਾਰੇ ਨੂੰ ਪਿੰਡ ਦੇ
ਸਕੂਲਾਂ ਦੀ ਮਾਇਕ ਸਹਾਇਤਾ ਕਰਨ ਲਈ ਵੰਗਾਰਦੇ ਨੇ। ਪਰ ਹੁਣ ਵੀਰਨੋ
ਪ੍ਰਵਾਸੀ ਪੰਜਾਬੀ ਵੀ ਤੁਹਾਡੇ ਅਲੰਬਦਾਰ ਅਬਦਾਲੀਆਂ ਦੇ ਧਮਕੜਿਆਂ ਤੋਂ ਡਰੇ
ਪੰਜਾਬ ਵਿਚਲੇ ਆਪਣੇ ਡੇਰੇ ਡੰਡੇ ਸਮੇਟਣ ਵਿੱਚ ਜੁੱਟੇ ਹੋਏ ਹਨ। ਉਨ੍ਹਾਂ
ਦੇ ਪਰਿਵਾਰ ਫੋਨ ਕਰਦੇ ਹਨ 'ਬਾਪੂ ਟਿੰਢ ਫੌੜੀ ਸਮੇਟ ਸਹੀ ਸਲਾਮਤ ਛੇਤੀ
ਮੁੜ ਆ। ਉਹ 'ਭੱਜ ਜਾ ਵੇ ਮਿੱਤਰਾ ...' ਪੰਜਾਬੀ ਦੀ ਬੋਲੀ ਦੀ ਧਾਰਨਾ ‘ਤੇ
'ਭੱਜ ਆ ਬਚਕੇ ਓਏ ਬਾਪੂ, ਧਾੜ ਚੜ੍ਹ ਆਈ ਆ ਅਬਦਾਲੀਆਂ ਦੀ'। ਜਿਨ੍ਹਾਂ ਦੇ
ਕਾਰਨਾਮਿਆਂ ਨੂੰ ਉਹ ਰੇਡਿਓ ਤੇ ਅਖ਼ਬਾਰਾਂ ਵਿੱਚ ਨਿੱਤ ਸੁਣਦੇ ਪੜ੍ਹਦੇ
ਰਹਿੰਦੇ ਹਨ। ਹੁਣ ਉਸ ਕੰਗਲੇ ਤੇ ਗੰਧਲੇ ਪੰਜਾਬ ਨਾਲੋਂ ਸਾਨੂੰ ਰੰਗਲਾ
ਅਮਰੀਕਾ-ਕੈਨੇਡਾ ਈ ਚੰਗੈ। ਛੱਡਦੇ ਖਹਿੜਾ ਹੁਣ ਉਸ ਪੰਜਾਬ ਦਾ!
ਪੁਲਿਸ ਵਾਂਗ ਸਿੱਖਿਆ ਤੰਤਰ ਦਾ ਵੀ ਸਿਆਸੀਕਰਨ ਕਰਨ ਤੋਂ ਤੁਸੀਂ ਗੁਰੇਜ਼
ਨਹੀਂ ਕੀਤਾ। ਤੁਹਾਡੇ ਤੱਕ ਸਿਆਸੀ ਪਹੁੰਚ ਕੁੰਢੀਆਂ ਵਾਲੇ, ਪੜ੍ਹਾਉਣਾ ਤਾਂ
ਕਿਤੇ ਰਿਹੈ, ਸਕੂਲਾਂ ‘ਚ ਵੜਦੇ ਹੀ ਨਹੀਂ। ਉਨ੍ਹਾਂ ਤੋਂ ਮੁਖੀ ਵੀ ਡਰਦੇ
ਨੇ। ਸੱਦਣ ਲਈ ਸੈੱਲ ਫੋਨ ਕੱਢ ਹਲਕਾ ਇੰਚਾਰਜਾਂ ਨੂੰ ਬੁਲਾਉਣ ਦੀ ਧਮਕੀ ਦੇ
ਦਿੰਦੇ ਨੇ। ਕੌਣ ਆਖੇ ਸਾਹਿਬ ਨੂੰ ਇੰਝ ਨਾ ਇੰਝ ਕਰ। 'ਸ਼ਾਹਣੀਏ ਅੱਗਾ
ਢੱਕ' ਕਹਿਣ ਤੋਂ ਸਭ ਡਰਦੇ ਨੇ। ਜੇ ਬੋਲੇ ਤਾਂ ਟਿੰਢ ਫੌੜੀ ਚੁੱਕਣੀ ਪਊ।
ਪਰ ਵੀਰਨੋ ਵਿਸ਼ੇਸ਼ ਸਿਖਲਾਈ ਪ੍ਰੋਰਾਮ ਤਾਂ ਕੇਵਲ ਓੜ ਪੋੜ ਨੇ। ਮਾੜੇ
ਅਧਿਆਪਨ ਮਿਆਰਾਂ ਨੂੰ ਚੁੱਕਣ ਲਈ ਤਾਂ ਬੁਨਿਆਦੀ ਇੰਫਰਾਸਟਰੱਕਚਰਲ ਸਹੂਲਤਾਂ
ਵੱਲ ਮੁਹਾਰਾਂ ਮੋੜਨ ਦੀ ਲੋੜ ਐ। ਇਹ ਤਾਂ ਓਦੋਂ ਹੋ ਸਕਦੈ ਜੇ ਪ੍ਰਸ਼ਾਸਕਾਂ
ਦੀਆਂ ਨੀਯਤਾਂ ਤੇ ਨੀਤੀਆਂ ਸੱਚੀਆਂ ਹੋਣ ਅਤੇ ਅਰੰਭ ਤੋਂ ਹੀ ਲਾਗੂ ਹੋ
ਜਾਂਦੀਆਂ। ਹੁਣ ਤਾਂ ਬਾਕੀ ਦੇ ਦੋ ਸਾਲਾਂ ‘ਚ ਗੋਂਗਲੂਆਂ ਤੋਂ ਮਿੱਟੀ ਵੀ
ਨਹੀਂ ਝੜਨੀ। ਜਿਨ੍ਹਾਂ ਨੇ 8 ਸਾਲ ਦੇ ਰਾਜ ਵਿੱਚ ਇਸ ਪਾਸੇ ਵੱਲ ਧਿਆਨ
ਨਹੀਂ ਦਿੱਤਾ ਉਹ ਹੁਣ ਸਿੱਖਿਆ ਸੁਧਾਰਾਂ ਬਾਰੇ ਕੀ ਸੋਚਣਗੇ। ਹੁਣ ਤਾਂ
ਘੋਲ਼ੀ ਕੜ੍ਹੀ ‘ਤੇ ਧਾਰਮਕ ਸਮਾਗਮ ਦੇ ਪਰਦੇ ਪਾਉਣਗੇ। ਅਬਦਾਲੀ ਬ੍ਰਿਗੇਡਾਂ
ਨੂੰ ਉੱਚੇ ਰੁਤਬਿਆਂ ਦੇ ਲਾਲਚ ਦਿੱਤੇ ਜਾਣਗੇ। ਬਿਆਨ ਵੀ ਦਿੱਤੇ ਜਾਣਗੇ
'ਇਸ ਸਾਲ ਦੋ ਲੱਖ ਨਵੀਂ ਨੌਕਰੀਆਂ ਦਿੱਤੀਆਂ ਜਾਣਗੀਆਂ'। ਕਿੱਥੇ ਗਏ ਨੇ
ਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦੇ ਦਗਮਜ਼ੇ। ਜਵਾਨੀ ਨੂੰ ਹੁਣ ਕਾਫੀ
ਚਾਨਣ ਹੋ ਚੁੱਕਿਐ। ਇਹ ਚਾਨਣ ਤਾਂ ਬਗਾਵਤ ਕਰ ਰਿਹੈ ਹੁਣ।
ਚੀਮਾ ਸਾਹਿਬ ਜੀ! ਜੇ ਤੁਸੀਂ ਕਲਾਸ ਲਾ ਸਕਦੇ ਹੋ ਤਾਂ ਤੁਹਾਨੂੰ ਵੀ
ਅਧਿਆਪਕਾਂ ਤੇ ਮਾਪਿਆਂ ਦੇ ਸਵਾਲਾਂ ਦੇ ਰੂਬਰੂ ਹੋਣਾ ਪਏਗਾ। ਪਿਛਲੇ ਸਾਲਾਂ
ਵਿੱਚ ਤੁਸੀਂ ਸ਼ਰਾਬ ਦੇ ਠੇਕਿਆਂ ਦੇ ਮੁਕਾਬਲੇ ਕਿੰਨੇ ਨਵੇਂ ਸਕੂਲ ਖੋਲ੍ਹੇ
ਨੇ। ਕਿੰਨੇ ਸਕੂਲਾਂ ਵਿੱਚ ਨਵੇਂ ਅਧਿਆਪਕ ਨਿਯੁਕਤ ਕੀਤੇ। 'ਵਿਦਿਆ
ਵਿਚਾਰੀ' ਨੂੰ 'ਬਿਉਪਾਰੀ' ਕਿਉਂ ਬਣਾਈ ਜਾ ਰਹੇ ਹੋ? ਏਡਿੱਡ ਪ੍ਰਾਈਵੇਟ
ਸਕੂਲਾਂ ਤੇ ਕਾਲਜਾਂ ਵਿੱਚ ਕਿੰਨੀਆਂ ਰੈਗੂਲਰ ਪੋਸਟਾਂ ‘ਤੇ ਟੈਂਪਰੇਰੀ
ਕੰਟਰੈਕਟ ਟੀਚਰ ਲਾਏ ਅਤੇ ਪੱਕੀਆਂ ਰੈਗੂਲਰ ਪੋਸਟਾਂ ਕਿਉਂ ਨਹੀਂ ਭਰੀਆਂ?
ਬਹੁਤੇ ਸਕੂਲਾਂ ਦੀ ਹਾਲਤ 'ਪੰਜਾਬ ਰੋਡਵੇਜ਼ ਦੀ ਲਾਰੀ ਨਾ ਸ਼ੀਸ਼ੇ ਨਾ
ਬਾਰੀ' ਬਣੀ ਹੋਈ ਹੈ। ਜੇ ਕਿਤੇ ਆਪਣੇ ਭੱਤੇ ਤੇ ਤਨਖ਼ਾਹਾਂ ਅਤੇ
ਪਾਰਲੀਮਾਨੀ ਸਕੱਤਰਾਂ ਦੀ ਫੌਜ ‘ਤੇ ਏਡੇ ਵੱਡੇ ਬਜਟ ਨਾ ਰੋੜੇ ਹੁੰਦੇ ਅਤੇ
ਉਹ ਪੈਸਾ ਸਕੂਲਾਂ ਕਾਲਜਾਂ ਨੂੰ ਮਜ਼ਬੂਤ ਕਰਨ ‘ਤੇ ਲਾਇਆ ਹੁੰਦਾ ਤਾਂ ਇਹ
ਹਾਲਤ ਨਹੀਂ ਸੀ ਹੋਣੀ। ਖ਼ਬਰ ਵਾਲੀ ਹਾਅ ਤਾਂ ਮੈਨੂੰ 'ਊਠ ਨਾ ਕੁੱਦੇ ਬੋਰੇ
ਕੁੱਦੇ' ਵਾਲੀ ਗੱਲ ਲੱਗਦੀ ਐ। ਕੇਵਲ ਅਧਿਆਪਕਾਂ ਨੂੰ ਹੀ ਬਲੀ ਦੇ ਬੱਕਰੇ
ਨਾ ਬਣਾਉ।
ਜ਼ਰਾ ਬਾਕੀ ਦੇ ਹੋਰ ਸਿਹਤ ਅਤੇ ਟਰਾਂਸਪੋਰਟ ਮਹਿਕਮਿਆਂ ਵੱਲ ਵੀ ਝਾਤ
ਮਾਰੀਏ ਤਾਂ ਆਵਾ ਈ ਊਤਿਆ ਲੱਗਦੈ। ਲੋਕ ਭਲੇ ਨੂੰ ਸਮਰਪੱਤ ਬੰਦਾ ਜ਼ਰਾ
ਦੂਜਿਆਂ ਵੱਲ ਵੀ ਵੇਖ ਸਿੱਖ ਲੈਂਦੈ। ਆਮ ਆਦਮੀ ਪਾਰਟੀ ਦੇ ਪਹਿਲੇ ਸਵਰਾਜ
ਬੱਜਟ ਵੱਲ ਹੀ ਵੇਖੋ। ਦਿੱਲੀ ਸਰਕਰਾਰ ਨੇ ਐੱਲ ਜੀ ਤੇ ਕੇਂਦਰੀ ਸਰਕਾਰ
ਵੱਲੋਂ ਪਾਏ ਡਾਹੀਆਂ ਰੁਕਾਵਟਾਂ ਦੇ ਬਾਵਜੂਦ ਸਿੱਖਿਆ, ਸਿਹਤ ਤੇ
ਟਰਾਂਸਪੋਰਟ ਦੇ ਬਜਟਾਂ ਦੀ ਰਾਸ਼ੀ ਦੁੱਗਣੀ ਕਰ ਦਿੱਤੀ ਹੈ।
ਇਸ ਤੋਂ ਵੱਡਾ ਮਸਲਾ ਜੇ ਤੁਸੀਂ ਆਗਿਆ ਦਿਉ! ਤੁਹਾਨੂੰ ਜਿਹੜਾ ਥੋੜ੍ਹਾ
ਕੌੜਾ ਲੱਗੇ ਪਰ ਹੈ ਸੱਚਾ। ਜਿਸ ਮਹਾਨ ਬਾਬੇ ਨਾਨਕ ਤੇ ਕਲਗੀਆਂ ਵਾਲੇ ਦੇ
ਵਿਰਾਸਤੀ ਪੰਥ ਦੇ ਜਹਾਜ਼ ‘ਤੇ ਬੈਠ ਤੁਸੀਂ ਇਨ੍ਹਾਂ ਮਾਨਯੋਗ ਪਦਵੀਆਂ ‘ਤੇ
ਬਿਰਾਜਮਾਨ ਹੋ ਤੁਸੀਂ ਤਾਂ ਉਸ ਪੰਥ ਦੇ ਅਸੂਲਾਂ ਦੀਆਂ ਹੀ ਧੱਜੀਆਂ ਉਡਾਈ
ਜਾ ਰਹੇ ਹੋ। ਸਾਡੇ ਗੁਰੂਆਂ ਨੇ ਸੰਗਤ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ
ਅਕਬਰ ਵਰਗੇ ਸ਼ਹਿਨਸ਼ਾਹਾਂ ਨੂੰ ਪੰਗਤ ਵਿੱਚ ਲੰਗਰ ਛਕਣਾ ਪਿਆ। ਪਰ ਤੁਸੀਂ
ਤਾਂ ਬਾਜਾਂ ਵਾਲੇ ਮਹਾਨ ਗੁਰੂ ਦੇ 350ਵੇਂ ਖਾਲਸਾ ਸਾਜਨਾ ਦਿਵਸ ‘ਤੇ ਲੰਗਰ
ਦੀ ਪ੍ਰਥਾ ਦਾ ਹੀ ਮਜ਼ਾਕ ਓਡਾ ਕੇ ਰੱਖ ਦਿੱਤੈ। ਟੇਬਲਾਂ ‘ਤੇ ਸੱਤ ਤਾਰਾ
ਹੋਟਲ ਵਾਂਗ ਕੇਵਲ 200 ਵੀਵੀਆਈਪੀਜ਼ ਵਾਸਤੇ। ਅਤੇ ਬਾਕੀਆਂ ਲਈ ਵੱਖਰਾ
ਲੰਗਰ। ਕੇਵਲ ਆਪਣੇ ਦਿੱਲੀ ਦੇ ਆਕਾਵਾਂ ਨੂੰ ਖੁਸ਼ ਕਰਨ ਲਈ! ਪਰ ਉਹ ਵੀ
ਖੁਸ਼ ਨਾ ਹੋਏ। ਤੁਸੀਂ ਝਾਕਦੇ ਰਹਿ ਗਏ। ਚਿੱਠੀਆਂ ‘ਚੋਂ ਨਿਕਲੇ ਸਿੰਘ
ਸਾਹਿਬਾਨ ਵੀ ਇਹੋ ਜਿਹੀਆਂ ਘੋਰ ਉਲੰਘਣਾਵਾਂ ‘ਤੇ ਬੋਲਣ ਦੀ ਜੁਰਤ ਹੀ ਨਹੀਂ
ਕਰ ਸਕਦੇ। ਬਾਦਲ ਸਾਹਿਬ ਮਨ ‘ਚ ਪੰਜਾਬੀ ਬੋਲੀ ਦੇ ਬੋਲਾਂ ਵਾਂਗ ਜ਼ਰੂਰ
ਸੋਚਦੇ ਹੋਣਗੇ 'ਨਾ ਮੇਰਾ ਧਰਮ ਰਿਹਾ ਨਾ ਵਸੀ ਘੁੱਗ ਤੇਰੇ'। ਮੈਨੂੰ ਦਰਸ਼ਨ
ਸਿੰਘ ਆਵਾਰਾ ਦੀਆਂ 'ਬਗਾਵਤ' ਵਿਚਲੀਆਂ ਲਾਈਨਾਂ 'ਜਿੱਥੇ ਭਾਈ ਪਾਉਂਦੇ ਨੇ
ਬੋਸਕੀਆਂ ਸਿੰਘਾਂ ਦੇ ਤਨ ‘ਤੇ ਲੀਰਾਂ ਨੇ ... ਉਹ ਦੇਸ਼ ਤਾਂ ਵੀਰਾ ਦੱਸ
ਮੈਨੂੰ ਬਰਬਾਦ ਨਾ ਹੋਵੇ ਤਾਂ ਕੀ ਹੋਵੇ, ਨਾਸ਼ਾਦ ਨਾ ਹੋਵੇ ਤਾਂ ਕੀ ਹੋਵੇ'
ਯਾਦ ਆ ਗਈਆਂ ਨੇ। ਜਿੱਥੇ ਕਿਸਾਨ ਤਾਂ ਖੁਦਕੁਸ਼ੀਆਂ ਕਰ ਰਹੇ ਹੋਣ, ਓਥੇ
ਉਨ੍ਹਾਂ ਦੇ ਕਿਸਾਨ ਨੇਤਾ ਸੱਤ ਸਾਲਾਂ ਵਿੱਚ ਤਿੰਨ ਕਰੋੜ ਡਕਾਰ ਗਏ। ਕੇਵਲ
ਠਾਠ ਬਾਠ ਖਾਤਰ ਹੀ। ਜਿੱਥੇ ਠਾਠ ਬਾਠ ਲਈ ਸੁਰੱਖਿਆ ਅਮਲੇ ‘ਤੇ ਕਰੋੜਾਂ
ਖ਼ਰਚਿਆ ਜਾ ਰਿਹੈ ਤੇ ਬੁੱਢਿਆਂ ਦੀਆਂ 250 ਰੁਪਏ ਦੀ ਨਿਗੂਣੀ ਪੈਨਸ਼ਨ ਲਈ
ਵੀ ਖ਼ਜ਼ਾਨਾ ਮਹਾਰਾਜ ਭਾਂ ਭਾਂ ਕਰ ਰਿਹਾ ਹੁੰਦੈ। ਜਿਸ ਨੂੰ ਭਰਨ ਲਈ ਥਾਂ
ਥਾਂ ‘ਤੇ ਠੇਕੇ ਖੋਲ੍ਹੇ ਜਾ ਰਹੇ ਹਨ। ਸਕੂਲਾਂ ਵਿੱਚ ਕਮਰਿਆਂ ਤੇ ਡੈਸਕਾਂ
ਦੀ ਘਾਟ ਹੈ ਪਰ ਤੁਹਾਡੇ ਤੇ ਤੁਹਾਡੇ ਅਮਲੇ ਦੇ ਦਫਤਰ ਆਰਾਮਦੇਹ ਫਰਨੀਚਰ
‘ਤੇ ਏ ਸੀਜ਼ ਨਾਲ ਸਿ਼ਮਲਾ ਸਿਰਜੀ ਬੈਠੇ ਹਨ। ਉਹ ਜਿਹੜੇ ਡਾਂਗਾਂ ਖਾਕੇ,
ਭਰ ਪੋਹ ਮਾਘ ਦੀ ਠੰਢੀਆਂ ਠਾਰ ਸਰਦ ਹਵਾ ਵਿੱਚ ਟਾਂਚੀਆਂ ‘ਤੇ ਚੜ੍ਹ
ਹੜਤਾਲਾਂ ਕਰ ਮਸੀਂ ਹੀ ਇਹ ਕੱਟੀਆਂ ਵੱਢੀਆਂ ਤਨਖਾਹਾਂ ਲੈਣ ਦੇ ਯੋਗ ਹੋਏ,
ਅਤੇ ਉਹ ਵੀ ਮਾਰਚ ਤੱਕ। ਉਨ੍ਹਾਂ ਕੋਲੋਂ ਤੁਸੀਂ ਸਹੀ ਅੰਗਰੇਜ਼ੀ ਅਧਿਆਪਨ
ਦੀਆਂ ਆਸਾਂ ਰੱਖਦੇ ਹੋ! ਨਿਰੋਲ ਨਿਧਾਨੀ! ਸਮਝ ਨਹੀਂ ਆਉਂਦਾ ਕੀ ਕਹਾਂ। ਇਹ
ਤਾਂ 'ਕਿੱਕਰ ਬੀਜ ਕੇ ਦਾਖ਼ ਬਿਜੌਰੀਆਂ' ਦੀ ਭਾਲ ਕਰਨ ਵਾਲੀ ਗੱਲ ਐ।
ਤੁਸੀਂ ਤਾਂ ਇੱਕ ਸਿੱਧੀ ਜਿਹੀ ਗੱਲ 'ਤੇਲਾਂ ਬਾਝ ਨਾ ਬਲਣ ਮਿਸਾਲਾਂ ਤੇ
ਦਰਦਾਂ ਬਾਝ ਨਾ ਆਹੀਂ' ਹੀ ਭੁੱਲੇ ਹੋਏ ਹੋ।
ਵੱਡੇ ਬਾਦਲ ਸਾਹਿਬ ਜੀ, ਤੁਸੀਂ ਤਾਂ ਸੰਗਤ ਦਰਸ਼ਨਾਂ ਨੂੰ ਹੀ ਸਭ ਕੁਝ
ਸਮਝੀ ਬੈਠੇ ਹੋ। ਹਕੀਕਤਾਂ ਬੋਲ ਰਹੀਆਂ ਹਨ। ਉਹ ਪੰਥੀ ਸੰਗਤ ਦਰਸ਼ਨ ਨਹੀਂ।
ਕੇਵਲ ਚਾਅਪਲੋਸਾਂ ਦੇ ਹੀ ਦਰਸ਼ਨ ਨੇ। ਆਮ ਸੰਗਤ ਨੂੰ ਤਾਂ ਤੁਹਾਡਾ
ਸੁਰੱਖਿਆ ਤੇ ਪ੍ਰਸ਼ਾਸਕੀ ਅਮਲਾ ਡੱਕਰ ਦੂਰ ਭਜਾ ਦਿੰਦੈ। ਹੁਣ ਤੁਸੀਂ 2017
ਦੀਆਂ ਚੋਣਾਂ ਤੋਂ ਭੈਅਭੀਤ ਲੱਗਦੇ ਹੋ। ਜੇ ਕਿਤੇ ਤੁਸੀਂ ਰਾਜ ਕਰਨ ਦੀ ਥਾਂ
‘ਤੇ ਬਾਣੀ ਦੇ ਮੂਲ ਮੰਤਰ ' Å ਸਤਿ ਨਾਮ...' ਦਾ ਪੱਲਾ ਫੜ੍ਹ ਪੰਜਾਬ ਦੇ
ਲੋਕਾਂ ਦੀ ਸੇਵਾ ਕੀਤੀ ਹੁੰਦੀ, ਤੁਸੀਂ ਉਨ੍ਹਾਂ ਦੇ ਦਿਲਾਂ ‘ਤੇ ਰਾਜ ਕਰਨ
ਲੱਗ ਪੈਣਾ ਸੀ। ਫਿਰ ਪੰਜਾਬ ਵਿੱਚ ਕੀ ਪੂਰੇ ਭਾਰਤ ਵਿੱਚ ਤੁਹਾਡੇ
'ਮਹਾਂਰਾਜਾ ਰਣਜੀਤ ਸਿੰਘ ਵਾਲੇ ਰਾਜ' ਦੇ ਡੰਕੇ ਵੱਜਣੇ ਸਨ। ਵੇਖਣੀ-ਪਾਖਣੀ
ਤੋਂ ਤਾਂ ਭਾਵੇਂ ਤੁਸੀਂ ਹੁਣ ਮਹਾਂਰਾਜਾ ਲੱਗਣ ਲੱਗ ਪਏ ਹੋ, ਪਰ 'ਗਾਲਿਬ
ਗੁਫ਼ਤਾਰ ਕਾ ਗਾਜ਼ੀ ਬਣ ਤੋ ਗਿਆ, ਕਿਰਦਾਰ ਕਾ ਗਾਜ਼ੀ ਬਣ ਨਾ ਸਕਾ' ਹੀ
ਲੱਗਦੇ ਹੋ। ਹੁਣ ਫਿਰ ਉਹੋ ਪੁਰਾਣੀਆਂ ਚਾਲਾਂ ‘ਤੇ ਚੜ੍ਹ ਪਏ ਹੋ। ਧੰਨਵਾਦੀ
ਹੋਵੋ ਵਿਰੋਧੀ ਪਾਰਟੀਆਂ ਦੀ ਆਪੋ-ਧਾਪੀ ਦੇ। ਸਮੇਤ ਇਨਕਲਾਬੀ ਵਿਗਿਆਨਕ
ਫਲਸਫੇ ਦੀਆਂ ਬਾਤਾਂ ਪਾਉਂਦੀਆਂ ਖੱਬੀਆਂ ਪਾਰਟੀਆਂ ਦੇ ਜਿਨ੍ਹਾਂ ਦੇ ਲੀਡਰ
ਆਪੋ ਆਪਣੇ ਅਹੁੱਦੇ ਨੂੰ ਹੀ ਜੋਕਾਂ ਵਾਂਗ ਚੁੰਬੜੇ ਹੋਏ ਹਨ। ਓਏ ਰਹਿਣਮਾਓ!
ਲੋਕ ਇਨਕਲਾਬ ਵਾਲੇ ਹਾਲਾਤ ਹੋਰ ਨਹੀਂ ਹੁੰਦੇ। ਏਦਾਂ ਦੇ ਹੀ ਹੁੰਦੇ ਹਨ।
ਜੇ ਮੁੱਖਮੰਤਰੀ ਬਾਦਲ ਤੇ ਸਿੱਖਿਆ ਮੰਤਰੀ ਜੀਓ, ਤੁਸੀਂ ਆਪਣੇ ਪੰਥ ਦੇ ਭਾਈ
ਲਾਲੋਆਂ ਨਾਲ ਖਲ੍ਹੋਣ ਵਾਲੇ ਬਾਬੇ ਨਾਨਕ ਤੇ ਸਰਬੰਸ ਦਾਨੀ ਬਾਜਾਂ ਵਾਲੇ ਦੇ
ਮਾਰਗ ‘ਤੇ ਚੱਲਦੇ ਤਾਂ ਇਕਲੋਤੇ ਫਰਜ਼ੰਦ ਲਈ ਸਰਕਾਰ ਦੀ ਪ੍ਰਮੁੱਖਤਾ ਪੱਕੀ
ਕਰ ਜਾਂਦੇ। ਸਤਿ ਦੇ ਮਾਰਗ ‘ਤੇ ਚੱਲਦਿਆਂ ਤੁਸੀਂ ਸਹੀ ਅਰਥਾਂ ਵਿੱਚ
ਹਮੇਸ਼ਾਂ ਲਈ ਇੱਕ ਮਹਾਨ ਵਿਰਾਸਤ ਛੱਡ ਜਾਣੀ ਸੀ। ਪੰਥ ਦਰਦੀਓ! ਜ਼ਰਾ ਨੀਜ
ਨਾਲ ਚਿੰਤਨ ਕਰੋ। ਸਿੱਖਿਆ ਤੰਤਰ ਵਿੱਚ ਸਭ ਕੁਝ ਠੀਕ ਹੋ ਜਾਵੇਗਾ ਜੇ
ਤੁਸੀਂ ਤੇਲ ਪਾ ਮਿਸਾਲਾਂ ਬਾਲੋ। ਜਲਦੇ ਦੀਪ ਹੀ ਦੀਪਾਂ ਨੂੰ ਜਲਾ ਤੇ ਜਗਾ
ਸਕਦੇ ਹਨ। 'ਦੀਪ ਸੇ ਦੀਪ ਜਲੇ'।
ਫੋਨ: 647-402-2170
-0- |