ਨਿੱਕੇ ਹੁੰਦਿਆਂ ਦੀਆਂ ਕਈ
ਗੱਲਾਂ ਮੈਨੂੰ ਕੱਲ੍ਹ ਵਾਂਗਣ ਚੇਤੇ ਹਨ। ਢਾਈਆਂ ਪੈਸਿਆਂ ਦਾ ਦੁੱਧ ਤੇ ਧੇਲੇ ਦਾ ਮਿੱਠਾ-
ਬਾਟੀ ਭਰ ਜਾਂਦੀ ਸੀ। ਐਡੇ ਸਵਾਦ ਨਾਲ ਪੀਵੀਦਾ ਸੀ ਕਿ ਅੱਜ ਜਿ਼ਕਰ ਕਰਦਿਆਂ ਵੀ ਸੁਆਦ ਆ
ਰਿਹਾ ਏ। ਇਹ ਤੇ ਗੱਲ ਸ਼ਹਿਰਾਂ ਦੀ ਏ। ਪਿੰਡ ਵਿੱਚ ਬਿਨਾਂ ਮਿੱਠਿਓਂ ਹੀ ਦੁੱਧ ਬੜਾ ਮਿੱਠਾ
ਲੱਗਦਾ ਸੀ। ਅੱਧੀ ਸਦੀ ਤੋਂ ਵੀ ਪਹਿਲਾਂ ਦੀਆਂ ਇਹ ਗੱਲਾਂ ਨੇ। ਪੁਰਾਣੇ ਲੋਕ ਸੁੱਚ-ਭਿੱਟ
ਦੀਆਂ ਗੱਲਾਂ ਭਾਵੇਂ ਹੁਣ ਨਾਲੋਂ ਵਧੀਕ ਮੰਨਦੇ ਸਨ, ਪਰ ਅੱਜ ਵਾਂਗਣ ਬਾਹਰੋਂ ਸੁੱਚੇ-ਸੁਥਰੇ
ਤੇ ਅੰਦਰੋਂ ਕੋਝੇ ਜੂਠੇ ਨਹੀਂ ਸਨ। ਮੈਂ ਹਵਾਈ ਗੱਲਾਂ ਨਹੀਂ ਕਰ ਰਿਹਾ, ਵਾਪਰੀਆਂ ਦੱਸਣ
ਲੱਗਾ ਹਾਂ।
ਸਾਡੇ ਪਿੰਡ ਦੇ ਇੱਕ ਸੱਯਦ ਅਹਿਮਦ ਸ਼ਾਹ ਦਾ ਸਾਡੇ ਘਰ ਬੜਾ ਆਣ-ਜਾਣ ਸੀ। ਪਿਤਾ ਜੀ ਦੇ ਉਹ
ਦੋਸਤਾਂ ਵਿੱਚੋਂ ਸੀ। ਮੇਰੇ ਹੁੰਦਿਆਂ ਜਦ ਕਦੀ ਵੀ ਉਹ ਸਾਡੇ ਘਰ ਆਉਂਦਾ, ਅੰਦਰ ਵੜਦਿਆਂ ਹੀ
ਉਹ ਆਖਦਾ: “ਨਿੱਕੇ ਭਾਈ ਜੀ! ਸੁੱਟੋ ਪੰਜਾ” ਮੈਂ ਵੀ ਉਸ ਨਾਲ ਹੱਥ ਮਿਲਾ ਕੇ ਬੜਾ ਖੁਸ਼
ਹੁੰਦਾ। ਇੱਕ ਦਿਨ ਮੈਂ ਆਪਣੇ ਵੱਡੇ ਭਾਈ ਦੇ ਖੂਹ ਤੋਂ ਪੀਣ ਦੇ ਪਾਣੀ ਦੀ ਘੜੀ ਭਰ ਕੇ ਲਈ ਆ
ਰਿਹਾ ਸਾਂ, ਅਹਿਮਦ ਸ਼ਾਹ ਮੈਨੂੰ ਅੱਗੋਂ ਆਉਂਦਾ ਰਾਹ ਵਿੱਚ ਮਿਲ ਪਿਆ। ਉਸ ਨੇ ਹਮੇਸ਼ਾਂ
ਵਾਂਗ ਪੰਜਾ ਸੁਟੱਣ ਦੀ ਗੱਲ ਨਾ ਆਖੀ। ਮੇਰੇ ਕੋਲੋਂ ਦੀ ਜਦ ਉਹ ਲੰਘਣ ਲੱਗਾ ਤਾਂ ਮੈਂ ਉਸ ਦੀ
ਖੁੱਲ੍ਹੇ ਗਲਮੇ ਵਾਲੇ ਚੋਲੇ ਦੀ ਕੰਨੀਂ ਫੜ੍ਹ ਲਈ ਤੇ ਕਿਹਾ: “ ਸ਼ਾਹ ਜੀ, ਪੰਜਾ ਸੁੱਟ ਕੇ
ਜਾਓ।” ਪੰਜਾ ਤਾਂ ਉਸ ਨੇ ਕੀ ਸੁਟਣਾ ਸੀ, ਪਰੇ ਹਟ ਕੇ ਖਲੋ ਗਿਆ ਤੇ ਆਖਣ ਲੱਗਾ, “ਹੋ ਕੈ ਕਰ
ਛੋਡਿਆ ਨੇ? ਹੇ ਤੁਆਡਾ ਪਾਣੀ ਹੁਣ ਕੌਣ ਪੀਸੀ? ਵੱਡੇ ਭਾਈ ਉਰਾਂ ਕੋਲੋਂ ਵੀ ਸ਼ਰਮਿੰਦਗੀ
ਦਵਾਸੋਂ।” ਅਹਿਮਦ ਸ਼ਾਹ ਦੀ ਗੱਲ ਸੁਣ ਕੇ ਭੋਰਾ ਕੁ ਚਿੰਤਾ ਮੈਨੂੰ ਵੀ ਹੋਈ। ਮੈਂ ਅਜੇ ਪਾਣੀ
ਦੀ ਘੜੀ ਲੈ ਕੇ ਘਰ ਪਹੁੰਚਿਆ ਹੀ ਸਾਂ ਕਿ ਪਿਛੇ ਪਿਛੇ ਅਹਿਮਦ ਵੀ ਸਾਡੇ ਘਰ ਪਹੁੰਚ ਗਿਆ ਤੇ
ਆਉਂਦਿਆਂ ਹੀ ਪਿਤਾ ਜੀ ਨੂੰ ਆਖਣ ਲੱਗਾ, “ ਨਿੱਕੇ ਭਾਈ ਉਰਾਂ ਅੱਜ ਮੇਰੇ ਨਾਲ ਵਡੀ ਵਧੀਕੀ
ਕੀਤੀ ਏ।” ਚੌਕੇ ਦੀ ਘੜਵੰਜੀ ਤੇ ਪਈ ਪਾਣੀ ਦੀ ਘੜੀ ਵੱਲ ਇਸ਼ਾਰਾ ਕਰਕੇ ਅਹਿਮਦ ਸ਼ਾਹ ਆਖਣ
ਲੱਗਾ, “ ਹੇ ਪਾਣੀ ਹੁਣ ਤੁਸੀਂ ਨਾ ਪੀਵਿਓ, ਨਿੱਕੇ ਭਾਈ ਉਰਾਂ ਜੋਰੋ ਜੋਰੀਂ ਮੈਂਡੇ ਚੋਲੇ
ਨੀ ਕੰਨੀਆਂ ਨੱਪ ਕੇ ਘੜੀ ਭਿੱਟਾ ਘਿੱਧੀ ਨੇ।” ਪਿਤਾ ਜੀ ਨੇ ਅਹਿਮਦ ਸ਼ਾਹ ਨੂੰ ਨਾਲ ਦੀ
ਮੰਜੀ ਤੇ ਬਿਠਾ ਕੇ ਪੋਲਾ ਜਿਹਾ ਮੂੰਹ ਕਰਕੇ ਆਖਿਆ, “ਚੰਗਾ ਅਹਿਮਦਾ ਮੈਂ ਵੇਖਨਾਂ, ਘੜੀ ਦਾ
ਪਾਣੀ ਭਿੱਟਿਆ ਏ ਕਿ ਨਹੀਂ।” ਪਿਤਾ ਜੀ ਨੇ ਘੜੀ ਵਿੱਚੋਂ ਪਾਣੀ ਦਾ ਇੱਕ ਕਟੋਰਾ ਭਰ ਕੇ ਪੀ
ਲਿਆ ਤੇ ਆਖਣ ਲੱਗੇ, “ਯਾਰ ਅਹਿਮਦਾ! ਸੁਆਦ ਤੇ ਬਦਲਿਆ ਨਹੀਂ।” ਸਿਰਫ਼ ਅਹਿਮਦ ਸ਼ਾਹ ਵਾਸਤੇ
ਹੀ ਨਹੀਂ, ਸਾਰੇ ਗਿਰਾਏਂ ਵਾਸਤੇ ਇਹ ਗੱਲ ਬੜੀ ਹੈਰਾਨੀ ਵਾਲੀ ਸੀ। ਇਸ ਦੀ ਬੜੀ ਚਰਚਾ ਹੋਈ,
ਕੋਈ ਕੁਝ ਆਖੇ, ਕੋਈ ਕੁਝ। ਆਂਢ ਗੁਆਂਢ ਦੀਆਂ ਜਨਾਨੀਆਂ ਨੇ ਮੇਰੀ ਮਾਂ ਦੇ ਨੱਕ ਵਿੱਚ ਦਮ ਕਰ
ਦਿੱਤਾ। ਗੱਲ ਚਾਚੀ ਸਰਬ ਜਾਨ ਤੱਕ ਵੀ ਪਹੁੰਚ ਗਈ। ਅਗਲੀ ਗੱਲ ਇਹਤੋਂ ਵੀ ਬਹੁਤ ਪਹਿਲਾਂ ਦੀ
ਏ।
ਨੱਥੂ ਖੋਜੇ ਦੀ ਵਹੁਟੀ ਚਾਚੀ ਸਰਬ ਜਾਨ ਦਾ ਆਪਣਾ ਕੋਈ ਮੁੰਡਾ-ਕੁੜੀ ਨਹੀਂ ਸੀ। ਉਹ ਬੜੀ
ਛੰਡੀ-ਫੂਕੀ ਰਹਿੰਦੀ ਸੀ। ਆਪਣੇ ਕੱਚੇ ਕੋਠੇ ਦੀਆਂ ਕੰਧਾਂ ਲਿੱਪ ਪੋਚ ਕੇ ਰੱਖਦੀ, ਨਿੱਕੇ
ਜਿਹੇ ਵਿਹੜੇ ਨੂੰ ਵੀ ਪੋਚ-ਪਾਚ ਕੇ ਐਨ ਸੰਵਾਰ ਬਣਾ ਕੇ ਰੱਖਦੀ। ਚਿੱਟੇ ਦੁੱਧ ਆਪਣੇ ਹੱਥ ਦੇ
ਧੋਤੇ ਹੋਏ ਸੂਤਰ ਦੇ ਤਿੰਨਾਂ ਕੱਪੜਿਆਂ ਉੱਤੇ ਮਜਾਲ ਏ ਕਦੇ ਉਹ, ਮੈਲਾ ਦਾਗ਼ ਵੀ ਲੱਗਣ
ਦੇਵੇ। ਜਿਸ ਰੰਗਲੀ ਪੀੜ੍ਹੀ ਉੱਤੇ ਬਹਿ ਕੇ, ਉਹ ਚਰਖਾ ਕੱਤਦੀ ਸੀ, ਉਹ ਪੀੜ੍ਹੀ ਪੇਕਿਓਂ
ਲਿਆਈ ਸੀ। ਕਿਤਨੇ ਹੀ ਸਾਲ ਹੋ ਗਏ ਸਨ, ਪਰ ਇਉਂ ਜਾਪਦਾ ਸੀ ਕਿ ਇਹ ਹੁਣੇ ਹੁਣੇ ਨਵਾਂ ਰੰਗ
ਕਰਵਾ ਕੇ ਲਿਆਈ ਹੈ। ਮੈਂ ਨਿੱਕਾ ਜਿਹਾ ਸਾਂ, ਪਰ ਮੈਨੂੰ ਯਾਦ ਹੈ ਕਿ ਚਾਚੀ ਸਰਬ ਜਾਨ ਸਾਡੇ
ਘਰ ਆਣ ਕੇ ਮੈਨੂੰ ਨਾਲ ਲੈ ਜਾਂਦੀ, ਛੋਲਿਆਂ ਦੀਆਂ ਗੁੱਲੀਆਂ ਨਾਲ ਕਿਤਨਾ ਕਿਤਨਾ ਆਪਣੀ ਘਰ
ਦੀ ਗਾਂ ਦਾ ਮੱਖਣ ਮੈਨੂੰ ਚਟਾ ਦੇਂਦੀ ਸੀ, ਪਰ ਆਪਣੇ ਘਰ ਦਾ ਪਾਣੀ ਮੈਨੂੰ ਨਹੀਂ ਸੀ ਪੀਣ
ਦੇਂਦੀ। ਪਾਣੀ ਵਾਸਤੇ ਮੈਂ ਕਦੇ ਜਿ਼ੱਦ ਕਰਦਾ ਤਾਂ ਉਹ ਆਖਦੀ: ਜੇ ਇਸ ਤਰ੍ਹਾਂ ਜਿ਼ੱਦ
ਕਰੇਂਗਾ ਤਾਂ ਤੇਰੀ ਮਾਂ ਤੇ ਤੇਰੇ ਵੱਡੇ ਭਾਈ ਉਰੀਂ ਤੈਨੂੰ ਮੈਂਡੇ ਘਰ ਆਣ ਨਹੀਂ ਦੇਣਗੇ।
ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਦੁੱਧ ਮੱਖਣ ਨਹੀਂ ਭਿੱਟਦਾ ਤੇ ਪਾਣੀ ਕਿਸ ਤਰ੍ਹਾਂ ਭਿੱਟ
ਜਾਂਦੈ। ਚਾਚੀ ਸਰਬ ਜਾਨ ਮੇਰੇ ਨਾਲ ਬੜਾ ਲਾਡ ਕਰਦੀ ਸੀ, ਕਿਤਨਾ ਚਿਰ ਘੁੱਟ ਘੁੱਟ ਕੇ ਮੈਨੂੰ
ਛਾਤੀ ਨਾਲ ਲਾਈ ਰੱਖਦੀ, ਮੇਰੀਆਂ ਗੱਲ੍ਹਾਂ ਨੂੰ ਆਪਣੀਆਂ ਗੱਲ੍ਹਾਂ ਨਾਲ ਮਲਦੀ ਰਹਿੰਦੀ, ਪਰ
ਮੂੰਹ ਤੇ ਪਿਆਰ ਨਹੀਂ ਸੀ ਦੇਂਦੀ। ਅਹਿਮਦ ਸ਼ਾਹ ਪਾਸੋਂ ਪਾਣੀ ਦੀ ਗੜਵੀ ਭਿੱਟਣ ਦੀ ਗੱਲ
ਚਾਚੀ ਸਰਬ ਜਾਨ ਨੇ ਵੀ ਸੁਣੀ, ਪਰ ਹੁਣ ਉਹ ਮੈਨੂੰ ‘ਬੱਚੂ ਗੁਰਮੇ’ ਨਾਲੋਂ ਕੁਝ ਵਡੇਰਾ ਹੋ
ਗਿਆ ਸਮਝਣ ਲੱਗ ਪਈ ਸੀ।
ਅੱਵਲ ਤੇ ਪੰਜਾਹ ਸਾਲ ਹੀ ਹੁੰਦੇ ਹਨ, ਪਰ ਅਠਤਾਲੀਆਂ ਤੋਂ ਤਾਂ ਘੱਟ ਨਹੀਂ ਹੋਣੇਂ, 1919
ਵਿੱਚ ਜਲ੍ਹਿਆਂਵਾਲਾ ਬਾਗ ਦਾ ਖ਼ੂਨੀ ਹਾਦਸਾ ਹੋ ਗਿਆ ਤੇ 1921 ਵਿੱਚ ਨਨਕਾਣਾ ਸਾਹਬ ਦਾ
ਸਾਕਾ। ਬੱਸ, ਇਸ ਤੋਂ ਪਿੱਛੋਂ ਮੁਸਾਫਿ਼ਰ ਦੇ ਕਿਤੇ ਪੈਰ ਹੀ ਨਹੀਂ ਲੱਗੇ। 1923 ਦਾ ਹੀ ਕੋਈ
ਦਿਨ ਹੋਵੇਗਾ, ਮੁਲਤਾਨ ਸੈਂਟਰਲ ਜੇਲ੍ਹ ਦੀ ਗੱਲ ਹੈ। ਪਠਾਨ ਕੈਦੀ ਨੰਬਰਦਾਰ ਪਾਸੋਂ ਮੈਂ
ਜੇਲ੍ਹ ਦੇ ਲੰਗਰ ਵਿੱਚੋਂ ਦਲੀਆ ਮੰਗਵਾਇਆ। ਜੱਥੇਦਾਰ ਊਧਮ ਸਿੰਘ ਨਾਗੋਕੇ, ਦਰਸ਼ਨ ਸਿੰਘ
ਫੇਰੂਮਾਨ ਤੇ ਮੈਂ ਸ਼ਾਇਦ ਕੋਈ ਹੋਰ ਵੀ ਸਾਡੇ ਨਾਲ ਹੋਵੇ, ਅਸਾਂ ਰਲ ਕੇ ਦਲੀਆ ਖਾਧਾ।
ਜੇਲ੍ਹਾਂ ਵਿੱਚ ਲੰਗਰ ਦੀ ਮੁਸ਼ੱਕਤ ਤੇ ਮੁਸਲਮਾਨ ਕੈਦੀਆਂ ਨੂੰ ਨਹੀਂ ਸੀ ਲਗਾਇਆ ਜਾਂਦਾ।
ਲੰਗਰ ਵਿੱਚ ਖਾਣ ਖੁਆਣ ਦਾ ਕੈਦੀ ਨੂੰ ਚੰਗਾ ਮੌਕਾ ਮਿਲਦਾ ਹੈ, ਇਸ ਵਾਸਤੇ ਉਹ ਲੰਗਰ ਦੀ
ਮੁਸ਼ੱਕਤ ਪਸੰਦ ਕਰਦਾ ਹੈ। ਜਦ ਮੁਸਲਮਾਨ ਨੰਬਰਦਾਰ ਹੱਥੋਂ ਸਾਡੇ ਦਲੀਆ ਖਾ ਲੈਣ ਦੀ ਖ਼ਬਰ
ਮੁਸਲਮਾਨ ਕੈਦੀਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਹਿੰਦੂਆਂ ਸਿੱਖਾਂ ਦੇ ਨਾਲ ਰਲ ਕੇ
ਰਿੰਨਣ੍ਹ ਪਕਾਉਣ ਦੀ ਮੁਸ਼ੱਕਤ ਲਈ ਮੰਗ ਕਰ ਦਿੱਤੀ ਤੇ ਦਲੀਲ ਇਹ ਦਿੱਤੀ ਕਿ ਇਹ ਹਿੰਦੂ-ਸਿੱਖ
ਕਾਂਗਰਸੀ ਤੇ ਅਕਾਲੀ ਕੈਦੀ ਜੋ ਇੱਕ ਤਰ੍ਹਾਂ ਨਾਲ ਪ੍ਰਤੀਨਿਧ ਹਨ, ਸਾਡੇ ਹੱਥ ਦਾ ਖਾ ਲੈਂਦੇ
ਹਨ, ਤਾਂ ਹੋਰਨਾਂ ਨੂੰ ਇਤਰਾਜ਼ ਕਿਉਂ ਹੋਵੇ? ਬੜੀ ਐਜੀਟੇਸ਼ਨ ਹੋਈ। ਸਾਂਝੇ ਲੰਗਰ ਵਿੱਚ
ਮੁਸਲਮਾਨਾਂ ਨੂੰ ਲੰਗਰ ਦੀ ਮੁਸ਼ੱਕਤ ਦੇਣੀ ਤਾਂ ਪਰਵਾਨ ਨਾ ਕੀਤੀ ਗਈ, ਪਰ ਲੰਗਰ ਵੱਖੋ ਵੱਖ
ਹੋ ਗਏ। 1923 ਵਿੱਚ ਲੰਗਰ ਦੋ ਹੋਏ ਤੇ 1947 ਵਿੱਚ ਮੁਲਕ ਵੀ ਦੋ ਹੋ ਗਏ।
ਆਖਦੇ ਨੇ, ਹੁਣ ਜ਼ਮਾਨਾ ਰੌਸ਼ਨੀ ਦਾ ਆ ਗਿਆ ਹੈ, ਲੋਕਾਂ ਦੀਆਂ ਅੱਖਾਂ ਖੁਲ੍ਹ ਗਈਆਂ ਹਨ।
ਪਹਿਲਾਂ ਲੋਕ ਅਨੇਰ੍ਹੇ ਵਿੱਚ ਸਨ। ਲੋੜੋਂ ਵਧੀਕ ਰੌਸ਼ਨੀ ਨਾਲ ਅੱਖਾਂ ਦਾ ਚੁੰਧਿਆ ਜਾਣਾ ਵੀ
ਅਨੇਰ੍ਹੇ ਵਿੱਚ ਤੁਰਨ ਵਾਲੀ ਹੀ ਗੱਲ ਹੈ। ਗੱਲ ਗੱਲਾਂ ਨਾਲ ਵੀ ਬਣ ਜਾਂਦੀ ਹੈ, ਪਰ ਜੇ ਉਹ
ਕਰਨੀ ਦੀ ਕਸਵੱਟੀ ਤੇ ਪੂਰੀਆਂ ਉਤਰਨ ਤਾਂ। ਸਿਆਣੇ ਦੱਸਦੇ ਹਨ ਕਿ ਭੂਤ ਕਿਧਰੇ ਜਾਂਦਾ ਨਹੀਂ,
ਵਰਤਮਾਨ ਵਿੱਚ ਹੀ ਲੁਕ ਜਾਂਦਾ ਹੈ। ਇਸ ਦਾ ਸਬੂਤ ਇਹ ਹੈ ਕਿ ਪੁਰਾਣੀਆਂ ਗੱਲਾਂ ਦਾ ਬਿਆਨ
ਕਰਨ ਵਿੱਚ ਸੁਆਦ ਜਿਹਾ ਅਨੁਭਵ ਹੁੰਦਾ ਹੈ। ਭੂਤ ਦਾ ਵਰਤਮਾਨ ਨਾਲ ਮੁਕਾਬਲਾ ਨਾ ਕਰੀਏ ਤਾਂ
ਹੋਰ ਵੀ ਸੁਆਦੀ ਗੱਲ ਹੈ। ਜੇ ਅਸੀਂ ਮੰਨਦੇ ਹਾਂ ਕਿ ਲੋਕਾਂ ਵਿੱਚ ਹੁਣ ਵਧੀਕ ਅਕਲ ਆ ਗਈ ਹੈ,
ਸਾਇੰਸ ਦੀਆਂ ਕਾਢਾਂ ਨੇ ਕੀ ਦਾ ਕੀ ਕਰਕੇ ਵਿਖਾ ਦਿੱਤਾ ਹੈ, ਤਾਂ ਫਿ਼ਰ ਅਸੀਂ ਹੁਣ ਦਿਆਂ
ਲੋਕਾਂ ਨੂੰ ਅੰਜਾਣੇ ਕਿਉਂ ਸਮਝੀਏ? ਪੁਰਾਣੀ ਗੱਲ ਜੋ ਕੋਈ ਸਾਨੂੰ ਚੇਤੇ ਹੈ ਤਾਂ, ਦੱਸ
ਦੇਈਏ- ਇਤਨਾ ਹੀ ਕਾਫ਼ੀ ਹੈ। ਸਮਾਂ ਸੁਭਾਅ ਤੇ ਅਸਰ ਪਾਉਂਦਾ ਹੈ, ਪਰ ਉਸ ਦੇ ਸੁਭਾਅ ਤੇ
ਜਿਹੜਾ ਸਮੇਂ ਦੇ ਅਧੀਨ ਚੱਲੇ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਦਾ ਚੁਹੱਤਰ ਦਿਨ ਭੁੱਖੇ ਰਹਿ
ਕੇ ਆਪਣੇ ਪ੍ਰਣ ਲਈ ਪ੍ਰਾਣ ਦੇ ਜਾਣਾ ਦੱਸਦਾ ਹੈ ਕਿ ਉਸ ਦੇ ਸੁਭਾਅ ਵਿੱਚ ਸਮੇਂ ਨੇ ਕੋਈ
ਫ਼ਰਕ ਨਹੀਂ ਪਾਇਆ। ਜੇਲ੍ਹ ਦੀਆਂ ਸਜ਼ਾਵਾਂ ਵਿੱਚ ਇੱਕ ਇਹ ਵੀ ਸਜ਼ਾ ਹੁੰਦੀ ਹੈ ਕਿ ਕੈਦੀ
ਨੂੰ ਬੈਰਕ ਵਿੱਚੋਂ ਸਾਥੀਆਂ ਨਾਲੋਂ ਨਿਖੇੜ ਕੇ ਵੱਖਰੀ ਕੋਠੜੀ ਵਿੱਚਭੰਧ ਕਰ ਦਿੱਤਾ ਜਾਵੇ ਤੇ
ਸੀਖਾਂ ਵਾਲੇ ਦਰਵਾਜ਼ੇ ਵਿੱਚੋਂ ਹੀ ਉਸ ਨੂੰ ਰੋਟੀ ਪਾਣੀ ਦੇ ਦਿੱਤਾ ਜਾਵੇ। ਅਕਸਰ ਕੈਦੀ,
ਜਿਨ੍ਹਾਂ ਨੂੰ ਵੱਖਰੀ ਕੋਠੜੀ ਵਿੱਚ ਬੰਦ ਕਰ ਦੇਣ, ਸੀਖਾਂ ਵਾਲੇ ਦਰਵਾਜ਼ੇ ਵਿੱਚੋਂ ਬਾਹਰ
ਝਾਕਦੇ ਰਹਿੰਦੇ ਹਨ। ਤੇ ਜੇਲ੍ਹ ਕਰਮਚਾਰੀਆਂ ਨੂੰ ਇਸ ਤੋਂ ਇਹ ਖਿ਼ਆਲ ਹੁੰਦਾ ਹੈ ਕਿ ਉਸ ਦਾ
ਬਾਹਰ ਆਉਣ ਨੂੰ ਜੀਅ ਕਰਦਾ ਹੈ। ਦਰਸ਼ਨ ਸਿੰਘ ਨੂੰ ਜਦ ਕਦੇ ਇਸ ਤਰ੍ਹਾਂ ਵੱਖਰੀ ਕੋਠੜੀ ਵਿੱਚ
ਬੰਦ ਕਰ ਦਿੱਤਾ ਜਾਂਦਾ ਤਾਂ ਉਹ ਦਰਵਾਜ਼ੇ ਵਾਲੇ ਪਾਸੇ ਪਿੱਠ ਕਰਕੇ ਪਾਠ ਸ਼ੁਰੂ ਕਰ ਦਿੰਦਾ।
ਇੱਕ ਵਾਰ ਮੁਲਤਾਨ ਸੈਂਟਰਲ ਜੇਲ੍ਹ ਦਾ ਦਰੋਗਾ ਰਾਏ ਸਾਹਬ ਜਮਨਾ ਦਾਸ ਮੈਨੂੰ ਆਖਣ ਲੱਗਾ, “
ਦਰਸ਼ਨ ਸਿੰਘ ਪਾਸ ਇੱਕ ਮੇਰੀ ਸਿਫ਼ਾਰਿਸ਼ ਤੇ ਕਰੋ। ਅੱਜ ਸੁਪਰਡੰਟ ਸਾਹਬ ਨੇ ਜੇਲ੍ਹ ਦਾ
ਖ਼ਾਸ ਮੁਆਇਨਾ ਕਰਨਾ ਹੈ, ਉਸਨੇ ਦਰਸ਼ਨ ਸਿੰਘ ਦੀ ਕੋਠੜੀ ਸਾਹਮਣੇ ਵੀ ਜਾਣਾ ਹੈ। ਚੰਗਾ ਨਹੀਂ
ਲੱਗਦਾ ਕਿ ਉਸ ਨੇ ਦਰਵਾਜ਼ੇ ਵਾਲੇ ਪਾਸੇ ਪਿੱਠ ਕੀਤੀ ਹੋਈ ਹੋਵੇ।” ਉਂਜ ਰਾਏ ਸਾਹਬ ਸਿੱਧੇ
ਮੂੰਹ ਕੈਦੀਆਂ ਨਾਲ- ਖ਼ਾਸ ਕਰਕੇ ਰਾਜਸੀ ਕੈਦੀਆਂ ਨਾਲ ਗੱਲ ਨਹੀਂ ਸੀ ਕਰਦਾ ਸਗੋਂ ਪਠਾਨ
ਨੰਬਰਦਾਰਾਂ ਕੋਲੋਂ ਬੜੀ ਕੁੱਟ ਫਿਰਵਾਂਦਾ ਸੀ।
ਕਿਸ ਤਰ੍ਹਾਂ ਦੇ ਬੰਦੇ ਸਨ ਆਜ਼ਾਦੀ ਦੀ ਲੜਾਈ ਦੇ ਸਿਪਾਹੀ। ਦਰਸ਼ਨ ਸਿੰਘ ਫੇਰੂਮਾਨ ਦੀਆਂ
ਹੋਰ ਵੀ ਕਈ ਵੱਡੀਆਂ ਗੱਲਾਂ ਹਨ, ਮੈਂ ਇੱਕ ਨਿੱਕੀ ਜਿਹੀ ਗੱਲ ਦੱਸੀ ਹੈ। ਮਹਾਤਮਾਂ ਗਾਂਧੀ
ਜੀ ਆਖਦੇ ਸਨ ਕਿ ਵੱਡੇ ਦੀ ਵਡਿਆਈ ਨਿੱਕੀਆਂ ਗੱਲਾਂ ਤੋਂ ਵਧੀਕ ਉਜਾਗਰ ਹੁੰਦੀ
ਹੈ। ਇਸ ਲਈ ਇਸ ਵਾਰਤਾ ਵਿੱਚ ਮੈਂ ਨਿੱਕੇ ਹੁੰਦੇ ਦੀਆਂ ਨਿੱਕੀਆਂ ਗੱਲਾਂ ਦਾ ਹੀ ਬਹੁਤਾ
ਜਿ਼ਕਰ ਕੀਤਾ ਹੈ। ਪਹਿਲੀ ਵਾਰ ਜੇਲ੍ਹ ਜਾਣ ਤੋਂ ਵੀ ਪਹਿਲਾਂ ਦੀ ਗੱਲ ਹੈ। ਪੇਸ਼ਾਵਰ ਵਿੱਚ
ਇੱਕ ਖਿ਼ਲਾਫ਼ਤ ਕਾਨਫਰੰਸ ਸੀ। ਉਹਨਾਂ ਦਿਨਾਂ ਵਿੱਚ ਕਾਂਗਰਸ, ਖਿ਼ਲਾਫ਼ਤ ਤੇ ਅਕਾਲੀ-
ਸਾਰੀਆਂ ਲਹਿਰਾਂ ਇਕੱਠੀਆਂ ਹੀ ਚਲਦੀਆਂ ਸਨ। ਕਾਨਫਰੰਸ ਵਾਲਿਆਂ ਨੇ ਇੱਕ ਕਵੀ ਦਰਬਾਰ ਰੱਖਿਆ।
ਸਰਕਾਰ ਨੇ ਕਵੀ ਦਰਬਾਰ ਉੱਤੇ ਪਾਬੰਦੀ ਦਾ ਐਲਾਨ ਕਰ ਦਿੱਤਾ। ਕਾਨਫ਼ਰੰਸ ਦੇ ਪ੍ਰਬੰਧਕਾਂ ਨੇ
ਫ਼ੈਸਲਾ ਕੀਤਾ ਕਿ ਕਵੀ ਦਰਬਾਰ ਨਾ ਕੀਤਾ ਜਾਵੇ, ਵੈਸੇ ਹੀ ਜਲਸੇ ਵਿੱਚ ਇੱਕ ਤਕਰੀਰ ਪਿੱਛੋਂ
ਦੋ ਦੋ ਕਵਿਤਾਵਾਂ ਪੜ੍ਹਾ ਲਈਆਂ ਜਾਣ ਤੇ, ਫਿ਼ਰ ਤਕਰੀਰ ਹੋ ਜਾਏ ਤੇ ਫਿ਼ਰ ਕਵਿਤਾ। ਲੱਖਾ
ਸਿੰਘ ਖੂੰਡੇਵਾਲਾ ਇੱਕ ਬੜਾ ਮਖੌਲੀਆ ਪ੍ਰਚਾਰਕ ਸੀ। ਜਦ ਉਸ ਦੀ ਵਾਰੀ ਤਕਰੀਰ ਕਰਨ ਦੀ ਆਈ
ਤਾਂ ਉਹ ਉਠਦਿਆਂ ਸਾਰ ਆਖਣ ਲੱਗਾ, “ ਸਰਕਾਰ ਨੇ ਸਾਡੇ ਕਵੀ ਦਰਬਾਰ ਤੇ ਪਾਬੰਦੀ ਲਾ ਦਿੱਤੀ
ਹੈ, ਪਰ ਅਸੀਂ ਵੀ ਸਰਕਾਰ ਦੇ ਪਿਓ ਹਾਂ, ਅਸਾਂ ਇਸ ਢੰਗ ਨਾਲ ਕਵੀ ਦਰਬਾਰ ਕਰ ਹੀ ਲਿਆ ਹੈ।”
ਜਿਸ ਤਰ੍ਹਾਂ ਉਸ ਨੇ ਆਖਿਆ, ਮੈਂ ਓਸੇ ਤਰ੍ਹਾਂ ਹੀ ਦੱਸ ਰਿਹਾ ਹਾਂ। ਇਹ ਲਫ਼ਜ਼ ਉਸ ਨੇ
ਮੂੰਹੋਂ ਕੱਢੇ ਹੀ ਸਨ ਕਿ ਪੁਲਿਸ ਨੇ ਜਲਸੇ ਉੱਤੇ ਛਾਪਾ ਮਾਰ ਕੇ ਜਲਸਾ ਹੀ ਉਖਾੜ ਦਿੱਤਾ।
ਸਾਰਿਆਂ ਕਵੀਆਂ ਨੂੰ ਉਹ ਗ੍ਰਿਫ਼ਤਾਰ ਕਰਨਾ ਚਾਹੁੰਦੇ ਸਨ। ਪਰ ਖਿ਼ਲਾਫ਼ਤ ਦੇ ਪ੍ਰਬੰਧਕਾਂ ਨੇ
ਸਾਨੂੰ ਆਪਣੇ ਘਰਾਂ ਵਿੱਚ ਲੁਕਾ ਲਿਆ। ਕਵੀ ਅਸੀਂ ਸਾਰੇ ਤਕਰੀਬਨ ਸਿੱਖ ਹੀ ਸਾਂ। ਪਠਾਨ ਅਤੇ
ਮੁਸਲਮਾਨ ਪ੍ਰਬੰਧਕਾਂ ਨੇ ਸਾਡੇ ਵਾਸਤੇ ਉਚੇਚਾ ਝਟਕੇ ਦੇ ਗੋਸ਼ਤ ਦਾ ਇੰਤਜ਼ਾਮ ਕੀਤਾ। ਅਸੀਂ
ਰੋਕਦੇ ਸਾਂ ਤੇ ਉਹ ਆਖਦੇ ਸਨ: “ਤੁਸੀਂ ਸਾਡੇ ਮਹਿਮਾਨ ਹੋ, ਅਸੀਂ ਆਪਣੀ ਪਠਾਣੀ ਰਵਾਇਤ ਦੇ
ਮੁਤਾਬਿਕ ਹੀ ਤੁਹਾਡੀ ਖ਼ਾਤਿਰ ਕਰਾਂਗੇ। ਏਥੇ ਤੁਸੀਂ ਗ੍ਰਿਫ਼ਤਾਰ ਹੋਵੋ ਤਾਂ ਸਾਡੀ ਹੱਤਕ
ਹੈ, ਅਸੀਂ ਤੁਹਾਨੂੰ ਅਟਕੋਂ ਪਾਰ ਛੋੜ ਕੇ ਆਸਾਂ।” ਸਵੇਰੇ ਸਾਨੂੰ ਪਰਦੇਦਾਰ ਲਾਰੀਆਂ ਵਿੱਚ
ਬਿਠਾ ਕੇ ਅਟਕ ਪਾਰ ਕਰਾਇਆ, ਭਾਵੇਂ ਰਸਤੇ ਵਿੱਚ ਲਾਰੀਆਂ ਰੋਕੀਆਂ ਤੇ ਸਹੀ, ਪਰ ਲਾਰੀਆਂ
ਪਰਦੇਦਾਰ ਸਨ, ਇਸ ਵਾਸਤੇ ਉਹ ਬਹੁਤਾ ਦਖ਼ਲ ਦੇਣੋਂ, ਕੁਝ ਝੱਕ ਜੇਹੇ ਗਏ। ਕਿਸੇ ਨੇ ਆਖ ਵੀ
ਦਿੱਤਾ; “ਲਾਰੀ ਵਿੱਚ ਪਰਦਾ-ਨਸ਼ੀਨ ਹਨ।” ਅਟਕ ਪਾਰ ਕਰਕੇ ਹੀ ਭੇਦ ਖੁਲ੍ਹਿਆ। ਅਸੀਂ ਪੰਜਾਬ
ਵਿੱਚ ਸਾਂ ਤੇ ਸਰਹੱਦੀ ਪੁਲਿਸ ਪਰੇਸ਼ਾਨ ਸੀ। ਹਾਸੇ ਦਾ ਹਾਸਾ, ਤੇ ਰਵਾਦਾਰੀ ਦੀ ਹੱਦ,
ਕਿੱਦਾਂ ਯਾਦ ਨਾ ਆਵੇ, ਨਿੱਕੇ ਹੁੰਦੇ ਦਾ ਜ਼ਮਾਨਾ।
“ਕੁਝ? ਸੁਆਦ ਹੈ, ਕੁਝ ਸੁਆਦ ਹੈ।
ਤਾਂ ਹੀ ਤੇ ਬਚਪਨ ਯਾਦ ਹੈ।”
-0-
|