ਅਮੀਨ ਮਲਿਕ ਦਰਦਮੰਦ
ਦਿਲ ਵਾਲਾ ਅਜਿਹਾ ਸੁੱਚਾ ਸਾਹਿਤਕਾਰ ਹੈ ਜਿਸ ਕੋਲ ਜਿ਼ੰਦਗੀ ਦਾ ਭਰਪੂਰ ਤੇ ਅਮੀਰ ਅਨੁਭਵ
ਹੈ; ਜਿਸ ਕੋਲ ਭਾਸ਼ਾ ਦੀ ਬੇਮਿਸਾਲ ਅਮੀਰੀ ਹੈ; ਜਿਸ ਕੋਲ਼ ਮੋਤੀਆਂ ਵਾਂਗ ਸ਼ਬਦਾਂ ਨੂੰ
ਬੀੜਨ ਦੀ ਅਦੁੱਤੀ ਕਲਾ ਹੈ; ਜਿਸਦੀ ਵਾਰਤਕ ਪੜ੍ਹਦਿਆਂ ਤੁਸੀਂ ‘ਵਾਹ!’ ਕਹਿਣੋਂ ਨਹੀਂ ਰੁਕ
ਸਕਦੇ। ਯੂ ਕੇ ਵਿੱਚ ਵੱਸਦਾ ਇਹ ਕਵੀ-ਕਹਾਣੀਕਾਰ ਅਤੇ ਵਾਰਤਕ-ਲੇਖਕ ਪਿਛਲੇ ਕੁਝ ਕੁ ਵਰ੍ਹਿਆਂ
ਵਿਚ ਹੀ ਚੜ੍ਹਦੇ ਅਤੇ ਲਹਿੰਦੇ ਦੋਹਾਂ ਪੰਜਾਬਾਂ ਵਿਚ ਸੁਨਹਿਰੀ ਸੂਰਜ ਵਾਂਗ ਪੰਜਾਬੀ ਪਾਠਕਾਂ
ਦੀਆਂ ਅੱਖਾਂ ਦੀ ਲਿਸ਼ਕ ਬਣ ਗਿਆ ਹੈ। ਚੜ੍ਹਦੇ ਪੰਜਾਬ ਵਿਚ ਇਸ ਸਾਲ ਗੁਰਮੁਖ਼ੀ ਲਿਪੀ ਵਿਚ
ਛਪੀ ਉਸਦੀ ਕਹਾਣੀਆਂ ਦੀ ਕਿਤਾਬ , ‘ਗੁੰਗੀ ਤ੍ਰੇਹ’ ਨੂੰ ਬੜਾ ਭਰਪੂਰ ਹੁੰਗਾਰਾ ਮਿਲਿਆ ਹੈ।
ਅਖ਼ਬਾਰਾਂ ਰਿਸਾਲਿਆਂ ਵਿਚ ਛਪੀਆਂ ਉਸਦੀਆਂ ਲਿਖ਼ਤਾਂ ਨੂੰ ਲੋਕ ਉੱਡ ਕੇ ਪੜ੍ਹਦੇ ਹਨ।
‘ਸੀਰਤ’ ਇਸ ਵਾਰ ਅਮੀਨ ਮਲਿਕ ਦੀ ‘ਦੇਸ਼-ਵੰਡ’ ਦੇ ਦਰਦ ਨਾਲ ਭਿੱਜੀ ਸੰਵੇਦਨਸ਼ੀਲ ਲਿਖ਼ਤ
ਛਾਪਣ ਦਾ ਮਾਣ ਲੈ ਰਿਹਾ ਹੈ। ਉਸਨੇ ਅੱਗੇ ਤੋਂ ਵੀ ‘ਸੀਰਤ’ ਨੂੰ ਸਹਿਯੋਗ ਦਿੰਦੇ ਰਹਿਣ ਦਾ
ਭਰੋਸਾ ਦਿਵਾਇਆ ਹੈ।-ਸੰਪਾਦਕ
ਅਨਪੜ੍ਹ ਮਾਂ ਦੀ ਅੱਟੇ ਸੱਟੇ ਦੱਸੀ ਉਮਰ ਮੂਜਬ ਅਜੇ ਪੰਜਾਂ ਛੇਆਂ ਵਰ੍ਹਿਆਂ ਦਾ ਹੀ ਸਾਂ।
ਅਜੇ ਮੇਰੇ ਦਿਲ ਦੀ ਨਿਆਈਂ ਕੰਵਾਰੀ ਅਤੇ ਅੱਪੜ ਹੀ ਸੀ। ਨਾ ਉਹਦੇ ਵਿੱਚ ਕਿਸੇ ਨੇ ਬੁਘਾਟ
ਪੋਹਲੀ ਦਾ ਛੱਟਾ ਦਿੱਤਾ ਸੀ ਅਤੇ ਨਾ ਹੀ ਅਜੇ ਕਿਸੇ ਨੇ ਕਾਸ਼ਨੀ ਬੀਜੀ ਸੀ। ਸੋਚਾਂ ਦੀ
ਮਾਸੂਮ ਕਿਤਾਬ ਦੇ ਚਿੱਟੇ ਵਰਕੇ ’ਤੇ ਅਜੇ ਨਾ ਕਿਸੇ ਨੇ ਕੋਈ ਬਾਣੀ ਲਿਖੀ ਅਤੇ ਨਾ ਹੀ ਕੋਈ
ਆਇਤ ਉਲੀਕੀ ਸੀ। ਨਾ ਹੀ ਕਿਸੇ ਨੇ ਮਨ ਦੇ ਵਿਹੜੇ ’ਚ ਨੂੰਹ ਸੱਸ ਦੇ ਵੈਰੀਆਂ ਸ਼ਰੀਕੇ ਦਾ
ਜ਼ਹਿਰ ਘੋਲ ਕੇ ਡੋਲ੍ਹਿਆ ਸੀ। ਅਜੇ ਮੈਂ ਸੱਤਾਂ ਪਾਣੀਆਂ ਨਾਲ ਧੋਤਾ ਹੋਇਆ ਕੋਰਾ ਠੂਠਾ ਸਾਂ,
ਜਿਹਦੇ ਵਿੱਚ ਜਹਾਨ ਦਾ ਜਿੰਨ ਜੋ ਜੀਅ ਕਰੇ ਪਾ ਕੇ ਪੀ ਲਵੇ। ਇੱਕ ਚਿੱਟੀ ਚਾਦਰ ਹੀ ਸਾਂ
ਜਦੋਂ ਕਲਮੂੰਹੀਆਂ 1947 ਆ ਗਿਆ ਅਤੇ ਮਨੁੱਖ ਦੇ ਮੂੰਹ ਨੂੰ ਲਹੂ ਲੱਗ ਗਿਆ।
ਅਜਨਾਲੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ, ਪਰ ਅਜੇ ਮੇਰੇ ਕੋਲ ਏਨਾ ਇਲਮ ਨਹੀਂ ਸੀ ਕਿ
‘ਜਿ਼ੰਦਾਬਾਦ’ ਅਤੇ ‘ਮੁਰਦਾਬਾਦ’ ਦਾ ਕੀ ਮਤਲਬ ਹੁੰਦਾ ਏ। ਲੋਕੀਂ ਆਖਦੇ ਰਹੇ ਅਤੇ ਮੈਂ ਵੀ
ਪਿੱਛੇ ਪਿੱਛੇ ਬੋਲਦਾ ਰਿਹਾ। ਹੌਲੀ ਹੌਲੀ ਵੇਖਦਿਆਂ ਵੇਖਦਿਆਂ ਜਿ਼ੰਦਾਬਾਦ ਤਾਂ ਕਿਧਰੇ ਨਜ਼ਰ
ਨਾ ਆਇਆ, ਪਰ ਹਰ ਪਾਸੇ ਮੁਰਦੇ ਅਤੇ ਮੁਰਦਾਰ ਖਿਲਰਣ ਲੱਗ ਪਏ। ਸਵਾਲਾਂ ਦੀ ਫ਼ੌਜ ਨੇ ਮੇਰੇ
ਸਿਰ ਦੇ ਸੱਖਣੇ ਮੈਦਾਨ ਵਿੱਚ ਪਹਿਲੀ ਵਾਰ ਛਾਉਣੀ ਪਾਈ। ………
ਇਹ ਕਤਲ ਕਿਉਂ? ਇਹ ਵੈਰ ਕਾਹਦਾ? ਮਰਨ ਵਾਲੇ ਨੇ ਗੁਨਾਹ ਕਿਹੜਾ ਕੀਤਾ ਸੀ? ਕਾਤਲਾਂ ਨੂੰ ਹੱਥ
ਕੀ ਆਇਆ? ਮਰਨ ਵਾਲੇ ਦੇ ਬੱਚਿਆਂ ਦਾ ਕੀ ਬਣੇਗਾ? ਇਹ ਮਸੀਤ ਵਿੱਚ ਨਮਾਜ਼ ਪੜ੍ਹ ਕੇ ਦੁਆ
ਮੰਗਣ ਵਾਲੇ ਕਿ ‘ਮੌਲਾ ਕੁੱਲ੍ਹ ਦਾ ਭਲਾ ਤੇ ਕੁੱਲ੍ਹ ਦੀ ਖ਼ੈਰ, ਸਾਰੇ ਜਹਾਨ ਤੇ ਰਹਿਮ
ਕਰੀਂ’ ਅੱਜ ਆਪਣੀ ਹੱਥੀਂ ਇੱਕ ਨਿਰਦੋਸ਼ ਦੇ ਢਿੱਡ ਵਿੱਚ ਬਰਛੀ ਮਾਰ ਕੇ ਕਿਉਂ ਮਾਰ ਸੁੱਟਿਆ
ਏ? ਮਰਨ ਵਾਲੇ ਨੇ ਮਰਨ ਤੋਂ ਪਹਿਲਾਂ ਹੱਥ ਵੀ ਜੋੜੇ ਸਨ। ਕੀ ਹੁਣ ਰਹੀਮ ਤੇ ਕਰੀਮ ਨਹੀਂ ਰਹਿ
ਗਿਆ? ਜਾਂ ਉਹਦਾ ਨਾਂ ਲੈਣ ਵਾਲੇ ਝੂਠੇ ਸਨ? ਇਹ ਮੇਰੀ ਹਯਾਤੀ ਦੀ ਕਿਤਾਬ ਦਾ ਪਹਿਲਾ ਵਰਕਾ
ਸੀ ਜਿਹਦੇ ਉੱਤੇ ਪਹਿਲੇ ਬੇ-ਗੁਨਾਹ ਦੇ ਕਤਲ ਦਾ ਨਕਸ਼ਾ ਵਗਿਆ।
ਸਾਰਾ ਪਿੰਡ ਕੋਠਿਆਂ ਤੇ ਚੜ੍ਹ ਕੇ ਧਾਲੀਵਾਲ ਕੋਲ ਇੱਕ ਪਿੰਡ ਬੋਹਲਿਆਂ ਨੂੰ ਲੱਗੀੳੱਘ ਦਾ
ਧੂੰਆਂ ਵੇਖ ਕੇ ਆਪਣੇ ਆਉਣ ਵਾਲੇ ਵੇਲੇ ਦਾ ਮੁਹਾਂਦਰਾ ਬਣਾ ਰਿਹਾ ਸੀ। ਕੁਝ ਜਾਣੇ ਵਾਹੱਦ ਦੀ
ਹਵੇਲੀ ਵਿੱਚ ਰਹਿਮਤ ਤਰਖਾਣ ਕੋਲੋਂ ਆਪਣੀਆਂ ਡਾਂਗਾਂ ਅੱਗੇ ਬਰਛੀਆਂ ਬਲਮਾਂ ਲਵਾ ਰਹੇ ਸਨ।
ਰਹਿਮਤ ਤਰਖਾਣ ਦੀ ਭੱਠੀ ਨਾ ਹੁਣ ਕੋਈ ਦਾਤਰੀਆਂ ਦੇ ਦੰਦੇ ਕਢਾਉਂਦਾ ਸੀ ਤੇ ਨਾ ਹੀ ਰੰਬੇ
ਚੰਡਾਉਂਦਾ ਸੀ। ਨਾ ਹੁਣ ਹਲ਼ਾਂ ਦੇ ਫ਼ਾਲ਼ੇ ਬਣਦੇ ਸਨ ਅਤੇ ਨਾ ਟੋਕੇ ਦੀਆਂ ਜੋੜੀਆਂ। ਹੁਣ
ਕਣਕਾਂ ਦੀ ਵਾਢੀ ਦਾ ਕਿਸੇ ਨੂੰ ਫਿ਼ਕਰ ਨਹੀਂ ਸੀ। ਹੁਣ ਸਾਰੇ ਸੰਦ ਹਥਿਆਰ ਇਨਸਾਨਾਂ ਦੀ
ਵਾਢੀ ਲਈ ਬਣਦੇ ਸਨ। ਵਿਹੰਦਿਆਂ ਵਿਹੰਦਿਆਂ ਵੱਢੇ ਟੁੱਕੇ, ਅੱਧ-ਪਚੱਧੇ, ਲਹੂ ਵਿੱਚ ਨਹਾਤੇ,
ਭੁੱਖੇ ਭਾਣੇ, ਡਰੇ ਡਰੇ ਜਿਹੇ, ਅੱਧ ਮਰੇ ਲੋਕ ਸਾਡੇ ਪਿੰਡ ਵਿੱਚੋਂ ਲੰਘ ਕੇ ਰਾਵੀ ਨੂੰ ਜਾਣ
ਲੱਗ ਪਏ। ਉਹ ਐਨਾ ਕੁ ਹੀ ਦੱਸਦੇ ਸਨ ਕਿ ਅਸੀਂ ਪਾਕਿਸਤਾਨ ਚੱਲੇ ਹਾਂ। ਪਿੰਡ ਵਾਲਿਆਂ ਨੂੰ
ਤੇ ਪਤਾ ਹੋਵੇਗਾ, ਪਰ ਮੈਨੂੰ ਥਹੁ ਨਾ ਲੱਗੀ ਕਿ ਪਾਕਿਸਤਾਨ ਕਿੱਥੇ ਰਹਿੰਦਾ ਏ ਅਤੇ ਉਹਦੇ
ਕੋਲੋਂ ਲੈਣਾ ਕੀ ਏ? ਲੋਕੀਂ ਉਹਨਾਂ ਕੋਲੋਂ ਕੁਝ ਪੁੱਛਦੇ ਸਨ, ਪਰ ਉਹਨਾਂ ਕੋਲ ਵਿਹਲ ਨਹੀਂ
ਸੀ। ਉਹਨਾਂ ਦੇ ਅੱਥਰੂ ਕੁਝ ਦੱਸਦੇ ਸਨ ਪਰ ਮੇਰੇ ਕੋਲ ਸਮਝ ਦੇ ਕੰਨ ਨਹੀਂ ਸਨ। ਮੈਂ ਤੇ
ਮੇਰੇ ਪਿੰਡ ਵਾਲੇ ਇਹੀ ਸਮਝਦੇ ਰਹੇ ਕਿ ਇਹਨਾਂ ਵਿਚਾਰਿਆਂ ਨੂੰ ਆਪਣਾ ਪਿੰਡ ਛੱਡਣਾ ਪਿਆ ਏ।
ਉਹਨਾਂ ਨੂੰ ਲੱਸੀ ਪਾਣੀ ਪੁੱਛਦੇ ਪਰ ਉਹ ਤਰੱਠੇ ਹੋਏ ਲੋਕ ਖ਼ੌਫ਼ ਨਾਲ ਭਰੀਆਂ ਅੱਖਾਂ ਨਾਲ
ਰਾਵੀ ਟੱਪਣ ਦੌੜ ਜਾਂਦੇ ਸਨ।
ਇੱਕ ਦਿਹਾੜੇ ਪਿੰਡ ਰਾਂਝੇ ਪੀਰ ਦੇ ਦੌੜੇ ਜਾਂਦੇ ਇੱਕ ਟੱਬਰ ਨੂੰ ਸਾਡੇ ਪਿੰਡ ਖਲੋਣਾ ਪੈ
ਗਿਆ। ਹੈਗਾ ਤੇ ਮੈਂ ਬਾਲ ਸਾਂ ਪਰ ਨਿੱਕੀ ਤੋਂ ਨਿੱਕੀ ਗੱਲ ਨੂੰ ਨੀਝ ਲਾ ਕੇ ਵੇਖਣ ਦੀ ਆਦਤ
ਸੀ। ਇੱਕ ਕਰਮਾਂ ਮਾਰੇ ਪਿਓ ਨੇ ਮੋਢਿਆਂ ’ਤੇ ਚੁੱਕੀ ਲਹੂ ਲੁਹਾਨ ਜਵਾਨ ਧੀ ਨੂੰ ਥੱਲੇ
ਲਾਹਿਆ ਤੇ ਸਾਡੀ ਹਵੇਲੀ ਦੇ ਬੂਹੇ ਅੱਗੇ ਲਿਟਾ ਦਿੱਤਾ। ਕੁੜੀ ਦੀ ਹਿੱਕ ਦਾ ਸੱਜਾ ਪਾਸਾ
ਫੱਟੜ ਸੀ। ਉਹਦੇ ਅੰਗ ਨਾਲ ਖੋਰੇ ਕਿਸੇ ਨੇ ਕੀ ਕੁਝ ਕੀਤਾ ਸੀ ਕਿ ਹੁਣ ਉਹਦੀ ਗੱਲ ਵੀ ਕਰਨ
ਨੂੰ ਮੇਰਾ ਜੀਅ ਨਹੀਂ ਕਰਦਾ। ਉਹਦੇ ਪਿਓ ਨੇ ਦੱਸਿਆ ਪਈ ‘ਅੱਧੀ ਰਾਤ ਨੂੰ ਸਿੱਖਾਂ ਦਾ ਜੱਥਾ
ਪਿਆ ਅਤੇ ਵੱਡੀ ਧੀ ਨੂੰ ਚੁੱਕ ਕੇ ਲੈ ਗਏ। ਨਿੱਕੀ ਨੂੰ ਬਚਾ ਕੇ ਲੈ ਆਏ ਹਾਂ।’ ਜੀਹਦਾ ਕੁਝ
ਨਹੀਂ ਸੀ ਬਚਿਆ, ਉਹਦਾ ਪਿਓ ਉਹਨੂੰ ਬਚਾਈ ਫਿ਼ਰਦਾ ਸੀ।
ਮੈਂ ਸਿੱਖਾਂ ਨੂੰ ਵੱਡੀ ਸਾਰੀ ਗਾਹਲ ਕੱਢੀ। ਨੇੜੇ ਜਿਹੇ ਹੋ ਕੇ ਕੁੜੀ ਨੂੰ ਵੇਖਿਆ, ਜਿਹਦੀ
ਹਿੱਕ ਨੂੰ ਚੁੰਨੀ ਨਾਲ ਘੁੱਟ ਕੇ ਬੰਨ੍ਹਿਆਂ ਹੋਇਆ ਸੀ ਅਤੇ ਸਾਰੀ ਚੁੰਨੀ ਲਹੂ ਲੁਹਾਨ ਸੀ।
ਮੈਂ ਬੜਾ ਹੀ ਮੰਦਾ ਬੋਲਿਆ……ਚੁੱਪ ਚਾਪ ਜ਼ਬਾਨ ਨਾਲ-ਮੰਦਿਆਂ ਨੂੰ।
ਫ਼ੇਰ ਵੇਲਾ ਮੰਦੇ ਤੋਂ ਮੰਦਾ ਆਉਂਦਾ ਗਿਆ। ਮੇਰੇ ਸਿਰ ਵਿੱਚ ਰੱਖੇ ਕੋਰੇ ਠੂਠੇ ਨੇ ਪਹਿਲਾ
ਕਤਲ ਵੇਖ ਕੇ ਲਹੂ ਦੀ ਲੱਪ ਭਰ ਕੇ ਅੰਦਰ ਰੱਖ ਲਈ। ਮੇਰੀ ਤੱਕੜੀ ਦੇ ਛਾਬੇ ਵਿੱਚ ਕਦੀ ਸਿੱਖ
ਹੌਲਾ ਹੋ ਜਾਂਦਾ ਤੇ ਕਦੀ ਮੁਸਲਮਾਨ। ਮੈਂ ਰੱਸਾ ਫ਼ੜ ਕੇ ਸੋਚਦਾ ਰਿਹਾ ਕਿ ਕੀਹਦੇ ਗਲ
ਪਾਵਾਂ। ਮੈਂ ਬੜੇ ਪਾਸਕੂ ਬੱਧੇ, ਪਰ ਮੇਰੀ ਸੋਚਾਂ ਦੀ ਤੱਕੜੀ ਡੋਲਦੀ ਰਹੀ। ਐਨਾ ਹੀ ਆਖਾਂਗਾ
ਕਿ ਸਾਰੀ ਦੁਨੀਆਂ ਨਾਲੋਂ ਹੌਲ਼ੇ ਉਹ ਪੰਜਾਬੀ ਹੀ ਸਨ ਜਿਨ੍ਹਾਂ ਸਦਾ ਹੀ ਆਪਣੀ ਪੱਗ ਪਾੜ ਕੇ
ਦੂਜੇ ਦਾ ਸਿਰ ਢੱਕਿਆ। ਉਹ ਲੋਕਾਂ ਦੇ ਭਾਗੀਂ ਜੰਮੇ ਅਤੇ ਲੋਕਾਂ ਦੀ ਮੰਗੀ ਖੈੇਰ ਸਨ। ਆਪਣੇ
ਅੰਗ ਵੱਢ ਕੇ ਅੱਕਾਂ ਨੂੰ ਵਾੜ ਦਿੱਤੀ। ਉਹਨਾਂ ਜਦੋਂ ਵੀ ਹੱਥ ਪਾਇਆ ਅਪਣੇ ਗਲਮੇ ਨੂੰ। ਆਪਣੇ
ਹੀ ਖੇਤ ਨੂੰੳੱਘ ਲਾਈ ਤੇ ਆਪਣੇ ਹੀ ਖਲਵਾੜੇ ਸਾੜੇ। ਅਕੀਦੇ ਤਾਂ ਅੰਦਰ ਦੀ ਗੱਲ ਸੀ। ਬਾਹਰੋਂ
ਤਾਂ ਅਸੀਂ ਇੱਕੋ ਘੁਮਿਆਰ ਦੇ ਬਣਾਏ, ਇੱਕੋ ਹੀ ਆਵੇ ਵਿੱਚ ਪੱਕੇ ਸਾਂ। ਇੱਕੋ ਹੀ ਮਿੱਟੀ
ਵਿੱਚ ਉੱਗਿਆ ਕਣਕ ਦਾ ਬੂਟਾ ਸੀ। ਕੀ ਹੋਇਆ ਜੇ ਸਿੱਟੇ ਵੱਖਰੇ ਵੱਖਰੇ ਸਨ। ਦਾਣਿਆਂ ਨੂੰ ਪੀਹ
ਕੇ ਆਟਾ ਬਣਾ ਲਈਏ ਤੇ ਵੱਖਰੇ ਨਹੀਂ ਹੋ ਸਕਦੇ। ਇੱਕੋ ਹੀ ਕੁੱਖ ਵਿੱਚੋਂ ਜਨਮ ਲੈਣ ਵਾਲਿਆਂ
ਦਾ ਨਾਂ ਵੀ ਤੇ ਵੱਖਰਾ ਵੱਖਰਾ ਹੁੰਦਾ ਏ। ਸਿਰਨਾਵਾਂ ਬਦਲ ਵੀ ਜਾਵੇ ਤੇ ਕੀ ਹੁੰਦਾ ਏ,
ਮਜ਼ਮੂਨ ਇੱਕੋ ਹੀ ਸੀ। ਇੱਕੋ ਹੀ ਰੁੱਖ ਤੇ ਆਹਲਣੇ ਪਾਉਣ ਵਾਲੀਆਂ ਚਿੜ੍ਹੀਆਂ ਦਾ ਖਣਵਾਦਾ ਵੀ
ਤੇ ਇੱਕੋ ਹੁੰਦਾ ਏ। ਪਰ, ਕੀ ਕੀਤਾ ਜਾਏ। ਇੱਕੋ ਹੀ ਹੱਥ ਦੀਆਂ ਉਂਗਲਾਂ ਨੇ ਇੱਕ ਦੂਜੀ ਨੂੰ
ਵੱਢ ਸੁੱਟਿਆ। ਖੌ਼ਰੇ ਕਿਹੜਾ ਜੁੰਮੇਸ਼ਾਹ ਝੁੱਲ ਗਿਆ, ਇੱਕ ਹਨੇਰ ਪੈ ਗਿਆ, ਲੋਕਾਂ ਅੱਤ
ਚੁੱਕ ਲਈ ਅਤੇ ਸਾਰੇ ਜਹਾਨ ਨੂੰ ਹੀ ਵਰ੍ਹ ਗਈਆਂ। ਵਿਹੜਾ ਹੀ ਡੈਣ ਹੋ ਗਿਆ। ਇਨਸਾਨੀਅਤ ਨੇ
ਸ਼ਰੇਆਮ ਵਾਲ ਖੋਲ੍ਹ ਕੇ ਸਿਰ ਵਿੱਚ ਸਵਾਹ ਪਾ ਲਈ ਅਤੇ ਮੂੰਹ ਤੇ ਕਾਲਖ਼ ਮਲ ਲਈ।
ਸੂਰਜ ਨਵੇਂ ਤੋਂ ਨਵਾਂ ਚੜ੍ਹਿਆ।ਸਾਵਣ ਭਾਦੋਂ ਦੇ ਸਿੱਲ੍ਹੇ ਮਹੀਨੇ ਵਿੱਚ ਮੇਰਾ ਪਿੰਡਾ ਪਿੱਤ
ਨਾਲ ਭਰ ਗਿਆ ਤੇ ਬੇਬੇ ਨੇ ਗਾਚੀ ਮਲ ਕੇ ਬਾਹਰ ਕੱਢ ਦਿੱਤਾ। ਮੈਂ ਕੱਛੇ ਨੂੰ ਉੱਚਾ ਕਰਕੇ
ਅਬਦਲ ਵਾਹਿਦ ਦੀ ਹਵੇਲੀ ਅੱਪੜਿਆ ਤੇ ਬਰਛੀਆਂ ਬਲਮਾਂ ਬਣਦੀਆਂ ਵੇਖਣ ਲੱਗ ਪਿਆ। ਵਿਹੰਦਿਆਂ
ਵਿਹੰਦਿਆਂ ਛੱਪੜੋਂ ਪਾਰ ਕੱਲਰ ਵਿੱਚ ਲਹਿੰਦੇ ਵੱਲੋਂ ਦੋ ਬੰਦੇ ਅੱਗੜ ਪਿੱਛੜ ਦੌੜੇ ਜਾਂਦੇ
ਵੇਖੇ। ‘ਫ਼ੜ ਲਓ, ਫ਼ੜ ਲਓ,’ ਹੋਣ ਲੱਗ ਪਈ। ਬਰਛੀਆਂ ਵਾਲੇ ਉੱਠ ਨੱਸੇ। ਮੇਰਾ ਜੀਅ ਕਰਦਾ ਸੀ
ਸਾਰਿਆਂ ਤੋਂ ਮੋਹਰੇ ਮੈਂ ਹੋਵਾਂ। ਗੱਲ ਦਾ ਪਤਾ ਨਹੀਂ ਸੀ, ਪਰ ਇਹ ਗੱਲ ਜਾਨਣ ਲਈ ਕਾਹਲਾ
ਸਾਂ ਕਿ ਹੋਣ ਕੀ ਵਾਲਾ ਏ? ਅੱਗੇ ਪੁੱਜ ਕੇ ਵੇਖਿਆ ਕਿ ਅੱਗੇ ਅੱਗੇ ਇੱਕ ਸਿੱਖ ਤੇ ਪਿੱਛੇ
ਮੌਲਵੀ ਸੈਹਲਾ (ਇਸਮਾਈਲ), ਅੱਗੋਂ ਪਿੰਡ ਵਾਲੇ ਪੈ ਗਏ। ਸਾਰਿਆਂ ਤੋਂ ਅੱਗੇ (ਸ਼ਰੀਫ਼ਪੁਰੇ)
ਤੋਂ ਜਾਨ ਬਚਾ ਕੇ ਸਾਡੇ ਪਿੰਡ ਗੁਜਰਾਂਵਾਲੀ ਆ ਜਾਣ ਵਾਲਾ ਮੇਰੀ ਮਾਮੀ ਝੰਡੋ ਦਾ ਭਰਾ ਰਫ਼ੀਕ
ਸੀ। ਸਿੱਖ ਤੇ ਨੱਸਦਾ ਹੋਇਆ ਮੌਲਵੀ ਇਸਮਾਈਲ ਕੋਲੋਂ ਵਾਹਵਾ ਵਿੱਥ ਪਾ ਗਿਆ ਸੀ, ਪਰ ਰਫ਼ੀਕ
ਅੱਗੋਂ ਦੀ ਹੋ ਟੱਕਰਿਆ। ਸਾਰੇ ਫ਼ਾਸਲੇ਼ ਮੁੱਕ ਗਏ। ਓਸ ਵੇਲੇ ਮੌਤ ਦੇ ਪੈਂਡੇ ਬੜੀ ਛੇਤੀ
ਮੁੱਕਦੇ ਸਨ। ਮੇਰੀ ਦੌੜ ਏਸ ਲਈ ਬਹੁਤ ਤ੍ਰਿਖੀ ਨਹੀਂ ਸੀ ਕਿ ਮੈਂ ਕਤਲ ਹੁੰਦਾ ਵੇਖਾਂ। ਕਤਲ
ਦਾ ਤੇ ਮੈਂ ਸੋਚਿਆ ਵੀ ਨਹੀਂ ਸੀ। ਮੇਰਾ ਸ਼ੌਂਕ ਕੁਝ ਇੰਜ ਦਾ ਸੀ ਜਿਵੇਂ ਕਿਸੇ ਚੋਰ ਨੂੰ
ਫੜ੍ਹਨ ਦਾ ਤਮਾਸ਼ਾ ਵੇਖੀਦਾ ਏ। ਭੱਜੇ ਜਾਂਦੇ ਸਿੱਖ ਦੇ ਖੱਬੇ ਹੱਥ ਵਿੱਚ ਪੋਣੇ ਵਿੱਚ ਬੱਧੀ
ਰੋਟੀ ਤੇ ਸੱਜੇ ਹੱਥ ਵਿੱਚ ਕਿਰਪਾਨ ਸੀ। ਓਸ ਵਿਚਾਰੇ ਨੇ ਬੜਾ ਚਾਰਾ ਮਾਰਿਆ ਕਿ ਮੌਤ ਨੂੰ
ਡਾਹ ਨਾ ਦੇਵੇ, ਪਰ ਰਫ਼ੀਕ ਉਹਨੂੰ ਜਾ ਮਿਲਿਆ। ਮੈਂ ਰਫ਼ੀਕ ਤੋਂ ਦਸ ਕੁ ਕਦਮ ਪਿੱਛੇ ਸਾਂ।
ਦੌੜੇ ਜਾਂਦੇ ਸਿੱਖ ਨੇ ਜਾਚ ਲਿਆ ਕਿ ਅੱਜ ਮੈਂ ਜਿ਼ੰਦਗੀ ਦੀ ਦੌੜ ਹਾਰ ਗਿਆ ਹਾਂ ਅਤੇ ਮੇਰੇ
ਪੈਰਾਂ ਕੋਲੋਂ ਹਯਾਤੀ ਨਹੀਂ ਬਚਾਈ ਜਾਣੀ। ਉਹ ਨਿਮਾਣਾ ਖਲੋ ਗਿਆ ਅਤੇ ਦੋਵੇਂ ਹੱਥ ਰਫ਼ੀਕ
ਅੱਗੇ ਜੋੜ ਦਿੱਤੇ। ਕਿਸੇ ਕੰਮ ਨਾ ਆਏ ਉਹਦੇ ਹੱਥ। ਮੌਤ ਉਹਦੇ ਨਾਲ ਹੱਥ ਕਰ ਗਈ। ਜ਼ੁਲਮ ਦੇ
ਬੋਲ਼ੇ ਕੰਨਾਂ ਨੇ ਉਹਦਾ ਕੋਈ ਤਰਲਾ ਨਾ ਸੁਣਿਆ ਅਤੇ ਅੰਨ੍ਹੀਆਂ ਅੱਖਾਂ ਨੇ ਉਹਦੇ ਜੋੜੇ ਹੱਥ
ਨਾ ਵੇਖੇ। ਬਰਛੀ ਉਹਦੇ ਢਿੱਡ ਵਿੱਚ ਖੁੱਭ ਗਈ ਤੇ ਉਹ ਗੋਡਿਆਂ ਪਰਨੇ ਡਿੱਗਾ। ਜਿ਼ੰਦਗੀ ਨੇ
ਇੱਕ ਹੋਰ ਆਸ ਲਾਈ ਤੇ ਓਸ ਨੇ ਬਗਲ ਨਾਲ ਮਿਆਨ ਨੂੰ ਨੱਪਿਆ ਤੇ ਤਲਵਾਰ ਖਿੱਚੀ। ਏਨੇ ਚਿਰ
ਵਿੱਚ ਇੱਕ ਹੋਰ ਬਰਛੀ ਵੱਜੀ ਤੇ ਮੌਤ ਨੇ ਸਾਹ ਦੀ ਡੋਰੀ ਖਿੱਚ ਲਈ। ਮੈਂ ਬੜਾ ਹੀ ਨੇੜੇ ਖਲੋ
ਕੇ ਮੌਤ ਦੀ ਏਸ ਖੇਡ ਨੂੰ ਵੇਖਿਆ। ਸਾਹ ਕਿਵੇਂ ਨਿਕਲਦੇ ਨੇ, ਵੇਖਕੇ ਮੈਂ ਸਾਹ ਘੁੱਟ ਲਿਆ।
ਦਿਲ ਦੀ ਅੱਪੜ ਭੋਇੰ ਵਿੱਚ ਅੱਤਿਆਚਾਰ ਦੀ ਪਹਿਲੀ ਸੂਲ ਬੀਜੀ ਗਈ ਅਤੇ ਕੋਈ ਉੱਜੜਿਆ ਪੁੱਜੜਿਆ
ਕਰੀਰ ਉੱਗ ਆਇਆ।ਖੌ਼ਰੇ ਏਸੇ ਕਰਕੇ ਹੀ ਅੱਜ ਤੀਕਰ ਆਪਣੇ ਹਿਰਦੇ ਦੀ ਕਿਸੇ ਵੀ ਵੱਟਰੀ ਉੱਤੇ
ਮੈਂ ਕਦੇ ਖਿੜਦਾ ਹੋਇਆ ਗੁਲਾਬ ਨਾ ਬੀਜ ਸਕਿਆ। ਮੌਤ ਨੂੰ ਅੱਖੀਆਂ ਵਿੱਚ ਰੱਖ ਕੇ ਮੋਤੀਏ ਦੀ
ਹਰ ਕਲੀ ਤੋਂ ਮੂੰਹ ਫ਼ੇਰ ਲਿਆ। ਮੈਂ ਸੱਤਾਂ ਸਾਲਾਂ ਦਾ ਬਾਬਾ ਬਣ ਗਿਆ। ਮੈਨੂੰ ਡਿੱਗੇ ਹੋਏ
ਬਿਜੜੇ ਅਤੇ ਤੀਲਾ ਤੀਲਾ ਹੋਏ ਆਹਲਣੇ ਚੰਗੇ ਲੱਗਣ ਲੱਗ ਪਏ। ਉੱਚਿਆਂ ਚੁਬਾਰਿਆਂ ਨੂੰ ਛੱਡ ਕੇ
ਕਿਸੇ ਥੇਹ ਉੱਤੇ ਬਹਿ ਕੇ ਆਨੰਦ ਆਇਆ। ਅੱਧੀ ਰਾਤ ਨੂੰ ਦੂਰ ਕਿਧਰੇ ਬੋਲਦੀ ਟਟਿਆਹੁਲੀ ਕੰਨਾਂ
ਨੂੰ ਚੰਗੀ ਲੱਗੀ। ਹੜ੍ਹ ਦੇ ਪਾਣੀ ਵਿੱਚ ਰੁੜ੍ਹਦੇ ਹੋਏ ਰੁੱਖ ਉੱਤੇ ਇੱਕ ਲੱਤ ਉੱਤੇ ਖਲੋਤਾ
ਬਗਲਾ ਸੋਹਣਾ ਲੱਗਾ। ਮੈਂ ਮੰਦਾ ਹੁੰਦਾ ਵੇਖਿਆ ਅਤੇ ਮੁੜ ਕੋਈ ਵੀ ਸ਼ੈਅ ਚੰਗੀ ਨਾ ਲੱਗੀ।
ਕੀ ਵਗਾੜਿਆ ਸੀ ਓਸ ਸਿੱਖ ਨੇ? ਕਿਵੇਂ ਭੁੱਲ ਜਾਵਾਂ ਉਸ ਦੇ ਜੋੜੇ ਹੋਏ ਹੱਥਾਂ ਨੂੰ? ਮੈਨੂੰ
ਅੱਜ ਵੀ ਦਿੱਸਦੀ ਏ ਉਹਦੀ ਬਸੰਤੀ ਪੱਗ ਤੇ ਹੱਥ ਵਿੱਚ ਕੜਾ। ਮੋਟੀ ਸਾਰੀ ਗਾਹਲ ਕੱਢੀ
ਮੁਸਲਮਾਨਾਂ ਨੂੰ। ਹੱਥ ਵਿੱਚ ਫੜੀ ਤੱਕੜੀ ਦੇ ਦੂਸਰੇ ਛਾਬੇ ਨੂੰ ਇੱਕ ਵਾਰ ਫ਼ੇਰ ਪਾਸਕੂ ਬੰਨ
ਕੇ ਵੇਖਿਆ। ਜ਼ੁਲਮ ਦੇ ਸਾਰੇ ਵੱਟੇ ਮੇਰੀ ਮਾਸੂਮ ਜਿਹੀ ਰੂਹ ਦੀ ਤੱਕੜੀ ਦੀਆਂ ਨਸਾਂ ਤੋੜਨ
ਲੱਗ ਪਏ। ਨਿਆਂ ਦੀ ਡੰਡੀ ਫੇਰ ਛੁੱਟ ਗਈ। ਉਸਨੂੰ ਬਰਛੀਆਂ ਨਾਲ ਮੇਰੇ ਸਾਹਮਣੇ ਮਾਰ ਸੁੱਟਿਆ
ਸੀ। ਜਿ਼ੰਦਗੀ ਲਈ ਹੱਥ ਵੀ ਜੋੜੇ। ਸਾਹ ਐਨੇ ਸਸਤੇ ਹੋ ਜਾਣ ਤੇ ਹੱਥਾਂ ਦਾ ਮੁੱਲ ਕੌਣ ਪਾਂਦਾ
ਏ। ਉਹਦਾ ਲੀੜਾ ਲੱਤਾ ਫੋਲਿਆ ਤਾਂ ਬੋਝ ੇ’ਤੋਂ ਸਤਾਰਾਂ ਸੌ ਰੁਪਈਆ ਨਿਕਲਿਆ। ਫੋਣ ੇ’ਚ ਬੱਧੀ
ਰੋਟੀ ਅਤੇ ਛੰਨ ੇ’ਚ ਪਿਆ ਸਲੂਣਾ ਪਰ੍ਹਾਂ ਡੁੱਲਿਆ ਪਿਆ ਸੀ। ਓਸ ਸ਼ੋਹਦੇ ਦੀ ਭਾਲ ਕੀਤੀ ਤਾਂ
ਉਹ ਭੁਰੇ ਗਿੱਲਾਂ ਦਾ ਜੱਟ ਸੀ ਜਿਹੜਾ ਅਜਨਾਲੇ ਹਸਪਤਾਲ ਵਿੱਚ ਆਪਣੇ ਬੀਮਾਰ ਪੁੱਤ ਦੀ ਰੋਟੀ
ਲੈ ਕੇ ਚੱਲਿਆ ਸੀ। ਆਪਣੀ ਤੀਵੀਂ ਕੋਲੋਂ ਸਤਾਰਾਂ ਸੌ ਰੁਪਈਆ ਤਾਂ ਲੈ ਕੇ ਪੱਲੇ ਬੰਨ੍ਹ ਲਿਆ
ਸੀ- ਹਿੱਲੇਜੁੱਲੇ ਪਏ ਹੋਏ ਨੇ, ਤੇ ਰਾਤੀਂ ਪਿੰਡ ਵਿੱਚ ਕਿਧਰੇ ਹਮਲਾ ਨਾ ਹੋ ਜਾਵੇ ਤੇ ਪੈਸੇ
ਨਾਲ ਲੈ ਜਾਵਾਂ। ਟੁਰਨ ਲੱਗਿਆਂ ਉਹਦੀ ਜ਼ਨਾਨੀ ਨੇ ਇਹ ਵੀ ਆਖਿਆ ਸੀ ਕਿ ‘ਤੂੰ ਗੁਜਰਾਂਵਾਲੀ
ਥਾਣੀਂ ਲੰਘ ਕੇ ਜਾਈਂ, ਓਸ ਪਿੰਡ ਦੇ ਲੋਕ ਭਲੇਮਾਣਸ ਨੇ।’ ਉਹ ਵਿਚਾਰਾ ਭਲੇਮਾਣਸਾਂ ਹੱਥੋਂ
ਹੀ ਕਤਲ ਹੋਇਆ।
ਓਸੇ ਰਾਤ ਪਿੰਡ ਵਿੱਚ ਇਕੱਠ ਹੋਇਆ ਤੇ ਸਤਾਰਾਂ ਸੌ ਰੁਪਏ ਨੂੰ ਮਸੀਤ ਉੱਤੇ ਵਰਤਣ ਦਾ ਫ਼ੈਸਲਾ
ਕੀਤਾ ਗਿਆ। ਇਹ ਇਮਾਨਤ ਚੌਧਰੀ ਜਾਲੋ (ਜਲਾਲਦੀਨ) ਨੂੰ ਫੜਾਈ ਗਈ, ਜਿਹਨੇ ਪਾਕਿਸਤਾਨ ਪੁੱਜ
ਕੇ ਖਿ਼ਆਨਤ ਕੀਤੀ ਤੇ ਮਸੀਤ ਮੂੰਹ ਹੀ ਵੇਖਦੀ ਰਹਿ ਗਈ। ਅੱਜ ਤੇ ਜਾਲੋ ਨੂੰ ਮਰੇ ਹੋਏ
ਚਾਲ੍ਹੀ ਵਰ੍ਹੇ ਹੋ ਗਏ ਨੇ-ਜਿੱਥੇ ਗਈਆਂ ਬੇੜੀਆਂ ਓਥੇ ਗਏ ਮਲਾਹ।
ਜਿਹੜੇ ਦਿਹਾੜੇ ਭਲੇਮਾਣਸਾਂ ਸਿੱਖ ਮਾਰਿਆ ਓਸ ਰਾਤ ਕੋਈ ਨਾ ਸੁੱਤਾ। ਆਪਣੀਆਂ ਨੀਂਦਾਂ ਆਪ
ਹਰਾਮ ਕੀਤੀਆਂ, ਸੁੱਤੀ ਕਲਾ ਜਗਾਈ ਅਤੇ ਆਪ ਹੀ ਮੌਤ ਨੂੰ ਵਾਜਾਂ ਮਾਰੀਆਂ। ਲੋਕੀਂ ਡਰਦੇ
ਸਾਰੇ ਕੋਠਿਆਂ ’ਤੇ ਸੌਣ ਲੱਗ ਪਏ ਤੇ ਮੌਤ ਦੇ ਬਡਾਵੇ ਹਰ ਪਾਸੇ ਨੱਚਣ ਲੱਗ ਪਏ। ਕੁਝ
ਭਲੇਮਾਣਸਾਂ ਏਸ ਹੱਤਿਆ ਦੀ ਰੱਜ ਕੇ ਨਿੰਦਾ ਵੀ ਕੀਤੀ, ਪਰ ਓਸ ਲਾਲ ਹਨੇਰੀ ਵਿੱਚ ਭਲੇਮਾਣਸ
ਅਤੇ ਭਲਾ ਕਰਨ ਵਾਲਿਆਂ ਦੀ ਕੀ ਵੱਟਕ ਸੀ।
‘ਮੰਦੀਂ ਕੰਮੀਂ ਨਾਨਕਾ ਤੇ ਜਦ ਕਦੇਂ ਮੰਦਾ ਹੋ’-ਵਾਈਆਂ ਉੱਡੀਆਂ, ਦੁਹਾਈ ਫਿ਼ਰ ਗਈ ਪਈ
‘ਸਿੱਖਾਂ ਆਖਿਆ ਏ ਗੁਜਰਾਂਵਾਲੀ ਤੋਂ ਬਦਲਾ ਜ਼ਰੂਰ ਲੈਣਾ ਏ।’ ਹਰ ਬੰਦਾ ਆਪਣੇ ਪਰਛਾਂਵੇਂ
ਕੋਲੋਂ ਡਰਨ ਲੱਗ ਪਿਆ। ਲਾਗੇ ਚਾਗੇ ਸਿੱਖਾਂ ਦੇ ਪਿੰਡ ਭੁਰੇ ਗਿੱਲ, ਹਰੜ, ਚੀਮੇ ਅਤੇ
ਚਮਿਆਰੀ ਵਾਲਿਆਂ ਨੇ ਮੜਾਸੇ ਵਲ ਲਏ। ਪਿੰਡ ਵਿੱਚ ਵਾਹਰ ਪੈ ਗਈ। ਮਾਹਿਰ ਸ਼ਾਹਪੁਰੀਏ ਦੀ
ਇਤਲਾਹ ਮੂਜਬ ਗੁਜਰਾਂਵਾਲੀ ‘ਤੇ ਹਮਲਾ ਹੋ ਜਾਣਾ ਏਂ। ਜਨਾਨੀਆਂ ਬਾਲਾਂ ਨੂੰ ਹਿੱਕ ਨਾਲ ਲਾ
ਕੇ ਰੋਣ ਲੱਗ ਪਈਆਂ। ਵੱਡੇ ਵਡੇਰਿਆਂ ਏਸ ਗੱਲ ਨੂੰ ਬੇਗੁਨਾਹ ਦਾ ਕਤਲ ਮਿੱਥਿਆ। ਮਾਮੇ ਖੁਦਾ
ਬਖ਼ਸ਼ ਨੇ ਮਸੀਤ ਦੀ ਖੂੁਹੀ ਦੀ ਮਣ ’ਤੇ ਚੜ੍ਹ ਕੇ ਆਖਿਆ, ‘ਓਏ!ਹੁਣ ਹੱਥਾਂ ਦੀਆਂ ਦਿੱਤੀਆਂ
ਮੂੰਹ ਨਾਲ ਖੋਲ੍ਹਣੀਆਂ ਪੈਣਗੀਆਂ। ‘ਕੀ ਖੱਟਿਆ ਜੇ ਬੇਗੁਨਾਹੇ ਨੂੰ ਮਾਰ ਕੇ।’ ਪਿੰਡ ਵਿੱਚ
ਦੌੜ ਭੱਜ ਪੈ ਗਈ ਅਤੇ ਪਿੰਡ ਛੱਡ ਕੇ ਰਾਵੀ ਵੱਲ ਚਲਾਣਾ ਕਰਨ ਦਾ ਮਤਾ ਪਕਾ ਲਿਆ। ਮੇਰੀ ਜੰਮਣ
ਭੋਇੰ ‘ਤੇ ਖਲ੍ਹੋ ਕੇ ਵੇਖਣ ਵਾਲਾ ਅੱਜ ਆਖ਼ਰੀ ਸੂਰਜ ਸਾਰੇ ਦਿਨ ਦਾ ਪੈਂਡਾ ਮੁਕਾ ਚੁੱਕਿਆ
ਸੀ। ਇਹ ਲਹੂ ਵਰਗੀ ਲਾਲੀ ਭਰਿਆ ਸੂਰਜ ਹੁਣੇ ਡੁੱਬ ਜਾਵੇਗਾ। ਏਸ ਦੇ ਪਿੱਛੋਂ ਕੋਈ ਵੀ ਅਜਿਹਾ
ਸੂਰਜ ਨਹੀਂ ਚੜ੍ਹਿਆ ਜਿਹਨੂੰ ਮੈਂ ਆਪਣੀ ਜੰਮਣ ਭੋਇੰ ਤੇ ਖਲੋ ਕੇ ਵੇਖਾਂਗਾ। ਅੱਜ ਮੈਂ ਆਪਣੀ
ਹੀ ਮਿੱਟੀ ਨਾਲੋਂ ਵੱਖ ਹੋ ਰਿਹਾ ਸਾਂ। ਛੱਡ ਰਿਹਾ ਸਾਂ ਆਪਣੀ ਮਾਂ ਦੀ ਉਂਗਲ। ਬਿਗਾਨੇ ਹੋ
ਰਹੇ ਸਨ ਵਿਹੜੇ ਤੇ ਬਰੂਹਾਂ। ਗਵਾਚ ਚੱਲਿਆ ਸੀ ਮੇਰਾ ਬਾਲਪਣ ਜਿਹੜਾ ਏਸ ਮਿੱਟੀ ਵਿੱਚ ਘਰ ਘਰ
ਬਣਾ ਕੇ ਖੇਡਦਾ ਸੀ। ਰੁੱਸ ਚੱਲੀਆਂ ਸਨ ਉਹ ਗਲੀਆਂ ਜਿਹਨਾਂ ਵਿੱਚ ਹਾਣੀਆਂ ਨਾਲ ਖੇਡਿਆ ਸਾਂ।
ਰੋ ਪਏ ਸਨ ਉਹ ਰੁੱਖ ਜਿਹਨਾਂ ਦੀਆਂ ਛਾਵਾਂ ਥੱਲੇ ਅਸੀਂ ਇੱਕੋ ਹਾਣ ਦੇ ਮੁੰਡੇ ਕੁੜੀਆਂ
ਦੁਪਹਿਰੇ ਧਮੱਚੜੀ ਮਚਾਂਦੇ ਸਾਂ। ਅੱਖਾਂ ਵਿੱਚ ਹੰਝੂ ਭਰਕੇ ਸੈਣਤਾਂ ਮਾਰਦੇ ਸਨ ਉਹ ਬਨੇਰੇ
ਜਿਹਨਾਂ ਉੱਤੇ ਲੱਤਾਂ ਲਮਕਾ ਕੇ ਬੈਠਦੇ ਸਾਂ ਕਦੇ।
ਲ਼ੋਕੀਂ ਵੇਲਾ ਸੰਭਾਲਣ ਲੱਗ ਪਏ। ਪਹਿਰ,ਸਦੀਆਂ ਦੇ ਵਸੇਬ ਕੀਤੇ ਭਰਿਆਂ ਘਰਾਂ ਵਿੱਚੋਂ ਕੀ
ਚੁੱਕਣਾ ਤੇ ਕੀ ਛੱਡਣਾ ਸੀ। ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਆਪਣੀ ਮਿੱਟੀ ਨੂੰ ਸਲਾਮ
ਕਰਕੇ ਅੱਜ ਛੱਡ ਦੇਣਾ ਸੀ।
ਕੀ ਰਹਿ ਜਾਂਦਾ ਏ ਜਜ਼ਬਾਤ ਦੇ ਪੱਲੇ ਜਦੋਂ ਬੰਦੇ ਨੂੰ ਜੰਮਣ ਭੋਇੰ ਸਾਰੀ ਹਯਾਤੀ ਲਈ ਛੱਡਣੀ
ਪਏ।
ਮਾਂ ਨੇ ਦੋ ਬੋਰੀਆਂ ਵਿੱਚ ਨਿੱਕ ਸੁੱਕ ਜਿਹਾ ਪਾਇਆ ਤੇ ਮੱਝ ਉੱਤੇ ਲੱਦ ਲਿਆ। ਆਪਾ ਨਵਾਬ
ਬੀਬੀ ਆਪਣਾ ਲੀੜਾ-ਲੱਤਾ ਇੱਕ ਖੇਸ ਵਿੱਚ ਬੰਨ੍ਹਿਆਂ ਤੇ ਮਗਰ ਪਿੱਛੇ ਪਾ ਲਿਆ। ਮੈਂ ਆਪਣੀ
ਚੀਨੀ ਕੁਕੜੀ ਤੇ ਬੱਗੇ ਕੁੱਕੜ ਨੂੰ ਇੱਕ ਰੱਸੇ ਨਾਲ ਬੰਨ੍ਹ ਕੇ ਆਪਣੇ ਮੋਢ ੇ’ਤੇ ਲਮਕਾ ਲਿਆ।
ਕੰਧ ਉੱਤੇ ਬੈਠੀ ਬਿੱਲੀ ਨੂੰ ਖ਼ੌਰੇ ਕੀ ਸੁੱਝੀ, ਮੇਰੇ ਵੱਲ ਵੇਖ ਕੇ ਮਿਆਊਂ ਮਿਆਊਂ ਕੀਤਾ,
ਪਰ ਮਾਂ ਨੇ ਆਖਿਆ, ‘ਵੇ ਪੁੱਤ ਇਹਨੂੰ ਏਥੇ ਈ ਰਹਿਣ ਦੇ ਇਹ ਸਾਡੇ ਨਾਲ ਕਿੱਥੇ ਧੱਕੇ
ਖਾਵੇਗੀ।’ ਮੈਂ ਉਹਦੇ ਸਿਰ ਨੂੰ ਫੜ ਕੇ ਚੁੰਮਿਆ। ਉਹਦੀ ਗਲ ਪਈ ਘੁੰਗਰੀ ਨੂੰ ਫੜ ਕੇ ਆਖਿਆ,
‘ਮਾਣੋ! ਤੂੰ ਮੈਨੂੰ ਉਡੀਕਦੀ ਰਹਵੀਂ, ਮੈਂ ਕਿਸੇ ਦਿਹਾੜੇ ਆ ਕੇ ਤੈਨੂੰ ਲੈ ਜਾਵਾਂਗਾ।’
ਜਿਹੜਾ ਕਦੀ ਨਾ ਆਇਆ।
ਸੂਰਜ ਹੋਰ ਲਾਲੀ ਫੜੀ ਜਾਂਦਾ ਸੀ। ਮੌਤ ਦੇ ਪਰਛਾਂਵੇਂ ਲੰਮੇ ਹੁੰਦੇ ਜਾਂਦੇ ਸਨ। ਸਾਡੀ
ਗਵਾਂਢਣ ਬਸ਼ੀਰਾਂ ਬਰਵਾਲੀ ਨੇ ਮੌਤ ਦਾ ਚੇਤਾ ਕਰਾਉਂਦਿਆਂ ਆਖਿਆ, ‘ਮਾਸੀ, ਨਿਕਲਣ ਦਾ ਚਾਰਾ
ਕਰੋ, ਹਨੇਰਾ ਹੋ ਗਿਆ ਤਾਂ ਹਨੇਰ ਪੈ ਜਾਣਾ ਜੇ।’ ਸਾਰੇ ਪਿੰਡ ਨੇ ਮਸੀਤ ਕੋਲ ਇਕੱਠਾ ਹੋ ਕੇ
ਜੱਥਾ ਬਣਨਾ ਸੀ। ਦੂਜੀ ਗਵਾਂਢਣ ਬੇਬੇ ਦੀ ਸਹੇਲੀ ਬੇਗਮ ਬੀਬੀ ਸੌਦਾ ਸੂਤ ਬੰਨ੍ਹ ਕੇ ਸਕੀਨਾ
ਅਤੇ ਫ਼ੀਕੇ ਨੂੰ ਹਿੱਕ ਨਾਲ ਲਾ ਕੇ ਭੁੱਬਾਂ ਮਾਰ ਮਾਰ ਰੋਈ ਜਾਂਦੀ ਸੀ। ਉਹਦੇ ਸੀਨੇ ਉੱਤੇ
ਇੱਕ ਅਚਰਜ ਹੀ ਫੱਟ ਸੀ। ਉਹਦਾ ਖਾਵੰਦ ਹੁਸੈਨ ਕਈ ਚਿਰਾਂ ਤੋਂ ਮੰਜੀ ਨਾਲ ਮੰਜੀ ਹੋਇਆ ਪਿਆ
ਸੀ। ਨਾ ਉਹ ਟੁਰਨ ਜੋਗਾ ਤੇ ਨਾ ਕੋਈ ਉਹਨੂੰ ਚੁੱਕਣ ਜੋਗਾ। ਜਵਾਨ ਧੀ ਸਕੀਨਾ ਨੇ ਪਿਓ ਦੇ
ਪੈਰ ਫੜ ਕੇ ਅੱਖਾਂ ਨਾਲ ਲਾਏ ਤੇ ਪਾਣੀ ਪਰਨਾਲਿਆਂ ਤੋਂ ਬਾਹਰ ਵਹਿਣ ਲੱਗ ਪਿਆ। ਹੁਸੈਨ ਨੇ
ਆਉਂਦੀ ਮੌਤ ਤੇ ਜਾਂਦੀ ਜਿ਼ੰਦਗੀ ਦੀ ਮੂਰਤ ਵੇਖੀ ਤੇ ਬੜੇ ਹੀ ਨਿਮਾਣੇ ਜੇਹੇ ਦੋ ਅੱਥਰੂ
ਉਹਦੀਆਂ ਅੱਖਾਂ ਵਿੱਚੋਂ ਕਿਰ ਗਏ।
ਡੁੱਬਦਾ ਸੂਰਜ, ਸ਼ੂਕਦੀ ਮੌਤ, ਛੁੱਟਦੀ ਜੰਮਣ ਭੋਇੰ, ਜਿ਼ੰਦਗੀ ਦੇ ਵਿਛੋੜੇ ਅਤੇ ਆਉਣ ਵਾਲੇ
ਕੱਲ੍ਹ ਦਾ ਖ਼ੌਫ਼। ਕਿੱਥੋਂ ਲਿਆਵੇ ਕੋਈ ਐਡਾ ਜੇਰਾ।
ਮੰੈਂ ਕੰਧ ਥਾਣੀਂ ਝਾਤੀ ਮਾਰੀ ਤੇ ਲੰਮੇ ਪਏ ਹੁਸੈਨ ਨੇ ਆਪਣੇ ਪੁੱਤ ਫ਼ੀਕੇ (ਰਫ਼ੀਕ)ਨੂੰ
ਲੰਮੀ ਜਿਹੀ ਜੱਫੀ ਪਾ ਕੇ ਚੁੰਮਿਆ। ਇੱਕੋ ਇੱਕ ਪੁੱਤ ਸੀ ਜਿਸਨੂੰ ਹੁਸੈਨ ਬੜੇ ਆਹਰ ਨਾਲ
ਧਾਰਾਂ ਦੇਂਦਾ ਹੁੰਦਾ ਸੀ। ਬੜੇ ਲਾਡ ਨਾਲ ਪਾਲਿਆ ਸੀ ਓਸ ਨੇ ਫ਼ੀਕੇ ਨੂੰ। ਬੇਗਮ ਨੇ ਖਿੱਚ
ਕੇ ਫ਼ੀਕੇ ਨੂੰ ਹੁਸੈਨ ਕੋਲੋਂ ਵੱਖਰਾ ਕੀਤਾ ਤੇ ਹੁਸੈਨ ਨੇ ਬੜਾ ਹੀ ਚਿਰ ਹਵਾ ਵਿੱਚ ਹੱਥ
ਅੱਡੀ ਰੱਖੇ।
ਪਰ੍ਹਾਂ ਝਾਤੀ ਮਾਰੀ ਤੇ ਬਰਛੀਆਂ ਬਲਮਾਂ ਵਾਲੇ ਘਾਤ ਲਾਈ ਬੈਠੇ ਸਨ। ਅਜੇ ਘਰਾਂ ਵਾਲੇ ਘਰ ਵੀ
ਨਹੀਂ ਸਨ ਖਾਲੀ ਕਰਦੇ ਅਤੇ ਝੋਲੀਆਂ ਭਰਨ ਵਾਲੇ ਅੰਦਰ ਵੜ ਕੇ ਲੁੱਟ ਮਾਰ ਸ਼ੁਰੂ ਕਰ ਦਿੰਦੇ
ਸਨ।
ਮੇਰੀ ਮਾਂ ਨੇ ਵਾਜ ਮਾਰ ਕੇ ਆਖਿਆ, ‘ਨੀ ਬੇਗੋ (ਬੇਗਮ) ਪਿੰਡ ਤਾਂ ਖਾਲੀ ਹੋ ਗਿਆ ਏ ਨਿਕਲਣ
ਵਾਲੀ ਗੱਲ ਕਰ।’ ਬੇਗੋ ਆਪਣੀ ਧੀ,ਪੁੱਤ ਸਕੀਨਾ ਤੇ ਫ਼ੀਕੇ ਨੂੰ ਲੈ ਕੇ ਅਜੇ ਬਰੂਹਾਂ ਹੀ
ਟੱਪੀ ਸੀ ਕਿ ਸਾਈਂ ਅੰਦਰ ਆ ਵੜੇ। ਸਾਡੇ ਤੇ ਬੇਗੋ ਦੇ ਘਰ ਵਿੱਚ ਕੰਧ ਦੀ ਉਚਾਈ ਬੰਦਾ ਬੰਦਾ
ਹੀ ਸੀ। ਅਸਾਂ ਸਾਰਿਆਂ ਨੇ ਬੇਗੋ ਦੇ ਘਰ ਝਾਤ ਮਾਰੀ। ਮੈਂ ਇੱਕ ਅਜੇਹੀ ਫੋ਼ਟੋ ਵੇਖੀ ਜਿਹੜੀ
ਮੇਰੀਆਂ ਅੱਖਾਂ ਨੇ ਆਪਣੀਆਂ ਪੁਤਲੀਆਂ ਵਿੱਚ ਅੱਜ ਵੀ ਓਸੇ ਤਰ੍ਹਾਂ ਸੰਭਾਲ ਕੇ ਰੱਖੀ ਹੋਈ ਏ।
ਮੰਜੀ ਉੱਤੇ ਪਏ ਅੱਧ ਸਿਰੇ ਹੁਸੈਨ ਨੂੰ ਇੱਕ ਖੱਟੀ ਪੱਗ ਵਾਲੇ ਕਾਲੇ ਜਿਹੇ ਸਿੱਖ ਨੇ ਧੌਣ
ਉੱਤੇ ਗਾਤਰਾ ਮਾਰਿਆ ਤੇ ਬਹਾਦਰਾਂ ’ਚ ਆਪਣਾ ਨਾਂ ਲਿਖਵਾ ਲਿਆ। ਸਕੀਨਾ ਨੇ ਚੀਕ ਮਾਰੀ ਪਰ
ਬੇਗੋ ਨੇ ਉਹਦੇ ਮੂੰਹ ਉੱਤੇ ਹੱਥ ਰੱਖ ਕੇ ਉਹਨੂੰ ਆਪਣੇ ਪਿਓ ਦੀ ਮੌਤ ਉੱਤੇ ਖੁੱਲ੍ਹ ਕੇ ਰੋਣ
ਵੀ ਨਾ ਦਿੱਤਾ। ਫ਼ੀਕਾ ਆਪਣੀ ਬੇਬੇ ਨੂੰ ਚੰਬੜ ਗਿਆ।”
ਮੰੈਨੂੰ ਸਿੱਖ ਬੜੇ ਮੰਦੇ ਲੱਗੇ। ਮੈਂ ਮੰਦਾ ਬੋਲਿਆ। ਦੋਹਾਂ ਪੰਜਾਬੀਆਂ ਨੂੰ ਤੱਕੜੀ ਵਿੱਚ
ਪਾਇਆ, ਪਰ ਨਿਆਂ ਨਾ ਕਰ ਸਕਿਆ।
ਮੇਰੀ ਬੇਬੇ ਨੇ ਬੂਹੇ ਨੂੰ ਜੰਦਰਾ ਮਾਰਿਆ। ਖ਼ੌਰੇ ਕੀ ਪੜ੍ਹ ਕੇ ਸਾਰੇ ਘਰ ਉੱਤੇ ਫ਼ੂਕ
ਮਾਰੀ। ਆਪਾ ਨਵਾਬ ਬੀਬੀ ਨੂੰ ਆਖਿਆ, ‘ਨੀ! ਚੁੱਲ੍ਹੇ ’ਤੇ ਤਵਾ ਮੂਧਾ ਮਾਰਦੇ, ਕਦੇ ਮੀਂਹ ਹੀ
ਪੈ ਜਾਂਦਾ ਏ।’ –ਜਿਹੜੇ ਚੁੱਲ ੇ’ਤੇ ਮਾਂ ਨੇ ਫ਼ੇਰ ਕਦੇ ਵੀ ਰੋਟੀ ਨਾ ਪਕਾਈ।
ਘਰੋਂ ਨਿਕਲਣ ਤੇ ਚੌਂਤਰੇ ਦੀ ਕੰਧ ਉੱਤੇ ਬੈਠੀ ਹੋਈ ਆਪਣੀ ਮਾਣੋ ਦਾ ਮੂੰਹ ਇੱਕ ਵਾਰੀ ਫ਼ੇਰ
ਚੁੰਮਿਆ। ਉਹਨੇ ਅੱਗੋਂ ਹੌਲੀ ਜਿਹੀ ‘ਮਿਆਊਂ’ ਕੀਤਾ। ਖੌਰੇ ਕੀ ਆਖਦੀ ਸੀ।
ਅਸੀਂ ਹੰਝੂਆਂ ਵਿੱਚ ਡੁੱਬੀਆਂ ਅੱਖਾਂ ਨਾਲ ਪਿੰਡ ਨੂੰ ਛੱਡ ਰਹੇ ਸਾਂ ਤੇ ਲਾਲ ਸੂਹਾ ਲਹੂ
ਵਿੱਚ ਡੁੱਬਿਆ ਸੂਰਜ ਸਾਨੂੰ ਆਖ਼ਰੀ ਸਲਾਮ ਕਰਕੇ ਡੁੱਬ ਗਿਆ।
-0-
|