1960ਵਿਆਂ ਵਿਚ ਜਦੋਂ
ਮੈਂ ਦਿੱਲੀ ਤੋਂ ਪਿੰਡ ਗੇੜਾ ਮਾਰਦਾ ਤਾਂ ਘਰੇ ‘ਕਲਿਆਣ’ ਤੇ ‘ਪੀ ਬੀ 18’ ਦੇ ਬੀਜ ਦੀਆਂ
ਗੱਲਾਂ ਹੁੰਦੀਆਂ। ਮੈਨੂੰ ਕਿਹਾ ਜਾਂਦਾ, “ਦਿੱਲੀਓਂ ਬੀ ਮਿਲੇ ਤਾਂ ਲਿਆਈਂ।” ਕਿਸੇ ਨੇ ਦੱਸ
ਪਾ ਰੱਖੀ ਸੀ ਕਿ ਦਿੱਲੀ ਦੇ ਪੂਸਾ ਇੰਸਟੀਚਿਊਟ ਤੋਂ ਬੀਜ ਮਿਲ ਸਕਦੈ। ਕਲਿਆਣ ਦੇ ਦਾਣੇ ਮੋਟੇ
ਤੇ ਰੰਗ ਸ਼ਰਬਤੀ ਸੀ ਜਦ ਕਿ ਪੀ ਬੀ 18 ਦੇ ਬਰੀਕ ਤੇ ਰੰਗ ਦੇ ਘਸਮੈਲੇ ਸਨ। ਝਾੜ ਦੋਹਾਂ ਹੀ
ਬੀਜਾਂ ਦਾ ਪਹਿਲੀਆਂ ਦੇਸੀ ਕਣਕਾਂ ਨਾਲੋਂ ਦੁੱਗਣਾ ਸੀ। ਦੇਸੀ ਕਣਕਾਂ ਕਿੱਲੇ ‘ਚੋਂ ਮਸਾਂ
ਵੀਹ ਬਾਈ ਮਣ ਨਿਕਲਦੀਆਂ ਸਨ ਪਰ ਮੈਕਸੀਕਨ ਕਣਕਾਂ ਬਾਰੇ ਕਿਹਾ ਜਾਂਦਾ ਸੀ ਕਿ ਕਿੱਲੇ ‘ਚੋਂ
ਚਾਲੀ ਮਣ ਤੋਂ ਉਤੇ ਨਿਕਲਦੀਐਂ।
1960ਵਿਆਂ ‘ਚ ਪੰਜਾਬ ਦੇ ਕਿਸਾਨਾਂ ਦੀਆਂ ਗੱਲਾਂ ਦਾ ਧੁਰਾ ਮੈਕਸੀਕਨ ਕਣਕਾਂ ਦੇ ਬੀਜ ਹੀ
ਰਿਹਾ। ਸੱਥਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਡੇਰਿਆਂ, ਗੁਰਦੁਆਰਿਆਂ, ਰਾਹ ਖਹਿੜੇ ਤੇ
ਖੇਤਾਂ-ਬੰਨਿਆਂ ‘ਤੇ ਜਦੋਂ ਕਿਸਾਨ ਇਕ ਦੂਜੇ ਨੂੰ ਮਿਲਦੇ ਤਾਂ ਕਲਿਆਣ ਤੇ ਪੀ ਬੀ 18 ਦੀਆਂ
ਗੱਲਾਂ ਕਰਦੇ। ਉਹ ਖੀਸਿਆਂ ‘ਚੋਂ ਨਵੇਂ ਬੀਜ ਦੇ ਦਾਣੇ ਕੱਢ ਕੇ ਵਿਖਾਉਂਦੇ ਤੇ ਇਕ ਦੂਜੇ ਨਾਲ
ਨਿਰਖਦੇ। ਅਸਲੀ ਨਕਲੀ ਬੀਜ ਦੀ ਪਛਾਣ ਕਰਦੇ। ਕੋਈ ਕਹਿੰਦਾ ਦਿੱਲੀ ਦੇ ਪੂਸਾ ਇੰਸਟੀਚਿਊਟ ਤੋਂ
ਲਿਆਂਦੈ ਤੇ ਕੋਈ ਕਹਿੰਦਾ ਜ਼ਰਾਇਤੀ ਯੂਨੀਵਰਸਿਟੀ ਲੁਧਿਆਣੇ ਤੋਂ। ਕਸੀਰਾਂ ਤੋਂ ਘੋਨੀ ਇਕ
ਕਣਕ ਦਾ ਨਾਂ ਕਿਸੇ ਨੇ ‘ਗੇਬੋ’ ਰੱਖ ਲਿਆ ਸੀ ਜਦ ਕਿ ਅੰਗਰੇਜ਼ੀ ਵਿਚ ਉਸ ਦਾ ਨਾਂ ਕੁਝ ਹੋਰ
ਸੀ। ਐਨ ਉਵੇਂ ਜਿਵੇਂ ਆਇਸ਼ਰ ਟ੍ਰੈਕਟਰ ਨੂੰ ਆਸ਼ਾ ਟ੍ਰੈਕਟਰ ਕਹਿਣ ਲੱਗ ਪਏ ਸਨ।
ਪਿੰਡ ਦਾਖੇ ਦਾ ਪਿੰ੍ਰ. ਹਰਬੰਤ ਸਿੰਘ ਦਿੱਲੀ ਆਉਂਦਾ ਜਾਂਦਾ ਸੀ। ਉਹ ਪ੍ਰੋ. ਜਸਵੰਤ ਸਿੰਘ
ਫੁੱਲ ਕੋਲ ਠਹਿਰਦਾ ਸੀ। ਮੇਰਾ ਵੀ ਜਸਵੰਤ ਫੁੱਲ ਕੋਲ ਆਉਣ ਜਾਣ ਸੀ। ਉਥੇ ਮੇਰੀ ਡਾ. ਹਰਬੰਤ
ਸਿੰਘ ਨਾਲ ਸਿਆਣ ਹੋ ਗਈ। ਪਿੱਛੋਂ ਨੇੜੇ ਤੇੜੇ ਦੇ ਪਿੰਡਾਂ ਦੇ ਜੁ ਹੋਏ। ਉਦੋਂ ਉਹ ਗੁਰੂ
ਕਾਸ਼ੀ ਕਾਲਜ ਤਲਵੰਡੀ ਸਾਬੋ ਦਾ ਪ੍ਰਿੰਸੀਪਲ ਸੀ ਤੇ ਕਾਲਜ ਦਾ ਸਮਾਨ ਲੈਣ ਲਈ ਦਿੱਲੀ ਗੇੜਾ
ਮਾਰਦਾ ਰਹਿੰਦਾ ਸੀ। ਪ੍ਰੋ. ਫੁੱਲ ਰੁੱਝਿਆ ਹੁੰਦਾ ਤਾਂ ਮੈਂ ਉਹਦਾ ਸਾਥ ਦਿੰਦਾ। ਉਹਦੀ ਉਮਰ
ਭਾਵੇਂ ਸੱਠ ਸਾਲ ਦੇ ਨੇੜ ਸੀ ਪਰ ਦੱਖ ਜੁਆਨਾਂ ਵਰਗੀ ਸੀ। ਇਕ ਦਿਨ ਕਨਾਟ ਪਲੇਸ ਘੁੰਮਦਿਆਂ
ਕਹਿਣ ਲੱਗਾ, “ਸਰਵਣ ਸਿਆਂ, ਓਡੀਅਨ ਸਿਨਮੇ ‘ਚ ਫਿਲਮ ‘ਸੰਗਮ’ ਲੱਗੀ ਐ। ਜੇ ਟਿਕਟਾਂ ਦਾ
ਹੱਲਾ ਮਾਰ ਲਵੇਂ ਤਾਂ ਦੇਖ ਈ ਲਈਏ।”
ਮੈਂ ਹੱਲਾ ਮਾਰਿਆ ਤੇ ਧੱਕੋਧੱਕੀ ਹੁੰਦੀ ਲਾਈਨ ‘ਚੋਂ ਮੂਹਰੇ ਨਿਕਲ ਕੇ ਦੋ ਟਿਕਟਾਂ ਲੈ ਆਇਆ।
ਪ੍ਰਿੰਸੀਪਲ ਨੇ ਮੈਨੂੰ ਸ਼ਾਬਾਸ਼ੇ ਦਿੱਤੀ ਕਿ ਜੁਆਨ ਹੋਵੇ ਤਾਂ ਤੇਰੇ ਵਰਗਾ ਹੋਵੇ ਜਿਹੜਾ
ਧੱਕੇ ਨਾਲ ਅੱਗੇ ਨਿਕਲ ਸਕੇ। ਅਸੀਂ ਫਿਲਮ ਵੇਖੀ ਜੀਹਦਾ ਇਕ ਗਾਣਾ ਮੈਨੂੰ ਅਜੇ ਤਕ ਵੀ ਯਾਦ
ਹੈ-ਤੇਰੇ ਮਨ ਕੀ ਗੰਗਾ, ਮੇਰੇ ਮਨ ਕੀ ਜਮਨਾ ਕਾ, ਬੋਲ ਰਾਧਾ ਬੋਲ ਸੰਗਮ ਹੋਗਾ ਯਾ
ਨਹੀਂ...।”
ਡਾ. ਹਰਬੰਤ ਸਿੰਘ ਬੌਟਨੀ ਦਾ ਪੀ ਐੱਚ. ਡੀ. ਸੀ। ਪਹਿਲਾਂ ਉਹ ਖ਼ਾਲਸਾ ਕਾਲਜ ਅੰਮ੍ਰਿਤਸਰ ਦਾ
ਪ੍ਰਿੰਸੀਪਲ ਲੱਗਾ ਸੀ। ਉਨ੍ਹਾਂ ਦਿਨਾਂ ਵਿਚ ਹੀ ਪੰਜਾਬੀ ਸੂਬੇ ਦਾ ਮੋਰਚਾ ਲੱਗ ਗਿਆ ਤੇ
ਕੈਰੋਂ ਸਰਕਾਰ ਨੇ ‘ਪੰਜਾਬੀ ਸੂਬਾ ਜਿ਼ੰਦਾਬਾਦ’ ਦੇ ਨਾਹਰੇ ਉਤੇ ਪਾਬੰਦੀ ਲਾ ਦਿੱਤੀ। ਉਸ ਨੇ
ਇਕ ਲੇਖ ਲਿਖ ਕੇ ਇਸ ਪਾਬੰਦੀ ਦਾ ਵਿਰੋਧ ਕੀਤਾ ਤਾਂ ਕਾਲਜ ਦੀ ਮਜੀਠੀਆ ਕਾਂਗਰਸੀ ਕਮੇਟੀ ਨੇ
ਉਸ ਨੂੰ ਪ੍ਰਿੰਸੀਪਲ ਦੇ ਅਹੁਦੇ ਤੋਂ ਹਟਾ ਦਿੱਤਾ। ਨੌਕਰੀਓਂ ਕੱਢੇ ਬੌਟਨੀ ਦੇ ਵਿਦਵਾਨ ਨੂੰ
ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਨੇ ਉਸੇ ਗਰੇਡ ‘ਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ
ਕਮੇਟੀ ਦਾ ਸਕੱਤਰ ਲਾ ਲਿਆ। ਕਾਲਜ ਦਾ ਪ੍ਰਿੰਸੀਪਲ ਰਹੇ ਡਾ. ਸਾਹਿਬ ਨੇ ਜਦੋਂ ਸ਼੍ਰੋਮਣੀ
ਕਮੇਟੀ ਨੂੰ ਕਾਲਜ ਦੇ ਹਿਸਾਬ ਨਾਲ ਚਲਾਉਣਾ ਚਾਹਿਆ ਅਤੇ ਪ੍ਰਸ਼ਾਦ ਲਈ ਘਿਉ ਦੇ ਪੀਪੇ ਤੇ
ਲੰਗਰ ਲਈ ਆਟੇ ਦਾਲ ਦੀਆਂ ਬੋਰੀਆਂ ਦੀ ਗਿਣਤੀ ਮਿਣਤੀ ਕੀਤੀ ਤਾਂ ਸੰਤਾਂ ਨੇ ਸਮਝ ਲਿਆ ਕਿ ਇਹ
ਭਾਈ ਸ਼੍ਰੋਮਣੀ ਕਮੇਟੀ ਦੀ ਸਕੱਤਰੀ ਦੇ ‘ਲੈਕ’ ਨਹੀਂ। ਇਹਨੂੰ ਕੋਈ ਨਵਾਂ ਕਾਲਜ ਈ ਖੋਲ੍ਹ ਕੇ
ਦੇਣਾ ਪਊ!
ਸੰਤਾਂ ਨੇ ਡਾ. ਹਰਬੰਤ ਸਿੰਘ ਨੂੰ ਫਿਰ ਪ੍ਰਿੰਸੀਪਲ ਲਾਉਣ ਲਈ ਤਲਵੰਡੀ ਸਾਬੋ ਦੇ ਗੁਰਦਵਾਰੇ
ਦੀ ਜ਼ਮੀਨ ਵਿਚ ਗੁਰੂ ਕਾਸ਼ੀ ਕਾਲਜ ਖੋਲ੍ਹ ਦਿੱਤਾ। ਉਨ੍ਹਾਂ ਨੇ ਸੋਚਿਆ ਨਾਲੇ ਕਾਲਜ ਚਲਾਈ
ਜਾਊ, ਨਾਲੇ ਬੇਆਬਾਦ ਪਈ ਜ਼ਮੀਨ ‘ਚ ਬੂਟੇ ਲਾਈ ਜਾਊ। ਨਾ ਉਹ ਸ਼੍ਰੋਮਣੀ ਕਮੇਟੀ ‘ਚ ਦਖਲ ਦੇਊ
ਤੇ ਨਾ ਕਮੇਟੀ ਉਹਦੇ ਕਾਲਜ ਬਾਰੇ ਪੁੱਛੂ। ਉਹ ਕਾਲਜ ਫਿਰ ਡਾ. ਹਰਬੰਤ ਸਿੰਘ ਨੇ ਆਪਣੀ ਮਰਜ਼ੀ
ਨਾਲ ਚਲਾਇਆ। ਜਦੋਂ ਉਹ ਦਿੱਲੀ ਜਾਂਦਾ ਤਾਂ ਮੈਨੂੰ ਹਰ ਵਾਰ ਕਹਿੰਦਾ, “ਕਦੇ ਮੇਰਾ ਕਾਲਜ
ਦੇਖਣ ਆਈਂ।”
ਮਈ 67 ‘ਚ ਮੈਂ ਪਿੰ੍ਰ. ਹਰਬੰਤ ਸਿੰਘ ਨੂੰ ਮਿਲਣ ਚਲਾ ਗਿਆ। ਸੋਚਿਆ ਨਾਲੇ ਕਾਲਜ ਦੇਖ
ਲਵਾਂਗਾ ਨਾਲੇ ਦਮਦਮਾ ਸਾਹਿਬ ਦੇ ਦਰਸ਼ਨ ਕਰ ਲਵਾਂਗਾ। ਲੂਆਂ ਵਗ ਰਹੀਆਂ ਤੇ ਧੂੜਾਂ ਉੱਡ
ਰਹੀਆਂ ਸਨ। ਗੁਰਦਵਾਰਾ ਦਮਦਮਾ ਸਾਹਿਬ ਦੇ ਸਫੈਦ ਗੁੰਬਦ ਚੜ੍ਹੀ ਹੋਈ ਖੱਖ ‘ਚ ਘਸਮੈਲੇ ਜਿਹੇ
ਦਿਸਦੇ ਸਨ। ਕਾਲਜ ਦਾ ਰਾਹ ਪੁੱਛ ਕੇ ਮੈਂ ਦਫਤਰ ਗਿਆ ਤਾਂ ਉਹ ਮੈਨੂੰ ਬੜੇ ਤਪਾਕ ਨਾਲ
ਮਿਲਿਆ। ਚਾਹ ਪਾਣੀ ਪੀਣ ਪਿੱਛੋਂ ਮੈਂ ਕਾਲਜ ਤੇ ਗੁਰਦਵਾਰਾ ਵੇਖ ਕੇ ਵਾਪਸ ਜਾਣ ਦੀ ਆਗਿਆ
ਮੰਗੀ ਤਾਂ ਉਸ ਨੇ ਕਿਹਾ, “ਏਡੀ ਦੂਰੋਂ ਆਇਐਂ। ਅੱਜ ਦੀ ਰਾਤ ਏਥੇ ਈ ਰਹਿ। ਨਾਲੇ ਤੈਨੂੰ
ਕਲਿਆਣ ਤੇ ਪੀ ਬੀ 18 ਦਾ ਬੀ ਦੇ ਕੇ ਤੋਰਾਂਗੇ।”
ਦਿੱਲੀ ਦੀ ਇਕ ਫੇਰੀ ਸਮੇਂ ਡਾ. ਹਰਬੰਤ ਸਿੰਘ ਨੇ ਦੱਸਿਆ ਸੀ ਕਿ ਉਸ ਨੇ ਕਾਲਜ ਦੇ ਫਾਰਮ ਵਿਚ
ਮੈਕਸੀਕਨ ਕਣਕ ਬਿਜਾਈ ਹੈ। ਉਸ ਨੇ ਮੈਨੂੰ ਪੰਜ ਕਿੱਲੋ ਕਲਿਆਣ ਦਾ ਬੀਜ ਤੇ ਵੀਹ ਕਿੱਲੋ ਪੀ
ਬੀ 18 ਦਾ ਬੀਜ ਦੇਣ ਦਾ ਲਾਲਚ ਦੇ ਦਿੱਤਾ। ਇਕ ਕਿਸਾਨ ਦੇ ਪੁੱਤਰ ਲਈ ਏਦੂੰ ਵੱਡਾ ਲਾਲਚ ਹੋਰ
ਕੀ ਹੋ ਸਕਦਾ ਸੀ? ਮੈਂ ਰੁਕ ਗਿਆ।
ਦਿਨ ਛਿਪੇ ਅਸੀਂ ਬਾਹਰ ਖੁੱਲ੍ਹੇ ਥਾਂ ਮੰਜੇ ਡਹਾ ਲਏ ਤੇ ਵਿਚਕਾਰ ਪਾਣੀ ਦਾ ਘੜਾ ਰਖਵਾ ਲਿਆ।
ਪ੍ਰਿੰਸੀਪਲ ਦੀ ਪਤਨੀ ਕਿਸੇ ਰਿਸ਼ਤੇਦਾਰੀ ‘ਚ ਗਈ ਹੋਈ ਸੀ। ਉਸ ਨੇ ਸੇਵਾਦਾਰ ਨੂੰ ਗੁਰਦਵਾਰੇ
ਤੋਂ ਲੰਗਰ ਲੈਣ ਭੇਜ ਦਿੱਤਾ ਤੇ ਮੈਨੂੰ ਦੱਸਣ ਲੱਗਾ, “ਲੰਗਰ ਦਾ ਦਾਲ-ਪਰਸ਼ਾਦਾ ਬੜਾ ਸੁਆਦ
ਹੁੰਦੈ। ਤੂੰ ਮੈਨੂੰ ਦਿੱਲੀ ਕਾਕੇ ਦੇ ਢਾਬੇ ਦੀ ਰੋਟੀ ਖੁਆਈ ਸੀ ਅੱਜ ਇਹ ਵੀ ਖਾ ਕੇ
ਦੇਖੀਂ।”
ਸੇਵਾਦਾਰ ਨੂੰ ਲੰਗਰ ਲੈਣ ਗਿਆਂ ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ ਕਿ ਕਾਲੀ ਬੋਲੀ ਹਨ੍ਹੇਰੀ
ਆ ਗਈ। ਘੰਟਾ ਕੁ ਬੀਤ ਜਾਣ ‘ਤੇ ਪ੍ਰਿੰਸੀਪਲ ਨੇ ਕਿਹਾ, “ਸਰਵਣ ਸਿਆਂ, ਲੱਗਦੈ ਸੇਵਾਦਾਰ ਰਾਹ
ਭੁੱਲ ਗਿਆ। ਲੰਗਰ ਦੇ ਪਰਸ਼ਾਦੇ ਅੱਜ ਆਪਣੇ ਕਰਮਾਂ ‘ਚ ਨੀ। ਅਏਂ ਕਰਦੇ ਆਂ, ਬਿਸਕੁਟ ਖਾ ਕੇ
ਸੌਂ ਜਾਨੇ ਆਂ। ਸਵੇਰੇ ਉੱਠ ਕੇ ਪਰੌਂਠੇ ਛਕਾਂਗੇ।”
ਸਵੇਰੇ ਉੱਠੇ ਤਾਂ ਸਾਡੇ ਮੂੰਹ ਸਿਰ ਮਿੱਟੀ ਘੱਟੇ ਨਾਲ ਅੱਟੇ ਪਏ ਸਨ। ਮੈਂ ਡਾਕਟਰ ਸਾਹਿਬ ਦੀ
ਦਾੜ੍ਹੀ ਵੇਖ ਕੇ ਹੱਸੀ ਜਾਵਾਂ ਤੇ ਉਹ ਮੇਰਾ ਸਿਰ ਵੇਖ ਕੇ ਹੱਸੀ ਜਾਵੇ। ਨ੍ਹਾ ਧੋ ਕੇ ਅਸੀਂ
ਪਰਾਉਂਠੇ ਖਾਧੇ ਤੇ ਰਾਤ ਦੀ ਕਸਰ ਕੱਢੀ। ਫਿਰ ਕਾਲਜ ਦੇ ਕੈਂਪਸ ਦਾ ਚੱਕਰ ਲਾਉਂਦਿਆਂ ਸਟੋਰ
ਤੋਂ ਬੀਜ ਦਾ ਪਤਾ ਕੀਤਾ। ਪਤਾ ਲੱਗਾ ਕਿ ਕਲਿਆਣ ਦਾ ਬੀਜ ਤਾਂ ਮੁੱਕ ਗਿਐ ਪਰ ਪੀ ਬੀ 18 ਦਾ
ਪਿਐ। ਉਸ ਨੂੰ ਅਫਸੋਸ ਹੋਇਆ ਕਿ ਉਹ ਮੈਨੂੰ ਹੁਣ ਕਲਿਆਣ ਦਾ ਬੀਜ ਨਹੀਂ ਸੀ ਦੇ ਸਕਦਾ। ਉਹਦੇ
ਮੂੰਹੋਂ ਨਿਕਲ ਗਿਆ, “ਕਲਿਆਣ ਦੇ ਬੀ ਦੀ ਕਸਰ ਤੂੰ ਪੀ ਬੀ 18 ਦਾ ਬੀ ਵੱਧ ਲਿਜਾ ਕੇ ਪੂਰੀ
ਕਰ-ਲੀਂ।” ਮੈਂ ਖੜ੍ਹਾ ਖੜ੍ਹਾ ਈ ਮਣ ਦੋ ਮਣ ਬੀਜ ਲੈਣ ਬਾਰੇ ਸੋਚ ਗਿਆ ਤੇ ਕਿਹਾ, “ਡਾ.
ਸਾਹਿਬ ਅੱਜ ਮੈਂ ਕਿਤੇ ਹੋਰ ਜਾਣੈ। ਭਲਕੇ ਆਵਾਂਗਾ ਤੇ ਬੀ ਲੈ ਜਾਵਾਂਗਾ।”
ਮੈਂ ਹੋਰ ਕਿਤੇ ਜਾਣ ਦੀ ਥਾਂ ਪਿੰਡ ਨੂੰ ਚੱਲ ਪਿਆ ਤੇ ਬਰਨਾਲੇ ਦੇ ਮਿੱਤਰਾਂ ਨੂੰ ਮਿਲਦਾ
ਦਿਨ ਛਿਪਾਅ ਨਾਲ ਬੌਡਿਆਂ ਦੇ ਬੱਸ ਅੱਡੇ ‘ਤੇ ਉਤਰਿਆ। ਉਥੋਂ ਮੀਨੀਆਂ ਵਿਚ ਦੀ ਚਕਰ ਸੱਤ
ਕਿਲੋਮੀਟਰ ਹੈ। ਵਾਟ ਮਾਰਨ ਲਈ ਠੇਕੇ ਤੋਂ ਸੌਂਫੀਏ ਦਾ ਪਊਆ ਲੈ ਲਿਆ। ਕੁਛ ਪੀ ਲਿਆ ਤੇ ਬਾਕੀ
‘ਚ ਪਾਣੀ ਪਾ ਕੇ ਨੇਫ਼ੇ ‘ਚ ਟੁੰਗ ਲਿਆ। ਤੁਰਨ ਨਾਲ ਸਰੂਰ ਚੜ੍ਹਨ ਲੱਗਾ। ਮੈਂ ਮਣ ਦੋ ਮਣ
ਬੀਜ ਲੈਣ ਬਾਰੇ ਸੋਚਿਆ ਸੀ ਪਰ ਨਸ਼ੇ ਦੀ ਚੜ੍ਹਾਈ ਨਾਲ ਮੈਂ ਕੁਇੰਟਲ ਬੀਜ ਲਿਆਉਣ ਬਾਰੇ ਸੋਚਣ
ਲੱਗ ਪਿਆ। ਹੋਰ ਘੁੱਟ ਲਾਈ ਤਾਂ ਡੂਢ ਕੁਇੰਟਲ ਤੇ ਹੋਰ ਘੁੱਟ ਨਾਲ ਦੋ ਕੁਇੰਟਲ ‘ਤੇ ਪਹੁੰਚ
ਗਿਆ। ਮੇਰਾ ਮਨ ਕਹੀ ਜਾਵੇ, “ਪ੍ਰਿੰਸੀਪਲ ਨੇ ਸਾਫ ਕਿਹੈ ਕਿ ਕਲਿਆਣ ਦੀ ਕਸਰ ਤੂੰ ਪੀ ਬੀ 18
ਦਾ ਬੀ ਵੱਧ ਲੈ ਕੇ ਪੂਰੀ ਕਰ-ਲੀਂ। ਆਪਾਂ ਹੁਣ ਕਸਰ ਕਾਹਨੂੰ ਛੱਡਣੀ ਐਂ? ‘ਕੱਠਾ ਦੋ ਕੁਇੰਟਲ
ਲਿਆਵਾਂਗੇ ਤੇ ਅਗਲੇ ਸਾਲ ਦੱਬ ਕੇ ਵੇਚਾਂਗੇ।”
ਪਿੰਡ ਤਕ ਪਹੁੰਚਣ ਤਕ ਮੈਂ ਸਾਰਾ ਪਊਆ ਪੀ ਗਿਆ ਤੇ ਘਰ ਦੇ ਸਾਰੇ ਖੇਤ ਪੀ ਬੀ 18 ਨਾਲ ਬੀਜਣ
ਬਾਰੇ ਸੋਚ ਗਿਆ। ਸ਼ਰਾਬ ਸਹੁਰੀ ਚੀਜ਼ ਹੀ ਐਸੀ ਹੈ ਕਿ ਸਿੱਧੀ ਪੈ-ਜੇ ਤਾਂ ਪੌਂ ਬਾਰਾਂ, ਜੇ
ਪੁੱਠੀ ਪੈ-ਜੇ ਤਾਂ ਤਿੰਨ ਕਾਣੇ। ਇਹ ਸੋਚਾਂ ਨੂੰ ਜ਼ਰਬਾਂ ਦੇ ਦਿੰਦੀ ਹੈ। ਮੈਂ ਸੋਚ ਗਿਆ ਕਿ
ਸਾਰੇ ਹੀ ਖੇਤਾਂ ਵਿਚ ਮੈਕਸੀਕਨ ਕਣਕ ਬੀਜ ਕੇ ਸਾਡੀ ਕਣਕ ਪਿਛਲੇ ਸਾਲ ਨਾਲੋਂ ਦੁੱਗਣੀ ਹੋ
ਜਾਵੇਗੀ ਤੇ ਬੀਜ ਵੀ ਮਹਿੰਗੇ ਮੁੱਲ ਵਿਕੇਗਾ। ਘਰ ਦੀ ਮਾਲੀ ਹਾਲਤ ਸੁਧਰ ਜਾਵੇਗੀ। ਪਊਏ ਦੇ
ਹੁਲ੍ਹਾਰੇ ਨੇ ਮੇਰੀ ਕਲਪਣਾ ਨੂੰ ਅਜਿਹਾ ਹੁਲ੍ਹਾਰਾ ਦਿੱਤਾ ਕਿ ਮੈਂ ਸ਼ੇਖ ਚਿਲੀ ਬਣਿਆ ਘਰ
ਪਹੁੰਚਿਆ।
ਕੁਰਲੀਆਂ ਮੈਂ ਨਲਕੇ ਤੋਂ ਕਰ ਲਈਆਂ ਪਈ ਪੀਤੀ ਦਾ ਘਰ ਦਿਆਂ ਨੂੰ ਪਤਾ ਨਾ ਲੱਗੇ। ਪਰ ਗੱਲਾਂ
ਮੇਰੀਆਂ ਪੀਤੀ ਵਰਗੀਆਂ ਹੀ ਰਹੀਆਂ। ਰੋਟੀ ਖਾਂਦਿਆਂ ਮੈਂ ਫੜ੍ਹ ਮਾਰ ਬੈਠਾ, “ਤਲਵੰਡੀ ਸਾਬੋ
ਵਾਲਾ ਪ੍ਰਿੰਸੀਪਲ ਹਰਬੰਤ ਸਿੰਘ ਆਪਣਾ ਘਰ ਦਾ ਬੰਦੈ। ਭਲਕੇ ਮੈਂ ਸਾਰੇ ਚੌਦਾਂ ਕਿੱਲਿਆਂ
ਵਾਸਤੇ ਪੀ ਬੀ 18 ਦਾ ਬੀ ਲਿਆਊਂ ਤੇ ਦਿੱਲੀ ਤੋਂ ਐੱਮ. ਏ. ਕਰਾਈ ਦਾ ਮੁੱਲ ਮੋੜ-ਦੂੰ। ਮੈਂ
ਦਮਦਮੇ ਜਾਊਂ ਤੇ ਬੀ ਬੱਸ ਉਤੇ ਰੱਖੀ ਆਊਂ। ਤੁਸੀਂ ਗੱਡਾ ਲੈ ਕੇ ਬੱਧਨੀ ਪਹੁੰਚ ਜਿਓ।” ਘਰ
ਦੇ ਹੈਰਾਨ ਕਿ ਅੱਗੇ ਤਾਂ ਇਹਨੇ ਦਿੱਲੀ ਤੋਂ ਪੰਜ ਕਿਲੋ ਬੀ ਲਿਆਉਣ ਦੀ ਹਾਮੀ ਨੀ ਭਰੀ ਤੇ
ਅੱਜ ਦਿੱਲੀ ਦਾ ਨਵਾਬ ਬਣਿਆ ਬੈਠੈ! ਪੀ ਬੀ 18 ਦਾ ਬੀ ਤਾਂ ਬੰਦਾ ਮਾਰਿਆਂ ਨੀ ਮਿਲਦਾ, ਇਹ
ਚੌਦਾਂ ਕਿੱਲੇ ਬੀਜਣ ਦੇ ਫੈਂਟਰ ਮਾਰੀ ਜਾਂਦੈ!!
ਸਵੇਰੇ ਜਾਗ ਆਈ ਤਾਂ ਚਾਹ ਦੇ ਨਾਲ ਖਾਲੀ ਬੋਰੀਆਂ ਵੀ ਆ ਗਈਆਂ। ਕਹਿੰਦੇ, “ਚੱਲ ਤੈਨੂੰ
ਬੌਡਿਆਂ ਤੋਂ ਬੱਸ ਚੜ੍ਹਾ ਆਉਨੇ ਆਂ।” ਚਾਹ ਪੀਂਦਿਆਂ ਮੈਂ ਸੁਰਤ ਸਿਰ ਹੋਇਆ, “ਰਾਤ ਮੈਥੋਂ
ਵੱਡਾ ਈ ਫੈਂਟਰ ਵੱਜ ਗਿਐ! ਚਲੋ ਦੇਖਦੇ ਆ ਕੀ ਬਣਦੈ?” ਮੈਂ ਪੈਸੇ ਜੇਬ ‘ਚ ਪਾਏ ਤੇ ਬੋਰੀਆਂ
ਲੈ ਕੇ ਬੌਡਿਆਂ ਨੂੰ ਚਾਲੇ ਪਾ ਲਏ। ਬੱਸ ਚੜ੍ਹਨ ਲੱਗਾ ਮੈਂ ਠੇਕੇ ਵੱਲ ਝਾਕਿਆ ਕਿ ਇਸ ਠੇਕੇ
ਨੇ ਈ ਪੰਗਾ ਪਾਇਆ। ਨਾ ਇਹ ਏਥੇ ਹੁੰਦਾ, ਨਾ ਮੈਂ ਪਊਆ ਪੀਂਦਾ ਤੇ ਨਾ ਮੈਥੋਂ ਏਡੀ ਵੱਡੀ
ਫੜ੍ਹ ਵੱਜਦੀ। ਮਣ ਦੋ ਮਣ ਬੀਜ ਤਾਂ ਮੰਨਿਆ ਪਰ ਨੌਂ ਦਸ ਮਣ ਬੀਜ ਕਿਵੇਂ ਲਿਆਵਾਂਗਾ? ਫਿਰ ਵੀ
ਜਾਂਦਾ ਜਾਂਦਾ ਮਨ ‘ਚ ਸਕੀਮਾਂ ਲਾਉਂਦਾ ਗਿਆ।
ਮਨ ‘ਚ ਬਣਾਈ ਸਕੀਮ ਮੁਤਾਬਿਕ ਮੈਂ ਮੌਕਾ ਵੇਖ ਕੇ ਅਰਜ਼ ਗੁਜ਼ਾਰੀ, “ਡਾ. ਸਾਹਿਬ ਸਾਡੇ ਸਾਰੇ
ਈ ਰਿਸ਼ਤੇਦਾਰ ਤੇ ਸਕੇ ਸੋਧਰੇ ਕਿੱਲੇ ਕਿੱਲੇ ਦਾ ਬੀ ਮੰਗਦੇ ਐ। ਸਾਰਿਆਂ ਨੂੰ ਚੌਦਾਂ
ਕਿੱਲਿਆਂ ਦਾ ਬੀ ਚਾਹੀਦੈ। ਜੇ ਕਿੱਲੇ ‘ਚ ਪੱਚੀ ਕਿੱਲੋ ਈ ਪਾਈਏ ਤਾਂ ਵੀ ਸਾਢੇ ਤਿੰਨ
ਕੁਇੰਟਲ ਬਣਦੈ।” ਡਾ. ਹਰਬੰਤ ਸਿੰਘ ਦਰਿਆ ਦਿਲ ਬੰਦਾ ਸੀ ਤੇ ਮੇਰੀ ਦਿੱਲੀ ਦੀ ਸੇਵਾ ਦਾ ਵੀ
ਅਹਿਸਾਨਮੰਦ ਸੀ। ਉਸ ਨੇ ਸਟੋਰ ਕੀਪਰ ਨੂੰ ਸਾਢੇ ਤਿੰਨ ਕੁਇੰਟਲ ਕਣਕ ਤੋਲਣ ਦਾ ਹੁਕਮ ਦੇ
ਦਿੱਤਾ।
ਮੈਂ ਪੈਸੇ ਜਮ੍ਹਾਂ ਕਰਾਏ ਤੇ ਸੱਤ ਬੋਰੀਆਂ ਵਿਚ ਪੰਜਾਹ ਪੰਜਾਹ ਕਿੱਲੋ ਬੀਜ ਪੁਆ ਲਿਆ। ਪਾਣੀ
ਦੀ ਰੇੜ੍ਹੀ ਵਾਲਾ ਸੇਵਾਦਾਰ ਬੋਰੀਆਂ ਬੱਸ ਅੱਡੇ ‘ਤੇ ਪੁਚਾ ਗਿਆ। ਦਮਦਮਾ ਸਾਹਿਬ ਤੋਂ ਸਿੱਧੀ
ਬਰਨਾਲੇ ਨੂੰ ਜਾਣ ਵਾਲੀ ਬੱਸ ਆਈ ਤਾਂ ਮੈਂ ਡਰਾਈਵਰ ਨੂੰ ਪੁੱਛਿਆ, “ਬਾਈ ਜੀ, ਕਣਕ ਦੇ ਸੱਤ
ਗੱਟੂ ਬਰਨਾਲੇ ਲਿਜਾਣੇ ਆਂ। ਚੜ੍ਹਵਾ ਲਾਂ?” ਉਸ ਨੇ ਕਿਹਾ, “ਚੜ੍ਹਵਾ ਲੈ।” ਪਰ ਸੁਰਮਾ ਪਾ
ਕੇ ਸ਼ੁਕੀਨ ਬਣਿਆ ਕੰਡਕਟਰ ਕਹਿਣ ਲੱਗਾ, “ਅਸੀਂ ਬੱਸ ਦੀ ਛੱਤ ਨੀ ਤੁੜਾਉਣੀ।” ਮੈਂ ਨਰਮੀ
ਨਾਲ ਕਿਹਾ, “ਵੀਰ, ਮੈਂ ਗੱਟੂਆਂ ਦਾ ਕਿਰਾਇਆ ਦੇਵਾਂਗਾ।” ਕੰਡਕਟਰ ਕਹਿਣ ਲੱਗਾ, “ਕਿਰਾਇਆ
ਤਾਂ ਹਰੇਕ ਈ ਦਿੰਦਾ। ਅਸੀਂ ਇਕ ਸਵਾਰੀ ਦਾ ਏਨਾ ਭਾਰ ਨੀ ਲਿਜਾ ਸਕਦੇ।”
ਮੈਨੂੰ ਨਹੀਂ ਸੀ ਪਤਾ ਕਿ ਇਕ ਸਵਾਰੀ ਕਿੰਨਾ ਭਾਰ ਲਿਜਾ ਸਕਦੀ ਹੈ? ਮੈਂ ਫਿਰ ਡਰਾਈਵਰ ਕੋਲ
ਗਿਆ। ਡਰਾਈਵਰ ਕਹਿਣ ਲੱਗਾ, “ਤੂੰ ਏਸ ਸ਼ੁਕੀਨ ਦੀ ਪਰਵਾਹ ਨਾ ਕਰ ਤੇ ਚੁੱਪ ਕਰ ਕੇ ਬੋਰੀਆਂ
ਬੱਸ ‘ਤੇ ਰਖਵਾ ਲੈ।” ਮੈਨੂੰ ਡਰਾਈਵਰ ਨਰ ਬੰਦਾ ਲੱਗਾ। ਕੰਡਕਟਰ ਸੀ ਵੀ ਮੁੰਡੂ ਜਿਹਾ ਜਦ ਕਿ
ਡਰਾਈਵਰ ਚਾਲੀ ਕੁ ਸਾਲਾਂ ਦਾ ਹੰਢਿਆ ਬੰਦਾ ਸੀ। ਉਹਦੇ ਖਾਕੀ ਵਰਦੀ ਪਾਈ ਸੀ ਤੇ ਖਾਕੀ ਪੱਗ
ਬੰਨ੍ਹੀ ਸੀ। ਮੈਂ ਬੋਰੀਆਂ ਬੱਸ ‘ਤੇ ਚੜ੍ਹਵਾਉਣ ਲਈ ਕੁਲੀ ਲੱਭਣ ਲੱਗਾ ਪਰ ਉਨ੍ਹੀਂ ਦਿਨੀਂ
ਬੱਸ ਅੱਡੇ ‘ਤੇ ਕੋਈ ਕੁਲੀ ਨਹੀਂ ਸੀ। ਹਾਰ ਕੇ ਮੈਂ ਆਪ ਹੀ ਪੰਜਾਹ ਕਿੱਲੋ ਦੀ ਬੋਰੀ ਮੋਢੇ
‘ਤੇ ਚੁੱਕੀ ਤੇ ਬੱਸ ਦੀਆਂ ਪੌੜੀਆਂ ਚੜ੍ਹਨ ਲੱਗਾ। ਬੋਰੀ ਬੱਸ ਦੀ ਛੱਤ ‘ਤੇ ਉਲਟਾਉਣ ਲੱਗਾ
ਤਾਂ ਉਹ ਉਲਟ ਕੇ ਭੁੰਜੇ ਡਿੱਗ ਪਈ। ਮੈਨੂੰ ਲੱਗਾ ਕਿ ਇਹ ਮੈਥੋਂ ‘ਕੱਲੇ ਤੋਂ ਨਹੀਂ
ਚੜ੍ਹਨੀਆਂ। ਆਪਣੇ ਆਪ ਨੂੰ ਕੋਸਣ ਲੱਗਾ ਕਿ ਏਡਾ ਪੰਗਾ ਕਿਉਂ ਲਿਆ?
ਡਰਾਈਵਰ ਨੇ ਮੈਨੂੰ ਪੁੱਛਿਆ, “ਤੂੰ ਬੋਰੀਆਂ ਕਿਉਂ ਨੀ ਚੜ੍ਹਵਾਉਂਦਾ? ਸਾਡਾ ਤਾਂ ਚੱਲਣ ਦਾ
ਟੈਮ ਵੀ ਹੋ ਗਿਆ।” ਮੈਂ ਮਜਬੂਰੀ ‘ਚ ਆਖਿਆ, “ਏਥੇ ਬਾਈ ਜੀ ਕੋਈ ਬੋਰੀਆਂ ਚੜ੍ਹਵਾਉਣ ਵਾਲਾ ਈ
ਹੈ ਨੀ। ‘ਕੱਲੇ ਤੋਂ ਮੈਥੋਂ ਚੜ੍ਹਦੀਆਂ ਨੀ।” ਉਸ ਭਲੇ ਪੁਰਸ਼ ਨੇ ਕਿਹਾ, “ਆ ਮੈ
ਚੜ੍ਹਵਾਉਨਾਂ।” ਅਸੀਂ ਦੋਹਾਂ ਨੇ ਬੋਰੀ ਚੁੱਕੀ ਤਾਂ ਮੇਰੀ ਪੋਚਵੀਂ ਸ਼ੁਕੀਨ ਪੱਗ ਵੇਖਦਿਆਂ
ਮੈਥੋਂ ਪਹਿਲਾਂ ਉਸ ਨੇ ਆਪਣਾ ਖਾਕੀ ਪੱਗ ਵਾਲਾ ਸਿਰ ਬੋਰੀ ਹੇਠਾਂ ਦੇ ਦਿੱਤਾ। ਇਕ ਇਕ ਕਰ ਕੇ
ਸੱਤੇ ਬੋਰੀਆਂ ਬੱਸ ਦੀ ਛੱਤ ‘ਤੇ ਰੱਖੀਆਂ ਗਈਆਂ। ਮੇਰਾ ਦਿਲ ਉਹਦੇ ਲਈ ਸ਼ੁਕਰਾਨੇ ਨਾਲ ਭਰ
ਗਿਆ। ਗਰਮੀ ਨਾਲ ਅਸੀਂ ਮੁੜ੍ਹਕੋ ਮੁੜ੍ਹਕੀ ਹੋ ਗਏ ਸਾਂ। ਉਸ ਨੇ ਪੱਗ ਝਾੜਦਿਆਂ ਕਿਹਾ, “ਲੈ
ਐਸ ਮਾੜੇ ਜੇ ਕੰਮ ਬਦਲੇ ਕੁਲੀ ਨੇ ਪੰਜ ਰੁਪਏ ਲੈ ਲੈਣੇ ਸੀ।” ਉਹ ਅਜੇ ਬੱਸ ਦੇ ਪਿਛਲੇ ਪਾਸੇ
ਹੀ ਸੀ ਕਿ ਮੈਂ ਮਲਕ ਦੇਣੇ ਪੰਜਾਂ ਦਾ ਨੋਟ ਉਹਦੀ ਜੇਬ ‘ਚ ਤੁੰਨਦਿਆਂ ਕਿਹਾ, “ਇਹ ਤੁਹਾਡੇ
ਬੱਚਿਆਂ ਦੀ ਮਠਿਆਈ ਲਈ ਹਨ।” ਉਸ ਨੇ ਬਥੇਰੀ ਨਾਂਹ ਨੁਕਰ ਕੀਤੀ ਪਰ ਮੈਂ ਉਹਦੀ ਪੇਸ਼ ਨਾ ਜਾਣ
ਦਿੱਤੀ।
ਬੱਸ ਚੱਲ ਪਈ। ਕੋਟ ਸ਼ਮੀਰ ਦਾ ਬੱਸ ਅੱਡਾ ਆਇਆ ਤਾਂ ਇਕ ਸਵਾਰੀ ਬੱਤਾ ਪੀਣ ਉੱਤਰ ਗਈ।
ਡਰਾਈਵਰ ਹਾਰਨ ਮਾਰੀ ਗਿਆ ਪਰ ਸਵਾਰੀ ਮਿਜਾਜ਼ ਨਾਲ ਬੱਤਾ ਪੀ ਕੇ ਬੱਸ ਚੜ੍ਹੀ। ਡਰਾਈਵਰ ਨੇ
ਕਿਹਾ, “ਭਾਈ ਸਾਹਬ ਆਪਾਂ ਅੱਗੇ ਈ ਲੇਟ ਆਂ ਤੇ ਤੁਸੀਂ ਹੋਰ ਲੇਟ ਕਰ ਦਿੱਤੈ।” ਅੱਗੋਂ ਸਵਾਰੀ
ਨੇ ਸਲੋਕ ਸੁਣਾਇਆ, “ਲੇਟ ਤਾਂ ਤੂੰ ਆਪ ਬੋਰੀਆਂ ਚੜ੍ਹਾਉਂਦਾ ਹੋਇਐਂ ਤੇ ਸਿਰ ਮੇਰੇ ਲਾਉਨੈਂ।
ਪਹਿਲਾਂ ਆਪਣੀ ਪੱਗ ਤਾਂ ਝਾੜ ਲੈ।” ਉਸ ਦੀ ਇਹ ਗੱਲ ਮੈਨੂੰ ਬਹੁਤ ਚੁਭੀ ਤੇ ਡਰਾਈਵਰ ਨੂੰ
ਤਾਂ ਚੁਭਣੀ ਹੀ ਸੀ। ਪਰ ਅਸੀਂ ਚੁੱਪ ਰਹੇ।
ਮੈਂ ਡਰਾਈਵਰ ਦੀ ਸੀਟ ਤੋਂ ਦੋ ਤਿੰਨ ਸੀਟਾਂ ਪਿੱਛੇ ਬੈਠਾ ਸਾਂ ਤੇ ਉਪਰ ਲੱਗੇ ਸ਼ੀਸ਼ੇ ‘ਚ
ਸਾਡੀ ਨਜ਼ਰ ਮਿਲ ਜਾਂਦੀ ਸੀ। ਜਦ ਨਜ਼ਰ ਮਿਲਦੀ ਤਾਂ ਪੰਜ ਰੁਪਏ ਦੀ ਕਾਣ ਕਾਰਨ ਅਸੀਂ ਨਜ਼ਰਾਂ
ਫੇਰ ਲੈਂਦੇ ਮਤਾਂ ਇਕ ਦੂਜੇ ਨੂੰ ਸ਼ਰਮਿੰਦਗੀ ਹੋਵੇ। ਮੈਂ ਮਹਿਸੂਸ ਕਰ ਰਿਹਾ ਸਾਂ ਕਿ
ਮੇਰੀਆਂ ਬੋਰੀਆਂ ਚੜ੍ਹਾਉਣ ਕਰਕੇ ਉਸ ਦੇਵਤੇ ਡਰਾਈਵਰ ਨੂੰ ਬੇਇਜ਼ਤ ਹੋਣਾ ਪਿਆ ਸੀ।
ਬਰਨਾਲੇ ਮੈਂ ਕੁਲੀ ਦੀ ਮਦਦ ਨਾਲ ਬੋਰੀਆਂ ਲੁਹਾ ਲਈਆਂ ਤੇ ਬੱਧਨੀ ਵਾਲੀ ਬੱਸ ‘ਤੇ ਚੜ੍ਹਵਾ
ਲਈਆਂ। ਬੱਸ ਚੱਲਣ ‘ਚ ਹਾਲੇ ਟਾਈਮ ਸੀ। ਮੈਂ ਡਰਾਈਵਰ ਨੂੰ ਕਿਹਾ, “ਆਓ ਬਾਈ ਜੀ ਚਾਹ ਪੀਈਏ।”
ਉਸ ਨੂੰ ਚਾਹ ਪਿਆ ਕੇ ਮੈਂ ਉਹਦਾ ਦਿਲੀ ਧੰਨਵਾਦ ਕਰਨਾ ਚਾਹੁੰਦਾ ਸਾਂ ਤੇ ਕੋਟ ਸ਼ਮੀਰ ਦੇ
ਅੱਡੇ ‘ਤੇ ਹੋਈ ਬਦਮਜ਼ਗੀ ਭੁਲਾਉਣੀ ਚਾਹੁੰਦਾ ਸਾਂ। ਉਸ ਨੇ ਕਿਹਾ, “ਬੱਸ ਅੱਡੇ ‘ਤੇ ਚਾਹ
ਪਿਆਉਣੀ ਸਾਡਾ ਫਰਜ਼ ਐ।” ਤੇ ਉਸ ਨੇ ਦੁਕਾਨਦਾਰ ਨੂੰ ਚਾਹ ਬਣਾਉਣ ਤੇ ਨਾਲ ਕੁਝ ਖਾਣ ਲਈ ਦੇਣ
ਦਾ ਆਰਡਰ ਦੇ ਦਿੱਤਾ। ਉਸ ਤੋਂ ਪਹਿਲਾਂ ਕੱਪ ਖਾਲੀ ਕਰ ਕੇ ਮੈਂ ਪੈਸੇ ਦੇਣੇ ਚਾਹੇ ਤਾਂ ਉਸ
ਨੇ ਬੜੇ ਹੰਮੇ ਨਾਲ ਦੁਕਾਨਦਾਰ ਨੂੰ ਰੋਕ ਦਿੱਤਾ, “ਇਹਨਾਂ ਤੋਂ ਪੈਸੇ ਨੀ ਲੈਣੇ। ਜੇ ਲਏ ਤਾਂ
ਮੈਂ ਪਿਛਲੇ ਵੀ ਨੀ ਦੇਣੇ।” ਦੁਕਾਨਦਾਰ ਨੇ ਮੇਰੇ ਪੈਸੇ ਨਾ ਫੜੇ।
ਨਿਖੜਣ ਸਮੇਂ ਮੈਂ ਡਰਾਈਵਰ ਨਾਲ ਬਗਲਗੀਰ ਹੋਇਆ ਤਾਂ ਉਸ ਨੇ ਉਹੀ ਤਲਵੰਡੀ ਸਾਬੋ ਵਾਲਾ ਪੰਜਾਂ
ਦਾ ਨੋਟ ਮੇਰੀ ਮੇਰੀ ਜੇਬ ਵਿਚ ਪਾ ਦਿੱਤਾ ਜਿਸ ਦਾ ਮੈਨੂੰ ਪਤਾ ਲੱਗ ਗਿਆ। ਮੈਂ ਉਵੇਂ ਹੀ
ਨੋਟ ਕੱਢਿਆ ਤੇ ਉਹਦੇ ਲੱਖ ਰੋਕਣ ਦੇ ਬਾਵਜੂਦ ਉਹਦੀ ਜੇਬ ਵਿਚ ਤੁੰਨਦਿਆਂ ਕਿਹਾ, “ਇਹ
ਤੁਹਾਡੇ ਲਈ ਨੀਂ, ਇਹ ਤਾਂ ਬੱਚਿਆਂ ਦੇ ਖੰਡ ਖੇਲ੍ਹਣਿਆਂ ਲਈ ਐ।” ਪਤਾ ਨਹੀਂ ਕਿਉਂ ਉਹਦੀਆਂ
ਅੱਖਾਂ ਭਰ ਆਈਆਂ ਤੇ ਨਾਲ ਹੀ ਮੇਰੀਆਂ ਵੀ ਭਰ ਗਈਆਂ। ਬੱਸ ਦੇ ਸ਼ੀਸ਼ੇ ਵਾਂਗ ਸਾਨੂੰ ਫਿਰ ਇਕ
ਦੂਜੇ ਤੋਂ ਨਜ਼ਰਾਂ ਚੁਰਾਉਣੀਆਂ ਪਈਆਂ ਤਾਂ ਕਿ ਸਾਡੇ ਹੰਝੂ ਨਾ ਦਿਸ ਜਾਣ ਤੇ ਅਸੀਂ ਆਪੋ
ਆਪਣੀਆਂ ਬੱਸਾਂ ਵੱਲ ਡੋਲਦੇ ਜਿਹੇ ਤੁਰ ਪਏ। ਮੈਂ ਆਪਣੀਆਂ ਸਿੰਮੀਆਂ ਅੱਖਾਂ ‘ਚੋਂ ਵੇਖਿਆ,
ਉਹ ਮੇਰਾ ਅਨੋਭੜ ਬਾਈ ਬੋਰੀਆਂ ਦੇ ਭਾਰ ਹੇਠਾਂ ਓਨਾ ਨਹੀਂ ਸੀ ਲਿਫਿਆ ਜਿੰਨਾ ਪੰਜਾਂ ਰੁਪਿਆਂ
ਦੇ ਭਾਰ ਹੇਠਾਂ ਝੁਕਿਆ ਜਾ ਰਿਹਾ ਸੀ!
ਬਾਅਦ ਵਿਚ ਮੈਂ ਇਸ ਘਟਨਾ ਬਾਰੇ ਕਹਾਣੀ ਲਿਖੀ ਜੋ ਢੁੱਡੀਕੇ ਦੀ ਸਾਹਿਤ ਸਭਾ ਵਿਚ ਪੜ੍ਹੀ ਗਈ
ਤੇ ਕੰਵਲ ਦੇ ਸੁਝਾਅ ਉਤੇ ‘ਭਾਰ’ ਨਾਂ ਹੇਠ ‘ਆਰਸੀ’ ਵਿਚ ਛਪੀ।
1975-76 ਦੀ ਗੱਲ ਹੈ। ਉਹਨੀਂ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਣਕ ਦਾ ਨਵਾਂ
ਬੀਜ ਡਬਲਯੂ ਐੱਲ 711 ਕੱਢਿਆ ਸੀ। ਉਸ ਬਾਰੇ ਪ੍ਰਚਾਰ ਸੀ ਕਿ ਇਸ ਦੇ ਦਾਣੇ ਮੋਟੇ ਸ਼ਰਬਤੀ ਹਨ
ਅਤੇ ਝਾੜ ਪੀ ਬੀ 18 ਤੇ ਕਲਿਆਣ ਤੋਂ ਵੱਧ ਹੈ। ਕੁਦਰਤੀ ਸੀ ਕਿ ਕਿਸਾਨ ਇਸ ਬੀਜ ਵੱਲ ਖਿੱਚੇ
ਗਏ। ਮੈਂ ਉਹ ਬੀਜ ਵੱਡੀ ਮਾਤਰਾ ਵਿਚ ਹਾਸਲ ਕਰਨ ਦੀ ਕਲਪਨਾ ਕਰ ਗਿਆ ਜਿਵੇਂ 1967 ਵਿਚ
ਬੌਡਿਆਂ ਤੋਂ ਚਕਰ ਨੂੰ ਜਾਂਦੇ ਹੋਏ ਪੀ ਬੀ 18 ਕਣਕ ਦੇ ਬੀਜ ਦੀ ਕੀਤੀ ਸੀ। ਉਦੋਂ ਮੈਂ
ਦਮਦਮਾ ਸਾਹਿਬ ਤੋਂ ਸਾਢੇ ਤਿੰਨ ਕੁਇੰਟਲ ਬੀਜ ਬੱਸ ‘ਤੇ ਲੱਦ ਲਿਆਇਆ ਸਾਂ ਜਿਸ ਨੇ ਸਾਡੇ
ਖੇਤਾਂ ਦਾ ਝਾੜ ਦੁੱਗਣਾ ਕਰ ਦਿੱਤਾ ਸੀ। ਉਸ ਨਾਲ ਸਾਡੇ ਘਰ ਦੀ ਆਰਥਿਕ ਹਾਲਤ ਬਿਹਤਰ ਹੋ ਗਈ
ਸੀ।
ਮੈਨੂੰ ਐੱਮ. ਏ; ਬੀ. ਐੱਡ. ਕਰਾਉਣ ਉਤੇ ਘਰ ਦਿਆਂ ਦਾ ਕਾਫੀ ਖਰਚਾ ਹੋਇਆ ਸੀ। ਉਨ੍ਹਾਂ
ਦਿਨਾਂ ‘ਚ ਇਕ ਸਾਧਾਰਨ ਕਿਸਾਨ ਦਾ ਆਪਣੇ ਮੁੰਡੇ ਨੂੰ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਾਉਣਾ
ਸਾਧਾਰਨ ਗੱਲ ਨਹੀਂ ਸੀ। ਮੈਂ ਮਹਿਸੂਸ ਕਰਦਾ ਸਾਂ ਕਿ ਮੇਰੀ ਪੜ੍ਹਾਈ ‘ਤੇ ਖਾਸਾ ਖਰਚ ਹੋਣ
ਕਰਕੇ ਘਰ ਵਿਚ ਮੈਨੂੰ ਖਾਸੇ ਪੈਸੇ ਕਮਾ ਕੇ ਦੇਣੇ ਚਾਹੀਦੇ ਹਨ।
ਮੈਂ ਲੈਕਚਰਾਰ ਲੱਗ ਗਿਆ ਸਾਂ ਜਿਸ ਕਰਕੇ ਮੇਰਾ ਵਿਆਹ ਪੜ੍ਹੀ ਲਿਖੀ ਕੁੜੀ ਨਾਲ ਹੋ ਗਿਆ ਸੀ
ਜੋ ਸਕੂਲ ਵਿਚ ਅਧਿਆਪਕਾ ਸੀ। ਅਜਿਹੀ ਹਾਲਤ ਵਿਚ ਬਹੁਤੇ ਘਰਾਂ ਦੇ ਪੜ੍ਹੇ ਲਿਖੇ ਨਵੇਂ ਜੋੜੇ
ਸਾਂਝੇ ਪਰਿਵਾਰ ‘ਚੋਂ ਅੱਡ ਹੋ ਜਾਂਦੇ ਹਨ ਪਰ ਅਸੀਂ ਅੱਡ ਨਾ ਹੋਏ। ਮੈਂ ਆਪਣੇ ਆਪ ਨੂੰ
ਸਾਂਝੇ ਪਰਿਵਾਰ ਦਾ ਦੇਣਦਾਰ ਸਮਝਦਾ ਸਾਂ। ਮੇਰਾ ਬਾਪ ਤੇ ਮੇਰੇ ਭਰਾ ਖੇਤਾਂ ਵਿਚ ਮਿੱਟੀ ਨਾਲ
ਮਿੱਟੀ ਹੁੰਦੇ ਸਨ। ਮੈਂ ਭਰਾਵਾਂ ਦੇ ਬਰਾਬਰ ਰਹਿਣਾ ਜਾਂ ਇਓਂ ਕਹਿ ਲਓ ਕਿ ਉਨ੍ਹਾਂ ਨੂੰ
ਆਪਣੇ ਬਰਾਬਰ ਰੱਖਣਾ ਚਾਹੁੰਦਾ ਸਾਂ।
ਮੈਂ ਸਕੀਮਾਂ ਲਾਉਂਦਾ ਰਹਿੰਦਾ ਕਿ ਘਰ ਦੀ ਆਮਦਨ ਕਿਵੇਂ ਵਧੇ? ਮੈਂ ਖੇਤਾਂ ‘ਚ ਤਾਂ ਕੰਮ
ਨਹੀਂ ਸਾਂ ਕਰ ਸਕਦਾ ਪਰ ਪੜ੍ਹਿਆ ਲਿਖਿਆ ਹੋਣ ਕਾਰਨ ਸਕੀਮਾਂ ਤਾਂ ਲਾ ਹੀ ਸਕਦਾ ਸਾਂ। 1970
ਦੇ ਆਸ ਪਾਸ ਕੰਟਰੋਲ ਰੇਟ ‘ਤੇ ਟ੍ਰੈਕਟਰ ਬੜੀ ਮੁਸ਼ਕਲ ਨਾਲ ਮਿਲਦੇ ਸਨ। ਤੁਰਤ ਟ੍ਰੈਕਟਰ ਲੈਣ
‘ਚ ਕਈ ਹਜ਼ਾਰ ਦੀ ਬਲੈਕ ਦੇਣੀ ਪੈਂਦੀ ਸੀ। ਪੰਜਾਬ ਐਗਰੋ-ਇੰਡਸਟ੍ਰੀਜ਼ ਦੀ ਇਕ ਸਕੀਮ ਨਿਕਲੀ
ਕਿ ਕਿਸਾਨਾਂ ਤੋਂ ਜ਼ਮੀਨ ਦੀ ਜਮ੍ਹਾਂਬੰਦੀ ਤੇ ਸੌ ਰੁਪਏ ਦੇ ਬੈਂਕ ਡਰਾਫਟ ਨਾਲ ਅਰਜ਼ੀਆਂ ਲੈ
ਕੇ ਟ੍ਰੈਕਟਰਾਂ ਦੀ ਲਾਟਰੀ ਕੱਢੀ ਜਾਵੇਗੀ। ਮੈਂ ਅਖ਼ਬਾਰ ‘ਚ ਪੜ੍ਹਿਆ ਤੇ ਸਾਰੇ
ਰਿਸ਼ਤੇਦਾਰਾਂ ਦੀ ਜ਼ਮੀਨ ਦੀਆਂ ਜਮ੍ਹਾਂਬੰਦੀਆਂ ਲਾ ਕੇ, ਕੋਲੋਂ ਹਜ਼ਾਰ ਰੁਪਿਆ ਭਰ ਕੇ,
‘ਕੱਠੀਆਂ ਦਸ ਅਰਜ਼ੀਆਂ ਭੇਜ ਦਿੱਤੀਆਂ ਬਈ ਕੋਈ ਤਾਂ ਨਿਕਲੂ। ਉਹਨਾਂ ‘ਚੋਂ ਇਕ ਨਿਕਲ ਆਈ ਤੇ
ਅਸੀਂ ਪੂਰਬੀ ਜਰਮਨੀ ਦਾ ਗਾਡਰਨੁਮਾ ਟ੍ਰੈਕਟਰ ਆਰ. ਐੱਸ. 09 ਸਸਤੇ ਭਾਅ ਖਰੀਦ ਲਿਆ। ਉਸ
ਟ੍ਰੈਕਟਰ ਨੇ ਸਾਡੇ ਖੇਤਾਂ ਦਾ ਤੇ ਟਰਾਲੀ ਦੇ ਕਿਰਾਏ ਦਾ ਬਹੁਤ ਕੰਮ ਕੀਤਾ। ਫਿਰ ਉਹ
ਟ੍ਰੈਕਟਰ ਵਾਪਸ ਲੈ ਕੇ ਪੰਜਾਬ ਐਗਰੋ ਇੰਡਸਟ੍ਰੀਜ਼ ਨੇ ਜ਼ੀਟਰ 2511 ਟ੍ਰੈਕਟਰ ਉਸੇ ਭਾਅ ਦੇ
ਦਿੱਤਾ ਜਿਸ ਦਾ ਸਾਨੂੰ ਬੜਾ ਫਾਇਦਾ ਹੋਇਆ। ਪੀ ਬੀ 18 ਕਣਕ ਦਾ ਬੀਜ ਲਿਆਉਣ ਦੀ ਕਹਾਣੀ ਤਾਂ
ਮੈਂ ਦੱਸ ਈ ਚੁੱਕਾਂ। ਪਰਿਵਾਰ ਦੇ ‘ਕੱਠੇ ਰਹਿਣ ਕਰਕੇ ਸਾਡਾ ਕਿਰਸਾਣਾ ਕੰਮ ਤਰੱਕੀ ਦੇ ਰਾਹ
ਪੈ ਗਿਆ। ਜੇ ਮੈਂ ਵਿਆਹ ਕਰਾ ਕੇ ਅੱਡ ਹੋ ਜਾਂਦਾ ਤਾਂ ਕਹਾਣੀ ਹੀ ਹੋਰ ਹੋਣੀ ਸੀ।
ਗੱਲ ਮੁੜ ਕੇ ਡਬਲਯੂ ਐੱਲ 711 ਬੀਜ ਦੀ ਕਰਦੇ ਹਾਂ। ਡਾ. ਮਹਿੰਦਰ ਸਿੰਘ ਰੰਧਾਵਾ ਉਦੋਂ
ਖੇਤੀਬਾੜੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੀ। ਉਹਦੇ ਦਿਲ ‘ਚ ਜਸਵੰਤ ਸਿੰਘ ਕੰਵਲ ਦੀ ਬੜੀ
ਕਦਰ ਸੀ। ਉਸ ਨੇ ਚੰਡੀਗੜ੍ਹ ਦਾ ਕਮਿਸ਼ਨਰ ਹੁੰਦਿਆਂ ਕੰਵਲ ਨੂੰ ਚੰਡੀਗੜ੍ਹ ‘ਚ ਪਲਾਟ ਦੇ
ਦੇਣਾ ਸੀ ਪਰ ਕੰਵਲ ਨੇ ਆਪਣੇ ਪਿੰਡ ਵਿਚ ਰਹਿਣ ਨੂੰ ਹੀ ਤਰਜੀਹ ਦਿੱਤੀ। ਜੇ ਉਹ ਪਲਾਟ ਲੈ
ਲੈਂਦਾ ਤਾਂ ਹੁਣ ਨੂੰ ਕਰੋੜਾਂ ਦਾ ਹੁੰਦਾ। ਇਹ ਵੱਖਰੀ ਗੱਲ ਹੈ ਕਿ ਚੰਡੀਗੜ੍ਹ ‘ਚ ਕੰਵਲ
ਕਦੋਂ ਦਾ ਮੁਰਝਾ ਗਿਆ ਹੁੰਦਾ! ਪਿੰਡ ਢੁੱਡੀਕੇ ‘ਚ ਉਹ ਅਜੇ ਵੀ ਟਹਿਕ ਰਿਹੈ। ਪਹਿਲਾਂ ਉਹ
ਚੁਰਾਸੀ ਸਾਲ ਜਿਉਂ ਕੇ ਚੁਰਾਸੀ ਕੱਟਣ ਨੂੰ ਕਹਿੰਦਾ ਹੁੰਦਾ ਸੀ। ਚੁਰਾਸੀ ਤਾਂ ਕਦੋਂ ਦੀ
ਕੱਟੀ ਗਈ। 27 ਜੂਨ 2015 ਨੂੰ ਉਹ 96 ਸਾਲਾਂ ਦਾ ਹੋ ਗਿਐ। ਸਾਹਿਤਕਾਰੀ ਵਿਚ ਡੀ. ਲਿੱਟ ਦੀ
ਆਨਰੇਰੀ ਡਿਗਰੀ ਮਿਲ ਗਈ ਹੈ ਤੇ ਸ਼੍ਰੋਮਣੀ ਸਾਹਿਤਕਾਰ ਦਾ ਪੰਜ ਲੱਖਾ ਪੁਰਸਕਾਰ ਵੀ ਮਿਲ
ਚੁੱਕੈ। ਲੱਗਦੈ ਸੈਂਚਰੀ ਈ ਮਾਰ ਜਾਵੇਗਾ!
ਡਬਲਯੂ 711 ਦਾ ਬੀਜ ਵੰਡੇ ਜਾਣ ਤੋਂ ਕੁਝ ਦਿਨ ਪਹਿਲਾਂ ਮੈਂ ਕੰਵਲ ਸਾਹਿਬ ਦਾ ਰੁੱਕਾ ਲੈ ਕੇ
ਰੰਧਾਵਾ ਸਾਹਿਬ ਨੂੰ ਜਾ ਮਿਲਿਆ। ਡਾ. ਰੰਧਾਵੇ ਦਾ ਜਵਾਬ ਸਿੱਧਾ ਸੀ, “ਇਕ ਬੰਦੇ ਨੂੰ ਚਾਰ
ਕਿੱਲੋ ਦੀ ਇਕੋ ਥੈਲੀ ਮਿਲਣੀ ਐਂ। ਤੂੰ ਘਰ ਦੇ ਸਾਰੇ ਜੀਅ ਲਾਈਨ ‘ਚ ਲਾ ਦੇਈਂ ਤੇ ਵੱਧ
ਥੈਲੀਆਂ ਲੈ ਜਾਈਂ।” ਉਸ ਨੇ ਰੁੱਕੇ ਦੀ ਲਾਜ ਵੀ ਰੱਖ ਲਈ ਸੀ ਤੇ ਆਪਣਾ ਅਸੂਲ ਵੀ ਨਹੀਂ ਸੀ
ਤੋੜਿਆ। ਮੈਂ ਘਰੇ ਕਹਿ ਦਿੱਤਾ ਕਿ ਪਿੰਡੋਂ ਪੰਦਰਾਂ ਵੀਹ ਜਣੇ ਟਰਾਲੀ ‘ਚ ਬਹਾ ਕੇ ਲੁਧਿਆਣੇ
ਚੱਲਾਂਗੇ ਤੇ ਬੀਜ ਦੀਆਂ ਪੰਦਰਾਂ ਵੀਹ ਥੈਲੀਆਂ ਲੈ ਕੇ ਮੁੜਾਂਗੇ। ਮੈਂ ਮਿਥੇ ਦਿਨ ਢੁੱਡੀਕੇ
ਤੋਂ ਦਿਨ ਛਿਪੇ ਪਿੰਡ ਪੁੱਜਾ ਤਾਂ ਘਰ ਦਿਆਂ ਨੇ ਲੁਧਿਆਣੇ ਜਾਣ ਲਈ ਕਿਸੇ ਨੂੰ ਕਿਹਾ ਹੀ
ਨਹੀਂ ਸੀ। ਉਲਟਾ ਕਹਿਣ ਲੱਗੇ, “ਜੇ ਸ਼ਰੀਕੇ ‘ਚ ਕਿਸੇ ਨੂੰ ਕਿਹਾ ਤਾਂ ਉਹਨੇ ਬੀ ਆਪ ਬੀਜ
ਲੈਣਾ। ਆਪਾਂ ਨੂੰ ਕੀ ਫਾ਼ਇਦਾ?”
ਉਨ੍ਹਾਂ ਦੀ ਗੱਲ ਸਹੀ ਸੀ। ਸ਼ਰੀਕਾ ਭਾਈਚਾਰਾ ਬੀਜ ਲਿਆਉਣ ਦੇ ਕੰਮ ਨਹੀਂ ਸੀ ਆ ਸਕਦਾ। ਮੈਂ
ਕਿਹਾ, “ਘਰ ਦੇ ਸਾਰੇ ਬੰਦੇ ਲੈ ਚੱਲੋ। ਦਿਹਾੜੀਏ ਲੈ ਚੱਲਦੇ ਆਂ। ਅਮਲੀਆਂ ਨੂੰ ਨਸ਼ਾ ਪੱਤਾ
ਖੁਆ ਪਿਆ ਕੇ ਬਿਠਾ ਲੈਨੇ ਆਂ। ਪੰਦਰਾਂ ਵੀਹ ਜਣੇ ਤਾਂ ਹੋਣ। ਘੱਟੋ ਘਟ ਤਿੰਨ ਚਾਰ ਕਿੱਲੇ
ਤਾਂ ਬੀਜੇ ਜਾਣ। ਫੇਰ ਦੇਖਿਓ ਬੀ ਕਿੰਨੇ ਦਾ ਵਿਕਦਾ? ਪੀ ਬੀ 18 ਦਾ ਤੁਸੀਂ ਦੇਖ ਈ ਲਿਐ। ਇਹ
ਕਿੱਲੇ ਦਾ ਪੰਜਾਹ ਮਣ ਨਿਕਲੂ ਤੇ ਤਿੱਗਣੇ ਭਾਅ ਵਿਕੂ।” ਮੇਰੀਆਂ ਸ਼ੇਖਚਿਲੀਆਂ ਸੁਣ ਕੇ ਉਹ
ਹੱਸੀ ਜਾਣ, “ਕਿਤੇ ਪਊਆ ਤਾਂ ਨੀ ਲਾਇਆ?” ਉਹ ਮੇਰਾ ਲਾਇਆ ਈ ਹੋਇਆ ਸੀ। ਤਾਂ ਹੀ ਤਾਂ ਮੈਂ
ਭੈਰਵੀ ਪੱਟੀ ਜਾਂਦਾ ਸੀ।
ਅੱਧੀ ਰਾਤ ਅਸੀਂ ਟਰਾਲੀ ਜੋੜੀ। ਵਿਚ ਪੰਜ ਜਣੇ ਘਰ ਦੇ ਬੈਠੇ, ਤਿੰਨ ਚਾਰ ਦਿਹਾੜੀਏ ਲਏ ਤੇ
ਦੋ ਤਿੰਨ ਖਾਣ ਪੀਣ ਵਾਲੇ ਬਿਠਾਏ। ਅਸੀਂ ਪਹੁ ਫੁਟਦੀ ਨਾਲ ਯੂਨੀਵਰਸਿਟੀ ਦੇ ਇਕ ਹਾਤੇ ਵਿਚ
ਜਾ ਉਤਰੇ। ਉਥੇ ਰਾਤ ਦੀਆਂ ਹੀ ਲਾਈਨਾਂ ਲੱਗੀਆਂ ਹੋਈਆਂ ਸਨ। ਕਈ ਪਰਨੇ ਵਿਛਾਈ ਥਾਂ ਰੋਕੀ ਪਏ
ਸਨ। ਡਾ. ਰੰਧਾਵੇ ਦੀ ਇਕ ਬੰਦਾ ਇਕ ਥੈਲੀ ਵਾਲੀ ਗੱਲ ਦਾ ਪਹਿਲਾਂ ਹੀ ਸਾਰੇ ਪੰਜਾਬ ਵਿਚ
ਢੰਡੋਰਾ ਫਿਰ ਗਿਆ ਸੀ। ਕਿਸਾਨ ਟਰਾਲੀਆਂ ਭਰ ਕੇ ਪਹੁੰਚੀ ਜਾਂਦੇ ਸਨ। ਉਥੇ ਬੰਦੇ ‘ਤੇ ਬੰਦਾ
ਚੜ੍ਹਿਆ ਪਿਆ ਸੀ। ਸਾਡੇ ਕੁਝ ਬੰਦੇ ਜੰਗਲ ਪਾਣੀ ਜਾਣਾ ਚਾਹੁੰਦੇ ਸਨ ਪਰ ਮੈਂ ਕਹਿ ਰਿਹਾ
ਸਾਂ, “ਪਹਿਲਾਂ ਲਾਈਨ ‘ਚ ਲੱਗੋ। ਫੇਰ ਦੇਖ ਲਾਂਗੇ ਜੰਗਲ ਪਾਣੀ ਵੀ। ਅੱਜ ਬੀ ਲੈਣ ਆਏ ਆਂ ਕਿ
ਜੰਗਲ ਪਾਣੀ ਜਾਣ? ਜਿਥੇ ਦਾਅ ਲੱਗਦਾ ਖੜ੍ਹ-ਜੋ, ਮੈਂ ਚਾਹ ਲੈ ਕੇ ਆਉਨਾਂ।”
ਮੇਰੇ ਚਾਹ ਲਿਆਉਂਦੇ ਨੂੰ ਉਹ ਜਿ਼ਲਾ ਲੁਧਿਆਣੇ ਦੀ ਲਾਈਨ ਵਿਚ ਲੱਗ ਗਏ ਜੋ ਕਾਫੀ ਲੰਮੀ ਸੀ।
ਉਹਦੇ ਨਾਲ ਹੀ ਜਿ਼ਲ੍ਹਾ ਫਰੀਦਕੋਟ ਦੀ ਲਾਈਨ ਕੁਝ ਛੋਟੀ ਸੀ। ਮੈਂ ਸੋਚਿਆ, “ਏਥੇ ਕਿਹੜਾ
ਕਿਸੇ ਦੇ ਮੂੰਹ ‘ਤੇ ਲਿਖਿਐ ਬਈ ਕੋਈ ਕਿਥੋਂ ਦਾ ਐ? ਚਕਰ ਦੀ ਥਾਂ ਢੁੱਡੀਕੇ ਦਾ ਨਾਂ ਲੈ
ਲਵਾਂਗੇ।” ਤੇ ਮੈਂ ਆਪਣੇ ਕੁਝ ਬੰਦਿਆਂ ਨੂੰ ਪਹਿਲਾਂ ਫਰੀਦਕੋਟ ਤੇ ਫਿਰ ਹੋਰ ਵੀ ਛੋਟੀ
ਕਪੂਰਥਲੇ ਵਾਲੀ ਲਾਈਨ ਵਿਚ ਲਾ ਦਿੱਤਾ। ਨੌਂ ਵਜੇ ਤਾਕੀਆਂ ਖੁੱਲ੍ਹਣੀਆਂ ਤੇ ਪਰਚੀਆਂ ਕੱਟੀਆਂ
ਜਾਣੀਆਂ ਸਨ। ਥੈਲੀਆਂ ਸਟੋਰ ਤੋਂ ਮਿਲਣੀਆਂ ਸਨ। ਭੀੜ ਬਹੁਤ ਸੀ। ਸਤੰਬਰ ਮਹੀਨੇ ਦਾ ਹੁੰਮਸ
ਭਰਿਆ ਦਿਨ ਸੀ। ਪਸ਼ੂਆਂ ਵਾਲੇ ਹਾਤੇ ‘ਚ ਪੰਜਾਬ ਦੇ ਅਗਾਂਹਵਧੂ ਕਿਸਾਨ ਪਸ਼ੂਆਂ ਵਾਂਗ ਹੀ
ਡੱਕੇ ਹੋਏ ਸਨ। ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ। ਕਈ ਕਿਸਾਨ ਪਸ਼ੂਆਂ ਦੀ ਖੇਲ
‘ਚੋਂ ਪਾਣੀ ਪੀ ਰਹੇ ਸਨ। ਮੇਰਾ ਕੰਮ ਲਾਈਨਾਂ ਦਾ ਜਾਇਜ਼ਾ ਲੈਣਾ, ਆਪਣੇ ਬੰਦਿਆਂ ਨੂੰ ਚਾਹ
ਪਾਣੀ ਦੇਣਾ ਤੇ ਬੀਜ ਹਾਸਲ ਕਰਨ ਦੀ ਕੋਈ ਚੋਰ ਮੋਰੀ ਲੱਭਣਾ ਸੀ।
ਸਿਤਮ ਦੀ ਗੱਲ ਇਹ ਹੋਈ ਕਿ ਤਾਕੀਆਂ ਖੁੱਲ੍ਹਣ ਤੋਂ ਪਹਿਲਾਂ ਹੀ ਲਾਈਨਾਂ ਵਿਚ ਧੱਕਾ ਪੈਣਾ
ਸ਼ੁਰੂ ਹੋ ਗਿਆ। ਜਿਹੜੇ ਕਿਸਾਨ ਰਾਤ ਨੂੰ ਹੀ ਲਾਈਨਾਂ ਵਿਚ ਆ ਲੱਗੇ ਸਨ ਉਹ ਅਨੀਂਦਰੇ ਵੀ ਸਨ
ਤੇ ਭੁੱਖੇ ਤਿਹਾਏ ਵੀ ਸਨ। ਉਨ੍ਹਾਂ ਨੂੰ ਜੰਗਲ ਪਾਣੀ ਦੀ ਵੀ ਹਾਜਤ ਸੀ। ਜਿਹੜੇ ਸਵੇਰੇ ਆਏ
ਸਨ ਉਹ ਤਾਜ਼ਾ ਦਮ ਸਨ। ਤਾਜ਼ਾ ਦਮ ਬੰਦਿਆਂ ਨੂੰ ਧੱਕਾ ਪੁੱਗਦਾ ਸੀ। ਉਹ ਲਾਈਨਾਂ ਵਿਚ ਸਭ
ਤੋਂ ਪਿੱਛੇ ਸਨ। ਉਹ ‘ਕੱਠੇ ਹੋ ਕੇ ਜ਼ੋਰ ਦਾ ਧੱਕਾ ਮਾਰਦੇ ਜਿਸ ਨਾਲ ਬਾਰੀਆਂ ਮੂਹਰਲੇ ਬੰਦੇ
ਬਾਹਰ ਜਾ ਡਿੱਗਦੇ ਤੇ ਕਪੜੇ ਝਾੜ ਕੇ ਜੰਗਲ ਪਾਣੀ ਲਈ ਖੇਤਾਂ ਵੱਲ ਹੋ ਤੁਰਦੇ। ਤਕੜੇ ਦਾ
ਸੱਤੀਂ ਵੀਹੀਂ ਸੌ ਸੀ। ਸਾਡੇ ਬੰਦੇ ਧੱਕਮਧੱਕੇ ‘ਚ ਲੁਧਿਆਣੇ ਵਾਲੀ ਲਾਈਨ ‘ਚ ਕਾਫੀ ਮੂਹਰੇ ਆ
ਲੱਗੇ ਸਨ ਤੇ ਪੈਰ ਜਮਾਈ ਖੜ੍ਹੇ ਸਨ। ਮੈਂ ਉਨ੍ਹਾਂ ਨੂੰ ਸਾ਼ਬਾਸ਼ੇ ਦਿੰਦਿਆਂ ਆਪ ਵੀ ਉਹਨਾਂ
ਵਿਚ ਈ ਫਸ ਗਿਆ। ਪੱਗ ਉਤੋਂ ਦੀ ਠਾਠੀ ਬੰਨ੍ਹ ਲਈ ਬਈ ਆਪ ਭਾਵੇਂ ਡਿੱਗ ਪਈਏ ਪਰ ਪੱਗ ਨਾ
ਡਿੱਗੇ!
ਜਦੋਂ ਧੱਕੇ ਰੁਕੇ ਈ ਨਾ ਤਾਂ ਘੋੜਿਆਂ ਵਾਲੀ ਪੁਲਿਸ ਮੰਗਾਈ ਗਈ। ਪੁਲਿਸ ਨੇ ਘੋੜੇ ਫੇਰ ਕੇ
ਲਾਈਨਾਂ ਸਿੱਧੀਆਂ ਕੀਤੀਆਂ ਤਾਂ ਧੱਕੇ ਪੈਣੇ ਬੰਦ ਹੋ ਗਏ। ਜਿਥੇ ਮੈਂ ਅੜਿਆ ਖੜ੍ਹਾ ਸਾਂ
ਮੇਰੇ ਬਰਾਬਰ ਹੀ ਨਾਲ ਦੀ ਲਾਈਨ ਵਿਚ ਇਕ ਬਜ਼ੁਰਗ ਫਸਿਆ ਖੜ੍ਹਾ ਸੀ। ਉਹ ਸੱਤਰ ਅੱਸੀ ਸਾਲ ਦਾ
ਬਿਰਧ ਸੀ ਜਿਸ ਨੇ ਮੋਟੇ ਸ਼ੀਸਿ਼ਆਂ ਵਾਲੀ ਐਨਕ ਲਾਈ ਹੋਈ ਸੀ। ਉਸ ਦੱਸ ਰਿਹਾ ਸੀ ਕਿ ਇਕ ਵਾਰ
ਤਾਂ ਉਹ ਧੱਕੇ ਨਾਲ ਡਿੱਗ ਵੀ ਪਿਆ ਸੀ ਪਰ ਹੌਂਸਲਾ ਕਰ ਕੇ ਫੇਰ ਲਾਈਨ ਵਿਚ ਆ ਲੱਗਾ ਸੀ। ਧੰਨ
ਸੀ ਉਹ ਸਿਰੜੀ ਬਾਬਾ ਜਿਹੜਾ ਜੁਆਨਾਂ ਦੇ ਧੱਕਿਆਂ ਵਿਚ ਵੀ ਡਟਿਆ ਖੜ੍ਹਾ ਸੀ। ਮੈਨੂੰ ਉਹਦੀ
ਹਾਲਤ ‘ਤੇ ਤਰਸ ਆ ਰਿਹਾ ਸੀ ਪਰ ਮੈਂ ਕਰ ਕੁਝ ਨਹੀਂ ਸਾਂ ਸਕਦਾ। ਸਾਰਿਆਂ ਨੂੰ ਆਪੋ ਆਪਣੀ ਪਈ
ਹੋਈ ਸੀ।
ਖੜ੍ਹਾ ਖੜ੍ਹਾ ਮੈਂ ਸੋਚਣ ਲੱਗਾ ਕਿ ਬਾਬਾ ਤਾਂ ਸਿਵਿਆਂ ਨੂੰ ਜਾਣ ਵਾਲਾ ਹੈ ਤੇ ਉਹਨੇ ਨਵੇਂ
ਬੀਜ ਦਾ ਕੀ ਕਰਨਾ ਹੈ? ਉਹਦੇ ਕਪੜੇ ਘਸਮੈਲੇ ਸਨ, ਮੋਢੇ ਝੋਲਾ ਸੀ, ਦਾੜ੍ਹੀ ਬੱਗੀ ਸੀ ਤੇ
ਜਟੂਰੀਆਂ ਪੱਗ ਦੇ ਪੇਚਾਂ ‘ਚੋਂ ਬਾਹਰ ਨਿਕਲੀਆਂ ਹੋਈਆਂ ਸਨ। ਆਸੇ ਪਾਸੇ ਖੜ੍ਹੇ ਬੰਦੇ
ਮਸ਼ਗੂਲੇ ਕਰ ਰਹੇ ਸਨ ਕਿ ਇਹਨੇ ਮੁੰਡੇ ਨੂੰ ਨੀ ਆਉਣ ਦਿੱਤਾ ਹੋਣਾ ਬਈ ਉਹਨੂੰ ਨਵੇਂ ਬੀ ਦਾ
ਕੀ ਪਤਾ? ਨਾਲੇ ਕਹਿੰਦਾ ਹੋਊ ਬਈ ਮੁੰਡਾ ਬਾਹਲੇ ਪੈਸੇ ਖਰਚਦੂ। ਕੋਈ ਕਾਨਾਫੂਸੀ ਕਰਦਾ,
“ਬਾਬੇ ਦਾ ਵੀ ਚਿੱਤ ਕਰਦਾ ਹੋਣਾ ਲੁਧਿਆਣੇ ਦੀ ਯੂਨੀਵਰਸਿਟੀ ਦੇਖਣ ਨੂੰ। ਲੈ ਲਵੇ ਸੁਆਦ ਹੁਣ
ਯੂਨੀਵਰਸਿਟੀ ਦੇਖਣ ਦਾ!” ਪਰ ਮੈਨੂੰ ਬਾਬੇ ਦੀ ਮਰੇੜੀ ਹਾਲਤ ਉਤੇ ਤਰਸ ਆ ਰਿਹਾ ਸੀ। ਉਹਦੀਆਂ
ਅੱਖਾਂ ਵਿਚ ਬੇਵਸੀ ਸੀ।
ਉਦੋਂ ਈ ਪਤਾ ਲੱਗਾ ਜਦੋਂ ਫੇਰ ਜ਼ੋਰ ਦਾ ਧੱਕਾ ਪਿਆ। ਬਾਬਾ ਲਾਈਨ ‘ਚੋਂ ਨਿਕਲ ਕੇ ਗੋਡਣੀਏਂ
ਜਾ ਡਿੱਗਾ। ਉੁਹਦੀ ਐਨਕ ਵੀ ਡਿੱਗ ਪਈ। ਉਸ ਨੇ ਜ਼ਮੀਨ ‘ਤੇ ਹੱਥ ਫੇਰ ਕੇ ਐਨਕ ਚੁੱਕੀ ਤੇ
ਪਰਨੇ ਨਾਲ ਝਾੜ ਕੇ ਅੱਖਾਂ ਉਤੇ ਲਾ ਲਈ। ਮੈਂ ਉਸ ਨੂੰ ਉਠਾਉਣ ਵਿਚ ਮਦਦ ਕੀਤੀ ਤਾਂ ਉਸ ਨੇ
ਮੁੜ ਲਾਈਨ ਵਿਚ ਲੱਗਦਿਆਂ ਪੁੱਛਿਆ, “ਜੁਆਨਾਂ, ਫਰੀਦਕੋਟ ਆਲੀ ਲੈਨ ਏਹੋ ਈ ਐ ਨਾ?” ਮੈਂ
ਆਖਿਆ, “ਲਾਈਨ ਤਾਂ ਬਾਬਾ ਏਹੋ ਈ ਐ ਪਰ ਮੈਨੂੰ ਨਹੀਂ ਲੱਗਦਾ ਤੁਸੀਂ ਸਿਰੇ ਲੱਗੋਂਗੇ। ਅਜੇ
ਧੱਕੇ ਹੋਰ ਵੀ ਪੈਣਗੇ।” ਬਾਬਾ ਬੋਲਿਆ, “ਇਹ ਗੱਲ ਤੂੰ ਮੇਰੇ ‘ਤੇ ਛੱਡ ਦੇ, ਮੈਂ ਬਥੇਰੇ
ਧੱਕੇ ਜਰੇ ਨੇ, ਬੀ ਮੈਂ ਲੈ ਕੇ ਈ ਮੁੜੂੰ।” ਮੈਂ ਮਨ ‘ਚ ਕਿਹਾ, “ਮੰਨ ਗਏ ਬਾਬਾ ਤੈਨੂੰ
ਵੀ!”
ਘੋੜਿਆਂ ਵਾਲੀ ਪੁਲਿਸ ਦੇ ਪਾਸੇ ਹਟਣ ਦੀ ਦੇਰ ਸੀ ਕਿ ਭੀੜ ਵਿਚ ਫਿਰ ਆਪਾ ਧਾਪੀ ਪੈ ਗਈ।
ਧੱਕਿਆਂ ਦੇ ਮਾਰੇ ਕਈ ਕਮਜ਼ੋਰ ਲਾਈਨਾਂ ‘ਚੋਂ ਨਿਕਲ ਗਏ ਤੇ ਕਈ ਜ਼ੋਰਾਵਰ ਲਾਈਨਾਂ ‘ਚ ਆ
ਲੱਗੇ। ਤਾਕੀਆਂ ਖੁੱਲ੍ਹੀਆਂ ਤਾਂ ਕਈ ਪਰਚੀਆਂ ਲੈ ਗਏ ਤੇ ਕਈ ਰਹਿ ਗਏ। ਸਾਡੇ ਬੰਦਿਆਂ ‘ਚੋਂ
ਦਿਹਾੜੀਏ ਤੇ ਖਾਣ ਪੀਣ ਵਾਲੇ ਧੱਕੇ ਖਾ ਕੇ ਬਾਹਰ ਜਾ ਬੈਠੇ ਪਰ ਅਸੀਂ ਘਰ ਦੇ ਬੰਦੇ ਅੜੇ ਰਹੇ
ਤੇ ਬੀਜ ਦੀਆਂ ਥੈਲੀਆਂ ਲੈ ਗਏ। ਮੈਂ ਥੈਲੀਆਂ ਕੋਲ ਬੈਠ ਗਿਆ ਤੇ ਦੂਜਿਆਂ ਨੂੰ ਮੁੜ ਲਾਈਨ ‘ਚ
ਲਾ ਦਿੱਤਾ। ਦੂਜਾ ਗੇੜਾ ਵੀ ਕਾਮਯਾਬ ਹੋਇਆ ਤਾਂ ਮੈਂ ਤੁਰਤ ਈ ਤੀਜਾ ਗੇੜਾ ਲਾਉਣ ਨੂੰ ਕਿਹਾ।
ਗੇੜੇ ਲਾਉਣ ਵਾਲੇ ਮੁੜ੍ਹਕੋ ਮੁੜ੍ਹਕੀ ਹੋਏ ਪਏ ਸਨ ਤੇ ਉਨ੍ਹਾਂ ਦਾ ਬੁਰਾ ਹਾਲ ਸੀ। ਮੈਨੂੰ
ਇਕ ਇਕ ਥੈਲੀ ‘ਚੋਂ ਹਜ਼ਾਰ ਹਜ਼ਾਰ ਰੁਪਏ ਦਾ ਬੀਜ ਉਗਦਾ ਦਿਸ ਰਿਹਾ ਸੀ। ਮੇਰੇ ਭਰਾ ਫਿਰ
ਲਾਈਨ ਵਿਚ ਜਾ ਲੱਗੇ। ਦਿਲ ਛੱਡੀ ਬੈਠੇ ਦਿਹਾੜੀਆਂ ਵੱਲ ਵੇਖ ਕੇ ਮੈਨੂੰ ਉਹ ਕਥਨ ਫਿਰ ਯਾਦ ਆ
ਰਿਹਾ ਸੀ, “ਭਾੜੇ ਦੀਆਂ ਫੌਜਾਂ ਨਹੀਂ ਲੜਦੀਆਂ ਹੁੰਦੀਆਂ।”
ਮੈਂ ਬੀਜ ਲੈਣ ਦੀ ਇਕ ਚੋਰ ਮੋਰੀ ਵੀ ਲੱਭ ਲਈ ਸੀ ਜਿਥੋਂ ਮਹਿੰਗੇ ਭਾਅ ਛੇ ਥੈਲੀਆਂ ਮਿਲੀਆਂ।
ਪੰਦਰਾਂ ਥੈਲੀਆਂ ਧੱਕੇ ਖਾ ਕੇ ਹੱਥ ਆਈਆਂ। ਕੁਲ ਇੱਕੀ ਥੈਲੀਆਂ ਹੋ ਗਈਆਂ ਸਨ। ਬਾਬੇ ਦਾ
ਮੈਨੂੰ ਪਤਾ ਨਾ ਲੱਗਾ ਕਿ ਉਹ ਕੋਈ ਥੈਲੀ ਲੈ ਸਕਿਆ ਜਾਂ ਨਹੀਂ। ਕਿਤੇ ਦਿਸ ਪੈਂਦਾ ਤਾਂ ਮੈਂ
ਇਕ ਥੈਲੀ ਜ਼ਰੂਰ ਉਸ ਨੂੰ ਦੇ ਦਿੰਦਾ ਤੇ ਉਸ ਦੇ ਸਿਰੜ ਨੂੰ ਵੀ ਸਲਾਮ ਆਖਦਾ। ਆਪੋ ਧਾਪੀ ‘ਚ
ਉਹ ਮੈਨੂੰ ਭੁੱਲ ਈ ਗਿਆ ਸੀ। ਰਸਤੇ ਵਿਚ ਅਸੀਂ ਉਨ੍ਹਾਂ ਖੇਤਾਂ ਦੀ ਨਿਸ਼ਾਨਦੇਹੀ ਕਰਦੇ ਆਏ
ਜਿਨ੍ਹਾਂ ਵਿਚ ਇਹ ਨਵਾਂ ਬੀਜ ਬੀਜਣਾ ਸੀ। ਉਸ ਬੀਜ ਦਾ ਬਹੁਤ ਝਾੜ ਨਿਕਲਿਆ ਜਿਸ ਨਾਲ ਬੀਜ
ਵੇਚਣ ਦੀਆਂ ਲਹਿਰਾਂ ਬਹਿਰਾਂ ਹੋ ਗਈਆਂ।
ਇਕ ਦਿਨ ਉਹੀ ਬਾਬਾ ਸਾਡੇ ਘਰੋਂ ਬੀਜ ਲੈਣ ਆ ਗਿਆ ਜਿਹੜਾ ਲੁਧਿਆਣੇ ਲਾਈਨਾਂ ਵਿਚ ਧੱਕੇ ਖਾ
ਆਇਆ ਸੀ। ਮੈਂ ਉਹਦਾ ਮੁਹਾਂਦਰਾ ਪਛਾਣ ਲਿਆ ਤੇ ਕਿਹਾ, “ਤੁਸੀਂ ਤਾਂ ਬਾਬਾ ਜੀ ਪਿਛਲੇ ਸਾਲ ਈ
ਇਹ ਬੀ ਲੈ ਆਏ ਸੀ...।” ਉਹ ਮੇਰੀ ਗੱਲ ਦੇ ਵਿਚੋਂ ਈ ਬੋਲਿਆ, “ਪੁੱਤਰਾ, ਪਿਛਲੇ ਸਾਲ ਮੈਂ
ਹੱਠ ਤਾਂ ਬਥੇਰਾ ਕੀਤਾ ਪਰ ਬੁੱਢਾ ਜੁੱਸਾ ਜੋਰਾਵਰਾਂ ਦੇ ਧੱਕੇ ਨਾ ਸਹਿ ਸਕਿਆ। ਧੱਕਿਆਂ ‘ਚ
ਮੇਰਾ ਝੋਲਾ ਵੀ ਗੁਆਚ ਗਿਆ ਜੀਹਦੇ ‘ਚ ਬੀ ਜੋਗੇ ਪੈਸੇ ਸੀ। ਜ਼ੋਰ ਤਾਂ ਬਥੇਰਾ ਲਾਇਆ ਪਰ
ਬੁੱਢਾ ਸਰੀਰ ਸਾਥ ਨਾ ਦੇ ਸਕਿਆ। ਹੁਣ ਕੁਛ ਕਾਇਮ ਆਂ। ਜਦੋਂ ਯੂਨੀਵਰਸਿਟੀ ਨੇ ਫੇਰ ਨਵਾਂ ਬੀ
ਕੱਢਿਆ ਤਾਂ ਉਹ ਜਰੂਰ ਲੈ ਕੇ ਰਹੂੰ। ਓਦੋਂ ਨੀ ਮੁੜਦਾ ਖਾਲੀ ਹੱਥ।”
ਕਿੰਨੇ ਹੀ ਦਿਨ ਉਹ ਬਾਬਾ ਮੇਰੇ ਮਨ ‘ਤੇ ਹੈਮਿੰਗਵੇ ਦੇ ਨਾਵਲ ‘ਬੁੱਢਾ ਤੇ ਸਮੁੰਦਰ’ ਦੇ
ਨਾਇਕ ਵਾਂਗ ਛਾਇਆ ਰਿਹਾ। ਫਿਰ ਉਸ ਬਾਬੇ ਬਾਰੇ ਮੈਂ ਕਹਾਣੀ ਲਿਖੀ ਜੀਹਦਾ ਨਾਂ ‘ਬੁੱਢਾ ਤੇ
ਬੀਜ’ ਰੱਖਿਆ ਤੇ ਉਹ ਵੀ ‘ਆਰਸੀ’ ਵਿਚ ਛਪੀ।
-0-
|