( 1 )
ਮੈਂ ਚਾਹੁੰਦਾ ਨਹੀਂ, ਪਰ ਠੰਡਾ ਸਾਹ ਤਾਂ ਨਿਕਲ ਜਾਂਦਾ ਹੈ ।
ਜਦ ਕੋਈ ਯਾਰ, ਆਪਣੇ ਵਾਅਦੇ ਤੋਂ ਬਦਲ ਜਾਂਦਾ ਹੈ ।
ਮੈਕਦੇ ਗਿਆਂ ਤਾਂ, ਮੈਂਨੂੰ ਹੈ ਜ਼ਮਾਨਾ ਹੋਇਆ
ਨੇੜੇ ਜਾਂਦਿਆਂ ਤਾਂ,ਉਫ਼ ! ਪੈਰ ਫ਼ਿਸਲ ਜਾਂਦਾ ਹੈ ।
ਉਮਰ ਭਰ ਸਾਡੀ ਪਿੱਠ ਤੇ, ਜਿਨ੍ਹਾਂ ਚਾਕੂ ਰੱਖੇ
ਸਾਹਮਣੇ ਆਉਣ,ਤਾਂ ਦਿਲ ਫਿਰ ਵੀ ਪਿਘਲ ਜਾਂਦਾ ਹੈ ।
ਕੋਈ ਚੋਬਰ ਨਹੀਂ, ਕਿਸੇ ਮੌਸਮ ਨੂੰ ਬਦਲ ਸਕਦਾ
ਰਾਤੀ ਕੁ ”ਵਾ ਦਾ ਬੁੱਲ੍ਹਾ ਹੀ,ਇਹਨੂੰ ਬਦਲ ਜਾਂਦਾ ਹੈ ।
ਦਿਲ ਜਾਂ ਟੁੱਟਦੈ, ਤਾਂ ਸੌ ਸੌ ਹੈ ਕਸਮਾਂ ਖਾਂਦਾ
ਪਿਆਰ ਦੇ ਦੋ ਕੁ ਬੋਲਾਂ ਤੇ,ਇਹ ਫੇਰ ਪਿਘਲ ਜਾਂਦਾ ਹੈ ।
ਉਹ ਤਾਂ ਹਰ ਥਾਂ ਤੇ ਗਾਉਂਦੇ ਨੇ,ਹਾਕਮਾਂ ਦੇ ਕਿੱਸੇ
ਦਿਲ ਕਚੀਚੀਆਂ ਤਾਂ ਵੱਟਦੈ, ਪਰ ਆਪੇ ਸੰਭਲ ਜਾਂਦਾ ਹੈ ।
ਮੇਰਾ ਘਰ ਤਾਂ ਸਰਾਂ ਹੈ, ਜਾਣਦਾ ਹਾਂ ”ਮੁਸ਼ਤਾਕ”
ਤਾਂ ਹੀ ਜੋ ਵੀ ਆਉਂਦੈ, ਰਾਤ ਕੱਟ ਕੇ ਨਿਕਲ ਜਾਂਦਾ ਹੈ ।
.............................................................................................
( 2 )
ਤੇਰੇ ਸਾਹਮਣੇ ਤਾਂ ਮੈਂ ਮੁਸਕਰਾ ਦਿੰਦਾ ਹਾਂ ।
ਸਾਰੇ ਜ਼ਖਮ ਮੈਂ ਦਿਲ ਦੇ ਲੁਕਾ ਦਿੰਦਾ ਹਾਂ ।
ਦਿਨ ਭਰ ਤਾਂ ਖ਼ਿਆਲਾਂ ”ਚ ਗੁੰਮ ਰਹਿੰਦਾਂ
ਸ਼ਾਮੀਂ ਯਾਦਾਂ ਦੇ ਦੀਪ ਜਗਾ ਦਿੰਦਾ ਹਾਂ ।
ਹੁਣ ਖ਼ੁਸ਼ੀ ਦੀ ਕੋਈ ਖ਼ਬਰ ਨਹੀਂ ਪੈਂਦੀ
ਤਾਹੀਓਂ ਖ਼ਤ ਹੁਣ ਚੁੱਲ੍ਹੇ ”ਚ ਪਾ ਦਿੰਦਾ ਹਾਂ ।
ਮੇਰੀ ਤਾਂ ਉਮਰ,ਚੁਰਾਹੇ ਖੜੇ ਹੈ ਗੁਜ਼ਰੀ
”ਮੈਂ ਨਹੀਂ ਵਿਕਣਾ” ਦਾ ਨਾਹਰਾ ਲਾ ਦਿੰਦਾ ਹਾਂ ।
ਮੇਰੀ ਪਿੱਠ ਤੇ ਆ ਕੇ,ਜਿੰਨੇ ਵੱਜਦੇ ਨੇ
ਯਾਰਾਂ ਦੇ ਤੋਹਫ਼ੇ,ਮੈਂ ਘਰੇ ਸਜਾ ਦਿੰਦਾ ਹਾਂ ।
ਤੂੰ ਗ਼ੈਰ ਹੈਂ, ਚਾਹੇ ਗ਼ੈਰਾਂ ਦੀ ਮਹਿਫ਼ਲ ”ਚ ਹੈਂ
ਮੈਂ ਤੇ ਗੁਲਦਾਨਾਂ ਨੂੰ, ਹਾਲ ਸੁਣਾ ਦਿੰਦਾ ਹਾਂ ।
ਉਹਨਾਂ ਕਿਹਾ ਸੀ,ਆਉਣਗੇ,ਉਹ ਸ਼ਾਮ ਪਿਆਂ
ਤਾਹੀਓਂ ਬੱਤੀ ,ਮੈਂ ਹਰ ਸ਼ਾਮ ਜਗਾ ਦਿੰਦਾ ਹਾਂ ।
ਜਾਮ, ਸੁਰਾਹੀ ਤਾਂ ਸਿਰਫ਼ ਬਹਾਨਾ ਹੁੰਦੈ
ਮੈਂ ਤਾਂ ਸ਼ਿਅਰਾਂ ”ਚ ਖ਼ਾਬ ਸਜਾ ਦਿੰਦਾ ਹਾਂ।
ਕੋਈ ਖ਼ੁਸ਼ੀ ਜੇ ਭੁੱਲ ਕੇ ਆ ਜਾਵੇ ਰਸਤਾ
ਤਾਂ ਨਾਲ ਦੇ ਘਰ ਦਾ, ਮੈਂ ਬੂਹਾ ਦਿਖਾ ਦਿੰਦਾ ਹਾਂ ।
ਹਵਾ ਦੇ ਬੁੱਲ੍ਹਿਆਂ ਤੇ ਲਿਖ ਲਿਖ ”ਮਸ਼ਤਾਕ”
ਖ਼ੂਨੀ ਦਾਸਤਾਂ, ਮੈਂ ਆਪਣੀ ਸੁਣਾ ਦਿੰਦਾ ਹਾਂ ।
-0-
|