Welcome to Seerat.ca
Welcome to Seerat.ca

ਮੋਈ ਪਤਨੀ ਦਾ ਸਾਮਾਨ

 

- ਉਂਕਾਰਪ੍ਰੀਤ

ਸ਼ਰਧਾਂਜਲੀ ਲੇਖ/ਬਹੁ-ਬਿਧ ਪ੍ਰਤਿਭਾ ਦਾ ਝਲਕਾਰਾ: ਜਗਜੀਤ ਸਿੰਘ ਆਨੰਦ

 

- ਵਰਿਆਮ ਸਿੰਘ ਸੰਧੂ

ਦੋ ਗਜ਼ਲਾਂ

 

- ਮੁਸ਼ਤਾਕ

ਚਾਰ ਗਜ਼ਲਾਂ

 

- ਗੁਰਨਾਮ ਢਿੱਲੋ

ਸਵੈਜੀਵਨੀ (ਭਾਗ-2) ਦਾ ਅਖ਼ਰੀ ਤੋਂ ਪਹਿਲਾ ਕਾਂਡ / 'ਫ਼ਾਦਰ' ਟਰੀਸਾ!

 

- ਇਕਬਾਲ ਰਾਮੂਵਾਲੀਆ

ਮੇਰੀਆਂ ਦੋ ਕਹਾਣੀਆਂ ਦੇ ਬੀਜ

 

- ਪ੍ਰਿੰ. ਸਰਵਣ ਸਿੰਘ

ਨਾਵਲ ਅੰਸ਼ / ਪੈਰਿਸ ਦਾ ਪਾਣੀ

 

- ਹਰਜੀਤ ਅਟਵਾਲ

ਜਦੋਂ ਨਿੱਕੇ ਹੁੰਦੇ ਸਾਂ

 

- ਗੁਰਮੁਖ ਸਿੰਘ ਮੁਸਾਫਰ

ਟੋਕਰੀ ਦੇ ਸੇਬ

 

- ਪਿਆਰਾ ਸਿੰਘ ਭੋਗਲ

ਜੰਡ, ਜਿਸ ਉੱਤੇ ਤਰਕਸ਼ ਟੰਗ ਕੇ ਸਾਹਿਬਾਂ ਨੇ ਮਾੜੀ ਕੀਤੀ!

 

- ਹਰਨੇਕ ਸਿੰਘ ਘੜੂੰਆਂ

ਹੁੰਦਾ ਨਈਂ ਨਿਆਂ

 

- ਅਮੀਨ ਮਲਿਕ

ਸ਼ੁਕਰ ਐ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਲਾਹੌਰ ਦਿੱਸਿਐ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਪਹੁਤਾ ਪਾਂਧੀ (ਟੂ)

 

- ਰਿਸ਼ੀ ਗੁਲਾਟੀ

ਕਾਮਰੇਡ ਗੁਰਦਿਆਲ ਸਿੰਘ ਡਾਲ਼ਾ

 

- ਸੁਦਾਗਰ ਬਰਾੜ ਲੰਡੇ

ਸਮਾਜਿਕ ਵੰਡੀਆਂ ਲਈ ਯੋਗ ਨੂੰ ਬਣਾਇਆ ਜਾ ਰਿਹਾ ਹੈ ਮਾਧਿਅਮ

 

- ਹਰਜਿੰਦਰ ਗੁੱਲਪੁਰ

ਦੋ ਕਵਿਤਾਵਾਂ

 

- ਅਮਰਜੀਤ ਟਾਂਡਾ

ਕਵਿਤਾ / ਪਿਆਰ ਦਾ ਸਫ਼ਰ

 

- ਸੁਖਵਿੰਦਰ ਕੌਰ 'ਹਰਿਆਓ'

ਕਦੇ ਵਿਰਸਾ ਵੀ ਮਰਿਆ ਜਿੰਨਾ ਚਿਰ ਬਾਪੂ ਵਰਗੇ ਜਿਉਂਦੇ ਆ।

 

- ਕਰਨ ਬਰਾੜ

ਬੂਟਾ ਸਿੰਘ ਰਫਿਊਜੀ

 

- ਬਾਜਵਾ ਸੁਖਵਿੰਦਰ

ਟੈਕਸੀਨਾਮਾ

 

- ਬਿਕਰਮਜੀਤ ਸਿੰਘ ਮੱਟਰਾਂ

ਬਾਬਾ ਬਖਤੌਰ ਸਿੰਓਂ ਦੀ ਸੱਥ ਤੋਂ...

 

- ਕਮਲਜੀਤ ਮਾਂਗਟ

 

 


ਕਾਮਰੇਡ ਗੁਰਦਿਆਲ ਸਿੰਘ ਡਾਲ਼ਾ
- ਸੁਦਾਗਰ ਬਰਾੜ ਲੰਡੇ
 

 

ਸਾਡੇ ਆਪਸੀ ਸਕੇ ਘਰਾਂ ਦੀ ਸਾਂਝ ਦੀ ਪ੍ਰਤੱਖਤਾ ਸਾਡਾ ਕੱਚੀ ਕੰਧ ’ਚ ਆਉਣ ਜਾਣ ਲਈ ਰੱਖੇ ਛੋਟੇ ਬਾਰ ਰਾਹੀਂ ਚਾਚੇ ਜਗਰਾਜ ਸਿੰਘ ਦੇ ਘਰੋਂ ਚਾਚੀ ਹਰਦਿਆਲ ਕੌਰ ਦਾ ਭਰਾ ਕਾਮਰੇਡ ਮਾਮਾ ਗੁਰਦਿਆਲ ਸਿੰਘ ਡਾਲ਼ਾ ਅਕਸਰ ਸਾਡੇ ਘਰ ਵੇਲੇ ਕੁਵੇਲੇ ਆਉਂਦਾ ਜਾਂਦਾ ਰਹਿੰਦਾ।
ਗੋਰਾ ਰੰਗ, ਤਿੱਖੀਆਂ ਬਾਜ ਵਰਗੀਆਂ ਅੱਖਾਂ ਵਿਚਕਾਰ ਵੱਡਾ ਵੱਡਾ ਨੱਕ, ਚਾਚੀ ਹਰਦਿਆਲ ਕੌਰ ਵਾਂਗ ਹੀ ਉੱਚਾ ਫਬਦਾ।
ਉਹ ਕਾ: ਸੁਤੰਤਰ ਨਾਲ ਅੱਠ ਕੁ ਸਾਲ ਅੰਡਰ ਗਰਾਊਂਡ ਰਹਿਣ ਸਮੇਂ ਦੀਆਂ ਗੱਲਾਂ ਦੱਸਕੇ ਕਿਸੇ ਅਦਿੱਖ ਡਰਾਮੇਂ ਦੀਆਂ ਝਾਕੀਆਂ ਪੇਸ ਕਰ ਜਾਂਦਾ। ਜਦੋਂ ਪੁਲਸ ਨੂੰ ਝਾਂਸਾ ਦੇ ਕੇ ਨਿਕਲ ਜਾਣ ਦੀਆਂ ਦਿਲਚਸਪ ਘਟਨਾਵਾਂ ਸੁਣਾਉਂਦਾ, ਜਿਨ੍ਹਾਂ ’ਚ ਪਿੰਡਾਂ ਦੇ ਲੋਕਾਂ ਦੇ ਅਹਿਮ ਯੋਗਦਾਨ ਤੇ ਸੁਤੰਤਰ ਦੀਆਂ ਘਚਾਨੀਆਂ ਤੇ ਸੁਤੰਤਰ ਦੇ ਦਾਅ ਪੇਚਾਂ ਦੀ ਗੱਲ ਹੀ ਹੁੰਦੀ।
ਕਿ ਕਿਵੇਂ ਜੀਪ’ ਤੇ ਜਾਂਦਿਆਂ ਮਗਰ ਲੱਗੀ ਪੁਲਸ ਨੂੰ ਨਹਿਰ ਦਾ ਓਵਰਸੀਅਰ ਬਣਕੇ ਲੰਘਾ ਦਿੰਦਾ ਤੇ ਪੈਪਸੂ ਮੋਰਚੇ ਵੇਲੇ ਇੱਕ ਪਿੰਡ ’ਚ ਪੁਲਸ ਦੇ ਘੇਰੇ ਵਿੱਚ ਆ ਜਾਣ ਸਮੇਂ ਪਿੰਡ ਦੇ ਲੋਕ ਸੁਤੰਤਰ ਦੀ ਗਿਰਫਦਾਰੀ ਨਾ ਹੋਣ ਦੇਣ ਲਈ, ਮਰਨ ਮਾਰਨ ਲਈ ਤਿਆਰ ਸਨ। ਪਰ ਸੁਤੰਤਰ ਨੇ ਅਪਣੇ ਵਰਗੇ ਸਰੀਰ ਦੇ ਤਕੜੇ ਬੰਦੇ ਨੂੰ ਕਿਹਾ, ਤੂੰ ਕੋਠੇ ਤੋਂ ਪਿਛਲੇ ਪਾਸੇ, ਪੁਲੀਸ ਨੂੰ ਦਿਖਾ ਕੇ ਰੂੜੀ’ ਤੇ ਛਾਲ ਮਾਰ ਦੇਵੀਂ, ਉੱਠ ਕੇ ਭੱਜਣਾ ਨਹੀਂ, ਭੱਜਦੇ ਦੇ ਗੋਲੀ ਮਾਰ ਸਕਦੇ ਐ। ਇਸ ਤਰ੍ਹਾਂ ਕਰਨ’ ਤੇ ਪੁਲੀਸ ਵਿਸਲ ਮਾਰ ਕੇ ਉਸ ਨੂੰ ਫੜਨ ’ਚ ਰੁੱਝ ਗਈ ਤੇ ਸੁਤੰਤਰ ਨਿਕਲ ਗਿਆ ਸੀ। ਜਦ ਪੁਲੀਸ ਨੇ ਉਸ ਆਦਮੀ ਨੂੰ ਕਿਹਾ ਤੂੰ ਛਾਲ ਕਿਉਂ ਮਾਰੀ ਐ? ਉਸ ਨੇ ਕਿਹਾ, ਮੈਨੂੰ ਸੁਤੰਤਰ ਨੇ ਕਿਹਾ ਸੀ। ਇਹ ਸੁਣਕੇ ਸਿਪਾਹੀ ਹੈਰਾਨ ਸਨ। ਅਸੀਂ ਬੱਚੇ ਖੇਡਦੇ ਕਈ ਵਾਰ ਗੱਲਾਂ ਸੁਣ ਕੇ ਸੋਚਦੇ ਕਿ ਮਾਮੇ ਗੁਰਦਿਆਲ ਸਿੰਘ ਤੇ ਸੁਤੰਤਰ ਨੇ ਅਜਿਹਾ ਕੀ ਕੀਤਾ ਹੈ ਕਿ ਪੁਲਸ ਉਨ੍ਹਾਂ ਪਿੱਛੇ ਪਈ ਰਹਿੰਦੀ ਹੈ। ਇਹ ਗੱਲਾਂ ਸਾਡੀ ਸਮਝੋਂ ਬਾਹਰ ਦੀਆਂ ਸਨ। ਪਰ ਪੁਲਸ ਨਾਲ ਉਨ੍ਹਾਂ ਦੀ ਇਹ ‘ਨਾ ਮੁੱਕਣ ਵਾਲੀ ਲੁਕਣ ਮੀਟੀ’ ਚਲਦੀ ਰਹਿੰਦੀ।’ ਸਾਨੂੰ ਬੱਸ ਉਨ੍ਹਾਂ ਦੀਆਂ ਘਚਾਨੀਆਂ ਉੱਤੇ ਹੈਰਾਨੀ ਅਤੇ ਮਾਣ ਹੁੰਦਾ ਤੇ ਪੁਲਸ ਉੱਤੇ ਗੁੱਸਾ ਵੀ। ਪਰ ਸਾਨੂੰ ਕੋਈ ਸਮਝ ਨਾ ਆਉਂਦੀ ਕਿ ਇਹ ਮਾਮਲਾ ਕੀ ਹੈ।
ਮਾਮੇ ਗੁਰਦਿਆਲ ਸਿੰਘ ਡਾਲ਼ਾ, ਦਾ ਪਿੰਡ ਡਾਲ਼ਾ ਮੋਗੇ ਤੋਂ ਲੁਧਿਆਣੇ ਵੱਲ ਜਾਂਦਿਆਂ ਨੇੜੇ ਹੀ ਸੱਜੇ ਪਾਸੇ ਬਰਨਾਲੇ ਜਾਣ ਵਾਲੀ ਸੜਕ ਉੱਤੇ ਪਹਿਲਾ ਪਿੰਡ ਬੁੱਘੀਪੁਰਾ ਤੇ ਦੂਜਾ ਪਿੰਡ ਡਾਲਾ, ਮੋਗੇ ਤੋਂ 6 ਕੁ ਕਿ. ਮੀ. ਹੈ।
ਆਪ ਮਾਤਾ ਇੰਦ ਕੌਰ ਤੇ ਪਿਤਾ ਸ. ਘੁੱਲ਼ਾ ਸਿੰਘ ਦੇ ਛੋਟੇ ਪੁੱਤ ਸਨ। ਵੱਡਾ ਭਰਾ ਓਜਾਗਰ ਸਿੰਘ ਤੇ ਦੋ ਭੈਣਾਂ ਵੱਡੀ ਚਾਚੀ ਹਰਦਿਆਲ ਕੌਰ ਤੇ ਛੋਟੀ ਮਾਸੀ ਹਰਪਾਲ ਕੌਰ ਮਾਸੜ ਜਗਰਾਜ ਸਿੰਘ ਪਿੰਡ ਬਿਲਾਸਪੁਰ ਸਨ।
ਕਾ: ਗੁਰਦਿਆਲ ਸਿੰਘ ਡਾਲਾ ਨੂੰ ਅਪਣੇ ਬਾਪ ਸ. ਘੁੱਲਾ ਸਿੰਘ ਤੋਂ ਇਨਕਲਾਬੀ ਗੁੜ੍ਹਤੀ ਮਿਲੀ, ਉਹ ਗੁਰਦਵਾਰਾ ਗੰਗਸਰ (ਜੈਤੋ) ਦੇ ਸਿੱਖ ਮੋਰਚੇ ’ਚ ਗਏ ਸਨ। ਜੈਤੋ ਦਾ ਮੋਰਚਾ, ਭਾਰਤ ਦੀ ਅਜ਼ਾਦੀ ਦੇ ਇਤਿਹਾਸ ’ਚ ਕੁਰਬਾਨੀਆਂ ਭਰੇ ਇਤਿਹਾਸ ਦਾ ਸੁਨਹਿਰੀ ਚਾਨਣ ਮੁਨਾਰਾ ਹੈ।
ਕਾ: ਗੁਰਦਿਆਲ ਸਿੰਘ ਡਾਲਾ ਉੱਪਰ ਅਪਣੇ ਬਾਪ ਤੋਂ ਮੋਰਚੇ ਬਾਰੇ ਸੁਣਕੇ ਡੂੰਘਾ ਪ੍ਰਭਾਵ ਪੈਣ ਦਾ ਪਤਾ ਉਦੋਂ ਲਗਦਾ ਹੈ। ਜਦ ਉਹ ਅਪਣੇ ਖਾਲਸਾ ਸਕੂਲ ਪੜਾਓ ਮਹਿਣਾ’ ਚੋਂ ਛੇਵੀਂ ਜਮਾਤ ’ਚ ਪੜ੍ਹਦਾ ਅਪਣੇ ਚਾਰ ਜਮਾਤੀਆਂ ਸਮੇਤ ਅੰਮ੍ਰਿਤਸਰ ਤੋਂ ਆ ਰਹੇ ਜੱਥੇ ਵਿੱਚ ਸ਼ਾਮਲ ਹੋਣ ਲਈ ਭੱਜ ਗਿਆ ਸੀ। ਹੈੱਡ ਮਾਸਟਰ ਅਨੋਖ ਸਿੰਘ ਨੇ ਇਨ੍ਹਾਂ ਨੂੰ ਮੋੜ ਕੇ ਲਿਆਂਦਾ ਤੇ ਸਖ਼ਤ ਸਜਾ ਦਿੱਤੀ। ਪਰ ਗੁਰਦਿਆਲ ਸਿੰਘ ਡਾਲਾ ਨੇ ਅਪਣੇ ਗੁੱਸੇ ਦਾ ਪ੍ਰਗਟਾਅ ਸਕੂਲ ਅੱਗੋਂ ਲੰਘਦੀ ਫਿਰੋਜ਼ਪੁਰ-ਲੁਧਿਆਣਾ ਸੜਕ’ ਤੇ ਜਾਂਦੇ ਅੰਗਰੇਜ਼ ਅਫਸਰ ਦੇ ਮੋਟਰਸਾਈਕਲ ਉੱਪਰ ਪੱਥਰਾਂ ਦੀ ਬੁਛਾੜ ਕਰਕੇ ਕੀਤਾ। ਨਤੀਜੇ ਵਜੋਂ ਉਸ ਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ। ਇਸ ਨਾਲ ਆਪ ਦੀ ਵਿੱਦਿਆ ਅਧਵਾਟੇ ਹੀ ਰਹਿ ਗਈ ਸੀ।
1936 ’ਚ ਆਪ ਕਾਂਗਰਸ ਦੇ ਮੈਂਬਰ ਬਣੇ ਤੇ 1937 ’ਚ ਸੋਸ਼ਲਿਸਟ ਪਾਰਟੀ ਦੀਆਂ ਬੱਧਨੀ ਕਲਾਂ ਤੇ ਪਿੰਡ ਰੋਡੇ ਵਿਖੇ ਹੋਈਆਂ ਕਾਨਫਰੰਸਾਂ ’ਚ ਬਾਬਾ ਰੂੜ ਸਿੰਘ ਤੇ ਨਰੈਣ ਸਿੰਘ ਦੀ ਪ੍ਰੇਰਨਾ ਨਾਲ ਜੁੜੇ ਸਨ। 1939 ’ਚ ਗੁਰਦਿਆਲ ਸਿੰਘ ਜ਼ਿਲ੍ਹਾ ਕਿਸਾਨ ਪਾਰਟੀ ਦੇ ਖ਼ਜ਼ਾਨਚੀ ਚੁਣੇ ਗਏ ਅਤੇ ਅਸੈੰਬਲੀ ਲਈ ਇਲੈਕਸ਼ਨ ਸਮੇਂ ਬਾਬਾ ਰੂੜ ਸਿੰਘ ਨਾਲ ਦੂਜੇ ਨੰਬਰ’ ਤੇ ਕਾਗਜ ਦਾਖਲ ਕਰਵਾਣ ਵਾਲੇ ਵੀ ਕਾ: ਗੁਰਦਿਆਲ ਸਿੰਘ ਡਾਲਾ ਹੀ ਸਨ। ਪਰ ਦੋਹਾਂ ਦੇ ਕਾਗਜ ਤਕਨੀਕੀ ਗਲਤੀ ਕਾਰਨ ਰੱਦ ਹੋ ਗਏ ਸਨ। ਇਸ ਤੋਂ ਬਾਅਦ ਆਪ ਨੇ ਚੂਹੜਚੱਕ ਦੇ ਚੌਕੀਦਾਰਾ ਮੋਰਚੇ, ਕਲਸੀਆਂ ਸਟੇਟ ਦੇ ਚੜਿੱਕ ਮੋਰਚੇ ਵਿੱਚ ਵਧ ਚੜ੍ਹਕੇ ਹਿੱਸਾ ਲਿਆ।
ਕਿਰਤੀ ਪਾਰਟੀ ਦਾ ਪਰਚਾ ‘ਲਾਲ ਝੰਡਾ’ ਕਾ: ਗੁਰਦਿਆਲ ਸਿੰਘ ਡਾਲ਼ਾ ਤੇ ਦੇਵਾ ਸਿੰਘ ਮਾਹਲਾ ਮੋਗੇ ਡੀ. ਐਮ ਕਾਲਜ ਦੇ ਵਿਦਿਆਰਥੀਆਂ ’ਚ ਵੰਡਦੇ ਫੜੇ ਗਏ। ਇਨ੍ਹਾਂ ਨੂੰ ਬਾਘਾਪੁਰਾਣਾ, ਨਿਹਾਲੇਵਾਲਾ ਅਤੇ ਮੋਗਾ ਦੀਆਂ ਹਵਾਲਾਤਾਂ ਵਿੱਚ ਰੱਖਕੇ ਐਨਾ ਤਸ਼ੱਦਦ ਕੀਤਾ ਕਿ ਕਾ: ਗੁਰਦਿਆਲ ਸਿੰਘ ਦਾ ਖੱਬਾ ਕੰਨ ਸਦਾ ਲਈ ਬੋਲ਼ਾ ਹੋ ਗਿਆ, ਪਰ ਪੁਲਸ ਇਹ ਪਤਾ ਨਾ ਲਗਾ ਸਕੀ ਕਿ ਇਹ ਲਿਟਰੇਚਰ ਕਿੱਥੇ ਛਪਦੈ। ਤਿੰਨ ਮਹੀਨੇ ਬਾਅਦ ਡਾਲੇ ਨੂੰ ਮਹਿਣੇ ਥਾਣੇ ਲੈ ਆਂਦਾ ਗਿਆ ਤੇ ਇੱਕ ਸਾਲ ਪੁਲਸ ਨਿਗਰਾਨੀ ਹੇਠ ਰੱਖਿਆ, ਡੀ. ਆਈ. ਆਰ ਤਹਿਤ ਹਰ ਰੋਜ ਥਾਣੇ ਹਾਜ਼ਰੀ ਲਗਵਾਉਣ ਨੂੰ, ਡਾਲੇ ਨੇ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ।
ਇਸ ਸਮੇਂ ਡੀ. ਐਮ. ਕਾਲਜ ਦੇ ਵਿਦਿਆਰਥੀ ਆਗੂ ਮੋਤੀ ਸਿੰਘ (ਮੋਤਾ ਸਿੰਘ) ਨੱਥੂਵਾਲਾ ਪੱਛਮੀ ਅਤੇ ਮੁਹਿੰਦਰ ਸਿੰਘ ਢੁੱਡੀਕੇ ਦੋਹਾਂ ਕੋਲੋਂ ਕਮਿਊਨਿਸਟ ਸਾਹਿਤ ਫੜ੍ਹਿਆ ਗਿਆ ਸੀ। ਹੋਰ ਵਿਦਿਆਰਥੀ ਆਗੂ ਅਜਮੇਰ ਸਿੰਘ ਤੇ ਗਿਆਨ ਚੰਦ ਸ਼ਰਮਾਂ ਘੱਲ ਕਲਾਂ, ਹਰਦੇਵ ਲਾਲ ਡਾਲਾ ਤੇ ਸੈਦੋ ਲਾਲ ਮੋਗਾ ਬਚ ਗਏ ਸਨ। ਪਰ ਇੱਕ ਵਿਦਿਆਰਥੀ ਤਰਨਜੀਤ ਸਿੰਘ ਬਖ਼ਤਗੜ੍ਹ ਜ਼ਿਲ੍ਹਾ ਸੰਗਰੂਰ ਨੂੰ ਪੁਲਸ ਨੇ ਵਾਹਦਾ ਮੁਆਫ ਗਵਾਹ ਬਣਾ ਲਿਆ ਤਾਂ ਉਸ ਦੇ ਠੋਕ ਕੇ ਗਵਾਹੀ ਦੇਣ ਨਾਲ ਮੁਹਿੰਦਰ ਸਿੰਘ ਢੁਡੀਕੇ ਤੇ ਮੋਤੀ ਸਿੰਘ ਨੱਥੂਵਾਲਾ ਪੱਛਮੀ ਨੂੰ 02 ਜੁਲਾਈ 1941 ਨੂੰ 9-9 ਮਹੀਨੇ ਸਜਾ ਹੋ ਜਾਣ ਨਾਲ, ਉਨ੍ਹਾਂ ਦਾ ਅੱਗੇ ਪੜ੍ਹਨ’ ਤੇ ਸਰਕਾਰੀ ਨੌਕਰੀ ’ਚ ਜਾਣ ਦੇ ਚਾਨਸ ਖਤਮ ਹੋ ਗਏ ਸਨ। ਹੁਣ 90 ਸਾਲ ਤੋਂ ਵਡੇਰੇ ਮਾ: ਮੋਤੀ ਸਿੰਘ (ਮੋਤਾ ਸਿੰਘ) ਨੱਥੂਵਾਲਾ ਪੱਛਮੀ, ਹੁਣ ਬੀ. ਸੀ. ਕਨੇਡਾ ਰਹਿੰਦੇ, ਕਹਿੰਦੇ ਹਨ ਕਿ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਮੈਂ ਪੁਲੀਟੀਕਲ ਸਫਰਰ ਹਾਂ। (ਥੇਹ ਵਾਲੇ ਸਕੂਲ, ਗੁਰੂ ਤੇਗ ਬਹਾਦਰ ਗੜ੍ਹ ’ਚ ਮੇਰੀ ਸਰਵਿਸ। ਮਾ ਮੋਤੀ ਸਿੰਘ ਨੱਥੂਵਾਲਾ ਪੱਛਮੀ)
1940-41 ’ਚ ਕਿਰਤੀ ਪਾਰਟੀ ਦਾ ਅਖ਼ਬਾਰ ‘ਲਾਲ ਝੰਡਾ’ ਤੇ ਹੋਰ ਖੁਫ਼ੀਆ ਲਿਟਰੇਚਰ ਸ਼ਾਹਕੋਟ, ਜ਼ਿਲ੍ਹਾ ਜਲੰਧਰ ਉਮਰਦੀਨ ਕਰੂੰਜੜੇ ਕੋਲੋਂ ਲੈਕੇ ਜ਼ਿਲ੍ਹਾ ਫਿਰੋਜ਼ਪੁਰ ਤੇ ਰਿਆਸਤਾਂ ਤੱਕ ਪਹੁੰਚਾਣ ਦਾ ਕੰਮ ਕਾ: ਗੁਰਦਿਆਲ ਡਾਲਾ ਕਰਦੇ ਸਨ। ਆਪ ਦਾ ਘਰ ਖੁਫ਼ੀਆ ਮੀਟਿੰਗਾਂ ਦਾ ਵੱਡਾ ਕੇਂਦਰ ਸੀ, ‘ਡਾਲੇ’ ਨੇ ਇਹ ਕੰਮ ਇੰਨੀ ਯੋਗਤਾ ਨਾਲ ਨਿਭਾਇਆ ਕਿ ਨਾ ਕੋਈ ਸਾਥੀ ਤੇ ਨਾ ਹੀ ਕੋਈ ਕਾਗਜ਼ ਪੱਤਰ ਕੇਂਦਰ ਤੋਂ ਆਉਂਦਾ ਫੜਿਆ ਗਿਆ। ਇਸ ਸਮੇਂ ਸਰੈਣ ਸਿੰਘ ਘਾਲੀ ਅਜੇ ਨਵਾਂ ਵਰਕਰ ਹੀ ਆਇਆ ਸੀ।
‘ਲਾਲ ਝੰਡਾ’ ਪਹਿਲਾਂ ਮਈ 1941 ’ਚ ਹਿੰਦੀ ਵਿੱਚ ਵੀ ਕੱਢਿਆ ਗਿਆ। ਮਈ-ਡੇਅ ਦਾ ਪੈਂਫ਼ਲਟ ਹਿੰਦੀ ਵਿੱਚ ‘ਹਾਤੀ ਪ੍ਰੈਸ’ ਵਿੱਚੋਂ ਹਰੀਕਰਿਸ਼ਨ ਪ੍ਰੇਮੀ ਰਾਹੀਂ ਛਪਵਾਇਆ ਸੀ। ਦੋ ਇਸ਼ਤਿਹਾਰ ਅੰਗ੍ਰੇਜ਼ੀ ਵਿੱਚ ਵੀ ਕੱਢੇ, ਦੱਤ ਸਹਾਏ ਦਾ ਪ੍ਰੈਸ ਲਹੌਰ ਨੀਲਾ ਗੁੰਬਦ ਵਿੱਚ ਸੀ ਤੇ ਦੱਤ ਸਹਾਏ, ਸ਼ਿਵ ਕੁਮਾਰ ਸ਼ਾਰਦਾ ਦੇ ਚਾਚੇ ਜਗਦੀਸ਼ ਰਾਮ ਦਾ ਭਗਤ ਸੀ। ਜਿਵੇਂ-ਜਿਵੇਂ ਲਾਲ ਝੰਡਾ ਪ੍ਰੈਸ ਦੇ ਅੱਡੇ ਬਦਲਦੇ ਰਹੇ, ਤਿਵੇਂ-ਤਿਵੇਂ ਜ਼ਿਲ੍ਹਿਆਂ ਵਿੱਚ ਪਹੁੰਚਾਉਣ ਦੇ ਰਸਤੇ ਵੀ ਬਦਲਦੇ ਰਹੇ।
ਜ਼ਿਲ੍ਹਾ ਫਿਰੋਜ਼ਪੁਰ ਵਿੱਚ ਲਿਟਰੇਚਰ ਦੇ ਦੋ ਵੱਡੇ ਅੱਡੇ ਪਹਿਲਾਂ ਅਜੋਕੇ ਜ਼ਿਲ੍ਹੇ ਮੋਗੇ ਦੇ ਪਿੰਡ ਡਾਲ਼ਾ ਵਿਖੇ ਫਤਿਹਦੀਨ ਸਪੁੱਤਰ ਨਿੱਕਾ ਘੁਮਿਆਰ ਦਾ ਘਰ ਤੇ ਦੂਜਾ ਬੁੱਟਰ ਕਲਾਂ ਵਿਖੇ ਬਾਬਾ ਪਾਲਾ ਸਿੰਘ ਦਾ ਘਰ। ਇਹ ਪਰਚਾ ਕਾਮਰੇਡ ਮਦਨ ਲਾਲ ਜਲੰਧਰ ਸਾਥੀ ਉਤਮ ਸਿੰਘ ਬੁੱਟਰ ਨੂੰ ਪੁਚਾਇਆ ਕਰਦਾ ਸੀ ਜੋ ਉੱਥੇ ਗੁਰਦਵਾਰੇ ਵਿੱਚ ਰਹਿੰਦਾ ਸੀ।
ਕਾ: ਗੁਰਦਿਆਲ ਸਿੰਘ ਡਾਲ਼ਾ ਦੋਹਾਂ ਅੱਡਿਆਂ ਤੋਂ ‘ਲਾਲ ਝੰਡਾ’ ਚੁੱਕ ਕੇ ਫਿਰੋਜ਼ਪੁਰ ਦੇ ਆਸ ਪਾਸ ਤੇ ਅੱਗੇ ਰਿਆਸਤਾਂ ’ਚ ਪਹੁੰਚਾਉਣ ਦਾ ਕੰਮ ਕਰਦਾ ਸੀ। ਬਾਬਾ ਮੰਗਲ ਸਿੰਘ ਕਿਲੀ ਗੁਦੇ ਬੇਟ, ਦੂਜੇ ਵੈਦ ਸਾਧੂ ਰਾਮ ਸ਼ਾਹਕੋਟ ਸਨ, ਜਿੱਥੇ ਸ਼ਾਹਕੋਟ ਵਿਖੇ ਸਰਦਾਰ ਅਰਜਣ ਸਿੰਘ ਦਾ ਇੱਕ ਨੌਕਰ ਉਮਰਦੀਨ ਕਰੂੰਜੜਾ ਸੀ ਜੋ ਇਸ ਕੰਮ ਵਿੱਚ ਮੱਦਦ ਕਰਦਾ ਸੀ। ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਾਮਰੇਡ ਕਰਨੈਲ ਸਿੰਘ ਬੁਰਜ ਹਮੀਰਾ ਇਹ ਪਰਚਾ ਵੰਡਣ ਵਿੱਚ ਸਹਾਈ ਹੁੰਦਾ ਸੀ।
21-23 ਸਤੰਬਰ 1941 ਤੱਕ ਫਤਿਹਗੜ੍ਹ ਕੋਰੋਟਾਣਾ ਜ਼ਿਲ੍ਹਾ ਫਿਰੋਜ਼ਪੁਰ, ਅਜੋਕਾ ਜ਼ਿਲ੍ਹਾ ਮੋਗਾ ਵਿਖੇ ਕਿਸਾਨ ਕਮੇਟੀ ਦੀ ਸੂਬਾ ਕਾਨਫਰੰਸ ਰੱਖੀ ਗਈ ਸੀ। ਕਾ: ਗੁਰਦਿਆਲ ਸਿੰਘ ਡਾਲ਼ਾ ਤੇ ਗਾਜ਼ੀ ਬਦਰਦੀਨ ਲਾਇਲਪੁਰੀ ਦੀ ਡਿਉਟੀ ਪੰਡਾਲ ਤੇ ਕੈੰਪ ਲਗਾਉਣ ਦੀ ਲੱਗੀ, ਪੁਲਸ ਨੇ ਦੋਹਾਂ ਨੂੰ ਫੜਕੇ ਅਪਣੇ-ਅਪਣੇ ਪਿੰਡੀ ਨਜ਼ਰਬੰਦ ਕਰ ਦਿੱਤਾ। ਕਾਮਰੇਡ ਡਾਲੇ ਨੂੰ ਤਿੰਨ ਕੁ ਮਹੀਨੇ ਪਹਿਲਾਂ ਡੀਫੈਂਸ ਆਫ ਇੰਡੀਆ ਰੂਲਜ਼ ਅਧੀਨ ਗਿਰਫਤਾਰ ਕਰਕੇ ਤਿੰਨ ਮਹੀਨੇ ਕਈ ਥਾਣਿਆਂ ਵਿੱਚ ਰੱਖਿਆ ਸੀ। ਪੁਲਸ ਹਿਰਾਸਤ’ ਚੋ ਛੱਡਿਆ ਤਾਂ ਆਪ ਦੇ ਪਿੱਛੇ ਪੱਕੇ ਤੋਰ’ ਤੇ ਇੱਕ ਸਾਲ ਲਈ ਪਿੰਡ ’ਚ ਜੂਹਬੰਦ ਕੀਤਾ ਗਿਆ, ਪਰ ਆਪ ਨੇ ਥਾਣੇ ਜਾਕੇ ਹਾਜ਼ਰੀ ਲਿਆਉਣੋਂ ਨਾਂਹ ਕਰ ਦਿੱਤੀ ਸੀ।
ਕਾਮਰੇਡ ਚੈਨ ਸਿੰਘ ਚੈਨ ਦੀ ਲਿਖਤ ਅਨੁਸਾਰ 1941 ਦੀ ਫਤੇਗੜ੍ਹ ਕੋਰੋਟਾਣਾ ਕਾਨਫਰੰਸ ਦੀ ਇਕੱਤਰਤਾ ਸਰਕਾਰ ਅਤੇ ਪੰਜਾਬ ਕਿਸਾਨ ਕਮੇਟੀ ਦਾ ਪਟਕੇ ਦਾ ਘੋਲ਼ ਸੀ। ਸਰਕਾਰ ਨੇ ਜ਼ਬਰ ਜ਼ੁਲਮ ਦੀ ਕੋਈ ਹੱਦ ਨਹੀਂ ਸੀ ਛਡੀ, ਪਰ ਕਿਰਤੀ ਪਾਰਟੀ ਨੇ ਇਸ ਕਿਸਾਨ ਕਾਨਫਰੰਸ ਨੂੰ ਸ਼ਾਨਦਾਰ ਢੰਗ ਨਾਲ ਸਿਰੇ ਚਾੜ੍ਹਕੇ ਅਪਣੀ ਧਾਂਕ ਬਿਠਾਈ ਸੀ। ਸਰਕਾਰ ਨੇ ਪਹਿਲਾਂ ਤਾਂ ਫਿਰੋਜ਼ਪੁਰ ਜ਼ਿਲ੍ਹੇ ਦੇ ਕਾਮਰੇਡਾਂ ਨੂੰ ਗਿਰਫਦਾਰ ਕੀਤਾ, ਫੇਰ ਪਿੰਡਾਂ ’ਚ ਨਜ਼ਰ ਬੰਦ ਕਰਨ ਬਾਅਦ ਜਿਹਲਾਂ ’ਚ ਡੱਕਣ ਵਾਲਿਆਂ ’ਚ ਚੰਨਣ ਸਿੰਘ ਬੁੱਟਰ, ਇੰਦਰ ਸਿੰਘ ਕਿਰਤੀ ਨਵਾਂ ਚੰਦ, ਹਰਜੀਤ ਸਿੰਘ ਘੋਲੀਆ ਤੇ ਕਾ: ਗੁਰਦਿਆਲ ਸਿੰਘ ਡਾਲਾ ਸਨ।
ਫਤੇਗੜ੍ਹ ਕੋਰੋਟਾਣਾ ਦੀ ਕਾਨਫਰੰਸ ਮਗਰੋਂ ਕਾਂਗੜੇ ਤੋਂ ਇੱਕ ਹੋਰ ਵਰਕਰ ‘ਊਸ਼ਾ’ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਆਈ ਸੀ, ਇਸ ਬੇਬੇ ਧੰਨ ਕੌਰ, ਸੁਸ਼ੀਲਾ ਤੇ ਊਸ਼ਾ ਤਿੰਨ ਇਸਤਰੀ ਵਰਕਰ ਦਾ ਸੁਕੈਡ ਸੀ। ਇਸ ਨਾਲ ਕਾਮਰੇਡਾਂ ਦੇ ਪ੍ਰਵਾਰਾਂ ਦੀਆਂ ਇਸਤਰੀਆਂ ਨੂੰ ਸਥਾਨਕ ਕੰਮ ਲਈ ਤਿਆਰ ਕਰਨ ਲਈ ਉਨ੍ਹਾਂ ਦੇ ਸਾਦਾ ਸਿਆਸੀ ਸਕੂਲ ਵੀ ਲਾਏ ਗਏ। ਇਨ੍ਹਾਂ ਵਿੱਚ ਭਜਨ ਕੌਰ ਪਤਨੀ ਬਾਬਾ ਗੇਂਦਾ ਸਿੰਘ, ਹਰਦਿਆਲ ਕੌਰ ਪਤਨੀ ਚੰਨਣ ਸਿੰਘ, ਅਜਾਇਬ ਕੌਰ ਪਤਨੀ ਸਾਥੀ ਜਸਵੰਤ ਸਿੰਘ, ਪਰਤਾਪ ਕੌਰ ਪਤਨੀ ਬਚਨ ਸਿੰਘ ਘੋਲੀਆ, ਰਤਨ ਸਿੰਘ ਘੋਲੀਆ ਦੀ ਪਤਨੀ, ਬਾਬਾ ਰੂੜ ਸਿੰਘ ਦੀ ਪੁਤਰੀ ਤੇ ਸੁਰਜੀਤ ਕੌਰ ਪੁਤਰੀ ਚੰਨਣ ਸਿੰਘ ਦੌਧਰ, ਇੰਦ ਕੌਰ ਪਤਨੀ ਜੈ ਸਿੰਘ ਦੌਧਰ, ਮਦਨ ਪੁੱਤਰੀ ਅਰਜਣ ਸਿੰਘ, ਹਰਬੰਸ ਕੌਰ ਪੁਤਰੀ ਕੁੰਢਾ ਸਿੰਘ, ਬਲਬੀਰ ਕੌਰ ਪੁਤਰੀ ਆਤਮਾਂ ਸਿੰਘ ਬੁੱਧ ਸਿੰਘਵਾਲਾ ਸ਼ਾਮਲ ਸਨ। ਕਾਮਰੇਡ ਛੱਜੂ ਰਾਮ ਵੈਦ ਕੋਕਰੀ ਦੀ ਭੈਣ ਲਾਜ ਤਾਂ ਸਥਾਨਕ ਵਰਕਰ ਬਣ ਗਈ ਸੀ। ਇਸਤਰੀਆਂ ਦਾ ਇੱਕ ਡਰਾਮਾਂ ਸੁਕੈਡ ਵੀ ਤਿਆਰ ਕੀਤਾ ਗਿਆ ਸੀ। ਪਾਰਟੀ ਵੱਲੋਂ ਭਰੋਸੇਯੋਗ ਅਣਥੱਕ ਕਾਮਰੇਡ ਗੁਰਦਿਆਲ ਸਿੰਘ ਡਾਲ਼ਾ ਨੂੰ ਇਸਤਰੀਆਂ ਦੀ ਮੱਦਦ ਲਈ ਨਿਯੁਕਤ ਕੀਤਾ ਗਿਆ ਸੀ।
ਇਹ ਜੂਹਬੰਦੀ ਟੁੱਟਣ ਮਗਰੋਂ 1942 ਵਿੱਚ ਪਿੰਡ ਖੋਟੇ ਵਿਖੇ ਜ਼ਿਲ੍ਹਾ ਕਮਿਊਨਿਸਟ ਪਾਰਟੀ ਦਾ ਸਮਾਗਮ ਹੋਇਆ, ਕਾ: ਗੁਰਦਿਆਲ ਸਿੰਘ ਡਾਲੇ ਨੂੰ ਜ਼ਿਲ੍ਹਾ ਕਮੇਟੀ ਦਾ ਮੈਂਬਰ ਚੁਣਿਆਂ ਗਿਆ ਤੇ ਜ਼ਿਲ੍ਹਾ ਇਸਤਰੀ ਸਭਾ ਦੇ ਡਰਾਮਾ ਸੁਕੈਡ ਨਾਲ ਰਹਿਣ ਦੀ ਡਿਊਟੀ ਲਾਈ ਗਈ। ਉਸ ਵੇਲੇ ਬੰਗਾਲ ਤੋਂ ਵੀ ਡਰਾਮਾਂ ਸੁਕੈਡ ਆਇਆ ਸੀ। ਦੋਹਾਂ ਸੁਕੈਡਾਂ ਨੇ ਮਿਲਕੇ ਪੰਜਾਬ ਦੇ ਵੱਡੇ-ਵੱਡੇ ਸ਼ਹਿਰਾਂ ਕਸਬਿਆਂ ਵਿਚੋਂ ਹਜ਼ਾਰਾਂ ਵਰਕਰ ਇਕੱਠੇ ਕੀਤੇ ਸਨ।
1942 ਤੋਂ ਬਾਅਦ ਕਾ: ਤੇਜਾ ਸਿੰਘ ਸੁਤੰਤਰ ਮੁਜਾਰਾ ਲਹਿਰ ਦੇ ਸੰਪਰਕ ’ਚ ਲਗਾਤਾਰ ਰਿਹਾ ਤੇ ਮੁਜਾਰਾ ਲਹਿਰ ਦੇ ਹਰ ਮੋੜ’ ਤੇ ਅਗਵਾਈ ਕਰਦੇ ਰਹੇ। ਇੱਕ ਮੀਟਿੰਗ ਪਿੰਡ ਜਵਾਹਰ ਵਾਲਾ ਵਿੱਚ ਕੀਤੀ ਗਈ ਕਾਮਰੇਡ ਸੁਤੰਤਰ ਨੇ ਲਹਿਰ ਦੇ ਤਕਨੀਕੀ ਪੱਖਾਂ ਦੀ ਜਿੱਮੇਵਾਰੀ ਲਈ ਤੇ ਪੰਜਾਬ ਵਿੱਚੋਂ ਪੁਰਾਣੇ ਹੰਢੇ ਹੋਏ ਵਰਕਰਾਂ ਨੂੰ ਪੈਪਸੂ ’ਚ ਸੱਦਿਆ, ਕਾ: ਗੁਰਦਿਆਲ ਸਿੰਘ ਡਾਲਾ, ਕਾ: ਅਵਤਾਰ ਸਿੰਘ ਬਹੋਨਾ, ਕਾ: ਇੰਦਰ ਸਿੰਘ ਮੁਰਾਰੀ, ਕਾ: ਹਰਨਾਮ ਸਿੰਘ ਨਾਨੋ ਨੰਗਲ, ਕਾ: ਸੁਰੈਣ ਸਿੰਘ ਖੇਲਾ ਆਦਿ ਹਾਜ਼ਰ ਸਨ। ਇਸ ਸਮੇਂ ਪੈਪਸੂ ਦੇ ਕਮਾਂਡਰਾਂ ਦੀ ਚੋਣ ਕੀਤੀ ਗਈ ਸੀ।
1947 ’ਚ ਪਾਰਟੀ ਦੀ ਅੰਦਰੂਨੀ ਹਾਲਤ ਵਿਗੜ ਗਈ ਸੀ। ਇਸ ਹਾਲਤ ਉੱਤੇ ਵਿਚਾਰ ਕਰਨ ਲਈ ਕਿਰਤੀ ਪਾਰਟੀ’ ਚੋਂ ਆਏ ਵੀਹ ਕੁ ਸੂਬਾ ਪੱਧਰੀ ਆਗੂਆਂ ਦੀ ਮੀਟਿੰਗ ਪਹਿਲਾਂ ਚੀਮਾਂ ਖੁਰਦ ਵਿੱਚ ਤੇ ਫੇਰ ਫੁਲਵਾੜੀ ਗਿਆਨੀ ਕਾਲਜ ਜਲੰਧਰ ਵਿੱਚ ਹੋਈ। ਚੈਨ ਸਿੰਘ ਚੈਨ ਦੱਸਦੇ ਹਨ ਕਿ ਉਨ੍ਹਾਂ ਨੂੰ, ਉਸ ਵੇਲੇ ਹਾਜਰ ਸਾਥੀਆਂ’ ਚੋਂ ਕਾ: ਰਾਮ ਸਿੰਘ ਦੱਤ, ਕਾ: ਬੂਝਾ ਸਿੰਘ, ਕਾ: ਤੇਜਾ ਸਿੰਘ ਸੁਤੰਤਰ, ਕਾ: ਹਰਬੰਸ ਸਿੰਘ ਕਰਨਾਣਾ, ਕਾ: ਰਾਮ ਸਿੰਘ ਮਜੀਠਾ, ਕਾ: ਵਧਵਾ ਰਾਮ, ਗਿਆਨੀ ਸੰਤਾ ਸਿੰਘ, ਭਾਈ ਸੋਹਣ ਸਿੰਘ ਨੌਰੰਗਾਬਾਦੀ, ਕਾ: ਗੁਰਚਰਨ ਸਿੰਘ ਰੰਧਾਵਾ, ਕਾ: ਵਿਸ਼ਨੂੰ ਦੱਤ, ਕਾ: ਬਚਨ ਸਿੰਘ ਘੋਲੀਆ, ਕਾ: ਧਰਮ ਸਿੰਘ ਫੱਕਰ, ਕਾ: ਕੰਵਰ ਲਾਲ ਸਿੰਘ, ਕਾ: ਪਰਸਰਾਮ, ਕਾ: ਅਜੀਤ ਸਿੰਘ ਗੜ੍ਹ ਪਧਾਣਾਂ, ਕਾ: ਸ਼ਿਵ ਕੁਮਾਰ ਸ਼ਾਰਦਾ, ਕਾ: ਚੰਨਣ ਸਿੰਘ ਤੁਗਲਵਾਲਾ, ਕਾਮਰੇਡ ਗੁਰਦਿਆਲ ਸਿੰਘ ਡਾਲਾ, ਕਾ: ਬਚਨ ਸਿੰਘ ਤਖਾਣਵੱਧ ਦੇ ਨਾਮ ਯਾਦ ਹਨ।
1948 ’ਚ ਕਾ: ਗੁਰਦਿਆਲ ਸਿੰਘ ਡਾਲਾ ਦੇ ਵਰੰਟ ਜਾਰੀ ਹੋਏ ਤਾਂ ਕਾਮਰੇਡ ਬਚਨ ਸਿੰਘ ਤਖਾਣਵੱਧ ਤੇ ਕਾ: ਚੰਨਣ ਸਿੰਘ ਬੁੱਟਰ ਨਾਲ ਮਿਲਕੇ ਉਨ੍ਹਾਂ ਸਿਧਵਾਂ ਬੇਟ ਤੋਂ ਹਿੰਦੂਮੱਲਕੋਟ ਤੱਕ ਦੇ ਖੇਤਰ ਦੇ ਰਿਫਿਊਜ਼ੀ ਕਿਸਾਨਾਂ ਨੂੰ ਜੱਥੇਬੰਦ ਕਰਨ ਦਾ ਕੰਮ ਕੀਤਾ।
1949 ਵਿੱਚ ਪੈਪਸੂ ਮੁਜ਼ਾਰਾ ਲਹਿਰ ਜੋਰਾਂ ਉੱਤੇ ਸੀ, ਇਨ੍ਹਾਂ ਇਨਕਲਾਬੀ ਜਨਤਕ ਘੋਲਾਂ ਸਦਕਾ ਪੈਪਸੂ ਦੇ ਮਰੂਸੀ ਮੁਜ਼ਾਰਿਆਂ ਨੇ ਜਮੀਨੀ ਮਾਲਕੀ ਪ੍ਰਾਪਤ ਕੀਤੀ। ਕਾਮਰੇਡ ਗੁਰਦਿਆਲ ਸਿੰਘ ਡਾਲ਼ਾ ਉਸ ਸਮੇਂ ਲਾਲ ਕਮਿਊਨਿਸਟ ਪਾਰਟੀ ਦੀ ਦੱਖਣੀ ਰਿਜਨਲ ਕਮੇਟੀ ਤੇ ਫਿਰੋਜ਼ਪੁਰ ਜ਼ਿਲ੍ਹਾ ਕਮੇਟੀ ਦੇ ਮੈਂਬਰ ਸਨ। ਆਪ ਦੀ ਵਿਸ਼ੇਸ਼ ਡਿਉਟੀ ਜਮੀਨੀ ਘੋਲ਼ ਦੀ ਰਾਖੀ ਲਈ ਲੜਾਕੂ ਵਲੰਟੀਅਰ ਦਸਤੇ ਦੀ ਕਮਾਂਡ ਕਰਨਾ ਸੀ। ਜਗੀਰਦਾਰਾਂ ਦੇ ਗੁੰਡਿਆਂ ਨਾਲ ਕਈ ਟੱਕਰਾਂ ਵਿੱਚ ਆਪ ਨੇ ਹਿੱਸਾ ਲਿਆ ਸੀ।
1952 ਈ: ’ਚ ਭਾਰਤ ਦੀਆਂ ਪਹਿਲੀਆਂ ਚੋਣਾਂ ਸਮੇਂ ਲੇਖਕ (ਸੁਦਾਗਰ ਸਿੰਘ ਬਰਾੜ ਲੰਡੇ) ਮਸਾਂ 13 ਕੁ ਸਾਲ ਦਾ ਸI, ਸਾਡੇ ਪਿੰਡ ਲੰਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ, ਪਿੰਡ ਦੇ ਦੱਖਣ-ਪੱਛਮ ’ਚ ਕੱਚੇ ਪ੍ਰਾਇਮਰੀ ਸਕੂਲ ’ਚ ਵੋਟਾਂ ਪੈ ਰਹੀਆਂ ਸਨ। ਪਿੰਡ ਦੇ ਉੱਤਰ-ਪੱਛਮ ’ਚ ਲੱਗੇ ਟੈੰਟਾਂ ’ਚ ਪਾਰਟੀਆਂ ਦੇ ਵਰਕਰਾਂ ਦਾ ਖ਼ੂਬ ਘੜਮੱਸ ਸੀ। ਇਹ ਕੈੰਪ ਸਾਡੇ ਘਰ ਦੇ ਨੇੜੇ ਹੀ ਸੀ। ਨੇੜਲੇ ਪਿੰਡ ਡੇਮਰੂ ਦੇ ਲੋਕ ਵੀ ਸਾਡੇ ਪਿੰਡ ਵੋਟਾਂ ਪਾਉਣ ਆਏ ਹੋਏ ਸਨ।
ਜਦ ਸਾਡੇ ਪਿੰਡ ਦੇ ਹਰੀਜਨ ਵੇਹੜੇ ਵਾਲਿਆਂ ਦੀ ਇੱਕ ਟੋਲੀ ਵੋਟਾਂ ਪਾਉਣ ਤੋਂ ਪਹਿਲਾਂ ਟੈੰਟਾਂ ਕੋਲ ਆਈ ਤਾਂ ਪਿੰਡ ਦਾ ਇੱਕ ਘੈਂਟ ਕਾਂਗਰਸੀ ਨੰਬਰਦਾਰ ਵੋਟਰਾਂ’ ਤੇ ਅਪਣਾਂ ਦਬਾਅ ਪਾਉਣ ਲੱਗਾ ਤਾਂ ਸਾਡੇ ਕੋਲ ਖੜ੍ਹੇ ਮਾਮੇ ਗੁਰਦਿਆਲ ਸਿੰਘ ਡਾਲਾ ਨੇ ਖਿੱਦੋ-ਖੂੰਡੀ ਖੇਡਣ ਵਾਲਾ ਕਿੱਕਰ ਦਾ ਖੂੰਡਾ ਅਪਣੇ ਦਸ ਕੁ ਸਾਲ ਦੇ ਭਾਣਜੇ ਹਰਬੰਸ ਸਿੰਘ ਤੋਂ ਫੜ੍ਹ ਕੇ ਇਸ ਹੈਂਕੜ ਬਾਜ ਨੰਬਰਦਾਰ ਵੱਲ ਉੱਗਰਿਆ, ਅਸੀਂ ਦੇਖਦੇ ਹੈਰਾਨ ਖੜ੍ਹੇ ਸਾਂ, ਇਹ ਸੁਣ ਕੇ ਕਿ ਮਾਮੇ ਗੁਰਦਿਆਲ ਸਿੰਘ ਡਾਲਾ ਬਾਰੇ ਕੀ ਦੱਸ ਰਹੇ ਹਨ, ਜਦੋਂ ਕਿਸੇ ਨੇ ਹੌਲੀ ਜਿਹੇ ਆਖਿਆ, ਇਹ ਕਾਮਰੇਡ ਸੁਤੰਤਰ ਦਾ ਸਾਥੀ ਕਾਮਰੇਡ ਗੁਰਦਿਆਲ ਸਿੰਘ ਡਾਲਾ ਐ। ਇੰਨੇ ਨੂੰ ਮੇਰਾ ਚਾਚਾ ਉਸ ਘੈਂਟ ਨੰਬਰਦਾਰ ਨੂੰ ਘੁਰਕ ਕੇ ਪਿਆ ਤੇ ਕਹਿਣ ਲੱਗਾ, ‘ਖੜ੍ਹਜਾ ਮੈਂ ਵੋਟਾਂ ਦਿੱਨਾਂ ਤੈਨੂੰ ਵੱਡੇ ਘੀਲੇ ਨੂੰ, ਇਹ ਸੁਣਦਿਆਂ ਹੀ ਉਹ ਨੰਬਰਦਾਰ ਰਫੂ ਚੱਕਰ ਹੋ ਗਿਆ। ਲਾਲ ਪਾਰਟੀ ਦੇ ਵਰਕਰ ਮਾਮੇ ਕਾ: ਗੁਰਦਿਆਲ ਸਿੰਘ ਡਾਲਾ ਦਾ ਨੰਬਰਦਾਰ ਵੱਲ ‘ਉੱਗਰਿਆਂ ਕਿੱਕਰ ਦਾ ਖੂੰਡਾ’ ਮੇਰੇ ਜ਼ਿਹਨ ’ਚ 76 ਸਾਲ ਦਾ ਹੋ ਜਾਣ’ ਤੇ ਵੀ ਜਿਓਂ ਦਾ ਤਿਓਂ ਉੱਗਰਿਆ ਹਵਾ ’ਚ ਲਹਿਰਾ ਰਿਹਾ ਹੈ!
1952 ’ਚ ਸਾਡੇ ਹਲਕੇ ਬਾਘਾਪੁਰਾਣਾ ਤੋਂ ਛੇ ਉਮੀਦਵਾਰਾਂ’ ਚੋਂ ਕਾਮਰੇਡ ਬਚਨ ਸਿੰਘ ਘੋਲੀਆਂ ਐਮ.ਐਲ.ਏ ਕਾਮਯਾਬ ਹੋਏ ਸਨ।
ਲਾਲ ਪਾਰਟੀ ਦੇ ਕਮਿਉਨਿਸਟ ਵਰਕਰਾਂ ਦੇ ਵਰੰਟ ਮਨਸੂਖ ਹੋਏ ਤਾਂ ਕਾ: ਗੁਰਦਿਆਲ ਸਿੰਘ ਡਾਲੇ ਨੂੰ ਫਿਰੋਜ਼ਪੁਰ ਦੀ ਸਟਾਫ ਪੁਲੀਸ ਨੇ ਗ੍ਰਿਫਦਾਰ ਕਰਕੇ ਆਖਿਆ ਸੀ, ਤੈਥੋਂ ਪੰਜ ਰਫਲਾਂ, ਦੋ ਰੀਵਾਲਵਰ, ਇੱਕ ਸਟੇਨ-ਗਨ ਤੇ ਤਿੰਨ ਝੋਲੇ ਗਰਨੇਡ ਬਰਾਮਦ ਕਰਨੇ ਐ, ਤੇ ਇਹ ਵੀ ਪੁੱਛਣਾ ਹੈ ਕਿ ਇਹ ਹਥਿਆਰ ਕਿੱਥੋਂ ਲਏ, ਕਿਹੜੇ-ਕਿਹੜੇ ਐਕਸ਼ਨਾਂ ਵਿੱਚ ਹਿੱਸਾ ਲਿਆ ਅਤੇ ਤੇਜਾ ਸਿੰਘ ਸੁਤੰਤਰ ਕਿੱਥੇ ਹੈ? ਇਸ ਲਈ ਡਾਲੇ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ ਸੀ। ਅੱਠ ਦਿਨ ਮੰਜਾ ਲਾਇਆ ਗਿਆ ਅਤੇ ਕੰਧ ਨਾਲ ਲਾ ਕੇ ਬਾਹਾਂ ਉੱਪਰ ਬੰਨ੍ਹ ਦਿੱਤੀਆਂ, ਪਰ ਪੁਲਸ ਵਾਲੇ ਹੱਥ ਖੜ੍ਹੇ ਕਰ ਗਏ, ਕਾ: ਗੁਰਦਿਆਲ ਸਿੰਘ ਡਾਲਾ ਨੇ ਕੱਖ ਨਾ ਦੱਸਿਆ। ਇਸ ਦੀ ਕਾਮਰੇਡ ਬਚਨ ਸਿੰਘ ਘੋਲੀਆ, ਕਾ: ਬਚਨ ਸਿੰਘ ਤਖਾਣਵੱਧ ਤੇ ਜਸਵੰਤ ਸਿੰਘ ਚੂਹੜਚੱਕ ਨੇ ਜ਼ਬਰਦਸਤ ਮੁਦਾਖ਼ਲਤ ਕੀਤੀ ਤਾਂ ਡਾਲੇ ਨੂੰ ਅੱਠ ਦਿਨ ਬਾਅਦ ਛੱਡਿਆ ਸੀ। ਕਾ: ਡਾਲੇ ਦੇ ਇਹ ਹਥਿਆਰ ਰੱਖਣ ਬਾਰੇ ਗੱਲ ਲੇਖਕ ਨੂੰ ਅਪਣੇ ਨਾਨਕੇ ਪਿੰਡ ਕਪੂਰੇ ਦੇ ਨਾਨਾ ਲਗਦੇ ਬਜ਼ੁਰਗ ਚੰਦਾ ਸਿੰਘ ਨੇ ਦੱਸੀ ਜੋ ਪਿੰਡ ਰੱਤਾ ਖੇੜਾ ਦੇ ਸਰਦਾਰ ਦਾ ਕਾਰ ਮੁਖਤਿਆਰ ਸਿੰਘ ਸੀ।
ਇਨ੍ਹਾਂ ਹਾਲਤਾਂ ਵਿੱਚ ਕਾਮਰੇਡ ਡਾਲਾ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੋ ਗਈ ਸੀ, ਘਰ ਦੀ ਲੋੜ ਜੋਗੀ ਚੰਗੀ ਜਮੀਨ ਵਿੱਚੋਂ ਸਿਰਫ ਚਾਰ ਕਿਲੇ ਹੀ ਬਚੇ ਸਨ। ਉਸ ਵਿੱਚੋਂ ਦੋ ਕਿਲੇ ਗਹਿਣੇ ਰੱਖਕੇ ਆਪ ਨੇ ਕੁੱਝ ਬੰਜਰ ਜਮੀਨ ਜਲੰਧਰ ਜ਼ਿਲ੍ਹੇ ਦੇ ਬੇਟ ਖੇਤਰ ਵਿੱਚ ਸਤਲੁਜ ਦਰਿਆ ਕਿਨਾਰੇ ‘ਪਿੰਡ ਕੰਨੀਆਂ ਕਲਾਂ’ ਵਿਖੇ ਕੁੱਝ ਸਾਥੀਆਂ ਨਾਲ ਸਾਂਝੀ ਖਰੀਦ ਕੇ ਅਬਾਦ ਕਰ ਲਈ ਸੀ। ਇਹ ਪਿੰਡ ਸਤਲੁਜ ਦੇ ਦੱਖਣ ’ਚ ਪਰ ਜਲੰਧਰ ਜ਼ਿਲ੍ਹੇ ਵਿੱਚ ਸੀ। ਆਪ ਨੂੰ ਜਲੰਧਰ ਜ਼ਿਲ੍ਹਾ ਕੌਂਸਲ ਦਾ ਮੈੰਬਰ ਲੈ ਲਿਆ ਗਿਆ। ਆਪ ਕਿਸਾਨ ਸਭਾ ਤਹਿਸੀਲ ਨਕੋਦਰ ਦੇ ਜਨਰਲ ਸਕੱਤਰ ਚੁਣੇ ਗਏ ਸਨ ਅਤੇ ਪੰਚਾਇਤ ਮੈਂਬਰ ਤੇ ਸ਼ਾਹਕੋਟ ਮਾਰਕੀਟ ਕਮੇਟੀ ਦੇ ਮੈਂਬਰ ਵੀ ਬਣੇ ਸਨ।
ਬੇਟ ਖੇਤਰ ਵਿੱਚ ਕਸਟੋਡੀਅਨ ਦੀ ਜ਼ਮੀਨ ਉੱਤੇ ਗਰੀਬ ਕਿਸਾਨ ਤੇ ਬੇ ਜ਼ਮੀਨੇ ਕਿਸਾਨ ਅਬਾਦਕਾਰਾਂ ਦੇ ਘੋਲ਼ ਵਿੱਚ ਆਪ ਨੇ ਸਰਗਰਮ ਹਿੱਸਾ ਪਾਇਆ ਸੀ। ਇੱਥੇ ਆਪ ਨੇ ਕਈ ਮਾਹਰਕੇ ਮਾਰੇ ਤੇ ਕਾਫੀ ਔਕੜਾਂ ਝੱਲੀਆਂ, ਪਿੰਡ ਮੰਡ ਤਿਹਾੜਾ ਦੀ 80 ਏਕੜ ਜ਼ਮੀਨ ਇੱਕ ਐਸ. ਡੀ. ਐਮ. ਨੇ ਖਰੀਦ ਲਈ ਸੀ, ਉਸ ਵਿੱਚੋਂ 45 ਕਿੱਲੇ ਬੇਜ਼ਮੀਨੇ ਕਿਸਾਨਾਂ ਹੇਠ ਸਨ। ਆਪ ਨੇ ਘੋਲ ਕਰਕੇ 5 ਕਿੱਲਿਆਂ ਦਾ ਕਬਜ਼ਾ ਤੁੜਾਇਆ ਤੇ ਅਬਾਦਕਾਰਾਂ ਉੱਤੇ ਬਣਾਏ ਗਏ ਝੂਠੇ ਕੇਸ ਵਾਪਸ ਕਰਵਾਕੇ ਇਸ ਦਾ ਲਿਖਤੀ ਸਮਝੌਤਾ ਐਸ. ਡੀ. ਐਮ. ਨਾਲ ਕਰਵਾਇਆ ਗਿਆ ਸੀ।
ਇਸ ਜਮੀਨੀ ਘੋਲ ਵਿੱਚ ਦੋ ਵਿਰੋਧੀ ਕਤਲ ਹੋ ਗਏ ਸਨ, 16 ਸਾਥੀਆਂ ਉੱਤੇ ਕੇਸ ਪਾਇਆ ਗਿਆ, ਮੁੱਖ ਦੋਸ਼ੀ ਕਾਮਰੇਡ ਗੁਰਦਿਆਲ ਸਿੰਘ ਡਾਲ਼ਾ ਨੂੰ ਬਣਾਇਆ ਗਿਆ, ਲੜਾਈ ਵਿੱਚ ਚੱਲੇ ਤੇ ਬਾਅਦ ਵਿੱਚ ਤੂੜੀ ਵਾਲੇ ਕੁੱਪ’ ਚੋਂ ਬਰਾਮਦ ਕੀਤੇ ਗਰਨੇਡ ਵੀ ਆਪ ਉੱਤੇ ਪਾ ਦਿੱਤੇ ਗਏ ਤੇ ਸਾਥੀ ਮਫ਼ਰੂਰ ਹੋ ਗਏ ਸਨ। ਉਸ ਵੇਲੇ ਹਾੜ੍ਹੀ ਦੇ ਕੁੱਝ ਦਾਣੇ ਕੱਢੇ ਸਨ ਤੇ ਬਾਕੀ ਕੱਢਣ ਵਾਲੇ ਰਹਿੰਦੇ ਸਨ ਜੋ ਪੁਲਸ ਅਤੇ ਵਿਰੋਧੀਆਂ ਨੇ ਰਲ਼ਕੇ ਲੱਗ ਭਗ ਡੇੜ ਲੱਖ ਦੀ ਲੁੱਟ ਕਰ ਲਈ ਸੀ। ਕਾਮਰੇਡ ਡਾਲ਼ਾ ਦੀ ਅੱਠ ਹਜ਼ਾਰ ਦੀ ਕਣਕ ਤੇ ਡੰਗਰ ਵੀ ਲੁੱਟਕੇ ਲੈ ਗਏ ਸਨ। ਇਹ ਕਤਲ ਕੇਸ ਇੱਕ ਸਾਲ ਚੱਲਿਆ, ਆਪ ਜਿਹਲ਼ ਵਿੱਚ ਰਹੇ। ਜਲੰਧਰ ਜ਼ਿਲ੍ਹੇ ਦੀ ਪਾਰਟੀ ਨੇ ਇਸ ਕੇਸ ਦੀ ਡੀਫੈਂਸ ਵਿੱਚ ਮੱਦਦ ਕੀਤੀ, ਕਾਮਰੇਡ ਬਚਿੱਤਰ ਸਿੰਘ ਧਲੇਤਾ ਤੇ ਸ਼ਿਵ ਸਿੰਘ ਅਜ਼ਾਦ ਨੇ ਖਾਸ ਤੌਰ ਪੈਰਵੀ ਕੀਤੀ ਸੀ ਤੇ ਆਪ ਸਾਥੀਆਂ ਸਮੇਤ ਬਰੀ ਹੋਏ ਸਨ।
ਥਾਣੇਦਾਰ ਧਰਮਕੋਟ ਨੇ ਚਾਰ ਸਿਪਾਹੀ ਲੈਕੇ ਚੱਕ ਕੰਨੀਆਂ ਕਲਾਂ ਤੋਂ ਦੋ ਸਾਥੀਆਂ ਸੁਰਜਣ ਸਿੰਘ ਤੇ ਸੋਨਾ ਸਿੰਘ ਨੂੰ ਗ੍ਰਿਫਦਾਰ ਕਰ ਲਿਆ, ਥਾਣਾ ਧਰਮਕੋਟ ਫਿਰੋਜ਼ਪੁਰ ਵਿੱਚ ਸੀ, ਉਸ ਨੂੰ ਗ੍ਰਿਫਦਾਰੀ ਦਾ ਕੋਈ ਹੱਕ ਨਹੀਂ ਸੀ, ਪਿੰਡ ਦੇ ਲੋਕਾਂ, ਖਾਸ ਕਰਕੇ ਔਰਤਾਂ ਨੇ ਮੁਕਾਬਲਾ ਕਰਕੇ ਸਾਥੀਆਂ ਨੂੰ ਛਡਾ ਲਿਆ ਅਤੇ ਪੁਲਸ ਨੂੰ ਘੇਰ ਲਿਆ ਸੀ, ਥਾਣੇਦਾਰ ਨੇ ਕਸਮ ਖਾਧੀ ਕਿ ਉਸ ਨੂੰ ਜਾਣ ਦਿੱਤਾ ਜਾਵੇ, ਉਹ ਕੋਈ ਕੇਸ ਨਹੀਂ ਬਣਾਏ ਗਾ।
20-22 ਮਾਰਚ 1968 ਨੂੰ ਆਪ ਨੇ ਕੰਪਨੀ ਬਾਗ ਵਿਖੇ ਸਰਕਾਰ ਵੱਲੋਂ ਲਾਏ ਗਏ ਭਾਰੇ ਟੈਕਸਾਂ ਤੇ ਰੋਡਵੇਜ ਵਰਕਰਾਂ ਦੇ ਹੱਕ ਵਿੱਚ ਬਹੁਤ ਸਾਥੀਆਂ ਸਮੇਤ ਭੁੱਖ ਹੜਤਾਲ ਰੱਖੀ, ਨਕੋਦਰ ਵਿਖੇ ਮਹਿੰਗਾਈ ਵਿਰੁੱਧ ਭੁੱਖ ਹੜਤਾਲ ਕੀਤੀ ਖੇਤ ਮਜ਼ਦੂਰ ਦੇ ਜਮੀਨੀ ਘੋਲ ਵਿੱਚ ਜਲੰਧਰ ਜੇਲ੍ਹ ਕੱਟੀ ਅਤੇ ਬੈਂਕਾਂ ਦੇ ਘਿਰਾਓ ਵਿੱਚ ਜਲੰਧਰ ਜਿਹਲ ਵਿੱਚ ਰਹੇ।
28 ਮਾਰਚ 1968 ਨੂੰ ਆਪ ਨੂੰ 107/51 ਵਿੱਚ ਗ੍ਰਿਫਦਾਰ ਕਰਕੇ ਧਰਮਕੋਟ ਥਾਣੇ ਵਿੱਚ ਬੰਦ ਕਰ ਕੇ ਥਾਣੇਦਾਰ ਨੇ ਦੋ ਵਿਰੋਧੀਆਂ ਨੂੰ ਆਪ ਨਾਲ ਲੜਨ ਵਾਸਤੇ ਹਵਾਲਾਤ ਵਿੱਚ ਨਾਲ ਹੀ ਬੰਦ ਕਰ ਦਿੱਤਾ ਸੀ। ਸਾਰੀ ਰਾਤ ਲੜਾਈ ਚਲਦੀ ਰਹੀ, 30 ਮਾਰਚ ਨੂੰ ਜ਼ਮਾਨਤ ਕਰਵਾਕੇ ਆਪ ਜਲੰਧਰ ਪੁੱਜੇ, ਜ਼ਿਲ੍ਹਾ ਪਾਰਟੀ ਕੌਂਸਲ ਨੇ ਪੁਲਸ ਵਿਰੁੱਧ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ। ਦੂਜੇ ਦਿਨ ਕਾ: ਚੈਨ ਸਿੰਘ ਚੈਨ ਤੇ ਕਾਮਰੇਡ ਬਚਿੱਤਰ ਸਿੰਘ ਧਲੇਤਾ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਕੇ ਜਿਹਲ ’ਚ ਬੰਦ ਕਰਕੇ ਵਿਰੋਧੀਆਂ ਵੱਲੋਂ ਪੁੱਟੇ ਵਾਲ ਦਿਖਾਏ ਗਏ ਇਸ ਨਾਲ ਪੁਲਸ ਵਧੀਕੀਆਂ ਨੂੰ ਕੁੱਝ ਠੱਲ ਪਈ ਸੀ।
18 ਮਈ 1968 ਨੂੰ ਚੱਕ ਕੰਨੀਆਂ ਕਲਾਂ ਵਿਖੇ ਅਬਾਦਕਾਰਾਂ ਦੀ ਜਮੀਨ ਉੱਤੇ ਨਾਜਾਇਜ਼ ਕਬਜ਼ਾ ਕਰਨ ਵਾਲਿਆਂ ਨਾਲ ਲੜਾਈ ਹੋਣ’ ਤੇ ਆਪ ਨੂੰ ਹੋਰ ਬਹੁਤ ਸਾਰੀ ਜੱਦੋ ਜਹਿਦ ਕਰਨੀ ਪਈ ਸੀ।
1972 ’ਚ ਆਪ ਨੇ ਦੋ ਹੋਰ ਪਾਰਟੀ ਮੈਂਬਰ ਲੈਕੇ ਪਿੰਡ ਡਾਲ਼ਾ ਵਿੱਚ ਬਣਾਈ ਪਾਰਟੀ ਬਰਾਂਚ ਦੀ ਗਿਣਤੀ ਉਨ੍ਹਾਂ ਦੇ ਸਦੀਵੀ ਵਿਛੋੜੇ ਤੱਕ ਦਸ ਹੋ ਗਈ ਸੀ। ਕਾਮਰੇਡ ਗੁਰਦਿਆਲ ਸਿੰਘ ਡਾਲਾ ਪੰਜ ਸਾਲ ਅਪਣੇ ਪਿੰਡ ਡਾਲਾ ਦੇ ਸਰਪੰਚ ਰਹੇ, ਇਸ ਸਮੇਂ ਵਿੱਚ ਪਿੰਡ ਫੋਕਲ ਪੁਆਇੰਟ ਤੇ ਹਸਪਤਾਲ ਬਣਾਇਆ ਗਿਆ।
ਇੱਕ ਤੂੜੀ ਦੇ ਕੁੱਪ’ ਚੋਂ ਮਿਲਿਆ ਬੰਬ ਜੋ 1979 ਨੂੰ ਅਲਾਹਬਾਦ ਲਬਾਰਟਰੀ ਵਿੱਚ ਟੈਸਟ ਹੋ ਕੇ ਆਇਆ, ਆਪ ਨੂੰ ਗ੍ਰਿਫਦਾਰ ਕਰਕੇ ਕੇਸ ਚਲਾਇਆ ਗਿਆ, ਇੱਕ ਸਾਲ ਬਾਅਦ ਬਰੀ ਹੋਏ ਤਾਂ ਮੋਗਾ ਸੀ. ਆਈ. ਏ. ਸਟਾਫ ਨੇ ਗਿਆਰਾਂ ਗੋਲੀ ਦੀ ਇੱਕ ਰਾਈਫਲ ਦਾ ਕੇਸ ਬਣਾ ਦਿੱਤਾ, ਜਿਸ ਕੇਸ’ ਚੋਂ ਆਪ 24. 07. 1981 ਨੂੰ ਬਰੀ ਹੋਏ ਸਨ। ਆਪ ਬਹੁਤ ਕਮਜੋਰ ਸਿਹਤ ਹੁੰਦਿਆਂ ਵੀ 18 ਮਾਰਚ 1984 ਨੂੰ ਮੋਗਾ ਵਿਖੇ ਸਿੱਖ ਸਟੂਡੈਟ ਫੈਡਰੇਸ਼ਨ ਦੇ ਟਾਕਰੇ ਲਈ ਅਪਣੇ ਪਿੰਡੋਂ 40 ਵਲੰਟੀਅਰ ਲੈ ਜਾ ਕੇ ਪਹੁੰਚੇ ਸਨ। ਆਪ ਜ਼ਿਲ੍ਹਾ ਫਰੀਦਕੋਟ ਪਾਰਟੀ ਦੇ ਕੌਂਸਲ ਮੈਂਬਰ ਅਤੇ ਬਲਾਕ ਮੋਗਾ ਕਿਸਾਨ ਸਭਾ ਦੇ ਪ੍ਰਧਾਨ ਰਹੇ ਅਤੇ ਆਪ ਕੋ-ਅਪ੍ਰੇਟਿਵ ਸੋਸਾਇਟੀ ਦੇ ਵੀ ਪ੍ਰਧਾਨ ਬਣੇ ਸਨ।
ਕਾਮਰੇਡ ਗੁਰਦਿਆਲ ਸਿੰਘ ਡਾਲਾ ਦੀ ਸਖ਼ਤੀਆਂ ਭਰੀ ਜਿੰਦਗੀ ’ਚ ਪਹਿਲੀ ਪਤਨੀ ਲੰਮਾ ਸਮਾਂ ਸਾਥ ਨਾ ਦੇ ਸਕੀ ਤੇ ਉਨ੍ਹਾਂ ਦੂਜੀ ਸ਼ਾਦੀ ਕਾਮਰੇਡ ਚੰਨਣ ਦੌਧਰ ਦੀ ਪੁੱਤਰੀ ਸੁਰਜੀਤ ਕੌਰ ਨਾਲ ਕਰਵਾਈ। ਉਸ ਨੇ ਟੀਚਰ ਟਰੇਨਿੰਗ ਕਰਕੇ ਸਰਕਾਰੀ ਸਰਵਿਸ ਕਰਕੇ ਕਾ: ਗੁਰਦਿਆਲ ਸਿੰਘ ਡਾਲਾ ਦੇ ਘਰ ਦਾ ਕੰਮ ਕਾਜ ਸੰਭਾਲਿਆ। ਇੰਨਾਂ ਦੇ ਤਿੰਨ ਬੇਟੇ ਕੁਲਬੀਰ ਸਿੰਘ, ਸੁਖਬੀਰ ਸਿੰਘ ਤੇ ਕੁਲਜੀਤ ਸਿੰਘ ਪਿੰਡ ਡਾਲਾ ’ਚ ਵਸਦੇ ਹਨ।
ਮੈਂ ਧੰਨਵਾਦੀ ਹਾਂ ਕਿ ਕਾ: ਗੁਰਦਿਆਲ ਸਿੰਘ ਡਾਲਾ ਦੀ ਭੈਣ ਚਾਚੀ ਹਰਦਿਆਲ ਕੌਰ ਨੇ ‘ਮੇਰੀ ਟੀਚਰ ਪਤਨੀ ਗੁਰਚਰਨ ਕੌਰ ਦਾ ਰਿਸ਼ਤਾ ਪਿੰਡ ਡਾਲੇ ਤੋਂ ਕਰਵਾਇਆ। ਮੈਂ ਕਾ: ਗੁਰਦਿਆਲ ਸਿੰਘ ਡਾਲਾ ਦਾ ਅਤਿ ਧੰਨਵਾਦੀ ਹਾਂ ਕਿ ਕਾਮਰੇਡ ਸੁਤੰਤਰ ਨਾਲ ਅੱਠ ਸਾਲ ਅੰਡਰ ਗਰਾਊਂਡ ਰਹਿਣ ਦੀਆਂ ਅਨੇਕ ਕਹਾਣੀਆਂ ਸੁਣਾ ਕੇ ਮਨੁੱਖੀ ਜਿੰਦਗੀ ਨੂੰ ਨਵੇਂ ਐਂਗਲ ਤੋਂ ਵਾਚਣ ਦਾ ਢੰਗ ਸਿਖਾਇਆ। ਇੰਨ੍ਹਾ ਸੂਰਮਿਆਂ ਦੀ ਕਰਨੀ ਅੱਗੇ ਸਿਰ ਝੁਕਦੈ।
ਅਸੂਲ ਪ੍ਰਸਤ, ਨਿਡਰ ਕੁਰਬਾਨੀਆਂ ਭਰਪੂਰ ਸੰਘਰਸ਼ ਮਈ ਬੇਦਾਗ ਜੀਵਨ ਦੇ ਮਾਲਕ ਕਾਮਰੇਡ ਗੁਰਦਿਆਲ ਸਿੰਘ ਡਾਲਾ 5 ਸਤੰਬਰ 1984 ਨੂੰ ਸਦੀਵੀ ਵਿਛੋੜਾ ਦੇ ਗਏ ਸਨ।
ਕਾਮਰੇਡ ਗੁਰਦਿਆਲ ਸਿੰਘ ਡਾਲਾ ਬਾਰੇ ਬਹੁਤੀ ਜਾਣਕਾਰੀ, ਕਨੇਡਾ ਆਏ ਕਾ: ਚੈਨ ਸਿੰਘ ਚੈਨ ਤੇ ਅਪਣੇ ਤੇ ਅਪਣੇ ਬੱਚਿਆਂ ਦੇ ਅਧਿਆਪਕ ਮਾਸਟਰ ਮੋਤੀ ਸਿੰਘ ਨੱਥੂਵਾਲਾ ਪੱਛਮੀ ਦੇ ਲਿਖਣ ਅਨੁਸਾਰ ਪੇਸ਼ ਹੈ, ਇਹ ਸੂਰਮਿਆਂ ਦੀ ਗਾਥਾ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346