ਬਾਪੂ ਸਾਡਾ ਦਰਵੇਸ਼ ਬੰਦਾ ਬਾਹਰੀ ਚਮਕ ਦਮਕ ਤੋਂ ਕੋਹਾਂ ਦੂਰ ਅੰਦਰੋਂ
ਰੱਜਿਆ ਸਦਾ ਹੀ ਖ਼ੁਸ਼। ਸਾਰੇ ਸਾਂਝੇ ਪਰਿਵਾਰ ਦਾ ਕਾਰੋਮੁਖ਼ਤਿਆਰ, ਇਹਦੀ ਜੇਬ
ਚੋਂ ਪੈਸੇ ਕਢਾਉਣੇ ਬਹੁਤ ਸੌਖੇ ਐ ਕੁੜਤੇ ਦੀ ਜੇਬ ਨੂੰ ਬਕਸੂਆ ਨੀ ਲਾਉਂਦਾ
ਜੇਬ ਸਦਾ ਹੀ ਖੁੱਲ੍ਹੀ ਰਹਿੰਦੀ ਆ ਇਸੇ ਜੇਬ ਚੋਂ ਸਾਰਾ ਘਰ ਚੱਲਦਾ। ਕਈ
ਵਾਰ ਤਾਂ ਇਸਦੀ ਮਸੂਮੀਅਤ ਸਾਹਮਣੇ ਆਪਣੇ ਆਪ ਹੀ ਸ਼ਰਮ ਜਿਹੀ ਆ ਜਾਂਦੀ ਹੈ
ਕਿ ਛੱਡ ਬਾਪੂ ਐਨੇ ਹੀ ਬਹੁਤ ਐ ਸਾਰ ਲਵਾਂਗੇ। ਬਾਪੂ ਕਿਸੇ ਖ਼ਾਸ ਮੌਕੇ
ਵਿਆਹ ਸ਼ਾਦੀ ਨੂੰ ਜਾਂ ਬਾਹਰ ਅੰਦਰ ਜਾਣ ਵੇਲੇ ਕੁੜਤਾ ਪਜਾਮਾ ਪਾ ਲੈਂਦਾ ਪਰ
ਬਾਹਲ਼ੇ ਆਰੀ ਸ਼ੌਕ ਨਾਲ ਚਾਦਰਾ ਬੰਨ੍ਹ ਕੇ ਹੀ ਖ਼ੁਸ਼ ਆ ਤੇ ਚਾਦਰਾ ਇਹਦੇ
ਫੱਬਦਾ ਵੀ ਬਾਹਲ਼ਾ। ਕੇਰਾਂ ਸਾਡੇ ਕੋਲ ਬਾਹਰ ਆਇਆ ਤਾਂ ਕੁੜਤੇ ਪਜਾਮੇ ਨਾਲ
ਚਾਦਰੇ ਵੀ ਲੈ ਆਇਆ, ਸਵੇਰੇ ਹੀ ਨਹਾ ਕੇ ਲਾਕੇ ਮੁੱਛਾਂ ਨੂੰ ਤੇਲ ਬੰਨ੍ਹ
ਕੇ ਚਾਦਰਾ ਵਿਹੜੇ ‘ਚ ਰਾਠ ਬਣ ਕੇ ਬਹਿ ਜਾਇਆ ਕਰੇ ਕਦੇ ਕਦੇ ਬੇਟੇ ਨਾਲ
ਬਾਹਰ ਉਵੇਂ ਹੀ ਚਾਦਰੇ ‘ਚ ਗੇੜਾ ਵੀ ਲਾ ਆਇਆ ਕਰੇ। ਸਾਡੇ ਚਿੱਤ ਜਿਹੇ ‘ਚ
ਇਹ ਗੱਲ ਰੜਕੇ ਕਿ ਲੋਕ ਕੀ ਕਹਿਣਗੇ ਇਹਨਾਂ ਦਾ ਬਾਪੂ ਚਾਦਰਾ ਬੰਨ੍ਹੀ
ਫਿਰਦਾ ਇਸ ਪਿੱਛੇ ਕਾਰਨ ਸ਼ਾਇਦ ਇਹ ਵੀ ਸੀ ਕਿ ਆਪਣੇ ਆਪ ‘ਚ ਬਾਹਲ਼ੇ ਪੜ੍ਹੇ
ਲਿਖੇ ਅਗਾਂਹ ਵਧੂ ਵਿਦਵਾਨੀ ਸੱਜਣ ਸਾਨੂੰ ਅਕਸਰ ਹੀ ਕਹਿ ਦਿੰਦੇ ਨੇ
‘‘ਥੋਡੇ ਵੱਲੀਂ ਹੱਲੇ ਵੀ ਲੋਕ ਚਾਦਰਾ ਹੀ ਬੰਨ੍ਹਦੇ ਨੇ ਭੂਥਾ ਜਿਹਾ‘‘।
ਚੱਲੋ ਖ਼ੈਰ ਬਾਪੂ ਸਾਡੇ ਕਹਿਣ ਤੇ ਪਜਾਮਾ ਤਾਂ ਪਾ ਲੈਂਦਾ ਪਰ ਉਹ ਘੁੱਟਮੇਂ
ਜਿਹੇ ਪਜਾਮੇ ‘ਚ ਫਸਿਆ ਫਸਿਆ ਜਿਹਾ ਰਹਿੰਦਾ। ਸਾਡੇ ਕੰਮ ਤੇ ਜਾਣ ਵੇਲੇ
ਉਸਦੇ ਪਜਾਮਾ ਪਾਇਆ ਹੁੰਦਾ ਪਰ ਆਉਂਦਿਆਂ ਨੂੰ ਉਸਦੇ ਫਿਰ ਚਾਦਰਾ ਹੀ
ਬੰਨ੍ਹਿਆ ਹੁੰਦਾ। ਫਿਰ ਅਸੀਂ ਸੋਚਿਆ ਕਿ ਬਾਪੂ ਨੂੰ ਸ਼ਾਪਿੰਗ ਕਰਵਾ ਕੇ
ਲਿਆਈਏ ਦੋ ਪੈਂਟਾਂ ਦਵਾਈਆਂ ਦੋ ਲੋਹਰਾਂ ਇੱਕ ਸਪੋਰਟਸ ਸ਼ੂ ਮੈ ਸੋਚਿਆ ਕਿ
ਬਾਹਰ ਅੰਦਰ ਮੇਲੇ ਜਾਂ ਹੋਰ ਪ੍ਰੋਗਰਾਮਾਂ ਤੇ ਬਾਪੂ ਨੂੰ ਪੈਂਟ ਤੇ ਬੂਟ
ਪਵਾਕੇ ਲਜਾਇਆ ਕਰੂ ਬਾਪੂ ਵੀ ਸੋਚੇ ਕਿ ਬਾਹਰ ਮੁੰਡੇ ਕੋਲ ਆਇਆਂ। ਘਰੇ ਆਏ
ਤਾਂ ਕਿਹਾ ਕਿ ਬਾਪੂ ਪਾ ਕੇ ਵਖਾ ਖਾਂ ਸਾਡੇ ਨੇ ਸਭ ਕੁਝ ਪਾ ਤਾਂ ਲਿਆ ਪਰ
ਬਾਪੂ ਸਾਡਾ ਐਡਾ ਸੰਗਾਊ ਕਿ ਨੋਹਾਂ ਧੀਆਂ ਸਾਹਮਣੇ ਇਹੋ ਜਿਹੇ ਰੂਪ ‘ਚ ਆਉਣ
ਤੋਂ ਹੀ ਸ਼ਰਮਾਈ ਜਾਵੇ, ਆਪਣੇ ਆਪ ਤੋਂ ਹੀ ਸੰਗ ਜਿਹੇ ਗਿਆ ਬਾਪੂ, ਅਸੀਂ
ਹੱਸੀਏ ਪਰ ਬਾਪੂ ਉਸ ਰੂਪ ਵਿਚ ਬਾਹਰ ਨਾ ਆਇਆ। ‘ਤੇ ਅਖੀਰ ਪੁਰਾਣੇ ਰੂਪ
ਵਿਚ ਬਾਹਰ ਆ ਕੇ ਅੱਖਾਂ ਜਿਹੀਆਂ ਭਰ ਕੇ ਕਹਿੰਦਾ ”ਕਿਉਂ ਯਾਰ ਜਦੋਂ ਚਿੱਤ
ਨੂੰ ਹੀ ਚੰਗਾ ਨਹੀਂ ਲੱਗਦਾ ਫਿਰ ਕਿਉਂ ਧੱਕਾ ਕਰਦੇ ਹੋ” ਸੁਣ ਕੇ ਬਾਹਲੀ
ਸ਼ਰਮ ਆਈ ਸਿਰ ਝੁਕ ਗਿਆ ਸਭ ਚੁੱਪ ਹੋ ਗਏ। ਇੱਕ ਚੰਗਾ ਵੀ ਹੋਇਆ ਕਿ ਮੈਂ
ਬਾਪੂ ਨੂੰ ਉਸ ਰੂਪ ਵਿਚ ਨਹੀਂ ਦੇਖਿਆ ਉਹੀ ਕੁੜਤੇ ਚਾਦਰੇ ਵਾਲਾ ਖੁੱਲ੍ਹਾ
ਡੁੱਲ੍ਹਾ ਦਰਸ਼ਨੀ ਸਰਦਾਰ ਹੀ ਅੱਖਾਂ ਸਾਹਮਣੇ ਰਿਹਾ ਖੂਹ ਵਿੱਚ ਪਵੇ
ਦੁਨੀਆਦਾਰੀ। ਪਿਓ ਦਾਦੇ ਦਾ ਉਹੀ ਵਿਰਸਾ ਵੀ ਜਿਉਂਦਾ ਰਿਹਾ ਜਿਸ ਨੂੰ ਅਸੀਂ
ਸਾਰੇ ਖ਼ਤਮ ਕਰਨ ਤੇ ਤੁਰੇ ਸੀ ਪਰ ਭੋਲਿਆ ਪੰਛੀਆ ਕਦੇ ਵਿਰਸਾ ਵੀ ਮਰਿਆ
ਜਿੰਨਾ ਚਿਰ ਬਾਪੂ ਵਰਗੇ ਜਿਉਂਦੇ ਆ।
ਹੁਣ ਕੋਈ ਬਾਪੂ ਨੂੰ ਪੁੱਛ ਲਵੇ ਕਿ ਕਿੱਦਾਂ ਦਾ ਬਾਹਰਲਾ ਦੇਸ਼ ਤੇ ਅੱਗੋਂ
ਬਾਪੂ ਕਹਿ ਦਿੰਦਾ ”ਹੋਰ ਤਾਂ ਸਭ ਕੁਝ ਠੀਕ ਹੈ ਪਰ ਉੱਥੇ ਭੋਲਿਆ ਚਾਦਰਾ
ਬੰਨ੍ਹਣਾ ਔਖਾ। ਇੱਥੋਂ ਪਿੰਡਾਂ ਦੇ ਖੁੰਢਾਂ ਤੋਂ ਉੱਠ ਕੇ ਗਏ ਲੋਕੀਂ ਵੀ
ਆਵਦੇ ਆਪ ਨੂੰ ਬਾਹਲ਼ਾ ਤੇਜ ਸਮਝਦੇ ਆ ਬਾਹਰ ਜਾ ਕੇ ਵੱਡੇ ਪੜ੍ਹੇ ਲਿਖੇ ਪਰ
ਭੋਲਿਆਂ ਨੂੰ ਇਹ ਨੀ ਪਤਾ ਕਿ ਸਿਆਣਪ ਕੋਟ ਪੈਂਟ ਪਾ ਕੇ ਨਹੀਂ ਆਉਂਦੀ
ਮੰਨਿਆ ਕਿ ਜੈਸਾ ਦੇਸ਼ ਵੈਸਾ ਭੇਸ ਪਰ ਬੰਦੇ ਨੂੰ ਆਪਣਾ ਪਿੱਛਾ ਨਹੀਂ
ਭੁੱਲਣਾ ਚਾਹੀਦਾ।
‘ਤੇ ਬਾਪੂ ਨੂੰ ਇੱਥੋਂ ਦੇ ਕੇ ਭੇਜੇ ਨਾਇਕੀ ਦੇ ਸ਼ਤਰੌਲ ਪਸ਼ੂਆਂ ਆਲੇ ਕੋਠੇ
‘ਚ ਵਾਧੂ ਸਮਾਨ ਨਾਲ ਸੁੱਟੇ ਪਏ ਆ ਤੇ ਬਾਪੂ ਮੁਖਸਰੋਂ ਨਿਰੰਜਣ ਕਿਆਂ ਤੋਂ
ਲਿਆਂਦੀਆਂ ਸੁਨਹਿਰੀ ਤਿੱਲੇ ਆਲੀਆਂ ਤੇ ਘੋਨੀਆਂ ਜੁੱਤੀਆਂ ਨੂੰ ਸਰ੍ਹੋਂ ਦਾ
ਤੇਲ ਲਾ ਕੇ ਸੰਦੂਕਾਂ ਆਲੇ ਕਮਰੇ ਚ ਸਾਂਭ ਸਾਂਭ ਰੱਖਦਾ। ਕਿਹਾ ਤਾਂ ਹੈ
ਭੋਲਿਆ ਪੰਛੀਆ ਕਦੇ ਵਿਰਸਾ ਵੀ ਮਰਿਆ ਜਿੰਨਾ ਚਿਰ ਬਾਪੂ ਵਰਗੇ ਜਿਉਂਦੇ ਆ।
+61430850045
-0- |