ਕਵੀ ਲਿਖਦਾ ਹੈ:
ਮੇਰੇ ਨਾਲ ਇਹੋ ਜਿਹਾ ਕੁੱਝ ਨਹੀਂ ਹੋਇਆ
ਪਰ ਮੇਰੇ ਅੰਦਰ ਵੀ ਇੱਕ ਭਰਥਰੀ ਕੰਬਦਾ ਹੈ
ਕੀ ਪਤਾ ਹੋਇਆ ਹੀ ਹੋਵੇ
ਤੋਤਾ ਮੈਨਾ ਦੇ ਕਿੱਸੇ ਵਿੱਚ ਇੱਕ ਕਿੱਸਾ ਮੈਨਾ ਸੁਣਾਉਦੀ ਹੈ ਪੁਰਖ ਦੀ ਬੇਵਫ਼ਾਈ ਦਾ, ਇੱਕ
ਕਿੱਸਾ ਤੋਤਾ ਸੁਣਾਉਦਾ ਹੈ ਨਾਰ ਦੀ ਬੇਵਫ਼ਾਈ ਦਾ।
ਲੂਣਾ ਸਲਵਾਨ ਨਾਲ ਬੇਵਫ਼ਾਈ ਕਰਦੀ ਹੈ
ਕੋਕਿਲਾਂ ਰਸਾਲੂ ਨਾਲ
ਪਿੰਗਲਾਂ ਭਰਥਰੀ ਨਾਲ
ਪਰ ਲੂਣਾ ਕੋਕਿਲਾਂ ਪਿੰਗਲਾਂ ਼ ਼ ਼ ਼ ਼
ਪਤਾ ਨਹੀਂ ਇਨ੍ਹਾਂ ਦੇ ਪਤੀ ਰਾਜਿਆਂ ਦੀਆਂ ਹੋਰ ਕਿੰਨੀਆਂ ਕਿੰਨੀਆਂ ਰਾਣੀਆਂ ਸਨ।
ਇਨ੍ਹਾਂ ਦੀ ਬੇਵਫ਼ਾਈ ਕੀ ਬੇਵਫ਼ਾਈ ਹੈ
ਪਰ ਜਿਸ ਨਾਟਕ ਦੇ ਆਲੇਖ ਦੀ ਮੈਂ ਗੱਲ ਕਰਨ ਲੱਗਾ ਹਾਂ ਤੇ ਜਿਹੜਾ ਦੱਖਣੀ ਅਫ਼ਰੀਕਾ ਦੇ
ਸਾਹਿਤਕਾਰ ਕੈਨ ਥੇਮਬਾ ਦੀ ਕਹਾਣੀ ਤੇ ਆਧਰਿਤ ਹੈ, ਉਸ ਦੀ ਨਾਇਕਾ ਸਚਮੁਚ ਆਪਣੇ ਪਤੀ ਨਾਲ
ਬੇਵਫ਼ਾਈ ਕਰਦੀ ਹੈ।
ਮੈਂ ਨੀਲਮ ਮਾਨ ਸਿੰਘ ਚੌਧਰੀ ਲਈ ਇਸ ਕਹਾਣੀ ਦਾ ਨਾਟਕੀ ਆਲੇਖ ਲਿਖ ਰਿਹਾ ਹਾਂ। ਇਸ ਕਹਾਣੀ
ਦਾ ਨਾਮ ਹੈ: ਸੂਟ।
ਨੀਲਮ ਮਾਨ ਸਿੰਘ ਚੌਧਰੀ ਦਾ ਸ਼ੁਮਾਰ ਇਸ ਵੇਲੇ ਭਾਰਤ ਦੇ ਤਿੰਨ ਚਾਰ ਸਭ ਤੋਂ ਵੱਡੇ ਨਾਟਕ
ਨਿਰਦੇਸ਼ਕਾਂ ਵਿੱਚ ਹੁੰਦਾ ਹੈ। ਉਹ ਅੰਗਰੇਜ਼ੀ ਸਕੂਲਾਂ ਦੀ ਪੜ੍ਹੀ ਹੋਈ ਤੇ ਉਚੇ ਵਰਗ ਦੇ
ਲੋਕਾਂ ਵਿੱਚ ਰਹਿਣ ਵਾਲੀ ਬਹੁਤ ਰੌਸ਼ਨ ਦਿਮਾਗ ਤੇ ਰੌਸ਼ਨ ਜ਼ਮੀਰ ਨਾਟ ਨਿਰਦੇਸ਼ਕਾ ਹੈ, ਹਰ ਵੇਲੇ
ਨਾਟਕੀ ਸਿਰਜਣ-ਸ਼ਕਤੀ ਨਾਲ ਜਗਦੀ ਤੇ ਬੇਚੈਨ। ਉਹ ਨਾਟਕ ਹਮੇਸ਼ਾ ਪੰਜਾਬੀ ਵਿੱਚ ਖੇਡਦੀ ਹੈ।
ਉਸਦੀ ਨਾਟਕ ਮੰਡਲੀ ਲਈ ਮੈਂ ਬਹੁਤ ਸਾਰੇ ਨਾਟਕਾਂ ਦੇ ਰੂਪਾਂਤਰਣ ਕੀਤੇ ਦੇ ਕਈ ਕਹਾਣੀਆਂ ਦੇ
ਨਾਟਕ ਬਣਾਏ। ਸ਼ਹਿਰ ਮੇਰੇ ਦੀ ਪਾਗਲ ਔਰਤ, ਸਈਓ ਨੀ ਮੈਂ ਅੰਤਹੀਣ ਤਰਕਾਲਾਂ, ਹੇਠ ਵਗੇ ਦਰਿਆ,
ਨਾਗ ਲੀਲ੍ਹਾ, ਕਿਚਨ ਕਥਾ, ਸੀਬੋ ਇਨ ਸੁਪਰਮਾਰਕੀਟ। ਮੈਂ ਹੱਸਦਾ ਹੁੰਨਾਂ: ਨੀਲਮ ਦੇ ਸਾਰੇ
ਨਾਟਕ ਐਕਸਪੋਰਟ ਕੁਆਲਟੀ ਦੇ ਹੁੰਦੇ ਹਨ। ਲੰਡਨ, ਟੋਕੀਓ, ਪੈਰਿਸ ਦੇ ਬਹੁਤ ਵੱਡੇ ਨਾਟਕ
ਉਤਸਵਾਂ ਵਿੱਚ ਨੀਲਮ ਨੇ ਆਪਣੇ ਪੰਜਾਬੀ ਨਾਟਕਾਂ ਨਾਲ ਭਾਰਤ ਦੀ ਨੁਮਾਇੰਦਗੀ ਕੀਤੀ। ਨੀਲਮ
ਆਪਣੇ ਨਾਟਕਾਂ ਬਿੰਬ ਸਿਰਜਣ ਦੀ ਮਾਹਿਰ ਹੈ। ਉਸ ਲਈ ਕੰਮ ਕਰਨਾ ਮੈਨੂੰ ਬਹੁਤ ਚੰਗਾ ਲੱਗਦਾ
ਹੈ ਕਿਉਕਿ ਕੰਮ ਕਰਦਿਆਂ ਉਸ ਦੀ ਨਿਗਾਹ ਵਿੱਚ ਉਹ ਆਪ ਹੀ ਦਰਸ਼ਕ ਹੁੰਦੀ ਹੈ। ਉਹ ਆਪਣੇ ਆਪ
ਨਾਲ ਹੀ ਸੰਚਾਰ ਕਰ ਰਹੀ ਹੁੰਦੀ ਹੈ ਜਾਂ ਆਪਣੇ ਵਰਗੇ ਹੋਰ ਲੋਕਾਂ ਨਾਲ।
ਇਸ ਵਾਰ ਜਿਹੜੀ ਕਹਾਣੀ ਦਾ ਮੈਂ ਨਾਟਕ ਬਣਾ ਰਿਹਾ ਸਾਂ, ਉਸ ਦਾ ਨਾਮ ਹੈ: ਸੂਟ।
ਮੀਆਂ ਬੀਵੀ ਸੁੱਖੀਂ ਸਾਂਦੀ ਜ਼ਿੰਦਗੀ ਗੁਜ਼ਾਰ ਰਹੇ ਹਨ। ਚੁਲਬੁਲਾ ਜਿਹਾ ਪਤੀ ਆਪਣੀ ਪਤਨੀ ਨੂੰ
ਪਿਆਰ ਕਰਨ ਵਾਲਾ, ਉਹਦੇ ਨਾਜ਼ ਨਖਰੇ ਉਠਾਉਣ ਵਾਲਾ।
ਮੈਂ ਇਸ ਨਾਟਕ ਦਾ ਆਰੰਭ ਇਸਤਰਾਂ ਕੀਤਾ:
ਪਤੀ ਸਾਝਰੇ ਜਾਗ ਪੈਦਾ ਹੈ, ਪਤਨੀ ਅਜੇ ਸੁੱਤੀ ਹੋਈ ਹੈ। ਉਹ ਉਸਨੂੰ ਜਗਾਉਦਾ ਨਹੀਂ, ਆਪ ਹੀ
ਚਾਹ ਬਣਾਉਦਾ ਹੈ ਤੇ ਆਪਣੇ ਆਪ ਨਾਲ ਗੱਲਾਂ ਕਰਦਾ ਹੈ:
ਜ਼ਰਾ ਹੋਰ ਸੌਂ ਲਵੇ। ਮੈਨੂੰ ਇਹ ਸੁੱਤੀ ਹੋਈ ਬਹੁਤ ਚੰਗੀ ਲੱਗਦੀ ਹੈ; ਹੋਰ ਵੀ ਮਾਸੂਮ, ਸ਼ਾਂਤ
ਤੇ ਤ੍ਰਿਪਤ। ਮੈਂ ਇਹਨੂੰ ਸੁੱਤੀ ਹੋਈ ਨੂੰ ਕਦੀ ਨਹੀਂ ਜਗਾਇਆ। ਸਿਰਫ਼ ਇੱਕ ਵਾਰ ਜਗਾਇਆ ਸੀ।
ਉਸ ਰਾਤ ਅਸੀਂ ਕਿਸੇ ਗੱਲੋਂ ਨਾਰਾਜ਼ ਹੋ ਗਏ ਸਾਂ। ਇਹ ਰੋਦੀ ਰੋਦੀ ਸੌਂ ਗਈ ਸੀ। ਮੈ ਦੇਰ ਤੱਕ
ਜਾਗਦਾ ਰਿਹਾ ਸੀ। ਮੈਨੂੰ ਅਚਾਨਕ ਕਿਸੇ ਦਾ ਸ਼ੇਅਰ ਯਾਦ ਆਇਆ:
ਉਹ ਜੋ ਪਿਆਸਾ ਸੌਂ ਗਿਆ
ਤੂੰ ਉਹਨੂੰ ਚੁੰਮ ਕੇ ਜਗਾ ਲੈ
ਕਿਤੇ ਆਪਣੇ ਸੁਪਨਿਆਂ ਵਿੱਚ ਉਹ
ਪਾਣੀ ਲਈ ਥਾਂ ਕੁ ਥਾਂ ਭਟਕਦਾ ਨਾ ਹੋਵੇ
ਮੈਂ ਇਹਨੂੰ ਚੁੰਮ ਕੇ ਜਗਾ ਲਿਆ ਸੀ ਤੇ ਇਹ ਮੁਸਕਰਾ ਕੇ ਫੇਰ ਸੌਂ ਗਈ।
ਕਈ ਵਾਰ ਕੋਈ ਤੁਹਾਡੇ ਕਿੰਨਾ ਕੋਲ ਸੁੱਤਾ ਹੁੰਦਾ ਹੈ, ਤੁਹਾਡੇ ਨਾਲ ਲੱਗ ਕੇ ਪਰ ਤੁਹਾਨੂੰ
ਕੀ ਪਤਾ ਉਹ ਆਪਣੇ ਸੁਪਨਿਆਂ ਵਿੱਚ ਕਿੱਥੇ ਹੋਵੇ। ਉਹ ਕਿਸੇ ਨੇ ਕਿਹਾ ਹੈ ਨਾ:
(ਗਾਉਣ ਲੱਗ ਪੈਦਾ ਹੈ)
ਬਹੁਤ ਕਰੀਬ ਸਹੀ ਫਿਰ ਵੀ ਫ਼ਾਸਿਲਾ ਰੱਖੀਂ
ਮਿਲਣ ਦੀ ਰਾਤ ਚ ਵੀ ਹਿਜਰ ਜਾਗਦਾ ਰੱਖੀਂ
ਉਹ ਤੇਰੇ ਪਹਿਲੂ ਚ ਹੀ ਸੁੱਤਾ ਹੋਇਆ ਹੈ ਬੇਸ਼ਕ
ਉਹ ਕਿੱਥੇ ਹੁੰਦਾ ਹੈ ਖ਼ਾਬਾਂ ਚ ਕੁੱਝ ਪਤਾ ਰੱਖੀਂ
(ਹੱਸ ਪੈਦਾ ਹੈ)
ਇਕ ਵਾਰ ਇਹਨੇ ਵੀ ਮੈਨੂੰ ਸੁੱਤੇ ਪਏ ਨੂੰ ਅਭੜਵਾਹੇ ਜਗਾ ਲਿਆ ਸੀ। ਇਹ ਸੁਪਨੇ ਵਿੱਚ ਡਰ ਗਈ
ਸੀ। ਕਹਿਣ ਲੱਗੀ: ਮੁਖ਼ਤਾਰ ਕੋਈ ਉਜਾੜ ਬੀਆਬਾਨ ਸੀ। ਮੈਂ ਇਕੱਲੀ ਡਰ ਗਈ ਸੀ। ਮੈਂ ਤੈਨੂੰ
ਬਹੁਤ ਆਵਾਜ਼ਾਂ ਮਾਰੀਆਂ: ਮੁਖ਼ਤਾਰ ਮੁਖ਼ਤਾਰ। ਪਰ ਤੂੰ ਕਿਤੋਂ ਨਾ ਬੋਲਿਆ। ਤੂੰ ਕਿੱਥੇ ਚਲਾ
ਗਿਆ ਸੀ? ਤੂੰ ਕਿਉਂ ਨਹੀਂ ਸੀ ਮੇਰੇ ਖ਼ਾਬ ਵਿਚ?
ਇਹ ਭਲਾ ਇਹਦਾ ਕਸੂਰ ਸੀ ਕਿ ਮੇਰਾ? ਮੈਂ ਕਿਉਂ ਨਹੀਂ ਸੀ ਇਹਦੇ ਖ਼ਾਬ ਵਿਚ? ਮੈਨੂੰ ਕੀ ਪਤਾ
ਸੀ ਇਹਦੇ ਖ਼ਾਬ ਵਿੱਚ ਕਿਵੇਂ ਐਟਰ ਕਰਾਂ।
ਮੈਂ ਬੱਸ ਦੁਆ ਹੀ ਕਰ ਸਕਦਾਂ ਕਿ ਇਹਦੇ ਨਾਲ ਵੀ ਮੈਂ ਹੀ ਸੌਵਾਂ
ਇਹਦੇ ਖ਼ਾਬਾਂ ਵਿੱਚ ਵੀ ਮੈਂ ਹੀ ਹੋਵਾਂ।
ਰੱਬਾ ਮੈਂ ਤਾਂ ਤੈਥੋਂ ਏਹੀ ਮੰਗਦਾਂ ਸਵੇਰੇ ਸਵੇਰੇ।
ਖ਼ੈਰ ਇਸ ਵੇਲੇ ਇਹਦੇ ਖ਼ਾਬ ਵਿੱਚ ਐਟਰ ਕਰਨ ਦਾ ਏਹੀ ਤਰੀਕਾ ਹੈ ਕਿ ਚਾਹ ਦਾ ਕੱਪ ਲੈ ਕੇ ਇਹਦੀ
ਨੀਦ ਦੇ ਬੂਹੇ ਤੇ ਦਸਤਕ ਦਿੱਤੀ ਜਾਵੇ।
(ਬੀਵੀ ਲਈ ਚਾਹ ਲੈ ਕੇ ਜਾਂਦਾ ਹੈ)
ਜਾਗੋ ਮੋਹਨ ਪਿਆਰੇ
ਜਾਗੋ ਯੇ ਚਾਦਰ ਕੇ ਬਾਦਲ ਹਟਾਓ
ਚਾਂਦ ਸਾ ਮੁਖੜਾ ਹਮ ਕੋ ਦਿਖਾਓ
ਚਾਏ ਕਾ ਪਿਆਲਾ ਪੁਕਾਰੇ
ਜਾਗੋ ਮੋਹਨ ਪਿਆਰੇ
ਕੋਰੱਸ ਚੋਂ ਇੱਕ ਜਣਾ ਸਰੋਤਿਆਂ ਨੂੰ ਸੰਬੋਧਿਤ ਹੁੰਦਾ ਹੈ:
ਸਾਹਿਬਾਨ
ਇਸ ਰਾਜ਼ੀ ਖੁਸ਼ੀ ਵਸਦੀ ਜੋੜੀ ਵਿਚੋਂ ਕਿਸੇ ਨੂੰ ਨਹੀਂ ਪਤਾ ਕਿ ਉਪਰ ਸਿਤਾਰੇ ਇਨ੍ਹਾਂ ਬਾਰੇ
ਕੀ ਸਲਾਹਾਂ ਕਰ ਰਹੇ ਨੇ। ਅੱਜ ਜਿਹੜੀ ਬੱਸ ਤੇ ਸਵਾਰ ਹੋ ਕੇ ਮੁਖ਼ਤਾਰ ਕੰਮ ਲਈ ਜਾਵੇਗਾ, ਓਹੀ
ਹੋਵੇਗੀ ਜੋ ਕੱਲ੍ਹ ਸੀ। ਤਕਰੀਬਨ ਓਹੀ ਸਵਾਰੀਆਂ ਹੋਣਗੀਆਂ ਜੋ ਕੱਲ੍ਹ ਸਨ। ਓਹੀ ਸੜਕ ਹੋਵੇਗੀ
ਜੋ ਕੱਲ੍ਹ ਸੀ। ਓਹੀ ਹੋਏਗਾ ਖੁੱਲ੍ਹੇ ਡੁਲ੍ਹੇ ਸੁਭਾਅ ਵਾਲਾ ਭਾਈਆ ਇਕਬਾਲ, ਮੁਖ਼ਤਾਰ ਦੇ ਕਈ
ਸਾਲਾਂ ਦਾ ਸੰਗੀ, ਪਰ ਅੱਜ ਉਹਦੇ ਬੋਲਾਂ ਵਿੱਚ ਥੋੜ੍ਹੀ ਜਿਹੀ ਝਿਜਕ ਹੋਵੇਗੀ। ਉਹ ਥੋੜ੍ਹੇ
ਜਿਹੇ ਥਿੜਕਦੇ ਕੰਬਦੇ ਬੋਲਾਂ ਨਾਲ ਮੁਖ਼ਤਾਰ ਨੂੰ ਇੱਕ ਐਸੀ ਗੱਲ ਕਹੇਗਾ ਕਿ ਮੁਖ਼ਤਾਰ ਲਈ ਤਾਰੇ
ਸਿਆਹ ਹੋ ਜਾਣਗੇ, ਚੰਨ ਕਾਲਾ ਹੋ ਜਾਵੇਗਾ। ਘਰ ਵਿੱਚ ਲੱਗੀ ਇੱਕ ਫੁੱਲਾਂ ਦੀ ਵੇਲ ਨਾਗਣ ਹੋ
ਜਾਵੇਗੀ। ਰੁੱਖ ਤੁਰਨ ਲੱਗ ਪੈਣਗੇ।
ਪੀਲਾ ਪ੍ਰੇਤ ਬਣਿਆ ਮੁਖ਼ਤਾਰ ਆਪਣੇ ਘਰ ਜਾਵੇਗਾ। ਆਪਣੇ ਹੀ ਘਰ ਵਿੱਚ ਉਹ ਚੋਰਾਂ ਵਾਂਗ ਦਾਖ਼ਲ
ਹੋਵੇਗਾ, ਤਾਕੀ ਥਾਂਣੀਂ। ਉਸ ਦੇ ਪੈਰਾਂ ਦੀ ਬਿੜਕ ਸੁਣ ਕੇ ਉਸ ਦੀ ਪਤਨੀ ਕੋਲੋਂ ਕੋਈ ਗ਼ੈਰ
ਮਰਦ ਨਾਗ ਵਾਂਗ ਦੌੜ ਜਾਵੇਗਾ ਪਰ ਆਪਣੀ ਕੁੰਜ ਓਥੇ ਛੱਡ ਜਾਵੇਗਾ, ਆਪਣਾ ਸੂਟ।
਼ ਼ ਼ ਼ ਼ ਼ ਼ ਼ ਼ ਼ ਼
ਮੁਖ਼ਤਾਰ ਉਸ ਸੂਟ ਨੂੰ ਚੁੱਕ ਲੈਦਾ ਤੇ ਕਹਿੰਦਾ ਹੈ:
ਭਾਈਆ ਇਕਬਾਲ ਮੈਨੂੰ ਬੱਸ ਵਿੱਚ ਕਹਿਣ ਲੱਗਾ: ਪੁੱਤਰਾ, ਮੇਰਾ ਯਕੀਨ ਕਰੀਂ। ਜੇ ਮੇਰਾ ਵੱਸ
ਚੱਲਦਾ ਤਾਂ ਮੈਂ ਇਹ ਗੱਲ ਤੈਨੂੰ ਕਦੀ ਨਾ ਦੱਸਦਾ ਪਰ ਤੇਰੀ ਤਾਈ ਨੇ ਮੇਰੀ ਜੀਉਣਾ ਹਰਾਮ
ਕੀਤਾ ਹੋਇਆ ਸੀ। ਮੈਨੂੰ ਰੋਜ਼ ਪੁੱਛਦੀ ਤੂੰ ਮੁਖ਼ਤਾਰ ਨੂੰ ਉਹਦੀ ਜਨਾਨੀ ਬਾਰੇ ਦੱਸਿਆ ਕਿ
ਨਹੀਂ? ਭਾਈਏ ਇਕਬਾਲ ਦੇ ਚਿਹਰੇ ਉਤੇ, ਜਿਵੇਂ ਕਹਿੰਦੇ ਹੁੰਦੇ ਇੱਕ ਜ਼ਖ਼ਮੀ ਮੁਸਕਰਾਹਟ ਸੀ। ਉਸ
ਦੇ ਮੱਥੇ ਤੋਂ ਇੱਕ ਪਰਛਾਂਵਾਂ ਲੰਘਿਆ ਤੇ ਉਹ ਕਹਿਣ ਲੱਗਾ: ਮੁਖ਼ਤਾਰ ਪੁੱਤਰ ਮੈਨੂੰ ਲਗਦਾ
ਤੇਰੀ ਗੈਰਹਾਜ਼ਰੀ ਵਿੱਚ ਕੋਈ ਗ਼ੈਰ ਮਰਦ ਤੇਰੇ ਘਰ ਆਉਦਾ।
(ਉਪਰ ਜੋ ਕੁੱਝ ਮੈਂ ਲਿਖਿਆ ਕਹਾਣੀ ਤਾਂ ਕਹਾਣੀਕਾਰ ਦੀ ਹੈ, ਪਰ ਬਿਆਨ ਮੇਰਾ ਹੈ। ਮੁਖ਼ਤਾਰ
ਸੁੱਤਾ ਉਠ ਕੇ ਕੀ ਗੱਲਾਂ ਕਰਦਾ ਹੈ, ਇਹ ਵੀ ਮੈਂ ਆਪ ਹੀ ਸੋਚੀਆਂ। ਪਰ ਅੱਗੇ ਜੋ ਮੈਂ ਲਿਖਣ
ਲੱਗਾਂ ਉਹ ਬਿਲਕੁਲ ਕਹਾਣੀਕਾਰ ਦਾ ਹੈ; ਜਦੋਂ ਮੁਖ਼ਤਾਰ ਭਾਈਏ ਇਕਬਾਲ ਦੇ ਮੂੰਹੋ ਆਪਣੀ ਬੀਵੀ
ਬਾਰੇਂ ਇਹ ਗੱਲ ਸੁਣਦਾ ਹੈ ਤਾਂ ਉਸ ਉਪਰ ਕੀ ਗੁਜ਼ਰੀ, ਇਹ ਬਿਆਨ ਮੈਂ ਕਹਾਣੀਕਾਰ ਤੋਂ ਹੀ
ਲਿਆ। ਮੁਖ਼ਤਾਰ ਦੱਸਦਾ ਹੈ (ਕਹਾਣੀਕਾਰ ਦੇ ਹੀ ਸ਼ਬਦਾਂ ਵਿਚ)
ਇਹ ਖ਼ਬਰ ਮੇਰੇ ਲਈ ਕੋਈ ਬੰਬ ਫਟਣ ਵਾਂਗ ਨਹੀਂ ਸੀ, ਕਿਸੇ ਓੜਕਾਂ ਦੇ ਕੋਮਲ ਮੈਕੇਨਿਜ਼ਮ ਦੇ
ਬ੍ਰੇਕਡਾਊਨ ਵਾਂਗ ਸੀ। ਬਾਹਰੋਂ ਸਿਰਫ਼ ਏਹੀ ਲੱਗਦਾ ਸੀ ਕੋਈ ਮਸ਼ੀਨ ਮਰ ਗਈ ਹੈ ਪਰ ਅੰਦਰ
ਗਹਿਰੇ ਕੋਨਿਆਂ ਵਿੱਚ ਕੋਈ ਚੀਜ਼ ਥਾਂ ਥਾਂ ਚੰਗਿਆੜੇ ਛੱਡ ਰਹੀ ਸੀ, ਇੱਕ ਤਾਰ ਤੋਂ ਦੂਜੀ ਤਾਰ
ਤੱਕ ਭੁੜਕਦੀ, ਕੋਈ ਪਿਘਲੀ ਹੋਈ ਉਬਲਦੀ ਧਾਤ ਫ਼ਿਊਲ ਦੇ ਟੈਕ ਦੇ ਉਪਰ ਚੋ ਰਹੀ ਸੀ, ਕਿੰਨੀਆਂ
ਗਰਾਰੀਆਂ ਮੈ ਅਪਣੇ ਦਿਮਾਗ਼ ਵਿੱਚ ਗਰਰ ਗਰਰ ਕਰਦੀਆਂ ਤੇ ਚੀਕਦੀਆਂ ਸੁਣੀਆਂ।
(ਇਹ ਬਿਆਨ ਮੈਨੂੰ ਬਹੁਤ ਟੁੰਬਵਾਂ ਲੱਗਾ ਤੇ ਬਹੁਤ ਕਲਾਮਈ ਵੀ, ਮੁਖ਼ਤਾਰ ਜੋ ਪੇਸ਼ੇ ਵਜੋਂ
ਮਕੈਨਿਕ ਹੈ, ਉਹ ਇਸ ਨੂੰ ਇਸਤਰਾਂ ਹੀ ਬਿਆਨ ਕਰ ਸਕਦਾ ਹੈ, ਮੇਰੇ ਕੋਲੋਂ ਇਸ ਤੋਂ ਬਿਹਤਰ
ਕੁੱਝ ਨਹੀਂ ਸੀ, ਮੈਂ ਇਹਨੂੰ ਇਸਤਰਾਂ ਹੀ ਰੱਖਿਆ)
ਇਸ ਤੋਂ ਅੱਗੇ ਕਹਾਣੀ ਇਉਂ ਚੱਲਦੀ ਹੈ ਕਿ ਮੁਖ਼ਤਾਰ ਆਪਣੀ ਪਤਨੀ ਨੂੰ ਕੁੱਝ ਨਹੀਂ ਕਹਿੰਦਾ,
ਸਿਰਫ਼ ਏਹੀ ਕਹਿੰਦਾ ਹੈ ਕਿ ਇਹ ਸੂਟ ਅੱਜ ਤੋਂ ਸਾਡਾ ਮਹਿਮਾਨ ਹੋਵੇਗਾ। ਹੁਣ ਇਹ ਸਦਾ ਸਾਡੇ
ਨਾਲ ਰਹੇਗਾ।
ਇਹ ਕਿਹੋ ਜਿਹਾ ਪ੍ਰਤਿਕਰਮ ਹੈ?
ਕੋਰੱਸ ਚੋਂ ਇੱਕ ਜਣਾ ਦੂਸਰੇ ਨੂੰ ਪੁੱਛਦਾ ਹੈ: ਜੇ ਤੇਰੀ ਪਤਨੀ ਤੇਰੇ ਨਾਲ ਇਉ ਕਰੇ ਤਾਂ
ਤੂੰ ਕੀ ਕਰੇਗਾ?
ਮੈਂ ਉਹਦੀ ਹੱਤਿਆ ਕਰ ਦਿਆਂਗਾ। ਨਹੀਂ ਆਪ ਮਰ ਜਾਵਾਂਗਾ। ਨਹੀਂ ਮੈਂ ਕੁੱਝ ਨਹੀਂ ਕਰਾਂਗਾ,
ਮੈਂ ਭਰਥਰੀ ਵਾਂਗ ਸੰਨਿਆਸ ਲੈ ਲਵਾਂਗਾ ਤੇ ਸਾਰੀ ਉਮਰ ਸੋਚਾਂਗਾ ਜ਼ਿੰਦਗੀ ਕੀ ਹੈ?
ਮੁਖ਼ਤਾਰ ਇਨ੍ਹਾਂ ਚੋਂ ਕੁੱਝ ਵੀ ਨਹੀਂ ਕਰਦਾ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ: ਼ਇਸ ਘਰ
ਵਿੱਚ ਕੋਈ ਹਿੰਸਾ ਨਹੀਂ ਹੋਵੇਗੀ। ਮੈਂ ਸਿਰਫ਼ ਏਹੀ ਚਾਹੁੰਦਾ ਹਾਂ ਕਿ ਤੂੰ ਇਸ ਮਹਿਮਾਨ ਦਾ
ਖ਼ਿਆਲ ਰੱਖੇਂ ਪੂਰੀ ਮਾਣ ਮਰਯਾਦਾ ਨਾਲ।
ਏਥੇ ਕੋਰੱਸ ਆਪਣੇ ਗੀਤ ਨਾਲ ਮੁਖ਼ਤਾਰ ਦੇ ਪ੍ਰਤਿਕਰਮ ਨੂੰ ਸਮਝਣ ਸਮਝਾਉਣ ਦੀ ਕੋਸ਼ਸ਼ ਕਰਦਾ ਹੈ:
ਸੁਣਿਆਂ
ਜੋ ਕਦੀ ਸੁਣਿਆਂ ਨਾ ਸੀ
ਤੱਕਿਆ
ਜੋ ਕਦੀ ਤੱਕਿਆ ਨਾ ਸੀ
ਮੇਰੇ ਸੁੱਤਿਆਂ ਸੁੱਤਿਆਂ ਸਮਿਆਂ ਵਿਚ
ਇਹ ਪਹਿਲਾ ਜਾਗਿਆ ਪਲ ਮੇਰਾ
ਇਕ ਢਕੇ ਢਕੇ ਜਿਹੇ ਜੀਣੇ ਵਿਚ
ਇਕ ਨੰਗਾ ਦਿਨ ਬਿਹਬਲ ਮੇਰਾ
ਇਹ ਦਿਨ ਮੈਂ ਜਾਣ ਨਹੀਂ ਦੇਣਾ
ਇਹ ਸੂਰਜ ਢਲਣ ਨਹੀਂ ਦੇਣਾ
ਇਹਨੂੰ ਚੁੱਕੀ ਰੱਖਣਾ ਹੱਥਾਂ ਤੇ
ਇਹਦੀ ਅੱਗ ਵਿੱਚ ਪਲ ਪਲ ਸੜਨਾ ਮੈਂ
ਇਹਦਾ ਦਫ਼ਨ ਕਫ਼ਨ ਨਹੀਂ ਕਰਨਾ ਮੈਂ
(ਸੂਟ ਨੂੰ ਹੱਥਾਂ ਤੇ ਚੁੱਕ ਕੇ)
ਇਹ ਵੇਸ ਹੈ, ਕੁੰਜ ਹੈ, ਕੀ ਹੈ ਇਹ
ਇਹ ਭੂਤ ਹੈ, ਪ੍ਰੇਤ ਹੈ, ਕੀ ਹੈ ਇਹ
ਇਹ ਖੱਲ ਹੈ, ਇਹ ਚੰਮ ਹੈ, ਕੀ ਹੈ ਇਹ
ਇਹ ਕਿਸ ਦੀ ਲਾਸ਼ ਹੈ ਕੀ ਹੈ ਇਹ
ਇਹ ਮੇਰੀ ਆਹਤ ਹਉਮੈ ਹੈ
ਇਹ ਮੇਰਾ ਮਰਿਆ ਪੌਰਸ਼ ਹੈ
ਇਹ ਕੁੱਝ ਵੀ ਹੈ, ਇਹ ਜੋ ਵੀ ਹੈ
ਇਹਦਾ ਦਫ਼ਨ ਕਫ਼ਨ ਨਈਂ ਕਰਨਾ ਮੈ
ਇਸ ਤੋਂ ਬਾਅਦ ਉਹ ਸੂਟ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦਾ ਹੈ। ਖਾਣੇ ਵੇਲੇ ਉਸ ਲਈ ਮਿੰਨਾ
ਨੂੰ ਖਾਣਾ ਪਰੋਸਣਾ ਪੈਦਾ ਹੈ। ਕੁਰਸੀ ਤੇ ਇਉਂ ਟੰਗਣਾ ਪੈਦਾ ਹੈ ਕਿ ਉਹ ਕਿਸੇ ਸ਼ਖ਼ਸ ਦੀ
ਮੌਜੂਦਗੀ ਵਾਂਗ ਲੱਗੇ। ਕਦੀ ਕਦੀ ਮੁਖ਼ਤਾਰ ਦੇ ਕਹਿਣ ਤੇ ਮਿੰਨਾ ਸੂਟ ਨੂੰ ਬਾਹਰ ਘੁਮਾਉਣ ਲਈ
ਵੀ ਲੈ ਕੇ ਜਾਂਦੀ ਹੈ, ਮਿੰਨਾ ਲਈ ਇਹ ਸਭ ਬਹੁਤ ਅਪਮਾਨਜਨਕ ਹੈ ਪਰ ਹੌਲੀ ਹੌਲੀ ਉਹ ਇਸਦੀ
ਆਦੀ ਹੋ ਰਹੀ ਹੈ।
ਮਿੰਨਾ ਨੇ ਮੁਖ਼ਤਾਰ ਨਾਲ ਬੇਵਫ਼ਾਈ ਕਿਉਂ ਕੀਤੀ?
ਇਸ ਬਾਰੇ ਕਹਾਣੀਕਾਰ ਚੁੱਪ ਹੈ।
ਮੈਨੂੰ ਬਰਟ੍ਰੰਡ ਰੱਸਲ ਯਾਦ ਅਉਦਾ ਹੈ ਜੋ ਭਵਿੱਖ ਦੇ ਵਿਆਹਾਂ ਵਿੱਚ ਅਜਿਹੇ ਸੰਬੰਧਾਂ ਨੂੰ
ਜਾਇਜ਼ ਠਹਿਰਾਉਦਾ ਹੈ। ਉਸ ਦਾ ਵਿਚਾਰ ਹੈ ਕਿ ਇਨ੍ਹਾਂ ਸੰਬੰਧਾਂ ਦੀ ਹੋਦ ਹੀ ਵਿਆਹ ਵਰਗੀ
ਪ੍ਰਥਾ ਨੂੰ ਮਾਲਕੀ ਦੀ ਭਾਵਨਾ ਤੋਂ ਮੁਕਤ ਕਰੇਗੀ। ਮਾਰਕਸ ਯਾਦ ਆਉਦਾ ਹੈ ਜੋ ਪਰਵਾਰ ਦੇ
ਸਿਸਟਮ ਨੂੰ ਅੰਤ ਤੋੜਨ ਦਾ ਹਾਮੀ ਹੈ। ਸਾਰਤਰ ਅਤੇ ਸਿਮੋਨ ਯਾਦ ਆਉਦੇ ਹਨ ਆਪਣੇ ਸੰਬੰਧਾਂ
ਸਮੇਤ। ਗ਼ਜ਼ਲ ਯਾਦ ਆਉਦੀ ਹੈ:
ਦਿਲ ਚ ਰਹਿ ਰਹਿ ਕੇ ਕਿਸੇ ਦਾ ਜੋ ਖ਼ਿਆਲ ਆਉਂਦਾ ਹੈ
ਇਹ ਬੁਰੀ ਗੱਲ ਹੈ ਖ਼ਿਆਲ ਇਹ ਵੀ ਤਾਂ ਨਾਲ ਆੳਂੁਦਾ ਹੈ
ਮੈਂ ਹਾਂ ਉਹ ਨੀਦ - ਨਦੀ ਜਿਸ ਚ ਨੇ ਐਸੇ ਸੁਪਨੇ
ਖ਼ੌਫ਼ ਆਉਦਾ ਹੈ ਜਦੋਂ ਕੰਢੇ ਤੇ ਜਾਲ ਆਉਂਦਾ ਹੈ
ਹੈ ਬਹੁਤ ਉਚਾ ਸਦਾਚਾਰ ਦਾ ਗੁੰਬਦ ਫਿਰ ਵੀ
ਡੁੱਬ ਹੀ ਜਾਂਦਾ ਹੈ ਜਦ ਮਨ ਚ ਉਛਾਲ ਆਉਂਦਾ ਹੈ
ਕੀ ਤੇਰਾ ਮਨ ਵੀ ਹੈ ਬੇਸਿਦਕ ਮੇਰੇ ਮਨ ਵਰਗਾ?
ਕੰਬ ਜਾਂਦਾ ਹਾਂ ਜਦੋਂ ਮਨ ਚ ਸਵਾਲ ਆਉਂਦਾ ਹੈ
ਇਸ ਬਾਰੇ ਕਹਾਣੀਕਾਰ ਚੁੱਪ ਹੈ। ਮਿੰਨਾ ਵੀ ਚੁੱਪ ਹੈ। ਉਹ ਫੇਰ ਕਦੀ ਉਸ ਗ਼ੈਰ ਮਰਦ ਨੂੰ ਯਾਦ
ਕਰਦੀ ਜਾਂ ਉਸ ਲਈ ਓਦਰੀ ਵੀ ਨਹੀ ਦਿਸਦੀਂ। ਪਰ ਮੇਰੇ ਆਲੇਖ ਵਿੱਚ ਇੱਕ ਦਿਨ ਉਹ ਇਸ ਬਾਰੇ
ਸੋਚਦੀ ਹੈ ਕਿ ਉਸ ਨੇ ਇਹ ਕਿਉਂ ਕੀਤਾ: ਸ਼ਾਇਦ ਮੈਂ ਮੁਖ਼ਤਾਰ ਨੂੰ ਪਿਆਰ ਨਹੀਂ ਕਰਦੀ। ਸ਼ਾਇਦ
ਮੁਖ਼ਤਾਰ ਮੈਨੂੰ ਪਿਆਰ ਨਹੀ ਕਰਦਾ, ਸ਼ਾਇਦ ਼ ਼ ਼ਪਤਾ ਨਹੀਂ ਼ ਼ ਼ ਜਦੋਂ ਉਹ ਆਪਣੇ ਆਪ ਨਾਲ
ਇਹ ਗੱਲਾਂ ਕਰਦੀ ਹੈ ਤਾਂ ਕੋਰੱਸ ਗਾਉਦਾ ਹੈ:
ਚੁਪ ਕਰ ਅੜੀਏ ਚੁਪ ਕਰ
ਸਾਗਰ ਦੀ ਗਹਿਰਾਈ ਲਾਗੇ
ਊਣੇ ਬੋਲ ਨ ਬੋਲ
ਸੂਰਜ ਚੰਨ ਸਿਤਾਰੇ ਬਲਦੇ
ਇਹ ਧੂਣੀ ਨਾ ਫੋਲ
ਚੁਪ ਕਰ ਅੜੀਏ ਚੁਪ ਕਰ
ਬੋਲਿਆਂ ਚੁਪ ਜ਼ਖ਼ਮੀ ਹੁੰਦੀ ਹੈ
ਸੱਚ ਝੂਠਾ ਹੋ ਜਾਂਦਾ
ਸਾਗਰ ਚੋਂ ਜੋ ਕਤਰਾ ਕੱਢੀਏ
ਉਹ ਜੂਠਾ ਹੋ ਜਾਂਦਾ
ਚੁਪ ਕਰ ਅੜੀਏ ਚੁਪ ਕਰ
ਰਹਿਣ ਦੇ ਕੱਜੇ ਚੰਨ ਸਿਤਾਰੇ
ਰਹਿਣ ਦੇ ਕੱਜੀਆਂ ਨਦੀਆਂ
ਪਲ ਵੀ ਸਾਡੀ ਸਮਝ ਨਾ ਆਇਆ
ਲੰਘ ਲੰਘ ਗਈਆਂ ਨਦੀਆਂ
ਚੁਪ ਕਰ ਅੜੀਏ ਚੁਪ ਕਰ
ਪਲ ਪਲ ਪਾਵਨ, ਪਲ ਪਲ ਗੰਧਲਾ
ਹੁਣ ਸੱਜਰਾ ਹੁਣ ਬੇਹਾ
ਮਾਟੀ ਕਾ ਕਿਆ ਧੋਪੇ ਸੁਆਮੀ
ਮਾਨਸ ਕੀ ਗਤ ਏਹਾ
ਚੁਪ ਕਰ ਅੜੀਏ ਚੁਪ ਕਰ
ਅਪਣੀ ਕਾਇਆ ਹੀ ਹੈ ਸੂਲੀ
ਅਪਣੀ ਹੋਦ ਕਸੂਰ ਏ
ਚੁਪ ਮੁਨਸਿਫ਼ ਦੇ ਆਖੇ ਲੱਗ ਕੇ
ਮਰ ਜਾਣਾ ਮਨਜ਼ੂਰ ਏ
ਚੁਪ ਕਰ ਅੜੀਏ ਚੁਪ ਕਰ
ਮਿੱਟੀ ਵਿੱਚ ਦਫ਼ਨਾਈਏ ਮਿੱਟੀਏ
ਫੁਲ ਪੱਤੀਆਂ ਬਣ ਖਿੜ ਜਾ
ਏਹੀ ਤੇਰਾ ਵੇਸ ਨੀ ਕੁੜੀਏ
ਏਹੀ ਤੇਰੀ ਨਗਨਤਾ
ਚੁਪ ਕਰ ਅੜੀਏ ਚੁਪ ਕਰ
ਪਹਿਨ ਲੈ ਮੁੜ ਕੇ ਸੂਹੇ ਤੇ ਸਾਵੇ
ਪਾਵਨ ਤੇਰਾ ਖਿੜਨਾ
ਇਕ ਅੱਥਰੂ ਵਿੱਚ ਧੋਤੇ ਜਾਣਾ
ਹੋਰ ਕੀ ਤੀਰਥ ਕਰਨਾ
ਚੁਪ ਕਰ ਅੜੀਏ ਚੁਪ ਕਰ
ਸੋਚਦਾ ਹਾਂ ਲਾਸ਼ਾਂ ਦਾ ਦਫ਼ਨ ਕਫ਼ਨ ਕਰ ਦੇਣਾ ਚਾਹੀਦਾ, ਆਪਣੇ ਅੱਥਰੂ ਵਿੱਚ ਧੋਤੇ ਗਏ ਬੰਦਿਆਂ
ਨੂੰ ਮਾਫ਼ ਕਰ ਦੇਣਾ ਚਾਹੀਦਾ। ਨਾਟਕ ਦੇ ਸ਼ੁਰੂ ਵਿੱਚ ਮਿੰਨਾ ਦੋਸ਼ੀ ਲਗਦੀ ਹੈ ਪਰ ਅੰਤ ਤੱਕ
ਪਹੁੰਚਦਿਆਂ ਮੁਖਤਾਰ ਦੋਸ਼ੀ ਲੱਗਣ ਲੱਗ ਪੈਦਾ ਹੈ। ਉਹ ਹਰ ਖਾਣੇ ਵੇਲੇ ਸੂਟ ਨੂੰ ਯਾਦ ਰੱਖਦਾ
ਹੈ। ਜੇ ਮਿੰਨਾ ਭੁੱਲ ਜਾਵੇ ਜਾਂ ਜਾਣ ਬੁਝ ਕੇ ਭੁੱਲਣਾ ਚਾਹੇ ਤਾਂ ਉਹ ਸਰਗੋਸ਼ੀ ਕਰਦਾ ਹੈ:
ਮਿੰਨਾ, ਆਪਣਾ ਮਹਿਮਾਨ?
ਮਿੰਨਾ, ਸੂਟ?
ਜੇ ਮਿੰਨਾ ਫਿਰ ਵੀ ਉਠ ਕੇ ਸੂਟ ਨੂੰ ਮੇਜ਼ ਕੁਰਸੀ ਤੇ ਹਾਜ਼ਰ ਨਾ ਕਰੇ ਤਾਂ ਉਹ ਇਸਤਰਾਂ ਗਰਜਦਾ
ਹੈ ਕਿ ਮਿੰਨਾ ਜੜ੍ਹਾਂ ਤੱਕ ਕੰਬਦੀ ਹੈ। ਕਈ ਵਾਰ ਮਿੰਨਾ ਸੋਚਦੀ ਹੈ ਕਿ ਉਹ ਇਹ ਘਰ ਛੱਡ ਕੇ
ਚਲੀ ਜਾਵੇ ਪਰ ਫਿਰ ਸੋਚਦੀ ਹੈ ਕਿੱਥੇ ਜਾਵੇ?
ਮਿੰਨਾ ਆਪਣੀ ਜ਼ਿੰਦਗੀ ਨੂੰ ਕੋਈ ਅਰਥ ਦੇਣ ਲਈ ਔਰਤਾਂ ਦਾ ਇੱਕ ਕਲੱਬ ਜੌਇਨ ਕਰ ਲੈਦੀ ਹੈ। ਉਸ
ਦਾ ਫ਼ੌਰਮ ਭਰਦਿਆਂ ਇਹ ਵਿਅੰਗਾਤਮਕ ਗੀਤ ਚੱਲਦਾ ਹੈ:
ਤੁਹਾਡਾ ਨਾਮ ਕੀ ਹੈ?
ਤੁਹਾਡੇ ਨਾਮ ਸਿਰ ਇਲਜ਼ਾਮ ਕੀ ਹੈ?
ਤੁਸੀਂ ਜਨਮੇ ਕਦੋਂ ਸੀ
ਕਦ ਮਰੋਂ ਗੇ?
ਦਿਓਂ ਗੇ ਦਰਦ ਕਿੰਨੇ ਦੁਖ ਜਰੋਂ ਗੇ?
ਪਤੀ ਦਾ ਨਾਮ ਕੀ ਹੈ?
ਤੁਹਾਡੇ ਦੋਹਾਂ ਦੇ ਵਿਚਕਾਰ ਝਗੜਾ ਆਮ ਕੀ ਹੈ?
ਕੋਈ ਸੰਤਾਨ ਹੈ ਜਾਂ ਕਿ ਨਹੀਂ ਹੈ?
ਤੁਹਾਡੇ ਰਿਸ਼ਤਿਆਂ ਵਿੱਚ ਜਾਨ ਹੈ ਜਾਂ ਕਿ ਨਹੀਂ ਹੈ?
ਤੁਹਾਡਾ ਸ਼ੌਕ ਕੀ ਹੈ ਸ਼ੁਗਲ ਕੀ ਹੈ?
ਤੁਹਾਡੇ ਜੀਊਣ ਦੇ ਕੀ ਨੇ ਬਹਾਨੇ
ਤੁਹਾਨੂੰ ਮਰਨ ਦੇ ਵਿੱਚ ਉਜਰ ਕੀ ਹੈ
ਤੇ ਫਿਰ ਆਉਦੀ ਹੈ ਉਹ ਆਖ਼ਰੀ ਸ਼ਾਮ ਜਦੋਂ ਮਿੰਨਾ ਲਈ ਜ਼ਿੱਲਤ ਅਤੇ ਅਪਮਾਨ ਦੀ ਇੰਤਹਾ ਹੋ ਜਾਂਦੀ
ਹੈ। ਮਿੰਨਾ ਆਪਣੀਆਂ ਕਲੱਬ ਦੀਆਂ ਸਹੇਲੀਆਂ ਨੂੰ ਪਾਰਟੀ ਤੇ ਬੁਲਾਉਦੀ ਹੈ।
ਮਿੰਨਾ ਟੇਬਲ ਸਜਾ ਰਹੀ ਹੈ।
ਮਹਿਮਾਨ ਆ ਰਹੇ ਹਨ।
ਮਹਿਮਾਨ ਕੁਰਸੀਆਂ ਤੇ ਬੈਠ ਜਾਂਦੇ ਹਨ। ਖਾਣਾ ਸ਼ੁਰੂ ਕਰਨ ਲੱਗਦੇ ਹਨ। ਮੁਖ਼ਤਾਰ ਮਿੰਨਾ ਵੱਲ
ਭੇਤ ਭਰੀਆਂ ਨਿਗਾਹਾਂ ਨਾਲ ਦੇਖਦਾ ਹੈ। ਮਿੰਨਾ ਉਸ ਤੋਂ ਨਜ਼ਰ ਬਚਾਉਣ ਦੀ ਕੋਸ਼ਸ਼ ਕਰਦੀ ਹੈ।
ਮੁਖ਼ਤਾਰ ਉਸ ਦੇ ਕੰਨਾਂ ਵਿੱਚ ਘੁਸਰ ਮੁਸਰ ਕਰਦਾ ਹੈ: ਆਪਣਾ ਖ਼ਾਸ ਮਹਿਮਾਨ।
ਮਿੰਨਾ ਕਹਿੰਦੀ ਹੈ: ਪਲੀਜ਼ ਮੁਖ਼ਤਾਰ ਅੱਜ ਰਹਿਣ ਦੇ। ਬੱਸ ਅੱਜ ਇੱਕ ਵਾਰ।
ਮੁਖ਼ਤਾਰ ਗੁੱਸੇ ਨਾਲ ਬੋਲਦਾ ਹੈ: ਮਿੰਨਾ।
ਜਦੋਂ ਮਿੰਨਾ ਫਿਰ ਵੀ ਨਹੀਂ ਉਠਦੀ ਤਾਂ ਉਹ ਗਰਜਦਾ ਹੈ: ਹੁਣ ਤੈਨੂੰ ਉਹਦੇ ਕੋਲੋਂ ਸ਼ਰਮ ਆਉਦੀ
ਹੈ?
ਮਿੰਨਾ ਡਰ ਨਾਲ ਪੀਲੀ ਭੂਕ ਹੋ ਜਾਂਦੀ ਹੈ। ਉਠਦੀ ਹੈ, ਸੂਟ ਲਿਆ ਕੇ ਕੁਰਸੀ ਤੇ ਸਜਾ ਦਿੰਦੀ
ਹੈ ਤੇ ਉਸ ਦੇ ਅੱਗੇ ਖਾਣਾ ਪਰੋਸ ਦਿੰਦੀ ਹੈ। ਸਾਰੇ ਮਹਿਮਾਨ ਹੈਰਾਨ ਹੋ ਜਾਂਦੇ ਹਨ। ਫਿਰ
ਅਚਾਨਕ ਬੋਲਣ ਲੱਗ ਪੈਦੇ ਹਨ:
ਇਹ ਕੀ ਹੋ ਰਿਹਾ?
ਇਹ ਸੂਟ ਅੱਗੇ ਖਾਣਾ ਪਰੋਸਣ ਦਾ ਕੀ ਮਤਲਬ?
ਕਈ ਮਹਿਮਾਨ ਅਜੀਬ ਤਰਾਂ ਹੱਸਦੇ ਹਨ।
ਇਹਦਾ ਕੀ ਮਤਲਬ ਹੋਇਆ?
ਮੁਖ਼ਤਾਰ ਕਹਿਣ ਲੱਗਾ: ਮਿੰਨਾ ਤੋਂ ਪੁੱਛੋ। ਓਹੀ ਇਸ ਸ਼ਖ਼ਸ ਨੂੰ ਸਭ ਤੋਂ ਵੱਧ ਜਾਣਦੀ ਹੈ।
ਕੁਝ ਪਲ ਤਾਂ ਮਿੰਨਾ ਕੁੱਝ ਨਾ ਬੋਲ ਸਕੀ ਫਿਰ ਬੇਯਕੀਨੇ ਜਿਹੇ ਢੰਗ ਨਾਲ ਕਹਿਣ ਲੱਗੀ:
ਇਹ ਬੱਸ ਇੱਕ ਖੇਡ ਹੈ ਜਿਹੜੀ ਮੈਂ ਤੇ ਮੁਖ਼ਤਾਰ ਖਾਣਾ ਖਾਣ ਵੇਲੇ ਹਰ ਵਾਰ ਖੇਡਦੇ ਹਾਂ।
ਸਾਰੇ ਉਚੀ ਉਚੀ ਹੱਸ ਪਏ ਤੇ ਖਾਣਾ ਖਾਣ ਲੱਗ ਪਏ।
ਖਾਣੇ ਤੋਂ ਬਾਅਦ ਨ੍ਰਿਤ ਸ਼ੁਰੂ ਹੁੰਦਾ ਹੈ। ਸਭ ਨੱਚਣ ਲਗਦੇ ਹਨ। ਆਪਣੇ ਆਪਣੇ ਸਾਥੀ ਨਾਲ।
ਮੁਖ਼ਤਾਰ ਤੇ ਮਿੰਨਾ ਵੀ ਨੱਚਣ ਲੱਗਦੇ ਹਨ। ਮੁਖ਼ਤਾਰ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ, ਉਹ
ਸੂਟ ਚੁੱਕ ਲਿਆਇਆ। ਤੇ ਮਿੰਨਾ ਨੂੰ ਸੂਟ ਨਾਲ ਨਚਾਉਣ ਲੱਗਾ। ਼ ਼
ਮੂਲ ਕਹਾਣੀ ਮੁਤਾਬਕ ਇਸ ਪਾਰਟੀ ਤੋਂ ਅਗਲੀ ਸ਼ਾਮ ਜਦੋਂ ਮੁਖ਼ਤਾਰ ਕੰਮ ਤੋਂ ਵਾਪਸ ਆਉਦਾ ਹੈ ਤੇ
ਮਿੰਨਾ ਆਪਣੇ ਬਿਸਤਰੇ ਤੇ ਮਰੀ ਪਈ ਹੁੰਦੀ ਹੈ।
ਪਰ ਸਾਡੇ ਨਾਟਕ ਵਿੱਚ ਕੰਮ ਕਰਨ ਵਾਲੀਆਂ ਕੁੜੀਆਂ ਤੇ ਨੀਲਮ ਕਹਿੰਦੀ ਹੈ ਮੈਨੂੰ ਇਹ ਅੰਤ
ਮਨਜ਼ੂਰ ਨਹੀਂ। ਮਿੰਨਾ ਨੂੰ ਮਰਨਾ ਨਹੀਂ ਚਾਹੀਦਾ। ਼ ਼ ਼
ਸਕ੍ਰਿਪਟ ਵਿੱਚ ਪਾਰਟੀ ਤੋਂ ਪਹਿਲਾਂ ਇੱਕ ਰਾਤ ਜੋੜੀ ਜਾਂਦੀ ਹੈ, ਜਿਸ ਰਾਤ ਦੌਰਾਨ ਸ਼ਰਾਬੀ
ਮੁਖ਼ਤਾਰ ਮਿੰਨਾ ਨੂੰ ਪਿਆਰ ਕਰਦਾ ਹੋਇਆ ਅਚਾਨਕ ਸੂਟ ਨੂੰ ਵਿਚਕਾਰ ਲੈ ਆਉਦਾ ਹੈ ਤੇ ਮਿੰਨਾ
ਨੂੰ ਮਜਬੂਰ ਕਰਦਾ ਹੈ ਕਿ ਉਹ ਸੂਟ ਨੂੰ ਪਿਆਰ ਕਰੇ ਼ ਼ ਼ ਼ ਼
ਫਿਰ ਪਾਰਟੀ ਦੀ ਸ਼ਾਮ ਦੌਰਾਨ ਉਹ ਮਿੰਨਾ ਨੂੰ ਸੂਟ ਨਾਲ ਨੱਚਣ ਲਈ ਮਜਬੂਰ ਕਰਦਾ ਹੈ। ਮਿੰਨਾ
ਦੌੜ ਕੇ ਸੂਟ ਅੰਦਰ ਰੱਖ ਆਉਦੀ ਹੈ। ਮੁਖ਼ਤਾਰ ਫੇਰ ਸੂਟ ਚੁੱਕ ਲਿਆਉਦਾ ਹੈ। ਏਹੀ ਗੱਲ ਦੋ
ਤਿੰਨ ਵਾਰ ਦੁਹਰਾਈ ਜਾਂਦੀ ਹੈ। ਮਿੰਨਾ ਜੀ ਭਿਆਣੀ ਹੋ ਕੇ ਸੂਟ ਪਕੜ ਕੇ ਅੰਦਰ ਚਲੀ ਜਾਂਦੀ
ਹੈ। ਮੁਖ਼ਤਾਰ ਗੁੱਸੇ ਨਾਲ ਆਵਾਜ਼ਾਂ ਮਾਰਦਾ: ਮਿੰਨਾ ਮਿੰਨਾ।
ਮਿੰਨਾ ਅੰਦਰੋਂ ਆਉਦੀ ਹੈ, ਬਿਲਕੁਲ ਵੱਖਰੇ ਰਉਂ ਵਿਚ, ਉਸ ਨੇ ਕੋਟ ਪਹਿਨਿਆ ਹੋਇਆ ਹੈ।
ਮਹਿਮਾਨ ਉਸ ਦੀ ਅਦਾ ਤੇ ਖੁਸ਼ ਹੁੰਦੇ ਹਨ।
ਮੁਖ਼ਤਾਰ ਹੱਕਾ ਬੱਕਾ ਹੈ।
ਉਹ ਉਸਦਾ ਸੂਟ ਉਤਾਰਨ ਦੀ ਕੋਸ਼ਸ਼ ਕਰਦਾ ਹੈ, ਮਿੰਨਾ ਨਹੀਂ ਉਤਾਰਦੀ:
ਹੁਣ ਇਹ ਪਹਿਰਾਵਾ ਨਹੀਂ ਮੇਰੀ ਚਮੜੀ ਹੈ।
-0-
|