ਮਜ਼੍ਹਬੀ ਪਾਗਲ ਪੁਣੇਂ
ਨਾਲ਼ ਅੰਨ੍ਹਾ ਹੋਇਆ ਮੁਸਲਮਾਨਾਂ ਦਾ ਇਕ ਜਲੂਸ ਹਿੰਦੂਆਂ ਦੇ ਕੁਝ ਰਿਹਾਇਸ਼ੀ ਇਲਾਕਿਆਂ ਨੂੰ
ਅੱਗਾਂ ਲਾ ਕੇ ਤਬਾਹ ਬਰਬਾਦ ਕਰਨ ਮਗਰੋਂ ਸਰ ਗੰਗਾ ਰਾਮ ਦੇ ਬੁੱਤ ਵੱਲ ਆ ਗਿਆ ਪਹਿਲੇ
ਉਨ੍ਹਾਂ ਏਸ ਨੂੰ ਪੱਥਰ ਮਾਰੇ ਫ਼ਰ ਲੁੱਕ ਨਾਲ਼ ਇਹਦਾ ਮੂੰਹ ਕਾਲ਼ਾ ਕੀਤਾ ਏਸ ਮਗਰੋਂ ਇਕ
ਬੰਦਾ ਜੁੱਤੀਆਂ ਦਾ ਹਾਰ ਲੈ ਕੇ ਬੁੱਤ ਦੇ ਗਲ ਵਿਚ ਪਾਉਣ ਲਈ ਚੜ੍ਹਿਆ। ਏਸ ਦੌਰਾਨ ਪਲਸ ਆ ਗਈ
ਗੋਲੀ ਚੱਲ ਗਈ ਫੱਟੜ ਹੋਣ ਵਾਲਿਆਂ ਵਿਚ ਇਹ ਜੁੱਤੀਆਂ ਦਾ ਹਾਰ ਪਾਉਣ ਵੀ ਸੀ । ਸਾਰੇ ਜਲੂਸ
ਰੌਲ਼ਾ ਪਾ ਦਿੱਤਾ :” ਫ਼ੱਟਾ ਫਟ ਕਰੋ ਇਹਨੂੰ ਗੰਗਾ ਰਾਮ ਹਸਪਤਾਲ ਲੈ ਚਲੋ”।
ਇਹ ਲਫ਼ਜ਼ ਸਆਦਤ ਹਸਨ ਮਿੰਟੁ ਆਪਣੀ ਇਕ ਮਸ਼ਹੂਰ ਕਹਾਣੀ ਵਿਚ ਲਿਖੇ।
ਇਹ ਬੰਦਾ ਕੌਣ ਸੀ ਤੇ ਮਜ਼੍ਹਬੀ ਪਾਗਲ ਪੰਨੇ ਏਸ ਬੰਦੇ ਨਾਲ਼ ਕੀ ਕੀਤਾ। ਇਹ ਗਲ ਹਰ ਪੰਜਾਬੀ
ਨੂੰ ਕਦੇ ਨਹੀਂ ਭੁੱਲਣੀ ਚਾਹੀਦੀ। ਇਹ ਉਹ ਬੰਦਾ ਏ ਜਿਹਨੂੰ ਇਨਸਾਨੀਅਤ ਦਾ ਅਜ਼ੀਮ ਖ਼ਾਦਮ,
ਪੰਜਾਬੀ ਕੌਮ ਦਾ ਨਾ ਭੁੱਲਣ ਵਾਲਾ ਮਹਾਨ ਹੀਰੋ ਤੇ ਨਵੇਂ ਲਾਹੌਰ ਦਾ ਪਿਓ ਕਿਹਾ ਜਾਵੇ ਤੇ
ਗ਼ਲਤ ਨਹੀਂ ਹੋਵੇ ਗਾ। ਏਸ ਬੰਦੇ ਆਪਣੀ ਜ਼ੰਗੀ ਵਿਚ ਕਿਤਨੇ ਇਨਸਾਨਾਂ ਦਾ ਭਲਾ ਕੀਤਾ ਇਹ ਗੱਲ
ਤੇ ਵੱਖਰੀ ਰਹਿ ਗਈ ਪਰ ਇਹਦੇ ਮਰਨ ਦੇ ਮਗਰੋਂ ਅੱਜ ਤੱਕ ਕਿਤਨੇ ਇਨਸਾਨਾਂ ਦਾ ਭਲਾ ਹੋਇਆ
ਇਹਦੀ ਗਿਣਤੀ ਕਰਨੀ ਔਖਾ ਕੰਮ ਏ। ਏਸ ਦੇ ਭੱਲੇ ਦਾ ਕੰਮ ਮੁੱਕ ਨਹੀਂ ਗਿਆ ਸਗੋਂ ਅੱਜ ਵੀ
ਚਾਲੂ ਏ ਤੇ ਰਹਿੰਦੀ ਦੁਨੀਆ ਤੱਕ ਚਲੂ ਰਹਿਗਾ। ਅੱਜ ਵੀ ਏਸ ਬੰਦੇ ਦੀ ਪੜਪੋਤੀ ਗੰਗਾ ਰਾਮ
ਹਸਪਤਾਲ ਨੂੰ ਪੈਸੇ ਘਲਦੀ ਏ।
ਬਦਕਿਸਮਤੀ ਨਾਲ਼ ਏਸ ਬੰਦੇ ਦਾ ਇਨਸਾਨਾਂ ਦੇ ਇਸ ਗਰੁੱਪ (ਹਿੰਦੂਆਂ) ਨਾਲ਼ ਤਾਅਲੁੱਕ ਏ
ਜਿਨ੍ਹਾਂ ਨਾਲ਼ ਨਫ਼ਰਤ ਕਰਨਾ ਮਜ਼ਹਬ ਰਾਹੀਂ “ਸਵਾਬ” ਤੇ ਨਾਮ ਨਿਹਾਦ ਪਾਕਿਸਤਾਨੀ
ਕੌਮਪ੍ਰਸਤੀ ਰਾਹੀਂ “ਦੇਸ ਪਿਆਰ” ਦੀ ਨਿਸ਼ਾਨੀ ਬੰਣ ਗਿਆ ਏ। ਏਸ ਬੰਦੇ ਬਾਰੇ ਲੈਂਦੇ ਪੰਜਾਬ
ਵਿਚ ਕਿਤਨੇ ਬੰਦਿਆਂ ਨੂੰ ਪਤਾ ਏ? ਉਨ੍ਹਾਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਵੀ ਨਹੀਂ।
ਪਾਕਿਸਤਾਨ ਦੀ ਤਾਰੀਖ਼ ਵਿਚ ਏਸ ਬੰਦੇ ਦਾ ਨਾਂ ਵਰਜ ਦਿੱਤਾ ਗਿਆ ਏ। ਲੈਂਦੇ ਪੰਜਾਬ ਵਿਚ
ਰੋਜ਼ ਸੜਕਾਂ ਤੇ ਥਾਂਵਾਂ ਦੇ ਨਾਂ ਨਾਮ ਨਿਹਾਦ ਤਾਰੀਖ਼ੀ (ਇਤਿਹਾਸਕ) ਸ਼ਖ਼ਸੀਅਤਾਂ ਦੇ ਨਾਂ
ਤੇ ਰੱਖੇ ਜਾਂਦੇ ਨੇ ਪਰ ਏਸ ਬੰਦੇ ਦੇ ਨਾਂ ਤੇ ਨਾ ਤੇ ਕਦੇ ਕਿਸੇ ਸੜਕ, ਥਾਂ ਦਾ ਨਾਂ ਰੱਖਿਆ
ਗਿਆ ਏ ਤੇ ਨਾ ਈ ਏਸ ਗੱਲ ਦਾ ਖ਼ਿਆਲ ਕਦੇ ਕਿਸੇ ਨੂੰ ਆਵੇਗਾ। ਅਜਿਹੇ ਬੰਦਿਆਂ ਦੀ ਥਾਂ ਉਥੇ
ਉਨ੍ਹਾਂ ਲੋਕਾਂ (ਜਿਨ੍ਹਾਂ ਵਿਚ ਵੱਡੀ ਗਿਣਤੀ ਗ਼ੈਰ ਪੰਜਾਬੀਆਂ ਦੀ ਏ) ਦੇ ਨਾਂ ਤੇ ਸੜਕਾਂ
ਤੇ ਥਾਂਵਾਂ ਦੇ ਨਾਂ ਧੜਾਧੜ ਰੱਖੇ ਜਾਂਦੇ ਨੇ ਜਿਨ੍ਹਾਂ ਪੰਜਾਬ ਲਈ ਕੋਈ ਭਲੇ ਦਾ ਕੰਮ ਕਰਨ
ਦੀ ਥਾਂ ਅੰਗਰੇਜ਼ਾਂ ਦੀ ਚਾਪਲੂਸੀ ਕਰਨ ਲਈ ਪੰਜਾਬ ਨਾਲ਼ ਰੱਜ ਕੇ ਬੁਰਾ ਕੀਤਾ।
ਇਹ ਬੰਦਾ ਸਰ ਗੰਗਾ ਰਾਮ ਏ ਜਿਹਨੂੰ ਬਿਨਾਂ ਸ਼ੱਕ ਪੰਜਾਬੀ ਕੌਮ ਦਾ ਅਜ਼ੀਮ ਹੀਰੋ ਆਖਿਆ ਜਾ
ਸਕਦਾ ਏ। ਜੇ ਕਦੇ ਮਜ਼੍ਹਬੀ ਕੱਟੜ ਪੁਣੇਂ ਤੋਂ ਪਾਕ ਪੰਜਾਬ ਦੀ ਤਾਰੀਖ਼ ਲਿਖੀ ਜਾਵੇਗੀ ਤੇ
ਏਸ ਵਿਚ ਸਰ ਗੰਗਾ ਰਾਮ ਦਾ ਨਾਂ ਨਵੇਂ ਪੰਜਾਬ ਦੇ ਮੋਢੀਆਂ ਵਿਚ ਸਭ ਤੋਂ ਉਤੇ ਆਵੇਗਾ। ਇਹ ਇਕ
ਸ਼ਾਨਦਾਰ ਜਿਮੀਂਦਾਰ ਤੇ ਕਦੇ ਨਾ ਭੁੱਲਣ ਵਾਲਾ ਇਨਸਾਨੀ ਭਲਾਈ (ਪੁੰਨ) ਦਾ ਅਜ਼ੀਮ ਅਲੰਬਰਦਾਰ
ਸੀ।
ਇਹ ਜ਼ਿਲ੍ਹਾ ਸ਼ੇਖ਼ੂਪੁਰੇ ਦੇ ਇਕ ਪਿੰਡ ਮਾਂਗਟਾਂ ਵਾਲਾ ਵਿਚ ਅਪ੍ਰੈਲ 1851 ਵਿਚ ਜੰਮਿਆ।
ਉਹਦਾ ਪਿਓ ਦੌਲਤ ਰਾਮ ਥਾਣੇ ਵਿਚ ਨਿੱਕਾ ਥਾਣੇਦਾਰ ਸੀ। ਏਸ ਮਗਰੋਂ ਇਹ ਅੰਮ੍ਰਿਤਸਰ ਜਾ ਕੇ
ਰਹਿਣ ਲੱਗ ਪਿਆ ਤੇ ਅਦਾਲਤ ਵਿਚ ਰੀਡਰ ਲੱਗ ਗਿਆ। ਇਥੋਂ ਈ ਸਰ ਗੰਗਾ ਰਾਮ ਗੋਰਮਿੰਟ ਹਾਈ
ਸਕੂਲ ਚੋਂ ਮੈਟ੍ਰਿਕ ਪਾਸ ਕੀਤਾ ਤੇ 1868 ਵਿਚ ਗੌਰਮਿੰਟ ਕਾਲਜ ਲਾਹੌਰ ਵਿਚ ਦਾਖ਼ਲ ਹੋ ਗਿਆ।
1871 ਵਿਚ ਉਹਨੇ ਵਜ਼ੀਫ਼ਾ ਹਾਸਲ ਕੀਤਾ ਤੇ ਜਾ ਕੇ ਥਾਮਸਨ ਸਿਵਲ ਇੰਜਨੀਰਿੰਗ ਕਾਲਜ ਰੁੜਕੀ
ਵਿਚ ਦਾਖ਼ਲ ਹੋ ਗਿਆ। 1973 ਵਿਚ ਇਹ ਇਮਤਿਹਾਨ ਉਹਨੇ ਗੋਲਡ ਮੈਡਲ ਨਾਲ਼ ਪਾਸ ਕੀਤਾ ਇਹਦੇ
ਨਾਲ਼ ਈ ਉਹਨੂੰ ਦਿੱਲੀ ਤੋਂ ਨੌਕਰੀ ਦਾ ਸੱਦਾ ਆ ਗਿਆ।
1873 ਵਿਚ ਪੀ ਡਬਲਿਊ ਡੀ ਵਿਚ ਕੁਝ ਚਿਰ ਕੰਮ ਕਰਨ ਮਗਰੋਂ ਉਹ ਨੌਕਰੀ ਛੱਡ ਕੇ ਜਿਮੀਂਦਾਰੀ
ਵੱਲ ਆ ਗਿਆ। ਉਹਨੇ ਸਰਕਾਰ ਤੋਂ ਮਿੰਟਗੁੰਮਰੀ(ਸਾਹੀਵਾਲ) ਜ਼ਿਲ੍ਹਾ ਵਿਚ ਪੰਜਾਹ ਹਜ਼ਾਰ ਏਕੜ
ਗ਼ੈਰ ਆਬਾਦ ਜ਼ਮੀਨ ਠੇਕੇ ਤੇ ਲਈ ਤੇ ਲੰਗੋਟਾ ਕੱਸ ਕੇ ਇਹਨੂੰ ਆਬਾਦ ਕਰਨ ਤੇ ਲੱਗ ਪਿਆ। ਇਹ
ਉਸ ਵੇਲੇ ਦਾ ਸਭ ਤੋਂ ਵੱਡਾ ਪ੍ਰਾਈਵੇਟ ਕਾਰੋਬਾਰੀ ਮਨਸੂਬਾ ਸੀ । ਇਹ ਮਨਸੂਬਾ ਏਡਾ ਵੱਡਾ ਸੀ
ਕਿ ਏਸ ਤੋਂ ਪਹਿਲਾਂ ਇਹੋ ਜਿਹਾ ਮਨਸੂਬਾ ਨਾ ਤੇ ਕਿਸੇ ਦੇ ਇਲਮ ਵਿਚ ਸੀ ਤੇ ਨਾ ਈ ਕਦੇ ਕਿਸੇ
ਸੋਚਿਆ ਸੀ। ਉਹਨੇ ਇਕ ਹਾਈਡਰੋਲਿਕ ਪਲਾਂਟ ਰਾਹੀਂ ਇਨ੍ਹਾਂ ਹਜ਼ਾਰਾਂ ਏਕੜ ਨੂੰ ਪਾਣੀ ਦੇਣ ਦਾ
ਨਿਜ਼ਾਮ ਬਣਾਇਆ ਤੇ ਤਿੰਨਾਂ ਸਾਲਾਂ ਵਿਚ ਈ ਇਹ ਗ਼ੈਰ ਆਬਾਦ ਤੇ ਬੰਜਰ ਜ਼ਮੀਨ ਹਰੇ ਭਰੇ
ਖੇਤਾਂ ਵਿਚ ਬਦਲ ਗਈ। ਇਹ ਸਾਰਾ ਮਨਸੂਬਾ ਉਹਦਾ ਆਪਣਾ ਸੀ। ਏਸ ਮਨਸੂਬੇ ਰਾਹੀਂ ਉਹਨੂੰ
ਕਰੋੜਾਂ ਦੀ ਆਮਦਨੀ ਹੋਈ ਪਰ ਉਹਨੇ ਇਹ ਕਰੋੜਾਂ ਰੁਪਏ ਆਪਣੇ ਕੋਲ਼ ਰੱਖਣ ਦੀ ਥਾਂ ਇਨ੍ਹਾਂ
ਚੋਂ ਬਹੁਤੇ ਭੱਲੇ (ਪੁੰਨ) ਦੇ ਕੰਮਾਂ ਤੇ ਲਾ ਦਿੱਤੇ। ਇਸ ਵੇਲੇ ਪੰਜਾਬ ਦੇ ਅੰਗਰੇਜ਼ ਗਵਰਨਰ
ਮੈਲਕਮ ਹਿੱਲੀ ਦੇ ਕਹਿਣ ਮੁਤਾਬਿਕ : ” ਸਰ ਗੰਗਾ ਰਾਮ ਇਕ ਹੀਰੋ ਤਰਾਂ ਜਿੱਤਦਾ ਏ ਪਰ
ਦਰਵੇਸ਼ਾਂ ਤਰਾਂ ਦਾਨ ਕਰ ਦਿੰਦਾ ਏ”। ਉਹ ਇਕ ਮਹਾਨ ਇੰਜੀਨੀਰ ਤੇ ਏਸ ਤੋਂ ਵੀ ਵੱਡਾ ਦਾਨ
ਪੁੰਨ ਕਰਨ ਵਾਲਾ ਇਨਸਾਨ ਸੀ।
1900 ਵਿਚ ਕਿੰਗ ਐਡਵਰਡ ਦੀ ਤਾਜਪੋਸ਼ੀ ਵੇਲੇ ਲਾਰਡ ਕਰਜ਼ਨ ਉਹਨੂੰ ਸ਼ਾਹੀ ਦਰਬਾਰ ਬਣਾਉਣ ਦੀ
ਜ਼ਿੰਮੇਦਾਰੀ ਦਿੱਤੀ। ਇਹ ਸਰ ਗੰਗਾ ਰਾਂਮ ਲਈ ਇਕ ਚੈਲੰਜ ਵਾਂਗੂੰ ਸੀ ਉਹਨੇ ਦਿਨ ਰਾਤ ਲਾ ਕੇ
ਹਰ ਤਰਾਂ ਦੇ ਮਸਲੇ ਹੱਲ ਕੀਤੇ ਤੇ ਇਹ ਮਨਸੂਬਾ ਕਾਮਯਾਬੀ ਨਾਲ਼ ਮੁਕੰਮਲ ਕੀਤਾ ਪਰ ਸਰਕਾਰ
ਵੱਲੋਂ ਹਰ ਸਾਲ ਇੱਜ਼ਤ ਮਾਣ ਲੇਂਣ ਵਾਲਿਆਂ ਦੀ ਲਿਸਟ ਵਿਚ ਉਹਦਾ ਨਾਂ ਨਹੀਂ ਸੀ । ਏਸ ਗੱਲ
ਤੋਂ ਬਦ ਦਿਲ ਹੋ ਕੇ ਉਹ 1903 ਵਿਚ ਰੀਟਾਇਰਡ ਹੋ ਗਿਆ।
ਸਰ ਗੰਗਾ ਰਾਮ ਨੇ ਲਾਹੌਰ ਵਿਚ ਜੀ ਪੀ ਓ (ਵੱਡਾ ਡਾਕਖ਼ਾਨਾ), ਅਜਾਇਬ ਘਰ ਲਾਹੌਰ, ਐਚੀਸਨ
ਕਾਲਜ ਲਾਹੌਰ, ਨੈਸ਼ਨਲ ਕਾਲਜ ਆਫ਼ ਆਰਟਸ ਲਾਹੌਰ, ਗੰਗਾ ਰਾਮ ਹਸਪਤਾਲ, ਲੇਡੀ ਮੈਕਲੈਗਨ
ਗਰਲਜ਼ ਹਾਈ ਸਕੂਲ। ਗੌਰਮਿੰਟ ਕਾਲਜ ਲਾਹੌਰ ਦਾ ਕੈਮਿਸਟਰੀ ਡਿਪਾਰਟਮਿੰਟ, ਮੀਊ ਹਸਪਤਾਲ ਦਾ
ਅਲਬਰਟ ਵਿਕਟਰ ਹਿੱਸਾ, ਲਾਹੌਰ ਕਾਲਜ ਫ਼ਾਰ ਵਿਮਨ , ਹਿੱਲੀ ਕਾਲਜ ਆਫ਼ ਕਾਮਰਸ, ਮਾਜ਼ੂਰਾਂ
ਲਈ ਰਾਵੀ ਰੋਡ ਹਾਊਸ, ਗੰਗਾ ਰਾਮ ਟਰੱਸਟ ਬਿਲਡਿੰਗ, ਲੇਡੀ ਮੈਨਰ ਇੰਡਸਟ੍ਰੀਅਲ ਸਕੂਲ ਤੇ
ਮਾਡਲ ਟਾਊਨ ਬਣਾਏ। ਵੰਡ ਤੋਂ ਪਹਿਲਾਂ ਮਾਡਲ ਟਾਊਨ ਲਾਹੌਰ ਪੂਰੇ ਪੰਜਾਬ ਦਾ ਸਭ ਤੋਂ ਮਾਡਰਨ
ਤੇ ਮਿਸਾਲੀ ਇਲਾਕਾ ਗਿਣਿਆ ਜਾਂਦਾ ਸੀ।
ਏਸ ਤੋਂ ਵੱਖ ਉਹਨੇ ਰਿਨਾਲਾ ਖ਼ੁਰਦ ਵਿਚ ਬਿਜਲੀ ਘਰ ਤੇ ਪਠਾਨਕੋਟ ਤੇ ਅੰਮ੍ਰਿਤਸਰ ਵਿਚਕਾਰ
ਰੇਲਵੇ ਲਾਈਨ ਵੀ ਬਣਾਈ। ਪਟਿਆਲਾ ਵਿਚ ਮੋਤੀ ਬਾਗ਼ ਮਹਿਲ, ਦਿੱਲੀ ਵਿਚ ਸੀਕਟਰੀਏਟ ਦੀ
ਬਿਲਡਿੰਗ, ਅਦਾਲਤਾਂ, ਥਾਣੇ ਤੇ ਵਿਕਟੋਰੀਆ ਗਰਲਜ਼ ਸਕੂਲ ਵੀ ਬਣਾਏ। ਜ਼ਿਲ੍ਹਾ ਲਾਇਲਪੁਰ
(ਫ਼ੈਸਲਾਬਾਦ) ਵਿਚ ਉਹਨੇ ਘੋੜਾ ਗੱਡੀ ਦੀ ਲਾਏਨ ਬਣਾਈ। ਇਹ ਇਕ ਖ਼ਾਸ ਗੱਡੀ ਸੀ ਜਿਹਦੀ ਪਟੜੀ
ਤੇ ਲੋਹੇ ਦੀ ਸੀ ਇਸ ਨੂੰ ਇੰਜਣ ਦੀ ਥਾਂ ਘੋੜੇ ਖਿੱਚਦੇ ਸਨ। ਇਹ ਲਾਈਨ ਬਚਿਆਨਾ ਰੇਲਵੇ
ਸਟੇਸ਼ਨ ਤੋਂ ਉਹਦੇ ਪਿੰਡ ਗੰਗਾ ਰਾਮ ਜਾਂਦੀ ਸੀ।
ਵਾਹੀ ਬੀਜੀ ਦੇ ਮਦਾਨ ਵਿਚ ਇਸ ਕਮਾਲ ਕੀਤੇ ਉਹਨੇ ਪਹਿਲੇ ਮਿੰਟਗੁੰਮਰੀ ਵਿਚ ਪੰਜਾਹ ਹਜ਼ਾਰ
ਏਕੜ ਜ਼ਮੀਨ ਠੇਕੇ ਤੇ ਲਈ ਫ਼ਰ ਹਜ਼ਾਰਾਂ ਏਕੜ ਜ਼ਮੀਨ ਜ਼ਿਲ੍ਹਾ ਲਾਇਲਪੁਰ (ਫ਼ੈਸਲਾਬਾਦ) ਵਿਚ
ਮੁਲ ਲਈ। ਉਹਨੇ ਆਪਣੀ ਇੰਜਨੀਰਿੰਗ ਦੀ ਮਹਾਰਤ ਤੇ ਪਾਣੀ ਲਾਉਣ ਦੇ ਨਵੇਂ ਤਰੀਕੇ ਕੱਢ ਕੇ
ਜੰਗਲ਼ ਨੂੰ ਮੰਗਲ ਬਣਾ ਦਿੱਤਾ।
ਗੰਗਾ ਰਾਮ ਹਸਪਤਾਲ ਲਾਹੌਰ, ਲੇਡੀ ਮੈਕਲੈਗਨ ਕਾਲਜ ਤੇ ਰਾਂਨਾਲਾ ਖ਼ੁਰਦ ਦਾ ਬਿਜਲੀ ਘਰ ਉਹਨੇ
ਆਪਣੇ ਪੈਸੇ ਨਾਲ਼ ਬਣਾਏ।
ਏਸ ਤੋਂ ਵੱਖ ਉਹਦੇ ਹੋਰ ਕਾਰਨਾਮਿਆਂ ਦੀ ਲਿਸਟ ਬਹੁਤ ਲੰਮੀ ਏ। ਪੰਜਾਬ ਵਿਚ ਜੋ ਕੁਝ ਉਹਨੇ
ਬਣਾਇਆ ਜੇ ਉਹਨੂੰ ਦੇਖਿਆ ਜਾਵੇ ਤੇ ਸ਼ਾਹਜਹਾਨ ਉਹਦੇ ਸਾਮ੍ਹਣੇ ਹੀਣਾ ਲਗਦਾ ਏ ਤੇ ਉਹਨੂੰ
ਆਰਾਮ ਨਾਲ਼ ਪੰਜਾਬ ਦਾ ਸ਼ਾਹਜਹਾਨ ਆਖਿਆ ਜਾ ਸਕਦਾ ਏ। ਉਹਨੇ ਪੰਜਾਬੀਆਂ ਨੂੰ ਇਲਮ, ਸਿਹਤ ਤੇ
ਖ਼ੁਸ਼ਹਾਲੀ ਦਿੱਤੀ। ਜੋ ਕੁਝ ਉਹਨੇ ਪੰਜਾਬੀਆਂ ਲਈ ਕੀਤਾ ਸਾਨੂੰ ਤਾਰੀਖ਼ ਵਿਚ ਇਹੋ ਜਿਹੀ
ਹੋਰ ਕੋਈ ਮਿਸਾਲ ਨਹੀਂ ਮਿਲਦੀ। ਉਹਨੇ ਨੇਕੀ ਦੇ ਸਾਰੇ ਵੱਡੇ ਵੱਡੇ ਕੰਮ ਇਨਸਾਨਾਂ ਨੂੰ
ਸਾਮ੍ਹਣੇ ਰੱਖ ਕੇ ਕੀਤੇ ਉਹਦੇ ਵਿਚ ਨਾ ਤੇ ਸਿਆਸਤ ਰਲੀ ਹੋਈ ਸੀ ਤੇ ਨਾ ਈ ਮਜ਼ਹਬ ।
ਪੰਜਾਬ ਦਾ ਇਹ ਸੱਚਾ ਪੁੱਤਰ ਤੇ ਹੀਰੋ ਭਾਂਵੇਂ 10ਜੁਲਾਈ 1927 ਨੂੰ. ਲੰਦਨ ਵਿਚ ਵਿਚ ਅਗਲੇ
ਜਹਾਨ ਸੁਧਾਰਿਆ ਪਰ ਇਹਦੀ ਵਸੀਅਤ ਮੁਤਾਬਿਕ ਇਹਨੂੰ ਸਾੜਨ ਮਗਰੋਂ ਇਹਦੀ ਸੁਆਹ ਲਾਹੌਰ ਲਿਆ ਕੇ
ਰਾਵੀ ਕੰਢੇ ਦਫ਼ਨ ਕੀਤੀ ਗਈ
ਜਿਵੇਂ ਸਾਰੀ ਦੁਨੀਆ ਆਪਣੇ ਹੀਰੋਆਂ ਦੇ ਬੁੱਤ ਬਣਾ ਕੇ ਰੱਖਦੀ ਏ ਚਾਹੀਦਾ ਤੇ ਇਹ ਹੈ ਕਿ
ਸਾਰੇ ਪੰਜਾਬ ਵਿਚ ਆਮ ਤੌਰ ਤੇ ਅਤੇ ਲਾਹੌਰ ਵਿਚ ਖ਼ਾਸ ਤੌਰ ਤੇ ਪੰਜਾਬ ਦੇ ਏਸ ਅਜ਼ੀਮ ਹੀਰੋ
ਤੇ ਨਵੇਂ ਲਾਹੌਰ ਦੇ ਪਿਓ ਦੇ ਬੁੱਤ ਹੋਣ ਪਰ ਲੈਂਦੇ ਪੰਜਾਬ ਵਿਚ ਹਿੰਦੂਆਂ ਦੇ ਖ਼ਿਲਾਫ਼
ਸੋਦਾਈ ਨਫ਼ਰਤ ਦੇ ਹੋਣ ਪਾਰੋਂ ਏਸ ਬਾਰੇ ਸੁਚਿਆ ਵੀ ਨਹੀਂ ਜਾ ਸਕਦਾ।
ਪਰ ਇਹ ਤੇ ਮੁਮਕਿਨ ਹੈ ਕਿ ਸਾਰੇ ਪੰਜਾਬ ਦੇ ਈਮਾਨਦਾਰ,ਸਾਫ਼ ਦਿਲ ਤੇ ਕੌਮ ਪ੍ਰਸਤ
ਪੰਜਾਬੀ(ਖ਼ਾਸ ਤੌਰ ਲੈਂਦੇ ਪੰਜਾਬ ਦੇ) ਆਪਣੇ ਦਿਲਾਂ ਵਿਚ ਗੰਗਾ ਰਾਮ ਦਾ ਬੁੱਤ ਬਣਾ ਕੇ
ਰੱਖਣ।
-0-
|