ਸੈਲਫ਼ਾਂ ਤੇ ਪਈਆਂ
ਕਿਤਾਬਾਂ
ਚਿਰਾਂ ਤੋਂ ਝਾਕ ਰਹੀਆਂ ਹਨ-
ਕਦੇ ਮੇਰੇ ਵੱਲ
ਤੇ ਕਦੇ ਓਹਦੇ ਵੱਲ--
ਸ਼ੀਸ਼ਿਆਂ ਚ ਪਈਆਂ ਕਿਤਾਬਾਂ
'ਕੱਲੀਆਂ ਵੀ ਕੀ ਕਰਨ-
ਜਿਹਨਾਂ ਨੂੰ ਮੈਂ ਕਦੇ ਹੱਥਾਂ ਚ ਰੱਖ 2
ਪੜ੍ਹਦਾ ਸਾਂ ਚੁੰਮਦਾ ਸਾਂ-ਸਵੇਰ ਸ਼ਾਮ-
ਬਿੱਟ 2 ਝਾਕ ਰਹੀਆਂ ਹਨ-
ਅਲਮਾਰੀ ਵਿਚ-
ਕਿਸੇ ਨੇ ਹੁਣ
ਕਦੇ ਘੱਟਾ ਵੀ ਨਹੀਂ ਸਾਫ਼ ਕੀਤਾ ਆ ਕੇ
ਵਿਹਲ ਹੀ ਨਹੀਂ ਦੁਨੀਆਂ ਨੂੰ ਲੈਪਟੌਪ ਤੋਂ-
ਨਜ਼ਰ ਜੇ ਹੈ ਤਾਂ ਕਰਸਰ ਤੇ
ਕਾਲੀਆਂ ਪਲਕਾਂ ਤੇ ਨਹੀਂ ਹੈ
ਜਾਂ ਬਾਰੀਆਂ ਚੋਂ ਜਨਮਦੇ
ਰੰਗੀਨ ਗੁਮਨਾਮ ਉਦਾਸ ਜਾਂ
ਅਹਿਸਾਸੀ ਚਿੱਤਰਾਂ 'ਤੇ-
ਚਾਹ ਰੋਟੀ ਵੇਲੇ
ਹੁਣ ਪੋਟੇ ਲੱਭਦੇ ਹਨ -ਆਈਪੈਡ
ਹਰਫ਼ਾਂ ਤੋਂ ਹੋ ਗਈਆਂ ਹਨ ਦੂਰੀਆਂ-
ਕਿਤਾਬਾਂ ਦੇ ਸਫ਼ੇ ਕੋਈ ਨਹੀਂ ਛੁੰਹਦਾ,ਪਰਤਦਾ
ਕੀ ਕਰਾਂਗਾ ਨਵੀਂ ਕਿਤਾਬ
ਛਪਵਾ ਕੇ -
ਕਵਰ ਤੇ ਆਪਣਾ ਨਾਂ ਲਿਖਵਾ ਕੇ-
ਕਿਸੇ ਨੇ ਨਹੀਂ ਪੜ੍ਹਨੀ ਮੇਰੀ ਕਿਤਾਬ-
ਪਈ ਰਹੇਗੀ ਕਿਸੇ ਦੀ ਸੈæਲਫ ਤੇ
ਬੰਦ ਸਦੀਆਂ ਤੀਕ-ਮੇਰੀ ਭੇਟ ਕੀਤੀ ਕਿਤਾਬ
ਕਿੰਨਾ ਕੁਝ ਦਿਤਾ ਸੀ-
ਮੇਰੀ ਪਾਠ ਪੁਸਤਕ, ਕਵਿਤਾ,
ਤੇ ਕਹਾਣੀਆਂ ਵਾਲੀ ਕਿਤਾਬ ਨੇ-
ਲੋਕ ਸਾਰੇ ਕਿਤਾਬਾਂ 'ਚ ਹੀ ਜਨਮੇਂ
ਵੱਡੇ 2 ਅਹੁਦਿਆਂ ਤੇ ਬੈਠੇ-
ਇਹ ਸਾਰਾ ਕਿਤਾਬਾਂ ਨੇ ਹੀ ਦਿਤਾ -
ਕਿਤਾਬਾਂ ਉਦਾਸ ਤੱਕ ਰਹੀਆਂ ਹਨ ਹੁਣ
ਸੈਲਫ਼ਾਂ ਤੋਂ-
ਉਡੀਕ ਰਹੀਆਂ ਹਨ ਕਿਸੇ ਆਪਣੇ ਨੂੰ-
ਕਿ ਕੋਈ ਆਵੇ
ਤੇ ਓਹਦੇ ਸਫ਼ਿਆਂ ਨੂੰ ਅੰਗਾਂ ਵਾਂਗ ਛੋਹੇ,
ਵਰਕਾ 2 ਥੱਲੇ-ਹੋਟਾਂ ਤੋਂ ਆਏ ਪੋਟਿਆਂ ਨਾਲ-
ਕਿਤਾਬਾਂ ਜਿਹੜੀਆਂ ਲੈਣ ਦੇਣ ਵੇਲੇ
ਵਿਚੋਲੀਆਂ ਬਣਦੀਆਂ ਸਨ-
ਪਿਆਰ ਰਿਸ਼ਤੇ ਬਣਾਉਂਦੀਆਂ ਸਨ-
ਬੇਵੱਸ, ਬੇਚੈਨ ਪਈਆਂ ਹਨ-
ਹੁਣ ਕਿੱਥੇ ਰੱਖਿਆ ਕਰਾਂਗੇ
ਕਿਸੇ ਆਪਣੇ ਦੇ ਦਿਤੇ
ਪਿਆਰੇ ਹੱਥਾਂ ਨਾਲ ਸੂਹੇ ਗੁਲਾਬ-
ਜੋ ਮੁੱਦਤਾਂ ਤੀਕ ਸਾਂਭੇ ਰਹਿੰਦੇ ਸਨ-
ਖੇਲਦੇ ਸਨ ਕਦੇ 2 ਉਂਗਲੀਆਂ 'ਚ-
ਕਿਤਾਬਾਂ ਨੇ ਯਾਦਾਂ ਦਿਤੀਆਂ
ਉਦਾਸ ਮਨਾਂ ਤੋਂ ਉਦਰੇਵੇਂ ਪੂੰਝੇ-
ਹੁਣ ਹਨੇਰਿਆਂ 'ਚ 'ਕੱਲੀਆਂ ਤੁਰਦੀਆਂ ਹਨ-
ਜਿਹਨਾਂ ਨੂੰ ਕਦੇ ਸੌਂ ਜਾਂਦੇ ਸਾਂ
ਹਿੱਕ ਨਾਲ ਲਾ ਕੇ
ਕਦੇ ਸਰਾ੍ਹਣੇ ਰੱਖ ਕੇ -
ਪੱਟਾਂ ਤੇ ਹੁਣ ਲੈਪਟੌਪ ਹੈ-
ਹੱਥਾਂ 'ਚ ਸਮਾਰਟ ਫ਼ੋਨ ਜਾਂ ਆਈਪੈਡ-
ਕਿਤਾਬਾਂ ਗੁਆਚ ਗਈਆਂ ਹਨ-
ਪਿਆਰ ਰਿਸ਼ਤੇ ਗੁੰਮ ਹੋ ਗਏ ਹਨ- ਕਿਤੇ
ਲੈਪਟੌਪ ਤੇ ਪਲਾਂ ਦੇ ਈਮੇਲ
ਵਟਸਅੱਪ ਤੇ ਸਕਿੰਟਾਂ ਦਾ ਮਿਲਣ-
ਕਿਤਾਬਾਂ ਵਰਗੀ ਨਹੀਂ ਹੈ ਮੁਲਾਕਾਤ
ਹਰਫ਼ 2 ਨਹੀਂ ਹੈ ਬਰਸਾਤ
ਫੁੱਲਾਂ ਲਈ ਨਹੀਂ ਹੈ ਹਵਾਲਾਤ
ਓਹਦੇ ਵਰਗੀ ਨਹੀਂ ਹੈ ਪਰਭਾਤ
-0- |