ਇਕ ਹੋਈ ਬੀਤੀ
ਦੁਨੀਆਂ ਦੀਆਂ ਬੇਸ਼ੁਮਾਰ ਕਹਾਣੀਆਂ ਹਨ, ਜੋ ਦਿਲਾਂ ਨਾਲ ਵਾਪਰਦੀਆਂ ਦੀ ਖ਼ਬਰਸਾਰ ਕੱਢਦੀਆਂ ਹਨ
ਪਰ ਹੋਰ ਖੌਰੇ ਕਿੰਨੀਆਂ ਕੁ ਜਵਾਨੀਆਂ ਹੁੰਦੀਆਂ ਹਨ ਜੋ ਘਰਾਂ ਦੇ ਕੰਧਾਂ ਕੌਲਿਆਂ ਨਾਲ ਲੱਗ
ਕੇ ਰੋਂਦੀਆਂ ਸਾਵੇ ਪੱਤਿਆਂ ਤੋਂ ਪੀਲੇ ਪੱਤਿਆਂ ਵਰਗੀਆਂ ਹੋ ਜਾਂਦੀਆਂ ਹਨ, ਤੇ ਦੂਜੇ ਕੰਨੀ
ਖ਼ਬਰ ਨਹੀ ਪੈਂਦੀ....
ਮੈਂ ਵੀ ਜ਼ਿੰਦਗੀ ਵਿਚ ਕਈਆ ਦੇ ਮਨ ਦੀ ਹਵਾੜ ਕੋਲ ਬਹਿ ਕਿ ਸੁਣੀ ਜਾ ਜ਼ਰਾ ਕੁ ਵਿੱਥ ਤੇ ਖਲੋ
ਕਿ ਵੇਖੀ ਤੇ ਫੇਰ ਕਈ ਕਹਾਣੀਆਂ ਵਿਚ ਉਤਾਰੀ, ਪਰ ਇਕ ਘਟਨਾ ਛੋਟੀ ਹੁੰਦੀ ਨੇ ਵੇਖੀ ਸੀ ।
ਸਕੂਲ ਦੀ ਸਹੇਲੀ ਬੰਤੀ ਨਾਲ ਵਾਪਰਦੀ ਉਹ ਵੀ ਖੌਰੇ ਮੇਰੇ ਚੇਤੇ ਵਿਚ ਏਸ ਤਰਾਂ ਨਹੀ ਸੀ ਉਕਰੀ
ਜਾਣੀ ਪਰ ਅੱਗੋ ਗੱਲ ਨੇ ਇਕ ਅਲੋਕਾਰਾ ਮੋੜ ਲੈ ਲਿਆ ਸੀ । ਬੰਤੀ ਦੇ ਭਰੇ ਹੋਏ ਦਿਲ ਨੇ ਕਿਸੇ
ਹੋਰ ਦੀ ਪੀੜ ਪਛਾਣੀ ਸੀ । ਉਹ ਵੀ ਉਸ ਰਿਸ਼ਤੇ ਵਿਚ ਜਿਸ ਰਿਸ਼ਤੇ ਵਿਚ ਕਦੇ ਕਿਸੇ ਨੇ ਸੁਣੀ ਨਾ
ਵੇਖੀ ਤੇ ਏਸੇ ਲਈ ਉਹ ਘਟਨਾਂ ਜਦੋਂ ਵੀ ਚੇਤੇ ਆਵੇ ਮੇਰੇ ਅੰਦਰੋਂ ਰੁੱਗ ਭਰ ਲੈਂਦੀ ਹੈ...
ਕਦੇ ਮੈਂ ਸਾਰੀ ਗੱਲ ਨੂੰ ਇਕ ਕਹਾਣੀ ਕਹਿ ਕਿ ਸਾਂਭਿਆ ਸੀ, ਤੇ ਕਹਾਣੀ ਨੂੰ ਨਾਂ ਦਿੱਤਾ
ਸੀ:- ਇਕ ਰੁਮਾਲ ਇਕ ਛਾਪ ਇਕ ਛਾਨਣੀ, ਬੰਤੀ ਦਾ ਫੇਰ ਮੈਨੂੰ ਕੋਈ ਥਹੁ ਪਤਾ ਨਹੀ ਲੱਗਾ ਸਿਰਫ
ਉਹ ਗੱਲ ਸੀ, ਜੋ ਮੇਰੇ ਹੱਥ ਪੱਲੇ ਰਹਿ ਗਈ ਅੱਜ ਵੱਖੋ ਵੱਖ ਜ਼ੁਬਾਨਾਂ ਦੇ ਲੋਕ ਗੀਤਾਂ ਦੀਆਂ
ਸਤਰਾਂ ਨੂੰ ਕਹਿੰਦਿਆਂ ਸੁਣਦਿਆ ਉਸ ਹੋਈ ਬੀਤੀ ਨੇ ਮੇਰੇ ਮਨ ਵਿਚੋ ਰੁੱਗ ਭਰ ਲਿਆ ਹੈ । ਸੋ
ਇੱਥੇ ਉਹ ਘਟਨਾਂ ਦਰਜ ਕਰ ਰਹੀ ਹਾਂ -ਅੰਮ੍ਰਿਤਾ ਪ੍ਰੀਤਮ
* ਕਹਾਣੀ :- ਇਕ ਰੁਮਾਲ ਇਕ ਛਾਪ ਇਕ ਛਾਨਣੀ
ਕੱਚੀ ਪਹਿਲੀ ਤੋ ਲੈ ਕਿ ਅੱਠਵੀਂ ਜਮਾਤ ਤਕ ਬੰਤੀ ਸਾਡੇ ਨਾਲ ਪੜਦੀ ਰਹੀ ਸੀ । ਅਜੇ ਉਸ
ਪੰਜਵੀਂ ਚੜੀ ਸੀ ਜਦੋ ਉਹਦਾ ਪਿਉ ਉਹਨੂੰ ਸਕੂਲੋ ਉਠਾਣ ਵਾਸਤੇ ਆਇਆ ਪਰ ਸਾਡੇ ਸਕੂਲ ਦੀ ਵੱਡੀ
ਉਸਤਾਦਨੀ ਨੇ ਬੰਤੀ ਦੀ ਫ਼ੀਸ ਮਾਫ਼ ਕਰ ਦਿੱਤੀ ਤੇ ਉਹਨੂੰ ਸਕੂਲੋਂ ਨਾ ਉਠਣ ਦਿੱਤਾ । ਸੱਤਵੀਂ
ਜਮਾਤ ਦੀਆਂ ਕੁੜੀਆਂ ਤੇ ਅੱਠਵੀਂ ਜਮਾਤ ਦੀਆਂ ਕੁੜੀਆਂ ਵੇਖਣ ਨੂੰ ਇਕੱਠੀਆਂ ਇਕੋ ਕਮਰੇ ਵਿਚ
ਬੈਠਦੀਆਂ ਸਨ, ਪਰ ਅੱਧੀ ਛੁੱਟੀ ਵੇਲੇ ਅੱਠਵੀਂ ਦੀਆਂ ਸਾਨੂੰ ਸੱਤਵੀਂ ਦੀਆਂ ਕੁੜੀਆਂ ਨੂੰ
ਆਪਣੇ ਲਾਗੇ ਨਹੀ ਸਨ ਲੱਗਣ ਦੇਂਦੀਆਂ ਹਮੇਸ਼ਾ ਵੱਖਰੀਆਂ ਹੋ ਕਿ ਬਹਿੰਦੀਆਂ ਸਨ, ਤੇ ਪਤਾ ਨਹੀ
ਗੁੱਠਾਂ ਵਿਚ ਲੱਗ ਲੱਗ ਕੇ ਕੀ ਕੀ ਗੱਲਾਂ ਕਰਦੀਆਂ ਰਹਿੰਦੀਆਂ ਸਨ । ਜਦੋਂ ਅਸੀ ਸੱਤਵੀਂ
ਦੀਆਂ ਕੁੜੀਆਂ ਨੂੰ ਅੱਠਵੀਂ ਦੀਆਂ ਕੁੜੀਆਂ ਉੱਤੇ ਬੜਾ ਗੁੱਸਾ ਆਉਂਦਾ ਸੀ, ਤੇ ਅਸੀ ਸੋਚਦੀਆਂ
ਸਾਂ ਜਦੋ ਅੱਠਵੀਂ ਚ ਹੋਵਾਂਗੀਆਂ, ਤਾਂ ਸੱਤਵੀਂ ਦੀਆਂ ਕੁੜੀਆਂ ਨਾਲ ਇਸ ਤਰਾਂ ਨਹੀ ਕਰਾਂਗੀਆ
ਫੇਰ ਅਸੀ ਅੱਠਵੀਂ ਜਮਾਤੇ ਚੜੀਆਂ ਗਰਮੀਆਂ ਦੀਆਂ ਛੁੱਟੀਆਂ ਪਿੱਛੋਂ ਜਦੋਂ ਸਕੂਲ ਖੁੱਲੇ ਸਾਡੇ
ਕੋਲੋ ਵੀ ਉਹੋ ਗੱਲ ਹੋ ਗਈ ਜਿਹੜੀ ਅਸੀ ਸੋਚਿਆ ਸੀ, ਕਿ ਕਦੇ ਨਹੀ ਕਰਾਂਗੀਆਂ ਇਹ ਤੇਰਵਾਂ
ਵਰਾਂ ਪਤਾ ਨੀ ਕਿਹੋ ਜਿਹਾ ਅੱਥਰਾ ਹੁੰਦਾ ਏ ਸ਼ਾਇਦ ਇਹ ਦਹਿਲੀਜ਼ ਹੁੰਦੀ ਏ ਬਚਪਨ ਤੇ ਜਵਾਨੀ
ਦੇ ਵਿਚਕਾਰ ਏਸ ਵਰੇ ਕੁੜੀਆਂ ਦਾ ਇਕ ਪੈਰ ਦਹਿਲੀਜ਼ੋ ਉਰਾਂ ਤੇ ਇਕ ਪੈਰ ਦਹਿਲੀਜ਼ੋ ਪਰਾਂ ਜਾ
ਪੈਦਾਂ ਏ ਇੰਨਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਬੰਤੀ ਦਾ ਇਕ ਗਵਾਂਢੀ ਲੜਕਾ ਬੰਤੀ ਨੂੰ ਸਵਾਲ
ਸਮਝਾਂਦਾ ਰਿਹਾ ਸੀ, ਤੇ ਹੁਣ ਹਰ ਰੋਜ ਅੱਧੀ ਛੁੱਟੀ ਵੇਲੇ ਬੰਤੀ ਸਾਨੂੰ ਗੁੱਠਾਂ ਵਿਚ ਲੱਗ
ਲੱਗ ਕਿ ਉਹਦੀਆਂ ਗੱਲਾਂ ਸੁਣਾਂਦੀ ਸੀ । ਹੁਣ ਅਸੀ ਅੱਠਵੀਂ ਵਿਚ ਸਾਂ ਤੇ ਅੱਧੀ ਛੁੱਟੀ ਵੇਲੇ
ਸੱਤਵੀਂ ਦੀਆਂ ਕੁੜੀਆਂ ਨੂੰ ਲਾਗੇ ਨਹੀ ਸਾਂ ਲੱਗਣ ਦੇਂਦੀਆਂ । ਜਿਸ ਦਿਨ ਬੰਤੀ ਸਾਨੂੰ ਉਹਦੀ
ਗੱਲ ਨਾ ਸੁਣਾਂਦੀ ਸਾਨੂੰ ਇੰਜ ਜਾਪਦਾ ਜਿਵੇਂ ਅੱਜ ਸਕੂਲ ਵਿਚ ਅੱਧੀ ਛੁੱਟੀ ਹੋਈ ਨਹੀ ਸੀ ।
ਮੇਰੀ ਤੇ ਐਵੇਂ ਹੱਸ ਦੰਦਾਂ ਦੀ ਪ੍ਰੀਤ ਏ ਹੋਰ ਮੈਂ ਕੀ ਲੈਣਾ ਏ ਉਹਦੇ ਕੋਲੋ ਤੇ ਉਹਨੇਂ ਕੀ
ਲੈਣਾ ਏ ਮੇਰੇ ਕੋਲੋ ।" ਫੇਰ ਕਦੀ ਕਦੀ ਬੰਤੀ ਸਾਨੂੰ ਇੰਝ ਆਖ ਕਿ ਟਾਲਣ ਲੱਗ ਪਈ ਸੀ । ਬੰਤੀ
ਲੱਖ ਟਾਲਦੀ ਪਰ ਉਹਦੇ ਮੂੰਹ ਉੱਤੋਂ ਸਾਨੂੰ ਲੱਭਣ ਲੱਗ ਪਿਆ ਸੀ, ਕਿ ਹੱਸ ਦੰਦਾ ਦੀ ਪ੍ਰੀਤ
ਹੁਣ ਬੰਤੀ ਦੇ ਸੰਘ ਵਿਚੋਂ ਲੰਘਕੇ ਉਹਦੇ ਦਿਲ ਵਿਚ ਲਹਿਣ ਲੱਗ ਪਈ ਸੀ । ਤਾਂਹੀਏ ਤਾਂ ਹੁਣ
ਉਹਦੀ ਜੀਭ ਹੁਣ ਖੁਸ਼ਕ ਹੁੰਦੀ ਜਾਂਦੀ ਸੀ ਤੇ ਉਹ ਬਹੁਤੀਆਂ ਗੱਲਾਂ ਨਹੀ ਸੀ ਕਰ ਸਕਦੀ ਤੇ ਇਕ
ਦਿਨ ਝੱਲੀ ਨੇ ਜਿਉਂ ਆਪਣੇ ਹੱਥ ਵਿਚ ਪੈਨਸਿਲ ਨਾਲ ਆਪਣੀ ਹਿਸਾਬ ਦੀ ਕਿਤਾਬ ਤੇ ਕੋਈ ਵੀਂਹ
ਥਾਂਵੇ ਉਹਦਾ ਨਾਂ ਲਿਖ ਛੱਡਿਆ ਰਾਜੂ.. ਰਾਜੂ..ਰਾਜੂ
ਸਾਡੀ ਉਸਤਾਦਨੀ ਨੇ ਉਹਦੀ ਕਿਤਾਬ ਵੇਖ ਲਈ ਜਮਾਤ ਵਿਚ ਤਾਂ ਉਹਨੂੰ ਕੁਝ ਨਾ ਆਖਿਆ ਪਰ ਜਦੋਂ
ਅੱਧੀ ਛੁੱਟੀ ਹੋਈ ਉਹਨੂੰ ਆਪਣੇ ਕਮਰੇ ਵਿਚ ਬੁਲਾਇਆ ਤੇ ਕਮਰੇ ਦਾ ਬੂਹਾ ਭੇੜ ਲਿਆ ਸ਼ਾਮਤ
ਬੰਤੀ ਦੀ ਆਈ ਹੋਈ ਸੀ ਪਰ ਜਿਹੜੀਆਂ ਅਸੀ ਬੰਤੀ ਦੀਆਂ ਸਹੇਲੀਆਂ ਸਾਂ ਮੂੰਹ ਸਾਡੇ ਸਾਰੀਆਂ ਦੇ
ਲੱਥੇ ਹੋਏ ਸਨ ਕਿੰਨੇ ਚਿਰ ਪਿੱਛੋ ਜਦੋਂ ਬੰਤੀ ਬਾਹਰ ਆਈ ਰੋ ਰੋ ਕਿ ਉਹਦੀਆਂ ਅੱਖਾਂ ਲਾਲ ਹੋ
ਗਈਆਂ ਸਨ । ਕਿਤਾਬ ਉੱਤੇ ਜਿੰਨੀ ਥਾਵੇਂ ਬੰਤੀ ਨੇ ਰਾਜੂ ਦਾ ਨਾਂ ਲਿਖਿਆ ਸੀ । ਸਾਡੀ
ਉਸਤਾਦਨੀ ਨੇ ਰਬੜ ਲੈ ਕਿ ਸਭਨੀ ਥਾਈ ਉਹ ਨਾਂ ਮਿਟਾ ਦਿੱਤਾ ਅੱਠਵੀਂ ਜਮਾਤ ਜਦੋਂ ਇਕ ਬੇੜੀ
ਵਾਂਕਰ ਸਾਲਾਨਾ ਇਮਤਿਹਾਨਾਂ ਦੇ ਉਤੇ ਲੱਗ ਗਈ ਅਸੀ ਸਾਰੀਆਂ ਕੁੜੀਆਂ ਬੇੜੀ ਦੇ ਪੂਰ ਵਾਂਗੂ
ਨਿੱਖੜ ਗਈਆਂ ਇਹ ਸਾਡਾ ਸਕੂਲ ਅੱਠਵੀਂ ਜਮਾਤ ਤਕ ਹੀ ਸੀ । ਅਸੀ ਬਹੁਤ ਸਾਰੀਆਂ ਕੁੜੀਆਂ
ਨਾਵੀਂ ਵਿਚ ਦਾਖਲ ਹੋ ਗਈਆ ਪਰ ਵੱਖ ਵੱਖ ਸਕੂਲਾਂ ਵਿਚ ਫੇਰ ਕੋਈ ਦੋ ਵਰਿਆ ਪਿਛੋ ਮੈਨੂੰ
ਬੰਤੀ ਦੇ ਵਿਆਹ ਦਾ ਕਾਰਡ ਆਇਆ ਹੋਰਨਾਂ ਕੁੜੀਆਂ ਨੂੰ ਵੀ ਗਿਆ ਹੋਵੇਗਾ ਮੈਂ ਛੇਤੀ ਨਾਲ ਕਾਰਡ
ਉਤੋਂ ਮੁੰਡੇ ਦਾ ਨਾਂ ਪੜਿਆ ਲਿਖਿਆ ਹੋਇਆ ਸੀ," ਕਰਮ ਚੰਦ...
ਰਾਜੂ ਦੀ ਥਾਂਵੈ ਭਾਵੇਂ ਕਾਰਡ ਉਤੇ ਕਰਮ ਚੰਦ ਲਿਖੀਆ ਹੋਇਆ ਸੀ, ਤਾਂ ਵੀ ਇਹ ਵਿਆਹ ਦਾ ਕਾਰਡ
ਸੀ, ਤੇ ਹਰ ਇਕ ਵਿਆਹ ਨੂੰ ਵਧਾਈ ਲੈਣ ਦਾ ਹੱਕ ਹੁੰਦਾ ਏ ਮੈਂ ਬੰਤੀ ਦੇ ਵਿਆਹ ਉਤੇ ਗਈ
ਉਹਨੂੰ ਵਧਾਈ ਦੇਣ ਬੰਤੀ ਦੀਆਂ ਤਲੀਆਂ ਤੇ ਮਹਿੰਦੀ, ਬੰਤੀ ਦੀਆਂ ਬਾਹਵਾਂ ਵਿਚ ਕਲੀਰੇ, ਤੇ
ਮੈਂ ਬੰਤੀ ਨੂੰ ਵਧਾਈ ਦਿੱਤੀ ਮੈਂ ਬੰਤੀ ਨਾਲ ਉਹਦੀ ਹੱਸ ਦੰਦਾਂ ਦੀ ਪ੍ਰੀਤ ਬਾਰੇ ਕੋਈ ਗੱਲ
ਨਹੀ ਸਾਂ ਕਰਨਾ ਚਾਹੁੰਦੀ, ਪਰ ਘੜੀ ਕੁ ਪਿਛੋ ਉਹ ਆਪ ਈ ਮੈਨੂੰ ਇੱਕਲਵਾਂਝੇ ਲੈ ਗਈ ਮੇਰੀ ਇਕ
ਚੀਜ ਸਾਂਭ ਛੱਡੇਗੀ ? - ਕੀ !! ਇਕ ਰੁਮਾਲ ਏ...
ਇਹ ਮੈਨੂੰ ਪੁੱਛਣ ਦੀ ਲੋੜ ਨਹੀ ਸੀ, ਕਿ ਰੁਮਾਲ ਕਿਸ ਦਾ ਏ ਰੁਮਾਲ ਰਾਜੂ ਦਾ ਈ ਹੋ ਸਕਦਾ
ਸੀ, ਪਰ ਇਹਦੇ ਵਿਚ ਏਡੀ ਕਿਹੜੀ ਗੱਲ ਏ ਰੁਮਾਲ ਤੂੰ ਕਿਤੇ ਆਪਣੀਆ ਚੀਜਾ ਵਿਚ ਰੱਖ ਲੈ
ਪਰ ਇਹਦੀ ਕੰਨੀ ਉਤੇ ਉਹਦਾ ਨਾਂ ਲਿਖਿਆ ਹੋਇਆ ਏ,
ਤੇ ਕਿਸੇ ਨੂੰ ਕੀ ਪਤਾ ਇਹ ਨਾਂ ਕੀਹਦਾ ਏ ?
ਨਿਰਾ ਰਾਜ ਲਿਖਿਆ ਹੁੰਦਾ ਕੋਈ ਵੇਖਦਾ ਪੁਛਦਾ ਤੇ ਮੈਂ ਕਹਿ ਛਡਦੀ ਮੇਰੀ ਸਹੇਲੀ ਦਾ ਨਾਂ ਏ,
ਪਰ ਮੈਂ ਰਾਜੂ ਲਿਖਿਆ ਹੋਇਆ ਏ ਰਾਜੂ ਤਾਂ ਕੁੜੀਆਂ ਦਾ ਨਾਂ ਨਹੀ ਹੁੰਦਾ ਕਾਹਦੇ ਨਾਲ ਲਿਖਿਆ
ਏ ?
ਉਹਨੇ ਇਕ ਦਿਨ ਪੈਨਸਿਲ ਨਾਲ ਉਲੀਕ ਦਿੱਤਾ ਸੀ, ਤੇ ਮੈਂ ਸੂਈ ਧਾਗੇ ਨਾਲ ਕੱਢ ਲਿਆ ਸੀ।
ਤੇ ਪਰੇ ਉਧੇੜ ਛੱਡ ਧਾਗਾ ਉਧੇੜ ਛੱਡ ਇਹ ਤੇ ਮੈਨੂੰ ਖਿਆਲ ਹੀ ਨਹੀ ਆਇਆ !! ਤੇ ਫੇਰ ਬੰਤੀ
ਨੇ ਇਕ ਲੰਬਾ ਸਾਹ ਭਰਿਆ ਅੱਗੋ ਆਖਣ ਲੱਗੀ ਤੈਨੂੰ ਯਾਦ ਏ ਇਕ ਦਿਨ ਸਾਡੀ ਉਸਤਾਦਨੀ ਨੇ ਰਬੜ
ਲੈ ਕਿ ਮੇਰੀ ਕਿਤਾਬ ਉੱਤੋਂ ਉਹਦਾ ਨਾਂ ਮਿਟਾ ਛਡਿਆ ਸੀ । ਅੱਜ ਮੈਂ ਵੀ ਉਸੇ ਤਰਾਂ ਉਹਦਾ
ਨਾਂ ਉਧੇੜ ਛੱਡਨੀ ਆ ਮੇਰਾ ਮਨ ਭਰ ਗਿਆ ਬੰਤੀ ਨੇ ਮੇਰੇ ਸਾਹਮਣੇ ਇਕ ਟਰੰਕ ਵਿਚੋਂ ਸੂਹਾ
ਰੇਸ਼ਮੀ ਰੁਮਾਲ ਕੱਢਿਆ ਤੇ ਫੇਰ ਸੂਈ ਲੈ, ਕਿ ਉਹਦੀ ਕੰਨੀ ਉਤੋਂ ਰਾਜੂ ਦਾ ਨਾਂ ਉਧੇੜਨ ਲੱਗ
ਪਈ... ਇਕ ਉਹੋ ਜਿਹੀ ਸੂਈ ਜਿਹੋ-ਜਿਹੀ ਸੂਈ ਨਾਲ ਉਹਨੇ ਧਾਗਾ ਲੈ, ਕਿ ਉਹਨੇ ਉਹਦਾ ਨਾਂ
ਕੱਢਿਆ ਸੀ । ਬੰਤੀ ਦੀ ਕਿਤਾਬ ਉੱਤੋਂ ਉਹਦੀ ਉਸਤਾਦਨੀ ਨੇ ਰਾਜੂ ਦਾ ਨਾਂ ਮਿਟਾ ਛੱਡਿਆ ਸੀ
ਵਿਆਹ ਦੇ ਕਾਰਡ ਉੱਤੇ ਸਮਾਜ ਨੇ ਰਾਜੂ ਦਾ ਨਾਂ ਨਹੀ ਲਿਖਣ ਦਿੱਤਾ ਸੀ, ਤੇ ਬੰਤੀ ਦੇ ਮਹਿੰਦੀ
ਵਾਲੇ ਹੱਥਾ ਨੇ ਉਹਦੇ ਰੁਮਾਲ ਉਤੋਂ ਉਸਦਾ ਨਾਂ ਉਧੇੜ ਦਿੱਤਾ...
ਚੱਲ ਛੱਡ ਹੁਣ ਇੰਨਾਂ ਗੱਲਾਂ ਨੂੰ, ਤੂੰ ਆਪੇ ਤੇ ਕਹਿੰਦੀ ਹੁੰਦੀ ਸੈ, ਐਵੇ ਹੱਸ ਦੰਦਾ ਦੀ
ਪ੍ਰੀਤ ਏ ਸੋਚਿਆ ਤੇ ਇਹੋ ਹੀ ਸੀ; ਪਰ ਇਹ ਹੱਸ ਦੰਦਾ ਦੀ ਪ੍ਰੀਤ ਮੇਰੇ ਹੱਡਾ ਵਿਚ ਰਚ ਗਈ
ਨਹੁੰਆਂ ਤੱਕ ਲਹਿ ਗਈ ਬੰਤੀ ਦੀਆਂ ਅੱਖਾਂ ਭਰ ਆਈਆਂ ਸੁਣਿਆ ਏ ਤੇਰੇ ਸਹੁਰੇ ਬੜੇ ਅਮੀਰ ਨੇ
ਬੜੀ ਕਰਮਾਂ ਵਾਲੀ ਏ ਉਹਦਾ ਨਾਂ ਵੀ ਕਰਮ ਚੰਦ... ਕਿੰਨੇਂ ਚਿਰ ਮਗਰੋਂ ਮੈਂ ਗੱਲ ਨੂੰ ਰਾਜੂ
ਦੇ ਰਾਹੋ ਮੋੜਿਆ ਕਦੇ ਨਾਵਾਂ ਨਾਲ ਵੀ ਕਰਮ ਬਣੇ ਨੇ ਬੰਤੀ ਨੇ ਸਿਰਫ ਏਨਾਂ ਆਖਿਆ... ਕਦੇ
ਚਿੱਠੀ ਲਿਖਿਆ ਕਰੇਗੀ ਕਿ ਸ਼ਾਹਣੀ ਬਣ ਕਿ ਸਾਨੂੰ ਸਾਰਿਆਂ ਨੂੰ ਭੁੱਲ ਜਾਏਗੀ ਕਦੇ ਭੁਲਣਾ
ਆਪਣੇ ਵੱਸ ਹੁੰਦਾ ਬੰਤੀ ਨੇ ਇਕ ਲੰਬਾ ਸਾਹ ਭਰਿਆ ਐਸ ਵੇਲੇ ਵੀ ਸ਼ਾਇਦ ਉਹਦੇ ਮਨ ਵਿਚ
ਸਹੇਲੀਆੰ ਦਾ ਖਿਆਲ ਨਹੀ ਸੀ । ਸਿਰਫ ਰਾਜੂ ਦਾ ਖਿਆਲ ਸੀ । ਰਾਜੂ ਨੂੰ ਤੂੰ ਭੁੱਲੇ ਭਾਂਵੇ
ਨਾਂ ਭੁੱਲੇ ਪਰ ਤੂੰ ਉਹਨੂੰ ਖ਼ਤ ਤਾਂ ਲਿਖ ਨਹੀ ਸਕਣਾ ਭੈੜੀਏ ਸਾਨੂੰ ਈ ਕਦੀ ਕਦਾਈ ਲਿਖ ਛੱਡੀ
ਕਰੀਂ ਭਾਂਵੇ ਖ਼ਤ ਵਿਚ ਰਾਜੂ ਦੀਆਂ ਗੱਲਾਂ ਹੀ ਲਿਖੀ ? ਅੱਛਾ ਕਦੇ ਮਨ ਦੀ ਹਵਾੜ ਕੱਢ ਲਿਆ
ਕਰਾਂਗੀ ਪਰ ਇਕ ਗੱਲ ਏ.. ਕੀ ? ਤੂੰ ਮੈਨੂੰ ਖ਼ਤ ਵਿਚ ਉਹਦੀ ਗੱਲ ਨਾ ਲਿਖੀ ਉਹ ਲੋਕ ਪਤਾ ਨਹੀ
ਕਿਹੋ ਜਿਹੇ ਨੇ ਘੋਰ ਪਿੰਡ ਵਿਚ ਰਹਿੰਦੇ ਨੇ ਸੁਣਿਆ ਏ ਚਿਠੀ ਵੀ ਉੱਥੇ ਹਫਤੇ ਵਿਚ ਮਸਾਂ ਦੋ
ਵਾਰੀ ਜਾਂਦੀ ਏ, ਭਾਰ ਪਤੇ ਉਤੇ ਤਹਿਸੀਲ, ਜਿਲਾਂ, ਡਾਕਖਾਨਾ, ਪਿੰਡ ਤੇ ਹੋਰ ਖੌਰੇ ਕੀ ਕੁਝ
ਲਿਖਣਾ ਪੈਂਦਾ ਏ ਖੌਰੇ ਉਹ ਲੋਕ ਮੇਰੀ ਚਿੱਠੀ ਵੀ ਮੈਨੂੰ ਪੜ ਕਿ ਦਿਆ ਕਰਨਗੇ......
ਬੰਤੀ ਸਹੁਰੇ ਚਲੀ ਗਈ ।
ਏਸ ਗੱਲ ਨੂੰ ਅੱਜ ਪੰਦਰਾਂ ਵਰੇ ਹੋ ਗਏ ਹਨ । ਪਹਿਲੇਂ ਚਾਰ ਪੰਜ ਵਰਿਆਂ ਵਿਚ ਬੰਤੀ ਨੇ
ਮੈਨੂੰ ਕੁੱਝ ਖ਼ਤ ਲਿਖੇ ਬਹੁਤੇ ਨਹੀ, ਪਰ ਜਿੰਨੇਂ ਵੀ ਲਿਖੇ ਉੰਨਾਂ ਵਿਚੋਂ ਉਹਦੇ ਮਨ ਦੀ
ਹਵਾੜ ਆਉਂਦੀ ਸੀ । ਮੈਂ ਬੰਤੀ ਨੂੰ ਹਮੇਸ਼ਾਂ ਜਵਾਬ ਦੇਂਦੀ ਰਹੀ, ਪਰ ਉਸਦੇ ਆਖੇ ਮੁਤਾਬਿਕ
ਸਿਰਫ ਰਸਮੀ ਜਿਹਾ ਜਵਾਬ ਉਹਦੇ ਖ਼ਤ ਦੀ ਪਹੁੰਚ ਕਦੇ ਉਹਦੇ ਮਨ ਦੀ ਹਵਾੜ ਦਾ ਮੋੜਵੇਂ ਜਵਾਬ
ਨਹੀ ਸੀ ਦਿਤਾ ਫੇਰ ਦਸ ਵਰੇ ਬੰਤੀ ਨੂੰ ਪਤਾ ਨੀ, ਕੀ ਹੋਇਆ ਉਹਨੇਂ ਮੈਨੂੰ ਕੋਈ ਖ਼ਤ ਨਾ
ਲਿਖਿਆ ਮੈਂ ਵੀ ਕਦੇ ਉਹਨੂੰ ਖ਼ਤ ਨਾ ਲਿਖਿਆ ਸੋਚਿਆ ਉਹ ਆਪਣੇ ਟੱਬਰ ਵਿਚ ਰੁੱਝ ਗਈ ਹੋਵੇਗੀ ।
ਮਤੇ ਮੇਰਾ ਖ਼ਤ ਉਹਦੀ ਕਿਸੇ ਸਤੀ ਹੋਈ ਪੀੜ ਨੂੰ ਜਗਾ ਦੇਵੇ, ਪਰ ਅੱਜ ਬੰਤੀ ਦਾ ਅਚਾਨਕ ਖ਼ਤ
ਆਇਆ ਏ ਪਤਾ ਨਹੀ ਇਹ ਕਿਹੋ ਜਿਹਾ ਖ਼ਤ ਏ ਇਹਦੇ ਵਿਚ ਨਿਰੀ ਉਹਦੇ ਮਨ ਦੀ ਹਵਾੜ ਨਹੀ ਇਹਦੇ ਵਿਚ
ਜਿਵੇਂ ਹਰ ਔਰਤ ਦੇ ਮਨ ਦੀ ਹਵਾੜ ਏ ....
ਮੇਰਾ ਮਨ ਭਰਿਆਂ ਹੋਇਆ ਏ ਉਹਨੇ ਮੈਨੂੰ ਚੱਜ ਦਾ ਜਵਾਬ ਦੇਣ ਤੋਂ ਵੀ ਮਨਾ ਕੀਤਾ ਹੋਇਆ ਏ ਨਹੀ
ਤਾਂ ਮੈਂ ਅੱਜ ਉਹਨੂੰ ਬੜਾ ਲੰਬਾ ਖ਼ਤ ਲਿਖਦੀ ਮੇਰਾ ਮਨ ਹੌਲਾ ਹੋ ਜਾਂਦਾ ਅੱਜ ਮੈਂ ਉਹਦੀਆਂ
ਸਾਰੀਆਂ ਪੁਰਾਣੀਆਂ ਚਿੱਠੀਆਂ ਕੱਢੀਆਂ ਹਨ ( ਸ਼ਾਇਦ ਵਿਚੋਂ ਦੋ ਤਿੰਨ ਨਹੀ ਲੱਭੀਆਂ ) ਤੇ ਅੱਜ
ਦੀ ਚਿੱਠੀ ਵੀ ਸਾਹਮਣੇ ਰੱਖੀ ਹੋਈ ਏ ਮੁੜ ਕੇ ਸਾਰੀਆਂ ਚਿੱਠੀਆਂ ਨੂੰ ਪੜਦੀ ਪਈ ਆ, ਇਕ ਔਰਤ
ਦੇ ਮਨ ਦੀ ਹਵਾੜ, ਖ਼ੌਰੇ ਹਰ ਔਰਤ ਦੇ ਮਨ ਦੀ ਹਵਾੜ...
* ਘੋਰ ਪਿੰਡ ਏ ਜਿਹੜਾ ਅੱਜ ਦਾ ਆਹਰ ਉਹੀਉ ਕੱਲ ਦਾ ਆਹਰ ਇਹ ਵੀ ਪਤਾ ਨਹੀ ਲੱਗਦਾ ਕਿ ਅੱਜ
ਕੀ ਵਾਰ ਏ, ਸਿਰਫ ਜਦੋਂ ਪਿੰਡ ਵਿਚ ਡਾਕੀਆ ਆਉਂਦਾ ਏ ਤਾਂ ਪਤਾ ਲਗਦਾ ਏ, ਕਿ ਅਜ ਮੰਗਲਵਾਰ ਏ
ਜਾਂ ਛਨਿੱਚਰਵਾਰ, ਏਥੇ ਸਾਰੇ ਹਫਤੇ ਵਿਚ ਦੋ ਵਾਰ ਡਾਕੀਆ ਆਉਂਦਾ ਏ ਜਿਵੇਂ ਸ਼ਹਿਰਾਂ ਵਿਚ ਤੇਲ
ਮੰਗਣ ਵਾਲੇ ਹਰ ਹਫਤੇ ਵਿਚ ਦੋ ਵਾਰ ਆਉਂਦੇ ਨੇ ਜਦੋਂ ਡਾਕੀਆ ਆਉਂਦਾ ਏ ਮੈਨੂੰ ਇੰਜ ਜਾਪਦਾ ਏ
ਜਿਵੇ ਉਹ ਆਖ ਰਿਹਾ ਹੋਵੇ," ਮੰਗਲਵਾਰ ਟਲੇ ਭਾਰ, ਤੇਲ ਤਾਂਬੇ ਦਾ ਦਾਨ ।। ਜੇ ਛੱਨਿਚਰਵਾਰ
ਟਲੇ ਭਾਰ, ਤੇਲ ਤਾਂਬੇ ਦਾ ਦਾਨ ।। ਪਰ ਉਹ ਲੋਕ ਖੌਰੇ ਕਿਹੋ ਜੇ ਹੁੰਦੇ ਨੇ ਜਿੰਨਾਂ ਦੇ ਭਾਰ
ਟਲਦੇ ਨੇ ਉਹ ਲੋਕ ਖੌਰੇ ਕਿਹੋ ਜਿਹਾ ਤੇਲ ਤਾਂਬਾ ਦਾਨ ਕਰਦੇ ਨੇ ਜਿੰਨਾਂ ਨੂੰ ਮਿੱਤਰਾਂ-
ਪਿਆਰਿਆਂ ਦੀਆਂ ਚਿੱਠੀਆਂ ਆਉਂਦੀਆਂ ਨੇ, ਮੈਂ ਕਿਹਦੀ ਚਿੱਠੀ ਵਾਸਤੇ ਡਾਕੀਏ ਦਾ ਰਾਹ ਵੇਖਾਂ
? ਅੱਛਾ ਤੂੰਹੇਂ ਮੈਨੂੰ ਦੋ ਹਰਫ਼ ਲਿਖ ਛੱਡੀ ਕੋਈ ਗੱਲ ਨਾ ਲਿਖੀ ਚਿੱਠੀ ਵਿਚ ਬਸ ਏਨਾ ਹੀ
ਲਿਖੀ ਕਿ ਤੈਨੂੰ ਮੇਰੀ ਚਿੱਠੀ ਮਿਲ ਗਈ । ਮੈਂ ਏਨੀ ਗੱਲ ਵਾਸਤੇ ਹੀ ਡਾਕੀਏ ਦਾ ਰਾਹ
ਵੇਖਾਂਗੀ .... ਤੇਰੀ - ਬੰਤੀ..........!
* ਤੂੰ ਜੰਞ ਵਿਚ ਮੇਰਾ ਸਹੁਰਾ ਵੇਖਿਆ ਸੀ। ਵਸਮੇਂ ਵਾਲੀ ਦਾੜੀ ਵਾਲਾ, ਜੇ ਤੂੰ ਮੇਰੀ ਸੱਸ
ਵੇਖੇਂ ਸੱਚ ਹੈਰਾਨ ਹੋ ਜਾਏ ਸੱਸ ਤਾਂ ਕੀ ਅਜੇ ਉਹ ਕਿਸੇ ਦੀ ਨੂੰਹ ਵੀ ਨਹੀ ਲਗਦੀ ਅਸਲੋਂ
ਕੁਆਰੀ ਕੁੜੀ ਲਗਦੀ ਏ ਉਮਰੋਂ ਉਹ ਮੇਰੇ ਨਾਲੋਂ ਤਿੰਨ ਚਾਰ ਵਰੇ ਵੱਡੀ ਹੋਵੇਗੀ, ਪਰ ਪਿੰਡੇ
ਦੀ ਬੜੀ ਮਾੜੀ ਏ ਪਤਲੀ ਛਮਕ ਜੇ ਉਹ ਮੇਰੀ ਸੱਸ ਨਾ ਹੁੰਦੀ, ਭਾਂਵੇ ਉਹ ਮੇਰੀ ਮਤਰੇਈ ਸੱਸ ਏ,
ਪਰ ਹੈ ਤਾ ਸ੍ਰਸ ਹੀ ਨਾ ਧਰਮ ਨਾਲ ਮੈਂ ਉਹਨੂੰ ਆਪਣੀ ਸਹੇਲੀ ਬਣਾ ਲੈਂਦੀ
ਅੱਜ ਮੰਗਲਵਾਰ ਸੀ । ਡਾਕੀਏ ਨੇ ਆਉਣਾ ਸੀ ਮੈਨੂੰ ਖ਼ਿਆਲ ਆਇਆ ਖੌਰੇ ਤੇਰੀ ਚਿੱਠੀ ਆਵੇ ਮੈਂ
ਬੂਹੇ ਵਿਚ ਖਲੋ ਕੇ ਡਾਕੀਏ ਨੂੰ ਉਡੀਕਣ ਲੱਗ ਪਈ ਮੇਰੀ ਸੱਸ ਵੀ ਮੇਰੇ ਕੋਲ ਆ ਖਲੋਤੀ ਡਾਕੀਆ
ਆਇਆ ਉਹਨੇਂ ਮੈਨੂੰ ਇਕ ਚਿੱਠੀ ਫੜਾਈ ਮੈਂ ਆਪਣੀ ਸੱਸ ਦੇ ਮੂੰਹ ਵਲ ਵੇਖਿਆ ਉਹਦਾ ਮੂੰਹ ਬੜਾ
ਹੀ ਉਦਾਸ ਸੀ । ਇੰਜ ਜਾਪਦਾ ਸੀ ਜਿਵੇਂ ਅੱਜ ਉਹਨੂੰ ਜਰੂਰ ਕਿਸੇ ਦੀ ਚਿੱਠੀ ਆਉਣੀ ਸੀ, ਤੇ
ਆਈ ਨਹੀ
ਕੋਈ ਖ਼ਤ ਆਉਣਾ ਸੀ, ਤੇਰਾ ਭਾਬੀ ? ਮੈਂ ਉਹਨੂੰ ਏਨੀ ਉਦਾਸ ਵੇਖ ਕਿ ਪੁੱਛਿਆ
ਮੈਨੂੰ ਕੀਹਦਾ ਖ਼ਤ ਆਉਣਾ ਏ ਪਹਿਲੋਂ ਤਾਂ ਉਸ ਨੇ ਇਹ ਆਖਿਆ ਤੇ ਫੇਰ ਆਖਣ ਲੱਗੀ," ਆਉਣਾ ਤਾਂ
ਹੈ ਹੈ ਸੀ ਇਕ ਖ਼ਤ, ਪਰ ਆਇਆ ਨਹੀ ।"
ਕਿਹਦਾ ਖ਼ਤ ਭਾਬੀ, ਮੈਂ ਫੇਰ ਉਹਨੂੰ ਪੁੱਛਿਆ ?
- ਰੱਬ ਦਾ ਖ਼ਤ ਹੋਰ ਮੈਨੂੰ ਕੀਹਦਾ ਖ਼ਤ ਆਉਣਾ ਏ । ਜਾਪਦਾ ਸੀ ਉਹ ਹੁਣੇ ਰੋ ਪਵੇਗੀ ਪਰ ਉਹ
ਰੋਈ ਨਹੀ ਜਾਂ ਖ਼ੌਰੇ ਕਿਹੋ ਜਿਹਾ ਰੋਣ ਰੋਈ ਏ ਜਿਹੜਾ ਕਿਸੇ ਨੂੰ ਨਜਰੀ ਨਹੀਂ ਆਇਆ - ਵੇਖਿਆ
ਈ ਅਸੀ ਔਰਤਾਂ ਕਿਹੋ ਜਿਹਾ ਰੋਣ ਰੋ ਸਕਦੀਆਂ ਹਾਂ !! ਕਦੇ ਕਦੇ ਮੇਰਾ ਜੀਅ ਕਰਦਾ ਏ ਮੈਂ ਵੀ
ਉੱਚੀ ਉੱਚੀ ਰੋ ਸਕਾਂ, ਤੇ ਉਹ ਵੀ ਉੱਚੀ ਉੱਚੀ ਰੋ ਸਕੇ । ਤੇਰੀ-ਬੰਤੀ .....!
* ਸੱਚ ਮੰਨੀੰ ਜਦੋਂ ਦੀ ਇੱਥੇ ਆਈ ਸਾਂ ਮੈਨੂੰ ਇਹ ਘਰ ਕਦੇ ਆਪਣਾ ਨਹੀ ਸੀ ਲੱਗਾ, ਨਿਰੀ
ਪ੍ਰਹਾਉਣੀ ਲਗਦੀ ਸਾਂ ਇਸ ਘਰ ਵਿਚ ਪਰ ਹੁਣ ਇਸ ਘਰ ਨੇ ਮੈਨੂੰ ਬੰਨ ਲਿਆ ਏ ਇਕ ਨਿੱਕਾ ਜਿਹਾ
ਰਾਜੂ ਆ ਗਿਆ ਏ ਮੈਨੂੰ ਬੰਨਣ ਵਾਲਾ ਘਰ ਦੇ ਸਾਰੇ ਲੋਕ ਉਹਨੂੰ ਦੀਪਕ ਕਰਕੇ ਬੁਲਾਂਦੇ ਨੇ, ਪਰ
ਮੈਂ ਉਹਨੂੰ ਰਾਜੂ ਬੁਲਾਂਨੀ ਆਂ, ਤਰਕਾਲ਼ਾਂ ਵੇਲੇ ਚੰਗੀ ਠੰਢ ਉੱਤਰ ਆਉਂਦੀ ਏ ਮੈਂ ਇਕ ਲਾਲ
ਰੇਸ਼ਮੀ ਰੁਮਾਲ ਉਹਦੇ ਸਿਰ ਉੱਤੇ ਬੰਨ ਦੇਨੀ ਆਂ, ਲਾਲ ਰੁਮਾਲ ਵਿਚ ਉਹ ਹੋਰ ਵੀ ਸੋਹਣਾ ਲਗਦਾ
ਏ, ਤੇ ਮੈਂ ਉਹਨੂੰ ਝੋਲੀ ਵਿਚ ਲੈ ਕਿ ਕਿੰਨਾਂ ਕਿੰਨਾਂ ਚਿਰ ਉਹਦਾ ਮੂੰਹ ਵੇਖਦੀ ਰਹਿੰਨੀ ਆਂ
। ਤੇਰੀ-ਬੰਤੀ....... !!
* ਮੇਰਾ ਰਾਜੂ ਤਿੰਨਾਂ ਵਰਿਆ ਦਾ ਹੋ ਗਿਆ ਏ ਤੈਨੂੰ ਆਪਣੇ ਮਨ ਦੀ ਇਕ ਗੱਲ ਦੱਸਾਂ ਕਦੇ ਕਦੇ
ਮੈਂ ਜਦੋਂ ਰਾਜੂ ਦੇ ਮੂੰਹ ਵੱਲ ਵੇਖਨੀ ਆ ਵੇਖਦਿਆਂ ਵੇਖਦਿਆਂ ਉਹਦਾ ਮੂੰਹ ਵੱਡਾ ਹੋ ਜਾਂਦੇ
ਏ ਉਹਦਾ ਕੱਦ ਵੀ ਵੱਡਾ ਹੋ ਜਾਂਦਾ ਏ ਜਿਵੇਂ ਮੇਰਾ ਰਾਜੂ ਪੰਝੀਆਂ ਵਰਿਆਂ ਦਾ ਹੋ ਗਿਆ ਹੋਵੇ
ਤੇ ਮੈਂ ਅਜੇ ਵੀਹਾਂ ਵਰਿਆਂ ਦੀ ਹੋਵਾਂ ਵੇਖਿਆ ਈ ਮੈਂ ਕਿੱਡੀ ਸ਼ੁਦੈਣ ਹਾਂ ! ਬੜਾ ਸ਼ਰਾਰਤੀ ਏ
ਮੇਰਾ ਰਾਜੂ ਹੁਣੇ ਅਜੇ ਮੇਰੇ ਕੋਲ ਖੇਡਦਾ ਪਿਆ ਸੀ । ਹੁਣੇ ਕਿਤੇ ਚੌਂਕੇ ਵਿਚ ਜਾ ਪਹੁੰਚਾ
ਗਰਮ ਚੁੱਲੇ ਵਿਚ ਪਾਣੀ ਦਾ ਗਿਲਾਸ ਲੁੱਦ ਦਿੱਤਾ ਸੂ ਸਾਰਾ ਚੁੱਲਾਂ ਪਾਟ ਗਿਆ ਏ ਵਿਚਾਰੀ ਸੱਸ
ਮੇਰੀ ਨੂੰ ਦਿਹਾੜੀ ਲਾ ਕੇ ਬਣਾਨਾ ਪਵੇਗਾ । ਸੱਚ ਤੈਨੂੰ ਇਕ ਗੱਲ ਦੱਸਾਂ ਮੇਰੀ ਸੱਸ ਚੁੱਲਾਂ
ਕੀ ਬਣਾਂਦੀ ਏ ਜਿਵੇਂ ਕੋਈ ਬੁੱਤ ਘੜਦੀ ਏ ਤੂੰ ਕਦੇ ਇਹੋ ਜਿਹਾ ਬਾਂਕਾ ਚੁੱਲਾਂ ਨਹੀ ਵੇਖਿਆ
ਹੋਣਾ ਉਹਨੂੰ ਆਹਰ ਵੀ ਬੜੀ ਛੇਤੀ ਆ ਜਾਂਦਾ ਐ ਚੁੱਲਾਂ ਢਾਹ ਕਿ ਮੁੜ ਕੇ ਬਣਾਂਦੀ ਏ.. ਉਸ
ਦਿਨ ਮੈਂ ਬਾਹਰਲੇ ਚੁੱਲੇ ਤੇ ਰੋਟੀ ਪਕਾਨੀ ਆਂ ਉਂਜ ਵੱਸ ਲਗਦੇ ਉਹ ਰੋਟੀ ਦੇ ਕੰਮ ਨੂੰ ਹੱਥ
ਨਹੀ ਲਾਂਦੀ ਚੁੱਲ੍ਹਾਂ ਬਣਾਉਣ ਦਾ ਤੇ ਉਹਨੂੰ ਕੋਈ ਝੱਲ ਏ ਆਏ ਦਿਨ ਮਿੱਟੀ ਤੇ ਤੂੜੀੰ ਗੋ
ਲੈਂਦੀ ਏ ਫੇਰ ਉਹ ਚੌਂਕੇ ਦਾ ਬੂਹਾ ਅੰਦਰੋਂ ਮਾਰ ਲੈਂਦੀ ਏ ਨਾਲ ਮਿੱਟੀ ਥੱਪਦੀ ਤੇ ਨਾਲ
ਗਾਉਂਦੀ ਏ ਉਂਜ ਮੈਂ ਕਦੇ ਉਹਨੂੰ ਗਾਉਂਦਿਆਂ ਨਹੀ ਸੁਣਿਆ ਗਾਂਉਂਦਿਆਂ ਕੀ ਕਦੇ ਰੱਜ ਕਿ
ਬੋਲਦਿਆਂ ਵੀ ਨਹੀ ਸੁਣਿਆ, ਪਰ ਚੁੱਲਾਂ ਬਨਾਣ ਵੇਲੇ ਉਹ ਇੰਜ ਗਾਉਂਦੀ ਏ ਜਿਵੇਂ ਕੋਈ ਚਰਖਾ
ਕੱਤੇ ਤੇ ਲੰਬੈ ਗੌਣ ਛੋਹ ਬਵੇ ਰੱਬ ਦੀਆਂ ਰੱਬ ਜਾਣੇ ਉਹਦੇ ਮਨ ਵਿਚ ਕੀ ਗੁਜ਼ਰਦੀਆਂ ਨੇ
ਮਾਪਿਆ ਨੇ ਵੀ ਉਹਦੀ ਜਵਾਨੀੰ ਨਾਲ ਧ੍ਰੋਹ ਕਮਾਇਆ ਏ ਹੀਰੇ ਵਰਗੀ ਕੁੜੀ ਨੂੰ ਛਾਬੇ ਵਿਚ ਧਰ
ਕਿ ਚਾਂਦੀ ਦੇ ਰੁਪੀਈਏ ਤੋਲ ਲਏ ਅੱਛਾ ਦੋ ਹਰਫ਼ ਛੇਤੀ ਲਿਖ ਛੱਡੀ ਤੇਰੀ - ਬੰਤੀ.........!!
*ਤੂੰ ਗੌਣ ਪੁੱਛ ਭੇਜੇ ਨੇ ਜਿਹੜੇ ਮੇਰੀ ਸੱਸ ਗਾਉਂਦੀ ਏ ਪੂਰਾ ਗੌਣ ਕਦੇ ਉਹਨੇ ਨਹੀਂ
ਗਾਂਵਿਆ ਕੋਈ ਇਕ ਟੱਪਾ ਗਾਉਂਦੀ ਏ, ਤੇ ਫਿਰ ਘੰਟਾ ਭਰ ਉਹੀਉ ਈ ਟੱਪਾ ਗਾਉਂਦੀ ਰਹਿੰਦੀ ਏ,
ਤੇ ਅੱਜ ਵੀ ਉਹਨੇ ਪੁਰਾਣਾ ਚੁੱਲਾਂ ਢਾਹ ਕਿ ਨਵਾਂ ਬਨਾਣ ਦਾ ਆਹਰ ਕੀਤਾ ਹੋਇਆ ਏ ਚੌਂਕੇ ਦੀ
ਉਹਨੇ ਅੰਦਰੋਂ ਕੁੰਡੀ ਲਾਈ ਹੋਈ ਏ ਉਹਦੀ ਵਾਜ ਆਉਂਦੀ ਪਈ ਏ--
ਚੜ ਚੜ ਚੰਦਾ
ਮੁੱਢ ਚੜਦੇ ਦੀ ਲਾਲੀ,
ਬਿਰਹਾ ਦੀ ਅੱਗ ਅਸਾਂ
ਵਿਹੜੇ ਵਿਚ ਬਾਲੀ....
ਤੇ ਮੈਂ ਤੈਨੂੰ ਚਿੱਠੀ ਲਿਖਣ ਲੱਗ ਪਈ ਹਾਂ ਮੈਂ ਬਾਹਰ ਪਾਸਾਰ ਵਿਚ ਬੈਠੀ ਹੋਈ ਹਾਂ ਹੁਣੇ ਜੇ
ਉਹਨੇ ਕੋਈ ਹੋਰ ਟੱਪਾਂ ਗਾਂਵਿਆਂ ਮੈਂ ਤੈਨੂੰ ਲਿਖਾਂਗੀ...
ਦਿਹੁੰ ਲਹਿ ਚੱਲਿਆ ਏ ਉਹੀਉ ਟੱਪਾਂ ਉਹ ਗਾਉਂਦੀ ਰਹੀ ਅੱਜ ਉਹਦੀ ਵਾਜ ਵੀ ਭਰ ਭਰ ਆਉਦੀ ਸੀ ।
ਤੇਰ ਫੇਰ ਕਿੰਨਾਂ ਚਿਰ ਉਹਦੀ ਵਾਜ ਨਾ ਆਈ ਹੁਣ ਫੇਰ ਵਾਜ ਆਈ ਏ..
ਜੇ ਟੁਰ ਚਲਿਉਂ ਚਾਕਰੀ, ਵੇ ਸਾਨੂੰ ਬੋਝੇ ਪਾ
ਜਿਥੇ ਤਾਂ ਆਵੇ ਰਾਤੜੀ, ਸਾਨੂੰ ਕੱਢ ਕਲੇਜੜੇ ਲਾ !
ਹਾਂ ਸੱਚ ਮੈਨੂੰ ਉਹਦਾ ਇਕ ਗੀਤ ਚੇਤੇ ਆਇਆ ਏ ਇਹ ਉਹਨੇਂ ਅਜ ਤਾਂ ਨਹੀ ਗਾਇਆ ਪਰ ਅੱਗੇ
ਗਾਉਂਦੀ ਹੁੰਦੀ ਏ...
ਲਿਖਣ ਜੋਗਾ ਕਾਗਜ ਨਹੀ ਊਂ ਕਲਮੇਂ ਜੋਗ ਨਾ ਕਾਈ ਦਿਲ ਦਾ ਟੁਕੜਾ ਮੈਂ ਕਾਗਜ ਬਣਾਵਾ ਉਂਗਲੀਆਂ
ਕੱਟ ਕਾਹੀ ।।
ਚੌਂਕੇ ਦਾ ਬੂਹਾ ਅਜੇ ਵੀ ਬੰਦ ਏ ਪਰ ਬੰਦ ਬੂਹੇ ਵਿਚੋਂ ਵੀ ਜਿਵੇਂ ਮੇਰਾ ਮਨ ਲੰਘ ਕੇ ਉਹਦੇ
ਮਨ ਵਿਚ ਰਲ ਗਿਆ ਏ ਇੰਨਾਂ ਗੀਤਾਂ ਵਿਚੋਂ ਭਲਾ ਕਿਹੜਾ ਗੀਤ ਏ ਜਿਹੜਾ ਉਹਦੇ ਮਨ ਦਾ ਗੀਤ
ਨਹੀ, ਤੇ ਜਿਹੜਾ ਮੇਰੇ ਮਨ ਦਾ ਗੀਤ ਨਹੀ ।
ਤੇਰੀ ਉਹੀਉ - ਬੰਤੀ
.......!!
* ਇਕ ਗੱਲ ਮੈਂ ਤੈਨੂੰ ਲਿਖਣੀ ਭੁੱਲ ਗਈ ਹਾਂ ਮੇਰੀ ਸੱਸ ਨੂੰ ਕਿੰਨੇ ਦਿਨਾਂ ਤੋਂ ਰੋਜ ਮਾੜਾ
ਜਿਹਾ ਬੁਖ਼ਾਰ ਹੋ ਜਾਂਦਾ ਏ ਲੱਖ ਤਰਲੇ ਕੱਡੇ ਪਰ ਉਹ ਆਰਾਮ ਨਹੀ ਕਰਦੀ ਭਾਬੀ ਇੰਝ ਤਾਂ
ਡਾਕੀਆਂ ਸਚਮੁੱਚ ਇਕ ਦਿਨ ਰੱਬ ਦੀ ਚਿੱਠੀ ਲੈ ਆਵੇਗਾ ਤੂੰ ਆਪੇ ਹੀ ਆਪਣੇ ਹੱਡਾਂ ਦੇ ਵੈਰ ਪੈ
ਗਈ ਏ ।" ਇਕ ਦਿਨ ਮੈਂ ਉਹਨੂੰ ਆਖਿਆ ਸੀ, ਤੇ ਅੱਗੋਂ ਪਤਾ ਈ ਕੀ ਕਹਿਣ ਲੱਗੀ," ਤੇਰਾ ਮੂੰਹ
ਮਿੱਠਾਂ ਕਰਾਵਾਂ ਜੇ ਇਕ ਦਿਨ ਸਚਮੁੱਚ ਕੋਈ ਡਾਕੀਆਂ ਉਹਦੀ ਚਿੱਠੀ ਲੈ ਆਵੇ ਸੱਚ ਉਹਦਾ ਮੂੰਹ
ਵੇਖ ਕੇ ਤਾਂ ਮੇਰੇ ਮਨ ਦਾ ਦੁੱਖ ਵੀ ਨਿਮਾਣਾ ਪੈ ਜਾਂਦਾ ਏ ।"
ਵਰੇ ਲੰਘ ਗਏ ਹਨ ਮੈਂ ਜਾਣ ਬੁੱਝ ਕਿ ਤੈਨੂੰ ਚਿੱਠੀ ਨਹੀ ਸੀ ਲਿਖੀ ਉਂਝ ਮੈਂ ਤੇਰੇ ਨਵੇਂ
ਸ਼ਹਿਰ ਦਾ ਪਤਾ ਲੱਭ ਲਿਆ ਸੀ । ਪਤਾ ਈ ਜਦੋ ਕਦੇ ਮੈਂ ਤੈਨੂੰ ਚਿੱਠੀ ਲਿਖੀ ਖੌਰੇ ਕਿਹੜੀਆਂ
ਕਿਹੜੀਆੰ ਯਾਂਦਾ ਮੇਰੇ ਦੁਆਲੇ ਘੇਰਾ ਪਾ ਲੈਣਗੀਆਂ ਫੇਰ ਮੈਂ ਕਈ ਦਿਨ ਸੁਰਤ ਨਹੀਂ ਸੰਭਾਲ
ਸਕਣੀ ਮੇਰੇ ਹੱਥੋਂ ਚੀਜਾ ਡਿੱਗ ਡਿੱਗ ਪੈਣਗੀਆਂ ਤੇ ਮੇਰੇ ਹੱਥੋਂ ਸਬਜੀਆਂ ਸੜ ਸੜ ਜਾਣਗੀਆਂ
!!!
ਹੁਣ ਸਾਰਾ ਘਰ ਮੈਨੂੰ ਹੀ ਸੰਭਾਲਣਾ ਪੈਂਦਾ ਏ ਏਨੇ ਵਰੇ ਸੱਸ ਰੱਸੀ ਵਾਂਗ ਵਲੀਦੀ ਰਹੀ ਏ
ਮੰਜੀ ਉਤੇ ਪਈ ਹੋਈ ਨੀ ਲੱਭਦੀ ਨਿਰੀ ਬੱਗੀ ਪੂਣੀ ਹੋ ਗਈ ਸੀ ।
ਤੈਨੂੰ ਖੌਰੇ ਯਾਦ ਏ ਕਿ ਨਹੀ ਇਕ ਵਾਰੀ ਮੈਂ ਤੈਨੂੰ ਲਿਖਿਆ ਸੀ, ਕਿ ਮੇਰੀ ਸੱਸ ਮਿੱਟੀ ਦਾ
ਚੁੱਲਾਂ ਕੀ ਬਣਾਂਦੀ ਏ ਜਿਵੇਂ ਕੋਈ ਬੁੱਤ ਘੜਦੀ ਏ, ਤੇ ਆਏ ਦਿਨ ਪੁਰਾਣਾ ਚੁੱਲਾਂ ਢਾਹ ਕਿ
ਨਵਾਂ ਚੁੱਲਾਂ ਬਨਾਣ ਦਾ ਉਹਨੂੰ ਕੋਈ ਝੱਲ ਏ ਏਸ ਬੀਮਾਰੀ ਵਿਚ ਵੀ ਉਹਦਾ ਝੱਲ ਨਹੀ ਸੀ ਗਿਆ
ਮੈਂ ਵੀ ਉਹਨੂੰ ਬਹੁਤਾ ਮੋੜਦੀ ਨਹੀ ਸਾਂ ਜਿਸ ਦਿਨ ਉਹ ਮਿੱਟੀ ਤੇ ਤੂੜੀ ਗੋਂਦੀ ਏ ਉਸ ਦਿਨ
ਉਹਦੇ ਵਿਚ ਖੌਰੇ ਕਿੱਥੋ ਜਾਨ ਆ ਜਾਂਦੀ ਸੀ । ਜਿਵੇਂ ਕੋਈ ਘਰ ਵਿਚ ਕਾਜ ਰਚਾਂਦਾ ਏ ਅੱਜ ਕੋਈ
ਪੰਦਰਾਂ ਦਿਨਾਂ ਦੀ ਗੱਲ ਏ ਉਹਨੂੰ ਲਹੂ ਦੀ ਉਲਟੀ ਆਈ ਏ ਨਾ ਹੁਣ ਸਾਨੂੰ ਉਹਦੇ ਜਿਉਣ ਦਾ
ਧੋਖਾ ਸੀ ਤੇ ਨਾ ਉਹਨੂੰ ਆਪਨੂੰ ਦਿਹਾੜੀ ਜਦੋ ਮੇਰਾ ਦਿਉਰ ਹਕੀਮ ਨੂੰ ਬੁਲਾਣ ਗਿਆ ( ਮੇਰੇ
ਸਹੁਰੇ ਨੂੰ ਗੁਜਰਿਆ ਕਈ ਵਰੇ ਹੋ ਗਏ ਨੇ ) ਤਾਂ ਮੇਰੀ ਸੱਸ ਨੇ ਮੈਨੂੰ ਕੋਲ ਬੁਲਾਇਆ ਤੇ
ਕਹਿਣ ਲੱਗੀ ਜੇ ਤੂੰ ਮੇਰਾ ਆਖਾ ਮੰਨੇਂ ਬੰਤੀਏ ਦੱਸ ਭਾਬੀ ਤੂੰ ਜੋ ਆਖੇ ਮੇਰਾ ਮਨ ਬੜਾ ਈ
ਡੁੱਲਦਾ ਪਿਆ ਸੀ । ਮੈਂ ਉਹਦੀ ਮੰਜੀ ਨਾਲ ਸਿਰ ਲਾ ਕਿ ਰੋਣ ਲੱਗ ਪਈ ਝੱਲੀ ਨਾ ਹੋਵੇ ਤਾਂ
ਰੋਨੀ ਕਾਹਨੂੰ ਏ ਮੈਂ ਤਾਂ ਮਿੰਟ ਮਿੰਟ ਕਰਕੇ ਪਈ ਉਡੀਕਨੀ ਆ ਕਦੋ ਇਹ ਮੇਰੀ ਜਿੰਦ ਦਾ
ਪਿੰਜਰਾ ਟੁੱਟੇਗਾ ਤੇ ਮੇਰੀ ਰੂਹ ਏਹਦੇ ਵਿਚੋ ਨਿੱਕਲੇਗੀ ਦਸ ਭਾਬੀ ਤੂੰ ਕੀ ਆਖਨੀ ਏ
? ਜੇ ਤੂੰ ਮੈਨੂੰ ਮਿਟੀ ਗੋ ਦੇਵੇਂ...
ਝੱਲੀ ਹੋਗਈ ਏ ਭਾਬੀ !! ਸਾਹ ਤੇਰੇ ਮੁਕਦੇ ਪਏ ਨੇ ਮੈਨੂੰ ਪਤਾ ਏ ਤਾਂਹੀਏ ਤਾਂ ਮੈਂ ਆਖਨੀ ਆ
ਆਖਰੀ ਵਾਰ ਬਸ ਇਕ ਵਾਰ ਫੇਰ ਉਤੋਂ ਉਹ ਸੜਿਆ ਹੋਇਆ ਹਕੀਮ ਆ ਜਾਏਗਾ
ਭਾਬੀ ਤੂੰ ਦੁਨੀਆਂ ਦੇ ਸਾਰੇ ਮੋਹ ਤੋੜ ਛੱਡੇ ਦੁਨੀਆਂ ਨਾਲ ਤਾ ਮੋਹ ਤੂੰ ਕਦੇ ਪਾਇਆ ਈ ਨਾ,
ਨਾ ਤੈਨੂੰ ਪੈਸੇ ਨਾਲ ਪਿਆਰ, ਨਾ ਤੈਨੂੰ ਜਿੰਦ ਦੀ ਪਰਵਾਹ
ਫੇਰ ਤੈਨੂੰ ਏਸ ਚੁੱਲੇਂ ਨਾਲ ਕੀ ਏ ?
ਚੁੱਲੇਂ ਹੇਠਾ ਮੈਂ ਕੁਝ ਦੱਬਿਆ ਹੋਇਆ ਏ ਮਰਦੀ ਮਰਦੀ ਮੇਰੀ ਸੱਸ ਹੱਸ ਪਈ ਤੇ ਫੇਰ ਕਹਿਣ
ਲੱਗੀ ਤੂੰ ਇਹ ਉਮੀਦ ਨਾ ਲਾਈ, ਕਿ ਮੈਂ ਕੋਈ ਮੋਹਰਾਂ ਦੀ ਹਾਂਡੀ ਦੱਬੀ ਹੋਈ ਏ !!
ਭਾਬੀ ਤੇਰਾ ਦਿਲ ਮੈਥੋ ਗੁੱਝਾ ਨਹੀ ਜਿਹੜੇ ਘਰ ਵਿਚ ਤੇਰਾ ਮਨ ਮਰ ਗਿਆ ਉਸ ਘਰ ਵਿਚ ਤੂੰ
ਮੋਹਰਾ ਕਾਹਦੇ ਲਈ ਦੱਬਣੀਆਂ ਸਨ, ਤੇ ਮੈਨੂੰ ਵੀ ਮੜੀਆ ਮੋਹਰਾਂ ਦੀ ਝਾਕ ਨਹੀ ।
ਇਹ ਮੈਨੂੰ ਪਤਾ ਏ ਬੰਤੀਏ ਤਾਂਹੀਏ ਤਾਂ ਮੈਂ ਤੇਰੇ ਨਾਲ..
ਜੋ ਮਨ ਵਿਚ ਆਉਂਦਾ ਈ ਨਿਸੰਗ ਕਹਿ ਦੇ ਭਾਬੀ ਮੈਂ ਤੇਰੀ ਨੂੰਹ ਵੀ ਆ, ਤੇਰੀ ਧੀ ਵੀ ਆ, ਤੇ
ਤੇਰੀ ਸਹੇਲੀ ਵੀ ਆਂ
ਭਾਬੀ ਅੱਖਾਂ ਨਾਲ ਰੋਈ ਤੇ ਬੁੱਲਾਂ ਨਾਲ ਹੱਸੀ ਫੇਰ ਆਖਣ ਲੱਗੀ ਕਦੀ ਕਦੀ ਬੰਤੀਏ ਮੈਂ ਤੈਨੂੰ
ਆਖਦੀ ਹੁੰਦੀ ਸਾਂ ਨਾ ਕਿ ਆਉ ਤੁਹਾਨੂੰ'ਦਾਣੇ ਭੁੰਨ ਦਿਆ ਮੈਂ ਬੜੀ ਚੰਗੀ ਭਠਿਆਰੀ ਹਾਂ
ਆਹੋ ਭਾਬੀ ਮੈਨੂੰ ਯਾਦ ਏ ਪਰ ਇਹ ਤਾਂ ਮੈਨੂੰ ਪਤਾ ਏ ਕਿ ਤੂੰ ਐਵੇ ਹੱਸਦੀ ਹੁੰਦੀ ਸੀ । ਤੂੰ
ਭਲਾ ਭਠਿਆਰੀ ਕਿਥੋਂ ਆਈ !!
ਨਹੀ ਬੰਤੀਏ ਮੈਂ ਸੱਚੀ ਮੁੱਚੀ ਭਠਿਆਰੀ ਹਾਂ, ਕਿਸੇ ਭੱਠੀ ਵਾਲੇ ਦੀ ਭਠਿਆਰੀ.... ਤੂੰ ਹੁਣੇ
ਔਹ ਚੁੱਲਾਂ ਪੁੱਟ ਹੇਠਲੀਆਂ ਇੱਟਾਂ ਵੀ ਪੁੱਟ ਦੇਈ ਐਵੇਂ ਕੱਚੀ ਮਿੱਟੀ ਨਾਲ ਲਿੱਪੀਆਂ ਹੋਈਆਂ
ਨੇ ਹੇਠਾਂ ਕੀ ਪਿਆ ਹੋਇਆ ਏ
??
ਛਾਨਣੀ !! ਮੇਰੇ ਡਠਿਆਰੇ ਦੀ ਨਿਸ਼ਾਨੀ ਤੇ ਨਾਲੇ ਇਕ ਛਾਪ ਉਹ ਵੀ ਉਹਦੀ ਨਿਸ਼ਾਨੀ ਤੇ ਫੇਰ
ਭਾਬੀ ਨੇ ਆਪਣੇ ਮੁੱਕਦੇ ਸਾਹਵਾਂ ਨਾਲ ਮੈਨੂੰ ਸੁਣਾਇਆ," ਕਿ ਉਹਨੂੰ ਆਪਣਾ ਪਿੰਡ ਦੇ ਇਕ
ਬੰਦੇ ਨਾਲ ਪਿਆਰ ਸੀ । ਮੋਤੀ ਨਾਂ ਸੀ ਉਹਦਾ ਮਾਪਿਆ ਨੂੰ ਮਨ ਦਾ ਮੋਤੀ ਨਾ ਪਸੰਦ ਆਇਆ ਉੰਨਾ
ਨੇ ਧੀ ਨੂੰ ਕੌਡੀਆਂ ਦੇ ਭਾਅ ਵੇਚ ਛੱਡਿਆ ਵਿਆਹੀ ਨੂੰ ਅਜੇ ਮਹੀਨਾਂ ਕੁਝ ਮਹੀਨੇ ਹੀ ਹੋਏ ਸਨ
ੳਦਰੇ ਹੋਏ ਮੋਤੀ ਨੇ ਭਠਿਆਰਾ ਬਣ ਕਿ ਇਹਦੇ ਸਹੁਰੇ ਪਿੰਡ ਭੱਠੀ ਲਾ ਦਿੱਤੀ ਇਹ ਸੱਸ ਮੇਰੀ
( ਰੂਪੋ ਨਾਂ ਸੀ ਉਹਦਾ ) ਦਾਣੇ ਭੁਨਾਣ ਗਈ ਤੇ ਮੋਤੀ ਨੂੰ ਭਠਿਆਰਾ ਬਣਿਆ ਦੇਖ ਕੇ ਜਿਵੇਂ
ਉਹਦੀ ਭੱਠੀ ਵਿੱਚ ਆਪ ਭੁੱਜਣ ਲੱਗ ਪਈ ਮੋਤੀ ਦੇ ਏਸ ਉਪਰਾਲੇ ਨੇ ਭਲਾ ਮੋਤੀ ਦਾ ਕੀ ਸੰਵਾਰਨਾ
ਸੀ ਤੇ ਨਾਲੇ ਰੂਪੋ ਦਾ ਕੀ ਸੰਵਾਰਨਾ ਸੀ । ਇਕ ਦਿਨ ਰੂਪੋ ਉਹਦੇ ਪੈਰਾ ਚ ਡਿੱਗ ਕਿ ਰੋਈ
ਤੈਨੂੰ ਮੇਰੀ ਸਹੁੰ ਲੱਗੇ ਜੇ ਤੂੰ ਆਪਣਾ ਆਪ ਇੰਝ ਰੋਲੇਂ ਹੁਣ ਭੁੱਜੇ ਹੋਏ ਬੀਆਂ ਨੇ ਨਹੀ
ਉੱਗਣਾ ਤੇ ਰੂਪੋ ਨੇ ਉਹਦੀ ਭੱਠੀ ਤੋੜ ਛੱਡੀ, ਕੜਾਹੀ ਉਹਦੇ ਕੋਲੋ ਚੁੱਕਣ ਨਾ ਹੋਈ ਉਹ ਦਾਣੇ
ਛਾਨਣ ਵਾਲੀ ਛਾਨਣੀ ਚੁੱਕ ਲਿਆਈ ਤੇ ਉਹਨੂੰ ਹੁਕਮ ਦੇ ਆਈ ਕਿ ਉਹ ਆਪਣੇ ਪਿੰਡ ਮੁੜ ਜਾਵੇ ।""
ਮੋਤੀ ਕੋਲੋ ਨਾ ਉਹਦੀ ਸਹੁੰ ਮੋੜ ਹੋਈ ਤੇ ਨਾ ਉਹਦਾ ਹੁਕਮ ਆਪਣੀ ਛਾਪ ਇਕ ਨਿਸ਼ਾਨੀ ਉਸਨੇ
ਰੂਪੋ ਨੂੰ ਦਿੱਤੀ ਤੇ ਦੂਸਰੇ ਦਿਨ ਖੌਰੇ ਕਿੱਥੇ ਤੁਰ ਗਿਆ ਮੋਤੀ ਭਠਿਆਰਾ ਕੀ ਬਣਿਆ ? ਰੂਪੋ
ਨੂੰ ਸਾਰੀ ਉਮਰ ਵਾਸਤੇ ਭਠਿਆਰੀ ਬਣਾ ਗਿਆ ।!!
ਉਹਨੇ ਉਹਦੀੰ ਛਾਨਣੀ, ਤੇ ਉਹਦੀ ਛਾਪ ਦੋਵੇਂ ਚੀਜਾ ਆਪਣੇ ਕੋਲ ਰੱਖ ਲਈਆ ਪਰ ਛਾਪ ਉਤੇ ਮੋਤੀ
ਦਾ ਨਾਂ ਲਿਖਿਆ ਹੋਇਆ ਸੀ ਕਿੱਥੇ ਛੁਪਾਂਦੀ ਚੁੱਲਾਂ ਤੋੜ ਕਿ ਦੋਵੇਂ ਚੀਜਾ ਉਹਨੇ ਮਿੱਟੀ ਵਿਚ
ਦੱਬ ਦਿੱਤੀਆਂ ਤੇ ਫੇਰ ਉੱਤੇ ਨਵਾਂ ਚੁੱਲਾਂ ਬਣਾ ਦਿੱਤਾ ਸਾਰਾ ਸਾਰਾ ਦਿਨ ਉਹ ਚੁੱਲੇ ਕੋਲ
ਬਹਿ ਕਿ ਰੋਟੀਆਂ ਕੀ ਪਕਾਂਦੀ ਜਿਵੇਂ ਮਨ ਦੀਆਂ ਦਲੀਲਾਂ ਵੇਲਦੀ ਰਹਿੰਦੀ ਕਦੇ ਕਦੇ ਉਹਦਾ ਦਿਲ
ਬਹੁਤਾ ੳਦਰ ਜਾਂਦਾ ਉਹ ਚੁੱਲਾਂ ਤੋੜ ਛੱਡਦੀ ਉਹਦੀਆਂ ਨਿਸ਼ਾਨੀਆਂ ਨੂੰ ਗਲ ਨਾਲ ਲਾਂਦੀ ਰੋਂਦੀ
ਤੇਂ ਗਾਉਂਦੀ ਫੇਰ ਉਸੇ ਤਰਾਂ ਦੋਵੇਂ ਨਿਸ਼ਾਨੀਆਂ ਧਰਤੀ ਦੇ ਹਵਾਲੇ ਕਰ ਦੇਂਦੀ ਉਤੇ ਨਵਾ
ਚੁੱਲਾਂ ਉੰਨਾਂ ਦੀ ਰਾਖੀ ਬਿਠਾ ਦਿੰਦੀ ।
ਇਹ ਭਾਬੀ ਦੀ ਕਹਾਣੀ ਕੀ ਮੁੱਕੀ ਉਹਦੇ ਸਾਹ ਮੁੱਕ ਗਏ ਉਸਨੂੰ ਲਹੂ ਦੀ ਇਕ ਹੋਰ ਉਲਟੀ ਆਈ ਤੇ
ਉਹਦੀ ਜਾਨ ਦਾ ਪਿੰਜਰਾ ਟੁੱਟ ਗਿਆ ਜਿੰਨਾਂ ਚਿਰ ਭਾਬੀ ਜਾਨ ਦੇ ਪਿੰਜਰੇ ਵਿਚ ਕੈਦ ਸੀ ।
ਉਹਨੇ ਮੋਤੀ ਦੀ ਮੁੰਦਰੀ ਉੰਗਲ ਵਿਚ ਨਹੀ ਸੀ ਪਾਈ ਫੇਰ ਭਾਬੀ ਦੀ ਰੂਹ ਸੁਤੰਤਰ ਹੋ ਗਈ ਮੈਂ
ਚੁੱਲੇ ਨੂੰ ਪੁਁਟਿਆ ਤੇ ਮੁੰਦਰੀ ਕੱਢ ਕਿ ਮੋਈ ਹੋਈ ਦੀਆਂ ਉੰਗਲਾਂ ਵਿਚ ਪਾ ਦਿਤੀ
ਮਹੀਉਂ ਉਹਨੂੰ ਨੁਹਾਣਾ ਸੀ, ਮਹੀਉਂ ਉਹਦੇ ਉੱਤੇ ਕੱਫਨ ਪਾਣਾ ਸੀ ਇਸ ਲਈ ਮੈਨੂੰ ਕੋਈ ਡਰ ਨਹੀ
ਸੀ ਉਹਦੇ ਹੱਥ ਵਿਚ ਪਈ ਹੋਈ ਮੁੰਦਰੀ ਉਤੋਂ ਕੋਈ ਉਹਦੇ ਮੋਤੀ ਦਾ ਨਾਂ ਪੜ ਲਵੇਗਾ ਤੇ ਜਦੋਂ
ਤੱਕ ਲੋਕਾਂ ਨੇ ਉਹਦੇ ਫੁੱਲ ਚੁਗਣੇ ਸਨ ਉਦੋਂ ਤੱਕ ਉਹਦੀ ਮੁੰਦਰੀ ਉਤੋਂ ਉਹਦੇ ਮੋਤੀ ਦਾ ਨਾਂ
ਮਿਟ ਜਾਣਾ ਸੀ
।
ਛਾਨਣੀ ਮੈਂ ਅਜੇ ਉਸੇ ਤਰਾਂ ਚੁੱਲੇਂ ਹੇਠਾਂ ਰਹਿਣ ਦਿੱਤੀ ਤੇ ਅਗਲੇ ਮਹੀਨੇਂ ਮੇਰੀ ਮਾਂ ਨੇ
ਹਰਦਵਾਰ ਜਾਣਾ ਏ ਤੇ ਮੈਂ ਆਪਣੇ ਘਰ ਵਾਲੇ ਨੂੰ ਮਨਾਂ ਲਿਆ ਏ, ਕਿ ਮੈਂ ਵੀ ਚਾਰ ਦਿਨ ਮਾਂ
ਨਾਲ ਹੋ ਆਵਾਂਗੀ ਨਾਲੇ ਭਾਬੀ ਦੇ ਫੁੱਲ ਪ੍ਰਵਾਹ ਆਵਾਂਗੀ, ਤੇ ਫੇਰ ਅੱਗੋ ਤੂੰ ਸਮਝ ਹੀ ਗਈ
ਹੋਵੇਗੀ ਛਾਨਣੀ ਮੇਂ ਕਿਸੇ ਤਰਾਂ ਟਰੰਕ ਵਿਚ ਪਾ ਕੇ ਲੈ ਜਾਵਾਂਗੀ ਤੇ ਉਹਦੇ ਫੁੱਲ ਛਾਨਣੀ
ਵਿਚ ਪਾ ਕਿ ਪ੍ਰਵਾਹ ਕਰ ਆਵਾਂਗੀੰ
ਮੇਰੀ ਸਹੇਲੀਏ !! ਮੇਰੀਏ ਅੰਗ ਸਹਲੀਏ ਅੱਜ ਤੈਨੂੰ ਨਾ ਲਿਖਾ ਤਾਂ ਹੋਰ ਕਿਸ ਨੂੰ ਲਿਖਾਂ ਮੈਂ
ਆਪਣੀਆਂ ਯਾਦਾਂ ਨੂੰ ਵੀ ਅੱਜ ਫੋਲ ਕਿ ਵੇਖਿਆ ਏ ਇਕ ਸੂਹਾ ਰੁਮਾਲ ਉੰਨਾਂ ਦੇ ਹੇਠਾ ਸਾਂਭਿਆਂ
ਹੋਇਆ ਏ- ਭਾਂਵੇ ਕੋਈ ਬੰਤੀ ਹੋਵੇ, ਤੇ ਭਾਵੇ ਕੋਈ ਰੂਪੋ, ਤੇ ਭਾਵੇ ਕੋਈ ਕੌਣ ?
ਜਿਸ ਨੇ ਆਪਣੇ ਮਨ ਦੀਆਂ ਤੈਂਹਾ ਵਿਚ ਕੋਈ ਰੁਮਾਲ ਜਾਂ ਛਾਪ ਨਹੀ ਦੱਬੀ ਹੋਈ ?
ਅਸੀ ਨਿਕਰਮਣਾ ਜਿਹੜੀਆਂ ਕਿਸੇ ਨੂੰ ਮੁੱਹਬਤ ਕਰਦੀਆਂ ਹਾਂ ਜਨਮ ਤੋਂ ਹੀ ਭਠਿਆਰੀਆਂ ਹੋ
ਜਾਂਦੀਆਂ ਹਾਂ ਦਿਲ ਦੀ ਭੱਠੀ ਉਤੇ ਆਪਣੇ ਸਾਹਵਾਂ ਨੂੰ ਦਾਣਿਆ ਵਾਂਗ ਭੁੰਨਦੀਆਂ ਹਾਂ ਤੇ
ਯਾਦਾਂ ਦੀ ਛਾਨਣੀ ਵਿਚੋਂ ਵਰਿਆਂ ਦੀ ਰੇਤ ਛਾਣਦੀਆਂ ਹਾਂ.....
-ਤੇਰੀ ਬੰਤੀ - ਇਕ ਭਠਿਆਰੀ
-0-
|