Welcome to Seerat.ca
Welcome to Seerat.ca

ਇਹ ਸਭ ਵਿਗੜੇ ਹੋਏ ਮੁੰਡੇ ਕੁੜੀਆਂ ਸਨ

 

- ਕਰਮ ਸਿੰਘ ਹਿਸਟੋਰੀਅਮਨ

ਇਕ ਨਾਟਕ ਦਾ ਆਲੇਖ

 

- ਸੁਰਜੀਤ ਪਾਤਰ

ਭੁੱਬਲ਼ ਦੀ ਅੱਗ ਮੇਰੀ ਮਾਂ

 

- ਅਜਮੇਰ ਸਿੰਘ ਔਲਖ

ਇਕ ਕੋਹੇਨੂਰ ਹੋਰ-ਡਾ ਮਹਿੰਦਰ ਸਿੰਘ ਰੰਧਾਵਾ

 

- ਸਰਵਣ ਸਿੰਘ

ਹੱਸਣ ਦੀ ਜਾਚ

 

- ਵਰਿਆਮ ਸਿੰਘ ਸੰਧੂ

ਡੁੱਬ ਚੁੱਕੇ ਸੂਰਜ ਦੀ ਲੋਅ

 

- ਦੇਵਿੰਦਰ ਦੀਦਾਰ

ਗੰਗਾ ਰਾਮ / ਪੰਜਾਬ ਦਾ ਅਜ਼ੀਮ ਹੀਰੋ / ਨਵੇਂ ਲਾਹੌਰ ਦਾ ਪਿਓ

 

-  ਜਸਟਸ ਸੱਯਦ ਆਸਫ਼ ਸ਼ਾਹਕਾਰ

ਹਰੇ ਧਾਗੇ ਦਾ ਰਿਸ਼ਤਾ

 

- ਅੰਮ੍ਰਿਤਾ ਪ੍ਰੀਤਮ

ਕੋਠੀ ਲੱਗੇ ਐੱਨ ਆਰ ਆਈ ਬਜ਼ੁਰਗ

 

- ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ

ਗੁਰਮਖ ਸੋਂ ਬਨਾਮ ਗੋਖਾ.....!

 

- ਮਨਮਿੰਦਰ ਢਿਲੋਂ

ਸਮੁਰਾਈ ਦਾ ਦੂਜਾ ਕਾਂਡ

 

- ਰੂਪ ਢਿੱਲੋਂ

ਮੁੜ ਵਿਧਵਾ

 

- ਸੰਤ ਸਿੰਘ ਸੇਖੋਂ

ਮੰਜੀ ਠੋਕ

 

- ਚਰਨਜੀਤ ਸਿੰਘ ਪੰਨੂ

ਅਸਲੀ ਲਾਹੌਰ ਵੇਖਦਿਆਂ

 

- ਬਲਦੇਵ ਸਿੰਘ ਧਾਲੀਵਾਲ

ਰਾਜਪਾਲ ਸਿੰਘ ਦੀ ਪੁਸਤਕ ‘ਪੰਜਾਬ ਦੀ ਇਤਿਹਾਸਕ ਗਾਥਾ’

 

- ਡਾ ਸੁਭਾਸ਼ ਪਰਿਹਾਰ

ਨਾਵਲ / “ਝੱਖੜ” ਦਾ ਇਕ ਅੰਸ਼

 

- ਕੰਵਰਜੀਤ ਸਿੰਘ ਸਿੱਧੂ

ਤਿੰਨ ਕਵਿਤਾਵਾਂ

 

- ਗੁਰਨਾਮ ਢਿੱਲੋਂ

ਲੋਕ ਪਾਲ਼

 

- ਉਂਕਾਰਪ੍ਰੀਤ

ਸੈਲਫ਼ਾਂ ਤੇ ਪਈਆਂ ਕਿਤਾਬਾਂ

 

- ਡਾ. ਅਮਰਜੀਤ ਟਾਂਡਾ

ਦੋ ਕਵਿਤਾਵਾਂ

 

- ਸੰਦੀਪ ਸਿੰਘ ਸਿੱਧੂ

ਕਾਮਰੇਡ ਚਤਰਭੁਜੀ ਚੁੱਪ ਕਿਉਂ ?

 

- ਅਮਰਜੀਤ ਸਿੰਘ ਭੁੱਲਰ

ਅੱਜ ਦੇ ਗਾਇਕਾਂ ਨੇ ਪੰਜਾਬ ਨੂੰ ਨਸ਼ੇੜੀਆਂ ਤੇ ਬਦਮਾਸ਼ਾ ਦੀ ਧਰਤੀ ਬਣਾ ਛੱਡਿਆ

 

- ਬੇਅੰਤ ਗਿੱਲ ਮੋਗਾ

ਕਲਮ ਉਠਾ ਲੈਂਦਾ ਹਾਂ

 

- ਪ੍ਰੀਤ

ਡਾ. ਹਰਚਰਨ ਸਿੰਘ ਨਾਟਕਕਾਰ ਦੇ ਨਾਮ ਰਹੀ - ਕਾਫ਼ਲੇ ਦੀ ਮਈ 2016 ਮਿਲਣੀ

 

- ਉਂਕਾਰਪ੍ਰੀਤ

ਛਲਾਵੇ

 

- ਹਰਵੀਰ ਸਰਵਾਰੇ

 

Online Punjabi Magazine Seerat


ਅਸਲੀ ਲਾਹੌਰ ਵੇਖਦਿਆਂ
- ਬਲਦੇਵ ਸਿੰਘ ਧਾਲੀਵਾਲ
 

 

“ਬਾਬਿਓ ਐਹ ਕਾਰਾਂ-ਮੋਟਰਾਂ ਜੀਆਂ ਦਾ ਖਹਿੜਾ ਛੱਡੋ, ਗੋਲੀ ਮਾਰੋ ਪਰ੍ਹੇ ਆਰਾਮ-ਪਸੰਦੀ ਨੂੰ ਜੇ ਅਸਲੀ ਲਾਹੌਰ ਵੇਖਣਾ ਏ ਤਾਂ, ਕੀ ਏਹ ਮਾਈਂ ਅਹੀਂ ਇਲੀਟਾਂ ਵਾਲੀਆਂ ਸੈਰਾਂ ਕਰਨ ਡਹੇ ਆਂ? ਚਲੋ ਖਾਂ ਜ਼ਰਾ ਮੇਰੇ ਨਾਲ, ਮੈਂ ਵਿਖਾਉਣਾ ਇਆਂ ਧਾਨੂੰ ਇੱਕ ਹੋਰ ਲਾਹੌਰ। ਅਸਲੀ ਤੇ ਓਹੋ ਵੇਖਣ ਆਲਾ ਏ।” ਖਿਝ ਦੇਵ ਦਰਦ ਦੇ ਮੱਥੇ ਤੇ ਉਕਰੀ ਨਜ਼ਰ ਆਈ। ਉਸਦਾ ਤਾਅਨਾ ਸੱਚਾ ਸੀ। ਪਾਕਿਸਤਾਨ ਆਏ ਅਸੀਂ ਅੱਠੇ ਜਣੇਂ ਜਪਾਨੀ ਏ. ਸੀ. ਕੋਸਟਰ ਨਾਂ ਦੀ ਗੱਡੀ ਵਿੱਚ ਚੜ੍ਹੇ ਵੱਡੇ ਘਰਾਂ ਅਤੇ ਸੰਸਥਾਵਾਂ ਦੀਆਂ ਦਾਅਵਤਾਂ ਵਿੱਚ ਉਲਝੇ ਪਏ ਸਾਂ। ਗਿਣਤੀ ਦੇ ਦਿਨ ਉØੱਡੇ ਜਾ ਰਹੇ ਸਨ ਅਤੇ ਅਸੀਂ ਅਜੇ ਸੈਰ ਵਾਲੀ ਸੇਰ ‘ਚੋਂ ਪੂਣੀ ਨਹੀਂ ਕੱਤੀ ਸੀ। ਹੁਣ ਤਲਵਿੰਦਰ, ਸਤੀਸ਼ ਵਰਮਾ, ਜਿੰਦਰ, ਹਰਭਜਨ ਹੁੰਦਲ ਹੋਰੀਂ ਚਾਰ ਜਣੇ ਵਾਪਸ ਭਾਰਤੀ ਪੰਜਾਬ ਪਰਤ ਗਏ ਸਨ। ਪ੍ਰੇਮ ਪ੍ਰਕਾਸ਼ ਆਪਣੇ ਮਿੱਤਰ ਕਹਾਣੀਕਾਰ ਨਾਦਰ ਅਲੀ ਦੇ ਘਰ ਜਾ ਟਿਕਿਆ ਸੀ। ਬਲਦੇਵ ਸਿੰਘ ਸੜਕਨਾਮਾ ਦੁੱਲੇ ਭੱਟੀ ਦਾ ਪਿੰਡ ਵੇਖ ਕੇ ਮੁੜ ਸਾਡੇ ਨਾਲ ਆ ਰਲਿਆ। ਕਹਿੰਦੇ ਨੇ ਤੀਜਾ ਰਲਿਆ ਤੇ ਕੰਮ ਗਲਿਆ, ਪਰ ਨਹੀਂ ਸਾਡਾ ਤਾਂ ਸਗੋਂ ਸੰਵਰ ਗਿਆ ਸੀ। ਟਰੱਕਾਂ ਦੇ ਧੰਦੇ ‘ਚ ਪੈ ਕੇ ਦਿੱਲੀ-ਦੱਖਣ ਗਾਹਿਆ ਹੋਣ ਕਰਕੇ ਉਹ ਆਪ ਸੈਰ-ਸਪਾਟੇ ਦਾ ਚਾਸੜੂ ਬੰਦਾ ਹੈ ਅਤੇ ਹਿੰਮਤੀ ਵੀ ਪੂਰਾ।
“ਓ ਧਾਲੀਵਾਲ ਆਪਣੇ ਵੰਨੀ ਭਾਊ ਗਾਲ੍ਹ ਨ੍ਹੀਂ ਕਢਦੇ ਹੁੰਦੇ ਅਖੇ ਤੈਨੂੰ …. . ਥਾਣੀਂ ਲਾਹੌਰ ਦਿਸਦੈ, ਦੇਵ ਦਰਦ ਨੇ ਕਿਤੇ ਓਹੀ ਲਾਹੌਰ ਤਾਂ ਨ੍ਹੀਂ ਵਿਖਾਓਣਾਂ? ਚਲ ਭਾਈ ਅੱਜ ਓਸ ਪਾਸਿਉਂ ਅਸਲੀ ਲਾਹੌਰ ਵੀ ਵੇਖ ਲੈਨੇ ਆਂ।” ਬਲਦੇਵ ਸਿੰਘ ਨੇ ਆਪਣੀ ਟ੍ਰਾਂਸਪੋਰਟਰਾਂ ਵਾਲੀ ਸ਼ੈਲੀ ‘ਚ ਟੋਣਾਂ ਲਾਇਆ।
“ਚਲੋ ਜੀ ਅੱਜ ਸਾਰੇ ਅਧਿਕਾਰ ਆਪਣੇ ਮੁੱਖ ਮੰਤਰੀ ਦੇਵ ਸਿਉਂ ‘ਬਾਦਲ‘ ਨੂੰ ਦਿੱਤੇ।” ਮੈਂ ਇਕਮੱਤ ਹੋਣ ਦਾ ਐਲਾਨ ਕੀਤਾ ਤਾਂ ਦੇਵ ਦਰਦ ਦੇ ਮੱਥੇ ਉਤੇ ਖਿਝ ਦੀ ਥਾਂ ਮੁਸਕਾਨ ਖੇਡਣ ਲੱਗੀ।
“ਕਮਾਲ ਹੋ-ਗੀ ਏ ਬਾਬਿਓ ਅੱਜ ਤਾਂ ਵਾਹ *” ਉਹ ਵਿਸਮਾਦੀ ਹੋ ਗਿਆ।
ਆਪਣੇ ਟਿਕਾਣੇ ਤੋਂ ਨਿਕਲ ਕੇ ਅਸੀਂ ਪੈਦਲ ਹੀ ਵੱਡੀ ਸੜਕ ਤੱਕ ਗਏ। ਦੇਵ ਦਰਦ ਨੇ ਹੱਥ ਕਰਕੇ ਆਟੋ ਰੋਕ ਲਿਆ। ਉਹ ਮੂਹਰੇ ਹੋ ਕੇ ਆਗੂ ਦੇ ਫਰਜ਼ ਨਿਭਾਉਣ ਲੱਗਾ।
“ਕਿਧਰ ਜਾਣੈਂ ਸਰਦਾਰ ਜੀ?” ਆਟੋ ਵਾਲੇ ਨੇ ਮੋਨੇ ਦੇਵ ਦਰਦ ਨੂੰ ਵੀ ਸਾਡੇ ਖਾਤੇ ਪਾ ਦਿੱਤਾ ਜਿਵੇਂ ਚੜ੍ਹਦੇ ਪੰਜਾਬੋਂ ਆਇਆ ਬੰਦਾ ਹੋਰ ਕੁੱਝ ਹੋ ਹੀ ਨਹੀਂ ਸਕਦਾ ਸੀ।
“ਏਸ ਸਰਦਾਰ ਜੀ ਦੇ ਢਿੱਡ ‘ਚ ਪੱਗ ਐ।” ਬਲਦੇਵ ਸਿੰਘ ਪੂਰੇ ਰੌਂ ‘ਚ ਸੀ।
“ਪੁਰਾਣੇ ਲਾਹੌਰ ਲੈ ਚੱਲ ਪੁੱਤਰ।” ਦੇਵ ਦਰਦ ਨੇ ਅਟਸਟੇ ਨਾਲ ਮੰਜ਼ਿਲ ਦੱਸੀ।
“ਆਹਾ, ਅਖੇ ਘਗਰੇ ਦੀ ਮੌਜ ਬੜੀ ਸਿੱਧੀ ਵਾਅ … … ਨੂੰ ਆਵੇ।” ਬਲਦੇਵ ਸਿੰਘ ਨੇ ਕਾਰਾਂ-ਗੱਡੀਆਂ ਦੀ ਥਾਂ ਆਟੋ ਦੀ ਚੋਣ ਦਾ ‘ਜਸ਼ਨ‘ ਮਨਾਉਂਦਿਆਂ ਹੇਕ ਲਾ ਕੇ ਕਿਹਾ, “ਓਏ ਪਤੰਦਰਾ ਹੌਲੀ ਚੱਲ ਕਿਉਂ ਧਰਨ ਪਾਉਣੈ।” ਤੇਜ-ਸਪੀਡ ਆਟੋ ਪੁਰਾੜੇ ਲਾਹੌਰ ਨੂੰ ਜਾਂਦੀ ਸੜਕ ‘ਚ ਪਏ ਖੱਡੇ ਵਿਚੋਂ ਬੁੜਕਿਆ।
“ਲਓ ਸੋਡਾ ਤਾਂ ਬਣ ਗਿਆ ਸੜਕਨਾਮਾ, ਅੱਜ ਦੇਵ ਦਰਦ ਦੀ ਪ੍ਰੋਲਤਾਰੀਆਂ ਵਾਲੀ ਸੈਰ ਕਈ ਨਵੇਂ ਰੰਗ ਵਿਖਾਊ ਆਪਾਂ ਨੂੰ, ਆਗੇ ਆਗੇ ਦੇਖੀਏ ਹੋਤਾ ਹੈ ਕਿਆ।” ਬਲਦੇਵ ਸਿੰਘ ਸੜਕਨਾਮਾ ਦੇ ਮੁਕਾਬਲੇ ਮੈਂ ਫੁਸਫੁਸੀ ਸ਼ੁਰਲੀ ਛੱਡੀ।
“ਕਿਉਂ ਪਰਵਾਹ ਕਰਦੇ ਓ ਭਾਅ ਜੀ, ਦਾਨਾ ਖਾਕ ਮੇਂ ਮਿਲ ਕਰ ਗੁਲੋ-ਗੁਲਜ਼ਾਰ ਹੋਤਾ ਹੈ, ਵੇਖਿਓ ਖਾਂ ਅੱਜ ਮਜ਼ਾ ਆਉਂਦਾ ਖ਼ਾਕਸਾਰ ਲੋਕਾਂ ਨੂੰ ਮਿਲ ਕੇ। ,” ਦੇਵ ਦਰਦ ਆਪਣੀ ਕੁਲੰਬਸ ਵਾਲੀ ਖੋਜ ਉਤੇ ਬਾਗੋ-ਬਾਗ ਸੀ। ਆਟੋ ਦੇ ਹੁਝਕੇ ਅਤੇ ਵਾਹਵਾ ਉØੱਚਾ ਹੋ ਆਏ ਸੂਰਜ ਦੀ ਤਪਸ਼ ਉਸ ਦੇ ਚਾਅ ਵਿੱਚ ਵਿਘਨ ਪਾਉਣ ਦੇ ਸਮਰੱਥ ਨਹੀਂ ਸਨ।
ਆਟੋ ਵਾਲੇ ਨੇ ਸਾਨੂੰ ਦਿੱਲੀ ਦਰਵਾਜ਼ੇ ਕੋਲ ਉਤਾਰ ਕੇ ਸਾਹਮਣੇ ਬਾਂਹ ਲੰਮੀ ਕਰਕੇ ਦੱਸਿਆ, “ਏਧਰੋਂ ਅਗਾਂਹ ਨੂੰ ਲਗੇ ਜਾਓ ਸਰਦਾਰ ਜੀ, ਏਹ ਪੂਰਾ ਇਲਾਕਾ ਪੁਰਾਣਾ ਲਾਹੌਰ ਏ ਜੀ।” ਉਸ ਨੇ ਸੌ ਦਾ ਨੋਟ ਫੜ੍ਹਦਿਆਂ ਗੁੱਝਾ ਜਿਹਾ ਹਸਦਿਆਂ ਇਉਂ ਕਿਹਾ ਜਿਵੇਂ ਫੰਡਰ ਗਾਂ ਦਾ ਰੱਸਾ ਲਾਹ ਕੇ ਪਰ੍ਹੇ ਰੋਹੀ-ਬੀਆਬਾਨ ਵੱਲ ਹੱਕ ਦਿੱਤਾ ਹੋਵੇ।
“ਚਲੋ ਬਈ ਭਵ-ਸਾਗਰ ਤਰੀਏ ਤੇ ਅਸਲੀ ਲਾਹੌਰ ਵੇਖੀਏ।” ਟਾਂਗੇ ਵਾਲੇ ਘੋੜਿਆਂ ਦੀ ਲਿੱਦ ਅਤੇ ਮੁਤਰਾਲ ਦੀ ਛਪੜੀ ਜਿਹੀ ਤੋਂ ਛੜੱਪਾ ਮਾਰ ਕੇ ਲੰਘਦਿਆਂ ਬਲਦੇਵ ਸਿੰਘ ਨੇ ਹਵ੍ਹਾੜ ਰੋਕਣ ਲਈ ਨੱਕ ਦੀ ਕੋਠੀ ਨੂੰ ਪਲੋਸਿਆ।
ਦੇਵ ਦਰਦ ਸਾਡੀ ਅਗਵਾਈ ਕਰਦਿਆਂ ਰਹਿਬਰਾਂ ਵਾਲੀ ਚਾਲ ਅੱਗੇ ਤੁਰ ਰਿਹਾ ਸੀ। ਮਨ ਆਈ ਪੁੱਗ ਜਾਣ ਨਾਲ ਉਸ ਦੇ ਚਿਹਰੇ ਉਤੇ ਕੋਈ ਖੇੜਾ ਉਭਰ ਆਇਆ ਸੀ। ਪੁਰਾਣੀਆਂ ਦੁਰਲੱਭ ਵਸਤਾਂ (ਐਂਟੀਕ) ਦੀਆਂ ਤਲਬਗਾਰ ਉਸਦੀਆਂ ਨਜ਼ਰਾਂ ਰਾਡਾਰ ਵਾਂਗੂੰ ਆਲੇ-ਦੁਆਲੇ ਘੁੰਮ ਰਹੀਆਂ ਸਨ। ਬਾਜ਼ਾਰ ਦੇ ਦੋਨੋਂ ਪਾਸੇ ਦੀਆਂ ਦੁਕਾਨਾਂ ਤੰਬਾਕੂ ਦੀਆਂ ਬੇੜਾਂ ਬੰਨ੍ਹ ਕੇ ਬਣਾਏ ਮੋਟੇ ਸੁੱਭੜਾਂ ਨਾਲ ਥੁੰਨੀਆਂ ਪਈਆਂ ਸਨ। ਵੇਚਣ ਵਾਲੇ ਦੁਕਾਨਦਾਰ ਵੀ ਰਵਾਇਤੀ ਕਿਸਮ ਦੇ ਪੱਗੜਧਾਰੀ ਮੁਸਲਮਾਨ ਸਨ। ਬਾਣੀਏਂ ਦੁਕਾਨਦਾਰਾਂ ਨੂੰ ਵੇਖਣ ਹਿਲੀਆਂ ਅੱਖਾਂ ਨੂੰ ਤਾਂ ਇਹ ਦੁਕਾਨਦਾਰ ਹੀ ਨਹੀਂ ਲਗਦੇ ਸਨ। ਇਉਂ ਲਗਦਾ ਸੀ ਜਿਵੇਂ ਕਿਰਪਾਲ ਸਿੰਘ ਦੇ ਸਿੱਖ-ਇਤਿਹਾਸ ਨੂੰ ਚਿਤਰਨ ਵਾਲੇ ਚਿਤਰਾਂ ਵਿਚੋਂ ਕੱਢ ਕੇ ਮੁਗਲ-ਸਿਪਾਹੀ ਇਥੇ ਲਿਆ ਬਿਠਾਏ ਸਨ। ਪਕਰੋਟ ਚਿਹਰੇ, ਬਾਜ਼ ਅੱਖਾਂ, ਬੁੱਲ੍ਹਾਂ ਦੁਆਲਿਓਂ ਮੁੱਛਾਂ-ਦਾੜ੍ਹੀ ਸਫ਼ਾ-ਚੱਟ, ਖ਼ਤ ਕੱਢ ਕੇ ਤਿੱਖੀ ਕੀਤੀ ਚੱਪਾ ਕੁ ਦਾਹੜੀ, ਗਲ ਅਤੇ ਤੇੜ ਭਾਰੇ ਪਠਾਣੀ ਸੂਟ-ਸਲਵਾਰਾਂ। ਜੇ ਕਿਸੇ ਦਾ ਸਿਰ ਨੰਗਾ ਹੁੰਦਾ ਤਾਂ ਸਰੋਂ ਦੇ ਤੇਲ ਨਾਲ ਚੋਪੜੀਆਂ ਚਿਪਕੀਆਂ ਬੋਦੀਆਂ ਦੂਰ ਤੱਕ ਲਿਸ਼ਕਦੀਆਂ। ਕਿਸੇ ਕਿਸੇ ਦੇ ਸਿਰ ਤੇ ਜਾਲੀਦਾਰ ਚਿੱਟੀ ਟੋਪੀ ਵੀ ਟੋਟਣ ਦੀ ਟੀਸੀ ਨੂੰ ਢਕੀ ਬੈਠੀ ਦਿਸਦੀ।
ਤੰਬਾਕੂ ਦੀ ਤਿੱਖੀ ਬੋਅ ਨਾਲ ਨੱਕ ਵਿੱਚ ਜਲੂਣ ਜਿਹੀ ਛਿੜ ਪਈ। ਛਿੱਕ ਆਉਣ ਆਉਣ ਕਰਦੀ ਪਰ ਕਿਤੇ ਮਗਜ਼ ਵਿੱਚ ਹੀ ਫਸ ਗਈ ਲਗਦੀ। ਦੁਕਾਨਾਂ ਵਿੱਚ ਭਰਿਆ ਮਾਲ ਦੱਸਦਾ ਸੀ ਕਿ ਪਾਕਿਸਤਾਨ ਵਿੱਚ ਇਸਦੇ ਖਰੀਦਦਾਰ ਕਿੰਨੀ ਵੱਡੀ ਗਿਣਤੀ ਵਿੱਚ ਹੋਣਗੇ। ਆਉਣ ਸਮੇਂ ਸਮਝੌਤਾ ਐਕਸਪ੍ਰੈਸ ਵਿਚੋਂ ਵੀ ਵੇਖਿਆ ਸੀ, ਸ਼ਾਮ ਨੂੰ ਪਿੰਡਾਂ ਵਿੱਚ ਹੁੱਕੇ ਦੁਆਲੇ ਬਜੁਰਗਾਂ ਦੀਆਂ ਢਾਣੀਆਂ ਜੁੜੀਆਂ ਹੋਈਆਂ ਸਨ।
“ਦਸਮੇ ਗੁਰੂ ਦਾ ਘੋੜਾ ਤੰਬਾਕੂ ਦੇ ਖੇਤ ‘ਚ ਵੜਨੋ ਇਨਕਾਰੀ ਹੋ ਗਿਆ ਸੁਣਦੇ ਆਏ ਆਂ, ਪਰ ਪਤੰਦਰਾ ਤੂੰ ਤਾਂ ਅੱਜ ਤੰਬਾਕੂ ਦੇ ਗੁਦਾਮ ‘ਚ ਈ ਲੈ ਵਾੜਿਐਂ, ਹੁਣ ਏਹ ਨਾ ਆਖਦੀਂ ਗੁੜ-ਗੁੜ ਵੀ ਕਰ ਕੇ ਵੇਖ ਲੀਏ ਮਾੜੀ ਜੀ।” ਨੱਕ ਦੀ ਕੂੰਬਲੀ ਮਸਲਦਾ ਬਲਦੇਵ ਸਿੰਘ ਰੰਗ ‘ਚ ਸੀ।
“ਆਓ ਸਰਦਾਰ ਜੀ ਲੱਸੀ ਪੀਂਦੇ ਜਾਓ।” ਇੱਕ ਮੋਕਲੇ ਹੱਡਾਂ-ਪੈਰਾਂ ਵਾਲੇ ਦੁਕਾਨਦਾਰ ਨੇ ਆਵਾਜ਼ ਮਾਰੀ।
“ਓਏ ਭਰਾਵਾ ਸਾਡੀ ਤਾਂ ਅਗਲੀ ਪੀਤੀ ਬਾਹਰ ਆਉਣ ਨੂੰ ਫਿਰਦੀ ਐ।” ਬਲਦੇਵ ਸਿੰਘ ਨੇ ਮੇਰੇ ਵੱਲ ਕੁਨੱਖਾ ਵੇਖਦਿਆਂ ਕਿਹਾ। ਪਰ ਦੇਵ ਦਰਦ ਦੇ ਪੈਰ ਤਾਂ ਪਹਿਲਾਂ ਹੀ ਦੁਕਾਨ ਵੱਲ ਮੁੜ ਪਏ ਸਨ।
“ਬਾਬਿਓ ਵੇਖੋ ਕਿਆ ਕੰਗਨੀ ਵਾਲਾ ਗਿਲਾਸ ਐ, ਵਾਹ।” ਦੇਵ ਦਰਦ ਦਾ ਐਂਟੀਕਵਾਦੀ ਮਨ ਪਿੱਤਲ ਦੇ ਗਿਲਾਸ ਉਤੇ ਉਕਰੀਆਂ ਵੇਲ-ਬੂਟੀਆਂ ਵੇਖ ਕੇ ਰੀਝ ਗਿਆ।
“ਲੈ ਹੁਣ ਲੱਗੇ ਐ ਗਿਲਾਸ ਨੂੰ ਚਾਰ ਚੰਨ।” ਗੋਡੇ ਜਿੱਡੇ ਲੱਸੀ-ਭਰੇ ਗਿਲਾਸ ਵਿੱਚ ਮੱਖਣ ਦਾ ਪੇੜਾ ਸਿੱਟਦੇ ਦੁਕਾਨਦਾਰ ਵੱਲ ਵੇਖਦਿਆਂ ਮੈਨੂੰ ਧੁਰਤੜੀ ਆਈ।
“ਆਹ ਜੇ ਅਸਲੀ ਲੱਸੀ ਤਾਂ, ਵਾਹ * ਸੁਆਦ ਆ ਗਿਆ ਬਾਬਿਓ” ਦੇਵ ਦਰਦ ਨੇ ਪ੍ਰਸੰਨ-ਚਿੱਤ ਹੋ ਕੇ ਪੈਸੇ ਦਿੰਦਿਆਂ ਵੱਡਾ ਡਕਾਰ ਮਾਰਿਆ। ਗਾਹਕ ਅਤੇ ਉਹ ਵੀ ਚੜ੍ਹਦੇ ਪੰਜਾਬੋਂ ਆਏ ਗਾਹਕ ਦੇ ਚਿਹਰੇ ਤੇ ਰੱਜ ਵੇਖ ਕੇ ਦੁਕਾਨਦਾਰ ਵੀ ਮਾਣ ਨਾਲ ਭਰ ਗਿਆ ਪਰ ਉਸ ਨੇ ਪੈਸੇ ਨਾ ਲੈਣ ਦੀ ਕੋਈ ਸੁਲਹ ਨਹੀਂ ਮਾਰੀ ਜਿਵੇਂ ਸੁਣਦੇ ਸਾਂ ਕਿ ਅਜਿਹਾ ਅਕਸਰ ਹੁੰਦਾ ਹੈ।
“ਮੰਦਰ ਵੇਖਣ ਚੱਲੇ ਓ ਸਰਦਾਰ ਜੀ?” ਉਸ ਨੇ ਅਪਣੱਤ ਨਾਲ ਪੁੱਛਿਆ।
“ਇੱਥੇ ਕਿੱਥੇ ਵੇ ਮੰਦਰ?” ਗੂੜ੍ਹ ਮੁਸਲਮਾਨੀ ਇਲਾਕੇ ਵਿੱਚ ਮੰਦਰ ਬਾਰੇ ਸੁਣ ਕੇ ਦੇਵ ਦੇ ਕੰਨ ਖੜ੍ਹੇ ਹੋ ਗਏ।
“ਔਹ ਵੇ।” ਦੁਕਾਨਦਾਰ ਨੇ ਇੱਕ ਖਸਤਾ ਇਮਾਰਤ ਦੇ ਧੂੜ-ਭਰੇ ਦਰਵਾਜ਼ੇ ਵੱਲ ਇਸ਼ਾਰਾ ਕੀਤਾ। ਨੱਕਾਸ਼ੀਦਾਰ ਬੂਹੇ ਤੋਂ ਤਾਂ ਉਹ ਕੋਈ ਪੁਰਾਣਾ ਰਿਆਸਤੀ ਘਰ ਹੀ ਲਗਦਾ ਸੀ। ਅਸੀਂ ਬੂਹਾ ਖੜਕਾਇਆ। ਅੰਦਰੋਂ ਕਿਸੇ ਨਾ ਗੌਲਿਆ। ਅਸੀਂ ਵੀ ਖਹਿੜੇ ਹੀ ਪੈ ਗਏ। ਵਾਹਵਾ ਚਿਰ ਪਿੱਛੋਂ ਇੱਕ ਮੈਲੇ-ਕੁਚੈਲੇ ਕੱਪੜਿਆਂ ਵਾਲੇ ਨੌਜਵਾਨ ਨੇ ਬੇਦਿਲੀ ਜਿਹੀ ਨਾਲ ਦਰਵਾਜ਼ਾ ਖੋਹਲਿਆ। ਪੱਗਾਂ ਵੇਖ ਕੇ ਕੁੱਝ ਪੁਛਣਾ ਮੁਨਾਸਿਬ ਨਾ ਸਮਝਦਿਆਂ ਸਾਨੂੰ ਅੰਦਰ ਲੰਘਾ ਲਿਆ। ਮੰਦਰ ਤਾਂ ਕਿਤੇ ਵੀ ਨਹੀਂ ਸੀ ਦਿਸਦਾ ਗਰੀਬ-ਗੁਰਬੇ ਦੇ ਘਰ ਵਰਗਾ ਘਰ ਸੀ। ਉਸ ਨੇ ਇੱਕ ਕਮਰੇ ਦਾ ਜਿੰਦਾ ਖੋਹਲਿਆ। ਘੁਸਮੁਸੇ ਜਿਹੇ ਕਮਰੇ ਵਿਚਾਲੇ ਕਬਰ-ਨੁਮਾ ਥੜ੍ਹਾ ਸੀ ਜੋ ਗੋਟੇਦਾਰ ਹਰੀ ਚਾਦਰ ਨਾਲ ਢਕਿਆ ਹੋਇਆ ਸੀ। ਸਾਹਮਣੀ ਕੰਧ ਉਤੇ ‘ਨਾਨਕ ਪੀਰ‘ ਦੀ ਵੱਡੀ ਫਰੇਮ ਕੀਤੀ ਤਸਵੀਰ ਟੰਗੀ ਹੋਈ ਸੀ। ਪਤਾ ਲੱਗਿਆ ਇਹ ਮੰਦਰ ਨਹੀਂ ਸਗੋਂ ਗੁਰਦੁਆਰਾ ਸੀ ਜਿਹੜਾ ਪਹਿਲੀ ਪਾਤਸ਼ਾਹੀ ਨਾਲ ਸਬੰਧਿਤ ਸੀ ਪਰ ਉਸਦੇ ਇਤਿਹਾਸ ਬਾਰੇ ਨੌਜਵਾਨ ਨੂੰ ਕੋਈ ਇਲਮ ਨਹੀਂ ਸੀ। ਇਸ ਅਨੋਖੇ ਗੁਰੂਘਰ ਦਾ ਜ਼ਿਕਰ ਇਕਬਾਲ ਕੈਸਰ ਦੀ ਖੋਜ ਆਧਾਰਿਤ ਪੁਸਤਕ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿਤਰ ਅਸਥਾਨ‘ ਵਿੱਚ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਇਥੇ ਸ੍ਰੀ ਗੁਰੂ ਨਾਨਕ ਦੇਵ ਜੀ 1570 ਈ. ਆਪਣੇ ਇੱਕ ਪ੍ਰੇਮੀ ਦੁਨੀ ਚੰਦ ਦੇ ਘਰ ਆਏ ਸਨ। ਇਹ ਚੁਹਟਾ ਮੁਫਤੀ ਬਾਕਰ ਇਲਾਕੇ ਵਿੱਚ ਹੈ।
ਜੇ ਦੁਕਾਨਦਾਰ ਨੂੰ ਮੰਦਰ ਤੇ ਗੁਰਦੁਆਰੇ ਵਿੱਚ ਫਰਕ ਕਰਨ ਦੀ ਲੋੜ ਨਹੀਂ ਸੀ ਪਈ ਤਾਂ ਇਸ ਮੁਸਲਮਾਨ ਲੜਕੇ ਨੂੰ ਸਿੱਖਾਂ ਦੇ ਇਤਿਹਾਸ ਵਿੱਚ ਭਲਾ ਕੀ ਦਿਲਚਸਪੀ ਹੋ ਸਕਦੀ ਸੀ?
“ਮੇਰਾ ਵਾਲਿਦ ਏਹਦੀ ਸੰਭਾਲ ਕਰਦਾ ਏ ਜੀ।” ਮੁੰਡੇ ਨੇ ਚਿੜੀ-ਪੂੰਝਾ ਛੁਡਾਉਣ ਦੇ ਲਹਿਜ਼ੇ ਵਿੱਚ ਕਿਹਾ। ਉਸਦਾ ਰਾਸ਼ਿਦ ਨਾਂ ਦਾ ਬਾਪ ਕਿਧਰੇ ਬਾਹਰ ਗਿਆ ਹੋਇਆ ਸੀ।
“ਤੁਹਾਡੇ ਕੋਲ ਪ੍ਰਕਾਸ਼ ਕਰਨ ਲਈ ਗੁਰੂ ਗਰੰਥ ਸਾਹਿਬ ਦੀ ਬੀੜ ਹੈ?” ਮੇਰੇ ਤੋਂ ਨਾ ਚਾਹੁੰਦਿਆਂ ਵੀ ਇਹ ਮੂਰਖਾਨਾ ਸੁਆਲ ਪੁੱਛਿਆ ਗਿਆ। ਸ਼ਾਇਦ ਗੁਰਦੁਆਰੇ ਦੀ ਖਸਤਾ ਹਾਲਤ ਵੇਖ ਕੇ ਮੇਰੇ ਅੰਦਰੋਂ ਸੁੱਤਾ ਸਿੱਖ ਜਾਗ ਪਿਆ ਸੀ।
“ਨੲ੍ਹੀਂ ਜੀ ਆਹ ਕਾਪੀ ਪੜ੍ਹ ਕੇ ਵਾਲਿਦ ਹੋਰੀਂ ਗਾਉਂਦੇ ਐ ਕਦੇ ਕਦੇ” ਮੁੰਡੇ ਨੇ ਪਰ੍ਹੇ ਚੌਂਕੀ ਤੇ ਕੱਪੜੇ ਹੇਠੋਂ ਇੱਕ ਫਟੀ-ਪੁਰਾਣੀ ਬਿਨ ਜਿਲਦੀ ਕਾਪੀ ਕੱਢ ਕੇ ਵਿਖਾਈ।
“ਪੜ੍ਹ ਖਾਂ ਭਲਾ, ਕੀ ਲਿਖਿਆ ਏ ਏਂਹਦੇ ਵਿਚ?” ਸਿਫ਼ਤੀ ਦਾ ਘਰ ਕਹੇ ਜਾਂਦੇ ਸ਼ਹਿਰ ਦੇ ਵਾਸੀ ਦੇਵ ਦਰਦ ਦੀ ਜਗਿਆਸਾ ਹੋਰ ਭੜਕ ਉØੱਠੀ। ਅਸੀਂ ਜੱਟ ਦੇ ਪੈਰ ਹੇਠ ਬਟੇਰਾ ਆਉਣ ਵਾਗੂੰ ਸੁਤੇਸਿੱਧ ਇੱਕ ਦੁਰਲੱਭ ਖਜ਼ਾਨਾ ਖੋਜ ਲਿਆ ਸੀ।
ਮੁੰਡੇ ਨੇ ਅੱਖਰ ਜੋੜ-ਜੋੜ ਪੜ੍ਹਨਾ ਸ਼ੁਰੂ ਕੀਤਾ। ਕਾਪੀ ਵਿੱਚ ਯਸੂ ਮਸੀਹ ਦੀ ਮਹਿੰਮਾ ਵਿੱਚ ਲਿਖੇ ਸਾਦ-ਮੁਰਾਦੇ ਗੀਤ ਸਨ। ਪਤਾ ਲੱਗਿਆ ਰਾਸ਼ਿਦ ਤਾਂ ਮਸੀਹ ਸੀ।
“ਪਾਕਿਸਤਾਨੀ ਵਕਫ਼ ਬੋਰਡ ਵਾਲੇ ਸਾਂਭ-ਸੰਭਾਲ ਨੀ ਕਰਦੇ ਇਸ ਇਤਿਹਾਸਕ ਅਸਥਾਨ ਦੀ?” ਪੁੱਛ ਕੇ ਮੈਂ ਜਿਵੇਂ ਮੁੰਡੇ ਦੀ ਦੁਖਦੀ ਰਗ ਛੇੜ ਬੈਠਾ।
“ਕੱਖ ਨੀਂ ਦਿੰਦੇ ਜੀ, ਕੋਈ ਨੀਂ ਸਿਆਣਦਾ ਪਿਆ ਅਸਾਂ ਨੂੰ, ਬੱਸ ਵੱਡਿਆਂ ਗੁਰਦੁਆਰਿਆਂ ਤੋਂ ਸੋਟ ਕਰੀ ਜਾਂਦੇ ਨੇ।” ਹਰਖ ਵਿੱਚ ਸਿਰ ਝਟਕਦਿਆਂ ਨੌਜਵਾਨ ਦਾ ਚਿਹਰਾ ਤਮਤਮਾ ਉØੱਠਿਆ, “ਤੁਹੀਂ ਕਰੋ ਕੁਸ਼” ਹਰਖ ਛੇਤੀ ਹੀ ਬੇਬਸੀ ਵਿੱਚ ਬਦਲ ਗਿਆ ਅਤੇ ਉਸ ਨੇ ਕਿਸੇ ਵੱਡੀ ਆਸ ਨਾਲ ਸਾਡੀਆਂ ਦਸਤਾਰਾਂ ਵੱਲ ਵੇਖਿਆ।
ਸਾਡੇ ਵਰਗੇ ਸਿੱਖ ਭਲਾ ਕੀ ਕਰਦੇ? ਉਂਜ ਵੀ ਕੱਖੋਂ ਹੌਲੇ ਪਰਦੇਸੀ ਬੰਦੇ ਦਾ ਕੀ ਉਜਰ ਹੁੰਦਾ ਹੈ? ਨਿਰਾਸ਼ਾ ਦੇ ਆਲਮ ਵਿੱਚ ਬਾਹਰ ਵੱਲ ਤੁਰਦਿਆਂ ਪਿੱਛੇ ਭਉਂ ਕੇ ਹਸਰਤ ਜਿਹੀ ਨਾਲ ਫਿਰ ਬਾਬੇ ਦੀ ਤਸਵੀਰ ਵੱਲ ਵੇਖਿਆ। ਕਿੰਨੀਆਂ ਮਜ਼ਬੂਤ ਪੈੜਾਂ ਸਨ ਬਾਬੇ ਦੀਆਂ, ਅਨੇਕਾਂ ਚੰਦਰੀਆਂ ਕਾਲੀਆਂ ਬੋਲੀਆਂ ਹਨੇਰੀਆਂ ਨਾਲ ਵੀ ਨਹੀਂ ਮਿਟੀਆਂ ਸਨ। ਪਰ ਬੱਸ ਨਿਸ਼ਾਨ ਹੀ ਬਚੇ ਸਨ, ਪੈੜਾਂ ਕਰਨ ਵਾਲੇ ਨਾਲ ਜੁੜਿਆ ਕਿੰਨਾ ਕੁੱਝ ਤਾਂ ਗੁਆਚ ਗਿਆ ਸੀ। ਆਖਰੀ ਚਿੰਨ੍ਹ ਵੀ ਆਪਣੀ ਹਿਫਾਜ਼ਤ ਲਈ ਪਰਿਵਾਰ ਦੇ ਵਸੇਬੇ ਦੀ ਗਰਜ਼ ਨਾਲ ਜੁੜੇ ਜਾਪਦੇ ਸਨ।
ਬਾਹਰ ਆ ਕੇ ਸ਼ਰਬਤ ਵਾਲੀ ਦੁਕਾਨ ਤੋਂ ਗਲੀ ਦਾ ਨਾਂ ਪੁੱਛਿਆ ਤਾਂ ਉਸਨੇ ਝੋਟਾ ਬਾਜ਼ਾਰ ਦੱਸਿਆ। ਸਾਹਮਣੇ ਗੁਰਦੁਆਰੇ ਬਾਰੇ ਉਸ ਨੂੰ ਕੋਈ ਵਾਕਫ਼ੀ ਨਹੀਂ ਸੀ। ਖੈਰ ਆਮ ਲੋਕ ਇਉਂ ਹੀ ਹੁੰਦੇ ਹਨ। ਸਾਨੂੰ ਪੜ੍ਹਿਆਂ-ਲਿਖਿਆਂ ਨੂੰ ਵੀ ਮੁਸਲਿਮ ਇਤਿਹਾਸ ਬਾਰੇ ਭਲਾ ਕਿੰਨੀ ਕੁ ਜਾਣਕਾਰੀ ਹੈ? ਆਪਣੇ ਅੰਦਰ ਝਾਤੀ ਮਾਰਦਿਆਂ ਸ਼ਰਮ ਦੀ ਜ਼ਿੱਲਤ ਹੀ ਹੱਥ ਲੱਗੀ।
“ਵਾਹ * ਕਿਆ ਸ਼ਰਬਤ ਐ ਬਾਬਿਓ **” ਦੇਵ ਦਰਦ ਨੇ ਰੰਗ-ਬਿਰੰਗੀਆਂ ਬੋਤਲਾਂ ਦੀ ਕਤਾਰ ਵੱਲ ਵੇਖਦਿਆਂ ਮੂੰਹ ‘ਚ ਭਰ ਆਇਆ ਪਾਣੀ ਸੰਘੋਂ ਲੰਘਾਇਆ। ਮੈਂ ਅਤੇ ਬਲਦੇਵ ਸਿੰਘ ਸੜਕਨਾਮਾ ਇਕੱਠੇ ਹੀ ਬੋਤਲਾਂ ਵੱਲ ਇਉਂ ਝਾਕੇ ਜਿਵੇਂ ਉਨ੍ਹਾਂ ਵਿੱਚ ਹੈਪੇਟਾਈਟਸ ਏ, ਬੀ, ਸੀ ਦੇ ਕਿਟਾਣੂੰ ਮੱਛੀਆਂ ਵਾਂਗ ਤਰਦੇ ਫਿਰਦੇ ਦਿਸ ਗਏ ਹੋਣ। ਸਾਡਾ ਵਹਿਮ ਸਾਡੇ ਸੁਆਦ ਉਤੇ ਭਾਰੂ ਹੋ ਗਿਆ ਅਤੇ ਸਾਨੂੰ ਸਬਰ ਦੇ ਸ਼ਰਬਤ ਨਾਲ ਹੀ ਕਲੇਜਾ ਠਾਰਨਾ ਪਿਆ।
“ਮਜ਼ਾ ਆ ਗਿਆ ਕੇ।” ਕੱਚ ਦਾ ਵੱਡਾ ਗਿਲਾਸ ਡੀਕ ਲਾ ਕੇ ਪੀਣ ਪਿੱਛੋਂ ਡਕਾਰ ਲੈਂਦਿਆਂ ਦੇਵ ਦਰਦ ਨਿਹਾਲ ਹੋ ਕੇ ਬੋਲਿਆ। ਸੁਆਦ ਦਾ ਵਰਨਣ ਕਰਦਿਆਂ ਉਹ ਪੈਪਸੀ, ਕੋਕ, ਲਿਮਕਾ ਤੋਂ ਪਹਿਲਾਂ ਦੇ ਉਨ੍ਹਾਂ ਬੱਤਿਆਂ ਨੂੰ ਯਾਦ ਕਰਨ ਲੱਗਿਆ ਜਿਨ੍ਹਾਂ ਵਿੱਚ ਗੁਲਾਬ ਦਾ ਰਸ ਹੁੰਦਾ ਸੀ। ਸਾਨੂੰ ਵੀ ਉਹ ਦੇਸੀ ਬੱਤੇ ਪਾ ਕੇ ਬਣਾਏ ਜਾਂਦੇ ਦੁੱਧ-ਸੋਢੇ ਦੀ ਯਾਦ ਆ ਗਈ ਜਿਹੜਾ ਭਲੇ ਵੇਲਿਆਂ ਵਿੱਚ ਕਦੇ ਜਵਾਈ-ਭਾਈ ਆਏ ਤੋਂ ਨਸੀਬ ਹੁੰਦਾ ਸੀ। ਹੁਣ ਸਾਹਮਣੇ ਨਿਆਮਤ ਪਈ ਸੀ ਪਰ ਖ਼ੁਦ ਹੀ ਨਾ ਚੱਖਣ ਦੀ ਲਕੀਰ ਹਥੇਲੀ ਵਿੱਚ ਵਾਹ ਲਈ ਸੀ।
“ਸਰਦਾਰ ਜੀ ਤਾਡ੍ਹੇ ਕੰਮ ਦੀ ਸ਼ੈਅ ਔਧਰ ਵਾਲੇ ਬਾਜ਼ਾਰ ਵੱਲੇ ਵੀ ਹੈ ਜੇ।” ਸ਼ਰਬਤ ਵਾਲੇ ਨੇ ਪੱਗਾਂ ਵੇਖ ਕੇ ਸਾਨੂੰ ਅੱਗੇ ਦੀ ਦੱਸ ਪਾ ਦਿੱਤੀ। ਉਸ ਦੀ ਉਂਗਲ ਦੀ ਸੇਧ ਵਿੱਚ ਦੇਵ ਦਰਦ ਵਾਹੋ-ਦਾਹੀ ਵਗ ਪਿਆ।
ਅੱਗੇ ਬਜਾਜੀ ਦੇ ਥੋਕ ਦਾ ਭੀੜਾ ਜਿਹਾ ਬਾਜ਼ਾਰ ਸੀ। ਸਿਰਫ ਪੈਦਲਾਂ ਦਾ ਲਾਂਘਾ ਸੀ। ਦੁਪਹਿਰਾ ਹੋਣ ਨੂੰ ਸੀ ਪਰ ਇਸ ਵਿੱਚ ਅਜੇ ਦੁਕਾਨਾਂ ਹੁਣੇ ਹੀ ਖੁਲ੍ਹੀਆਂ ਸਨ ਅਤੇ ਚੱਲ ਰਹੀ ਸਾਫ਼-ਸਫਾਈ ਨਾਲ ਗਰਦੋ-ਗ਼ੁਬਾਰ ਸੀ। ਅੰਦਰ-ਬਾਹਰ ਖੜ੍ਹੇ ਦੁਕਾਨਦਾਰ ਸਾਨੂੰ ਕੁੱਝ ਕੁਝ ਹੈਰਾਨੀ ਜਿਹੀ ਨਾਲ ਤਾਂ ਤੱਕਦੇ ਰਹੇ ਪਰ ਬੋਲਿਆ ਕੋਈ ਨਾ। ਮਨ ਲੋਚਦਾ ਸੀ ਕਿ ਉਹ ਕੋਈ ਦੁਆ-ਸਲਾਮ ਕਰਨ ਪਰ …।
“ਬਚਿਓ ਸਰਦਾਰ ਜੀ, ਮਤੇ ਮੋਢਾ ਮਾਰ ਜਾਏ ਬੜੀ ਔਂਤਰੀ ਹੁੰਦੀ ਏ ਏਹਾ ਨਸਲ,” ਸਾਡੇ ਪਿੱਛੋਂ ਆਉਂਦੇ ਖੱਚਰਾਂ ਵਾਲੇ ਨੇ ਮਸ਼ਕਰੀ ਕੀਤੀ ਤੇ ਹਸਦਾ ਹਸਦਾ ਕੋਲੋਂ ਸਮਾਨ ਭਰੀਆਂ ਖੁਰਜੀਆਂ ਵਾਲੀਆਂ ਖੱਚਰਾਂ ਲੰਘਾ ਕੇ ਲੈ ਗਿਆ। ਅਸੀਂ ਅੱਗੋਂ ਕੋਈ ਮੋੜਾ ਨਾ ਦਿੱਤਾ। ਸੰਘਣੀ ਮੁਸਲਮਾਨੀ ਆਬਾਦੀ ਵਾਲੇ ਇਲਾਕੇ ਦਾ ਛੱਪਾ ਸਾਡੇ ਮਨਾਂ ਉਤੇ ਵਾਹਵਾ ਪੈ ਗਿਆ ਸੀ।
ਬਾਜ਼ਾਰ ਵਿੱਚ ਦੁਕਾਨਾਂ ਦੇ ਵਿੱਚ ਲੁਕਿਆ ਜਿਹਾ ਇੱਕ ਲੋਹੇ ਦਾ ਖਾਲਸਾਈ ਰੰਗ ਦਾ ਗੇਟ ਸੀ ਜਿਸ ਉਤੇ ਗੂੜ੍ਹੇ ਨੀਲੇ ਰੰਗ ਨਾਲ ਖੰਡੇ ਦੇ ਚਿੰਨ੍ਹ ਬਣੇ ਹੋਏ ਸਨ। ਅਸੀਂ ਆਪਣੇ ਘਰ ਵਾਂਗ ਨਿਝੱਕ ਅੰਦਰ ਲੰਘ ਗਏ। ਅੱਗੇ ਉØੱਚੇ ਥਾਂ ਇੱਕ ਆਲੀਸ਼ਾਨ ਗੁਰਦੁਆਰਾ ਸੀ। ‘ਜਨਮ ਅਸਥਾਨ ਸ੍ਰੀ ਗੁਰੂ ਰਾਮ ਦਾਸ ਜੀ‘ ਦੀ ਇਬਾਰਤ ਮੁੱਖ ਇਮਾਰਤ ਦੇ ਮੁੱਖ ਤੇ ਸ਼ੋਭ ਰਹੀ ਸੀ। ਨਾਲ ਦੀ ਇਮਾਰਤ ਵਿੱਚ ਕਾਰ ਸੇਵਾ ਚੱਲ ਰਹੀ ਸੀ। ਇਹ ਸਥਾਨ ਚੂਨਾ ਮੰਡੀ ਬਾਜ਼ਾਰ ਵਿੱਚ ਹੈ। ਮੁੱਖ ਸੇਵਾਦਾਰ ਸ੍ਰ. ਜਸਬੀਰ ਸਿੰਘ ਪੂਰੇ ਸਿੱਖੀ-ਜੋਸ਼ ਨਾਲ ਮਿਲਿਆ। ਚਾਹ ਦੇ ਲੰਗਰ ਲਈ ਉਹ ਸਾਨੂੰ ਹੇਠਾਂ ਤਹਿਖਾਨੇ ਵਿੱਚ ਲੈ ਗਿਆ।
“ਹੋਰ ਕੀ ਹਾਲ ਚਾਲ ਐ ਜੀ।” ਗੱਲਬਾਤ ਸ਼ੁਰੂ ਕਰਨ ਦੇ ਲਹਿਜ਼ੇ ਵਿੱਚ ਦੇਵ ਦਰਦ ਨੇ ਪੁੱਛਿਆ।
“ਸਿੱਖ ਦਾ ਹਾਲ ਤਾਂ ਗੁਰੂਘਰ ਨਾਲ ਹੀ ਹੁੰਦੈ, ਅੱਜ ਕੱਲ੍ਹ ਸੇਵਾ ਨਿਰਵਿਘਣ ਚੱਲ ਰਹੀ ਏ ਗੁਰੂ ਦੀ ਕਿਰਪਾ ਨਾਲ ਤੇ ਸਮਝੋ ਸਾਡਾ ਹਾਲ ਵੀ ਠੀਕ ਏ।” ਪਹਿਲੀ ਗੱਲ ਤੋਂ ਈ ਜਾਪਿਆ ਕਿ ਸੇਵਾਦਾਰ ਨੂੰ ਵਲਾ ਪਾ ਕੇ ਗੱਲ ਕਰਨ ਦੀ ਜਾਚ ਹੈ। ਜੇ ਸਿੱਖੀ ਦੇ ਲੜ ਨਾ ਲੱਗਿਆ ਹੁੰਦਾ ਤਾਂ ਪੰਜਾਬੀ ਦਾ ਕਹਾਣੀਕਾਰ ਹੋਣਾ ਸੀ। ਇਸ ਲਈ ਉਸ ਨੇ ਸਹਿਜ ਹੀ ‘ਸਾਖੀ‘ ਅੱਗੇ ਤੋਰ ਲਈ, “ਏਸ ਗੁਰੂਘਰ ‘ਚ ਕਾਰ-ਸੇਵਾ ਦੀ ਵੀ ਬੜੀ ਲੰਮੀ ਕਹਾਣੀ ਏ, ਸਰਦਾਰ ਸੈਹਬ, ਪਹਿਲਾਂ ਤੇ ਦੋਵਾਂ ਦੇਸ਼ਾਂ ਵਿੱਚ ਉਂਜ ਇੱਟ-ਖੜੱਕਾ ਹੁੰਦਾ ਰਿਹੈ, ਪਿਛਲੇ ਮਹੀਨਿਆਂ ਤੋਂ ਰਤਾ ਠੰਡ-ਠੰਢੋਲਾ ਹੋਇਐ ਤਾਂ ਸਾਡਾ ਕੰਮ ਚੱਲਿਐ, ਆਹ ਜੇਹੜਾ ਸਾਰਾ ਮਾਰਬਲ ਲੱਗ ਰਿਹੈ, ਆਪਣੇ ਓਧਰੋਂ ਈ ਆਉਂਦਾ ਜੇ। ਡਿਊਟੀ ਫ੍ਰੀ ਲੰਘਦਾ ਏ ਏਧਰ ਬਾਡਰ ਤੋਂ, ਸਾਰਾ ਕੁੱਝ ਪਾਕਿਸਤਾਨੀ ਸਰਕਾਰ ਦੇ ਸਹਿਯੋਗ ਉਤੇ ਈ ਨਿਰਭਰ ਹੁੰਦਾ ਏ।”
“ਆਹ ਆਲੇ-ਦੁਆਲੇ ਵਾਲਿਆਂ ਦਾ ਸਹਿਯੋਗ ਕਿੰਨਾ ਕੁ ਮਿਲਦੈ?” ਬਲਦੇਵ ਸਿੰਘ ਨੇ ਪੁੱਛਿਆ ਤਾਂ ਜਸਬੀਰ ਸਿੰਘ ਗੁੱਝਾ ਜਿਹਾ ਹੱਸਿਆ ਜਿਵੇਂ ਪੁੱਛ ਰਿਹਾ ਹੋਵੇ, ‘ਸਿੱਖਾਂ ਦੇ ਮੁਹੱਲੇ ਕੋਈ ਮਸੀਤ ਬਣਨ ਲੱਗ ਪਏ ਤਾਂ ਉਹ ਕਿਹੋ ਜਿਹਾ ਸਹਿਯੋਗ ਦੇਣਗੇ ਭਲਾ? ‘ ਪਰ ਉਸ ਨੇ ਹੌਲੀ ਜਿਹੇ ਭੇਤ ਸਾਂਝਾ ਕੀਤਾ, “ਏਹ ਮੁਸਲਮਾਨਾਂ ਦੀ ਸੰਘਣੀ ਆਬਾਦੀ ਵਾਲਾ ਏਰੀਆ ਏ, ਔਖ ਤਾਂ ਬੜੀ ਮਨਦੇ ਨੇ ਪਰ ਅਜੇ ਕੂੰਦੇ ਕੋ-ਨੀ, ਖੈਰ ਉਂਜ ਤੇ ਅਸੀਂ ਮੌਕਾ ਈ ਨੀ ਦਿੰਦੇ ਕੂਣ ਦਾ, ਰਾਤ ਨੂੰ ਬਾਰਾਂ-ਇਕ ਵਜੇ ਬਾਜ਼ਾਰ ਬੰਦ ਹੁੰਦਾ ਏ ਤੇ ਸਾਡਾ ਕੰਮ ਸ਼ੁਰੂ, ਅਸੀਂ ਖੱਚਰਾਂ ਨਾਲ ਪੱਥਰ, ਇੱਟਾਂ, ਸੀਮਿੰਟ ਤੇ ਬੱਜਰੀ ਵਗੈਰਾ ਢੋਣ ਡਹਿ ਪੈਂਦੇ ਆਂ। ਸਵੇਰਾਂ ਨੂੰ ਦੁਕਾਨਾਂ ਖੁੱਲ੍ਹਣ ਤੱਕ ਗਲੀ ਦੀ ਸਾਫ਼-ਸਫ਼ਾਈ ਕਰਵਾ ਛਡਦੇ ਆਂ। ਬੱਸ ਬੋਚ ਬੋਚ ਚੱਲਣ ਵਾਲੀ ਗੱਲ ਏ ਭਾਈ ਸੈਹਬ। ਅਗਲਿਆਂ ਤੇ ਸੋਚਿਆ ਹੋਵੇਗਾ ਕਿ ਇੰਚ ਇੰਚ ਅੱਗੇ ਵਧਦੇ ਵਧਦੇ, ਅੰਤ ਨੂੰ ਸਾਰੀ ਜਗ੍ਹਾਂ ਹੜੱਪ ਲਵਾਂਗੇ, ਪਰ ਅਸੀਂ ਏਹ ਮਨਸੂਬਾ ਸਿਰੇ ਨੲ੍ਹੀਂ ਚੜ੍ਹਨ ਦਿੱਤਾ।” ਆਪਣੀ ਦੰਦਾਂ ਵਿਚਾਲੇ ਜੀਭ ਵਾਂਗ ਰਹਿਣ ਦੀ ਕਲਾ ਉਤੇ ਖੁਸ਼ ਹੁੰਦਿਆਂ ਜਸਬੀਰ ਸਿੰਘ ਨੇ ਤਹਿਖਾਨੇ ਦੀ ਇੱਕ ਨੁੱਕਰ ਵੱਲ ਇਸ਼ਾਰਾ ਕੀਤਾ। ਇੱਕ ਦੁਕਾਨ ਦਾ ਪਿੱਛਾ ਖਾਸਾ ਅਗਾਂਹ ਵਧ ਕੇ ਗੁਰਦੁਆਰੇ ਦੀ ਥਾਂ ਮੱਲੀ ਬੈਠਾ ਸੀ।
“ਏਧਰ ਤਾਂ ਅਸੀਂ ਫਰਸ਼ ਵੱਲੋਂ ਲਿਜਾ ਕੇ ਕੰਧਾਂ ‘ਚ ਵੀ ਮੋਟੇ ਸਰੀਆਂ ਦਾ ਜਾਲ ਪਾਇਆ ਹੋਇਆ ਏ, ਏਹ ਤੇ ਜਾਣੋ ਬੰਕਰ ਹੀ ਬਣਾ ਛੱਡਿਆ ਏ, ਅਗਾਂਹ ਨੂੰ ਖ਼ਤਰਾ ਨਾ ਹੋਵੇ ਕੋਈ।” ਜਸਬੀਰ ਸਿੰਘ ਨੇ ਦੂਰ-ਦ੍ਰਿਸ਼ਟੀ ਦੀ ਗੱਲ ਕੀਤੀ।
“ਮਰਦਾਨੇ ਤੇ ਮੀਆਂ ਮੀਰ ਹੋਰਾਂ ਦੀ ਤਾਸੀਰ ਵਾਲਾ ਕੋਈ ਵਿਰਲਾ ਤਾਂ ਹੋਵੇਗਾ ਈ ਏਥੇ ਵੀ।” ਬਲਦੇਵ ਸਿੰਘ ਨੇ ਵਿਰਸੇ ਤੇ ਝਾਤ ਪਾਉਂਦਿਆਂ ਆਸ ਦੀ ਕਿਰਨ ਭਾਲਣੀ ਚਾਹੀ।
“ਖੈਰ ਇਉਂ ਹਰਿਆ ਬੂਟ ਤੇ ਹੁੰਦਾ ਈ ਏ, ਹਨੀਫ਼ ਨਾਂ ਦਾ ਮੁਸਲਮਾਨ ਏ ਇਕ, ਏਥੇ ਬਾਜ਼ਾਰ ਵਿੱਚ ਰੇਹੜੀ ਲਾਉਂਦਾ ਹੁੰਦਾ ਸੂ, ਨੇੜਲੀਆਂ ਦੁਕਾਨਾਂ ਵਾਲਿਆਂ ਉਸ ਵਿਚਾਰੇ ਗਰੀਬ ਨੂੰ ਘੁਰਕ ਛੱਡਿਆ, ਉਸ ਦੀ ਥਾਂ ਖੋਹ ਲਈ। ਫਿਰ ਅਸੀਂ ਐਧਰ ਗੁਰੂਘਰ ਅੱਗੇ ਰੇੜ੍ਹੀ ਲੁਆ ਦਿੱਤੀ, ਤੁਹਾਂ ਵੇਖਿਆ ਹੋਣਾ ਏਂ ਹਨੀਫ਼ ਖੜ੍ਹਾ, ਵਿਚਾਰਾ ਬਾਲ-ਬੱਚੇਦਾਰ ਏ। ਬੱਸ ਉਸ ਦਿਨ ਤੋਂ ਉਹ ਗੁਰੂ ਘਰ ਦਾ ਪੱਕਾ ਸੇਵਕ ਬਣ ਗਿਆ ਏ।” ਜਸਬੀਰ ਸਿੰਘ ਨੇ ਤੋੜਾ ਝਾੜਿਆ ਤਾਂ ਅਸੀਂ ਚੱਲਣ ਲਈ ਉØੱਠ ਖੜ੍ਹੇ ਹੋਏ।
‘ਸਿੱਖੀ ਦੀ ਸੇਵਾ ਵੀ ਖੰਡੇ ਦੀ ਧਾਰ ਤੇ ਤੁਰਨ ਵਰਗਾ ਕੰਮ ਹੀ ਐ‘ ਵਾਪਸੀ ਤੇ ਇਹ ਖ਼ਿਆਲ ਮੈਨੂੰ ਵਾਰ ਵਾਰ ਆਉਂਦਾ ਰਿਹਾ। ਸਿੱਖੀ ਦੇ ਜਗਤ ਵਿੱਚ ਮੈਂ ਤਾਂ ਕਦੇ ਇਉਂ ਝਾਤ ਹੀ ਨਹੀਂ ਪਾਈ ਸੀ। ਚੜ੍ਹਦੇ ਪੰਜਾਬ ਵਿੱਚ ਤਾਂ ਸਿੱਖੀ ਕਿਸੇ ਸਾਂਝੇ ਪਰਿਵਾਰ ਦੇ ਪੇਂਡੂ ਬੱਚੇ ਵਾਂਗ ਆਪਣੇ ਆਪ ਹੀ ਪਲੀ ਜਾਂਦੀ ਹੈ ਪਰ ਬਿਗਾਨੇ ਮੁਲਕ ਵਿੱਚ ਤਾਂ ਸਿੱਖੀ ਦੇ ਬੂਟੇ ਨੂੰ ਪੈਣ ਵਾਲੀਆਂ ਸੈਆਂ ਬਲਾਈਂ ਸਨ।।
ਗਲੀ ਦੇ ਅੰਤ ਉਤੇ ਨਾਨਬਾਈ ਦੀ ਇੱਕ ਵੱਡੀ ਦੁਕਾਨ ਸੀ। ਧੜਾ ਧੜ ਨਾਨ ਪੱਕ ਰਹੇ ਸਨ। ਲਾਹੌਰ ਵਿੱਚ ਬਹੁਤੇ ਘਰਾਂ ਵਿੱਚ ਰੋਟੀ ਦੀ ਇਹ ਬਾਜ਼ਾਰੂ ਨਾਨ ਹੀ ਪ੍ਰਧਾਨ ਹਨ। ਖਾ ਤਾਂ ਪਿਛਲੇ ਕਈ ਦਿਨਾਂ ਦੇ ਰਹੇ ਸਾਂ ਪਰ ਇਉਂ ਕਲਾਕਾਰੀ ਨਾਲ ਬਣਦੇ ਅੱਜ ਪਹਿਲੀ ਵਾਰੀ ਵੇਖੇ ਸਨ। ਮੈਂ ਫੋਟੋ ਖਿਚਦਿਆਂ ਉਨ੍ਹਾਂ ਦੀ ਕਲਾ ਨੂੰ ਨੇੜਿਉਂ ਵੇਖਣ ਲਈ ਓਧਰ ਨੂੰ ਹੋਇਆ।
“ਦੇਵ ਹੁਣ ਏਥੇ ਨਾਨ ਖਾਣ ਨਾ ਬਹਿਜੀਂ, ਹਰ ਥਾਂ ਟੁੱਟ ਕੇ ਪੈ ਜਾਨੈਂ।” ਬਲਦੇਵ ਸਿੰਘ ਨੇ ਆਰ ਲਾਈ।
“ਬਾਬਿਓ ਵਾਹ * ਕਿਆ ਕਲਾ ਹੈ ** ਮੇਰੀ ਤੇ ਵੇਖ ਕੇ ਸੱਚੀਂ ਭੁੱਖ ਚਮਕ ਆਈ ਏ, ਲੈ ਲਈਏ ਦੋ ਚਾਰ?” ਦੇਵ ਦਰਦ ਨਾਨ ਬਣਦੇ ਵੇਖਦਿਆਂ ਮੰਤਰ-ਮੁਗਧ ਹੋ ਕੇ ਬੋਲਿਆ।
“ਚਾਰਾਂ ਨੂੰ ਖਾਣ ਲਈ ਤਾਂ ਆਪਣੇ ਵਰਗੇ ਸੋਲਾਂ ਬੰਦੇ ਚਾਹੀਦੇ ਐ ਫਿਰ।” ਮੈਂ ਆਪਣਾ ਪਿਛਲੇ ਦਿਨਾਂ ਦਾ ਤਜ਼ਰਬਾ ਸਾਂਝਾ ਕੀਤਾ। ਚੱਪਾ ਨਾਨ ਹੀ ਨਿਸ਼ਾ ਕਰਾ ਦਿੰਦਾ ਸੀ ਮੇਰੀ ਤਾਂ।
ਦੇਵ ਦਰਦ ਨੂੰ ਨਾਨ ਖਰੀਦਣੋਂ ਮਸਾਂ ਹੀ ਰੋਕਿਆ। ਧੁੱਪ ਪੂਰੀ ਤਿੱਖੀ ਹੋ ਗਈ ਸੀ। ਸੂਰਜ ਐਨ ਸਿਰ ਤੇ ਆ ਖੜ੍ਹਾ ਸੀ। ਉਤੋਂ ਭੀੜੇ ਬਾਜ਼ਾਰ ਦਾ ਹੁੰਮਸ। ਮਨ ਉਥੋਂ ਨਿਕਲਣ ਲਈ ਕਾਹਲਾ ਸੀ। ਪਰ ਨਿਕਲਦੇ ਕਿਵੇਂ? ਦੇਵ ਦਰਦ ਦੇ ਪੈਰ ਮਸਾਲਾ ਬਾਜ਼ਾਰ ਵੱਲ ਵਧ ਗਏ। ਦੋਵੇਂ ਪਾਸੇ ਦੀਆਂ ਦੁਕਾਨਾਂ ਵਿੱਚ ਭਾਂਤ-ਸੁਭਾਂਤੇ ਮਸਾਲਿਆਂ ਦੇ ਅੰਬਾਰ ਲੱਗੇ ਵੇਖੇ। ਦੁਕਾਨਦਾਰ ਸਾਨੂੰ ਗਾਹਕਾਂ ਦੀ ਥਾਂ ਤੋਰੇ-ਫੇਰੇ ਵਾਲਿਆਂ ਵਾਂਗ ਹੀ ਵੇਖ ਰਹੇ ਸਨ। ਇਨ੍ਹਾਂ ਲਈ ਸਰਦਾਰ ਵੇਖਣਾ ਕੋਈ ਅਚੰਭਾ ਨਹੀਂ ਜਾਪਦਾ ਸੀ। ਸ਼ਾਇਦ ਗੁਰੂ ਘਰਾਂ ਦੇ ਦਰਸ਼ਨ-ਦੀਦਾਰ ਦੇ ਬਹਾਨੇ ਜਥੇ ਨਾਲ ਆਉਣ ਵਾਲੇ ਪ੍ਰਚੂਨ ਦੇ ਵਪਾਰੀ ਇਥੋਂ ਮਸਾਲੇ ਖਰੀਦਣ ਆਮ ਆਉਂਦੇ ਹੋਣਗੇ।
ਅਸੀਂ ਲਾਹੌਰ ਦੀ ਨਿਸ਼ਾਨੀ ਵਜੋਂ ਪਾਈਆ ਪਾਈਆ ਕਾਹਵਾ ਖਰੀਦਿਆ ਤਾਂ ਦੁਕਾਨਦਾਰ ਸਾਡੇ ਵੱਲ ਇਉਂ ਝਾਕਿਆ ਜਿਵੇਂ ਕਹਿ ਰਿਹਾ ਹੋਵੇ, ‘ਏਹਦੇ ‘ਚੋਂ ਕੀ ਕਮਾਉਂਗੇ ਭੋਲੇ ਪਾਤਸ਼ਾਹੋ? ‘ ਚਿੱਟੇ ਰੰਗ ਦੇ ਮੋਟੇ ਮੋਟੇ ਸੱਲਰੇ ਸਨ, ਲਗਦਾ ਹੀ ਨਹੀਂ ਸੀ ਇਹ ਉਬਾਲ ਕੇ ਵੀ ਆਪਦਾ ਜਾਇਕਾ ਦੇਣਗੇ। ਦੁਕਾਨਦਾਰ ਨੇ ਕਾਹਵੇ ਦਾ ਸੁਆਦ ਵਧਾਉਣ ਲਈ ਕਈ ਹੋਰ ਮਸਾਲੇ ਵੀ ਪੇਸ਼ ਕੀਤੇ ਪਰ ਅਸੀਂ ਨਵਾਬਾਂ ਵਾਲੀ ਬਰੀਕੀ ਵਿੱਚ ਨਾ ਪਏ।
ਉਹ ਵੀ ਸਮਝ ਗਿਆ ਕਿ ਅਸੀਂ ‘ਉਸ ਕਿਸਮ‘ ਦੇ ਗਾਹਕ ਨਹੀਂ ਦਿੱਲੀ ਮਾਰਕੇ ਵਾਲੇ। ਪੁਰਾਣੇ ਲਾਹੌਰ ਵਿੱਚ ਬਾਜ਼ਾਰਾਂ ਦੀ ਤਾਂ ਅਟੁੱਟ ਲੜੀ ਸੀ। ਅਚਾਰ ਬਾਜ਼ਾਰ, ਵਾਣ ਬਾਜ਼ਾਰ, ਗੁੜ ਮੰਡੀ ਤੇ ਹੋਰ ਕਈ ਕੁਝ, ਪਰ ਸਾਡੀ ਬਾਂਅ ਬੋਲ ਗਈ ਸੀ। ਐਂਟੀਕ ਦਾ ਖੋਜੀ ਦੇਵ ਦਰਦ ਕੋਈ ਪੁਰਾਣੇ ਭਾਂਡਿਆਂ ਵਾਲੀ ਜਾਂ ਕਬਾੜੀ ਦੀ ਖਾਸ ਦੁਕਾਨ ਦੀ ਤਲਾਸ਼ ਵਿੱਚ ਸੀ ਪਰ ਅਸੀਂ ਉਸ ਦੀ ਪੇਸ਼ ਨਾ ਜਾਣ ਦਿੱਤੀ। ਹੁਣ ਮੌਜੂਦਾ ਹਾਲਾਤ ਦੇ ਮੱਦੇ-ਨਜ਼ਰ ਥੱਕੇ-ਟੁੱਟੇ ਦੋ ਬਲਦੇਵਾਂ ਦਾ ਏਕਾ ਹੋ ਗਿਆ। ਅਸੀਂ ਦੇਵ ਦਰਦ ਦਾ ਦਰਦੇ-ਏ-ਦਿਲ ਵਧਾਉਂਦਿਆਂ ਨੂੰ ਦਿੱਲੀ ਦਰਵਾਜੇ ਵੱਲ ਖਿੱਚ ਲਿਆਂਦਾ।
“ਹੁਣ ਨਈਂ ਜੇ ਧਾਡ੍ਹੀ ਮੰਨਣੀ ਮੈਂ ਕੋਈ, ਅੱਧ-ਵਿਚਾਲਿਉਂ ਮੋੜ ਖੜਿਆ ਜੇ।” ਦੇਵ ਨਿੱਕੇ ਨਿਆਣਿਆਂ ਵਾਂਗ ਰੁੱਸ ਕੇ ਪਰ੍ਹੇ ਇੱਕ ਰੇੜ੍ਹੀ ਵਾਲੇ ਦੇ ਛਤਰ ਹੇਠ ਜਾ ਖੜ੍ਹਾ। ਉਸ ਦੇ ਪਿੱਛੇ ਅਸੀਂ ਵੀ ਮਨਾਉਣ ਲਈ ਗਏ।
“ਹਾਏ * ਮੈਂ ਮਰਜਾਂ ** ਕਾਂਜੀ ***” ਕਾਂਜੀ ਦੇ ਘੜੇ ਵੇਖ ਕੇ ਉਹ ਸਾਰਾ ਰੋਸਾ ਭੁੱਲ ਗਿਆ। ਉਸ ਨੇ ਘੜੇ ਦੇ ਮੂੰਹ ਕੋਲੇ ਨੱਕ ਕਰਕੇ ਕਾਂਜੀ ਦੀ ਮਹਿਕ ਦਾ ਸੁਆਦ ਲਿਆ। ਇਸ਼ਾਰਾ ਮਿਲਦਿਆਂ ਰੇਹੜੀ ਵਾਲੇ ਮੁੰਡੇ ਨੇ ਦੋ ਗਲਾਸ ਬਣਾ ਦਿੱਤੇ। ਅਸੀਂ ਨਮੂਨਾ ਵੇਖਣ ਖਾਤਰ ਡਰਦਿਆਂ ਡਰਦਿਆਂ ਇੱਕ ਇਕ ਘੁੱਟ ਭਰੀ। ਦੇਵ ਨੇ ਪੌਣੇ ਦੋ ਗਿਲਾਸ ਪੀ ਕੇ ਆਪਣੀਆਂ ਦਾਹੜੀ ਰਲੀਆਂ ਕਤਰੀਆਂ ਮੁੱਛਾਂ ਨੂੰ ਤਾਅ ਦਿੱਤਾ।
“ਕਮਾਲ ਐ ਬਾਬਿਓ, ਅਸਲੀ ਕਾਂਜੀ ਤਾਂ ਅੱਜ ਪੀਤੀ ਊ, ਵਾਹ *” ਉਸ ਨੇ ਡਕਾਰ ਮਾਰਿਆ।
“ਅੱਜ ਤਾਂ ਸਾਰਾ ਅਸਲੀ ਲਾਹੌਰ ਢਿੱਡ ‘ਚ ਪਾ ਲਿਐ ਦੇਵ ਨੇ, ਉਦੋਂ ਪਤਾ ਲੱਗੂ ਜਦੋਂ ਖੁਫ਼ੀਆ ਪੁਲਿਸ ਨੇ ਡਾਕਟਰੀ ਮੁਆਇਨਾ ਕਰਾ ਕੇ ਤਫ਼ਤੀਸ਼ ਕੀਤੀ।” ਬਲਦੇਵ ਸਿੰਘ ਨੇ ਹਸਦਿਆਂ ਇੱਕ ਹੋਰ ਟੋਣਾਂ ਲਾਇਆ।
“ਮਖਾਂ ਖੈਰ ਹੋਵੇ ਸੋਹਣੇ ਸਰਦਾਰਾਂ ਦੀ, ਸਲਾਮਾ-ਲੇਕਮ।” ਇੱਕ ਕੱਟੀ ਲੱਤ ਵਾਲੇ ਬਜੁਰਗ ਦੀ ਦੂਰੋਂ ਹੀ ਸਿੱਟ੍ਹੀ ਸਲਾਮ ਨੇ ਸਾਡਾ ਧਿਆਨ ਖਿੱਚਿਆ। ਕੱਛ ਹੇਠ ਫੌਹੜੀ ਦੇ ਕੇ ਤੁਰਦਾ ਉਹ ਪਹਿਲੀ ਨਜ਼ਰੇ ਭਿਖਾਰੀ ਜਾਪਿਆ। ਨੇੜੇ ਆ ਕੇ ਉਸ ਨੇ ਆਪਣੀ ਪਛਾਣ “ਮੇਰਾ ਨਾਂ ਖਾਨ ਮੁਹੰਮਦ ਏ ਜੀ” ਕਹਿ ਕੇ ਗੜ੍ਹਕੇ ਨਾਲ ਕਰਾਈ ਤਾਂ ਉਹ ਕੋਈ ਜਬ੍ਹੇ ਵਾਲਾ ਘੈਂਟ ਬੰਦਾ ਮਾਲੂਮ ਹੋਇਆ। ਸਾਡੇ ‘ਗਰਾਂ‘ ਪੁੱਛ ਕੇ ਉਸ ਨੇ ਹੁੱਬ ਕੇ ਦੱਸਿਆ, “ਸਰਦਾਰ ਜੀ ਅਹੀਂ ਵੀ ਸੁਲਤਾਨਪੁਰੀਏ ਆਂ ਪਿੱਛੋਂ, ਕਪੂਰਥਲੇ ਲਾਗੇ ਹੁੰਦਾ ਸੂ ਏਹ, ਵੰਡ ਵੇਲੇ ਏਧਰ ਸ਼ੇਖੂਪੁਰੇ ਵੱਲੇ ਆ ਬੈਠੇ ਵਾਂ। ਭੱਟੀ ਰਾਜਪੂਤ ਸਦੀਂਦੇ ਆਂ, ਓਧਰ ਧਾਡ੍ਹੇ ਵੱਡੇ ਸਰਦਾਰ ਲੋਕਾਂ ਨਾਲ ਲਿਹਾਜ਼ਦਾਰੀਆਂ ਹੁੰਦੀਆਂ ਸੂ ਸਾਡੀਆਂ, ਬੜਾ ਏਕਾ ਸੂ ਅੱਲਾ ਦੀ ਮੇਹਰ ਨਾਲ, ਰਲ ਕੇ ਸ਼ਿਕਾਰ ਖੇਡਦੇ ਸਾਂ, ਇੱਕ ਵੇਰਾਂ ਮੈਂ ਤੇਰਾਂ ਤਿੱਤਰ ਫੜ੍ਹ ਲਏ, ਵੱਡੇ ਸਰਦਾਰ ਹੋਰੀਂ ਆਖਣ ਲੱਗੇ ਤਿੰਨ ਕੁ ਸਾਨੂੰ ਦੇ-ਜਾ, ਮੈਂ ਹਾਸੇ-ਖੇਲੇ ‘ਚ ਸ਼ਰਤ ਲਾਉਣ ਨੂੰ ਆਖਿਆ ਪਈ ਭੱਜ ਕੇ ਫੜ੍ਹ ਲੈ, ਸਾਰੇ ਤਿੱਤਰ ਤੇਰੇ। ਕਿਥੋਂ ਫੜ੍ਹ ਸਕਨਾ ਸੂ, ਮੈਂ ਚੂੰਗੀਆਂ ਭਰਦਾ ਔਹ ਦੁਰਾਡੇ ਨਿਕਲ ਗਿਆ, ਬੜੀ ਜਾਨ ਹੁੰਦੀ ਸੂ ਉਦੋਂ ਏਨ੍ਹਾਂ ਜੰਘੀਆਂ ‘ਚ।” ਉਸ ਨੇ ਵੱਢੀ ਲੱਤ ਦਾ ਟੁੰਡ ਪਲੋਸਦਿਆਂ ਕਿਹਾ, “ਫਿਰ ਰਜ਼ਾਮੰਦੀ ਨਾਲ ਅੱਧੇ ਫੜਾ ਆਇਆ ਸਰਦਾਰ ਹੋਰਾਂ ਨੂੰ, ਹਾ--- ਹਾ--- ਹਾ।” ਹਸਦਿਆਂ ਉਸ ਨੇ ਫੌਹੜੀ ਉਤੇ ਭਾਰ ਉਗਾਸ ਕੇ ਥੱਕੀ ਲੱਤ ਨੂੰ ਆਰਾਮ ਦੁਆਇਆ। ਵਾਹਵਾ ਰੌਣਕੀ ਬੰਦਾ ਸੀ।
ਉਸਨੂੰ ਆਪਣੇ ਪਿੱਛੇ ਦਾ ਦਰੇਗ ਤਾਂ ਸੀ ਪਰ ਉਹ ਰੋਂਦੂ ਬੰਦਾ ਨਹੀਂ ਸੀ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਖੱਬਲ‘ ਦੀ ਪਾਤਰ ਵਾਂਗ ਹਰੇਕ ਥਾਂ ਜੜ੍ਹਾਂ ਲਾ ਸਕਣ ਵਾਲਾ ਸਿਰੜੀ ਬੰਦਾ ਸੀ ਖਾਨ ਮੁਹੰਮਦ। ਪੁਰਾਣੇ ਪੰਜਾਬ ਦੀ ਰੂਹ ਧੜਕਦੀ ਸੀ ਉਸ ਵਿਚ। ਸ਼ਹਿਰੀ ਪੰਜਾਬ ਤੋਂ ਵੀਹ ਕੁ ਵਰ੍ਹੇ ਪਿਛਾਂਹ ਖੜ੍ਹਾ ਸੀ ਉਹ।
“ਏਧਰ ਵੀ ਆਪਣਾ ਚੰਗਾ ਵਸੇਬ ਏ, ਅਠਾਰਾਂ ਕੁ ਕਿੱਲੇ ਪੈਲੀ ਅਲਾਟ ਹੋ ਗਈ ਸੂ, ਫਿਰ ਵੀ ਜਿਤਰਾਂ ਆਂਹਦੇ ਨੇ, ਪਰਦੇਸ ਗਿਆਂ ਨੂੰ ਮਿਲੇ ਭਾਵੇਂ ਪਾਤਸ਼ਾਹੀ ਪਰ ਦਿਲ ਵਤਨਾਂ ਨੂੰ ਚਾਹੁੰਦਾ ਏ। ਹੁਣ ਤੇ ਏਹ ਆਪਣਾ ਦੇਸ ਹੋ ਗਿਆ, ਉਦੋਂ ਤਾਂ ਪਰਦੇਸ ਈ ਦੀਂਹਦਾ ਸੂ ਏਹ। ਮੈਂ ਤੇ ਜਾਣ ਖਾਤਰ ਟਾਂਗੇ ‘ਚ ਚੜ੍ਹ ਬੈਠਾ ਸੂ, ਫਿਰ ਤੁਹੀਂ ਨਜ਼ਰੀਂ ਪੈ ਗਏ, ਮੈਂ ਆਖਿਆ ਭਰਾਵਾਂ ਨੂੰ ਮਿਲਦਾ ਜਾਵਾਂ।” ਉਹ ਅਪਣੱਤ ਦੀ ਮੂਰਤ ਬਣਿਆਂ ਖੜ੍ਹਾ ਸੀ।
“ਬਾਪੂ ਕਦੇ ਫੇਰ ਚੱਕਰ ਨ੍ਹੀਂ ਲੱਗਿਆ ਸੁਲਤਾਨਪੁਰ ਦਾ?” ਦੇਵ ਦਰਦ ਨੇ ਕਿਸੇ ਪੁਰਾਣੀ ਦੁਰਲੱਭ ਵਸਤ ਵਾਂਗ ਨਿਹਾਰਦਿਆਂ ਬਜੁਰਗ ਨੂੰ ਪੁੱਛਿਆ।
“ਨੲ੍ਹੀਂ ਸਬੱਬ ਬਣਿਆਂ ਪੁੱਤਰਾ, ਐਵੇਂ ਝੂਠ ਆਖਾਂ, ਹੁਣ ਤੇ ਰਹਿੰਦੀ ਹਯਾਤੀ ਏਥੇ ਈ ਚੋਗ ਚੁਗਣੀਂ ਏ, ਜਿਤਰਾਂ ਆਖਦੇ ਨੇ:
ਮੋਰ ਕੂੰਜਾਂ ਨੂੰ ਦੇਣ ਤਾਹਨੇ ਦੇਸ ਬਗਾਨੇ ਤਿਆਰੀ
ਜਾਂ ਤੇ ਧਾਡ੍ਹਾ ਦੇਸ ਕੁਚੱਜਾ ਜਾਂ ਕਿਸੇ ਨਾ ਯਾਰੀ
ਅੱਗੋਂ ਕੂੰਜਾਂ ਆਂਹਦੀਆਂ ਨੇ:
ਨਾ ਈ ਸਾਡਾ ਦੇਸ ਕੁਚੱਜਾ ਨਾ ਕਿਸੇ ਨਾ ਯਾਰੀ
ਚੁਗ ਚੁਗਣ ਲਈ ਆਈਆਂ ਏਥੇ ਸਾਡੀ ਮੌਲਾ ਚੋਗ ਖਿਲਾਰੀ”
ਆਪਣੇ ਮਨ ਦੀ ਗੱਲ ਕਾਵਿ-ਬੋਲਾਂ ਰਾਹੀਂ ਕਹਿ ਕੇ ਉਹ ਜਾਣ ਲਈ ਆਹੁਲਿਆ, “ਚੰਗਾ ਸਰਦਾਰ ਜੀ ਜੁਗ ਜੁਗ ਜੀਓ, ਵਸੇਬ ਤੇ ਹੁਣ ਆਪੋ-ਆਪਣਾ ਈ ਰਹਿਣਾ ਏਂ ਬਸ ਮਿਲਦੇ-ਗਿਲਦੇ ਰਹੋ।” ਕਹਿੰਦਿਆਂ ਉਹ ਤੁਰ ਪਿਆ। ਦੋ ਕੁ ਕਦਮ ਜਾ ਕੇ ਪਿੱਛਾ ਭਉਂ ਕੇ ਵੇਖਣ ਲੱਗਿਆ ਜਿਵੇਂ ਕੁੱਝ ਹੋਰ ਯਾਦ ਆ ਗਿਆ ਹੋਵੇ।
“ਹਾਂ ਸੱਚ, ਬੜੀ ਕੋਤਾਹੀ ਹੋ ਗਈ ਏ, ਪ੍ਰਾਹੁਣਿਆਂ ਨੂੰ ਸੱਦਾ ਦੇਣੋਂ ਤੇ ਉØੱਕ ਈ ਗਿਆ ਸੂ, ਬਢੇਪੇ ਨੇ ਮੱਤ ਮਾਰ ਛੱਡੀ ਊ। ਸਰਦਾਰ ਜੀ ਲਾਹੌਰ ਤੇ ਅੱਲਾ ਦੇ ਫ਼ਜ਼ਲ ਨਾਲ ਤੁਹਾਂ ਖ਼ੂਬ ਵੇਖ ਛੱਡਿਆ ਹੋਣੈਂ, ਹੁਣ ਕਦੇ ਓਧਰ ਸਾਡੇ ਵੀ ਫੇਰਾ ਪਾਓ, ਅਹੀਂ ਧਾਨੂੰ ਇੱਕ ਹੋਰ ਲਾਹੌਰ ਵਿਖਾਲਾਂਗੇ, ਧਾਡੇ ਲਈ ਮੈਂ ਪਹਿਲੇ ਤੋੜ ਦੀ ਸ਼ੀਸ਼ੀ ਕੱਢ ਕੇ ਰੱਖ ਛੱਡਣੀ ਏਂ, ਵੱਡੇ ਸਰਦਾਰਾਂ ਨਾ ਰਹਿ ਕੇ ਬਥੇਰੀ ਜਾਚ ਸਿੱਖ ਲਈ ਹੋਈ ਏ, ਮੌਕਾ ਦਿਓ ਖ਼ਿਦਮਤ ਦਾ, ਅਸਲੀ ਲਾਹੌਰ ਤਾਂ ਸਾਡੇ ਐਥੇ ਵੇ … ਐਥੇ … ਇਮਾਨ ਦੀ ਗੱਲ ਏ … ਐਥੇ ਈ ਏ ਅਸਲੀ ਲਾਹੌਰ …।” ਆਪ-ਮੁਹਾਰਾ ਬੋਲਦਿਆਂ ਸੱਜੇ ਹੱਥ ਨਾਲ ਆਪਣੀ ਛਾਤੀ ਦਾ ਖੱਬਾ ਪਾਸਾ ਜ਼ੋਰ ਨਾਲ ਥਾਪੜਦਾ ਉਹ ਸੜਕ ਲੰਘ ਗਿਆ। ਅਸੀਂ ਭੁਚੱਕੇ ਖੜ੍ਹੇ ਉਸ ਨੂੰ ਦੂਰ ਤੱਕ ਵੇਖਦੇ ਰਹੇ।
“ਬਾਬਿਓ ਕਮਾਲ ਐ, ਏਹ ਵੇ ਅਸਲੀ …. ਵਾਹ *” ਦੇਵ ਦਰਦ ਨੇ ਵਿਸਮਾਦੀ ਨਿਗਾਹਾਂ ਨਾਲ ਸਾਡੇ ਵੱਲ ਵੇਖਿਆ। ਅਸੀਂ ਮੂਕ ਸ਼ਬਦਾਂ ਨਾਲ ਉਸ ਦੀ ਹਾਂ ‘ਚ ਹਾਂ ਮਿਲਾਈ। ਜੇ ਅੱਜ ਨਾ ਆਉਂਦੇ ਤਾਂ ਸੱਚੀਂ ਲਾਹੌਰ ਆ ਕੇ ਵੀ ਅਸਲੀ ਲਾਹੌਰ ਵੇਖਣ ਤੋਂ ਖੁੰਝ ਜਾਣਾ ਸੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346