(ਉਂਕਾਰਪ੍ਰੀਤ/ਟਰਾਂਟੋ)
ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਮਈ 2016 ਮਿਲਣੀ ਡਾ.ਹਰਚਰਨ ਸਿੰਘ ਨਾਟਕਕਾਰ ਦੇ
ਜੀਵਨ ਅਤੇ ਕਲਾ ਨੂੰ ਸਮਰਪਿਤ ਰਹੀ। ਇਸ ‘ਚ ਜਿੱਥੇ ਡਾ. ਸਾਹਿਬ ਦੇ ਕਲਾਤਮਿਕ ਜੀਵਨ ਤੇ
ਰੌਸ਼ਨੀ ਪਾਈ ਗਈ ਓਥੇ ਉਹਨਾਂ ਦੇ ਪੰਜਾਬੀ ਰੰਗਮੰਚ ਲਈ ਪਾਏ ਭਰਪੂਰ ਯੋਗਦਾਨ ਬਾਰੇ ਅਹਿਮ
ਵਿਚਾਰਾਂ ਹੋਈਆਂ।
ਕਾਫ਼ਲੇ ਵਲੋਂ ਡਾ. ਸਾਹਿਬ ਦੇ ਜੀਵਨ ਤੇ ਸਮੁੱਚੀ ਝਾਤ ਪਾਉਂਦਾ ਭਾਵਪੂਰਤ ਪੇਪਰ ਬ੍ਰਜਿੰਦਰ
ਗੁਲਾਟੀ ਜੀ ਵਲੋਂ ਤਿਆਰ ਕੀਤਾ ਗਿਆ ਸੀ ਜਿਸਨੂੰ ਸ: ਪੂਰਨ ਸਿੰਘ ਪਾਂਧੀ ਹੁਰਾਂ ਨੇ ਬਾਖੂਬੀ
ਸਾਂਝਾ ਕਰਕੇ ਮਿਲਣੀ ਦਾ ਆਰੰਭ ਕੀਤਾ।
ਬਲਬੀਰ ਸਿੰਘ ਮੋਮੀ ਹੁਰਾਂ
ਨੇ ਡਾ. ਹਰਚਰਨ ਸਿੰਘ ਹੁਰਾਂ ਨਾਲ ਸਾਂਝੀਆਂ ਅਪਣੀਆਂ ਯਾਦਾਂ ਨੂੰ ਐਸੇ ਸਾਹਿਤਕ ਸਲੀਕੇ ਨਾਲ
ਹਾਜ਼ਰੀਨ ਸਾਹਵੇਂ ਰੱਖਿਆ ਕਿ ਸਭਾ ਦਾ ਮਾਹੌਲ ਡਾ. ਸਾਹਿਬ ਦੀ ਸਾਦਾ ਪਰ ਪੁਰਅਸਰ ਕਲਾਤਮਿਕ
ਸ਼ਖ਼ਸੀਅਤ ਦੀ ਆਭਾ ਨਾਲ ਲਿਸ਼ਕ ਉਠਿਆ।
ਉੱਘੇ ਰੰਗਕਰਮੀ ਸ੍ਰੀ ਜਸਪਾਲ ਢਿੱਲੋਂ ਜੀ ਨੇ ਡਾ. ਹਰਚਰਨ ਸਿੰਘ ਹੁਰਾਂ ਨਾਲ ਜੁੜੀਆਂ
ਅਪਣੀਆਂ ਯਾਦਾਂ ਨੂੰ ਨਾਟਕੀ ਅੰਦਾਜ਼ ‘ਚ ਇਵੇਂ ਪੇਸ਼ ਕੀਤਾ ਕਿ ਮਿਲਣੀ ਕਿਸੇ ਨਾਟਕ ਦੀ ਝਾਕੀ
ਦਾ ਪ੍ਰਭਾਵ ਦੇਣ ਲੱਗੀ। ਵਰਨਣਯੋਗ ਹੈ ਕਿ 1980ਵਿਆਂ ‘ਚ ਡਾ. ਹਰਚਰਨ ਸਿੰਘ ਹੁਰਾਂ ਦੇ ਨਾਟਕ
‘ਰਾਣੀ ਜਿੰਦਾਂ’ ਦੇ ਅਮਰੀਕਾ-ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ‘ਚ ਮੰਚਨ ਨਾਲ ਹੀ
ਨਾਰਥ-ਅਮਰੀਕਾ ‘ਚ ਪੰਜਾਬੀ ਰੰਗਮੰਚ ਦੀ ਨੀਂਹ ਰੱਖੀ ਗਈ ਸੀ। ਜਸਪਾਲ ਢਿਲੋਂ ਜੀ ਉਸ ਇਤਿਹਾਸਕ
ਟੀਮ ਦਾ ਹਿੱਸਾ ਸਨ।
ਰੰਗਕਰਮੀ ਅਤੇ ਨਾਟ-ਲੇਖਕ ਸ: ਨਾਹਰ ਸਿੰਘ ਔਜਲਾ ਜੀ ਨੇ ਡਾ. ਹਰਚਰਨ ਸਿੰਘ ਨਾਟਟਕਾਰ ਦੇ
ਹਵਾਲੇ ਨਾਲ ਭਾਰਤ ਤੋਂ ਬਾਹਰਲੇ ਪੰਜਾਬੀ ਰੰਗਮੰਚ ਨੂੰ ਖੋਜ ਅਧਾਰਿਤ ਇਤਹਾਸਕ ਪਰਿਪੇਖ ਤੋਂ
ਵੇਖਣ ਅਤੇ ਸਾਂਭਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਸੰਦਰਭ ‘ਚ ਉਹਨਾਂ ਨੇ ਅਪਣੇ ਵਲੋਂ ਕੀਤੇ
ਜਾ ਰਹੇ ਯਤਨਾਂ ਲਈ ਸਮੂਹ ਰੰਗਕਰਮੀਆਂ ਦੇ ਸਹਿਯੋਗ ਦੀ ਆਸ ਪ੍ਰਗਟਾਈ।
ਉੱਘੇ ਵਾਰਤਾਕਾਰ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਨੇ ਇਸ ਮੌਕੇ ਡਾ. ਹਰਚਰਨ ਸਿੰਘ ਹੁਰਾਂ
ਨਾਲ ਜੁੜੀਆਂ ਅਪਣੀਆਂ ਦਿੱਲੀ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਡਾ. ਸਾਹਿਬ ਦੀ
ਸਾਦਾ ਸ਼ਖ਼ਸੀਅਤ ਭਰਪੂਰ ਸਦਾਚਾਰਿਕ ਗੁਣਾਂ ਵਾਲੀ ਸੀ ਅਤੇ ਉਹ ਹਰ ਸਮੇਂ ਅਪਣੇ ਵਿਤੋਂ ਬਾਹਰ
ਜਾ ਕੇ ਵੀ ਆਸਵੰਦ ਦੀ ਲੋੜ ਪੂਰਨ ਲਈ ਤਤਪਰ ਦਿਖਾਈ ਦਿੰਦੇ ਸਨ ।
ਉੱਘੇ ਕਹਾਣੀਕਾਰ ਸ: ਜਰਨੈਲ ਸਿੰਘ ਹੁਰਾਂ ਨੇ ਜਿੱਥੇ ਡਾ. ਸਾਹਿਬ ਦੀ ਨਾਟ-ਸ਼ੈਲੀ ਅਤੇ
ਵਿਸੇ-ਵਸਤੂ ਬਾਰੇ ਅਪਣੇ ਵਿਚਾਰ ਦਰਸਾਏ ਓਥੇ ਡਾ. ਸਹਿਬ ਦੇ ਵਿਦਿਆਰਥੀ ਹੋਣ ਵੇਲੇ ਦੇ
ਮਾਣਮੱਤੇ ਪਲਾਂ ਨੂੰ ਵੀ ਭਾਵਪੂਰਤ ਸ਼ਬਦਾਂ ‘ਚ ਸਾਂਝਿਆ ਕੀਤਾ।
ਕਾਫ਼ਲੇ ਦੀ ਇਸ ਮਿਲਣੀ
ਦੌਰਾਨ ਡਾ. ਹਰਚਰਨ ਸਿੰਘ ਹੁਰਾਂ ਦੇ ਪਰਿਵਾਰ ਦੀ ਭਰਪੂਰ ਸ਼ਮੂਲੀਅਤ ਰਹੀ। ਡਾ. ਸਾਹਿਬ ਦੇ
ਵੱਡੇ ਸਪੁੱਤਰ ਡਾ.ਅਮਰਜੀਤ ਸਿੰਘ ਅਤੇ ਉਹਨਾਂ ਦੀ ਸੁਪਤਨੀ ਜੋ ਲੰਬੇ ਸਮੇਂ ਤੋਂ ਕਾਫਲੇ ਦੇ
ਅੰਗ-ਸੰਗ ਹਨ ਵਲੋਂ ਇਸ ਸਮਾਗਮ ਦੀ ਤਿਆਰੀ ਲਈ ਭਰਪੂਰ ਯੋਗਦਾਨ ਪਾਇਆ ਗਿਆ। ਇਸ ਮੌਕੇ ਉਨਾਂ
ਦੇ ਪਰਿਵਾਰਕ ਮੈਂਬਰ ਕੈਨੇਡਾ ਅਮਰੀਕਾ ਦੇ ਦੂਰ ਨੇੜਲੇ ਸ਼ਹਿਰਾਂ ਤੋਂ ਹੁਮ-ਹੁਮਾ ਕੇ ਪੁਜੇ।
ਡਾ. ਅਮਰਜੀਤ ਸਿੰਘ ਨੇ ਜਿੱਥੇ ਬਹੁਤ ਨਿੱਘੇ ਸ਼ਬਦਾਂ ‘ਚ ਅਪਣੇ ਪਿਤਾ ਅਤੇ ਪੰਜਾਬੀ ਨਾਟਕ ਦੇ
ਪਿਤਾਮਾ ਰੂਪ ਡਾ. ਹਰਚਰਨ ਸਿੰਘ ਹੁਰਾਂ ਬਾਰੇ ਅਪਣੇ ਵਿਚਾਰ ਸਾਂਝੇ ਕੀਤੇ ਓਥੇ ਉਹਨਾ ਦੀ ਭੈਣ
ਪ੍ਰੋ: ਅੰਮ੍ਰਿਤ ਗਹੂਣੀਆ ਨੇ ਵੀ ਅਪਣੇ ਪਿਤਾ ਡਾ. ਹਰਚਰਨ ਸਿੰਘ ਹੁਰਾ ਦੇ ਨਾਟਕਾਂ ਦੇ
ਹਵਾਲੇ ਨਾਲ ਅਪਣੇ ਵਿਚਾਰਾਂ ਨੂੰ ਇਵੇਂ ਪੇਸ਼ ਕੀਤਾ ਕਿ ਉਹਨਾਂ ਵਿਚਲੇ ਜ਼ਜ਼ਬੇ ਸਰੋਤਿਆਂ
ਦੀਆਂ ਅੱਖੀਆਂ ਚੋਂ ਲਿਸ਼ਕਣ ਲੱਗੇ।
ਸਾਰੇ ਸਮਾਗਮ ਦੋਰਾਨ ਡਾ. ਨਾਹਰ ਸਿੰਘ ਹੁਰਾ ਦੇ ਵਿਚਾਰ ਕੁੰਜੀਵਤ ਰੂਪ ‘ਚ ਪਰਵਹਿਤ ਰਹੇ।
ਡਾ. ਨਾਹਰ ਸਿੰਘ ਹੁਰੀਂ ਲੰਬਾ ਸਮਾਂ ਡਾ. ਹਰਚਰਨ ਸਿੰਘ ਹੁਰਾਂ ਦੇ ਸਹਿਯੋਗੀ ਅਤੇ ਸਹਿਕਰਮੀ
ਰਹੇ ਹਨ। ਅਪਣੇ ਇਸ ਅਨੁਭਵ ਚੋਂ ਡਾ. ਨਾਹਰ ਸਿੰਘ ਹੁਰਾਂ ਨੇ ਡਾ. ਹਰਚਰਨ ਸਿੰਘ ਹੁਰਾਂ ਦਾ
ਜਿਵੇਂ ਕਲਾਤਮਿਕ ਚਿੱਤਰ ਪੇਸ਼ ਕੀਤਾ। ਉਹ ਚਿੱਤਰ ਜਿਸ ਚੋਂ ਡਾ. ਹਰਚਰਨ ਸਿੰਘ ਦੀ ਪੰਜਾਬੀ
ਰੰਗਮੰਚ ਪ੍ਰਤੀ ਦਰਵੇਸ਼ੀ ਪ੍ਰਤੀਬੱਧਤਾ ਝਲਕਦੀ ਹੈ। ਇਸ ਮੌਕੇ ਉਹਨਾਂ ਨੇ ਡਾ. ਹਰਚਰਨ ਸਿੰਘ
ਦੇ ਸਮਕਾਲੀ ਨਾਟਕਕਾਰਾਂ ਈਸ਼ਵਰ ਚੰਦਰ ਨੰਦਾ, ਬਲਵੰਤ ਗਾਰਗੀ,ਭਾਜੀ ਗੁਰਸ਼ਰਨ ਸਿੰਘ ਅਤੇ ਸੰਤ
ਸਿੰਘ ਸੇਖੋਂ ਨਾਲੋਂ ਉਹਨਾਂ ਦੇ ਵਿਲੱਖਣ ਅਤੇ ਸਮਾਨਅੰਤਰ ਨਾਟਕੀ ਗੁਣਾਂ ਨੂੰ ਉਜਾਗਰ
ਕਰਦਿਆਂ, ਡਾ. ਹਰਚਰਨ ਸਿੰਘ ਹੁਰਾਂ ਦੇ ਨਾਟਕਾਂ ਨੂੰ ਪੰਜਾਬੀ ਵਿਰਸੇ ਦੀ ਸਮਾਜਿਕਤਾ ਨੂੰ
ਪੇਸ਼ ਕਰਨ ਵਾਲੇ ਵਿਲੱਖਣ ਅਤੇ ਇਤਹਾਸਕ ਨਾਟਕ ਸਿੱਧ ਕੀਤਾ।
ਇਸ ਮਿਲਣੀ ਦੌਰਾਨ ਡਾ. ਵਰਿਆਮ ਸਿੰਘ ਸੰਧੂ, ਸੁਖਮਿੰਦਰ ਰਾਮਪੁਰੀ, ਭੁਪਿੰਦਰ ਦੂਲੈ, ਵਕੀਲ
ਕਲੇਰ, ਜਸਵਿੰਦਰ ਸੰਧੂ, ਪ੍ਰਤੀਕ ਆਰਟਿਸਟ, ਗੁਰਦੇਵ ਘਣਗਸ, ਸੁੰਦਰਪਾਲ ਕੌਰ, ਇਕਬਾਲ ਬਰਾੜ
ਅਤੇ ਸਰਬਜੀਤ ਮਾਨ ਸਮੇਤ ਵੱਡੀ ਗਿਣਤੀ ‘ਚ ਪੰਜਾਬੀ ਲੇਖਕ, ਪਾਠਕ ਅਤੇ ਰੰਗਕਰਮੀ ਹਾਜ਼ਰ ਸਨ।
ਤਿੰਨ ਘੰਟੇ ਚੱਲੇ ਇਸ ਸਮਾਗਮ ਦੀ ਸੰਚਾਲਨਾ ਕੁਲਵਿੰਦਰ ਖਹਿਰਾ ਜੀ ਵਲੋਂ ਬਾਖੂਬੀ ਨਿਭਾਈ ਗਈ।
-0-
|