ਮੇਰੀ ਮਾਂ ਦਾ ਨਾਂ ਹਰਨਾਮ
ਕੌਰ ਸੀ ਤੇ ਉਹ ਸੰਗਰੂਰ ਜ਼ਿਲੇ ਦੇ ਪਿੰਡ ਰਾਜੀਆਂ ਦੇ ਇੱਕ ਚੰਗੇ ਗੁਜ਼ਾਰੇ ਵਾਲ਼ੇ ਕਿਸਾਨ
ਸੁੰਦਰ ਸਿੰਘ ਦੀ ਧੀ ਸੀ। ਉਹ ਚਾਹਿਲਾਂ ਦੀ ਧੀ ਸੀ ਤੇ ਸਾਡੇ ਇਲਾਕੇ ਦੀ ਲੋਕਧਾਰਾ ਵਿੱਚ
ਚਾਹਿਲਾਂ ਦੀਆਂ ਧੀਆਂ ਨੂੰ ਪਰੀਆਂ ਦੀ ਔਲਾਦ ਮੰਨਿਆ ਜਾਂਦਾ ਸੀ। ਮੇਰੀ ਮਾਂ ਵੀ ਬਹੁਤ ਸੁਹਣੀ
ਸੀ ਪਰ “ਪਰੀਆਂ ਦੀ ਇਸ ਔਲਾਦ” ਦਾ ਸੁਹੱਪਣ ਮੈਂ ਆਪ ਕਦੇ ਨਾ ਵੇਖ ਸਕਿਆ। ਜਦ ਤੱਕ ਮੈਂ ਸੁਰਤ
ਸੰਭਾਲ ਕੇ ਸੁਹਣੇ-ਕੁਸੁਹਣੇ ਦੀ ਨਿਰਖ-ਪਰਖ ਕਰਨ ਂਜੋਗਾ ਹੋਇਆ ਓਦੋਂ ਤੱਕ ਮਾਂ ਦੇ ਚਿਹਰੇ
ਉਤੇ “ਪਰੀਆਂ ਦੀ ਅ਼ੌਲਾਦ” ਵਾਲਾ ਕੁੱਝ ਵੀ ਨਹੀਂ ਸੀ। ਘਰ ਦੀਆਂ ਆਰਥਿਕ ਤੰਗੀਆਂ-ਤੁਰਸ਼ੀਆਂ
ਦੇ ਫਿਕ਼ਰਾਂ ਨੇ ਚਾਲ਼ੀਆਂ ਦੀ ਉਮਰ ਤੱਕ ਪਹੁੰਚਦਿਆਂ-ਪਹੁੰਚਦਿਆਂ ਉਸਦੇ ਚਿਹਰੇ ਉਤੇ ਝੁਰੜੀਆਂ
ਨੇ ਆਪਣਾ ਹੱਕ ਜਤਾਉਣਾ ਸ਼ੁਰੂ ਕਰ ਦਿਤਾ ਸੀ। ਮਾਂ ਦੇ ਸੁਹਪੱਣ ਬਾਰੇ ਮੇਰੇ ਕੋਲ
ਸੁਣੀਆਂ-ਸੁਣਾਈਆਂ ਗੱਲਾਂ ਵਿਚੋਂ ਉਪਜੀ ਸੁਹਣੀ ਕਾਲਪਣਿਕ ਮੂਰਤ ਹੀ ਹੈ। ਜਦ ਵੀ ਉਸਦੀ ਕੋਈ
ਦੇਹਧਾਰੀ ਤਸਵੀਰ ਮੇਰੇ ਸਾਹਮਣੇ ਆਉਂਦੀ ਹੈ ਤਾਂ ਉਸ ਵਿਚੋਂ ਉਸਦਾ ਸੁਹਣਾ ਰੰਗ-ਰੂਪ ਹਮੇਸ਼ਾਂ
ਗੈਰ-ਹਾਜ਼ਰ ਹੀ ਹੁੰਦਾ ਹੈ।
ਮੇਰੀ ਮਾਂ ਮੇਰੇ ਬਾਪ ਦੇ ਦੂਜੇ ਵਿਆਹ ਦੀ ਪਤਨੀ ਸੀ। (ਬਾਪੂ ਦੇ ਪਹਿਲੇ ਵਿਆਹ ਵਾਲੀ ਪਤਨੀ
ਵਿਆਹ ਤੋਂ ਕੁੱਝ ਚਿਰ ਬਾਦ ਹੀ ਮਰ ਗਈ ਸੀ।) ਮੇਰਾ ਨਾਨਾ ਸੁੰਦਰ ਸਿੰਘ ਭਾਵੇਂ ਵਾਹਵਾ
ਗੁਜ਼ਾਰੇ ਵਾਲ਼ਾ ਕਿਸਾਨ ਸੀ ਤੇ ਉਹ ਰਿਵਾਇਤੀ ਕਿਸਮ ਦੀ ਸਿਖੀ-ਸੇਵਕੀ ਵਾਲ਼ਾ ਸਿੱਖ ਵੀ ਸੀ ਪਰ
ਫਿਰ ਵੀ ਉਸਨੇ ਆਪਣੀ ਇਸ ਧੀ ਦਾ ਵਿਆਹ ਮੇਰੇ ਬਾਪੂ ਨਾਲ ਕਰਨ ਬਦਲ਼ੇ ਮੇਰੇ ਬਾਬਾ ਹਰਨਾਮ ਸਿੰਘ
ਤੋਂ ਪੈਸੇ ਲਏ ਸਨ। ਮੇਰੀ ਮਾਂ ਦੇ ਕਹਿਣ ਅਨੁਸਾਰ ਉਸਦੇ ਬਾਪੂ ਨੇ ਇਹ ਪੈਸੇ ਕਿਸੇ ਆਰਥਿਕ
ਮਜਬੂਰੀ ਜਾਂ ਲੋਭ-ਵਿਰਤੀ ਅਧੀਨ ਨਹੀਂ ਸੀ ਲਏ ਸਗੋਂ ਗ੍ਰਹਿਸਥ ਤੇ ਦੁਨੀਆਦਾਰੀ ਸੰਬੰਧੀ ਆਪਣੀ
“ਅਮਲੀ ਸੂਝ” ਤੇ “ਦੂਰ-ਦ੍ਰਿਸ਼ਟੀ” ਸਦਕਾ ਹੀ ਲਏ ਸਨ। ਉਸਦੇ ਬਾਪੂ ਦਾ ਵਿਸ਼ਵਾਸ ਸੀ ਕਿ ਧੀਆਂ
ਦੇ ਪੈਸੇ ਲੈਣ ਨਾਲ ਧੀਆਂ ਦੀ ਉਹਨਾਂ ਦੇ ਸਹੁਰੇ-ਘਰੀਂ ਕਦਰ ਵਧੇਰੇ ਪੈਂਦੀ ਹੈ ਤੇ ਉਹ ਆਪਣੇ
ਘਰੀਂ ਸੁਖੀ-ਸਾਂਦੀ ਵਸਦੀਆਂ ਹਨ। ਆਪਣੇ ਬਾਪ ਦੀ ਇਸ “ਅਮਲੀ ਸੂਝ” ਤੇ “ਦੂਰ-ਦ੍ਰਿਸ਼ਟੀ” ਦੀ
ਗੱਲ ਮਾਂ ਘਰ ਵਿੱਚ ਇਸ ਤਰ੍ਹਾਂ ਹੁੱਬ ਕੇ ਕਰਦੀ ਹੁੰਦੀ ਸੀ ਜਿਵੇਂ ਉਸਨੂੰ ਆਪਣੇ ਬਾਪ ਦੀ ਇਸ
“ਸਿਆਣਫ” ਉਤੇ ਬਹੁਤ ਹੀ ਮਾਣ ਹੋਵੇ।
ਪਤਾ ਨਹੀਂ ਸਿਧਾਤਕ ਤੌਰ ‘ਤੇ ਮੇਰੇ ਨਾਨੇ ਦੀ ਇਹ ਸੋਚ ਕਿੰਨੀ ਕੁ ਠੀਕ ਸੀ ਜਾਂ ਕਿੰਨੀ ਕੁ
ਗਲਤ ਪਰ ਇੱਹ ਗੱਲ ਸੋਲ਼ਾਂ ਆਨੇ ਸੱਚ ਹੈ ਕਿ ਸਾਡੇ ਗਰੀਬ ਕਿਸਾਨੀ ਘਰ ਵਿੱਚ ਮੇਰੀ ਮਾਂ ਦੀ
ਅਹਿਮੀਅਤ ਸੱਚਮੁੱਚ ਹੀ ਦੂਜੇ ਜੀਆਂ ਦੇ ਮੁਕਾਬਲੇ ਕਿਤੇ ਵੱਧ ਸੀ। ਮੇਰੇ ਨਾਨੇ ਦੀ ਸੋਚ ਦੇ
ਉਲ਼ਟ ਮੇਰਾ ਖਿਆਲ ਇਹ ਹੈ ਕਿ ਇਸ ਦਾ ਕਾਰਨ ਹੋਰ ਸੀ। ਇਹ “ਹੋਰ ਕਾਰਨ” ਇਹ ਹੈ ਕਿ ਆਰਥਿਕ
ਪੱਖੋਂ ਟੁੱਟੇ ਸਾਡੇ ਕਿਸਾਨੀ ਪਰਿਵਾਰ ਵਿੱਚ ਇੱਕੋ-ਇਕ ਤ੍ਰੀਮਤ ਮੇਰੀ ਮਾਂ ਹੀ ਸੀ। ਮਾਂ ਦੇ
ਇਸ ਘਰ ਵਿੱਚ ਆਉਣ ਤੋਂ ਪਹਿਲਾਂ ਮੇਰੀਆਂ ਦੋਵੇਂ ਭੂਆਂ ਦੇ ਵਿਆਹ ਹੋ ਚੁੱਕੇ ਸਨ ਤੇ ਅੱਗੋਂ
ਸਾਡੇ ਚਾਰ ਭਰਾਵਾਂ ਦੇ ਭੈਣ ਕੋਈ ਨਹੀਂ ਸੀ। ਇਸ ਤੋਂ ਬਿਨਾ ਸਾਡੇ ਪਰਿਵਾਰ ਵਿੱਚ ਆਈਆਂ
ਪਹਿਲੀਆਂ ਵਿਆਹੀਆਂ ਤਿੰਨ ਤ੍ਰੀਮਤਾਂ … ਬਾਪੂ ਦੀ ਇੱਕ ਤੇ ਤਾਏ ਦੀਆਂ ਦੋ ਪਤਨੀਆਂ … ਮੌਤ ਦੇ
ਮੂੰਹ ਵਿੱਚ ਜਾ ਪਈਆਂ ਸਨ। ਸੋ, ਮਾਂ ਦੇ ਆਉਣ ਤੋਂ ਪਹਿਲਾਂ ਸਾਡਾ ਘਰ “ਤੀਵੀਉਂ ਸੱਖਣਾ” ਘਰ
ਹੀ ਸੀ। ਇਹੋ-ਜਿਹੀ ਸਮਾਜਿਕ ਹਾਲਤ ਵਿੱਚ ਜੇ “ਤੀਵੀਂ ਦੀ ਅਹਿਮੀਅਤ” ਨਾ ਵਧੂ ਤਾਂ ਭਲਾ ਹੋਰ
ਕਿਥੇ ਵਧੂ? ਐਵੇਂ ਤਾਂ ਨੀ ਮੇਰੇ ਨਾਟਕ “ਤੂੜੀ ਵਾਲਾ ਕੋਠਾ” ਦਾ ਪਾਤਰ ਲੱਕੜਚੱਬ ਛੋਟੀ
ਕਿਸਾਨੀ ਵਿੱਚ ਤੀਵੀਂ ਦੀ ਅਹਿਮੀਅਤ ਦਾ ਅਹਿਸਾਸ ਕਰਵਾਉਂਦਾ ਇਹ ਗੱਲ ਆਖਦਾ: “ਤੀਵੀਂ ਬਿਨਾ
ਕਰਮਿਆ, ਘਰ ਤੂੜੀ ਵਾਲਾ ਕੋਠਾ ਹੁੰਦੈ। ਭਰਿਆ ਹੋਊ ਤਾਂ ਨਿਰਾ ਤੂੜੀ ਦਾ, ਖਾਲੀ ਹੋਊ ਤਾਂ
ਅਗਲਾ ਘਰ ਦਾ ਵਾਧੂ ਸੰਦੇੜਾ ਸਿੱਟੀ ਰੱਖੂ!”
ਮਾਂ ਦੀ ਅਹਿਮੀਅਤ ਤੇ ਕਦਰ ਦਾ ਇੱਕ ਕਾਰਨ ਉਹਦਾ ਸੂਝਵਾਨ ਵਿਅਕਤਤਵ ਵੀ ਸੀ। ਸਾਡੇ
ਸਿੱਧੇ-ਸਾਦੇ ਤੇ ਗਰੀਬ ਕਿਸਾਨ-ਪਰਿਵਾਰ ਵਿੱਚ ਨਿਸ਼ਚੇ ਹੀ ਮਾਂ ਦੂਜੇ ਜੀਆਂ ਦੇ ਮੁਕਾਬਲੇ
ਵਧੇਰੇ ਦੁਨੀਆਦਾਰੀ ਸੂਝ ਤੇ ਸਿਆਣਪ ਰਖਦੀ ਸੀ। ਭਾਵ਼ੇਂ ਮਾਂ ਦਾ ਪੇਕਾ-ਘਰ ਉਸਦੇ ਸਹੁਰੇ-ਘਰ
ਤੋਂ ਆਰਥਿਕ ਤੌਰ ‘ਤੇ ਕਾਫੀ ਤਗੜਾ ਸੀ ਪਰ ਉਸਦੇ ਚਿਹਰੇ ‘ਤੇ ਕਦੇ ਵੀ ਇਹ ਤਿਉੜੀ ਨਹੀਂ ਸੀ
ਆਈ ਕਿ ਉਸਦੇ ਬਾਪ ਨੇ ਉਸਨੂੰ ਆਪਣੇ ਤੋਂ ਕਮਜ਼ੋਰ ਘਰ ਵਿੱਚ ਕਿਉਂ ਵਿਆਹਿਆ ਹੈ, ਤੇ ਉਹ ਵੀ
ਪੈਸੇ ਲੈ ਕੇ। ਆਪਣੇ ਪੇਕੇ-ਘਰ ਦੀ ਉਹ ਹਮੇਸ਼ਾਂ ਸਲਾਹਣਾ ਹੀ ਕਰਦੀ ਸੀ। ਜਿਥੋਂ ਤੱਕ ਧੀਆਂ ਦੇ
ਪੈਸੇ ਲੈ ਕੇ ਵਿਆਹੁਣ ਨਾਲ “ਧੀਆਂ ਦੀ ਅਹਿਮੀਅਤ ਤੇ ਕਦਰ” ਦਾ ਸਵਾਲ ਹੈ ਉਥੋਂ ਤੱਕ ਮੇਰੇ
ਨਾਨਾ ਸੁੰਦਰ ਸਿੰਘ ਦੀ ਅਮਲੀ “ਸੂਝ” ਤੇ “ਦੂਰ-ਦ੍ਰਿਸ਼ਟੀ” ਨੂੰ ਸੱਚ ਮੰਨਿਆ ਜਾ ਸਕਦਾ ਹੈ ਪਰ
“ਸੁੱਖੀ ਵਸਣ” ਵਾਲਾ ਉਸਦਾ ਸਿਧਾਂਤ ਉਸਦੀ ਇਸ ਧੀ ਉਤੇ ਲਾਗੂ ਹੋਣ ਵੇਲੇ ਬੁਰੀ ਤਰ੍ਹਾ ਫੇਲ੍ਹ
ਹੋ ਚੁੱਕਾ ਸੀ। ਇੱਕ ਚ਼ੰਗੇ ਖਾਂਦੇ-ਪੀਂਦੇ ਕਿਸਾਨ ਪਰਿਵਾਰ ਵਿੱਚ ਜਨਮ ਲੈ ਕੇ ਮਾਂ ਨੇ ਆਪਣੇ
ਇਸ ਸਹੁਰੇ-ਘਰ ਵਿੱਚ ਕਸ਼ਟ ਹੀ ਕਸ਼ਟ ਭੋਗਿਆ, ਹੋਰ ਕੁੱਝ ਨਹੀਂ। ਇਹਨਾਂ ਕਸ਼ਟਾਂ ਦਾ ਮੇਰੇ
ਸਾਹਿਤਕ ਮਨ ਉੱਤੇ ਅਜਿਹਾ ਦੁਖਦ ਅਸਰ ਪਿਆ ਕਿ ਨਾਟਕ ਲਿਖਣ ਵੇਲੇ ਜਦ ਵੀ ਮੈਂ ਥੁੜਾਂ-ਮਾਰੀਂ
ਕਿਸਾਨੀ ਪਰਿਵਾਰ ਦੀ ਕਿਸੇ ਤ੍ਰੀਮਤ ਦਾ ਚਿੱਤਰ ਚਿਤਰਣ ਲਗਦਾ ਹਾਂ ਤਾਂ ਸਭ ਤੋਂ ਪਹਿਲਾਂ
ਮੇਰੇ ਸਾਹਮਣੇ ਮੇਰੀ ਮਾਂ ਦੀ ਤਸਵੀਰ ਹੀ ਉਘੜਦੀ ਹੈ ਤੇ ਉਸ ਚਰਿਤਰ ਵਿੱਚ ਚਾਹੇ-ਨਾ-ਚਾਹੇ
ਮਾਂ ਦੇ ਚਰਿਤਰ ਦਾ ਕੋਈ ਨਾ ਕੋਈ ਪੱਖ ਆਪੇ ਮੁਹਾਰੇ ਆ ਵੜਦਾ ਹੈ।
ਸਾਡੇ ਪਰਿਵਾਰ ਕੋਲ ਜਮੀਨ ਬਹੁਤ ਘੱਟ ਸੀ, ਮੁਸ਼ਕਲ ਨਾਲ ਅੱਠ ਕੁ ਕਿੱਲੇ। ਜਮੀਨ ਘੱਟ ਹੋਣ
ਕਾਰਨ ਉਪਜ ਤੇ ਆਮਦਨ ਵੀ ਘੱਟ ਤੇ ਨਤੀਜੇ ਵਜੋਂ ਘਰ ਸਿਰ ਸੇਠਾਂ-ਸ਼ਾਹਾਂ ਦਾ ਕਰਜਾ ਹੀ ਕਰਜਾ।
ਉਤੋਂ ਬਿਪਤਾ ਇਹ ਕਿ ਘਰ ਦੇ ਮਰਦਾਂ ਵਿਚੋਂ ਇੱਕ ਵੀ ਕੋਈ ਅਜਿਹਾ ਨਹੀਂ ਸੀ ਜਿਹੜਾ ਕਬੀਲਦਾਰੀ
ਦੇ ਇਹਨਾਂ ਝੰਜਟਾਂ ਨਾਲ ਨਿਪਟਣ ਦੇ ਯੋਗ ਹੋਵੇ। ਘਰ ਵਿੱਚ ਸਭ ਤੋਂ ਵੱਡਾ ਮੇਰਾ ਤਾਇਆ ਸੰਤਾ
ਸੀ ਪਰ ਉਹ ਖੇਤਾਂ ਵਿੱਚ ਕੰਮ ਕਰਨ ਤੋਂ ਬਿਨਾ ਘਰ ਦੇ ਹੋਰ ਕਿਸੇ ਕੰਮ ਵਿੱਚ ਦਿਲਚਸਪੀ ਹੀ
ਨਹੀਂ ਸੀ ਲੈਂਦਾ। ਮੇਰੀ ਭੂਆ ਦਾ ਪੁੱਤ ਜੰਗੀਰ, ਜਿਹੜਾ ਬਚਪਨ ਤੋਂ ਹੀ ਸਾਡੇ ਪਰਿਵਾਰ ਦਾ
ਅੰਗ ਸੀ, ਵੀ ਤਾਏ ਵਰਗਾ ਹੀ ਸੀ। ਮੇਰਾ ਬਾਪੂ ਉਂਜ ਹੀ ਕੰਮ ਤੋਂ ਜੀਅ ਚੁਰਾਉਂਣ ਵਾਲਾ ਬੰਦਾ
ਸੀ। ਉਹ ਵਿਹਲਾ ਰਹਿ ਕੇ ਫੋਕੀਆਂ ਗੱਲਾਂ ਮਾਰਨ ਵਾਲਾ ਬੰਦਾ ਹੀ ਸੀ। ਜੇ ਕਿਤੇ ਉਹ ਕੋਈ ਕੰਮ
ਕਰਦਾ ਵੀ ਸੀ ਤਾਂ ਉਹ ਘਰ ਲਈ ਘਾਟੇ ਵਾਲਾ ਸੌਦਾ ਹੀ ਸਾਬਤ ਹੁੰਦਾ ਸੀ। ਅਗਲਾ ਬੰਦਾ ਮੇਰਾ
ਵੱਡਾ ਭਾਈ ਹਰਨੇਕ ਸੀ ਜਿਸਦੀ ਜਵਾਨੀ ਵਿੱਚ ਹੀ ਵੈਲੀ ਬੰਦਿਆਂ ਨਾਲ ਬੈਠਣੀ-ਉਠਣੀ ਹੋ ਗਈ ਸੀ।
ਉਸ ਤੋਂ ਛੋਟਾ ਮੈਂ ਸੀ ਜਿਹੜਾ ਪੜ੍ਹਾਈ ਦੇ ਬਹਾਨੇ ਘਰ ਦੇ ਕੰਮਾਂ ਤੋਂ ਊਂਈ ਦੂਰ ਭਜਦਾ ਸੀ।
ਮੇਰੇ ਤੋਂ ਛੋਟੇ ਮੇਰੇ ਦੋ ਭਰਾ ਚੰਦ ਤੇ ਮਿੰਦਰ (ਮਹਿੰਦਰ) ਸਨ। ਉਹ ਐਨੇ ਛੋਟੇ ਸਨ ਕਿ
ਕਬੀਲਦਾਰੀ ਦੇ ਇਹਨਾਂ ਝੰਜਟਾਂ ਦੀ ਉਹਨਾਂ ਨੂੰ ਨਾ ਸਮਝ ਸੀ ਤੇ ਨਾ ਹੀ ਤਜਰਬਾ। ਸੋ ਲੈ-ਦੇ
ਕੇ ਗੱਲ ਮਾਂ ਉਤੇ ਹੀ ਆ ਖੜ੍ਹੀ ਸੀ। ਉਹ ਯਤਨ ਤਾਂ ਬਥੇਰੇ ਕਰਦੀ ਪਰ ਹਾਲਤਾਂ ਉਸਦੀ ਇੱਕ ਨਾ
ਚੱਲਨ ਦਿੰਦੀਆਂ। ਜਦ ਕੋਈ ਪੇਸ਼ ਨਾ ਜਾਂਦੀ ਤਾਂ ਉਹ ਅੰਦਰੇ-ਅੰਦਰ ਖਿਝਦੀ ਤੇ ਕ੍ਰਿਝਦੀ। ਪਰ
ਖਿਝਣ-ਕ੍ਰਿਝਣ ਨਾਲ ਮਸਲੇ ਕਦ ਹੱਲ ਹੁੰਦੇ ਹਨ? ਉਲ਼ਟਾ ਬੰਦੇ ਦੀ ਦੇਹ ਹੀ ਗਾਲ਼ਦੇ ਹਨ। ਉਹ ਮਾਂ
ਗਾਲ਼ ਹੀ ਰਹੀ ਸੀ।
ਮਾਂ ਦਾ ਇੱਕ ਹੋਰ “ਪੁੱਠਾ ਤੇ ਕਸੂਤਾ” ਸਭਾਅ ਸੀ। ਉਹ ਆਪਣੇ ਅੰਦਰਲੇ ਗੁੱਸੇ ਜਾਂ ਖਿਝ ਨੂੰ
ਉੱਚਾ ਬੋਲ ਕੇ ਨਹੀਂ ਸੀ ਜ਼ਾਹਿਰ ਕਰਦੀ। ਅੱਵਲ ਤਾਂ ਉਹ ਇਸ ਸਭ ਕੁੱਝ ਨੂੰ ਅੰਦਰ ਹੀ ਅੰਦਰ ਪੀ
ਲੈਂਦੀ ਤੇ ਜੇ ਕਦੇ ਬੋਲ ਕੇ ਪਰਗਟਾਉਣਾ ਪੈ ਵੀ ਜਾਂਦਾ ਤਾਂ ਐਨੀ ਨੀਵੀਂ ਆਵਾਜ਼ ਵਿੱਚ ਕਿ
ਉਸਦਾ ਬੋਲਿਆ ਘਰ ਦੀਆਂ ਕੰਧਾਂ ਦੇ ਅੰਦਰ-ਅੰਦਰ ਹੀ ਰਹਿ ਜਾਂਦਾ। ਅਜਿਹਾ ਵੀ ਉਹ ਕਦੇ-ਕਦੇ ਹੀ
ਕਰਦੀ ਤੇ ਉਹ ਵੀ ਘਰ ਦੇ ਜੀਆਂ ਨਾਲ ਹੀ। ਘਰ ਦੇ ਜੀਆਂ ਵਿਚੋਂ ਵੀ ਇਹ ਧੀਮਾ ਬੋਲ-ਬੁਲਾਰਾ
ਮੇਰੇ ਬਾਪੂ ਦੇ “ਕਸੌਦਿਆਂ” ਕਰ ਕੇ ਆਮ ਤੌਰ ‘ਤੇ ਬਾਪੂ ਨਾਲ ਹੀ ਬਹੁਤਾ ਹੁੰਦਾ। ਦੂਜਿਆਂ
ਮੂਹਰੇ ਤਾਂ ਉਹ ਐਨਾ ਵੀ ਨਾ ਕਰ ਸਕਦੀ। ਮੈਂ ਆਪਣੀ ਉਮਰ ਵਿੱਚ ਮਾਂ ਨੂੰ ਘਰ ਦੇ ਬੰਦਿਆ ਤੋਂ
ਬਿਨਾ “ਦੂਜਿਆ” ਨਾਲ ਗੁੱਸੇ ਵਿੱਚ ਬੋਲਦਿਆਂ ਸਿਰਫ ਇੱਕ ਵਾਰ ਹੀ ਵੇਖਿਆ ਹੈ। ਇਹ ਬੋਲਣਾ ਵੀ
ਓਨੀ ਉਚੀ ਆਵਾਜ਼ ਵਿੱਚ ਨਹੀਂ ਸੀ ਜਿੰਨੀ ਵਿੱਚ ਉਸਨੂੰ ਹੋਣਾ ਚਾਹੀਦਾ ਸੀ। ਇਹ ਘਟਨਾ ਇਸ
ਪਰਕਾਰ ਸੀ:
ਇਹ ਗੱਲ 1949-50 ਦੇ ਨੇੜੇ-ਤੇੜੇ ਦੀ ਹੈ। ਓਦੋਂ ਮੇਰੀ ਉਮਰ 7-8 ਸਾਲ ਦੀ ਸੀ। ਉਸ ਸਮੇਂ
ਦੇਸ ਨੂੰ ਤਾਂ ਆਜ਼ਾਦੀ ਮਿਲ ਗਈ ਸੀ ਪਰ ਸਾਡਾ ਪਿੰਡ ਅਜੇ ਜਾਗਰੀਦਾਰੀ ਦੇ ਜੂਲੇ ਹੇਠ ਹੀ ਸੀ।
ਬਾਹਰਲੇ ਪਿੰਡਾਂ ਦੇ ਲੋਕ ਸਾਡੇ ਪਿੰਡ ਨੂੰ “ਜਾਗੀਰਦਾਰਾਂ” ਜਾਂ “ਮੁਜ਼ਾਰਿਆਂ ਦਾ ਪਿੰਡ”
ਕਹਿੰਦੇ ਸਨ। ਸਾਡੇ ਪਿੰਡ ਦੀ ਜ਼ਮੀਨ ਦੇ ਮਾਲਕ ਦੋ ਜਾਗੀਰਦਾਰ ਭਰਾ ਸਨ ਤੇ ਮੁਜ਼ਾਰੇ ਕਿਸਾਨ
ਜਾਗੀਰਦਾਰਾਂ ਦੀ ਜ਼ਮੀਨ “ਵਟਾਈ” ਉਤੇ ਵਾਹੁੰਦੇ ਸਨ। ਸਾਡੀ ਪੱਤੀ ਵਾਲੇ ਕਿਸਾਨਾਂ ਕੋਲ ਵੱਡੇ
ਜਾਗੀਰਦਾਰ ਭਰਾ ਦੀ ਜਮੀਨ ਸੀ। (ਇਹ ਜਾਗਰੀਦਾਰੀ ਸਿਸਟਮ 1952 ਵਿੱਚ ਖ਼ਤਮ ਹੋਇਆ ਸੀ।)
ਇਸ ਜਾਗੀਰਦਾਰੀ ਸਿਸਟਮ ਦੀਆਂ ਹੋਰ ਕਰੂਰ, ਭੈੜੀਆਂ ਤੇ ਨਮੋਸ਼ੀ-ਭਰੀਆਂ “ਰਵਾਇਤਾਂ” ਦੇ
ਨਾਲ-ਨਾਲ ਇੱਕ ਰਵਾਇਤ ਇਹ ਵੀ ਸੀ ਕਿ ਜਦ ਖੇਤਾਂ ਵਿੱਚ ਕੰਮ ਕਰ ਕੇ ਕਿਸਾਨ ਮਰਦ ਤੇ ਇਸਤਰੀਆਂ
ਆਥਣੇ ਵਾਪਿਸ ਘਰ ਆਉਂਦੇ ਸਨ ਤਾਂ ਪਿੰਡ ਦੀ ਸੱਥ ਵਿੱਚ ਜਾਗਰੀਦਾਰ ਦੇ ਕਰਿੰਦੇ ਉਹਨਾਂ ਦੀਆਂ
ਹਰੇ ਦੀਆਂ ਭਰੀਆਂ ਤੇ ਭਾਂਡਿਆਂ-ਟੀਂਡਿਆਂ ਆਦਿ ਦੀ ਫਰੋਲ਼ਾ-ਫਰਾਲੀ ਕਰਿਆ ਕਰਦੇ ਸਨ। ਇਸਨੂੰ
ਜਾਗੀਰਦਾਰੀ ਭਾਸ਼ਾ ਵਿੱਚ “ਤਲਾਸ਼ੀ ਕਰਨਾ” ਆਖਦੇ ਸਨ। ਤਲਾਸ਼ੀ ਇਸ ਲਈ ਕਿ ਕਿਤੇ ਕੋਈ ਖੇਤੋਂ
ਕਿਸੇ ਚਰ੍ਹੀ ਦੀ ਭਰੀ ਜਾਂ ਪਤੀਲੇ, ਗੜਬੇ, ਘੜੇ ਆਦਿ ਵਿੱਚ ਕੋਈ ਚੀਜ਼ (ਕਪਾਹ ਦਾ ਰੁੱਗ,
ਗੰਨੇ ਦੀ ਪੋਰੀ, ਛੱਲੀ, ਕੱਦੂ, ਤੋਰੀ ਆਦਿ) ਨਾ ਛੁਪਾ ਲਿਆਇਆ ਹੋਵੇ। ਜੇ ਕੋਈ ਅਜਿਹਾ ਕਰਿਆ
ਫੜਿਆ ਜਾਂਦਾ ਤਾਂ ਉਸਦੀ ਪੂਰੀ ਲਾਹ-ਪਾ ਕੀਤੀ ਜਾਂਦੀ ਤੇ ਕਈ ਵਾਰ ਜੁਰਮਾਨੇ ਵਜੋਂ ਮੁਜ਼ਾਰੇ
ਕਿਸਾਨ ਦੀ ਜਿਨਸ ਦੇ ਹਿੱਸੇ ਵਿਚੋਂ ਕਟੌਤੀ ਵੀ ਕਰ ਲਈ ਜਾਂਦੀ। ਅਸੀਂ ਪਿੰਡ ਦੇ ਜਵਾਕ ਦੂਰ
ਖੜ੍ਹੇ ਇਹੋ-ਜਿਹੀਆਂ ਝਾਕੀਆਂ ਨਿੱਤ ਹੀ ਵੇਖਦੇ।
ਇੱਕ ਦਿਨ ਅਚਾਣਕ ਮੈਂ ਕੀ ਵੇਖਦਾ ਹਾਂ ਕਿ ਜਾਗੀਰਦਾਰ ਦਾ ਇੱਕ ਕਰਿੰਦਾ ਇੱਕ ਕਿਸਾਨ ਤ੍ਰੀਮਤ
ਨੂੰ ਉੱਚੀ-ਉੱਚੀ ਕੁੱਝ ਬੁਰਾ-ਭਲਾ ਕਹਿੰਦਾ ਝਿੜਕਾਂ ਤੇ ਲਾਹਣਤਾਂ ਪਾ ਰਿਹਾ ਹੈ। ਤ੍ਰੀਮਤ ਵੀ
ਕੁੱਝ ਬੋਲ ਰਹੀ ਹੈ ਪਰ ਬਹੁਤਾ ਉੱਚਾ ਨਹੀਂ। ਇਹ ਮੇਰੀ ਮਾਂ ਸੀ। ਕਰਿੰਦੇ ਅਤੇ ਮਾਂ ਦੁਆਲੇ
ਇੱਕ ਭੀੜ ਜਿਹੀ ਹੋ ਜਾਂਦੀ ਹੈ। ਭੀੜ ਹੋਈ ਤੋਂ ਮਾਂ ਦੀ ਆਵਾਜ਼ ਪਹਿਲਾਂ ਨਾਲੋਂ ਕੁੱਝ ਹੋਰ
ਵਧੇਰੇ ਕਰੜੀ ਤੇ ਗੁਸੈਲੀ ਹੋ ਜਾਂਦੀ ਹੈ। ਕਰਿੰਦੇ ਦੀਆਂ ਪਾਈਆਂ ਝਾੜਾਂ ਦਾ ਗੁੱਸੇ ਵਿੱਚ
ਜਵਾਬ ਦਿੰਦੀ ਉਹ ਕਹਿ ਰਹੀ ਹੈ: “ਕੀ ਹੋ ਗਿਆ ਕੰਜਰਾ, ਜਾਏ-ਖਾਣੇ ਦੀ ਇੱਕ ਛੱਲੀਓ ਈ ਤਾਂ
ਸੀ? ਤੜਕੇ ਘਰੋਂ ਤੁਰਨ ਵੇਲੇ ਜੁਆਕ ਨੇ ਕਹਿ-ਤਾ ਸੀ ਬਈ “ਬੇਬੇ ਮੇਰਾ ਭੁੰਨੀ ਹੋਈ ਛੱਲੀ ਖਾਣ
ਨੂੰ ਜੀਅ ਕਰਦੈ”, ਤਾਂ ਲੈ ਆਈ ਸੀ ਖੇਤੋਂ। ਲੈ ਤੂੰ ਰੱਖ ਲੈ ਇਹ! ਭਰਦੇ ਅਵਦੇ ਸਰਦਾਰ
(ਜਾਗੀਰਦਾਰ) ਦੇ ਕਾਕਿਆਂ ਦੇ ਢਿੱਡ! ਸਾਡੇ ਜੁਆਕ ਤਾਂ ਨੰਗੇ-ਭੁੱਖੇ ਵੀ ਕੱਟ ਲੈਣਗੇ ਕਿਵੇਂ
ਨਾ ਕਿਵੇਂ!” ਤੇ ਇਹ ਕਹਿ ਕੇ ਮਾਂ ਭੀੜ ਵਿਚੋਂ ਬਾਹਰ ਨਿਕਲਂਦੀ ਘਰ ਵੱਲ ਤੁਰ ਪੈਂਦੀ ਹੈ।
ਮੈਨੂੰ ਝੱਟ ਯਾਦ ਆ ਜਾਂਦਾ ਹੈ ਕਿ ਮੈਂ ਆਪ ਹੀ ਤਾਂ ਅੱਜ ਤੜਕੇ ਮਾਂ ਨੂੰ ਖੇਤੋਂ ਛੱਲੀ
ਲਿਆਉਣ ਲਈ ਕਿਹਾ ਸੀ ਜਦ ਉਹ ਖੇਤ ਨੂੰ ਕਪਾਹ ਚੁਗਣ ਵਾਸਤੇ ਜਾਣ ਲੱਗੀ ਸੀ। ਬਸ, ਮੇਰੀ ਮਾਂ
ਦਾ “ਉੱਚੇ ਤੋਂ ਉੱਚਾ” ਬੋਲ ਕੇ ਲੜਿਆ “ਯੁੱਧ” ਇੱਕ ਇਹ ਸੀ ਜਿਹੜਾ ਮੈਂ ਆਪਣੀ ਸਾਰੀ ਉਮਰ
ਵਿੱਚ ਵੇਖਿਆ ਹੈ। ਐਨਾ ਕੁ ਉੱਚਾ ਵੀ ਸ਼ਾਇਦ ਉਹ ਇਸ ਕਰ ਕੇ ਬੋਲ ਗਈ ਸੀ ਕਿਉਂਕਿ 1949-50
ਤੱਕ ਜ਼ਮੀਨਾਂ ਦੀ ਮਾਲਕੀ ਲਈ ਕਿਸਾਨਾਂ ਵੱਲੋਂ ਵਿੱਢੀ ਮੁਜ਼ਾਰਾ ਲਹਿਰ ਆਪਣੇ ਸਿਖ਼ਰ ਤੇ ਪੁੱਜੀ
ਹੋਈ ਸੀ ਤੇ ਓਦੋਂ ਤੱਕ ਸਰਦਾਰਾਂ ਦਾ ਕਿਸਾਨਾਂ ਉਤਲਾ ਦਬ-ਦਬਾਅ ਕਾਫੀ ਹੱਦ ਤੱਕ ਘਟ ਗਿਆ ਸੀ।
ਉਂਜ ਮੇਰੀ ਮਾਂ ਲੜਾਈ-ਝਗੜੇ ਤੋਂ ਦੂਰ ਰਹਿਣ ਵਾਲੀ ਤ੍ਰੀਮਤ ਹੀ ਸੀ। ਉੱਚਾ ਬੋਲ-ਬੋਲ ਤੇ
ਬਾਹਾਂ ਕੱਢ-ਕੱਢ ਕੇ ਲੜਨ ਨੂੰ ਤਾਂ ਉਹ ਵਿਹਲੜ ਤੇ ਕੁੱਢਰ ਤੀਵੀਂਆਂ ਵਾਲਾ ਕੰਮ ਹੀ ਸਮਝਦੀ
ਸੀ। ਜੇ ਘਰ ਜਾਂ ਆਂਢ-ਗੁਆਂਢ ਵਿੱਚ ਕਿਸੇ ਇਸਤਰੀ ਨਾਲ਼ ਬੋਲ-ਬੁਲਾਰੇ ਵਾਲੀ ਸਥਿਤੀ ਕਦੇ ਪੈਦਾ
ਹੋ ਵੀ ਜਾਂਦੀ ਤਾਂ ਉਹ ਬਸ ਐਨਾ-ਕੁ ਕਹਿ ਹੀ ਕਹਿੰਦੀ,ਕਿ “ਮਾਰੀ-ਜਾ ਭਕਾਈ! ਮੈਥੋਂ ਨੀ ਤੇਰੇ
ਨਾਲ ਕੁੱਤਿਆਂ ਵਾਂਗ ਭੌਂਕਿਆ ਜਾਂਦਾ!” ਤੇ ਚੁੱਪ ਕਰ ਜਾਂਦੀ। ਕਈ ਵਾਰ ਆਪਸੀ ਤੂੰ-ਤੂੰ ਵੇਲੇ
ਮੇਰਾ ਬਾਪੂ ਵਿਆਹ ਵੇਲੇ ਮਾਂ ਦੇ ਬਾਪੂ ਵੱਲੋਂ ਲਏ ਪੈਿਸਆਂ ਨੂੰ ਚਿਤਾਰ ਬੈਠਦਾ। ਮਾਂ ਝੱਟ
ਕਰੜਾ ਜਵਾਬ ਤਾਂ ਦਿੰਦੀ ਪਰ ਬੜੀ ਹੀ ਧੀਮੀ ਤੇ ਕਾਬੂ ਕੀਤੀ ਆਵਾਜ਼ ਵਿਚ। ਉਸਦਾ ਜਵਾਬ ਆਮ ਤੌਰ
‘ਤੇ ਇਹ ਹੁੰਦਾ: “ਹੋਰ ਥੋਨੂੰ ਨੰਗਾਂ ਨੂੰ ਪੁੰਨ ਦੀ ਵਿਆਹ ਦਿੰਦਾ? ਤੁਸੀਂ ਸ਼ੁਕਰ ਕਰੋ ਬਈ
ਥੋਨੂੰ ਤੀਵੀਂ ਜੁੜ-ਗੀ! ਨਹੀਂ ਫਿਰਦੇ ਰਹਿੰਦੇ ਤਵਿਆਂ ਉਤੇ ਹੱਥ ਫੂਕਦੇ!” ਬਾਪੂ ਚੁੱਪ ਕਰ
ਜਾਂਦਾ। ਚੁੱਪ ਨਾ ਕਰਦਾ ਤਾਂ ਹੋਰ ਕੀ ਕਰਦਾ? ਮਾਂ ਦੀ ਗੱਲ ਸੱਚੀ ਜੋ ਸੀ। ਬਾਪੂ ਦਾ ਇੱਕ
ਵਿਆਹ ਹੋ ਗਿਆ ਸੀ, ਐਨਾ ਥੋੜ੍ਹਾ ਸੀ? ਗਰੀਬ ਕਿਸਾਨ ਦੇ ਪੁੱਤ ਨੂੰ “ਪੁੰਨ ਦਾ ਸਾਕ”, ਉਹ ਵੀ
ਦੂਜਾ, ਕਿਥੋਂ ਜੁੜਦਾ?
ਇਸ ਸੰਬਧ ਵਿੱਚ ਅਕਸਰ ਬੋਲਿਆ ਜਾਣ ਵਾਲਾ ਮਾਂ ਦਾ ਇਹ ਡਾਇਲਾਗ ਬਾਦ ਵਿੱਚ ਮੈਂ ਆਪਣੇ ਨਾਟਕ
“ਇੱਕ ਰਾਮਾਇਣ ਹੋਰ” ਵਿੱਚ ਇੱਕ ਵਖਰੇ ਪਰਸੰਗ ਵਿੱਚ ਵਰਤਿਆ। ਨਾਟਕ ਵਿੱਚ ਜਿਹੜੀ “ਤੂੰ-ਤੂੰ,
ਮੈਂ-ਮੈਂ” ਹੁੰਦੀ ਹੈ ਉਸ ਵਿੱਚ ਸੀਤੋ ਦਾ ਜੇਠ ਲੱਛਾ (ਲਛਮਣ) ਸੀਤੋ ਨੂੰ ਸੀਤੋ ਦੇ ਵਿਆਹ
ਵੇਲੇ ਸੀਤੋ ਦੇ ਪਿਉ ਵੱਲੋਂ ਲਏ ਪੈਸਿਆਂ ਦਾ ਮਿਹਣਾ ਮਾਰਦਾ ਹੋਇਆ ਆਖਦਾ ਹੈ, “ਜਨਕਪੁਰੀਏ
ਗਿਆਨੀ ਜਨਕ ਸਿਉਂ ਦੀ ਧੀ ਐ ਇਹ ਪਟਿਆਲੇ ਆਲੀ ਰਾਣੀ! ਜਨਕ ਸਿਉਂ ਨੇ ਤਾਂ ਫਿਰ ਪੁੰਨ ਦੀ
ਵਿਆਹੀ ਹੋਵੇਂਗੀ? ਰੁਪਈਆਂ ਲਈ ਝੋਲੀ ਕਿਉਂ ਅੱਡੀ ਖੜ੍ਹਾ ਸੀ ਓਦੋਂ ਫੇਰ ਜਨਕ ਸਿਉਂ?” ਸੁਣ
ਕੇ ਸੀਤੋ ਨੂੰ ਸੱਤੀਂ-ਕੱਪੜੀਂ ਅੱਗ ਜਿਹੀ ਲੱਗ ਜਾਂਦੀ ਹੈ ਤੇ ਉਹ ਕਪੜਿਆਂ ਤੋਂ ਬਾਹਰ ਹੁੰਦੀ
ਜਿਹੜਾ ਜਵਾਬ ਦਿੰਦੀ ਹੈ ਉਹ ਇਸ ਤਰ੍ਹਾਂ ਹੈ: “ਹੋਰ ਥੋਨੂੰ ਨੰਗਾਂ ਨੂੰ ਘੋੜੀ-ਜੋੜੀ ਦੇ
ਦਿੰਦਾ? ਸੰਗ ਮੰਨੋ ਕੁਸ਼ ਸੰਗ! ਓਦੇਂ ਤਾਂ ਵਿਚੋਲਿਆਂ ਦੇ ਪੈਰੀਂ ਪੱਗ ਧਰਦੇ ਫਿਰਦੇ ਸੀ?”
ਮਾਂ ਦੇ ਲੜਾਈ-ਝਗੜੇ ਤੋਂ ਡਰਨ ਵਾਲੇ ਸੁਭਾਅ ਦਾ ਕਈ ਵਾਰ ਮੇਰਾ ਵੱਡਾ ਭਰਾ ਹਰਨੇਕ ਬੜਾ ਗਲਤ
ਫਾਇਦਾ ਉਠਾਉਂਦਾ। ਉਸਨੂੰ ਜਿਸ ਦਿਨ ਇਹ ਪਤਾ ਲੱਗ ਜਾਣਾ ਕਿ ਅੱਜ ਘਰ ਵਿੱਚ ਕਿਸੇ ਪਾਸਿਉਂ
ਚਾਰ ਪੈਸੇ ਆਏ ਹਨ ਤਾਂ ਉਸਨੇ ਪੈਸੇ ਲੈਣ ਦੇ ਮਾਰੇ ਨੇ ਘਰ ਵਿੱਚ ਉਂਜ ਹੀ ਕਿਸੇ ਬਹਾਨੇ
ਬੇਵਜਾਹ ਕਲੇਸ਼ ਖੜ੍ਹਾ ਕਰ ਲੈਣਾ। ਘਰ ਦੇ ਸਾਰੇ ਮੈਂਬਰ ਉਸਨੂੰ ਪੈਸੇ ਦੇਣ ਦਾ ਵਿਰੋਧ ਕਰਦੇ।
ਵਿਰੋਧ ਤਾਂ ਮਾਂ ਵੀ ਕਰਦੀ ਪਰ ਜਦ ਉਹ ਕੀਕਣਿਆਂ ਵਾਂਗ ਰੌਲ਼ਾ ਪਾਉਣੋਂ ਹਟਦਾ ਹੀ ਨਾ ਤਾਂ ਮਾਂ
ਕੁੱਝ ਨਾ ਕੁੱਝ ਪੈਸੇ ਉਹਦੇ ਮੱਥੇ ਜ਼ਰੂਰ ਮਾਰਦੀ ਤੇ ਨਾਲ ਹੀ ਆਖਦੀ, “ਜਾਹ ਦਫਾ ਹੋ! ਕਿਥੇ
ਛੱਤ ਸਿਰ ‘ਤੇ ਚੱਕੀ ਐ!” ਹਰਨੇਕ ਇਹੋ ਚਾਹੁੰਦਾ ਤੇ ਪੈਸੇ ਫੜਦਾ ਸਿੱਧਾ ਆਪਣੇ ਵੈਲੀ ਯਾਰਾਂ
ਦੀ ਢਾਣੀ ਵੱਲ ਤੁਰ ਪੈਂਦਾ।
ਪਰ ਅਜੀਬ ਗੱਲ ਇਹ ਹੈ ਕਿ ਜਦ ਵੀ ਮੈਂ ਆਪਣੇ ਕਿਸੇ ਨਾਟਕ ਵਿੱਚ ਕਿਸੇ ਇਸਤਰੀ ਪਾਤਰ ਦੇ ਕਿਸੇ
ਪੱਖ ਨੂੰ ਆਪਣੀ ਮਾਂ ਨਾਲ ਜਂੋੜ ਕੇ ਪੇਸ਼ ਕੀਤਾ ਹੈ ਤਾਂ ਪਤਾ ਨੀ ਕਿਉਂ ਉਸ ਸਮੇਂ ਮਾਂ ਦਾ
ਨਰਮ ਤੇ ਧੀਮਾ ਬੋਲਣ ਵਾਲਾ ਪੱਖ ਮੇਰੇ ਕੋਲੋਂ ਪਲਟ ਕੇ ਉੱਚਾ ਤੇ ਗੁਸੈਲੇ ਰੂਪ ਵਾਲਾ ਬਣ ਗਿਆ
ਹੈ। ਮਿਸਾਲ ਦੇ ਤੌਰ ‘ਤੇ ਮੇਰੇ ਨਾਟਕ “ਬਗਾਨੇ ਬੋਹੜ ਦੀ ਛਾਂ” ਦੀ ਗੁਰਨਾਮ ਕੁਰ ਤੇ “ਜਦੋਂ
ਬੋਹਲ਼ ਰੋਂਦੇ ਹਨ” ਦੀ ਨਸੀਬ ਕੁਰ ਦੇ ਪਾਤਰ ਸਿਰਜਣ ਵੇਲੇ ਮੇਰੀਆਂ ਅੱਖਾਂ ਸਾਹਮਣੇ ਮੇਰੀ ਮਾਂ
ਹੀ ਸੀ। ਮੇਰੀ ਮਾਂ ਮੇਰੇ ਬਾਪੂ ਦੇ “ਕੁਚੱਜੇ” ਕੰਮਾਂ ਤੋਂ ਬਹੁਤ ਦੁਖੀ ਰਹਿੰਦੀ ਸੀ। ਪਿੰਡ
ਦੇ ਕਿਸੇ ਚਲਾਕ ਸੇਠ ਦੇ ਅੜਿਕੇ ਚੜ੍ਹਿਆ ਬਾਪੂ ਘਰ ਵਿੱਚ ਸਲਾਹ ਕਰੇ ਬਗੈਰ ਹੀ ਕਦੇ ਕੋਈ
ਮੱਝ-ਗਾਂ ਘਰ ਲੈ ਆਉਂਦਾ ਤੇ, ਕਦੇ ਆਪਦੀ ਹੀ ਮਰਜ਼ੀ ਨਾਲ ਕਿਸੇ ਸੇਠ ਨੂੰ ਚਰ੍ਹੀ (ਹਰੇ) ਦਾ
ਕੋਈ ਕਿਆਰਾ ਮੁਫ਼ਤ ਦੇ ਛਡਦਾ। ਇਹੋ-ਜਿਹੇ ਕਲੋਟੇ ਤੇ ਪੁੱਠੇ ਕੰਮ ਬਾਪੂ ਅਕਸਰ ਕਰਦਾ ਹੀ
ਰਹਿੰਦਾ ਜਾਂ ਇਸ ਤਰ੍ਹਾਂ ਆਖੋ ਕਿ ਪਿੰਡ ਦੇ ਚਤਰ-ਚਲਾਕ ਸੇਠ ਚਲਾਕੀ ਨਾਲ ਉਸ ਤੋਂ ਕਰਵਾ
ਲੈਂਦੇ। ਜਦ ਮਾਂ ਨੂੰ ਪਤਾ ਲਗਦਾ ਤਾਂ ਉਸਨੂੰ ਗੁੱਸਾ ਆ ਜਾਂਦਾ ਤੇ ਗੁੱਸੇ ਵਿੱਚ ਉਹ ਬਾਪੂ
ਦੇ ਇਹਨਾਂ ਕਸੌਦਿਆਂਿ ਨੂੰ ਕੋਸਣ ਲੱਗ ਪੈਂਦੀ। ਪਰ, ਜਿਵੇਂ ਮੈਂ ਉਪਰ ਕਿਹਾ ਹੈ, ਕੋਸਣ ਵੇਲੇ
ਉਹ ਐਨਾ ਕੁ ਉਚਾ ਹੀ ਬੋਲਦੀ ਜਿੰਨੇ ਕੁ ਬੋਲਣ ਨਾਲ ਉਸਦੀ ਆਵਾਜ਼ ਘਰ ਦੀਆਂ ਕੰਧਾਂ ਦੇ ਅੰਦਰ
ਹੀ ਅੰਦਰ ਰਹਿੰਦੀ। ਪਰ ਮਾਂ ਦੇ ਚਰਿਤਰ ਵਾਲੀ ਇਹੋ ਗੱਲ ਜਦ ਮੈਂ “ਬਗਾਨੇ ਬੋਹੜ ਦੀ ਛਾਂ” ਦੀ
ਆਰਥਿਕ ਤੰਗੀਆਂ ਦੀ ਸਤਾਈ ਕਿਸਾਨ-ਇਸਤਰੀ ਗੁਰਨਾਮੋ ਦੇ ਮੂੰਹ ਵਿੱਚ ਪਾਉਣ ਲੱਗਿਆ ਤਾਂ ਉਥੇਂ
ਗੁਰਨਾਮੋ ਆਪਣੇ ਪਤੀ ਗੱਂਜਣ ਨੂੰ ਉਸਦੇ ਕੀਤੇ “ਕੁਚੱਜੇ” ਕੰਮਾਂ ਨੂੰ ਉੱਚਾ ਬੋਲ-ਬੋਲ ਕੇ
ਆਪਣੀ ਭੜਾਸ ਇੰਜ ਕਢਦੀ ਹੈ: “ਦੀਂਹਦਾ ਹੁੰਦਾ ਫੇਰ ਆਹ ਹਾਲ ਹੁੰਦਾ ਇਸ ਘਰ ਦਾ? ਇਸ ਜੱਟ ਦੇ
ਕੁਚੱਜੇ ਕੰਮਾਂ ਨੇ ਪੀਤਿਆ ਅਸੀਂ ਤਾਂ ਖੁੰਘਲ ਕਰ ਕੇ ਰਖ ‘ਤੇ!” ਤੇ ਘਰ ਦੀ ਜਮੀਨ ਦੇ ਦੋ
ਕੀਲੇ ਖੁਰਦ-ਬੁਰਦ ਕਰਨ ਦਾ ਉਸਨੂੰ ਮਿਹਣਾ ਮਾਰਦੀ ਅੱਗੇ ਆਖਦੀ ਹੈ: “ਚੰਗਾ, ਰਹਿੰਦੇ ਵੀ
ਰਖਦੇ! ਕਸਰ ਨਾ ਛੱਡੀਂ! ਤੂੰ ਜੱਟਾ ਮੇਰੇ ਪੁੱਤਾਂ ਨੂੰ ਮੰਗਤਾ ਬਣਾ ਕੇ ਠੂਠਾ ਫੜਾਉਣੈਂ,
ਫੜਾ-ਦੀਂ! ਤੇਰੇ ਚਾਅ ਨਾ ਦਿਲ ਵਿੱਚ ਰਹਿ ਜਾਣ ਕਿਤੇ!”
ਇਸੇ ਤਰ੍ਹਾਂ “ਜਦੋਂ ਬੋਹਲ਼ ਰੋਂਦੇ ਹਨ” ਵਿਚਲੀ ਨਸੀਬ ਕੁਰ ਦਾ ਕਿਰਦਾਰ ਵੀ ਮੈਂ ਆਪਣੀ ਮਾਂ
ਦੇ ਕਿਰਦਾਰ ਦੇ ਕਈ ਪੱਖਾਂ ਨੂੰ ਵੇਖ ਕੇ ਘੜਿਆ ਸੀ। ਇੱਕ ਵਾਰ ਮੇਰੇ ਛੋਟੇ ਭਾਈ ਮਿੰਦਰ
(ਮਹਿੰਦਰ) ਨੇ ਮੇਰੇ ਲੱਖ ਰੋਕਣ-ਟੋਕਣ ‘ਤੇ ਵੀ ਫੂਕ ਵਿੱਚ ਆਏ ਨੇ ਸਹਿਕਾਰੀ ਬੈਂਕ ਤੋਂ ਕਰਜਾ
ਲੈ ਕੇ ਟ੍ਰੈਕਟਰ ਲੈ ਲਿਆ। ਭਲਾ ਛੋਟੇ ਕਿਸਾਨ ਨੂੰ ਟ੍ਰੈਕਟਰ ਕੀ ਆਖੇ? ਕਿਸ਼ਤਾਂ ਸਿਰ ਚੜ੍ਹ
ਗਈਆਂ। ਜਦ ਕਿਸ਼ਤਾਂ ਨਾ ਮੁੜੀਆਂ ਤਾਂ ਬੈਂਕ ਵਾਲੇ ਗੇੜੇ ਮਾਰਨ ਲੱਗੇ। ਜਦੋਂ ਵਾਰ-ਵਾਰ ਗੇੜੇ
ਮਾਰਨ ਲੱਗ ਪਏ ਤਾਂ ਮ੍ਹਿੰਦਰ ਤਾਂ ਇਧਰ-ਉਧਰ ਹੋ ਜਿਆ ਕਰੇ, ਪਿੱਛੋ ਬੈਂਕ ਵਾਲੇ ਘਰੇ ਮਾਂ
ਨੂੰ ਤਾੜਨਾ ਦੇਣ ਲੱਗ ਪਿਆ ਕਰਨ। ਇੱਕ ਵਾਰ ਤਾਂ ਉਹ ਜਮੀਨ ਦੀ ਕੁਰਕੀ ਕਰਨ ਦੀ ਵੀ ਧਮਕੀ ਦੇ
ਗਏ। ਧਮਕੀ ਦੇਣ ਵੇਲੇ ਉਹਨਾਂ ਨੇ ਮਾਂ ਨੂੰ ਵੀ ਕੁੱਝ ਉਚਾ-ਨੀਵਾਂ ਕਹਿ ਦਿੱਤਾ। ਮਾਂ ਦੁਖੀ
ਤਾਂ ਬਹੁਤ ਸੀ, ਗੁੱਸਾ ਵੀ ਬਹੁਤ ਆਇਆ ਪਰ ਉਹ ਉਹਨਾਂ ਮੂਹਰੇ ਕੁਸਕ ਤੱਕ ਨਾ ਸਕੀ। ਹਾਰ ਕੇ
ਦੁੱਖੀ ਹੋਈ ਮਾਂ ਮੇਰੇ ਕੋਲ ਸ਼ਹਿਰ ਮੇਰੀ ਮਦਦ ਲੈਣ ਵਾਸਤੇ ਆਈ। (ਮੈਂ ਜ਼ਮੀਨ ਦਾ ਆਪਣਾ ਹਿੱਸਾ
ਆਪਣੇ ਛੋਟੇ ਭਾਈਆਂ ਚੰਦ ਤੇ ਮਹਿੰਦਰ ਦੇ ਨਾਂ ਲਵਾ ਕੇ ਅੱਡ ਰਹਿਣ ਲੱਗ ਪਿਆ ਸੀ।) ਉਹਨਾਂ
ਦਿਨਾਂ ਵਿੱਚ ਮਾਂ ਕਿਸੇ ਗੱਲੋਂ ਮੇਰੇ ਨਾਲ ਗੁੱਸੇ ਸੀ। ਉਹ ਮੇਰੇ ਨਾਲ ਬੋਲਦੀ ਨਹੀਂ ਸੀ।
(ਇਹ “ਲੰਬੀ ਕਹਾਣੀ” ਫੇਰ ਕਦੇ ਸਹੀ।) ਪਰ ਆਰਥਿਕ ਮਜ਼ਬੂਰੀ ਖਾਤਰ ਉਸਨੂੰ ਆਪਣੇ ਗੁੱਸੇ ਨੂੰ
ਭੁੱਲ-ਭੁਲਾਉਣ ਦਾ ਕੌੜਾ ਘੁੱਟ ਵੀ ਭਰਨਾ ਪਿਆ। ਉਸਨੇ ਮੈਨੂੰ ਦੱਸਿਆ ਕਿ ਬੈਂਕ ਵਾਲੇ
ਇਨਸਪੈਕਟਰ ਉਤੇ ਉਸਨੂੰ ਗੁੱਸਾ ਬਹੁਤ ਆਇਆ ਸੀ ਪਰ ਉਹ ਚੁੱਪ ਰਹੀ। (ਇਹ 1985 ਦੀ ਗੱਲ ਹੈ।
ਮਾਂ ਨੇ ਮੈਨੂੰ ਦੱਸਿਆ ਕਿ ਉਸਦਾ ਜੀਅ ਕਰਦਾ ਸੀ ਕਿ ਉਹ ਇਨਸਪੈਕਟਰ ਦੇ ਢਿੱਡ ਵਿੱਚ ਟੱਕਰ
ਮਾਰੇ। ਇਸੇ ਸਥਿਤੀ ਨੂੰ ਆਧਾਰ ਬਣਾ ਕੇ ਹੀ ਮੈਂ ਆਪਣਾ ਨਾਟਕ “ਜਦੋਂ ਬੋਹਲ਼ ਰੋਂਦੇ ਹਨ” ਦੀ
ਰਚਨਾ ਕੀਤੀ ਸੀ। ਪਰ ਕਮਾਲ ਦੀ ਗੱਲ ਇਹ ਕਿ ਜਿਥੇ ਕਰਜੇ ਦੀਆਂ ਕਿਸ਼ਤਾਂ ਲੈਣ ਆਏ ਬੈਂਕ ਦੇ
ਇਨਸਪੈਕਟਰ ਦੇ ਸਾਹਮਣੇ ਮਾਂ ਇੱਕ ਲਫ਼ਜ਼ ਵੀ ਨਹੀਂ ਸੀ ਬੋਲ ਸਕੀ ਉਥੇ ਮਾਂ ਦੇ ਕਿਰਦਾਰ ਵਿਚੋਂ
ਕੱਢੇ ਨਸੀਬ ਕੁਰ ਦੇ ਕਿਰਦਾਰ ਵਿਚੋਂ ਇਹ ਗੱਲ ਮੈਂ ਉੱਕਾ ਹੀ ਖਾਰਿਜ ਕਰ ਦਿਤੀ। ਮਾਂ ਦੇ
ਚੁੱਪ ਰਹਿ ਕੇ ਇਨਸਪੈਕਟਰ ਦੇ ਬੋਲ-ਕੁਬੋਲ ਸੁਣਨ ਦੇ ਉਲ਼ਟ ਨਾਟਕ ਵਿੱਚ ਮਾਂ ਤੋਂ ਘੜੇ ਨਸੀਬ
ਕੁਰ ਦੇ ਪਾਤਰ ਨੂੰ ਮੈਂ ਇਸ ਤਰ੍ਹਾਂ ਦੀ ਗੁਸੈਲੀ ਤੇ “ਮੂੰਹ-ਬੋਲ” ਕਿਸਾਨ-ਇਸਤਰੀ ਬਣਾ
ਦਿੱਤਾ ਹੈ ਜਿਹੜੀ ਕਿਸ਼ਤਾਂ ਲੈਣ ਆਂਏ ਇਨਸਪੈਕਟਰ ਨੂੰ ਹਿੱਕ ਕੱਢ ਕੇ ਇਸ ਤਰ੍ਹਾਂ
ਖਰੀਆਂ-ਖਰੀਆਂ ਸੁਣਾਉਂਦੀ ਹੈ: “ਆਹ ਜਿਹੜੀ ਦਬ-ਦਬ ਗਰੀਬ ਜੱਟਾਂ ਦੇ ਪੈਸੇ ਗੋਗੜ ਵਧਾਈ ਐ,
ਇਹਦੇ ‘ਚ ਕੀੜੇ ਪੈਣਗੇ ਜਗਿੰਦਰ ਸਿਆਂ ਸਰਦਾਰਾ, ਕੀੜੇ!”
ਬੋਲਣ ਦੇ ਪੱਖੋਂ ਮਾਂ ਦੇ ਇਸ ਉਲਟ ਪੱਖ ਨੂੰ ਆਪਣੇ ਨਾਟਕਾਂ ਵਿੱਚ ਇਸ ਤਰ੍ਹਾਂ ਪੇਸ਼ ਕਰਨ ਦੇ
ਸ਼ਾਇਦ ਮੇਰੇ ਅਚੇਤ ਮਨ ਵਿੱਚ ਕਿਤੇ ਇਹ ਇਛਾ ਦਬੀ ਪਈ ਹੈ ਕਿ ਮਾਂ ਨੂੰੇ ਆਰਥਿਕ ਧੱਕਿਆਂ
ਵਿਰੁਧ ਚੁੱਪ ਦੀ ਥਾਂ ਆਪਣੀ ਆਵਾਜ਼ ਇਸ ਤਰ੍ਹਾਂ ਬੁਲੰਦ ਕਰਨੀ ਚਾਹੀਦੀ ਸੀ ਜਿਵੇਂ ਮੇਰੇ
ਨਾਟਕਾਂ ਵਿੱਚ ਗੁਰਨਾਮ ਕੁਰ ਤੇ ਨਸੀਬ ਕੁਰ ਕਰ ਰਹੀਆਂ ਨੇ। ਇਸਨੂੰ ਮੇਰੀ ਸਾਹਿਤਕ ਖੁੱਲ੍ਹ
ਹੀ ਸਮਝੋ।
ਸਾਡੇ ਘਰ ਵਿੱਚ ਘਰ ਦੀਆਂ ਆਰਥਿਕ ਤੰਗੀਆਂ ਨੂੰ ਅੰਦਰਖਾਤੇ ਜਿੰਨੀ ਸ਼ਿਦਤ ਨਾਲ ਮੇਰੀ ਮਾਂ
ਮਹਿਸੂਸ ਕਰਦੀ ਸੀ ਓਨੀ ਸ਼ਿਦਤ ਨਾਲ ਘਰ ਦਾ ਕੋਈ ਹੋਰ ਜੀਅ ਨਹੀ ਸੀਂ ਕਰਦਾ। ਪਰ ਉਹ ਇਸਦਾ
ਰੋਣਾ ਕਿਸੇ ਬਾਹਰਲੇ ਬੰਦੇ ਕੋਲ ਕਦੇ ਨਹੀਂ ਸੀ ਰੋਂਦੀ। ਘਰ ਦੇ ਜੀਆਂ ਵਿਚੋਂ ਵੀ ਉਹ ਇਸਦਾ
ਦਾ ਪਰਗਟਾਵਾ ਕਿਸੇ-ਕਿਸੇ ਕੋਲ ਹੀ ਤੇ ਉਹ ਵੀ ਕਦੇ-ਕਦੇ ਹੀ ਕਰਦੀ। ਕਰਦੀ ਵੀ ਕਿਵੇਂ ਘਰ
ਵਿੱਚ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਵਾਲਾ ਹੈ ਕੋਈ ਨਹੀਂ ਸੀ। ਰਾਤ ਨੂੰ ਘਰ ਦਾ ਕੰਮ-ਧੰਦਾ
ਮੁਕਾ ਕੇ ਮੰਜੇ ਉਤੇ ਪਈ ਮਾਂ ਤੰਗੀਆਂ ਦੇ ਪੈਦਾ ਕੀਤੇ ਹੋਏ ਫਿਕਰਾਂ ਤੇ ਤਾਣਿਆਂ-ਬਾਣਿਆਂ
ਵਿੱਚ ਹੀ ਉਲਝੀ ਰਹਿੰਦੀ। ਜੇ ਅੰਦਰ ਸਬਾਤ ਵਿੱਚ ਪਈ ਹੁੰਦੀ ਤਾਂ ਛੱਤ ਵੱਲ ਵੇਖਦੀ ਰਹਿੰਦੀ
ਤੇ ਜੇ ਬਾਹਰ ਵਿਹੜੇ ਵਿੱਚ ਹੁੰਦੀ ਤਾਂ ਉਤਾਂਹਾਂ ਰੱਬ ਵੱਲ ਝਾਕੀ ਜਾਂਦੀ। ਇਸ ਤਰ੍ਹਾਂ
ਘੁੰਮਣ-ਘੇਰੀਆਂ ਵਿੱਚ ਪਈ ਦਿਉਂ ਕਦੇ-ਕਦੇ ਉਸਦੇ ਮੂੰਹੋਂ ਆਪ-ਮੁਹਾਰੇ ਹੀ ਨਿਕਲ ਜਾਂਦਾ,
“ਪਤਾ ਨੀ ਬਦਲੇ ਲੈਣਾ ਰੱਬ ਕਿੱਦੇਂ ਸਾਡੇ ਵੱਲ ਸਵੱਲੀ ਅੱਖ ਨਾਲ ਝਾਕੂ? ਦਿਨ-ਬ-ਦਿਨ
ਹੇਠਾਂ-ਈ-ਹੇਠਾਂ ਖਿੱਚੀਂ ਤੁਰਿਆਂ ਜਾਂਦੈ!”
ਘਰ ਵਿੱਚ ਮੇਰੀ ਪੜ੍ਹਾਈ ਦਾ ਮੇਰੀ ਮਾਂ ਤੋਂ ਬਿਨਾ ਹੋਰ ਕਿਸੇ ਨੂੰ ਉੱਕਾ ਹੀ ਕੋਈ ਫਿਕਰ
ਨਹੀਂ ਸੀ। ਮਾਂ ਤੋਂ ਬਿਨਾ ਬਾਕੀ ਜੀਆਂ ਲਈ ਜੇ ਮੈਂ ਪੜ੍ਹਦਾ ਸੀ ਤਾਂ ਵੀ ਠੀਕ ਸੀ ਤੇ ਜੇ
ਪੜ੍ਹਨ ਤੋਂ ਹਟ ਵੀ ਜਾਂਦਾ ਤਾਂ ਵੀ ਕੋਈ ਪਰਲ਼ੋਂ ਨਹੀਂ ਸੀ ਆਉਣ ਲੱਗੀ। ਇਸ ਲਈ ਮੇਰੀ ਪੜ੍ਹਾਈ
ਦੇ ਖਰਚੇ-ਬਰਚੇ ਦਾ ਫਿਕ਼ਰ ਇਕੱਲੀ ਉਸਨੂੰ ਹੀ ਸੀ। ਔਖੀ ਹੁੰਦੀ, ਸੌਖੀ ਹੁੰਦੀ, ਉਹ ਮੇਰੀ
ਪੜ੍ਹਾਈ ਦੇ ਖਰਚੇ ਦਾ ਪਰਬੰਧ ਹਰ ਹਾਲਤ ਵਿੱਚ ਕਰਦੀ। ਇੱਕ ਵਾਰ ਸਕੂਲ ਦੇ ਮੇਰੇ ਕਿਸੇ ਖ਼ਰਚੇ
(ਸ਼ਾਇਦ ਫੀਸ) ਵਾਸਤੇ ਪਿੰਡ ਦੀ ਇੱਕ ਬਣਿਆਣੀ (ਬਾਣੀਏ ਦੀ ਘਰ ਵਾਲੀ) ਕੋਲ 10 ਰੁਪਏ
ਦਸੋ-ਗਿਆਰ੍ਹੀ (ਦੱਸ ਦੇ ਗਿਆਰਾਂ ਵਾਪਿਸ ਦੇਣ) ਉਤੇ ਲੈਣ ਵਾਸਤੇ ਗਈ। ਬਣਿਆਣੀ ਨੇ ਰੁਪਏ ਦੇਣ
ਵੇਲ਼ੇ ਸੌ-ਸੌ ਨਖ਼ਰੇ ਵਿਖਾਏ ਤੇ “ਪਹਿਲਾ ਹੀ ਲਏ ਪੈਸੇ ਨਾ ਮੋੜਨ” ਦੇ ਵੀ ਕਿੱਸੇ ਬਿਆਨ ਕਰ
ਧਰੇ। ਸਦਾ ਹੀ ਬਣਿਆਣੀ ਦੀ ਆਰਥਿਕ ਤੌਰ ‘ਤੇ ਗੁਲਾਮ ਤੁਰੀ ਆ ਰਹੀ ਮਾਂ ਉਸ ਸਾਹਮਣੇ ਉਸਦੀਆਂ
ਸੁਣਾਈਆਂ “ਬਣਿਆਨੀਆਂ ਮੋਮੋਠਗਨੀਆਂ” ਤਾਂ ਦਿਲ ਮਾਰ ਕੇ ਸੁਣਦੀ ਰਹੀ ਪਰ ਵਾਪਿਸ ਘਰ ਵੜਨ
ਵੇਲ਼ੇ ਉਹ ਆਪਣਾ ਅੰਦਰਲਾ ਗੁੱਸਾ ਪਰਗਟਾਉਂਣੋਂ ਨਾ ਰਹਿ ਸਕੀ। ਉਸ ਵੇਲੇ ਖ਼ਿਝ, ਬੇਵਸੀ ਤੇ
ਗੁੱਸੇ ਵਿੱਚ ਬੁੜ-ਬੁੜ ਕਰਦੀ ਨੇ ਜੋ ਉਸਨੇ ਮੇਰੇ ਸਾਹਮਣੇ ਬੋਲਿਆ ਸੀ ਉਸਨੂੰ ਮੈਂ ਕੋਈ ਤੀਹ
ਸਾਲ ਬਾਦ ਆਪਣੇ ਨਾਟਕ ‘ਤੇੜਾਂ” ਵਿੱਚ ਨਾ-ਮਾਲੂਮ ਤਬਦੀਲੀ ਕਰਦਿਆਂ ਇਸ ਤਰ੍ਹਾਂ ਵਰਤੋਂ ਵਿੱਚ
ਲਿਆਂਦਾ: , “ਮੋਮੋਠੱਗਨੀ ਨੇ ਇੱਕ ਸੌ-ਦੇ-ਨੋਟ ਪਿੱਛੇ ਸੌ-ਸੌ ਅਸਾਨ ਜਤਲਾਏ! “ਹੁਣ ਤਾਂ
ਹੈ-ਨੀ। ਕੱਲ੍ਹ ਨੂੰ ਲੈ-ਜੀਂ! ਅਜੇ ਪਹਿਲਾਂ ਆਲ਼ੇ ਈ ਨੀ ਮੁੜੇ।” ਼ ਼ਪੁੱਛਣਆਲ਼ਾ ਹੋਵੇ ਬਈ
ਅਸੀਂ ਤੇਰੇ ਚਾਰ ਛਿਲੜਾਂ ਪਿੱਛੇ ਪਿੰਡ ਛੱਡ ਕੇ ਤਾਂ ਨੀ ਭੱਜੇ ਜਾਂਦੇ? ਫਸਲ ਆਈ ਤੋਂ
ਮਾਰਾਂਗੇ ਮੱਥੇ! ਤੈਂ ਜਿਹੜੀ ਦਸੋ-ਗਿਆਰ੍ਹੀ ਲਾਉਣੀ ਐਂ ਲਾਈ ਚੱਲ!” ਤੇ ਨਾਲ ਹੀ ਆਪਣੇ ਮਨ
ਵਿੱਚ “ਮੇਰੇ ਵੱਡਾ ਅਫਸਰ ਬਣਨ” ਦੇ ਪਾਲੀ ਜਾ ਰਹੇ ਆਪਣੇ ਸੁਫਨੇ ਦਾ ਪਰਗਟਾਵਾ ਕਰਨ ਵਾਲੀ ਇਹ
ਗੱਲ ਵੀ ਜੋੜ ਦਿਤੀ ਸੀ: “ਨਾਲੇ ਸਦਾ ਕਿਸੇ ‘ਤੇ ਇੱਕੋ-ਜੇ ਦਿਨ ਥੋੜ੍ਹਾ ਰਹਿੰਦੇ ਐ? ਼ਮੇਰਾ
ਪੁੱਤ ਅਬਸਰ ਬਣਿਆ ਲੈ! ਫੇਰ ਤੇਰਾ ਮੂੰਹ ਨੀ ਵੇਖਣਾ ਕਲ਼-ਮੂੰਹੀਏ!”
ਅਸਲ ਵਿੱਚ ਮੇਰੀ ਮਾਂ ਅੰਦਰ-ਖਾਤੇ ਇੱਕ ਅਜਿਹੀ ਆਸ ‘ਤੇ ਮੈਨੂੰ ਇੱਕ ਅਜਿਹਾ ਬੈਂਕ ਸਮਝੀ
ਬੈਠੀ ਸੀ ਜਿਸ ਵਿੱਚ ਉਹ ਜਿੰਨੇ ਪੈਸੇ ਜਮ੍ਹਾਂ ਕਰੇਗੀ ਸਮਾਂ ਪੈਣ ‘ਤੇ ਉਸ ਤੋਂ ਹਜ਼ਾਰਾਂ
਼ਗੁਣਾਂ ਵੱਧ ਵਾਪਿਸ ਕਢਵਾ ਲਵੇਗੀ। ਇਸੇ ਕਰ ਕੇ ਖਾਣ-ਪੀਣ ਦੇ ਮਾਮਲੇ ਵਿੱਚ ਉਹ ਮੇਰੇ ਦੂਜੇ
ਭਰਾਵਾਂ ਦੇ ਮੁਕਾਬਲੇ ਮੇਰਾ ਵੱਧ ਖਿਆਲ ਰਖਦੀ ਸੀ। ਸਾਡੇ ਘਰ ਵਿੱਚ ਸਾਰੇ ਜੀਆਂ ਵਾਸਤੇ
ਹਮੇਸ਼ਾਂ ਼ਗੁੜ ਦੀ ਚਾਹ ਹੀ ਬਣਦੀ ਸੀ ਪਰ ਇੱਕ ਇਕੱਲਾ ਮੈਂ ਹੀ ਸੀ ਜਿਸਨੂੰ ਮਾਂ “ਪੱਕੇ
ਮਿੱਠੇ” (ਚੀਨੀ) ਦੀ ਚਾਹ ਵੱਖਰੇ ਤੌਰ ‘ਤੇ ਬਣਾ ਕੇ ਦਿੰਦੀ ਸੀ। ਸਵੇਰੇ ਸਕੂਲ ਜਾਣ ਵੇਲੇ
ਕਿਸੇ ਨੂੰ ਮਿਲੇ ਚਾਹੇ ਨਾ ਮਿਲੇ ਪਰ ਮੈਨੂੰ ਦਹੀਂ ਜ਼ਰੂਰ ਮਿਲਦੀ ਸੀ। ਇਸ ਲਈ ਨਹੀਂ ਕਿ ਮਾਂ
ਨੂੰ ਦੂਜੇ ਪੁੱਤਾਂ ਦੇ ਮੁਕਾਬਲੇ ਮੈਂ ਵੱਧ ਪਿਆਰਾ ਸੀ ਸਗੋਂ ਇਸ ਕਰ ਕੇ ਕਿ ਪੜ੍ਹਾਈ ਕਰਨ
ਵਾਲੇ ਪੁੱਤ ਦਾ “ਦਿਮਾਗ ਤੇਜ” ਕਰਨ ਲਈ ਅਜਿਹਾ ਕਰਨਾ ਕੁਦਰਤੀ ਤੌਰ ‘ਤੇ ਜ਼ਰੂਰੀ ਸੀ। ਪਹਿਣਨ
ਨੂੰ ਸਾਰੇ ਟੱਬਰ ਨੂੰ ਆਮ ਤੌਰ ‘ਤੇ ਖੱਦਰ ਹੀ ਨਸੀਬ ਹੁੰਦਾ ਸੀ ਪਰ ਮੇਰੇ ਲਈ
ਕਿਵੇਂ-ਨਾ-ਕਿਵੇਂ “ਸ਼ਹਿਰੀ ਕਪੜੇ” ਦਾ ਜੁਗਾੜ ਕਰ ਹੀ ਲੈਂਦੀ ਸੀ। ਉਸਦੀ ਇਸ ਭਾਵਨਾ ਨੂੰ
ਦਰਸਾਉਂਦੀ ਇੱਕ ਹੋਰ ਗੱਲ ਵੀ ਮੇਰੇ ਜ਼ਿਹਨ ਵਿੱਚ ਬੁਰੀ ਤਰ੍ਹਾਂ ਚਿਪਕੀ ਹੋਈ ਹੈ। ਸਾਡਾ ਘਰ
ਪਿੰਡ ਦੇ ਬਾਹਰ ਵਾਲੇ ਪਾਸੇ ਹੁੰਦਾ ਸੀ। ਜਦ ਮੈਂ ਆਪਣੀ ਪੜ੍ਹਾਈ ਦਾ ਖਰਚਾ ਆਦਿ ਲੈ ਕੇ
ਪਿੰਡੋ ਵਾਪਿਸ ਪਟਿਆਲੇ ਨੂੰ ਤੁਰਦਾ ਤਾਂ ਮੈਂਨੂੰ ਜਾਂਦੇ ਨੂੰ ਪਿੱਛੋਂ ਬੂਹੇ ਅੱਗੇ ਖੜ੍ਹੀ
ਮਾਂ ਓਦੋਂ ਤਕ ਵੇਖਦੀ ਰਹਿੰਦੀ ਜਦੋਂ ਤੱਕ ਮੈਂ ਉਸਦੀਆਂ ਅੱਖਾਂ ਤੋਂ ਉਹਲੇ ਨਾ ਹੋ ਜਾਂਦਾ।
ਢਾਈ ਤਿੰਨ ਫਰਲਾਂਗ ਦੀ ਦੂਰੀ ‘ਤੇ ਜਾ ਕੇ ਜਦ ਮੈਂ ਆਪਣੇ ਪਿੰਡ ਦੀ ਨਹਿਰ ਦੀ ਪੱਟੜੀ ਉੱਤੇ
ਚੜ੍ਹ ਕੇ ਪਿੱਛੇ ਘਰ ਵੱਲ ਵੇਖਦਾ ਤਾਂ ਮਾਂ ਅਜੇ ਵੀ ਘਰ ਦੇ ਬਾਰ ਮੂਹਰੇ ਹੀ ਖੜ੍ਹੀ ਮੇਰੇ
ਵੱਲ ਵੇਖ ਰਹੀ ਹੁੰਦੀ। ਵੇਖਦਿਆਂ ਹੀ ਮੇਰੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ। ਮੈਨੂੰ ਅਗਾਂਹ
ਕਦਮ ਪੁੱਟਣਾ ਮੁਹਾਲ ਹੋ ਜਾਂਦਾ।
ਮਾਂ ਅੰਦਰ ਖਿਝ ਤੇ ਗੁੱਸਾ ਤਾਂ ਜ਼ਰੂਰ ਸੀ ਪਰ ਇਹ ਖਿਝ ਤੇ ਗੁੱਸਾ ਅਜਿਹਾ ਨਹੀਂ ਸੀ ਜਿਹੜਾ
ਹਰ ਵਕਤ, ਹਰ ਸਥਿਤੀ ਵਿੱਚ ਜਾਂ ਹਰ ਬੰਦੇ ਉਤੇ ਹੀ ਬਾਹਰ ਆ ਜਾਂਦਾ ਹੋਵੇ। ਨਹੀਂ, ਅਜਿਹਾ
ਓਦੋਂ ਹੀ ਹੁੰਦਾ ਸੀ ਜਦ ਆਰਥਿਕ ਤੰਗੀਆਂ ਉਸ ਉਤੇ ਲੋੜ ਨਾਲੋਂ ਭਾਰੂ ਹੋ ਜਾਂਦੀਆਂ। ਖ਼ਾਸ
ਹਾਲਤਾਂ ਵਿੱਚ ਤੇ ਖ਼ਾਸ ਬੰਦਿਆਂ ਉਤੇ ਹੀ ਆਪਣੇ ਖ਼ਾਸ ਅੰਦਾਜ਼ ਵਿੱਚ ਉਹ ਇਸਦਾ ਪਰਗਟਾਵਾ ਕਰਦੀ
ਸੀ। ਉਂਜ ਉਹ ਪਿੰਡ ਅਤੇ ਆਪਣੇ ਆਂਢ-ਗੁਆਂਢ ਵਿੱਚ ਇੱਕ ਨੇਕ, ਨਰਮ ਦਿਲ, ਮਿਲਾਪੜੀ ਤੇ
ਹਾਸੇ-ਠੱਠੇ ਵਾਲੀ ਤ੍ਰੀਮਤ ਹੀ ਸਮਝੀ ਜਾਂਦੀ ਸੀ। ਹਾਸਾ-ਠੱਠਾ ਉਹ ਆਮ ਨੀਵੀਂ ਪੱਧਰ ਦਾ ਨਹੀਂ
ਸੀ ਕਰਦੀ। ਬਹੁਤੀ ਵਾਰ ਤਾਂ ਉਹਨਾਂ ਵਿੱਚ ਵੀ ਯਥਾਰਥ ਨੂੰ ਨੰਗਾ ਕਰਨ ਵਾਲੀ ਕੋਈ ਤਿੱਖੀ ਚੋਭ
ਹੁੰਦੀ ਸੀ। ਇੱਕ ਵਾਰ ਪਿੰਡ ਦਾ ਸੇਠ ਜੇਠੂ ਰਾਮ ਜਦ ਸਾਡੇ ਘਰ ਆਪਣੇ ਪੈਸੇ ਵਸੂਲਣ ਆਇਆ ਤਾਂ
ਮਾਂ ਉਸਦੇ ਵਧੇ ਢਿੱਡ ਉਤੇ ਵਿਅੰਗ ਕਰਦੀ ਹੋਈ ਕਹਿਣ ਲੱਗੀ, “ਬਸ ਕਰ ਵੇ ਜੇਠੂ ਰਾਮਾ! ਬਥੇਰਾ
ਪੀ ਲਿਆ ਤੂੰ ਜੱਟਾਂ ਦਾ ਖੂਨ! ਅਵਦੀ ਗੋਗੜ ‘ਤੇ ਵੀ ਕੁਸ਼ ਤਰਸ ਕਰ! ਹੋਰ ਨਾ ਫਟ ਕੇ ਕਿਤੇ
ਸਾਡੇ ਵਿਹੜੇ ਵਿਚੇ ਲਹੂ ਦਾ ਛੱਪੜ ਲਾ-ਦੇਂ!” ਚਲਾਕ ਸੇਠ ਗੁੱਸਾ ਕਰਣ ਦੀ ਥਾਂ ਆਪਣੀ ਸੇਠਾਂ
ਵਾਲੀ ਬਸ਼ਰਮੀ-ਭਰੀ “ਹੀਂ-ਹੀਂ-ਹੀਂ” ਕਰਨ ਲੱਗ ਪਿਆ। ਪਰ ਜਦੋਂ ਉਹ ਘਰੋਂ ਬਾਹਰ ਹੋਇਆ ਤਾਂ
ਮਾਂ ਨੇ ਉਹ ਡਾਇਲਾਗ ਬੋਲਿਆ ਜਿਹੜਾ ਮੈਂ ਆਪਣੇ ਨਾਟਕ “ਬਗਾਨੇ ਬੋਹੜ ਦੀ ਛਾਂ” ਵਿੱਚ ਸੇਠ
ਜੇਠੂ ਰਾਮ ਨੂੰ ਕਾਂਸੀ ਰਾਮ ਦੇ ਰੂਪ ਵਿੱਚ ਚਿਤਰਦਿਆਂ ਉਸ ਪ੍ਰਤਿ ਅੱਕੀ ਤੇ ਖਿਝੀ
ਕਿਸਾਨ-ਇਸਤਰੀ ਗੁਰਨਾਮੋ ਦੇ ਮੂੰਹ ਵਿੱਚ ਇਸ ਤਰ੍ਹਾਂ ਪਾਇਆ ਹੈ: “ਸਾਡਾ ਤਾਂ ਸਾਰੀ ਉਮਰ ਇਸ
ਟੁੱਟ-ਪੈਣੇ ਕਾਂਸੀ ਨੇ ਈ ਨੀ ਖਹਿੜਾ ਛੱਡਿਆ! ਮਰੇ-ਪੁੱਤਾਂ ਵਾਲਾ ਕੰਧਾਂ ਖਾ ਗਿਆ ਘਰ
ਦੀਆਂ!”
ਮਾਂ ਅੰਦਰ ਆਰਥਿਕ ਲੁੱਟ-ਖਸੁੱਟ ਵਿਰੁਧ ਗੁੱਸਾ ਤੇ ਖਿਝ ਤਾਂ ਬਹੁਤ ਸੀ ਪਰ ਚੇਤਨਤਾ ਦੀ ਘਾਟ
ਸਦਕਾ ਇਹ ਖਿਝ ਤੇ ਗੁੱਸਾ ੳਲ਼ਟਾ ਉਸਦੀ ਦੇਹ ਨੂੰ ਹੀ ਘੁਣ ਬਣ ਕੇ ਖਾਈ ਜਾ ਰਿਹਾ ਸੀ।
ਸਵਰਗਵਾਸੀ ਕਾਮਰੇਡ ਹਾਕਮ ਸਿੰਘ ਸਮਾਉਂ, ਜਿਹੜਾ ਪੰਜਾਬ ਵਿਚਲੀ ਨਕਸਲੀ ਲਹਿਰ ਦਾ ਇੱਕ ਚਰਚਿਤ
ਨੇਤਾ ਸੀ, ਮੇਰਾ ਸਕੂਲ ਵੇਲੇ ਦਾ ਦੋਸਤ ਸੀ। ਚਾਹਿਲ ਗੋਤ ਦਾ ਹੋਣ ਕਾਰਨ ਉਹ ਮੇਰੀ ਮਾਂ ਨੂੰ
ਭੂਆ ਕਹਿ ਕੇ ਬੁਲਾਉਂਦਾ ਹੁੰਦਾ ਸੀ। ਉਹਨਾਂ ਦੇ ਘਰ ਨਾਲ ਸਾਡੇ ਘਰ ਦਾ ਰਿਸ਼ਤੇਦਾਰੀ ਵਰਗਾ
ਵਰਤ-ਵਰਤਾਰਾ ਸੀ। ਨਕਸਲੀ ਲਹਿਰ ਵੇਲੇ ਆਪਣੇ ਅੰਡਰ-ਗਰਾਉਂਡ ਦੇ ਸਮੇਂ ਦੁਰਾਨ ਉਹ ਕਦੇ-ਕਦੇ
ਮਾਂ ਨੂੰ ਵੀ ਮਿਲਣ ਆ ਜਾਂਦਾ ਸੀ। ਮਾਂ ਉਸਨੂੰ ਘਰ ਆਏ ਨੂੰ ਇਸ ਤਰ੍ਹਾਂ ਸਵਾਲ ਕਰਦੀ ਜਿਵੇਂ
ਉਸਨੂੰ ਨਕਸਲੀਆਂ ਵੱਲੋਂ ਲਿਆਉਣ ਵਾਲੇ ਇਨਕਲਾਬ ਦੇ ਛੇਤੀ ਨਾ ਆਉਣ ਉਤੇ ਬਹੁਤ ਗੁੱਸਾ ਹੋਵੇ।
ਇੱਕ ਵਾਰ ਉਸਨੇ ਹਾਕਮ ਨੂੰ ਪੁਛਿਆ, “ਵੇ ਹਾਕਮਾ, ਥੋਡਾ ਇਹ ਐਨਕਲਾਬ-ਜਿਆ ਕਦ-ਕੁ ਆਊ? ਕਿ
ਐਵੇਂ ਈ ਝੋਲਿਆਂ ਵਿੱਚ ਡਲ਼ੇ (ਬੰਬ) ਪਾਈਂ ਫਿਰਦੇ ਓਂ?”
ਆਪਣੀ ਕੁਦਰਤੀ ਸੂਖਮ ਤੇ ਨਰਮ ਮਾਨਸਿਕਤਾ ਅਤੇ ਸ਼ਾਇਦ ਘਰ ਦੀਆਂ ਆਰਥਿਕ ਲੋੜਾਂ ਸਦਕਾ ਵੀ ਮਾਂ
ਘਰ ਵਿੱਚ ਰੱਖੇ ਤੇ ਪਾਲ਼ੇ ਪਸ਼ੂਆਂ ਨੂੰ ਬੰਦਿਆਂ ਵਾਂਗ ਹੀ ਪਿਆਰ ਕਰਦੀ ਸੀ। ਮੱਝ, ਗਾਂ,
ਬੱਕਰੀ ਆਦਿ ਦੁਧਾਰੂ ਪਸ਼ੂ ਅਤੇ ਖੇਤਾਂ ਵਿੱਚ ਹਲ਼ ਜੁੜਨ ਵਾਲੇ ਬਲਦਾਂ ਨੂੰ ਤਾਂ ਉਹ ਪੁੱਤਾਂ
ਵਾਂਗ ਪਾਲ਼ਦੀ। ਮਾਂ ਦੇ ਇਸ ਪੱਖ ਨਾਲ ਜੁੜੀ ਇੱਕ ਅਜਿਹੀ ਘਟਨਾ ਵੀ ਪਿਛੇ ਦੱਸੀਆਂ ਘਟਨਾਵਾਂ
ਵਾਂਗ ਮੇਰੇ ਚੇਤੇ ਦਾ ਅਮਿਟ ਹਿੱਸਾ ਬਣੀ ਹੋਈ ਹੈ। ਜਦ ਮੈਂ 8-9 ਸਾਲ ਦਾ ਸੀ ਤਾਂ ਮਾਂ ਨੇ
ਇੱਕ ਵੱਛਾ ਪਾਲ਼ ਕੇ ਪੂਰਾ ਤਗੜਾ ਬਲ਼ਦ ਬਣਾਇਆ ਸੀ। ਉਸਨੇ ਉਸਦਾ ਨਾਂ ਮੋਤੀ ਰੱਖਿਆ ਸੀ। ਫਿਰ
ਅਸੀਂ ਕਿਸੇ ਮੰਡੀ ਤੋਂ ਇੱਕ ਹੋਰ ਬਲਦ ਮੁੱਲ ਲਿਆਏ। ਇਹ ਬਲਦ ਵੀ ਵੇਖਣ ਵਿੱਚ ਮੋਤੀ ਵਾਂਗ਼
ਪੂਰਾ ਜਾਨ ਵਾਲਾ ਤੇ ਦਰਸ਼ਨੀ ਸੀ। ਇਹਦਾ ਨਾਂ ਮਾਂ ਨੇ ਹੀਰਾ ਰੱਖ ਦਿੱਤਾ। ਹੀਰੇ ਮੋਤੀ ਦੀ ਇਹ
ਐਨੀ ਸੁਹਣੀ ਂਜੋੜੀ ਬਣੀ ਕਿ ਇਸਦੀ ਪਿੰਡ ਵਿੱਚ ਚਰਚਾ ਹੋਣ ਲੱਗੀ। ਇਸ ਂਜੋੜੀ ਸਦਕਾ ਇੱਕ ਸਾਲ
ਸਾਡੇ ਘਰ ਦੀ ਫਸਲ ਐਨੀ ਭਰਪੂਰ ਹੋਈ ਕਿ ਇਸ ਕਾਰਨ ਹੀਰੇ ਮੋਤੀ ਦੀਆਂ ਪਿੰਡ ਵਿੱਚ ਹੋਰ ਵੀ
ਸਿਫਤਾਂ ਹੋਣ ਲੱਗ਼ੀਆਂ। ਨਤੀਜਾ ਇਹ ਹੋਇਆ ਕਿ ਪਿੰਡ ਦੇ ਹੀ ਇੱਕ ਬੰਦੇ ਨੇ ਇਹਨਾਂ ਦੋਵਾਂ
ਬਲਦਾਂ ਦੀ ਚੋਰੀ ਕਰਵਾ ਦਿਤੀ। ਮੈਨੂੰ ਯਾਦ ਹੈ ਕਿ ਜਦ ਸਵੇਰੇ ਚੋਰੀ ਦਾ ਸਾਨੂੰ ਪਤਾ ਲੱਗਿਆ
ਤਾਂ ਮਾਂ ਨੇ “ਵੇ ਮੇਰਿਆ ਮੋਤੀ ਪੁੱਤਾ, ਵੇ ਹੀਰਿਆ ਪੁੱਤਾ”, ਕਹਿ-ਕਹਿ ਉੱਚੇ-ਉੱਚੇ ਵੈਣ
ਪਾਏ ਸਨ। ਗੁਆਂਢੀ ਸਾਡੇ ਘਰ ਇਸ ਤਰ੍ਹਾਂ ਅਫਸੋਸ ਕਰਨ ਆਏ ਸਨ ਜਿਵੇਂ ਘਰ ਦੇ ਜਵਾਨ ਪੁੱਤ ਮਰਨ
‘ਤੇ ਕਰਨ ਆਏ ਹੋਣ।
ਜ਼ਿੰਦਗੀ ਵਿੱਚ ਮਨ-ਭਾਉਂਦੇ ਖਾਣ-ਹੰਢਾਉਣ ਦਾ ਮੌਕਾ ਤਾਂ ਸ਼ਾਇਦ ਉਸਨੂੰ ਕਦੇ ਹੀ ਮਿਲਿਆ ਹੋਵੇ
ਪਰ ਘਰ ਦੇ ਕੰਮਾਂ-ਧੰਧਿਆਂ ਵਿੱਚ ਬੜੀ ਸੁਹਨਰੀ ਤੇ ਪੂਰੀ ਰਕਾਨ ਸੀ। ਘਰ ਦੇ ਕੱਚੇ ਓਟਿਆਂ,
ਕੰਧੋਲੀਆਂ, ਭੜੋਲਿਆਂ ਆਦਿ ਉਤੇ ਪੂਰੇ ਤਿੱਤਰ-ਮੋਰ ਪਾ ਕੇ ਰਖਦੀ ਸੀ। ਘਰ ਭਾਵੇਂ ਕੱਚਾ ਸੀ
ਪਰ ਉਹਦੇ ਲਿਪਣ-ਪੋਚਣ ਦੀ ਕਲਾ ਨੂੰ ਵੇਖ ਆਂਢਣਾਂ-ਗੁਆਂਢਣਾਂ ਦੰਗ ਰਹਿ ਜਾਂਦੀਆਂ। ਘਰ ਦੇ
ਜੀਆਂ ਨੂੰ ਪਹਿਣਨ-ਪਾਉਣ ਨੂੰ ਭਾਵੇਂ ਮੋਟਾ ਖ਼ੱਦਰ-ਸ਼ੱਦਰ ਹੀ ਨਸੀਬ ਹੁੰਦਾ ਸੀ ਪਰ ਜੇ ਕਿਸੇ
ਜੀਅ ਦੇ ਕਪੜੇ ਮੈਲੇ ਹੋ ਜਾਂਦੇ ਤਾਂ ਜਿੰਨਾ ਚਿਰ ਧੋਣ ਲਈ ਉਹਨਾਂ ਤੋਂ ਲਹਾ ਨਾ ਲੈਂਦੀ ਤਾਂ
ਉਹਨੂੰ ਚੈਨ ਨਾ ਆਉਂਦਾ। ਬਾਪੂ ਤੇ ਮੇਰੀ ਭੂਆ ਦਾ ਪੁੱਤ ਜ਼ੰਗੀਰ ਘਰ ਦੇ ਅਜਿਹੇ ਜੀਅ ਸਨ
ਜਿਹੜੇ ਆਪਣੇ ਕਪੜਿਆਂ ਦੀ ਮੈਲ਼-ਸ਼ੈਲ ਵੱਲ ਘੱਟ-ਵੱਧ ਹੀ ਧਿਆਨ ਦਿੰਦੇ। ਮਾਂ ਉਹਨਾਂ ਨੂੰ
ਟੋਕਦੀ ਹੀ ਰਹਿੰਦੀ: “ਵੇ ਲਾਹ ਦਿਉ ਹੁਣ ਇਹਨਾਂ ਨੂੰ! ਕਿ ਓਦੋਂ ਲਾਹੋਂਗੇ ਜਦ ਜੂੰਆਂ ਨੇ
ਪਿੰਡੇ ਦਾ ਸਾਰਾ ਲਹੂ ਚੂਸ ਲਿਆ?”
ਦਾਲ-ਸਬਜੀ ਭਾਵੇਂ ਘਰ ਵਿੱਚ ਆਮ ਨਹੀਂ ਬਣਦੀ ਸੀ ਪਰ ਜਦ ਵੀ ਬਣਦੀ ਸੀ ਤਾਂ ਪੂਰਾ ਮਨ ਡੋਬ ਕੇ
ਬਣਾਉਂਦੀ ਸੀ। ਪਰ ਘਰ ਵਿੱਚ ਕੋਈ ਅਜਿਹਾ ਜੀਵ ਨਹੀਂ ਸੀ ਜਿਹੜਾ ਉਸਦੇ ਇਸ ਹੁਨਰ ਦੀ ਕਦਰ ਕਰਨ
ਵਾਲਾ ਹੋਵੇ। ਦਾਲ-ਸਬਜੀ ਵਿੱਚ ਲੂਣ ਵਿੱਚ ਘੱਟ ਹੋਵੇ ਚਾਹੇ ਵੱਧ, ਇਸ ਨਾਲ ਉਹਨਾਂ ਦੀ ਜੀਭ
ਉਤੇ ਕੋਈ ਅਸਰ ਨਹੀਂ ਸੀ ਹੁੰਦਾ। ਉਹਨਾਂ ਲਈ ਤਾਂ ਢਿੱਡ ਭਰਨ ਲਈ ਰੋਟੀ ਮਿਲਦੇ ਰਹਿਣਾ ਹੀ ਸਭ
ਤੋਂ ਵੱਡਾ ਹੁੱਨਰ ਸੀ। ਕਈ ਵਾਰ ਤਜਰਬਾ ਲੈਣ ਦੀ ਮਾਰੀ ਮਾਂ ਦਾਲ-ਸਬਜੀ ਵਿੱਚ ਜਾਣ ਕੇ
ਲੂਣ-ਮਿਰਚ ਘੱਟ-ਵੱਧ ਕਰ ਦਿੰਦੀ ਪਰ ਕੋਈ ਵੀ ਇਹ ਨੁਕਸ ਫੜ ਨਾ ਸਕਦਾ। ਮਾਂ ਨੂੰ ਖਿਝ ਆ
ਜਾਂਦੀ ਤੇ ਉਹ ਪਰਿਵਾਰ ਦੀ ਸੁਹਜ-ਸੁਆਦ ਤੋਂ ਖਾਲੀ ਪ੍ਰਵਿਰਤੀ ਨੂੰ ਕੋਸਦੀ ਹੋਈ ਕਹਿ ਉਠਦੀ,
“ਇਸ ਕਮਲੇ ਟੱਬਰ ਨੂੰ ਕੋਈ ਕਿਹੋ-ਜਿਆ ਪਾ ਕੇ ਦੇ ਦੇਵੇ, ਮਜ਼ਾਲ ਐ ਇਹਨਾਂ ਨੂੰ ਪਤਾ ਲੱਗ-ਜੇ!
ਪਸ਼ੂ ਵੀ ਬੇਪਸੰਦੀ ਦੇ ਖਾਣ-ਪੀਣ ‘ਤੇ ਸਿਰ ਮਾਰ ਦਿੰਦੇ ਐ ਪਰ ਸਾਡਾ ਟੱਬਰ? ਬਸ, ਰੱਬ ਈ ਰਾਖੈ
ਇਹਨਾਂ ਦਾ ਤਾਂ!”
ਨੇਕ, ਨਰਮ ਤੇ ਮਿਲਾਪੜੀ ਤਾਂ ਮਾਂ ਇਤਨੀ ਸੀ ਕਿ ਗੁਆਂਢ ਦੀ ਕੋਈ-ਨਾ-ਕੋਈ ਤ੍ਰੀਮਤ ਸਾਡੇ ਘਰ
ਆ ਕੇ ਮਾਂ ਨਾਲ ਗੱਲਾਂ ਮਾਰਦੀ ਹੀ ਰਹਿੰਦੀ। ਆਪਣਾ ਵਿਹਲਾ ਸਮਾਂ ਬਿਤਾਉਣ ਲਈ
ਆਂਢਣਾਂ-ਗੁਆਂਢਣਾਂ ਸਾਡੇ ਘਰ ਮੇਰੀ ਮਾਂ ਕੋਲ ਬੈਠੀਆਂ ਹੀ ਰਹਿੰਦੀਆਂ। ਸਾਡੇ ਅਗਵਾੜ
(ਪੱਤੀ), ਜਿਸਨੂੰ ਅਸੀਂ “ਸਾਡਾ ਵਿਹੜਾ” ਜਾਂ “ਸਾਡਾ ਪਾਸਾ” ਕਹਿੰਦੇ ਸਾਂ, ਵਿੱਚ ਸਾਡਾ ਘਰ
ਹੀ ਇੱਕ ਅਜਿਹਾ ਘਰ ਸੀ ਜਿਥੇ ਸਿਆਲਾਂ ਦੀ ਰੁੱਤ ਵਿੱਚ ਆਂਢ-ਗੁਆਂਢ ਦੀਆਂ ਮੇਰੀਆਂ ਚਾਚੀਆਂ,
ਤਾਈਆਂ, ਭੈਣਾਂ ਤੇ ਭਰਜਾਈਆਂ ਛੋਪ ਕੱਤਣ ਆਉਂਦੀਆਂ। ਨਾਲੇ ਕਤਦੀਆਂ ਰਹਿੰਦੀਆਂ ਨਾਲ਼ੇ
ਹਾਸੇ-ਠੱਠੇ ਵਾਲੀਆਂ ਤ੍ਰੀਮਤੀ ਗੱਲਬਾਤਾਂ ਕਰ-ਕਰ ਆਪਣਾ ਮਨੋਰੰਜਨ ਕਰਦੀਆਂ ਰਹਿੰਦੀਆਂ। ਇਸਦੇ
ਨਾਲ ਹੀ ਗੀਤ ਗਾਉਣ ਦਾ ਸਿਲਸਲਾ ਵੀ ਚਲਦਾ ਰਹਿੰਦਾ। ਮਾਂ ਵੀ ਬਹੁਤਾ ਸੁਹਣਾ ਗਾਉਂਦੀ ਸੀ।
ਨਿਮਨ-ਲਿਖਤ ਗੀਤ, ਜਿਹੜਾ ਮੈਂ ਬਾਦ ਵਿੱਚ ਆਪਣੇ ਨਾਟਕ “ਸੱਤ ਬਗਾਨੇ” ਵਿੱਚ ਮਿੰਦ੍ਹੋ ਨਾਂ
ਦੀ ਪਾਤਰ ਦੇ ਮੂੰਹ ਵਿੱਚ ਹੂ-ਬ-ਹੂ ਪਾਇਆ, ਮਾਂ ਬੜੀ ਹੀ ਦਿਲ-ਖਿਚਵੀਂ ਲੈਅ ਤੇ ਹੇਕ ਵਿੱਚ
ਗਾਇਆ ਕਰਦੀ ਸੀ:
ਉਚੇ ਤਾਂ ਬੀਜਿਆ ਤੇਰਾ ਬਾਜਰਾ, ਮਾਂ ਦਿਆ ਕਾਹਨ ਚੰਦਾ,
ਨੀਵੇਂ ਤਾਂ ਬੀਜੀ ਵੇ ਜਵਾਰ, ਖ਼ੂਨੀ ਨੈਣ ਜਲ ਭਰੇ!
ਚਿੜੀਆਂ ਨੇ ਚੁਗ ਲਿਆ ਤੇਰਾ ਬਾਜਰਾ, ਵੇ ਮਾਂ ਦਿਆ ਕਾਹਨ ਚੰਦਾ
ਕਾਂਵਾਂ ਨੇ ਡੁੰਗੀ ਵੇ ਜਵਾਰ, ਵੇ ਖ਼ੂਨੀ ਨੈਣ ਜਲ ਭਰੇ! ਼ ਼ ਼
ਬਾਦ ਵਿੱਚ ਜ਼ਰਾ ਸਮਝ ਆਈ ਤੋਂ ਇਸ ਗੀਤ ਵਿਚੋਂ ਮੈਨੂੰ ਸਾਡੇ ਸਮਾਜ ਵਿਚਲੀ ਆਰਥਿਕ ਤੇ ਸਮਾਜਕ
ਨਾ-ਬਰਾਬਰੀ, ਤੇ ਲੁੱਟ-ਖ਼ਸੁੱਟ ਵਾਲੇ ਅਰਥ ਗੂੰਜਦੇ ਸੁਣਾਈ ਦੇਣ ਲੱਗੇ ਤੇ ਇਸੇ ਦ੍ਰਿਸ਼ਟੀ ਤੋਂ
ਮੈਂ ਇਹ ਗੀਤ ਆਪਣੇ ਇਸ ਨਾਟਕ ਵਿੱਚ ਵਰਤੋਂ ਵਿੱਚ ਲਿਆਂਦਾ ਸੀ।
ਦੁੱਖਾਂ ਦੀ ਝੰਬੀ ਹੋਈ ਵੀ ਮਾਂ ਵਿਆਹਾਂ-ਸ਼ਾਦੀਆਂ ਵਿੱਚ ਖ਼ੂਬ ਨਚਣ ਤੇ ਗਾਉਣ ਦਾ ਸ਼ੌਕ ਰਖਦੀ
ਸੀ। ਵੱਡੀ ਉਮਰ ਵਿੱਚ ਵੀ ਉਹ ਅਜਿਹੇ ਮੌਕਿਆਂ ‘ਤੇ ਆਪਣੇ-ਆਪ ਨੂੰ ਨੱਚਣ-ਗਾਉਣ ਤੋਂ ਵਰਜ ਨਾ
ਸਕਦੀ। ਉਸਦੇ ਨੱਚਣ ਦੇ ਹੁੱਨਰ ਸਮਝਣ ਵਾਲੀਆਂ ਗੁਆਂਢ ਦੀਆਂ ਨੂੰਹਾਂ-ਧੀਆਂ ਲਗਦੀਆਂ
ਮੁਟਿਆਰਾਂ ਆਪ ਹੀ ਉਸਨੂੰ ਬਾਹੋਂ ਫੜ ਕੇ ਗਿੱਧੇ ਵਿੱਚ ਖਿਚ ਕੇ ਲੈ ਜਾਂਦੀਆਂ। ਗਿੱਧੇ ਵਿੱਚ
ਸੱਸ-ਨੂੰਹ ਦੀ ਲੜਾਈ ਦੀਆਂ ਨਕਲਾਂ ਤਾਂ ਉਹ ਐਨੀਆਂ ਸੁਹਣੀਆਂ ਲਾਹੁੰਦੀ ਕਿ ਵੇਖਣ ਵਾਲਿਆਂ ਦੇ
ਢਿੱਡੀਂ ਪੀੜਾਂ ਪੈ ਜਾਂਦੀਆਂ। ਉਸਦੇ ਮਰਨ ਤੋਂ ਸਾਲ ਕੁ ਪਹਿਲਾਂ ਇੱਕ ਵਾਰ ਮੈਂ ਆਪਣੇ ਘਰ
ਵਿੱਚ ਇੱਕ ਨਾਟਕ ਦੀ ਰਿਹਰਸਲ ਕਰਵਾ ਰਿਹਾ ਸੀ। ਇੱਕ ਅਦਾਕਾਰ ਕੁੜੀ ਤੋਂ ਉਸਨੂੰ ਦਿੱਤੇ ਗਏ
ਰੋਲ ਦੀ ਅਦਾਕਾਰੀ ਠੀਕ-ਠੀਕ ਨਹੀਂ ਸੀ ਹੋ ਰਹੀ। ਮਾਂ ਕੋਲ ਹੀ ਬੈਠੀ ਰਿਹਰਸਲ ਵੇਖ ਰਹੀ ਸੀ।
ਵਾਰ-ਵਾਰ ਸਮਝਾਉਣ ਤੋਂ ਬਾਦ ਵੀ ਜਦ ਕੁੜੀ ਤੋਂ ਰੋਲ ਠੀਕ ਤਰ੍ਹਾਂ ਨਾ ਹੋਇਆ ਤਾਂ ਮਾਂ ਨੂੰ
ਗੁੱਸਾ ਆਗਿਆ। ਉਹ ਉਸ ਕੁੜੀ ਨੂੰ ਕੋਸਦੀ ਜਿਹੀ ਬੋਲੀ, “ਜਾਹ ਨੀ ਪਰੇ! ਤੈਥੌਂ ਆਹ ਨਿੱਕੀ-ਜੀ
ਨਕਲ ਵੀ ਨੀ ਲਾਹੀ ਜਾਂਦੀ? ! ਮੈਂ ਹੁੰਦੀ ਤੇਰੀ ਥਾਂ ਫੇਰ ਵੇਖਦੀ”
ਹੁਣ ਮਾਂ ਦੇ ਅਖੀਰਲੇ ਦਿਨਾਂ ਦੀ ਗੱਲ। ਮੈਂ ਉਪਰ ਵੀ ਜ਼ਿਕਰ ਕੀਤਾ ਸੀ ਕਿ ਮੇਰੇ ਸਭ ਤੋਂ
ਛੋਟੇ ਭਾਈ ਮਿੰਦਰ ਦੀ ਜਿੱਦ ਸਦਕਾ ਲਏ ਟ੍ਰੈਕਟਰ ਕਾਰਨ ਘਰ ਸਿਰ ਬੈਕ ਦੇ ਕਰਜ਼ੇ ਦੀਆਂ ਕਿਸ਼ਤਾਂ
ਐਨੀਆਂ ਚੜ੍ਹ ਗਈਆਂ ਸਨ ਕਿ ਉਹ ਮੋੜ ਨਹੀਂ ਸੀ ਹੋ ਰਹੀਆਂ। ਮਾਂ, ਮੇਰੇ ਤੋਂ ਛੋਟੇ ਭਾਈ ਚੰਦ
ਤੇ ਉਸਦੇ ਪਰਿਵਾਰ (ਪਤਨੀ, ਦੋ ਪੁੱਤਰਾਂ) ਨੂੰ ਮੈਂ ਆਪਣੇ ਕੋਲ ਮਾਨਸਾ ਬੁਲਾ ਲਿਆ। ਚੰਦ
ਬਹੁਤ ਹੀ ਸਿੱਧੜ ਤੇ ਭੋਲਾ ਸੀ। ਨਾ ਉਸਦਾ ਟ੍ਰੈਕਟਰ ਲੈਣ ਵਿੱਚ ਕੋਈ ਹੱਥ ਸੀ ਤੇ ਨਾ ਹੀ
ਵੇਚਣ ਵਿਚ। ਇਸ ਲਈ ਮੇਰੀ ਉਸਦੇ ਪਰਿਵਾਰ ਨਾਲ ਹਮਦਰਦੀ ਸੀ। ਉਂਜ ਵੀ ਇਸ ਨਵੇਂ ਆਰਥਿਕ ਸੰਕਟ
ਦਾ ਸਭ ਤੋਂ ਮਾਰੂ ਪਰਭਾਵ ਉਸਦੇ ਪਰਿਵਾਰ ਉਤੇ ਹੀ ਪਿਆ ਸੀ। ਉਹ ਕਬੀਲਦਾਰ ਬੰਦਾ ਸੀ। ਉਹਦੇ
ਬੱਚਿਆਂ ਦਾ ਭਵਿਖ ਖ਼ਤਰੇ ਵਿੱਚ ਸੀ। ਮਹਿੰਦਰ ਦਾ ਕੀ ਸੀ। ਉਹ ਤਾਂ ਲੰਡਾ ਚਿੜਾ ਸੀ। (ਉਹਦਾ
ਵਿਆਹ ਨਹੀਂ ਸੀ ਹੋਇਆ।) ਉਹ ਕਿਤੇ ਵੀ ਖੁੱਲ੍ਹੀਆਂ ਉਡਾਰੀਆਂ ਮਾਰ ਸਕਦਾ ਸੀ। ਉਂਜ ਵੀ ਉਹ
ਆਪਣੀ ਕੀਤੀ ਗਲਤੀ ਦੀ ਹੀਣ ਭਾਵਨਾ ਦੇ ਕਾਰਨ ਮੇਰੇ ਮੱਥੇ ਲੱਗਣ ਤੋਂ ਡਰਨ ਲੱਗ ਪਿਆ ਸੀ।
ਕਰਜ਼ਾ ਲਾਹੁਣ ਵਾਸਤੇ ਸਾਨੂੰ ਆਪਣੀ ਸਾਰੀ ਅੱਠ ਦੇ ਅੱਠ ਕੀਲੇ ਜ਼ਮੀਨ ਵੇਚਣੀ ਪਈ ਪਰ ਪਿੰਡੋਂ
ਉਜੜ ਕੇ ਸ਼ਹਿਰ ਆ ਵਸਣ ਦੇ ਹਾਦਸੇ ਨੇ ਮਾਂ ਨੂੰ ਅੰਦਰੋਂ ਬੁਰੀ ਤਰ੍ਹਾਂ ਤੋੜ ਦਿੱਤਾ ਸੀ।
ਉਤੋਂ-ਉਤੋਂ ਤਾਂ ਉਹ ਇਸ ਸਦਮੇ ਨੂੰ ਛੁਪਾਉਣ ਤੇ ਭੁੱਲਣ ਦੀ ਪੂਰੀ ਕੋਸ਼ਿਸ ਕਰਦੀ ਪਰ ਅ਼ੰਦਰੋਂ
ਉਹ ਸਾਰੀ ਦੀ ਸਾਰੀ ਪੂਰੀ ਤਰ੍ਹਾਂ ਹਿੱਲ ਚੁੱਕੀ ਸੀ। ਉਸਨੇ ਇੱਕ ਤਰ੍ਹਾਂ ਨਾਲ ਮੰਜਾ ਹੀ ਮੱਲ
ਲਿਆ ਸੀ। ਨਤੀਜਾ ਇਹ ਹੋਇਆ ਕਿ ਦਿਨਾਂ ਵਿੱਚ ਹੀ ਉਹ ਐਨੀ ਡਾਵਾਂ-ਡੋਲ ਤੇ ਕਮਜ਼ੋਰ ਹੋ ਗਈ ਕਿ
ਘਰ ਵਿੱਚ ਤੁਰਨ-ਫਿਰਨ ਵਾਸਤੇ ਵੀ ਉਸਨੂੰ ਸੋਟੀ ਦਾ ਸਹਾਰਾ ਲੈਣਾ ਪੈਂਦਾ ਸੀ। ਨਿਗਾਹ ਵੀ
ਕਾਫੀ ਕਮਜ਼ੋਰ ਹੋ ਗਈ ਸੀ। ਉਹ ਹਾਰਨਾ ਨਹੀਂ ਸੀ ਚਾਹੁੰਦੀ ਪਰ ਹਾਲਤਾਂ ਨੇ ਉਸਨੂੰ ਹਾਰਨ ਲਈ
ਮਜ਼ਬੂਰ ਕਰ ਦਿੱਤਾ ਸੀ। ਇੱਕ ਦਿਨ ਉਹ ਮੇਰੀ ਪਤਨੀ ਮਨਜੀਤ ਦੇ ਹੱਥਾਂ ਵਿੱਚ ਫੜੀ ਹੋਈ ਵੀ ਜਦ
ਡਿਗਦੀ-ਡਿਗਦੀ ਮਸਾਂ ਬਚੀ ਤਾਂ ਉਸਦੇ ਮੂੰਹੋਂ ਆਪ-ਮੁਹਾਰੇ ਹੀ ਨਿਕਲ ਗਿਆ, “ਨਪੁੱਤਿਆਂ ਦੇ
ਰੱਬ ਨੇ ਊਂਈ ਬੇਵਜਾਹ ਈ ਢਾ ਲਈ! ਐਡੇ ਕਿਹੜੇ ਮੈਂ ਪਾਪ ਕੀਤੇ ਸੀ ਬਈ ਼ ਼! ?” ਠੀਕ ਹੈ
ਉਸਨੇ ਕੋਈ ਪਾਪ ਨਹੀਂ ਸੀ ਕੀਤਾ ਪਰ ਇਹੀ ਤਾਂ ਉਸਦਾ ਕਸੂਰ ਸੀ ਕਿ ਉਸਨੇ ਇਹ ਕਿਉਂ ਨਹੀਂ ਸੀ
ਕੀਤਾ?
ਮੈਂ ਵਿੰਗੇ-ਸਿੱਧੇ ਢੰਗ ਨਾਲ ਉਸਨੂੰ “ਕੋਈ ਫਿਕਰ ਨਾ ਕਰਨ” ਦੀਆਂ ਪੂਰੀਆਂ ਤਸੱਲੀਆਂ ਤੇ
ਹੱਲਾ-ਸ਼ੇਰੀਆਂ ਦਿੰਦਾ ਤੇ ਆਪਣੇ ਵਿਤ ਮੁਤਾਬਕ ਕਾਫੀ ਕੁੱਝ ਅਮਲੀ ਤੌਰ ‘ਤੇ ਕਰ ਕੇ ਵੀ
ਵਿਖਾਉਂਦਾ। ਚੰਦ ਨੂੰ ਮੈਂ ਸ਼ਹਿਰ ਦੀ ਸਪਿੰਨਿੰਗ ਮਿੱਲ ਵਿੱਚ ਇੱਕ ਨਿੱਕੀ ਜਿਹੀ “ਨੌਕਰੀ”
ਦਿਵਾ ਦਿੱਤੀ। ਥੋੜ੍ਹੇ ਜਿਹੇ ਸਮੇਂ ਬਾਦ ਹੀ ਉਸਦੇ ਪਰਿਵਾਰ ਲਈ ਆਪਣੇ ਨਾਲ ਤਿੰਨ ਵਿਸਵੇ ਥਾਂ
ਲੈ ਕੇ ਉਸ ਲਈ ਦੋ ਪੱਕੇ ਕਮਰਿਆਂ ਵਾਲਾ ਨਿੱਕਾ-ਜਿਹਾ ਰੈਣ-ਵਸੇਰਾ ਵੀ ਬਣਵਾ ਦਿੱਤਾ। ਚੰਦ ਦੇ
ਦੋਵੇਂ ਪੁੱਤਾਂ ਨੂੰ ਲਾਗਲੇ ਪਿੰਡ ਭੈਣੀ ਬਾਘਾ ਦੇ ਹਾਈ ਸਕੂਲ, ਜਿਥੇ ਮੇਰੀ ਪਤਨੀ ਮਨਜੀਤ
ਅਧਿਆਪਕਾ ਦੇ ਤੌਰ ‘ਤੇ ਪੜ੍ਹਾ ਰਹੀ ਸੀ, ਵਿੱਚ ਮੁੜ ਪੜ੍ਹਨ ਲਾ ਦਿੱਤਾ। ਮਾਂ ਇਹ ਸਭ ਕੁੱਝ
ਵੇਖ ਕੇ ਖ਼ੁਸ਼ ਤਾਂ ਬਹੁਤ ਹੁੰਦੀ ਤੇ ਇਸ ਸਭ ਕੁੱਝ ਲਈ ਉਹ ਮੈਂਨੂੰ ਸ਼ਾਬਾਸ਼ੇ ਵੀ ਦਿੰਦੀ ਪਰ
ਟੁੱਟੇ ਹੋਏ ਆਪੇ ਦਾ ਉਹ ਕੀ ਕਰੇ?
ਫਿਰ ਇੱਕ ਦਿਨ ਅਜਿਹਾ “ਬਹਾਨਾ” ਬਣਿਆ ਕਿ ਉਸਨੂੰ ਮਾਮੂਲੀ ਬੁਖ਼ਾਰ ਚੜ੍ਹਿਆ। ਅਸੀਂ ਘਰ ਵਿੱਚ
ਹੀ ਡਾਕਟਰ ਸੱਦ ਕੇ ਦਵਾਈ ਦਵਾਈ। ਪਰ ਫਰਕ ਨਾ ਪਿਆ। ਸਗੋਂ ਬੁਖ਼ਾਰ ਐਨਾ ਵਧ ਗਿਆ ਕਿ ਉਹ
ਬੇਹੋਸ਼ੀ ਦੀ ਹਾਲਤ ਵਿੱਚ ਚਲੀ ਗਈ। ਅਸੀਂ ਇੱਕ ਪਰਾਈਵੇਟ ਹਸਤਪਤਾਲ ਵਿੱਚ ਉਸਨੂੰ ਦਾਖ਼ਲ ਕਰਵਾ
ਦਿੱਤਾ। ਦੋ-ਤਿੰਨ ਦਿਨਾਂ ਬਾਦ ਉਸ ਹਸਤਪਤਾਲ ਦਾ ਡਾਕਟਰ ਵੀ ਹੱਥ ਖੜ੍ਹੇ ਕਰ ਗਿਆ। ਕਹਿੰਦਾ,
“ਮਾਤਾ ਦੇ ਗੁਰਦੇ ਫੇਲ੍ਹ ਹੋ ਚੁੱਕੇ ਨੇ, ਕੁੱਝ ਨੀ ਬਣ ਸਕਦਾ।” ਆਪਣੀ ਜਾਣ-ਪਛਾਣ ਵਾਲੇ
ਦੋ-ਤਿੰਨ ਹੋਰ ਡਾਕਟਰਾਂ ਨੂੰ ਬੁਲਾ ਕੇ ਲੁਧਿਆਣਾ, ਪਟਿਆਲਾ ਆਦਿ ਦੇ ਕਿਸੇ ਹਸਪਤਾਲ ਲੈ ਜਾਣ
ਦੀ ਰਾਇ ਪੁੱਛੀ। ਉਹ ਵੀ ਕਹਿੰਦੇ, “ਕੋਈ ਫਾਇਦਾ ਨੀ। ਗੁਰਦੇ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ
ਨੇ। ਘਰ ਲਿਜਾ ਕੇ ਸੇਵਾ ਕਰੋ ਜਿਹੜੇ ਦੋ-ਚਾਰ ਦਿਨ ਮਾਂ ਸਾਹ ਲੈਂਦੀ ਐ।”
ਅਸੀਂ ਸ਼ਾਮ ਤੱਕ ਮਾਂ ਨੂੰ ਘਰ ਲੈ ਆਏ। ਡਾਕਟਰ ਘਰ ਆ ਕੇ ਉਸਦੇ ਗੁਲੂਕੋਸ਼ ਬਗੈਰਾ ਲਾ ਗਿਆ।
ਰਾਤ ਦੇ ਸਾਢੇ ਕੁ ਸੱਤ ਵਜੇ ਮਨਜੀਤ ਰੋਟੀ ਪਾਣੀ ਬਣਾਉਣ ਲੱਗ ਪਈ। ਚੰਦ ਤੇ ਉਸਦੀ ਪਤਨੀ
ਸੁਜਾਨ ਵੀ ਆਪਣੇ ਘਰ ਰਾਤ ਦੀ ਰੋਟੀ ਦੇ ਸੰਬੰਧ ਵਿੱਚ ਆਪਣੇ ਘਰ ਚਲੇ ਗਏ। ਬਾਹਰ ਪੋਰਚ ਹੇਠ
ਮੰਜੇ ਉਤੇ ਪਈ ਮਾਂ ਦੇ ਮੁਸ਼ਕਲ ਨਾਲ ਆ-ਜਾ ਹਰੇ ਸਾਹਾਂ ਨੂੰ ਵੇਖਦਾ ਮੈਂ ਉਸਦੇ ਭੂਤ ਨਾਲ
ਜੁੜਿਆ ਡੂੰਘੀਆਂ ਸੋਚਾਂ ਵਿੱਚ ਡੁਬਿਆ ਹੋਇਆ ਸਾਂ। ਮੇਰੇ ਦੇਖਦਿਆਂ-ਦੇਖਦਿਆਂ ਹੀ ਮਾਂ ਨੇ
ਰਾਤ ਦੇ ਠੀਕ ਵਜੇ 8 ਵਜੇ ਆਪਣਾ ਅਖ਼ੀਰਲਾ ਸਾਹ ਲੈ ਕੇ ਅਗਲੇ ਸਾਹ ਲੈਣੇ ਬੰਦ ਕਰ ਦਿੱਤੇ। ਮੈਂ
ਆਪਣੇ-ਆਪ ‘ਤੇ ਬਹੁਤ ਕੰਟਰੌਲ਼ ਕਰਨ ਦੀ ਕੋਸ਼ਿਸ ਕੀਤੀ ਪਰ ਜਦ ਮੈਂ ਮਾਂ ਦੇ ਪੂਰੀ ਹੋਣ ਦੀ ਖ਼ਬਰ
ਰਸੋਈ ਵਿੱਚ ਜਾ ਕੇ ਮਨਜੀਤ ਨੂੰ ਦੱਸਣ ਗਿਆ ਤਾਂ ਮੇਰੇ ਕੋਲੋਂ ਭੁੱਬ ਮਾਰੇ ਬਿਨਾ ਰਿਹਾ ਨਾ
ਗਿਆ। ਉਹ ਮੇਰੇ ਕੋਲ ਜੂਨ 1985 ਵਿੱਚ ਆਈ ਸੀ ਤੇ 2 ਅਕਤੂਬਰ, 1987, ਜਿਸ ਦਿਨ ਦੁਸਹਿਰੇ ਦਾ
ਤਿਉਹਾਰ ਸੀ, ਵਾਲੇ ਦਿਨ ਮੇਰੇ ਕੋਲੋਂ ਸਦਾ-ਸਦਾ ਵਾਸਤੇ ਦੂਰ ਚਲੀ ਗਈ ਸੀ। ਉਸ ਵੇਲੇ ਉਸਦੀ
ਉਮਰ ਮੁਸ਼ਕਲ ਨਾਲ 66-67 ਸਾਲ ਦੀ ਹੋਵੇਗੀ।
ਮਾਂ ਦੇ ਅਖ਼ੀਰਲੇ ਦਿਨਾਂ ਤੇ ਉਸਦੀ ਮੌਤ ਵਾਲੇ ਹਾਦਸੇ ਨੇ ਮੇਰੇ ਉਤੇ ਅਜਿਹਾ ਦਿਲ-ਹਿਲਾਊ ਅਸਰ
ਪਾਇਆ ਕਿ ਇਸ ਹਾਦਸੇ ਨੂੰ ਆਧਾਰ ਬਣਾਕੇ ਮੈਂ ਆਪਣੇ ਪੂਰੇ ਨਾਟਕ “ਨਿੱਕੇ ਸੂਰਜਾਂ ਦੀ ਲੜਾਈ”
ਦੀ ਇੱਕ ਪੂਰੀ ਝਾਕੀ ਦੀ ਸਿਰਜਣਾ ਕੀਤੀ। ਫਰਕ ਸਿਰਫ ਐਨਾ ਹੈ ਕਿ ਜਿਥੇ ਸਾਰੀ ਦੀ ਸਾਰੀ ਜ਼ਮੀਨ
ਵਿਕ ਜਾਣ ਦੇ ਸਦਮੇ ਨਾਲ ਮਾਂ ਸਾਲ-ਡੇਢ ਸਾਲ ਬਾਦ ਮੌਤ ਦੀ ਝੋਲੀ ਵਿੱਚ ਪੈਂਦੀ ਹੈ ਉਥੇ ਨਾਟਕ
ਵਿਚਲੀ ਬੇਬੇ ਇੱਕ-ਦਮ ਵਜੇ ਝਟਕੇ ਸਦਕਾ ਉਸ ਸਮੇਂ ਹੀ ਪਰਾਣ ਤਿਆਗ ਦਿੰਦੀ ਹੈ ਜਦ ਉਸਨੂੰ ਪਤਾ
ਲਗਦਾ ਹੈ ਕਿ ਉਸਦੇ ਦੋਵੇਂ ਪੁੱਤਾਂ … ਚਰਨੇ (ਚੰਦ) ਤੇ ਮੇਜਰ (ਮਹਿੰਦਰ) … ਨੇ ਆੜ੍ਹਤੀਏ ਦਾ
ਕਰਜ਼ਾ ਲਾਹੁਣ ਵਾਸਤੇ ਆਪਣੀ ਸਾਰੀ ਜ਼ਮੀਨ ਦਾ ਸੌਦਾ ਆਪਣੇ ਇੱਕ ਸ਼ਰੀਕ ਨਾਲ ਕਰਨ ਦਾ ਬਿਆਨਾ ਫੜ
ਲਿਆ ਹੈ। ਮੇਰੀ ਮਾਂ ਨੇ ਜ਼ਮੀਨ ਵੇਚਣ ਦੇ ਦੁੱਖ ਦਾ ਬੋਲ ਕੇ ਪਰਗਟਾਵਾ ਨਹੀਂ ਸੀ ਕੀਤਾ ਪਰ
ਨਾਟਕ ਵਿਚਲੀ ਬੇਬੇ ਪੂਰਾ ਵਿਰੋਧ ਕਰਦੀ ਹੈ। ਪਰ ਜਦੋਂ ਉਸਦੀ ਸੁਣੀ ਨੂੰ ਅਣਸੁਣੀ ਕਰ ਕੇ
ਉਸਦੇ ਪੁੱਤ ਸ਼ਰੀਕ ਤੋਂ ਬਿਆਨਾ ਫੜ ਹੀ ਲੈਂਦੇ ਹਨ ਤਾਂ ਮਾਂ ਬੇਵਸ ਹੋਈ ਦਿਲ ਛੱਡ ਕੇ ਮੰਜੇ
ਉੱਤੇ ਪੈਂਦੀ ਲੰਮਾ ਹੌਕਦਾ ਭਰਦੀ ਆਪਣੇ ਪੁੱਤਾਂ ਨੂੰ ਆਖਦੀ ਹੈ: “ਮਾਰ-ਤਾ ਵੇ ਤੁਸੀਂ
ਮੈਨੂੰ!” ਤੇ ਜਦੋਂ ਚਰਨਾ ਤੇ ਮੇਜਰ ਉਸਨੂੰ ਰੋਟੀ ਖਵਾਉਣ ਲਈ ਉਠਾਉਣ ਲਗਦੇ ਹਨ ਤਾਂ ਉਸਦੇ
ਸਰੀਰ ਵਿਚੋਂ ਭੌਰ ਉਡਾਰੀ ਮਾਰ ਚੁੱਕਾ ਹੁੰਦਾ ਹੈ।
ਭਲਾ ਕਿੰਨਾ ਕੁ ਫਰਕ ਹੋਇਆ ਮੇਰੀ ਆਪਣੀ ਮਾਂ ਤੇ ਨਾਟਕ ਵਿਚਲੀ ਬੇਬੇ ਦੀਆਂ ਮਰਨ-ਸਥਿੱਤੀਆਂ
ਵਿਚ?
000
ਅਜਮੇਰ ਸਿੰਘ ਔਲਖ,ਲੋਕ ਕਲਾ ਮੰਚ, ਮਾਨਸਾ-151505, ਪੰਜਾਬ।ਮੋਬਾਇਲ: 98155-75495
-0-
|