ਵਾਧੂ ਦੇ ਪੰਗੇ ‘ਚ ਕੌਣ
ਪੈਂਦਾ
ਇਕ ਦਿਨ ਬੀਬੀ ਮੇਰੇ ਕੋਲ ਜਲੰਧਰ ਆਈ। ਉਸਦਾ ਚਿਹਰਾ ਉੱਤਰਿਆ ਹੋਇਆ ਤੇ ਡਾਢਾ ਉਦਾਸ ਸੀ।
ਅੱਖਾਂ ਡੁੱਲ੍ਹਣ ਡੁੱਲ੍ਹਣ ਕਰਦੀਆਂ ਸਨ। ਮੇਰੇ ਪੁੱਛਣ ‘ਤੇ ਰੋਣ ਲੱਗੀ। ਕਹਿੰਦੀ, “ਤੇਰੇ
ਮਾਮੇ ਹਰਦੀਪ ਨੂੰ ਪਰਸੋਂ ਤਕਾਲੀਂ ਪੁਲਿਸ ਨੇ ਚੁੱਕ ਲਿਆ। ਪਹਿਲਾਂ ਤਾਂ ਪਤਾ ਨਹੀਂ ਸੀ
ਲੱਗਦਾ ਕਿ ਕਿੱਥੇ ਲੈ ਗਏ ਨੇ। ਬੜੀ ਭੱਜ ਦੌੜ ਪਿੱਛੋਂ ਅੱਜ ਸਵੇਰੇ ਪਤਾ ਲੱਗੈ ਕਿ ਅੰਬਰਸਰ
ਮਾਲ-ਮੰਡੀ ਵਿੱਚ ਉਹਦਾ ਕੁੱਟ ਕੁੱਟ ਕੇ ਬੁਰਾ ਹਾਲ ਕੀਤਾ ਪਿਆ ਨੇ। ਘਰਦਿਆਂ ਜਿੱਥੇ ਜਿੱਥੇ
ਜੋਰ ਪੈਂਦਾ ਸੀ ਪਾ ਕੇ ਵੇਖ ਲਿਐ। ਛੱਡਣ-ਛੁਡਾਉਣ ਵਾਲੀ ਗੱਲ ਤਾਂ ਦੂਰ; ਅੰਦਰੋਂ ਕਿਸੇ ਆਪਣੇ
ਬੰਦੇ ਨੇ ਦੱਸਿਐ ਕਿ ‘ਪੁੱਛ-ਗਿੱਛ ਕਰਕੇ ਅਗਲਿਆਂ ਅੱਜ ਰਾਤ ਨੂੰ ਜਾਂ ਕੱਲ੍ਹ ਰਾਤ ਨੂੰ ਉਹਦਾ
ਮੁਕਾਬਲਾ ਬਣਾ ਕੇ ਮਾਰ ਦੇਣੈ। ਜੇ ਕੁੱਝ ਕਰ ਸਕਦੇ ਓ ਤਾਂ ਕਰ ਲਓ।’ ਹੁਣ ਤਾਂ ਤੂੰ ਹੀ
ਉਹਨੂੰ ਬਚਾ ਸਕਦੈਂ। ਆਹ ਮੇਰੇ ਹੱਥ ਜੋੜੇ, ਪਿਛਲੀਆਂ ਗੱਲਾਂ ਭੁੱਲ ਕੇ ਤੂੰ ਕੋਈ ਚਾਰਾ ਕਰ;
ਤੂੰ ਕਰ ਸਕਦਾ ਏਂ!”
ਆਪਣੇ ਦੋਵਾਂ ਮਾਮਿਆਂ ਨਾਲ ਮੇਰੇ ਯਾਰਾਂ ਵਰਗੇ ਸੰਬੰਧ ਰਹੇ ਹਨ। ਵੱਡਾ ਮਾਮਾ ਗੁਰਦੀਪ ਮੇਰੇ
ਤੋਂ ਪੰਜ ਕੁ ਸਾਲ ਅਤੇ ਉਸਤੋਂ ਛੋਟਾ ਹਰਦੀਪ ਦੋ ਕੁ ਸਾਲ ਵੱਡਾ ਹੈ। ਮੇਰੇ ਲਈ ਬਚਪਨ ਦੇ ਸਭ
ਤੋਂ ਯਾਦਗਾਰੀ ਦਿਨ ਉਹ ਹਨ ਜਦੋਂ ਮੈਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਆਪਣੇ ਨਾਨਕੇ ਪਿੰਡ
ਆਪਣੇ ਮਾਮਿਆਂ ਦੀ ਸੰਗਤ ਵਿੱਚ ਖੇਡਦਾ, ਖੇਤਾਂ ਵਿੱਚ ਜਾਂਦਾ, ਡੰਗਰ ਚਾਰਦਾ, ਛਿੰਝਾਂ ਤੇ
ਮੇਲੇ ਵੇਖਦਾ। ਸ਼ਾਮ ਨੂੰ ਪਿੰਡ ਦੇ ਜਵਾਨਾਂ ਦੀ ਕਬੱਡੀ ਵੇਖਦਾ, ਰਾਤ ਨੂੰ ਕਦੀ ਪਿੰਡ ਦੇ
ਗੁਰਦਵਾਰੇ ਵਿੱਚ ਗੱਭਰੂਆਂ ਵੱਲੋਂ ਆਪਣੀ ਖ਼ੁਸ਼ੀ ਲਈ ਲਾਏ ‘ਢੋਲਕੀਆਂ-ਛੈਣਿਆਂ ਵਾਲੇ’ ਦੀਵਾਨ
ਵਿੱਚ ਭਾਗ ਲੈਂਦਾ, ਕਦੀ ਚੰਨ-ਚਾਨਣੀ ਵਿੱਚ ਉਹਨਾਂ ਨਾਲ ਲੁਕਣ-ਮੀਟੀ ਖੇਡਦਾ। ਖੇਡਦੇ ਖੇਡਦੇ
ਜਵਾਨ ਮੁੰਡੇ ਪਿੰਡੋਂ ਦੂਰ ਕਿਸੇ ਰੜੇ-ਮੈਦਾਨ ਵਿਚ ਬੋਲੀਆਂ, ਭੰਗੜਾ ਤੇ ਗਿੱਧਾ ਪਾਉਂਦੇ।
ਮੇਰੇ ਮਾਮੇ ਮੇਰਾ ਮਾਣ ਤੇ ਮੇਰੀ ਤਾਕਤ ਹੁੰਦੇ। ਮੇਰੇ ਨਾਨਕਿਆਂ ਦਾ ਟੱਬਰ ਸੁਭਾ ਪੱਖੋਂ
ਬਹੁਤ ਹੀ ਮਜ਼ਾਕੀਆ ਸੀ। ਜਿਸ ਵੀ ਵੱਡੇ ਛੋਟੇ ਦਾ ਜ਼ੋਰ ਚੱਲਦਾ ਦੂਜੇ ਨੂੰ ਮਖ਼ੌਲ ਕਰਨ ਵਿੱਚ
ਦੱਬ ਲੈਂਦਾ। ਦਬਾਓ ਵਿੱਚ ਆਉਣ ਵਾਲਾ ਝੂਠੀ ਮੂਠੀ ਹੱਸਣ ਲਈ ਮਜਬੂਰ ਹੁੰਦਾ। ਦੋਵੇਂ ਮਾਮੇ
ਆਪਸ ਵਿੱਚ ਵੀ ਇੱਕ ਦੂਜੇ ਨੂੰ ਦਬੱਲ ਲੈਂਦੇ। ਮੈਨੂੰ ਵੀ ਕਿਸੇ ਨਾ ਕਿਸੇ ਦਾ ਸਾਥ ਦੇਣ ਕਰਕੇ
ਕਦੀ ਕਦੀ ਆਪ ਵੀ ਹਮਲੇ ਦਾ ਸ਼ਿਕਾਰ ਹੋਣਾ ਪੈਂਦਾ। ਮੇਰੇ ਸੁਭਾ ਵਿੱਚ ਜ਼ਿੰਦਾਦਿਲੀ ਦਾ ਬਹੁਤਾ
ਅੰਸ਼ ਮੇਰੇ ਨਾਨਕਿਆਂ ਦੀ ਦੇਣ ਹੀ ਹੈ। ਬੇਲਿਹਾਜ਼ ਹੋ ਕੇ ਅਸੀਂ ਇੱਕ ਦੂਜੇ ਦੀ ‘ਠੁਕਾਈ’ ਹੁਣ
ਤੱਕ ਵੀ ਕਰ ਲੈਂਦੇ ਸਾਂ। ਮੇਰੇ ਲਈ ਬਚਪਨ ਦੇ ਸਭ ਤੋਂ ਉਦਾਸ ਕਰਨ ਵਾਲੇ ਦਿਨ ਵੀ ਉਹੋ ਹੁੰਦੇ
ਜਦੋਂ ਛੁੱਟੀਆਂ ਮੁੱਕਣ ‘ਤੇ ਮੇਰੇ ਮਾਪੇ ਜਾਂ ਸਾਡਾ ਕੋਈ ਲਾਗੀ ਮੈਨੂੰ ਪਿੰਡ ਲੈ ਜਾਣ ਲਈ
ਆਉਂਦਾ ਤੇ ਮੈਨੂੰ ਬੜੇ ਹੀ ਭਾਰੀ ਮਨ ਨਾਲ ਨਾਨਕਿਆਂ ਦੇ ਪਿੰਡ ਨੂੰ ਅਲਵਿਦਾ ਕਹਿਣੀ ਪੈਂਦੀ।
ਥੋੜ੍ਹਾ ਕੁ ਵੱਡਾ ਹੋਇਆ ਤਾਂ ਮੇਰੇ ਲਿਖਣ-ਪੜ੍ਹਣ ਦੇ ਸ਼ੌਕ ਵੱਲ ਵੇਖ ਕੇ ਮੇਰੇ ਮਾਮਿਆਂ ਨੇ
ਉਹਨਾਂ ਨਾਲੋਂ ਉਮਰੋਂ ਛੋਟਾ ਹੋਣ ਦੇ ਬਾਵਜੂਦ ਮੈਨੂੰ ‘ਸਿਆਣਾ’ ਸਮਝਣਾ ਸ਼ੁਰੂ ਕਰ ਦਿੱਤਾ। ਉਹ
ਮੇਰੀ ਗੱਲ ਦੀ ਕਦਰ ਕਰਦੇ। ਬਚਪਨ ਵਿੱਚ ਹੀ ਮੰਗਣਾ ਹੋ ਜਾਣ ਕਰਕੇ ਹਰਦੀਪ ਨੂੰ ਆਪਣੀ ਮੰਗ
ਪਸੰਦ ਨਹੀਂ ਸੀ; ਉਸਨੇ ਜੇ ਬੀ ਟੀ ਵਿੱਚ ਪੜ੍ਹਦੇ ਨੂੰ ਮੈਨੂੰ ਚਿੱਠੀ ਲਿਖ ਕੇ ਇਸ ਸਾਕ ਨੂੰ
ਛੱਡਣ ਜਾਂ ਨਾ ਛੱਡਣ ਬਾਰੇ ਮੇਰੀ ਰਾਇ ਮੰਗੀ। ਉਂਜ ਵੀ ਅਸੀਂ ਮਾਮੇ-ਭਣੇਵਾਂ ਮਿਲ ਕੇ ਅਕਸਰ
ਹੀ ‘ਅੰਦਰਲੀਆਂ ਗੱਲਾਂ’ ਵੀ ਕਰ ਲੈਂਦੇ। ਜਦੋਂ ਮੈਂ ਚੜ੍ਹਦੀ ਜਵਾਨੀ ਵੇਲੇ ਨਵੇਂ ਸਿਆਸੀ
ਵਿਚਾਰਾਂ ਦੇ ਸੇਕ ਨਾਲ ਫੁਲਿਆ ਫਿਰਦਾ ਸਾਂ ਤਾਂ ਮੇਰੇ ਮਾਮੇ ਵੀ ਮੇਰੇ ਕਹਿਣ ‘ਤੇ ਆਪਣੇ
ਇਲਾਕੇ ਵਿੱਚ ਮੇਰੇ ਵਿਚਾਰਾਂ ਵਾਲੇ ਮੇਰੇ ਸਾਥੀਆਂ ਦੀ ਧਿਰ ਬਣੇ। ਉਹਨਾਂ ਨੇ ਆਪਣੇ ਲਾਲ ਰੰਗ
ਦੇ ‘ਇੰਟਰਨੈਸ਼ਨਲ’ ਟ੍ਰੈਕਟਰ ਦੇ ਮੱਥੇ ‘ਤੇ ‘ਜੈ-ਜਨਤਾ’ ਲਿਖਵਾਇਆ ਹੋਇਆ ਸੀ। ਕੁਝ ਹੀ ਚਿਰ
ਪਿੱਛੋਂ ਮੇਰੇ ਵੱਲੋਂ ਅਪਣਾਏ ਸਿਆਸੀ ਪੈਂਤੜੇ ਤੋਂ ਜਦੋਂ ਮੈਂ ਆਪਣੇ ਪੈਰ ਪਿੱਛੇ ਖਿਸਕਾ ਲਏ
ਸਨ ਤਦ ਵੀ ਮਾਮਾ ਗੁਰਦੀਪ ਕਈ ਸਾਲਾਂ ਤੱਕ ਮੈਨੂੰ ਕਹਿੰਦਾ ਰਿਹਾ, “ਤੂੰ ਭਾਵੇਂ ਆਪਣੇ
ਵਿਚਾਰਾਂ ਨੂੰ ਬਦਲ ਲਿਆ ਪਰ ਜਿੰਨ੍ਹਾਂ ਬੰਦਿਆਂ ਨਾਲ ਤੂੰ ਸਾਨੂੰ ਮਿਲਾ ਕੇ ਗਿਆ ਸੈਂ, ਅਸੀਂ
ਹੁਣ ਤੱਕ ਵੀ ਉਹਨਾਂ ਨੂੰ ਕਦੀ ਪਿੱਠ ਨਹੀਂ ਦਿੱਤੀ।”
ਮੇਰੇ ਸਾਰੇ ਰਿਸ਼ਤੇਦਾਰਾਂ ਵਿਚੋਂ ਮੇਰੇ ਮਾਮੇ ਹੀ ਸਨ ਜਿੰਨ੍ਹਾਂ ਕੋਲ ਜਾਣਾ, ਮਿਲ ਬੈਠਣਾ,
ਗੱਲਾਂ ਕਰਨਾ ਮੈਨੂੰ ਸਕੂਨ ਦਿੰਦਾ ਸੀ। ਆਪਣੇ ਵਿਚੋਂ ਕਿਸੇ ਨਾ ਕਿਸੇ ਦੀ ਕੋਈ ਝੂਠੀ-ਸੱਚੀ
ਕਮਜ਼ੋਰੀ ਜਾਂ ਗ਼ਲਤੀ ਲੱਭ ਕੇ ਅਸੀਂ ਇੱਕ ਦੂਜੇ ਦਾ ਮੌਜੂ ਬਣਾਉਂਦੇ। ‘ਟਾਹ! ਟਾਹ’ ਕਪਾਹੀ
ਹਾਸਾ ਹੱਸਦੇ। ਹਰਦੀਪ ਬਹੁਤੀ ਵਾਰ ਵੱਡੇ ਮਾਮੇ ਗੁਰਦੀਪ ਦੇ ਹਮਲੇ ਦਾ ਸ਼ਿਕਾਰ ਹੋ ਜਾਂਦਾ। ਜੇ
ਕਦੀ ਹਰਦੀਪ ਦਾ ਜ਼ੋਰ ਪੈਂਦਾ ਤਾਂ ਗੁਰਦੀਪ ਹਰਦੀਪ ਦੇ ਕੁੱਝ ਚਿਰ ਫੌਜ ਵਿੱਚ ਰਿਹਾ ਹੋਣ ਕਰਕੇ
‘ਫੌਜੀਆਂ ਦੀ ਅਕਲ’ ਦੇ ਨੁਕਤੇ ‘ਤੇ ਟਿੱਪਣੀ ਕਰਕੇ ਉਸਨੂੰ ਢਾਹ ਲੈਂਦਾ। ਹਰਦੀਪ ਸਾਡੇ ਨਾਲ
ਮਿਲ ਕੇ ਹੱਸਦਾ ਰਹਿੰਦਾ ਤੇ ਆਪਣੀ ਵਾਰੀ ਦੀ ਉਡੀਕ ਵਿੱਚ ਰਹਿੰਦਾ। ਸਭ ਵਿੱਚ ਬਰਦਾਸ਼ਤ ਦਾ
ਮਾਦਾ ਕਮਾਲ ਦਾ ਸੀ। ਕੋਈ ਵੀ ਗੁੱਸਾ ਨਾ ਕਰਦਾ ਕਿਉਂਕਿ ਸਾਰੇ ਜਾਣਦੇ ਸਨ ਕਿ ਇਹ ਮਜ਼ਾਕ ਕੇਵਲ
ਦਿਲ-ਲਗੀ ਲਈ ਹੈ। ਇਸ ਵਿੱਚ ਕਿਸੇ ਦੂਜੇ ਨੂੰ ਘਟੀਆ ਤੇ ਨੀਵਾਂ ਵਿਖਾਉਣ ਵਾਲੀ ਕਮੀਣਗੀ ਦਾ
ਅੰਸ਼ ਲੇਸ ਮਾਤਰ ਵੀ ਨਹੀਂ ਹੈ। ਇਹ ਹਾਸਾ-ਮਜ਼ਾਕ ਤਾਂ ਸ਼ੁਧ ਹਿਰਦਿਆਂ ਦਾ ਖੇੜਾ ਹੈ।
ਸਾਡੇ ਦਾਦੇ ਚੰਦਾ ਸਿੰਘ ਦੇ ਛੜੇ ਭਰਾ ਬਾਬੇ ਬਿਸ਼ਨ ਸਿੰਘ ਦੀ ਪਾਕਿਸਤਾਨ ਵਿੱਚ ਰਹਿ ਗਈ ਜ਼ਮੀਨ
ਦੇ ਇਵਜ਼ ਵਿਚ ਜਿਹੜੀ ਜ਼ਮੀਨ ਮੁਕਤਸਰ-ਮਲੋਟ ਸੜਕ ਉਤਲੇ ਪਿੰਡ ਸਾਉਂਕੇ ਵਿੱਚ ਮਿਲੀ ਸੀ, ਉਸਦੀ
ਸੰਭਾਲ ਪਹਿਲਾਂ ਦੋਵੇਂ ਬਾਬੇ ਕਰਦੇ ਰਹੇ ਸਨ ਤੇ ਉਹਨਾਂ ਦੀ ਮੌਤ ਪਿੱਛੋਂ ਮੇਰਾ ਪਿਤਾ ਹਰ
ਸਾਲ ਜਾ ਕੇ ਉਸ ਜ਼ਮੀਨ ਦਾ ਹਿੱਸਾ-ਠੇਕਾ ਲੈ ਆਉਂਦਾ ਸੀ। ਪਿਤਾ ਦੀ ਮੌਤ ਤੋਂ ਬਾਅਦ ਮੈਂ ਆਪਣੇ
ਮਾਮਿਆਂ ਤੇ ਘਰਦਿਆਂ ਦੀ ਸਲਾਹ ਨਾਲ ਉਸ ਜ਼ਮੀਨ ਨੂੰ ਵੇਚ ਦੇਣ ਦਾ ਨਿਰਣਾ ਲਿਆ। ਘਰਦਿਆਂ ਨੇ
ਮੈਨੂੰ ਮੁਖ਼ਤਿਆਰ-ਨਾਮਾ ਦੇ ਦਿੱਤਾ।
ਇਹ ਇਕੱਲੇ ਬੰਦੇ ਦੇ ਕਰਨ ਵਾਲਾ ਕੰਮ ਨਹੀਂ ਸੀ। ਮੈਂ ਮਾਮਿਆਂ ਕੋਲ ਗਿਆ। ਉਹਨਾਂ ਦਾ ਵਾਹੀ
ਦਾ ਸਾਂਝਾ ਕੰਮ ਸੀ। ਵੱਡੇ ਮਾਮੇ ਗੁਰਦੀਪ ਨੇ ਘਰ ਦੀ ਜ਼ਿਮੇਵਾਰੀ ਓਟਦਿਆਂ ਹਰਦੀਪ ਨੂੰ ਮੇਰੇ
ਨਾਲ ਭੇਜ ਦਿੱਤਾ। ਜਿੰਨ੍ਹਾਂ ਕੋਲ ਜ਼ਮੀਨ ਸੀ, ਉਹ ਪੰਜ ਭਰਾ ਸਨ। ਸਾਰੇ ਹੀ ਮਾਰ ਖ਼ੋਰੇ।
ਤਿੰਨਾਂ ਦੀ ਰਿਹਾਇਸ਼ ਤਾਂ ਪਿੰਡ ਵਿੱਚ ਸੀ ਜਦ ਕਿ ਵੱਡੇ ਦੋਵੇਂ ਪਿੰਡੋਂ ਬਾਹਰ ਦੋ-ਢਾਈ ਮੀਲ
ਦੀ ਦੂਰੀ ‘ਤੇ ਢਾਣੀ ਵਿੱਚ ਰਹਿੰਦੇ ਸਨ। ਸਾਡੀ ਜ਼ਮੀਨ ਇਹਨਾਂ ਦੋ ਵੱਡੇ ਭਰਾਵਾਂ ਦੇ ਕਬਜ਼ੇ
ਹੇਠ ਸੀ। ਅਸੀਂ ਦੋਵੇਂ ਜਣੇ ਲੱਭਦੇ ਲਭਾਉਂਦੇ ਉਹਨਾਂ ਦੀ ਢਾਣੀ ‘ਤੇ ਪਹੁੰਚੇ। ਉਹਨਾਂ ਵਿਚੋਂ
ਪਿਆਰਾ ਤਾਂ ਅਜੇ ਹੁਣੇ ਜਿਹੇ ਹੀ ਪਾਕਿਸਤਾਨ ਵਿਚੋਂ ਕੈਦ ਕੱਟ ਕੇ ਆਇਆ ਸੀ। ਉਹ ਦਾਹੜੀ ਕਤਰ
ਕੇ ਤੇ ਅੱਖਾਂ ‘ਚ ਸੁਰਮਾ ਪਾ ਕੇ ਰੱਖਦਾ। ਸਾਨੂੰ ਸਾਡੀ ਜ਼ਮੀਨ ਦਾ ਗੇੜਾ ਕਢਾਉਂਦਿਆਂ ਤੇ
ਕਿੱਲਿਆਂ ਦੀ ਜਾਣ-ਪਛਾਣ ਕਰਾਉਂਦਿਆਂ ਉਸਨੇ ਦੱਸਿਆ, “ਆਹ ਛੇ ਕੁ ਕਿੱਲੇ ਜ਼ਮੀਨ ਤਾਂ ਸਾਡੇ
ਕੋਲ ਹੈ। ਦੋ ਕੁ ਕਿੱਲੇ ਪਿੱਛੇ ਪਿੰਡ ਕੋਲ ਕਿਸੇ ਹੋਰ ਨੂੰ ਦਿੱਤੀ ਹੋਈ ਹੈ ਭਾਊ ਦੀਦਾਰ
ਸੁੰਹ ਨੇ। ਉਹਨਾਂ ਤੋਂ ਪੈਲੀ ਛੁਡਾ ਕੇ ਸਾਨੂੰ ਹੀ ਦੇ ਜਾਓ। ਨਹੀਂ ਤਾਂ ਉਹਨਾਂ ਨੇ ਕਬਜ਼ਾ ਕਰ
ਲੈਣੇਂ। ਅਸੀਂ ਤਾਂ ਵੇਖ ਲੌ ਤੁਹਾਡੇ ਬਾਪ ਨੂੰ ਠੇਕਾ ਮੰਗਣ ‘ਤੇ ਕਦੀ ਅਗਲਾ ਦਿਨ ਨਹੀਂ ਸੀ
ਪੈਣ ਦਿੱਤਾ ਤੇ ਉਹਨਾਂ ਦਾ ਪੁੱਛ ਕੇ ਵੇਖ ਲਿਓ; ਅਜੇ ਵੀ ਬਕਾਇਆ ਖਲਾ ਹੋਣੈ!”
ਅਸੀਂ ਜ਼ਮੀਨ ਵੇਚ ਦੇਣ ਦੇ ਫ਼ੈਸਲੇ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ।
ਉਹਨਾਂ ਦੋਵਾਂ ਭਰਾਵਾਂ ਨੇ ਵੀ ਸਸਤੇ ਭਾਅ ਜ਼ਮੀਨ ਮਿਲ ਜਾਣ ਦੇ ਲਾਲਚ ਵਿਚ ਸਾਡੇ ਨਾਲ ਸੌਦਾ
ਕਰਕੇ ਦਸ ਕੁ ਹਜ਼ਾਰ ਰੁਪਈਆ ਬਿਆਨਾ ਦੇ ਦਿੱਤਾ ਤੇ ਕੁਝ ਮਹੀਨਿਆਂ ਬਾਅਦ ਰਜਿਸਟਰੀ ਕਰਨ ਦੀ
ਤਰੀਕ ਪੱਕੀ ਕਰ ਲਈ। ਪਰ ਪਿੱਛੋਂ ਸ਼ਾਇਦ ਉਹਨਾਂ ਸਲਾਹ ਬਣਾ ਲਈ ਕਿ ਉਹ ਏਨੇ ਸਾਲਾਂ ਤੋਂ
ਜ਼ਮੀਨ ਵਾਹ ਰਹੇ ਹਨ, ਗਿਰਦੌਰੀ ਉਹਨਾਂ ਦੇ ਨਾਂ ਹੈ; ਅਸੀਂ ਉਹਨਾਂ ਤੋਂ ਜ਼ਮੀਨ ਛੁਡਾ ਨਹੀਂ
ਸਕਾਂਗੇ। ਉਹਨਾਂ ਰਜਿਸਟਰੀ ਵਾਲੇ ਦਿਨ ਪੈਸਿਆਂ ਦਾ ‘ਪੂਰਾ ਪਰਬੰਧ’ ਨਾ ਹੋ ਸਕਣ ਦਾ ਬਹਾਨਾ
ਲਾਇਆ ਤੇ ਉਸ ਵੇਲੇ ਐਵੇਂ ਨਾ-ਮਾਤਰ ਜਿਹੀ ਰਕਮ ਦੇਣ ਅਤੇ ਬਾਕੀ ਰਕਮ ਕੁਝ ਮਹੀਨਿਆਂ ਬਾਅਦ ਦੇ
ਦੇਣ ਦਾ ਲਾਰਾ ਲਾ ਕੇ ਸਾਨੂੰ ਓਸੇ ਦਿਨ ਰਜਿਸਟਰੀ ਕਰਵਾ ਦੇਣ ਲਈ ਕਿਹਾ। ਅੱਧ-ਪਚੱਧੇ ਪੈਸੇ
ਲੈ ਕੇ ਰਜਿਸਟਰੀ ਕਿਵੇਂ ਕਰਵਾਈ ਜਾ ਸਕਦੀ ਸੀ! ਰਜਿਸਟਰੀ ਹੋਣ ਬਾਅਦ ਉਹਨਾਂ ਨੇ ਸਾਨੂੰ ਕੀ
ਡਾਹ-ਦਵਾਲ ਹੋਣਾ ਸੀ! ਜ਼ਮੀਨ ਦੇ ਬਿਆਨਾ ਕਰਨ ਵੇਲੇ ਵੀ ਅਤੇ ‘ਰਜਿਸਟਰੀ’ ਵਾਲੇ ਦਿਨ ਮਾਮਾ
ਹਰਦੀਪ ਮੇਰੇ ਨਾਲ ਸੀ। ਅਸੀਂ ਉਹਨਾਂ ਨੂੰ ਜਵਾਬ ਦਿੱਤਾ ਕਿ ਜਦੋਂ ਉਹ ਪੈਸੇ ਤਿਆਰ ਕਰ ਲੈਣਗੇ
ਤਾਂ ਅਸੀਂ ਉਦੋਂ ਹੀ ਰਜਿਸਟਰੀ ਕਰਵਾ ਦਿਆਂਗੇ। ਨਿਰਾਸ ਹੋ ਕੇ ਅਸੀਂ ਘਰਾਂ ਨੂੰ ਪਰਤ ਆਏ। ਪਰ
ਉਹ ਤਾਂ ਮੁੜ ਕੇ ਜਿਵੇਂ ਗੁੰਗੇ ਹੋ ਗਏ। ਕੋਈ ਪਤਾ ਨਾ ਸੁਰ। ਅੱਠ ਏਕੜ ਜ਼ਮੀਨ ਦਾ ਅਸੀਂ ਤਾਂ
ਐਵੇਂ ਨਾ-ਮਾਤਰ ਦਸ ਹਜ਼ਾਰ ਰੁਪੈਆ ਬਿਆਨਾ ਲਿਆ ਸੀ। ਉਹ ਤਾਂ ਜ਼ਮੀਨ ਦੱਬ ਲੈਣ ਦਾ ਫ਼ੈਸਲਾ ਕਰੀ
ਬੈਠੇ ਸਨ।
ਅਸੀਂ ਦੋ-ਚੌਂਹ ਮਹੀਨਿਆਂ ਬਾਅਦ ਮਾਮਾ-ਭਣੇਵਾਂ ਉਹਨਾਂ ਦੇ ਪਿੰਡ ਦਾ ਫੇਰਾ ਮਾਰਦੇ। ਮੈਂ
ਸਕੂਲੋਂ ਛੁਟੀਆਂ ਲੈਂਦਾ। ਮਾਮਾ ਆਪਣੇ ਪਰਿਵਾਰ ਅਤੇ ਵਾਹੀ ਦਾ ਕੰਮ ਛੱਡ ਕੇ ਮੇਰੇ ਨਾਲ ਤੁਰ
ਪੈਂਦਾ। ਅਸੀਂ ਦਸ ਦਸ ਦਿਨ ਲਾ ਕੇ ਖੱਜਲ-ਖ਼ਰਾਬ ਹੋ ਕੇ ਮੁੜਦੇ। ਕਦੀ ਉਹਨਾਂ ਕੋਲ, ਕਦੀ
ਮੁਕਤਸਰ ਗੁਰਦਵਾਰੇ ਵਿੱਚ ਤੇ ਕਦੀ ਮਲੋਟ ਕਿਸੇ ਹੋਟਲ ਵਿੱਚ ਰਾਤਾਂ ਕੱਟਦੇ। ਦਿਨੇ ਉਹਨਾਂ
ਦੋਵਾਂ ਭਰਾਵਾਂ ਨੂੰ ਲੱਭਣ ਤੇ ਮਿਲਣ ਉਹਨਾਂ ਦੀ ਢਾਣੀ ਵੱਲ ਤੁਰ ਪੈਂਦੇ। ਉਹਨਾਂ ਦੋਵਾਂ
ਭਰਾਵਾਂ ਨੇ ਬੜੀ ਨਾਟਕੀ ਸਥਿਤੀ ਬਣਾ ਲਈ ਹੋਈ ਸੀ। ਉਹਨਾਂ ਨੇ ਇੱਕ ਦੂਜੇ ਨਾਲ ਲੜੇ ਹੋਣ ਅਤੇ
ਬੋਲ-ਚਾਲ ਬੰਦ ਕੀਤੇ ਹੋਣ ਦਾ ਸਵਾਂਗ ਰਚਾ ਲਿਆ।
ਇੱਕ ਵਾਰ ਗਏ ਤਾਂ ਜਾਂਦਿਆਂ ਨੂੰ ਘਰ ਵਿੱਚ ਪਿਆਰਾ ਮਿਲਿਆ। ਚਾਹ-ਪਾਣੀ ਪਿਆ ਕੇ ਉਸ ਆਖਿਆ,
“ਮੈਂ ਤਾਂ ਭੱਜਿਆ ਨਹੀਂ। ਮੇਰੇ ਪੈਸੇ ਤਾਂ ਤਿਆਰ ਨੇ। ਮੇਰੇ ਵੱਲੋਂ ਭਾਵੇਂ ਸਵੇਰੇ ਰਜਿਸਟਰੀ
ਕਰਾ ਲੌ। ਤੁਸੀਂ ਤਾਰੇ ਨੂੰ ਮਨਾ ਲੌ। ਮੇਰੇ ਨਾਲ ਤਾਂ ਸਿੱਧੇ ਮੂੰਹ ਬੋਲਦਾ ਈ ਨਹੀਂ। ਮੈਂ
ਤਾਂ ਸੀਰੀ ਰਾਹੀਂ ਉਹਨੂੰ ਕਈ ਵਾਰ ਅਖਵਾਇਐ ਕਿ ਉਹਨਾਂ ਵਿਚਾਰਿਆਂ ਨੂੰ ਕਿਉਂ ਗੇੜੇ
ਮਰਵਾਉਂਦੈਂ। ਉਹ ਔਥੋਂ ਰੱਬ ਦੀ ਧੁੰਨੀ ‘ਚੋਂ ਤੁਰ ਕੇ ਆਉਂਦੇ ਨੇ ਵਿਚਾਰੇ। ਪਰ ਉਹ ਕੋਈ
ਨਿਆਂ ਈ ਨਹੀਂ ਦਿੰਦਾ। ਹੈ ਤਾਂ ਹਾਸੇ ਵਾਲੀ ਗੱਲ; ਮੂਰਖ ਕਿਸੇ ਥਾਂ ਦਾ, ਸੀਰੀ ਨੂੰ ਆਖਦਾ
ਸੀ; ਜੇ ਜ਼ਮੀਨ ਦੇ ਪੈਸੇ ਈ ਦੇਣੇ ਨੇ ਤਾਂ ਆਹ ਦੁਨਾਲੀ ਕਾਹਦੇ ਲਈ ਰੱਖੀ ਹੋਈ ਹੈ, ਮੈਂ
ਆਖਦਾਂ ਕਮਲਿਆ ਬੰਦੇ ਦੀ ਕੋਈ ਜ਼ਬਾਨ ਵੀ ਹੁੰਦੀ ਐ। ਨਹੀਂ ਇਤਬਾਰ ਤਾਂ ਆਹ ਤੁਰਿਆ ਆਉਂਦਾ ਜੇ
ਘੋੜੀ ‘ਤੇ। ਮੇਰੇ ਸਾਹਮਣੇ ਪੁੱਛ ਵੇਖੋ।” ਏਨੀ ਆਖ ਕੇ ਉਸ ਆਪਣੇ ਸਿਰਹਾਣੇ ਹੇਠੋਂ ਦਾਤਰ
ਕੱਢਿਆ ਤੇ ਸਾਡੇ ਲਈ ‘ਸਵੇਰ ਵਾਸਤੇ ਦਾਤਣਾਂ ਛਾਂਗਣ’ ਤੁਰ ਪਿਆ। ਸਾਨੂੰ ਰੁੱਖਾਂ ਹੇਠ ਮੰਜੇ
‘ਤੇ ਬੈਠਿਆਂ ਵੇਖ ਤਾਰਾ ਘੋੜੀ ਤੋਂ ਉੱਤਰਿਆ। ਮੋਢੇ ਤੋਂ ਲਾਹ ਕੇ ਦੁਨਾਲੀ ਹੱਥ ਵਿੱਚ
ਫੜ੍ਹੀ। ਫ਼ਤਹਿ ਬੁਲਾਈ, ਹਾਲ-ਚਾਲ ਪੁੱਛਿਆ। ਪਿਆਰੇ ਨੂੰ ਆਉਂਦਾ ਵੇਖ ਘੋੜੀ ਦੀ ਲਗਾਮ ਫੜ੍ਹੀ
ਪਰ੍ਹੇ ਆਪਣੇ ਘਰ ਵੱਲ ਇਹ ਕਹਿੰਦਾ ਤੁਰ ਪਿਆ, “ਕੋਈ ਨਹੀਂ ਮਿਲਦੇ ਆਂ। ਤੁਸੀਂ ਕਰੋ
ਗੱਲ-ਬਾਤ।
ਉਹ ਰਾਤ ਅਸੀਂ ਪਿਆਰੇ ਕੋਲ ਕੱਟੀ। ਕੋਠੇ ਦੀ ਇੱਕ ਨੁੱਕਰੇ ਪਏ ਨਰਮੇ ਦੀ ਢੇਰੀ ਉੱਤੇ ਚੂਹੇ
ਛਾਲਾਂ ਮਾਰਦੇ ਤਾਂ ਉਹਨਾਂ ਦਾ ਖੜਾਕ ਸੁਣ ਕੇ ਅਸੀਂ ਤ੍ਰਭਕ ਕੇ ਉੱਠਦੇ। ਮਸਾਂ ਮਸਾਂ ਦਿਨ
ਚੜ੍ਹਿਆ। ਅਗਲੇ ਦਿਨ ਤਾਰੇ ਨੂੰ ਮਿਲੇ ਤੇ ਪਿਆਰੇ ਦੀਆਂ ਕੱਲ੍ਹ ਕੀਤੀਆਂ ਗੱਲਾਂ ਦੇ ਹਵਾਲੇ
ਨਾਲ ਗੱਲ ਤੋਰੀ। ਉਸ ਆਖਿਆ, “ਐਵੇਂ ਕੁੱਤਾ ਭੌਂਕਦਾ ਐ। ਬੰਦੂਖ ਦਾ ਲਸੰਸ ਤਾਂ ਆਹ
ਉਜਾੜ-ਬੀਆਬਾਨ ਵਿੱਚ ਬੈਠੇ ਹੋਣ ਕਰਕੇ ਲਿਐ। ਤੁਸੀਂ ਆਪ ਨਹੀਂ ਵੇਖਿਆ; ਕੱਲ੍ਹ ਤੁਹਾਨੂੰ
ਦਾਤਰ ਵਿਖਾਉਂਦਾ ਫਿਰਦਾ ਸੀ। ਦਾਤਣਾਂ ਛਾਂਗਣ ਦਾ ਤਾਂ ਬਹਾਨਾ ਈ ਐ। ਮੈਨੂੰ ਦੂਜੇ-ਚੌਥੇ ਦਿਨ
ਸੁਣਾਉਂਦਾ ਰਹਿੰਦੈ; ‘ਮੈਂ ਤਾਂ ਅਗਲਿਆਂ ਦੀਆਂ ਐਦਾਂ ਈ ਪਦੀੜਾਂ ਪਵਾ ਦੇਣੀਐਂ। ਤੂੰ ਪੈਸੇ
ਦੇਣੇ ਨੇ ਤਾਂ ਦੇਂਦਾ ਫਿਰ।’ ਵੇਖੋ ਜੀ ਆਹ ਨਰਮਾ ਚੁਗਿਆ ਪਿਐ ਸਾਰਾ। ਜਿਸ ਦਿਨ ਵਿਕ ਗਿਆ,
ਓਸੇ ਦਿਨ ਰਜਿਸਟਰੀ ਕਰਵਾ ਦਿਓ। ਉਸ ਨਾਲ ਗੱਲ ਕਰ ਕੇ ਮਹੀਨੇ ਖੰਡ ਦੀ ਤਰੀਕ ਮਿਥ ਕੇ ਆ ਜਾਓ
ਬੇਸ਼ੱਕ!”
ਤਾਰੇ ਨੇ ਛਾਹ ਵੇਲਾ ਤਿਆਰ ਕਰਵਾ ਲਿਆ। ਛਾਹ-ਵੇਲੇ ਤੋਂ ਵਿਹਲੇ ਹੋ ਕੇ ਅਸੀਂ ਪਿਆਰੇ ਵੱਲ
ਗਏ, ਪਰ ਉਹ ਤਾਂ ਮੁਕਤਸਰ ਨੂੰ ਤੁਰ ਗਿਆ ਸੀ। ਸਾਰੀ ਦਿਹਾੜੀ ਤਾਰੇ ਕੋਲ ਬੈਠੇ ਪਿਆਰੇ ਨੂੰ
ਉਡੀਕਦੇ ਰਹੇ। ਉਸ ਕੋਲ ਰਾਤ ਕੱਟੀ। ਪਿਆਰਾ ਚੋਖੀ ਰਾਤ ਗਈ ਤੋਂ ਘਰ ਪਰਤਿਆ ਸੀ। ਦਿਨੇ ਪਿਆਰੇ
ਵੱਲ ਗਏ। ਉਹ ਕਹਿੰਦਾ, “ਉਹ ਮਹੀਨੇ ਨੂੰ ਕਹਿੰਦਾ, ਮੇਰੀ ਵੱਲੋਂ ਦਸਾਂ ਦਿਨਾਂ ਨੂੰ ਆ ਜਾਓ।”
ਅਸੀਂ ਖ਼ੁਸ਼ ਹੋ ਕੇ ਤਾਰੇ ਦੇ ਘਰ ਵੱਲ ਮੁੜੇ ਤਾਂ ਉਹਦੀ ਘਰਵਾਲੀ ਕਹਿੰਦੀ, “ਜੀ ਉਹ ਤਾਂ ਤਾਮ
ਕੋਟ ਨੂੰ ਟੁਰ ਗਏ ਨੇ।”
“ਕਦੋਂ ਕੁ ਆਉਣਗੇ?”
“ਜੀ ਦੱਸ ਕੇ ਕੋਈ ਨਹੀਂ ਗਏ”
ਗੱਲ ਕੀ; ਉਹਨਾਂ ਸਾਨੂੰ ਨਿਆਂ ਤਾਂ ਕੀ ਦੇਣਾ ਸੀ; ਹਫ਼ਤਾ ਹਫ਼ਤਾ ਭਰ ਉਹ ਦੋਵੇਂ ਭਰਾ ਸਾਡੇ
ਸਾਹਮਣੇ ਕੋਈ ਅੰਤਿਮ ਫ਼ੈਸਲਾ ਕਰਨ-ਕਰਾਉਣ ਲਈ ਇਕੱਠੇ ਹੀ ਨਾ ਹੁੰਦੇ। ਆਖ਼ਰ ਹਫ਼ਤੇ ਦਸ ਦਿਨ
ਬਾਅਦ ਅਸੀਂ ਝੂਠਾ-ਮੂਠਾ ਵਾਅਦਾ ਲੈ ਕੇ ਨਿਰਾਸ ਹੋਏ ਆਪੋ ਆਪਣੇ ਘਰਾਂ ਨੂੰ ਪਰਤਦੇ। ਫਿਰ
ਮਹੀਨੇ ਦੋ ਮਹੀਨੇ ਬਾਅਦ ਓਧਰ ਤੁਰ ਪੈਂਦੇ।
ਵੱਡਾ ਮਾਮਾ ਛੋਟੇ ਨੂੰ ਮਖ਼ੌਲ ਕਰਦਾ, “ਸਾਡੇ ਫੌਜੀ ਸਾਹਿਬ ਵੀ ਆਪਣੇ ਆਪ ਬੜੇ ਪੰਚਾਇਤੀ ਬਣੇ
ਫਿਰਦੇ ਨੇ। ਐਥੇ ਤਾਂ ਬੜੇ ਭੱਜ ਭੱਜ ਕੇ, ਵਿੱਚ ਪੈ ਪੈ ਕੇ ਨਿਆਂ ਕਰਵਾਉਂਦੇ ਨੇ। ਓਥੇ ਪਤਾ
ਨਹੀਂ ਕੀ ਹੋ ਜਾਂਦਾ ਨੇ! ਮੈਂ ਆਇਆਂ ਨੂੰ ਪੁੱਛਦਾਂ, ਕਿਵੇਂ ਹੋ ਗਈ ਰਜਿਸਟਰੀ? ਤਾਂ ਕੱਚਾ
ਜਿਹਾ ਹੱਸ ਕੇ ਉਹਨਾਂ ਦੀਆਂ ਬੰਦੂਕਾਂ ਤੇ ਦਾਤਰਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ।
ਭਣੇਵੇਂ ਦੀ ਜ਼ਮੀਨ ਦੀ ਰਾਖੀ ਤਾਂ ਕੀਤੀ ਨਹੀਂ ਜਾਂਦੀ, ਹੱਦਾਂ ਦੀ ਰਾਖੀ ਕੀ ਕਰਦੇ ਰਹੇ
ਹੋਣਗੇ! ਤਦੇ ਤਾਂ ਫੌਜ ਵਿੱਚ ਰਹਿ ਨਹੀਂ ਸਕੇ। ਡਰਦਿਆਂ ਆਪੇ ਸੱਜੀ ਉਂਗਲ ਵੱਢਕੇ ਡਿਸਚਾਰਜ
ਲੈ ਕੇ ਆ ਗਏ ਸਨ।”
“ਤੂੰ ਜਾ ਕੇ ਲੈ ਲਾ ਸਵਾਦ?” ਛੋਟਾ ਮਾਮਾ ਹੱਸਦਿਆਂ ਆਖਦਾ।
“ਚੱਲ ਮਾਮਾ ਐਤਕੀ ਤੂੰ ਚੱਲ ਵੇਖ। ਤੇਰੀ ਸਰਪੰਚੀ ਤੇ ਨੰਬਰਦਾਰੀ ਕਰਨ ਦੀ ਯੋਗਤਾ ਵੀ ਪਰਖ਼ ਕੇ
ਵੇਖ ਲੈਂਦੇ ਆਂ।”
“ਨਹੀਂ ਭਾਈ, ਤੇਰਾ ਛੋਟਾ ਮਾਮਾ ਆਖਦੈ ਕਿ ਇਹ ‘ਭਣੇਵੇਂ ਦੀਆਂ ਖਵਾਈਆਂ ਰੋਟੀਆਂ ਦਾ ਕਰਜ਼ਾ
ਲਾਹੁਣਾ’ ਚਾਹੁੰਦਾ ਹੈ। ਮੈਂ ਇਹਦੀ ਇੱਛਾ ਵਿੱਚ ਰੁਕਾਵਟ ਨਹੀਂ ਬਣਨਾ ਚਾਹੁੰਦਾ।”
“ਰੋਟੀਆਂ ਦਾ ਕਰਜ਼ਾ ਤਾਂ ਮੈਂ ਹੁਣ ਵੀ ਮਾਮੇ ਸਿਰ ਚਾੜ੍ਹੀ ਜਾਂਦਾਂ।” ਮੇਰੇ ਆਖਣ ‘ਤੇ ਅਸੀਂ
ਤਿੰਨੇ ਖਿੜ-ਖਿੜਾ ਕੇ ਹੱਸਣ ਲੱਗੇ।
ਮੇਰੀ ਇੱਕ ਮਾਸੀ ਮੇਰੇ ਨਾਨਕਿਆਂ ਦੇ ਪਿੰਡ ‘ਚਵਿੰਡੇ’ ਤੋਂ ਦੋ ਕੁ ਕੋਹਾਂ ਦੀ ਵਿੱਥ ‘ਤੇ
‘ਕੋਹਾਲੀ’ ਵਿਆਹੀ ਹੋਈ ਸੀ ਅਤੇ ਦੂਜੀ ਉਸਦੇ ਨੇੜੇ ਹੀ ‘ਚੈਨਪੁਰ’ ਪਿੰਡ ਵਿਚ। ਜਦੋਂ ਬਚਪਨ
ਵਿੱਚ ਮੈਂ ਨਾਨਕਿਆਂ ਦੇ ਛੁੱਟੀਆਂ ਕੱਟਣ ਜਾਂਦਾ ਤਾਂ ਵਿਚੋਂ-ਵਾਰੋਂ ਇਕ-ਇਕ ਦੋ-ਦੋ ਦਿਨਾਂ
ਲਈ ਮਾਸੀਆਂ ਦੇ ਪਿੰਡ ਵੀ ਗੇੜਾ ਮਾਰਦਾ। ਛੋਟਾ ਮਾਮਾ ਹਰਦੀਪ ਅਕਸਰ ਮੇਰੇ ਨਾਲ ਜਾਂਦਾ। ਮਾਮੇ
ਦਾ ਜਿਸਮ ਮੁੱਢ ਤੋਂ ਹੀ ਹੁੰਦੜ-ਹੇਲ ਸੀ। ਮੇਰੇ ਤੋਂ ਕੱਦ ਵਿੱਚ ਵੀ ਚਾਰ-ਪੰਜ ਇੰਚ ਵੱਡਾ
ਹੈ। ਸਵਾ-ਸਾਢੇ ਛੇ ਫੁੱਟ ਦੇ ਵਿਚਕਾਰ। ਮਾਸੀਆਂ ਕੋਲ ਜਦੋਂ ਅਸੀਂ ਰੋਟੀ ਖਾਣ ਬੈਠਣਾ ਤਾਂ
ਮੈਂ ਤਾਂ ਆਪਣੇ ਵਜੂਦ ਮੁਤਾਬਕ ਛੇਤੀ ਰੱਜ ਜਾਣਾ ਪਰ ਮਾਮੇ ਦੇ ਵਡੇਰੇ ‘ਇੰਜਣ’ ਲਈ ਤਾਂ
ਵਧੇਰੇ ਬਾਲਣ ਚਾਹੀਦਾ ਸੀ। ਜੇ ਉਹ ਮੇਰੇ ਨਾਲ ਹੀ ਰੋਟੀ ਖਾਣੋਂ ਨਾਂਹ ਕਰ ਦਿੰਦਾ ਤਾਂ ਭੁੱਖਾ
ਰਹਿ ਜਾਣਾ ਸੀ ਤੇ ਜੇ ਮੇਰੇ ਤੋਂ ਬਾਅਦ ਰੋਟੀ ਖਾਂਦਾ ਰਹਿੰਦਾ ਤਾਂ ‘ਪੇਟੂ’ ਆਖੇ ਜਾਣ ਦਾ ਡਰ
ਸੀ। ਇਸ ਲਈ ਸਾਡਾ ਆਪਸੀ ਸਮਝੌਤਾ ਸੀ ਕਿ ਇੱਕ ਤਾਂ ਮੈਂ ਆਪਣੀ ਰੋਟੀ ਵਿਚੋਂ ਅੱਧੀ ਰੋਟੀ ਨਾਲ
ਦੇ ਨਾਲ ਮਾਮੇ ਦੀ ਥਾਲੀ ਵਿੱਚ ਰੱਖਦਾ ਜਾਵਾਂ ਤੇ ਦੂਜਾ ਆਪ ਰੱਜ ਜਾਣ ਦੇ ਬਾਵਜੂਦ ਵੀ ਆਪਣੀ
ਥਾਲੀ ਵਿੱਚ ਰੋਟੀਆਂ ਰਖਵਾਈ ਜਾਵਾਂ ਤੇ ਘਰਦਿਆਂ ਦੀ ਅੱਖ ਬਚਾ ਕੇ ਉਸਦੀ ਥਾਲੀ ਵਿੱਚ ਓਨਾ
ਚਿਰ ਰੱਖੀ ਜਾਵਾਂ ਜਿੰਨਾਂ ਚਿਰ ਉਸਦਾ ‘ਕੋਟਾ’ ਪੂਰਾ ਨਹੀਂ ਹੋ ਜਾਂਦਾ। ਮਾਮੇ ਦੇ ਵਿਆਹ ਤੋਂ
ਬਾਅਦ ਉਸਦੀਆਂ ਆਪਣੇ ਸਹੁਰੇ ਘਰ ਪਹਿਲੀਆਂ ਫੇਰੀਆਂ ਸਮੇਂ ਵੀ ਮੈਂ ਹੀ ਉਸਦੇ ਨਾਲ ਸਾਂ ਅਤੇ
ਅਸੀਂ ਓਥੇ ਵੀ ਆਪਣੀ ‘ਕਲਾਕਾਰੀ’ ਵਰਤ ਕੇ ਮਾਮੇ ਦੇ ਢਿੱਡ ਨੂੰ ਆਸਰਾ ਦਿੰਦੇ ਸਾਂ। ਬਾਹਰ
ਤਾਂ ਭਾਵੇਂ ਆਪਸੀ ਸਹਿਯੋਗ ਦੀ ਇਸ ਤਰਕੀਬ ਦਾ ਕਿਸੇ ਨੂੰ ਪਤਾ ਨਹੀਂ ਸਾਂ ਲੱਗਣ ਦਿੰਦੇ ਪਰ
ਮੇਰੇ ਦੱਸਣ ਤੇ ਇਹ ਗੱਲ ਮੇਰੇ ਨਾਨਕਿਆਂ ਦੇ ਘਰ ਤਾਂ ਸਾਰਿਆਂ ਨੂੰ ਪਤਾ ਹੀ ਸੀ। ਜਿਹੜੇ
ਮਖ਼ੌਲ ਤੋਂ ਮਾਮਾ ਵਾਂਢੇ ਗਿਆਂ ਬਚਿਆ ਰਹਿਣਾ ਚਾਹੁੰਦਾ ਉਸਦੀ ਕਸਰ ਅਸੀਂ ਏਥੇ ਪੂਰੀ ਕਰ
ਲੈਂਦੇ ਸਾਂ। ਹੁਣ ਵੀ ਪਿਆਰੇ-ਤਾਰੇ ਹੁਰਾਂ ਕੋਲ ਅਸੀਂ ਆਪਣੀ ਖਾਣ-ਪੀਣ ਦੀ ਸਾਲਾਂ ਪੁਰਾਣੀ
ਜੁਗਤ ਦਾ ਇਸਤੇਮਾਲ ਕਰਦੇ ਰਹਿੰਦੇ ਸਾਂ। ਮਾਮਾ ਗੁਰਦੀਪ ਇਸੇ ‘ਰੋਟੀਆਂ ਦੇ ਕਰਜ਼ੇ’ ਦੀ ਗੱਲ
ਕਰ ਰਿਹਾ ਸੀ। ਉਂਜ ਵੀ ਉਹ ਮਖ਼ੌਲ ਨਾਲ ਆਖਦਾ ਕਿ ਅੰਤਮ ਰੂਪ ਵਿੱਚ ਹੁਣ ਜ਼ਮੀਨ ਦੇ ਵਿਕ ਜਾਣ
ਤੇ ‘ਮਿਲਣ ਵਾਲੀ ਇਸ ਸਫ਼ਲਤਾ ਦਾ ਸਿਹਰਾ’ ਉਹ ਆਪਣੇ ਛੋਟੇ ਵੀਰ ਹਰਦੀਪ ਕੋਲੋਂ ‘ਖੋਹਣਾ ਨਹੀਂ
ਸੀ ਚਾਹੁੰਦਾ!’
ਨਾਨਕਿਆਂ ਦੇ ਘਰ ਵਿੱਚ ਤਾਂ ਸਾਰੀ ਗੱਲ-ਬਾਤ ਹੁੰਦੀ ਰਹਿੰਦੀ ਸੀ। ਜਦੋਂ ਮੈਂ ਅਗਲੇ ਗੇੜੇ
ਆਪਣੇ ਨਾਲ ਮਾਮੇ ਨੂੰ ਲੈ ਜਾਣ ਲਈ ਜਾਂਦਾ ਤਾਂ ਮਾਮੀ ਪਰੇਸ਼ਾਨ ਹੋ ਜਾਂਦੀ। ਅੱਜ-ਕੱਲ੍ਹ ਤਾਂ
ਦੋਵਾਂ ਮਾਮਿਆਂ ਦੀ ਵਾਹੀ ਵੀ ਅੱਡੋ-ਅੱਡ ਹੋ ਗਈ ਸੀ। ਮਾਮੀ ਬੁੜਬੁੜ ਕਰਦੀ:
“ਚਲੇ ਜਾਣ ਮੇਰੇ ਵੱਲੋਂ। ਮੈਂ ਕੌਣ ਹੁੰਦੀ ਆਂ ਰੋਕਣ ਵਾਲੀ। ਪਿੱਛੋਂ ਕੰਮ ਦਾ ਕਿੰਨਾਂ ਹਰਜਾ
ਹੁੰਦੈ! ਪਰ ਇਹਨਾਂ ਕਿਹੜਾ ਮੇਰੇ ਆਖੇ ਲੱਗਣੈ। ਨਿੱਕਾ-ਨਿੱਕਾ ਸਾਡਾ ਜੀਆ-ਜੰਤ ਐ। ਜੇ
ਨੇ-ਜਾਣੀਏਂ ਕੱਲ੍ਹ ਨੂੰ ਕੋਈ ਅਭੀ ਨਭੀ ਹੋ ਗਈ! ਸਾਨੂੰ ਇਸ ਜ਼ਮੀਨ ਨੇ ਕੀ ਦੇਣੈ?”
ਮਾਮੀ ਦੀ ਗੱਲ ਤਾਂ ਠੀਕ ਸੀ। ਜ਼ਮੀਨ ਮਿਲਣੀ ਸੀ ਤਾਂ ਸਾਨੂੰ। ਮਾਮੇ ਨੂੰ ਤਾਂ ਖੱਜਲ-ਖ਼ਰਾਬੀ
ਹੀ ਮਿਲ ਰਹੀ ਸੀ। ਉਹਦਾ ਦੂਜਾ ਡਰ ਵੀ ਸੱਚਾ ਸੀ। ਕੁਝ ਵੀ ਹੋ ਸਕਦਾ ਸੀ! ਜ਼ਮੀਨ ਲਈ ਲੋਕ ਕੀ
ਕੀ ਕਾਰੇ ਨਹੀਂ ਕਰਦੇ! ਨਾਲੇ ਜ਼ਮੀਨ ਲਈ ਮੈਂ ਤਾਂ ਆਪਣੀ ਜਾਨ ਦੀ ਬਾਜ਼ੀ ਲਾਵਾਂ ਤਾਂ ਲਾਵਾਂ,
ਮਾਮੇ ਨੂੰ ਖ਼ਤਰਾ ਸਹੇੜਨ ਦੀ ਕੀ ਲੋੜ ਸੀ! ਮਾਮੀ ਦੇ ਸਦਾ ਪ੍ਰਗਟਾਏ ਜਾਣ ਵਾਲੇ ਡਰ ਤੋਂ ਸਾਫ਼
ਲੱਗਦਾ ਸੀ ਕਿ ਮੇਰੇ ਨਾਲ ਜਾਣਾ ਮਾਮੇ ਵੱਲੋਂ ਆਪਣੀ ਜਾਨ ਖ਼ਤਰੇ ਵਿਚ ਪਾਉਣਾ ਸੀ। ਪਰ ਮਾਮੇ
ਵੱਲੋਂ ਆਪਣੇ ਘਰ ਦੇ ਕੰਮ-ਕਾਰ ਦਾ ਨੁਕਸਾਨ ਕਰਵਾ ਕੇ ਵੀ ਮੇਰਾ ਸਾਥ ਦੇਣਾ ਤੇ ਆਪਣੀ ਜਾਨ ਦੀ
ਵੀ ਪ੍ਰਵਾਹ ਨਾ ਕਰਨਾ ਮੇਰੇ ਲਈ ਕੀਤੀ ਜਾਣ ਵਾਲੀ ਕਿੱਡੀ ਵੱਡੀ ਕੁਰਬਾਨੀ ਸੀ। ਉਸਨੂੰ ਮੇਰੇ
ਕੰਮ ਆਉਣ ਦੀ ਖ਼ੁਸ਼ੀ ਆਪਣੀ ਮੌਤ ਦੇ ਡਰ ਤੋਂ ਕਿਤੇ ਵੱਡੀ ਲੱਗਦੀ ਸੀ। ਇਹ ਵੱਖਰੀ ਗੱਲ ਹੈ ਕਿ
ਅਗਲੇ ਸਾਲਾਂ ਵਿੱਚ ਸਾਡੇ ਘਰ ਵਿੱਚ ਹੀ ਬਾਪੂ ਹਕੀਕਤ ਸਿੰਘ ਦੀ ਜ਼ਮੀਨ ਦਾ ਝਗੜਾ ਸ਼ੁਰੂ ਹੋ
ਜਾਣ ਨਾਲ ਮੈਂ ਸਾਉਂਕਿਆਂ ਵਾਲੀ ਜ਼ਮੀਨ ਦਾ ਖਹਿੜਾ ਹੀ ਛੱਡ ਦਿੱਤਾ। ਪਿਤਾ ਦੀ ਮੌਤ ਪਿੱਛੋਂ
ਮੈਂ ਉਹ ਜ਼ਮੀਨ ਸਾਡੇ ਪੰਜਾਂ ਭੈਣ-ਭਰਾਵਾਂ ਅਤੇ ਬੀਬੀ ਦੇ ਨਾਂ ਇੰਤਕਾਲ ਕਰਵਾਈ ਸੀ। ਮੈਨੂੰ
ਮੇਰੇ ਭੈਣ-ਭਰਾ ਨੇ ਹੀ ਅਜਿਹੇ ਰੰਗ ਵਿਖਾ ਦਿੱਤੇ ਸਨ ਕਿ ਉਸ ਜ਼ਮੀਨ ਲਈ ਖ਼ੇਚਲ ਕਰਨੀ ਮੈਨੂੰ
ਫ਼ਜ਼ੂਲ ਅਤੇ ਅਹਿਮਕਾਨਾ ਗੱਲ ਜਾਪਣ ਲੱਗੀ। ਮੈਨੂੰ ਤਾਂ ਉਸ ਵਿਚੋਂ ਕੇਵਲ ਛੇਵਾਂ ਹਿੱਸਾ ਹੀ
ਮਿਲਣਾ ਸੀ। ਮਸਾਂ ਸਵਾ ਕੁ ਕਿੱਲਾ! ਏਨੀ ਕੁ ਜ਼ਮੀਨ ਵਾਸਤੇ ਮੈਂ ਕਿਉਂ ਮੌਤ ਨੂੰ ਮਾਸੀ
ਕਹਿੰਦਾ ਫਿਰਾਂ! ਆਪੇ ਜੇ ਕਿਸੇ ਨੂੰ ਲੋੜ ਹੈ ਤਾਂ ਜ਼ਮੀਨ ਛੁਡਾਉਂਦਾ ਫਿਰੇ!
ਉਂਜ ਵੀ ਅਗਲੇ ਸਾਲਾਂ ਵਿੱਚ ਹਾਲਾਤ ਹੀ ਕੁਝ ਇਸਤਰ੍ਹਾਂ ਦੇ ਬਣ ਗਏ ਸਨ ਕਿ ਪੰਜਾਬ ਵਿੱਚ
ਦਹਿਸ਼ਤ ਦਾ ਭਿਆਨਕ ਦੌਰ ਸ਼ੁਰੂ ਹੋ ਗਿਆ। ਹੁਣ ਤਾਂ ਬੰਦੇ ਮਰੇ-ਮਾਰੇ ਦੀ ਕੋਈ ਪੁੱਛ-ਪ੍ਰਤੀਤ
ਹੀ ਨਹੀਂ ਸੀ ਰਹਿ ਗਈ। ਅਜਿਹੇ ਕਾਲੇ ਸਮਿਆਂ ਵਿੱਚ ‘ਬੰਦੂਕ ਜਾਂ ਦਾਤਰ’ ਨੂੰ ਆਪਣਾ ਕੰਮ
ਕਰਨਾ ਅਸਲੋਂ ਹੀ ਸੌਖਾ ਹੋ ਗਿਆ ਸੀ। ਮੈਂ ਵੀ ਹੁਣ ਇਸ ਜ਼ਮੀਨ ਵੱਲੋਂ ਘੇਸਲ ਹੀ ਮਾਰ ਲਈ।
ਜ਼ਮੀਨ ਦਾ ਮੁਢਲਾ ਬਿਆਨਾ ਕਰਨ ਤੋਂ ਲਗਭਗ ਦੋ ਦਹਾਕੇ ਬਾਅਦ, ਜਦੋਂ ਮੈਂ ਇਸ ਜ਼ਮੀਨ ਦੀ ਅਸਲੋਂ
ਹੀ ਆਸ ਲਾਹ ਚੁੱਕਾ ਸਾਂ, ਮੇਰੇ ਮਿੱਤਰ ਰਘਬੀਰ ਸਿੰਘ ਸਿਰਜਣਾ ਨੇ ਸਾਡੇ ਅਫ਼ਸਰ-ਸਾਹਿਤਕਾਰ
ਦੋਸਤ ਨ੍ਰਿਪਇੰਦਰ ਰਤਨ ਨੂੰ ਦੱਸਿਆ ਕਿ ਮੇਰੀ ਫ਼ੀਰੋਜ਼ਪੁਰ ਡਵੀਜ਼ਨ ਵਿੱਚ ਪੈਂਦੀ ਜ਼ਮੀਨ ਕਿਸੇ
ਨੇ ਬੜੇ ਸਾਲਾਂ ਤੋਂ ਦੱਬੀ ਹੋਈ ਹੈ। ਰਤਨ ਓਥੇ ਉਹਨੀਂ ਦਿਨੀਂ ਡਵੀਜ਼ਨਲ ਕਮਿਸ਼ਨਰ ਲੱਗਾ ਹੋਇਆ
ਸੀ। ਭਾਵੇਂ ਸਾਰੀ ਡਵੀਜ਼ਨ ਹੀ ਇੱਕਤਰ੍ਹਾਂ ਉਸਦੇ ਅਧੀਨ ਸੀ ਪਰ ਮਾਲ ਦਾ ਮਹਿਕਮਾ ਤਾਂ ਸਿੱਧਾ
ਉਸਦੇ ਅਧਿਕਾਰ-ਖ਼ੇਤਰ ਵਿੱਚ ਸੀ। ਰਤਨ ਨੂੰ ਇਹ ਜਾਣ ਕੇ ਅਫ਼ਸੋਸ ਹੋਇਆ ਕਿ ਮੈਂ ਹੁਣ ਤੱਕ ਉਸ
ਨਾਲ ਇਹ ਗੱਲ ਕਿਉਂ ਨਹੀਂ ਕੀਤੀ। ਉਸਨੇ ਰਘਬੀਰ ਸਿੰਘ ਤੇ ਮੈਨੂੰ ਆਪਣੇ ਕੋਲ ਫ਼ੀਰੋਜ਼ਪੁਰ ਆਉਣ
ਦਾ ਦਿਨ ਨਿਸਚਿਤ ਕਰ ਦਿੱਤਾ। ਰਘਬੀਰ ਨੇ ਚੰਡੀਗੜ੍ਹੋਂ ਆਉਣਾ ਸੀ ਤੇ ਮੈਂ ਜਲੰਧਰੋਂ। ਜਲੰਧਰ
ਰਹਿੰਦਾ ਮੇਰਾ ਇੱਕ ਸਾਹਿਤਕਾਰ ਦੋਸਤ ਮੇਰੇ ਨਾਲ ਜਾਣ ਲਈ ਤਿਆਰ ਹੋ ਗਿਆ। ਉਸਦਾ ਪਿੰਡ
ਸਾਉਂਕਿਆਂ ਦਾ ਗਵਾਂਢੀ ਪਿੰਡ ਸੀ। ਉਹ ਉਸਦਾ ਇਲਾਕਾ ਸੀ। ਇਸ ਲਈ ਉਸਦੇ ਮਨ ਵਿੱਚ ਸੀ ਕਿ ਜੇ
ਕਿਸੇ ਪਰਕਾਰ ਉਹ ਵੀ ਮੇਰੀ ਕੋਈ ਮਦਦ ਕਰ ਸਕਿਆ ਤਾਂ ਉਸਨੂੰ ਖ਼ੁਸ਼ੀ ਹੋਵੇਗੀ।
ਸਾਡੇ ਜਾਂਦਿਆਂ ਨੂੰ ਨ ਸ ਰਤਨ ਨੇ ਸਬ-ਤਹਿਸੀਲ ਮਲੋਟ ਦੇ ਇਨਚਾਰਜ ਨਾਇਬ-ਤਹਿਸੀਲਦਾਰ ਜੀ ਡੀ
ਗਾਬਾ ਨੂੰ ਬੁਲਾਇਆ ਹੋਇਆ ਸੀ। ਸਾਨੂੰ ਚਾਹ-ਪਾਣੀ ਪਿਆ ਕੇ ਉਸਨੇ ਤਹਿਸੀਲਦਾਰ ਨੂੰ ਸੱਦ ਕੇ
ਸਾਡੇ ਸਾਹਮਣੇ ਆਖਿਆ, “ਇਹ ਮੇਰੇ ਦੋਸਤ ਨੇ। ਇਹਨਾਂ ਦੀ ਜ਼ਮੀਨ ਦੇ ਵੇਰਵੇ ਇਹ ਤੈਨੂੰ ਦੱਸ
ਦੇਣਗੇ। ਜਿਵੇਂ ਇਹ ਕਹਿਣ ਇਹਨਾਂ ਦੀ ਮਰਜ਼ੀ ਅਨੁਸਾਰ ਜ਼ਮੀਨ ਦਾ ਸੌਦਾ ਕਰਵਾ ਕੇ ਪੈਸੇ ਇਹਨਾਂ
ਨੂੰ ਦਿਵਾ। ਉਂਜ ਭਾਵੇਂ ਇਹ ਮੈਨੂੰ ਸੌ ਵਾਰ ਮਿਲਣ ਆਉਣ ਪਰ ਇਸ ਕੰਮ ਲਈ ਇਹਨਾਂ ਨੂੰ ਦੂਜੀ
ਵਾਰ ਮੈਨੂੰ ਆ ਕੇ ਨਾ ਮਿਲਣਾ ਪਵੇ।”
ਰਘਬੀਰ ਸਿੰਘ ਤਾਂ ਓਥੋਂ ਚੰਡੀਗੜ੍ਹ ਨੂੰ ਚਲਾ ਗਿਆ ਅਤੇ ਨਾਇਬ ਤਹਿਸੀਲਦਾਰ ਨੇ ਸਾਨੂੰ ਆਪਣੀ
ਕਾਰ ਵਿੱਚ ਬਿਠਾਇਆ ਤੇ ਅਸੀਂ ਮਲੋਟ ਨੂੰ ਚੱਲ ਪਏ। ਰਾਹ ਵਿੱਚ ਉਸਨੇ ਮੇਰੇ ਕੋਲੋਂ ਜ਼ਮੀਨ ਨਾਲ
ਸੰਬੰਧਿਤ ਸਾਰਾ ਵਿਸਥਾਰ ਜਾਣ ਲਿਆ। ਮੁਕਤਸਰ ਪਹੁੰਚੇ ਤਾਂ ਉਸਨੇ ਖਾਣਾ ਖਾਣ ਲਈ ਗੱਡੀ ਇੱਕ
ਹੋਟਲ ‘ਤੇ ਰੁਕਵਾ ਲਈ। ਉਸਨੇ ਰੋਟੀ ਤੋਂ ਪਹਿਲਾਂ ਬੀਅਰ ਦਾ ਆਰਡਰ ਦੇ ਦਿੱਤਾ। ਮੈਂ ਸਾਰੀ
ਜ਼ਿੰਦਗੀ ਵਿੱਚ ਦੋ-ਚਾਰ ਵਾਰ ਹੀ ਬੀਅਰ ਦਾ ਸਵਾਦ ਚੱਖਿਆ ਸੀ ਤੇ ਕਈ ਸਾਲਾਂ ਤੋਂ ਬੀਅਰ ਨਹੀਂ
ਸੀ ਪੀਤੀ। ਮੈਂ ਸੋਚਿਆ ਕਿ ਜੇ ਮੈਂ ਬੀਅਰ ਤੋਂ ਨਾਂਹ ਕੀਤੀ ਤਾਂ ਉਹ ਸੋਚੇਗਾ ਕਿ ਪੈਸੇ ਖ਼ਰਚ
ਹੋਣ ਦੇ ਡਰੋਂ ਕਿਰਸ ਕਰ ਰਿਹਾ ਹਾਂ। ਮੈਂ ਹੋਣ ਵਾਲੇ ਖ਼ਰਚੇ ਦਾ ਪਹਿਲਾਂ ਹੀ ਬੰਦੋਬਸਤ ਕਰ ਕੇ
ਤੁਰਿਆ ਸਾਂ। ਕੌੜਾ ਘੁੱਟ ਕਰਕੇ ਮੈਨੂੰ ਬੀਅਰ ਦੇ ਘੁੱਟ ਭਰਨੇ ਪਏ। ਜਦੋਂ ਅਸੀਂ ਖਾਣਾ ਖਾ
ਹਟੇ ਤਾਂ ਮੈਂ ਬਿੱਲ ਦੇਣ ਲੱਗਾ। ਮੈਂ ਹੀ ਦੇਣਾ ਸੀ। ਪਰ ਨਾਇਬ ਨੇ ਰੋਕ ਦਿੱਤਾ, “ਤੁਸੀਂ
ਮੇਰੇ ਮਹਿਮਾਨ ਹੋ। ਮੇਰੇ ਹੁੰਦਿਆਂ ਤੁਸੀਂ ਇੱਕ ਪੈਸਾ ਵੀ ਖ਼ਰਚ ਨਹੀਂ ਕਰ ਸਕਦੇ।”
ਉਹ ਸਾਨੂੰ ਆਪਣੇ ਨਾਲ ਮਲੋਟ ਆਪਣੇ ਘਰ ਲੈ ਕੇ ਗਿਆ ਤੇ ਅਗਲੇ ਦਿਨ ਆਪਣੇ ਕੋਲ ਠਹਿਰਨ ਲਈ
ਕਿਹਾ। ਮੈਂ ਦੱਸਿਆ ਕਿ ਮੇਰੇ ਨਾਲ ਆਏ ਹੋਏ ਦੋਸਤ ਦਾ ਪਿੰਡ ਨੇੜੇ ਹੀ ਹੈ ਅਤੇ ਅਸੀਂ ਰਾਤ
ਓਥੇ ਹੀ ਕੱਟਾਂਗੇ। ਅਗਲੇ ਦਿਨ ਉਸਨੇ ਹਲਕੇ ਦੇ ਪਟਵਾਰੀ ਤੇ ਕਾਨੂੰਗੋ ਨੂੰ ਜ਼ਮੀਨ ਨਾਲ
ਸੰਬੰਧਿਤ ਸਾਰਾ ਰੀਕਾਰਡ ਲੈ ਕੇ ਆਪਣੇ ਘਰ ਆਉਣ ਲਈ ਕਿਹਾ। ਇਸਨੂੰ ‘ਵੱਡੇ ਸਾਹਿਬ ਦਾ ਕੰਮ’
ਕਹਿ ਕੇ ਹਰ ਹਾਲਤ ਵਿੱਚ ਨੇਪਰੇ ਚੜ੍ਹਾਉਣ ਲਈ ਆਖਿਆ। ਦੂਜੀ ਧਿਰ ਦੀ ਮਦਦ ਕਰਨ ਅਤੇ ਉਹਨਾਂ
‘ਤੇ ਪ੍ਰਭਾਵ ਪਾ ਸਕਣ ਵਾਲੇ ਬੰਦਿਆਂ ਬਾਰੇ ਜਾਣਕਾਰੀ ਲਈ। ਫ਼ੈਸਲਾ ਹੋਇਆ ਕਿ ਪਹਿਲਾਂ ਜ਼ਮੀਨ
ਦੀ ਨਿਸ਼ਾਨਦੇਹੀ ਲਈ ਜਾਵੇ। ਇਸ ਨਾਲ ਹਿਲ-ਜੁਲ ਸ਼ੁਰੂ ਹੋਵੇਗੀ ਤਾਂ ਅਗਲਿਆਂ ਨੇ ਆਪੇ ਭੱਜੇ
ਆਉਣਾ ਹੈ। ਸੰਬੰਧਿਤ ਧਿਰ ਦਾ ਪ੍ਰਤੀਕਰਮ ਜਾਨਣ ਅਤੇ ਅਗਲੀ ਕਾਰਵਾਈ ਲਈ ਕੁਝ ਦਿਨ ਚਾਹੀਦੇ
ਸਨ। ਨਾਇਬ ਨੇ ਸਾਨੂੰ ਹਾਲ ਦੀ ਘੜੀ ਵਾਪਸ ਜਾਣ ਅਤੇ ਦਸ ਕੁ ਦਿਨਾਂ ਤੱਕ ਪਰਤ ਕੇ ਆਉਣ ਲਈ
ਕਿਹਾ। ਓਨੇ ਚਿਰ ਤੱਕ ਉਹ ‘ਤੇਲ ਤੇ ਤੇਲ ਦੀ ਧਾਰ’ ਵੀ ਵੇਖ ਲਵੇਗਾ। ਅਸਲ ਵਿੱਚ ਰਤਨ ਦੇ
ਬੋਲਾਂ ਵਿਚਲੀ ਕਰੜਾਈ ਅਤੇ ਸਦਾਕਤ ਵੇਖ ਕੇ ਨਾਇਬ-ਤਹਿਸੀਲਦਾਰ ਸਾਡੇ ਰਿਸ਼ਤੇ ਦੀ ਪਕਿਆਈ ਨੂੰ
ਸਮਝ ਗਿਆ ਸੀ ਅਤੇ ਉਸਨੇ ਇਸ ਕੇਸ ਨੂੰ ਆਪਣੇ ਨਿੱਜੀ ਵੱਕਾਰ ਦਾ ਕੇਸ ਸਮਝ ਕੇ ਨਜਿੱਠਣ ਦਾ
ਫ਼ੈਸਲਾ ਕਰ ਲਿਆ। ਉਹ ਜ਼ਮੀਨ ਦਾ ਸੌਦਾ ਕਰਵਾ ਕੇ ਆਪਣੇ ‘ਸਾਹਿਬ’ ਦੀ ਪਰਸੰਸਾ ਹਾਸਲ ਕਰਨਾ
ਚਾਹੁੰਦਾ ਸੀ।
ਦਸ ਕੁ ਦਿਨਾਂ ਬਾਅਦ ਮੈਂ ਫਿਰ ਮਲੋਟ ਪਹੁੰਚ ਗਿਆ। ਮੇਰਾ ਸਾਹਿਤਕਾਰ ਦੋਸਤ ਕਿਸੇ ਕੰਮ
ਚੰਡੀਗੜ੍ਹ ਗਿਆ ਹੋਇਆ ਸੀ ਅਤੇ ਉਸਨੇ ਓਥੋਂ ਹੀ ਇੱਕ ਦਿਨ ਪਹਿਲਾਂ ਆਪਣੇ ਪਿੰਡ ਪਹੁੰਚ ਜਾਣ
ਅਤੇ ਅਗਲੇ ਦਿਨ ਨਿਸਚਿਤ ਥਾਂ ‘ਤੇ ਮੈਨੂੰ ਮਿਲਣ ਦਾ ਵਾਅਦਾ ਕੀਤਾ। ਮੈਂ ਮਲੋਟ ਪਹੁੰਚ ਕੇ
ਨਿਸਚਿਤ ਜਗ੍ਹਾ ਤੇ ਖਲੋ ਕੇ ਉਸਨੂੰ ਸਾਰਾ ਦਿਨ ਉਡੀਕਦਾ ਰਿਹਾ, ਪਰ ਉਹ ਨਾ ਆਇਆ। ਪਿੱਛੋਂ
ਪਤਾ ਲੱਗਾ ਕਿ ਉਹ ਰਾਤੀਂ ਹੀ ਆਪਣੇ ਪਿੰਡ ਪਹੁੰਚ ਤਾਂ ਗਿਆ ਸੀ ਪਰ ਆਪਣੀ ਮਜਬੂਰੀ ਕਰ ਕੇ
ਚਾਹੁੰਦਾ ਹੋਇਆ ਵੀ ਮੈਨੂੰ ਮਿਲਣ ਨਹੀਂ ਸੀ ਆ ਸਕਿਆ। ਅਸਲ ਗੱਲ ਇਹ ਸੀ ਕਿ ਉਸਨੂੰ ਪਿਛਲੀ
ਵਾਰ ਮੇਰੇ ਨਾਲ ਆਏ ਹੋਣ ਦਾ ਤਾਰੇ ਤੇ ਪਿਆਰੇ ਹੁਰਾਂ ਨੂੰ ਪਤਾ ਲੱਗ ਗਿਆ ਸੀ। ਉਹਨਾਂ ਨੇ
ਉਹਦੇ ਘਰਦਿਆਂ ਨੂੰ ਜਾ ਦਬਕਾਇਆ ਸੀ ਅਤੇ ਮੇਰੀ ਮਦਦ ਕਰਨ ਦਾ ‘ਮਹਿੰਗਾ ਮੁੱਲ’ ਚੁਕਾਉਣ ਦਾ
ਡਰਾਵਾ ਵੀ ਦਿੱਤਾ ਸੀ। ਉਸਦਾ ਤੇ ਉਸਦੇ ਘਰਦਿਆਂ ਦਾ ਡਰ ਸੱਚਾ ਸੀ। ਕੌਣ ਬਿਗ਼ਾਨੀ ਮੌਤੇ ਮਰਦਾ
ਹੈ! ਉੇਸ ਦੋਸਤ ਤੇ ਮੈਨੂੰ ਕੋਈ ਗਿਲਾ ਨਹੀਂ ਸੀ। ਉਹਦੀ ਅਤੇ ਉਹਦੇ ਘਰ ਵਾਲਿਆਂ ਦੀ ਚਿੰਤਾ
ਤੇ ਮਜਬੂਰੀ ਮੈਂ ਭਲੀ-ਭਾਂਤ ਸਮਝਦਾ ਸਾਂ।
ਉਸਤੋਂ ਅਗਲੇ ਗੇੜੇ ਮੈਂ ਆਪਣੇ ਭਰਾ ਨੂੰ ਕਿਹਾ ਕਿ ਉਹ ਦੋ ਚਾਰ ਜਣੇ (ਫ਼ੈਸਲੇ ਅਨੁਸਾਰ ਆਪਣੇ
ਭਣਵੱਈਏ) ਨਾਲ ਲੈ ਕੇ, ਜਿਸ ਦਿਨ ਜ਼ਮੀਨ ਦੀ ਨਿਸ਼ਾਨ-ਦੇਹੀ ਲੈਣੀ ਹੈ, ਮਲੋਟ ਪਹੁੰਚ ਜਾਣ।
ਮਹਿਕਮਾ ਮਾਲ ਦੇ ਕਰਮਚਾਰੀਆਂ ਨਾਲ ਮੇਰੇ ਇਕੱਲੇ ਦੀ ਥਾਂ ਚਾਰ ਬੰਦਿਆਂ ਦਾ ਹੋਣਾ ਵਧੇਰੇ ਅਰਥ
ਰੱਖਦਾ ਸੀ। ਇਸਤਰ੍ਹਾਂ ਅਗਲਿਆਂ ਨੂੰ ਪਰਿਵਾਰ ਦੀ ਇੱਕ-ਮੁਠਤਾ ਵੀ ਨਜ਼ਰ ਆਏਗੀ। ਉਂਜ ਵੀ ਜ਼ਮੀਨ
ਸਾਡੇ ਸਾਰੇ ਭੈਣ-ਭਰਾਵਾਂ ਦੇ ਨਾਂ ਸੀ। ਮੈਂ ਸੋਚਿਆ ਸੀ ਕਿ ਜੇ ਭਰਾ ਨੇ ਹਿੱਸਾ ਲੈਣਾ ਹੈ
ਤਾਂ ਘੱਟੋ ਘੱਟ ਇੱਕ ਵਾਰ ਤਾਂ ਆਪਣੇ ਹਿੱਸੇ ਦਾ ਕਸ਼ਟ ਤੇ ਖ਼ਰਚਾ ਝੱਲ ਕੇ ਵੇਖੇ! ਅੱਗੇ ਹੀ
ਜ਼ਮੀਨ ਦੇ ਲਾਲਚ ਨੇ ਘਰ ਵਿੱਚ ਏਨੇ ਪੁਆੜੇ ਪਾਏ ਸਨ ਕਿ ਮੇਰੇ ਅੰਦਰ ਜ਼ਮੀਨ ਲਈ ਭਾਵੇਂ ਕੋਈ
ਮੋਹ ਨਹੀਂ ਸੀ ਰਹਿ ਗਿਆ ਪਰ ਫਿਰ ਵੀ ‘ਜੱਟ ਦਾ ਪੁੱਤ’ ਹੋਣ ਕਰਕੇ ਇੱਕ ਰੜਕ ਮਨ ਵਿੱਚ ਜ਼ਰੂਰ
ਸੀ ਕਿ ਹੁਣ ਤੱਕ ਮੈਂ ਬਿਗ਼ਾਨੇ-ਪੁੱਤਾਂ ਦੇ ਕਬਜ਼ੇ ਹੇਠੋਂ ਆਪਣੇ ਵਡੇਰਿਆਂ ਦੀ ਜ਼ਮੀਨ ਛੁਡਾ
ਨਹੀਂ ਸਾਂ ਸਕਿਆ! ਢੁਕਵਾਂ ਮੌਕਾ ਮਿਲ ਜਾਣ ‘ਤੇ ਹੁਣ ਮੈਂ ਆਪਣੇ ਅੰਦਰ ਖੁਭਿਆ ਇਹ ਕੰਡਾ ਕੱਢ
ਦੇਣਾ ਚਾਹੁੰਦਾ ਸਾਂ।
ਨਿਸ਼ਾਨਦੇਹੀ ਲੈਣ ਜਾਣ ਵਾਲੇ ਦਿਨ ਮੈਂ ਪਹਿਲਾਂ ਸਵੇਰੇ ਵੇਲੇ ਸਿਰ ਨਾਇਬ ਕੋਲ ਪਹੁੰਚਣਾ ਸੀ।
ਉਥੋਂ ਸਾਰੀ ਜਾਣਕਾਰੀ ਲੈ ਕੇ ਮੈਂ ਆਪਣੇ ਭਰਾ ਅਤੇ ਭਣਵੱਈਆਂ ਨੂੰ ਬੱਸ ਅੱਡੇ ‘ਤੇ ਮਿਲ ਕੇ
ਨਾਲ ਲੈਣਾ ਸੀ। ਉਹਨਾਂ ਨੂੰ ਮੈਂ ਪਿਛਲੀ ਰਾਤ ਹੀ ਮੁਕਤਸਰ ਜਾਂ ਮਲੋਟ ਪਹੁੰਚ ਜਾਣ ਲਈ ਕਿਹਾ
ਸੀ। ਅਗਲੇ ਦਿਨ ਸਵੇਰੇ ਦਸ ਕੁ ਵਜੇ ਮਿਲਣ ਦਾ ਸਾਡਾ ਪ੍ਰੋਗਰਾਮ ਨਿਸਚਿਤ ਸੀ। ਪਹਿਲਾਂ ਮੈਂ
ਨਾਇਬ ਕੋਲ ਗਿਆ। ਕੁਝ ਦੇਰ ਬਾਅਦ ਪਟਵਾਰੀ ਤੇ ਕਾਨੂੰਗੋ ਵੀ ਆ ਗਏ। ਪਹਿਲਾਂ ਬਣੀ ਸਲਾਹ
ਅਨੁਸਾਰ ਉਹਨਾਂ ਦੋਵਾਂ ਨੇ ਇੱਕ ਦਿਨ ਪਹਿਲਾਂ ਜ਼ਮੀਨ ‘ਤੇ ਜਾ ਕੇ ਸਵੇਰੇ ਹੋਣ ਵਾਲੀ
ਨਿਸ਼ਾਨਦੇਹੀ ਬਾਰੇ ਅਗਲਿਆਂ ਨੂੰ ਸੂਚਿਤ ਕਰਨਾ ਸੀ ਤੇ ਭਾਈਚਾਰਕ ਸਲਾਹ ਦੇਣੀ ਸੀ ਕਿ ਉਹ
ਨਿਸ਼ਾਨ-ਦੇਹੀ ਦੇ ਕੰਮ ਵਿੱਚ ਰੁਕਾਵਟ ਨਾ ਪਾਉਣ ਕਿਉਂਕਿ ਇਹ ਜ਼ਮੀਨ ਕਮਿਸ਼ਨਰ ਸਾਹਿਬ ਦੇ ਦੋਸਤ
ਦੀ ਹੈ ਅਤੇ ਉਹਨਾਂ ਦਾ ਹੀ ਜਾਣਕਾਰ ਇੱਕ ਫੌਜੀ ਅਫ਼ਸਰ ਜ਼ਮੀਨ ਖ਼ਰੀਦ ਰਿਹਾ ਹੈ। ਪਰ ਉਹਨਾਂ ਨੇ
ਅੱਗੋਂ ਕਿਹਾ ਸੀ ਕਿ ਓਥੇ ਭਾਵੇਂ ਕਤਲ ਕਿਉਂ ਨਾ ਹੋ ਜਾਣ ਉਹ ਨਿਸ਼ਾਨਦੇਹੀ ਨਹੀਂ ਹੋਣ ਦੇਣਗੇ।
ਨਾਇਬ ਨੇ ਅਗਲੀ ਕਾਰਵਾਈ ਦਾ ਡਰਾਵਾ ਦੇਣ ਲਈ ਕਾਨੂੰਗੋ ਨੂੰ ਰੀਪੋਰਟ ਲਿਖ ਦੇਣ ਲਈ ਕਿਹਾ।
ਇਹ ਕੁਝ ਕਰਦਿਆਂ ਸਾਨੂੰ ਦੋ ਕੁ ਘੰਟੇ ਲੱਗ ਗਏ। ਇਧਰੋਂ ਵਿਹਲਾ ਹੋ ਕੇ ਮੈਂ ਬੱਸ ਅੱਡੇ ਵੱਲ
ਗਿਆ ਅਤੇ ਆਪਣੇ ਭਰਾ ਅਤੇ ਰਿਸ਼ਤੇਦਾਰਾਂ ਨੂੰ ਵੇਖਣ ਤੇ ਉਡੀਕਣ ਲੱਗਾ। ਬੜਾ ਲੰਮਾਂ ਸਮਾਂ
ਢੂੰਡਣ ਭਾਲਣ ਤੋਂ ਬਾਅਦ ਵੀ ਉਹ ਮੈਨੂੰ ਕਿਧਰੇ ਨਾ ਦਿਸੇ। ਪਿੱਛੋਂ ਮੇਰੇ ਭਰਾ ਨੇ ਦੱਸਿਆ ਕਿ
ਉਹ ਗਏ ਤਾਂ ਸਨ ਪਰ ਮੈਨੂੰ ਓਥੇ ਨਾ ਵੇਖ ਕੇ ‘ਥੱਕ-ਹਾਰ’ ਕੇ ਮੁੜ ਆਏ ਸਨ! ਮੈਨੂੰ ਬੜਾ ਅਜੀਬ
ਲੱਗਾ; ਸੌ-ਡੇਢ ਸੌ ਮੀਲ ਤੋਂ ਤੁਰ ਕੇ ਤੁਸੀ ਇੱਕ ਰਾਤ ਪਹਿਲਾਂ ਪਹੁੰਚਦੇ ਹੋ ਪਰ ਇੱਕ-ਦੋ
ਘੰਟੇ ਦੀ ਉਡੀਕ ਤੋਂ ਹੀ ਥੱਕ-ਅੱਕ ਕੇ ਵਾਪਸੀ ਦੌੜ ਪੈਂਦੇ ਹੋ ਕਿਉਂਕਿ ਤੁਹਾਨੂੰ ਡਰ ਹੈ ਕਿ
ਜੇ ਛੇਤੀ ਵਾਪਸੀ ਦੀ ਬੱਸ ਨਾ ਫੜ੍ਹੀ ਤਾਂ ‘ਅੱਤਵਾਦ ਦੇ ਦਿਨਾਂ’ ਵਿੱਚ ਤੁਹਾਨੂੰ ਰਾਤ ਤੱਕ
ਪਿੰਡ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ!
ਅਸਲ ਗੱਲ ਤਾਂ ਇਸ ਸਾਰੇ ਖ਼ਲਜਗਣ ਤੋਂ ਪਾਸੇ ਰਹਿਣ ਦੀ ਸੀ। ਜ਼ਮੀਨਾਂ ਤੋਂ ਹੋਣ ਵਾਲੇ ਝਗੜਿਆਂ
ਅਤੇ ਮੁਸ਼ਕਲਾਂ ਤੋਂ ਉਹ ਭਲੀ-ਭਾਂਤ ਜਾਣੂ ਸਨ। ਹੋਰ ਕੁਝ ਨਹੀਂ ਤਾਂ ਇੱਕ-ਸੌ ਸੱਤ ਇਕਵੰਜਾ ਲਾ
ਕੇ ਪੁਲਿਸ ਵੱਲੋਂ ਕਿਸੇ ਵੇਲੇ ਵੀ ਦੋਵਾਂ ਧਿਰਾਂ ਨੂੰ ਫੜ ਕੇ ਅੰਦਰ ਕਰ ਦੇਣ ਦਾ ਖ਼ਦਸ਼ਾ ਤਾਂ
ਝੂਠਾ ਹੈ ਹੀ ਨਹੀਂ ਸੀ। ਸੋਚਦੇ ਹੋਣਗੇ ਆਪਾਂ ਇਸ ਵਾਧੂ ਦੇ ਪੰਗੇ ‘ਚੋਂ ਕੀ ਲੈਣਾ! ਉਹਨਾਂ
ਤਾਂ ਇਹ ਵੀ ਨਾ ਸੋਚਿਆ ਕਿ ਪਿੱਛੋਂ ਮੇਰੇ ਇਕੱਲੇ ਨਾਲ ਕੀ ਹੋਇਆ ਹੋਵੇਗਾ! ਮੇਰੇ ਨਿਗਦਿਆਂ
ਵੱਲੋਂ ਆਪਣੇ ਸੁਖ ਅਤੇ ਆਪਣੀ ਜਾਨ ਦਾ ਅਜਿਹਾ ਖ਼ਿਆਲ ਰੱਖਣ ਦੀ ਭਾਵਨਾ ਨੇ, ਮੇਰੇ ਸਾਹਿਤਕਾਰ
ਦੋਸਤ ਬਾਰੇ ਮੇਰੇ ਮਨ ਵਿੱਚ ਜੋ ਥੋੜ੍ਹਾ ਬਹੁਤ ਗਿਲੇ-ਗੁਜ਼ਾਰੀ ਦਾ ਅਹਿਸਾਸ ਸੀ, ਉਸਨੂੰ ਵੀ
ਧੋ ਦਿੱਤਾ। ਪਰ ਇਸ ਵੇਲੇ ਮੈਨੂੰ ਮਾਮੇ ਹਰਦੀਪ ਦਾ ਚੇਤਾ ਬੜੀ ਸ਼ਿੱਦਤ ਨਾਲ ਆਇਆ ਤੇ ਹੁਣ ਪਤਾ
ਲੱਗਾ ਕਿ ਮਾਮਾ ਆਪਣੇ ਘਰ ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਤੇ ਘਰਵਾਲੀ ਦੇ ਰੋਕਦਿਆਂ
ਵੀ ਹਰ ਗੇੜੇ ਮੇਰੇ ਨਾਲ ਜਾ ਕੇ ਕਿੰਨੀ ਵੱਡੀ ਦਲੇਰੀ ਤੇ ਕੁਰਬਾਨੀ ਕਰਦਾ ਰਿਹਾ ਸੀ। ਪਰ
ਮਾਮਾ ਹਰਦੀਪ ਤਾਂ ਮੇਰੇ ਨਾਲ ਇਹਨੀਂ ਦਿਨੀਂ ਡਾਢਾ ਗੁੱਸੇ ਤੇ ਨਰਾਜ਼ ਸੀ। ਸਾਡਾ ਤਾਂ ਆਪਸੀ
ਬੋਲ-ਚਾਲ ਵੀ ਬੰਦ ਸੀ।
ਕੇਹਾ ਕੇਸਰੀ ਰੰਗ!
ਪੰਜਾਬ ‘ਤੇ ਵੀ ਉਦੋਂ ਬੜੇ ਮਾੜੇ ਦਿਨ ਚੱਲ ਰਹੇ ਸਨ। ਜ਼ਮੀਨ ‘ਤੇ ਕਾਬਜ਼ ਧਿਰ ਮੈਨੂੰ ‘ਪਾਸੇ’
ਕਰਨ ਲਈ ਕਿਸੇ ਵੀ ਤਥਾ-ਕਥਿਤ ਖਾੜਕੂ ਧਿਰ ਦੀ ਸਹਾਇਤਾ ਲੈ ਸਕਦੀ ਸੀ। ਮੈਨੂੰ ਧੁਰ ਅੰਦਰੋਂ
ਇਸ ਖ਼ਤਰੇ ਦਾ ਅਹਿਸਾਸ ਵੀ ਸੀ। ਉਹ ਜ਼ਾਹਿਰਾ ਤੌਰ ‘ਤੇ ਮੈਨੂੰ ਮਾਰਨ ਦੀਆਂ ਧਮਕੀਆਂ ‘ਤੇ
ਡਰਾਵੇ ਦਿੰਦੇ ਵੀ ਰਹੇ। ਪਰ ਮੈਂ ਅਡੋਲ ਰਿਹਾ। ਇਸੇ ਖ਼ਤਰੇ ਨੂੰ ਮੁਖ ਰੱਖ ਕੇ ਹੀ ਮੇਰਾ
ਸਾਹਿਤਕਾਰ ਮਿੱਤਰ ਅੱਧ-ਵਿਚਾਲਿਓਂ ਜੇ ਮੇਰਾ ਸਾਥ ਛੱਡ ਗਿਆ ਸੀ ਤਾਂ ਉਹ ਅਤੇ ਉਸਦੇ ਮਾਪੇ
ਆਪਣੀ ਥਾਂ ਬਿਲਕੁਲ ਹੱਕ-ਬ-ਜਾਨਬ ਸਨ ਕਿਉਂਕ ਮੇਰਾ ਆਪਣਾ ਭਰਾ ਵੀ, ਜਿਸਨੇ ਜ਼ਮੀਨ ਵਿਚੋਂ ਅੱਧ
ਲੈਣਾ ਸੀ, ਮੇਰੇ ਨਾਲ ਇਸ ਮਸਲੇ ਵਿੱਚ ਸਰਗਰਮ ਸਹਿਯੋਗ ਤੋਂ ਇਨਕਾਰੀ ਸੀ। ਨਾ ਹੀ ਉਹ ਸਮਾਂ
ਅਤੇ ਸਾਥ ਤੇ ਨਾ ਹੀ ਹੋ ਰਹੇ ਖ਼ਰਚੇ ਦਾ ਹਿੱਸਾ ਦੇ ਰਿਹਾ ਸੀ। ਕਹਿੰਦਾ ਸੀ; ਜਦੋਂ ਜ਼ਮੀਨ ਵਿਕ
ਗਈ ਮੈਂ ਉਸਦਾ ਖ਼ਰਚੇ ਦਾ ਬਣਦਾ ਹਿੱਸਾ ਕੱਟ ਲਵਾਂ! ਘਰ ਦੇ ਕਾਰੋਬਾਰ ਨੂੰ ਛੱਡਕੇ ਮੇਰੇ ਨਾਲ
ਖੱਜਲ ਹੋਣਾ ਉਸਨੂੰ ਗਵਾਰਾ ਨਹੀਂ ਸੀ। ਉਸਨੂੰ ਤੇ ਉਸਦੇ ਨਿਕਟਵਰਤੀ ਸਲਾਹਕਾਰਾਂ ਨੂੰ ਇਹ ਆਸ
ਵੀ ਨਹੀਂ ਸੀ ਕਿ ਏਨੇ ਸਾਲਾਂ ਦੇ ਪਰਾਏ ਕਬਜ਼ੇ ਤੋਂ ਬਾਅਦ ਮੈਂ ਜ਼ਮੀਨ ਦਾ ਕੁੱਝ ਕਰ ਕਰਾ ਵੀ
ਸਕਾਂਗਾ! ਜ਼ਮੀਨ ਦੀ ਨਿਸ਼ਾਨਦੇਹੀ ਲਈ ਜੇ ਉਸਨੂੰ ਇੱਕ ਦਿਨ ਲਈ ਮਲੋਟ ਬੁਲਾਇਆ ਵੀ ਤਾਂ ਉਹ, ਇਹ
ਜਾਣੇ ਬਗ਼ੈਰ ਕਿ ਮੈਂ ਕਿਸ ਹਾਲ ਵਿੱਚ ਹਾਂ, ਮੈਨੂੰ ਮਿਲੇ ਬਿਨਾ ਹੀ ਵਾਪਸ ਪਿੰਡ ਪਰਤ ਗਿਆ
ਸੀ। ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਉਹ ਗਿਆ ਵੀ ਸੀ ਜਾਂ ਨਹੀਂ!
ਇਸ ਜ਼ਮੀਨ ਦੇ ਸਿਲਸਿਲੇ ਵਿੱਚ ਜਿਵੇਂ ਪਹਿਲੀਆਂ ਵੇਲੇ ਮਾਮਾ ਹਰਦੀਪ ਬੇਗ਼ਰਜ਼ ਹੋ ਕੇ ਮੇਰੇ ਕੰਮ
ਆਇਆ ਸੀ ਅਤੇ ਕਈ ਕਈ ਦਿਨ ਮੇਰੇ ਨਾਲ ਖੱਜਲ-ਖ਼ਰਾਬ ਹੁੰਦਾ ਰਿਹਾ ਸੀ, ਉਸਨੇ ਮੇਰੇ ਮਨ ਵਿੱਚ
ਉਸਦੀ ਬੜੀ ਡੂੰਘੀ ਕਦਰ ਬਣਾ ਦਿੱਤੀ ਸੀ। ਪਰ ਅਚਨਚੇਤ ਕੁਝ ਅਜਿਹਾ ਵਾਪਰ ਗਿਆ ਕਿ ਸਾਡੇ
ਦੋਵਾਂ ਦੇ ਰਿਸ਼ਤਿਆਂ ਵਿੱਚ ਡੂੰਘੀ ਦਰਾੜ ਪੈ ਗਈ। ਜ਼ਮੀਨ ਦਾ ਸੌਦਾ ਹੋਣ ਵੇਲੇ ਉਸਦਾ ਮੇਰੇ
ਨਾਲ ਬੋਲਚਾਲ ਉੱਕਾ ਹੀ ਬੰਦ ਸੀ। ਇਹੋ ਕਾਰਨ ਸੀ ਕਿ ਮੈਂ ਉਹਨਾਂ ਦਿਨਾਂ ਦਾ ਤਣਾਓ ਇਕੱਲੇ ਨੇ
ਹੀ ਆਪਣੇ ਤਨ-ਮਨ ‘ਤੇ ਭੋਗਿਆ।
ਸਾਡੇ ਆਪਸੀ ਮੋਹ-ਭਿੱਜੇ ਰਿਸ਼ਤੇ ਨੂੰ ਪੰਜਾਬ ਦੇ ਉਹਨਾਂ ਵੇਲਿਆਂ ਦੇ ਮਾਹੌਲ ਵਿਚਲੇ ਪ੍ਰਦੂਸ਼ਣ
ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਬਲੂ-ਸਟਾਰ ਆਪ੍ਰੇਸ਼ਨ ਤੋਂ ਲਗਭਗ ਮਹੀਨਾ ਕੁ ਬਾਅਦ ਕੁਝ
ਨੌਜਵਾਨਾਂ ਨੇ ਰੰਜ ਅਤੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਹਵਾਈ ਜ਼ਹਾਜ਼ ਅਗਵਾ ਕਰ ਲਿਆ ਸੀ।
ਹਰਦੀਪ ਉਸ ਦਿਨ ਪਿੰਡੋਂ ਅੰਮ੍ਰਿਤਸਰ ਕਿਸੇ ਕੰਮ ਆਇਆ ਹੋਇਆ ਸੀ। ਉਸਨੇ ਉਥੇ ਇਹ ਖ਼ਬਰ ਸੁਣੀ
ਤੇ ਸ਼ਾਮ ਨੂੰ ‘ਇਸ ਖ਼ਬਰ ਵਿਚਲੀ ਖ਼ੁਸ਼ੀ’ ਮੇਰੇ ਨਾਲ ਸਾਂਝੀ ਕਰਨ ਲਈ ਆਪਣੇ ਪਿੰਡ ਜਾਣ ਦੀ ਥਾਂ
ਮੇਰੇ ਕੋਲ ਆ ਗਿਆ। ਜਦੋਂ ਉਹ ਮੇਰੇ ਘਰ ਦੇ ਗਾਡੀ ਦਰਵਾਜ਼ੇ ਦੀ ਵੱਡੀ ਬਾਰੀ ਵਿਚੋਂ ਸਿਰ ਝੁਕਾ
ਕੇ ਅੰਦਰ ਲੰਘਿਆ ਤਾਂ ਸਭ ਤੋਂ ਪਹਿਲਾਂ ਮੈਨੂੰ ਉਸਦੇ ਸਿਰ ‘ਤੇ ਪੱਗ ਦੀ ਥਾਂ ਕੇਸਰੀ ਪਟਕਾ
ਬੱਝਾ ਦਿਖਾਈ ਦਿੱਤਾ। ਉਸਦੇ ਹੱਥਾਂ ਵਿੱਚ ਰਸੇ ਹੋਏ ਦੁਸਹਿਰੀ ਅੰਬਾਂ ਵਾਲਾ ਲਿਫ਼ਾਫ਼ਾ ਸੀ। ਇਸ
ਸਮੇਂ ਪੰਜਾਬ ਦੇ ਸਿੱਖਾਂ ਦੀ ਵੱਡੀ ਬਹੁ-ਗਿਣਤੀ ਡੂੰਘੇ ਮਾਨਸਿਕ ਸੰਤਾਪ ਵਿਚੋਂ ਲੰਘ ਰਹੀ
ਸੀ। ਲੋਕ ਦਰਬਾਰ ਸਾਹਿਬ ‘ਤੇ ਹੋਏ ਹਮਲੇ, ਕਤਲੋਗ਼ਾਰਤ, ਫ਼ੌਜ ਦੀਆਂ ਵਧੀਕੀਆਂ ਅਤੇ ਅਕਾਲ ਤਖ਼ਤ
ਦੇ ਢਹਿ ਜਾਣ ਦੇ ਸਦਮੇ ਨਾਲ ਵੈਰਾਗੇ ਤੇ ਨਮੋਸ਼ੀ ਵਿੱਚ ਢੱਠੇ ਮਹਿਸੂਸ ਕਰ ਰਹੇ ਸਨ। ਉਹ ਡਾਢੇ
ਮਾਯੂਸ ਤੇ ਬੇਬੱਸ ਸਨ। ਆਪਣੇ ਰੋਹ ਅਤੇ ਗੁੱਸੇ ਦਾ ਖ਼ਾਮੋਸ਼ ਪ੍ਰਗਟਾਵਾ ਕਰਨ ਲਈ ਕੇਸਰੀ ਰੰਗ
ਉਹਨਾਂ ਦਾ ਆਸਰਾ ਬਣਿਆ ਸੀ। ਨੌਜਵਾਨਾਂ ਦੀ ਵੱਡੀ ਗਿਣਤੀ ਕੇਸਰੀ ਪਟਕੇ ਤੇ ਪੱਗਾਂ ਬੰਨ੍ਹਣ
ਲੱਗੀ ਸੀ। ਜਹਾਜ਼ ਅਗਵਾ ਦੀ ਘਟਨਾ ਨਾਲ ਉਹਨਾਂ ਨੇ ਆਪਣੀਆਂ ਸ਼ਰਮਸਾਰ ਅੱਖਾਂ ਉੱਚੀਆਂ ਕਰ ਕੇ
ਉਤਾਂਹ ਨੂੰ ਵੇਖਿਆ। ਮਾਮਾ ਹਰਦੀਪ ਅੱਜ ਇਹਨਾਂ ਉੱਚੀਆਂ ਉੱਠੀਆਂ ਅੱਖਾਂ ਦੇ ਹਵਾਲੇ ਨਾਲ
ਪੰਜਾਬ ਦਾ ਭਵਿੱਖ ਵੇਖ ਰਿਹਾ ਸੀ। ਬਲੂ-ਸਟਾਰ ਆਪ੍ਰੇਸ਼ਨ ਤੋਂ ਪਿੱਛੋਂ ਉਹ ਮੈਨੂੰ ਪਹਿਲੀ ਵਾਰ
ਮਿਲ ਰਿਹਾ ਸੀ ਅਤੇ ਮੈਂ ਉਸ ਅੰਦਰ ਆਈ ਤਬਦੀਲੀ ਨੂੰ ਭਲੀ-ਭਾਂਤ ਵੇਖ ਤੇ ਸਮਝ ਰਿਹਾ ਸਾਂ।
ਮੈਨੂੰ ਉਸਦਾ ਗੁੱਸਾ, ਨਮੋਸ਼ੀ ਅਤੇ ਅੱਜ ਦੀ ਘਟਨਾ ਨਾਲ ਪ੍ਰਾਪਤ ਤਸੱਲੀ ਦੇ ਅਰਥ ਸਮਝ ਆਉਂਦੇ
ਸਨ।
ਅਗਲੇ ਦਿਨਾਂ ਵਿੱਚ ਮੈਨੂੰ ਪਤਾ ਲੱਗਾ ਕਿ ਮਾਮੇ ਦੇ ਕੇਸਰੀ ਪਟਕੇ ਦਾ ਰੰਗ ਉਸਦੇ ਦਿਲ ਅੰਦਰ
ਵੀ ਘੁਲਣਾ ਸ਼ੁਰੂ ਹੋ ਗਿਆ ਸੀ। ਉਸਨੇ ਤੇ ਉਸਦੀ ਸਿੰਘਣੀ ਨੇ ਅੰਮ੍ਰਿਤ ਛਕ ਲਿਆ ਸੀ। ਉਸਦੇ
ਪ੍ਰਭਾਵ ਅਧੀਨ ਹੀ ਕੋਹਾਲੀ ਤੇ ਚੈਨਪੁਰ ਵਾਲੀਆਂ ਮੇਰੀਆਂ ਮਾਸੀਆਂ ਦੇ ਮੁੰਡਿਆਂ ਨੇ ਵੀ
ਅੰਮ੍ਰਿਤ ਛਕ ਲਿਆ ਸੀ। ਮਾਮਾ ਸਟੇਨਗੰਨਾਂ ਲੈ ਕੇ ਸਰਕਾਰ ਵਿਰੁੱਧ ਲੜਨ ਵਾਲੇ ਨੌਜਾਵਾਨਾਂ ਦਾ
ਸਹਾਇਕ ਤੇ ਸਲਾਹਕਾਰ ਬਣ ਗਿਆ ਸੀ। ਉਹ ਉਸ ਕੋਲ ਰਾਤ-ਬਰਾਤੇ ਆਉਂਦੇ, ਆਪਣਾ ਘਰ ਸਮਝ ਕੇ
ਲੰਗਰ-ਪਾਣੀ ਛਕਦੇ। ਉਹ ਉਹਨਾਂ ਦਾ ‘ਬਾਪੂ’ ਬਣ ਗਿਆ ਸੀ ਅਤੇ ਇਲਾਕੇ ਵਿੱਚ ਹਰਦੀਪ ਸਿੰਘ
‘ਖ਼ਾਲਸਾ’ ਵਜੋਂ ਪ੍ਰਸਿੱਧ ਹੋ ਗਿਆ ਸੀ।
ਮੈਂ ਇਹਨਾਂ ਦਿਨਾਂ ਵਿੱਚ ਕਦੀ ਉਸ ਕੋਲ ਗਿਆ ਨਹੀਂ ਸਾਂ। ਉਸਦੀ ਬਹਿਕ ‘ਤੇ ਜਾਣਾ ਮੈਨੂੰ
ਖ਼ਤਰੇ ਵਾਲੀ ਗੱਲ ਲੱਗਦੀ। ਉਸਦੇ ਬਾਰੇ ਇਹ ਸਾਰੀ ਸੂਚਨਾ ਮੈਨੂੰ ਬੀਬੀ ਅਤੇ ਛੋਟੇ ਭਰਾ
ਸੁਰਿੰਦਰ ਕੋਲੋਂ ਮਿਲਦੀ ਰਹਿੰਦੀ ਸੀ। ਉਹ ਆਪ ਵੀ ਦੋ ਕੁ ਵਾਰ ਮੇਰੇ ਕੋਲ ਉਹਨਾਂ ਦਿਨਾਂ
ਵਿੱਚ ਪਿੰਡ ਆਇਆ ਜਦੋਂ ਸਾਡੇ ਸਨੇਹੀ ਰਿਸ਼ਤੇਦਾਰ ਅਜਾਇਬ ਸਿੰਘ ਪੱਟੀ ਵਾਲੇ ਕੋਲੋਂ ਖਾੜਕੂਆਂ
ਨੇ ਵੱਡੀ ਧਨ-ਰਾਸ਼ੀ ਮੰਗ ਲਈ ਸੀ ਤੇ ਇਹ ਮੰਗ ਪੂਰੀ ਨਾ ਕਰ ਸਕਣ ਕਾਰਨ ਉਹਨਾਂ ਨੇ ਉਸਦੇ ਘਰ
‘ਤੇ ਦੋ ਵਾਰ ਬੜੀ ਮਾਰੂ ਫ਼ਾਇਰਿੰਗ ਕੀਤੀ ਸੀ। ਅਜਾਇਬ ਸਿੰਘ ਨੂੰ ਮੁਸ਼ਕਿਲ ਵਿੱਚ ਜਾਣ ਕੇ
ਬੀਬੀ ਨੇ ਹੀ ਹਰਦੀਪ ਸਿੰਘ ‘ਖ਼ਾਲਸਾ’ ਨੂੰ ਕਿਹਾ ਸੀ ਕਿ ਉਹ ਆਪਣੇ ਜਾਣਕਾਰ ਗੁਰਬਚਨ ਸਿੰਘ
ਮਾਨੋਚਾਹਲ ਨੂੰ ਮਿਲ ਕੇ ਅਜਾਇਬ ਸਿੰਘ ਦਾ ‘ਛੁਟਕਾਰਾ’ ਕਰਾਵੇ ਕਿਉਂਕਿ ਮਾਨੋਚਾਹਲ ਦੀ
‘ਫੋਰਸ’ ਦੇ ਮੁੰਡੇ ਹੀ ਉਸਦੇ ਪਰਿਵਾਰ ਦੀ ਜਾਨ ਦੇ ਦੁਸ਼ਮਣ ਬਣੇ ਬੈਠੇ ਸਨ। ‘ਖ਼ਾਲਸਾ’ ਅਜਾਇਬ
ਸਿੰਘ ਦੇ ਪਰਿਵਾਰ ਦੀ ‘ਬੰਦ-ਖ਼ਲਾਸੀ’ ਵਿੱਚ ਸਹਾਇਕ ਬਣਿਆ ਸੀ।
ਉਹ ਆਪਣੇ ਰਾਹ ‘ਤੇ ਏਨਾ ਅੱਗੇ ਜਾ ਚੁੱਕਾ ਸੀ ਕਿ ਮੈਂ ਪੁਰਾਣੇ ਮੋਹ ਅਤੇ ਮਾਣ ਦਾ ਵਾਸਤਾ ਦੇ
ਕੇ ਉਸਨੂੰ ਪਿੱਛੇ ਮੁੜਨ ਲਈ ਨਹੀਂ ਸਾਂ ਆਖ ਸਕਦਾ। ਪਰ ਫਿਰ ਵੀ ਉਹ ਜਦੋਂ ਮੇਰੇ ਕੋਲ ਆਉਂਦਾ
ਤਾਂ ਮੈਂ ਖਾੜਕੂਆਂ ਦੇ ਸਿੱਖੀ-ਸੋਚ ਦੇ ਵਿਪਰੀਤ ਭੈੜੇ ਕਿਰਦਾਰ ਬਾਰੇ ਉਸਨੂੰ ਪ੍ਰਸ਼ਨ ਜ਼ਰੂਰ
ਕਰਦਾ। ਉਸ ਅਨੁਸਾਰ ਉਹ ਆਪ ਉਹਨਾਂ ਦੇ ਅਜਿਹੇ ਵਿਹਾਰ ਦਾ ਨਿੰਦਕ ਸੀ; ਉਹ ਖਾੜਕੂਆਂ ਦੀਆਂ
ਨਜਾਇਜ਼ ਲੁੱਟਾਂ-ਖੋਹਾਂ ਅਤੇ ਬੇਗੁਨਾਹਾਂ ਦੀ ਕੀਤੀ ਜਾਂਦੀ ਕਤਲੋਗ਼ਾਰਤ ਦਾ ਵਿਰੋਧੀ ਸੀ;
ਖਾੜਕੂਆਂ ਦੇ ਧੱਕੇ, ਨਜਾਇਜ਼ ਮੰਗਾਂ ਅਤੇ ਪਾਈਆਂ ਮੁਸ਼ਕਿਲਾਂ ਦੇ ਸਤਾਏ ਲੋਕ ਉਸ ਕੋਲ ਆਪਣੇ
ਫ਼ੈਸਲੇ ਕਰਵਾਉਣ ਲਈ ਆਉਂਦੇ ਰਹਿੰਦੇ ਸਨ ਤੇ ਉਹ ਜਿੱਥੋਂ ਤੱਕ ਸੰਭਵ ਹੁੰਦਾ ਉਹਨਾਂ ਦੇ ਕੰਮ
ਆਉਂਦਾ ਸੀ; ਖਾੜਕੂਆਂ ਦੇ ਗ਼ਲਤ ਵਿਹਾਰ ਪ੍ਰਤੀ ਆਪਣੇ ਗਿਲੇ ਸ਼ਿਕਵਿਆਂ ਨੂੰ ਉਹਨਾਂ ਦੇ ਵੱਡੇ
ਆਗੂਆਂ ਤੱਕ ਪਹੁੰਚਾਉਂਦਾ ਰਹਿੰਦਾ ਅਤੇ ਅਕਸਰ ਆਪਣੇ ਕੋਲ ਆਉਂਦੇ ਰਹਿਣ ਵਾਲਿਆਂ ਨੂੰ
ਸਮਝਾਉਂਦਾ ਵੀ ਰਹਿੰਦਾ। ਪਰ, ਉਹ ਆਖਦਾ, ਉਹ ਉਹਨਾਂ ਦੀ ‘ਕੌਮ ਲਈ ਕਸ਼ਟ ਸਹਿੰਦਿਆਂ ਕੁਰਬਾਨ
ਹੋ ਜਾਣ ਦੀ ਭਾਵਨਾ’ ਦਾ ਮੁਦੱਈ ਸੀ ਅਤੇ ਮਦਦਗਾਰ ਵੀ। ਉਹ ‘ਸਿੱਖ-ਪੰਥ ‘ਤੇ ਬਣੀ ਭੀੜ’ ਸਮੇਂ
ਉਹਨਾਂ ਦੇ ਹਰ ਤਰ੍ਹਾਂ ਅੰਗ-ਸੰਗ ਸੀ; ਪਿੱਛੇ ਮੁੜਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ
ਹੁੰਦਾ। ਇਲਾਕੇ ਦੇ ਲੋਕ ਉਸਤੋਂ ਭੈਅ ਵੀ ਮੰਨਦੇ ਸਨ ਪਰ ਉਸਦੇ ਬਜ਼ੁਰਗੀ ਵਾਲੇ ਲੋਕ-ਹਿਤੈਸ਼ੀ
ਅਕਸ ਦਾ ਆਦਰ ਵੀ ਕਰਦੇ ਸਨ। ਉਹ ਉਹਨਾਂ ਦੇ ਕੰਮਾਂ ਲਈ ਠਾਣੇ ਠਪਾਣੇ ਵੀ ਜਾਂਦਾ ਰਹਿੰਦਾ ਸੀ।
ਪੁਲਿਸ ਵਾਲੇ ਲੁਕਵੇਂ ਭੈਅ ਕਾਰਨ ਉਸਦੀ ਸੁਣਦੇ ਵੀ ਸਨ।
ਬੱਸ ਇਹਨਾਂ ਹੀ ਦਿਨਾਂ ਵਿੱਚ ਕੁਝ ਅਜਿਹਾ ਵਾਪਰਿਆ ਕਿ ਸਾਡਾ ਬਹੁਤ ਹੀ ਮਧੁਰ ਤੇ ਸੁਖਾਵਾਂ
ਰਿਸ਼ਤਾ ਅਸਹਿਜ ਹੋ ਗਿਆ ਤੇ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ।
ਵੱਡੇ ਮਾਮੇ ਗੁਰਦੀਪ ਦੀ ਧੀ ਦਾ ਵਿਆਹ ਸੀ। ਵਿਆਹ ਤੋਂ ਪਹਿਲੀ ਰਾਤ ਮੈਂ ਦੇਰ ਰਾਤ ਗਏ ਆਪਣੀ
ਪਤਨੀ ਤੇ ਬੱਚਿਆਂ ਸਮੇਤ ਉਹਨਾਂ ਦੀ ਬਹਿਕ ‘ਤੇ ਪੁੱਜਾ। ਦੋਵਾਂ ਭਰਾਵਾਂ ਦੇ ਘਰ ਨਾਲ ਨਾਲ
ਸਨ; ਕੇਵਲ ਵਿਚਕਾਰਲੇ ਵਿਹੜੇ ਵਿੱਚ ਦੋ ਕੁ ਫੁੱਟ ਉੱਚੀ ਬੰਨੀ ਦੇ ਨਾਲ ਦੋਵੀਂ ਪਾਸੀਂ
ਡੰਗਰਾਂ ਦੇ ਬੰਨ੍ਹਣ ਲਈ ਲੰਮੀਆਂ ਖੁਰਲੀਆਂ ਬਣੀਆਂ ਹੋਈਆਂ ਸਨ। ਇਹਨਾਂ ਖੁਰਲੀਆਂ ਉੱਤੋਂ ਟੱਪ
ਕੇ ਅਸਾਨੀ ਨਾਲ ਇੱਕ-ਦੂਜੇ ਦੇ ਘਰ ਆ ਜਾ ਸਕੀਦਾ ਸੀ। ਰਾਤ ਨੂੰ ਰੋਟੀ-ਪਾਣੀ ਤੋਂ ਵਿਹਲੇ ਹੋਣ
ਪਿੱਛੋਂ ਜ਼ਨਾਨੀਆਂ ਨੂੰ ਮਾਮੇ ਗੁਰਦੀਪ ਸਿੰਘ ਦੇ ਘਰ ਠਹਿਰਾਇਆ ਗਿਆ ਅਤੇ ਮਰਦਾਂ ਨੂੰ ਹਰਦੀਪ
ਸਿੰਘ ਖ਼ਾਲਸਾ ਦੇ ਘਰ। ਉਸਨੇ ਅਜੇ ਨਵਾਂ ਨਵਾਂ ਕੋਠੀ-ਨੁਮਾ ਘਰ ਪਾਇਆ ਸੀ ਅਤੇ ਸਾਰੇ ਮਰਦ
ਪ੍ਰਾਹੁਣੇ ਵੱਖ ਵੱਖ ਖੁੱਲ੍ਹੇ ਕਮਰਿਆਂ ਵਿੱਚ ਆਪਣੇ ਬਿਸਤਰੇ ਮੱਲ ਕੇ ਬੈਠ ਗਏ। ਅਜਿਹੇ
ਮੌਕੇ, ਜਦੋਂ ਸਾਰੇ ਰਿਸ਼ਤੇਦਾਰ ਦੇਰ ਬਾਅਦ ਇਕੱਠੇ ਹੋਏ ਹੁੰਦੇ ਹਨ ਤਾਂ ਸੁੱਖ-ਸਾਂਦ ਪੁੱਛਣ
ਤੋਂ ਇਲਾਵਾ ਏਧਰ-ਓਧਰ ਦੇ ਟੋਟਕਿਆਂ ਦੇ ਨਾਲ ਜ਼ਮਾਨੇ ਭਰ ਦੀਆਂ ਗੱਲਾਂ ਵੀ ਹੋਣੀਆਂ ਹੁੰਦੀਆਂ
ਹਨ। ਗੱਲਾਂ ਕਰਦਿਆਂ ਅਤੇ ਹਾਸਾ-ਠੱਠਾ ਕਰਦਿਆਂ ਰਾਤ ਦਾ ਇੱਕ-ਡੇਢ ਵੱਜ ਗਿਆ ਜਦੋਂ ‘ਖ਼ਾਲਸਾ’
ਨੇ ਐਲਾਨ ਕੀਤਾ ਕਿ ਸਾਰੇ ਸੌਂ ਜਾਣ ਕਿਉਂਕਿ ਵੇਲੇ ਸਿਰ ਉੱਠ ਕੇ ਤੇ ਨਹਾ ਧੋ ਕੇ ਸਵੇਰੇ ਜੰਝ
ਦੇ ਸਵਾਗਤ ਲਈ ਤਿਆਰ ਵੀ ਹੋਣਾ ਹੈ। ਮੇਰੇ ਨੇੜਲੇ ਮੰਜੇ ਵਾਲੇ ਰਿਸ਼ਤੇਦਾਰ ਨੇ ਹੌਲੀ ਜਿਹੀ
ਵੱਖੀਆਂ ‘ਚ ਹੱਸਦਿਆਂ ਕਿਹਾ, “ਭਾਈਆ ਸੌਂ ਹੀ ਜਾਈਏ, ਜਥੇਦਾਰ ਦਾ ਕੀ ਪਤਾ, ਜੇ ਹੁਕਮ ਨਾ
ਮੰਨਿਆਂ ਤਾਂ ਸਦਾ ਲਈ ਸੁਆ ਦੇਣ ਦਾ ਹੁਕਮ ਹੀ ਨਾ ਸੁਣਾ ਦੇਵੇ!”
ਇੱਕ ਤਾਂ ਥਾਂ ਓਪਰਾ ਸੀ ਤੇ ਦੂਜਾ ਅਜਿਹੇ ਇਕੱਠ ਵਿੱਚ ਮੈਨੂੰ ਨੀਂਦ ਵੀ ਛੇਤੀ ਨਹੀਂ ਆਉਂਦੀ।
ਮਸਾਂ ਅੱਖ ਲੱਗੀ। ਅਜੇ ਸੁੱਤਿਆਂ ਦੋ-ਢਾਈ ਘੰਟੇ ਹੀ ਹੋਏ ਹੋਣਗੇ ਕਿ ਕਿਸੇ ਨੇ ਉੱਚੀ ਆਵਾਜ਼
ਵਿੱਚ ਪਾਠ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਅੱਖ ਖੁੱਲ੍ਹ ਗਈ। ਪਾਠ ਕਰਨ ਵਾਲਾ ਹਰਦੀਪ ਸਿੰਘ
‘ਖ਼ਾਲਸਾ’ ਸੀ। ਸਾਰੇ ਕਮਰਿਆਂ ਦੇ ਦਰਵਾਜ਼ੇ ਇੱਕ ਦੂਜੇ ਵਿੱਚ ਖੁੱਲ੍ਹਦੇ ਸਨ। ਉਸਦੀ ਬੁਲੰਦ
ਆਵਾਜ਼ ਸਾਰੇ ਕਮਰਿਆਂ ਵਿੱਚ ਗੂੰਜ ਰਹੀ ਸੀ। ਸੁੱਤੇ ਹੋਏ ਸਾਰੇ ਪ੍ਰਾਹੁਣੇ ਜਾਗ ਪਏ ਤੇ
ਉੱਸਲਵੱਟੇ ਲੈਣ ਲੱਗੇ।
ਦਿਨ-ਚੜ੍ਹੇ ਬਾਹਰ ਧੁੱਪ ਵਿੱਚ ਬੈਠ ਕੇ ਸਾਰੇ ਸਵੇਰ ਦਾ ਚਾਹ-ਪਾਣੀ ਛਕ ਰਹੇ ਸਨ। ਗੱਲਾਂ
ਬਾਤਾਂ ਚੱਲ ਰਹੀਆਂ ਸਨ। ਕਿਸੇ ਨੇ ਕਿਹਾ ਕਿ ਉਸਨੂੰ ਤਾਂ ਖ਼ਾਲਸਾ ਜੀ ਦੇ ਪਾਠ ਕਰਨ ਤੋਂ
ਪਿੱਛੋਂ ਮੁੜ ਕੇ ਨੀਂਦ ਹੀ ਨਹੀਂ ਆਈ। ਖ਼ਾਲਸਾ ਕੋਲ ਹੀ ਬੈਠਾ ਸੀ। ਮੈਂ ਆਖਿਆ, “ਮਾਮਾ! ਨੀਂਦ
ਤਾਂ ਮੇਰੀ ਵੀ ਖ਼ਰਾਬ ਹੋ ਗਈ। ਤੂੰ ਪਾਠ ਮੂੰਹ ਵਿੱਚ ਕਰਨਾ ਸੀ, ਚੁੱਪ-ਚੁਪੀਤੇ। ਹੋਰਨਾਂ ਨੂੰ
ਕਿਉਂ ਜਗਾਇਆ?”
“ਅੰਮ੍ਰਿਤ ਵੇਲੇ ਰੱਬ ਦਾ ਨਾਂ ਲੈਣਾ ਤੇ ਸੁਣਨਾ ਪੁੰਨ ਦਾ ਕੰਮ ਹੁੰਦਾ ਹੈ। ਤੇਰੇ ਵਰਗਿਆਂ
ਨੂੰ ਕੀ ਪਤਾ! ਤੂੰ ਤਾਂ ਨਾਸਤਿਕ ਬੰਦਾ ਏਂ। ਤੇਰਾ ਹੱਕ ਹੀ ਨਹੀਂ ਬਣਦਾ ਕਿ ਉੱਚੀ ਪਾਠ ਕਰਨ
ਜਾਂ ਨਾ ਕਰਨ ਬਾਰੇ ਕੁਝ ਬੋਲੇਂ।”
ਉਸਦੇ ਬੋਲਾਂ ਵਿਚਲਾ ਰੁੱਖਾਪਨ ਅਤੇ ਲੁਕਵੀਂ ਜਿਹੀ ਧਮਕੀ ਦਾ ਅਨੁਮਾਨ ਲਾ ਕੇ ਮੈਂ ਤਾਂ
ਬੌਂਦਲ ਹੀ ਗਿਆ। ਉਹ ਤਾਂ ਮੇਰਾ ਯਾਰ ਮਾਮਾ ਸੀ। ਮੇਰੇ ਦੁਖ-ਸੁਖ ਦਾ ਨੇੜਲਾ ਭਿਆਲ। ਹਰ
ਮੁਸ਼ਕਿਲ ਵੇਲੇ ਮੇਰੀ ਬਾਂਹ ਬਣ ਕੇ ਖਲੋਣ ਵਾਲਾ। ਅਸੀਂ ਇੱਕ ਦੂਜੇ ਨੂੰ ਵੱਡੇ ਤੋਂ ਵੱਡਾ
ਮਖ਼ੌਲ ਕਰਦੇ ਤੇ ਸਹਿੰਦੇ ਰਹੇ ਸਾਂ। ਮੇਰੇ ਤਾਂ ਚਿੱਤ-ਖ਼ਿਆਲ ਵੀ ਨਹੀਂ ਸੀ ਕਿ ਮਾਮਾ ਮੇਰੇ
ਪ੍ਰਤੀ ਅਜਿਹਾ ਹਮਲਾਵਰ ਰੁਖ਼ ਅਖ਼ਤਿਆਰ ਕਰੇਗਾ।
“ਚਲੋ ਮੈਨੂੰ ਬਹੁਤਾ ਪਤਾ ਨਾ ਵੀ ਹੋਵੇ ਪਰ ਹਜ਼ਾਰਾਂ-ਲੱਖਾਂ ਲੋਕ ਤਾਂ ਰੋਜ਼ ਹੀ ਮੇਰੇ ਵਾਂਗ
ਹੀ ਬੋਲਦੇ ਤੇ ਮੰਦਰਾਂ-ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਤਰਲੇ ਮਾਰਦੇ ਰਹਿੰਦੇ ਨੇ ਕਿ
ਘੱਟੋ ਘੱਟ ਇਮਤਿਹਾਨਾਂ ਦੇ ਦਿਨਾਂ ਵਿੱਚ ਤਾਂ ਉਹ ਆਪਣੇ ਲਾਊਡ-ਸਪੀਕਰ ਬੰਦ ਜਾਂ ਧੀਮੇ ਰੱਖਣ
ਕਿਉਂਕਿ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਤੇ ਭਵਿੱਖ ਦਾ ਸਵਾਲ ਹੈ; ਇਸ ਸ਼ੋਰ ਵਿੱਚ ਉਹਨਾਂ ਲਈ
ਪੜ੍ਹਨਾ ਤੇ ਇਮਤਿਹਾਨ ਦੀ ਤਿਆਰੀ ਕਰਨੀ ਬਹੁਤ ਔਖੀ ਹੁੰਦੀ ਹੈ। ਸਾਰੀ ਦਿਹਾੜੀ ਕੰਮ ਕਰ ਕੇ
ਥੱਕੇ ਆਏ ਲੋਕਾਂ ਨੂੰ ਆਈ ਡੂੰਘੀ ਨੀਂਦ ਵਿੱਚ ਜਿਵੇਂ ਇਹ ਸ਼ੋਰ ਖ਼ਲਲ ਪਾਉਂਦਾ ਹੈ ਅਤੇ ਇਸ ਨਾਲ
ਬਜ਼ੁਰਗਾਂ ਤੇ ਬੀਮਾਰਾਂ ਨੂੰ ਜਿਹੜੀ ਅਸੁਵਿਧਾ ਹੁੰਦੀ ਹੈ, ਉਸਦਾ ਵੀ ਕਦੀ ਕਿਸੇ ਨੂੰ ਼ਖਿਆਲ
ਆਇਆ ਹੈ!”
ਲਾਗੋਂ ਕਿਸੇ ਹੋਰ ਨੇ ਹੌਲੀ ਜਿਹੀ ਮੇਰੀ ਹਾਮੀ ਭਰੀ, “ਸਾਡੇ ਗੁਰਦਵਾਰੇ ਵਾਲਾ ਬਾਬਾ ਤਾਂ
ਸਵੇਰੇ ਚਾਰ ਵਜੇ ਉੱਠ ਕੇ ਪਾਠ ਦੀ ਕੈਸਿਟ ਲਾ ਦਿੰਦਾ ਹੈ ਤੇ ਬਾਕੀ ਸਾਰੇ ਪਿੰਡ ਨੂੰ ਜਗਾ ਕੇ
ਆਪ ਰਜਾਈ ਵਿੱਚ ਵੜ ਕੇ ਕੰਨ ਵਲ੍ਹੇਟ ਕੇ ਸੌਂ ਜਾਂਦਾ ਹੈ।”
ਇਸ ਗੱਲ ‘ਤੇ ਮਾੜਾ ਜਿਹਾ ਹਾਸਾ ਛਣਕਿਆ ਤਾਂ ਮਾਮਾ ਹਰਦੀਪ ਤਣ ਕੇ ਬੈਠ ਗਿਆ ਅਤੇ ਇੱਕ ਹੋਰ
ਤਿੱਖਾ ਤੀਰ ਮੇਰੇ ਵੱਲ ਛੱਡਿਆ।
“ਇਹ ਬਾਣੀ ਧੁਰੋਂ ਆਈ ਹੈ। ਇਸ ਕਲਜੁਗ ਵਿੱਚ ਇਹੋ ਹੀ ਸਾਡਾ ਸਭ ਤੋਂ ਵੱਡਾ ਆਸਰਾ ਹੈ ਤੇ
ਸਾਡੀ ਗੁਰਬਾਣੀ ਬਾਰੇ ਤੇਰਾ ਇਹੋ ਜਿਹੇ ਲਫ਼ਜ਼ਾਂ ਵਿੱਚ ਗੱਲ ਕਰਨਾ ਸੋਭਦਾ ਨਹੀਂ। ਤੈਨੂੰ ਪਤਾ
ਹੋਣਾ ਚਾਹੀਦੈ ਕਿ ਤੂੰ ਕੀ ਬੋਲ ਰਿਹੈਂ ਤੇ ਕੀਹਦੇ ਅੱਗੇ ਬੋਲ ਰਿਹੈਂ?”
“ਪਿਆਰੇ ਖ਼ਾਲਸਾ ਜੀ ਗੁਰਬਾਣੀ ਜਿੰਨੀ ਤੁਹਾਡੇ ਜਿਹੇ ‘ਧਰਮੀਆਂ’ ਦੀ ਹੈ ਓਨੀ ਹੀ ਮੇਰੇ ਵਰਗੇ
‘ਪਾਪੀਆਂ’ ਦੀ ਵੀ ਹੈ। ਇਸੇ ਗੁਰਬਾਣੀ ਨੇ ਮੈਨੂੰ ਵੀ ਸਮਝ ਦਿੱਤੀ ਹੈ ਕਿ ਭਾਵੇਂ ਉਮਰ ਭਰ
ਗੱਡਿਆਂ ਦੇ ਗੱਡੇ ਪੁਸਤਕਾਂ ਦਾ ਪਾਠ ਕਰੀ ਜਾਓ ਪਰ ਇਸ ਪਾਠ ਨੂੰ ਪੜ੍ਹਣ-ਪੜ੍ਹਾਉਣ ਦਾ ਓਨਾ
ਚਿਰ ਕੋਈ ਲਾਭ ਨਹੀਂ ਜਿੰਨਾਂ ਚਿਰ ਅਸੀਂ ਖ਼ੁਦ ਹਉਮੈਂ ਤੋਂ ਮੁਕਤ ਨਹੀਂ ਹੁੰਦੇ। ਅਗਲੇ ਦੀ
ਇੱਛਾ ਅਤੇ ਲੋੜ ਤੋਂ ਬਿਨਾ ਉੱਚੀ ਉੱਚੀ ਬੋਲ ਕੇ ਉਸਨੂੰ ਪਾਠ ਸੁਨਾਉਣਾ ਆਪਣੀ ਆਤਮਾ ਦੀ ਸ਼ੁਧੀ
ਨਾਲੋਂ ਵੱਧ ਆਪਣੀ ਭਗਤੀ ਦੀ ਹਉਮੈਂ ਦਾ ਵਿਖਾਲਾ ਕਰਨਾ ਹੀ ਹੈ।”
ਮਾਮਾ ਲੰਮੀ ਬਹਿਸ ਵਿੱਚ ਪੈਣ ਦੀ ਥਾਂ ਇੱਕ ਨੁਕਤੇ ‘ਤੇ ਹੀ ਅੜ ਗਿਆ, “ਨਹੀਂ, ਗੁਰਬਾਣੀ
ਤੁਹਾਡੀ ਨਹੀਂ। ਤੁਸੀਂ ਸਾਡੇ ਗੁਰੂਆਂ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਨਹੀਂ ਲੱਗਦੇ
ਅਤੇ ਨਾ ਹੀ ਇਹਨਾਂ ਬਾਰੇ ਬੋਲਣ ਦਾ ਹੱਕ ਰੱਖਦੇ ਓ। ਤੁਸੀਂ ਤਾਂ ਨਾ ਧਰਮ ਨੂੰ ਮੰਨੋ ਤੇ ਨਾ
ਰੱਬ ਨੂੰ। ਅਸੀਂ ਆਪਣੇ ਧਰਮ ਵਿੱਚ ਕਿਸੇ ਨੂੰ ਦਖ਼ਲ-ਅੰਦਾਜ਼ੀ ਕਰਨ ਦਾ ਅਤੇ ਫ਼ਜ਼ੂਲ ਬੋਲਣ ਦਾ
ਹੱਕ ਨਹੀਂ ਦੇ ਸਕਦੇ।
ਉਹਦੇ ਤੇਜ਼-ਤਿੱਖੇ ਬੋਲ ਸੁਣ ਕੇ ਕੋਹਾਲੀ ਵਾਲੀ ਮਾਸੀ ਦੇ ਦੋਵੇਂ ਜਵਾਨ ਮੁੰਡੇ ਮਾਮੇ ਦੇ
ਸਹਾਇਕ ਤੇ ‘ਅੰਗ-ਰੱਖਿਅਕ’ ਬਣ ਕੇ ਉਹਦੇ ਮੋਢਿਆਂ ਪਿੱਛੇ ਖਲੋ ਗਏ।
“ਠੀਕ ਆ; ਆਹੋ ਕਿ!” ਉਹ ਵੀ ਗੁੱਸੇ ਵਿੱਚ ਨਾਸਾਂ ਫਰਕ ਰਹੇ ਸਨ। ਦਸਵੀਂ ਵਿਚੋਂ ਵਾਰ ਵਾਰ
ਫੇਲ੍ਹ ਹੋਣ ਪਿੱਛੋਂ ਤਿੰਨ-ਚਾਰ ਸਾਲ ਪਹਿਲਾਂ ਅੰਤਮ ਆਸਰੇ ਵਜੋਂ ਮੇਰੇ ਸਕੂਲ ਨੂੰ ਸੈਂਟਰ
ਬਣਾਇਆ ਸੀ ਤੇ ਮੇਰੇ ਰਾਹੀਂ ਮਰਵਾਈ ਨਕਲ ਨਾਲ ਮਸਾਂ ਦਸਵੀਂ ਜਮਾਤ ਦਾ ਭਵ-ਸਾਗਰ ਟੱਪੇ ਸਨ।
ਅੱਜ ਉਹ ਵੀ ਪੰਥ ਦੀ ਬੇੜੀ ਨੂੰ ਮੋਢਾ ਦੇਣ ਵਾਲੇ ਵੱਡੇ ਮਲਾਹ ਬਣੇ ਖਲੋਤੇ ਸਨ ਅਤੇ ਅਗਲੀ
‘ਕਾਰਵਾਈ’ ਲਈ ਆਪਣੇ ਜਥੇਦਾਰ ਦਾ ਹੁਕਮ ਉਡੀਕ ਰਹੇ ਸਨ।
ਸਾਡੀ ਗੱਲ-ਬਾਤ ਵਿਚਲੀ ਤਲਖ਼ੀ ਨੂੰ ਭਾਂਪ ਕੇ ਨਾਲ ਬੈਠੇ ਰਿਸ਼ਤੇਦਾਰਾਂ ਵਿਚੋਂ ਇੱਕ ਦੋ ਨੇ
ਧੀਮੀ ਆਵਾਜ਼ ਵਿੱਚ ਸਾਨੂੰ ‘ਛੱਡੋ ਪਰ੍ਹੇ’ ਆਖ ਕੇ ਚੁੱਪ ਹੋ ਜਾਣ ਲਈ ਵੀ ਕਿਹਾ। ਪਰ ਖ਼ਾਲਸਾ
ਜੀ ਵੱਲੋਂ ਲਏ ਪੈਂਤੜੇ ਕਰਕੇ ਮੇਰੇ ਲਈ ਚੁੱਪ ਰਹਿਣਾ ਔਖਾ ਹੋ ਗਿਆ।
“ਜਿਵੇਂ ਗੁਰਬਾਣੀ ਮੇਰੀ ਵੀ ਹੈ ਉਸਤਰ੍ਹਾਂ ਗੁਰੂ ਵੀ ਮੇਰੇ ਓਨੇ ਹੀ ਆਪਣੇ ਹਨ ਤੇ ਗੁਰੂ
ਗ੍ਰੰਥ ਸਾਹਿਬ ਵੀ ਮੇਰਾ ਹੈ। ਤੁਹਾਡੇ ਆਖਣ ‘ਤੇ ਇਹ ਤੁਹਾਡੇ ਇਕੱਲਿਆਂ ਦੇ ਨਹੀਂ ਹੋ ਜਾਣ
ਲੱਗੇ। ਮੈਂ ਸਿੱਖ ਗੁਰੂਆਂ ਵੱਲੋਂ ਦੱਬੇ-ਕੁਚਲੇ ਲੋਕਾਂ ਲਈ ਲੜੇ ਸੰਘਰਸ਼ ਦਾ ਦਿਲੋਂ ਡੂੰਘਾ
ਆਦਰ ਵੀ ਕਰਦਾ ਹਾਂ ਅਤੇ ਉਸਤੋਂ ਆਪਣੀ ਜ਼ਿੰਦਗੀ ਵਿੱਚ ਅਗਵਾਈ ਵੀ ਲੈਂਦਾ ਹਾਂ। ਮੈਨੂੰ ਆਪਣੀ
ਇਸ ਸ਼ਾਨਾਂ-ਮੱਤੀ ਵਿਰਾਸਤ ‘ਤੇ ਮਾਣ ਵੀ ਹੈ।
“ਅੱਗੇ ਤੂੰ ਬੜਾ ਸੰਘਰਸ਼ ਕੀਤੈ ਕਿ! ਕੀ ਕਰ ਲਿਆ ਸੀ ਤੁਸਾਂ ਆਪਣੇ ਸੰਘਰਸ਼ ਨਾਲ? ਵੱਡੇ
ਇਨਕਲਾਬੀ ਬਣੇ ਫਿਰਦੇ ਸੋ। ਕਿੱਥੇ ਹੈ ਤੁਹਾਡਾ ਇਨਕਲਾਬ? ਸਿਵਾਇ ਧਰਮ ਨੂੰ ਗਾਲ੍ਹਾਂ ਕੱਢਣ
ਤੋਂ ਤੁਸੀਂ ਕੀਤਾ ਹੀ ਕੀ ਹੈ?”
ਹਰਦੀਪ ਮਿਹਣਿਆਂ ‘ਤੇ ਉੱਤਰ ਆਇਆ ਸੀ।
“ਮੈਂ ਤਾਂ ਜਿਹੋ ਜਿਹਾ ਤੇ ਜਿੰਨਾਂ ਕੁ ਸੰਘਰਸ਼ ਕਰ ਸਕਦਾ ਸਾਂ ਕੀਤਾ ਹੀ ਹੈ। ਨਹੀਂ ਹੋ ਸਕਿਆ
ਤਾਂ ਮੇਰੀ ਜਾਂ ਸਾਡੀ ਸੀਮਾਂ ਹੋ ਸਕਦੀ ਹੈ। ਮੈਂ ਤਾਂ ਦੋ-ਚਾਰ ਵਾਰ ਜੇਲ੍ਹ-ਯਾਤਰਾ ਦਾ ਸਵਾਦ
ਵੀ ਚੱਖਿਆ ਹੈ। ਜਿੰਨਾ ਕੁ ਕੀਤਾ ਸੀ ਓਨੀ ਕੁ ਕੀਮਤ ਵੀ ਤਾਰੀ ਹੈ। ਪਰ ਤੁਸੀਂ ਕਿਹੜੇ ਜਮਰੌਦ
ਦੇ ਕਿਲ੍ਹੇ ਫ਼ਤਹਿ ਕਰ ਲਏ ਨੇ! ਘਰ ਬਹਿ ਕੇ ਜਥੇਦਾਰੀਆਂ ਕਰਨੀਆਂ ਤੇ ਦਹਿਸ਼ਤ ਫ਼ੈਲਾਉਣੀ ਸੌਖੀ
ਹੈ। ਕੁਝ ਚਿਰ ਮੈਦਾਨ ਵਿੱਚ ਵੀ ਉੱਤਰ ਕੇ ਵਿਖਾਓ ਖ਼ਾਲਸਾ ਜੀ!”
ਗੁੱਸੇ ਵਿੱਚ ਮੈਂ ਵੀ ਆਪਣੀ ‘ਏਕੀ ਮੇਕੀ ਢੇਕੀ’ ਕਰੀ ਜਾ ਰਿਹਾ ਸਾਂ ਕਿ ਖ਼ਾਲਸਾ ਜੀ ਦੀ
ਪਤਨੀ_ ਮੇਰੀ ਛੋਟੀ ਮਾਮੀ_ ਦੂਜੇ ਘਰੋਂ ਮੇਰੀ ਪਤਨੀ ਨੂੰ ਬਾਹੋਂ ਧੂੰਹਦੀ ਆਣ ਪਹੁੰਚੀ। ਉਹ
ਸਾਡੀਆਂ ਗੱਲਾਂ ਸੁਣ ਕੇ ਹੀ ਮੇਰੀ ਪਤਨੀ ਵੱਲ ਭੱਜੀ ਗਈ ਸੀ ਕਿ ਮੈਨੂੰ ਆਪਣੇ ਮਾਮੇ ਨਾਲ
‘ਝਗੜਾ’ ਕਰਨ ਤੋਂ ਰੋਕੇ।
ਸਾਡਾ ਵਾਰਤਾਲਾਪ ਸੁਣਕੇ ਮਾਮੀ ਤਮਕ ਕੇ ਬੋਲੀ, “ਅਸੀਂ ਤਾਂ ਅੱਗੇ ਰੋਜ਼ ਉਹਦੇ ਅੱਗੇ ਹੱਥ
ਜੋੜਦੇ ਆਂ; ਜੇ ਤੇਰੇ ਆਖੇ ਉਹ ਸਟੇਨ ਚੁੱਕ ਕੇ ਤੁਰ ਪਿਆ ਤਾਂ ਮੇਰੇ ਨਿਆਣਿਆਂ ਨੂੰ ਤੂੰ
ਰੋਟੀ ਦਵੇਂਗਾ?”
“ਮਾਮੀ, ਜਦੋਂ ਮੈਂ ਤੁਰਿਆ ਸਾਂ ਤਾਂ ਮੇਰੇ ਨਿਆਣਿਆਂ ਨੂੰ ਰੋਟੀ ਦੇਣ ਤੁਸੀਂ ਨਹੀਂ ਸਾਓ ਗਏ।
ਸਭ ਕੁਝ ਆਪਣੀ ਜੀਅ-ਜਵਾਨੀ ‘ਤੇ ਹੀ ਕਰਨਾ ਪੈਂਦਾ ਹੈ।”
“ਸਭ ਕੁਝ ਆਪਣੀ ਜੀਅ ਜਵਾਨੀ ਤੇ ਹੀ ਕਰਦੇ ਆਂ ਤੇ ਕਰਾਂਗੇ ਵੀ। ਤੈਨੂੰ ਤੁਰ ਕੇ ਵੀ ਵਿਖਾ
ਦਿਆਂਗੇ। ਤੇ ਕਿਲ੍ਹੇ ਵੀ ਵੇਖੀਂ; ਕਿਵੇਂ ਫ਼ਤਹਿ ਹੁੰਦੇ ਨੇ! ਤੇ ਤੈਨੂੰ ਵੀ ਵੇਖ ਲਵਾਂਗੇ।”
ਮਾਮੇ ਨੇ ਅੰਤਿਮ ਐਲਾਨ ਕਰ ਦਿੱਤਾ।
ਮੇਰੀ ਪਤਨੀ ਮੈਨੂੰ ਬਾਹੋਂ ਫੜ ਕੇ ਉਠਾਉਣ ਲੱਗੀ। ‘ਖ਼ਾਲਸਾ’ ਬਣੇ ਹਰਦੀਪ ਸਿੰਘ ਦਾ ਵਾਰਤਾਲਾਪ
ਸੁਣਕੇ ਓਥੇ ਹੋਰ ਬੈਠਣ ਦੀ ਤੁਕ ਵੀ ਕੋਈ ਨਹੀਂ ਸੀ ਰਹਿ ਗਈ। ਮੈਂ ਪਤਨੀ ਨੂੰ ਕਿਹਾ ਕਿ ਉਹ
ਦੂਜੇ ਘਰੋਂ ਆਪਣੇ ਸਮਾਨ ਸਮੇਤ ਬੱਚਿਆਂ ਨੂੰ ਵੀ ਲੈ ਆਵੇ।
ਸਾਰੀ ‘ਸੰਗਤ’ ਮੰਜਿਆਂ ‘ਤੇ ਧੁੱਪੇ ਸੱਜੀ ਬੈਠੀ ਸੀ ਜਦੋਂ ਅਸੀਂ ਉਹਨਾਂ ਦੇ ਕੋਲੋਂ ਉੱਠੇ।
ਆਪਣਾ ਬੈਗ ਚੁਕਿਆ, ਬੱਚਿਆਂ ਨੂੰ ਉਂਗਲੀ ਲਾਇਆ ਤੇ ਘਰੋਂ ਜਾਣ ਲਈ ਬਾਹਰ ਵੱਲ ਤੁਰਨਾ ਸ਼ੁਰੂ
ਕੀਤਾ। ਮੈਨੂੰ ਹੁਣ ਯਾਦ ਨਹੀਂ ਕਿ ਮੇਰੇ ਮਨ ਵਿੱਚ ਇਹ ਖ਼ਿਆਲ ਆਇਆ ਵੀ ਸੀ ਕਿ ਨਹੀਂ ਕਿ ਹੁਣੇ
ਮਾਮਾ ਹਰਦੀਪ ਉੱਠੇਗਾ ਤੇ ਮੇਰੇ ਕੋਲ ਆ ਕੇ ਮੇਰਾ ਬੈਗ ਫੜ ਕੇ ਮੋਹ ਨਾਲ ‘ਬੰਦਾ ਬਣ ਕੇ’ ਘਰ
ਨੂੰ ਪਿੱਛੇ ਮੁੜ ਆਉਣ ਲਈ ਕਹੇਗਾ। ਪਰ ਨਾ ਉਸਨੇ ਅਤੇ ਨਾ ਹੀ ਕਿਸੇ ਹੋਰ ਰਿਸ਼ਤੇਦਾਰ ਨੇ
ਸਾਨੂੰ ਰੁਕ ਜਾਣ ਲਈ ਆਖਿਆ।
ਮੇਰੀ ਬੱਚੀ ਨੇ ਪੁੱਛਿਆ, “ਡੈਡੀ ਜੰਝ ਤਾਂ ਅਜੇ ਆਈ ਵੀ ਨਹੀਂ ਤੇ ਆਪਾਂ ਚਲੇ ਵੀ ਚੱਲੇ
ਹਾਂ।”
ਮੈਂ ਬੱਚੀ ਨੂੰ ਚੁੱਪ-ਚਾਪ ਆਪਣੇ ਨਾਲ ਤੁਰੇ ਆਉਣ ਲਈ ਕਿਹਾ।
ਮਾਮੇ ਦੇ ਸਾੜਵੇਂ ਬੋਲਾਂ ਨਾਲ ‘ਸਾਂ ਸਾਂ” ਕਰ ਰਹੇ ਮੇਰੇ ਕੰਨ ਅਜੇ ਵੀ ਪਿੱਛੋਂ ਕਿਸੇ ਦੇ
ਪੈਰਾਂ ਦੀ ਬਿੜਕ ਸੁਣਨਾ ਲੋਚਦੇ ਸਨ।
ਅਗਲੇ ਦਿਨ ਵਿਆਹ ਤੋਂ ਪਰਤ ਕੇ ਆਏ ਮੇਰੇ ਭਰਾ ਸੁਰਿੰਦਰ ਕੋਲੋਂ ਜਦੋਂ ਮੈਂ ਆਪਣੇ ਤੁਰ ਆਉਣ
ਪਿੱਛੋਂ ਕੱਲ੍ਹ ਦੀ ਘਟਨਾ ਬਾਰੇ ਹੋਏ ਪ੍ਰਤੀਕਰਮ ਬਾਰੇ ਪੁੱਛਿਆ ਤਾਂ ਉਸਨੇ ਕੋਲ ਖਲੋਤੀ ਬੀਬੀ
ਵੱਲ ਵੇਖਿਆ ਤੇ ਛਿੱਥਾ ਜਿਹਾ ਹੱਸਦਿਆਂ ‘ਖ਼ੁਸ਼ਖ਼ਬਰੀ’ ਦਿੱਤੀ, “ਖ਼ਾਲਸਾ ਤੇ ਕੋਹਾਲੀ ਵਾਲੀ
ਮਾਸੀ ਦੇ ਮੁੰਡੇ ਤਾਂ ਪੂਰੇ ਗੁੱਸੇ ਵਿੱਚ ਸਨ। ਖ਼ਾਲਸਾ ਆਖਦਾ ਸੀ ਕਿ ਜੇ ਅੱਜ ਵਿਆਹ ਵਾਲਾ
ਦਿਨ ਨਾ ਹੁੰਦਾ ਤਾਂ ਉਹ ਜਿਊਂਦਾ ਬਚ ਕੇ ਨਹੀਂ ਸੀ ਜਾਂਦਾ।”
ਤਾਂ ਸਾਡੇ ਤੁਰਸ਼ ਵਾਰਤਾਲਾਪ ਦਾ ਇਹ ਅੰਤ ਹੋਣ ਵਾਲਾ ਸੀ! ਨਹੀਂ ਇਹ ਨਹੀਂ ਹੋ ਸਕਦਾ! ਜ਼ਰੂਰ
ਝੂਠ ਹੈ। ਮੇਰਾ ਪਿਆਰਾ ਯਾਰ ਮਾਮਾ ਮੈਨੂੰ ਕਤਲ ਕਰਨ ਤੱਕ ਵੀ ਸੋਚ ਸਕਦਾ ਹੈ! ਨਹੀਂ ਹਰਗ਼ਿਜ਼
ਨਹੀਂ! ਮੈਂ ਨੇੜੇ ਖਲੋਤੀ ਬੀਬੀ ਵੱਲ ਵੇਖਿਆ। ਉਹ ਵੀ ਕੱਲ੍ਹ ਸਾਡਾ ਰੌਲਾ ਸੁਣ ਕੇ ਇਕੱਠੀ ਹੋ
ਗਈ ਬੰਦੇ-ਬੁਢੀਆਂ ਦੀ ਭੀੜ ਵਿੱਚ ਸ਼ਾਮਲ ਸੀ।
“ਕਿਉਂ ਬੀਬੀ?” ਮੇਰੀਆਂ ਸਵਾਲੀਆ ਨਜ਼ਰਾਂ ਉਸਦੇ ਚਿਹਰੇ ‘ਤੇ ਗੱਡੀਆਂ ਹੋਈਆਂ ਸਨ। ਪਰ ਬੀਬੀ
ਕੁਝ ਨਾ ਬੋਲੀ। ਉਸਨੇ ਘੁੱਟ ਕੇ ਬੁੱਲ੍ਹ ਮੀਚੇ ਹੋਏ ਸਨ ਤੇ ਮੇਰੇ ਵੱਲ ਵੇਖਣ ਦੀ ਥਾਂ ਸਿੱਧਾ
ਖ਼ਿਲਾਅ ਵੱਲ ਵੇਖੀ ਜਾਂਦੀ ਸੀ।
ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਸੀ।
ਪਤਾ ਤਾਂ ਮੈਨੂੰ ਇਹ ਵੀ ਲੱਗ ਗਿਆ ਸੀ ਕਿ ਵਿਆਹ ਉੱਤੇ ‘ਸਿੰਘ’ ਵੀ ਆਏ ਹੋਏ ਸਨ ਅਤੇ ਉਹ
ਮਾਮੇ ਦੀ ਮੈਨੂੰ ਦਿੱਤੀ ਧਮਕੀ ਵਿਚਲੇ ‘ਅਧੂਰੇ ਕਾਰਜ’ ਨੂੰ ਪੂਰਾ ਕਰਨ ਦੀ ‘ਆਗਿਆ’ ਵੀ ਮੰਗ
ਰਹੇ ਸਨ!
ਇਸਤੋਂ ਦੋ ਦਿਨ ਬਾਅਦ ਮਾਮਾ ਫੇਰ ਮੇਰੇ ਘਰ ਦੇ ਵੱਡੇ ਦਰਵਾਜ਼ੇ ਦੀ ਬਾਰੀ ਵਿਚੋਂ ਲੰਘਦਾ ਨਜ਼ਰ
ਆਇਆ। ਅਸੀਂ ਦੋਵੇਂ ਜੀਅ ਬਾਹਰ ਵਿਹੜੇ ਵਿੱਚ ਧੁੱਪੇ ਬੈਠੇ ਹੋਏ ਸਾਂ। ਉਹ ਤੇਜ਼ ਕਦਮੀ ਦਗੜ
ਦਗੜ ਤੁਰਦਾ ਸਾਡੇ ਕੋਲ ਪੁੱਜਾ। ਅਸੀਂ ਉੱਠ ਕੇ ਖਲੋ ਗਏ। ਇੱਕ ਪਲ ਲਈ ਇਹ ਖ਼ਿਆਲ ਵੀ ਮਨ ਵਿੱਚ
ਆਇਆ ਕਿ ਖ਼ਬਰੇ ਮਾਮਾ ‘ਤੈਨੂੰ ਵੀ ਵੇਖ ਲਵਾਂਗੇ’ ਵਾਲੀ ਧਮਕੀ ਸੱਚ ਕਰਨ ਆਇਆ ਹੋਵੇ। ਮੈਂ
ਉਸਨੂੰ ਸਾਹਮਣੇ ਕਮਰੇ ਵਿੱਚ ਲਿਜਾ ਕੇ ਬੈਠਣ ਲਈ ਕਿਹਾ ਅਤੇ ਰਜਵੰਤ ਨੂੰ ਕਿਹਾ ਕਿ ਉਹ ਮਾਮੇ
ਨੂੰ ਪਾਣੀ ਪਿਆਉਣ ਤੋਂ ਬਾਅਦ ਚਾਹ ਧਰੇ।
ਮਾਮੇ ਨੇ ਬੜੀ ਰੁੱਖੀ ਜ਼ਬਾਨ ਵਿੱਚ ਕਿਹਾ, “ਮੈਂ ਕੋਈ ਚਾਹ-ਪਾਣੀ ਨਹੀਂ ਪੀਣਾ ਤੇ ਨਾ ਹੀ
ਬਹਿਣਾ ਹੈ। ਬੱਸ ਮੇਰੇ ਪੈਸੇ ਕੱਢੋ।”
ਚਾਰ ਕੁ ਮਹੀਨੇ ਪਹਿਲਾਂ ਮੇਰੀ ਭੈਣ ਗੁਰਮੀਤੋ ਬਾਪੂ ਦੀ ਵਸੀਅਤ ਵਾਲੀ ਆਪਣੇ ਹਿੱਸੇ ਆਉਂਦੀ
ਜ਼ਮੀਨ ਵੇਚਣ ਲੱਗੀ ਤਾਂ ਨੇੜੇ ਲੱਗਦੀ ਹੋਣ ਕਾਰਨ ਮੈਂ ਆਪ ਹੀ ਜ਼ਮੀਨ ਖ਼ਰੀਦ ਲੈਣ ਦਾ ਨਿਸਚਾ ਕਰ
ਲਿਆ। ਇਸ ਸਮੇਂ ਮੈਨੂੰ ਆਸਿਓਂ ਪਾਸਿਓਂ ਪੈਸੇ ਫੜ੍ਹਨੇ ਪਏ ਸਨ। ਉਦੋਂ ਮੈਂ ਬੀਬੀ ਰਾਹੀਂ
ਮਾਮੇ ਤੋਂ ਦੋ ਹਜ਼ਾਰ ਰੁਪੈਆ ਮੰਗਵਾਇਆ ਸੀ। ਵਿਆਹ ਵਾਲੇ ਦਿਨ ਹੋਏ ਸਾਡੇ ਆਪਸੀ ਝਗੜੇ ਤੋਂ
ਤੀਜੇ ਦਿਨ ਬਾਅਦ ਹੀ ਮਾਮੇ ਵੱਲੋਂ ਇਸਤਰ੍ਹਾਂ ਪੈਸੇ ਆਣ ਮੰਗਣੇ ਇੱਕ ਪਲ ਤਾਂ ਮੈਨੂੰ ਬੜੀ
ਹੋਛੀ ਗੱਲ ਲੱਗੀ। ਇਹ ਤਾਂ ਉਹਨੂੰ ਵੀ ਪਤਾ ਸੀ ਕਿ ਮੈਂ ਉਸਦੇ ਪੈਸੇ ਮਾਰਨ ਨਹੀਂ ਲੱਗਾ। ਉਂਜ
ਵੀ ਇਹ ਕਿਹੜੀ ਏਡੀ ਵੱਡੀ ਰਕਮ ਸੀ! ਪਰ ਦੂਜੇ ਪਲ ਸੋਚਿਆ; ਉਸਦਾ ਪੈਸੇ ਮੰਗਣ ਆ ਜਾਣਾ ਮੈਨੂੰ
ਕਤਲ ਦੀ ਧਮਕੀ ਦੇਣ ਨਾਲੋਂ ਤਾਂ ਹਜ਼ਾਰ ਗੁਣਾ ਛੋਟੀ ਗੱਲ ਸੀ! ਇਸਤਰ੍ਹਾਂ ਪੈਸੇ ਲੈਣ ਆ ਕੇ ਉਹ
ਮੈਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਮੇਰਾ ਹੁਣ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰਹਿ ਗਿਆ।
ਸਗੋਂ ਇਸਤੋਂ ਵੀ ਵੱਧ ਇਹ ਇਸ ਗੱਲ ਦਾ ਸੂਚਕ ਸੀ ਕਿ ਉਹ ਮੇਰੇ ਨਾਲੋਂ ਪਿਛਲੇ ਸੰਬੰਧ ਤੋੜ ਕੇ
‘ਨਵੀਂ ਲੜਾਈ’ ਲੜੇ ਜਾਣ ਲਈ ਤਿਆਰ ਸੀ।
ਮੇਰੀ ਪਤਨੀ ਦੀ ਮਾਤਾ ਬੀਬੀ ਸਵਰਨ ਕੌਰ ਇਹਨੀ ਦਿਨੀ ਸਾਡੇ ਕੋਲ ਰਹਿ ਰਹੀ ਸੀ। ਉਸ ਕੋਲ
ਪੰਦਰਾਂ ਸੌ ਰੁਪਏ ਪਏ ਸਨ। ਬਾਕੀ ਪੰਜ ਸੌ ਮੈਂ ਸਾਡੇ ਗਵਾਂਢੀ ਤਾਏ ਲਾਭ ਚੰਦ ਕੋਲੋਂ ਦੁਕਾਨ
‘ਤੇ ਜਾ ਕੇ ਫੜ ਲਿਆਇਆ। ਜਦੋਂ ਉਸਨੇ ਔਖੇ ਸੌਖੇ ਹੋ ਕੇ ਚਾਹ ਦੀ ਆਖ਼ਰੀ ਕੌੜੀ ਘੁੱਟ ਅੰਦਰ
ਲੰਘਾਈ, ਮੈਂ ਪੈਸੇ ਮਾਮੇ ਦੀ ਤਲੀ ‘ਤੇ ਰੱਖ ਦਿੱਤੇ। ਉਹ ਜਿਹੜੀ ਤੇਜ਼ੀ ਨਾਲ ਆਇਆ ਸੀ ਓਸੇ
ਤੇਜ਼ੀ ਨਾਲ ਬਾਹਰ ਨੂੰ ਤੁਰ ਗਿਆ।
ਅਗਲੇ ਸਾਲਾਂ ਵਿੱਚ ਸਾਡਾ ਇਕ-ਦੂਜੇ ਵੱਲ ਆਉਣਾ-ਜਾਣਾ, ਮਿਲਣਾ-ਗਿਲਣਾ ਤੇ ਬੋਲਣਾ-ਚਾਲਣਾ
ਅਸਲੋਂ ਹੀ ਬੰਦ ਹੋ ਗਿਆ। ਮੈਂ ਪਿੰਡ ਛੱਡ ਕੇ ਜਲੰਧਰ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਲੈਕਚਰਾਰ
ਆ ਲੱਗਾ। ਉਂਜ ਮੈਨੂੰ ਮਾਮੇ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ। ਉਹ ਪਹਿਲਾਂ ਨਾਲੋਂ ਵੀ ਵੱਧ
ਸਰਗਰਮੀ ਨਾਲ ਆਪਣੇ ‘ਪੰਥਕ-ਕਾਰਜਾਂ’ ਵਿੱਚ ਰੁੱਝਿਆ ਹੋਇਆ ਸੀ। ਜਿਹੜੀਆਂ ਚੋਣਾਂ ਹੁੰਦੀਆਂ
ਹੁੰਦੀਆਂ ਰਹਿ ਗਈਆਂ, ਉਹ ਉਹਨਾਂ ਵਿੱਚ ਸਰਗਰਮ ਉਮੀਦਵਾਰ ਵਜੋਂ ਖੜਾ ਸੀ ਤੇ ਕਿਹਾ ਜਾਂਦਾ ਸੀ
ਕਿ ਉਸਦੇ ਚੁਣੇ ਜਾਣ ਦੀ ਸੰਭਾਵਨਾਂ ਵੀ ਸੀ।
ਜੜ੍ਹਾਂ ਦਾ ਮਾਣ
ਤੇ ਫਿਰ ਜਿਵੇਂ ਮੈਂ ਮੁੱਢ ਵਿਚ ਜਿ਼ਕਰ ਕਰ ਆਇਆਂ; ਇਕ ਦਿਨ ਬੀਬੀ ਮੇਰੇ ਕੋਲ ਜਲੰਧਰ ਆਈ।
ਉਸਦਾ ਚਿਹਰਾ ਉੱਤਰਿਆ ਹੋਇਆ ਤੇ ਡਾਢਾ ਉਦਾਸ ਸੀ। ਅੱਖਾਂ ਡੁੱਲ੍ਹਣ ਡੁੱਲ੍ਹਣ ਕਰਦੀਆਂ ਸਨ।
ਮੇਰੇ ਪੁੱਛਣ ‘ਤੇ ਰੋਣ ਲੱਗੀ। ਕਹਿੰਦੀ, “ਤੇਰੇ ਮਾਮੇ ਹਰਦੀਪ ਨੂੰ ਪਰਸੋਂ ਤਕਾਲੀਂ ਪੁਲਿਸ
ਨੇ ਚੁੱਕ ਲਿਆ। ਪਹਿਲਾਂ ਤਾਂ ਪਤਾ ਨਹੀਂ ਸੀ ਲੱਗਦਾ ਕਿ ਕਿੱਥੇ ਲੈ ਗਏ ਨੇ। ਬੜੀ ਭੱਜ ਦੌੜ
ਪਿੱਛੋਂ ਅੱਜ ਸਵੇਰੇ ਪਤਾ ਲੱਗੈ ਕਿ ਅੰਬਰਸਰ ਮਾਲ-ਮੰਡੀ ਵਿੱਚ ਉਹਦਾ ਕੁੱਟ ਕੁੱਟ ਕੇ ਬੁਰਾ
ਹਾਲ ਕੀਤਾ ਪਿਆ ਨੇ। ਘਰਦਿਆਂ ਜਿੱਥੇ ਜਿੱਥੇ ਜੋਰ ਪੈਂਦਾ ਸੀ ਪਾ ਕੇ ਵੇਖ ਲਿਐ।
ਛੱਡਣ-ਛੁਡਾਉਣ ਵਾਲੀ ਗੱਲ ਤਾਂ ਦੂਰ; ਅੰਦਰੋਂ ਕਿਸੇ ਆਪਣੇ ਬੰਦੇ ਨੇ ਦੱਸਿਐ ਕਿ ‘ਪੁੱਛ-ਗਿੱਛ
ਕਰਕੇ ਅਗਲਿਆਂ ਅੱਜ ਰਾਤ ਨੂੰ ਜਾਂ ਕੱਲ੍ਹ ਰਾਤ ਨੂੰ ਉਹਦਾ ਮੁਕਾਬਲਾ ਬਣਾ ਕੇ ਮਾਰ ਦੇਣੈ। ਜੇ
ਕੁੱਝ ਕਰ ਸਕਦੇ ਓ ਤਾਂ ਕਰ ਲਓ।’ ਹੁਣ ਤਾਂ ਤੂੰ ਹੀ ਉਹਨੂੰ ਬਚਾ ਸਕਦੈਂ। ਆਹ ਮੇਰੇ ਹੱਥ
ਜੋੜੇ, ਪਿਛਲੀਆਂ ਗੱਲਾਂ ਭੁੱਲ ਕੇ ਤੂੰ ਕੋਈ ਚਾਰਾ ਕਰ; ਤੂੰ ਕਰ ਸਕਦਾ ਏਂ!”
ਮੈਂ ਵੀ ਪਰੇਸ਼ਾਨ ਹੋ ਗਿਆ। ਮੈਂ ਭਲਾ ਕੀ ਕਰ ਸਕਦਾ ਸਾਂ! ਕਿਸੇ ਸਿਆਸੀ ਆਗੂ ਜਾਂ ਕਿਸੇ ਵੱਡੇ
ਪੁਲਿਸ ਅਧਿਕਾਰੀ ਤੱਕ ਮੇਰੀ ਤਾਂ ਕਿਤੇ ਦੂਰ ਦੂਰ ਤੱਕ ਪਹੁੰਚ ਨਹੀਂ ਸੀ। ਇਸਤਰ੍ਹਾਂ ਦੀ
ਪਹੁੰਚ ਬਨਾਉਣੀ ਮੇਰੇ ਸੁਭਾ ਦਾ ਕਦੀ ਹਿੱਸਾ ਹੀ ਨਹੀਂ ਸੀ ਰਹੀ। ਮੈਂ ਕਿਸੇ ਨੁੰ ਪੁਲਿਸ ਤੋਂ
ਤਾਂ ਕੀ ਛੁਡਾਉਣਾ ਸੀ; ਮੈਨੂੰ ਤਾਂ ਕਿਸੇ ਨਾ ਕਿਸੇ ਬਹਾਨੇ ਅੱਜ ਤੱਕ ਪੁਲਿਸ ਆਪ ਫੜ੍ਹਨ
ਆਉਂਦੀ ਰਹੀ ਸੀ। ਇਹਦੇ ਨਾਲ ਰਲਦੇ ਮਿਲਦੇ ਮਾਮਲੇ ਵਿੱਚ ਸਾਲ ਕੁ ਪਹਿਲਾਂ ਮੈਂ ਆਪਣਾ ਤਾਣ ਲਾ
ਕੇ ਵੇਖ ਵੀ ਚੁੱਕਾ ਸਾਂ। ਮੇਰੀ ਪਤਨੀ ਦੇ ਭਣੇਵੇਂ ਨੂੰ ਪੁਲਿਸ ਫੜ੍ਹਨ ਆਉਣ ਲੱਗੀ ਤਾਂ
ਡਰਦਿਆਂ ਉਹ ਆਪਣੇ ਨਾਨਕੇ ਝਬਾਲ ਆ ਬੈਠਾ। ਮੇਰੀ ਪਤਨੀ ਦੀ ਭੈਣ ਵੀ ਇਸਤਰ੍ਹਾਂ ਹੀ ਮੈਨੂੰ
ਰਸੂਖ ਵਾਲਾ ਬੰਦਾ ਸਮਝ ਕੇ ਮੇਰੇ ਕੋਲ ਆਈ ਅਤੇ ਤਰਲਾ ਲਿਆ ਕਿ ਮੈਂ ਉਸਦੇ ਮੁੰਡੇ ਨੂੰ ਕਿਸੇ
ਵੱਡੇ ਪੁਲਿਸ ਅਫ਼ਸਰ ਰਾਹੀਂ ਪੇਸ਼ ਕਰਾ ਦਿਆਂ; ਉਹ ਉਸਨੂੰ ਮਾਰਨ ਨਾ, ਕੋਈ ਕੇਸ ਪਾ ਕੇ ਅੰਦਰ
ਭਾਵੇਂ ਕਰ ਦੇਣ।। ਇੱਕ ਸਮਰੱਥ ਤੇ ਪ੍ਰਭਾਵਸ਼ਾਲੀ ਵੱਡਾ ਪੁਲਿਸ ਅਧਿਕਾਰੀ ਮੇਰੇ ਦੋਸਤ ਦਾ
ਅਗਾਂਹ ਦੋਸਤ ਸੀ। ਮੈਂ ਆਪਣੇ ਦੋਸਤ ਦੀ ਮਿੰਨਤ ਕੀਤੀ ਤਾਂ ਉਸਨੇ ਪੁਲਿਸ ਅਫ਼ਸਰ ਨਾਲ ਗੱਲ ਕਰਨ
ਦੀ ਹਾਮੀ ਤਾਂ ਭਰੀ ਪਰ ਨਾਲ ਹੀ ਉਸਨੇ ਮੈਨੂੰ ਇਹ ਚੇਤਾਵਨੀ ਵੀ ਦਿੱਤੀ ਕਿ ਮਾਪੇ ਤਾਂ ਆਪਣੇ
ਬੱਚਿਆਂ ਨੂੰ ਬੇਕਸੂਰ ਹੀ ਆਖਦੇ ਹੁੰਦੇ ਨੇ। ਅਸਲ ਵਿੱਚ ਪਤਾ ਨਹੀਂ ਮੁੰਡੇ ਦਾ ਅਪਰਾਧ ਕਿਹੋ
ਜਿਹਾ ਹੋਵੇ। ਕੱਲ੍ਹ ਕਲੋਤਰ ਨੂੰ ਜੇ ਅਸੀਂ ਮੁੰਡੇ ਨੂੰ ਪੇਸ਼ ਕਰਾ ਵੀ ਦੇਈਏ ਤੇ ਪੁਲਿਸ ਵਾਲੇ
ਅੱਗੋਂ ਕੋਈ ਕਾਰਾ ਦੇਣ ਤਾਂ ਆਪਾਂ ਉਹਨਾਂ ਦਾ ਭਲਾ ਕਰਦੇ ਕਰਦੇ ਵੱਡੇ ਗੁਨਾਹਗਾਰ ਨਾ ਬਣ
ਜਾਈਏ! ਅਜਿਹੇ ਸਮਿਆਂ ਵਿੱਚ ਪੁਲਿਸ ਤੇ ਕੀ ਇਤਬਾਰ ਕੀਤਾ ਜਾ ਸਕਦਾ ਹੈ!
ਮੈਂ ਸਚਮੁਚ ਡਰ ਗਿਆ ਤੇ ਖ਼ਾਮੋਸ਼ ਹੋ ਗਿਆ। ਥੋੜ੍ਹੇ ਚਿਰ ਬਾਅਦ ਮੇਰੀ ਪਤਨੀ ਦੇ ਭਣੇਵੇਂ ਨੂੰ
ਪੁਲਿਸ ਨੇ ਪਰਿਵਾਰ ਦੇ ਜੀਆਂ ਦੇ ਸਾਹਮਣੇ ਕਾਬੂ ਕਰ ਲਿਆ। ਕੁੱਟ ਕੁੱਟ ਕੇ ਓਥੇ ਹੀ ਲੱਤਾਂ
ਬਾਹਵਾਂ ਤੋੜ ਦਿੱਤੀਆਂ ਤੇ ਫਿਰ ਚਾਦਰ ਵਿੱਚ ਉਹਦੇ ਭੱਜੇ-ਟੁੱਟੇ ਜਿਸਮ ਦੀ ਪੰਡ ਬੰਨ੍ਹ ਕੇ
ਜੀਪ ਵਿੱਚ ਸੁੱਟ ਲਿਆ। ਨਾ ਇਲਾਕੇ ਦੀ ਪੁਲਿਸ ਤੇ ਨਾ ਸੀ ਆਰ ਪੀ ਊਸਨੂੰ ਚੁੱਕਣ ਬਾਰੇ ਮੰਨੀ।
ਆਖਣ; ਸਾਨੂੰ ਤਾਂ ਪਤਾ ਹੀ ਕੋਈ ਨਹੀਂ! ਕੋਈ ਸੂਹ ਨਾ ਮਿਲੀ; ਕਿੱਥੋਂ ਦੀ ਪੁਲਿਸ ਸੀ ਤੇ
ਕਿੱਥੇ ਲੈ ਗਈ? ਫਿਰ ਉਸਦੀ ਕੋਈ ਉੱਘ-ਸੁੱਘ ਨਾ ਲੱਗੀ। ਅਸੀਂ ਰਲ-ਮਿਲ ਕੇ ਬਥੇਰੀਆਂ ਟੱਕਰਾਂ
ਮਾਰਦੇ ਰਹੇ। ਪਰ ਕੁਝ ਨਾ ਬਣਿਆ। ਪਤਾ ਕੀ ਲੱਗਣਾ ਸੀ! ਉਸਨੂੰ ਤਾਂ ਅਗਲਿਆਂ ਅਣਪਛਾਤੀਆਂ
ਲਾਸ਼ਾਂ ਦਾ ਹਿੱਸਾ ਬਣਾ ਦਿੱਤਾ ਸੀ।
ਮੈਂ ਕੁਝ ਵੀ ਨਾ ਕਰ ਸਕਣ ਵਾਲੀ ਆਪਣੀ ਸਥਿਤੀ ਬਾਰੇ ਬੀਬੀ ਨੂੰ ਸਮਝਾਇਆ ਤਾਂ ਉਹ ਕਹਿੰਦੀ,
“ਨਹੀਂ, ਤੂੰ ਕਰ ਸਕਦੈਂ। ਜਿਹੜਾ ਐਸ ਐਸ ਪੀ ਅੰਬਰਸਰ ਲੱਗੈ, ਉਹ ਪਿੱਛੋਂ ਆਪਣੇ ਪਿੰਡ ਸੁਰ
ਸਿੰਘ ਦਾ ਹੀ ਐ। ਉਹਦੇ ਵੱਡੇ ਭਾਵੇਂ ਪਾਕਿਸਤਾਨ ਬਣਨ ਤੋਂ ਪਹਿਲਾਂ ਈ ਕਿਤੇ ਅੱਗੇ ਜਾ ਵੱਸੇ
ਸਨ ਪਰ ਉਹ ਹੁਣ ਵੀ ਆਪਣੇ ਪਿੰਡ ਦੇ ਲੋਕਾਂ ਦੀ ਬੜੀ ਦੀਦ ਕਰਦੈ। ਆਪਣੇ ਪਿੰਡ ਦਾ ਜਿਹੜਾ
ਬੰਦਾ ਵੀ ਉਸ ਕੋਲ ਜਾਵੇ ਉਹ ਉਹਦਾ ਕੰਮ ਜ਼ਰੂਰ ਕਰਦੈ। ਮੈਨੂੰ ਮੋਤਾ ਸਿੰਘ ਨੇ ਆਖਿਐ ਕਿ ਜੇ
ਤੂੰ ਜਾ ਕੇ ਮਿਲੇਂ ਤਾਂ ਉਹ ਤੇਰਾ ਆਖਾ ਨਹੀਂ ਮੋੜਨ ਲੱਗਾ। ਦੂਜੀ ਗੱਲ; ਤੂੰ ਉਹਨੂੰ ਕਰਤਾਰ
ਕੋਲੋਂ ਵੀ ਅਖਵਾ ਸਕਦੈਂ।”
ਮੈਂ ਹੁਣ ਤੱਕ ਹਨੇਰੀ ਸੁਰੰਗ ਅੱਗੇ ਖਲੋਤਾ ਸਾਂ, ਬੀਬੀ ਨੇ ਮੇਰੇ ਅੱਗੇ ਨਿੱਕੀ ਜਿਹੀ
ਮੋਮਬੱਤੀ ਬਾਲ ਧਰੀ ਸੀ। ਮੋਤਾ ਸਿੰਘ ਮੇਰੇ ਪਿਤਾ ਦਾ ਪੁਰਾਣਾ ਯਾਰ ਸੀ। ਪਹਿਲਾਂ ਇਹ ਪੁਲਿਸ
ਅਫ਼ਸਰ ਕਿਸੇ ਹੋਰ ਥਾਂ ਲੱਗਾ ਸੀ ਤੇ ਮੋਤਾ ਸਿੰਘ ਉਸ ਕੋਲ ਬਾਬੇ ਬਿਧੀ ਚੰਦੀਆਂ ਦੇ ਕਿਸੇ ਕੰਮ
ਗਿਆ ਸੀ; ਉਸ ਤੋਂ ਬਾਅਦ ਉਹਨੇ ਆਪ ਵੀ ਇੱਕ-ਦੋ ਨਿੱਕੇ ਮੋਟੇ ਕੰਮ ਉਸ ਕੋਲੋਂ ਲਏ ਸਨ। ਮੋਤਾ
ਸਿੰਘ ਨੇ ਇੱਕ ਵਾਰ ਪਿੰਡ ਗਏ ਨੂੰ ਮੈਨੂੰ ਦੱਸਿਆ ਵੀ ਸੀ ਕਿ ਉਹ ਅਫ਼ਸਰ ਕਿਵੇਂ ਆਪਣੇ ਪਿੰਡ
ਵਾਲੇ ਲੋਕਾਂ ਦਾ ਮਾਣ ਰੱਖਦਾ ਹੈ!
ਪਰ ਬਿਨਾ ਕਿਸੇ ਜਾਣ-ਪਹਿਚਾਣ ਦੇ ਮੇਰੇ ਵਰਗੇ ‘ਹਮਾਤੜ੍ਹ’ ਨੂੰ ਅੱਜ ਕੱਲ੍ਹ ਕਿਸੇ ਵੱਡੇ
ਪੁਲਿਸ ਅਫ਼ਸਰ ਦੇ ਨੇੜੇ ਕੋਈ ਕਦੋਂ ਜਾਣ ਦੇਣ ਲੱਗਾ ਸੀ! ਮੇਰੇ ਇਸ ਕੰਮ ਵਿੱਚ ਕਰਤਾਰ ਸਹਾਈ
ਹੋ ਸਕਦਾ ਸੀ। ਏਸ਼ੀਆਈ ਕੁਸ਼ਤੀਆਂ ਦਾ ਜੇਤੂ ਤੇ ਮੇਰਾ ਗਿਰਾਈਂ ਪਹਿਲਵਾਨ ਕਰਤਾਰ ਸਿੰਘ ਆਪ ਵੀ
ਆਈ ਪੀ ਐੱਸ ਅਧਿਕਾਰੀ ਸੀ। ਦੋਵਾਂ ਪੁਲਿਸ ਅਫ਼ਸਰਾਂ ਵਿੱਚ ਪਿੰਡ ਦੀ ਸਾਂਝ ਦੇ ਨਾਲ ਨਾਲ ਇਕੋ
ਮਹਿਕਮੇ ਅਤੇ ਇੱਕੋ ਰੈਂਕ ਦੇ ਹੋਣ ਕਰਕੇ ਵੀ ਜ਼ਰੂਰ ਨੇੜਤਾ ਹੋਵੇਗੀ। ਕਰਤਾਰ ਮੈਨੂੰ ਵੱਡੇ
ਭਰਾਵਾਂ ਵਰਗਾ ਮਾਣ ਦਿੰਦਾ ਹੈ। ਮੈਂ ਉਸ ਨਾਲ ਫ਼ੋਨ ਮਿਲਾਇਆ। ਉਸਨੂੰ ਆਖਿਆ ਕਿ ਉਹ ਮੇਰੇ
ਬਾਰੇ ਅੰਮ੍ਰਿਤਸਰ ਦੇ ਐੱਸ ਐੱਸ ਪੀ ਨੂੰ ਦੱਸ ਕੇ ਸਵੇਰੇ ਉਸ ਕੋਲੋਂ ਮੈਨੂੰ ਮਿਲਣ ਦਾ ਸਮਾਂ
ਲੈ ਦੇਵੇ ਤੇ ਮੇਰੀ ਗੱਲ ਹਮਦਰਦੀ ਨਾਲ ਸੁਣਨ ਦੀ ਸਿਫ਼ਾਰਿਸ਼ ਵੀ ਕਰ ਦੇਵੇ। ਕਰਤਾਰ ਨੇ ਕੁਝ
ਚਿਰ ਬਾਅਦ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਉਸਨੇ ਐੱਸ ਐੱਸ ਪੀ ਨਾਲ ਗੱਲ ਕਰ ਲਈ ਹੈ। ਮੈਂ
ਸਵੇਰੇ ਦਸ ਵਜੇ ਉਸਨੂੰ ਉਹਦੀ ਕੋਠੀ ‘ਤੇ ਜਾ ਕੇ ਮਿਲ ਲਵਾਂ।
“ਉਹ ਤੁਹਾਨੂੰ ਪਹਿਲਾਂ ਈ ਜਾਣਦੈ। ਮੈਂ ਵੀ ਤੁਹਾਡੇ ਬਾਰੇ ਉਸਨੂੰ ਚੰਗੀ ਤਰ੍ਹਾਂ ਦੱਸ ਦਿੱਤਾ
ਹੈ।” ਕਰਤਾਰ ਨੇ ਮੇਰੀ ਝਿਜਕ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਐੱਸ ਐੱਸ ਪੀ ਨੂੰ ਮਿਲਣ ਲਈ ਮੈਂ ਅੰਮ੍ਰਿਤਸਰ ਵਿੱਚ ਰਹਿੰਦੇ ਆਪਣੇ ਪੱਤਰਕਾਰ ਦੋਸਤ ਦੀ ਮਦਦ
ਲੈ ਲੈਣ ਬਾਰੇ ਸੋਚਦਿਆਂ ਉਸਨੂੰ ਵੀ ਫ਼ੋਨ ਕੀਤਾ ਤਾਂ ਉਸਨੇ ਦੱਸਿਆ ਕਿ ਐੱਸ ਐੱਸ ਪੀ ਉਸਦਾ
ਜਾਣੂ ਹੈ। ਉਹ ਜ਼ਰੂਰ ਮੇਰੇ ਨਾਲ ਉਸ ਕੋਲ ਜਾਵੇਗਾ।
ਮੈਂ ਬੀਬੀ ਨੂੰ ਕਿਹਾ ਕਿ ਉਹ ਹੁਣੇ ਜਾਵੇ ਤੇ ਵੱਡੇ ਮਾਮੇ ਨੂੰ ਆਖੇ ਕਿ ਉਹ ਸਵੇਰੇ ਨੌਂ ਵਜੇ
ਤੱਕ ਪੱਤਰਕਾਰ ਦੀ ਰਿਹਾਇਸ਼ ਤੇ ਪਹੁੰਚ ਜਾਣ।
ਸਾਰੀ ਰਾਤ ਮੈਂ ਗਿਣਤੀਆਂ ਮਿਣਤੀਆਂ ਵਿੱਚ ਪਿਆ ਰਿਹਾ। ਮੈਨੂੰ ਮਾਮੇ ਦੇ ਤਲਖ਼ ਬੋਲ ਅਤੇ ਮਾਰਨ
ਦੀਆਂ ਧਮਕੀਆਂ ਭੁੱਲ ਗਈਆਂ ਸਨ। ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਆਪਣੇ ਰਿਸ਼ਤੇ ਦੀਆਂ
ਮੁਹੱਬਤੀ ਤੰਦਾਂ ਨੂੰ ਖੋਲ੍ਹਦਾ ਬੰਨ੍ਹਦਾ ਰਿਹਾ। ਕਦੀ ਕਦੀ ਮੈਨੂੰ ਅਰਧ-ਸੁੱਤੇ ਨੂੰ ਖ਼ਿਆਲ
ਆਉਂਦਾ ਕਿ ਮਾਮੇ ਦੀ ਗੋਲੀਆਂ ਵਿੰਨ੍ਹੀ ਲਾਸ਼ ਮੇਰੇ ਸਾਹਮਣੇ ਪਈ ਹੈ ਅਤੇ ਚੀਕ-ਚਿਹਾੜਾ ਮੱਚਿਆ
ਹੋਇਆ ਹੈ। ਬੀਬੀ ਦੀਆਂ ਅੱਥਰੂਆਂ ਭਰੀਆਂ ਅੱਖਾਂ ਮੈਨੂੰ ਉਲਾਹਮਾ ਦਿੰਦੀਆਂ ਜਾਪਦੀਆਂ ਹਨ।
ਮੈਂ ਡਰ ਕੇ ਕੰਬਿਆ। ਕਿਤੇ ਉਹਨਾਂ ਨੇ ਅੱਜ ਰਾਤ ਹੀ ਉਸਦਾ ਮੁਕਾਬਲਾ ਨਾ ਬਣਾ ਦਿੱਤਾ ਹੋਵੇ!
ਇਹ ਦਿਨ ਹੀ ਅਜਿਹੇ ਸਨ। ਪੁਲਿਸ ਪੂਰੇ ਜ਼ੋਰ ਤੇ ਜੋਸ਼ ਵਿੱਚ ਸੀ ਅਤੇ ਚੁਣ ਚੁਣ ਕੇ
‘ਅੱਤਵਾਦੀਆਂ’ ਨੂੰ ਮਾਰ ਰਹੀ ਸੀ।
ਸਵੇਰੇ ਮੈਂ ਪੱਤਰਕਾਰ ਦੋਸਤ ਦੀ ਰਿਹਾਇਸ਼ ‘ਤੇ ਪੁੱਜਾ ਤਾਂ ਵੱਡਾ ਮਾਮਾ ਗੁਰਦੀਪ ਤੇ ਉਸਦਾ
ਇੱਕ ਸਾਥੀ ਪਹਿਲਾਂ ਹੀ ਓਥੇ ਆਏ ਹੋਏ ਸਨ। ਪੱਤਰਕਾਰ ਦੋਸਤ ਘਰ ਵਿੱਚ ਇਕੱਲਾ ਹੀ ਸੀ। ਉਸਨੇ
ਚਾਹ ਬਣਾਈ। ਚਾਹ ਪੀਂਦਿਆਂ ਮੈਂ ਉਸਨੂੰ ਸਾਰੀ ਹਕੀਕਤ ਦੱਸੀ ਤਾਂ ਉਹ ਕਹਿੰਦਾ ਕਿ ਉਹ ਹਰਦੀਪ
ਸਿੰਘ ਖ਼ਾਲਸਾ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ। ਖ਼ਾਲਸਾ ਉਸ ਕੋਲ ਅਕਸਰ ਖਾੜਕੂਆਂ ਦੀਆਂ
ਖ਼ਬਰਾਂ ਲੈ ਕੇ ਆਉਂਦਾ ਰਿਹਾ ਹੈ। ਖ਼ਾਲਸੇ ਨੇ ਕੁਝ ਚਿਰ ਪਹਿਲਾਂ ਪੱਤਰਕਾਰਾਂ ਦੀ ਟੋਲੀ ਦੀ
ਖਾੜਕੂਆਂ ਨਾਲ ਕਿਸੇ ਗੁਪਤ ਥਾਂ ‘ਤੇ ਮੀਟਿੰਗ ਵੀ ਕਰਵਾਈ ਸੀ।
ਮੈਂ ਉਸਨੂੰ ਐੱਸ ਐੱਸ ਪੀ ਨਾਲ ਕਰਤਾਰ ਦੀ ਹੋਈ ਗੱਲ-ਬਾਤ ਬਾਰੇ ਵੀ ਦੱਸਿਆ ਅਤੇ ਆਪਣੇ ਪਿੰਡ
ਦੀ ਸਾਂਝ ਬਾਰੇ ਵੀ। ਵੱਡੇ ਮਾਮੇ ਨੇ ਆਪਣੇ ਸੂਤਰਾਂ ਤੋਂ ਮਿਲੀ ਰੀਪੋਰਟ ਵੀ ਸਾਂਝੀ ਕੀਤੀ ਕਿ
ਕਿਵੇਂ ਅੱਜ-ਭਲਕ ਹੀ ਉਸਦਾ ਮੁਕਾਬਲਾ ਬਣਾ ਦੇਣ ਦਾ ਖ਼ਦਸ਼ਾ ਹੈ! ਉਹ ਤਾਂ ਡਰਦੇ ਸਨ ਕਿ ਹੋ
ਸਕਦਾ ਹੈ ਰਾਤੀਂ ਹੀ ਭਾਣਾ ਵਰਤ ਗਿਆ ਹੋਵੇ!
ਪੱਤਰਕਾਰ ਮਿੱਤਰ ਨੇ ਐੱਸ ਐੱਸ ਪੀ ਨੂੰ ਫ਼ੋਨ ਮਿਲਾਇਆ ਤੇ ਮੇਰੇ ਆਉਣ ਬਾਰੇ ਦੱਸਿਆ।
ਅਸੀਂ ਦਸ ਵਜੇ ਐੱਸ ਐੱਸ ਪੀ ਦੀ ਕੋਠੀ ਪਹੁੰਚੇ। ਗੇਟ ਤੇ ਬੈਠੀ ਪੁਲਿਸ ਦੀ ਟੁਕੜੀ ਨੇ ਦੱਸਿਆ
ਕਿ ‘ਸਾਹਿਬ ਘਰ ਨਹੀਂ ਹਨ!” ਅਸੀਂ ਉਹਨਾਂ ਨੂੰ ‘ਸਾਹਿਬ’ ਕੋਲੋਂ ਮਿਲਣ ਦਾ ਟਾਈਮ ਲਿਆ ਹੋਣ
ਬਾਰੇ ਦੱਸਿਆ ਤਾਂ ਉਹਨਾਂ ਨੇ ਅੰਦਰ ਫ਼ੋਨ ਕਰਕੇ ਪੁਸ਼ਟੀ ਕੀਤੀ ਤੇ ਸਾਡੇ ਲੰਘਣ ਲਈ ਦਰਵਾਜ਼ਾ
ਖੋਲ੍ਹ ਦਿੱਤਾ। ਮਾਮੇ ਹੁਰਾਂ ਨੂੰ ਬਾਹਰ ਛੱਡ ਕੇ ਅਸੀਂ ਦੋਵੇਂ ਅੰਦਰ ਚਲੇ ਗਏ। ਨਾਲ ਗਏ
ਪੁਲਿਸ ਕਰਮੀ ਨੇ ਸਾਨੂੰ ਦਫ਼ਤਰ ਵਿੱਚ ਬਿਠਾ ਦਿੱਤਾ। ਪੰਜ ਕੁ ਮਿੰਟ ਪਿੱਛੋਂ ਐੱਸ ਐੱਸ ਪੀ
ਦਫ਼ਤਰ ਵਿੱਚ ਪਿਛੇ ਖੁੱਲ੍ਹਦੇ ਦਰਵਾਜ਼ੇ ਵਿਚੋਂ ਅੰਦਰ ਆਇਆ।
ਉਹ ਦਰਮਿਆਨੇ ਕੱਦ ਦਾ ਕਲੀਨ-ਸ਼ੇਵਨ ਜਵਾਨ ਸੀ। ਉਸਨੇ ਲੱਕ ਨਾਲ ਰੀੜ੍ਹ ਦੀ ਹੱਡੀ ਨੂੰ ਸਿੱਧਾ
ਰੱਖਣ ਵਾਲੀ ਪੇਟੀ ਬੱਧੀ ਹੋਈ ਸੀ ਤੇ ਹੌਲੀ ਹੌਲੀ ਤੁਰ ਰਿਹਾ ਸੀ। ਸ਼ਾਇਦ ਉਸਦਾ ਲੱਕ ਦਰਦ
ਕਰਦਾ ਸੀ। ਅਸੀਂ ਉੱਠ ਕੇ ‘ਸਤਿ ਸ੍ਰੀ ਆਕਾਲ’ ਆਖੀ ਤੇ ਉਸਦੇ ਇਸ਼ਾਰੇ ‘ਤੇ ਵੱਡੇ ਮੇਜ਼ ਦੇ
ਉਰਾਰ ਆਪਣੀਆਂ ਕੁਰਸੀਆਂ ‘ਤੇ ਬੈਠ ਗਏ। ਉਸਨੇ ਕੁਰਸੀ ‘ਤੇ ਬਹਿੰਦਿਆਂ ਸਾਡੇ ਵੱਲ ਵੇਖਿਆ।
ਉਹਦਾ ਚਿਹਰਾ ਭਾਵ-ਰਹਿਤ ਸੀ। ਪਹਿਲੀ ਨਜ਼ਰੇ ਹੀ ਮੈਨੂੰ ਜਾਪਿਆ ਕਿ ਮੈਂ ਗ਼ਲਤ ਥਾਂ ‘ਤੇ ਆ ਗਿਆ
ਹਾਂ। ਏਥੇ ਮੇਰੀ ਕੁਝ ਨਹੀਂ ਵੱਟੀ ਜਾਣੀ। ਪੱਤਰਕਾਰ ਨੂੰ ਤਾਂ ਉਹ ਪਹਿਲਾਂ ਤੋਂ ਹੀ ਜਾਣਦਾ
ਸੀ। ਪੱਤਰਕਾਰ ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਮੇਰੀ ਜਾਣ-ਪਛਾਣ ਕਰਾਈ ਤੇ ਮੈਨੂੰ ਪੰਜਾਬੀ ਦਾ
‘ਨਾਮਵਰ’ ਲੇਖਕ ਆਖ ਕੇ ਵਡਿਆਇਆ। ਅਕਸਰ ਮੈਂ ਆਪਣੀ ਅਜਿਹੀ ਪਰਸੰਸਾ ਸੁਣ ਕੇ ਸੰਗ ਜਾਂਦਾ ਹਾਂ
ਪਰ ਉਸ ਦਿਨ ਮੈਨੂੰ ਪੱਤਰਕਾਰ ਵੱਲੋਂ ਆਪਣੀ ਪਰਸੰਸਾ ਕਰਨੀ ਚੰਗੀ ਲੱਗੀ। ਇਸ ਪਰਸੰਸਾ ਨੇ ਇਸ
ਕਮਰੇ ਵਿੱਚ ਮੇਰੀ ਹੋਂਦ ਨੂੰ ਅਰਥਵਾਨ ਬਨਾਉਣਾ ਸੀ ਤੇ ਆਪਣੀ ਗੱਲ ਕਹਿਣ ਜੋਗੀ ਸ਼ਨਾਖ਼ਤ ਤੇ
ਤਾਕਤ ਦੇਣੀ ਸੀ।
ਪੱਤਰਕਾਰ ਨੇ ਨਾਲ ਇਹ ਵੀ ਜੋੜ ਦਿੱਤਾ, “ਰਾਤੀਂ ਪਹਿਲਵਾਨ ਕਰਤਾਰ ਸਿੰਘ ਹੋਰਾਂ ਵੀ ਤੁਹਾਡੇ
ਨਾਲ ਇਹਨਾਂ ਬਾਰੇ ਗੱਲ ਕੀਤੀ ਹੋਣੀ ਹੈ!”
ਉਸਨੇ ਮਾੜੀ ਜਿਹੀ ਠੋਡੀ ਹਿਲਾਈ।
ਹੁਣ ਚੁੱਪ ਕੀਤਿਆਂ ਤਾਂ ਸਰਨਾ ਨਹੀਂ ਸੀ।
“ਕਰਤਾਰ ਮੇਰਾ ਛੋਟੇ ਭਰਾਵਾਂ ਵਰਗਾ ਹੈ। ਮੈਂ ਤੁਹਾਡੇ ਨਾਲ ਕਰਤਾਰ ਦੇ ਹਵਾਲੇ ਨਾਲ ਵੀ ਗੱਲ
ਕਰਨ ਆਇਆ ਹਾਂ ਅਤੇ ਆਪਣੇ ਪਿੰਡ ਸੁਰ ਸਿੰਘ ਦੇ ਹਵਾਲੇ ਨਾਲ ਵੀ ਮਿੰਨਤ ਕਰਨੀ ਹੈ। ਮੈਨੂੰ
ਪਤਾ ਲੱਗੈ ਕਿ ਤੁਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਮੋਹ ਨੂੰ ਪਾਲਦੇ ਹੋਏ ਆਪਣੇ ਗਿਰਾਈਆਂ ਦੀ
ਮਦਦ ਕਰਨ ਲਈ ਸਦਾ ਆਪਣੇ ਦਿਲ ਨੁੰ ਖੁੱਲਾ ਰੱਖਿਆ ਹੈ। ਸਾਰਾ ਪਿੰਡ ਤੁਹਾਡੇ ਵੱਲੋਂ ਆਪਣੇ
ਬਜ਼ੁਰਗਾਂ ਦੀ ਜੰਮਣ-ਭੋਇੰ ਦਾ ਮਾਣ ਰੱਖਣ ਦੇ ਹਵਾਲੇ ਦਿੰਦਾ ਨਹੀਂ ਥੱਕਦਾ। ਤੁਹਾਡੇ ਵਡੇਰਿਆਂ
ਦੇ ਪਿੰਡ ਦਾ ਵਸਨੀਕ ਹੋਣ ਨਾਤੇ ਮੇਰਾ ਵੀ ਤੁਹਾਡੀਆਂ ਜੜ੍ਹਾਂ ਨਾਲ ਕਿਤੇ ਨਾ ਕਿਤੇ ਅਪਣੱਤ
ਤੇ ਸਾਂਝ ਦਾ ਰਿਸ਼ਤਾ ਬਣਦਾ ਹੈ। ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾਂ ਤਾਂ ਸਾਡੇ
ਵਿਚਕਾਰ ਆਪਣੇ ਵਡੇਰਿਆਂ ਦੀ ਜਨਮ ਭੋਇੰ ਦਾ ਮਲੂਕ ਜਿਹਾ ਪਰ ਬੜਾ ਬਲਵਾਨ ਰਿਸ਼ਤਾ ਵੀ ਪਿਆ ਹੈ।
ਮੈਂ ਅੱਜ ਤੁਹਾਡੇ ਅੰਦਰ ਪਏ ਉਸ ਕੂਲੇ ਰਿਸ਼ਤੇ ਨੂੰ ਮੁਖ਼ਾਤਬ ਹਾਂ। ਉਸ ਰਿਸ਼ਤੇ ਵਿਚਲੇ ਮੋਹ
ਅਤੇ ਅਪਣੱਤ ਦਾ ਵਾਸਤਾ ਦੇ ਕੇ ਤੁਹਾਡੇ ਨਾਲ ਗੱਲ ਕਰਨੀ ਹੈ ਹਰਦੀਪ ਸਿੰਘ ਖ਼ਾਲਸਾ ਬਾਰੇ;
ਜਿਸਨੂੰ ਦੋ ਦਿਨ ਹੋਏ ਪੁਲਿਸ ਨੇ ਘਰੋਂ ਚੁੱਕ ਲਿਆ ਹੈ। ਹਰਦੀਪ ਸਿੰਘ ਮੇਰਾ ਸੱਕਾ ਮਾਮਾ ਹੈ।
ਮੇਰੇ ਨਾਲ ਉਸਦਾ ਪਿਛਲੇ ਕਈ ਸਾਲਾਂ ਤੋਂ ਬੋਲ-ਚਾਲ ਬੰਦ ਹੈ। ਮੈਨੂੰ ਨਹੀਂ ਪਤਾ ਉਸਦੀਆਂ ਕੀ
ਗਤੀਵਿਧੀਆਂ ਹਨ। ਹੋ ਸਕਦਾ ਹੈ ਉਹ ਤੁਹਾਡੇ ਰੀਕਾਰਡ ਤੇ ਤੁਹਾਡੀਆਂ ਨਜ਼ਰਾਂ ਵਿੱਚ ਬਹੁਤ ਵੱਡਾ
ਦੋਸ਼ੀ ਹੋਵੇ। ਮੈਂ ਉਸਦੀ ਕਿਸੇ ਵੀ ਕਿਸਮ ਦੀ ਸਫ਼ਾਈ ਦੇਣ ਨਹੀਂ ਆਇਆ। ਮੇਰੇ ਕੋਲ ਤਾਂ ਰਾਤੀਂ
ਮੇਰੀ ਮਾਂ ਰੋਂਦੀ ਹੋਈ ਗਈ। ਮੇਰੇ ਕੋਲੋਂ ਉਸਦੇ ਅੱਥਰੂ ਨਹੀਂ ਵੇਖੇ ਗਏ। ਮੇਰੀ ਮਾਂ ਨੇ ਵੀ
ਮੈਨੂੰ ਆਪਣੇ ਪਿੰਡ ਵਾਲਿਆਂ ਪ੍ਰਤੀ ਤੁਹਾਡੇ ਦਿਲ ਵਿੱਚ ਵੱਸਦੀ ਖ਼ੁਸ਼ਬੂ ਦੀ ਸੂਹ ਦਿੱਤੀ ਸੀ।
ਆਪਣੀ ਮਾਂ ਦੀ ਬੇਨਤੀ ਹੀ ਮੈਂ ਆਪਣੇ ਸ਼ਬਦਾਂ ਵਿੱਚ ਤੁਹਾਡੇ ਅੱਗੇ ਦੁਹਰਾ ਰਿਹਾਂ ਕਿ ਤੁਸੀਂ
ਖ਼ਾਲਸੇ ‘ਤੇ ਉਹਦੇ ਬਣਦੇ ਅਪਰਾਧ ਮੁਤਾਬਕ ਕੇਸ ਜਿਹੜਾ ਮਰਜ਼ੀ ਪਾ ਦਿਓ ਪਰ ਕਿਰਪਾ ਕਰਕੇ ਉਸਨੂੰ
ਜਾਨੋਂ ਨਾ ਮਾਰਿਓ।”
ਮੈਂ ਇੱਕੋ ਸਾਹੇ ਗੱਲ ਮੁਕਾ ਕੇ ਉਸ ਵੱਲ ਬੜੇ ਧਿਆਨ ਨਾਲ ਵੇਖਿਆ ਤਾਕਿ ਉਸਦੇ ਚਿਹਰੇ ਉੱਤੋਂ
ਉਸ ਅੰਦਰਲੇ ਮਨੋਭਾਵ ਪੜ੍ਹ ਸਕਾਂ। ਉਹ ਕੁਝ ਨਹੀਂ ਬੋਲਿਆ। ਕੁਰਸੀ ਤੋਂ ਉੱਠਿਆ ਤੇ ਹੌਲੀ
ਹੌਲੀ ਤੁਰਦਾ ਪਿਛਲੇ ਕਮਰੇ ਵਿੱਚ ਅੰਦਰ ਗਿਆ। ਦੋ ਕੁ ਮਿੰਟ ਬਾਅਦ ਵਾਪਸ ਪਰਤਿਆ ਤਾਂ ਉਸਦੇ
ਹੱਥ ਵਿੱਚ ਇੱਕ ਲਿਫ਼ਾਫ਼ਾ ਸੀ। ਉਸਨੇ ਲਿਫ਼ਾਫ਼ੇ ਵਿਚੋਂ ਕੁਝ ਤਸਵੀਰਾਂ ਕੱਢ ਕੇ ਮੇਜ਼ ‘ਤੇ
ਖਿਲਾਰੀਆਂ ਤੇ ਬੜੇ ਸਹਿਜ ਨਾਲ ਦੱਸਣ ਲੱਗਾ:
“ਜੇ ਉਹ ਤੁਹਾਡਾ ਮਾਮਾ ਹੈ ਤਾਂ ਤੁਸੀਂ ਕਦੀ ਤਾਂ ਉਹਦੀ ਬਹਿਕ ‘ਤੇ ਗਏ ਹੋਵੋਗੇ। ਆਹ
ਤਸਵੀਰਾਂ ਵੇਖੋ; ਤੁਹਾਡੇ ਮਾਮੇ ਦੀ ਬਹਿਕ ਦੀਆਂ ਹੀ ਨੇ ਨਾ! ਆਹ ਉਹਦੀ ਮੋਟਰ ਤੇ ਆਹ
ਪਿਛਲੀਆਂ ਟਾਹਲੀਆਂ। ਪਛਾਣ ਕੇ ਤਾਂ ਵੇਖੋ! ਆਹ ਜੇ ਉਹਦੇ ਵਿਹੜੇ ਵਿੱਚ ਕਾਤਲ ਅਤੇ ਭਗੌੜੇ
ਆਪੇ ਸੱਜੇ ਲੈਫਟੀਨੈਂਟ ਜਨਰਲ …ਸਿੰਘ ਦੇ ਹੋਏ ਵਿਆਹ ਦੀਆਂ ਤਸਵੀਰਾਂ! ਆਹ ਵਿੱਚ ਤੁਹਾਡਾ
ਮਾਮਾ ਖਲੋਤਾ। ਇਹ ਵਿਆਹ ਉਹਦੀ ਬਹਿਕ ‘ਤੇ ਹੋਇਆ। ਅਜੇ ਵੀ ਕੋਈ ਸ਼ੱਕ ਦੀ ਗੁਜਾਇਸ਼ ਹੈ? ਕੋਈ
ਆਖੇ ਕਿ ਇਹ ਮਾਨੋਚਾਹਲ ਨੂੰ ਨਹੀਂ ਮਿਲਦਾ ਜਾਂ ਉਹ ਇਹਨੂੰ ਨਹੀਂ ਮਿਲਦਾ? ਜਾਂ…”
ਉਹ ਓਸੇ ਧੀਮੇ ਅੰਦਾਜ਼ ਵਿੱਚ ਮਾਮੇ ਦੇ ਸੰਬੰਧਾਂ ਵਾਲੇ ਤੇ ਉਸਦੀ ਦੀ ਬਹਿਕ ‘ਤੇ ਆਉਂਦੇ ਰਹਿਣ
ਵਾਲੇ ਤਥਾ-ਕਥਿਤ ਖਾੜਕੂਆਂ ਦੇ ਨਾਂ ਗਿਨਾਉਣ ਲੱਗਾ।
ਉਹਦੀ ਜਾਣਕਾਰੀ ਤੇ ਵੇਰਵਿਆਂ ਤੋਂ ਇਨਕਾਰੀ ਹੋਣ ਦਾ ਸਵਾਲ ਹੀ ਨਹੀਂ ਸੀ। ਇੱਕ ਵਾਰ ਤਾਂ
ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਮਹਿਸੂਸ ਹੋਈ। ਸੰਭਲ ਕੇ ਆਖਿਆ, “ਮੈਂ ਤਾਂ ਜਿਵੇਂ
ਪਹਿਲਾਂ ਬੇਨਤੀ ਕੀਤੀ ਸੀ, ਮਾਮੇ ਦੀ ਕੋਈ ਸਫ਼ਾਈ ਦੇਣ ਨਹੀਂ ਆਇਆ। ਉਹ ਸਭ ਕੁਝ ਕਰਦਾ
ਹੋਵੇਗਾ, ਜੋ ਤੁਸੀਂ ਆਖਿਐ। ਉਸ ਕੋਲ ਇਹ ਬੰਦੇ ਵੀ ਆਉਂਦੇ ਹੋਣਗੇ, ਮੈਂ ਮੁਕਰਦਾ ਨਹੀਂ।”
ਇਸ ਵੇਲੇ ਮੇਰੇ ਪੱਤਰਕਾਰ ਦੋਸਤ ਨੇ ਵੇਲਾ ਸਾਂਭਿਆ, “ਜੋ ਤੁਸੀਂ ਕਿਹੈ ਸਭ ਸੱਚ ਹੈ। ਪਰ
ਤੁਸੀਂ-ਅਸੀਂ ਇਹ ਤਾਂ ਜਾਣਦੇ ਹੀ ਆਂ ਕਿ ਖ਼ਾਲਸੇ ਦਾ ਕਿਸੇ ਕਤਲ ਵਗੈਰਾ ਵਿੱਚ ਕੋਈ ਹੱਥ
ਨਹੀਂ।”
ਮੈਂ ਉਸ ਅੰਦਰਲੇ ਕੂਲੇ ਹਿੱਸੇ ਨੂੰ ਛੂਹਣ ਦੀ ਮੁੜ ਕੋਸ਼ਿਸ਼ ਕੀਤੀ, “ਮੈਂ ਤਾਂ ਆਪਣੇ ਨਾਲ ਸਭ
ਤੋਂ ਵੱਡਾ ਸਿਫ਼ਾਰਸ਼ੀ ਆਪਣਾ ਪਿੰਡ ਸੁਰ ਸਿੰਘ ਤੁਹਾਡੇ ਕੋਲ ਲੈ ਕੇ ਆਇਆ ਹਾਂ। ਮੇਰੇ ਤੇ
ਤੁਹਾਡੇ ਵਿਚਕਾਰ ਸਾਡਾ ਸਾਂਝਾ ਪਿੰਡ ਸੁਰ ਸਿੰਘ ਹਾਜ਼ਰ-ਨਾਜ਼ਰ ਹੈ ਤੇ ਮੇਰੇ ਨਾਲ ਮਿਲ ਕੇ
ਤੁਹਾਨੂੰ ਇਹੋ ਬੇਨਤੀ ਕਰਦਾ ਹੈ ਕਿ ਤੁਹਾਡੇ ਕੋਲ ਚੱਲ ਕੇ ਆਏ ਆਪਣੇ ਪਿੰਡ ਦਾ ਤੁਸੀਂ ਮਾਣ
ਰੱਖੋ! ਮਾਮੇ ‘ਤੇ ਕੇਸ ਜਿਹੜਾ ਮਰਜ਼ੀ ਪਾ ਦਿਓ, ਪਰ ਉਸਨੂੰ ਮਾਰਿਓ ਨਾ!”
ਉਸਨੇ ਇੱਕ ਪਲ ਦੀ ਖ਼ਾਮੋਸ਼ੀ ਬਾਅਦ ਮੇਰੇ ਨਾਲ ਨਜ਼ਰਾਂ ਮਿਲਾ ਕੇ ਆਖਿਆ, “ਨਹੀਂ ਮਾਰਦੇ।”
ਏਨੀ ਆਖ ਕੇ ਉਹ ਕੁਰਸੀ ਤੋਂ ਉੱਠ ਖਲੋਤਾ। ਅਸੀਂ ਉਸਦਾ ‘ਧੰਨਵਾਦ’ ਕਰਕੇ ਬਾਹਰ ਆਏ ਤੇ ਮਾਮੇ
ਗੁਰਦੀਪ ਹੁਰਾਂ ਨੂੰ ਹੋਈ ਗੱਲ-ਬਾਤ ਬਾਰੇ ਜਾਣਕਾਰੀ ਦਿੱਤੀ। ਮਨ ਨੂੰ ਅਜੇ ਵੀ ਟਿਕਾਓ ਨਹੀਂ
ਸੀ। ਕੀ ਐੱਸ ਐੱਸ ਪੀ ਵਚਨਾਂ ਦਾ ਪੂਰਾ ਨਿਕਲੇਗਾ?
ਪੱਤਰਕਾਰ ਦੋਸਤ ਦਾ ਖ਼ਿਆਲ ਸੀ, “ਪੁਲਸੀਆਂ ਦਾ ਕੋਈ ਇਤਬਾਰ ਨਹੀਂ ਹੁੰਦਾ। ਆਪਾਂ ਇੰਜ ਕਰੀਏ,
ਨੇੜੇ ਹੀ ਅਕਾਲੀ ਆਗੂ ਮਨਜੀਤ ਸਿੰਘ ਕਲਕੱਤਾ ਰਹਿੰਦਾ ਹੈ, ਉਸ ਕੋਲੋਂ ਵੀ ਅਖਵਾ ਦੇਈਏ।”
ਕਲਕੱਤੇ ਦੇ ਘਰ ਦਸ ਬਾਰਾਂ ਬੰਦੇ ਕੰਮਾਂ-ਧੰਦਿਆਂ ਵਾਲੇ ਆਏ ਬੈਠੇ ਸਨ। ਪੱਤਰਕਾਰ ਨੇ ਐੱਸ
ਐੱਸ ਪੀ ਨੂੰ ਮਿਲ ਕੇ ਆਉਣ ਵਾਲੀ ਗੱਲ ਲੁਕਾ ਕੇ ਖ਼ਾਲਸੇ ਦੇ ਫੜ੍ਹੇ ਜਾਣ ਵਾਲੀ ਸਾਰੀ ਕਹਾਣੀ
ਦੱਸੀ ਤਾਂ ਕਲਕੱਤੇ ਨੇ ਐੱਸ ਐੱਸ ਪੀ ਨੂੰ ਫ਼ੋਨ ਮਿਲਾਇਆ। ਅੱਗੋਂ ਜਵਾਬ ਮਿਲਿਆ ਕਿ ‘ਸਾਹਿਬ
ਤਾਂ ਪਿਛਲੀ ਰਾਤ ਦੇ ਹੀ ਕਿਤੇ ਬਾਹਰ ਗਏ ਹੋਏ ਨੇ!”
ਪੱਤਰਕਾਰ ਦੋਸਤ ਨੂੰ ਤਾਂ ‘ਭਾਵੇਂ ਪੁਲਸੀਆਂ ‘ਤੇ ਇਤਬਾਰ ਨਹੀਂ ਸੀ’; ਪੁਲਸੀਆਂ ਦੀ
ਬੇਇਤਬਾਰੀ ਜੱਗ-ਜ਼ਾਹਿਰ ਹੈ; ਪਰ ਮੈਨੂੰ ਪਤਾ ਨਹੀਂ ਕਿਉਂ ਤਸੱਲੀ ਜਿਹੀ ਸੀ। ਮੈਂ ‘ਪੁਲਸੀਏ’
ਨਾਲ ਤਾਂ ਗੱਲ ਹੀ ਨਹੀਂ ਸੀ ਕੀਤੀ। ਮੈਂ ਤਾਂ ਉਹਦੇ ਅੰਦਰ ਬੈਠੇ ਕਿਸੇ ਅਸਲੋਂ ਨਿਆਰੇ ਬੰਦੇ
ਨੂੰ ਮੁਖ਼ਾਤਬ ਹੋਇਆ ਸਾਂ! ਉਸ ਬੰਦੇ ‘ਤੇ ਇਤਬਾਰ ਕੀਤਾ ਜਾ ਸਕਦਾ ਸੀ ਜਿਹੜਾ ਹੋਰਨਾਂ ਵਾਸਤੇ
ਉਸ ਦਿਨ ‘ਆਊਟ ਆਫ਼ ਸਟੇਸ਼ਨ’ ਸੀ ਪਰ ਜਿਸਨੇ ਸਾਨੂੰ ਮਿਲਣ ਲਈ ਬੂਹੇ ਖੋਲ੍ਹ ਦਿੱਤੇ ਸਨ।
ਅਗਲੇ ਦਿਨ ਮੈਨੂੰ ਸੂਚਨਾ ਮਿਲੀ ਕਿ ਮੇਰੇ ਨਾਲ ਗੱਲ-ਬਾਤ ਹੋਣ ਤੋਂ ਬਾਅਦ ਓਸੇ ਦਿਨ ਹੀ
ਮਾਲ-ਮੰਡੀ ‘ਸਾਹਿਬ’ ਦਾ ਫ਼ੋਨ ਆ ਗਿਆ ਸੀ। ਉਸ ਫ਼ੋਨ ਦੀ ਕਰਾਮਾਤ ਇਹ ਨਹੀਂ ਸੀ ਕਿ ਹਰਦੀਪ
ਸਿੰਘ ਦੀ ਕੁੱਟ-ਮਾਰ ਬੰਦ ਹੋ ਗਈ ਸੀ ਸਗੋਂ ਇਹ ਸੀ ਕਿ ਉਸ ਉੱਤੇ ਕੋਈ ਵੀ ਕੇਸ ਨਹੀਂ ਸੀ
ਪਾਇਆ ਗਿਆ ਤੇ ਉਹਨੂੰ ਤੁਰੰਤ ਰਿਹਾ ਕਰ ਦੇਣ ਦਾ ਹੁਕਮ ਵੀ ਹੋ ਗਿਆ ਸੀ। ਇਹ ਤਾਂ ਸਾਡੀ ਸਭ
ਦੀ ਕਲਪਨਾ ਤੋਂ ਬਾਹਰਾ ਵਾਪਰ ਗਿਆ ਸੀ। ਖ਼ੁਸ਼ੀ ਵਿੱਚ ਭਿੱਜ ਕੇ ਮੈਂ ਆਪਣੇ ਅੰਦਰ ਬੈਠੀ ਆਪਣੇ
ਪਿੰਡ ਦੀ ਆਤਮਾ ਨੂੰ ਨਮਸਕਾਰ ਆਖੀ। ਅੱਜ ਮੈਨੂੰ ਅਹਿਸਾਸ ਹੋਇਆ ਕਿ ਹੋਰਨਾਂ ਰਿਸ਼ਤਿਆਂ ਤੋਂ
ਵੀ ਕਿਤੇ ਵਧੇਰੇ ਬਲਵਾਨ ਆਪਣੀਆਂ ਜੜ੍ਹਾਂ ਦੀ ਰਿਸ਼ਤਗੀ ਹੁੰਦੀ ਹੈ!
ਮਾਮੇ ਹਰਦੀਪ ਨਾਲ ਮੇਰੀ ਨਰਾਜ਼ਗੀ ਧੁਪ ਗਈ ਸੀ। ਮਹੀਨੇ ਕੁ ਬਾਅਦ ਮੈਂ ਉਹਨਾਂ ਦੀ ਬਹਿਕ ‘ਤੇ
ਗਿਆ। ਦੋਵੇਂ ਮਾਮੇ ਤੇ ਮੈਂ ਬੜੇ ਸਾਲਾਂ ਬਾਅਦ ਇਕੱਠੇ ਮਿਲ-ਬੈਠੇ ਸਾਂ। ਮੈਂ ਇਹ ਜਾਨਣਾ
ਚਾਹਿਆ ਕਿ ਉਸਤੋਂ ਬਾਅਦ ਪੁਲਿਸ ਨੇ ਕਦੀ ਤੰਗ ਤਾਂ ਨਹੀਂ ਕੀਤਾ?
ਵੱਡਾ ਮਾਮਾ ਪੁਰਾਣੇ ਅੰਦਾਜ਼ ਵਿੱਚ ਹੱਸਿਆ, “ਪੁਲਿਸ ਤਾਂ ਕਦੀ ਨਹੀਂ ਆਈ। ਪਰ ਸਾਡਾ ਖ਼ਾਲਸਾ
ਝੋਨੇ ‘ਚੋਂ ਨਦੀਣ ਕੱਢਦੇ ਭਈਆਂ ਨੂੰ ਖਲੋਤਾ ਵੇਖ ਕੇ ‘ਪੁਲਿਸ ਆ ਗਈ! ਪੁਲਿਸ ਆ ਗਈ’ ਆਖਦਾ
ਲੁਕਣ ਨੂੰ ਤੂੜੀ ਦੇ ਮੂਸਲਾਂ ਵੱਲ ਭੱਜਦੈ।”
ਅਸੀਂ ਰਲ ਕੇ ਹੱਸਣ ਲੱਗੇ। ਮਾਮੇ ਹਰਦੀਪ ਦਾ ਹਾਸਾ ਸਭ ਤੋਂ ਉੱਚਾ ਸੀ।
ਉਸਨੂੰ ਫਿਰ ਤੋਂ ਮਖ਼ੌਲ ਸਹਿਣ ਦੀ ਜਾਚ ਆ ਗਈ ਸੀ।
-0-
|