‘ਇਨ੍ਹਾਂ ਗੱਡੀਆਂ ਨੇ ਹਰ
ਰੋਜ ਖੱਜਲ-ਖੁਆਰੀ ਨਾਲ ਸਾਡੀ ਜ਼ਿੰਦਗੀ ਅੱਧੀ ਕਰ ਦਿੱਤੀ ਹੈ.. ਅੱਜ ਸਵੇਰੇ ਸ਼ਾਨੇ ਪੰਜਾਬ ਨੇ
ਮੇਰਾ ਬਹੁਤ ਨੁਕਸਾਨ ਕਰ ਦਿੱਤਾ ਹੈ।’ ਇੱਕ ਨੇ ਆਪਣੀ ਸਵੇਰ ਦੀ ਹੱਡ ਬੀਤੀ ਛੋਹ ਲਈ। ਕੋਈ ਵੀ
ਮੁਸਾਫ਼ਰ ਅੰਦਰੋਂ ਸੌਖਾ ਨਹੀਂ ਸੀ ਪਰ ਉਹ ਕੁੱਝ ਜ਼ਿਆਦਾ ਹੀ ਹਿੱਲਿਆ ਹੋਇਆ ਸੀ।
‘ਕੀ ਬੰਬ ਵੱਜ ਗਿਆ! ਇਸ ਅਵਾਜ਼ਾਰੀ ਤੋਂ ਵੱਡਾ ਹੋਰ ਨੁਕਸਾਨ ਕੀ ਹੋ ਸਕਦਾ ਹੈ। ਤੂੰ ਅੱਜ
ਅੰਤਰਰਾਜੀ ਉਗਰਵਾਦੀਆਂ ਦੀ ਲਿਸਟ ਵਿਚ ਆ ਕੇ ਵੀ ਬਚ ਨਿਕਲਿਆ ਹੈਂ। ਤੈਨੂੰ ਮੋਢੇ ਉੱਚੇ ਕਰਨੇ
ਚਾਹੀਦੇ ਨੇ।’ ਦੂਸਰੇ ਦੀ ਟਾਂਚ ਨੇ ਉਸ ਦੀ ਗੰਭੀਰ ਗੱਲ ਮਸ਼ਕੂਲੇ ਵਿਚ ਪਾ ਦਿੱਤੀ।
‘ਮੇਰਾ ਬਿਜ਼ਨਸ ਤੇ ਜਾਤੀ ਜਾਣਕਾਰੀ ਵਾਲਾ ਯੰਤਰ ਸਵੇਰੇ ਗੱਡੀ ਵਿਚ ਡਿਗ ਗਿਆ ਕਿਧਰੇ.. ਜਿਸ
ਕਰ ਕੇ ਅੱਜ ਦੇ ਕਰਨ ਵਾਲੇ ਸਾਰੇ ਮੇਰੇ ਜ਼ਰੂਰੀ ਕੰਮ ਅਧੂਰੇ ਰਹਿ ਗਏ। ਮੇਰਾ ਇਹ ਘਾਟਾ ਕਦੇ
ਵੀ ਪੂਰਾ ਨਹੀਂ ਹੋ ਸਕਦਾ... ਮੇਰਾ ਬਾਸ ਜਾਂਦੇ ਹੀ ਮੇਰਾ ਗਾਟਾ ਲਾਹ ਮਾਰੇਗਾ।’ ਉਹ
ਰੋਣਹਾਕਾ ਫਿੱਸਿਆ ਪਿਆ ਸੀ।
ਉਸ ਦੀ ਪੁਕਾਰ ਨੇ ਮੇਰੇ ਕੰਨ ਖੜੇ ਕੀਤੇ। ਕਿੰਨੇ ਕੁ ਯੰਤਰ ਲਈ ਫਿਰਦਾ ਇਹ! ਸਵੇਰ ਵਾਲੀ
ਸਾਰੀ ਬੀਤੀ ਕਹਾਣੀ ਨੇ ਮੁੜ ਮੇਰੇ ਮਨ ਦੀਆਂ ਘੰਟੀਆਂ ਖੜਕਾ ਦਿੱਤੀਆਂ। ਮੈਂ ਉਸ ਦੀ ਸ਼ਕਲ
ਗਹੁ ਨਾਲ ਵੇਖੀ। ਕਿਤੇ ਇਹ ਓਹੀ ਤਾਂ ਨਹੀਂ? ਸਵੇਰ ਵਾਲਾ ਮੁੰਡਾ!
ਮੈਂ ਬਾਰ ਬਾਰ ਉਸ ਦਾ ਹੁਲੀਆ ਜਾਚਣ ਦੀ ਕੋਸਿ਼ਸ਼ ਕੀਤੀ।
‘ਇਹ ਤਾਂ ਕੋਈ ਹੋਰ ਈ ਸ਼ੈ ਜਾਪਦੀ ਹੈ... ਏਨਾ ਸਿੱਧਾ ਜਾਂ ਸ਼ਰੀਫ਼ ਨਹੀਂ ਇਹ ਜਿੰਨਾ ਇਸ ਨੇ
ਆਪਣੇ ਆਪ ਨੂੰ ਪੇਸ਼ ਕੀਤਾ ਹੈ। ਮਹਿੰਗਾ ਯੰਤਰ ਰੱਖਦਾ ਹੈ, ਆਦਮ ਬੰਬ ਬਣਨ ਨੂੰ ਤਿਆਰ ਹੈ ਤੇ
ਲੋਕ ਵਿਖਾਵੇ ਵਜੋਂ! ਤਰਖਾਣਾ ਕੰਮ ਵਾਲੇ ਔਜ਼ਾਰ ਰੱਖਦਾ ਹੈ।’ ਮੈਨੂੰ ਉਸ ਬਹੁਰੂਪੀਏ ਕੋਲੋਂ
ਡਰ ਲੱਗਣ ਲਗਦਾ ਹੈ। ਮੈਂ ਆਪਣੇ ਮਨ ਵਿਚ ਉਸ ਬਾਰੇ ਬਣੀ ਪ੍ਰਤਿਮਾ ਤੇ ਨਜ਼ਰਸਾਨੀ ਕਰਦਾ ਹਾਂ।
‘ਜੱਧੇ ਤਲਾਸ਼ੀ ਦੇ! ਆਹ ਵੇਖੋ ਫਨੀਅਰ ਸੱਪ ਇਨ੍ਹਾਂ ਦਾ ਬਾਪ ... ਜੇ ਜਰਾ ਜਿੰਨੀ ਉਰੀ-ਪੁਰੀ
ਕਰਦੇ ਤਾਂ ਮੈਂ ਵਿਛਾ ਦੇਣੇ ਸੀ ਸੱਥਰ ਸਾਰਿਆਂ ਦੇ।’ ਉਸ ਨੇ ਗੁਰਗਾਬੀ ਦਾ ਤਲਾ ਚੁੱਕਦੇ ਇੱਕ
ਚਪਟੇ ਪੈੱਨ ਵਰਗਾ ਪਿਸਟਲ ਬਾਹਰ ਕੱਢ ਲਿਆ।
‘ਰਹਿਣ ਦੇਹ.. ਰਹਿਣ ਦੇਹ ਜੋਧਿਆ... ਮੈਂ ਸਮਝ ਗਿਆ ਤੂੰ ਪੰਥ ਦਾ ਸੇਵਾਦਾਰ ਹੈਂ।’ ਮੈਂ ਉਸ
ਨੂੰ ਫਲਾਉਣੀ ਦਿੰਦੇ ਉਸ ਕੋਲੋਂ ਫ਼ਾਸਲਾ ਰੱਖਣ ਦੀ ਕੋਸਿ਼ਸ਼ ਕੀਤੀ। ਸਵੇਰ ਦੀ ਘਟੀ ਸਾਰੀ
ਮਾਨਸਿਕ ਟੁੱਟ-ਭੱਜ ਮੇਰੇ ਅੰਦਰ ਤਾਜ਼ਾ ਹੋ ਕੇ ਝੁਰਲੂ ਮਚਾਉਣ ਲੱਗੀ।
ਅੰਮ੍ਰਿਤਸਰ-ਦਿੱਲੀ ਸ਼ਾਨੇ-ਪੰਜਾਬ ਯਾਤਰੀ ਟਰੇਨ ਸਵੇਰੇ ਅੱਠ ਵਜੇ ਫਿਲੌਰ ਤੋਂ ਥੋੜ੍ਹੀ ਰੁਕ
ਕੇ ਚੱਲ ਪਈ। ਫਿਲੌਰ ਸਟੇਸ਼ਨ ਤੇ ਇਸ ਗੱਡੀ ਦਾ ਠਹਿਰਾਓ ਨਹੀਂ ਹੁੰਦਾ। ਕਿਸੇ ਸ਼ਰਾਰਤੀ ਨੇ
ਜਾਂ ਆਪਣੇ ਸਾਥੀ ਸਵਾਰੀਆਂ ਚੜ੍ਹਾਉਣ ਵਾਲੇ ਕਿਸੇ ਯਾਤਰੀ ਨੇ ਜ਼ੰਜੀਰ ਖਿੱਚ ਕੇ ਗੱਡੀ ਨੂੰ
ਸਟੇਸ਼ਨ ਦੇ ਬਾਹਰ ਹੀ ਰੁਕਵਾ ਲਿਆ। ਇਹ ਰੇਲ ਗੱਡੀ ਅੱਜ ਮੁਸਾਫਰਾਂ ਨਾਲ ਅੰਦਰ ਤੱਕ ਸਾਰੀ
ਤੂੜੀ ਪਈ ਸੀ। ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਸੀ। ਇੰਜਨ ਦੇ ਤਕਨੀਕੀ ਸਟਾਫ਼ ਨੇ ਉੱਤਰ ਕੇ
ਸ਼ਰਾਰਤੀਆਂ ਨੂੰ ਬੁਰਾ ਭਲਾ ਬੁੜਬੁੜਾਉਂਦਿਆਂ ਸੂੰ ਸੂੰ ਕਰਦੇ ਬਰੇਕਾਂ ਦੇ ਸਪਰਿੰਗ ਲੀਵਰ
ਹਥੌੜਿਆਂ ਨਾਲ ਸਿੱਧੇ ਕਰ ਕੇ ਲੀਕ ਹੁੰਦਾ ਪ੍ਰੈਸ਼ਰ ਬੰਦ ਕਰ ਦਿੱਤਾ। ਪਹਿਲਾਂ ਹੀ ਦਫ਼ਤਰਾਂ
ਤੋਂ ਲੇਟ ਹੋਏ ਯਾਤਰੀ ਰੇਲਵੇ ਅਧਿਕਾਰੀਆਂ ਤੇ ਨਜ਼ਲਾ ਕੇਰਨ ਲੱਗੇ। ਗੱਡੀ ਚੱਲ ਪਈ। ਥੋੜ੍ਹੀ
ਦੇਰ ਵਿਚ ਡੱਬੇ ਅੰਦਰ ‘ਟੂੰ ਟੂੰ ਟੂੰ. ਟੀਂ ਟੀਂ’ ਦੀ ਆਵਾਜ਼ ਨਾਲ ਯਾਤਰੀਆਂ ਦੇ ਸਾਹ ਸੂਤੇ
ਗਏ।
ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ, ਧਾਰਮਿਕ ਸਥਾਨਾਂ, ਪਬਲਿਕ ਚੌਰਾਹਿਆਂ ਅਤੇ ਆਵਾਜਾਈ ਦੇ
ਵੱਡੇ ਕੇਂਦਰਾਂ ਤੇ ਹਦਾਇਤਾਂ, ਚੇਤਾਵਨੀਆਂ ਤੇ ਸਾਵਧਾਨੀਆਂ ਦੇ ਫਲਸਰੂਪ ਖਚਾਖਚ ਭਰੀ ਟਰੇਨ
ਵਿਚ ਅਜੇਹੀ ਆਵਾਜ਼ ਜ਼ਰੂਰ ਹੀ ਖ਼ਤਰਨਾਕ ਮਨਸੂਬੇ ਜਾਂ ਅੰਜਾਮ ਦੀ ਪ੍ਰਤੀਕ ਸੀ। ਦੇਸ਼ ਦੇ
ਦੁਸ਼ਮਣ ਗਵਾਂਢੀ ਵੱਲੋਂ ਹਮਸਾਇਆਂ ਦੇ ਘਰ ਹਫੜਾ-ਦਫੜੀ ਫੈਲਾਉਣ ਹਿਤ ਨਵੇਂ ਤੋਂ ਨਵੇਂ
ਹੱਥਕੰਡੇ ਵਰਤੇ ਜਾ ਰਹੇ ਸਨ। ਅਜੇਹੀਆਂ ਲਾਵਾਰਸ ਵਸਤਾਂ ਦੇ ਛੂਹਣ ਨਾਲ ਬੰਬ ਫਟਣ ਦੀਆਂ ਕਈ
ਦੁਰਘਟਨਾਵਾਂ ਵਾਪਰ ਚੁੱਕੀਆਂ ਸਨ। ਇਨ੍ਹਾਂ ਹਦਾਇਤਾਂ ਕਾਰਨ ਲੋਕ ਬੜੇ ਚੁਸਤ ਚੁਕੰਨੇ ਹੋ ਕੇ
ਰੱਸੀ ਨੂੰ ਵੀ ਸੱਪ ਸਮਝ ਕੇ ਡਰਨ ਲੱਗੇ ਸਨ।
‘ਟੂੰ ਟੂੰਟੀਂ ਟੀਂ..’ ਮੱਠੀ ਜਿਹੀ ਸੰਗੀਤਕ ਆਵਾਜ਼ ਫਿਰ ਚੀਕੀ।
‘ਓਏ ਇਹ ਬੰਬ ਜੇ.. ਬਚ ਜਾਓ ...ਜ਼ੰਜੀਰ ਖਿੱਚ ਦਿਓ।’ ਰੋਜ਼ ਦੀਆਂ ਖ਼ਬਰਾਂ ਅਫ਼ਵਾਹਾਂ ਤੋਂ ਡਰੇ
ਯਾਤਰੀ ਪੁਕਾਰ ਕਰਨ ਲੱਗੇ।
‘ਹੁਣੇ ਇੱਕ ਸ਼ੱਕੀ ਅੱਤਵਾਦੀ ਇਹ ਬੰਬ ਇੱਥੇ ਰੱਖ ਕੇ ਚੇਨ ਖਿੱਚ ਕੇ ਫਿਲੌਰ ਉੱਤਰ ਗਿਆ ਹੈ!’
ਇੱਕ ਬਾਬੂ ਦੀ ਗਵਾਹੀ ਨੇ ਸ਼ੱਕ ਨੂੰ ਹਕੀਕਤ ਵਿਚ ਬਦਲ ਦਿੱਤਾ।
ਸਰੀਰਾਂ ਨਾਲ ਖਹਿ ਰਹੇ ਸਰੀਰਾਂ ਵਾਲੀ ਭੀੜ ਦੇ ਘਬਰਾਏ ਯਾਤਰੀਆਂ ਵਿਚੋਂ ਕਿਸੇ ਨੇ ਚੇਨ
ਖਿੱਚਣ ਦੀ ਕੋਸਿ਼ਸ਼ ਕੀਤੀ। ਗੱਡੀ ਹੌਲੀ ਹੋਈ ਪਰ ਰੁਕੀ ਨਹੀਂ। ਅੰਦਰ ਖੜ੍ਹਾ ਇੱਕ ਛੀਟਕਾ
ਜਿਹਾ ਨੌਜੁਆਨ ਦੌੜਨ ਦੀ ਕੋਸਿ਼ਸ਼ ਵਿਚ, ਫ਼ੌਰੀ ਤੌਰ ਤੇ ਇੱਕ ਝਟਕੇ ਨਾਲ ਰਸਤਾ ਬਣਾਉਂਦਾ
ਤਾਕੀ ਵੱਲ ਖਿਸਕਿਆ ਤੇ ਜਾਨ ਬਚਾਉਂਦਾ ਛਾਲ ਮਾਰ ਕੇ ਉੱਤਰ ਗਿਆ।
‘ਓਏ ਵੇਖੋ ਆਹ ਵੀ ਗਿਆ.. ਇਹ ਵੀ ਉਸੇ ਦਾ ਹੀ ਸਾਥੀ ਸੀ। ਫੜੋ! ਇਹ ਵੀ ਕਾਰਾ ਕਰ ਕੇ ਪੱਤਰਾ
ਵਾਚ ਗਿਆ।’
ਵੰਨ-ਸੁਵੰਨੀਆਂ ਆਵਾਜ਼ਾਂ ਤੇ ਲਲਕਾਰੇ ਨੇ ਗੱਡੀ ਦੇ ਸਹਿਮੇ ਵਾਤਾਵਰਨ ਵਿਚ ਦਹਿਸ਼ਤ ਭਰੀ ਹੋਰ
ਜ਼ਹਿਰ ਬੀਜ ਦਿੱਤੀ।
‘ਅਜੇਹੇ ਵਰਤਾਰੇ ਤਾਂ ਅੱਜ ਕੱਲ੍ਹ ਆਮ ਜਿਹੀ ਗੱਲ ਬਣ ਗਈ ਹੈ। ਰੇਲ ਡਰਾਈਵਰ ਵੀ ਚੇਨ ਖਿੱਚਣ
ਤੋਂ ਕਈ ਹੋਰ ਉਲਟੇ ਮਾਅਨੇ ਲੈਣ ਲੱਗੇ ਹਨ।’ ਅਣਭੋਲ ਸਵਾਰੀਆਂ ਇਸ ਨਿਵੇਕਲੀ ਆਵਾਜ਼ ਤੋਂ ਦੂਰ
ਹੋਣ ਲਈ ਧੱਕਮ-ਧੱਕਾ ਕਰਦੀਆਂ, ਆਸੇ ਪਾਸੇ ਰਸਤਾ ਨਾਪ ਰਹੀਆਂ ਸਨ।
‘ਬੰਬ ਚੱਲਣ ਤੋਂ ਪਹਿਲਾਂ ਅਜੇਹੀ ਗੁੰਗੀ ਆਵਾਜ਼ ਦਿੰਦਾ ਹੈ।’
‘ਕਿਸੇ ਹੋਰ ਦੇ ਹੱਥ ਇਸ ਦਾ ਪਲੀਤਾ ਹੋਵੇਗਾ।’
‘ਇਹ ਰਿਮੋਟ ਕੰਟਰੋਲ ਨਾਲ ਫਟਣ ਲੱਗਾ ਜੇ।’
ਕਈ ਮੁਸਾਫ਼ਰ ਇਸ ਆਫ਼ਤ ਤੋਂ ਬਚਣ ਲਈ ਚੱਲਦੀ ਗੱਡੀ ਵਿਚੋਂ ਛਾਲਾਂ ਮਾਰਨ ਦੀਆਂ ਸਲਾਹਾਂ ਦੇ ਰਹੇ
ਸਨ। ਤਾਕੀਆਂ ਦੇ ਨੇੜੇ ਵਾਲੇ ਕਈ ਬਾਹਰ ਛਾਲਾਂ ਮਾਰ ਗਏ। ਜੋ ਬਚੇ ਰਹੇ ਆਪਣੀ ਮੌਤ ਦੀ
ਇੰਤਜ਼ਾਰ ਵਿਚ ਝੂਰਦੇ ਰੱਬ ਨੂੰ ਯਾਦ ਕਰਨ ਲੱਗੇ। ਕੁਰਲਾਹਟਾਂ ਤੇ ਹਾਲ ਪਾਹਰਿਆ ਦੀਆਂ
ਆਵਾਜ਼ਾਂ ਨਾਲ ਡੱਬੇ ਵਿਚ ਭਗਦੜ ਮੱਚਣ ਕਾਰਨ ਕਈ ਕਮਜ਼ੋਰ ਸਵਾਰੀਆਂ ਮਿੱਧੀਆਂ ਗਈਆਂ।
ਇੱਕ ਸਾਧਾਰਨ ਜਿਹੇ ਮੁੰਡੇ ਨੇ ਹੌਸਲਾ ਕਰ ਕੇ ਸੰਗੀਤਕ ਚੇਤਾਵਨੀ ਦਿੰਦਾ ਇਹ ਯੰਤਰ ਥੱਲਿਉਂ
ਫੜ ਲਿਆ।
‘ਭਰਾਓ ਭੈਣੋ! ਖ਼ਤਰੇ ਵਾਲੀ ਕੋਈ ਗੱਲ ਨਹੀਂ, ਇਹ ਬੰਬ ਨਹੀਂ, ਜੇ ਬੰਬ ਹੁੰਦਾ ਤਾਂ ਹੁਣ ਤੱਕ
ਫਟ ਜਾਂਦਾ। ਲਓ ਵੇਖੋ! ਮੈਂ ਇਹ ਫੜ ਲਿਆ ਹੈ। ਵੇਖੋ! ਮੈਂ ਆਪਣੀ ਜੇਬ ਵਿਚ ਪਾ ਲੈਂਦਾ ਹਾਂ,
ਮੈਨੂੰ ਇਹ ਮਾਰ ਦੇਵੇਗਾ, ਮੈਨੂੰ ਕੋਈ ਡਰ ਨਹੀਂ।’
‘.... !’
ਥਰਥਰਾਹਟ ਫੇਰ ਹੋਈ... ਤੇ ਉਸ ਦੇ ਹੱਥੋਂ ਉਹ ਪੁਰਜਾ ਥੱਲੇ ਡਿਗ ਪਿਆ। ਇਸ ਵਿਚੋਂ ਤਰੰਗਾਂ
ਦੀ ਸਰਸਰਾਹਟ ਨਾਲ ਹੋਰ ਯਾਤਰੀ ਭੈਭੀਤ ਹੋ ਗਏ। ਜੀ-ਭਿਆਣੇ ਵਿਚਾਰੇ ਇੱਕ ਦੂਸਰੇ ਨੂੰ ਧੱਕਦੇ
ਉਸ ਪੁਰਜ਼ੇ ਤੋਂ ਦੂਰ ਤਾਕੀਆਂ ਵੱਲ ਨੂੰ ਘੁੱਸ ਰਹੇ ਸਨ। ਉਸ ਨੇ ਫੇਰ ਚੁੱਕਣ ਦੀ ਕੋਸਿ਼ਸ਼
ਕੀਤੀ ਪਰ ਇੱਕ ਮਾਈ ਨੇ ਝਪਟਾ ਮਾਰ ਕੇ ਨਿਸਫਲ ਕਰ ਦਿੱਤੀ। ਉਹ ਉਸ ਨੂੰ ਡਰ ਤੇ ਗ਼ੁੱਸੇ ਦੀ
ਭੜਾਸ ਗਾਲ੍ਹਾਂ ਰਾਹੀਂ ਕੱਢਣ ਲੱਗੀ।
‘ਹਰਾਮ ਦਿਆ ਵੱਡਿਆ ਬਦਮਾਸ਼ਾ! ਤੂੰ ਕੱਲਾ ਮਰੇਂਗਾ? ਨਾਲ ਹੋਰਾਂ ਨੂੰ ਵੀ ਤੇ ਲੈ ਕੇ
ਮਰੇਂਗਾ।’
ਆਪਣੀ ਮੌਤ ਦੀ ਇੰਤਜ਼ਾਰ ਕਰਦੀਆਂ ਸਵਾਰੀਆਂ ਵਿਚ ਡੂੰਘਾ ਸੰਨਾਟਾ ਪਸਰ ਗਿਆ।
‘ਮਾਤਾ ਜੀ ਮੁਆਫ਼ ਕਰਨਾ, ਵੇਖੋ! ਇਹ ਕਿਸੇ ਦਾ ਫ਼ੋਨ ਜਾਪਦਾ ਹੈ ਜੋ ਡਿਗ ਗਿਆ ਹੈ.. ਇਸ ਦਾ
ਕੋਈ ਸਵਾਮੀ ਘੰਟੀ ਮਾਰ ਰਿਹਾ ਹੈ, ਮੈਨੂੰ ਉਸ ਵਿਚਾਰੇ ਨੂੰ ਜੁਆਬ ਦੇ ਕੇ ਦੱਸ ਲੈਣ ਦਿਓ ਕਿ
ਤੇਰਾ ਫ਼ੋਨ ਸਾਡੇ ਕੋਲ ਸੁਰੱਖਿਅਤ ਹੈ।’
‘ਤੈਨੂੰ ਛਿੱਤਰਾਂ ਦੀ ਲੋੜ ਐ.. ਕੁੱਤਾ ਬਣ-ਮਾਣਸ.. ਕਿੱਲੀ-ਠੋਕ ਜਿਹਾ! ਆਪਣੀ ਟੈਂ ਟੈਂ ਲਾਈ
ਜਾਂਦਾ। ਇਹੋ ਤਾਂ ਫੋਨ-ਬੰਬ ਹੈ ਜੋ ਰੇਡੀਉ ਵਾਲੇ ਹਰ ਰੋਜ ਰੌਲਾ ਪਾਉਂਦੇ ਤੇਰੀ ਜਾਨ ਨੂੰ
ਰੋਂਦੇ ਨੇ ਪਈ ਲਾਵਾਰਸ ਵਸਤੂ ਨੂੰ ਕੋਈ ਹੱਥ ਨਾ ਲਾਵੇ।’ ਮਾਤਾ ਦਾ ਅੰਦੇਸ਼ਾ ਉਸ ਦੀ ਜ਼ਬਾਨ
ਤੇ ਸਿਰ ਚੜ੍ਹੇ ਜਾਦੂ ਵਾਂਗ ਬੋਲ ਕੇ ਅਗਲੇ ਪਲਾਂ ਦੇ ਭਿਆਨਕ ਅੰਜਾਮ ਵੱਲ ਸੰਕੇਤ ਦੇ ਗਿਆ।
‘ਤੂੰ ਆਪ ਤਾਂ ਮਰਨਾ ਹੀ ਹੈਂ... ਤੇਰੇ ਨਾਲ ਇਹ ਸਾਰੀ ਗੱਡੀ ਉਡਾਊ? ਮਨੁੱਖੀ ਬੰਬ ਆਪ ਵੀ
ਤਾਂ ਮਰਦੇ ਹੀ ਨੇ। ਤੂੰ ਹੀ ਹੈਂ ਉਹ ਗੁੰਡਾ ਹਰਾਮਜ਼ਾਦਾ ਬਦਮਾਸ਼ ਜਿਸ ਨੇ ਗੱਡੀ ਨੂੰ ਉਡਾਉਣ
ਲਈ ਇਹ ਟਾਈਮ-ਯੰਤਰ ਛੁਪਾ ਰੱਖਿਆ। ਜੂੜ ਲਓ ਇਸ ਨੂੰ.. ਇਹ ਦੌੜ ਨਾ ਜਾਏ! ਇਹ ਵੀ ਉਨ੍ਹਾਂ ਦਾ
ਸਾਥੀ ਹੈ। ਇਹੋ ਜੇ ਜ਼ਾਲਮ ਅੱਗ ਲਗਾਉਣ ਵਾਲਾ। ਹੋਊ ਗਾ ਜ਼ਰੂਰ ਇਹ ਪਾਕਿਸਤਾਨੀ ਜਾਸੂਸ ਗਰੋਹ
ਦਾ ਕੋਈ ਸਰਗਨਾ।’
ਜਿਨ੍ਹਾਂ ਦੀਆਂ ਖੁੱਚਾਂ ਪਿੰਜਣੀਆਂ ਵਿਚ ਜ਼ੋਰ ਸੀ ਉਹ ਦਗੜ ਦਗੜ ਕਰਦੇ ਛਾਲਾਂ ਮਾਰ ਕੇ ਇਸ
ਬਿਪਤਾ ਤੋਂ ਛੁਟਕਾਰਾ ਪਾ ਗਏ। ਗੱਡੀ ਦੀ ਜ਼ੰਜੀਰ ਖਿੱਚ ਕੇ ਕਿਸੇ ਰੋਜ਼ਾਨਾ ਘਰਾਟੀਏ ਨੇ
ਬਰੇਕਾਂ ਜਾਮ ਕਰਨ ਦੀ ਕੋਸਿ਼ਸ਼ ਕੀਤੀ ਪਰ ਗੱਡੀ ਰੁਕੀ ਨਹੀਂ।
ਮਾਤਾ ਹੋਰ ਕਈ ਵਿਸ਼ਲੇਸ਼ਣ ਠੋਸਦੀ ਉਸ ਵਿਅਕਤੀ ਦੇ ਪਿੱਛੇ ਪੈ ਗਈ। ਉਸ ਦੀ ਉਤੇਜਨਾ ਭਰੀ
ਵੰਗਾਰ ਨਾਲ ਕਈ ਯਾਤਰੀਆਂ ਨੇ ਉਸ ਨੂੰ ਗਲੇ ਤੋਂ ਫੜ ਕੇ ਘਸੀਟ ਲਿਆ। ਗੱਡੀ ਦੀ ਖਟ ਖਟ ਆਵਾਜ਼
ਘੜੱਚ-ਘੜਿੱਚ ਵਿਚ ਬਦਲ ਗਈ। ਹੁਣ ਟਰੇਨ ਸਤਲੁਜ ਦੇ ਪੁਲ਼ ਉੱਪਰੋਂ ਲੰਘ ਰਹੀ ਸੀ। ਦਸੰਬਰ
ਮਹੀਨੇ ਦੀਆਂ ਬਾਰਸ਼ਾਂ ਕਾਰਨ ਕਾਂਗਾਂ ਮਾਰਦਾ ਦਰਿਆ ਕੰਢਿਆਂ ਨਾਲ ਖਹਿੰਦਾ ਖੋਰਾ ਮਾਰ ਰਿਹਾ
ਸੀ।
‘ਫੜ ਕੇ ਰੱਖਿਓ ਇਹਨੂੰ! ਝਕਾਨੀ ਦੇ ਕੇ ਦੌੜ ਨਾ ਜਾਵੇ ਕਿਧਰੇ। ਇਹ ਦੁਸ਼ਮਣ ਦਾ ਏਲਚੀ ਜੇ।
ਇਸ ਦਾ ਨਿਸ਼ਾਨਾ ਪੁਲ ਉਡਾਉਣ ਦਾ ਹੈ.. ਸਤਲੁਜ ਵਾਲਾ, ਗੱਡੀ ਉਡਾਊ ਗਾ ਇਹ।’
ਮਾਈ ਨੇ ਫੇਰ ਭਬਕ ਮਾਰੀ। ਭੜਕੇ ਹਜੂਮ ਵਿਚੋਂ ਕੁੱਝ ਹੱਥ ਫੇਰ ਉਸ ਦੀ ਧੌਣ ਵੱਲ ਔਹੜੇ।
‘ਮੈਨੂੰ ਛੱਡੋ.. ਲਓ! ... ਮੇਰਾ ਖਹਿੜਾ ਛੱਡੋ.. ਆਹ ਲਓ।’ ਉਸ ਨੇ ਤਾਕੀ ਨੇੜੇ ਹੋ ਕੇ ਉਹ
ਪੁਰਜ਼ਾ ਬਾਹਰ ਸੁੱਟ ਸਤਲੁਜ ਦੀਆਂ ਲਹਿਰਾਂ ਦੇ ਹਵਾਲੇ ਕਰ ਦਿੱਤਾ।
‘ਹਾਏ ਮਾਰੇ ਗਏ...।’ ਇੱਕ ਅੱਧ ਮਿੰਟ ਕੰਨਾਂ ਨੂੰ ਹੱਥ ਲਾਈ ਸਵਾਰੀਆਂ ਇਸ ਦੇ ਫਟਣ ਤੇ
ਧਮਾਕੇ ਦੀ ਇੰਤਜ਼ਾਰ ਕਰਨ ਲੱਗੀਆਂ ਕਿ ਹੁਣੇ ਭੜਾਕਾ ਪਏਗਾ ਤੇ ਇਹ ਗੱਡੀ ਸਮੇਤ ਪੁਲ ਦੇ ਪਰਖੜੇ
ਉਡਾ ਦੇਵੇਗਾ ਪਰ ਕੁੱਝ ਨਹੀਂ ਹੋਇਆ। ਪੁਲ਼ ਟੱਪਦੇ ਹੀ ਉਹ ਵਿਚਾਰਾ ਦੁੜਕੀ ਮਾਰਦਾ ਬਾਹਰ
ਨਿਕਲ ਗਿਆ।
ਟਰੇਨ ਡਰਾਈਵਰ ਆਪਣੀ ਹੁਸਿ਼ਆਰੀ ਵਰਤ ਰਿਹਾ ਸੀ ਤੇ ਚੇਨ ਖਿੱਚਣ ਵਾਲੇ ਨੂੰ ਇਹ ਅਹਿਸਾਸ ਕਰਾ
ਰਿਹਾ ਸੀ ਕਿ ਉਹ ਗੱਡੀ ਖੜ੍ਹੀ ਕਰਨ ਜਾ ਰਿਹਾ ਹੈ। ਇਸ ਚੋਰ-ਸਿਪਾਹੀ ਵਾਲੀ ਝਕਾਨੀ ਵਿਚ ਉਹ
ਗੱਡੀ ਨੂੰ ਧੂੰਹਦਾ ਹੋਇਆ ਸਤਲੁਜ ਪੁਲ ਪਾਰ ਕਰ ਗਿਆ। ਅੱਗੇ ਆਸੇ ਪਾਸੇ ਗਲ ਗਲ ਤੱਕ ਝੱਲ,
ਝਾੜੀਆਂ, ਕਾਹੀ, ਕਾਨੇ, ਟਿੰਬਰ ਭੰਡਾਰ, ਛਾਂ ਛਾਂ ਕਰਦਾ ਭਿਆਨਕ ਜੰਗਲ ਸ਼ੂਕ ਰਿਹਾ ਸੀ।
ਉੱਥੇ ਗੱਡੀ ਰੋਕਣੀ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਲੌਢੂਵਾਲ ਸਟੇਸ਼ਨ ਤੇ ਵੀ ਇਸ ਗੱਡੀ ਦਾ
ਠਹਿਰਾਓ ਨਹੀਂ ਸੀ।
ਚੱਲਦੀਆਂ ਗੱਡੀਆਂ ਵਿਚ ਚੋਰੀ, ਡਾਕੇ, ਲੁਟ-ਮਾਰ ਦੀਆਂ ਵੀ ਕਈ ਅਣਹੋਣੀਆਂ ਘਟਨਾਵਾਂ ਵਾਪਰ
ਚੁੱਕੀਆਂ ਸਨ। ਇਸ ਲਈ ਗਾਰਡਾਂ ਤੇ ਡਰਾਈਵਰਾਂ ਨੂੰ ਖ਼ਾਸ ਹਦਾਇਤਾਂ ਸਨ ਕਿ ਕਿਸੇ ਕੀਮਤ ਤੇ ਵੀ
ਅਧਿਕਾਰਤ ਠਹਿਰਾਓ ਵਾਲੇ ਸਟੇਸ਼ਨ ਤੋਂ ਬਗੈਰ ਰਸਤੇ ਵਿਚ ਗੱਡੀ ਖੜ੍ਹੀ ਨਹੀਂ ਕਰਨੀ। ਕਈ
ਦਿਨਾਂ ਤੋਂ ਹੜਤਾਲਾਂ, ਬੰਦ, ਕਰਫ਼ਿਊ ਨੇ ਜਿ਼ੰਦਗੀ ਵਿਚ ਖੜੋਤ ਭਰ ਦਿੱਤੀ ਸੀ। ਡਰਾਈਵਰ
ਜ਼ੰਜੀਰ ਖਿੱਚਣ ਵਾਲੇ ਦੀਆਂ ਅੱਖਾਂ ਵਿਚ ਮਿਰਚਾਂ ਪਾਉਣ ਵਾਂਗ ਖਿੱਚਦਾ ਧੂੰਹਦਾ ਗੱਡੀ
ਲੌਢੂਵਾਲ ਸਟੇਸ਼ਨ ਤੇ ਲੈ ਗਿਆ।
ਅੱਗੇ ਪਹਿਲਾਂ ਖ਼ਬਰ ਪਹੁੰਚਣ ਕਾਰਨ ਅਧਿਕਾਰੀਆਂ ਨੇ ਇਸ ਟਰੇਨ ਨੂੰ ਪਾਸੇ ਖਲ੍ਹਾਰ ਕੇ ਚੈੱਕ
ਕਰਨ ਦਾ ਨਿਰਨਾ ਲੈ ਲਿਆ। ਗੱਡੀ ਪੂਰਨ ਵਿਰਾਮ ਵਿਚ ਖੜੋ ਗਈ। ਰੁਕਦੇ ਹੀ ਇਸ ਉਦਾਲੇ ਰੇਲਵੇ
ਪੁਲਸ ਤੇ ਸੀ. ਆਰ. ਪੀ. ਐੱਫ. ਦੇ ਹਥਿਆਰਬੰਦ ਸਿਪਾਹੀ ਤੇ ਕਮਾਂਡੋ ਘੇਰਾ ਪਾ ਕੇ ਖੜ੍ਹੋ ਗਏ।
ਉੱਪਰ ਤੱਕ ਟੈਲੀਫ਼ੋਨ ਵਾਇਰਲੈੱਸ ਸੰਦੇਸ਼ ਦੇ ਦਿੱਤੇ ਗਏ। ਅੱਗ-ਬੁਝਾਊ ਇੰਜਨ ਤੇ ਬੰਬ-ਨਿਰੋਧਕ
ਦਸਤਿਆਂ ਨੂੰ ਹੰਗਾਮੀ ਚੇਤਾਵਨੀ ਪਹੁੰਚ ਗਈ।
ਟਰੇਨ ਸਟੇਸ਼ਨ-ਬਿਲਡਿੰਗ ਤੋਂ ਹਟਵੀਂ ਪਾਸੇ ਵਾਲੀ ਵਾਧੂ ‘ਖੁੱਡੇ ਲਾਈਨ’ ਤੇ ਲਗਾ ਦਿੱਤੀ ਗਈ।
ਸਟੇਸ਼ਨ ਦਾ ਸਾਰਾ ਅਮਲਾ-ਫੈਲਾ ਹਰਕਤ ਵਿਚ ਆ ਗਿਆ। ਤਾਇਨਾਤ ਪੁਲਸੀਆਂ ਵਿਚ ਭਾਜੜ ਪੈ ਗਈ।
ਉਨ੍ਹਾਂ ਇਕਦਮ ਐਮਰਜੈਂਸੀ ਵਿਸਲ ਮਾਰੀ ਤੇ ਇੱਲਾਂ ਵਾਂਗ ਝੁਰਮਟ ਪਾ ਕੇ ਗੱਡੀ ਆਪਣੇ ਅਖ਼ਤਿਆਰ
ਵਿਚ ਕਰ ਲਈ।
‘ਇੱਥੇ ਸੰਭਾਵਿਤ ‘ਬੰਬ’ ਵਾਲੀ ਬੋਗੀ ਨੂੰ ਅਲੱਗ ਲਾਹ ਕੇ ਬਾਕੀ ਗੱਡੀ ਦਿੱਲੀ ਵੱਲ ਤੋਰ
ਦਿੱਤੀ ਜਾਵੇਗੀ।’
ਰੇਲਵੇ ਅਧਿਕਾਰੀ ਘੋਸ਼ਣਾ ਕਰ ਕੇ ਲੰਬੀ ਦੂਰੀ ਵਾਲੀਆਂ ਵਾਲੀਆਂ ਸਵਾਰੀਆਂ ਨੂੰ ਤਸੱਲੀ ਦੇ
ਰਹੇ ਸਨ।
ਮੈਂ ਵੀ ਕਾਹਲੇ ਮੁਸਾਫ਼ਰਾਂ ਨਾਲ ਬਾਹਰ ਨਿਕਲ ਕੇ ਥੋੜ੍ਹੀ ਦੂਰ ਸੱਜੇ ਜਾ ਕੇ ਬੱਸ ਅੱਡੇ ਤੇ
ਖੜ੍ਹਾ ਹੋ ਗਿਆ।
ਫਿਲੌਰ ਵੱਲੋਂ ਆਈ ਕਾਰ ਵਿਚੋਂ ਉੱਤਰਦਾ ਕਾਹਲੇ ਕਦਮੀਂ ਇੱਕ ਸ਼ਰੀਫ਼ਜ਼ਾਦਾ ਬਹੁਤ ਚਿੰਤਾਤੁਰ ਮੂਡ
ਵਿਚ ਸਟੇਸ਼ਨ ਵੱਲੋਂ ਆਉਂਦੇ ਯਾਤਰੀਆਂ ਤੋਂ ਤਹਿਕੀਕਾਤ ਕਰ ਰਿਹਾ ਸੀ।
‘ਇਹ ਸ਼ਾਨੇ-ਪੰਜਾਬ ਐਜੀ ਦਿੱਲੀ ਵਾਲੀ?’
‘ਹਾਂ ਜੀ! ਪਰ ਦੌੜਨ ਦੀ ਲੋੜ ਨਹੀਂ, ਅਜੇ ਇਹ ਰੁਕੇਂਗੀ ਕੁੱਝ ਦੇਰ।’ ਇੱਕ ਮੁਸਾਫ਼ਰ ਦੇ
ਹੌਸਲੇ ਨਾਲ ਉਸ ਦੇ ਤੇਜ਼ ਕਦਮ ਹੌਲੇ ਹੋਏ।
‘ਅਸਲ ਵਿਚ ਮੇਰਾ ਇੱਕ ਯੰਤਰ ਇਸ ਗੱਡੀ ਵਿਚ ਰਹਿ ਗਿਆ ਸੀ। ਮੈਂ ਵੀ ਅੰਮ੍ਰਿਤਸਰ ਤੋਂ ਏਸੇ
ਗੱਡੀ ਰਾਹੀਂ ਫਿਲੌਰ ਉੱਤਰਿਆ ਸੀ।.. ਮੇਰੀ ਜਾਨ ਤੋਂ ਪਿਆਰੀ ਮੇਰੀ ਉਹ ਅਮਾਨਤ ਵਿਚ ਮੇਰੀ
ਜਾਨ ਸੀ। ਉਹ ਮੇਰਾ ਪਰਸਨਲ ਆਰਗੇਨਾਈਜ਼ਰ ਸੀ, ਮੇਰੀ ਡਾਇਰੀ ਸੀ, ਮੇਰਾ ਅਡਵਾਈਜ਼ਰ ਵੀ ਸੀ।
ਉਸ ਵਿਚ ਵਿਚ ਮੇਰਾ ਨਿੱਜੀ ਤੇ ਮੇਰੀ ਕੰਪਨੀ ਦਾ ਬਹੁਤ ਹੀ ਸੰਵੇਦਨਸ਼ੀਲ ਡਾਟਾ ਭਰਿਆ ਹੋਇਆ
ਸੀ।’ ਉਸ ਨੇ ਇਕੇ ਸਾਹੇ ਆਪਣੇ ਯੰਤਰ ਦਾ ਹੁਲੀਆ ਦੱਸ ਦਿੱਤਾ।
ਲੋਕ ਉਸ ਨਾਲ ਹਮਦਰਦੀ ਪ੍ਰਗਟਾਉਂਦੇ ਉਸ ਨੂੰ ਟਾਂਚ ਕਰਦੇ ਉਸ ਦੇ ਫ਼ੋਨ ਦੀ ਕਰਾਮਾਤ ਦੱਸ ਰਹੇ
ਸਨ ਜਿਸ ਨੇ ਇਹ ਗੱਡੀ ਇੱਥੇ ਰੁਕਵਾ ਦਿੱਤੀ।
ਉਹ ਇਹ ਜਾਣ ਕੇ ਬਹੁਤ ਖ਼ੁਸ਼ ਹੋਇਆ ਕਿ ਉਸ ਦੀ ਇਨਫਰਮੇਸ਼ਨ ਜਾਂ ਡਾਟਾ ਗ਼ਲਤ ਇਸਤੇਮਾਲ ਹੋਣ ਦੀ
ਸੰਭਾਵਨਾ ਨਹੀਂ ਕਿਉਂਕਿ ਇਹ ਤੇਜ਼ ਪਾਣੀ ਦੇ ਵਹਾਅ ਵਿਚ ਡੂੰਘਾ ਜਲਪ੍ਰਵਾਹ ਹੋ ਚੁੱਕਾ ਹੈ।
‘ਜੇ ਮੈਨੂੰ ਕੋਈ ਉਹ ਥਾਂ ਟਿਕਾਣਾ ਦੱਸ ਦੇਵੇ ਜਿੱਥੇ ਇਹ ਸੁੱਟਿਆ ਗਿਆ ਸੀ, ਤਾਂ ਮੈਂ ਉਸ
ਨੂੰ ਮੂੰਹ ਮੰਗਿਆ ਇਨਾਮ ਦਿਆਂਗਾ ਤੇ ਟੋਭਿਆਂ ਕੋਲੋਂ ਇਸ ਦੀ ਤਲਾਸ਼ ਕਰਵਾ ਲਵਾਂਗਾ।’ ਉਹ
ਤਰਲੇ ਜਿਹੇ ਕਰ ਰਿਹਾ ਸੀ।
‘ਲਹਿਰਾਂ ਨਾ ਹੰਘਾਲ਼ ਮੁੰਡਿਆ, ਨਹੀਂ ਲੱਭਣਾ ਤੇਰਾ ਫ਼ੋਨ ਗਵਾਚਾ।’ ਹਾਸੇ ਦੀ ਛਣਕਾਰ ਵਿਚ
ਇੱਕ ਹੋਰ ਮੁਸਾਫ਼ਰ ਉਸ ਦਾ ਮੋਢਾ ਥਪਥਪਾ ਰਿਹਾ ਸੀ।
‘ਤੇਰੇ ਭਲੇ ਦੀ ਚੰਗੀ ਗੱਲ ਤਾਂ ਇਹ ਹੈ ਕਿ ਹੁਣ ਤੂੰ ਇਸ ਬਾਰੇ ਗੱਲ ਨਾ ਕਰ ਤੇ ਅੰਦਰ ਹੀ ਪੀ
ਜਾਹ। ਤੂੰ ਫਿਲੌਰ ਉੱਤਰਨ ਵਾਸਤੇ ਚੇਨ ਖਿੱਚ ਕੇ ਗੱਡੀ ਰੋਕ ਲਈ ਤੇ ਉੱਤਰ ਗਿਆ। ਕਾਹਲੀ ਵਿਚ
ਉਹ ਯੰਤਰ ਪਿੱਛੇ ਭੁੱਲ ਗਿਆ। ਤੇਰੇ ਪਾਏ ਪੰਗੇ ਕਾਰਨ ਹੀ ਗੱਡੀ ਲੌਢੂਵਾਲ ਖਲ੍ਹਾਰਨੀ ਪਈ
ਕਿਤੇ ਇਹ ਨਾ ਹੋਵੇ ਕਿ ਤੈਨੂੰ ਫੜ ਕੇ ਅੰਦਰ ਕਰ ਦੇਣ ਤੇ ਲੈਣੇ ਦੇ ਦੇਣੇ ਪੈ ਜਾਣ।’
ਉਹ ਅੱਖਾਂ ’ਚ ਘਸੁੰਨ ਦਿੰਦਾ ਉਸੇ ਪੈਰੀਂ ਪਿੱਛੇ ਵਾਪਿਸ ਮੁੜ ਗਿਆ।
‘ਉਂਜ ਹੋਰ ਚੰਗੀ ਗੱਲ ਇਹ ਵੀ ਹੈ ਕਿ ਤੂੰ ਸਟੇਸ਼ਨ ਅੰਦਰ ਜਾ ਕੇ ਅਧਿਕਾਰੀਆਂ ਨੂੰ ਆਪਣੇ
‘ਫ਼ੋਨ ਬੰਬ’ ਬਾਰੇ ਦੱਸ ਦੇਹ ਤਾਂ ਜੋ ਉਹ ਟਰੇਨ ਨੂੰ ਹੋਰ ਲੇਟ ਕਰ ਕੇ ਮੁਸਾਫ਼ਰਾਂ ਦੀ
ਖ਼ੱਜਲ-ਖ਼ੁਆਰੀ ਨਾ ਕਰਨ।’
ਇੱਕ ਹੋਰ ਆਵਾਜ਼ ਨੇ ਉਸ ਦੇ ਪੈਰ ਜਕੜ ਲਏ ਪਰ, ‘ਹੁਣ ਤੂੰ ਇਸ ਬਾਰੇ ਗੱਲ ਨਾ ਕਰ ਤੇ ਅੰਦਰ
ਹੀ ਪੀ ਜਾਹ, ਤੂੰ ਉੱਥੇ ਉੱਤਰਨ ਵਾਸਤੇ ਚੇਨ ਖਿੱਚ ਕੇ ਗੱਡੀ ਰੋਕ ਲਈ ਤੇ ਉੱਤਰ ਗਿਆ। ਕਾਹਲੀ
ਵਿਚ ਉੱਤਰਨ ਲੱਗੇ ਆਪਣਾ ਉਹ ਯੰਤਰ ਭੁੱਲ ਗਿਆ। ਕਿਤੇ ਇਹ ਨਾ ਹੋਵੇ ਕਿ ਤੈਨੂੰ ਫੜ ਕੇ ਅੰਦਰ
ਕਰ ਦੇਣ ਤੇ ਲੈਣੇ ਦੇ ਦੇਣੇ ਪੈ ਜਾਣ।’ ਚੇਤਾਵਨੀ ਯਾਦ ਕਰ ਕੇ ਉਹ ਮੁੜ ਉਸੇ ਚਲਦੀ ਕਾਰ ਵਿਚ
ਜਾ ਬੈਠਾ ਜਿਸ ਨੂੰ ਕੋਈ ਮੁੱਘੜਧਾਰੀ ਡਰਾਈਵਰ ਚਲਾ ਰਿਹਾ ਸੀ। ਜਾਸੂਸੀ ਕਥਾ ਵਾਂਗ ਮੇਰੀ
ਆਪਣੀ ਕਹਾਣੀ ਮੇਰੇ ਮਨ ਅੰਦਰ ਘੁੰਮਣ-ਘੇਰੀਆਂ ਮਚਾਉਣ ਲੱਗੀ। ਗੱਡੀਆਂ ਦੀ ਬੇਯਕੀਨੀ
ਦਿਨੋ-ਦਿਨ ਵਧ ਵਧ ਰਹੀ ਸੀ। ਮੈਂ ਆਪਣੇ ਦਫ਼ਤਰ ਪਹੁੰਚ ਕੇ ਹਾਜ਼ਰੀ ਲਗਾਈ, ਥੋੜ੍ਹਾ ਬਹੁਤ
ਜ਼ਰੂਰੀ ਕੰਮ ਨਿਪਟਾਇਆ ਤੇ ਬਾਕੀ ਅੱਧੇ ਦਿਨ ਦੀ ਛੁੱਟੀ ਰੱਖ ਕੇ ਬੱਸਾਂ ਗੱਡੀਆਂ ਦੀ ਸ਼ਰਨ ਆ
ਗਿਆ। ਹਰ ਰੋਜ਼ ਦੇ ਕਰਾਰੇ ਹੱਥ ਲੱਗਣ ਕਾਰਨ ਮੈਂ ਬੱਸ ਲੈਣੀ ਬਿਹਤਰ ਸਮਝੀ।
ਲੁਧਿਆਣੇ ਬਾਈ ਪਾਸ ਤੋਂ ਬਟਾਲਾ ਵਾਲੀ ਬੱਸ ਮਿਲ ਗਈ। ਬਿਆਸ ਪਹੁੰਚ ਕੇ ਕੁੱਝ ਆਰਮ ਮਹਿਸੂਸ
ਕੀਤਾ ਕਿ ਮੁਕਾਮ ਦੇ ਨੇੜੇ ਪਹੁੰਚ ਗਏ ਹਾਂ, ਹਨੇਰੇ ਸਵੇਰੇ ਅੰਮ੍ਰਿਤਸਰ ਪਹੁੰਚ ਹੀ
ਜਾਵਾਂਗੇ। ਕਾਫੀ ਦੇਰ ਇੰਤਜ਼ਾਰ ਕਰਨ ਤੇ ਇੱਥੋਂ ਅੱਗੇ ਵਾਸਤੇ ਬੱਸ ਦਾ ਕੋਈ ਸਾਧਨ ਨਹੀਂ
ਬਣਿਆ। ਰੰਗਾਂ ਰੌਣਕਾਂ ਭਰਪੂਰ ਇਹ ਅੱਡਾ ਅੱਜ ਖ਼ਾਲਮ-ਖ਼ਾਲੀ ਭਾਂ ਭਾਂ ਕਰ ਰਿਹਾ ਸੀ। ਸਹਿਮੀਆਂ
ਤੇ ਸੁੰਨਸਾਨ ਸੜਕਾਂ ਵੇਖ ਕੇ ਮੈਨੂੰ ਸੁੱਝ ਗਈ ਕਿ ਕੋਈ ਨਵੀਂ ਅਣਹੋਣੀ ਘਟਨਾ ਵਾਪਰ ਗਈ ਹੈ।
ਅੰਮ੍ਰਿਤਸਰ ਵਾਸਤੇ ਕੋਈ ਬੱਸ ਨਹੀਂ ਸੀ, ਕੋਈ ਟਰੱਕ ਨਹੀਂ, ਕੋਈ ਆਵਾ-ਜਾਈ ਦਾ ਸਾਧਨ ਨਹੀਂ
ਬਚਿਆ। ਇੱਕੋ ਇੱਕ ਸੁਰੱਖਿਅਕ ਜ਼ਰੀਆਂ ਰੇਲ ਗੱਡੀ ਹੀ ਸੀ, ਉਹ ਵੀ ਖਾੜਕੂਆਂ ਦੇ ਮਜਾਜ਼ ਵੇਖ
ਸੁਣ ਕੇ ਹੀ ਚੱਲਦੀ ਸੀ, ਜੋ ਕੈਂਸਲ ਹੋ ਗਈ। ਅਸਮਾਨ ਤੋਂ ਡਿੱਗੇ ਖਜੂਰ ਤੇ ਅਟਕੇ ਵਾਲਾ
ਮੁਹਾਵਰਾ ਮੇਰੇ ਤੇ ਲਾਗੂ ਹੋ ਰਿਹਾ ਸੀ।
ਬਿਆਸ ਰੇਲਵੇ ਸਟੇਸ਼ਨ ਤੇ ਪਹੁੰਚਣ ਤੇ ਮਾਹੌਲ ਮੈਨੂੰ ਕੁੱਝ ਬਦਲਿਆ ਬਦਲਿਆ ਮਹਿਸੂਸ ਹੋਇਆ।
ਅੱਜ ਸਾਧਾਰਨ ਦਿਨਾਂ ਨਾਲੋਂ ਜ਼ਿਆਦਾ ਘੁੱਟਣ ਸੀ। ਮੇਰੇ ਵਰਗੇ ਕਈ ਹੋਰ ਰੋਜ਼ਾਨਾ ਯਾਤਰੀ ਗੱਡੀ
ਦੀ ਇੰਤਜ਼ਾਰ ਵਿਚ ਧਰੁਬੜੀ ਲਗਾਈ ਖੜ੍ਹੇ ਸਨ। ਸਹਿਮੇ ਤੇ ਉਦਾਸ ਪਰਛਾਵੇਂ ਹਰ ਉਤਸੁਕ ਚਿਹਰੇ
ਤੇ ਜੰਮੇ ਪਏ ਸਨ।
ਲੁਧਿਆਣੇ ਵੱਲੋਂ ਦਾਦਰ ਐਕਸਪ੍ਰੈੱਸ ਦਾ ਟਾਈਮ ਹੋ ਚੁੱਕਾ ਸੀ ਪਰ ਕੰਟਰੋਲ ਰੂਮ ਦੀ ਸੂਚਨਾ
ਅਨੁਸਾਰ ਉਹ ਕੈਂਸਲ ਘੋਸਿ਼ਤ ਕਰ ਦਿੱਤੀ ਗਈ। ਸਟੇਸ਼ਨ ਦੇ ਬਾਹਰ ਕੰਧਾਰੀ ਦੀ ਝੁੱਗੀ ਤੇ ਡੇਰਾ
ਡੰਡਾ ਗ਼ਾਇਬ ਸੀ। ਉਹ ਬੜੀ ਬੇਰਹਿਮੀ ਨਾਲ ਪੁੱਟਿਆ ਲੁੱਟਿਆ ਗਿਆ ਜਾਪਦਾ ਸੀ। ਪਿਛਲੇ ਕਈ
ਮਹੀਨਿਆਂ ਤੋਂ ਪ੍ਰਵਾਸੀ ਪੰਛੀਆਂ ਦੀ ਤਰ੍ਹਾਂ ਆਪਣਾ ਆਲ੍ਹਣਾ ਬਣਾ ਕੇ ਬੈਠਾ ਇਕ ਅਜਨਬੀ ਸਾਧੂ
ਰੇਲਵੇ ਮੁਲਾਜ਼ਮਾਂ ਤੇ ਰੋਜ਼ਾਨਾ ਮੁਸਾਫ਼ਰਾਂ ਵਿਚ ਏਨਾ ਘੁਲ ਮਿਲ ਗਿਆ ਕਿ ਉਹ ਸਟੇਸ਼ਨ ਦੀ ਜਿੰਦ
ਜਾਨ ਬਣ ਗਿਆ ਸੀ। ਆਪਣੀ ਪੇਟ ਪੂਜਾ ਵਾਸਤੇ ਉਸ ਨੇ ਕੇਂਦਰੀ ਸਟੇਸ਼ਨ ਬਿਆਸ ਤੇ ਢੁਕਵੀਂ ਜਗ੍ਹਾ
ਤਲਾਸ਼ ਕੀਤੀ ਸੀ। ਮੈਂ ਉਸ ਮੰਗਤੇ ਨੂੰ ਕਈ ਵੇਰਾਂ ਵੇਖਿਆ। ਉਹ ਬਹੁਤ ਵੇਰਾਂ ਚਟਪਟੀਆਂ
ਕਰਾਰੀਆਂ ਗੱਲਾਂ ਕਰਦਾ ਉਗਰਵਾਦੀਆਂ ਨੂੰ ਵੀ ਚੋਭਾਂ ਲਾ ਜਾਂਦਾ ਸੀ। ਉਹ ਅਲੋਕਾਰ ਕਿਸਮ ਦਾ
ਅਦਨਾ ਜਿਹਾ ਭਿਖਾਰੀ ਹਮੇਸ਼ਾ ਸਵੇਰੇ ਸ਼ਾਮ ਬਿਆਸ ਸਟੇਸ਼ਨ ਤੇ ਕਿਸੇ ਨਾ ਕਿਸੇ ਰੂਪ ਵਿਚ ਦਿਸ
ਪੈਂਦਾ। ਉਸ ਦੀ ਸ਼ਕਲ ਸੂਰਤ ਤੋਂ ਇਹ ਵੀ ਪਤਾ ਨਾ ਲੱਗਦਾ ਕਿ ਬੰਦਾ ਹੈ, ਬੁੱਢੀ ਹੈ, ਜਾਂ ਉਹ
ਖੁਸਰਾ ਹੈ। ਪਹਿਲਾਂ ਪਹਿਲ ਉਹ ਸਟੇਸ਼ਨ ਤੇ ਡੇਰੇ ਵਾਲਿਆਂ ਦੀ ਕਾਰ ਸੇਵਾ ਸਮੇਂ ਛੁਹਲ਼ਾ
ਫੁਰਤੀਲਾ ਸੇਵਾਦਾਰ ਬਣ ਕੇ ਉੱਭਰਿਆ। ਉਸ ਵੇਲੇ ਉਹ ਸਿਰੋਂ ਮੋਨਾ ਸੀ। ਫੇਰ ਭਗਵੇਂ ਕੱਪੜਿਆਂ
ਵਿਚ ਵਾਲ ਵਧਾ ਲਏ ਤੇ ਗਲ ਵਿਚ ਮਾਲ਼ਾ ਪਾ ਕੇ ਟਹਿਲਣ ਲੱਗਾ। ਹੁਣ ਉਸ ਨੇ ਭਗਵਾਂ ਵੇਸ,
ਖੁੱਲ੍ਹੀ ਦਾੜ੍ਹੀ ਕੇਸ ਤੇ ਗਲ ਵਿਚ ਮਾਲਾ ਧਾਰਨ ਕਰ ਲਈ ਸੀ। ਸਿਰ ਦੇ ਵਾਲ ਉਸ ਨੇ ਖੁੱਲ੍ਹੇ
ਛੱਡ ਦਿੱਤੇ ਤੇ ਕਦੇ-ਕਦਾਈਂ ਸਾਫ਼ਾ ਵੱਲ ਲੈਂਦਾ। ਬਿਜੜੇ ਦੇ ਆਲ੍ਹਣੇ ਵਾਂਗ ਗੁੰਦੀ ਹੋਈ
ਮੈਲ਼ੀ-ਕੁਚੈਲ਼ੀ ਦਾੜ੍ਹੀ ਉਸ ਨੇ ਕਦੇ ਸਾਫ਼ ਨਹੀਂ ਕੀਤੀ। ਉਸ ਦੇ ਮੰਗਣ ਦੇ ਵੀ ਤੌਰ ਤਰੀਕੇ
ਡਾਂਗ ਨਾਲ ਖੈਰ ਮੰਗਣ ਵਾਂਗ ਰੋਹਬਦਾਰ ਸਨ। ਉਹ ਮੰਗਤਿਆਂ ਵਾਂਗ ਨਹੀਂ, ਦਾਤਿਆਂ ਵਾਂਗ ਮੰਗਦਾ
ਸੀ। ਚੰਗੀ ਸਵਾਰੀ ਦੇਖ ਕੇ ਉਹ ਅੱਗੇ ਜਾ ਖੜ੍ਹਾ ਹੁੰਦਾ। ਅਗਲਾ ਘੂਰੀ ਵੱਟ ਕੇ ਪਾਸੇ ਹੋ ਜਾਣ
ਦਾ ਇਸ਼ਾਰਾ ਕਰਦਾ ਤਾਂ ਉਹ ਉਸ ਦੇ ਸਿਰ ਹੋ ਜਾਂਦਾ:-
‘ਦੇਣਾ ਤਾਂ ਦੇਹ, ਔਖਾ ਕਿਉਂ ਹੁੰਦੈਂ!.. ਮੈਂ ਤੇਰੇ ਕਿਹੜੇ ਛੋਲੇ ਪੁੱਟ ਲਏ ਨੇ।’
ਇਕ ਦਿਨ ਨਵ-ਵਿਆਹੀ ਜੋੜੀ ਕੋਲ ਜਾ ਖੜਿਆ। ਉਨ੍ਹਾਂ ਦੀ ਮਾਂ ਨੇ ਦਸ ਰੁਪਏ ਕੱਢ ਕੇ ਉਸ ਦੇ
ਹੱਥ ਫੜਾਏ।
‘ਜਾਹ ਨੀਂ ਜਾਹ ਸ਼ੁਹਦੀਏ ਜਿਹੀਏ.. ਇਹ ਦਸਾਂ ਵਾਲੀ ਜੋੜੀ ਏ? ਹਰਾਮ ਦੀ ਜੰਮੀ ਊ? ਜੇ ਤੂੰ
ਅਸਲੀ ਮਾਂ ਹੈ ਜਾਂ ਇਹ ਅਸਲੀ ਪਿਉ ਦਾ ਹੈ ਤਾਂ ਹਜ਼ਾਰ ਦੇ ਦੇਹ। ਮੈਂ ਹਜ਼ਾਰ ਤੋਂ ਘੱਟ ਨਹੀਂ
ਲੈਣੇ।’ ਉਸ ਨੇ ਉਨ੍ਹਾਂ ਦੇ ਪੈਰ ਉਖਾੜ ਦਿੱਤੇ।
ਡੇਰੇਦਾਰਾਂ ਦੀ ਉਸ ਵੱਲ ਸਵੱਲੀ ਨਜ਼ਰ ਹੋਣ ਕਾਰਨ ਉਸ ਨਾਲ ਹੋਰ ਵੀ ਕਈ ਅਲੋਕਾਰ ਕਹਾਣੀਆਂ
ਜੁੜਦੀਆਂ ਰਹੀਆਂ। ਕਹਿੰਦੇ ਉਹ ਪਿਛਲੇ ਜਨਮ ਦਾ ਕੋਈ ਬੜਾ ਜਾਹਰਾ ਪੀਰ ਪੈਗ਼ੰਬਰ ਸੀ ਤੇ ਕਦੇ
ਕਦੇ ਵਲੀ ਕੰਧਾਰੀ ਦੀ ਰੂਹ ਸ਼ਕਤੀ ਉਸ ਅੰਦਰ ਪ੍ਰਵੇਸ਼ ਕਰ ਜਾਂਦੀ ਸੀ। ਗਾਹੇ-ਬਗਾਹੇ ਉਸ ਦੀ
ਕਹੀ ਗੱਲ ਵੀ ਸਾਬਤ ਹੋ ਜਾਂਦੀ ਸੀ। ਲੋਕ ਲਾਟਰੀ ਸੱਟਾ ਲਾਉਣ ਸਮੇਂ ਉਸ ਕੋਲੋਂ ਨੰਬਰ ਪੁੱਛ
ਕੇ ਲਾਉਂਦੇ। ਇੱਕ ਦੋ ਵੇਰਾਂ ਉਸ ਦੇ ਦਿੱਤੇ ਨੰਬਰਾਂ ਨੇ ਲੱਖਾਂ ਦੀ ਲਾਟਰੀ ਜਿੱਤ ਲਈ। ਜੇਤੂ
ਖ਼ੁਸ਼ਕਿਸਮਤ ਬੈਂਡ ਵਾਜੇ ਨਾਲ ਉਸ ਵਾਸਤੇ ਸ਼ੁਕਰਾਨਾ ਚੜ੍ਹਾਵਾ ਲੈ ਕੇ ਆਏ ਤੇ ਉਸ ਨੂੰ ਮੱਥਾ
ਟੇਕ ਕੇ ਸੋਨੇ ਦਾ ਹਾਰ ਪਾ ਗਏ। ਉਸ ਦਾ ਆਦਰ ਸਤਿਕਾਰ ਹੋਰ ਵਧ ਗਿਆ।
‘ਬਿਆਸ ਦੀ ਬੜੀ ਬਦਨਾਮੀ ਹੋਈ ਹੈ, ਕੰਧਾਰੀ ਅੱਜ ਮਿਲਟਰੀ ਨੇ ਫੜ ਲਿਆ ਹੈ।’ ਸਟੇਸ਼ਨ
ਰਖਵਾਲਿਆਂ ਦੀ ਸਖ਼ਤ ਬੇਰੁਖ਼ੀ ਬਾਰੇ ਪੁੱਛਣ ਤੇ ਜੁਆਬ ਮਿਲਿਆ।
‘ਉਹਨੂੰ ਫੜ ਨਹੀਂ ਸਕਦਾ ਕੋਈ... ਅੰਨ੍ਹਾ ਹੋਜੂ।’ ਸਾਧਾਰਨ ਜਿਹੇ ਸਾਦੇ ਸਫ਼ੈਦ ਲਿਬਾਸ ਵਿਚ
ਇੱਕ ਅਨਿਨ ਭਗਤ ਨੇ ਉਸ ਦਾ ਪੱਖ ਪੂਰਦੇ ਦਾਅਵਾ ਕੀਤਾ। ਮੈਂ ਇਸ ਸਿੱਖ ਸਰਦਾਰ ਭਗਤ ਨੂੰ
ਪਹਿਲਾਂ ਵੀ ਕਈ ਵੇਰਾਂ ਉਸ ਦੀ ਧੂਣੀ ਸੇਕਦੇ ਤੇ ਚਟਪਟੀਆਂ ਗੱਲਾਂ ਕਰਦੇ ਤੱਕਿਆ ਸੀ।
‘ਉਹਨੂੰ ਧਰਤੀ ਵਿਹਲ ਦੇ ਦਊ, ਉਹ ਹਵਾ ਵਿਚ ਗ਼ਾਇਬ ਹੋ ਜਾਊ ਪਰ ਫੜਿਆ ਨਹੀਂ ਜਾ ਸਕਦਾ।’ ਕੁੱਝ
ਹੋਰ ਆਵਾਜ਼ਾਂ, ਜਿੰਨੇ ਮੂੰਹ ਓਨੀਆਂ ਗੱਲਾਂ ਹੋ ਰਹੀਆ ਸਨ।
ਬਿਆਸ ਰੇਲਵੇ ਸਟੇਸ਼ਨ ਮਿਲਟਰੀ ਹੈੱਡਕੁਆਟਰ ਦੇ ਨੇੜੇ ਹੋਣ ਕਰ ਕੇ ਸੁਰੱਖਿਆ ਵੱਲੋਂ ਬੜਾ
ਸੰਵੇਦਨਸ਼ੀਲ ਕੇਂਦਰ ਸਮਝਿਆ ਜਾਂਦਾ ਹੈ ਤੇ ਉਹ ਅੱਜ ਪਾਕਿਸਤਾਨ ਨੂੰ ਵਾਇਰਲੈੱਸ ਟਰਾਂਸਮੀਟਰ
ਰਾਹੀਂ ਭਾਖੜਾ ਡੈਮ, ਬਿਆਸ ਤੇ ਸਤਲੁਜ ਦਰਿਆਵਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਬਾਰੇ ਖ਼ੁਫ਼ੀਆ
ਜਾਣਕਾਰੀ ਦੇ ਰਿਹਾ ਸੀ। ਉਸ ਦੀਆਂ ਹਵਾਈ-ਤਰੰਗਾਂ ਮਿਲਟਰੀ ਐਕਸਚੇਂਜ ਨੇ ਪਕੜ ਲਈਆਂ ਤੇ
ਉਨ੍ਹਾਂ ਰਾਤ ਇਕ ਵਜੇ ਰੰਗੇ-ਹੱਥੀਂ ਆਣਿ ਦਬੋਚਿਆ। ਉਹ ਪਾਕਿਸਤਾਨੀ ਇੰਟੈਲੀਜੈਂਸ ਦਾ ਮੁੱਖ
ਸਰਗਨਾ ਨਿਕਲਿਆ ਜੋ ਪੰਜਾਬੀ ਉਗਰਵਾਦੀਆਂ ਨੂੰ ਪੰਜਾਬ ਦੇ ਸਮਾਜਿਕ ਭਾਈਚਾਰੇ ਵਿਚ ਖੱਲੜ
ਮਚਾਉਣ ਤੇ ਪੁਲ ਉਡਾਉਣ ਬਾਰੇ ਸਿਖਲਾਈ ਤੇ ਹਦਾਇਤਾਂ ਦਿੰਦਾ ਸੀ। ਉਸ ਦੇ ਅੰਗ ਸੰਗ ਸੇਵਾ ਕਰਨ
ਵਾਲੇ ਰੇਲਵੇ ਮੁਲਾਜ਼ਮ ਵੀ ਕੜਿੱਕੀ ਵਿਚ ਫਸਣ ਵਾਲੇ ਹਨ। ਅੱਤਕਥਨੀਆਂ ਵਰਗੀਆਂ ਇਹ ਗੱਲਾਂ
ਸੁਣਦੇ ਰੋਜ਼ਾਨਾ ਹਮਸਫ਼ਰ ਇਕ ਦੂਸਰੇ ਦੀਆਂ ਨਜ਼ਰਾਂ ਵਿਚ ਝਾਕਦੇ ਅਸਲੀ ਨਕਲੀ ਦੀ ਪਹਿਚਾਣ ਕਰ
ਰਹੇ ਸਨ।
ਪਲੇਟਫ਼ਾਰਮ ਨੰਬਰ ਇੱਕ ’ਤੇ ਗੱਡੀਆਂ ਦੇ ਸੂਚਨਾ-ਬੋਰਡ ਤੇ ਕੋਈ ਸਪਸ਼ਟ ਜਾਣਕਾਰੀ ਨਹੀਂ ਸੀ।
‘ਕੋਈ ਥੈਲਾ, ਬੈਗ, ਸੰਦੂਕ, ਫ਼ੋਨ, ਰੇਡੀਉ, ਪੈੱਨ ਜਾਂ ਅਜੇਹੀ ਹੋਰ ਇਲੈਕਟ੍ਰੋਨਿਕ ਵਸਤੂ ਜੇ
ਲਾਵਾਰਸ ਪਈ ਮਿਲੇ, ਉਸ ਨੂੰ ਹੱਥ ਨਹੀਂ ਲਗਾਉਣਾ। ਕੋਈ ਸ਼ੱਕੀ ਵਿਅਕਤੀ ਵੇਖੋ ਤਾਂ ਤੁਰੰਤ
ਤੁਰੰਤ ਪੁਲਸ ਨੂੰ ਸੂਚਿਤ ਕਰੋ।’ ਮੋਟਾ ਕਰ ਕੇ ਤਾਜ਼ਾ ਲਿਖਿਆ ਹੋਇਆ ਸੀ।
ਸਟੇਸ਼ਨ ਮਾਸਟਰ ਆਪ ਘਬਰਾਏ ਡਹਿਲੇ ਪਏ ਕਿਸੇ ਸੰਦੇਸ਼ ਦੀ ਇੰਤਜ਼ਾਰ ਵਿਚ ਤਾਰ-ਫਿਰਕੀ ਤੇ ਹੱਥ
ਟਿਕਾਈ ਬੈਠੇ ਸਨ। ਉਹ ਵੇਲੇ ਕੁਵੇਲੇ ਕੰਧਾਰੀ ਨੂੰ ਅੰਦਰ ਬਿਠਾ ਕੇ ਉਸ ਕੋਲੋਂ ਆਸ਼ੀਰਵਾਦ
ਲੈਂਦੇ, ਚਾਹ ਪਿਲਾਉਂਦੇ ਤੇ ਸਰਕਾਰੀ ਹੀਟਰ ਸੇਕਾਉਂਦੇ ਸਨ। ਖਾੜਕੂਆਂ ਦਾ ਦੁਵੱਲਾ ਡਰ ਸੀ,
ਪਤਾ ਨਹੀਂ ਕਿਹੜਾ ਕਿਹੜੇ ਪਾਸਿਉਂ ਬੁੱਕਲ ਵਿਚੋਂ ਕੋਈ ਹੱਥ ਖੋਲ੍ਹ ਕੇ ਛਾਣਾ ਮਾਰ ਜਾਏ।
‘ਮੇਰੇ ਹੁੰਦੇ ਇਸ ਠਿਕਾਣੇ ਕੋਈ ਬੰਬ ਬੰਦੂਕ ਮਾਰ ਨਹੀਂ ਕਰ ਸਕਦਾ। ਸਾਰੀ ਦੁਨੀਆ ਭਾਵੇਂ ਖ਼ਤਮ
ਹੋ ਜਾਏ ਪਰ ਇਸ ਦਾ ਪੱਤਾ ਨਹੀਂ ਹਿੱਲਦਾ।’ ਉਹ ਬੜੇ ਆਤਮ ਵਿਸ਼ਵਾਸ ਨਾਲ ਦਾਅਵਾ ਕਰਦਾ ਸੀ।
ਮੈਂ ਸਮਝ ਗਿਆ, ਅੱਜ ਇਸ ਕੰਧਾਰੀ ਦੇ ਪਕੜੇ ਜਾਣ ਅਤੇ ਸਵੇਰ ਦੀ ਸ਼ਾਨੇ ਪੰਜਾਬ ਵਿਚ ਬੰਬ ਹੋਣ
ਦੀ ਗਾਥਾ ਇਸ ਸਾਰੀ ਬੇਤਰਤੀਬੀ ਨਾਲ ਜੋੜੀ ਜਾ ਰਹੀ ਸੀ। ਮੇਰਾ ਜੀ ਕੀਤਾ ਮੈਂ ਸਵੇਰ ਵਾਲੀ ਉਸ
ਬੇਬੇ ਨੂੰ ਲੱਭ ਕੇ ਉਸ ਦੇ ਪੈਰ ਚੁੰਮਾਂ ਜਿਸ ਨੇ ਫੁਰਤੀ ਦਿਖਾ ਕੇ ਬਹਾਦਰੀ ਨਾਲ ਉਸ
ਅੱਤਵਾਦੀ ਕੋਲੋਂ ਝਪਟਾ ਮਾਰ ਕੇ ‘ਬੰਬ’ ਥੱਲੇ ਗਿਰਾ ਦਿੱਤਾ ਸੀ ਤੇ ਫੇਰ ਉਸ ਨੂੰ ਬਾਹਰ
ਸੁੱਟਣ ਲਈ ਮਜਬੂਰ ਕੀਤਾ ਸੀ। ਉਹ ਘਬਰਾਹਟ ਵਿਚ ਉਸ ‘ਬੰਬ’ ਦਾ ਬਟਨ ਨੱਪਣ ਜਾਂ ਪਲੀਤਾ ਖਿੱਚਣ
ਤੋਂ ਬਗੈਰ ਬਾਹਰ ਸੁੱਟ ਕੇ ਨਿਕਲ ਗਿਆ। ਜੇ ਉਹ ਰੱਬ ਦੀ ਭੇਜੀ ਹੋਈ ਮਾਈ ਨਾ ਬਹੁੜਦੀ ਤਾਂ
ਸਾਡੇ ਪਰਛੜੇ ਉੱਡ ਜਾਣੇ ਸਨ। ਮੈਂ ਅੰਦਰੇ ਹੀ ਅੰਦਰ ਆਪਣੀ ਹੋਣੀ ਤੇ ਖ਼ੁਸ਼ੀ ਪ੍ਰਗਟਾ ਰਿਹਾ
ਸੀ।
‘ਸਵੇਰੇ ਫਿਲੌਰ-ਲੌਢੂਵਾਲ ਦੇ ਦਰਮਿਆਨ ਰੇਲ ਗੱਡੀ ਵਿਚ ਬੰਬ ਤੋਂ ਬਚਾਅ, ਕੱਲ੍ਹ ਅੰਬਾਲਾ
ਨੇੜੇ ਰੇਲ ਦੇ ਡੱਬੇ ਪਟੜੀ ਤੋਂ ਉੱਤਰ ਗਏ, ਨਿਹੰਗ ਦੇ ਭੇਸ ਵਿਚ ਬਰਛਾ ਲਈ ਫਿਰਦਾ ਇਕ ਸ਼ੱਕੀ
ਕਾਬੂ ਤੇ ਢਿਲਵਾਂ ਵਿਖੇ ਇੱਕ ਪਾਕਿਸਤਾਨੀ ਮੇਜਰ ਪਟਰੋਲ-ਪੰਪ ਤੇ ਤੇਲ ਪਵਾਉਂਦਾ ਸਿਕਿਉਰਿਟੀ
ਅਧਿਕਾਰੀਆਂ ਦੇ ਅੜਿੱਕੇ’, ਆਦਿ ਖ਼ਬਰਾਂ/ਅਫ਼ਵਾਹਾਂ ਕਾਰਨ ਹਾਹਾਕਾਰ ਮੱਚੀ ਪਈ ਸੀ। ਨਕਲੀ
ਭਾਰਤੀ ਮੇਜਰ ਦੇ ਫੈਂਟਾ ਚੜ੍ਹਨ ਤੇ ਉਹ ਬਕ ਪਿਆ ਤੇ ਉਸ ਨੇ ਹੋਰ ਵੀ ਕਈ ਪੜਦੇ ਖੋਲ੍ਹ
ਦਿੱਤੇ। ਉਸੇ ਦੀ ਸੂਹ ਤੇ ਕੰਧਾਰੀ ਦਾ ਵੀ ਮਖੌਟਾ ਨੰਗਾ ਹੋ ਗਿਆ ਤੇ ਉਹ ਦਬੋਚਿਆ ਗਿਆ। ਉਸ
ਦੇ ਕਬਜ਼ੇ ਵਿਚੋਂ ਬਿਆਸ ਸਟੇਸ਼ਨ, ਬਿਆਸ ਦਰਿਆ ਤੇ ਸਤਲੁਜ ਪੁਲਾਂ ਦੇ ਨਕਸ਼ੇ ਸਮੇਤ ਹੋਰ ਗੁਪਤ
ਸਮਗਰੀ ਬਰਾਮਦ ਹੋ ਗਈ।
ਸਰਕਾਰ ਵੱਲੋਂ ‘ਰੈੱਡ ਅਲਰਟ’ ਜਾਰੀ ਕਰ ਦਿੱਤਾ ਗਿਆ। ਮੁਸਾਫ਼ਰਾਂ ਨੂੰ ਸਾਵਧਾਨ ਰਹਿਣ ਲਈ ਬਾਰ
ਬਾਰ ਘੋਸ਼ਣਾ ਕੀਤੀ ਜਾ ਰਹੀ ਸੀ।
‘ਕਿੱਦਾਂ ਹੋਊ ਖੁਰਾਣਾ ਸਾਹਿਬ, ਇਹ ਗੜਬੜ ਤਾਂ ਜੰਗਲ ਦੀ ਅੱਗ ਵਾਂਗ ਵਧਦੀ ਹੀ ਜਾਂਦੀ ਹੈ..
ਰੁਕਣ ਵਿਚ ਹੀ ਨਹੀਂ ਆਉਂਦੀ। ਗਰਮਾ ਗਰਮ ਅਫ਼ਵਾਹਾਂ ਦੇ ਲਾਂਬੂ ਪੰਜਾਬ ਨੂੰ ਝੁਲਸੀ ਜਾ ਰਹੇ
ਨੇ। ਹਿੰਦੂ ਸਿੱਖ ਭਾਈ ਭਾਈ ਇੱਕ ਦੂਸਰੇ ਦੇ ਖ਼ੂਨ ਪਿਆਸੇ ਪੰਜਾਬ ਦੇ ਮਿੱਠੇ ਪਾਣੀਆਂ ਵਿਚ
ਜ਼ਹਿਰ ਮਿਲਾਉਣ ਦੀ ਤਾਕ ਵਿਚ ਹਨ। ਰੱਸੀ ਨੂੰ ਸੱਪ ਸਮਝਣ ਦੀ ਹਾਲਾਤ ਨੇ ਸ਼ਹਿਰੀਆਂ ਦੇ ਮਨ
ਇੱਕ ਦੂਜੇ ਪ੍ਰਤੀ ਸ਼ੱਕ ਤੇ ਵਹਿਮ ਕੁੱਟ ਕੁੱਟ ਕੇ ਭਰ ਦਿੱਤਾ ਹੈ ਤੇ ਦੁੱਧ ਦੇ ਸੜੇ ਲੋਕ
ਲੱਸੀ ਨੂੰ ਫੂਕਾਂ ਮਾਰ ਕੇ ਪਰਖ ਰਹੇ ਹਨ। ਧਰਮ ਧਰਮ ਦੇ ਦੁਸ਼ਮਣ ਬਣ ਗਏ ਸਨ।’
ਸੰਤ ਰਾਮ ਨੇ ਹੱਥ ਮਿਲਾਉਂਦੇ ਮੇਰੇ ਮਨੋ-ਵਹਿਣ ਨੂੰ ਰੋਕ ਲਾ ਕੇ ਆਪਣੀ ਚਿੰਤਾ ਵੀ ਮੇਰੇ ਵੱਲ
ਸੁੱਟ ਮਾਰੀ। ਮੈਨੂੰ ਉਸ ਨਾਲ ਬੀਤੀ ਕਹਾਣੀ ਦਾ ਪਤਾ ਹੈ। ਉਸ ਨੂੰ ਵੇਖ ਕੇ ਮੇਰਾ ਚਿੱਤ
ਪ੍ਰਸੰਨ ਹੋ ਗਿਆ। ਇਹ ਜੁਗਾੜੀ ਬੰਦਾ ਹੈ, ਹੁਣ ਔਖੇ ਸੌਖੇ ਘਰ ਪਹੁੰਚ ਜਾਵਾਂਗੇ।
‘ਕੀ ਦੱਸਾਂ ਰਾਮ ਜੀ! ਮੈਂ ਵੀ ਤਾਂ ਤੜਕੇ ਸਵੇਰ ਦਾ ਘਰੋਂ ਨਿਕਲਿਆ ਬੰਬਾਂ ਬੰਦੂਕਾਂ ਦੇ
ਸਹਿਮ ਥੱਲੇ ਹੀ ਕਾਰਗੁਜ਼ਾਰੀ ਨਿਭਾਈ ਜਾਂਦਾ ਹਾਂ। ਸਵੇਰੇ ਜਾਣ ਸਮੇਂ ਇੱਕ ਅਲੋਕਾਰ ਘਟਨਾ ਘਟ
ਗਈ। ਗੱਡੀ ਵਿਚ ਬੰਬ ਹੋਣ ਕਾਰਨ ਉਨ੍ਹਾਂ ਗੱਡੀ ਲੌਢੂਵਾਲ ਲਾ ਦਿੱਤੀ। ਲੌਢੂਵਾਲ ਤੋਂ ਗੱਡੀ
ਛੱਡ ਕੇ ਮੁਸ਼ਕਲ ਦਫ਼ਤਰ ਪਹੁੰਚ ਕੇ ਦਿਨ ਦੀ ਸਰਸਰੀ ਕਾਰਗੁਜ਼ਾਰੀ ਪੂਰੀ ਕੀਤੀ ਤੇ ਮੁੜਦੇ
ਪੈਰੀਂ ਵਾਪਸ ਚੱਲ ਪਏ। ਕਈ ਬੱਸਾਂ ਕਾਰਾਂ ਟਰੱਕ ਬਦਲ ਕੇ ਇੱਥੇ ਤੱਕ ਪਹੁੰਚਣਾ ਨਸੀਬ ਹੋਇਆ।
ਸਵੇਰ ਦੀ ਹੱਡਾਂ ਤੇ ਬੀਤੀ ਤ੍ਰਾਸਦੀ ਹੱਡ ਕੜਕਾ ਰਹੀ ਤੇ ਦਿਮਾਗ਼ ਟੁਣਕਾ ਰਹੀ ਹੈ। ਇੱਥੇ
ਪਹੁੰਚ ਕੇ ਉਮੀਦ ਜਾਗੀ ਸੀ ਕਿ ਇੱਥੋਂ ਤਾਂ ਕੋਈ ਇੰਤਜ਼ਾਮ ਹੋ ਜਾਊ ਪਰ ਇੱਥੇ ਵੀ ਤਿੰਨ ਕਾਣੇ
ਹੀ ਨਜ਼ਰ ਆ ਰਹੇ ਨੇ।’
‘ਇਹ ਤਾਂ ਸਾਡੀ ਜਿ਼ੰਦਗੀ ਦੇ ਰੋਜ਼ਾਨਾ ਅਭਿਆਸ ਹੋ ਗਏ ਨੇ, ਰੱਬ ਬਚਾਏ ਪੰਜਾਬ ਨੂੰ ਇਨ੍ਹਾਂ
ਮਾੜੇ ਮਨਹੂਸ ਮਨਸੂਬਿਆਂ ਤੋਂ।’ ਉਸ ਨੇ ਬੇਪਰਵਾਹੀ ਜਿਹੀ ਵਿਚ ਕੁੱਝ ਸ਼ਬਦ ਉਚਾਰੇ ਤੇ ਕਿਸੇ
ਗੱਡੀ ਦੀ ਬਿੜਕ ਲੈਣ ਲਈ ਬਿਆਸ ਪੁਲ ਵੱਲ ਨਜ਼ਰ ਦੁੜਾਉਂਦਾ ਉੱਧਰ ਹੋ ਗਿਆ।
ਸਟੇਸ਼ਨ ਮਾਸਟਰ ਨੂੰ ਅੰਮ੍ਰਿਤਸਰ ਜਾਣ ਵਾਲੀਆਂ ਗੱਡੀਆਂ ਦੀ ਟਾਈਮ ਟੇਬਲ ਬਾਰੇ ਪੁੱਛਿਆ ਗਿਆ
ਤਾਂ ਉਹ ਟੁੱਟ ਕੇ ਪੈ ਗਿਆ।
‘ਤੁਹਾਨੂੰ ਇੱਕ ਵੇਰਾਂ ਦੱਸਿਆ ਪਈ ਸ਼ਾਮ ਤੱਕ ਕਿਸੇ ਮੁਸਾਫ਼ਰ ਗੱਡੀ ਦੇ ਔਣ ਦੀ ਸੰਭਾਵਨਾ
ਨਹੀਂ।’ ਉਹ ਪਹਿਲਾਂ ਹੀ ਅੱਕਿਆ ਪਿਆ ਸੀ। ਸਟੇਸ਼ਨ ਬਾਬੂ ਦੀ ਕਰਾਰੀ ਜਿਹੀ ਭਬਕ ਨੇ ਅਗਲੇ
ਸਵਾਲਾਂ ਨੂੰ ਬੰਨ੍ਹ ਮਾਰ ਦਿੱਤਾ।
‘ਮਾਰੇ ਗਏ ਅੱਜ!.. ਸੰਤ ਰਾਮ ਨੇ ਸਾਰਿਆਂ ਦੇ ਹਉਕਿਆਂ ਦੀ ਤਰਜਮਾਨੀ ਕਰਦਾ ਲੰਬਾ ਹਉਕਾ
ਭਰਿਆ। ਸੰਤ ਰਾਮ ਰਿਟਾਇਰ ਹੋਣ ਕੰਢੇ ਹੈ ਤੇ ਕਪੂਰਥਲਾ ਵਿਖੇ ਖੇਤੀ ਅਫ਼ਸਰ ਵਜੋਂ ਤਾਇਨਾਤ ਹੈ।
ਕੁੱਝ ਮਹੀਨੇ ਪਹਿਲਾਂ ਭਾਊ ਉਹਨੂੰ ਚੁੱਕ ਕੇ ਮੰਡ ਵਿਚ ਲੈ ਗਏ ਸਨ ਤੇ ਪੰਜਾਹ ਹਜਾਰ ਦੇ ਸੌਦੇ
ਵਿਚ ਕੰਮ ਨਿੱਬੜਿਆ ਸੀ। ਪਿਛਲੇ ਕੁੱਝ ਅਰਸੇ ਵਿਚ ਖਾੜਕੂਆਂ ਵੱਲੋਂ ਕਈ ਗੱਡੀਆਂ ਬੱਸਾਂ ਅਗਵਾ
ਕਰ ਕੇ ਲੁੱਟੀਆਂ ਗਈਆਂ ਸਨ। ਆਪਣੀ ਜਾਨ ਬਖ਼ਸ਼ੀ ਕਰਵਾ ਕੇ ਹੁਣ ਕੇਸ ਦਾੜ੍ਹੀ ਸਜਾ ਕੇ ਪੂਰੀ
ਤਰ੍ਹਾਂ ਸਿੰਘ ਸਜ ਗਿਆ ਹੈ। ਮਹਿਕਮੇ ਵਾਲਿਆਂ ਦੀ ਉਸ ਨਾਲ ਹਮਦਰਦੀ ਹੈ। ਫ਼ੀਲਡ ਜਾਬ ਹੋਣ
ਕਾਰਨ ਢਿਲਵਾਂ ਤੱਕ ਉਸ ਦਾ ਸਰਕਾਰੀ ਅਧਿਕਾਰ ਖੇਤਰ ਹੈ ਤੇ ਜੀਪ ਉਸ ਦਾ ਸਾਥ ਦਿੰਦੀ ਬਿਆਸ
ਤੱਕ ਛੱਡ ਜਾਂਦੀ ਹੈ। ਉਹ ਵੀ ਹਰ ਰੋਜ਼ ਇੱਥੋਂ ਹੀ ਰੇਲ ਗੱਡੀ ਲੈ ਕੇ ਅੰਮ੍ਰਿਤਸਰ ਆਉਂਦਾ
ਜਾਂਦਾ ਹੈ।
ਬਾਬੂ ਜੀ ਸਾਡੀ ਹਾਲਤ ਵੇਖ ਕੇ ਜਲੰਧਰ ਕੰਟਰੋਲ ਰੂਮ ਨੂੰ ਪੁੱਛਣ ਵਾਸਤੇ ਫ਼ੋਨ ਫਿਰਕੀ ਘੁਮਾਉਣ
ਲੱਗੇ।
ਘੰਟੀ ਜਿਹੀ ਵੱਜੀ ਤੇ ਹੈਲੋ! ਦੀ ਉਧਰਲੀ ਆਵਾਜ਼ ਨਾਲ ਸਾਰਿਆਂ ਨੇ ਸਾਹ ਰੋਕ ਲਏ।
‘ਕੋਈ ਗੱਡੀ ਨਹੀਂ ਐ ਭਰਾਓ! ਹੁਣ ਮਾਲ ਗੱਡੀ ਆ ਰਹੀ ਹੈ।’ ਉਧਰਲੀ ਆਵਾਜ਼ ਸੁਣ ਕੇ ਬਾਬੂ ਨੇ
ਹਥਿਆਰ ਸੁੱਟ ਦਿੱਤੇ।
‘ਚਲੋ ਸਜਣੋਂ! ਅੱਜ ਮਾਲ ਗੱਡੀ ਦੀ ਸਵਾਰੀ ਕਰ ਕੇ ਵੇਖ ਲਈਏ।’
ਇੱਕ ਦੀ ਚੁਟਕੀ ਤਜਵੀਜ਼ ਨਾਲ ਸਭ ਦੇ ਉਦਾਸ ਹੋਏ ਚਿਹਰਿਆਂ ਤੇ ਕੁੱਝ ਰੌਣਕ ਪਰਤ ਆਈ।
‘ਉਹ ਇੱਥੇ ਰੁਕਣੀ ਨਹੀਂ।’ ਬਾਬੂ ਦਾ ਖ਼ੁਸ਼ਕੀ ਭਰਿਆ ਕੋਰਾ ਜੁਆਬ ਭਾਰੇ ਪੱਥਰ ਵਾਂਗ ਮੁਸਾਫ਼ਰਾਂ
ਦੇ ਸੀਨੇ ਦਰੜ ਗਿਆ।
‘ਤੁਸੀਂ ਮਿਹਰਬਾਨੀ ਕਰ ਕੇ ਕੋਈ ਉਪਰਾਲਾ ਕਰੋ ਕਿ ਕਿਸੇ ਤਰ੍ਹਾਂ ਗੱਡੀ ਇੱਥੇ ਹੌਲੀ ਹੋ
ਜਾਏ... ਭਾਵੇਂ ਖੜ੍ਹੀ ਨਾ ਹੋਵੇ।.. ਫਿਰ ਅਸੀਂ ਆਪੇ ਨਜਿੱਠ ਲਵਾਂਗੇ।’ ਫੂਡ ਕਾਰਪੋਰੇਸ਼ਨ
ਦੇ ਰੋਜ਼ਾਨਾ ਯਾਤਰੀ ਤੇ ਸਕੂਲ ਮਾਸਟਰਾਂ ਦਾ ਉਹ ਵਾਕਫ਼ ਹੀ ਨਹੀਂ ਸਗੋਂ ਹਮ-ਪਿਆਲਾ ਵੀ ਸੀ,
ਵਿਚੋਂ ਕਿਸੇ ਨੇ ਤਰਲਾ ਕੀਤਾ।
‘ਮੇਰੀ ਨੌਕਰੀ ਨੂੰ ਖ਼ਤਰਾ ਪੈਦਾ ਹੋ ਜਾਏਗਾ ਪਰ ਤੁਸੀਂ ਵੀ ਆਪਣੇ ਸਾਂਢੂ ਹੋ.. ਦੇਖੋ!
ਕੋਸਿ਼ਸ਼ ਕਰ ਵੇਖਦੇ ਹਾਂ।’ ਉਹ ਕੁੱਝ ਤਰਲ ਹੋ ਗਿਆ।
ਟਰੇਨ ਨੂੰ ਉਸ ਨੇ ‘ਹਰਾ’ ਯਾਨੀ ਕਿ ਨਾਨ-ਸਟਾਪ ਸਿਗਨਲ ਦੇ ਦਿੱਤਾ ਤੇ ਸਾਨੂੰ ਕਿਹਾ, ‘ਚਿੰਤਾ
ਨਾ ਕਰੋ ਗੱਡੀ ਜ਼ਰੂਰ ਰੁਕੇਗੀ।’
ਉਹ ਝੰਡੀਆਂ ਲੈ ਕੇ ਪਲੇਟਫ਼ਾਰਮ ਤੇ ਨਿਕਲ ਆਇਆ। ਦੂਰੋਂ ਧੀਮੀ ਜਿਹੀ ਰਫ਼ਤਾਰ ਨਾਲ ਕੋਈ ਗੱਡੀ
ਸੀਟੀਆਂ ਮਾਰਦੀ ਆ ਰਹੀ ਸੀ। ਉਹ ਉੱਚੇ ਹੱਥ ਕਰ ਕੇ ਗੱਡੀ ਵੱਲ ਨੂੰ ਕਾਹਲੇ ਕਦਮੀਂ ਹੋਇਆ ਤੇ
ਖ਼ਤਰੇ ਦਾ ਨਿਸ਼ਾਨ, ਲਾਲ ਝੰਡੀ ਸਾਹਮਣੇ ਕਰ ਦਿੱਤੀ। ਫਿਰ ਇਕਦਮ ਉਸ ਨੇ ਪੈਂਤੜਾ ਬਦਲ ਲਿਆ ਤੇ
ਹਰੀ ਝੰਡੀ ਮੂਹਰੇ ਕਰ ਦਿੱਤੀ। ਇਹ ਪਥ-ਪ੍ਰਦਰਸ਼ਕ ਇੰਜਨ ਸੀ ਜੋ ਲੁਧਿਆਣੇ-ਅੰਮ੍ਰਿਤਸਰ
ਵਿਚਕਾਰ ਹਰ ਗੱਡੀ ਤੋਂ ਪਹਿਲਾਂ ਰੇਲ ਪਟੜੀ ਦੀ ਟੋਹਾ-ਟਾਹੀ ਵਾਸਤੇ ਚਲਾਇਆ ਜਾਂਦਾ ਸੀ।
ਰੇਲਵੇ ਲਾਈਨ ਤੇ ਕਈ ਥਾਂਈਂ ਫ਼ਿਸ਼-ਪਲੇਟਾਂ ਉੱਖੜੀਆਂ ਵੇਖ ਕੇ ਹੋਰ ਤੋੜ-ਫੋੜ ਦੇ ਡਰੋਂ ਇਹ
ਸਿਲਸਿਲਾ ਸ਼ੁਰੂ ਕੀਤਾ ਗਿਆ ਸੀ। ਰੇਲਵੇ ਲਾਈਨ ਦੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਪਟੜੀ ਦੀ
ਰਾਖੀ ਲਈ ਜਿ਼ੰਮੇਵਾਰੀ ਸੌਂਪੀ ਗਈ ਸੀ ਤੇ ਇਸ ਨੂੰ ਨਿਭਾਉਣ ਵਾਸਤੇ ਠੀਕ੍ਹਰੀ-ਪਹਿਰੇ ਲਗਾਏ
ਜਾਂਦੇ ਸਨ।
ਪਥ-ਪ੍ਰਦਰਸ਼ਕ ਦੇ ਪਿੱਛੇ ਝਬਦੇ ਹੀ ਕੋਈ ਮਿਲਟਰੀ-ਸਪੈਸ਼ਲ ਨਾਨ-ਸਟਾਪ ਟਰੇਨ ਪਲੇਟਫ਼ਾਰਮ ਤੇ
ਧੂੜ ਉਡਾਉਂਦੀ ਹੂੰਝਾ ਫੇਰਦੀ ਆਈ। ਬਾਬੂ ਨੇ ਸਾਡੇ ਤੇ ਅਹਿਸਾਨ ਚੜ੍ਹਾਉਣ ਖ਼ਾਤਰ ਲਾਲ ਝੰਡੀ
ਦਿਖਾਉਂਦੇ ਦਿਖਾਉਂਦੇ ਇਕਦਮ ਹਰੀ ਝੰਡੀ ਉੱਚੀ ਕਰ ਦਿੱਤੀ। ਗੱਡੀ ਆਪਣੀ ਚਾਲੇ ਨਿਕਲ ਗਈ।
ਪਿੱਛੇ ਮੁੜ ਕੇ ਉਸ ਨੇ ਮੱਥੇ ਤੇ ਪਸੀਨੇ ਦੀਆਂ ਉੱਭਰ ਆਈਆਂ ਬੂੰਦਾਂ ਸੱਜੇ ਹੱਥ ਦੀ ਉਂਗਲ
ਨਾਲ ਸਾਫ਼ ਕੀਤੀਆਂ।
‘ਲੋਹੜਾ ਵੱਜਣ ਲੱਗਾ ਸੀ! ਮੈਨੂੰ ਤੇ ਹੁਣੇ ਉਨ੍ਹਾਂ ਨਾਲ ਹੀ ਬਿਠਾ ਲੈਣਾ ਸੀ ਤੇ ਬੱਕਰੇ
ਵਾਂਗ ਝਟਕਾਉਣਾ ਸੀ.. ਜਾਂ ਘਰ ਦਾ ਰਸਤਾ ਵਿਖਾ ਦੇਣਾ ਸੀ।’ ਉਸ ਨੇ ਝੂਠਾ ਜਿਹਾ ਹੱਸਣ ਦੀ
ਕੋਸਿ਼ਸ਼ ਕੀਤੀ। ਪੰਜ ਸੱਤ ਮਿੰਟ ਵਿਚ ਇਹ ਗੱਡੀ ਬੁਟਾਰੀ ਸਟੇਸ਼ਨ ਟੱਪ ਗਈ।
‘ਕੋਈ ਕਾਰ ਟੈਕਸੀ ਮਿਲ ਜਾਏ ਤਾਂ ਘਰੋ ਘਰੀਂ ਪੁੱਜਣ ਦਾ ਪ੍ਰਬੰਧ ਹੋ ਜਾਏ, ਰੂਪੈ ਭਾਵੇਂ ਸੌ
ਸੌ ਲੱਗ ਜਾਣ।’ ਇੱਕ ਸ਼ਰੀਫ਼ਜ਼ਾਦੇ ਦੀ ਸਲਾਹ ਨਾਲ ਸਾਰਿਆਂ ਨੇ ਸਹਿਮਤੀ ਵਿਚ ਸਿਰ ਹਿਲਾਏ।
ਅੰਮ੍ਰਿਤਸਰ ਜਾਣ ਵਾਲੇ ਸਾਰੇ ਮੁਸਾਫ਼ਰ ਇਕੱਠੇ ਹੋ ਗਏ।
‘ਏਨੀ ਨਾਕਸ ਹਾਲਤ ਦਾ ਪਤਾ ਹੁੰਦਾ ਤਾਂ ਆਪਣੀ ਸਰਕਾਰੀ ਜੀਪ ਹੀ ਅੰਮ੍ਰਿਤਸਰ ਲੈ ਜਾਂਦੇ।'
ਸੰਤ ਰਾਮ ਹੋਰਾਂ ਸਾਥੀਆਂ ਨੂੰ ਝੂਠਾ ਦਿਲਾਸਾ ਦੇ ਰਿਹਾ ਸੀ। ਉਸ ਦਾ ਆਪਣਾ ਚਿਹਰਾ ਵੀ
ਮਸੋਸਿਆ ਉੱਖੜਿਆ ਪਿਆ ਸੀ। ਟਨ ਟਨ ਘੰਟੀ ਦੀ ਆਵਾਜ਼ ਨਾਲ ਤਾਰ ਬਾਬੂ ਫੇਰ ਅੰਦਰ ਦੌੜਿਆ ਤੇ
ਨਾਲ ਹੀ ਸਾਰਾ ਹਜੂਮ ਉਸ ਦੇ ਪਿੱਛੇ ਅੰਦਰ ਧੁੱਸ ਗਿਆ। ਬਾਬੂ ਦੇ ਬੇਲਦਾਰ ਨੇ ਦਰਵਾਜ਼ੇ ਅੱਗੇ
ਖੜੋ ਕੇ ਅੰਦਰ ਜਾਣ ਤੋਂ ਰੋਕਣ ਦੀ ਕੋਸਿ਼ਸ਼ ਕੀਤੀ ਪਰ ਯਾਤਰੂਆਂ ਦਾ ਲੜਾਕਾਪਣ ਭਾਂਪ ਕੇ
ਪਿੱਛੇ ਹਟ ਗਿਆ। ਪਲੇਟਫ਼ਾਰਮ ਤੇ ਫਿਰਦੇ ਪੁਲਸੀਏ ਵੀ ਮੁਸਾਫ਼ਰਾਂ ਦੀਆਂ ਹਰਕਤਾਂ ਤਾੜ ਕੇ ਬਾਬੂ
ਦੇ ਦਰਵਾਜ਼ੇ ਤੇ ਡੰਡੇ ਖੜਕਾਉਂਦੇ ਪਹੁੰਚ ਗਏ।
‘ਹੁਣ ਠੀਕ ਹੀ ਮਾਲ ਗੱਡੀ ਆ ਰਹੀ ਹੈ ਪਰ ਇਹ ਇੱਥੇ ਨਹੀਂ ਰੁਕਣੀ।’ ਤਾਰ ਬਾਬੂ ਨੇ ਪੁਸ਼ਟੀ
ਕਰਦੇ ਹੱਥ ਹਿਲਾਏ।
ਗੱਡੀਆਂ ਦੀਆਂ ਪਹਿਲੀਆਂ ਕਈ ਝਕਾਨੀਆਂ ਨਾਲ ਇਹ ਬੇਯਕੀਨੀ ਹੋਰ ਵਧ ਗਈ ਸੀ। ਬਾਬੂ ਨੇ ਕੋਰੀ
ਨਾਂਹ ਵਿਚ ਹੱਥ ਹਿਲਾਉਂਦੇ ਮੁਸਾਫ਼ਰਾਂ ਦੇ ਕਾਲਜੇ ਹੱਥ ਪਾ ਲਿਆ।
ਹੁਣ ਉਸ ਤੇ ਹੋਰ ਜ਼ੋਰ ਪਾਉਣ ਦਾ ਕਿਸੇ ਨੇ ਹੀਆ ਨਹੀਂ ਕੀਤਾ। ਬਿਆਸ ਪੁਲ਼ ਤੇ ਖੜੱਪ ਖੜੱਪ
ਕਰਦੀ ਆਉਂਦੀ ਗੱਡੀ ਵੱਲ ਭੁੱਖੀਆਂ ਗਿਰਝਾਂ ਵਾਂਗ ਝਾਕਦੇ ਮੁਸਾਫ਼ਰ ਪਲੇਟਫ਼ਾਰਮ ਤੇ ਨਿਕਲ ਆਏ।
ਬੜੀ ਨਿਮਰਤਾ ਸਹਿਤ ਭੀਖ ਮੰਗਦੀ ਰਹਿਮ ਦੀ ਅਪੀਲ ਕਰਦੇ ਬਹੁਤ ਸਾਰੇ ਹੱਥ ਉੱਚੇ ਹੋਏ ਤੇ ਇੰਜਨ
ਵੱਲ ਹਿੱਲਣ ਲੱਗੇ। ਗੱਡੀ ਹੌਲੀ ਹੌਲੀ ਸਟੇਸ਼ਨ ਯਾਰਡ ਅੰਦਰ ਪਹੁੰਚ ਗਈ। ਡਰਾਈਵਰ ਨੇ ਹੱਥ ਦੇ
ਇਸ਼ਾਰੇ ਨਾਲ ਸਭ ਦਾ ਹੁੰਗਾਰਾ ਦਿੱਤਾ ਪਰ ਵੇਖਦੇ ਵੇਖਦੇ ਇੰਜਨ ਅੱਗੇ ਲੰਘ ਗਿਆ।
‘ਠਹਿਰੋ! ਠਹਿਰੋ! ਸਾਨੂੰ ਲੈ ਚੱਲੋ..।’ ਖੜ੍ਹੀਆਂ ਸਵਾਰੀਆਂ ਨੇ ਇੰਜਨ ਡਰਾਈਵਰ ਵੱਲ ਹੱਥ
ਜੋੜੇ।
ਗੱਡੀ ਹੋਰ ਤੇਜ਼ ਨਹੀਂ ਹੋਈ ਸਗੋਂ ਹੌਲੀ ਹੁੰਦੀ ਹੁੰਦੀ ਬਰੇਕਾਂ ਮਾਰਦੀ ਰੁਕ ਗਈ। ਸਾਰੇ
ਡੱਬਿਆਂ ਨੂੰ ਤਾਲੇ ਤੇ ਸੀਲਾਂ ਲੱਗੀਆਂ ਹੋਈਆਂ ਸਨ। ਕੁੱਝ ਪਸ਼ੂਆਂ ਵਾਲੀਆਂ ਬੋਗੀਆਂ ਦੇ
ਦਰਵਾਜ਼ੇ ਭੇੜ ਕੇ ਜਾਲੀਦਾਰ ਪੜਦੇ ਲਗਾਏ ਹੋਏ ਸਨ। ਮੁਸਾਫ਼ਰਾਂ ਦੇ ਚੜ੍ਹਨ ਵਾਸਤੇ ਸਿਰਫ਼ ਗਾਰਡ
ਦਾ ਹੀ ਇਕ ਡੱਬਾ ਸੀ ਜਾਂ ਇਕ ਅਧੀਆ ਜਿਹਾ ਪੁਲਸ ਗਾਰਦ ਦਾ ਸੀ। ਸਾਰੇ ਯਾਤਰੀ ਪਿੱਛੇ ਦੌੜਦੇ
ਗਾਰਡ ਕੈਬਿਨ ਕੋਲ ਪਹੁੰਚ ਗਏ। ਉਸ ਨੇ ਦੂਰੋਂ ਹੀ ਕੱਟੇ ਵਾਂਗ ਸਿਰ ਹਿਲਾ ਕੇ ਸਭ ਦੀਆਂ ਆਸਾਂ
ਚਕਨਾਚੂਰ ਕਰ ਦਿੱਤੀਆਂ।
‘ਜਨਾਬ ਇਹ ਚੜ੍ਹਾਊ ਗੱਡੀ ਨਹੀਂ, ਮਾਲ-ਡੰਗਰ ਵਾਲੀ ਗੱਡੀ ਹੈ।’
‘ਸ਼ਰਮਾ ਜੀ ਅੱਜ ਸਾਨੂੰ ਡੰਗਰ ਹੀ ਸਮਝ ਲਓ, ਲੋੜ ਵੇਲੇ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ
ਹੈ। ਅੱਧਾ ਪੌਣਾ ਘੰਟਾ ਸਾਨੂੰ ਮਾਲ-ਡੰਗਰ ਪਸ਼ੂ-ਢਾਂਡਾ ਬਣਨ ਦਾ ਤਜਰਬਾ ਕਰ ਕੇ ਵੇਖ ਲੈਣ
ਦਿਓ।’ ਮੈਂ ਕੁੱਝ ਗ਼ਲਤ ਕਹਿ ਬੈਠਾ ਸਾਂ ਮੈਨੂੰ ਭਚੱਤਰੀ ਜਿਹੀ ਲੱਗ ਗਈ ਪਰ ਸ਼ੁਕਰ! ਉਨ੍ਹਾਂ
ਸ਼ਾਇਦ ਨੋਟ ਨਹੀਂ ਕੀਤੀ।
‘ਓ ਮੇਰੇ ਵੀਰੇ! ਮੇਰੇ ਛੋਟੇ ਛੋਟੇ ਬਾਲ ਬੱਚੇ ਕੌਣ ਪਾਲ਼ੂ? ਉਨ੍ਹਾਂ ਅਗਲਿਆਂ ਨੇ ਚਾਰਜਸ਼ੀਟ
ਤੋਂ ਬਿਨਾ ਹੀ ਬੋਰੀਆ ਬਿਸਤਰਾ ਬੰਨ੍ਹਾਂ ਦੇਣਾ ਮੇਰਾ।’ ਬਾਬੂ ਨੇ ਆਪਣੀ ਮਜਬੂਰੀ ਪ੍ਰਗਟਾਈ।
ਉਸ ਦਾ ਕਾਂਟੇਦਾਰ ਟੋਟਕਾ ਝੋਲੀ ਪੁਆ ਕੇ ਟਰੇਨ ਦੇ ਵਿਚਕਾਰ ਜਿਹੇ ਪੁਲਸ-ਗਾਰਦ ਦੀ ਬੋਗੀ ਵੱਲ
ਨੂੰ ਦੌੜੇ, ਸ਼ਾਇਦ ਉਨ੍ਹਾਂ ਵਿਚੋਂ ਕੋਈ ਸਖ਼ੀ ਸ਼ਰੀਫ਼ ਮੰਨ ਜਾਵੇ।
‘ਬੱਚਿਆਂ ਵਾਲ਼ਿਓਂ! ਜਮਾਦਾਰ ਜਨਾਬ ਜੀ! ਅੱਜ ਮਿਹਰਬਾਨੀ ਕਰ ਦਿਓ। ਅਸੀਂ ਜ਼ਿੰਮੇਵਾਰ ਸਰਕਾਰੀ
ਮੁਲਾਜ਼ਮ ਹਾਂ। ਸਾਰਿਆਂ ਨੇ ਬਾਬੇ ਦੀ ਨਗਰੀ ਜਾਣਾ ਹੈ... ਹੋਰ ਕੋਈ ਹੀਲਾ-ਵਸੀਲਾ ਨਹੀਂ
ਬਣਦਾ। ਰਾਤ ਤੱਕ ਕੋਈ ਗੱਡੀ ਨਹੀਂ ਆਉਣੀ। ਗਾਰਡ ਕਹਿੰਦਾ ਤੁਹਾਨੂੰ ਪੁੱਛ ਵੇਖੀਏ।’ ਅਦਨੇ
ਜਿਹੇ ਇੱਕ ਸਾਊ ਜ਼ਰੂਰਤਮੰਦ ਨੇ ਅੱਗੇ ਲੱਗ ਕੇ ਮਰਾਸੀਆਂ ਵਰਗੀ ਕਲਿਆਣ ਵਿਚ ਗੁਹਾਰ ਲਗਾਈ।
‘ਤੁਸੀਂ ਸਾਰੇ ਪੜ੍ਹੇ ਲਿਖੇ ਬੁੱਧੀਮਾਨ ਹੋ। ਗੱਡੀ ਦਾ ਅਸਲੀ ਨਿਗਰਾਨ ਤਾਂ ਗਾਰਡ ਹੀ ਹੈ ਤੇ
ਜੇ ਉਹਨੇ ਤੁਹਾਨੂੰ ਸਾਡੇ ਵੱਲ ਤੋਰ ਦਿੱਤਾ ਹੈ ਤਾਂ ਆਪੇ ਹੀ ਸੋਚੋ ਇਸ ਦਾ ਕੀ ਮਤਲਬ ਹੈ।
ਉਹਨੇ ਤੁਹਾਨੂੰ ਟਰਕਾਈ ਲਾ ਦਿੱਤੀ ਹੈ। ਮੇਰੀ ਤੁਹਾਡੇ ਨਾਲ ਹਮਦਰਦੀ ਹੈ.. ਸਾਡੇ ਮੁਲਾਜ਼ਮ
ਭਰਾ ਹੋ, ਪਰ ਉਹਨੇ ਅੰਬਰਸਰ ਜਾਂਦਿਆਂ ਹੀ ਸਾਡੀ ਸ਼ਿਕਾਇਤ ਲਾ ਦੇਣੀ ਆ ਕਿ ਇਨ੍ਹਾਂ ਪੈਸੇ ਲੈ
ਕੇ ਬੰਦੇ ਚੜ੍ਹਾ ਲਿਆਉਂਦੇ ਨੇ। ਇਸ ਮਾਮਲੇ ਵਿਚ ਅਸੀਂ ਪਹਿਲਾਂ ਹੀ ਬਹੁਤ ਬਦਨਾਮ ਹੋਏ ਪਏ
ਹਾਂ।’
‘ਅਸੀਂ ਪੈਸੇ ਦੇਣ ਨੂੰ ਤਿਆਰ ਹਾਂ ਮੋਤੀਆਂ ਵਾਲ਼ਿਓਂ! ਅੱਜ ਸਾਡੀ ਜਾਨ ਬਚਾ ਲਓ। ਸਾਨੂੰ
ਸਰਕਾਰੀ ਅਫ਼ਸਰ ਨਾ ਸਮਝੋ, ਅੱਜ ਆਪਣੀ ਮੁਰਗੀ ਹੀ ਸਮਝ ਲਓ... ਸਾਡੇ ਬੱਚੇ ਘਰ ਸਾਨੂੰ ਉਡੀਕ
ਰਹੇ ਨੇ।’
ਪੈਸਿਆਂ ਦੇ ਨਾਂ ਨੂੰ ਉਨ੍ਹਾਂ ਨੇ ਕੰਨ ਉੱਚੇ ਕੀਤੇ ਤੇ ਸਾਨੂੰ ਵੀ ਕੁੱਝ ਉਮੀਦ ਜਾਗ ਪਈ।
ਰੁਟੀਨ ਦੇ ਸਫ਼ਰ ਦੌਰਾਨ ਇਹ ਗਾਰਦ ਪੈਸੇ ਖ਼ਰਚਣ ਵਾਲੇ ਯਾਤਰੀਆਂ ਨੂੰ ਪਹਿਲੇ ਦਰਜੇ ਦੇ ਡੱਬਿਆਂ
ਵਿਚ ਚੜ੍ਹਾ ਕੇ ਨੇਕਨਾਮੀ ਖੱਟਦੇ ਮੈਂ ਕਈ ਵੇਰਾਂ ਵੇਖੇ ਸੁਣੇ ਹਨ। ਬਹੁਤੀ ਵੇਰਾਂ ਇਹ
ਭੀੜ-ਭੜੱਕੇ ਵਾਲੀ ਗੱਡੀ ਵਿਚ ਆਪਣੇ ਵਾਸਤੇ ਰਾਖਵੀਂਆਂ ਰੱਖੀਆਂ ਸੀਟਾਂ ਤੇ ਵਾਧੂ ਪੈਸੇ ਲੈ
ਕੇ ਯਾਤਰੀਆਂ ਨੂੰ ਬਿਠਾ ਕੇ ਅਹਿਸਾਨ ਜਤਾਉਂਦੇ ਉਨ੍ਹਾਂ ਦੀ ਮਦਦ ਕਰ ਦਿੰਦੇ ਹਨ। ਅੱਜ ਮਾਲ
ਗੱਡੀ ਵਿਚ ਉਨ੍ਹਾਂ ਦੇ ਨਾਲ ਸੀ. ਆਰ. ਪੀ. ਐੱਫ. ਦੀ ਡਿਊਟੀ ਅਸਾਧਾਰਨ ਹਾਲਤਾਂ ਦੀ ਸੂਚਕ
ਸੀ। ਉਹ ਮੱਥੇ ਤੇ ਨਾਂਹ-ਵਾਚਕ ਬੈਨਰ ਲਟਕਾ ਕੇ ਨਾਂਹ-ਵਾਚਕ ਹੱਥ ਹਿਲਾ ਰਹੇ ਸਨ। ਸਾਡੀ ਮਦਦ
ਵਾਸਤੇ ਉਨ੍ਹਾਂ ਦੇ ਮਨ ਅੰਦਰ ਕੁੱਝ ਕੁੱਝ ਸਹਿਮਤੀ ਜ਼ਾਹਿਰ ਹੋਈ। ਏਦਾਂ ਪ੍ਰਤੀਤ ਹੁੰਦਾ ਸੀ
ਕਿ ਉਹ ਆਪਣੀਆਂ ਅਸਾਮੀਆਂ ਪੱਕੀਆਂ ਕਰਨ ਲਈ ਹੋਰ ਭਾਰਾਂ ਤੇ ਪੈਂਦੇ ਉਨ੍ਹਾਂ ਨੂੰ ਝਟਕਾਉਣ ਦਾ
ਡਰਾਮਾ ਖੇਲ੍ਹ ਰਹੇ ਸਨ। ਆਪਣੀ ਅੜੀ ਦੀ ਪ੍ਰੋੜ੍ਹਤਾ ਵਾਸਤੇ ਉਹ ਥੱਲੇ ਉੱਤਰ ਕੇ ਤਰਲੇ
ਕਰਦੀਆਂ ਸਵਾਰੀਆਂ ਵੱਲ ਡੇਲੇ ਭੰਗਾਰਦੇ ਝਾਕਣ ਲੱਗੇ।
‘ਨਹੀਂ ਸੌਰੀ! ਅਸੀਂ ਨਹੀਂ ਚੜ੍ਹਾ ਸਕਦੇ... ਡਰੈਵਰ ਨੂੰ ਪੁੱਛ ਵੇਖੋ।’
ਥਾਣੇਦਾਰ ਇੰਚਾਰਜ ਨੇ ਪਿੱਛੇ ਗਾਰਡ ਵੱਲ ਸੁਆਲੀਆ ਨਜ਼ਰਾਂ ਮਿਲਾਉਂਦੇ ਅੱਗੇ ਵੱਲ ਨੂੰ
ਇਸ਼ਾਰਾ ਕੀਤਾ। ਉਨ੍ਹਾਂ ਦੇ ਤੋੜ-ਵਿਛੋੜੀ ਵਾਲੇ ਖਰ੍ਹਵੇ ਜਿਹੇ ਬੋਲਾਂ ਨੇ ਪੁੰਗਰੀਆਂ
ਉਮੀਦਾਂ ਤੇ ਗੜੇਮਾਰ ਕਰ ਦਿੱਤੀ। ਗੱਡੀ ਦੇ ਅਹਿਲਕਾਰਾਂ ਤੱਕ ਸਾਰੇ ਦਾਅ-ਪੇਚ ਫ਼ੇਲ੍ਹ ਹੁੰਦੇ
ਵੇਖ ਕੇ ਵਿਚਾਰੇ ਚੜ੍ਹਾਊ ਅੱਗੇ ਵੱਲ ਦੌੜ ਕੇ ਇੰਜਨ ਡਰਾਈਵਰ ਕੋਲ ਪਹੁੰਚੇ। ਡਰਾਈਵਰ ਨੇ ਵੀ
ਤਰਫ਼ਦਾਰੀ.. ਉਲਟ-ਸੁਭਾਵੀ ਸੰਕੇਤ ਦੇ ਦਿੱਤਾ।
ਬੱਗੀ ਦਾੜ੍ਹੀ ਵਾਲੇ ਬਜ਼ੁਰਗ ਸੰਤ ਰਾਮ ਦੀ ਸ਼ਖ਼ਸੀਅਤ ਦਾ ਲਿਹਾਜ਼ ਕਰ ਕੇ ਉਨ੍ਹਾਂ ਉਸ ਨੂੰ
ਅਛੋਪਲ਼ੇ ਜਿਹੇ ਸੈਨਤ ਮਾਰ ਲਈ। ਉਹ ਝਟਪਟ ਉੱਪਰ ਚੜ੍ਹ ਕੇ ਅੰਦਰ ਵੜ ਗਿਆ। ਪਿੱਛੋਂ ਗਾਰਡ ਨੇ
ਲੰਬੀ ਵਿਸਲ ਵਜਾ ਕੇ ਗੱਡੀ ਨੂੰ ਚੱਲਣ ਦਾ ਹੁਕਮ ਦੇ ਦਿੱਤਾ। ਇੰਜਣ-ਚਾਲਕ ਨੇ ਅੰਦਰ ਮੁੜ ਕੇ
ਲੀਵਰ ਨੱਪਿਆ ਤੇ ਗੱਡੀ ਝਟਕਾ ਜਿਹਾ ਮਾਰ ਕੇ ਹਿੱਲ ਪਈ। ਦੂਸਰੇ ਮੁਸਾਫ਼ਰ ਹੱਥ ਜੋੜਦੇ
ਨਜ਼ਰਸਾਨੀ ਕਰਦੇ ਇੰਜਨ ਦੇ ਨਾਲ ਨਾਲ ਚੱਲਣ ਲੱਗੇ। ਇੰਜਨ ਦੇ ਦੋ ਤਿੰਨ ਸਹਾਇਕ ਖਲਾਸੀ ਰਾਹ
ਵਿਚ ਅੜਿੱਕਾ ਡਾਹ ਕੇ ਖੜੋ ਗਏ। ਉਨ੍ਹਾਂ ਨੂੰ ਪਤਾ ਸੀ ਕਿ ਇਹ ਸਮੇਂ ਦੇ ਅੱਕੇ-ਧੱਕੇ ਲੋਕ
ਕੁੱਝ ਵੀ ਜ਼ੋਰਾ-ਜਬਰੀ ਕਰਨ ਨੂੰ ਤਿਆਰ ਹੋਣਗੇ।
ਇੱਕ ਨੌਜੁਆਨ ਸਰਦਾਰ ਨੇ ਸਪੀਡ ਫੜੀ ਜਾਂਦੇ ਇੰਜਨ ਦੇ ਪਾਏਦਾਨ ਤੇ ਪੈਰ ਰੱਖਿਆ ਤੇ ਦੂਜੇ ਵੀ
ਸਾਰੇ ਵੇਖਦੇ ਵੇਖਦੇ ਉੱਪਰ ਚੜ੍ਹ ਗਏ। ਉਸ ਅਣਜਾਣ ਜਿਹੇ ਸਰਦਾਰ ਦੀ ਸ਼ਕਲ ਸੂਰਤ ਤੇ ਕੱਦ-ਕਾਠ
ਵੱਡੇ ਭਾਊਆਂ ਨਾਲ ਬਰਾਬਰ ਮਿਲਦੀ ਸੀ। ਉਸ ਦੀ ਰੋਹਬਦਾਰ ਸ਼ਖ਼ਸੀਅਤ ਦੀ ਇਬਾਰਤ ਪੜ੍ਹ ਕੇ
ਅੜਿੱਕੇਦਾਰ ਮੂੰਹ ਮਰੋੜਦੇ ਪਿੱਛੇ ਹਟ ਗਏ।
‘ਤੂੰ ਖਲੋਣ ਦੀ ਜਗ੍ਹਾ ਦੇਹ, ਬਹਿਣ ਲਈ ਅਸੀਂ ਆਪੇ ਬਣਾ ਲਵਾਂਗੇ।’ ਬਾਕੀ ਦੇ ਹੋਰ ਚਾਰ ਪੰਜ
ਸਵਾਰ ਵੀ ਅੰਦਰ ਘੁੱਸ ਗਏ।
ਜਿਨ੍ਹਾਂ ਨੂੰ ਮੇਰੇ ਸਮੇਤ ਅੰਦਰ ਖਲੋਣ ਦੀ ਜਗ੍ਹਾ ਨਹੀਂ ਮਿਲੀ, ਉਹ ਇੰਜਨ ਦੇ ਚੁਗਿਰਦੇ
ਵਾਧਰੇ ਤੇ ਖੜੋ ਕੇ ਆਪਣੀ ਜਾਨ ਨੂੰ ਰੋਣ ਲੱਗੇ। ਇੰਜਨ ਦਾ ਧੂੰਆਂ ਤੇ ਉੱਪਰੋਂ ਕਿਰਦੀ ਕੋਇਲੇ
ਦੀ ਕਿਰਕ ਅੱਖਾਂ ਚੁੰਧਿਆ ਰਹੀ ਸੀ। ਡਰਾਈਵਰ ਇੰਜਨ ਨੂੰ ਜਰਾ ਜਿੰਨੀ ਰੇਸ ਦਿੰਦਾ ਤਾਂ ਧੂੰਏਂ
ਵਾਲੇ ਮਘੋਰੇ ਵਿਚੋਂ ਧੂੰ ਦੇ ਫਰਾਟੇ ਨਾਲ ਕੇਰੀ ਦੀ ਵਰਖਾ ਤੇਜ਼ ਹੋਣ ਲਗਦੀ। ਪਹਿਲੇ ਹੱਲੇ ਹੀ
ਉੱਡਦੀ ਕਿਰਕ ਦੇ ਕਿਣਕੇ ਮੇਰੇ ਕੋਇਆਂ ਵਿਚਦੀ ਲਹਿ ਕੇ ਅੱਖਾਂ ਚੁੰਧਿਆ ਗਏ। ਛੱਪਰ ਮਲਣ ਕਾਰਨ
ਰੜਕ ਨੇ ਅੱਖਾਂ ਵਿਚੋਂ ਮੂਸਲਾਧਾਰ ਮੀਂਹ ਬਰਸਾ ਦਿੱਤਾ। ਇੰਜਨ ਦੇ ਹੱਥ ਪਾਉਣ ਨੂੰ ਕੋਈ ਓਟ
ਨਹੀਂ ਸੀ। ਜਿੱਥੇ ਵੀ ਹੱਥ ਲਾਓ ਕਾਲੋਂ ਹੀ ਕਾਲੋਂ ਸੀ ਤੇ ਪਲਾਂ ਵਿਚ ਹੀ ਸਾਰੇ ਸੂਟ ਕੱਪੜੇ
ਜਿਵੇਂ ਕੋਇਲੇ ਦੀ ਖਾਣ ਵਿਚੋਂ ਨਿਕਲ ਕੇ ਆਏ ਹੋਈਏ, ਕਾਲੇ ਹੋ ਗਏ। ਠੰਢੀ ਠੰਢੀ ਬੇਰੋਕ ਤੇਜ਼
ਹਵਾ ਹੱਡਾਂ ਨੂੰ ਚੀਰਦੀ ਜਾ ਰਹੀ ਸੀ। ਬਾਹਰੋਂ ਘਾਤ ਲਗਾ ਕੇ ਬੈਠੇ ਭਾਊਆਂ ਦਾ ਵੀ ਅੰਦੇਸ਼ਾ
ਸਤਾ ਰਿਹਾ ਸੀ ਕਿ ਪਤਾ ਨਹੀਂ ਕਿੱਥੋਂ ਝਾੜੀਆਂ ਖਤਾਨਾਂ ਵਿਚੋਂ ਨਿਕਲ ਕੇ ਉਹ ਛਾਣਾ ਵਰ੍ਹਾ
ਕੇ ਸਾਰੇ ਬਾਹਰ ਲਟਕਦੇ ਮੁਸਾਫ਼ਰ ਥੱਲੇ ਸੁੱਟ ਮਾਰਨ।
ਮੁਸਾਫ਼ਰ ਰੱਬ ਦਾ ਸ਼ੁਕਰ ਕਰ ਰਹੇ ਸਨ ਕਿ ਮਸੀਂ ਸਵਾਰੀ ਦਾ ਜੁਗਾੜ ਫਿੱਟ ਹੋਇਆ ਹੈ, ਜੇ ਕੁੱਝ
ਸਵਾਸ ਬਚੇ ਹੋਏ ਤਾਂ ਹੁਣ ਜਰੂਰ ਘਰ ਪਹੁੰਚ ਜਾਵਾਂਗੇ। ਗੱਡੀ ਦੇ ਬਾਹਰ ਏਦਾਂ ਖੜੋ ਕੇ ਲਟਕ
ਕੇ ਸਫ਼ਰ ਦਾ ਵੀ ਆਪਣਾ ਹੀ ਮਿੱਠਾ ਕੌੜਾ ਮਾਅਰਕੇ ਵਾਲਾ ਤਜਰਬਾ ਸੀ।
ਉਮਰਾਨੰਗਲ ਪਿੰਡ ਦਾ ਫਾਟਕ ਆ ਗਿਆ।
‘ਐਥੇ ਸੱਜੇ ਹੱਥ ਜਾਂਦੇ ਬਾਬਾ-ਬਕਾਲਾ ਦੇ ਰਸਤੇ ਤੇ ਕੁੱਝ ਦਿਨ ਪਹਿਲਾਂ ਸੁੱਖਾ ਇੱਥੇ
ਖਾੜਕੂਆਂ ਨੇ ਢਾਹ ਮਾਰਿਆ ਸੀ। ਉਹ ਬੜਾ ਪਿਆਰਾ ਸੁੰਦਰ ਸ਼ਖ਼ਸੀਅਤ ਦਾ ਮਾਲਕ ਹਰੇਕ ਦੇ ਕੰਮ ਆਉਣ
ਵਾਲਾ ਮਨੁੱਖ ਸੀ। ਕਈ ਅਸਾਮੀਆਂ ਪਿੱਛੇ ਲਾਈ ਫਿਰਦਾ ਸੀ ਉਹ.. ਤੇ ਬਾਪੂ ਬੜਾ ਕੌੜਦਾ ਔਖਾ
ਰਹਿੰਦਾ ਸੀ ਉਸ ਨਾਲ।’ ਦੋ ਸਾਥੀਆਂ ਦੀ ਘੁਸਰ-ਮੁਸਰ ਨੇ ਮੇਰੇ ਕੰਨਾਂ ਨੂੰ ਖਿੱਚ ਮਾਰੀ। ਉਹ
ਦੋਵੇਂ ਆਪੋ ਵਿਚ ਹੀ ਮਗਨ ਸਨ।
‘ਉਹ ਤਾਂ ਮੇਰਾ ਵੀ ਯਾਰ ਸੀ..ਥੋੜ੍ਹੀ ਦੇਰ ਪਹਿਲਾਂ ਹੀ ਮੈਂ ਉਹ ਮੈਨੂੰ ਰਈਏ ਵਿਖੇ ਮਿਲਿਆ
ਸੀ ਤੇ ਮੈਂ ਉਸ ਨੂੰ ਕਿਹਾ ਸੀ ਕਿ ਆਪਣੇ ਪਾਪਾ ਨੂੰ ਬੇਨਤੀ ਕਰ ਵੇਖੇ ਕਿ ਉਹ ਖਾੜਕੂ ਸਿੰਘਾਂ
ਬਾਰੇ ਉਲਟੇ-ਸਿੱਧੇ ਅਖ਼ਬਾਰੀ ਬਿਆਨ ਨਾ ਦੇਵੇ। ਖਾੜਕੂਆਂ ਬਾਰੇ ਭੰਡੀ ਪ੍ਰਚਾਰ ਬੰਦ ਕਰੇ.. ਤੇ
ਸਰਕਾਰ ਦਾ ਸਪੋਕਸਮੈਨ ਨਾ ਬਣੇ। ਕਿਤੇ ਇਹ ਚੱਟੀ ਤੁਹਾਨੂੰ ਨਾ ਭਰਨੀ ਪੈ ਜਾਵੇ।’ ਮੈਨੂੰ ਉਸ
ਨਾਲ ਹੋਈ ਆਖ਼ਰੀ ਯਾਦ ਆਈ।
‘ਸਾਨੂੰ ਪਤਾ ਭਾ ਜੀ! ਸਾਡੇ ਟੱਬਰ ਤੇ ਹੋਣੀ ਮੰਡਲਾ ਰਹੀ ਹੈ... ਪਰ ਬਾਪੂ ਜੀ ਦੀ ਵੱਡੇ
ਪੁਲਸ ਅਧਿਕਾਰੀਆਂ ਨਾਲ ਸਾਂਝ ਹੈ, ਉਹ ਕਿਸੇ ਤੋਂ ਨਹੀਂ ਡਰਦੇ ਤੇ ਨਾ ਹੀ ਸਾਡੀ ਕੋਈ ਗੱਲ
ਮੰਨਦੇ ਹਨ।’ ਸੁਖਦੇਵ ਦੀ ਦੁਖਾਂ-ਰੱਤੀ ਆਵਾਜ਼ ਨਾਲ ਮੈਂ ਨਿਰਉੱਤਰ ਹੋ ਗਿਆ ਸਾਂ।
‘ਅਖੀਰ ਭਾਣਾ ਵਰਤ ਗਿਆ। ਬਾਪੂ ਦੀ ਕੀਤੀ ਪੁੱਤਰ ਤੇ ਭਾਰੂ ਪੈ ਗਈ।... ਖਾੜਕੂ ਜਥੇਬੰਦੀ ਨੇ
ਇਸ ਦੀ ਜ਼ਿੰਮੇਵਾਰੀ ਕਬੂਲ ਕੀਤੀ ਤੇ ਜਾਂਦੀ ਵਾਰ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੈਡ ਤੇ ਇਕ ਪਰਚੀ
ਸੁੱਟ ਗਏ ਜਿਸ ਤੇ ਇਸ ਨੂੰ ਪੰਥ ਦਾ ਦੁਸ਼ਟ ਗਰਦਾਨਿਆ ਗਿਆ। ਉਹ ਆਪਣੀ ਤਾਕਤ ਦੇ ਗਰੂਰ ਵਿਚ
ਆਫਰਿਆ ਪਿਆ ਸੀ। ਅਗਲੇ ਡਾਢਿਆਂ ਨੇ ਡੰਕੇ ਦੀ ਚੋਟ ਨਾਲ ਲਲਕਾਰ ਕੇ ਵੰਗਾਰ ਕੇ ਢਾਹ ਮਾਰਿਆ।
ਚੌਂਡੇ ਚੱਕਤੇ ਉਹਦੇ... ਬਣਿਆ ਫਿਰਦਾ ਸੀ ਫੰਨੇਖ਼ਾਂ ਲਾਟੀ-ਟੀਨ। ਉਸ ਨੂੰ ਮਾਊਜਰ ਨੂੰ ਵੀ
ਹੱਥ ਪੌਣ ਦਾ ਸਮਾਂ ਨਹੀਂ ਦਿੱਤਾ। ਇਹੋ ਜਿਹਾ ਘਰਾਟੀਆ ਬੰਦਾ ਉਨ੍ਹਾਂ ਦੇ ਐਕਸ਼ਨ ਪਲੈਨ ਤੋਂ
ਨਹੀਂ ਬਚ ਸਕਿਆ ਤੇ ਹੋਰ ਪਬਲਿਕ ਕੀਹਦੀ ਪਾਣੀਹਾਰ ਆ? ਲੱਖ ਦਮੜੇ ਦੀ ਚਿੱਠੀ ਵੀ ਮਿਲੀ ਸੀ
ਉਹਨੂੰ। ਇੱਕ ਹਫ਼ਤੇ ਦੀ ਮੁਹਲਤ ਦਿੱਤੀ ਸੀ ਏਸੇ ਕਰ ਕੇ ਉਸ ਅਖੀਰਲੇ ਦਿਨ ਉਹ ਸਿੱਧੀ ਸੜਕ
ਵਾਲਾ ਰਸਤਾ ਛੱਡ ਕੇ ਲੁੱਕ ਛਿਪ ਕੇ ਸ਼ਾਰਟ-ਕੱਟ ਰਸਤੇ ਘਰ ਮੁੜ ਰਿਹਾ ਸੀ।’
ਉਹ ਦੋਵੇਂ ਰੋਮਾਂਚਕ ਜਿਹੀ ਮੁਦਰਾ ਵਿਚ ਇਸ ਕਰੁਣਾਮਈ ਬਿਰਤਾਂਤ ਨੂੰ ਹਲਕੇ ਜਿਹੇ ਲਹਿਜ਼ੇ ਵਿਚ
ਚਿੱਥ ਰਹੇ ਸਨ। ਮੇਰੇ ਮਿੱਤਰ ਪਿਆਰੇ ਦੀ ਕਹਾਣੀ ਨਾਲ ਜੁੜਦਾ ਦਹਿਸ਼ਤ ਦਾ ਇਹ ਘਿਣਾਉਣਾ ਕਾਂਡ
ਮੇਰੀ ਰੀਡ ਦੀ ਹੱਡੀ ਤੱਕ ਝਰਨਾਹਟ ਫੇਰ ਗਿਆ।
‘ਤੁਹਾਡੇ ਪਿਤਾ ਜੀ ਉਨ੍ਹਾਂ ਦੇ ਖ਼ਿਲਾਫ਼ ਊਟ-ਪਟਾਂਗ ਅਖ਼ਬਾਰੀ ਬਿਆਨ ਦਿੰਦੇ ਰਹਿੰਦੇ ਹਨ ਜਿਸ
ਦਾ ਖ਼ਮਿਆਜ਼ਾ ਤੁਹਾਡੇ ਸਾਰੇ ਟੱਬਰ ਨੂੰ ਝੱਲਣਾ ਪੈ ਸਕਦਾ ਹੈ... ਉਹ ਕਿਸੇ ਦਾ ਲਿਹਾਜ਼ ਨਹੀਂ
ਕਰਦੇ।‘ ਪਿਛਲੀ ਮਿਲਣੀ ਸਮੇਂ ਮੈਂ ਸੁਖਦੇਵ ਨੂੰ ਲੋਕ-ਭਾਖਿਆ ਦਾ ਸੰਕੇਤ ਦੇ ਦਿੱਤਾ ਸੀ।
‘ਸਾਨੂੰ ਪਤਾ ਹੈ ਵੀਰ! ਪਰ ਬਾਪੂ ਜੀ ਸਾਡੀ ਨਹੀਂ ਮੰਨਦੇ ਤੇ ਆਪਣਾ ਹੀ ਡਮਰੂ ਵਜਾਈ ਜਾਂਦੇ
ਨੇ। ਅਸੀਂ ਆਪ ਦੁਖੀ ਹਾਂ। ਮੈਨੂੰ ਵੀ ਕਈ ਚਿੱਠੀਆਂ ਤੇ ਧਮਕੀ ਭਰੇ ਟੈਲੀਫ਼ੋਨ ਆ ਚੁੱਕੇ ਨੇ।
ਏਸੇ ਕਰ ਕੇ ਆਪਣੇ ਨਿਆਣੇ ਅਸੀਂ ਲੁਕਾ ਕੇ ਹੋਰਥੇ ਕਿਧਰੇ ਭੇਜ ਰੱਖੇ ਨੇ।‘
ਇਹ ਚੀਸ ਮੇਰੇ ਅੰਦਰ ਹੀ ਘਾਊਂ-ਮਾਂਊਂ ਹੋ ਕੇ ਦਮ ਤੋੜ ਗਈ। ਮੈਂ ਉਨ੍ਹਾਂ ਨਾਲ ਆਪਣੀ
ਮੁਲਾਕਾਤ ਦੀ ਸਾਂਝ ਪਾ ਕੇ ਹਮਦਰਦੀ ਦੇ ਬੋਲ ਸਾਂਝੇ ਕਰਨਾ ਚਾਹੁੰਦਾ ਸਾਂ ਪਰ ਨਗਾਰਖ਼ਾਨੇ ਵਿਚ
ਤੂਤੀ ਦੀ ਆਵਾਜ਼ ਕਿਸ ਨੇ ਸੁਣਨੀ ਸੀ। ਮੇਰੀ ਆਪਣੀ ਜਾਨ ਤੇ ਬਣੀ ਹੋਈ ਸੀ। ਮੇਰੇ ਮਨ ਦੀਆਂ
ਯਾਦਾਂ ਅੰਦਰ ਹੀ ਅੰਦਰ ਦਫ਼ਨ ਹੋ ਗਈਆ। ਪਤਾ ਨਹੀਂ ਇਹ ਕੌਣ ਲੋਕ ਨੇ ਤੇ ਕਿਸ ਐਂਗਲ ਤੋਂ ਬੋਲ
ਰਹੇ ਨੇ। ਮੇਰੇ ਸਾਹਮਣੇ ਉਸ ਹਸਮੁਖ ਸ਼ਖ਼ਸੀਅਤ ਦੀ ਮੂਰਤ ਆ ਕੇ ਉਦਾਸੀਆਂ ਦੀ ਪੰਡ ਵਿਚ ਹੋਰ
ਪੱਥਰ ਧਰ ਗਈ।
ਬਾਬਾ ਬਕਾਲਾ ਦੇ ਗੁਰੂ ਤੇਗ਼ ਬਹਾਦਰ ਗੁਰਦੁਆਰੇ ਦਾ ਉੱਚਾ ਮਿਨਾਰ ਨਜ਼ਰੀਂ ਆ ਗਿਆ।
‘ਇਹ ਬਾਬਾ ਬੜਾ ਜਾਣੀਜਾਣ ਜ਼ਾਹਿਰਾ-ਜ਼ਹੂਰ ਐ.. ਭਗਤਾਂ ਦਾ ਪਾਰ-ਉਤਾਰਾ ਕਰਦਾ ਹੈ।’ ਮੇਰੇ
ਅੰਦਰਲੇ ਆਤਮਾ-ਰਾਮ ਨੇ ਉੱਧਰ ਸਿਰ ਨਿਵਾ ਕੇ ਸਿਜਦਾ ਕੀਤਾ।
ਉਹ ਗੁੰਬਦ ਵੀ ਗੰਭੀਰ ਗਮਗੀਨੀਆਂ ਵਿਚ ਵਲੂੰਧਰਿਆ ਮਸੋਸਿਆ ਬੇਜ਼ਾਰ ਨਿਆਸਰਾ ਜਿਹਾ ਹੋਇਆ
ਜਾਪਦਾ ਸੀ। ਜੂਨ ਚੁਰਾਸੀ ਦੇ ਦਰਬਾਰ ਸਾਹਿਬ ’ਤੇ ਹਮਲੇ ਸਮੇਂ ਇੱਥੇ ਅੰਦਰ ਬੈਠੇ ਪਨਾਹਗੀਰ
ਸ਼ਰਧਾਲੂਆਂ ਦਾ ਵੀ ਘਾਣ ਕੀਤਾ ਗਿਆ ਤੇ ਇਸ ਦੀਆਂ ਵੀ ਇੱਟਾਂ ਉਖਾੜੀਆਂ ਗਈਆਂ ਸਨ। ਇਸ ਗੁਰੂ
ਘਰ ਦਾ ਕਲਬੂਤ ਵੀ ਲਹੂ-ਲੁਹਾਨ ਹੋਇਆ ਜਾਪਦਾ ਸੀ।
‘ਡੁੱਬਦੇ ਜਹਾਜ਼ ਨੂੰ ਮੋਢਾ ਦੇਣ ਵਾਲਿਆ! ਅੱਜ ਸਾਨੂੰ ਵੀ ਸਹੀ-ਸਲਾਮਤ ਇਸ ਭਵਸਾਗਰ ਤੋਂ ਪਾਰ
ਕਰ ਕੇ ਘਰ ਪਹੁੰਚਾ ਦੇਹ।’
ਖ਼ਾਲਸਾ ਸਰਬੱਤ ਦਾ ਭਲਾ ਮੰਗਦਾ ਹੈ, ਮੈਂ ਵੀ ਸਾਰੇ ਹਮਰਾਹੀਆਂ ਵਾਸਤੇ ਅਰਦਾਸ ਕੀਤੀ।
ਰਈਆ-ਹਾਲਟ ਲੰਘ ਕੇ ਮਲਕੜੇ ਜਿਹੇ ਗੱਡੀ ਬੁਟਾਰੀ ਸਟੇਸ਼ਨ ਤੇ ਖੜ੍ਹੇ ਗੱਡੀ ਉਡੀਕਦੇ ਸਾਡੇ
ਵਰਗੇ ਦਰਦਮੰਦਾਂ ਨੂੰ ਟਾਹ ਟਾਹ ਕਹਿੰਦੀ, ਉਨ੍ਹਾਂ ਦੇ ਸੀਨੇ ਦੁਫਾੜ ਕਰਦੀ ਅੱਗੇ ਨਿਕਲ ਗਈ।
ਬਰੇਕ ਦੇ ਇੱਕ ਹਜੋਕੇ ਨਾਲ ਮੇਰਾ ਸੰਤੁਲਨ ਉੱਖੜ ਗਿਆ। ਮੈਂ ਥੱਲੇ ਨੂੰ ਖਿਸਕਿਆ.. ਡਿੱਗਿਆ..
ਪਰ ਇੰਜਨ ਅਤੇ ਪਹਿਲੇ ਡੱਬੇ ਦੇ ਸੰਨ੍ਹ ਵਿਚ ਦੋ ਡੱਬਿਆਂ ਨੂੰ ਜੋੜਨ ਵਾਲੇ ਲੀਵਰ ਨੂੰ ਮੇਰੇ
ਹੱਥ ਪੈ ਗਏ। ਫੁਰਤੀ ਨਾਲ ਉੱਠ ਕੇ ਮੈਂ ਉੱਪਰ ਨੂੰ ਖਿਸਕਿਆ।
‘ਆ ਜਾਓ ਬਾਬਿਓ! ਬਚਗੇ... ਸ਼ਹੀਦਾਂ ਵਿਚ ਨਾਂ ਆ ਜਾਣਾ ਸੀ ਹੁਣੇ!’
ਮੇਰੇ ਵੱਲ ਵੇਖ ਰਹੇ ਉਨ੍ਹਾਂ ਦੋ ਹਮਸਫ਼ਰਾਂ ਨੇ ਫੁਸਫੁਸਾ ਕੇ ਇੰਜਨ ਨਾਲ ਆਪਣੀ ਜਕੜ ਮਜ਼ਬੂਤ
ਕਰ ਲਈ।
ਅਜੇਹੀ ਸੰਕਟ-ਕਾਲ ਦੀ ਘੜੀ ਸਮੇਂ ਮੇਰੀ ਮਦਦ ਕਰਨ ਵਾਲਾ ਕੋਈ ਸੰਕਟ-ਮੋਚਨ ਸੂਰਮਾ ਨਹੀਂ
ਬਹੁੜਿਆ। ਮੇਰੇ ਸਾਥੀਆਂ ਨੇ ਵਿਸਮਕ ਚਿੰਨ੍ਹ ਮੱਥੇ ਧਰ ਕੇ ਆਪਣੇ ਮੁੱਠੇ ਘੁੱਟ ਲਏ। ਸਭ ਨੂੰ
ਆਪੋਧਾਪੀ ਪਈ ਹੋਈ ਸੀ। ਜਿ਼ੰਦਗੀ ਮੌਤ ਦੇ ਵਿਚਕਾਰ ਲਟਕਦਾ ਟੋਟੇ ਟੋਟੇ ਹੋਣ ਤੋਂ ਬਚਿਆ ਮੇਰਾ
ਸਰੀਰ ਕੰਬਣ ਲੱਗਾ। ਉਹ ਟਿੱਚਰਾਂ ਮਸ਼ਕੂਲੇ ਕਰਦੇ ਹੱਸ ਰਹੇ ਸਨ।
‘ਸ਼ਹੀਦਾਂ ਵਿਚ ਨਾਂ! ਕਹਿਣਾ ਸੌਖਾ ਹੈ ਪਰ ਜਦੋਂ ਕਟਰ ਥੱਲੇ ਸਿਰ ਆਉਂਦਾ ਹੈ ਤਾਂ ਪਤਾ
ਲੱਗਦਾ ਹੈ ਕੀ ਭਾ ਵਿਕਦੀ।’
ਮੈਂ ਕੰਨਾਂ ਨੂੰ ਹੱਥ ਲਾਏ ਪਰ ਬੋਲ ਨਹੀਂ ਸਕਿਆ। ਅੰਗ ਪੈਰ ਮੇਰੇ ਸਾਰੇ ਝੂਠੇ ਪੈ ਰਹੇ ਸਨ।
ਹੁਣੇ ਪਤਾ ਨਹੀਂ ਕਿੰਨੇ ਟੁਕੜੇ ਹੋ ਕੇ ਇਹ ਦੇਹ ਅਣਪਛਾਤੀ ਲਾਸ਼ ਬਣ ਜਾਣੀ ਸੀ।
‘ਸ਼ੁਕਰ ਤੇਰਾ ਹੇ ਪ੍ਰਮਾਤਮਾ! ਅੱਜ ਸਾਬਤ ਸਬੂਤਾ ਘਰ ਪਹੁੰਚਾ ਦੇਹ, ਕੱਲ੍ਹ ਤੋਂ ਮੈਂ
ਮੈਡੀਕਲ ਛੁੱਟੀ ਲੈ ਕੇ ਬਹਿ ਜਾਣਾ। ਇਹੋ ਜਿਹੀ ਅੰਗਿਆਰਿਆਂ ਤੇ ਚੱਲਣ ਵਾਲੀ ਜੋਖੋਂ ਭਰੀ
ਜਿ਼ੰਮੇਵਾਰੀ ਨਾਲੋਂ ਤਾਂ ਘਰ ਰਹਿਣਾ ਹੀ ਬਿਹਤਰ ਹੈ।’ ਮੈਂ ਮਨ ਹੀ ਮਨ ਅੰਦਰ ਗੁਪਤ ਅਰਦਾਸ
ਕੀਤੀ।
ਰਸਤੇ ਵਿਚ ਆਮ ਕਰ ਕੇ ਅਗਲੇ ਠਹਿਰਾਓ ਦੇ ਪਲੇਟਫ਼ਾਰਮ ਖ਼ਾਲੀ ਨਾ ਹੋਣ ਕਾਰਨ ਰੇਲਵੇ ਅਧਿਕਾਰੀ
ਗੱਡੀ ਪਿਛਲੇ ਪੜਾਅ ਤੇ ਖਲ੍ਹਾਰ ਲੈਂਦੇ ਹਨ। ਇਸ ਲਈ ਹੁਣ ਕੁੱਝ ਧਰਵਾਸ ਬੱਝ ਗਿਆ ਕਿ ਇੱਕ
ਸਟੇਸ਼ਨ ਤਾਂ ਪਾਰ ਹੋਇਆ ਹੈ। ਉਮੀਦਾਂ ਨੂੰ ਬੂਰ ਪੈਂਦਾ ਜਾਪਿਆ ਕਿ ਅਗਲੀ ਮਿਲਟਰੀ ਸਪੈਸ਼ਲ
ਗੱਡੀ ਜ਼ਰੂਰ ਅੰਮ੍ਰਿਤਸਰ ਪਹੁੰਚ ਗਈ ਹੋਵੇਗੀ.. ਤੇ ਇਹ ਸਾਡੀ ਵੀ ਹੁਣ ਬਿਨ ਰੁਕੇ ਸਿੱਧੀ
ਆਪਣੇ ਮੁਕਾਮ ਤੇ ਅੱਪੜ ਜਾਵੇਗੀ। ਇੰਜਨ ਨੇ ਵੀ ਸਾਡੇ ਅੰਦਾਜ਼ੇ ਦੀ ਪੁਸ਼ਟੀ ਕਰਦੇ ਸਪੀਡ
ਤੇਜ਼ ਕਰ ਦਿੱਤੀ।
ਟਾਂਗਰਾ ਸਟੇਸ਼ਨ ਵੀ ਹਰਾ ਸਿਗਨਲ ਦੇ ਰਿਹਾ ਸੀ ਜਿਸ ਦਾ ਮਤਲਬ ਗੱਡੀ ਇੱਥੋਂ ਵੀ ਨਾਨ-ਸਟਾਪ
ਨਿਕਲ ਜਾਵੇਗੀ। ਡੁੱਬਦੇ ਸੂਰਜ ਦੀਆਂ ਅਖੀਰਲੀਆਂ ਕਿਰਨਾਂ ਵੀ ਨਿਰਾਸ਼ਾ ਦਿਖਾਉਂਦੀਆਂ ਪਿੱਛੇ
ਹਨੇਰਾ ਛੱਡਦੀਆਂ ਉਮੀਦਾਂ ਦੇ ਜ਼ਖ਼ਮਾਂ ਤੇ ਲੂਣ ਛਿੜਕ ਰਹੀਆਂ ਸਨ। ਸੂਰਜ ਦੀ ਟੁਕੜੀ ਡੁੱਬਣ
ਨਾਲ ਮੰਝ ਵਿਚ ਫਸੇ ਮੁਸਾਫ਼ਰਾਂ ਦੇ ਦਿਲ ਕੀਮਾ ਕੀਮਾ ਹੋਣ ਲੱਗੇ। ਧੁੰਦ ਪਸਰ ਰਹੀ ਸੀ। ਹਨੇਰੇ
ਵਿਚ ਡੁੱਬੇ ਚੌਗਿਰਦੇ ਨੂੰ ਛੁੱਟ-ਪਿੱਟ ਬੱਤੀਆਂ ਟਟਹਿਣਿਆਂ ਵਾਂਗ ਰੌਸ਼ਨੀ ਦੇਣ ਦਾ ਯਤਨ ਕਰ
ਰਹੀਆਂ ਸਨ। ਅੰਦਰਲਾ ਕਾਂਟਾ ਲੰਘਣ ਸਾਰ ਇਕ ਨੀਲੀ ਵਰਦੀ-ਧਾਰੀ ਕੁੱਲੀ ਨੇ ਲਾਲ ਝੰਡੀ ਮੂਹਰੇ
ਕਰ ਦਿੱਤੀ।
ਇੰਜਨ ਨੇ ਇਕਦਮ ਬਰੇਕਾਂ ਦੀਆਂ ਚੀਕਾਂ ਕਢਾ ਦਿੱਤੀਆਂ। ਯਾਤਰੂਆਂ ਨੇ ਦਿਲ ਛੱਡ ਦਿੱਤੇ ਕਿ
ਇੱਥੇ ਖੜੋ ਗਈ ਤਾਂ ਦਸ ਵੀਹ ਮਿੰਟ ਹੋਰ ਨਸ਼ਟ ਹੋ ਜਾਣੇ ਨੇ। ਢਿੱਚਕੂੰ ਢਿੱਚਕੂੰ ਕਰਦਾ ਇੰਜਨ
ਹੌਲੀ ਹੁੰਦਾ ਗਿਆ। ਇਸ ਦੇ ਦੋਹੀਂ ਪਾਸੀਂ ਹਥਿਆਰਬੰਦ ਸਿਪਾਹੀਆਂ ਦੀ ਟੋਲੀ ਬੰਦੂਕਾਂ ਦੀ ਸੇਧ
ਸਿਧਾਈ ਘੇਰਾ ਘੱਤ ਕੇ ਨਾਲ ਨਾਲ ਚੱਲਣ ਲੱਗੀ।
ਇਹ ਪ੍ਰਕਿਰਿਆ ਮੈਂ ਪਹਿਲਾਂ ਪਾਕਿਸਤਾਨ ਵਾਸਤੇ ਸਮਝੌਤਾ-ਐਕਸਪ੍ਰੈੱਸ ਸੀਮਾ-ਬੱਧ ਟਰੇਨ ਤੇ ਵੀ
ਵੇਖ ਚੁੱਕਾ ਸਾਂ। ਖ਼ਾਸਾ ਸਟੇਸ਼ਨ ਤੋਂ ਬਾਰਡਰ ਤੱਕ ਅਤੇ ਬਾਰਡਰ ਤੋਂ ਖਾਸਾ ਵਾਪਸੀ ਦੌਰਾਨ
ਗੱਡੀ ਦੇ ਨਾਲ ਨਾਲ ਘੋੜ-ਸਵਾਰ ਸੁਰੱਖਿਆ ਮੁਲਾਜ਼ਮ ਦੌੜਦੇ ਹਨ ਤਾਂ ਜੋ ਕੋਈ ਗ਼ਲਤ ਮੁਸਾਫ਼ਰ ਜਾਂ
ਨਾਜਾਇਜ਼ ਸਾਮਾਨ ਚੜ੍ਹ ਜਾਂ ਉੱਤਰ ਨਾ ਜਾਵੇ।
ਇੰਜਨ ਹੌਲੀ ਹੁੰਦਾ ਹੁੰਦਾ ਟਾਂਗਰਾ ਸਟੇਸ਼ਨ ਇਮਾਰਤ ਦੇ ਸਾਹਮਣੇ ਜਾ ਕੇ ਰੁਕ ਗਿਆ।
‘ਸਭੀ ਲੋਗ ਹਾਥ ਊਪਰ ਕਰ ਕੇ ਬਾਹਰ ਨੀਚੇ ਆ ਜਾਏਂ.. ਅਪਨਾ ਸਾਰਾ ਸਾਮਾਨ ਗਾੜੀ ਮੇਂ ਹੀ ਛੋੜ
ਦੇਣਾ।’ ਇੱਕ ਸਰਕਾਰੀ ਧੂਤੂ ਵਾਰਨਿੰਗ ਦੇ ਰਿਹਾ ਸੀ।
‘ਲਓ ਜੀ ਬਣ ਗਏ ਜੇ ਅੱਜ ਅੱਤਵਾਦੀ ਤੇ ਆਗੇ ਕਾਬੂ ਸੁਰੱਖਿਆ ਅਧਿਕਾਰੀਆਂ ਦੇ।’
ਇੱਕ ਸਹਿਮੀ ਜਿਹੀ ਕਾਟ ਫੁਸਫੁਸਾਈ। ਕਟਰ ਥੱਲੇ ਆਉਣ ਤੋਂ ਪਹਿਲਾਂ ਜਿਵੇਂ ਬੱਕਰੇ ਦੀ ਮਿਆਂਕ
ਮਿਣਮਿਣਾਈ। ਹੱਸਣ ਵਾਲਿਆਂ ਦੀ ਹਸਰਤ ਬੁੱਲ੍ਹਾਂ ਤੇ ਆ ਕੇ ਅਟਕ ਗਈ। ਹੱਥ ਉੱਚੇ ਕਰ ਕੇ ਬਲੀ
ਦੇ ਬੱਕਰੇ ਸਾਰੇ ਥੱਲੇ ਉੱਤਰ ਆਏ ਤੇ ਇੱਕ ਲਾਈਨ ਵਿਚ ਲੱਗ ਕੇ ਪਲੇਟਫ਼ਾਰਮ ਤੇ ਖੜ੍ਹੇ ਹੋ ਗਏ।
ਦੋ ਤਿੰਨ ਬਿਹਾਰੀ ਜਾਪਦੇ ਸਿਪਾਹੀ ਜਾਮਾ ਤਲਾਸ਼ੀ ਲੈਣ ਵਿਚ ਮਸਰੂਫ਼ ਹੋ ਗਏ। ਪਿਛਲੇ ਦਿਨ੍ਹੀ
ਖਾੜਕੂਆਂ ਨੇ ਅੰਮ੍ਰਿਤਸਰ ਦੇ ਚਾਟੀ ਵਿੰਡ ਏਰੀਏ ਵਿਚ ਬੀੜੀ ਸਿਗਰਟ, ਪਾਨ ਦੀ ਦੁਕਾਨ ਕਰਨ
ਵਾਲੇ ਦੋ ਤਿੰਨ ਬਿਹਾਰੀ ਭਈਏ ਮਾਰ ਬੁੜ੍ਹਕਾਏ ਸਨ ਤੇ ਇਸ ਤੋਂ ਚਿੜੇ ਹੋਏ ਬਿਹਾਰੀ ਮੁਲਾਜ਼ਮ
ਗਿਣ ਗਿਣ ਬਦਲੇ ਲੈਂਦੇ ਸਿੱਖਾਂ ਨੂੰ ਕੋਹ ਕੋਹ ਕੇ ਮਾਰ ਰਹੇ ਸਨ।
‘ਹਾਂ ਬੋਲੋ! ਕਿਆ ਟਾਰਗੈਟ ਹੈ ਆਪ ਕਾ ਆਜ? ਕਿਆ ਡਿਮਾਂਡ ਹੈ ਆਪ ਕੀ?’ ਮੋਢੇ ਤੇ ਤਿੰਨ
ਤਾਰਿਆਂ ਦੀ ਫੀਤੀ ਵਾਲੇ ਬਿਹਾਰੀ ਸੁਰੱਖਿਆ ਬਲ ਇੰਸਪੈਕਟਰ ਦਾ ਰੁਹਬ ਭਰਿਆ ਦਬਕਾ ਕੜਕਿਆ।
‘ਟਾਰਗੈਟ ਕੋਈ ਨਹੀਂ ਸਾਹਿਬ! ਅਗਰ ਪੂਛਤੇ ਹੋ ਤੋ ਏਕ ਛੋਟੀ ਸੀ ਡਿਮਾਂਡ ਹੈ ਹਮਾਰੀ... ਹਮ
ਸਭੀ ਸਰਕਾਰੀ ਮੁਲਾਜ਼ਮ ਮੁਸੀਬਤ ਕੇ ਮਾਰੇ ਆਪਣੇ ਆਪਣੇ ਘਰ ਜਾਣਾ ਲੋਚਦੇ ਹਾਂ।’
‘ਹਮੇਂ ਵਾਇਰਲੈੱਸ ਸੰਦੇਸ਼ ਮਿਲਾ ਹੈ ਕਿ ਕੁੱਝ ਆਤੰਕਵਾਦੀ ਇੰਜਨ ਮੇਂ ਜ਼ਬਰਦਸਤੀ ਘੁੱਸ ਆਏ
ਹੈਂ ਔਰ ਵੋਹ ਗਾੜੀ ਅਗਵਾ ਕਰ ਕੇ ਵਾਹਗਾ ਬਾਰਡਰ ਪਾਰ ਪਾਕਿਸਤਾਨ ਲਿਜਾਣਾ ਚਾਹਤੇ ਹੈਂ।’
‘ਨਹੀਂ ਸਰ! ਯਹ ਸੂਚਨਾ ਦਰੁਸਤ ਨਹੀਂ ਹੈ.. ਆਪ ਦੇਖ ਲਓ ਕੌਣ ਅੱਤਵਾਦੀ ਹੈ ਔਰ ਕੌਣ ਅਗਵਾਕਾਰ
ਹੈ। ਹਮ ਸਾਰੇ ਸਰਕਾਰੀ ਮੁਲਾਜ਼ਮ ਹੈਂ।’ ਸੰਤ ਰਾਮ ਨੇ ਅਗਵਾਈ ਕੀਤੀ ਤੇ ਉਸ ਨੂੰ ਆਪਣਾ
ਪਹਿਚਾਣ-ਪੱਤਰ ਕੱਢ ਕੇ ਦਿਖਾ ਦਿੱਤਾ।
ਮੇਰੇ ਸਮੇਤ ਹੋਰਾਂ ਨੇ ਵੀ ਜਿਸ ਕੋਲ ਕੋਈ ਸ਼ਰਾਫ਼ਤ ਦਾ ਸਬੂਤ ਸੀ, ਉਸ ਵੱਲ ਵਧਾ ਦਿੱਤਾ।
ਇੰਸਪੈਕਟਰ ਨੇ ਸ਼ਨਾਖ਼ਤੀ ਕਾਰਡ ਪੜ੍ਹੇ, ਸਾਰਿਆਂ ਵੱਲ ਨਜ਼ਰਾਂ ਘੁਮਾਈਆਂ, ਬਾਰ ਬਾਰ ਘੋਖਿਆ ਤੇ
ਕੁੱਝ ਢਿੱਲਾ ਪੈ ਗਿਆ।
‘ਆਪ ਕਹਤੇ ਹੈਂ ਉਗਰਵਾਦੀ ਨਹੀਂ!.. ਚੋਰ ਕਭੀ ਅਪਨੇ ਆਪ ਕੋ ਚੋਰ ਥੋੜ੍ਹਾ ਕਹਤਾ ਹੈ?.. ਹਮੇਂ
ਤੋ ਆਪ ਕੋ ਇੰਟੈਰੋਗੇਸ਼ਨ ਮੇਂ ਭੇਜਣਾ ਪੜੇਗਾ, ਵੋਹ ਆਪ ਕੇ ਗੁਪਤ ਰਾਜ਼ ਨਿਕਾਲੇਂਗੇ। ਆਪ
ਅਪਨੇ ਆਪ ਬਕੋਗੇ ਕਿ ਆਪ ਕਿਆ ਹੋ।’ ਉਸ ਦੀਆਂ ਨਜ਼ਰਾਂ ਉਸ ਪਗੜੀ ਵਾਲੇ ਨੌਜੁਆਨ ਤੇ ਕੇਂਦਰਿਤ
ਹੋ ਗਈਆਂ।
ਮੈਨੂੰ ਵੀ ਕੁੱਝ ਸ਼ੱਕ ਹੋ ਗਿਆ। ਮੈਂ ਪਹਿਚਾਣ ਲਿਆ, ਇਸ ਦੀ ਸ਼ਕਲ ਉਸ ਸਵੇਰ ਵਾਲੇ ਛੋਕਰੇ
ਨਾਲ ਮਿਲਦੀ ਜਾਪਦੀ ਸੀ ਜੋ ਬੰਬ ਰੱਖ ਕੇ ਗੱਡੀ ਵਿਚੋਂ ਛਾਲ ਮਾਰ ਗਿਆ ਸੀ!.. ਪਰ ਉਸ ਦੇ
ਚਿਹਰੇ ਦੀ ਮਸੂਮੀਅਤ ਤੇ ਅਦਨੀ ਜਿਹੀ ਸ਼ਰਾਫ਼ਤ ਇਹ ਮੰਨਣ ਤੋਂ ਕਤਰਾਉਂਦੀ ਸੀ।
‘ਮੁਆਫ਼ ਕਰਨਾ ਸਰ! ਆਪ ਹਮੇਂ ਜੋ ਮਰਜ਼ੀ ਸਜਾ ਦੇ ਦੋ, ਹਮ ਭੁਗਤਣੇ ਕੋ ਤਿਆਰ ਹੈਂ.. ਜੋ ਮਰਜ਼ੀ
ਚਾਹੇ ਜੁਰਮਾਨਾ ਕਰ ਦੋ, ਹਮ ਦੇਣੇ ਕੋ ਤੱਯਾਰ ਹੈਂ.. ਪਰ ਹਮੇਂ ਔਰ ਕਹੀਂ ਨਾ ਭੇਜੇਂ।’
ਸੰਤ ਰਾਮ ਨੇ ਹੱਥ ਜੋੜਦੇ ਗੁਹਾਰ ਲਗਾਈ। ਇਨਟੈਰੋਗੇਸ਼ਨ ਦਾ ਨਾਂ ਸੁਣ ਕੇ ਸਾਰਿਆਂ ਦੇ ਹੋਸ਼
ਉੱਡਣ ਲੱਗੇ।
‘ਐਸੇ ਜ਼ਬਰਦਸਤੀ ਘੁੱਸ ਕਰ ਬਾਹਰ ਲਟਕ ਕਰ ਸਫ਼ਰ ਕਰਨਾ ਮਹਾਂ ਜੁਰਮ ਹੈ। ਆਪ ਨੇ ਆਤਮ-ਘਾਤ ਕਰਨੇ
ਕੀ ਕੋਸਿ਼ਸ਼ ਕੀ ਹੈ। ਆਪ ਸਭੀ ਵਿਦਾਊਟ-ਟਿਕਟ ਭੀ ਤੋ ਹੋ... ਬਹੁਤ ਸਾਰੀ ਕਾਨੂੰਨੀ ਧਾਰਾਏਂ
ਲਗਤੀ ਹੈ ਆਪ ਲੋਗੋਂ ਕੇ ਖ਼ਿਲਾਫ਼!.. ਬਾਬੂ ਜੀ ਸੇ ਬਾਤ ਕਰ ਲੋ।’ ਪੁਲਸ ਅਧਿਕਾਰੀ ਕੇਸ ਖ਼ਤਮ
ਕਰਨ ਦੇ ਰੌਂ ਵਿਚ ਹੋ ਗਿਆ ਜਾਪਦਾ ਸੀ।
‘ਧੰਨਵਾਦ ਜਨਾਬ.. ਸਾਡੀ ਤਾਂ ਸਾਰੀ ਜ਼ਿੰਦਗੀ ਟਰੇਨਾਂ ਦੇ ਲੇਖੇ ਲੱਗੀ ਹੋਈ ਆ.. ਸਾਡੇ ਕੋਲ
ਮਾਸਿਕ ਪਾਸ ਹਨ।’
ਉਸ ਦੀ ਲਚਕਦਾਰ ਨਰਮਾਈ ਵੇਖ ਸੁਣ ਕੇ ਸੰਤ ਰਾਮ ਸ਼ੇਰ ਹੋ ਗਿਆ।
‘ਐਸੇ ਆਤਮਘਾਤ ਕਿਉਂ! ਹਰਬੀਰ ਆਦਮ-ਬੰਬ ਬਣੇਗਾ.. ਸਮਾਜ ਦੋਖੀਆਂ ਨੂੰ ਸੋਧੇਗਾ, ਗੱਡੀਆਂ
ਉਡਾਏਗਾ.. ਗੁੰਗੀ ਸਰਕਾਰ ਦੇ ਕੰਨ ਖੋਲ੍ਹਾਂਗੇ।’
ਓਹੀ ਉਗਰਪੰਥੀ ਕਿਸਮ ਦਾ ਨੌਜੁਆਨ ਪਾਸੇ ਮੂੰਹ ਕਰ ਕੇ ਫੁਸਫੁਸਾਇਆ। ਉਸ ਨੇ ਝੂਠਾ ਜਾਂ ਸੱਚਾ
ਆਪਣਾ ਨਾਂ ਸੁਤੇਸਿਧ ਜ਼ਾਹਿਰ ਕਰ ਦਿੱਤਾ। ਉਹ ਪਿੱਛੇ ਨੂੰ ਮੂੰਹ ਕਰ ਕੇ ਬੁੜਬੜਾਉਂਦਾ ਭੜਾਸ
ਕੱਢ ਰਿਹਾ ਸੀ। ਮੈਂ ਆਪਣੇ ਹੱਡਾਂ ਤੇ ਹੰਢਾਈ ਗੱਡੀ ਵਿਚੋਂ ਡਿੱਗਣ ਤੇ ਸੰਭਲਣ ਦੀ ਦੁਰਘਟਨਾ
ਨੂੰ ਸੱਚੀਂ ਹੀ ਆਤਮਘਾਤੀ ਮੰਨ ਰਿਹਾ ਸੀ.. ਹੋਰ ਸ਼ੱਕ ਵੀ ਕੋਈ ਨਹੀਂ ਸੀ।
ਸਟੇਸ਼ਨ ਮਾਸਟਰ ਤੇ ਹੋਰ ਕਰਿੰਦੇ ਇਹ ਸਾਰਾ ਡਰਾਮਾ ਵੇਖਦੇ ਸੁਣਦੇ ਮੁੱਛਾਂ ਨੂੰ ਤਾਅ ਦੇ ਰਹੇ
ਸਨ।
‘ਇਸ ਗੁਡਜ਼-ਸਰਵਿਸ ਤੇ ਤੁਹਾਡੇ ਮਾਸਿਕ ਪਾਸ ਨਹੀਂ ਚੱਲਦੇ। ਇਸ ਦਾ ਕਿਰਾਇਆ ਫ਼ਸਟ ਕਲਾਸ ਦਾ
ਲੱਗਦਾ ਹੈ.. ਜੋ ਜਲੰਧਰੋਂ ਅੰਮ੍ਰਿਤਸਰ ਤੱਕ ਇੱਕ ਸੌ ਤੀਹ ਰੁਪਏ ਫ਼ੀ ਪਸੰਜਰ ਹੈ। ਆਪਣਾ ਆਪਣਾ
ਭਾੜਾ ਦੇ ਦਿਓ ਤੇ ਜਾਓ। ... ਨਹੀਂ ਤੇ ਅਸੀਂ ਮੀਮੋ ਕੱਟ ਦਿਆਂਗੇ। ਤੁਹਾਡੇ ਅਪਰਾਧਿਕ
ਦੁਰਵਿਵਹਾਰ ਦੀ ਵਾਇਰਲੈੱਸ ਉੱਪਰ ਤੱਕ ਪਹੁੰਚ ਚੁੱਕੀ ਹੈ ਤੇ ਵੋਹ ਹਮਾਰੀ ਰਿਪੋਰਟ ਦੀ
ਇੰਤਜ਼ਾਰ ਕਰ ਰਹੇ ਹੈਂ।’ ਹੁਣ ਸਟੇਸ਼ਨ ਮਾਸਟਰ ਦੇ ਰੁੱਖੇ ਤਾਨਾਸ਼ਾਹੀ ਜ਼ਬਰ ਦੀ ਵਾਰੀ ਸੀ।
‘ਜਾਨ ਬਚੀ ਸੋ ਲਾਖੋਂ ਪਾਏ।’ ਸਾਰੇ ਸਿ਼ਕਾਰਾਂ ਨੇ ਇੱਕ ਦੂਸਰੇ ਦੇ ਮੂੰਹਾਂ ਵੱਲ ਨਿਗਾਹਾਂ
ਮਾਰੀਆਂ ਤੇ ਜੇਬਾਂ ਟੋਹੀਆਂ।
‘ਕੁੱਝ ਰਿਆਇਤ ਕਰ ਦਿਓ ਜਨਾਬ! ਅਸੀਂ ਵੀ ਤੁਹਾਡੇ ਭਰਾ ਹਾਂ।’ ਇੱਕ ਲੇਲੇ ਦੀ ਗੁਹਾਰ ਸੀ।
‘ਦਸਾਂ ਦੇ ਤੇਰਾਂ ਸੌ ਬਣਦੇ ਨੇ, ਚਲੋ ਅੱਧੇ ਦੇ ਦਿਓ ਸਾਂਝ-ਭਿਆਲੀ ਪਾ ਕੇ। ਮੀਮੋ ਕੱਟਣੀ
ਤਾਂ ਜ਼ਰੂਰੀ ਹੈ।’
ਸਟੇਸ਼ਨ ਮਾਸਟਰ ਦੇ ਇਸ਼ਾਰੇ ਤੇ ਕੁੱਲੀ ਨੇ ਅੰਦਰੋਂ ਵਹੀ ਲਿਆ ਕੇ ਬਾਬੂ ਨੂੰ ਫੜਾ ਦਿੱਤੀ।
ਕਿਸੇ ਨੇ ਦਸ, ਕਿਸੇ ਨੇ ਵੀਹ, ਸੌ, ਪੰਜਾਹ, ਜੋ ਕਿਸੇ ਦੀ ਜੇਬ ਵਿਚ ਮਿਲੇ ਬਾਹਰ ਕੱਢ ਲਏ।
ਜੋੜ ਲਗਾਇਆ ਕੁੱਲ ਪੰਜ ਸੌ ਦਸ ਰੁਪਏ ਬਣੇ।
‘ਤੁਸੀਂ ਜ਼ਮਾਨਤ ਵਜੋਂ ਸਾਡੇ ਮਾਸਿਕ-ਪਾਸ ਆਪਣੇ ਕੋਲ ਗਿਰਵੀ ਰੱਖ ਲਓ ਤੇ ਸਾਡੀ ਖਲਾਸੀ ਕਰੋ।
ਕੱਲ੍ਹ ਨੂੰ ਤੁਹਾਡਾ ਬਕਾਇਆ ਦੇ ਕੇ ਲੈ ਜਾਵਾਂਗੇ।’ ਇੱਕ ਨੇ ਨਜ਼ਰਸਾਨੀ ਲਈ ਤਰਲਾ ਕੀਤਾ।
‘ਵੇਖ ਲਓ.. ਫੇਰ ਇਹੋ ਜਿਹੇ ਪੰਗੇ ਨਾ ਲਿਉ... ਹੁਣ ਮੈਂ ਦੋ ਦੀ ਟਿਕਟ ਕੱਟ ਦਿੰਦਾ ਹਾਂ।’
ਸਟੇਸ਼ਨ ਮਾਸਟਰ ਵਾਰਨਿੰਗ ਦਿੰਦਾ ਹਥਲੀ ਕਾਪੀ ਵਿਚੋਂ ਮੀਮੋ ਕੱਟਣ ਲੱਗਾ। ਹਰੇਕ ਤਣਾਓ ਭਰਪੂਰ
ਚਿਹਰਿਆਂ ਦਾ ਰੰਗ ਬਹਾਰ ਦੇ ਫੁੱਲਾਂ ਵਾਂਗ ਮੌਲ ਪਿਆ।
‘ਇਸ ਬੈਗ ਵਿਚ ਤਾਂ ਬੜੇ ਖ਼ਤਰਨਾਕ ਹਥਿਆਰ ਨੇ ਜੀ, ਇਹ ਬੰਦੇ ਮਾਰਨ ਨੂੰ ਕਾਫ਼ੀ ਨੇ.. ਇੱਕ ਵਾਰ
ਦਸ ਵੀਹ ਬੰਦੇ ਝਟਕਾ ਸਕਦੇ ਨੇ।’
ਇੱਕ ਮੁਲਾਜ਼ਮ ਜੋ ਇੰਜਨ ਤੇ ਰਹਿ ਗਏ ਹੱਥ-ਬੈਗਾਂ/ਸਾਮਾਨ ਦੀ ਤਲਾਸ਼ੀ ਲੈ ਰਿਹਾ ਸੀ, ਦੀ
ਆਵਾਜ਼ ਨੇ ਸਿਰੇ ਚੜ੍ਹੇ ਪ੍ਰਯੋਜਨ ਤੇ ਪੂਰਣ-ਵਿਰਾਮ ਲਗਾ ਦਿੱਤਾ। ਸਿਪਾਹੀ ਨੇ ਬੈਗ ਲਿਆ ਕੇ
ਢੇਰੀ ਕਰ ਦਿੱਤਾ। ਤੇਸਾ, ਆਰੀ, ਸੁੰਬਾ, ਕੁਹਾੜੀ, ਵਰਮਾ ਤੇ ਕੁੱਝ ਹੋਰ ਔਜ਼ਾਰ ਵੇਖ ਕੇ
ਇੰਸਪੈਕਟਰ ਦੇ ਮੱਥੇ ਤੇ ਫਨੀਅਰ ਫੁੰਕਾਰੇ ਮਾਰਨ ਲੱਗਾ।
‘ਸਾਲੇ ਹਰਾਮਖ਼ੋਰ! ਡਾਕੂ! ਹਮ ਨੇ ਤੋ ਛੋੜ ਦੀਆਂ ਪਰ ਹਮੇਂ ਫੂਲ ਬਣਾ ਰਹੇ ਹੈਂ?’
ਉਹ ਝਈਆਂ ਲੈ ਕੇ ਫੇਰ ਮੁਸਾਫ਼ਰਾਂ ਵੱਲ ਸਿੱਧਾ ਹੋ ਗਿਆ। ਉਸ ਦੇ ਮਜਾਜ਼ ਵਿਚ ਤਲਖ਼ੀ ਤੇ
ਤਿੱਖਾਪਣ ਭਾਰੂ ਪੈ ਗਿਆ।
ਉਸ ਨੇ ਉੱਪਰਲੇ ਅਧਿਕਾਰੀਆਂ ਨੂੰ ਫ਼ੋਨ ਕਰਨ ਵਾਸਤੇ ਸਟੇਸ਼ਨ ਮਾਸਟਰ ਨੂੰ ਤੁੱਖਣਾ ਦਿੱਤੀ।
‘ਮੇਰਾ ਤਰਖਾਣਾ ਕੰਮ ਹੈ ਜਨਾਬ.. ਮੈਂ ਦਿਹਾੜੀ ਕਰਦਾ ਹਾਂ। ਇਹ ਮੇਰੇ ਰੋਜ਼ਾਨਾ ਕੰਮ ਆਉਣ
ਵਾਲੇ ਸੰਦ ਹਨ... ਮੇਰੀ ਮੋਤੀਆਂ ਵਾਲੀ ਸਰਕਾਰ।’ ਹਰਬੀਰ ਆਤਮ-ਵਿਸ਼ਵਾਸ ਨਾਲ ਅੱਗੇ ਹੋਇਆ। ਉਹ
ਅੰਤਰਮੁਖੀ ਪਾਠ ਕਰਦਾ ਕਿਸੇ ਰੱਬ ਨੂੰ ਧਿਆ ਰਿਹਾ ਜਾਪਿਆ। ਉਸ ਦੇ ਚਿਹਰੇ ਦਾ ਤੇਜ਼-ਤਪ ਤੇ
ਜਲੌ ਡੁੱਲ੍ਹ ਡੁੱਲ੍ਹ ਪੈ ਰਿਹਾ ਸੀ। ਕਦੇ ਕਦੇ ਉਹ ਕੰਧਾਰੀ ਨਾਲ ਵੀ ਦਸਤ-ਪੰਜਾ ਲੈਂਦਾ
ਵੇਖਿਆ ਗਿਆ ਸੀ। ਉਸ ਨਾਲ ਉਸ ਦੀ ਆੜੀ ਸੀ। ਹੁਣ ਉਸ ਦੇ ਨਾਲਦੇ ਰੋਜ਼ਾਨਾ ਯਾਤਰੀ ਸਾਥੀ ਸਭ
ਚੁੱਪ ਚਾਪ ਖੜ੍ਹੇ ਇਸ ਉਲਝਣ ਵਿਚ ਉਸ ਦੀ ਗਵਾਹੀ ਤੇ ਸਫ਼ਾਈ ਦੇਣ ਤੋਂ ਕਤਰਾ ਰਹੇ ਸਨ।
‘ਹੁਣ ਇਹ ਨਹੀਂ ਛੱਡਣ ਲੱਗੇ, ਇਹਦੇ ਨਾਲ ਸਾਰਿਆਂ ਨੂੰ ਰਗੜਾ ਬੱਝੂ। ਇਹ ਸਾਲਾ ਕਿੱਲੀ-ਠੋਕ
ਸਾਡਾ ਵੀ ਮੰਜਾ ਠੁਕਾਊ ਅੱਜ।‘
ਬਣੇ ਬਣਾਏ ਕੰਮ ਵਿਚ ਘੜੰਮ ਪੈਣ ਤੇ ਸਾਰੇ ਸਵਾਰ ਔਖੇ ਹੋ ਗਏ। ਪਹਿਲਾਂ ਹੀ ਸਹਿਮੇ ਹੋਏ
ਯਾਤਰੀ ਅੰਦਰੋਂ ਪੋਟਾ ਪੋਟਾ ਕੋਹੇ ਜਾ ਰਹੇ ਸਨ। ਅਸਾਧਾਰਨ ਤੌਰ ਤੇ ਰੁਕੀ ਗੱਡੀ ਵੇਖ ਕੇ
ਨੇੜੇ ਰਹਿੰਦੇ ਕੁੱਝ ਸਥਾਨਕ ਲੋਕ ਵੀ ਇਹ ਡਰਾਮਾ ਵੇਖਣ ਲਈ ਉਮਡ ਪਏ। ਇੱਕ ਸਿਆਣੇ ਨੇ ਚਿੰਤਾ
ਫ਼ਿਕਰਾਂ ਨਾਲ ਜੂਝ ਰਹੇ ਗ਼ਰੀਬੜੇ ਜਿਹੇ ਤਰਸ ਦੇ ਪਾਤਰ ਬਣੇ ਮੁੰਡੇ ਵੱਲ ਝਾਕਿਆ।
‘ਇਹ ਤਾਂ ਜਨਾਬ! ਗ਼ਰੀਬ ਐ ਵਿਚਾਰਾ ਦਿਹਾੜੀਦਾਰ! ਮੈਂ ਇਸ ਨੂੰ ਜਾਣਦਾ ਹਾਂ। ਇਹ ਇਸ ਦੀ
ਰੋਜ਼ੀ ਰੋਟੀ ਦਾ ਸਬੱਬ ਐ.. ਇਹ ਡਾਕੂ ਜਾਂ ਖ਼ਤਰਨਾਕ ਬਦਮਾਸ਼ ਨਹੀਂ ਜਾਪਦਾ। ਇਸ ਦੀ ਮੈਂ
ਗਰੰਟੀ ਦੇ ਸਕਦਾ ਹਾਂ।’ ਫ਼ਰਿਸ਼ਤੇ ਵਾਂਗ ਅਚਾਨਕ ਪ੍ਰਗਟ ਹੋਏ ਉਸ ਮਹਾਂ ਪੁਰਖ ਦੀ ਗਵਾਹੀ ਸੁਣ
ਕੇ ਥਾਣੇਦਾਰ ਹੱਸ ਪਿਆ ਤੇ ਨਾਲ ਪੀੜਤ ਸਿ਼ਕਾਰ ਵੀ ਹੱਸ ਪਏ।
‘ਓ ਭਲਿਓ ਮਾਣਸੋ! ਤੁਸੀਂ ਜਾਓ ਜਾਂ ਨਾ ਜਾਓ... ਤੁਹਾਡੀ ਬੱਧੀ ਤਨਖ਼ਾਹ ਐ...। ਮੀਂਹ ਜਾਏ
ਹਨੇਰੀ ਜਾਏ, ਤੁਸੀਂ ਜਾ ਕੇ ਉੱਕਾ-ਪੁੱਕਾ ਖੀਸਾ ਭਰ ਲਿਔਣਾ... ਪਰ ਇਹ ਰੰਡੀ ਮਾਂ ਦਾ ਲਾਲ
ਵਿਚਾਰਾ ਬਾਹਰ ਜਾਊ... ਕੰਮ ਕਰੂ ਤਾਂ ਹੀ ਘਰ ਦਾ ਲੂਣ ਤੇਲ ਚੱਲਣਾ। ਪਿਉ ਇਹਦਾ ਪਹਿਲਾਂ ਹੀ
ਇਸ ਖ਼ੂਨੀ ਹਨੇਰੀ ਦੀ ਬਲੀ ਚੜ੍ਹ ਗਿਆ। ਖਾੜਕੂਆਂ ਤੇ ਪੁਲਸ ਦੀ ਦੁਵੱਲੀ ਚਾਂਦਮਾਰੀ ਵਿਚ ਉਹ
ਜ਼ਖਮੀ ਹੋ ਗਿਆ ਤੇ ਫੇਰ ਪੁਲਸ ਨੇ ਖਾੜਕੂਆਂ ਦਾ ਸਾਥੀ ਗਰਦਾਨ ਕੇ ਮੁਕਾਬਲਾ ਕਰ ਮਾਰਿਆ। ਹੁਣ
ਆਪਣੇ ਪੇਟ ਦੀ ਖਾਤਰ ਸ਼ਹਿਰੋਂ ਕਰਫ਼ਿਊ, ਹੜਤਾਲਾਂ, ਧਰਨੇ, ਮੁਜ਼ਾਹਰਿਆਂ ਤੋਂ ਡਰਦਾ ਇਹ ਵਿਚਾਰਾ
ਬਾਹਰ ਨੂੰ ਨਿਕਲਿਆ ਹੈ ਤੇ ਅੱਜ ਤੁਸੀਂ ਇਹਨੂੰ ਵੀ ਸੂਲੀ ਤੇ ਚਾੜ੍ਹਨ ਤੇ ਤੁਲੇ ਹੋਏ ਓ।’
ਬਿਗਾਨੀ ਮੁਸੀਬਤ ਆਪਣੇ ਸਿਰ ਸਹੇੜਦੇ ਬਜ਼ੁਰਗ ਦੀਆਂ ਮੁੱਛਾਂ ਕੰਬ ਰਹੀਆਂ ਸਨ ਜਿਵੇਂ ਉਸ ਦੀ
ਰੱਖਿਆ ਵਾਸਤੇ ਹੀ ਅਕਾਲ ਪੁਰਖ ਨੇ ਕੋਈ ਮਸੀਹਾ ਭੇਜ ਦਿੱਤਾ ਹੋਵੇ।
ਮੌਕੇ ਦਾ ਅਫ਼ਸਰ ਪਹਿਲਾਂ ਹੀ ਅਣਭੋਲ ਫਸੇ ਇਨ੍ਹਾਂ ਸਿ਼ਕਾਰਾਂ ਨੂੰ ਰਿਹਾ ਕਰਨ ਬਾਰੇ ਬਾਰੇ
ਫ਼ੈਸਲਾ ਲੈ ਚੁੱਕਾ ਸੀ।
‘ਬੋਲੋ ਸਰ! ਛੋੜ ਦੇਂ ਇਨ੍ਹੇ ਯਾ ਊਪਰ ਭੇਜੇਂ?’ ਉਸ ਨੇ ਡਰਾਈਵਰ ਤੇ ਗਾਰਡ ਵੱਲ ਅੱਖਾਂ
ਚੁੱਕੀਆਂ।
‘ਸਾਨੂੰ ਕੋਈ ਇਤਰਾਜ਼ ਨਹੀਂ ਜਨਾਬ... ਯਹ ਆਪ ਕੀ ਨਿਆਂ-ਵਿਵਸਥਾ ਹੈ।’
ਸਟੇਸ਼ਨ ਮਾਸਟਰ ਦੇ ‘ਨੋ-ਉਬਜੈੱਕਸ਼ਨ’ ਇਸ਼ਾਰੇ ਤੇ ਗਾਰਡ ਨੇ ਘੜੀ ਵੱਲ ਨਿਗ੍ਹਾ ਮਾਰੀ।
‘ਜਾਓ ਮਜ਼ੇ ਲੋ.. ਅਪਨੇ ਘਰ ਜਾਓ.. ਸਾਨੂੰ ਵੀ ਜਾਣ ਦਿਓ।’ ਉਸ ਨੇ ਇਕਦਮ ਜੱਭ ਮੁਕਾ ਦਿੱਤਾ।
ਸਟੇਸ਼ਨ ਮਾਸਟਰ ਨੇ ਦੋ ਸੌ ਸੱਠ ਰੁਪਏ ਯਾਨੀ ਦੋ ਟਿਕਟਾਂ ਦੀ ਰਸੀਦ ਕੱਟੀ ਤੇ ਬਾਕੀ ਆਪਣੀ
ਜੇਬ ਵਿਚ ਘਸੋੜ ਲਏ। ਗੱਡੀ ਰਵਾਨਗੀ ਦਾ ਪਰਵਾਨਾ ਇੰਜਨ-ਮਾਸਟਰ ਨੂੰ ਫੜਾ ਕੇ ਹਰੀ ਝੰਡੀ ਹਿਲਾ
ਦਿੱਤੀ। ਕੁੱਝ ਪੀੜਤ ਸਵਾਰੀਆਂ ਇੰਜਨ ਵੱਲ ਤੇ ਕੁੱਝ ਸਵਾਰ ਗਾਰਡ ਦੇ ਨਾਲ ਉਸ ਪਿੱਛੇ ਹੋ
ਤੁਰੇ। ਹੁਣ ਮੈਨੂੰ ਤੇ ਕੁੱਝ ਹੋਰਾਂ ਨੂੰ ਵੀ ਇੰਜਨ ਅੰਦਰ ਪੈਰ ਧਰਨ ਦੀ ਰਾਹਦਾਰੀ ਮਿਲ ਗਈ।
ਕੁੱਕੜਾਂ ਦੇ ਖੁੱਡੇ ਵਾਂਗ ਸਾਰੇ ਇੱਕ ਦੂਸਰੇ ਦੇ ਸਹਾਰੇ ਖੜ੍ਹੇ ਹੋ ਗਏ। ਇੰਜਨ ਫਰਾਟੇ
ਮਾਰਦਾ ਮੁੜ ਅੰਮ੍ਰਿਤਸਰ ਦੀ ਪਟੜੀ ਪੈ ਗਿਆ।
‘ਤੁਸੀਂ ਵੀ ਉਸੇ ਗੱਡੀ ’ਚ ਸਓ ਸਵੇਰੇ?’ ਹਰਬੀਰ ਮੇਰੇ ਵੱਲ ਝੂਠਾ ਜਿਹਾ ਹੱਸਿਆ। ਹੁਣ ਮੈਨੂੰ
ਉਸ ਦਾ ਨਾਂ ਯਾਦ ਹੋ ਗਿਆ ਸੀ।
‘ਤੂੰ ਚੰਗਾ ਰਿਹਾਂ ਵੀਰਾ! ਚੋਰ ਦੀ ਮਾਂ ਤੇ ਬੁੱਕਲ ’ਚ ਮੂੰਹ! ਹੁਣ ਸਬਰ ਕਰਨਾ ਹੀ ਤੇਰੇ
ਭਲੇ ਦੀ ਗੱਲ ਹੈ। ਕਿਤੇ ਆਪੇ ਰੌਲਾ ਪਾ ਕੇ ਐਵੇਂ ਅਣਭੋਲ ਕੇਸ ਵਿਚ ਨਾ ਫਸ ਜਾਈਂ। ਇੱਥੋਂ
ਹੁਣ ਤਾਂ ਬਚ ਗਏ ਸ਼ੁਕਰ ਕਰ! ਪਰ ਉਹ ਸੁਪਰ-ਫਾਸਟ ਨਾਨ-ਸਟਾਪ ਗੱਡੀ ਰੁਕਾਉਣ ਤੇ ਏਨੇ
ਮਹੱਤਵਪੂਰਨ ਮੁਸਾਫ਼ਰਾਂ ਨੂੰ ਪ੍ਰੇਸ਼ਾਨ ਕਰਨ ਦਾ ਫ਼ੌਜਦਾਰੀ ਕੇਸ ਬਣ ਗਿਆ ਤਾਂ ਤੇਰੇ ਸਭ ਗੁਪਤ
ਰੁਝੇਵੇਂ ਨੰਗੇ ਹੋ ਜਾਣੇ ਨੇ।’
‘ਜਿਹੜੇ ਜਾਨ ਤਲੀ ਤੇ ਧਰਦੇ ਨੇ, ਉਹ ਕੇਸਾਂ ਤੋਂ ਕੀ ਮੌਤ ਤੋਂ ਵੀ ਨਹੀਂ ਡਰਦੇ। ਤੁਸੀਂ
ਸ਼ੁਕਰ ਕਰਦੇ ਹੋ, ਉਹ ਗੱਡੀ ਬਚ ਗਈ.. ਮੈਨੂੰ ਇਹ ਝੋਰਾ ਹੈ।’ ਉਸ ਦਾ ਸਹਿਜ ਜਿਹਾ ਉੱਤਰ ਸੀ
ਪਰ ਇਸ ਦੀ ਗੁੰਝਲ ਨੇ ਮੈਨੂੰ ਝਟਕਾ ਦੇ ਦਿੱਤਾ।
‘ਸਹਿਜ ਪੱਕੇ ਸੋ ਮੀਠਾ ਹੋਏ... ਸਬਰ ਸਬੂਰੀ ਕਰੋ ਮੇਰੇ ਦੋਸਤ।’ ਮੇਰੀ ਸਲਾਹ ਤੇ ਉਸ ਨੇ
ਨਿਰਾਸਤਾ ਵਿਚ ਅੱਖਾਂ ਮੀਟੀਆਂ।
ਰੋਜ਼ਾਨਾ ਯਾਤਰੂਆਂ ਨੂੰ ਮਾਨਾ ਵਾਲਾ ਸਟੇਸ਼ਨ ਦਾ ਧੁੜਕੂ ਹਰ ਰੋਜ਼ ਖਾਂਦਾ ਰਹਿੰਦਾ ਸੀ।
ਪਿੱਛੋਂ ਤੇਜ਼ ਦੌੜਦੀ ਰੇਲ ਗੱਡੀ ਨੂੰ ਬਹੁਤੀ ਵੇਰਾਂ ਇੱਥੇ ਪਹੁੰਚਣ ਤੱਕ ਜਿਵੇਂ ਕੋਈ ਪੈਂਖੜ
ਮਾਰ ਦਿੰਦਾ, ਇਹ ਇੱਥੇ ਲੰਗਰ ਸੁੱਟ ਕੇ ਬੈਠ ਜਾਂਦੀ ਤੇ ਕਾਹਲ਼ੀਆਂ ਸਵਾਰੀਆਂ ਨੂੰ ਹੋਰ
ਪ੍ਰੇਸ਼ਾਨ ਕਰਦੀ। ਅਸੀਂ ਇਸ ਦੀ ਆਦਤ ਤੋਂ ਡਰ ਰਹੇ ਸਾਂ ਪਰ ਅੱਜ ਇਹ ਛਿਛਕਾਰੀ ਹੋਈ ਹਿਰਨੀ
ਵਾਂਗ ਚੁੰਗੀਆਂ ਭਰਦੀ ਜੰਡਿਆਲਾ ਲੰਘ ਕੇ ਮਾਨਾ ਵਾਲਾ ਸਟੇਸ਼ਨ ਦੇ ਸਿਗਨਲ ਪਾਰ ਕਰ ਗਈ ਵੇਖ
ਕੇ ਯਾਤਰੀਆਂ ਦੇ ਚਿਹਰੇ ਚਮਕ ਗਏ।
‘ਅੰਮ੍ਰਿਤਸਰ ਸਟੇਸ਼ਨ ਤੋਂ ਬਾਹਰ ਕਿਵੇਂ ਨਿਕਲਾਂਗੇ?’ ਨਵੀਂ ਉਲਝਣ ਨੇ ਦਿਮਾਗ਼ ਵਿਚ ਮੁੜ
ਨਵੀਂ ਭਸੂੜੀ ਖੜ੍ਹੀ ਕਰ ਦਿੱਤੀ। ਸਾਰੇ ਗੁੰਮ-ਸੁੰਮ ਚਿਹਰੇ ਇੱਕ ਦੂਸਰੇ ਦੀਆ ਨਜ਼ਰਾਂ ਪੜ੍ਹ
ਰਹੇ ਸਨ।
‘ਡਰਾਈਵਰ ਨੂੰ ਬੇਨਤੀ ਕਰ ਵੇਖੋ ਕਿ ਸਾਨੂੰ ਸਟੇਸ਼ਨ ਤੋਂ ਪਹਿਲਾਂ ਬਾਹਰ ਹੀ ਉਤਾਰ ਦੇਵੇ। ਇਹ
ਨਾ ਹੋਵੇ ਕਿ ਅਸਮਾਨ ਤੋਂ ਡਿੱਗੇ ਖਜੂਰ ਤੇ ਅਟਕੇ ਵਾਂਗ ਉੱਥੇ ਵੀ ਕੋਈ ਹੋਰ ਬਲ਼ਾ ਘੇਰ
ਲਵੇ।’ ਸੰਤ ਰਾਮ ਨੇ ਮੇਰਾ ਮੋਢਾ ਹਲੂਣਿਆ।
‘ਇਹ ਨੇਕ ਕੰਮ ਵੀ ਤੁਹਾਨੂੰ ਹੀ ਕਰਨਾ ਪੈਣਾ ਰਾਮ ਜੀ।’ ਮੈਂ ਉਸ ਦੀ ਹਾਂ ਵਿਚ ਹਾਂ ਮਿਲਾਈ।
ਹੁਸੈਨਪੁਰਾ ਅਤੇ ਜੌੜੇ-ਫਾਟਕ ਨੇੜਲੇ ਘਰਾਂ ਵਾਲੇ ਕਈ ਰੋਜ਼ਾਨਾ ਯਾਤਰੀ, ਬਿਨ-ਟਿਕਟੇ ਜਾਂ
ਨਿੱਤ ਦੇ ਵਪਾਰੀ ਆਪਣੇ ਸਾਮਾਨ ਦੀ ਮਹਿਸੂਲ ਚੁੰਗੀ ਬਚਾਉਣ ਵਾਸਤੇ ਜੌੜੇ ਫਾਟਕਾਂ ਤੇ ਜ਼ੰਜੀਰ
ਖਿੱਚ ਕੇ ਸਟੇਸ਼ਨ ਤੋਂ ਪਹਿਲਾਂ ਬਾਹਰ ਗੱਡੀ ਰੋਕ ਲੈਂਦੇ ਹਨ। ਇੱਥੇ ਕਈ ਵੇਰਾਂ ਇਨ੍ਹਾਂ
ਲੋਕਾਂ ਨੂੰ ਅਚਾਨਕ ਚੈੱਕ ਕਰਨ ਵਾਸਤੇ ਰੇਲਵੇ ਦਾ ਪੜਤਾਲੀਆ ਸਟਾਫ਼ ਅਤੇ ਪੁਲਸ ਟੁਕੜੀਆਂ
ਅਜੇਹੀਆਂ ਥਾਵਾਂ ਦੀ ਨਿਗਰਾਨੀ ਕਰਦੀਆਂ ਉੱਤਰਦਿਆਂ ਨੂੰ ਬੋਚ ਲੈਂਦੀਆਂ ਤੇ ਭਾਰੀ ਜੁਰਮਾਨੇ
ਕਰਦੀਆਂ ਸਨ। ਅੱਜ ਇਹ ਖ਼ਤਰਨਾਕ ਨਾਕਾ ਵੀ ਲੰਘ ਚੁੱਕਾ ਸੀ। ਖਾੜਕੂਆਂ ਦੀ ਠਾਹ ਠਾਹ ਕਾਰਨ
ਰੇਲਵੇ ਦੇ ਚੈਕਿੰਗ ਸਟਾਫ਼ ਤੇ ਪੁਲਸੀਏ ਅਨਿਆਈ ਮੌਤੋਂ ਡਰਦੇ ਅਜੇਹੇ ਨਾਕਿਆਂ ਤੇ ਜਾਣੋ
ਕਤਰਾਉਣ ਲੱਗੇ ਸਨ।
‘ਮੈਂ ਪਛਾਣ ਲਿਆ ਤੁਹਾਨੂੰ, ਤੁਸੀਂ ਵੀ ਉਸੇ ਬੋਗੀ ਵਿਚ ਸਓ... ਸੱਚ ਦੱਸੋ ਫਿਰ ਕਿਵੇਂ ਬੀਤੀ
ਮੇਰੇ ਪਿਆਰੇ ਯੰਤਰ ਨਾਲ!’ ਹਰਬੀਰ ਮੇਰੇ ਨੇੜੇ ਹੋ ਗਿਆ।
‘ਤੈਨੂੰ ਦੱਸਿਆ ਤਾਂ ਸੀ ਸਵੇਰੇ... ਕਿ ਮੁਸਾਫ਼ਰਾਂ ਨੇ ਇਸ ਦੀਆਂ ਚੀਕਾਂ ਸੁਣ ਕੇ ਇਸ ਨੂੰ
ਬੰਬ ਸਮਝ ਲਿਆ ਤੇ ਕੰਢਿਆਂ ਤੱਕ ਭਰੇ ਸਤਲੁਜ ਦੇ ਹਵਾਲੇ ਕਰ ਕੇ ਸੁੱਖ ਦਾ ਸਾਹ ਲਿਆ।
‘ਸੁਖ ਦਾ ਸਾਹ?’ ਮੇਰੇ ਸ਼ਬਦ ਸੁਖ ਦਾ ਸਾਹ ਉਸ ਨੂੰ ਜਿਵੇਂ ਕੰਡੇ ਵਾਂਗ ਚੁੱਭੇ।
‘ਖੂੰਨ ਦਾ ਬਦਲਾ ਖੂੰਨ... ਤੁਸੀਂ ਵੀ ਮੇਰੇ ਨਾਲ ਹੱਥ ਮਿਲਾਓ। ਇਹ ਸੁਖ ਦਾ ਸਾਹ ਨਹੀਂ, ਇਹ
ਖੂਨ ਦੇ ਘੁੱਟ ਨੇ ਜੋ ਅਸੀਂ ਅੱਖੀਂ ਵੇਖ ਕੇ ਮੱਖੀ ਵਾਂਗ ਨਿਗਲ ਰਹੇ ਹਾਂ।’ ਹਲੀਮੀ ਜਿਹੀ
ਵੰਗਾਰ ਮਾਰਦੇ ਉਸ ਨੇ ਅੱਤ ਦਰਦਨਾਕ ਪੀੜਾਂ ਭਰਿਆ ਹੌਕਾ ਭਰਿਆ। ਮੈਂ ਉਸ ਕੋਲੋਂ ਫਾਸਲਾ ਵਧਾ
ਲਿਆ। ਉਹ ਗੱਡੀ ਵਿਚੋਂ ਛਾਲ ਮਾਰਨ ਲਈ ਸਭ ਤੋਂ ਕਾਹਲਾ ਡੰਡੇ ਨਾਲ ਲਟਕਦਾ ਹੇਠਲੇ ਪੌਡੇ ਤੇ
ਪਹੁੰਚ ਗਿਆ।
ਸਾਡੇ ਜੱਕੋ-ਤੱਕੇ ਵਿਚ ਰੱਬ ਨੇ ਨੇੜੇ ਹੋ ਕੇ ਸੁਣ ਲਈ ਜਾਂ ਡਰਾਈਵਰ ਦੇ ਮਨ ਮਿਹਰ ਪੈ ਗਈ।
ਵਿਕਟੋਰੀਆ ਹਸਪਤਾਲ ਵਾਲੇ ਫਾਟਕ ਤੇ ਆ ਕੇ ਇੰਜਨ ਦੀਆਂ ਬਰੇਕਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ
ਤੇ ਗੱਡੀ ਰੁਕ ਗਈ।
‘ਇੱਥੇ ਉੱਤਰ ਜਾਓ। ਅੱਗੇ ਫੇਰ ਤੁਸੀਂ ਫਸ ਜਾਉਗੇ ਨਾਲੇ ਮੇਰੀ ਜਵਾਬ-ਤਲਬੀ ਕਰਾਉਗੇ।’
ਜਾਪਦਾ ਸੀ, ਡਰਾਈਵਰ ਨੂੰ ਵੀ ਉੱਪਰ ਵਾਲੇ ਨੇ ਹਦਾਇਤ ਕਰ ਦਿੱਤੀ ਹੈ ਜਾਂ ਟਾਂਗਰੇ ਵਾਲੇ
ਬਾਬੂ ਨੇ ਸਮਝਾ ਦਿੱਤਾ ਹੋਵੇਗਾ। ਅਸੀਂ ਸਾਰੇ ਉਸ ਦਾ ਧੰਨਵਾਦ ਕਰਦੇ ਛਾਲਾਂ ਮਾਰਦੇ ਉੱਤਰ
ਗਏ। ਬੱਸ-ਸਟੈਂਡ ਇੱਥੋਂ ਇੱਕ ਫ਼ਰਲਾਂਗ ਦੀ ਦੂਰੀ ਤੇ ਹੀ ਹੈ ਤੇ ਉੱਥੋਂ ਹਰ ਥਾਂ ਪਹੁੰਚਣ ਦਾ
ਜੁਗਾੜ ਜੁਟਾਇਆ ਜਾ ਸਕਦਾ ਸੀ।
‘ਮੇਰਾ ਤਾਂ ਅੱਜ ਵਾਰ ਖਾਲੀ ਚਲਾ ਗਿਆ ਮੇਰੇ ਵੀਰ.....!’ ਅਚਾਨਕ ਇੱਕ ਪੁਲਸ ਜੀਪ ਸਾਹਮਣੇ
ਪ੍ਰਗਟ ਹੋਣ ਤੇ ਉਸ ਦੇ ਸ਼ਬਦਾਂ ਦੀ ਸੰਘੀ ਘੁੱਟੀ ਗਈ।
‘ਹੱਥ ਖੜ੍ਹੇ ਕਰੋ..ਹਿਲਣਾ ਦੌੜਨਾ ਨਹੀਂ।’ ਛਾਲਾਂ ਮਾਰਦੀ ਪੁਲਸ ਟੁਕੜੀ ਨੇ ਸੰਗੀਨਾਂ ਸਾਡੇ
ਵੱਲ ਘੁਮਾ ਦਿੱਤੀਆਂ। ਇਨ੍ਹਾਂ ਵਿਚੋਂ ਕੁਝ ਉਹ ਟਾਂਗਰੇ ਵਾਲੇ ਮੁਲਾਜਮ ਹੀ ਜਾਪਦੇ ਸਨ ਜੋ
ਸ਼ਾਇਦ ਉੱਪਰਲੇ ਵਾਇਰਲੈੱਸ ਸੰਦੇਸ਼ ਤੇ ਪਿੱਛਾ ਕਰਦੇ ਮੁੜ ਆਣ ਬਹੁੜੇ ਹਨ। ਸਾਰਿਆਂ ਦੀ ਚੰਗੀ
ਤਰ੍ਹਾਂ ਟੋਹਾ-ਟਾਹੀ ਹੋਈ।
‘ਨਕਲੀ ਆਈ. ਡੀ.! ਨਕਲੀ ਬੰਦੇ! ..ਤੁਮ ਹੀ ਤੋ ਲਾਭ ਸਿੰਘ ਹੋ... ਸਾਲਾ ਮੰਜੀ ਠੋਕ!’
ਸ਼ਨਾਖਤੀ ਕਾਰਡਾਂ ਦੀ ਘੋਖ ਕਰਦੇ ਆਪਣੀ ਲਿਸਟ ਵਿਚੋਂ ਸ਼ਕਲਾਂ ਨਾਵਾਂ ਨੂੰ ਮਿਲਾਉਂਦੇ ਹਰਬੀਰ
ਨੂੰ ਉਨ੍ਹਾਂ ਜੀਪ ਵਿਚ ਸੁੱਟ ਲਿਆ।
-0-
|