ਸਰਵਣ ਸਿੰਘ ਨੇ ਖੇਡਾਂ ਦੇ
ਹੀਰਿਆਂ ਦੀਆਂ ਬੜੀਆਂ ਬਾਤਾਂ ਪਾਈਆਂ ਹਨ। ਦੋਸਤਾਂ ਮਿੱਤਰਾਂ ਦੇ ਕਹਿਣ ਉਤੇ ਉਹ ਸਾਹਿਤਕ ਤੇ
ਸਭਿਆਚਾਰਕ ਖੇਤਰ ਦੇ ਹੀਰਿਆਂ ਦੀਆਂ ਬਾਤਾਂ ਵੀ ਪਾਉਣ ਲੱਗਾ ਹੈ। ਪਿਛਲੇ ਦਿਨੀਂ ਉਹਦੀ ਪੁਸਤਕ
‘ਪੰਜਾਬ ਦੇ ਕੋਹੇਨੂਰ’ ਸੰਗਮ ਪਬਲੀਕੇਸ਼ਨਜ਼ ਨੇ ਪ੍ਰਕਾਸਿ਼ਤ ਕੀਤੀ ਹੈ। ਲੱਗਦਾ ਹੈ ਉਹ ਉਸ
ਦਾ ਦੂਜਾ ਭਾਗ ਵੀ ਤਿਆਰ ਕਰੇਗਾ। ਪੇਸ਼ ਹੈ ਇਕ ਹੋਰ ਕੋਹੇਨੂਰ ਦੀ ਵਾਰਤਾ।
ਡਾ. ਮਹਿੰਦਰ ਸਿੰਘ ਰੰਧਾਵਾ ਕਰਨੀ ਵਾਲਾ ਮਹਾਂਪੁਰਸ਼ ਸੀ। ਪੰਜਾਬ ਦੀ ਮਹਾਂਨਾਜ਼ ਹਸਤੀ। ਉਹ
ਸੱਚਮੁੱਚ ਪੰਜਾਬ ਦਾ ਛੇਵਾਂ ਦਰਿਆ ਸੀ। ਉਸ ਨੇ ਜਿਸ ਕੰਮ ਵੀ ਨੂੰ ਹੱਥ ਪਾਇਆ ਕਾਮਯਾਬੀ ਨਾਲ
ਸਿਰੇ ਲਾਇਆ। ਉਹ ਪੂਰਨ ਪੁਰਖਾਂ ਵਾਂਗ ਜੀਵਿਆ ਤੇ ਕਰਨੀ ਵਾਲੇ ਮਹਾਂਪੁਰਸ਼ਾਂ ਵਾਂਗ ਸੁਰਗਵਾਸ
ਹੋਇਆ। ਅਖ਼ੀਰ ਤਕ ਆਹਰੇ ਲੱਗਾ, ਕੰਮ ਧੰਦੇ ਕਰਦਾ ਤੁਰ ਗਿਆ। ਉਹਨੂੰ ਕਿਸੇ ਨੇ ਵਿਹਲਾ ਬੈਠਾ
ਨਹੀਂ ਸੀ ਵੇਖਿਆ। ਇਕੋ ਜੂੰਨ ‘ਚ ਉਹ ਕਈ ਜੂੰਨਾਂ ਜੀ ਗਿਆ। ਇਕੱਲੇ ਨੇ ਅਨੇਕਾਂ ਸੰਸਥਾਵਾਂ
ਜਿੰਨਾ ਕੰਮ ਕੀਤਾ। ਉਹ ਇਕੋ ਸਵਾ ਲੱਖ ਸੀ!
ਉਹ ਚੋਟੀ ਦਾ ਬਨਸਪਤੀ ਵਿਗਿਆਨੀ ਸੀ, ਕਲਾ ਪ੍ਰੇਮੀ, ਸਾਹਿਤਕਾਰ ਤੇ ਇਤਿਹਾਸਕਾਰ, ਭਵਨ ਕਲਾ
ਦਾ ਮਾਹਿਰ, ਅਣਥੱਕ ਖੋਜੀ, ਸੁੰਦਰਤਾ ਦਾ ਪੁਜਾਰੀ, ਬਾਗ਼ਬਾਨ, ਵਿਦਵਾਨ ਤੇ ਸਫਲ ਪ੍ਰਸਾਸ਼ਕ
ਸੀ। ਸਾਇੰਸ, ਸਾਹਿਤ ਤੇ ਕਲਾ ਦੀ ਤ੍ਰੈਮੂਰਤੀ। ਪੰਜਾਬੀ ਲੋਕ ਗੀਤਾਂ, ਭਾਰਤੀ ਚਿੱਤਰਾਂ ਤੇ
ਖ਼ਾਸ ਕਰ ਕੇ ਕਾਂਗੜਾ ਸ਼ੈਲੀ ਦੇ ਚਿੱਤਰਾਂ ਦਾ ਸੰਗ੍ਰਹਿਕ। ਖੇਤੀ ਤੇ ਪੇਂਡੂ ਵਿਕਾਸ ਦਾ
ਮਸੀਹਾ। ਵਿਗਿਆਨਕ ਸੋਚ ਦਾ ਮਾਲਕ। ਕਦੇ ਉਹ ਡਿਪਟੀ ਕਮਿਸ਼ਨਰ, ਕਦੇ ਖੇਤੀਬਾੜੀ ਤੇ ਪੇਂਡੂ
ਵਿਕਾਸ ਦਾ ਕੇਂਦਰੀ ਸਕੱਤਰ, ਕਦੇ ਸ਼ਰਨਾਰਥੀਆਂ ਦੇ ਮੁੜ ਵਸਾਊ ਮਹਿਕਮੇ ਦਾ ਡਾਇਰੈਕਟਰ, ਕਦੇ
ਪਿੰਡਾਂ ਦਾ ਵਿਕਾਸ ਕਮਿਸ਼ਨਰ, ਕਦੇ ਚੰਡੀਗੜ੍ਹ ਦਾ ਚੀਫ਼ ਕਮਿਸ਼ਨਰ ਤੇ ਕਦੇ ਪੰਜਾਬ
ਖੇਤੀਬਾੜੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਿਆ। ਉਸ ਨੇ ਦਰਜਨਾਂ ਕਿਤਾਬਾਂ ਤੇ ਖੋਜ ਪਰਚੇ
ਲਿਖੇ। ਉਹ ਥਿਰੀ ਇਨ ਵਨ ਨਹੀਂ ਟੈੱਨ ਇਨ ਵਨ ਸੀ।
ਗਿਆਨੀ ਲਾਲ ਸਿੰਘ ਦਾ ਕਹਿਣਾ ਸੀ: ਡਾ. ਰੰਧਾਵਾ ਚੌੜੀ ਛਾਤੀ ਤੇ ਖੁੱਲ੍ਹੇ ਦਿਲ ਵਾਲਾ
ਪੰਜਾਬੀ ਜੱਟ ਹੀ ਨਹੀਂ, ਇਕ ਸੱਚਾ ਸਾਹਿਤਕਾਰ, ਨੁਕਤਾ-ਸ਼ਨਾਸ ਆਲੋਚਕ, ਸੂਝਵਾਨ ਸੰਪਾਦਕ,
ਸੁਚੱਜਾ ਸੰਗ੍ਰਹਿ-ਕਰਤਾ, ਲੋਕ-ਸਾਹਿਤ ਤੇ ਲੋਕ-ਭਾਸ਼ਾ ਦਾ ਦਿਲਦਾਦਾ, ਰੁੱਖਾਂ ਤੇ ਫੁੱਲਾਂ
ਦਾ ਪ੍ਰਦਰਸ਼ਕ, ਕਲਾ ਤੇ ਸੁੰਦਰਤਾ ਦਾ ਆਸ਼ਕ ਅਤੇ ਸਤਯਮ, ਸਿ਼ਵਮ ਤੇ ਸੁੰਦਰਮ ਦਾ ਪ੍ਰਤੀਕ ਤੇ
ਪ੍ਰਸਾਰਕ ਸੀ।
ਕਾਸ਼ ਉਹ ਪੰਜਾਬ ਦੇ ਕਾਲੇ ਦੌਰ ਵੇਲੇ ਪੰਜਾਬ ਦਾ ਗਵਰਨਰ ਹੁੰਦਾ! ਫਿਰ ਅੱਗੇ ਵਧਦਾ ਪੰਜਾਬ
ਏਨਾ ਪਿੱਛੇ ਨਾ ਪੈਂਦਾ। ਉਹਦੀ ਸੋਚ ਵੀ ਹਾਂ ਪੱਖੀ ਸੀ ਅਤੇ ਬੋਲ-ਚਾਲ ਤੇ ਕਰਮ ਵੀ ਅੱਗੇਵਧੂ
ਸਨ। ਉਹ ਮਸਲੇ ਲਮਕਾਉਣ ਜਾਂ ਉਲਝਾਉਣ ਨਹੀਂ, ਨਜਿੱਠਣ ਤੇ ਨਬੇੜਣ ਜਾਣਦਾ ਸੀ।
ਆਖ਼ਰੀ ਉਮਰੇ ਉਹਦਾ ਵਸੇਬਾ ਖਰੜ ਨੇੜੇ ਗਾਰਡਨ ਕਲੋਨੀ ਵਿਚ ਸੀ। 3 ਮਾਰਚ 1986 ਦੀ ਰਾਤ ਸੀ।
ਰੰਧਾਵਾ ਸਾਹਿਬ ਦੀ ਪਤਨੀ ਸਰਦਾਰਨੀ ਇਕਬਾਲ ਕੌਰ ਦੱਸਦੀ ਹੈ, “ਅੰਤ ਅਚਾਨਕ ਹੀ ਆ ਗਿਆ।
ਪੰਜ-ਸੱਤ ਦਿਨ ਤੋਂ ਥਕਾਵਟ ਮਹਿਸੂਸ ਕਰਦੇ ਸਨ। ਹਸਪਤਾਲ ਜਾ ਕੇ ਈ. ਸੀ. ਜੀ. ਵੀ ਕਰਵਾਇਆ।
ਕੁਝ ਨਹੀਂ ਨਿਕਲਿਆ। ਅੰਤਲੀ ਰਾਤ ਜਦੋਂ ਰਾਤ ਗਈ ਮੈਨੂੰ ਜਗਾਇਆ ਤਾਂ ਪਸੀਨੇ ਨਾਲ ਭਿੱਜੇ ਪਏ
ਸਨ। ਬਿਸਤਰਾ, ਨਾਈਟ ਸੂਟ, ਕੱਛਾ-ਬੁਨੈਣ, ਸਾਰੇ ਕਪੜੇ ਤਰੋ-ਤਰ। ਮੈਂ ਪੁੱਛਿਆ, ਕੋਈ ਤਕਲੀਫ਼
ਹੈ ਤਾਂ ਮੂੰਹੋਂ ਦ...ਦ...ਦ ਹੀ ਨਿਕਲਿਆ। ਮੈਂ ਸੋਚਿਆ ਕਿ ਦੁੱਧ ਮੰਗਦੇ ਹਨ। ਮੈਂ ਸੋਚ ਹੀ
ਰਹੀ ਸਾਂ ਕਿ ਢਹਿ ਪਏ। ਖ਼ਤਮ। ‘ਦੁੱਧ’ ਨਹੀਂ ‘ਦਰਦ’ ਕਹਿਣਾ ਚਾਹੁੰਦੇ ਸਨ।”
ਐਸੀ ਹੋਣੀ ਸੀ ਪੰਜਾਬ ਦੇ ਇਸ ਮਹਾਨ ਸਪੂਤ ਦੀ। ਜਿਵੇਂ ਟਹਿਕਦਾ ਫੁੱਲ ਟਹਿਣੀਓਂ ਅਚਾਨਕ ਝੜ
ਜਾਏ!
ਗੁਲਜ਼ਾਰ ਸਿੰਘ ਸੰਧੂ ਦੁਆਰਾ ਸੰਪਾਦਤ ਪੁਸਤਕ ‘ਪੰਜਾਬ ਦਾ ਛੇਵਾਂ ਦਰਿਆ’ ਵਿਚ ਸੰਧੂ ਦੀ
ਸਰਦਾਰਨੀ ਇਕਬਾਲ ਕੌਰ ਨਾਲ ਇੰਟਰਵਿਊ ਦਰਜ ਹੈ। ਸੰਧੂ, ਰੰਧਾਵਾ ਸਾਹਿਬ ਦੀ ਪਤਨੀ ਨੂੰ ਬੀਜੀ
ਕਹਿੰਦਾ ਆਇਆ ਹੈ। ਬੀਜੀ ਹੁਣ ਸੌ ਸਾਲ ਦੇ ਹੋ ਗਏ ਹਨ ਜੋ ਚੰਡੀਗੜ੍ਹ ਆਪਣੇ ਛੋਟੇ ਪੁੱਤਰ ਨਾਲ
ਰਹਿੰਦੇ ਹਨ। ਵੱਡਾ ਪੁੱਤਰ ਗੁਜ਼ਰ ਚੁੱਕੈ। ਧੀਆਂ ਧਿਆਣੀਆਂ ਸੁਖੀ ਵੱਸਦੀਆਂ ਹਨ। ਪੋਤੇ
ਪੋਤੀਆਂ ਤੇ ਦੋਹਤੇ ਦੋਹਤੀਆਂ ਵਧ-ਫੁੱਲ ਰਹੇ ਹਨ। ਪਰ ਉਨ੍ਹਾਂ ਵਿਚੋਂ ਅਜੇ ਤਕ ਕਿਸੇ ਨੇ ਡਾ.
ਰੰਧਾਵੇ ਵਾਂਗ ਕਿਸੇ ਖੇਤਰ ਵਿਚ ਨਾਂ ਨਹੀਂ ਚਮਕਾਇਆ।
ਡਾ. ਰੰਧਾਵਾ ਨੇ ਅੰਗਰੇਜ਼ੀ ਤੇ ਪੰਜਾਬੀ ਵਿਚ ਤਿੰਨ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਤੇ
ਲਿਖਵਾਈਆਂ ਜਿਨ੍ਹਾਂ ਵਿਚ ਸਵੈਜੀਵਨੀ ‘ਆਪ ਬੀਤੀ’ ਵੀ ਹੈ। ਉਹਦੇ ਵਾਈਸ ਚਾਂਸਲਰ ਹੋਣ ਸਮੇਂ
ਇਕ ਪ੍ਰੋਫੈ਼ਸਰ ਨੇ ਉਸ ਦੀ ਜੀਵਨੀ ਲਿਖਣ ਦੀ ਇੱਛਾ ਪਰਗਟ ਕੀਤੀ ਤਾਂ ਰੰਧਾਵਾ ਸਾਹਿਬ ਨੇ
ਕਿਹਾ ਸੀ, “ਤੁਸੀਂ ਜੀਵਨੀ ਵਿਚ ਮੇਰੀਆਂ ਤਾਰੀਫ਼ਾਂ ਹੀ ਕਰੋਗੇ, ਇਸ ਤਰ੍ਹਾਂ ਇਕ ਫੋਕੀ ਜਿਹੀ
ਕਿਤਾਬ ਬਣੇਗੀ। ਜੀਵਨੀ ਦਾ ਮਤਲਬ ਇਹ ਹੈ ਕਿ ਜੋ ਚੰਗਾ ਮਾੜਾ ਬੀਤਿਆ ਹੈ, ਸੱਚਾਈ ਨਾਲ ਲਿਖਿਆ
ਜਾਵੇ ਤੇ ਇਹ ਕੰਮ ਮੈਨੂੰ ਆਪ ਹੀ ਕਰਨਾ ਚਾਹੀਦਾ ਹੈ।”
ਉਸ ਨੇ ‘ਆਪ ਬੀਤੀ’ ਦੇ ਮੁੱਖਬੰਦ ਵਿਚ ਲਿਖਿਆ, “ਪੰਜਾਬੀ ਲੋਕਾਂ ਵਿਚ ਇਹ ਅਨੁਭਵ ਸੀ ਕਿ ਮੈਂ
ਪੰਜਾਬ ਦੀ ਉੱਨਤੀ ਵਿਚ ਬੜਾ ਹਿੱਸਾ ਪਾਇਆ ਹੈ। ਪੰਜਾਬ ਦੇ ਉੱਜੜਨ ‘ਤੇ ਸ਼ਰਨਾਰਥੀਆਂ ਨੂੰ
ਵਸਾਇਆ, ਜ਼ਮੀਨਾਂ ਵੰਡੀਆਂ, ਟਿਊਬਵੈਲਾਂ ਦਾ ਰਿਵਾਜ ਪਾਇਆ, ਖਿਲਰੀਆਂ ਪੁਲਰੀਆਂ ਜ਼ਮੀਨਾਂ ਦੀ
ਚੱਕਬੰਦੀ ਕੀਤੀ, ਪਿੰਡਾਂ ਨੂੰ ਪੱਕੀਆਂ ਸੜਕਾਂ ਨਾਲ ਜੋੜਿਆ, ਨਵੇਂ ਢੰਗ ਦੀ ਖੇਤੀ ਦਾ ਰਿਵਾਜ
ਪਾਇਆ ਤੇ ਲੋਕਾਂ ਦੇ ਜੀਵਨ ਵਿਚ ਪਲਟਾ ਲਿਆਂਦਾ। ਚੰਡੀਗੜ੍ਹ ਨੂੰ ਫੁੱਲਦਾਰ ਬੂਟਿਆਂ ਨਾਲ
ਸਜਾਇਆ, ਮਿਊਜ਼ਅਮ ਬਣਾਏ ਤੇ ਡਾਕਟਰਾਂ, ਸਾਇੰਸਦਾਨਾਂ, ਲਿਖਾਰੀਆਂ ਤੇ ਚਿਤਰਕਾਰਾਂ ਨੂੰ ਸਸਤੇ
ਪਲਾਟ ਦਿੱਤੇ ਅਤੇ ਨਵੇਂ ਸ਼ਹਿਰ ਵਿਚ ਵਸਾਇਆ। ਸਭ ਤੋਂ ਉੱਤਮ ਕੰਮ ਲੁਧਿਆਣੇ ਦੀ ਖੇਤੀਬਾੜੀ
ਯੂਨੀਵਰਸਿਟੀ ਨੂੰ ਉਸਾਰਨਾ ਸੀ ਤੇ ਇਸ ਨੂੰ ਪੰਜਾਬ ਦੇ ਪਿੰਡਾਂ ਦੀ ਉਸਾਰੀ ਦਾ ਸੋਮਾ
ਬਣਾਇਆ।”
ਮੁੱਖਬੰਦ ਦੇ ਅਖ਼ੀਰ ਵਿਚ ਲਿਖਿਆ, “ਜਦ ਲੋਕ ਇਕ ਕਾਮਯਾਬ ਵਿਅਕਤੀ ਵੱਲ ਵੇਖਦੇ ਹਨ ਤਾਂ
ਸਮਝਦੇ ਹਨ ਕਿ ਇਸ ਦਾ ਜੀਵਨ ਬੜਾ ਸੁਖੀ ਰਿਹਾ ਹੋਵੇਗਾ ਤੇ ਏਸ ਨੇ ਕੋਈ ਵੀ ਤਕਲੀਫ਼ ਨਹੀਂ
ਵੇਖੀ ਹੋਣੀ। ਉਹ ਇਹ ਨਹੀਂ ਸਮਝਦੇ ਕਿ ਕਾਮਯਾਬੀ ਕਿੰਨੀਆਂ ਮੁਸੀਬਤਾਂ ਨਾਲ ਸਾਹਮਣਾ ਕਰ ਕੇ
ਹਾਸਲ ਹੁੰਦੀ ਹੈ। ਮੈਂ ਤਾਂ ਦੇਖਿਆ ਹੈ ਕਿ ਇਨਸਾਨ ਬਣਦਾ ਹੀ ਮੁਸੀਬਤਾਂ ਦਾ ਮੁਕਾਬਲਾ ਕਰ ਕੇ
ਹੈ। ਜਿਵੇਂ ਲੋਹਾ ਅੱਗ ਦੇ ਸੇਕ ਨਾਲ ਬਣਦਾ ਹੈ ਏਵੇਂ ਹੀ ਇਨਸਾਨੀ ਜਿ਼ੰਦਗੀ ਬੜਾ ਭਾਰੀ ਘੋਲ
ਹੈ ਤੇ ਔਕੜਾਂ ਦਾ ਸਾਹਮਣਾ ਕਰ ਕੇ ਹੀ ਆਦਮੀ, ਆਦਮੀ ਬਣਦਾ ਹੈ। ਮੈਂ ਖਿ਼ਆਲ ਕਰਦਾ ਹਾਂ ਕਿ
ਅੱਜ ਕੱਲ੍ਹ ਦੇ ਵਿਦਿਆਰਥੀ ਮੇਰੀਆਂ ਔਕੜਾਂ ਤੇ ਮੁਸ਼ਕਲਾਂ ਦਾ ਵਰਣਨ ਪੜ੍ਹ ਕੇ ਉਤਸ਼ਾਹਿਤ
ਹੋਣਗੇ ਤੇ ਆਪਣੇ ਜੀਵਨ ਦੇ ਘੋਲ ਵਿਚ ਕਾਮਯਾਬ ਹੋਣਗੇ।”
ਡਾ. ਰੰਧਾਵਾ ਦੇ ਪਿਤਾ ਸਰਦਾਰ ਸ਼ੇਰ ਸਿੰਘ ਤਹਿਸੀਲਦਾਰ ਸਨ। ਉਨ੍ਹਾਂ ਦਾ ਪਿੰਡ ਬੋਦਲਾਂ
ਜਿ਼ਲ੍ਹਾ ਹੁਸਿ਼ਆਰਪੁਰ ਵਿਚ ਪੈਂਦਾ ਹੈ। ਜਦੋਂ ਉਹ ਜ਼ੀਰੇ ਦੇ ਤਹਿਸੀਲਦਾਰ ਸਨ ਤਾਂ ਉਨ੍ਹਾਂ
ਦੀ ਪਤਨੀ ਸਰਦਾਰਨੀ ਬਚਿੰਤ ਕੌਰ ਦੀ ਕੁੱਖੋਂ 23-24 ਸਤੰਬਰ 1908 ਦੀ ਅੱਧੀ ਰਾਤ ਨੂੰ ਜੌੜੇ
ਬੱਚਿਆਂ ਦਾ ਜਨਮ ਹੋਇਆ। ਵੈਸੇ ਸਰਟੀਫਿਕੇਟ ਉਤੇ ਉਨ੍ਹਾਂ ਦੀ ਜਨਮ ਤਾਰੀਖ਼ 2 ਫਰਵਰੀ 1909
ਲਿਖੀ ਹੋਈ ਹੈ। ਉਨ੍ਹਾਂ ਦੇ ਜਨਮ ਦੀ ਖ਼ੁਸ਼ੀ ਵਿਚ ਪਾਠ ਕਰਾਇਆ ਗਿਆ। ਨਾਮ ਰੱਖਣ ਲਈ ਸ੍ਰੀ
ਗੁਰੂ ਗ੍ਰੰਥ ਸਾਹਿਬ ਵਿਚੋਂ ਰ ਤੇ ਮ ਅੱਖਰ ਆਏ। ਰਾਰੇ ਅੱਖਰ ‘ਤੇ ਪਹਿਲੇ ਲੜਕੇ ਦਾ ਨਾਂ
ਰਾਜਿੰਦਰ ਸਿੰਘ ਤੇ ਦੂਜੇ ਦਾ ਮੰਮੇ ਤੋਂ ਮਹਿੰਦਰ ਸਿੰਘ ਰੱਖਿਆ ਗਿਆ। ਪਰ ਉਨ੍ਹਾਂ ਦੇ ਪਿਤਾ
ਜੀ ਪਿਆਰ ਨਾਲ ਉਨ੍ਹਾਂ ਨੂੰ ਜੁੰਗੋ ਤੇ ਮੁੰਗੋ ਕਹਿ ਕੇ ਹੀ ਬੁਲਾਉਂਦੇ। ਜਿਥੇ-ਜਿਥੇ ਪਿਤਾ
ਦੀ ਬਦਲੀ ਹੁੰਦੀ ਰਹੀ ਉਥੇ-ਉਥੇ ਜੁੰਗੋ-ਮੁੰਗੋ ਪੜ੍ਹਦੇ ਰਹੇ। ਉਹ ਵੱਖ-ਵੱਖ ਇਲਾਕਿਆਂ ਤੇ
ਵੱਖ-ਵੱਖ ਫਿਰਕਿਆਂ ਦੇ ਸਕੂ਼ਲਾਂ ਵਿਚ ਪੜ੍ਹੇ ਜਿਸ ਕਰਕੇ ਉਨ੍ਹਾਂ ਦੀ ਸੋਚ ਸੈਕੂਲਰ ਤੇ
ਖੁੱਲ੍ਹੀ-ਡੁੱਲ੍ਹੀ ਹੋ ਗਈ।
ਉਨ੍ਹਾਂ ਦੀ ਵੱਡੀ ਭੈਣ ਹਰਬੰਸ ਕੌਰ ਨੇ ਲਿਖਿਆ ਕਿ ਜਦੋਂ ਪਿਤਾ ਜੀ ਕਰਤਾਰਪੁਰ ਤਹਿਸੀਲਦਾਰ
ਸਨ ਰਾਜਿੰਦਰ ਮਹਿੰਦਰ ਦੋਹਾਂ ਨੂੰ ਗੌਰਮਿੰਟ ਸਕੂਲ ਵਿਚ ਪੜ੍ਹਨ ਲਾ ਦਿੱਤਾ। ਪਹਿਲੇ ਦਿਨ
ਪੜ੍ਹਨ ਭੇਜੇ ਤਾਂ ਮਾਤਾ ਜੀ ਨੇ ਚੌਲ ਉਬਾਲ ਕੇ ਦਹੀਂ ਵਿਚ ਖੰਡ ਪਾ ਕੇ ਖੁਆਏ। ਚਰਨ ਕੰਵਲ
ਗੁਰਦਵਾਰੇ ਤਲਾਅ ਥੱਲੇ ਉੱਲੀ ਲੱਗੀ ਹੋਈ ਸੀ ਜਿਥੇ ਮਹਿੰਦਰ ਦਾ ਪੈਰ ਤਿਲ੍ਹਕ ਗਿਆ। ਕਈ ਗੋਤੇ
ਖਾਧੇ ਪਰ ਇਕ ਯਾਤਰੀ ਨੇ ਬਚਾ ਲਿਆ। ਮਹਿੰਦਰ ਨੂੰ ਸੁੱਤੇ ਹੋਏ ਤੁਰਨ ਦੀ ਆਦਤ ਸੀ। ਰਾਜਿੰਦਰ
ਨੂੰ ਖੇਡਣ ਦਾ ਸ਼ੌਕ ਸੀ ਤੇ ਮਹਿੰਦਰ ਨੂੰ ਪੜ੍ਹਨ ਦਾ। ਪਿਤਾ ਦੀ ਬਦਲੀ ਹੋਣ ‘ਤੇ ਦੋਹੇਂ ਭਰਾ
ਊਨੇ ਦੇ ਸਨਾਤਨ ਧਰਮ ਹਾਈ ਸਕੂਲ ਵਿਚ ਪੜ੍ਹਨ ਲਾਏ। ਮਹਿੰਦਰ ਨੇ ਘੋਟਾ ਲਾ ਕੇ ਸੰਸਕ੍ਰਿਤ ਦਾ
ਪਾਠ ਯਾਦ ਕੀਤਾ।
ਫਿਰ ਬਲੱਗਣੀ ਆਰੀਆ ਸਕੂਲ ਵਿਚ ਪੜ੍ਹਨ ਲੱਗੇ। ਅਜੇ ਤਾਰਿਆਂ ਦੀ ਲੋਅ ਹੀ ਹੁੰਦੀ ਜਦ ਕਾਕਿਆਂ
ਨੇ ਸਕੂਲ ਜਾਣ ਦੀ ਤਿਆਰੀ ਕਰਨੀ। ਪਰਨਿਆਂ ਵਿਚ ਰੋਟੀਆਂ ਤੇ ਅੰਬ ਦਾ ਅਚਾਰ ਬੰਨ੍ਹ ਲੈਂਦੇ
ਅਤੇ ਬੇਹੀ ਰੋਟੀ ਮੱਖਣ ਤੇ ਸ਼ੱਕਰ ਨਾਲ ਖਾ ਕੇ ਸਕੂਲ ਵੱਲ ਚੱਲ ਪੈਂਦੇ। ਡੀ. ਏ. ਵੀ. ਹਾਈ
ਸਕੂਲ ਬਲੱਗਣ ਸਾਡੇ ਪਿੰਡ ਤੋਂ ਤਿੰਨ ਮੀਲ ਦੇ ਫਾਸਲੇ ‘ਤੇ ਸੀ। ਆਪਣੇ ਪਿੰਡ ਦੇ ਰੱਕੜ
ਵਿੱਚੋਂ ਲੰਘ ਕੇ, ਚੋਅ ਪਾਰ ਕਰ ਕੇ, ਖੇੜਾ ਕੋਟਲੀ ਕੋਲੋਂ ਲੰਘਦੇ ਹੋਏ ਹੁਸਿ਼ਆਰਪੁਰ-ਦਸੂਹਾ
ਸੜਕ ‘ਤੇ ਪਹੁੰਚ ਜਾਂਦੇ। ਉਥੋਂ ਇਕ ਕੱਚੀ ਸੜਕ ਬਲੱਗਣ ਤਕ ਜਾਂਦੀ ਸੀ। ਬਹੁਤ ਸਾਰੇ ਜੱਟਾਂ
ਦੇ ਮੁੰਡੇ ਸਕੂਲ ਤੋਂ ਮੁੜ ਕੇ ਖੇਤੀ ਦਾ ਕੰਮ ਕਰਦੇ। ਕਾਕਿਆਂ ਦਾ ਜਮਾਤੀ ਕਰਮ ਸਿੰਘ ਢੱਲ
ਚਰ੍ਹੀ ਦੀਆਂ ਭਰੀਆਂ ਸਿਰ ‘ਤੇ ਚੁੱਕ ਕੇ ਲਿਆਉਂਦਾ। ਕਾਕਿਆਂ ਨੇ ਵੀ ਪੰਡਾਂ ਚੁੱਕਣ ਦਾ
ਤਜਰਬਾ ਕਰ ਲਿਆ ਤੇ ਮਹਿਸੂਸ ਕੀਤਾ ਕਿ ਇਸ ਤੋਂ ਮੁਸ਼ਕਲ ਕੰਮ ਕੋਈ ਨਹੀਂ।
ਫਿਰ 1922 ਵਿਚ ਪਿਤਾ ਜੀ ਮੁਕਤਸਰ ਤਹਿਸੀਲਦਾਰ ਲੱਗ ਗਏ। ਅਸੀਂ ਸਾਰਾ ਸਾਮਾਨ, ਕੁੱਕੜ,
ਘੋੜੀ, ਮੱਝਾਂ ਤੇ ਗਊ ਲੈ ਕੇ ਮੁਕਤਸਰ ਚਲੇ ਗਏ। ਮੁਕਤਸਰ ਦੇ ਖ਼ਾਲਸਾ ਹਾਈ ਸਕੂਲ ਤੋਂ
ਕਾਕਿਆਂ ਨੇ ਦਸਵੀਂ ਪਾਸ ਕੀਤੀ। ਖ਼ਾਲਸਾ ਸਕੂਲ ਵਿਚ ਪੜ੍ਹਨ ਕਰਕੇ ਕਾਕੇ ਪੰਜਾਬੀ ਵੀ ਪੜ੍ਹ
ਗਏ। ਸਕੂ਼ਲ ਦੀ ਇਮਾਰਤ ਲਈ ਹੈੱਡ ਮਾਸਟਰ ਨੇ ਸਾਰੇ ਵਿਦਿਆਰਥੀਆਂ ਦੀ ਡਿਊਟੀ ਚੰਦਾ ਜਮ੍ਹਾਂ
ਕਰਨ ‘ਤੇ ਲਾ ਦਿੱਤੀ। ਮਹਿੰਦਰ ਨੇ 300 ਰੁਪਏ ਜਮ੍ਹਾਂ ਕਰ ਕੇ ਸਕੂਲ ਦੇ ਬਿਲਡਿੰਗ ਫੰਡ ਵਿਚ
ਦਿੱਤੇ। ਉਸ ਨੇ ਦਸਵੀਂ ‘ਚ ਹੱਥ ਲਿਖਤ ਅਖ਼ਬਾਰ ਕੱਢਿਆ ਜਿਸ ਦਾ ਨਾਂ ‘ਖ਼ਾਲਸਾ ਹਾਈ ਸਕੂਲ
ਟਾਈਮਜ਼’ ਰੱਖਿਆ। ਇਕ ਵਾਰ ਸਕੂਲ ਵਿਚ ਸ਼ੇਕਸਪੀਅਰ ਦਾ ਡਰਾਮਾ ਜੂਲੀਅਸ ਸੀਜ਼ਰ ਖੇਡਿਆ ਗਿਆ।
ਮਹਿੰਦਰ ਨੇ ਮਾਰਕ ਐਟਨੀ ਦਾ ਪਾਰਟ ਬੜੀ ਕਾਮਯਾਬੀ ਨਾਲ ਅਦਾ ਕੀਤਾ। ਉਹ ਪੜ੍ਹਾਈ ‘ਚ ਏਨਾ ਮਗਨ
ਰਹਿੰਦਾ ਕਿ ਰੋਟੀ ਖਾਂਦਾ ਵੀ ਅੱਖਾਂ ਮੂਹਰੇ ਕਿਤਾਬ ਰੱਖ ਲੈਂਦਾ। ਨਪੋਲੀਅਨ ਦੀ ਕਿਤਾਬ ਬਹੁਤ
ਪੜ੍ਹਦਾ ਸੀ। ਕਹਿੰਦਾ ਹੁੰਦਾ ਸੀ ਕਿ ਮੈਂ ਵੀ ਕੁਝ ਬਣਾਂਗਾ।
ਬਚਪਨ ਵਿਚ ਇਕ ਬੜੀ ਦਿਲਚਸਪ ਘਟਨਾ ਘਟੀ। ਸੰਧਵਾਂ ਫਰਾਲਾ ਦਾ ਠੇਕੇਦਾਰ ਸ਼ੇਰ ਸਿੰਘ ਬਰਮਾ
ਵਿਚੋਂ ਬਹੁਤ ਸਾਰਾ ਧੰਨ ਕਮਾ ਕੇ ਲਿਆਇਆ ਸੀ। ਉਸ ਨੇ ਨਵਾਂਸ਼ਹਿਰ ਦੇ ਤਹਿਸੀਲਦਾਰ ਸ਼ੇਰ
ਸਿੰਘ ਦੇ ਮੁੰਡੇ ਨੂੰ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਚਾਹਿਆ, ਪਰ ਚਾਰ-ਚਾਰ ਸਾਲਾਂ ਦੇ
ਜੁੰਗੋ-ਮੁੰਗੋ ਵਿਚੋਂ ਕੀਹਨੂੰ ਰਿਸ਼ਤਾ ਕਰੇ? ਇਸ ਦਾ ਫੈਸਲਾ ਗੁਣਿਆਂ ਰਾਹੀਂ ਕੀਤਾ ਗਿਆ।
ਗੁਣਾ ਰਾਜਿੰਦਰ ਸਿੰਘ ਦੇ ਹੱਕ ਵਿਚ ਪੈ ਗਿਆ ਜਿਸ ਕਰ ਕੇ ਉਹਨੂੰ ਰਿਸ਼ਤਾ ਕਰ ਦਿੱਤਾ ਗਿਆ।
ਮਹਿੰਦਰ ਸਿੰਘ ਨਾਲ ਫਿਰ ਮੁੱਕੇਬਾਜ਼ ਮੁਹੰਮਦ ਅਲੀ ਤੇ ਹਾਕੀ ਦੇ ਖਿਡਾਰੀ ਬਲਬੀਰ ਸਿੰਘ ਵਾਲੀ
ਗੱਲ ਹੋਈ। ਮੁਹੰਮਦ ਅਲੀ ਦੇ ਤਿੰਨ ਵਿਆਹ ਹੋਏ ਪਰ ਵਸੀ ਚੌਥੀ। ਬਲਬੀਰ ਸਿੰਘ ਦੀਆਂ ਤਿੰਨ
ਮੰਗਣੀਆਂ ਟੁੱਟੀਆਂ, ਵਿਆਹ ਚੌਥੀ ਥਾਂ ਹੋਇਆ। ਮਹਿੰਦਰ ਸਿੰਘ ਦਾ ਪਹਿਲਾ ਮੰਗਣਾ ਉੱਗੀ ਚਿੱਟੀ
ਦੇ ਬੇਅੰਤ ਸਿੰਘ ਦੀ ਲੜਕੀ ਨਾਲ ਹੋਇਆ। ਲੜਕੀ ਨੂੰ ਪੜ੍ਹਨੇ ਨਾ ਪਾਉਣ ਤੋਂ ਮੰਗਣੀ ਟੁੱਟ ਗਈ।
ਫਿਰ ਲਾਹੌਰ ਤੋਂ ਗੁਪਾਲ ਸਿੰਘ ਡਿਪਟੀ ਸੁਪਰਡੰਟ ਪੁਲਿਸ ਦੀ ਲੜਕੀ ਦਾ ਸ਼ਗਨ ਆ ਗਿਆ। ਇਕੱਤੀ
ਮੋਹਰਾਂ ‘ਚੋਂ ਇਕ ਰੱਖੀ ਗਈ। ਛੇ ਮਹੀਨੇ ਬਾਅਦ ਉਹ ਮੰਗਣੀ ਵੀ ਕੈਂਸਲ ਹੋ ਗਈ। ਤੀਜੇ ਮੰਗਣੇ
ਦੀ ਗੱਲ ਪਟਿਆਲੇ ਗੱਜਣ ਸਿੰਘ ਠੇਕੇਦਾਰ ਦੀ ਲੜਕੀ ਨਾਲ ਚੱਲੀ। ਰਿਸ਼ਤੇ ਹੋਰ ਵੀ ਬਹੁਤ ਆਏ ਪਰ
ਨਾਂਹ ਹੁੰਦੀ ਗਈ। ਮਹਿੰਦਰ ਸਿੰਘ ਨੇ ਕਿਤਾਬਾਂ ਚੁੱਕੀ ਬੋਦਲੀਂ ਭੀਖੇ ਖਾਂ ਦੀ ਝਿੜੀ ਵੱਲ
ਪੜ੍ਹਨ ਜਾਣਾ ਤਾਂ ਦਰਸ਼ਨ ਸਿੰਘ ਮਸੰਦ ਨੇ ਪੁੱਛਣਾ, “ਸਰਦਾਰ ਜੀ ਕੀ ਤੁਸੀਂ ਪੜ੍ਹੀ ਹੀ ਜਾਣਾ
ਹੈ, ਵਿਆਹ ਨਹੀਂ ਕਰਾਉਣਾ?”
ਆਖ਼ਰ ਆਈ. ਸੀ. ਐੱਸ. ਬਣ ਕੇ ਉਹਨੇ ਵਿਆਹ ਕਰਾਇਆ ਜੋ 15 ਅਗੱਸਤ 1932 ਨੂੰ ਡਾ. ਹਰਭਜਨ
ਸਿੰਘ ਗਰੇਵਾਲ ਦੀ ਲੜਕੀ ਇਕਬਾਲ ਕੌਰ ਨਾਲ ਹੋਇਆ। ਬਰਾਤ ਲਾਰੀ ‘ਚ ਬੈਠ ਕੇ ਬੋਦਲਾਂ ਤੋਂ
ਨਾਰੰਗਵਾਲ ਗਈ ਸੀ। ਉਸ ਵਕਤ ਆਈ. ਸੀ. ਐੱਸ. ਹੋਣਾ ਬਹੁਤ ਵੱਡੀ ਗੱਲ ਸੀ। ਉਦੋਂ ਤਕ ਕੇਵਲ ਦੋ
ਜੱਟ ਸਿੱਖ ਆਈ. ਸੀ. ਐਸ. ਬਣੇ ਸਨ। ਦੂਜਾ ਸੀ ਸਿਰਦਾਰ ਕਪੂਰ ਸਿੰਘ ਜਿਸ ਦਾ ਜਨਮ 2 ਮਾਰਚ
1909 ਨੂੰ ਹੋਇਆ ਸੀ ਤੇ ਦੇਹਾਂਤ 13 ਅਗੱਸਤ 1986 ਨੂੰ ਜਗਰਾਓਂ ਵਿਚ ਹੋਇਆ। ਦੋਵੇਂ ਲਗਭਗ
ਹਾਣੀ ਸਨ ਤੇ ਗੁਜ਼ਰੇ ਵੀ ਡੇਢ ਕੁ ਸਾਲ ਅੱਗੇ ਪਿੱਛੇ। ਮੈਂ ਸਿਰਦਾਰ ਕਪੂਰ ਸਿੰਘ ਨੂੰ ਵੀ
ਮਿਲਦਾ ਰਿਹਾ ਸਾਂ ਤੇ ਆਖ਼ਰੀ ਵਾਰ ਮਈ 1986 ਵਿਚ ਜਗਰਾਓਂ ਉਹਦੇ ‘ਤ੍ਰੈਜਾਮਣ’ ਨਾਂ ਦੇ ਘਰ
ਮਿਲਿਆ ਸਾਂ। ਉਸ ਨੇ 1931 ਤੋਂ 62 ਤਕ ਆਈ. ਸੀ. ਐਸ. ਦੀ ਨੌਕਰੀ ਕੀਤੀ ਅਤੇ ਡਿਪਟੀ
ਕਮਿਸ਼ਨਰੀ ਕਰਦਿਆਂ ਬਰਖਾਸਤ ਹੋਇਆ। ਉਹ ਲੇਖਕ ਵੀ ਸੀ ਤੇ ਰਾਜਸੀ ਨੇਤਾ ਵੀ। ਅਨੰਦਪੁਰ ਸਾਹਿਬ
ਦਾ ਮਤਾ ਉਹਨੇ ਹੀ ਲਿਖਿਆ ਸੀ।
ਡਾ. ਰੰਧਾਵਾ ਨੇ ਖੁ਼ੁਦ ਆਪਣੇ ਬਾਰੇ ਕਾਫੀ ਕੁਝ ਲਿਖਿਆ, ਵੱਡੀ ਭੈਣ ਹਰਬੰਸ ਕੌਰ ਨੇ ਵੀ
ਲਿਖਿਆ, ਬਹੁਤ ਸਾਰੇ ਲੇਖਕਾਂ ਨੇ ਲਿਖਿਆ ਤੇ ਹੋਰ ਵੀ ਲਿਖਿਆ ਜਾਂਦਾ ਰਹੇਗਾ। ਉਹ ਵਿਸ਼ੇਸ਼
ਵਿਅਕਤੀ ਸੀ, ਵੱਡੀ ਹਸਤੀ ਸੀ। ਹਸਤੀ ਕੀ, ਸੰਸਥਾ ਸੀ। ਉਹਦਾ ਮਿਲਣ ਗਿਲਣ ਵਾਲਿਆਂ ਨੂੰ
‘ਤੂੰ’ ਕਹਿ ਕੇ ਬੁਲਾਉਣਾ ਅਪਣੱਤ ਜਤਾਉਣਾ ਸੀ। ਗੱਲ ਭਾਵੇਂ ਵਾਈਸ ਚਾਂਸਲਰ ਡਾ. ਜੌਹਲ ਨਾਲ
ਕਰੇ, ਭਾਵੇਂ ਕਿਸੇ ਕਮਿਸ਼ਨਰ ਨਾਲ, ਭਾਵੇਂ ਓਲੰਪੀਅਨ ਬਲਬੀਰ ਸਿੰਘ ਨਾਲ ਤੇ ਭਾਵੇਂ ਮੁੱਖ
ਮੰਤਰੀ ਲਛਮਣ ਸਿੰਘ ਗਿੱਲ ਨਾਲ। ਉਹ ਪੇਂਡੂ ਪੰਜਾਬੀ ‘ਚ ਗੱਲ ਕਰ ਕੇ ਖ਼ੁਸ਼ ਹੁੰਦਾ ਸੀ।
ਪੰਜਾਬੀ, ਪੰਜਾਬੀ ਸਭਿਆਚਾਰ ਤੇ ਪੰਜਾਬੀਅਤ ਦਾ ਉਹ ਗਹਿ-ਗੱਡਵਾਂ ਮੁਦੱਈ ਸੀ।
ਮੈਨੂੰ ਖ਼ੁਦ ਰੰਧਾਵਾ ਸਾਹਿਬ ਨੂੰ ਮਿਲਣ ਦੇ ਕੁਝ ਮੌਕੇ ਮਿਲੇ ਸਨ। 1970ਵਿਆਂ ਦੀ ਗੱਲ ਹੈ।
ਉਦੋਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦਾ ਵਾਈਸ ਚਾਂਸਲਰ ਸੀ। ਯੂਨੀਵਰਸਿਟੀ ਨੇ
ਕਣਕ ਦਾ ਨਵਾਂ ਬੀਜ ਡਬਲਯੂ ਐਲ 711 ਕੱਢਿਆ ਸੀ ਜਿਸ ਦਾ ਝਾੜ ਪਹਿਲਾਂ ਨਾਲੋਂ ਵੱਧ ਸੀ। ਮੈਂ
ਉਹ ਬੀਜ ਹਰ ਹਾਲਤ ਵਿਚ ਹਾਸਲ ਕਰਨਾ ਚਾਹੁੰਦਾ ਸਾਂ, ਇਸ ਲਈ ਡਾ. ਰੰਧਾਵਾ ਤਕ ਪਹੁੰਚ ਕਰਨ ਦੀ
ਸੋਚੀ। ਮੈਨੂੰ ਪਤਾ ਸੀ ਕਿ ਉਹ ਪੰਜਾਬੀ ਲੇਖਕਾਂ ਦੀ ਬੜੀ ਕਦਰ ਕਰਦੈ।
ਮੈਂ ਉਦੋਂ ਲਾਲਾ ਲਾਜਪਤ ਰਾਏ ਕਾਲਜ ਢੁੱਡੀਕੇ ਵਿਚ ਲੈਕਚਰਾਰ ਸਾਂ। ਢੁੱਡੀਕੇ ਦੇ ਨਾਵਲਕਾਰ
ਜਸਵੰਤ ਸਿੰਘ ਕੰਵਲ ਨੇ ਮੈਨੂੰ ਦਿੱਲੀ ਤੋਂ ਪੱਟਿਆ ਸੀ। ਮੈਂ ਸੋਚਿਆ, ਕੰਵਲ ਸਾਹਿਬ ਦੀ
ਸਿਫ਼ਾਰਸ਼ੀ ਚਿੱਠੀ ਲੈ ਕੇ ਰੰਧਾਵਾ ਸਾਹਿਬ ਨੂੰ ਮਿਲਾਂ। ਇਸ ਨਾਲ ਚੰਗਾ ਪ੍ਰਭਾਵ ਪਵੇਗਾ ਤੇ
ਬੀਜ ਵਧੇਰੇ ਮਿਲ ਜਾਵੇਗਾ। ਬੀਜ ਵੰਡਣ ਤੋਂ ਕੁਝ ਦਿਨ ਪਹਿਲਾਂ ਮੈਂ ਕੰਵਲ ਦਾ ਰੁੱਕਾ ਲੈ ਕੇ
ਲੁਧਿਆਣੇ ਰੰਧਾਵਾ ਸਾਹਿਬ ਨੂੰ ਜਾ ਮਿਲਿਆ। ਡਾ. ਰੰਧਾਵੇ ਨੇ ਐਨਕਾਂ ਵਿਚੋਂ ਦੀ ਤੇਜ਼ ਨਜ਼ਰ
ਸੁੱਟੀ। ਉਸ ਨੇ ਪੁੱਛਿਆ, “ਤੂੰ ਹੈ ਕੌਣ? ਕਿਵੇਂ ਆਇਆਂ ਮੇਰੇ ਕੋਲ?” ਮੈਨੂੰ ਕਈਆਂ ਨੇ
ਦੱਸਿਆ ਸੀ ਕਿ ਉਸ ਇਸੇ ਤਰ੍ਹਾਂ ਬੋਲਦੈ।
ਮੈਂ ਸਿੱਧਾ ਦੱਸਿਆ, “ਮਾੜਾ ਮੋਟਾ ਲੇਖਕ ਹਾਂ, ਹਜ਼ੂਰ! ਸੰਧੂ ਜੱਟ ਆਂ, ਘਰ ਦੇ ਖੇਤਾਂ
ਵਾਸਤੇ ਨਵਾਂ ਬੀ ਲੈਣ ਆਇਆਂ। ਪੰਜਾਬੀ ਦਾ ਲੈਕਚਰਾਰ ਹਾਂ ਤੇ ਖੇਡਾਂ-ਖਿਡਾਰੀਆਂ ਬਾਰੇ
‘ਆਰਸੀ’ ਰਸਾਲੇ ਵਿਚ ਲਿਖਦਾ ਰਹਿਨਾਂ।”
ਰੰਧਾਵਾ ਐਨਕਾਂ ਵਿਚੋਂ ਮੁਸਕਰਾਇਆ, “ਫੇਰ ਕੰਵਲ ਦਾ ਰੁੱਕਾ ਲਿਆਉਣ ਦੀ ਕੀ ਲੋੜ ਸੀ? ਸਿੱਧਾ
ਆ ਜਾਂਦਾ।”
ਮੈਂ ਸਿੱਧਾ ਕਿਹਾ, “ਦੋ ਚਾਰ ਥੈਲੀਆਂ ਵੱਧ ਲੈਣ ਦਾ ਲਾਲਚ ਐ, ਹਜ਼ੂਰ! ਦਾਣੇ ਚੰਗੇ ਹੋ
ਜਾਣਗੇ, ਗੁਣ ਗਾਵਾਂਗੇ ਤੁਹਾਡੇ।”
ਉਸ ਦਾ ਜਵਾਬ ਫਿਰ ਸਿੱਧਾ ਸੀ, “ਇਕ ਬੰਦੇ ਨੂੰ ਚਾਰ ਕਿਲੋ ਦੀ ਇਕੋ ਥੈਲੀ ਮਿਲਣੀ ਐਂ। ਇਹ
ਅਸੂਲ ਦੀ ਗੱਲ ਆ। ਤੂੰ ਘਰ ਦੇ ਵੱਧ ਜੀਅ ਲਾਈਨ ‘ਚ ਲਾ ਦੇਈਂ ਤੇ ਵੱਧ ਥੈਲੀਆਂ ਲੈ ਜਾਈਂ।”
ਉਸ ਨੇ ਕੰਵਲ ਦੇ ਰੁੱਕੇ ਦੀ ਲਾਜ ਵੀ ਰੱਖ ਲਈ ਤੇ ਆਪਣਾ ਅਸੂਲ ਵੀ ਨਾ ਤੋੜਿਆ। ਬਾਅਦ ਵਿਚ
ਮੈਂ ਨਵਾਂ ਬੀਜ ਹਾਸਲ ਕਰਨ ਲਈ ਕਿਸਾਨਾਂ ਦੀ ਜੱਦੋਜਹਿਦ ਬਾਰੇ ਇਕ ਕਹਾਣੀ ਵੀ ਲਿਖੀ ਜਿਸ ਦਾ
ਨਾਂ ‘ਬੁੱਢਾ ਤੇ ਬੀਜ’ ਰੱਖਿਆ ਜੋ ‘ਆਰਸੀ’ ਵਿਚ ਛਪੀ। ਉਹਦੇ ਵਿਚ ਪੰਜਾਬ ਦੇ ਇਕ ਬੁੱਢੇ
ਕਿਸਾਨ ਵੱਲੋਂ ਨਵਾਂ ਬੀ ਹਾਸਲ ਕਰਨ ਦਾ ਡਿੱਗਣ-ਢਹਿਣ ਤੇ ਉੱਠਣ ਵਾਲਾ ਸੰਘਰਸ਼ ਵਿਖਾਉਣ ਦੀ
ਕੋਸਿ਼ਸ਼ ਕੀਤੀ। ਬੁੱਢਾ, ਹੈਮਿੰਗਵੇ ਦੇ ਨਾਵਲ ‘ਬੁੱਢਾ ਤੇ ਸਮੁੰਦਰ’ ਦੇ ਨਾਇਕ ਵਾਂਗ
ਡਿੱਗ-ਡਿੱਗ ਕੇ ਉੱਠਦੈ! ਹਰਾ ਇਨਕਲਾਬ ਐਵੇਂ ਨਹੀਂ ਆਇਆ।
1982 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੈਥੋਂ ਲਿਖਵਾਈ ਕਿਤਾਬ ‘ਪੰਜਾਬੀ ਖਿਡਾਰੀ’
ਡਾ. ਰੰਧਾਵਾ ਤੋਂ ਰਿਲੀਜ਼ ਕਰਵਾਈ ਸੀ। ਉਥੇ ਮੈਨੂੰ ਦੂਜੀ ਵਾਰ ਉਸ ਨੂੰ ਮਿਲਣ ਦਾ ਮੌਕਾ
ਮਿਲਿਆ। ਕੁਝ ਗੱਲਾਂ ਬਾਤਾਂ ਵੀ ਹੋਈਆਂ। ਉਸ ਨੇ ਮੈਨੂੰ ਸਲਾਹ ਦਿੱਤੀ ਕਿ ਖੇਡਾਂ ਖਿਡਾਰੀਆਂ
ਦੀਆਂ ਗੱਲਾਂ-ਬਾਤਾਂ ਟੀ. ਵੀ. ਤੋਂ ਵੀ ਕਰਿਆਂ ਕਰਾਂ। ਉਸ ਨੇ ਕਿਹਾ, ਉਹ ਟੀ. ਵੀ. ਵਾਲਿਆਂ
ਨੂੰ ਸਿਫ਼ਾਰਸ਼ ਕਰ ਦੇਵੇਗਾ। ਪਰ ਮੈਂ ਮੌਕਾ ਨਾ ਸਾਂਭਿਆ ਤੇ ਉਸ ਪਾਸੇ ਨਾ ਜਾ ਸਕਿਆ। ਇਹ
ਮੇਰੀ ਬਦਕਿਸਮਤੀ ਰਹੀ। ਵਰਨਾ ਡਾ. ਰੰਧਾਵਾ ਖ਼ੁਦ ਸਿਫਾਰਸ਼ ਕਰਨ ਦੀ ਪੇਸ਼ਕਸ਼ ਕਰੇ ਤਾਂ ਹੋਰ
ਕੀ ਚਾਹੀਦਾ ਸੀ?
ਬਾਅਦ ਵਿਚ ਡਾ. ਰੰਧਾਵੇ ਨੂੰ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਵਜੋਂ ਕਈ ਵਾਰ ਵੇਖਿਆ ਪਰ
ਮੇਰੀਆਂ ਸਿੱਧੀਆਂ ਗੱਲਾਂ ਨਾ ਹੋਈਆਂ। ਉਂਜ ਉਹਦਾ ਜਲੌਅ ਹਰ ਵਾਰ ਦਿਸਦਾ। ਉਹ ਗੰਭੀਰਤਾ ਨਾਲ
ਗੱਲਾਂ ਕਰਦਾ। ਹਾਸਾ ਗਾਇਬ ਹੁੰਦਾ। ਇਕ ਦਿਨ ਅਸੀਂ ਵਾਸ਼ ਰੂਮ ਵੱਲ ਇਕੱਠੇ ਗਏ। ਬਦਬੋ
ਆਉਂਦਿਆਂ ਉਹ ਕਹਿਣ ਲੱਗਾ, ‘ਕੰਨੇ ਗੰਦੇ ਹਨ!” ਮੈਂ ਉਹਦੇ ਨੇੜੇ ਖੜ੍ਹਾ ਸਾਂ ਜਿਸ ਕਰਕੇ
ਮੈਨੂੰ ਹੀ ਕਿਹਾ, “ਬੁਲਾ ਕਿਸੇ ਸੇਵਾਦਾਰ ਨੂੰ।” ਮੈਂ ਸੇਵਾਦਾਰ ਸੱਦ ਕੇ ਸਫਾਈ ਕਰਵਾਈ। ਉਹ
ਖੜ੍ਹੇ ਪੈਰ ਕੰਮ ਕਰਵਾਉਣ ਵਾਲਾ ਬੰਦਾ ਸੀ।
ਫਿਰ ਐਸਾ ਸਮਾਂ ਆਇਆ ਜਦੋਂ ਪੰਜਾਬ ਵਿਚ ਜਿਊਣਾ ਦੁੱਭਰ ਹੋ ਗਿਆ। ਮਾਰ-ਧਾੜ ਦਾ ਹੱਦ-ਬੰਨਾ ਨਾ
ਰਿਹਾ। ਅੱਗੇ ਵਧਦਾ ਪੰਜਾਬ ਕਈ ਦਹਾਕੇ ਪਛੜ ਗਿਆ। ਡਾ. ਰੰਧਾਵੇ ਨੇ 1947 ਵਿਚ ਦਿੱਲੀ ਦੇ
ਡਿਪਟੀ ਕਮਿਸ਼ਨਰ ਵਜੋਂ ਜਨੂੰਨੀਆਂ ਤੇ ਗੁੰਡਿਆਂ ਦੀ ਮਾਰ-ਧਾੜ ‘ਤੇ ਕਾਬੂ ਪਾ ਲਿਆ ਸੀ।
ਪਹਿਲਾਂ ਯੂ. ਪੀ. ਦੇ ਤੁੱਤਨ ਖ਼ਾਂ ਵਰਗੇ ਬਦਮਾਸ਼ ਸੋਧੇ ਸਨ। ਜੇ ਅਕਤੂਬਰ ਨਵੰਬਰ 1984 ਵਿਚ
ਉਹ ਦਿੱਲੀ ਦਾ ਐਡਮਨਿਸਟ੍ਰੇਟਰ ਹੁੰਦਾ ਤਾਂ ਇਕ ਵੀ ਸਿੱਖ ਅਨਿਆਈ ਮੌਤ ਨਾ ਮਰਨ ਦਿੰਦਾ।
ਕਾਸ਼! ਪੰਜਾਬ ਦੇ ਦਹਿਸ਼ਤੀ ਦੌਰ ਸਮੇਂ ਦਿੱਲੀ ਤੇ ਪੰਜਾਬ ਦੇ ਸਿਆਸਤਦਾਨ ਡਾ. ਮਹਿੰਦਰ ਸਿੰਘ
ਰੰਧਾਵੇ ਨੂੰ ਪੰਜਾਬ ਦਾ ਗਵਰਨਰ ਲਾਉਣ ਲਈ ਸਹਿਮਤ ਹੋ ਜਾਂਦੇ। ਫਿਰ ਪੰਜਾਬ ਉਹ ਨਹੀਂ ਸੀ
ਹੋਣਾ ਜੋ ਅੱਜ ਹੈ। ਪੰਜਾਬ ਰੰਗਲਾ ਹੋਣਾ ਸੀ, ਕੰਗਲਾ ਨਹੀਂ। ਅੱਜ ਵੀ ਪੰਜਾਬ ਨੂੰ ਡਾ.
ਰੰਧਾਵੇ ਵਰਗੇ ਕਰਨੀ ਵਾਲੇ ਬੰਦਿਆਂ ਦੀ ਲੋੜ ਹੈ।
ਜਿ਼ਲ੍ਹਾ ਹੁਸਿ਼ਆਰਪੁਰ ਦਾ ਪਿੰਡ ਬੋਦਲਾਂ ਉਸ ਦਾ ਜੱਦੀ ਪੁਸ਼ਤੀ ਪਿੰਡ ਹੈ। ਉਸ ਦੇ ਬਚਪਨ ਤੇ
ਜੁਆਨੀ ਦਾ ਜੋ ਸਮਾਂ ਬੋਦਲਾਂ ਵਿਚ ਬੀਤਿਆ ਉਸ ਦੀਆਂ ਯਾਦਾਂ ਵਿਚ ਸਮਾ ਗਿਆ ਸੀ। ਡਾ. ਰੰਧਾਵਾ
ਨੇ ਪੁਸਤਕ ‘ਆਪ ਬੀਤੀ’ ਵਿਚ ਉਸ ਦਾ ਜਿ਼ਕਰ ਹੁੱਬ ਕੇ ਕੀਤਾ ਹੈ: ਹਰ ਮਹੀਨੇ ਤੇ ਹਰ ਰੁੱਤੇ
ਇਸ ਪਿੰਡ ਤੇ ਇਲਾਕੇ ਦੇ ਬਦਲਦੇ ਨਜ਼ਾਰੇ ਬੜੇ ਹੀ ਮਨਭਾਉਣੇ ਸਨ। ਬਰਸਾਤ ਵਿਚ ਜਦ ਚਾਰੇ
ਪਾਸਿਓਂ ਘਨਕੋਰ ਕਾਲੀਆਂ ਘਟਾਵਾਂ ਉਠਦੀਆਂ ਤਾਂ ਬੱਦਲਾਂ ਦੀ ਗਰਜ ਸੁਣ ਕੇ ਮੋਰ ਚਾਰੇ ਪਾਸਿਓਂ
ਕੈਓਂ ਕੈਓਂ ਦਾ ਹੱਲਾ ਮਚਾ ਦਿੰਦੇ। ਰਾਤ ਵੇਲੇ ਡੱਡੂਆਂ ਦੀ ਗੁੜੈਂ ਗੁੜੈਂ ਸਾਰੀ ਹਵਾ ਨੂੰ
ਭਰ ਦਿੰਦੀ। ਜਦ ਡੱਡੂ ਹਟ ਜਾਂਦੇ ਤਾਂ ਬਿੰਡੇ ਆਪਣਾ ਟੀਂ ਟੀਂ ਦਾ ਰਾਗ ਛੇੜ ਲੈਂਦੇ। ਰਾਤ
ਨੂੰ ਪਿੱਪਲ ਹੇਠ ਛਪੜੀ ‘ਤੇ ਜੁਗਨੂਆਂ ਦਾ ਨਾਚ ਸ਼ੁਰੂ ਹੋ ਜਾਂਦਾ ਤੇ ਇੰਜ ਲੱਗਦਾ ਜਿਵੇਂ
ਤਾਰਿਆਂ ਦਾ ਮੀਂਹ ਪੈ ਰਿਹਾ ਹੋਵੇ!
ਦਿਨੇ ਠੰਢੇ ਪਾਣੀ ਨਾਲ ਨ੍ਹਾਉਣ ਦਾ ਸਵਾਦ ਤੇ ਰਾਤ ਨੂੰ ਕੋਠੇ ਦੀ ਛੱਤ ‘ਤੇ ਸੌਣ ਦਾ ਆਨੰਦ।
ਮੰਜੇ ‘ਤੇ ਪੈ ਕੇ ਚੰਨ ਤਾਰਿਆਂ ਵੱਲ ਵੇਖਣਾ ਤੇ ਵੇਖ ਵੇਖ ਨਾ ਰੱਜਣਾ। ਚੰਨ ਦਾ ਅਸਮਾਨ ਵਿਚ
ਰੋਜ਼ਾਨਾ ਸਫ਼ਰ ਬੜਾ ਸੁਹਾਵਣਾ ਹੁੰਦਾ। ਪਹਾੜਾਂ ਦੇ ਪਿਛੋਕੜ ‘ਚੋਂ ਧੁੰਦਲੀ ਜਿਹੀ ਰੋਸ਼ਨੀ
ਦਿਸਣੀ, ਹੌਲੀ ਹੌਲੀ ਤੇਜ਼ ਹੋਣੀ ਤੇ ਸਾਰੇ ਅਸਮਾਨ ਵਿਚ ਫੈਲ ਜਾਣੀ। ਚੰਨ ਤੇ ਬੱਦਲਾਂ ਦੀ
ਲੁਕਣਮੀਚੀ ਨੇ ਹੋਰ ਵੀ ਸਵਾਦ ਦੇਣਾ। ਧਰੂ ਤਾਰੇ ਤੇ ਸੱਤ ਰਿਸ਼ੀਆਂ ਨੂੰ ਉੱਤਰੀ ਆਕਾਸ਼ ਵਿਚ
ਬੜੀ ਰੀਝ ਨਾਲ ਵੇਖਣਾ ਤੇ ਧਰੂ ਭਗਤ ਦੀ ਕਹਾਣੀ ਯਾਦ ਆਉਣੀ। ‘ਛੜਿਆਂ ਦੇ ਰਾਹ’ ਨੇ ਹਨ੍ਹੇਰੀ
ਰਾਤ ਵਿਚ ਹੋਰ ਵੀ ਚਮਕਣਾ...।
ਇਨ੍ਹਾਂ ਹੁਸਿ਼ਆਰਪੁਰੀ ਪਿੰਡਾਂ ਦਾ ਪਾਣੀ ਵੀ ਨਿਆਮਤ ਹੈ। ਗਰਮੀਆਂ ਵਿਚ ਵੀ ਐਨਾ ਠੰਢਾ ਕਿ
ਨਹਾਓ ਤਾਂ ਕਾਂਬਾ ਲੱਗਣ ਲੱਗ ਜਾਵੇ। ਅੰਬਾਂ ਨੂੰ ਠੰਢੇ ਕਰ ਕੇ ਰੱਜ ਕੇ ਚੂਪਣਾ। ਕੋਈ
ਖਟ-ਮਿੱਠਾ, ਕੋਈ ਖੱਟਾ, ਕੋਈ ਸੌਂਫੀਆ। ਮੁਸਲਮਾਨਾਂ ਦੇ ਬਹਿਸ਼ਤ ਵਿਚ ਹੂਰਾਂ ਤੇ ਪਾਣੀ ਦੇ
ਚਸ਼ਮੇ ਦੱਸੇ ਜਾਂਦੇ ਹਨ। ਸਾਡੇ ਹੁਸਿ਼ਆਰਪੁਰੀਆਂ ਦੀ ਬਹਿਸ਼ਤ ਦੇ ਮਿੱਠੇ ਅੰਬਾਂ ਨੂੰ ਕਿਹੜੀ
ਚੀਜ਼ ਮਾਤ ਪਾ ਸਕਦੀ ਹੈ? ਸਾਡੇ ਮੁਸਲਮਾਨ ਭਰਾਵਾਂ ਨੂੰ ਪਤਾ ਨਹੀਂ ਅਗਲੇ ਜਨਮ ਹੂਰਾਂ ਲੱਭਣ
ਕਿ ਨਾ ਲੱਭਣ, ਪਰ ਬਹਿਸ਼ਤ ਤਾਂ ਸਾਡੇ ਕੋਲ ਹੈ ਤੇ ਹਰ ਸਾਲ ਸਾਵਣ ਭਾਦਰੋਂ ਦਿਆਂ ਮਹੀਨਿਆਂ
ਵਿਚ ਇਹਨੂੰ ਮਾਣ ਸਕਦੇ ਹਾਂ। ਕੰਮਾਂ ਤੇ ਫਿ਼ਕਰਾਂ ਦੇ ਭੰਨੇ ਹੋਏ ਅਤੇ ਸ਼ਹਿਰਾਂ ਤੋਂ ਅੱਕੇ
ਹੋਏ ਕਈ ਆਦਮੀ ਮੈਨੂੰ ਪੁੱਛਦੇ ਹਨ, ਸਾਡੀ ਬੀਮਾਰੀ ਦਾ ਕੀ ਇਲਾਜ ਹੈ, ਸਾਡੀ ਰੂਹ ਨੂੰ ਸਕੂਨ
ਕਿਵੇਂ ਮਿਲ ਸਕਦੈ? ਇਨ੍ਹਾਂ ਨੂੰ ਮੈਂ ਇਹੋ ਸਲਾਹ ਦਿੰਦਾ ਹਾਂ, “ਜਾਓ ਹੁਸਿ਼ਆਰਪੁਰ ਦੇ
ਬਾਗ਼ਾਂ ਵਿਚ ਪੰਦਰਾਂ ਦਿਨ ਅੰਬ ਚੂਪੋ ਤੇ ਭੁੱਲ ਜਾਓ ਕਿ ਤੁਸੀਂ ਪੜ੍ਹੇ ਲਿਖੇ ਹੋ।”
ਡਾ. ਰੰਧਾਵਾ ਨੇ ਜੁਆਨ ਹੋ ਰਹੇ ਮੁੰਡਿਆਂ ਕੁੜੀਆਂ ਦੀ ਕੁਦਰਤੀ ਖਿੱਚ ਬਾਰੇ ਵੀ ਨਿਸ਼ੰਗ
ਲਿਖਿਆ: ਮੁੰਡਿਆਂ ਕੁੜੀਆਂ ਦੇ ਮੇਲ ਗੁਰਦੁਆਰੇ ਦੀ ਮੱਸਿਆ ਤੇ ਸੰਗਰਾਂਦ ‘ਤੇ ਹੁੰਦੇ। ਗਰਨਾ
ਸਾਹਿਬ ਦੀਵਾਨ ਲੱਗਣਾ ਤਾਂ ਇਕ ਪਾਸੇ ਕੁੜੀਆਂ ਤੇ ਤੀਵੀਆਂ ਦੀਆਂ ਟੋਲੀਆ ਨੇ ਬੈਠਣਾ ਅਤੇ
ਉਨ੍ਹਾਂ ਦੇ ਸਾਹਮਣੇ ਮੁੰਡਿਆਂ ਤੇ ਆਦਮੀਆਂ ਨੇ। ਬਜ਼ੁਰਗਾਂ ਦਾ ਧਿਆਨ ਸ਼ਾਇਦ ਪਾਠ ਸੁਣਨ ਵਿਚ
ਹੋਵੇ ਪਰ ਮੁੰਡੇ ਕੁੜੀਆਂ ਤਾਂ ਇਕ ਦੂਸਰੇ ਨੂੰ ਦੇਖਣ ਹੀ ਜਾਂਦੇ। ਜਿਹੜਾ ਜਿਹਨੂੰ ਪਸੰਦ
ਕਰਦਾ, ਉਹਦੇ ਵੱਲ ਟਿਕਟਿਕੀ ਲਾ ਕੇ ਵੇਖਦਾ ਰਹਿੰਦਾ। ਪਿੰਡ ਦੀ ਭੱਠੀ ਉਤੇ ਝਿਊਰੀ ਦਾਣੇ
ਭੁੰਨਣ ਵਿਚ ਮਸਰੂਫ਼ ਰਹਿੰਦੀ ਤੇ ਮੁੰਡੇ ਕੁੜੀਆਂ ਅੱਖਾਂ ਗਰਮਾਉਣ ਵਿਚ!
ਡਾ. ਰੰਧਾਵਾ ਦਾ ਕਥਨ ਹੈ, “ਜਿ਼ੰਦਗੀ ਵਿਚ ਸੈਕਸ ਬਹੁਤ ਜ਼ਰੂਰੀ ਚੀਜ਼ ਹੈ। ਜਿਵੇਂ ਦੀਵੇ ਦੀ
ਲੋਅ ਹੁੰਦੀ ਹੈ, ਇਸੇ ਤਰ੍ਹਾਂ ਹੈ ਸੈਕਸ। ਇਸ ਵਿਚੋਂ ਆਰਟ ਨਿਕਲਦਾ ਹੈ, ਇਸੇ ਵਿਚੋਂ ਸਾਹਿਤ
ਨਿਕਲਦਾ ਹੈ ਤੇ ਇਸੇ ਵਿਚੋਂ ਬਹਾਦਰੀ। ਜਿਸ ਆਦਮੀ ਵਿਚ ਇਹ ਚੀਜ਼ ਨਹੀਂ, ਉਹ ਪੂਰਾ ਆਦਮੀ
ਨਹੀਂ। ਭਲਾ ਦੱਸੋ, ਖੁਸਰਾ ਕਦੇ ਰਾਈਟਰ ਬਣਿਆ? ਕਦੇ ਬਹਾਦਰ ਬਣਿਆ? ਸੈਕਸ ਸਾਰੀਆਂ ਸ਼ਕਤੀਆਂ
ਦਾ ਸੋਮਾ ਹੈ।”
1924 ਵਿਚ ਮੈਟ੍ਰਿਕ ਦੇ ਇਮਤਿਹਾਨ ਵਿਚੋਂ ਮਹਿੰਦਰ ਸਿੰਘ ਨੇ 520 ਤੇ ਰਾਜਿੰਦਰ ਸਿੰਘ ਨੇ
519 ਨੰਬਰ ਲੈ ਕੇ ਹਾਈ ਫਸਟ ਡਿਵੀਜ਼ਨ ਲਈ। ਐਫ. ਐੱਸ-ਸੀ. ਫੋਰਮੈਨ ਕ੍ਰਿਸਚੀਅਨ ਕਾਲਜ ਲਾਹੌਰ
ਤੋਂ ਕਰ ਕੇ ਅੱਗੇ ਪੜ੍ਹਨ ਲਈ ਸਰਕਾਰੀ ਕਾਲਜ ਲਾਹੌਰ ਵਿਚ ਦਾਖਲਾ ਲੈ ਲਿਆ। ਉਥੋਂ 1930 ਵਿਚ
ਬੌਟਨੀ ਦੀ ਐਮ. ਐੱਸ-ਸੀ. ਆਨਰਜ਼ ਕੀਤੀ। ਇੰਜ ਉਸ ਨੂੰ ਸਿੱਖ, ਆਰੀਆ ਸਮਾਜ, ਇਸਾਈ ਤੇ
ਸੈਕੂਲਰ ਸਭ ਵਰਗਾਂ ਦੇ ਸਕੂਲਾਂ ਕਾਲਜਾਂ ਵਿਚ ਪੜ੍ਹਨ ਦਾ ਤਜਰਬਾ ਹਾਸਲ ਹੋ ਗਿਆ। ਇਸ ਨਾਲ
ਸਾਰੇ ਧਰਮਾਂ ਦੇ ਅਸੂਲਾਂ ਦੀ ਵਾਕਫ਼ੀ ਹੋ ਗਈ ਤੇ ਉਸ ਨੂੰ ਅਨੁਭਵ ਹੋਇਆ ਕਿ ਸਾਰੇ ਮਜ਼ਹਬ
ਰੱਬ ਦੀ ਭਾਲ ਕਰਦੇ ਹਨ ਅਤੇ ਉਹਨਾਂ ਨੇ ਰੱਬ ਦੇ ਨਾਂ ਹੀ ਵੱਖੋ-ਵੱਖ ਰੱਖੇ ਹੋਏ ਹਨ।
ਮਜ਼ਹਬਾਂ ਦਾ ਮਰਕਜ਼ ਤਾਂ ਇਕ ਹੈ, ਪਰ ਹਰ ਮਜ਼ਹਬ ਨੇ ਆਪਣੇ ਭਾਈਆਂ, ਪੰਡਤਾਂ, ਮੁੱਲਾਂ ਤੇ
ਪਾਦਰੀਆਂ ਦੀਆਂ ਫੌਜਾਂ ਬਣਾਈਆਂ ਹੋਈਆਂ ਹਨ ਤੇ ਉਨ੍ਹਾਂ ਦੇ ਕਰਮਕਾਂਡ ਘੜੇ ਹੋਏ ਹਨ। ਆਖ਼ਰ
ਵਿਚ ਬਹੁਤ ਸਾਰੇ ਲੋਕ ਧਰਮ ਭੁੱਲ ਜਾਂਦੇ ਹਨ ਤੇ ਰਸਮਾਂ ਵਿਚ ਹੀ ਆਪਣੇ ਮਨ ਦੀ ਤਸੱਲੀ ਕਰਦੇ
ਹਨ।
ਬਾਈਆਲੋਜੀ ਦੀ ਪੜ੍ਹਾਈ ਨੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਇਸ ਦੇ ਪੜ੍ਹਨ ਤੋਂ ਪਤਾ
ਲੱਗਾ ਕਿ ਜੀਵਨ ਦੀ ਉਤਪਤੀ ਤੇ ਵਿਕਾਸ ਕਿਵੇਂ ਹੋਇਆ? ਹੌਲੀ-ਹੌਲੀ ਕੋਈ ਦੋ ਸੌ ਕਰੋੜ ਸਾਲਾਂ
ਵਿਚ ਜੀਵਨ ਤਰੱਕੀ ਕਰਦਾ ਆਦਮੀ ਦੀ ਜੂੰਨ ਤਕ ਪਹੁੰਚਾ। ਸਭ ਤੋਂ ਪਹਿਲਾਂ ਜੀਵਨ ਸਮੁੰਦਰਾਂ
ਵਿਚ ਪੈਦਾ ਹੋਇਆ ਸੀ ਤੇ ਓਥੋਂ ਕੀੜਿਆਂ, ਗੰਡ-ਗੰਡੋਇਆਂ ਤੇ ਮੱਛੀਆਂ ਦੀ ਜੂੰਨ ਤਕ ਪਹੁੰਚਿਆ।
ਫੇਰ ਜਿੰ਼ਦਗੀ ਡੱਡੂਆਂ ਦੀ ਜੂੰਨ ਵਿਚ ਆਈ ਤੇ ਧਰਤੀ ‘ਤੇ ਆ ਗਈ। ਫੇਰ ਕਿਰਲੀਆਂ ਦੀ ਜੂੰਨ
ਤੋਂ ਤਰੱਕੀ ਕਰਦੀ ਦੁੱਧ ਚੁੰਘਾਉਣ ਵਾਲੇ ਜਾਨਵਰਾਂ ਤੇ ਪਰਿੰਦਿਆਂ ਦੀ ਜੂੰਨ ਵਿਚ ਆਈ।
ਛਛੂੰਦਰਾਂ, ਟਾਰਸੀਅਸ ਬਾਂਦਰਾਂ ਤੋਂ ਚੱਲਣ ਫਿਰਨ ਵਾਲੇ ਬਾਂਦਰਾਂ ਤਕ ਪਹੁੰਚੀ ਤੇ ਹੌਲੀ
ਹੌਲੀ ਦੋ ਕਰੋੜ ਸਾਲਾਂ ਵਿਚ ਆਦਮੀ ਦੀ ਜੂੰਨ ਤਾਈਂ ਪਹੁੰਚੀ।
ਡਾ. ਰੰਧਾਵੇ ਨੇ ਲਿਖਿਆ: ਲਾਹੌਰ ਪੜ੍ਹਦਿਆਂ ਸਾਨੂੰ ਤਿੰਨਾਂ ਮਹੀਨਿਆਂ ਦੀਆਂ ਗਰਮੀ ਦੀਆਂ
ਛੁੱਟੀਆਂ ਹੁੰਦੀਆਂ। ਇਹ ਛੁੱਟੀਆਂ ਅਸੀਂ ਪਿੰਡ ਵਿਚ ਹੀ ਬਤੀਤ ਕਰਦੇ। ਮੈਂ ਦੇਖਿਆ ਕਿ ਪਹਿਲੇ
ਪੰਦਰਾਂ ਦਿਨ ਸੁਫ਼ਨੇ ਅੰਗਰੇਜ਼ੀ ਵਿਚ ਆਉਂਦੇ। ਅਗਲੇ ਪੰਦਰਾਂ ਦਿਨ ਸੁਫ਼ਨਿਆਂ ਦੀ ਬੋਲੀ
ਮਿੱਠੀ ਕੂਲੀ ਹੋ ਜਾਂਦੀ, ਅੱਧੀ ਅੰਗਰੇਜ਼ੀ ਤੇ ਅੱਧੀ ਪੰਜਾਬੀ। ਤੀਸਰੇ ਮਹੀਨੇ ਦਿਮਾਗ਼ ਤੋਂ
ਅੰਗਰੇਜ਼ੀ ਦੀ ਤਹਿ ਬਿਲਕੁਲ ਉਤਰ ਜਾਂਦੀ ਤੇ ਸੁਫ਼ਨਿਆਂ ਦੀ ਬੋਲੀ ਨਿਰੋਲ ਪੰਜਾਬੀ ਹੋ
ਜਾਂਦੀ।
ਮੈਂ ਕਦੇ ਕਦੇ ਜੱਟਾਂ ਨੂੰ ਸਮਝਾਉਣ ਦੀ ਕੋਸਿ਼ਸ਼ ਕਰਨੀ ਕਿ ਧਰਤੀ ਗੋਲ ਹੈ ਤੇ ਸੂਰਜ ਦੁਆਲੇ
ਘੁੰਮਦੀ ਹੈ। ਇਕ ਰਾਜਾ ਸਿੰਘ ਮਹੀਆਂ ਦਾ ਵਪਾਰੀ ਸੀ ਪਰ ਰਹਿੰਦਾ ਸੀ ਟੁੱਟੀ ਜਿਹੀ ਕੋਠੜੀ
ਵਿਚ। ਮੈਂ ਕਹਿਣਾ, “ਚਾਚਾ ਘੋਰ ਨਰਕ ਵਿਚ ਕਿਉਂ ਰਹਿੰਨਾਂ ਹੈਂ? ਪੈਸਾ ਨਾਲ ਬੰਨ੍ਹ ਕੇ ਲੈ
ਜਾਵੇਂਗਾ? ਇਕ ਹਵਾਦਾਰ ਕੋਠਾ ਛੱਤ ਲੈ।” ਉਸ ਨੇ ਕਹਿਣਾ, “ਉਦੋਂ ਛੱਤਾਂਗਾ ਜਦੋਂ ਧਰਤੀ
ਘੁੰਮਣੋ ਹਟ ਜਾਊ। ਹੋਰ ਨਾ ਕਿਤੇ ਕੋਠੇ ਦਾ ਮੂੰਹ ਹੀ ਦੂਜੇ ਪਾਸੇ ਨਾ ਹੋ ਜਾਵੇ!”
ਮੈਂ ਟਾਹਲੀਆਂ ਦੀ ਝਿੜੀ ਵਿਚ ਕੁਰਸੀ ਡਾਹ ਕੇ ਪੜ੍ਹਿਆ ਕਰਦਾ ਸਾਂ। ਇਕ ਦਿਨ ਗੁਆਂਢੀ ਪਿੰਡ
ਬੇਰਛੇ ਦਾ ਇਕ ਰਉਲ ਮੁਸਲਮਾਨ ਆਜੜੀ ਕੋਲ ਹੀ ਮੱਝਾਂ ਚਰਾ ਰਿਹਾ ਸੀ। ਮੈਨੂੰ ਵੇਖ ਕੇ ਨੇੜੇ ਆ
ਗਿਆ ਤੇ ਕਹਿਣ ਲੱਗਾ, “ਸਰਦਾਰ ਜੀ ਤੁਸੀਂ ਸੋਲ੍ਹਾਂ ਜਮਾਤਾਂ ਤਾਂ ਕਰ ਲਈਆਂ, ਹੁਣ ਹੋਰ ਵੀ
ਪੜ੍ਹੀ ਜਾਣਾ ਹੈ?”
ਮੈਂ ਉੱਤਰ ਦਿੱਤਾ, “ਫੱਜੂ, ਅੱਜ ਕੱਲ੍ਹ ਨੌਕਰੀ ਬੜੀ ਮੁਸ਼ਕਲ ਮਿਲਦੀ ਹੈ।”
“ਸਰਦਾਰਾ, ਗੱਪੀਆਂ ਵੱਲ ਦੇਖ ਲੈ, ਉਹਨਾਂ ਦੇ ਦੋ ਮੁੰਡੇ ਪਟਵਾਰੀ ਆ ਤੇ ਇਕ ਕਾਨੂੰਗੋ ਐ।
ਓਹਨਾਂ ਵਾਂਗ ਤੂੰ ਨੀ ਕਾਨੂੰਗੋ ਬਣ ਸਕਦਾ? ਹੋਰ ਨਹੀਂ ਤਾਂ ਮੁੱਛਲਾਂ ਦੇ ਮੁੰਡੇ ਵਾਂਗ
ਬੰਕਾਂ ਦਾ ਇੰਸਪੈਕਟਰ ਹੀ ਬਣ ਜਾ।”
ਮੈਂ ਕਿਹਾ, “ਅੱਛਾ ਸੋਚਾਂਗੇ।”
“ਸਰਦਾਰਾ, ਅਸਲ ਗੱਲ ਤਾਂ ਇਹ ਆ, ਤੇਰੇ ਚਾਚੇ ਨੂੰ ਚਾਹੀਦਾ, ਰੁਪਈਆਂ ਦੀ ਟੋਕਰੀ ਭਰ ਕੇ
ਕਿਸੇ ਵੱਡੇ ਅਫ਼ਸਰ ਨੂੰ ਦੇ ਆਵੇ। ਅੱਜ ਕੱਲ੍ਹ ਵਸੀਲੇ ਤੋਂ ਬਿਨਾਂ ਨੀ ਕੋਈ ਪੁੱਛਦਾ।”
ਮੈਂ ਗੱਲ ਟਾਲ ਕੇ ਕਿਹਾ, “ਫੱਜੂ ਏਦਾਂ ਦੀ ਹਿੰਮਤ ਤਾਂ ਮੇਰੀ ਖ਼ਾਤਰ ਤੂੰ ਹੀ ਕਰ, ਚਾਚਾ
ਤਾਂ ਬੜਾ ਕੰਜੂਸ ਹੈ।”
“ਸਰਦਾਰਾ, ਅਸੀਂ ਤਾਂ ਗ਼ਰੀਬ ਆਦਮੀ ਹੋਏ, ਇਹ ਤਾਂ ਅਮੀਰਾਂ ਦੀ ਖੇਡ ਐ। ਅਮੀਰ ਤਾਂ ਭਾਵੇਂ
ਨਿੱਤ ਜਲੇਬੀਆਂ ਖਾਈ ਜਾਣ!”
ਫੱਜੂ ਭਾਣੇ ਜਲੇਬੀਆਂ ਖਾਣਾ ਹੀ ਦੁਨੀਆ ਵਿਚ ਸਭ ਤੋਂ ਵੱਡਾ ਸੁਆਦ ਸੀ!
ਫੱਜੂ ਤੋਂ ਮੈਨੂੰ ਫਾਜਿ਼ਲਕਾ ਦਾ ਇਕ ਰਾਏ ਸਿੱਖ ਯਾਦ ਆ ਗਿਐ। ਗੱਲਾਂ ਚੱਲ ਰਹੀਆਂ ਸਨ
ਮਹਾਰਾਜਾ ਰਣਜੀਤ ਸਿੰਘ ਦੀ ਅਮੀਰੀ ਦੀਆਂ। ਕੋਈ ਦੱਸ ਰਿਹਾ ਸੀ ਕਿ ਉਹਦੀ ਫੌਜ ਦੇ ਘੋੜਿਆਂ
ਦੀਆਂ ਕਾਠੀਆਂ ਨੂੰ ਸੋਨੇ ਦੇ ਕੋਕੇ ਲੱਗੇ ਹੁੰਦੇ ਸਨ। ਰਾਏ ਸਿੱਖ ਕਿਹਾ, “ਮੁੜ ਮਹਾਰਾਜੇ
ਰਣਜੀਤ ਸਿੰਘ ਦਾ ਕੀ ਕਹਿਣਾ, ਉਹ ਤਾਂ ਸੋਨੇ ਦੇ ਕੋਕਿਆਂ ਦੀ ਥਾਂ ਭਾਵੇਂ ਗੁੜ ਦੀਆਂ ਕਾਠੀਆਂ
ਚਾ ਬਣਾਉਂਦਾ!”
ਜੇ ਫੱਜੂ ਜਲੇਬੀਆਂ ਨੂੰ ਵੱਡੀ ਅਮੀਰੀ ਸਮਝਦਾ ਸੀ ਤਾਂ ਉਹ ਰਾਏ ਸਿੱਖ ਗੁੜ ਨੂੰ ਸੋਨੇ ਤੋਂ
ਵੀ ਮਹਿੰਗੀ ਸ਼ੈਅ ਸਮਝ ਰਿਹਾ ਸੀ!
ਇਸ ਗੱਲ ਦਾ ਕਿਸੇ ਨੂੰ ਨਹੀਂ ਸੀ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਘੋੜੀ ਲੇਲੀ ਦੀ
ਕਾਠੀ ਤੇ ਸਾਜ਼ ਨੂੰ ਤੀਹ ਲੱਖ ਰੁਪਏ ਦੇ ਹੀਰੇ ਜਵਾਹਰਾਂ ਨਾਲ ਸਜਾਇਆ ਸੀ!
ਡਾ. ਰੰਧਾਵਾ ਵੇਖਣ ਨੂੰ ਭਾਵੇਂ ਗੰਭੀਰ ਦਿਸਦਾ ਸੀ ਪਰ ਹੱਸਣ ਵੇਲੇ ਖੁੱਲ੍ਹ ਕੇ ਹੱਸ ਵੀ
ਲੈਂਦਾ ਸੀ। ਉਸ ਨੇ ‘ਆਪ ਬੀਤੀ’ ਵਿਚ ਕਈ ਹਸਾਉਣੀਆਂ ਘਟਨਾਵਾਂ ਦਾ ਜਿ਼ਕਰ ਕੀਤਾ ਹੈ। ਰਾਜੇ
ਮਹਾਰਾਜੇ ਕੰਨਾਂ ਦੇ ਕੱਚੇ ਹੁੰਦੇ ਸਨ ਅਤੇ ਵਜ਼ੀਰ ਉਨ੍ਹਾਂ ਦਾ ਇੰਜ ਉੱਲੂ ਬਣਾਉਂਦੇ ਸਨ:
‘ਆਏਗਾ ਨਦੌਣ, ਜਾਏਗਾ ਕੌਣ’ ਕਹਾਵਤ ਇਸ ਕਰਕੇ ਪ੍ਰਚਲਤ ਹੋਈ ਕਿਉਂਕਿ ਨਦੌਣ ਬੜਾ ਰੰਗੀਲਾ
ਕਸਬਾ ਸੀ। ਰਾਜਾ ਸੰਸਾਰ ਚੰਦ ਵੇਲੇ ਉਥੇ ਤਿੰਨ ਸੌ ਵੇਸਵਾਵਾਂ ਆਪਣਾ ਧੰਦਾ ਚਲਾਉਂਦੀਆਂ ਸਨ।
ਡਾ. ਰੰਧਾਵਾ ਇਕ ਵਾਰ ਕਾਂਗੜਾ ਚਿੱਤਰਾਂ ਦੀ ਖੋਜ ਭਾਲ ਵਿਚ ਨਦੌਣ ਗਿਆ ਤਾਂ ਰਾਜੇ ਦੇ
ਮਹਿਮਾਨ ਖ਼ਾਨੇ ਵਿਚ ਬਿਸਰਾਮ ਕੀਤਾ। ਪੁਰਾਣੇ ਰਾਜਿਆਂ ਬਾਰੇ ਕਈ ਦਿਲਚਸਪ ਕਹਾਣੀਆਂ ਪ੍ਰਚਲਤ
ਸਨ। ਨਦੌਣ ਨੇੜੇ ਗਿੱਦੜ ਬਹੁਤ ਸਨ ਜਿਹੜੇ ਰਾਤ ਨੂੰ ਖ਼ੂਬ ਭੈਰਵੀ ਅਲਾਪਦੇ। ਪੋਹ ਦਾ ਮਹੀਨਾ
ਸੀ। ਨਦੌਣ ਦਾ ਰਾਜਾ ਅੰਮਤਰ ਸ਼ਹਿਰ ਦੇ ਮਹਿਲਾਂ ਵਿਚ ਸੁੱਤਾ ਪਿਆ ਸੀ। ਅੱਧੀ ਕੁ ਰਾਤ ਹੋਈ
ਤਾਂ ਗਿੱਦੜਾਂ ਨੇ ਖ਼ੂਬ ਕੂਕਾਂ ਮਾਰੀਆਂ। ਅਗਲੀ ਸਵੇਰ ਰਾਜੇ ਨੇ ਵਜ਼ੀਰ ਨੂੰ ਬੁਲਾਇਆ ਤੇ
ਪੁੱਛਿਆ, ਵਜ਼ੀਰ! ਰਾਤ ਨੂੰ ਗਿੱਦੜ ਕਿਉਂ ਰੋਂਦੇ ਹਨ?” ਵਜ਼ੀਰ ਬੋਲਿਆ, “ਜਨਾਬ, ਪੋਹ ਦਾ
ਮਹੀਨਾ ਹੈ, ਕੱਕਰ ਪੈਂਦਾ ਹੈ। ਵਿਚਾਰੇ ਪਾਲੇ ਦੇ ਭੰਨੇ ਹੋਏ ਕੂਕਦੇ ਨੇ।”
ਰਾਜੇ ਨੇ ਹੁਕਮ ਦਿੱਤਾ ਕਿ ਇਨ੍ਹਾਂ ਨੂੰ ਕੰਬਲ ਵੰਡੇ ਜਾਣ। ਉਸੇ ਰਾਤ ਹੀ ਨੌਕਰਾਂ ਨੇ ਜੰਗਲ
ਵਿਚ ਜਿਥੇ ਗਿੱਦੜ ਰਹਿੰਦੇ ਸੀ, ਕੁਝ ਕੰਬਲ ਖਿਲਾਰ ਦਿੱਤੇ ਤੇ ਕੁਝ ਆਪਣੇ ਘਰਾਂ ਨੂੰ ਲੈ ਗਏ।
ਰਾਤ ਹੋਈ ਤਾਂ ਗਿੱਦੜਾਂ ਨੇ ਫਿਰ ਹਵਾਂਕਣਾ ਸ਼ੁਰੂ ਕੀਤਾ। ਰਾਜੇ ਨੇ ਅਗਲੇ ਦਿਨ ਫੇਰ ਵਜ਼ੀਰ
ਨੂੰ ਪੁੱਛਿਆ, “ਵਜ਼ੀਰ, ਗਿੱਦੜ ਹਾਲ ਤਾਈਂ ਵੀ ਕੂਕਦੇ ਹਨ, ਕੀ ਕੰਬਲਾਂ ਨਾਲ ਇਨ੍ਹਾਂ ਦਾ
ਪਾਲਾ ਨਹੀਂ ਹਟਿਆ?” ਵਜ਼ੀਰ ਨੇ ਜਵਾਬ ਦਿਤਾ, “ਹਜ਼ੂਰ ਇਹ ਜਨਾਬ ਦਾ ਸ਼ੁਕਰੀਆ ਅਦਾ ਕਰ ਰਹੇ
ਹਨ ਕਿ ਆਪ ਨੇ ਇਨ੍ਹਾਂ ਨੂੰ ਪਾਲੇ ਤੋਂ ਬਚਾਇਆ ਹੈ!”
ਇਹ ਸੁਣ ਕੇ ਰਾਜਾ ਖ਼ੁਸ਼ ਨਾ ਹੁੰਦਾ ਤਾਂ ਹੋਰ ਕੀ ਹੁੰਦਾ?
ਵਿਦਿਆਰਥੀਆਂ ਦੇ ਇਕ ਟੂਰ ਵੇਲੇ ਚੰਬੇ ਅਸੀਂ ਇਕ ਧਰਮਸ਼ਾਲਾ ਵਿਚ ਰਹੇ। ਹਰ ਲੜਕੇ ਨੇ ਖਾਣ
ਨੂੰ ਘਰੋਂ ਕੁਝ ਨਾ ਕੁਝ ਲਿਆਂਦਾ ਸੀ। ਮੇਰੇ ਪਾਸ ਮੂੰਗੀ ਦੀਆਂ ਪਿੰਨੀਆਂ ਸਨ। ਮੈਂ ਬਜ਼ਾਰ
ਸੈਰ ਕਰਨ ਨੂੰ ਗਿਆ ਤੇ ਜਦ ਪਰਤਿਆ ਤਾਂ ਦੇਖਿਆ ਪਿੰਨੀਆਂ ਗ਼ਾਇਬ ਸਨ। ਸ਼ਾਮ ਨੂੰ ਮੈਂ ਵੇਖਿਆ
ਕਿ ਜਿੰਨੇ ਚੋਰ ਸਨ ਬਾਰ ਬਾਰ ਟੱਟੀ ਵੱਲ ਤੁਰੇ ਜਾਣ। ਮੂੰਗੀ ਦਾ ਆਟਾ ਕੁਝ ਕੱਚਾ ਸੀ ਤੇ ਖਾ
ਵੀ ਕੁਝ ਵੱਧ ਗਏ ਸਨ ਜਿਸ ਕਰਕੇ ਸਾਰਿਆਂ ਨੂੰ ਮੋਕ ਲੱਗ ਗਈ!
ਸਾਡੇ ਡੈਲੀਗੇਸ਼ਨ ਦਾ ਲੀਡਰ ਦੀਵਾਨ ਸਰ ਟੀ. ਵਿਜੇ ਰਾਘਵਚਾਰੀ ਸੀ। ਦੁਬਲਾ ਪਤਲਾ ਜਿਹਾ
ਇਨਸਾਨ, ਉਮਰ 70 ਸਾਲ, ਪਰ ਦਿਲ ਦਾ ਜਵਾਨ। ਜਦ ਔਰਤਾਂ ਨੂੰ ਉਸ ਦਾ ਨਾਂ ਲੈਣ ਵਿਚ ਦਿੱਕਤ
ਆਉਂਦੀ ਤਾਂ ਕਹਿੰਦਾ ਮੈਨੂੰ ਡੀਅਰ ਹੀ ਕਹਿ ਲਿਆ ਕਰੋ। ਰਾਓ ਬੜਾ ਚੰਗਾ ਬੋਲਦਾ ਸੀ ਤੇ ਜਦ
ਸ਼ੁਰੂ ਹੋ ਜਾਂਦਾ ਤਾਂ ਸਪੀਚ ਮੁਕਾਉਣ ਦਾ ਨਾਂ ਨਾ ਲੈਂਦਾ। ਇੰਜ ਮਲੂਮ ਹੁੰਦਾ ਜਿਵੇਂ ਨਲਕੇ
ਦੀ ਟੂਟੀ ਖੁੱਲ੍ਹੀ ਰਹਿ ਗਈ ਹੈ!
ਜੁਆਲਾ ਮੁਖੀ ਦੇ ਸਫ਼ਰ ਵਿਚ ਸਾਡੇ ਨਾਲ ਲੋਕ ਗੀਤਾਂ ਦਾ ਇਕ ਸੰਗ੍ਰਹਿਕ ਵੀ ਸੀ। ਬੀਬੀ
ਦਾੜ੍ਹੀ ਤੇ ਲੰਮੇ ਲੰਮੇ ਵਾਲ ਅਤੇ ਫੋਟੋਗ੍ਰਾਫ਼ੀ ਦਾ ਸ਼ੌਕੀਨ। ਜਦ ਮੈਂ ਮੰਦਰ ਤੋਂ ਮੁੜ ਕੇ
ਆਇਆ ਤਾਂ ਵੇਖਿਆ ਕਿ ਜੀਪ ਕੋਲ ਬੜੀ ਭੀੜ ਹੈ। ਪਤਾ ਲੱਗਾ ਕਿ ਮੇਰੇ ਮਿੱਤਰ ਇਕ ਪਹਾੜੀ ਔਰਤ
ਦੀ ਫੋਟੋ ਖਿੱਚਦੇ ਹੋਏ ਉਸ ਨੂੰ ਮੂੰਹ ਦਾ ਪੱਲਾ ਉਤੇ ਥੱਲੇ ਕਰਨ ਦੀ ਹਿਦਾਇਤ ਦੇ ਰਹੇ ਸਨ ਕਿ
ਉਪਰੋਂ ਉਸ ਦਾ ਪਤੀ ਆ ਗਿਆ। ਰੌਲਾ ਪੈ ਗਿਆ ਕਿ ਕੋਈ ਪਾਕਿਸਤਾਨੀ ਫਕੀਰ, ਹਿੰਦੂ ਔਰਤਾਂ ਦੀਆਂ
ਤਸਵੀਰਾਂ ਖਿੱਚ ਰਿਹਾ ਹੈ। ਫੇਰ ਕੀ ਸੀ ਕਿਸੇ ਨੇ ਬਾਂਹ ਫੜ, ਕਿਸੇ ਨੇ ਕੋਟ ਫੜ, ਖਿੱਚੋਤਾਣ
ਕਰਨੀ ਸ਼ੁਰੂ ਕਰ ਦਿੱਤੀ। ਹਿੰਦੁਸਤਾਨ ਖ਼ਾਸ ਤੌਰ ‘ਤੇ ਪੰਜਾਬ ਵਿਚ ਓਪਰੀਆਂ ਜ਼ਨਾਨੀਆਂ ਦੀ
ਫ਼ੋਟੋਗ੍ਰਾਫ਼ੀ ਕਰਨੀ ਬੜੀ ਕਠਨ ਹੈ। ਹੋਰ ਨਹੀਂ ਤਾਂ ਇਹ ਕਹਿਣੋਂ ਨਹੀਂ ਟਲਦੀਆਂ, “ਜੇ
ਫ਼ੋਟੋ ਖਿੱਚਣੀ ਐ ਤਾਂ ਆਪਣੀ ਮਾਂ ਦੀ ਖਿੱਚ, ਭੈਣ ਦੀ ਖਿੱਚ, ਤੂੰ ਸਾਥੋਂ ਕੀ ਲੈਣੈ?”
ਅਸੀਂ ਆਪਣੇ ਮਿੱਤਰ ਨੂੰ ਬੜੀ ਮੁਸ਼ਕਲ ਨਾਲ ਬਚਾਇਆ। ਜੇ ਠਾਣੇਦਾਰ ਮੌਕੇ ‘ਤੇ ਨਾ ਆ ਜਾਂਦਾ
ਤਾਂ ਪਤਾ ਨਹੀਂ ਅਨਪੜ੍ਹ ਕਾਂਗੜਾ ਵਾਸੀ ਉਸ ਦੀ ਕੀ ਗਤ ਬਣਾਉਂਦੇ? ਉਨ੍ਹਾਂ ਨੂੰ ਸਮਝਾਇਆ ਗਿਆ
ਕਿ ਇਹ ਪੰਜਾਬ ਦੇ ਟੈਗੋਰ ਹਨ ਤੇ ਇਨ੍ਹਾਂ ਨੇ ਲੋਕ ਗੀਤ ਇਕੱਠੇ ਕਰ ਕੇ ਪੰਜਾਬੀ ਸਾਹਿਤ ਦੀ
ਬੜੀ ਸੇਵਾ ਕੀਤੀ ਹੈ। ਫੋਟੋਗ੍ਰਾਫ਼ੀ ਵੀ ਇਹ ਸਭਿਆਚਾਰਕ ਨੁਕਤੇ ਤੋਂ ਹੀ ਕਰ ਰਹੇ ਸਨ,
ਇਨ੍ਹਾਂ ਦੀ ਕੋਈ ਮਾੜੀ ਨੀਅਤ ਨਹੀਂ ਸੀ। ਉਨ੍ਹਾਂ ਸਿੱਧੇ ਸਾਦੇ ਪਹਾੜੀਆਂ ਨੂੰ ਕੀ ਪਤਾ ਸੀ
ਕਿ ਅੱਜ ਕੱਲ੍ਹ ਕਾਂਗੜੇ ਵਿਚ ਐਸੇ ਉੱਚ ਪੱਧਰ ਦੇ ਯਾਤਰੂ ਵੀ ਆਉਂਦੇ ਹਨ। ਉਨ੍ਹਾਂ ਨੂੰ ਹਾਲ
ਤਾਈਂ ਪੰਜਾਬੀਆਂ ਦੀ ਧੱਕੇਸ਼ਾਹੀ ਦਾ ਹੀ ਤਜਰਬਾ ਸੀ ਜੋ ਉਨ੍ਹਾਂ ਦੀਆਂ ਸੁੰਦਰ ਤੀਵੀਆਂ ਨੂੰ
ਬਹਿਕਾ ਕੇ ਮੈਦਾਨਾਂ ਵਿਚ ਲੈ ਜਾਂਦੇ ਸਨ।
ਪਹਿਲਗਾਮ ਦਰਿਆ ਦੇ ਕੰਢੇ ਇਕ ਧੋਬਣ ਕਪੜੇ ਧੋਂਦੀ ਸੀ। ਮੈਂ ਦਰਿਆ ਦੇ ਕੰਢੇ ਬੈਠਾ ਸਾਹਮਣੇ
ਦਿਆਰ ਦੇ ਜੰਗਲ ਦੇਖਦਾ ਸੀ। ਇਕ ਪਹਾੜੀਆ ਆਇਆ ਤੇ ਕਹਿਣ ਲੱਗਾ ਕਿ ਤੁਸੀਂ ਮੇਰੀ ਧਰਮ ਪਤਨੀ
ਵੱਲ ਦੇਖ ਰਹੇ ਹੋ। ਮੈਂ ਜਵਾਬ ਦਿੱਤਾ ਕਿ ਮੇਰੀ ਧਰਮ ਪਤਨੀ ਮੇਰੇ ਨਾਲ ਹੈ ਤੇ ਉਸ ਮੋਟੀ
ਜਿਹੀ ਤੀਵੀਂ ਦੇ ਮੁਕਾਬਲੇ ਜਿ਼ਆਦਾ ਖ਼ੂਬਸੂਰਤ ਹੈ। ਇਕਬਾਲ ਪਾਸ ਹੀ ਬੈਠੀ ਸੀ, ਮੈਂ ਕਿਹਾ,
ਜੇ ਸ਼ੱਕ ਹੈ ਤਾਂ ਦੇਖ ਲੈ ਤੇ ਮੁਕਾਬਲਾ ਕਰ ਲੈ!
ਗੱਪ ਗੋਸ਼ਟੀਆਂ ਵਿਚ ਬੋਦਲਾਂ ਵਾਲਿਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਜਦੋਂ ਅਸੀਂ ਮੁਲਕ
ਰਾਜ ਅਨੰਦ ਦੀ ਟੋਲੀ ਨੂੰ ਲੈ ਕੇ ਜਲੰਧਰ ਤੋਂ ਆਪਣੇ ਪਿੰਡ ਬੋਦਲਾਂ ਗਏ ਤਾਂ ਸੀਰੀਂ ਤੇ ਡੌਲੀ
(ਮੁਲਕ ਰਾਜ ਅਨੰਦ ਦੀ ਪਤਨੀ ਤੇ ਸੈਕਟਰੀ) ਵੀ ਸਾਡੇ ਨਾਲ ਸਨ। ਉਨ੍ਹਾਂ ਦੇ ਪਤਲੂਣਾਂ ਪਾਈਆਂ
ਹੋਈਆਂ ਵੇਖ ਕੇ ਪਿੰਡ ਦੇ ਜੱਟ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ!
ਮਹਿੰਦਰ ਸਿੰਘ ਬਹੁਤ ਮਿਹਨਤੀ ਵਿਦਿਆਰਥੀ ਸੀ। ਲਾਹੌਰ ਕਾਲਜ ਦੀਆਂ ਲੈਬੌਰਟਰੀਆਂ ਵਿਚ ਤਜਰਬੇ
ਕਰਦਿਆਂ ਰੋਜ਼ ਰਾਤ ਪੈ ਜਾਂਦੀ। ਉਹ ਕਿਸੇ ਖੇਡ ਵਿਚ ਹਿੱਸਾ ਨਹੀਂ ਸੀ ਲੈ ਸਕਦਾ। ਸਿਨਮਾ ਵੀ
ਛੇ ਸਾਲਾਂ ਵਿਚ ਸ਼ਾਇਦ 4-5 ਵਾਰ ਹੀ ਵੇਖਿਆ ਹੋਵੇ। ਸਿਹਤ ਠੀਕ ਰੱਖਣ ਲਈ ਸਵੇਰੇ ਡੰਡ
ਬੈਠਕਾਂ ਲਗਾ ਲੈਂਦਾ ਸੀ ਤੇ ਸ਼ਾਮ ਨੂੰ ਚੈਸਟ ਐਕਸਪੈਂਡਰ ਨਾਲ ਕਸਰਤ ਕਰ ਲੈਂਦਾ ਸੀ।
1930 ਵਿਚ ਜਦੋਂ ਉਸ ਨੇ ਐਮ. ਐੱਸ-ਸੀ. ਕੀਤੀ ਉਦੋਂ ਖੇਤੀ ਵਿਚ ਭਾਰੀ ਡੀਪਰੈਸ਼ਨ ਸੀ। ਕਣਕ
ਡੇਢ ਰੁਪਏ ਮਣ ਵਿਕ ਰਹੀ ਸੀ। ਕਿਸਾਨੀ ਦਾ ਬੁਰਾ ਹਾਲ ਸੀ। ਰੰਧਾਵੇ ਨੇ ਲੈਕਚਰਾਰ ਬਣਨ ਦੀ
ਸੋਚੀ। ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਬੌਟਨੀ ਦੀ ਪੋਸਟ ਨਿਕਲੀ। ਉਦੋਂ ਕਾਲਜ ਦੇ ਕਰਤਾ
ਧਰਤਾ ਸੁੰਦਰ ਸਿੰਘ ਮਜੀਠੀਆ ਸਨ। ਰੰਧਾਵਾ ਆਪਣਾ ਵਧੀਆ ਸੂਟ ਪਾ ਕੇ, ਟਾਈ ਲਾ ਕੇ ਤੇ ਬੂਟ
ਪਾਲਿਸ਼ ਕਰ ਕੇ ਉਨ੍ਹਾਂ ਨੂੰ ਮਿਲਣ ਗਿਆ। ਬਾਈ ਕੁ ਸਾਲ ਦੇ ਨੌਜੁਆਨ ਦੇ ਵਿਰਲੀ ਜਿਹੀ
ਦਾੜ੍ਹੀ ਸੀ ਪਰ ਕੜਾ ਨਹੀਂ ਸੀ ਪਾਇਆ ਹੋਇਆ।
ਮਜੀਠੀਏ ਸਰਦਾਰ ਨੇ ਨੌਜੁਆਨ ਰੰਧਾਵੇ ਨੂੰ ਨੀਝ ਨਾਲ ਵੇਖਿਆ ਤੇ ਪੁੱਛਿਆ, “ਕੀ ਤੁਸੀਂ ਜਪੁਜੀ
ਸਾਹਿਬ ਦਾ ਪਾਠ ਕਰਦੇ ਹੋ?” ਰੰਧਾਵੇ ਨੇ ਜਵਾਬ ਦਿੱਤਾ, “ਜਾਣਦਾ ਹਾਂ, ਪਰ ਕਰਦਾ ਨਹੀਂ।”
ਨਾਲ ਹੀ ਕਿਹਾ, “ਮੇਰਾ ਖਿ਼ਆਲ ਸੀ ਕਿ ਇਹ ਬੌਟਨੀ ਪੜ੍ਹਾਉਣ ਦੀ ਪੋਸਟ ਹੈ ਨਾ ਕਿ ਗਿਆਨੀ
ਦੀ।”
ਡਾ. ਰੰਧਾਵੇ ਨੇ ਬਾਅਦ ਵਿਚ ਲਿਖਿਆ, “ਇਸ ਤਰ੍ਹਾਂ ਦੇ ਸੁਆਲ ਸੁਣ ਕੇ ਮੇਰੇ ਮਨ ਵਿਚ ਬੜੀ
ਘਿਰਣਾ ਹੋਈ ਕਿ ਇਨ੍ਹਾਂ ਮਜ਼ਹਬੀ ਸੰਸਥਾਵਾਂ ਵਿਚ ਅਕਲ ਤੇ ਇਲਮ ਦੀ ਕੋਈ ਕਦਰ ਨਹੀਂ। ਮੈਂ
ਅਨੁਭਵ ਕਰ ਲਿਆ ਕਿ ਸਰਦਾਰ ਜੀ ਨੇ ਮੈਨੂੰ ਪਸੰਦ ਨਹੀਂ ਕੀਤਾ ਤੇ ਨਾ ਹੀ ਮੈਂ ਉਨ੍ਹਾਂ ਨੂੰ
ਪਸੰਦ ਕੀਤਾ।”
ਉਸ ਦਾ ਦਿਲ ਪਹਿਲੀ ਨਾਕਾਮਯਾਬੀ ਤੋਂ ਬੜਾ ਦੁਖੀ ਹੋਇਆ। ਫਿਰ ਉਹ ਆਈ. ਏ. ਐਸ. ਇਮਤਿਹਾਨ ਦਾ
50 ਰੁਪਏ ਦਾਖਲਾ ਭੇਜ ਕੇ, ਇਕਾਂਤ ਵਿਚ ਤਿਆਰੀ ਕਰਨ ਲਈ ਆਪਣੇ ਵੱਡੇ ਭਰਾ ਹਰਕਿਸ਼ਨ ਸਿੰਘ
ਕੋਲ ਪਿੰਡ ਗਜ ਸਿੰਘ ਪੁਰ, ਬੀਕਾਨੇਰ ਚਲਾ ਗਿਆ। ਉਥੇ ਉਹ ਇਕ ਕੱਚੇ ਕੋਠੇ ਵਿਚ ਰਿਹਾ ਜਿਸ ਦੇ
ਸਾਹਮਣੇ ਪਾਣੀ ਦੀ ਡਿੱਗੀ ਸੀ। ਖਾਲਿਆਂ ਦੇ ਕੰਢੇ ਰਿੰਡਾਂ ਲਾਈਆਂ ਹੋਈਆਂ ਸਨ। ਇਕ ਖਾਲੇ ਕੋਲ
ਉਸ ਨੇ ਇਕ ਛੱਪਰ ਛਤਾਇਆ ਤੇ ਉਹਦੇ ਹੇਠ ਇਕ ਢਿੱਲੀ ਜਿਹੀ ਮੁੰਜ ਦੀ ਮੰਜੀ ਰੱਖ ਲਈ। ਉਸ ‘ਤੇ
ਇਕ ਮੋਟਾ ਜਿਹਾ ਖੱਦਰ ਦੇ ਗਿ਼ਲਾਫ਼ ਵਾਲਾ ਗੋਲ ਤਕੀਆ ਢੋਅ ਲਾਉਣ ਲਈ ਰੱਖ ਲਿਆ। ਉਥੇ ਉਸ ਨੇ
ਸਵੇਰੇ ਸੱਤ ਵਜੇ ਦੁੱਧ ਪੀ ਕੇ ਪੜ੍ਹਨ ਲੱਗ ਪੈਣਾ। ਦੁਪਹਿਰੇ ਦਹੀਂ ਤੇ ਮਾਹਾਂ ਦੀ ਦਾਲ ਨਾਲ
ਦੋ ਫੁਲਕੇ ਖਾਣੇ ਤੇ ਸ਼ਾਮ ਛੇ ਵਜੇ ਤਕ ਪੜ੍ਹਦੇ ਰਹਿਣਾ। ਫੇਰ ਇਕ ਘੰਟਾ ਖਾਲੇ ਦੇ ਕੰਢੇ ਸੈਰ
ਕਰਨੀ। ਸਿੱਟਾ ਇਹ ਨਿਕਲਿਆ ਕਿ 1931 ਵਿਚ ਹੋਏ ਆਈ. ਸੀ. ਐਸ. ਦੇ ਇਮਤਿਹਾਨ ਵਿਚੋਂ ਉਹਦਾ
19ਵਾਂ ਨੰਬਰ ਆਇਆ ਜਿਸ ਨਾਲ ਉਹ ਆਈ. ਏ. ਐਸ. ਵਿਚ ਨਾ ਆ ਸਕਿਆ।
1932 ਵਿਚ ਉਸ ਨੇ ਹੋਰ ਤਿਆਰੀ ਕਰ ਕੇ ਇਮਤਿਹਾਨ ਦਿੱਤਾ। ਤਕਰੀਬਨ ਇਕ ਮਹੀਨਾ ਪਰਚੇ ਹੁੰਦੇ
ਰਹੇ। ਨਤੀਜਾ ਨਿਕਲਿਆ ਤਾਂ ਉਹ 5ਵੇਂ ਸਥਾਨ ‘ਤੇ ਰਿਹਾ ਜਿਸ ਨਾਲ ਉਸ ਦੀ ਆਈ. ਸੀ. ਐਸ. ਲਈ
ਚੋਣ ਹੋ ਗਈ। ਕੁਝ ਦਿਨ ਪਿੰਡ ਰਹਿ ਕੇ ਉਹ ਸਿ਼ਮਲੇ ਦੀ ਸੈਰ ਕਰਨ ਚਲਾ ਗਿਆ। ਉਸ ਨੇ ਲਿਖਿਆ:
ਮੈਂ ਸਵੇਰੇ ਰੋਟੀ ਖਾ ਕੇ ਚੀਲ ਦੇ ਜੰਗਲਾਂ ਵੱਲ ਚਲਾ ਜਾਂਦਾ ਤੇ ਉਨ੍ਹਾਂ ਦੀ ਛਾਂ ਹੇਠਾਂ
ਆਰਾਮ ਕਰਦਾ। ਹਵਾ ਚੀਲ ਦੇ ਬਰੋਜ਼ੇ ਦੀ ਖ਼ੁਸ਼ਬੂ ਨਾਲ ਭਰੀ ਹੁੰਦੀ ਤੇ ਪੱਤਿਆਂ ਦੀ ਸ਼ਾਂ
ਸ਼ਾਂ ਦਾ ਰਾਗ ਮਨ ਨੂੰ ਬੜੀ ਸ਼ਾਂਤੀ ਦਿੰਦਾ। ਬੁਰਾਸ ਦੇ ਲਾਲ ਫੁੱਲਾਂ ਦੇ ਗੁੱਛੇ ਪਹਾੜਾਂ
ਨੂੰ ਹੋਰ ਵੀ ਸ਼ੋਭਾ ਦਿੰਦੇ। ਸਾਹਮਣੇ ਪਹਾੜਾਂ ‘ਤੇ ਪਹਾੜਨਾਂ ਮੋਤੀਆਂ ਮਣਕਿਆਂ ਦੀਆਂ
ਕੰਠੀਆਂ ਪਾਈ, ਦਾਤੀਆਂ ਨਾਲ ਘਾਹ ਵੱਢਦੀਆਂ। ਪਹਾੜਾਂ ਦੀ ਚੁੱਪ ਤੇ ਸ਼ਾਂਤੀ ਨੇ ਮੈਨੂੰ ਫਿਰ
ਨੌ ਬਰ ਨੌ ਕਰ ਦਿੱਤਾ ਤੇ ਮੇਰੇ ਦਿਮਾਗ਼ ਤੋਂ ਇਮਤਿਹਾਨ ਦਾ ਬਹੁਤ ਸਾਰਾ ਬੋਝ ਉਤਰ ਗਿਆ।
1932 ਤੋਂ 34 ਤਕ ਉਸ ਦੀ ਇੰਗਲੈਂਡ ਵਿਚ ਟ੍ਰੇਨਿੰਗ ਹੋਈ। ਉਹਨੀਂ ਦਿਨੀਂ ਇੰਗਲੈਂਡ ਗਏ
ਭਾਰਤੀ ਨੌਜੁਆਨ ਮੇਮਾਂ ਵਿਆਹ ਲਿਆਉਂਦੇ ਸਨ। ਮੇਮਾਂ ਦੇ ਡਰੋਂ ਉਸ ਦਾ ਵਿਆਹ ਇੰਗਲੈਂਡ ਜਾਣ
ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਉਸ ਦੀ ਪਤਨੀ ਇਕਬਾਲ ਕੌਰ ਦੀ ਉਮਰ ਉਦੋਂ 17 ਸਾਲ ਦੀ
ਸੀ। ਡੋਲੀ ਲੈ ਕੇ ਮੁੜੇ ਤਾਂ ਪਿੰਡ ਦਾ ਰਸਤਾ ਕੱਚਾ ਹੋਣ ਕਾਰਨ ਮੋਟਰ ਗਰਨਾ ਸਾਹਿਬ ਛੱਡੀ ਤੇ
ਉਥੋਂ ਲਾੜੀ ਡੋਲੇ ‘ਤੇ ਸਵਾਰ ਹੋਈ ਅਤੇ ਲਾੜਾ ਘੋੜੀ ‘ਤੇ।
ਇੰਗਲੈਂਡ ਵਿਚ ਦੋ ਸਾਲ ਰਹਿ ਕੇ ਰੰਧਾਵੇ ਨੇ ਜੋ ਪ੍ਰਭਾਵ ਲਏ ਉਹਨਾਂ ਦਾ ਜਿ਼ਕਰ ਉਸ ਨੇ ਇੰਜ
ਕੀਤਾ: ਮੈਂ ਕਈ ਵਾਰ ਸੋਚਦਾ ਹਾਂ ਕਿ ਸਾਡਾ ਤੇ ਪੱਛਮੀ ਲੋਕਾਂ ਦਾ ਕਿੰਨਾ ਵੱਡਾ ਫਰਕ ਹੈ।
ਸਾਡੇ ਲੋਕ ਮੁਹੱਬਤੀ ਹਨ ਤੇ ਪ੍ਰਾਹੁਣਚਾਰੀ ਵਿਚ ਇਨ੍ਹਾਂ ਦਾ ਕੋਈ ਮੁਕਾਬਲਾ ਨਹੀਂ। ਕਦੇ ਵੀ
ਓਪਰੇ ਆਦਮੀ ਨੂੰ ਪਿੰਡ ਵਿਚੋਂ ਭੁੱਖਾ ਨਹੀਂ ਜਾਣ ਦੇਣਗੇ ਚਾਹੇ ਆਪ ਕਿੰਨੇ ਵੀ ਗ਼ਰੀਬ ਕਿਉਂ
ਨਾ ਹੋਣ। ਇਨ੍ਹਾਂ ਦੇ ਮੁਕਾਬਲੇ ਪੱਛਮੀ ਗੋਰੇ ਖ਼ੁਦਗਰਜ਼ ਤੇ ਕੋਰੇ ਹਨ ਤੇ ਪੈਸਾ ਹੀ ਇਨ੍ਹਾਂ
ਦਾ ਮਾਂ ਬਾਪ ਹੈ। ਭਾਵੇਂ ਕਿੰਨੇ ਵੀ ਅਮੀਰ ਹੋਣ ਬਗੈ਼ਰ ਮਤਲਬ ਤੋਂ ਕਦੇ ਵੀ ਅੱਖ ਨਹੀਂ
ਮਿਲਾਉਣਗੇ। ਇਨ੍ਹਾਂ ਦੇ ਮੂੰਹ ਗੋਰੇ ਹਨ ਤੇ ਹਿਰਦੇ ਕਠੋਰ! ਸਾਡੇ ਗ਼ਰੀਬ ਕਿਸਾਨਾਂ ਦੇ
ਭਾਵੇਂ ਲੀਰਾਂ ਹੀ ਲਮਕਦੀਆਂ ਹੋਣ ਕਿੰਨੇ ਨਿੱਘੇ ਸੁਭਾਅ ਦੇ ਹਨ, ਆਪਣਾ ਕੰਮ ਛੱਡ ਕੇ
ਪ੍ਰਾਹੁਣੇ ਨੂੰ ਸਿਰ ਉਤੇ ਚੁੱਕ ਲੈਂਦੇ ਹਨ।
ਠੀਕ ਹੈ ਲੰਡਨ ਭਾਵੇਂ ਲੱਖਾਂ ਆਦਮੀਆਂ ਤੇ ਤੀਵੀਆਂ ਨਾਲ ਭਰਿਆ ਪਿਆ ਹੈ, ਪਰ ਓਪਰੇ ਆਦਮੀ ਲਈ
ਜਿਸ ਦਾ ਕੋਈ ਦੋਸਤ ਮਿੱਤਰ ਨਾ ਹੋਵੇ, ਇਹ ਅਰਬ ਦੇ ਰੇਗਸਤਾਨ ਤੋਂ ਵੀ ਸੁੰਨੀ ਜਗ੍ਹਾ ਹੈ।
23 ਸਤੰਬਰ 1934 ਨੂੰ ਉਸ ਨੇ ਇੰਡੀਅਨ ਸਿਵਲ ਸਰਵਿਸ ਦੀ ਹਾਜ਼ਰੀ ਭਰੀ। 1934 ਤੋਂ 36 ਤਕ
ਸਹਾਰਨਪੁਰ ਸਹਾਇਕ ਮਜਿਸਟ੍ਰੇਟ, 36-38 ਤਕ ਜੁਆਇੰਟ ਮਜਿਸਟ੍ਰੇਟ ਫ਼ੈਜ਼ਾਬਾਦ ਤੇ 39-39 ਵਿਚ
ਅਲਮੋੜਾ ਰਿਹਾ। 1939-40 ਵਿਚ ਅਲਾਹਾਬਾਦ ਦਾ ਐਡੀਸ਼ਨਲ ਮਜਿਸਟ੍ਰੇਟ ਤੇ ਕਲੈਕਟਰ। ਅਲਾਹਾਬਾਦ
ਅਸਲੀ ਮਾਅਨਿਆਂ ਵਿਚ ਵਕੀਲਾਂ ਦਾ ਸ਼ਹਿਰ ਹੈ। ਅਲਾਹਾਬਾਦ ਦੇ ਜਿ਼ਲ੍ਹੇ ਵਿਚ ਦੋ ਤਹਿਸੀਲਾਂ
ਵਿਚੋਂ ਗੰਗਾ ਵਗਦੀ ਹੈ। ਜਿਨ੍ਹਾਂ ਤਹਿਸੀਲਾਂ ਵਿਚੋਂ ਗੰਗਾ ਵਹਿੰਦੀ ਹੈ ਉਥੇ ਦੇ ਲੋਕ ਬੜੇ
ਤੰਦਰੁਸਤ ਹਨ। ਜਿਨ੍ਹਾਂ ਤਹਿਸੀਲਾਂ ਵਿਚੋਂ ਯਮਨਾ ਗੁਜ਼ਰਦੀ ਹੈ ਉਥੋਂ ਦੇ ਲੋਕ ਕਮਜ਼ੋਰ ਤੇ
ਬੀਮਾਰ ਜਿਹੇ ਦਿਖਾਈ ਦਿੰਦੇ ਹਨ। ਇਹੀ ਵਜ਼੍ਹਾ ਸੀ ਕਿ ਮੁਗ਼ਲ ਬਾਦਸ਼ਾਹ ਵੀ ਪੀਣ ਲਈ ਗੰਗਾ
ਦਾ ਪਾਣੀ ਮੰਗਵਾਉਂਦੇ ਸਨ। ਤਅੱਲਕੇਦਾਰ ਸਾਰਾ ਦਿਨ ਬਕਰੀਆਂ ਵਾਂਗ ਪਾਨ ਚੱਬਦੇ ਰਹਿੰਦੇ। ਜਦ
ਕਿਸੇ ਤਅੱਲਕੇਦਾਰ ਨੂੰ ਮੋਟਰ ਖਰੀਦਣ ਦੀ ਲੋੜ ਹੁੰਦੀ ਤਾਂ ਆਪਣੇ ਮੁਜਾਰਿਆਂ ਤੋਂ ਮੋਟਰਾਨਾ
ਇਕੱਠਾ ਕਰ ਲੈਂਦੇ। ਹਾਥੀ ਖਰੀਦਣਾ ਤਾਂ ‘ਹਥਿਆਵਨ’ ਤੇ ਲਾਟ ਸਾਹਿਬ ਦੇ ਦੌਰੇ ਵੇਲੇ
‘ਲਟਿਆਵਨ’। ਹਰੇਕ ਕਾਸ਼ਤਕਾਰ ਨੂੰ ਮੋਟਰਾਨਾ, ਹਥਿਆਵਨ ਤੇ ਲਟਿਆਵਨ ਦੇਣਾ ਪੈਂਦਾ।
ਅਲਾਹਾਬਾਦ ਤੋਂ ਰੰਧਾਵੇ ਦੀ ਬਦਲੀ ਆਗਰਾ ਤੇ ਆਗਰੇ ਤੋਂ 1942-45 ਤਕ ਬਤੌਰ ਡਿਪਟੀ ਕਮਿਸ਼ਨਰ
ਰਾਇਬਰੇਲੀ ਦੀ ਹੋ ਗਈ। 1945-46 ਦੌਰਾਨ ਉਹ ਦਿੱਲੀ ਵਿਚ ਖੇਤੀਬਾੜੀ ਕੌਂਸਲ ਦਾ ਸਕੱਤਰ
ਰਿਹਾ। ਫਿਰ ਦਿੱਲੀ ਵਿਚ ਦੰਗੇ ਸ਼ੁਰੂ ਹੋ ਗਏ। ਇਕ ਦਿਨ ਸਰਦਾਰ ਵੱਲਭ ਭਾਈ ਪਟੇਲ ਨੇ ਉਸ ਨੂੰ
ਹੋਮ ਮਨਿਸਟਰੀ ਦੇ ਦਫਤਰ ਸੱਦਿਆ ਤੇ ਕਿਹਾ, “ਅਸੀਂ ਤੁਹਾਨੂੰ ਦਿੱਲੀ ਦਾ ਡਿਪਟੀ ਕਮਿਸ਼ਨਰ
ਲਾਉਣਾ ਸੋਚ ਰਹੇ ਹਾਂ, ਸਾਨੂੰ ਅੰਗਰੇਜ਼ ਡਿਪਟੀ ਕਮਿਸ਼ਨਰ ਲੀ ਬੇਲੀ ‘ਤੇ ਇਤਬਾਰ ਨਹੀਂ।”
ਰੰਧਾਵੇ ਨੇ ਹਾਮੀ ਭਰ ਦਿੱਤੀ ਹਾਲਾਂਕਿ ਉਹਨੀਂ ਦਿਨੀਂ ਇਹ ਜਿ਼ੰਮੇਵਾਰੀ ਲੈਣੀ ਉੱਖਲੀ ‘ਚ
ਸਿਰ ਦੇਣ ਬਰਾਬਰ ਸੀ। ਉਸ ਨੇ ‘ਆਪ ਬੀਤੀ’ ਵਿਚ ਲਿਖਿਆ: 11 ਨਵੰਬਰ 1946 ਨੂੰ ਮੈਂ ਆਪਣਾ
ਸਾਮਾਨ, 17 ਰਾਜਪੁਰਾ ਰੋਡ ਲੈ ਗਿਆ। ਚਾਰਜ ਲੈਣ ਵਿਚ ਖ਼ਜ਼ਾਨੇ ਦਾ ਗਿਣਨਾ ਬੜਾ ਜ਼ਰੂਰੀ
ਹੁੰਦਾ ਹੈ ਤੇ ਦਿੱਲੀ ਦੇ ਖ਼ਜ਼ਾਨੇ ਵਿਚ ਤਾਂ ਲੱਖਾਂ ਰੁਪਏ ਦੇ ਨੋਟ ਤੇ ਸਟੈਂਪ ਸਨ। ਜਦ ਮੈਂ
ਨੋਟਾਂ ਦੇ ਬੰਡਲ ਗਿਣ ਰਿਹਾਂ ਸਾਂ ਤਾਂ ਹਰ ਪੰਜਾਂ ਮਿੰਟਾਂ ਬਾਅਦ ਖ਼ਬਰ ਆਉਂਦੀ ਕਿ ਫ਼ਲਾਣੇ
ਮਹੱਲੇ ਵਿਚ ਛੁਰੇਬਾਜ਼ੀ ਨਾਲ ਕਤਲ ਹੋ ਗਿਆ। ਮੈਂ ਕਸੀਸ ਵੱਟ ਲਈ ਕਿ ਖ਼ਜ਼ਾਨਾ ਗਿਣ ਕੇ ਹੀ
ਉਠਾਂਗਾ ਤੇ ਕੱਲ੍ਹ ਹੀ ਛੁਰੇਬਾਜ਼ੀ ਕਾਬੂ ਆ ਜਾਵੇਗੀ। ਮੈਂ ਇਕ ਵਜੇ ਤਕ ਖ਼ਜ਼ਾਨਾ ਗਿਣ
ਛੱਡਿਆ। ਉਸ ਵੇਲੇ ਤਕ ਕੋਈ ਦਸ ਆਦਮੀ, ਛੁਰੇਬਾਜ਼ ਗੁੰਡਿਆਂ ਦਾ ਸਿ਼ਕਾਰ ਹੋ ਚੁੱਕੇ ਸਨ। ਤਦੇ
ਮੈਂ ਹੁਕਮ ਦਿੱਤਾ, ਜੋ ਆਦਮੀ ਛੁਰੇਬਾਜ਼ੀ ਕਰੇਗਾ ਉਸ ਨੂੰ ਗੋਲੀ ਨਾਲ ਉਡਾ ਦਿੱਤਾ ਜਾਵੇਗਾ।
ਇਸ ਹੁਕਮ ਅਨੁਸਾਰ ਇਕ ਸਿੱਖ ਕਾਨਸਟੇਬਲ ਨੇ ਇਕ ਮੁਸਲਮਾਨ ਬੁੱਚੜ ਨੂੰ, ਜੋ ਇਕ ਹਿੰਦੂ ਦੇ
ਛੁਰਾ ਮਾਰ ਰਿਹਾ ਸੀ, ਗੋਲੀ ਮਾਰ ਦਿੱਤੀ। ਇਸ ਵਾਕੇ ਨਾਲ ਗੁੰਡਿਆਂ ਵਿਚ ਬੜਾ ਸਹਿਮ ਪੈਦਾ ਹੋ
ਗਿਆ ਤੇ ਹਾਲਾਤ ਕਾਫੀ ਹੱਦ ਤਕ ਕਾਬੂ ਹੇਠ ਆ ਗਏ।
ਜੇ ਤੁਸੀਂ ਹੌਂਸਲੇ ਵਿਚ ਦ੍ਰਿੜ ਹੋਵੋ ਤੇ ਹੌਂਸਲਾ ਰੱਖੋ ਤਾਂ ਬੜੇ ਬੜੇ ਮੌਬ ਵੀ ਤੁਹਾਡੇ
ਤੋਂ ਭੈ ਭੀਤ ਹੋ ਜਾਣਗੇ। ਆਮ ਤੌਰ ‘ਤੇ ਬਦਮਾਸ਼ ਲੋਕ ਬੁਜ਼ਦਿਲ ਹੁੰਦੇ ਹਨ ਤੇ ਉਨ੍ਹਾਂ ਨੂੰ
ਡਰਾਉਂਦੇ ਹਨ ਜੋ ਡਰਦਾ ਹੋਵੇ। ਜੇ ਤੁਹਾਡੀ ਵਿੱਲ ਪਾਵਰ ਮਜ਼ਬੂਤ ਹੈ ਤਾਂ ਤੁਸੀਂ ਇਨ੍ਹਾਂ
ਦੋਸ਼ੀਆਂ ‘ਤੇ ਗ਼ਲਬਾ ਪਾ ਸਕਦੇ ਹੋ।
ਜਦ ਹਾਲਤ ਵਧੇਰੇ ਖਰਾਬ ਹੁੰਦੀ ਤਾਂ ਦਿੱਲੀ ਸ਼ਹਿਰ ਵਿਚ ਕਰਫਿਊ ਲਗਾ ਦਿਤਾ ਜਾਂਦਾ। ਰਾਤ ਨੂੰ
ਮੈਂ ਪੁਲਿਸ ਲੈ ਕੇ ਆਪ ਗਸ਼ਤ ‘ਤੇ ਜਾਂਦਾ। ਜੇ ਕੋਈ ਘਰੋਂ ਬਾਹਰ ਨਿਕਲਦਾ ਤਾਂ ਉਸੇ ਵਕਤ ਫੜ
ਲਿਆ ਜਾਂਦਾ ਤੇ ਟਰੱਕ ‘ਤੇ ਲੱਦ ਕੇ ਠਾਣੇ ਪੁਚਾਇਆ ਜਾਂਦਾ। ਜਿੱਨਾਹ ਨੇ ਇੰਪੀਰੀਅਲ ਹੋਟਲ
ਵਿਚ ਮੁਸਲਿਮ ਲੀਗ ਦੀ ਇਕ ਮੀਟਿੰਗ ਕਰਨੀ ਸੀ। ਇਸ ਮੀਟਿੰਗ ‘ਤੇ ਖ਼ਾਕਸਾਰਾਂ ਨੇ ਬੇਲਚਿਆਂ
ਨਾਲ ਹਮਲਾ ਕਰਨ ਦੀ ਤਿਆਰੀ ਕੀਤੀ। ਪਤਾ ਲੱਗਣ ਤੇ ਮੈਂ ਕਾਫੀ ਪੁਲਿਸ ਹੋਟਲ ਵਿਚ ਭੇਜ ਦਿੱਤੀ।
ਜਦ ਖ਼ਾਕਸਾਰਾਂ ਨੇ ਮੀਟਿੰਗ ‘ਤੇ ਹਮਲਾ ਕੀਤਾ ਤਾਂ ਪੀ. ਐਨ. ਸ਼ਰਮਾ ਫ਼ੋਟੋਗ੍ਰਾਫਰ ਫ਼ੋਟੋ
ਖਿੱਚਣ ਲੱਗਾ। ਮੁਸਲਮ ਲੀਗੀਏ ਉਹਦੇ ਪਿੱਛੇ ਪੈ ਗਏ ਤੇ ਉਸ ਨੇ ਇਕ ਸਿੱਖ ਲੜਕੀ ਦੇ ਕਮਰੇ ਵਿਚ
ਲੁਕ ਕੇ ਜਾਨ ਬਚਾਈ। ਜੇ ਮੈਂ ਖ਼ੁਦ ਮੌਕੇ ‘ਤੇ ਨਾ ਪਹੁੰਚਦਾ ਤਾਂ ਹੋ ਸਕਦਾ ਸੀ ਕਿ ਜਿੱਨਾਹ
ਨੂੰ ਖ਼ਾਕਸਾਰ ਜ਼ਰੂਰ ਮਾਰਦੇ। ਜਦ ਪਟੇਲ ਨਾਲ ਮੁਲਾਕਾਤ ਹੋਈ ਤਾਂ ਉਸ ਨੇ ਕਿਹਾ ਕਿ ਇਸ
ਮਾਮਲੇ ਵਿਚ ਐਨੀ ਜਲਦੀ ਐਕਸ਼ਨ ਲੈਣ ਦੀ ਲੋੜ ਨਹੀਂ ਸੀ।
ਮੈਂ ਜ਼ਾਤੀ ਤੌਰ ‘ਤੇ ਖ਼ਤਰੇ ਵਿਚ ਰਹਿੰਦਾ ਸੀ। ਪੁਲਿਸ ਗਾਰਡ ਤੇ ਬੌਡੀਗਾਰਡਾਂ ਦੇ ਇਲਾਵਾ,
ਮੈਂ ਇਹ ਤਰਕੀਬ ਕਰਦਾ ਸੀ ਕਿ ਆਪਣਾ ਕੋਈ ਸੈੱਟ ਪ੍ਰੋਗਰਾਮ ਨਹੀਂ ਸੀ ਬਣਾਉਂਦਾ। ਮੇਰੀ ਸੈਰ
ਕਰਨ ਦੀ ਆਦਤ ਹੈ ਪਰ ਮੈਂ ਦਿੱਲੀ ਦੀ ਕਿਸੇ ਸੜਕ ‘ਤੇ ਸੈਰ ਨਹੀਂ ਸੀ ਕਰਦਾ। ਬਗ਼ੈਰ ਕਿਸੇ
ਨੂੰ ਦੱਸੇ ਕਿਸੇ ਨਾ ਕਿਸੇ ਪਿੰਡ ਚਲਾ ਜਾਂਦਾ, ਨਾਲੇ ਪਿੰਡ ਵਾਲਿਆਂ ਦੀ ਮਦਦ ਕਰਦਾ, ਨਾਲੇ
ਸੈਰ ਕਰ ਲੈਂਦਾ।
ਮਾਰਚ 1947 ‘ਚ ਰਾਵਲਪਿੰਡੀ ਦੇ ਇਲਾਕੇ ਵਿਚ ਫ਼ਸਾਦ ਸ਼ੁਰੂ ਹੋਏ, ਤਕਰੀਬਨ 2000 ਸਿੱਖ ਮਾਰੇ
ਗਏ। ਅਪ੍ਰੈਲ ਵਿਚ ਪੋਠੋਹਾਰੀ ਸਿੱਖ ਦਿੱਲੀ ਪਹੁੰਚ ਗਏ। ਇਹ ਸਾਫ਼ ਸੀ ਕਿ ਪੰਜਾਬ ਦੀ ਵੰਡ
ਹੋਏਗੀ। ਜਨਵਰੀ 1947 ਵਿਚ ਗਿਆਨੀ ਕਰਤਾਰ ਸਿੰਘ ਮੈਨੂੰ ਮਿਲਣ ਆਇਆ ਸੀ। ਉਹ ਸ਼ਕਲ ਦਾ ਕੋਝਾ
ਪਰ ਅਕਲ ਦਾ ਤੇਜ਼ ਸੀ। ਉਹ ਬੜਾ ਬਾਦਲੀਲ ਸੀ ਤੇ ਉਸ ਦੀ ਸੋਚ ਬੜੀ ਸਾਫ ਸੀ। ਮੈਂ ਪੰਜਾਬ ਦੀ
ਵੰਡ ਬਾਰੇ ਡੂੰਘਾ ਸੋਚਿਆ ਹੋਇਆ ਸੀ। ਮੈਂ ਗਿਆਨੀ ਨੂੰ ਸੁਝਾਅ ਦਿੱਤਾ ਕਿ ਰਾਵੀ ਦਰਿਆ ਹੱਦ
ਰੱਖ ਕੇ ਪੰਜਾਬ ਦੀ ਵੰਡ ਮੰਗੋ। ਜ਼ੋਰ ਪਵੇ ਤਾਂ ਲਾਹੌਰ ਭਾਵੇਂ ਮੁਸਲਮਾਨਾਂ ਨੂੰ ਦੇ ਦਿਓ।
ਇਸ ਹੱਦ ਨਾਲ ਮਿੰਟਗੁਮਰੀ ਦੀ ਬਾਰ ਭਾਰਤ ਵਿਚ ਆ ਜਾਣੀ ਸੀ ਤੇ ਇਸ ਨਾਲ ਸਿੱਖ ਕਿਸਾਨਾਂ
ਜਿ਼ਮੀਦਾਰਾਂ ਦਾ ਬਹੁਤਾ ਨੁਕਸਾਨ ਨਹੀਂ ਸੀ ਹੋਣਾ। ਗਿਆਨੀ ਨੂੰ ਇਹ ਗੱਲ ਜਚ ਗਈ ਤੇ ਮੈਂ ਇਕ
ਪੈਂਫ਼ਲਟ ਅੰਗਰੇਜ਼ੀ ਵਿਚ ਲਿਖ ਕੇ ਗਿਆਨੀ ਨੂੰ ਨਕਸ਼ੇ ਸਮੇਤ ਦਿੱਤਾ। ਗਿਆਨੀ ਨੇ ਇਹ
ਪੈਂਫ਼ਲਟ ਆਪਣੇ ਨਾਂ ਹੇਠਾਂ ਛਪਾਇਆ ਜਿਸ ਦਾ ਖਰਚਾ ਸ. ਰਣਜੀਤ ਸਿੰਘ ਨੇ ਦਿੱਤਾ। ਇਹ
ਪੈਂਫ਼ਲਟ ਕਾਂਗਰਸੀ ਲੀਡਰਾਂ ਵਿਚ ਵੰਡਿਆ ਗਿਆ...।
...ਕਿਰਪਾਨ ਬੈਨ ਦੇ ਸਿਲਸਲੇ ਵਿਚ ਇਕ ਮੀਟਿੰਗ ਹੋਈ, ਜਿਸ ਵਿਚ ਨਹਿਰੂ, ਪਟੇਲ, ਮੌਲਾਨ
ਆਜ਼ਾਦ ਤੇ ਬਲਦੇਵ ਸਿੰਘ ਮੌਜੂਦ ਸਨ। ਬਲਦੇਵ ਸਿੰਘ ਨੇ ਲਾਂਭੇ ਕਰ ਕੇ ਮੈਨੂੰ ਕਿਹਾ,
“ਕਿਰਪਾਨ ‘ਤੇ ਬੈਨ ਨਹੀਂ ਲੱਗਣਾ ਚਾਹੀਦਾ, ਇਹ ਸਿੱਖਾਂ ਦਾ ਮਜ਼ਹਬੀ ਚਿੰਨ੍ਹ ਹੈ।” ਮੈਂ
ਜਵਾਬ ਦਿੱਤਾ, “ਇਸ ਵੇਲੇ ਬੈਨ ਜ਼ਰੂਰ ਲੱਗਣਾ ਚਾਹੀਦਾ ਹੈ, ਕਿਉਂਕਿ ਸਿੱਖ ਮੁਸਲਮਾਨਾਂ ‘ਤੇ
ਜਿ਼ਆਦਤੀ ਕਰ ਰਹੇ ਹਨ।” ਬਲਦੇਵ ਸਿੰਘ ਨੇ ਫਿਰ ਆਪਣੀ ਗੱਲ ਦੁਹਰਾਈ। ਮੈਂ ਕਿਹਾ ਕਿ ਮੈਂ
ਆਪਣੀ ਸਹੀ ਰਾਏ ਦੇ ਦਿੱਤੀ ਹੈ, ਹੁਣ ਤੁਸੀਂ ਮੌਲਾਨਾ ਤੇ ਨਹਿਰੂ ਦੇ ਸਾਹਮਣੇ ਆਪਣੀ ਰਾਏ
ਦੱਸੋ। ਜਦ ਮੀਟਿੰਗ ਹੋਈ ਤਾਂ ਬਲਦੇਵ ਸਿੰਘ ਨੇ ਆਪਣੀ ਰਾਏ ਦੱਸਣ ਦਾ ਹੌਸਲਾ ਨਾ ਕੀਤਾ। ਇਹ
ਵੇਖ ਕੇ ਬਲਦੇਵ ਸਿੰਘ ਮੇਰੀਆਂ ਨਜ਼ਰਾਂ ਵਿਚ ਗਿਰ ਗਿਆ। ਮੈਂ ਦੇਖਿਆ ਕਿ ਜਦ ਕੋਈ ਮੁਸ਼ਕਲ
ਆਉਂਦੀ ਤਾਂ ਬਲਦੇਵ ਸਿੰਘ ਕਾਇਰਤਾ ਦਿਖਾਉਂਦਾ ਸੀ ਤੇ ਉਹ ਸਿਰਫ਼ ਕਾਗਜ਼ੀ ਭਲਵਾਨ ਹੀ ਸੀ। ਜੇ
ਉਹ ਹੌਸਲਾ ਤੇ ਦ੍ਰਿੜਤਾ ਦਿਖਾਉਂਦਾ ਤਾਂ ਮਿੰਟਗੁਮਰੀ ਦਾ ਜਿ਼ਲ੍ਹਾ ਜਿਸ ਵਿਚ ਦਸ ਲੱਖ ਸਿੱਖ
ਸਨ ਤੇ ਢਾਈ ਲੱਖ ਮੁਸਲਮਾਨ, ਤੇ ਨਨਕਾਣਾ ਸਾਹਿਬ ਜ਼ਰੂਰ ਭਾਰਤ ਵਿਚ ਸ਼ਾਮਲ ਹੁੰਦੇ। ਪੰਜਾਬ
ਦਾ ਗਵਰਨਰ ਜੈਨਕਿਨਜ਼ ਇਸ ਤਜਵੀਜ਼ ਦੇ ਹੱਕ ਵਿਚ ਸੀ।
ਸ਼ਨਿਚਰਵਾਰ ਦੀ ਸਵੇਰ, 16 ਅਗੱਸਤ 1947 ਨੂੰ ਲਾਲ ਕਿਲੇ ਦੇ ਦਰਵਾਜ਼ੇ ਦੇ ਸਾਹਮਣੇ, ਆਜ਼ਾਦ
ਹਿੰਦੁਸਤਾਨ ਦਾ ਤਰੰਗਾ ਝੰਡਾ ਚੜ੍ਹਾਉਣ ਦੀ ਰਸਮ ਨਹਿਰੂ ਨੇ ਅਦਾ ਕੀਤੀ। ਇਸ ਰਸਮ ਵਿਚ ਮੇਰੀ
ਵੀ ਖ਼ਾਸ ਜਿ਼ੰਮੇਵਾਰੀ ਸੀ। ਝੰਡੇ ਦਾ ਇੰਤਜ਼ਾਮ ਕਿਲੇ ਦੇ ਗੈਰੀਸਨ ਇੰਜਨੀਅਰ ਕੁਲਵੰਤ ਸਿੰਘ
ਪਾਸ ਸੀ। ਮੇਰੇ ਪਾਸ ਹੀ ਰਾਜਿੰਦਰ ਪਰਸ਼ਾਦ ਤੇ ਪਟੇਲ ਖੜ੍ਹੇ ਸਨ।
16 ਅਗੱਸਤ ਦੁਪਹਿਰ ਬਾਅਦ ਰੈਡਕਲਿਫ਼ ਦਾ ਅਵਾਰਡ ਸੁਣਾਇਆ ਗਿਆ। ਰੈਡਕਲਿਫ਼ ਪਹਿਲਾਂ ਹੀ
ਇੰਗਲੈਂਡ ਜਾ ਚੁੱਕਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਇਸ ਅਵਾਰਡ ਤੋਂ ਕੋਈ ਵੀ ਖ਼ੁਸ਼ ਨਹੀਂ
ਹੋਵੇਗਾ। ਇਸ ਅਵਾਰਡ ਨਾਲ ਸਭ ਤੋਂ ਕਰਾਰੀ ਚੋਟ ਸਿੱਖਾਂ ‘ਤੇ ਲੱਗੀ। ਲਾਇਲਪੁਰ, ਸਰਗੋਧਾ ਤੇ
ਮਿੰਟਗੁਮਰੀ ਦੀਆਂ ਬਾਰਾਂ ਉਨ੍ਹਾਂ ਨੇ ਆਬਾਦ ਕੀਤੀਆਂ ਸਨ। ਹਿੰਦੂ ਮਿਡਲ ਕਲਾਸ ਦਾ ਗੜ੍ਹ
ਲਾਹੌਰ ਸੀ। ਛੇ ਸਤੰਬਰ ਤਕ ਦਿੱਲੀ ਵਿਚ ਪੰਜ ਲੱਖ ਸ਼ਰਨਾਰਥੀ ਆ ਗਏ। ਪ੍ਰਾਪੇਗੰਡਾ ਸ਼ੁਰੂ ਕਰ
ਦਿੱਤਾ ਕਿ ਮੈਂ ਪੰਜਾਬੀਆਂ ਦੀ ਮਦਦ ਕਰ ਰਿਹਾ ਹਾਂ।
ਕੋਈ ਵੀਹ ਹਜ਼ਾਰ ਪੰਜਾਬੀ ਕਈ ਦਿਨਾਂ ਦੇ ਭੁੱਖਣਭਾਣੇ ਰਾਵੀ ਦੇ ਤੱਟ ‘ਤੇ ਫਸੇ ਹੋਏ ਸਨ। ਉਸ
ਵੇਲੇ ਦਿੱਲੀ ਦੇ ਪੰਜਾਬੀਆਂ ਵਿਚ ਪੰਜਾਬੀਅਤ ਦੀ ਲਹਿਰ ਚੱਲ ਰਹੀ ਸੀ। ਮੈਂ ਆਪਣੀ ਘਰ ਵਾਲੀ
ਇਕਬਾਲ ਕੌਰ ਨੂੰ ਕਿਹਾ ਕਿ ਆਟਾ ਲੈ ਕੇ ਗੁਰਦਵਾਰਾ ਸੀਸਗੰਜ ਜਾਵੇ। ਸਭ ਇਸਤ੍ਰੀਆਂ ਨੂੰ
ਰੇਡੀਉ ਤੋਂ ਅਪੀਲ ਕੀਤੀ ਕਿ ਆਪਣੇ ਘਰੋਂ ਆਟਾ ਲੈ ਕੇ ਗੁਰਦਵਾਰੇ ਪਹੁੰਚ ਜਾਣ। ਸੈਂਕੜੇ
ਔਰਤਾਂ ਆਟਾ ਲੈ ਕੇ ਗੁਰਦਵਾਰੇ ਆ ਗਈਆਂ ਤੇ ਰੋਟੀਆਂ ਪਕਾਉਣ ਵਿਚ ਮਸਰੂਫ਼ ਹੋ ਗਈਆਂ।
ਰਾਵਲਪਿੰਡੀ ਦੇ ਭਾਪਿਆਂ ਨੇ ਅੰਬ ਦੇ ਆਚਾਰ ਦੇ ਪੀਪੇ ਲੈ ਆਂਦੇ ਤੇ ਅਸੀਂ ਸਵੇਰਸਾਰ ਰੋਟੀਆਂ
ਤੇ ਆਚਾਰ ਦੇ ਪੀਪੇ ਹਵਾਈ ਜਹਾਜ਼ ਵਿਚ ਲਦਾ ਦਿੱਤੇ। ਇਸ ਤਰ੍ਹਾਂ ਭੁੱਖਿਆਂ ਤੇ ਬੇ-ਆਸਰੇ
ਪੰਜਾਬੀਆਂ ਨੂੰ ਖਾਣਾ ਪੁਚਾਇਆ ਗਿਆ।
ਮੇਰੀ ਪੰਜਾਬੀ ਸ਼ਰਨਾਰਥੀਆਂ ਨਾਲ ਅਥਾਹ ਹਮਦਰਦੀ ਸੀ, ਕਿਉਂਕਿ ਮੈਂ ਮਹਿਸੂਸ ਕਰਦਾ ਸਾਂ ਕਿ
ਇਸ ਵੰਡ ਦੇ ਫੈਸਲੇ ਵਿਚ ਮੇਰਾ ਵੀ ਹਿੱਸਾ ਹੈ। ਇਹ ਮੇਰੀ ਇਖਲਾਕੀ ਜਿ਼ੰਮੇਵਾਰੀ ਸੀ ਕਿ ਜੋ
ਲੋਕ ਇਸ ਵੰਡ ਦੇ ਫੈਸਲੇ ਕਾਰਨ ਉਜੜ ਪੁਜੜ ਕੇ ਪਾਕਿਸਤਾਨ ਤੋਂ ਆਏ ਹਨ, ਉਨ੍ਹਾਂ ਦੀ ਵੱਧ ਤੋਂ
ਵੱਧ ਮਦਦ ਕੀਤੀ ਜਾਵੇ। ਨਹਿਰੂ ਨੂੰ ਕੁਝ ਪੰਜਾਬੀ ਹਿੰਦੂ ਮਿਲਣ ਆਏ ਕਿ ਟਾਊਨਸਿ਼ਪ ਬਣਾਉਣ ਲਈ
ਉਨ੍ਹਾਂ ਨੂੰ ਦਿੱਲੀ ਤੋਂ ਸੱਤ ਮੀਲ ਦੇ ਫਾਸਲੇ ‘ਤੇ 500 ਏਕੜ ਜ਼ਮੀਨ ਦਿੱਤੀ ਜਾਵੇ। ਨਹਿਰੂ
ਨੇ ਉੱਤਰ ਦਿੱਤਾ, “ਸੱਤ ਮੀਲ ਦੂਰ ਨਹੀਂ, ਸੱਤ ਸੌ ਮੀਲ ਦੂਰ!”
ਪੰਜਾਬੀਆਂ ਦੀ ਲੀਡਰਸਿ਼ਪ ਬੋਦੀ ਤੇ ਕਮਜ਼ੋਰ ਸੀ। ਮੇਰੇ ਖਿ਼ਆਲ ਵਿਚ ਦੁਕਾਨਦਾਰ ਦਾ ਲੀਡਰ
ਬਣਨਾ ਅਸੰਭਵ ਹੈ ਕਿਉਂਕਿ ਲੀਡਰ ਨੂੰ ਹਮੇਸ਼ਾਂ ਆਪਣਾ ਨਫ਼ਾ ਨੁਕਸਾਨ ਹੀ ਨਹੀਂ ਸੋਚਣਾ
ਚਾਹੀਦਾ। ਇਸ ਤੋਂ ਮੈਨੂੰ ਛੋਟੂ ਰਾਮ ਦਾ ਮਖੌਲ ਯਾਦ ਆਉਂਦਾ ਹੈ। ਕਿਸੇ ਲਾਲਾ ਜੀ ਤੋਂ ਮਰਨ
ਸਮੇਂ ਪੁੱਛਿਆ ਗਿਆ ਕਿ ਸਵਰਗ ਵਿਚ ਜਾਣਾ ਹੈ ਜਾਂ ਨਰਕ ਵਿਚ? ਉੱਤਰ ਮਿਲਿਆ, ਉਥੇ ਭੇਜ ਦਿਓ
ਜਿਥੇ ਮੁਨਾਫ਼ਾ ਜਿ਼ਆਦਾ ਹੋਵੇ। ਜੇ ਲਾਲਾ ਜੀ ਬੀਮਾਰ ਹੋ ਜਾਣ ਤੇ ਕੋਈ ਪੁੱਛਣ ਜਾਏ ਕਿ
ਕਿੰਨਾ ਆਰਾਮ ਆਇਆ ਤਾਂ ਜਵਾਬ ਦਿੰਦੇ ਹਨ, ਦੁਆਨੀ ਭਰ। ਤੰਦਰੁਸਤੀ ਹੋਵੇ ਜਾਂ ਬੀਮਾਰੀ,
ਆਨਿਆਂ ਦੁਆਨੀਆਂ ਵਿਚ ਹੀ ਸੋਚਦੇ ਹਨ!
ਜਦ ਪੰਜਾਬ ਤੇ ਫਰੰਟੀਅਰ ਤੋਂ ਸ਼ਰਨਾਰਥੀਆਂ ਦੇ ਆਉਣ ਕਰਕੇ ਦਿੱਲੀ ਦਾ ਅਮਨ ਪੂਰੀ ਤਰ੍ਹਾਂ
ਭੰਗ ਹੋ ਗਿਆ ਤਾਂ ਮਹਾਤਮਾ ਜੀ ਨੇ ਜਨਵਰੀ 1948 ਵਿਚ ਵਰਤ ਰੱਖਿਆ। ਇਨ੍ਹਾਂ ਦਿਨਾਂ ਵਿਚ
ਗਾਂਧੀ ਜੀ ਤੇ ਪਟੇਲ ਵਿਚਕਾਰ ਕਾਫੀ ਫਰਕ ਹੋ ਗਿਆ ਸੀ। ਪਟੇਲ ਨੇ ਮੈਨੂੰ ਕਿਹਾ ਕਿ ਮੈਂ
ਮਹਾਤਮਾ ਗਾਂਧੀ ਨੂੰ ਮਿਲਾਂ। ਉਨ੍ਹਾਂ ਦੇ ਕਹੇ ਮੈਂ ਮਹਾਤਮਾ ਜੀ ਨੂੰ ਮਿਲਣ ਬਿਰਲਾ ਹਾਊਸ
ਗਿਆ। ਮਹਾਤਮਾ ਜੀ ਲਾਅਨ ਵਿਚ ਧੁੱਪੇ ਚਾਰਪਾਈ ‘ਤੇ ਲੇਟੇ ਹੋਏ ਸਨ। ਮੈਂ ਨਮਸ਼ਕਾਰ ਕੀਤੀ ਤੇ
ਸਾਹਮਣੇ ਕੁਰਸੀ ‘ਤੇ ਬੈਠ ਗਿਆ। ਕੁਝ ਗੱਲਾਂ ਬਾਤਾਂ ਬਾਅਦ ਮੈਂ ਮਹਾਤਮਾ ਜੀ ਨੂੰ ਕਿਹਾ ਕਿ
ਉਹ ਪਾਲਮਪੁਰ ਨੇੜੇ ਪਿੰਡ ਦੌਲਤਪੁਰ ਵਿਚ ਪੰਚਾਇਤ ਘਰ ਦਾ ਉਦਘਾਟਨ ਕਰਨ ਜੋ ਮੈਂ ਪਿੰਡ
ਵਾਲਿਆਂ ਨਾਲ ਮਿਲ ਕੇ ਬਣਾਇਆ ਸੀ।
ਮਹਾਤਮਾ ਜੀ ਨੇ ਇਹ ਗੱਲ ਮਨਜ਼ੂਰ ਕਰ ਲਈ ਤੇ ਅਗਲੇ ਦਿਨ ਮੈਂ ਉਨ੍ਹਾਂ ਨੂੰ ਉਸ ਪਿੰਡ ਲੈ
ਗਿਆ। ਉਸ ਵੇਲੇ ਮੈਨੂੰ ਜਾਂ ਦਿੱਲੀ ਐਡਮਨਿਸਟ੍ਰੇਸ਼ਨ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਕੁਝ
ਆਦਮੀ ਮਹਾਤਮਾ ਜੀ ਨੂੰ ਮਾਰਨ ‘ਤੇ ਤੁਲੇ ਹੋਏ ਹਨ। ਕੁਝ ਦਿਨਾਂ ਬਾਅਦ ਜਦ ਉਨ੍ਹਾਂ ਦਾ ਕਤਲ
ਹੋਇਆ ਤਾਂ ਮੈਂ ਮਹਿਸੂਸ ਕੀਤਾ ਕਿ ਉਸ ਦਿਨ ਕੋਈ ਘਟਨਾ ਹੋ ਜਾਂਦੀ ਤਾਂ ਸਾਰੀ ਜਿ਼ੰਮੇਵਾਰੀ
ਮੇਰੇ ਸਿਰ ਹੀ ਪੈਣੀ ਸੀ।
20 ਜਨਵਰੀ ਨੂੰ ਕਿਸੇ ਨੇ ਗਾਂਧੀ ਜੀ ਦੀ ਸ਼ਾਮ ਦੀ ਪੂਜਾ ਮੀਟਿੰਗ ‘ਤੇ ਇਕ ਬੰਬ ਸੁੱਟਿਆ। ਇਸ
ਨਾਲ ਕੰਧ ਦੀਆਂ ਇੱਟਾਂ ਉੱਖੜ ਗਈਆਂ ਪਰ ਕਿਸੇ ਨੂੰ ਕੋਈ ਚੋਟ ਨਾ ਲੱਗੀ। ਗਾਂਧੀ ਜੀ ਸ਼ਾਂਤ
ਰਹੇ ਤੇ ਉਨ੍ਹਾਂ ਨੇ ਆਪਣੀ ਮੀਟਿੰਗ ਜਾਰੀ ਰੱਖੀ।
ਵਜ਼ੀਰ ਚੰਦ ਮਹਿਰਾ ਆਈ. ਜੀ. ਪੁਲਿਸ ਨੇ ਸੁਝਾਅ ਦਿੱਤਾ ਕਿ ਜਿੰਨੇ ਵਿਅਕਤੀ ਪੂਜਾ ਮੀਟਿੰਗ
ਵਿਚ ਸ਼ਾਮਲ ਹੋਣ ਪੁਲਿਸ ਉਨ੍ਹਾਂ ਦੀ ਤਲਾਸ਼ੀ ਲਵੇ ਤੇ ਫੇਰ ਹੀ ਉਨ੍ਹਾਂ ਨੂੰ ਬੈਠਣ ਦੀ
ਇਜਾਜ਼ਤ ਦਿੱਤੀ ਜਾਵੇ। ਪਰ ਮਹਾਤਮਾ ਗਾਂਧੀ ਜੀ ਨੇ ਇਹ ਮਨਜ਼ੂਰ ਨਾ ਕੀਤਾ।
ਜਿ਼ਆਦਾ ਕੰਮ ਦੇ ਸਟਰੇਨ ਨਾਲ ਮੈਨੂੰ ਫਲੂ ਹੋ ਗਿਆ। ਮੈਂ ਮੰਜੇ ‘ਤੇ ਪਿਆ ਸੀ ਕਿ ਕੋਤਵਾਲੀ
ਤੋਂ 30 ਜਨਵਰੀ ਸ਼ਾਮ ਨੂੰ ਟੈਲੀਫੋਨ ਆਇਆ ਕਿ ਕਿਸੇ ਨੇ ਗਾਂਧੀ ਜੀ ਨੂੰ ਗੋਲੀ ਮਾਰ ਦਿੱਤੀ
ਹੈ। ਮੈਂ ਬੁਖ਼ਾਰ ਵਿਚ ਹੀ ਤੁਰੰਤ ਬਿਰਲਾ ਹਾਊਸ ਗਿਆ। ਨਹਿਰੂ, ਪਟੇਲ ਤੇ ਹੋਰ ਲੀਡਰ ਉਥੇ
ਅੱਗੇ ਹੀ ਪਹੁੰਚ ਚੁੱਕੇ ਸਨ। ਮਹਾਤਮਾ ਜੀ ਦੀ ਲਾਸ਼ ਖੱਦਰ ਨਾਲ ਢਕੀ ਹੋਈ ਫਰਸ਼ ‘ਤੇ ਪਈ ਸੀ।
ਸਾਰੇ ਹਾਲ ਵਿਚ ਮੁਰਦਨੀ ਛਾਈ ਹੋਈ ਸੀ।
ਮੈਂ ਹਤਿਆਰੇ ਨੂੰ ਵੇਖਣ ਪਾਰਲੀਮੈਂਟ ਸਟਰੀਟ ਦੇ ਠਾਣੇ ਵਿਚ ਗਿਆ। ਉਹਦਾ ਨਾਂ ਗੋਡਸੇ ਸੀ ਜੋ
ਪੂਨੇ ਦਾ ਮਰਹੱਟਾ ਬ੍ਰਾਹਮਣ ਸੀ। ਦੁਬਲਾ ਪਤਲਾ ਜਿਹਾ ਆਦਮੀ ਸੀ ਤੇ ਉਹਦੀਆਂ ਅੱਖਾਂ ਚਮਕ
ਰਹੀਆਂ ਸਨ। ਉਸ ਨੂੰ ਆਪਣੇ ਕੀਤੇ ‘ਤੇ ਕੋਈ ਅਫ਼ਸੋਸ ਨਹੀਂ ਸੀ ਤੇ ਬੜੀ ਤੇਜ਼ੀ ਨਾਲ ਬੋਲੀ
ਜਾਂਦਾ ਸੀ। ਇੰਜ ਮਾਲੂਮ ਹੁੰਦਾ ਸੀ ਜਿਵੇਂ ਨਸ਼ੇ ਵਿਚ ਹੋਵੇ।
ਅਗਲੀ ਸਵੇਰ 31 ਜਨਵਰੀ ਨੂੰ ਗਾਂਧੀ ਜੀ ਦੀ ਅਰਥੀ ਰਾਜ ਘਾਟ ਲੈ ਜਾਈ ਗਈ। ਚਾਰੇ ਪਾਸੇ ਲੱਖਾਂ
ਆਦਮੀਆਂ ਤੇ ਔਰਤਾਂ ਦੀ ਭੀੜ ਸੀ। ਜਦ ਚਿਤਾ ਨੂੰ ਅੱਗ ਲਗਾਈ ਤਾਂ ਹਜੂਮ ਨੇ ਚਾਰੇ ਪਾਸਿਓਂ
ਹੱਲਾ ਜਿਹਾ ਕਰ ਦਿੱਤਾ। ਹਵਾਈ ਫੌਜ ਵਾਲਿਆਂ ਦਾ ਘੇਰਾ ਟੁੱਟ ਗਿਆ ਤੇ ਇੰਜ ਮਾਲੂਮ ਹੁੰਦਾ ਸੀ
ਕਿ ਨਹਿਰੂ, ਪਟੇਲ, ਮੌਲਾਨਾ, ਮਾਊਂਟਬੇਟਨ ਆਦਿ ਸਭ ਚਿਤਾ ਵਿਚ ਝੋਕੇ ਜਾਣਗੇ। ਮੈਂ ਘੋੜੇ ‘ਤੇ
ਚੜ੍ਹਿਆ ਹੋਇਆ ਸੀ ਤੇ ਕੁਝ ਘੋੜਸਵਾਰ ਸਿਪਾਹੀ ਮੌਜੂਦ ਸਨ। ਅਸੀਂ ਸਾਰਿਆਂ ਨੇ ਮਿਲ ਕੇ ਬੜੀ
ਮੁਸ਼ਮਲ ਨਾਲ ਭੀੜ ਨੂੰ ਪਿੱਛੇ ਧੱਕਿਆ ਤੇ ਲੀਡਰਾਂ ਨੂੰ ਬਚਾਇਆ।
ਪਟੇਲ ਨੂੰ ਬੰਬਈ ਦੇ ਚੀਫ਼ ਮਨਿਸਟਰ ਖ਼ੈਰ ਨੇ ਇਹ ਪਹਿਲਾਂ ਹੀ ਇਤਲਾਹ ਦੇ ਦਿੱਤੀ ਸੀ ਕਿ ਕੁਝ
ਮਰਹੱਟੇ ਗਾਂਧੀ ਜੀ ਨੂੰ ਮਾਰਨਾ ਚਾਹੁੰਦੇ ਹਨ। ਪਤਾ ਨਹੀਂ ਪਟੇਲ ਨੇ ਦਿੱਲੀ ਐਡਮਨਿਸਟ੍ਰੇਸ਼ਨ
ਦੀ ਮੀਟਿੰਗ ਕਿਉਂ ਨਾ ਬੁਲਾਈ। ਜੇ ਸਾਨੂੰ ਬੁਲਾਇਆ ਜਾਂਦਾ ਤੇ ਖ਼ਤਰੇ ਤੋਂ ਜਾਣੂ ਕੀਤਾ
ਜਾਂਦਾ ਤਾਂ ਅਸੀਂ ਬਗ਼ੈਰ ਤਲਾਸ਼ੀ ਤੋਂ ਬੰਦਿਆਂ ਨੂੰ ਗਾਂਧੀ ਜੀ ਦੀ ਮੀਟਿੰਗ ਵਿਚ ਸ਼ਾਮਲ ਨਾ
ਹੋਣ ਦਿੰਦੇ, ਭਾਵੇਂ ਗਾਂਧੀ ਜੀ ਕੁਝ ਹੀ ਕਹਿੰਦੇ। ਜੇ ਇਹ ਇਹਤਿਆਤ ਲਈ ਜਾਂਦੀ ਤਾਂ ਹੋ ਸਕਦਾ
ਸੀ ਕਿ ਗਾਂਧੀ ਜੀ ਦੀ ਹੱਤਿਆ ਦਿੱਲੀ ਵਿਚ ਨਾ ਹੁੰਦੀ।
ਫਿਰ ਪਟੇਲ ਨੇ ਜਨਸੰਘ ਨੂੰ ਆੜੇ ਹੱਥੀਂ ਲਿਆ। ਦਿੱਲੀ ਐਡਮਨਿਸਟ੍ਰੇਸ਼ਨ ਨੂੰ ਹੁਕਮ ਮਿਲਿਆ ਕਿ
ਜਨਸੰਘ ਦੇ ਕਾਰਕੁਨ ਗ੍ਰਿਫ਼ਤਾਰ ਕਰ ਲਏ ਜਾਣ। ਅਸੀਂ ਸੈਂਕੜੇ ਜਨਸੰਘੀ ਪਕੜ ਲਏ। ਇਨ੍ਹਾਂ ਵਿਚ
ਬਹੁਤ ਸਾਰੇ ਦਫ਼ਤਰਾਂ ਦੇ ਬਾਬੂ ਸਨ। ਮਹਾਤਮਾ ਦੀ ਸ਼ਹੀਦੀ ਨਾਲ ਸ਼ਰਨਾਰਥੀਆਂ ਨੂੰ ਬਹੁਤ
ਧੱਕਾ ਲੱਗਾ। ਹੁਣ ਹਿੰਦ ਸਰਕਾਰ ਦੀ ਹਮਦਰਦੀ ਉਨ੍ਹਾਂ ਨਾਲ ਘਟ ਗਈ। ਜਨਸੰਘੀ ਜਿਹੜੇ ਮਹਾਤਮਾ
ਦੀ ਮੌਤ ‘ਤੇ ਮਿਠਾਈਆਂ ਵੰਡ ਰਹੇ ਸਨ, ਜੂੰਆਂ ਵਾਂਗ ਸੌਂ ਗਏ। ਨਫ਼ਰਤ ਦੀ ਅੱਗ ਦੇ ਭਾਂਬੜ
ਮਹਾਤਮਾ ਦੇ ਬਲੀਦਾਨ ਨਾਲ ਹੀ ਦਬ ਗਏ।
ਅਕਤੂਬਰ 1948 ਵਿਚ ਰੰਧਾਵਾ ਦਿੱਲੀ ਤੋਂ ਪੰਜਾਬ ਪਰਤਿਆ। ਡਾ. ਗੋਪੀ ਚੰਦ ਭਾਰਗਵ ਨੇ ਉਸ ਨੂੰ
ਅੰਬਾਲੇ ਦਾ ਡੀ. ਸੀ. ਲਾ ਦਿੱਤਾ। 1949 ਵਿਚ ਉਹ ਮੁੜ ਵਸਾਊ ਮਹਿਕਮੇ ਦਾ ਐਡੀਸ਼ਨਲ
ਡਾਇਰੈਕਟਰ ਬਣਿਆ। ਕੁਲਵੰਤ ਸਿੰਘ ਵਿਰਕ ਨੂੰ ਮਹਿਕਮੇ ਦਾ ਲੋਕ ਸੰਪਰਕ ਅਫ਼ਸਰ ਲਾਇਆ ਗਿਆ। 40
ਲੱਖ ਸ਼ਰਨਾਰਥੀਆਂ ਨੂੰ ਮੁੜ ਵਸਾਉਣ ਦਾ ਕਾਰਜ ਪਹਾੜ ਜਿੱਡਾ ਸੀ। ਕਿਸਾਨ ਜਿ਼ਮੀਦਾਰ ਪੱਛਮੀ
ਪੰਜਾਬ ਵਿਚ 5700000 ਏਕੜ ਜ਼ਮੀਨ ਛੱਡ ਕੇ ਆਏ ਸਨ। ਪੂਰਬੀ ਪੰਜਾਬ ਵਿਚ 4500000 ਏਕੜ
ਜ਼ਮੀਨ ਹੀ ਵਿਹਲੀ ਹੋਈ ਸੀ। ਅਲਾਟਮੈਂਟ ਲਈ 7000 ਪਟਵਾਰੀ ਤੇ ਹੋਰ ਅਮਲਾ ਫੈਲਾ ਜਲੰਧਰ ਦੇ
ਕੈਂਪ ਵਿਚ ਦਿਨ ਰਾਤ ਕੰਮ ਕਰਨ ਲੱਗਾ। 12 ਮਣ ਕਣਕ ਪੈਦਾ ਕਰਨ ਵਾਲੀ ਜ਼ਮੀਨ ਨੂੰ ਸਟੈਂਡਰਡ
ਏਕੜ ਮੰਨਿਆ ਗਿਆ। ਅਲਾਟਮੈਂਟ, ਐਲੋਕੇਸ਼ਨ, ਸਟੈਂਡਰਡ ਏਕੜ ਤੇ ਓਵਰਫ਼ਲੋ ਵਰਗੇ ਅੰਗਰੇਜ਼ੀ
ਲਫ਼ਜ਼ ਪੰਜਾਬੀਆਂ ਦੇ ਮੂੰਹ ਚੜ੍ਹ ਗਏ। ਓਵਰਫਲੋ ਨੂੰ ਅਨਪੜ੍ਹ ਜਿ਼ਮੀਦਾਰ ਦੇਸੀ ਬੋਲੀ ਵਿਚ
ਅੱਲੋ-ਫੱਲੋ ਕਹਿੰਦੇ।
ਸ਼ਰਨਾਰਥੀ ਜਿਥੇ ਵੀ ਮਿਲਦੇ, ਹਰ ਕੋਈ ਇਹੋ ਪੁੱਛਦਾ, ਤੁਹਾਡੀ ਪਰਚੀ ਨਿਕਲੀ ਹੈ ਕਿਧਰੇ?
ਪਰਚੀ ਜ਼ਮੀਨ ਦੀ ਪੱਕੀ ਅਲਾਟਮੈਂਟ ਦੇ ਕਾਗਜ਼ਾਂ ਨੂੰ ਆਖਦੇ ਸਨ। ਇਹ ਜਲੰਧਰ ਤੋਂ ਆਉਂਦੀ ਸੀ
ਅਤੇ ਤਹਿਸੀਲੋਂ ਵੰਡੀ ਜਾਂਦੀ ਸੀ। ਔਖ, ਕੌੜ, ਫਿ਼ਕਰ ਅਤੇ ਵਿਤੋਂ ਵੱਧ ਕੰਮ ਦੇ ਇਸ ਪਸਰੇ
ਹੋਏ ਬੀਆਬਾਨ ਵਿਚ ਇਕ ਰੰਧਾਵਾ ਸਾਹਿਬ ਦੀ ਜ਼ਾਤ ਹੀ ਸੀ, ਜਿਹੜੀ ਇਕ ਤਾਰੇ ਵਾਂਗ ਸਾਰਿਆਂ
ਨੂੰ ਸੁੱਖ ਤੇ ਆਸ ਦਾ ਸੁਨੇਹਾ ਦਿੰਦੀ ਸੀ। ਲੋਕ ਕਹਿ ਰਹੇ ਸਨ, ਪੰਜਾਬ ਵਿਚ ਜਾਂ ਪਹਿਲਾਂ
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੱਥੀਂ ਜ਼ਮੀਨਾਂ ਤੇ ਖੂਹ ਵੰਡੇ ਸਨ ਜਾਂ ਹੁਣ ਰੰਧਾਵਾ ਵੰਡ
ਰਿਹੈ।
ਜ਼ਮੀਨਾਂ ਦੀ ਅਲਾਟਮੈਂਟ ਤੁਰਤ ਫੁਰਤ ਮੁਕਾ ਕੇ ਖੇਤੀ ਦੇ ਸੰਦਾਂ ਦਾ ਮੇਲਾ ਲਾਇਆ ਗਿਆ।
ਕਿਸਾਨਾਂ ਨੂੰ ਦੋ ਕਰੋੜ ਦੇ ਕਰਜ਼ੇ ਖੜ੍ਹੇ ਪੈਰ ਦਿੱਤੇ ਤਾਂ ਕਿ ਉਸੇ ਵੇਲੇ ਸੰਦ ਖਰੀਦ ਕੇ
ਖੇਤੀ ਸ਼ੁਰੂ ਕਰ ਸਕਣ। 40 ਲੱਖ ਬੰਦਿਆਂ ਨੂੰ ਦੋ ਸਾਲਾਂ ਵਿਚ ਆਬਾਦ ਕੀਤਾ ਜਦ ਕਿ 15 ਲੱਖ
ਫਲਸਤੀਨੀ ਅਰਬਾਂ ਦੀ ਦੌਲਤ ਦੇ ਬਾਵਜੂਦ ਕਈ ਦਹਾਕੇ ਆਬਾਦ ਨਾ ਹੋ ਸਕੇ। ਜਦੋਂ ਇਹ ਸੋਚੀਏ ਕਿ
ਪਾਕਿਸਤਾਨ ਵਿਚ ਮੁਹਾਜਰ ਵੀਹ ਸਾਲ ਉਖੜੇ ਫਿਰਦੇ ਰਹੇ ਤੇ ਬੰਗਾਲ ਵਿਚ ਸ਼ਰਨਾਰਥੀ
ਵਰ੍ਹਿਆਂ-ਬੱਧੀ ਕੈਂਪਾਂ ਵਿਚ ਰੁਲਦੇ ਰਹੇ, ਰੰਧਾਵੇ ਦੀ ਅਗਵਾਈ ਹੇਠ ਪੰਜਾਬ ਦੇ ਮੁੜ-ਵਸਾਊ
ਮਹਿਕਮੇ ਨੇ ਇਕ ਐਸਾ ਕਾਰਨਾਮਾ ਕੀਤਾ ਜਿਸ ਦੀ ਮਿਸਾਲ ਦੁਨੀਆ ਭਰ ਵਿਚ ਕਿਤੇ ਨਹੀਂ ਮਿਲਦੀ।
ਇਸ ਦਾ ਨਤੀਜਾ ਇਹ ਨਿਕਲਿਆ ਕਿ ਜਿਹੜਾ ਪੰਜਾਬ 1947 ਵਿਚ ਅਨਾਜ ਵੱਲੋਂ ਥੁੜ ਵਾਲਾ ਰਾਜ
ਮੰਨਿਆ ਜਾਂਦਾ ਸੀ, 1957 ਵਿਚ ਆਪਣੀ ਲੋੜ ਤੋਂ ਵੱਧ ਅਨਾਜ ਉਪਜਾਉਣ ਲੱਗ ਪਿਆ। ਡਾ. ਰੰਧਾਵਾ
ਪੰਜਾਬ ਵਿਚ ਹਰੇ ਇਨਕਲਾਬ ਦਾ ਮੋਢੀ ਮੰਨਿਆ ਗਿਆ। ਬਾਅਦ ਵਿਚ ਉਸ ਨੇ ਪੰਜਾਬੀ ਸ਼ਰਨਾਰਥੀਆਂ
ਬਾਰੇ ਉਸ ਨੇ ਕਿਤਾਬ ਲਿਖੀ ‘ਆਊਟ ਆਫ਼ ਐਸ਼ਜ਼’।
1951-52 ਵਿਚ ਅੰਬਾਲਿਓਂ ਟ੍ਰਿਬਿਊਨ ਟਰੱਸਟ ਦੀ ਮਦਦ ਨਾਲ ਉਸ ਨੇ ‘ਐਵਰੀ ਡੇ ਸਾਇੰਸ’ ਨਾਂ
ਦਾ ਪਰਚਾ ਚਲਾਇਆ। ਲਾਇਬ੍ਰੇਰੀਆਂ ਬਣਵਾਈਆਂ ਜਿਨ੍ਹਾਂ ਨੂੰ ਚਿੱਤਰਾਂ ਨਾਲ ਸਜਾਇਆ। ਵਿਕਾਸ
ਕਮਿਸ਼ਨਰ ਬਣ ਕੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਕੀਤਾ। ਪੇਂਡੂ ਵਿਕਾਸ ਦੇ ਇਲਾਵਾ ਉਸ ਕੋਲ
ਚੱਕਬੰਦੀ ਦੀ ਸਕੀਮ ਵੀ ਸੀ। ਚੱਕਬੰਦੀ ਨਾਲ ਕਿਸਾਨਾਂ ਦੀਆਂ ਨਿੱਕੇ ਟੁਕੜਿਆਂ ਵਿਚ ਵੰਡੀਆਂ
ਜ਼ਮੀਨਾਂ ਇਕ ਥਾਂ ‘ਕੱਠੀਆਂ ਹੋ ਗਈਆਂ। ਟਿੱਬੇ ਟੋਏ ਕਰਾਹ ਕੇ ਖੇਤ ਪੱਧਰੇ ਕਰ ਲਏ ਗਏ
ਜਿਨ੍ਹਾਂ ਵਿਚ ਟਿਊਬਵੈੱਲ ਲੱਗਣ ਲੱਗੇ।
ਉਸ ਨੇ ਪੰਜਾਬ, ਹਰਿਆਣਾ ਤੇ ਕਾਂਗੜਾ ਕੁੱਲੂ ਦੇ ਲੋਕ ਗੀਤ ਇਕੱਠੇ ਕਰਵਾਏ, ਭੰਗੜਾ ਟੀਮਾਂ
ਬਣਵਾਈਆਂ, ਗਰਾਮ ਸੇਵਕ ਲਾਏ ਤੇ ‘ਪੰਜਾਬ’ ਨਾਂ ਦੀ ਅਹਿਮ ਪੁਸਤਕ ਤਿਆਰ ਕਰਵਾਈ। ਕਾਂਗੜੇ ਦੇ
ਗੀਤਾਂ ਦੀ ਖੋਜ ਤੇ ਅਧਿਐਨ ਤੋਂ ਇਹ ਵੀ ਪਤਾ ਲੱਗਾ ਕਿ ਕਾਂਗੜਾ, ਬਿਲਾਸਪੁਰ, ਸੁਕੇਤ, ਮੰਡੀ,
ਜੰਮੂ ਤੇ ਚੰਬੇ ਦੀ ਬੋਲੀ ਪੰਜਾਬੀ ਹੀ ਹੈ। ਇਸ ਖੋਜ ਨੇ ਸਾਬਤ ਕਰ ਦਿੱਤਾ ਕਿ ਪੰਜਾਬੀ ਉੱਤਰੀ
ਭਾਰਤ ਦੀ ਸਾਂਝੀ ਬੋਲੀ ਹੈ, ਕਿਸੇ ਖ਼ਾਸ ਫਿਰਕੇ ਜਾਂ ਮਜ਼ਹਬ ਦੀ ਨਿੱਜੀ ਜਾਇਦਾਦ ਨਹੀਂ।
ਉਹ ਅਕਸਰ ਕਿਹਾ ਕਰਦਾ ਸੀ, ਪੰਜਾਬੀ, ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਦੀ ਸਾਂਝੀ ਬੋਲੀ
ਹੈ। ਇਸ ਨੂੰ ਮੌਲਵੀ ਦੀ ਵਹੁਟੀ, ਭਾਈ ਜੀ ਦੀ ਗਾਤਰੇ ਵਾਲੀ ਸਿੰਘਣੀ ਤੇ ਪੰਡਤ ਜੀ ਦੀ
ਪੰਡਤਾਣੀ ਬਣਾਇਆ ਜਾਣਾ ਗ਼ਲਤ ਹੈ।
1955 ਤੋਂ 60 ਤਕ ਉਹ ਫਿਰ ਦਿੱਲੀ ਚਲਾ ਗਿਆ ਅਤੇ ਭਾਰਤੀ ਖੇਤੀਬਾੜੀ ਤੇ ਖੋਜ ਕੌਂਸਲ ਦਾ ਉਪ
ਪ੍ਰਧਾਨ ਰਿਹਾ। 1961 ਤੋਂ 64 ਤਕ ਪਲਾਨਿੰਗ ਕਮਿਸ਼ਨ ਦਾ ਸਲਾਹਕਾਰ ਅਤੇ 64 ਤੋਂ 66 ਤਕ
ਭਾਰਤ ਦੇ ਖਾਦ ਤੇ ਖੇਤੀਬਾੜੀ ਮਹਿਕਮੇ ਵਿਚ ਸਕੱਤਰ ਦੀ ਡਿਊਟੀ ਨਿਭਾਈ। 1966 ਵਿਚ ਉਹ
ਚੰਡੀਗੜ੍ਹ ਕੈਪੀਟਲ ਦਾ ਪਹਿਲਾਂ ਵਿੱਤ ਕਮਿਸ਼ਨਰ ਤੇ ਫਿਰ ਕਮਿਸ਼ਨਰ ਬਣਿਆ। ਚੰਡੀਗੜ੍ਹ ਵਿਚ
ਅੱਜ ਜੋ ਕੁਝ ਵੀ ਚੰਗਾ ਤੇ ਸੁੰਦਰ ਬਣਿਆ ਦਿਸਦਾ ਹੈ ਉਹਦੇ ਵਿਚੋਂ ਬਹੁਤਾ ਡਾ. ਰੰਧਾਵੇ ਦਾ
ਬਣਾਇਆ ਹੋਇਐ।
ਉਸ ਨੇ ਲਿਖਿਆ: ਸਾਫ਼ ਸਫ਼ਾਈ ਪਿੱਛੋਂ ਮੈਂ ਗੁਲਾਬਾਂ ਦੇ ਬਾਗ਼ ਦੀ ਸਕੀਮ ਬਣਾਈ। ਇਹ ਬਾਗ਼
ਦੋ ਸਾਲਾਂ ਵਿਚ ਹੀ ਤਿਆਰ ਕੀਤਾ। ਮੇਰੇ ਚੰਡੀਗੜ੍ਹ ਜਾਣ ਤੋਂ ਪਿੱਛੋਂ ਪਤਾ ਨਹੀਂ ਕਿਸ ਨੇ
ਇਹਦਾ ਨਾਂ ਜ਼ਾਕਿਰ ਰੋਜ਼ ਗਾਰਡਨ ਰੱਖ ਦਿੱਤਾ। ਜਦੋਂ ਇਹਦਾ ਨਾਂ ਗੁਲਾਬ ਦੇ ਨਾਂ ‘ਤੇ ਹੀ ਸੀ
ਤਾਂ ਫਿਰ ਕਿਸੇ ਵਿਅਕਤੀ ਦੇ ਨਾਂ ਨੂੰ ਇਸ ਨਾਲ ਜੋੜਨਾ ਨਾਮੁਨਾਸਿਬ ਸੀ। ਪਰ ਇਸ ਮੁਲਕ ਵਿਚ
ਖ਼ੁਸ਼ਾਮਦ ਦਾ ਬਹੁਤ ਰਿਵਾਜ ਹੈ। ਜੋ ਮੌਕੇ ਦਾ ਹਾਕਮ ਹੋਵੇ, ਲੋਕ ਉਸ ਨੂੰ ਜਾਇਜ਼ ਨਾਜਾਇਜ਼
ਤਰੀਕੇ ਨਾਲ ਖ਼ੁਸ਼ ਕਰਨਾ ਚਾਹੁੰਦੇ ਹਨ। ਇਸ ਬਾਗ਼ ਦਾ ਨਾਂ ਰੋਜ਼ ਗਾਰਡਨ ਹੀ ਰਹਿਣਾ ਚਾਹੀਦਾ
ਹੈ। ਇਸ ਬਾਗ਼ ਮੁਤੱਲਕ ਇਕ ਹੋਰ ਸਮੱਸਿਆ ਦਾ ਜਿ਼ਕਰ ਕਰਨਾ ਚਾਹੁੰਦਾ ਹਾਂ। ਅਸੀਂ ਸੋਚਿਆ ਕਿ
ਇਸ ਬਾਗ਼ ਦੇ ਅੰਦਰ ਜਾਣ ਵਾਲੇ ਦਰਵਾਜ਼ੇ ‘ਤੇ ਕੋਈ ਗੁਲਾਬ ਦੇ ਫੁੱਲ ਮੁਤੱਲਕ ਕਵਿਤਾ ਉਕਰੀ
ਜਾਵੇ। ਚੋਣ ਪਿੱਛੋਂ ਇਕ ਕਵਿਤਾ ਮਿਲੀ, ਉਹ ਭਾਈ ਵੀਰ ਸਿੰਘ ਦੀ ਗੁਲਾਬ ਦੇ ਫੁੱਲ ਬਾਬਤ ਜੋ
ਇਸ ਤਰ੍ਹਾਂ ਸੀ:
ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ।
ਲੱਖ ਗਾਹਕ ਜੇ ਸੁੰਘੇ ਆ ਕੇ, ਖਾਲੀ ਇਕ ਨਾ ਜਾਈ।
ਜੇ ਤੂੰ ਇਕ ਤੋੜ ਕੇ ਲੈ ਗਿਉਂ, ਇਕ ਜੋਗਾ ਰਹਿ ਜਾਸਾਂ।
ਉਹ ਵੀ ਪਲਕ ਝਲਕ ਦਾ ਮੇਲਾ, ਰੂਪ ਮਹਿਕ ਨੱਸ ਜਾਈ।
ਜਦ ਇਹ ਕਵਿਤਾ ਗੁਰਮੁਖੀ ਅੱਖਰਾਂ ਵਿਚ ਉਥੇ ਲਗਾਈ ਗਈ ਤਾਂ ਸ਼ਹਿਰ ਦੇ ਕੁਝ ਵਿਅਕਤੀ ਮੈਨੂੰ
ਮਿਲਣ ਆਏ। ਉਨ੍ਹਾਂ ਕਿਹਾ ਕਿ ਇਥੇ ਹਿੰਦੀ ਕਵਿਤਾ ਵੀ ਲਾਉਣੀ ਚਾਹੀਦੀ ਹੈ। ਮੈਂ ਜਵਾਬ ਦਿੱਤਾ
ਕਿ ਤੁਸੀਂ ਅਜਿਹੀ ਕੋਈ ਕਵਿਤਾ ਲੱਭ ਕੇ ਲਿਆਉ ਮੈਂ ਉਸ ਨੂੰ ਦੇਵਨਾਗਰੀ ਅੱਖਰਾਂ ਵਿਚ ਉਕਰਾ
ਕੇ ਲਾਵਾਂਗਾ। ਮੈਂ ਉਨ੍ਹਾਂ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਪਰ ਕੋਈ ਵੀ ਗੁਲਾਬ ਉਤੇ
ਹਿੰਦੀ ਕਵਿਤਾ ਨਾ ਲਿਆ ਸਕਿਆ।
ਡਾ. ਰੰਧਾਵੇ ਨੂੰ ਤਿੰਨ ਕਿਸਮ ਦੇ ਬੰਦੇ ਚੰਗੇ ਨਹੀਂ ਸਨ ਲੱਗਦੇ। ਫੁੱਲ ਤੋੜਨ ਵਾਲੇ,
ਸ਼ਰਾਬੀ ਤੇ ਤੀਵੀਂ-ਬਾਜ਼। ਉਹ ਪਹਿਲਾ ਵਿਅਕਤੀ ਸੀ ਜਿਸ ਨੇ ਪੂਰਨ ਸਿੰਘ ਦੇ ਜੀਵਨ ਤੇ ਰਚਨਾ
ਦੀ ਸਹੀ ਕਦਰ ਪਾਈ। ਉਸ ਨੇ ਪੂਰਨ ਸਿੰਘ ਦੀ ਪਤਨੀ ਮਾਯਾ ਦੇਵੀ ਤੋਂ ਉਸ ਦੇ ਪਤੀ ਪੂਰਨ ਸਿੰਘ
ਦੀ ਜੀਵਨੀ ਲਿਖਵਾਈ ਤੇ ਫਿਰ ‘ਪੂਰਨ ਸਿੰਘ ਜੀਵਨੀ ਤੇ ਕਵਿਤਾ’ ਸੰਪਾਦਨ ਕਰਕੇ ਪੰਜਾਬੀ ਸਾਹਿਤ
ਅਕਾਡਮੀ ਦਿੱਲੀ ਤੋਂ ਪ੍ਰਕਾਸਿ਼ਤ ਕਰਾਈ। ਪੂਰਨ ਸਿੰਘ ਦੀ ਦੇਸ਼ ਪਿਆਰ ਦੀ ਪ੍ਰਸਿੱਧ ਕਵਿਤਾ
‘ਦੇਸ਼ ਨੂੰ ਅਸੀਸ ਸਾਡੀ ਗ਼ਰੀਬਾਂ ਦੀ’ ਸੁਖਨਾ ਝੀਲ ਦੀ ਸਿ਼ਲਾ ਉਤੇ ਲੱਗਦੀ-ਲੱਗਦੀ ਰਹਿ ਗਈ!
ਉਨ੍ਹਾਂ ਦਿਨਾਂ ਵਿਚ ਨੇਕ ਚੰਦ ਸੈਣੀ ਦਾ ਕੰਮ ਉਹਦੀ ਨਿਗਾਹ ‘ਚ ਆਇਆ। ਉਹ ਰੋਡ ਓਵਰਸੀਅਰ ਸੀ।
ਉਸ ਨੇ ਹਾਈ ਕੋਰਟ ਦੇ ਪੂਰਬ ਵੱਲ ਡਰੰਮਾਂ ਦੀ ਇਕ ਵਲਗਣ ਜਿਹੀ ਵਲੀ ਹੋਈ ਸੀ ਤੇ ਉਹਦੇ ਵਿਚ
ਵੱਖ ਵੱਖ ਕਿਸਮਾਂ ਦੇ ਪੱਥਰ, ਜੋ ਉਸ ਨੇ ਚੋਆਂ ‘ਚੋਂ ਲੱਭੇ ਸਨ, ਬੜੇ ਤਰੀਕੇ ਨਾਲ ਲਗਾਏ ਹੋਏ
ਸਨ। ਉਹ ਬੜੀ ਲਗਨ ਵਾਲਾ ਕਲਾਕਾਰ ਸੀ। ਰੰਧਾਵੇ ਨੇ ਉਸ ਨੂੰ ਕੈਪੀਟਲ ਪ੍ਰਾਜੈਕਟ ਵੱਲੋਂ ਫੰਡ
ਦੁਆਇਆ ਤੇ ਉਹਦੇ ਪੱਥਰਾਂ ਦੇ ਬਾਗ਼ ਦੀ ਮਦਦ ਕੀਤੀ। ਹੁਣ ਇਹ ‘ਰਾਕ ਗਾਰਡਨ’ ਨਾਂ ਦਾ ਬਾਗ਼
ਦੂਰ-ਦੂਰ ਤਕ ਮਸ਼ਹੂਰ ਹੈ।
ਡਾ. ਰੰਧਾਵਾ ਬੁਨਿਆਦੀ ਤੌਰ ‘ਤੇ ਬਨਸਪਤੀ ਤੇ ਜੀਵ ਵਿਗਿਆਨੀ ਸੀ। ਉਹਦਾ ਕਹਿਣਾ ਸੀ ਕਿ ਜੀਵ
ਜਾਤੀਆਂ ਵਿਚੋਂ ਸਿਰਫ਼ ਆਦਮੀ, ਕੁੱਤਾ ਤੇ ਕੁੱਕੜ ਹੀ ਹਨ ਜੋ ਆਪਣੀ ਨਸਲ ਦੇ ਵੈਰੀ ਹਨ ਤੇ
ਆਪਸ ਵਿਚ ਲੜਦੇ ਮਰਦੇ ਹਨ।
ਅਮੀਰ ਲੋਕ ਜਿੰਨਾ ਪੈਸਾ ਵਿਸਕੀਆਂ, ਕਲੱਬਾਂ ਅਤੇ ਆਪਣੀਆਂ ਜ਼ਨਾਨੀਆਂ ਦੀ ਸਜ ਧਜ ਤੇ ਗਹਿਣੇ
ਕਪੜਿਆਂ ‘ਤੇ ਖਰਚਦੇ ਹਨ ਉਸ ਦਾ ਚੌਥਾ ਹਿੱਸਾ ਵੀ ਕਿਤਾਬਾਂ ਤੇ ਚਿੱਤਰਾਂ ‘ਤੇ ਖਰਚਣ ਤਾਂ
ਇਨ੍ਹਾਂ ਦੀਆਂ ਰੂਹਾਂ ਵੀ ਸੂਖਮ ਖਿ਼ਆਲਾਂ ਤੇ ਜਜ਼ਬਿਆਂ ਨੂੰ ਸਮਝਣ ਲੱਗ ਪੈਣ।
ਇਹ ਰੇਸ਼ਮੀ ਸਾੜ੍ਹੀਆਂ ਵੇਚਣ ਵਾਲੇ ਬੜੇ ਰੁਪਏ ਕਮਾਉਂਦੇ ਨੇ। ਤੇ ਇਹ ਹੋਟਲਾਂ ਵਾਲੇ ਵੀ।
ਪੰਜਾਬੀਆਂ ਨੂੰ ਖਾਣ ਪਹਿਨਣ ਦਾ ਸ਼ੌਕ ਹੈ, ਪੜ੍ਹਨ ਦਾ ਨਹੀਂ। ਮੈਂ ਡੰਡੇ ਦੇ ਜ਼ੋਰ ਨਾਲ
ਚੰਡੀਗੜ੍ਹ ਵਿਚ ਕਿਤਾਬਾਂ ਦੀਆਂ ਦੁਕਾਨਾਂ ਖੁਲ੍ਹਵਾਈਆਂ।
ਪਹਾੜ ਸੈਰ ਸਪਾਟੇ ਨੂੰ ਠੀਕ ਹਨ ਪਰ ਪੋਸਟਿੰਗ ਨੂੰ ਨਹੀਂ।
ਵਿਹਲੇ ਅਫ਼ਸਰ ਹੀ ਸਾਜ਼ਸ਼ਾਂ ਕਰਦੇ ਹਨ।
ਵੇਲ ਇਸਤ੍ਰੀ ਦਾ ਚਿੰਨ੍ਹ ਹੈ ਤੇ ਬ੍ਰਿਛ ਆਦਮੀ ਦਾ। ਪੁਰਾਣੇ ਜ਼ਮਾਨੇ ਵਿਚ ਮਾਧਵੀ ਲਤਾ ਆਮ
ਤੌਰ ‘ਤੇ ਅੰਬ ਦੇ ਬ੍ਰਿਛ ‘ਤੇ ਚੜ੍ਹਾਈ ਜਾਂਦੀ ਸੀ ਅਤੇ ਮਾਧਵੀ ਤੇ ਅੰਬ ਦਾ ਵਿਆਹ ਵੀ ਰਚਾਇਆ
ਜਾਂਦਾ ਸੀ।
ਕੰਬਲਾਂ ਹੇਠ ਸੌਣ ਵਾਲੇ ਕੀ ਸਮਝਣ ਰਜਾਈ ਦਾ ਨਿੱਘ? ਦੋ ਸਾਲ ਲੰਡਨ ਦੇ ਪਾਲੇ ਵਿਚ ਮੈਨੂੰ
ਰਜ਼ਾਈ ਬਹੁਤ ਯਾਦ ਆਈ।
ਕਿਹਾ ਜਾਂਦਾ ਹੈ ਕਿ ਕਾਂਗੜੇ ਦੇ 23 ਬੁਰਜ ਤੇ 70 ਦਰਵਾਜਿ਼ਆਂ ਵਾਲੇ ਕਿਲੇ ‘ਚੋਂ ਮਹਿਮੂਦ
ਗ਼ਜ਼ਨੀ ਨੇ ਸੱਤ ਲੱਖ ਸੋਨੇ ਦੇ ਦੀਨਾਰ, ਸੱਤ ਸੌ ਮਣ ਸੋਨੇ ਤੇ ਚਾਂਦੀ ਦੇ ਭਾਂਡੇ, ਦੋ ਸੌ
ਮਣ ਖਾਲਸ ਸੋਨਾ, ਦੋ ਸੌ ਮਣ ਕੱਚੀ ਚਾਂਦੀ, ਵੀਹ ਮਣ ਸੁੱਚੇ ਮੋਤੀ ਜਿਨ੍ਹਾਂ ਵਿਚ ਹੀਰੇ
ਜਵਾਹਰਾਤ ਤੇ ਪੰਨੇ ਸ਼ਾਮਲ ਸਨ, ਇਥੋਂ ਲੁੱਟੇ। 5 ਅਪ੍ਰੈਲ 1905 ਨੂੰ ਸਵੇਰੇ 6 ਵਜੇ ਭੁਚਾਲ
ਨਾਲ ਕਾਂਗੜੇ ਦਾ ਨਗਰ ਸਾਰੇ ਦਾ ਸਾਰਾ ਢੇਰੀ ਹੋ ਗਿਆ।
ਇਸਤ੍ਰੀਆਂ ਦੇ ਗਹਿਣਿਆਂ ਬਾਰੇ ਉਸ ਨੇ ਲਿਖਿਆ: ਇਕਬਾਲ ਕੋਲ ਅੱਠ ਸੋਨੇ ਦੀਆਂ ਚੂੜੀਆਂ, ਦੋ
ਕਲਿਪ ਤੇ ਇਕ ਸੋਨੇ ਦਾ ਹਾਰ ਸੀ। ਉਸ ਵਕਤ ਮੇਰਾ ਖਿ਼ਆਲ ਸੀ ਕਿ ਔਰਤਾਂ ਨੂੰ ਗਹਿਣੇ ਨਹੀਂ
ਪਾਉਣੇ ਚਾਹੀਦੇ। ਔਰਤ ਦੀ ਖ਼ੂਬਸੂਰਤੀ ਚੰਗੀ ਸਿਹਤ ਵਿਚ ਹੁੰਦੀ ਹੈ। ਚੰਗੀ ਸਿਹਤ ਅੱਛੀ
ਖੁਰਾਕ ਅਤੇ ਵਰਜਿਸ਼ ਨਾਲ ਬਣਦੀ ਹੈ। ਮੈਂ ਇਕਬਾਲ ਨੂੰ ਸਲਾਹ ਦਿੱਤੀ ਕਿ ਗਹਿਣਿਆਂ ਨੂੰ ਵੇਚ
ਦੇਵੇ। ਉਸ ਨੇ ਮੇਰਾ ਆਖਾ ਮੰਨ ਕੇ ਗਹਿਣੇ ਵੇਚ ਦਿੱਤੇ। ਏਸ ਤਰ੍ਹਾਂ ਅਸੀਂ ਚੋਰੀ ਦੇ ਡਰ ਤੋਂ
ਨਿਸ਼ਚਿੰਤ ਹੋ ਗਏ।
ਸਰਦਾਰਨੀ ਇਕਬਾਲ ਕੌਰ ਦੀ ਉਮਰ ਹੁਣ ਸੌ ਸਾਲਾਂ ਤੋਂ ਟੱਪ ਗਈ ਹੈ। ਕੁਝ ਸਾਲ ਪਹਿਲਾਂ ਉਸ ਨੇ
ਇਕ ਇੰਟਰਵਿਊ ਵਿਚ ਦੱਸਿਆ ਸੀ:
-ਦੁੱਧ ਰਿੜਕਣਾ ਚੰਗਾ ਲੱਗਦਾ ਹੈ। ਇਸ ਤੋਂ ਮੱਖਣ ਮਿਲਦਾ ਹੈ, ਲੱਸੀ ਮਿਲਦੀ ਹੈ। ਘਰ ਦਾ
ਦੇਸੀ ਘੀ। ਥੋੜ੍ਹੇ ਬਹੁਤ ਅੰਗ ਵੀ ਹਿਲਦੇ ਹਨ। ਮੈਂ ਤਾਂ ਬਿਜਲੀ ਦੀ ਮਧਾਣੀ ਆਉਣ ‘ਤੇ ਵੀ
ਹੱਥੀਂ ਰਿੜਕਦੀ ਰਹੀ। ਮੈਨੂੰ ਦੁੱਧ ਰਿੜਕਣਾ ਚੰਗਾ ਲੱਗਦਾ ਹੈ।
-ਰੰਧਾਵਾ ਜੀ ਦਰਿਆਵਾਂ ਦੇ ਕਿਨਾਰੇ ਬਹੁਤ ਪਸੰਦ ਕਰਦੇ ਸਨ। ਕਿਹਾ ਕਰਦੇ ਸਨ ਕਿ ਮੈਂ ਤਾਂ
ਦਰਿਆ ਦੇ ਕਿਨਾਰੇ ਘਰ ਬਣਾ ਲੈਣਾ ਆਖ਼ਰੀ ਉਮਰ ਲਈ।
-ਉਨ੍ਹਾਂ ਨੇ ਵਲਾਇਤ ਜਾ ਕੇ ਵਾਲ ਕਟਾਏ। ਵਾਪਸ ਆਏ ਤਾਂ ਥੋੜ੍ਹੀ ਥੋੜ੍ਹੀ ਦਾੜ੍ਹੀ ਰੱਖੀ ਹੋਈ
ਸੀ। ਦਾੜ੍ਹੀ ਇਕਸਾਰ ਨਹੀਂ ਸੀ। ਕਿਤੇ ਹੈ ਸੀ ਕਿਤੇ ਨਹੀਂ। ਪੱਗ ਵੀ ਚੰਗੀ ਤਰ੍ਹਾਂ ਨਹੀਂ ਸੀ
ਬੰਨ੍ਹਣੀ ਆਉਂਦੀ। ਉਨ੍ਹਾਂ ਦੌਰੇ ਜਾਣਾ ਤਾਂ ਮੈਂ ਪੰਦਰਾਂ ਮਿੰਟ ਪਹਿਲਾਂ ਸਭ ਕੁਝ ਤਿਆਰ ਕਰ
ਦਿੰਦੀ ਸੀ। ਸਾਦਾ ਖਾਣਾ, ਆਂਡੇ, ਮਿੱਸੀ ਰੋਟੀ, ਦਹੀਂ, ਮੱਖਣ, ਲੱਸੀ ਤੇ ਫਲ।
-ਸੰਜਮੀ ਸਨ ਪਰ ਕਿਤਾਬਾਂ ਜਾਂ ਪੇਟਿੰਗਜ਼ ਖਰੀਦਣ ਵੇਲੇ ਫੱਟ ਪੈਸੇ ਕੱਢ ਲੈਂਦੇ ਸਨ। ਸੰਜਮ
ਘਰ ਦੇ ਖਰਚੇ ਉਤੇ ਹੀ ਚਲਦਾ ਸੀ। ਮੈਨੂੰ ਮਹੀਨੇ ਦੇ ਸ਼ੁਰੂ ਵਿਚ ਜਿੰਨੇ ਪੈਸੇ ਦਿੰਦੇ ਮੈਂ
ਓਨੇ ਨਾਲ ਹੀ ਸਾਰਨਾ ਹੁੰਦਾ ਸੀ। ਪਰ ਉਹ ਖਾਣ ਦਾ ਸਰਫਾ ਨਹੀਂ ਸਨ ਕਰਦੇ। ਮੀਟ ਖਾਣ ਦੇ ਬੜੇ
ਸ਼ੌਕੀਨ ਸਨ। ਸੰਖੀਆਂ ਚੂਸਦੇ ਤੇ ਚੂੰਡਦੇ ਸਾਰੀਆਂ ਉਂਗਲਾਂ ਲਬੇੜ ਲੈਂਦੇ। ਪਹਿਨਣ ਦੇ ਬਹੁਤੇ
ਸ਼ੌਕੀਨ ਨਹੀਂ ਸਨ।
-ਉਨ੍ਹਾਂ ਕੋਲ ਵਿਹਲ ਹੀ ਨਹੀਂ ਸੀ ਲੜਨ-ਝਗੜਨ ਦੀ। ਲੜਦੇ ਤਾਂ ਵਿਹਲੇ ਲੋਕ ਹੀ ਹਨ। ਸਾਡੇ
ਵੇਲੇ ਕੰਮ ਨਹੀਂ ਸੀ ਮੁੱਕਦੇ। ਮੱਝਾਂ-ਗਾਈਆਂ, ਦੁੱਧ, ਮਧਾਣੀ, ਰਸੋਈ ਤੇ ਬੱਚੇ। ਹੁਣ ਵੀ
ਮੈਂ ਡੇਢ ਘੰਟਾ ਰੋਜ਼ ਸੈਰ ਕਰਦੀ ਹਾਂ।
-ਹਸਬੈਂਡ ਵਾਈਫ਼ ਨੂੰ ਝਗੜਾ ਨਹੀਂ ਕਰਨਾ ਚਾਹੀਦਾ। ਥੋੜ੍ਹਾ-ਥੋੜ੍ਹਾ ਦੋਹਾਂ ਨੂੰ ਝੁਕਣਾ
ਚਾਹੀਦਾ। ਵਿਆਹੁਤਾ ਜੀਵਨ ਦੇ ਸੁਖ ਵਰਗਾ ਹੋਰ ਸੁਖ ਕੋਈ ਨਹੀਂ।
-ਕੋਈ ਜੋਤਸ਼ੀ ਆ ਜਾਂਦਾ ਤਾਂ ਬਿਠਾ ਲੈਂਦੇ। ਤੁਰ ਜਾਣ ਤੇ ਕਹਿੰਦੇ ‘ਸਭ ਝੂਠੇ ਨੇ।’ ‘ਨਿਰੇ
ਠੱਗ ਨੇ ਸਾਰੇ’। ਸਰਦਾਰ ਪਟੇਲ ਇਨ੍ਹਾਂ ਨੂੰ ਬਹੁਤ ਪਸੰਦ ਕਰਦਾ ਸੀ। ਕੈਰੋਂ ਤੇ ਗਿੱਲ ਵੀ।
ਗਿੱਲ ਨੂੰ ਜੋ ਵੀ ਕਹਿੰਦੇ ਮੰਨਦਾ ਸੀ। ਗਿਆਨੀ ਗੁਰਦਿੱਤ ਸਿੰਘ ਨੇ ਇਕੇਰਾਂ ਕੈਰੋਂ ਨੂੰ
ਕਿਹਾ, ਰੰਧਾਵੇ ਨੂੰ ਚੀਫ਼ ਸੈਕਟਰੀ ਲਾ ਦਿਓ। ਕੈਰੋਂ ਕਹਿੰਦਾ, ‘ਫੇਰ ਤਾਂ ਸਰਕਾਰ ਰੰਧਾਵੇ
ਦੀ ਈ ਚੱਲੂ। ਇਕ ਮਿਆਨ ‘ਚ ਦੋ ਤਲਵਾਰਾਂ ਨਹੀਂ ਸਮਾਇਆ ਕਰਦੀਆਂ। ਉਹਨੂੰ ਐਗਰੀਕਲਚਰ
ਯੂਨੀਵਰਸਿਟੀ ਸੌਂਪਾਂਗੇ।
-ਇਕ ਮਕਾਨ ਦਿੱਲੀ ਬਣਾਇਆ ਸੀ, ਹੌਜ਼ ਖਾਸ। ਇਕ ਚੰਡੀਗੜ੍ਹ 9 ਸੈਕਟਰ ਵਾਲਾ। ਸੁਰਿੰਦਰ ਤੇ
ਜਤਿੰਦਰ ਲਈ। ਮੇਰੇ ਲਈ ਖਰੜ ਵਾਲਾ ਬਾਗ। ਪਿੰਡ ਦੀ ਜ਼ਮੀਨ ਮੇਰੇ ਨਾਂ ਛੱਡੀ ਕਿ ਤੂੰ ਸਾਂਭ
ਲਵੇਂਗੀ। ਮੈਂ ਹੁਣ ਛੋਟੇ ਪੁੱਤਰ ਕੋਲ ਰਹਿੰਦੀ ਹਾਂ। ਖਰੜ ਵਾਲਾ ਘਰ ਵੱਡੇ ਦੀ ਵਿਧਵਾ ਕੋਲ
ਹੈ। ਸੁਰਿੰਦਰ ਬੜਾ ਸਾਊ ਸੀ, ਡਰੂ ਸੀ। ਜਤਿੰਦਰ ਇੱਲਤੀ ਹੁੰਦਾ ਸੀ।
-ਮੈਂ ਤਾਂ ਕਹਿੰਦੀ ਹਾਂ ਅਸੀਂ ਭਾਗਾਂ ਵਾਲੇ ਹਾਂ। ਧੀਆਂ ਆਪਣੇ ਘਰੀਂ ਸੌਖੀਆਂ ਨੇ। ਵੱਡੇ
ਬੇਟੇ ਦੇ ਬੱਚੇ ਲਾਇਕ ਨੇ। ਛੋਟੇ ਦਾ ਹੋਟਲ ਹੈ ਮਨਾਲੀ ਵਿਚ। ਭਰਾ ਦੇ ਘਰ ਵੀ ਆਉਣ ਜਾਣ ਹੈ।
ਬੱਸ, ਖਰੜ ਤੋਂ ਬਾਗ ਨੂੰ ਜਾਂਦੀ ਸੜਕ ਦੇਖ ਕੇ ਈ ਮਨ ਦੁਖੀ ਹੁੰਦਾ।
ਡਾ. ਮਹਿੰਦਰ ਸਿੰਘ ਰੰਧਾਵਾ ਤੇ ਡਾ. ਸਰਦਾਰਾ ਸਿੰਘ ਜੌਹਲ ਨੂੰ ਵਿਦਵਤਾ ਦੇ ਉੱਚੇ ਬੁਰਜ
ਕਿਹਾ ਜਾਂਦਾ ਹੈ। ਡਾ. ਜੌਹਲ ਨੇ ਡਾ. ਰੰਧਾਵਾ ਬਾਰੇ ਦੱਸਿਆ: ਰੰਧਾਵਾ ਸਾਹਿਬ ਉੱਚ ਵਿਦਿਆ
ਦੇ ਮਾਲਕ, ਸਫ਼ਲ ਪ੍ਰਸ਼ਾਸਕ ਤੇ ਸਾਦਾ ਇਨਸਾਨ ਸਨ। ਉਹ ਸਖ਼ਤ ਤਬੀਅਤ ਪ੍ਰਸ਼ਾਸਕ ਨਹੀਂ ਸਨ।
ਜੇ ਕੋਈ ਹਲੀਮੀ ਨਾਲ ਦੋ-ਚਾਰ ਵਾਰ ਬੇਨਤੀ ਕਰ ਲਏ ਤਾਂ ਕੋਈ ਵੀ ਗੱਲ ਮੰਨਵਾ ਸਕਦਾ ਸੀ।
ਉਨ੍ਹਾਂ ਦੀ ਸ਼ਖਸੀਅਤ ਸ਼ੀਸ਼ੇ ਵਾਂਗ ਪਾਰਦਰਸ਼ੀ ਸੀ। ਪੰਜਾਬ ਦੇ ਕਿਸਾਨਾਂ ਉਤੇ ਬੜੇ
ਮਿਹਰਬਾਨ ਸਨ ਉਹ। 1971-72 ਵਿਚ ਜ਼ਮੀਨ ਦੀ ਘੱਟੋਘੱਟ ਹੱਦ ਮਿਥਣ ਦਾ ਮਸਲਾ ਆਇਆ। ਮੈਂ ਉਦੋਂ
ਉਹਾਈਓ ਸਟੇਟ ਯੂਨੀਵਰਸਿਟੀ ‘ਚ ਵਿਜ਼ਟਿੰਗ ਪ੍ਰੋਫ਼ੈਸਰ ਸਾਂ। ਦਸੰਬਰ 71 ਵਿਚ ਮੈਨੂੰ ਵਾਪਸ
ਲੁਧਿਆਣੇ ਯੂਨੀਵਰਸਿਟੀ ਮੁੜਨ ਦਾ ਹੁਕਮ ਮਿਲਿਆ। ਮੈਂ ਕਿਹਾ, ਮੇਰਾ ਮਾਲੀ ਨੁਕਸਾਨ ਹੋਊ ਪਰ
ਉਨ੍ਹਾਂ ਨੇ ਇਕ ਨਾ ਮੰਨੀ। ਮੇਰੇ ਦਿਲ ਵਿਚ ਰੰਧਾਵਾ ਸਾਹਿਬ ਦੀ ਬੜੀ ਕਦਰ ਸੀ। ਮੈਂ ਜਨਵਰੀ
‘ਚ ਵਾਪਸ ਆ ਗਿਆ ਤੇ ਘੱਟੋਘੱਟ 30 ਏਕੜ ਜ਼ਮੀਨ ਹੱਦ ਮਿਥਣ ਦੀ ਰੀਜ਼ਨੇਬਲ/ਵਾਇਬਲ ਰਿਪੋਰਟ
ਤਿਆਰ ਕੀਤੀ। ਪਹਿਲਾਂ 12 ਏਕੜ ਦੀ ਗੱਲ ਚੱਲ ਰਹੀ ਸੀ ਜਿਸ ਨਾਲ ਫਾਰਮ ਵਾਇਬਲ ਨਹੀਂ ਸੀ
ਰਹਿਣੇ। ਉਨ੍ਹਾਂ ਨੇ ਉਸ ਰਿਪੋਰਟ ਦੀਆਂ ਪੰਜ ਹਜ਼ਾਰ ਕਾਪੀਆਂ ਛਪਵਾ ਕੇ ਦੇਸ਼ ਦੇ ਸਾਰੇ
ਪਾਰਲੀਮੈਂਟ ਮੈਂਬਰਾਂ ਤੇ ਵਿਧਾਨ ਸਭਾਵਾਂ ਦੇ ਮੈਂਬਰਾਂ ਨੂੰ ਭੇਜੀਆਂ। ਫਿਰ ਕਲਾਵੇ ਵਿਚ ਲੈ
ਕੇ ਕਹਿੰਦੇ, “ਤੇਰਾ ਪ੍ਰੋਫੈਸ਼ਨਲ ਅਤੇ ਮਾਲੀ ਨੁਕਸਾਨ ਕੀ ਇਸ ਫ਼ਾਇਦੇ ਨਾਲੋਂ ਵੱਧ ਹੋ ਜਾਣਾ
ਸੀ? ਮੈਂ ਜਾਣਦਾ ਹਾਂ ਕੌਣ ਕੀ ਲਿਖ ਸਕਦਾ ਹੈ?”
ਇਕ ਵਾਰ ਕਾਨਵੋਕੇਸ਼ਨ ਲਈ ਲੈਕਚਰ ਲਿਖਣਾ ਸੀ। ਕਹਿੰਦੇ, “ਸਵੇਰੇ ਮੇਰੇ ਕੋਲ ਆ ਜਾਵੀਂ। ਜਦ
ਤੂੰ ਮੇਰੇ ਕੋਲ ਬੈਠਦਾ ਏਂ ਤਾਂ ਮੈਨੂੰ ਇਕ ਖ਼ਾਸ ਕਿਸਮ ਦੀ ਰੌਸ਼ਨੀ ਮਿਲਦੀ ਹੈ।”
ਕਿਸਾਨਾਂ ਦੇ ਇਲਾਵਾ ਉਹ ਪੰਜਾਬੀ ਜ਼ਬਾਨ ਦੇ ਵੀ ਖ਼ਾਸ ਮੁਦੱਈ ਸਨ। ਇਕ ਵਾਰ ਕਹਿਣ ਲੱਗੇ, ਜਦ
ਮੈਂ ਕਿਸੇ ਨਾਲ ਅੰਗ੍ਰੇਜ਼ੀ ਵਿਚ ਗੱਲ ਕਰਦਾ ਹਾਂ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਜਿਵੇਂ
ਮੈਂ ਝੂਠ ਬੋਲਦਾ ਹੋਵਾਂ। ਜਦ ਕੋਈ ਅੰਗ੍ਰੇਜ਼ੀ ਵਿਚ ਗੱਲ ਕਰਦਾ ਤਾਂ ਪੁੱਛਦੇ, ਤੂੰ ਪੰਜਾਬੀ
ਏਂ, ਤੈਨੂੰ ਪੰਜਾਬੀ ਨਹੀਂ ਆਉਂਦੀ? ਸੌਖੀ ਤਰ੍ਹਾਂ ਗੱਲ ਕਰ ਤਾਂ! ਹੱਸਾਸ ਵੀ ਬੜੇ। ਕਹਿੰਦੇ,
ਜੌਹਲ ਤੂੰ ਫਿ਼ਲਮਾਂ ਨਾ ਦੇਖਿਆ ਕਰ। ਫਿ਼ਲਮਾਂ ਦੇ ਪਾਤਰਾਂ ਤੋਂ ਫਜ਼ੂਲ ਈਮੋਸ਼ਨਲ ਹੋਈਦਾ।
ਇਹ ਮਸਨੂਈ ਪਾਤਰ ਹੁੰਦੇ ਨੇ। ਇਨ੍ਹਾਂ ਉਤੇ ਅਪਣੀਆਂ ਇਮੋਸ਼ਨਜ਼ ਖ਼ਤਮ ਕਰ ਕੇ ਆਦਮੀ ਅਮਲੀ
ਜਿ਼ੰਦਗੀ ਦੇ ਪਾਤਰਾਂ ਨਾਲ ਉਹ ਇਮੋਸ਼ਨਜ਼ ਨਹੀਂ ਦਿਖਾ ਸਕਦਾ।
ਇਕ ਡੀਨ ਦੀ ਆਵਾਜ਼ ਬੜੀ ਬਰੀਕ ਸੀ। ਮੇਰੇ ਕੰਨ ‘ਚ ਕਹਿਣ ਲੱਗੇ, ਇਹਦੇ ਕੱਲ੍ਹ ਨੂੰ ਮੇਲ
ਹਾਰਮੋਨ ਦੇ ਟੀਕੇ ਲੱਗਵਾ ਦਿੰਦੇ ਹਾਂ!
ਇਕ ਦਿਨ ਕਹਿੰਦੇ, ਆਬਾਦੀ ਏਨੀ ਹੋ ਗਈ ਹੈ ਕਿ ਏਥੋਂ ਜਗਰਾਓਂ ਵੱਲ ਨੂੰ ਜਾਈਏ ਤਾਂ ਰਾਹ ਵਿਚ
ਮੂਤ ਕਰਨ ਨੂੰ ਵੀ ਥਾਂ ਨਹੀਂ ਲੱਭਦੀ!
ਇਕ ਵਾਰ ਪੰਜਾਬੀ ਕਾਨਫਰੰਸ ਵਿਚ ਦੇਸ਼ ਦੀ ਖੇਤੀਬਾੜੀ ਉਤੇ ਵਿਗਿਆਨ ਭਵਨ ਦਿੱਲੀ ‘ਚ ਮੈਂ
ਪੰਜਾਬੀ ਵਿਚ ਡੇਢ ਘੰਟੇ ਦਾ ਸੈਮੀਨਾਰ ਦਿੱਤਾ। ਡਾ. ਮਨਮੋਹਨ ਸਿੰਘ ਪ੍ਰਧਾਨਗੀ ਕਰ ਰਿਹਾ ਸੀ।
ਅੱਗਿਓਂ ਉੱਠ ਕੇ ਰੰਧਾਵਾ ਸਾਹਿਬ ਨੇ ਮੈਨੂੰ ਡਾਇਸ ‘ਤੇ ਹੀ ਜੱਫੀ ਵਿਚ ਲੈ ਲਿਆ ਤੇ ਕਹਿਣ
ਲੱਗੇ, ਜੌਹਲ, ਤੂੰ ਸਾਬਤ ਕਰ ਦਿੱਤਾ ਕਿ ਕੋਈ ਐਸੀ ਗੱਲ ਨਹੀਂ ਜੋ ਪੰਜਾਬੀ ਵਿਚ ਨਹੀਂ ਕੀਤੀ
ਜਾ ਸਕਦੀ।
ਮੈਂ ਖੇਤੀਬਾੜੀ ਯੂਨੀਵਰਸਿਟੀ ਤੋਂ ਤਿੰਨ ਸਾਲ ਦੀ ਛੁੱਟੀ ਲੈ ਕੇ ਐਫ. ਏ. ਏ. ਦੀ ਸਰਵਿਸ ਵਿਚ
ਗਿਆ ਸਾਂ। ਉਦੋਂ ਤਿੰਨ ਸਾਲ ਤੋਂ ਵੱਧ ਛੁੱਟੀ ਨਹੀਂ ਸੀ ਮਿਲਦੀ। ਮੈਂ ਇਰਾਦਾ ਬਣਾਇਆ ਕਿ ਪੰਜ
ਸਾਲ ਯੂ. ਐਨ. ਓ. ਦੀ ਨੌਕਰੀ ਵਿਚ ਪੂਰੇ ਕਰਨੇ ਹਨ ਤਾਂ ਜੋ ਪੈਨਸ਼ਨ ਲੈ ਸਕਾਂ। ਉਹਦੇ ਲਈ
ਹੋਰ ਛੁੱਟੀ ਲੈਣੀ ਜਾਂ ਅਸਤੀਫ਼ਾ ਦੇਣਾ ਪੈਣਾ ਸੀ। ਮੈਂ ਰੰਧਾਵਾ ਸਹਿਬ ਨੂੰ ਆਖਿਆ ਕਿ ਮੈਂ
ਅਸਤੀਫ਼ਾ ਦੇ ਦਿੰਦਾ ਹਾਂ ਤਾਂ ਕਿ ਤੁਹਾਡੀ ਪੋਜ਼ੀਸ਼ਨ ਨੂੰ ਆਂਚ ਨਾ ਆਵੇ। ਮੈਂ ਫਿਰ ਨਵੇਂ
ਸਿਰਿਓਂ ਨੌਕਰੀ ਲੱਭ ਲਵਾਂਗਾ। ਕਹਿੰਦੇ, ਖ਼ਬਰਦਾਰ, ਜੇ ਮੇਰੇ ਕੋਲ ਅਸਤੀਫ਼ੇ ਦੀ ਗੱਲ ਕੀਤੀ।
ਤੂੰ ਜਿੰਨਾ ਚਿਰ ਜਾਣਾ ਹੈ ਜਾਹ। ਮੈਂ ਤੇਰਾ ਨਾਉਂ ਯੂਨੀਵਰਸਿਟੀ ਵਿਚੋਂ ਨਹੀਂ ਕੱਟਣਾ। ਮੇਰੀ
ਪੁਜ਼ੀਸ਼ਨ ਮੇਰੀ ਸਿਰਦਰਦੀ ਹੈ, ਤੇਰੀ ਨਹੀਂ।
ਡਾ. ਰੰਧਾਵਾ ਪ੍ਰੀਤਲੜੀ ਦਾ ਪਾਠਕ ਸੀ ਤੇ ਗੁਰਬਖ਼ਸ਼ ਸਿੰਘ ਹੁਰਾਂ ਦੀ ਬੜੀ ਇਜ਼ਤ ਕਰਦਾ ਸੀ।
ਉਹਨਾਂ ਨੂੰ ਅਲਾਹਾਬਾਦ ਸੱਦ ਕੇ ਨਹਿਰੂ, ਮੌਲਾਨਾ ਤੇ ਸੁਚੇਤਾ ਕ੍ਰਿਪਲਾਨੀ ਨੂੰ ਮਿਲਾਇਆ ਤੇ
ਇਜ਼ਤ ਮਾਣ ਦਿੱਤਾ। ਉਜਾੜੇ ਪਿੱਛੋਂ ਦਿੱਲੀ ਵਿਚ ਸੈਟਲ ਕਰਨ ‘ਚ ਭਰਪੂਰ ਮਦਦ ਕੀਤੀ। ਦਾਰ ਜੀ
ਦੀ ਵੱਡੀ ਕਿਸ਼ਤੀ ਨਾਲ ਛੋਟੇ-ਮੋਟੇ ਲੋਹੇ ਦੇ ਸਰੀਏ, ਕਿੱਲ ਤੇ ਮੇਖਾਂ ਵੀ ਤਰ ਗਏ। ਪਿਆਰਾ
ਸਿੰਘ ਦਾਤਾ, ਗਿਆਨੀ ਜਸਵੰਤ ਸਿੰਘ, ਗੁਰਬਚਨ ਸਿੰਘ ਖੁਰਾਣਾ, ਪਿਆਰਾ ਸਿੰਘ ਸਹਿਰਾਈ ਤੇ ਭਾਪਾ
ਪ੍ਰੀਤਮ ਸਿੰਘ ਸਭ ਦਿੱਲੀ ਵਿਚ ਸਥਾਪਤ ਹੋ ਗਏ।
ਇਕ ਵਾਰ ਭਾਪਾ ਪ੍ਰੀਤਮ ਸਿੰਘ ਨੂੰ ਸੈਰ ਲਈ ਨਾਲ ਤੋਰ ਲਿਆ। ਅੱਗੇ ਪਾਰਲੀਮੈਂਟ ਸਟਰੀਟ ਵਾਲਾ
ਠਾਣਾ ਆ ਗਿਆ। ‘ਆ ਤੈਨੂੰ ਇਕ ਥਾਂ ਦਿਖਾਵਾਂ’ ਕਹਿ ਕੇ ਠਾਣੇ ਜਾ ਵੜੇ। ਉਥੇ ਜਾ ਕੇ ਉਹ
ਕੋਠੜੀ ਖੁਲ੍ਹਵਾਈ ਜਿਥੇ ਗਾਂਧੀ ਜੀ ਦੀ ਹੱਤਿਆ ਤੋਂ ਪਿੱਛੋਂ ਨੱਥੂਰਾਮ ਗੋਡਸੇ ਨੂੰ ਰੱਖਿਆ
ਸੀ। ‘ਮੈਂ ਏਥੇ ਬੰਦ ਕੀਤਾ ਸੀ ਮਹਾਤਮਾ ਗਾਂਧੀ ਦੇ ਕਾਤਲ ਨੂੰ। ਦੇਖਿਆ। ਬੜਾ ਮਾੜਾ ਸਮਾਂ ਸੀ
ਉਹ। ਅਫਸਰੀ ਵੀ ਤਲੀ ‘ਤੇ ਸਿਰ ਧਰ ਕੇ ਹੁੰਦੀ ਸੀ ਉਦੋਂ।’
ਰੰਧਾਵਾ ਖਾਲਸ ਬੰਦਾ ਸੀ। ਅੰਦਰੋਂ ਬਾਹਰੋਂ ਖੁੱਲ੍ਹੀ ਕਿਤਾਬ। ਬਾਹਰੋਂ ਥੋੜ੍ਹਾ ਖਰ੍ਹਵਾ ਸੀ
ਪਰ ਅੰਦਰੋਂ ਬਹੁਤ ਕੂਲ਼ਾ। ਉਹਦਾ ਵੀਹ ਸਾਲ ਪੀ. ਏ. ਰਿਹਾ ਮਲਹੋਤਰਾ ਦੱਸਦੈ: ਮੈਂ ਪਹਿਲੇ
ਦਿਨ ਡਿਊਟੀ ‘ਤੇ ਗਿਆ ਤਾਂ ਕਹਿੰਦੇ, ਤੂੰ ਐਂ ਮਲਹੋਤਰਾ? ਠੀਕ ਹੈ। ਕੰਮ ਬੜਾ ਕਰਨਾ ਪੈਣਾ।
ਮੇਰੇ ਨਾਲ ਕੰਮ ਕਰਨਾ ਔਖਾ ਐ। ਬਾਬੂਆਂ ਤੋਂ ਮੇਜ਼ ਕੁਰਸੀ ਮੰਗ ਲੈ। ਜਦੋਂ ਸੱਦਾਂਗਾ ਆ
ਜਾਈਂ। ਖੁਰਪੀ ਦਾ ਕੰਮ ਹੁੰਦਾ ਤਾਂ ਖੁਰਪੀ ਹੱਥ ਵਿਚ ਫੜ ਲੈਂਦੇ। ਕਹੀ ਦਾ ਹੁੰਦਾ ਤਾਂ ਕਹੀ।
ਜਦੋਂ ਰੰਧਾਵਾ ਸਾਹਿਬ ਦਾ ਹੱਥ ਖੁਰਪੀ ਜਾਂ ਕਹੀ ਨੂੰ ਲੱਗਦਾ ਤਾਂ ਸਾਰੇ ਖੁਰਪੀਆਂ ਚੁੱਕ
ਲੈਂਦੇ। ਕਹੀਆਂ, ਬੇਲਚੇ, ਟਰੱਕ, ਟ੍ਰੈਕਟਰ ਆ ਜਾਂਦੇ। ਰੰਧਾਵਾ ਲੀਜੈਂਡ ਸੀ, ਲੀਜੈਂਡ!
ਉਨ੍ਹਾਂ ਦਾ ਤਪਤੇਜ ਪਰਤਾਪੀ ਸੀ ਤੇ ਚਾਲ ਦਰਿਆਈ। ਉਹ ਵਗਦੇ ਪਾਣੀਆਂ ਵਾਂਗ ਕੰਢੇ ਖੋਰਦੇ
ਤੁਰੇ ਜਾਂਦੇ ਸਨ। ਉਹ ਇਕੋ ਇਕ ਅਫਸਰ ਹੋਇਆ ਜਿਸ ਨੂੰ ਹਰ ਕੋਈ ਮਿਲ ਸਕਦਾ ਸੀ। ਜਿਸ ਦਾ ਜੀਅ
ਕਰਦਾ ਚਿੱਕ ਚੁੱਕ ਕੇ ਦਫਤਰ ਜਾ ਵੜਦਾ ਸੀ। ਸਭ ਦੀ ਸੁਣਦੇ ਸਨ। ਸਿੱਧੀ ਗੱਲ ਕਰਦੇ ਸਨ। ਇਕ
ਤਸੀਲਦਾਰ ਨੇ ਬੁੱਢੀ ਦਾ ਤੰਦੂਰ ਢਾਹਿਆ ਤਾਂ ਤਸੀਲਦਾਰ ਨੂੰ ਕਿਹਾ, ਸਫਾਈ ਦਾ ਮਤਲਬ ਇਹ ਨਹੀਂ
ਕਿ ਗਰੀਬਾਂ ਦੀ ਰੋਜ਼ੀ ਖੋਹ ਲਓ। ਸਫਾਈ ਦਾ ਮਤਲਬ ਵਧੀਆ ਤੰਦੂਰ ਬਣਾ ਕੇ ਦਿਓ। ਤੰਦੂਰ ਨੇੜੇ
ਬੈਠਣ ਲਈ ਥੜ੍ਹੇ ਬਣਵਾਓ। ਕੋਈ ਚੰਗਾ ਕੰਮ ਵੀ ਕਰਿਆ ਕਰੋ। ਡਾ. ਰੰਧਾਵਾ ਦੀਆਂ ਮਿਹਰਾਂ ਚੇਤੇ
ਕਰ ਕੇ ਮਨ ਭਰ ਆਉਂਦਾ ਹੈ ਤੇ ਮੈਂ ਭਰਪੂਰ ਹੋ ਜਾਂਦਾ ਹਾਂ। ਸਿਰ ਤੋਂ ਪੈਰਾਂ ਤੱਕ। ਹੀ ਵਾਜ਼
ਗ੍ਰੇਟ! ਗ੍ਰੇਟ ਮੈਨ!! ਸਚਮੁੱਚ ਦਾ ਗ੍ਰੇਟ!!! ਇਹ ਕਹਿਣਾ ਹੈ ਪੀ. ਏ. ਮਲਹੋਤਰੇ ਦਾ। ਉਂਜ
ਇਕ ਨਹੀਂ ਅਨੇਕਾਂ ਬੰਦੇ ਅਜਿਹਾ ਕਹਿੰਦੇ ਸੁਣੇ ਜਾ ਸਕਦੇ ਹਨ।
ਅੰਮ੍ਰਿਤਾ ਪ੍ਰੀਤਮ ਦੱਸਦੀ ਸੀ: ਰੰਧਾਵਾ ਸਾਹਿਬ ਨੇ ਮੈਨੂੰ ਆਲ ਇੰਡੀਆ ਰੇਡੀਉ ਦੀ ਨੌਕਰੀ ਲੈ
ਕੇ ਦਿੱਤੀ ਸੀ, 1948 ਵਿਚ। ਫੇਰ ਜਦੋਂ ਮੈਨੂੰ ਸਾਹਿਤ ਅਕਾਡਮੀ ਐਵਾਰਡ ਮਿਲਿਆ, ਉਹ ਕਹਿਣ
ਲੱਗੇ, ਤੇਰੇ ਕੋਲੋਂ ਸਾਰੀ ਉਮਰ ਆਪਣਾ ਘਰ ਨਹੀਂ ਬਣਨਾ। ਹੁਣੇ ਇਕ ਹਜ਼ਾਰ ਦਾ ਚੈੱਕ ਕੱਟ,
ਮੈਂ ਡੀ. ਐਲ. ਐਫ. ਦੀ ਹੌਜ਼ ਖ਼ਾਸ ਬਣ ਰਹੀ ਕਾਲੋਨੀ ਵਿਚ ਤੇਰੇ ਲਈ ਇਕ ਟੁਕੜਾ ਜ਼ਮੀਨ ਲੈ
ਦੇਂਦਾ ਹਾਂ। ਇਹ ਅਵਾਰਡ ਵਾਲੇ ਸਾਰੇ ਪੈਸੇ ਨਾ ਖਰਚੀਂ। ਉਹ ਜ਼ਮੀਨ ਲੈਣੀ ਹੈ ਕਿਸ਼ਤਾਂ ਵਿਚ।
ਤੇ ਹੁਣ ਜਦੋਂ ਮੈਂ ਏਸ ਘਰ ਵਿਚ ਰਹਿੰਦੀ ਹਾਂ ਤਾਂ ਰੰਧਾਵਾ ਸਾਹਿਬ ਦੀ ਦੂਰ-ਅੰਦੇਸ਼ੀ ‘ਤੇ
ਹੈਰਾਨ ਹੋ ਜਾਂਦੀ ਹਾਂ। ਜਾਪਦਾ ਹੈ ਇਹਦੀ ਇੱਟ-ਇੱਟ ਉਤੇ ਰੰਧਾਵਾ ਸਾਹਿਬ ਦਾ ਕਰਮ ਖੁਣਿਆ
ਹੋਇਆ ਹੈ। ਏਥੇ ਗੁਲਾਬ ਦੀਆਂ ਪਹਿਲੀਆਂ ਕਲਮਾਂ ਰੰਧਾਵਾ ਸਾਹਿਬ ਨੇ ਹੀ ਲੁਆਈਆਂ ਸਨ।
ਕਰਤਾਰ ਸਿੰਘ ਦੁੱਗਲ ਨੇ ਦੱਸਿਆ: ਮੇਰੇ ‘ਤੇ ਕਮਿਊਨਿਸਟ ਹੋਣ ਦਾ ਸ਼ੱਕ ਹੋ ਗਿਆ। ਖੁਫ਼ੀਆ
ਪੁਲਿਸ ਮਗਰ ਲੱਗ ਗਈ। ਅਖੇ ਜਲੰਧਰ ਰੇਡੀਓ ਸਟੇਸ਼ਨ ਕਾਮਰੇਡਾਂ ਦਾ ਅੱਡਾ। ਦੇਸ਼ ਦੀ ਸੁਰੱਖਿਆ
ਲਈ ਖ਼ਤਰਾ! ਸਰਦਾਰ ਬਲਦੇਵ ਸਿੰਘ, ਪ੍ਰਤਾਪ ਸਿੰਘ ਕੈਰੋਂ, ਗਿਆਨੀ ਗੁਰਮੁਖ ਸਿੰਘ ਮੁਸਾਫਿਰ
ਤੇ ਸਵਰਨ ਸਿੰਘ ਦੀਆਂ ਮੇਰੇ ਲਈ ਕੀਤੀਆਂ ਸਿਫਾਰਸ਼ਾਂ ਰੱਦ ਹੋ ਗਈਆਂ। ਦਿੱਲੀ ਖੁਫ਼ੀਆ ਪੁਲਿਸ
ਦੇ ਡਾਇਰੈਕਟਰ ਨੂੰ ਡਾ. ਰੰਧਾਵਾ ਮਿਲੇ ਤੇ ਕਿਹਾ, ‘ਦੁੱਗਲ ਮੇਰਾ ਅਜ਼ੀਜ਼ ਦੋਸਤ ਹੈ। ਉਸ ਦੀ
ਪੂਰੀ ਜਿ਼ੰਮੇਵਾਰੀ ਮੈਂ ਲੈਂਦਾ ਹਾਂ।’ ਜੋ ਕੰਮ ਮਨਿਸਟਰ ਨਹੀਂ ਕਰ ਸਕੇ ਸਨ ਉਹ ਰੰਧਾਵਾ
ਸਾਹਿਬ ਦੀ ਇਕ ਮੁਲਾਕਾਤ ਨੇ ਕਰ ਦਿੱਤਾ। ਮੇਰੀ ਸਵੈਜੀਵਨੀ ‘ਕਿਸ ਪਹਿ ਖੋਲਉ ਗੰਠੜੀ’ ਰੰਧਾਵਾ
ਸਾਹਿਬ ਨੇ ਛਪਵਾਈ। ਉਨ੍ਹਾਂ ਨੂੰ ਪਾਠ ਕਰਦੇ ਜਾਂ ਗੁਰਦਵਾਰੇ ਜਾਂਦੇ ਮੈਂ ਨਹੀਂ ਕਦੀ ਵੇਖਿਆ,
ਪਰ ਇਹ ਵੀ ਸੱਚਾਈ ਹੈ ਕਿ ਉਨ੍ਹਾਂ ਨੇ ਮੈਨੂੰ ਨਾ ਕਦੀ ਪਾਠ ਕਰਨੋਂ ਟੋਕਿਆ, ਨਾ ਗੁਰਦਵਾਰੇ
ਜਾਣੋ ਵਰਜਿਆ। ਉਹ ਕਹਿੰਦੇ ਸੀ, ਦੇਸ਼ ਵਿਚ ਜਾਗਰਤੀ ਲਿਆਉਣ ਲਈ ਲਾਇਬ੍ਰੇਰੀਆਂ ਦੀ ਬੜੀ
ਜ਼ਰੂਰਤ ਹੈ। ਪੰਜਾਬ ਦੀ ਹਰੀ ਕ੍ਰਾਂਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੀ ਹੈ ਤੇ
ਯੂਨੀਵਰਸਿਟੀ ਡਾ. ਰੰਧਾਵਾ ਨਾਲ। ਪ੍ਰੋ. ਮੋਹਨ ਸਿੰਘ ਨੂੰ ਜਿਵੇਂ ਉਨ੍ਹਾਂ ਨੇ ਬੇਰੁਜ਼ਗਾਰੀ
ਦੇ ਨਰਕ ਵਿਚੋਂ ਕੱਢ ਕੇ ਮੁੜ ਪੈਰਾਂ ‘ਤੇ ਖੜ੍ਹਾ ਕੀਤਾ ਪੰਜਾਬੀ ਸਾਹਿਤ ਉਨ੍ਹਾਂ ਦਾ ਹਮੇਸ਼ਾ
ਰਿਣੀ ਰਹੇਗਾ। ਕਈ ਪੰਜਾਬੀ ਸਾਹਿਤਕਾਰ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਸਮੇਂ ਸਮੇਂ ਉਤਸ਼ਾਹਿਤ
ਕੀਤਾ।
ਖ਼ੁਸ਼ਵੰਤ ਸਿੰਘ ਦਾ ਕਹਿਣਾ ਹੈ: ਇਕ ਸ਼ਾਮ ਮੈਂ ਬੈਠਾ ਵਿਸਕੀ ਦੇ ਘੁੱਟ ਭਰ ਰਿਹਾ ਸਾਂ ਕਿ
ਇਕ ਬੰਦਾ ਬਿਨ-ਬੁਲਾਏ ਅਤੇ ਬਿਨਾਂ ਦੱਸੇ-ਪੁੱਛੇ ਕਮਰੇ ਵਿਚ ਆ ਗਿਆ। ਉਹ ਦਰਮਿਆਨੇ ਕੱਦ ਦਾ
ਸੀ, ਸਿਰ ਵਿਚ ਗੰਜ, ਜੁੱਸੇ ਦਾ ਭਰਵਾਂ, ਪਰ ਇੰਜ ਜਿਵੇਂ ਚਾਬਕ ਦਾ ਛਾਂਟਾ ਹੋਵੇ। ਆਉਂਦਿਆਂ
ਬੋਲਿਆ, “ਤੁਸੀਂ ਖੁਸ਼ਵੰਤ ਸਿੰਘ ਹੋ? ਮੇਰਾ ਨਾਂ ਰੰਧਾਵਾ ਹੈ, ਮੈਂ ਤੁਹਾਨੂੰ ਮਿਲਣ ਦਾ
ਚਾਹਵਾਨ ਹਾਂ ਅਤੇ ਤੁਹਾਡੀ ਮਿਤ੍ਰਤਾ ਚਾਹੁੰਦਾ ਹਾਂ।”
ਉਸ ਦੀਆਂ ਐਨਕਾਂ ਵਿਚੋਂ ਚਮਕ ਰਹੀ ਰੋਸ਼ਨੀ ਸੱਚਮੁਚ ਹੀ ਦੋਸਤੀ ਭਰੀ ਸੀ। “ਵਿਸਕੀ ਲਓਗੇ?”
“ਨਹੀਂ, ਸ਼ੁਕਰੀਆ, ਮੈਂ ਪੀਂਦਾ ਨਹੀਂ। ਮੈਂ ਤਾਂ ਉਂਜ ਹੀ ਜਾਣ ਪਛਾਣ ਕਰਨ ਆਇਆ ਹਾਂ।”
ਕੀ ਪੁੱਛਿਆ, ਪਰਮ ਵਿਅਕਤੀ? ਹਾਂ, ਪੰਜਾਬ ਜਿੰਨਾ ਇਸ ਬੰਦੇ ਦਾ ਰਿਣੀ ਹੈ, ਉਨਾ ਕਿਸੇ ਹੋਰ
ਪੰਜਾਬੀ ਦਾ ਨਹੀਂ। ਉਸ ਨੇ ਸੂਬੇ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰ ਦਿੱਤਾ ਅਤੇ ਉਸ ਦੀ ਰੂਹ
ਨੂੰ ਸੁਰਜੀਤ ਕੀਤਾ। ਜੇਕਰ ਮੈਨੂੰ ਕੋਈ ਕਹੇ ਕਿ ਮੈਂ ਆਪਣੇ ਜੀਵਨ ਦੀ ਸੈਂਚਰੀ ਵਿਚ ਕਿਸੇ ਇਕ
ਦਾ ਨਾਮ ਲਵਾਂ, ਜਿਹੜਾ ਸੱਚਮੁੱਚ ਅਨੋਖਾ ਤੇ ਅਭੁੱਲ ਸੀ ਤਾਂ ਮੈਂ ਬਿਨਾਂ ਝਿਜਕ
ਕਹਾਂਗਾ-ਮਹਿੰਦਰ ਸਿੰਘ ਰੰਧਾਵਾ।
ਪ੍ਰੋ. ਪ੍ਰੀਤਮ ਸਿੰਘ ਨੇ ਦੱਸਿਆ: ਉਹ ਸ਼ਾਮ ਨੂੰ ਬਾਕਾਇਦਾ ਸੈਰ ਉਤੇ ਨਿਕਲਿਆ ਕਰਦੇ ਸਨ।
ਸੈਰ ਵੇਲੇ ਉਨ੍ਹਾਂ ਦੀ ਸਦੀਵੀ ਸਾਥਣ ਉਨ੍ਹਾਂ ਦੀ ਸੋਟੀ ਹੋਇਆ ਕਰਦੀ ਸੀ। ਕਿਹਾ ਕਰਦੇ ਸਨ,
ਜੇ ਮੈਂ ਹੋਰ ਅਫਸਰਾਂ ਦੀ ਤਰ੍ਹਾਂ ਕਲਰਕਾਂ ਵਾਲੀ ਡਿਊਟੀ ਆਪ ਸਾਂਭੀ ਹੁੰਦੀ ਤਾਂ ਨਾ ਮੈਂ
ਕੋਈ ਕਿਤਾਬ ਲਿਖ ਸਕਦਾ ਤੇ ਨਾ ਲੋਕ-ਗੀਤ ਜਾਂ ਲੋਕ-ਕਹਾਣੀਆਂ ਇਕੱਠੀਆਂ ਕਰ ਸਕਦਾ। ਨਾ
ਕਾਂਗੜੇ ਦੇ ਚਿੱਤਰਾਂ ਜਾਂ ਪੇਂਡੂ ਦਸਤਕਾਰੀਆਂ ਦੀ ਪਛਾਣ ਤੇ ਸੰਭਾਲ ਲਈ ਸਮਾਂ ਕੱਢ ਸਕਦਾ।
ਆਪਣੀ ਸਾਇੰਸ ਵਾਲੀ ਖੋਜ ਜਾਂ ਮੌਲਿਕ ਰਚਨਾ ਤਾਂ ਸੀ ਹੀ ਦੂਰ ਦੀ ਗੱਲ। ਉਹ ਧਿਆਨੀ ਜਿਊੜਾ
ਸੀ। ਬੋਲਣ ਦੇ ਮਾਮਲੇ ਵਿਚ ਕਿਰਸੀ। ਕੋਈ ਨਸ਼ਾ ਨਹੀਂ ਸੀ ਕਰਦਾ। ਕਹਿੰਦਾ ਸੀ, ਕੰਮ ਦਾ ਆਪਣਾ
ਨਸ਼ਾ ਥੋੜ੍ਹੈ? ਰੰਧਾਵਾ ਸਾਹਿਬ ਨੇ ਸੰਕਲਨ ਤੇ ਸੰਪਾਦਨ ਦਾ ਸਾਰਾ ਕੰਮ ਆਪ ਨਹੀਂ ਕੀਤਾ,
ਹੋਰਨਾਂ ਪਾਸੋਂ ਵੀ ਕਰਵਾਇਆ। ਬੋਲਣ ਵਾਂਗ, ਲਿਖਣ ਵਿਚ ਵੀ ਰੰਧਾਵਾ ਸਾਹਿਬ ਸਿੱਧੇ ਤੇ ਸਾਦੇ
ਸਨ। ਉਨ੍ਹਾਂ ਦੀਆਂ ਪ੍ਰਾਪਤੀਆਂ ਵਿਚ ਦੋ ਜਰਬ ਦੋ ਬਰਾਬਰ ਚਾਰ ਵਾਲਾ ਧੜੱਲਾ ਤੇ ਜਲੌਅ ਸੀ।
ਗਾਰਗੀ ਨੇ ਲਿਖਿਆ: ਰੰਧਾਵਾ ਪੰਜਾਬੀ ਕਲਚਰ ਦਾ ਸ਼ਾਹਜਹਾਨ ਸੀ। ਉਸ ਨੂੰ ਕਲਾ ਭਵਨ, ਸਾਹਿਤਕ
ਕਿਲੇ ਤੇ ਕਲਚਰਲ ਇਮਾਰਤਾਂ ਉਸਾਰਨ ਦਾ ਜਨੂੰਨ ਸੀ। ਰੰਧਾਵਾ ਤਾਕਤ ਨੂੰ ਵੱਧ ਤੋਂ ਵੱਧ ਵਰਤਦਾ
ਸੀ। ਉਹ ਅਜਿਹਾ ਘੋੜਾ ਸੀ ਜੋ ਸਿਰਪੱਟ ਦੌੜਦਾ ਸੀ। ਉਹ ਆਖਦਾ ਸੀ, ਜਿ਼ੰਦਗੀ ਬਹੁਤ ਥੋੜ੍ਹੀ
ਹੈ। ਝੱਟ ਫੈਸਲਾ ਕਰ ਕੇ ਕੰਮ ਕਰਨਾ ਚਾਹੀਦਾ ਹੈ। ਇਸੇ ਲਈ ਮੈਂ ਤੁਰੰਤ ਆਰਡਰ ਦੇਂਦਾ ਹਾਂ।
ਉਸ ਦੇ ਮੂੰਹ ਤੋਂ ‘ਤੂੰ’ ਕਹਿਣਾ ਸਜਦਾ ਸੀ ਕਿਉਂਕਿ ਉਸ ਵਿਚ ਆਕੜ ਨਹੀਂ ਸੀ।
ਬੰਦੂਕ ਦਾ ਲਸੰਸ ਲੈਣ ਆਏ ਬੰਦੇ ਨੂੰ ਕਹਿੰਦਾ, “ਤੂੰ ਆਪਣੀ ਹਿਫ਼ਾਜ਼ਤ ਲਈ ਬੰਦੂਕ ਚਾਹੁੰਨੈਂ
ਤਾਂ ਆਰਟ ਦੀ ਹਿਫ਼ਾਜ਼ਤ ਲਈ ਚੰਦਾ ਦੇ।”
ਮੁਲਕ ਰਾਜ ਅਨੰਦ ਨੇ ਉਸ ਨੂੰ ਚਾਨਣ ਦਾ ਵਣਜਾਰਾ ਤੇ ਜਾਗ੍ਰਤੀ ਦਾ ਮਿਸ਼ਾਲਚੀ ਕਿਹਾ। ਕਿਹਾ
ਕਿ ਉਹਦੀਆਂ ਰਗਾਂ ਵਿਚ ਬਨਸਪਤੀ ਵਿਗਿਆਨ, ਖੇਤੀਬਾੜੀ ਤੇ ਖੇਤਾਂ ਦੀ ਵਿਰਾਸਤ ਦਾ ਖ਼ੂੰਨ
ਵਗਦਾ ਸੀ। ਜਿਸ ਹਰੇ ਇਨਕਲਾਬ ਦੀਆਂ ਭਾਰਤ ਹੁਣ ਡੀਂਗਾਂ ਮਾਰਦਾ ਹੈ ਇਸ ਦੀ ਨੀਂਹ ਐਮ ਐਸ
ਰੰਧਾਵਾ ਨੇ ਰੱਖੀ ਸੀ। ਰੰਧਾਵਾ ਨੇ ਪੰਜਾਬ ਦੇ ਕਲਾ ਪਾਰਖੂ ਨੌਜਵਾਨਾਂ ਦੀਆਂ ਤਿੰਨ
ਪੀੜ੍ਹੀਆਂ ਨੂੰ ਕਲਾ ਦੀ ਜਾਗ ਲਾਈ। ਉਸ ਦੇ ਜੀਵਨ ਦੀ ਦੇਣ ਤੇ ਪ੍ਰਾਪਤੀਆਂ ਸਦਾ ਨਵੀਆਂ
ਪੀੜ੍ਹੀਆਂ ਨੂੰ ਚਾਨਣ ਤੇ ਦਿਸ਼ਾ ਪ੍ਰਦਾਨ ਕਰਦੀਆਂ ਰਹਿਣਗੀਆਂ।
ਸੰਤ ਸਿੰਘ ਸੇਖੋਂ ਨੇ ਉਸ ਨੂੰ ਦੂਲਾ ਬਾਦਸ਼ਾਹ ਕਹਿੰਦਿਆਂ ਆਖਿਆ: ਕੌਣ ਰੰਧਾਵਾ ਬਣੇਗਾ ਉਸ
ਦੂਲੇ ਤੋਂ ਬਾਅਦ? ਉਸ ਨੇ ਹਰ ਕਿਸੇ ਦਾ ਕੁਝ ਨਾ ਕੁਝ ਸੰਵਾਰਿਆ।
ਗਿਆਨੀ ਗੁਰਦਿੱਤ ਸਿੰਘ ਦਾ ਕਥਨ: ਉਸ ਨੇ ਪੰਜਾਬੀਆਂ ਨੂੰ ਕੋਮਲ ਹੁਨਰਾਂ ਦੀ ਦੁਨੀਆ ਵਿਚ ਸਿਰ
ਉੱਚਾ ਚੁੱਕ ਕੇ ਤੁਰਨ ਦਾ ਬਲ ਬਖਸਿ਼ਆ।
ਗੁਲਜ਼ਾਰ ਸਿੰਘ ਸੰਧੂ ਨੇ ਲਿਖਿਆ: 1956 ਤੋਂ 86 ਤਕ ਮੈਂ ਰੰਧਾਵਾ ਸਾਹਿਬ ਨਾਲ ਵੱਖ-ਵੱਖ
ਸਥਿਤੀਆਂ ਵਿਚ ਕੰਮ ਕੀਤਾ। ਡਾ. ਰੰਧਾਵਾ ਦੇ ਹੱਥਾਂ ਦੀ ਛੁਹ ਪ੍ਰਤਾਪੀ ਸੀ। ਗੋਬਿੰਦਗੜ੍ਹ ਦੀ
ਸਭ ਤੋਂ ਗੰਦੀ ਥਾਂ ਨੂੰ ਫੁੱਲਾਂ ਦੀ ਪਾਰਕ ਵਿਚ ਬਦਲਣਾ, ਚੰਡੀਗੜ੍ਹ ਦਾ ਰੋਜ਼ ਗਾਰਡਨ, ਬਰਫ਼
ਲੱਦੀਆਂ ਪਹਾੜੀਆਂ ਦੀਆਂ ਤਸਵੀਰਾਂ ਖਿੱਚ ਕੇ ਸਾਂਭ-ਸੰਭਾਲ ਕਰਨਾ, ਕਾਂਗੜਾ ਤੇ ਬਸੌਲੀ ਦੇ
ਚਿੱਤਰਾਂ ਦਾ ਸੰਕਲਨ, ਸਮੁੱਚੇ ਭਾਰਤ ਦੀ ਖੇਤੀਬਾੜੀ ਦਾ ਇਤਿਹਾਸ ਚਾਰ ਜਿਲਦਾਂ ਵਿਚ ਲਿਖਣਾ,
ਭਾਰਤ ਦੇ ਸਿ਼ੰਗਾਰ ਬੂਟਿਆਂ ਦੇ ਮੂਲ ਤੇ ਵਿਕਾਸ ਦੀ ਖੋਜ, ਹਿਮਾਚਲ, ਹਰਿਆਣਾ ਤੇ ਕਾਂਗੜਾ ਦੇ
ਲੋਕ ਗੀਤਾਂ ਦੀ ਭਾਲ, ਬਹੁਤਾ ਕੰਮ ਲਿਖਤਾਂ ਦੁਆਰਾ ਕੀਤਾ। ਉਹ ਯੁੱਗ ਪੁਰਸ਼ ਸੀ।
ਧਰਤੀ ਦਾ ਧੌਲ ਡਾ. ਸਰਦਾਰਾ ਸਿੰਘ ਜੌਹਲ ਉਸ ਨੂੰ ਪ੍ਰਣਾਮ ਕਰਦਾ ਕਹਿੰਦਾ ਹੈ: ਪੰਜਾਬ ਦਾ
ਸਪੂਤ, ਸਾਰੀ ਉਮਰ ਪੰਜਾਬ ਦੀ ਮਿੱਟੀ ਤੇ ਪਾਣੀ ਦਾ ਦੇਣਾ ਦਿੰਦਾ ਰਿਹਾ। ਜਦ ਵੀ ਕਦੀ ਕੋਈ
ਪੰਜਾਬ ਦੀ ਖੇਤੀ ਦੇ ਵਿਕਾਸ ਦੀ ਗੱਲ ਕਰੇਗਾ ਜਾਂ ਪੰਜਾਬ ਦੇ ਹਿਤਾਂ ਦੀ ਗੱਲ ਕਰੇਗਾ,
ਰੰਧਾਵਾ ਸਾਹਿਬ ਦਾ ਯੋਗਦਾਨ ਉਭਰ ਕੇ ਸਾਹਮਣੇ ਆਵੇਗਾ। ਉਸ ਪੰਜਾਬੀ ਸਪੂਤ ਨੂੰ, ਮਹਾਨ ਆਤਮਾ
ਨੂੰ ਮੇਰਾ ਲੱਖ-ਲੱਖ ਪ੍ਰਣਾਮ!
-0- |