ਜਿਹੜੀ ਚੀਜ਼ ਤੁਰ ਜਾਵੇ,
ਮੁੱਕ ਜਾਵੇ, ਡੁੱਬ ਜਾਵੇ, ਖਤਮ ਹੋ ਜਾਵੇ ਉਸ ਦਾ ਜ਼ਿਕਰ ਨਹੀਂ ਮੁੱਕਦਾ ਅਤੇ ਉਸ ਦੀ ਹੋਂਦ ਵੀ
ਅਸੀਂ ਅਕਸਰ ਮਹਿਸੂਸ ਕਰਦੇ ਹਾਂ । ਬੀਤੇ ਹੋਏ ਚੰਗੇ ਪਲ ਅਸੀਂ ਕਦੀ ਵੀ ਨਹੀਂ ਭੁਲਦੇ, ਵੈਸੇ
ਵੀ ਭੂਤਕਾਲ ਜ਼ਿਆਦਾਤਰ ਚੰਗਾ ਲਗਦਾ ਹੈ, ਭਵਿੱਖ ਅਨਿਸ਼ਚਿਤ ਹੁੰਦਾ ਹੈ ਅਤੇ ਵਰਤਮਾਨ ਕਿਸੇ ਵੀ
ਯੁਗ ਵਿੱਚ ਕਿਸੇ ਨੂੂੰ ਵੀ ਚੰਗਾ ਨਹੀਂ ਲੱਗਾ ਅਤੇ ਉਹ ਭੂਤਕਾਲ, ਜਿਸ ਵਿਚ ਅਸੀਂ ਬਹਾਰਾਂ ਦੇ
ਨਜ਼ਾਰੇ, ਬਰਸਾਤਾਂ ਦੀ ਰਿਮ-ਝਿਮ, ਸਰਦੀਆਂ ਦੀਆਂ ਧੁੱਪਾਂ ਅਤੇ ਗਰਮੀਆਂ ਦੀਆਂ ਛਾਵਾਂ ਮਾਣੀਆਂ
ਹੋਣ, ਉਹਨਾਂ ਯਾਦਾਂ ਨੂੰ ਭੁਲਣਾ, ਉਹਨਾਂ ਪਲਾਂ ਨੂੰ ਸਾਂਭ ਕੇ ਨਾ ਰੱਖਣਾ, ਆਪਣੇ ਵਿਰਸੇ
ਨੂੰ ਭੁੱਲ ਜਾਣ ਵਰਗਾ ਹੋਵੇਗਾ । ਨਾਲੇ ਜਿਸ ਸੂਰਜ ਦੀ ਅਸੀਂ ਸਾਰਾ ਦਿਨ ਧੁੱਪ-ਰੌਸ਼ਨੀ ਮਾਣੀ
ਹੋਵੇ ਉਸ ਦੇ ਡੁੱਬ ਜਾਣ ਤੇ ਉਸ ਦੀ ਹੋਂਦ ਨੂੰ ਭੁੱਲ ਜਾਣਾ ਬਹੁਤ ਜ਼ਿਆਦਤੀ ਵਾਲੀ ਗੱਲ
ਹੋਵੇਗੀ ।
ਸਿਆਣੇ ਆਖਦੇ ਹਨ ਕਿ ਹਰ ਆਦਮੀ ਆਪਣਾ ਸੂਰਜ ਲੈ ਕੇ ਜੰਮਦਾ ਹੈ ਅਤੇ ਸਾਰੀ ਉਮਰ ਉਸ ਸੂਰਜ ਨਾਲ
ਨਿਭਦਾ ਹੈ ਅਤੇ ਉਸ ਸੂਰਜ ਦੀ ਲੋਅ ਉਸ ਮਨੁੱਖ ਦੇ ਦਿਮਾਗ ਨੂੰ ਰੁਸ਼ਨਾਉਂਦੀ ਹੈ, ਹਾਂ ਲੋਅ
ਘੱਟ-ਵੱਧ ਹੋ ਸਕਦੀ ਹੈ। ਇਸੇ ਲੋਅ ਨਾਲ ਆਦਮੀ ਆਪਣਾ ਚੌਗਿਰਦਾ, ਆਪਣਾ ਸਮਾਜ, ਆਪਣਾ ਪਰਿਵਾਰ
ਇਥੋਂ ਤੱਕ ਕਿ ਸਾਰੀ ਦੁਨੀਆਂ ਨੂੰ ਵੀ ਰੁਸ਼ਨਾਉਂਦਾ ਹੈ। ਤੇਜ਼ ਲੋਅ ਵਾਲੇ ਜ਼ਿਆਦਾ ਦੁਨੀਆਂ
ਵੇਖਦੇ ਹਨ, ਜ਼ਿਆਦਾ ਘੁੰਮਦੇ-ਫਿਰਦੇ ਹਨ, ਜ਼ਿਆਦਾ ਤਰੱਕੀ ਕਰਦੇ ਹਨ, ਮੁਕਾਬਲਤਨ ਘੱਟ ਲੋਅ
ਵਾਲਿਆਂ ਦੇ। ਘੱਟ ਲੋਅ ਵਾਲੇ ਸ਼ਹਿਰਾਂ ਨੂੰ ਨਰਕ ਬਣਾ ਦਿੰਦੇ ਹਨ ਅਤੇ ਜ਼ਿਆਦਾ ਲੋਅ ਵਾਲੇ
ਪਿੰਡਾਂ ਨੂੰ ਵੀ ਸਵਰਗ ਬਣਾ ਦਿੰਦੇ ਹਨ ।
ਇੱਕ ਵਕਤ ਸੀ ਜਦੋਂ ਪਿੰਡ ਸੱਚ-ਮੁੱਚ ਹੀ ਸਵਰਗ ਹੁੰਦੇ ਸਨ । ਪਿੰਡਾਂ ਦੇ ਪਿੱਪਲਾਂ ਤੇ
ਬੋਹੜਾਂ ਦੀ ਛਾਂ ਸਵਰਗ ਵਰਗੀ ਹੀ ਤਾਂ ਹੁੰਦੀ ਸੀ, ਜਿਥੇ ਬਜ਼ੁਰਗਾਂ ਨੇ ਬਾਰਾਂ ਟਾਹਣੀ,
ਚੌਪੜ-ਚਕਾਣਾ, ਤਾਸ਼ ਅਤੇ ਕਈਆਂ ਨੇ ਸ਼ਤਰੰਜ ਤੱਕ ਖੇਡਣੀ, ਬੱਚਿਆਂ ਨੇ ਪਿੱਠੂ, ਬਾਲ ਦੇਣੀ,
ਜੱਟ-ਬ੍ਰਾਹਮਣ, ਛੂਹਣ-ਛੁਪਾਈ, ਕਾਨਾ ਘੋੜੀ, ਗੁੱਲੀ-ਡੰਡਾ ਅਤੇ ਸ਼ਾਮ ਪੈਣ ‘ਤੇ ਖਿੱਦੋ ਖੂੰਡੀ
ਖੇਡਣੀ, ਬੱਚੀਆਂ ਨੇ ਛਟਾਪੂ, ਕੋਟਲਾ-ਛਪਾਕੀ ਅਤੇ ਗੀਟੀਆਂ ਖੇਡਣਾ, ਘਰ ਵਿੱਚ ਸਵਾਣੀਆਂ ਨੇ
ਚਾਦਰਾਂ ਕੱਢਣੀਆਂ, ਦਰੀਆਂ-ਨਾਲੇ ਬੁਣਨੇ ਅਤੇ ਮੁਟਿਆਰਾਂ ਨੇ ਤ੍ਰਿੰਝਣਾਂ ਚ ਬੈਠ ਕੇ ਚਰਖੇ
ਕੱਤਣਾ, ਸਾਰੇ ਪਿੰਡ ਦਾ ਮਾਹੌਲ ਖੁਸ਼ਗਵਾਰ ਹੁੰਦਾ, ਲੋਕ ਹੱਸਦੇ-ਖੇਡਦੇ ਅਤੇ ਪਿਆਰ ਵੰਡਦੇ
ਸਨ। ਪਿੰਡ ਦੇ ਮਰਦਾਂ ਅਤੇ ਬੱਚਿਆਂ ਦੀ ਦੁਪਹਿਰ ਬੋਹੜਾਂ-ਪਿੱਪਲਾਂ ਦੀ ਛਾਵੇਂ ਹੀ ਲੰਘਦੀ।
ਉਥੇ ਪਿੱਪਲਾਂ-ਬੋਹੜਾਂ ਦੇ ਤਣੇ ਚੌਫੇਰੇ ਥੜ੍ਹਾ ਬਣਿਆ ਹੁੰਦਾ ਜਾਂ ਇੱਕ ਦੋ ਵੱਡੇ ਤਖਤ ਪੋਸ਼
ਹੁੰਦੇ ਜਿਥੇ ਸਾਰੀ ਦੁਪਹਿਰ ਹਾਸੇ ਉੱਡਦੇ, ਤਾਸ਼, ਅਜੀਬ-ਅਜੀਬ ਸ਼ਰਤਾਂ ਲਾ ਕੇ ਖੇਡਦੇ ਅਤੇ
ਹਾਰ ਜਾਣ ਵਾਲਿਆਂ ਨੂੰ ਖਾਣ-ਪੀਣ ਦੀਆਂ ਸ਼ਰਤਾਂ ਤੋਂ ਇਲਾਵਾ ਲੱਤ ਥੱਲਿਉਂ ਲੰਘਣ ਤੱਕ ਦੀਆਂ
ਸ਼ਰਤਾਂ ਲੱਗਦੀਆਂ ।
ਪਿੰਡ ਵਿੱਚੋਂ ਦੀ ਕੋਈ ਰਾਹਗੀਰ ਫਤਿਹ ਬੁਲਾ ਕੇ ਨਾ ਲੰਘਦਾ ਤਾਂ ਉਸਦੇ ਕਿਰਦਾਰ ਨੂੰ ਸ਼ੱਕੀ
ਗਿਣਿਆਂ ਜਾਂਦਾ ਕਿ ਉਹ ਪਿੰਡ ਤੋਂ ਅੱਖ ਬਚਾ ਕੇ ਕਿਉਂ ਲੰਘਿਆ ਹੈ? ਪਰ ਇਹ ਬੋਹੜਾਂ ਤੇ
ਪਿੱਪਲਾਂ ਦੀਆਂ ਛਾਵਾਂ ਨੂੰ ਕੌਣ ਖਾ ਗਿਆ? ਸਿਆਣੇ ਅਜੇ ਤੱਕ ਵੀ ਸੋਚੀ ਜਾ ਰਹੇ ਹਨ ।
ਪਿੰਡ ਵਿੱਚ ਕਿਸੇ ਵੀ ਘਰ ਵਿਆਹ ਹੋਣਾ ਤਾਂ ਉਸ ਦਾ ਮਤਲਬ ਸੀ ਕਿ ਸਾਰੇ ਪਿੰਡ ਵਿੱਚ ਵਿਆਹ ਦਾ
ਮਾਹੌਲ ਬਣ ਜਾਣਾ, ਹਰ ਇਕ ਨੇ ਆਪਣਾ-ਆਪਣਾ ਕੰਮ ਸੰਭਾਲ ਲੈਣਾ, ਦੁੱਧ ਵੀ ਸਾਰੇ ਪਿੰਡ ‘ਚੋਂ
ਇਕੱਠਾ ਕਰਨਾ, ਬਿਸਤਰੇ ਮੰਜੇ ਵੀ ਸਾਰੇ ਪਿੰਡ ਵਿੱਚੋਂ ਇਕੱਠੇ ਕਰਨੇ, ਬਰਾਤ ਅਤੇ ਮੇਲ ਨੂੰ
ਸਾਂਭਣਾ ਵੀ ਸਾਰੇ ਪਿੰਡ ਦਾ ਸਾਂਝਾ ਕੰਮ ਹੁੰਦਾ ਸੀ । ਕੋਈ ਬੈਰ੍ਹੇ ਨਹੀਂ ਸਨ ਹੁੰਦੇ, ਕੋਈ
ਪੈਲਸ ਨਹੀਂ ਸੀ ਹੁੰਦੇ, ਜੰਝਾਂ ਵੀ ਦੋ-ਦੋ ਰਾਤਾਂ ਰਹਿੰਦੀਆਂ ਹੁੰਦੀਆਂ ਸਨ । ਹਰ ਪ੍ਰਾਹੁਣਾ
ਸਾਰੇ ਪਿੰਡ ਦਾ ਪ੍ਰਾਹੁਣਾ ਹੁੰਦਾ ਸੀ। ਕੋਈ ਗਾਉਣ-ਵਜਾਉਣ ਵਾਲਾ ਨਹੀਂ, ਕੋਈ ਸਭਿਆਚਾਰਕ
ਪ੍ਰੋਗਰਾਮ ਵਾਲੇ ਨਹੀਂ, ਬੱਸ ਤਵਿਆਂ ਵਾਲਾ ਵਾਜਾ ਜਾਂ ਵੱਧ ਤੋਂ ਵੱਧ ਭੰਡਾਂ ਨੇ ਆ ਕੇ
ਰੌਣਕਾਂ ਲਾਉਣੀਆਂ ।
ਕਿਧਰੇ ਕੋਈ ਮਰਗ ਹੋ ਜਾਣੀ ਤਾਂ ਸਾਰਾ ਪਿੰਡ ਸੋਗ ਵਿੱਚ ਡੁੱਬ ਜਾਣਾ, ਜੇ ਕੋਈ ਜਵਾਨ-ਜਹਾਨ
ਤੁਰ ਜਾਣਾ ਤਾਂ ਸਾਰੇ ਪਿੰਡ ਨੇ ਹੀ ਚੁੱਲ੍ਹੇ ਅੱਗ ਨਾ ਪਾਉਣੀ। ਇਕ ਪਰਿਵਾਰ ਦਾ ਦੁੱਖ ਸਾਰੇ
ਪਿੰਡ ਦਾ ਦੁੱਖ ਹੁੰਦਾ ਸੀ ਅਤੇ ਇੱਕ ਪਰਿਵਾਰ ਦੀ ਖੁਸ਼ੀ ਨਾਲ ਸਾਰਾ ਪਿੰਡ ਖੀਵਾ ਹੋ ਜਾਂਦਾ
ਸੀ । ਪਹਿਲਾਂ ਕਿਸੇ ਦੇ ਮਰਨ ਬਾਅਦ 17ਵੀਂ ਤੇ ਕਿਰਿਆ ਜਾਂ ਭੋਗ ਪਾਏ ਜਾਂਦੇ ਸਨ, ਫਿਰ
ਦਸਵੇਂ ਤੇ ਹੋਏ ਅਤੇ ਹੁਣ ਕੁੱਝ ਵੀ ਕਹਿਣ ਲਈ ਬਾਕੀ ਨਹੀਂ ਹੈ, ਫੁੱਲ ਚੁਗਣ ‘ਤੇ ਹੀ ਅਖੰਡ
ਪਾਠ ਰੱਖ ਦਿੰਦੇ ਹਨ ਤੇ ਫਿਰ ਭੋਗ ਤੇ ਸਭ ਕੁਝ ਖਤਮ, ਸਭ ਆਪਣੇ-ਆਪਣੇ ਰਾਹ ।
ਵਿਆਹਵਾਂ ਦਾ ਵੀ ਇਹੀ ਹਾਲ ਹੈ। ਪਹਿਲਾਂ ਕਈ-ਕਈ ਰਾਤ ਜੰਝਾਂ ਰਹਿੰਦੀਆਂ ਸਨ, ਫਿਰ ਇਕ ਰਾਤ
ਰਹਿਣ ਲਗ ਪਈਆਂ, ਫਿਰ ਸਾ-ਦਿਨ ਅਤੇ ਹੁਣ ਬਾਰਾਂ ਇੱਕ ਵਜੇ ਪੈਲਸ ਪਹੁੰਚਦੇ ਹਨ, ਸਭ ਕੁਝ
ਦੌੜ-ਭੱਜ ਕਰਕੇ ਚਾਰ ਵਜੇ ਤੱਕ ਸਭ ਕੁਝ ਖਤਮ, ਨਾ ਕੋਈ ਲਾਵਾਂ ‘ਤੇ ਜਾਂਦਾ ਹੈ ਨਾ ਕੋਈ
ਮੁੰਡੇ-ਕੁੜੀ ਨੂੰ ਸਿੱਖਿਆ ਸੰਦੇਸ਼, ਰੋਟੀ-ਪਾਣੀ ਖਾਣਾ, ਗਾਉਣ-ਵਜਾਉਣ ਸੁਣਨਾ, ਸ਼ਗਨ ਵਾਲਾ
ਲਿਫਾਫਾ ਦੇਣਾ ਤੇ ਬੱਸ ਸਭ ਆਪੋ-ਆਪਣੀ ਘਰੀਂ ਪਿੰਡ ਵਿਚ ਤਾਂ ਵਿਆਹ ਵਾਲੇ ਘਰ ਦਾ ਪਤਾ ਵੀ
ਨਹੀਂ ਲਗਦਾ, ਹਾਂ ਸ਼ਹਿਰ ਵਿੱਚ ਇੱਕ-ਦੋ ਦਿਨ ਤੱਕ ਲਾਈਟਾਂ ਵਗੈਰਾ ਲੱਗਣ ਤੇ ਵਿਆਹ ਵਾਲਾ ਘਰ
ਲੱਗਦਾ ਹੈ, ਪਤਾ ਨਹੀਂ ਲੋਕਾਂ ਨੂੰ ਏਨੀ ਕਾਹਲ ਕਾਹਦੀ ਪੈ ਗਈ ਹੈ ?
ਪਤਾ ਨਹੀਂ ਕੀ ਬਿੱਲੀ ਨਿੱਛ ਗਈ ਆ, ਸਾਡੇ ਸੁਭਾਅ ਨੂੰ, ਸਾਡੇ ਕਿਰਦਾਰ ਨੂੰ, ਸਾਡੀ ਜ਼ਮੀਰ
ਨੂੰ ਤੇ ਸਾਡੇ ਵਿਚਾਰਾਂ ਨੂੂੰ, ਜਿਵੇਂ ਕਿਸੇ ਦੀ ਨਜ਼ਰ ਲਗ ਗਈ ਹੋਵੇ, ਅਸੀਂ ਸਾਰਾ ਕਸੂਰ
ਅੰਗਰੇਜ਼ਾਂ ਦੇ ਸਿਰ ਨਹੀਂ ਮੜ੍ਹ ਸਕਦੇ, ਉਹਨਾਂ ਧਾਰਮਿਕ ਮਦਰੱਸਿਆਂ ਅਤੇ ਪਾਠਸ਼ਾਲਾਵਾਂ ਦੀ
ਥਾਂ ਸਕੂਲ ਖੋਲ੍ਹੇ, ਉਹਨਾਂ ਸੜਕਾਂ-ਰੇਲਾਂ ਦੇ ਜਾਲ ਵਿਛਾਏ, ਦੇਸ਼ ਨੂੰ ਤਰੱਕੀ ਦੇ ਕਈ ਰਾਹ
ਵਿਖਾਏ, ਅਸੀਂ ਕੁਝ ਰਾਹ ਵੀ ਪਏ, ਕੁਝ ਤਰੱਕੀ ਵੀ ਕੀਤੀ, ਕੁਝ ਪੜ੍ਹੇ ਵੀ, ਪਰ ਫੇਰ? ਫੇਰ
ਜਿਵੇਂ ਡਾਕਟਰ ਲੋਕ ਆਖਦੇ ਹਨ ਕਿ ਕਮਜ਼ੋਰ ਆਦਮੀ ਨੂੰ ਤਾਕਤ ਵਾਲਾ ਟੀਕਾ ਲਾ ਦਈਏ, ਜਾਂ ਤੇਜ਼
ਗੁਲੂਕੋਜ ਚੜ੍ਹਾ ਦਈਏ ਤਾਂ ਉਹ ਮਰ ਜਾਂਦਾ ਏ। ਅੰਗਰੇਜ਼ਾਂ ਦੇ ਦੱਸੇ ਰਾਹ ‘ਤੇ ਚਲ ਕੇ ਅਸੀਂ
ਮਰੇ ਤਾਂ ਨਹੀਂ ਪਰ ਸਾਡੀ ਜ਼ਮੀਰ ਮਰ ਗਈ। ਅਸੀਂ ਅੰਗਰੇਜ਼ਾਂ ਦੀਆਂ ਚੰਗੀਆਂ ਗੱਲਾਂ ਛਡ
ਦਿਤੀਆਂ, ਉਹਨਾਂ ਵਲੋਂ ਚਲਾਏ ਕੁਝ ਮਾੜੇ ਰਾਹ ਅਸੀਂ ਬੜੇ ਜ਼ੋਰਾਂ-ਸ਼ੋਰਾਂ ਨਾਲ ਮੱਲ ਲਏ। ਜਿਸ
ਪੜ੍ਹਾਈ ਨੇ ਸਾਨੂੰ ਅਕਲ-ਮੰਦ ਅਤੇ ਸਿਆਣੇ ਬਣਾਉਣਾ ਸੀ, ਉਸ ਨੇ ਸਾਨੂੰ ਮਤਲਬੀ-ਸਵਾਰਥੀ ਅਤੇ
ਖੁਦਗਰਜ਼ ਬਣਾ ਦਿਤਾ। ਪਤਾ ਨਹੀਂ ਕਿਉ ਜਿਵੇਂ-ਜਿਵੇਂ ਅਸੀਂ ਪੜ੍ਹਦੇ ਗਏ ਅਸੀਂ ਦੇਸ਼ ਦੀ ਤਰੱਕੀ
ਵਿਚ ਨਹੀਂ ਜੁੱਟੇ, ਅਸੀਂ ਆਪਣੀ ਤਰੱਕੀ ਵਿੱਚ ਜੁੱਟ ਗਏ, ਅਸੀਂ ਸਰਬੱਤ ਦਾ ਭਲਾ ਮੰਗਣ ਦੀ
ਥਾਂ, ਆਪਣਾ ਭਲਾ ਮੰਗਣ ਲੱਗ ਪਏ । ਰਾਜ ਕਰਦਿਆਂ ਜਿਹੜੇ ਰੁਤਬੇ ਅਸਾਂ ਲੋਕਾਂ ਨੂੰ ਵੰਡਣੇ
ਸਨ, ਉਹ ਅਸੀਂ ਘਰਦਿਆਂ ਵਿਚ ਵੰਡਣ ਲਗ ਪਏ, ਪੜ੍ਹਾਈ ਨੇ ਸਾਨੂੰ ਇਕ ਕਰਨਾ ਸੀ, ਅਸੀ
ਖੇਰੂੰ-ਖੇਰੂੰ ਹੋ ਗਏ, ਅੱਡ-ਅੱਡ ਜਾਤਾਂ ਦੇ ਅਲੱਗ-ਅਲੱਗ ਗੁਰਦੁਆਰੇ ਹੋ ਗਏ, ਅਲੱਗ-ਅਲੱਗ
ਮੰਦਰ ਹੋ ਗਏ, ਅਲੱਗ-ਅਲੱਗ ਚਰਚ ਹੋ ਗਏ । ਇਹ ਗਲ ਸਮਝਦਾਰ ਲੋਕਾਂ ਦੇ ਵੀ ਸਮਝ ਨਹੀਂ ਆਈ ਕਿ
ਸਾਨੂੰ ਪੜ੍ਹਾਈ ਨੇ ਵੰਡਿਆ, ਧਰਮ ਨੇ ਵੰਡਿਆ ਜਾਂ ਰਾਜਨੀਤੀ ਨੇ ਵੰਡਿਆ ਹੈ?
ਕਈ ਤਾਂ ਅਜੇ ਵੀ ਦੇਸ਼ ਨੂੰ ਆਜ਼ਾਦ ਹੋਇਆ ਨਹੀਂ ਮੰਨਦੇ, ਸਿਰਫ ਰਾਜੇ ਬਦਲੇ ਹਨ, ਉਹ ਵੀ ਵਧੀਆ
ਦੀ ਥਾਂ ਘਟੀਆ ਆ ਗਏ । ਸਿਆਣੇ ਲੋਕਾਂ ਨੇ ਤਾਂ ਉਦੋਂ ਵੀ ਇਸ ਨੂੰ ਅਜਾਦੀ ਨਹੀਂ “ਦੇਸ਼ ਦੀ
ਵੰਡ” ਦਾ ਨਾਂ ਦਿਤਾ ਸੀ ਜਾਂ ”ਸੰਤਾਲੀ ਦੇ ਰੌਲਿਆਂ” ਦਾ, ਕਹਿਣ ਵਾਲੇ ਤਾਂ ਇਹ ਵੀ ਕਹਿੰਦੇ
ਹਨ ਕਿ ਜਦੋਂ ਦੇ ਸਾਡੇ ਪੰਜ ਦਰਿਆ ਵੰਡੇ ਗਏ ਹਨ, ਉਦੋਂ ਦਾ ਸਾਡਾ ਮੁਕੱਦਰ ਵੀ ਵੰਡਿਆ ਗਿਆ
ਅਤੇ ਸਾਡਾ ਵਜੂਦ ਵੀ ਵੰਡਿਆ ਗਿਆ ਨਾ ਹੀ ਅੱਜ ਪਿਆਰ ਬਾਕੀ ਏ, ਨਾ ਹੀ ਕਿਸੇ ਦਾ ਸਤਿਕਾਰ
ਬਾਕੀ ਏ, ਬਸ ਅਮੀਰ ਹੋਣ ਦੀ, ਰੁਤਬੇ ਹਾਸਲ ਕਰਨ ਦੀ ਅੰਨ੍ਹੀ ਦੌੜ ਬਾਕੀ ਏ ।
ਪਹਿਲਾਂ ਜ਼ਮੀਨਾਂ ਏਨੀਆਂ ਉਪਜਾਊ ਨਹੀਂ ਸਨ ਹੁੰਦੀਆਂ। ਜ਼ਿੰਮੀਦਾਰਾਂ ਦਾ ਮਰ ਕੇ ਗੁਜ਼ਾਰਾ
ਹੁੰਦਾ ਸੀ ਪਰ ਜੋ ਜ਼ਿੰਮੀਦਾਰਾਂ ‘ਤੇ ਨਿਰਭਰ ਹੁੰਦੇ ਸਨ, ਉਹ ਰੱਜ ਕੇ ਗੁਜ਼ਾਰਾ ਕਰਦੇ ਸਨ।
ਉਹਨਾਂ ਬਾਰੇ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ । ਪਰ ਲੋਕ ਖੁਸ਼ ਸਨ। ਭਰਪੂਰ ਜੁੱਸੇ ਦੇ ਮਾਲਕ
ਹੁੰਦੇ ਸਨ, ਲੋਕ ਦੁੱਧ, ਘਿਉ, ਮੱਖਣ ਖੂਬ ਖਾਂਦੇ ਸਨ (ਅੱਜ ਵਾਂਗ ਨਹੀਂ ਘੱਟ ਮਿੱਠੇ ਵਾਲੀ
ਚਾਹ ਤੇ ਘੱਟ ਲੂਣ ਵਾਲੀਆਂ ਸਬਜ਼ੀਆਂ) ਘੋਲ ਹੋਣੇ, ਛਿੰਝਾਂ ਪੈਣੀਆਂ, ਲੋਕਾਂ ਨੇ ਬੁੱਗਦਰ
ਚੁਕਣੇ, ਮੂੰਗਲੀਆਂ ਫੇਰਨੀਆਂ, ਪੱਥਰਾਂ ਦੇ ਬਾਲੇ ਕੱਢਣੇ, ਭੰਗੜੇ ਕਬੱਡੀਆਂ ਅੱਜ ਵਾਂਗ
ਕਾਗਤੀ ਨਹੀਂ ਸਨ ਹੁੰਦੀਆਂ ਪੁਰੇ ਜੁੱਸੇ ਅਤੇ ਤਾਕਤ ਦਾ ਮੁਜ਼ਾਹਰਾ ਹੁੰਦਾ ਸੀ । ਫੇਰ ਜਿਵੇਂ
ਜਿਵੇਂ ਖਾਦਾਂ ਆਈਆਂ, ਨਵੇਂ ਨਵੇਂ ਬੀਜ ਆਏ, ਪੈਦਾਵਾਰਾਂ ਵਧੀਆਂ, ਲੋਕ ਪੜ੍ਹ ਕੇ ਨੌਕਰੀਆਂ
ਕਰਨ ਲੱਗ ਪਏ, ਵਿਦੇਸ਼ਾਂ ਵਿੱਚ ਜਾਣ ਲੱਗੇ, ਗੱਲ ਕੀ ਲੋਕ ਹਰ ਹੀਲਾ-ਵਸੀਲਾ ਵਰਤ ਕੇ ਅਮੀਰ
ਹੋਣ ਲੱਗੇ, ਮਾਇਆਧਾਰੀ ਹੋਣ ਲੱਗੇ । ਆਦਮ ਤੇ ਹੱਵਾ ਦੇ ਸੇਬ ਖਾਣ ਵਾਂਗ ਸਾਡੇ ਲੋਕਾਂ ਨੂੰ
ਇਸ ਅਮੀਰੀ ਦਾ, ਮਾਇਆ ਦਾ ਇਸ ਤਰ੍ਹਾਂ ਦਾ ਟੀਕਾ ਲੱਗਾ ਕਿ ਸਾਂਝੀਵਾਲਤਾ, ਇਕ ਦੂਸਰੇ ਦੇ
ਦੁੱਖ ਸੁਖ ਵਿਚ ਸ਼ਾਮਿਲ ਹੋਣਾ, ਸਾਰੇ ਪਿੰਡ ਦੇ ਦੁੱਖ ਨੂੂੰ ਆਪਣਾ ਦੁੱਖ ਸਮਝਣਾ, ਇਕ ਦੂਸਰੇ
ਦੀ ਦੀਦ ਕਰਨੀ, ਇਕ ਦੂਸਰੇ ਨਾਲ ਹਮਦਰਦੀ ਕਰਨੀ ਸਭ ਖੰਭ ਲਾ ਕੇ ਉੱਡ ਗਏ । ਅੱਜ ਅਮੀਰ ਹੋਰ
ਅਮੀਰ ਹੁੰਦੇ ਜਾ ਰਹੇ ਹਨ ਅਤੇ ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਹਨ। ਬਸ ਸਮਾਜ ਇਹਨਾਂ
ਦੋਹਾਂ ਜਾਤਾਂ ਵਿਚ ਵੰਡਿਆ ਗਿਆ ਹੈ। ਪਰ ਸਭ ਤੋਂ ਵੱਡੀ ਤਰਾਸਦੀ ਇਹ ਹੈ ਅਮੀਰ-ਅਮੀਰ ਦੇ ਅਤੇ
ਗਰੀਬ-ਗਰੀਬ ਦੇ ਵੀ ਕੰਮ ਨਹੀਂ ਆ ਰਹੇ, ਜਿਵੇਂ ਸਾਡੇ ਸਰੀਰ ਤੇ ਚਮੜੀ ਦੀ ਥਾਂ ਸ਼ੀਸ਼ੇ ਦਾ ਕਵਚ
ਚੜ੍ਹ ਗਿਆ ਹੋਵੇ ਕਿ ਜੇ ਅਸੀਂ ਇਕ ਦੂਸਰੇ ਦੇ ਕਰੀਬ ਚਲੇ ਗਏ ਤਾਂ ਟੁੱਟ ਕੇ ਚੂਰ ਹੋ
ਜਾਵਾਂਗੇ ।
ਇਕ ਜ਼ਮਾਨਾ ਸੀ ਕਿ ਪਿੰਡਾਂ ਦੇ ਫੈਸਲੇ ਪਿੰਡਾਂ ਵਿਚ ਹੀ ਹੁੰਦੇ ਸਨ। ਕੁਝ ਗਿਣੇ-ਚੁਣੇ ਸਿਆਣੇ
ਲੋਕ ਹੋਣੇ, ਉਹਨਾਂ ਪਿੰਡ ਦਾ ਹਰ ਤਰ੍ਹਾਂ ਦਾ ਨਿੱਕਾ-ਵੱਡਾ ਫੈਸਲਾ ਕਰ ਦੇਣਾ ਅਤੇ ਸਾਰੇ
ਪਿੰਡ ਨੂੰ ਉਹ ਫੈਸਲਾ ਮਨਜ਼ੂਰ ਹੋਣਾ ਅਤੇ ਫੇਰ, ਪੰਚਾਇਤਾਂ ਹੋਂਦ ਵਿਚ ਆਈਆਂ ਪਿੰਡਾ ਦੇ
ਫੈਸਲੇ ਕਰਨ ਲਈ । ਪਰ ਹੋਇਆ ਫੇਰ ਇਸ ਦੇ ਉਲਟ, ਫੈਸਲੇ ਪੰਚਾਇਤਾਂ ‘ਚ ਹੋਣ ਦੀ ਥਾਂ ਥਾਣਿਆਂ
ਵਿਚ ਚਲੇ ਗਏ, ਜਿੰਨਾ ਪਿੰਡ ਵਿਚ ਕਦੀ ਕਿਸੇ ਨੇ ਥਾਣੇ-ਕਚਹਿਰੀ ਨਹੀਂ ਸੀ ਵੇਖੀ ਉਹ ਸਾਰਾ
ਪਿੰਡ ਹੀ ਥਾਣੇ ਕਚਹਿਰੀ ਦੇ ਚੱਕਰਾਂ ਵਿੱਚ ਪੈ ਗਿਆ। ਪਿੰਡਾਂ ਦਾ ਸਕੂਨ ਗਵਾਚ ਗਿਆ। ਸਾਰਾ
ਪਿੰਡ ਵੰਡਿਆ ਗਿਆ। ਇਕ ਧੜਾ ਜਿੱਤੇ ਸਰਪੰਚ ਦਾ, ਇਕ ਧੜਾ ਹਾਰੇ ਸਰਪੰਚ ਦਾ ਅਤੇ ਬਾਕੀ ਧੜੇ
ਮੈਬਰਾਂ ਦੇ । ਪੰਚਾਇਤੀ ਰਾਜ ਦਾ ਸੁਪਨਾ ਬੁਣਨ ਵਾਲਿਆਂ ਨੇ ਹੀ ਪੰਚਾਇਤੀ ਰਾਜ ਨੂੰ ਫਨਾਹ ਕਰ
ਦਿਤਾ । ਜਿਵੇਂ ਕਹਿੰਦੇ ਹਨ ਕਿ ਇਕ ਬੇੜੀ ਵਿਚ ਪੰਜ-ਸੱਤ ਸਿਆਣੇ ਬੈਠ ਗਏ ਸੀ ਅਤੇ ਉਹਨਾਂ
ਆਪਣੀ-ਆਪਣੀ ਸਿਆਣਪ ਵਰਤਦਿਆਂ ਬੇੜੀ ਡੋਬ ਲਈ ਸੀ। ਅੱਜ ਉਹੀ ਬੇੜੀ ਵਾਲਾ ਹਾਲ ਸਾਡੇ ਪਿੰਡਾਂ
ਦਾ ਹੈ। ਜਿਥੇ ਸਾਰੇ ਹੀ ਆਪਣੇ ਆਪ ਨੂੰ ਸਿਆਣਾ ਸਮਝਦੇ ਹਨ।
ਪਿੰਡਾਂ ਵਿੱਚ ਅੱਜ ਸਭ ਕੁਝ ਬਦਲ ਗਿਆ ਹੈ, ਅੱਜ ਸਾਡਾ ਸਭ ਤੋਂ ਵੱਡਾ ਦੁੱਖ ਹੀ ਇਹ ਹੈ ਕਿ
ਸਾਡਾ ਗਵਾਂਢੀ ਕਿਉਂ ਸੁਖੀ ਹੈ । ਅਸੀਂ ਆਪਣੀ ਤਰੱਕੀ ਬਾਰੇ ਉਨਾਂ ਨਹੀਂ ਸੋਚਦੇ ਜਿਨਾਂ ਅਸੀਂ
ਦੂਸਰੇ ਨੂੰ ਠਿੱਬੀ ਲਾਉਣ ਬਾਰੇ ਸੋਚਦੇ ਹਾਂ। ਸਮਾਜਕ ਤੌਰ ‘ਤੇ ਨੈਤਿਕ ਤੌਰ ‘ਤੇ ਅਸੀਂ
ਤਰੱਕੀ ਕਰਨ ਦੀ ਥਾਂ, ਉਪਰ ਉੱਠਣ ਦੀ ਥਾਂ ਦਿਨੋਂ ਦਿਨ ਗਰਕਦੇ ਹੀ ਜਾ ਰਹੇ ਹਾਂ ਆਪਣਾ ਇਕ
ਰੁਪਿਆ ਬਚਾਉਣ ਲਈ ਅਸੀਂ ਕਿਸੇ ਦਾ ਵੱਡੇ ਤੋਂ ਵੱਡਾ ਨੁਕਸਾਨ ਕਰਨ ਤੋਂ ਨਹੀਂ ਝਿਜਕਦੇ, ਸਮਾਜ
ਵਿਚ ਅੱਜ ਇਮਾਨਦਾਰ ਉਹ ਹੈ ਜਿਸ ਦਾ ਦਾਅ ਨਹੀਂ ਲੱਗਦਾ, ਜਿਸ ਵਿਚ ਪਹੁੰਚ ਨਹੀਂ ਹੈ । ਅੱਜ
ਕਿਥੇ ਹੈ ਸਾਡੇ ਅੰਦਰ ਮੱਘਦਾ ਸੂਰਜ, ਅੱਜ ਕਿਥੇ ਹਨ ਉਹ ਪਿੰਡ ਦੇ ਗੂੰਜਦੇ ਹਾਸੇ,
ਗਿੜਗਿੱਲੀਆਂ, ਕਿਲਕਾਰੀਆਂ, ਤ੍ਰਿੰਝਣ, ਨਿੱਕੀਆਂ-ਨਿੱਕੀਆਂ ਖੇਡਾਂ, ਪਿੰਡ ਦੀਆਂ ਸਾਂਝਾ ।
ਕੌਣ ਨਿਗਲ ਗਿਆ ਹੈ ਸਾਡੇ ਹਿੱਸੇ ਦਾ ਸੂਰਜ? ਸੂਰਜ ਤਾਂ ਡੁਬ ਕੇ ਵੀ ਚੰਦ-ਤਾਰਿਆਂ ਨੂੰ
ਰੁਸ਼ਨਾਅ ਦੇਂਦਾ ਹੈ । ਪਰ ਸਾਡੀ ਇਸ ਹਨੇਰੀ ਸੁਰੰਗ ਦੀ ਲੰਬਾਈ ਕਿੰਨੀ ਕੁ ਹੈ?
ਅੰਕੁਰ ਪ੍ਰੈਸ,
ਸਮਾਧ ਰੋਡ, ਬਟਾਲਾ
9814245911
-0-
|