(1) ਰਿਸ਼ਤਾ
..........................
ਮੈਂ ਧਰਤੀ ‘ਤੇ ਰਹਿੰਦਾ ਹਾਂ
ਤੇ ਉਹ ਅੰਬਰ ਵਿਚ ਵਸਦੀ ਹੈ
ਮੈਂ ਲੋਕਾਂ ਦੇ ਦੁੱਖ ਦਾ ਦਾਰੂ
ਪੁੱਛਦਾ ਹਾਂ
ਪਰ ਉਹ ਸਿਰਨਾਵਾਂ
ਪੌਣਾਂ ਦਾ ਹੀ ਦੱਸਦੀ ਹੈ
ਬੜਾ ਵਿਚਿੱਤਰ ਰਿਸ਼ਤਾ ਹੈ!
ਆਪਸ ਵਿਚ ਸਾਡਾ
ਉਹਦੀ ਸੋਚ ‘ਤੇ ਮੈਂ ਹੱਸਦਾ ਹਾਂ
ਮੇਰੀ ਸੋਚ ‘ਤੇ ਉਹ ਹੱਸਦੀ ਹੈ ।
................................................................................
(2) ਕਲਾ
......................
ਕਲਾ ਸਾਡੇ ਲਈ
ਸ਼ਬਦਾਂ ਦੀ ਨਿਰੀ ਖੇਡ ਨਹੀਂ ਹੁੰਦੀ
ਅਸਾਡੇ ਲਈ
ਕੋਈ ਵੀ ਸ਼ਬਦ
ਨਿਰਾ ਸ਼ਬਦ ਨਹੀਂ ਹੁੰਦਾ
ਨਿਰਾਰਥ ਚਿੰਨ੍ਹ ਨਹੀਂ ਹੁੰਦਾ
ਸ਼ਬਦ ਪਿੱਛੇ ਬੜਾ ਹੀ
ਠੋਸ,ਨਿੱਗਰ, ਬੱਝਵਾਂ
ਇਤਿਹਾਸ ਹੁੰਦਾ ਹੈ
ਘਣਾ ਇਹਸਾਸ ਹੁੰਦਾ ਹੈ
ਅਸੀਂ ਹਕੂਮਤਾਂ ਦੇ
ਸ਼ਬਦ ਜਾਲ ਵਿਚ ਨਹੀਂ ਫੱਸਦੇ
ਤੇ ਭੇਡਾਂ ਵਾਂਗ
ਕਦੀ ਵੀ ਉਹਨਾਂ ਦੇ ਮਗਰ ਨਹੀਂ ਭੱਜਦੇ
ਅਸੀਂ ਵਿਦਰੋਹ ਕਰਦੇ ਹਾਂ
ਨਵੇਂ ਰਸਤੇ ਬਣਾਉਂਦੇ ਹਾਂ
ਨਵਾਂ ਇਤਿਹਾਸ ਸਿਰਜਣ ਵਿਚ
ਅਸੀਂ ਵਿਸ਼ਵਾਸ ਰਖਦੇ ਹਾਂ
ਅਤੇ ਵਿਸ਼ਵਾਸ ਖ਼ਾਤਰ
ਜਾਨ ਉੱਤੇ ਖੇਡ ਜਾਂਦੇ ਹਾਂ
ਕਲਾ ਸਾਡੇ ਲਈ
ਸ਼ਬਦਾਂ ਦੀ ਨਿਰੀ ਖੇਡ ਨਹੀਂ ਹੁੰਦੀ ।
...................................................................................
(3) ਕਲਾ ਦੀ ਘਾਟ
........................................
ਕਲਾ ਦੀ ਘਾਟ ਦੇ
ਇਲਜਾਮ ਦਾ
ਕੋਈ ਫ਼ਿਕਰ ਨਹੀਂ ਮੈਂਨੂੰ
ਦੁਨੀ ਦੇ ਦਰਦ ਤੋਂ
ਬੇਫ਼ਿਕਰ ਹੋ ਕੇ
ਮੈਂ
ਕਦੀ ਵੀ ਜੀਅ ਨਹੀਂ ਸਕਦਾ ।
.................................................................
(ਛਪ ਰਹੀ ਪੁਸਤਕ ”ਕਲਾ ਦੀ ਘਾਟ” ਵਿਚੋਂ)
-0- |