ਲੋਕਾਂ ਦੀ ਪਾਲ਼
ਕਿਸੇ ‘ਸ਼ਾਂਤੀ ਸਥਲ’ ਤੋਂ
ਜਾਂ ‘ਜੰਤਰ-ਮੰਤਰ’ ਚੋਂ ਨਹੀਂ ਉੱਠਣੀ!
ਟੀ.ਵੀ ਦੀ ਸਕਰੀਨ ਚੋਂ ਦਿਸਦੀ
ਭਾੜੇ ਦੀ ਭੀੜ ‘ਰਾਮ ਲੀਲਾ’ ਮੈਦਾਨ ਦੀ
ਮਹਿਜ਼ ਅੱਖੀਂ ਘੱਟਾ ਪਾਵੇਗੀ
ਕਰਕੇ ਹੋਰ ‘ਕੂੜ-ਪਾਸਾਰਾ’
ਉੱਠ ਜਾਵੇਗੀ।
ਅਸਲੀ ਲੋਕ ਤਾਂ ਉਠਣਗੇ
ਫਾਕੇ ਕੱਟਦੇ ਵਿਹੜਿਆਂ ਚੋਂ
ਕਰਜ਼ੇ ਨਾਲ ਲੰਗਾਰੇ ਖੇਤਾਂ ਦੇ ਤਰੇੜਿਆਂ ਚੋਂ
ਫੌਂਡਰੀਆਂ ‘ਚ ਦਗ਼ਦੇ
ਲੋਹੇ ਵਰਗੇ ਰੋਹ ‘ਚ ਬੋਲਦੇ
ਕਾਰਪੋਰੇਟ ਦਫ਼ਤਰਾਂ ਦੇ ਕਿਊਬੀਕਲਾਂ ਚੋਂ
ਕੁਰਸੀਆਂ ਵਿੱਚ ਚਿਣੇ ਅਪਣੇ ਪਰਾਂ ਨੂੰ ਖੋਹਲਦੇ।
ਅਫ਼ਰੀਕਾ ਦੇ ਖੁਸਕ ਥਲਾਂ ਚੋਂ
ਢਿੱਡਾਂ ਨੂੰ ਦਿੱਤੀਆਂ ਗੰਢਾਂ ਖੋਹਲਦੇ
ਅੱਲਾ,ਰਾਮ, ਕਰਾਈਸਟ ਦੀ ਥਾਂ
‘ਜੈ ਲੋਕ’ ਬੋਲਦੇ!
ਚੋਰ-ਮੋਰੀਆਂ ਵਾਲਾ ਨਿਜ਼ਾਮ
ਉਹ ਹੋਰ ਨਾ ਸਹਿਣਗੇ
ਲੁਟੇਰਿਆਂ ਨੂੰ ‘ਲੋਕਪਾਲ’ ਕੋਲੋਂ
ਸਜ਼ਾ ਦੁਆਉਣ ਲਈ ਉਹ
‘ਇਕ ਉਮਰ’ ਹੋਰ ਉਡੀਕਦੇ ਨਾ ਰਹਿਣਗੇ।
ਉਹਨਾਂ ਦੀਆਂ ਨਜ਼ਰਾਂ ਤੇ ਹੋਵੇਗੀ
ਪਤਰਸ-ਲੰਮੂਬੇ ਦੀ ਐਨਕ,
ਦਿਲ ‘ਚ ਮਿਸ਼ਨ ਚੀ-ਗੁਵੇਰੇ ਦਾ
ਹੱਥਾ ‘ਚ ਪਰਚਮ ਬਣ ਫਰ-ਫਰਾਉਂਦਾ
ਭਗਤ ਸਿੰਘ ਦਾ ਬਸੰਤੀ ਚੋਲ਼ਾ
ਉਹਨਾਂ ਦੇ ਹੋਠਾਂ ਤੇ ਹੋਵੇਗਾ :
‘ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਓ’**
ਵਰਗਾ ਕਿਸੇ ਲੋਕ-ਕਵੀ ਦਾ ਬੋਲਾ।
ਉਹ ਮੋੜਨਗੇ ਮੂੰਹ
ਬੀ.ਬੀ.ਸੀ, ਸੀ.ਐਨ.ਐਨ ਅਤੇ ਦੂਰਦਰਸ਼ਨੀ ਕੈਮਰਿਆਂ ਦਾ
ਅਪਣੀ ਮੰਦਹਾਲੀ ਦੀ ਨੁਮਾਇਸ਼ ਤੋਂ
ਲੋਟੂਆਂ ਦੇ ਗਲ਼ਾਂ ਦੀ ਪੈਮਾਇਸ਼ ਵੱਲ।
ਤੋੜਦੀ ਹੋਈ ‘ਹਜਾਰਿਆਂ’‘ਰਾਮ ਦੇਵਾਂ’ ਸਮੇਤ
ਲੋਕਤੰਤਰੀ ਡਰਾਮਿਆਂ ਦੀਆਂ ਸਿਰਜੀਆਂ
ਸਭ ਭਰਮ ਰੂਪ ਰੋਕਾਂ
ਲੋਕਾਂ ਦੀ ਪਾਲ਼ ਚੁਣ ਚੁਣ ਕੋਹੇਗੀ
ਹਰ ਕੁਰਸੀ ਉੱਤੇ ਕਾਬਜ਼ ਜੋਕਾਂ।
ਲੋਕਤਾ ਦਾ ਹੜ੍ਹ
ਹੂੰਝ ਕੇ ਸਭ ਕੱਖ-ਕਾਣ
ਜਦ ਕਰੇਗਾ ਨਵ-ਨਿਰਮਾਣ
ਤਦ ਧਰਤੀ
– ਚੁੰਮ ਚੁੰਮ ਲੋਕਾਂ ਦੇ ਮੱਥੇ
ਉਹਨਾਂ ਦੇ ਸਿਰ ਪਲੋਸੇਗੀ
ਲੋਕਾਂ ਦੇ ਹੱਥਾਂ ਨੂੰ ਗੱਚ-ਭਰੀ ਕਰੰਘੜੀ ਪਾ
ਪੱਲੇ ਨਾਲ ਪੂੰਝਦੀ ਮਾਣਮੱਤੇ ਹੰਝੂ ਅਪਣੇ ਧੁਰ ਚੋਂ ਬੋਲੇਗੀ :
‘‘ਮੈਨੂੰ ਨਈਂ ਸੀ ਚਾਹੀਦਾ ‘ਲੋਕਪਾਲ’
ਮੈ ਤਾਂ ਮੁੱਦਤ ਤੋਂ ਉਡੀਕ ਰਹੀ ਸੀ
ਤੁਹਾਡੇ ਵਰਗੇ...ਜਗਦੇ ਮਘਦੇ ‘ਲੋਕਾਂ ਦੀ ਪਾਲ਼’॥’’
* ਲੋਕਾਂ ਦੀ ਕਤਾਰ, ਲੋਕ-ਲਹਿਰ ਦੀ ਸੁਨਾਮੀ। **ਲੋਕ ਕਵੀ ਸੰਤ ਰਾਮ ਉਦਾਸੀ ਦੀ ਸਤਰ
-0- |