ਸਮੇਂ ਦੇ ਬਦਲਣ ਨਾਲ ਬਹੁਤ
ਕੁਝ ਬਦਲਿਆ ਹੈ ਜਿਵੇਂ ਕਿ ਆਉਣ ਜਾਣ ਦੇ ਸਾਧਣ, ਖਾਣ ਪੀਣ ਦੀਆਂ ਵਸਤਾਂ, ਕੱਪੜੇ ਤੇ ਉਹਨਾਂ
ਨੂੰ ਪਹਿਣਨ ਦੇ ਤਰੀਕੇ, ਸਕੂਲ, ਕਾਲਿਜ, ਹਸਪਤਾਲ,ਸੰਗੀਤ, ਖੇਤੀ ਕਰਨ ਦੇ ਸੰਦ ਤੇ ਤਰੀਕੇ ,
ਗੱਲ ਕੀ ਹਰ ਇੱਕ ਖੇਤਰ ਚ ਬਦਲਾਵ ਆਇਆ ਹੈ । ਜਿਵੇਂ ਕਹਿੰਦੇ ਹੁੰਦੇ ਨੇ ਕਿ ਤਰੱਕੀ ਦਾ
ਫਾਇਦਾ ਵੀ ਹੁੰਦਾ ਹੈ ਤੇ ਨੁਕਸਾਨ ਵੀ ਉਸੇ ਤਰਾਂਇਹਨਾਂ ਖੇਤਰਾਂ ਵਿੱਚ ਆਈ ਤਰੱਕੀ ਦੇ ਫਾਇਦੇ
ਦੇ ਨਾਲ ਨਾਲ ਨੁਕਸਾਨ ਵੀ ਬਹੁਤ ਹੋਏ ਨੇ ।ਅਸੀਂ ਇਹਨਾਂ ਵਿੱਚੋਂ ਸੰਗੀਤ ਦੇ ਖੇਤਰ ਵਿੱਚ ਹੋਈ
ਤਰੱਕੀ ਦੇ ਕਾਰਨ ਪੰਜਾਬੀ ਸੱਭਿਆਚਾਰ ਤੇ ਪੈਣ ਵਾਲੇ ਉਸਦੇ ਮਾੜੇ ਪ੍ਰਭਾਵ ਦੀ ਗੱਲ ਕਰਾਂਗੇ ।
ਅਸੀਂ ਅਕਸਰ ਹੀ ਆਪਣੇ ਬਜੁਰਗਾਂ ਤੋਂ ਪੁਰਾਣੇ ਸਮਿਆਂ ਵਿੱਚ ਹੋਏ ਕਵਿਸ਼ਰਾਂ ਤੇ ਗਾਇਕਾਂ ਬਾਰੇ
ਸੁਣਦੇ ਰਹਿੰਦੇ ਹਾਂ ਤੇ ਉਹਨਾਂ ਦੇ ਦੱਸਣ ਮੁਤਾਬਕ ਜਦ ਸਾਊਂਡ ਸਿਸਟਮ ਨਹੀਂ ਸੀ ਹੁੰਦੇ ਤਾਂ
ਉਦੋਂ ਕਵਿਸ਼ਰ ਆਪਣੀ ਆਵਾਜ਼ ਦੇ ਦਮ ਤੇ ਹੀ ਗਾਉਂਦੇ ਸਨ ਤੇ ਚਾਰ ਚੁਫੇਰੇ ਘੰਮਕੇ ਲੋਕ ਨੂੰ
ਕਵਿਸ਼ਰੀ ਸੁਣਾਉਂਦੇ ਸਨ ਤੇ ਗਾਇਕਾਂ ਨੂੰ ਵੀ ਅਜਿਹਾ ਹੀ ਕਰਨਾ ਪੈਂਦਾ ਸੀ । ਇਸ ਲਈ ਉਸ ਸਮੇਂ
ਗਾਇਕ ਘੱਟ ਹੀ ਹੁੰਦੇ ਸਨ ਕਿਉਂਕਿ ਏਹ ਕੰਮ ਹਰ ਕਿਸੇ ਵੱਸ ਦਾ ਨਹੀਂ ਸੀ ਜਿਸਦੀ ਹਿੱਕ ਵਿੱਚ
ਦਮ ਹੁੰਦਾ ਸੀ ਉਹੀ ਗਾ ਸਕਦਾ ਸੀ । ਉਸਦੇ ਉਲਟ ਹੁਣ ਜਦ ਬਾਕੀ ਖੇਤਰਾਂ ਦੇ ਨਾਲ ਨਾਲ ਗਾਉਣ
ਵਾਲੇ ਸਾਜ਼ਾਂ ਤੇ ਤਕਨੀਕਾਂ ਵਿੱਚ ਬਹੁਤ ਬਦਲਾਵ ਆਉਣ ਨਾਲ ਏਹ ਕੰਮ ਹਰ ਕਿਸੇ ਦੇ ਵੱਸ ਦਾ ਹੀ
ਹੋ ਗਿਆ ਹੈ । ਹੁਣ ਤਾਂ ਕਲਾਕਾਰ ਇੱਕ ਸਤਰ ਬੋਲਕੇ ਸਾਹ ਲੈਣ ਲੱਗ ਜਾਂਦੇ ਹਨ ਤੇ ਫੇਰ ਦੂਸਰੀ
ਬੋਲਦੇ ਹਨ ਤੇ ਏਸੇ ਤਰਾਂ ਪੂਰੇ ਗੀਤ ਦੀ ਰਿਕਾਰਡਿੰਗ ਹੋ ਜਾਂਦੀ ਹੈ ਜਦਕਿ ਪੁਰਾਣੇ ਜ਼ਮਾਨੇ
ਵਿੱਚ ਪੂਰਾ ਗੀਤ ਲਗਾਤਾਰ ਹੀ ਗਾਉਣਾ ਪੈਂਦਾ ਸੀ । ਸੋ ਗਾਇਕੀ ਸੌਖੀ ਹੋਣ ਕਾਰਨ ਗਾਇਕਾਂ ਦੀ
ਗਿਣਤੀ ਵੀ ਲੱਖਾਂ ਵਿੱਚ ਹੋ ਗਈ ਤੇ ਇਹਨਾਂ ਲੱਖਾਂ ਗਾਇਕਾਂ ਨੂੰ ਜੋ ਵੀ ਗਾਉਣ ਨੂੰ ਮਿਲ
ਰਿਹਾ ਇਹ ਬਿਨਾਂ ਸੋਚੇ ਸਮਝ੍ਹੇ ਉਹੀ ਗਾਉਣ ਲਈ ਤਿਆਰ ਹੋ ਜਾਂਦੇ ਹਨ।
ਜੇਕਰ ਅਸੀਂ ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਅੱਜ ਦੇ ਬਹੁਤੇ ਗਾਇਕਾਂ ਤੇ ਗੀਤਕਾਰਾਂ ਨੂੰ
ਨਸ਼ੇ ਤੇ ਬਦਮਾਸ਼ੀ ਬਿਨਾਂ ਕੋਈ ਹੋਰ ਵਿਸ਼ਾ ਸੁੱਝ੍ਹ ਹੀ ਨਹੀਂ ਰਿਹਾ । ਇਹੋ ਜੇ ਕੁਝ ਗੀਤ
ਉਦਾਹਰਣ ਦੇ ਤੌਰ ਤੇ ਪੇਸ਼ ਹਨ
ਕਾਲੇ ਦਿਲ ਵਾਲੀਏ ਨੀ ਕਰਤਾ ਯਾਰ ਚਿੱਟੇ ਦਾ ਅਦੀ { ਮਨਜੀਤ ਰੂਪੋਵਾਲੀਆ }
ਜੇ ਤੇਰਾ ਵੱਡਾ ਵੀਰਾ ਤਿੰਨ ਪੰਜ ਕਰੂਗਾ ,ਉਹਨੂੰ ਚੱਕਲਾਂਗੇ ਨਸ਼ਾ ਪੱਤਾ ਖਾਕੇ ਸੋਹਣੀਏ {
ਹੈਪੀ ਰਾਏਕੋਟੀ }
ਥੋਡੇ ਪਿੰਡ ਮੁੰਡਿਆਂ ਦਾ ਕਾਲ ਪੈ ਜਾਊ ਜੇ ਵੈਲੀਆਂ ਦੇ ਮੁੰਡੇ ਨੂੰ ਪਿਆਰ ਹੋ ਗਿਆ {
ਦਿਲਪ੍ਰੀਤ ਢਿੱਲੋਂ }
ਇਹਨਾਂ ਗਾਇਕਾਂ ਦੇ ਗੀਤ ਸੁਣਕੇ ਏਸ ਤਰਾਂ ਲੱਗਦਾ ਹੈ ਕਿ ਪੰਜਾਬ ਬਸ ਨਸ਼ੇੜੀਆਂ ਤੇ ਬਦਮਾਸ਼ਾਂ
ਦੀ ਧਰਤੀ ਹੀ ਰਹਿ ਗਈ ਹੈ । ਏਹ ਗਾਇਕ ਅੱਜ ਦੇ ਨੌਜੁਵਾਨਾਂ ਨੂੰ ਸਲਾਹਾਂ ਦੱਸਦੇ ਨੇ
ਕਿਕਿਵੇਂ ਰਫਲਾਂ ਦੇ ਡਰਾਵੇ ਨਾਲ ਕਿਸੇ ਕੁੜੀ ਨੂੰ ਉਹਦੇ ਮਾਪਿਆਂ ਦੇ ਹੱਥਾਂ ਚੋਂ ਖੋਹ
ਲਿਆਉਣਾ ਹੈ । ਲਾਹਣਤ ਹੈ ਇਹੋ ਜੇ ਕਲਾਕਾਰਾਂ ਤੇ ਜੋ ਆਪਣੀ ਏਸ ਨਕਲੀ ਕਲਾ ਨਾਲ ਨੋਜੁਵਾਨਾਂ
ਨੂੰ ਗਲਤ ਰਾਹੇ ਪਾ ਰਹੇ ਹਨ । ਅਕਲ ਤੋਂ ਸੱਖਣੇ ਏਹ ਗਾਇਕ
ਬਾਕੀ ਸਭ ਕੁਝ ਅੱਖੋਂ ਉਹਲੇ ਕਰ ਆਪਣੀ ਸ਼ੌਹਰਤ ਨੂੰ ਮੁੱਖ ਰੱਖ ਰਹੇ ਹਨ । ਹਰ ਦਿਨ ਕਿਸਾਨਾਂ
ਦੀ ਖੁਦਕਸ਼ੀਆਂ ਦੀ ਖਬਰਾਂ ਪੜ੍ਹਕੇ ਵੀ ਇਹ ਗਾਇਕ ਪਤਾ ਨੀ ਕਿਸ ਨਜ਼ਰੀਏ ਤੋਂ ਜੱਟ ਨੂੰ ਪਤਾ ਨੀ
ਕਿਵੇਂ ਖੁਸ਼ਹਾਲ ਦੱਸ ਰਹੇ ਹਨ । ਇਹਨਾਂ ਲਈ ਜੱਟ ਦਾ ਨਾਮ ਬੱਸ ਗੀਤ ਗਾਉਣ ਲਈ ਰਹਿ ਗਿਆ ਹੈ
ਉਂਝ ਭਾਵੇਂ ਜੱਟ ਹਰ ਰੋਜ ਵਾਂਗ ਮਰੀ ਜਾਵੇ ਇਸ ਨਾਲ ਇਹਨਾਂ ਦਾ ਕੋਈ ਵਾਸਤਾ ਨੀ ਪਰ ਜੱਟ ਦੇ
ਨਾਮ ਤੇ ਗਾਏ ਇਹਨਾਂ ਦੇ ਗੀਤ ਚੱਲਣੇ ਚਾਹੀਦੇ ਹਨ । ਗੀਤਾਂ ਵਿੱਚ ਰੱਜਵਾਂ ਗੰਦ ਪਾਕੇ
,ਸੱਭਿਆਚਾਰ ਦੀਆਂ ਧੱਜੀਆਂ ਉਡਾ, ਧੀਆਂ ਦੀ ਪੱਤ ਰੋਲ ਪਤਾ ਨਹੀਂ ਇੰਟਰਵਿਊ ਵਿੱਚ ਇਹ ਕਿਹੜੇ
ਮੂੰਹ ਨਾਲ ਕਹਿ ਦਿੰਦੇ ਹਨ ਕਿ ਅਸੀਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਦੀ ਸੇਵਾ
ਕਰ ਰਹੇ ਹਾਂ ।ਚੈੱਨਲਾਂ ਵਾਲੇ ਵੀ ਆਪਣੇ ਪੈਸੇ ਨਾਲ ਮਤਲਬ ਰੱਖਦੇ ਹੋਏ ਇਹਨਾਂ ਦੇ ਗੀਤਾਂ
ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੰਦੇ ਹਨ ਤੇ ਅੱਜ ਤੱਕ ਕਿਸੇ ਨੇ ਇੰਟਰਵਿਊ ਦੇਣ ਆਏ ਕਿਸੇ
ਗਾਇਕ ਦੇ ਗੀਤ ਤੇ ਉਂਗਲੀ ਨਹੀਂ ਉਠਾਈ ਹੋਵੇਗੀ । ਲਿਖਣ ਵਾਲਾ ਘਟੀਆ ਲਿਖਤ ਦੇ ਪੈਸੇ ਲੈ
ਲੈਂਦਾ ਹੈ ਤੇ ਵੀਦੀਉ ਵਾਲਾ ਲੱਚਰਤਾ ਭਰੀ ਵੀਡੀਉ ਬਣਾਉਣ ਦੇ ਤੇ ਚੈੱਨਲਾਂ ਵਾਲੇ ਉਸਨੂੰ
ਆਪਣੇ ਚੈੱਨਲ ਤੇ ਪੇਸ਼ ਕਰਨ ਦੇ । ਸਭ ਰਲਕੇ ਲਿਕੇ ਪੰਜਾਬੀਅਤ ਦਾ ਨਾਸ਼ ਕਰ ਰਹੇ ਹਨ ।ਪਤਾ ਨੀ
ਕੀ ਹੋ ਗਿਆ ਪੰਜਾਬ ਦੀ ਧਰਤੀ ਨੂੰ ,ਸਭ ਤੋਂ ਮਾੜੇ ਲੀਡਰ,ਰਿਸ਼ਵਤਖੋਰ ਅਫਸਰ, ਬੇਅਕਲ ਗਾਇਕ
ਸਾਡੇ ਪੱਲੇ ਹੀ ਪੈਣੇ ਸਨ ?????
94649-56457
-0-
|