ਜੇ ਡਾ. ਮਹਿੰਦਰ ਸਿੰਘ ਰੰਧਾਵਾ ਪੰਜਾਬ ਦਾ ਛੇਵਾਂ ਦਰਿਆ ਸੀ ਤਾਂ ਡਾ. ਸਰਦਾਰਾ ਸਿੰਘ ਜੌਹਲ
ਸੱਤਵਾਂ ਦਰਿਆ ਹੈ। ਵਿਦਵਤਾ ਦਾ ਭਰ ਵਗਦਾ ਦਰਿਆ।
ਪੰਜਾਬੀ ਸੱਥ ਵਾਲਾ ਡਾ. ਨਿਰਮਲ ਸਿੰਘ ਡਾ. ਜੌਹਲ ਬਾਰੇ ਲਿਖਦੈ, “ਬਾਰ ‘ਚ ਜਨਮਿਆਂ, ਮਾਝੇ
‘ਚ ਪੜ੍ਹਿਆ, ਮਾਲਵੇ ‘ਚ ਵਸਿਆ, ਦੁਆਬੇ ਦੇ ਪਿਛੋਕੜ ਵਾਲਾ ਜੌਹਲ ਵਲੈਤ, ਅਮਰੀਕਾ, ਇਰਾਨ,
ਲਿਬਨਾਨ, ਚੀਨ-ਮਚੀਨ ਦੀਆਂ ਬਾਤਾਂ ਸੁਣਾਉਂਦਾ ਕੋਈ ਉਪਦੇਸ਼ਕ, ਪ੍ਰਚਾਰਕ ਜਾਂ ਤੁਹਾਥੋਂ ਦੂਰ
ਖੜ੍ਹਾ ਗੁਣੀ ਗਿਆਨੀ ਨਹੀਂ ਸਗੋਂ ਆਪਣੇ ਪਿੰਡ ਦਾ, ਆਪਣੇ ਵਿਚੋਂ ਹੀ ‘ਇਕ’ ਲੱਗਦਾ ਹੈ। ਅਕਲ,
ਗਿਆਨ, ਸੋਝੀ, ਦਲੀਲ ਤੇ ਤਰਕ ਉਹਦੀ ਲੇਖਣੀ ਵਿਚ ਸਮੋਏ ਹੋਣ ਕਾਰਨ ਉਹ ਸਾਨੂੰ ਸਿਧਾਂਤਕਾਰ,
ਫਿਲਾਸਫਰ, ਉਸਤਾਦ ਜਾਂ ਅਧਿਆਪਕ ਨਾਲੋਂ ਬਹੁਤਾ ਆਪਣਾ ਨੇੜਲਾ ਸਾਥੀ ਜਾਂ ਵੱਡਾ ਭਰਾ ਜਾਪਦਾ
ਹੈ। ਉਚੇਰੀ ਪੜ੍ਹਾਈ, ਉੱਚੀਆਂ ਅਹੁਦੇਦਾਰੀਆਂ-ਰੁਤਬੇ, ਸ਼ੋਹਰਤਾਂ ਤੋਂ ਨਿਰਲੇਪ ਨੇਕੀ ਦੀ
ਮੂਰਤ ਡਾ. ਸਰਦਾਰਾ ਸਿੰਘ ਜੌਹਲ ਸਾਡਾ ਪੰਜਾਬੀਆਂ ਦਾ ਸਰਦਾਰ ਹੈ।”
ਮੇਰਾ ਸੁਭਾਗ ਹੈ ਕਿ ਮੈਨੂੰ ਬਤੌਰ ਪ੍ਰਿੰਸੀਪਲ ਡਾ. ਜੌਹਲ ਦੀ ਸਰਪ੍ਰਸਤੀ ਮਿਲੀ, ਨੇਕ
ਸਲਾਹਾਂ ਮਿਲੀਆਂ, ਉਤਸ਼ਾਹ ਮਿਲਿਆ, ਸੇਧ ਮਿਲੀ ਤੇ ਨੇੜਿਓਂ ਜਾਣਨ ਦੇ ਮੌਕੇ ਮਿਲੇ ਜੋ ਹੁਣ
ਤਕ ਮਿਲਦੇ ਆ ਰਹੇ ਹਨ। ਜਦੋਂ ਵੀ ਮਿਲੀਏ ਅਪਣੱਤ ਦਾ ਨਿੱਘ ਮਿਲਦੈ ਜਿਸ ਨਾਲ ਮਨ ਖ਼ੁਸ਼
ਹੁੰਦੈ। ਉਸ ਨੂੰ ਵਡੇਰੀ ਉਮਰ ਵਿਚ ਵੀ ਆਹਰੇ ਲੱਗੇ ਵੇਖ ਕੇ ਹਰ ਕਿਸੇ ਨੂੰ ਪ੍ਰੇਰਨਾ ਮਿਲਦੀ
ਹੈ ਕਿ ਆਪਾਂ ਵੀ ਕੁਝ ਕਰੀਏ। ਉਹ ਗਿਆਨ ਦਾ ਲਟ ਲਟ ਬਲਦਾ ਚਿਰਾਗ਼ ਹੈ ਜਿਸ ਨਾਲ ਨਿੱਤ ਨਵੇਂ
ਦੀਵੇ ਜਗਦੇ ਹਨ।
ਮੈਂ 1996 ਵਿਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਪਿੰ੍ਰਸੀਪਲ ਬਣਿਆ
ਸਾਂ। ਉਦੋਂ ਤੋਂ ਹੀ ਉਸ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ. ਜੌਹਲ ਨਾਲ ਮੇਲ
ਮਿਲਾਪ ਦਾ ਸਿਲਸਿਲਾ ਜਾਰੀ ਹੈ। ਉਹ ਚੰਦਨ ਦਾ ਰੁੱਖ ਹੈ ਜਿਸ ਦੀ ਮਹਿਕ ‘ਕੱਲਾ ਦੁਕੱਲਾ
ਨਹੀਂ, ਜੱਗ ਜਹਾਨ ਮਾਣ ਰਿਹੈ। ਉਹ ਜਿਥੇ ਵੀ ਜਾਂਦਾ ਰਿਹੈ, ਰਹਿੰਦਾ ਰਿਹੈ, ਉਹਦੀ ਮਹਿਕ ਉਥੇ
ਪੁੱਜਦੀ ਤੇ ਮਹਿਕਦੀ ਰਹੀ ਹੈ। ਡਾਢੀਆਂ ਮੁਸ਼ਕਲਾਂ ਵਿਚ ਬਚਪਨ ਗੁਜ਼ਾਰਦਿਆਂ, ਸਕੂਲ
ਬਦਲਦਿਆਂ, ਜਨਮ ਭੋਇੰ ਤੋਂ ਉੱਜੜਦਿਆਂ, ਖੇਤੀ ਵਾਹੀ ਕਰਦਿਆਂ, ਪੜ੍ਹਦਿਆਂ ਲਿਖਦਿਆਂ ਇਕ
ਸਾਧਾਰਨ ਕਿਸਾਨ ਦਾ ਮਾਂ ਮਹਿੱਟਰ ਪੁੱਤਰ ਕਿਵੇਂ ਕਾਮਯਾਬੀਆਂ ਦੀਆਂ ਪੌੜੀਆਂ ਚੜ੍ਹਿਆ, ਇਹ
ਐਸੀ ਮਿਸਾਲ ਹੈ ਜੋ ਹੋਰਨਾਂ ਨੂੰ ਚੰਗੇਰੇ ਪਾਸੇ ਤੋਰ ਸਕਦੀ ਹੈ। ਅਤਿ ਮਾੜੀਆਂ ਹਾਲਤਾਂ ਵਿਚ
ਇਕ ਪੇਂਡੂ ਮੁੰਡਾ ਜੇ ਏਨਾ ਕੁਝ ਕਰ ਗਿਆ ਤਾਂ ਨਵੀਆਂ ਪੀੜ੍ਹੀਆਂ ਦੇ ਹੋਣਹਾਰ ਬੱਚੇ ਕਿਉਂ
ਨਹੀਂ ਕਰ ਸਕਦੇ? ਇਹੋ ਡਾ. ਜੌਹਲ ਦੇ ਜੀਵਨ ਦਾ ਸਬਕ ਹੈ ਜੋ ਹੋਰਨਾਂ ਲਈ ਸਿੱਖਿਆਦਾਇਕ ਹੋ
ਸਕਦੈ। ਉਸ ਦੀਆਂ ਦੱਸਣ ਵਾਲੀਆਂ ਗੱਲਾਂ ਤਾਂ ਬੇਅੰਤ ਹਨ ਪਰ ਜਿੰਨੀਆਂ ਕੁ ਯਾਦ ਆ ਰਹੀਆਂ,
ਲਿਖਤ ਵਿਚ ਲਿਆ ਰਿਹਾਂ।
ਡਾ. ਜੌਹਲ ਦਾ ਕਹਿਣਾ ਹੈ ਕਿ ਦੁਨੀਆ ਇਕ ਡਰਾਮੇ ਦੀ ਸਟੇਜ ਵਾਂਗ ਹੈ ਜਿਸ ਦੀ ਨਿਰਦੇਸ਼ਕ ਕੋਈ
ਗ਼ੈਬੀ ਸ਼ਕਤੀ ਹੈ। ਹਰ ਜੀਵ-ਜੰਤੂ, ਰੁੱਖ, ਪੰਛੀ, ਜਾਨਵਰ ਤੇ ਬੇਜਾਨ ਵਸਤੂਆਂ ਅਤੇ ਅਸੀਂ
ਸਾਰੇ ਇਸ ਮੰਚ ‘ਤੇ ਸਿਰਫ਼ ਸਟੇਜ ਦੀ ਸੈਟਿੰਗ ਅਤੇ ਅਦਾਕਾਰਾਂ ਜਾਂ ਕਲਾਕਾਰਾਂ ਦੀ ਤਰ੍ਹਾਂ
ਹਾਂ। ਜੋ ਵੀ ਕਿਰਦਾਰ ਜਿਸ ਨੂੰ ਮਿਲਦਾ ਹੈ ਉਹ ਨਿਭਾਉਂਦਾ ਹੈ। ਜਦ ਉਹਦਾ ਰੋਲ ਪੂਰਾ ਹੋ
ਜਾਂਦਾ ਹੈ, ਸਟੇਜ ਤੋਂ ਉੱਤਰ ਜਾਂਦਾ ਹੈ। ਜਿ਼ੰਦਗੀ ਦਾ ਮੰਤਵ ਆਪਣੇ ਰੋਲ ਨੂੰ ਦਿਲ ਲਾ ਕੇ
ਤਨਦੇਹੀ ਨਾਲ ਨਿਭਾਉਣਾ ਹੀ ਹੈ। ਇਸ ਰੋਲ ਨੂੰ ਹੱਸ ਕੇ ਕਬੂਲ ਕਰਨਾ, ਇਮਾਨਦਾਰੀ ਤੇ ਲਗਨ ਨਾਲ
ਨਿਭਾਣਾ ਅਤੇ ਜਦ ਇਹ ਰੋਲ ਪੂਰਾ ਹੋ ਜਾਏ ਤਾਂ ਹੱਸ ਕੇ ਇਸ ਦੁਨੀਆ ਦੇ ਰੰਗਮੰਚ ਨੂੰ ਅਡੋਲ
ਛੱਡ ਦੇਣਾ ਹੀ ਜੀਵਨ ਨੂੰ ਸਫਲਤਾ ਨਾਲ ਨਿਭਾਉਣਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ
ਵਿਅਕਤੀ ਨੇ ਜੀਵਨ ਕਿਸ ਢੰਗ ਨਾਲ ਕਿੰਨਾ ਸੁਚੱਜਾ ਜੀਵਿਆ ਅਤੇ ਆਪਣੇ ਸੰਘਰਸ਼ ਤੇ ਤਜਰਬੇ ਤੋਂ
ਕਿਸੇ ਲਈ ਸਿੱਖਣਯੋਗ ਤੇ ਲਾਭਦਾਇਕ ਕੀ ਦੇ ਗਿਆ?
ਡਾ. ਜੌਹਲ ਅੰਤਰਰਾਸ਼ਟਰੀ ਪੱਧਰ ਦਾ ਮੰਨਿਆ ਦੰਨਿਆ ਖੇਤੀ ਅਰਥ ਸ਼ਾਸਤਰੀ ਹੈ। ਉਸ ਦੀਆਂ
ਸੇਵਾਵਾਂ ਕੌਮਾਂਤਰੀ ਖੇਤਰਾਂ ਤਕ ਪਸਰੀਆਂ ਹਨ। ਉਹ ਦੋ ਵੀਹਾਂ ਤੋਂ ਵੱਧ ਮੁਲਕਾਂ ਵਿਚ ਜਾ
ਚੁੱਕੈ। ਉਹ ਨੇਕੀ ਕਮਾਉਣ ਵਾਲਾ ਜਿਊੜਾ ਹੈ। ਸੱਚਾ-ਸੁੱਚਾ, ਸੁਹਿਰਦ, ਈਮਾਨਦਾਰ ਤੇ ਉੱਚੇ
ਕਿਰਦਾਰ ਦਾ ਮਾਲਕ। ਵਿਦਵਤਾ ਦਾ ਬਾਬਾ ਬੋਹੜ। ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ.
ਮਨਮੋਹਨ ਸਿੰਘ ਤੋਂ ਚਾਰ ਸਾਲ ਵੱਡਾ ਹੈ। ਦੋਵੇਂ ਸਰਦਾਰ ਧਨੰਤਰ ਅਰਥ ਸ਼ਾਸਤਰੀ ਹਨ ਜੋ ਪੱਛਮੀ
ਪੰਜਾਬ ਵਿਚ ਜੰਮੇ ਪਲੇ ਸਨ। ਡਾ. ਮਨਮੋਹਨ ਸਿੰਘ ਦਾ ਪਿੰਡ ਪੋਠੋਹਾਰ ਵਿਚ ਚਕਵਾਲ ਲਾਗੇ ਗਾਹ
ਹੈ ਤੇ ਡਾ. ਜੌਹਲ ਦਾ ਨੀਲੀ ਬਾਰ ਵਿਚ ਜੜ੍ਹਾਂਵਾਲੇ ਕੋਲ ਚੱਕ ਨੰਬਰ 104 ਸਮਰਾ-ਜੰਡਿਆਲਾ।
ਦੇਸ਼ ਦੀ ਵੰਡ ਸਮੇਂ ਇਹ ਪਿੰਡ ਪਾਕਿਸਤਾਨ ਵਿਚ ਆ ਗਏ। ਪਾਕਿਸਤਾਨ ਵਿੱਚੋਂ ਉੱਜੜ ਕੇ ਆਏ
ਦੋਵੇਂ ਨੌਜੁਆਨ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹ ਕੇ ਭਾਰਤੀ ਯੂਨੀਵਰਸਿਟੀਆਂ
ਦੇ ਮਾਣਯੋਗ ਪ੍ਰੋਫ਼ੈਸਰ ਬਣੇ। ਦੋਹਾਂ ਨੇ ਯੂ. ਐੱਨ. ਓ. ਵਿਚ ਸੇਵਾ ਕੀਤੀ, ਭਾਰਤੀ ਰਿਜ਼ਰਵ
ਬੈਂਕ ਦੇ ਡਾਇਰੈਕਟਰ ਬਣੇ ਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਆਰਥਿਕ ਸਲਾਹਕਾਰ ਕੌਂਸਲ ਵਿਚ
ਰਹੇ। ਡਾ. ਮਨਮੋਹਨ ਸਿੰਘ ਵਰਲਡ ਬੈਂਕ ਵਿਚ ਕੰਮ ਕਰਨ ਤੇ ਭਾਰਤ ਦਾ ਖ਼ਜ਼ਾਨਾ ਮੰਤਰੀ ਬਣਨ
ਉਪਰੰਤ ਦੋ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਪਰ ਡਾ. ਜੌਹਲ ਰਾਜ ਸੱਤਾ ਮਗਰ ਨਾ ਗਿਆ। ਉਸ
ਨੇ ਸਿਆਸੀ ਪ੍ਰਭੂਆਂ ਦੀ ਪੁਸ਼ਤ ਪਨਾਹੀ ਕਰਨ ਦੀ ਥਾਂ ਆਪਣਾ ਅਕਾਦਮਿਕ ਸਵੈਮਾਨ ਕਾਇਮ ਰੱਖਿਆ।
ਡਾ. ਜੌਹਲ ਦੋ ਯੂਨੀਵਰਸਿਟੀਆਂ ਦਾ ਵਾਈਸ ਚਾਂਸਲਰ, ਡਾਇਰੈਕਟਰ ਰਿਸਰਚ ਪੰਜਾਬ ਖੇਤੀਬਾੜੀ
ਯੂਨੀਵਰਸਿਟੀ ਲੁਧਿਆਣਾ, ਅਮਰੀਕਾ ਦੀ ਓਹਾਈਓ ਸਟੇਟ ਯੂਨੀਵਰਸਿਟੀ ਦਾ ਵਿਜ਼ਟਿੰਗ ਪ੍ਰੋਫ਼ੈਸਰ,
ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਦਾ ਨੈਸ਼ਨਲ ਪ੍ਰੋਫ਼ੈਸਰ ਆਫ਼ ਐਂਮੀਨੈਂਸ ਇਨ
ਇਕਨੌਮਿਕਸ, ਖੇਤੀ ਲਾਗਤਾਂ ਤੇ ਕੀਮਤਾਂ ਕਮਿਸ਼ਨ ਦਾ ਚੇਅਰਮੈਨ, ਭਾਰਤ ਦੇ ਚਾਰ ਪ੍ਰਧਾਨ
ਮੰਤਰੀਆਂ ਦੀ ਆਰਥਿਕ ਸਲਾਹਕਾਰ ਕੌਂਸਲ ਦਾ ਮਾਣਯੋਗ ਮੈਂਬਰ, ਡਾਇਰੈਕਟਰ ਸੈਂਟਰਲ ਗਵਰਨਿੰਗ
ਬੋਰਡ ਆਫ਼ ਰਿਜ਼ਰਵ ਬੈਂਕ, ਕਨਸਲਟੈਂਟ ਵਰਲਡ ਬੈਂਕ, ਐਡੀਟਰ ਇਨ ਚੀਫ਼ ਮੈਨ ਐਂਡ ਡਿਵੈਲਪਮੈਂਟ
ਮੈਗਜ਼ੀਨ ਅਤੇ ਯੋਜਨਾ ਬੋਰਡ ਪੰਜਾਬ ਦਾ ਉਪ ਚੇਅਰਮੈਨ ਰਹਿਣ ਪਿੱਛੋਂ ਸੈਂਟਰਲ ਯੂਨੀਵਰਸਿਟੀ
ਆਫ਼ ਪੰਜਾਬ, ਬਠਿੰਡਾ, ਦਾ ਪਹਿਲਾ ਗ਼ੈਰ ਸਰਕਾਰੀ ਚਾਂਸਲਰ ਬਣਿਆ।
ਬਣਿਆ ਤਾਂ ਉਹ ਹੋਰ ਵੀ ਬਹੁਤ ਕੁਝ ਪਰ ਸਿਆਸਤ ਦੀਆਂ ਪੌੜੀਆਂ ਨਹੀਂ ਚੜ੍ਹਿਆ। ਇਸੇ ਕਰਕੇ
ਉਹਦੀ ਚਰਚਾ ਡਾ. ਮਨਮੋਹਨ ਸਿੰਘ ਜਿੰਨੀ ਨਹੀਂ ਹੋਈ। ਚੋਣਾਂ ਲੜਨ ਦਾ ਮੌਕਾ ਮਿਲਣ ਦੇ ਬਾਵਜੂਦ
ਉਸ ਨੇ ਸਿਆਸੀ ਚੋਣ ਲੜਨ ਦੀ ਹਾਮੀ ਨਹੀਂ ਭਰੀ। ਹਾਮੀ ਭਰਦਾ ਤਾਂ ਪੰਜਾਬ/ਕੇਂਦਰ ਦਾ ਵਿਤ
ਮੰਤਰੀ ਸਹਿਜੇ ਹੀ ਬਣ ਸਕਦਾ ਸੀ। ਗਵਰਨਰ ਲੱਗ ਸਕਦਾ ਸੀ, ਰਾਜਦੂਤ ਹੋ ਸਕਦਾ ਸੀ, ਉਪ
ਰਾਸ਼ਟਰਪਤੀ ਤੇ ਰਾਸ਼ਟਰਪਤੀ ਬਣਨ ਦੇ ਰਾਹ ਪੈ ਸਕਦਾ ਸੀ। ਉਸ ਦਾ ਬਿੰਬ ਇਕ ਸਾਊ, ਸਾਦੇ,
ਮਿਹਨਤੀ, ਮਿਲਾਪੜੇ ਤੇ ਖੁੱਲ੍ਹ-ਦਿਲੇ ਵਿਦਵਾਨ ਦਾ ਬਣਿਆ ਹੋਇਆ ਹੈ। ਵੱਡਾ ਹੋ ਕੇ ਵੀ ਉਹ
ਕਿਸੇ ਨੂੰ ਆਪਣੀ ਵਡੱਤਣ ਮਹਿਸੂਸ ਨਹੀਂ ਹੋਣ ਦਿੰਦਾ। ਹਰੇਕ ਨੂੰ ਇੰਜ ਲੱਗਦੈ ਜਿਵੇਂ ਆਪਣਾ
ਪਰਿਵਾਰਕ ਵਡੇਰਾ ਹੋਵੇ। ਕਿਸੇ ਦਾ ਚਾਚਾ ਕਿਸੇ ਦਾ ਤਾਇਆ। ਮੁਕੰਦਪੁਰੀਆਂ ਦਾ ਤਾਂ ਉਹ ਫੁੱਫੜ
ਹੈ! ਉਥੇ ਵਿਆਹਿਆ ਜੁ ਹੋਇਆ।
ਡਾ. ਜੌਹਲ ਤੇ ਡਾ. ਮਨਮੋਹਨ ਸਿੰਘ ਕੱਚੇ ਕੋਠਿਆਂ ਵਾਲੇ ਪਿੰਡਾਂ ਵਿਚ ਜੰਮੇ ਪਲੇ ਤੇ ਤੱਪੜਾਂ
ਵਾਲੇ ਸਕੂਲਾਂ ਵਿਚ ਅਨਟ੍ਰੇਂਡ ਅਧਿਆਪਕਾਂ ਤੋਂ ਪੜ੍ਹੇ ਗੁੜ੍ਹੇ। ਦੋਹਾਂ ਦੇ ਮਾਪੇ ਸਾਧਾਰਨ
ਬੰਦੇ ਸਨ। ਦੋਹੇਂ ਪੇਂਡੂ ਸਕੂਲਾਂ ਵਿਚ ਪੜ੍ਹਨ ਜਾਂਦੇ ਤੇ ਤੱਪੜਾਂ ਉਤੇ ਬੈਠਦੇ। ਦੋਹਾਂ ਨੇ
ਮੁੱਢਲੇ ਅੱਖਰ ਅਲਫ਼ ਬੇ ਤੇ ਏਕਾ ਦੂਆ ਮਿੱਟੀ ਉਤੇ ਲਿਖਣੇ ਸਿੱਖੇ। ਉਨ੍ਹਾਂ ਦਾ ਆਲਾ ਦੁਆਲਾ
ਅਣਪੜ੍ਹ ਲੋਕਾਂ ਦਾ ਸੀ ਜਿਥੇ ਮੈਟ੍ਰਿਕ ਪਾਸ ਵੀ ਕੋਈ ਘੱਟ ਹੀ ਮਿਲਦਾ ਸੀ। ਸਕੂਲਾਂ ਦੇ
ਉਸਤਾਦ ਵੀ ਅੱਠ ਦਸ ਜਮਾਤਾਂ ਹੀ ਪੜ੍ਹੇ ਹੁੰਦੇ ਸਨ। ਬਹੁਤਿਆਂ ਨੇ ਮਾਸਟਰੀ ਦਾ ਕੋਈ ਕੋਰਸ ਵੀ
ਨਹੀਂ ਸੀ ਕੀਤਾ ਹੁੰਦਾ। ਉਨ੍ਹਾਂ ਅੰਦਰ ਪੜ੍ਹਾਈ ਕਰਾਉਣ ਦਾ ਬੱਸ ਮਿਸ਼ਨਰੀ ਜਜ਼ਬਾ ਹੀ ਹੁੰਦਾ
ਸੀ।
ਉਦੋਂ ਪਿੰਡਾਂ ਵਿਚ ਸ਼ਹਿਰੀ ਵਿਦਿਆ ਦਾ ਚਾਨਣ ਨਹੀਂ ਸੀ ਅਪੜਿਆ। ਵਿਦਿਆਥੀਆਂ ਦੇ ਪੜ੍ਹਨ
ਲਿਖਣ ਲਈ ਕਾਇਦੇ ਤੇ ਫੱਟੀਆਂ ਹੀ ਸਨ। ਕਾਨਿਆਂ ਦੀਆਂ ਕਲਮਾਂ, ਸੂਫ ਦੀ ਸਿਆਹੀ ਤੇ ਫੱਟੀਆਂ
ਪੋਚਣ ਲਈ ਗਾਚਣੀ ਸੀ। ਬਸਤੇ ਵਿਚ ਇਕ ਫੱਟੀ ਹੋਣੀ, ਇਕ ਕਾਇਦਾ ਤੇ ਇਕ ਕਲਮ ਦਵਾਤ। ਸਲੇਟ ਤੇ
ਸਲੇਟੀਆਂ ਵੀ ਬਾਅਦ ਵਿਚ ਆਈਆਂ। ਬਹੁਤੇ ਵਿਦਿਆਰਥੀਆਂ ਦੇ ਤੇੜ ਕੇਵਲ ਝੱਗਾ ਤੇ ਸਿਰ ‘ਤੇ
ਸਾਫਾ ਹੁੰਦਾ ਸੀ ਅਤੇ ਲੱਤਾਂ ਢਕਣ ਲਈ ਪਜਾਮਾ ਕਿਸੇ ਵਿਰਲੇ ਦੇ ਪਾਇਆ ਹੁੰਦਾ ਸੀ। ਪਤਲੂਣ
ਕਾਲਜ ਪੜ੍ਹਦੇ ਪਾੜ੍ਹੇ ਨੂੰ ਮਿਲਦੀ ਸੀ, ਸਕੂਲੀ ਪਾੜ੍ਹੇ ਨੂੰ ਨਹੀਂ। ਪੇਂਡੂ ਲੋਕਾਂ ਦਾ ਕੰਮ
ਧੰਦਾ ਖੇਤੀਬਾੜੀ ਕਰਨੀ ਤੇ ਡੰਗਰ ਪਾਲਣਾ ਸੀ। ਚਰਾਗਾਹਾਂ ਖੁੱਲ੍ਹੀਆਂ ਸਨ ਜਿਥੇ ਸਕੂਲੋਂ
ਪੜ੍ਹ ਕੇ ਮੁੜੇ ਪਾੜ੍ਹੇ ਡੰਗਰ ਚਾਰਦੇ, ਖੇਡਦੇ ਤੇ ਆਪੋ ਆਪਣੇ ਘਰਦਿਆਂ ਦੇ ਕੰਮ ਕਾਰ ਵਿਚ
ਹੱਥ ਵਟਾਉਂਦੇ। ਇਹ ਕੁਦਰਤ ਦਾ ਕ੍ਰਿਸ਼ਮਾ ਹੀ ਹੈ ਕਿ ਉਸ ਮਹੌਲ ਵਿਚ ਮੁੱਢਲੀ ਵਿੱਦਿਆ ਹਾਸਲ
ਕਰਨ ਵਾਲੇ ਸਰਦਾਰਾ ਸਿੰਘ ਤੇ ਮਨਮੋਹਨ ਸਿੰਘ ਵਿਸ਼ਵ ਦੇ ਉੱਘੇ ਅਰਥ ਸ਼ਾਸਤਰੀ ਬਣੇ!
ਸੁਆਲ ਪੈਦਾ ਹੁੰਦਾ ਹੈ ਕਿ ਅੱਜ ਕੱਲ੍ਹ ਮਹਿੰਗੀਆਂ ਫੀਸਾਂ ਲੈਣ ਵਾਲੇ, ਟਿਊਸ਼ਨਾਂ ਕਰਨ
ਕਰਾਉਣ ਵਾਲੇ, ਬੱਚਿਆਂ ਤੋਂ ਬਚਪਨ ਦੀ ਬਾਦਸ਼ਾਹੀ ਖੋਹਣ ਵਾਲੇ, ਕਿਤਾਬਾਂ ਕਾਪੀਆਂ ਦੇ ਭਾਰ
ਹੇਠਾਂ ਬੱਚਿਆਂ ਨੂੰ ਲਿਫਾਉਣ ਵਾਲੇ, ਸਿਹਤਾਂ ਗੁਆਉਣ ਵਾਲੇ, ਐਨਕਾਂ ਲੁਆਉਣ ਵਾਲੇ ਤੇ
ਇਮਤਿਹਾਨਾਂ ਦੀਆਂ ਚਿੰਤਾਵਾਂ ਵਿਚ ਡਬੋਈ ਰੱਖਣ ਵਾਲੇ ਮਾਡਰਨ ਸਕੂਲ ਕਾਹਦੇ ਲਈ ਵਧੀ ਫੁੱਲੀ
ਜਾਂਦੇ ਹਨ? ਵਿਦਿਆਰਥੀਆਂ ਨੂੰ ਉਹ ਜੋ ਬਣਾਉਂਦੇ ਹਨ ਉਹ ਕਿਸੇ ਤੋਂ ਗੁੱਝੇ ਨਹੀਂ। ਲੋਕ ਭਲਾਈ
ਕਰਨ ਵਾਲੇ ਇਨਸਾਨ ਬਣਾਉਣ ਦੀ ਥਾਂ ਉਹ ਜਿ਼ਆਦਾਤਰ ਪੈਸੇ ਕਮਾਉਣ ਦੀਆਂ ਮਸ਼ੀਨਾਂ ਤਿਆਰ ਕਰ
ਰਹੇ ਹਨ। ਕੈਰੀਅਰ ਬਣਾਉਣ ਦੇ ਨਾਂ ਉਤੇ ਬੱਚਿਆਂ ਤੋਂ ਬਚਪਨ ਖੋਹ ਲੈਣਾ, ਜੁਆਨਾਂ ਤੋਂ ਜੁਆਨੀ
ਤੇ ਬਜ਼ੁਰਗਾਂ ਤੋਂ ਸੁਖ-ਸ਼ਾਂਤੀ, ਇਹ ਕਿਧਰਲੀ ਪੜ੍ਹਾਈ ਹੈ? ਸੋਚਣਾ ਚਾਹੀਦੈ ਕਿ ਸਾਡੀ
ਸਿੱਖਿਆ ਨੀਤੀ ਕਿਧਰ ਨੂੰ ਜਾ ਰਹੀ ਹੈ? ਜੇ ਪੁਰਾਣੇ ਸਾਧਾਰਨ ਸਕੂਲ ਸੁਹਿਰਦ ਇਨਸਾਨ ਤੇ
ਵਿਦਵਾਨ ਪੈਦਾ ਕਰਦੇ ਰਹੇ ਤਾਂ ਹੁਣ ਦੇ ਆਧੁਨਿਕ ਸਕੂਲਾਂ ਨੂੰ ਕੀ ਬਿਮਾਰੀ ਪਈ ਹੈ?
1947 ਦੇ ਬਟਵਾਰੇ ਵੇਲੇ ਸਰਦਾਰਾ ਸਿੰਘ ਤੇ ਮਨਮੋਹਨ ਸਿੰਘ ਨੂੰ ਪੱਛਮੀ ਪੰਜਾਬ ਵਿੱਚੋਂ ਉੱਜੜ
ਕੇ ਪੂਰਬੀ ਪੰਜਾਬ ਆਉਣਾ ਪਿਆ। ਉਦੋਂ ਤਕ ਉਨ੍ਹਾਂ ਨੇ ਸਕੂਲਾਂ ਦੀ ਪੜ੍ਹਾਈ ਵੀ ਪੂਰੀ ਨਹੀਂ
ਸੀ ਕੀਤੀ। ਸ਼ਰਨਾਰਥੀਆਂ ਦੇ ਮੰਦੜੇ ਹਾਲ ਸਨ। ਫਿਰ ਵੀ ਚੜ੍ਹਦੀ ਉਮਰ ਦੇ ਦੋਹਾਂ ਗਭਰੂਆਂ ਨੇ
ਮੈਟ੍ਰਿਕ ਤੇ ਅਗਲੀ ਪੜ੍ਹਾਈ ਜਿਵੇਂ ਕਿਵੇਂ ਪੂਰਬੀ ਪੰਜਾਬ ਦੇ ਸਕੂਲਾਂ ਕਾਲਜਾਂ ਵਿਚ ਪੂਰੀ
ਕੀਤੀ। ਆਪਣੀ ਮਿਹਨਤ ਤੇ ਲਿਆਕਤ ਨਾਲ ਪੀ ਐੱਚ. ਡੀ. ਦੀਆਂ ਡਿਗਰੀਆਂ ਹਾਸਲ ਕੀਤੀਆਂ।
ਯੂਨੀਵਰਸਿਟੀਆਂ ਤੇ ਯੂ. ਐੱਨ. ਓ. ਦੇ ਮਹਿਕਮਿਆਂ ਵਿਚ ਸੇਵਾਵਾਂ ਨਿਭਾਈਆਂ। ਜੌਹਲ ਦੀ
ਵਿਰਾਸਤ ਵਿਚ ਖੇਤੀਬਾੜੀ ਸੀ ਜਦ ਕਿ ਮਨਮੋਹਨ ਸਿੰਘ ਦੀ ਵਿਰਾਸਤ ਵਿਚ ਦੁਕਾਨਦਾਰੀ। ਇਹ
ਖੇਤੀਬਾੜੀ ਤੇ ਦੁਕਾਨਦਾਰੀ ਦਾ ਹੀ ਫਰਕ ਸੀ ਕਿ ਬਰਾਬਰ ਦੇ ਦੋ ਅੰਤਰਰਾਸ਼ਟਰੀ ਅਰਥ
ਸ਼ਾਸਤਰੀਆਂ ਵਿੱਚੋਂ ਇਕ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਤੇ ਦੂਜਾ ਸੈਂਟਰਲ ਯੂਨੀਵਰਸਿਟੀ
ਆਫ਼ ਪੰਜਾਬ ਦਾ ਚਾਂਸਲਰ। ਅੰਦਰਲੀਆਂ ਜਾਣਨ ਵਾਲੇ ਅਕਸਰ ਆਖਦੇ ਹਨ, “ਜੇ ਡਾ. ਜੌਹਲ ਭਾਪਿਆਂ
ਦੇ ਘਰ ਜੰਮੇ ਹੁੰਦੇ ਤੇ ਡਾ. ਮਨਮੋਹਨ ਸਿੰਘ ਜੱਟਾਂ ਦੇ ਘਰ ਤਾਂ ਉਨ੍ਹਾਂ ਦੀਆਂ
ਅਹੁਦੇਦਾਰੀਆਂ ਵੀ ਉਲਟ ਪੁਲਟ ਹੋ ਜਾਣੀਆਂ ਸਨ!”
ਡਾ. ਜੌਹਲ ਸਹੀ ਅਰਥਾਂ ਵਿਚ ਖੇਤਾਂ ਦਾ ਪੁੱਤ ਹੈ, ਸਨ ਆਫ਼ ਦਾ ਸਾਇਲ। ਜਿੰਨਾ ਧਰਤੀ ਤੋਂ
ਉੱਤੇ, ਓਨਾ ਹੀ ਧਰਤੀ ਦੇ ਥੱਲੇ। ਉਹਦੀਆਂ ਜੜ੍ਹਾਂ ਖੇਤਾਂ ਦੀ ਮਿੱਟੀ ਵਿਚ ਹਨ, ਦੁਕਾਨਾਂ
ਦੀਆਂ ਇੱਟਾਂ ਵਿਚ ਨਹੀਂ। ਕਿਸਾਨਾਂ ਦੇ ਖੁੱਲ੍ਹੇ ਦਿਲ ਵਾਂਗ ਉਹ ਖੁੱਲ੍ਹੇ ਦਿਲ ਵਾਲਾ ਇਨਸਾਨ
ਹੈ। ਸੰਕੀਰਨਤਾ ਕਿਸੇ ਵਿਵਹਾਰ ਵਿਚ ਵੀ ਨਹੀਂ। ਜੋ ਆਵੇ ਸੋ ਰਾਜ਼ੀ ਜਾਵੇ ਵਾਲਾ ਵਰਤ ਵਰਤਾਓ
ਹੈ ਉਸ ਦਾ। ਉਹ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਨੇੜੇ ਬਾਰ ਦੇ ਚੱਕਾਂ
ਵਿਚ ਜੰਮਿਆ ਜਿਥੋਂ ਦੀ ਬਣਸਪਤੀ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਬਾਰਾਂ ਮਾਂਹ ਵਿਚ ਕੀਤਾ
ਹੈ। ਉਸੇ ਬਣਸਪਤੀ ਦੀ ਪਾਣ ਜੌਹਲ ਉਤੇ ਚੜ੍ਹੀ ਹੋਈ ਹੈ।
ਉਹਦੇ ਵਡਵਡੇਰੇ ਜਿ਼ਲ੍ਹਾ ਜਲੰਧਰ ਦੇ ਪਿੰਡ ਜੰਡਿਆਲੇ ਤੋਂ ਉੱਠ ਕੇ ਚੱਕਾਂ ਵਿਚ ਗਏ ਸਨ ਜਿਥੇ
ਉਨ੍ਹਾਂ ਨੇ ਨਵਾਂ ਸਮਰਾ-ਜੰਡਿਆਲਾ ਵਸਾ ਲਿਆ ਸੀ। ਚੱਕਾਂ ਦੇ ਨਾਂ ਚੜ੍ਹਦੇ ਪੰਜਾਬ ਦੇ
ਪਿੰਡਾਂ ਵਿਚੋਂ ਗਏ ਕਿਸਾਨਾਂ ਨੇ ਆਪਣੇ ਪੁਰਾਣੇ ਪਿੰਡਾਂ ਦੇ ਨਾਵਾਂ ਨਾਲ ਜੋੜ ਲਏ ਸਨ।
ਸਮਰੇ-ਜੰਡਿਆਲੇ ਦੇ ਨਾਲ ਹੀ ਫਰਾਲਾ ਸੀ, ਮੁਕੰਦਪੁਰ ਸੀ, ਸ਼ੰਕਰ ਸੀ ਤੇ ਸ਼ਹੀਦ ਭਗਤ ਸਿੰਘ
ਦਾ ਪਿੰਡ ਬੰਗਾ ਸੀ। ਸ਼ੰਕਰ ਵਿਚ ਛਿੰਝ ਪੈਂਦੀ ਤੇ ਬੰਗੇ ਵਿਚ ਮੇਲਾ ਲੱਗਦਾ। ਚੱਕਾਂ ਦੇ
ਬਸਿ਼ੰਦੇ ਮੇਲੇ ਤੇ ਛਿੰਝਾਂ ਉਡੀਕਦੇ। ਮੇਲਿਆਂ ਵਿਚ ਉੱਡ ਕੇ ਮਿਲਦੇ। ਮਿਲਦੇ ਤਾਂ ਉੱਡ ਕੇ
ਪਰ ਕਦੇ ਕਦੇ ਡਾਂਗੋ ਡਾਂਗੀ ਵੀ ਹੋ ਜਾਂਦੇ ਜਿਵੇਂ ਕਵੀ ਪੂਰਨ ਸਿੰਘ ਪੰਜਾਬ ਦੇ ਜਵਾਨਾਂ ਨੂੰ
ਕਹਿੰਦੈ...ਉੱਠ ਡਾਂਗਾਂ ਬਰਸਾਓ ਵਾਂਗ ਆਂਧੀਆਂ, ਇਹ ਤੁਸਾਂ ਦੇ ਡੌਲਿਆਂ ਨੂੰ ਵਰਜਿਸ਼ ਜ਼ਰੂਰ
ਹੈ!
ਉਪ੍ਰੋਕਤ ਚੱਕ ਨਹਿਰ ਗੁਗੇਰਾ ਬਰਾਂਚ ਦੇ ਸਨ ਜਿਨ੍ਹਾਂ ਨੂੰ ਤਹਿਸੀਲ ਜੜ੍ਹਾਂਵਾਲਾ ਲੱਗਦੀ ਸੀ
ਤੇ ਜਿ਼ਲ੍ਹਾ ਲਾਇਲਪੁਰ ਪੈਂਦਾ ਸੀ। ਲਾਇਲਪੁਰ ਨੂੰ ਹੁਣ ਫੈਸਲਾਬਾਦ ਦਾ ਨਾਂ ਦੇ ਦਿੱਤਾ ਗਿਐ
ਤੇ ਮਿੰਟਗੁਮਰੀ ਨੂੰ ਸਾਹੀਵਾਲ ਦਾ। ਬਾਰ ਦੇ ਬਰਾਨ ਇਲਾਕਿਆਂ ਨੂੰ ਪਾਣੀ ਦੇਣ ਲਈ ਬਣਾਈਆਂ
ਨਹਿਰਾਂ ‘ਚੋਂ ਕੱਢੇ ਸੂਇਆਂ ਦੇ ਮੋਘੇ ਦਾ ਨੰਬਰ ਹੀ ਚੱਕ ਨੰਬਰ ਬਣ ਜਾਂਦਾ ਸੀ। ਚੱਕ ਤੋਂ
ਪੁਰਾਣੇ ਪਿੰਡ ਦਾ ਨਾਂ ਰੱਖ ਲਿਆ ਜਾਂਦਾ ਸੀ।
ਸ਼ਹੀਦ ਭਗਤ ਸਿੰਘ ਦੇ ਵਡੇਰੇ ਬੰਗੇ ਲਾਗਲੇ ਪਿੰਡ ਖਟਕੜ ਕਲਾਂ ਤੋ ਗਏ ਸਨ ਜਿਸ ਕਰਕੇ ਉਨ੍ਹਾਂ
ਨੇ ਆਪਣੇ ਚੱਕ ਦਾ ਨਾਂ ਬੰਗਾ ਰੱਖ ਲਿਆ ਸੀ। ਭਗਤ ਸਿੰਘ, ਸਰਦਾਰਾ ਸਿੰਘ ਤੋਂ ਵੀਹ ਸਾਲ ਵੱਡਾ
ਸੀ। ਸਰਦਾਰਾ ਸਿੰਘ ਅਜੇ ਬੱਚਾ ਸੀ ਜਦੋਂ ਭਗਤ ਸਿੰਘ ਦੀ ਸ਼ਹੀਦੀ ਹੋਈ। ਉਸ ਨੇ ਇਨਕਲਾਬ
ਜਿ਼ੰਦਾਬਾਦ ਦੇ ਨਾਹਰੇ ਬਚਪਨ ਵਿਚ ਸੁਣ ਲਏ ਸਨ। ਉਨ੍ਹਾਂ ਦੇ ਪਿੰਡ ਵਿਚ ਪਰਸ ਰਾਮ ਨਾਂ ਦਾ
ਇਕ ਨੌਜੁਆਨ ਬ੍ਰਾਹਮਣ ਹੁੰਦਾ ਸੀ ਜੋ ਕਾਂਗਰਸ ਪਾਰਟੀ ਦਾ ਵਰਕਰ ਸੀ। ਪਰਸ ਰਾਮ ਹਰ ਰੋਜ਼
ਸ਼ਾਮ ਨੂੰ ਨਿਆਣਿਆਂ ਤੇ ਨੌਜੁਆਨਾਂ ਨੂੰ ਕਾਂਗਰਸ ਦੀਆਂ ਝੰਡੀਆਂ ਫੜਾ ਕੇ ਨਾਹਰੇ ਲਾਉਂਦਾ
ਪਿੰਡ ਦੀਆਂ ਬੀਹੀਆਂ ਵਿਚ ਜਲੂਸ ਕੱਢਦਾ ਸੀ। ‘ਇਨਕਲਾਬ ਜਿ਼ੰਦਾਬਾਦ’ ਦਾ ਨਾਹਰਾ ਪਹਿਲੀ ਵਾਰ
ਪਿੰਡ ਦੇ ਬੱਚਿਆਂ ਨੇ ਉਹਦੇ ਮੂੰਹੋਂ ਸੁਣਿਆ ਸੀ। ਜਿੱਦਣ ‘ਇਨਕਲਾਬ ਜਿ਼ੰਦਾਬਾਦ’ ਦੇ
ਨਾਹਰਿਆਂ ਵਾਲਾ ਜਲੂਸ ਨਾ ਨਿਕਲੇ ਉੱਦਣ ਸਮਝਿਆ ਜਾਂਦਾ ਸੀ ਕਿ ਪਰਸ ਰਾਮ ਨੂੰ ਪੁਲਿਸ ਫੜ ਕੇ
ਲੈ ਗਈ ਹੋਵੇਗੀ। ਉਹਦੇ ਪਿੰਡ ‘ਚ ਹੁੰਦਿਆਂ ਜਲੂਸ ਨਾ ਨਿਕਲਣ ਦਾ ਸਵਾਲ ਹੀ ਪੈਦਾ ਨਹੀਂ ਸੀ
ਹੁੰਦਾ। ਉਹ ਦੇਸ਼ ਆਜ਼ਾਦ ਕਰਾਉਣ ਦੀਆਂ ਚਿਣਗਾਂ ਬਾਲਦਾ ਰਹਿੰਦਾ ਤੇ ਜੇਲ੍ਹ ਜਾਂਦਾ ਰਹਿੰਦਾ।
1947 ਦੇ ਰਾਜ ਰੌਲੇ ਵਿਚ ਪਤਾ ਨਹੀਂ ਉਹਦੇ ਨਾਲ ਕੀ ਬੀਤੀ? ਆਜ਼ਾਦੀ ਦੇ ਅਜਿਹੇ ਪਰਵਾਨਿਆਂ
ਦਾ ਕੋਈ ਪਤਾ ਨਹੀਂ ਕਿਥੇ ਮਰ ਖਪ ਗਏ ਤੇ ਆਜ਼ਾਦ ਭਾਰਤ ਵਿਚ ਕਦੋਂ ਦੇ ਭੁੱਲ ਭੁਲਾ ਗਏ।
ਜਿਹੜੇ ਆਜ਼ਾਦੀ ਦੀਆਂ ਨੇਅਮਤਾਂ ਮਾਣ ਰਹੇ ਨੇ ਉਨ੍ਹਾਂ ਕੋਲ ਵਿਹਲ ਹੀ ਨਹੀਂ ਕਿ ਪਰਸ ਰਾਮ
ਵਰਗੇ ਸੁਤੰਤਰਤਾ ਸੰਗਰਾਮੀਆਂ ਨੂੰ ਯਾਦ ਕਰਨ!
ਨੀਲੀ ਬਾਰ ਦਾ ਇਲਾਕਾ ਨਹਿਰਾਂ ਨਿਕਲਣ ਤੋਂ ਪਹਿਲਾਂ ਖੁਸ਼ਕ ਜਿਹਾ ਸੀ ਜਿਥੇ ਹਨ੍ਹੇਰੀਆਂ
ਆਉਂਦੀਆਂ, ਧੁਦਲ ਉਡਦੀ ਤੇ ਵਾਵਰੋਲੇ ਘੁੰਮਦੇ। ਅਬਾਦੀ ਵਿਰਲੀ ਵਿਰਲੀ ਸੀ। ਜੰਗਲ ਵਿਚ ਵਸਣ
ਵਾਲੇ ਜਾਂਗਲੀ ਛੱਪਰਾਂ ਹੇਠ ਰਹਿੰਦੇ ਤੇ ਕੁੱਲੀਆਂ ‘ਚ ਰਾਤਾਂ ਕੱਟਦੇ। ਮੀਂਹ ਪੈਂਦਾ ਤਾਂ
ਚਰਾਗਾਹਾਂ ਪੁੰਗਰ ਤੁਰਦੀਆਂ ਜਿਨ੍ਹਾਂ ਵਿਚ ਦਿਨੇ ਉਹ ਡੰਗਰ ਚਾਰਦੇ ਰਹਿੰਦੇ ਤੇ ਰਾਤੀਂ
ਡੰਗਰਾਂ ਦੀ ਚੋਰੀ ਕਰਦੇ। ਡੰਗਰਾਂ ਦੀ ਚੋਰੀ ਨੂੰ ਉਹ ਮਾਣਮੱਤੀ ਮੁਹਿੰਮ ਸਮਝਦੇ। ਚੰਗਾ ਡੰਗਰ
ਚੁਰਾਏ ਬਿਨਾਂ ਕਿਸੇ ਜਾਂਗਲੀ ਨੌਜੁਆਨ ਦਾ ਵਿਆਹ ਨਹੀਂ ਸੀ ਹੁੰਦਾ ਪਈ ਇਹ ਟੱਬਰ ਨੂੰ ਪਾਲੇਗਾ
ਕਿਵੇਂ? ਉਨ੍ਹਾਂ ਦੀ ਖੇਤੀ ਵਾਹੀ ਵਿਚ ਦਿਲਚਸਪੀ ਨਹੀਂ ਸੀ। ਪਸੂ ਹੀ ਉਨ੍ਹਾਂ ਦਾ ਧਨ-ਮਾਲ
ਸੀ। ਤੇੜ ਉਹ ਤੰਬੇ ਬੰਨ੍ਹਦੇ ਤੇ ਧੜੋਂ ਨੰਗੇ ਤੁਰੇ ਫਿਰਦੇ। ਤੰਬਾ ਹੇਠ ਵਿਛਾਉਂਦੇ, ਤੰਬਾ
ਉਤੇ ਲੈਂਦੇ, ਤੰਬੇ ‘ਚ ਪੰਡ ਬੰਨ੍ਹਦੇ ਤੇ ਤੰਬੇ ਦਾ ਹੀ ਉਹਲਾ ਕਰਦੇ। ਤੰਬਾ ਹੀ ਉਹਨਾਂ ਲਈ
ਸਭ ਕੁਝ ਸੀ। ਸਿ਼ਕਾਰ ਮਾਰ ਲੈਂਦੇ ਤਾਂ ਖ਼ੁਸ਼ੀ ਵਿਚ ਢੋਲ ਦੇ ਡੱਗੇ ‘ਤੇ ਨੱਚਦੇ। ਉਨ੍ਹਾਂ
ਦੀਆਂ ਲੁੱਡੀਆਂ, ਝੁੰਮਰ ਤੇ ਢੋਲੇ ਮਾਹੀਏ ਉਨ੍ਹਾਂ ਦਾ ਦਿਲ ਪਰਚਾਈ ਰੱਖਦੇ। ਅੰਨ ਹੋਵੇ ਨਾ
ਹੋਵੇ, ਦੁੱਧ ਘਿਓ ਆਮ ਸੀ। ਕੁਆਰੀ ਧਰਤੀ ਅਣਵਾਹੀ ਪਈ ਰਹਿੰਦੀ ਸੀ।
ਅੰਗਰੇਜ਼ਾਂ ਦਾ ਰਾਜ ਆਇਆ ਤਾਂ ਉਨ੍ਹਾਂ ਨੇ ਬਾਰਾਂ ਵਿਚ ਨਹਿਰਾਂ ਕੱਢੀਆਂ। ਆਵਾਜਾਈ ਤੇ
ਢੋ-ਢੁਆਈ ਲਈ ਰੇਲਾਂ ਚਲਾਈਆਂ ਤੇ ਡਾਕਖਾਨੇ ਖੋਲ੍ਹੇ। ਜ਼ਮੀਨਾਂ ਨੂੰ ਨਹਿਰੀ ਪਾਣੀ ਲੱਗਾ ਤਾਂ
ਭਰਪੂਰ ਫਸਲਾਂ ਪੈਦਾ ਹੋਣ ਲੱਗੀਆਂ। ਪੂਰਬੀ ਪੰਜਾਬ ਦੇ ਕਿਸਾਨ ਬਾਰ ਵਿਚ ਜ਼ਮੀਨਾਂ ਖਰੀਦਣ
ਲੱਗੇ ਕਿਉਂਕਿ ਉਨ੍ਹਾਂ ਦੀਆਂ ਜੱਦੀ ਜ਼ਮੀਨਾਂ ਪੀੜ੍ਹੀਆਂ ਵਿਚ ਵੰਡੀਦੀਆਂ ਘਟ ਰਹੀਆਂ ਸਨ।
ਅੰਗਰੇਜ਼ਾਂ ਨੇ ਰਿਟਾਇਰ ਫੌਜੀਆਂ ਨੂੰ ਜ਼ਮੀਨਾਂ ਅਲਾਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਵਧੇਰੇ
ਪੁੱਤਰਾਂ ਵਾਲੇ ਮਾਪਿਆਂ ਨੂੰ ਜ਼ਮੀਨਾਂ ਮੁਫ਼ਤ ਮਿਲਣ ਲੱਗੀਆਂ। ਨਹਿਰੀ ਪਾਣੀ ਨੇ ਨੀਲੀ ਬਾਰ
ਦੀ ਬੰਜਰ ਭੋਇੰ ਨੂੰ ਰੰਗ ਭਾਗ ਲਾ ਦਿੱਤੇ। ਚੜ੍ਹਦੇ ਪੰਜਾਬ ਦੇ ਜਿਨ੍ਹਾਂ ਪਰਿਵਾਰਾਂ ਦਾ ਕੋਈ
ਜੀਅ ਫੌਜ ਵਿਚ ਸ਼ਹੀਦ ਹੋ ਗਿਆ ਸੀ ਉਨ੍ਹਾਂ ਨੂੰ ਜ਼ਮੀਨਾਂ ਇਨਾਮ ਵਿਚ ਮਿਲ ਰਹੀਆਂ ਸਨ
ਜਿਨ੍ਹਾਂ ਨੂੰ ਉਹ ਮੁਰੱਬੇ ਕਹਿਣ ਲੱਗ ਪਏ ਸਨ। ਜਿਸ ਪਿੰਡ ਦਾ ਇਕ ਪਰਿਵਾਰ ਮੁਰੱਬਿਆਂ ਵਿਚ
ਚਲਾ ਜਾਂਦਾ ਉਹ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਸੱਦੀ ਜਾਂਦਾ।
ਡਾ. ਜੌਹਲ ਦੇ ਬਾਬਿਆਂ ਨੂੰ ਜਿ਼ਲ੍ਹਾ ਲਾਇਲਪੁਰ ਵਿਚ ਦੋ ਮੁਰੱਬੇ ਮਿਲੇ ਸਨ ਪਰ ਉਹ
ਮੁਰੱਬਿਆਂ ਦੀ ਮਾਲਕੀ ਨਾ ਸੰਭਾਲ ਸਕੇ। ਵੱਡੀ ਪਲੇਗ ਨੇ ਘਰਾਂ ਦੇ ਘਰ ਖਾਲੀ ਕਰ ਦਿੱਤੇ ਸਨ।
ਜੌਹਲ ਦੇ ਬਾਬੇ ਦੇ ਚਾਰ ਪੁੱਤਰ ਸਨ ਜਿਨ੍ਹਾਂ ‘ਚੋਂ ਦੋ ਫੌਜ ਵਿਚ ਚਲੇ ਗਏ ਤੇ ਦੋ ਖੇਤੀਬਾੜੀ
ਕਰਦੇ ਰਹੇ। ਜੌਹਲ ਦਾ ਬਾਪ ਤੇ ਤਾਇਆ ਜ਼ਮੀਨ ਭਾਉਲੀ ਮਾਮਲੇ ‘ਤੇ ਲੈ ਕੇ ਵਾਹੁੰਦੇ। ਉਨ੍ਹਾਂ
ਕੋਲ ਦੋ ਜੋਗਾਂ ਸਨ ਜਿਨ੍ਹਾਂ ਨਾਲ ਡੇਢ ਮੁਰੱਬੇ ਯਾਨੀ ਸਾਢੇ ਸੈਂਤੀ ਏਕੜ ਦੀ ਵਾਹੀ ਕੀਤੀ
ਜਾਂਦੀ। ਵੱਡੇ ਤੜਕੇ ਉੱਠ ਕੇ ਹਲ ਜੋੜਨਾ ਪੈਂਦਾ। ਕਈ ਵਾਰ ਚੰਨ ਚਾਨਣੀ ਵਿਚ ਅੱਧੀ ਰਾਤ ਨੂੰ
ਹੀ ਜੋਗ ਤੋਰ ਲੈਂਦੇ। ਘਰ ਦੇ ਜੀਆਂ ਨੂੰ ਖੇਤੀ ਵਾਹੀ ਦੇ ਕਰੜੇ ਕੰਮਾਂ ਵਿਚ ਕਦੇ ਵਿਹਲ ਨਾ
ਮਿਲਦੀ। ਸਰਦਾਰਾ ਸਿੰਘ ਖ਼ੁਦ ਘਾਹ ਖੋਤਦਾ, ਪੱਠੇ ‘ਕੱਠੇ ਕਰਦਾ, ਚਰ੍ਹੀ ਵੱਢਦਾ, ਕੁਤਰਦਾ ਤੇ
ਹਨ੍ਹੇਰੇ ਸਵੇਰੇ ਹਲ ਵਾਹੁੰਦਾ। ਟੋਕੇ ‘ਤੇ ਕਰੜੀ ਚਰ੍ਹੀ ਦੀਆਂ ਭਰੀਆਂ ਕੁਤਰਦਾ ਤਾਂ ਸਿਰ ਤੇ
ਧੌਣ ਤੋਂ ਉਤਰਿਆ ਮੁੜ੍ਹਕਾ ਪਿੰਡੇ ਉਤੋਂ ਦੀ ਤਿਲ੍ਹਕਦਾ ਪੈਰਾਂ ਦੇ ਨਹੁੰਆਂ ਥਾਣੀ ਰੋੜ੍ਹ ਬਣ
ਕੇ ਵਗ ਤੁਰਦਾ। ਇੰਜ ਉਹ ਖੇਤੀ ਬਾੜੀ ਦੇ ਕਰੜੇ ਕੰਮਾਂ ਦੀ ਕੁਠਾਲੀ ਵਿਚ ਢਲਿਆ ਸੁਧ ਸੋਨਾ ਬਣ
ਗਿਆ।
ਉਹ ਲਿਖਦਾ ਹੈ, “ਸਕੂਲੋਂ ਹਟਾ ਕੇ ਮੈਨੂੰ ਖੇਤੀ ਵਿਚ ਦਬੱਲਿਆ ਗਿਆ। ਮੈਂ ਆਪਣੇ ਪਿਤਾ ਜੀ
ਨਾਲ ਹਲ਼ਾਂ ਦਾ ਪੂਰਾ-ਪੂਰਾ ਜੋਤਾ ਲਾਉਂਦਾ ਸੀ। ਅਸੀਂ ਤੜਕੇ ਦੋ ਵਜੇ ਉੱਠ ਕੇ, ਉਹ ਅਗਲੇ ਹਲ
ਤੇ ਮੈਂ ਪਿਛਲੇ ਹਲ, ਦੋ ਏਕੜ ਜ਼ਮੀਨ ਦੁਪਹਿਰ ਤੋਂ ਪਹਿਲੋਂ ਹੀ ਵਾਹ ਕੇ ਸਾਹ ਲੈਂਦੇ ਸਾਂ।
ਜਵਾਨ ਸਾਂ, ਪਰ ਹੈ ਤਾਂ ਅਜੇ ਅਲੂੰਆਂ ਹੀ ਸਾਂ। ਕੋਈ ਤਰਸ ਨਹੀਂ ਸੀ ਕੀਤਾ ਜਾਂਦਾ। ਜਿਸ ਦਿਨ
ਹਲ਼ੀਂ ਨਹੀਂ ਗਿਆ, ਸਾਰੇ ਡੰਗਰ-ਮਾਲ ਲਈ ਚਾਰਾ ਕੱਟ ਕੇ ਕੁਤਰੇ ਵਾਲੀ ਮਸ਼ੀਨ ਤਾਈਂ ਲਿਆਉਣਾ
ਮੇਰੀ ਡਿਊਟੀ ਹੁੰਦੀ ਸੀ। ਮੈਨੂੰ ਯਾਦ ਹੈ ਗਰਮੀਆਂ ਵਿਚ ਪਲੀ ਹੋਈ ਚਰ੍ਹੀ-ਜੁਆਰ ਦੀਆਂ ਤਿੰਨ
ਭਰੀਆਂ ਵੱਢ ਕੇ ਮਸ਼ੀਨ ‘ਤੇ ਤਿਆਰ ਰੱਖਣੀਆਂ ਪੈਂਦੀਆਂ ਸਨ। ਹਲ ਛੱਡ ਕੇ, ਤਾਇਆ ਜੀ ਮਸ਼ੀਨ
ਵਿਚ ਚਰ੍ਹੀ ਦੇ ਰੁੱਗ ਦਿਆ ਕਰਦੇ ਸਨ ਅਤੇ ਮੈਂ ਹੱਥ ਵਾਲੀ ਕੁਤਰੇ ਦੀ ਮਸ਼ੀਨ ਗੇੜਦਾ ਹੁੰਦਾ
ਸੀ। ਤਾਇਆ ਜੀ ਕਾਫ਼ੀ ਸਖ਼ਤ ਤਬੀਅਤ ਦੇ ਸਨ। ਉਨ੍ਹਾਂ ਦਾ ਹੁਕਮ ਹੁੰਦਾ ਸੀ ਕਿ ਤਿੰਨੇ ਭਰੀਆਂ
ਕੁਤਰੇ ਬਗ਼ੈਰ ਮਸ਼ੀਨ ਖੜ੍ਹੀ ਕੀਤੀ ਤਾਂ ਡੰਡਾ ਖੜਕੇਗਾ। ਖੜਕਦਾ ਕਦੇ ਨਹੀਂ ਸੀ, ਪਰ
ਹੁਕਮ-ਅਦੂਲੀ ਦੀ ਹਿੰਮਤ ਨਹੀਂ ਸੀ ਹੁੰਦੀ ਕਦੀ ਵੀ। ਚਰ੍ਹੀ ਵਿਚ ਰਸ ਬਹੁਤ ਹੁੰਦਾ ਸੀ। ਉਸ
ਰਸ ਨਾਲ, ਰੋਜ਼ ਗਿਰ ਗਿਰ ਕੇ ਮਸ਼ੀਨ ਦੀ ਅਗਲੀ ਥਾਂ ਕੱਚੀ ਹੋਣ ਦੇ ਬਾਵਜੂਦ ਵੀ ਸੀਮੈਂਟ
ਨਾਲੋਂ ਵੱਧ ਪੱਕੀ, ਚੀਕਣੀ ਤੇ ਸਾਫ਼ ਹੁੰਦੀ ਸੀ। ਕੱਪੜੇ ਲਾਹ ਕੇ, ਸਿਰਫ਼ ਕੱਛਾ ਪਾ ਕੇ
ਮਸ਼ੀਨ ਗੇੜੀਦੀ ਸੀ। ਮੇਰੀਆਂ ਅੱਖਾਂ ਅੱਗੇ ਹਾਲਾਂ ਵੀ ਉਹ ਤਸਵੀਰ ਸਾਫ਼ ਦਿਖਾਈ ਪੈਂਦੀ ਹੈ,
ਪੈਰਾਂ ਦੇ ਅੰਗੂਠਿਆਂ ਦੇ ਨੌਂਹਾਂ ਤੋਂ ਅੱਗੇ ਪੈਰਾਂ ਥੱਲਿਓਂ ਪਸੀਨੇ ਦੀ ਰੋੜ੍ਹ ਵਗਣ ਲੱਗਦੀ
ਸੀ। ਮਿਹਨਤ ਤਾਂ ਬਹੁਤ ਸੀ ਅਤੇ ਕੰਮ ਵੀ ਔਖਾ ਸੀ, ਪਰ ਇਹ ਪਸੀਨੇ ਦੀ ਰੋੜ੍ਹ ਵੇਖ ਕੇ ਮਨ
ਨੂੰ ਇਕ ਅਜੀਬ ਕਿਸਮ ਦਾ ਆਨੰਦ ਮਿਲਦਾ ਸੀ। ਇਸ ਆਨੰਦ ਦੀ ਤਸੱਲੀ ਸਿਰਫ਼ ਮਹਿਸੂਸ ਹੀ ਕੀਤੀ
ਜਾ ਸਕਦੀ ਹੈ। ਇਸ ਨੂੰ ਬਿਆਨ ਕਰਨਾ ਮੁਮਕਿਨ ਨਹੀਂ। ਮੈਂ ਆਪਣੇ ਪਿਤਾ ਜੀ ਨਾਲ ਸਾਰਾ-ਸਾਰਾ
ਦਿਨ ਤਪਦੀਆਂ ਧੁੱਪਾਂ ਵਿਚ ਕਣਕ ਦੀ ਵਾਢੀ ਕੀਤੀ ਹੋਈ ਹੈ। ਅਸੀਂ ਬਰਾਬਰ ਬੈਠ ਕੇ ਨਾਲ-ਨਾਲ
ਪਰਾਤਾਂ ਧਰਦੇ ਹੁੰਦੇ ਸਾਂ। ਕੰਮ ਸਫਾਈ ਨਾਲ ਨਾ ਕੀਤਾ ਹੋਵੇ ਤਾਂ ਪਿਤਾ ਜੀ ਨੂੰ ਪਸੰਦ ਨਹੀਂ
ਸੀ ਆਉਂਦਾ। ਇਸ ਪੱਖੋਂ ਮੈਨੂੰ ਉਨ੍ਹਾਂ ਕਦੀ ਬਖਸਿ਼ਆ ਹੀ ਨਹੀਂ ਸੀ। ਸ਼ਾਮ ਨੂੰ ਖੜ੍ਹੇ ਹੋ
ਕੇ ਖੇਤਾਂ ਵਿਚ ਅਸੀਂ ਆਪਣੀਆਂ ਪਰਾਤਾਂ ਲਾਈਆਂ ਵੇਖਦੇ ਤੇ ਗਿਣਦੇ ਹੁੰਦੇ ਸੀ ਕਿਉਂਕਿ ਸਾਡੀ
ਕੀਤੀ ਵਾਢੀ ਜੁਦਾ ਹੀ ਦਿਸਦੀ ਹੁੰਦੀ ਸੀ...।
“ਜਿਸ ਦਿਨ ਹਲ਼ੀਂ ਨਹੀਂ ਗਿਆ, ਸੌਣ ਭਾਦੋਂ ਦੀ ਗਰਮੀ ਵਿਚ ਪੰਜ-ਪੰਜ ਪੰਡਾਂ ਕਪਾਹ ‘ਚੋਂ
ਮਧਾਣੇ ਘਾਹ ਦੀਆਂ ਵੀ ਖੋਤੀਆਂ। ਗਰਮੀਆਂ ‘ਚ ਮੱਕੀ ਵੀ ਗੁੱਡੀ ਜਿਸ ਦੇ ਪੱਛ ਲੱਗ-ਲੱਗ ਕੇ
ਜਿਸਮ ‘ਤੇ ਲਕੀਰਾਂ ਪੈ ਜਾਂਦੀਆਂ ਸਨ। ਕਮਾਦ ਦੇ ਮੂਸਲ ਬੰਨ੍ਹਣਾ ਵੀ ਕੋਈ ਸੌਖਾ ਕੰਮ ਨਹੀਂ
ਸੀ ਪਰ ਇਹ ਸਾਰੇ ਕੰਮ ਮੈਥੋਂ ਡਟ ਕੇ ਕਰਵਾਏ ਗਏ। ਸਭ ਤੋਂ ਔਖੀ ਫਲ੍ਹਿਆਂ ਨਾਲ ਗਹਾਈ ਹੁੰਦੀ
ਸੀ। ਕੰਡ ਬਹੁਤ ਲੜਿਆ ਕਰਦੀ ਸੀ...।
“ਇਥੇ ਹੀ ਬੱਸ ਨਹੀਂ, ਪਿਤਾ ਜੀ ਤੇ ਤਾਇਆ ਜੀ ਹੋਰਾਂ ਦੇ ਕੰਮ ਦੇ ਖੱਦਰ ਦੇ ਕੱਪੜੇ ਵੀ ਮੈਂ
ਛੱਪੜੀ ਦੇ ਪਾਣੀ ਵਿਚ ਧੋਇਆ ਕਰਦਾ ਸਾਂ। ਇਹ ਕਪੜੇ ਧੋਣ ਦਾ ਸਿਲਸਿਲਾ ਤਾਂ ਜਦ ਮੈਂ ਬੀ.
ਐੱਸਸੀ. ਵਿਚ ਕਾਲਜ ਪੜ੍ਹਦਾ ਸੀ ਅਤੇ ਉਦੋਂ ਤਕ ਜਦ ਤਕ ਮੈਂ ਨੌਕਰੀ ‘ਤੇ ਨਹੀਂ ਚਲਾ ਗਿਆ,
ਜਾਰੀ ਰਿਹਾ। ਜਦ ਮੈਂ ਕਾਲਜ ਵਿਚ ਪੜ੍ਹਦਾ ਸਾਂ ਅਤੇ ਛੁੱਟੀ ਆਏ ਦੇ ਅੱਗੇ ਕੰਮ ਵਾਲੇ ਮੋਟੇ
ਕੱਪੜੇ ਖੂਹ ਦੇ ਚਲ੍ਹੇ ਵਿਚ ਧੋਣ ਨੂੰ ਸੁੱਟ ਦਿੱਤੇ ਜਾਂਦੇ ਸਨ ਤਾਂ ਪਿਤਾ ਜੀ ਪੁੱਛਦੇ
ਹੁੰਦੇ ਸਨ ਕਿ ਅਜੇ ਤੈਨੂੰ ਸਾਡੇ ਕੱਪੜਿਆਂ ‘ਚੋਂ ਮੁਸ਼ਕ ਆਉਣ ਲੱਗਾ ਕਿ ਨਹੀਂ?”
ਮੈਂ ਡਾ. ਜੌਹਲ ਨੂੰ ਵੇਖਦਾ/ਸੁਣਦਾ ਤਾਂ 1980ਵਿਆਂ ਤੋਂ ਸੀ ਪਰ 1996 ਤੋਂ ਖੁੱਲ੍ਹੀਆਂ
ਗੱਲਾਂ ਕਰਨ ਦੇ ਮੌਕੇ ਵੀ ਮਿਲਣ ਲੱਗ ਪਏ ਸਨ। ਉਨ੍ਹਾਂ ਦੇ ਪੇਂਡੂ ਕਾਲਜ ਨੂੰ ਪੇਂਡੂ ਪਿਛੋਕੜ
ਦਾ ਪ੍ਰਿੰਸੀਪਲ ਚਾਹੀਦਾ ਸੀ ਜੋ ਮੁਕੰਦਪੁਰ ਰਹਿ ਸਕਦਾ। ਮੈਂ ਦਿੱਲੀ ਦੇ ਖ਼ਾਲਸਾ ਕਾਲਜ ਦੀ
ਨੌਕਰੀ ਛੱਡ ਕੇ ਢੁੱਡੀਕੇ ਆਇਆ ਸਾਂ। 1983 ਵਿਚ ਮੈਨੂੰ ਮੋਗੇ ਦੇ ਗੁਰੂ ਨਾਨਕ ਕਾਲਜ ਦੀ
ਪ੍ਰਿੰਸੀਪਲੀ ਮਿਲੀ ਸੀ ਪਰ ਮੈਂ ਜਾਇਨ ਨਹੀਂ ਸੀ ਕੀਤਾ ਕਿਉਂਕਿ ਮੇਰੀ ਜੀਵਨ ਸ਼ੈਲੀ
ਸ਼੍ਰੋਮਣੀ ਕਮੇਟੀ ਦੀ ਰਹਿਤ ਮਰਿਆਦਾ ਦੇ ਅਨੁਕੂਲ ਨਹੀਂ ਸੀ। ਮੁਕੰਦਪੁਰ ਦੇ ਕਾਲਜ ਵਿਚ
ਪ੍ਰਿੰਸੀਪਲੀ ਕਰਨ ਨੂੰ ਇਸ ਕਰਕੇ ਦਿਲ ਕਰ ਆਇਆ ਕਿ ਉਹ ਡਾ. ਜੌਹਲ ਦਾ ਕਾਲਜ ਸੀ। ਮੈਂ ਜਸਵੰਤ
ਸਿੰਘ ਕੰਵਲ ਨੂੰ ਦੱਸ ਦਿੱਤਾ ਤੇ ਉਸ ਨੇ ਡਾ. ਜੌਹਲ ਕੋਲ ਮੇਰਾ ਨਾਂ ਲੈ ਦਿੱਤਾ। ਤਸੱਲੀ ਕਰਨ
ਲਈ ਜੌਹਲ ਨੇ ਕੰਵਲ ਤੋਂ ਇਕੋ ਗੱਲ ਪੁੱਛੀ, “ਉਹ ਮੁਕੰਦਪੁਰ ਰਹਿ ਪਊ?” ਕੰਵਲ ਨੇ ਕਿਹਾ, “ਜੇ
ਦਿੱਲੀ ਛੱਡ ਕੇ ਢੁੱਡੀਕੇ ਰਹੀ ਜਾਂਦੈ ਤਾਂ ਮੁਕੰਦਪੁਰ ਕਿਵੇਂ ਨਾ ਰਹੂ?”
ਪ੍ਰਿੰਸੀਪਲ ਦੀ ਚੋਣ ਕਰਨ ਵਾਲੇ ਬੋਰਡ ਵਿਚ ਦੋ ਮੈਂਬਰ ਯੂਨੀਵਰਸਿਟੀ ਦੇ ਸਨ ਤੇ ਦੋ ਪੰਜਾਬ
ਸਰਕਾਰ ਦੇ। ਡਾ. ਜੌਹਲ ਚੇਅਰਮੈਨ ਸੀ। ਮੈਨੂੰ ਕੁਰਸੀ ‘ਤੇ ਬਹਾ ਲਿਆ। ਮੇਰਾ ਪੱਤਰ ਪੜ੍ਹਦਿਆਂ
ਡਾ. ਜੌਹਲ ਨੇ ਦੋ ਕੁਝ ਸਤਰਾਂ ਹੇਠ ਲਕੀਰਾਂ ਲਾਈਆਂ ਤੇ ਉਹ ਆਪਸ ਵਿਚ ਵਿਚਾਰਾਂ ਕਰਨ ਲੱਗੇ।
ਮੈਥੋਂ ਪੁੱਛਿਆ ਗਿਆ, “ਸਰਕਾਰੀ ਨੌਕਰੀ ਛੱਡ ਦਿਓਗੇ?” ਮੈਂ ਕਿਹਾ, “ਜਿਵੇਂ ਦਿੱਲੀ ਛੱਡੀ
ਸੀ, ਓਵੇਂ ਸਰਕਾਰੀ ਨੌਕਰੀ ਛੱਡ ਦਿਆਂਗਾ।” ਬੋਰਡ ਦੇ ਕੁਝ ਮੈਂਬਰ ਹੈਰਾਨ ਹੋਏ ਕਿ ਇਹ ਕਿਹੋ
ਜਿਹਾ ਬੰਦਾ ਹੈ ਜਿਹੜਾ ਦਿੱਲੀ ਦੇ ਕਾਲਜ ਦੀ ਲੈਕਚਰਾਰੀ ਛੱਡ ਕੇ ਪਿੰਡ ਦੇ ਕਾਲਜ ਵਿਚ ਆ
ਲੱਗਾ ਸੀ ਤੇ ਹੁਣ ਸਰਕਾਰੀ ਕਾਲਜ ਦੀ ਨੌਕਰੀ ਛੱਡ ਕੇ ਪ੍ਰਾਈਵੇਟ ਕਾਲਜ ਵਿਚ ਆਉਣ ਨੂੰ ਤਿਆਰ
ਹੈ! ਸੱਚੀ ਗੱਲ ਤਾਂ ਇਹ ਸੀ ਕਿ ਮੈਂ ਜੌਹਲ ਸਾਹਿਬ ਦੇ ਦਰਸ਼ਨ ਕਰਨ ਹੀ ਗਿਆ ਸਾਂ। ਸੋਚਿਆ ਸੀ
ਪ੍ਰਿੰਸੀਪਲੀ ਮਿਲੇ ਨਾ ਮਿਲੇ ਦਰਸ਼ਨ ਤਾਂ ਮਿਲਣਗੇ ਹੀ। ਉਹ ਕਿਹੜਾ ਪ੍ਰਿੰਸੀਪਲੀ ਤੋਂ ਘੱਟ
ਨੇ! ਮੈਥੋਂ ਪੁੱਛਿਆ ਗਿਆ ਕੋਈ ਖ਼ਾਸ ਗੱਲ ਹੈ ਤਾਂ ਦੱਸੋ? ਮੈਂ ਕਿਹਾ, “ਮੇਰੇ ਪਾਸ ਇਕ ਖ਼ਾਸ
ਡਿਗਰੀ ਹੈ।” ਉਨ੍ਹਾਂ ਨੇ ਪੁੱਛਿਆ, “ਕਿਹੜੀ?” ਮੈਂ ਕਿਹਾ, “ਮੈਂ ਢੁੱਡੀਕੇ ਪਾਸ ਹਾਂ ਜਿਥੇ
ਕੋਈ ਬਖਸਿ਼ਆ ਨਹੀਂ ਜਾਂਦਾ। ਜਿ਼ੰਦਾਬਾਦ ਘੱਟ ਤੇ ਮੁਰਦਾਬਾਦ ਵੱਧ ਹੁੰਦੀ ਐ। ਉਥੇ ਤਾਂ ਕੰਵਲ
ਸਾਹਿਬ ਵਰਗੇ ਵੀ ਨਹੀਂ ਬਖ਼ਸ਼ੇ ਜਾਂਦੇ। ਮੈਨੂੰ ਪਤਾ ਨੀ ਤੀਹ ਸਾਲ ਢੁੱਡੀਕੇ ਨੇ ਕਿਵੇਂ
ਬਖਸ਼ੀ ਰੱਖਿਆ? ਮੈਂ ਸਮਝਦਾਂ ਜਿਹੜਾ ਢੁੱਡੀਕੇ ਪਾਸ ਹੋ-ਜੇ ਉਹ ਕਿਤੇ ਫੇਲ੍ਹ ਨੀ ਹੁੰਦਾ।”
ਜੌਹਲ ਸਾਹਿਬ ਹੱਸੇ ਤੇ ਮੈਨੂੰ ਇੰਟਰਵਿਊ ਦੌਰਾਨ ਹੀ ਕਹਿ ਦਿੱਤਾ, “ਪਹਿਲਾਂ ਕਾਲਜ ਦੇਖ ਲਓ।
ਫੇਰ ਨਾ ਕਿਹੋ ਫਸ ਗਿਆ।” ਮੈਨੂੰ ਕਾਲਜ ਵਿਖਾ ਦਿੱਤਾ ਗਿਆ ਤੇ ਪ੍ਰਿੰਸੀਪਲੀ ਬਖਸ਼ ਦਿੱਤੀ
ਗਈ।
ਫਿਰ ਮੈਨੂੰ ਜੌਹਲ ਸਾਹਿਬ ਨੇ ਵੱਖਰਾ ਬਹਾ ਲਿਆ। ਮੈਂ ਸ਼ੁਕਰ ਕੀਤਾ ਕਿ ਮੇਰੀ ਦਰਸ਼ਨਾਂ ਦੀ
ਭੁੱਖ ਪੂਰੀ ਹੋਣ ਲੱਗੀ ਹੈ। ਡਾ. ਜੌਹਲ ਨੇ ਕਹਿਣਾ ਸ਼ੁਰੂ ਕੀਤਾ, “ਮੇਰੀ ਸੋਚ ਲਿਬਰਲ ਹੈ ਪਰ
ਥੋੜ੍ਹੀ ਜਿਹੀ ਖੱਬੇ ਪੱਖੀ ਹੈ। ਮੇਰਾ ਧਰਮਾਂ ਕਰਮਾਂ, ਜਾਤ ਪਾਤ, ਇਲਾਕੇਦਾਰੀ ਜਾਂ ਊਚ ਨੀਚ
ਵਿਚ ਕੋਈ ਵਿਸ਼ਵਾਸ ਨਹੀਂ। ਮੈਰਿਟ ਹੀ ਦੇਖੀਦੀ ਹੈ। ਤੁਹਾਡੀ ਵੀ ਮੈਰਿਟ ਹੀ ਦੇਖੀ ਹੈ, ਕੰਵਲ
ਸਾਹਿਬ ਦੀ ਸਿਫਾਰਸ਼ ਨਹੀਂ। ਅਜੇ ਇਹ ਕਾਲਜ ਨਵਾਂ ਹੈ। ਆਪਾਂ ਨੂੰ ਵੱਧ ਮਿਹਨਤ ਕਰਨੀ ਪਵੇਗੀ।
ਪੈਸੇ ਦਾ ਭਾਵੇਂ ਘਾਟਾ ਨਹੀਂ ਪਰ ਮੈਂ ਚਾਹੁੰਨਾਂ ਕੋਈ ਫਜ਼ੂਲ ਖਰਚੀ ਨਾ ਹੋਵੇ। ਦਾਨੀਆਂ ਦਾ
ਪੈਸਾ ਸਹੀ ਥਾਂ ਤੇ ਸੰਜਮ ਨਾਲ ਲੱਗੇ। ਪੇਂਡੂਆਂ ਨਾਲ ਕਿਵੇਂ ਵਰਤਣਾ, ਤੁਸੀਂ ਜਾਣਦੇ ਈ ਓ।
ਤੁਹਾਡੇ ਕੰਮ ਵਿਚ ਕਮੇਟੀ ਦਾ ਕੋਈ ਦਖਲ ਨਹੀਂ ਹੋਵੇਗਾ। ਇਹ ਤੁਸੀਂ ਦੇਖਣਾ ਕਿ ਕਾਲਜ ਨੂੰ
ਕਿਵੇਂ ਅੱਗੇ ਵਧਾਉਣਾ? ਅਸੀਂ ਪੂਰਾ ਸਹਿਯੋਗ ਦੇਵਾਂਗੇ।”
ਮੈਂ ਆਖਿਆ, “ਆਹ ਤਾਂ ਜੌਹਲ ਸਾਹਿਬ ਤੁਸੀਂ ਮੇਰੇ ਦਿਲ ਦੀ ਗੱਲ ਕਰ ਦਿੱਤੀ। ਸੋਚ ਤਾਂ ਮੇਰੀ
ਵੀ ਥੋੜ੍ਹੀ ਜਿਹੀ ਖੱਬੇ ਪੱਖੀ ਹੀ ਹੈ। ਧਰਮਾਂ ਕਰਮਾਂ ਦੀ ਸੰਕੀਰਨਤਾ ਤੋਂ ਬਚਦਿਆਂ ਈ ਮੈਂ
ਮੋਗੇ ਦੇ ਧਾਰਮਿਕ ਕਾਲਜ ਦੀ ਥਾਂ ਤੁਹਾਡੇ ਕਾਲਜ ਵਿਚ ਆਇਆਂ। ਰਹੀ ਗੱਲ ਫਜ਼ੂਲ ਖਰਚੀ ਦੀ।
ਮੈਂ ਤਾਂ ਹਾਂ ਹੀ ਲੋੜੋਂ ਵੱਧ ਸਰਫ਼ੇਹੱਥਾ। ਮੇਰੇ ਸਾਥੀ ਮੈਨੂੰ ਸੂਮ ਕਹਿੰਦੇ ਰਹਿੰਦੇ ਆ।
ਅਸਲ ਵਿਚ ਮੇਰੀਆਂ ਲੋੜਾਂ ਈ ਬੜੀਆਂ ਸੀਮਤ ਨੇ। ਜਿੰਨੀ ਤਨਖਾਹ ਢੁੱਡੀਕੇ ਲੈਂਦਾ ਸੀ ਉਹ ਵਾਧੂ
ਸੀ। ਮੈਨੂੰ ਓਦੂੰ ਪੰਜ ਸੌ ਰੁਪਏ ਘੱਟ ਤਨਖਾਹ ਦੇਣੀ। ਮੈਂ ਜਿੰਨਾ ਚਿਰ ਪ੍ਰਿੰਸੀਪਲ ਰਹਾਂਗਾ
ਨਾ ਆਪ ਫਜ਼ੂਲ ਡੀ. ਏ. ਟੀ. ਏ. ਲਵਾਂਗਾ ਤੇ ਨਾ ਵਾਹ ਲੱਗਦੀ ਕਿਸੇ ਹੋਰ ਨੂੰ ਦੇਵਾਂਗਾ।
ਮਿਥੇ ਸਮੇਂ ਤੋਂ ਘੰਟਾ ਦੋ ਘੰਟੇ ਵੱਧ ਦਫ਼ਤਰ ‘ਚ ਬੈਠਾਂਗਾ ਤਾਂ ਕਿ ਸਟਾਫ਼ ਤੋਂ ਇਕ ਅੱਧਾ
ਘੰਟਾ ਵੱਧ ਕੰਮ ਕਰਵਾ ਸਕਾਂ। ਮੈਨੂੰ ਤੁਹਾਡੀ ਸਰਪ੍ਰਸਤੀ ਤੇ ਸਲਾਹ ਦੀ ਹਰ ਵੇਲੇ ਲੋੜ
ਰਹੇਗੀ।” ਡਾ. ਜੌਹਲ ਨੇ ਸ਼ੁਭ ਇਛਾਵਾਂ ਦਿੰਦਿਆਂ ਹੱਥ ਮਿਲਾਉਣ ਲਈ ਅੱਗੇ ਵਧਾਇਆ ਪਰ ਮੈਂ
ਗੋਡਿਆਂ ਨੂੰ ਹੱਥ ਲਾ ਕੇ ਵਿਦਾ ਲਈ। ਢੁੱਡੀਕੇ ਤਕ ਮੈਂ ਸੋਚਦਾ ਆਇਆ, ਕੀ ਮੈਂ ਡਾ. ਜੌਹਲ
ਦੀਆਂ ਆਸਾਂ ‘ਤੇ ਪੂਰਾ ਉੱਤਰ ਸਕਾਂਗਾ?
ਜਿੱਦਣ ਮੈਂ ਡਿਊਟੀ ਜਾਇਨ ਕਰਨੀ ਸੀ ਡਾ. ਜੌਹਲ ਹਾਜ਼ਰ ਸੀ। ਮੈਨੂੰ ਅਦਬ ਨਾਲ ਪ੍ਰਿੰਸੀਪਲ ਦੀ
ਕੁਰਸੀ ‘ਤੇ ਬਹਾਇਆ ਗਿਆ। ਹਾਜ਼ਰੀ ਪਾਉਣ ਲਈ ਮੈਂ ਕਲਮਦਾਨ ‘ਚੋਂ ਪੈੱਨ ਕੱਢਣ ਲੱਗਾ ਤਾਂ
ਜੌਹਲ ਸਾਹਿਬ ਨੇ ਆਪਣਾ ਪਾਰਕਰ ਪੈੱਨ ਮੈਨੂੰ ਫੜਾ ਦਿੱਤਾ। ਮੈਂ ਉਸ ਪੈੱਨ ਨਾਲ ਹਾਜ਼ਰੀ ਭਰ
ਕੇ ਧੰਨਵਾਦ ਕਰਦਿਆਂ ਪੈੱਨ ਮੋੜਨਾ ਚਾਹਿਆ ਤਾਂ ਜੌਹਲ ਸਾਹਿਬ ਨੇ ਕਿਹਾ, “ਇਹ ਤੁਹਾਡੇ ਲਈ
ਗਿਫ਼ਟ ਹੈ।”
ਉਹ ਸੁਨਹਿਰਾ ਪੈੱਨ ਮੈਂ ਕਈ ਸਾਲ ਸੰਭਾਲ ਕੇ ਰੱਖਿਆ। ਮੈਂ ਉਹ ਜੇ਼ਬ ਨਾਲ ਨਹੀਂ ਸੀ ਲਾਉਂਦਾ
ਕਿਤੇ ਏਨਾ ਪਿਆਰਾ ਤੋਹਫ਼ਾ ਏਧਰ ਓਧਰ ਨਾ ਹੋ ਜਾਵੇ। ਮੈਂ ਸੁਣ ਰੱਖਿਆ ਸੀ ਕਿ ਪਾਰਕਰ ਪੈੱਨ
ਦੀ ਨਿੱਬ ਸੋਨੇ ਦੀ ਹੁੰਦੀ ਹੈ। ਮੇਰੇ ਵਰਗੇ ਸਰਫ਼ੇਹੱਥੇ ਤੋਂ ਉਸ ਮਹਿੰਗੇ ਪੈੱਨ ਨਾਲ ਕਿਥੇ
ਲਿਖਿਆ ਜਾਣਾ ਸੀ! ਸੱਚਮੁੱਚ ਮੈਂ ਉਹਦੇ ਨਾਲ ਕੁਝ ਵੀ ਨਾ ਲਿਖਿਆ ਕਿ ਸੋਨੇ ਦੀ ਨਿੱਬ ਘਸ ਨਾ
ਜਾਵੇ। ਜਿਵੇਂ ਉਹ ਮਿਲਿਆ ਸੀ ਉਵੇਂ ਉਹ ਮੈਥੋਂ ਕਿਸੇ ਹੋਰ ਪਿਆਰੇ ਨੂੰ ਦੇ ਦਿੱਤਾ ਗਿਆ।
ਬਾਅਦ ਵਿਚ ਪਤਾ ਲੱਗਾ ਕਿ ਡਾ. ਜੌਹਲ ਨੇ ਕਈਆਂ ਨੂੰ ਪਾਰਕਰ ਪੈੱਨ ਦਿੱਤੇ ਸਨ। ਜਦੋਂ ਰਿਜ਼ਰਵ
ਬੈਂਕ ਦੇ ਡਾਇਰੈਕਟਰਾਂ ਦੀ ਮੀਟਿੰਗ ਹੁੰਦੀ ਸੀ ਤਾਂ ਏਜੰਡੇ ਦੀ ਫਾਈਲ ਨਾਲ ਪਾਰਕਰ ਪੈੱਨ
ਮਿਲਦੇ ਸੀ। ਉਹ ਮਹਿੰਗੇ ਪੈੱਨ ਡਾ. ਜੌਹਲ ਤੋਂ ਵੀ ਸੰਭਾਲੇ ਜਾਂ ਵਰਤੇ ਨਹੀਂ ਸਨ ਜਾਂਦੇ ਤੇ
ਉਹ ਤੋਹਫਿ਼ਆਂ ਵਜੋਂ ਵੰਡ ਦਿੱਤੇ ਜਾਂਦੇ ਸਨ।
ਅਮਰਦੀਪ ਕਾਲਜ ਅਕਾਦਮਿਕ ਹਲਕਿਆਂ ਵਿਚ ਡਾ. ਜੌਹਲ ਦਾ ਕਾਲਜ ਕਿਹਾ ਜਾਂਦੈ। ਉਸ ਨੇ ਇਸ ਨੂੰ
‘ਕਾਲਜ ਵਿਦ ਏ ਡਿਫਰੈਂਸ’ ਦਾ ਨਾਂਅ ਦਿੱਤਾ ਸੀ। ਮੁਕੰਦਪੁਰ ਉਸ ਦੀ ਪਤਨੀ ਦਾ ਪੇਕਾ ਪਿੰਡ
ਹੈ। ਨਿੱਕੇ ਵੱਡੇ ਮੁਕੰਦਪੁਰੀਏ ਉਸ ਨੂੰ ਫੁੱਫੜ ਜੀ ਕਹਿੰਦੇ ਹਨ। ਮੁਕੰਦਪੁਰੀਆਂ ਨੇ ਜੁਆਈਆਂ
ਭਾਈਆਂ ਵਾਲੇ ਮਾਣ ਨਾਲ ਉਸ ਦਾ ਸਹਿਯੋਗ ਮੰਗਿਆ ਤੇ ਡਾ. ਜੌਹਲ ਨੇ ਅਨੇਕਾਂ ਰੁਝੇਵਿਆਂ ਦੇ
ਬਾਵਜੂਦ ਉਨ੍ਹਾਂ ਦਾ ਮਾਣ ਰੱਖਿਆ। ਆਰੰਭ ਵਿਚ ਤਾਂ ਇਹੋ ਕਿਹਾ ਗਿਆ ਸੀ ਕਿ ਸਾਲ ਵਿਚ ਉਹ ਕੁਝ
ਘੰਟੇ ਕਾਲਜ ਨੂੰ ਦੇ ਦਿਆ ਕਰੇਗਾ। ਪਰ ਬਾਅਦ ਵਿਚ ਆਪਣੀ ਖ਼ੁਸ਼ੀ ਨਾਲ ਕਾਲਜ ਲਈ ਖੁੱਲ੍ਹਾ
ਵਕਤ ਦਿੰਦਾ ਰਿਹਾ। ਜਿੱਦਣ ਡਾ. ਜੌਹਲ ਨੂੰ ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਦਾ ਚਾਂਸਲਰ
ਥਾਪਿਆ ਉੱਦਣ ਵੀ ਉਹ ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਚ ਆਪਣੇ ਹੱਥੀਂ ਬੂਟਾ ਲਾ ਰਿਹਾ
ਸੀ। ਅਮਰਦੀਪ ਕਾਲਜ ਤੇ ਅਮਰਦੀਪ ਸੈਕੰਡਰੀ ਸਕੂਲ ਬੇਸ਼ਕ ਬਾਅਦ ਵਿਚ ਗੁਰੂ ਨਾਨਕ ਦੇਵ
ਯੂਨੀਵਰਸਿਟੀ ਨੇ ਸੰਭਾਲ ਲਏ ਹਨ ਪਰ ਵੱਜਦੇ ਉਹ ਅਜੇ ਵੀ ਡਾ. ਜੌਹਲ ਦੇ ਵਿਦਿਅਕ ਅਦਾਰੇ ਹੀ
ਹਨ।
ਜਦੋਂ ਮੈਂ ਪ੍ਰਿੰਸੀਪਲ ਦੀ ਪਦਵੀ ਸੰਭਾਲੀ, ਅਮਰਦੀਪ ਕਾਲਜ ਦੇ ਬਾਨੀ ਗੁਰਚਰਨ ਸਿੰਘ
ਸ਼ੇਰਗਿੱਲ ਦੀ ਮਾਤਾ ਕਰਮ ਕੌਰ ਇੰਗਲੈਂਡ ਤੋਂ ਮੁਕੰਦਪੁਰ ਆਈ ਹੋਈ ਸੀ। ਉਸ ਨੇ ਪਿੰਡ ਦੇ
ਜੁਆਈ ਭਾਈ ਸਰਦਾਰਾ ਸਿੰਘ ਜੌਹਲ ਨੂੰ ਨੇਂਦਾ ਦਿੱਤਾ ਕਿ ਦੁਪਹਿਰ ਦੀ ਰੋਟੀ ਉਹਦੇ ਹੱਥਾਂ ਦੀ
ਬਣੀ ਖਾਵੇ। ਅਸੀਂ ਦੋਵੇਂ ਰੋਟੀ ਖਾਣ ਬੈਠੇ ਤਾਂ ਮਾਤਾ ਨੇ ਦੋ ਥਾਲੀਆਂ ਵਿਚ ਰੋਟੀ ਪਰੋਸੀ।
ਦੋਹਾਂ ਥਾਲੀਆਂ ਵਿਚ ਤਿੰਨ ਤਿੰਨ ਕੌਲੀਆਂ ਸਨ। ਮੈਂ ਪਹਿਲੀ ਵਾਰ ਡਾ. ਜੌਹਲ ਨਾਲ ਖਾਣਾ ਖਾਣ
ਲੱਗਾ ਸਾਂ। ਜੌਹਲ ਸਾਹਿਬ ਨੇ ਕਿਹਾ, “ਸਰਵਣ ਸਿੰਘ, ਤਿੰਨਾਂ ਕੌਲੀਆਂ ‘ਚੋਂ ਬੁਰਕੀ ਲਾ ਕੇ
ਦੇਖ, ਕਿਹੜੀ ਕੌਲੀ ਦੀ ਦਾਲ ਸਬਜ਼ੀ ਵੱਧ ਸੁਆਦ ਐ?”
ਮੈਂ ਹੈਰਾਨ ਹੋਇਆ ਕਿ ਇਹ ਮੈਥੋਂ ਕਾਹਦੇ ਲਈ ਪੁੱਛਿਆ ਜਾ ਰਿਹੈ? ਹੋ ਸਕਦੈ ਮੇਰੀ ਹੋਰ ਪਰਖ
ਕਰਨੀ ਹੋਵੇ। ਮੈਂ ਆਖਿਆ, “ਮਾਤਾ ਜੀ ਨੇ ਪਿਆਰ ਨਾਲ ਖਾਣਾ ਤਿਆਰ ਕੀਤੈ। ਤਿੰਨਾਂ ਕੌਲੀਆਂ ਦੀ
ਦਾਲ ਸਬਜ਼ੀ ਹੀ ਸੁਆਦ ਸਮਝੋ।”
ਡਾ. ਜੌਹਲ ਨੇ ਕਿਹਾ, “ਮੈਂ ਇਕੋ ਦਾਲ ਜਾਂ ਸਬਜ਼ੀ ਨਾਲ ਰੋਟੀ ਖਾਨਾਂ। ਦੂਜੀ ਨਾਲ ਖਾਵਾਂ
ਤਾਂ ਬੇਸੁਆਦੀ ਹੋ ਜਾਂਦੀ ਐ ਤੇ ਪਹਿਲੀ ਦਾ ਵੀ ਸੁਆਦ ਮਾਰਿਆ ਜਾਂਦਾ। ਦੱਸੋ ਕਿਹੜੀ ਕੌਲੀ
ਰੱਖਾਂ ਤੇ ਕਿਹੜੀਆਂ ਚੁਕਾਵਾਂ?”
ਖ਼ੈਰ ਇਕ ਕੌਲੀ ਰੱਖ ਲਈ ਤੇ ਦੋ ਚੁਕਾ ਦਿੱਤੀਆਂ ਗਈਆਂ। ਇਹ ਤਾਂ ਪਹਿਲੇ ਦਿਨ ਦੀ ਗੱਲ ਹੈ
ਬਾਅਦ ਵਿਚ ਉਸ ਦੇ ਸਾਰੇ ਖਾਣ ਪੀਣ ਦਾ ਭੇਤ ਖੁੱਲ੍ਹਦਾ ਗਿਆ। ਬਥੇਰੇ ਬੰਦੇ ਹੋਣਗੇ ਜਿਹੜੇ
ਹੈਰਾਨ ਹੋਣਗੇ ਕਿ ਦੇਸਾਂ ਪਰਦੇਸਾਂ ਦੇ ਫਾਈਵ ਸਟਾਰ ਹੋਟਲਾਂ ਵਿਚ ਠਹਿਰਦਾ ਡਾ. ਜੌਹਲ ਸਾਰੀ
ਉਮਰ ਇਕੋ ਕੌਲੀ ‘ਚੋਂ ਖਾਣਾ ਖਾਂਦਾ ਰਿਹੈ। ਇਹ ਸਾਦਗੀ ਦੀ ਹੱਦ ਹੈ! ਅਜਿਹੇ ਬੰਦਿਆਂ ਨੂੰ
ਖਾਣੇ ਦਾ ਨੇਂਦਾ ਦੇਣ ‘ਚ ਕੀ ਲੱਗਦੈ?
ਉਹਦੇ ਖਾਣ ਪੀਣ ਦਾ ਭੇਤੀ ਹੋ ਜਾਣ ਪਿੱਛੋਂ ਜਿੱਦਣ ਡਾ. ਜੌਹਲ ਨੇ ਮੁਕੰਦਪੁਰ ਆਉਣਾ ਹੁੰਦਾ
ਸੀ ਮੈਂ ਦੋ ਚੀਜ਼ਾਂ ਮੰਗਵਾ ਰੱਖਦਾ ਸਾਂ। ਇਕ ਤਾਂ ਉਸ ਨੂੰ ਮੁਕੰਦਪੁਰ ਦੇ ਹਲਵਾਈ ਦੀ
ਕਲਾਕੰਦ ਪਸੰਦ ਸੀ ਤੇ ਦੂਜੀ ਸੌਗੀ। ਚਾਹ ਉਹ ਬਿਨਾਂ ਦੁੱਧ ਪਾਏ ਪੀ ਕੇ ਖ਼ੁਸ਼ ਸੀ ਪਰ ‘ਕੱਠੇ
ਬੈਠਿਆਂ ਜਿਹੋ ਜਿਹੀ ਮਿਲੇ ਪੀ ਲੈਂਦਾ ਸੀ। ਡਾ. ਜੌਹਲ ਨੇ ਜਦੋਂ ਵੀ ਕਾਲਜ ਆਉਣਾ ਤਾਂ ਉਹਦੇ
ਨਾਲ ਅਕਸਰ ਕੋਈ ਵਿਦਿਅਕ ਮਾਹਿਰ ਜਾਂ ਵੱਡਾ ਅਫ਼ਸਰ ਹੋਣਾ। ਪਾਣੀ ਦੇ ਗਲਾਸ ਆਉਣੇ ਤਾਂ ਨਾਲ
ਆਏ ਨੂੰ ਉਹਨੇ ਕਹਿਣਾ, “ਪੀਓ, ਮੁਕੰਦਪੁਰ ਦਾ ਪਾਣੀ ਐ। ਇਹ ਪਾਣੀ ਬਹੁਤ ਵਧੀਆ।” ਚਾਹ ਨਾਲ
ਕਲਾਕੰਦ ਆਉਣੀ ਤਾਂ ਮੁਕੰਦਪੁਰ ਦੀ ਕਲਾਕੰਦ ਨੂੰ ਸਲਾਹੁਣਾ। ਮੈਂ ਹੱਸਣਾ, “ਜੌਹਲ ਸਾਹਿਬ ਦੇ
ਸਹੁਰਿਆਂ ਦੀ ਜੁ ਹੋਈ!”
ਪੰਜਾਬ ਦੇ ਲਗਭਗ ਸਾਰੇ ਹੀ ਵਾਈਸ ਚਾਂਸਲਰਾਂ ਤੇ ਸਾਬਕਾ ਵਾਈਸ ਚਾਂਸਲਰਾਂ ਨੂੰ ਉਸ ਨੇ
ਅਮਰਦੀਪ ਕਾਲਜ ਵਿਚ ਲਿਆਂਦਾ। ਉੱਚ ਸਿੱਖਿਆ ਨਾਲ ਸੰਬੰਧਿਤ ਪੰਜਾਬ ਦੀ ਸ਼ਾਇਦ ਹੀ ਕੋਈ
ਸ਼ਖ਼ਸੀਅਤ ਹੋਵੇ ਜਿਹੜੀ ਅਮਰਦੀਪ ਕਾਲਜ ਵਿਚ ਨਾ ਆਈ ਹੋਵੇ। ਇਹ ਜੌਹਲ ਸਾਹਿਬ ਦੀ ਮਿਕਨਾਤੀਸੀ
ਸ਼ਖ਼ਸੀਅਤ ਤੇ ਮੇਲ ਜੋਲ ਦਾ ਸਦਕਾ ਹੀ ਸੀ ਕਿ ਜਿਸ ਨੂੰ ਵੀ ਕਾਲਜ ਵਿਚ ਆਉਣ ਦਾ ਸੱਦਾ ਦਿੱਤਾ
ਉਹ ਸਾਰੇ ਰੁਝੇਵੇਂ ਛੱਡ ਕੇ ਪਹੁੰਚਿਆ। ਉਹ ਭਾਵੇਂ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ
ਬਾਦਲ ਸੀ ਭਾਵੇਂ ਕੈਪਟਨ ਅਮਰਿੰਦਰ ਸਿੰਘ ਸੀ। ਇਸ ਨਾਲ ਕਾਲਜ ਦੀ ਮਸ਼ਹੂਰੀ ਵਧਦੀ ਗਈ ਤੇ ਨਾਂ
ਹੋਰ ਉੱਜਲਾ ਹੁੰਦਾ ਗਿਆ। ਜਿਵੇਂ ਜਿਵੇਂ ਕਾਲਜ ਤਰੱਕੀ ਦੀਆਂ ਪੌੜੀਆਂ ਚੜ੍ਹਿਆ ਡਾ. ਜੌਹਲ ਦੀ
ਰੂਹ ਸਰਸ਼ਾਰ ਹੁੰਦੀ ਗਈ। ਉਹ ਅਕਸਰ ਆਖਦਾ, “ਜਦੋਂ ਮੈਂ ਭੋਲੇ ਭਾਲੇ ਪੇਂਡੂ ਵਿਦਿਆਰਥੀਆਂ
ਨੂੰ ਦੇਖਦਾਂ ਤਾਂ ਮੈਨੂੰ ਆਪਣੇ ਬਚਪਨ ਦੇ ਦਿਨ ਯਾਦ ਆ ਜਾਂਦੇ ਨੇ।” ਜਦੋਂ ਉਹ ਵਿਦਿਆਰਥੀਆਂ
ਨੂੰ ਸੰਬੋਧਨ ਕਰਦਾ ਤਾਂ ਮੈਂ ਉਸ ਨੂੰ ਹਰ ਵਾਰ ਵਜਦ ਵਿਚ ਮਖਮੂਰ ਹੋਏ ਵੇਖਿਆ। ਉਹਦੇ ਚਿਹਰੇ
‘ਤੇ ਉਹੀ ਖੇੜਾ ਹੁੰਦਾ ਜਿਹੜਾ ਬਾਰ ਵਿਚ ਮਾਣੀ ਬਚਪਨ ਦੀ ਬਾਦਸ਼ਾਹੀ ਵਿਚ ਹੁੰਦਾ ਸੀ!
ਬਾਰ ਦੀਆਂ ਤੇ ਬਚਪਨ ਦੀਆਂ ਗੱਲਾਂ ਦਾ ਉਸ ਕੋਲ ਅਮੁੱਕ ਖ਼ਜ਼ਾਨਾ ਹੈ। ਇਕ ਵਾਰ ਉਹ ਮਰਾਸੀਆਂ
ਦੇ ਮੁੰਡੇ ਰੱਤੂ ਨਾਲ ਸ਼ੰਕਰ ਦੀ ਛਿੰਝ ਵੇਖਣ ਗਿਆ। ਹੋਵੇਗਾ ਗਿਆਰਾਂ ਬਾਰਾਂ ਸਾਲਾਂ ਦਾ।
ਮੇਲਾ ਵੇਖਣ ਲਈ ਘਰੋਂ ਇਕ ਟਕਾ ਮਿਲਿਆ। ਉਦੋਂ ਰੁਪਏ ਦੀਆਂ ਦੋ ਅਠੱਨੀਆਂ, ਚਾਰ ਚੁਆਨੀਆਂ,
ਅੱਠ ਦੁਆਨੀਆਂ ਤੇ ਸੋਲਾਂ ਆਨੇ ਹੁੰਦੇ ਸਨ। ਇਕ ਆਨੇ ਵਿਚ ਦੋ ਟਕੇ, ਚਾਰ ਪੈਸੇ, ਅੱਠ ਧੇਲੇ
ਤੇ ਬਾਰਾਂ ਪਾਈਆਂ ਹੁੰਦੀਆਂ ਸੀ। ਰੱਤੂ ਨੂੰ ਰੋਣ ਕੁਰਲਾਉਣ ਦੇ ਬਾਵਜੂਦ ਉਹਦੇ ਮਾਪਿਆਂ ਨੇ
ਕੋਈ ਪੈਸਾ ਨਾ ਦਿੱਤਾ। ਸੋ ਇਕੋ ਟਕੇ ਨਾਲ ਦੋਵੇਂ ਮੇਲਾ ਵੇਖਣ ਚੱਲ ਪਏ। ਉਥੇ ਇਕ ਧੇਲੇ ਦੇ
ਗੋਲ-ਗੱਪੇ ਖਾ ਲਏ ਤੇ ਇਕ ਪੈਸੇ ਦੀਆਂ ਜਲੇਬੀਆਂ ਜਿਨ੍ਹਾਂ ਨਾਲ ਢਿੱਡ ਭਰ ਗਿਆ। ਇਕ ਧੇਲਾ
ਉਨ੍ਹਾਂ ਕੋਲ ਬਚ ਗਿਆ। ਰੱਜਿਆਂ ਪੁੱਜਿਆਂ ਤੋਂ ਉਹ ਧੇਲਾ ਖਰਚਿਆ ਨਹੀਂ ਸੀ ਜਾ ਰਿਹਾ। ਮੇਲੇ
‘ਚੋਂ ਮੁੜਨ ਲੱਗੇ ਸਨ ਕਿ ਇਕ ਸਿਗਰਟਾਂ ਵੇਚਣ ਵਾਲਾ ਹੋਕਾ ਦਿੰਦਾ ਫਿਰੇ, “ਡੱਬੀ ਤਾਰ ਦੀ,
ਧੇਲੇ ਨੂੰ ਵਾਜਾਂ ਮਾਰਦੀ।”
ਰੱਤੂ ਖਹਿੜੇ ਪੈ ਗਿਆ ਕਿ ਸਿਗਰਟ ਦਾ ਧੂੰਆਂ ਕੱਢ ਕੇ ਦੇਖਣਾ। ਬਚਦੇ ਧੇਲੇ ਨਾਲ ਉਨ੍ਹਾਂ ਨੇ
ਟੈਲੀਫੋਨ ਦੇ ਖੰਭੇ ਦੀ ਫੋਟੋ ਵਾਲੀ ਸਿਗਰਟਾਂ ਦੀ ਡੱਬੀ ਖਰੀਦ ਲਈ। ਉਹਦੇ ‘ਚੋਂ ਸਿਗਰਟ
ਕੱਢੀ। ਨਾ ਰੱਤੂ ਨੂੰ ਪਤਾ ਤੇ ਨਾ ਸਰਦਾਰੇ ਨੂੰ ਕਿ ਸਿਗਰਟ ‘ਚੋਂ ਧੂੰਆਂ ਕਿਵੇਂ ਕੱਢਣਾ? ਉਹ
ਸਿਗਰਟ ਨੂੰ ਅੱਗ ਲਾ ਕੇ ਧੁਖਾਏ ਬਿਨਾਂ ਹੀ ਕਦੇ ਇਕ ਸਿਰੇ ‘ਚ ਤੇ ਕਦੇ ਦੂਜੇ ਸਿਰੇ ‘ਚ
ਫੂਕਾਂ ਮਾਰੀ ਜਾਣ ਪਰ ਧੂੰਆਂ ਨਾ ਨਿਕਲੇ। ਉਨ੍ਹਾਂ ਨੇ ਵਾਰੀ ਵਾਰੀ ਸਾਰੀਆਂ ਸਿਗਰਟਾਂ ‘ਚ
ਫੂਕਾਂ ਮਾਰੀਆਂ ਤੇ ਠੁੱਸ ਹੋਈਆਂ ਸਮਝ ਕੇ ਸੁੱਟਦੇ ਗਏ। ਉਹ ਧੇਲਾ ਉਨ੍ਹਾਂ ਦਾ ਬੇਕਾਰ ਚਲਾ
ਗਿਆ। ਡਾ. ਜੌਹਲ ਹੁਣ ਵੀ ਉਹ ਗੱਲ ਦੱਸਦਾ ਹੈ ਤਾਂ ਬੱਚਿਆਂ ਵਾਂਗ ਹੱਸਦਾ ਹੈ। ਨਾਲ ਕਹਿੰਦਾ
ਹੈ ਕਿ ਅੱਜ ਕੱਲ੍ਹ ਦੇ ਬੱਚੇ ਸਾਡੇ ਬਾਰੇ ਕੀ ਸੋਚਦੇ ਹੋਣਗੇ ਕਿ ਅਸੀਂ ਦਸਾਂ ਬਾਰਾਂ ਸਾਲਾਂ
ਦੇ ਕਿੰਨੇ ਲੋਲ੍ਹੜ ਸਾਂ!
ਉਦੋਂ ਤਾਂ ਦਸਾਂ ਬਾਰਾਂ ਸਾਲਾਂ ਦੇ ਮੁੰਡੇ ਕੱਛਾ ਵੀ ਨਹੀਂ ਸੀ ਪਾਉਂਦੇ ਤੇ ‘ਕੱਲੇ ਝੱਗੇ
ਨਾਲ ਹੀ ਨੰਗ ਢਕੀ ਰੱਖਦੇ ਸਨ। ਜੇ ਮੀਂਹ ਨਾ ਪਵੇ ਤਾਂ ਪਿੰਡਾਂ ਦੇ ਲੋਕ ਯੱਗ ਕਰਦੇ ਸਨ
ਜਿਨ੍ਹਾਂ ‘ਚ ਭੁੰਨਵੇਂ ਚੌਲ ਵੰਡੇ ਜਾਂਦੇ। ਉਨ੍ਹਾਂ ਚੌਲਾਂ ਲਈ ਭਾਂਡੇ ਦੀ ਲੋੜ ਨਹੀਂ ਸੀ,
ਝੋਲੀ ਵਿਚ ਹੀ ਪੁਆ ਲਏ ਜਾਂਦੇ। ਦਸਾਂ ਬਾਰਾਂ ਸਾਲਾਂ ਦੇ ਸਰਦਾਰੇ ਹੋਰਾਂ ਨੇ ਲੰਗਰ
ਵਰਤਾਉਂਦੀਆਂ ਆਪਣੀਆਂ ਚਾਚੀਆਂ ਤਾਈਆਂ ਤੋਂ ਚੌਲ ਪੁਆਉਣ ਲਈ ਝੋਲੀਆਂ ਅੱਡੀਆਂ ਤਾਂ ਉਨ੍ਹਾਂ
ਨੇ ਦਬਕੇ ਮਾਰ ਕੇ ਭਜਾ ਦਿੱਤੇ। ਦੁਬਾਰਾ ਗਏ ਤਾਂ ਫੇਰ ਦਬਕੇ ਪਏ। ਚੌਲਾਂ ਦੀ ਮਹਿਕ ਮੁੜ ਮੁੜ
ਮੋੜਦੀ ਸੀ। ਤੀਜੀ ਵਾਰ ਜਾਣ ‘ਤੇ ਚੌਲ ਤਾਂ ਝੋਲੀਆਂ ਵਿਚ ਪੈ ਗਏ ਪਰ ਨਾਲ ਹੀ ਕੰਨ ਵੀ ਖਿੱਚੇ
ਗਏ, “ਖਸਮਾਂ ਖਾਣਿਓਂ, ਘੋੜਿਆਂ ਜਿੱਡੇ ਹੋ ਗਏ ਓ, ਕੱਛਾ ਤਾਂ ਪਾ ਲਿਆ ਕਰੋ!”
ਉਹਨੀਂ ਦਿਨੀਂ ਬਾਰ ਦੇ ਪਿੰਡਾਂ ਵਿਚ ਖਿੱਦੋ-ਖੂੰਡੀ ਦੀ ਖੇਡ ਬੱਚਿਆਂ ‘ਚ ਹਰਮਨ ਪਿਆਰੀ ਸੀ।
ਸ਼ਾਮ ਨੂੰ ਖੁੱਲ੍ਹੇ ਰਾਹਾਂ ਵਿਚ ਹਨ੍ਹੇਰਾ ਹੁੰਦੇ ਤਕ ਖਿੱਦੋ-ਖੂੰਡੀ ਦੇ ਮੁਕਾਬਲੇ ਚਲਦੇ
ਰਹਿੰਦੇ। ਖਿੱਦੋ ਕਦੇ ਇਕ ਸਿਰੇ ਪੁਚਾ ਦਿੱਤੀ ਜਾਂਦੀ ਕਦੇ ਦੂਜੇ ਸਿਰੇ। ਸਿਰੇ ਪਚਾਉਣਾ ਹੀ
ਗੋਲ ਸੀ। ਧੂੜਾਂ ਉਡਦੀਆਂ ਰਹਿੰਦੀਆਂ ਤੇ ਖੇਡਣ ਵਾਲੇ ਮਿੱਟੀ ਵਿਚ ਲੱਥ-ਪੱਥ ਹੋਏ ਰਹਿੰਦੇ।
ਹਨ੍ਹੇਰਾ ਪੈਣ ਤਕ ਉਹ ਖੇਡਣੋ ਨਾ ਹਟਦੇ। ਮਾਪੇ ਬੱਚਿਆਂ ਨੂੰ ਖਿੱਚ ਧੂਹ ਕੇ ਈ ਘਰ ਲਿਜਾਂਦੇ।
ਘਸੀਟੇ ਜਾਣ ਤੋਂ ਬਚਣ ਲਈ ਕਈ ਬੱਚੇ ਲੁਕ ਛਿਪ ਜਾਂਦੇ ਤੇ ਫਿਰ ਮਲਕੜੇ ਜਿਹੇ ਲਿਬੜੇ-ਤਿਬੜੇ
ਰਜਾਈਆਂ ਵਿਚ ਜਾ ਵੜਦੇ। ਸਵੇਰੇ ਭਾਵੇਂ ਉਨ੍ਹਾਂ ਦੀ ਦੂਹਰੀ ਮੁਰੰਮਤ ਹੁੰਦੀ।
ਸਰਦਾਰਾ ਸਿੰਘ ਨੇ ਪਹਿਲੀਆਂ ਚਾਰ ਜਮਾਤਾਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਪੜ੍ਹੀਆਂ।
ਚੌਥੀ ਦਾ ਇਮਤਿਹਾਨ ਦੋ ਮੀਲ ਦੂਰ ‘ਆਵਾਗਤ ਬੰਗਲੇ’ ਦੇ ਮਿਡਲ ਸਕੂਲ ਵਿਚ ਹੋਇਆ। ਤਦ ਤਕ ਉਸ
ਨੇ ਆਪਣੇ ਪਿੰਡ ਤੋਂ ਬਾਹਰਲਾ ਕੋਈ ਪਿੰਡ ਨਹੀਂ ਸੀ ਵੇਖਿਆ। ਚੌਥੀ ਦਾ ਇਮਤਿਹਾਨ ਪਾਸ ਕਰਨ ਦੀ
ਉਸ ਨੂੰ ਏਨੀ ਖ਼ੁਸ਼ੀ ਹੋਈ ਜਿੰਨੀ ਬਾਅਦ ਵਿਚ ਵੱਡੀਆਂ ਡਿਗਰੀਆਂ ਲੈਣ ਵੇਲੇ ਵੀ ਨਹੀਂ ਹੋਈ।
ਉਸ ਦਾ ਕਹਿਣਾ ਹੈ ਕਿ ਬਚਪਨ ‘ਚ ਮਾਣੀਆਂ ਖ਼ੁਸ਼ੀਆਂ ਕਦੇ ਨਹੀਂ ਭੁੱਲਦੀਆਂ।
ਚੌਥੀ ਜਮਾਤ ਤੋਂ ਅੱਗੇ ਦੀ ਕਹਾਣੀ ਡਾ. ਜੌਹਲ ਦੀ ਜ਼ੁਬਾਨੀ ਹੀ ਸੁਣੋ:
-ਪੰਜਵੀਂ ਜਮਾਤ ਤਾਂ ‘ਆਵਾਗਤ’ ਬੰਗਲੇ ਦੇ ਸਕੂਲ ਵਿਚ ਕਿਵੇਂ ਨਾ ਕਿਵੇਂ ਨਿਕਲ ਗਈ। ਛੇਵੀਂ
ਕੁਝ ਔਖੀ ਹੋ ਗਈ। ਸਾਡੇ ਪਿੰਡ ਤੇ ਸਕੂਲ ਵਿਚਕਾਰ ਕੁਝ ਮੁਰੱਬਿਆਂ ਦੀ ਚਰਾਗਾਹ ਸੀ ਜਿਸ ਵਿਚ
ਵਣਾਂ ਤੇ ਕਰੀਰਾਂ ਦੇ ਦਰੱਖਤ ਤੇ ਝਾੜੀਆਂ ਸਨ। ਛੇਵੀਂ ਜਮਾਤ ਤੋਂ ਪੜ੍ਹਾਈ ਵਿਚ ਮੇਰੀ ਰੁਚੀ
ਘਟਣੀ ਸ਼ੁਰੂ ਹੋ ਗਈ ਤੇ ਸੱਤਵੀਂ ਵਿਚ ਸਕੂਲ ਹਊਆ ਲੱਗਣ ਲੱਗ ਪਿਆ। ਐਵੇਂ ਬੱਧੇ-ਰੁੱਧੇ ਸਕੂਲ
ਜਾਈਦਾ ਸੀ। ਅਸੀਂ ਕਈ ਮੁੰਡੇ ਆਪਣੇ ਬਸਤੇ ਝਾੜੀਆਂ ਵਿਚ ਲੁਕਾ ਕੇ ਜਾਂ ਵਣਾਂ ਨਾਲ ਟੰਗ ਕੇ
ਖੇਡਦੇ ਤੇ ਡੇਲੇ-ਪੀਲ੍ਹਾਂ ਖਾਂਦੇ ਰਹਿੰਦੇ। ਜਦ ਸਕੂਲੋਂ ਛੁੱਟੀ ਦਾ ਵਕਤ ਹੁੰਦਾ ਤਾਂ ਬਸਤੇ
ਚੁੱਕ, ਚੂਰੀ-ਰੋਟੀ ਖਾ ਘਰਾਂ ਨੂੰ ਪਰਤ ਜਾਈਦਾ ਸੀ। ਛੇਵੀਂ ਜਮਾਤ ‘ਚੋਂ ਤਾਂ ਜਿਵੇਂ ਕਿਵੇਂ
ਪਾਸ ਹੋ ਗਿਆ ਪਰ ਸੱਤਵੀਂ ਔਖੀ ਹੋ ਗਈ। ਮੈਨੂੰ ਇਕ ਮਾਸਟਰ ਟੱਕਰ ਗਿਆ, ਅਜੀਤ ਸਿੰਘ, ਜੋ ਨਾਲ
ਲੱਗਦੇ ਪਿੰਡ ਫਰਾਲੇ ਦਾ ਸੀ। ਮੈਨੂੰ ਹੀ ਨਹੀਂ ਉਹ ਕਈਆਂ ਨੂੰ ਟੱਕਰਿਆ। ਸਾਡੇ ਪਿੰਡ ਦੇ
ਮੁੰਡੇ ਉਹਦੀ ਅੱਖ ‘ਚ ਵਧੇਰੇ ਰੜਕਦੇ। ਉਹਨੂੰ ਮੁੰਡੇ ਕੁੱਟਣ ਦਾ ਸ਼ੌਕ ਸੀ ਤੇ ਸਾਡੇ ਪਿੰਡ
ਦੇ ਮੁੰਡੇ ਤਾਂ ਉਹ ਬਿਨਾਂ ਕਸੂਰੋਂ ਹੀ ਚੰਡ ਦਿੰਦਾ ਸੀ। ਏਸੇ ਕਰਕੇ ਕਈ ਮੁੰਡੇ ਸਕੂਲ ਛੱਡ
ਗਏ ਸਨ। ਉਹ ਅੰਗਰੇਜ਼ੀ ਪੜ੍ਹਾਉਂਦਾ ਸੀ ਤੇ ਮੈਨੂੰ ਅੰਗਰੇਜ਼ੀ ਆਉਂਦੀ ਨਹੀਂ ਸੀ। ਹਰ ਰੋਜ਼
ਪਹਿਲੇ ਪੀਰੀਅਡ ਵਿਚ ਈ ਮੁਰੰਮਤ ਹੋ ਜਾਂਦੀ। ਕਈ ਵਾਰ ਬਿਨਾਂ ਵਜ਼੍ਹਾ ਹੀ ਕੁੱਟ ਪੈ ਜਾਂਦੀ।
ਫਿਰ ਤਾਂ ਮੈਂ ਕੁੱਟ ਖਾਣ ਨੂੰ ਢੀਠ ਹੀ ਹੋ ਗਿਆ।
ਮੇਰੇ ਨਾਲ ਡੈਸਕ ਉਤੇ ਮੁਕੰਦਪੁਰ ਦਾ ਇਕ ਮੁੰਡਾ ਬੈਠਦਾ ਹੁੰਦਾ ਸੀ। ਮੈਂ ਚਾਹੁੰਦਾ ਸੀ
ਪਹਿਲਾਂ ਮੈਨੂੰ ਕੁੱਟ ਪੈ ਲਵੇ ਤੇ ਫੇਰ ਉਹਨੂੰ ਕੁੱਟ ਪੈਂਦੀ ਦੇਖਾਂ। ਉਹਨੂੰ ਕੁੱਟੇ ਜਾਣ ਦਾ
ਨਜ਼ਾਰਾ ਈ ਵੱਖਰਾ ਸੀ। ਕੰਨ ਫੜਾ ਕੇ ਕੋਡੇ ਹੋਏ ਦੇ ਜਦੋਂ ਪਿੱਠ ਉਤੇ ਡੰਡੇ ਵੱਜਦੇ ਤਾਂ ਹਰ
ਡੰਡੇ ਨਾਲ ਉਹਦਾ ਥੋੜ੍ਹਾ ਜਿਹਾ ਪਿਸ਼ਾਬ ਨਿਕਲਦਾ ਜੋ ਸਿਰਫ਼ ਕੱਛਾ ਜਾਂ ਨਿੱਕਰ ਪਾਈ ਹੋਣ
ਕਰਕੇ ਸਾਫ਼ ਦਿਸਦਾ। ਮੈਨੂੰ ਬੜਾ ਅਨੰਦ ਆਉਂਦਾ ਇਹ ਕੁੱਟ ਤੇ ਪਿਸ਼ਾਬ ਨਿਕਲਣ ਦਾ ਸੁਮੇਲ ਦੇਖ
ਕੇ! ਇਸ ਨਾਲ ਮੈਨੂੰ ਆਪਣੀ ਕੁੱਟ ਭੁੱਲ ਜਾਂਦੀ ਤੇ ਉਹਦੀ ਕੁੱਟ ‘ਤੇ ਹਾਸਾ ਆਉਂਦਾ। ਇਉਂ
ਹੱਸਣ ਦੀ ਕਈ ਵਾਰ ਦੂਹਰੀ ਕੁੱਟ ਵੀ ਖਾਣੀ ਪੈਂਦੀ। ਮੈਂ ਡੈਸਕ ਦੇ ਬਾਹਰਲੇ ਪਾਸੇ ਬਹਿੰਦਾ ਸੀ
ਤਾਂ ਜੋ ਮੇਰੀ ਵਾਰੀ ਪਹਿਲਾਂ ਆਵੇ ਤੇ ਉਹਦੀ ਵਾਰੀ ਵੇਲੇ ਮੈਂ ਵਿਹਲਾ ਹੋ ਕੇ ਨਜ਼ਾਰਾ ਮਾਣਾ।
ਉਹਨਾਂ ਨਜ਼ਾਰਿਆਂ ਦਾ ਇਨਾਮ ਮੈਨੂੰ ਇਹ ਮਿਲਿਆ ਕਿ ਹਰ ਰੋਜ਼ ਈ ਪੰਜਾਹ ਰੂਲਰ ਖਾਣ ਦੀ
‘ਤਨਖਾਹ’ ਲੱਗ ਗਈ। ਜਦੋਂ ਕਦੇ ਗਿਣਤੀ ਭੁੱਲ ਜਾਂਦੀ ਤਾਂ ਸੱਠ ਵੀ ਲੱਗ ਜਾਂਦੇ। ਖ਼ੈਰ ਫੇਰ
ਤਾਂ ਮੌਜਾਂ ਹੀ ਲੱਗ ਗਈਆਂ। ਬੱਸ ਪੰਜਾਹ ਰੂਲ ਖਾਣੇ ਤੇ ਛੁੱਟੀ ਕਰ ਕੇ ਦੌੜ ਜਾਣਾ। ਹੋਰ
ਪੜ੍ਹਨ ਦੀ ਲੋੜ ਹੀ ਨਾ ਰਹਿ ਗਈ। ਇਹ ਸਿਲਸਿਲਾ ਕਈ ਮਹੀਨੇ ਚਲਦਾ ਰਿਹਾ। ਇਕ ਦਿਨ ਸਾਡੇ ਪਿੰਡ
ਦੇ ਮੁੰਡਿਆਂ ਨੇ ਸਲਾਹ ਬਣਾਈ ਕਿ ਸਕੂਲ ਜਾਣ ਦੀ ਬਜਾਏ ਜੜ੍ਹਾਂਵਾਲੇ ਸ਼ਹਿਰ ਦੀ ਰੌਣਕ ਦੇਖੀ
ਜਾਵੇ। ਸਰਬ-ਸੰਮਤੀ ਨਾਲ ਫੈਸਲਾ ਹੋ ਗਿਆ ਤਾਂ ਮੈਂ ਕਿਹਾ, ਤੁਸੀਂ ਚੱਲੋ, ਮੈਨੂੰ ਅੱਜ ਦੀ
ਤਨਖਾਹ ਪੰਜਾਹ ਰੂਲਰ ਖਾ ਆਉਣ ਦਿਓ ਤਾਂ ਜੋ ਇਕ ਆਨਾ ਜੁਰਮਾਨਾ ਨਾ ਲੱਗੇ। ਮੈਂ ਦੌੜ ਕੇ
ਤੁਹਾਡੇ ਨਾਲ ਰਲ-ਜੂੰ।
ਮੁੰਡੇ ਮੰਨ ਗਏ ਤੇ ਮੈਂ ਉਸ ਮਾਸਟਰ ਪਾਸ ਜਾ ਪਹੁੰਚਾ ਜੋ ਪ੍ਰੇਅਰ ਤੋਂ ਪਹਿਲਾਂ ਆਪਣੇ ਸਾਥੀ
ਅਧਿਆਪਕਾਂ ਨਾਲ ਖੜ੍ਹਾ ਗੱਲਾਂ ਕਰ ਰਿਹਾ ਸੀ। ਮੈਂ ਬੇਨਤੀ ਕੀਤੀ ਕਿ ਮਾਸਟਰ ਜੀ ਮੇਰੇ ਅੱਜ
ਦੇ ਬਣਦੇ ਰੂਲਰ ਹੁਣੇ ਮਾਰ ਲਓ, ਫੇਰ ਮੈਂ ਸ਼ਹਿਰ ਜਾਣੈ। ਸਾਰੇ ਮਾਸਟਰਾਂ ਦੇ ਸਾਹਮਣੇ ਇਹ
ਗੱਲ ਕਹਿਣ ਨਾਲ ਉਸ ਨੇ ਹੇਠੀ ਮੰਨੀ। ਕੱਚੇ ਹੁੰਦੇ ਨੇ ਰੂਲਰ ਤਾਂ ਨਾ ਲਾਏ ਪਰ ਦੋ-ਚਾਰ
ਬੁਰੀਆਂ-ਭਲੀਆਂ ਕਹਿ ਕੇ ਉਥੋਂ ਦੌੜਾ ਦਿੱਤਾ ਤੇ ਮੈਂ ਭੱਜ ਕੇ ਬਾਕੀ ਦੇ ਮੁੰਡਿਆਂ ਨਾਲ ਜਾ
ਰਲਿਆ। ਉਸ ਦਿਨ ਅਸੀਂ ਸ਼ਹਿਰ ਦੇ ਖ਼ੂਬ ਗੇੜੇ ਕੱਢੇ। ਦੂਸਰੇ ਦਿਨ ਪਹਿਲੇ ਪੀਰੀਅਡ ਵਿਚ ਹੀ
ਉਸ ਮਾਸਟਰ ਨੇ ਮੈਨੂੰ ਖੜ੍ਹਾ ਕਰ ਲਿਆ। ਦੋ ਦਿਨਾਂ ਦੇ ਰੂਲਰ ‘ਕੱਠੇ ਲਾਏ ਤੇ ਸੌ਼ਕ ਪੂਰਾ ਕਰ
ਕੇ ਕਿਹਾ, “ਹੁਣ ਤੂੰ ਸਾਰੀਆਂ ਹੱਦਾਂ ਲੰਘ ਗਿਆ ਹੈਂ, ਅੱਜ ਤੋਂ ਤੇਰੀ ਸਜ਼ਾ ਮੁਆਫ਼।” ਉਸ
ਸਜ਼ਾ ਦਾ ਨਤੀਜਾ ਇਹ ਨਿਕਲਿਆ ਕਿ ਮੈਂ ਸੱਤਵੀਂ ‘ਚੋਂ ਫੇਲ੍ਹ ਹੋ ਗਿਆ।
ਫਿਰ ਮੈਨੂੰ ਪਿੰਡ ਦੇ ਦੂਜੇ ਪਾਸੇ ਓਨੀ ਹੀ ਦੂਰ ‘ਪਾਉਲਿਆਣੀ’ ਦੇ ਵਰਨੈਕੁਲਰ ਮਿਡਲ ਸਕੂਲ
ਵਿਚ ਪੜ੍ਹਨੇ ਪਾਇਆ ਗਿਆ। ਉਥੇ ਇਕ ਮੁਸਲਮਾਨ ਮਾਸਟਰ ਸੂਫ਼ੀ ਮੁਹੰਮਦ ਦੀਨ ਸੀ। ਉਸ ਨੇ ਐਸਾ
ਪਿਆਰ ਨਾਲ ਪੜ੍ਹਾਇਆ ਕਿ ਮੇਰਾ ਜੀਵਨ ਹੀ ਬਦਲ ਦਿੱਤਾ। ਮੈਂ ਅੱਠਵੀਂ ਜਮਾਤ ਚੰਗੇ ਨੰਬਰਾਂ
ਨਾਲ ਪਾਸ ਕੀਤੀ ਅਤੇ ਦੋ ਸਾਲ ਅੱਗੇ ਪੜ੍ਹਨ ਲਈ ਦਸ ਰੁਪਏ ਮਹੀਨਾ ਵਜ਼ੀਫ਼ਾ ਵੀ ਹਾਸਲ ਕੀਤਾ।
ਉਨ੍ਹੀਂ ਦਿਨੀਂ ਦਸ ਰੁਪਏ ਬਹੁਤ ਹੁੰਦੇ ਸਨ। ਸਕੂਲ ਦੀ ਫੀਸ, ਕਿਤਾਬਾਂ ਤੇ ਹੋਸਟਲ ਦਾ ਖਰਚਾ
ਕੱਢ ਕੇ ਵੀ ਇਕ ਦੋ ਰੁਪਏ ਬਚ ਜਾਂਦੇ ਸਨ ਪਰ ਮੈਨੂੰ ਨੌਵੀਂ ਵਿਚ ਪੜ੍ਹਨੇ ਨਾ ਪਾਇਆ ਗਿਆ।
ਪੜ੍ਹਨੋਂ ਇਸ ਕਰਕੇ ਹਟਾ ਲਿਆ ਕਿ ‘ਪੜ੍ਹ ਕੇ ਕਿਹੜਾ ਪਟਵਾਰੀ ਬਣ ਜਾਣੈ?’ ਅਸਲ ਵਿਚ ਸਾਡੇ
ਪਿੰਡ ਵਿਚ ਪੜ੍ਹਾਈ ਦਾ ਰਿਵਾਜ਼ ਹੀ ਨਹੀਂ ਸੀ। ਸਕੂਲੋਂ ਹਟਾ ਕੇ ਮੈਨੂੰ ਖੇਤੀ ਦੇ ਕੰਮ ਵਿਚ
ਜੋੜ ਲਿਆ ਗਿਆ। ਘਰਦਿਆਂ ਨੂੰ ਖੇਤੀ ਪਿਆਰੀ ਸੀ ਨਾ ਕਿ ਪੜ੍ਹਾਈ। ਪੰਦਰਾਂ ਸੋਲਾਂ ਸਾਲ ਦਾ ਸੀ
ਜਦੋਂ ਮੈਨੂੰ ਵੱਡਿਆਂ ਬਰਾਬਰ ਖੇਤੀ ਦੇ ਕੰਮ ਵਿਚ ਦਵੱਲਿਆ ਗਿਆ। ਅੱਜ ਇਹ ਸੋਚ ਕੇ ਹੈਰਾਨ
ਹੁੰਨਾਂ ਕਿ ਉਹੋ ਜਿਹੀਆਂ ਹਾਲਤਾਂ ਵਿਚ ਮੈਂ ਪੜ੍ਹ ਕਿਵੇਂ ਗਿਆ ਤੇ ਵੱਡੀਆਂ ਪਦਵੀਆਂ ‘ਤੇ
ਕਿਵੇਂ ਪਹੁੰਚ ਗਿਆ?
ਦੋ ਸਾਲ ਦੀ ਖੇਤੀ ਪਿੱਛੋਂ ਪਤਾ ਨਹੀਂ ਕਿਵੇਂ ਬਜ਼ੁਰਗਾਂ ਦੇ ਮਨ ਮਿਹਰ ਪੈ ਗਈ। ਮੈਨੂੰ ਮੁੜ
ਸਕੂਲ ਦਾਖਲ ਕਰਵਾ ਦਿੱਤਾ। ਵਰਨੈਕੁਲਰ ਤੋਂ ਬਾਅਦ ਉਨ੍ਹਾਂ ਦਿਨਾਂ ਵਿਚ ਅੰਗਰੇਜ਼ੀ ਦੀਆਂ ਦੋ
ਜਮਾਤਾਂ ‘ਜੂਨੀਅਰ ਅਤੇ ਸੀਨੀਅਰ’ ਦੋ ਸਾਲਾਂ ਵਿਚ ਪਾਸ ਕਰਨੀਆਂ ਪੈਣੀਆਂ ਸਨ। ਸਾਡੇ ਪਿੰਡੋਂ
ਕੋਈ ਵੀਹ-ਪੰਝੀ ਮੀਲ ਦੂਰ ਨਨਕਾਣਾ ਸਾਹਿਬ ਵਿਖੇ ਇਕ ਬਜ਼ੁਰਗ ਮਾਸਟਰ ਪ੍ਰਾਈਵੇਟ ਤੌਰ ‘ਤੇ ਇਹ
ਦੋਵੇਂ ਜਮਾਤਾਂ ਇਕ ਸਾਲ ਵਿਚ ਹੀ ਕਰਵਾ ਦਿੰਦਾ ਸੀ। ਮੈਨੂੰ ਉਸ ਪਾਸ ਦਾਖਲ ਕਰਾ ਦਿੱਤਾ ਗਿਆ।
ਇਸ ਤਰ੍ਹਾਂ ਇਕ ਸਾਲ ਫੇਲ੍ਹ ਹੋ ਕੇ ਅਤੇ ਦੋ ਸਾਲ ਖੇਤੀ ਵਿਚ ਰਹਿ ਕੇ ਮੈਂ ਉਮਰ ਵਿਚ ਤਿੰਨ
ਸਾਲ ਪੜ੍ਹਾਈ ਪੱਖੋਂ ਪਿੱਛੇ ਪੈ ਚੁੱਕਾ ਸਾਂ ਅਤੇ ਇਕ ਸਾਲ ਜੂਨੀਅਰ-ਸੀਨੀਅਰ ਪਾਸ ਕਰਨ ਵਿਚ
ਫਾਲਤੂ ਲੱਗ ਗਿਆ। ਕੁਲ ਚਾਰ ਸਾਲ ਮੈਂ ਆਪਣੇ ਹਮਉਮਰਾਂ ਨਾਲੋਂ ਪੜ੍ਹਾਈ ਵਿਚ ਪਿੱਛੇ ਰਹਿ ਗਿਆ
ਸਾਂ। ਉਸ ਵਕਤ ਮੇਰਾ ਵਜ਼ੀਫ਼ਾ ਤਾਂ ਖ਼ਤਮ ਹੋ ਚੁੱਕਾ ਸੀ ਪਰ ਖਰਚੇ ਥੋੜ੍ਹੇ ਹੋਣ ਕਾਰਨ, ਘਰ
ਦਿਆਂ ਨੂੰ ਇਹ ਖਰਚ ਚਲਾਉਣਾ ਕੋਈ ਖ਼ਾਸ ਔਖਾ ਨਹੀਂ ਸੀ। ਹੋਸਟਲ ਦਾ ਸਾਰਾ ਖਰਚਾ ਤਕਰੀਬਨ 7-8
ਰੁਪਏ ਆਉਂਦਾ ਸੀ। ਜਿਹੜੇ ਮੁੰਡੇ ਦਾ ਖਰਚ 10 ਰੁਪਏ ਹੋ ਜਾਵੇ, ਉਸ ਨੂੰ ਅਸੀਂ ਫਜ਼ੂਲ ਖ਼ਰਚ
ਕਹਿੰਦੇ ਸਾਂ। ਉਥੇ ਮੈਂ ਫੁੱਟਬਾਲ ਵੀ ਖੇਡਣ ਲੱਗ ਪਿਆ।
ਨਨਕਾਣਾ ਸਹਿਬ ਦੇ ਸਕੂ਼ਲ ਤੇ ਹੋਸਟਲ ਦਾ ਵਾਤਾਵਰਣ ਬਹੁਤ ਵਧੀਆ ਸੀ। ਹੋਸਟਲ ਦੀ ਦੀਵਾਰ ਜੋ
ਕੱਚੀ ਮਿੱਟੀ ਦੀ ਹੁੰਦੀ ਸੀ, ਨਾਲ ਇਕ ਬਹੁਤ ਬੜਾ ਬਾਗ ਸੀ, ਸੰਗਤਰਿਆਂ ਮਾਲਟਿਆਂ ਦਾ। ਅਸੀਂ
ਕੰਧ ਟੱਪ ਕੇ ਸੰਗਤਰਿਆਂ ਮਾਲਟਿਆਂ ਦਾ ਬੋਰਾ ਭਰ ਲਿਆਉਂਦੇ ਸਾਂ। ਸੀ ਤਾਂ ਚੋਰੀ ਪਰ ਇਹ
ਮੁਹਿੰਮ ਮਨ ਨੂੰ ਭਾਉਂਦੀ ਸੀ। ਇਹ ਗੁਰਦੁਆਰੇ ਦੀ ਜ਼ਮੀਨ ਸੀ। ਇਸ ਕਰਕੇ ਕਹੀਦਾ ਸੀ ਕਿ
ਮਾਲਟੇ ਆਪਣੇ ਬਾਬੇ ਦੇ ਹੀ ਖਾਈਦੇ ਹਨ, ਕਿਸੇ ਹੋਰ ਦੇ ਤਾਂ ਨਹੀਂ। ਜਦੋਂ ਕਿਸੇ ਦੇ ਘਰੋਂ
ਖੋਆ ਜਾਂ ਪਿੰਨੀਆਂ ਆ ਜਾਂਦੀਆਂ ਤਾਂ ਰਲ ਮਿਲ ਕੇ ਸਮੇਟ ਜਾਂਦੇ। ਮੇਰ ਤੇਰ ਵਾਲੀ ਕੋਈ ਗੱਲ
ਹੀ ਨਹੀਂ ਸੀ। ਉਸ ਵਕਤ ਫ਼ਾਰਸੀ ਦੀ ਪੜ੍ਹੀ ਇਕ ਕਹਾਵਤ ਅੱਜ ਤਕ ਯਾਦ ਹੈ: ਨ ਮਾਲ ਕਫੇ
ਦਰਵੇਸ਼-ਨ ਆਬ ਦਰ ਗੁਰਲਾਬ। ਮਤਲਬ, ਨਾ ਫ਼ਕੀਰ ਦੀ ਹਥੇਲੀ ਵਿਚ ਮਾਲ ਟਿਕਦਾ ਹੈ ਅਤੇ ਨਾ ਹੀ
ਛਾਨਣੀ ਵਿਚ ਪਾਣੀ।
ਨਨਕਾਣਾ ਸਾਹਿਬ ਦੇ ਖੁੱਲ੍ਹੇ-ਡੁੱਲ੍ਹੇ ਖਾਣ ਪੀਣ ਵਾਲੇ ਮਾਹੌਲ ਪਿਛੋਂ ਉਹ ਗੌਰਮਿੰਟ ਹਾਈ
ਸਕੂਲ ਜੜ੍ਹਾਂਵਾਲੇ ਵਿਚ ਨੌਵੀਂ ‘ਚ ਦਾਖਲ ਹੋਇਆ। ਉਥੇ ਵੀ ਉਹ ਹੋਸਟਲ ਵਿਚ ਰਿਹਾ। ਐਤਵਾਰ
ਜਾਂ ਛੁੱਟੀ ਵਾਲੇ ਦਿਨ ਪਿੰਡ ਜਾਣਾ ਅਤੇ ਘਿਓ ਤੇ ਖੋਆ ਬਗ਼ੈਰਾ ਲੈ ਆਉਣਾ। ਹੋਰ ਸੁਣੋ: ਇਕ
ਵਾਰ ਮੈਨੂੰ ਘਰੋਂ ਸਿਆਲ ਨੂੰ ਦੇਸੀ ਘਿਓ ਅਤੇ ਖੋਏ ਦੀਆਂ ਪਿੰਨੀਆਂ ਦਾ ਇਕ ਪੀਪਾ ਬਣਾ ਕੇ
ਦਿੱਤਾ ਗਿਆ ਤਾਂ ਜੋ ਰੋਜ਼ ਸਵੇਰੇ ਇਕ ਪਿੰਨੀ ਦੁੱਧ ਨਾਲ ਖਾ ਲਿਆ ਕਰਾਂ। ਜਦ ਮੈਂ ਪੀਪਾ ਲੈ
ਕੇ ਹੋਸਟਲ ਵਿਚ ਆਇਆ ਤਾਂ ਜੰਗਲੀ ਬਾਂਦਰਾਂ ਦੇ ਝੁੰਡ ਵਾਂਗਰ ਸਾਰੇ ਮੁੰਡੇ ਪੀਪੇ ਨੂੰ ਟੁੱਟ
ਕੇ ਪੈ ਗਏ ਤੇ ਸ਼ਾਮ ਤਕ ਹੀ ਪੀਪਾ ਖਾਲੀ ਹੋ ਗਿਆ। ਮੇਰੇ ਬਾਪ ਨੂੰ ਇਕ ਦਿਨ ਹੋਸਟਲ ਵਿਚ ਆਏ
ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਮਨੋ-ਮਨੀ ਖੁਸ਼ ਹੋਏ ਕਿ ਮੁੰਡੇ ਰਲ ਮਿਲ ਕੇ ਖਾਂਦੇ
ਨੇ। ਜਦ ਅਗਲੇ ਐਤਵਾਰ ਮੈਂ ਘਰ ਗਿਆ ਤਾਂ ਹੱਸਦਿਆਂ-ਹੱਸਦਿਆਂ ਸਾਰਿਆਂ ਨੂੰ ਨਾਲੇ ਇਹ ਗੱਲ
ਸੁਣਾਈ ਨਾਲੇ ਆਉਣ ਲੱਗੇ ਨੂੰ ਇਕ ਪੀਪਾ ਹੋਰ ਬਣਵਾ ਕੇ ਦਿੱਤਾ ਅਤੇ ਕਿਹਾ, ਰਲ ਮਿਲ ਕੇ ਸਾਰੇ
ਖਾ ਲੈਣਾ। ਮੇਰੇ ਪਿਤਾ ਨੂੰ ਖੁਰਾਕ ਦਾ ਬਹੁਤ ਸ਼ੌਕ ਸੀ। ਜਿਸ ਦਿਨ ਘਰ ਗੁੱਸੇ ਹੋ ਜਾਣਾ,
ਦੁੱਧ ਦਾ ਸਾਰਾ ਧਧੂਨਾ ਪੀ ਜਾਣਾ। ਨਾਲ ਕਹਿਣਾ ‘ਮਰੋ ਭੁੱਖੇ।’ ਇਹ ਵੀ ਗੁੱਸਾ ਕੱਢਣ ਦਾ
ਅਜੀਬ ਤਰੀਕਾ ਦੇਖਿਆ ਮੈਂ। ਵੈਸੇ ਆਪ ਖਾਣ ਨਾਲੋਂ ਦੂਜੇ ਨੂੰ ਖੁਆ ਕੇ ਜਿ਼ਆਦਾ ਖ਼ੁਸ਼ ਹੁੰਦੇ
ਸਨ। ਇਥੋਂ ਤਕ ਕਿ ਪਸ਼ੂਆਂ ਨੂੰ ਵੀ। ਜੇ ਕੋਈ ਵਹਿੜਕਾ-ਬਲਦ ਬਹੁਤ ਚੰਗਾ ਦੌੜਦਾ ਹੋਵੇ ਤਾਂ
ਪੀਪਾ-ਪੀਪਾ ਦੇਸੀ ਘਿਓ ਦਾ ਸਿਆਲ ਵਿਚ ਚਾਰ ਦਿੰਦੇ।
ਬਲਦ ਪਾਲਣ ਦਾ ਪਿਤਾ ਦਾ ਸ਼ੌਕ ਨਾਲ ਲੱਗਦੇ ਪਿੰਡ ਮੁਕੰਦਪੁਰ ਦੇ ਢਿੱਲੋਂ ਪਰਿਵਾਰ ਦੇ ਸ਼ੌਕ
ਨਾਲ ਮੇਲ ਖਾਂਦਾ ਸੀ। ਦੋਹਾਂ ਪਰਿਵਾਰਾਂ ਦੀ ਆਪਸ ਵਿਚ ਰਿਸ਼ਤੇਦਾਰੀ ਗੰਢੀ ਗਈ ਸੀ। ਜੌਹਲ ਦੇ
ਮੰਗਣੇ ਵਿਆਹ ਦੀ ਕਹਾਣੀ ਵੀ ਅਜੀਬ ਹੈ ਜੋ ਪੁਰਾਣੇ ਪੰਜਾਬੀ ਸਭਿਆਚਾਰ ਦਾ ਨਮੂਨਾ ਹੈ। ਆਓ,
ਉਹਦੀ ਆਪਣੀ ਜ਼ੁਬਾਨੀ ਹੀ ਸੁਣੀਏ:
-ਮੇਰਾ ਵਿਆਹ ਤਾਂ 1945 ਵਿਚ ਹੀ ਹੋ ਚੁੱਕਾ ਸੀ; ਨੌਵੀਂ ਜਮਾਤ ਵਿਚ ਦਾਖਲ ਹੋਣ ਤੋਂ ਪਹਿਲਾਂ
ਹੀ। ਉਦੋਂ ਮੇਰੀ ਉਮਰ 17 ਸਾਲ ਦੀ ਸੀ ਕਿਉਂਕਿ ਮੇਰੇ ਅੰਦਾਜ਼ੇ ਮੁਤਾਬਿਕ ਮੇਰਾ ਜਨਮ 24
ਫਰਵਰੀ 1928 ਵਿਚ ਹੋਇਆ ਸੀ। ਮੇਰੀ ਬੀਵੀ ਦੀ ਉਮਰ ਉਦੋਂ 15 ਸਾਲ ਦੀ ਸੀ। ਅਸਲੀ ਜਨਮ ਤਾਰੀਖ
ਦਾ ਉਹਨੂੰ ਵੀ ਨਹੀਂ ਪਤਾ। ਮੇਰੀ ਹੋਣ ਵਾਲੀ ਬੀਵੀ ਦੇ ਬਾਪ ਨੂੰ ਵੀ ਮੇਰੇ ਬਾਪ ਵਾਂਗ ਵਧੀਆ
ਬਲਦ ਰੱਖਣ ਦਾ ਬਹੁਤ ਸੌ਼ਕ ਸੀ। ਕਿਤੋਂ ਅੱਛਾ ਬਲਦ ਜੇ ਹੱਥ ਲੱਗ ਜਾਏ ਤਾਂ ਛੱਡਦੇ ਨਹੀਂ ਸੀ।
ਉਨ੍ਹਾਂ ਦੇ ਬਲਦ ਖੁੱਲ੍ਹੇ ਕਣਕਾਂ ਵਿਚ ਚਰਦੇ ਹੁੰਦੇ ਸੀ। ਇਸ ਕਰਕੇ ਮੇਰੇ ਬਾਪ ਦੀ ਉਨ੍ਹਾਂ
ਨਾਲ ਕਾਫੀ ਸਾਂਝ ਸੀ। ਉਨ੍ਹਾਂ ਦੇ ਨਾਲ ਲੱਗਦੇ ਘਰ ਦੀ ਇਕ ਔਰਤ ਜੋ ਉਨ੍ਹਾਂ ਦੀ ਧਰਮ ਦੀ ਭੈਣ
ਸੀ, ਮੇਰੀ ਬੀਵੀ ਦੀ ਭੂਆ ਬਣੀ ਹੋਈ ਸੀ। ਸਾਡੇ ਪਿੰਡ ਵਿਚ ਉਹ ਵਿਆਹੀ ਹੋਈ ਸੀ। ਮੇਰੀ ਮਾਂ
ਦੀ ਉਹ ਧਰਮ ਭੈਣ ਬਣੀ ਹੋਈ ਸੀ। ਇਸ ਕਰਕੇ ਮੈਂ ਉਸ ਨੂੰ ਮਾਸੀ ਕਹਿ ਕੇ ਬੁਲਾਉਂਦਾ ਸੀ। ਸਾਡੇ
ਜੰਮਣ ਤੋਂ ਹੀ ਮੇਰੇ ਅਤੇ ਮੇਰੀ ਬੀਵੀ ਦੇ ਹੱਥੀਂ ਉਸ ਨੇ ਗਾਨਾ ਬੰਨ੍ਹ ਕੇ ਆਪਣੇ ਬਣਾ ਲਿਆ
ਸੀ। ਰਿਸ਼ਤਾ ਪੱਕਾ ਕਰ ਦਿੱਤਾ ਸੀ। ਇਹ ਰਿਸ਼ਤਾ ਜਿਵੇਂ ਗੰਢਿਆ, ਉਵੇਂ ਹੀ ਸਿਰੇ ਚੜ੍ਹ ਗਿਆ।
ਇਸੇ ਕਰਕੇ ਛੋਟੀ ਉਮਰੇ ਹੀ ਵਿਆਹ ਹੋ ਗਿਆ। ਮੇਰੇ ਬਾਪ ਨੇ ਵਿਆਹ ਵੇਲੇ ਗੱਡੀ ਜੋੜਨ ਵਾਲੇ
ਬਲਦਾਂ ਨੂੰ ਦੌੜਾਉਣ ਲਈ ਦੋ ਪੀਪੇ ਦੇਸੀ ਘਿਓ ਚਾਰਿਆ ਅਤੇ ਦੋ ਬੋਰੀਆਂ ਕਣਕ ਵੀ। ਬਾਰਾਤ ਇਕ
ਦਿਨ ਗਈ ਤੇ ਤੀਜੇ ਦਿਨ ਵਾਪਸ ਆਈ। ਮੈਨੂੰ ਯਾਦ ਹੈ ਮੈਂ ਤੁਰ੍ਹੇ ਵਾਲੀ ਪੱਗ ਬੰਨ੍ਹ ਕੇ, ਦੋ
ਘੋੜੇ ਦੀ ਬੋਸਕੀ ਦਾ ਕੁੜਤਾ ਪਾ ਕੇ ਤੇ ਰੰਗ ਬਰੰਗੀ ਰੇਸ਼ਮੀ ਲੁੰਗੀ ਲੱਕ ਬੰਨ੍ਹ ਕੇ ਅਨੰਦ
ਕਾਰਜ ਦੇ ਫੇਰੇ ਲਏ ਸਨ। ਰੇਸ਼ਮੀ ਲੁੰਗੀ ਮੇਰੇ ਇਕ ਹਰੀਜਨ ਦੋਸਤ ਦੀ ਸੀ ਜੋ ਸਾਡੇ ਪਿੰਡ ਦਾ
ਸਭ ਤੋਂ ਸ਼ੌਕੀਨ ਮੁੰਡਾ ਸੀ। ਮੈਂ ਇਹ ਲੁੰਗੀ ਮੰਗਵੀਂ ਲਈ ਸੀ ਜੋ ਉਸ ਨੇ ਫਿਰ ਮੈਨੂੰ ਹੀ ਦੇ
ਛੱਡੀ। ਇਹ ਗੱਲ ਨਹੀਂ ਕਿ ਮੇਰੇ ਕੋਲ ਚੰਗੇ ਕਪੜੇ ਨਹੀਂ ਸੀ ਪਰ ਉਸ ਲੁੰਗੀ ਵਾਸਤੇ ਮੇਰੀ
ਖ਼ਾਸ ਕਮਜ਼ੋਰੀ ਸੀ।
ਮੇਰੇ ਵਿਆਹ ਵਿਚ ਮੇਰੀ ਬੀਵੀ ਦੀ ਵਰੀ ਦੇ ਕਪੜਿਆਂ ‘ਤੇ ਕੁਲ 96 ਰੁਪਏ ਲੱਗੇ ਸੀ। ਮੇਰੇ
ਮੰਗਣੇ ‘ਤੇ ਸਾਰੇ ਪਿੰਡ ਦਿਆਂ ਨੇ ਇਕ-ਇਕ ਰੁਪਿਆ ਸ਼ਗਨ ਪਾਇਆ ਸੀ ਜੋ ਵਹੀ ਵਿਚ ਲਿਖਿਆ ਗਿਆ
ਸੀ। ਉਦੋਂ ਵਿਆਹ ਸਾਦੇ ਸਨ। ਹੁਣ ਵਾਂਗ ਠਾਕਾ, ਮੰਗਣਾ, ਚੁੰਨੀ ਚੜ੍ਹਾਉਣਾ, ਅੰਗੂਠੀ ਦੀ
ਰਸਮ, ਵਿਆਹ ਅਤੇ ਮਿਲਣੀ ਵਰਗੀਆਂ ਬਹੁਤੀਆਂ ਰਸਮਾਂ ਨਹੀਂ ਸੀ ਕੀਤੀਆਂ ਜਾਂਦੀਆਂ। ਇਕ ਮੰਗਣਾ
ਹੁੰਦਾ ਸੀ ਇਕ ਵਿਆਹ। ਮੁਕਲਾਵਾ ਜੁਆਨ ਹੋਇਆਂ ਦਾ ਹੁੰਦਾ ਸੀ। ਅੱਜ ਵਾਂਗੂੰ ਅੱਡੀਆਂ ਚੁੱਕ
ਕੇ ਫਾਹ ਨਹੀਂ ਸੀ ਲਿਆ ਜਾਂਦਾ। ਜਦ 1947 ਵਿਚ ਅਸੀਂ ਪਿੰਡ ਛੱਡਣ ਲੱਗੇ ਤਾਂ ਮੇਰੇ ਸਹੁਰਿਆਂ
ਵੱਲੋਂ ਜ਼ੋਰ ਪਿਆ ਕਿ ਮੈਂ ਬੀਵੀ ਦਾ ਮੁਕਲਾਵਾ ਲੈ ਆਵਾਂ ਪਰ ਪਿਤਾ ਜੀ ਨੇ ਇਹ ਕਹਿ ਕੇ ਨਾਂਹ
ਕਰ ਦਿੱਤੀ ਕਿ ਕਾਫ਼ਲਿਆਂ ਵਿਚ ਅਤੇ ਕੈਂਪਾਂ ਵਿਚ ਬੱਚੇ ਆਪਣੇ ਮਾਂ ਪਿਉ ਕੋਲ ਹੀ ਠੀਕ ਤੇ
ਸੌਖੇ ਰਹਿੰਦੇ ਨੇ।
ਕਈ ਇਹ ਜਾਣਨਾ ਚਾਹੁਣਗੇ ਕਿ ਮੁਕਲਾਵਾ ਫੇਰ ਕਦੋਂ ਹੋਇਆ? ਦੋਹਾਂ ਪਰਿਵਾਰਾਂ ਦੇ ਉੱਜੜਣ ਤੇ
ਕਾਫ਼ਲਿਆਂ ਨਾਲ ਚੱਲਣ ਦੀ ਗੱਲ ਅਗਾਂਹ ਪਾ ਕੇ ਪਹਿਲਾਂ ਬਚਨਾਂ ਨਾਲ ਗੰਢੇ ਬਚਪਨ ਦੇ ਪਤੀ
ਪਤਨੀ ਦੇ ਰਿਸ਼ਤੇ ਦੀ ਗੱਲ ਸਿਰੇ ਲਾ ਲਈਏ। 18 ਮਾਰਚ 2015 ਦਾ ਦਿਨ ਸੀ। ਅਸੀਂ ਆਪਣੇ ਪਿੰਡ
ਚਕਰ ਤੋਂ ਮੁਕੰਦਪੁਰ ਨੂੰ ਮੁੜ ਰਹੇ ਸਾਂ। ਸੋਚਿਆ, ਜਾਂਦੇ ਹੋਏ ਲੁਧਿਆਣੇ ਜੌਹਲ ਸਾਹਿਬ ਨੂੰ
ਮਿਲਦੇ ਚੱਲੀਏ। ਮੇਰੀ ਨਵੀਂ ਪੁਸਤਕ ਬਲਬੀਰ ਸਿੰਘ ਸੀਨੀਅਰ ਦੀ ਜੀਵਨੀ ‘ਗੋਲਡਨ ਗੋਲ’ ਛਪ
ਚੁੱਕੀ ਸੀ। ਮੈਂ ਚਾਹੁੰਦਾ ਸਾਂ ਉਹ ਭੇਟ ਕਰਦਾ ਜਾਵਾਂ ਤੇ ਕੈਨੇਡਾ ਮੁੜਨ ਤੋਂ ਪਹਿਲਾਂ
ਵੱਡਿਆਂ ਦਾ ਅਸ਼ੀਰਵਾਦ ਲੈਂਦਾ ਜਾਵਾਂ।
ਫੋਨ ਮਿਲਾਇਆ ਤਾਂ ਉਹ ਘਰ ਹੀ ਸੀ। ਮੇਰੇ ਨਾਲ ਨੂੰਹ-ਪੁੱਤਰ ਸਨ ਜੋ ਮੁਕੰਦਪੁਰ ਪੜ੍ਹਾਉਂਦੇ
ਹੋਣ ਕਾਰਨ ਮੁਕੰਦਪੁਰੀਏ ਬਣ ਚੁੱਕੇ ਹਨ। ਉਹ ਵੀ ਵੱਡੀ ਭੂਆ ਜੀ ਤੇ ਫੁੱਫੜ ਜੀ ਨੂੰ ਮਿਲਣਾ
ਚਾਹੁੰਦੇ ਸਨ। ਅਸੀਂ ਖੇਤੀਬਾੜੀ ਯੂਨੀਵਰਸਿਟੀ ਦੇ ਨੇੜੇ ਹੀ ਡਾ. ਜੌਹਲ ਦੇ ਨਿਵਾਸ 2920,
ਗੁਰਦੇਵ ਨਗਰ ਦੀ ਕੋਠੀ ਦਾ ਗੇਟ ਲੰਘੇ ਤਾਂ ਭੂਆ-ਫੁੱਫੜ ਬਾਹਰਲੇ ਬਰਾਂਡੇ ਵਿਚ ਬੈਠੇ ਸਨ।
ਭੂਆ ਜੀ ਨੇ ਨਵਾਂ ਸੂਟ ਪਹਿਨਿਆਂ, ਇਕ ਦੋ ਗਹਿਣੇ ਪਾਏ ਤੇ ਲਾਲ ਲਿਪਸਟਿਕ ਲਾਈ ਹੋਈ ਸੀ। ਇੰਜ
ਲੱਗਾ ਜਿਵੇਂ ਕਿਸੇ ਪਾਰਟੀ ‘ਚ ਜਾਣ ਦੀ ਤਿਆਰੀ ਹੋਵੇ। ਦਿਨ ਛਿਪਣ ਦੇ ਨੇੜ ਸੀ ਤੇ ਸੂਰਜ ਦੀ
ਸੁਨਹਿਰੀ ਧੁੱਪ ਬਰਾਂਡੇ ਵਿਚ ਆ ਰਹੀ ਸੀ। ਅਸੀਂ ਉਨ੍ਹਾਂ ਦਾ ਪ੍ਰੋਗਰਾਮ ਨਹੀਂ ਸੀ ਪੁੱਛਿਆ।
ਡਾ. ਜੌਹਲ ਨੇ ਲੈਪ ਟਾਪ ਆਪਣੇ ਪੱਟਾਂ ‘ਤੇ ਰੱਖਿਆ ਹੋਇਆ ਸੀ ਜਿਸ ਤੋਂ ਲੱਗਦਾ ਸੀ ਕਿਤੇ ਜਾਣ
ਦੀ ਕਾਹਲੀ ਨਹੀਂ ਸੀ। ਅਸੀਂ ਗੋਡੀ ਹੱਥ ਲਾ ਕੇ ਮਿਲੇ ਤੇ ਅਸ਼ੀਰਵਾਦ ਲਿਆ। ਟੇਬਲ ਉਤੇ ਮਠਿਆਈ
ਪਈ ਸੀ ਤੇ ਨਾਲ ਇਕ ਗੁਲਦਸਤਾ। ਤਦੇ ਯਾਦ ਆਇਆ ਕਿ ਅੱਜ ਤਾਂ ਉਨ੍ਹਾਂ ਦੀ ਮੈਰਿਜ ਐਨੀਵਰਸਰੀ
ਹੈ। ਪਿਛਲੇ ਸਾਲ ਵੀ ਇਸ ਤਰ੍ਹਾਂ ਹੀ ਹੋਇਆ ਸੀ। ਅਮਰਦੀਪ ਕਾਲਜ ਟ੍ਰੱਸਟ ਦੇ ਬਾਨੀ ਗੁਰਚਰਨ
ਸਿੰਘ ਸ਼ੇਰਗਿੱਲ ਤੇ ਮੈਂ ਜੌਹਲ ਸਾਹਿਬ ਨੂੰ ਮਿਲਣ ਗਏ ਤਾਂ ਉੱਦਣ ਵੀ ਉਨ੍ਹਾਂ ਦੇ ਵਿਆਹ ਦੀ
ਵਰ੍ਹੇ-ਗੰਢ ਸੀ। ਉਦੋਂ ਤਾਂ 18 ਮਾਰਚ ਯਾਦ ਸੀ ਪਰ ਸਾਲ ਬਾਅਦ ਉਨ੍ਹਾਂ ਦੀ ਵਰ੍ਹੇ-ਗੰਢ ਵਾਲਾ
ਦਿਨ ਭੁੱਲ ਗਿਆ ਸੀ। ਯਾਦ ਹੁੰਦਾ ਤਾਂ ਅਸੀਂ ਵੀ ਕੋਈ ਗਿਫਟ ਲੈ ਜਾਂਦੇ ਤੇ ਜਾਣ ਸਾਰ ਸ਼ੁਭ
ਇਛਾਵਾਂ ਪਰਗਟ ਕਰਦੇ। ਖ਼ੈਰ ਜੋ ਹੋਇਆ ਸੋ ਹੋਇਆ, ਅਸੀਂ ਬਰਾਂਡੇ ਵਿਚ ਡਹੀਆਂ ਕੁਰਸੀਆਂ ਉਤੇ
ਬੈਠ ਗਏ ਤੇ ਹਾਲ ਚਾਲ ਪੁੱਛਣ ਲੱਗੇ।
ਗੁਰਦੇਵ ਨਗਰ ਵਾਲੇ ਇਸ ਘਰ ਦਾ ਪਲਾਟ ਡਾ. ਜੌਹਲ ਨੇ 60ਵਿਆਂ ਵਿਚ ਖਰੀਦਿਆ ਸੀ ਜਦੋਂ ਉਹ
ਖੇਤੀਬਾੜੀ ਯੂਨੀਵਰਸਿਟੀ ਵਿਚ ਪ੍ਰੋਫੈ਼ਸਰ ਲੱਗਾ ਸੀ। ਉਦੋਂ ਭਾਅ ਸਸਤੇ ਸਨ ਜਿਸ ਕਰਕੇ
ਪ੍ਰੋਫੈ਼ਸਰਾਂ ਨੇ ਘਰ ਉਸਾਰ ਲਏ ਸਨ। ਅਜੋਕੀ ਮਹਿੰਗਾਈ ਵਿਚ ਇਹ ਕਿਥੇ ਉਸਰਨੇ ਸਨ? ਇਸ ਘਰ ਦਾ
ਇਹ ਛੋਟਾ ਜਿਹਾ ਸਾਦਾ ਬਰਾਂਡਾ ਦਰਜਨ ਤੋਂ ਵੱਧ ਵਾਈਸ ਚਾਂਸਲਰਾਂ ਦੀ ਬੈਠਕ ਬਣ ਚੁੱਕੈ।
ਅਨੇਕਾਂ ਅਫ਼ਸਰ, ਵਿਦਵਾਨ ਤੇ ਸਿਆਸਤਦਾਨ ਇਸ ਬਰਾਂਡੇ ਵਿਚ ਬੈਠ ਚੁੱਕੇ ਤੇ ਡਾ. ਜੌਹਲ ਨਾਲ
ਸਲਾਹ ਮਸ਼ਵਰਾ ਕਰ ਚੁੱਕੇ ਹਨ। ਪੀ. ਏ. ਯੂ. ਦੇ ਛੇ ਸਾਬਕਾ ਵਾਈਸ ਚਾਂਸਲਰਾਂ ਦੀ ਗ਼ੁਬਾਰੇ
ਉਡਾਉਂਦਿਆਂ ਦੀ ਇਕ ਤਸਵੀਰ ਵੀ ਬਰਾਂਡੇ ਵਿਚ ਟੰਗੀ ਹੋਈ ਹੈ। ਸਾਹਮਣੇ ਚਾਰ ਕੁ ਫੁੱਟ ਉੱਚੀ
ਕੰਧ ਹੈ ਜਿਸ ਨਾਲ ਸਿ਼ੰਗਾਰ ਰੁੱਖ ਲੱਗੇ ਹੋਏ ਹਨ। ਕਦੇ ਇਹ ਜਗ੍ਹਾ ਬੜੀ ਵਿਰਲੀ ਵਸੋਂ ਵਾਲੀ
ਸੀ ਪਰ ਹੁਣ ਭੀੜ ਦਾ ਕੋਈ ਲੇਖਾ ਨਹੀਂ। ਕੰਧੋਂ ਪਾਰ ਆਟੋ ਵਹੀਕਲਾਂ ਦੀ ਆਵਾਜਾਈ ਦੀ ਭਰਮਾਰ
ਰਹਿੰਦੀ ਹੈ ਤੇ ਹਾਰਨ ਵੱਜਦੇ ਰਹਿੰਦੇ ਹਨ। ਧੰਨ ਹੈ ਡਾ. ਜੌਹਲ ਜਿਹੜਾ ਉਸ ਬਰਾਂਡੇ ਵਿਚ ਹੀ
ਪੜ੍ਹੀ ਲਿਖੀ ਜਾਂਦਾ ਤੇ ਆਏ ਗਏ ਨਾਲ ਬਚਨ ਬਿਲਾਸ ਕਰੀ ਜਾਂਦਾ ਹੈ। ਵਿਚੇ ਟੈਲੀਫੋਨ ਖੜਕਦਾ
ਰਹਿੰਦਾ ਹੈ ਤੇ ਚਾਹ ਪਾਣੀ ਚਲਦਾ ਰਹਿੰਦਾ ਹੈ।
ਉਹ ਬਰਾਂਡਾ ਹੀ ਡਾ. ਜੌਹਲ ਦੀ ਕਰਮਸ਼ਾਲਾ ਹੈ। ਉਥੇ ਇਕ ਤਖਤਪੋਸ਼ ਹੈ ਜਿਸ ਉਤੇ ਡਾ. ਜੌਹਲ
ਦਿਨੇ ਇਕ ਦੋ ਵਾਰ ਲੇਟ ਕੇ ਆਰਾਮ ਕਰਦੈ ਤੇ ਨਿੱਕੀ ਜਿਹੀ ਝਪਕੀ ਲੈਂਦੈ। ਚਾਰ ਪੰਜ ਕੁਰਸੀਆਂ
ਹੁੰਦੀਆਂ ਨੇ ਤੇ ਚਾਹ ਪਾਣੀ ਲਈ ਇਕ ਛੋਟਾ ਜਿਹਾ ਮੇਜ਼। ਘਰ ਦੇ ਅੱਗੇ ਪਿੱਛੇ ਰੁੱਖ ਬੂਟੇ ਤੇ
ਫਲ-ਫੁੱਲ ਨੇ। ਘਰ ਦੀ ਇਮਾਰਤ ਸਾਦ ਮੁਰਾਦੀ ਹੈ ਤੇ ਫਰਨੀਚਰ ਵੀ ਸਾਦਾ। ਸਾਦਗੀ ਡਾ. ਜੌਹਲ ਦੇ
ਹਰ ਕਾਰ ਵਿਹਾਰ ਵਿਚ ਹੈ।
ਅਸੀਂ ਇਕ ਦੂਜੇ ਦਾ ਹਾਲ ਚਾਲ ਪੁੱਛ ਰਹੇ ਸਾਂ ਕਿ ਜੌਹਲ ਸਾਹਿਬ ਦਾ ਇਕਲੌਤਾ ਪੁੱਤਰ ਜਨਮੇਜਾ
ਜੌਹਲ ਵੀ ਆ ਗਿਆ। ਉਹ ਰੁੱਝਿਆ ਬੰਦਾ ਹੈ ਜੀਹਦੇ ਰੁਝੇਵਿਆਂ ਦਾ ਅੰਤ ਨਹੀਂ। ਪੱਗ ਤੁਰੇ
ਜਾਂਦਿਆਂ ਬੰਨ੍ਹ ਲੈਂਦੈ ਤੇ ਬੂਟਾਂ ਦੇ ਜੋੜੇ ਬਿਨਾਂ ਪਾਲਸ਼ ਕਰਾਏ ਹੰਢਾ ਛੱਡਦੈ! ਉੱਦਣ
ਜੌਹਲ ਜੋੜੇ ਦੀ 70ਵੀਂ ਮੈਰਿਜ ਐਨੀਵਰਸਿਰੀ ਸੀ। ਭੂਆ ਜੀ ਨੇ ਦੱਸਿਆ ਕਿ ਉਹ 13 ਸਾਲ ਦੀ ਸੀ
ਤੇ ਸਰਦਾਰ ਜੀ ਦੀ ਉਮਰ 17 ਸਾਲ ਦੀ ਜਦੋਂ ਉਨ੍ਹਾਂ ਦਾ ਵਿਆਹ ਹੋਇਆ। ਦੇਖ ਲਓ ਸੋਹਣੀ ਨਿਭ
ਗਈ।
ਮੈਂ ਜਾਣ ਬੁੱਝ ਕੇ ਗੱਲਾਂ ਛੇੜ ਲਈਆਂ ਕਿ ਚਾਚੀਆਂ ਤਾਈਆਂ ਨੇ ਤਾਂ ਕੋਈ ਕਸਰ ਨਹੀਂ ਛੱਡੀ
ਹੋਣੀ ਕਿ ਜੌਹਲ ਸਾਹਿਬ ਤੁਹਾਨੂੰ ਛੱਡ ਦੇਣ ਤੇ ਕਿਸੇ ਪੜ੍ਹੀ ਲਿਖੀ ਨਾਲ ਵਿਆਹ ਕਰਾਉਣ। ਭੂਆ
ਜੀ ਛਿੜ ਪਏ ਕਿ ਮੈਂ ਦਾਲ ਸਬਜ਼ੀ ਬਣਾਉਣੀ ਤਾਂ ਉਨ੍ਹਾਂ ਨੇ ਜਾਣ ਬੁੱਝ ਕੇ ਲੂਣ ਮਿਰਚਾਂ ਵੱਧ
ਪਾ ਦੇਣੀਆਂ ਤਾਂ ਕਿ ਰੋਟੀ ਵਾਲੇ ਕਹਿਣ ਕਿ ਇਹਨੂੰ ਦਾਲ ਸਬਜ਼ੀ ਵੀ ਨਹੀਂ ਬਣਾਉਣੀ ਆਉਂਦੀ।
ਗੱਲਾਂ ਤਾਂ ਭੂਆ ਜੀ ਹੋਰ ਵੀ ਦੱਸਣ ਦੇ ਰੌਂਅ ਵਿਚ ਸਨ ਪਰ ਜੌਹਲ ਨੇ ਵਿਚੋਂ ਈ ਕਿਹਾ,
“ਸਾਰੀਆਂ ਗੱਲਾਂ ਨਹੀਂ ਦੱਸੀਦੀਆਂ ਸਰਦਾਰਨੀ।”
ਡਾ. ਜੌਹਲ ਆਪਣੀ ਪਤਨੀ ਮਹਿੰਦਰ ਕੌਰ ਨੂੰ ਹਮੇਸ਼ਾਂ ਸਰਦਾਰਨੀ ਕਹਿੰਦਾ ਹੈ। ਮੈਂ ਬੁੜ੍ਹੀਆਂ
ਵਾਲੀਆਂ ਗੱਲਾਂ ਵਡੇਰੀਆਂ ਔਰਤਾਂ ਤੋਂ ਸੁਣੀਆਂ ਸਨ ਜੋ ਦੱਸਦੀਆਂ ਸਨ ਕਿ ਮਹਿੰਦਰ ਕੌਰ ਦੀ
ਲੱਤ ਵਿਚ ਨੁਕਸ ਹੈ। ਇਹ ਸਹੀ ਸੀ ਕਿ ਬਚਪਨ ਵਿਚ ਪੋਲੀਓ ਨਾਲ ਉਸ ਦੀ ਲੱਤ ਵਿਚ ਨੁਕਸ ਪੈ ਗਿਆ
ਸੀ ਪਰ ਜੌਹਲ ਦੇ ਪਿਤਾ ਜੀ ਸਮਝਦੇ ਸਨ ਕਿ ਜੰਮਦਿਆਂ ਗੰਢੇ ਰਿਸ਼ਤੇ ਦੀ ਲਾਜ ਪਾਲਣੀ ਹੈ।
ਜੌਹਲ ਦੀ ਮਾਤਾ ਇਕ ਪੁੱਤਰ ਨੂੰ ਜਨਮ ਦੇ ਕੇ ਜੁਆਨ ਅਵੱਸਥਾ ਵਿਚ ਪਰਲੋਕ ਸਿਧਾਰ ਗਈ ਸੀ।
ਪਿਤਾ ਜੁਆਨ ਸਨ ਪਰ ਉਨ੍ਹਾਂ ਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ। ਜਿਵੇਂ ਪਿਤਾ ਨੇ ਆਪਣੇ
ਪੁੱਤਰ ਲਈ ਮਤਰੇਈ ਮਾਂ ਨਹੀਂ ਸਹੇੜੀ ਉਵੇਂ ਪੁੱਤਰ ਨੇ ਵੀ ਬਚਪਨ ਦੇ ਗੰਢੇ ਰਿਸ਼ਤੇ ਨਾਲ
ਖੁਸ਼ੀ ਖੁਸ਼ੀ ਨਿਭਾਅ ਕੀਤਾ।
ਉੱਦਣ ਡਾ. ਜੌਹਲ ਫੇਸ ਬੁੱਕ ਉਤੇ ਆਪਣੀ 70ਵੀਂ ਮੈਰਿਜ ਐਨੀਵਰਸਿਰੀ ਦੀ ਖ਼ੁਸ਼ੀ ਸਾਂਝੀ ਕਰ
ਰਿਹਾ ਸੀ। ਲਿਖ ਰਿਹਾ ਸੀ ਕਿ ਕਈ ਜੋੜੇ ਥੋੜ੍ਹੇ ਸਾਲ ਵੀ ‘ਕੱਠੇ ਨਹੀਂ ਕੱਟਦੇ। ਸਾਨੂੰ ਦੇਖ
ਲਓ ਸੱਤਰ ਸਾਲਾਂ ਤੋਂ ਸੋਹਣਾ ਨਿਭਾਅ ਕਰੀ ਜਾ ਰਹੇ ਹਾਂ। ਇਹ ਰਿਸ਼ਤਾ ਜਿਵੇਂ ਗੰਢਿਆ ਸੀ
ਉਵੇਂ ਹੀ ਸਿਰੇ ਚੜ੍ਹ ਗਿਆ ਸੀ ਤੇ ਲੰਮੀ ਉਮਰ ਤਕ ਨਿਭੀ ਜਾਂਦਾ ਸੀ। ਇਹ ਸੁਹਿਰਦਤਾ ਤੇ
ਸ਼ਹਿਣਸ਼ੀਲਤਾ ਹੀ ਹੁੰਦੀ ਹੈ ਜੋ ਔਖ ਸੌਖ ਵਿਚ ਵੀ ਅਡੋਲ ਰੱਖਦੀ ਹੈ।
1947 ਦੇ ਬਟਵਾਰੇ ਵੇਲੇ ਸਰਦਾਰਾ ਸਿੰਘ ਜੜ੍ਹਾਂਵਾਲੇ ਸਕੂਲ ਵਿਚ ਦਸਵੀਂ ‘ਚ ਪੜ੍ਹਦਾ ਸੀ।
ਉਦੋਂ ਉਹ 20ਵੇਂ ਸਾਲ ਦੀ ਉਮਰ ਵਿਚ ਸੀ। ਉਦੋਂ ਤਕ ਉਸ ਨੇ ਪੰਜ ਸਕੂਲ ਬਦਲ ਲਏ ਸਨ। ਇਸ
ਦੌਰਾਨ ਉਸ ਦੇ ਚਾਰ ਸਾਲ ਜ਼ਾਇਆ ਹੋ ਚੁੱਕੇ ਸਨ। ਆਮ ਹਾਲਤਾਂ ਵਿਚ ਅਜਿਹੇ ਪੜ੍ਹਾਕੂ ਮੁੰਡੇ
ਦੀ ਪੜ੍ਹਾਈ ਸਕੂਲ ਵਿਚ ਹੀ ਖ਼ਤਮ ਹੋ ਜਾਂਦੀ ਹੈ ਪਰ ਸਰਦਾਰਾ ਸਿੰਘ ਦੇ ਕਰਮਾਂ ਵਿਚ ਉੱਚ
ਡਿਗਰੀਆਂ ਸਨ। ਉਨ੍ਹਾਂ ਨੂੰ ਬਾਰ ਵਿਚ ਵਸਾਇਆ ਸਮਰਾ-ਜੰਡਿਆਲਾ ਛੱਡਣਾ ਪਿਆ ਤਾਂ ਸਭਨਾਂ ਦੇ
ਮਨ ਭਰੇ ਹੋਏ ਸਨ। ਉਸ ਕੋਲ ਰੈਲੇ ਸਾਈਕਲ ਸੀ ਜੋ ਉਸ ਨੇ ਆਪਣੇ ਦੋਸਤ ਜਾਵੇਦ ਨੂੰ ਦੇ ਦਿੱਤਾ।
ਜਾਵੇਦ ਨੇ ਆਪਣੇ ਬੇਲੀ ਸਰਦਾਰੇ ਦੀ ਜ਼ੇਬ ਵਿਚ ਨਾਂਹ ਨਾਂਹ ਕਰਨ ਦੇ ਬਾਵਜੂਦ ਚਾਲੀ ਰੁਪਏ ਪਾ
ਦਿੱਤੇ ਕਿ ਰਾਹ ਵਿਚ ਕੰਮ ਆਉਣਗੇ। ਫਿਰ ਭਰੀਆਂ ਅੱਖਾਂ ਨਾਲ ਮੂੰਹ ਭੁਆ ਕੇ ਤੇਜ਼ੀ ਨਾਲ
ਪਿੱਛੇ ਭੌਂ ਗਿਆ ਤਾਂ ਕਿ ਉਹਦੀਆਂ ਭੁੱਬਾਂ ਨਾ ਨਿਕਲ ਜਾਣ। ਉਹ ਉੱਜੜਦਿਆਂ ਨੂੰ ਨਹੀਂ ਸੀ
ਵੇਖ ਸਕਦਾ। ਵੱਖਰੇ ਮਜ਼੍ਹਬਾਂ ਦੇ ਬਾਵਜੂਦ ਇਨਸਾਨੀ ਜਜ਼ਬਿਆਂ ਨੂੰ ਕੀ ਕਿਹਾ ਜਾਏ! ਇਹੋ
ਜਜ਼ਬੇ ਇਨਸਾਨ ਬਣ ਕੇ ਮੋਹ ਪਾਲਦੇ ਨੇ ਤੇ ਇਹੋ ਸ਼ੈਤਾਨ ਬਣ ਕੇ ਵੈਰੀ ਬਣ ਜਾਂਦੇ ਨੇ। ਕਤਲ
ਕਰਦੇ ਨੇ, ਬਲਾਤਕਾਰ ਕਰਦੇ ਨੇ ਤੇ ਮਜ਼੍ਹਬੀ ਜਨੂੰਨ ਵਿਚ ਕਿਹੜਾ ਕਾਰਾ ਹੈ ਜਿਹੜਾ ਨਹੀਂ
ਕਰਦੇ?
ਉਹੀ ਜਾਵੇਦ 70ਵਿਆਂ ਵਿਚ ਡਾ. ਜੌਹਲ ਨੂੰ ਅਮਰੀਕਾ ਵਿਚ ਸਬੱਬੀਂ ਮਿਲ ਗਿਆ। ਜੌਹਲ ਅਮਰੀਕਾ
ਦੀ ਓਹਾਈਓ ਸਟੇਟ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਸੀ ਕਿ ਇਕ ਹਵਾਈ ਅੱਡੇ ‘ਤੇ ਉਸ ਨੂੰ ਇਕ
ਵਰਦੀਧਾਰੀ ਜੁਆਨ ਨਾਲ ਮਿਲਾਇਆ ਗਿਆ ਜਿਸ ਦੀ ਪਾਕਟ ਉਤੇ ਜਾਵੇਦ ਲਿਖਿਆ ਹੋਇਆ ਸੀ। ਪੁੱਛਣ
‘ਤੇ ਉਹ ਉਹੀ ਜਾਵੇਦ ਨਿਕਲਿਆ ਜਿਸ ਨੂੰ ਜੌਹਲ ਨੇ ਰੈਲੇ ਸਾਈਕਲ ਦਿੱਤਾ ਸੀ। ਕੁਦਰਤ ਵੀ
ਕਿਵੇਂ ਢੋਅ ਢੁਕਾਉਂਦੀ ਹੈ! ਦੋਹੇਂ ਦੋਸਤ ਫਿਰ ਦੋ ਦਿਨ ‘ਕੱਠੇ ਰਹੇ ਤੇ ਰੱਜ ਕੇ ਖੁਸ਼ੀਆਂ
ਮਨਾਉਂਦੇ ਰਹੇ। ਉਹ ਦੋ ਦਿਨ ਜੌਹਲ ਦੀ ਜਿ਼ੰਦਗੀ ਦੇ ਯਾਦਗਾਰੀ ਦਿਨ ਹਨ।
ਮਾਰ ਧਾੜ ਦੇ ਡਰੋਂ ਬਾਰ ਵਿਚ ਰੰਗੀਂ ਵਸਦੇ ਕਿਸਾਨਾਂ ਦੇ ਕਾਫ਼ਲੇ ਚੱਲ ਪਏ। ਮੀਲਾਂ ਬੱਧੀ
ਗੱਡਿਆਂ ਦੀਆਂ ਲਾਮ ਡੋਰੀਆਂ ਲੱਗ ਗਈਆਂ। ਲਾਹੌਰੋਂ ਪਰ੍ਹਾਂ ਹੀ ਪਿੰਡ ਨਾਈਆਣੇ ਨੇੜੇ ਕਾਫ਼ਲਾ
28 ਦਿਨ ਰੁਕਿਆ ਰਿਹਾ। ਜੌਹਲ ਪਰਿਵਾਰ ਪਾਸ ਇਕ ਗੱਡਾ ਸੀ, ਗੱਡੇ ਵਿਚ ਲੱਦਿਆ ਸਮਾਨ, ਜੋੜੇ
ਹੋਏ ਦੋ ਬਲਦ ਤੇ ਇਕ ਮੱਝ ਸੀ। ਦੂਰ ਦੂਰ ਤਕ ਪਸ਼ੂਆਂ ਦਾ ਚਾਰਾ ਖ਼ਤਮ ਹੋ ਚੁੱਕਾ ਸੀ ਜਿਸ
ਕਰਕੇ ਮਹਿੰਗੇ ਮੁੱਲ ਧਾਨ ਵੱਢ ਕੇ ਪਸ਼ੂਆਂ ਨੂੰ ਚਾਰਨੇ ਪੈਂਦੇ ਸਨ। ਜਿਹੜੀ ਮਾੜੀ ਮੋਟੀ
ਪੂੰਜੀ ਸੀ ਉਹ ਮੁੱਕੀ ਜਾਂਦੀ ਸੀ। ਵਿਚੇ ਲੁੱਟਾਂ-ਖੋਹਾਂ ਹੋਈਆਂ ਜਾਂਦੀਆਂ ਸਨ ਤੇ ਜਾਨਾਂ
ਵੱਖ ਖ਼ਤਰੇ ਵਿਚ ਸਨ। ਕੁਝ ਦਿਨਾਂ ਬਾਅਦ ਫੌਜੀਆਂ ਦੀ ਹਿਫ਼ਾਜ਼ਤ ਵਿਚ ਬੱਸਾਂ ਦਾ ਇਕ ਕਾਫ਼ਲਾ
ਗੱਡਿਆਂ ਕੋਲ ਦੀ ਲੰਘਣ ਲੱਗਾ ਤਾਂ ਘਰਦਿਆਂ ਦੀ ਸਲਾਹ ਨਾਲ ਸਰਦਾਰਾ ਸਿੰਘ ਤੇ ਹੋਰ ਚਾਰ ਪੰਜ
ਮੁੰਡੇ ਦੌੜ ਕੇ ਬੱਸਾਂ ਦੀਆਂ ਛੱਤਾਂ ‘ਤੇ ਚੜ੍ਹ ਗਏ। ਮਾਪਿਆਂ ਨੇ ਸੋਚਿਆ ਜੇ ਸਾਡੇ ਬੱਚੇ ਬਚ
ਜਾਣ ਤਾਂ ਵੀ ਗ਼ਨੀਮਤ ਹੈ। ਬੱਸਾਂ ‘ਤੇ ਚੜ੍ਹਦਿਆਂ ਨੂੰ ਫੌਜੀਆਂ ਨੇ ਰੋਕਿਆ ਵੀ ਪਰ ਉਹ ਰੁਕੇ
ਨਹੀਂ।
ਜਿਸ ਬੱਸ ਦੀ ਛੱਤ ਉਤੇ ਸਰਦਾਰਾ ਸਿੰਘ ਚੜ੍ਹਿਆ ਉਸ ਉਤੇ ਔਰਤਾਂ ਚੜ੍ਹੀਆਂ ਬੈਠੀਆਂ ਸਨ।
ਉਨ੍ਹਾਂ ਨੇ ਉਸ ਨੂੰ ਫੌਜੀਆਂ ਦੀ ਨਜ਼ਰ ਤੋਂ ਬਚਾਉਂਦਿਆਂ ਤੁਰਤ ਆਪਣੀਆਂ ਗੱਠੜੀਆਂ ਦੇ ਸਮਾਨ
ਵਿਚ ਲੁਕੋ ਲਿਆ। ਮਿਲਖਾ ਸਿੰਘ ਵੀ ਮੁਲਤਾਨ ਜਾਣ ਵਾਲੀ ਗੱਡੀ ਦੇ ਜ਼ਨਾਨੇ ਡੱਬੇ ਵਿਚ ਚੜ੍ਹਿਆ
ਤੇ ਸੀਟਾਂ ਹੇਠ ਲੁਕ ਗਿਆ ਸੀ। ਔਰਤਾਂ ਜੇਬ ਕਤਰਾ ਸਮਝ ਕੇ ਰੌਲਾ ਪਾਉਣ ਲੱਗੀਆਂ ਤਾਂ ਉਸ ਨੇ
ਵਾਸਤਾ ਪਾਇਆ ਸੀ ਕਿ ਰੌਲਾ ਨਾ ਪਾਓ ਨਹੀਂ ਤਾਂ ਉਹ ਮਾਰਿਆ ਜਾਵੇਗਾ। ਮੁਸਲਮਾਨ ਔਰਤਾਂ ਨੇ ਉਸ
ਨੂੰ ਲੁਕੋ ਕੇ ਬਚਾਇਆ ਸੀ। ਔਰਤਾਂ ਵਿਚ ਮਮਤਾ ਬੜੀ ਪ੍ਰਬਲ ਹੁੰਦੀ ਹੈ। ਡਾ. ਜੌਹਲ ਦੱਸਦਾ ਹੈ
ਕਿ ਜਿਸ ਮਮਤਾ ਨਾਲ ਉਨ੍ਹਾਂ ਅਣਜਾਣ ਔਰਤਾਂ ਨੇ ਮੈਨੂੰ ਛੁਪਾ ਲਿਆ, ਮੈਨੂੰ ਅੱਜ ਤਕ ਨਹੀਂ
ਭੁੱਲਦੀ। ਕੌਣ ਸਨ, ਕਿਥੋਂ ਦੀਆਂ ਸਨ, ਕਿੱਡੀ ਉਮਰ ਦੀਆਂ ਸਨ, ਮੈਨੂੰ ਯਾਦ ਨਹੀਂ ਪਰ ਉਹ
ਨਿੱਘੀ ਮਮਤਾ ਯਾਦ ਹੈ। ਕਿੱਡੀ ਵੱਡੀ ਦਾਤ ਹੈ ਜੋ ਦਾਤੇ ਨੇ ਔਰਤ ਨੂੰ ਬਖ਼ਸ਼ੀ ਹੈ!
ਡਾ. ਜੌਹਲ ਲਿਖਦਾ ਹੈ, “ਆਖ਼ਰ ਅਸੀਂ ਹਿੰਦੁਸਤਾਨ ਪਹੁੰਚ ਗਏ ਆਪਣੀ ਕਦੇ ਵੀ ਨਾ ਭੁੱਲਣ ਵਾਲੀ
ਆਪਣੀ ਜਨਮ-ਭੋਇੰ ਨੂੰ ਛੱਡ ਕੇ। ਜੇ ਮੂਲ ਰੂਪ ਵਿਚ ਲਈਏ ਤਾਂ ਅਸੀਂ ਪਰਦੇਸ ਦੇ ਨਾਗਰਿਕ ਬਣ
ਗਏ ਤੇ ਆਪਣੀ ਜਨਮ-ਭੂੰਮੀ ਲਈ ਪਰਦੇਸੀ। ਬੱਲੇ ਉਏ ਆਪਣੇ ਆਪ ਨੂੰ ਇਨਸਾਨ ਕਹਾਉਣ ਵਾਲਿਆ
ਬੰਦਿਆ ਤੇਰੀਆਂ ਕਰਤੂਤਾਂ! ਇਸੇ ਕਰਕੇ ਮੇਰਾ ਯਕੀਨ ਹੈ ਕਿ ਦੇਸ਼ਾਂ ਦੀਆਂ ਹੱਦਾਂ ਆਦਮੀਆਂ ਦੇ
ਮਨਾਂ ਵਿਚ ਹੁੰਦੀਆਂ ਹਨ, ਜੋ ਬਣਦੀਆਂ, ਟੁੱਟਦੀਆਂ ਤੇ ਬਦਲਦੀਆਂ ਰਹਿੰਦੀਆਂ ਹਨ। ਧਰਤੀ ‘ਤੇ
ਤਾਂ ਉਨ੍ਹਾਂ ਲੀਕਾਂ ਦਾ ਪ੍ਰਗਟਾਓ ਹੀ ਹੁੰਦਾ ਹੈ। ਰੱਬ ਨੇ ਤਾਂ ਧਰਤੀ, ਆਕਾਸ਼, ਪਾਣੀ, ਹਵਾ
ਆਦਿ ਵਿਚ ਕੋਈ ਲਕੀਰ ਨਹੀਂ ਮਾਰੀ। ਕਿਸੇ ਜੀਵ ਵਾਸਤੇ ਕੁਝ ਵੀ ਸੀਮਤ ਅਤੇ ਵੱਖਰਾ ਨਹੀਂ
ਕੀਤਾ। ਪੰਛੀਆਂ ਅਤੇ ਹੈਵਾਨਾਂ ਨੇ ਕੋਈ ਲਕੀਰਾਂ ਨਹੀਂ ਮਾਰੀਆਂ। ਆਦਮੀ ਹੀ ਇਕ ਸੁਆਰਥੀ ਅਤੇ
ਕਮੀਨੀ ਨੀਅਤ ਵਾਲਾ ਦਿਮਾਗੀ ਜਾਨਵਰ ਹੈ ਜਿਸ ਨੇ ਬ੍ਰਹਿਮੰਡ ਦੀ ਇਹ ਧਰਤੀ ਅਤੇ ਸਾਗਰ, ਸਗੋਂ
ਪੁਲਾੜ ਵਿਚ ਵੀ ਵੰਡੀਆਂ ਪਾ ਦਿੱਤੀਆਂ ਹਨ। ਕਦੀ ਅੱਜ ਦਾ ਪਾਕਿਸਤਾਨ, ਬਲੋਚਿਸਤਾਨ, ਬਰਮਾ,
ਬੰਗਲਾ ਦੇਸ਼, ਲੰਕਾ ਆਦਿ ਇਕ ਦੇਸ਼ ਹੁੰਦਾ ਸੀ...।”
ਨੈਸ਼ਨਲਿਜ਼ਮ ਬਾਰੇ ਡਾ. ਜੌਹਲ ਦੀ ਟਿੱਪਣੀ ਹੈ, “ਮੈਨੂੰ ਤਾਂ ਵਤਨ ਪ੍ਰਸਤੀ, ਕਿਤੇ ਵੀ
ਹੋਵੇ, ਕੋਈ ਵੀ ਕਰਦਾ ਹੋਵੇ, ਗ਼ੈਰਕੁਦਰਤੀ ਮਹਿਸੂਸ ਹੁੰਦੀ ਹੈ ਅਤੇ ਇਸ ਨੂੰ ਮੈਂ
ਸੱਤਾਧਾਰੀਆਂ ਦਾ ਇਕ ਹਥਿਆਰ ਸਮਝਦਾ ਹਾਂ। ਇਸੇ ਰੌਂਅ ਵਿਚ ਦੇਸ਼ਾਂ ਵਿਚਕਾਰ ਦੁਸ਼ਮਣੀਆਂ
ਸਹੇੜੀਆਂ ਜਾਂਦੀਆਂ, ਐਟਮ ਬੰਬ ਚਲਦੇ ਹਨ, ਕਰੋੜਾਂ ਅਰਬਾਂ ਫੌਜਾਂ ਲੜਦੀਆਂ ਹਨ, ਕਰੋੜਾਂ
ਇਨਸਾਨ ਮਾਰੇ ਜਾਂਦੇ, ਘਰਾਂ ਦੇ ਘਰ ਬਰਬਾਦ ਹੋ ਜਾਂਦੇ ਹਨ ਅਤੇ ਸੰਪਤੀ ਨਸ਼ਟ ਹੋ ਕੇ
ਵੈਰ-ਵਿਰੋਧ ਦਾ ਵਾਤਾਵਰਣ ਬਣਿਆ ਰਹਿੰਦਾ ਹੈ। ਇਹ ਬਿਮਾਰੀ ਤਾਂ ਦੇਸ਼ਾਂ ਵਿਚ ਅੰਦਰੂਨੀ ਤੌਰ
‘ਤੇ ਵੀ ਹੈ। ਖ਼ੈਰ ਆਦਮੀ ਜਿੰਨਾ ਚਿਰ ਇਨਸਾਨ ਨਹੀਂ ਬਣ ਜਾਂਦਾ, ਇਹ ਹੱਥਕੰਡੇ ਸਥਾਨੀ, ਕੌਮੀ
ਤੇ ਕੌਮਾਂਤਰੀ ਪੱਧਰ ‘ਤੇ ਵਰਤੇ ਜਾਂਦੇ ਰਹਿਣੇ ਹਨ ਅਤੇ ਭੋਲੇ-ਭਾਲੇ, ਬੇਗੁਨਾਂਹ ਇਨਸਾਨ ਇਸ
ਕਪਟ ਦੀ ਭੱਠੀ ਵਿਚ ਪਿਸਦੇ ਹੀ ਰਹਿਣੇ ਹਨ। ਸੱਤਾ ਆਖ਼ਰ ਦੂਸਰਿਆਂ ਦੀ ਆਜ਼ਾਦੀ ਖੋਹ ਕੇ,
ਉਨ੍ਹਾਂ ਨੂੰ ਸੱਤਾਹੀਣ ਕਰ ਕੇ ਹੀ ਤਾਂ ਪ੍ਰਾਪਤ ਹੁੰਦੀ ਹੈ!”
1947 ਦੇ ਬਟਵਾਰੇ ਬਾਰੇ ਉਹ ਕਹਿੰਦਾ ਹੈ, “ਇਹ ਬਟਵਾਰਾ ਜੋ ਹੋਇਆ ਕੋਈ ਆਖ਼ਰੀ ਬਟਵਾਰਾ ਨਹੀਂ
ਸੀ। ਇਹੋ ਜਿਹੇ ਬਟਵਾਰੇ ਅੱਗੋਂ ਵੀ ਹੋ ਸਕਦੇ ਹਨ ਜਦੋਂ ਤਕ ਆਦਮੀ ਇਨਸਾਨ ਨਹੀਂ ਬਣਦਾ।”
ਮਜ਼ਹਬੀ ਜਨੂੰਨ ਵਿਚ ਜੋ ਖੂਨ ਦੀ ਹੋਲੀ ਖੇਡੀ ਗਈ ਉਸ ਬਾਰੇ ਉਸ ਨੇ ਲਿਖਿਆ, “ਇੰਜ ਮਹਿਸੂਸ
ਹੋਇਆ ਕਿ ਮਜ਼ਹਬ ਕੋਈ ਚੰਗੀ ਚੀਜ਼ ਨਹੀਂ। ਇਹ ਤਾਂ ਚੰਗੇ ਭਲੇ ਇਨਸਾਨਾਂ ਵਿਚ ਐਵੇਂ ਵਿਤਕਰੇ
ਪਾਈ ਜਾਂਦਾ ਹੈ। ਇਨਸਾਨਾਂ ਨੂੰ ਹੈਵਾਨਾਂ ਤੋਂ ਬਦਤਰ ਬਣਾਈ ਜਾਂਦਾ ਹੈ। ਮੇਰੇ ਅਲ੍ਹੜ ਦਿਮਾਗ
‘ਤੇ ਮਜ਼ਹਬ ਦਾ ਡੂੰਘਾ ਨਾਂਹ-ਪੱਖੀ ਪ੍ਰਭਾਵ ਪਿਆ। ਮਜ਼ਹਬ ਦੀ ਅੱਗ ਜਨੂੰਨੀ ਨੇਤਾ ਭੜਕਾਂਦੇ
ਹਨ, ਜਿਸ ਵਿਚ ਜਲਣਾ ਜਨਤਾ ਨੂੰ ਪੈਂਦਾ ਹੈ। ਸੋਚਦਾ ਹਾਂ ਜੇ ਮਜ਼ਹਬ ਅਤੇ ਮਜ਼ਹਬਾਂ ਵਾਲੇ ਨਾ
ਹੁੰਦੇ ਤਾਂ ਸ਼ਾਇਦ ਇਨਸਾਨ, ਇਨਸਾਨ ਦੇ ਤੌਰ ‘ਤੇ ਸੌਖਾ ਜੀ ਸਕਦਾ ਸੀ। ਇਹ ਲੁੱਟ-ਖਸੁੱਟ,
ਕਤਲੋ-ਗਾਰਤ, ਔਰਤਾਂ ਦੀ ਬੇਹੁਰਮਤੀ ਮਜ਼ਹਬ ਦੇ ਨਾਂ ‘ਤੇ ਹੀ ਹੋਈ। ਨੰਗੀਆਂ ਲਾਚਾਰ ਔਰਤਾਂ
ਦਾ ਜਲੂਸ ਕੱਢ ਕੇ, ਔਰਤਾਂ ਦੀਆਂ ਦੋਧੀਆਂ ਕੱਟ ਕੇ, ਬੇਹੁਰਮਤੀਆਂ ਕਰ ਕੇ, ਬੱਚਿਆਂ ਤੇ
ਨਿਹੱਥੇ ਜੁਆਨਾਂ ਅਤੇ ਬੁੱਢਿਆਂ ਦਾ ਸਿ਼ਕਾਰੀਆਂ ਵਾਂਗ ਸਿ਼ਕਾਰ ਖੇਡ ਕੇ ਪਤਾ ਨਹੀਂ ਕਿਸ
ਮਜ਼ਹਬ ਜਾਂ ਧਰਮ ਦਾ ਕਲੇਜਾ ਠੰਢਾ ਕੀਤਾ ਇਨ੍ਹਾਂ ਲੋਕਾਂ ਨੇ!”
ਅਕਤੂਬਰ ਦੇ ਅੱਧ ਵਿਚ ਸਰਦਾਰਾ ਸਿੰਘ ਆਪਣੇ ਪੁਰਾਣੇ ਪਿੰਡ ਜੰਡਿਆਲੇ ਪਹੁੰਚ ਗਿਆ। ਸਟੇਸ਼ਨ
ਤੋਂ ਸਿੱਧੇ ਰਾਹ ਵਿਚ ਮੁਸਲਮਾਨਾਂ ਦਾ ਕੈਂਪ ਸੀ। ਬਾਰ ‘ਚੋ ਤਾਂ ਬਚ ਆਇਆ ਸੀ ਪਰ ਪਿੰਡ ਨੇੜੇ
ਅਣਜਾਣੇ ਹੀ ਜਾਨ ਗੁਆਉਣ ਲੱਗਾ ਸੀ। ਲੁਕ-ਲੁਕਾ ਕੇ ਤੇ ਵਲਾ ਪਾ ਕੇ ਮਸੀਂ ਬਚਿਆ। ਸਰਦਾਰਾ
ਸਿੰਘ ਦਾ ਤਾਇਆ ਕੋਟੇ ਬੜੂੰਦੀ ਵੱਲ ਜ਼ਮੀਨ ਵੇਖਣ ਗਿਆ ਹੋਣ ਕਾਰਨ ਪਹਿਲਾਂ ਹੀ ਜੰਡਿਆਲੇ
ਪਹੁੰਚ ਗਿਆ ਸੀ। ਭਤੀਜੇ ਦੇ ਆ ਮਿਲਣ ਨਾਲ ਉਹ ਦੋ ਹੋ ਗਏ। ਇਕ, ਇਕ ਤੇ ਦੋ ਗਿਆਰਾਂ ਹੁੰਦੇ
ਨੇ। ਤਕਰੀਬਨ ਇਕ ਮਹੀਨੇ ਬਾਅਦ ਬਾਕੀ ਦਾ ਪਰਿਵਾਰ ਵੀ ਗੱਡਾ, ਬਲਦ ਤੇ ਮੱਝ ਸਣੇ ਜੰਡਿਆਲੇ
ਪਹੁੰਚ ਗਿਆ ਜਿਸ ਨਾਲ ਜੀਵਨ ਨਵੇਂ ਸਿਰਿਓਂ ਸ਼ੁਰੂ ਹੋਇਆ। ਜੋ ਮਾੜੀ ਮੋਟੀ ਜ਼ਮੀਨ ਆਰਜ਼ੀ
ਤੌਰ ‘ਤੇ ਅਲਾਟ ਹੋਈ ਉਸ ਵਿਚ ਆਪਣੇ ਪਸ਼ੂਆਂ ਨਾਲ ਖੇਤੀ ਕਰਨੀ ਕੁਝ ਆਸਾਨ ਹੋ ਗਈ ਤੇ ਕਿਸੇ
ਅੱਗੇ ਹੱਥ ਨਹੀਂ ਅੱਡਣੇ ਪਏ। ਜੋ ਚਾਰ ਪੈਸੇ ਬਚੇ ਸਨ ਉਨ੍ਹਾਂ ਨਾਲ ਮਹਿੰਗੀ ਕਣਕ ਦੀ ਤਾਂ
ਸਸਤੀ ਮੱਕੀ ਖਰੀਦ ਲਈ।
ਜੋ ਜ਼ਮੀਨ ਅਲਾਟ ਹੋਈ ਉਹ ਚੂਹੇਕੀ ਦੀ ਸੀ ਜਿਥੋਂ ਨੂਰ ਮਹਿਲ ਦਾ ਦੁਆਬਾ ਆਰੀਆ ਸਕੂਲ ਨੇੜੇ
ਸੀ। ਸਰਦਾਰਾ ਸਿੰਘ ਨੇ ਉਸ ਸਕੂਲ ਵਿਚ ਦਾਖਲਾ ਲੈ ਲਿਆ ਤੇ ਅਗੱਸਤ 1948 ਵਿਚ ਦਸਵੀਂ ਪਾਸ ਕਰ
ਲਈ। ਸਕੂਲ ਵਿਚ ਉਸ ਨੇ ਡਰਾਮੇ ‘ਚ ਭਾਗ ਲਿਆ ਤੇ ਚੰਗਾ ਐਕਟਰ ਸਿੱਧ ਹੋਇਆ। ਇਕ ਅਧਿਆਪਕ ਨੇ
ਸਲਾਹ ਦਿੱਤੀ ਕਿ ਦਸਵੀਂ ਕਰ ਕੇ ਡਰਾਮੇ ਦਾ ਡਿਪਲੋਮਾ ਕਰ ਲਵੇ ਤੇ ਫਿਲਮਾਂ ਵਿਚ ਚਲਾ ਜਾਵੇ।
ਪਰ ਉਸ ਦੇ ਪਿਤਾ ਜੀ ਉਸ ਨੂੰ ਖੇਤੀਬਾੜੀ ਦਾ ਕੋਰਸ ਕਰਾਉਣਾ ਚਾਹੁੰਦੇ ਸਨ। ਉਹ ਸੋਚਦੇ ਸਨ ਜੇ
ਨੌਕਰੀ ਨਾ ਵੀ ਮਿਲੀ ਤਾਂ ਉਹ ਕੋਰਸ ਘਰ ਦੀ ਖੇਤੀਬਾੜੀ ਦੇ ਕੰਮ ਤਾਂ ਆਵੇਗਾ ਹੀ। ਸਰਦਾਰਾ
ਸਿੰਘ ਪੜ੍ਹਾਈ ਦੇ ਨਾਲ ਨਾਲ ਘਰ ਦੀ ਖੇਤੀ ਵਾਹੀ ਵਿਚ ਵੀ ਪੂਰਾ ਹੱਥ ਵਟਾਉਂਦਾ ਸੀ।
ਉਨ੍ਹਾਂ ਦਿਨਾਂ ਦੀਆਂ ਗੱਲਾਂ ਕਰਦਿਆਂ ਉਹ ਦੱਸਦਾ ਹੈ:
-ਜਦ ਅਸੀਂ ਨੀਲੀ ਬਾਰ ਵਿੱਚੋਂ ਆਏ ਤਾਂ ਇਧਰ ਉਸ ਵੇਲੇ ਪੋਸਤ ਬੀਜਣ ਲਈ ਕੋਟਾ ਮਿਲਦਾ ਹੁੰਦਾ
ਸੀ। ਸਾਨੂੰ ਵੀ ਇਕ ਖੇਤ ਦਾ ਕੋਟਾ ਮਿਲ ਗਿਆ। ਦੋ ਸਾਲ ਪੋਸਤ ਬੀਜਿਆ, ਫਿਰ ਸਰਕਾਰ ਨੇ
ਸਾਰਿਆਂ ਨੂੰ ਹੀ ਕੋਟਾ ਦੇਣਾ ਬੰਦਾ ਕਰ ਦਿੱਤਾ ਤੇ ਪੋਸਤ ਬੀਜਣਾ ਅਪਰਾਧ ਗਿਣਿਆ ਜਾਣ ਲੱਗਾ।
ਜਦ ਪੋਸਤ ਬੀਜਦੇ ਸੀ ਤਾਂ ਬਹੁਤ ਸਾਰੇ ਲੋਕ ਪੋਸਤੀ ਹੋ ਜਾਂਦੇ ਸੀ। ਸਾਡੇ ਜੱਦੀ ਪਿੰਡ
ਜੰਡਿਆਲੇ ਦੀ ਧਰਮਸ਼ਾਲਾ ਵਿਚ ਪੋਸਤ ਮਲ਼ਣ ਲਈ ਪੱਕੇ ਬੱਠਲ ਬਣੇ ਹੁੰਦੇ ਸਨ ਜਿਥੇ ਖੁੱਲ੍ਹੇ
ਗੱਫੇ ਲੱਗਦੇ ਸਨ। ਇਕ ਵਾਰ ਮੈਂ ਆਪਣੇ ਪਿਤਾ ਜੀ ਨਾਲ ਜੰਡਿਆਲੇ ਖੂਹ ‘ਤੇ ਗਿਆ ਤਾਂ ਚਾਰ ਪੰਜ
ਬੰਦਿਆਂ ਨੇ ਪੋਸਤ ਮਲਿ਼ਆ ਹੋਇਆ ਸੀ। ਮੈਨੂੰ ਵੀ ਪੰਜ-ਸੱਤ ਘੁੱਟਾਂ ਭਰਾ ਦਿੱਤੀਆਂ। ਪਿਤਾ ਜੀ
ਨੇ ਵੀ ਨਾ ਰੋਕਿਆ। ਇਹ ਮੇਰਾ ਪੋਸਤ ਪੀਣ ਦਾ ਪਹਿਲਾ ਤਜਰਬਾ ਸੀ ਤੇ ਪੀ ਵੀ ਵਿਤੋਂ ਵੱਧ ਗਿਆ
ਸਾਂ। ਇਸ ਨਾਲ ਮੇਰਾ ਢਿੱਡ ਆਫ਼ਰ ਗਿਆ ਤੇ ਸ਼ਾਮ ਤਕ ਬਹੁਤ ਤੰਗ ਹੋਇਆ। ਮੁੜ ਕਦੀ ਮੈਂ ਪੋਸਤ
ਚੱਖ ਕੇ ਨਹੀਂ ਵੇਖਿਆ। ਮੈਨੂੰ ਕਈ ਵਾਰ ਪਿਤਾ ਜੀ ਨੇ ਪੁੱਛਿਆ ਕਿ ਡੋਡੇ ਪੀਣੇ ਨੇ ਤਾਂ ਪੀ
ਲੈ। ਮੈਂ ਸਮਝਦਾਂ ਇਹ ਮੈਨੂੰ ਪਰਖਣ ਵਾਸਤੇ ਹੀ ਪੁੱਛਿਆ ਜਾਦਾ ਸੀ। ਪਹਿਲੀ ਵਾਰ ਉਨ੍ਹਾਂ ਨੇ
ਪੋਸਤ ਪੀਣੋਂ ਇਸ ਲਈ ਨਹੀਂ ਸੀ ਰੋਕਿਆ ਕਿ ਵੱਧ ਪੀ ਲਵੇ, ਔਖਾ ਹੋਵੇ ਤੇ ਆਪ ਹੀ ਇਸ ਦਾ ਪੋਸਤ
ਤੋਂ ਮੂੰਹ ਮੁੜ ਜਾਵੇ। ਹੋਇਆ ਵੀ ਇਹੋ ਕੁਝ। ਮੈਨੂੰ ਪੋਸਤ ਨਾਲ ਘਿਰਣਾ ਹੋ ਗਈ।
ਇਕ ਵਾਰ ਮੈਂ ਭੰਗ ਦਾ ਨਸ਼ਾ ਵੀ ਕੀਤਾ। ਅਸੀਂ ਤਿੰਨ ਚਾਰ ਮੁੰਡੇ ਨੂਰ ਮਹਿਲ ਛਿੰਝ ਵੇਖਣ ਗਏ।
ਉਥੇ ਇਕ ਦੁਕਾਨ ਤੋਂ ਭੰਗ ਦੇ ਪਕੌੜੇ ਲੈ ਲਏ। ਸੀਗੇ ਸੁਆਦਲੇ। ਸਾਡਾ ਗੁਆਂਢੀ ਮੁੰਡਾ ਜਿ਼ਆਦਾ
ਖਾ ਗਿਆ ਪਰ ਉਸ ਦੇ ਛੋਟੇ ਭਰਾ ਕਾਕੇ ਨੇ ਘੱਟ ਖਾਧੇ। ਖਾਧੇ ਤਾਂ ਅਸੀਂ ਵੀ ਪਰ ਖਾਧੇ
ਥੋੜ੍ਹੇ। ਸ਼ਾਮ ਨੂੰ ਘਰ ਆਏ ਤਾਂ ਸਾਨੂੰ ਖਾਧੇ ਪੀਤੇ ਭੁੱਲ ਗਏ। ਰੋਟੀ ਖਾ ਕੇ ਸੌਣ ਲੱਗੇ
ਸਾਂ ਕਿ ਗੁਆਂਢ ਵਿਚ ਚੀਕਾਂ ਪੈਣੀਆਂ ਸ਼ੁਰੂ ਹੋ ਗਈਆਂ। ਕਾਕੇ ਦਾ ਵੱਡਾ ਭਰਾ ਚੀਕਾਂ ਮਾਰੇ,
‘ਬਾਪੂ ਗੱਡੀ ਆਈ ਆ’ ‘ਬਾਪੂ ਗੱਡੀ ਆਈ ਆ’। ਭੰਗ ਦੇ ਨਸ਼ੇ ‘ਚ ਜੋ ਬੋਲ ਮੂੰਹੋਂ ਨਿਕਲ ਜਾਵੇ
ਉਹ ਵਾਰ ਵਾਰ ਨਿਕਲੀ ਜਾਂਦੈ। ਜਦੋਂ ਵਾਰ ਵਾਰ ‘ਬਾਪੂ ਗੱਡੀ ਆਈ ਏ’ ਦਾ ਤਵਾ ਈ ਚੱਲ ਪਿਆ ਤਾਂ
ਆਂਢੀ ਗੁਆਂਢੀ ਵੀ ਉੱਠ ਬੈਠੇ। ਘਰ ਦਿਆਂ ਨੂੰ ਫਿ਼ਕਰ ਪੈ ਗਿਆ ਕਿ ਮੁੰਡੇ ਨੂੰ ਕੀ ਹੋ ਗਿਆ?
ਹੱਥ-ਹੌਲਾ ਕਰਨ ਵਾਲਾ ਵੀ ਬੁਲਾਇਆ। ਉਹਨੇ ਬਥੇਰੇ ਹਥੌਲੇ ਕੀਤੇ ਪਰ ‘ਗੱਡੀ’ ਉਹਤੋਂ ਵੀ ਨਾ
ਰੁਕੀ। ਉਲਟਾ ਕਹੀ ਜਾਵੇ ਇਹ ਕਿਸੇ ਸਖ਼ਤੀ ਵਾਲੀ ਜਗ੍ਹਾ ਥਾਣੀ ਲੰਘਿਆ ਹੋਊ। ਛੋਟਾ ਭਰਾ ਡਰਦਾ
ਨਾ ਦੱਸੇ ਕਿ ਭੰਗ ਖਾਧੀ ਸੀ। ਜਦ ਘਰ ਵਿਚ ਤਰਥੱਲੀ ਮੱਚ ਗਈ ਤਾਂ ਮੈਨੂੰ ਪੁੱਛਿਆ ਗਿਆ ਕਿ
ਕਿਹੜੀ ਥਾਂ ਗਏ ਸੀ? ਮੈਂ ਸੋਚਿਆ ਕਿਸੇ ਐਸੀ ਵੈਸੀ ਥਾਂ ਤਾਂ ਗਏ ਨਹੀਂ ਸੀ। ਅਚਾਨਕ ਖਿ਼ਆਲ
ਆਇਆ ਕਿ ਅਸੀਂ ਭੰਗ ਦੇ ਪਕੌੜੇ ਖਾਧੇ ਸੀ। ਸਖ਼ਤੀ ਵਾਲੀ ਜਗ੍ਹਾ ਦੀ ਥਾਂ ਭੰਗ ਖਾਧੀ ਸੁਣ ਕੇ
ਘਰਦਿਆਂ ਦਾ ਸਾਹ ਵਿਚ ਸਾਹ ਆਇਆ। ਉਨ੍ਹਾਂ ਦਾ ਤਾਂ ਸਾਹ ਵਿਚ ਸਾਹ ਆ ਗਿਆ ਪਰ ਮੈਨੂੰ ਭੰਗ
ਖਾਧੀ ਚੇਤੇ ਆ ਜਾਣ ਨਾਲ ਮੇਰੀ ਮੰਜੀ ਘਮੇਟੇ ਖਾਣ ਲੱਗ ਪਈ। ਏਨਾ ਸ਼ੁਕਰ ਰਿਹਾ ਕਿ ਮੈਂ
‘ਗੱਡੀ ਆਈ’ ਦਾ ਰਾਗ ਨਾ ਅਲਾਪਿਆ। ਉਸ ਤੋਂ ਬਾਅਦ ਮੈਂ ਭੰਗ ਦਾ ਨਸ਼ਾ ਵੀ ਕਦੇ ਨਾ ਕੀਤਾ।
ਸ਼ਰਾਬ ਪਹਿਲਾਂ ਪੀ ਲੈਂਦਾ ਸੀ। ਤਾਇਆ ਜੀ ਖੇਤਾਂ ਨੂੰ ਪਾਣੀ ਲਾਉਣ ਵੇਲੇ ਰਾਤ ਨੂੰ ਪਿਆ
ਦਿੰਦੇ ਸੀ। ਘਰ ਦੀ ਕੱਢੀ ਹੁੰਦੀ ਸੀ। ਪਿਤਾ ਜੀ ਕੋਲ ਬਹਾ ਕੇ ਪਿਆਉਂਦੇ ਸਨ ਤਾਂ ਕਿ ਚੋਰੀ
ਨਾ ਪੀਵਾਂ। ਬਾਅਦ ਵਿਚ ਜਦੋਂ ਕਦੇ ਵੱਧ ਪੀਤੀ ਗਈ ਤਾਂ ਉਹ ਵੀ ਛੱਡ ਦਿੱਤੀ। ਨਸ਼ੇ ਆਖ਼ਰਕਾਰ
ਮਾੜੇ ਹੀ ਹੁੰਦੇ ਨੇ। ਸ਼ੁਕਰ ਕਰਦਾ ਹਾਂ ਕਿ ਨਸਿ਼ਆਂ ਤੋਂ ਬਚਾਅ ਰਿਹਾ। ਮੈਂ ਸਹੁੰ ਤਾਂ
ਨਹੀਂ ਪਾਈ ਜੇ ਕਦੇ ਕੰਪਨੀ ਕਰਨੀ ਪਵੇ ਤਾਂ ਕੋਲ ਬੈਠ ਜਾਈਦੈ। ਬਰਾਂਡੀ ਦਵਾਈ ਵਜੋਂ ਲੈ ਲਈਦੀ
ਹੈ।
ਅਕਤੂਬਰ 1948 ‘ਚ ਜੌਹਲ ਗੌਰਮਿੰਟ ਐਗਰੀਕਲਚਰਲ ਕਾਲਜ ਵਿਚ ਦਾਖਲ ਹੋਇਆ ਜੋ ਉਦੋਂ ਅੰਮ੍ਰਿਤਸਰ
ਕਰਾਏ ਦੀ ਇਮਾਰਤ ਵਿਚ ਸ਼ੁਰੂ ਹੋਇਆ ਸੀ। ਹੱਥ ਤੰਗ ਹੋਣ ਕਾਰਨ ਘਰਦਿਆਂ ਨੂੰ ਸੋਨੇ ਦੇ ਗਹਿਣੇ
ਵੇਚਣੇ ਪਏ ਸਨ। ਛੇਤੀ ਹੀ ਉਸ ਨੂੰ ਮੈਰਿਟ ਸਕਾਲਰਸਿ਼ਪ ਮਿਲ ਗਿਆ ਜੋ 20 ਰੁਪਏ ਮਹੀਨਾ ਸੀ।
ਖੇਤੀਬਾੜੀ ਦੀ ਪੜ੍ਹਾਈ ਲਈ 40 ਰੁਪਏ ਮਹੀਨਾ ਕਰਜ਼ਾ ਮਿਲ ਗਿਆ। 60 ਰੁਪਿਆਂ ਨਾਲ ਫੀਸਾਂ,
ਕਿਤਾਬਾਂ ਤੇ ਹੋਸਟਲ ਦਾ ਖਰਚਾ ਕਰ ਕੇ ਵੀ ਪੰਜ ਦਸ ਰੁਪਏ ਬਚ ਜਾਂਦੇ। ਉਸ ਪਿੱਛੋਂ ਉਸ ਨੇ
ਕਦੇ ਘਰੋਂ ਪੈਸੇ ਨਹੀਂ ਲਏ। ਉਹ ਵਾਰ ਐਤਵਾਰ ਨੂੰ ਘਰ ਆ ਜਾਂਦਾ ਸੀ ਤੇ ਖੇਤੀ ਵਾਹੀ ਵਿਚ
ਘਰਦਿਆਂ ਦਾ ਹੱਥ ਵਟਾਉਂਦਾ ਸੀ।
ਉਦੋਂ ਵਧੇਰੇ ਵਿਦਿਆਰਥੀ ਕਮੀਜ਼ ਪਜਾਮੇ ਹੀ ਪਾਉਂਦੇ ਸਨ। ਸਰਦਾਰਾ ਸਿੰਘ ਨੇ ਦਸਵੀਂ ‘ਚ
ਪੜ੍ਹਦਿਆਂ ਡਰਾਮੇ ਦੀ ਲੋੜ ਅਨੁਸਾਰ ਸਿਰ ਮੁਨਾ ਲਿਆ ਸੀ ਜਿਸ ਕਰਕੇ ਪੱਗ ਬੰਨ੍ਹਣ ਦੀ ਲੋੜ
ਨਹੀਂ ਸੀ ਰਹਿ ਗਈ। ਜੇ ਉਹਦਾ ਘੋਨ ਮੋਨ ਸਿਰ ਮਜ਼ਾਕ ਦਾ ਪਾਤਰ ਨਾ ਬਣਦਾ ਤਾਂ ਪਤਾ ਨਹੀਂ ਉਹ
ਪੱਗ ਬੰਨ੍ਹਣ ਲੱਗਦਾ ਜਾਂ ਨਾ। ਉਹ ਬੀ. ਐੱਸਸੀ. ਪਹਿਲੇ ਸਾਲ ਦਾ ਇਮਤਿਹਾਨ ਦੇ ਕੇ
ਅੰਮ੍ਰਿਤਸਰੋਂ ਆਪਣੇ ਸਮਾਨ ਦਾ ਟਰੰਕ ਤੇ ਕਿਤਾਬਾਂ ਦਾ ਬੈਗ ਲੈ ਕੇ ਆਪਣੇ ਪਿੰਡ ਨੇੜੇ
ਬਾਬਲਕੇ ਸਟੇਸ਼ਨ ‘ਤੇ ਉਤਰਿਆ। ਅੱਗੋਂ ਉਹਦਾ ਚਾਚਾ ਲੈਣ ਆਇਆ ਹੋਇਆ ਸੀ। ਟਰੰਕ ਸਿਰ ‘ਤੇ
ਚੁੱਕਣਾ ਪੈਣਾ ਸੀ। ਕਿਤਾਬਾਂ ਦਾ ਬੈਗ ਚਾਚੇ ਨੇ ਚੁੱਕ ਲਿਆ ਤੇ ਟਰੰਕ ਨੌਜੁਆਨ ਜੌਹਲ ਨੇ
ਕਪੜੇ ਦਾ ਬਿੰਨਾ ਜਿਹਾ ਬਣਾ ਕੇ ਨੰਗੇ ਸਿਰ ਉਤੇ ਰੱਖ ਲਿਆ।
ਜਦ ਉਹ ਬਾਬਲਕੇ ਪਿੰਡ ਵਿਚੋਂ ਦੀ ਲੰਘ ਰਹੇ ਸੀ ਤਾਂ ਇਕ ਬੋਹੜ ਹੇਠਾਂ ਕੁੜੀਆਂ ਖੇਡ ਰਹੀਆਂ
ਤੇ ਪੀੰਂਘ ਝੂਟ ਰਹੀਆਂ ਸਨ। ਨੰਗੇ ਸਿਰ ਟਰੰਕ ਚੁੱਕੀ ਜਾਂਦੇ ਕਾਲਜੀਏਟ ਜੌਹਲ ਨੂੰ ਵਣਜਾਰਾ
ਸਮਝ ਕੇ ਉਹ ਰੌਲੀ ਪਾਉਣ ਲੱਗੀਆਂ, “ਆਜੋ ਨੀ, ਵੰਗਾਂ ਵੇਚਣ ਵਾਲੇ ਆਏ ਨੇ!” ਕਸੂਰ ਕੁੜੀਆਂ
ਦਾ ਨਹੀਂ ਸੀ, ਨੰਗੇ ਸਿਰ ‘ਤੇ ਟਿਕਾਏ ਬਿੰਨੇ ਨਾਲ ਕਾਲਜੀਏਟ ਦੀ ਸ਼ਕਲ ਈ ਵਣਜਾਰੇ ਵਰਗੀ
ਲੱਗਦੀ ਸੀ। ਚਾਚੇ ਨੇ ਮਸਾਂ ਸਮਝਾਇਆ ਕੁੜੀਆਂ ਨੂੰ ਕਿ ਅਸੀਂ ਵੰਗਾਂ ਵੇਚਣ ਵਾਲੇ ਨਹੀਂ।
ਪਹਿਲਾਂ ਚਾਚਾ, ਭਤੀਜੇ ਨਾਲ ਕਦੇ ਗੁੱਸੇ ਨਹੀਂ ਸੀ ਹੋਇਆ ਪਰ ਉਸ ਦਿਨ ਡਾਢਾ ਗੁੱਸੇ ਹੋਇਆ ਕਿ
ਸਿਰ ਮੁਨਾ ਕੇ ਗੁਆਂਢੀ ਪਿੰਡ ਵਿਚ ਬੇਇਜ਼ਤੀ ਕਰਵਾ ਦਿੱਤੀ। ਨਾਲ ਖ਼ਬਰਦਾਰ ਕੀਤਾ ਕਿ ਮੁੜ ਕੇ
ਵਾਲ ਕਟਾਏ ਤਾਂ ਮੈਥੋਂ ਬੁਰਾ ਕੋਈ ਨਹੀਂ। ਜੌਹਲ ਫਿਟਕਾਰਾਂ ਸੁਣਦਾ ਰਿਹਾ।
ਅਗਲੇ ਸਾਲ ਐਗਰੀਕਲਰਲ ਕਾਲਜ ਅੰਮ੍ਰਿਤਸਰ ਤੋਂ ਲੁਧਿਆਣੇ ਆ ਗਿਆ। ਬੀ. ਐੱਸਸੀ. ਦੂਜੇ ਸਾਲ
ਵਿਚ ਜੌਹਲ ਦੇ ਵਾਲ ਤਾਂ ਵਧ ਗਏ ਪਰ ਉਹ ਪੱਗ ਤੋਂ ਬਗੈਰ ਹੀ ਕਲਾਸ ਵਿਚ ਚਲਾ ਜਾਂਦਾ। ਇਕ ਵਾਰ
ਉਨ੍ਹਾਂ ਦੀ ਜਮਾਤ ਦਾ ਟੂਰ ਆਨੰਦਪੁਰ ਸਾਹਿਬ ਗਿਆ। ਪ੍ਰੋਫ਼ੈਸਰ ਬਿਸ਼ਨ ਸਿੰਘ ਸਮੁੰਦਰੀ ਨਾਲ
ਸਨ ਜੋ ਜੌਹਲ ਦਾ ਉਚੇਚਾ ਧਿਆਨ ਰੱਖਦੇ ਸਨ। ਉਨ੍ਹਾਂ ਨੇ ਹੀ ਜੌਹਲ ਨੂੰ ਐਗਰੀਕਲਚਰਲ ਕਾਲਜ
ਵਿਚ ਦਾਖਲ ਕੀਤਾ ਸੀ। ਉਸ ਨੇ ਦਾਖਲੇ ਦੀ ਇੰਟਰਵਿਊ ਸਮੇਂ ਜੇਬ ‘ਚੋ ਪੱਤੇ ਕੱਢ ਕੇ ਪੁੱਛਿਆ
ਸੀ ਕਿ ਇਹ ਕਾਹਦੇ ਪੱਤੇ ਹਨ? ਟਾਹਲੀ ਦੇ ਉਹ ਪੱਤੇ ਸਰਦਾਰਾ ਸਿੰਘ ਨੇ ਸਹੀ ਦੱਸੇ ਸਨ ਜਦ ਕਿ
ਸ਼ਹਿਰੀਏ ਮੁੰਡੇ ਗ਼ਲਤ ਦੱਸਦੇ ਸਨ।
ਪ੍ਰੋਫ਼ੈਸਰ ਸਮੁੰਦਰੀ ਨੇ ਸਰਦਾਰਾ ਸਿੰਘ ਦਾ ਘੋਨਾ ਸਿਰ ਵੇਖ ਕੇ ਉਸ ਨੂੰ ਗਿੱਚੀਓਂ ਫੜ ਕੇ
ਕਿਹਾ, “ਬੱਚੂ, ਤੂੰ ਆਨੰਦਪੁਰ ਸਾਹਿਬ ਵਿਚ ਹੈਂ ਇਸ ਵੇਲੇ, ਮਹਾਰਾਜ ਗੁਰੂ ਗੋਬਿੰਦ ਸਿੰਘ ਦੀ
ਨਗਰੀ ਵਿਚ। ਅੱਜ ਤੋਂ ਕੇਸਾਂ ਨੂੰ ਕੈਂਚੀ ਨਾ ਲਾਈਂ ਅਤੇ ਸਿਰੋਂ ਪਗੜੀ ਨਹੀਂ ਉਤਾਰਨੀ।” ਕੁਝ
ਚਾਚੇ ਦੀਆਂ ਝਿੜਕਾਂ ਤੇ ਬਾਕੀ ਪ੍ਰੋਫ਼ੈਸਰ ਸਮੁੰਦਰੀ ਦੇ ਹੁਕਮ ਦਾ ਐਸਾ ਅਸਰ ਹੋਇਆ ਕਿ ਓਦੂੰ
ਬਾਅਦ ਉਸ ਨੇ ਕੇਸ ਰੱਖ ਲਏ ਤੇ ਪਗੜੀ ਬੰਨ੍ਹਣੀ ਸ਼ੁਰੂ ਕਰ ਦਿੱਤੀ। ਉਹ ਮੰਨਦਾ ਹੈ ਕਿ ਪਗੜੀ
ਨੇ ਉਸ ਨੂੰ ਬੜੀਆਂ ਇਜ਼ਤਾਂ ਤੇ ਮਾਣ ਬਖਸ਼ੇ। ਇਹ ਪਗੜੀ ਅੰਤਰਰਾਸ਼ਟਰੀ ਪੱਧਰ ਦੇ
ਸੈਮੀਨਾਰਾਂ, ਕਾਨਫ਼ਰੰਸਾਂ ਜਾਂ ਗੋਸ਼ਟੀਆਂ ਵਿਚ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਸੀ ਤੇ ਉਸ
ਦੀ ਵੱਖਰੀ ਪਹਿਚਾਣ ਕਰਾਉਂਦੀ ਸੀ।
ਸਕੂਲ ਪੜ੍ਹਦਿਆਂ ਸਰਦਾਰਾ ਸਿੰਘ ਮਾੜਾ ਮੋਟਾ ਖੇਡਦਾ ਸੀ ਪਰ ਕਾਲਜ ਵਿਚ ਉਚੇਚਾ ਖੇਡਾਂ ‘ਚ
ਭਾਗ ਲੈਣ ਲੱਗਾ। ਕਾਲਜ ਦੇ ਪਹਿਲੇ ਸਾਲ ਉਹ ਹਾਕੀ ਖੇਡਿਆ ਤੇ ਦੂਜੇ ਸਾਲ ਫੁੱਟਬਾਲ ਦੀ ਟੀਮ
ਦਾ ਮੈਂਬਰ ਬਣ ਗਿਆ। ਅਥਲੈਟਿਕ ਮੀਟ ਵਿਚ ਉਸ ਨੇ 19 ਫੁੱਟ ਲੰਮੀ ਛਾਲ ਲਾਈ। ਉਹ ਆਲ ਰਾਊਂਡਰ
ਵਿਦਿਆਰਥੀ ਸੀ। ਡਰਾਮੇ ਡਿਬੇਟ ਤੋਂ ਲੈ ਕੇ ਖੇਡਾਂ ਤੇ ਐੱਨ. ਸੀ. ਸੀ. ਬਗੈਰਾ ਜਿਸ ਵਿਚ ਵੀ
ਭਾਗ ਲੈਂਦਾ ਸੀ ਬੱਲੇ ਬੱਲੇ ਕਰਾਈ ਜਾਂਦਾ ਸੀ। ਕਾਲਜਾਂ ਦੇ ਐੱਨ. ਸੀ. ਸੀ. ਕੈਂਪ ਵਿਚ ਉਹਦੀ
ਟਰਨ ਆਊਟ, ਸ਼ੌਕ ਤੇ ਕਾਰਗੁਜ਼ਾਰੀ ਵੇਖ ਕੇ ਉਸ ਨੂੰ ਸਿੱਧੀਆਂ ਹੀ ਤਿੰਨ ਫੀਤੀਆਂ ਯਾਨੀ
ਸਾਰਜੈਂਟ ਦਾ ਰੈਂਕ ਮਿਲ ਗਿਆ ਸੀ। ਇਹ ਰੈਂਕ ਬਟਾਲੀਅਨ ਦੇ ਇਨਚਾਰਜ ਪ੍ਰਸਿੱਧ ਇਤਿਹਾਸਕਾਰ
ਡਾ. ਗੰਡਾ ਸਿੰਘ ਨੇ ਪੂਰੀ ਪਰਖ ਪਿੱਛੋਂ ਦਿੱਤਾ ਸੀ। ਐਗਰੀਕਲਚਰਲ ਕਾਲਜ ਦੀ ਇਕੋ ਪਲਾਟੂਨ ਸੀ
ਜਿਸ ਦੇ ਇਨਚਾਰਜ ਪ੍ਰੋ. ਬਿਸ਼ਨ ਸਿੰਘ ਸਮੁੰਦਰੀ ਸਨ।
ਬੀ. ਐੱਸਸੀ. ਦੇ ਚੌਥੇ ਸਾਲ ਉਹ ‘ਸੀ’ ਸਰਟੀਫਿਕੇਟ ਨਾਲ ਕੈਡਟਾਂ ਨੂੰ ਮੈਪ-ਰੀਡਿੰਗ ਤੇ ਫਾਇਰ
ਕੰਟਰੋਲ ਦੀ ਟ੍ਰੇਨਿੰਗ ਦੇਣ ਲੱਗ ਪਿਆ ਸੀ। ਧਰਮਸ਼ਾਲਾ ਲਾਗੇ ਜਿਓਲ ਛਾਵਣੀ ਦੇ ਕੈਂਪ ਵਿਚ
ਫਾਇਰਿੰਗ ਵਿੱਚੋਂ ਉਸ ਨੇ 75 ‘ਚੋਂ 74 ਅੰਕ ਲਏ ਸਨ ਤੇ ਪੰਜਾਬ ਦੀਆਂ ਸਾਰੀਆਂ ਬਟਾਲੀਅਨਾਂ
‘ਚੋਂ ਉਹ ਪਹਿਲੇ ਨੰਬਰ ‘ਤੇ ਆਇਆ ਸੀ। 1952 ਵਿਚ ਦਿੱਲੀ ‘ਚ ਪਹਿਲੀ ਰਿਪਬਲਿਕ ਪਰੇਡ ਸਮੇਂ
ਉਸ ਨੇ ਨਾ ਸਿਰਫ਼ ਪੰਜਾਬ ਬਲਕਿ ਸਾਰੇ ਦੇਸ਼ ‘ਚੋਂ ਆਈਆਂ ਐੱਨ. ਸੀ. ਸੀ. ਦੀਆਂ ਟੁੱਕੜੀਆਂ
ਦੀ ਅਗਵਾਈ ਕੀਤੀ। ਉਸੇ ਸਾਲ ਉਸ ਨੂੰ ਭਾਰਤ ਦਾ ਸਰਬੋਤਮ ਕੈਡਟ ਐਲਾਨਿਆ ਗਿਆ ਜਿਸ ਕਰਕੇ ਕਾਲਜ
ਵੱਲੋਂ ਐੱਨ. ਸੀ. ਸੀ. ਦਾ ‘ਕਲਰ’ ਮਿਲਿਆ। ਇਹ ਵੱਖਰੀ ਗੱਲ ਸੀ ਕਿ ਨੀਲੇ ਬਲੇਜ਼ਰ ਦੀ
ਅਣਹੋਂਦ ਕਾਰਨ ਉਹ ਕਲਰ ਕਾਲਜ ਵਿਚ ਪੜ੍ਹਦਿਆਂ ਪਾਕਟ ਉਤੇ ਲਾਇਆ ਨਾ ਜਾ ਸਕਿਆ। ਉਂਜ ਉਹ ਕਲਰ
ਉਸ ਨੇ ਅੱਜ ਤਕ ਸੰਭਾਲਿਆ ਹੋਇਐ।
ਉਨ੍ਹੀਂ ਦਿਨੀ ਹੋਸਟਲਾਂ ‘ਚ ਰਹਿਣ ਵਾਲੇ ਪਾੜ੍ਹੇ ਘਰੋਂ ਘਿਓ ਦੀਆਂ ਪੀਪੀਆਂ/ਪੀਪੇ ਲਿਆਉਂਦੇ
ਸਨ। ਲੋੜ ਪੈਣ ਉਤੇ ਇਕ ਦੂਜੇ ਦਾ ਘਿਓ ਕੱਢ ਵੀ ਲੈਂਦੇ ਸਨ। ਜੌਹਲ ਹੋਰੀਂ ਤਿੰਨ ਜਣੇ ਇਕ
ਕਮਰੇ ਵਿਚ ਰਹਿੰਦੇ ਸਨ ਜੋ ਖਿਡਾਰੀ ਹੋਣ ਕਾਰਨ ਘਿਓ ਖਾਂਦੇ ਵੀ ਬਹੁਤ ਸਨ। ਇਕ ਵਾਰ ਉਨ੍ਹਾਂ
ਦਾ ਘਿਓ ਮੁੱਕ ਗਿਆ। ਉਹ ਦਾਅ ਤਕਾਉਣ ਲੱਗੇ ਕਿ ਪੀਪੇ ਲਿਆਉਣ ਵਾਲੇ ਹਰਿਆਣੇ ਦੇ ਮੁੰਡਿਆਂ ਦਾ
ਘਿਓ ਕਿਵੇਂ ਕੱਢਿਆ ਜਾਵੇ? ਇਕ ਦਿਨ ਜਦੋਂ ਸਾਰੇ ਮੁੰਡੇ ਕਲਾਸਾਂ ਵਿਚ ਸਨ ਤਾਂ ਖਾਲੀ ਹੋਸਟਲ
ਵਿਚ ਉਨ੍ਹਾਂ ਦਾ ਦਾਅ ਲੱਗ ਗਿਆ। ਦੋਹਾਂ ਸਾਥੀਆਂ ਨੇ ਹਲਕੇ ਵਜ਼ਨ ਦੇ ਸਰਦਾਰਾ ਸਿੰਘ ਨੂੰ
ਲੱਕ ਨਾਲ ਪੱਗ ਬੰਨ੍ਹ ਕੇ ਰੋਸ਼ਨਦਾਨ ਵਿਚ ਦੀ ਹਰਿਆਣਵੀ ਭਲਵਾਨਾਂ ਦੇ ਕਮਰੇ ਵਿਚ ਉਤਾਰ
ਦਿੱਤਾ। ਬਾਹਰ ਜਿੰਦੇ ਲੱਗੇ ਹੋਏ ਸਨ। ਜੌਹਲ ਨੇ ਦੋ ਤਿੰਨ ਪੀਪਿਆਂ ਵਿਚੋਂ ਘਿਓ ਕੱਢ ਕੇ
ਪੀਪੀ ਭਰ ਲਈ।
ਸਾਥੀਆਂ ਨੇ ਕਿਹਾ, “ਪੀਪੀ ਭਰ ਗਈ ਤਾਂ ਪੱਗ ਨਾਲ ਬੰਨ੍ਹ ਦੇ। ਪਹਿਲਾਂ ਪੀਪੀ ਖਿੱਚ ਲਈਏ।
ਤੈਨੂੰ ਫੇਰ ਖਿੱਚਾਂਗੇ।” ਜੌਹਲ ਨੂੰ ਠਣਕ ਗਈ, ਕੀ ਪਤਾ ਉਹ ਮੈਨੂੰ ਵਿਚੇ ਛੱਡ ਕੇ, ਪੀਪੀ ਲੈ
ਕੇ ਨਾ ਨੱਠ ਜਾਣ! ਫੇਰ ਮੈਂ ਇਹਨਾਂ ਦੀ ਕਿਹੜੀ ਪੂਛ ਫੜ ਲਊਂ? ਆਖ਼ਰ ਉਸ ਨੂੰ ਪੀਪੀ ਸਮੇਤ
ਪੱਗਾਂ ਜੋੜ ਕੇ ਬਾਹਰ ਖਿੱਚਿਆ ਗਿਆ। ਉਹ ਹੁਣ ਵੀ ਹੱਸ ਕੇ ਦੱਸਦਾ ਹੈ ਕਿ ਅਜਿਹੇ ਪੰਗੇ ਲੈਣ
‘ਚ ਬੜੀ ਥ੍ਰਿਲ ਹੁੰਦੀ ਸੀ ਹਾਲਾਂਕਿ ਪੱਗ ਦੀ ਗੰਢ ਖੁੱਲ੍ਹ ਜਾਂਦੀ ਤਾਂ ਮੇਰੇ ਵਾਲਾ ਪਟਾਕਾ
ਪੈ ਜਾਣਾ ਸੀ!
ਘਿਓ ਕੱਢ ਲੈਣਾ ਜਾਂ ਖੋਏ ਦੀਆਂ ਪਿੰਨੀਆਂ ਚੁਰਾ ਲੈਣੀਆਂ ਓਦੋਂ ਚੋਰੀ ਨਹੀਂ ਸੀ ਗਿਣੀ
ਜਾਂਦੀ। ਕੋਈ ਰੋਂਦਾ ਪਿਟਦਾ ਨਹੀਂ ਸੀ ਕਿ ਮੇਰੇ ਖਾਣ ਵਾਲੀ ਵਸਤ ਕਿਸੇ ਹੋਰ ਦੇ ਢਿੱਡ ‘ਚ
ਕਿਉਂ ਜਾ ਪਈ?
ਜੌਹਲ ਨੂੰ ਉਂਜ ਵੀ ਘਿਉ ਖਾਣ ਦਾ ਕਾਫ਼ੀ ਸ਼ੌਕ ਸੀ। ਛੋਟੇ ਹੁੰਦਿਆਂ ਇਕ ਵਾਰ ਉਹ ਅੱਧ ਸੇਰ
ਤੋਂ ਵੱਧ ਅੱਧ-ਪਿਘਲਿਆ ਘਿਉ ਰੋਟੀ ਨੂੰ ਓਕ ਬਣਾ ਕੇ ਪੀ ਗਿਆ ਸੀ ਤੇ ਹਜ਼ਮ ਕਰਨ ‘ਚ ਕੋਈ
ਮੁਸ਼ਕਲ ਨਹੀਂ ਸੀ ਆਈ। ਕਾਲਜ ਵਿਚ ਕਿਚਨ ਵੱਲ ਜਾਂਦਾ ਉਹ ਅੱਧੀ ਕੌਲੀ ਘਿਉ ਦੀ ਬਰਾਂਡੇ ਵਿਚ
ਤੁਰਦਾ ਖਾ ਜਾਂਦਾ ਸੀ। ਉਹਦੀ ਦੂਜੀ ਆਦਤ ਕੱਚਾ ਦੁੱਧ ਪੀਣ ਦੀ ਸੀ। ਸ਼ਾਮ ਨੂੰ ਮੱਝਾਂ ਚਰਾ
ਕੇ ਲਿਆਉਣੀਆਂ ਤਾਂ ਇਕ ਮੱਝ ਆਪ ਚੋਣੀ। ਪਹਿਲਾਂ ਧਾਰਾਂ ਚੁੰਘਣੀਆਂ ਜੋ ਕੋਸੀਆਂ ਤੇ ਮਿੱਠੀਆਂ
ਲੱਗਣੀਆਂ। ਫਿਰ ਤਾਜ਼ੇ ਦੁੱਧ ਦਾ ਛੰਨਾ ਭਰ ਕੇ, ਸ਼ੱਕਰ ਪਾ ਕੇ ਰੋਟੀ ਚੂਰ ਕੇ ਖਾਣੀ। ਬਾਕੀ
ਜੋ ਸ਼ੱਕਰ ਵਾਲਾ ਦੁੱਧ ਬਚਣਾ ਉਸ ਵਿਚ ਹੋਰ ਕੱਚਾ ਦੁੱਧ ਪਾ ਕੇ ਪੀਣਾ। ਕਾਲਜ ਦਾਖਲ ਹੋ ਕੇ
ਵੀ ਕੱਚਾ ਦੁੱਧ ਹੱਥ ਲੱਗ ਜਾਵੇ ਤਾਂ ਪੀ ਲੈਂਦਾ ਸੀ ਪਰ ਉਹ ਘਰ ਦੀਆਂ ਮੱਝਾਂ ਦੇ ਦੁੱਧ ਵਰਗਾ
ਸੁਆਦ ਨਹੀਂ ਸੀ ਹੁੰਦਾ।
ਬਚਪਨ ਤੇ ਜੁਆਨੀ ਵੇਲੇ ਪੀਤੇ ਖਾਧੇ ਬੇਹਿਸਾਬ ਦੁੱਧ-ਘਿਉ ਦੀ ਕਹਾਣੀ ਕਾਫੀ ਰੌਚਿਕ ਤੇ ਸਬਕ
ਸਿਖਾਉਣ ਵਾਲੀ ਹੈ। ਉਸ ਦੀ ਸ਼ੱਕਰ-ਘਿਉ ਖਾਣ ਦੀ ਆਦਤ ਐਸੀ ਬਣੀ ਕਿ 1987 ਤਕ ਉਹ ਦੇਸ ਪਰਦੇਸ
ਜਿਥੇ ਵੀ ਗਿਆ ਘਿਉ-ਸ਼ੱਕਰ ਹਮੇਸ਼ਾ ਖਾਣੇ ਦੇ ਮੇਜ਼ ‘ਤੇ ਮੌਜੂਦ ਹੁੰਦੇ। ਨਾਸ਼ਤਾ ਆਮ ਤੌਰ
‘ਤੇ ਪਰੌਂਠੇ ਤੇ ਮੱਖਣ ਦਾ ਹੁੰਦਾ। ਦਹੀਂ ਹੋਵੇ ਨਾ ਹੋਵੇ, ਮੱਖਣ ਜ਼ਰੂਰੀ ਸੀ। ਦੋਹੇਂ ਵੇਲੇ
ਦਾਲ ਸਬਜ਼ੀ ਵਿਚ ਦੇਸੀ ਘਿਉ ਪਾ ਕੇ ਰੋਟੀ ਖਾਣੀ। ਸਵੀਟ ਡਿਸ਼ ਵਜੋਂ ਇਕ ਰੋਟੀ ਸ਼ੱਕਰ-ਘਿਓ
ਨਾਲ ਖਾ ਲੈਣੀ। ਰਾਤ ਨੂੰ ਸੌਣ ਵੇਲੇ ਮਿੱਠੇ ਦੁੱਧ ਦਾ ਗਲਾਸ ਪੀਣਾ।
ਅੱਜ ਕੱਲ੍ਹ ਡਾ. ਜੌਹਲ ਅਕਸਰ ਕਹਿੰਦਾ ਹੈ, ਇਹ ਖੁਰਾਕ ਬਹੁਤ ਖ਼ਤਰਨਾਕ ਹੈ। ਰਿਫਾਈਂਡ ਆਇਲ
ਦੀ ਥਾਂ ਡਾਲਡਾ ਜਾਂ ਕੋਈ ਹੋਰ ਬਨਸਪਤੀ ਘਿਉ ਦਾਲ-ਸਬਜ਼ੀ ਬਣਾਉਣ ਲਈ ਵਰਤਣਾ ਮੂਰਖਤਾ ਹੈ।
ਬਨਸਪਤੀ ਘਿਉ ਸੌ ਫੀਸਦੀ ਸੈਚੂਰੇਟਿਡ ਚਰਬੀ ਹੈ। ਇਸ ਦੀ ਲਗਾਤਾਰ ਵਰਤੋਂ ਨਾਲ ਲਹੂ ਦੀਆਂ
ਨਾੜੀਆਂ ਅੰਦਰ ਚਰਬੀ ਜੰਮ ਜਾਂਦੀ ਹੈ, ਜਿਸ ਨਾਲ ਨਾੜੀਆਂ ਭੀੜੀਆਂ ਤੇ ਸਖ਼ਤ ਹੋ ਜਾਂਦੀਆਂ
ਹਨ। ਬਹੁਤ ਵਾਰ ਇਹ ਲਹੂ ਦਾ ਕਲਾਟ ਫਸ ਜਾਣ ਦਾ ਕਾਰਨ ਬਣ ਜਾਂਦੀਆਂ ਹਨ ਅਤੇ ਆਦਮੀ ਨੂੰ ਦਿਲ
ਦਾ ਦੌਰਾ ਪੈ ਜਾਂਦਾ ਹੈ। ਜੇ ਬਨਸਪਤੀ ਦੀ ਬਣੀ ਸਬਜ਼ੀ-ਭਾਜੀ ਵਿਚ ਦੇਸੀ ਘਿਉ ਖੁੱਲ੍ਹਾ ਪਾ
ਕੇ ਖਾਓ ਤਾਂ ਸਮਝੋ ਹੋਰ ਵੀ ਚੂਨਾ ਲੱਗ ਗਿਆ। ਦੇਸੀ ਘਿਉ ਵਿਚ 95 ਫੀਸਦੀ ਤੋਂ ਵੱਧ
ਸੈਚੂਰੇਟਡ ਚਰਬੀ ਹੁੰਦੀ ਹੈ ਅਤੇ ਇਸ ਨਾਲ ਇਹ ਕਲੈਸਟ੍ਰੌਲ ਦਾ ਵੀ ਭੰਡਾਰ ਹੁੰਦਾ ਹੈ ਜੋ ਲਹੂ
ਨੂੰ ਸੰਘਣਾ ਕਰਦਾ ਹੈ। ਨਾੜੀਆਂ ਤੰਗ ਤੇ ਸਖ਼ਤ ਹੋਣ, ਲਹੂ ਸੰਘਣਾ ਹੋਵੇ ਤਾਂ ਸਮਝੋ ਆਦਮੀ
ਰੋਜ਼ ਦਿਲ ਦੇ ਦੌਰੇ ਨੂੰ ਆਪ ਆਵਾਜ਼ਾਂ ਮਾਰਦੈ। ਜੇ ਇਸ ਨਾਲ ਬੈਠਾ ਵੀ ਕੁਰਸੀ ‘ਤੇ ਰਹੇ ਤੇ
ਹੱਥ-ਪੈਰ ਨਾ ਹਿਲਾਵੇ ਤਾਂ ਕੀ ਕਹਿਣਾ! ਸ਼ੱਕਰ-ਘਿਉ ਦਾ ਮਿਸ਼ਰਨ ਰਹਿੰਦੀ ਖੂੰਹਦੀ ਕਸਰ ਪੂਰੀ
ਕਰ ਦਿੰਦਾ ਹੈ।
ਉਹ ਇਰਾਨ ਦੇ ਡਰਾਈਵਰ ਦੀ ਸੁਣਾਈ ਗੱਲ ਦਾ ਹਵਾਲਾ ਦਿੰਦਾ ਹੈ। ਇਕ ਆਦਮੀ ਮਰਨ ਪਿੱਛੋਂ ਰੱਬ
ਸਾਹਮਣੇ ਪੇਸ਼ ਹੋਇਆ। ਰੱਬ ਨੇ ਪੁੱਛਿਆ, “ਕੀ ਖਾ ਕੇ ਮੌਤ ਹੋਈ?” ਉਸ ਆਦਮੀ ਨੇ ਜਵਾਬ
ਦਿੱਤਾ, “ਜੀ ਸ਼ਹਿਦ ਤੇ ਘਿਉ।” ਰੱਬ ਨੇ ਕਿਹਾ, “ਓਏ ਮੂਰਖਾ, ਤੈਨੂੰ ਏਨਾ ਵੀ ਨਹੀਂ ਪਤਾ ਕਿ
ਘਿਉ ਤੇ ਮਿੱਠੇ ਦਾ ਮੇਲ ਨਹੀਂ। ਇਹ ਤੂੰ ਕਿਉਂ ਖਾਧਾ?” ਉਸ ਆਦਮੀ ਨੇ ਜਵਾਬ ਦਿੱਤਾ, “ਰੱਬ
ਜੀ, ਤੁਸੀਂ ਵੀ ਬੜੀਆਂ ਅਜੀਬ ਗੱਲਾਂ ਕਰਦੇ ਹੋ! ਤੁਸੀਂ ਕਹਿੰਦੇ ਹੋ ਕਿ ਇਨ੍ਹਾਂ ਦਾ ਮੇਲ
ਨਹੀਂ। ਇਹਨਾਂ ਨੇ ਮਿਲ ਕੇ ਤਾਂ ਮੈਨੂੰ ਵੀ ਤੁਹਾਡੇ ਨਾਲ ਮਿਲਾ ਦਿੱਤਾ!”
ਬਚਪਨ, ਜੁਆਨੀ ਤੇ ਅਧਖੜ ਉਮਰ ਵਿਚ ਖਾਧੇ ਖੁੱਲ੍ਹੇ-ਡੁੱਲ੍ਹੇ ਥਿੰਧੇ-ਮਿੱਠੇ ਨੇ ਆਪਣਾ ਜਲਵਾ
ਢਲਦੀ ਉਮਰ ਵਿਚ ਵਿਖਾਇਆ। ਜੌਹਲ ਜਦੋਂ ਖੇਤੀ ਵਾਹੀ ਦਾ ਕੰਮ ਕਰਦਾ ਸੀ ਜਾਂ ਕਾਲਜ ਪੜ੍ਹਦਿਆਂ
ਦੌੜਦਾ ਭੱਜਦਾ ਸੀ ਤਾਂ ਹੋਰਨਾਂ ਦੇ ਪੀਪਿਆਂ ‘ਚੋਂ ਕੱਢਿਆ ਘਿਉ ਵੀ ਹਜ਼ਮ ਕਰ ਜਾਂਦਾ ਸੀ।
ਬਾਅਦ ਵਿਚ ਜਦੋਂ ਕੁਰਸੀ ‘ਤੇ ਬਹਿਣ ਦਾ ਕੰਮ ਮਿਲ ਗਿਆ ਤਾਂ ਘਰ ਦਾ ਘਿਉ ਵੀ ਸਿਹਤ ਦਾ
ਦੁਸ਼ਮਣ ਬਣ ਗਿਆ। ਜਦੋਂ ਉਹ ਖੇਤੀ ਲਾਗਤਾਂ ਤੇ ਕੀਮਤਾਂ ਕਮਿਸ਼ਨ ਦਾ ਚੇਅਰਮੈਨ ਲੱਗਾ ਤਾਂ
ਦਿੱਲੀ ਵਿਚ ਸਵੇਰੇ 9-30 ਤੋਂ ਸ਼ਾਮ 6-00 ਤਕ ਕੁਰਸੀ ‘ਤੇ ਬੈਠੇ ਹੀ ਲਿਖਣ ਜਾਂ ਗੱਲਾਂ ਕਰਨ
ਵਿਚ ਸਮਾਂ ਲੰਘਦਾ ਸੀ। ਕਸਰਤ ਕੋਈ ਹੁੰਦੀ ਨਹੀਂ ਸੀ। ਜੂਨ 1987 ਵਿਚ ਉਸ ਨੂੰ ਦਿਲ ਦਾ ਸਖ਼ਤ
ਦੌਰਾ ਪਿਆ। ਬਚਣਾ ਮੁਸ਼ਕਲ ਲੱਗਦਾ ਸੀ ਪਰ ਬਚਾਅ ਹੋ ਗਿਆ। ਉਸ ਪਿੱਛੋਂ ਉਸ ਦੇ ਦੁੱਧ-ਘਿਉ
ਬਾਰੇ ਵਿਚਾਰ ਬਦਲ ਗਏ।
ਇਕ ਦਿਨ ਅਮਰਦੀਪ ਕਾਲਜ ਦੀਆਂ ਕੁੜੀਆਂ ਗਿੱਧੇ ਦੀ ਆਈਟਮ ਤਿਆਰ ਕਰ ਰਹੀਆਂ ਸਨ। ਦਫ਼ਤਰ ਦੇ
ਪਿਛਲੇ ਪਾਸੇ ਰਿਹਰਸਲ ਹੋ ਰਹੀ ਸੀ। ਮੈਨੂੰ ਦੱਸਿਆ ਗਿਆ ਕਿ ਜੌਹਲ ਸਾਹਿਬ ਆਏ ਨੇ। ਮੈਂ
ਦਫ਼ਤਰ ਵਿਚ ਆਇਆ ਤੇ ਪਾਣੀ ਧਾਣੀ ਮੰਗਾਇਆ। ਗਿੱਧੇ ‘ਚੋਂ ਵਾਰ ਵਾਰ ਆਵਾਜ਼ ਆਵੇ-ਉਹਨੇ ਕੀ
ਨੱਚਣਾ, ਜੀਹਨੇ ਦੁੱਧ ਬੱਕਰੀ ਦਾ ਪੀਤਾ, ਉਹਨੇ ਕੀ ਨੱਚਣਾ...। ਡਾ. ਜੌਹਲ ਮੁਸਕਰਾਉਂਦਿਆਂ
ਕਹਿਣ ਲੱਗਾ, “ਇਨ੍ਹਾਂ ਕੁੜੀਆਂ ਨੂੰ ਕੀ ਪਤਾ ਕਿ ਬੱਕਰੀ ਦੇ ਦੁੱਧ ‘ਚ ਕਿੰਨੀਆਂ ਨੇਅਮਤਾਂ?
ਮਹਾਤਮਾ ਗਾਂਧੀ ਐਵੇਂ ਨਹੀਂ ਸੀ ਬੱਕਰੀ ਲਈ ਫਿਰਦਾ। ਪੰਜਾਬੀਆਂ ਦੀ ਮੱਤ ਤਾਂ ਮਾਰੀ ਈ ਮੱਝ
ਦੇ ਦੁੱਧ ਦੇ ਨੇ ਐਂ। ਜਿਹੋ ਜਿਹੀ ਮੱਝ ਉਹੋ ਜਿਹੀ ਅਕਲ। ਕਦੇ ਸੋਚਿਆ, ਪੰਡਤ ਪੁੰਨ ਦੀ ਗਾਂ
ਕਿਉਂ ਲੈਂਦੇ ਨੇ, ਮੱਝ ਕਿਉਂ ਨਹੀਂ?”
ਗੱਲਾਂ ਮੱਝ, ਗਊ ਤੇ ਬੱਕਰੀ ਦੇ ਦੁੱਧ ਬਾਰੇ ਚੱਲ ਪਈਆਂ। ਕੁੜੀਆਂ ਵੱਲੋਂ ਮੁੜ ਮੁੜ ਆਵਾਜ਼ਾਂ
ਆਈ ਜਾਣ-ਉਹਨੇ ਕੀ ਨੱਚਣਾ ਜੀਹਨੇ ਦੁੱਧ ਬੱਕਰੀ ਦਾ ਪੀਤਾ...। ਡਾ. ਜੌਹਲ ਕਹਿਣ ਲੱਗਾ ਕਿ
ਮਾਂ ਦੇ ਦੁੱਧ ਤੋਂ ਬਾਅਦ ਬੱਕਰੀ ਦਾ ਦੁੱਧ ਇਨਸਾਨੀ ਦੁੱਧ ਦੇ ਸਭ ਤੋਂ ਨੇੜੇ ਹੁੰਦੈ।
ਵਿਗਿਆਨਕ ਤੌਰ ‘ਤੇ ਬੱਕਰੀ ਦੇ ਦੁੱਧ ਵਿਚ ਬੜੀਆਂ ਬਰਕਤਾਂ ਪਰ ਅਸੀਂ ਹਾਸੇ ਵਿਚ ਉਡਾ ਛੱਡਦੇ
ਹਾਂ। ਜੇ ਕੋਈ ਬੱਚਾ ਬਿਮਾਰ ਹੋ ਜਾਵੇ ਤਾਂ ਹਕੀਮ ਬੱਕਰੀ ਦੇ ਦੁੱਧ ਦੀ ਸਿਫ਼ਾਰਸ਼ ਕਰਦੇ ਸਨ।
ਪੱਛਮੀ ਮੁਲਕਾਂ ਵਿਚ ਬੱਕਰੀ ਦਾ ਦੁੱਧ ਗੋਕੇ ਦੁੱਧ ਤੋਂ ਤਿੰਨ ਗੁਣਾਂ ਮਹਿੰਗਾ ਵਿਕਦੈ।
ਉਹ ਆਰਥਕ ਸ਼ਾਸਤਰੀ ਵਜੋਂ ਬੋਲਦਾ ਗਿਆ ਕਿ ਮੈਂ ਅਸੂਲੀ ਤੌਰ ‘ਤੇ ਮੱਝਾਂ ਨੂੰ ਦੁਧਾਰੂ ਜਾਨਵਰ
ਹੀ ਨਹੀਂ ਮੰਨਦਾ। ਮੱਝ ਜਿ਼ਆਦਾ ਖਾਂਦੀ ਹੈ, ਦੁੱਧ ਘੱਟ ਦਿੰਦੀ ਤੇ ਗੋਹਾ ਵੱਧ ਕਰਦੀ ਹੈ।
ਮੈਂ ਤਾਂ ਮੱਝ ਨੂੰ ਹਰੇ ਚਾਰੇ ਤੋਂ ਗੋਬਰ ਬਣਾਉਣ ਵਾਲੀ ਮਸ਼ੀਨ ਸਮਝਦਾਂ। ਚਾਰੇ ਦੇ ਹਿਸਾਬ
ਨਾਲ ਦਿੱਤੇ ਮੱਝ ਦੇ ਥੋੜ੍ਹੇ ਦੁੱਧ ਵਿਚ ਚਰਬੀ ਬਹੁਤ ਹੁੰਦੀ ਹੈ ਜਿਸ ਨੂੰ ਆਮ ਬੋਲ ਚਾਲ ਵਿਚ
ਫੈਟ ਕਹਿੰਦੇ ਹਨ। ਮੱਝ ਦੇ ਮੁਕਾਬਲੇ ਗਊ ਦੀ ਘੱਟ ਚਾਰਾ ਖਾ ਕੇ ਵੱਧ ਦੁੱਧ ਦੇਣ ਦੀ ਸਮਰੱਥਾ
ਹੈ। ਕਿਉਂਕਿ ਗਊ ਵੱਧ ਦੁੱਧ ਦਿੰਦੀ ਹੈ ਇਸ ਲਈ ਉਸ ਦੇ ਦੁੱਧ ਵਿਚ ਚਰਬੀ ਘੱਟ ਹੁੰਦੀ ਹੈ।
ਚੰਗੀ ਨਸਲ ਦੀਆਂ ਗਊਆਂ ਇਕ ਸੂਏ ਵਿਚ ਪੰਜ ਹਜ਼ਾਰ ਲੀਟਰ ਦੇ ਕਰੀਬ ਦੁੱਧ ਦੇ ਦਿੰਦੀਆਂ ਹਨ ਜਦ
ਕਿ ਚੰਗੀ ਮੱਝ ਮਸੀਂ ਦੋ ਹਜ਼ਾਰ ਲੀਟਰ ਦਿੰਦੀ ਹੈ।
ਡਾ. ਜੌਹਲ ਨੇ ਅਫਸੋਸ ਪਰਗਟ ਕੀਤਾ ਕਿ ਸਾਡੀ ਪੰਜਾਬੀਆਂ ਦੀ ਸੋਚ ਹੀ ਅਜਿਹੀ ਬਣ ਗਈ ਹੈ ਕਿ
ਵੱਧ ਚਰਬੀ ਵਾਲਾ ਦੁੱਧ ਹੀ ਅਸਲੀ ਦੁੱਧ ਹੁੰਦੈ। ਤਿੰਨ ਚਾਰ ਫੀਸਦੀ ਚਰਬੀ ਵਾਲੇ ਦੁੱਧ ਨੂੰ
ਤਾਂ ਉਹ ਦੁੱਧ ਹੀ ਨਹੀਂ ਸਮਝਦੇ। ਪੱਛਮੀ ਦੇਸ਼ਾਂ ਵਿਚ ਵਧੇਰੇ ਕਰ ਇਕ ਦੋ ਜਾਂ ਵੱਧ ਤੋਂ ਵੱਧ
ਤਿੰਨ ਫੀਸਦੀ ਚਰਬੀ ਵਾਲਾ ਦੁੱਧ ਹੀ ਵਰਤਿਆ ਜਾਂਦੈ। ਸਾਨੂੰ ਦੁੱਧ ਬਾਰੇ ਆਪਣੀ ਸੋਚ ਬਦਲਣ ਦੀ
ਲੋੜ ਹੈ। ਚਰਬੀ ਦੁੱਧ ਨਹੀਂ ਹੁੰਦੀ ਸਗੋਂ ਇਹ ਸਿਹਤ ਲਈ ਨੁਕਸਾਨਦੇਹ ਹੁੰਦੀ ਹੈ। ਵੈਸੇ ਵੀ
ਮੱਝ ਦੇ ਦੁੱਧ ਵਿਚ ਜੋ ਚਰਬੀ ਹੁੰਦੀ ਹੈ, ਉਸ ਦੇ ਦਾਣੇ(ਗਲੋਬੀਉਲ) ਵੱਡੇ ਹੁੰਦੇ ਹਨ ਜੋ
ਇਨਸਾਨੀ ਖੁਰਾਕ ਲਈ ਚੰਗੇ ਨਹੀਂ। ਗਊ ਦੇ ਦੁੱਧ ਦੀ ਚਰਬੀ ਦੇ ਦਾਣੇ ਛੋਟੇ ਅਤੇ ਇਨਸਾਨੀ ਦੁੱਧ
ਦੇ ਨੇੜੇ ਹੁੰਦੇ ਹਨ। ਚੱਲਦੀਆਂ ਗੱਲਾਂ ਨੇ ਦਿਲਚਸਪ ਮੋੜ ਲੈ ਲਿਆ ਸੀ।
ਡਾ. ਜੌਹਲ ਕਹਿਣ ਲੱਗਾ, ਤਿੰਨ ਕੁ ਦਹਾਕੇ ਪਹਿਲਾਂ ਮੈਂ ਫਿਲੌਰ ਤੋਂ ਨੂਰ ਮਹਿਲ ਨੂੰ ਗੱਡੀ
‘ਚ ਸਫ਼ਰ ਕਰ ਰਿਹਾ ਸੀ। ਦੋ ਹੱਟੀਆਂ-ਕੱਟੀਆਂ ਅੱਧਖੜ ਜੱਟੀਆਂ ਆਪਸ ਵਿਚ ਝਗੜ ਪਈਆਂ। ਇਕ
ਕਹਿਣ ਲੱਗੀ, “ਚੱਲ ਪਿੰਡ, ਅੱਜ ਕੱਢੀਂ ਅਪਣੇ ਜਣਿਆਂ ਨੂੰ, ਦੇਖੂੰਗੀ ਤੇਰਾ ਦੁੱਧ ਚੁੰਘਾਇਆ
ਆਪਣੇ ਪੁੱਤਾਂ ਸਾਹਮਣੇ।” ਉਹ ਮਾਤਾ ਠੀਕ ਕਹਿੰਦੀ ਸੀ। ਚੁੰਘਾਏ ਦੁੱਧ ਦਾ ਸਰੀਰ ਤੇ ਬੁੱਧ
‘ਤੇ ਬਹੁਤ ਅਸਰ ਹੁੰਦੈ। ਜਿਹੋ ਜਿਹੇ ਜਾਨਵਰ ਦਾ ਦੁੱਧ ਅਸੀਂ ਪੀਂਦੇ ਹਾਂ ਉਹੋ ਜਿਹੀ ਸਾਡੀ
ਬੁੱਧ ਬਣਦੀ ਹੈ। ਭ੍ਰਿਸ਼ਟ ਜਾਂ ਸੂਖਮ ਬੁੱਧੀ ਮਾਂ ਦੇ ਦੁੱਧ ਤੋਂ ਕਾਫੀ ਪ੍ਰਭਾਵਿਤ ਹੁੰਦੀ
ਹੈ। ਮੈਂ ਸੋਚਦਾ ਹਾਂ ਕਿ ਪੰਜਾਬੀਆਂ ਨੂੰ ਦੁੱਧ ਚੁੰਘਾਉਣ ਵਾਲੀ ਮਾਂ ਤਾਂ ਦਰਅਸਲ ਮੱਝ ਹੀ
ਹੈ। ਇਸ ਜਾਨਵਰ ਜਿੰਨਾ ਮੂਰਖ ਜਾਨਵਰ ਰੱਬ ਨੇ ਸ਼ਾਇਦ ਹੀ ਹੋਰ ਕੋਈ ਪੈਦਾ ਕੀਤਾ ਹੋਵੇ। ਇਸ
ਬੁੱਧੀਹੀਣ, ਮੋਟੀ ਚਮੜੀ ਵਾਲੇ ਅਤੇ ਮੋਟੇ ਹੱਡਾਂ ਤੇ ਪੱਠਿਆਂ ਵਾਲੇ ਜਾਨਵਰ ਦਾ ਦੁੱਧ ਪੀ-ਪੀ
ਕੇ ਅਸੀਂ ਬਹਾਦਰ ਤੇ ਧੱਕੜ ਤਾਂ ਬਣ ਗਏ। ਮੱਝਾਂ ਦੀਆਂ ਪੂਛਾਂ ਵਰਗੀਆਂ ਗਾਲ੍ਹਾਂ ਵੀ ਕੱਢਣ
ਦੇ ਕਾਬਲ ਹੋ ਗਏ ਪਰ ਨੀਤੀ, ਸੂਖਮਤਾ ਅਤੇ ਬੁੱਧ-ਵਿਹਾਰ ਵਿਚ ਮਾਰ ਖਾ ਗਏ। ਬ੍ਰਾਹਮਣ ਕਪਲਾ
ਗਊ ਜੱਟਾਂ ਕੋਲੋਂ ਏਸੇ ਲਈ ਦਾਨ ਕਰਵਾ ਲੈਂਦੇ ਸੀ ਕਿ ਜੱਟਾਂ ਕੋਲ ਰਹੀ ਤਾਂ ਇਹਦਾ ਦੁੱਧ
ਪੀਣਗੇ ਤੇ ਸਾਡੇ ਵਾਂਗ ਅਕਲਮੰਦ ਹੋ ਜਾਣਗੇ! ਮੂਰਖ ਜਾਨਵਰ ਦਾ ਦੁੱਧ ਪਿਆ ਕੇ ਹੀ ਉਨ੍ਹਾਂ
ਨੂੰ ਮੂਰਖ ਰੱਖਿਆ ਜਾ ਸਕਦਾ ਸੀ। ਕਦੇ ਕਿਸੇ ਪੰਡਤ ਨੂੰ ਮੱਝ ਦਾ ਦਾਨ ਲੈਂਦੇ ਸੁਣਿਆਂ?
ਡਾ. ਜੌਹਲ ਨੇ ‘ਰੰਗਾਂ ਦੀ ਗਾਗਰ’ ਵਿਚ ਲਿਖਿਆ, “ਮੈਂ ਤਾਂ ਸਮਝਦਾ ਹਾਂ ਕਿ ਪੰਜਾਬ ਦਾ ਸਾਰਾ
ਸਿਆਸੀ ਜਾਂ ਸਮਾਜਿਕ ਮਸਲਾ ਹੀ ਮੱਝ ਕਰਕੇ ਪੈਦਾ ਹੋਇਆ ਹੈ। ਸਾਡੇ ਸਿਆਸੀ ਲੀਡਰ ਅਤੇ ਧਾਰਮਕ
ਤੇ ਸਮਾਜਕ ਆਗੂ ਮੱਝ ਦਾ ਸੰਘਣਾ ਦੁੱਧ ਪੀਂਦੇ ਤੇ ਘਿਉ ਖਾਂਦੇ ਹਨ ਜੀਹਦੇ ਖੁੱਲ੍ਹੇ ਗੱਫੇ
ਲੱਗਦੇ ਹਨ। ਇਸ ਪਾਸੇ ਕਿਸੇ ਹੋਰ ਨੂੰ ਕਮੀ ਹੋਵੇਗੀ, ਇਨ੍ਹਾਂ ਲੀਡਰਾਂ, ਆਗੂਆਂ ਨੂੰ ਤਾਂ
ਕੋਈ ਕਮੀ ਹੈ ਹੀ ਨਹੀਂ। ਇਸ ਖੁਰਾਕ ਨਾਲ ਬੁਧੀ ‘ਤੇ ਚਰਬੀ ਦੀਆਂ ਤੈਹਾਂ ਜੰਮ ਗਈਆਂ ਹਨ ਅਤੇ
ਚਰਬੀ ਵੀ ਮੂਰਖ, ਬੁਧੀਹੀਣ ਮੋਟੀ ਚਮੜੀ ਵਾਲੇ ਪਸ਼ੂ ਦੀ। ਆਪਣੇ ਸਮਾਜਕ, ਆਰਥਕ ਤੇ ਸਿਆਸੀ
ਹਿੱਤਾਂ ਵਾਸਤੇ ਵੀ ਮੱਝ ਵਾਲੀ ਢੀਠਤਾ ਨਾਲ ਇਹ ਆਗੂ ਡਟੇ ਹੋਏ ਹਨ। ਸਮਾਜਕ ਹਿੱਤਾਂ ਬਾਰੇ
ਸੋਚਣ ਦੇ ਇਹ ਸਮਰੱਥ ਹੀ ਨਹੀਂ ਰਹੇ। ਬ੍ਰਾਹਮਣੀ ਕੇਂਦਰੀ ਰਾਜ ਦੇ ਲੀਡਰ ਮੱਝ ਦੀ ਚਰਬੀ ਤੋਂ
ਬਚੇ ਹੋਏ ਹਨ। ਇਸੇ ਕਰਕੇ ਸਾਡੇ ਲੀਡਰਾਂ ਨੂੰ ਦੁੜਕੀ ਲਾਈ ਫਿਰਦੇ ਨੇ! ਇਸ ਕਰਕੇ ਵੀ ਮੇਰਾ
ਯਕੀਨ ਹੈ ਕਿ ਸਮਾਜਕ ਅਤੇ ਮਾਨਸਕ ਪੱਖ ਤੋਂ ਸਾਡੇ ਵਿਗਿਆਨੀਆਂ ਨੂੰ ਮੱਝ ਦੀ ਥਾਂ ਗਊ ਦੀਆਂ
ਉੱਨਤ ਕਿਸਮਾਂ ਪੈਦਾ ਕਰਨ ਅਤੇ ਗੋਕੇ ਦੁੱਧ ਦੇ ਉਤਪਾਦਨ ਵਿਚ ਵਾਧਾ ਕਰਨ ਵੱਲ ਧਿਆਨ ਦੇਣ ਦੀ
ਲੋੜ ਹੈ। ਆਰਥਕ ਪੱਖ ਤੋਂ ਤਾਂ ਗਊ ਮੱਝ ਨਾਲੋਂ ਕਿਤੇ ਵੱਧ ਲਾਹੇਵੰਦ ਹੈ ਹੀ; ਖੁਰਾਕੀ ਪੱਖੋਂ
ਵੀ ਗੋਕਾ ਦੁੱਧ ਕਿਤੇ ਵਧੀਆ ਹੈ।”
ਡਾ. ਜੌਹਲ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਵੀ ਇਕ ਲੇਖ ‘ਮੱਝਾਂ ਦਾ ਦੁੱਧ ਪੀਣ
ਵਾਲੇ’ ਲਿਖਿਆ, “...ਮੱਝਾਂ ਸਿੰਗ ਫਸਾ ਬਹਿੰਦੀਆਂ ਹਨ ਤੇ ਝੋਟੇ ਖੌਰੂ ਪਾਏ ਬਿਨਾਂ ਨਹੀਂ
ਰਹਿੰਦੇ। ਉਹ ਭਿੜਨ ਦਾ ਬਹਾਨਾ ਈ ਭਾਲਦੇ ਹਨ। ਇਕ ਝੋਟਾ ਦੂਜੇ ਨੂੰ ਵੇਖ ਨਹੀਂ ਸਖਾਉਂਦਾ।
ਇਹੋ ਹਾਲ ਮਾਝਾ ਦੁੱਧ ਪੀਣ ਵਾਲਿਆਂ ਦਾ ਹੈ। ...ਗੁਰੂ ਅੰਗਦ ਦੇਵ ਪਸ਼ੂ ਪਾਲਣ ਯੂਨੀਵਰਸਿਟੀ
ਨੂੰ ਖੋਜ ਕਰਵਾਉਣੀ ਚਾਹੀਦੀ ਹੈ ਕਿ ਸਾਰੀ ਦੁਨੀਆ ‘ਚੋਂ ਪੰਜਾਬੀ ਲੋਕ ਹੀ ਮੱਝਾਂ ਦਾ ਦੁੱਧ
ਕਿਉਂ ਵੱਧ ਪੀਂਦੇ ਹਨ? ਪੰਜਾਬ ਵਿਚ ਗਊਆਂ ਤੇ ਬਕਰੀਆਂ ਦਾ ਦੁੱਧ ਕਿਉਂ ਨਹੀਂ ਵਧੇਰੇ ਵਰਤਿਆ
ਜਾਂਦਾ? ਪੰਜਾਬ ਦੇ ਲਵੇਰਿਆਂ ਵਿਚ ਮੱਝਾਂ ਦੀ ਸਰਦਾਰੀ ਕਿਉਂ ਹੈ? ਕਿਤੇ ਮੱਝਾਂ ਦਾ ਦੁੱਧ
ਪੀਣ ਵਾਲੇ ਹੀ ਪੰਜਾਬ ਦੇ ਲੀਡਰ ਤਾਂ ਨਹੀਂ ਬਣ ਰਹੇ? ਜੇ ਉਹੀ ਬਣ ਰਹੇ ਹਨ ਤਾਂ ਉਨ੍ਹਾਂ ਨੂੰ
ਸਿੰਗ ਫਸਾਉਣ, ਖੌਰੂ ਪਾਉਣ ਤੇ ਭਿੜਨ ਤੋਂ ਹਟਾਉਣ ਦਾ ਟੀਕਾ ਵੀ ਤਿਆਰ ਕਰਵਾਉਣਾ ਚਾਹੀਦੈ।
ਕਿਹਾ ਜਾਂਦੈ ਕਿ ਮੈਂਹਾਂ ਮੈਂਹੇਂ ਦਾ ਵੈਰੀ ਹੁੰਦੈ। ਖੋਜ ਹੋਵੇ ਕਿ ਇਹ ਕਿਉਂ ਹੁੰਦੈ?”
ਸਰਦਾਰਾ ਸਿੰਘ ਦਾ ਜਨਮ ਬੂਟਾ ਸਿੰਘ ਦੇ ਘਰ ਮਾਤਾ ਸ਼ਾਮ ਕੌਰ ਦੀ ਕੁੱਖੋਂ ਹੋਇਆ ਸੀ। ਉਹ ਅਜੇ
ਗੋਦ ਵਿਚ ਸੀ ਕਿ ਮਾਂ ਦੀ ਮੌਤ ਹੋ ਗਈ। ਉਸ ਦੀ ਪਾਲਣਾ ਪੋਸਣਾ ਘਰ ਦੀਆਂ ਤ੍ਰੀਮਤਾਂ ਤੇ
ਆਂਢਣਾਂ ਗੁਆਂਢਣਾਂ ਨੇ ਕੀਤੀ। ਉਹ ਇਕਲੌਤਾ ਪੁੱਤ ਹੋਣ ਦੇ ਬਾਵਜੂਦ ਪਿਤਾ ਨੇ ਦੂਜਾ ਵਿਆਹ ਨਾ
ਕਰਾਇਆ। ਉਸ ਦੇ ਪਿਤਾ ਹੋਰੀਂ ਚਾਰ ਭਰਾ ਸਨ। ਦੋ ਉਨ੍ਹਾਂ ਤੋਂ ਵੱਡੇ ਤੇ ਇਕ ਛੋਟਾ। ਉਨ੍ਹਾਂ
ਦੇ ਬਾਪ ਨੂੰ ਬਾਰ ਵਿਚ ਦੋ ਮੁਰੱਬੇ ਅਲਾਟ ਹੋਏ ਸਨ। ਵੱਡੀ ਪਲੇਗ ਪਈ ਤਾਂ ਬਾਪ ਸਮੇਤ ਪਰਿਵਾਰ
ਦੇ ਕਈ ਜੀਅ ਗੁਜ਼ਰ ਗਏ। ਮੁਰੱਬੇ ਹੱਥੋਂ ਜਾਂਦੇ ਲੱਗੇ। ਚਾਰ ਭਰਾ ਬਚੇ ਤੇ ਇਕ ਸਕਿਆਂ ਦੀ
ਲੜਕੀ ਜਿਸ ਨੂੰ ਉਨ੍ਹਾਂ ਨੇ ਧੀ ਬਣਾ ਕੇ ਪਾਲਿਆ ਤੇ ਵਿਆਹਿਆ-ਵਰਿਆ। ਸਰਦਾਰਾ ਸਿੰਘ ਨੂੰ
ਕਾਫੀ ਦੇਰ ਬਾਅਦ ਪਤਾ ਲੱਗਾ ਕਿ ਉਹ ਉਸ ਦੀ ਸਕੀ ਭੈਣ ਨਹੀਂ ਸੀ। ਸ. ਬੂਟਾ ਸਿੰਘ ਵਲਾਇਤ ਵੀ
ਗਏ, ਕਈ ਸਾਲ ਉਥੇ ਕੰਮ ਕੀਤਾ ਤੇ ਪੈਨਸ਼ਨ ਲੈ ਕੇ ਪਰਤੇ। ਇੰਗਲੈਂਡ ਗਏ ਤਾਂ ਬੁੜ੍ਹੇ ਵੀ
ਵਿਆਹੇ ਜਾਂਦੇ ਹਨ ਪਰ ਬੂਟਾ ਸਿੰਘ ਨੇ ਕੋਈ ਹੋਰ ਤ੍ਰੀਮਤ ਆਪਣੇ ਘਰ ਨਾ ਲਿਆਂਦੀ।
ਜੌਹਲ ਦੇ ਇਕ ਤਾਏ ਤੇ ਚਾਚੇ ਨੂੰ ਫੌਜ ਵਿਚ ਭਰਤੀ ਹੋਣਾ ਪਿਆ। ਪਿੱਛੇ ਦੋ ਭਰਾ ਮਾਮਲੇ-ਠੇਕੇ
‘ਤੇ ਖੇਤੀ ਕਰਦੇ ਰਹੇ। ਉਹ ਉੱਚ ਇਖਲਾਕ ਦੇ ਮਾਲਕ ਤੇ ਵਿਹਾਰ ਦੇ ਖਰੇ ਸਨ। ਉਨ੍ਹਾਂ ਨੇ
ਮਾਂ-ਮਹਿੱਟਰ ਪੁੱਤਰ ਨੂੰ ਰੱਜਵਾਂ ਪਿਆਰ ਦਿੱਤਾ। ਉਹ ਖੇਤਾਂ ਵਿਚ ਸਖ਼ਤ ਮਿਹਨਤ ਕਰਨ ਦੇ ਨਾਲ
ਸਿਹਤ ਬਣਾਈ ਰੱਖਣ ਦਾ ਵੀ ਬਹੁਤ ਖਿਆਲ ਰੱਖਦੇ ਸਨ। ਉਹ ਲੰਮੀਆਂ ਉਮਰਾਂ ਜੀਵੇ ਤੇ ਜੌਹਲ ਦੇ
ਪਿਤਾ ਤਾਂ ਸੌ ਸਾਲ ਦੇ ਹੋ ਕੇ ਵੀ ਜੁਆਨਾਂ ਵਰਗੇ ਦਿਸਦੇ ਸਨ। ਮੈਂ ਉਨ੍ਹਾਂ ਨੂੰ ਖ਼ੁਦ ਝੋਨੇ
ਦੀ ਟਰਾਲੀ ‘ਤੇ ਮੰਡੀ ਜਾਂਦੇ ਵੇਖਿਆ। ਇਕ ਵਾਰ ਉਹ ਲੁਧਿਆਣੇ ਡਾ. ਜੌਹਲ ਕੋਲ ਆਏ ਹੋਏ ਸਨ।
ਤੰਬਾ ਲਾਇਆ ਹੋਇਆ ਸੀ। ਉੱਦਣ ‘ਕੱਠਿਆਂ ਖਾਧਾ ਪੀਤਾ ਤੇ ਕਾਫੀ ਦੇਰ ਗੱਲਾਂ ਬਾਤਾਂ ਹੋਈਆਂ।
ਉਨ੍ਹਾਂ ਨੇ ਦੱਸਿਆ ਕਿ ਏਥੇ ਉਹ ਇਕ ਦਿਨ ਸੈਰ ਕਰਨ ਨਿਕਲੇ ਤਾਂ ਅਵਾਰਾ ਸਾਨ੍ਹਾਂ ਦੀ ਫੇਟ
ਵਿਚ ਆ ਗਏ। ਕਈ ਦਿਨ ਮੰਜੇ ‘ਤੇ ਰਹੇ ਤੇ ਫਿਰ ਉਨ੍ਹਾਂ ਨੇ ਲੁਧਿਆਣੇ ਆਉਣਾ ਹੀ ਛੱਡ ਦਿੱਤਾ।
ਉਹ ਅਖ਼ੀਰ ਤਕ ਖੇਤੀ ਵਾਹੀ ਵਿਚ ਦਿਲਚਸਪੀ ਲੈਂਦੇ ਰਹੇ ਤੇ ਰੋਜ਼ ਸ਼ਾਮ ਨੂੰ ਪਾਈਆ ਦਾਰੂ
ਪੀਂਦੇ ਰਹੇ। ਸਵੇਰੇ ਉਹ ਤਾਜ਼ਾ ਚੋਇਆ ਦੁੱਧ ਨਮਕ ਪਾ ਕੇ ਪੀਂਦੇ। ਜੀਂਦੇ ਤਾਂ ਉਹ ਵੱਧ ਵੀ
ਰਹਿੰਦੇ ਪਰ ਉਨ੍ਹਾਂ ਨੇ 103 ਸਾਲ ਦੇ ਹੋ ਕੇ ਆਪ ਹੀ ਅੰਨ ਪਾਣੀ ਤਿਆਗ ਦਿੱਤਾ ਤੇ ਆਪਣੀ
ਮਰਜ਼ੀ ਨਾਲ ਪਰਲੋਕ ਸਿਧਾਰੇ।
ਇਕ ਵਾਰ ਮੈਂ ਡਾ. ਜੌਹਲ ਤੋਂ ਸਹੀ ਜਨਮ ਤਾਰੀਖ਼ ਪੁੱਛੀ ਤਾਂ ਉੱਤਰ ਮਿਲਿਆ, “ਸਹੀ ਜਨਮ
ਤਾਰੀਖ ਦਾ ਮੈਨੂੰ ਵੀ ਪਤਾ ਨਹੀਂ। ਮੇਰੇ ਮਾਪਿਆਂ ਨੂੰ ਸਿਰਫ਼ ਏਨਾ ਪਤਾ ਸੀ ਕਿ ਮੈਂ 12
ਫੱਗਣ ਨੂੰ ਲੌਢੇ ਵੇਲੇ ਜੰਮਿਆ ਸੀ। ਉਹ ਦੱਸਦੇ ਸਨ ਕਿ ਉਸ ਸਾਲ ਮੇਰੇ ਤਾਇਆ ਜੀ ਦਰ੍ਹਾ
ਖ਼ੈਬਰ ਨੇੜੇ ਜਮਰੌਦ ਫੌਜ ਵਿਚ ਨੌਕਰੀ ‘ਤੇ ਸਨ, ਜਿਥੇ ਉਨ੍ਹਾਂ ਨੂੰ ਮੇਰੇ ਬਾਪ ਨੇ ਮੇਰੇ
ਜਨਮ ਦੀ ਖ਼ੁਸ਼ਖ਼ਬਰੀ ਦਿੱਤੀ। ਲਾ ਲਓ ਹਿਸਾਬ ਉਹ ਕਿਹੜਾ ਸਾਲ ਸੀ?” ਹਿਸਾਬ ਲਾਇਆ ਤਾਂ ਅਟੇ
ਸਟੇ ਉਸ ਦਾ ਜਨਮ ਸਾਲ 1928 ਦਾ ਲੱਗਦਾ ਸੀ। ਪਾਸਪੋਰਟ ਉਤੇ ਉਹਦੀ ਜਨਮ ਤਾਰੀਖ 2 ਅਗੱਸਤ
1928 ਹੈ।
ਸੱਤਵੀਂ ਵਿਚ ਫੇਲ੍ਹ ਹੋਣ, ਦੋ ਸਾਲ ਖੇਤੀ ਵਾਹੀ ਕਰਨ ਤੇ ਇਕ ਸਾਲ ਪਿਛਲੀ ਪੜ੍ਹਾਈ ਪੂਰੀ ਕਰਨ
ਵਿਚ ਲੱਗ ਜਾਣ ਕਰਕੇ ਉਹ 19ਵੇਂ ਸਾਲ ਦੀ ਉਮਰ ਵਿਚ ਨੌਵੀਂ ‘ਚ ਪੁੱਜਾ ਸੀ। ਚੱਜ ਬੇਸ਼ਕ
ਪੜ੍ਹਾਈ ਦੇ ਨਹੀਂ ਸਨ ਪਰ ਬਾਅਦ ਵਿਚ ਉਹ ਏਨਾ ਪੜ੍ਹਿਆ ਕਿ ਹੈਰਾਨੀ ਹੁੰਦੀ ਹੈ। ਪਾਕਿਸਤਾਨ
ਵਿਚੋਂ ਉੱਜੜ ਕੇ ਆਏ ਵਿਦਿਆਰਥੀ ਏਧਰ ਆ ਕੇ ਆਪਣੀ ਜਨਮ ਤਾਰੀਖ ਕੋਈ ਵੀ ਲਿਖਾ ਸਕਦੇ ਸਨ।
ਸਰਦਾਰਾ ਸਿੰਘ ਲਈ ਉਮਰ ਘਟਾਉਣ ਦਾ ਸੁਨਹਿਰੀ ਮੌਕਾ ਸੀ। ਪਾਕਿਸਤਾਨ ਦੇ ਸਕੂਲਾਂ ਵਿਚ ਉਸ ਦੀ
ਜਨਮ ਮਿਤੀ 2 ਅਗੱਸਤ 1930 ਚੱਲ ਰਹੀ ਸੀ। ਉਸ ਨੇ ਉਮਰ ਘਟਾਉਣ ਲਈ 2 ਅਗੱਸਤ 1930 ਦੀ ਥਾਂ 2
ਅਗੱਸਤ 1928 ਲਿਖਾ ਦਿੱਤੀ ਜਿਸ ਨਾਲ ਉਮਰ ਘਟਣ ਦੀ ਥਾਂ ਸਗੋਂ ਦੋ ਸਾਲ ਹੋਰ ਵਧ ਗਈ। ਹਿਸਾਬ
ਦੇ ਪਰਚੇ ਵਿਚ ਉਹ ਹਮੇਸ਼ਾਂ ਚੰਗੇ ਨੰਬਰ ਲੈਂਦਾ ਸੀ ਪਰ ਉਮਰ ਘੱਟ ਲਿਖਾਉਣ ਦੇ ‘ਹਿਸਾਬ’ ਵਿਚ
ਉਹ ਟਪਲਾ ਖਾ ਗਿਆ ਸੀ!
ਗੱਲ ਫਿਰ ਐੱਨ. ਸੀ. ਸੀ. ਦੀ ਕਰਦੇ ਹਾਂ। ਉਸ ਨੇ ਰਿਪਬਲਿਕ ਡੇਅ ਦੀ ਪ੍ਰੇਡ ਲੀਡ ਕੀਤੀ ਸੀ।
ਉਹ ਫੁੱਟਬਾਲ, ਅਥਲੈਟਿਕਸ ਤੇ ਡਿਬੇਟ ਵਿਚ ਵੀ ਹਿੱਸਾ ਲੈਂਦਾ ਸੀ। ਕੁਦਰਤੀ ਸੀ ਕਿ ਫੂਕ ਛਕ
ਗਿਆ ਤੇ ਪੜ੍ਹਾਈ ਵੱਲੋਂ ਅਵੇਸਲਾ ਹੋ ਗਿਆ। ਮਨ ਵਿਚ ਪੱਕਾ ਇਰਾਦਾ ਬਣਾ ਲਿਆ ਕਿ ਫੌਜ ਵਿਚ
ਕਮਿਸ਼ਨ ਲਵਾਂਗਾ। ਕਾਲਜ ਦੇ ਅਖ਼ੀਰਲੇ ਸਾਲ ਜਦ ਫੌਜ ਵਿਚ ਕਮਿਸ਼ਨ ਲਈ ਫਾਰਮ ਭਰਨ ਲੱਗਾ ਤਾਂ
ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਕਮਿਸ਼ਨ ਲਈ ਓਵਰ ਏਜ਼ ਹੋ ਚੁੱਕਾ ਸੀ। ਮਨ ‘ਤੇ ਬੜੀ
ਸੱਟ ਵੱਜੀ ਪਰ ਹੁਣ ਜਨਮ ਤਾਰੀਖ ਦਾ ਕੁਝ ਨਹੀਂ ਸੀ ਹੋ ਸਕਦਾ। ਪੰਜਾਬ ਯੂਨੀਵਰਸਿਟੀ ਦੇ ਤਿੰਨ
ਇਮਤਿਹਾਨ ਉਹ 2 ਅਗੱਸਤ 1928 ਦੀ ਜਨਮ ਮਿਤੀ ਨਾਲ ਦੇ ਚੁੱਕਾ ਸੀ। ਜਿਸ ਐੱਨ. ਸੀ. ਸੀ.
ਪਿੱਛੇ ਉਸ ਨੇ ਪੜ੍ਹਾਈ ਵੀ ਦਾਅ ‘ਤੇ ਲਾ ਦਿੱਤੀ ਸੀ ਉਹ ਉਹਦੇ ਲਈ ਬੇਅਰਥ ਹੋ ਗਈ ਸੀ। ਉਸ ਦੀ
ਬਟਾਲੀਅਨ ਦੇ ਕਮਾਂਡਰ ਤੇ ਫੌਜੀ ਅਫ਼ਸਰਾਂ ਨੂੰ ਵੀ ਸਦਮਾ ਪੁੱਜਾ ਕਿ ਕਮਿਸ਼ਨ ਦੇ ਯੋਗ ਹੁੰਦਾ
ਵੀ ਉਹ ਜਨਮ ਮਿਤੀ ਦੀ ਗ਼ਲਤੀ ਕਰ ਕੇ ਅਯੋਗ ਹੋ ਗਿਆ ਸੀ। ਫਿਰ ਉਸ ਨੇ ਆਰਜ਼ੀ ਕਮਿਸ਼ਨ ਵਾਸਤੇ
ਅਰਜ਼ੀ ਦਿੱਤੀ ਤਾਂ ਬਿਮਾਰ ਹੋਣ ਕਾਰਨ ਸਰੀਰਕ ਟੈੱਸਟ ਦੀ ਹਰਡਲਜ਼ ਦੌੜ ਪੂਰੀ ਨਾ ਕਰ ਸਕਿਆ।
ਪਰ ਕੁਦਰਤ ਬੜੀ ਪਰਬਲ ਹੈ। ਉਸ ਨੇ ਉਸ ਤੋਂ ਕੋਈ ਹੋਰ ਕੰਮ ਲੈਣਾ ਸੀ। ਡਾ. ਜੌਹਲ ਪੁਰਾਣੀਆਂ
ਯਾਦਾਂ ਚੇਤੇ ਕਰਦਾ ਅਕਸਰ ਕਹਿੰਦਾ ਹੈ ਕਿ ਪਾਕਿਸਤਾਨ ਨਾ ਬਣਦਾ ਤਾਂ ਮੈਂ ਵੱਧ ਤੋਂ ਵੱਧ
ਦਸਵੀਂ ਤਕ ਹੀ ਪੜ੍ਹਨਾ ਸੀ। ਅਗਾਂਹ ਪੁੱਜਤ ਨਹੀਂ ਸੀ ਤੇ ਨਾ ਮਾਹੌਲ ਸੀ। ਕਲੱਰਕ ਲੱਗ ਜਾਂਦਾ
ਜਾਂ ਪਟਵਾਰੀ ਬਣ ਜਾਂਦਾ। ਨੂਰ ਮਹਿਲੋਂ ਦਸਵੀਂ ਕਰ ਕੇ ਡਰਾਮਿਆਂ ਤੇ ਫਿਲਮਾਂ ‘ਚ ਚਲਾ ਜਾਂਦਾ
ਤਾਂ ਮਾੜਾ ਚੰਗਾ ਐਕਟਰ ਬਣ ਜਾਂਦਾ। ਜਨਮ ਤਾਰੀਖ 1930 ਰਹਿੰਦੀ ਤਾਂ ਫੌਜੀ ਅਫਸਰ ਬਣ ਜਾਣਾ
ਸੀ। ਪਰ ਮੇਰੇ ਨਾਲ ਤਾਂ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ ਵਾਲੀ ਗੱਲ ਹੁੰਦੀ ਗਈ।
ਜੇ ਫੌਜ ‘ਚ ਚਲਾ ਜਾਂਦਾ ਤਾਂ ਪਤਾ ਨਹੀਂ ਮੈਂ ਕੀ ਬਣਦਾ ਜਾਂ ਮੇਰਾ ਕੀ ਬਣਦਾ? ਸਿਵਲ ਸਰਵਿਸ
ਵਿਚ ਮੈਂ ਕਿਸੇ ਪਾਸਿਓਂ ਘੱਟ ਨਹੀਂ ਰਿਹਾ। ਪ੍ਰੋਫੈ਼ਸਰ ਆਫ਼ ਐਮੀਨੈਂਸ, ਯੂਨੀਵਰਸਿਟੀਆਂ ਦਾ
ਵਾਈਸ ਚਾਂਸਲਰ ਤੇ ਚਾਂਸਲਰ ਬਣਿਆ।
ਦੋ ਸਾਲ ‘ਘਟਾਈ’ ਉਮਰ ਨੇ ਉਸ ਨੂੰ ਫੌਜ ਵਿਚ ਜਾਣੋ ਤਾਂ ਰੋਕ ਦਿੱਤਾ ਪਰ ਹੋਰ ਕੋਈ ਘਾਟਾ ਨਾ
ਪੈਣ ਦਿੱਤਾ। ਬਲਕਿ ਵਾਧਾ ਈ ਕੀਤਾ। ਉਹ ਯੂ. ਐੱਨ. ਓ. ਦੀਆਂ ਸੰਸਥਾਵਾਂ ਵਿਚ ਪੰਜ ਸਾਲ ਦੀ
ਸੇਵਾ ਨਾਲ ਟੈਕਸ ਮੁਕਤ ਪੈਨਸ਼ਨ ਲੈਣ ਦੇ ਯੋਗ ਹੋ ਗਿਆ ਸੀ ਜੋ 60 ਸਾਲ ਦੀ ਉਮਰ ਤੋਂ ਲੱਗਣੀ
ਸੀ। ਉਹ ਦੋ ਸਾਲ ਪਹਿਲਾਂ ਲੱਗ ਗਈ ਜੋ ਦੋ ਸਾਲ ਠਹਿਰ ਕੇ ਲੱਗਣੀ ਸੀ। ਨੌਕਰੀ ਉਸ ਨੇ ਮਰਜ਼ੀ
ਦੀ ਕੀਤੀ ਤੇ ਮਰਜ਼ੀ ਨਾਲ ਛੱਡੀ। ਚਾਹੁੰਦਾ ਤਾਂ ਜਿੰਨਾ ਚਿਰ ਮਰਜ਼ੀ ਕਰੀ ਜਾਂਦਾ। ਆਪਣੇ ਨਾਲ
ਵਰਤੀਆਂ ਘਟਨਾਵਾਂ ਬਾਰੇ ਉਹ ਕਹਿੰਦਾ ਹੈ ਕਿ ਹੁੰਦਾ ਉਹੀ ਹੈ ਜੋ ਕੁਦਰਤ ਨੂੰ ਮਨਜ਼ੂਰ ਹੈ।
ਐੱਨ. ਸੀ. ਸੀ. ਵਿਚ ਲਾਇਆ ਵਕਤ ਬੇਸ਼ਕ ਫੌਜੀ ਅਫ਼ਸਰ ਬਣਾਉਣ ਦੇ ਕੰਮ ਤਾਂ ਨਾ ਆਇਆ ਪਰ ਉਸ
ਨੇ ਡਾ. ਜੌਹਲ ਨੂੰ ਅਜਿਹਾ ਡਿਸਿਪਲਿਨ ਸਿਖਾਇਆ ਜੋ ਸਾਰੀ ਉਮਰ ਕੰਮ ਆਉਂਦਾ ਰਿਹਾ। ਉਹ ਕਦੇ
ਨਾ ਕੰਮ ਤੋਂ ਪਛੜਿਆ ਤੇ ਨਾ ਕਿਸੇ ਸਭਾ ਸਮਾਗਮ ਲਈ ਦਿੱਤੇ ਸਮੇਂ ਤੋਂ। ਅਸੀਂ ਤਾਂ ਕਦੇ
ਕਦਾਈਂ ਕਾਲਜ ਦੇ ਸਮਾਗਮ ਦੀ ਤਿਆਰੀ ਵਿਚ ਪਛੜ ਜਾਂਦੇ ਸਾਂ ਪਰ ਜੌਹਲ ਸਾਹਿਬ ਲੁਧਿਆਣੇ ਤੋਂ
ਧੁੰਦ ਵਿਚ ਵੀ ਪਹਿਲਾਂ ਮੁਕੰਦਪੁਰ ਆ ਪਹੁੰਚਦੇ ਸਨ। ਇਹ ਗੱਲ ਨਹੀਂ ਕਿ ਮੁਕੰਦਪੁਰ ਸਹੁਰਿਆਂ
ਦੀ ਖਿੱਚ ਸੀ! ਸਮੇਂ ਸਿਰ ਪੁੱਜਣਾ ਤੇ ਕੰਮ ਸ਼ੁਰੂ ਕਰਨਾ ਕਰਵਾਉਣਾ ਡਾ. ਜੌਹਲ ਦੀ ਜਿ਼ੰਦਗੀ
ਦਾ ਦਸਤੂਰ ਹੈ ਜੋ ਐੱਨ. ਸੀ. ਸੀ. ਨੇ ਬਣਾਇਆ।
ਕਾਲਜ ਵਿਚ ਪੜ੍ਹਦਿਆਂ ਉਸ ਨੂੰ ਕਵਿਤਾ ਲਿਖਣ ਦਾ ਸ਼ੌਕ ਵੀ ਹੋ ਗਿਆ ਸੀ ਪਰ ਸੀਗਾ ਟੱਪੇ-ਜੋੜ
ਜੋ ਕਾਲਜ ਦੇ ਫੰਕਸ਼ਨਾਂ ਵਿਚ ਸੁਣਾ ਵੀ ਦਿੰਦਾ। ਨਮੂਨਾ ਵੇਖੋ:
-ਜੇ ਬਸ ਮੇਰਾ ਚੱਲੇ ਰੱਬਾ ਤੈਨੂੰ ਬਲਦ ਬਣਾਵਾਂ ਮੈਂ
ਭੁੱਖਾ-ਭਾਣਾ ਬੰਨ੍ਹ ਖੁਰਲੀ ‘ਤੇ ਸਾਰਾ ਦਿਨ ਤੜਪਾਵਾਂ ਮੈਂ
ਵਿਚ ਮੰਜਕੀ ਔੜ ਲੱਗੀ ‘ਤੇ ਹਲਟੇ ਜੋੜ ਵਗਾਵਾਂ ਮੈਂ
ਚਲਦਾ ਚਲਦਾ ਥੱਕ ਜਾਵੇਂ ਤਾਂ ਢੁੰਡਰ ‘ਤੇ ਡੰਡੇ ਲਾਵਾਂ ਮੈਂ
ਫੇਰ ਪੁੱਛਾਂ ਮੈਂ ਰੱਬਾ ਤੈਨੂੰ ਕਿੱਡਾ ਬੇਪਰਵਾਹ ਏਂ ਤੂੰ?
ਕਵਿਤਾ ਦੇ ਨਾਲ ਉਸ ਨੂੰ ਕਹਾਣੀ ਲਿਖਣ ਦਾ ਸ਼ੌਕ ਵੀ ਕੁੱਦਿਆ ਪਰ ਕੁਲਵੰਤ ਸਿੰਘ ਵਿਰਕ ਨੇ
ਥਾਏਂ ਦੱਬ ਦਿੱਤਾ। ਕਹਿ ਦਿੱਤਾ ਕਿ ਇਹ ਕੰਮ ਵਿਹਲਿਆਂ ਦਾ ਹੁੰਦਾ। ਐਵੇਂ ਨਾ ਵਕਤ ਜ਼ਾਇਆ ਕਰ
ਇਸ ਪਾਸੇ। ਕਈ ਸਾਲਾਂ ਬਾਅਦ ਦੋਵੇਂ ਇਕ ਗੋਸ਼ਟੀ ਵਿਚ ‘ਕੱਠੇ ਹੋਏ ਤਾਂ ਪ੍ਰਧਾਨਗੀ ਭਾਸ਼ਣ
ਦਿੰਦਿਆਂ ਵਿਰਕ ਨੇ ਕਿਹਾ, “ਡਾ. ਜੌਹਲ ਨੂੰ ਸਿਰਕੱਢ ਅਰਥ ਸ਼ਾਸਤਰੀ ਬਣਾਉਣ ਵਿਚ ਮੇਰਾ ਵੀ
ਹੱਥ ਹੈ। ਮੈਂ ਇਨ੍ਹਾਂ ਨੂੰ ਕਹਾਣੀ ਲਿਖਣੋਂ ਨਾ ਰੋਕਦਾ ਤਾਂ ਇਨ੍ਹਾਂ ਵੀ ਮੇਰੇ ਵਾਂਗ ਵਕਤ
ਜ਼ਾਇਆ ਕਰੀ ਜਾਣਾ ਸੀ। ਜੋ ਇਨ੍ਹਾਂ ਨੇ ਅਰਥ ਸ਼ਾਸਤਰੀ ਦੇ ਤੌਰ ‘ਤੇ ਪ੍ਰਾਪਤੀਆਂ ਕੀਤੀਆਂ
ਸ਼ਾਇਦ ਨਾ ਕਰ ਸਕਦੇ।”
1952 ਵਿਚ ਉਸ ਨੇ ਬੀ. ਐੱਸਸੀ. ਐਗਰੀਕਲਚਰ ਦੀ ਡਿਗਰੀ ਹਾਸਲ ਕੀਤੀ। ਨੌਕਰੀ ਮਿਲ ਨਹੀਂ ਸੀ
ਰਹੀ। ਵਿਆਹ ਉਸ ਦਾ ਹੋ ਗਿਆ ਹੋਇਆ ਸੀ। ਬਾਲ ਬੱਚੇਦਾਰ ਵੀ ਬਣ ਗਿਆ ਸੀ। ਖੇਤੀ ਦਾ ਕੰਮ
ਭਾਵੇਂ ਡਟ ਕੇ ਕਰਦਾ ਸੀ ਪਰ ਘਰੋਂ ਫਿਰ ਵੀ ਹੁੱਝਾਂ ਪੈਣ ਲੱਗੀਆਂ ਬਈ ਕਿਤੇ ਨੌਕਰੀ ਲੱਭ।
ਪਹਿਲੀ ਨੌਕਰੀ 70 ਰੁਪਏ ਮਹੀਨੇ ਉਤੇ ਦੁਆਬਾ ਆਰੀਆ ਸਕੂਲ ਨੂਰ ਮਹਿਲ ਵਿਚ ਲੱਭੀ। ਓਨਾ ਹੀ
ਕੰਮ ਕਰਨ ਵਾਲੇ ਨਾਲ ਦੇ ਅਧਿਆਪਕ 120 ਰੁਪਏ ਮਹੀਨਾ ਲੈਂਦੇ ਸਨ। ਪਤਾ ਲੱਗ ਗਿਆ ਕਿ
ਪ੍ਰਾਈਵੇਟ ਸਕੂਲ ਲੱਗੀ ਲਾਉਂਦੇ ਹਨ। ਕੁਝ ਮਹੀਨੇ ਉਥੇ ਪੜ੍ਹਾਉਣ ਪਿੱਛੋਂ ਪੈਪਸੂ ਦੇ
ਖੇਤੀਬਾੜੀ ਮਹਿਕਮੇ ਵਿਚ ਐਗਰੀਕਲਚਰਲ ਅਸਿਸਟੈਂਟ ਦੀ ਆਰਜ਼ੀ ਨੌਕਰੀ ਮਿਲੀ ਜੋ ਟਿੱਡੀ ਦਲ ਦੀ
ਰੋਕ ਥਾਮ ਸੰਬੰਧੀ ਸੀ। ਪਹਿਲਾਂ ਹਮੀਰੇ ਕਮਾਦ ਦਾ ਘੋੜਾ ਕੰਟਰੋਲ ਕਰਨ ਦੀ ਮੁਹਿੰਮ ‘ਤੇ ਕੰਮ
ਕੀਤਾ। ਪਿੱਠ ਪਿੱਛੇ ਚੁੱਕੇ ਜਾਣ ਵਾਲੇ ਡਸਟਰਾਂ ਨਾਲ ਕਮਾਦ ਵਿਚ ਦੁਆਈ ਧੂੜੀ। ਉਹਨੀਂ ਦਿਨੀਂ
ਉਸ ਨੇ ਘੋੜ ਕੀੜੇ ਬਾਰੇ ਇਕ ਲੇਖ ਲਿਖਿਆ ਜੋ ਅਕਾਲੀ ਪੱਤ੍ਰਿਕਾ ਵਿਚ ਛਪਿਆ। ਉਹ ਉਸ ਦੀ
ਪਹਿਲੀ ਲੇਖਣੀ ਸੀ ਜਿਸ ਦੀ ਚੰਗੀ ਸਿਫ਼ਤ ਸਲਾਹ ਹੋਈ। ਉਸ ਤੋਂ ਬਾਅਦ ਤਾਂ ਉਸ ਨੇ ਤਿੰਨ ਸੌ
ਤੋਂ ਵੱਧ ਖੋਜ ਪਰਚੇ, ਰਿਪੋਰਟਾਂ ਤੇ ਲੇਖ ਲਿਖੇ ਅਤੇ ਅੰਗਰੇਜ਼ੀ ਤੇ ਪੰਜਾਬੀ ਵਿਚ ਦਰਜਨ ਦੇ
ਕਰੀਬ ਕਿਤਾਬਾਂ ਲਿਖੀਆਂ।
ਟਿੱਡੀ ਦਲ ਰੋਕੂ ਮੁਹਿੰਮ ਦੀ ਨੌਕਰੀ ਉਹ ਪੰਜ ਕੁ ਮਹੀਨੇ ਹੀ ਕਰ ਸਕਿਆ ਕਿਉਂਕਿ 28 ਫਰਵਰੀ
1953 ਨੂੰ ਇਹ ਮੁਹਿੰਮ ਖ਼ਤਮ ਹੋ ਗਈ। ਫਿਰ ਉਸ ਨੇ ਬਿਲਗੇ ਦੇ ਸਕੂਲ ਵਿਚ ਸਾਇੰਸ ਮਾਸਟਰ ਦੀ
ਨੌਕਰੀ ਕੀਤੀ ਜੋ 120 ਰੁਪਏ ਮਹੀਨਾ ਸੀ। ਉਥੇ ਤਿੰਨ ਮਹੀਨੇ ਪੜ੍ਹਾਇਆ। ਫਿਰ ਮਹਿਕਮਾ ਜ਼ਰਾਇਤ
ਵਿਚ ਐਗਰੀਕਲਚਰ ਇੰਸਪੈਕਟਰ ਲੱਗ ਗਿਆ। ਉਸ ਦੀ ਪਹਿਲੀ ਪੋਸਟਿੰਗ ਸਿ਼ਮਲੇ ਦੀਆਂ ਪਹਾੜੀਆਂ ਵਿਚ
ਹੋਈ। ਪਹਾੜੀ ਲੋਕਾਂ ਦੇ ਜੀਵਨ ਤੇ ਉਨ੍ਹਾਂ ਦੀ ਖੇਤੀਬਾੜੀ ਨੂੰ ਉਸ ਨੇ ਬਹੁਤ ਨੇੜਿਓਂ
ਵੇਖਿਆ। ਉਹ ਪਹਾੜੀਆਂ ਦੀ ਸਾਦਗੀ ਤੋਂ ਏਨਾ ਪ੍ਰਭਾਵਤ ਹੋਇਆ ਕਿ ਸੋਚਣ ਲੱਗ ਪਿਆ ਪਈ
ਰਿਟਾਇਰਮੈਂਟ ਪਿੱਛੋਂ ਇਨ੍ਹਾਂ ਲੋਕਾਂ ਵਿਚ ਵਸਾਂਗਾ। ਪਰ 80ਵਿਆਂ ਦੇ ਕਾਲੇ ਦਿਨਾਂ ਵਿਚ ਸਭ
ਕੁਝ ਉਲਟ ਪੁਲਟ ਹੋ ਗਿਆ।
ਪਹਾੜੀ ਇਲਾਕੇ ਵਿਚ ਨੌਕਰੀ ਕਰਨ ਦੀਆਂ ਅਨੇਕਾਂ ਦਿਲਚਸਪ ਯਾਦਾਂ ਉਸ ਨੂੰ ਅੱਜ ਵੀ ਯਾਦ ਹਨ।
ਦੋਸਤ ਮਨੀ ਸਿੰਘ ਦੀਆਂ, ਕੰਡਾ ਘਾਟ ਦੇ ਤਹਿਸੀਲਦਾਰ ਦੀਆਂ, ਐੱਸ. ਡੀ. ਐੱਮ. ਦੀਆਂ, ਸਪਾਟੂ
ਦੀਆਂ, ਸੁਬਾਥੂ ਦੇ ਥਾਣੇਦਾਰ ਦੀਆਂ ਤੇ ਸੋਢੀ ਸਾਹਿਬ ਦੀਆਂ। ਸੋਢੀ ਦਾ ਇਕ ਵਿਆਹ ਪੰਜਾਬ ਵਿਚ
ਹੋਇਆ ਸੀ, ਦੋ ਵਿਆਹ ਪਹਾੜਨਾਂ ਨਾਲ ਕਰਾਏ ਸਨ। ਜੌਹਲ ਨੇ ਪੁੱਛਿਆ, “ਇਹ ਸਾਰਾ ਸਿਲਸਿਲਾ
ਕਿਵੇਂ ਚਲਦੈ?” ਉੱਤਰ ਮਿਲਿਆ, “ਇਥੇ ਜੇ ਨੌਕਰ ਰੱਖੀਏ ਤਾਂ ਮਹਿੰਗੇ ਪੈਂਦੇ ਨੇ। ਵਿਆਹ ਸਸਤਾ
ਪੈਂਦਾ। ਇਕੋ ਵਾਰ ਥੋੜ੍ਹਾ ਜਿਹਾ ਖਰਚ ਆਉਂਦਾ, ਫੇਰ ਸਾਰੀ ਉਮਰ ਲਈ ਨੌਕਰਾਣੀ। ਉਂਜ ਨੌਕਰਾਣੀ
ਮਹਿੰਗੀ ਪੈਂਦੀ ਐ ਤੇ ਚੋਰੀ ਚਕਾਰੀ ਦਾ ਵੀ ਡਰ ਰਹਿੰਦੈ।” ਇਉਂ ਸੋਢੀ ਸਾਹਿਬ ਦੀ ਸਰਦਾਰਨੀ
ਨੂੰ ਦੋ ਨੌਕਰਾਣੀਆਂ ਮਿਲ ਗਈਆਂ ਸਨ। ਉਹੀ ਉਨ੍ਹਾਂ ਦੇ ਫਾਰਮ ‘ਤੇ ਕੰਮ ਕਰਦੀਆਂ ਸਨ। ਮੌਜਾਂ
ਲੱਗੀਆਂ ਹੋਈਆਂ ਸਨ!
ਜਸਟਿਸ ਗੁਰਨਾਮ ਸਿੰਘ ਜੋ ਬਾਅਦ ਵਿਚ ਪੰਜਾਬ ਦਾ ਮੁੱਖ ਮੰਤਰੀ ਬਣਿਆ, ਉਥੇ ਸਬ-ਡਵੀਜ਼ਨਲ
ਮੈਜਿਸਟ੍ਰੇਟ ਸੀ। ਉਸ ਨੇ ਦਿੱਲੀ ਰਹਿੰਦੇ ਆਪਣੇ ਇਕ ਦੋਸਤ ਨੂੰ ਕਈ ਚਿੱਠੀਆਂ ਲਿਖੀਆਂ ਕਿ
ਪਹਾੜੀ ਸਥਾਨ ‘ਤੇ ਆਵੇ ਤੇ ਉਸ ਦੀ ਪ੍ਰਾਹੁਣਚਾਰੀ ਮਾਣੇ। ਪਰ ਉਹ ਆ ਨਹੀਂ ਸੀ ਰਿਹਾ। ਗੁਰਨਾਮ
ਸਿੰਘ ਨੇ ਇਕ ਦਿਨ ਕਿਸੇ ਪਹਾੜੀਏ ਤੋਂ ਉਸ ਉਤੇ ਇਸਤਗਾਸਾ ਦਰਜ ਕਰਵਾ ਕੇ ਮਿੱਤਰ ਨੂੰ ਸੰਮਨ
ਜਾਰੀ ਕਰਵਾ ਦਿੱਤੇ। ਉਸ ਨੂੰ ਅਗਲੇ ਦਿਨ ਹੀ ਕੰਡਾਘਾਟ ਆਉਣ ਪਿਆ। ਥੋੜ੍ਹੀ ਤੂੰ-ਤੂੰ
ਮੈਂ-ਮੈਂ ਤੋਂ ਬਾਅਦ ਦੋਵੇਂ ਦੋਸਤ ਪਿਆਰ ਨਾਲ ਮਿਲੇ ਤੇ ਅਗਲੇ ਦਿਨ ਕੇਸ ਰਫਾ-ਦਫਾ ਕਰ
ਦਿੱਤਾ। ਫਿਰ ਕਈ ਦਿਨ ਖ਼ੂਬ ਮਹਿਫ਼ਲਾਂ ਲੱਗਦੀਆਂ ਰਹੀਆਂ।
ਮਹਿਕਮਾ ਜ਼ਰਾਇਤ ਦੀ ਇੰਸਪੈਕਟਰੀ ਕਰਦਿਆਂ ਜੌਹਲ ਨੇ ਪ੍ਰਾਈਵੇਟਲੀ ਇਕਨਾਮਿਕਸ ਦੀ ਐੱਮ. ਏ.
ਵੀ ਕਰ ਲਈ ਤੇ ਐੱਮ. ਐੱਸਸੀ. ਵੀ। ਉਸ ਨੇ ਪਹਾੜੀ ਇਲਾਕੇ ਵਿਚ 1957 ਤਕ ਕੰਮ ਕੀਤਾ। ਉਸ ਦੇ
ਪੁੱਤਰ ਜਨਮੇਜੇ ਦਾ ਬਾਲਪਨ ਸਪਰੂਨ ਵਿਚ ਸੰਪੂਰਨ ਹੋਇਆ। ਉਹ 1952 ਵਿਚ ਜੰਮਿਆ ਜਿਸ ਨੂੰ ਪੰਜ
ਸਾਲ ਪਹਾੜਨਾਂ ਨੇ ਖਿਡਾਇਆ। ਪੈਪਸੂ ਸਟੇਟ 1956 ਵਿਚ ਪੰਜਾਬ ‘ਚ ਮਿਲਾ ਦਿੱਤੀ ਗਈ ਸੀ ਜਿਸ
ਨਾਲ ਪੈਪਸੂ ਦੇ ਮੁਲਾਜ਼ਮ ਵੀ ਪੰਜਾਬ ਰਾਜ ਦੇ ਮੁਲਾਜ਼ਮ ਬਣ ਗਏ। ਪੰਜਾਬ ਰਾਜ ਦਾ ਇਕ
ਇੰਟੋਮੌਲੋਜਿਸਟ ਜੌਹਲ ਹੋਰਾਂ ਦਾ ਅਫਸਰ ਆ ਲੱਗਾ। ਉਹ ਰੋਅਬ ਪਾਉਣ ਲਈ ਆਉਂਦਿਆਂ ਹੀ ਹੇਠਲੇ
ਦਰਜੇ ਦੇ ਮੁਲਾਜ਼ਮ ਜੌਹਲ ਨੂੰ ਪੈ ਗਿਆ ਕਿ ਤੂੰ ਮੇਰੇ ਵਾਲਾ ਨਾਂ ਕਿਉਂ ਰੱਖਿਆ? ਜੌਹਲ ਨੇ
ਕਿਹਾ, “ਜੀ, ਕੀ ਪਤਾ ਸੀ ਮੇਰੇ ਮਾਂ-ਬਾਪ ਨੂੰ ਕਿ ਮੇਰਾ ਤੁਹਾਡੇ ਨਾਲ ਵਾਹ ਪੈ ਜਾਣਾ ਹੈ।
ਇਕ ਨਾਂ ਦੇ ਤਾਂ ਬਹੁਤ ਲੋਕ ਹੋ ਸਕਦੇ ਹਨ।” ਫਿਰ ਹੱਸਦਿਆਂ ਕਿਹਾ, “ਜੀ, ਆਪਣੇ ਨਾਵਾਂ ਵਿਚ
ਤਾਂ ਫਿਰ ਵੀ ਫਰਕ ਹੈ। ਤੁਹਾਡਾ ਨਾਂ ਸਰਦਾਰ ਸਿੰਘ ਹੈ, ਮੇਰਾ ਨਾਉਂ ਸਰਦਾਰਾ ਸਿੰਘ।” ਅਫ਼ਸਰ
ਕਹਿਣ ਲੱਗਾ, “ਇਹ ਤਾਂ ਕੋਈ ਫਰਕ ਨਹੀਂ।” ਜੌਹਲ ਕਹਿਣ ਲੱਗਾ, “ਜੀ, ਬਹੁਤ ਫਰਕ ਹੈ। ਜੱਟਾਂ
ਦੇ ਨਾਂ ਸਰਦਾਰਾ ਸਿੰਘ, ਪਿਆਰਾ ਸਿੰਘ, ਦਰਬਾਰਾ ਸਿੰਘ ਆਦਿ ਹੁੰਦੇ ਨੇ ਤੇ ਭਾਪਿਆਂ ਦੇ
ਸਰਦਾਰ ਸਿੰਘ, ਪਿਆਰ ਸਿੰਘ ਜਾਂ ਦਰਬਾਰ ਸਿੰਘ।” ਪਹਿਲਾਂ ਤਾਂ ਉਹ ਉਤੋਂ ਉਤੋਂ ਰੋਅਬ ਪਾ
ਰਿਹਾ ਸੀ ਫਿਰ ਸੱਚੀਂ ਨਾਰਾਜ਼ ਹੋ ਗਿਆ ਕਿ ਉਸ ਨੂੰ ਭਾਪਾ ਕਹਿ ਦਿੱਤਾ ਗਿਆ ਸੀ ਜਿਹੜਾ ਕਿ
ਉਹ ਸੀਗਾ ਹੀ!
ਹੈ ਇਹ ਹੈਰਾਨੀ ਦੀ ਗੱਲ ਕਿ ਕਿਸੇ ਜੱਟ ਨੂੰ ਜੱਟ ਕਹੋ ਤਾਂ ਉਹ ਖ਼ੁਸ਼ ਹੁੰਦੈ, ਜੇ ਭਾਪੇ
ਨੂੰ ਭਾਪਾ ਕਹੋ ਤਾਂ ਨਾਰਾਜ਼। ਹਾਲਾਂਕਿ ਜੱਟ ਨੂੰ ਗ਼ੈਰ-ਜੱਟ ਮੂਰਖ ਸਮਝਦੇ ਨੇ ਤੇ ਭਾਪਿਆਂ
ਨੂੰ ਸਿਆਣੇ। ਹਰੀਜਨ ਨੂੰ ਹਰੀਜਨ ਕਹੀਏ, ਬਾਣੀਏਂ ਨੂੰ ਬਾਣੀਆਂ ਤੇ ਬਾਹਮਣ ਨੂੰ ਬਾਹਮਣ ਤਾਂ
ਉਹ ਬੁਰਾ ਮਨਾਉਂਦੇ ਹਨ। ਡਾ. ਜੌਹਲ ਵਰਗੇ ਵਿਦਵਾਨ ਨੂੰ ਵੀ ਅਜੇ ਤਕ ਇਹਦਾ ਕਾਰਨ ਸਮਝ ਨਹੀਂ
ਆਇਆ। ਭਾਪਾ ਭਾਵੇਂ ਪ੍ਰਧਾਨ ਮੰਤਰੀ ਬਣ ਜਾਵੇ ਪਰ ਭਾਪਾ ਅਖਵਾਉਣਾ ਪਸੰਦ ਨਹੀਂ ਕਰਦਾ। ਕਰਜ਼ੇ
ਦੇ ਮਾਰੇ ਨੰਗ ਮਲੰਗ ਜੱਟ ਨੂੰ ਵੀ ਜੱਟ ਕਹੋ ਤਾਂ ਤਿੜ ਜਾਂਦੈ! ਸਰਦਾਰਾ ਸਿੰਘ ਨਾਲੋਂ ਸਰਦਾਰ
ਸਿੰਘ ਨਾਂ ਵਧੇਰੇ ਸਨਮਾਨਯੋਗ ਸੀ, ਸਰਦਾਰ ਨਾਂ ਦਾ ਰੁਤਬਾ ਵੀ ਵੱਡਾ ਸੀ ਪਰ ਉਸ ਨਾਲ ਭਾਪਾ
ਜੁੜ ਜਾਣ ਕਰਕੇ ਅਪਮਾਨ ਵਾਲਾ ਬਣ ਗਿਆ! ਉਹ ਅਫ਼ਸਰ ਕਈ ਸਾਲ ਜੌਹਲ ਨਾਲ ਨਾਰਾਜ਼ ਰਿਹਾ।
ਖ਼ੈਰ, ਜੌਹਲ ਦਾ ਛੇਤੀ ਹੀ ਉਸ ਕੋਲੋਂ ਛੁਟਕਾਰਾ ਹੋ ਗਿਆ। ਐੱਮ. ਐਸਸੀ. ਤੇ ਐੱਮ. ਏ. ਕਰਨ
ਸਦਕਾ ਉਸ ਨੂੰ ਅੰਮ੍ਰਿਤਸਰ ਮਾਰਕੀਟ ਇਨਟੈਲੀਜੈਂਸ ਇੰਸਪੈਕਟਰ ਵਜੋਂ ਤਬਦੀਲ ਕਰ ਦਿੱਤਾ ਗਿਆ।
ਉਥੇ ਉਸ ਦਾ ਵਪਾਰੀਆਂ ਨਾਲ ਵਾਹ ਪਿਆ ਜਿਨ੍ਹਾਂ ਵਿਚ ਬਾਣੀਏਂ ਵੀ ਸਨ ਤੇ ਭਾਪੇ ਵੀ। ਉਸ ਨੂੰ
ਦੋ ਨੰਬਰ ਮਾਲ ਦਾ ਪਤਾ ਲੱਗਾ। ਇਹ ਜਾਣ ਕੇ ਹੈਰਾਨ ਹੋਇਆ ਕਿ ਮਿਲਾਵਟ ਵਜੋਂ ਪੁਰਾਣੀ ਮੁੰਜ
ਦੀਆਂ ਬੇਰੰਗ ਹੋਈਆਂ ਰੱਸੀਆਂ ਨੂੰ ਕੁੱਟ ਕੇ, ਧੋ ਕੇ, ਸੁਕਾ ਕੇ, ਉਸ ਦੇ ਰੇਸ਼ੇ ਕੇਸਰ ਵਿਚ
ਮਿਲਾਏ ਜਾਂਦੇ ਹਨ। ਪੁਰਾਣੇ ਰੱਦੀ ਹੋਏ ਸਫ਼ੇਦ ਕਾਗਜ਼ ਭੋਰ ਕੇ ਪਾਏ ਜਾਂਦੇ ਹਨ ਅਤੇ ਸਭ ਤੋਂ
ਵੱਧ ਘੋੜਿਆਂ, ਖੱਚਰਾਂ ਦੀ ਲਿੱਦ ਧੋ ਕੇ, ਸਾਫ਼ ਕਰ ਕੇ ਉਸ ਵਿਚਲੇ ਰੇਸ਼ੇ ਪਾਏ ਜਾਂਦੇ ਹਨ।
ਜਿੰਨਾ ਕੁ ਇਨ੍ਹਾਂ ਮਿਲਾਵਟਾਂ ਦਾ ਰੰਗ ਵੱਖਰਾ ਹੁੰਦੈ ਓਨਾ ਕੁ ਰੰਗ ਕਰ ਦਿੱਤਾ ਜਾਂਦੈ। ਇਹ
ਕੰਮ ਜਿੰਨਾ ਕਮੀਨਾ ਤੇ ਘਟੀਆ ਸੀ ਓਨਾ ਹੀ ਬਰੀਕੀ ਦਾ ਸੀ। ਮਿਲਾਵਟੀ ਕੇਸਰ ਵਿਚੋਂ ਇਹ
ਚੀਜ਼ਾਂ ਪਛਾਣਨੀਆਂ ਬਹੁਤ ਮੁਸ਼ਕਲ ਸਨ। ਇਹ ਕਾਰਾ ਨਿੱਕੇ ਵਪਾਰੀ ਨਹੀਂ, ਵੱਡੇ ਸੇਠ ਕਰਦੇ ਸਨ
ਜੋ ਥੋਕ ਦੇ ਧੰਦੇ ਵਿਚ ਸਨ। ਇਸ ਦੀ ਰਿਪੋਰਟ ਜੌਹਲ ਨੇ ਸਰਕਾਰ ਨੂੰ ਭੇਜੀ ਪਰ ਕਿਸੇ ਨੇ ਕੋਈ
ਕਾਰਵਾਈ ਨਾ ਕੀਤੀ। ਬੱਸ ਰਿਪੋਰਟ ਨਾਲ ਹੀ ਖੋਜ ਪੂਰੀ ਹੋ ਗਈ ਤੇ ਇਨਟੈਲੀਜੈਂਸ ਇੰਸਪੈਕਟਰ ਦੀ
ਡਿਊਟੀ ਵੀ ਖ਼ਤਮ!
ਡਾ. ਜੌਹਲ ਦਾ ਉਦੋਂ ਦਾ ਹੀ ਵਿਸ਼ਵਾਸ ਹੈ ਕਿ ਵਪਾਰੀ ਦੇ ਮੁਨਾਫ਼ੇ ਦੀ ਨੀਂਹ ਹੇਰਾਫੇਰੀ,
ਮਿਲਾਵਟ ਤੇ ਝੂਠ ਉਤੇ ਟਿਕੀ ਹੁੰਦੀ ਹੈ। ਜੱਟ ਨੂੰ ਸਭ ਜੱਟ-ਬੂਟ ਕਹਿੰਦੇ ਹਨ। ਬੂਟ ਦਾ ਮਤਲਬ
ਹੈ ਬੂਟਾ। ਜੱਟ ਹਮੇਸ਼ਾਂ ਪੌਦਿਆਂ, ਪਸ਼ੂਆਂ ‘ਚ ਵਿਚਰਦਾ ਹੈ। ਇਸ ਕਰਕੇ ਕੁਦਰਤ ਦੇ ਨੇੜੇ
ਵਸਦਾ ਹੈ। ਉਸ ਦੀ ਕਹਿਣੀ ਤੇ ਕਰਨੀ ਕੁਦਰਤੀ ਹੁੰਦੀ ਹੈ। ਜੇ ਪਿਆਰ ਹੈ ਤਾਂ ਵੀ ਜ਼ਾਹਿਰ, ਜੇ
ਨਫਰਤ ਹੈ ਤਾਂ ਵੀ ਲੁਕੀ ਨਹੀਂ। ਚਿਹਰੇ ‘ਤੇ ਉਹੀ ਕੁਝ ਹੈ ਜੋ ਮਨ ਵਿਚ ਹੈ। ਹੇਰਾਫੇਰੀ ਕਰੇ
ਤਾਂ ਫੜਿਆ ਜਾਂਦੈ ਕਿਉਂਕਿ ਕੁਦਰਤ ਨੇ ਲੁਕਾਅ ਕਰਨਾ ਸਿਖਾਇਆ ਹੀ ਨਹੀਂ। ਜਦੋਂ ਆਦਮੀ ਕੁਦਰਤ
ਤੋਂ ਦੂਰ ਹੁੰਦਾ ਤਾਂ ਸ਼ਹਿਰੀ ਬਣ ਕੇ ਵਪਾਰੀ ਬਣ ਜਾਂਦੈ। ਮਤਲਬ ਘੱਟ ਕੀਮਤ ‘ਤੇ ਮਾਲ
ਖਰੀਦਦਾ ਤੇ ਵੱਧ ਕੀਮਤ ‘ਤੇ ਵੇਚਦਾ। ਉਹਲਾ ਰੱਖਣਾ ਸਿੱਖ ਜਾਂਦੈ ਜਿਸ ਨਾਲ ਉਹ ਕੁਦਰਤੀ ਨਹੀਂ
ਰਹਿੰਦਾ। ਜੇ ਜੱਟ-ਬੂਟ ਵੀ ਸ਼ਹਿਰੀ ਵਪਾਰੀ ਬਣ ਜਾਣ ਤਾਂ ਉਹ ਵੀ ਭਾਪਿਆਂ ਤੋਂ ਘੱਟ ਨਾ
ਰਹਿਣ!
ਅੰਮ੍ਰਿਤਸਰ ਵਿਚ ਜੌਹਲ 1958 ਤਕ ਰਿਹਾ ਜਿਥੋਂ ਉਸ ਦੀ ਬਦਲੀ ਜਲੰਧਰ ਹੋ ਗਈ। ਉਥੇ ਉਸ ਦਾ
ਰੇਡੀਓ ਸਟੇਸ਼ਨ ਨਾਲ ਸੰਪਰਕ ਹੋ ਗਿਆ ਤੇ ਉਹ ਦਿਹਾਤੀ ਪ੍ਰੋਗਰਾਮ ਦਾ ਤਾਲ ਮੇਲ ਕਰਨ ਲੱਗਾ ਜੋ
ਪਿੰਡਾਂ ਵਿਚ ਸ਼ੌਕ ਨਾਲ ਸੁਣਿਆ ਜਾਂਦਾ ਸੀ। ਉਹ ਖ਼ੁਦ ਮੰਡੀਆਂ ਦੇ ਭਾਅ ਬੋਲਦਾ ਤੇ ਕਿਸਾਨਾਂ
ਦੀਆਂ ਸਮੱਸਿਆਵਾਂ ਦਾ ਉੱਤਰ ਦਿੰਦਾ। ਉਥੇ ਉਸ ਦਾ ਚਾਚਾ ਕਮੇਦਾਨ, ਠੁਣੀਆਂ ਰਾਮ, ਚਾਚੀ
ਪ੍ਰੇਮਾ ਤੇ ਹਰਬੰਸ ਖੁਰਾਣਾ ਜਿਹੇ ਰੇਡੀਓ ਕਲਾਕਾਰਾਂ ਨਾਲ ਵਾਹ ਪਿਆ। ਖੇਤੀਬਾੜੀ ਸੰਬੰਧੀ ਹਰ
ਪ੍ਰੋਗਰਾਮ ਉਹਦੇ ਹੱਥੀਂ ਲੰਘਦਾ ਸੀ। ਇਹ ਉਸ ਦਾ ਸ਼ੌਕੀਆ ਕੰਮ ਸੀ ਜਦ ਕਿ ਮਹਿਕਮਾਨਾ ਕੰਮ
ਧੋਗੜੀ ਆਲੂ ਫਾਰਮ ਦੀ ਮੈਨੇਜਰੀ ਕਰਨਾ ਸੀ। ਆਲੂਆਂ ਵਿਚ ਵੀ ਹੇਰਾਫੇਰੀ ਹੁੰਦੀ ਸੀ ਜਿਸ ਕਰਕੇ
ਉਥੋਂ ਉਸ ਨੇ ਬਦਲੀ ਕਰਾਉਣੀ ਬਿਹਤਰ ਸਮਝੀ।
ਉਸ ਦਾ ਇਕ ਦੋਸਤ ਸੀ ਪੰਡੋਰੀ ਦਾ ਅਜਮੇਰ ਸਿੰਘ। ਸੀਗਾ ਚਲਦਾ ਪੁਰਜ਼ਾ ਪਰ ਚਲਦਾ ਹਮੇਸ਼ਾਂ
ਉਲਟੇ ਪਾਸੇ ਸੀ। ਜਦੋਂ ਕਾਂਗਰਸੀਆਂ ਦੀ ਸਰਕਾਰ ਹੁੰਦੀ ਤਾਂ ਅਕਾਲੀ ਬਣ ਜਾਂਦਾ, ਅਕਾਲੀਆਂ ਦੀ
ਹੁੰਦੀ ਤਾਂ ਕਾਂਗਰਸੀ ਬਣ ਬਹਿੰਦਾ। ਰਿਹਾ ਉਹ ਸਰਗਰਮ ਸਿਆਸਤ ਵਿਚ ਪਰ ਉਸ ਨੇ ਕਿਸੇ ਸਰਕਾਰ
ਤੋਂ ਕੋਈ ਲਾਭ ਨਾ ਉਠਾਇਆ। ਜੌਹਲ ਨੇ ਕਾਰਨ ਪੁੱਛਿਆ ਤਾਂ ਕਹਿੰਦਾ, “ਜਦ ਇਹ ਵੱਡੇ ਲੀਡਰ
ਸਰਕਾਰ ‘ਚ ਨੀ ਹੁੰਦੇ ਨੇ ਤਾਂ ਬੜੇ ਪਿਆਰ ਨਾਲ ਮਿਲਦੇ ਨੇ, ਇਜ਼ਤ ਕਰਦੇ ਨੇ ਤੇ ਅਪਣੱਤ
ਜਤਾਉਂਦੇ ਨੇ। ਜਦੋਂ ਇਹ ਸੱਤਾ ਵਿਚ ਆ ਜਾਂਦੇ ਨੇ ਤਾਂ ਸਿਆਣਦੇ ਹੀ ਨੀ। ਮੈਥੋਂ ਇਹ ਬਰਦਾਸ਼ਤ
ਨੀ ਹੁੰਦਾ ਤੇ ਮੈਂ ਵਿਰੋਧੀ ਪਾਰਟੀ ‘ਚ ਚਲਾ ਜਾਨਾਂ!”
ਜੌਹਲ ਨੇ ਪੁੱਛਿਆ, “ਏਸ ਖੱਜਲ-ਖੁਆਰੀ ਦਾ ਕੀ ਫ਼ਾਇਦਾ?”
ਜਵਾਬ ਸੀ, “ਫ਼ਾਇਦਾ? ਫ਼ਾਇਦਾ ਜਥੇਦਾਰੀ ਦਾ। ਭਾਵੇਂ ਖੱਜਲ-ਖੁਆਰੀ ਹੀ ਹੋਵੇ ਪਰ ਜਥੇਦਾਰੀ,
ਜਥੇਦਾਰੀ ਐ। ਜੇ ਚਾਰ ਪਿੰਡਾਂ ਵਿਚ ਕੋਈ ਬਾਤ ਨਾ ਪੁੱਛੇ, ਭਾਵੇਂ ਕੁੱਤੇ ਹੀ ਪਿੱਛੇ ਪਾ ਦੇਣ
ਪਰ ਪੰਜਵੇਂ ਪਿੰਡ ‘ਚ ਕੋਈ ਕਹਿ ਦੇਵੇ ‘ਜਥੇਦਾਰ ਜੀ, ਧੰਨ ਓਂ ਤੁਸੀਂ!’ ਤਾਂ ਫੁੱਲ ਕੇ
ਕੁੱਪਾ ਬਣ ਜਾਈਦਾ। ਹੋਰ ਆਪਾਂ ਨੂੰ ਕੀ ਚਾਹੀਦੈ?”
ਉਹਦੀ ਗਿਆਨੀ ਕਰਤਾਰ ਸਿੰਘ ਨਾਲ ਨੇੜਤਾ ਸੀ ਜੋ ਉਦੋਂ ਪੰਜਾਬ ਦਾ ਖੇਤੀਬਾੜੀ ਮੰਤਰੀ ਸੀ।
ਜੌਹਲ ਨੇ ਪਹਿਲਾਂ ਕਦੇ ਕੋਈ ਸਿਫ਼ਾਰਸ਼ ਨਹੀਂ ਸੀ ਕਰਵਾਈ, ਜਿਥੇ ਬਦਲੀ ਹੁੰਦੀ ਚੁੱਪ ਕਰ ਕੇ
ਤੁਰ ਜਾਂਦਾ। ਪਰ ਏਥੇ ਉਸ ਨੂੰ ਕਿਸੇ ਹੋਰ ਦੀ ਕੀਤੀ ਬੇਈਮਾਨੀ ਦਾ ਨਜ਼ਲਾ ਆਪਣੇ ਉਤੇ ਡਿੱਗਣ
ਦਾ ਡਰ ਸਤਾ ਰਿਹਾ ਸੀ ਜਿਸ ਕਰਕੇ ਬਦਲੀ ਲਈ ਸਿਫ਼ਾਰਸ਼ ਚਾਹੀਦੀ ਸੀ। ਉਸ ਨੇ ਅਜਮੇਰ ਸਿੰਘ
ਕੋਲ ਗੱਲ ਕੀਤੀ। ਇਹੋ ਜਿਹੇ ਕੰਮਾਂ ਨੂੰ ਅਜਮੇਰ ਸਿੰਘ ਸ਼ੇਰ ਸੀ। ਉਹ ਜੌਹਲ ਨੂੰ ਸੁਲਤਾਨਪੁਰ
ਲੋਧੀ ਲੈ ਗਿਆ ਜਿਥੇ ‘ਸਿੱਖ ਪੰਥ ਦੇ ਦਿਮਾਗ’ ਗਿਆਨੀ ਕਰਤਾਰ ਸਿੰਘ ਨੇ ਆਉਣਾ ਸੀ। ਗਿਆਨੀ ਜੀ
ਸਿੱਧ-ਪੱਧਰੇ ਇਨਸਾਨ ਸਨ। ਉਨ੍ਹਾਂ ਨੂੰ ਮਿਲਣ ਲਈ ਪਹਿਲਾਂ ਸਮਾਂ ਲੈਣ ਦੀ ਲੋੜ ਨਹੀਂ ਸੀ।
ਤਦੇ ਝੰਡੀ ਵਾਲੀ ਕਾਰ ਆਈ ਜੋ ਗੈੱਸਟ ਹਾਊਸ ਅੱਗੇ ਆ ਰੁਕੀ। ਉਸ ਵਿੱਚੋਂ ਗੋਲ ਜਿਹੀ ਪੱਗ
ਵਾਲਾ ਇਕ ਬਜ਼ੁਰਗ ਨਿਕਲਿਆ ਜਿਸ ਦੇ ਤੇੜ ਕਛਹਿਰਾ ਪਾਇਆ ਤੇ ਪੈਰੀਂ ਧੌੜੀ ਦੀ ਜੁੱਤੀ ਪਾਈ
ਹੋਈ ਸੀ। ਪਜਾਮਾ ਮੋਢੇ ਉਤੇ ਸੁੱਟਿਆ ਹੋਇਆ ਸੀ ਜਿਸ ਦੇ ਪਹੁੰਚੇ ਪਿਛਲੇ ਪਾਸੇ ਖੁੱਚਾਂ ਤਕ
ਲਟਕ ਰਹੇ ਸਨ ਤੇ ਨਾਲਾ ਅਗਲੇ ਪਾਸੇ ਗੋਡਿਆਂ ਤਕ ਲਮਕ ਰਿਹਾ ਸੀ। ਸਿਪਾਹੀਆਂ ਦੀ ਗਾਰਦ ਉਸ ਦੀ
ਉਡੀਕ ਵਿਚ ਸੀ ਕਿ ਵਜ਼ੀਰ ਆਵੇ ਤੇ ਉਹ ਸਲਾਮੀ ਦੇਣ। ਵਜ਼ੀਰ ਦੇ ਆਉਣ ਸਾਰ ਹੀ ਉਹ ਸਾਵਧਾਨ
ਹੋਏ ਤੇ ਬੰਦੂਕਾਂ ਨਾਲ ਸਲੂਟ ਮਾਰ ਕੇ ਸਲਾਮੀ ਦਿੱਤੀ। ਗਿਆਨੀ ਜੀ ਨੇ ਪਜਾਮਾ ਮੋਢਿਆਂ ਤੋਂ
ਲਾਹੇ ਬਿਨਾਂ ਹੀ ਸਲੂਟ ਲਿਆ ਤੇ ਗੈੱਸਟ ਹਾਊਸ ਵਿਚ ਚਲਾ ਗਿਆ। ਜੌਹਲ ਨੇ ਰਿਪਬਲਿਕ ਦਿਵਸ ‘ਤੇ
ਸਾਰੇ ਦੇਸ਼ ਦੀਆਂ ਐੱਨ. ਸੀ. ਸੀ. ਦੀਆਂ ਟੁਕੜੀਆਂ ਦੀ ਅਗਵਾਈ ਕੀਤੀ ਸੀ। ਉਸ ਨੂੰ ਸਲੂਟ ਦੇ
ਸਲੀਕੇ ਦਾ ਇਲਮ ਸੀ। ਗਿਆਨੀ ਜੀ ਦਾ ਲਮਕਦੇ ਨਾਲੇ ਨਾਲ ਲਿਆ ਸਲੂਟ ਵੇਖ ਕੇ ਉਹਦਾ ਹਾਸਾ ਨਿਕਲ
ਗਿਆ ਜੋ ਰੁਕਣ ਦਾ ਨਾਂ ਨਾ ਲਵੇ। ਅਜਮੇਰ ਸਿੰਘ ਕਹੇ, “ਭਲਿਆ ਮਾਣਸਾ ਹਾਸਾ ਰੋਕ। ਤੈਂ ਕੰਮ
ਨੀ ਕਰਾਉਣਾ? ਜੇ ਤੇਰੇ ਹਾਸੇ ਦਾ ਗਿਆਨੀ ਜੀ ਨੂੰ ਪਤਾ ਲੱਗ ਗਿਆ ਤਾਂ ਕਰਾ ਲਈਂ ਆਪਣੀ
ਬਦਲੀ!”
ਪਰ ਜੌਹਲ ਨੇ ਨਜ਼ਾਰਾ ਹੀ ਅਜਿਹਾ ਵੇਖ ਲਿਆ ਸੀ ਉਹਦਾ ਹਾਸਾ ਰੁਕਣ ਵਾਲਾ ਨਹੀਂ ਸੀ। ਉਸ ਨੇ
ਕਿਹਾ, “ਬਦਲੀ ਹੁਣ ਹੋਵੇ ਭਾਵੇਂ ਨਾ ਹੋਵੇ, ਮੇਰਾ ਆਉਣਾ ਸਫਲ ਹੋ ਗਿਆ। ਗਿਆਨੀ ਜੀ ਦਾ ਇਹ
ਸਲੂਟ ਮੈਨੂੰ ਉਮਰ ਭਰ ਨਹੀਂ ਭੁੱਲਣਾ।” ਇਹ ਕਹਿਣਾ ਸੱਚ ਹੀ ਸਾਬਤ ਹੋਇਆ। ਡਾ. ਜੌਹਲ ਨੂੰ ਉਹ
‘ਨਜ਼ਾਰਾ’ ਬੁੱਢੇਵਾਰੇ ਵੀ ਨਸਿ਼ਆ ਦਿੰਦੈ!
ਹਾਸਾ ਰੁਕਿਆ ਤਾਂ ਉਹ ਅੰਦਰ ਜਾ ਕੇ ਗਿਆਨੀ ਜੀ ਨੂੰ ਮਿਲੇ ਤੇ ਸਾਰੀ ਗੱਲ ਦੱਸੀ। ਸੁਣ ਕੇ
ਗਿਆਨੀ ਜੀ ਨੇ ਕਿਹਾ, “ਕਾਕਾ, ਜੇ ਤੇਰੇ ਵਰਗੇ ਈਮਾਨਦਾਰ ਨੇ ਬੇਈਮਾਨਾਂ ਤੋਂ ਡਰਦਿਆਂ ਕੰਨੀ
ਕਤਰਾ ਲਈ ਤਾਂ ਫਾਰਮ ਦਾ ਕੀ ਬਣੇਗਾ? ਜੇ ਕੋਈ ਮੁਨਾਸਬ ਆਦਮੀ ਮਿਲ ਗਿਆ ਤਾਂ ਤੇਰੀ ਬਦਲੀ ਕਰ
ਦਿਆਂਗੇ।” ਕੁਦਰਤੀ ਇਕ ਬੰਦਾ ਮਿਲ ਗਿਆ ਤੇ ਜੌਹਲ ਦੀ ਬਦਲੀ ਫਿਰ ਪੁਰਾਣੀ ਆਸਾਮੀ ‘ਤੇ ਹੋ
ਗਈ।
ਦਸੰਬਰ 1959 ਵਿਚ ਦਿੱਲੀ ਵਿਖੇ ਇਕ ਅੰਤਰਰਾਸ਼ਟਰੀ ਜ਼ਰਾਇਤੀ ਮੇਲਾ ਲੱਗਾ। ਜੌਹਲ ਦੀ ਡਿਊਟੀ
ਉਥੇ ਜਾਣ ਦੀ ਲੱਗ ਗਈ ਜੋ 15 ਦਿਨਾਂ ਲਈ ਸੀ। ਉਹ ਤੇ ਉਹਦੀ ਸਰਦਾਰਨੀ ਸਕੂਟਰ ਉਤੇ ਸੂਟਕੇਸ
ਬੰਨ੍ਹ ਕੇ ਦਿੱਲੀ ਨੂੰ ਚੱਲ ਪਏ। ਜਲੰਧਰੋਂ ਬਾਅਦ ਦੁਪਹਿਰ ਚੱਲੇ ਸੀ ਜਿਸ ਕਰਕੇ ਰਾਤ ਪਟਿਆਲੇ
ਕੱਟਣੀ ਪਈ। ਮੁੜਦੀ ਵਾਰ ਦਿੱਲੀ ਤੋਂ ਸਵੇਰੇ ਚੱਲੇ ਤੇ ਸ਼ਾਮ ਤਕ ਜਲੰਧਰ ਪੁੱਜ ਗਏ। ਹੈਰਾਨੀ
ਹੁੰਦੀ ਹੈ ਕਿ ਏਨਾ ਲੰਮਾ ਸਫ਼ਰ ਸਕੂਟਰ ‘ਤੇ ਕਿੰਜ ਕੀਤਾ ਹੋਵੇਗਾ ਤੇ ਉਹ ਵੀ ਸਿਆਲ ਦੀ ਠਾਰੀ
ਵਿਚ!
1960 ਵਿਚ ਜੌਹਲ ਦੀ ਜਿ਼ੰਦਗੀ ‘ਚ ਅਹਿਮ ਮੋੜ ਆਇਆ। ਉਹ ਚੰਡੀਗੜ੍ਹ ਕਿਸੇ ਕੰਮ ਗਿਆ ਸੀ ਕਿ
ਉਸ ਦਾ ਇਕ ਪੁਰਾਣਾ ਦੋਸਤ ਜੋ ਬੈਜਨਾਥ ਯੂਨੀਵਰਸਿਟੀ ਵਿਚ ਅਸਿਸਟੈਂਟ ਸੀ, ਜੌਹਲ ਦੇ ਨਾ
ਚਾਹੁਣ ਦੇ ਬਾਵਜੂਦ ਉਸ ਨੂੰ ਇਕ ਅਮਰੀਕਨ ਪ੍ਰੋਫ਼ੈਸਰ ਡਾ. ਡੌਨ ਕੈਨਲ ਪਾਸ ਲੈ ਗਿਆ। ਉਹ ਅਰਥ
ਸ਼ਾਸ਼ਤਰ ਵਿਭਾਗ ਵਿਚ ਫੋਰਡ ਫਾਊਂਡੇਸ਼ਨ ਯੂਨਿਟ ਦਾ ਵਿਸ਼ੇਸ਼ਗ ਸੀ। ਅੱਧੇ ਘੰਟੇ ਦੀ ਗੱਲਬਾਤ
ਬਾਅਦ ਉਸ ਨੇ ਜੌਹਲ ਨੂੰ ਅਰਥ ਸ਼ਾਸਤਰ ਵਿਚ ਖੋਜ ਕਰਨ ਦੇ ਤਰੀਕਿਆਂ ਦੀ ਸਿਖਲਾਈ ਦੇਣ ਦੀ
ਪੇਸ਼ਕਸ਼ ਕੀਤੀ ਜਿਸ ਦਾ ਵਜ਼ੀਫ਼ਾ 200 ਰੁਪਏ ਮਹੀਨਾ ਸੀ। ਜੌਹਲ ਦੀ ਮਹਿਕਮਾਨਾ ਤਨਖਾਹ ਉਦੋਂ
225 ਰੁਪਏ ਸੀ। ਜੌਹਲ ਨੇ ਕੁਝ ਝਿਜਕ ਪਿੱਛੋਂ ਉਹ ਪੇਸ਼ਕਸ ਪਰਵਾਨ ਕਰ ਲਈ ਜਿਸ ਨੇ ਉਸ ਦੀ
ਕਿਸਮਤ ਹੀ ਬਦਲ ਦਿੱਤੀ। ਇਕ ਸਾਲ ਦਾ ਕੋਰਸ ਉਸ ਨੇ ਛੇ ਮਹੀਨਿਆਂ ਵਿਚ ਪੂਰਾ ਕਰ ਲਿਆ।
ਉਨ੍ਹਾਂ ਦਿਨਾਂ ਵਿਚ ਜੌਹਲ ਦੀ ਖੇਤੀਬਾੜੀ ਕਾਲਜ ਲੁਧਿਆਣਾ ਵਿਚ ਅਸਿਸਟੈਂਟ ਪ੍ਰੋਫ਼ੈਸਰ ਵਜੋਂ
ਨਿਯੁਕਤੀ ਹੋ ਗਈ। ਉਹ ਵਿਚੇ ਪੜ੍ਹਾਈ ਕਰਾਈ ਜਾਂਦਾ ਤੇ ਵਿਚੇ ਚੰਡੀਗੜ੍ਹੋਂ ਡਾ. ਡੌਨ ਕੈਨਲ
ਕੋਲੋਂ ਪੜ੍ਹੀ ਜਾਂਦਾ। ਡਾ. ਕੈਨਲ ਉਹਦੇ ਲਈ ਫਰਿਸ਼ਤਾ ਸਾਬਤ ਹੋਇਆ। ਉਸ ਨੇ ਜੌਹਲ ਨੂੰ
ਅਸ਼ੀਰਵਾਦ ਦਿੰਦਿਆਂ ਕਿਹਾ, “ਜੌਹਲ ਹੁਣ ਤੂੰ ਅਧਿਆਪਕ ਲੱਗ ਗਿਆ ਹੈਂ। ਅਧਿਆਪਕ ਬਣਨ ਦੀ
ਕੋਸਿ਼ਸ਼ ਕਰਨਾ।” ਇਹ ਸ਼ਬਦ ਸਾਰੀ ਉਮਰ ਉਹਦੇ ਲਈ ਚਾਨਣ ਮੁਨਾਰਾ ਬਣੇ ਰਹੇ। ਅਧਿਆਪਨ ਕੋਈ
ਨੌਕਰੀ ਨਹੀਂ। ਇਹ ਕਿੱਤਾ ਵੀ ਨਹੀਂ। ਇਹ ਇਕ ਮਿਸ਼ਨ ਹੈ। ਇਹ ਇਕ ਸ਼ਖਸੀਅਤ ਦਾ ਦੂਜੀਆਂ
ਅਣਭੋਲ ਸ਼ਖਸੀਅਤਾਂ ਵਿਚ ਰਚਣਾ ਹੈ। ਜੇ ਕੋਈ ਸਮਾਜਿਕ ਤੇ ਨੈਤਿਕ ਕਦਰਾਂ ਕੀੰਮਤਾਂ ਕਿਸੇ ਕੋਲ
ਅੱਗੇ ਵਿਦਿਆਰਥੀਆਂ ਨੂੰ ਦੇਣ ਲਈ ਨਹੀਂ ਤਾਂ ਉਹ ਅਧਿਆਪਕ ਨਹੀਂ ਹੋ ਸਕਦਾ। ਅਧਿਆਪਕ ਇਕ
ਖੁੱਲ੍ਹੀ ਕਿਤਾਬ ਵਾਂਗ ਹੁੰਦਾ ਹੈ।
ਜਦੋਂ ਜੌਹਲ ਅਸਿਸਟੈਂਟ ਪ੍ਰੋਫ਼ੈਸਰ ਲੱਗਾ ਤਾਂ ਉਹਦੀ ਪੀ. ਐੱਚ ਡੀ. ਦੀ ਖੋਜ ਚੱਲ ਰਹੀ ਸੀ।
ਉਥੇ ਉਸ ਦਾ ਵਾਹ ਫਿਰ ਹਮਨਾਮੀਏ ਸਰਦਾਰ ਸਿੰਘ ਨਾਲ ਪੈ ਗਿਆ ਜੋ ਕਾਲਜ ਦਾ ਪ੍ਰਿੰਸੀਪਲ ਬਣ
ਗਿਆ ਸੀ। ਉਸ ਨੇ ਕਿਹਾ ਕਿ ਮੈਂ ਪੀ. ਐੱਚ ਡੀ. ਕਰਨ ਲਈ ਛੁੱਟੀ ਨਹੀਂ ਦੇਣੀ। ਇਸ ਸਮੱਸਿਆ ਦਾ
ਹੱਲ ਵੀ ਡਾ. ਡੌਨ ਕੈਨਲ ਨੇ ਹੀ ਕੱਢਿਆ ਤੇ ਹਰ ਵਾਰ ਐਤਵਾਰ ਨੂੰ ਚੰਡੀਗੜ੍ਹ ਸੱਦ ਕੇ ਹਫ਼ਤੇ
ਭਰ ਦਾ ਕੰਮ ਕਰਵਾਉਂਦਾ ਰਿਹਾ ਜਿਸ ਨਾਲ ਉਸ ਨੇ ਪੀ. ਐੱਚ ਡੀ ਦੀ ਡਿਗਰੀ ਹਾਸਲ ਕਰ ਲਈ। ਕਾਲਜ
ਵਿਚ ਪੜ੍ਹਾਈ, ਕੋ-ਕਰੀਕੁਲਰ ਐਕਟਿਵਟੀਜ਼ ਜਾਂ ਖੇਤੀ ਪਸਾਰ ਸੇਵਾ ਦਾ ਜੋ ਵੀ ਕੰਮ ਮਿਲਿਆ ਉਸ
ਨੇ ਹਿੱਕ ਡਾਹ ਕੇ ਕੀਤਾ। 1962 ਵਿਚ ਉਸੇ ਕਾਲਜ ਨੂੰ ਪੰਜਾਬ ਖੇਤਬਾੜੀ ਯੂਨੀਵਰਸਿਟੀ ਬਣਾ
ਦਿੱਤਾ ਗਿਆ। 1963 ਤਕ ਪ੍ਰਿੰਸੀਪਲ ਉਹਦਾ ਹਮਨਾਮੀਆ ਸ਼ਰੀਕ ਹੀ ਸੀ ਪਰ ਉਸ ਨੇ ਡਾ. ਜੌਹਲ ਦੇ
ਕੰਮ ਨੂੰ ਵੇਖਦਿਆਂ ਉਸ ਨੂੰ ਕਾਲਜ ਦਾ ਸਭ ਤੋਂ ਵਧੀਆ ਅਧਿਆਪਕ ਕਰਾਰ ਦਿੱਤਾ।
ਫਿਰ ਤਾਂ ਡਾ. ਜੌਹਲ ਦੀ ਦਿਨੋ ਦਿਨ ਚੜ੍ਹਤ ਹੀ ਹੁੰਦੀ ਗਈ। 37 ਸਾਲ ਦੀ ਉਮਰ ਵਿਚ ਉਹ
ਖੇਤੀਬਾੜੀ ਯੂਨੀਵਰਸਿਟੀ ਦਾ ਪ੍ਰੋਫ਼ੈਸਰ ਤੇ ਮੁਖੀ ਵਿਭਾਗ ਬਣ ਗਿਆ। ਪੜ੍ਹਾਈ ਦੇ ਚਾਰ ਸਾਲ
ਗੁਆਉਣ ਅਤੇ ਅੱਠ ਸਾਲ ਇੰਸਪੈਕਟਰੀ ਦੇ ਲੇਖੇ ਲਾਉਣ ਦੇ ਬਾਵਜੂਦ ਉਸ ਸਮੇਂ ਉਹ ਸਭ ਤੋਂ ਛੋਟੀ
ਉਮਰ ਦਾ ਪ੍ਰੋਫ਼ੈਸਰ ਹੈੱਡ ਸੀ। ਉਸ ਦੇ ਖੋਜ ਪੱਤਰ ਛਪਣ ਲੱਗ ਪਏ ਸਨ ਜਿਨ੍ਹਾਂ ਦਾ ਉੱਚ
ਅਦਾਰਿਆਂ ਵਿਚ ਨੋਟਿਸ ਲਿਆ ਜਾਣ ਲੱਗਾ ਸੀ। ਉਹਦਾ ਬਹੁਪੱਖੀ ਤਜਰਬਾ ਉਹਦੇ ਕੰਮ ਆ ਰਿਹਾ ਸੀ।
ਪ੍ਰੋਫ਼ੈਸਰ ਬਣਨ ਤੋਂ ਪਹਿਲਾਂ ਉਸ ਕੋਲ ਲੋਕਸਟ ਕੰਟਰੋਲ, ਪਲਾਂਟ ਪ੍ਰੋਟੈਕਸ਼ਨ, ਬਾਗ਼ਬਾਨੀ
ਦੀ ਨਰਸਰੀ, ਪਿੰਡਾਂ ਵਿਚ ਖੇਤੀ ਪ੍ਰਸਾਰਨ ਸੇਵਾ, ਪਲਾਂਟ ਬਰੀਡਿੰਗ, ਮੰਡੀ ਕਰਨ, ਰੇਡੀਓ
ਪ੍ਰਸਾਰਨ ਤੇ ਫਾਰਮ ਮੈਨੇਜਰੀ ਦਾ ਅਮਲੀ ਤਜਰਬਾ ਸੀ। ਬਚਪਨ ਤੋਂ ਜੁਆਨੀ ਖੇਤੀਬਾੜੀ ਦਾ ਕਰੜਾ
ਕੰਮ ਕਰਦਿਆਂ ਚੜ੍ਹੀ ਸੀ। ਉਹ ਕੁਠਾਲੀ ‘ਚ ਢਲੇ ਸੋਨੇ ਵਾਂਗ ਲਿਸ਼ਕਣ ਲੱਗਾ ਸੀ।
ਖੇਤੀਬਾੜੀ ਯੂਨੀਵਰਸਿਟੀ ਸਾਲਾਨਾ ਕਿਸਾਨ ਮੇਲਾ ਲਾਉਂਦੀ ਤਾਂ ਮਾਹਿਰ ਪ੍ਰੋਫ਼ੈਸਰ ਕਿਸਾਨਾਂ
ਦੇ ਸਵਾਲਾਂ ਦਾ ਉੱਤਰ ਸਰਲ ਪੰਜਾਬੀ ਵਿਚ ਦਿੰਦੇ। ਇਕ ਵਾਰ ਗੁਰਬਖ਼ਸ਼ ਸਿੰਘ ਪ੍ਰੀਤ ਲੜੀ
ਕਿਸਾਨ ਮੇਲੇ ‘ਚ ਆਇਆ ਤਾਂ ਡਾ. ਜੌਹਲ ਵਰਗੇ ਤਕਨੀਕੀ ਮਾਹਿਰਾਂ ਦੀ ਪੰਜਾਬੀ ਸੁਣ ਕੇ ਹੈਰਾਨ
ਰਹਿ ਗਿਆ! ਇਹ ਦੱਸਣਾ ਵਾਜਬ ਹੋਵੇਗਾ ਕਿ ਡਾ. ਜੌਹਲ ਨੇ ਪੰਜਾਬੀ ਕਿਸੇ ਸਕੂਲ ਵਿਚ ਨਹੀਂ
ਪੜ੍ਹੀ। ਪਰ ਉਸ ਨੇ ਪੰਜਾਬੀ ਵਿਚ ਜਿਹੜੀਆਂ ਦੋ ਪੁਸਤਕਾਂ ਲਿਖੀਆਂ ਉਨ੍ਹਾਂ ਦੀ ਬੋਲੀ ਸ਼ੈਲੀ
ਕਮਾਲ ਦੀ ਹੈ। ਉਹ ਏਨੀ ਸਰਲਤਾ ਨਾਲ ਲਿਖਦਾ ਹੈ ਕਿ ਸਾਧਾਰਨ ਪਾਠਕ ਨੂੰ ਵੀ ਸਮਝਣ ਵਿਚ ਮਗਜ਼
ਨਹੀਂ ਮਾਰਨਾ ਪੈਂਦਾ। ਮੈਂ ਜਦੋਂ ਅਮਰਦੀਪ ਕਾਲਜ ਦਾ ਪ੍ਰਿੰਸੀਪਲ ਸਾਂ ਤਾਂ ਉਹ ਆਪਣੀ ਸਲਾਹ
ਮੈਨੂੰ ਪੰਜਾਬੀ ਵਿਚ ਲਿਖ ਭੇਜਦਾ ਸੀ। ਇਹ ਵੱਖਰੀ ਗੱਲ ਹੈ ਕਿ ਉਹ ਸੈਮੀਨਾਰਾਂ ਵਿਚ ਹੁਣ ਵੀ
ਆਪਣੇ ਨੁਕਤੇ ਉਰਦੂ ਵਿਚ ਨੋਟ ਕਰਦਾ ਹੈ। ਦੱਸਣਯੋਗ ਹੈ ਕਿ ਡਾ. ਜੌਹਲ ਦਾ ਪੰਜਾਬੀ ਖੁਸ਼ਕੱਤ
ਕਈ ਪੰਜਾਬੀ ਲੇਖਕਾਂ ਨਾਲੋਂ ਸੋਹਣਾ ਹੈ।
ਡਾ. ਜੌਹਲ ਅਨੁਸਾਰ ਪੰਜਾਬੀ ਦਾ ਸੰਸਕ੍ਰਿਤੀਕਰਣ ਕਰਨਾ ਜਾਂ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ
ਨੂੰ ਉਰਦੂ/ਫਾਰਸੀ ਦੇ ਲਫ਼ਜ਼ਾਂ ਨਾਲ ਲੱਦ ਦੇਣਾ ਪੰਜਾਬੀ ਵਿਦਵਾਨਾਂ ਜਾਂ ਲੇਖਕਾਂ ਦੀ ਸਹੀ
ਸੋਚ ਨਹੀਂ। ਪੰਜਾਬੀ ਦਾ ਆਪਣਾਪਨ ਕਾਇਮ ਰਹਿਣਾ ਚਾਹੀਦਾ ਹੈ। ਜ਼ੁਬਾਨ ਸਾਦੀ ਤੇ ਸਰਲ
ਲੋਕ-ਬੋਲੀ ਦੇ ਨੇੜੇ ਰਹਿਣੀ ਚਾਹੀਦੀ ਹੈ। ਇਸ ਨਾਲ ਲੇਖਕ ਤੇ ਵਿਦਵਾਨ, ਲੋਕਾਂ ਨਾਲ ਵਧੇਰੇ
ਜੁੜੇ ਰਹਿ ਸਕਦੇ ਹਨ। ਇਸ ਰਸਤੇ ਤੋਂ ਭਟਕਣਾ ਪੰਜਾਬੀ ਬੋਲੀ ਨਾਲ ਬੇਇਨਸਾਫ਼ੀ ਹੈ ਤੇ ਪੰਜਾਬੀ
ਜ਼ੁਬਾਨ ਬੋਲਣ ਵਾਲਿਆਂ ਨਾਲ ਧੱਕਾ ਹੈ।
ਖੇਤੀਬਾੜੀ ਯੂਨੀਵਰਸਿਟੀ ਦੀ ਪ੍ਰੋਫ਼ੈਸਰੀ ਦੌਰਾਨ ਡਾ. ਜੌਹਲ ਨੇ ਚੰਗਾ ਨਾਮਣਾ ਖੱਟਿਆ ਅਤੇ
ਵਾਈਸ ਚਾਂਸਲਰ ਥਾਪਰ ਤੇ ਡਾ. ਮਹਿੰਦਰ ਸਿੰਘ ਰੰਧਾਵਾ ਦਾ ਪਰਸੰਸਾ ਪਾਤਰ ਬਣਿਆ ਰਿਹਾ। 1969
ਵਿਚ ਉਹ ਚਾਰ ਮਹੀਨਿਆਂ ਲਈ ਵਿਦੇਸ਼ ਦੌਰੇ ‘ਤੇ ਗਿਆ। ਇੰਗਲੈਂਡ ਵਿਚ ਉਸ ਦੇ ਪਰਿਵਾਰਕ ਮੈਂਬਰ
ਸਨ ਜਿਥੇ ਉਸ ਦੇ ਪਿਤਾ ਜੀ ਨੇ ਵੀਹ ਸਾਲ ਸਨਅਤੀ ਮਜ਼ਦੂਰ ਵਜੋਂ ਕੰਮ ਕੀਤਾ। ਉਥੋਂ ਉਹ
ਅਮਰੀਕਾ ਗਿਆ। ਵਸਿ਼ੰਗਟਨ ਵਿਚ ਉਸ ਨੂੰ ਬਚਪਨ ਦਾ ਦੋਸਤ ਜਾਵੇਦ ਮਿਲ ਗਿਆ ਜਿਸ ਨੂੰ ਉਸ ਨੇ
ਰੈਲੇ ਸਾਈਕਲ ਦਿੱਤਾ ਸੀ। ਸੱਚੀ ਗੱਲ ਹੈ ਖੂਹ ਨੂੰ ਖੂਹ ਨਹੀਂ ਮਿਲਦਾ ਪਰ ਬੰਦੇ ਨੂੰ ਬੰਦਾ
ਕਿਤੇ ਨਾ ਕਿਤੇ ਮਿਲ ਹੀ ਜਾਂਦੈ!
ਅਮਰੀਕਾ ਦੇ ਟੂਰ ਨੇ ਡਾ. ਜੌਹਲ ਦੀ ਪ੍ਰਤਿਭਾ ਨੂੰ ਖੰਭ ਲਾ ਦਿੱਤੇ। ਇਹ ਇੰਜ ਸੀ ਜਿਵੇਂ ਖੂਹ
ਦੇ ਡੱਡੂ ਨੂੰ ਸਮੁੰਦਰ ਵਿਚ ਤਾਰੀਆਂ ਲਾਉਣ ਦਾ ਮੌਕਾ ਮਿਲ ਗਿਆ ਹੋਵੇ। ਉਸ ਨੇ ਉਥੋਂ ਦੀਆਂ
ਸੋਲਾਂ ਯੂਨੀਵਰਸਿਟੀਆਂ ਵਿਚ ਸੈਮੀਨਾਰ ਦਿੱਤੇ। ਜਦ ਮੁੜ ਕੇ ਕੋਲੰਬਸ ਦੀ ਓਹਾਇਓ ਸਟੇਟ
ਯੂਨੀਵਰਸਿਟੀ ਵਿਚ ਪੁੱਜਾ ਤਾਂ ਯੂਨੀਵਰਸਿਟੀ ਅਧਿਕਾਰੀਆਂ ਨੇ ‘ਵਿਜ਼ਟਿੰਗ ਪ੍ਰੋਫ਼ੈਸਰ’ ਬਣਨ
ਦੀ ਪੇਸ਼ਕਸ਼ ਕੀਤੀ। ਡਾ. ਜੌਹਲ ਨੇ ਕਿਹਾ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ
ਸੰਪਰਕ ਕਰਨ। ਇਹ ਪਹਿਲਾ ਤੇ ਆਖ਼ਰੀ ਮੌਕਾ ਸੀ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ
ਕਿਸੇ ਪ੍ਰੋਫ਼ੈਸਰ ਨੂੰ ਓਹਾਇਓ ਯੂਨੀਵਰਸਿਟੀ ਨੇ ਵਿਜਿ਼ਟਿੰਗ ਪ੍ਰੋਫ਼ੈਸਰ ਬਣਾਇਆ। ਇਹਦਾ
ਕਾਰਨ ਇਹ ਸੀ ਕਿ ਯੂਨੀਵਰਸਿਟੀਆਂ ਵਿਚ ਹੁੰਦੇ ਸੈਮੀਨਾਰਾਂ ਦੀ ਰਿਪੋਰਟ ਓਹਾਇਓ ਯੂਨੀਵਰਸਿਟੀ
ਦੇ ਅਧਿਕਾਰੀਆਂ ਪਾਸ ਪੁੱਜਦੀ ਰਹਿੰਦੀ ਸੀ ਤੇ ਉਹ ਡਾ. ਜੌਹਲ ਦੀ ਵਿਦਵਤਾ ਤੋਂ ਪ੍ਰਭਾਵਤ ਹੋ
ਗਏ ਸਨ।
ਅਮਰੀਕਾ ਵਿਚ ਉਸ ਨੇ ਕਿਸਾਨਾਂ ਦੀ ਰਹਿਣੀ-ਬਹਿਣੀ ਨੂੰ ਨੇੜਿਓਂ ਵੇਖਿਆ। ਉਹ ਕੁਝ ਫਾਰਮਾਂ
ਉਤੇ ਗਿਆ ਤੇ ‘ਅਮਰੀਕਨ ਜੱਟਾਂ’ ਦੇ ਘਰੀਂ ਵੀ ਰਿਹਾ। ਇਕ ਕਿਸਾਨ ਪਰਿਵਾਰ ਨਾਲ ਤਿੰਨ ਚਾਰ
ਦਿਨ ਰਹਿ ਕੇ ਜਦ ਉਹ ਵਿਦਾ ਹੋਣ ਲੱਗਾ ਤਾਂ ਉਨ੍ਹਾਂ ਨੇ ਪਿਆਰ ਨਾਲ 21 ਡਾਲਰ ਉਹਦੀ ਜ਼ੇਬ
ਵਿਚ ਪਾਏ। ਕਾਫੀ ਨਾਂਹ ਨੁੱਕਰ ਕਰਨ ਪਿੱਛੋਂ ਉਸ ਨੇ ਇਕ ਡਾਲਰ ਰੱਖਿਆ। ਉਹ ਡਾਲਰ ਉਸ ਲਈ ਐਸੀ
ਅਨਮੋਲ ਨਿਸ਼ਾਨੀ ਸੀ ਜੋ ਉਹ ਕਦੇ ਖਰਚ ਨਾ ਸਕਿਆ। ਦੋ ਸਾਲਾਂ ਬਾਅਦ ਜਦ ਉਹ ਫਿਰ ਉਨ੍ਹਾਂ ਨੂੰ
ਮਿਲਣ ਗਿਆ ਤਾਂ ਅਮਰੀਕਨ ਜੱਟ ਇਹ ਜਾਣ ਕੇ ਹੈਰਾਨ ਹੋਏ ਕਿ ਉਨ੍ਹਾਂ ਦਾ ਦਿੱਤਾ ਇਕ ਡਾਲਰ ਦਾ
ਨੋਟ ਉਹ ਅਜੇ ਵੀ ਸੰਭਾਲੀ ਫਿਰਦਾ ਸੀ!
1979 ਵਿਚ ਤੇ ਫਿਰ ਚੀਨ ਵਿਚ ਵੀ ਉਸ ਨੂੰ ਐਸੇ ਹੀ ਕਿਸਾਨ ਮਿਲੇ ਸਨ ਜਿਨ੍ਹਾਂ ਨੇ ‘ਜੱਟਾਂ’
ਵਾਲੀ ਅਪਣੱਤ ਤੇ ਖੁੱਲ੍ਹਦਿਲੀ ਵਿਖਾਈ ਸੀ। ਡਾ. ਜੌਹਲ ਦਾ ਕਹਿਣਾ ਹੈ ਕਿ ਕਿਸਾਨ ਕਿਸੇ ਵੀ
ਖਿੱਤੇ ਦੇ ਹੋਣ ਉਹ ਕੁਦਰਤ ਦੇ ਨੇੜੇ ਰਹਿਣ ਕਾਰਨ ਸੁਹਿਰਦ ਹੁੰਦੇ ਹਨ। ਉਨ੍ਹਾਂ ਵਿਚ ਵਲ-ਛਲ
ਨਹੀਂ ਹੁੰਦਾ। ਖੇਤਾਂ ਦੇ ਪੁੱਤ ਖੇਤਾਂ ਵਾਂਗ ਹੀ ਦਿਲ ਦੇ ਵਿਸ਼ਾਲ ਹੁੰਦੇ ਹਨ। ਜੌਹਲ ਖ਼ੁਦ
ਖੇਤਾਂ ਦਾ ਪੁੱਤ ਸੀ। ਉਸ ਨੇ ਅਮਰੀਕਾ ਵਿਚ ਕਾਰ ਤੋਂ ਉਤਰ ਕੇ ਜੋ ਪਹਿਲੀ ਚੀਜ਼ ਛੋਹ ਕੇ
ਵੇਖੀ ਉਹ ਖੇਤਾਂ ਦੀ ਮਿੱਟੀ ਸੀ। ਉਹ ਦੇਖਣਾ ਚਾਹੁੰਦਾ ਸੀ ਕਿ ਇਹ ਮਿੱਟੀ ਕਿਹੋ ਜਿਹੀ ਹੈ!
1948 ਵਿਚ ਜਦੋਂ ਉਹ ਪਹਿਲੀ ਵਾਰ ਪਹਾੜ ‘ਤੇ ਗਿਆ ਸੀ ਉਦੋਂ ਵੀ ਉਸ ਨੇ ਪਠਾਨਕੋਟ ਤੋਂ ਅੱਗੇ
ਬੱਸ ਰੁਕਣ ਸਮੇਂ ਮਿੱਟੀ ਨੂੰ ਹੱਥ ਲਾ ਕੇ ਵੇਖਿਆ ਸੀ ਕਿ ਪਹਾੜ ਦੀ ਮਿੱਟੀ ਕਿਹੋ ਜਿਹੀ ਹੈ?
ਕਿਸਾਨ ਦਾ ਪੁੱਤ ਕਿਤੇ ਵੀ ਜਾਵੇ ਉਹ ਜ਼ਮੀਨ ਤੇ ਫਸਲਾਂ ਵੇਖੇ ਬਿਨਾਂ ਨਹੀਂ ਰਹਿ ਸਕਦਾ।
ਆਪਣੇ ਅਮਰੀਕੀ ਟੂਰ ਤੋਂ ਮੁੜਦਿਆਂ ਉਸ ਕੈਲੇਫੋਰਨੀਆਂ ਦੇ ਬਾਗ਼ ਵੇਖੇ, ਸਟਾਕਟਨ ਦਾ
ਗੁਰਦਵਾਰਾ ਵੇਖਿਆ, ਪੰਜਾਬੀ ਕਿਸਾਨਾਂ ਨੂੰ ਮਿਲਿਆ ਤੇ ਹਵਾਈ ਟਾਪੂ ਉਤੇ ਦਸ ਦਿਨ ਰਿਹਾ। ਉਥੇ
ਵੀ ਉਸ ਨੇ ਦੋ ਸੈਮੀਨਾਰ ਦਿੱਤੇ। ਉਸ ਨੇ ਇੰਡੀਆ ਵਿਚ ਗ਼ਰੀਬਾਂ ਨੂੰ ਥੁੜਾਂ ਕਾਰਨ ਨੰਗੇ
ਫਿਰਦੇ ਵੇਖਿਆ ਸੀ ਪਰ ਹਵਾਈ ਟਾਪੂ ਉਤੇ ਅਮੀਰ ਸੈਲਾਨੀਆਂ ਨੂੰ ਨੰਗੇ ਫਿਰਦੇ ਵੇਖਿਆ। ਨੰਗੇਜ
ਜਾਂ ਕਪੜਿਆਂ ਦੇ ਘੱਟ-ਵੱਧ ਪਹਿਨਣ ਦਾ ਆਧਾਰ ਵੱਖ ਵੱਖ ਪਰਸੰਗਾਂ ਵਿਚ ਹੁੰਦੈ। ਜਿਥੇ ਸਾਰੇ
ਹੀ ਨੰਗ ਧੜੰਗੇ ਹੋਣ ਉਥੇ ਕਪੜੇ ਪਹਿਣਨ ਵਾਲਾ ਅਸ਼ਲੀਲ ਲੱਗਣ ਲੱਗਦੈ!
ਵਾਪਸ ਲੁਧਿਆਣੇ ਮੁੜਦਿਆਂ ਉਸ ਨੇ ਟੋਕੀਓ ਤੇ ਕਿਓਟਾ ਦੀਆਂ ਯੂਨੀਵਰਸਿਟੀਆਂ ਵਿਚ ਸੈਮੀਨਾਰ
ਦਿੱਤੇ। ਜਾਪਾਨ ਵਿਚ ਕੁਝ ਕਿਸਾਨ ਘਰਾਂ ਨੂੰ ਨੇੜਿਓਂ ਵੇਖਿਆ ਤੇ ਉਨ੍ਹਾਂ ਦੇ ਇਕ ਹੈਕਟੇਅਰ
ਦੇ ਫਾਰਮਾਂ ਵਾਲੀ ਖੇਤੀ ਤੋਂ ਕਾਫੀ ਕੁਝ ਸਿੱਖਿਆ। ਪੰਜਾਬ ਦੇ ਫਾਰਮ ਵੀ ਹੁਣ ਇਕ ਦੋ
ਹੈਕਟੇਅਰਾਂ ਦੇ ਹੀ ਰਹਿ ਗਏ ਹਨ। ਜੌਹਲ ਦਾ ਸੁਫ਼ਨਾ ਹੈ ਕਿ ਪੰਜਾਬ ਵਿਚ ਸਨਅੱਤਾਂ ਤੇ
ਫੈਕਟਰੀਆਂ ਇਸ ਤਰ੍ਹਾਂ ਵਿਕਸਿਤ ਹੋਣ ਜਿਨ੍ਹਾਂ ਵਿਚ ਕਿਸਾਨਾਂ ਨੂੰ ਵਿਹਲੇ ਵਕਤ ਕੰਮ ਮਿਲ
ਸਕੇ। ਲੋਕ ਸਾਈਕਲਾਂ ਜਾਂ ਬੱਸਾਂ ‘ਤੇ ਪੰਜ ਦਸ ਕਿਲੋਮੀਟਰ ‘ਤੇ ਜਾ ਕੇ ਕੁਝ ਘੰਟੇ ਕੰਮ ਕਰ
ਸਕਣ ਤੇ ਮੁੜ ਕੇ ਆਪਣਾ ਫਾਰਮ ਸੰਭਾਲਣ। ਪੰਜਾਬ ਦੀ ਖੇਤੀਬਾੜੀ ਦਾ ਮਸ਼ੀਨੀਕਰਨ ਹੋ ਜਾਣ ਨਾਲ
ਸਾਲ ਵਿਚ ਦੋ-ਦੋ ਮਹੀਨੇ ਦਾ ਮੌਸਮੀ ਕੰਮ ਰਹਿ ਗਿਆ ਹੈ। ਕਿਸਾਨਾਂ ਨੂੰ ਸਾਰਾ ਸਾਲ ਕੰਮ
ਚਾਹੀਦੈ। ਉਹ ਜਾਪਾਨੀ ਪੈਟਰਨ ‘ਤੇ ਦਿੱਤਾ ਜਾ ਸਕਦੈ।
ਡਾ. ਜੌਹਲ ਨੇ ਫਿਲਪਾਈਨ ਤੇ ਹਾਂਗਕਾਂਗ ਦਾ ਗੇੜਾ ਵੀ ਕੱਢਿਆ। ਹਾਂਗਕਾਂਗ ਦੀ ਖੁੱਲ੍ਹੀ ਮੰਡੀ
‘ਚੋਂ ਉਸ ਨੇ ਮੁਕਾਬਲਤਨ ਸਸਤਾ ਪਰ ਉਂਜ ਮਹਿੰਗਾ ਪਾਰਕਰ-81 ਪੈੱਨ ਖਰੀਦਿਆ ਜੋ 60 ਡਾਲਰ ਦਾ
ਆਇਆ। ਉਦੋਂ ਸੋਨਾ ਉਥੇ 65 ਰੁਪਏ ਤੋਲਾ ਸੀ। ਮਹਿੰਗਾ ਪੈੱਨ ਖਰੀਦ ਤਾਂ ਲਿਆ ਪਰ ਜੌਹਲ ਦੀ
ਸਿਆਹੀ ਭਰਨ ਦੀ ਹਿੰਮਤ ਨਾ ਪਵੇ। ਆਖ਼ਰ ਉਹ ਪੈੱਨ ਉਵੇਂ ਹੀ ਆਪਣੇ ਜੁਆਈ ਨੂੰ ਤੋਹਫ਼ੇ ਵਜੋਂ
ਦੇ ਦਿੱਤਾ। ਬਾਅਦ ਵਿਚ ਜਿੰਨੇ ਵੀ ਪਾਰਕਰ ਪੈੱਨ ਉਸ ਦੇ ਹੱਥ ਆਏ ਹਫ਼ਤੇ ਦਸ ਦਿਨਾਂ ਬਾਅਦ ਹੀ
ਵੰਡੇ ਜਾਂਦੇ ਰਹੇ ਜਿਨ੍ਹਾਂ ‘ਚੋਂ ਇਕ ਮੇਰੇ ਹਿੱਸੇ ਵੀ ਆਇਆ ਸੀ। ਉਹਦੇ ‘ਚ ਸਿਆਹੀ ਭਰਨ ਦੀ
ਮੇਰੀ ਵੀ ਹਿੰਮਤ ਨਹੀਂ ਸੀ ਪਈ ਤੇ ਮੈਂ ਵੀ ਉਹ ਤੋਹਫ਼ੇ ਵਜੋਂ ਅੱਗੇ ਦੇ ਦਿੱਤਾ ਸੀ।
ਡਾ. ਜੌਹਲ ਉਂਜ ਤਾਂ ਲੁਧਿਆਣੇ ਦੇ ਅਮੀਰਾਂ ਵਾਂਗ ਅਮੀਰ ਨਹੀਂ ਪਰ ਦਿਲ ਦਾ ਹੱਦੋਂ ਵੱਧ ਅਮੀਰ
ਹੈ। ਲੋੜਵੰਦ ਦੀ ਲੋੜ ਪੂਰੀ ਕਰ ਕੇ ਖ਼ੁਸ਼ ਹੁੰਦੈ, ਆਪ ਦੀ ਭਾਵੇਂ ਦਿਵਾਲੀ ਵੀ ਨਾ ਮਨਾਈ
ਜਾਵੇ। ਇਕ ਵਾਰ ਐਸਾ ਹੋਇਆ ਕਿ ਘਰ ਵਿਚ ਨਿਆਣੇ ਮਠਿਆਈ ਤੇ ਪਟਾਕੇ ਉਡੀਕਦੇ ਰਹੇ ਪਰ ਉਹ ਜੇਬ
ਵਿਚਲੇ ਸਾਰੇ ਪੈਸੇ ਕਿਸੇ ਲੋੜਵੰਦ ਪਹਾੜੀਏ ਨੂੰ ਦੇ ਆਇਆ। ਮੈਂ ਇਕ ਵਾਰ ਨਹੀਂ ਅਨੇਕਾਂ ਵਾਰ
ਵੇਖਿਆ ਕਿ ਉਹ ਵਿਦਿਆਰਥੀਆਂ ਨੂੰ ਪੱਲਿਓਂ ਇਨਾਮ ਦਿੰਦਾ ਆ ਰਿਹੈ। ਅਨੇਕਾਂ ਵਿਦਿਆਰਥੀਆਂ ਦੀ
ਆਪਣੇ ਕੋਲੋਂ ਫੀਸਾਂ ਭਰ ਕੇ ਸਹਾਇਤਾ ਕੀਤੀ। ਫਰਵਰੀ 2015 ਵਿਚ ਅਮਰਦੀਪ ਕਾਲਜ ਤੇ ਸਕੂਲ ਦੀ
ਅਥਲੈਟਿਕ ਮੀਟ ਹੋਈ ਤਾਂ ਕੁੜੀਆਂ ਦੀ ਲੰਮੀ ਦੌੜ ਲੱਗੀ। ਇਕ ਕੁੜੀ ਸਭ ਤੋਂ ਪਿੱਛੇ ਰਹਿ ਗਈ
ਪਰ ਉਸ ਨੇ ਡਿੱਗਦੀ ਢਹਿੰਦੀ ਨੇ ਦੌੜ ਪੂਰੀ ਕਰ ਲਈ। ਜੌਹਲ ਖ਼ੁਦ ਦੌੜ ਵੇਖ ਰਿਹਾ ਸੀ। ਇਨਾਮ
ਆਮ ਤੌਰ ‘ਤੇ ਜੇਤੂਆਂ ਨੂੰ ਦਿੱਤੇ ਜਾਂਦੇ ਹਨ ਪਰ ਜੌਹਲ ਨੇ ਬਟੂਆ ਕੱਢਿਆ ਤੇ ਸਭ ਤੋਂ ਪਿੱਛੇ
ਦੌੜ ‘ਪੂਰੀ’ ਕਰਨ ਵਾਲੀ ਕੁੜੀ ਨੂੰ ਇਨਾਮ ਦਿੱਤਾ! ਕਾਲਜ ਦੇ ਗੁਰਦਵਾਰੇ ਵਿਚ ਪੇਸ਼ਾਵਰ ਰਾਗੀ
ਕੀਰਤਨ ਕਰਨ ਤਾਂ ਉਹ ਦਸ ਰੁਪਏ ਹੀ ਮੱਥਾ ਟੇਕਦੈ, ਜੇ ਵਿਦਿਆਰਥੀ ਕੀਰਤਨ ਕਰਨ ਤਾਂ ਸੌ ਤੋਂ
ਘੱਟ ਨਹੀਂ ਟੇਕਦਾ!
ਉਸ ਵਿਚ ਧਾਰਮਿਕ ਸੰਕੀਰਨਤਾ ਦਾ ਭੋਰਾ ਭਰ ਵੀ ਅੰਸ਼ ਨਹੀਂ। ਇਹ ਗੱਲ ਨਹੀਂ ਕਿ ਉਹ ਨਾਸਤਕ
ਹੈ। ਉਹ ਕਦੇ ਕਦੇ ਪਾਠ ਤੇ ਅਰਦਾਸ ਵੀ ਕਰ ਲੈਂਦੈ। ਲੰਗਰ ਲਈ ਆਟੇ ਦੀ ਬੋਰੀ ਦੇਣੋਂ ਘਾਉਲ
ਨਹੀਂ ਕਰਦਾ। ਅਮਰਦੀਪ ਕਾਲਜ ਦੇ ਗੁਰਦਵਾਰੇ ਦੀ ਡਿਓੜੀ ਦਾ ਨੀਂਹ ਪੱਥਰ ਉਸ ਨੇ ਖੇਤੀਬਾੜੀ
ਯੂਨੀਵਰਸਿਟੀ ਫੈਸਲਾਬਾਦ ਤੋਂ ਸੱਦੇ ਪ੍ਰੋ. ਅਬਦੁੱਲ ਕਿਯੂਮ ਤੋਂ ਰੱਖਵਾਇਆ। ਇਕ ਵਜ਼ੀਫ਼ਾ
ਆਪਣੇ ਪਾਕਿਸਤਾਨ ਵਿਚ ਰਹਿ ਗਏ ਸਕੂ਼ਲ ਦੇ ਉਸਤਾਦ ਸੂਫ਼ੀ ਮੁਹੰਮਦ ਦੀਨ ਦੇ ਨਾਮ ਉਤੇ ਲਾਇਆ
ਜੋ ਹਰ ਵਰ੍ਹੇ ਇਕ ਵਿਦਿਆਰਥੀ ਨੂੰ ਦਿੱਤਾ ਜਾ ਰਿਹੈ। ਅਮਰਦੀਪ ਕਾਲਜ ਦੀ ਲਾਇਬ੍ਰੇਰੀ ਲਈ ਹੀ
ਨਹੀਂ ਹੋਰ ਲਾਇਬ੍ਰੇਰੀਆਂ ਨੂੰ ਵੀ ਹਜ਼ਾਰਾਂ ਕਿਤਾਬਾਂ ਦਿੱਤੀਆਂ। ਅਮਰਦੀਪ ਕਾਲਜ ਨਾਲ ਕਈ
ਦਾਨੀ ਮੈਂਬਰ ਜੋੜੇ। ਪੰਜਾਬ ਪਲੈਨਿੰਗ ਬੋਰਡ ਦਾ ਵਾਈਸ ਚੇਅਰਮੈਨ ਹੁੰਦਿਆਂ ਪੇਂਡੂ ਕਾਲਜਾਂ
ਲਈ ਵਿਸ਼ੇਸ਼ ਗਰਾਂਟਾਂ ਜਾਰੀ ਕਰਵਾਈਆਂ। ਪਿੰਡਾਂ ਦੇ ਵਿਦਿਆਰਥੀਆਂ ਲਈ ਉਹਦੇ ਦਿਲ ਵਿਚ ਕੁਝ
ਵਧੇਰੇ ਹੀ ਹਮਦਰਦੀ ਹੈ।
ਅਮਰੀਕਾ ਦੇ ਟੂਰ ਪਿੱਛੋਂ ਉਹਦੇ ਲਈ ਸਾਰੀ ਦੁਨੀਆ ਦੇ ਦਰ ਖੁੱਲ੍ਹ ਗਏ ਸਨ। 1970, 85, 89
ਤੇ 91 ਵਿਚ ਉਹ ਸੋਵੀਅਤ ਯੂਨੀਅਨ ਦੇ ਦੌਰੇ ‘ਤੇ ਗਿਆ। 1984 ਵਿਚ ਕਿਊਬਾ ਅਤੇ 1986 ਤੇ 96
ਵਿਚ ਚੀਨ ਵੇਖਿਆ। ਤਿੰਨ ਸਿਰਕੱਢ ਸਮਾਜਵਾਦੀ ਦੇਸ਼ ਉਸ ਨੇ ਬਹੁਤ ਨੇੜਿਓਂ ਵੇਖੇ। ਉਸ ਵਕਤ
ਲੈਨਿਨ ਪ੍ਰਤੀ ਲੋਕਾਂ ਦੀ ਏਨੀ ਸ਼ਰਧਾ ਸੀ ਕਿ ਨਵੇਂ ਵਿਆਹੇ ਜੋੜੇ ਪਹਿਲਾ ਕੰਮ ਲੈਨਿਨ ਨੂੰ
ਸਿਜਦਾ ਕਰਨ ਦਾ ਕਰਦੇ। ਉਥੇ ਉਹ ਗੁਲਦਸਤੇ ਚੜ੍ਹਾਉਂਦੇ। ਮਾਸਕੋ ਵਿਚ ਜੌਹਲ ਨੇ ਇਕ ਚਰਚ ਵਿਚ
ਦੁਨੀਆ ਦਾ ਸਭ ਤੋਂ ਪੁਰਾਣਾ ਘੜਿਆਲ ਵੇਖਿਆ ਪਰ ਉਹ ਕਦੇ ਵੱਜਿਆ ਨਹੀਂ। ਵਿਸ਼ਵ ਦੀ ਸਭ ਤੋਂ
ਵੱਡੀ ਤੋਪ ਵੇਖੀ ਜੋ ਕਦੇ ਚੱਲੀ ਨਹੀਂ ਸੀ। ਇਕ ਰਸਮੀ ਪਾਰਟੀ ਵਿਚ ਉਥੋਂ ਦੇ ਰਿਵਾਜ਼
ਮੁਤਾਬਿਕ ਇਕ ਕੁੜੀ ਨਾਲ ਨੱਚਣਾ ਵੀ ਪਿਆ ਜਿਥੇ ਉਸ ਨੇ ਪੰਜ-ਸੱਤ ਮਿੰਟ ਐਵੇਂ ਲੱਤਾਂ-ਲੁੱਤਾਂ
ਮਾਰ ਕੇ ਡੰਗ ਸਾਰਿਆ!
ਦਸੰਬਰ 1991 ਵਿਚ ਡਾ. ਜੌਹਲ ਸੋਵੀਅਤ ਯੂਨੀਅਨ ਵਿਚ ਵਿਸ਼ਵ ਬੈਂਕ ਦੇ ਸਲਾਹਕਾਰ ਵਜੋਂ ਗਿਆ।
ਉਸ ਦੀ ਜਿ਼ੰਮੇਵਾਰੀ ਬਦਲਦੇ ਢਾਂਚੇ ਵਿਚ ਕਿਸਾਨਾਂ ਦੀ ਸਹਾਇਤਾ ਕਰਨੀ ਸੀ। ਉਹਦੇ ਜਾਣ ਤੋਂ
ਇਕ ਹਫ਼ਤੇ ਬਾਅਦ ਹੀ ਸਮਾਜਵਾਦੀ ਢਾਂਚਾ ਢਹਿ ਢੇਰੀ ਹੋ ਗਿਆ। 1989 ਵਿਚ ਡਾਲਰ ਦਾ ਸਰਕਾਰੀ
ਰੇਟ 4 ਰੂਬਲ ਸੀ। ਜੌਹਲ ਨੇ ਜਾਣ ਵੇਲੇ ਡਾਲਰ ਦੇ 45 ਰੂਬਲ ਲਏ ਸਨ ਜੋ ਹਫ਼ਤੇ ਬਾਅਦ 125
ਮਿਲਣ ਲੱਗੇ। ਮੰਡੀਆਂ ਵਿਚ ਮਾਫ਼ੀਆ ਗਰੋਹਾਂ ਦਾ ਬੋਲਬਾਲਾ ਸੀ। ਸਰਕਾਰੀ ਦੁਕਾਨ ਉਤੇ ਲਿਖਿਆ
ਕਿੱਲੋ ਮੀਟ ਦਾ ਭਾਅ 15 ਰੂਬਲ ਸੀ ਪਰ ਮਿਲਦਾ ਨਹੀਂ ਸੀ। ਨਾਲ ਦੀ ਦੁਕਾਨ ‘ਤੇ 125 ਰੂਬਲ
ਨੂੰ ਵਿਕ ਰਿਹਾ ਸੀ। ਮੰਡੀ ਆਧਾਰਤ ਆਰਥਿਕਤਾ ਦੀ ਥਾਂ ਬੇਨਿਯਮੀ ਤੇ ਲੁੱਟ-ਖਸੁੱਟ ਦਾ
ਬੋਲ-ਬਾਲਾ ਸੀ। ਬਾਹਰਲੇ ਮਾਹਿਰਾਂ ਦੇ ਮਸ਼ਵਰੇ ਦਾ ਕੋਈ ਖ਼ਾਸ ਲਾਭ ਨਹੀਂ ਸੀ ਹੋ ਸਕਦਾ।
ਵਿਸ਼ਵ ਬੈਂਕ ਰਾਹੀਂ ਪੱਛਮੀ ਦੇਸ਼ਾਂ ਦਾ ਵਿਖਾਵਾ ਵੱਧ ਸੀ ਅਤੇ ਸਹਾਇਤਾ ਘੱਟ ਜਾਂ ਨਾਮਾਤਰ।
ਸੋਵੀਅਤ ਯੂਨੀਅਨ ਦੇ ਸਮਾਜਵਾਦੀ ਢਾਂਚੇ ਦੇ ਢਹਿ ਢੇਰੀ ਹੋ ਜਾਣ ਬਾਰੇ ਡਾ. ਜੌਹਲ ਦਾ ਵਿਚਾਰ
ਹੈ, “ਜੇ ਇਨਸਾਨੀ ਗ਼ਲਤੀ ਨਾਲ ਇਕ ਆਧੁਨਿਕ ਹਵਾਈ ਜਹਾਜ਼ ਦਾ ਹਾਦਸਾ ਹੋ ਜਾਏ ਅਤੇ ਜਹਾਜ਼
ਟੁੱਟ ਜਾਏ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਜਹਾਜ਼ ਉੱਡ ਨਹੀਂ ਸਕਦਾ ਅਤੇ ਨਾਕਾਮਯਾਬ ਹੈ।
ਮੈਂ ਸਮਝਦਾ ਹਾਂ ਕਿ ਸਮਾਜਵਾਦ ਦੀ ਫਿ਼ਲਾਸਫ਼ੀ ਇਕ ਬਦਲਦੀ ਅਤੇ ਪ੍ਰਗਤੀਵਾਦੀ ਫਿ਼ਲਾਸਫ਼ੀ
ਹੈ। ਹਾਲਾਤ ਦੇ ਬਦਲਣ ਨਾਲ ਲੋੜੀਂਦੀ ਤਬਦੀਲੀ ਜ਼ਰੂਰੀ ਹੈ। ਜੇ ਕਿਸੇ ਸਿਸਟਮ ਨੂੰ ਇਕ ਖੜੋਤ
ਜਾਂ ਜਮੂਦ ਵਿਚ ਰੱਖਿਆ ਜਾਵੇ ਤਾਂ ਉਹ ਹਾਲਾਤ ਦੇ ਥਪੇੜੇ ਝੱਲਣ ਜੋਗਾ ਨਹੀਂ ਰਹਿੰਦਾ ਅਤੇ
ਟੁੱਟ-ਭੱਜ ਜਾਂਦਾ ਹੈ। ਇਹੋ ਕੁਝ ਸੋਵੀਅਤ ਸੋਸ਼ਲਿਸਟ ਸਿਸਟਮ ਨਾਲ ਹੋਇਆ। ਜਦ ਸੱਤਰ ਸਾਲ
ਕਿਸੇ ਸਿਸਟਮ ਨੂੰ ਉਂਜ ਦਾ ਉਂਜ ਹੀ ਬੰਨ੍ਹ ਕੇ ਰੱਖਿਆ ਜਾਵੇ ਤਾਂ ਉਹ ਬਦਲਦੇ ਹਾਲਾਤ ਦਾ
ਹਾਣੀ ਕਿਵੇਂ ਰਹਿ ਸਕਦਾ ਹੈ? ਮੇਰੇ ਖਿਆਲ ਵਿਚ ਇਸ ਨੂੰ ਸਮਾਜਵਾਦ ਦੀ ਨਾਕਾਮਯਾਬੀ ਕਹਿਣਾ
ਨਾਸਮਝੀ ਹੈ।”
ਚੀਨ ਵਿਚ ਉਹ 1986 ‘ਚ ਗਿਆ। ਉਸ ਵਕਤ ਉਹ ਨੈਸ਼ਨਲ ਪ੍ਰੋਫ਼ੈਸਰ ਆਫ਼ ਐਮੀਨੈਂਸ ਇਨ ਇਕਨੌਮਿਕਸ
ਸੀ। ਉਸ ਨੇ ਵੇਖਣਾ ਸੀ ਕਿ ਚੀਨੀ ਕਿਸਾਨ ਪ੍ਰਤੀ ਏਕੜ ਵੱਧ ਉਪਜ ਕਿਵੇਂ ਕੱਢਦਾ ਹੈ? ਦੂਜਾ ਉਹ
ਕਚਰੇ ਤੇ ਆਰਗੈਨਿਕ ਵੇਸਟ ਨੂੰ ਕਿਵੇਂ ਵਰਤਦੇ ਹਨ? ਤੀਜਾ ਆਪਣੇ ਅੰਕੜੇ ਕਿਵੇਂ ਤਿਆਰ ਕਰਦੇ
ਹਨ? ਸਭ ਕਾਸੇ ਦਾ ਅਧਿਐਨ ਕਰਨ ਪਿੱਛੋਂ ਜੋ ਰਿਪੋਰਟ ਡਾ. ਜੌਹਲ ਨੇ ਸਰਕਾਰ ਨੂੰ ਦਿੱਤੀ ਉਹ
ਸੀਕਰਟ ਕਰ ਦਿੱਤੀ। ਨਾਲ ਕਿਹਾ ਕਿ ਕਿਸੇ ਹੋਰ ਨੂੰ ਵੀ ਨਾ ਦਿੱਤੀ ਜਾਵੇ! ਚੀਨ ਦਾ ਸਮਾਜਵਾਦ,
ਮਾਰਕਸਵਾਦ ਅਤੇ ਲੈਨਿਨਵਾਦ ਦੇ ਪ੍ਰਸੰਗ ਵਿਚ ਮਾਓਵਾਦ ‘ਤੇ ਚਲਦਾ ਸੀ ਜਿਸ ਵਿਚ ਚੀਨੀ ਖਸਲਤ
ਦਾ ਸੁਮੇਲ ਸੀ। ਇਹ ਸਮਾਜਵਾਦ ਇਕ ਨੁਕਤੇ ‘ਤੇ ਜਮੂਦ ਵਿਚ ਨਹੀਂ ਸੀ ਸਗੋਂ ਹਾਲਾਤ ਦੇ
ਮੁਤਾਬਿਕ ਪ੍ਰਗਤੀਵਾਦੀ ਸੀ। ਜੇ ਕਿਸੇ ਕਰਮਚਾਰੀ ਦੀ ਘੱਟ ਤੋਂ ਘੱਟ ਤਨਖਾਹ 100 ਜੁਆਨ ਸੀ
ਤਾਂ 300 ਜੁਆਨ ਤੋਂ ਕਿਸੇ ਦੀ ਵੀ ਵੱਧ ਨਹੀਂ ਸੀ। ਨਵੇਂ ਜੂਨੀਅਰ ਪ੍ਰਫ਼ੈਸਰ ਨੂੰ 140 ਜੁਆਨ
ਮਿਲਦੇ ਸਨ ਤੇ ਵਾਈਸ ਚਾਂਸਲਰ ਨੂੰ 250 ਤੋਂ ਵੱਧ ਨਹੀਂ ਸਨ ਮਿਲਦੇ। ਚੀਨੀ ਸਮਾਜਵਾਦ ਇਹ
ਸਵੀਕਾਰ ਕਰ ਰਿਹਾ ਸੀ ਕਿ ਮੁਲਕ ਦੀ ਤਰੱਕੀ ਲਈ ਕੁਝ ਲੋਕਾਂ ਦਾ ਅਮੀਰ ਹੋਣਾ ਜ਼ਰੂਰੀ ਹੈ ਤਾਂ
ਜੋ ਸਰਮਾਇਆਕਾਰੀ ਹੋ ਸਕੇ, ਵਿਦੇਸ਼ੀ ਸਰਮਾਇਆ ਤੇ ਤਕਨਾਲੋਜੀ ਦੇਸ਼ ਵਿਚ ਆ ਸਕੇ ਤਾਂ ਜੋ
ਕੌਮਾਂਤਰੀ ਮੰਡੀ ਵਿਚ ਕਾਮਯਾਬੀ ਨਾਲ ਵਿਚਰਿਆ ਜਾ ਸਕੇ। ਇਸ ਤਰ੍ਹਾਂ ਸਮਾਜਵਾਦ ਤੇ ਪੂੰਜੀਵਾਦ
ਦੇ ਚੰਗੇ ਪੱਖਾਂ ਦਾ ਸੁਮੇਲ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦਾ ਸਿਸਟਮ
ਕਾਮਯਾਬ ਰਿਹਾ।
ਚੀਨੀ ਕਿਸਾਨ ਨੂੰ ਉਸ ਨੇ ਏਨਾ ਮਿਹਨਤੀ ਤੇ ਲਗਨ ਵਾਲਾ ਵੇਖਿਆ ਕਿ ਆਪਣਾ ਕਿਸਾਨ ਉਹਦੇ ਪਾ
ਪਾਸਕ ਵੀ ਨਾ ਲੱਗਾ। ਉਹ ਘਰ ਜਾਂ ਖੇਤ, ਬੰਦੇ ਤੇ ਪਸ਼ੂ ਦੀ ਕੋਈ ਚੀਜ਼ ਵੀ ਜ਼ਾਇਆ ਨਹੀਂ ਸੀ
ਹੋਣ ਦਿੰਦਾ। ਹਰ ਘਰ ਵਿਚ ਗੋਬਰ ਗੈਸ ਪਲਾਂਟ ਲੱਗਾ ਹੋਇਆ ਸੀ। ਖੇਤਾਂ ਦਾ ਫਾਲਤੂ ਘਾਹ-ਫੂਸ,
ਵਿਹੜੇ ਦਾ ਕੂੜਾ, ਮੁਰਗੀਆਂ ਦੀਆਂ ਵਿੱਠਾਂ, ਸੂਰਾਂ ਦਾ ਵਿਸ਼ਟਾ ਤੇ ਇਨਸਾਨੀ ਟਾਇਲੈੱਟ ਸਭ
ਗੋਬਰ ਗੈਸ ਪਲਾਂਟ ਵਿਚ ਜਾਂਦੇ ਸਨ। ਪਲਾਂਟਾਂ ਦਾ ਪਾਣੀ ਛੱਪੜਾਂ ਵਿਚ ਜਾਂਦਾ ਸੀ ਜਿਸ ਵਿਚ
ਮੱਛੀਆਂ ਤੇ ਬੱਤਖਾਂ ਪਲਦੀਆਂ ਸਨ। ਗੋਬਰ ਗੈਸ ਪਲਾਂਟਾਂ ਦੀ ਖਾਦ ਖੇਤੀ ਵਿਚ ਜਾਂਦੀ ਸੀ।
ਵਿਹਲਾ ਕੋਈ ਬੈਠਾ ਨਹੀਂ ਵੇਖਿਆ, ਸਭ ਨਿੱਕੇ-ਮੋਟੇ ਆਹਰ ਲੱਗੇ ਹੀ ਵੇਖੇ। ਡਿਸਿਪਲਿਨ ਏਨਾ ਕਿ
ਸ਼ਾਮ ਪੰਜ ਵਜੇ ਦਾ ਸਾਇਰਨ ਵੱਜਦਾ ਤਾਂ ਭਾਵੇਂ ਕੋਈ ਕਾਮਾ ਹੋਵੇ, ਭਾਵੇਂ ਵਿਦਿਆਰਥੀ ਤੇ
ਭਾਵੇਂ ਉਸਤਾਦ, ਸਭ ਸੰਗੀਤ ਦੀ ਆਵਾਜ਼ ਉਤੇ ਪੀ. ਟੀ. ਕਰਦੇ। ਕਾਨੂੰਨ ਬਣ ਗਿਆ ਸੀ ਕਿ ਕੋਈ
ਜੋੜਾ ਇਕ ਤੋਂ ਵੱਧ ਬੱਚਾ ਪੈਦਾ ਨਹੀਂ ਸੀ ਕਰ ਸਕਦਾ। ਜੌਹਲ ਪੁੱਛ ਬੈਠਾ, “ਖੁਦਾ-ਨਾ-ਖਾਸਤਾ
ਜੇ ਦੂਜਾ ਹੋ ਜਾਵੇ?” ਜੁਆਬ ਸੀ, “ਕਿਵੇਂ ਹੋ ਜਾਵੇ? ਜੁਰਮਾਨਾ ਹੈ, ਜੇਲ੍ਹ ਹੈ, ਅਲਾਊਂਸ
ਬੰਦ ਤੇ ਬਦਨਾਮੀ ਵੱਖਰੀ।” ਕਾਨੂੰਨ ਉਥੇ ਕਾਨੂੰਨ ਸੀ ਨਾ ਕਿ ਭਾਰਤ ਵਾਂਗ ਕਹਿਣ ਨੂੰ ਕੁਛ ਤੇ
ਕਰਨ ਨੂੰ ਕੁਛ। ਉਸ ਦਾ ਮੱਤ ਹੈ ਕਿ ਭਾਰਤ ਨੂੰ ਬਹੁਤੇ ਕਾਨੂੰਨ ਬਣਾਉਣ ਦੀ ਲੋੜ ਨਹੀਂ, ਬਣੇ
ਹੋਏ ਲਾਗੂ ਕਰ ਲਵੇ ਤਾਂ ਗ਼ਨੀਮਤ ਹੈ।
ਡਾ. ਜੌਹਲ ਨੇ ਕਿਊਬਾ ਦਾ ਦੌਰਾ ਵੀ ਕੀਤਾ ਤੇ ਉਥੋਂ ਦਾ ਮੈਡੀਕਲ ਸਿਸਟਮ ਉਸ ਨੂੰ ਸਭ ਤੋਂ
ਚੰਗਾ ਲੱਗਾ। ਉਸ ਨੇ ਹਵਾਨਾ ਵਿਚ ਇਕ ਹਸਪਤਾਲ ਵੇਖਿਆ ਜਿਸ ਦੀਆਂ ਵੀਹ ਤੋਂ ਵੱਧ ਮੰਜ਼ਲਾਂ
ਸਨ। ਸਮੁੰਦਰ ਕੰਢੇ ਬਣੇ ਇਸ ਹਸਪਤਾਲ ਦੇ ਸੁਆਗਤੀ ਹਾਲ ‘ਚ ਪੈਰ ਪਾਇਆ ਤਾਂ ਕਿਸੇ ਪੰਜ
ਸਿਤਾਰਾ ਹੋਟਲ ਵਿਚ ਜਾਣ ਵਰਗਾ ਅਹਿਸਾਸ ਹੋਇਆ। ਕਿਸੇ ਕਿਸਮ ਦੀ ਕੋਈ ਬੂ ਹਸਪਤਾਲ ਵਿੱਚੋਂ
ਨਹੀਂ ਸੀ ਆ ਰਹੀ। ਮਰੀਜ਼ ਦਾ ਆਪਣਾ ਸਮਾਨ ਸਿਰਫ਼ ਅੰਡਰ-ਵੀਅਰਜ਼ ਤੇ ਦੰਦਾਂ ਵਾਲਾ ਬੁਰਸ਼ ਹੀ
ਹੁੰਦੈ ਜਦ ਕਿ ਬਾਕੀ ਸਭ ਕੁਝ ਹਸਪਤਾਲ ਦਿੰਦਾ ਹੈ। ਮਰੀਜ਼ ਦਾ ਦਿਲ ਨਹੀਂ ਕਰਦਾ ਕਿ ਹਸਪਤਾਲ
ਛੱਡੇ!
ਕਿਊਬਾ ਦੀ ਰਾਜਧਾਨੀ ਹਵਾਨਾ ਵਿਚ ਨੋਬਲ ਅਵਾਰਡ ਲੇਖਕ ਅਰਨੈਸਟ ਹੈਮਿੰਗਵੇ ਹਰ ਸਾਲ ਹਵਾਖੋਰੀ
ਲਈ ਆਇਆ ਕਰਦਾ ਸੀ। ਉਸ ਨੇ ‘ਬੁੱਢਾ ਤੇ ਸਮੁੰਦਰ’ ਨਾਵਲ ਲਿਖਿਆ ਸੀ। ਡਾ. ਜੌਹਲ ਨੇ ਉਹ ਬਾਰ
ਵੇਖੀ ਜਿਥੇ ਉਹ ਸ਼ਾਮ ਨੂੰ ਇਕ-ਦੋ ਪੈੱਗ ਪੀਂਦਾ। ਉਹਦੀ ਮਨਪਸੰਦ ਡਰਿੰਕ ਸੀ ਵੋਦਕਾ, ਲੈਮਨ
ਕਾਰਡੀਅਲ ਤੇ ਹਰਾ ਪੁਦੀਨਾ। ਉਸੇ ਡਰਿੰਕ ਨੂੰ ਹੁਣ ਹੈਮਿੰਗਵੇ ਦੇ ਨਾਂ ਨਾਲ ਜੋੜ ਕੇ ਖ਼ੂਬ
ਖੱਟੀ ਕਮਾਈ ਕੀਤੀ ਜਾ ਰਹੀ ਸੀ। ਪਿਆਕੜ ਉਹ ਦਾਰੂ ਪੀ ਕੇ ਸਰੂਰ ਵਿਚ ਆਪਣੇ ਆਪ ਨੂੰ
‘ਹੈਮਿੰਗਵੇ’ ਮਹਿਸੂਸ ਕਰਨ ਲੱਗਦੇ ਸਨ! ਜੌਹਲ ਦਾ ਕਹਿਣਾ ਹੈ ਕਿ ਜਿਊਂਦੇ ਲੇਖਕ ਜਾਂ ਕਲਾਕਾਰ
ਨੂੰ ਭਾਵੇਂ ਭੁੱਖਾ ਮਰਨਾ ਪਵੇ, ਮਰਨ ਉਪਰੰਤ ਕਈਆਂ ਦੇ ਢਿੱਡ ਭਰ ਦਿੰਦੇ ਨੇ। ਪੰਜਾਬ ਵਿਚ ਹੀ
ਲਓ, ਪ੍ਰੋ. ਮੋਹਣ ਸਿੰਘ ਦੇ ਨਾਂ ‘ਤੇ ਮੇਲੇ, ਸਿ਼ਵ ਕੁਮਾਰ ਦੇ ਨਾਂ ‘ਤੇ ਕਵੀ ਦਰਬਾਰ ਤੇ
ਸ਼ੌਂਕੀ ਆਦਿ ਦੇ ਨਾਂ ‘ਤੇ ਗਾਉਣ ਵਜਾਉਣ ਵਾਲਿਆਂ ਦਾ ਤੋਰੀ ਫੁਲਕਾ ਚੱਲ ਰਿਹੈ। ਹਾਲੇ ਕਿਸੇ
ਨੂੰ ਹੈਮਿੰਗਵੇ ਦੇ ਨਾਂ ਵਾਂਗ ਸੁੱਝੀ ਨਹੀਂ, ਨਹੀਂ ਤਾਂ ਸਿ਼ਵ ਦੇ ਨਾਂ ਉਤੇ ਬਾਰ ਖੋਲ੍ਹ ਕੇ
ਚੋਖੀ ਕਮਾਈ ਕਰ ਲੈਣੀ ਸੀ!
ਡਾ. ਜੌਹਲ 1970 ਵਿਚ ਦੋ ਸਾਲ ਲਈ ਓਹਾਇਓ ਸਟੇਟ ਯੂਨੀਵਰਸਿਟੀ ਕੋਲੰਬਸ, ਅਮਰੀਕਾ, ਵਿਚ
ਵਿਜਿ਼ਟਿੰਗ ਪ੍ਰੋਫ਼ੈਸਰ ਵਜੋਂ ਗਿਆ ਸੀ। ਉਸ ਨੂੰ ਖੁੱਲ੍ਹ ਸੀ ਕਿ ਵੱਧ ਮਿਆਦ ਰਹਿਣਾ ਚਾਹੇ
ਤਾਂ ਉਹਦੀ ਮਰਜ਼ੀ ਹੈ। ਉਥੇ ਉਸ ਨੇ ਅੱਠ ਯੂਨੀਵਰਸਿਟੀਆਂ ਵਿਚ ਸੈਮੀਨਾਰ ਦਿੱਤੇ, ਛੇ ਖੋਜ
ਪੱਤਰ ਲਿਖੇ ਤੇ ਇਕ ਕਿਤਾਬ ਲਿਖੀ ਜਿਸ ਦੀਆਂ ਹੁਣ ਤਕ ਪੰਦਰਾਂ ਐਡੀਸ਼ਨਾਂ ਛਪ ਚੁੱਕੀਆਂ ਹਨ।
ਓਹਾਇਓ ਯੂਨੀਵਰਸਿਟੀ ਚਾਹੁੰਦੀ ਸੀ ਕਿ ਉਹ ਪੰਜ ਸਾਲ ਉਥੇ ਰਹੇ ਪਰ ਪੰਜਾਬ ਖੇਤੀਬਾੜੀ
ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਐੱਮ. ਐੱਸ. ਰੰਧਾਵਾ ਨੇ ਡਾ. ਜੌਹਲ ਨੂੰ
ਤੁਰੰਤ ਵਾਪਸ ਆਉਣ ਲਈ ਕਿਹਾ। ਉਸ ਸਮੇਂ ਜ਼ਮੀਨਾਂ ਦੀ ਉਪਰਲੀ ਹੱਦ ਮਿਥੀ ਜਾ ਰਹੀ ਸੀ ਤੇ
ਚਰਚਾ ਸੀ ਕਿ ਪੰਜ ਹੈਕਟਰ ਦੀ ਹੱਦ ਮਿਥੀ ਜਾਵੇ। ਰੰਧਾਵਾ ਸਾਹਿਬ ਨੇ ਇਸ ਮਸਲੇ ‘ਤੇ ਵਿਸਥਾਰ
ਨਾਲ ਰਿਪੋਰਟ ਤਿਆਰ ਕਰਨ ਲਈ ਡਾ. ਜੌਹਲ ਨੂੰ ਵਧੇਰੇ ਯੋਗ ਸਮਝਿਆ ਤੇ ਵਾਪਸ ਬੁਲਾ ਲਿਆ। ਇਸ
ਨਾਲ ਓਹਾਇਓ ਯੂਨੀਵਰਸਿਟੀ ਵਾਲਿਆਂ ਨੂੰ ਜ਼ਰੂਰ ਨਿਰਾਸ਼ਾ ਹੋਈ ਕਿਉਂਕਿ ਜੌਹਲ ਉਨ੍ਹਾਂ ਲਈ
ਨਗੀਨਾ ਸਾਬਤ ਹੋ ਰਿਹਾ ਸੀ।
ਡਾ. ਜੌਹਲ ਨੇ ਜ਼ਮੀਨਾਂ ਦੀ ਉਪਰਲੀ ਹੱਦ ਬਾਰੇ ਜੋ ਰਿਪੋਰਟ ਪੇਸ਼ ਕੀਤੀ ਉਸ ਵਿਚ ਦਲੀਲਾਂ ਦੇ
ਕੇ ਦੱਸਿਆ ਕਿ ਖੇਤੀ ਫਾਰਮ 12 ਹੈਕਟਰ ਯਾਨੀ 30 ਏਕੜ ਤੋਂ ਘੱਟ ਨਹੀਂ ਹੋਣੇ ਚਾਹੀਦੇ। ਸੋ
ਕਿਸਾਨਾਂ ਦੀਆਂ ਜ਼ਮੀਨਾਂ ਦੀ ਉਪਰਲੀ ਹੱਦ 12 ਹੈਕਟਰ ਤੋਂ ਘੱਟ ਨਹੀਂ ਕਰਨੀ ਚਾਹੀਦੀ। ਡਾ.
ਰੰਧਾਵਾ ਨੇ ਉਸ ਰਿਪੋਰਟ ਦੀਆਂ ਪੰਜ ਹਜ਼ਾਰ ਕਾਪੀਆਂ ਕਰਾ ਕੇ ਭਾਰਤ ਦੇ ਸਾਰੇ ਐੱਮ. ਪੀਜ਼.
ਤੇ ਐੱਮ. ਐੱਲ. ਏਜ਼. ਨੂੰ ਭੇਜੀਆਂ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਵੇਲੇ ਜ਼ਮੀਨਾਂ ਦੀ
ਉਪਰਲੀ ਹੱਦ 30 ਏਕੜ ਹੀ ਮਿਥੀ ਗਈ ਸੀ। ਬਾਅਦ ਵਿਚ ਗਿਆਨੀ ਜ਼ੈਲ ਸਿੰਘ ਦੀ ਮਨਿਸਟਰੀ ਵੇਲੇ
ਪੰਜਾਬ ਵਿਚ ਉਪਰਲੀ ਹੱਦ ਘਟਾ ਕੇ 7 ਹੈਕਟਰ ਕਰ ਦਿੱਤੀ ਗਈ। ਏਡੇ ਕੁ ਫਾਰਮ ਉਤੇ ਟ੍ਰੈਕਟਰ,
ਟਰਾਲੀ, ਖੇਤੀ ਦੇ ਸੰਦ ਤੇ ਕੰਬਾਈਨ ਬਗੈਰਾ ਰੱਖਣੇ ਵਾਰਾ ਨਹੀਂ ਖਾਂਦੇ। ਜਿਵੇਂ ਛੋਟੀ ਦੁਕਾਨ
ਘਾਟੇ ਵਿਚ ਜਾਂਦੀ ਹੈ ਉਵੇਂ ਘੱਟ ਖੇਤਾਂ ਦੀ ਖੇਤੀ ਵੀ ਘਾਟੇ ‘ਚ ਰਹਿੰਦੀ ਹੈ। ਜੌਹਲ ਜਨਵਰੀ
1972 ਵਿਚ ਪੰਜਾਬ ਪਰਤਿਆ ਤੇ ਉਸ ਨੂੰ ਆਉਂਦੇ ਨੂੰ ਸੀਨੀਅਰ ਪ੍ਰੋਫ਼ੈਸਰ ਦੀ ਪਦਵੀ ਦੇ ਦਿੱਤੀ
ਗਈ। ਕੇਵਲ 44 ਸਾਲ ਦੀ ਉਮਰ ਵਿਚ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਭ ਤੋਂ ਸੀਨੀਅਰ
ਪ੍ਰੋਫ਼ੈਸਰ ਹੋ ਗਿਆ।
ਅਕਤੂਬਰ 1974 ਵਿਚ ਉਸ ਨੂੰ ਯੂ. ਐੱਨ. ਓ. ਵਿਚ ਨੌਕਰੀ ਮਿਲ ਗਈ ਤੇ ਉਸ ਨੇ ਐੱਫ. ਏ. ਓ. ਦੇ
ਰੋਮ ਦਫ਼ਤਰ ਵਿਚ ਜਾ ਹਾਜ਼ਰੀ ਦਿੱਤੀ। ਉਥੋਂ ਉਸ ਨੂੰ ਇਰਾਨ ਵਿਚ ਅੰਤਰਰਾਸ਼ਟਰੀ ਸਲਾਹਕਾਰ
ਵਜੋਂ ਭੇਜ ਦਿੱਤਾ ਗਿਆ। ਉਥੇ ਉਸ ਨੇ ਕਾਫੀ ਕਠਨ ਹਾਲਤਾਂ ਵਿਚ ਕੰਮ ਕੀਤਾ। ਉਹ ਸਵਾ ਚਾਰ ਸਾਲ
ਇਰਾਨ ਵਿਚ ਰਿਹਾ। ਇਰਾਨ ਦੀ ਭਾਸ਼ਾ ਫਾਰਸੀ ਹੋਣ ਕਰਕੇ ਜੌਹਲ ਨੂੰ ਇਰਾਨੀਆਂ ਨਾਲ ਗੱਲ ਬਾਤ
ਕਰਨ ਵਿਚ ਕੋਈ ਮੁਸ਼ਕਲ ਨਾ ਆਈ। ਫਾਰਸੀ ਉਸ ਨੇ ਸੱਤਵੀ ਅੱਠਵੀਂ ਜਮਾਤ ਵਿਚ ਪੜ੍ਹੀ ਸੀ। 1979
ਵਿਚ ਉਥੇ ਰਾਜ ਪਲਟਾ ਹੋ ਗਿਆ। ਸ਼ਾਹ ਇਰਾਨ ਦੀ ਥਾਂ ਆਇਤੁੱਲਾ ਖ਼ੁਮੈਨੀ ਦੀ ਹਕੂਮਤ ਆ ਗਈ।
ਉਸ ਸਮੇਂ ਹਾਲਾਤ ਖ਼ਤਰਨਾਕ ਸਨ। ਡਾ. ਜੌਹਲ ਨੇ ਪਹਿਲਾਂ ਆਪਣੇ ਬੱਚਿਆਂ ਤੇ ਫਿਰ ਪਤਨੀ ਨੂੰ
ਵੀ ਭਾਰਤ ਭੇਜ ਦਿੱਤਾ। ਹਰ ਰੋਜ਼ ਗੋਲੀਆਂ ਚਲਦੀਆਂ, ਲੋਕ ਮਰਦੇ ਤੇ ਅੱਗਾਂ ਲੱਗਦੀਆਂ ਸਨ।
ਤਹਿਰਾਨ ਯੂਨੀਵਰਸਿਟੀ ਬਗਾਵਤ ਦਾ ਗੜ੍ਹ ਸੀ। ਉਸ ਦੀ ਰਹਾਇਸ਼ ਯੂਨੀਵਰਸਿਟੀ ਵਿਚ ਸੀ। ਫੌਜ
ਵੱਲੋਂ ਸਭ ਰਸਤੇ ਬੰਦ ਕਰ ਦਿੱਤੇ ਜਾਂਦੇ ਸਨ ਪਰ ਜੌਹਲ ਦੀ ਕਾਰ ਉਤੇ ਸੰਯੁਕਤ ਰਾਸ਼ਟਰ ਦੀ
ਪਲੇਟ ਲੱਗੀ ਹੋਣ ਕਰਕੇ ਲੰਘ ਲੈਣ ਦਿੱਤੀ ਜਾਂਦੀ ਸੀ। ਕਈ ਵਾਰ ਹਫ਼ਤਾ-ਹਫ਼ਤਾ ਅੰਦਰ ਤੜੇ
ਰਹਿਣਾ ਪੈਂਦਾ ਸੀ।
ਉਥੇ ਜੌਹਲ ਨੂੰ ਪਹਿਲੀ ਵਾਰ ਇਕੱਲੇਪਣ ਦਾ ਭਿਆਨਕ ਅਹਿਸਾਸ ਹੋਇਆ। ਇਕ ਦਿਨ ਉਹ ਸਾਰੀਆਂ
ਹਦਾਇਤਾਂ ਭੁੱਲ ਕੇ ਯੂਨੀਵਰਸਿਟੀ ਵਿਚ ਚੱਕਰ ਲਾਉਣ ਤੁਰ ਪਿਆ। ਸੋਚਿਆ, ਕੋਈ ਗ਼ਲਤੀ ਨਾਲ ਤਾਂ
ਮਾਰ ਨਹੀਂ ਸਕਦਾ ਕਿਉਂਕਿ ਸਿਰ ਉਤੇ ਪੱਗ ਬੰਨ੍ਹੀ ਕਰਕੇ ਇੰਡੀਅਨ ਦਿਸਦਾ ਸੀ। ਭਾਰਤੀਆਂ ਨੂੰ
ਇਰਾਨੀ ਆਦਰ ਪਿਆਰ ਦੀ ਨਜ਼ਰ ਨਾਲ ਵੇਖਦੇ ਸਨ। ਉਹ ਅੱਧਾ ਕੁ ਘੰਟਾ ਤੁਰ ਫਿਰ ਕੇ ਜਦੋਂ ਆਪਣੀ
ਰਹਾਇਸ਼ ਵੱਲ ਆ ਰਿਹਾ ਸੀ ਤਾਂ ਜਿਥੋਂ ਉਹ ਪੰਦਰਾਂ ਮਿੰਟ ਪਹਿਲਾਂ ਲੰਘਿਆ ਸੀ, ਫਾਇਰਿੰਗ ਹੋਣ
ਲੱਗੀ। ਬਾਅਦ ਵਿਚ ਪਤਾ ਲੱਗਾ ਕਿ 26 ਬੰਦੇ ਮਾਰੇ ਗਏ। ਇਹ ਕ੍ਰਿਸ਼ਮਾ ਹੀ ਸੀ ਕਿ ਇਕੱਲ ਤੋਂ
ਬਚਦਾ ਜੌਹਲ ਕਿਸਮਤ ਨਾਲ ਬਚਿਆ ਸੀ!
ਇਰਾਨ ਵਿਚ ਉਸ ਨੂੰ ਸਮਾਜਿਕ ਸਮਾਨਤਾ ਤੇ ਇਰਾਨੀਆਂ ਦੇ ਵਿੱਦਿਆ ਪ੍ਰਤੀ ਸਤਿਕਾਰ ਨੇ ਬਹੁਤ
ਪ੍ਰਭਾਵਤ ਕੀਤਾ। ਕੋਈ ਛੋਟਾ ਵੱਡਾ ਜਾਂ ਅਫ਼ਸਰ-ਮਤਹਿਤ ਹੋਣ ਵਾਲਾ ਵਿਤਕਰਾ ਨਹੀਂ ਸੀ ਕਰਦਾ।
ਦੁਆ ਸਲਾਮ ਬਰਾਬਰ ਦੀ ਸੀ। ਇਸੇ ਸਮਾਜਿਕ ਬਰਾਬਰੀ ਦਾ ਇਕ ਪੱਖ ਇਹ ਵੀ ਸੀ ਕਿ ਕੋਈ ਕਿਸੇ ਦੀ
ਜੂਠ ਨਹੀਂ ਸੀ ਮੰਨਦਾ। ਘੜੇ ਕੋਲ ਰੱਖੇ ਇਕੋ ਗਲਾਸ ‘ਚੋਂ ਸਾਰੇ ਪਾਣੀ ਪੀਂਦੇ ਤੇ ਕੋਈ ਗਲਾਸ
ਨੂੰ ਪਾਣੀ ਨਾਲ ਨਾ ਧੋਂਦਾ। ਇਕ ਵਾਰ ਜੌਹਲ ਦੀ ਸਰਦਾਰਨੀ ਪਾਣੀ ਪੀ ਕੇ ਬਚਦਾ ਪਾਣੀ ਡੋਲ੍ਹਣ
ਲੱਗੀ ਤਾਂ ਇਕ ਬੰਦੇ ਨੇ ਗਲਾਸ ਫੜ ਲਿਆ ਤੇ ਉਸੇ ਪਾਣੀ ‘ਚ ਹੋਰ ਪਾਣੀ ਪਾ ਕੇ ਪੀ ਲਿਆ।
ਸਰਦਾਰਨੀ ਨੂੰ ਬੜਾ ਮਹਿਸੂਸ ਹੋਇਆ ਕਿ ਉਹ ਜੂਠਾ ਪਾਣੀ ਪੀ ਗਿਆ। ਜੌਹਲ ਨੇ ਦੱਸਿਆ ਕਿ ਇਸੇ
ਜੂਠੇ ਗਲਾਸ ਨੂੰ ਸਾਰੇ ਜਣੇ ਘੜੇ ‘ਚ ਡੁਬੋ-ਡੁਬੋ ਪਾਣੀ ਪੀਵੀ ਜਾਂਦੇ ਨੇ! ਸੁੱਚਮ ਰੱਖਣ
ਵਾਲੀ ਮਹਿੰਦਰ ਕੌਰ ਦਾ ਮਨ ਬੜਾ ਖਰਾਬ ਹੋਇਆ।
ਇਕ ਦਿਨ ਸਰਦਾਰਨੀ ਸਾਹਿਬਾ ਨੇ ਨੌਕਰ ਤੋਂ ਚਾਹ ਦਾ ਪਿਆਲਾ ਮੰਗਿਆ। ਜਦ ਉਹ ਚਾਹ ਬਣਾ ਕੇ
ਲਿਆਇਆ ਤਾਂ ਪੁੱਛਿਆ, “ਮੁਹੰਮਦ ਚੀਨੀ ਪਾਈ ਹੈ?” ਉਸ ਨੇ ਉਸੇ ਵੇਲੇ ਪਿਆਲੇ ‘ਚੋਂ ਘੁੱਟ ਭਰ
ਕੇ ਦੱਸਿਆ, “ਹਾਂ ਜੀ, ਪਾਈ ਹੈ।” ਮੁਸਲਮਾਨ ਇਕ ਦੂਜੇ ਦੇ ਇਸ ਕਰਕੇ ਵੀ ਵਧੇਰੇ ਨੇੜੇ ਹਨ ਕਿ
ਇਕੋ ਹਾਂਡੀ ਵਿੱਚੋਂ ਖਾਂਦੇ ਹਨ। ਡਾ. ਜੌਹਲ ਦਾ ਤੁਆਰਫ਼ ਜਦੋਂ ਯੂ. ਐੱਨ. ਓ. ਦੇ ਅਫ਼ਸਰ
ਵਜੋਂ ਕਰਾਇਆ ਜਾਂਦਾ ਸੀ ਤਾਂ ਕਿਸੇ ‘ਤੇ ਵੱਡਾ ਬੰਦਾ ਹੋਣ ਦਾ ਪ੍ਰਭਾਵ ਨਹੀਂ ਸੀ ਪੈਂਦਾ। ਪਰ
ਜਦੋਂ ਪ੍ਰੋਫ਼ੈਸਰ ਵਜੋਂ ਕਰਾਇਆ ਜਾਂਦਾ ਸੀ ਤਾਂ ਅਗਲੇ ਝੁਕ ਕੇ ਸਲਾਮ ਕਰਦੇ ਸਨ। ਇਰਾਨ ਵਿਚ
ਇਲਮ ਤੇ ਆਲਮ ਦਾ ਆਦਰ ਸਤਿਕਾਰ ਸੀ।
ਕੁਝ ਸਮਾਂ ਡਾ ਜੌਹਲ ਨੂੰ ਕੰਸਲਟੈਂਸੀ ‘ਤੇ ਲੈਬਨਾਨ ਦੇ ਸ਼ਹਿਰ ਬੈਰੂਤ ਭੇਜ ਦਿੱਤਾ ਗਿਆ। ਉਸ
ਸ਼ਹਿਰ ਵਿਚ ਪਤਾ ਨਹੀਂ ਸੀ ਲੱਗਦਾ ਕਦੋਂ ਗੋਲੀਆਂ ਚੱਲ ਪੈਣ? ਬੰਦੇ ਮਰ ਜਾਂਦੇ ਸਨ ਪਰ
ਥੋੜ੍ਹੇ ਚਿਰ ‘ਚ ਹੀ ਅਮਨ ਚੈਨ ਹੋ ਜਾਂਦਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਇਕ ਵਾਰ
ਜੌਹਲ ‘ਹਮਰਾ’ ਬਜ਼ਾਰ ਵਿਚ ਗਿਆ ਤਾਂ ਅਚਾਨਕ ਗੋਲੀ ਚੱਲ ਪਈ। ਉਹ ਗਲੀਆਂ ਵਿਚ ਦੀ ਲੁਕਦਾ
ਛਿਪਦਾ ਮਸੀਂ ਆਪਣੇ ਟਿਕਾਣੇ ਪੁੱਜਾ। ਟਿਕਾਣਾ ਚੌਥੀ ਮੰਜ਼ਲ ਦੇ ਅਪਾਰਟਮੈਂਟ ਵਿਚ ਸੀ। ਫਿਰ
ਗੋਲੀਆਂ ਉਧਰ ਵੀ ਚੱਲਣ ਲੱਗੀਆਂ। ਅਪਾਰਟਮੈਂਟ ਦੇ ਪਰਦੇ ਨਹੀਂ ਸੀ ਤਣੇ ਹੋਏ। ਉੱਠ ਕੇ ਪਰਦੇ
ਤਾਣਨ ਦੀ ਥਾਂ ਜੌਹਲ ਤੇ ਸਰਦਾਰਨੀ ਸਾਹਿਬਾ ਗੋਲੀਬਾਰੀ ਰੁਕਣ ਤਕ ਪਲੰਘ ਹੇਠਾਂ ਹੀ ਲੇਟੇ
ਰਹੇ। ਉਥੇ ਉਸ ਦੇ ਐੱਨ. ਸੀ. ਸੀ. ਕੈਂਪਾਂ ਦੀ ਟ੍ਰੇਨਿੰਗ ਕੰਮ ਆਈ।
ਯੂ. ਐੱਨ. ਓ. ਦੀ ਨੌਕਰੀ ਦਾ ਸਮਾਂ ਪੰਜ ਸਾਲ ਦਾ ਹੋ ਗਿਆ ਸੀ ਜਿਸ ਨਾਲ ਉਹ 60 ਸਾਲ ਦੀ ਉਮਰ
ਹੋਣ ‘ਤੇ ਯੂ. ਐੱਨ. ਓ. ਦੀ ਪੈਨਸ਼ਨ ਲੈਣ ਦਾ ਅਧਿਕਾਰੀ ਬਣ ਗਿਆ ਸੀ। ਉਥੇ ਉਸ ਨੇ ਬਾਰਾਂ ਸੌ
ਸਫ਼ੇ ਦੀ ਕਿਤਾਬ ‘ਇਰੀਗੇਸ਼ਨ ਐਂਡ ਇਕਨੌਮਿਕ ਡਿਵੈਲਪਮੈਂਟ’ ਐਡਿਟ ਕੀਤੀ ਜੋ ਯੂਨਾਈਟਿਡ
ਨੇਸ਼ਨਜ਼ ਨਿਊ ਯਾਰਕ ਅਤੇ ਐੱਫ. ਏ. ਓ. ਨੇ ਪਬਲਿਸ਼ ਕੀਤੀ ਤੇ ਪਰਗਾਮਨ ਪ੍ਰੈੱਸ ਲੰਡਨ ਨੇ
ਛਾਪੀ। ਡੇਢ ਸਾਲ ਪਹਿਲਾਂ ਉਸ ਨੂੰ ਵਰਲਡ ਬੈਂਕ ਵਸਿ਼ੰਗਟਨ ਵਿਚ ਇਕ ਆਸਾਮੀ ਦੀ ਪੇਸ਼ਕਸ਼ ਹੋਈ
ਸੀ ਜੋ ਉਸ ਨੇ ਪਰਵਾਨ ਨਹੀਂ ਸੀ ਕੀਤੀ। ਉਸ ਦਾ ਮਕਸਦ ਯੂ. ਐੱਨ. ਓ. ਦੀ ਨੌਕਰੀ ਦੇ ਪੰਜ ਸਾਲ
ਪੂਰੇ ਕਰਨਾ ਸੀ ਜੋ ਇਰਾਨ ਤੇ ਲਿਬਨਾਨ ਵਿਚ ਪੂਰੇ ਹੋ ਗਏ ਸਨ। ਜੇਕਰ ਉਹ ਵਰਲਡ ਬੈਂਕ ਵਿਚ
ਚਲਾ ਜਾਂਦਾ ਤਾਂ ਸੰਭਵ ਸੀ ਡਾ. ਮਨਮੋਹਨ ਸਿੰਘ ਵਾਂਗ ਜੀਵਨ ਦਾ ਕਾਂਟਾ ਹੀ ਬਦਲ ਜਾਂਦਾ।
ਉਹ ਸੋਚਣ ਲੱਗ ਪਿਆ ਸੀ, “ਪੈਸੇ ਦੀ ਲਾਲਸਾ ਨੂੰ ਜੇ ਠੱਲ੍ਹ ਨਾ ਪਾਈ ਜਾਵੇ ਤਾਂ ਇਸ ਦਾ ਕੋਈ
ਅੰਤ ਨਹੀਂ ਹੁੰਦਾ। ਅਰਥ ਸ਼ਾਸਤਰ ਦਾ ਇਕ ਮੂਲ ਅਸੂਲ ਹੈ ਕਿ ਪੈਸੇ ਦੀ ਮੰਗ ਕਦੇ ਪੂਰੀ ਨਹੀਂ
ਹੁੰਦੀ। ਇਕ ਹੱਦ ਤਕ ਇਨਸਾਨ ਪੈਸੇ ਨੂੰ ਵਰਤਦਾ/ਖਾਂਦਾ ਹੈ ਪਰ ਉਸ ਤੋਂ ਅੱਗੇ ਪੈਸਾ ਇਨਸਾਨ
ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ। ਪੈਸੇ ਦੇ ਲਾਲਚ ਵਿਚ ਹੋਰ-ਹੋਰ ਕਰਦਾ ਇਨਸਾਨ ਪਾਗ਼ਲਾਂ
ਵਾਂਗ ਦੌੜਿਆ ਫਿਰਦਾ ਹੈ...।”
ਮੈਂ ਜਦੋਂ ਕਾਲਜ ਪੜ੍ਹਨ ਲੱਗਾ ਤਾਂ ਸਾਡੀ ਪਾਠ ਪੁਸਤਕ ਵਿਚ ਇਕ ਕਹਾਣੀ ਸੀ ‘ਹਾਓ ਮੱਚ ਲੈਂਡ
ਡਜ਼ ਏ ਮੈਨ ਨੀਡ’। ਅਰਥਾਤ ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ਹੈ? ਇਹ ਕਹਾਣੀ ਟਾਲਸਟਾਏ ਨੇ
ਲਿਖੀ ਸੀ। ਰੂਸ ਦਾ ਇਕ ਕਿਸਾਨ ਦਸ ਖੇਤਾਂ ਦੀ ਮਾਲਕੀ ਤੋਂ ਵਧਦਾ ਜਦੋਂ ਸੌ ਖੇਤਾਂ ਦੀ ਮਾਲਕੀ
ਨਾਲ ਵੀ ਨਾ ਰੱਜਿਆ ਤਾਂ ਸਾਧਾਂ ਨੇ ਉਹਦੇ ਲਾਲਚ ਨੂੰ ਵੇਖਦਿਆਂ ਪੇਸ਼ਕਸ਼ ਕੀਤੀ ਕਿ ਉਹ ਆਪਣੇ
ਸੌ ਖੇਤ ਉਨ੍ਹਾਂ ਨੂੰ ਦੇ ਦੇਵੇ ਤੇ ਉਨ੍ਹਾਂ ਦੀ ਖੁੱਲ੍ਹੀ ਪਈ ਜ਼ਮੀਨ ਵਿੱਚੋਂ ਇਕ ਦਿਨ ਵਿਚ
ਜਿੰਨੀ ਵਗਲ ਸਕਦੈ ਵਗਲ ਲਵੇ। ਪਰ ਸ਼ਰਤ ਹੈ ਕਿ ਸੂਰਜ ਚੜ੍ਹਦਿਆਂ ਜਿਥੋਂ ਤੁਰੇਗਾ ਸੂਰਜ ਛਿਪਣ
ਤੋਂ ਪਹਿਲਾਂ ਉਥੇ ਜ਼ਰੂਰ ਪੁੱਜੇ। ਜੇਕਰ ਨਾ ਪੁੱਜਾ ਤਾਂ ਉਸ ਦੇ ਪਹਿਲੇ ਖੇਤ ਤਾਂ ਜਾਂਦੇ ਹੀ
ਰਹਿਣਗੇ ਨਵਾਂ ਕੋਈ ਖੇਤ ਨਹੀਂ ਮਿਲੇਗਾ।
ਕਿਸਾਨ ਨੇ ਸ਼ਰਤ ਮਨਜ਼ੂਰ ਕਰ ਲਈ ਕਿਉਂਕਿ ਜਾਣ ਨੂੰ ਸੌ ਖੇਤ ਸਨ ਤੇ ਮਿਲਣ ਨੂੰ ਹਜ਼ਾਰਾਂ
ਖੇਤ! ਉਸ ਨੂੰ ਰਾਤੀਂ ਇਸ ਕਰਕੇ ਨੀਂਦ ਨਾ ਆਈ ਕਿ ਅਗਲੇ ਦਿਨ ਉਸ ਨੇ ਹਜ਼ਾਰਾਂ ਖੇਤਾਂ ਦਾ
ਮਾਲਕ ਬਣ ਜਾਣਾ ਸੀ। ਉਹ ਤੜਕੇ ਹੀ ਸਾਧਾਂ ਦੇ ਟਿੱਲੇ ‘ਤੇ ਜਾ ਬੈਠਾ। ਸੂਰਜ ਦੀ ਕਿਰਨ ਦਿਸੀ
ਤਾਂ ਸਿਰ ਮੈਦਾਨ ਦੌੜ ਪਿਆ। ਦੌੜਦਾ ਗਿਆ, ਦੌੜਦਾ ਗਿਆ। ਜ਼ਮੀਨ ਚੰਗੀ ਤੋਂ ਚੰਗੀ ਪੈਰਾਂ ਹੇਠ
ਆਉਂਦੀ ਗਈ। ਲਾਲਚ ਸੀ ਕਿ ਅੱਜ ਹੀ ਮੌਕਾ ਹੈ ਵੱਡਾ ਜਿ਼ਮੀਦਾਰ ਬਣਨ ਦਾ। ਨਾ ਉਹ ਕਿਤੇ
ਰੁਕਿਆ, ਨਾ ਪਾਣੀ ਪੀਤਾ, ਨਾ ਰੋਟੀ ਖਾਧੀ। ਬੜੀ ਦੂਰ ਨਿਕਲ ਗਿਆ ਤਾਂ ਮੁੜਨ ਦਾ ਫਿਕਰ ਹੋਇਆ।
ਵਾਪਸ ਦੌੜਿਆ। ਟਿੱਲਾ ਦੂਰ ਸੀ, ਸੂਰਜ ਛਿਪਣ ਦੇ ਨੇੜੇ ਸੀ। ਉਸ ਨੇ ਆਖ਼ਰਾਂ ਦਾ ਜੋ਼ਰ ਲਾਇਆ
ਤੇ ਡਿਗਦਾ ਢਹਿੰਦਾ ਉਸ ਜਗ੍ਹਾ ਪੁੱਜ ਗਿਆ ਜਿਥੋਂ ਚੱਲਿਆ ਸੀ। ਸੂਰਜ ਦੀ ਉਪਰਲੀ ਕੰਨੀ ਹਾਲੇ
ਦਿਸਦੀ ਸੀ। ਸਾਧਾਂ ਨੇ ਵਧਾਈ ਦਿੱਤੀ ਤੇ ਉਹਦੇ ਮੂੰਹ ‘ਤੇ ਮਰਨਾਊ ਜਿਹੀ ਮੁਸਕ੍ਰਾਹਟ ਆਈ।
ਫਿਰ ਪਤਾ ਕੀ ਹੋਇਆ? ਉਹ ਖੜ੍ਹਾ ਖੜੋਤਾ ਡਿੱਗ ਪਿਆ ਤੇ ਉਸ ਦੇ ਪ੍ਰਾਣ ਪੰਖੇਰੂ ਹੋ ਗਏ।
ਸਾਧਾਂ ਨੇ ਕਬਰ ਪੁੱਟੀ, ਦਫ਼ਨਾਇਆ ਤੇ ਕਹਿਣ ਲੱਗੇ “ਇਹਨੂੰ ਤਾਂ ਬੱਸ ਏਨੀ ਓ ਜ਼ਮੀਨ ਚਾਹੀਦੀ
ਸੀ। ਸਾਢੇ ਤਿੰਨ ਹੱਥ। ਇਹ ਤਾਂ ਐਵੇਂ ਈ ਦੂਰ ਤਕ ਦੌੜਦਾ ਰਿਹਾ!”
ਬਾਅਦ ਵਿਚ ਇਕ ਆਲੋਚਕ ਨੇ ਆਲੋਚਨਾ ਕੀਤੀ, “ਮਰੇ ਬੰਦੇ ਦੀ ਲੋੜ ਸਾਢੇ ਤਿੰਨ ਹੱਥ ਜ਼ਮੀਨ ਹੈ,
ਜਿਊਂਦੇ ਨੂੰ ਸਾਰੀ ਧਰਤੀ ਥੋੜ੍ਹੀ ਹੈ!”
ਇਕ ਹੋਰ ਆਲੋਚਕ ਨੇ ਕਿਹਾ, “ਨਾ ਬੰਦੇ ਦਾ ਸਾਢੇ ਤਿੰਨ ਹੱਥ ਜ਼ਮੀਨ ਨਾਲ ਸਰਦੈ ਨਾ ਸਾਰੀ
ਧਰਤੀ ਦੀ ਲੋੜ ਹੈ।”
ਤੀਜੇ ਨੇ ਕਹਾਣੀ ਦਾ ਤੱਤ ਕੱਢਿਆ, “ਕਿਸਾਨ ਨੂੰ ਚਾਹੀਦੇ ਹੀ ਦਸ ਖੇਤ ਸਨ, ਉਹ ਤਾਂ ਐਵੇਂ
ਮਰਨ ਲਈ ਵਾਧੂ ਖੇਤਾਂ ਵੱਲ ਦੌੜਦਾ ਰਿਹਾ!”
ਡਾ. ਜੌਹਲ ਮੁਤਾਬਿਕ ਬੰਦੇ ਦੀਆਂ ਲੋੜਾਂ ਸੀਮਤ ਹਨ ਪਰ ਲਾਲਸਾਵਾਂ ਅਸੀਮਤ ਜਿਸ ਕਰਕੇ ਉਹ
ਦੁਖੀ ਹੈ। ਉਹ ਬਦੇਸ਼ਾਂ ਵਿਚ ਚੋਖੇ ਪੈਸੇ ਤੇ ਨਾਮਣਾ ਕਮਾਉਂਦਾ ਹੋਇਆ ਮਹਿਸੂਸ ਕਰਨ ਲੱਗ ਪਿਆ
ਸੀ, “ਏਥੇ ਹੋਰ ਰਹਿਣਾ ਫ਼ਜ਼ੂਲ ਹੈ, ਹੁਣ ‘ਆਪਣਿਆਂ’ ਵਿਚ ਰਿਹਾ ਜਾਵੇ।”
ਮਾਇਆ ਬਾਰੇ ਉਸ ਦਾ ਕਥਨ ਹੈ, “ਮਾਇਆ ਆਦਮੀ ਦੀ ਛਾਂ ਵਾਂਗ ਹੈ। ਛਾਂ ਮਗਰ ਦੌੜੀਏ ਤਾਂ ਅੱਗੇ
ਹੀ ਅੱਗੇ ਤੁਰੀ ਜਾਂਦੀ ਹੈ। ਹੱਥ ਨਹੀਂ ਆਉਂਦੀ। ਜੇ ਮੂੰਹ ਮੋੜ ਲਈਏ ਤਾਂ ਪਿੱਛੇ-ਪਿੱਛੇ
ਤੁਰੀ ਆਉਂਦੀ ਹੈ!”
ਉਹ ਯੂ. ਐੱਨ. ਓ. ਦੀ ਨੌਕਰੀ ਛੱਡ ਕੇ ਵਾਪਸ ਆ ਗਿਆ। ਨਵੰਬਰ 1979 ਵਿਚ ਉਸ ਨੂੰ ਪੰਜਾਬ
ਖੇਤੀਬਾੜੀ ਯੂਨੀਵਰਸਿਟੀ ਵਿਚ ਡਾਇਰੈਕਟਰ ਰਿਸਰਚ ਦੀ ਜਿ਼ੰਮੇਵਾਰੀ ਸੌਂਪ ਦਿੱਤੀ ਗਈ। ਉਸ ਨੇ
ਸੁਖ ਦਾ ਸਾਹ ਲਿਆ ਕਿ ਵਾਧੂ ਪੈਸੇ ਦੀ ਸਿਰਦਰਦੀ ਤੋਂ ਮੁਕਤ ਹੋਇਆ। ਜਿਹੜੇ ਉਸ ਨੂੰ ਇਹ ਘਾਟੇ
ਦਾ ਸੌਦਾ ਕਹਿੰਦੇ ਉਨ੍ਹਾਂ ਉਤੇ ਉਹ ਹੈਰਾਨ ਹੁੰਦਾ ਕਿ ਕੈਸੇ ਲੋਕ ਹਨ ਜੋ ਮਾਨਸਿਕ ਤੌਰ ‘ਤੇ
ਬਿਮਾਰ ਹਨ। ਜੋ ਪੈਸੇ ਦੀ ਪੂਛ ਫੜੀ ਧੂਏ ਚਲੇ ਜਾਂਦੇ ਹਨ ਤੇ ਹੋਰ-ਹੋਰ ਕਰਦੇ ਰੱਜਦੇ ਨਹੀਂ।
ਡਾ. ਜੌਹਲ ਨੂੰ ਤਾਂ ਏਨੀ ਤਸੱਲੀ ਹੀ ਕਾਫ਼ੀ ਸੀ ਕਿ ਉਹ ਪੈਸੇ ਨੂੰ ਆਪਣੀ ਥਾਂ ਛੱਡ ਆਪਣੇ
ਦੇਸ਼, ਆਪਣੇ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਵਿਚ ਵਾਪਸ ਆ ਗਿਆ ਸੀ। ਉਸ ਦਾ ਕਹਿਣਾ
ਹੈ, “ਭਾਵੇਂ ਲੜਦੇ-ਝਗੜਦੇ ਹੀ ਰਹੀਏ, ਆਪਣਾਪਨ ਨਹੀਂ ਜਾਂਦਾ ਅਤੇ ਜਿੰ਼ਦਗੀ ਦਾ ਨਿੱਘ
ਨਿਰੰਤਰ ਮਾਣੀਦਾ ਹੈ।”
ਕੋਲੰਬਸ ਵਿਚ 1970 ਤੋਂ 72 ਤਕ ਵਿਜਿ਼ਟਿੰਗ ਪ੍ਰੋਫ਼ੈਸਰ ਤੇ 72 ਤੋਂ 75 ਤਕ ਐਡਜੰਕਟ
ਪ੍ਰੋਫ਼ੈਸਰ ਤੇ ਇਰਾਨ ਵਿਚ ਯੂ. ਐੱਨ. ਓ. ਦੀ ਐੱਫ. ਏ. ਓ. ਵਿਚ 74 ਤੋਂ 79 ਤਕ ਪ੍ਰੋਜੈਕਟ
ਮੈਨੇਜਰ ਰਹਿਣ ਕਾਰਨ ਉਸ ਨੂੰ ਬਦੇਸ਼ਾਂ ਦਾ ਕਾਫੀ ਤਜਰਬਾ ਹੋ ਗਿਆ ਸੀ ਜੋ ਉਸ ਨੇ ਪੰਜਾਬ
ਖੇਤੀਬਾੜੀ ਯੂਨੀਵਰਸਿਟੀ ਦੀ ਵਰਤੋਂ ਵਿਚ ਲਿਆਂਦਾ। ਡਾਇਰੈਕਟਰ ਖੋਜ ਦੀ ਜਿੰ਼ਮੇਵਾਰੀ
ਨਿਪੁੰਨਤਾ ਨਾਲ ਨਿਭਾਈ ਜਾ ਰਹੀ ਸੀ ਕਿ ਪੰਜਾਬ ਵਿਚ ਦਹਿਸ਼ਤੀ ਦੌਰ ਸ਼ੁਰੂ ਹੋ ਗਿਆ। ਪਟਿਆਲੇ
ਪੰਜਾਬੀ ਯੂਨੀਵਰਸਿਟੀ ਵਿਚ ਉਥੱਲ ਪੁਥੱਲ ਮੱਚੀ ਹੋਈ ਸੀ। ਪੰਜਾਬ ਦਾ ਮੁੱਖ ਮੰਤਰੀ ਦਰਬਾਰਾ
ਸਿੰਘ ਸੀ ਜਿਸ ਨੇ ਬਿਨਾਂ ਪੁੱਛੇ ਡਾ. ਜੌਹਲ ਨੂੰ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ
ਬਣਾ ਦਿੱਤਾ। ਉਸ ਨੇ 24 ਅਪ੍ਰੈਲ 1983 ਨੂੰ ਇਹ ਜਿੰ਼ਮੇਵਾਰੀ ਜਾ ਸੰਭਾਲੀ।
ਪਟਿਆਲੇ ਅਧਿਆਪਕਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਦੀਆਂ ਹੜਤਾਲਾਂ ਚੱਲ ਰਹੀਆਂ ਸਨ। ਡਾ.
ਜੌਹਲ ਨੇ ਕੇਵਲ ਤਿੰਨ ਦਿਨਾਂ ਵਿਚ ਯੂਨੀਵਰਸਿਟੀ ਲੀਹ ‘ਤੇ ਲੈ ਆਂਦੀ। ਹੜਤਾਲਾਂ ਖ਼ਤਮ ਹੋ
ਗਈਆਂ ਤੇ ਅੱਧੀ-ਅੱਧੀ ਰਾਤ ਤਕ ਕੰਮ ਕਰ ਕੇ ਸਾਲਾਂ ਮਹੀਨਿਆਂ ਤੋਂ ਲਟਕਦੀਆਂ ਫਾਈਲਾਂ ਨਿਪਟਾ
ਦਿੱਤੀਆਂ ਗਈਆਂ। ਪ੍ਰਸ਼ਾਸਨ ਚੇਤੰਨ ਹੋ ਗਿਆ। ਉਹ ਚੌਥੇ ਦਿਨ ਲੁਧਿਆਣੇ ਪਰਤਿਆ ਤਾਂ ਇਕ ਬੰਦਾ
ਸਵੇਰੇ ਸਵੇਰੇ ਹੀ ਘਰ ਆਇਆ। ਉਸ ਨੇ ਕਿਹਾ ਕਿ ਉਸ ਦੀ ਭੈਣ ਦਾ ਕੇਸ ਛੇ-ਸੱਤ ਸਾਲਾਂ ਤੋਂ ਲਟਕ
ਰਿਹੈ। ਉਸ ਦਾ ਫੈਸਲਾ ਕਰ ਦਿਓ ਤਾਂ ਸ਼ੁਕਰਗੁਜ਼ਾਰ ਹੋਵਾਂਗਾ। ਉਸ ਦੀ ਭੈਣ ਦਾ ਨਾਂ ਪੁੱਛਿਆ
ਤਾਂ ਡਾ. ਜੌਹਲ ਨੂੰ ਚੇਤਾ ਆਇਆ ਕਿ ਇਸ ਨਾਂ ਦੀ ਬੀਬੀ ਦੇ ਕੇਸ ਦਾ ਫੈਸਲਾ ਤਾਂ ਉਹ ਕਰ ਵੀ
ਆਇਆ ਹੈ ਜੋ ਉਸ ਦੇ ਹੱਕ ਵਿਚ ਹੋਇਆ ਹੈ। ਉਹ ਬੰਦਾ ਹੈਰਾਨ ਹੋ ਕੇ ਕਹਿਣ ਲੱਗਾ ਕਿ ਇਹ ਕਿਵੇਂ
ਹੋ ਸਕਦਾ ਹੈ? ਉਸ ਦੀ ਤਸੱਲੀ ਕਰਵਾਈ ਤਾਂ ਉਸ ਨੂੰ ਫਿਰ ਵੀ ਯਕੀਨ ਨਾ ਆਵੇ ਤੇ ਕਹੀ ਜਾਵੇ,
“ਜੀ ਏਨੇ ਚਿਰ ਦਾ ਲਟਕਦਾ ਫੈਸਲਾ ਏਨੀ ਛੇਤੀ ਕਿਵੇਂ ਹੋ ਸਕਦੈ?”
ਡਾ. ਜੌਹਲ ਨੇ ਪੁੱਛਿਆ, “ਤੂੰ ਕੇਸ ਦਾ ਫੈਸਲਾ ਕਰਾਉਣ ਮੇਰੇ ਪਾਸ ਆਇਐਂ ਜਾਂ ਰੁਕਵਾਉਣ?” ਉਸ
ਦਾ ਜਵਾਬ ਸੀ ਕਿ ਆਇਆ ਤਾਂ ਫੈਸਲਾ ਕਰਾਉਣ ਵਾਸਤੇ ਹੀ ਹਾਂ ਪਰ ਇੰਜ ਹੋ ਨਹੀਂ ਸਕਦਾ। ਡਾ.
ਜੌਹਲ ਨੇ ਕਿਹਾ ਕਿ ਤੂੰ ਵਾਈਸ ਚਾਂਸਲਰ ਨਾਲ ਗੱਲ ਕਰ ਰਿਹੈਂ ਜਿਸ ਨੇ ਇਹ ਫੈਸਲਾ ਕਰਨਾ ਸੀ।
ਜਦ ਮੈਂ ਕਹਿ ਰਿਹਾਂ ਕਿ ਫੈਸਲਾ ਹੋ ਗਿਆ ਤਾਂ ਮੰਨਦਾ ਕਿਉਂ ਨਹੀਂ? ਉਹ ਬੰਦਾ ਹੈਰਾਨ ਹੋਇਆ
ਹੱਕਾ ਬੱਕਾ ਰਹਿ ਗਿਆ! ਅਸਲ ਵਿਚ ਉਹਦਾ ਯਕੀਨ ਹੀ ਉਠ ਗਿਆ ਸੀ ਕਿ ਕੋਈ ਕੰਮ ਬਗੈਰ ਸਿਫ਼ਾਰਸ਼
ਦੇ ਵੀ ਹੋ ਸਕਦੈ। ਤਦੇ ਉਸ ਨੂੰ ਯਕੀਨ ਨਹੀਂ ਸੀ ਆ ਰਿਹਾ!
ਬਤੌਰ ਵਾਈਸ ਚਾਂਸਲਰ ਉਸ ਨੂੰ ਅਨੇਕਾਂ ਵਾਰ ਸੰਕਟਾਂ ਦਾ ਸਾਹਮਣਾ ਕਰਨਾ ਪਿਆ। ਕਦੇ ਸਰਕਾਰ
ਵੱਲੋਂ, ਕਦੇ ਕੰਮਚੋਰ ਅਧਿਆਪਕਾਂ ਵੱਲੋਂ ਤੇ ਕਦੇ ਪੁਲਿਸ ਫੋਰਸ ਵੱਲੋਂ। ਉਸ ਦਾ ਕਹਿਣਾ ਹੈ
ਵਿਦਿਆਰਥੀਆਂ ਨੂੰ ਕਈ ਵਾਰ ਮਾੜੇ ਅਧਿਆਪਕ ਤੇ ਮੂਰਖ ਪੁਲਸੀਏ ਹੀ ਪੁੱਠੇ ਰਾਹ ਤੋਰਦੇ ਹਨ।
ਯੂਨੀਵਰਸਿਟੀ ਦਾ ਸ਼ਾਂਤ ਮਾਹੌਲ ਕਈ ਵਾਰ ਪੁਲਿਸ ਦੀ ਬੇਲੋੜੀ ਦਖਲ ਅੰਦਾਜ਼ੀ ਹੀ ਖਰਾਬ ਕਰਦੀ
ਸੀ। ਉਹ ਇਕ ਮਿਸਾਲ ਦਿੰਦਿਆਂ ਲਿਖਦੈ, “ਇਕ ਦਿਨ ਯੂਨੀਵਰਸਿਟੀ ਦਾ ਇਕ ਵਿਦਿਆਰਥੀ ਮੇਰੇ ਕੋਲ
ਆਇਆ ਤੇ ਕਹਿਣ ਲੱਗਾ ਕਿ ਮੇਰੀ ਚੋਣ ਆਰਮੀ ਕਮਿਸ਼ਨ ਵਿਚ ਹੋ ਗਈ ਹੈ। ਪਰ ਮੈਂ ਸਿੱਖ
ਸਟੂਡੈਂਟਸ ਫੈਡਰੇਸ਼ਨ ਦਾ ਵਾਈਸ ਪ੍ਰੈਜ਼ੀਡੈਂਟ ਰਿਹਾ ਹਾਂ। ਮੇਰੀ ਮਦਦ ਕਰੋ ਤੇ ਪੁਲੀਸ ਨੂੰ
ਕਹਿ ਕੇ ਮੇਰੀ ਰਿਪੋਰਟ ਠੀਕ ਕਰਵਾ ਦਿਓ। ਮੈਂ ਡੀਨ ਵਿਦਿਆਰਥੀ ਭਲਾਈ ਰਾਹੀਂ ਸੰਗਰੂਰ ਦੇ
ਐੱਸ. ਐੱਸ. ਪੀ. ਨੂੰ ਸੁਨੇਹਾ ਭੇਜਿਆ ਕਿ ਇਸ ਵਿਦਿਆਰਥੀ ਦਾ ਕਮਿਸ਼ਨ ਵਾਸਤੇ ਕੇਸ ਮੇਰੀ
ਜਿੰ਼ਮੇਵਾਰੀ ‘ਤੇ ਸਹੀ ਕਰ ਦੇਵੇ। ਉਸ ਨੇ ਕਿਹਾ ਕਿ ਮੈਂ ਤਾਂ ਉਸ ਮੁੰਡੇ ਨੂੰ ਗ੍ਰਿਫ਼ਤਾਰ
ਕਰਨਾ ਹੈ।”
ਡਾ. ਜੌਹਲ ਫਿਰ ਸਿੱਧਾ ਗਵਰਨਰ ਕੋਲ ਗਿਆ ਤੇ ਬੇਨਤੀ ਕੀਤੀ ਕਿ ਜਿਹੜਾ ਨੌਜੁਆਨ ਦਰਖ਼ਾਸਤ ਦੇ
ਕੇ ਆਪਣੇ ਆਪ ਨੂੰ ਭਾਰਤ ਦੀ ਫੌਜੀ ਸੇਵਾ ਲਈ ਅਰਪਨ ਕਰਦਾ ਹੈ ਤੇ ਉਸ ਵਿਚ ਏਨੀ ਕਾਬਲੀਅਤ ਹੈ
ਕਿ ਅਫ਼ਸਰ ਚੁਣਿਆ ਜਾਂਦਾ ਹੈ, ਉਹ ਦੇਸ਼ ਜਾਂ ਸਮਾਜ ਵਿਰੋਧੀ ਕਿਵੇਂ ਹੋ ਸਕਦਾ ਹੈ? ਜੇ
ਫੈਡਰੇਸ਼ਨ ਦਾ ਮੈਂਬਰ ਰਿਹਾ ਹੈ ਤਾਂ ਕਿਹੜੀ ਵੱਡੀ ਗੱਲ ਹੈ। ਮੈਂ ਕਈ ਸਿਰਕੱਢ ਕਾਂਗਰਸੀਆਂ
ਦੇ ਨਾਂ ਦੱਸ ਸਕਦਾ ਹਾਂ ਜੋ ਆਪਣੇ ਵਿਦਿਆਰਥੀ ਹੋਣ ਸਮੇਂ ਇਸ ਫੈਡਰੇਸ਼ਨ ਦੇ ਮੈਂਬਰ ਰਹੇ। ਇਹ
ਤੁਹਾਡੀ ਮਰਜ਼ੀ ਹੈ ਕਿ ਇਸ ਨੌਜੁਆਨ ਨੂੰ ਦੇਸ਼ ਦੇ ਭਵਿੱਖ ਦਾ ਜਰਨੈਲ ਬਣਾ ਦਿਓ ਜਾਂ ਇਕ
ਜ਼ਹੀਨ ਪਰ ਸਤਿਆ ਹੋਇਆ ਅੱਤਵਾਦੀ ਬਣਾ ਕੇ ਉਸ ਦੀ ਬੰਦੂਕ ਦਾ ਮੂੰਹ ਆਪਣੇ ਲੋਕਾਂ ਵੱਲ ਕਰ
ਦਿਓ!
ਗੱਲ ਗਵਰਨਰ ਸਾਹਿਬ ਦੇ ਪੱਲੇ ਪੈ ਗਈ ਤੇ ਸੰਗਰੂਰ ਦੇ ਐੱਸ. ਐੱਸ. ਪੀ. ਨੂੰ ਹਦਾਇਤ ਜਾਰੀ
ਕਰਵਾ ਦਿੱਤੀ ਗਈ ਕਿ ਉਸ ਨੌਜਵਾਨ ਦੀ ਕਮਿਸ਼ਨ ਲਈ ਪੁਲਿਸ ਕਲੀਅਰੈਂਸ ਦਿੱਤੀ ਜਾਵੇ। ਡਾ.
ਜੌਹਲ ਖ਼ੁਦ ਤਾਂ ਵਡਉਮਰਾ ਹੋ ਜਾਣ ਕਾਰਨ ਕਮਿਸ਼ਨ ਨਹੀਂ ਸੀ ਲੈ ਸਕਿਆ ਪਰ ਉਸ ਹੋਣਹਾਰ
ਨੌਜੁਆਨ ਨੂੰ ਕਮਿਸ਼ਨ ਦੁਆ ਗਿਆ। ਜੇਕਰ ਉਹ ਗਵਰਨਰ ਤਕ ਪਹੁੰਚ ਨਾ ਕਰਦਾ ਤਾਂ ਸੰਭਵ ਸੀ ਕਿ
ਉਹ ਨੌਜੁਆਨ ਦਹਿਸ਼ਤੀ ਦਿਨਾਂ ਦੀ ਕਾਲੀ ਹਨ੍ਹੇਰੀ ਵਿਚ ਕੱਖ ਕਾਣ ਵਾਂਗ ਉਡਾ ਦਿੱਤਾ ਜਾਂਦਾ!
ਹੁਣ ਉਹ ਭਾਰਤ ਦਾ ਮਾਣਯੋਗ ਫੌਜੀ ਅਫ਼ਸਰ ਹੈ।
ਇੰਜ ਹੀ ਯੂਨੀਵਰਸਿਟੀ ਦੇ ਇਕ ਨੌਜੁਆਨ ਸਿੱਖ ਅਧਿਆਪਕ ਨਾਲ ਹੋਈ। ਉਹ ਧਰਮ ਅਧਿਐਨ ਦਾ ਵਿਦਵਾਨ
ਸੀ। ਕਿਤੇ ਧਰਮ ਦੀ ਹੀ ਇਕ ਜਰਮਨ ਸਕਾਲਰ ਉਸ ਦੇ ਸੰਪਰਕ ਵਿਚ ਆਈ। ਉਸ ਦੀਆਂ ਸਿੱਖੀ ਆਦਿ
ਦੀਆਂ ਇਕ ਦੋ ਚਿੱਠੀਆਂ ਪੁਲਿਸ ਦੇ ਹੱਥ ਲੱਗ ਗਈਆਂ। ਮੂੰਹ ਮਾਰਨ ਵਾਲਿਆਂ ਨੇ ਉਸ ਨੂੰ ਸ਼ੱਕੀ
ਬਣਾ ਦਿੱਤਾ। ਪੁਲਿਸ ਨੇ ਛਾਪਾ ਮਾਰਿਆ ਤਾਂ ਉਹ ਘਰ ਨਹੀਂ ਸੀ। ਸ਼ੱਕ ਹੋਰ ਪੱਕੀ ਹੋ ਗਈ। ਘਰ
ਪਰਤਿਆ ਤਾਂ ਆਪ ਹੀ ਪੁਲਿਸ ਕੋਲ ਚਲਾ ਗਿਆ। ਪੁਲਸ ਨੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ। ਵਿਚ
ਕੁਝ ਹੋਵੇ ਤਾਂ ਨਿਕਲੇ। ਬੀਵੀ ਬੱਚੇ ਅੱਡ ਪਰੇਸ਼ਾਨ। ਉਸ ਨੇ ਹਵਾਲਾਤ ‘ਚੋਂ ਇਕ ਚਿੱਠੀ ਵਾਈਸ
ਚਾਂਸਲਰ ਤਕ ਪੁਚਾਈ ਜੋ ਬੜੀ ਦਰਦਨਾਕ ਸੀ। ਜੌਹਲ ਨੇ ਉਹ ਚਿੱਠੀ ਗਵਰਨਰ ਦੇ ਸਲਾਹਕਾਰਾਂ ਨੂੰ
ਜਾ ਦਿੱਤੀ ਤੇ ਆਖਿਆ ਕਿ ਮੇਰੀ ਸ਼ਾਹਦੀ ‘ਤੇ ਇਸ ਨੌਜਵਾਨ ਵਿਦਵਾਨ ਨੂੰ ਛੱਡ ਦਿੱਤਾ ਜਾਏ।
ਖ਼ੈਰ ਜ਼ਮਾਨਤ ‘ਤੇ ਉਸ ਨੂੰ ਛੱਡ ਦਿੱਤਾ ਗਿਆ ਪਰ ਪੁਲਿਸ ਨੇ ਫਿਰ ਚੁੱਕ ਲਿਆ ਕਿ ਇਸ ਨੇ
ਕਿਤੇ ਸਟੇਸ਼ਨ ਸਾੜਿਆ ਸੀ। ਪੁਰਾਣੀਆਂ ਵਾਰਦਾਤਾਂ ਉਹਦੇ ਸਿਰ ਮੜ੍ਹ ਦਿੱਤੀਆਂ ਗਈਆਂ। ਆਖ਼ਰ
ਡਾ. ਜੌਹਲ ਖ਼ੁਦ ਗਵਰਨਰ ਤੇ ਸਲਾਹਕਾਰਾਂ ਕੋਲ ਪਿੱਟਿਆ ਕਿ ਇਕ ਚੰਗੇ ਭਲੇ ਸਮਝਦਾਰ ਵਿਦਵਾਨ
ਨੂੰ ਕਿਉਂ ਅਪਰਾਧ ਤੇ ਵਿਦਰੋਹ ਵੱਲ ਬਦੋ-ਬਦੀ ਧੱਕਿਆ ਜਾ ਰਿਹੈ? ਮਸਾਂ ਸੁਣਵਾਈ ਹੋਈ ਤੇ
ਕਾਫੀ ਸਮੇਂ ਬਾਅਦ ਉਸ ਦੀ ਬੰਦ-ਖਲਾਸੀ ਹੋ ਸਕੀ। ਜੌਹਲ ਦੇ ਕਹਿਣ ਮੁਤਾਬਿਕ ਵਧੇਰੇ ਅੱਤਵਾਦੀ
ਪੁਲਿਸ ਦੀ ਹੂੜ੍ਹ-ਮੱਤ ਨੇ ਹੀ ਬਣਾਏ ਸਨ। ਪੁਲਿਸ ਵਿਚ ਆਪ ਬਥੇਰੇ ਅਪਰਾਧੀ, ਕਾਤਲ, ਭ੍ਰਿਸ਼ਟ
ਤੇ ਲੁਟੇਰੇ ਭਰਤੀ ਸਨ!
ਜਦੋਂ ਡਾ. ਜੌਹਲ ਵਾਈਸ ਚਾਂਸਲਰ ਬਣਿਆ ਤਾਂ ਪੰਦਰਾਂ ਵੀਹ ਦਿਨਾਂ ਬਾਅਦ ਹੀ ਉਸ ਵਾਸਤੇ
ਨੈਸ਼ਨਲ ਅਵਾਰਡ ‘ਪ੍ਰੋਫ਼ੈਸਰ ਆਫ ਐਮੀਨੈਂਸ’ ਦਾ ਐਲਾਨ ਹੋ ਗਿਆ। ਇਹ ਆਈ. ਸੀ. ਆਰ. ਦਾ
ਪਹਿਲਾ ਅਵਾਰਡ ਸੀ ਤੇ ਵੱਡੇ ਮਾਣ ਦੀ ਪਦਵੀ ਸੀ। ਪਰ ਉਸ ਨੇ ਵਾਈਸ ਚਾਂਸਲਰ ਦੀ ਪਦਵੀ ਗ੍ਰਹਿਣ
ਕਰ ਲਈ ਹੋਈ ਸੀ ਜਿਸ ਕਰਕੇ ਮੌਕੇ ਦੀ ਨਜ਼ਾਕਤ ਵੇਖਦਿਆਂ ਇਸ ਨੂੰ ਵਿਚਾਲੇ ਛੱਡਣਾ ਜੌਹਲ ਲਈ
ਮੈਦਾਨ ਛੱਡਣ ਵਾਂਗ ਸੀ। ਇੰਜ ਕਰਨਾ ਨਾ ਉਹਦੇ ਲਈ ਵਾਜਬ ਸੀ ਨਾ ਵਿਗੜੀ ਤਿਗੜੀ ਯੂਨੀਵਰਸਿਟੀ
ਲਈ। ਉਸ ਨੇ ਆਪਣੀ ਟਰਮ ਦੇ ਤਿੰਨ ਸਾਲ ਪੂਰੇ ਕੀਤੇ ਤੇ ਯੂਨੀਵਰਸਿਟੀ ਦਾ ਕਾਫੀ ਸੁਧਾਰ ਕੀਤਾ।
ਉਸ ਦਾ ਪ੍ਰੋਗਰਾਮ ਸੀ ਕਿ ਸਾਰੀ ਪੜ੍ਹਾਈ ਸੈਮੀਨਾਰ ਸਿਸਟਮ ‘ਤੇ ਪਾ ਦਿੱਤੀ ਜਾਵੇ ਜੋ ਉਹ
ਡਰਾਮਾ ਵਿਭਾਗ ਤੋਂ ਲੈ ਕੇ ਸਪੇਸ ਸਾਇੰਸ ਤਕ ਬਦਲ ਸਕਿਆ ਪਰ ਬਾਕੀ ਵਿਚੇ ਰਹਿ ਗਈ। ਟਰਮ ਪੰਜ
ਸਾਲ ਦੀ ਹੁੰਦੀ ਤਾਂ ਇਹ ਵੀ ਹੋ ਜਾਂਦਾ ਤੇ ਸਾਰਾ ਇਮਤਿਹਾਨੀ ਸਿਸਟਮ ‘ਇੰਟਰਨਲ ਈਵੈਲੂਏਸ਼ਨ’
‘ਤੇ ਆਧਾਰਤ ਕਰ ਦਿੱਤਾ ਜਾਂਦਾ। ਇਉਂ ਅਮਰੀਕਨ ਯੂਨੀਵਰਸਿਟੀਆਂ ਵਾਂਗ ਵਿਦਿਅਕ ਢਾਂਚੇ ਵਿਚ
ਸਡੌਲਤਾ ਤੇ ਪ੍ਰਗਤੀਸ਼ੀਲਤਾ ਆ ਜਾਣੀ ਸੀ।
ਵਾਈਸ ਚਾਂਸਲਰ ਹੁੰਦਿਆਂ ਉਸ ਦਾ ਵਾਹ ਰਾਜਸੀ ਨੇਤਾਵਾਂ ਤੇ ਸਰਕਾਰੀ ਅਫਸਰਾਂ ਨਾਲ ਪਿਆ ਜੋ
ਬਹੁਤਾ ਸੁਖਾਵਾਂ ਨਾ ਰਿਹਾ। ਸਰਕਾਰੀ ਅਫਸਰਸ਼ਾਹੀ ਵਿਚ ਅੜਿੱਕੇ ਬਹੁਤ ਸਨ। ਰਾਜਸੀ ਨੇਤਾ
ਵੋਟਾਂ ਵੱਲ ਹੀ ਵੇਖਦੇ ਸਨ। ਪੁਲਿਸ ਲੁੱਟ ਮਾਰ ‘ਚ ਲੱਗੀ ਹੋਈ ਸੀ। ਕੋਈ ਲੇਡੀ ਪ੍ਰੋਫ਼ੈਸਰ
ਆਪਣੇ ਲੈਕਚਰਾਰ ਪਤੀ ਦੀ ਪ੍ਰਮੋਸ਼ਨ ਇਸ ਲਈ ਚਾਹੁੰਦੀ ਸੀ ਕਿ ਪਤੀ ਦੇ ਛੋਟੇ ਅਹੁਦੇ ਦੀ ਉਸ
ਨੂੰ ਨਮੋਸ਼ੀ ਹੁੰਦੀ ਸੀ! ਡਾ. ਜੌਹਲ ਦਾ ਕਹਿਣਾ ਸੀ ਕਿ ਵਾਈਸ ਚਾਂਸਲਰ ਨੂੰ ਤਾਂ ਉਸ ਦੀ
ਸਰਦਾਰਨੀ ਦੇ ਥੋੜ੍ਹੀ ਜਿਹੀ ਪੰਜਾਬੀ ਪੜ੍ਹੀ ਹੋਣ ਦੀ ਕੋਈ ਨਮੋਸ਼ੀ ਨਹੀਂ ਹੁੰਦੀ। ਇਹ ਕੋਈ
ਦਲੀਲ ਨਹੀਂ ਕਿ ਕਿਸੇ ਪਤੀ ਜਾਂ ਪਤਨੀ ਨੂੰ ਇਕ ਦੂਜੇ ਦੀ ਪਦਵੀ ਬਰਾਬਰ ਕਰਨ ਲਈ ਹੀ ਤਰੱਕੀ
ਦਿੱਤੀ ਜਾਵੇ। ਖ਼ੈਰ ਉਹ ਸਿਫਾਰਸ਼ਾਂ ਪੁਆਉਂਦੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤਕ ਜਾ
ਅਪੜੀ। ਉਦੋਂ ਤਕ ਉਹਦਾ ਪਤੀ ਉਂਜ ਹੀ ਤਰੱਕੀ ਦੇ ਯੋਗ ਹੋ ਗਿਆ।
ਵਿਦਿਆਰਥੀਆਂ ਨੂੰ ਉਸ ਨੇ ਹਮੇਸ਼ਾਂ ਆਪਣੇ ਬੱਚਿਆਂ ਵਾਂਗ ਸਮਝਿਆ। ਉਨ੍ਹਾਂ ਦੀਆਂ ਭੋਲੀਆਂ
ਸ਼ਰਾਰਤਾਂ ਦਾ ਆਨੰਦ ਮਾਣਿਆ। ਪਿਆਰ ਨਾਲ ਉਨ੍ਹਾਂ ਦੇ ਦਿਲ ਜਿੱਤੀ ਰੱਖੇ। ਕਿਸੇ ਕੰਧ ਉਤੇ
ਕਿਸੇ ਨੂੰ ਮੰਗਾਂ ਜਾਂ ਨਾਹਰੇ ਲਿਖਣ ਦੀ ਲੋੜ ਨਹੀਂ ਪਈ। ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ
ਤੁਰਤ ਮੰਨ ਲਈਆਂ ਜਾਂਦੀਆਂ। ਵਿਦਿਆਰਥੀ ਆਗੂ ਮਿਲਦੇ ਤਾਂ ਹਮੇਸ਼ਾਂ ਪ੍ਰੋਫੈ਼ਸਰ ਸਾਹਿਬ ਕਹਿ
ਕੇ ਸੰਬੋਧਨ ਕਰਦੇ ਤੇ ਗੋਡੀਂ ਹੱਥ ਲਾ ਕੇ ਮਿਲਦੇ ਵਿਛੜਦੇ। ਉਨ੍ਹਾਂ ਦਿਨਾਂ ਵਿਚ ਹੀ ਨੀਲਾ
ਤਾਰਾ ਸਾਕਾ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋਇਆ। ਪਰ ਯੂਨੀਵਰਸਿਟੀ ਅਡੋਲ ਚਲਦੀ
ਰਹੀ। ਸਭ ਸਦਮੇ ਸਾਂਝੇ ਤੌਰ ‘ਤੇ ਝੱਲੇ। ਇਕ ਵਾਰ ਫੌਜੀ ਟੁੱਕੜੀ ਨੇ ਵਿਦਿਆਰਥੀਆਂ ਨੂੰ
ਬਿਨਾਂ ਕਸੂਰੋਂ ਕੂਹਣੀਆਂ ਭਾਰ ਚਲਾਇਆ ਤੇ ਸਰੀਆਂ ਨਾਲ ਕੁੱਟਿਆ। ਉਸ ਨੇ ਮਹਿਸੂਸ ਕੀਤਾ ਕਿ
ਸਰੀਏ ਉਹਦੇ ਪਿੰਡੇ ‘ਤੇ ਵੱਜੇ ਹਨ। ਏਨਾ ਸੰਵੇਦਨਸ਼ੀਲ ਹੈ ਡਾ. ਜੌਹਲ!
ਇਹ ਨਹੀਂ ਕਿ ਉਹ ਮਾੜੇ ਕਾਰੇ ਕਰਨ ਵਾਲਿਆਂ ਲਈ ਵੀ ਸੰਵੇਦਨਸ਼ੀਲ ਰਿਹਾ ਹੋਵੇ। ਉਸ ਨੇ ਦੋ
ਵਿਅਕਤੀ ਯੂਨੀਵਰਸਿਟੀ ‘ਚੋਂ ਕੱਢੇ ਵੀ ਤੇ ਬਹਾਲ ਕਰਨ ਲਈ ਗਵਰਨਰ ਦੀ ਵੀ ਨਹੀਂ ਮੰਨੀ। ਇਕ
ਜਨਸੰਘੀ ਸੀ ਜਿਸ ਨੇ ਕਰਮਚਾਰੀਆਂ ਦਾ ਪ੍ਰਧਾਨ ਬਣ ਕੇ ਯੂਨੀਵਰਸਿਟੀ ਨੂੰ ਫਾਹੇ ਟੰਗਿਆ ਪਿਆ
ਸੀ। ਦੂਜਾ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦਾ ਲੈਕਚਰਾਰ ਸੀ ਜਿਸ ਨੇ ਤੇਰਾਂ ਸਾਲਾਂ ਦੀ
ਨੌਕਰੀ ਦੌਰਾਨ ਇਕ ਅੱਖਰ ਵੀ ਨਹੀਂ ਸੀ ਲਿਖਿਆ ਤੇ ਆਪਣੇ ਆਪ ਹੀ ਸਿੱਖ ਬੁਧੀਜੀਵੀਆਂ ਦੀ
ਕੌਂਸਲ ਦਾ ਕਨਵੀਨਰ ਅਖਵਾਉਂਦਾ ਸੀ। ਕਰਦਾ ਸਿਆਸਤ ਸੀ ਤੇ ਤਨਖਾਹ ਯੂਨੀਵਰਸਿਟੀ ਤੋਂ ਲੈਂਦਾ
ਸੀ। ਡਾ. ਜੌਹਲ ਦਾ ਮੱਤ ਸੀ ਉਹ ਇਕ ਰਾਹ ਚੁਣ ਲਵੇ ਤੇ ਉਹਦੇ ਉਤੇ ਨੇਕ ਨੀਤੀ ਨਾਲ ਚੱਲੇ।
ਉਨ੍ਹੀਂ ਦਿਨੀਂ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ ਸੀ। ਉਹਦੀ ਪਹੁੰਚ ਪੰਜਾਬ ਦੇ ਵੱਡੇ
ਨੇਤਾਵਾਂ ਤੇ ਕੇਂਦਰੀਂ ਲੀਡਰਾਂ ਤਕ ਸੀ। ਵਾਈਸ ਚਾਂਸਲਰ ਨੂੰ ਤਾਂ ਉਹ ਸਮਝਦਾ ਹੀ ਕੁਝ ਨਹੀਂ
ਸੀ!
ਉਹਨੂੰ ਨੌਕਰੀ ਤੋਂ ਹਟਾਇਆ ਤਾਂ ਉਹਦੀ ਅਪੀਲ ਉਤੇ ਗਵਰਨਰ ਅਰਜਨ ਸਿੰਘ ਨੇ ਡਾ. ਜੌਹਲ ਨੂੰ
ਗਵਰਨਰ ਭਵਨ ਸੱਦਿਆ ਤੇ ਕਿਹਾ, ਇਸ ਮਾਮਲੇ ਵਿਚ ਕੇਂਦਰ ਦਾ ਕਾਫੀ ਦਬਾਓ ਹੈ। ਇਸ ਲੈਕਚਰਾਰ
ਨੂੰ ਵਾਪਸ ਲੈ ਲਓ। ਡਾ. ਜੌਹਲ ਨੇ ਸਾਰਾ ਕੇਸ ਦੱਸ ਕੇ ਕਿਹਾ ਕਿ ਮੈਂ ਇਸ ਨੂੰ ਵਾਪਸ ਨਹੀਂ
ਲੈ ਸਕਦਾ। ਇਹ ਯੂਨੀਵਰਸਿਟੀ ਦੇ ਹਿਤ ਵਿਚ ਨਹੀਂ। ਕੁਝ ਦੇਰ ਸਿਫ਼ਾਰਸ਼ਾਂ ਤੇ ਦਬਾਅ ਪੈਣ
ਬਾਅਦ ਮਾਮਲਾ ਖ਼ਤਮ ਹੋ ਗਿਆ। ਸਿੰਡੀਕੇਟ ਵਿਚ ਵੀ ਸਿੰਗ ਫਸਦੇ ਰਹੇ ਪਰ ਡਾ. ਜੌਹਲ ਨੇ ਉਹੀ
ਕੁਝ ਹੋਣ ਦਿਤਾ ਜੋ ਯੂਨੀਵਰਸਿਟੀ ਦੇ ਹਿਤ ਵਿਚ ਸੀ। ਉਹ ਵਾਈਸ ਚਾਂਸਲਰ ਦੀ ਉੱਚ ਪਦਵੀ ਨੂੰ
ਬਹਾਲ ਕਰਨ ਵਿਚ ਕਾਫੀ ਹੱਦ ਤਕ ਸਫਲ ਰਿਹਾ। ਉਸ ਦਾ ਮੱਤ ਸੀ ਕਿ ਵਾਈਸ ਚਾਂਸਲਰ ਗ਼ਲਤ ਹੈ ਤਾਂ
ਸਰਕਾਰ ਕਾਨੂੰਨ ਤਕ ਪਹੁੰਚ ਕਰੇ। ਬਿਨਾਂ ਕਿਸੇ ਇਲਜ਼ਾਮ ਤੋਂ ਸਿਆਸੀ ਆਧਾਰ ‘ਤੇ ਖੱਜਲ-ਖੁਆਰੀ
ਕਰਨਾ ਇਕ ਗੁਨਾਹ ਹੈ ਤੇ ਸਮਾਜ ਨਾਲ ਬੇਇਨਸਾਫ਼ੀ ਹੈ।
1986 ਵਿਚ ਉਸ ਦੀ ਵਾਈਸ ਚਾਂਸਲਰੀ ਦੀ ਟਰਮ ਪੂਰੀ ਹੋਈ ਤਾਂ ਉਸ ਨੂੰ ਪੰਜਾਬ ਖੇਤੀਬਾੜੀ
ਯੂਨੀਵਰਸਿਟੀ ਉਡੀਕ ਰਹੀ ਸੀ। ਉਥੇ ਉਹ ਮਈ 1986 ਤੋਂ ਜੁਲਾਈ 86 ਤਕ ਵਾਈਸ ਚਾਂਸਲਰ ਰਿਹਾ ਤੇ
ਉਥੋਂ ਨੈਸ਼ਨਲ ਪ੍ਰੋਫੈ਼ਸਰ ਆਫ਼ ਐਮੀਨੈਂਸ ਦੀ ਪਦਵੀ ਪ੍ਰਾਪਤ ਕਰ ਲਈ। ਇਸ ਦੌਰਾਨ ਅਕਾਲੀ ਦਲ
ਦੀ ਸਰਕਾਰ ਬਣ ਗਈ ਸੀ ਜਿਸ ਵਿਚ ਕੈਪਟਨ ਅਮਰਿੰਦਰ ਸਿੰਘ ਖੇਤੀਬਾੜੀ ਮੰਤਰੀ ਸੀ। ਕੈਪਟਨ
ਸਾਹਿਬ ਪਟਿਆਲੇ ਵਾਈਸ ਚਾਂਸਲਰ ਦੇ ਨਿਵਾਸ ਆਏ, ਚਾਹ ਪਾਣੀ ਪੀਤਾ ਤੇ ਡਾ. ਜੌਹਲ ਨੂੰ ਕਹਿਣ
ਲੱਗੇ, “ਮੈਨੂੰ ਇਕ ਕੰਮ ਵੀ ਹੈ। ਪੰਜਾਬ ਦੇ ਝੋਨੇ ਤੇ ਕਣਕ ਦੀ ਬੜੀ ਬੁਰੀ ਹਾਲਤ ਹੈ। ਸਰਕਾਰ
ਇਕ ਕਮੇਟੀ ਬਣਾਉਣਾ ਚਾਹੁੰਦੀ ਹੈ। ਸਾਡੀ ਦਰਖ਼ਾਸਤ ਹੈ ਕਿ ਤੁਸੀਂ ਇਸ ਦੇ ਚੇਅਰਮੈਨ ਬਣੋ ਅਤੇ
ਸਾਨੂੰ ਰਿਪੋਰਟ ਦਿਓ ਕਿ ਕੀ ਕਰਨਾ ਚਾਹੀਦੈ। ਬਾਕੀ ਦੇ ਮੈਂਬਰ ਵੀ ਤੁਹਾਡੇ ‘ਤੇ ਛੱਡੇ
ਜਿਨ੍ਹਾਂ ਨੂੰ ਕਹੋਗੇ ਸਰਕਾਰ ਨੋਟੀਫਿਕੇਸ਼ਨ ਕਰ ਦੇਵੇਗੀ।”
ਡਾ. ਜੌਹਲ ਨੇ ਕਿਹਾ, “ਪੰਜਾਬ ਐਗਰੀਕਲਚਰ ਯੂਨੀਵਰਸਿਟੀ ਖੇਤੀ ਮਾਹਿਰਾਂ ਨਾਲ ਭਰੀ ਪਈ ਹੈ।
ਮੈਂ ਤਾਂ ਪੰਜਾਬੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹਾਂ।” ਕੈਪਟਨ ਸਾਹਿਬ ਬੋਲੇ, “ਸਾਨੂੰ
ਪਤਾ ਹੈ, ਤੁਸੀਂ ਹਾਂ ਕਰ ਦਿਓ।” ਉੱਦਣ ਹੀ ਸ਼ਾਮ ਨੂੰ ਇਕ ਪਬਲਿਕ ਜਲਸੇ ਵਿਚ ‘ਜੌਹਲ ਕਮੇਟੀ’
ਦਾ ਐਲਾਨ ਕਰ ਦਿੱਤਾ ਗਿਆ। ਇਸ ਕਮੇਟੀ ਦੀ ਡਾਇਵਰਸੀਫਿਕੇਸ਼ਨ ਦੀ ਰਿਪੋਰਟ ਬਾਅਦ ਵਿਚ
ਬਹੁ-ਚਰਚਿਤ ਹੋਈ। ਇਹ ਵੱਖਰੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਨਾ ਜੌਹਲ ਦੀ ਬਿਜਲੀ ਬਾਰੇ
ਰਿਪੋਰਟ ‘ਤੇ ਅਮਲ ਕੀਤਾ ਤੇ ਨਾ ਖੇਤੀ ਭਿੰਨਤਾ ਰਿਪੋਰਟ ਉਤੇ। ਜਿੰਨੀ ਗੰਭੀਰਤਾ ਤੇ ਮਿਹਨਤ
ਨਾਲ ਇਹ ਰਿਪੋਰਟਾਂ ਤਿਆਰ ਕੀਤੀਆਂ ਸਨ ਉਨ੍ਹਾਂ ਦਾ ਫ਼ਾਇਦਾ ਨਾ ਉਠਾਇਆ ਗਿਆ। ਅਜੇ ਵੀ ਉਹ
ਰਿਪੋਰਟਾਂ ਅਮਲ ਕੀਤੇ ਜਾਣ ਦੀ ਉਡੀਕ ਵਿਚ ਹਨ।
ਡਾ. ਜੌਹਲ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਟਿਊਬਵੈੱਲਾਂ ਨੂੰ ਦਿੱਤੀ ਜਾਂਦੀ ਮੁਫ਼ਤ ਜਾਂ
ਫਲੈਟ ਰੇਟਾਂ ਦੀ ਬਿਜਲੀ ਦਾ ਫ਼ਾਇਦਾ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਸਗੋਂ ਭਾਰਤੀ
ਖਪਤਕਾਰਾਂ ਨੂੰ ਹੁੰਦੈ। ਮੁਫ਼ਤ ਦੀ ਬਿਜਲੀ ਨਾਲ ਪੰਜਾਬ ਦਾ ਪਾਣੀ ਥੱਲੇ ਹੀ ਥੱਲੇ ਜਾ ਰਿਹੈ
ਜਿਸ ਕਰਕੇ ਟਿਊਵੈੱਲ ਡੂੰਘੇ ਤੋਂ ਡੂੰਘੇ ਕਰਨੇ ਪੈ ਰਹੇ ਹਨ ਤੇ ਪਾਣੀ ਖਿੱਚਣ ਲਈ ਪਾਵਰ ਵੱਧ
ਵਰਤਣੀ ਪੈ ਰਹੀ ਹੈ। ਪਹਿਲਾਂ ਖੂਹੀਆਂ ਡੂੰਘੀਆਂ ਕਰਦੇ ਰਹੇ ਫਿਰ ਹੋਰ ਪਾਈਪਾਂ ਪਾ ਕੇ ਬੋਰ
ਡੂੰਘੇ ਕਰਦੇ ਰਹੇ। ਫਿਰ ਸਬਮਰਸੀਬਲ ਟਿਊਬਵੈੱਲ ਲੱਗਣ ਲੱਗੇ। ਜ਼ਮੀਨਾਂ ਕੱਦੂ ਕਰ ਕੇ ਤੇ
ਖਾਲੇ ਪੱਕੇ ਕਰ ਕੇ ਪਾਣੀ ਜ਼ਮੀਨ ‘ਚ ਸਿੰਮਣੋਂ ਰੋਕ ਦਿੱਤਾ। ਝੋਨਿਆਂ ‘ਚ ਖੜ੍ਹਾ ਪਾਣੀ ਧੁੱਪ
ਨਾਲ ਸੁੱਕਣ ਤੇ ਹਵਾ ਨਾਲ ੳੱਡਣ ਲੱਗਾ। ਲੱਖਾਂ ਟਨ ਅਨਾਜ ਦੇ ਰੂਪ ਪੰਜਾਬ ਦਾ ਕਰੋੜਾਂ ਅਰਬਾਂ
ਟਨ ਪਾਣੀ ਪੰਜਾਬ ਤੋਂ ਬਾਹਰ ਜਾ ਰਿਹੈ। ਇਕ ਕਿੱਲੋ ਚੌਲ ਤਿਆਰ ਕਰਨ ਉਤੇ ਇਕ ਕੁਇੰਟਲ ਤੋਂ
ਵੱਧ ਪਾਣੀ ਲੱਗਦੈ। ਪਾਣੀ ਦੀ ਬੋਤਲ ਦਸਾਂ ਰੁਪਿਆਂ ਤੋਂ ਵੱਧ ਦੀ ਵਿਕਦੀ ਹੈ। ਪੰਜਾਬ ਤੇ
ਪੰਜਾਬ ਦੀ ਕਿਸਾਨੀ ਕੰਗਾਲ ਨਾ ਹੋਊ ਤਾਂ ਹੋਰ ਕੀ ਹੋਊ?
ਇਕ ਸਿੱਧੀ ਜਿਹੀ ਗੱਲ ਨਾ ਪੰਜਾਬ ਦੀਆਂ ਸਰਕਾਰਾਂ ਤੇ ਨਾ ਕਿਸਾਨ ਵੋਟਰਾਂ ਨੂੰ ਸਮਝ ਆ ਰਹੀ
ਹੈ। ਜਿਹੜੀ ਬਿਜਲੀ ਵੋਟਾਂ ਬਟੋਰਨ ਲਈ ਮੁਫ਼ਤ ਵਿਚ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਖੇਤੀ
ਫਸਲਾਂ ਦੇ ਭਾਅ ਮਿਥਣ ਵੇਲੇ, ਖੇਤੀ ਲਾਗਤਾਂ ਤੇ ਕੀਮਤਾਂ ਕਮਿਸ਼ਨ ਵੱਲੋਂ ਖਰਚੇ ਵਿਚ ਨਹੀਂ
ਗਿਣੀ ਜਾਂਦੀ। ਖਰਚੇ ਵਿਚ ਤਦ ਗਿਣੀ ਜਾਵੇ ਜੇ ਕਿਸਾਨ ਉਹਦੇ ਪੈਸੇ ਤਾਰਦਾ ਹੋਵੇ। ਖਰਚੇ ਦੇ
ਹਿਸਾਬ ਨਾਲ ਫਸਲਾਂ ਦੇ ਭਾਅ ਵੀ ਫਿਰ ਘੱਟ ਬੰਨ੍ਹੇ ਜਾਂਦੇ ਹਨ। ਇੰਜ ਘਾਟਾ ਕਿਸਾਨਾਂ ਨੂੰ ਵੀ
ਪੈਂਦਾ ਹੈ ਤੇ ਪੰਜਾਬ ਸਰਕਾਰ ਨੂੰ ਵੀ। ਫਾਇਦਾ ਖਪਤਕਾਰਾਂ ਨੂੰ ਹੁੰਦਾ ਹੈ। ਟਿਊਬੈੱਲਾਂ ਨੂੰ
ਮੁਫ਼ਤ ਬਿਜਲੀ ਪੰਜਾਬ ਦੇ ਪਾਣੀਆਂ, ਜ਼ਮੀਨਾਂ, ਕਿਸਾਨਾਂ ਤੇ ਵਾਤਾਵਰਣ ਨੂੰ ਲੈ ਬੈਠੀ ਹੈ।
ਬਿਜਲੀ ਦੇ ਕੱਟ ਵੀ ਮੁਫ਼ਤ ਬਿਜਲੀ ਕਰਕੇ ਵੱਧ ਲੱਗਦੇ ਹਨ। ਜੇ ਬਿਜਲੀ ਕਿਸਾਨਾਂ ਨੂੰ ਮੀਟਰ
ਉਤੇ ਸਸਤੀ ਮਿਲੇ ਤੇ ਹਰ ਵੇਲੇ ਮਿਲੇ ਤਾਂ ਕਿਸਾਨ ਇਕ ਯੂਨਿਟ ਵੀ ਵਾਧੂ ਨਹੀਂ ਬਾਲਣਗੇ ਤੇ ਨਾ
ਬੇਲੋੜਾ ਪਾਣੀ ਖੇਤਾਂ ‘ਚ ਭਰਨਗੇ। ਮੁੱਲ ਦੀ ਬਿਜਲੀ ਨਾਲ ਘੱਟ ਪਾਣੀ ਲੈਣ ਵਾਲੀਆਂ ਫਸਲਾਂ
ਵਧੇਰੇ ਬੀਜੀਆਂ ਜਾਣਗੀਆਂ ਜਿਸ ਨਾਲ ਪਾਣੀ ਦੀ ਬਚਤ ਹੋਵੇਗੀ ਜੋ ਪੰਜਾਬ ਦੀ ਪ੍ਰਥਮ ਲੋੜ ਹੈ।
ਕਿਸਾਨਾਂ ਦੀ ਭਲਾਈ ਲਈ ਬਿਜਲੀ ‘ਤੇ ਸਬਸਿਡੀ ਦੇਣ ਦੀ ਥਾਂ ਖੇਤਾਂ ਨੂੰ ਸਿੱਧੀ ਸਬਸਿਡੀ ਦੇਣੀ
ਚਾਹੀਦੀ ਹੈ। ਉਸ ਸਬਸਿਡੀ ਨਾਲ ਕਿਸਾਨ ਆਪਣੇ ਖੇਤ ਪੱਧਰ ਕਰੇ, ਖੇਤੀਬਾੜੀ ਦੇ ਸੰਦ ਲਵੇ,
ਪਸ਼ੂਆਂ ਦੇ ਢਾਰੇ ਛੱਤੇ, ਜ਼ਮੀਨਦੋਜ਼ ਪਾਈਪਾਂ ਪਾਵੇ, ਵਾੜ ਕਰੇ ਯਾਨੀ ਕਿ ਆਪਣੇ ਫਾਰਮ ਨੂੰ
ਸੁਧਾਰੇ। ਇਹ ਪੈਸਾ ਕਿਸਾਨ ਦੀ ਜ਼ਮੀਨ ਨੂੰ ਸੁਆਰੇਗਾ ਨਾ ਕਿ ਆਪਣੀ ਜ਼ਮੀਨ ਦਾ ਪਾਣੀ ਖਿੱਚ
ਕੇ ਜ਼ਮੀਨ ਨੂੰ ਬੰਜਰ ਕਰੇਗਾ। ਹੁਣ ਤਾਂ ਪੰਜਾਬ ਮਾਰੂਥਲ ਬਣਨ ਦੇ ਰਾਹ ਪਿਆ ਹੋਇਐ!
ਕਣਕ-ਝੋਨੇ ਦੇ ਚੱਕਰ ਵਿੱਚੋਂ ਵੀ ਤਦ ਹੀ ਨਿਕਲਿਆ ਜਾ ਸਕੇਗਾ ਜਦ ਕਿਸਾਨਾਂ ਨੂੰ ਝੋਨਾ ਨਾ
ਬੀਜਣ ਲਈ ਸਬਸਿਡੀ ਮਿਲੇਗੀ। ਡਾ. ਜੌਹਲ ਨੇ ਆਪਣੀ ਰਿਪੋਰਟ ਵਿਚ ਸਲਾਹ ਦਿੱਤੀ ਸੀ ਕਿ ਝੋਨਾ
ਨਾ ਬੀਜਣ ਵਾਲੇ ਕਿਸਾਨਾਂ ਨੂੰ ਉਨ੍ਹਾਂ ਦੇ ਖੇਤ ਪ੍ਰਤੀ ਪੈਸੇ ਦਿੱਤੇ ਜਾਣ। ਸਰਕਾਰ ਇਹ ਸਮਝ
ਲਵੇ ਕਿ ਮੁਫ਼ਤ ਬਿਜਲੀ ਲਈ ਉਹ ਜਿੰਨੇ ਪੈਸੇ ਪ੍ਰਤੀ ਹਾਰਸ ਪਾਵਰ ਦੇ ਰਹੀ ਹੈ ਉਹੀ ਪੈਸੇ
ਕਿਸਾਨ ਨੂੰ ਕੋਈ ਹੋਰ ਫਸਲ ਉਗਾਉਣ ਲਈ ਦੇਵੇ। ਇੰਜ ਝੋਨੇ ਹੇਠੋਂ ਰਕਬਾ ਨਿਕਲੇਗਾ ਤੇ ਸਾਉਣੀ
ਦੀਆਂ ਹੋਰ ਫਸਲਾਂ ਹੇਠ ਆਵੇਗਾ। ਸਾਉਣੀ ਦੀਆਂ ਫਸਲਾਂ ਮੱਕੀ, ਜੁਆਰ, ਬਾਜਰਾ, ਦਾਲਾਂ ਤੇ
ਬਾਸਮਤੀ ਬਗੈਰਾ ਦਾ ਘੱਟੋਘੱਟ ਸਮੱਰਥਨ ਮੁੱਲ ਯਕੀਨੀ ਬਣਾਇਆ ਜਾਵੇ। ਇਹਦੇ ਨਾਲ ਵੀ ਝੋਨੇ ਹੇਠ
ਰਕਬਾ ਘਟੇਗਾ ਅਤੇ ਪਾਣੀ ਤੇ ਬਿਜਲੀ ਦੀ ਬਚਤ ਹੋਵੇਗੀ। ਬਾਸਮਤੀ ਦੀ ਫਸਲ ਝੋਨੇ ਤੋਂ ਘੱਟ
ਪਾਣੀ ਲੈਂਦੀ ਹੈ। ਵੋਟਾਂ ਦਾ ਆਰਜ਼ੀ ਫਾਇਦਾ ਛੱਡ ਕੇ, ਸਾਰੀਆਂ ਹੀ ਰਾਜਸੀ ਪਾਰਟੀਆਂ ਨੂੰ
ਪੰਜਾਬ ਦੇ ਤੇ ਕਿਸਾਨਾਂ ਦੇ ਭਲੇ ਬਾਰੇ ਸੋਚਣਾ ਚਾਹੀਦੈ। ਹੁਣ ਤਾਂ ਉਹ ਆਪਣੇ ਹੀ ਰੁੱਖ ਦੀਆਂ
ਜੜ੍ਹਾਂ ਵੱਢੀ ਜਾ ਰਹੇ ਹਨ!
ਵਾਈਸ ਚਾਂਸਲਰ ਤੇ ਪ੍ਰੋਫ਼ੈਸਰ ਆਫ਼ ਐਮੀਨੈਂਸ ਜਿਹੀਆਂ ਪਦਵੀਆਂ ‘ਤੇ ਕਾਮਯਾਬੀ ਨਾਲ ਨਿਭਦੇ
ਡਾ. ਜੌਹਲ ਨੂੰ ਕੇਂਦਰੀ ਸਰਕਾਰ ਨੇ 1987 ਵਿਚ ਖੇਤੀਬਾੜੀ ਲਾਗਤਾਂ ਤੇ ਕੀਮਤਾਂ ਕਮਿਸ਼ਨ ਦਾ
ਚੇਅਰਮੈਨ ਬਣਾ ਦਿੱਤਾ। ਨਾਲ ਪ੍ਰੋਫ਼ੈਸਰ ਆਫ਼ ਐਮੀਨੈਂਸ ਅਵਾਰਡ ਰੱਖਣ ਦੀ ਵੀ ਇਜਾਜ਼ਤ ਮਿਲ
ਗਈ। ਇੰਜ ਦਿੱਲੀ ਵਿਚ ਸਰਕਾਰੀ ਨੌਕਰੀ ਸੀ ਤੇ ਲੁਧਿਆਣੇ ਅਕਾਦਮਿਕ ਡਿਊਟੀ। ਉਹ ਅੱਧਾ ਸਮਾਂ
ਦਿੱਲੀ ਗੁਜ਼ਾਰਦਾ ਤੇ ਅੱਧਾ ਲੁਧਿਆਣੇ ਲਾਉਂਦਾ। ਜੂਨ 87 ਵਿਚ ਜਦ ਉਹ ਦਿੱਲੀ ਕਮਿਸ਼ਨ ਦੇ
ਦਫ਼ਤਰ ਵਿਚ ਸੀ ਤਾਂ ਉਸ ਨੂੰ ਦਿਲ ਦਾ ਸਖ਼ਤ ਦੌਰਾ ਪੈ ਗਿਆ। ਇਹ ਖੁੱਲ੍ਹੇ-ਡੁੱਲ੍ਹੇ ਖਾਧੇ
ਸ਼ੱਕਰ-ਘਿਓ ਦੀ ਮਿਹਰਬਾਨੀ ਸੀ। ਨਾੜੀਆਂ ‘ਚ ਚਰਬੀ ਜੰਮ ਗਈ ਸੀ। ਉਸੇ ਵਕਤ ਹਸਪਤਾਲ ਪੁਚਾਇਆ
ਤਾਂ ਡਾਕਟਰਾਂ ਨੇ ਬਚਾ ਲਿਆ ਤੇ ਅੱਗੋਂ ਬਚ ਕੇ ਰਹਿਣ ਨੂੰ ਕਿਹਾ। ਉਹ ਕਿਸਮਤ ਦਾ ਬਲੀ ਹੈ।
ਦਿਲ ਦੇ ਚਾਰ ਦੌਰੇ ਪੈਣ ਦੇ ਬਾਵਜੂਦ ਚੁਰਾਸੀ ਕੱਟ ਗਿਐ ਤੇ ਅਜੇ ਵੀ ਲਿਖੀ ਪੜ੍ਹੀ ਜਾ ਰਿਹੈ
ਤੇ ਸੈਮੀਨਾਰ ਲਾ ਰਿਹੈ!
ਕਮਿਸ਼ਨ ਦੇ ਚੇਅਰਮੈਨ ਵਜੋਂ ਤਿੰਨ ਸਾਲਾਂ ਦੀ ਟਰਮ ‘ਚੋਂ ਅਜੇ ਇਕ ਸਾਲ ਬਾਕੀ ਸੀ ਕਿ ਕੇਂਦਰ
ਵਿਚ ਸਰਕਾਰ ਬਦਲ ਗਈ। ਚੌਧਰੀ ਦੇਵੀ ਲਾਲ ਡਿਪਟੀ ਪ੍ਰਧਾਨ ਮੰਤਰੀ ਬਣਿਆ ਜੋ ਖੇਤੀਬਾੜੀ ਮੰਤਰੀ
ਸੀ। ਜਨਤਾ ਸਰਕਾਰ ਵੱਲੋਂ ਕਾਂਗਰਸ ਸਰਕਾਰ ਦੇ ਲਾਏ ਵੱਡੇ ਅਫ਼ਸਰ ਹਟਾਏ ਜਾਣ ਲੱਗੇ ਤੇ ਨਵੇਂ
ਲਾਏ ਜਾਣ ਲੱਗੇ ਸਨ। ਡਾ. ਜੌਹਲ ਦਿੱਲੀ ਤੋਂ ਉਕਤਾਅ ਗਿਆ ਸੀ ਤੇ ਚਾਹੁੰਦਾ ਸੀ ਕਿ ਸਰਕਾਰੀ
ਨੌਕਰੀ ਤੋਂ ਛੁੱਟੀ ਮਿਲੇ। ਪਰ ਚੌਧਰੀ ਦੇਵੀ ਲਾਲ ਨੇ ਕਿਹਾ, “ਸਰਦਾਰ ਸਾਹਿਬ, ਮੈਂ ਆਪ ਕੋ
ਜਾਨੇ ਤੋ ਦੂੰਗਾ ਨਹੀਂ। ਜੋ ਮੇਰੇ ਸੇ ਸ਼ਰਤ ਮਨਵਾਣੀ ਹੈ, ਮਨਵਾ ਲਉ।”
ਡਾ. ਜੌਹਲ ਨੂੰ ਪੂਰਾ ਮਾਣ ਤਾਣ ਦਿੱਤਾ ਗਿਆ। ਉਸ ਨੇ ਜਿੰਨੀ ਵਾਰ ਵੀ ਚੌਧਰੀ ਸਾਹਿਬ ਤੋਂ
ਮਿਲਣ ਲਈ ਵਕਤ ਮੰਗਿਆ ਤਾਂ ਹਮੇਸ਼ਾਂ ਰਾਤ ਦੇ ਖਾਣੇ ‘ਤੇ ਸੱਦਿਆ। ਇਹਦਾ ਇਕ ਕਾਰਨ ਚੌਧਰੀ
ਦੇਵੀ ਲਾਲ ਦਾ ਖ਼ੁਦ ਕਿਸਾਨ ਹੋਣਾ ਵੀ ਸੀ। ਉਹ ਡਾ. ਜੌਹਲ ਦੇ ਕਿਸਾਨ ਹੋਣ ਤੇ ਉੱਚ ਵਿਦਵਤਾ
ਦਾ ਕਾਇਲ ਸੀ। ਚਾਰ ਸਾਲ ਚੇਅਰਮੈਨੀ ਕਰਨ ਬਾਅਦ ਜੌਹਲ ਨੇ ਵਾਰ-ਵਾਰ ਬੇਨਤੀ ਕਰ ਕੇ ਛੁੱਟੀ
ਲਈ। ਅਸਲ ਵਿਚ ਉਹਦਾ ਮਨ ਦਿੱਲੀ ਦੇ ਪ੍ਰਦੂਸ਼ਨ ਤੋਂ ਉਚਾਟ ਹੋ ਗਿਆ ਸੀ। ਚਾਰੇ ਪਾਸੇ
ਬੇਰੁਖੀ, ਆਪੋ-ਧਾਪ ਤੇ ਰੁੱਖੀ ਖ਼ੁਸ਼ਕ ਜਿੰਦਗੀ ਸੀ। ਚੌਧਰੀ ਦੇਵੀ ਲਾਲ ਤਾਂ ਉਸ ਨੂੰ
ਪਲੈਨਿੰਗ ਕਮਿਸ਼ਨ ਵਿਚ ਡਿਪਟੀ ਚੇਅਰਮੈਨ ਲਾਉਣ ਦੀ ਸੋਚ ਰਿਹਾ ਸੀ ਪਰ ਡਾ. ਜੌਹਲ ਦਿੱਲੀ ਤੋਂ
ਖਹਿੜਾ ਛੁਡਾ ਰਿਹਾ ਸੀ। ਏਹੀ ਫਰਕ ਸੀ ਡਾ. ਮਨਮੋਹਨ ਸਿੰਘ ਤੇ ਡਾ. ਜੌਹਲ ਦੇ ਸੁਭਾਅ ਦਾ ਜਿਸ
ਨੇ ਉਸ ਨੂੰ ਸਿਆਸਤ ਵੱਲ ਨਾ ਜਾਣ ਦਿੱਤਾ।
ਪ੍ਰੋਫ਼ੈਸਰ ਆਫ਼ ਐਮੀਨੈਂਸ ਦਾ ਅਵਾਰਡ ਪਹਿਲਾਂ 1988 ਤਕ ਸੀ ਜੋ ਅਗੱਸਤ 1992 ਤਕ ਵਧਾ
ਦਿੱਤਾ ਗਿਆ। ਮਾਰਚ 1991 ਤਕ ਉਹ ਦਿੱਲੀ ਵਿਖੇ ਕਮਿਸ਼ਨ ਦਾ ਚੇਅਰਮੈਨ ਰਿਹਾ। ਉਸ ਨੇ ਆਪਣਾ
ਅਕਾਦਮਿਕ ਤੇ ਪ੍ਰੋਫ਼ੈਸ਼ਨਲ ਕੰਮ ਨਾਲ ਦੀ ਨਾਲ ਜਾਰੀ ਰੱਖਿਆ ਹੋਇਆ ਸੀ ਜਿਸ ਕਰਕੇ
ਕਾਨਫਰੰਸਾਂ ਤੇ ਸੈਮੀਨਾਰਾਂ ਵਿਚ ਸ਼ਾਮਲ ਹੁੰਦਾ ਰਹਿੰਦਾ ਸੀ। ਉਸ ਦਾ ਇਕ ਖੋਜ ਪੱਤਰ ਸੈਂਟਰ
ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟ੍ਰੀਅਲ ਦੇ ਰਸਾਲੇ ਵਿਚ ਛਪਿਆ ਜਿਸ ਦੀ ਕਾਪੀ ਸੈਂਟਰ ਦੇ
ਡਾਇਰੈਕਟਰ ਨੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਭੇਂਟ ਕੀਤੀ। ਰਾਜੀਵ ਗਾਂਧੀ ਨੇ ਪੱਤਰ
ਪੜ੍ਹਿਆ ਤਾਂ ਖੇਤਰੀ ਮੰਤਰਾਲੇ ਦੇ ਸਕੱਤਰ ਨੂੰ ਭਿਜਵਾ ਕੇ ਕਿਹਾ ਕਿ ਇਸ ਨਾਲ ਸੰਬੰਧਿਤ
ਵਜ਼ਾਰਤਾਂ ਦੇ ਸਾਰੇ ਸੈਕਟਰੀਆਂ ਨੂੰ ਵਿਚਾਰ ਵਟਾਂਦਰੇ ਲਈ ਦਿੱਤਾ ਜਾਵੇ, ਮੀਟਿੰਗ ਕੀਤੀ
ਜਾਵੇ ਅਤੇ ਮੀਟਿੰਗ ਦੀ ਕਾਰਵਾਈ ਮੈਨੂੰ ਭੇਜੀ ਜਾਵੇ।
ਨਤੀਜੇ ਵਜੋਂ ਮਨਿਸਟਰੀਆਂ ਦੇ ਸੈਕਟਰੀਆਂ ਦੀ ਮੀਟਿੰਗ ਹੋਈ ਜਿਸ ਵਿਚ ਪ੍ਰਧਾਨ ਮੰਤਰੀ ਦਾ
ਸਪੈਸ਼ਲ ਸਕੱਤਰ ਮਨਟੇਕ ਸਿੰਘ ਆਹਲੂਵਾਲੀਆ ਵੀ ਸ਼ਾਮਲ ਹੋਇਆ। ਉਦੋਂ ਤਕ ‘ਜੌਹਲ ਕਮੇਟੀ’ ਦੀ
ਪੰਜਾਬ ਖੇਤੀ ਦੇ ਖੇਤੀ ਬਦਲਾਓ ਸੰਬੰਧੀ ਰਿਪੋਰਟ ਚਰਚਿਤ ਹੋ ਚੁੱਕੀ ਸੀ ਜੋ ਪ੍ਰਧਾਨ ਮੰਤਰੀ
ਦੀ ਨਿਗ੍ਹਾ ‘ਚੋਂ ਵੀ ਲੰਘ ਚੁੱਕੀ ਸੀ। ਉਸ ਮੀਟਿੰਗ ਵਿਚ ਡਾ ਜੌਹਲ ਨੇ ਢਾਈ ਘੰਟੇ ਆਪਣੇ
ਵਿਚਾਰ ਪੇਸ਼ ਕੀਤੇ ਜਿਨ੍ਹਾਂ ਉਤੇ ਭਰਵਾਂ ਵਿਚਾਰ-ਵਟਾਂਦਰਾ ਹੋਇਆ। ਉਸ ਮੀਟਿੰਗ ਦੀ ਕਾਰਵਾਈ
ਪ੍ਰਧਾਨ ਮੰਤਰੀ ਨੂੰ ਭੇਜੀ ਤਾਂ ਰਾਜੀਵ ਗਾਂਧੀ ਨੇ ਜੌਹਲ ਨੂੰ ਨਾਸ਼ਤੇ ਉਤੇ ਮੀਟਿੰਗ ਲਈ
ਸੱਦਿਆ। ਉਥੇ ਡਾ. ਸੁਆਮੀਨਾਥਨ, ਸੀ. ਸੁਬਰਾਮਣੀਅਮ, ਸ਼ਰਦ ਜੋਸ਼ੀ, ਜੀ. ਵੀ. ਕੇ. ਰਾਉ,
ਵੈਦਿਆ ਨਾਥਨ, ਮਨੋਹਰ ਸਿੰਘ ਗਿੱਲ ਅਤੇ ਪ੍ਰਧਾਨ ਮੰਤਰੀ ਦੀ ਮੁੱਖ ਸਕੱਤਰ ਸ਼੍ਰੀਮਤੀ ਗਰੇਵਾਲ
ਤੇ ਸਪੈਸ਼ਲ ਸਕੱਤਰ ਆਹਲੂਵਾਲੀਆ ਹਾਜ਼ਰ ਸਨ।
ਡਾ. ਜੌਹਲ ਦੇ ਵਿਚਾਰਾਂ ਤੋਂ ਰਾਜੀਵ ਗਾਂਧੀ ਏਨਾ ਪ੍ਰਭਾਵਿਤ ਹੋਇਆ ਕਿ ਅਗਲੇ ਹੀ ਦਿਨ ਉਸ ਨੇ
ਜੌਹਲ ਨੂੰ ਆਪਣੀ ਇਕਨੌਮਿਕ ਐਡਵਾਈਜ਼ਰੀ ਕੌਂਸਲ ਦਾ ਮੈਂਬਰ ਲੈਣ ਦੀ ਇੱਛਾ ਜ਼ਾਹਿਰ ਕੀਤੀ। ਉਸ
ਕੌਂਸਲ ਵਿਚ ਚੋਟੀ ਦੇ ਚਾਰ ਹੋਰ ਅਰਥ ਸ਼ਾਸਤਰੀ ਡਾ. ਸੂਖਮੋਏ ਚਕਰਵਰਤੀ, ਪ੍ਰੋਫ਼ੈਸਰ ਕੇ.
ਐੱਨ. ਰਾਜ, ਡਾ. ਸੀ. ਰੰਗਾਰਾਜਨ ਤੇ ਡਾ. ਕਰਿਤ ਪਾਰਖ ਸ਼ਾਮਲ ਸਨ। ਪ੍ਰਧਾਨ ਮੰਤਰੀ ਦੀ
ਸਲਾਹਕਾਰ ਕੌਂਸਲ ਦਾ ਮੈਂਬਰ ਹੋਣਾ ਮਾਣ ਦੀ ਗੱਲ ਸੀ। ਪੰਜਾਬ ਦੇ ਕਿਰਸਾਣੀ ਸਮਾਜ ਦਾ ਦਿਮਾਗ
ਡਾ. ਜੌਹਲ ਚਾਰ ਪ੍ਰਧਾਨ ਮੰਤਰੀਆਂ, ਰਾਜੀਵ ਗਾਂਧੀ, ਨਰਸਿਮਹਾ ਰਾਉ, ਵੀ. ਪੀ. ਸਿੰਘ ਤੇ
ਚੰਦਰ ਸ਼ੇਖਰ ਦਾ ਆਰਥਿਕ ਸਲਾਹਕਾਰ ਰਿਹਾ।
ਜਦੋਂ ਕਦੇ ਮੈਂ ਮੁਕੰਦਪੁਰ ਆਏ ਡਾ. ਜੌਹਲ ਨਾਲ ਡਾ. ਮਨਮੋਹਨ ਸਿੰਘ ਦੀ ਗੱਲ ਛੇੜਦਾ ਤਾਂ ਉਹ
ਅੰਦਰਲੀਆਂ ਗੱਲਾਂ ਵੀ ਦੱਸ ਦਿੰਦਾ। ਪ੍ਰਧਾਨ ਮੰਤਰੀਆਂ ਦੀਆਂ ਮੀਟਿੰਗਾਂ ਵਿਚ ਡਾ. ਜੌਹਲ
ਅਕਸਰ ਵੇਖਦਾ ਸੀ ਡਾ. ਮਨਮੋਹਨ ਸਿੰਘ, ਮਨਟੇਕ ਸਿੰਘ ਆਹਲੂਵਾਲੀਆ ਤੇ ਪ੍ਰਧਾਨ ਮੰਤਰੀ ਦੇ
ਪ੍ਰਿੰਸੀਪਲ ਸੈਕਟਰੀ ਜਾਣ ਬੁੱਝ ਕੇ ਬੜੇ ਘੱਟ ਬੋਲਦੇ ਸਨ ਜਦ ਕਿ ਉਹ ਆਪਣੀ ਸਹੀ ਰਾਏ ਦੇਣੋਂ
ਕਦੇ ਨਹੀਂ ਸੀ ਝਿਜਕਦਾ। ਉਸ ਨੂੰ ਪ੍ਰਧਾਨ ਮੰਤਰੀਆਂ ਦੀ ਪਸੰਦਗੀ ਜਾਂ ਨਰਾਜ਼ਗੀ ਦੀ ਕੋਈ
ਪਰਵਾਹ ਨਹੀਂ ਸੀ। ਮਾਰਚ 1993 ਵਿਚ ਪ੍ਰਧਾਨ ਮੰਤਰੀ ਦੀ ਐਡਵਾਈਜ਼ਰੀ ਕੌਂਸਲ ਦੀ ਮਿਆਦ ਮੁੱਕ
ਗਈ ਜਿਸ ਨਾਲ ਡਾ. ਜੌਹਲ ਦਾ ਪ੍ਰਧਾਨ ਮੰਤਰੀਆਂ ਨਾਲ ਨਾਤਾ ਖ਼ਤਮ ਹੋ ਗਿਆ।
ਉਸ ਨੇ ਪੁਸਤਕ ‘ਰੰਗਾਂ ਦੀ ਗਾਗਰ’ ਵਿਚ ਲਿਖਿਆ, “ਪ੍ਰਧਾਨ ਮੰਤਰੀ ਚਾਰ ਵੇਖੇ ਅਲੱਗ-ਅਲੱਗ
ਤਬੀਅਤ, ਸ਼ਖਸੀਅਤ ਅਤੇ ਕਾਬਲੀਅਤ ਦੇ। ਮੈਂ ਆਖ਼ਰ ਇਸ ਨਤੀਜੇ ‘ਤੇ ਪਹੁੰਚਿਆ ਹਾਂ ਕਿ ਉੱਚ
ਪਦਵੀਆਂ ‘ਤੇ ਬੈਠੇ ਲੋਕ ਘੱਟ ਹੀ ਉਨ੍ਹਾਂ ਦੇ ਹਾਣ ਦੇ ਹਨ ਅਤੇ ਦੇਸ਼ ਪ੍ਰਤੀ ਸੁਹਿਰਦਤਾ
ਸ਼ਾਇਦ ਆਖ਼ਰੀ ਪਹਿਲਤਾ ਹੈ ਇਨ੍ਹਾਂ ਲਈ। ਸੁਆਰਥ, ਗੱਠਜੋੜ, ਸੱਤਾ ਲਈ ਹੋੜ ਅਤੇ
ਭ੍ਰਿਸ਼ਟਾਚਾਰ, ਕੰਮਚੋਰੀ ਦਾ ਬੋਲਬਾਲਾ ਹੈ। ਹਨ੍ਹੇਰੇ ਵਿਚ ਲੱਤਾਂ ਵੱਜ ਰਹੀਆਂ ਹਨ। ਸਿਆਸੀ
ਲੀਡਰਾਂ ਦੀ ਪਹਿਲ ਸਿਆਸੀ ਗੱਠਜੋੜ ਹੈ। ਲੋਕ-ਭਲਾਈ ਦਾ ਸਾਰਾ ਪ੍ਰਚਾਰ ਤੇ ਵਿਖਾਵਾ ਵੋਟਾਂ
ਲੈਣ ਦਾ ਹੈ। ਸਿਆਸੀ ਸੱਤਾ ਹਥਿਆਉਣਾ ਅਤੇ ਸੱਤਾ ਵਿਚ ਬਣੇ ਰਹਿਣਾ, ਜਿਵੇਂ ਕਿਵੇਂ ਵੀ ਹੋਵੇ,
ਸਿਆਸੀ ਲੀਡਰਾਂ ਦਾ ਇਕੋ-ਇਕ ਟੀਚਾ ਹੈ। ਪਾਰਟੀ ਕੋਈ ਵੀ ਹੋਵੇ, ਫਰਕ ਨਹੀਂ।
“ਪਹਿਲੋਂ ਸਿਆਸੀ ਲੀਡਰਾਂ ਨੇ ਅਪਰਾਧੀਆਂ ਦਾ ਸਹਾਰਾ ਲੈ ਕੇ ਧੱਕੇ ਦੀ ਵਰਤੋਂ ਕੀਤੀ ਅਤੇ
ਹੌਲੀ-ਹੌਲੀ ਇਹ ਅਪਰਾਧੀ ਆਪ ਹੀ ਲੀਡਰ ਬਣ ਬੈਠੇ। ਆਖ਼ਰ ਪ੍ਰਧਾਨ ਮੰਤਰੀ ਵੀ ਤਾਂ ਇਹੋ ਜਿਹੇ
ਲੀਡਰਾਂ ਦੀ ਸਹਾਇਤਾ ਨਾਲ ਚੁਣੇ ਹੋਏ ਲੀਡਰ ਹਨ। ਜਦੋਂ ਤਕ ਇਹ ਸਿਸਟਮ ਤੇ ਸਿਆਸੀ ਢਾਂਚਾ ਇਸੇ
ਪ੍ਰਕਾਰ ਦਾ ਰਹੇਗਾ, ਘੱਟੋ-ਘੱਟ ਮੈਨੂੰ ਕਿਸੇ ਮਸੀਹੇ ਦੇ ਪੈਦਾ ਹੋਣ ਦੀ ਆਸ ਨਹੀਂ ਜੋ ਦੇਸ਼
ਨੂੰ ਇਸ ਜਿਲ੍ਹਣ ਵਿਚੋਂ ਕੱਢ ਸਕੇ। ਇਹ ਤਾਂ ਸਿਸਟਮ ਹੀ ਟੁੱਟੇਗਾ ਜਾਂ ਬਦਲਿਆ ਜਾਵੇਗਾ ਤਾਂ
ਜੋ ਜਨਤਾ ਆਪਣੇ ਬੇਲਾਗ ਤੇ ਸੁਹਿਰਦ ਨੁਮਾਇੰਦੇ ਚੁਣ ਸਕੇ, ਨਹੀਂ ਤਾਂ ਦੇਸ਼ ਇਸ ਸਿਆਸੀ
ਜਿਲ੍ਹਣ ਵਿਚ ਫਸਿਆ ਸਮਾਜਿਕ ਤੌਰ ‘ਤੇ ਨਿਘਰਦਾ ਜਾਏਗਾ ਅਤੇ ਇਸ ਦੀ ਆਰਥਿਕ ਬੇੜੀ ਤੂਫ਼ਾਨਾਂ
ਦੇ ਥਪੇੜੇ ਖਾਂਦੀ ਰਹੇਗੀ।”
ਜਿਵੇਂ ਜੌਹਲ ਪੌੜੀਆਂ ਚੜ੍ਹਿਆ ਸੀ ਉਵੇਂ ਹੌਲੀ ਹੌਲੀ ਸ਼ਾਨ ਨਾਲ ਉਤਰਦਾ ਆਇਆ। ਉਸ ਦਾ ਕਹਿਣਾ
ਹੈ, “ਹਰ ਚੀਜ਼ ਦੀ ਹੱਦ ਹੁੰਦੀ ਹੈ। ਜੇ ਉਹ ਹੱਦ ਟੱਪ ਜਾਈਏ ਤਾਂ ਬਦਮਜ਼ਗੀ ਹੋ ਜਾਂਦੀ ਹੈ।
ਮੇਰੇ ਮਨ ਨੂੰ ਤਸੱਲੀ ਹੈ ਕਿ ਮੈਂ ਆਪਣੀ ਖ਼ੁਸ਼ੀ ਨਾਲ ਆਪਣੀ ਰਿਟਾਇਮੈਂਟ ਦਾ ਫੈਸਲਾ ਕੀਤਾ।”
ਡਾ. ਜੌਹਲ ਦਾ ਅਰਥਚਾਰੇ ਤੇ ਵਿੱਦਿਆ ਦੇ ਨਾਲ ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਵੀ
ਵਿਸ਼ੇਸ਼ ਯੋਗਦਾਨ ਹੈ। ਉਹ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਪ੍ਰਧਾਨ ਰਿਹਾ। 1996 ਤਕ
ਇਹ ਸੇਵਾ ਵੀ ਨਿਭਾਈ। ਉਹ ਸੈਮੀਨਾਰਾਂ ਵਿਚ ਸਿ਼ਰਕਤ ਕਰਨ ਅਜੇ ਵੀ ਜਾਂਦਾ ਹੈ ਤੇ ਸਰੋਤੇ ਉਸ
ਦੇ ਵਿਚਾਰਾਂ ਤੋਂ ਪ੍ਰਭਾਵਿਤ ਹੁੰਦੇ ਹਨ। ਯੂਨੀਵਰਸਿਟੀਆਂ ਤੇ ਖ਼ਾਸ ਫੋਰਮਾਂ ਵਿਚ ਉਸ ਦੇ
ਵਿਸ਼ੇਸ਼ ਭਾਸ਼ਣ ਕਰਵਾਏ ਜਾਂਦੇ ਹਨ। ਸਲਾਹਾਂ ਪੁੱਛੀਆਂ ਜਾਂਦੀਆਂ ਹਨ। ਉਸ ਨੂੰ ਅੰਗਰੇਜ਼ੀ,
ਪੰਜਾਬੀ ਤੇ ਉਰਦੂ ਵਿਚ ਭਾਸ਼ਣ ਕਰਨ ਉਤੇ ਅਬੂਰ ਹਾਸਲ ਹੈ। ਉਹ ਹਿੰਦੀ ਤੇ ਫਾਰਸੀ ਭਾਸ਼ਾਵਾਂ
ਦਾ ਵੀ ਜਾਣੂੰ ਹੈ। ਪੰਜਾਬੀ ਤੇ ਅੰਗਰੇਜ਼ੀ ਦਾ ਮੰਨਿਆ ਦੰਨਿਆ ਲੇਖਕ ਹੈ।
ਡਾ. ਜੌਹਲ ਦੀਆਂ ਬਿਜਲੀ ਤੇ ਖੇਤੀ ਦੀ ਭਿੰਨਤਾ ਬਾਰੇ ਖੋਜ ਭਰਪੂਰ ਰਿਪੋਟਾਂ ਚਰਚਾ ਦਾ ਵਿਸ਼ਾ
ਰਹੀਆਂ ਹਨ। ਗੈਟ ਸਮਝੌਤੇ ਬਾਰੇ ਉਸ ਨੇ ਬੜਾ ਸਪੱਸ਼ਟ ਸਟੈਂਡ ਲਿਆ ਸੀ। ਅਜੀਤ ਅਖ਼ਬਾਰ ਵਿਚ
ਉਸ ਦਾ ਵਿਅੰਗਮਈ ਕਾਲਮ ‘ਮੇਰਾ ਭਾਰਤ ਮਹਾਨ’ ਪਾਠਕਾਂ ਵਿਚ ਬੜਾ ਹਰਮਨ ਪਿਆਰਾ ਰਿਹਾ ਜੋ
ਪਿੱਛੋਂ ਪੁਸਤਕ ਰੂਪ ਵਿਚ ਛਪਿਆ। ਉਹ ਗਾਹੇ ਬਗਾਹੇ ਅਖ਼ਬਾਰਾਂ ਵਿਚ ਆਪਣੇ ਲੇਖ ਛਪਵਾਉਂਦਾ ਹੈ
ਅਤੇ ਕਾਲਜਾਂ ਤੇ ਯੂਨੀਵਰਸਿਟੀਆਂ ਦੀਆਂ ਕਨਵੋਕੇਸ਼ਨਾਂ ਨੂੰ ਸੰਬੋਧਨ ਕਰਦਾ ਹੈ। 2001 ਵਿਚ
ਪੰਜਾਬ ਸਰਕਾਰ ਨੇ ਉਸ ਨੂੰ ਪੰਜਾਬ ਰਾਜ ਪਲੈਨਿੰਗ ਬੋਰਡ ਦਾ ਵਾਈਸ ਚੇਅਰਮੈਨ ਤੇ ਖੇਤੀ ਨੀਤੀ
ਬਾਰੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਸਲਾਹਕਾਰ ਕੌਂਸਲ ਦਾ ਚੇਅਰਮੈਨ ਬਣਾਇਆ। 1994 ਤੋਂ
ਅਮਰਦੀਪ ਮੈਮੋਰੀਅਲ ਕਾਲਜ ਦੀ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਹੈ ਅਤੇ ਏਨੀਆਂ ਕਮੇਟੀਆਂ ਤੇ
ਬੋਰਡਾਂ ਨਾਲ ਸੰਬੰਧਿਤ ਹੈ ਕਿ ਲਿਖਣ ਲਈ ਕਾਫੀ ਵੇਰਵਾ ਦੇਣਾ ਪਵੇਗਾਜਿਸ ਦੀ ਇਥੇ ਗੁੰਜਾਇਸ਼
ਨਹੀਂ।
1998 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਸ ਨੂੰ ਡੀ. ਲਿੱਟ ਦੀ ਆਨਰੇਰੀ ਡਿਗਰੀ ਤੇ
2004 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਡੀ. ਐੱਸਸੀ. ਦੀ ਆਨਰੇਰੀ ਡਿਗਰੀ
ਨਾਲ ਸਨਮਾਨਿਆ। ਉਸੇ ਸਾਲ ਭਾਰਤ ਸਰਕਾਰ ਨੇ ਪਦਮ ਭੂਸ਼ਨ ਅਵਾਰਡ ਦਿੱਤਾ। 2005 ਵਿਚ ਪੰਜਾਬ
ਯੂਨੀਵਰਸਿਟੀ ਚੰਡੀਗੜ੍ਹ ਨੇ ਡੀ. ਲਿੱਟ ਦੀ ਆਨਰ ਬਖ਼ਸ਼ੀ। 2012 ਵਿਚ ਉਸ ਨੂੰ ਰਾਸ਼ਟਰਪਤੀ
ਨੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦਾ ਮੋਢੀ ਚਾਂਸਲਰ ਨਾਮਜ਼ਦ ਕੀਤਾ। ਉਸ ਨੇ
ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ ਅਤੇ ਚਾਰ ਸੌ ਦੇ ਕਰੀਬ ਖੋਜ ਪੱਤਰ ਤੇ ਆਰਟੀਕਲ। ਅਜੇ ਉਹ
ਸਰਗਰਮ ਹੈ ਤੇ ਪਤਾ ਨਹੀਂ ਕਦੋਂ ਟਿਕ ਕੇ ਬੈਠੇ। ਬੈਠੇ ਜਾਂ ਨਾ ਹੀ ਬੈਠੇ। ਅਜੇ ਉਸ ਦੇ
ਗਿੱਟੇ-ਗੋਡੇ ਕਾਇਮ ਹਨ ਤੇ ਤੋਰਾ ਫੇਰਾ ਜਾਰੀ ਹੈ।
ਗਿੱਟੇ-ਗੋਡਿਆਂ ਤੋਂ ਗੱਲ ਯਾਦ ਗਈ ਜਦੋਂ ਜੌਹਲ ਦਾ ਗੋਡਾ ਚੱਲਣੋ ਰਹਿ ਚੱਲਿਆ ਸੀ ਤੇ ਮੇਰਾ
ਲੱਕ ਨਹੀਂ ਸੀ ਮੁੜਦਾ। 1999 ਦੀ ਗੱਲ ਹੈ। ਉਦੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ
ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਡੇ ਕਾਲਜ ਦੇ ਸਟੇਡੀਅਮ ਦਾ ਨੀਂਹ ਪੱਥਰ ਰੱਖਣ
ਆਇਆ। ਉਹ ਘੋੜੇ ਵਾਂਗ ਤੁਰ ਰਿਹਾ ਸੀ ਤੇਜ਼ ਤੇ ਸਿੱਧਾ। ਕਾਲਜ ਦੇ ਚੇਅਰਮੈਨ ਤੇ ਪ੍ਰਿੰਸੀਪਲ
ਗੋਡੇ ਤੇ ਲੱਕ ਦੀ ਤਕਲੀਫ਼ ਕਾਰਨ ਉਹਦੇ ਨਾਲ ਨਹੀਂ ਸਨ ਰਲ ਰਹੇ। ਅਸੀਂ ਇਕ ਦੂਜੇ ਵੱਲ ਵੇਖਿਆ
ਤੇ ਜਥੇਦਾਰ ਨੂੰ ਹੌਲੀ ਤੁਰਨ ਦੀ ਬੇਨਤੀ ਕੀਤੀ। ਬਾਅਦ ਵਿਚ ਡਾ. ਜੌਹਲ ਨੇ ਆਪਣੇ ਗੋਡੇ ਦਾ
ਇਲਾਜ ਹਕੀਮਪੁਰ ਦੇ ਬਿੱਲੂ ਬਾਜ਼ੀਗਰ ਤੋਂ ਕਰਾਇਆ ਤੇ ਮੈਂ ਲੁਧਿਆਣੇ ਦੇ ਮਾਲੀ ਤੋਂ। ਉਸ
ਪਿੱਛੋਂ ਨਾ ਉਹਦਾ ਗੋਡਾ ਖੜ੍ਹਿਆ ਤੇ ਨਾ ਮੈਨੂੰ ਲੱਕ ਦੀ ਤਕਲੀਫ਼ ਹੋਈ। ਦੇਸੀ ਬੰਦਿਆਂ ਨੂੰ
ਦੇਸੀ ਇਲਾਜ ਹੀ ਰਾਸ ਆਇਆ। ਡਾ. ਜੌਹਲ ਚੰਡੀਗੜ੍ਹ ਕਿਸੇ ਮੀਟਿੰਗ ਵਿਚ ਆਪਣੇ ਗੋਡੇ ਦਾ ਪੇਂਡੂ
ਇਲਾਜ ਦੱਸ ਬੈਠਾ ਤਾਂ ਸਤਿੱਥੀ ਅਜੀਬ ਮੋੜ ਲੈ ਗਈ। ਜਿਨ੍ਹਾਂ ਵਿਸ਼ੇਸ਼ ਵਿਅਕਤੀਆ ਦਾ ਇਲਾਜ
ਪੀ. ਜੀ. ਆਈ. ਦੇ ਡਾ. ਚੁਟਾਨੀ ਹੋਰਾਂ ਤੋਂ ਨਹੀਂ ਸੀ ਹੋ ਰਿਹਾ ਉਹ ਬਿੱਲੂ ਬਾਜ਼ੀਗਰ ਨੂੰ
ਲੱਭਣ ਲੱਗੇ।
ਇਕ ਦਿਨ ਮੈਂ ਹੈਰਾਨ ਰਹਿ ਗਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ
ਪਤਨੀ ਸਰਦਾਰਨੀ ਗੁਰਬਿੰਦਰ ਕੌਰ ਬਰਾੜ ਕਾਲਜ ਵਿਚ ਆ ਪਧਾਰੀ। ਨਾਲ ਇਕ ਬਾਡੀ ਗਾਰਡ ਤੇ ਇਕ
ਨੌਕਰਾਣੀ ਸੀ। ਉਹ ਆਖਣ ਲੱਗੀ, “ਮੈਨੂੰ ਡਾ. ਜੌਹਲ ਨੇ ਦੱਸਿਐ ਕਿ ਇਥੇ ਕੋਈ ਬਾਜ਼ੀਗਰ ਐ
ਜਿਹੜਾ ਹੱਡੀਆਂ ਦਾ ਐਕਸਪਰਟ ਐ। ਮੇਰੀ ਰੀੜ੍ਹ ਦੀ ਹੱਡੀ ‘ਚ ਪ੍ਰਾਬਲਮ ਐ।” ਨਾਲੇ ਪੁੱਛਣ
ਲੱਗੀ, “ਡਾ. ਜੌਹਲ ਨਹੀਂ ਆਏ?”
ਜੌਹਲ ਸਾਹਿਬ ਦਾ ਫੋਨ ਆ ਗਿਆ ਸੀ ਕਿ ਅੱਜ ਉਸ ਨੇ ਕਾਲਜ ਵਿਚ ਆਉਣਾ ਹੈ ਪਰ ਇਹ ਨਹੀਂ ਸੀ
ਦੱਸਿਆ ਕਿ ਸਰਦਾਰਨੀ ਗੁਰਬਿੰਦਰ ਕੌਰ ਬਰਾੜ ਆਵੇਗੀ। ਤਦੇ ਮੈਨੂੰ ਉਹਦੇ ਆਉਣ ਦੀ ਹੈਰਾਨੀ ਹੋਈ
ਸੀ। ਕਿਥੇ ਮੁੱਖ ਮੰਤਰੀ ਦੀ ਪਤਨੀ ਤੇ ਕਿਥੇ ਮੇਰਾ ਪੇਂਡੂ ਕਾਲਜ ਦਾ ਦਫਤਰ! ਮੈਂ ਸੇਵਾਦਾਰ
ਭੇਜ ਕੇ ਬਿੱਲੂ ਬਾਜ਼ੀਗਰ ਬੁਲਾ ਲਿਆ ਜਿਸ ਨੂੰ ਹਕੀਮਪੁਰੀਏ ‘ਬਿੱਲੀ’ ਕਹਿੰਦੇ ਸਨ। ਬਾਜ਼ੀਗਰ
ਦੇ ਆਉਣ ਤਕ ਡਾ. ਜੌਹਲ ਵੀ ਆ ਗਏ। ਬਿੱਲੂ ਨੇ ਆਉਂਦਿਆਂ ਸਰ੍ਹੋਂ ਦਾ ਤੇਲ ਮੰਗਾ ਲਿਆ। ਦਫਤਰ
ਨਾਲ ਲੱਗਵੇਂ ਰੈੱਸਟ ਰੂਮ ਵਿਚ ਉਦੋਂ ਬੈੱਡ ਨਹੀਂ ਸੀ ਲੱਗਾ ਹੁੰਦਾ। ਭੁੰਜੇ ਦਰੀ ਉਤੇ ਲੇਟਣਾ
ਸਰਦਾਰਨੀ ਨੂੰ ਮੁਸ਼ਕਲ ਸੀ। ਮੈਂ ਸਲਾਹ ਦਿੱਤੀ ਕਿ ਮੇਰੇ ਨਿਵਾਸ ‘ਤੇ ਚਲੇ ਚੱਲੋ, ਉਥੇ ਬੈੱਡ
ਉਤੇ ਲੇਟ ਕੇ ਮਾਲਸ਼ ਕਰਵਾ ਲੈਣੀ। ਸਰਦਾਰਨੀ ਦਾ ਉਥੋਂ ਤਕ ਤੁਰ ਕੇ ਜਾਣਾ ਵੀ ਮੁਸ਼ਕਲ ਸੀ
ਜਿਸ ਕਰਕੇ ਕਾਰ ਵਿਚ ਬਿਠਾ ਕੇ ਲਿਜਾਣਾ ਪਿਆ।
ਸਾਡੇ ਪਿੱਛੇ-ਪਿੱਛੇ ਤੁਰੇ ਆਉਂਦੇ ਬਿੱਲੂ ਨੂੰ ਜਦੋਂ ਜੌਹਲ ਨੇ ਦੱਸਿਆ, ਸਰਦਾਰਨੀ ਮੁੱਖ
ਮੰਤਰੀ ਦੇ ਘਰ ਵਾਲੀ ਹੈ ਤਾਂ ਉਹ ਮਾਲਸ਼ ਕਰਨੋ ਡਰ ਗਿਆ। ਆਖਣ ਲੱਗਾ, ਮੈਂ ਤਾਂ ਗਿੱਟੇ
ਗੋਡਿਆਂ ਦੀ ਮਾਲਸ਼ ਈ ਕਰਦਾਂ, ਰੀੜ੍ਹ ਦੀ ਕਦੇ ਨਹੀਂ ਕੀਤੀ। ਅਸਲ ਵਿਚ ਉਸ ਨੇ ਸਰਦਾਰਨੀ ਦਾ
ਭਾਰੀ ਜੁੱਸਾ ਵੇਖ ਕੇ ਲੱਖਣ ਲਾ ਲਿਆ ਸੀ ਕਿ ਇਹ ਉਹਦੇ ਵੱਸ ਦਾ ਰੋਗ ਨਹੀਂ। ਉਹ ਨਾਂਹ ਵਿਚ
ਸਿਰ ਮਾਰੀ ਜਾ ਰਿਹਾ ਸੀ। ਪਰ ਡਾ. ਜੌਹਲ ਦੇ ਜ਼ੋਰ ਦੇਣ ਉਤੇ ਕਿ ਏਨੀ ਦੂਰੋਂ ਆਏ ਐ, ਮਾਲਸ਼
ਈ ਕਰਨੀ ਐਂ, ਮਾੜੀ ਮੋਟੀ ਕਰ ਦੇਈਂ। ਉਹ ਜਕਦਾ ਜਿਹਾ ਤਿਆਰ ਹੋ ਗਿਆ। ਮੈਂ ਆਪਣੀ ਨੂੰਹ ਨੂੰ
ਮਦਦ ਕਰਨ ਲਈ ਬੈੱਡ ਰੂਮ ਵਿਚ ਭੇਜ ਦਿੱਤਾ ਤੇ ਆਪ ਅਸੀਂ ਲਾਬੀ ‘ਚ ਬਹਿ ਕੇ ਗੱਲਾਂ ਕਰਨ
ਲੱਗੇ। ਸਾਡੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮਾਲਸ਼ ਕਰਾਉਣ ਪਿਛੋਂ ਮਿਸਜ਼ ਬਰਾੜ ਨੇ ਬਾਹਰ
ਆ ਕੇ ਕਿਹਾ, “ਮੈਨੂੰ ਕਾਫੀ ਆਰਾਮ ਆ ਗਿਐ। ਹੁਣ ਮੈਂ ਤੁਰ ਸਕਦੀ ਆਂ!”
ਫਿਰ ਉਹ ਆਪਣੇ ਸਰਦਾਰ ਜੀ ਤੇ ਬਾਦਲ ਸਾਹਿਬ ਵਿਚਕਾਰ ਲੜੀ ਚੋਣ ਦੀਆਂ ਗੱਲਾਂ ਕਰਦੀ ਦੋਹਾਂ
ਸਰਦਾਰਾਂ ਨੂੰ ਸਲਾਹੁੰਦੀ ਰਹੀ। ਅੱਧਾ ਪੌਣਾ ਘੰਟਾ ਉਸ ਨੇ ਘਰੇਲੂ ਗੱਲਾਂ ਕੀਤੀਆਂ। ਮੈਂ ਵੀ
ਇਕ ਸਾਲ ਮੁਕਤਸਰ ਪੜ੍ਹਨ ਦਾ ਜਿ਼ਕਰ ਕੀਤਾ। ਮੇਰੀ ਨੂੰਹ ਨੇ ਕਾਉਣੀ ਤੋਂ ਬੀ. ਐੱਸਸੀ. ਕੀਤੀ
ਸੀ। ਅਸੀਂ ਉਹਦੇ ਇਲਾਕੇ ਦੇ ਨਿਕਲ ਆਏ ਸਾਂ ਜਿਸ ਨਾਲ ਅਪਣੱਤ ਜਿਹੀ ਜਾਗ ਪਈ ਸੀ। ਚਾਹ ਪਾਣੀ
ਪੀਣ ਉਪਰੰਤ ਉਹ ਪੁੱਛਣ ਲੱਗੀ ਕਿ ਹੁਣ ਮਾਲਸ਼ ਕਰਵਾਉਣ ਕਿੱਦਣ ਆਵਾਂ? ਜੌਹਲ ਨੇ ਕਿਹਾ,
“ਬਿੱਲੂ ਈ ਚੰਡੀਗੜ੍ਹ ਪਹੁੰਚ ਜਾਵੇਗਾ।” ਸਰਦਾਰਨੀ ਬਰਾੜ ਕਿਹਾ ਕਿ ਮੇਰਾ ਡਰਾਈਵਰ ਇਹਨਾਂ
ਨੂੰ ਆ ਕੇ ਲੈ ਜਿਆ ਕਰੇਗਾ ਤੇ ਛੱਡ ਜਾਇਆ ਕਰੇਗਾ।” ਡਾ. ਜੌਹਲ ਨੇ ਹੱਸਦਿਆਂ ਕਿਹਾ, “ਗੱਡੀ
ਫੇਰ ਛੋਟੀ ਭੇਜਣੀ। ਵੱਡੀ ਬਾਜ਼ੀਗਰ ਦੀ ਬੀਹੀ ‘ਚ ਨਹੀਂ ਮੁੜਨੀ।”
ਬਿੱਲੂ ਹਫ਼ਤੇ ਦੋ ਹਫ਼ਤੀਂ ਚੰਡੀਗੜ੍ਹ ਜਾਂਦਾ ਤੇ ਆ ਕੇ ਦੱਸਦਾ ਕਿ ਮੇਰੀ ਬੜੀ ਸੇਵਾ ਹੁੰਦੀ
ਐ। ਉਹ ਬਰਾੜ ਸਾਹਿਬ ਨਾਲ ਹੋਈਆਂ ਗੱਲਾਂ ਸੁਣਾਉਂਦਾ ਤੇ ਪਿੰਡ ‘ਚ ਦੱਸਦਾ ਕਿ ਮੈਂ ਮੁੱਖ
ਮੰਤਰੀ ਨੂੰ ਮਿਲ ਕੇ ਆਇਆਂ। ਸਰਦਾਰਨੀ ਗੁਰਬਿੰਦਰ ਕੌਰ ਦਾ ਤਾਂ ਪਤਾ ਨਹੀਂ ਪੂਰਾ ਇਲਾਜ ਹੋਇਆ
ਜਾਂ ਨਹੀਂ ਪਰ ਬਿੱਲੂ ਬਾਜ਼ੀਗਰ ਦੀ ਮੁਕੰਦਪੁਰ ਦੇ ਠਾਣੇ ਵਿਚ ਏਨੀ ਚੱਲਣ ਲੱਗ ਪਈ ਕਿ ਆਪਣੇ
ਮੁੰਡੇ ਨੂੰ ਬਾਹਰ ਭੇਜਣ ਲਈ ਏਜੰਟ ਕੋਲ ਫਸੇ ਪੈਸੇ ਪੂਰੇ ਦੇ ਪੂਰੇ ਕਢਾ ਗਿਆ!
ਇਕ ਦਿਨ ਹਾਈ ਕੋਰਟ ਦੇ ਇਕ ਜੱਜ ਦੀ ਪਤਨੀ ਮਿਸਿਜ਼ ਕੇ. ਆਤਮਾ ਰਾਮ ਮੁਕੰਦਪੁਰ ਆ ਵੱਜੀ। ਉਹ
ਕਾਲਜਾਂ ਦੀ ਡੀ. ਪੀ. ਆਈ. ਰਹਿ ਚੁੱਕੀ ਸੀ ਜਿਸ ਕਰਕੇ ਮੈਂ ਉਸ ਨੂੰ ਪਛਾਣਦਾ ਸਾਂ। ਉਹਦਾ ਵੀ
ਗੋਡਾ ਖੜ੍ਹ ਚੱਲਿਆ ਸੀ ਜੋ ਬਿੱਲੂ ਦੀ ਮਾਲਸ਼ ਨਾਲ ਫਿਰ ਰਵਾਂ ਹੋ ਗਿਆ। ਮਾਲਸ਼ ਕਰਵਾ ਕੇ ਉਹ
ਬਿੱਲੂ ਨੂੰ ਪੁੱਛਣ ਲੱਗੀ, “ਮੈਂ ਗੱਡੀ ਖੁਦ ਚਲਾਵਾਂ ਜਾਂ ਡਰਾਈਵਰ ਚਲਾਵੇ?” ਬਿੱਲੂ ਦੀ ਥਾਂ
ਮੈਂ ਹੀ ਕਿਹਾ, “ਮੈਡਮ ਚੰਗਾ ਰਹੇਗਾ ਜੇ ਹਾਲੇ ਤੁਹਾਡਾ ਡਰਾਈਵਰ ਹੀ ਚਲਾਵੇ। ਅਜੇ ਗੋਡੇ ਨੂੰ
ਪੂਰਾ ਆਰਾਮ ਕਰਨ ਦਿਓ।”
ਮੈਨੂੰ ਦਿੱਲੀ ਤੋਂ ਫੋਨ ਆਉਣ ਲੱਗ ਪਏ ਕਿ ਤੁਹਾਡੇ ਕੋਲ ਹੱਡੀਆਂ ਦੇ ਇਲਾਜ ਦਾ ਮਾਹਿਰ ਹੈ।
ਅਸੀਂ ਇਲਾਜ ਕਰਾਉਣਾ ਚਾਹੁੰਦੇ ਹਾਂ। ਕੀ ਮੁਕੰਦਪੁਰ ਵਿਚ ਕੋਈ ਚੰਗਾ ਹੋਟਲ ਹੈ ਜਿਥੇ ਰਿਹਾ
ਜਾ ਸਕੇ? ਮੈਂ ਅੱਗੋਂ ਕੀ ਕਹਿੰਦਾ? ਮੇਰਾ ਲੱਕ ਤਾਂ ਬਿੱਲੂ ਨੇ ਮਰੋੜਾ ਦੇ ਕੇ ਹੋਰ ਵੀ
‘ਕੱਠਾ ਕਰ ਦਿੱਤਾ ਸੀ ਜੋ ਇਕ ਮਾਲੀ ਦੀਆਂ ਮਾਲਸ਼ਾਂ ਨਾਲ ਮਸੀਂ ਠੀਕ ਹੋਇਆ ਸੀ। ਇਹੋ ਕਾਰਨ
ਸੀ ਕਿ ਮੈਂ ਜੌਹਲ ਵਾਂਗ ਕਿਸੇ ਨੂੰ ਬਿੱਲੂ ਤੋਂ ਇਲਾਜ ਕਰਾਉਣ ਦੀ ਸਿਫਾਰਸ਼ ਨਹੀਂ ਸੀ ਕਰਦਾ।
ਢੁੱਡੀਕੇ ਕਾਲਜ ਦਾ ਸਾਡਾ ਪੁਰਾਣਾ ਵਿਦਿਆਰਥੀ ਗੁਰਬਖ਼ਸ਼ ਸਿੰਘ ਮੱਲ੍ਹੀ ਜੋ ਕੈਨੇਡਾ ਦਾ
ਪਾਰਲੀਮੈਂਟ ਮੈਂਬਰ ਸੀ, ਉਹਦਾ ਲੱਕ ਵੀ ਟੇਢਾ ਜਿਹਾ ਹੋ ਚੱਲਿਆ ਸੀ। ਆਪਣਾ ਲੱਕ ਸਿੱਧਾ
ਕਰਾਉਣ ਲਈ ਉਹ ਵੀ ਬਿੱਲੂ ਕੋਲ ਜਾਣ ਨੂੰ ਫਿਰਦਾ ਸੀ ਪਰ ਮੈਂ ਆਪਣੀ ਮਿਸਾਲ ਦੇ ਕੇ ਰੋਕ
ਦਿੱਤਾ ਸੀ ਪਈ ਕਿਤੇ ਔਟਵਾ ਪਾਰਲੀਮੈਂਟ ਜਾਣ ਤੋਂ ਈ ਨਾ ਰਹਿਜੇ!
ਡਾ. ਜੌਹਲ ਨੇ ਚੁਰਾਸੀ ਕੱਟ ਲਈ ਹੈ ਤੇ ਹੁਣ ਸੈਂਚਰੀ ਮਾਰਨ ਵੱਲ ਵਧ ਰਿਹੈ। ਦਿਲ ਦੇ ਚਾਰ
ਦੌਰੇ ਪੈਣ ਤੇ ਕੁਝ ਹਾਦਸੇ ਵਾਪਰ ਜਾਣ ਦੇ ਬਾਵਜੂਦ ਉਹ ਹਰੀ ਕਾਇਮ ਹੈ। ਕਦੇ ਜਾਪ ਸਾਹਿਬ
ਉਚਾਰਦਾ ਨਾਲ ਦੀ ਨਾਲ ਕਸਰਤ ਵੀ ਕਰ ਲੈਂਦਾ ਹੈ ਤੇ ਅਰਦਾਸ ਵੀ ਕਰਦਾ ਹੈ। ਉਹ ਖ਼ਜ਼ਾਨੇ ਭਰੇ
ਰਹਿਣ ਦੀ ਮੰਗ ਕਦੇ ਨਹੀਂ ਕਰਦਾ। ਉਹਦੀ ਰੱਬ ਅੱਗੇ ਅਰਦਾਸ ਸਿਰਫ਼ ਏਨੀ ਹੁੰਦੀ ਹੈ ਕਿ ਨੇਕ
ਕੰਮ ਕਰਨ ਦਾ ਬਲ ਬਖ਼ਸ਼ੀ ਰੱਖੇ। ਜੇ ਉਹ ਤੁੱਠਾ ਹੈ ਤਾਂ ਏਨਾ ਕੁ ਹੀ ਦੇਵੇ ਜਿੰਨੀ ਉਸ ਦੀ
ਲੋੜ ਹੈ। ਜੇ ਲੋੜ ਜੋਗਾ ਨਾ ਦੇ ਸਕੇ ਤਾਂ ਲੋੜੋਂ ਘੱਟ ਦੇ ਦੇਵੇ ਪਰ ਲੋੜੋਂ ਵੱਧ ਕਦੇ ਨਾ
ਦੇਵੇ। ਧਨੰਤਰ ਅਰਥ ਸ਼ਾਸਤਰੀ ਹੋਣ ਕਰਕੇ ਸਮਝਦਾ ਹੈ ਕਿ ਲੋੜੋਂ ਘੱਟ ਮਿਲਿਆ ਘੱਟ ਤੰਗ ਕਰਦਾ
ਹੈ ਜਦ ਕਿ ਲੋੜੋਂ ਵੱਧ ਮਿਲਿਆ ਵਧੇਰੇ ਕਸ਼ਟ ਦਿੰਦੈ। ਪਰ ਇਹ ਗੱਲ ‘ਅਮੀਰ ਲੋਕ’ ਨਹੀਂ
ਸਮਝਦੇ।
ਡਾ. ਜੌਹਲ ਵੱਡਾ ਬੰਦਾ ਹੋ ਕੇ ਵੀ ਆਪਣੇ ਆਪ ਨੂੰ ਆਮ ਬੰਦਾ ਸਮਝਦੈ। ਉਸ ਨੇ ਫਾਈਵ ਸਟਾਰ
ਹੋਟਲਾਂ ਵਿਚ ਵੀ ਇਕੋ ਦਾਲ ਜਾਂ ਸਬਜ਼ੀ ਨਾਲ ਰੋਟੀ ਖਾਧੀ ਹੈ। ਆਪਣੇ ਕਪੜੇ ਆਪ ਧੋਤੇ ਤੇ
ਪ੍ਰੈੱਸ ਕੀਤੇ ਹਨ। ਆਪਣੇ ਬੂਟ ਕਦੇ ਕਿਸੇ ਤੋਂ ਪਾਲਸ਼ ਨਹੀਂ ਕਰਵਾਏ। ਉਹ ‘ਆਪਣੇ ਹੱਥੀਂ
ਆਪਣਾ ਆਪੇ ਹੀ ਕਾਜ ਸਵਾਰੀਏ’ ਦੇ ਗੁਰ ਵਾਕ ਦਾ ਧਾਰਨੀ ਹੈ। ਉਸ ਦਾ ਕਹਿਣਾ ਕਿ ਆਦਮੀ ਦੀਆਂ
ਮੂਲ ਜ਼ਰੂਰਤਾਂ ਕਾਫ਼ੀ ਥੋੜ੍ਹੀਆਂ ਹਨ ਅਤੇ ਉਹ ਆਪਣੀ ਸੀਮਾ ਵਿਚ ਰਹਿ ਕੇ ਕਾਫ਼ੀ ਖ਼ੁਸ਼ ਰਹਿ
ਸਕਦਾ ਹੈ। ਬਾਕੀ ਤਾਂ ਸਭ ਜੰਜਾਲ ਹੀ ਇਕੱਠਾ ਕਰਨ ਵਾਲੀ ਗੱਲ ਹੈ। ਜਿ਼ਆਦਾ ਸਿਲਸਿਲਾ ਖੜ੍ਹਾ
ਕਰਨ ਨਾਲ ਆਰਾਮ ਘੱਟ ਤੇ ਪ੍ਰੇਸ਼ਾਨੀ ਵੱਧ ਹੁੰਦੀ ਹੈ। ਜਿ਼ੰਦਗੀ ਸੌਖੀ ਕੱਟਣ ਲਈ ਆਦਮੀ ਨੂੰ
ਚੀਜ਼ਾਂ ਵਸਤਾਂ ਤੇ ਜਾਇਦਾਦ ਨਾਲ ਬਹੁਤਾ ਲਗਾਓ ਨਹੀਂ ਰੱਖਣਾ ਚਾਹੀਦੈ। ਸਾਰੀਆਂ ਵਸਤੂਆਂ ਤੇ
ਸਹੂਲਤਾਂ ਨੂੰ ਜੇ ਅਡੋਲ ਛੱਡ ਕੇ ਉਠ ਜਾਣ ਦੀ ਬਿਰਤੀ ਬਣ ਜਾਵੇ ਤਾਂ ਚੀਜ਼ ਆਈ ਦੀ ਖ਼ੁਸ਼ੀ
ਹੁੰਦੀ ਹੈ, ਹੱਥੋਂ ਗਈ ਦਾ ਦੁੱਖ ਨਹੀਂ ਹੁੰਦਾ।
ਮਹਿਮਾਨ ਨਿਵਾਜ਼ੀ ਬਾਰੇ ਉਸ ਦਾ ਨਜ਼ਰੀਆ ਹੈ ਕਿ ਆਦਮੀ, ਆਦਮੀ ਕੋਲ ਆਉਂਦਾ ਹੈ, ਮਕਾਨ ਕੋਲ
ਨਹੀਂ ਅਤੇ ਨਾ ਹੀ ਕੋਈ ਕਿਸੇ ਕੋਲ ਰੋਟੀ ਖਾਣ ਆਉਂਦਾ ਹੈ। ਦਿਲ ਵੱਡਾ ਹੋਵੇ, ਮਕਾਨ ਭਾਵੇਂ
ਛੋਟਾ ਹੀ ਸਹੀ ਅਤੇ ਰੋਟੀ ਰੁੱਖੀ-ਮਿੱਸੀ ਹੀ ਹੋਵੇ ਮਹਿਮਾਨ ਨਿੱਘ ਮਹਿਸੂਸ ਕਰਦਾ ਹੈ।
ਲੰਮੀਆਂ-ਚੌੜੀਆਂ ਕੋਠੀਆਂ ਵਿਚ, ਪਕਵਾਨਾਂ ਤੇ ਨੌਕਰਾਂ-ਚਾਕਰਾਂ ਦੀ ਸੇਵਾ ਨਾਲ ਜੇ ਘਰ ਦੇ
ਮਾਲਕਾਂ ਦਾ ਵਤੀਰਾ ਖਿੜੇ ਮੱਥੇ ਵਾਲਾ ਨਾ ਹੋਵੇ ਤਾਂ ਮਹਿਮਾਨ ਦਾ ਦਮ ਘੁਟਦਾ ਹੈ ਤੇ ਉਹ
ਜ਼ਰੂਰਤ ਤੋਂ ਇਕ ਮਿੰਟ ਵੀ ਵੱਧ ਉਥੇ ਨਹੀਂ ਰਹਿਣਾ ਚਾਹੇਗਾ। ਜਿਹੜੇ ਲੋਕ ਫਜ਼ੂਲ ਦਾ ਵਿਖਾਵਾ
ਕਰਦੇ ਹਨ ਉਹ ਆਪ ਵੀ ਔਖੇ ਹੁੰਦੇ ਹਨ ਤੇ ਹੋਰਨਾਂ ਨੂੰ ਵੀ ਔਖੇ ਕਰਦੇ ਹਨ।
ਡਾ. ਜੌਹਲ ਦੀ ਸਾਦਗੀ ਦਾ ਮੈਨੂੰ ਕਾਲਜ ਦੇ ਸਮਾਗਮਾਂ ਲਈ ਬੜਾ ਸੁਖ ਸੀ। ਵਾਈਸ ਚਾਂਸਲਰ ਆਉਣ,
ਵੱਡੇ ਅਫ਼ਸਰ ਜਾਂ ਮੰਤਰੀ ਆਉਣ, ਇਥੋਂ ਤੱਕ ਕਿ ਮੁੱਖ ਮੰਤਰੀ ਵੀ ਆਵੇ ਕਦੇ ਕੋਈ ਉਚੇਚ ਨਹੀਂ
ਸੀ ਕਰਨੀ ਪਈ। ਇਕ ਵਾਰ ਦਿੱਲੀ ਤੋਂ ਕਰਤਾਰ ਸਿੰਘ ਦੁੱਗਲ ਆਇਆ। ਨਾਲ ਉਹਦੀ ਪਤਨੀ ਆਇਸ਼ਾ ਸੀ।
ਉਹ ਜੌਹਲ ਦਾ ਏਡਾ ਉਪਾਸ਼ਕ ਨਿਕਲਿਆ ਕਿ ਰਾਜ ਸਭਾ ਦੀ ਮੈਂਬਰੀ ਵਾਲੇ ਆਪਣੇ ਫੰਡ ‘ਚੋਂ 25
ਲੱਖ ਰੁਪਏ ਕਾਲਜ ਦੇ ਆਡੀਟੋਰੀਅਮ ਲਈ ਦੇ ਗਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਾਲਜ
ਵਿਚ ਆਇਆ ਤਾਂ ਕਹਿਣ ਲੱਗਾ, ਜੇ ਕਾਲਜ ਨੂੰ ਪੇਂਡੂ ਯੂਨੀਵਰਸਿਟੀ ਬਣਾਓ ਤਾਂ ਮੈਂ ਮੁੱਖ
ਮੰਤਰੀ ਰਹਾਂ ਜਾਂ ਨਾ ਰਹਾਂ, ਕਰੋੜ ਰੁਪਿਆ ਆਪਣੇ ਕੋਲੋਂ ਪਾਵਾਂਗਾ। ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਦਾ ਕਹਿਣਾ ਸੀ, ਜੋ ਜੌਹਲ ਸਾਹਿਬ ਹੁਕਮ ਕਰਨ ਸੋਈ ਹੋਵੇਗਾ। ਮੈਨੂੰ ਤਾਂ
ਇਹਨਾਂ ਦਾ ਹੁਕਮ ਚਾਹੀਦੈ। ਏਨਾ ਸਤਿਕਾਰ ਹੈ ਡਾ. ਜੌਹਲ ਦਾ। ਮਨਪ੍ਰੀਤ ਸਿੰਘ ਬਾਦਲ ਨੇ ਤਾਂ
ਪੀ. ਪੀ. ਪੀ. ਬਣਾਈ ਹੀ ਡਾ. ਜੌਹਲ ਦੀ ਸਰਪ੍ਰਸਤੀ ਵਿਚ ਸੀ।
1998 ਵਿਚ ਜੌਹਲ ਨੂੰ ਪੰਜਾਬੀ ਯੂਨੀਵਰਸਿਟੀ ਨੇ ਡੀ. ਲਿੱਟ. ਦੀ ਆਨਰੇਰੀ ਡਿਗਰੀ ਦਿੱਤੀ।
ਅਗਲੇ ਦਿਨ ਉਸ ਨੇ ਖ਼ੁਦ ਕਾਰ ਚਲਾ ਕੇ ਪਾਲਮਪੁਰ ਨੂੰ ਚਾਲੇ ਪਾਏ। ਨਾਲ ਸਰਦਾਰਨੀ ਤੇ ਇਕ
ਨੌਕਰ ਸੀ। ਜਾਂਦੇ ਹੋਏ ਉਹ ਜੰਡਿਆਲੇ ਤੇ ਮੁਕੰਦਪੁਰ ਵਿਚ ਦੀ ਲੰਘੇ। ਉੱਦਣ ਅਖ਼ਬਾਰਾਂ ਦੇ
ਮੁੱਖ ਸਫ਼ੇ ‘ਤੇ ਡਾ. ਜੌਹਲ ਨੂੰ ਸਨਮਾਨ ਮਿਲਣ ਦੀਆਂ ਖ਼ਬਰਾਂ ਸਨ। ਕਾਰ ਵਿਚ ਕੀਰਤਨ ਗੂੰਜਦਾ
ਗਿਆ। ਮੈਦਾਨ ਲੰਘ ਕੇ ਅੱਗੇ ਪਹਾੜੀ ਰਸਤਾ ਸੀ। ਪਾਲਮਪੁਰ ਤੋਂ ਅਜੇ ਪੰਜਾਹ ਕੁ ਕਿਲੋਮੀਟਰ
ਪਿੱਛੇ ਸੀ ਕਿ ਜੌਹਲ ਨੂੰ ਝਪਕੀ ਆ ਗਈ ਤੇ ਗੱਡੀ ਖੱਬੇ ਪਾਸੇ ਪੱਥਰਾਂ ਦੇ ਚੱਠੇ ਨਾਲ ਜਾ
ਟਕਰਾਈ। ਸੱਜੇ ਪਾਸੇ ਨੂੰ ਮੁੜ ਜਾਂਦੀ ਤਾਂ ਹੇਠਾਂ ਡੂੰਘੀਆਂ ਖੱਡਾਂ ਸਨ ਜਿਨ੍ਹਾਂ ‘ਚ ਡਿੱਗਣ
ਨਾਲ ਬਚਣ ਦਾ ਕੋਈ ਮੁਕਾਮ ਨਹੀਂ ਸੀ। ਪਹਾੜੀ ਪੱਥਰਾਂ ‘ਚ ਵੱਜ ਕੇ ਕਾਰ ਰੁਕ ਗਈ, ਸਮਾਨ ਖਿਲਰ
ਗਿਆ ਪਰ ਜਾਨੀ ਨੁਕਸਾਨ ਹੋਣੋ ਬਚ ਗਿਆ। ਜੌਹਲ ਦੇ ਦੋ ਦੰਦ ਟੁੱਟੇ ਤੇ ਗੁੱਝੀਆਂ ਸੱਟਾਂ
ਲੱਗੀਆਂ। ਅਸੀਂ ਪਾਲਮਪੁਰ ਖ਼ਬਰ ਨੂੰ ਗਏ ਤਾਂ ਉਹ ਖ਼ੁਦ ਚਾਹ ਬਣਾਉਣ ਲੱਗੇ ਜੋ ਮਸੀਂ ਹਟਾਏ।
ਹੱਸਦੇ ਰਹੇ ਕਿ ਕਾਰ ਸੱਜੇ ਹੱਥ ਮੁੜ ਜਾਂਦੀ ਤਾਂ ਡੀ. ਲਿੱਟ ਦੇ ਸਨਮਾਨ ਤੋਂ ਵੱਡੀ ਖ਼ਬਰ
ਲੱਗਦੀ! ਹਾਦਸੇ ਦੇ ਬਾਵਜੂਦ ਉਹ ਚੜ੍ਹਦੀ ਕਲਾ ਵਿਚ ਸੀ। ਅਸੀਂ ਬਚਨ ਲੈ ਕੇ ਮੁੜੇ ਕਿ ਮੁੜ ਕੇ
ਕਾਰ ਨਾ ਚਲਾਇਓ।
ਬਚਨ ਮੁਤਾਬਿਕ ਡਾ. ਜੌਹਲ ਨੇ ਕਾਰ ਚਲਾਉਣੀ ਤਾਂ ਛੱਡ ਦਿੱਤੀ ਪਰ ਪਹਾੜਾਂ ਵਿਚ ਰੁਕਵਾਉਣੀ ਨਾ
ਛੱਡੀ। ਇਕ ਵਾਰ ਕਾਰ ਰੁਕਵਾ ਕੇ ਉਹ ਬਾਹਰ ਨਿਕਲਿਆ ਤੇ ਪਿਸ਼ਾਬ ਕਰਨ ਲਈ ਸੜਕ ਤੋਂ ਥੱਲੇ
ਉਤਰਦਾ ਢਲਾਣ ‘ਚ ਚਲਾ ਗਿਆ। ਉਥੋਂ ਪੈਰ ਅਜਿਹਾ ਤਿਲਕਿਆ ਕਿ ਕਾਰ ਦੇ ਹਾਦਸੇ ‘ਚੋਂ ਤਾਂ ਬਚ
ਗਿਆ ਸੀ ਪਰ ਇਥੇ ਬਚਣਾ ਮੁਸ਼ਕਲ ਸੀ। ਅਜੇ ਇਕੋ ਲੋਟਣੀ ਲੱਗੀ ਸੀ ਕਿ ਮੂਹਰੇ ਦਰੱਖਤ ਆ ਗਿਆ
ਜਿਸ ਨੂੰ ਹੱਥ ਪੈ ਗਿਆ। ਦਰੱਖਤ ਨਾਲ ਲਟਕਦਾ ‘ਵਾਜ਼ਾਂ ਮਾਰੇ ਕਿ ਕੋਈ ਸੁਣਦਾ ਹੋਵੇ ਤਾਂ
ਬਚਾਵੇ। ਕਿਸੇ ਨੇ ਆਵਾਜ਼ ਸੁਣ ਲਈ ਤੇ ਲਟਕਦੇ ਨੂੰ ਬਚਾ ਲਿਆ। ਅਖ਼ਬਾਰੀ ਖ਼ਬਰ ਬਣਦੀ ਬਣਦੀ
ਰਹਿ ਗਈ! ਇਹ ਹਾਦਸਾ ਉਹ ਹੱਸ ਕੇ ਸੁਣਾਉਂਦਾ ਹੈ। ਅਸੀਂ ਵੀ ਹੱਸਦੇ ਹਾਂ ਪਈ ਪਹਾੜਾਂ ‘ਚ ਜਾਣ
ਦੇ ਪੰਗੇ ਲੈਣੋਂ ਕਦੋਂ ਹਟੋਗੇ? ਅਸੀਂ ਡਾ. ਸਾਹਿਬ ਤੋਂ ਇਕ ਬਚਨ ਹੋਰ ਲਿਆ ਕਿ ਪਹਾੜਾਂ ‘ਚ
ਪਿਸ਼ਾਬ ਆ ਵੀ ਜਾਵੇ ਤਾਂ ਸੜਕ ਤੋਂ ਹੇਠਾਂ ਨੀ ਉਤਰਨਾ। ਹੋਰਨਾਂ ਵਾਂਗ ਸੜਕ ਕਿਨਾਰੇ ਹੀ
ਹੌਲ਼ੇ ਹੋ ਲੈਣਾ! ਉਂਜ ਵੀ ਪਹਾੜਾਂ ‘ਤੇ ਘੱਟ ਤੋਂ ਘੱਟ ਜਾਣਾ।
ਪਰ ਉਸ ਦਾ ਪਹਾੜਾਂ ‘ਤੇ ਜਾਣਾ ਆਉਣਾ ਲਗਾਤਾਰ ਬਣਿਆ ਹੋਇਐ। ਉਸ ਦੇ ਦੋ ਟਿਕਾਣੇ ਹਨ। ਸਰਦੀਆਂ
‘ਚ ਲੁਧਿਆਣੇ ਤੇ ਗਰਮੀਆਂ ‘ਚ ਪਾਲਮਪੁਰ। ਲੁਧਿਆਣੇ ਉਹ ਲੋਕਾਂ ਨੂੰ ਮਿਲਦਾ ਗਿਲਦਾ ਤੇ
ਸੈਮੀਨਾਰਾਂ ‘ਤੇ ਜਾਂਦਾ ਹੈ ਅਤੇ ਪਾਲਮਪੁਰ ਪੜ੍ਹਦਾ ਲਿਖਦਾ ਹੈ। ਉਸ ਦੀ ਫੇਸਬੁੱਕ ਦੇ ਪੰਜ
ਸੌ ਤੋਂ ਵੱਧ ਮਿੱਤਰ ਹਨ। ਸੈਂਕੜੇ ਹਜ਼ਾਰਾਂ ਪਾਠਕ ਉਸ ਦੀ ਫੇਸਬੁੱਕ ਨਾਲ ਜੁੜੇ ਹਨ। ਜਦੋਂ
ਵੇਖੀਦਾ ਹੈ ਲੈਪਟਾਪ ਉਹਦੇ ਪੱਟਾਂ ‘ਤੇ ਰੱਖਿਆ ਹੁੰਦੈ ਤੇ ਉਹ ਕੁਝ ਨਾ ਕੁਝ ਪੜ੍ਹ ਲਿਖ ਰਿਹੈ
ਹੁੰਦੈ। ਉਸ ਨੂੰ ਨਿੱਤ ਕੁਝ ਨਾ ਕੁਝ ਸੁਝਦਾ ਹੈ ਜੋ ਅਖ਼ਬਾਰਾਂ ਤੇ ਫੇਸਬੁੱਕ ਰਾਹੀਂ ਹੋਰਨਾਂ
ਨਾਲ ਸਾਂਝਾ ਕਰਦਾ ਰਹਿੰਦਾ ਹੈ। ਉਹ ਪਰਿਵਾਰਕ ਤੇ ਭਾਈਚਾਰਕ ਜਿਊੜਾ ਹੈ। ਉਸ ਦੇ ਪੁੱਤਰ ਤੇ
ਧੀ ਦਾ ਪਰਿਵਾਰ ਅੱਗੋਂ ਤੀਜੀ ਪੀੜ੍ਹੀ ਵਾਲਾ ਹੋ ਗਿਆ ਹੈ। ਉਸ ਦੀ ਪੜਪੋਤੀ ਨਿਮਰਤ ਕੌਰ ਜੌਹਲ
ਨੇ ਲੋਅਰ ਕਿੰਡਰ ਗਾਰਡਨ ਦਾ ਇਮਤਿਹਾਨ ਪਾਸ ਕੀਤਾ ਤਾਂ ਉਸ ਨੇ ਫੇਸਬੁੱਕ ‘ਤੇ ਲਿਖਿਆ,
“ਨਿਮਰਤ ਦੇ ਪਾਸ ਹੋਣ ਦੀ ਏਨੀ ਖੁਸ਼ੀ ਹੋਈ ਜਿੰਨੀ ਮੈਨੂੰ ਪੀ ਐੱਚ. ਡੀ. ਕਰ ਕੇ ਵੀ ਨਹੀਂ
ਸੀ ਹੋਈ!”
ਮਾਰਚ 2015 ਵਿਚ ਕੈਨੇਡਾ ਜਾਣ ਤੋਂ ਪਹਿਲਾਂ ਅਸੀਂ ਜੌਹਲ ਸਾਹਿਬ ਨੂੰ ਮਿਲਣ ਗਏ ਤਾਂ ਉਸ ਨੇ
ਨਿੱਕੀਆਂ-ਨਿੱਕੀਆਂ ਗੱਲਾਂ ਵਿਚ ਵੱਡੀ ਦਿਲਚਸਪੀ ਵਿਖਾਈ। ਘਰ ਵਿਚ ਲਾਏ ਨਵੇਂ ਬੂਟੇ ਵਿਖਾਏ,
ਨਵਾਂ ਘਾਹ ਵਿਖਾਇਆ ਤੇ ਨਵੇਂ ਬੀਜ ਵਿਖਾਏ। ਇਕ ਰੁੱਖ ਦਾ ਬੂਟਾ ਵਿਖਾਇਆ ਜਿਸ ਦੇ ਨੇੜੇ ਤੇੜੇ
ਸਿਓਂਕ ਨਹੀਂ ਲੱਗਦੀ। ਨਿਮਰਤਾ ਸਾਡੇ ਨਾਲ ਨਾਲ ਤੁਰੀ ਫਿਰਦੀ ਰਹੀ। ਜਦ ਅਸੀਂ ਵਿਦਾ ਲਈ ਤਾਂ
ਨਿਮਰਤਾ ਨੇ ਸਾਨੂੰ ਇਕ ਗਿਫ਼ਟ ਦਿੱਤਾ। ਖੋਲ੍ਹ ਕੇ ਵੇਖਿਆ ਤਾਂ ਉਹ ਨਵੇਂ ਬੀਜਾਂ ਦੀ ਪੁੜੀ
ਸੀ ਜਿਸ ਤੋਂ ਆਸ ਬੱਝ ਗਈ ਕਿ ਬਾਬੇ ਜੌਹਲ ਦੀ ਵੇਲ ਹਰੀ ਰਹੇਗੀ।
ਹਰੀ ਵੇਲ ਵਾਲੇ ਡਾ. ਜੌਹਲ ਦੀਆਂ ਗੱਲਾਂ ਦਾ ਅੰਤ ਨਹੀਂ। ਪੰਜਾਬੀ ਵਿਚ ਉਸ ਦੀ ਪਹਿਲੀ ਪੁਸਤਕ
‘ਰੰਗਾਂ ਦੀ ਗਾਗਰ’ ਸੀ ਤੇ ਦੂਜੀ ਪੁਸਤਕ ‘ਮੇਰਾ ਭਾਰਤ ਮਹਾਨ’ ਹੈ ਜੋ 2013 ਵਿਚ ਛਪੀ ਹੈ।
ਇਹ ਭਾਰਤ ਦੀ ‘ਮਹਾਨਤਾ’ ਉਤੇ ਬਹੁਤ ਵੱਡਾ ਵਿਅੰਗ ਹੈ। ਲੇਖਾਂ ਦੇ ਸਿਰਲੇਖ ਇਸ ਤਰ੍ਹਾਂ ਦੇ
ਹਨ: ਜਿਥੇ ਕਾਬਲੀਅਤ ਠੋਹਕਰਾਂ ਖਾਂਦੀ ਹੈ, ਜਿਥੇ ਠੱਗਾਂ ਦੀ ਟੋਲੀ ਇਕੋ ਬੋਲੀ, ਜਿਥੇ
ਬੇਨਿਯਮੀ ਦਾ ਨਾਉਂ ਲੋਕ ਰਾਜ ਹੈ, ਜਿਥੇ ਲੀਡਰ ਜਨਤਾ ਨੂੰ ਬੁਰਕੀਆਂ ਸੁੱਟਦੇ ਹਨ, ਜਿਥੇ
ਸਿਆਸਤ ਗ਼ੁਫ਼ਤਾਰ ਦੀ ਗ਼ਾਜ਼ੀ ਹੈ, ਜਿਥੇ ਆਰਥਿਕਤਾ ਦੇ ਹਵਾਈ ਘੋੜੇ ਦੁੜਾਏ ਜਾਂਦੇ ਹਨ,
ਜਿਥੇ ਗ਼ਰੀਬਾਂ ਦੇ ਨਾਉਂ ‘ਤੇ ਅਮੀਰ ਪਲਦੇ ਹਨ, ਜਿਥੇ ਵੱਡੀ ਮੱਛੀ ਛੋਟੀ ਨੂੰ ਖਾਂਦੀ ਹੈ,
ਜਿਥੇ ਗ਼ਰੀਬੀ ਤੇ ਅਨਪੜ੍ਹਤਾ ਪਾਲੀ ਜਾਂਦੀ ਹੈ, ਜਿਥੇ ਦੁੱਧ ਵੀ ਜ਼ਹਿਰੀਲਾ ਹੈ, ਜਿਥੇ
ਕੁੱਤੀ ਚੋਰ ਨਾਲ ਰਲੀ ਹੋਈ ਹੈ, ਜਿਥੇ ਵਾੜ ਖੇਤ ਨੂੰ ਖਾਂਦੀ ਹੈ, ਜਿਥੇ ਕੌਮੀ ਸ਼ਹੀਦਾਂ ਦਾ
ਵੀ ਬਟਵਾਰਾ ਹੁੰਦਾ ਹੈ ਤੇ ਜਿਥੇ ਜੰਤਾ ਨੂੰ ਟਿੱਚ ਸਮਝਿਆ ਜਾਂਦਾ ਹੈ। ਜਿਥੇ ਦੇਸ਼ ਦਾ ਰੱਬ
ਰਾਖਾ ਹੈ ਤੇ ਆਗੇ ਆਗੇ ਦੇਖੀਏ ਹੋਤਾ ਹੈ ਕਿਆ!
ਡਾ. ਜੌਹਲ ਲਿਖਦਾ ਹੈ, “ਮੈਂ ਸਮਝਦਾ ਹਾਂ ਕਿ ਜਨਤਾ ਇਕ ਸੁੱਤਾ ਹੋਇਆ ਦੈਂਤ ਹੁੰਦੀ ਹੈ।
ਜਦੋਂ ਤੱਕ ਇਹ ਦੈਂਤ ਜਾਗਦਾ ਨਹੀਂ, ਜੋ ਮਰਜ਼ੀ ਕਰੀ ਜਾਓ।...ਪਰ ਪਤਾ ਨਹੀਂ ਕਿਹੜੀ ਚੋਭ ਇਸ
ਦੈਂਤ ਨੂੰ ਜਗਾ ਦੇਵੇ? ਜਦ ਇਕ ਵਾਰ ਜਾਗ ਉਠਿਆ ਤਾਂ ਆਦਮ-ਬੋ, ਆਦਮ-ਬੋ ਕਰਦਾ ਸਭ ਕੁਝ ਮਲੀਆ
ਮੇਟ ਕਰ ਸੁੱਟੇਗਾ। ਇਸ ਕਰਕੇ ਸਾਹਿਤਕਾਰਾਂ, ਕਲਾਕਾਰਾਂ, ਚਿੰਤਕਾਂ ਤੇ ਲੇਖਕਾਂ ਦੀਆਂ ਚੋਭਾਂ
ਨੂੰ ਨਕਾਰਤਮਕ ਨਹੀਂ ਸਮਝਣਾ ਚਾਹੀਦਾ।”
ਅਖ਼ੀਰ ਵਿਚ ਡਾ. ਜੌਹਲ ਦੀਆਂ ਕੁਝ ਟਿੱਪਣੀਆਂ ਹਾਜ਼ਰ ਹਨ:
ਜਿ਼ੰਦਗੀ-ਦੁਨੀਆ ਇਕ ਰੰਗ ਮੰਚ ਹੈ। ਆਪਣਾ ਕਿਰਦਾਰ ਨਿਰਦੇਸ਼ਕ ‘ਤੇ ਭਰੋਸਾ ਰੱਖ ਕੇ ਨੇਕ
ਨੀਅਤੀ ਅਤੇ ਮਿਹਨਤ ਨਾਲ ਨਿਭਾਉਣਾ ਜਿ਼ੰਦਗੀ ਦਾ ਮੂਲ ਅਰਥ ਹੈ। ਇਹੋ ਇਸ ਦਾ ਮੰਤਵ ਹੈ ਅਤੇ
ਇਹੋ ਇਸ ਦੀ ਮਹਿਕ।
ਬੱਚਾ-ਬੱਚਾ ਨੰਗਾ, ਅਣਛੋਹਿਆ ਰੱਬ ਪੈਦਾ ਹੁੰਦਾ ਹੈ। ਦੇਵਤਾ ਬਣ ਨਹੀਂ ਸਕਦਾ। ਜਦ ਆਪਣੇ ਆਪ
ਨੂੰ ਪਰਖਣਾ ਸ਼ੁਰੂ ਕਰਦਾ ਹੈ, ਉਸੇ ਵਕਤ ਤੋਂ ਕੁਝ ਇਨਸਾਨ ਤੇ ਕੁਝ ਸ਼ੈਤਾਨ ਬਣਨਾ ਸ਼ੁਰੂ ਹੋ
ਜਾਂਦਾ ਹੈ। ਸ਼ੈਤਾਨ ਅਤੇ ਇਨਸਾਨ ਦਾ ਮਿਸ਼ਰਣ ਹਰ ਵਿਅਕਤੀ ਵਿਚ ਵੱਖ-ਵੱਖ ਹੁੰਦਾ ਹੈ।
ਵਡੱਪਣ-ਵੱਡਾ ਆਦਮੀ ਉਹ ਹੈ ਜਿਸ ਕੋਲ ਬੈਠ ਜਾਂ ਵਿਚਰ ਕੇ ਕੋਈ ਆਦਮੀ ਆਪਣੇ ਆਪ ਨੂੰ ਛੋਟਾ
ਮਹਿਸੂਸ ਨਾ ਕਰੇ।
ਵਿਆਹ-ਜਿ਼ੰਦਗੀ ਦਾ ਮਿਲ ਕੇ ਨਿਰਬਾਹ ਕਰਨ ਦਾ, ਕਿਸੇ ਨੂੰ ਸਾਖ਼ਸ਼ੀ ਮੰਨ ਕੇ, ਇਕ ਵਾਇਦਾ ਹੈ
ਜੋ ਕੋਈ ਨਿਭਾਉਂਦਾ ਹੈ, ਕੋਈ ਤੋੜ ਦਿੰਦਾ ਹੈ। ਇਹ ਪਿਆਰ ਨਹੀਂ ਇਹ ਜੀਵਨ ਢੰਗ ਹੈ।
ਅੱਖਾਂ-ਕੁਦਰਤ ਨੂੰ ਮਾਨਣ ਤੇ ਨਿਹਾਰਨ ਦਾ ਸਾਧਨ ਹਨ। ਜਦ ਕੁਦਰਤ ਨੂੰ ਨਹੀਂ ਦੇਖਦੀਆਂਤਾਂ
ਦੁੱਖ ਅਤੇ ਪਾਪ ਵਿਚ ਗ੍ਰੱਸੀਆਂ ਜਾਂਦੀਆਂ ਹਨ।
ਹੰਝੂ-ਦਿਲ ਦੀ ਜ਼ੁਬਾਨ ਹੈ, ਜੋ ਅੱਖਾਂ ਬੋਲਦੀਆਂ ਹਨ ਦੁੱਖ ਵਿਚ ਵੀ ਅਤੇ ਸੁੱਖ ਵਿਚ ਵੀ।
ਘੱਟ ਬੋਲਣ ਤਾਂ ਸੌਖੇ ਰਹੀਦਾ ਹੈ।
ਪੈਰ-ਅਦੁੱਤੀ ਸਵਾਰੀ ਹਨ। ਚਿਹਰੇ ਨਾਲੋਂ ਵੱਧ ਸਾਂਭ ਕੇ ਰੱਖਣੇ ਚਾਹੀਦੇ ਹਨ।
ਭੁੱਖ-ਇਕ ਪੇਟ ਦੀ ਅਤੇ ਇਕ ਮਨ ਦੀ ਹੁੰਦੀ ਹੈ। ਪੇਟ ਦੀ ਭੁੱਖ ਤਾਂ ਮਿਟਾਈ ਜਾ ਸਕਦੀ ਹੈ ਪਰ
ਮਾਨਸਿਕ ਭੁੱਖ ਕਿਸੇ ਹਾਲਤ ਵਿਚ ਨਹੀਂ ਮਿਟਦੀ।
ਜਨਤਾ-ਇਕ ਸੁੱਤਾ ਪਿਆ, ਨਿਰਆਕਾਰ ਦੈਂਤ ਹੈ ਜੋ ਕਦੀ-ਕਦੀ ਜਾਗਦਾ ਹੈ। ਜਦ ਜਾਗਦਾ ਹੈ ਤਾਂ
ਉਪਰਲੀ ਹੇਠ ਕਰ ਦਿੰਦਾ ਹੈ।
ਡਾ. ਨਿਰਮਲ ਸਿੰਘ ਲਾਂਬੜਾ ਨੇ ਸਹੀ ਲਿਖਿਆ ਹੈ, “ਡਾ. ਜੌਹਲ ਸਵੈਮਾਨੀ, ਅਣਖੀਲਾ,
ਸੰਵੇਦਨਸ਼ੀਲ, ਸੋਚਵਾਨ, ਅੱਗੇਵਧੂ, ਧੀਰਜਵਾਨ ਤੇ ਕਿਰਤੀ ਮਨੁੱਖ ਹੈ। ਉਸ ਨੂੰ ਆਪਣੀ ਮਿੱਟੀ
ਨਾਲ ਹਕੀਕੀ ਮੋਹ ਹੈ।...ਉਹ ਹਮੇਸ਼ਾਂ ਨਿਰਭਉ ਤੇ ਨਿਰਵੈਰ ਹੋ ਕੇ ਵਿਚਰਦਾ ਹੈ। ਉਜੱਡਵਾਦ ਦੀ
ਹਉਮੈ ਤੋਂ ਉਹ ਪੂਰੀ ਤਰ੍ਹਾਂ ਮੁਕਤ ਹੈ। ਪੇਂਡੂ ਪਿਛੋਕੜ, ਪੰਜਾਬੀ ਮਾਂ ਬੋਲੀ, ਹੱਥੀਂ ਕੰਮ
ਕਰਨ, ਸਦਾ ਸੱਚ ਉਤੇ ਪਹਿਰਾ ਦੇਣ ਤੇ ਖਰੀ ਖਰੀ ਕਹਿਣ ਉਤੇ ਸਾਡੇ ਵਡੇ ਵੀਰ ਜੌਹਲ ਨੂੰ ਜਿਹੜਾ
ਮਾਣ ਹੈ ਉਹ ਉੱਚੇ ਤੋਂ ਉੱਚੇ ਅਹੁਦੇ ਹਾਸਲ ਕਰਨ ਵਿਚ ਕਦੀ ਰੋੜਾ ਨਹੀਂ ਬਣਦਾ।”
ਜਿਥੇ ਰਾਮ ਨਾਮ ਦੇ ਨਾਉਂ ‘ਤੇ ਤਸੀਹੇ ਦਿੱਤੇ ਜਾਂਦੇ ਹਨ ਤੇ ਬੰਦੇ ਨੂੰ ਬੰਦਾ ਨਹੀਂ ਸਮਝਿਆ
ਜਾਂਦਾ ਉਥੇ ਡਾ. ਜੌਹਲ ਜਿਹੇ ਵਿਦਵਾਨ ਦਾ ਕਹਿਣਾ ਹੈ, “ਜੇ ਰੱਬ ਨੇ ਮੈਨੂੰ ਅਗਲਾ ਜਨਮ ਦੇਣਾ
ਹੀ ਹੈ ਤਾਂ ਮੈਂ ਚਾਹਾਂਗਾ ਮੈਨੂੰ ਕੋਈ ਘਾਹ-ਬੂਟ ਖਾਣ ਵਾਲਾ ਹੈਵਾਨ ਬਣਾਏ ਪਰ ਉਥੇ ਜਿਥੇ
ਆਦਮੀ ਦਾ ਤੋਰਾ ਫੇਰਾ ਨਾ ਹੋਵੇ!”
ਪ੍ਰੋ. ਪੂਰਨ ਸਿੰਘ ਨੇ ਵੀ ‘ਖੁੱਲ੍ਹੇ ਮੈਦਾਨ’ ਲਿਖਿਆ ਸੀ...ਮੁੜ ਮੁੜ ਲੋਚਾਂ ਪਸ਼ੂ ਥੀਣ
ਨੂੰ, ਮੈਂ ਆਦਮੀ ਬਣ ਬਣ ਥੱਕਿਆ!
-0-
|