ਲੈ ਨੀ ਅੰਮੀਏਂ ਅਸੀਂ
ਤਿਆਰ ਬੈਠੇ,
ਸਾਡਾ ਆਖ਼ਰੀ ਅੱਜ ਸਲਾਮ ਤੈਨੂੰ।
ਰਹਿ ਗਏ ਮੱਭੜੇ ਦਿਲਾਂ ਦੇ ਦਿਲਾਂ ਅੰਦਰ,
ਛੱਡ ਚੱਲੇ ਹਾਂ ਮਾਤਾ ਗੁਲਾਮ ਤੈਨੂੰ
ਲਾਰਡ ਹਾਰਡਿੰਗ ਵੱਲੋਂ ਨਾਜ਼ਮਦ ਕੌਂਸਲ ਦੇ ਮੈਂਬਰਾਂ ਦੀ ਬਹੁਸੰਮਤੀ, ਮੁਕੱਦਮੇ ਵਿੱਚ ਭੁਗਤੇ
ਗਵਾਹਾਂ ਦੀਆਂ ਗਵਾਹੀਆਂ ਅਤੇ ਕਰਤਾਰ ਸਿੰਘ ਸਰਾਭਾ ਨੇ ਜਿਹੜਾ ਬਿਆਨ ਦਿੱਤਾ ਉਸ ਅਨੁਸਾਰ ਵੀ
ਵੇਖਿਆ ਜਾਵੇ ਤਾਂ ਕਰਤਾਰ ਸਿੰਘ ਸਰਾਭਾ ‘ਗ਼ਦਰ’ ਅਖ਼ਬਾਰ ਨੂੰ ਚਲਾਉਣ ਦੇ ਨਾਲ-ਨਾਲ ਦੇਸ਼
ਵਿਚਲੀਆਂ ਇਨਕਲਾਬੀ ਸਰਗਰਮੀਆਂ ਵਿੱਚ ਪੇਸ਼-ਪੇਸ਼ ਨਜ਼ਰ ਆਉਂਦਾ ਹੈ। ਜਿਵੇਂ ਦੱਸਿਆ ਜਾ
ਚੁੱਕਾ ਹੈ, ਉਸਨੇ ਆਪਣੇ ਕੇਸ ਦੀ ਸਫ਼ਾਈ ਵਿੱਚ ਕੋਈ ਵੀ ਅਪੀਲ-ਦਲੀਲ ਕਰਨੋਂ ਕੋਰੀ ਨਾਂਹ ਕਰ
ਦਿੱਤੀ ਸੀ। ਉਹ ਅਦਾਲਤ ਵਿੱਚ ਭਰਿਆ-ਪੀਤਾ ਤੇ ਸਾਰੀ ਕਾਰਵਾਈ ਤੋਂ ਬੇਨਿਆਜ਼ ਬੈਠਾ ਰਹਿੰਦਾ।
ਕਈ ਵਾਰ ਉਹ ਹੋ ਰਹੀ ਕਾਰਵਾਈ ਨੂੰ ਵੇਖ ਕੇ ਮਿੰਨ੍ਹਾਂ-ਮਿੰਨ੍ਹਾਂ ਮੁਸਕਰਾਉਂਦਾ। ਕਦੀ ਕਦੀ
ਜੱਜਾਂ ਨਾਲ ਹਾਸਾ-ਠੱਠਾ ਕਰਕੇ ਉਹਨਾਂ ਨੂੰ ਠਿੱਠ ਕਰਨ ਦੀ ਕੋਸਿ਼ਸ਼ ਵੀ ਕਰਦਾ ਰਹਿੰਦਾ। ਉਂਜ
ਉਹਨੇ ਸਫ਼ਾਈ ਦੇ ਵਕੀਲ ਰਾਹੀਂ ਕੋਈ ਸਵਾਲ ਪੁੱਛੇ ਜਾਣ ਜਾਂ ਆਪਣੇ ਉੱਪਰ ਜਿਰ੍ਹਾ ਕੀਤੇ ਜਾਣ
ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਜੱਜ ਉਹਦੇ ਇਸ ਵਿਹਾਰ ਤੋਂ ਡਾਢੇ ਔਖੇ ਸਨ ਤੇ ਉਹਨੂੰ
ਨਫ਼ਰਤ ਦੀ ਨਜ਼ਰ ਨਾਲ ਵੇਖਦੇ ਸਨ। ਇਸ ਨਫ਼ਰਤ ਦੀ ਝਲਕ ਜੱਜਾਂ ਦੇ ਗਾਲ੍ਹਾਂ ਵਰਗੇ ਘਟੀਆ
ਇਹਨਾਂ ਸ਼ਬਦਾਂ ਵਿੱਚੋਂ ਮਿਲ ਜਾਂਦੀ ਹੈ, “(ਸਰਾਭਾ) ਇਕ ਅਸਲੋਂ ਛੱਟਿਆ ਹੋਇਆ ਬਦਮਾਸ਼ ਹੈ,
ਜਿਸਨੂੰ ਆਪਣੇ ਕਾਰਨਾਮਿਆਂ ‘ਤੇ ਮਾਣ ਹੈ ਤੇ ਜਿਸਤੇ ਕਿਸੇ ਵੀ ਕਿਸਮ ਦਾ ਤਰਸ ਨਹੀਂ ਕੀਤਾ
ਜਾਣਾ ਚਾਹੀਦਾ।”
ਜੇਲ੍ਹ ਤੋੜਨ ਦੀ ਕੋਸਿ਼ਸ਼
ਅਸਲ ਵਿੱਚ ਇਸ ਸਾਜਿ਼ਸ਼ ਕੇਸ ਵਿੱਚ ਫਾਂਸੀ ਵਰਗੀਆਂ ਸਜ਼ਾਵਾਂ ਦੇ ਕੇ ਸਰਕਾਰ ਤੇ ਜੱਜ ਜਿਵੇਂ
ਗ਼ਦਰੀਆਂ ਦੇ ਚਿਹਰਿਆਂ ਉੱਤੇ ਮੌਤ ਦੇ ਭੈਅ ਦਾ ਪ੍ਰਛਾਵਾਂ ਵੇਖਣਾ ਚਾਹੁੰਦੇ ਸਨ, ਕਰਤਾਰ
ਸਿੰਘ ਸਰਾਭਾ ਤੇ ਉਹਦੇ ਦੂਜੇ ਸਾਥੀਆਂ ਦੇ ਚਿਹਰਿਆਂ ‘ਤੇ ਇਸ ਪ੍ਰਛਾਵੇਂ ਦੀ ਝਲਕ ਮਾਤਰ ਤੱਕ
ਨਹੀਂ ਸੀ ਮਿਲਦੀ। ਬਾਬਾ ਸ਼ੇਰ ਸਿੰਘ ਵੇਈਂ ਪੋਈਂ ਨੇ ਜੇਲ੍ਹ ਵਿੱਚ ਹੋਈ-ਵਾਪਰੀ ਦਾ ਵੇਰਵਾ
ਦਿੰਦਿਆਂ ਦੱਸਿਆ ਸੀ ਕਿ ਇਕ ਵਾਰ ਜਦੋਂ ਕਰਤਾਰ ਸਿੰਘ ਦੇ ਪਿੰਡ ਸਰਾਭੇ ਦਾ ਹੀ ਇਕ ਮੁਖ਼ਬਰ
ਸ਼ਨਾਖ਼ਤੀ ਪਰੇਡ ਵਿੱਚ ਉਹਨੂੰ ਪਛਾਣ ਨਾ ਸਕਿਆ ਤਾਂ ਸਰਾਭੇ ਨੇ ਉਹਨੂੰ ਕੋਲੋਂ ਲੰਘਦੇ ਨੂੰ
ਬਾਹੋਂ ਫੜ ਲਿਆ ਤੇ ਕਹਿਣ ਲੱਗਾ, “ਮੈਂ ਹਾਂ ਕਰਤਾਰ ਸਿੰਘ। ਵੇਖੀਂ ਭੁਲੇਖੇ ਨਾਲ ਮੇਰੀ ਥਾਂ
ਕਿਸੇ ਹੋਰ ਬੇਦੋਸ਼ੇ ਨੂੰ ਨਾ ਫਸਾ ਦੇਵੀਂ।”
ਉਂਜ ਸਰਾਭੇ ਦੇ ਮਨ ਵਿੱਚ ਇਹ ਚਿੰਤਾ ਜ਼ਰੂਰ ਸੀ ਕਿ ਉਹ ਇਨਕਲਾਬ ਨੂੰ ਸਿਰੇ ਨਹੀਂ ਲਾ ਸਕੇ
ਸਨ। ਏਸੇ ਲਈ ਉਹਨੇ ਲਹਿਰ ਨੂੰ ਮੁੜ ਤੋਂ ਸੰਗਠਿਤ ਕਰਨ ਲਈ ਜੇਲ੍ਹ ਤੋੜ ਕੇ ਬਾਹਰ ਭੱਜ ਜਾਣ
ਦੀ ਇੱਕ ਅਸਫ਼ਲ ਕੋਸਿ਼ਸ਼ ਵੀ ਕੀਤੀ ਸੀ। ਭਾਈ ਪਰਮਾਨੰਦ ਲਾਹੌਰ ਉਸਦੇ ਜੇਲ੍ਹ ਤੋੜਨ ਦੇ ਇਸ
ਯਤਨ ਬਾਰੇ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:
‘ਇਕ ਸ਼ਾਮ ਨੂੰ ਜੇਲ੍ਹ ਵਿੱਚ ਸਾਨੂੰ ਆਪਣੇ ਕੰਬਲਾਂ, ਕੌਲਿਆਂ ਤੇ ਪਾਣੀ ਵਾਲੇ ਭਾਂਡਿਆਂ ਸਮੇਤ
ਆਪਣੀਆਂ ਕੋਠੜੀਆਂ ਵਿੱਚੋਂ ਬਾਹਰ ਆਉਣ ਲਈ ਕਿਹਾ ਗਿਆ। ਉਸ ਦਿਨ ਸਭ ਨੂੰ ਕੋਠੜੀਆਂ ਨਵੇਂ
ਸਿਰੇ ਤੋਂ ਅਲਾਟ ਕੀਤੀਆਂ ਜਾ ਰਹੀਆਂ ਸਨ। ਇਹ ਗੱਲ ਅਗਲੇ ਦਿਨ ਤੋਂ ਹਰ ਰੋਜ਼ ਲਗਾਤਾਰ ਹੋਣ
ਲੱਗ ਪਈ। ਸਾਨੂੰ ਕੁਝ ਸਮਾਂ ਤਾਂ ਇਸਦਾ ਕਾਰਨ ਪਤਾ ਨਾ ਲੱਗਾ, ਪ੍ਰੰਤੂ ਮਗਰੋਂ ਪਤਾ ਲੱਗਾ ਕਿ
ਕਰਤਾਰ ਸਿੰਘ ਨੇ ਕੁਝ ਲੰਬੜਦਾਰਾਂ ਦੀ ਸਹਾਇਤਾ ਨਾਲ ਖਿੜਕੀ ਦੀਆਂ ਸੀਖਾਂ ਕੱਟ ਕੇ ਜੇਲ੍ਹ
ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਵਿੱਚੋਂ ਹੀ ਇਕ ਨੇ ਸਾਰਾ ਭੇਤ ਖੋਲ੍ਹ ਦਿੱਤਾ
ਸੀ, ਜਿਸ ਕਾਰਨ ਤਲਾਸ਼ੀ ਹੋਈ ਸੀ ਤੇ ਉਸਦੀ ਕੋਠੜੀ ਵਿੱਚੋਂ ਇਕ ਰੱਸੀ ਅਤੇ ਪੀਸਿਆ ਹੋਇਆ ਸ਼ੀਸ਼ਾ
ਮਿਲਿਆ ਸੀ। ਕੈਦੀ ਲੋਹੇ ਦੀਆਂ ਸੀਖਾਂ ਨੂੰ ਕੱਟਣ ਲਈ ਇਹ ਤਰੀਕਾ ਵਰਤਦੇ ਸਨ। ਸ਼ੀਸ਼ੇ ਨੂੰ
ਬਹੁਤ ਬਰੀਕ ਪੀਸ ਲਿਆ ਜਾਂਦਾ ਸੀ ਅਤੇ ਗਿੱਲਾ ਕਰਕੇ ਰੱਸੀ ਉਤੇ ਲਾ ਦਿੱਤਾ ਜਾਂਦਾ ਸੀ। ਜਦੋਂ
ਉਹ ਸੁੱਕ ਜਾਂਦਾ ਸੀ ਤਾਂ ਰੱਸੀ ਸੀਖਾਂ ਨੂੰ ਕੱਟਣ ਲਈ ਰੇਤੀ ਦਾ ਕੰਮ ਕਰਦੀ ਸੀ।1
ਬਾਬਾ ਸੋਹਨ ਸਿੰਘ ਭਕਨਾ ਵੀ ਜੇਲ੍ਹ ਤੋੜਨ ਦੇ ਯਤਨ ਦੀ ਪੁਸ਼ਟੀ ਕਰਦਿਆਂ ਲਿਖਦੇ ਹਨ, “ਜਦ
ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਉਹ (ਸਰਾਭਾ) ਨਜ਼ਰਬੰਦ ਸੀ ਤਾਂ ਉਸਨੇ ਜੇਲ੍ਹ ਤੋੜ ਕੇ
ਭੱਜਣ ਦੀ ਅਸਫ਼ਲ ਕੋਸਿ਼ਸ਼ ਕੀਤੀ। ਉਹ ਆਰੀ ਅਤੇ ਕੱਟਣ ਵਾਲੇ ਹੋਰ ਸੰਦਾਂ ਅਤੇ ਬੰਬ ਬਨਾਉਣ
ਵਾਲੀ ਸਮੱਗਰੀ ਸਮੇਤ ਫੜਿਆ ਗਿਆ। ਪਰ ਉਸਦੇ ਅੰਦਰ ਪਹਿਲਾਂ ਵਰਗਾ ਹੀ ਆਤਮ-ਵਿਸ਼ਵਾਸ ਕਾਇਮ
ਸੀ।”2
ਮੌਤ ਨੂੰ ਮਖ਼ੌਲ
ਜਦੋਂ ਜੱਜਾਂ ਨੇ ਪਹਿਲੇ ਲਾਹੌਰ ਸਾਜਿ਼ਸ਼ ਕੇਸ ਵਿੱਚ 24 ਇਨਕਲਾਬੀਆਂ ਨੂੰ ਮੌਤ ਦੀ ਸਜ਼ਾ
ਸੁਣਾਈ ਸੀ ਤਾਂ ਸਭਨਾਂ ਨੇ ਜੱਜ ਦਾ ਮਖ਼ੌਲ ਉਡਾਉਂਦਿਆਂ ਇੱਕ ਆਵਾਜ਼ ਵਿੱਚ ਕਿਹਾ ਸੀ,
“ਤੁਹਾਡਾ ਬਹੁਤ ਧੰਨਵਾਦ!” ਨਿਧਾਨ ਸਿੰਘ ਚੁੱਘਾ ਨੇ ਕਿਹਾ, “ਬੱਸ? ਏਨਾ ਹੀ?”
‘ਕੇਵਲ’ ਜਲਾਵਤਨੀ ਦੀ ਸਜ਼ਾ ਦਿੱਤੇ ਜਾਣ ‘ਤੇ ਬਾਬਾ ਜਵਾਲਾ ਸਿੰਘ ਨੇ ਕਿਹਾ, “ਇਹ ਵਿਤਕਰਾ
ਕਿਉਂ? ਤੁਸੀਂ ਮੈਨੂੰ ਵੀ ਕਿਉਂ ਮੌਤ ਦੀ ਸਜ਼ਾ ਨਹੀਂ ਦਿੰਦੇ?”
ਕਰਤਾਰ ਸਿੰਘ ਸਰਾਭਾ ਤਾਂ ਮੌਤ ਦੇ ਭੈਅ ਤੋਂ ਅਸਲੋਂ ਮੁਕਤ ਸੀ। ਉਹ ਅਦਾਲਤ ਵਿੱਚ ਅਜਿਹਾ
ਬੇਪ੍ਰਵਾਹ ਵਿਹਾਰ ਕਰ ਕੇ ਸਰਕਾਰ ਦੀ ‘ਤਾਕਤ’ ਤੇ ਅਦਾਲਤ ਦੇ ‘ਨਿਆਂ’ ਦਾ ਮਜ਼ਾਕ ਵੀ ਉਡਾ
ਰਿਹਾ ਸੀ ਅਤੇ ਦੇਸ਼ ਭਰ ਵਿੱਚ ਇਨਕਲਾਬੀਆਂ ਉੱਤੇ ਸਰਕਾਰ ਵੱਲੋਂ ਦਹਿਸ਼ਤ ਫੈਲਾਏ ਜਾਣ ਦੇ
ਮਕਸਦ ਨੂੰ ਫ਼ੇਲ੍ਹ ਕਰ ਰਿਹਾ ਸੀ। ਇਸ ਕਰ ਕੇ ਉਹ ਜੱਜਾਂ ਦੀ ਨਜ਼ਰ ਵਿੱਚ ਸਾਰੇ ਮੁਕੱਦਮੇ
ਦਰਮਿਆਨ ਕੰਡਾ ਬਣ ਕੇ ਰੜਕਦਾ ਰਿਹਾ। ਬਾਬਾ ਸੋਹਨ ਸਿੰਘ ਭਕਨਾ ਸਰਾਭੇ ਦੇ ਬੇਪ੍ਰਵਾਹ ਤੇ
ਜਿ਼ੰਦਾਦਿਲ ਵਿਹਾਰ ਬਾਰੇ ਬਿਆਨ ਕਰਦਿਆਂ ਲਿਖਦੇ ਹਨ, “ਉਹ ਆਪਣੀਆਂ ਹੱਥਕੜੀਆਂ ਨੂੰ ਸਾਜ਼ਾਂ
ਵਜੋਂ ਵਰਤ ਕੇ ਦੇਸ਼ ਭਗਤੀ ਦੇ ਗੀਤ ਗਾਇਆ ਕਰਦਾ ਸੀ। ਜਦ ਉਸਦੇ ਮੁਕੱਦਮੇ ਦੀ ਸੁਣਵਾਈ ਸ਼ੁਰੂ
ਹੋਈ ਤਾਂ ਆਪਣੇ ਜਾਣੇ ਉਹ ਇਕੋ ਸਮੇਂ ਦੋ ਕਚਹਿਰੀਆਂ ਵਿਚ ਪੇਸ਼ ਹੋਇਆ ਮਹਿਸੂਸ ਕਰਦਾ ਸੀ।
ਜੱਜ ਆਪਣੀ ਕਚਹਿਰੀ ਲਾਉਂਦੇ ਸਨ ਅਤੇ ਸਰਾਭਾ ਆਪਣੇ ਮਿੱਤਰਾਂ ਨਾਲ ਲਤੀਫਿ਼ਆਂ ਅਤੇ
ਹਾਸੇ-ਮਖ਼ੌਲ ਦੀ ਕਚਹਿਰੀ ਲਾਉਂਦਾ ਸੀ। ਜੇਲ੍ਹ ਕੋਠੜੀਆਂ ਦੀਆਂ ਛਛੂੰਦਰਾਂ ਅਤੇ
ਕ੍ਰਾਂਤੀਕਾਰੀਆਂ ਵਿਰੁੱਧ ਭੁਗਤਣ ਵਾਲੇ ਗਵਾਹ ਉਹਦੇ ਵਿਅੰਗ ਦਾ ਨਿਸ਼ਾਨਾ ਹੁੰਦੇ ਸਨ। ਜੱਜ
ਵਾਰ ਵਾਰ ਘੰਟੀਆਂ ਵਜਾਉਂਦੇ ਸਨ ਪਰ ਉਹ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ ਸੀ।”3
ਕਰਤਾਰ ਸਿੰਘ ਸਰਾਭੇ ਨੇ ਆਪਣੇ ਬਿਆਨ ਵਿੱਚ ਕਿਹਾ:
‘ਮੈਂ ਰੁਲੀਆ ਸਿੰਘ ਦੇ ਪਿੰਡ ਦਾ ਰਹਿਣ ਵਾਲਾ ਹਾਂ, ਮੇਰੀ ਉਮਰ ਸਾਢੇ ਅਠਾਰਾਂ ਸਾਲ ਦੀ ਹੈ
ਅਤੇ ਮੈਂ ਸਾਹਨੇਵਾਲ ਦੇ ਡਾਕੇ ਵਿੱਚ ਹਿੱਸਾ ਲਿਆ ਸੀ। ਉਹ ਪੁਲੀਟੀਕਲ ਡਾਕਾ ਸੀ। ਡਾਕੇ ਮਾਰਨ
ਦਾ ਸਾਡਾ ਮੰਤਵ ਇਹ ਸੀ ਕਿ ਇਕ ਅਖ਼ਬਾਰ ਕੱਢਣ ਲਈ ਕੁਝ ਰੁਪਿਆ ਜਮ੍ਹਾਂ ਕੀਤਾ ਜਾਵੇ। ਸਾਡੇ
ਕੋਲ ਪਿਸਤੌਲ ਤੇ ਬੰਬ ਸਨ। ਮੇਰੀ ਹਰਦਿਆਲ ਨਾਲ ਜਾਣ ਪਛਾਣ ਹੈ ਅਤੇ ਉਸ ਦੇ ਨਾਲ ਯੁਗਾਂਤਰ
ਆਸ਼ਰਮ ਵਿੱਚ ਕੰਮ ਕਰਦਾ ਸੀ। ਮੈਂ ਸੈਕਰਾਮੈਂਟੋ ਅਤੇ ਅਸਟੋਰੀਆ ਦੇ ਜਲਸਿਆਂ ਵਿੱਚ ਹਾਜ਼ਰ ਸਾਂ।
ਮੈਂ ਇਕ ਜਲਸੇ ਵਿੱਚ ਲੈਕਚਰ ਦਿੱਤਾ ਸੀ। ਮੈਂ ਪਿਛਲੇ ਸਤੰਬਰ ਵਿੱਚ ਵਾਪਸ ਆਇਆ ਸਾਂ ਕਿ ਇਸ
ਮੁਲਕ ਵਿੱਚ ਵੀ ਅਮਰੀਕਾ ਜਿਹਾ ਯੁਗਾਂਤਰ ਆਸ਼ਰਮ ਕਾਇਮ ਕਰਾਂਗਾ। ਇਸ ਆਸ਼ਰਮ ਤੋਂ ਇਕ ਖੁਫ਼ੀਆ
ਅਖ਼ਬਾਰ ਜਾਰੀ ਕੀਤਾ ਜਾਵੇ। ਦੂਸਰੇ ਸਾਥੀਆਂ ਨੇ ਮੈਨੂੰ ਮਦਦ ਦੇਣ ਦਾ ਇਕਰਾਰ ਕੀਤਾ ਸੀ। ਮੈਂ
17 ਨਵੰਬਰ ਨੂੰ ਲਾਢੂਵਾਲ ਦੇ ਜਲਸੇ ਵਿੱਚ ਅਤੇ ਬਦੋਵਾਲ ਦੇ 13 ਨਵੰਬਰ ਨੂੰ ਹੋਏ ਜਲਸੇ ਵਿੱਚ
ਮੌਜੂਦ ਸੀ। ਮੈਂ ਉਥੇ ਲੈਕਚਰ ਦਿੱਤਾ। ਮੈਂ ਨਵਾਬ ਖਾਂ ਨੂੰ ਸਦਾ ਹੀ ਗੌਰਮਿੰਟ ਦਾ ਜਾਸੂਸ
ਖਿਆਲ ਕਰਦਾ ਸੀ। ਮੈਂ ਕਦੇ ਕੋਈ ਗੱਲ ਇਸ ਦੇ ਸਾਹਮਣੇ ਨਹੀਂ ਕੀਤੀ ਜੋ ਗੌਰਮਿੰਟ ਦੇ ਵਿਰੁੱਧ
ਹੋਵੇ। ਮੈਂ ਇਹ ਸਲਾਹ ਕਦੇ ਨਹੀਂ ਦਿੱਤੀ ਕਿ ਰੇਲਵੇ ਸਟੇਸ਼ਨ ‘ਤੇ ਡਾਕੇ ਮਾਰੇ ਜਾਣ। ਮੈਨੂੰ
ਕੰਮ ਲਈ ਇਕ ਬੰਗਾਲੀ ਨੂੰ ਮਿਲਾਉਣਾ ਜ਼ਰੂਰੀ ਹੀ ਸੀ ਜਿਵੇਂ ਰਾਸ ਬਿਹਾਰੀ ਬੋਸ ਸਾਡੇ ਨਾਲ
ਅੰਮ੍ਰਿਤਸਰ ਤੇ ਲਾਹੌਰ ਵਿੱਚ ਰਿਹਾ ਜੋ ਇਕ ਬੰਗਾਲੀ ਹੈ। ਮੈਂ ਸੂਬਾ ਮੁਤਹਦਾ ਦੀਆਂ ਛਾਉਣੀਆਂ
ਵਿੱਚ ਗਿਆ। ਮੈਂ ਸੰਮਿਲਿਤ ਸੂਬਿਆਂ ਦੀਆਂ ਛਾਉਣੀਆਂ ਵਿੱਚ ਗਿਆ। ਮੈਂ ਲਾਹੌਰ ਦੇ ਮਕਾਨ ਨੰ.1
ਵਿੱਚ ਰਿਹਾ ਸੀ। ਮੈਂ ਝੰਡੇ ਬਣਾਉਣ ਲਈ ਕੱਪੜਾ ਖ੍ਰੀਦਿਆ ਸੀ। ਮੈਂ ਇਹ ਚੰਗੀ ਤਰ੍ਹਾਂ ਜਾਣਦਾ
ਹਾਂ ਕਿ ਮੇਰੇ ਨਾਲ ਕੀ ਸਲੂਕ ਹੋਵੇਗਾ।’4
ਇਸ ਬਿਆਨ ਤੋਂ ਵੀ ਪਤਾ ਚੱਲਦਾ ਹੈ ਕਿ ਸਰਾਭੇ ਨੂੰ ‘ਆਪਣੇ ਨਾਲ ਹੋਣ ਵਾਲੇ ਸਲੂਕ’ ਦਾ
ਭਲੀ-ਭਾਂਤ ਗਿਆਨ ਸੀ; ਪਰ ਫਿਰ ਵੀ ਉਹ ਮੌਤ ਨੂੰ ਮਖੌ਼ਲ ਕਰਨ ਵਾਲੇ ਅੰਦਾਜ਼ ਵਿੱਚ ਮਿਲਣ ਲਈ
ਤਿਆਰ ਸੀ। ਉਸਨੇ ਤਾਂ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਕਿਹਾ ਸੀ ਕਿ ਜੇ ਕੋਈ ਦੂਸਰਾ ਜਨਮ
ਹੋਵੇ ਤਾਂ ਮੈਂ ਮਰਨ ਤੋਂ ਬਾਅਦ ਅਗਲੇ ਜਨਮ ਵਿੱਚ ਵੀ ਆਪਣਾ ਸੰਘਰਸ਼ ਜਾਰੀ ਰੱਖਾਂਗਾ ਤੇ ਹੁਣ
ਵਾਂਗ ਹੀ ਆਪਣੇ ਆਦਰਸ਼ ਤੋਂ ਕੁਰਬਾਨ ਹੋਣਾ ਪ੍ਰਵਾਨ ਕਰਾਂਗਾ। ਊਧਮ ਸਿੰਘ ਕਸੇਲ ਇਸ ਕਥਨ ਦੀ
ਪੁਸ਼ਟੀ ਕੁਝ ਇਸ ਪ੍ਰਕਾਰ ਕਰਦਾ ਹੈ, “ਜਦ ਇਹ ਨੌਜਵਾਨ ਬਾਲਕ ਆਪਣੇ ਬਿਆਨ ਦੇਣ ਹਿੱਤ ਅਦਾਲਤ
ਦੇ ਸਾਹਮਣੇ ਜਾ ਖਲੋਤਾ ਤਾਂ ਅਦਾਲਤ ਨੇ ਪ੍ਰਸ਼ਨ ਕੀਤਾ ਕਿ, ‘‘ਕਰਤਾਰ ਸਿੰਘ ਤੁਮ ਨੇ ਅੰਗਰੇਜ਼ੀ
ਹਕੂਮਤ ਦੇ ਵਿਰੁੱਧ ਅਤੇ ਅੰਗਰੇਜ਼ੀ ਰਾਜ ਨੂੰ ਹਿੰਦ ਵਿੱਚੋਂ ਬਾਹਰ ਕੱਢਣ ਵਾਸਤੇ ਇਸ ਸਾਜਿਸ਼
ਵਿੱਚ ਹਿੱਸਾ ਲਿਆ ਜਾਂ ਨਹੀਂ? ਤਾਂ ਉਸ ਨੌਜਵਾਨ ਨੇ ਉੱਤਰ ਦਿੱਤਾ ਕਿ ਹਿੱਸਾ ਤਾਂ ਕੀ, ਮੇਰਾ
ਤਾਂ ਧਰਮ ਔਰ ਕੇਵਲ ਇਕੋ ਧਰਮ ਇਹ ਹੈ ਕਿ ਆਪਣੇ ਦੇਸ਼ ਔਰ ਜਾਤੀ ਨੂੰ ਗ਼ੈਰਾਂ ਤੋਂ ਬਚਾਉਣ ਦੀ
ਕਰਾਂ ਅਤੇ ਮੈਂ ਅੰਗਰੇਜ਼ਾਂ ਦਾ ਖੁਰਾ ਖੋਜ ਮਿਟਾਉਣ ਹਿਤ ਸਾਰੇ ਹੀ ਸਾਧਨ ਗ੍ਰਹਿਣ ਕੀਤੇ ਹਨ।
ਅਖ਼ਬਾਰਾਂ, ਸ਼ਸਤਰਾਂ ਅਤੇ ਫੌਜਾਂ ਵਿੱਚ ਪ੍ਰਚਾਰ ਕਰਨਾ ਮੇਰਾ ਮੁਖ ਕੰਮ ਔਰ ਧਰਮ ਹੈ।‘‘
ਇਹ ਉੱਤਰ ਸੁਣ ਕੇ ਜੱਜਾਂ ਨੇ ਪੁੱਛਿਆ ਕਿ ਇਸ ਬਿਆਨ ਦਾ ਸਿੱਟਾ ਤੇਰੇ ਵਾਸਤੇ ਪਤਾ ਕੀ
ਨਿਕਲੇਗਾ? ਉੱਤਰ ਮਿਲਿਆ,‘‘ਹਾਂ ਮੈਂ ਜਾਣਦਾ ਹਾਂ ‘‘ਮੌਤ‘‘, ਪਰ ਮੈਂ ਮੌਤ ਤੋਂ ਕਦਾਚਿਤ ਭੈਅ
ਨਹੀਂ ਖਾਂਦਾ। ਇਹ ਇੱਕ ਆਯੂ ਕੀ, ਜੇਕਰ ਅਜਿਹੀਆਂ ਸੈਂਕੜੇ ਉਮਰਾਂ ਵੀ ਮੈਨੂੰ ਵਾਰਨੇ ਕਰਨੀਆਂ
ਪੈਣ ਤਾਂ ਬੜੀ ਪ੍ਰਸੰਨਤਾ ਨਾਲ ਕਰਾਂਗਾ।”5
ਊਧਮ ਸਿੰਘ ਕਸੇਲ ਦੇ ਇਸ ਕਥਨ ਦੀ ਪੁਸ਼ਟੀ ਬਾਬਾ ਸੋਹਨ ਸਿੰਘ ਭਕਨਾ ਸਮੇਤ ਉਸਦੇ ਹੋਰ
ਯੁਧ-ਸਾਥੀਆਂ ਨੇ ਵੀ ਕੀਤੀ ਹੈ ਅਤੇ ਗ਼ਦਰ ਲਹਿਰ ਦੇ ਇਤਿਹਾਸਕਾਰਾਂ ਨੇ ਵੀ ਆਪਣੇ-ਆਪਣੇ
ਸ਼ਬਦਾਂ ਵਿੱਚ, ਉੱਨੀ-ਇੱਕੀ ਦੇ ਫ਼ਰਕ ਨਾਲ, ਇਸ ਘਟਨਾ ਦੀ ਸਚਾਈ ਇੰਜ ਹੀ ਬਿਆਨ ਕੀਤੀ ਹੈ।
ਬਾਬਾ ਸੋਹਨ ਸਿੰਘ ਭਕਨਾ ਲਿਖਦੇ ਹਨ:
‘ਉਸਦਾ ਬਿਆਨ ਲਿਖਣ ਪਿੱਛੋਂ ਜੱਜਾਂ ਨੇ ਉਸਨੂੰ ਪੁੱਛਿਆ, “ਕਰਤਾਰ ਸਿੰਘ, ਤੈਨੂੰ ਪਤਾ ਹੈ
ਤੇਰਾ ਇਹ ਬਿਆਨ ਤੈਨੂੰ ਕਿੱਥੇ ਪਹੁੰਚਾ ਦੇਵੇਗਾ?”
ਕਰਤਾਰ ਸਿੰਘ ਨੇ ਜਵਾਬ ਦਿੱਤਾ, “ਮੈਨੂੰ ਆਪਣੀ ਹੋਣੀ ਦਾ ਪਤਾ ਹੈ। ਮੈਨੂੰ ਜਾਂ ਤਾਂ ਦੇਸ਼
ਨਿਕਾਲਾ ਮਿਲੇਗਾ ਜਾਂ ਫਾਂਸੀ ਉੱਤੇ ਲਟਕਾ ਦਿੱਤਾ ਜਾਵੇਗਾ।”
ਜੱਜ ਨੇ ਆਖਿਆ, “ਮੈਂ ਤੈਨੂੰ ਇਕ ਰਾਤ ਹੋਰ ਸੋਚਣ ਲਈ ਦਿੰਦਾ ਹਾਂ।”
ਪਰ ਅਗਲੇ ਦਿਨ ਵੀ ਕਰਤਾਰ ਸਿੰਘ ਆਪਣੇ ਪਹਿਲੇ ਬਿਆਨਾਂ ‘ਤੇ ਕਾਇਮ ਰਿਹਾ ਅਤੇ ਜੱਜ ਨੂੰ ਕਿਹਾ
ਕਿ ਜਿਹੜਾ ਬਿਆਨ ਉਸਨੇ ਪਹਿਲਾਂ ਦਿੱਤਾ ਸੀ, ਉਸਦਾ ਇਕ ਇਕ ਸ਼ਬਦ ਉਸਨੇ ਪੂਰੀ ਜਿ਼ੰਮੇਵਾਰੀ
ਨਾਲ ਆਖਿਆ ਸੀ ਅਤੇ ਉਹ ਕਿਸੇ ਵੀ ਸ਼ਬਦ ਤੋਂ ਮੁਕਰਨ ਲਈ ਤਿਆਰ ਨਹੀਂ।”6
ਮੁਕੱਦਮੇ ਦੀ ਸੁਣਵਾਈ ਦੌਰਾਨ ਕਰਤਾਰ ਸਿੰਘ ਸਰਾਭਾ ਮਿਲਣ ਵਾਲੀ ਸਜ਼ਾ ਤੋਂ ਅਸਲੋਂ ਬੇਖ਼ਬਰ
ਹੋ ਕੇ ਬੇਪ੍ਰਵਾਹੀ ਨਾਲ ਵਿਚਰ ਰਿਹਾ ਸੀ। ਉਹਨੂੰ ਇਸ ਸਰਕਾਰ ਤੋਂ ਕਿਸੇ ਪ੍ਰਕਾਰ ਦੇ ਨਿਆਂ
ਦੀ ਆਸ ਨਹੀਂ ਸੀ। ਉਹ ਤਾਂ ਛੇਤੀ ਤੋਂ ਛੇਤੀ ਮੌਤ ਨੂੰ ਵਰਨ ਲਈ ਕਾਹਲਾ ਸੀ। ਜੱਜਾਂ ਨੇ ਆਪਣੇ
ਸੱਤ ਸਫਿ਼ਆਂ ਦੇ ਫ਼ੈਸਲੇ ਵਿੱਚ ਦੋ ਸਟੇਟਮੈਂਟਾਂ ਦਾ ਹਵਾਲਾ ਦਿੱਤਾ ਹੈ। ਊਧਮ ਸਿੰਘ ਕਸੇਲ
ਤੇ ਬਾਬਾ ਸੋਹਨ ਸਿੰਘ ਭਕਨਾ ਦੇ ਉੱਪਰਲੇ ਕਥਨਾਂ ਤੋਂ ਇਲਾਵਾ ਕੁਝ ਹੋਰ ਇਤਿਹਾਸਕਾਰਾਂ ਦਾ ਵੀ
ਇਹ ਮੰਨਣਾ ਹੈ ਕਿ ਪਹਿਲੀ ਸਟੇਟਮੈਂਟ ਦੇ ਆਧਾਰ ‘ਤੇ ਜੱਜਾਂ ਨੇ ਉਹਦੀ ਛੋਟੀ ਉਮਰ ਨੂੰ ਧਿਆਨ
ਵਿੱਚ ਰੱਖਦਿਆਂ ਉਹਨੂੰ ਇਕ ਹੋਰ ਮੌਕਾ ਦੇਣਾ ਚਾਹਿਆ ਸੀ ਕਿ ਜੇ ਉਹ ਆਪਣੇ ਇਕਬਾਲੀਆਂ ਬਿਆਨ
ਵਿੱਚ ਤਬਦੀਲੀ ਕਰ ਲਵੇ ਤਾਂ ਉਹਦੀ ਸਜ਼ਾ ਘੱਟ ਕੀਤੀ ਜਾ ਸਕਦੀ ਸੀ। ਗੁਰਚਰਨ ਸਿੰਘ ਸਹਿੰਸਰਾ
ਮੁਤਾਬਕ, ‘ਭਾਈ ਕਰਤਾਰ ਸਿੰਘ ਸਰਾਭਾ ਨੂੰ ਕਿਹਾ ਗਿਆ, ਕਿ ਉਹ ਅਜੇ ਬੱਚਾ ਹੈ ਤੇ ਇਕਬਾਲ ਨਾ
ਕਰੇ ਤਾਂ ਭਾਈ ਜੀ ਨੇ ਜੱਜਾਂ ਨੂੰ ਉੱਤਰ ਦਿੱਤਾ, “ਮੈਂ ਇਸ ਦੁਸ਼ਟ ਬੇਗ਼ਾਨੀ ਹਕੂਮਤ ਨੂੰ
ਉਲਟਾਉਣ ਲਈ ਕੀਤੇ ਹੋਏ ਕਾਰਨਾਵੇਂ ਲੁਕਾ ਕੇ ਆਪਣੀ ਚਮੜੀ ਨਹੀਂ ਬਚਾਉਣਾ ਚਾਹੁੰਦਾ।”
‘ਪਹਿਲੇ ਸਾਜਿਸ਼ ਕੇਸ’ ਦਾ ਫ਼ੈਸਲਾ ਸੁਣਾਉਣ ਸਮੇਂ ਭਾਈ ਪਰਮਾਨੰਦ ਅਦਾਲਤ ਵਿੱਚ ਹਾਜ਼ਰ ਸੀ।
ਉਸਨੇ ਕਰਤਾਰ ਸਿੰਘ ਸਰਾਭਾ ਦਾ ਜਿ਼ਕਰ ਆਪਣੀ ਪੁਸਤਕ ‘ਆਪ ਬੀਤੀ‘ ਵਿੱਚ ਪੇਸ਼ ਕੀਤਾ ਹੈ। ਇਸਦਾ
ਹਵਾਲਾ ਦਿੰਦਿਆਂ ਸਚਿੰਦਰ ਨਾਥ ਸਾਨਿਆਲ ਲਿਖਦੇ ਹਨ ਕਿ:
‘ਕਰਤਾਰ ਸਿੰਘ ਨੇ ਮੁਕੱਦਮੇ ਦੇ ਸਮੇਂ ਅਦਾਲਤ ਵਿੱਚ ਸਾਰੀਆਂ ਗੱਲਾਂ ਮੰਨ ਲਈਆਂ ਪਰ ਅੰਗਰੇਜ਼
ਜੱਜ ਨੇ ਪਹਿਲੇ ਦਿਨ ਉਨ੍ਹਾਂ ਦੀ ਕਿਸੇ ਵੀ ਗੱਲ ਨੂੰ ਦਰਜ ਨਾ ਕੀਤਾ। ਉਸ ਨੇ ਕਰਤਾਰ ਸਿੰਘ
ਨੂੰ ਸਮਝਾ ਕੇ ਕਿਹਾ ਕਿ ਇਸ ਨਾਲ ਉਨ੍ਹਾਂ ਦਾ ਆਪਣਾ ਕੇਸ ਬਹੁਤ ਖਰਾਬ ਹੋ ਜਾਵੇਗਾ। ਇਸ ‘ਤੇ
ਵੀ ਕਰਤਾਰ ਸਿੰਘ ਨੇ ਆਪਣਾ ਬਿਆਨ ਨਹੀਂ ਬਦਲਿਆ ਅਤੇ ਸਾਰੀ ਜੁੰਮੇਵਾਰੀ ਆਪਣੇ ਸਿਰ ‘ਤੇ ਲੈ
ਲਈ। ਮਜਬੂਰ ਹੋ ਕੇ ਜੱਜ ਨੂੰ ਕਹਿਣਾ ਪਿਆ,‘‘ਕਰਤਾਰ ਸਿੰਘ ਅੱਜ ਮੈਂ ਤੁਹਾਡੀ ਕੋਈ ਵੀ ਗੱਲ
ਨਹੀਂ ਸੁਣੀ, ਤੈਨੂੰ ਇਕ ਦਿਨ ਦਾ ਹੋਰ ਸਮਾਂ ਦਿੰਦਾ ਹਾਂ, ਚੰਗੀ ਤਰ੍ਹਾਂ ਸੋਚ ਵਿਚਾਰ ਕੇ
ਕਲ੍ਹ ਜੋ ਕੁਝ ਵੀ ਕਹਿਣਾ ਹੋਵੇ, ਕਹਿ ਦੇਵੀ।‘‘
‘ਦੂਜੇ ਦਿਨ ਕਰਤਾਰ ਸਿੰਘ ਨੇ ਸਾਰਾ ਦੋਸ਼ ਆਪਣੇ ਸਿਰ ਲੈ ਲਿਆ। ਉਨ੍ਹਾਂ ਦੀ ਇਸ ਬਹਾਦਰੀ ‘ਤੇ
ਸਾਰੇ ਕਾਇਲ ਹੋ ਗਏ। ਭਾਰਤ ਦੇ ਇਤਿਹਾਸ ਵਿੱਚ ਕਰਤਾਰ ਸਿੰਘ ਦਾ ਨਾਂ ਸਦਾ ਅਮਰ ਰਹੇਗਾ। ਸ.
ਕਰਤਾਰ ਸਿੰਘ ਸਰਾਭਾ ਨੇ ਭਾਰਤ ਦੇ ਕਰਾਂਤੀ ਯੁੱਗ ਨੂੰ ਵੀ ਯਾਦਗਾਰੀ ਬਣਾ ਦਿੱਤਾ। ਫਿਰ ਜਦੋਂ
ਉਹ ਜੇਲ੍ਹ ਵਿੱਚ ਸੀ ਤਾਂ ਉਹ ਜੇਲ ਸੁਪਰਿੰਟੈਡੈਂਟ ਨੂੰ ਸਭ ਕੁਝ ਕਹਿ ਦਿੰਦਾ ਸੀ।
ਸੁਪਰਿੰਟੈਡੈਂਟ ਉਸਦੀ ਅੱਲੜ ਉਮਰ ਦੇਖ ਕੇ ਹੈਰਾਨ ਹੁੰਦਾ ਸੀ। ਉਹ ਉਸਦੀ ਗੱਲਬਾਤ ਨੂੰ ਬੜੀ
ਦਿਲਚਸਪੀ ਨਾਲ ਸੁਣਦਾ ਸੀ, ਜਦੋਂ ਉਹ ਕਹਿੰਦਾ,‘‘ਦਰਅਸਲ ਤੁਸੀਂ ਸਾਨੂੰ ਫਾਂਸੀ ਲਾ ਦੇਣਾ ਹੈ।
ਫਿਰ ਤੁਸੀਂ ਸਾਨੂੰ ਤੰਗ ਕਿਉਂ ਕਰ ਰਹੇ ਹੋ।‘‘7
ਕਰਤਾਰ ਸਿੰਘ ਨੇ ਬਿਨਾ ਬਿਨਾਂ ਬਿਨਾ ਬਿਨਾਂ ਕਿਸੇ ਹਿਚਕਚਾਟ ਅਤੇ ਡਰ-ਭੈਅ ਦੇ ਸਮੁੱਚੇ
‘ਗ਼ਦਰ-ਕਾਂਡ’ ਵਿੱਚ ਆਪਣੀ ਜਿ਼ੰਮੇਵਾਰੀ ਕਬੂਲ ਕਰ ਕੇ ‘ਮੌਤ ਨੂੰ ਮਖ਼ੌਲ’ ਕਰਨ ਵਾਲਾ
ਕਾਰਨਾਮਾ ਕਰ ਵਿਖਾਇਆ।
ਹਰਭਜਨ ਸਿੰਘ ਚਮਿੰਡਾ ਇਸ ਕਾਂਡ ਨੂੰ ਇਸ ਕਾਵਿਕ-ਅੰਦਾਜ਼ ਵਿੱਚ ਬਿਆਨ ਕਰਦਾ ਹੈ:
ਜੋ ਜ਼ਾਲਮ ਅਦਾਲਤ ਬਹਿੰਦੀ ਸੀ,
ਉਹ ਭੀ ਇਹ ਮੁੜ ਮੁੜ ਕਹਿੰਦੀ ਸੀ।
ਤੂੰ ਸਮਝ ਸੋਚ ਕਰਤਾਰ ਸਿੰਘਾ,
ਕਿਉਂ ਜਫੀਆਂ ਪਾਉਂਨੈ ਦਾਰ ਨੂੰ:
ਦੇਸ਼ ਲਈ ਜੋ ਚੜ੍ਹਿਆ ਫਾਂਸੀ,
ਪੂਜੋ ਉਸ ਕਰਤਾਰ ਨੂੰ।
ਸੀ ੳੁੱਤਰ ਇਹ ਸ਼ਹੀਦ ਦਾ,
ਹਾਂ, ਇਸ ਲਈ ਮੌਤ ਖਰੀਦਦਾਂ।
ਮੈਂ ਫੇਰ ਦੁਬਾਰਾ ਜੰਮਕੇ ਹੈ,
ਢਾਉਣਾ ਇਸ ਸਰਕਾਰ ਨੂੰ।
ਦੇਸ਼ ਲਈ ਜੋ ਚੜ੍ਹਿਆ ਫਾਂਸੀ,
ਪੂਜੋ ਉਸ ਕਰਤਾਰ ਨੂੰ।8
ਇਹ ਵੀ ਕਹਿੰਦੇ ਹਨ ਕਿ ਜਾਇਦਾਦ ਜ਼ਬਤੀ ਦੀ ਗੱਲ ਸੁਣਕੇ ਕਰਤਾਰ ਸਿੰਘ ਨੇ ਆਪਣੇ ਬੂਟ ਲਾਹ
ਦਿੱਤੇ ਕਿ ਸਰਕਾਰ ਆਪਣਾ ਘਾਟਾ ਪੂਰਾ ਕਰਨ ਲਈ ਇਹ ਬੂਟ ਭੀ ਵੇਚ ਸਕਦੀ ਹੈ।9
ਨਾਹਰ ਸਿੰਘ ਨੇ ਮੁਕੱਦਮੇ ਦੇ ਫ਼ੈਸਲੇ ਸਮੇਂ ਸਰਾਭੇ ਦੇ ਪ੍ਰਤੀਕਰਮ ਦਾ ਜਿ਼ਕਰ ਕਰਦਿਆਂ ਉਸਦੀ
ਚੜ੍ਹਦੀ ਕਲਾ ਦਾ ਬਿੰਬ ਕੁਝ ਇਸ ਪ੍ਰਕਾਰ ਸਿਰਜਿਆ ਹੈ, ‘13 ਸਤੰਬਰ 1915 ਨੂੰ ਆਪ ਦੇ
ਮੁਕੱਦਮੇ ਦਾ ਫੈ਼ਸਲਾ ਸੁਣਾਇਆ ਗਿਆ। ਜਿਸ ਵਿੱਚ ਆਪ ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ।
ਕਰਤਾਰ ਸਿੰਘ ਨੇ ਫਾਂਸੀ ਦਾ ਹੁਕਮ ਸੁਣ ਕੇ ਕਿਹਾ,‘‘ਧੰਨਵਾਦ।” ਜ਼ਬਤੀ ਜਾਇਦਾਦ ਦਾ ਹੁਕਮ ਸੁਣ
ਕੇ ਕਿਹਾ,‘‘ਜੇ ਸਾਡੇ ਕੱਪੜੇ ਵੀ ਨੀਲਾਮ ਕੀਤੇ ਜਾਣ ਤਦ ਵੀ ਅੰਗਰੇਜ਼ਾਂ ਦਾ ਘਾਟਾ ਪੂਰਾ ਨਹੀਂ
ਹੋਣਾ। ਮੈਂ ਮੁੜ ਪੈਦਾ ਹੋ ਕੇ ਹਿੰਦੁਸਤਾਨ ਦੀ ਅਜ਼ਾਦੀ ਲਈ ਕੰਮ ਕਰਾਂਗਾ।‘‘10
ਕਰਤਾਰ ਸਿੰਘ ਸਰਾਭੇ ਨਾਲ ਇਸ ਮੁਕੱਦਮੇ ਵਿੱਚ ਸ਼ਾਮਲ ਯੁੱਧ ਸਾਥੀਆਂ ਦੀਆਂ ਇਸ ਸਾਰੇ
ਘਟਨਾ-ਕ੍ਰਮ ਦੀਆਂ ਚਸ਼ਮਦੀਦ ਗਵਾਹੀਆਂ ਸਾਬਤ ਕਰਦੀਆਂ ਹਨ ਕਿ ਉਹਦੇ ਸਾਰੇ ਸਾਥੀ ਉਹਦੀ
ਬਹਾਦਰੀ, ਨਿਰਭੈਤਾ ਅਤੇ ਕੁਰਬਾਨੀ ਦੇ ਅਸੀਮ ਜਜ਼ਬੇ ਬਾਰੇ ਇਕਮੱਤ ਸਨ ਅਤੇ ਉਹਦੀ ਸ਼ਖ਼ਸੀਅਤ
ਦੇ ਡੂੰਘੇ ਦਿਲ ਤੋਂ ਕਦਰਦਾਨ ਸਨ। ਅਜਿਹਾ ਮਾਣ ਕਿਸੇ ਵਿਰਲੇ ਦੇਸ਼-ਭਗਤ ਨੂੰ ਹੀ ਨਸੀਬ ਹੋਇਆ
ਹੋਵੇਗਾ। ਉਹਨਾਂ ਦੇਸ਼ ਭਗਤਾਂ ਦੀਆਂ ਸਰਾਭੇ ਬਾਰੇ ਟਿੱਪਣੀਆਂ ਇਹ ਸਾਬਤ ਕਰਦੀਆਂ ਹਨ ਕਿ
ਉਸਦੀ ਵਡਿਆਈ ਐਵੇਂ ਕਿਵੇਂ ਦੇ ਕਿਤਾਬੀ ਸ਼ਬਦਾਂ ਦੀ ਮੁਥਾਜ ਨਹੀਂ। ਨਾ ਹੀ ਕਿਸੇ
ਨਾਵਲੀ-ਪਾਤਰ ਦੀ ਮਹਾਨਤਾ ਦਾ ਕਾਲਪਨਿਕ ਬਿਰਤਾਂਤ ਹੈ। ਇਹ ਵਡਿਆਈ ਉਹਦੇ ਲਹੂ ਨੂੰ ਕਸ਼ੀਦ ਕੇ
ਇਤਿਹਾਸ ਦੇ ਸਫਿ਼ਆਂ ‘ਤੇ ਲਿਸ਼ਕ ਉੱਠੀ ਸੀ।
ਜਦ ਕੈਦੀਆਂ ਵਾਲੇ ਕੱਪੜੇ ਪਹਿਨਾ ਕੇ ਫਾਂਸੀ ਦੀਆਂ ਕੋਠੜੀਆਂ ਵਿੱਚ ਸਾਰਿਆਂ ਨੂੰ ਬੰਦ ਕਰ
ਦਿੱਤਾ ਗਿਆ ਤਾਂ ਜੇਲ੍ਹ ਨਿਯਮਾਂ ਅਨੁਸਾਰ, ਜੇਲ੍ਹ ਸੁਪਰੀਟੈਂਡੈਂਟ ਹਰ ਇਕ ਕੋਲ ਆਇਆ ਅਤੇ
ਕਿਹਾ ‘‘ਤੁਸੀਂ ਜਾਣਦੇ ਹੋ ਕਿ ਸਪੈਸ਼ਲ ਕੋਰਟ ਦਾ ਫ਼ੈਸਲਾ ਆਖ਼ਰੀ ਫ਼ੈਸਲਾ ਹੁੰਦਾ ਹੈ। ਹਾਂ
ਤੁਸੀਂ ਬਾਦਸ਼ਾਹ ਅੱਗੇ ਰਹਿਮ ਦੀ ਦਰਖ਼ਾਸਤ ਕਰ ਸਕਦੇ ਹੋ।‘‘ ਸਿਵਾਏ ਭਾਈ ਪਰਮਾਨੰਦ ਲਾਹੌਰ ਅਤੇ
ਇਕ ਹੋਰ ਆਦਮੀ, ਜਿਸ ਨੇ ਪਿੰਡ ਚੱਬਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਦੇਸ਼ਭਗਤਾਂ ਨੂੰ ਪਰੇਰ ਕੇ
ਇਕ ਸ਼ਾਹੂਕਾਰ ਦੇ ਘਰ ਡਾਕਾ ਮਰਵਾਇਆ ਸੀ, ਜਿਸ ਦਾ ਕਿ ਉਸ ਨੇ ਕਰਜਾ ਦੇਣਾ ਸੀ, ਹੋਰ ਕਿਸੇ ਨੇ
ਰਹਿਮ ਦੀ ਅਪੀਲ ਨਾ ਕੀਤੀ। ਸਗੋਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਕਰਤਾਰ ਸਿੰਘ ਨੇ ਇਸ
ਪੇਸ਼ਕਸ਼ ਦਾ ਮਖੌਲ ਉਡਾਇਆ ਅਤੇ ਕਿਹਾ ਕਿ ‘‘ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ
ਫਾਂਸੀ ਦਿੱਤੀ ਜਾਵੇ।‘‘11
ਜਦ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਉਹ ਬੜੇ ਜੋਸ਼ ਨਾਲ ਉੱਚੀ ਉੱਚੀ ਹੱਸਿਆ ਅਤੇ ਜੱਜ
ਦਾ ਧੰਨਵਾਦ ਕੀਤਾ। ਮੌਤ ਦੀ ਸਜ਼ਾ ਸੁਣਾਏ ਜਾਣ ਪਿੱਛੋਂ ਕਰਤਾਰ ਸਿੰਘ ਅਤੇ ਉਸਦੇ ਸਾਥੀਆਂ
ਨੂੰ ਫਾਂਸੀ ਵਾਲੇ ਮੁਜ਼ਰਮਾਂ ਵਾਲੇ ਕੱਪੜੇ ਪੁਆ ਕੇ ਅਜਿਹੇ ਮੁਜ਼ਰਮਾਂ ਲਈ ਖਾਸ ਤੌਰ ‘ਤੇ
ਬਣੀਆਂ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ। ਜੇਲ੍ਹ ਸੁਪਰਡੰਟ ਕਾਨੂੰਨੀ ਕਾਰਵਾਈ ਪੂਰੀ
ਕਰਨਾ ਚਾਹੁੰਦਾ ਸੀ। ਉਹਨੇ ਕਰਤਾਰ ਸਿੰਘ ਨੂੰ ਰਹਿਮ ਦੀ ਅਪੀਲ ਕਰਨ ਦੀ ਕਾਨੂੰਨੀ ਪੇਸ਼ਕਸ਼
ਬਾਰੇ ਜਾਣਕਾਰੀ ਦਿੰਦਿਆਂ ਉਹਦੀ ਰਾਇ ਜਾਨਣੀ ਚਾਹੀ ਤਾਂ ਕਰਤਾਰ ਸਿੰਘ ਨੇ ਜਵਾਬ ਦਿੱਤਾ,
“ਮੈਨੂੰ ਰਹਿਮ ਦੀ ਅਪੀਲ ਵਿੱਚ ਕੋਈ ਦਿਲਚਸਪੀ ਨਹੀਂ। ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ
ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਤਾਂ ਕਿ ਮੈਂ ਦੁਬਾਰਾ ਜਨਮ ਲੈ ਕੇ ਮੁੜ ਗੁਲਾਮੀ
ਗ਼ੁਲਾਮੀ ਵਿਰੁੱਧ ਲੜ ਸਕਾਂ।12
ਇੰਜ ਜੀ ਸਰਾਭੇ ਦਾ ਇਕ ਹੋਰ ਯੁਧ-ਸਾਥੀ ਬਾਬਾ ਸ਼ੇਰ ਸਿੰਘ ਵੇਈਂ ਪੋਈਂ ਫ਼ਾਂਸੀ ਦੀ ਸਜ਼ਾ
ਸੁਣਾਏ ਜਾਣ ਮੌਕੇ ਗ਼ਦਰੀ ਯੋਧਿਆਂ ਅਤੇ ਸਰਾਭੇ ਦੇ ਪ੍ਰਤੀਕਰਮ ਨੂੰ ਬਿਆਨ ਕਰਦਿਆਂ ਲਿਖਦਾ
ਹੈ, ‘ਫਾਂਸੀ ਕੋਠੜੀਆਂ ਵਿੱਚ ਡੱਕੇ ਹੋਏ ਗ਼ਦਰੀ ਵੀ ਆਜ਼ਾਦੀ ਦੇ ਗੀਤ ਗਾਉਂਦੇ ਤੇ ਖੁਸ਼ੀਆਂ
ਮਨਾਉਂਦੇ ਸਨ। ਕਿਸੇ ਦੇ ਦਿਲ ਵਿੱਚ ਮੌਤ ਦਾ ਰਤਾ ਡਰ ਨਹੀਂ ਸੀ। ਫਾਂਸੀ ਵਾਲੇ ਦਿਨ ਕਰਤਾਰ
ਸਿੰਘ ਸਰਾਭਾ ਤੋਲਿਆ ਗਿਆ ਉਸ ਦਾ ਸੱਤ ਸੇਰ ਵਜ਼ਨ ਪਹਿਲਾਂ ਨਾਲੋਂ ਵੱਧ ਸੀ। ਉਹ ਕਹਿੰਦਾ ਸੀ
ਮੈਂ ਫਾਂਸੀ ਮਗਰੋਂ ਦੂਜਾ ਜਨਮ ਲੈ ਕੇ ਫੇਰ ਆਜ਼ਾਦੀ ਦਾ ਘੋਲ ਲੜਾਂਗਾ...।‘‘13
ਸ਼ਹੀਦੋਂ ਕਾ ਖ਼ੂਨ ਕਭੀ ਖ਼ਾਲੀ ਨਹੀਂ ਜਾਤਾ
ਬਾਬਾ ਸੋਹਨ ਸਿੰਘ ਭਕਨਾ ਜੇਲ੍ਹ ਵਿੱਚ ਸਰਾਭੇ ਨਾਲ ਗੁਜ਼ਾਰੇ ਉਹਨਾਂ ਦਿਨਾਂ ਦੀਆਂ ਯਾਦਾਂ
ਸਾਂਝੀਆਂ ਕਰਦੇ ਦੱਸਦੇ ਹਨ ਕਿ ਸਰਾਭਾ ਉਹਨਾਂ ਆਖ਼ਰੀ ਦਿਨਾਂ ਵਿੱਚ ਵੀ ਨਿਰਾਸ ਤੇ ਉਦਾਸ
ਨਹੀਂ ਸੀ ਹੋਇਆ ਅਤੇ ਉਹਦਾ ਵਿਸ਼ਵਾਸ ਸੀ ਕਿ ਦੇਸ਼ਭਗਤਾਂ ਦੁਆਰਾ ਕੀਤੀਆਂ ਕੁਰਬਾਨੀਆਂ ਕਿਸੇ
ਨਾ ਕਿਸੇ ਦਿਨ ਜ਼ਰੂਰ ਰੰਗ ਲਿਆਉਣਗੀਆਂ। ਬਾਬਾ ਜੀ ਲਿਖਦੇ ਹਨ, ‘ਅਸੀਂ 24 ਫਾਂਸੀ ਲੱਗਣ
ਵਾਲੇ ਪਾਰਕ ਨੰਬਰ 121 ਵਿੱਚ 24 ਕੋਠੀਆਂ ਦੀ ਕਤਾਰ ਵਿੱਚ ਨਾਲ-ਨਾਲ ਬੰਦ ਕੀਤੇ ਹੋਏ ਸੀ।
ਸਾਨੂੰ ਸ਼ਾਮ ਨੂੰ ਅੱਧਾ ਘੰਟਾ ਟਹਿਲਣ ਲਈ ਵਿਹੜੇ ਵਿੱਚ ਕੱਢਿਆ ਜਾਂਦਾ ਸੀ। ਇਕ ਦਿਨ ਜਦ
ਮੈਨੂੰ ਮੌਕਾ ਮਿਲਿਆ ਤਾਂ ਮੈਂ ਟਹਿਲਦਿਆਂ-ਟਹਿਲਦਿਆਂ ਕਰਤਾਰ ਦੀ ਕੋਠੀ ਵਿੱਚ ਝਾਤੀ ਮਾਰੀ।
ਅੰਦਰ ਸਾਹਮਣੇ ਕੰਧ ਉੱਤੇ ਕੋਲੇ ਨਾਲ ਮੋਟੇ ਅੱਖਰਾਂ ਵਿੱਚ ਲਿਖਿਆ ਸੀ, ‘‘ਸ਼ਹੀਦੋਂ ਕਾ ਖ਼ੂਨ
ਕਭੀ ਖ਼ਾਲੀ ਨਹੀਂ ਜਾਤਾ।‘‘ ਪੜ੍ਹ ਕੇ ਮੈਂ ਆਖਿਆ, ‘‘ਕਰਤਾਰ! ਏਥੇ ਤਾਂ ਹੱਡੀਆਂ ਵੀ ਜੇਲ੍ਹ
ਦੇ ਵਿੱਚ ਹੀ ਸਾੜ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਕਿਸੇ ਨੂੰ ਬਾਹਰ ਪਤਾ ਨਾ ਲੱਗੇ। ਤੂੰ
ਲਿਖਿਆ ਹੈ ਕਿ ‘‘ਸ਼ਹੀਦੋਂ ਕਾ ਖੂਨ ਕਭੀ ਖ਼ਾਲੀ ਨਹੀਂ ਜਾਤਾ।‘‘ ਕਰਤਾਰ ਨੇ ਹੱਸ ਕੇ ਜੁਆਬ
ਦਿੱਤਾ, ‘‘ਹਾਂ ਜੀ, ਠੀਕ ਹੀ ਤਾਂ ਲਿਖਿਆ ਹੈ।‘‘ ਅੱਜ ਕਰਤਾਰ ਦੀ ਭਵਿੱਖ ਬਾਣੀ ਮੈਨੂੰ ਚੇਤੇ
ਆਉਦੀ ਹੈ ਕਿ ਉਹ ਕਿੰਨਾ ਸੂਝਵਾਨ, ਨਿਡਰ ਅਤੇ ਬਹਾਦਰ ਸੀ।’14
ਬਹੁਤ ਸਾਰੇ ਇਤਿਹਾਸਕਾਰਾਂ ਅਤੇ ਸਰਾਭੇ ਦੇ ਅਨੇਕ ਸਾਥੀਆਂ ਨੇ ਫਾਂਸੀ ਤੋਂ ਪਹਿਲਾਂ ਸਰਾਭੇ
ਦੇ ਦਾਦੇ ਬਦਨ ਸਿੰਘ ਦੀ ਸਰਾਭੇ ਨਾਲ ਆਖ਼ਰੀ ਮਿਲਣੀ ਦਾ ਜਿ਼ਕਰ ਕੀਤਾ ਹੈ। ਇਸ ਮਿਲਣੀ ਦਾ
ਬਿਰਤਾਂਤ ਪੇਸ਼ ਕਰਦਿਆਂ ਸ਼ਬਦਾਂ ਦੀ ਅਦਲਾ-ਬਦਲੀ ਤਾਂ ਹੋਈ ਹੈ ਪਰ ਮਿਲਣੀ ਦਾ ਤੱਤ-ਸਾਰ ਇਹੋ
ਹੈ ਕਿ ਸਰਾਭੇ ਦੇ ਮਨ ਵਿੱਚ ਮੌਤ ਦਾ ਅਸਲੋਂ ਕੋਈ ਖ਼ੌਫ਼ ਨਹੀਂ ਸੀ। ਉਹਨੂੰ ਪਤਾ ਸੀ ਕਿ ਉਹ
ਇਕ ਨਿਸਚਿਤ ਮਕਸਦ ਲਈ ਆਪਣੀ ਜਾਨ ਵਾਰ ਰਿਹਾ ਹੈ ਅਤੇ ਇਸਦਾ ਉਹਨੂੰ ਕੋਈ ਵੀ ਪਛਤਾਵਾ ਨਹੀਂ
ਸੀ। ਹੇਠਾਂ ਕੁਝ ਕੁ ਦੇਸ਼ ਭਗਤਾਂ ਵੱਲੋਂ ਬਿਆਨ ਕੀਤੇ ਇਸ ਪ੍ਰਸੰਗ ਦੇ ਵੱਖੋ-ਵੱਖਰੇ ਰੂਪ
ਹਾਜ਼ਰ ਹਨ:
‘ਚਾਂਦ’ ਦੇ ਫ਼ਾਂਸੀ ਅੰਕ ਵਿੱਚ ਸਰਾਭੇ ਬਾਰੇ ਦਰਜ ਹੈ: ‘ਇਕ ਸੱਜਣ ਜੀ ਦਸਦੇ ਹਨ, ਕਿ ਕਰਤਾਰ
ਸਿੰਘ ਦਾ ਬਾਬਾ ਉਸ ਨੂੰ ਮਿਲਣ ਵਾਸਤੇ ਗਿਆ। ਕਰਤਾਰ ਸਿੰਘ ਨੂੰ ਉਸ ਵੇਲੇ ਫਾਂਸੀ ਦਾ ਹੁਕਮ
ਸੁਣਾਇਆ ਜਾ ਚੁੱਕਾ ਹੋਇਆ ਸੀ। ਬਾਬਾ ਮੁਲਾਕਾਤ ਵਿੱਚ ਆਖਣ ਲੱਗਾ,‘‘ਕਰਤਾਰ ਸਿੰਘ! ਤੂੰ
ਇਨ੍ਹਾਂ ਕੰਮਾਂ ਵਿੱਚ ਪੈ ਕੇ ਕੀ ਖੱਟਿਆ ਈ? ਐਵੇਂ ਅਜਾਈਂ ਮੌਤੇ ਹੀ ਮਰਨ ਲੱਗਾ ਏਂ, ਤੈਨੂੰ
ਲੋਕਾਂ ਨੇ ਕੀ ਦੇਣਾ ਹੈ।‘‘
ਕਰਤਾਰ ਸਿੰਘ ਅਵੇਸਲਾ ਜੇਹਾ ਹੋ ਕੇ ਪੁਛਣ ਲੱਗਾ, ਬਾਬਾ ਜੀ ਫਲਾਣਾ ਸਿੰਘ ਦਾ ਪਿੰਡ ਕੀ ਹਾਲ
ਹੈ?
ਬਾਬਾ-ਉਹ ਤਾਂ ਪਲੇਗ ਨਾਲ ਕਦੇ ਦਾ ਹੀ ਮਰ ਗਿਆ ਹੈ।
ਕਰਤਾਰ ਸਿੰਘ-ਹੱਛਾ, ਫਲਾਣਾ ਸਿੰਘ ਦੀ ਬਾਬਤ ਕੁਛ ਦਸੋ।
ਬਾਬਾ-ਉਹ ਵੀ ਐਤਕਾਂ ਤਾਊਨ ਨਾਲ ਮਰ ਗਿਆ ਸੀ।
ਕਰਤਾਰ ਸਿੰਘ ਬਣਾ-ਠਣਾ ਕੇ ਬਾਬੇ ਹੋਰਾਂ ਨੂੰ ਆਖਣ ਲੱਗਾ ਕਿ ਬਾਬਾ ਜੀ, ਜੇ ਮੈਨੂੰ ਵੀ
ਉਹਨਾਂ ਵਾਂਗ ਤਾਊਨ ਜਾਂ ਪਲੇਗ ਹੀ ਲੈ ਜਾਂਦੀ ਤਾਂ ਮੈਂ ਕੇਹੜੀ ਗਿਣਤੀ ਵਿੱਚ ਹੁੰਦਾ? ਹੁਣ
ਤਾਂ ਮੈਂ ਦੇਸ਼ ਤੇ ਕੌਮ ਲਈ ਕੁਛ ਕਰਕੇ ਫਾਹੇ ਟੰਗਿਆ ਜਾਣ ਲੱਗਾ ਹਾਂ ਤੇ ਸਾਰੇ ਸੰਸਾਰ ਤੇ ਆਪ
ਦਾ, ਸਾਡੇ ਖਾਨਦਾਨ ਦਾ ਜੱਸ ਹੋਵੇਗਾ, ਕਿ ਕਰਤਾਰ ਸਿੰਘ ਸ਼ੇਰ-ਦਿਲ ਸੀ ਤੇ ਕੁਛ ਕਰਕੇ ਗਿਆ
ਹੈ। ਪਰ ਜੇ ਓਦਾਂ ਮਰ ਜਾਂਦਾ ਤਾਂ ਉਹ ਅਜਾਈਂ ਮੌਤ ਸੀ। ਹੁਣ ਤਾਂ ਮੇਰੀ ਦੇਹ ਸਫ਼ਲ ਹੋ ਗਈ ਹੈ
ਅਤੇ ਤੁਹਾਨੂੰ ਇਸ ਗੱਲ ਦਾ ਫ਼ਖਰ ਹੋਣਾ ਚਾਹੀਦਾ ਹੈ, ਕਿ ਦੇਸ਼ ਲਈ ਕੁਰਬਾਨੀ ਦਾ ਗੁਣਾ ਤੁਹਾਡੇ
ਖਾਨਦਾਨ ਦੇ ਨਾਮ ਪਿਆ ਹੈ। ਇਸ ਲਈ ਅਫ਼ਸੋਸ ਕਰਨ ਦਾ ਸਮਾਂ ਨਹੀਂ ਸਗੋਂ ਤੁਹਾਡੇ ਲਈ ਖੁਸ਼ੀ ਤੇ
ਫਖ਼ਰ ਕਰਨ ਦਾ ਸਮਾਂ ਹੈ। ਬਾਬਾ ਜੀ ਨਿਰੁਤਰ ਹੋ ਗਏ ਤੇ ਅਥਰੂ ਪੂੰਝਦੇ ਪੂੰਝਦੇ ਬਾਹਰ ਨਿਕਲ
ਗਏ।’15
ਏਸੇ ਪ੍ਰਸੰਗ ਦੀ ਇਕ ਹੋਰ ਸਾਖੀ ਥੋੜੇ ਜਿਹੇ ਫ਼ਰਕ ਨਾਲ ਸ਼ਹੀਦ ਭਗਤ ਸਿੰਘ ਲਿਖਦੇ ਹਨ:
‘ਕਰਤਾਰ ਸਿੰਘ ਫਾਂਸੀ ਦੀ ਕੋਠੜੀ ਵਿੱਚ ਬੰਦ ਸਨ। ਦਾਦਾ ਆ ਕੇ ਪੁੱਛਦੇ ਹਨ- ‘ਕਰਤਾਰ ਸਿੰਘ,
ਕਿਨ੍ਹਾਂ ਵਾਸਤੇ ਮਰ ਰਿਹਾ ਹੈਂ? ਜੋ ਤੈਨੂੰ ਗਾਲ੍ਹਾਂ ਕੱਢਦੇ ਹਨ? ਤੇਰੇ ਮਰਨ ਨਾਲ ਦੇਸ਼ ਦਾ
ਕੁਝ ਫਾਇਦਾ ਹੋਵੇ, ਉਹ ਵੀ ਨਹੀਂ ਦਿਸਦਾ।’
ਕਰਤਾਰ ਸਿੰਘ ਨੇ ਹੌਲੀ ਜਿਹੀ ਪੁੱਛਿਆ- ‘ਦਾਦਾ ਜੀ, ਫਲਾਣਾ ਬੰਦਾ ਕਿੱਥੇ ਗਿਆ?‘
‘ਪਲੇਗ ਨਾਲ ਮਰ ਗਿਆ।‘
‘ਫਲਾਣਾ ਕਿੱਥੇ ਹੈ?‘
‘ਹੈਜ਼ੇ ਨਾਲ ਮਰ ਗਿਆ।‘
‘ਤਾਂ ਕੀ ਤੁਸੀਂ ਵੀ ਚਾਹੁੰਦੇ ਸੀ ਕਿ ਕਰਤਾਰ ਸਿੰਘ ਵੀ ਬਿਸਤਰੇ ਤੇ ਮਹੀਨਿਆਂ ਬੱਧੀ ਪਿਆ
ਰਹਿ ਕੇ ਦਰਦ ਨਾਲ ਤੜਫਦਾ ਹੋਇਆ ਕਿਸੇ ਰੋਗ ਨਾਲ ਮਰਦਾ? ਕੀ ਉਸ ਮੌਤ ਨਾਲੋਂ ਇਹ ਮੌਤ ਚੰਗੀ
ਨਹੀਂ ਜੋ ਦੇਸ਼ ਦੇ ਲੇਖੇ ਲੱਗੀ ਹੈ। ਆਖਰ ਮਰਨਾ ਤਾਂ ਸਾਰਿਆਂ ਨੇ ਹੀ ਹੈ?‘
ਦਾਦਾ ਚੁੱਪ ਹੋ ਗਏ।16
ਬਾਬਾ ਸੋਹਨ ਸਿੰਘ ਭਕਨਾ ਤਾਂ ਓਸੇ ਜੇਲ੍ਹ ਵਿੱਚ ਸਨ। ਉਹਨਾਂ ਤੋਂ ਵੱਧ ਪ੍ਰਮਾਣਿਕ ਗਵਾਹੀ
ਹੋਰ ਕਿਸੇ ਦੀ ਕੀ ਹੋ ਸਕਦੀ ਹੈ। ਉਹ ਵੀ ਕਰਤਾਰ ਸਿੰਘ ਸਰਾਭੇ ਨਾਲ ਦਾਦੇ ਦੀ ਮਿਲਣੀ ਦੀ
ਸਚਾਈ ਨੂੰ ਮੰਨਦੇ ਹਨ। ਉਹਨਾਂ ਅਨੁਸਾਰ:
ਉਸਦੇ ਬਿਰਧ ਦਾਦੇ ਨੇ ਉਸਨੂੰ ਪਾਲਿਆ ਸੀ। ਜਦ ਉਹ ਪਹਿਲੀ ਵਾਰ ਕਰਤਾਰ ਸਿੰਘ ਨਾਲ ਮੁਲਾਕਾਤ
ਕਰਨ ਲਈ ਜੇਲ੍ਹ ਵਿੱਚ ਆਇਆ ਤਾਂ ਉਹ ਰੋਣ ਲੱਗ ਪਿਆ। ਕਰਤਾਰ ਸਿੰਘ ਨੇ ਉਸਨੂੰ ਆਖਿਆ, “ਦਾਦਾ
ਜੀ, ਤੁਸੀਂ ਕਿਉਂ ਰੋਂਦੇ ਹੋ, ਮੈਂ ਪਰਿਵਾਰ ਲਈ ਕੋਈ ਬਦਨਾਮੀ ਖੱਟ ਕੇ ਨਹੀਂ ਜਾ ਰਿਹਾ।
ਮੈਨੂੰ ਤੀਹ ਕਰੋੜ ਗੁਲਾਮ, ਦੱਬੇ ਕੁਚਲੇ ਲੋਕਾਂ ਵਾਸਤੇ ਆਜ਼ਾਦੀ ਖ਼ਾਤਰ ਕੰਮ ਕਰਨ ਦੇ ਜੁਰਮ
ਵਿੱਚ ਫਾਂਸੀ ਦਿੱਤੀ ਜਾ ਰਹੀ ਹੈ। ਤੁਹਾਨੂੰ ਅਜਿਹੀ ਸ਼ਾਨਦਾਰ ਮੌਤ ਉਪਰ ਰੋਣ ਦੀ ਬਜਾਇ
ਖ਼ੁਸ਼ ਹੋਣਾ ਚਾਹੀਦਾ ਹੈ। ਕਰਤਾਰ ਸਿੰਘ ਦੇ ਮੂੰਹੋਂ ਅਜਿਹੇ ਸ਼ਬਦ ਸੁਣ ਕੇ ਦਾਦਾ ਖ਼ੁਸ਼ ਹੋ
ਗਿਆ ਅਤੇ ਉਸਨੇ ਕਰਤਾਰ ਸਿੰਘ ਨੂੰ ਅੰਤਿਮ ਆਸ਼ੀਰਵਾਦ ਦਿੱਤੀ।17
ਫਾਂਸੀ ਦੇ ਤਖ਼ਤੇ ਉੱਤੇ ਖਲੋ ਕੇ ਵੀ ਉਹ ਪੂਰੀ ਚੜ੍ਹਦੀ ਕਲਾ ਵਿੱਚ ਸੀ। ਇਸਦੀ ਗਵਾਹੀ ਵੀ,
ਫਾਂਸੀ ਲੱਗਣ ਵੇਲੇ ਓਥੇ ਹਾਜ਼ਰ, ਵਾਰਡਰ ਕੱਲ੍ਹਣ ਖਾਂ ਦੇ ਬੋਲਾਂ ਵਿੱਚ ਸਾਂਭੀ ਹੋਈ ਹੈ।
ਨਾਹਰ ਸਿੰਘ ਇਸਦਾ ਵੇਰਵਾ ਦਿੰਦੇ ਹੋਏ ਲਿਖਦੇ ਹਨ:
‘ਓੜਕ 14 (16 ਨਵੰਬਰ-ਲੇਖਕ) ਨਵੰਬਰ 1915 ਨੂੰ ਸਵੇਰੇ ਆਪ ਹੋਰ ਛੇ ਸਾਥੀਆਂ ਸਮੇਤ ਸੈਂਟਰ
ਜੇਲ੍ਹ ਲਾਹੌਰ ਵਿੱਚ ਦੇਸ਼ ਦੀ ਅਜ਼ਾਦੀ ਖਾਤਿਰ ਫਾਂਸੀ ਉਤੇ ਚੜ੍ਹ ਕੇ ਆਪਣਾ ਆਪ ਕੁਰਬਾਨ ਕਰਕੇ
ਸ਼ਹੀਦ ਹੋ ਗਏ। ਫਾਂਸੀ ਲੱਗਣ ਤੋਂ ਦੂਜੇ ਦਿਨ ਸਾਡੇ ਉਤੇ ਕਲ੍ਹਣ ਖਾਨ ਵਾਰਡਰ (ਜੇਲ੍ਹ ਪੁਲਿਸ
ਦਾ ਸਿਪਾਹੀ) ਦੀ ਡਿਊਟੀ ਸੀ। ਉਸ ਦੀ ਕਰਤਾਰ ਸਿੰਘ ਦੇ ਫਾਂਸੀ ਲੱਗਣ ਸਮੇਂ ਫਾਂਸੀ ਘਰ ਵਿੱਚ
ਵੀ ਡਿਊਟੀ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਉਸਨੂੰ ਪੁਛਿਆ,‘‘ਦਸੋ ਤੁਸੀਂ ਉਸ
ਵੇਲੇ ਡਿਊਟੀ ਉਤੇ ਸੀ? ਕਰਤਾਰ ਸਿੰਘ ਦਾ ਅੰਤਲਾ ਸਮਾਂ ਕੈਸਾ ਰਿਹਾ।‘‘ ਤਦ ਕਲ੍ਹਣ ਖਾਨ ਨੇ
ਦਸਿਆ ਕਿ ਕਰਤਾਰ ਸਿੰਘ ਨੇ ਫਾਂਸੀ ਦੇ ਤਖ਼ਤੇ ਉਤੇ ਖੜੇ ਹੋ ਕੇ ਅਖੀਰ ਵੇਲੇ ਇਹ ਲਫ਼ਜ਼
ਕਹੇ,‘ਦਰੋਗਾ ਮਤ ਸਮਝ ਕਿ ਕਰਤਾਰ ਸਿੰਘ ਮਰ ਗਿਆ ਹੈ, ਮੇਰੇ ਖੂਨ ਕੇ ਜਿਤਨੇ ਕਤਰੇ ਹੈਂ,
ਉਤਨੇ ਕਰਤਾਰ ਸਿੰਘ ਔਰ ਪੈਦਾ ਹੋਗੇਂ। ਔਰ ਦੇਸ਼ ਕੀ ਅਜ਼ਾਦੀ ਕੇ ਲੀਏ ਕਾਮ ਕਰੇਂਗੇ।‘18
ਕਰਤਾਰ ਸਿੰਘ ਸਰਾਭੇ ਨੇ, ‘ਸਿਰ ਦੇ ਕੇ ਸਿਰਦਾਰੀਆਂ ਲੈਣ’ ਦੀ ਪੰਜਾਬੀ ਰਵਾਇਤ ਨੂੰ ਮੁੱਖ
ਰੱਖਦਿਆਂ ‘ਸਿਰ’ ਬਦਲੇ ‘ਆਜ਼ਾਦੀ’ ਲੈਣ ਦਾ ‘ਸੱਚਾ ਸੌਦਾ’ ਕਰ ਲਿਆ ਸੀ। ਬੇਮਿਸਾਲ ਬਹਾਦਰੀ
ਨਾਲ ਮੌਤ ਨੂੰ ਵਰਦਿਆਂ ਉਹ ਪਿੱਛੇ ਰਹਿ ਗਏ ਸਾਥੀਆਂ ਨੂੰ ‘ਸੱਚ ਦਾ ਸੌਦਾ’ ਕਰਨ ਦਾ ਸੰਦੇਸ਼
ਦੇ ਗਿਆ। ਬਾਬਾ ਹਰਨਾਮ ਸਿੰਘ ਟੁੰਡੀਲਾਟ ਕਰਤਾਰ ਸਿੰਘ ਸਰਾਭੇ ਵੱਲੋਂ ਸੌਂਪੀ ਇਸ
ਜਿ਼ੰਮੇਵਾਰੀ ਨੂੰ ਕੁਝ ਇਹਨਾਂ ਸ਼ਬਦਾਂ ਵਿੱਚ ਬਿਆਨ ਕਰਦਾ ਹੈ:
ਧੋਖੇ ਵਿੱਚ ਫਸਾਏ ਕੇ ਮੂਰਖਾਂ ਨੂੰ, ਲੁੱਟੀ ਜਾਵਦੇ ਠੱਗ ਮਕਾਰ ਕੈਸੇ.
ਕਹਿਣਾ ਮੰਨ ਕੇ ਪੇਟ ਪੁਜਾਰੀਆਂ ਦਾ, ਬੁੱਧੂ ਲੋਕ ਹੋ ਰਹੇ ਖੁਆਰ ਕੈਸੇ।
ਖਾਲਕ ਖਲਕ ਮੇਂ ਖਲਕ ਹੈ ਬੀਚ ਖਲਕ, ਕਿਹਾ ਸੰਤ ਕਬੀਰ ਨੇ ਸਾਫ਼ ਕੈਸੇ।
ਸੇਵਾ ਕਰੋ ਖਾਂ ਇਨ੍ਹਾਂ ਦੀ ਚਿੱਤ ਲਾ ਕੇ, ਲੋਕ ਹਿੰਦ ਦੇ ਹੈਨ ਲਾਚਾਰ ਕੈਸੇ।
ਜਿਚਰ ਤੀਕ ਹਕੀਮ ਨਾ ਮਿਲੇ ਪੂਰਾ, ਰਾਜੀ ਹੋਏਗਾ ਭਲਾ ਬੀਮਾਰ ਕੈਸੇ।
ਸੌਦੇ ਸੱਚ ਦੇ ਕਰੋ ਹਰਨਾਮ ਸਿੰਘ, ਖੁਸ਼ੀ ਹੋਊਨਾ ਫੇਰ ਕਰਤਾਰ ਕੈਸੇ।19
ਕਰਤਾਰ ਸਿੰਘ ਸਰਾਭੇ ਦੇ ਸਾਰੇ ਸਹਿਕਰਮੀ ਉਸ ਬਾਰੇ ਸਹੁੰ ਖਾ ਕੇ ਇਹ ਆਖਦੇ ਸਨ ਕਿ ਉਹ
ਅਦਭੁੱਤ ਯੋਗਤਾ ਵਾਲਾ ਬੰਦਾ ਸੀ। ਉਹ ਬੁਜ਼ਦਿਲਾਂ ਨੂੰ ਨਫ਼ਰਤ ਕਰਦਾ ਤੇ ਉਹਨਾਂ ਦੇ ਮੂੰਹ
‘ਤੇ ਥੁੱਕਦਾ ਸੀ। ਉਸਦੇ ਵਿਚਾਰਾਂ ਅਨੁਸਾਰ ਮਨੁੱਖ ਦਾ ਜਨਮ ਇਕੋ ਵਾਰ ਹੁੰਦਾ ਹੈ ਤੇ ਇਸ ਨੂੰ
ਆਪਣਾ ਜੀਵਨ ਆਪਣੇ ਦੇਸ਼ ਦੀ ਭਲਾਈ ਹਿਤ ਕੰਮ ਆ ਕੇ ਕੁਰਬਾਨ ਕਰਨਾ ਚਾਹੀਦਾ ਹੈ ਤੇ ਇਸ ਨੂੰ
ਨਿਗੂਣੇ ਜਿਹੇ ਕੰਮਾ ਵਿੱਚ ਹੀ ਅੰਞਾਈਂ ਨਹੀਂ ਗੁਆਉਣਾ ਚਾਹੀਦਾ।
ਉਹਦੇ ਬਾਰੇ ਭਾਈ ਪਰਮਾਨੰਦ ਨੇ ਆਪਣੀਆ ‘ਯਾਦਾਂ’ ਵਿੱਚ ਇਵੇਂ ਲਿਖਿਆ ਹੈ:
ਮੁਕੱਦਮੇ ਦੀ ਸਾਰੀ ਕਾਰਵਾਈ ਦੌਰਾਨ ਉਹ ਬਹੁਤ ਚੜ੍ਹਦੀ ਕਲਾ ਵਿੱਚ ਸੀ ਤੇ ਦੂਜਿਆਂ ਨੂੰ ਵੀ
ਇਸ ਭਾਵਨਾ ਨਾਲ ਪ੍ਰਜਵੱਲਿਤ ਕਰਦਾ ਰਿਹਾ ਸੀ।
ਉਹ ਆਮ ਕਹਿੰਦਾ ਹੁੰਦਾ ਸੀ: ਆਓ ਆਪਾਂ ਛੇਤੀ ਛੇਤੀ ਫਾਂਸੀ ਚੜ੍ਹੀਏ ਤਾਂ ਕਿ ਆਪਣੇ ਅਧੂਰੇ
ਕੰਮ ਨੂੰ ਪੂਰਾ ਕਰਨ ਲਈ ਛੇਤੀ ਮੁੜ ਜਨਮ ਲੈ ਸਕੀਏ।”20
ਇਕ ਵਾਰ ਮੁੜ ਅਸੀਂ ਸ਼ਹੀਦ ਭਗਤ ਸਿੰਘ ਦੇ ਸ਼ਬਦ ਦੁਹਰਾਉਂਦੇ ਹਾਂ:
‘ਅੱਜ ਦੁਨੀਆਂ ਵਿੱਚ ਫੇਰ ਸਵਾਲ ਖੜ੍ਹਾ ਹੁੰਦਾ ਹੈ, ਉਨ੍ਹਾਂ ਦੇ ਮਰਨ ਦਾ ਕੀ ਫਾਇਦਾ ਹੋਇਆ?
ਉਹ ਕਿਨ੍ਹਾਂ ਵਾਸਤੇ ਮਰੇ? ਜਵਾਬ ਸਾਫ਼ ਹੈ। ਮਰਨ ਵਾਸਤੇ ਮਰੇ। ਉਨ੍ਹਾਂ ਦਾ ਆਦਰਸ਼ ਹੀ
ਦੇਸ਼-ਸੇਵਾ ਵਿੱਚ ਮਰਨਾ ਸੀ, ਇਸ ਤੋਂ ਵੱਧ ਉਹ ਕੁਝ ਹੋਰ ਚਾਹੁੰਦੇ ਹੀ ਨਹੀਂ ਸੀ। ਮਰਨਾ ਵੀ
ਅਗਿਆਤ ਰਹਿ ਕੇ ਹੀ ਚਾਹੁੰਦੇ ਸੀ। ਉਨ੍ਹਾਂ ਦਾ ਆਦਰਸ਼ ਸੀ: ਅਨਸੰਗ, ਅਨਆਨਰਡ ਅਤੇ ਅਨਵੈਪਟ
ਮੌਤ!
‘ਚਮਨ ਜ਼ਾਰੇ ਮੁਹੱਬਤ ਮੇਂ ਉਸ ਨੇ ਬਾਗ਼ਵਾਨੀ ਕੀ,
ਕਿ ਜਿਸ ਨੇ ਆਪਣੀ ਮੇਹਨਤ ਕੋ ਹੀ ਮੇਹਨਤ ਕਾ ਸਮਰ ਜਾਨਾ।
ਨਹੀਂ ਹੋਤਾ ਹੈ ਮੋਹਤਾਜੇ ਨੁਮਾਇਸ਼ ਫ਼ੈਜ਼ ਸ਼ਬਨਮ ਕਾ,
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।21
ਅਸੀਂ ਵੀ ਸ਼ਹੀਦ ਭਗਤ ਸਿੰਘ ਦੇ ਸ਼ਬਦ ਦੁਹਰਾ ਕੇ ਪੁੱਛਦੇ ਹਾਂ।
ਉਨ੍ਹਾਂ ਦੇ ਮਰਨ ਦਾ ਕੀ ਫਾਇਦਾ ਹੋਇਆ?
ਕੀ ਉਹ ਸੁਪਨੇ ਪੂਰੇ ਹੋ ਗਏ, ਜਿਨ੍ਹਾਂ ਲਈ ਉਹਨਾਂ ਨੇ ਜਾਨ ਵਾਰੀ ਸੀ?
ਜੇ ਨਹੀਂ, ਤਾਂ ਅੱਗੋਂ ਕੀ ਕੀਤਾ ਜਾਵੇ ਤੇ ਕਿਵੇਂ ਕੀਤਾ ਜਾਵੇ?
ਇਹ ਸੋਚਣਾ ਤੇ ਕਰਨਾ ਅਗਲੀਆਂ ਪੀੜ੍ਹੀਆਂ ਦਾ ਕੰਮ ਹੈ।
ਕੀ ਸਾਨੂੰ ਕਰਤਾਰ ਸਿੰਘ ਸਰਾਭਾ ਦੀ ਗਾਈ ਤੇ ਹਵਾਵਾਂ ਵਿੱਚ ਫ਼ੈਲੀ ਹੋਈ ‘ਗ਼ਦਰ ਦੀ ਗੂੰਜ’
ਸੁਣਦੀ ਹੈ ਕਿ ਨਹੀਂ:
ਹਿੰਦ ਵਾਸੀਓ ਰਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਹੀਂ ਭੁਲਾ ਜਾਣਾ।
ਖਾਤਰ ਦੇਸ਼ ਦੀ ਲਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਹੀਂ ਘਬਰਾ ਜਾਣਾ।
ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ, ਦਿਲੀਂ ਵਤਨ ਦਾ ਇਸ਼ਕ ਜਗਾ ਜਾਣਾ।
ਦੇਸ਼ ਵਾਸੀਓ ਚਮਕਣਾਂ ਚੰਦ ਵਾਂਗੂੰ, ਕਿਤੇ ਬੱਦਲਾਂ ਹੇਠ ਨਾ ਆ ਜਾਣਾ।
(ਨਵੀਂ ਛਪੀ ਪੁਸਤਕ ਗ਼ਦਰੀ ਜਰਨੈਲ-ਕਰਤਾਰ ਸਿੰਘ ਸਰਾਭਾ’ ਵਿਚੋਂ)
ਮਿਲਣ ਦਾ ਪਤਾ:ਸੰਗਮ ਪਬਲੀਕੇਸ਼ਨਜ਼, ਪਟਿਆਲਾ
ਐਸ ਸੀ ਓ 94-95 (ਬੇਸਮੈਂਟ)
ਨਿਊ ਲੀਲਾ ਭਵਨ, ਪਟਿਆਲਾ (ਪੰਜਾਬ)-147001
ਫ਼ੋਨ: 0175-2305347,99151-03490
-0-
|