ਪ੍ਰਸਿਧ ਅਕਾਲੀ ਆਗੂ ਸ.
ਜਗਦੇਵ ਸਿੰਘ ਤਲਵੰਡੀ ਨੇ ਕਦੀ ਕੁਝ ਇਸ ਤਰ੍ਹਾਂ ਆਖਿਆ ਸੀ ਕਿ ਪਹਿਲਾਂ ਤਾਂ ਕੋਈ ਸਿੱਖ
ਅਕਾਲੀ ਦਲ ਦੀ ਪ੍ਰਧਾਨਗੀ ਲੈਣ ਲਈ ਤਿਆਰ ਨਹੀਂ ਹੁੰਦਾ। ਸਾਰੇ ਨਾਂਹ ਹੀ ਨਾਂਹ ਕਰੀ ਜਾਣਗੇ
ਤੇ ਜੇ ਕਿਸੇ ਦੇ ਸਿਰ ਬਦੋ ਬਦੀ ਪ੍ਰਧਾਨਗੀ ਦਾ ਛੱਜ ਕਿਸੇ ਦ ਿਪੂਛ ਨਾਲ਼ ਬੰਨ੍ਹ ਹੀ ਦਿਤਾ
ਜਾਵੇ ਤਾਂ ਫਿਰ ਉਹ ਇਸ ਨੂੰ ਛੱਡਦਾ ਨਹੀਂ; ਆਪਣੀ ਪੂਛ ਭਾਵੇਂ ਤੁੜਾ ਬਹੇ! ਸਾਰੇ ਕਾਨੂੰਨੀ,
ਜਥੇਬੰਦਕ ਅਤੇ ਡੈਮੋਕ੍ਰੈਟਿਕ ਤਰੀਕੇ ਵਰਤਣ ਪਿੱਛੋਂ ਵੀ ਜਦੋਂ ਉਸ ਸੱਜਣ ਨੂੰ ਪ੍ਰਧਾਨਗੀ ਦੀ
ਸਵਾਰੀ ਤੋਂ ਉਤਾਰਨ ਵਿਚ ਅਸਫ਼ਲ ਰਹਿ ਜਾਣ ਤਾਂ ਫਿਰ ਸੰਗਤਾਂ ਡਾਂਗਾਂ ਲੈ ਕੇ ਉਸ ਦੇ ਮਗਰ ਮਗਰ
ਤੇ ਉਹ ਪ੍ਰਧਾਨਗੀ ਨੂੰ ਝੋਲ਼ੇ ਵਿਚ ਪਾ ਕੇ ਅੱਗੇ ਅੱਗੇ। ਇਸ ਦੌੜ ਵਿਚ ਜਿਸ ਧਿਰ ਦਾ ਸਾਹ
ਲੰਮਾ ਹੋ ਗਿਆ ਉਹ ਜੇਤੂ ਤੇ ਜਿਸ ਦਾ ਸਾਹ ਪਹਿਲਾਂ ਉਖੜ ਗਿਆ ਉਸ ਦੀ ਹਾਰ ਯਕੀਨੀ.
ਇਤਿਹਾਸ ਦੀ ਵਿਡੰਬਨਾ ਇਹ ਕਿ ਜਥੇਦਾਰ ਤਲਵੰਡੀ ਜੀ ਨਾਲ਼ ਤਕਰੀਬਨ ਅਜਿਹਾ ਹੀ ਵਾਪਰਿਆ।
ਹੁਣ ਮੈਂ ਆਪਣੀ ਗੱਲ ਹੀ ਕਰ ਹੀ ਲਵਾਂ:
ਪਿੰਡ ਵਿਚ ਤਾਂ ਮੈਂ ਆਪਣੀ ਢਾਣੀ ਵਿਚ ਸਭ ਤੋਂ ਛੋਟਾ ਸਾਂ ਤੇ ਸਾਡੇ ਮੁੰਢੀਰਵਾਧੇ ਦਾ ਆਗੂ
ਵੀ ਮੇਰੇ ਤੋਂ ਦੋ ਕੁ ਸਾਲ ਵੱਡਾ ਸ਼ਰੀਕੇ ‘ਚੋਂ ਮੇਰਾ ਚਾਚਾ ਹੀ ਲੱਗਦਾ ਜੈਲੋ (ਜਰਨੈਲ ਸਿੰਘ)
ਹੁੰਦਾ ਸੀ। ਇਸ ਲਈ ਓਥੇ ਆਗੂਪੁਣੇ ਲਈ ਕੋਈ ਥਾਂ ਨਹੀਂ ਸੀ। ਐਵੇਂ ਨਾਂ ਮਾਤਰ ਆਪਣੇ ਤੋਂ
ਛੋਟੇ, ਸ਼ਰੀਕੇ ਭਾਈਚਾਰ ਦੇ ਮੁੰਡਿਆਂ ਵਿਚ ਥੋਹੜਾ ਕੁ ਸਮਾ ਰਿਹਾ ਸਾਂ ਤੇ ਮੁਖੀਏ ਵਾਲ਼ੀਆਂ
ਗੱਲਾਂ ਨਾ ਤਾਂ ਮੇਰੇ ਵਿਚ ਸਨ ਤੇ ਨਾ ਹੀ ਓਦੋਂ ਇਸ ‘ਝਮੇਲੇ‘ ਦਾ ਕੁਝ ਪਤਾ ਹੁੰਦਾ ਸੀ।
ਫਿਰ ਆਪਣੇ ਭਾਈਆ ਜੀ ਨਾਲ਼ ਸ੍ਰੀ ਅੰਮ੍ਰਿਤਸਰ ਸ਼ਹਿਰ ਆ ਗਿਆ ਤੇ ਏਥੇ, “ਆਪੇ ਆਪ ਨਿਰੰਜਨ
ਸੋਇ॥” ਅਨੁਸਾਰ, ਕਿਸੇ ਸੰਸਥਾ ਜਾ ਸਕੂਲੇ ਨਾ ਜਾਂਦਾ ਹੋਣ ਕਾਰਨ, ਮੈਂ ਖ਼ੁਦ ਦਾ ਖ਼ੁਦ ਹੀ ਆਗੂ
ਸਾਂ। ਖ਼ਾਲਸਾ ਪ੍ਰਚਾਰਕ ਵਿਦਿਆਲਾ ਤਰਨ ਤਾਰਨ ਵਿਚਲੇ ਸਮੇ ਵੀ ਸਭ ਤੋਂ ਛੋਟਾ ਹੋਣ ਕਰਕੇ,
ਅਗਵਾਈ ਦਾ ਮੌਕਾ ਮਿਲਣ ਦਾ ਸਵਾਲ ਹੀ ਪੈਦਾ ਨਾ ਹੋਇਆ।
ਫਿਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿਚਲੇ ਸਮੇ ਵਿਚ ਵੀ ਸਭ ਤੋਂ ਉਮਰੋਂ, ਅਕਲੋਂ, ਵਿੱਦਿਅਉਂ
ਆਦਿ ਪੱਖਾਂ ਤੋਂ ਬਾਕੀ ਤਕਰੀਬਨ ਸਾਰੇ ਵਿਦਿਅਰਥੀਆਂ ਤੋਂ ਪਛੜਿਆ ਹੋਇਆ ਹੋਣ ਕਰਕੇ, ਦਾਲ਼
ਨਹੀਂ ਸੀ ਗਲ਼ ਸਕਦੀ। ਹਾਂ, ਇਕ ਵਾਰੀ 1959 ਦੇ ਅਖੀਰ ਜਿਹੇ ਵਿਚ ਲੰਗਰ ਦਾ ਕੋ-ਮੈਨੇਜਰ
ਮੈਨੂੰ ਬਣਾ ਦਿਤਾ ਗਿਆ ਤੇ ਉਹ ਵੀ ਪ੍ਰਚਾਰਕ ਕਲਾਸ ਦੇ ਵਡੇਰੀ ਉਮਰ ਵਾਲ਼ੇ ਮੈਨੇਜਰ ਦਾ
‘ਜ਼ਿਗ-ਜ਼ੈਗ‘ ਤਰੀਕੇ ਨਾਲ਼ ਕਾਰਜ ਕਰਨਾ ਮੈਨੂੰ ਜਚਿਆ ਨਾ ਤੇ ਅਗਲੇ ਮਹੀਨੇ ਮੈਂ ਇਸ ਕਾਰਜ ਤੋਂ
ਖ਼ੁਦ ਨੂੰ ਮੁਕਤ ਕਰ ਲਿਆ।
ਇਸ ਦੌਰਾਨ ਇਕ ਗੱਲ ਮੇਰੇ ਸਵੈਮਾਨ ਵਿਚ ਵਾਧਾ ਕਰਨ ਵਾਲ਼ੀ ਨਿੱਕੀ ਜਿਹੀ ਜ਼ਰੂਰ ਵਾਪਰੀ। 1960
ਵਾਲ਼ੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਸਤੇ, ਏਥੇ ਬਹੁਤ ਸਾਰੇ
ਅਕਾਲੀ ਆਗੂ, ਵਰਕਰ, ਟਿਕਟਾਂ ਦੇ ਚਾਹਵਾਨ, ਕਮੇਟੀ ਦੇ ਮੌਜੂਦਾ ਅਤੇ ਅੱਗੋਂ ਮੈਂਬਰ ਆਦਿ ਬਣਨ
ਦੇ ਸਾਹਵਾਨ ਇਕੱਠੇ ਹੋਏ ਹੋਏ ਸਨ ਕਿਉਂਕਿ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਜੀ ਦੇ ਘਰ ਨਾਲ਼
ਕਾਲਜ ਦੀ ਕੰਧ ਸਾਂਝੀ ਹੋਣ ਕਰਕੇ ਤੇ ਦੋਹਾਂ ਵਿਚਕਾਰ ਇਕ ਨਿੱਕਾ ਜਿਹਾ ਬੂਹਾ ਹੋਣ ਕਰਕੇ,
ਏਧਰੋਂ ਓਧਰ ਤੇ ਓਧਰੋਂ ਏਧਰ ਆਵਾਜਾਈ ਸੀ। ਇਸ ਘਟਨਾ ਬਾਰੇ ਮੈਂ ਕਿਸੇ ਹੋਰ ਲੇਖ ਵਿਚ ਜ਼ਿਕਰ
ਕਰ ਚੁੱਕਾ ਹਾਂ ਇਸ ਲਈ ਏਥੇ ਦੁਬਾਰਾ ਉਸ ਦੇ ਵਿਸਥਾਰ ਦੀ ਲੋੜ ਨਹੀਂ। ਘਟਨਾ ਇਉਂ ਘਟੀ ਕਿ
ਇਹਨਾਂ ਸਾਰੇ ਆਗੂਆਂ ਵਾਸਤੇ ਲੰਗਰ ਤਿਆਰ ਕਰਨਾ ਸੀ ਤੇ ਕਰਨਾ ਸੀ ਇਹ ਸ੍ਰੀ ਗੁਰੂ ਰਾਮ ਦਾਸ
ਜੀ ਦੇ ਲੰਗਰ ਦੇ, ਕਿਸੇ ਸਮੇ ਰਹਿ ਚੁੱਕੇ ਜਥੇਦਾਰ ਦੀ ਅਗਵਾਈ ਹੇਠ ਤੇ ਰਸੋਈ ਵਰਤਣੀ ਸੀ
ਕਾਲਜ ਦੇ ਲੰਗਰ ਵਾਲ਼ੀ; ਰਾਸ਼ਨ ਆਦਿ ਦਾ ਸਾਰਾ ਪ੍ਰਬੰਧ ਭਾਵੇਂ ਉਹਨਾਂ ਨੇ ਹੀ ਕਰਨਾ ਸੀ। ਲੰਗਰ
ਦਾ ਜਦੋਂ ਜਥੇਦਾਰ ਰਸੋਈ ਵਰਤਣ ਦੀ ਆਗਿਆ ਲੈਣ ਮੇਰੇ ਕੋਲ਼ ਆਇਆ ਤਾਂ ਇਹ ਓਹੀ ਜਥੇਦਾਰ ਸੀ ਜਿਸ
ਨੇ ਚਾਰ ਸਾਲ ਪਹਿਲਾਂ, ਅਰਥਾਤ 1955 ਵਿਚ ਮੈਨੂੰ, ਸ੍ਰੀ ਗੁਰੂ ਰਾਮ ਦਾਸ ਜੀ ਦੇ ਲੰਗਰ ਅੰਦਰ
ਪ੍ਰਸ਼ਾਦਾ ਛਕਣ ਵਾਸਤੇ ਨਹੀਂ ਸੀ ਵੜਨ ਦਿਤਾ। ਮੈਂ ਰਸੋਈ ਵਰਤਣ ਦੀ ਆਗਿਆ ਪ੍ਰਸੰਨਤਾ ਸਹਿਤ
ਦਿਤੀ ਪਰ ਉਸ ਨੂੰ ਇਸ ਗੱਲ ਦਾ ਚੇਤਾ ਨਹੀਂ ਕਰਵਾਇਆ ਪਰ ਅੰਦਰੇ ਅੰਦਰ ਕੁਝ ਗੌਰਵ ਜਿਹਾ
ਮਹਿਸੂਸ ਕੀਤਾ; ਪਹਿਲੀ ਵਾਰ ਮੈਨੂੰ ਇਉਂ ਲਗਾ ਭਈ ਜਿਵੇਂ, “ਮੈਂ ਵੀ ਕੁਝ ਹਾਂ।“
ਘਟਨਾ ਇਹ ਇਉਂ ਘਟੀ ਕਿ ਅਸੀਂ ਸਾਰਾ ਪਰਵਾਰ, ਭਾਈਆ ਜੀ ਦੇ, ਸ੍ਰੀ ਦਰਬ? ਸਾਹਿਬ ਤਰਨ ਤਾਰਨ
ਵਿਖੇ ਗ੍ਰੰਥੀ ਦੀ ਸੇਵਾ ਲੱਗੀ ਹੋਣ ਕਰਕੇ, ਓਥੇ ਰਹਿੰਦੇ ਸਾਂ ਤੇ ਮੈਂ ਆਪਣੇ ਪਿੰਡ ਸੂਰੋ
ਪੱਡੇ ਜਾਣਾ ਸੀ। ਓਥੇ ਜਾਣ ਲਈ ਤਰਨ ਤਾਰਨੋ ਬੱਸ ਤੇ ਪਹਿਲਾਂ ਅੰਮ੍ਰਿਤਸਰ ਆਉਣਾ ਤੇ
ਚਾਟੀਵਿੰਡ ਗੇਟ ਵਾਲ਼ੇ ਅੱਡੇ ਤੇ ਇਸ ਬੱਸ ਤੋਂ ਉਤਰ ਕੇ ਫਿਰ ਰਾਮ ਬਾਗ ਵਾਲ਼ੇ ਅੱਡੇ ਤੇ ਜਾ
ਕੇ, ਮਹਿਤੇ ਨੂੰ ਜਾਣ ਵਾਲ਼ੀ ਬੱਸ ਫੜਨੀ ਪੈਂਦੀ ਸੀ ਤੇ ਇਸ ਲਈ, ਤਕਰੀਬਨ ਹਰੇਕ ਸਿੱਖ ਲਈ
ਲਾਜ਼ਮੀ ਹੀ ਹੈ ਕਿ ਉਹ ਇਸ ਦੌਰਾਨ ਸ੍ਰੀ ਦਰਬਾਰ ਦਰਸ਼ਨ ਇਸ਼ਨਾਨ ਵੀ ਕਰਕੇ ਹੀ ਅੱਗੇ ਲੰਘੇ।
ਘਰੋਂ ਬੀਬੀ ਜੀ ਨੇ ਤੁਰਨ ਸਮੇ, ਮੇਰੀ ਮਨ ਪਸੰਦ ਖ਼ੁਰਾਕ, ਇਕ ਪਰੌਂਠਾ ਤੇ ਉਸ ਦੇ ਨਾਲ਼ ਸੱਕਰ
ਘਿਉ ਰਲ਼ਾ ਕੇ ਪੋਣੇ ਵਿਚ ਬੰਨ੍ਹ ਦਿਤਾ ਸੀ ਤੇ ਉਹ ਤਾਂ ਮੈਂ ਸਮੇ ਤੋਂ ਪਹਿਲਾਂ ਹੀ ਖਾ ਲਿਆ
ਸੀ। ਸਰੋਵਰ ਵਿਚ ਇਸ਼ਨਾਨ, ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਯਾਤਰਾ
ਉਪ੍ਰੰਤ ਮੈਂ ਗੁਰਦੁਆਰਾ ਮੰਜੀ ਸਾਹਿਬ ਵਾਲ਼ੇ ਪਾਸਿਉਂ ਬਾਹਰ ਆ ਰਿਹਾ ਸੀ ਤੇ ਓਥੇ ਹੀ ਓਦੋਂ
ਖੱਬੇ ਹੱਥ ਲੰਗਰ ਹੁੰਦਾ ਸੀ। ਮੈਂ ਲੰਗਰ ਵਿਚ ਜਾਣਾ ਚਾਹਿਆ ਤਾਂ ਬੂਹੇ ਅੱਗੇ ਇਹੋ ਜਥੇਦਾਰ
ਖਲੋਤਾ ਹੋਇਆ ਸੀ। ਇਸ ਨੇ ਬੜੀ ਹਕਾਰਤ ਨਾਲ਼ ਆਖਿਆ, “ਕਿਉਂ, ਘਰੋਂ ਭੱਜ ਕੇ ਆਇਆਂ?” ਅੰਦਰ
ਤਾਂ ਇਸ ਨੇ ਕੀ ਵੜਨ ਦੇਣਾ ਸੀ। ਉਹਨੀਂ ਦਿਨੀਂ ਗੁਰੂ ਰਾਮ ਦਾਸ ਲੰਗਰ ਦੀ ਹਾਲਤ ਜਿੰਨੀ ਆਖ
ਲਵੋ ਓਨੀ ਹੀ ਮਾੜੀ ਹੁੰਦੀ ਸੀ। ਇਸ ਬਾਰੇ ਮੈਂ ਕੁਝ ਵਿਸਥਾਰ ਜ਼ਿਕਰ ਕਿਸੇ ਹੋਰ ਲੇਖ ਵਿਚ ਕਰ
ਚੁੱਕਾ ਹਾਂ। ਇਹਨੀਂ ਦਿਨੀਂ ਤਾਂ ਗੁਰੂ ਜੀ ਦੀ ਕਿਰਪਾ ਹੈ; ਚੌਵੀ ਘੰਟੇ ਗੁਰੂ ਕਾ ਲੰਗਰ
ਬਿਨਾ ਵਿਤਕਰੇ ਹਰੇਕ ਨੂੰ ਮਿਲ਼ਦਾ ਹੈ।
ਜਿਸ ਕਿਸੇ ਦੇ ਹੱਥ ਕੋਈ ਤਾਕਤ ਆ ਜਾਂਦੀ ਹੈ, ਉਹ ਫਿਰ ਉਸ ਦੀ ਨਾਜਾਇਜ਼ ਵਰਤੋਂ ਕਰਦਾ ਹੀ
ਕਰਦਾ ਹੈ। ਅੰਗ੍ਰੇਜ਼ੀ ਵਾਲ਼ੇ ਆਖਦੇ ਨੇ, “ਕਿਸੇ ਵਿਅਕਤੀ ਦੀ ਅਸਲੀਅਤ ਜਾਨਣੀ ਹੋਵੇ ਤਾਂ ਉਸ
ਨੂੰ ਕੋਈ ਅਹੁਦਾ ਦੇ ਕੇ ਵੇਖੋ।“ ਏਥੇ ਸਿਡਨੀ ਵਿਚ ਵੀ ਗੁਰਦੁਆਰਾ ਸਾਹਿਬ ਪਾਰਕਲੀ ਵਿਖੇ ਕੁਝ
ਸਾਲ ਪਹਿਲਾਂ ਮੇਰੇ ਨਾਲ਼ ਇਕ ਘਟਨਾ ਵਾਪਰੀ। ਇਸ ਗੁਰਦੁਆਰੇ ਦੀ ਉਸਾਰੀ ਦੀ ਸੇਵਾ ਵਿਚ ਸ਼ੁਰੂ
ਤੋਂ ਹੀ ਅਸੀਂ ਸਾਰਾ ਪਰਵਾਰ, ਸਤਿਗੁਰੂਾਂ ਵੱਲੋਂ ਬਖ਼ਸ਼ੀਆਂ ਬੇਅੰਤ ਦਾਤਾਂ ਵਿਚੋਂ, ਤਿਲ ਫੁਲ
ਬਣਦਾ ਸਰਦਾ ਹਿੱਸਾ ਪਾਉਂਦੇ ਆ ਰਹੇ ਹਾਂ। ਉਸ ਦਿਨ ਮੇਰੇ ਇਕ ਅਜ਼ੀਜ਼ ਰਿਸ਼ਤੇਦਾਰ ਵੱਲੋਂ ਲੰਗਰ
ਦੀ ਸੇਵਾ ਸੀ ਤੇ ਉਸ ਨੇ ਮੈਨੂੰ ਆਖਿਆ ਕਿ ਮੈਂ ਪਰਵਾਰ ਵੱਲੋਂ ਸੰਗਤ ਦਾ ਧੰਨਵਾਦ ਕਰ ਦਿਆਂ।
ਉਸ ਸਮੇ ਦੀ ਕਮੇਟੀ ਦੇ ਸਕੱਤਰ ਨੂੰ ਮੈਂ ਬੇਨਤੀ ਕੀਤੀ ਕਿ ਦੀਵਾਨ ਦੀ ਸਮਾਪਤੀ ਤੇ, ਕੜਾਹ
ਪ੍ਰਸ਼ਾਦ ਵਰਤਣ ਸਮੇ, ਮੈਂ ਇਕ ਦੋ ਮਿੰਟ ਪਰਵਾਰ ਵੱਲੋਂ ਸੰਗਤ ਦਾ ਧੰਨਵਾਦ ਕਰ ਦਿਆਂ ਤਾਂ ਉਹ
ਵੀ ਲੰਗਰ ਦੇ ਜਥੇਦਾਰ ਵਾਂਙ ਹੀ ਬੋਲਿਆ, “ਹੂੰ, ਤੁੂੰ ਆਪਣੇ ਨੰਬਰ ਬਣਾਉਣੇ ਚਾਹੁੰਨਾਂ!”
ਬੋਲ ਤਾਂ ਮੈਂ ਉਸ ਦੀ ਆਗਿਆ ਤੋਂ ਬਿਨਾ ਵੀ ਸਕਦਾ ਸੀ ਪਰ ਮੈਂ ਉਸ ਮੂਰਖ ਨਾਲ਼ ਮੱਥਾ ਲਾਉਣ
ਤੋਂ ਪਾਸਾ ਹੀ ਵੱਟ ਗਿਆ। ‘ਸ਼ਕਤੀਸ਼ਾਲੀ‘ ਪ੍ਰਧਾਨ ਦੀ ਚਿਮਚਾਗਿਰੀ ਕਰਕੇ ਉਸ ਨੇ ਕੁਝ ਸਾਲ ਏਥੇ
ਚੰਮ ਦੀਆਂ ਚਲਾਈਆਂ। ਫਿਰ ਓਹੀ ਕੁਝ ਹੋਇਆ, “ਜਿਧਰ ਗਈਆਂ ਬੇੜੀਆਂ ਓਧਰ ਗਏ ਮਲਾਹ!” ਇਹ
ਸੰਸਥਾਵਾਂ ਕਿਸੇ ਦੀ ਜੱਦੀ ਜਾਗੀਰ ਨਹੀਂ ਹੁੰਦੀਆਂ। ਅੱਜ ਕੋਈ ਇਕ ਚੌਧਰੀ ਤੇ ਭਲਕੇ ਕੋਈ
ਹੋਰ। ਕਦੀ ਬਾਬੇ ਦੀਆਂ ਤੇ ਕਦੀ ਪੋਤੇ ਦੀਆਂ!
ਗੱਲ ਤਾਂ ਚੱਲੀ ਸੀ ਪ੍ਰਧਾਨਗੀਆਂ ਦੇ ਪੁਆੜੇ ਦੀ। ਆਪਣੇ ਪਟਿਆਲੇ ਦੇ ਕਿਆਮ ਦੌਰਾਨ, 1964
ਵਿਚ, ਐਵੇਂ ਹਾਸੇ ਹਾਸੇ ਵਿਚ ਹੀ ਕੁਝ ਮਨਚੱਲਿਆਂ ਨੇ ਰਲ਼ ਕੇ, ‘ਮਹਾਂ ਮੂਰਖ ਮੰਡਲ‘ ਬਣਾ
ਧਰਿਆ। ਮੈਨੂੰ ਉਸ ਦਾ ਪ੍ਰਧਾਨ ਬਣਾ ਲਿਆ। ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਾਹਮਣੇ
ਵਾਲ਼ੇ, ਭਾਪੇ ਦੇ ਢਾਬੇ ਤੋਂ ਮੈਂ ਰੋਟੀ ਤੇ ਚਾਹ ਵਗੈਰਾ ਖਾਇਆ ਪੀਆ ਕਰਦਾ ਸੀ ਤੇ ਸਵੇਰੇ ਚਾਹ
ਪਣਿ ਸਮੇ ਅਖ਼ਬਾਰ ਓਥੋਂ ਹੀ ਪੜ੍ਹਨੀ। 1958 ਤੋਂ ਮੈਨੂੰ ਅਖ਼ਬਾਰ ਪੜ੍ਹਨ ਦਾ ਅਮਲ ਹੋ ਗਿਆ ਹੈ।
ਇਸ ਨੂੰ ਪੜ੍ਹਨ ਸਮੇ ਫਿਰ ਮੈਂ ਹੋਰ ਕਿਸੇ ਦੀ ਗੱਲ ਨਹੀਂ ਸੁਣਦਾ। ਇਸ ਬਾਰੇ ਵੀ ਮੇਰੇ
ਜਾਣੂਆਂ ਨੇ ਬੜੇ ਬੜੇ ਚੁਟਕਲੇ ਬਣਾਏ ਹੋਏ ਹੁੰਦੇ ਸੀ। ਇਕ ਦਿਨ ਪੰਜ ਛੇ ਜਣੇ ਇਕੱਠੇ ਹੋ ਕੇ
ਭਾਪੇ ਦੇ ਢਾਬੇ ਅੰਦਰ ਆ ਵੜੇ ਤੇ ਮੈਨੂੰ ਬੁਲਾਉਣ ਪਰ ਮੈਂ ਅਖ਼ਬਾਰ ਵਿਚ ਉਲ਼ਝਿਆ ਹੋਇਆ ਸਾਂ।
ਹਾਰ ਕੇ ਇਕ ਜਣਾ ਆਂਹਦਾ, “ਇਹਦੀ ਪ੍ਰਧਾਨਗੀ ਖੋਹ ਲਵੋ; ਇਹ ਸਾਡੇ ਨਾਲ਼ ਬੋਲਦਾ ਨਹੀਂ।“ ਇਹ
ਸੁਣ ਕੇ ਮੈਂ ਇਕ ਦਮ ਉਠ ਕੇ ਖਲੋ ਗਿਆ ਤੇ ਦੋਵੇਂ ਹੱਥ ਜੋੜ ਕੇ ਆਖਿਆ, “ਹੋਰ ਜੋ ਮਰਜੀ ਕਰੋ
ਪਰ ਮੇਰੀ ਪ੍ਰਧਾਨਗੀ ਨਾ ਖੋਹਿਓ।“ ਉਹ ਆਂਹਦੇ, “ਨਹੀਂ, ਅਸੀਂ ਪ੍ਰਧਾਨਗੀ ਖੋਹ ਹੀ ਲੈਣੀ ਏਂ;
ਤੂੰ ਸਾਡੀ ਗੱਲ ਨਹੀਂ ਸੁਣਦਾ।“ ਮੈਂ ਫਿਰ ਕੁਰਸੀ ਉਪਰ ਬੈਠਦੇ ਤੇ ਅਖ਼ਬਾਰ ਵਿਚ ਆਪਣਾ ਸਿਰ
ਗੱਡਦੇ ਹੋਏ ਆਖਿਆ, “ਚੰਗਾ ਫਿਰ, ਮੇਰੇ ਨਾਲੋਂ ਕੋਈ ਵੱਡਾ ਮੂਰਖ ਹੋਊ ਤਾਂ ਹੀ ਮੇਰੇ ਤੋਂ
ਪ੍ਰਧਾਨਗੀ ਖੋਹ ਸਕੂ!” ਮੇਰੀ ਇਹ ਗੱਲ ਸੁਣ ਕੇ ਸਾਰੇ ਢਾਬੇ ਵਿਚ ਹਾਸਾ ਪੈ ਗਿਆ।
ਗਿਆਨੀ ਆਦਿ ਪੰਜਾਬੀ ਦੀਆਂ ਕਲਾਸਾਂ ਕਰਨ ਲਈ ਮੈਂ ਪਟਿਆਲੇ ਦੀ ਇਕ ਸਰਕਾਰੀ ਸੰਸਥਾ ਵਿਚ
ਦਾਖਲਾ ਲੈ ਲਿਆ। ਪਹਿਲਾ ਸਾਲ ਤਾਂ ਰੌਲ਼ੇ ਗੌਲ਼ੇ ਵਿਚ ਲੰਘ ਗਿਆ ਪਰ ਦੂਜੇ ਸਾਲ, ਸੰਸਥਾ ਦੀ
ਵਿਦਿਆਰਥੀ ਸਭਾ, ਜਿਸ ਦਾ ਨਾਂ, ਸੰਸਥਾ ਸੰਸਕ੍ਰਿਤ ਪ੍ਰਭਾਵੀ ਹੋਣ ਕਰਕੇ, ‘ਵਾਕ ਵਰਧਨੀ ਸਭਾ‘
ਸੀ, ਦੀ ਸਕੱਤਰੀ ਦੀ ਸੇਵਾ ਮੇਰੇ ਜਿੰਮੇ ਲੱਗੀ; ਸਭਾ ਦੇ ਪ੍ਰਧਾਨ ਪ੍ਰਿੰਸੀਪਲ ਸਾਹਿਬ ਦੇ
ਸਾਹਿਬਜ਼ਾਦਾ, ਤਕਰੀਬਨ ਮੇਰੀ ਉਮਰ ਦੇ ਸੱਤ ਦੇਵ ੰਰਮੱ ਜੀ ਸਨ। ਇਸ ਪੰਜਾਬ ਵਿਚਲੀ ਵਿਕੋਲਿਤਰੀ
ਸੰਸਥਾ ਬਾਰੇ ਸੰਖੇਪ ਵਿਚ ਜਾਣਕਾਰੀ, ਮੈਂ ਆਪਣੇ ਲੇਖ ‘ਯਾਤਰਾ ਸ੍ਰੀ ਅੰਮ੍ਰਿਤਸਰ ਜੀ ਕੀ‘
ਵਿਚ ਲਿਖ ਦਿਤੀ ਹੋਈ ਹੈ।
ਇਸ ਹਰੇਕ ਛਨਿਛਰਵਾਰ ਨੂੰ ਲੱਗਣ ਵਾਲ਼ੀ ਸਭਾ ਦੀ ਸਟੇਜ ਸਕੱਤਰੀ ਕਰਨ ਕਰਕੇ, ਮੇਰਾ ਸਟੇਜ ਤੇ
ਬੋਲਲ ਦਾ ਝਾਕਾ ਖੁਲ੍ਹ ਗਿਆ ਤੇ ਇਸ ‘ਵਾਕ ਵਰਧਨੀ ਸਭਾ‘ ਦਾ ਤਜੱਰਬਾ, ਗੁਰਦੁਆਰਾ ਬੁਢਾ ਜੌਹੜ
ਵਿਖੇ ਸਜਣ ਵਾਲ਼ੇ, ਮੱਸਿਆ ਤੋਂ ਪਹਿਲੀ, ਅਰਥਾਤ ਚੌਦੇਂ ਵਾਲ਼ੀ ਰਾਤ ਨੂੰ ਸਜਣ ਵਾਲ਼ੇ ਦੀਵਾਨ ਦੀ
ਸਟੇਜ ਸਕੱਤਰੀ ਕਰਨ ਵਾਸਤੇ, ਬੜਾ ਕੰਮ ਆਇਆ। ਪਟਿਆਲੇ ਤੋਂ ਮੇਰੀ ਬਦਲੀ, ਬੁਢਾ ਜੌਹੜ ਵਿਖੇ
ਚੱਲ ਰਹੇ ਵਿਦਿਆਲੇ ਦੇ ਕੀਰਤਨ ਦੇ ਅਧਿਆਪਕ ਨੂੰ, ਅਗਲੇਰੀ ਕਲਾਸੀਕਲ ਟ੍ਰੇਨਿੰਗ ਦੇਣ ਵਾਸਤੇ,
ਪ੍ਰਧਾਨ ਜੀ ਨੇ ਕੀਤੀ ਸੀ.
ਫਿਰ ਮੇਰੀ ਸੇਵਾ, ਮੇਰੀ ਇੱਛਾ ਦੇ ਵਿਰੁਧ ਜੀਂਦ (ਹਰਿਆਣਾ) ਵਿਚ ਲੱਗ ਗਈ ਤੇ ਮੇਰੇ ਵਿਰੋਧ
ਕਰਨ ਤੇ, ਮੈਨੂੰ ਦੋਹਾਂ ਪ੍ਰਧਾਨਾਂ, ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ੳਤੇ ਸ਼੍ਰੋਮਣੀ
ਅਕਾਲੀ ਦਲ, ਨੇ ‘ਪੁਚਕਾਰ‘ ਕੇ ਓਥੇ ਭੇਜ ਦਿਤਾ। ਛੇਤੀ ਹੀ ਉਹਨਾਂ ਨੇ ਆਪਣੇ ਵਾਇਦੇ ਦੀ
ਪੂਰਤੀ ਕਰਦਿਆਂ, ਮੈਨੂੰ ਅੰਮ੍ਰਿਤਸਰ ਲੈ ਆਂਦਾ। ਓਥੇ ਥੋਹੜੇ ਜਿਹੇ ਸਮੇ ਦੇ ਟਿਕਾ ਸਮੇ,
“ਬੇਕਾਰ ਮਬਾਸ਼ ਕੁਛ ਕੀਆ ਕਰ। ਔਰ ਨਹੀਂ ਤੋ ਤੰਬੀ ਉਧੇੜ ਕੇ ਸੀਆ ਕਰ।“ ਮੁਤਾਬਿਕ ਮੈਂ
ਪੰਜਾਬੀ ਸਾਹਿਤ ਸਭਾ ਦਾ ਗਠਨ ਕਰ ਲਿਆ ਤੇ ਓਥੇ ਫਿਰ, “ਜੇਹੜਾ ਬੋਲੇ, ਓਹੀ ਕੁੰਡਾ ਖੋਹਲੇ।”
ਲੋਕੋਕਤੀ ਅਨੁਸਾਰ ਸਾਥੀਆਂ ਨੇ ਮੈਨੂੰ ਹੀ ਬੀਂਡੀ ਜੋ ਲਿਆ।
ਫਿਰ 1967 ਤੋਂ ਲੈ ਕੇ 19972 ਤੱਕ, ਜਿਸ ਸ਼ਕਲ ਵਿਚ ਮੈਂ ਪੰਜਾਬ ਵਿਚ ਵਿਚਰਿਆ ਇਸ ਬਾਰੇ ਮੈਂ
ਪਹਿਲਾਂ ਲਿਖੇ ਅਤੇ ਅਖ਼ਬਾਰਾਂ ਤੇ ਕਿਤਾਬਾਂ ਵਿਚ ਛਪ ਚੁੱਕੇ, ਕਈ ਲੇਖਾਂ ਵਿਚ ਜ਼ਿਕਰ ਕਰ ਹੀ
ਚੁੱਕਾ ਹਾਂ; ਉਸ ਵੇਰਵੇ ਨੂੰ ਏਥੇ ਦੁਹਰਉਣ ਦੀ ਲੋੜ ਨਹੀਂ। 7 ਮਾਰਚ, 1973 ਤੋਂ ਮੈਂ
ਪਰਦੇਸਾਂ ਵਿਚ ਹੀ ਵਿਚਰ ਰਿਹਾ ਹਾਂ।
ਫਿਰਦਾ ਫਿਰਾਂਦਾ ਮੈਂ ਦੁਬਾਰਾ 1977 ਵਿਚ ਲੰਡਨ ਜਾ ਵੜਿਆ। ਓਥੇ ਇਕ ਰਾਤ ਦੇ ਕਾਲਜ ਵਿਚ
ਅੰਗ੍ਰੇਜ਼ੀ ਪੜ੍ਹਨ ਵਾਸਤੇ ਦਾਖ਼ਲਾ ਲੈ ਲਿਆ। ਮੇਰੀ ਕਲਾਸ ਦੇ ਸਾਥੀਆਂ ਨੇ ਮੈਨੂੰ ਕਾਲਜ ਦੇ
ਵਿਦਿਆਰਥੀ ਜਥੇਬੰਦੀ ਵਾਸਤੇ, ਕਲਾਸ ਵੱਲੋਂ ਪ੍ਰਤੀਨਿਧ ਚੁਣ ਲਿਆ ਪਰ ਉਸ ਜਥੇਬੰਦੀ ਦੀ ਕਿਸੇ
ਮੀਟਿੰਗ ਵਿਚ ਭਾਗ ਲੈਣ ਤੋਂ ਪਹਿਲਾਂ ਹੀ, ਪੰਥਕ ਆਗੂਆਂ ਦੇ ਕਿਸੇ ਮਿਰਗ ਤ੍ਰਿਸ਼ਨਾ ਵਰਗੇ
ਲਾਰੇ ਨਾਲ਼ ਅੰਮ੍ਰਿਤਸਰ ਨੂੰ ਚਾਲੇ ਪਾਉਣੇ ਪੈ ਗਏ ਤੇ ਲਾਰਾ ਵੀ ਉਸ ਲਾਲਚ ਦਾ ਜਿਸ ਨੂੰ ਬਿਨ
ਮੰਗਿਆਂ ਮਿਲ਼ੇ ਨੂੰ ਮੈਂ 1968 ਵਿਚ ਤਿਆਗ ਚੁੱਕਾ ਸਾਂ।
ਏਥੇ ਸਿਡਨੀ ਵਿਚ ਆ ਕੇ ਵੀ ਆਪਣੀ ਅੰਗ੍ਰੇਜ਼ੀ ਸੁਧਾਰ ਦੇ ਲਾਲਚ ਵਿਚ, ਨਿਊ ਸਾਊਥ ਵੇਲਜ਼
ਯੂਨੀਵਰਸਿਟੀ ਸਮੇਤ ਕਈ ਸੰਸਥਾਵਾਂ ਵਿਚ ਵਿਚਰਦਾ ਰਿਹਾ। ਇਕ ਕੋਰਸ ਵਿਚ ਟੀਚਰਾਂ ਨੇ, ਬਾਕੀ
ਵਿਦਿਆਰਥੀਆਂ ਦੀ ਰਾਇ ਲਏ ਬਿਨਾ ਹੀ ਮੈਨੂੰ ‘ਅਲ ਪ੍ਰੈਜ਼ੀਦੈਂਤੇ‘ ਓਲ ਫਰੲਜ਼ਦਿੲਨਟੲ ਦਾ ਲੇਬਲ
ਲਾ ਦਿਤਾ ਜਿਸ ਦਾ ਬਾਕੀ ਵਿਦਿਆਰਥੀਆਂ ਨੇ ਵਿਰੋਧ ਨਾ ਕੀਤਾ।
ਫਿਰ 1984 ਦੌਰਾਨ ਦੇਸ ਵਿਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਕਾਰਨ ਸਾਰੀ ਦੁਨੀਆਂ ਵਿਚ
ਵੱਸਦੇ ਸਿੱਖ ਭਾਈਚਾਰੇ ਵਿਚ ਉਲੱਥ ਪੁਲੱਥ ਹੋ ਗਈ। ਇਸ ਬਾਰੇ ਵੀ ਵਿਸਥਾਰ ਵਿਚ ਜਾਣ ਦੀ ਲੋੜ
ਨਹੀਂ; ਸਿੱਖ ਸੰਸਾਰ ਜਾਣਦਾ ਹੀ ਹੈ। ਆਸਟ੍ਰੇਲੀਆ ਦਾ ਸਿੱਖ ਸਮਾਜ ਵੀ ਇਸ ਤੋਂ ਬੇਅਸਰ ਨਾ
ਰਿਹਾ। ਇਸ ਜਦੋ ਜਹਿਦ ਵਿਚ ਮੈਨੂੰ ਵੀ ਏਥੇ ਇਕ ਜਥੇਬੰਦੀ ਦੇ ਅੱਗੇ ਹੋ ਕੇ ਵਿਚਰਨਾ ਪਿਆ ਪਰ
ਨਾ ਤੇ ਮੈਂ ਕੋਈ ਵਰਨਣ ਯੋਗ ਕਾਰਜ ਕਰ ਸਕਿਆ ਤੇ ਨਾ ਹੀ ਆਪਣੇ ਹਮਦਰਦਾਂ ਤੇ ਹਿਮਾਇਤੀਆਂ ਦੀ
ਗੁੱਡ ਬੁੱਕ ਵਿਚ ਰਹਿ ਸਕਿਆ।
ਬੜਾ ਯਤਨ ਕੀਤਾ ਕਿ ਆਸਟ੍ਰੇਲੀਆ ਵਿਚ ਰਹਿਣ ਵਾਲ਼ੇ ਸਾਰੇ ਸਿੱਖਾਂ ਦੀ ਇਕ ਜਥੇਬੰਦੀ ਬਣ ਜਾਵੇ
ਤਾਂ ਕਿ ਸਰਕਾਰੇ ਦਰਬਾਰੇ ਕੋਈ ਗੱਲ ਕਰਨ ਲਈ, ਪਤਾ ਲੱਗ ਸਕੇ ਕਿ ਸਾਰੇ ਸਿੱਖਾਂ ਦਾ ਇਕ ਆਗੂ
ਕੌਣ ਹੈ! ਕਿਉਂਕਿ ਹਰੇਕ ਗੁਰਦੁਆਰੇ ਦਾ ਚੌਧਰੀ ਮੀਡੀਆ ਤੇ ਸਰਕਾਰੀ ਸੰਸਥਾਵਾਂ ਨਾਲ਼ ਗੱਲ ਕਰਨ
ਸਮੇ, ਖ਼ੁਦ ਨੂੰ ਹੀ ਸਾਰੇ ਸਿੱਖਾਂ ਦਾ ਪ੍ਰਧਾਨ/ਸਕੱਤਰ ਦੱਸਦਾ ਸੀ। ਮੇਰੀ ਸੋਚ ਸੀ ਕਿ
ਆਪਣੀਆਂ ਆਪਣੀਆਂ ਜਥੇਬੰਦੀਆਂ/ਗੁਰਦੁਆਰਿਆਂ ਦੇ ਪ੍ਰਬੰਧਕ ਬਣੇ ਰਹਿਣ ਦੇ ਨਾਲ਼ ਨਾਲ਼, ਸਾਂਝੇ
ਕਾਰਜਾਂ ਲਈ ਇਕ ਜਥੇਬੰਦੀ ਬਣਾ ਲਈ ਜਾਵੇ। ਇਸ ਕਾਰਜ ਦੀ ਪੂਰਤੀ ਹਿਤ, ਜੁਲਾਈ, 1984 ਵਿਚ,
ਸਾਡੇ ਸੱਦੇ ਉਪਰ ਦੂਜੀਆਂ ਸਟੇਟਾਂ ਦੇ ਕੁਝ ਸਿੱਖ ਆਗੂ ਵੀ ਹਵਾਈ ਜਹਾਜਾਂ ਰਾਹੀਂ, ਸਿਡਨੀ
ਵਿਚ ਪਹੁੰਚੇ ਸਨ ਪਰ ਸਿਡਨੀ ਦੇ ਸਿੱਖ ਚੌਧਰੀਆਂ ਨੇ ਇਸ ਕਾਰਜ ਨੂੰ ਸਿਰੇ ਚੜ੍ਹਨ ਤੋਂ ਰੋਕਣ
ਲਈ, ਇਹ ਸਾਰਾ ਇਕੱਠ ਸਮਝੋ, ਫੂਕਾਂ ਮਾਰ ਕੇ ਉਡਾ ਦਿਤਾ। ਸਿਰਫ ਪੰਜ ਬੰਦੇ, ਬਣਨ ਵਾਲ਼ੀ
ਜਥੇਬੰਦੀ ਦੀ ਬਣਤਰ ਦਾ ਸੰਵਿਧਾਨ ਬਣਾਉਣ ਲਈ ਚੁਣ ਕੇ, ਮੀਟਿੰਗ ਉਖੇੜ ਘੱਤੀ। ਮੈਂ ਬਥੇਰਾ
ਮੁੜ ਮੁੜ ਰੌਲ਼ਾ ਪਾਉਂਦਾ ਰਿਹਾ ਤੇ ਆਖਦਾ ਰਿਹਾ ਕਿ ਇਸ ਜਥੇਬੰਦੀ ਦੇ ਬਹੁਤ ਮਹੱਤਵਪੂਰਨ ਕਾਰਜ
ਕਰਨ ਵਾਲ਼ੇ ਹੋਰ ਹਨ ਤੇ ਸੰਵਿਧਾਨ ਤਾਂ ਕੇਵਲ ਇਸ ਨੂੰ ਚਾਲੂ ਰੱਖਣ ਦਾ ਇਕ ਤਰੀਕਾ ਹੀ ਹੈ; ਇਹ
ਗੱਲ ਸਭ ਤੋਂ ਪਹਿਲ ਵਾਲ਼ੀ ਨਹੀਂ। ਪਰ ਮੇਰੀ ਗੱਲ ਜਾਂ ਤਾਂ ਕਿਸੇ ਦੀ ਸਮਝ ਵਿਚ ਨਹੀਂ ਆਈ ਤੇ
ਜਾਂ ਫਿਰ ਚੌਧਰੀਆਂ ਨੇ ਜਾਣ ਬੁਝ ਕੇ ਕੰਨਾ ਘੇਸਲ਼ ਮਾਰ ਲਈ। ਬਾਕੀ ਆਮ ਜਨਤਾ ਤਾਂ, “ਠੀਕ ਹੈ
ਜੀ, ਠੀਕ ਹੈ ਜੀ” ਆਖਣ ਵਾਲ਼ੀ ਹੀ ਸਾਬਤ ਹੋਈ। ਇਉਂ ਇਹ ਉਦਮ ਵੀ ਹਵਾ ‘ਚ ਉਡ ਗਿਆ।
ਫਿਰ ਸਿਡਨੀ ਦੀਆਂ ਸਿੱਖ ਜਥੇਬੰਦੀਆਂ ਦਾ ਇਕੱਠ ਕਰਕੇ, ਇਕ ‘ਸਿੱਖ ਫ਼ੈਡ੍ਰੇਸ਼ਨ‘ ਦੇ ਨਾਂ ਹੇਠ
ਜਥੇਬੰਦੀ ਬਣਾਈ ਗਈ ਇਹ ਸੋਚ ਕੇ ਕਿ ਜਦੋਂ ਸਾਰੇ ਆਸਟ੍ਰੇਲੀਆ ਦੇ ਸਿੱਖਾਂ ਦੀ ਇਕ ਜਥੇਬੰਦੀ
ਬਣੇਗੀ ਤਾਂ ਇਹ ਉਸ ਦਾ ਹਿੱਸਾ ਬਣ ਜਾਵੇਗੀ ਪਰ ਉਹ ਤਾਂ ਜਥੇਬੰਦੀ ਦੇ ਸੰਵਿਧਾਨ ਬਣਨ ਦੀ
ਉਲ਼ਝਣ ਵਿਚ ਹੀ ਫਸੀ ਰਹੀ। ਚੁਣੀ ਗਈ ਪੰਜ ਮੈਂਬਰੀ ਸੰਵਿਧਾਨ ਕਮੇਟੀ ਵੀ ਦੋ ਧੜਿਆਂ ਵਿਚ ਵੰਡੀ
ਜਾ ਕੇ ਖ਼ਤਮ ਹੋ ਗਈ। ਸਿਡਨੀ ਵਾਲ਼ੀ ਦੀਆਂ ਕੁਝ ਕੁ ਮੀਟਿਗਾਂ ਹੋਈਆਂ ਤੇ ਫਿਰ ਇਸ ਦੇ ਪ੍ਰਧਾਨ
ਤੇ ਸਕੱਤਰ ਦੀ, ਫ਼ੋਨ ਉਪਰ ਹੋਈ ਲੜਾਈ ਨਾਲ਼ ਇਸ ਦਾ ਵੀ ਭੋਗ ਪੈ ਗਿਆ ਤੇ ਸਾਨੂੰ ਇਸ ਦੇ ਭੋਗ
ਤੇ ਕਿਸੇ ਨੇ ਕੀਰਤਨ ਸੋਹਲਾ ਪੜ੍ਹਨ ਲਈ ਵੀ ਯਾਦ ਨਾ ਕੀਤਾ। ਇਹ ਵਿਚਾਰੀ ਤਾਂ ਸੂਰਮਾ ਸਿੰਘ
ਦੇ ਸੌਣ ਵਾਂਙ ਹੀ ਸੌਂ ਗਈ।
ਫਿਰ ਸੱਜਣਾਂ ਦੇ ਜੋਰ ਦੇਣ ਤੇ ‘ਸਿੱਖ ਕੌਂਸਲ ਆਫ਼ ਆਸਟ੍ਰੇਲੀਆ‘ ਨਾਂ ਦੀ ਜਥੇਬੰਦੀ ਬਣਾਉਣ ਦੀ
ਵਿਚਾਰ ਬਣੀ। ਵੇਹਲਾ ਜਾਣ ਕੇ ਇਸ ਦੀ ਰਜਿਸਟ੍ਰੇਸ਼ਨ ਆਦਿ ਦੇ ਕਾਰਜਾਂ ਵਾਸਤੇ ਮੇਰੀ ਡਿਊਟੀ ਲਾ
ਦਿਤੀ ਗਈ। ਕਾਗਜ਼ਾਂ ਵਿਚ ਇਸ ਦੇ ਜਨਰਲ ਸਕੱਤਰ ਤੇ ਪਬਲਿਕ ਆਫ਼ੀਸਰ ਵਜੋਂ, ਕਾਹਲ਼ੀ ਕਰਕੇ,
ਦੋਹਾਂ ਥਾਂਵਾਂ ਤੇ ਮੈਨੂੰ ਆਪਣਾ ਨਾਂ ਭਰਨਾ ਪਿਆ। ਕੁਝ ਮੀਟਿੰਗਾਂ ਬਾਅਦ ਆਪਣੇ ਥਾਂ ਮੈਂ
ਮੇਰੇ ਨਾਲੋਂ ਵੱਧ ਯੋਗਤਾ ਵਾਲ਼ੇ ਸੱਜਣ ਦੇ, ਇਸ ਦੀ ਜਨਰਲ ਸਕੱਤਰੀ ਹਵਾਲੇ ਕਰ ਦਿਤੀ ਤੇ ਕੁਝ
ਸਮੇ ਬਾਅਦ ਇਸ ਤੋਂ ਖ਼ੁਦ ਨੂੰ ਵੱਖ ਵੀ ਕਰ ਲਿਆ। ਫਿਰ ਨਹੀਂ ਪਤਾ ਲੱਗਾ ਕਿ ਇਸ ਦਾ ਕੀ ਬਣਿਆ।
ਹਾਂ, ਇਕ ਹੋਰ ਸੱਜਣ, ਸ਼ਾਇਦ ਇਸ ਨੂੰ ਦੋਬਾਰਾ ਰਜਿਸਟਰ ਕਰਵਾ ਕੇ, ਇਸ ਦੇ ਨਾਂ ਹੇਠ ਕੁਝ
ਕਾਰਜ ਕਰ ਰਿਹਾ ਹੈ। ਕੁਝ ਚੰਗੇ ਕਾਰਜ ਹੀ ਕਰਦਾ ਹੋਵੇਗਾ!
ਫਿਰ ਸਮਾ ਆਇਆ ਤੇ ਇਕ ਉਤਸ਼ਾਹੀ ਨੌਜਵਾਨ ਦੇਸੋਂ ਆਇਆ ਜੋ ਕਿ ਜਲੰਧਰ ਰੋਜ਼ਾਨਾ ਅਜੀਤ ਵਿਚ ਕੰਮ
ਕਰਦਾ ਰਿਹਾ ਸੀ ਤੇ ਕਵਿਤਾ, ਲੇਖ ਆਦਿ ਵੀ ਸੋਹਣੇ ਲਿਖ ਲੈਂਦਾ ਸੀ। ਉਸ ਦੇ ਉਤਸ਼ਾਹ ਨੂੰ ਮੁਖ
ਰੱਖ ਕੇ ਇਕ ਸਾਹਿਤਕ ਸਰਗਰਮੀਆਂ ਵਾਲ਼ੀ ਜਥੇਬੰਦੀ ‘ਪੰਜਾਬੀ ਸਾਹਿਤ ਸਭਾ‘ ਦੇ ਨਾਂ ਹੇਠ ਸਿਰਜਣ
ਦਾ ਵਿਚਾਰ ਬਣਿਆਂ। ਇਸ ਵਾਸਤੇ ਪਹਿਲੀ ਇਕੱਤਰਤਾ ਬਲੈਕ ਟਾਊਨ ਵਿਚ ਕੀਤੀ ਗਈ ਜਿਸ ਵਿਚ ਉਸ
ਨੌਜਵਾਨ ਨੂੰ ਇਸ ਸਭਾ ਦਾ ਸਕੱਤਰ ਸਿਰਜਿਆ ਗਿਆ। ਦੇਸੋਂ ਨਵੇਂ ਆਏ ਇਕ ਵਿਦਵਾਨ ਰਿਟਾਇਰਡ
ਪ੍ਰਿੰਸੀਪਲ ਸਾਹਿਬ ਨੂੰ ਪ੍ਰਧਾਨ, ਇਕ ਕਵੀ ਤੇ ਫਿਲਾਸਫਰ ਰਿਟਾਇਰਡ ਹੈਡ ਮਾਸਟਰ ਜੀ ਨੂੰ ਮੀਤ
ਪ੍ਰਧਾਨ, ਤੇ ਇਕ ਹੋਰ ਨੌਜਵਾਨ ਨੂੰ ਖ਼ਜ਼ਾਨਚੀ ਥਾਪ ਕੇ, ਇਸ ਸਭਾ ਦੀ ਅਗਲੀ ਇਕੱਤਰਤਾ ਦੀ
ਜੁੰਮੇਵਾਰੀ ਸਕੱਤਰ ਜੀ ਦੇ ਸਿਰ ਥਪ ਦਿਤੀ ਗਈ ਪਰ ਸਕੱਤਰ ਜੀ ਆਪਣੀਆਂ ਨਿਜੀ ਸਮੱਸਿਆਵਾਂ ਵਿਚ
ਅਜਿਹੇ ਉਲ਼ਝੇ ਕਿ ਇਸ ਵਾਧੂ ਜਿਹੇ ਕਾਰਜ ਵਾਸਤੇ ਉਹ ਸਮਾ ਨਾ ਕਢ ਸਕੇ ਤੇ ਇਹ ਸਭਾ ਆਪਣੀ ਦੂਜੀ
ਮੀਟਿੰਗ ਨਾ ਵੇਖ ਸਕੀ।
ਇਕ ਹੋਰ ‘ਯਾਤਰਾ ਸ੍ਰੀ ਅੰਮ੍ਰਿਤਸਰ ਜੀ ਕੀ‘ ਨਾਮੀ ਲੇਖ ਵਿਚੋਂ ਵਾਰਤਾ ਏਥੇ ਦਿਤੀ ਜਾ ਰਹੀ;
ਹੈ ਸ਼ਾਇਦ ਪਾਠਕਾਂ ਨੂੰ ਦਿਲਚਸਪ ਲੱਗੇ!
ਇਸ ਪ੍ਰਧਾਨਗੀ ਵਾਲ਼ੇ ਮਸਲੇ ਤੋਂ ਦੋ ਗੱਲਾਂ ਚੇਤੇ ਆ ਗਈਆਂ: ਵਾਕਿਆ ਇਹ 1968 ਦਾ ਹੈ। ਮੈਂ
ਉਸ ਸਮੇ ਦੀ ਸਿੱਖ ਸਿਆਸਤ ਦੀ ਕੇਂਦਰੀ ਸ਼ਕਤੀ ਦੇ ਧਾਰਨੀ, ਸੰਤ ਚੰਨਣ ਸਿੰਘ ਜੀ, ਪ੍ਰਧਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨੂੰ ਜਾਣਕਾਰੀ ਦਿੰਦਿਆਂ, ਸ਼ੁਗਲ ਵਜੋਂ ਹੀ ਦੱਸਿਆ ਕਿ
ਉਸ ਸਮੇ ਪੰਜਾਬ ਦੀਆਂ ਸਿਆਸੀ ਸੰਸਥਾਵਾਂ ਦੇ ਮੁਖੀ ਸਥਾਨਾਂ ਉਪਰ, ਤਕਰੀਬਨ ਸਾਰੇ ‘ਸਿੰਘ‘
ਨਾਂ ਵਾਲੇ ਸਿੱਖ ਹੀ ਸੁਸ਼ੋਭਤ ਸਨ। ਸ਼੍ਰੋਮਣੀ ਅਕਾਲੀ ਦਲ ਤਾਂ ਉਸ ਸਮੇ ਪੰਥਕ ਪਾਰਟੀ ਕਹਾਉਂਦੀ
ਸੀ ਤੇ ਇਸ ਦਾ ਮੁਢਲਾ ਮੈਂਬਰ ਬਣਨ ਲਈ ਵੀ ਅੰਮ੍ਰਿਤਧਾਰੀ ਸਿੱਖ ਹੋਣਾ ਜਰੂਰੀ ਸੀ। ਹੁਣ
ਭਾਵੇਂ ਸਰਕਾਰ ਵਿਚ ਬਣੇ ਰਹਿਣ ਦੀ ਮਜਬੂਰੀ ਵਿਚ, ਇਸ ਨੇ ਅਮਲੀ ਤੌਰ ਤੇ ਪੰਜਾਬੀ ਪਾਰਟੀ ਦਾ
ਰੂਪ ਧਾਰ ਲਿਆ ਹੈ (ਨਾਂ ਭਾਵੇਂ ਅਜੇ ਨਹੀਂ ਬਦਲਿਆ) ਤੇ ਇਸ ਦੇ ਅਹੁਦੇਦਾਰਾਂ ਵਿਚ ਮੋਨੇ
ਸੱਜਣ ਵੀ ਸ਼ਾਮਲ ਨੇ। ਉਸ ਸਮੇ ਇਸ ਦੇ ਤਾਂ ਸਾਰੇ ਅਹੁਦੇਦਾਰ ਸਿੱਖ ਹੀ ਹੋਣੇ ਸਨ। ਇਸ ਤੋਂ
ਇਲਾਵਾ ਪੰਜਾਬ ਕਾਂਗਰਸ ਦਾ ਪ੍ਰਧਾਨ, ਸਾਰੀਆਂ ਕਮਿਊਨਿਸਟ ਪਾਰਟੀਆਂ ਦੇ ਮੁਖੀ, ਸੁਤੰਤਰ
ਪਾਰਟੀ, ਸੋਸ਼ਲਿਸਟ ਪਾਰਟੀ, ਸੰਯੁਕਤ ਸੋਸ਼ਲਿਸਟ ਪਾਰਟੀ, ਪਰਜਾ ਸੋਸ਼ਲਿਸਟ ਪਾਰਟੀ, ਜ਼ਿਮੀਦਾਰਾ
ਯੂਨੀਅਨ, ਮੁਖ ਮੰਤਰੀ, ਅਸੈਂਬਲੀ ਦਾ ਸਪੀਕਰ, ਵਿਧਾਨ ਪ੍ਰੀਸ਼ਦ ਦਾ ਚੇਅਰਮੈਨ, ਪੰਜਾਬ ਵਿਚੋਂ
ਸੈਂਟਰ ਸਰਕਾਰ ਵਿਚ ਡੇਢ ਵਜ਼ੀਰ, ਕਾਂਗਰਸ ਹਾਈ ਕਮਾਨ ਵਿਚ ਪੰਜਾਬੋਂ ਦੋ ਮੈਂਬਰ ਹੁੰਦੇ ਸਨ;
ਉਸ ਸਮੇ ਉਹ ਵੀ ਦੋਵੇਂ ਹੀ ਸਿੱਖ। ਏਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਵਾਂਙ ਨਿਰੋਲ
ਹਿੰਦੂਆਂ ਦੀ ਜਥੇਬੰਦੀ, ਜਨ ਸੰਘ ਦਾ ਮੀਤ ਪ੍ਰਧਾਨ ਦਇਆ ਸਿੰਘ ਸੋਢੀ ਅਤੇ ਕਿਸਾਨ ਵਿੰਗ ਦਾ
ਮੁਖੀ, ਬ੍ਰਗੇਡੀਅਰ ਗੁਰਬਚਨ ਸਿੰਘ ਬੱਲ ਵੀ ਦੋਵੇਂ ਸਿੱਖ ਸਨ।
ਮੇਰੇ ਪਾਸੋਂ ਇਹਨਾਂ ਸਾਰੀਆਂ ਸਿਆਸੀ ਸੰਸਥਾਵਾਂ ਦੇ ਮੁਖੀ ਸਿੱਖ ਹੋਣ ਦੀ ਜਾਣਕਾਰੀ ਸੁਣ ਕੇ,
ਸੰਤ ਜੀ ਇਉਂ ਉਚਰੇ, “ਸਿੱਖਾਂ ਨੂੰ ਪ੍ਰਧਾਨਗੀ ਚਾਹੀਦੀ ਹੈ, ਚਾਹੇ ਖੋਤਿਆਂ ਦੀ ਹੀ ਹੋਵੇ!”
ਦੂਜੀ ਗੱਲ ਇਉਂ ਹੋਈ: ਪਿਛਲੇ ਇਕ ਸਾਲ ਤੋਂ ਕਦੀ ਕਦੀ ਮੈਨੂੰ ਸਾਹਿਤਕ ਇਕੱਠਾਂ ਵਿਚ
ਪ੍ਰਧਾਨਗੀ ਮੰਡਲ ਵਿਚ ਇਕ ਕੁਰਸੀ ਉਪਰ ਬੈਠਾ ਦਿਤਾ ਜਾਂਦਾ ਹੈ। ਇਸ ਵਾਰੀ ਦੀ ਯਾਤਰਾ ਦੌਰਾਨ
ਅੰਮ੍ਰਿਤਸਰ ਵਿਚਲੇ ਬੀਬੀਆਂ ਦੇ ਸਰਕਾਰੀ ਕਾਲਜ ਵਿਚ, ਕੈਨੇਡਾ ਤੋਂ ਇਕ ਸਾਹਿਤਕਾਰ ਦੀਆਂ ਦੋ
ਕਿਤਾਬਾਂ ਦਾ ਪਾਠਕ ਅਰਪਣ ਸਮਾਰੋਹ ਸੀ। ਸ. ਧਰਵਿੰਦਰ ਸਿੰਘ ਔਲਖ ਅਤੇ ਡਾ. ਮਨਜੀਤ ਸਿੰਘ ਬੱਲ
ਜੀ ਨੇ ਮੈਨੂੰ ਉਸ ਵਿਚ ਸ਼ਾਮਲ ਹੋਣ ਲਈ ਸੱਦ ਲਿਆ। ਡਾਕਟਰ ਜੀ ਨੇ ਮੈਨੂੰ ਹਾਲ ਗੇਟ ਦੇ ਅੱਗੋਂ
ਆਪਣੀ ਕਾਰ ਤੇ ਆਪਣੇ ਨਾਲ਼ ਹੀ ਲੈ ਲਿਆ। ਭੀੜ ਬਹੁਤੀ ਹੋਣ ਕਰਕੇ ਅਸੀਂ ਕੁਝ ਪਛੜ ਗਏ। ਡਾਕਟਰ
ਜੀ ਮੈਨੂੰ ਪਹਿਲਾਂ ਹੀ ਉਤਾਰ ਕੇ ਆਪ ਕਾਰ ਪਾਰਕ ਕਰਨ ਲੱਗ ਪਏ। ਮੈਂ ਸਮਾਗਮ ਵਿਚ ਉਹਨਾਂ ਤੋਂ
ਪਹਿਲਾਂ ਪਹੁੰਚ ਗਿਆ ਤੇ ਪਹਿਲੇ ਹੀ ਬੈਂਚ ਉਪਰ, ਡਾ. ਬਿਕਰਮ ਸਿੰਘ ਘੁੰਮਣ ਜੀ ਦੇ ਨਾਲ਼ ਵਾਲ਼ੀ
ਸੀਟ ਖਾਲੀ ਵੇਖ ਕੇ ਬਹਿ ਗਿਆ। ਡਾਕਟਰ ਬੱਲ ਜੀ ਅਜੇ ਆਏ ਨਹੀ ਸਨ ਤੇ ਔਲਖ ਜੀ ਵੀ ਨਾ ਆਏ।
ਮੈਨੂੰ ਓਥੇ ਹਾਜਰਾਂ ਵਿਚੋਂ ਕੋਈ ਵੀ ਜਾਣਦਾ ਨਹੀਂ ਸੀ। ਹਾਂ, ਡਾਕਟਰ ਘੁੰਮਣ ਜੀ ਜਾਣਦੇ ਸਨ।
ਫਿਰ ਪ੍ਰਧਾਨਗੀ ਦੀਆਂ ਕੁਰਸੀਆਂ ਨੂੰ ਭਾਗ ਲਾਉਣ ਲਈ ਮਹੱਤਵਪੂਰਣ ਵਿਦਵਾਨਾਂ ਨੂੰ ਸੱਦਿਆ ਜਾਣ
ਲੱਗ ਪਿਆ। ਮੇਰੇ ਵਾਲ਼ੇ ਬੈਂਚ ਉਪਰ ਸਜੇ ਡਾ. ਬਿਕਰਮ ਸਿੰਘ ਘੁੰਮਣ ਨੂੰ ਸਭ ਤੋਂ ਪਹਿਲਾਂ
ਸੱਦਿਆ ਗਿਆ। ਮੈਂ ਆਪਣੀ ਸੀਟ ਤੋਂ ਉਠ ਕੇ ਉਹਨਾਂ ਨੂੰ ਰਾਹ ਦਿਤਾ। ਫਿਰ ਇਕ ਹੋਰ ਸੱਜਣ ਦਾ
ਨਾਂ ਸਟੇਜ ਤੋਂ ਬੋਲਿਆ ਗਿਆ ਤਾਂ ਉਹ ਵੀ ਓਸੇ ਬੈਂਚ ਉਪਰ ਸਨ ਇਸ ਲਈ ਮੈਨੂੰ ਫਿਰ ਉਠ ਕੇ
ਉਹਨਾਂ ਨੂੰ ਰਾਹ ਦੇਣਾ ਪਿਆ। ਤੀਜਾ ਨਾਂ ਜਦੋਂ ਉਹਨਾਂ ਨੇ ਸੰਤੋਖ ਸਿੰਘ ਬੋਲਿਆ ਤਾਂ ਮੈਂ
ਸਮਝਿਆ ਕਿ ਮੈਨੂੰ ਆਵਾਜ਼ ਪਈ ਹੈ। ਮੈਂ ਅਜੇ ਉਠਣ ਬਾਰੇ ਸੋਚ ਹੀ ਰਿਹਾ ਸਾਂ ਕਿ ਉਹਨਾਂ ਨੇ,
ਉਸ ਦੇ ਨਾਂ ਨਾਲ਼ ਉਸ ਦਾ ਤੱਖਲਸ ‘ਸ਼ਹਿਰਯਾਰ‘ ਵੀ ਬੋਲ ਦਿਤਾ। ਸੋ ਮੇਰੇ ਨਾਲ਼ ਤਾਂ, “ਨਹਾਤੀ
ਧੋਤੀ ਰਹਿ ਗਈ ਤੇ ਉਤੇ ਮੱਖੀ ਬਹਿ ਗਈ।“ ਵਾਲ਼ੀ ਹੀ ਹੋਈ। ਮੈਨੂੰ ਬੈਂਚ ਉਪਰ ਸਾਧਾਰਨ
ਸਰੋਤਿਆਂ ਵਾਂਙ ਹੀ ਬੈਠਣਾ ਪਿਆ।
ਇਸ ਤੋਂ ਇਕ ਹੋਰ ਗੱਲ ਵੀ ਯਾਦ ਆ ਗਈ: ਪ੍ਰਸਿਧ ਕਹਾਣੀਕਾਰ ਦੀਪ ਦਵਿੰਦਰ ਸਿੰਘ, ਇਕ ਦਿਨ
ਸੁਲਤਾਨ ਵਿੰਡ ਰੋਡ ਉਪਰ, ਸ. ਜਸਬੀਰ ਸਿੰਘ ਸੱਗੂ ਜੀ ਹੋਰਾਂ ਦੇ ਦਫ਼ਤਰ ਵਿਚ ਮਿਲ਼ ਗਏ।
ਚੱਲਦੀਆਂ ਗੱਲਾਂ ਵਿਚ ਉਹਨਾਂ ਨੇ ਕਿਸੇ ਪਰਵਾਸੀ ਸਾਹਿਤਕਾਰ ਦਾ ਨਾਂ ਲੈ ਕੇ ਦੱਸਿਆ ਕਿ
ਉਹਨਾਂ ਨੇ ਦੀਪ ਜੀ ਕੋਲ਼ ਇੱਛਾ ਪਰਗਟ ਕੀਤੀ ਕਿ ਜਦੋਂ ਕਿਤੇ ਸਾਹਿਤਕ ਸਮਾਗਮ ਹੋਵੇ ਤਾਂ
ਉਹਨਾਂ ਨੂੰ ਪ੍ਰਧਾਨਗੀ ਕਰਨ ਵਾਸਤੇ ਬੁਲਾ ਲਿਆ ਜਾਵੇ। ਇਸ ਕਾਰਜ ਲਈ ਉਹਨਾਂ ਨੂੰ ਉਹਨਾਂ ਦੇ
ਨਿਵਾਸ ਸਥਾਨ ਤੋਂ ਚੁੱਕ ਕੇ, ਪ੍ਰਧਾਨਗੀ ਕਰਵਾ ਕੇ, ਮੁੜ ਓਥੇ ਵਾਪਸ ਛੱਡਿਆ ਜਾਵੇ। ਇਹ ਸੁਣ
ਕੇ ਮੈਂ ਆਖਿਆ ਕਿ ਮੈਨੂੰ ਤਾਂ ਸਿਰਫ ਪਤਾ ਹੀ ਲੱਗਣਾ ਚਾਹੀਦਾ ਹੈ ਕਿ ਕਿਸੇ ਥਾਂ ਤੇ ਦੋ ਚਾਰ
ਵਿਦਵਾਨ ਇਕੱਠੇ ਹੋ ਕੇ ਸਾਹਿਤਕ ਚਰਚਾ ਕਰ ਰਹੇ ਹਨ ਤਾਂ ਬਿਨਾ ਸੱਦੇ ਤੋਂ ਹੀ ਮੈਂ ਸਿਰ ਪਰਨੇ
ਵੀ ਚੱਲ ਕੇ ਓਥੇ ਹਾਜਰ ਹੋਣ ਲਈ ਤਿਆਰ ਹਾਂ, ਪ੍ਰਧਾਨਗੀ ਦੀ ਮੰਗ ਦਾ ਤਾਂ ਸਵਾਲ ਹੀ ਪੈਦਾ
ਨਹੀਂ ਹੁੰਦਾ!
ਇਹਨੀਂ ਦਿਨੀਂ ਜਦੋਂ ਕਿ ਕੁਝ ਸੂਜਵਾਨ ਸੱਜਣਾਂ ਤੇ ਕੁਝ ਅਖ਼ਬਾਰਾਂ ਦੇ ਸੰਪਾਦਕਾਂ ਦੀ
ਪ੍ਰੇਰਨਾ ਕਰਕੇ, ਮੈਂ ਸਾਰੇ ਪਾਸਿਆਂ ਤੋਂ ਸੁਰਖ਼ਰੂ ਹੋ ਕੇ, ਆਪਣੀਆਂ ਯਾਦਾਂ ਵਿਚੋਂ ਖੁਰਚ
ਖੁਰਚ ਕੇ, ਉਹਨਾਂ ਨੂੰ ਕੰਪਿਊਟਰ ਦੇ ਸਕਰੀਨ ਉਪਰ ਪਰਗਟ ਕਰ ਰਿਹਾ ਹਾਂ ਤਾਂ ਇਕ ਦਿਨ,
ਗੁਰਦੁਆਰੇ ਦੇ ਜੋੜੇਖਾਨੇ ਦੇ ਬਾਹਰਵਾਰ ਇਕ ਨੌਜਵਾਨ ਪੱਤਰਕਾਰ ਮਿਲ਼ ਗਿਆ। ਉਸ ਨੇ ਬੈਂਚ ਉਪਰ
ਬੈਠਾ ਕੇ ਦੱਸਿਆ ਕਿ ਉਹਨਾਂ ਕੁਝ ਨੌਜਵਾਨ ਪੱਤਰਕਾਰਾਂ ਅਤੇ ਸਾਹਿਤਕਾਰਾਂ ਨੇ ਇਕ ਜਥੇਬੰਦੀ
ਬਣਾਉਣ ਦਾ ਵਿਚਾਰ ਬਣਾਇਆ ਹੈ ਤੇ ਇਸ ਵਿਚ ਮੈਨੂੰ ਵੀ ਸ਼ਾਮਲ ਕਰਨਾ ਹੈ ਤੇ ਕਰਨਾ ਵੀ ਮੋਹਰੀ
ਬਣਾ ਕੇ ਹੈ। ਮੈਂ ਕਿਹਾ ਕਿ ਧੰਨਭਾਗ! ਜੇ ਕਰ ਮੈਂ ਇਸ ਬੁਢੇ ਵਾਰੇ ਕਿਸੇ ਕਾਰਜ ਦੇ ਯੋਗ
ਹੋਵਾਂ ਤੇ ਮੇਰੇ ਪਾਸੋਂ ਤੁਹਾਡੇ ਵਰਗੇ ਨੌਜਵਾਨ ਕੋਈ ਸੇਵਾ ਲੈ ਸਕਣ! ਉਸ ਨੇ ਕਿਹਾ ਕਿ ਕੁਝ
ਸੱਜਣਾਂ ਦਾ ਵਿਚਾਰ ਸੀ ਕਿ ਸ਼ਾਇਦ ਗਿਆਨੀ ਜੀ ਇਸ ਕਾਰਜ ਵਿਚ ਸ਼ਾਮਲ ਹੋਣ ਦੀ ਸੰਮਤੀ ਨਾ ਦੇਣ!
ਇਹ ਸੁਣ ਕੇ ਮੈਂ ਆਖਿਆ ਕਿ ਤੁਸੀਂ ਤਾਂ ਉਹ ਕਾਰਜ ਕਰਨ ਲਈ ਵਿਚਾਰ ਬਣਾਇਆ ਹੈ, ਜਿਸ ਲਈ ਮੈਂ
ਪਿਛਲੇ ਪੈਂਤੀ ਸਾਲਾਂ ਤੋਂ ਯਤਨ ਕਰਦਾ ਆ ਰਿਹਾ ਹਾਂ ਪਰ ਸਫ਼ਲਤਾ ਪ੍ਰਾਪਤ ਨਹੀਂ ਹੋਈ। ਇਹ ਤਾਂ
ਮੇਰੇ ਅਹੋਭਾਗ ਕਿ ਉਮਰ ਦੇ ਅਖੀਰਲੇ ਦਿਨੀਂ ਮੈਂ ਇਸ ਕਾਰਜ ਨੂੰ, ਤੁਹਾਡੇ ਵਰਗੇ ਨੌਜਵਾਨਾਂ
ਰਾਹੀਂ ਸਫ਼ਲ ਹੁੰਦਾ ਵੇਖ ਸਕਾਂ!
ਫਿਰ ਉਹ ਦਿਨ ਵੀ ਆ ਗਿਆ ਜਿਸ ਦਿਨ ਨੌਜਵਾਨ ਪੱਤਰਕਾਰ ਇਕ ਥਾਂ ਇਕੱਠੇ ਹੋਏ। ‘ਆਸਟ੍ਰੇਲੀਆ
ਪੰਜਾਬੀ ਮੀਡੀਆ ਕਲੱਬ‘ ਨਾਂ ਦੀ ਜਥੇਬੰਦੀ ਵਜੂਦ ਵਿਚ ਲਿਆਂਦੀ ਗਈ। ਇਸ ਦਾ ਨਾਂ ਮੈਨੂੰ ਆਪਣੀ
ਉਮਰ ਅਤੇ ਸ਼ਖ਼ਸੀਅਤ ਨਾਲ਼ ਢੁਕਵਾਂ ਤਾਂ ਨਾ ਲੱਗਾ ਪਰ ਜਦੋਂ ਦੂਜੇ ਸਾਰੇ ਹੀ ਹਾਜਰੀਨ ਇਸ ਨਾਂ
ਤੇ ਸਹਿਮਤ ਸਨ ਤਾਂ ਮੈਂ ਇਸ ਬਾਰੇ ਵਾਧੂ ਬਖੇੜਾ ਖੜ੍ਹਾ ਕਰਨ ਤੋਂ ਸੰਕੋਚ ਕਰ ਲਿਆ। ਸੋਚਿਆ
ਕਿ ਕੰਮ ਸਹੀ ਹੋਣੇ ਚਾਹੀਦੇ ਹਨ, ਨਾਂ ਵਿਚ ਕੀ ਪਿਆ! ਜੇਕਰ ਮੇਰੇ ਜਾਣੂਆਂ ਨੇ, ਇਸ ‘ਕਲੱਬ‘
ਦੀ ਪ੍ਰਧਾਨਗੀ ਪ੍ਰਵਾਨ ਕਰ ਲੈਣ ਤੇ ਇਤਰਾਜ਼ ਕੀਤਾ ਤਾਂ ਮੈਂ ਪਿੱਛੇ ਹਟ ਜਾਵਾਂਗਾ ਤੇ ਸਾਧਾਰਨ
ਮੈਂਬਰ ਵਜੋਂ ਹੀ ਇਸ ਵਿਚ ਹਿੱਸਾ ਲਈ ਜਾਵਾਂਗਾ। ਇਸ ਜਥੇਬੰਦੀ ਦਾ ਢਾਂਚਾ ਤਿਆਰ ਕੀਤਾ ਗਿਆ।
ਦਸ ਸੱਜਣ ਸਿਡਨੀ ਦੇ ਹਾਜਰ ਹੋਏ ਤੇ ਇਕ ਵਿਦਵਾਨ ਪੰਜਾਬੋਂ ਆਇਆ ਹੋਇਆ ਵੀ ਸ਼ਾਮਲ ਹੋਇਆ।
ਸਿਡਨੀ ਵਾਸੀ ਪੰਜ ਜਣਿਆਂ ਨੇ, ਪਹਿਲਾਂ ਬਣੇ ਹੋਏ ਪ੍ਰੋਗਰਾਮਾਂ ਕਰਕੇ, ਸਰੀਰਕ ਤੌਰ ਤੇ ਹਾਜਰ
ਹੋਣ ਤੋਂ ਮਜਬੂਰੀ ਜ਼ਾਹਰ ਕੀਤੀ ਤੇ ਬਣਨ ਵਾਲ਼ੀ ਜਥੇਬੰਦੀ ਵਿਚ ਸ਼ਾਮਲ ਹੋਣ ਲਈ ਭਰਪੂਰ ਉਤਸ਼ਾਹ
ਵਿਖਾਇਆ। ਇਕ ਦੋ ਮੀਟਿੰਗਾਂ ਹੋਈਆਂ ਤੇ ਫਿਰ ਦੇਸੋਂ ਆਏ ਇਕ ਬਹੁਤ ਹੀ ਮਹੱਤਵਪੂਰਨ ਪੱਤਰਕਾਰ
ਦੇ ਸਨਮਾਨ ਵਿਚ, ਉਸ ਦਾ ਸਿਡਨੀ ਵਾਸੀਆਂ ਨਾਲ਼ ਰੂਬਰੂ ਕਰਵਾਉਣ ਲਈ, ਸਮਾਗਮ ਕਰਨ ਦਾ ਫੈਸਲਾ
ਕੀਤਾ ਗਿਆ ਤੇ ਇਸ ਲਈ ਸਭਾ ਦੇ ਜਨਰਲ ਸਕੱਤਰ ਅਤੇ ਉਸ ਦੇ ਨਾਲ਼ ਸਹਾਇਤਾ ਵਜੋਂ ਮੀਤ ਸਕੱਤਰ
ਨੂੰ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ, ਜੁੰਮੇਵਾਰੀ ਸੌਂਪੀ ਗਈ। ਇਹ ਨਵੀਂ ਬਣੀ ਇਸ
ਜਥੇਬੰਦੀ ਵੱਲੋਂ ਕੀਤਾ ਜਾ ਰਿਹਾ ਪਹਿਲ ਪਲੇਠੀ ਦਾ ਸਮਾਗਮ ਸੀ। ਏਥੋਂ ਵਿਚਾਰ ਦੇ ਵਿਖੇਵੇਂ
ਦਾ ਆਰੰਭ ਹੋ ਗਿਆ। ਕੁਝ ਮੁਖੀ ਸੱਜਣ ਇਸ ਕਾਰਜ ਨੂੰ ਸਰੰਜਾਮ ਦੇਣ ਦੇ ਤਰੀਕੇ ਨਾਲ਼ ਸਹਿਮਤ
ਨਹੀਂ ਸਨ ਤੇ ਮੁਖੀ ਹੋਣ ਦੇ ਨਾਤੇ ਮੈਨੂੰ ਫ਼ੋਨਾਂ ਰਾਹੀਂ ਆਪਣੇ ਇਤਰਾਜ਼ ਪਰਗਟ ਕਰਦੇ ਸਨ।
ਮੇਰਾ ਉਤਰ ਇਹ ਹੁੰਦਾ ਸੀ ਕਿ ਲੜਾਈ ਵਿਚ ਘੋੜੇ ਨਹੀਂ ਬਦਲੀਦੇ। ਇਸ ਹੱਥ ਵਿਚ ਲਏ ਕਾਰਜ ਨੂੰ
ਨੇਪਰੇ ਚੜ੍ਹ ਲੈਣ ਦਿਓ; ਇਸ ਤੋਂ ਪਿੱਛੋਂ ਆਪਾਂ ਸਾਰੇ ਮਿਲ਼ ਕੇ ਖੁਲ੍ਹੀ ਵਿਚਾਰ ਕਰ ਲਵਾਂਗੇ
ਤੇ ਜੋ ਵੀ ਗ਼ਲਤ ਹੋਇਆ, ਅੱਗੇ ਤੋਂ ਉਹ ਗ਼ਲਤੀ ਨਾ ਹੋਵੇ, ਅਜਿਹਾ ਫੈਸਲਾ ਕੀਤਾ ਜਾ ਸਕੇਗਾ। ਇਸ
ਸਮਾਗਮ ਤੋਂ ਪਹਿਲਾਂ ਮੈਂ ਕਿਸੇ ਵੀ ਤਰ੍ਹਾਂ ਦੀ ਅਦਲਾ ਬਦਲੀ ਦੇ ਹੱਕ ਵਿਚ ਨਹੀਂ ਹਾਂ।
ਸਮਾਗਮ ਪੈਰਾਮਾਟਾ ਨਾਮੀਂ ਸਬਅਰਬ ਵਿਚ, ਪੰਜ ਤਾਰਾ ਹੋਟਲ ‘ਮੰਤਰਾ‘ ਅੰਦਰ, ਸੁੱਖੀਂ ਸਾਂਦੀ
ਸਿਰੇ ਚੜ੍ਹ ਗਿਆ। ਇਸ ਸਫ਼ਲਤਾ ਦੀ ਪੰਜਾਬੀ ਪ੍ਰੈਸ ਤੇ ਵੀ ਅਤੇ ਸਿਡਨੀ ਦੇ ਬੁਧੀਜੀਵੀ ਹਲਕਿਆਂ
ਵੱਲੋਂ ਵੀ ਭਰਪੂਰ ਪ੍ਰਸੰਸਾ ਹੋਈ। ਸਾਡੀ ਸਾਰਿਆਂ ਦੀ ਆਸ ਨਾਲ਼ੋਂ ਕਿਤੇ ਵਧ ਇਹ ਸਫ਼ਲ ਹੋਇਆ।
ਹਾਜਰੀ ਏਨੀ ਸੀ ਕਿ ਹੋਰ ਕੁਰਸੀਆਂ ਮੰਗਾਈਆਂ ਜਾਣ ਦੇ ਬਾਵਜੂਦ ਵੀ, ਕੁਝ ਸੱਜਣਾਂ ਨੂੰ ਖੜ੍ਹੇ
ਹੋ ਕੇ ਹੀ ਇਸ ਵਿਚ ਭਾਗ ਲੈਣਾ ਪਿਆ।
ਪਤਾ ਨਹੀਂ ਲੱਗਾ ਕਿ ਕੀ ਬਿੱਲੀ ਛਿੱਕ ਗਈ ਜਾਂ ਮੇਰੇ ਵਰਗੇ ਕਿਸੇ ਭੱਦਰ ਪੁਰਸ਼ ਦੀ ਕਰੂਰ
ਦ੍ਰਿਸ਼ਟੀ ਪੈ ਗਈ ਕਿ ਇਸ ਸਮਾਗਮ ਦੀ ਸਮਾਪਤੀ ਪਿੱਛੋਂ, ਸਭਾ ਦੇ ਕੁਝ ਮੈਂਬਰ ਬਿਲਕੁਲ ਚੁੱਪ
ਹੋ ਗਏ। ਕਲੱਬ ਦੀ ਮਾਸਕ ਮੀਟਿੰਗ ਰੱਖੀ ਗਈ ਤੇ ਉਸ ਦੇ ਏਜੰਡੇ ਦੀ ਮੁਖ ਆਈਟਮ ਹੀ ਇਸ ਸਮਾਗਮ
ਬਾਰੇ ਖੁਲ੍ਹੀਆਂ ਵਿਚਾਰਾਂ ਕਰਨ ਵਾਲ਼ੀ ਸੀ ਤੇ ਸਾਰੇ ਮੈਂਬਰਾਂ ਨੂੰ ਜਨਰਲ ਸਕੱਤਰ ਵੱਲੋਂ
ਵਿਧੀਵਤ ਸੱਦਾ ਦਿਤਾ ਗਿਆ ਸੀ। ਮੈਂ ਸਿਡਨੀ ਤੋਂ ਦੋ ਹਜ਼ਾਰ ਕਿਲੋ ਮੀਟਰ ਬਾਹਰ ਸਾਂ। ਬਥੇਰਾ
ਮੈਂ ਸਕੱਤਰ ਜੀ ਨੂੰ ਆਪਣੀ ਮਜਬੂਰੀ ਦੱਸੀ ਤੇ ਸੁਝਾ ਦਿਤਾ ਕਿ ਮੀਤ ਪ੍ਰਧਾਨ ਜੀ ਦੀ ਅਗਵਾਈ
ਹੇਠ ਮੀਟਿੰਗ ਕਰ ਲਈ ਜਾਵੇ ਪਰ ਅਖੀਰ ਉਸ ਦੇ ਜੋਰ ਦੇਣ ਤੇ ਮੈਨੂੰ ਮੀਟਿੰਗ ਵਿਚ ਆਉਣ ਲਈ ਹਾਂ
ਕਰਨੀ ਹੀ ਪਈ। ਪਹਿਲਾਂ ਤਾਂ ਰੀਮੋਟ ਏਰੀਏ ‘ਚੋਂ ਬੱਸ ਰਾਹੀਂ ਢਾਈ ਸੌ ਕਿਲੋ ਮੀਟਰ ਪੈਂਡਾ
ਕਰਕੇ ਐਡੀਲੇਡ ਪਹੁੰਚਿਆ ਤੇ ਓਥੋਂ ਅਗਲੇ ਦਿਨ ਫਿਰ ਹਵਾਈ ਜਹਾਜ ਰਾਹੀਂ ਸਿਡਨੀ ਆਇਆ। ਏਸੇ
ਤਰ੍ਹਾਂ ਫਿਰ ਮੀਟਿੰਗ ਤੋਂ ਅਗਲੇਰੇ ਦਿਨ ਵਾਪਸ ਗਿਆ। ਇਸ ਤਰ੍ਹਾਂ ਸਿਰਫ ਇਸ ਮੀਟਿੰਗ ਨੂੰ
ਵਿਸ਼ੇਸ਼ ਜਾਣ ਕੇ, ਇਸ ਵਿਚ ਸ਼ਾਮਲ ਹੋਣ ਵਾਸਤੇ, ਮੇਰੇ ਛੇ ਦਿਨ ਤੇ ਤਿੰਨ ਕੁ ਸੌ ਦੇ ਕਰੀਬ
ਡਾਲਰ ਖ਼ਰਚ ਹੋਏ। ਇਸ ਮੀਟਿੰਗ ਵਿਚ ਸਾਰੇ ਮੈਂਬਰਜ਼ ਦੇ, ਸਮਾਗਮ ਸਬੰਧੀ, ਇਤਰਾਜ਼ਾਂ ਉਪਰ
ਖੁਲ੍ਹੀ ਵਿਚਾਰ ਹੋਣੀ ਸੀ ਤੇ ਅ ੱਗੇ ਤੋਂ ਮਤਭੇਦਾਂ ਨੂੰ ਪੈਦਾ ਹੋਣ ਤੋਂ ਰੋਕਣ ਵਾਸਤੇ,
ਵਿਚਾਰਾਂ ਕਰਕੇ ਫ਼ੈਸਲੇ ਲਏ ਜਾਣੇ ਸਨ ਪਰ ਮੀਟਿੰਗ ਵਿਚ ਸਕੱਤਰ ਜੀ ਤੋਂ ਪਤਾ ਲੱਗਾ ਕਿ ਤਿੰਨ
ਮੈਂਬਰਾਂ ਨੇ ਪੈਦਾ ਹੋਏ ਮੱਤਭੇਦਾਂ ਕਾਰਨ ਨਿਰਪੱਖ ਰਹਿਣ ਦਾ ਵਿਚਾਰ ਪਰਗਟ ਕਰ ਦਿਤਾ ਹੈ ਤੇ
ਤਿੰਨ ਮੈਂਬਰ ਸ਼ਾਮਲ ਨਹੀਂ ਹੋਏ। ਬਾਕੀ ਰਹਿੰਦੇ ਪੰਜ ਮੈਂਬਰਾਂ ਨੇ ਇਸ ਮੀਟਿੰਗ ਵਿਚ ਭਾਗ
ਲਿਆ। ਉਹਨਾਂ ਵਿਚ ਪ੍ਰਧਾਨ, ਜਨਰਲ ਸਕੱਤਰ, ਵਿੱਤ ਸਕੱਤਰ ਅਤੇ ਦੋ ਹੋਰ ਸੱਜਣ ਸਨ। ਰੂਬਰੂ
ਸਮਾਗਮ ਸਬੰਧੀ ਖੁਲ੍ਹੀਆਂ ਵਿਚਾਰਾਂ ਹੋਈਆਂ। ਸਰਬ ਸੰਮਤੀ ਨਾਲ਼ ਇਸ ਦੀ ਸਫ਼ਲਤਾ ਨੂੰ
ਸਵੀਕਾਰਦਿਆਂ ਹੋਇਆਂ, ਮੋਹਰੇ ਲੱਗ ਕੇ ਇਸ ਕਾਰਜ ਨੂੰ ਸਰੰਜਾਮ ਦੇਣ ਲਈ, ਕਲੱਬ ਦੇ ਜਨਰਲ
ਸਕੱਤਰ ਅਤੇ ਬਾਕੀ ਮੈਂਬਰਾਂ ਦੀ ਸੇਵਾ ਉਪਰ ਤਸੱਲੀ ਪਰਗਟ ਕੀਤੀ ਗਈ।
ਇਸ ਮੀਟਿੰਗ ਦੀ ਕਾਰਵਾਈ, ਜਨਰਲ ਸਕੱਤਰ ਜੀ ਨੇ ਸਾਰੇ ਮੈਂਬਰ ਸਾਹਿਬਾਨ ਨੂੰ ਅਗਲੇ ਦਿਨ ਭੇਜ
ਦਿਤੀ। ਸਕੱਤਰ ਜੀ ਨੇ ਦੱਸਿਆ ਕਿ ਇਕ ਪ੍ਰੌਮੀਨੈਂਟ ਮੈਂਬਰ ਵੱਲੋਂ ਈ-ਮੇਲ ਰਾਹੀ ਜਵਾਬ ਆਇਆ
ਹੈ ਕਿ ਉਸ ਦਾ ਇਸ ਮੀਟਿੰਗ ਨਾਲ਼ ਕੋਈ ਸਬੰਧ ਨਹੀਂ ਤੇ ‘ਫ਼੍ਰੈਂਡਲੀ ਅਡਵਾਈਸ‘ ਰਾਹੀਂ,
‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ‘ ਦਾ ਨਾਂ ਵਰਤਣ ਤੋਂ ਰੁਕ ਜਾਣ ਲਈ ਆਖ ਦਿਤਾ ਹੈ ਕਿਉਂਕਿ
ਇਹ ਕਲੱਬ ਕਿਸੇ ਹੋਰ ਸੱਜਣ ਵੱਲੋਂ ਰਜਿਸਟਰ ਕਰਵਾਈ ਜਾ ਚੁੱਕੀ ਹੈ।
ਪਰਵਾਰ ਵਿਚ ਸੋਗਮਈ ਘਟਨਾ ਵਾਪਰ ਜਾਣ ਕਰਕੇ, ਜਨਰਲ ਸਕੱਤਰ ਜੀ ਨੂੰ ਅਚਾਨਕ ਪੰਜਾਬ ਜਾਣਾ ਪੈ
ਗਿਆ ਹੈ। ਉਹਨਾਂ ਦੇ ਦੇਸੋਂ ਆਉਣ ਤੇ ਹੀ ਅਗਲੇ ਕਾਰਜ ਕਰਮ ਬਾਰੇ ਕੁਝ ਵਿਚਾਰਿਆ ਜਾ ਸਕਦਾ
ਹੈ। ਵੈਸੇ ਮੇਰੇ ਖਿਆਲ ਵਿਚ ਜੇਕਰ ਕੁਝ ਚੰਗਾ ਕਰਨ ਵਾਸਤੇ ਉਤਸ਼ਾਹ ਹੋਵੇ ਤਾਂ ਨਾਂ ਕੋਈ ਵੀ
ਰੱਖ ਕੇ ਕਾਰਜ ਕੀਤਾ ਜਾ ਸਕਦਾ ਹੈ। ਇਹ ਜਰੂਰੀ ਨਹੀਂ ਕਿ ਜਥੇਬੰਦੀ ਦਾ ਨਾਂ ਰਜਿਸਟਰ ਕਰਵਾ
ਕੇ ਹੀ ਕਾਰਜ ਕਰਨਾ ਹੈ; ਬਿਨਾ ਰਜਿਸਟ੍ਰੇਸ਼ਨ ਤੋਂ ਵੀ ਤੇ ਕਿਸੇ ਵੀ ਨਾਂ ਹੇਠ, ਉਸਾਰੂ ਕਾਰਜ
ਕੀਤੇ ਜਾ ਸਕਦੇ ਹਨ। ਸਿਡਨੀ ਵਿਚ ਹੀ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਹਨ ਜੋ ਰਜਿਸਟ੍ਰਡ ਹੋ
ਕੇ ਵੀ ਤੇ ਬਿਨਾ ਰਜਿਸਟ੍ਰੇਸ਼ਨ ਤੋਂ ਵੀ, ਸੇਵਾ ਦੇ ਕਾਰਜ ਕਰ ਰਹੀਆਂ ਹਨ ਤੇ ਕਈ ਕਾਗਜ਼ਾਂ ਵਿਚ
ਰਜਿਸਟ੍ਰਡ ਹੋਣ ਦੇ ਬਾਵਜੂਦ ਵੀ ਉਹਨਾਂ ਦੀ ਸੇਵਾ ਦੇ ਖੇਤਰ ਵਿਚ ਕੋਈ ਸਰਗਰਮੀ ਨਹੀਂ ਦਿਸ
ਆਉਂਦੀ।
‘ਅ.ਪ.ਮ. ਕਲੱਬ‘ ਵਾਲ਼ੀ ਘਟਨਾ ਤੋਂ ਇਕ ਗੱਲ ਚੇਤੇ ਆ ਗਈ; ਢੁਕਦੀ ਤਾਂ ਭਾਵੇਂ ਪੂਰੀ ਤਰ੍ਹਾਂ
ਨਾ ਹੀ ਹੋਵੇ:
ਇਕ ਨਿਹੰਗ ਸਿੰਘ ਜੀ ਘੋੜੀ ਉਪਰ ਸਵਾਰ ਸਨ ਤੇ ਘੋੜੀ ਉਪਰ ਕਾਠੀ ਕੋਈ ਨਹੀਂ ਸੀ। ਘੌੜੀ ਦੌੜ
ਰਹੀ ਸੀ ਕਾਠੀ ਵਿਹੀਨ ਘੋੜੀ ਦੀ ਪਿੱਠ ਤੋਂ ਹਰੇਕ ਵਾਰੀਂ, ਜਦੋਂ ਘੋੜੀ ਨੇ ਬੁੜ੍ਹਕਣਾ ਤਾਂ
ਕੁਦਰਤੀ ਗੱਲ ਹੈ ਕਿ ਨਿਹੰਗ ਸਿੰਘ ਜੀ ਨੇ ਵੀ ਨਾਲ਼ ਬੁੜ੍ਹਕਣਾ ਹੀ ਸੀ। ਜੇ ਤਾਂ ਘੋੜੀ ‘ਤੇ
ਕਾਠੀ ਪਈ ਹੋਈ ਹੋਵੇ ਫਿਰ ਤਾਂ ਦੋਵੇਂ ਪੈਰ ਦੋਹਾਂ ਰਕਾਬਾਂ ਵਿਚ ਫਸੇ ਹੋਣ ਕਰਕੇ, ਪਿੱਠ
ਕਾਠੀ ਦੇ ਨਾਲ਼ ਜੁੜੀ ਰਹਿੰਦੀ ਹੈ, ਨਹੀਂ ਤਾਂ ਘੋੜੀ ਦੇ ਬੁੜ੍ਹਕ ਕੇ ਉਚੀ ਉਠਣ ਸਮੇ, ਸਵਾਰ
ਦੀ ਪਿੱਠ ਤਾਂ ਨਾਲ਼ ਉਪਰ ਉਠ ਜਾਂਦੀ ਹੈ ਪਰ ਮੁੜ ਕੇ ਥੱਲੇ ਆਉਣ ਸਮੇ, ਵਾਲ਼ ਕੁ ਜਿੰਨੀ ਘੋੜੀ
ਦੀ ਪਿੱਠ ਅੱਗੇ ਲੰਘ ਜਾਂਦੀ ਹੈ ਤੇ ਬੰਦੇ ਦੀ ਪਿੱਠ ਇਸ ਤਰ੍ਹਾਂ ਏਨੀ ਕੁ ਪਿੱਛੇ ਰਹਿ ਜਾਂਦੀ
ਹੈ। ਹੌਲ਼ੀ ਹੌਲ਼ੀ, ਸਾਵਧਾਨੀ ਨਾ ਵਰਤਣ ਕਰਕੇ, ਸਵਾਰ ਨੇ ਘੋੜੀ ਦੇ ਪਿੱਛਲੇ ਪਾਸੇ ਵੱਲ
ਡਿੱਗਣਾ ਹੀ ਹੋਇਆ! ਇਹੋ ਕੁਝ ਨਿਹੰਗ ਸਿੰਘ ਜੀ ਨਾਲ਼ ਹੋਇਆ। ਕੁਝ ਸਮੇ ਬਾਅਦ ਸਿੰਘ ਜੀ ਘੋੜੀ
ਦੇ ਪਿਛਲੇ ਪਾਸੇ ਵੱਲੋਂ ਧਰਤੀ ਉਪਰ ਆ ਬਿਰਾਜੇ। ਇਹ ਦ੍ਰਿਸ਼ ਵੇਖ ਕੇ ਕਿਸੇ ਨੇ ਬੋਲੀ ਮਾਰੀ,
“ਸਿੰਘ ਜੀ, ਨੀਲੇ ਦੇ ਸ਼ਾਹ ਸਵਾਰ ਦੇ ਤਿਆਰ ਬਰ ਤਿਆਰ ਸਿੰਘ ਹੋ ਕੇ, ਤੁਸੀਂ ਘੋੜੀ ਤੋਂ ਡਿਗ
ਪਏ!” “ਫੌਜਾਂ ਥੋਹੜਾ ਡਿਗੀਆਂ ਨੇ ਗੁਰਮੁਖਾ, ਸੌਰੀ ਦੀ ਘੋੜੀ ਹੀ ਮੁੱਕ ਗਈ!” ਚੜ੍ਹਦੀਕਲਾ
ਵਾਲ਼ਾ ਉਤਰ ਸੀ ਸਿੰਘ ਜੀ ਦਾ।
ਏਥੇ ਘੋੜੀ ਮੁੱਕੀ ਤਾਂ ਨਹੀਂ ਸੀ, ਕਿਸੇ ਸ਼ੁਭਚਿੰਤਕ ਸੱਜਣ ਵੱਲੋਂ, ਪਰ ਸਰਕਾਰੇ ਦਰਬਾਰੇ
ਰਜਿਸਟਰ ਕਰਵਾ ਕੇ, ‘ਕਿਡਨੈਪ‘ ਕਰ ਲਈ ਗਈ ਸੀ।
ਇਕ ਹੋਰ ਵੀ ਘਟਨਾ ਚੇਤੇ ਆ ਗਈ। ਮਰਾਸੀ ਗੁੜ ਵੰਡਦਾ ਫਿਰੇ। ਕਿਸੇ ਪੁੱਛਿਆ, “ਕਿਉਂ
ਮੀਰਜਾਦਿਆ, ਕਿਤੇ ਮੁੰਡੇ ਦਾ ਸਗਨ ਲੱਗ ਗਿਆ! ਤੂੰ ਸਾਨੂੰ ਵੇਲ਼ੇ ਸਿਰ ਦੱਸਿਆ ਈ ਨਹੀਂ!”
“ਨਹੀਂ ਪ੍ਰਭਾ, ਮੇਰੀ ਘੋੜੀ ਚੋਰੀ ਹੋਗੀ ਰਾਤੀਂ,” ਉਤਰ ਸੀ ਮੀਰਜਾਦੇ ਦਾ। “ਓਇ ਤੇ ਇਹ ਵੀ
ਕੋਈ ਗੁੜ ਵੰਡਣ ਵਾਲ਼ੀ ਗੱਲ ਆ ਪੁੱਠੀ ਮੱਤ ਵਾਲਿਆ?” “ਅਲਾਹ ਮੀਆਂ ਦਾ ਸ਼ੁਕਰ ਆ ਪ੍ਰਭਾ ਕਿ ਉਸ
ਸਮੇ ਮੈਂ ਘੋੜੀ ਤੇ ਸਵਾਰ ਨਹੀਂ ਸੀ; ਨਹੀਂ ਤੇ ਮੈਂ ਵੀ ਘੋੜੀ ਦੇ ਨਾਲ਼ ਹੀ ਚੋਰੀ ਹੋ ਜਾਣਾ
ਸੀ; ਇਸ ਖੁਸ਼ੀ ਵਿਚ ਮੈਂ ਗੁੜ ਪਿਆ ਵੰਡਣ ਡਿਹਾ ਵਾਂ।” ਮੋੜਵਾਂ ਜਵਾਬ ਸੀ ਮੀਰਜਾਦੇ ਦਾ।
ਸ਼ੁਕਰ ਹੈ ਕਿ ‘ਅ.ਪ.ਮ. ਕਲੱਬ‘, ਮੈਨੂੰ ਖ਼ਬਰ ਹੋਣ ਤੋਂ ਪਹਿਲਾ ਹੀ ‘ਕਿਡਨੈਪ‘ ਹੋ ਗਈ; ਨਹੀਂ
ਤੇ ਕੀ ਪਤਾ ਸੀ .....?
-0-
|