ਗ਼ਦਰ ਲਹਿਰ ਦੇ ਮੋਢੀ
ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੇ ਕਰਤਾਰ ਸਿੰਘ ਸਰਾਭਾ ਦੀ ਆਯੂ ਨਾਲੋਂ ਵੱਡੇ ਅੰਤਰ ਦੇ
ਬਾਵਜੂਦ ਉਹ ਸਰਾਭਾ ਦੇ ਚਰਿੱਤਰ ਤੋਂ ਪ੍ਰਭਾਵਿਤ ਹੋ ਕੇ ‘ਮੇਰਾ ਜਰਨੈਲ‘ ਕਹਿ ਕੇ ਪੁਕਾਰਦੇ
ਸਨ। ਗ਼ਦਰ ਲਹਿਰ ਦੀ ਸਥਾਪਨਾ ਤੋਂ ਪਹਿਲਾਂ ਮਈ 1911 ਨੂੰ ਜੀ.ਡੀ. ਕੁਮਾਰ ਕਨੇਡਾ ਛੱਡ ਕੇ
ਅਮਰੀਕਾ ਦੇ ਸ਼ਹਿਰ ਸਿਆਟਲ ਪੁੱਜੇ ਤਾਂ ਉਹ ਬਾਬੂ ਹਰਨਾਮ ਸਿੰਘ ਕਾਹਰੀ ਨਾਲ ਹਿੰਦੀਆਂ ਦੇ
ਡੇਰਿਆਂ ‘ਤੇ ਜਾ ਕਿ ਉਨ੍ਹਾਂ ਨੂੰ ਅਜ਼ਾਦੀ ਲਈ ਪ੍ਰੇਰਨ ਲੱਗੇ ਸਨ। ਛੇਤੀਂ ਹੀ ਪੋਰਟਲੈਂਡ ਵਿਚ
ਮੀਟਿੰਗ ਕਰਕੇ ‘ਹਿੰਦੁਸਤਾਨ ਐਸੋਸੀਏਸ਼ਨ‘ ਨਾਂਅ ਦੀ ਸੁਸਾਇਟੀ ਬਣਾ ਕੇ, ਪ੍ਰਚਾਰ ਲਈ ਉਰਦੂ
ਵਿਚ ਹਫ਼ਤੇਵਾਰੀ ਅਖ਼ਬਾਰ ‘ਦੀ ਇੰਡੀਆ‘ ਕੱਢਣ ਦਾ ਫੈਸਲਾ ਕੀਤਾ। ਇਸ ਸੁਸਾਇਟੀ ਦੇ ਪ੍ਰਧਾਨ
ਬਾਬਾ ਸੋਹਣ ਸਿੰਘ ਭਕਨਾ, ਸਕੱਤਰ ਜੀ.ਡੀ. ਕੁਮਾਰ ਅਤੇ ਪੰਡਤ ਕਾਂਸ਼ੀ ਰਾਮ ਖਜ਼ਾਨਚੀ ਚੁਣੇ ਗਏ।
ਇਸ ਤਰ੍ਹਾਂ ਬਾਬੂ ਤਾਰਕ ਨਾਥ ਦਾਸ, ਬਾਬੂ ਹਰਨਾਮ ਸਿੰਘ ਸਾਹਰੀ ਤੇ ਜੀ.ਡੀ. ਕੁਮਾਰ ਨੇ ਦੇਸ਼
ਭਗਤੀ ਦੇ ਪ੍ਰਚਾਰ ਦਾ ਮੁੱਢ ਬੰਨ੍ਹ ਕੇ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਸੀ। ਬਾਬਾ
ਭਕਨਾ ਨੇ ਗ਼ਦਰ ਲਹਿਰ ਦੇ ਇਸ ਤੋਂ ਅਗਲੇ ਪ੍ਰੋਗਰਾਮ ਅਤੇ ਸਰਾਭਾ ਦੇ ਬਿਰਤਾਂਤ ਨੂੰ ਇੰਜ ਪੇਸ਼
ਕੀਤਾ ਹੈ।
ਜੀ.ਡੀ. ਕੁਮਾਰ ਬੀਮਾਰੀ ਨਾਲ ਪੈ ਗਏ ਤੇ ਛੇਤੀ ਤੰਦਰੁਸਤ ਨਾ ਹੋ ਸਕੇ। ਇਨ੍ਹਾਂ ਦੀ ਬੀਮਾਰੀ
ਦੌਰਾਨ ਹੀ ਮੈਂ ਤੇ ਭਾਈ ਊਧਮ ਸਿੰਘ ਕਸੇਲ ਕੁਝ ਦਿਨ੍ਹਾਂ ਲਈ ਅਸਟੋਰੀਆ ਮਿੱਲ ਵਿਚ ਕੰਮ ਕਰਨ
ਚਲੇ ਗਏ ਤੇ ਕਈ ਦਿਨ ਉਥੇ ਰਹੇ। ਮਿੱਲ ਵਿਚ 120 ਹਿੰਦੀ ਕੰਮ ਕਰਦੇ ਸਨ। ਕਈ ਦਿਨਾਂ ਦੇ
ਵਿਚਾਰ ਵਟਾਂਦਰੇ ਪਿਛੋਂ ਉਥੇ ਵੀ ‘‘ਹਿੰਦੁਸਤਾਨ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ‘‘ ਦੀ ਸ਼ਾਖ਼
ਕਾਇਮ ਹੋ ਗਈ। ਮੈਂਬਰ ਵੀ ਕਾਫ਼ੀ ਭਰਤੀ ਹੋਏ, ਇਸ ਸ਼ਾਖ ਦੇ ਪ੍ਰਧਾਨ ਭਾਈ ਕੇਸਰ ਸਿੰਘ ਠਠਗੜ੍ਹ,
ਮੁੱਖ ਸਕੱਤਰ ਮੁਨਸ਼ੀ ਕਰੀਮ ਬਖ਼ਸ਼ ਤੇ ਖ਼ਜ਼ਾਨਚੀ ਮੁਨਸ਼ੀ ਰਾਮ ਮਿਥੇ ਗਏ। ਉਨ੍ਹੀਂ ਦਿਨੀਂ ਕਰਤਾਰ
ਸਿੰਘ ਸਰਾਭਾ ਵੀ ਆਪਣੇ ਪਿੰਡ ਵਾਲੇ ਰੁਲੀਆ ਸਿੰਘ ਕੋਲ ਆਇਆ ਹੋਇਆ ਸੀ ਤੇ ਇਥੇ ਹੀ ਮਿੱਲ ਵਿਚ
ਕੰਮ ਕਰਦਾ ਸੀ। (ਨੋਟ: ਰੁਲੀਆ ਸਿੰਘ ਅੰਡੇਮਾਨ ਜੇਲ੍ਹ ਵਿਚ ਸ਼ਹੀਦੀ ਪਾ ਗਏ ਸਨ)
ਪਹਿਲੀ ਨਵੰਬਰ 1913 ਤੱਕ ਨਾ ਹੀ ਦਫ਼ਤਰ ਕਾਇਮ ਹੋਇਆ ਤੇ ਨਾ ਹੀ ਅਖ਼ਬਾਰ ਨਿਕਲਿਆ। ਅਖੀਰ
ਸਥਾਨਕ ਕਮੇਟੀਆਂ ਨੇ ਪ੍ਰਧਾਨ ਇੰਤਜਾਮੀਆਂ ਕਮੇਟੀ ਨੂੰ ਲਿਖਣਾ ਸ਼ੁਰੂ ਕਰ ਦਿੱਤਾ ਤੇ
ਲਾ-ਪ੍ਰਵਾਹੀ ਦੀ ਵਜ੍ਹਾ ਪੁੱਛੀ। ਪ੍ਰਧਾਨ ਨੇ ਲਾਲਾ ਹਰਦਿਆਲ ਨੂੰ ਸਥਾਨਕ ਕਮੇਟੀਆਂ ਦੀ
ਸ਼ਿਕਾਇਤ ਤੋਂ ਜਾਣੂ ਕਰਵਾਇਆ ਤੇ ਜ਼ੋਰ ਦਿੱਤਾ ਕਿ ਹੁਣ ਦੇਰੀ ਕਰਨ ਨਾਲ ਜਨਤਾ ਬਦਜ਼ਨ ਹੋ
ਜਾਵੇਗੀ। ਜਲਦੀ ਕੰਮ ਸ਼ੁਰੂ ਹੋਣਾ ਚਾਹੀਦਾ ਹੈ। ਤਦ ਪਹਿਲੀ ਨਵੰਬਰ 1913 ਨੂੰ ਗ਼ਦਰ ਅਖ਼ਬਾਰ ਦਾ
ਪਹਿਲਾ ਪਰਚਾ ਹੈਂਡ ਮਸ਼ੀਨ ‘ਤੇ ਕਰਤਾਰ ਸਿੰਘ ਸਰਾਭਾ ਤੇ ਰਘਬੀਰ ਦਿਆਲ (ਯੂ.ਪੀ.) ਦੀ ਮਦਦ
ਨਾਲ ਕੱਢਿਆ ਗਿਆ। ਇਕ ਮਕਾਨ ਕਿਰਾਏ ‘ਤੇ ਲੈ ਕੇ ਦਫ਼ਤਰ ਖੋਲ੍ਹਿਆ ਗਿਆ ਜਿਸ ਦਾ ਨਾਂ
‘‘ਯੁਗਾਂਤਰ ਆਸ਼ਰਮ‘‘ ਰਖਿਆ ਗਿਆ। ਗ਼ਦਰ ਅਖ਼ਬਾਰ ਦੇ ਪਹਿਲੇ ਸਫ਼ੇ ‘ਤੇ ਲਿਖਿਆ ਹੁੰਦਾ:
ਜੇ ਤਉ ਪ੍ਰੇਮ ਖੇਲਨ ਦਾ ਚਾਉ
ਸਿਰ ਧਰ ਤਲੀ ਗਲੀ ਮੇਰੀ ਆਉ।
ਮੁੱਖ ਸੰਪਾਦਕ ਲਾਲਾ ਹਰਦਿਆਲ ਉਰਦੂ ਵਿਚ ਲਿਖਦੇ ਸਨ ਤੇ ਪੰਜਾਬੀ ਵਿਚ ਉਲੱਥਾ ਕਰਤਾਰ ਸਿੰਘ
ਸਰਾਭਾ ਕਰਦਾ ਸੀ। ਛਾਪੇ ਦੀ ਹੈਂਡ ਮਸ਼ੀਨ ਉਹ ਆਪਣੇ ਹਥੀਂ ਚਲਾਉਂਦਾ ਸੀ। ਸ਼ੁਰੂ ਸ਼ੁਰੂ ਵਿਚ
ਯੁਗਾਂਤਰ ਆਸ਼ਰਮ ਦਾ ਸਾਰਾ ਕੰਮ ਕਰਤਾਰ ਸਿੰਘ ਦੇ ਸਿਰ ‘ਤੇ ਹੀ ਰਿਹਾ। ਕਈ ਹਫ਼ਤੇ ਪਿਛੋਂ
ਦੂਸਰੇ ਸਾਥੀ ਸਹਾਇਤਾ ਲਈ ਭੇਜੇ ਗਏ। ਉਸ ਨੂੰ ਰਾਤ ਦਿਨ ਆਰਾਮ ਦੀ ਕਦੀ ਨਾ ਸੁਝੀ, ਬਲਕਿ ਜਦ
ਸੁਝਦਾ ਸੀ ਤਾਂ ਕੰਮ। ਜਿੰਨਾ ਉਹ ਅਣਥੱਕ ਮਿਹਨਤੀ ਸੀ, ਓਨਾ ਹੀ ਫੁਰਤੀਲਾ ਵੀ ਸੀ।
ਕੈਲੇਫੋਰਨੀਆ ਦੇ ਦੇਸ਼ ਭਗਤਾਂ ਨੇ ਸੈਕਰਾਮੈਂਟੋ ਵਿਚ ਦਸੰਬਰ 1913 ਨੂੰ ਵੱਡੇ ਦਿਨਾਂ ਦੀਆਂ
ਛੁੱਟੀਆਂ ਵਿਚ ਕਾਨਫ੍ਰੰਸ ਰੱਖ ਦਿੱਤੀ, ਜਿਸ ਵਿੱਚ ਭਾਈ ਕੇਸਰ ਸਿੰਘ, ਪੰਡਤ ਕਾਂਸ਼ੀ ਰਾਮ,
ਮੁਨਸ਼ੀ ਰਾਮ, ਲਾਲਾ ਹਰਦਿਆਲ ਤੇ ਮੈਂ ਉਰੇਗਾਨ ਤੇ ਵਾਸ਼ਿੰਗਟਨ ਸਟੇਟ ਵਲੋਂ ਸ਼ਾਮਲ ਹੋਏ। ਹਰਨਾਮ
ਸਿੰਘ (ਟੁੰਡੀਲਾਟ), ਪਹਿਲਾਂ ਹੀ ਸਾਨਫ੍ਰਾਂਸਿਸਕੋ ਦੇ ਦਫ਼ਤਰ ਵਿਚ ਕੰਮ ਕਰਦਾ ਸੀ।
ਕੈਲੇਫੋਰਨੀਆ ਵਾਲਿਆਂ ਨੇ ਪਿਛਲੀ ਚੋਣ ਹੀ ਪ੍ਰਵਾਨ ਕਰ ਲਈ, ਸਿਰਫ਼ ਉਨ੍ਹਾਂ ਅੰਤ ਪ੍ਰਧਾਨ ਭਾਈ
ਜਵਾਲਾ ਸਿੰਘ ਨੂੰ ਰਖਿਆ। ਭਗਤ ਸਿੰਘ (ਦੂਜਾ ਨਾਂ ਗਾਂਧਾ ਸਿੰਘ), ਕਰਤਾਰ ਸਿੰਘ ਸਰਾਭਾ ਤੇ
ਹੋਰ ਉੱਘੇ ਦੇਸ਼ ਭਗਤ ਵੀ ਕਾਨਫ੍ਰੰਸ ਵਿਚ ਸ਼ਾਮਲ ਸਨ। ਮੈਂ ਆਪਣਾ ਨਿੱਜੀ ਕੰਮ ਛੱਡ ਦਿੱਤਾ ਤੇ
ਸਾਥੀਆਂ ਦੇ ਮਿਲਵਰਤਨ ਨਾਲ ਜਥੇਬੰਦਕ ਕੰਮ ਨੂੰ ਕਿਸੇ ਹੱਦ ਤੱਕ ਪੂਰਾ ਕੀਤਾ। ਭਾਈ ਗਾਂਧਾ
ਸਿੰਘ ਤੇ ਭਾਈ ਕਰਤਾਰ ਸਿੰਘ (ਦੁੱਕੀ) ਹਮੇਸ਼ਾਂ ਮੇਰੇ ਨਾਲ ਰਹਿੰਦੇ ਤੇ ਕਦੇ ਟਾਇਮ ਮਿਲਣ ‘ਤੇ
ਕਰਤਾਰ ਸਿੰਘ ਸਰਾਭਾ ਵੀ ਮਦਦ ਦੇ ਜਾਂਦੇ। ਦਫ਼ਤਰ ਦਾ ਕੰਮ ਜਨਰਲ ਸਕੱਤਰ ਭਾਈ ਸੰਤੋਖ ਸਿੰਘ
ਚਲਾਉਂਦੇ ਤੇ ਅਖ਼ਬਾਰ ਦਾ ਕੰਮ ਮੁੱਖ ਸੰਪਾਦਕ ਹਰਨਾਮ ਸਿੰਘ ਟੁੰਡੀਲਾਟ ਤੇ ਸਹਾਇਕ ਕਰਤਾਰ
ਸਿੰਘ ਸਰਾਭਾ, ਰਾਮ ਚੰਦਰ ਤੇ ਸੋਹਣ ਲਾਲ ਪਾਠਕ ਚਲਾਉਂਦੇ ਸਨ।
ਫੌਜੀ ਸਿੱਖਿਆ: ਲਾਲਾ ਹਰਦਿਆਲ ਦੇ ਚਲੇ ਜਾਣ ਤੋਂ ਪਿਛੋਂ ਮੈਂ ਬਹੁਤਾ ਵਕਤ ਆਸ਼ਰਮ ਨੂੰ ਹੀ
ਦੇਣ ਲੱਗ ਪਿਆ। ਕਮਿਸ਼ਨ ਨੇ ਅਮਲੀ ਤਿਆਰੀ ਵੱਲ ਧਿਆਨ ਦਿੱਤਾ ਤੇ ਆਉਣ ਵਾਲੇ ਸਮੇਂ ਵਿਚ ਹਵਾਈ
ਤਾਕਤ ਦੀ ਮਹਾਨਤਾ ਨੂੰ ਮਹਿਸੂਸ ਕੀਤਾ। ਨਾਲ ਹੀ ਫੌਜੀ ਸਿਖਲਾਈ ਦਾ ਪ੍ਰੋਗਰਾਮ ਬਣਾਇਆ। ਦੋ
ਜਰਨੈਲ, ਕਰਤਾਰ ਸਿੰਘ ਸਰਾਭਾ ਤੇ ਮਾਸਟਰ ਊਧਮ ਸਿੰਘ ਕਸੇਲ ਚੁਣੇ ਗਏ। ਕਰਤਾਰ ਸਿੰਘ ਨੂੰ
ਹਵਾਈ ਜਹਾਜ਼ ਉਡਾਉਣ ਦੀ ਸਿਖਲਾਈ ਲਈ ਇਕ ਜਰਮਨ ਕੰਪਨੀ ਕੋਲ ਸਾਨਫ੍ਰਾਂਸਿਸਕੋ ਦੇ ਜਰਮਨ
ਕੌਂਸਲਰ ਰਾਹੀਂ ਭੇਜਿਆ। ਇਹ ਜਰਮਨ ਕੌਂਸਲਰ ਨਾਲ ਪਹਿਲੀ ਗੱਲਬਾਤ ਸੀ, ਜਿਹੜੀ ਭਾਈ ਸੰਤੋਖ
ਸਿੰਘ ਰਾਹੀਂ ਹੋਈ।
23 ਮਈ 1914 ਨੂੰ ਕਾਮਾਗਾਟਾ ਮਾਰੂ ਜਹਾਜ਼ ਵੈਨਕੂਵਰ (ਕਨੇਡਾ) ਪਹੁੰਚਿਆ। ਪਰ ਕਨੇਡਾ ਸਰਕਾਰ
ਨੇ ਬੰਦਰਗਾਹ ‘ਤੇ ਰੋਕ ਦਿੱਤਾ ਅਤੇ ਜਹਾਜ਼ ਬੰਦਰਗਾਹ ਦੀ ਹੱਦ ਤੋਂ ਪਰ੍ਹੇ ਸਮੁੰਦਰ ਵਿਚ ਹੀ
ਖੜਾ ਰਿਹਾ। ਬਾਹਰ ਕਨੇਡਾ ਦੇ ਹਿੰਦੀ ਮੁਸਾਫ਼ਰਾਂ ਦੇ ਉਤਰਨ ਲਈ ਕਾਨੂੰਨੀ ਲੜਾਈ ਲੜ੍ਹ ਰਹੇ
ਸਨ। ਬੜੀ ਜਦੋ ਜਹਿਦ ਤੋਂ ਪਿਛੋਂ 23 ਜੁਲਾਈ 1914, ਜਹਾਜ਼ ਦੇ ਵਾਪਸ ਜਾਣ ਦੀ ਤਾਰੀਕ ਨਿਯਤ
ਹੋ ਗਈ। ਤਦ ਤੱਕ ਗ਼ਦਰ ਪਾਰਟੀ ਦੇ ਜ਼ਿਮੇਵਾਰਾਂ ਨੇ ਫੈਸਲਾ ਕੀਤਾ ਕਿ ਇਕ ਪਾਰਟੀ ਦਾ ਜ਼ਿੰਮੇਵਾਰ
ਕਾਮਾਗਾਟਾ ਮਾਰੂ ਦੇ ਨਾਲ ਨਾਲ ਜਾਏ ਤੇ ਯੋਕੋਹਾਮਾ ਵਿਚ ਜਾ ਕੇ ਜਹਾਜ਼ ਦੇ ਮੁਸਾਫ਼ਰਾਂ ਨੂੰ
ਮਿਲੇ ਤੇ ਉਨ੍ਹਾਂ ਨੂੰ ਇਨਕਲਾਬੀ ਲਾਈਨ ਸਮਝਾਏ। ਇਸ ਕੰਮ ਲਈ ਮੇਰੀ ਡਿਊਟੀ ਲੱਗੀ। 200
ਪਿਸਤੌਲ ਅਤੇ 2000 ਗੋਲੀਆਂ, ਦੋ ਪੇਟੀਆਂ ਵਿਚ ਬੰਦ ਕਰਕੇ ਜਹਾਜ਼ ਨੂੰ ਦੇਣ ਲਈ ਲਿਜਾਣੀਆਂ
ਸਨ। ਇਸ ਦਾ ਬੰਦੋਬਸਤ ਭਾਈ ਭਗਵਾਨ ਸਿੰਘ ਤੇ ਕਰਤਾਰ ਸਿੰਘ ਸਰਾਭੇ ‘ਤੇ ਸੁੱਟਿਆ ਗਿਆ। ਉਹਨਾਂ
ਨੇ ਜਹਾਜ਼ ‘ਤੇ ਇਕ ਕਮਰਾ ਰੀਜ਼ਰਵ ਕਰਵਾ ਕੇ ਜਹਾਜ਼ ਚੱਲਣ ਤੋਂ ਇਕ ਘੰਟਾ ਪਹਿਲਾਂ ਇਹ ਪੇਟੀਆਂ
ਕਰਤਾਰ ਸਿੰਘ ਦੇ ਹੱਥੀਂ ਕਮਰੇ ਵਿਚ ਰੱਖਵਾ ਦਿੱਤੀਆਂ। ਮੈਂ ਬੜੇ ਧਿਆਨ ਨਾਲ ਯੁਗਾਂਤਰ ਆਸ਼ਰਮ
ਵਿਚੋਂ ਨਿਕਲਿਆ ਤੇ ਰਸਤੇ ਵਿਚ ਦੂਜੀ ਕਾਰ ਬਦਲ ਕੇ ਜਹਾਜ਼ ਦੇ ਤੁਰਨ ਤੋਂ ਕੋਈ 15 ਮਿੰਟ
ਪਹਿਲਾਂ ਜਹਾਜ਼ ਤੋਂ ਕਰਤਾਰ ਸਿੰਘ ਨੂੰ ਚਲੇ ਜਾਣ ਦਾ ਇਸ਼ਾਰਾ ਕਰਕੇ ਕਮਰੇ ਵਿਚ ਜਾ ਬੈਠਾ। ਅਜੇ
ਮੇਰਾ ਜਹਾਜ਼ ਅਮਰੀਕਾ ਅਤੇ ਜਾਪਾਨ ਦੇ ਵਿਚਾਲੇ ਹੀ ਸੀ ਕਿ ਜਹਾਜ਼ ਵਾਲਿਆਂ ਨੇ ਜੰਗ ਛਿੜਨ ਦੀ
ਖ਼ਬਰ ਸੁਣਾ ਦਿੱਤੀ।
ਅਜੇ ਕਾਮਾਗਾਟਾ ਮਾਰੂ ਨਾਲ ਸਬੰਧਤ ਕੰਮ ਤੋਂ ਕੁਝ ਵਿਹਲ ਮਿਲੀ ਹੀ ਸੀ ਕਿ ਕਰਤਾਰ ਸਿੰਘ
ਸਰਾਭਾ ਇਕ ਹੋਰ ਸਾਥੀ ਸਮੇਤ ਹੋਟਲ ਵਿਚ ਆਕੇ ਮਿਲੇ ਤੇ ਪਾਰਟੀ ਦੇ ਉਸ ਫੈਸਲੇ ਦੀ ਇਤਲਾਹ
ਦਿੱਤੀ ਜਿਸ ਦੇ ਅਨੁਸਾਰ ਪਾਰਟੀ ਨੇ ਮੌਕੇ ਦੇ ਹਾਲਾਤ ਸਾਹਮਣੇ ਰਖਦਿਆਂ ਹੋਇਆਂ ਅੰਗਰੇਜ਼ਾਂ ਦੇ
ਵਿਰੁੱਧ ਹਿੰਦੁਸਤਾਨ ਜਾ ਕੇ ਇਨਕਲਾਬ ਕਰਨ ਦਾ ਐਲਾਨ ਕਰ ਦਿੱਤਾ ਸੀ। ਜਦ ਜਹਾਜ਼ ਕਲਕੱਤੇ ਤੋਂ
ਆ ਕੇ ਲੱਗਾ ਤਾਂ ਮੇਰੀ ਅਤੇ ਦੋ ਹੋਰ ਸਾਥੀ ਜੋ ਕਨੇਡਾ ਤੋਂ ਆਏ ਸਨ, ਤਿੰਨਾਂ ਦੀ ਪੁਲਿਸ ਨੇ
ਗ੍ਰਿਫ਼ਤਾਰੀ ਕਰ ਲਈ ਤੇ ਬੰਦ ਗੱਡੀ ਵਿਚ ਬਿਠਾ ਕੇ ਫੌਜੀ ਪਹਿਰੇ ਹੇਠਾਂ ਕਲਕੱਤੇ ਦੀ ਕੋਤਵਾਲੀ
ਵਿਚ ਲਿਆ ਕੇ ਬੰਦ ਕਰ ਦਿੱਤਾ। ਦੋ ਦਿਨ ਪਿਛੋਂ ਪੁਲਿਸ ਦੇ ਪਹਿਰੇ ਹੇਠ ਸਾਨੂੰ ਲੁਧਿਆਣੇ ਲੈ
ਆਏ ਕਿਉਂਕਿ ਲੁਧਿਆਣਾ ਜੇਲ੍ਹ ਘਰ, ਬਾਹਰ ਤੋਂ ਆਏ ਇਨਕਲਾਬੀਆਂ ਦੀ ਜਾਂਚ ਪੜਤਾਲ ਲਈ ਮੁਕੱਰਰ
ਸੀ। ਮੈਨੂੰ ਪੁਲੀਸ ਦੇ ਪਹਿਰੇ ਵਿਚ ਡਿਸਟ੍ਰਿਕਟ ਜੇਲ੍ਹ ਮੁਲਤਾਨ ਵਿਚ ਭੇਜ ਦਿੱਤਾ। ਜਦੋਂ
ਮੈਨੂੰ ਲੁਧਿਆਣੇ ਜੇਲ੍ਹ ਤੋਂ ਪੁਲੀਸ ਦੇ ਪਹਿਰੇ ਵਿਚ ਟਾਂਗੇ ‘ਤੇ ਬਿਠਾ ਕੇ ਸਟੇਸ਼ਨ ਵੱਲ
ਲਿਜਾਇਆ ਜਾ ਰਿਹਾ ਸੀ ਤਾਂ ਪਿਛੋਂ ਸਾਈਕਲ ‘ਤੇ ਕਰਤਾਰ ਸਿੰਘ ਸਰਾਭਾ ਆ ਮਿਲਿਆ। ਉਹ ਖ਼ਤਰੇ
ਵੇਲੇ ਸਭ ਤੋਂ ਅੱਗੇ ਰਹਿੰਦਾ ਸੀ। ਉਹ ਫੌਜੀ ਪਲਟਨਾਂ ਵਿਚ ਨਿਧੜਕ ਹੋ ਕੇ ਜਾਂਦਾ ਅਤੇ ਬਗੈਰ
ਕਿਸੇ ਡਰ ਦੇ ਫੌਜੀਆਂ ਨੂੰ ਪ੍ਰੇਰਦਾ। ਉਹਦੀ ਇਸ ਨਿਡਰਤਾ ਦਾ ਫੌਜੀਆਂ ਉਤੇ ਏਨਾ ਅਸਰ ਹੁੰਦਾ
ਕਿ ਉਹ ਅਜ਼ਾਦੀ ਦੀ ਜੰਗ ਵਿਚ ਸ਼ਾਮਲ ਹੋਣ ਲਈ ਫੌਰਨ ਤਿਆਰ ਹੋ ਜਾਂਦੇ। ਮੈਂ ਕਰਤਾਰ ਸਿੰਘ
ਸਰਾਭਾ ਨੂੰ ਦਸਿਆ ਕਿ ਮੇਰਾ ਚਲਾਨ ਡਿਸਟ੍ਰਿਕਟ ਜੇਲ੍ਹ ਮੁਲਤਾਨ ਵਿਚ ਹੋ ਗਿਆ ਹੈ ਤੇ ਤੁਸੀਂ
ਜਾਉ। ਮੇਰੀ ਗ੍ਰਿਫ਼ਤਾਰੀ 1914 ਨੂੰ ਹੋਈ।
ਨਾਨਕ ਸਿੰਘ ਨਾਵਲਿਸਟ
ਇਕ ਸਵਾਲ ਦੇ ਜਵਾਬ ਵਿੱਚ ਪੁੱਛੇ ਸਵਾਲ ਕਿ ਨਾਨਕ ਸਿੰਘ ‘ਇਕ ਮਿਆਨ ਦੋ ਤਲਵਾਰਾਂ‘ ਵਿਚ
ਕਰਤਾਰ ਸਿੰਘ ਸਰਾਭੇ ਦਾ ਇਕ ਰਘਬੀਰ ਕੌਰ ਨਾਮਕ ਕੁੜੀ ਨਾਲ ਪਿਆਰ ਦੇ ਵਰਨਣ ਬਾਰੇ ਪੁੱਛੇ
ਸਵਾਲ ਦੇ ਜਵਾਬ ਵਿੱਚ ਬਾਬਾ ਭਕਨਾ ਨੇ ਕਿਹਾ:
ਕਰਤਾਰ ਸਿੰਘ ਸਰਾਭਾ ਗ਼ਦਰ ਪਾਰਟੀ ਦੀ ਰੂਹ ਸੀ। ਉਹ ਪਾਰਟੀ ਦਾ ਸਕੱਤਰ ਤੇ ‘ਗ਼ਦਰ ਦੀ ਗੂੰਜ‘
ਅਖ਼ਬਾਰ ਦਾ ਐਡੀਟਰ ਸੀ। ਉਹ ਬੜਾ ਨਿਧੜਕ ਤੇ ਦਲੇਰ ਨੌਜਵਾਨ ਸੀ। ਉਸ ਅੰਦਰ ਦੇਸ਼ ਭਗਤੀ ਕੁੱਟ
ਕੁੱਟ ਕੇ ਭਰੀ ਹੋਈ ਸੀ। ਉਹ ਦੇਸ਼ ਦੀ ਖ਼ਾਤਰ ਹੀ ਜੀਉਂਦਾ ਸੀ ਤੇ ਦੇਸ਼ ਦੀ ਖ਼ਾਤਰ ਹੀ ਮਰਿਆ ਸੀ।
ਉਸ ਦਾ ਕਿਸੇ ਕੁੜੀ ਨਾਲ ਪਿਆਰ ਵਰਗਾ ਸਬੰਧ ਨਹੀਂ ਸੀ। ਹਾਂ ਉਸ ਨਾਲ ਕਈ ਕੁੜੀਆਂ ਉਸ ਦੇ ਕੰਮ
ਵਿਚ ਹੱਥ ਵਟਾਉਂਦੀਆਂ ਸਨ। ਉਸਦਾ ਕੁੜੀਆਂ ਨਾਲ ਵਾਹ ਪੈਂਦਾ ਸੀ ਪਰ ਉਸ ਦਾ ਸਬੰਧ ਕੇਵਲ
ਉਹਨਾਂ ਤੋਂ ਦੇਸ਼ ਭਗਤੀ ਦੇ ਕੰਮਾਂ ਲਈ ਮਦਦ ਲੈਣ ਤੱਕ ਹੀ ਸੀਮਤ ਸੀ। ਉਹ ਜੇਲ੍ਹ ਵਿਚ ਮੇਰੇ
ਨਾਲ ਹੀ ਸੀ। ਉਥੇ ਉਸਨੂੰ ਨਾਨਕ ਸਿੰਘ ਨਾਵਲਿਸਟ ਦੇ ਵਰਨਣ ਵਾਂਗ ਕੋਈ ਅਜਿਹੀ ਕੁੜੀ ਮਿਲਣ
ਨਹੀਂ ਆਈ। ਇਹ ਘਟਨਾ ਨਾਨਕ ਸਿੰਘ ਦੇ ਆਪਣੇ ਦਿਮਾਗ ਦੀ ਕਾਢ ਹੈ। ਨਾਵਲਕਾਰ ਆਮ ਤੌਰ ‘ਤੇ
ਆਪਣੇ ਨਾਵਲਾਂ ਨੂੰ ਸੁਆਦਲਾ ਬਣਾਉਣ ਲਈ ਵਿਰੋਧੀ ਲਿੰਗਾਂ ਦੇ ਪਿਆਰ ਜਿਹੇ ਪਰਸਪਰ ਸਬੰਧਾਂ
ਦੀਆਂ ਕਹਾਣੀਆਂ ਛੇੜ ਲੈਂਦੇ ਹਨ।
ਜੇ ਇਹ ਕਿਹਾ ਜਾਵੇ ਕਿ ਨਾਨਕ ਸਿੰਘ ਨੇ ਸਰਾਭੇ ਦੀ ਪਾਤਰ ਉਸਾਰੀ ਨੂੰ ਵਧੇਰੇ ਪ੍ਰਭਾਵਸ਼ਾਲੀ
ਬਣਾਉਣ ਲਈ ਉਹਨਾਂ ਦੇ ਪਿਆਰ ਦਾ ਵਰਨਣ ਕਰਕੇ ਇਹ ਦਸਣ ਦਾ ਯਤਨ ਕੀਤਾ ਹੈ ਕਿ ਸਰਾਭੇ ਨੂੰ
ਕਿਸੇ ਕੁੜੀ ਦਾ ਪਿਆਰ ਵੀ ਮੋਹ ਨਹੀਂ ਸੀ ਸਕਦਾ। ਉਹ ਤੇ ਦੇਸ਼ ਪਿਆਰ ਦਾ ਦੀਵਾਨਾ ਸੀ, ਇਸੇ
ਕਰਕੇ ਆਪਣੀ ਪ੍ਰੇਮਿਕਾ ਦੀ ਪਰਵਾਹ ਨਹੀਂ ਕੀਤੀ ਤੇ ਦੇਸ਼ ਦੀ ਖ਼ਾਤਰ ਮਰ ਜਾਣਾ ਚੰਗਾ ਸਮਝਿਆ,
ਤਾਂ ਇਹ ਵੀ ਇੰਨਾ ਫ਼ਬਦਾ ਨਹੀਂ ਕਿਉਂਕਿ ਸਰਾਭੇ ਦਾ ਪਾਤਰ ਪਹਿਲਾਂ ਹੀ ਲਾਸਾਨੀ ਹੈ, ਜਿਸ ਨੇ
ਆਪਣੇ ਦੇਸ਼-ਪਿਆਰ ਦੇ ਆਦਰਸ਼ ਖ਼ਾਤਰ ਉਨੀਂ ਸਾਲਾਂ ਦੀ ਉਮਰ ਵਿਚ ਫਾਂਸੀ ਦੇ ਰੱਸੇ ਨੂੰ ਹੱਸਦੇ
ਹੱਸਦੇ ਗੱਲ ਵਿਚ ਪਾ ਲਿਆ। ਉਸਦਾ ਅਸਲ ਪਿਆਰ ਦੇਸ਼ ਨਾਲ ਸੀ। ਉਸੇ ਖ਼ਾਤਰ ਉਸ ਨੇ ਜਾਨ ਲਾ
ਦਿੱਤੀ।
(ਦੇਸ਼ ਭਗਤ ਯਾਦਾਂ ਦੇ ਮਈ 1964 ਦੇ ਗੋਲਡਨ ਜੁਬਲੀ ਅੰਕ ਵਿੱਚ)
ਅੱਜ ਮੇਰੀਆਂ ਅੱਖਾਂ ਸਾਹਮਣੇ 16 ਨਵੰਬਰ, 1915 ਦਾ ਉਹ ਦਿਨ ਆ ਰਿਹਾ ਹੈ, ਜਿਸ ਦਿਨ ਮੇਰੇ
ਸੱਤ ਸਾਥੀਆਂ (ਸਰਦਾਰ ਕਰਤਾਰ ਸਿੰਘ ਸਰਾਭਾ, ਭਾਈ ਬਖਸ਼ੀਸ਼ ਸਿੰਘ, ਭਾਈ ਸੁਰੈਣ ਸਿੰਘ ਸਪੁੱਤਰ
ਬੂੜ ਸਿੰਘ, ਭਾਈ ਸੁਰੈਣ ਸਿੰਘ ਸਪੁੱਤਰ ਈਸ਼ਰ ਸਿੰਘ, ਭਾਈ ਹਰਨਾਮ ਸਿੰਘ, ਸ਼੍ਰੀ ਵਿਸ਼ਣੂ ਗਣੇਸ਼
ਪਿੰਗਲੇ ਅਤੇ ਭਾਈ ਜਗਤ ਸਿੰਘ) ਨੇ ਹੱਸਦਿਆਂ ਹੱਸਦਿਆਂ ਫਾਂਸੀ ਦੇ ਰੱਸੇ ਗਲਾਂ ਵਿਚ ਪਾਏ।
ਆਖ਼ਰੀ ਸਮੇਂ ਫਾਂਸੀ ਦੇ ਤਖ਼ਤੇ ਉੱਤੇ ਖੜੇ ਹੋ ਕੇ ਆਪਣੀ ਮਾਤ ਭੂਮੀ ਨੂੰ ਸੁਨੇਹਾ ਦਿੱਤਾ, ‘‘ਐ
ਭਾਰਤ ਮਾਤਾ ਅਸੀਂ ਤੇਰੀਆਂ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜ ਨਹੀਂ ਸਕੇ। ਜੇ ਸਾਡੇ ਵਿਚੋਂ
ਇਕ ਵੀ ਸਾਥੀ ਜੀਉਂਦਾ ਰਿਹਾ ਤਾਂ ਆਖ਼ਰੀ ਦਮ ਤੱਕ ਆਪਣੀ ਮਾਤਰ ਭੂਮੀ ਅਤੇ ਜਨਤਾ ਦੀ ਆਜ਼ਾਦੀ
ਅਤੇ ਬਰਾਬਰੀ ਲਈ ਲੜਦਾ ਰਹੇਗਾ। ਹਰ ਤਰ੍ਹਾਂ ਦੀ ਗੁਲਾਮੀ, ਕੀ ਆਰਥਿਕ ਕੀ ਰਾਜਨੀਤਿਕ ਅਤੇ ਕੀ
ਸਮਾਜਿਕ, ਨੂੰ ਦੇਸ਼ ਅਤੇ ਮਨੁੱਖੀ ਸਮਾਜ ਤੋਂ ਮਿਟਾਉਣ ਦੀ ਕੋਸ਼ਿਸ਼ ਕਰੇਗਾ।‘‘
ਇਹਨਾਂ ਸ਼ਹੀਦਾਂ ਦਾ ਮੁਕੱਦਮਾ ਸੈਂਟਰਲ ਜੇਲ੍ਹ ਲਾਹੌਰ ਦੇ ਅੰਦਰ 16 ਨੰਬਰ ਪਾਰਕ ਵਿਚ ਸ਼ੁਰੂ
ਹੋਇਆ। ਇਹ ਮੁਕੱਦਮਾ ਸਪੈਸ਼ਲ ਕੋਰਟ ਦੇ ਸਾਹਮਣੇ ਪੇਸ਼ ਹੋਇਆ। ਇਸ ਦਾ ਫੈਸਲਾ ਆਖਰੀ ਸੀ। ਇਸ ਦੇ
ਵਿਰੁੱਧ ਨਾ ਕੋਈ ਅਪੀਲ ਅਤੇ ਨਾ ਕੋਈ ਦਲੀਲ ਸੀ।
ਪਹਿਲੇ ਮੁਕੱਦਮੇ-1915 ਵਿਚ 24 ਦੇਸ਼ ਭਗਤਾਂ ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ। ਇਸ ਹੁਕਮ
ਨੂੰ ਉਹਨਾਂ ਖਿੜੇ ਮੱਥੇ ਸੁਣਿਆ। ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਨੇ ਉੱਚੀ ਆਵਾਜ਼
ਨਾਲ ‘‘‘‘ੀ ਖਰਚ‘‘ (ਧੰਨਵਾਦ) ਕਿਹਾ। ਜਦ ਕੈਦੀਆਂ ਵਾਲੇ ਕੱਪੜੇ ਪਹਿਨਾ ਕੇ ਫਾਂਸੀ ਦੀਆਂ
ਕੋਠੜੀਆਂ ਵਿਚ ਸਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਜੇਲ੍ਹ ਨਿਯਮਾਂ ਅਨੁਸਾਰ, ਜੇਲ੍ਹ
ਸੁਪਰੀਟੈਂਡੈਂਟ ਹਰ ਇਕ ਕੋਲ ਆਇਆ ਅਤੇ ਕਿਹਾ ‘‘ਤੁਸੀਂ ਜਾਣਦੇ ਹੋ ਕਿ ਸਪੈਸ਼ਲ ਕੋਰਟ ਦਾ
ਫੈਸਲਾ ਆਖ਼ਰੀ ਫ਼ੈਸਲਾ ਹੁੰਦਾ ਹੈ। ਹਾਂ ਤੁਸੀਂ ਬਾਦਸ਼ਾਹ ਅੱਗੇ ਰਹਿਮ ਦੀ ਦਰਖ਼ਾਸਤ ਕਰ ਸਕਦੇ
ਹੋ।‘‘ ਸਿਵਾਏ ਭਾਈ ਪਰਮਾਨੰਦ ਲਾਹੌਰ ਅਤੇ ਇਕ ਹੋਰ ਆਦਮੀ, ਜਿਸ ਨੇ ਪਿੰਡ ਚੱਬਾ ਜ਼ਿਲ੍ਹਾ
ਅੰਮ੍ਰਿਤਸਰ ਵਿਚ ਦੇਸ਼ਭਗਤਾਂ ਨੂੰ ਪਰੇਰ ਕੇ ਇਕ ਸ਼ਾਹੂਕਾਰ ਦੇ ਘਰ ਡਾਕਾ ਮਰਵਾਇਆ ਸੀ, ਜਿਸ ਦਾ
ਕਿ ਉਸ ਨੇ ਕਰਜਾ ਦੇਣਾ ਸੀ, ਹੋਰ ਕਿਸੇ ਨੇ ਰਹਿਮ ਦੀ ਅਪੀਲ ਨਾ ਕੀਤੀ। ਸਗੋਂ ਇਸ ਪੇਸ਼ਕਸ਼ ਨੂੰ
ਠੁਕਰਾ ਦਿੱਤਾ। ਕਰਤਾਰ ਸਿੰਘ ਨੇ ਇਸ ਪੇਸ਼ਕਸ਼ ਦਾ ਮਖੌਲ ਉਡਾਇਆ ਅਤੇ ਕਿਹਾ ਕਿ ‘‘ਮੈਂ ਅਪੀਲ
ਕਰਦਾ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ।‘‘
ਅਸੀਂ 24 ਫਾਂਸੀ ਲੱਗਣ ਵਾਲੇ ਪਾਰਕ ਨੰਬਰ 121 ਵਿਚ 24 ਕੋਠੀਆਂ ਦੀ ਕਤਾਰ ਵਿਚ ਨਾਲ-ਨਾਲ
ਬੰਦ ਕੀਤੇ ਹੋਏ ਸੀ। ਸਾਨੂੰ ਸ਼ਾਮ ਨੂੰ ਅੱਧਾ ਘੰਟਾ ਟਹਿਲਣ ਲਈ ਵਿਹੜੇ ਵਿਚ ਕੱਢਿਆ ਜਾਂਦਾ
ਸੀ। ਇਕ ਦਿਨ ਜਦ ਮੈਨੂੰ ਮੌਕਾ ਮਿਲਿਆ ਤਾਂ ਮੈਂ ਟਹਿਲਦਿਆਂ-ਟਹਿਲਦਿਆਂ ਕਰਤਾਰ ਦੀ ਕੋਠੀ ਵਿਚ
ਝਾਤੀ ਮਾਰੀ। ਅੰਦਰ ਸਾਹਮਣੇ ਕੰਧ ਉੱਤੇ ਕੋਲੇ ਨਾਲ ਮੋਟੇ ਅੱਖਰਾਂ ਵਿਚ ਲਿਖਿਆ ਸੀ,
‘‘ਸ਼ਹੀਦੋਂ ਕਾ ਖ਼ੂਨ ਕਭੀ ਖ਼ਾਲੀ ਨਹੀਂ ਜਾਤਾ।‘‘ ਪੜ੍ਹ ਕੇ ਮੈਂ ਆਖਿਆ, ‘‘ਕਰਤਾਰ! ਏਥੇ ਤਾਂ
ਹੱਡੀਆਂ ਵੀ ਜੇਲ੍ਹ ਦੇ ਵਿਚ ਹੀ ਸਾੜ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਕਿਸੇ ਨੂੰ ਬਾਹਰ ਪਤਾ
ਨਾ ਲੱਗੇ। ਤੂੰ ਲਿਖਿਆ ਹੈ ਕਿ ‘‘ਸ਼ਹੀਦੋਂ ਕਾ ਖੂਨ ਕਭੀ ਖ਼ਾਲੀ ਨਹੀਂ ਜਾਤਾ।‘‘ ਕਰਤਾਰ ਨੇ
ਹੱਸ ਕੇ ਜੁਆਬ ਦਿੱਤਾ, ‘‘ਹਾਂ ਜੀ, ਠੀਕ ਹੀ ਤਾਂ ਲਿਖਿਆ ਹੈ।‘‘ ਅੱਜ ਕਰਤਾਰ ਦੀ ਭਵਿੱਖ
ਬਾਣੀ ਮੈਨੂੰ ਚੇਤੇ ਆਉਾਂਦੀÔੈ ਕਿ ਉਹ ਕਿੰਨਾ ਸੂਝਵਾਨ, ਨਿਡਰ ਅਤੇ ਬਹਾਦਰ ਸੀ।
ਸੱਚ ਤਾਂ ਇਹ ਹੈ ਕਿ ਲਾਲਾ ਹਰਦਿਆਲ ਨੂੰ ਇਨਕਲਾਬ ਦੇ ਰਸਤੇ ਲਾਉਣ ਵਾਲਾ ਕਰਤਾਰ ਸਿੰਘ ਹੀ
ਸੀ। ਉਹ ਹੀ ਹਰਦਿਆਲ ਨੂੰ ਇਸ ਕੰਮ ਵੱਲ ਲਿਆਇਆ ਸੀ ਅਤੇ ਆਪਣੇ ਨਾਲ ਲਾਇਆ ਸੀ। ਜਦ ਪਹਿਲੀ
ਨਵੰਬਰ 1913 ਨੂੰ ‘ਗ਼ਦਰ‘ ਅਖ਼ਬਾਰ ਦਾ ਪਹਿਲਾਂ ਪਰਚਾ ਨਿਕਲਿਆ ਤਾਂ ਹਰਦਿਆਲ ਦੇ ਉਰਦੂ ਵਿਚ
ਲਿਖੇ ਹੋਏ ਮਜ਼ਮੂਨਾਂ ਦਾ ਤਰਜਮਾ ਕਰਤਾਰ ਸਿੰਘ ਹੀ ਕਰਦਾ ਸੀ। ਛਾਪੇ ਦੀ ਹੈਂਡ ਮਸ਼ੀਨ ਉਹ ਆਪਣੇ
ਹੱਥੀ ਚਲਾਉਾਂਦਾੴੀ। ਸ਼ੁਰੂ-ਸ਼ੁਰੂ ਵਿਚ ਯੁਗਾਂਤਰ ਆਸ਼ਰਮ ਦਾ ਸਾਰਾ ਕੰਮ ਕਰਤਾਰ ਸਿੰਘ ਦੇ ਸਿਰ
ਤੇ ਹੀ ਰਿਹਾ। ਕਈ ਹਫਤੇ ਪਿੱਛੋਂ ਦੂਸਰੇ ਸਾਥੀ ਸਹਾਇਤਾ ਲਈ ਭੇਜੇ ਗਏ। ਉਸ ਨੂੰ ਰਾਤ ਦਿਨ
ਆਰਾਮ ਦੀ ਕਦੀ ਨਾ ਸੁਝੀ। ਬਲਕਿ ਜਦ ਸੁੱਝਦਾ ਸੀ ਤਾਂ ਕੰਮ। ਜਿੰਨਾਂ ਉਹ ਅਣਥੱਕ ਮਿਹਨਤੀ ਸੀ
ਉਨਾ ਹੀ ਫੁਰਤੀਲਾ ਵੀ। ਹਵਾਈ ਜਹਾਜ਼ ਚਲਾਉਣ ਅਤੇ ਥੋੜ੍ਹੀ ਬਹੁਤ ਮੁਰੰਮਤ ਦਾ ਕੰਮ ਛੇ ਮਹੀਨੇ
ਦੇ ਅੰਦਰ ਹੀ ਸਿੱਖ ਲਿਆ। ਦੂਸਰੇ ਨੌਜਵਾਨਾਂ ਨੂੰ ਕੰਮ ਸਿਖਾਉਣ ਲਈ ਇਕ ਜੱਥਾ ਵੀ ਤਿਆਰ ਕਰ
ਲਿਆ।
ਉਹ ਇਕ ਬੇਮਿਸਾਲ ਦੇਸ਼ ਭਗਤ ਹੀ ਨਹੀਂ ਸੀ ਬਲਕਿ ਉਸਦੇ ਮਨ ਵਿਚੋਂ ਭੈ ਅਤੇ ਮੌਤ ਦਾ ਡਰ ਵੀ
ਦੂਰ ਹੋ ਚੁਕਿਆ ਸੀ। ਬੇਮਿਸਾਲ, ਤਿਆਗੀ ਅਤੇ ਕ੍ਰਾਂਤੀਕਾਰੀ ਜਰਨੈਲ ਹੁੰਦਿਆਂ ਹੋਇਆਂ ਉਹ
ਦੋਸਤਾਂ ਦਾ ਦੋਸਤ ਸੀ। ਉਹ ਖਤਰੇ ਵੇਲੇ ਸਭ ਤੋਂ ਅੱਗੇ ਰਹਿੰਦਾ ਸੀ। ਫ਼ੌਜੀ ਪਲਟਣਾ ਵਿਚ
ਨਿਧੜਕ ਹੋ ਕੇ ਜਾਂਦਾ ਅਤੇ ਬਗ਼ੈਰ ਕਿਸੇ ਡਰ ਦੇ ਫ਼ੌਜੀਆਂ ਨੂੰ ਪਰੇਰਦਾ। ਉਸ ਦੀ ਇਸ ਨਿਡਰਤਾ
ਦਾ ਫੌਜੀਆਂ ਉੱਤੇ ਅਜਿਹਾ ਅਸਰ ਹੁੰਦਾ ਕਿ ਉਹ ਆਜ਼ਾਦੀ ਦੀ ਜੰਗ ਵਿਚ ਸ਼ਾਮਲ ਹੋਣ ਲਈ ਫੋਰਨ
ਤਿਆਰ ਹੋ ਜਾਂਦੇ।
ਉਸ ਵਿਚ ਪੂਰਨ ਇਨਸਾਨੀ ਸਿਫ਼ਤਾਂ ਸਨ। ਮੈਂ ਖ਼ਿਆਲ ਕਰਦਾ ਹਾਂ ਕਿ ਦੁਨੀਆਂ ਦੇ ਇਤਿਹਾਸ ਵਿਚ
ਏਨੀਂ ਛੋਟੀ ਉਮਰ (19 ਸਾਲ) ਵਿਚ ਸ਼ਾਇਦ ਹੀ ਕੋਈ ਜਰਨੈਲ ਮਿਲੇ ਜੋ ਕਰਤਾਰ ਸਿੰਘ ਦਾ ਸਾਨੀ
ਹੋਵੇ। ਉਸਦੀ ਵਿੱਦਿਆ ਐੱਫ. ਏ. ਦੇ ਬਰਾਬਰ ਸੀ। ਉਰਦੂ, ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ
ਚੰਗੀ ਤਰ੍ਹਾਂ ਲਿਖ ਪੜ੍ਹ ਲੈਂਦਾ ਸੀ। ਸੱਚੀ ਗੱਲ ਤਾਂ ਇਹ ਹੈ ਕਿ ਜੋ ਉਹ ਸੀ, ਉਸ ਦੀ
ਜ਼ਿੰਦਗੀ ਦਾ ਚਿੱਤਰ ਖਿੱਚਣਾ ਮੇਰੀ ਕਲਮ ਦੀ ਤਾਕਤ ਤੋਂ ਬਾਹਰ ਹੈ।
1929-30 ਦੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਮੁਕੱਦਮਾ ਵੀ ਏਸੇ 16 ਨੰਬਰ ਪਾਰਕ
ਸੈਂਟਰਲ ਜੇਲ੍ਹ ਵਿਚ ਹੋਇਆ। ਅਦਾਲਤ ਵੀ 1915 ਦੀ ਤਰ੍ਹਾਂ ਸਪੈਸ਼ਲ ਬਣਾਈ। ਉਸ ਫੈਸਲੇ ਦੀ
1915 ਦੇ ਦੇਸ਼ ਭਗਤਾਂ ਦੀ ਤਰ੍ਹਾਂ ਕੋਈ ਅਪੀਲ ਨਹੀਂ ਹੋ ਸਕਦੀ ਸੀ। ਜਦ ਭਗਤ ਸਿੰਘ ਤੇ ਉਸਦੇ
ਸਾਥੀਆਂ ‘ਤੇ ਮੁਕਦੱਮਾ ਚਲਾਉਣ ਲਈ ਬੌਸਟਲ ਜੇਲ੍ਹ ਤੋਂ ਲਾਹੌਰ ਸੈਂਟਰਲ ਜੇਲ੍ਹ ਲਿਆਂਦਾ ਗਿਆ
ਤਾਂ ਮੈਂ ਤੇ ਭਾਈ ਕੇਸਰ ਸਿੰਘ ਠੱਠਗੜ੍ਹ, ਪਹਿਲਾਂ ਹੀ ਉਸ ਜੇਲ੍ਹ ਵਿਚ ਆ ਚੁੱਕੇ ਸਾਂ। ਕਿਸੇ
ਨਾ ਕਿਸੇ ਤਰੀਕੇ ਨਾਲ ਤਿੰਨੀ ਕੁ ਦਿਨੀਂ ਮੈਂ ਤੇ ਭਗਤ ਸਿੰਘ ਜ਼ਰੂਰ ਮਿਲਦੇ ਸਾਂ ਤੇ ਵਿਚਾਰ
ਚਰਚਾ ਕਰਦੇ ਸਾਂ। ਇਕ ਦਿਨ ਮੈਂ ਮਖੌਲ ਨਾਲ ਭਗਤ ਸਿੰਘ ਨੂੰ ਦੇਸ਼ ਭਗਤੀ ਵੱਲ ਆਉਣ ਬਾਰੇ
ਪੁੱਛਿਆ ਤਾਂ ਉਸਨੇ ਹੱਸ ਕੇ ਜਵਾਬ ਦਿੱਤਾ,‘‘ਇਹ ਮੇਰਾ ਕਸੂਰ ਨਹੀਂ, ਤੁਹਾਡਾ ਤੇ ਤੁਹਾਡੇ
ਸਾਥੀਆਂ ਦਾ ਹੈ, ਜੇ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਦੂਸਰੇ ਸਾਥੀ ਹੱਸ ਹੱਸ ਕੇ
ਫਾਂਸੀਆਂ ‘ਤੇ ਨਾ ਲਟਕਦੇ ਤੇ ਤੁਸੀਂ ਸਾਰੇ ਅੰਡੇਮਾਨ ਜਹੇ ਕੁੰਭੀ ਨਰਕ ਵਿਚ ਪੈ ਕੇ ਸਾਬਤ ਨਾ
ਨਿਕਲਦੇ ਤਾਂ ਸ਼ਾਇਦ ਮੈਂ ਵੀ ਇਧਰ ਨਾ ਆਉਂਦਾ।‘‘
ਮੈਂ ਭਗਤ ਸਿੰਘ ਨੂੰ ਮਿਲਦਾ ਤਾਂ ਲਗਦਾ ਕਿ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭਾ ਦੀਆਂ ਕੇਵਲ
ਮੂਰਤੀਆਂ ਹੀ ਦੋ ਹਨ, ਪਰ ਉਨ੍ਹਾਂ ਦੇ ਗੁਣ ਅਤੇ ਕਰਮ ਇਕੋ ਹੀ ਸਨ।
‘‘ਏਕ ਜੋਤ ਦੋਏ ਮੂਰਤਿ‘‘
ਭਾਰਤੀ ਨੌਜਵਾਨੋ। ਅੰਤ ਵਿਚ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਇਹਨਾਂ 19-20 ਸਾਲਾਂ ਦੇ
ਨੌਜਵਾਨਾਂ ਦੀਆਂ ਕੁਰਬਾਨੀਆਂ ਨੂੰ ਨਾ ਭੁੱਲੋ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ
ਨੌਜਵਾਨਾਂ ਨੂੰ ਪੂਰਨ ਆਜ਼ਾਦੀ ਅਤੇ ਬਰਾਬਰੀ ਦਾ ਰਾਹ ਵਿਖਾਉਣ ਲਈ ਬੇਗਰਜ਼ ਹੋ ਕੇ ਆਪਣੀਆਂ
ਜਾਨਾਂ ਵਾਰੀਆਂ ਅਤੇ ਕੌਮੀ ਅਣਖ ਤੇ ਮਰ ਮਿਟੇ। ਦੇਸ਼ ਅੰਦਰ ਨਹੀਂ ਬਲਕਿ ਵੈਰੀ ਦੇ ਘਰ ਜਾ ਕੇ
ਉਸਦੇ ਅਪਰਾਧਾਂ ਦੀ ਸਜ਼ਾ ਦਿੱਤੀ।
ਖੁਦੀ ਰਾਮ ਬੋਸ (ਬੰਗਾਲ), ਮਦਨ ਲਾਲ ਢੀਂਗਰਾ (ਅੰਮ੍ਰਿਤਸਰ), ਕਰਤਾਰ ਸਿੰਘ ਸਰਾਭਾ, ਭਗਤ
ਸਿੰਘ, ਊਧਮ ਸਿੰਘ ਸੁਨਾਮ ਅਤੇ ਦੂਸਰੇ ਇਨਕਲਾਬੀ ਦੇਸ਼ ਭਗਤ, ਮਨੁੱਖੀ ਸਮਾਜ ਵਿਚ ਪੂਰਨ ਆਜ਼ਾਦੀ
ਅਤੇ ਬਰਾਬਰੀ ਦੇ ਉਦੇਸ਼ ਨੂੰ ਪਹੁੰਚਾਉਣ ਵਾਲੇ ਸਾਰੇ ਸ਼ਹੀਦਾਂ ਨੂੰ ਸਾਹਮਣੇ ਰੱਖੋ। ਉਹਨਾਂ ਦੇ
ਵਿਖਾਏ ਹੋਏ ਰਸਤੇ ਉੱਤੇ ਚਲੋ। ਅਮਲੋਂ ਸੱਖਣੇ ਅਤੇ ਗੱਲਾਂ ਨਾਲ ਜਨਤਾ ਨੂੰ ਧੋਖਾ ਦੇਣ
ਵਾਲਿਆਂ ਤੋਂ ਸਾਵਧਾਨ ਰਹੋ!
-0-
|