ਜਦੋਂ ਅਮਰੀਕਾ ਵਿੱਚ ਰਹੇ ਹਿੰਦੀਆਂ ਵਿਚ ਗ਼ੁ²ਲਾਮੀ ਦੇ ਖਿਲਾਫ ਜਜ਼ਬਾ ਪੈਦਾ
ਹੋਇਆ, ਉਸ ਵੇਲੇ ਕਰਤਾਰ ਸਿੰਘ ਸਰਾਭਾ ਦੀ ਉਮਰ ਮਸੀਂ 19 ਵਰ੍ਹਿਆਂ ਦੀ ਸੀ।
ਗ਼ਦਰ ਪਾਰਟੀ ਨੇ ਆਜ਼ਾਦੀ ਦੇ ਉਸ ਜਜ਼ਬੇ ਨੂੰ ਜਥੇਬੰਦ ਕੀਤਾ ਸੀ। ਕਰਤਾਰ ਸਿੰਘ
ਮੁਲਕ ਤੋਂ ਹੀ ਮੈਟ੍ਰਿਕ ਪਾਸ ਸੀ ਅਤੇ ਬਚਪਨ ਤੋਂ ਹੀ ਇਨਕਲਾਬੀ ਤਬੀਅਤ ਦਾ
ਮਾਲਕ ਸੀ। ਉਸ ਦੀ ਸਕੂਲੀ ਜ਼ਿੰਦਗੀ ਤੋਂ ਹੀ ਪਤਾ ਲੱਗਦਾ ਹੈ ਕਿ ਉਸਦਾ
ਦਿਮਾਗ ਆਪਣੇ ਸਹਿਪਾਠੀਆਂ ਨਾਲੋਂ ਵਿਲੱਖਣ ਸੀ। ਉਹ ਖੇਡਣ ਕੁੱਦਣ ਵਿੱਚ
ਆਪਣੇ ਸਹਿਪਾਠੀਆਂ ਦਾ ਮੋਹਰੀ ਸੀ। ਸਕੂਲ ਦੇ ਬੱਚਿਆਂ ਨੂੰ ਜਥੇਬੰਦ ਕਰਨਾ
ਅਤੇ ਉਸਤਾਦਾਂ ਦੀਆਂ ਨਜਾਇਜ਼ ਹਰਕਤਾਂ ਵਿਰੁੱਧ ਜੱਦੋ-ਜਹਿਦ ਕਰਨਾ ਉਸਦਾ
ਸ਼ੁਗਲ ਸੀ। ਉਹ 1912 ਵਿਚ ਕੈਲੀਫੋਰਨੀਆ ਦੀ ਬੰਦਰਗਾਹ ਸਾਨਫਰਾਂਸਿਸਕੋ
ਪਹੁੰਚਿਆ ਅਤੇ ਕੈਲੇਫੋਰਨੀਆ ਦੇ ਪੇਂਡੂ ਇਲਾਕੇ ਵਿੱਚ, ਜਿੱਥੇ ਉਸਦੇ
ਹਮਵਤਨੀ ਖੇਤਾਂ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਸਨ, ਉਹਨਾਂ ਵਿੱਚ ਸ਼ਾਮਲ ਹੋ
ਕੇ ਖ਼ੇਤ-ਮਜ਼ਦੂਰ ਦੀ ਜੂਨੇ ਪੈ ਗਿਆ। ਉੱਥੋਂ ਦੇ ਜ਼ਿੰਮੀਂਦਾਰਾਂ ਦੇ ਵਰਤਾਓ
ਅਤੇ ਅਮਰੀਕੀ ਲੋਕਾਂ ਦੇ ਨਫ਼ਰਤ ਭਰੇ ਰਵੱਈਏ ਨੇ ਉਸਨੂੰ ਗ਼ੁਲਾਮੀ ਦਾ ਅਹਿਸਾਸ
ਕਰਵਾਇਆ ਅਤੇ ਉਸਨੇ ਮਹਿਸੂਸ ਕੀਤਾ ਕਿ ਦੁਨੀਆਂ ਵਿਚ ਗ਼ੁਲਾਮੀ ਹੀ ਸਭ ਤੋਂ
ਵੱਡੀ ਲਾਹਨਤ ਹੈ। ਉਸਨੇ ਆਪਣੇ ਹਮਵਤਨੀਆਂ ਨਾਲ ਵਿਚਾਰ-ਵਟਾਂਦਰਾ ਕਰਨਾ
ਸ਼ੁਰੂ ਕਰ ਦਿੱਤਾ। ਕੈਲੀਫੋਰਨੀਆ ਅਤੇ ਅਮਰੀਕਾ ਦੇ ਦੂਜੇ ਹਿੱਸਿਆਂ ਵਿੱਚ,
ਜਿੱਥੇ ਵੀ ਕਿਤੇ ਹਿੰਦੋਸਤਾਨੀ ਵੱਸਦੇ ਸਨ, ਉੱਥੇ ਹੀ ਅਮਰੀਕਨਾਂ ਦੇ ਨਿੱਤ
ਦੇ ਤਾਅਨਿਆਂ ਅਤੇ ਨਫ਼ਰਤ ਭਰੇ ਰਵੱਈਏ ਨੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ
ਦਿੱਤੀਆਂ। ਹੁਣ ਕਰਤਾਰ ਸਿੰਘ ਨੂੰ ਕਈ ਹਮਖ਼ਿਆਲ ਮਿਲ ਗਏ। ਉਨ੍ਹਾਂ ਨੇ ਜੂਲੋ
ਰਿਆਸਤ (ਕੈਲੀਫੋਰਨੀਆ) ਵਿਚ ਇਕ ਮੀਟਿੰਗ ਸੱਦੀ। ਇਸ ਮੀਟਿੰਗ ਵਿਚ ਲਾਲ
ਹਰਦਿਆਲ, ਪੰਡਿਤ ਜਗਤ ਰਾਮ, ਭਾਈ ਜਵਾਲਾ ਸਿੰਘ, ਕਰਤਾਰ ਸਿੰਘ ਅਤੇ ਢੇਰ
ਸਾਰੇ ਹਿੰਦੋਸਤਾਨੀ ਵਿਦਿਆਰਥੀ ਅਤੇ ਮਜ਼ਦੂਰ ਸ਼ਾਮਲ ਹੋਏ। ਗ਼ੁਲਾਮੀ ਦੇ
ਕਾਰਨਾਂ ਬਾਰੇ ਚਰਚਾ ਹੋਈ। ਆਜ਼ਾਦੀ ਹਾਸਲ ਕਰਨ ਲਈ ਇੱਕ ਅਜਿਹੀ ਵਿਸ਼ਾਲ
ਜਥੇਬੰਦੀ ਦੀ ਜ਼ਰੂਰਤ ਸੀ, ਜੋ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਨਾਲ ਟੱਕਰ ਲੈ
ਸਕੇ। ਇਹ ਛੋਟੀ ਜਿਹੀ ਮੀਟਿੰਗ ਅੱਗੋਂ ਬਣਨ ਵਾਲੀ ਜਥੇਬੰਦੀ ਦਾ ਮੁੱਢ ਤਾਂ
ਸੀ, ਪਰ ਉਸ ਵੇਲੇ ਵੇਲੇ ਉਹਨਾਂ ਕੋਲ ਓਨੀ ਸਮਰੱਥਾ ਨਹੀਂ ਸੀ ਕਿ ਕੋਈ ਵੱਡਾ
ਕੰਮ ਕਰ ਸਕਦੇ।
ਇਸੇ ਦੌਰਾਨ ਵਾਸ਼ਿੰਗਟਨ ਅਤੇ ਓਰੀਗੋਨ ਦੇ ਕਾਰਖਾਨਿਆਂ ਵਿਚਲੇ ਹਿੰਦੀ
ਮਜ਼ਦੂਰਾਂ ਵਿਚ ਜਾਗ੍ਰਤੀ ਅਤੇ ਜਥੇਬੰਦੀ ਦਾ ਮਾਦਾ ਪੈਦਾ ਹੋ ਚੁੱਕਿਆ ਸੀ।
ਫਿਰ ਕਦਮ ਹੋਰ ਅੱਗੇ ਵਧੇ ਅਤੇ ਮਾਰਚ 1913 ਵਿਚ ਅਸਟੋਰੀਆ ਮਿੱਲ ਰਿਆਸਤ
ਵਾਸ਼ਿੰਗਟਨ ਵਿਚ ਗ਼ਦਰ ਪਾਰਟੀ ਦੀ ਬੁਨਿਆਦ ਰੱਖੀ ਗਈ। ਜਦੋਂ ਕੈਲੀਫੋਰਨੀਆ
ਵਿਚ ਪਾਰਟੀ ਬਣਨ ਦੀ ਖ਼ਬਰ ਪਹੁੰਚੀ ਤਾਂ ਕਰਤਾਰ ਦੀ ਖੁਸ਼ੀ ਦੀ ਹੱਦ ਨਾ ਰਹੀ
ਅਤੇ ਉਹ ਫੌਰਨ ਪਾਰਟੀ ਵਿਚ ਸ਼ਾਮਲ ਹੋ ਗਿਆ।
1 ਨਵੰਬਰ, 1913 ਨੂੰ ‘ਗ਼ਦਰ‘ ਅਖ਼ਬਾਰ ਦਾ ਜਿਹੜਾ ਪਹਿਲਾ ਪਰਚਾ ਨਿਕਲਿਆ, ਉਹ
ਜ਼ਿਆਦਾਤਰ ਕਰਤਾਰ ਦੀ ਹਿੰਮਤ ਦਾ ਹੀ ਸਿੱਟਾ ਸੀ। ਇਹ ਪਰਚਾ ਹੈਂਡ
ਮਸ਼ੀਨ ‘ਤੇ ਛਾਪਿਆ ਗਿਆ ਸੀ। ਹੈਂਡ-ਮਸ਼ੀਨ ਨੂੰ ਚਲਾਉਣ ਵਾਲਾ ਅਤੇ ਪੰਜਾਬੀ
ਦੇ ‘ਗ਼ਦਰ‘ ਅਖ਼ਬਾਰ ਨੂੰ ਲਿਖਣ ਵਾਲਾ ਕਰਤਾਰ ਸਿੰਘ ਹੀ ਸੀ। ਜਦੋਂ ਕੰਮ ਦੇ
ਵਧਣ ਨਾਲ ਹੋਰ ਬਹੁਤ ਸਾਰੇ ਸਾਥੀ ਦਫ਼ਤਰ ਤੇ ਪਰੈਸ ਦੇ ਕੰਮ ਵਿਚ ਸ਼ਾਮਲ ਹੋ
ਗਏ, ਤਾਂ ਕਰਤਾਰ ਸਿੰਘ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਕਿ ਹਰ ਕਿਸੇ ਦੇ
ਕੰਮ ਹੱਥ ਵਟਾ ਸਕੇ। ਉਹ ਗੱਲਬਾਤ ਵਿਚ ਹਰੇਕ ਸਾਥੀ ਨੂੰ ਖੁਸ਼ ਰੱਖਣ ਦਾ ਯਤਨ
ਕਰਦਾ ਸੀ। ਉਹ ਇੱਕ ਸੱਚੇ ਇਨਕਲਾਬੀ ਵਾਂਗ ਆਪਣਾ ਨਿੱਜਤਵ ਮਿਟਾ ਚੁੱਕਿਆ
ਸੀ। ਉਸ ਲਈ ਜੀਵਨ ਮਹਿਜ਼ ਆਪਣਾ ਨਹੀਂ ਸੀ, ਸਗੋਂ ਦੇਸ਼ ਨੂੰ ਅਰਪਣ ਹੋ
ਚੁੱਕਿਆ ਸੀ।
ਗ਼ਦਰ ਪਾਰਟੀ ਓਰੀਗੋਨ ਤੇ ਵਾਸ਼ਿੰਗਟਨ ਦੇ ਨੁਮਾਇੰਦਿਆਂ ਦੀ ਕਾਨਫਰੰਸ ਵਿਚ
ਬੰਨੀ ਗਈ ਸੀ। ਕੈਲੀਫੋਰਨੀਆ ਦੇ ਨੁਮਾਇੰਦੇ ਹਾਲੇ ਸ਼ਾਮਲ ਨਹੀਂ ਹੋਏ ਸਨ। ਇਹ
ਕਮੀ ਕਰਤਾਰ ਸਿੰਘ ਨੇ ਪੂਰੀ ਕਰ ਦਿੱਤੀ। ਫਰਵਰੀ, 1914 ਵਿਚ ਕੈਲੀਫੋਰਨੀਆ
ਦੇ ਸ਼ਹਿਰ ਸਟਾਕਟਨ ਵਿਚ ਓਰੀਗੋਨ, ਵਾਸ਼ਿੰਗਟਨ ਅਤੇ ਕੈਲੀਫੋਰਨੀਆ ਦੇ
ਪ੍ਰਤੀਨਿਧਾਂ ਦੀ ਕਾਨਫਰੰਸ ਸੱਦੀ ਗਈ ਅਤੇ ਕੈਲੀਫੋਰਨੀਆ ਬਾਕਾਇਦਾ ਤੌਰ ‘ਤੇ
ਗ਼ਦਰ ਪਾਰਟੀ ਵਿਚ ਸ਼ਾਮਲ ਹੋ ਗਿਆ। ਇਸ ਕਾਨਫਰੰਸ ਨੇ ਗ਼ਦਰ ਪਾਰਟੀ ਦੇ ਕੰਮ
ਨੂੰ ਖਾਸੀ ਗਤੀ ਬਖਸ਼ ਦਿੱਤੀ ਅਤੇ ਪਾਰਟੀ ਜਥੇਬੰਦੀ ਵੀ ਮਜ਼ਬੂਤ ਹੋ ਗਈ।
ਪਹਿਲੀ ਜੰਗ ਦੇ ਸਮੇਂ 1915 ਦੇ ਸ਼ੁਰੂ ਵਿਚ ਹੀ ਸੈਕਰਾਮੈਂਟੋ ਵਿਚ ਇਕ ਜੰਗੀ
ਕਾਨਫਰੰਸ ਹੋਈ, ਜਿਸਦਾ ਮੰਤਵ ਹਿੰਦੋਸਤਾਨ ਵਿਚ ਆ ਕੇ ਇਨਕਲਾਬ ਕਰਨ ਦਾ ਸੀ।
ਇਸ ਵਿਚ ਕਰਤਾਰ ਸਿੰਘ ਦਾ ਖਾਸਾ ਯੋਗਦਾਨ ਸੀ। ਜਦੋਂ ਪਾਰਟੀ ਕਮਿਸ਼ਨ ਨੇ
ਹਵਾਈ ਜਹਾਜ਼ ਦੀ ਸਿਖਲਾਈ ਲਈ ਮੈਂਬਰ ਮੰਗੇ, ਤਾਂ ਸਭ ਤੋਂ ਪਹਿਲੀ ਦਰਖ਼ਾਸਤ
ਕਰਤਾਰ ਦੀ ਸੀ, ਜਿਸਨੂੰ ਕਮਿਸ਼ਨ ਨੇ ਮੰਨ ਲਿਆ।
ਜਦੋਂ ਪਾਰਟੀ ਨੇ ਇਨਕਲਾਬ ਲਈ ਹਿੰਦੁਸਤਾਨ ਜਾਣ ਦਾ ਫ਼ੈਸਲਾ ਕੀਤਾ ਤਾਂ
ਕਰਤਾਰ ਸਿੰਘ ਸਭ ਤੋਂ ਪਹਿਲਾ ਤੁਰ ਪਿਆ। ਉਹ ਇਕੱਲਾ ਹੀ ਨਹੀਂ ਆਇਆ ਸੀ,
ਸਗੋਂ ਤਿੰਨ ਅਮਰੀਕਨ ਇਨਕਲਾਬੀ ਦੋਸਤ ਜਿਨ੍ਹਾਂ ‘ਚ ਇੱਕ ਇਸਤਰੀ ਤੇ ਦੋ ਮਰਦ
ਸਨ, ਉਸਦੇ ਨਾਲ ਸਨ।
ਉਹ ਭੇਸ ਬਦਲਣ ਵਿਚ ਮਾਹਿਰ ਸੀ। ਉਹ ਭੇਸ ਬਦਲ ਕੇ ਹੀ ਕੋਲੰਬੋ ਦੇ ਰਸਤੇ
ਭਾਰਤ ਆਇਆ ਅਤੇ ਪੁਲੀਸ ਦੀਆਂ ਉਕਾਬੀ ਨਜ਼ਰਾਂ ਤੋਂ ਬਚ ਕੇ ਬਹੁਤ ਦਿਨਾਂ ਤੱਕ
ਦੇਸ਼ ਵਿਚ ਕੰਮ ਕਰਦਾ ਰਿਹਾ। ਮਿਸਟਰ ਪਿੰਗਲੇ ਦੇ ਜ਼ਰੀਏ ਉਹ ਸਚਿੰਦਰ ਨਾਥ
ਸਨਿਆਲ ਅਤੇ ਰਾਸ ਬਿਹਾਰੀ ਬੋਸ ਨੂੰ ਮਿਲਿਆ। ਉਹ ਪੰਜਾਬ ਅਤੇ ਪੰਜਾਬ ਤੋਂ
ਬਾਹਰ ਖੁੱਲ੍ਹੇਆਮ ਕੰਮ ਕਰਦਾ ਰਿਹਾ। ਫੌਜਾਂ ਵਿਚ ਨਿਧੜਕ ਹੋ ਕੇ ਪ੍ਰਚਾਰ
ਲਈ ਪੁੱਜ ਜਾਂਦਾ। ਫਿਰੋਜ਼ਪੁਰ ਕਿਲੇ ਦੇ ਸਿਪਾਹੀਆਂ ਨਾਲ ਗੱਠਜੋੜ ਕਰਕੇ
ਮੈਗਜ਼ੀਨ ਲੁੱਟਣ ਦਾ ਇੰਤਜ਼ਾਮ ਕੀਤਾ।
ਜਦੋਂ ਰਾਸ ਬਿਹਾਰੀ ਬੋਸ ਵਗੈਰਾ ਦੇ ਮਿਲਣ ਨਾਲ ਅਤੇ ਨਵਾਬ ਖ਼ਾਨ ਆਦਿ ਦੇ
ਉਕਸਾਉਣ ‘ਤੇ ਡਾਕੇ ਮਾਰਨ ਦਾ ਖ਼ਿਆਲ ਦਿਲ ਵਿਚ ਘਰ ਕਰ ਗਿਆ, ਤਾਂ ਕੋਈ
ਅਜਿਹਾ ਡਾਕਾ ਨਹੀਂ ਸੀ, ਜਿਸ ਵਿਚ ਉਸਨੇ ਹਿੱਸਾ ਨਹੀਂ ਸੀ ਲਿਆ। ਉਹ
ਡਾਕਿਆਂ ਸਮੇਂ ਵੀ ਆਪਣੀ ਦੇਸ਼ ਭਗਤੀ ਨੂੰ ਛੁਪਾ ਨਹੀਂ ਸਕਦਾ ਸੀ, ਸਗੋਂ ਸਾਫ
ਕਹਿ ਦਿੰਦਾ ਸੀ-‘‘ਭਾਈ ਮਜਬੂਰ ਆਂ, ਰੁਪੱਈਆ ਮਿਲਦਾ ਨਹੀਂ, ਅੰਗਰੇਜ਼ਾਂ ਨੂੰ
ਕੱਢਣਾ ਏ, ਜਦੋਂ ਮੁਲਕ ਆਜ਼ਾਦ ਹੋਏਗਾ ਤਾਂ ਤੁਹਾਨੂੰ ਕਈ ਗੁਣਾਂ ਵਾਪਸ ਕੀਤਾ
ਜਾਏਗਾ।‘‘
ਇਖਲਾਕ ਏਨਾ ਉੱਚਾ ਸੀ ਕਿ ਸ਼ਾਇਦ ਹੀ ਕਿਸੇ ਨੌਜਵਾਨ ਦਾ ਹੋਵੇ। ਜਦੋਂ
ਸਾਹਨੇਵਾਲ ਦੇ ਡਾਕੇ ਵਿਚ ਉਸਦੇ ਇੱਕ ਸਾਥੀ ਨੇ ਇੱਕ ਸੋਹਣੀ ਕੁੜੀ ਨੂੰ
ਮਾੜੀ ਨਿਗਾਹ ਨਾਲ ਵੇਖਿਆ, ਤਾਂ ਉਸਨੇ ਝੱਟ ਦੇਣੀ ਰਿਵਾਲਵਰ ਉਸਦੀ ਛਾਤੀ
‘ਤੇ ਰੱਖ ਦਿੱਤਾ ਅਤੇ ਉਸ ਕੋਲੋਂ ਮਾਫੀ ਮੰਗਵਾਈ।
ਉਹ ਕਈ ਵਾਰੀ ਪੁਲੀਸ ਨੂੰ ਵੀ ਧੋਖਾ ਦੇ ਜਾਂਦਾ ਸੀ। ਇੱਕ ਵਾਰ ਕਰਤਾਰ ਸਿੰਘ
ਬਾਈ ਸਾਈਕਲ ‘ਤੇ ਇੱਕ ਸਾਥੀ ਦੇ ਘਰ ਗਿਆ। ਅੱਗੇ ਪੁਲੀਸ ਉਸਦੇ ਘਰ ਦੀ
ਤਲਾਸ਼ੀ ਕਰ ਰਹੀ ਸੀ। ਕਰਤਾਰ ਸਿੰਘ ਚੰਗਾ ਭੱਦਰ ਪੁਰਸ਼ ਲੱਗ ਰਿਹਾ ਸੀ।
ਪੁਲੀਸ ਨੂੰ ਕਹਿਣ ਲੱਗਾ, ‘‘ਜੋ ਲੋਕ ਸਰਕਾਰ ਦੇ ਖਿਲਾਫ਼ ਹਨ, ਉਨ੍ਹਾਂ ਦੀ
ਚੰਗੀ ਖ਼ਬਰ ਲਓ।‘‘ ਪੁਲੀਸ ਵਾਲਿਆਂ ਸਮਝਿਆ ਕਿ ਕੋਈ ਸਰਕਾਰੀ ਮੁਲਾਜ਼ਮ ਹੈ ਤੇ
ਉਹ 10-15 ਮਿੰਟ ਪੁਲੀਸ ਨਾਲ ਗੱਲਾਂ-ਬਾਤਾਂ ਕਰਕੇ ਰਫੂਚੱਕਰ ਹੋ ਗਿਆ।
ਜਦੋਂ ਉਹਨਾਂ ਪੁਲੀਸ ਵਾਲਿਆਂ ਦੀ ਗਵਾਹੀ ਕਚਹਿਰੀ ਵਿੱਚ ਹੋਈ ਤਾਂ ਜੱਜ ਤੇ
ਸਾਰੇ ਲੋਕਾਂ ਨੇ ਉਹਨਾਂ ਦੀ ਖ਼ੂਬ ਖਿੱਲੀ ਉਡਾਈ।
ਜਦੋਂ ਪਾਰਟੀ ਇਨਕਲਾਬ ਕਰਨ ‘ਚ ਫ਼ੇਲ੍ਹ ਹੋ ਗਈ ਤਾਂ ਉਨ੍ਹਾਂ ਮੈਂਬਰਾਂ ਨੇ
ਜੋ ਗ੍ਰਿਫ਼ਤਾਰੀ ਤੋਂ ਬਚ ਗਏ ਸਨ, ਹਿੰਦੁਸਤਾਨ ਛੱਡਣ ਦਾ ਫੈਸਲਾ ਕਰ ਲਿਆ।
ਕਰਤਾਰ ਸਿੰਘ, ਜਗਤ ਸਿੰਘ ਤੇ ਹਰਨਾਮ ਸਿੰਘ ਟੁੰਡੀਲਾਟ ਇਸ ਮੰਤਵ ਲਈ
ਅਫਗਾਨਿਸਤਾਨ ਵੱਲ ਰਵਾਨਾ ਹੋਏ, ਪਰ ਕਰਤਾਰ ਸਿੰਘ ਦੀ ਜ਼ਮੀਰ ਨੇ ਇਹ ਗਵਾਰਾ
ਨਾ ਕੀਤਾ ਕਿ ਉਹ ਸਾਥੀਆਂ ਨੂੰ ਫਸਾ ਕੇ ਖੁਦ ਵਿਦੇਸ਼ ਤੁਰ ਜਾਵੇ। ਉਹ ਆਪਣੇ
ਦੋਵਾਂ ਸਾਥੀਆਂ ਸਮੇਤ ਵਾਪਸ ਆ ਗਿਆ ਅਤੇ ਸਰਗੋਧਾ ਚੱਕ ਨੰਬਰ-5 ਵਿਚ
ਘੋੜਿਆਂ ਦੇ ਇੱਕ ਤਬੇਲੇ ਉੱਤੇ ਆ ਕੇ ਸਿਪਾਹੀਆਂ ਵਿਚ ਪ੍ਰਚਾਰ ਕਰਨ ਲੱਗਾ।
ਇੱਥੇ ਇਕ ਰਸਾਲਦਾਰ ਨੇ ਸਾਥੀਆਂ ਸਮੇਤ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਸੀ.ਆਈ.ਡੀ. ਦੇ ਅਫ਼ਸਰ ਮਿਸਟਰ ਟਾਮਕਿਨ ਆਦਿ ਕਰਤਾਰ ਸਿੰਘ ਸਾਹਮਣੇ ਸਵਾਲ
ਕਰਨ ਦੀ ਜੁਰਅਤ ਨਹੀਂ ਸੀ ਕਰਦੇ। ਉਹ ਬਿਲਕੁਲ ਨਿਡਰ ਤੇ ਨਿਧੜਕ ਨੌਜਵਾਨ
ਸੀ। ਆਜ਼ਾਦੀ ਦਾ ਆਸ਼ਕ ਅਤੇ ਗੁਲਾਮੀ ਦਾ ਦੁਸ਼ਮਣ ਸੀ। ਗ੍ਰਿਫ਼ਤਾਰੀ ਉਪਰੰਤ,
ਜਦੋਂ ਲਾਹੌਰ ਸੈਂਟਰਲ ਜੇਲ੍ਹ ਵਿਚ ਉਸ ਉੱਤੇ ਮੁਕੱਦਮਾ ਚੱਲ ਰਿਹਾ ਸੀ, ਤਾਂ
ਉਸਨੇ ਜੇਲ੍ਹ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਭੇਦ ਖੁੱਲ੍ਹ ਗਿਆ। ਉਸ
ਕੋਲੋਂ ਸੀਖਾਂ ਕੱਟਣ ਵਾਲੇ ਸੰਦ ਅਤੇ ਬੰਬ ਬਣਾਉਣ ਦਾ ਮਸਾਲਾ ਫੜਿਆ ਗਿਆ,
ਪਰ ਉਸਨੂੰ ਕੋਈ ਪ੍ਰਵਾਹ ਨਹੀਂ ਸੀ। ਉਹ ਪਹਿਲਾਂ ਦੀ ਤਰ੍ਹਾਂ ਹੀ ਹੱਸਦਾ
ਰਿਹਾ ਅਤੇ ਹੋਰਨਾਂ ਨੂੰ ਹਸਾਉਂਦਾ ਰਿਹਾ। ਉਹ ਬੇੜੀਆਂ ਨੂੰ ਸਾਜਾਂ ਵਾਂਗ
ਵਜਾਉਂਦਾ ਰਿਹਾ ਅਤੇ ਕੌਮੀ ਗੀਤ ਗਾਉਂਦਾ ਰਿਹਾ।
ਜਦੋਂ ਕੇਸ ਚੱਲਿਆ, ਤਾਂ ਇੱਕ ਪਾਸੇ ਜੱਜਾਂ ਦੀ ਕਚਿਹਰੀ ਹੁੰਦੀ ਅਤੇ ਦੂਜੇ
ਪਾਸੇ ਕਟਿਹਰੇ ‘ਚ ਖੜ੍ਹਾ ਕਰਤਾਰ ਸਿੰਘ ਆਪਣੇ ਸਾਥੀਆਂ ਨਾਲ ਰਲ ਕੇ ਕਚਿਹਰੀ
ਲਾ ਲੈਂਦਾ ਅਤੇ ਮੁਖ਼ਬਰਾਂ ਦਾ ਮਖੌਲ ਉਡਾਉਂਦਾ। ਜੱਜ ਮੁੜ-ਮੁੜ ਘੰਟੀ
ਵਜਾਉਂਦੇ, ਪਰ ਉਨ੍ਹਾਂ ਦੀ ਸੁਣਦਾ ਹੀ ਕੋਈ ਨਾ।
ਜਦੋਂ ਸਰਕਾਰੀ ਗਵਾਹ ਭੁਗਤਣ ਤੋਂ ਬਾਅਦ ਮੁਲਜ਼ਮਾਂ ਨੂੰ ਆਪੋ-ਆਪਣੇ ਬਿਆਨ
ਦੇਣ ਲਈ ਕਿਹਾ ਗਿਆ, ਤਾਂ ਕਰਤਾਰ ਸਿੰਘ ਨੇ ਸਾਫ ਲਫ਼ਜ਼ਾਂ ਵਿੱਚ ਇਨਕਲਾਬ
ਕੀਤਾ ਕਿ ਮੈਂ ਜੋ ਵੀ ਕੀਤਾ ਹੈ, ਉਸ ਠੀਕ ਸਮਝਦਾ ਹਾਂ। ਮੈਂ ਅੰਗਰੇਜ਼ਾਂ ਦੇ
ਵਿਰੁੱਧ ਇਨਕਲਾਬ ਦੀ ਤਿਆਰੀ ਵਿਚ ਸਾਂ, ਫੌਜੀਆਂ ਨੂੰ ਨਾਲ ਮਿਲਾਇਆ ਸੀ,
ਕੌਮੀ ਝੰਡੇ ਤਿਆਰ ਕੀਤੇ ਸਨ, ਲੋਕਾਂ ਨੂੰ ਇਨਕਲਾਬ ਲਈ ਉਭਾਰਿਆ ਸੀ-ਇਹ ਸਭ
ਗੱਲਾਂ ਸੱਚ ਹਨ। ਪਰ ਮੈਂ ਜੋ ਕੁਝ ਵੀ ਕੀਤਾ ਏ, ਉਹ ਆਪਣੇ ਦੇਸ਼ ਤੇ ਕੌਮ ਦੀ
ਆਜ਼ਾਦੀ ਲਈ ਕੀਤਾ ਹੈ, ਜੋ ਕਿ ਮੇਰਾ ਪੈਦਾਇਸ਼ੀ ਹੱਕ ਹੈ।
ਕਰਤਾਰ ਸਿੰਘ ਦੇ ਸਾਫ ਬਿਆਨ ਸੁਣ ਕੇ ਜੱਜਾਂ ਨੇ ਕਿਹਾ-‘‘ਕਰਤਾਰ ਸਿੰਘ! ਕੀ
ਤੁਸੀਂ ਜਾਣਦੇ ਹੋ ਕਿ ਇਸਦਾ ਨਤੀਜਾ ਕੀ ਹੋਵੇਗਾ?‘‘
‘‘ਹਾਂ...‘‘ ਕਰਤਾਰ ਸਿੰਘ ਨੇ ਕਿਹਾ-‘‘ਮੌਤ, ਉਮਰ ਕੈਦ ਜਾਂ ਜਲਾਵਤਨੀ।‘‘
ਜੱਜਾਂ ਨੇ ਬਿਆਨ ਨਾ ਲਿਖੇ ਤੇ ਕਿਹਾ-‘‘ਕਰਤਾਰ ਸਿੰਘ! ਤੈਨੂੰ ਇੱਕ ਰਾਤ ਦਾ
ਸਮਾਂ ਹੋਰ ਦਿੱਤਾ ਜਾਂਦਾ ਏ। ਪੂਰੀ ਤਰ੍ਹਾਂ ਸੋਚ ਵਿਚਾਰ ਲੈ ਤੇ ਫਿਰ ਬਿਆਨ
ਦੇਹ।‘‘ ਤੇ ਅਗਲੇ ਦਿਨ ਜਦੋਂ ਉਹ ਅਦਾਲਤ ਵਿਚ ਪੇਸ਼ ਹੋਇਆ ਤਾਂ ਜੱਜਾਂ ਦੇ
ਕਹਿਣ ‘ਤੇ ਕਰਤਾਰ ਸਿੰਘ ਨੇ ਸਾਫ ਕਿਹਾ-‘‘ਜੋ ਕੱਲ੍ਹ ਕਿਹਾ ਸੀ, ਉਹੀ ਅੱਜ
ਕਹਿਣਾ ਹੈ।‘‘
ਜਦੋਂ ਕਰਤਾਰ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਤਾਂ ਉਸਨੇ ਹੱਸਦਿਆਂ
ਹੋਇਆਂ ਉੱਚੀ ਆਵਾਜ਼ ਵਿਚ ਕਿਹਾ-‘‘ਥੈਂਕ ਯੂ‘‘ (ਸ਼ੁਕਰੀਆ)
ਜਦੋਂ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਕਰਤਾਰ ਸਿੰਘ ਤੇ ਉਸਦੇ ਸਾਥੀਆਂ
ਨੂੰ ਫਾਂਸੀ ਦੀਆਂ ਕੋਠੀਆਂ ‘ਚ ਬੰਦ ਕੀਤਾ ਗਿਆ ਅਤੇ ਫਾਂਸੀ ਵਾਲੇ ਕੱਪੜੇ
ਪਹਿਨਾਏ ਗਏ ਤਾਂ ਜੇਲ੍ਹ ਸੁਪਰਡੈਂਟ ਨੇ ਕਾਨੂੰਨ ਮੁਤਾਬਕ ਆ ਕੇ
ਪੁੱਛਿਆ-‘‘ਕਰਤਾਰ ਸਿੰਘ! ਰਹਿਮ ਦੀ ਅਪੀਲ ਕਰੇਗਾ।‘‘
‘‘ਰਹਿਮ ਦੀ ਨਹੀਂ, ਪਰ ਛੇਤੀ ਫਾਂਸੀ ਲੱਗਣ ਦੀ ਬੇਨਤੀ ਕਰਦਾ ਹਾਂ ਤਾਂ ਕਿ
ਫਿਰ ਵਾਪਸ ਆ ਕੇ ਗ਼ੁਲਾਮੀ ਦੇ ਖ਼ਿਲਾਫ਼ ਜੰਗ ਲੜ ਸਕਾਂ।‘‘ ਕਰਤਾਰ ਸਿੰਘ ਦਾ
ਜਵਾਬ ਸੀ।
ਜਦੋਂ ਨਵੰਬਰ 1915 ਨੂੰ ਦੂਜੇ 17 ਸਾਥੀਆਂ ਨੂੰ ਫਾਂਸੀ ਦੀ ਸਜ਼ਾ ਹਟਾ ਦੇਣ
ਦਾ ਫ਼ੈਸਲਾ ਹੋਇਆ ਤਾਂ ਕਰਤਾਰ ਸਿੰਘ ਤੇ ਉਸਦੇ ਛੇ ਸਾਥੀ ਫਾਂਸੀ ‘ਤੇ ਲਟਕਣ
ਲਈ ਰਹਿ ਗਏ। ਕਰਤਾਰ ਸਿੰਘ ਨੂੰ ਫਿਰ ਅਪੀਲ ਕਰਨ ਲਈ ਪੁੱਛਿਆ ਗਿਆ ਤਾਂ
ਉਸਨੇ ਮੁੜ ਉਹੀ ਗੱਲ ਦੁਹਰਾ ਦਿੱਤੀ ਕਿ ਸਾਨੂੰ ਛੇਤੀ ਫਾਂਸੀ ‘ਤੇ ਲਟਕਾਇਆ
ਜਾਏ।
ਕਰਤਾਰ ਸਿੰਘ ਦੇ ਮਾਂ-ਪਿਓ ਬਚਪਨ ਵਿਚ ਹੀ ਗੁਜ਼ਰ ਗਏ ਸਨ। ਉਸਦਾ ਇੱਕ ਬਿਰਧ
ਦਾਦਾ ਸੀ, ਜਿਸਨੇ ਉਸਨੂੰ ਪਾਲਿਆ ਸੀ। ਜਦੋਂ ਉਹ ਆਖਰੀ ਮੁਲਾਕਾਤ ਵੇਲੇ ਰੋਣ
ਲੱਗਾ ਤਾਂ ਕਰਤਾਰ ਸਿੰਘ ਨੇ ਕਿਹਾ-‘‘ਦਾਦਾ ਜੀ, ਤੁਸੀਂ ਰੋਂਦੇ ਕਿਉਂ ਹੋ?
ਮੈਂ ਤੁਹਾਡੇ ਖ਼ਾਨਦਾਨ ਨੂੰ ਦਾਗ਼ ਤਾਂ ਨਹੀਂ ਲਾ ਚੱਲਿਆ, ਮੈਂ ਤਾਂ ਸਗੋਂ 30
ਕਰੋੜ ਦੁਖੀ ਤੇ ਗ਼ੁਲਾਮ ਦੇਸ਼ਵਾਸੀਆਂ ਨੂੰ ਗ਼ੁਲਾਮੀ ਤੋਂ ਮੁਕਤ ਕਰਾਉਣ ਲਈ
ਫਾਂਸੀ ਚੜ੍ਹ ਰਿਹਾ ਹਾਂ। ਇਸ ਮੌਤ ‘ਤੇ ਤੁਹਾਨੂੰ ਰੋਣਾ ਨਹੀਂ, ਸਗੋਂ ਖੁਸ਼
ਹੋਣਾ ਚਾਹੀਦਾ ਹੈ।‘‘ ਕਰਤਾਰ ਸਿੰਘ ਦੇ ਇਹ ਬਹਾਦਰੀ ਅਤੇ ਪਿਆਰ ਭਰੇ ਸ਼ਬਦ
ਸੁਣ ਕੇ ਉਸਦੇ ਦਾਦਾ ਜੀ ਨੇ ਬੜੇ ਹੌਸਲੇ ਨਾਲ ਉਸਨੂੰ ਅੰਤਿਮ ਅਸ਼ੀਰਵਾਦ
ਦਿੱਤੀ।
ਲਾਹੌਰ ਸੈਂਟਰਲ ਜੇਲ੍ਹ ਵਿਚ 16 ਨਵੰਬਰ, 1915 ਦੀ ਸਵੇਰ ਨੂੰ ਕਰਤਾਰ ਸਿੰਘ
ਤੇ ਉਸਦੇ 6 ਸਾਥੀ ਫਾਂਸੀ ‘ਤੇ ਲਟਕਾ ਦਿੱਤੇ ਗਏ। ਕਰਤਾਰ ਨੇ ਹੱਸ ਕੇ
ਫਾਂਸੀ ਦਾ ਰੱਸਾ ਆਪ ਗਲ ਪਾਇਆ ਤੇ ਅਮਰ ਹੋ ਗਿਆ।
ਇਸ ਛੋਟੀ ਤੇ ਅੱਲੜ੍ਹ ਉਮਰ ਵਿਚ ਕਰਤਾਰ ਸਿੰਘ ਨੇ ਮਨੁੱਖਤਾ ਅਤੇ ਮਾਤ-ਭੂਮੀ
ਦੀ ਆਜ਼ਾਦੀ ਤੇ ਇਨਸਾਨੀ ਬਰਾਬਰੀ ਲਈ ਜਿਹੜੀ ਕੁਰਬਾਨੀ ਦਿੱਤੀ, ਉਸਦੀ ਮਿਸਾਲ
ਦੁਨੀਆਂ ਭਰ ਦੇ ਇਤਿਹਾਸ ਵਿਚ ਬਹੁਤ ਘੱਟ ਮਿਲਦੀ ਹੈ।
ਵਿਸ਼ਨੂੰ ਗਣੇਸ਼ ਪਿੰਗਲੇ
ਜਦੋਂ ਵਿਸ਼ਨੂੰ ਗਣੇਸ਼ ਪਿੰਗਲੇ ਗ਼ਦਰ ਪਾਰਟੀ ਵਿਚ ²ਸ਼ਾਮਲ ਹੋਇਆ
ਤਾਂ ਉਸਦੀ ਉਮਰ 23 ਸਾਲ ਸੀ। ਉਨ੍ਹਾਂ ਦਾ ਜਨਮ ਪਿੰਡ ਤਲਾਗਾਓਂ, ਜ਼ਿਲ੍ਹਾ
ਪੂਨਾ (ਮਹਾਂਰਾਸ਼ਟਰ) ਵਿਚ ਗਣੇਸ਼ ਪਿੰਗਲੇ ਦੇ ਘਰ ਹੋਇਆ। ਉਸਦੇ ਮਾਪਿਆਂ ਨੇ
ਉਸਨੂੰ ਅਮਰੀਕਾ ਵਿਚ ਪੜ੍ਹਨ ਲਈ ਭੇਜਿਆ ਸੀ। ਉਹ ਸਾਨਫਰਾਂਸਿਸਕੋ
(ਕੈਲੀਫੋਰਨੀਆ) ਵਿਚ ਪੜ੍ਹ ਰਹੇ ਸਨ, ਜਦੋਂ ਗ਼ਦਰ ਪਾਰਟੀ ਨੇ ਹਿੰਦੋਸਤਾਨ ਦੀ
ਆਜ਼ਾਦੀ ਦਾ ਝੰਡਾ ਬੁਲੰਦ ਕੀਤਾ ਸੀ। ਇਸ ਗੋਰੇ ਰੰਗ, ਮੋਟੀਆਂ-ਮੋਟੀਆਂ
ਅੱਖਾਂ ਤੇ ਸੁਡੌਲ ਜਿਸਮ ਵਾਲੇ ਨੌਜਵਾਨ ਦੇ ਦਿਲ ਵਿਚ ਦੇਸ਼ ਪਿਆਰ ਦੇ ਜਜ਼ਬੇ
ਨੇ ਅੰਗੜਾਈ ਲਈ ਅਤੇ ਉਹ ਗ਼ਦਰ ਪਾਰਟੀ ਵਿਚ ਸ਼ਾਮਲ ਹੋ ਗਿਆ। ਯੂਨੀਵਰਸਿਟੀ ਦੀ
ਪੜ੍ਹਾਈ ‘ਚੋਂ ਜੋ ਵੀ ਸਮਾਂ ਉਸਨੂੰ ਮਿਲਦਾ ਸੀ, ਉਹ ਗ਼ਦਰ ਪਾਰਟੀ ਦੇ ਦਫ਼ਤਰ
ਵਿਚ ਆ ਕੇ ਕੰਮ ਕਰਿਆ ਕਰਦਾ ਸੀ। ਉਸਨੇ ਪੂਰੀ ਸੰਜੀਦਗੀ, ਲਗਨ ਤੇ ਸਿਰੜ
ਨਾਲ ਪਾਰਟੀ ਦੇ ਕੰਮ ਨਾਲ ਰਿਸ਼ਤਾ ਜੋੜਿਆ। ਗ਼ਦਰ ਪਾਰਟੀ ਦੇ ਸਾਹਿਤ ਅਤੇ
ਸਾਥੀਆਂ ਦੇ ਖ਼ਿਆਲਾਂ ਦਾ ਉਨ੍ਹਾਂ ਉੱਤੇ ਬਹੁਤ ਅਸਰ ਸੀ। ਜਦੋਂ ਪਾਰਟੀ ਨੇ
ਹਿੰਦੋਸਤਾਨ ਆ ਕੇ ਇਨਕਲਾਬ ਕਰਨ ਦਾ ਫੈਸਲਾ ਕੀਤਾ ਤਾਂ ਪਿੰਗਲੇ ਜੀ ਨੇ
ਯੂਨੀਵਰਸਿਟੀ ਦੀ ਪੜ੍ਹਾਈ ਨੂੰ ਅਲਵਿਦਾ ਕਹਿ ਕੇ ਜੰਗ-ਏ-ਆਜ਼ਾਦੀ ਲਈ
ਕਮਰਕੱਸਾ ਕਰ ਲਿਆ। ਉਨ੍ਹਾਂ ਨੇ ਆਜ਼ਾਦੀ ਦੇ ਹੋਮਕੁੰਡ ਵਿਚ ਆਪਣੀ ਅਹੂਤੀ
ਦੇਣ ਦੀ ਠਾਣ ਲਈ। ਹਿੰਦੋਸਤਾਨ ਪਹੁੰਚਣ ‘ਤੇ ਉਹ ਆਪਣੇ ਘਰ ਨਹੀਂ ਗਏ, ਸਗੋਂ
ਸਿੱਧੇ ਬੰਗਾਲ ਜਾਂ ਪਹੁੰਚੇ। ਉੱਥੇ ਉਹ ਟੈਰੇਰਿਸਟ ਪਾਰਟੀ ਦੇ ਲੀਡਰ ਰਾਸ
ਬਿਹਾਰੀ ਬੋਸ ਦੇ ਦੋਸਤ ਤੇ ਪਾਰਟੀ ਲੀਡਰ ਸਨ, ਨੂੰ ਵੀ ਮਿਲੇ। ਉਹਨਾਂ ਨੇ
ਇਨ੍ਹਾਂ ਲੋਕਾਂ ਨੂੰ ਗ਼ਦਰ ਪਾਰਟੀ ਦੇ ਇਨਕਲਾਬੀ ਪ੍ਰੋਗਰਾਮ ਬਾਰੇ ਵਿਸਥਾਰ
ਸਹਿਤ ਦੱਸਿਆ ਅਤੇ ਬੰਗਾਲ ਤੇ ਪੰਜਾਬ ਦੀ ਪਾਰਟੀ ਨੂੰ ਆਪਸ ਵਿਚ ਜੋੜਿਆ।
ਇਸਦਾ ਨਤੀਜਾ ਇਹ ਹੋਇਆ ਕਿ ਕੁਝ ਕੁ ਦਿਨਾਂ ਵਿਚ ਹੀ ਪੰਜਾਬ ਤੋਂ ਲੈ ਕੇ
ਕਲਕੱਤੇ ਤੱਕ ਗ਼ਦਰ ਲਈ ਮੈਦਾਨ ਤਿਆਰ ਹੋ ਗਿਆ। ਬੰਬ ਵਗੈਰਾ ਕਾਫੀ ਮਾਤਰਾ
ਵਿਚ ਤਿਆਰ ਹੋਣ ਲੱਗੇ ਅਤੇ ਨੌਜਵਾਨਾਂ ਅੰਦਰ ਇਨਕਲਾਬੀ ਰੂਹ ਫੂਕੀ ਜਾਣ
ਲੱਗੀ। ਇਸ ਸਭ ਦਾ ਸਿਹਰਾ ਪਿੰਗਲੇ ਜੀ ਨੂੰ ਜਾਂਦਾ ਸੀ।
ਰਾਸ ਬਿਹਾਰੀ ਬੋਸ ਅਤੇ ਸ਼ਚਿੰਦਰ ਨਾਥ ਜੀ ਨਾਲ ਗੱਲਬਾਤ ਕਰਨ ਤੋਂ ਬਾਅਦ
ਪਿੰਗਲੇ ਜੀ ਪੰਜਾਬ ਆਏ ਅਤੇ ਬੰਗਾਲ ਪਾਰਟੀ ਦੇ ਪੂਰੀ ਤਰ੍ਹਾਂ ਨਾਲ ਮਿਲ
ਜਾਣ ਦੀ ਖੁਸ਼ਖ਼ਬਰੀ ਪਾਰਟੀ ਦੇ ਜ਼ਿੰਮੇਵਾਰ ਲੀਡਰਾਂ ਨੂੰ ਦਿੱਤੀ। ਇਸਦੇ
ਸਿੱਟੇ ਵਜੋਂ ਗ਼ਦਰ ਪਾਰਟੀ ਹੋਰ ਵੀ ਉਤਸ਼ਾਹ ਨਾਲ ਕੰਮ ਕਰਨ ਲੱਗੀ। ਬਾਅਦ ਵਿਚ
ਉਹ ਫਿਰ ਬਨਾਰਸ ਗਏ ਅਤੇ ਇਸ ਵਾਰੀ ਸ਼ਚਿੰਦਰ ਨਾਥ ਸਨਿਆਲ ਨੂੰ ਪੰਜਾਬ ਲੈ
ਆਏ। ਉਹ ਅੰਮ੍ਰਿਤਸਰ ਜਾ ਠਹਿਰੇ। ਉੱਥੇ ਉਨ੍ਹਾਂ ਦਾ ਮੇਲ ਕਰਤਾਰ ਸਿੰਘ
ਸਰਾਭਾ ਅਤੇ ਹੋਰ ਜ਼ਿੰਮੇਵਾਰ ਸਾਥੀਆਂ ਨਾਲ ਹੋਇਆ। ਕਰਤਾਰ ਸਿੰਘ, ਸ਼ਚਿੰਦਰ
ਨਾਥ ਅਤੇ ਪਿੰਗਲੇ ਜੀ ਫਿਰ ਬਨਾਰਸ ਗਏ। ਕਰਤਾਰ ਸਿੰਘ ਦੇ ਜਾਣ ਦਾ ਮਤਲਬ ਇਹ
ਸੀ ਕਿ ਬੰਗਾਲ ਪਾਰਟੀ ਦੀ ਹੋਰ ਵਾਕਫੀਅਤ ਹਾਸਲ ਕਰੇ ਅਤੇ ਕੰਮ ਦਾ ਜਾਇਜ਼ਾ
ਲਿਆ ਜਾਵੇ।
ਜਦੋਂ ਪੰਜਾਬ ਗ਼ਦਰ ਪਾਰਟੀ ਤੇ ਬੰਗਾਲ ਪਾਰਟੀ ‘ਚ ਪਰਸਪਰ ਭਰੋਸਾ ਪੈਦਾ ਹੋ
ਗਿਆ ਤਾਂ ਰਾਸ ਬਿਹਾਰੀ ਬੋਸ ਵੀ ਪੰਜਾਬ ਆ ਗਏ। ਇਨਕਲਾਬੀ ਪ੍ਰਚਾਰ ਅਤੇ ਬੰਬ
ਆਦਿ ਬਣਾਉਣ ਦਾ ਕੰਮ ਜ਼ੋਰਾਂ ਨਾਲ ਚੱਲਣ ਲੱਗਾ। ਸ਼ਚਿੰਦਰ ਨਾਥ ਸਨਿਆਲ ਨੂੰ
ਬਨਾਰਸ ਵਿਚ ਕਾਫ਼ੀ ਜ਼ਿੰਮੇਵਾਰੀ ਦਾ ਕੰਮ ਸੌਂਪਿਆ ਗਿਆ। 21 ਫਰਵਰੀ, 1915
ਦੀ ਰਾਤ ਨੂੰ ਇਨਕਲਾਬ ਸ਼ੁਰੂ ਕਰਨ ਦਾ ਫੈਸਲਾ ਹੋ ਚੁੱਕਿਆ ਸੀ, ਪਰ
ਸੀ.ਆਈ.ਡੀ. ਦੇ ਮੈਂਬਰ ਕਿਰਪਾਲ ਸਿੰਘ ਨੇ ਸਭ ਕੁਝ ਅੰਗਰੇਜ਼ੀ ਹਕੂਮਤ ਨੂੰ
ਦੱਸ ਦਿੱਤਾ। ਉਹ ਗ਼ਲਤੀ ਨਾਲ ਪਾਰਟੀ ਵਿਚ ਆ ਗਿਆ ਸੀ ਅਤੇ ਐਕਸ਼ਨ ਕਮੇਟੀ ਦਾ
ਮੈਂਬਰ ਬਣ ਚੁੱਕਿਆ ਸੀ। ਇਸਦਾ ਨਤੀਜਾ ਇਹ ਹੋਇਆ ਕਿ ਥਾਂ-ਥਾਂ ‘ਤੇ ਛਾਪੇ
ਪਏ ਅਤੇ ਪਾਰਟੀ ਲੀਡਰ ਫੜ੍ਹੇ ਗਏ। ਜਿਨ੍ਹਾਂ ਫੌਜੀ ਦਸਤਿਆਂ ‘ਤੇ ਸ਼ੱਕ ਸੀ,
ਉਨ੍ਹਾਂ ਦੇ ਹਥਿਆਰ ਜਮ੍ਹਾ ਕਰਵਾ ਲਏ ਗਏ। ਫਿਰੋਜ਼ਪੁਰ ਦੇ ਕਿਲੇ ਵਿਚ ਸਿੱਖ
ਸਿਪਾਹੀਆਂ ਦੀ ਤਬਦੀਲੀ ਕੀਤੀ ਗਈ ਅਤੇ ਉਨ੍ਹਾਂ ਦੀ ਜਗ੍ਹਾ ਉੱਤੇ ਗੋਰੇ
ਸਿਪਾਹੀ ਲਾਏ ਗਏ। ਸਾਰਾ ਇਨਕਲਾਬੀ ਜਾਲ ਫੇਲ੍ਹ ਹੋ ਗਿਆ।
ਗ੍ਰਿਫ਼ਤਾਰੀ ਤੋਂ ਕੁਝ ਹੀ ਸਮਾਂ ਪਹਿਲਾਂ ਰਾਸ ਬਿਹਾਰੀ ਬੋਸ ਤੇ ਪਿੰਗਲੇ ਜੀ
ਬਨਾਰਸ ਵੱਲ ਤੁਰ ਗਏ। ਰਸਤੇ ਵਿਚ ਪਿੰਗਲੇ ਮੇਰਠ ਛਾਉਣੀ ਵਿਚ ਮੁੜ ਇਨਕਲਾਬੀ
ਪ੍ਰਚਾਰ ਕਰਨ ਲਈ ਸਿਪਾਹੀਆਂ ‘ਚ ਜਾ ਦਾਖਲ ਹੋਏ। ਪਰ ਹੁਣ ਸਰਕਾਰ ਹੁਸ਼ਿਆਰ
ਹੋ ਚੁੱਕੀ ਸੀ। ਪਿੰਗਲੇ ਜੀ ਮੇਰਠ ਵਿਚ ਗ੍ਰਿਫਤਾਰ ਹੋ ਗਏ। ਜਿਸ ਵੇਲੇ ਉਹ
ਫੜ੍ਹੇ ਗਏ, ਉਸ ਵਕਤ ਉਨ੍ਹਾਂ ਕੋਲ ਬੜੇ ਜਬਰਦਸਤ ਕਿਸਮ ਦੇ ਬੰਬ ਸਨ,
ਕਿਉਂਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਅਚਨਚੇਤ ਹੀ ਹੋਈ ਸੀ, ਇਸ ਲਈ ਉਨ੍ਹਾਂ
ਨੂੰ ਬੰਬ ਚਲਾਉਣ ਦਾ ਮੌਕਾ ਹੀ ਨਾ ਮਿਲ ਸਕਿਆ। ਜਦੋਂ ਇਹ ਅਦਾਲਤ ‘ਚ ਪੇਸ਼
ਹੋਏ, ਤਾਂ ਸਰਕਾਰੀ ਮਾਹਿਰਾਂ ਦਾ ਅੰਦਾਜ਼ਾ ਸੀ ਕਿ ਇਹ ਬੰਬ ਬਹੁਤ ਹੀ
ਖ਼ਤਰਨਾਕ ਸਨ ਅਤੇ ਸੈਂਕੜੇ ਲੋਕਾਂ ਦਾ ਨੁਕਸਾਨ ਕਰ ਸਕਦੇ ਹਨ।
ਅਦਾਲਤ ਨੇ 23 ਹੋਰ ਸਾਥੀਆਂ ਸਮੇਤ ਪਿੰਗਲੇ ਜੀ ਨੂੰ ਮੌਤ ਦੀ ਸਜ਼ਾ ਸੁਣਾਈ,
ਜੋ ਉਨ੍ਹਾਂ ਨੇ ਖਿੜੇ ਮੱਥੇ ਪ੍ਰਵਾਨ ਕੀਤੀ। ਗ੍ਰਿਫ਼ਤਾਰੀ ਸਮੇਂ ਮਹਾਂਰਾਸ਼ਟਰ
ਦੀ ਸੀ.ਆਈ.ਡੀ. ਨੇ ਬਹੁਤ ਕੋਸ਼ਿਸ਼ ਕੀਤੀ ਕਿ ਪਿੰਗਲੇ ਜੀ ਨੂੰ ਵਾਅਦਾ ਮੁਆਫ਼
ਗਵਾਹ ਬਣਾਇਆ ਜਾ ਸਕੇ। ਉਹ ਕਈ ਵਾਰ ਜੇਲ੍ਹ ਆਏ ਅਤੇ ਕੋਰਾ ਜਵਾਬ ਲੈ ਕੇ
ਨਿਮੋਸ਼ੀ ਨਾਲ ਮੁੜਦੇ ਰਹੇ। ਭੈਅ, ਲਾਲਚ ਅਤੇ ਇੱਜ਼ਤ ਦੀ ਤਾਂਘ ਕੋਈ ਵੀ ਚੀਜ਼
ਪਿੰਗਲੇ ਜੀ ਨੂੰ ਆਪਣੇ ਰਸਤੇ ਤੋਂ ਪਟਕਾ ਨਾ ਸਕੀ। ਅਖੀਰ 16 ਨਵੰਬਰ, 1915
ਨੂੰ ਦੂਜੇ ਛੇ ਸਾਥੀਆਂ ਸਮੇਤ ਪਿੰਗਲੇ ਜੀ ਨੂੰ ਵੀ ਫਾਂਸੀ ਲਟਕਾਉਣ ਲਈ
ਸੂਲੀ-ਘਰ ‘ਚ ਲਿਆਂਦਾ ਗਿਆ। ਆਖਰੀ ਵੇਲੇ ਜਦੋਂ ਕਾਤਲਾਂ ਨੇ ਪੁੱਛਿਆ ਕਿ ਉਹ
ਕੁਝ ਕਹਿਣਾ ਚਾਹੁੰਦਾ ਹੈ ਤਾਂ ਪਿੰਗਲੇ ਜੀ ਨੇ ਕਿਹਾ-‘‘ਮੈਂ ਦੋ ਮਿੰਟ
ਪ੍ਰਾਰਥਨਾ ਕਰਨਾ ਚਾਹੁੰਦਾ ਹਾਂ।‘‘
ਹੱਥਕੜੀ ਉਤਾਰ ਦਿੱਤੀ ਗਈ। ਪਿੰਗਲੇ ਜੀ ਨੇ ਪ੍ਰਾਰਥਨਾ ਕੀਤੀ-‘‘ਹੇ ਭਗਵਾਨ!
ਮੇਰੀ ਆਖਰੀ ਕਾਮਨਾ ਇਹੀ ਹੈ ਕਿ ਭਾਰਤ ਆਜ਼ਾਦ ਹੋ ਜਾਏ।‘‘
ਇਸ ਤੋਂ ਬਾਅਦ ਉਹ ਫਾਂਸੀ ਦੇ ਤਖ਼ਤੇ ਤੇ ਜਾ ਖੜ੍ਹੇ ਹੋਏ ਅਤੇ ਫਾਂਸੀ ਦੀ
ਰੱਸੀ ਖ਼ੁਦ ਆਪਣੇ ਗਲ ਵਿਚ ਪਾਈ। ਜਲਾਦ ਨੇ ਤਖ਼ਤਾ ਖਿੱਚ ਦਿੱਤਾ ਅਤੇ ਪਿੰਗਲੇ
ਜੀ ਹਮੇਸ਼ਾ ਲਈ ਅਮਰ ਪਦ ਪਾ ਗਏ।
ਜਗਤ ਸਿੰਘ ਸੁਰਸਿੰਘ
ਜਗਤ ਸਿੰਘ
ਦੀ ਉਮਰ ਲਗਭਗ 35 ਸਾਲ ਸੀ ਜਦੋਂ ਉਹ ਗ਼ਦਰ ਪਾਰਟੀ ਵਿਚ ਸ਼ਾਮਲ ਹੋਏ ਸਨ।
ਉਨ੍ਹਾਂ ਦਾ ਜਨਮ ਪਿੰਡ ਸੁਰਸਿੰਘ, ਜ਼ਿਲ੍ਹਾ ਲਾਹੌਰ ਵਿਚ ਸ੍ਰ. ਅਰੂੜ ਸਿੰਘ
ਦੇ ਘਰ ਹੋਇਆ। ਸੁਰਸਿੰਘ ਗ਼ਦਰ ਪਾਰਟੀ ਦੇ ਇਤਿਹਾਸ ਵਿਚ ਅਹਿਮ ਮੁਕਾਮ ਰੱਖਦਾ
ਹੈ। ਇਸ ਪਿੰਡ ਨੇ ਇੰਦਰ ਸਿੰਘ, ਜਵੰਦ ਸਿੰਘ, ਪ੍ਰੇਮ ਸਿੰਘ, ਕਾਲਾ ਸਿੰਘ,
ਗੁਰਦਿੱਤ ਸਿੰਘ ਤੇ ਜਗਤ ਸਿੰਘ ਵਰਗੇ ਸੂਰਬੀਰ ਪੈਦਾ ਕੀਤੇ, ਜਿਨ੍ਹਾਂ ਨੇ
ਕੌਮ ਦੀ ਆਜ਼ਾਦੀ ਲਈ ਕਨੇਡਾ ਤੇ ਅਮਰੀਕਾ ਵਿਚ ਹਜ਼ਾਰਾਂ ਡਾਲਰਾਂ ਦੀ ਆਮਦਨੀ
‘ਤੇ ਲੱਤ ਮਾਰੀ ਅਤੇ ਆਜ਼ਾਦੀ ਹਾਸਲ ਕਰਨ ਦੇ ਮੰਤਵ ਲਈ ਦੇਸ਼ ਵਿਚ ਆ ਕੇ
ਫਾਂਸੀ ਤੇ ਕਾਲੇਪਾਣੀ ਦੀਆਂ ਸਜ਼ਾਵਾਂ ਨੂੰ ਹੱਸ-ਹੱਸ ਕੇ ਕਬੂਲ ਕੀਤਾ,
ਗ਼ੁਲਾਮ ਰੱਖਣ ਵਾਲਿਆਂ ਦੇ ਸਾਹਮਣੇ ਸਿਰ ਨਾ ਝੁਕਾਇਆ। ਇਸੇ ਪਿੰਡ ਦੇ
ਇਨ੍ਹਾਂ ਸਾਥੀਆਂ ਵਿਚ ਜਗਤ ਸਿੰਘ ਵੀ ਸਨ, ਜੋ ਕੁਝ ਸਮਾਂ ਚੀਨ ਵਿਚ ਰਹਿਣ
ਉਪਰੰਤ ਕਨੇਡਾ ਪਹੁੰਚੇ ਸਨ। ਕਨੇਡਾ ਚੋਂ ਉਹ ਕੈਲੀਫੋਰਨੀਆ ਪਹੁੰਚ ਕੇ ਖੇਤ
ਮਜ਼ੂਰ ਦਾ ਕੰਮ ਕਰਦੇ ਰਹੇ, ਬਾਗਾਂ ‘ਚੋਂ ਫਲ ਤੋੜਦੇ ਰਹੇ ਅਤੇ 15-20 ਰੁਪਏ
ਰੋਜ਼ਾਨਾ ਕਮਾਉਣ ਲੱਗ ਪਏ।
ਜਦੋਂ ਗ਼ਦਰ ਪਾਰਟੀ ਕਾਇਮ ਹੋਈ ਤਾਂ ਦੂਜੇ ਹਿੰਦੀ ਦੇਸ਼ ਭਗਤਾਂ ਦੀ ਤਰ੍ਹਾਂ
ਉਨ੍ਹਾਂ ਦੇ ਦਿਲ ਅੰਦਰ ਵੀ ਆਜ਼ਾਦੀ ਦੀ ਲਗਨ ਪੈਦਾ ਹੋ ਗਈ। ਜਦੋਂ ਪਾਰਟੀ ਨੇ
ਭਾਰਤ ਆ ਕੇ ਇਨਕਲਾਬ ਕਰਨ ਦਾ ਸੱਦਾ ਦਿੱਤਾ ਤਾਂ ਆਪ ਸਭ ਕੁਝ ਪਾਰਟੀ ਦੇ
ਹਵਾਲੇ ਕਰਕੇ ਆਜ਼ਾਦੀ ਦੀ ਵੇਦੀ ‘ਤੇ ਅਹੂਤੀ ਦੇਣ ਲਈ ਆਪਣੇ ਸਾਥੀਆਂ ਸਮੇਤ
ਹਿੰਦੋਸਤਾਨ ਆਏ ਅਤੇ ਕੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲੱਗੇ।
ਉਹ ਸੁਡੌਲ ਜੁੱਸੇ ਵਾਲੇ ਦਲੇਰ ਨੌਜਵਾਨ ਸਨ। ਜਦੋਂ ਐਕਸ਼ਨ ਕਮੇਟੀ ਨੇ ਲਾਹੌਰ
ਤੋਂ ਬਾਹਰ ਤਿੰਨ ਸਾਥੀਆਂ ਨੂੰ ਖਾਸ ਕਾਰਜ ਲਈ ਭੇਜਿਆ ਤਾਂ ਜਗਤ ਸਿੰਘ
ਉਨ੍ਹਾਂ ਵਿਚ ਸ਼ਾਮਲ ਸਨ। ਉਹ ਤਿੰਨੋਂ ਟਾਂਗੇ ‘ਤੇ ਅਨਾਰਕਲੀ ‘ਚੋਂ ਗੁਜ਼ਰ
ਰਹੇ ਸਨ ਕਿ ਪੁਲੀਸ ਨੂੰ ਉਨ੍ਹਾਂ ‘ਤੇ ਸ਼ੱਕ ਹੋ ਗਿਆ। ਇੱਕ ਸਬ-ਇੰਸਪੈਕਟਰ
ਤੇ ਤਿੰਨ ਸਿਪਾਹੀਆਂ ਨੇ ਟਾਂਗੇ ਨੂੰ ਰੋਕ ਲਿਆ ਅਤੇ ਤਿੰਨਾਂ ਨੂੰ ਕੋਤਵਾਲੀ
ਚੱਲਣ ਲਈ ਮਜਬੂਰ ਕਰਨ ਲੱਗੇ। ਕੋਤਵਾਲੀ ਜਾਣਾ ਉਨ੍ਹਾਂ ਲਈ ਮੌਤ ਦੇ ਮੂੰਹ
ਪੈਣ ਵਾਲੀ ਗੱਲ ਸੀ। ਉਨ੍ਹਾਂ ਕੋਲ ਪਸਤੌਲ ਸਨ ਤੇ ਉਨ੍ਹਾਂ ਨੇ ਫਾਇਰ ਕਰ
ਦਿੱਤੇ। ਸਬ-ਇੰਸਪੈਕਟਰ ਤਾਂ ਮੌਕੇ ‘ਤੇ ਹੀ ਮਰ ਗਿਆ ਅਤੇ ਸਿਪਾਹੀ ਜ਼ਖਮੀ ਹੋ
ਗਏ। ਇਹ ਤਿੰਨੋ-ਜਗਤ ਸਿੰਘ, ਅਰਜਨ ਸਿੰਘ ਤੇ ਹਰਨਾਮ ਸਿੰਘ ਸਿਆਲਕੋਟ ਵੱਲ
ਨੂੰ ਭੱਜ ਤੁਰੇ। ਜਗਤ ਸਿੰਘ ਤੇ ਹਰਨਾਮ ਸਿੰਘ ਤਾਂ ਭੱਜਣ ‘ਚ ਸਫ਼ਲ ਹੋ ਗਏ,
ਪਰ ਅਰਜਨ ਸਿੰਘ ਫੜਿਆ ਗਿਆ (‘‘ਫਾਂਸੀ ਕੇ ਪੁਜਾਰੀ‘ ਦੇ ਲੇਖਕ ਨੇ ਜਗਤ
ਸਿੰਘ ਦੀ ਗ੍ਰਿਫ਼ਤਾਰੀ ਦੀ ਗੱਲ ਲਿਖੀ ਹੈ, ਜੋ ਕਿਸੇ ਗ਼ਲਤ ਇਤਲਾਹ ‘ਤੇ
ਅਧਾਰਤ ਹੈ।)
ਜਦੋਂ ਪਾਰਟੀ ਅਸਫ਼ਲ ਹੋ ਗਈ ਅਤੇ ਬਹੁਤ ਸਾਰੇ ਮੈਂਬਰ ਹਿੰਦੋਸਤਾਨ ਛੱਡਣ ਲਈ
ਮਜਬੂਰ ਹੋ ਗਏ, ਤਾਂ ਜਗਤ ਸਿੰਘ ਵੀ ਕਰਤਾਰ ਸਿੰਘ ਸਰਾਭਾ ਤੇ ਹਰਨਾਮ ਸਿੰਘ
ਟੁੰਡੀਲਾਟ ਨਾਲ ਸਰਗੋਧੇ ਵੱਲ ਰਵਾਨਾ ਹੋ ਗਿਆ। ਜਗਤ ਸਿੰਘ ਕਨੇਡਾ ਜਾਣ ਤੋਂ
ਪਹਿਲਾ ਰਸਾਲਾ ਨੰ: 35 ਵਿੱਚ ਨੌਕਰੀ ਕਰ ਚੁੱਕਾ ਸਨ ਅਤੇ ਰਸਾਲਾ ਨੰ: 35
ਦਾ ਘੋੜਿਆਂ ਦਾ ਤਬੇਲਾ ਚੱਕ ਨੰ: 5 ਸਰਗੋਧਾ ਵਿੱਚ ਸੀ। ਜਦੋਂ ਉਹ ਉਥੋਂ
ਗੁਜ਼ਰਨ ਲੱਗੇ ਤਾਂ ਜਗਤ ਸਿੰਘ ਦੇ ਮਨ ਵਿਚ ਖਿਆਲ ਆਇਆ ਕਿ ਉਹ ਤਾਂ ਇੱਥੇ
ਬਹੁਤ ਸਾਰੇ ਸਿਪਾਹੀਆਂ ਨੂੰ ਜਾਣਦਾ ਹੈ। ਇਹ ਇੱਕ ਚੰਗੀ ਗੱਲ ਹੋਵੇਗੀ ਕਿ
ਇਹਨਾਂ ਦੇ ਖ਼ਿਆਲਾਤ ਬਦਲੇ ਜਾਣ ਅਤੇ ਜੇ ਕੋਈ ਗੱਲ ਬਣ ਜਾਏ ਤਾਂ ਬਾਹਰ ਜਾਣ
ਦੀ ਬਜਾਏ ਕਿਸਮਤ ਅਜਮਾਈ ਜਾਏ। ਇਸ ਖ਼ਿਆਲ ਨਾਲ ਉਹ ਚੱਕ ਨੰ: 5 ਚਲੇ ਗਏ।
ਉਨ੍ਹਾਂ ਨੂੰ ਬਹੁਤ ਸਾਰੇ ਵਾਕਫ਼ ਸਿਪਾਹੀ ਮਿਲੇ, ਜਿਨ੍ਹਾਂ ਨੇ ਬੜੇ ਪਿਆਰ
ਦਾ ਇਜ਼ਹਾਰ ਕੀਤਾ। ਇਹ ਉੱਥੇ ਰੁਕ ਗਏ ਅਤੇ ਸਿਪਾਹੀਆਂ ਨਾਲ ਖੁਲਮ-ਖੁੱਲ੍ਹਾ
ਵਿਚਾਰ-ਵਟਾਂਦਰਾ ਕਰਨ ਲੱਗੇ। ਇਸ ਤਬੇਲੇ ਦਾ ਇੰਚਾਰਜ਼ ਇੱਕ ਰਸਾਲਦਾਰ ਸੀ,
ਜੋ ਉੱਤੋਂ-ਉੱਤੋਂ ਬਹੁਤ ਪਿਆਰ ਜਿਤਾਉਂਦਾ ਸੀ, ਪਰ ਉਸਨੇ ਚੋਰੀ-ਛੁਪੇ ਇੱਕ
ਆਦਮੀ ਨੇੜਲੇ ਥਾਣੇ ਭੇਜ ਦਿੱਤਾ। ਖ਼ਬਰ ਮਿਲਦਿਆਂ ਹੀ ਪੁਲੀਸ ਭੱਜੀ ਆਈ ਅਤੇ
ਜਗਤ ਸਿੰਘ ਅਤੇ ਉਸਦੇ ਦੋਵਾਂ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਪਹਿਲੇ ਲਾਹੌਰ ਸਾਜਿਸ਼ ਕੇਸ ਵਿਚ ਜਗਤ ਸਿੰਘ ਉਸਦੇ ਛੇ ਸਾਥੀਆਂ ਸਮੇਤ ਲਾਹੌਰ
ਸੈਂਟਰਲ ਜੇਲ੍ਹ ਵਿਚ 16 ਨਵੰਬਰ, 1915 ਨੂੰ ਫਾਂਸੀ ‘ਤੇ ਲਟਕਾਇਆ ਗਿਆ।
ਫਾਂਸੀ ਦੀ ਕੋਠੜੀ ਵਿਚ ਜਗਤ ਸਿੰਘ ਦਾ ਭਾਰ 10 ਪੌਂਡ ਵਧ ਗਿਆ। ਫਾਂਸੀ
ਚੜ੍ਹਨ ਵੇਲੇ ਜਗਤ ਸਿੰਘ ਬਹੁਤ ਖੁਸ਼ ਸੀ ਤੇ ਕਹਿੰਦਾ ਸੀ-‘‘ਫਾਂਸੀ ਕੀ ਸ਼ੈਅ
ਹੈ, ਜੇ ਚਾਹੋ ਤਾਂ ਮੇਰਾ ਅੰਗ-ਅੰਗ ਕੱਟ ਕੇ ਇਮਤਿਹਾਨ ਲੈ ਲਉ।‘‘
ਹਰਨਾਮ ਸਿੰਘ ਸਿਆਲਕੋਟ
ਇਹ ਨੌਜਵਾਨ
ਉਨ੍ਹਾਂ
ਇਨਕਲਾਬੀਆਂ ਵਿਚੋਂ ਸੀ, ਜੋ ਬੋਲਦੇ ਬਹੁਤ ਘੱਟ ਸਨ, ਪਰ ਕੰਮ ਬਹੁਤ ਜ਼ਿਆਦਾ
ਕਰਦੇ ਸਨ। ਜਦੋਂ ਹਰਨਾਮ ਸਿੰਘ ਆਜ਼ਾਦੀ ਦੀ ਜੰਗ ਲਈ ਦੂਜੇ ਸਾਥੀਆਂ ਨਾਲ
ਬਾਹਰਲੇ ਟਾਪੂਆਂ ਤੋਂ ਹਿੰਦੋਸਤਾਨ ਆਇਆ ਤਾਂ ਉਸਦੀ ਉਮਰ ਕੋਈ 25 ਕੁ ਸਾਲ
ਸੀ। ਉਸਦਾ ਜਨਮ ਪਿੰਡ ਭੱਟੀ ਗਿਰਾਈਆਂ ਜ਼ਿਲ੍ਹਾ ਸਿਆਲਕੋਟ ਵਿਚ ਹੋਇਆ ਸੀ
ਅਤੇ ਉਹ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ ਚਲੇ ਗਏਸਨ, ਉੱਥੇ ਗ਼ਦਰ ਪਾਰਟੀ ਦਾ
ਇਨਕਲਾਬੀ ਰੰਗ ਉਨ੍ਹਾਂ ‘ਤੇ ਇਸ ਕਦਰ ਚੜ੍ਹਿਆ ਕਿ ਅਖੀਰ ਤੱਕ ਨਾ ਉਤਰਿਆ।
ਅਨਾਰਕਲੀ ‘ਚ ਜਿਹੜੇ ਤਿੰਨ ਇਨਕਲਾਬੀ ਟਾਂਗੇ ‘ਤੇ ਜਾ ਰਹੇ ਸਨ, ਹਰਨਾਮ
ਸਿੰਘ ਉਨ੍ਹਾਂ ਵਿਚ ਵੀ ਸ਼ਾਮਲ ਸੀ। ਉਹ ਨਹਾਇਤ ਸੰਜੀਦਾ ਤੇ ਭੇਦ ਨੂੰ ਦਿਲ
‘ਚ ਛੁਪਾ ਕੇ ਰੱਖਣ ਵਾਲਾ ਬੰਦਾ ਸੀ, ਭੇਸ ਬਦਲਣ ‘ਚ ਮਾਹਿਰ ਸੀ ਅਤੇ ਕਈ
ਵਾਰ ਪੁਲਿਸ ਦੀਆਂ ਅੱਖਾਂ ‘ਚ ਘੱਟਾ ਪਾ ਕੇ ਨਿਕਲ ਗਿਆ ਸੀ।
ਜਦੋਂ ਪਾਰਟੀ ਮੈਂਬਰ ਲਾਹੌਰ ਵਿਚ ਗ੍ਰਿਫ਼ਤਾਰ ਕੀਤੇ ਗਏ ਤਾਂ ਉਨ੍ਹਾਂ ਵਿਚ
ਹਰਨਾਮ ਸਿੰਘ ਵੀ ਸਨ। ਉਨ੍ਹਾਂ ਨੇ ਪਾਰਟੀ ਕੰਮ ‘ਚ ਬਹੁਤ ਹਿੱਸਾ ਲਿਆ ਸੀ।
ਕਰਤਾਰ ਸਿੰਘ ਦੇ ਛੇ ਸਾਥੀ, ਜਿਨ੍ਹਾਂ ਨੂੰ 16 ਨਵੰਬਰ ਨੂੰ ਫਾਂਸੀ ‘ਤੇ
ਲਟਕਾਇਆ ਗਿਆ ਸੀ, ਹਰਨਾਮ ਸਿੰਘ ਉਨ੍ਹਾਂ ਵਿਚ ਸ਼ਾਮਲ ਸਨ। ਫਾਂਸੀ ਦੀ ਕੋਠੜੀ
ਵਿਚ ਉਨ੍ਹਾਂ ਦਾ ਵਜਨ ਵੀ ਨਹੀਂ ਵਧਿਆ, ਸਗੋਂ ਚਿਹਰੇ ‘ਤੇ ਲਾਲੀ ਤੇ ਰੌਣਕ
ਆਈ ਕਿ ਵੇਖਣ ਵਾਲੇ ਹੈਰਾਨ ਹੋ ਰਹੇ ਸਨ। ਕਰਤਾਰ ਸਿੰਘ ਦੀ ਤਰ੍ਹਾਂ ਉਸਨੇ
ਵੀ ਰਹਿਮ ਦੀ ਅਪੀਲ ਨਹੀਂ ਕੀਤੀ ਸੀ ਅਤੇ ਹੱਸ-ਹੱਸ ਕੇ ਫਾਂਸੀ ਚੜ੍ਹ ਗਏ
ਸਨ। ਉਦੋਂ ਇਨਕਲਾਬੀਆਂ ਦੀਆਂ ਲਾਸ਼ਾਂ ਵਾਰਿਸਾਂ ਨੂੰ ਨਹੀਂ ਦਿੱਤੀਆਂ
ਜਾਂਦੀਆਂ ਸਨ, ਸਗੋਂ ਜੇਲ੍ਹ ਅਧਿਕਾਰੀ ਖ਼ੁਦ ਹੀ ਇਨ੍ਹਾਂ ਨੂੰ ਟਿਕਾਣੇ ਲਗਾ
ਦਿੰਦੇ ਸਨ ਅਤੇ ਕਈ ਅਖ਼ਬਾਰ ਇਨ੍ਹਾਂ ਦੀ ਖ਼ਬਰ ਤੱਕ ਅਖ਼ਬਾਰ ‘ਚ ਨਹੀਂ ਛਾਪ
ਸਕਦਾ ਸੀ। ਗ਼ੁਲਾਮੀ ਦੇ ਅਜਿਹੇ ਘੋਰ ਹਨੇਰੇ ਦੇ ਸਮੇਂ ਇਨ੍ਹਾਂ ਬਹਾਦਰਾਂ
ਇਨਕਲਾਬੀਆਂ ਨੇ ਆਜ਼ਾਦੀ ਤੇ ਬਰਾਬਰੀ ਲਈ ਆਪਣੀਆਂ ਅਹੂਤੀਆਂ ਦਿੱਤੀਆਂ ਸਨ
ਅਤੇ ਆਪਣੇ ਆਪ ਨੂੰ ਮੁਲਕ ਅਤੇ ਇਨਸਾਨੀਅਤ ਲਈ ਨਿਸ਼ਾਵਰ ਕਰ ਦਿੱਤਾ ਸੀ।
ਬਖਸ਼ੀਸ਼ ਸਿੰਘ ਗਿੱਲਵਾਲੀ ਤੇ ਛੋਟਾ ਸੁਰੈਣ ਸਿੰਘ
ਇਹ ਦੋਵੇਂ
ਹੀ ਉਨ੍ਹਾਂ ਦੇਸ਼ ਭਗਤਾਂ ਵਿਚੋਂ ਸਨ, ਜਿਨ੍ਹਾਂ ਨੂੰ ਕਰਤਾਰ ਸਿੰਘ ਦੇ ਨਾਲ
ਪਹਿਲੇ ਲਾਹੌਰ ਸਾਜਿਸ਼ ਕੇਸ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ। ਬਖਸ਼ੀਸ਼
ਸਿੰਘ ਅਤੇ ਸੁਰੈਣ ਸਿੰਘ, ਦੋਵਾਂ ਦੀ ਉਮਰ ਕਰੀਬ 25-25 ਸਾਲ ਸੀ। ਇਨ੍ਹਾਂ
ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗਿੱਲਵਾਲੀ ਵਿਚ ਹੋਇਆ। ਬਖਸ਼ੀਸ਼
ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਖ਼ੂਬਸੂਰਤ ਨੌਜਵਾਨ ਸੀ। ਇਹ
ਪਹਿਲਾਂ ਪਾਰਟੀ
ਮੈਂਬਰ ਨਹੀਂ ਸੀ। ਪਿੰਡ ਚੱਬਾ ‘ਚ ਜਿਹੜਾ ਡਾਕਾ ਮਾਰਿਆ ਗਿਆ ਸੀ, ਇਹ ਉਸ
ਵਿਚ ²ਸ਼ਾਮਲ ਸੀ। ਵਿਸਾਖਾ ਸਿੰਘ ਗਿੱਲਵਾਲੀ, ਜੋ ਅਮਰੀਕਾ ਤੋਂ ਆਏ ਸਨ,
ਬਖਸ਼ੀਸ਼ ਸਿੰਘ ਦੇ ਚਾਚਾ ਜੀ ਸਨ।
ਭਾਵੇਂ ਡਾਕੇ ਮਾਰਨਾ ਗ਼ਦਰ ਪਾਰਟੀ ਦੇ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ, ਪਰ
ਕਰਤਾਰ ਸਿੰਘ ਤੇ ਹੋਰ ਲੋਕ ਦੇਸ਼ ਦੇ ਹਾਲਾਤ ਵੇਖ ਕੇ ਡਾਕੇ ਮਾਰਨ ‘ਚ ਜੁੱਟ
ਗਏ ਸਨ। ਬਹੁਤ ਸਾਰੇ ਨੌਜਵਾਨ ਇਸ ਖਿਆਲ ਨਾਲ ਡਾਕਿਆਂ ਵਿਚ ਸ਼ਾਮਲ ਹੋ ਗਏ ਸਨ
ਕਿ ਜੇਕਰ ਮੁਲਕ ਦੀ ਆਜ਼ਾਦੀ ਲਈ ਕਿਸੇ ਹੋਰ ਜ਼ਰੀਏ ਨਾਲ ਧਨ ਪ੍ਰਾਪਤ ਨਹੀਂ
ਹੁੰਦਾ, ਤਾਂ ਡਾਕੇ ਮਾਰਨੇ ਕੋਈ ਪਾਪ ਨਹੀਂ ਹੈ। ਇਹ ਸੋਚ ਬੁਨਿਆਦੀ ਤੌਰ
‘ਤੇ ਬੰਗਾਲ ਦੀ ਟੈਰੇਰਿਸਟ ਪਾਰਟੀ ਦੀ ਸੀ, ਜਿਸਦਾ ਅਸਰ ਗ਼ਦਰ ਪਾਰਟੀ ਦੇ ਕਈ
ਮੈਂਬਰਾਂ ਉੱਤੇ ਪਿਆ। ਇਸ ਗ਼ਲਤ ਪਾਲਸੀ ਦੇ ਨਤੀਜੇ ਕਰਕੇ ਹੀ ਅੰਗਰੇਜ਼ੀ
ਸਰਕਾਰ ਨੂੰ ਆਮ ਲੋਕਾਂ ਅੱਗੇ ਗ਼ਦਰ ਪਾਰਟੀ ਨੂੰ ਬਦਨਾਮ ਕਰਨ ਦਾ ਮੌਕਾ
ਮਿਲਿਆ। ਭਾਵੇਂ ਕੁਝ ਵੀ ਹੋਵੇ, ਬਖਸ਼ੀਸ਼ ਸਿੰਘ ਅਤੇ ਛੋਟੇ ਸੁਰੈਣ ਸਿੰਘ ਦੀ
ਕੋਈ ਖ਼ੁਦਗਰਜ਼ੀ ਨਹੀਂ ਸੀ। ਉਹ ਮੁਲਕ ਦੀ ਆਜ਼ਾਦੀ ਲਈ ਇਸ ਵਿਚ ਸ਼ਾਮਲ ਹੋਏ ਸਨ।
ਇਸ ਲਈ ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦੇਣਾ ਹੀ ਨਿਆਂ ਹੈ। ਪਰ ਵੱਡਾ
ਸੁਰੈਣ ਸਿੰਘ, ਜਿਸਨੇ ਚੱਬੇ ‘ਚ ਡਾਕਾ ਮਰਵਾਇਆ ਸੀ, ਉਸਦੀ ਨੀਅਤ ਖ਼ੁਦਗਰਜ਼ੀ
ਰਹਿਤ ਨਹੀਂ ਸੀ। ਉਸਨੇ ਚੱਬੇ ਦੇ ਸ਼ਾਹੂਕਾਰ ਦੇ ਘਰ ਡਾਕਾ ਇਸ ਕਰਕੇ ਮਰਵਾਇਆ
ਸੀ, ਕਿਉਂਕਿ ਉਸਨੇ ਸ਼ਾਹੂਕਾਰ ਦਾ ਕਰਜ਼ਾ ਦੇਣਾ ਸੀ ਅਤੇ ਉਹ ਰੋਂਦਾ ਹੋਇਆ
ਫਾਂਸੀ ਚੜ੍ਹਿਆ ਸੀ। ਇਹ ਫਾਂਸੀਆਂ ਲਾਹੌਰ ਸੈਂਟਰਲ ਜੇਲ੍ਹ ‘ਚ ਹੋਈਆਂ ਸਨ।
ਸਰੋਤ: ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ
ਸਬ-ਕਮੇਟੀ ਦਾ ਬੁਲੇਟਿਨ,
ਨੰਬਰ 1, ਪਹਿਲੀ ਨਵੰਬਰ 1995=
-0-
|