ਪਤਾ ਨਹੀਂ ਕਿਉਂ, ਬਚਪਨ
ਤੋਂ ਹੀ ਮੈਨੂੰ ਪਰਛਾਵੇਂ ਫੜ੍ਹਨਾ ਚੰਗਾ ਲਗਦਾ ਰਿਹਾ ਹੈ। ਇਸ ਅਵੱਲੀ ਆਦਤ ਦਾ ਅੱਜ ਵੀ ਓਨਾ
ਹੀ ਸਿ਼ਕਾਰ ਹਾਂ ਜਿੰਨਾਂ ਬਚਪਨ ਵਿੱਚ ਸਾਂ। ਸਰਦੀਆਂ ਦੇ ਦਿਨ, ਹਲਕੀ ਹਲਕੀ ਬਾਰਸ਼ ਦੀ
ਫੁਹਾਰ, ਚਾਰ ਘੰਟੇ ਲਾਹੌਰ ਦੇ ਮਿਆਣੀ ਸਾਹਿਬ ਕਬਰਸਤਾਨ ਵਿੱਚ ਬੂਟਾ ਸਿੰਘ ਦੀ ਕਬਰ ਲੱਭਦਾ
ਰਿਹਾ। ਉਂਜ ਤਾਂ ਪੂਰੇ ਦੇ ਪੂਰੇ ਪੰਜਾਬ ਨੂੰ ਆਜ਼ਾਦੀ ਵੱਟੇ ਝੂੰਗੇ ਵਿੱਚ ਲੱਖਾਂ ਲੋਕਾਂ
ਦੀਆਂ ਜਾਨਾਂ ਦੀ ਕੁਰਬਾਨੀ ਦੇਣੀ ਪਈ ਪਰ ਕੋਈ ਕੋਈ ਬੂਟਾ ਸਿੰਘ ਜਿਹਾ ਮਜ਼ਲੂਮ ਮਰਦ ਵੀ ਸੀ
ਜੋ ਵਕਤ ਦੇ ਕਹਿਰ ਨਾਲ ਛੱਜ ਵਿੱਚ ਪਾ ਕੇ ਛੱਟਿਆ ਗਿਆ । ਵਿਚਾਰਾ ਪਾਟੀ ਲੀਰ ਵਾਗੂੰ ਲੰਮਾਂ
ਸਮਾਂ ਕਿੱਕਰ ’ਤੇ ਟੰਗਿਆ ਹੋਣੀ ਦੇ ਥਪੇੜੇ ਝੱਲਦਾ ਰਿਹਾ।
ਜਿਸ ਦਿਨ ਤੋਂ ਗੁਰਦਾਸ ਮਾਨ ਦੀ ਫਿ਼ਲਮ ‘ਸ਼ਹੀਦ-ਏ-ਮੁਹੱਬਤ’ ਵੇਖੀ ਸੀ, ਮਨ ਵਿੱਚ ਤਮੰਨਾ
ਸੀ, ਮੁਹੱਬਤ ਦੇ ਪਰਵਾਨੇ ਦੀ ਕਬਰ ’ਤੇ ਚਾਰ ਫੁੱਲ ਜ਼ਰੂਰ ਅਰਪਨ ਕਰਨੇ ਹਨ, ਜਿਸ ਜਗ੍ਹਾ
ਦਰਿਆ ਦੇ ਕਿਨਾਰੇ, ਜਹਾਂਗੀਰ ਦੇ ਮਕਬਰੇ ਵਿੱਚ ਬੂਟਾ ਸਿੰਘ ਠਹਿਰਿਆ, ਓਥੇ ਗਿਆ, ਜਿਸ ਜਗ੍ਹਾ
’ਤੇ ਰੇਲ ਹੇਠ ਆ ਕੇ ਜਾਨ ਦਿੱਤੀ , ਓਥੇ ਗਿਆ। ਉਸ ਦਾ ਨਾਂ ਏ ਸਾ਼ਹਦਰਾ, ਪਰ ਕਬਰ ਲੱਭਣ
ਵਿੱਚ ਕੋਈ ਕਾਮਯਾਬੀ ਨਹੀਂ ਹੋ ਰਹੀ ਸੀ। ਮਿਆਣੀ ਸਾਹਬ ਦਾ ਕਬਰਸਤਾਨ ਸੈਂਕੜੇ ਕਿੱਲਿਆਂ ਵਿੱਚ
ਪਸਰਿਆ ਹੋਇਆ ਹੈ। ਕਦੇ ਲਾਹੌਰ ਸ਼ਹਿਰ ਤੋਂ ਬਿਲਕੁਲ ਬਾਹਰ ਹੁੰਦਾ ਸੀ। ਅੱਜ ਸ਼ਹਿਰ ਦੀ
ਸੰਘਣੀ ਆਬਾਦੀ ਵਿੱਚ ਘਿਰਿਆ ਹੋਇਆ ਹੈ। ਅਸੀਂ ਬੜੇ ਲੋਕਾਂ ਤੋਂ ਪੁੱਛਿਆ ਪਰ ਕੋਈ ਵੀ ਸਹੀ
ਜਗ੍ਹਾ ’ਤੇ ਨਹੀਂ ਲਿਜਾ ਸਕਿਆ। ਇੱਕ ਬਜ਼ੁਰਗ ਨੇ ਕਿਹਾ, “ ਇਹ ਤੇ ਕਿੱਸਾ ਅਖ਼ਬਾਰਾਂ ਵਿੱਚ
ਬੜਾ ਛਪਿਆ ਸੀ। ਕਾਲਜ ਦੇ ਮੁੰਡੇ-ਕੁੜੀਆਂ ਲਾਸ਼ ਦਫ਼ਨਾ ਦਿੰਦੇ, ਮੌਲਵੀ ਪੁੱਟ ਕੇ ਬਾਹਰ
ਸੁੱਟ ਦਿੰਦੇ, ਪਰ ਅਖ਼ੀਰ ਜਿੱਤ ਮੁੰਡੇ-ਕੁੜੀਆਂ ਦੀ ਹੀ ਹੋਈ।” ਪਰ ਸਹੀ ਟਿਕਾਣਾ ਉਹ ਵੀ
ਨਹੀਂ ਦੱਸ ਸਕਿਆ। ਅਸੀਂ ਥੱਕ ਕੇ ਕਬਰਸਤਾਨ ਤੋਂ ਬਾਹਰ ਆ ਗਏ ਤੇ ਆਪਸ ਵਿੱਚ ਗੱਲਾਂ ਕਰ ਰਹੇ
ਸਾਂ ਕਿ ਚਾਰ ਘੰਟੇ ਟੱਕਰਾਂ ਮਾਰਨ ਦਾ ਕੋਈ ਫਾਇਦਾ ਨਹੀਂ ਹੋਇਆ। ਇੱਕ ਕੇਲੇ ਵੇਚਣ ਵਾਲੇ ਨੇ
ਫਿ਼ਰ ਸਾਨੂੰ ਕੰਮ ਲਾ ਦਿੱਤਾ। ‘ਸਰਦਾਰ ਜੀ ਇੱਥੋਂ ਥੋੜ੍ਹੀ ਦੂਰ ਬੂਟੇ ਦੀ ਕਬਰ ਏ।’ ਅਸੀਂ
ਦੱਸੀਆਂ ਨਿਸ਼ਾਨੀਆਂ ਮੁਤਾਬਿਕ ਮਜੌਰ ਨੂੰ ਨਾਲ ਲੈ ਕੇ ਕਬਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ।
ਅਖ਼ੀਰ ਇੱਕ ਕਬਰ ਤੇ ਆ ਕੇ ਮਜੌਰ ਰੁਕ ਗਿਆ। ‘ਸਰਦਾਰ ਜੀ ਇਹ ਜੇ ਬੂਟੇ ਦੀ ਕਬਰ।’ ਪਰ ਅਫਸੋਸ
ਇਹ ਬੂਟੇ ਪਹਿਲਵਾਨ ਦੀ ਕਬਰ ਸੀ। ਪੂਰੇ ਚਾਰ ਘੰਟੇ ਘੁੰਮਣ ਤੇ ਨਾ ਥੱਕਿਆ ਸਾਂ ਤੇ ਨਾ ਠੰਢ
ਮਹਿਸੂਸ ਹੋਈ ਸੀ। ਪਰ ਹੁਣ ਥੱਕਿਆ ਥੱਕਿਆ ਅਤੇ ਲੋਹੜੇ ਦੀ ਠੰਢ ਮਹਿਸੂਸ ਕਰ ਰਿਹਾ ਸਾਂ।
ਧੰਦੁਰਕਾਂ ਰਲ ਰਹੀਆਂ ਸਨ, ਆਲੇ ਦੁਆਲੇ ਹਨੇਰਾ ਪਸਰਨਾ ਸ਼ੁਰੂ ਹੋ ਗਿਆ ਸੀ।
ਅਚਾਨਕ ਇਸ ਘੁਸਮੁਸੇ ਜਿਹੇ ਵਿੱਚ ਸਾਹਮਣੇ ਇੱਕ ਉੱਚੀ ਥਾਂ ’ਤੇ ਸਾਧਾਰਨ ਜਿਹੀ ਕਬਰ ’ਤੇ
ਨਜ਼ਰ ਪਈ ਜਿਸ ’ਤੇ ਕੁਝ ਸ਼ਬਦ ਲਿਖੇ ਸਨ। ਮੇਰੇ ਨਾਲ ਦੇ ਸਾਥੀ ਨੇ ਬੜੀ ਕੋਸਿ਼ਸ਼ ਨਾਲ
ਲਿਖਿਆ ਪੜ੍ਹਿਆ, ਜਿਸ ’ਤੇ ਲਿਖਿਆ ਸੀ, “ਢਾਹਵਾਂ ਦਿੱਲੀ ਦੇ ਕਿੰਗਰੇ, ਭਾਜੜ ਪਾ ਦਿਆਂ,
ਤਖ਼ਤ ਲਾਹੌਰ।” ਇਹ ਕਬਰ ਸੀ ਪੰਜਾਬ ਦੇ ਮਹਾਨ ਯੋਧੇ ਤੇ ਅਣਖੀ ਸੂਰਬੀਰ ਦੁੱਲੇ ਭੱਟੀ ਦੀ।
ਇੱਕਦਮ ਮੇਰੇ ਜਿਸਮ ’ਚ ਫੁਰਤੀ ਆ ਗਈ ਤੇ ਸਰਦੀ ਵੀ ਨਿੱਘ ’ਚ ਬਦਲ ਗਈ। ਚਾਰ ਘੰਟੇ ਦੀ ਮਿਹਨਤ
ਲੇਖੇ ਲੱਗ ਗਈ ਸੀ। ਜਿਹੜੇ ਫੁੱਲ ਬੂਟਾ ਸਿੰਘ ਵਾਸਤੇ ਲੈ ਕੇ ਆਇਆ ਸੀ, ਦੁੱਲੇ ਭੱਟੀ ਦੀ ਕਬਰ
’ਤੇ ਚੜ੍ਹਾ ਕੇ ਮਨ ਨੂੰ ਸਕੂਨ ਮਿਲਿਆ। ਅਗਲੇ ਦਿਨ ਦੇਸ਼ ਵਾਪਸੀ ਸੀ ਪਰ ਓਥੇ ਖਲੋ ਕੇ ਹੀ
ਫ਼ੈਸਲਾ ਕੀਤਾ ਕਿ ਜਦੋਂ ਵੀ ਅਗਲੀ ਵੇਰ ਪਾਕਿਸਤਾਨ ਆਉਣ ਦਾ ਸਬੱਬ ਬਣਿਆ, ਇਸ ਨਾਇਕ ਦੇ ਪਿੰਡ
ਜ਼ਰੂਰ ਜਾ ਕੇ ਆਉਣਾ ਏ।
ਅੱਜ ਫਿ਼ਰ ਦੋ ਸਾਲਾਂ ਬਾਅਦ ਪਾਕਿਸਤਾਨ ਆਉਣ ਦਾ ਮੌਕਾ ਮਿਲਿਆ ਸੀ। ਉਹੋ ਸਰਦੀ ਦਾ ਮੌਸਮ ਤੇ
ਉਹੋ ਬਾਰਸ਼ ਦੀਆਂ ਫੁਹਾਰਾਂ। ਅਸੀਂ ਲਾਹੌਰ ਤੋਂ ਦੁੱਲੇ ਭੱਟੀ ਦੇ ਪਿੰਡ ਦਾ ਪਤਾ ਕਰਕੇ
‘ਦੁੱਲੇ ਕੀ’ ਲਈ ਰਵਾਨਾ ਹੋ ਗਏ। ਦੁੱਲੇ ਦੇ ਪਿੰਡ ਪਹੁੰਚਣ ਤੀਕ ਦੁੱਲੇ ਦੇ ਰੰਗ ਵਿੱਚ
ਰੰਗਿਆ ਉਸ ਦੀ ਬਹਾਦਰੀ ਬਾਰੇ ਸੋਚ ਕੇ ਉਤਾਵਲਾ ਸਾਂ, ਕਦੋਂ ਪਿੰਡ ਦੇ ਦਰਸ਼ਨ ਹੋਣਗੇ। ਦੁੱਲੇ
ਵਾਂਗ ਹਮੇਸ਼ਾਂ ਹੀ ਕੋਈ ਨਾ ਕੋਈ ਸੂਰਮਾ ਲੋਕਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ
ਸਰਕਾਰਾਂ ਜਾਂ ਜਾਬਰਾਂ ਨਾਲ ਮੱਥਾ ਡਾਹੁੰਦਾ ਆਇਆ ਹੈ। ਸਰਕਾਰੀ ਖ਼ਜ਼ਾਨੇ ਲੁੱਟ ਕੇ ਦੁੱਲਾ
ਲੋਕਾਂ ਦੇ ਕੰਮ ਸਵਾਰਦਾ, ਗਰੀਬਾਂ ਦੀਆਂ ਬਹੂ-ਬੇਟੀਆਂ ਦੀਆਂ ਸ਼ਾਦੀਆਂ ਕਰਦਾ।
ਦੀਵਾਨਖ਼ਾਨੇ ਬੈਠੇ ਸਾਥੀਆਂ ਸਮੇਤ ਦੁੱਲੇ ਨੂੰ ਮਾਂ ‘ਲੱਧੀ ਵਰਿਆਯ’ ਮੁਗਲ ਸਲਤਨਤ ਨਾਲ ਮੱਥਾ
ਲਾਉਣੋਂ ਵਰਜਣ ਦੇ ਵਾਸਤੇ ਪਾਉਂਦੀ ਹੈ। ਉਸ ਨੇ ਦੁੱਲੇ ਨੂੰ ਤੜ੍ਹਕੇ ਦਾ ਸੁਪਨਾ ਸੁਣਾਇਆ।
ਤੇਰੇ ਘਰ ਦੇ ਥਮਲੇ ਢਹਿ ਗਏ ਤੇ ਜਿਸ ਛੱਜੇ ਦੀ ਛਾਵੇਂ ਤੂੰ ਬੈਠਦਾਂ ਏਂ ਉਹ ਵੀ ਢਹਿ-ਢੇਰੀ
ਹੋ ਗਿਆ। ਤੇਰੇ ਦਾਦੇ ਸਾਂਦਲ ਨੂੰ ਮੁਗਲਾਂ ਨੇ ਬੰਨ੍ਹ ਲਿਆ ਤੇ ਕਤਲ ਕਰ ਦਿੱਤਾ। ਦੁੱਲਾ ਮਾਂ
ਨੂੰ ਸੁਪਨੇ ਸੱਚ ਨਾ ਹੋਣ ਦੀ ਗੱਲ ਕਹਿੰਦਾ ਹੈ। ਪਰ ਮਾਂ ਫਜ਼ਰ ਦੇ ਸੁਪਨੇ ਸੱਚੇ ਹੋਣ ਦੇ
ਦਾਅਵੇ ਕਰਦੀ ਏ, ‘ਮੇਰੇ ਸੁਪਨੇ ਵੇਲੇ ਕੁੱਕੜ ਬਾਂਗਾਂ ਦੇ ਰਿਹਾ ਸੀ।’
ਦੁੱਲੇ ਨੇ ਮਾਂ ਨੂੰ ਪੁੱਛਿਆ, “ਜਦੋਂ ਮੈਂ ਤੇਰੇ ਪੇਟ ਵਿੱਚ ਸਾਂ ਤੂੰ ਕੀ ਖਾਂਦੀ ਹੁੰਦੀ
ਸੀ?”
“ਪੁੱਤਰ ਤੇਰਾ ਦਾਦਾ ਵੀ ਤੇਰੇ ਵਾਂਗ
ਡੋਲੀਆਂ ਲੁੱਟਦਾ ਸੀ। ਮੈਂ ਬੜੀਆਂ ਨਿਆਮਤਾਂ ਖਾਂਦੀ ਹੁੰਦੀ ਸਾਂ।”
ਦੁੱਲੇ ਨੇ ਫਿ਼ਰ ਪੁੱਛਿਆ, “ ਮੈਨੂੰ ਗੁੜ੍ਹਤੀ ਕਿਸ ਚੀਜ਼ ਦੀ ਦਿੱਤੀ ਸੀ?”
“ਪੁੱਤਰ, ਸਾਂਣ ਲੱਗੀ ਤਲਵਾਰ ਦਾ ਪਾਣੀ ਤੇਰੇ ਬੁੱਲ੍ਹਾਂ ਨੂੰ ਲਾ ਦਿੱਤਾ ਸੀ।”
ਦੁੱਲੇ ਨੇ ਫਿ਼ਰ ਸਵਾਲ ਕੀਤਾ, “ ਮਾਂ ਮੇਰਾ ਦੁੱਲਾ ਨਾਂ ਕਿਸ ਰੱਖਿਆ? ਤੂੰ ਜਾਂ ਦਾਈ ਨੇ?”
“ਪੁੱਤਰ ਇਹ ਵੀ ਮੈਂ ਹੀ ਰੱਖਿਆ ਏ।”
“ ਮਾਂ ਸਾਰੀਆਂ ਨਿਸ਼ਾਨੀਆਂ ਮੌਤ ਦੀਆਂ ਤੂੰ ਦਿੱਤੀਆਂ, ਹੁਣ ਮੈਂ ਅੰਦਰ ਵੜ ਕੇ ਕਿਸ ਤਰ੍ਹਾਂ
ਵਕਤ ਕੱਟਾਂ!”
ਦੁੱਲੇ ਨੂੰ ਕਿਸੇ ਸ਼ਰੀਕ ਨੇ ਬੋਲੀ ਮਾਰੀ, “ ਓ ਦੁੱਲਿਆ, ਤੂੰ ਆਰਾਮ ਬੈਠਾ ਏਂ, ਪਿੰਡੀ ਕੋਈ
ਅਮੀਰਜ਼ਾਦਾ ਰੁਕਿਆ ਏ, ਜਿਸ ਕੋਲ ਬਾਦਸ਼ਾਹ ਨੂੰ ਭੇਟ ਕਰਨ ਵਾਸਤੇ ਕੀਮਤੀ ਤੋਹਫ਼ੇ ਸੰਭਾਲ
ਰੱਖੇ ਹਨ।”
ਦੁੱਲਾ ਸਾਥੀਆਂ ਸਮੇਤ ਅਮੀਰਜ਼ਾਦੇ ਦੇ ਪੜਾਅ ’ਤੇ ਪਹੁੰਚ ਗਿਆ। ਉਸ ਅਮੀਰਜ਼ਾਦੇ ਦਾ ਨਾਂ ਸੀ
ਬੱਗਾ ਮਲਕੀਰਾ। ਦੁੱਲੇ ਦੇ ਸਾਹਮਣੇ ਬੱਗੇ ਮਲਕੀਰੇ ਦੇ ਹਥਿਆਰਬੰਦ ਸਾਥੀ ਬੇਵੱਸ ਹੋ ਗਏ ਤੇ
ਉਹ ਮਾਰਿਆ ਗਿਆ। ਦੁੱਲੇ ਨੇ ਮੇਘੇ ਖੱਤਰੀ ਕੋਲ ਸਿਰ ਰੁਮਾਲ ਵਿੱਚ ਲਪੇਟ ਕੇ ਬਾਦਸ਼ਾਹ ਦੇ
ਕੋਲ ਭੇਜ ਦਿੱਤਾ। ਉਹਨੀਂ ਦਿਨੀਂ ਬਾਦਸ਼ਾਹ ਅਕਸਰ ਲਾਹੌਰ ਠਹਿਰਿਆ ਕਰਦਾ ਸੀ।
ਬਾਦਸ਼ਾਹ ਕੱਟਿਆ ਸਿਰ ਵੇਖ ਕੇ ਆਪੇ ਤੋਂ ਬਾਹਰ ਹੋ ਗਿਆ। ਬਾਦਸ਼ਾਹ ਨੇ ਪਾਨਾਂ ਦਾ ਬੀੜਾ ਤੇ
ਤਲਵਾਰ ਰੱਖ ਦਿੱਤੀ ਤੇ ਰੋਹ ਭਰੀ ਆਵਾਜ਼ ਵਿੱਚ ਕਿਹਾ, “ ਹੈ ਕੋਈ ਸੂਰਬੀਰ ਜਿਹੜਾ ਦੁੱਲੇ
ਨੂੰ ਜਿਊਂਦਾ ਬੰਨ੍ਹ ਕੇ ਲਿਆਵੇ।” ਸਾਰੇ ਦਰਬਾਰ ਵਿੱਚ ਸੰਨਾਟਾ ਛਾ ਗਿਆ । ਦੁਬਾਰਾ ਤਿਬਾਰਾ
ਕਹਿਣ ’ਤੇ ਵੀ ਕੋਈ ਅੱਗੇ ਨਹੀਂ ਹੋਇਆ। ਇੰਨੇ ਨੂੰ ਮਿਰਜ਼ਾ ਨਿਜ਼ਾਮੂਦੀਨ ਪਹੁੰਚ ਗਿਆ ਜੋ
ਗੜ੍ਹ ਗਦਾਲੇ ਦਾ ਕਿਲ੍ਹਾ ਫਤਿਹ ਕਰ ਕੇ ਅਨਾਮ-ਕਨਾਮ ਲੈਣ ਲਈ ਦਰਬਾਰ ਵਿੱਚ ਹਾਜ਼ਰ ਹੋਇਆ ਸੀ।
ਉਸ ਨੇ ਸੁੱਤੇ ਸਿੱਧ ਹੀ ਪਾਨਾਂ ਦਾ ਬੀੜਾ ਮੂੰਹ ਪਾਇਆ ਤੇ ਤਲਵਾਰ ਮਿਆਨ ਕਰ ਲਈ। ਉਸ ਨੂੰ
ਬਾਅਦ ਵਿੱਚ ਪਤਾ ਚੱਲਿਆ, ‘ਮੈਂ ਤੇ ਸੱਪ ਦੀ ਖੁੱਡ ਵਿੱਚ ਹੱਥ ਪਾ ਬੈਠਾ ਹਾਂ।’
ਦੁੱਲੇ ਨੇ ਭੱਟੀਆਂ ਦੇ ਬਾਰਾਂ ਪਿੰਡ ਮੁਗਲਾਂ ਤੋਂ ਆਕੀ ਕਰ ਦਿੱਤੇ ਜਿਨ੍ਹਾਂ ਨੇ ਮਾਲੀਆ
ਦੇਣਾ ਬੰਦ ਕਰ ਦਿੱਤਾ। ਮਿਰਜ਼ਾ ਨਿਜ਼ਾਮੂਦੀਨ ਬਾਰਾਂ ਹਜ਼ਾਰ ਫੌਜ ਲੈ ਕੇ ਪਿੰਡੀ ਭੱਟੀਆਂ
ਵੱਲ ਚੜ੍ਹ ਪਿਆ। ਉਸ ਕੋਲ ਕਈ ਖ਼ਤਰਨਾਕ ਕਿਸਮ ਦੇ ਹਾਥੀ, ਕਿੰਨੇ ਘੋੜੇ ਤੇ ਬਾਰੂਦ ਵਗੈਰਾ
ਸੀ। ਦੁੱਲੇ ਨੂੰ ਹੋਣ ਵਾਲੇ ਹਮਲੇ ਦਾ ਪਤਾ ਲੱਗ ਗਿਆ। ਉਹ ਅਜੇ ਚੜ੍ਹਾਈ ਹੀ ਕਰਨ ਲੱਗਾ ਸੀ
ਕਿ ਰਸਤੇ ਵਿੱਚ ਪੱਤਰੀ ਲਈ ਆਉਂਦਾ ਬ੍ਰਾਹਮਣ ਮਿਲ ਗਿਆ। ਉਸ ਨੇ ਦੁੱਲੇ ਨੂੰ ਕਿਹਾ, ‘ਅਜੇ
ਅੱਠ ਦਿਨ ਤੇਰੀ ਹਾਰ ਏ ਪਾਸਾ ਵੱਟ ਜਾ।’ ਦੁੱਲੇ ਨੂੰ ਪੰਡਿਤ ਦੀ ਗੱਲ ਅਤੇ ਮਾਂ ਦੇ ਸੁਪਨੇ
ਨੇ ਦੁਬਿਧਾ ਵਿੱਚ ਪਾ ਦਿੱਤਾ। ਉਹ ਸਾਥੀਆਂ ਸਮੇਤ ਆਪਣੇ ਮਾਮੇ ਰਹਿਮਤ ਕੋਲ ‘ਚਨਿਉਟ’ ਜਾ
ਟਿਕਿਆ।
ਪਿੱਛੋਂ ਮਾਂ ਲੱਧੀ ਨੇ ਇਲਾਕੇ ਦੀ ਘੇਰਾਬੰਦੀ ਉੱਤੋਂ ਹੁੰਦੀ ਵੇਖੀ। ਉਸ ਨੇ ਆਪਣੀ ਨੂੰਹ ਤੇ
ਦੁੱਲੇ ਦੀ ਬੇਗਮ ਫੁਲਰਾਂ ਨੂੰ ਸਾਰਾ ਕੁਝ ਦੱਸਿਆ। ਸੱਸ ਨੂੰਹ ਨੇ ਮੇਹਰੂ ਪੋਸਤੀ ਨੂੰ ਵਾਸਤਾ
ਪਾਇਆ, ‘ਮੇਹਰੂ ਅੱਜ ਰਾਜਪੂਤਾਂ ਦੀ ਇੱਜ਼ਤ ਮਿੱਟੀ ਵਿੱਚ ਰੁਲਣ ਲੱਗੀ ਹੈ, ਪਿੰਡ ਵਿੱਚ
ਤੈਥੋਂ ਬਿਨਾਂ ਕੋਈ ਮਰਦ ਹਾਜ਼ਰ ਨਹੀਂ। ਤੂੰ ਕੋਈ ਸਬੀਲ ਕਰ।’ ਮੇਹਰੂ ਨੇ ਨਸ਼ੇ ਪੱਤੇ ਕਰ ਕੇ
ਵੈਰੀ ’ਤੇ ਬੇਧਿਆਨਾ ਹਮਲਾ ਕਰ ਦਿੱਤਾ ਤੇ ਦੁਸ਼ਮਣ ਦੇ ਸੱਤਰ ਬੰਦੇ ਮੌਤ ਦੇ ਘਾਟ ਉਤਾਰ
ਦਿੱਤੇ। ਏਨੇ ਨੂੰ ਮੇਹਰੂ ਦਾ ਨਸ਼ਾ ਉੱਤਰ ਗਿਆ। ਲੱਧੀ ਤੇ ਫੁਲਰਾਂ ਨੇ ਫਿ਼ਰ ਨਸ਼ਾ ਪਿਆ ਕੇ
ਮੇਹਰੂ ਨੂੰ ਕਾਇਮ ਕਰ ਦਿੱਤਾ। ਦੂਜੇ ਅਚਨਚੇਤੀ ਹਮਲੇ ਵਿੱਚ ਮੁਗਲਾਂ ਦੇ ਨੱਬੇ ਬੰਦੇ ਫਿ਼ਰ
ਮਾਰੇ ਗਏ। ਇਸ ਨਾਲ ਮੁਗ਼ਲ ਫੌਜ ਵਿੱਚ ਹਲਚਲ ਮੱਚ ਗਈ। ਮੁਗਲਾਂ ਨੂੰ ਇਤਲਾਹ ਸੀ ਕਿ ਪਿੰਡ
ਵਿੱਚ ਕੋਈ ਮਰਦ ਨਹੀਂ। ਮਿਰਜ਼ਾ ਨਿਜ਼ਾਮੂਦੀਨ ਅਜੇ ਭੰਬਲਭੂਸੇ ਵਿੱਚ ਹੀ ਸੀ ਕਿ ਕਿਸੇ ਦੋਖੀ
ਨੇ ਜਾ ਕੇ ਮੁਖ਼ਬਰੀ ਕੀਤੀ, ‘ਇਕੱਲਾ ਮੇਹਰੂ ਹੀ ਹਮਲੇ ਕਰ ਰਿਹਾ ਏ, ਬਾਕੀ ਸਭ ਪਿੰਡੀ ਤੋਂ
ਬਾਹਰ ਹਨ।’
ਮਿਰਜ਼ਾ ਨਿਜ਼ਾਮੂਦੀਨ ਨੇ ਹਾਥੀਆਂ ਨੂੰ ਸ਼ਰਾਬ ਪਿਲਾ ਕੇ ਪਿੰਡ ਵੱਲ ਮੂੰਹ ਕਰ ਦਿੱਤਾ।
ਭੱਟੀਆਂ ਦੇ ਦਰਵਾਜ਼ੇ ਚਕਨਾਚੂਰ ਹੋ ਗਏ। ਕਿੰਨੀਆਂ ਹਵੇਲੀਆਂ ਢਹਿ-ਢੇਰੀ ਹੋ ਗਈਆਂ। ਦੁੱਲੇ
ਦਾ ਟੱਬਰ ਗ੍ਰਿਫਤਾਰ ਕਰ ਲਿਆ ਗਿਆ। ਦੁੱਲੇ ਦੀ ਮਾਂ ਲੱਧੀ, ਬੇਗਮ ਫੁਲਰਾਂ ਤੇ ਝੱਲ ਕਾਂਗੜੇ
ਵਾਲੀ ਤੋਂ ਬਿਨਾਂ ਧੀ ਸਲੀਮੋਂ, ਬੇਟਾ ਨੂਰ ਖਾਨ ਸਭ ਕੈਦ ਕਰ ਲਏ। ਨਿਜ਼ਾਮੂਦੀਨ ਸਮੇਤ ਪੂਰੀ
ਸਰਕਾਰੀ ਫੌਜ ਜਿੱਤ ਦੇ ਜਸ਼ਨ ਮਨਾ ਰਹੀ ਸੀ।
ਬੁੱਢੜਾ ਲਾਲ ਖਾਨ ਜੋ ਸ਼ਰੀਕੇ ਵਿੱਚ ਦੁੱਲੇ ਦਾ ਦੁਸ਼ਮਣ ਸੀ ਤੇ ਜਿਸ ਦਾ ਪੁੱਤਰ ਦੁੱਲੇ
ਕੋਲੋਂ ਕਤਲ ਹੋ ਗਿਆ ਸੀ, ਨੇ ਆਪਣੇ ਪੋਤਰੇ ਤੇ ਦੋਹਤਿਆਂ ਨੂੰ ਇਕੱਠੇ ਕਰ ਕੇ ਮੁਗਲਾਂ ਨਾਲ
ਲੜਾਈ ਲਈ ਪਰੇਰਿਆ। ਟੱਬਰ ਵਾਲਿਆਂ ਨੂੰ ਨਾਂਹ-ਨੱਕਰ ਕਰਨ ਤੇ ਸਮਝਾਇਆ, “ਦੁੱਲੇ ਨੂੰ ਛੱਡੋ,
ਜੇ ਬਾਂਧਾ ਨਾ ਛਡਾਈਆਂ ਤਾਂ ਭੱਟੀਆਂ ਦੇ ਮੱਥੇ ਕਲੰਕ ਲੱਗ ਜਾਵੇਗਾ।” ਲਾਲ ਖਾਨ ਦੇ ਟੱਬਰ
’ਚੋਂ ਸਾਰੇ ਚੋਬਰ ਲੜਾਈ ਲੜਨ ਲਈ ਤਿਆਰ ਹੋ ਗਏ।
ਉੱਧਰ ਰੂੜ ਜੱਟ ਨੇ ਦੁੱਲੇ ਨੂੰ ਸਾਰੀ ਗੱਲ ਜਾ ਸੁਣਾਈ। ਮੇਹਰੂ ਪੋਸਤੀ ਵੀ ਚਨਿਉਟ ਪਹੁੰਚ
ਗਿਆ ਤੇ ਦੁੱਲੇ ਨੂੰ ਅਪਣੱਤ ਭਰੇ ਮਿਹਣੇ ਦਿੱਤੇ ਤੇ ਰੋਹ ਵਿੱਚ ਆ ਕੇ ਰੋਣ ਲੱਗ ਪਿਆ।
‘ਮੇਹਰੂ ਨੇ ਧਾਹਾਂ ਮਾਰੀਆਂ,
ਕੋਲ ਦੁੱਲੇ ਦੇ ਜਾ।
ਕਹੀਆਂ ਪੀਨੈ ਦਾਰੂ ਦੀਆਂ ਬੋਤਲਾਂ,
ਕਹੇ ਤੇਰੇ ਮੁਛਿਰਿਆਂ ਨੂੰ ਤਾ।
ਤੇਰਾ ਟੱਬਰ ਰਾਠਾਂ ਮੁਗਲਾਂ ਨੇ ਬੰਨ੍ਹ ਲਿਆ,
ਜਿਹੜਾ ਬੰਨ੍ਹਿਆ ਲਾਹੌਰ ਨੂੰ ਜਾ।
ਤੂੰ ਤਾਂ ਕਹਿੰਦਾ ਸੀ ਢਾਹ ਦੂੰ ਦਿੱਲੀ ਦੇ ਕਿੰਗਰੇ,
ਤੈਥੋਂ ਵੱਟ ਰੰਗੜਾਂ ਢਾਹੀ ਨਾ ਜਾ।’
ਦੁੱਲੇ ਦੇ ਅੰਦਰ ਭਾਂਬੜ ਮਚ ਗਿਆ। ਉਸ ਨੇ ਸ਼ਰਾਬ ਦਾ ਪਿਆਲਾ ਵਗਾਹ ਮਾਰਿਆ। ਉਹ ਸਾਰੀ ਵਿਥਿਆ
ਸੁਣ ਕੇ ਦੰਦ ਕਰੀਚ ਕੇ ਰਹਿ ਗਿਆ। ਦੁੱਲੇ ਦੇ ਮਾਮੇ ਰਹਿਮਤ ਨੇ ਕਿਹਾ, ‘ਅੱਜ ਰੁਕ ਜਾ,
ਕੱਲ੍ਹ ਬਾਂਧਾ ਛੁਡਾ ਲਵਾਂਗੇ।’ ਦੁੱਲੇ ਨੂੰ ਅਚਵੀ ਲੱਗੀ ਸੀ, ‘ਮਾਮਾ ਜੇ ਤੇਰੀ ਜਗ੍ਹਾ ’ਤੇ
ਕੋਈ ਹੋਰ ਇਹ ਗੱਲ ਕਹਿ ਦਿੰਦਾ ਮੈਂ ਉਸ ਦੀ ਗਰਦਨ ਉਤਾਰ ਦਿੰਦਾ।’ ਉਸ ਨੇ ਸਾਥੀਆਂ ਨੂੰ
ਘੋੜਿਆਂ ਦੀਆਂ ਕਾਠੀਆਂ ਕੱਸਣ ਲਈ ਕਿਹਾ। ਰਹਿਮਤ ਨੇ ਕੁਝ ਆਪਣੇ ਬੰਦੇ ਨਾਲ ਤਿਆਰ ਕਰ ਦਿੱਤੇ।
ਦੁੱਲਾ ਇੱਕ ਹਜ਼ਾਰ ਵਾਰੂਆਂ ਸਮੇਤ ਬਾਂਧਾ ਛੁਡਾਣ ਲਈ ਪਿੰਡੀ ਵੱਲ ਚੜ੍ਹ ਪਿਆ। ਉਹ ਮੁਗਲਾਂ
ਦੀ ਫੋਜ ’ਤੇ ਬਿਜਲੀ ਵਾਂਗ ਡਿੱਗਿਆ। ਪੂਰੀ ਫੌਜ ਵਿੱਚ ਤਰਥੱਲੀ ਮਚ ਗਈ। ਮਿਰਜ਼ਾ
ਨਿਜ਼ਾਦਮੂਦੀਨ ਦੁੱਲੇ ਨੂੰ ਆਪਣੇ ਵੱਲ ਵਧਦਾ ਵੇਖ ਕੇ ਪਾਣੀ ਪਾਣੀ ਹੋ ਗਿਆ। ਉਸ ਨੇ ਹਾਥੀ ਦੀ
ਗੋਡੀ ਲੁਆ ਦਿੱਤੀ ਤੇ ਭੱਜ ਕੇ ਲੱਧੀ ਦੇ ਪੈਰਾਂ ਵਿੱਚ ਬੈਠ ਗਿਆ। ਲੱਧੀ ਨੇ ਰਾਜਪੂਤੀ
ਰਵਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਦੁੱਲੇ ਨੂੰ ਵਾਰ ਕਰਨੋਂ ਰੋਕ ਦਿੱਤਾ, ‘ਵੇ ਪੁੱਤਰ
ਲੰਮੇ ਪਏ ਨੂੰ ਤੇ ਸੱਪ ਸ਼ੀਂਹ ਵੀ ਨਹੀਂ ਖਾਂਦਾ।’ ਦੁੱਲੇ ਨੇ ਮਾਂ ਦੀ ਗੱਲ ਮੰਨ ਲਈ।
ਮਿਰਜ਼ਾ ਨਿਜ਼ਾਮੂਦੀਨ ਦੁੱਲੇ ਨੂੰ ਜਿਊਂਦਾ ਫੜ੍ਹਨ ਆਇਆ ਆਪਣੇ ਪ੍ਰਾਣਾਂ ਦੀ ਭਿੱਖਿਆ ਲੈ ਕੇ
ਵਾਪਸ ਚਲਾ ਗਿਆ।
ਅਸੀਂ ਦੱਸੀਆਂ ਨਿਸ਼ਾਨੀਆਂ ਮੁਤਾਬਿਕ ਇੱਕ ਦੋ ਸੜਕੇ ਤੇ ਪਿੰਡ ਭੱਟੀਆਂ ਤੋਂ ਦੋ ਕੁ
ਕਿੱਲੋਮੀਟਰ ਪਹਿਲਾਂ ਸਾਈਕਲ ਸਵਾਰਨ ਵਾਲੇ ਦੀ ਦੁਕਾਨ ਕੋਲ ਜਾ ਕੇ ਰੁਕੇ। ਉਸ ਤੋਂ ਦੁੱਲੇ
ਬਾਰੇ ਪੁੱਛਿਆ। ਉਸ ਨੇ ਝੱਟ ਜਵਾਬ ਦਿੱਤਾ, ‘ ਹੀਂ ਸਾਹਮਣੇਂ ਦੁੱਲੇ ਕੀ ਸੂ।’ ਇਹ ਪਿੰਡ
ਲਾਹੌਰ ਤੋਂ 73 ਮੀਲ ਦੇ ਫਾਸਲੇ ’ਤੇ ਲਾਹੌਰ ਚਨਿਉਟ ਸੜਕ ਤੇ ਵਸਿਆ ਹੋਇਆ ਹੈ। ਪਿੰਡ ਦੀ
ਆਬਾਦੀ 100 ਕੁ ਘਰਾਂ ਦੀ ਹੈ। ਪਿੰਡ ਸਰੜ ਤੋਂ ਥੋੜ੍ਹਾ ਜਿਹਾ ਹਟਵਾਂ ਉੱਤਰ ਵੱਲ ਨਜ਼ਰੀਂ
ਪੈਂਦਾ ਹੈ। ਖੇਤਾਂ ਵਿੱਚੋਂ ਇੱਕ ਗੱਭਰੂ ਨੂੰ ਦੁੱਲੇ ਦੇ ਟੱਬਰ ਬਾਰੇ ਪੁੱਛਿਆ। ਉਸ ਨੇ
ਸਾਨੂੰ ਬਾਬੇ ਹੇਤਮ ਦੇ ਡੇਰੇ ਦਾ ਰਸਤਾ ਦੱਸ ਦਿੱਤਾ। ਬਾਬਾ ਹੇਤਮ ਖਾਨ ਸੋਨੇ ਰੰਗੀ ਸ਼ਨੀਲ
ਦੀ ਰਜਾਈ ਲਈ ਸੁੱਤਾ ਪਿਆ ਸੀ। ਨਾਲ ਹੀ ਉਸ ਦਾ ਬੁਝਿਆ ਹੋਇਆ ਹੁੱਕਾ ਪਿਆ ਸੀ। ਸਾਡੀ ਆਵਾਜ਼
ਸੁਣ ਕੇ ਬਾਬਾ ਉੱਠਿਆ। ਉਸਦੀ ਤੇੜ ਕੱਛਾ ਤੇ ਬਾਕੀ ਬਦਨ ਅਣਕੱਜਿਆ ਸੀ। ਏਦਾਂ ਦੇ ਬਾਬੇ ਸਾਡੇ
ਪਿੰਡਾਂ ਵਿੱਚ ਵੀ ਆਮ ਮਿਲ ਜਾਂਦੇ ਹਨ ਜਿਨ੍ਹਾਂ ਦੀ ਧਾਂਰਨਾ ਹੈ, ‘ਕੱਪੜੇ ਪਾ ਕੇ ਚੰਗੀ
ਨੀਂਦ ਨਹੀਂ ਆਉਂਦੀ।’ ਬਾਬੇ ਦਾ ਡੇਰਾ ਪੱਕੀਆਂ ਇੱਟਾਂ ਦਾ ਬਣਿਆ ਪਰ ਸਾਧਾਰਨ ਜਿਹਾ ਹੈ।
ਸ਼ਾਇਦ ਏਸ ਪਾਸੇ ਡੇਰਿਆਂ ਵਿੱਚ ਕਲੀ ਕਰਾਉਣ ਦਾ ਰਿਵਾਜ ਨਹੀਂ।
ਬਾਬੇ ਹੇਤਮ ਨੇ ਹੁੱਕਾ ਤਾਜ਼ਾ ਕਰਵਾਇਆ ਤੇ ਸਾਡੇ ਲਈ ਚਾਹ ਮੰਗਵਾ ਕੇ ਦਿੱਤੀ। ਬਾਬੇ ਦੀ ਉਮਰ
ਭਾਵੇਂ 90 ਸਾਲ ਦੇ ਨੇੜੇ ਹੈ ਪਰ ਯਾਦਾਸ਼ਤ ਬੜੀ ਕਮਾਲ ਦੀ ਏ। ਉਸ ਨੇ ਬੈਠੇ ਬੈਠੇ ਪੂਰੇ
ਖ਼ਾਨਦਾਨ ਦਾ ਜ਼ਬਾਨੀ ਸੱਜਰਾ ਸੁਣਾ ਦਿੱਤਾ। ਹੇਤਮ ਵਲਦ ਮੁਰਾਦ ਵਲਦ ਖੈਰ ਮੁਹੰਮਦ ਵਲਦ ਮਸਤੀ
ਖਾਨ ਵਲਦ ਕਰੀਮ ਬਖ਼ਸ਼ ਵਲਦ ਪੀਰ ਮੁਹੰਮਦ ਵਲਦ ਮੁਹੰਮਦ ਖਾਨ ਵਲਦ ਜਾਨ ਮੁਹੰਮਦ (ਨੂਰ ਖਾਨ)
ਵਲਦ ਦੁੱਲਾ ਵਜਦ ਫਰੀਦ ਵਲਦ ਸਾਂਦਲ ਵਲਦ ਬਿਜਲੀ ਖਾਨ ਵਲਦ ਨੱਥੂ ਖਾਨ ਵਲਦ ਧਿਗ ਖਾਨ ਵਲਦ
ਦਰਾਜ ਖਾਨ ਵਲਦ ਘਨਾਜ ਖਾਨ ਵਲਦ ਲਖਨਾ ਖਾਨ ਵਲਦ ਗਰਾਜ ਖਾਨ ਵਲਦ ਉਧੋ ਵਲਦ ਮਾਂਗਰ ਵਲਦ
ਸਾਂਗਰ ਵਲਦ ਖੀਰਾਬਾਰ ਵਲਦ ਭਾਉਣੀ ਵਲਦ ਪਦਮ ਵਲਦ ਛਿਨ ਵਲਦ ਅੰਚਨ ਵਲਦ ਮਸਣ ਵਲਦ ਮਨੇਸਰ ਵਲਦ
ਜੱਗ ਵਲਦ ਭੱਟੀ।
ਇੱਥੋਂ ਥੋੜ੍ਹਾ ਅੰਦਾਜ਼ਾ ਲੱਗਦਾ ਹੈ ਖ਼ਾਨਦਾਨ ਦਾ ਪਹਿਲਾ ਸ਼ਖ਼ਸ ਗਰਾਜ ਖਾਨ ਮੁਸਲਮਾਨ
ਬਣਿਆ। ਇਸ ਦੇ ਬਾਪ ਦਾ ਨਾਮ ਊਧੋ ਹਿੰਦੂਆਂ ਵਾਲਾ ਹੈ। ਭੱਟੀ ਪਰਿਵਾਰ ਪਿੱਛੋਂ ਬੀਕਾਨੇਰ ਤੋਂ
ਉੱਠ ਕੇ ਆਇਆ ਹੈ। ਭੱਟੀ ਪੀਰ ਸ਼ੇਖ ਇਸਮਾਇਲ ਸਾਹਬ ਦੀ ਪ੍ਰੇਰਨਾ ਸਦਕਾ ਮੁਸਲਮਾਨ ਬਣੇ। ਪੀਰ
ਸਾਹਬ ਦਾ ਮਜ਼ਾਰ ਚਨਿਓਟ ਵਿੱਚ ਮੌਜੂਦ ਹੈ। ਇਸ ਪਿੰਡ ਦੇ ਆਬਾਦ ਹੋਣ ਬਾਰੇ ਵੀ ਪਿੰਡ ਵਾਸੀਆਂ
ਨੇ ਦਿਲਚਸਪ ਕਹਾਣੀ ਸੁਣਾਈ। ਏਸ ਰੜ੍ਹੇ ਮੈਦਾਨ ਜਗ੍ਹਾ ’ਤੇ ਦੁੱਲੇ ਨੇ ਇੱਕ ਭੇਡ ਨੂੰ ਆਪਣੇ
ਲੇਲੇ ਦੇ ਬਚਾ ਵਾਸਤੇ ਬਘਿਆੜ ਨਾਲ ਲੋਹਾ ਲੈਂਦੇ ਵੇਖਿਆ। ਤੇ ਦੁੱਲੇ ਨੇ ਏਥੇ ਡੇਰਾ ਵਸਾਉਣ
ਦਾ ਮਨ ਬਣਾ ਲਿਆ ਜੋ ਅੱਜ ਕੱਲ੍ਹ ਪਿੰਡ ਦੀ ਸ਼ਕਲ ਅਖ਼ਤਿਆਰ ਕਰ ਚੁੱਕਾ ਹੈ। ਏਸ ਪਿੰਡ ਦੇ
ਸਾਰੇ ਵਾਸੀ ਦੁੱਲੇ ਦੇ ਖ਼ਾਨਦਾਨ ਵਿੱਚੋਂ ਹਨ। ਬਾਬੇ ਹੇਤਮ ਨੇ ਦੁੱਲੇ ਦੀ ਗ੍ਰਿਫਤਾਰੀ ਦਾ
ਜਿ਼ਕਰ ਕਰਦਿਆਂ ਕਿਹਾ, ‘ਮੌਲਵੀ ਬਹੁ-ਲਾਲਚੀ ਸਾਈ, ਵੱਢੀ ਜਾ ਖਾਧੀ ਸਰਕਾਰੇ ਦਰਬਾਰੇ, ਮੌਲਵੀ
ਨੇ ਗਵੇੜ ਬਣਾਈ, ਦੁੱਲੇ ਕੀ ਆਖਣ ਲੱਗਾ, ‘ਬਿਰਾਵਾ ਹਿੱਕ ਕੰਮ ਲਾਈ ਤੇਰੇ ਗੋਚਰੇ, ਮੇਰੇ ਨਾਲ
ਖਾਨ ਗਾ ਡੋਗਰਾ ਚੱਲ, ਮੁੰਨਾ ਕੇ ਤੇ ਪੈਂਡਾ ਏ।’ ਦੁੱਲਾ ਲਾਈ ਲੱਗ ਟੁਰ ਪਿਆ ਉਸ ਦੇ ਨਾਲ।
ਮੌਲਵੀ ਦੇ ਮਨ ’ਚ ਚੋਰ ਸਾਈ, ਤੇ ਅੱਪੜ ਕੇ ਦੁੱਲੇ ਦੀ ਬਹੁ ਆਹੋ ਭਗਤ ਕੀਤੀ ਸੁ, ਆਨੀ ਬਹਾਨੀ
ਸ਼ਰਾਬ ਚਾ ਪਿਆਈ, ਤਦ ਤਾ ਉਹ ਬੇਲੀ ਦੇ ਹੋਸ਼ ਭੌਂ ਗਏ, ਪਤਾ ਚੱਲਿਆ ਸੁ ਲਾਹੌਰ ਦੇ ਰਸਤੇ,
ਜਦ ਮੁੜਚਾ ਡਿੱਠੇ ਹੱਥੀਂ ਪੈਰੀਂ ਸੰਗਲ।’
ਬਾਬੇ ਨੇ ਸੰਤਾਲੀ ਤੋਂ ਪਹਿਲਾਂ ਦੀਆਂ ਗੱਲਾਂ ਛੇੜ ਲਈਆਂ, ‘ਸਾਡੀ ਸਿੱਖਾਂ ਨਾਲ ਚੰਗੀ ਨਿਭਦੀ
ਸਾਈ, ਕਦੀ ਕਦਾਈਂ ਪਾਣੀ ਨੱਕੇ ਦਾ ਜਗੜਾ ਹੋ ਬੈਣਾ ਤੇ ਝੱਟ ਨਿੱਬੜ ਜਾਣਾ। ਬੱਡੇ ਬੱਡੇ ਨਾਮੀ
ਸਿੱਖ ਹੁੰਦੇ ਸੁ।’
ਇਸ ਪਿੱਛੋਂ ਅਸੀਂ ਦੁੱਲੇ ਨਾਲ ਸੰਬੰਧਿਤ ਨਿਸ਼ਾਨੀਆਂ ਵੇਖਣ ਟੁਰ ਗਏ। ਪਿੰਡ ਦੇ ਦੱਖਣ ਵਾਲੇ
ਪਾਸੇ ਦੋ ਕੁ ਕਿਲਿਆਂ ਦੇ ਫ਼ਾਸਲੇ ‘ਤੇ ਦੁੱਲੇ ਦੇ ਹੱਥੀਂ ਲਵਾਇਆ ਖੂਹ ਹੀ ਹੈ ਜੋ ਅੱਜ
ਕੱਲ੍ਹ ਪੂਰਿਆ ਜਾ ਚੁੱਕਾ ਹੈ। ਨਾਲ ਹੀ ਇੱਕ ਵਣ ਦਾ ਤੇ ਬਰੋਟੇ ਦਾ ਦਰਖ਼ਤ ਹੈ। ਇਹ ਵੀ
ਦੁੱਲੇ ਦੇ ਹੱਥੀਂ ਲੱਗੇ ਦੱਸੇ ਗਏ। ਬਰੋਟੇ ਦਾ ਦਰਖ਼ਤ ਸ਼ਾਇਦ ਦੁਬਾਰਾ ਫੁੱਟਿਆ ਹੋਵੇਗਾ
ਕਿਉਂਕਿ ਇਸ ਬਰੋਟੇ ਦੀ ਉਮਰ ਇੰਨੀ ਮਾਲੂਮ ਨਹੀਂ ਹੁੰਦੀ। ਏਸ ਜਗ੍ਹਾ ’ਤੇ ਜਾ ਕੇ ਪਿਆਰ ਤੇ
ਸਤਿਕਾਰ ਨਾਲ ਸਿਰ ਝੁਕ ਗਿਆ। ਮੈਂ ਬੇਹੱਦ ਖੁਸ਼ ਸਾਂ ਕਿ ਸਰੀਰਕ ਅਤੇ ਮਾਨਸਿਕ ਤੌਰ ’ਤੇ
ਦੁੱਲੇ ਦੇ ਪਿੰਡ ਪਹੁੰਚਿਆ ਹੋਇਆ ਸੀ। ਮੈਨੂੰ ਪਿੰਡ ਵਾਲਿਆਂ ਕੋਲ ਆਪਣੇ ਜਜ਼ਬੇ ਇਜ਼ਹਾਰ ਕਰਨ
ਦਾ ਵੱਲ ਨਹੀਂ ਸੀ ਸੁੱਝ ਰਿਹਾ। ਇਹ ਉਹ ਜਗ੍ਹਾ ਏ ਜਿੱਥੇ ਦੁੱਲੇ ਨੇ ਜਵਾਨੀ ਮਾਣੀ ਤੇ ਤੇਗਾਂ
ਚਲਾਈਆਂ। ਜਿੱਥੇ ਭਗਤ ਸਿੰਘ ਹੋਰਾਂ ਤੋਂ ਪਹਿਲੀਆਂ ਪੀੜ੍ਹੀਆਂ ਦੇ ਜੁਝਾਰੂ ਵਾਰਸ ਨੇ ਆਜ਼ਾਦੀ
ਦੀ ਜਿ਼ੰਦਗੀ ਜਿਊਣ ਦਾ ਅਹਿਸਾਸ ਕਰਾਇਆ। ਦੁੱਲੇ ਨੇ ਬਾਦਸ਼ਾਹੀਆਂ ਦੀ ਈਨ ਨਹੀਂ ਮੰਨੀ ਤੇ
ਨਾਲ ਹੀ ਇਲਾਕੇ ਦੇ ਪਿੱਠੂਆਂ ਨੂੰ ਸਬਕ ਵੀ ਸਿਖਾਇਆ। ਜਦੋਂ ਇਲਾਕੇ ਦਾ ਜਾਗੀਰਦਾਰ ਗਰੀਬ
ਬ੍ਰਾਹਮਣ ਦੀ ਧੀ ਸੁੰਦਰੀ ਮੁੰਦਰੀ ਨੂੰ ਆਪਣੀ ਰਖੇਲ ਬਣਾਉਣੀ ਲੋਚਦਾ ਹੈ, ਦੁੱਲਾ ਉਸ ਨੂੰ
ਆਪਣੀ ਧੀ ਬਣਾ ਕੇ ਵਿਆਹੁੰਦਾ ਹੈ ਤੇ ਸਾਰੇ ਜਾਂਝੀਆਂ ਨੂੰ ਸੇਰ ਸੇਰ ਸ਼ੱਕਰ ਪਾਉਂਦਾ ਏ।
ਜਦੋਂ ਕੁਝ ਸਿਰ ਫਿ਼ਰੇ ਜਗੀਰਦਾਰ ਦੇ ਕਹਿਣ ’ਤੇ ਕੁੜੀ ਦੇ ਰੱਤੇ ਸਾਲੂ ਨੂੰ ਹੱਥ ਪਾਉਂਦੇ
ਹਨ, ਦੁੱਲਾ ਸਾਰਿਆਂ ਦੇ 100-100 ਛਿੱਤਰ ਲਾਉਣ ਲਈ ਕਹਿੰਦਾ ਹੈ। ਹਿਸਾਬ ਕਿਤਾਬ ਦੀ ਗਲਤੀ
ਲੱਗਣ ਤੇ ਇੱਕ ਨੰਬਰਦਾਰ ਦੇ 99 ਛਿੱਤਰ ਲੱਗਦੇ ਹਨ, ਉਹ ਇੱਕ ਛਿੱਤਰ ਹੋਰ ਮਾਰਨ ਲਈ ਮਿੰਨਤਾਂ
ਕਰਦਾ ਹੈ, ਕਿਧਰੇ ਦੁਬਾਰਾ 100 ਛਿੱਤਰ ਨਾ ਖਾਣਾ ਪਵੇ।
ਮੱਕੇ ਦੇ ਤਾਜਰਦਾਰ ਦੁੱਲੇ ਨੂੰ ਈਨ ਮਨਾ ਕੇ ਆਪਣੀ ਹਊਮੈ ਨੂੰ ਪੱਠੇ ਪਾਉਣਾ ਚਾਹੁੰਦੇ ਸਨ ਪਰ
ਦੁੱਲਾ ਲਿਫਣ ਨਾਲੋਂ ਟੁੱਟ ਜਾਣ ਨੂੰ ਪਸੰਦ ਕਰਦਾ ਸੀ। ਇੱਕ ਸਾਜਿ਼ਸ਼ ਰਚੀ ਗਈ ਕਿ ਦੁੱਲੇ
ਨੂੰ ਲਾਹੌਰ ਦਰਬਾਰ, ਇੱਕ ਖਿੜਕੀ ਸਾਇਜ਼ ਦੇ ਦਰਵਾਜ਼ੇ ਰਾਹੀਂ ਪੇਸ਼ ਕੀਤਾ ਜਾਵੇ। ਤੇ ਜਦੋਂ
ਦੁੱਲਾ ਦਰਵਾਜ਼ੇ ਵਿੱਚੋਂ ਲੰਘਣ ਲਈ ਝੁਕੇ ਤਾਂ ਤਾੜੀ ਮਾਰ ਦਿੱਤੀ ਜਾਵੇ। ਵਾਰੀ ਜਾਈਏ ਦੁੱਲੇ
ਦੇ ਉਸ ਨੇ ਸਭ ਤੋਂ ਪਹਿਲਾਂ ਆਪਣੇ ਪੈਰ ਕੱਢੇ। ਦੁੱਲੇ ਨੇ ਫਾਂਸੀ ਦਾ ਰੱਸਾ ਚੁੰਮ ਕੇ ਆਪ
ਝੁਕਣ ਦੀ ਥਾਂ ਤੇ ਬਾਦਸ਼ਾਹਤ ਦੀ ਹਊਮੈ ਨੂੰ ਝੁਕਾ ਦਿੱਤਾ। ਅੱਜ ਭਾਵੇਂ ਦੇਸ਼ਾਂ ਦੇ ਬਟਵਾਰੇ
ਹੋ ਗਏ, ਜੰਗਾਂ ਹੋਈਆਂ ਤੇ ਕੰਡਿਆਂ ਦੀ ਤਾਰ ਲੱਗ ਗਈ। ਪਰ ਦੁੱਲਾ ਪਹਿਲਾਂ ਵੀ ਸਾਂਝਾ ਸੀ ਤੇ
ਅੱਜ ਵੀ ਸਾਂਝਾ ਹੈ। ਸੱਥਾਂ ਵਿੱਚ ਬੈਠ ਕੇ ਦੁੱਲੇ ਦੀ ਬਹਾਦਰੀ ਦੀਆਂ ਬਜ਼ੁਰਗ ਅੱਜ ਵੀ
ਗੱਲਾਂ ਕਰਦੇ ਹਨ। ਪਿੰਡਾਂ ਵਿੱਚ ਨੌਜਵਾਨ ਗਵੰਤਰੀਆਂ ਨੂੰ ਪੈਸੇ ਦੇ ਕੇ ਦੁੱਲੇ ਦੀ ਵਾਰ ਦੀ
ਫਰਮਾਇਸ਼ ਕਰਦੇ ਹਨ। ‘ ਮੈਂ ਢਾਹਵਾਂ ਦਿੱਲੀ ਦੇ ਕਿੰਗਰੇ, ਭਾਜੜ ਪਾ ਦਿਆਂ ਤਖ਼ਤ ਲਾਹੌਰ।’
ਮੇਰਾ ਅੰਦਰਲਾ ਮਨ ਬਾਬਾ ਹੇਤਮ ਵਿੱਚੋਂ ਬਾਬੇ ਸਾਂਦਲ ਦਾ ਸਰੂਪ ਵੇਖ ਰਿਹਾ ਸੀ ਜਿਸ ਦੀ ਸੋਚ
ਦਾ ਬੀਜ ਦੁੱਲਾ ਬਣ ਕੇ ਪਰਵਾਨ ਚੜ੍ਹਿਆ। ਅਸੀਂ ਭੱਟੀ ਪਰਿਵਾਰ ਨੂੰ ਅਦਬ ਪੇਸ਼ ਕਰਕੇ ਮੀਂਹ
ਦੀ ਹਲਕੀ ਫੁਹਾਰ ਵਿੱਚ ਹੀਰ ਦੇ ਮਜ਼ਾਰ ’ਤੇ ਜਾਣ ਲਈ ਝੰਗ ਦੇ ਰਸਤੇ ਪੈ ਗਏ।
-0-
|