Welcome to Seerat.ca
Welcome to Seerat.ca

ਵਿਦਵਤਾ ਦਾ ਦਰਿਆ ਡਾ. ਸਰਦਾਰਾ ਸਿੰਘ ਜੌਹਲ

 

- ਪ੍ਰਿਸੀਪਲ ਸਰਵਣ ਸਿੰਘ

ਜਿਸ ਧਜ ਸੇ ਕੋਈ ਮਕਤਲ ਮੇਂ ਗਇਆ

 

- ਵਰਿਆਮ ਸਿੰਘ ਸੰਧੂ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

ਰਣਚੰਡੀ ਦੇ ਪਰਮ ਭਗਤ - ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਨਾਵਲ ਅੰਸ਼ / ਘੁੰਮਣ-ਘੇਰੀ

 

- ਹਰਜੀਤ ਅਟਵਾਲ

ਮੁਰੱਬੇਬੰਦੀ ਵੇਲੇ ਦਾ ਸਰਪੰਚ

 

- ਬਲਵਿੰਦਰ ਗਰੇਵਾਲ

ਅਸੀਂ ਵੀ ਜੀਵਣ ਆਏ - ਕਿਸ਼ਤ ਚਾਰ / ਕੈਨੇਡਾ ਵਿੱਚ ਆਮਦ

 

-  ਕੁਲਵਿੰਦਰ ਖਹਿਰਾ

ਗੁਰੂ ਨਾਨਕ ਦੇਵ ਸਿੰਘ? ਜਾਂ ਗੁਰੂ ਨਾਨਕ ਦੇਵ ਜੀ

 

- ਡਾ ਮਾਨ ਸਿੰਘ ਨਿਰੰਕਾਰੀ

ਢਾਹਵਾਂ ਦਿੱਲੀ ਦੇ ਕਿੰਗਰੇ

 

- ਹਰਨੇਕ ਸਿੰਘ ਘੜੂੰਆਂ

ਧਾਰਮਿਕ ਝੂਠ ਤੇ ਇਤਿਹਾਸ ਦਾ ਮਿਲਗੋਭਾ-ਅਜੋਕੇ ਇਤਿਹਾਸਕ ਸੀਰੀਅਲ

 

- ਜਸਵਿੰਦਰ ਸੰਧੂ, ਬਰੈਂਪਟਨ

ਮੇਰੀਆਂ ਪ੍ਰਧਾਨਗੀਆਂ

 

- ਗਿਆਨੀ ਸੰਤੋਖ ਸਿੰਘ

ਸਿਰਨਾਵਿਓਂ ਭਟਕੇ ਖਤਾਂ ਦੀ ਦਾਸਤਾਨ

 

- ਹਰਮੰਦਰ ਕੰਗ

ਦੋ ਛੰਦ-ਪਰਾਗੇ ਤੇ ਇਕ ਕਵਿਤਾ

 

- ਗੁਰਨਾਮ ਢਿੱਲੋਂ

ਤਿੰਨ ਕਵਿਤਾਵਾਂ

 

- ਰੁਪਿੰਦਰ ਸੰਧੂ

ਅਸਤਿਵਵਾਦੀ ਕਲਾ ਅਤੇ ਸਾਹਿਤ

 

- ਗੁਰਦੇਵ ਚੌਹਾਨ

'ਇਹੁ ਜਨਮੁ ਤੁਮਾਹਰੇ ਲੇਖੇ' ਦਾ ਲੇਖਾ ਜੋਖਾ ਕਰਦਿਆਂ

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਚੁਰਾਸੀ-ਦਿੱਲੀ

 

- ਚਰਨਜੀਤ ਸਿੰਘ ਪੰਨੂ

ਡਾ: ਜਸਵੰਤ ਸਿੰਘ ਨੇਕੀ

 

- ਬਰਜਿੰਦਰ ਗੁਲਾਟੀ

ਧਨ ਹੋ ਤੁਸੀਂ ਪੰਛੀਓ

 

- ਬਾਜਵਾ ਸੁਖਵਿੰਦਰ

ਸ਼ਹੀਦੇ-ਏ-ਆਜ਼ਮ ਕਰਤਾਰ ਸਿੰਘ ਸਰਾਭਾ / ਜਿਸਦਾ ਬਚਪਨ ਵੀ ਇਨਕਲਾਬ ਨੂੰ ਸਮਰਪਤ ਸੀ

 

- ਬਾਬਾ ਸੋਹਣ ਸਿੰਘ ਭਕਨਾ

ਹੁੰਗਾਰੇ

 

Online Punjabi Magazine Seerat

ਸਿਰਨਾਵਿਓਂ ਭਟਕੇ ਖਤਾਂ ਦੀ ਦਾਸਤਾਨ
- ਹਰਮੰਦਰ ਕੰਗ (ਆਸਟ੍ਰੇਲੀਆ)

 

ਜਿੰਦਗੀ ਦੀ ਗੱਡੀ ਰੋੜਦਿਆਂ ਕਦੇ ਕਦਾਈ ਐਸੇ ਪਲ ਵੀ ਆਉਂਦੇ ਹਨ ਜਿੰਨ੍ਹਾਂ ਨੂੰ ਮਨੁੱਖ ਜੀਅ ਭਰ ਕੇ ਜਿਊਣਾਂ ਲੋਚਦਾ ਹੈ ਅਤੇ ਇਹ ਸੁਨਹਿਰੀ ਪਲ ਯਾਦਾਂ ਦੇ ਰੂਪ ਵਿੱਚ ਆਦਮੀਂ ਦੇ ਹਿਰਦੇ ਵਿੱਚ ਹਮੇਸ਼ਾਂ ਹਮੇਸ਼ਾਂ ਦੇ ਲਈ ਵਸ ਜਾਂਦੇ ਹਨ।ਅਜਿਹੇ ਸੁਨਹਿਰੇ ਦੌਰ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਕਈ ਵਾਰੀ ਜਿੰਦਗੀ ਦਾ ਤਖਤਾ ਪਲਟ ਕੇ ਰੱਖ ਦਿੰਦੀਆਂ ਹਨ ਤੇ ਸਾਨੂੰ ਜਿੰਦਗੀ ਨੂੰ ਹੋਰ ਨੇੜੇ ਹੋ ਕੇ ਤੱਕਣ ਜੋਗਾ ਬਣਾ ਦਿੰਦੀਆਂ ਹਨ।ਕਈ ਵਾਰੀ ਨਿੱਕੀਆਂ ਨਿੱਕੀਆਂ ਗੱਲਾਂ ਵੀ ਜਿੰਦਗੀ ਦੇ ਮਾਲਾ ਮਣਕਿਆਂ ਨੂੰ ਤਰਤੀਬ ਦੇ ਛੱਡਦੀਆਂ ਹਨ ਤੇ ਸਾਡੀ ਚੇਤਨਾਂ ਵਿੱਚ ਚਮਕਦੀਆਂ ਤੇ ਗੂੰਜਦੀਆਂ ਰਹਿਦੀਆਂ ਹਨ।ਆਕਾਸ਼ਬਾਣੀ ਬਠਿੰਡਾ ਰੇਡੀਓ ਤੇ ਅਨਾਊਸਰ ਦੀ ਨੌਕਰੀ ਦੌਰਾਨ ਅਨੇਕਾਂ ਅਜਿਹੇ ਮਿੱਠੇ ਕੌੜੇ ਤਜਰਬੇ ਹੋਏ ਜੋ ਅਜੇ ਵੀ ਚੇਤਿਆਂ ਵਿੱਚ ਵਸੇ ਹੋਏ ਹਨ।ਅਨਾਉਂਸਰ ਦੀ ਨੌਕਰੀ ਮੇਰੇ ਲਈ ਕੇਵਲ ਪੈਸੇ ਕਮਾਉਣ ਦੇ ਸਾਧਨ ਤੱਕ ਹੀ ਸੀਮਿਤ ਨਹੀਂ ਸੀ ਬਲਕਿ ਇਹ ਮੇਰਾ ਸ਼ੌਂਕ ਵੀ ਸੀ,ਆਪਣੇ ਆਪ ਅਤੇ ਲੋਕਾਂ ਦਾ ਮਨੋਂਰੰਜਨ ਕਰਨ ਦਾ ਸਾਧਨ,ਸਟੂਡੀਓ ਮੇਰੇ ਲਈ ਮੱਕੇ ਮਦੀਨੇਂ ਤੋਂ ਘੱਟ ਨਹੀਂ ਸੀ ਜਿੱਥੇ ਹਰ ਰੋਜ ਜਾ ਕੇ ਖੁਸ਼ੀ ਮਿਲਦੀ ਸੀ ਨਾਂ ਕਿ ਬਾਕੀ ਨੌਕਰੀਆਂ ਵਾਂਗੂੰ ਥਕਾਵਟ ਅਤੇ ਅਕੇਵਾਂ।ਆਪਣੀਆਂ ਭਾਵਨਾਵਾਂ,ਆਪਣੇ ਤਜਰਬੇ,ਆਪਣੇ ਵਿਚਾਰ ਇੱਕੋ ਥਾਂ ਤੇ ਬੈਠ ਕੇ ਲੋਕਾਂ ਨਾਲ ਸਾਂਝੇ ਕਰਨ ਦਾ ਇਸ ਤੋਂ ਵਧੀਆ ਸਾਧਨ ਸ਼ਾਇਦ ਹੀ ਕੋਈ ਹੋਵੇ।ਪਰ ਨਾਲ ਨਾਲ ਇਸ ਨੌਕਰੀ ਵਿੱਚ ਜਿੰਮੇਵਾਰੀ ਦੀ ਪੰਡ ਵੀ ਸਿਰ ਤੇ ਬਹੁਤ ਭਾਰੀ ਹੁੰਦੀ।ਸਮੇਂ ਦੀ ਪਾਬੰਦੀ,ਬੋਲਣ ਵੇਲੇ ਸ਼ਬਦਾਂ ਦਾ ਨਾਪ ਤੋਲ,ਦਾਇਰੇ ਵਿੱਚ ਰਹਿਣਾਂ,ਸਰੋਤਿਆਂ ਦੀ ਪਸੰਦ ਅਤੇ ਭਾਵਨਾਵਾਂ ਨਾਲ ਇੱਕ ਮਿੱਕ ਹੋਣ ਵਰਗੇ ਕਾਇਦੇ ਕਾਨੂੰਨ ਦੀ ਪਾਲਣਾਂ ਵੀ ਮੁੱਢਲੀ ਅਤੇ ਅਤੀ ਜਰੂਰੀ ਲੋੜ ਹੁੰਦੀ।ਅਣਗਿਣਤ ਸਰੋਤੇ ਭਾਵਨਾਤਮਿੱਕ ਤੌਰ ਤੇ ਰੇਡੀਓ ਨਾਲ ਜੁੜੇ ਹੋਏ ਸਨ ਅਤੇ ਹਰ ਅਨਾਉਂਸਰ ਦੀ ਪੇਸ਼ਕਾਰੀ ਦੀ ਪ੍ਰਸ਼ੰਸ਼ਾ,ਗਲਤੀਆਂ ਜਾਂ ਆਪਣੇ ਵਿਚਾਰ ਜਾਂ ਫਿਰ ਆਪਣੀ ਪਸੰਦ ਖਤਾਂ ਰਾਹੀ ਸਾਡੇ ਤੱਕ ਪਹੁੰਚਾਉਦੇ।ਸਿਰਫ ਇਹ ਕਤ ਹੀ ਸਨ ਜੋ ਸਾਨੂੰ ਨਿੱਤ ਪ੍ਰਤੀ ਦਿਨ ਦੀਆਂ ਗਲਤੀਆਂ ਨੂੰ ਸੁਧਾਰ ਕੇ ਪ੍ਰੋਗਰਾਮਾਂ ਨੂੰ ਹੋਰ ਸੁਚੱਜੇ ਢੰਗ ਨਾਲ ਪੇਸ਼ ਕਰਨ ਲਈ ਸੁਚੇਤ ਕਰਦੇ ਸਨ।ਕੁੱਝ ਕੁ ਸਰੋਤਿਆਂ ਦੀ ਅਕਸਰ ਸ਼ਿਕਾਇਤ ਹੁੰਦੀ ਸੀ ਕਿ ਉਹਨਾਂ ਦੇ ਖਤ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ।ਕੁੱਝ ਹੱਦ ਤੱਕ ਇਹ ਸ਼ਿਕਾਇਤ ਠੀਕ ਵੀ ਹੁੰਦੀ ਕਿਉਂਕਿ ਸਾਥੀ ਅਨਾਉਂਸਰ ਕਈ ਵਾਰੀ ਜਲਦਬਾਜੀ ਵਿੱਚ ਲਾਪਰਵਾਹੀ ਵਰਤ ਕੇ ਖਤਾਂ ਨੂੰ ਟੁਕੜਿਆਂ ਵਿੱਚ ਵੰਡ ਕੇ ਕੂੜੇਦਾਨ ਦਾ ਸ਼ਿਗਾਰ ਬਣਾ ਦਿੰਦੇ।ਪਤਾ ਨਹੀ ਉਹ ਕਿਸ ਤਰਾਂ ਖਤਾਂ ਰਾਹੀ ਪ੍ਰਗਟ ਕੀਤੀਆਂ ਸਰੋਤਿਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਲੈਂਦੇ ਸਨ?ਕਈ ਖਤ ਤਾਂ ਅਜਿਹੇ ਹੁੰਦੇ ਸਨ ਜਿੰਨ੍ਹਾਂ ਨੂੰ ਵਾਰ ਵਾਰ ਪੜ੍ਹਨ ਨੂੰ ਚਿੱਤ ਕਰਦਾ ਸੀ ਤੇ ਕਈ ਖਤ ਐਸੇ ਵੀ ਹੁੰਦੇ ਸਨ ਜਿੰਨ੍ਹਾਂ ਨੂੰ ਸਾਂਭ ਕੇ ਰੱਖਣ ਨੂੰ ਚਿੱਤ ਕਰਦਾ।ਪਰ ਕਈ ਵਾਰੀ ਬਹੁਤ ਸਾਰੇ ਖਤ ਅਜਿਹੇ ਵੀ ਹੁੰਦੇ ਸਨ ਜੋ ਕਾਸਿਦ ਦੀ ਗਲਤੀ ਦਾ ਨਤੀਜਾ ਭੁਗਤਦੇ ਹੋਏ ਆਪਣੇ ਅਸਲੀ ਸਿਰਨਾਵੇਂ ਤੇ ਪਹੁੰਚਣ ਦੀ ਬਜਾਏ ਰੇਡੀਓ ਸਟੇਸ਼ਨ ਦੀ ਡਾਕ ਵਿੱਚ ਸ਼ਾਮਲ ਹੋ ਕੇ ਸਾਡੇ ਹੱਥਾਂ ਵਿੱਚ ਆਣ ਪੁੱਜਦੇ।ਸੋ ਸੁਭਵਿਕ ਹੀ ਸੀ ਕਿ ਅਜਿਹੇ ਖਤ ਸਿੱਧੇ ਕੂੜੇਦਾਨ ਦੀ ਟੋਕਰੀ ਵਿੱਚ ਜਾਂਦੇ।ਜਿਆਦਾਤਰ ਖਤ ਪੋਸਟ ਕਾਰਡਾਂ ਦੇ ਰੂਪ ਵਿੱਚ ਹੁੰਦੇ ਸਨ ਸੋ ਕਈ ਵਾਰੀ ਅਲੱਗ ਅਲੱਗ ਪ੍ਰੋਗਰਾਮਾਂ ਦੇ ਖਤਾਂ ਦੀ ਛਾਂਟੀ ਕਰਦੇ ਹੋਏ ਇਹਨਾਂ ਤੇ ਲਿਖੇ ਸ਼ਬਦ ਆਪ ਮੁਹਾਰੇ ਹੀ ਪੜ੍ਹੇ ਜਾਂਦੇ।ਪੇਂਡੂ ਖੇਤਰਾਂ ਵਿੱਚੋਂ ਆਉਂਦੇ ਖਤ ਬਹੁਤ ਹੀ ਨਿਵੇਕਲੀ ਕਿਸਮ ਦੇ ਹੁੰਦੇ ਤੇ ਅਕਸਰ ਇਹਨਾਂ ਵਿੱਚ ਅਨਾਉਸਰ ਦੀ ਪੇਸ਼ਕਾਰੀ ਦੀ ਤਾਰੀਫ ਕੀਤੀ ਹੁੰਦੀ।ਜਜਬਾਤੀ ਤੌਰ ਤੇ ਰੇਡੀਓ ਨਾਲ ਜੁੜੇ ਹੋਏ ਸਰੋਤੇ ਆਪਣੀਂ ਹਰ ਖੁਸ਼ੀ ਗਮੀਂ ਖਤਾਂ ਦੇ ਜਰੀਏ ਸਾਡੇ ਨਾਲ ਸਾਂਝੀ ਕਰਦੇ।ਭਾਵੇਂ ਕਈ ਵਾਰੀ ਅਜਿਹੇ ਨਿੱਜੀ ਖਤਾਂ ਨੂੰ ਰੇਡੀਓ ਪ੍ਰੋਗਰਾਮਾਂ ਵਿੱਚ ਪੜਨ ਦੀ ਮਨਾਹੀ ਹੁੰਦੀ ਪਰ ਫਿਰ ਵੀ ਉਹ ਨਿਯਮਤ ਤੌਰ ਤੇ ਖਤ ਲਿਖਦੇ ਰਹਿੰਦੇ।ਜੋ ਜੋ ਵਿਅਕਤੀ ਵੀ ਰੇਡੀਓ ਵੱਲ ਖਤ ਭੇਜਦੇ ਉਹਨਾਂ ਦੀ ਸੋਚ ਵਿੱਚ ਇੱਕ ਗੱਲ ਜਰੂਰ ਟਿਕੀ ਹੁੰਦੀ ਕਿ ਉਹਨਾਂ ਦੇ ਵਿਚਾਰਾਂ ਤੋਂ ਰੇਡੀਓ ਰਾਹੀ ਸਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇ।ਪਰ ਬਹਤ ਵਾਰੀ ਰੇਡੀਓ ਦੀ ਡਾਕ ਨਾਲ ਰਲ ਕੇ ਆਪਣੇਂ ਅਸਲੀ ਸਿਰਨਾਵੇਂ ਤੋਂ ਭਟਕਦੇ ਹੋਏ ਖਤ ਵੀ ਹੱਥ ਲੱਗ ਜਾਂਦੇ।ਆਪਣੀ ਰੋਜਾਨਾਂ ਦੀ ਡਿਊਟੀ ਦੌਰਾਨ ਪ੍ਰੋਗਰਾਮਾਂ ਦੀ ਪੇਸ਼ਕਾਰੀ ਕਰਦਿਆਂ ਇੱਕ ਦਿਨ ਅਜਿਹਾ ਹੀ ਖਤ ਹੱਥ ਲੱਗਾ ਜੋ ਆਪਣੇ ਅਸਲੀ ਸਿਰਨਾਵੇਂ ਤੇ ਪਹੁੰਚਣ ਦੀ ਬਜਾਏ ਭਟਕਦਾ ਹੋਇਆ ਮੇਰੇ ਹੱਥ ਆਣ ਲੱਗਾ।ਕਿਸੇ ਦਾ ਖਤ,ਕਿਸੇ ਦੀ ਗਲਤੀ ਨਾਲ ਇੱਥੇ ਪਹੁੰਚ ਗਿਆ,ਪਹਿਲਾਂ ਤਾਂ ਦਿਲ ਕੀਤਾ ਕਿ ਇਹਨੂੰ ਰੱਦੀ ਦੀ ਟੋਕਰੀ ਵਿੱਚ ਸੁੱਟ ਦਿਆਂ,ਪਰ ਅਜਿਹਾਂ ਕਰਨ ਤੋਂ ਪਹਿਲਾਂ ਹੀ ਖਤ ਤੇ ਲਿਖੇ ਸ਼ਬਦ ਨਾਂ ਚਾਹੁੰਦਿਆਂ ਹੋਇਆਂ ਵੀ ਆਪ ਮੁਹਾਰੇ ਹੀ ਪੜ੍ਹੇ ਗਏ।ਸਿੱਲ੍ਹੇ ਸਿੱਲ੍ਹੇ ਸ਼ਬਦਾਂ ਨਾਲ ਲਿਖੇ ਇਸ ਖਤ ਦੀ ਦਰਦ ਕਹਾਣੀ ਨੇ ਮੇਰੀਆਂ ਅੱਖਾਂ ਨੂੰ ਵੀ ਸਿੱਲ੍ਹਾ ਕਰ ਦਿੱਤਾ।ਇਹ ਖਤ ਕਿਸੇ ਫੌਜੀ ਜਵਾਨ ਦੀ ਪਤਨੀਂ ਦਾ ਸੀ ਜਿਸਨੂੰ ਪੜ੍ਹ ਕੇ ਇੰਝ ਪ੍ਰਤੀਤ ਹੁੰਦਾ ਸੀ ਕਿ ਇਹ ਖਤ ਉਸਨੇਂ ਬੋਲ ਕੇ ਕਿਸੇ ਤੋਂ ਲਿਖਵਾਇਆ ਹੈ।ਦੋ ਬੱਚੀਆਂ ਦੀ ਮਾਂ ਇਸ ਫੌਜੀ ਦੀ ਪਤਨੀਂ ਦੇ ਤੀਜੀ ਵਾਰ ਫਿਰ ਬੱਚੀ ਹੋਣ ਤੇ ਉਸ ਦੀ ਸੱਸ ਨੇਂ ਉਸ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਹੁਣ ਉਹ ਆਪਣੇ ਪੇਕਿਆਂ ਦੇ ਘਰ ਮਾਂ ਬਾਪ ਤੇ ਬੋਝ ਬਣੀ ਹੋਣ ਦਾ ਸੰਤਾਪ ਹਢਾ ਰਹੀ ਸੀ।ਅੱਗੋਂ ਉਸ ਦੀਆਂ ਭਰਜਾਈਆਂ ਉਸ ਨੂੰ ਮਨਹੂਸ ਸਮਝਦੀਆਂ ਸਨ।ਖਤ ਦੇ ਅੰਤ ਵਿੱਚ ਲਿਖਿਆ ਹੋਇਆ ਸੀ ਕਿ ਜਾਂ ਤਾਂ ਉਸ ਦਾ ਪਤੀ ਉਸ ਨੂੰ ਆਪਣੇਂ ਨਾਲ ਲੈ ਜਾਵੇ ਨਹੀ ਤਾਂ ਉਹ ਤਿੰਨੋਂ ਬੱਚੀਆਂ ਸਮੇਤ ਕਿਸੇ ਨਹਿਰ ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਵੇਗੀ।ਖਤ ਪੜ ਕੇ ਮਨ ਨੂੰ ਅੱਚਵੀ ਜਿਹੀ ਲੱਗ ਗਈ।ਕਦੇ ਦਿਲ ਕਰੇ ਕਿ ਖਤ ਨੂੰ ਦੁਬਾਰਾ ਉਸ ਫੌਜੀ ਨੌਜਵਾਨ ਵੱਲ ਪੋਸਟ ਕਰ ਦਿਆਂ ਅਤੇ ਕਦੇ ਦਿਲ ਕਰੇ ਕਿ ਉਸ ਦੁਖਿਆਰੀ ਨੂੰ ਉਸਦੇ ਸਹੁਰੇ ਪਰਿਵਾਰ ਤੋਂ ਇੰਨਸਾਫ ਦੁਆਉਣ ਲਈ ਕੋਈ ਉਪਰਾਲਾ ਕੀਤਾ ਜਾਵੇ।ਸਮਝ ਨਹੀ ਆ ਰਹੀ ਸੀ ਕਿ ਦੋਵਾਂ ਵਿੱਚੋ ਜਰੂਰੀ ਕੰਮ ਕਿਹੜਾ ਹੈ।ਨਾਲ ਹੀ ਸੋਚ ਰਿਹਾ ਸਾਂ ਕਿ ਦੁਨੀਆਂ ਕਿੱਥੇ ਪਹੁੰਚ ਗਈ ਹੈ ਪਰ ਸਾਡਾ ਪੇਂਡੂ ਸਮਾਜ ਅਜੇ ਤੱਕ ਮੁੰਡੇ ਕੁੜੀ ਦੇ ਫਰਕ ਨੂੰ ਕਿਉਂ ਨਹੀ ਸਮਝ ਰਿਹਾ।ਬੱਚੀ ਨੂੰ ਜਨਮ ਦੇਣ ਵਾਲੀ ਇੱਕ ਔਰਤ ਨੂੰ ਇੱਕ ਔਰਤ ਨੇ ਹੀ ਘਰੋਂ ਕੱਢ ਦਿੱਤਾ।ਕਦੋਂ ਆਵੇਗੀ ਕ੍ਰਾਂਤੀ ਇਹਨਾਂ ਲੋਕਾਂ ਦੀ ਸੋਚ ਵਿੱਚ?ਉਸ ਮੇਰੀ ਅਨਾਉਸਰ ਦੀ ਡਿਊਟੀ ਬੇਸ਼ੱਕ ਸਾਂਮ ਨੂੰ 7.30 ਵਜੇ ਹੀ ਖਤਮ ਹੋ ਗਈ ਸੀ ਪਰ ਸਾਰੀ ਰਾਤ ਦਿਮਾਗ ਇਹਨਾਂ ਸਵਾਲਾਂ ਦੇ ਜਵਾਬ ਹੀ ਲੱਭਦਾ ਰਿਹਾ।
ਅਜਿਹੇ ਖਤ ਰੋਜ ਹੀ ਮਿਲਦੇ,ਕਈ ਖਤਾਂ ਵਿੱਚ ਤਾਂ ਅਜਿਹੇ ਗੰਭੀਰ ਮਸਲੇ ਵੀ ਬਿਆਨ ਕੀਤੇ ਹੁੰਦੇ ਤੇ ਕਈ ਖਤ ਆਮ ਸੁਭਾਵਿਕ ਗੱਲਾਂ ਨਾਲ ਹੀ ਭਰੇ ਹੁੰਦੇ।ਆਪਣੀ ਡਿਊਟੀ ਕਰਦਿਆਂ ਖਤਾਂ ਦੀ ਛਾਂਟੀ ਦੌਰਾਨ ਇੱਕ ਦਿਨ ਫਿਰ ਇੱਕ ਗੰਭੀਰ ਮਸਲੇ ਨਾਲ ਭਰਿਆ ਖਤ ਹੱਥ ਲੱਗ ਗਿਆ।ਸੰਨ 1984 ਦੇ ਦੰਗਿਆਂ ਵਿੱਚ ਦਿੱਲੀਓਂ ਉੱਜੜ ਕੇ ਆਏ ਪੰਜਾਬ ਦੇ ਕਿਸੇ ਪਿੰਡ ਵਸਦੇ ਪਰਿਵਾਰ ਦਾ ਸਿਰਨਾਵਾਂ ਆਪਣੇ ਮੱਥੇ ਤੇ ਲਿਖਾ ਕੇ ਮੁਸੀਬਤਾਂ ਦੀ ਪੰਡ ਚੁੱਕੀ ਫਿਰਦਾ ਰੇਡੀਓ ਦੀ ਰੋਜਾਨਾਂ ਦੀ ਡਾਕ ਨਾਲ ਆ ਰਲਿਆ।ਇਹ ਖਤ ਕਿਸੇ ਵਕੀਲ ਵਲੋਂ ਉਸ ਪਰਿਵਾਰ ਨੂੰ ਲਿਖਿਆ ਸੀ ਕਿ 84 ਦੇ ਦੰਗਿਆਂ ਵਿੱਚ ਤੁਹਾਡੇ ਦਿੱਲੀ ਵਾਲੇ ਮਕਾਨ ਤੇ ਨਜਾਇਜ ਕਬਜਾ ਛੁਡਵਾਉਣ ਲਈ ਜੋ ਤੁਸੀਂ ਕੇਸ ਕੀਤਾ ਹੋਇਆ ਹੈ ਉਸਦੀ ਅਗਲੀ ਤਾਰੀਕ 28 ਅਗਸਤ ਹੈ।ਤੁਸੀਂ ਜਰੂਰ ਪਹੁੰਚਣਾਂ ਹੈ ਨਹੀ ਤਾਂ ਫੈਸਲਾ ਇੱਕ ਤਰਫਾ ਕਬਜੇਦਾਰ ਦੇ ਹੱਕ ਵਿੱਚ ਵੀ ਹੋ ਸਕਦਾ ਹੈ।ਕੇਸ ਦੀ ਪੈਰਵਾਈ ਲਈ ਬਣਦੀ 42000 ਰੁਪਏ ਫੀਸ ਵੀ ਨਾਲ ਲੈ ਕੇ ਆਉਣੀ।ਇਹ ਖਤ ਪੜਦੇ ਸੁਭਾਵਿਕ ਹੀ ਹੱਥ ਕੰਬਣ ਲੱਗੇ।84 ਵੇਲੇ ਜਿਹਨਾਂ ਨੇਂ ਆਪਣਾਂ ਸਬ ਕੱਝ ਗੁਆ ਲਿਆ ਉਹਨਾਂ ਨੂੰ ਇੰਨਸਾਫ ਤਾਂ ਕੀ ਮਿਲਣਾਂ ਸੀ ਉਲਟਾ ਆਪਣੇ ਹੀ ਘਰ ਨੂੰ ਪ੍ਰਾਪਤ ਕਰਨ ਲਈ ਦਿੱਲੀ ਦੇ ਕੋਟ ਕਚਹਿਰੀਆਂ ਵਿੱਚ ਧੱਕੇ ਖਾਣੇਂ ਪੈ ਰਹੇ ਹਨ।ਅਜਿਹੇ ਕਿੰਨੇ ਪਰਿਵਾਰ ਹੋਰ ਹੋਣਗੇ ਜਿੰਨ੍ਹਾਂ ਨੇ ਆਪਣੇ ਪਰਿਵਾਰ ਦੇ ਜੀਆਂ ਦੇ ਨਾਲ ਨਾਲ ਆਪਣੀਆਂ ਹੱਥੀਂ ਬਣਾਈਆਂ ਜਇਦਾਦਾ ਵੀ ਗੁਆ ਲਈਆਂ।ਖੈਰ ਇਹ ਖਤ ਤਾਂ ਉਸ ਪਰਿਵਾਰ ਤੱਕ ਜਰੂਰ ਪਹੁੰਚਣਾਂ ਚਾਹੀਦਾ ਹੈ।ਇਹੀ ਸੋਚਕੇ ਉਸ ਖਤ ਨੂੰ ਇੱਕ ਬੰਦ ਲਿਫਾਫੇ ਵਿੱਚ ਪਾ ਕੇ ਸਿਰਨਾਵਾਂ ਲਿਖ ਕੇ ਫਿਰ ਲੈਟਰ ਬਾਕਸ ਦੇ ਹਵਾਲੇ ਕਰ ਦਿੱਤਾ।
ਖਤ ਡੁਹਾਡੇ ਗੀਤ ਅਸਾਡੇ ਪ੍ਰੋਗਰਾਮ ਪੇਸ਼ ਕਰਨ ਲਈ ਮੈ ਸਟੁਡੀਓ ਵਿੱਚ ਗਿਆ ਤਾਂ ਰੋਜਾਨਾਂ ਦੀ ਡਾਕ ਉੱਥੇ ਟੇਬਲ ਤੇ ਨਾਂ ਹੋਣ ਕਰਕੇ ਇਕ ਵਾਰ ਤਾਂ ਰੱਬ ਦਾ ਸ਼ੁਕਰ ਕੀਤਾ ਕਿ ਚਲੋ ਚੰਗਾ ਹੈ ਰੋਜ ਦੀ ਤਰਾਂ ਕਿਸੇ ਭਟਕਦੇ ਖਤ ਵਿਚਲੀ ਕੋਈ ਦਰਦ ਕਹਾਣੀ ਪੜ੍ਹ ਕੇ ਮਨ ਪਰੇਸ਼ਾਨ ਹੋਣ ਤੋਂ ਬਚੇਗਾ।ਪਰ ਹੁਣ ਰੋਜ ਦੀ ਆਦਤ ਜਿਹੀ ਪੈ ਗਈ ਸੀ ਖਤਾਂ ਨੂੰ ਫਰੋਲਣ ਦੀ।ਸੋ ਬੇਚੈਨੀ ਜਿਹੀ ਮਹਿਸੂਸ ਕਰਦਿਆਂ ਫੋਨ ਚੁੱਕ ਕੇ ਬਾਹਰ ਗੇਟ ਤੇ ਸਕਿਊਰਟੀ ਵਾਲਿਆਂ ਨੂੰ ਪੁੱਛਿਆਂ ਕਿ ਅੱਜ ਦੀ ਡਾਕ ਓਹਨਾਂ ਨੇ ਅੰਦਰ ਸਟੂਡੀਓ ਪਹੁੰਚਾਈ ਕਿ ਨਹੀ?ਅੱਗੋਂ ਉਹਨਾਂ ਨੇ ਹਾਂ ਵਿੱਚ ਜਵਾਬ ਮਿਲਿਆ ਕਿ ਕਾਫੀ ਖਤ ਆਏ ਹਨ ਇਹਨਾਂ ਚੋਂ ਇੱਕ ਖਤ ਉਰਦੂ ਭਾਸ਼ਾ ਵਿੱਚ ਲਿਖਿਆ ਹੋਇਆ ਹੈ ਜੋ ਡਾਕੀਆ ਸਾਨੂੰ ਹੀ ਫੜਾ ਕੇ ਚਲਾ ਗਿਆ।ਜਦ ਮੈ ਇਹ ਖਤ ਦੇਖਿਆ ਤਾਂ ਮੈਨੂੰ ਨਾਲ ਹੀ ਯਕੀਨ ਹੋ ਗਿਆ ਕਿ ਜਰੂਰ ਇਹ ਖਤ ਵੀ ਆਪਣੇਂ ਅਸਲੀ ਸਿਰਨਾਵੇਂ ਤੇ ਪਹੁੰਚਣ ਦੀ ਬਜਾਏ ਇੱਥੇ ਪੜਾਅ ਕਰ ਗਿਆ ਹੈ।ਖਤ ਉੱਪਰ ਉਰਦੂ ਭਾਸ਼ਾ ਤੋਂ ਇਲਾਵਾ ਇੱਕ ਵੀ ਸ਼ਬਦ ਕਿਸੇ ਹੋਰ ਭਾਸ਼ਾ ਵਿੱਚ ਨਹੀ ਲਿਖਿਆ ਹੋਇਆ ਸੀ।ਹੁਣ ਉਰਦੂ ਭਾਸ਼ਾ ਕਿਸੇ ਨੂੰ ਪੜ੍ਹਨੀ ਨਾਂ ਆਵੇ।ਇਸ ਖਤ ਨੂੰ ਬਾਕੀ ਖਤਾਂ ਤੋਂ ਅਲੱਗ ਕਰਕੇ ਇਸ ਆਸ ਨਾਲ ਜੇਬ ਵਿੱਚ ਪਾ ਲਿਆ ਕਿ ਕਿਸੇ ਉਰਦੂ ਭਾਸਾਂ ਦੇ ਜਾਣਕਾਰ ਤੋਂ ਇਹ ਖਤ ਪੜ੍ਹਾ ਕੇ ਦੇਖਾਂਗਾ ਕਿ ਆਖਿਰ ਇਸ ਵਿੱਚ ਲਿਖਿਆ ਕੀ ਹੈ।ਕਈ ਦਿਨ ਇਹ ਖਤ ਮੇਰੀ ਜੇਬ ਵਿੱਚ ਹੀ ਝੁਟੇ ਲੈਂਦਾ ਰਿਹਾ।ਆਖਿਰ ਇੱਕ ਦਿਨ ਇੱਕ ਪਿੰਡ ਵਿੱਚ ਸੁਰਜਨ ਸਿੰਘ ਨਾਂ ਦਾ ਇੱਕ ਬਜੁਰਗ ਲੱਭ ਗਿਆ ਜੋ ਕਿ ਉਰਦੂ ਭਾਸ਼ਾ ਜਾਣਦਾ ਸੀ।ਆਪਣੀ ਕਮਜੋਰ ਨਜਰ ਨਾਲ ਪਹਿਲਾਂ ਉਸਨੇ ਬਿਨਾਂ ਬੋਲੇ ਖਤ ਖੁਦ ਪੜ੍ਹਿਆ ਅਤੇ ਫਿਰ ਮੇਰੇ ਵੱਲ ਉਦਾਸੀ ਜਿਹੀ ਨਿਗ੍ਹਾ ਨਾਲ ਵੇਖ ਕੇ ਝੱਟ ਬੋਲਣਾਂ ਸ਼ੁਰੂ ਕਰ ਦਿੱਤਾ ਕਿ ਅੱਜ ਦੀ ਪੀੜ੍ਹੀ ਦਾ ਵੱਸ ਚੱਲੇ ਤਾਂ ਆਪਣੇ ਸਵਾਰਥ ਲਈ ਆਪਣੇ ਮਾਪਿਆਂ ਨੂੰ ਵੀ ਵੇਚ ਸੁੱਟੇ।ਸੁਰਜਨ ਸਿਓਂ ਦੇ ਬੋਲਾਂ ਵਿੱਚ ਗੁੱਸਾ ਸਾਫ ਝਲਕ ਰਿਹਾ ਸੀ।ਮੈਂ ਡਰਦੇ ਜਿਹੇ ਨੇ ਓਹਨਾਂ ਨੂੰ ਪੁੱਛਿਆ ਕਿ ਆਖਿਰ ਖਤ ਵਿੱਚ ਅਜਿਹਾ ਕੀ ਲਿਖਿਆ ਹੈ ਤਾਂ ਬਾਬਾ ਸੁਰਜਨ ਸਿੰਘ ਨੇ ਸਾਰੀ ਰਾਮ ਕਹਾਣੀਂ ਇੱਕੋ ਸਾਹੇ ਬਿਆਨ ਕਰ ਦਿੱਤੀ।ਅਸਲ ਵਿੱਚ ਇਹ ਖਤ ਉਸ ਮੁਸਲਿਮ ਯਾਤਰੀ ਦਾ ਸੀ ਜੋ ਹੁਣੇ ਹੁਣੇ ਹੱਜ ਦੀ ਯਾਤਰਾ ਕਰ ਕੇ ਘਰ ਪਰਤਿਆ ਸੀ।ਹੱਜ ਦੀ ਯਾਤਰਾ ਦੌਰਾਨ ਜਦ ਉਹ ਬਿਮਾਰ ਹੋ ਗਿਆ ਸੀ ਤਾਂ ਇੱਕ ਹੋਰ ਯਾਤਰੀ ਨੇ ਉਸਦੀ ਪੈਸੇ ਟਕੇ ਨਾਲ ਚੋਖੀ ਮੱਦਦ ਕੀਤੀ ਸੀ।ਉਧਾਰ ਲਏ ਪੈਸੇ ਵਾਪਸ ਨਾਂ ਦੇਣ ਦੇ ਕਾਰਨ ਦੇ ਨਾਲ ਨਾਲ ਇਸ ਖਤ ਵਿੱਚ ਉਸ ਯਾਤਰੀ ਵਲੋਂ ਇੱਕ ਮੁਆਫੀਨਾਮੇ ਦੇ ਰੂਪ ਵਿੱਚ ਪੈਸੇ ਵਾਪਸ ਕਰਨ ਦੀ ਦੇਰੀ ਦਾ ਕਾਰਨ ਵੀ ਬਿਆਨ ਕੀਤਾ ਹੋਇਆ ਸੀ।ਜਿਸ ਵਿੱਚ ਲਿਖਿਆ ਹੋਇਆ ਸੀ ਕਿ ਜਦ ਯਾਤਰਾ ਤੋਂ ਵਾਪਸ ਘਰ ਆ ਕੇ ਉਸਨੇਂ ਆਪਣੇ ਪੁੱਤਰ ਤੋਂ ਪੈਸੇ ਮੰਗੇ ਤਾਂ ਅੱਗੋਂ ਹਰਖ ਨਾਲ ਉਸ ਦਾ ਬੇਟਾ ਕਹਿੰਦਾ ਹੈ ਕਿ ਉਸਨੂੰ ਜਦ ਤਨਖਾਹ ਮਿਲੀ ਤਾਂ ਪੈਸੇ ਵਾਪਸ ਕਰ ਦਿਆਂਗੇ।ਜਦ ਕੇ ਉਸ ਵਿਅਕਤੀ ਨੂੰ ਮਹੀਨਾਂ ਵਾਰ ਮਿਲਦੀ ਪੈਨਸ਼ਨ ਵੀ ਉਸਦੀ ਨੂੰਹ ਹੀ ਲੈ ਲੈਂਦੀ ਹੈ ਤੇ ਉਲਟਾ ਸਾਰਾ ਦਿਨ ਉਸਨੂੰ ਮੰਦਾ ਚੰਗਾ ਬੋਲਦੀ ਰਹਿੰਦੀ ਹੈ।ਖਤ ਵਿੱਚੋਂ ਉਸ ਮੁਸਲਿਮ ਵਿਅਕਤੀ ਦੀ ਮਜਬੂਰੀ ਸਾਫ ਝਲਕ ਰਹੀ ਸੀ।ਬਾਬਾ ਸੁਰਜਨ ਸਿਓ ਮੈਨੂੰ ਪੁੱਛ ਰਿਹਾ ਸੀ ਕਿ ਮੈ ਹੁਣ ਇਸ ਖਤ ਦਾ ਕੀ ਕਰਾਂਗਾਂ?ਪਰ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਹੀ ਸੀ ਕਿ ਮੈ ਇਸ ਖਤ ਨੂੰ ਦੁਬਾਰਾ ਪੋਸਟ ਕਰਾਂ ਜਾਂ ਫਿਰ ਇਸ ਨੂੰ ਪਾੜ ਕੇ ਕਿਤੇ ਸੁੱਟ ਦੇਵਾਂ।
ਅਜਿਹੇ ਖਤ ਰੇਡੀਓ ਸਟੇਸ਼ਨ ਦੀ ਡਾਕ ਵਿੱਚ ਆਉਣੇਂ ਹੁਣ ਰੋਜ ਦਾ ਹੀ ਕੰਮ ਹੋ ਚੁੱਕਿਆ ਸੀ।ਸਾਡੇ ਭਾਰਤ ਦੇਸ਼ ਦਾ ਸਿਸਟਮ ਹੀ ਅਜਿਹਾ ਹੈ।ਜੇਕਰ ਇੱਥੇ ਇੱਕ ਡਾਕੀਆਂ ਹੀ ਆਪਣੀ ਡਿਊਟੀ ਵਿੱਚ ਕੋਤਾਹੀ ਕਰਦਾ ਹੈ ਤਾਂ ਬਾਕੀ ਸਰਕਾਰੀ ਵਿਭਾਗਾਂ ਦਾ ਕੀ ਹਾਲ ਹੋਵੇਗਾ।ਖਤ ਤੁਹਾਡੇ ਗੀਤ ਅਸਾਡੇਪ੍ਰੋਗਰਾਮ ਕਰਦਿਆਂ ਇੱਕ ਦਿਨ ਫਿਰ ਡਾਕੀਆ ਸਾਹਿਬ ਦੀ ਮਿਹਰਬਾਨੀ ਸਦਕਾ ਇੱਕ ਹੋਰ ਅਜਿਹਾ ਹੀ ਖਤ ਮਿਲ ਗਿਆ ਜਿਸ ਉੱਪਰ ਸਿਰਫ ਚਾਰ ਕੁ ਸਤਰਾਂ ਹਿੰਦੀ ਭਾਸ਼ਾ ਵਿੱਚ ਲਿਖੀਆਂ ਹੋਈਆਂ ਸਨ। ਇਹ ਖਤ ਹਰਿਆਣੇ ਸੂਬੇ ਦੇ ਕਿਸੇ ਪਿੰਡ ਵਿੱਚ ਰਹਿੰਦੇ ਕਿਸੇ ਵਿਅਕਤੀ ਦਾ ਸੀ ਜਿਸ ਨੇਂ ਪੰਜਾਬ ਚ ਸਰਕਾਰੀ ਨੌਕਰੀ ਕਰਦੇ ਆਪਣੇ ਵੱਡੇ ਭਰਾ ਨੂੰ ਆਪਣੀਂ ਮਾਂ ਦੇ ਅੰਤਿਮ ਸਾਹਾਂ ਤੇ ਹੋਣ ਦੀ ਖਬਰ ਘੱਲੀ ਸੀ।ਇਸ ਖਤ ਤੇ ਸਿਰਫ ਏਨਾਂ ਹੀ ਲਿਖਿਆ ਹੋਇਆ ਸੀ ਕਿ ਮਾਂ ਹੁਣ ਸ਼ਾਇਦ ਨਾਂ ਬਚ ਸਕੇ ਤੂੰ ਆ ਕੇ ਮਿਲ ਲੈ।ਖਤ ਪੜ੍ਹ ਕੇ ਮੈਨੂੰ ਉਸ ਡਾਕੀਏ ਦੀ ਗਲਤੀ ਤੇ ਗੁੱਸਾ ਆ ਰਿਹਾ ਸੀ ਸ਼ਾਇਦ ਇੱਕ ਪੁੱਤਰ ਆਪਣੀ ਮਾਂ ਦੇ ਅੰਤਿਮ ਦਰਸ਼ਨ ਵੀ ਨਾਂ ਕਰ ਸਕੇ।ਖੈਰ ਇਹ ਖਤ ਤਾਂ ਜਰੂਰ ਸਹੀ ਟਿਕਾਣੇ ਤੇ ਪਹੁੰਚਣਾਂ ਚਾਹੀਦਾ ਹੈ।ਇਹੀ ਸੋਚਦੇ ਨੇ ਆਪਣੀ ਡਿਊਟੀ ਖਤਮ ਹੋਣ ਤੋਂ ਫੌਰਨ ਬਾਅਦ ਖਤ ਨੂੰ ਇਕ ਸਾਫ ਲਿਫਾਫੇ ਵਿੱਚ ਪਾ ਕੇ ਉੱਪਰ ਮੋਟੇ ਮੋਟੇ ਅੱਖਰਾਂ ਚ ਸਹੀ ਐਡਰੈਸ ਲਿਖ ਕੇ ਜਦ ਦੁਬਾਰਾ ਲੈਟਰ ਬਾਕਸ ਵਿੱਚ ਪਾਉਣ ਲੱਗਾ ਤਾਂ ਮਨ ਚ ਫਿਰ ਖਿਆਲ ਆ ਗਿਆ ਕੇ ਇਸ ਗੱਲ ਦੀ ਕੀ ਗਰੰਟੀ ਹੈ ਕਿ ਹੁਣ ਇਹ ਖਤ ਸਹੀ ਟਿਕਾਣੇਂ ਤੇ ਪਹੁੰਚ ਜਾਵੇਗਾ।ਇਸ ਖਤ ਨੂੰ ਖੁਦ ਇਸਦੇ ਵਾਰਿਸ ਤਾਈਂ ਪਹੁੰਚਾਉਣ ਲਈ ਮੈ ਖੁਦ ਕਾਸਿਦ ਬਣਨ ਦਾ ਫੈਸਲਾ ਕਰਕੇ ਸਵੇਰ ਹੁੰਦੇ ਹੀ ਘਰੋਂ ਸਿਰਨਾਵੇਦਾਰ ਦੇ ਘਰ ਨੂੰ ਚਾਲੇ ਪਾ ਦਿੱਤੇ।ਰਾਹ ਚ ਜਾਂਦਾ ਮੈਂ ਸੋਚ ਰਿਹਾ ਸੀ ਕਿ ਅੱਜ ਵਿਗਿਆਨ ਨੇਂ ਐਨੀਂ ਤਰੱਕੀ ਕਰ ਲਈ ਹੈ,ਕਿੰਨੇਂ ਹੀ ਦੂਰ ਸੰਚਾਰ ਦੇ ਸਾਧਨ ਉਪਲੱਭਦ ਹਨ।ਫਿਰ ਵੀ ਕਿਉਂ ਲੋਕ ਐਨੀਆਂ ਅਹਿਮ ਸੂਚਨਾਵਾਂ ਲਈ ਅਜੇ ਵੀ ਬੇ-ਭਰੋਸਗੀ ਵਾਲੇ ਖਤਾਂ ਤੇ ਲਿਖ ਕੇ ਜਿੰਮੇਵਾਰੀ ਤੋਂ ਸੁਰਖੁਰੂ ਹੋ ਜਾਂਦੇ ਹਨ? ਜਾਂ ਫਿਰ ਇਹ ਲੋਕ ਅਜੇ ਵੀ ਮੁੱਢਲੀਆਂ ਸਹੂਲਤਾਂ ਤੋਂ ਬਾਂਝੇ ਹਨ?ਖਤ ਦੇ ਸਹੀ ਸਿਰਨਾਵੇਂ ਦੀ ਪ੍ਰੋੜਤਾ ਲਈ ਗਲੀ ਦੇ ਨੁੱਕਰ ਤੇ ਇਕ ਕਰਿਆਨੇ ਵਾਲੇ ਦੀ ਦੁਕਾਨ ਤੇ ਬੈਠੇ ਇੱਕ ਵਿਅਕਤੀ ਨੂੰ ਉਸ ਖਤ ਤੇ ਲਿਖਿਆ ਪਤਾ ਦਿਖਾਇਆ ਤਾਂ ਉਸ ਦੁਕਾਨਦਾਰ ਨੇਂ ਗਲੀ ਦੇ ਦੂਜੇ ਕੋਨੇਂ ਤੇ ਇੱਕ ਸ਼ਾਨਦਾਰ ਘਰ ਵੱਲ ਇਸ਼ਾਰਾ ਕਰ ਦਿੱਤਾ।ਜਦ ਮੈਂ ਉਸ ਵਿਅਕਤੀ ਬਾਰੇ ਜਾਣਕਾਰੀ ਲੈਣੀਂ ਚਾਹੀ ਤਾਂ ਦੁਕਾਨਦਾਰ ਨੇਂ ਝਿਜਕਦੇ ਜਿਹੇ ਦੱਸਿਆ ਕੇ ਇਹ ਵਿਅਕਤੀ ਬਿਜਲੀ ਬੋਰਡ ਚ ਕੋਈ ਨੌਕਰੀ ਕਰਦੈ।ਪਿਛਲੇ ਸੱਤ ਅੱਠ ਸਾਲਾਂ ਤੋਂ ਇਸੇ ਮਕਾਨ ਵਿੱਚ ਰਹਿ ਰਿਹਾ ਹੈ।ਖਤ ਹੱਥ ਚ ਫੜਕੇ ਮੈਂ ਉਸ ਘਰ ਦਾ ਕੁੰਡਾ ਜਾ ਖੜਕਾਇਆ।ਇੱਕ ਔਰਤ ਨੇਂ ਗੇਟ ਖੋਲਦੇ ਹੀ ਪੁੱਛਿਆ, ਹਾਂ ਭਾਈ,ਕਿਹਨੂੰ ਮਿਲਣੈ?ਜਦ ਮੈ ਉਸ ਨੂੰ ਖਤ ਵਾਲੀ ਰਾਮ ਕਹਾਣੀਂ ਦੱਸੀ ਤਾਂ ਉਹ ਬੜੇ ਹੀ ਗੱਸੇ ਨਾਲ ਲਾਲ ਪੀਲੀ ਹੋਈ ਮੇਰੇ ਤੇ ਹੀ ਵਰ ਪਈ।ਨਾਂ ਹੁਣ ਏਸ ਮੋਮੋਠਗਣੀਂ ਨੂੰ ਪੁੱਤ ਦੀ ਯਾਦ ਆ ਗਈ।ਐਡੀ ਛੇਤੀ ਕਿੱਥੇ ਮਰਦੀ ਐ ਇਹ ਭਰਾਵਾਂ ਪਿੱਟੀ।ਖੇਖਣ ਕਰਦੀ ਐ,ਪੈਸੇ ਚਾਹੀਦੇ ਹੋਣੇ ਐ ਬਹੇਲ ਨੂੰ।ਨਾਂ ਉਦੋਂ ਤਾਂ ਸਾਨੂੰ ਦੋ ਜੁੱਲੜ ਦੇ ਕੇ ਘਰੋਂ ਕੱਢ ਤਾ ਸੀ।ਹੁਣ ਆਵਦੇ ਛੋਟੇ ਪੁੱਤ ਤੋਂ ਹੀ ਮੰਗੇ ਪੈਸੇ।ਸਾਨੂੰ ਕਾਹਨੂੰ ਚਿੱਠੀਆਂ ਘੱਲਦੀ ਐ।ਊਂਅ ਤਾਂ ਸਾਡੀ ਕਦੇ ਸਾਰ ਨਹੀਂ ਲਈ ਕਿ ਅਸੀਂ ਜਿਊਂਨੇ
ਆਂ ਕਿ ਮਰਗੇ।ਲੈ ਜਾ ਵੇ ਵੀਰਾ ਏਸ ਚਿੱਠੀ ਨੂੰ ਮੋੜਕੇ ਤੇ ਨਾਲੇ ਕਹਿ ਦਈ ਕੇ ਭਾਵੇਂ ਮਰੇ ਭਾਵੇਂ ਜੀਵੇ,ਅਸੀਂ ਨੀ ਹੁਣ ਓਹਦੀ ਦੇਹਲੀ ਵੜਦੇ।ਇੱਕੋ ਸਾਹੇ ਏਨਾਂ ਕਹਿ ਕੇ ਉਸ ਔਰਤ ਨੇ ਦਰਵਾਜਾ ਜੋਰ ਦੀ ਬੰਦ ਕਰ ਲਿਆ।ਮੈ ਹੱਥ ਵਿੱਚ ਖਤ ਫੜੀ ਵਾਪਸ ਆਪਣੇਂ ਮੋਟਰਸਾਈਕਲ ਵੱਲ ਤੁਰ ਪਿਆ।ਅੱਜ ਫਿਰ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਖਤ ਨੂੰ ਨਾਲ ਲੈ ਜਾਵਾਂ ਜਾਂ ਐਥੇ ਹੀ ਪਾੜ ਕੇ ਸੁੱਟ ਦੇਵਾਂ?

ਫੋਨ-0061 434288301
e-mail- harmander.kang@gmail.com

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346