Welcome to Seerat.ca
Welcome to Seerat.ca

ਵਿਦਵਤਾ ਦਾ ਦਰਿਆ ਡਾ. ਸਰਦਾਰਾ ਸਿੰਘ ਜੌਹਲ

 

- ਪ੍ਰਿਸੀਪਲ ਸਰਵਣ ਸਿੰਘ

ਜਿਸ ਧਜ ਸੇ ਕੋਈ ਮਕਤਲ ਮੇਂ ਗਇਆ

 

- ਵਰਿਆਮ ਸਿੰਘ ਸੰਧੂ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

ਰਣਚੰਡੀ ਦੇ ਪਰਮ ਭਗਤ - ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਨਾਵਲ ਅੰਸ਼ / ਘੁੰਮਣ-ਘੇਰੀ

 

- ਹਰਜੀਤ ਅਟਵਾਲ

ਮੁਰੱਬੇਬੰਦੀ ਵੇਲੇ ਦਾ ਸਰਪੰਚ

 

- ਬਲਵਿੰਦਰ ਗਰੇਵਾਲ

ਅਸੀਂ ਵੀ ਜੀਵਣ ਆਏ - ਕਿਸ਼ਤ ਚਾਰ / ਕੈਨੇਡਾ ਵਿੱਚ ਆਮਦ

 

-  ਕੁਲਵਿੰਦਰ ਖਹਿਰਾ

ਗੁਰੂ ਨਾਨਕ ਦੇਵ ਸਿੰਘ? ਜਾਂ ਗੁਰੂ ਨਾਨਕ ਦੇਵ ਜੀ

 

- ਡਾ ਮਾਨ ਸਿੰਘ ਨਿਰੰਕਾਰੀ

ਢਾਹਵਾਂ ਦਿੱਲੀ ਦੇ ਕਿੰਗਰੇ

 

- ਹਰਨੇਕ ਸਿੰਘ ਘੜੂੰਆਂ

ਧਾਰਮਿਕ ਝੂਠ ਤੇ ਇਤਿਹਾਸ ਦਾ ਮਿਲਗੋਭਾ-ਅਜੋਕੇ ਇਤਿਹਾਸਕ ਸੀਰੀਅਲ

 

- ਜਸਵਿੰਦਰ ਸੰਧੂ, ਬਰੈਂਪਟਨ

ਮੇਰੀਆਂ ਪ੍ਰਧਾਨਗੀਆਂ

 

- ਗਿਆਨੀ ਸੰਤੋਖ ਸਿੰਘ

ਸਿਰਨਾਵਿਓਂ ਭਟਕੇ ਖਤਾਂ ਦੀ ਦਾਸਤਾਨ

 

- ਹਰਮੰਦਰ ਕੰਗ

ਦੋ ਛੰਦ-ਪਰਾਗੇ ਤੇ ਇਕ ਕਵਿਤਾ

 

- ਗੁਰਨਾਮ ਢਿੱਲੋਂ

ਤਿੰਨ ਕਵਿਤਾਵਾਂ

 

- ਰੁਪਿੰਦਰ ਸੰਧੂ

ਅਸਤਿਵਵਾਦੀ ਕਲਾ ਅਤੇ ਸਾਹਿਤ

 

- ਗੁਰਦੇਵ ਚੌਹਾਨ

'ਇਹੁ ਜਨਮੁ ਤੁਮਾਹਰੇ ਲੇਖੇ' ਦਾ ਲੇਖਾ ਜੋਖਾ ਕਰਦਿਆਂ

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਚੁਰਾਸੀ-ਦਿੱਲੀ

 

- ਚਰਨਜੀਤ ਸਿੰਘ ਪੰਨੂ

ਡਾ: ਜਸਵੰਤ ਸਿੰਘ ਨੇਕੀ

 

- ਬਰਜਿੰਦਰ ਗੁਲਾਟੀ

ਧਨ ਹੋ ਤੁਸੀਂ ਪੰਛੀਓ

 

- ਬਾਜਵਾ ਸੁਖਵਿੰਦਰ

ਸ਼ਹੀਦੇ-ਏ-ਆਜ਼ਮ ਕਰਤਾਰ ਸਿੰਘ ਸਰਾਭਾ / ਜਿਸਦਾ ਬਚਪਨ ਵੀ ਇਨਕਲਾਬ ਨੂੰ ਸਮਰਪਤ ਸੀ

 

- ਬਾਬਾ ਸੋਹਣ ਸਿੰਘ ਭਕਨਾ

ਹੁੰਗਾਰੇ

 
Online Punjabi Magazine Seerat


ਰਣਚੰਡੀ ਦੇ ਪਰਮ ਭਗਤ - ਸ਼ਹੀਦ ਕਰਤਾਰ ਸਿੰਘ ਸਰਾਭਾ
- ਸ਼ਹੀਦ ਭਗਤ ਸਿੰਘ
 

 

ਨਵੰਬਰ 1928 ਦੇ ਹਿੰਦੀ ਮੈਗਜ਼ੀਨ ਚਾਂਦ ਦੇ ਫਾਂਸੀ ਅੰਕ ਵਿੱਚ ਬਲਵੰਤ ਦੇ ਨਾਂ ਤੇ ਛਪੇ ਇਸ ਲੇਖ ਬਾਰੇ ਕਈ ਲੇਖਕਾਂ ਦਾ ਅਨੁਮਾਨ ਹੈ ਕਿ ਇਹ ਸ਼ਹੀਦ ਭਗਤ ਸਿੰਘ ਦੀ ਲਿਖਤ ਹੈ।

ਰਣਚੰਡੀ ਦੇ ਉਸ ਪਰਮ ਭਗਤ ਬਾਗੀ ਕਰਤਾਰ ਸਿੰਘ ਦੀ ਉਮਰ ਉਸ ਵੇਲੇ 20 ਸਾਲ ਦੀ ਵੀ ਨਹੀਂ ਸੀ ਜਦੋਂ ਉਨ੍ਹਾਂ ਨੇ ਆਜ਼ਾਦੀ ਦੀ ਦੇਵੀ ਦੀ ਵੇਦੀ ਤੇ ਆਪਣੀ ਰੱਤ ਬੁੱਕਾਂ ਭਰ-ਭਰ ਭੇਟ ਕਰ ਦਿੱਤੀ ਸੀ। ਹਨੇਰੀ ਵਾਂਗ ਉਹ ਅਚਾਨਕ ਕਿਧਰਿਉਂ ਆਏ, ਅੱਗ ਭੜਕਾਈ, ਸੁੱਤੀ ਰਣਚੰਡੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਕ੍ਰਾਂਤੀ ਯੱਗ ਰਚਿਆ, ਅਤੇ ਅੰਤ ਵਿਚ ਖੁਦ ਵੀ ਉਸੇ ਵਿਚ ਸਵਾਹਾ ਹੋ ਗਏ। ਉਹ ਕੀ ਸਨ, ਕਿਸ ਲੋਕ ਤੋਂ ਅਚਾਨਕ ਆਏ ਸਨ ਤੇ ਫੇਰ ਅੱਖ ਦੇ ਫੋਰ ਵਿਚ ਕਿੱਧਰ ਚਲੇ ਗਏ, ਅਸੀਂ ਕੁਝ ਸਮਝ ਹੀ ਨਾ ਸਕੇ। 19 ਸਾਲ ਦੀ ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਐਨੇ ਵੱਡੇ ਕੰਮ ਅੰਜਾਮ ਦਿੱਤੇ ਕਿ ਸੋਚ ਕੇ ਹੈਰਾਨੀ ਹੁੰਦੀ ਹੈ। ਐਨੀ ਦਲੇਰੀ, ਐਨਾ ਆਤਮ-ਵਿਸ਼ਵਾਸ, ਐਨਾ ਸਵੈ-ਤਿਆਗ, ਐਨੀ ਫੁਰਤੀ, ਐਨੀ ਲਗਨ ਬਹੁਤ ਹੀ ਘੱਟ ਦੇਖਣ ਵਿਚ ਆਉਂਦੀ ਹੈ। ਭਾਰਤ ਵਰਸ਼ ਵਿਚ ਅਸਲੀ ਗ਼ਦਰੀ ਕਹੇ ਜਾਣ ਵਾਲੇ ਮੁੱਠੀ ਭਰ ਲੋਕ ਹੀ ਪੈਦਾ ਹੋਏ ਹਨ। ਪਰ ਇਨ੍ਹਾਂ ਗਿਣੇ-ਚੁਣੇ ਕ੍ਰਾਂਤੀਕਾਰੀਆਂ ਵਿਚ ਵੀ ਸ਼੍ਰੀ ਕਰਤਾਰ ਸਿੰਘ ਸਰਬੋਚ ਹਨ। ਉਨ੍ਹਾਂ ਦੀ ਨਸ-ਨਸ ਵਿਚ ਕ੍ਰਾਂਤੀ ਸਮਾਈ ਹੋਈ ਸੀ। ਉਨ੍ਹਾਂ ਦੇ ਜੀਵਨ ਦਾ ਇਕ ਮਾਤਰ ਆਦਰਸ਼, ਉਨ੍ਹਾਂ ਦੀ ਇਕ ਮਾਤਰ ਅਭਿਲਾਸ਼ਾ, ਇਕ ਮਾਤਰ ਆਸ ਜੋ ਵੀ ਸੀ ਇਹੀ ਗ਼ਦਰ ਸੀ। ਇਸੇ ਵਾਸਤੇ ਉਹ ਜ਼ਿੰਦਾ ਰਹੇ ਅਤੇ ਅੰਤ ਇਸੇ ਵਾਸਤੇ ਜਾਨ ਵਾਰ ਗਏ।
ਸੰਨ 1896 ਵਿਚ ਆਪਦਾ ਜਨਮ ਸਰਾਭਾ ਨਾਮਕ ਪਿੰਡ (ਜ਼ਿਲ੍ਹਾ ਲੁਧਿਆਣਾ) ਵਿਚ ਹੋਇਆ ਸੀ। ਆਪ ਮਾਂ-ਬਾਪ ਦੇ ਇਕਲੌਤੇ ਪੁੱਤਰ ਸਨ। ਬੜੇ ਲਾਡ-ਚਾਅ ਨਾਲ ਪਾਲਣ-ਪੋਸ਼ਣ ਹੋ ਰਿਹਾ ਸੀ। ਅਜੇ ਬਾਲੜੀ ਉਮਰ ਸੀ ਕਿ ਪਿਤਾ ਦੀ ਮੌਤ ਹੋ ਗਈ। ਪਰ ਆਪ ਦੇ ਦਾਦਾ ਨੇ ਬੜੇ ਯਤਨਾਂ ਨਾਲ ਆਪ ਨੂੰ ਪਾਲਿਆ। ਆਪ ਦੇ ਪਿਤਾ ਦਾ ਨਾਂ ਸਰਦਾਰ ਮੰਗਲ ਸਿੰਘ ਸੀ। ਆਪ ਦੇ ਇਕ ਚਾਚਾ ਤਾਂ ਸੰਯੁਕਤ-ਪ੍ਰਾਂਤ ਵਿਚ ਪੁਲਿਸ ਸਬ-ਇੰਸਪੈਕਟਰ ਸਨ ਅਤੇ ਦੂਜੇ ਉੜੀਸਾ ਦੇ ਮਹਿਕਮਾ ਜੰਗਲਾਤ ਵਿਚ ਕਿਸੇ ਉਚੇ ਆਹੁਦੇ ਤੇ ਕੰਮ ਕਰਦੇ ਸਨ। ਕਰਤਾਰ ਸਿੰਘ ਪਹਿਲਾਂ ਤਾਂ ਆਪਣੇ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਰਹੇ ਬਾਅਦ ਵਿਚ ਲੁਧਿਆਣਾ ਦੇ ਖਾਲਸਾ ਹਾਈ ਸਕੂਲ ਵਿਚ ਦਾਖਲ ਹੋ ਗਏ। ਪੜ੍ਹਨ-ਲਿਖਣ ਵਿਚ ਬਹੁਤੇ ਤੇਜ਼ ਨਹੀਂ ਸਨ, ਪਰ ਐਨੇ ਮਾੜੇ ਵੀ ਨਹੀਂ ਸਨ। ਸ਼ਰਾਰਤੀ ਬਹੁਤ ਸਨ। ਛੇੜਖਾਨੀ ਨਾਲ ਹਰੇਕ ਦੀ ਜਾਨ ਆਫ਼ਤ ਵਿਚ ਪਾਈ ਰੱਖਦੇ। ਸਾਥੀ ਆਪ ਨੂੰ ਅਫਲਾਤੂਨ ਕਿਹਾ ਕਰਦੇ ਸਨ। ਸਾਰੇ ਲੋਕ ਆਪ ਨੂੰ ਬੜਾ ਲਾਡ ਕਰਦੇ ਸਨ। ਸਕੂਲ ਵਿਚ ਆਪ ਦਾ ਇਕ ਵੱਖਰਾ ਜੁੱਟ ਸੀ। ਖੇਡਾਂ ਵਿਚ ਆਪ ਮੋਹਰੀ ਸਨ। ਨੇਤਾਗਿਰੀ ਦੇ ਸਾਰੇ ਗੁਣ ਆਪ ਵਿਚ ਮੌਜੂਦ ਸਨ। ਨੌਵੀਂ ਜਮਾਤ ਤੱਕ ਉਥੇ ਪੜ੍ਹ ਕੇ ਆਪ ਆਪਣੇ ਚਾਚਾ ਕੋਲ ਉੜੀਸਾ ਚਲੇ ਗਏ। ਉਥੇ ਜਾ ਕੇ ਦਸਵੀਂ ਕੀਤੀ ਤੇ ਕਾਲਜ ਵਿਚ ਪੜ੍ਹਨ ਲੱਗੇ। ਇਹੀ ਉਹੀ 1910-11 ਦੇ ਦਿਨ ਸਨ। ਉਥੇ ਆਪ ਨੂੰ ਸਕੂਲ-ਕਾਲਜ ਦੇ ਕੋਰਸ ਦੇ ਸੰਕੀਰਣ ਦਾਇਰੇ ਤੋਂ ਬਾਹਰ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ। ਅੰਦੋਲਨ ਦੇ ਦਿਨ ਸਨ। ਉਸੇ ਮਾਹੌਲ ਵਿਚ ਰਹਿ ਕੇ ਦੇਸ਼ ਅਤੇ ਆਜ਼ਾਦੀ ਪ੍ਰੇਮ ਦੀਆਂ ਭਾਵਨਾਵਾਂ ਆਪ ਦੇ ਸੀਨੇ ਵਿਚ ਹੋਰ ਪ੍ਰਬਲ ਹੋ ਉਠੀਆਂ।
ਅਮਰੀਕਾ ਜਾਣ ਦੀ ਚਾਹਨਾ ਹੋਈ। ਘਰ ਵਾਲਿਆਂ ਨੇ ਬਹੁਤੀ ਹੀਲ-ਹੁੱਜਤ ਨਾ ਕੀਤੀ। ਆਪ ਨੂੰ ਅਮਰੀਕਾ ਭੇਜ ਦਿੱਤਾ ਗਿਆ। ਸੰਨ 1912 ਵਿਚ ਆਪ ਸਾਨਫਰਾਂਸਿਸਕੋ ਬੰਦਰਗਾਹ ਤੇ ਪਹੁੰਚੇ। ਇਮੀਗ੍ਰੇਸ਼ਨ ਵਾਲਿਆਂ ਨੇ ਵਿਸ਼ੇਸ਼ ਪੁੱਛ-ਗਿੱਛ ਲਈ ਆਪ ਨੂੰ ਰੋਕ ਲਿਆ।
ਅਫ਼ਸਰ ਦੇ ਪੁੱਛਣ ਤੇ ਆਪ ਨੇ ਕਿਹਾ- ਇੱਥੇ ਪੜ੍ਹਨ ਵਾਸਤੇ ਆਇਆ ਹਾਂ।
ਅਫ਼ਸਰ ਨੇ ਕਿਹਾ- ਕੀ ਤੈਨੂੰ ਹਿੰਦੁਸਤਾਨ ਵਿਚ ਪੜ੍ਹਨ ਨੂੰ ਥਾਂ ਨਹੀਂ ਮਿਲੀ?
ਜਵਾਬ ਦਿੱਤਾ- ਮੈਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਸਤੇ ਹੀ ਕੈਲੇਫੋਰਨੀਆ ਯੂਨੀਵਰਸਿਟੀ ਵਿਚ ਦਾਖਲ ਹੋਣ ਦੇ ਵਿਚਾਰ ਨਾਲ ਆਇਆ ਹਾਂ।
ਅਤੇ ਜੇ ਤੈਨੂੰ ਅਮਰੀਕਾ ਵਿਚ ਨਾ ਉਤਰਨ ਦਿੱਤਾ ਜਾਵੇ ਫੇਰ?
ਇਸ ਸਵਾਲ ਦਾ ਜਵਾਬ ਕਰਤਾਰ ਸਿੰਘ ਨੇ ਬੜਾ ਸੋਹਣਾ ਦਿੱਤਾ- ਤਾਂ ਮੈਂ ਸਮਝਾਂਗਾ ਕਿ ਬੜੀ ਭਾਰੀ ਬੇਇਨਸਾਫ਼ੀ ਹੋਈ ਹੈ। ਵਿਦਿਆਰਥੀਆਂ ਦੇ ਰਾਹਾਂ ਵਿਚ ਅਜਿਹੇ ਅੜਿੱਕੇ ਪਾਉਣ ਨਾਲ ਤਾਂ ਦੁਨੀਆਂ ਦੀ ਤਰੱਕੀ ਰੁਕ ਜਾਵੇਗੀ। ਕੌਣ ਜਾਣਦਾ ਹੈ ਕਿ ਮੈਂ ਇੱਥੇ ਵਿੱਦਿਆ ਹਾਸਲ ਕਰਕੇ ਸੰਸਾਰ ਵਿਚ ਭਲਾਈ ਦਾ ਕੋਈ ਵੱਡਾ ਕੰਮ ਕਰਨ ਵਿਚ ਸਮਰੱਥ ਹੋ ਜਾਵਾਂ ਅਤੇ ਉਤਰਨ ਦੀ ਇਜਾਜ਼ਤ ਨਾ ਮਿਲਣ ਤੇ ਸੰਸਾਰ ਇਸ ਤੋਂ ਵਾਂਝਾ ਹੀ ਰਹਿ ਜਾਵੇ।
ਅਫ਼ਸਰ ਸਾਹਿਬ ਨੇ ਇਸ ਜਵਾਬ ਤੋਂ ਪ੍ਰਭਾਵਿਤ ਹੋ ਕੇ ਉਤਰਨ ਦੀ ਇਜਾਜ਼ਤ ਦੇ ਦਿੱਤੀ।
ਆਜ਼ਾਦ ਮੁਲਕ ਵਿਚ ਜਾ ਕੇ ਕਦਮ-ਕਦਮ ਤੇ ਆਪ ਦੇ ਕੋਮਲ ਹਿਰਦੇ ਤੇ ਸੱਟਾਂ ਵੱਜਣ ਲੱਗੀਆਂ। ਡੈਮ ਹਿੰਦੂ ਅਤੇ ਬਲੈਕ ਕੁਲੀ ਵਰਗੇ ਸ਼ਬਦ ਉਨ੍ਹਾਂ ਭੂਸਰੇ ਹੋਏ ਗੋਰੇ ਅਮਰੀਕਨਾਂ ਦੇ ਮੂੰਹੋਂ ਸੁਣਦੇ ਹੀ ਉਹ ਪਾਗਲ ਜਿਹੇ ਹੋਣ ਲੱਗਦੇ। ਉਨ੍ਹਾਂ ਨੂੰ ਕਦਮ-ਕਦਮ ਤੇ ਦੇਸ਼ ਦਾ ਹੰਕਾਰ ਅੱਖਰਨ ਲੱਗਦਾ। ਘਰ ਯਾਦ ਆਉਣ ਤੇ ਗੁਲਾਮ, ਜ਼ੰਜੀਰਾਂ ਨਾਲ ਜਕੜਿਆ ਹੋਇਆ, ਅਪਮਾਣਤ, ਲੁੱਟਿਆ ਹੋਇਆ, ਨਿਸਤੇਜ ਭਾਰਤ ਅੱਖਾਂ ਸਾਮ੍ਹਣੇ ਆ ਜਾਂਦਾ। ਉਹ ਕੋਮਲ ਹਿਰਦਾ ਹੌਲੀ-ਹੌਲੀ ਕਠੋਰ ਹੋਣ ਲੱਗਾ ਅਤੇ ਦੇਸ਼ ਦੀ ਆਜ਼ਾਦੀ ਵਾਸਤੇ ਜੀਵਨ ਅਰਪਣ ਕਰਨ ਦਾ ਨਿਸ਼ਚਾ ਵੀ ਹੌਲੀ-ਹੌਲੀ ਦ੍ਰਿੜ੍ਹ ਹੋਣ ਲੱਗਾ। ਉਸ ਵੇਲੇ ਦੇ ਉਸ ਭਾਵੁਕ ਹਿਰਦੇ ਦੀ ਟੀਸ ਨੂੰ ਅਸੀਂ ਕੀ ਸਮਝ ਸਕਾਂਗੇ?
ਹੁਣ ਉਹ ਚੈਨ ਨਾਲ ਨਹੀਂ ਬਹਿ ਸਕਦੇ ਸੀ, ਇਹ ਅਸੰਭਵ ਸੀ। ਨਾ ਭਰਾ! ਹੁਣ ਚੁੱਪ ਕਰਕੇ ਸ਼ਾਂਤੀ ਨਾਲ ਕੰਮ ਨਹੀਂ ਚੱਲਣਾ। ਦੇਸ਼ ਕਿਵੇਂ ਆਜ਼ਾਦ ਹੋਵੇ, ਇਹੀ ਇਕ ਮੁੱਖ ਪ੍ਰਸ਼ਨ ਹੁਣ ਉਨ੍ਹਾਂ ਦੀ ਨਜ਼ਰ ਵਿਚ ਸੀ। ਅਤੇ ਬਹੁਤਾ ਸੋਚੇ ਬਿਨ੍ਹਾਂ ਹੀ ਉਨ੍ਹਾਂ ਨੇ ਉਥੇ ਹੀ ਭਾਰਤੀ ਮਜ਼ਦੂਰਾਂ ਦੀ ਜੱਥੇਬੰਦੀ ਬਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਵਿੱਚ ਆਜ਼ਾਦੀ ਪ੍ਰੇਮ ਦਾ ਭਾਵ ਜਾਗ੍ਰਿਤ ਕਰਨ ਲੱਗੇ। ਹਰੇਕ ਕੋਲ ਘੰਟਿਆਬਧੀ ਬੈਠ ਕੇ ਸਮਝਾਉਣਾ, ਇਸ ਅਪਮਾਨ ਭਰੇ ਗੁਲਾਮ ਜੀਵਨ ਤੋਂ ਤਾਂ ਮੌਤ ਹਜ਼ਾਰ ਦਰਜੇ ਚੰਗੀ ਹੈ। ਕਾਰਜ਼ ਸ਼ੁਰੂ ਹੋਣ ਤੇ ਕੁਝ ਹੋਰ ਲੋਕ ਵੀ ਉਨ੍ਹਾਂ ਦੇ ਨਾਲ ਆ ਮਿਲੇ ਅਤੇ ਮਈ, 1912 ਵਿਚ ਇਨ੍ਹਾਂ ਲੋਕਾਂ ਦੀ ਇਕ ਸਭਾ ਹੋਈ। ਕੋਈ 9 ਸੱਜਣ ਹੋਣਗੇ। ਸਭ ਨੇ ਤਨ-ਮਨ-ਧਨ ਦੇਸ਼ ਦੀ ਆਜ਼ਾਦੀ ਤੇ ਵਾਰਨ ਦੀ ਸਹੁੰ ਖਾਧੀ। ਇੱਧਰ ਇਨ੍ਹਾਂ ਦਿਨਾਂ ਵਿਚ ਹੀ ਪੰਜਾਬ ਦੇ ਜਲਾਵਤਨ ਦੇਸ਼ ਭਗਤ ਸਰਦਾਰ ਭਗਵਾਨ ਸਿੰਘ ਵੀ ਉਥੇ ਹੀ ਪਹੁੰਚ ਗਏ। ਧੜਾਧੜ ਸਭਾਵਾਂ ਹੋਣ ਲੱਗੀਆਂ। ਉਪਦੇਸ਼ ਹੋਣ ਲੱਗੇ। ਕੰਮ ਚਲਦਾ ਰਿਹਾ। ਮੈਦਾਨ ਤਿਆਰ ਹੁੰਦਾ ਗਿਆ।
ਫੇਰ ਆਪ ਨੇ ਇਕ ਅਖ਼ਬਾਰ ਦੀ ਲੋੜ ਮਹਿਸੂਸ ਕੀਤੀ। ਗ਼ਦਰ ਨਾਂ ਦਾ ਅਖ਼ਬਾਰ ਕੱ੍ਯਢਿਆ। ਉਸ ਦਾ ਪਹਿਲਾ ਅੰਕ ਪਹਿਲੀ ਨਵੰਬਰ 1913 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਉਸ ਅਖ਼ਬਾਰ ਦੇ ਸੰਪਾਦਕੀ ਵਿਭਾਗ ਵਿੱਚ ਸਾਡੇ ਨਾਇਕ ਕਰਤਾਰ ਸਿੰਘ ਵੀ ਸਨ। ਆਪ ਬੜਾ ਜ਼ੋਰਦਾਰ ਲਿਖਦੇ। ਇਸ ਨੂੰ ਸੰਪਾਦਕ ਮੰਡਲ ਖੁਦ ਹੀ ਹੈਂਡ-ਪ੍ਰੈਸ ਤੇ ਛਾਪਦਾ ਵੀ ਸੀ। ਕਰਤਾਰ ਸਿੰਘ ਮਤਵਾਲੇ ਵਿਦਰੋਹੀ ਨੌਜਵਾਨ ਸਨ। ਹੈਡ-ਪ੍ਰੈਸ ਚਲਾਉਂਦੇ-ਚਲਾਉਂਦੇ ਥੱਕ ਜਾਣ ਤੇ ਉਹ ਇਹ ਪੰਜਾਬੀ ਗੀਤ ਗਾਇਆ ਕਰਦੇ;
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਇਸ ਸੇਵਾ ਵਿਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ॥
ਕਰਤਾਰ ਸਿੰਘ ਉਸ ਵੇਲੇ ਜਿਸ ਚਾਅ ਨਾਲ ਮਿਹਨਤ ਕਰਦੇ ਸਨ, ਸਖ਼ਤ ਮਿਹਨਤ ਕਰਦੇ ਹੋਏ ਵੀ ਉਹ ਜਿਸ ਤਰ੍ਹਾਂ ਹੱਸਦੇ-ਹਸਾਉਂਦੇ ਰਹਿੰਦੇ ਸਨ, ਉਸ ਨਾਲ ਸਾਰਿਆਂ ਦਾ ਹੌਸਲਾ ਦੂਣਾ-ਤੀਣਾ ਹੋ ਜਾਂਦਾ ਸੀ।
ਭਾਰਤ ਨੂੰ ਕਿਵੇਂ ਆਜ਼ਾਦ ਕਰਵਾਉਣਾ ਪਏਗਾ, ਇਹ ਹੋਰ ਕਿਸੇ ਨੂੰ ਪਤਾ ਹੋਵੇ ਜਾਂ ਨਾ, ਕਿਸੇ ਨੇ ਇਸ ਬਾਰੇ ਸੋਚਣ ਦੀ ਮਗਜ਼-ਮਾਰੀ ਕੀਤੀ ਹੋਵੇ ਜਾਂ ਨਾ, ਪਰ ਸਾਡੇ ਨਾਇਕ ਨੇ ਤਾਂ ਐਨ ਸੋਚ ਰੱਖਿਆ ਸੀ। ਇਸੇ ਕਰਕੇ ਤਾਂ ਉਸੇ ਦੌਰਾਨ ਆਪ ਨਿਊਯਾਰਕ ਦੀ ਹਵਾਈ ਜਹਾਜ਼ਾਂ ਦੀ ਕੰਪਨੀ ਵਿਚ ਭਰਤੀ ਹੋਏ ਅਤੇ ਉਥੇ ਮਨ ਲਾ ਕੇ ਹਵਾਈ ਜਹਾਜ਼ ਚਲਾਉਣਾ, ਮੁਰੰਮਤ ਕਰਨਾ ਅਤੇ ਬਣਾਉਣਾ ਸਿੱਖਣ ਲੱਗ ਪਏ ਸਨ। ਛੇਤੀ ਹੀ ਇਸ ਕਲਾ ਵਿਚ ਮਾਹਿਰ ਹੋ ਗਏ। ਸਤੰਬਰ, 1914 ਵਿਚ ਕਾਮਾਗਾਟਾ ਮਾਰੂ ਜਹਾਜ਼ ਨੂੰ ਵਹਿਸ਼ੀ ਗੋਰੇਸ਼ਾਹੀ ਦੇ ਹੱਥੋਂ ਅਕੱਥ ਦੁੱਖ ਝੱਲ ਕੇ ਪਰਤਣਾ ਪਿਆ ਸੀ, ਉਦੋਂ ਹੀ ਸਾਡੇ ਨਾਇਕ ਕਰਤਾਰ ਸਿੰਘ, ਇਕ ਹੋਰ ਗ਼ਦਰੀ ਸ਼੍ਰੀ ਗੁਪਤਾ ਅਤੇ ਇਕ ਅਮਰੀਕੀ ਅਨਾਰਕਿਸਟ ਜੈਕ ਨੂੰ ਨਾਲ ਲੈ ਕੇ ਹਵਾਈ ਜਹਾਜ਼ ਤੇ ਜਾਪਾਨ ਆਏ ਸਨ ਅਤੇ ਕੋਬ ਵਿਚ ਬਾਬਾ ਗੁਰਦਿੱਤ ਸਿੰਘ ਜੀ ਨੂੰ ਮਿਲ ਕੇ ਸਾਰੀ ਗੱਲਬਾਤ ਕਰ ਗਏ ਸਨ।
ਯੁਗਾਂਤਰ-ਆਸ਼ਰਮ ਸਾਨਫਰਾਂਸਿਸਕੋ ਦੀ ਗ਼ਦਰ-ਪ੍ਰੈਂਸ ਵਿਚ ਗ਼ਦਰ ਅਤੇ ਉਸ ਤੋਂ ਬਿਨ੍ਹਾਂ ਗ਼ਦਰ ਦੀ ਗੂੰਜ ਆਦਿ ਅਨੇਕ ਕਿਤਾਬਾਂ ਛਾਪੀਆਂ ਤੇ ਵੰਡੀਆਂ ਗਈਆਂ ਸਨ। ਪ੍ਰਚਾਰ ਜ਼ੋਰ-ਸ਼ੋਰ ਨਾਲ ਹੁੰਦਾ ਗਿਆ। ਫਰਵਰੀ, 1914 ਵਿਚ ਹੀ ਸਟਾਕੱਟਨ ਦੀ ਜਨ ਸਭਾ ਵਿਚ ਤਿਰੰਗਾ ਝੰਡਾ ਲਹਿਰਾਇਆ ਗਿਆ, ਉਦੋਂ ਹੀ ਆਜ਼ਾਦੀ, ਸਮਾਨਤਾ ਅਤੇ ਭਾਈਵਾਲੀ ਦੇ ਨਾਂ ਤੇ ਹਲਫ਼ ਲਏ ਗਏ। ਉਸ ਸਭਾ ਦੇ ਪ੍ਰਭਾਵਸ਼ਾਲੀ ਬੁਲਾਰਿਆਂ ਵਿਚ ਨੌਜਵਾਨ ਕਰਤਾਰ ਸਿੰਘ ਵੀ ਸਨ। ਸਖ਼ਤ ਮਿਹਨਤ ਅਤੇ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਦੇਸ਼ ਦੀ ਆਜ਼ਾਦੀ ਵਾਸਤੇ ਖਰਚ ਕਰਨ ਦਾ ਨਿਸ਼ਚਾ ਸਾਰੇ ਸ੍ਰੋਤਿਆਂ ਨੇ ਐਲਾਨ ਦਿੱਤਾ ਸੀ। ਇਸੇ ਤਰ੍ਹਾਂ ਦਿਨ ਬੀਤ ਰਹੇ ਸਨ ਕਿ ਆਚਨਕ ਯੂਰਪ ਵਿਚ ਮਹਾਂਜੰਗ ਛਿੜਨ ਦੀ ਖ਼ਬਰ ਮਿਲੀ। ਹੁਣ ਕੀ ਸੀ, ਆਨੰਦ ਅਤੇ ਉਤਸ਼ਾਹ ਦੀ ਸੀਮਾ ਨਾ ਰਹੀ।
ਇਕ ਦਮ ਸਾਰੇ ਹੀ ਗਾਉਣ ਲੱਗੇ;
ਚਲੋ ਚੱਲੀਏ ਦੇਸ਼ ਨੂੰ ਯੁੱਧ ਕਰਨੇ।
ਏਹੋ ਆਖਰੀ ਵਚਨ ਤੇ ਫਰਮਾਨ ਹੋ ਗਏ॥
ਗ਼ਦਰੀ ਕਰਤਾਰ ਨੇ ਦੇਸ਼ ਨੂੰ ਪਰਤਣ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕੀਤਾ ਅਤੇ ਖੁਦ ਵੀ ਨਿਪਨ ਮਾਰੂ ਜਹਾਜ਼ ਰਾਹੀਂ ਅਮਰੀਕਾ ਤੋਂ ਚੱਲ ਪਏ ਅਤੇ 15-16 ਸਤੰਬਰ, 1914 ਨੂੰ ਕੋਬੋ ਪਹੁੰਚ ਗਏ। ਉਨ੍ਹਾਂ ਦਿਨਾਂ ਵਿਚ ਪੰਜਾਬ ਤੱਕ ਪੁੱਜਦੇ- ਪੁੱਜਦੇ ਆਮ ਤੌਰ ਤੇ ਅਮਰੀਕਾ ਤੋਂ ਆਉਣ ਵਾਲੇ ਭਾਰਤ ਰੱਖਿਆ ਕਾਨੂੰਨ ਦੀ ਗ੍ਰਿਫ਼ਤ ਵਿਚ ਆ ਜਾਂਦੇ ਸਨ। ਬਹੁਤ ਘੱਟ ਲੋਕ ਆਜ਼ਾਦੀ ਨਾਲ ਪਹੁੰਚ ਪਾਉਂਦੇ ਸਨ। ਕਰਤਾਰ ਸਿੰਘ ਸਹੀ ਸਲਾਮਤ ਆ ਪਹੁੰਚੇ। ਜ਼ੋਰ-ਸੋਰ ਨਾਲ ਕੰਮ ਸ਼ੁਰੂ ਹੋ ਗਿਆ। ਸੰਗਠਨ ਦੀ ਕਮੀ ਸੀ ਪਰ ਜਿਵੇਂ-ਕਿਵੇਂ ਉਹ ਵੀ ਪੂਰੀ ਕਰ ਲਈ ਗਈ। ਦਸੰਬਰ, 1914 ਵਿਚ ਮਰਾਠਾ ਵੀਰ ਪਿੰਗਲੇ ਵੀ ਆ ਪੁੱਜਿਆ। ਉਸੇ ਦੀ ਕੋਸ਼ਿਸ਼ ਨਾਲ ਬਨਾਰਸ ਸਾਜਿਸ਼ ਦੇ ਨਾਇਕ ਸ਼੍ਰੀ ਸ਼ਚਿੰਦਰਨਾਥ ਸਾਨਿਆਲ ਅਤੇ ਰਾਸ ਬਿਹਾਰੀ ਪੰਜਾਬ ਵਿਚ ਆਏ। ਕਾਰਜ ਜਥੇਬੰਦ ਹੋਣਾ ਸ਼ੁਰੂ ਹੋ ਗਿਆ। ਕਰਤਾਰ ਸਿੰਘ ਹਰ ਥਾਂ ਹਰ ਵੇਲੇ ਮੌਜੂਦ ਹੁੰਦੇ। ਅੱਜ ਮੋਗਾ ਵਿਚ ਗੁਪਤ-ਸਮਿਤੀ ਦੀ ਮੀਟਿੰਗ ਹੈ, ਤਾਂ ਆਪ ਉਥੇ ਮੌਜੂਦ ਸਨ, ਕਲ ਲਾਹੌਰ ਦੇ ਕਾਲਜਾਂ ਦੇ ਵਿਦਿਆਰਥੀਆਂ ਵਿਚ ਪ੍ਰਚਾਰ ਹੋ ਰਿਹਾ ਹੈ। ਪਰਸੋਂ ਕਿਸੇ ਡਕੈਤੀ ਵਾਸਤੇ ਹਥਿਆਰ ਇਕੱਠੇ ਕੀਤੇ ਜਾ ਰਹੇ ਹਨ, ਅਗਲੇ ਦਿਨ ਫ਼ਿਰੋਜ਼ਪੁਰ ਛਾਉਣੀ ਦੇ ਸਿਪਾਹੀਆਂ ਨਾਲ ਜੋੜ-ਤੋੜ ਹੋ ਰਿਹਾ ਹੈ। ਅਗਲੇ ਦਿਨ ਕਲਕੱਤੇ ਹਥਿਆਰਾਂ ਵਾਸਤੇ ਜਾ ਰਹੇ ਹਨ। ਪੈਸੇ ਦੀ ਕਮੀ ਪੂਰੀ ਕਰਨ ਲਈ ਆਪ ਨੇ ਇਕ ਬੰਦੇ ਦੇ ਘਰ ਡਾਕੇ ਦੀ ਯੋਜਨਾ ਬਣਾ ਲਈ। ਡਾਕੇ ਦਾ ਨਾਂ ਸੁਣਦੇ ਹੀ ਵਿਦਰੋਹੀ ਵੀਰ ਸੁੰਨ ਹੋ ਗਏ, ਪਰ ਆਪ ਨੇ ਕਹਿ ਦਿੱਤਾ-ਕੋਈ ਡਰ ਨਹੀਂ, ਭਾਈ ਪਰਮਾਨੰਦ ਵੀ ਡਕੈਤੀ ਨਾਲ ਸਹਿਮਤ ਹਨ। ਪੁੱਛ ਕੇ ਆਉਣ ਦਾ ਜ਼ਿੰਮਾ ਆਪ ਨੂੰ ਸੌਂਪਿਆ ਗਿਆ। ਅਗਲੇ ਦਿਨ ਬਿਨਾਂ ਮਿਲੇ ਹੀ ਜਾ ਕੇ ਕਹਿ ਦਿੱਤਾ-ਪੁੱਛ ਆਇਆ ਹਾਂ। ਉਹ ਸਹਿਮਤ ਹਨ।
ਗ਼ਦਰ ਦੀ ਤਿਆਰੀ ਵਿਚ ਸਿਰਫ਼ ਪੈਸੇ ਦੀ ਕਮੀ ਕਾਰਨ ਕੁਝ ਦੇਰ ਹੋ ਜਾਵੇ, ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਸੀ। ਉਸ ਦਿਨ ਉਹ ਡਕੈਤੀ ਵਾਸਤੇ ਰੱਬੋਂ ਨਾਮਕ ਪਿੰਡ ਵਿਚ ਗਏ ਸੀ। ਕਰਤਾਰ ਮੁੱਖੀ ਸਨ। ਡਕੈਤੀ ਹੋ ਰਹੀ ਸੀ। ਘਰ ਵਿਚ ਇਕ ਬੜੀ ਸੋਹਣੀ ਕੁੜੀ ਵੀ ਸੀ। ਉਸ ਨੂੰ ਦੇਖ ਕੇ ਇਕ ਪਾਪੀ ਦਾ ਮਨ ਫਿਰ ਗਿਆ। ਉਸ ਨੇ ਕੁੜੀ ਦਾ ਹੱਥ ਫੜ ਲਿਆ। ਉਸ ਕਾਮੀ ਨਰ ਪਸ਼ੂ ਦਾ ਰੰਗ-ਢੰਗ ਦੇਖ ਕੇ ਕੁੜੀ ਘਬਰਾ ਗਈ ਅਤੇ ਉਸ ਨੇ ਜ਼ੋਰ ਦੀ ਚੀਕ ਮਾਰੀ। ਫੌਰਨ ਨੌਜਵਾਨ ਕਰਤਾਰ ਰਿਵਾਲਵਰ ਤਾਣ ਕੇ ਉਸੇ ਥਾਂ ਪਹੁੰਚ ਗਏ। ਉਸ ਬੰਦੇ ਦੇ ਮੱਥੇ ਤੇ ਪਿਸਤੌਲ ਰੱਖ ਕੇ ਉਸ ਦਾ ਹਥਿਆਰ ਲੈ ਲਿਆ ਅਤੇ ਫੇਰ ਗੁੱਸੇ ਹੋਏ ਸ਼ੇਰ ਵਾਂਗ ਗਰਜ ਕੇ ਬੋਲੇ- ਪਾਮਰ! ਤੇਰਾ ਗੁਨਾਹ ਬੜਾ ਭਿਅੰਕਰ ਹੈ। ਇਸ ਵੇਲੇ ਤੂੰ ਮੌਤ ਦਾ ਹੱਕਦਾਰ ਹੈਂ। ਪਰ ਖਾਸ ਹਾਲਾਤ ਕਾਰਨ ਤੈਨੂੰ ਮਾਫ਼ ਕਰਨ ਤੇ ਮਜਬੂਰ ਹਾਂ। ਇਸ ਲਈ ਫੌਰਨ ਇਸ ਕੁੜੀ ਦੇ ਪੈਰਾਂ ਵਿਚ ਸਿਰ ਰੱਖ ਕੇ ਕਹਿ ਕਿ ਹੇ ਭੈਣ! ਮੈਨੂੰ ਮਾਫ਼ ਕਰ ਦੇ ਅਤੇ ਉਧਰ ਮਾਂ ਦੇ ਪੈਰ ਫੜ ਕੇ ਕਹਿ ਕਿ ਮਾਤਾ! ਮੈਂ ਇਸ ਨੀਚਤਾ ਵਾਸਤੇ ਮਾਫ਼ੀ ਚਾਹੁੰਦਾ ਹਾਂ। ਜੇ ਇਹ ਤੈਨੂੰ ਮਾਫ਼ ਕਰ ਦਏ ਤਾਂ ਤੈਨੂੰ ਜਿਊਂਦਾ ਛੱਡਾਂਗਾ ਨਹੀਂ ਤਾਂ ਹੁਣੇ ਗੋਲੀ ਮਾਰ ਦਿਆਂਗਾ। ਉਸ ਨੇ ਉਵੇਂ ਹੀ ਕੀਤਾ। ਗੱਲ ਕੁਝ ਬਹੁਤੀ ਤਾਂ ਵਧੀ ਨਹੀ ਸੀ। ਇਹ ਦੇਖ ਕੇ ਦੋਹਾਂ ਔਰਤਾਂ ਦੀਆਂ ਅੱਖਾਂ ਭਰ ਆਈਆਂ। ਮਾਂ ਨੇ ਪਿਆਰ ਨਾਲ ਸੰਬੋਧਨ ਕੀਤਾ-ਬੇਟਾ! ਅਜਿਹੇ ਧਰਮਾਤਮਾ ਅਤੇ ਸਾਊ ਨੌਜਵਾਨ ਹੋ ਕੇ ਤੁਸੀਂ ਇਸ ਭਿਆਨਕ ਕੰਮ ਵਿਚ ਕਿਵੇਂ ਸ਼ਾਮਲ ਹੋਏ ਹੋ? ਕਰਤਾਰ ਦਾ ਜੀਅ ਭਰ ਆਇਆ। ਕਿਹਾ-ਮਾਂ! ਰੁਪਏ ਦੇ ਲੋਭ ਵਿਚ ਨਹੀਂ, ਆਪਣਾ ਸਭ ਕੁਝ ਵਾਰ ਕੇ ਹੀ ਡਾਕੇ ਮਾਰਨ ਚੱਲੇ ਸੀ। ਅਸੀਂ ਅੰਗਰੇਜ਼ ਸਰਕਾਰ ਦੇ ਖਿਲਾਫ਼ ਗ਼ਦਰ ਦੀ ਤਿਆਰੀ ਕਰ ਰਹੇ ਹਾਂ। ਹਥਿਆਰ ਆਦਿ ਖਰੀਦਣ ਵਾਸਤੇ ਪੈਸੇ ਚਾਹੀਦੇ ਹਨ। ਉਹ ਕਿੱਥੋਂ ਲਈਏ? ਮਾਂ! ਉਸੇ ਮਹਾਨ ਕੰਮ ਵਾਸਤੇ ਅੱਜ ਇਹ ਨੀਚ ਕੰਮ ਕਰਨ ਲਈ ਅਸੀਂ ਮਜਬੂਰ ਹੋਏ ਹਾਂ।
ਉਸ ਵੇਲੇ ਬੜਾ ਦਰਦਨਾਕ ਨਜ਼ਾਰਾ ਸੀ। ਮਾਂ ਨੇ ਫੇਰ ਕਿਹਾ-ਇਸ ਕੁੜੀ ਦਾ ਵਿਆਹ ਕਰਨਾ ਹੈ। ਉਸ ਵਾਸਤੇ ਰੁਪਏ ਚਾਹੀਦੇ ਹਨ। ਕੁਝ ਦਿੰਦੇ ਜਾਉ ਤਾਂ ਚੰਗਾ ਹੈ। ਸਾਰਾ ਧਨ ਉਸ ਦੇ ਸਾਹਮਣੇ ਰੱਖ ਦਿੱਤਾ ਗਿਆ ਅਤੇ ਕਿਹਾ- ਜਿੰਨਾਂ ਚਾਹੀਦਾ ਹੈ ਲੈ ਲਉ! ਕੁਝ ਧਨ ਲੈ ਕੇ ਬਾਕੀ ਸਾਰਾ ਉਸ ਨੇ ਖੁਦ ਖੁਸ਼ੀ ਨਾਲ ਕਰਤਾਰ ਦੀ ਝੋਲੀ ਵਿਚ ਪਾ ਦਿੱਤਾ ਅਤੇ ਆਸ਼ੀਰਵਾਦ ਦਿੱਤਾ ਕਿ ਜਾਉ ਬੇਟਾ, ਤੁਹਾਨੂੰ ਕਾਮਯਾਬੀ ਮਿਲੇ!
ਡਕੈਤੀ ਵਰਗੇ ਭਿਆਨਕ ਕੰਮ ਵਿਚ ਸ਼ਾਮਲ ਹੋਣ ਤੇ ਵੀ ਕਰਤਾਰ ਦਾ ਹਿਰਦਾ ਕਿੰਨਾ ਭਾਵੁਕ, ਕਿੰਨਾ ਪਵਿੱਤਰ, ਕਿੰਨਾ ਮਹਾਨ ਸੀ ਉਹ ਉਕਤ ਘਟਨਾ ਤੋਂ ਸਪੱਸ਼ਟ ਹੈ।
ਬੰਗਾਲ ਦਲ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਹੀ ਆਪ ਨੇ ਹਥਿਆਰਾਂ ਵਾਸਤੇ ਲਾਹੌਰ-ਛਾਉਣੀ ਦੀ ਮੈਗਜ਼ੀਨ ਤੇ ਹਮਲਾ ਕਰਨ ਦੀ ਤਿਆਰੀ ਕਰ ਲਈ ਸੀ। ਇਕ ਦਿਨ ਟਰੇਨ ਵਿਚ ਜਾਂਦੇ ਹੋਏ ਇਕ ਫੌਜੀ ਨਾਲ ਮੁਲਾਕਾਤ ਹੋ ਗਈ। ਉਹ ਮੈਗਜ਼ੀਨ ਦਾ ਇੰਚਾਰਜ ਸੀ। ਉਸ ਨੇ ਚਾਬੀਆਂ ਦੇਣ ਦਾ ਵਾਅਦਾ ਕੀਤਾ। 25 ਨਵੰਬਰ ਨੂੰ ਆਪ ਕੁਝ ਸੂਰਮੇ ਸਾਥੀਆਂ ਨੂੰ ਲੈ ਕੇ ਉਥੇ ਜਾ ਧਮਕੇ। ਪਰ ਇਕ-ਅੱਧ ਦਿਨ ਪਹਿਲਾਂ ਉਕਤ ਸਿਪਾਹੀ ਦਾ ਕਿਸੇ ਹੋਰ ਥਾਂ ਤਬਾਦਲਾ ਹੋ ਜਾਣ ਕਾਰਨ ਸਾਰਾ ਕੰਮ ਵਿਗੜ ਗਿਆ। ਪਰ ਦਿਲ ਛੱਡਣਾ, ਘਬਰਾ ਜਾਣਾ ਅਜਿਹੇ ਕ੍ਰਾਂਤੀਕਾਰੀਆਂ ਦੇ ਚਰਿੱਤਰ ਵਿਚ ਨਹੀਂ ਹੁੰਦਾ।
ਫਰਵਰੀ ਵਿਚ ਗ਼ਦਰ ਦੀ ਤਿਆਰੀ ਸੀ। ਪਹਿਲੇ ਹਫ਼ਤੇ ਆਪ, ਪਿੰਗਲੇ ਅਤੇ ਦੋ-ਇਕ ਹੋਰ ਸਾਥੀਆਂ ਸਮੇਤ ਆਗਰਾ, ਕਾਨਪੁਰ, ਇਲਾਹਾਬਾਦ, ਬਨਾਰਸ, ਲਖਨਊ ਅਤੇ ਮੇਰਠ ਆਦਿ ਗਏ ਅਤੇ ਗ਼ਦਰ ਵਾਸਤੇ ਫੌਜਾਂ ਨਾਲ ਗੱਠਜੋੜ ਕਰ ਆਏ।
ਆਖ਼ਰ ਉਹ ਦਿਨ ਵੀ ਨੇੜੇ ਆਉਣ ਲੱਗਾ ਜਿਸ ਦਾ ਖ਼ਿਆਲ ਆਉਂਦੇ ਹੀ ਇਨ੍ਹਾਂ ਲੋਕਾਂ ਦੇ ਹਿਰਦੇ ਖੁਸ਼ੀ, ਚਾਅ ਅਤੇ ਭੈਅ ਆਦਿ ਅਨੇਕਾਂ ਭਾਵਾਂ ਨਾਲ ਧੜਕਣ ਲੱਗਦੇ ਸਨ। 21 ਫਰਵਰੀ 1915 ਸਮੁੱਚੇ ਭਾਰਤ ਵਿਚ ਗ਼ਦਰ ਕਰਨ ਦਾ ਦਿਨ ਨਿਸ਼ਚਿਤ ਹੋਇਆ ਸੀ। ਤਿਆਰੀ ਇਸੇ ਵਿਚਾਰ ਨਾਲ ਹੋ ਰਹੀ ਸੀ। ਪਰ ਠੀਕ ਉਸੇ ਵੇਲੇ ਉਨ੍ਹਾਂ ਦੀ ਆਸ ਦੇ ਬੂਟੇ ਦੀ ਜੜ੍ਹ ਵਿਚ ਬੈਠਾ ਇਕ ਚੂਹਾ ਉਸ ਨੂੰ ਹੇਠੋਂ ਖੋਖਲਾ ਕਰ ਰਿਹਾ ਸੀ। ਤਣੇ ਦੇ ਇਕ ਦਮ ਖੋਖਲੇ ਹੋ ਜਾਣ ਤੇ ਹਨੇਰੀ ਦੇ ਇਕ ਹੀ ਬੁੱਲੇ ਨਾਲ ਉਹ ਧਰਤੀ ਤੇ ਡਿੱਗ ਪਏਗਾ, ਇਹ ਉਹ ਨਹੀਂ ਜਾਣਦੇ ਸਨ। ਚਾਰ-ਪੰਜ ਦਿਨ ਪਹਿਲਾਂ ਸ਼ੱਕ ਪੈ ਗਿਆ। ਕਿਰਪਾਲ ਦੀ ਕਿਰਪਾ ਨਾਲ ਸਭ ਗੁੜ-ਗੋਬਰ ਹੋ ਜਾਏਗਾ, ਇਸੇ ਡਰ ਕਾਰਨ ਕਰਤਾਰ ਸਿੰਘ ਨੇ ਰਾਸਬਿਹਾਰੀ ਨੂੰ 21 ਦੀ ਥਾਂ 19 ਫਰਵਰੀ ਨੂੰ ਗ਼ਦਰ ਕਰਨ ਨੂੰ ਕਹਿ ਦਿੱਤਾ ਸੀ। ਇਸ ਤਰ੍ਹਾਂ ਹੋ ਜਾਣ ਤੇ ਵੀ ਕਿਰਪਾਲ ਨੂੰ ਭੇਤ ਲੱਗ ਗਿਆ। ਉਸ ਮਹਾਨ ਗ਼ਦਰ ਯੋਜਨਾ ਵਿਚ ਉਸ ਇਕ ਨਰ-ਪਿਸ਼ਾਚ ਦੀ ਹੋਂਦ ਦਾ ਕਿੰਨਾ ਭੈੜਾ ਸਿੱਟਾ ਨਿੱਕਲਿਆ। ਰਾਸਬਿਹਾਰੀ ਅਤੇ ਕਰਤਾਰ ਸਿੰਘ ਵੀ ਕੋਈ ਢੁੱਕਵਾਂ ਪ੍ਰਬੰਧ ਕਰਕੇ ਆਪਣਾ ਭੇਤ ਨਾ ਛੁਪਾ ਸਕੇ, ਇਸ ਦਾ ਕਾਰਨ ਭਾਰਤ ਦੀ ਬਦਕਿਸਮਤੀ ਤੋਂ ਬਿਨ੍ਹਾਂ ਹੋਰ ਕੀ ਹੋ ਸਕਦਾ ਹੈ?
ਸ਼ੁਦਾਈ ਕਰਤਾਰ 50-60 ਬੰਦੇ ਲੈ ਕੇ ਕੀਤੇ ਫੈਸਲੇ ਅਨੁਸਾਰ 19 ਫਰਵਰੀ ਨੂੰ ਫ਼ਿਰੋਜ਼ਪੁਰ ਛਾਉਣੀ ਜਾ ਪਹੁੰਚੇ। ਅੱਜ-ਹੁਣੇ ਕੁਝ ਘੰਟੇ ਬਾਅਦ-ਰਣਚੰਡੀ ਦਾ ਤਾਂਡਵ ਨਰਿਤ ਸ਼ੁਰੂ ਹੋ ਜਾਵੇਗਾ। ਕਰਤਾਰ ਸਿੰਘ ਆਪਣੇ ਤਿਰੰਗੇ ਝੰਡੇ ਨੂੰ ਹੁਣੇ ਹੀ ਭਾਰਤ ਭੂਮੀ ਤੇ ਫਹਿਰਾ ਦੇਣਗੇ। ਅੱਜ ਹੀ ਅਤੇ ਹੁਣੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਕਰਤਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਿਚ ਵੱਧ-ਚੜ੍ਹ ਕੇ ਮਰਨ-ਮਾਰਨ ਦੀ ਤਮੰਨਾ ਪੈਦਾ ਹੋ ਜਾਵੇਗੀ।
ਕਰਤਾਰ ਸਿੰਘ ਛਾਉਣੀ ਵਿਚ ਵੜ ਗਏ। ਆਪਣੇ ਸਾਥੀ ਫੌਜੀ ਹੌਲਦਾਰ ਨੂੰ ਮਿਲੇ। ਗ਼ਦਰ ਦੀ ਗੱਲ ਕਹੀ। ਪਰ ਕਿਰਪਾਲ ਨੇ ਤਾਂ ਪਹਿਲਾਂ ਹੀ ਸਭ ਕੁਝ ਵਿਗਾੜ ਰੱਖਿਆ ਸੀ। ਭਾਰਤੀ ਫੌਜੀ ਨਿਹੱਥੇ ਕਰ ਦਿੱਤੇ ਗਏ। ਧੜਾਧੜ ਗ੍ਰਿਫ਼ਤਾਰੀਆਂ ਹੋ ਰਹੀਆਂ ਸਨ। ਹੌਲਦਾਰ ਪਰਤ ਆਏ। ਸਾਰੀ ਕੋਸ਼ਿਸ਼, ਸਾਰੀ ਮਿਹਨਤ ਇਕ ਦਮ ਬੇਕਾਰ ਹੋ ਗਈ ਸੀ। ਪੰਜਾਬ ਵਿਚ ਗ੍ਰਿਫ਼ਤਾਰੀਆਂ ਦਾ ਬਾਜ਼ਾਰ ਗਰਮ ਹੋ ਗਿਆ। ਮੁਸੀਬਤ ਵਿਚ ਪੈਂਦੇ ਹੀ ਅਨੇਕਾਂ ਗ਼ਦਰੀ ਅਕਲਮੰਦ ਬਣਨ ਲੱਗੇ। ਉਨ੍ਹਾਂ ਨੂੰ ਆਪਣੇ ਪੁਰਾਣੇ ਆਦਰਸ਼ ਵਿਚ ਭਰਮ ਦਿਸਣ ਲੱਗਾ। ਅੱਜ ਉਹ ਫੜਿਆ ਗਿਆ, ਕੱਲ੍ਹ ਉਹ ਫੁੱਟ ਪਿਆ। ਅਜਿਹੀ ਹੀ ਹਾਲਤ ਵਿਚ ਰਾਸ ਬਾਬੂ ਨਿਰਾਸ਼ ਹੋ ਕੇ ਇਕ ਮੁਰਦੇ ਵਾਂਗ ਲਾਹੌਰ ਦੇ ਇਕ ਮਕਾਨ ਵਿਚ ਪਏ ਸੀ। ਕਰਤਾਰ ਸਿੰਘ ਵੀ ਆ ਕੇ ਇਕ ਹੋਰ ਮੰਜੇ ਤੇ ਦੂਜੇ ਪਾਸੇ ਮੂੰਹ ਕਰਕੇ ਪੈ ਗਏ। ਉਹ ਇਕ-ਦੂਜੇ ਨੂੰ ਕੁਝ ਵੀ ਨਹੀਂ ਬੋਲੇ। ਪਰ ਚੁੱਪ ਹੀ ਚੁੱਪ ਵਿਚ ਇਕ-ਦੂਜੇ ਦੇ ਹਿਰਦੇ ਵਿਚ ਵੜ ਕੇ ਉਹ ਸਭ ਕੁਝ ਸਮਝ ਗਏ ਸੀ। ਉਨ੍ਹਾਂ ਦੀ ਉਸ ਵੇਲੇ ਦੀ ਵੇਦਨਾ ਦਾ ਅਨੁਮਾਨ ਅਸੀਂ ਕੀ ਲਾ ਸਕਾਂਗੇ?
ਦਰੇ ਤਦਬੀਰ ਪਰ ਸਰ ਫੋੜਨਾ ਸ਼ੇਵਾ ਰਹਾ ਅਪਨਾ।
ਵਸੀਲੇ ਹਾਥ ਹੀ ਆਏ ਨ ਕਿਸਮਤ ਆਜ਼ਮਾਈ ਕੇ॥
ਫੈਸਲਾ ਹੋਇਆ, ਸਾਰੇ ਪੱਛਮੀ ਸੀਮਾ ਤੋਂ ਉਸ ਪਾਰ ਘ ਕੇ ਵਿਦੇਸ਼ਾਂ ਵਿਚ ਚਲੇ ਜਾਣ। ਰਾਸ ਬਾਬੂ ਕਲਮਾ ਪੜ੍ਹਨ ਲੱਗੇ। ਪਰ ਉਨ੍ਹਾਂ ਨੇ ਅਚਾਨਕ ਨਿਸ਼ਚਾ ਬਦਲ ਦਿੱਤਾ। ਉਹ ਬਨਾਰਸ ਚਲੇ ਗਏ। ਕਰਤਾਰ ਸਿੰਘ ਪੱਛਮ ਵੱਲ ਨੂੰ ਤੁਰ ਪਏ। ਉਹ ਤਿੰਨ ਵਿਅਕਤੀ ਸਨ- ਸ੍ਰੀ ਕਰਤਾਰ ਸਿੰਘ, ਸ਼੍ਰੀ ਜਗਤ ਸਿੰਘ ਅਤੇ ਸ਼੍ਰੀ ਹਰਨਾਮ ਸਿੰਘ ਟੁੰਡਾ, ਬ੍ਰਿਟਿਸ਼ ਭਾਰਤ ਦੀ ਸੀਮਾ ਪਾਰ ਕਰ ਗਏ। ਖੁਸ਼ਕ ਪਹਾੜਾਂ ਵਿਚ ਪਹੁੰਚ ਕੇ ਇਕ ਰਮਣੀਕ ਥਾਂ ਆਈ। ਛੋਟੀ ਜਿਹੀ ਸੁੰਦਰ ਨਦੀ ਵਗ ਰਹੀ ਸੀ। ਉਸੇ ਦੇ ਕਿਨਾਰੇ ਬਹਿ ਗਏ। ਗੱਠ ਖੋਲ੍ਹ ਕੇ ਛੋਲੇ ਚੱਬਣ ਲੱਗੇ। ਕੁਝ ਨਾਸ਼ਤਾ-ਪਾਣੀ ਕਰਕੇ ਕਰਤਾਰ ਸਿੰਘ ਗਾਉਣ ਲੱਗੇ:
ਬਣੀ ਸਿਰ ਸ਼ੇਰਾਂ ਦੇ, ਕੀ ਜਾਣਾ ਭੱਜ ਕੇ।
ਭਾਵੁਕ ਕਰਤਾਰ ਕਵੀ ਵੀ ਸਨ। ਅਮਰੀਕਾ ਵਿਚ ਉਨ੍ਹਾਂ ਨੇ ਇਹ ਕਵਿਤਾ ਲਿਖੀ ਸੀ। ਸੁਰੀਲੀ ਆਵਾਜ਼ ਵਿਚ ਇਕ ਸਤਰ ਹੀ ਗਾਈ ਸੀ, ਝੱਟ ਰੁਕ ਗਏ ਤੇ ਬੋਲੇ-ਕਿਉਂ ਜਗਤ ਸੀ, ਕੀ ਇਹ ਕਵਿਤਾ ਦੂਜਿਆਂ ਵਾਸਤੇ ਹੀ ਲਿਖੀ ਗਈ ਸੀ? ਕੀ ਸਾਡੇ ਤੇ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ? ਅੱਜ ਸਾਡੇ ਸਾਥੀ ਮੁਸੀਬਤਾਂ ਵਿਚ ਫਸੇ ਪਏ ਹਨ ਅਤੇ ਅਸੀਂ ਆਪਣਾ ਸਿਰ ਛੁਪਾਉਣ ਦੇ ਫ਼ਿਕਰ ਵਿਚ ਕਾਹਲੇ ਪੈ ਰਹੇ ਹਾਂ? ਇਕ-ਦੂਜੇ ਵੱਲ ਦੇਖਿਆ। ਫੈਸਲਾ ਹੋਇਆ, ਭਾਰਤ ਪਰਤ ਕੇ ਉਨ੍ਹਾਂ ਨੂੰ ਛੁਡਾਉਣ ਦਾ ਪ੍ਰਬੰਧ ਕੀਤਾ ਜਾਵੇ। ਫੇਰ ਅੱਗੇ ਨਹੀਂ ਤੁਰੇ। ਉਥੋਂ ਹੀ ਵਾਪਸ ਹੋ ਗਏ। ਜਾਣਦੇ ਸਨ ਕਿ ਮੌਤ ਮੂੰਹ ਖੋਲ੍ਹੀ ਉਨ੍ਹਾਂ ਦੇ ਇੰਤਜ਼ਾਰ ਵਿਚ ਖੜ੍ਹੀ ਹੈ। ਪਰ ਇਸ ਨਾਲ ਕੀ ਹੁੰਦਾ ਸੀ? ਉਨ੍ਹਾਂ ਦੀ ਤਾਂ ਤੀਬਰ ਇੱਛਾ ਸੀ ਕਿ ਕਿਤੇ ਕੋਈ ਘਮਾਸਾਨ ਸ਼ੁਰੂ ਹੋ ਜਾਵੇ, ਲੜਦੇ-ਲੜਦੇ ਜਾਨ ਦੇ ਦੇਣ।
ਸਰਗੋਧਾ ਕੋਲ ਚੱਕ ਨੰਬਰ 5 ਵਿਚ ਗਏ। ਫੇਰ ਤੋਂ ਗ਼ਦਰ ਦੀ ਚਰਚਾ ਛੇੜ ਦਿੱਤੀ। ਉਥੇ ਹੀ ਫੜੇ ਗਏ। ਜ਼ੰਜ਼ੀਰਾਂ ਨਾਲ ਜਕੜ ਦਿੱਤੇ ਗਏ। ਨਿਡਰ ਬੰਦੀ ਗ਼ਦਰੀ ਕਰਤਾਰ ਸਿੰਘ ਲਾਹੌਰ ਸਟੇਸ਼ਨ ਤੇ ਲਿਆਂਦੇ ਗਏ। ਪੁਲਿਸ ਕਪਤਾਨ ਨੂੰ ਕਿਹਾ- ਮਿ. ਟਾਮਕਿਨ! ਕੁਝ ਖਾਣ ਨੂੰ ਤਾਂ ਲਿਆ ਦਿਉ! ਉਹ! ਕਿੰਨਾ ਮਸਤਪਣ ਸੀ! ਉਸ ਸੁੰਦਰ ਮੂਰਤ ਨੂੰ ਦੇਖ ਕੇ ਦੋਸਤ-ਦੁਸ਼ਮਨ ਸਭ ਮੁਗਧ ਹੋ ਜਾਂਦੇ ਸਨ। ਗ੍ਰਿਫਤਾਰੀ ਵੇਲੇ ਉਹ ਬੜੇ ਪ੍ਰਸੰਨ ਸਨ। ਅਕਸਰ ਕਿਹਾ ਕਰਦੇ ਸਨ- ਹਿੰਮਤ ਨਾਲ ਮਰ ਜਾਣ ਤੇ ਮੈਨੂੰ ਬਾਗ਼ੀ ਦਾ ਖਿਤਾਬ ਦੇਣਾ। ਕੋਈ ਯਾਦ ਕਰੇ ਤਾਂ ਬਾਗੀ ਕਹਿ ਕੇ ਯਾਦ ਕਰੇ।
ਜੇਲ੍ਹ ਵਿਚ ਬੰਦ ਹੋ ਕੇ ਵੀ ਉਸ ਅਸ਼ਾਂਤ ਹਿਰਦੇ ਨੂੰ ਸ਼ਾਂਤੀ ਨਾ ਮਿਲੀ। ਇਕ ਦਿਨ ਲੋਹਾ ਵੱਢਣ ਦੇ ਸੰਦ ਮੰਗਵਾ ਲਏ। 60-70 ਕੈਦੀਆਂ ਨੂੰ ਇਕੱਠਾ ਕੀਤਾ। ਫੈਸਲਾ ਹੋਇਆ, ਚਾਰ-ਪੰਜ ਤੋਂ ਇਲਾਵਾ-ਜੋ ਕਿ ਬਿਲਕੁਲ ਕਮਜ਼ੋਰ ਤੇ ਨਿਰਦੋਸ਼ ਸਨ-ਸਾਰੇ ਲੋਕ ਰਾਤ ਜੇਲ੍ਹ ਤੋਂ ਭੱਜ ਨਿਕਲਣ। ਬਾਹਰੋਂ ਇਹ ਖ਼ਬਰ ਵੀ ਆ ਗਈ ਸੀ ਕਿ ਲਾਹੌਰ-ਛਾਉਣੀ ਮੈਗਜ਼ੀਨ ਦੇ ਇੰਚਾਰਜ ਮਹਾਸ਼ਾ ਮਦਦ ਵਾਸਤੇ ਤਿਆਰ ਹਨ। ਫੈਸਲਾ ਹੋਇਆ ਕਿ 50-60 ਬੰਦੇ ਜੇਲ੍ਹ ਤੋਂ ਨਿਕਲਦੇ ਹੀ ਸਿੱਧੇ ਲਾਹੌਰ-ਛਾਉਣੀ ਜਾਣ। ਉਨ੍ਹਾਂ ਲੋਕਾਂ ਦੀ ਮਦਦ ਨਾਲ ਮੈਗਜ਼ੀਨ ਤੋਂ ਹਥਿਆਰ ਕੱਢ ਕੇ ਸਾਰਿਆਂ ਨੂੰ ਹਥਿਆਰ ਵੰਡ ਦਿੱਤੇ ਜਾਣ ਅਤੇ ਉਸ ਤੋਂ ਬਾਅਦ ਫੇਰ ਗ਼ਦਰ ਕੀਤਾ ਜਾਵੇ। ਵਿਚਾਰ ਸੀ, ਜੇਲ੍ਹਾਂ ਤੋੜ ਕੇ ਕੈਦੀਆਂ ਨੂੰ ਕੱਢਿਆ ਜਾਵੇ ਤਾਂ ਕਿ ਉਹ ਸਾਰੇ ਲੋਕ ਗ਼ਦਰ ਦੀ ਤਿਆਰੀ ਵਿਚ ਜੁਟ ਜਾਣ। ਪਰ ਕਰਤਾਰ ਸਿੰਘ ਵਾਸਤੇ ਉਸ ਨਿਰਾਸ਼ਾ ਅਤੇ ਅਸਫ਼ਲਤਾ ਦੇ ਦੌਰ ਵਿਚ ਅਜਿਹੀ ਆਸ ਕਰਨੀ ਅੱਕ-ਫੰਭੜੀ ਦੀ ਛਾਂ ਵਾਂਗ ਸੀ। ਕਿਸੇ ਇਕ ਸਾਧਾਰਨ ਕੈਦੀ ਨੂੰ ਭੇਤ ਲੱਗ ਗਿਆ। ਸਾਰਿਆਂ ਨੂੰ ਕੋਠੜੀਆਂ ਵਿਚ ਡੱਕ ਦਿੱਤਾ ਗਿਆ। ਬੇੜੀਆਂ ਲਾ ਦਿੱਤੀਆਂ ਗਈਆਂ। ਤਲਾਸ਼ੀ ਹੋਈ, ਸਾਰੀਆਂ ਚੀਜ਼ਾਂ ਕਰਤਾਰ ਸਿੰਘ ਦੀ ਕੋਠੜੀ ਵਿਚ ਪਾਣੀ ਦੀ ਸੁਰਾਹੀ ਹੇਠਾਂ ਧਰਤੀ ਵਿਚ ਪੁੱਟੇ ਹੋਏ ਟੋਏ ਵਿਚੋਂ ਮਿਲ ਗਈਆਂ। ਸਾਰੀ ਕੋਸ਼ਿਸ਼ ਬੇਕਾਰ ਗਈ।
ਮੁਕੱਦਮਾ ਚੱਲਿਆ। ਉਸ ਵੇਲੇ ਕਰਤਾਰ ਸਿੰਘ ਦੀ ਉਮਰ ਸਿਰਫ਼ ਸਾਢੇ ਅਠਾਰਾਂ ਸਾਲ ਸੀ। ਸਾਰੇ ਹਵਾਲਾਤੀਆਂ ਵਿਚੋਂ ਆਪ ਸਭ ਤੋਂ ਘੱਟ ਉਮਰ ਦੇ ਸਨ। ਪਰ ਜੱਜ ਮਹੋਦਿਆ ਲਿਖਦੇ ਹਨ:
ਇਹ ਇਨ੍ਹਾਂ ਸਾਰੇ 61 ਦੋਸ਼ੀਆਂ ਵਿਚੋਂ ਸਭ ਤੋਂ ਮਹੱਤਵਪੂਰਨ ਹੈ; ਅਤੇ ਇਸ ਦੀ ਮਿਸਾਲ ਸਭ ਤੋਂ ਮੀ ਹੈ। ਅਮਰੀਕਾ ਸਫਰ ਵੇਲੇ ਅਤੇ ਭਾਰਤ ਵਿਚ ਇਸ ਸਾਜਿਸ਼ ਦਾ ਕੋਈ ਖੇਤਰ ਨਹੀਂ ਜਿੱਥੇ ਇਸ ਦੋਸ਼ੀ ਨੇ ਕੋਈ ਭੂਮਿਕਾ ਨਾ ਨਿਭਾਈ ਹੋਵੇ।
ਇਕ ਦਿਨ ਆਪਦੇ ਬਿਆਨ ਦੇਣ ਦੀ ਵਾਰੀ ਆਈ। ਆਪ ਨੇ ਸਭ ਮੰਨ ਲਿਆ। ਸਭ ਕੁਝ ਮੰਨਦਾ ਦੇਖ ਕੇ ਜੱਜ ਮਹੋਦਿਆ ਲਿਖਣ ਤੋਂ ਰੁਕ ਗਏ। ਸਾਰਾ ਦਿਨ ਕਰਤਾਰ ਸਿੰਘ ਬਿਆਨ ਦਿੰਦੇ ਰਹੇ। ਮੂੰਹ ਵਿਚ ਕਲਮ ਫਸਾਈ ਜੱਜ ਦੇਖਦੇ ਰਹੇ। ਕੁਝ ਲਿਖਿਆ ਨਹੀਂ। ਬਾਅਦ ਵਿਚ ਐਨਾ ਹੀ ਕਿਹਾ-ਕਰਤਾਰ ਸਿੰਘ! ਅੱਜ ਤੇਰੇ ਬਿਆਨ ਨਹੀਂ ਲਿਖੇ ਗਏ। ਤੂੰ ਸੋਚ-ਸਮਝ ਕੇ ਬਿਆਨ ਦੇਹ। ਤੂੰ ਜਾਣਦਾ ਹੈਂ, ਤੇਰੇ ਆਪਣੇ ਹੀ ਬਿਆਨਾਂ ਦਾ ਕੀ ਨਤੀਜਾ ਨਿੱਕਲ ਸਕਦਾ ਹੈ?
ਦੇਖਣ ਵਾਲੇ ਦੱਸਦੇ ਹਨ, ਜੱਜ ਦੇ ਇਨ੍ਹਾਂ ਸ਼ਬਦਾਂ ਤੇ ਉਸ ਨੇ ਇਕ ਮਸਤਾਨੀ ਅਦਾ ਨਾਲ ਸਿਰਫ਼ ਐਨਾ ਹੀ ਕਿਹਾ ਸੀ- ਫਾਂਸੀ ਹੀ ਲਾ ਦਿਉਂਗੇ ਨਾ, ਹੋਰ ਕੀ? ਅਸੀਂ ਉਸ ਤੋਂ ਡਰਦੇ ਨਹੀਂ।
ਉਸ ਦਿਨ ਕਚਹਿਰੀ ਉਠ ਗਈ। ਜੱਜ ਲੋਕਾਂ ਦੀ ਪਹਿਲੇ ਦਿਨ ਕੁਝ ਅਜਿਹੀ ਧਾਰਨਾ ਸੀ ਕਿ ਕਰਤਾਰ ਸਿੰਘ ਇਸ ਤਰ੍ਹਾਂ ਦਾ ਬਿਆਨ ਭਾਈ ਪਰਮਾਨੰਦ ਦੇ ਇਸ਼ਾਰੇ ਤੇ ਦੇ ਰਿਹਾ ਹੈ। ਪਰ ਉਹ ਗ਼ਦਰੀ ਨੌਜਵਾਨ ਦੇ ਹਿਰਦੇ ਦੀ ਡੂੰਘਾਈ ਦੀ ਥਾਹ ਨਹੀਂ ਪਾ ਸਕੇ। ਕਰਤਾਰ ਸਿੰਘ ਦਾ ਬਿਆਨ ਜ਼ਿਆਦਾ ਜ਼ੋਰਦਾਰ, ਜ਼ਿਆਦਾ ਜੋਸ਼ੀਲਾ ਅਤੇ ਪਹਿਲੇ ਦਿਨ ਵਾਂਗ ਹੀ ਸੱਚ ਸੀ।
ਅੰਤ ਵਿਚ ਆਪ ਨੇ ਕਿਹਾ- ਮੇਰੇ ਗੁਨਾਹ ਲਈ ਜਾਂ ਤਾਂ ਮੈਨੂੰ ਉਮਰ ਕੈਦ ਦੀ ਸਜ਼ਾ ਮਿਲੇਗੀ ਤੇ ਜਾਂ ਫਾਂਸੀ। ਪਰ ਮੈਂ ਤਾਂ ਫਾਂਸੀ ਨੂੰ ਹੀ ਤਰਜੀਹ ਦਿਆਂਗਾ। ਤਾਂ ਕਿ ਛੇਤੀ ਹੀ ਫੇਰ ਜਨਮ ਲੈ ਕੇ ਭਾਰਤ ਦੀ ਆਜ਼ਾਦੀ ਦੀ ਜੰਗ ਵਾਸਤੇ ਤਿਆਰ ਹੋ ਸਕਾਂ। ਜਦੋਂ ਤੱਕ ਭਾਰਤ ਆਜ਼ਾਦ ਨਹੀਂ ਹੁੰਦਾ ਉਦੋਂ ਤੱਕ ਇਵੇਂ ਹੀ ਵਾਰ-ਵਾਰ ਜਨਮ ਲੈ ਕੇ ਫਾਂਸੀ ਤੇ ਚੜ੍ਹਦਾ ਰਹਾਂ, ਇਹੀ ਮੇਰੀ ਤਮੰਨਾ ਹੈ। ਅਤੇ ਜੇ ਅਗਲੇ ਜਨਮ ਵਿਚ ਔਰਤ ਬਣਿਆਂ ਤਾਂ ਵੀ ਅਜਿਹੇ ਹੀ ਬਾਗ਼ੀ ਪੁੱਤਰਾਂ ਨੂੰ ਜਨਮ ਦਿਆਂਗਾ।
ਆਪਦੀ ਦ੍ਰਿੜ੍ਹਤਾ ਨੇ ਜੱਜ ਲੋਕਾਂ ਨੂੰ ਪ੍ਰਭਾਵਿਤ ਕੀਤਾ, ਪਰ ਉਨ੍ਹਾਂ ਨੇ ਇਕ ਉਦਾਰ ਦੁਸ਼ਮਨ ਵਾਂਗ ਆਪਣੀ ਦਲੇਰੀ ਨੂੰ ਦਲੇਰੀ ਨਾ ਕਹਿ ਕੇ ਢੀਠਤਾ ਦਾ ਨਾਂ ਦਿੱਤਾ। ਜੱਜ ਮਹੋਦਿਆ ਲਿਖਦੇ ਹਨ:
ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਨੌਜਵਾਨ ਹੈ; ਪਰ ਨਿਸ਼ਚੇ ਹੀ ਇਹ ਇਨ੍ਹਾਂ ਸਾਰੀਆਂ ਸਾਜ਼ਿਸ਼ੀਆਂ ਤੋਂ ਭੈੜਾ ਹੈ, ਪੂਰੀ ਤਰ੍ਹਾਂ ਪਾਜੀ ਹੈ, ਆਪਣੇ ਕੀਤੇ ਤੇ ਫ਼ਖਰ ਕਰਦਾ ਹੈ, ਇਸ ਵਾਸਤੇ ਕੋਈ ਤਰਸ ਨਹੀਂ ਦਿਖਾਇਆ ਜਾ ਸਕਦਾ।
ਦਲੇਰ ਅਤੇ ਉਦਾਰ ਦੁਸ਼ਮਨ ਹਾਰੇ ਹੋਏ ਸੈਨਿਕ ਨਾਲ ਅਜਿਹਾ ਵਿਹਾਰ ਨਹੀਂ ਕਰਿਆ ਕਰਦੇ। ਪਰ ਇੱਥੇ ਅਜਿਹਾ ਹੀ ਹੋਇਆ। ਕਰਤਾਰ ਸਿੰਘ ਨੂੰ ਸਿਰਫ਼ ਗਾਲ੍ਹਾਂ ਹੀ ਮਿਲੀਆਂ ਹੋਣ, ਅਜਿਹਾ ਵੀ ਨਹੀਂ, ਮੌਤ ਦੀ ਸਜ਼ਾ ਵੀ ਮਿਲੀ। ਉਨ੍ਹਾਂ ਨੂੰ ਹੀ ਲੱਭਣ ਵਾਲੇ ਪੁਲਸੀਆਂ ਦੇ ਹੱਥੋਂ ਪਾਣੀ ਪੀ ਕੇ ਕਈ ਵਾਰੀ ਨਿੱਕਲ ਜਾਣ ਵਾਲਾ ਸੂਰਮਾ ਕਰਤਾਰ ਸਿੰਘ ਅੱਜ ਬਗਾਵਤ-ਗ਼ਦਰ- ਦੇ ਅਪਰਾਧ ਵਿਚ ਮੌਤ ਦੀ ਸਜ਼ਾ ਦੇ ਭਾਗੀ ਬਣੇ। ਆਪ ਨੇ ਦਲੇਰੀ ਨਾਲ ਮੁਸਕਰਾਉਂਦੇ ਹੋਏ ਜੱਜ ਨੂੰ ਕਿਹਾ- ਠਹੳਨਕ ੇੋੁ !
ਕਰਤਾਰ, ਤੇਰੇ ਜੀਵਨ ਵਿਚ ਅਜਿਹੀ ਕਿਹੜੀ ਖਾਸ ਘਟਨਾ ਵਾਪਰ ਗਈ ਸੀ, ਜਿਸ ਕਰਕੇ ਤੂੰ ਮੌਤ ਦੀ ਦੇਵੀ ਦਾ ਐਨਾ ਸ਼ਰਧਾਲੂ ਬਣ ਗਿਆ? ਕਰਤਾਰ ਸਿੰਘ ਫਾਂਸੀ ਦੀ ਕੋਠੜੀ ਵਿਚ ਬੰਦ ਸਨ। ਦਾਦਾ ਆ ਕੇ ਪੁੱਛਦੇ ਹਨ- ਕਰਤਾਰ ਸਿੰਘ, ਕਿਨ੍ਹਾਂ ਵਾਸਤੇ ਮਰ ਰਿਹਾ ਹੈਂ? ਜੋ ਤੈਨੂੰ ਗਾਲ੍ਹਾਂ ਕੱਢਦੇ ਹਨ? ਤੇਰੇ ਮਰਨ ਨਾਲ ਦੇਸ਼ ਦਾ ਕੁਝ ਫਾਇਦਾ ਹੋਵੇ, ਉਹ ਵੀ ਨਹੀਂ ਦਿਸਦਾ।
ਕਰਤਾਰ ਸਿੰਘ ਨੇ ਹੌਲੀ ਜਿਹੀ ਪੁੱਛਿਆ- ਦਾਦਾ ਜੀ, ਫਲਾਣਾ ਬੰਦਾ ਕਿੱਥੇ ਗਿਆ?
ਪਲੇਗ ਨਾਲ ਮਰ ਗਿਆ।
ਫਲਾਣਾ ਕਿੱਥੇ ਹੈ?
ਹੈਜ਼ੇ ਨਾਲ ਮਰ ਗਿਆ।
ਤਾਂ ਕੀ ਤੁਸੀਂ ਵੀ ਚਾਹੁੰਦੇ ਸੀ ਕਿ ਕਰਤਾਰ ਸਿੰਘ ਵੀ ਬਿਸਤਰੇ ਤੇ ਮਹੀਨਿਆਂ ਬੱਧੀ ਪਿਆ ਰਹਿ ਕੇ ਦਰਦ ਨਾਲ ਤੜਫਦਾ ਹੋਇਆ ਕਿਸੇ ਰੋਗ ਨਾਲ ਮਰਦਾ? ਕੀ ਉਸ ਮੌਤ ਨਾਲੋਂ ਇਹ ਮੌਤ ਚੰਗੀ ਨਹੀਂ ਜੋ ਦੇਸ਼ ਦੇ ਲੇਖੇ ਲੱਗੀ ਹੈ। ਆਖਰ ਮਰਨਾ ਤਾਂ ਸਾਰਿਆਂ ਨੇ ਹੀ ਹੈ?
ਦਾਦਾ ਚੁੱਪ ਹੋ ਗਏ।
ਅੱਜ ਦੁਨੀਆਂ ਵਿਚ ਫੇਰ ਸਵਾਲ ਖੜ੍ਹਾ ਹੁੰਦਾ ਹੈ, ਉਨ੍ਹਾਂ ਦੇ ਮਰਨ ਦਾ ਕੀ ਫਾਇਦਾ ਹੋਇਆ? ਉਹ ਕਿਨ੍ਹਾਂ ਵਾਸਤੇ ਮਰੇ? ਜਵਾਬ ਸਾਫ਼ ਹੈ। ਮਰਨ ਵਾਸਤੇ ਮਰੇ। ਉਨ੍ਹਾਂ ਦਾ ਆਦਰਸ਼ ਹੀ ਦੇਸ਼-ਸੇਵਾ ਵਿਚ ਮਰਨਾ ਸੀ, ਇਸ ਤੋਂ ਵੱਧ ਉਹ ਕੁਝ ਹੋਰ ਚਾਹੁੰਦੇ ਹੀ ਨਹੀਂ ਸੀ। ਮਰਨਾ ਵੀ ਅਗਿਆਤ ਰਹਿ ਕੇ ਹੀ ਚਾਹੁੰਦੇ ਸੀ। ਉਨ੍ਹਾਂ ਦਾ ਆਦਰਸ਼ ਸੀ: ਅਨਸੰਗ, ਅਨਆਨਰਡ ਅਤੇ ਅਨਵੈਪਟ ਮੌਤ!
ਚਮਨ ਜ਼ਾਰੇ ਮੁਹੱਬਤ ਮੇਂ ਉਸ ਨੇ ਬਾਗ਼ਵਾਨੀ ਕੀ,
ਕਿ ਜਿਸ ਨੇ ਆਪਣੀ ਮੇਹਨਤ ਕੋ ਹੀ ਮੇਹਨਤ ਕਾ ਸਮਰ ਜਾਨਾ।
ਨਹੀਂ ਹੋਤਾ ਹੈ ਮੋਹਤਾਜੇ ਨੁਮਾਇਸ਼ ਫ਼ੈਜ਼ ਸ਼ਬਨਮ ਕਾ,
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ॥
ਡੇਢ ਸਾਲ ਤੱਕ ਮੁਕੱਦਮਾ ਚੱਲਿਆ। ਸ਼ਾਇਦ ਇਹ 1916 ਦਾ ਹੀ ਨਵੰਬਰ ਸੀ ਜਦੋਂ ਉਨ੍ਹਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ। ਉਹ ਉਸ ਦਿਨ ਵੀ ਹਮੇਸ਼ਾ ਵਾਂਗ ਖੁਸ਼ ਸਨ। ਉਨ੍ਹਾਂ ਦਾ ਵਜ਼ਨ 10 ਪਾਊਂਡ ਵਧ ਗਿਆ ਸੀ। ਭਾਰਤ ਮਾਤਾ ਦੀ ਜੈ ਕਹਿੰਦੇ ਹੋਏ ਉਹ ਫਾਂਸੀ ਦੇ ਤਖ਼ਤੇ ਤੇ ਚੜ੍ਹ ਗਏ।

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346