Welcome to Seerat.ca
Welcome to Seerat.ca

ਵਿਦਵਤਾ ਦਾ ਦਰਿਆ ਡਾ. ਸਰਦਾਰਾ ਸਿੰਘ ਜੌਹਲ

 

- ਪ੍ਰਿਸੀਪਲ ਸਰਵਣ ਸਿੰਘ

ਜਿਸ ਧਜ ਸੇ ਕੋਈ ਮਕਤਲ ਮੇਂ ਗਇਆ

 

- ਵਰਿਆਮ ਸਿੰਘ ਸੰਧੂ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

ਰਣਚੰਡੀ ਦੇ ਪਰਮ ਭਗਤ - ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਨਾਵਲ ਅੰਸ਼ / ਘੁੰਮਣ-ਘੇਰੀ

 

- ਹਰਜੀਤ ਅਟਵਾਲ

ਮੁਰੱਬੇਬੰਦੀ ਵੇਲੇ ਦਾ ਸਰਪੰਚ

 

- ਬਲਵਿੰਦਰ ਗਰੇਵਾਲ

ਅਸੀਂ ਵੀ ਜੀਵਣ ਆਏ - ਕਿਸ਼ਤ ਚਾਰ / ਕੈਨੇਡਾ ਵਿੱਚ ਆਮਦ

 

-  ਕੁਲਵਿੰਦਰ ਖਹਿਰਾ

ਗੁਰੂ ਨਾਨਕ ਦੇਵ ਸਿੰਘ? ਜਾਂ ਗੁਰੂ ਨਾਨਕ ਦੇਵ ਜੀ

 

- ਡਾ ਮਾਨ ਸਿੰਘ ਨਿਰੰਕਾਰੀ

ਢਾਹਵਾਂ ਦਿੱਲੀ ਦੇ ਕਿੰਗਰੇ

 

- ਹਰਨੇਕ ਸਿੰਘ ਘੜੂੰਆਂ

ਧਾਰਮਿਕ ਝੂਠ ਤੇ ਇਤਿਹਾਸ ਦਾ ਮਿਲਗੋਭਾ-ਅਜੋਕੇ ਇਤਿਹਾਸਕ ਸੀਰੀਅਲ

 

- ਜਸਵਿੰਦਰ ਸੰਧੂ, ਬਰੈਂਪਟਨ

ਮੇਰੀਆਂ ਪ੍ਰਧਾਨਗੀਆਂ

 

- ਗਿਆਨੀ ਸੰਤੋਖ ਸਿੰਘ

ਸਿਰਨਾਵਿਓਂ ਭਟਕੇ ਖਤਾਂ ਦੀ ਦਾਸਤਾਨ

 

- ਹਰਮੰਦਰ ਕੰਗ

ਦੋ ਛੰਦ-ਪਰਾਗੇ ਤੇ ਇਕ ਕਵਿਤਾ

 

- ਗੁਰਨਾਮ ਢਿੱਲੋਂ

ਤਿੰਨ ਕਵਿਤਾਵਾਂ

 

- ਰੁਪਿੰਦਰ ਸੰਧੂ

ਅਸਤਿਵਵਾਦੀ ਕਲਾ ਅਤੇ ਸਾਹਿਤ

 

- ਗੁਰਦੇਵ ਚੌਹਾਨ

'ਇਹੁ ਜਨਮੁ ਤੁਮਾਹਰੇ ਲੇਖੇ' ਦਾ ਲੇਖਾ ਜੋਖਾ ਕਰਦਿਆਂ

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਚੁਰਾਸੀ-ਦਿੱਲੀ

 

- ਚਰਨਜੀਤ ਸਿੰਘ ਪੰਨੂ

ਡਾ: ਜਸਵੰਤ ਸਿੰਘ ਨੇਕੀ

 

- ਬਰਜਿੰਦਰ ਗੁਲਾਟੀ

ਧਨ ਹੋ ਤੁਸੀਂ ਪੰਛੀਓ

 

- ਬਾਜਵਾ ਸੁਖਵਿੰਦਰ

ਸ਼ਹੀਦੇ-ਏ-ਆਜ਼ਮ ਕਰਤਾਰ ਸਿੰਘ ਸਰਾਭਾ / ਜਿਸਦਾ ਬਚਪਨ ਵੀ ਇਨਕਲਾਬ ਨੂੰ ਸਮਰਪਤ ਸੀ

 

- ਬਾਬਾ ਸੋਹਣ ਸਿੰਘ ਭਕਨਾ

ਹੁੰਗਾਰੇ

 

Online Punjabi Magazine Seerat


 'ਇਹੁ ਜਨਮੁ ਤੁਮਾਹਰੇ ਲੇਖੇ' ਦਾ ਲੇਖਾ ਜੋਖਾ ਕਰਦਿਆਂ
- ਪ੍ਰਿੰ. ਬਲਕਾਰ ਸਿੰਘ ਬਾਜਵਾ

 

ਕਈ ਬੰਦੇ ਕਦੇ ਹੇਠ ਵਗਣਾ ਜਾਣਦੇ ਹੀ ਨਹੀਂ। ਓਦਾਂ ਹੀ ਕਈ ਲੇਖਕ ਹੁੰਦੇ ਹਨ। ਗੁਰਬਚਨ ਭੁੱਲਰ 'ਇਹੁ ਜਨਮੁ ਤੁਮਾਹਰੇ ਲੇਖੇ' ਨਾਲ ਏਦਾਂ ਦਾ ਹੀ ਲੇਖਕ ਸਾਬਤ ਹੋਇਐ। ਨਾਵਲੀ ਪਿੜ ਵਿੱਚ ਇਸ ਨਾਵਲ ਨਾਲ ਉਸ ਨੇ ਕਮਾਲ ਦੀ ਨਿਆਰੀ ਪਿਰਤ ਪਾਈ ਹੈ। ਪ੍ਰਚਲਤ ਨਾਵਲੀ ਪ੍ਰੰਪਰਾਵਾਂ ਤੋਂ ਹਟ ਕੇ ਇੱਕ ਵਿਲੱਖਣੀ, ਸਾਹਸ ਭਰੀ ਰੈਲ਼ ਵਲ਼ੀ ਹੈ। ਜਿਵੇਂ ਵਿਸ਼ੇਸ਼ ਗੁਣਾਂ ਵਾਲਾ ਪੰਛੀ ਡਾਰ ਦਾ ਮੋਹਰੀ ਬਣ ਅੱਗ-ਅੱਗੇ ਉਡਦੈ, ਏਵੇਂ ਹੀ ਉਨ੍ਹੇ ਸਾਹਿਤ ਅਕਾਦਮੀ ਦਾ ਪੁਰਸਕਾਰ ਮੋੜਨ ਵੇਲੇ ਵੀ ਪੰਜਾਬੀ ਲੇਖਕਾਂ ਵਿਚ ਮੋਹਰੀ ਹੋ ਨਿਭਾਇਆ ਹੈ। ਉਹ ਇਸ ਨਾਵਲ ਦੀ ਮੂਲ ਕਹਾਣੀ ਵਿਚ ਛੋਟੀਆਂ ਛੋਟੀਆਂ ਘਟਨਾਵਾਂ ਨੂੰ ਇੱਕ ਹਾਰ ਵਾਂਗ ਪਰੋਂਦਾ ਹੈ ਅਤੇ ਅੰਤ ਤੱਕ ਇਸ ਤੇ ਆਪਣੀ ਪਕੜ ਢਿੱਲੀ ਨਹੀਂ ਹੋਣ ਦਿੰਦਾ।
ਗੁਰਬਚਨ ਨੇ ਕਹਾਣੀ ਜਗਤ ਤੇ ਇੱਕ ਤਕੜੀ ਪੈਂਹਠ ਜਮਾਉਣ ਤੋਂ ਬਾਅਦ ਇੱਕ ਨਿਰਾਲੇ ਜਿਹੇ ਧਮਾਕੇ ਨਾਲ ਨਾਵਲੀ ਜਗਤ ਚ ਵੀ ਪ੍ਰਵੇਸ਼ ਕੀਤੈ। ਨਾਵਲ ਦੀ ਦੂਜੀ ਤੀਜੀ, ... ਛਾਪ ਦੀ ਗੱਲ ਆਪਣੇ ਥਾਂ ਹੈ, ਅਤੇ ਹੈ ਵੀ ਇੱਕ ਮਾਅਰਕਾ। ਪਰ ਇਸ ਨਾਵਲ ਦੀ ਕਥਾ ਤੇ ਜੁਗਤ ਨੇ ਨਾਵਲੀ ਸਾਹਿਤ ਦੇ ਪਾਣੀਆਂ ਵਿੱਚ ਇੱਕ ਕੰਕਰ ਹੀ ਨਹੀਂ ਬਲਕਿ ਇੱਕ ਵੱਡਾ ਰੋੜਾ ਮਾਰ ਵੱਡੀਆਂ ਛੱਲਾਂ ਪੈਦਾ ਕਰ ਦਿੱਤੀਆਂ ਹਨ। ਸਾਹਿਤਕ ਪਾਣੀਆਂ ਦੀ ਹਿੱਕ ਤੇ ਇਹ ਕਾਂਬਾ, ਲੱਗਦਾ ਹੈ, ਦੇਰ ਤੱਕ ਰਹੇਗਾ। ਸਾਹਿਤਕਾਰਾਂ, ਲੇਖਕਾਂ, ਆਲੋਚਕਾਂ ਦੀ ਸੋਚ ਨੂੰ ਹਲੂਣਾ ਜਿਹਾ ਮਿਲਿਆ ਹੈ। ਉਹ ਸੱਪ ਵਾਂਗ ਸਪੇਰੇ ਦੀ ਬੀਨ ਵੱਲ ਤੱਕਣ, ਝੂਮਣ ਲੱਗ ਪਏ ਹਨ। ਦੇਰ ਤੱਕ ਚਰਚੇ ਛਿੜਦੇ ਰਹਿਣਗੇ। ਆਪਣੇ ਵਿੱਚ ਅਤੇ ਸਾਹਿਤਕ ਮਿਲਣੀਆਂ ਵਿੱਚ ਹਰ ਕੋਈ ਆਪੋ ਆਪਣੇ ਜ਼ਾਵੀਏ ਤੋਂ ਤਪਸਰੇ ਕਰ ਰਿਹੈ ਤੇ ਕਰੇਗਾ।
ਕਲਮੀ ਕਲਾ ਤੇ ਕਹਾਣੀ ਲੇਖਕ ਵੱਜੋਂ ਗੁਰਬਚਨ ਭੁੱਲਰ ਇੱਕ ਅਹਿਮ ਹਸਤਾਖ਼ਰ ਸਮਝਿਆ ਜਾਂਦਾ ਹੈ। ਕਈ ਪਾਠਕ/ਲੇਖਕ ਮਹਿਫਲਾਂ/ਲਿਖ਼ਤਾਂ ਵਿੱਚ ਉਸਦੀਆਂ ਕਹਾਣੀਆਂ ਦਾ ਹਵਾਲਾ ਲੋਕ ਕਥਾ ਵਾਂਗ ਦੇਂਦੇ ਹਨ। ਉਸ ਦੀਆਂ 51 ਕਹਾਣੀਆਂ ਮੇਰੇ ਤਾਂ ਅੰਗ ਸੰਗ ਹੀ ਰਹਿੰਦੀਆਂ ਹਨ। ਉਸ ਦੀ ਵਾਰਤਕ ਦਾ ਮੈਂ ਪੂਰਾ ਆਸ਼ਕ ਤੇ ਉਪਾਸ਼ਕ ਹਾਂ। ਇੱਕ ਦਿਨ ਗੁਰਦਿਆਲ ਬੱਲ ਨੇ ਆਪਣੇ ਝੋਲੇ ਚੋਂ ਨਾਵਲ 'ਇਹੁ ਜਨਮੁ ਤੁਮਾਹਰੇ ਲੇਖੇ' ਕੱਢ ਗੱਲ ਛੇੜੀ। ਜਿਵੇਂ ਸਪੇਰਾ ਪਟਾਰੀ ਚੋਂ ਕੋਈ ਨਵਾਂ ਜਿਹਾ ਸੱਪ ਕੱਢਦਾ ਹੈ। ਉਸ ਵੇਲੇ ਸਾਡੀ ਤਿੰਨਾਂ ਪ੍ਰਿੰਸੀਪਲ ਸਰਵਣ ਸਿੰਘ ਨਾਲ ਇੱਕ ਸ਼ਾਮ ਦੀ ਮਹਿਫ਼ਲ ਚੱਲ ਰਹੀ ਸੀ। ਬੱਲ ਨੇ ਨਾਲ ਹੀ ਸ਼ਰਤ ਰੱਖ ਦਿੱਤੀ ਕਿ ਇਸ ਨੂੰ ਪੜ੍ਹਨ ਦੀਆਂ ਵਾਰੀਆਂ ਆਪ ਹੀ ਬੰਨ ਲਵੋ। ਹੋਸਟ ਹੋਣ ਕਰਕੇ ਪਹਿਲੀ ਵਾਰੀ ਮੇਰੀ ਹੀ ਲੱਗ ਗਈ। ਮੈਂ ਤਾਂ ਇਸ ਦਾ ਨਿੱਠਕੇ ਪਾਠ ਆਰੰਭ ਦਿੱਤਾ। ਦਸ-ਬਾਰਾਂ ਦਿਨਾਂ ਵਿੱਚ ਇਹ ਪਾਠ ਸਮਾਪਤ ਹੋਇਆ। ਜਿੱਥੇ ਵੀ ਜਾਂਦਾ ਨਾਵਲ ਮੇਰਾ ਸਾਥੀ ਬਣਿਆ ਹੁੰਦਾ। ਜਦੋਂ ਵੀ ਮੌਕਾ ਮਿਲਦਾ ਰੌਲ਼ ਆਰੰਭ ਦੇਂਦਾ। ਪੜ੍ਹਦੇ ਵਕਤ ਨਾਨਕ ਸਿੰਘ ਦੇ ਨਾਵਲ 'ਗੰਗਾਜਲੀ ਵਿਚ ਸ਼ਰਾਬ' ਵੀ ਆ ਸਾਹਮਣੇ ਆ ਖਲੋਤਾ। ਇਸ ਨਾਵਲ ਦੇ ਮੁੱਕਦਿਆਂ ਹੀ ਉਹਦਾ ਵੀ ਪਾਠ ਰੱਖ ਹੋ ਗਿਆ। ਜਿਹੜਾ ਨਾਨਕ ਸਿੰਘ ਦੇ ਮੌਕਾ ਮੇਲਾਂ ਨਾਲ ਤੇਜ਼ੀ ਨਾਲ ਅੱਗੇ ਵੱਧਦਾ ਹੈ। ਪਰ ਇਸ ਨਾਵਲ ਵਿੱਚ ਮੌਕਾ ਮੇਲਾਂ ਦੀ ਬਜਾਏ ਸਹਿਵਨਤਾ, ਸਹਿਜਤਾ ਦੀਆਂ ਬਹੁਤੀਆਂ ਝਲਕਾਂ ਦੇ ਦਰਸ਼ਨ-ਦੀਦਾਰੇ ਹੋਏ। ਪੜ੍ਹਦਿਆਂ, ਸੋਚਦਿਆਂ ਮਨ ਵਿੱਚ ਨਾਵਲ ਦੀ ਨਾਇਕਾ (ਨਾਰੀ ਸੋਚ) ਚੋਂ ਨਾਨਕ ਸਿੰਘ ਦੇ 'ਪਵਿੱਤਰ ਪਾਪੀ' ਦੇ ਮੁੱਖ ਪਾਤਰ ਕੇਦਾਰ ਨਾਥ ਦੀ ਵੀ ਝਲਕ ਪੈਂਦੀ। ਜਗਦੀਪ ਪਵਿੱਤਰ ਪਾਪਣ ਵੀ ਲੱਗੀ। ਉਹ ਨਾਰੀਅਤਾ ਲਈ ਨਾਇਕਾ ਹੈ ਪਰ ਗੁਰਮੁਖ ਸਿੰਘ (ਸਮਾਜ) ਨਾਲ ਖਲਨਾਇਕੀ ਕਰ ਰਹੀ ਹੈ। ਜਿਸ ਕਰਕੇ ਔਰਤ ਲੇਖਕਾ ਦਾ ਜਾਤੀ ਚੀਰ ਹਰਨ ਹੋ ਰਿਹਾ ਲੱਗਾ। ਉਹ ਗੁਰਮੁੱਖ ਸਿੰਘ ਵਰਗੇ ਗੁਰਮੁੱਖ ਪਾਤਰ ਨਾਲ ਕਹਾਣੀ ਦੇ ਹਰ ਮਰਹਲੇ ਤੇ ਫਰੇਬ ਕਰਦੀ ਲੱਗਦੀ ਹੈ। ਪਰ ਗੁਰਮੁੱਖ ਕਿਤੇ ਵੀ ਡੋਲਦਾ ਨਹੀਂ ਤੇ ਅੰਤ ਤੱਕ ਜਗਦੀਪ ਪ੍ਰਤੀ ਆਪਣੀ ਪਹਿਲੀ ਅਟੁੱਟ ਪ੍ਰੀਤ ਨਿਭਾਉਂਦਾ ਰਹਿੰਦੈ। ਪਰ ਨਾਵਲ ਦੇ ਡੂੰਘੇ ਪਾਣੀਆਂ ਵਿੱਚ ਜਦੋਂ ਉੱਤਰਿਆ ਤਾਂ ਇਸ ਦੇ ਨੈਣ ਨਕਸ਼ ਹੋਰ ਵੀ ਇੱਕ ਵੱਖਰੇ ਅੰਦਾਜ਼ ਵਿੱਚ ਨਿੱਖਰਕੇ ਜਿ਼ਹਨ ਵਿੱਚ ਉੱਤਰੇ।
ਨਾਵਲ ਵਿੱਚ ਗੁਰਬਚਨ ਭੁੱਲਰ ਦੀ ਬਹੁ-ਬਿਧ ਪ੍ਰਤਿਭਾ ਝਲਕਦੀ ਹੈ। ਗਿਆਨ ਸਮਝ ਤੇ ਸੂਝ ਦੇ ਰਣਖੇਤਰ ਵਿੱਚ ਲੇਖਕ ਜੋ ਵੀ ਪ੍ਰਗਟ ਕਰ ਰਿਹਾ ਹੈ, ਨਿਰੋਲ ਆਪਣੇ ਗਿਆਨ ਖੇਤਰ ਦੀ ਵਿਸ਼ਾਲਤਾ, ਉਤਪਤੀ ਦੀ ਇਤਹਾਸਿਕਤਾ, ਤਰਕਸ਼ੀਲਤਾ, ਭੌਤਿਕਤਾ, ਅਧਿਆਤਮਿਕਤਾ, ਹੋਂਦਵਾਦਤਾ, ਪ੍ਰਯੋਗਵਾਦਮਿਕਤਾ ਆਦਿ ਦੇ ਖੇਤਰ ਚ ਪਾਠਕ ਦੀ ਉਂਗਲੀ ਫੜ ਲੈ ਵੜਦਾ ਹੈ। ਬੜੇ ਰੌਚਿੱਕ ਤਰੀਕੇ ਨਾਲ ਜਾਣਕਾਰੀ ਪਰੋਸਦੈ। ਸੰਵੇਦਨਸ਼ੀਲ ਜੀਵਨ ਸਿਖਿਆਰਥੀ ਕਥਾ ਰਸ ਦੇ ਨਾਲ ਨਾਲ ਗਿਆਨ, ਸੂਝ, ਸਮਝ ਦੀਆਂ ਪੁੜੀਆਂ ਵੀ ਪੱਲੇ ਬੰਨ੍ਹਣ ਲੱਗ ਪੈਂਦਾ। ਉਹ ਰੁਕਕੇ, ਹਰ ਵਰਤਾਰੇ ਦੀ ਪਿੱਠ-ਭੂਮੀ ਨੂੰ ਨਿਹਾਰਦਾ ਤੇ ਸਮਝਦਾ ਹੈ। ਇਹ ਸਭ ਕੁਝ ਵੀਨਾ ਸੱਚਪਾਲ ਦੀ ਗਤੀਸ਼ੀਲ ਜੀਵਨ ਸ਼ੈਲੀ ਰਾਹੀਂ ਪੇਸ਼ ਹੁੰਦਾ ਹੈ। ਇਸ ਨਾਲ ਜਗਦੀਪ ਨੂੰ ਸਕੂਨ ਤੇ ਸਹਿਜਤਾ ਪ੍ਰਾਪਤ ਹੁੰਦੀ ਨਜ਼ਰ ਆਉਂਦੀ ਹੈ। ਇਉਂ ਜਾਪਦੈ ਜਿਵੇਂ ਭੁੱਲਰ ਨੇ ਇਸ ਸਭ ਕੁਝ ਦੁਆਰਾ ਨਾਵਲ ਦੀ ਸਰਬੰਗਤਾ ਤੇ ਵਿਲੱਖਣਤਾ ਦੇ ਗਹਿਣਿਆਂ ਨਾਲ ਸਜਾ ਦਿੱਤਾ ਹੈ। ਸਾਹਿਤ ਰਸੀਆ ਪਾਠਕ ਕਹਾਣੀ ਦੇ ਆਨੰਦ ਨਾਲ ਸੂਝ ਨਾਲ ਵੀ ਆਪਣੇ ਆਪ ਨੂੰ ਲਬੋ-ਲਬਰੇਜ਼ ਹੋਇਆ ਮਹਿਸੂਸ ਕਰਦੈ। ਉਹ, ਉਹ ਕੁਝ ਨਹੀਂ ਰਹਿ ਜਾਂਦਾ ਜੋ ਉਹ ਨਾਵਲ ਪੜ੍ਹਨ ਤੋਂ ਪਹਿਲਾਂ ਸੀ। ਪੜ੍ਹਨ ਪਿੱਛੋਂ ਕੁਝ ਪ੍ਰਾਪਤ ਹੋਇਆ ਅਨੁਭਵ ਹੁੰਦੈ। ਏਦਾਂ ਇਹ ਇਸ ਦੌਰ ਦੇ ਨਾਵਲਾਂ ਨਾਲੋਂ ਇਸ ਵਿੱਚ ਇੱਕ ਨਿਰਾਲਤਾ ਵੀ ਹੈ ਤੇ ਅਧੁਨਿਕਤਾ ਵੀ।
ਨਾਵਲ ਇੱਕ ਥਾਂ ਮਿਥਿਹਾਸ ਦਾ ਹਵਾਲਾ ਦੇਂਦਿਆਂ ਵਿਸ਼ਵਾਮਿੱਤਰ ਦੇ ਤਪ ਭੰਗ ਕਰਨ ਦੀ ਕਥਾ ਛੋਂਹਦੈ। "ਵਿਸ਼ਵਾਮਿੱਤਰ ਦਾ ਤਪ ਭੰਗ ਕਰਨ ਲਈ ਆਈ ਮੇਨਿਕਾ ਕੋਈ ਮੋਹਿਨੀ ਰੂਪ ਸੀ ਜਾਂ ਨਹੀਂ, ਪਤਾ ਨਹੀਂ, ਪਰ ਇਸ ਕਥਾ ਨੂੰ ਇਸ ਗੱਲ ਦੀ ਪ੍ਰਤੀਕ ਮੰਨਿਆ ਜਾ ਸਕਦਾ ਹੈ ਕਿ ਕਿਸੇ ਮਨੁੱਖ ਦੇ ਆਪਣੇ ਮਨ ਦਾ ਵਿਸ਼ਵਾਮਿੱਤਰ ਕਿੰਨਾ ਵੀ ਤਪੱਸਵੀ ਹੋਵੇ, ਉਸਦੇ ਆਪਣੇ ਦਿਲ ਦੀ ਮੇਨਿਕਾ ਉਸ ਦੀ ਤਪੱਸਿਆ ਉੱਤੇ ਪਾਣੀ ਫੇਰਨ ਦੀਆਂ ਕੋਸਿ਼ਸ਼ਾਂ ਨਹੀਂ ਛੱਡਦੀ"। ਸੀਨ "ਬਹੁਤ ਮੱਥਾ ਮਾਰ ਲਿਆ ਮਨ ਦੀ ਮਾਇਆ ਨਾਲ! ਕੁਝ ਨਵਾਂ ਸੁਣਾ, ਮੈਂ ਜਾਣ ਵਾਲੀ ਬਣਾਂ।" ਨਾਲ ਮੁੱਕਦਾ ਹੈ। ਇਸ ਮੌਕੇ ਜਗਦੀਪ ਹੌਕਾ ਲੈ, ਅੱਜ-ਕੱਲ੍ਹ ਦੀ ਆਪਣੀ ਡੋਬੇ-ਸੋਕੇ ਵਾਲੀ ਜਿ਼ੰਦਗੀ ਦੀ ਦਸ਼ਾ ਵੱਲ ਇਸ਼ਾਰਾ ਕਰਦੀ ਹੈ। ਇਸ ਚੋਂ ਉਸ ਕੋਲੋਂ ਹੁਣ ਉਹੋ ਜਿਹੀਆਂ ਰਚਨਾਵਾਂ ਹੋ ਰਹੀਆਂ ਨੇ:
ਕਦੇ ਬੁਝਦੀ ਜਾਂਦੀ ਉਮੀਦ ਹਾਂ, ਕਦੇ ਜਗਮਗਾਉਂਦਾ ਯਕੀਨ ਹਾਂ।
ਤੂੰ ਗੁਲਾਬ ਸੀ ਜਿੱਥੇ ਬੀਜਣਾ, ਮੈਂ ਉਹੋ ਉਦਾਸ ਜ਼ਮੀਨ ਹਾਂ।
ਇਸ ਸ਼ੇਅਰ ਵਿੱਚ ਗੁਰਬਚਨ ਭੁੱਲਰ ਦੀ ਕਾਵਿਕ ਪ੍ਰਤਿਭਾ ਦਾ ਨਮੂਨਾ 'ਪ੍ਰਤੱਖ ਨੂੰ ਪ੍ਰਮਾਣ ਕੀ' ਵਾਲੀ ਗੱਲ ਬਣੀ ਨਜ਼ਰ ਆਉਂਦੀ ਹੈ। ਸ਼ੇਅਰ ਸੁਣ ਵੀਨਾ ਨੇ ਉਸ ਨੂੰ ਘੁੱਟ ਗਲਵਕੜੀ ਪਾਈ ਤੇ ਚੁੰਮ ਲਿਆ। "ਤੂੰ ਸੱਚਮੁੱਚ ਹਸੀਨ ਹੈਂ, ਬਹੁਤ ਹਸੀਨ, ਅੰਦਰੋਂ ਵੀ ਤੇ ਬਾਹਰੋਂ ਵੀ ... ਲਿਖਦੀ ਰਹਿ ਸੋਹਣਾ, ਸੋਹਣਾ, ਆਪਣੇ ਵਰਗਾ ..." ਅਸੀਸ ਦੇਂਦੀ ਤੁਰ ਗਈ। ਸ਼ਬਦਾਂ ਦੀ ਗੋਂਦ ਤੇ ਮੌਕੇ ਮੁਤਾਬਕ ਐਨ ਢੁਕਵੀਂ ਨਸਰ ਤੇ ਨਜ਼ਮ ਕਮਾਲ ਦੀ ਪੇਸ਼ ਕਰਦਾ ਹੈ।
ਇੱਕ ਨਾਟਕ ਦੇ ਪ੍ਰੋਡਿਊਸਰ ਦੁਆਰਾ ਜਿ਼ੰਦਗੀ ਦੀਆਂ ਕਠੋਰ ਅਸਲੀਅਤਾਂ ਦਾ ਬਿਆਨ ਕਰਦਾ ਹੈ ਜਿਸ ਚੋਂ ਉਹਦੇ ਵਿਸ਼ਾਲ ਆਲਮੀ ਸਾਹਿਤ ਗਿਆਨ ਵੀ ਡੁੱਲ੍ਹ ਡੁੱਲ੍ਹ ਪੈਂਦਾ ਮਹਿਸੂਸ ਹੁੰਦੈ। ਅਜੋਕੇ ਸਮੇਂ ਦੇ ਮਨੁੱਖ ਦੀਆਂ ਅਸਲੀਅਤਾਂ, ਯਥਾਰਥਾਂ ਦਾ ਬਿਆਨ ਦਾਰਸ਼ਨਿਕ ਸ਼ੈਲੀ ਚ ਕਰਦਾ ਹੈ: "...ਬਹੁਤ ਪੁਰਸ਼ ਜਾਂ ਤਾਂ ਨੰਗੇਜ-ਰਸ ਦੇ ਤਿਹਾਏ ਨੇ, ਜਾਂ ਫੇਰ ਕਿਤੇ ਵੀ ਦਿੱਸਿਆ ਨੰਗੇਜ ਕੱਜਣ ਲਈ ਚਾਦਰਾਂ ਚੁੱਕੀ ਫਿਰਦੇ ਨੇ, ਪਰ ਇਹਨਾਂ ਦੋਵਾਂ ਰਵਈਆਂ ਦੇ ਵਿਚਕਾਰ ਕਿਤੇ ਪਈ ਨਾਰੀ ਦੇਹ ਦੀ ਕਾਵਿਕਤਾ ਬਹੁਤ ਘੱਟ ਪੁਰਸ਼ ਪਛਾਣ ਦੇ ਨੇ ... "। ਏਥੇ ਭੁੱਲਰ ਅਮਰੀਕਾ ਵਿੱਚ ਕੋਲੀਨ ਵੱਲੋਂ ਆਪ ਹੀ ਖੇਡੇ ਡਰਾਮੇ 'ਵੈਜਾਈਨਾ ਮੋਨੋਲਾਗਜ਼' ਦੇ ਪਾਤਰਾਂ ਦੇ ਡਾਇਲਾਗ ਜੋ ਦੂਹਰੇ ਅਰਥਾਂ ਵਾਲੇ ਸਨ ਦਾ ਹਵਾਲਾ ਦੇ ਜਾਂਦਾ ਹੈ। ਜਿਸ ਨਾਲ ਅਮਰੀਕਾ ਵਿੱਚ ਇੱਕ ਵਾਰ ਤਰਥਲੀ ਮਚ ਗਈ।
ਸਮਾਜਵਾਦੀ ਸੋਚ ਵਾਲਾ ਲੇਖਕ ਬਿਜ਼ਨੈੱਸਮੈਨਾਂ ਵੱਲੋਂ ਕਾਰੋਬਾਰੀ ਮੰਤਵਾਂ ਹਿਤ ਲਿਟਰੇਰੀ ਜਾਂ ਕਲਚਰਲ ਇਨਾਮਾਂ ਦਾ ਵੀ ਕਿੱਸਾ ਛੇੜ ਜਾਂਦਾ ਹੈ। ਮਨੁੱਖੀਅਤਾ ਤੇ ਜਾਨਵਰੀਅਤਾ ਦਾ ਵੀ ਤਰਕ ਦੇਂਦਾ ਹੈ। ਇਸ ਪੱਖ ਤੋਂ ਲੇਖਕ ਦੀ ਸੂਝ ਦੀ ਅਮੀਰੀ ਦੇ ਵਿਸ਼ਾਲ ਤੇ ਗਹਿਰੇ ਦਰਸ਼ਨ ਹੁੰਦੇ ਹਨ। ਬਹੁ-ਬਿਧ ਪ੍ਰਤਿਭਾ ਵਾਲਾ ਸਾਹਿਤਕਾਰ ਹੀ ਇਹੋ ਜਿਹੀ ਨਿਰਾਲੀ ਕਿਰਤ ਦੀ ਰਚਨਾ ਕਰ ਸਕਦੈ। ਉਹ ਸਾਹਿਤ ਦੀ ਹਰ ਵਿਧਾ ਨਾਲ ਇਨਸਾਫ ਕਰਨ ਦੇ ਯੋਗ ਹੈ। ਜਿਸ ਕਰਕੇ ਨਾਵਲ ਨੂੰ ਵੱਖਰੀ ਤੇ ਨਿਰਾਲੀ ਸ਼ਾਨ ਪ੍ਰਾਪਤ ਹੋਈ ਹੈ। ਲੇਖਕ ਨੇ ਕਥਾ ਤੇ ਨਾਇਕਾ ਦੀ ਮਨੋਸਥਿਤੀ ਅਨੁਸਾਰ ਆਪਣੀ ਕਾਵਿ ਕਲਾ ਦੇ ਦਰਸ਼ਨ ਕਰਵਾਏ ਹਨ। ਪਹਿਲੇ ਕਵੀ ਸਮੇਲਣ ਵਿੱਚ ਸ਼ਾਮ ਹੋਣ ਪਿੱਛੋਂ ਸਜੀ ਮਹਿਫ਼ਲ ਵਿੱਚ ਜਗਦੀਪ ਪਹਿਲੀ ਵਾਰ ਸੋਮ ਰਸ ਬੁੱਲ੍ਹਾਂ ਨੂੰ ਛੁਹਾਉਂਦੀ ਹੈ। ਸਭ ਦੇ ਕਲਾਮ ਪਿੱਛੋਂ ਉਹਦੀ ਵਾਰੀ ਆਈ ਦੀਆਂ ਸਤਰਾਂ ਨਜ਼ਰ ਕਰਦਾ ਹਾਂ:
ਧਰ ਕੇ ਜਾਨ ਤਲੀ ਤੇ ਸ਼ਹਿਰ ਤਿਰੇ। ਫਿਰਦਾ ਹੈ ਇੱਕ ਬੁੱਤ ਪਰਾਇਆ ਸ਼ਹਿਰ ਤਿਰੇ।
ਕਈ ਸੁਨੇਹੇ ਦਿਲ ਦੇ ਤੈਨੂੰ ਦੇਣੇ ਸੀ, ਮੈਨੂੰ ਕੁਝ ਵੀ ਯਾਦ ਨਾ ਆਇਆ ਸ਼ਹਿਰ ਤਿਰੇ।

ਹੁਣ ਗੱਲ ਕਰੀਏ ਆਲੋਚਕਾਂ ਤੇ ਸਮਾਲੋਚਕਾਂ ਦੀ। ਕੋਈ ਕਹਿੰਦਾ ਘੁੱਗੀ ਮਾਰਤੀ ਕੋਈ ਕਹਿੰਦਾ ਹਾਥੀ ਢਾਹ ਲਿਆ। ਅਸਲ ਸਵਾਲ ਇਹ ਹੈ ਕਿ ਕੀ ਇਹ ਨਾਵਲ ਸਿੱਧਾ ਅੰਮ੍ਰਿਤਾ ਪ੍ਰੀਤਮ ਨੂੰ ਮੁੱਖ ਰੱਖਕੇ ਲਿਖਿਆ ਗਿਆ ਹੈ ਜਾਂ ਕਿਸੇ ਹੋਰ ਨਜ਼ਰੀਏ ਤੋਂ। ਨਾਵਲ ਦੀ ਨਇਕਾ ਜਗਦੀਪ ਦਾ ਜੀਵਨ ਚੱਕਰ ਅੰਮ੍ਰਿਤਾ ਦੇ ਜੀਵਨ ਚੱਕਰ ਨਾਲ ਕਿਤੇ ਕਿਤੇ ਰੇਖਾਗਣਿਤ ਦੇ ਦਾਇਰਿਆਂ ਵਾਂਗ ਸਪਰਸ਼ ਜ਼ਰੂਰ ਕਰਦਾ ਹੈ। ਪਰ ਲੰਘਦਾ ਕੁਝ ਦੂਰੀ ਤੋਂ ਹੈ। ਕਿਤੇ ਛੋਹ ਕੇ ਤੇ ਕਿਤੇ ਵਿੱਚ ਦੀ ਕੱਟਦਾ ਹੈ। ਕੇਵਲ ਸਾਇਰ ਤੇ ਮੋਹਨ ਸਿੰਘ ਨਾਲ ਨੇੜਤਾ ਅਤੇ ਕੁਝ ਥਾਵਾਂ ਦੇ ਸੁਮੇਲ ਨਾਲ ਆਲੋਚਕਾਂ ਨੂੰ ਨਾਵਲ ਰਾਹੀਂ ਅੰਮ੍ਰਿਤਾ ਨੂੰ ਘੁੱਗੀ ਮਾਰੀ ਗਈ ਲੱਗੀ ਹੈ।
ਬੰਬਈ ਤੋਂ ਵਾਪਸੀ ਤੇ ਜਗਦੀਪ ਦਾ ਬਾਣੀ ਦੇ ਘਰ ਰਾਤ ਰਹਿਣਾ ਨਾਵਲੀ ਰਸ ਪੱਖੋਂ ਕਾਫੀ ਦਿਲਚਸਪ ਘਟਨਾ ਹੈ। ਪਾਠਕ ਨੂੰ ਵਿਦੇਸ਼ੀ ਸ਼ਰਾਬਾਂ ਦੇ ਸੁਆਦਾਂ, ਗੁਣਾਂ ਦਾ ਭਰਪੂਰ ਗਿਆਨ ਦਿੰਦੀ ਹੈ। ਪਰ ਇਸ ਘਟਨਾ ਨਾਲ ਇੱਕ ਹੋਰ ਗੱਲ ਸਾਹਮਣੇ ਆਉਂਦੀ ਹੈ। ਜੋ ਜਗਦੀਪ ਦਾ ਅੰਮ੍ਰਿਤਾ ਪ੍ਰੀਤਮ ਨਾਲੋਂ ਬਿਲਕੁਲ ਹੀ ਵੱਖਰੇਵਾਂ ਪ੍ਰਗਟ ਕਰਦੀ ਹੈ। ਜਿੱਥੇ ਕਹਾਣੀ ਵਿੱਚ ਆਲੋਚਕਾਂ ਨੂੰ ਜਗਦੀਪ ਵਿੱਚੋਂ ਮੁੱਖ ਤੌਰ ਤੇ ਅੰਮ੍ਰਿਤਾ ਪ੍ਰੀਤਮ ਲੱਗਦੀ ਹੈ ਉੱਥੇ ਇਹ ਘਟਨਾ ਇੱਕ ਨਿਖੇੜਾ ਵੀ ਕਰਦੀ ਹੈ। ਬਾਣੀਆ ਸ਼ਾਇਦ ਉਹਦੇ ਚਾਹਵਾਨਾਂ ਦਾ ਇੱਕ 'ਪੌੜੀ ਸਾਂਢੂ' ਤਾਂ ਹੋ ਸਕਦਾ ਸੀ ਪਰ ਏਨੀ ਨੇੜਤਾ ਤੇ ਨਿਕਟਤਾ ਦੇ ਯੋਗ ਹੋਣ ਦਾ ਭਾਗੀ ਕਦੀ ਵੀ ਨਹੀਂ ਸੀ ਬਣ ਸਕਿਆ। ਜਿਹੜਾ ਇਸ ਵਿੱਚ ਦਰਸਾਇਆ ਗਿਆ ਹੈ। ਕਹਾਣੀ ਦੀ ਲੋੜ ਕਰਕੇ ਉਹ ਏਥੇ ਰੂਪਮਾਨ ਹੋਇਆ ਲੱਗਦਾ ਹੈ। ਬਾਕੀ ਪਾਤਰਾਂ ਅਤੇ ਥਾਵਾਂ ਨਾਲ ਤਾਂ ਕਹਾਣੀ ਜ਼ਰੂਰ ਨੇੜੇ ਦੀ ਪੂਰਾ ਖਹਿ ਕੇ ਲੰਘਦੀ ਹੈ, ਪਰ ਨਾਵਲ ਦੀ ਵਿਲੱਖਣਤਾ ਵਿੱਚ ਇਸਤਰੀ ਦੇ ਹੱਕਾਂ ਦੇ ਦਾਅਵੇ ਤੇ ਸਮਾਜ ਦੀਆਂ ਵਲਗਣੀ ਰੇਖਾਵਾਂ ਦੀ ਤਣਾ-ਤਣੀ ਮੁੱਖ ਤੇ ਅਹਿਮ ਵਿਸ਼ਾ ਹਨ। ਕਿਉਂਕਿ ਅੰਮ੍ਰਿਤਾ ਇੱਕ ਸਮੇਂ ਪੰਜਾਬੀ ਸਾਹਿਤ ਰਸੀਆਂ ਵੱਲੋਂ ਇੱਕ ਗਹਿਗੱਚ ਤਰੀਕੇ ਨਾਲ ਪੜ੍ਹੀ ਜਾਂਦੀ ਰਹੀ ਹੈ। ਜਿਵੇਂ ਕਦੀ 'ਪ੍ਰੀਤ ਲੜੀ' ਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਪੜ੍ਹਿਆ ਜਾਂਦਾ ਰਿਹਾ ਹੈ। ਇਸ ਕਰਕੇ ਉਸ ਦਾ ਚਿਹਰਾ ਮੋਹਰਾ ਸਹਿਵਨ ਹੀ ਪਾਠਕਾਂ ਤੇ ਆਲੋਚਕਾਂ ਦੇ ਮਨਾਂ ਵਿੱਚ ਉਸ ਤੇ ਹੀ ਕੇਂਦਿਰਤ ਹੋ ਜਾਂਦਾ ਹੈ। ਇਸ ਪੱਖ ਤੋਂ ਜਿਵੇਂ ਅਜੋਕੇ ਸਮਾਜ ਵਿੱਚ ਦੇਸ਼ ਵਿਦੇਸ਼ ਦੀਆਂ ਹੱਦਾਂ ਤੋੜ ਸਮਲਿੰਗੀ ਸ਼ਾਦੀਆਂ ਦਾ ਚੱਕਰ ਸਹਿਮਤੀ ਟੱਪ ਹੁਣ ਕਨੂੰਨੀ ਪ੍ਰਵਾਨਗੀ ਲੈ ਚੁੱਕਿਆ ਹੈ। ਪਰ ਜਗਦੀਪ (ਨਾਰੀਅਤਾ ਦੀ ਆਜ਼ਾਦੀ) ਦੀ ਚਾਹਤ ਨੂੰ ਹਾਲੇ ਸਮਾਜਿਕ ਪ੍ਰਵਾਨਗੀ ਮਿਲਣੀ ਔਖੀ ਲੱਗਦੀ ਹੈ।
ਪਰ ਇੱਕ ਗੱਲ ਤਾਂ ਅਸੀਂ ਕਦੀ ਵੀ ਨਹੀਂ ਭੁੱਲ ਸਕਦੇ ਕਿ ਜਗਦੀਪ ਨਾਰੀ ਆਜ਼ਾਦੀ ਲਈ ਦੀਵਾਨਗੀ ਦੀਆਂ ਹੱਦਾਂ ਪਾਰ ਕਰ ਪ੍ਰਚਲਤ ਸਮਾਜਿਕ ਰੀਤਾਂ ਦੀ 'ਬੁੱਤ ਸਿ਼ਕਨ', 'ਬੁੱਤ ਤੋੜ' (ਆਈਕਨੋਕਲਾਸਟ) ਬਣਦੀ ਜ਼ਾਹਰ ਹੁੰਦੀ ਹੈ। ਜਿਸ ਕਰਕੇ ਸਾਹਿਤਕ ਤੇ ਸਮਾਜਿਕ ਦਾਇਰੇ ਵਿੱਚ ਲੋਕਾਂ ਦੀ ਨਿੰਦਾ ਤੇ ਸਾਹਸ ਦੇ ਮਿਲੇ ਜੁਲੇ ਚਰਚੇ ਛੇੜ ਦੇਂਦੀ ਹੈ। ਓਵੇਂ ਜਿਵੇਂ ਸੁਕਰਾਤ ਤੇ ਗਲੀਲੀਓ ਦੀਆਂ ਨਵੀਂਆਂ ਤਰਕਸ਼ੀਲ ਤੇ ਸੱਚੀਆਂ ਬਾਤਾਂ ਨੇ ਛੇੜੇ ਸਨ ਅਤੇ ਪ੍ਰਚਲਤ ਰੀਤਾਂ ਦਾ ਖੰਡਣ ਕੀਤਾ ਅਤੇ ਉਹ ਅੰਤਿਮ ਦਮ ਤੱਕ ਸੱਚ ਤੇ ਪਹਿਰਾ ਦਿੰਦੇ ਜ਼ਹਿਰ ਪਿਆਲੇ ਪੀ ਗਏ।
ਇੱਕ ਹੋਰ ਪੱਖ ਵੀ ਹੈ। ਜਗਦੀਪ ਦੀ ਕਲਮੀ ਪ੍ਰਤਿਭਾ ਤੇ ਬਚਪਨ ਤੋਂ ਹੀ ਇੱਕ ਓੜਕਾਂ ਦੀ ਕਾਦਰੀ ਮਿਹਰ ਲਿਸ਼ਕਣ ਲੱਗ ਪੈਂਦੀ ਹੈ। ਉਸ ਵਿੱਚ ਇੱਕ ਚੋਟੀ ਦੀ ਹਸਤੀ ਬਣਨ ਦੀ ਮ੍ਰਿਗ ਤ੍ਰਿਸ਼ਨਾ ਲਰਜ਼ਦੀ ਤੇ ਰੁਮਕਦੀ ਹੈ। ਉਹਦੇ ਬੋਲਾਂ, ਸ਼ਬਦਾਂ, ਸੁਰ ਲੈਅ ਚੋਂ ਚਸ਼ਮੇ ਵਾਂਗ ਫੁੱਟਦੀ ਹੈ। ਜਿਸ ਦਾ ਨਤੀਜਾ ਚੋਟੀ ਦੇ ਸਾਹਿਤਕ ਗਿਆਨ ਪੀਠ ਨਾਲ ਸਨਮਾਨਤ ਹੋ ਜਾਣ ਵਿੱਚ ਨਿਕਲਦਾ ਹੈ। ਪਰ ਉਹ ਹਾਲੀ ਵੀ ਅਤ੍ਰਿਪਤ ਹੈ। ਇੱਕ ਵੇਲੇ ਜਗਦੀਪ ਇੱਕ ਮਿਆਨ ਚ ਦੋ ਤਲਵਾਰਾਂ ਵੀ ਪਾਉਣ ਦਾ ਸੁਪਨਾ ਸਜੋਂਦੀ ਹੈ। ਸ਼ਾਇਰ ਤੇ ਨਵਰੰਗ ਦੋਹਾਂ ਦਾ ਸਾਥ ਮਾਨਣ ਦੀ ਉਮੰਗ ਬੀਜ ਲੈਂਦੀ ਹੈ। ਜਿਸ ਨੂੰ ਸ਼ਾਇਰ ਇੱਕੋ ਝਲਕ ਵਿੱਚ ਭਾਂਪ ਰਿਕਸ਼ੇ ਤੇ ਜਾ ਬੈਠਦੈ। ਇੱਕ ਤਰ੍ਹਾਂ ਨਾਲ ਉਹ ਹਰ ਤਰੀਕੇ ਪੂਰਨ ਨਿੱਜੀ ਆਜ਼ਾਦ ਉਡਾਰੀਆਂ ਦਾ ਛਲਾਵਾ ਸਿਰਜਦੀ ਹੈ। ਨਾਰੀਅਤਾ ਦੀਆਂ ਖੁੱਲ੍ਹੀਆਂ ਉਡਾਰੀਆਂ ਨਾਲ ਉਹ 'ਗੰਗਾਜਲੀ ਵਿਚ ਸ਼ਰਾਬ' ਦਾ ਪ੍ਰਤੀਕ ਵੀ ਲੱਗਦੀ ਹੈ। ਪਵਿੱਤਰ ਪਾਪਣ ਦੇ ਰਾਹ ਤੁਰਦੀ ਜਗਦੀਪ ਤਲਾਕ ਮੰਗਦੀ ਹੈ ਤੇ 'ਇੱਕ ਗੱਲ ਕਰਨੀ ਆ' ਦੀ ਸਥਿਤੀ ਚ ਅਲੱਗ ਥਲੱਗ ਰਹਿਣ ਦੇ ਰਾਹੇ ਤੁਰਦੀ ਹੈ। ਇਸ ਸਾਰੇ ਸਫਰ ਚੱਕਰ ਦੌਰਾਨ ਉਹ ਸਿਗਰਟ ਤੇ ਸ਼ਰਾਬ ਪੀਣੀ ਆਰੰਭ ਕਰ ਦਿੰਦੀ ਹੈ। ਇਸ ਤਰ੍ਹਾਂ ਉਹ ਸਮਾਜ ਦੀ ਨਿਗਾਹ ਚ ਕੁਰਾਹੇ ਪੈ ਜਾਂਦੀ ਹੈ। ਇੱਕ ਬੰਨ੍ਹੇ ਗੁਰਮੁਖ ਵਰਗੇ ਸਤਿਯੁਗੀ ਬੰਦੇ ਨੂੰ ਛਲਦੀ ਲੱਗਦੀ ਹੈ ਦੂਜੇ ਪਾਸੇ ਪੁਸ਼ਤ-ਦਰ-ਪੁਸ਼ਤ ਦੇ ਗੁਲੰਮ ਤੋਂ ਨਿਕਲ ਨਾਰੀਅਤਾ ਦੀ ਨਾਇਕਾ ਦਾ ਬਿੰਬ ਸਿਰਜਦੀ ਹੈ। ਇਸ ਸਾਰੇ ਵਰਤਾਰੇ ਚ ਉਸ ਦੀ ਅੰਤ੍ਰੀਵ ਲੋਚਾ ਨੇ ਸਾਹਿਤ ਅੰਬਰ ਦੀਆਂ ਟੀਸੀਆਂ ਤੇ ਪਹੁੰਚਣਾ ਧਾਰ ਲਿਆ ਹੋਇਆ ਹੈ। ਭਾਰਤੀ ਗਿਆਨ ਪੀਠ ਦਾ ਗਿਆਨ ਸ੍ਰੇਸ਼ਟ ਸਨਮਾਨ ਪ੍ਰਾਪਤ ਵੀ ਹੋ ਜਾਂਦਾ ਹੈ ਜਿਹੜਾ ਸਭ ਤੋਂ ਚੋਟੀ ਦਾ ਸਨਮਾਨ ਹੈ। ਪਰ ਫਿਰ ਵੀ ਅਤ੍ਰਿਪਤ ਰਹਿੰਦੀ ਹੈ। ਵੀਨਾ ਸਮਝਾਉਂਦੀ ਹੈ 'ਗਿਆਨ ਸ੍ਰੇਸ਼ਟ ਤੋਂ ਉਤੇ ਤਾਂ ਭਾਰਤੀ ਲੇਖਕ ਵਾਸਤੇ ਜਾਂ ਨੋਬੇਲ ਪ੍ਰਾਈਜ਼ ਹੈ ਜਾਂ ਰੱਬ ਦਾ ਨਾਂ'। ਇਸ ਚੱਕਰ ਚ ਤਾਂ 'ਇਸਤਰੀ ਦੀ ਰੂਹ', 'ਨਾਰੀਅਤਾ ਦੀ ਚੰਗਿਆੜੀ' ਇਹ ਜੀਵਨ ਆਮ ਸਮਾਜੀ ਬੰਦੇ ਨੂੰ ਤਾਂ ਸੂਲਾਂ ਦੀ ਸੇਜ ਜਾਪਦੈ ਪਰ ਜਗਦੀਪ ਸੂਲਾਂ ਦੇ ਕੰਢਿਆਂ ਤੋਂ ਬੇਪ੍ਰਵਾਹ ਤੁਰਦੀ ਤੇ ਆਪਣੀਆਂ ਤ੍ਰਿਸ਼ਨਾਵਾਂ ਨੂੰ ਸੰਤੁਸ਼ਟ ਕਰਨਾ ਲੋਚਦੀ ਹੈ। ਏਦਾਂ ਇੱਕ ਨਿਆਰੀ ਜਿਹੀ ਜੀਵਨ ਸ਼ੈਲੀ ਚਿੱਤਰਦੀ ਮਸਤ ਨਦੀ ਵਾਂਗ ਤੁਰੀ ਜਾਂਦੀ ਹੈ ... ਅਤੇ ਤੁਰ ਜਾਂਦੀ ਹੈ।
ਜਗਦੀਪ ਨਾਰੀਅਤਾ ਦੀਆਂ ਆਸ਼ਾਵਾਂ, ਤਾਂਘਾਂ ਦਾ ਬਿੰਬ ਬਣਾਈ ਗਈ ਇੱਕ ਕਾਲਪਨਿਕ ਨਾਇਕਾ ਜ਼ਰੂਰ ਹੈ, ਪਰ ਜੇ ਉਸ ਦੇ ਕੁਝ ਸ਼ਖ਼ਸੀ ਗੁਣ, ਤੱਥ ਅੰਮ੍ਰਿਤਾ ਪ੍ਰੀਤਮ ਨਾਲ ਮਿਲਾਏ ਜਾਣ ਤਾਂ ਉਹ ਅੰਮ੍ਰਿਤਾ ਪ੍ਰੀਤਮ ਕਿਵੇਂ ਹੋ ਗਈ? ਅੰਮ੍ਰਿਤਾ ਤਾਂ ਉਸ ਸਾਹਿਤਕ ਦੌਰ ਦੀ ਇੱਕ ਨਾਮਵਰ ਔਰਤ ਲੇਖਕਾ/ਕਵਿਤਰੀ ਸੀ। ਜਿਸ ਨੇ ਉੱਠਦੇ ਸਾਹਿਤਕਾਰਾਂ ਨੂੰ ਆਪਣੀ ਨਿੱਘੀ ਭਰੱਪਣੀ ਬੁੱਕਲ ਚ ਲਿਆ ਤੇ ਉੱਤਮ ਰਚਨਾਵਾਂ ਲਿੱਖਣ ਲਈ ਪਰੇਰਿਆ, ਉਤਸ਼ਾਹਤ ਕੀਤਾ ਤੇ ਆਪਣੇ ਸਹਿਤਕ ਗੁਲਦਸਤੇ ਚ ਸਜਣ ਲਈ ਥਾਂ ਦਿੱਤੀ। ਓਦੋਂ ਹੀ ਜਦੋਂ ਉਹ ਇਸ ਵਿੱਚ ਸਜਣ ਦੇ ਲਾਇਕ ਹੋ ਗਏ। ਇਸ ਨੂੰ ਉਹ ਆਪਣੀ ਇੱਕ ਅਹਿਮ ਪ੍ਰਾਪਤੀ ਮਹਿਸੂਸ ਕਰਦੇ ਸਨ ਤੇ ਹਨ। ਉਸ ਸਹਿਤਕ ਮਹੌਲ ਵਿੱਚ ਹੌਜ਼ ਖਾਸ ਚੋਂ 'ਕਾਲੇ ਤਿਲੀਅਰ', ਤੇ 'ਵੇਖ ਕਬੀਰਾ' ਦੇ ਪੰਛੀ ਉਡਦੇ ਤੇ ਰੋਹੀਆਂ ਦੇ ਪੀਲੂ ਭਾਲਦੇ ਫਿਰਦੇ। ਉਸ ਵੇਲੇ ਹੌਜ਼ ਖਾਸ ਸਹਿਤਕਾਰਾਂ ਦੀ ਸੂਚੀ ਵਿੱਚ ਦਿੱਲੀ ਦੀਆਂ ਹੋਰ ਮਾਰਮਿਕ ਵੇਖਣ ਵਾਲੀਆਂ ਥਾਵਾਂ ਵਿੱਚ ਸਭ ਤੋਂ ਉੱਤੇ ਲਿਖਿਆ ਹੁੰਦਾ। ਅੰਮ੍ਰਿਤਾ ਦੀ ਹੱਥ ਲਿਖਤ ਸੁਨੇਹੇਂ ਨੂੰ ਉਹ ਬਾਰ ਬਾਰ ਪੜ੍ਹਦੇ, ਮਿੱਤਰਾਂ ਸਨੇਹੀਆਂ ਨੂੰ ਵਿਖਾਉਂਦੇ ਫਿਰਦੇ ਅਤੇ ਰਾਤ ਸਰਹਾਣੇ ਹੇਠ ਰੱਖਕੇ ਸੌਂਦੇ। ਜਗਦੀਪ ਦੀ ਜੀਵਨ ਕਹਾਣੀ ਦਾ ਚੱਕਰ ਅੰਮ੍ਰਿਤਾ ਦੇ ਚੱਕਰ ਨਾਲ ਕਾਫੀ ਥਾਵਾਂ ਤੇ ਸਪਰਸ਼ ਕਰਦਾ ਹੈ ਪਰ ਇਸ ਨੂੰ ਨਿਰੋਲ ਉਸ ਦੀ ਕਹਾਣੀ ਸਮਝਣਾ ਉਸ ਦੀ ਬੁਲੰਦ ਸ਼ਖਸੀਅਤ ਨੂੰ ਛੁਟਿਆਉਣਾ ਜਾਪਦੈ। ਇੱਕ ਮਿਲਣ ਆਏ ਦੇ ਸਵਾਗਤ ਚ ਅੰਮ੍ਰਿਤਾ ਬੋਲੀ: 'ਕਿਹੜੇ ਪੱਤਣਾ ਤੋਂ ਜੋਗੀ ਆਣ ਲੱਥੇ, ਸਾਥੋਂ ਜਿੰਦ ਦੀ ਖੈਰ ਪਏ ਮੰਗਦੇ ਨੇ' ਅਤੇ ਸ਼ਾਹ ਹੁਸੈਨ ਦੀ ਮਜ਼ਾਰ ਦੇ ਮਜ਼ਾਵਰ/ਮਜੌਰ ਸੂਫੀ ਹਮਦ ਅਲੀ ਦਾ ਗਾਇਆ, ਅੰਮ੍ਰਿਤਾ ਦਾ ਲਿਖਿਆ ਗੀਤ: 'ਸਾਈਂ ਤੇਰੇ ਚਰਖ਼ੇ ਨੇ, ਅੱਜ ਕੱਤ ਲਿਆ ਕੱਤਣ ਵਾਲੀ ਨੂੰ।' ਇਹੋ ਜਿਹੀ ਪ੍ਰਤਿਭਾ ਵਾਲੀ ਲੇਖਕ ਨਾਲੋਂ ਜਗਦੀਪ ਕਾਫੀ ਵੱਖਰੀ ਲੱਗਦੀ ਹੈ।
ਸਭ ਨੂੰ ਪਤਾ ਹੈ ਕਿ ਹਰ ਨਾਇਕ/ਨਾਇਕਾ ਵਿੱਚ ਪਾਠਕਾਂ ਨੂੰ ਆਪਣੇ ਹੀ ਅੰਸ਼ ਨਜ਼ਰੀਂ ਪੈਂਦੇ ਹਨ। ਉਹ ਕਿਰਤ ਕੀ ਹੋਈ ਜਿਹੜੀ ਪਾਠਕ ਨੂੰ ਆਪਣੇ ਨਾ ਬਣਾ ਲਵੇ। ਲੇਖਕ ਸਮਰਪਣ ਤੋਂ ਹੀ ਇੱਕ ਫੁੱਲਝੜੀ ਵਰਗੀ ਕਾਵਿਕ ਸਤਰਾਂ ਨਾਲ ਹਰ ਪਾਠਕ ਦੀ ਨਬਜ਼ ਤੇ ਚੇਤਨਾ ਨੂੰ ਉਤੇਜਿਤ ਕਰਦਾ ਹੈ।
'ਮਹਿਫਲ ਦੇ ਉਸ ਪਿਆਸੇ ਦੇ ਨਾਂ
ਜੋ ਜਾਮ ਵਾਲਿਆਂ ਨੂੰ ਦੇਖ ਨਾ ਲਲਚਾਉਂਦਾ-ਡੋਲਦਾ ਹੈ
ਤੇ ਨਾ ਹੀ ਹੀਣ ਮਹਿਸੂਸ ਕਰਦਾ ਹੈ
ਸਗੋਂ ਸਵੈਮਾਣ ਨੂੰ ਬੁਲੰਦ ਰਖਦਾ ਹੈ।
ਜਿਸ ਤੋਂ ਜਾਪਦੈ ਕਿ ਉਹ ਕੋਈ ਛੋਟੀ ਮੋਟੀ ਸ਼ੈਅ ਪੇਸ਼ ਕਰਨ ਨਹੀਂ ਜਾ ਰਿਹੈ। ਉਸ ਦੀ ਸਾਹਿਤ ਦੀ ਹਰ ਵਿਧਾ ਦੀ ਮੁਹਾਰਤ ਤੋਂ ਇਲਾਵਾ ਵੱਖ ਵੱਖ ਭਾਸ਼ਾਵਾਂ ਤੇ ਵੀ ਚੰਗੀ ਪਕੜ ਹੈ। ਜੋ ਪੂਰੇ ਨਾਵਲ ਵਿੱਚ ਸ਼ਹਿਤ ਰਸ ਦਾ ਸੁਆਦ ਵੀ ਦਿੰਦੀ ਤੇ ਭਾਸ਼ਾਈ ਵੰਨ-ਸਵੰਨਤਾ ਵੀ।
ਮੇਰੀ ਰਾਏ ਵਿੱਚ ਨਾਵਲ ਵਿਲੱਖਣ, ਸਪੱਸ਼ਟ ਤੇ ਸਿਫਤਾਂ ਯੋਗ ਹੈ। ਗੁਰਬਚਨ ਭੁੱਲਰ ਕਾਫੀ ਸੋਚ ਵਿਚਾਰ ਪਿੱਛੋਂ ਇੱਕ ਵਿਲੱਖਣ ਜਿਹੀ ਸੂਲੀ ਤੇ ਚੜ੍ਹਿਆ ਹੈ। 'ਚੜ੍ਹ ਜਾ ਬੱਚਾ ਸੂਲ਼ੀ ਤੇ ਰਾਮ ਭਲੀ ਕਰੇਗਾ' ਵਾਂਗ ਗੁਰਬਚਨ ਭੁੱਲਰ ਆਪਣੀ ਪ੍ਰਤਿਭਾ, ਪਰਿਵਾਰ ਤੇ ਸਨੇਹੀਆਂ ਦੀ ਹਲਾਸ਼ੇਰੀ ਨਾਲ ਸਾਹਿਤ ਦੀ ਇੱਕ ਸੂਲੀ ਦੀ ਛਾਲ ਮਾਰਦਾ ਲਗਦੈ। ਉਸ ਨੇ ਕਿਸੇ ਇਨਾਮ-ਸ਼ਨਾਮ ਦੀ ਆਸ ਤੇ ਇਹ ਬਾਜ਼ੀਗਰੀ ਦੀ ਸੂਲੀ ਦੀ ਛਾਲ ਨਹੀਂ ਮਾਰੀ। ਉਸ ਨੇ ਤਾਂ ਅਜੋਕੇ ਦੌਰ ਦੀ ਨਾਰੀ ਤੇ ਸਮਾਜ ਦੀ ਆਪਸੀ ਖਿੱਚੋਤਾਣ, ਦੀ ਚਰਚਾ ਮਘਾਈ ਹੈ। ਜਗਦੀਪ ਤਾਂ ਆਪਣਾ ਜੀਵਨ ਨਾਰੀ ਆਜ਼ਾਦੀ ਦੇ ਲੇਖੇ ਲਾ ਇੱਕ ਅਹਿਮ ਜੰਗ ਛੇੜ ਗਈ ਹੈ ਜੋ ਅੱਜ-ਕੱਲ੍ਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਨਾਵਲ ਦਾ ਵਿਕਣਾ ਤੇ ਸਹਿਤਕ ਆਲੋਚਕਾਂ, ਪਾਠਕਾਂ ਦਰਮਿਆਨ ਚੱਲ ਰਹੀਆਂ ਚਰਚਾਵਾਂ ਦੱਸਦੀਆਂ ਹਨ ਅਧੁਨਿਕ ਨਾਰੀਅਤਾ ਦਾ ਸ਼ਕਤੀਕਰਨ ਤੇ ਸਮਾਜਿਕ ਬੰਦਸ਼ੀ ਰੇਖਾਵਾਂ ਨੂੰ ਇੱਕਸੁਰ ਕਰਨਾ ਜ਼ਰੂਰੀ ਹੈ। ਇਹ ਚੁਣੌਤੀ ਮੁੱਢ ਤੋਂ ਹੀ ਪੇਸ਼ ਆਉਂਦੀ ਰਹੀ ਹੈ ਅਤੇ ਹੁਣ ਵਧੇਰੇ ਹੀ ਤੀਬਰ ਹੋਈ ਜਾ ਰਹੀ ਹੈ। ਇਸ ਪੱਖੋਂ ਨਾਵਲ ਆਪਣੇ ਮਕਸਦ ਵਿੱਚ ਇੱਕ ਵੱਡੀ ਪੁਲਾਂਘ ਹੀ ਨਹੀਂ ਸਗੋਂ ਇੱਕ ਵੱਡੀ ਛਾਲ ਹੈ। ਪੇਸ਼ ਚਣੌਤੀਆਂ ਤੇ ਛਿੜੇ ਚਰਚੇ ਹੀ ਕੋਈ ਸਾਰਥਿਕ ਤੇ ਸੁਹਿਰਦ ਰਾਹ ਕੱਢਣਗੇ। ਭੁੱਲਰ ਦੇ ਇਸ਼ਕ ਦੇ "ਅਗਨੀ ਕਲਸ" ਵਾਲੇ ਇਨਾਮ ਪਿੱਛੋਂ ਪਤਾ ਨਹੀਂ ਨਾਵਲ ਵਾਲਾ ਵਿਆਹ ਕਿੰਨਾਂ ਕੁ ਸਫਲ ਹੁੰਦਾ ਹੈ? ਸਮਾਂ ਦੱਸੇਗਾ ਪਰ ਇੱਕ ਨਿਮਰ ਜਿਹੇ ਪਾਠਕ ਵੱਲੋਂ ਸਲਾਮ ਪੇਸ਼ ਹੈ। ਗੁਰਬਚਨ ਭੁੱਲਰ ਨੂੰ ਦਿਲੀ ਮੁਬਾਰਕਾਂ!
ਫੋਨ: 647-402-2170

-0-

Home  |  About us  |  Troubleshoot Font  |  Feedback  |  Contact us

2007-11 Seerat.ca, Canada

Website Designed by Gurdeep Singh +91 98157 21346 9815721346