Welcome to Seerat.ca
Welcome to Seerat.ca

ਵਿਦਵਤਾ ਦਾ ਦਰਿਆ ਡਾ. ਸਰਦਾਰਾ ਸਿੰਘ ਜੌਹਲ

 

- ਪ੍ਰਿਸੀਪਲ ਸਰਵਣ ਸਿੰਘ

ਜਿਸ ਧਜ ਸੇ ਕੋਈ ਮਕਤਲ ਮੇਂ ਗਇਆ

 

- ਵਰਿਆਮ ਸਿੰਘ ਸੰਧੂ

ਮੇਰਾ ਜਰਨੈਲ

 

- ਬਾਬਾ ਸੋਹਣ ਸਿੰਘ ਭਕਨਾ

ਰਣਚੰਡੀ ਦੇ ਪਰਮ ਭਗਤ - ਸ਼ਹੀਦ ਕਰਤਾਰ ਸਿੰਘ ਸਰਾਭਾ

 

- ਸ਼ਹੀਦ ਭਗਤ ਸਿੰਘ

ਨਾਵਲ ਅੰਸ਼ / ਘੁੰਮਣ-ਘੇਰੀ

 

- ਹਰਜੀਤ ਅਟਵਾਲ

ਮੁਰੱਬੇਬੰਦੀ ਵੇਲੇ ਦਾ ਸਰਪੰਚ

 

- ਬਲਵਿੰਦਰ ਗਰੇਵਾਲ

ਅਸੀਂ ਵੀ ਜੀਵਣ ਆਏ - ਕਿਸ਼ਤ ਚਾਰ / ਕੈਨੇਡਾ ਵਿੱਚ ਆਮਦ

 

-  ਕੁਲਵਿੰਦਰ ਖਹਿਰਾ

ਗੁਰੂ ਨਾਨਕ ਦੇਵ ਸਿੰਘ………? ਜਾਂ ਗੁਰੂ ਨਾਨਕ ਦੇਵ ਜੀ

 

- ਡਾ ਮਾਨ ਸਿੰਘ ਨਿਰੰਕਾਰੀ

ਢਾਹਵਾਂ ਦਿੱਲੀ ਦੇ ਕਿੰਗਰੇ

 

- ਹਰਨੇਕ ਸਿੰਘ ਘੜੂੰਆਂ

ਧਾਰਮਿਕ ਝੂਠ ਤੇ ਇਤਿਹਾਸ ਦਾ ਮਿਲਗੋਭਾ-ਅਜੋਕੇ ਇਤਿਹਾਸਕ ਸੀਰੀਅਲ

 

- ਜਸਵਿੰਦਰ ਸੰਧੂ, ਬਰੈਂਪਟਨ

ਮੇਰੀਆਂ ਪ੍ਰਧਾਨਗੀਆਂ

 

- ਗਿਆਨੀ ਸੰਤੋਖ ਸਿੰਘ

ਸਿਰਨਾਵਿਓਂ ਭਟਕੇ ਖਤਾਂ ਦੀ ਦਾਸਤਾਨ

 

- ਹਰਮੰਦਰ ਕੰਗ

ਦੋ ਛੰਦ-ਪਰਾਗੇ ਤੇ ਇਕ ਕਵਿਤਾ

 

- ਗੁਰਨਾਮ ਢਿੱਲੋਂ

ਤਿੰਨ ਕਵਿਤਾਵਾਂ

 

- ਰੁਪਿੰਦਰ ਸੰਧੂ

ਅਸਤਿਵਵਾਦੀ ਕਲਾ ਅਤੇ ਸਾਹਿਤ

 

- ਗੁਰਦੇਵ ਚੌਹਾਨ

'ਇਹੁ ਜਨਮੁ ਤੁਮਾਹਰੇ ਲੇਖੇ' ਦਾ ਲੇਖਾ ਜੋਖਾ ਕਰਦਿਆਂ

 

- ਪ੍ਰਿੰ. ਬਲਕਾਰ ਸਿੰਘ ਬਾਜਵਾ

ਚੁਰਾਸੀ-ਦਿੱਲੀ

 

- ਚਰਨਜੀਤ ਸਿੰਘ ਪੰਨੂ

ਡਾ: ਜਸਵੰਤ ਸਿੰਘ ਨੇਕੀ

 

- ਬਰਜਿੰਦਰ ਗੁਲਾਟੀ

ਧਨ ਹੋ ਤੁਸੀਂ ਪੰਛੀਓ

 

- ਬਾਜਵਾ ਸੁਖਵਿੰਦਰ

ਸ਼ਹੀਦੇ-ਏ-ਆਜ਼ਮ ਕਰਤਾਰ ਸਿੰਘ ਸਰਾਭਾ / ਜਿਸਦਾ ਬਚਪਨ ਵੀ ਇਨਕਲਾਬ ਨੂੰ ਸਮਰਪਤ ਸੀ

 

- ਬਾਬਾ ਸੋਹਣ ਸਿੰਘ ਭਕਨਾ

ਹੁੰਗਾਰੇ

 

Online Punjabi Magazine Seerat

ਨਾਵਲ ਅੰਸ਼
ਘੁੰਮਣ-ਘੇਰੀ
- ਹਰਜੀਤ ਅਟਵਾਲ

 

ਮਹਾਂਰਾਜਾ ਲੰਡਨ ਤੇ ਪੈਰਿਸ ਵਿਚ ਭਾਵੇਂ ਹਾਜ਼ਰ ਨਹੀਂ ਸੀ ਪਰ ਉਸ ਦੀਆਂ ਗੱਲਾਂ ਇਵੇਂ ਹੀ ਹੋ ਰਹੀਆਂ ਸਨ ਜਿਵੇਂ ਇਥੇ ਹੀ ਕਿਤੇ ਹੋਵੇ। ਉਸ ਦੀ ਚਰਚਾ ਦਾ ਵੱਡਾ ਕਾਰਨ ਤਾਂ ਉਸ ਦੀ ਆਇਰਸ਼ ਜਥੇਬੰਦੀ ਫੈਨੀਅਨ ਨਾਲ ਗੱਠ-ਜੋੜ ਸੀ। ਫੈਨੀਅਨ ਨੂੰ ਬਹੁਤ ਹੀ ਖਤਰਨਾਕ ਜਥੇਬੰਦੀ ਮੰਨਿਆਂ ਜਾਂਦਾ ਸੀ। ਉਸ ਨੇ ਲੰਡਨ ਵਿਚ ਕਈ ਬੰਬ ਚਲਾਏ ਸਨ, ਕਈ ਲੋਕ ਮਾਰੇ ਸਨ। ਉਹਨਾਂ ਦੀ ਦਹਿਸ਼ਤ ਚਾਰੇ ਪਾਸੇ ਛਾਈ ਹੋਈ ਸੀ। ਕੋਈ ਵੀ ਖਾਸ ਮੌਕਾ ਆਉਂਦਾ ਤਾਂ ਫੈਨੀਅਨ ਦੀ ਦਹਿਸ਼ਤ ਫੈਲਣ ਲਗਦੀ। ਮਹਾਂਰਾਜੇ ਦਾ ਇਸ ਜਥੇਬੰਦੀ ਨਾਲ ਜੁੜਨਾ ਬਹੁਤ ਘਾਤਕ ਸਿਧ ਹੋਣਾ ਸੀ। ਵੈਸੇ ਤਾਂ ਫੈਨੀਅਨ ਵਰਗੇ ਹੋਰ ਵੀ ਦਹਿਸ਼ਤਗਰਦ ਗਰੁੱਪ ਸਨ ਜਿਹੜੇ ਆਇਰਲੈਂਡ ਦੀ ਅਜ਼ਾਦੀ ਲਈ ਜਦੋਜਹਿਦ ਕਰ ਰਹੇ ਸਨ ਪਰ ਫੈਨੀਅਨ ਸਭ ਤੋਂ ਵੱਡਾ ਮੰਨਿਆਂ ਜਾਂਦਾ ਸੀ। ਮਿਸਟਰ ਮਾਈਕਲ ਫਲੈਨਰੀ ਨੇ ਮੌਰਨਿੰਗ ਐਡਵਰਟਾਈਜ਼ਰ ਨਾਲ ਇਕ ਮੁਲਾਕਾਤ ਵਿਚ ਮਹਾਂਰਾਜੇ ਦੇ ਆਪਣੇ ਨਾਲ ਹੋਣ ਦੀ ਗੱਲ ਕੀਤੀ ਤੇ ਕਿਹਾ ਕਿ ਉਹ ਇਕੱਠੇ ਹੀ ਅਫਗਾਨਿਸਤਾਨ ਦੀ ਸਰਹੱਦ ਤੇ ਜਾ ਕੇ ਲੜਨਗੇ। ਆਇਰਸ਼ ਹਾਰਪ ਵਾਲਾ ਹਰਾ ਝੰਡਾ ਤੇ ਖਾਲਸੇ ਦਾ ਪੀਲਾ ਝੰਡਾ ਇਕੱਠੇ ਲਹਿਰਾਉਣਗੇ। ਮਾਈਕਲ ਨੇ ਮਹਾਂਰਾਜੇ ਨੂੰ ਕਾਫੀ ਵੱਡਾ ਬਣਾ ਕੇ ਤੇ ਫੈਨੀਅਨ ਲਹਿਰ ਲਈ ਅਹਿਮ ਵਿਅਕਤੀ ਵਾਂਗ ਪੇਸ਼ ਕੀਤਾ ਜਿਸ ਨਾਲ ਲੰਡਨ ਵਿਚ ਮਹਾਂਰਾਜੇ ਨੂੰ ਹੋਰ ਵੀ ਟੇਡੀ ਨਜ਼ਰ ਨਾਲ ਦੇਖਿਆ ਜਾਣ ਲਗਿਆ। ਜਿਹੜੀ ਹਮਦਰਦੀ ਹੈ ਵੀ ਸੀ ਉਹ ਵੀ ਨਹੀਂ ਸੀ ਰਹੀ। ਮਹਾਂਰਾਜੇ ਦੇ ਦੋਸਤ ਸਮਝਦੇ ਸਨ ਕਿ ਉਸ ਦਾ ਉਲਾਰ ਸੁਭਾਅ ਉਸ ਨੂੰ ਇਸ ਪਾਸੇ ਲੈ ਤੁਰਿਆ ਸੀ ਨਹੀਂ ਤਾਂ ਮਹਾਂਰਾਜਾ ਕਦੇ ਵੀ ਦਹਿਸ਼ਤਗਰਦ ਨਹੀਂ ਹੋ ਸਕਦਾ।

ਇਹਨਾਂ ਦਿਨਾਂ ਵਿਚ ਹੀ ਪੈਟਰਿਕ ਕੈਸੀ ਨੇ ਵੀ ਇਕ ਬਿਆਨ ਦਾਗ ਦਿਤਾ ਜਿਸ ਵਿਚ ਉਸ ਨੇ ਬਹੁਤ ਜਲਦੀ ਲੰਡਨ ਦੇ ਅਹਿਮ ਟਿਕਾਣਿਆਂ ਉਪਰ ਹਮਲੇ ਕਰਨ ਦੀ ਧਮਕੀ ਦਿੰਦਿਆਂ ਆਖਿਆ ਕਿ ਮਹਾਂਰਾਜੇ ਨਾਲ ਉਸ ਦੇ ਬਹੁਤ ਹੀ ਨਜ਼ਦੀਕਲੇ ਸਬੰਧ ਸਨ। ਉਸ ਨੇ ਆਪਣੇ ਪਾਸਪੋਰਟ ਦੀ ਮਹਾਂਰਾਜੇ ਵਲੋਂ ਵਰਤੋਂ ਵਾਲੀ ਗੱਲ ਇਕ ਵਾਰ ਫਿਰ ਦੁਹਰਾਈ। ਫੈਨੀਅਨ ਜਥੇਬੰਦੀ ਵਲੋਂ ਬ੍ਰਤਾਨਵੀ ਸਰਕਾਰ ਨੂੰ ਬੇਅਰਾਮ ਕਰਨ ਵਾਲੇ ਬਿਆਨ ਪਹਿਲਾਂ ਵੀ ਆਉਂਦੇ ਰਹਿੰਦੇ ਸਨ ਤੇ ਹੁਣ ਮਹਾਂਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਆ ਰਹੀ ਸੀ ਇਸ ਲਈ ਅਜਿਹੇ ਬਿਆਨਾਂ ਦੀ ਉਡੀਕ ਹੀ ਸੀ ਪਰ ਮਹਾਂਰਾਜੇ ਦਾ ਨਾਂ ਇਸ ਨਾਲ ਜੁੜਨਾ ਸਥਿਤੀ ਵਿਚ ਨਵਾਂ ਮੋੜ ਸੀ। ਮਹਾਂਰਾਜੇ ਦੇ ਵੱਡੇ ਵੱਡੇ ਲੋਕਾਂ ਨਾਲ ਸਬੰਧ ਰਹੇ ਸਨ ਤੇ ਹਾਲੇ ਵੀ ਸਨ। ਫੈਨੀਅਨ ਮਹਾਂਰਾਜੇ ਦੀਆਂ ਇਹਨਾਂ ਕੜੀਆਂ ਨੂੰ ਵਰਤ ਸਕਦੀ ਸੀ। ਇਸ ਤਰ੍ਹਾਂ ਇਕੱਲਾ ਮਹਾਂਰਾਜਾ ਹੀ ਨਹੀਂ, ਉਸ ਪ੍ਰਤੀ ਵਫਾਦਾਰ ਹਰ ਸਿੱਖ ਜਾਂ ਪੰਜਾਬੀ ਉਪਰ ਵੀ ਸ਼ੱਕ ਕੀਤਾ ਜਾ ਸਕਦਾ ਸੀ। ਲੰਡਨ ਵਿਚ ਰਹਿੰਦੇ ਕੁਝ ਸਿੱਖਾਂ ਦੀ ਪੁਛਗਿਛ ਹੋਈ ਵੀ ਪਰ ਪੁਲੀਸ ਨੂੰ ਕੁਝ ਨਾ ਮਿਲਿਆ।
ਡਾਇਮੰਡ ਜੁਬਲੀ ਕੋਈ ਸਧਾਰਣ ਮੌਕਾ ਨਹੀਂ ਸੀ। ਸੱਠ ਸਾਲ ਲਗਾਤਾਰ ਰਾਜ ਕਰਨਾ ਆਮ ਰਾਜੇ-ਰਾਣੀ ਦੇ ਭਾਗਾਂ ਵਿਚ ਨਹੀਂ ਹੁੰਦਾ। ਇਸ ਖੁਸ਼ੀ ਦੇ ਸਮੇਂ ਤਰ੍ਹਾਂ-ਤਰ੍ਹਾਂ ਦੇ ਜਸ਼ਨ ਹੋਣੇ ਸਨ, ਧਾਰਮਿਕ ਰਸਮਾਂ ਵੀ ਪੂਰੀਆਂ ਹੋਣੀਆਂ ਸਨ। ਹੋਰ ਵੀ ਸ਼ਾਹੀ ਮਰਿਯਾਦਾਵਾਂ ਸਨ। ਦੇਸ਼-ਵਿਦੇਸ਼ ਤੋਂ ਸਰਕਾਰਾਂ ਦੇ ਮੁਖੀ ਆਉਣੇ ਸਨ। ਲੰਡਨ ਸ਼ਹਿਰ ਦੁਹਲਨ ਵਾਂਗ ਸਜਾਇਆ ਜਾ ਰਿਹਾ ਸੀ। ਇਸ ਜਸ਼ਨ ਦੀ ਤਿਆਰੀ ਲਈ ਅਲੱਗ ਮਹਿਕਮਾ ਬਣਾ ਦਿਤਾ ਗਿਆ ਸੀ ਜਿਹੜਾ ਕਿ ਕਈ ਸਾਲ ਤੋਂ ਆਪਣੇ ਕੰਮ ਵਿਚ ਲਗਿਆ ਹੋਇਆ ਸੀ। ਸਭ ਤੋਂ ਵੱਡੀ ਤਿਆਰੀ ਸੁਰੱਖਿਆ ਦੀ ਸੀ। ਪਹਿਲਾਂ ਤਾਂ ਫੈਨੀਅਨ ਤੋਂ ਹੀ ਖਤਰਾ ਸੀ ਪਰ ਹੁਣ ਮਹਾਂਰਾਜਾ ਇਕ ਨਵੀਂ ਮੁਸੀਬਤ ਬਣਿਆ ਪਿਆ ਸੀ। ਅੰਦਰਖਾਤੇ ਭਾਵੇਂ ਪੁਲੀਸ ਜਾਣਦੀ ਸੀ ਕਿ ਮਹਾਂਰਾਜਾ ਏਡੀ ਵੱਡੀ ਸ਼ੈਅ ਨਹੀਂ ਹੈ ਪਰ ਉਹ ਕਿਸੇ ਕਿਸਮ ਦੀ ਢਿੱਲ ਨਹੀਂ ਸੀ ਲੈਣਾ ਚਾਹੁੰਦੇ। ਮਹਾਂਰਾਜੇ ਦੇ ਵਿਰੋਧੀਆਂ ਨੂੰ ਗੱਲ ਕਰਨ ਦੇ ਮੌਕੇ ਮਿਲ ਰਹੇ ਸਨ।
ਗੋਲਡਨ ਜੁਬਲੀ ਸਮੇਂ ਬਹੁਤ ਸਾਰੇ ਲੋਕ ਹਿੰਦੁਸਤਾਨ ਤੋਂ ਵੀ ਆ ਰਹੇ ਸਨ। ਰਾਜਿਆਂ ਮਹਾਂਰਾਜਿਆਂ ਜਾਂ ਹੋਰ ਵਿਸ਼ੇਸ਼ ਵਿਅਕਤੀਆਂ ਤੋਂ ਬਿਨਾਂ ਮਹਾਂਰਾਣੀ ਸਿੱਖ ਫੌਜੀਆਂ ਨੂੰ ਵੀ ਸੱਦਣਾ ਚਾਹੁੰਦੀ ਸੀ ਜਿਹਨਾਂ ਨੇ 1857 ਦੇ ਗਦਰ ਵਿਚ ਬ੍ਰਤਾਨੀਆਂ ਦਾ ਰਾਜ ਬਚਾਇਆ ਸੀ। ਸਗੋਂ ਮਹਾਂਰਾਣੀ ਉਹਨਾਂ ਦਾ ਤਾਂ ਵਿਸ਼ੇਸ਼ ਸਵਾਗਤ ਕਰਨਾ ਚਾਹੁੰਦੀ ਸੀ ਪਰ ਹੁਣ ਮਹਾਂਰਾਜੇ ਵਾਲੇ ਨਾਟਕ ਨੇ ਅਜੀਬ ਜਿਹੀ ਸਥਿਤੀ ਪੈਦਾ ਕਰ ਦਿਤੀ। ਮਹਾਂਰਾਣੀ ਵਿਕਟੋਰੀਆ ਇਸ ਮੌਕੇ ‘ਤੇ ਮਹਾਂਰਾਜੇ ਦੀ ਪਤਨੀ ਮਹਾਂਰਾਣੀ ਬਾਂਬਾ ਨੂੰ ਵੀ ਸੱਦਣਾ ਚਾਹੁੰਦੀ ਸੀ ਪਰ ਅਖਬਾਰਾਂ ਵਾਲਿਆਂ ਲਿਖਣਾ ਸ਼ੁਰੂ ਕਰ ਦਿਤਾ ਕਿ ਹੋ ਸਕਦਾ ਹੈ ਕਿ ਮਹਾਂਰਾਜਾ ਉਸ ਰਾਹੀਂ ਹੀ ਬੰਬ ਭੇਜ ਦੇਵੇ। ਇਸ ਗੱਲ ਨੂੰ ਲੈ ਕੇ ਕਾਰਟੂਨ ਵੀ ਬਣ ਰਹੇ ਸਨ ਤੇ ਹਾਸਾ ਮਜ਼ਾਕ ਵੀ ਹੋ ਰਿਹਾ ਸੀ ਤੇ ਕੁਝ ਲੋਕ ਇਸ ਤੇ ਯਕੀਨ ਵੀ ਕਰ ਰਹੇ ਸਨ।
ਪੈਰਿਸ ਦੀ ਰੇਨੌਲਡਜ਼ ਬਾਰ ਜਿਹੜੀ ਕਿ ਆਇਰਸ਼ ਬੰਬਾਰਾਂ ਦਾ ਅੱਡਾ ਸੀ, ਉਥੇ ਵੱਡੀ ਨਜ਼ਰ ਰੱਖੀ ਜਾ ਰਹੀ ਸੀ। ਖ਼ਬਰ ਆ ਰਹੀ ਸੀ ਕਿ ਮਹਾਂਰਾਣੀ ਵਿਕਟੋਰੀਆ ਨੂੰ ਮਾਰਨ ਲਈ ਤਿਆਰੀ ਹੋ ਚੁੱਕੀ ਹੈ। ਪਹਿਲੀ ਜੂਨ ਨੂੰ ਪੈਰਿਸ ਵਿਚਲੇ ਇੰਗਲੈਂਡ ਦੇ ਰਾਜਦੂਤ ਲੌਰਡ ਲਾਇਨਜ਼ ਕੋਲ ਆਇਰਸ਼ ਜਨਰਲ ਮਿਲੇਨ ਤੇ ਜਨਰਲ ਮੈਕਾਡਰੈਸ ਉਪਰ ਵਿਸ਼ੇਸ਼ ਨਿਗਾਹ ਰੱਖਣ ਦੇ ਹੁਕਮ ਆ ਗਏ। ਬ੍ਰਤਾਨਵੀ ਏਜੰਸੀਆਂ ਇਹਨਾਂ ਦੋਨਾਂ ਦਾ ਵਿਸ਼ੇਸ਼ ਧਿਆਨ ਰੱਖ ਰਹੀਆਂ ਸਨ। ਦੋਨੇ ਹੀ ਖਤਰਨਾਕ ਅੱਤਵਾਦੀ ਸਨ। ਫੈਨੀਅਨ ਬਰੱਦਰਹੁੱਡ ਦਾ ਖਾਸ ਮੈਂਬਰ ਜਨਰਲ ਜੈਵਿਸ ਵਲ ਵੀ ਖਾਸ ਨਿਗਾਹ ਸੀ। ਇਕ ਹੋਰ ਆਇਰਸ਼ ਜਥੇਬੰਦੀ ਕਲੈਨ-ਨਾ-ਗੇਲ ਦੇ ਮੈਂਬਰ ਵੀ ਏਨੇ ਹੀ ਖਤਰਨਾਕ ਸਨ। ਜੇਮਜ਼ ਮੌਨਰੋ ਨਾਂ ਦਾ ਇਕ ਪੁਲੀਸ ਅਧਿਕਾਰੀ ਇਸੇ ਸਿਲਸਿਲੇ ਵਿਚ ਲੰਡਨ ਤੋਂ ਪੈਰਿਸ ਆਇਆ ਬੈਠਾ ਸੀ। ਮਹਾਂਰਾਣੀ ਵਿਕਟੋਰੀਆ ਦੀ ਗੋਲਡਨ ਜੁਬਲੀ ਦੇ ਮੌਕੇ ਤੇ ਖਲਲ ਕਰਨ ਵਾਲਾ ਇਕ ਗੈਂਗ ਫੜਿਆ ਵੀ ਗਿਆ ਤੇ ਬਾਅਦ ਵਿਚ ਫੜੇ ਗਏ ਲੋਕਾਂ ਨੂੰ ਪੰਦਰਾਂ ਪੰਦਰਾਂ ਸਾਲ ਦੀ ਸਜ਼ਾ ਸੁਣਾਈ ਗਈ। ਬ੍ਰਤਾਨਵੀ ਪੁਲੀਸ ਦੀ ਸਭ ਤੋਂ ਅਜੀਬ ਗੱਲ ਇਹ ਸੀ ਕਿ ਆਇਲੈਂਡ ਦੀ ਅਜ਼ਾਦੀ ਦੀ ਲਹਿਰ ਵਿਚ ਕੁੱਦੇ ਹੋਏ ਕਈ ਜਾਂਬਾਜ਼ਾਂ ਨੂੰ ਸ਼ਾਹੀ ਖਜ਼ਾਨੇ ਵਿਚੋਂ ਤਨਖਾਹਾਂ ਜਾਂਦੀਆਂ ਸਨ। ਉਹ ਡਬਲ-ਏਜੰਟ ਬਣੇ ਹੋਏ ਸਨ। ਜਨਰਲ ਮਿਲੇਨ ਜੋ ਰਾਣੀ ਨੂੰ ਮਾਰਨ ਦੀ ਸਾਜਿ਼ਸ਼ ਭਗੋੜਾ ਸੀ, ਬ੍ਰਤਾਨਵੀ ਸਰਕਾਰ ਲਈ ਵੀ ਕੰਮ ਕਰ ਰਿਹਾ ਸੀ। ਇਵੇਂ ਹੀ ਜਨਰਲ ਟੈਵਿਸ ਵੀ ਜਨਰਲ ਜੈਵਿਸ ਦੇ ਨਾਂ ‘ਤੇ ਫੈਨੀਅਨ ਵਿਚ ਰਲਿਆ ਹੋਇਆ ਸੀ। ਬ੍ਰਤਾਨਵੀ ਸੁਰੱਖਿਆ ਵਿਭਾਗ ਨੇ ਚਾਰੇ ਪਾਸੇ ਹੀ ਆਪਣੇ ਬੰਦੇ ਤਾਇਨਾਤ ਕੀਤੇ ਹੋਏ ਸਨ ਤੇ ਨਾਲ ਹੀ ਉਹਨਾਂ ਤੋਂ ਖਤਰੇ ਦਾ ਰੌਲ਼ਾ ਵੀ ਪਾਈ ਜਾ ਰਹੀ ਸੀ।
ਮਹਾਂਰਾਣੀ ਦੀ ਤਾਜ਼ਪੋਸ਼ੀ ਦੀ ਗੋਲਡਨ ਜੁਬਲੀ ਦਾ ਦਿਨ ਆ ਗਿਆ। ਇਕ ਰਾਤ ਪਹਿਲਾਂ ਵੈਸਟਮਿਨਿਸਰ ਐਬੇ ਵਿਚ ‘ਧੰਨਵਾਦ ਕਰਨ’ ਦੀ ਰਸਮ ਅਦਾ ਹੋਣੀ ਸੀ। ਬਹੁਤ ਸਾਰੇ ਲੋਕ ਸੱਦੇ ਹੋਏ ਸਨ। ਵੈਸਮਿਨਿਸਟਰ ਐਬੇ ਦੇ ਹਾਲ ਦੀ ਪੂਰੀ ਤਲਾਸ਼ੀ ਲਈ ਗਈ। ਚਾਰੇ ਪਾਸੇ ਪੁਲੀਸ ਦਾ ਸਖਤ ਪਹਿਰਾ ਸੀ। ਜਸੂਸਾਂ ਨੇ ਫੈਨੀਅਨਾਂ ਦੇ ਇਰਾਦੇ ਫੇਹਲ ਕਰਨ ਲਈ ਬਹੁਤ ਵੱਡਾ ਜਾਲ ਵਿਛਾਇਆ ਹੋਇਆ ਸੀ। ਸਥਿਤੀ ਬਹੁਤ ਤਣਾਵ ਪੂਰਨ ਸੀ। ਅਫਸਰ ਲੋਕਾਂ ਦੀਆਂ ਭਵਾਂ ਤਣੀਆਂ ਪਈਆਂ ਸਨ। ਇਕ ਖ਼ਬਰ ਆਈ ਕਿ ਵੈਸਟਮਿਨਿਸਟਰ ਐਬੇ ਵਿਚ ਕੰਮ ਕਰਦੇ ਕੁਝ ਕਲਰਕਾਂ ਨੇ ਹਾਲ ਦੀਆਂ ਟਿਕਟਾਂ ਵਿਕਰੀ ‘ਤੇ ਲਾ ਦਿਤੀਆਂ ਹਨ। ਇਸ ਗੱਲ ‘ਤੇ ਸਭ ਦੇ ਕੰਨ ਖੜੇ ਹੋ ਗਏ। ਇਵੇਂ ਟਿਕਟਾਂ ਵੇਚਣ ਦਾ ਮਤਲਵ ਸੀ ਕਿ ਅੱਤਵਾਦੀਆਂ ਨੂੰ ਖੁਲ੍ਹਾ ਸੱਦਾ। ਪੁਲੀਸ ਨੇ ਇਕਦਮ ਅਜਿਹੇ ਕਲਰਕਾਂ ਨੂੰ ਫੜ ਲਿਆ ਤੇ ਟਿਕਟ ਜ਼ਬਤ ਕਰ ਲਏ ਗਏ। ਮਹਾਂਰਾਣੀ ਬਾਂਬਾ ਨੂੰ ਵਿਸ਼ੇਸ਼ ਸੱਦਾ ਭੇਜਿਆ ਗਿਆ। ਉਸ ਦੀ ਸੀਟ ਵੀ ਰਾਖਵੀਂ ਰੱਖੀ ਗਈ ਪਰ ਉਸ ਦੀ ਸੀਟ ਵਲ ਗੁਪਤਚਰਾਂ ਦਾ ਖਾਸ ਧਿਆਨ ਸੀ ਪਰ ਉਸ ਦੀ ਸੀਟ ਖਾਲੀ ਸੀ। ਮੈਟਰੋਪੌਲੀਟਨ ਕਮਿਸ਼ਨਰ ਤੇ ਹੋਮ ਸੈਕਟਰੀ ਦੇ ਸਾਹ ਰੁਕੇ ਹੋਏ ਸਨ। ਸਾਰੀ ਕਾਰਵਾਈ ਖੁਸ਼ੀ-ਖੁਸ਼ੀ ਸਿਰੇ ਚੜ ਗਈ। ਮਹਾਂਰਾਣੀ ਵਿਕਟੋਰੀਆ ਨੇ ਆਪਣੀ ਬੱਘੀ ਵਿਚ ਬੈਠ ਕੇ ਜਲੂਸ ਦੇ ਰੂਪ ਵਿਚ ਲੰਡਨ ਦਾ ਗੇੜਾ ਲਾਇਆ ਜੋ ਕਿ ਸੁਖ-ਸਬੀਲੀ ਨਾਲ ਪੂਰਾ ਹੋ ਗਿਆ। ਫੈਨੀਅਨ ਵਲੋਂ ਦਿਤੀਆਂ ਸਾਰੀਆਂ ਧਮਕੀਆਂ ਫੋਕੀਆਂ ਸਿੱਧ ਹੋਈਆਂ ਪਰ ਪੁਲੀਸ ਆਪਣੀਆਂ ਵਡਿਆਈਆਂ ਮਾਰਦੀ ਕਹਿ ਰਹੀ ਸੀ ਕਿ ਉਹਨਾਂ ਨੇ ਇਹਨਾਂ ਅੱਤਵਾਦੀਆਂ ਦੀਆਂ ਸਾਰੀਆਂ ਤਿਆਰੀਆਂ ਫੇਹਲ ਕਰ ਦਿਤੀਆਂ ਸਨ।
ਹਿੰਦੁਸਤਾਨ ਤੋਂ ਮਹਿਮਾਨ ਵੀ ਆਏ। ਕੱਛ ਦੇ ਰਾਜਿਆਂ ਦੀ ਮਹਾਂਰਾਣੀ ਵਲੋਂ ਖਾਸ ਤਰੀਫ ਹੋਈ। ਉਹਨਾਂ ਦਾ ਪਹਿਰਾਵਾ ਸਾਰੇ ਜਸ਼ਨ ਵਿਚੋਂ ਸਭ ਤੋਂ ਵਧੀਆ ਕਿਹਾ ਗਿਆ। ਸਾਰੇ ਪਾਸੇ ਖੁਸ਼ੀਆਂ ਸਨ। ਇਸ ਜਸ਼ਨ ਵਿਚੋਂ ਜੇ ਕਿਸੇ ਦੇ ਹੱਥ ਨਿਰਾਸ਼ਾ ਲੱਗੀ ਤਾਂ ਉਹ ਸੀ ਮਹਾਂਰਾਣੀ ਬਾਂਬਾ। ਪਹਿਲਾਂ ਤਾਂ ਉਸ ਦਾ ਮਨ ਹੀ ਨਹੀਂ ਸੀ ਇਸ ਖੁਸ਼ੀ ਦੇ ਮੌਕੇ ‘ਤੇ ਜਾਣ ਦਾ। ਭਾਵੇਂ ਕਿ ਇਸ ਸਮੇਂ ਪੁੱਜਣ ਦਾ ਸੱਦਾ ਉਸ ਦੇ ਕੋਲ ਸੀ ਤੇ ਉਸ ਦੀ ਸੀਟ ਵੀ ਖਾਲੀ ਪਈ ਹੋਈ ਸੀ। ਉਸ ਦੀ ਸਿਹਤ ਵੀ ਬਹੁਤੀ ਠੀਕ ਨਹੀਂ ਸੀ ਪਰ ਉਸ ਦੇ ਨੇੜੇ ਦੇ ਲੋਕ, ਖਾਸ ਤੌਰ ਤੇ ਮਹਾਂਰਾਜੇ ਦੇ ਦੋਸਤ, ਇਥੋਂ ਤਕ ਕਿ ਉਸ ਦੇ ਆਪਣੇ ਬੱਚੇ ਵੀ ਉਸ ਨੂੰ ਇਸ ਮੌਕੇ ਤੇ ਹਾਜ਼ਰ ਹੋਣ ਲਈ ਜ਼ੋਰ ਪਾਉਣ ਲਗੇ। ਮਹਾਂਰਾਣੀ ਬਾਂਬਾ ਸ਼ਾਹੀਆਨਾ ਅੰਦਾਜ਼ ਵਿਚ ਪੂਰੀ ਤਿਆਰ ਹੋ ਕੇ ਵੈਸਟਮਿਨਿਸਟਰ ਐਬੇ ਪੁੱਜ ਗਈ। ਜਦ ਉਹ ਗਈ ਉਸ ਨੇ ਦੇਖਿਆ ਕਿ ਉਸ ਦੀ ਸੀਟ ਕਿਸੇ ਹੋਰ ਔਰਤ ਨੇ ਮੱਲ ਲਈ ਹੈ। ਬੰਬਾਂ ਨੇ ਉਸ ਔਰਤ ਨੂੰ ਸੀਟ ਛੱਡਣ ਲਈ ਕਿਹਾ ਤਾਂ ਉਹ ਔਰਤ ਬੋਲੀ,
“ਤੇਰਾ ਪਤੀ ਇਕ ਚੋਰ ਏ ਤੇ ਤੈਨੂੰ ਇਕ ਚੋਰ ਦੀ ਬੀਵੀ ਨੂੰ ਇਸ ਪਵਿਤਰ ਜਗਾਹ ਕਿਵੇਂ ਆ ਲੈਣ ਦਿਤਾ ਗਿਆ?”
ਮਹਾਂਰਾਣੀ ਬਾਂਬਾ ਉਹਨੀਂ ਪੈਰੀਂ ਹੀ ਵਾਪਸ ਮੁੜ ਆਈ। ਅਜਿਹੀਆਂ ਗੱਲਾਂ ਤਾਂ ਉਹ ਪਹਿਲਾਂ ਵੀ ਸੁਣਦੀ ਰਹਿੰਦੀ ਸੀ ਪਰ ਉਸ ਦਿਨ ਵਾਲੇ ਤਾਅਨੇ ਨੇ ਉਸ ਦੀ ਮਾਨਸਿਕਤਾ ਉਪਰ ਬਹੁਤ ਬੁਰਾ ਅਸਰ ਕੀਤਾ। ਉਸ ਦਿਨ ਤੋਂ ਬਾਅਦ ਕਿਸੇ ਨੇ ਉਸ ਨੂੰ ਆਮ ਲੋਕਾਂ ਵਿਚ ਵਿਚਰਦੇ ਨਹੀਂ ਦੇਖਿਆ।...
ਮਹਾਂਰਾਜਾ ਡਾਇਮੰਡ ਜੁਬਲੀ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਪੜਦਾ ਰਹਿੰਦਾ ਸੀ। ਇਸ ਮੌਕੇ ਨੂੰ ਮਾਸਕੋ ਦੀਆਂ ਅਖ਼ਬਾਰਾਂ ਵੀ ਖੂਬ ਮਸਾਲਾ ਲਾ ਕੇ ਪੇਸ਼ ਕਰ ਰਹੀਆਂ ਸਨ। ਉਹ ਕਈ ਵਾਰ ਇਸ ਮੌਕੇ ਨੂੰ ਮਨ ਹੀ ਮਨ ਚਿਤਵਣ ਲਗਦਾ। ਜੇ ਸਭ ਠੀਕ ਹੁੰਦਾ ਤਾਂ ਉਹ ਵੀ ਇਸ ਜਸ਼ਨ ਦਾ ਇਕ ਹਿੱਸਾ ਹੁੰਦਾ। ਪੂਰੇ ਸ਼ਾਹੀ ਠਾਠ ਨਾਲ ਇਵੇਂ ਤਿਆਰ ਹੁੰਦਾ ਕਿ ਮਹਾਂਰਾਣੀ ਵਿਕਟੋਰੀਆ ਨਾਲੋਂ ਲੋਕ ਉਸ ਵਲ ਜਿ਼ਆਦਾ ਦੇਖਦੇ। ਪਰ ਉਹ ਤਾਂ ਹੁਣ ਮਾਸਕੋ ਵਿਚ ਫਸਿਆ ਬੈਠਾ ਸੀ। ਇਥੇ ਬੈਠ ਕੇ ਵੀ ਉਸ ਨੂੰ ਪੂਰੀ ਤਸੱਲੀ ਹੁੰਦੀ ਜੇ ਉਸ ਦੇ ਮਨਸੂਬੇ ਸਿਰੇ ਚੜ ਗਏ ਹੁੰਦੇ ਜਾਂ ਸਿਰੇ ਚੜ੍ਹ ਰਹੇ ਹੁੰਦੇ। ਇਸ ਵਕਤ ਉਸ ਨੂੰ ਨਿਰਾਸ਼ਾ ਬਿਨਾਂ ਕੁਝ ਨਹੀਂ ਸੀ ਦਿਸ ਰਿਹਾ। ਜ਼ਾਰ ਨਾਲ ਮੁਲਾਕਾਤ ਤਾਂ ਦੂਰ ਦੀ ਗੱਲ ਸੀ, ਕੈਟਕੌਫ ਵੀ ਮੁੜ ਕੇ ਨਹੀਂ ਸੀ ਬਹੁੜਿਆ। ਉਹ ਇਕੱਲਾ ਇਸ ਛੋਟੀ ਜਿਹੀ ਜਗਾਹ ‘ਤੇ ਰਹਿ ਰਿਹਾ ਸੀ, ਜਿਵੇਂ ਇਕ ਤਰ੍ਹਾਂ ਨਾਲ ਦਿਨ ਕਟੀ ਹੀ ਕਰ ਰਿਹਾ ਸੀ। ਕੈਟਕੌਫ ਨੂੰ ਉਹ ਉਡੀਕ ਰਿਹਾ ਸੀ ਪਰ ਉਸ ਨੂੰ ਪਤਾ ਹੀ ਨਹੀਂ ਸੀ ਕਿ ਕੈਟਕੌਫ ਤਾਂ ਮੌਤ ਦੇ ਮੰਜੇ ‘ਤੇ ਪਿਆ ਸੀ।
ਕੈਟਕੌਫ ਨੇ ਬਹੁਤ ਵਧੀਆ ਤੇ ਇੱਜ਼ਤਦਾਰ ਜਿ਼ੰਦਗੀ ਦੇਖੀ ਹੋਈ ਸੀ। ਮਾਸਕੋ ਗਜ਼ਟ ਦਾ ਐਡੀਟਰ ਹੁੰਦੇ ਹੋਏ ਸਰਕਾਰੇ-ਦਰਬਾਰੇ ਮਰਜ਼ੀਆਂ ਕੀਤੀਆਂ ਹੋਈਆਂ ਸਨ, ਵਿਰੋਧੀਆਂ ਨੂੰ ਬਿਲਕੁਲ ਥੱਲੇ ਲਾ ਕੇ ਰੱਖ ਛੱਡਿਆ ਸੀ ਪਰ ਉਹ ਸਿਆਸਤ ਦਾ ਵੱਡਾ ਖਿਡਾਰੀ ਨਹੀਂ ਸੀ ਜਿੱਡਾ ਵੱਡਾ ਡੇ-ਗਾਇਰ ਸੀ। ਡੇ-ਗਾਇਰ ਦੀ ਜੁੰਡਲੀ ਨੇ ਝੂਠੀ ਚਿੱਠੀ ਲਿਖ ਕੇ ਜ਼ਾਰ ਦੇ ਸਿਆਸੀ ਖੈਮੇ ਵਿਚ ਕੈਟਕੌਫ ਦੇ ਖਿਲਾਫ ਜੰਗ ਜਿੱਤ ਲਈ ਸੀ। ਕੈਟਕੌਫ ਇਕ ਵਾਰ ਇਹ ਵੀ ਨਹੀਂ ਸੀ ਕਹਿ ਸਕਿਆ ਕਿ ਇਹ ਖਤ ਝੂਠਾ ਹੈ, ਇਹ ਦਸਤਖਤ ਉਸ ਦੇ ਨਹੀਂ ਹਨ। ਉਹ ਸਿਧਾ ਹੀ ਆਪਣੇ ਦੋਸਤ ਜਨਰਲ ਬੌਗਡੈਨੋਵਿਚ ਨੂੰ ਬਚਾਉਣ ਦੇ ਯਤਨਾਂ ਵਿਚ ਪੈ ਗਿਆ। ਜਨਰਲ ਬੌਗਡੈਨੋਵਿਚ ਨੇ ਉਸ ਦੇ ਕਹਿਣ ‘ਤੇ ਮਹਾਂਰਾਜੇ ਨੂੰ ਬਿਨਾਂ ਪਾਸਪੋਰਟ ਤੋਂ ਬਾਰਡਰ ਪਾਰ ਕਰਾਇਆ ਸੀ। ਤੇ ਬਾਰਡਰ ਵੀ ਮਸ਼ਹੂਰ ਬੰਬਾਰ ਪੈਟਰਿਕ ਕੈਸੀ ਦੇ ਨਾਂ ‘ਤੇ ਕਰਾਇਆ ਸੀ। ਕੈਟਕੌਫ ਨੇ ਆਪਣੇ ਦੋਸਤ ਦੀ ਖਾਤਰ ਜ਼ਾਰ ਮੁਹਰੇ ਗੋਡੇ ਟੇਕ ਦਿਤੇ ਸਨ। ਜ਼ਾਰ ਨੇ ਮੁਆਫ ਵੀ ਕਰ ਦਿਤਾ ਸੀ ਪਰ ਕੈਟਕੌਫ ਇਸ ਗੱਲ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਿਆ ਤੇ ਮੌਤ ਦੇ ਬਿਸਤਰ ਤਕ ਪੁੱਜ ਗਿਆ ਸੀ। ਮਾਸਕੋ ਤੋਂ ਬਾਰਾਂ ਮੀਲ ਬਾਹਰ ਇਕ ਇਸਟੇਟ ਵਿਚ ਉਹ ਆਣ ਪਿਆ ਸੀ ਜਿਵੇਂ ਕੋਈ ਜਾਨਵਰ ਆਪਣੇ ਆਖਰੀ ਸਮੇਂ ਕਿਸੇ ਘੁਰਨੇ ਵਿਚ ਜਾ ਵੜਦੇ ਹੈ। ਉਹ ਮਾਨਸਿਕ ਪਰੇਸ਼ਾਨੀ ਵਿਚ ਇਵੇਂ ਫਸਿਆ ਕਿ ਉਸ ਦੇ ਖੂਨ ਦਾ ਦਬਾਅ ਬਹੁਤ ਵਧ ਗਿਆ ਤੇ ਜਿਸ ਦੇ ਫਲਸਰੂਪ 13 ਜੁਲਾਈ ਨੂੰ ਉਸ ਨੂੰ ਅਧਰੰਗ ਦਾ ਦੌਰਾ ਪੈ ਗਿਆ। ਅਧਰੰਗ ਦੇ ਇਸ ਹਮਲੇ ਵਿਚ ਉਸ ਦਾ ਸੱਜਾ ਪਾਸਾ ਜਾਂਦਾ ਰਿਹਾ। ਬੋਲਣੋਂ ਵੀ ਆਰੀ ਹੋ ਗਿਆ। ਉਹ ਵੱਡਾ ਆਦਮੀ ਸੀ ਤੇ ਵੱਡੇ ਵੱਡੇ ਡਾਕਟਰ ਵੀ ਇਕੱਠੇ ਹੋ ਗਏ। ਮਾਸਕੋ ਯੂਨੀਵਰਸਟੀ ਤੋਂ ਪ੍ਰੋਫੈਸਰ ਐਲਟਸੈਂਸਕੀ ਤੇ ਨੌਵਟਸਕੀ ਪੁੱਜ ਗਏ, ਸੇਂਟ ਪੀਟਰਜ਼ਬਰਗ ਤੋਂ ਡਾਕਟਰ ਬਰਟੈਨਸਨ ਤੇ ਪੈਰਿਸ ਤੋਂ ਡਾਕਟਰ ਪੋਟੇਨ ਵੀ ਪਰ ਕੋਈ ਕੁਝ ਨਾ ਕਰ ਸਕਿਆ। ਇਸ ਖ਼ਬਰ ਨੂੰ ਬਹੁਤ ਹੀ ਭੇਦ ਵਿਚ ਰੱਖਿਆ ਗਿਆ। ਕਿਸੇ ਅਖ਼ਬਾਰ, ਕਿਸੇ ਸਰਕਾਰੀ ਅਫਸਰ ਨੂੰ ਇਸ ਬਾਰੇ ਨਹੀਂ ਸੀ ਪਤਾ ਫਿਰ ਮਹਾਂਰਾਜੇ ਨੂੰ ਤਾਂ ਪਤਾ ਚਲਣਾ ਹੀ ਕੀ ਸੀ।
ਮਹਾਂਰਾਜੇ ਨੂੰ ਮਾਸਕੋ ਦੇ ਗਵਰਨਰ ਜਨਰਲ ਰਾਜਕੁਮਾਰ ਵਲੈਡੀਮੀਰ ਡੋਲਗੋਰੋਉਕੀ ਨੇ ਇਕ ਦਿਨ ਆਪਣੇ ਦਫਤਰ ਵਿਚ ਬੁਲਾ ਕੇ ਕਹਿ ਦਿਤਾ ਸੀ ਕਿ ਉਹ ਰੂਸ ਵਿਚ ਜਿਥੇ ਵੀ ਚਾਹੇ ਰਹਿ ਸਕਦਾ ਹੈ, ਉਸ ਨੂੰ ਘੁੰਮਣ ਫਿਰਨ ਦੀ ਵੀ ਕੋਈ ਪਾਬੰਦੀ ਨਹੀਂ ਹੈ। ਇਹ ਖ਼ਬਰ ਚੰਗੀ ਸੀ ਪਰ ਉਹ ਤਾਂ ਕੈਟਕੌਫ ਨੂੰ ਉਡੀਕ ਰਿਹਾ ਸੀ। ਮਹਾਂਰਾਜਾ ਉਸ ਨੂੰ ਉਡੀਕਦਾ ਰਿਹਾ, ਆਪਣੇ ਨਵੇਂ ਰਾਜ ਦੇ ਸੁਫਨੇ ਬੁਣਦਾ ਰਿਹਾ। ਛੋਟੇ ਜਿਹੇ ਹੋਟਲ ਵਿਚ ਰਹਿਣਾ ਹੁਣ ਉਸ ਨੂੰ ਬਹੁਤ ਤੰਗ ਕਰਨ ਲਗਿਆ ਸੀ। ਰਾਜਕੁਮਾਰ ਦੇ ਕਿਤੇ ਵੀ ਰਹਿਣ ਦੇ ਇਸ਼ਾਰੇ ਨੇ ਉਸ ਨੂੰ ਖੁਲ੍ਹਿਆਂ ਵੀ ਛੱਡ ਦਿਤਾ ਸੀ ਸੋ ਉਸ ਨੇ ਸ਼ਹਿਰ ਦੇ ਉਤਰੀ-ਪੱਛਮੀ ਦੇ ਪੈਟਰੋਵ ਪਾਰਕ ਦੇ ਇਲਾਕੇ ਵਿਚ ਰਿਹਾਇਸ਼ ਲਈ ਛੋਟੀ ਜਿਹੀ ਜਗਾਹ ਕਿਰਾਏ ‘ਤੇ ਲੈ ਲਈ। ਹੋਟਲ ਵਿਚ ਰਹਿੰਦਿਆਂ ਬਿਨਾਂ ਵਰਦੀਓਂ ਸਿਪਾਹੀ ਹਰ ਵੇਲੇ ਹੋਟਲ ਦੇ ਬਾਹਰ ਮੰਡਲਾਉਂਦੇ ਰਹਿੰਦੇ ਸਨ। ਹੁਣ ਜਦ ਉਹ ਨਵੀਂ ਰਿਹਾਇਸ਼ ਵਿਚ ਆ ਗਿਆ ਤਾਂ ਇਥੇ ਵੀ ਇਹ ਸਰਗਰਮੀਆਂ ਰਹਿਣ ਲਗੀਆਂ ਸਨ। ਕਈ ਵਾਰ ਮਹਾਂਰਾਜਾ ਖਿੜਕੀ ਵਿਚ ਖੜਾ ਉਹਨਾਂ ਵਲ ਦੇਖਦਾ ਸੋਚ ਰਿਹਾ ਹੁੰਦਾ ਕਿ ਕੀ ਇਹ ਲੋਕ ਮੈਨੂੰ ਕਿਸੇ ਬ੍ਰਤਾਨਵੀ ਹਮਲੇ ਤੋਂ ਬਚਾਉਣ ਲਈ ਹਾਜ਼ਰ ਹਨ ਜਾਂ ਮੈਨੂੰ ਕੈਦੀ ਬਣਾ ਕੇ ਰੱਖ ਰਹੇ ਹਨ। ਕਈ ਵਾਰ ਉਸ ਦਾ ਸਾਹ ਘੁੱਟਣ ਲਗਦਾ ਪਰ ਉਹ ਕਰ ਵੀ ਕੀ ਸਕਦਾ ਸੀ। ਉਸ ਦੇ ਮਿੱਤਰ ਕੈਟਕੌਫ ਦੀ ਨਿਰਮੋਹੀ ਨੇ ਉਸ ਨੂੰ ਇਸ ਹਾਲਤ ਵਿਚ ਲੈ ਆਂਦਾ ਸੀ। ਉਹ ਕੈਟਕੌਫ ਬਾਰੇ ਸੋਚਦਾ ਡਰਨ ਵੀ ਲਗਦਾ ਤੇ ਆਉਣ ਵਾਲੇ ਬੁਰੇ ਸਮੇਂ ਬਾਰੇ ਵੀ ਸੋਚਣ ਲਗਦਾ। ਉਹ ਆਪਣੇ ਮਿੱਤਰ ਟੈਵਿਸ ਨੂੰ ਇਸ ਬਾਰੇ ਲਿਖਦਾ। ਟੈਵਿਸ ਮਨ ਹੀ ਮਨ ਹੱਸਦਾ ਤੇ ਉਸ ਨੂੰ ਸਬਰ ਕਰਨ ਲਈ ਆਖਦਾ। ਅਦਾ ਹੁਣ ਤਿੰਨ ਮਹੀਨੇ ਦੀ ਗਰਭਵਤੀ ਸੀ। ਇਸ ਗੱਲ ਨੇ ਉਸ ਦੀਆਂ ਸਿਰਦਰਦੀਆਂ ਹੋਰ ਵੀ ਵਧਾ ਦਿਤੀਆਂ।
ਕੈਟਕੌਫ ਬਾਰੇ ਖ਼ਬਰ ਹੌਲੀ ਹੌਲੀ ਬਾਹਰ ਨਿਕਲਣੀ ਸ਼ੁਰੂ ਹੋ ਰਹੀ ਸੀ ਪਰ ਸੀਮਤ ਜੂਹਾਂ ਤਕ ਹੀ। ਬ੍ਰਿਟਿਸ਼ ਕੌਂਸਲ ਵਿਚ ਇਹ ਖ਼ਬਰ ਪੁੱਜ ਚੁੱਕੀ ਸੀ। 27 ਜੁਲਾਈ ਨੂੰ ਵਾਈਸ ਕੌਂਸਲ ਨੇ ਲਿਖਿਆ;
‘ਵਿਚਾਰਾ ਦਲੀਪ ਸਿੰਘ! ਕੈਟਕੌਫ ਗਿਆ ਕੰਮ ਤੋਂ ਪਰ ਏਹਦੀਆਂ ਗੱਪਾਂ ਹਾਲੇ ਓਡੀਆਂ ਹੀ ਹਨ, ...ਹੁਣੇ ਜਿਹੇ ਜਰਮਨ ਕੌਂਸਲ ਨੂੰ ਕਹਿੰਦਾ ਹਟਿਆ ਹੈ ਕਿ ਤਿੰਨ ਸਾਲ ਦੇ ਵਿਚ ਵਿਚ ਪੂਰੇ ਹਿੰਦੁਸਤਾਨ ਵਿਚ ਸਿਰਫ ਉਹ ਹੀ ਇਕ ਇੰਗਲਿਸ਼ਮੈਨ ਰਹਿ ਜਾਵੇਗਾ।’
‘ਟਾਈਮਜ਼’ ਤੇ ਹੋਰ ਅਖ਼ਬਾਰਾਂ ਮਹਾਂਰਾਜੇ ਦੀ ਹੇਠੀ ਕਰਨ ਵਾਲੀਆਂ ਖ਼ਬਰਾਂ ਘੜਨ ਵਿਚ ਮਾਹਿਰ ਸਨ ਹੀ। ਪੱਤਰਕਾਰ ਉਸ ਨਾਲ ਇੰਟਰਵਿਊ ਕਰਨ ਲਈ ਤੜਫੇ ਰਹੇ ਸਨ। ਹਰ ਕੋਈ ਮਹਾਂਰਾਜੇ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਲੰਮੀ ਸੂਚੀ ਜੇਬ ਵਿਚ ਪਾਈ ਫਿਰਦਾ ਸੀ। ਹੁਣ ਜਦ ਉਸ ਨੂੰ ਗਵਰਨਰ ਜਨਰਲ ਵਲੋਂ ਕਿਤੇ ਵੀ ਰਹਿ ਸਕਣ ਤੇ ਘੁੰਮ ਸਕਣ ਦੀ ਖੁਲ੍ਹ ਮਿਲ ਗਈ ਤਾਂ ਇਹ ਲੋਕ ਮੁੜ ਕੇ ਸਰਗਰਮ ਹੋ ਗਏ। ਮਹਾਂਰਾਜੇ ਦੇ ਰੂਸ ਵਿਚ ਹੋਣ ਨੂੰ ਲੈ ਕੇ ਕਈ ਕਾਰਟੂਨ ਵੀ ਬਣਾਏ ਜਾਂਦੇ। ‘ਪੰਚ’ ਨਾਂ ਦੇ ਇਕ ਮਸ਼ਹੂਰ ਮੈਗਜ਼ੀਨ, ਜਿਸ ਦੀ ਵਿਸ਼ੇਸ਼ਤਾ ਹੀ ਕਾਰਟੂਨਾਂ ਰਾਹੀਂ ਵਿਅੰਗ ਕੱਸਣਾ ਹੁੰਦਾ, ਨੇ ਇਕ ਕਾਰਟੂਨ ਬਣਾਇਆ ਜਿਹੜਾ ਉਸ ਦੇ ਪਾਠਕਾਂ ਵਿਚ ਖਾਸ ਦਿਲਚਸਪੀ ਦਾ ਕਾਰਨ ਬਣਿਆਂ ਹੋਇਆ ਸੀ। ਹਰ ਮਹਿਫਲ ਵਿਚ ਇਸ ਕਾਰਟੂਨ ਦੀ ਗੱਲ ਹੋ ਰਹੀ ਸੀ। ਇਸ ਵਿਚ ਕੈਟਕੌਫ ਇਕ ਰਿੱਛ ਬਣਿਆਂ ਬੀਨ ਵਜਾ ਰਿਹਾ ਸੀ ਤੇ ਮਹਾਂਰਾਜਾ ਜੋ ਪੈਟਰਿਕ ਕੈਸੀ ਦੇ ਤੌਰ ‘ਤੇ ਰੂਸ ਵਿਚ ਦਾਖਲ ਹੋਇਆ ਸੀ, ਬੀਨ ਦੀ ਧੁੰਨ ਉਪਰ ਨੱਚ ਰਿਹਾ ਸੀ। ਮਹਾਂਰਾਜੇ ਨੇ ਅਖਬਾਰਾਂ ਦੀਆਂ ਅਜਿਹੀਆਂ ਗੱਲਾਂ ਖਾਧੀਆਂ-ਪੀਤੀਆਂ ਸਨ। ਉਸ ਨੂੰ ਇਹ ਕਾਰਟੂਨ ਦਿਖਾਇਆ ਗਿਆ ਤਾਂ ਉਹ ਖੁਸ਼ ਹੁੰਦਾ ਬੋਲਿਆ ਕਿ ਇਹ ਕਲਾ ਦਾ ਉਤਮ ਨਮੂਨਾ ਹੈ।
ਉਸ ਨੂੰ ਰੂਸ ਵਿਚ ਕੈਟਕੌਫ ਤੋਂ ਬਿਨਾਂ ਕਿਸੇ ਹੋਰ ਉਪਰ ਭਰੋਸਾ ਵੀ ਨਹੀਂ ਸੀ। ਕਦੇ ਕਦੇ ਮਹਾਂਰਾਜੇ ਨੂੰ ਆਪਣਾ ਸਿ਼ਕਾਰ ਖੇਡਣਾ ਬਹੁਤ ਚੇਤੇ ਆਉਂਦਾ। ਉਸ ਨੂੰ ਲਗਦਾ ਸੀ ਕਿ ਸ਼ਾਇਦ ਕੈਟਕੌਫ ਹੀ ਉਸ ਦੇ ਸਿ਼ਕਾਰ ਖੇਡਣ ਦਾ ਕੋਈ ਇੰਤਜ਼ਾਮ ਕਰ ਦੇਵੇ। ਰੂਸ ਦੇ ਬਹੁਤ ਸਾਰੇ ਸਿ਼ਕਾਰੀ ਜਿਹੜੇ ਮਹਾਂਰਾਜੇ ਨੂੰ ਜਾਣਦੇ ਸਨ, ਉਹਨਾਂ ਨੂੰ ਪਤਾ ਸੀ ਕਿ ਮਹਾਂਰਾਜਾ ਅਜਕੱਲ ਰੂਸ ਵਿਚ ਹੈ। ਇਹਨਾਂ ਦਿਨਾਂ ਵਿਚ ਹੀ ਉਸ ਨੂੰ ਕਾਊਂਟ ਬੋਬਰਿੰਸਕੀ ਕਾਊਂਟ ਚੈਰਮੋਟੋਵ ਦਾ ਸਿ਼ਕਾਰ ਖੇਡਣ ਜਾਣ ਲਈ ਸੱਦਾ ਆਇਆ ਵੀ ਕਿ ਕੌਕੈਸਸ ਦੇ ਇਲਾਕੇ ਵਿਚ ਜੰਗਲੀ ਕਾਲੇ ਕੁੱਕੜਾਂ ਦੇ ਸਿ਼ਕਾਰ ਦਾ ਬਹੁਤ ਢੁਕਵਾਂ ਸਮਾਂ ਹੈ ਪਰ ਮਹਾਂਰਾਜੇ ਨੇ ਨਾਂਹ ਕਰ ਦਿਤੀ। ਉਸ ਨੂੰ ਕੁਝ ਹੋਰ ਸੱਦੇ ਵੀ ਆਏ ਪਰ ਕੋਈ ਨਾ ਕੋਈ ਬਹਾਨਾ ਕਰਕੇ ਨਾਂਹ ਕਰ ਦਿੰਦਾ। ਇਕ ਬਹਾਨਾ ਉਸ ਨੇ ਇਹ ਵੀ ਘੜਿਆ ਹੋਇਆ ਸੀ ਕਿ ਅਦਾ ਨੂੰ ਰੂਸੀ ਜ਼ੁਬਾਨ ਨਹੀਂ ਆਉਂਦੀ ਤੇ ਉਹਨੂੰ ਨੂੰ ਛੱਡ ਕੇ ਉਹ ਕਿਤੇ ਜਾ ਨਹੀਂ ਸਕਦਾ, ਆਪਣੇ ਸਿ਼ਕਾਰ ਖੇਡਣ ਵਾਲੇ ਸਮਾਨ ਦੀ ਅਣਹੋਂਦ ਦਾ ਵੀ ਇਕ ਬਹਾਨਾ ਹੁੰਦਾ ਅਸਲ ਵਿਚ ਉਸ ਨੂੰ ਕਿਸੇ ਉਪਰ ਯਕੀਨ ਨਹੀਂ ਸੀ। ਹੁਣ ਤਕ ਕੈਟਕੌਫ ਦੀ ਸਿਹਤ ਬਾਰੇ ਉਡਦੀ ਜਿਹੀ ਖ਼ਬਰ ਉਸ ਤਕ ਵੀ ਪੁੱਜ ਗਈ। ਮਹਾਂਰਾਜੇ ਨੂੰ ਫਿਕਰ ਲਗ ਗਿਆ ਕਿ ਕੈਟਕੌਫ ਤੋਂ ਬਿਨਾਂ ਉਹ ਇਸ ਮੁਲਕ ਵਿਚ ਬਹੁਤ ਹੀ ਅਣਸੁਰਖਿਅਤ ਹੋ ਜਾਵੇਗਾ। ਉਹ ਕੈਟਕੌਫ ਦੇ ਤੰਦਰੁਸਤ ਹੋਣ ਦੀਆਂ ਦੁਆਵਾਂ ਮੰਗਣ ਲਗਿਆ।
ਟੈਵਿਸ ਪੈਰਿਸ ਵਿਚ ਬੈਠਾ ਸਾਰੀ ਸਥਿਤੀ ਨੂੰ ਦੇਖ ਰਿਹਾ ਸੀ। ਉਸ ਨੇ ਮਹਾਂਰਾਜੇ ਦੇ ਕਾਗਜ਼-ਪੱਤਰਾਂ ਵਾਲੇ ਬਕਸਾ ਹਾਲੇ ਤਕ ਨਹੀਂ ਸੀ ਭੇਜਿਆ। ਉਸ ਨੂੰ ਪਤਾ ਸੀ ਕਿ ਮਹਾਂਰਾਜੇ ਨੇ ਇਸ ਬਕਸੇ ਵਿਚਲੇ ਕਾਗਜ਼ਾਂ ਦੇ ਆਧਾਰ ‘ਤੇ ਆਪਣਾ ਕੇਸ ਤਿਆਰ ਕਰਨਾ ਸੀ। ਕੈਟਕੌਫ ਦੀ ਭਿਆਨਕ ਬਿਮਾਰੀ ਬਾਰੇ ਖਬ਼ਰਾਂ ਆਉਣ ਕਰਕੇ ਟੈਵਿਸ ਸੋਚ ਰਿਹਾ ਸੀ ਕਿ ਹੁਣ ਇਸ ਬਕਸੇ ਦਾ ਮਹਾਂਰਾਜੇ ਨੂੰ ਕੋਈ ਫਾਇਦਾ ਨਹੀਂ ਹੋਣ ਲਗਿਆ। ਮਹਾਂਰਾਜੇ ਨੇ ਆਪਣੀ ਚਿੱਠੀ ਵਿਚ ਉਸ ਨੂੰ ਲਿਖਿਆ ਕਿ ਜਾਪਦਾ ਹੈ ਕਿ ਕਿਸੇ ਨੇ ਕੈਟਕੌਫ ਨੂੰ ਜ਼ਹਿਰ ਦੇ ਦਿਤੀ ਹੈ। ਕੈਟਕੌਫ ਦੀ ਬਿਮਾਰੀ ਦੀ ਖ਼ਬਰ ਹੁਣ ਚਾਰੇ ਪਾਸੇ ਫੈਲ ਚੁੱਕੀ ਸੀ। ਬਿਮਾਰੀ ਦੀ ਖ਼ਬਰ ਬਾਹਰ ਨਿਕਲੀ ਨੂੰ ਕੁਝ ਦਿਨ ਹੀ ਹੋਏ ਸਨ ਕਿ ਪਹਿਲੀ ਅਗਸਤ ਨੂੰ ਕੈਟਕੌਫ ਪੂਰਾ ਵੀ ਹੋ ਗਿਆ।
ਕੈਟਕੌਫ ਦੀ ਮੌਤ ਨੇ ਰੂਸ ਵਿਚ ਸੋਗ ਦੀ ਲਹਿਰ ਫੈਲਾ ਦਿਤੀ। ਭਾਵੇਂ ਰੂਸ ਨੂੰ ਅਨਪੜ੍ਹ ਕਿਸਾਨਾਂ ਦਾ ਦੇਸ਼ ਕਿਹਾ ਜਾਂਦਾ ਸੀ ਪਰ ਕੈਟਕੌਫ ਦੀ ਮੌਤ ਦਾ ਅਸਰ ਬਹੁਤੇ ਰੂਸੀਆਂ ਉਪਰ ਹੋਇਆ। ਕੈਟਕੌਫ ਦੇ ਸਰੀਰ ਨੂੰ ਰੂਸ ਦੇ ਚਰਚ ਨਿਕਲੋਸ ਲਾਈਸੀ ਵਿਚ ਲਿਆ ਕੇ ਰੱਖਿਆ ਗਿਆ। ਉਸ ਦੀ ਅਖ਼ਬਾਰ ਦੇ ਛਾਪੇ ਵਿਚ ਕੰਮ ਕਰਨ ਵਾਲੇ ਕਾਮਿਆਂ ਨੇ ਮੋਢ੍ਹਾ ਦਿਤਾ। ਚਰਚ ਵਿਚ ਉਸ ਦੀ ਦੇਹ ਦੋ ਦਿਨ ਪਈ ਰਹੀ। ਲੋਕਾਂ ਨੇ ਕਤਾਰਾਂ ਬਣਾ ਕੇ ਰੂਸੀ ਅੰਦਾਜ਼ ਵਿਚ ਉਸ ਦੇ ਆਖਰੀ ਦਰਸ਼ਨ ਕੀਤੇ ਤੇ ਚੁੰਮਣ ਦਿਤੇ। ਉਸ ਨੂੰ ਦਫਨਾਉਣ ਵਾਲੇ ਦਿਨ ਉਸ ਦੀ ਦੇਹ ‘ਮਾਸਕੋ ਗਜ਼ਟ’ ਦੇ ਵਿਹੜੇ ਵਿਚ ਲਿਆਂਦੀ ਗਈ। ਬਹੁਤ ਸਾਰੇ ਲੋਕ ਉਸ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਏ। ਪੈਰਿਸ ਤੋਂ ਜਨਰਲ ਬੋਲੈਂਜਰ ਤੇ ਹੋਰ ਦੋਸਤਾਂ ਨੇ ਮੈਡਮ ਕੌਟਕੌਫ ਨੂੰ ਤਾਰ ਰਾਹੀਂ ਅਫਸੋਸ ਦੇ ਸਨੁਹੇ ਭੇਜੇ। ਮਹਾਂਰਾਜੇ ਤੇ ਅਦਾ ਕਿਸੇ ਰਸਮ ਵਿਚ ਸ਼ਾਮਲ ਨਹੀਂ ਹੋਏ। ਦੁਖ ਤਾਂ ਮਹਾਂਰਾਜੇ ਨੂੰ ਵੀ ਪੂਰਾ ਸੀ ਪਰ ਸਾਂਝਾ ਕਿਸ ਨਾਲ ਕਰੇ। ਉਸ ਨੇ ਕੈਟਕੌਫ ਦੀ ਮੌਤ ਤੋਂ ਅਗਲੇ ਦਿਨ ਹੀ ਇਕ ਦੋਸਤ ਨੂੰ ਚਿੱਠੀ ਲਿਖੀ, ‘ਮਹਾਨ ਇਨਸਾਨ ਖਤਮ ਹੋ ਗਿਆ ਹੈ, ਮੇਰੇ ਸਾਰੇ ਮਨਸੂਬਿਆਂ ਨੂੰ ਬਹੁਤ ਵੱਡਾ ਧੱਕਾ ਵੱਜਾ ਹੈ, ਲਗਦਾ ਹੈ ਕਿ ਏਨੀ ਤਕਲੀਫ ਉਠਾਈ ਦਾ ਕੋਈ ਫਾਇਦਾ ਨਹੀਂ ਹੋਣ ਲਗਿਆ। ...ਮੈਂ ਸੋਚ ਰਿਹਾ ਹਾਂ ਕਿ ਛੇ ਹਫਤੇ ਕਰੀਮੀਆ ਵਲ ਲਾ ਆਵਾਂ, ਸਿ਼ਕਾਰ ਖੇਡ ਆਵਾਂ ਤੇ ਆਪਣੇ ਆਪ ਤੇ ਕਾਬੂ ਵੀ ਪਿਆ ਰਹੇਗਾ।’
ਮਹਾਂਰਾਜਾ ਹੁਣ ਬਹੁਤ ਇਕੱਲਾ ਸੀ। ਕੈਟਕੌਫ ਗਿਆ। ਪੌਬਡੋਨੋਸਟਸੇਵ ਤੇ ਟੌਲਸਟਾਈ ਨੂੰ ਤਾਂ ਪਹਿਲਾਂ ਹੀ ਉਸ ਵਿਚ ਕੋਈ ਦਿਲਚਸਪੀ ਨਹੀਂ ਸੀ। ਜਨਰਲ ਬੌਗਡੈਨੋਵਿਚ ਕਿਤੇ ਗਾਇਬ ਹੋ ਚੁੱਕਿਆ ਸੀ। ਏਲੀ ਸੀਓਨ ਕੈਟਕੌਫ ਦੇ ਫਿਊਨਰਲ ਸਮੇਂ ਮਾਸਕੋ ਆਇਆ ਸੀ ਪਰ ਜਲਦੀ ਹੀ ਪੈਰਿਸ ਨੂੰ ਵਾਪਸ ਮੁੜ ਗਿਆ। ਉਸ ਨੂੰ ਫਲੌਕਿਉਟ ਵਾਲੀ ਚਿੱਠੀ ਨੇ ਹੀ ਹਾਲੇ ਮੁੜ ਕੇ ਪੈਰਾਂ ‘ਤੇ ਨਹੀਂ ਸੀ ਆਉਣ ਦਿਤਾ। ਮਹਾਂਰਾਜਾ ਸੋਚ ਰਿਹਾ ਸੀ ਕਿ ਹੁਣ ਯਕੀਨ ਕਰੇ ਤਾਂ ਕਿਸ ‘ਤੇ ਕਰੇ। ਮਾਸਕੋ ਦੇ ਗਵਰਨਰ ਜਨਰਲ ਨੇ ਮਹਾਂਰਾਜੇ ਨੂੰ ਕਹਿ ਦਿਤਾ ਸੀ ਕਿ ਅਗਾਂਹ ਤੋਂ ਉਹ ਆਪਣੇ ਕੇਸ ਬਾਰੇ ਤੇ ਬਾਕੀ ਦੇ ਮਾਮਲਿਆਂ ਪ੍ਰਤੀ ਵਿਦੇਸ਼ ਮੰਤਰੀ ਨਾਲ ਗੱਲ ਕਰੇ ਭਾਵ ਕਿ ਡੇ-ਗਾਇਰ ਨਾਲ ਤੇ ਡੇ-ਗਾਇਰ ਪਹਿਲਾਂ ਹੀ ਉਸ ਦਾ ਦੁਸ਼ਮਣ ਸੀ।
ਇਕ ਦਿਨ ਮਹਾਂਰਾਜੇ ਨੂੰ ਇਕ ਪਾਰਸਲ ਮਿਲਿਆ। ਉਸ ਨੇ ਦੇਖਿਆ ਕਿ ਇਹ ਤਾਂ ਉਹੀ ਬਕਸਾ ਸੀ ਜਿਸ ਨੂੰ ਉਹ ਬਹੁਤ ਦੇਰ ਤੋਂ ਉਡੀਕ ਰਿਹਾ ਸੀ ਤੇ ਟੈਵਿਸ ਨੂੰ ਇਸ ਨੂੰ ਭੇਜਣ ਲਈ ਵਾਰ ਵਾਰ ਕਹਿੰਦਾ ਆ ਰਿਹਾ ਸੀ। ਇਸ ਬਕਸੇ ਵਿਚ ਉਸ ਦੇ ਬਹੁਤ ਸਾਰੇ ਦਸਤਾਵੇਜ਼ ਸਨ, ਜਿਹਨਾਂ ਨੂੰ ਉਸ ਨੇ ਬ੍ਰਿਟਿਸ਼ ਲਾਇਬ੍ਰੇਰੀ ਵਿਚ ਆਪਣੇ ਖਾਸ ਬੰਦੇ ਭੇਜ ਕੇ ਤਿਆਰ ਕਰਵਾਇਆ ਸੀ। ਅੰਗਰੇਜ਼ਾਂ ਦੀ ਬਲਿਊ ਬੁੱਕ ਦਾ ਸੱਚ ਵੀ ਉਸ ਨੇ ਬ੍ਰਿਟਿਸ਼ ਮਿਊਜ਼ੀਅਮ ਵਿਚੋਂ ਹੀ ਲੱਭਿਆ ਸੀ। ਇਹਨਾਂ ਦਸਤਾਵੇਜ਼ਾਂ ਦੇ ਸਹਾਰੇ ਨਾਲ ਉਸ ਨੂੰ ਆਪਣਾ ਕੇਸ ਤਿਆਰ ਕਰਨ ਵਿਚ ਸਹਾਇਤਾ ਮਿਲਦੀ ਸੀ ਪਰ ਹੁਣ ਤਾਂ ਕੈਟਕੌਫ ਹੀ ਜਾ ਚੁੱਕਿਆ ਸੀ, ਇਹ ਸਹਾਇਤਾ ਉਸ ਨੂੰ ਕਿਸ ਤੋਂ ਮਿਲਣੀ ਸੀ। ਆਪਣਾ ਬਕਸਾ ਖੋਲ੍ਹਦਾ ਕਦੇ ਉਹ ਦਸਤਾਵੇਜ਼ਾਂ ਵਲ ਦੇਖਦਾ ਤੇ ਕਦੇ ਕੈਟਕੌਫ ਨੂੰ ਯਾਦ ਕਰਨ ਲਗਦਾ।
ਮਾਸਕੋ ਵਿਚ ਮਹਾਂਰਾਜੇ ਦਾ ਇਕ ਖਾਸ ਦੋਸਤ ਰਹਿਣ ਆ ਗਿਆ ਸੀ। ਇਸ ਦਾ ਨਾਂ ਸੀ ਗੁਲਾਮ ਰਸੂਲ। ਇਹ ਟਰਕੀ ਦੇ ਸ਼ਹਿਰ ਕੌਂਸਟੈਂਟਿਨਪੌਲ ਤੋਂ ਆਇਆ ਸੀ। ਜਦੋਂ ਤੋਂ ਮਹਾਂਰਾਜਾ ਬਾਗੀ ਹੋਇਆ ਸੀ ਤਾਂ ਉਸ ਨੇ ਅੰਗਰੇਜ਼ਾਂ ਨਾਲ ਲੋਹਾ ਲੈਣ ਵਾਲੇ ਸਾਰੇ ਬਾਗੀਆਂ ਨਾਲ ਦੋਸਤੀਆਂ ਪਾ ਲਈਆਂ ਹੋਈਆਂ ਸਨ। ਗੁਲਾਮ ਰਸੂਲ ਵੀ ਉਹਨਾਂ ਵਿਚੋਂ ਹੀ ਇਕ ਸੀ। ਉਹਨਾਂ ਦੀ ਆਪਸ ਵਿਚ ਵਾਹਵਾ ਦੋਸਤੀ ਸੀ। ਦੋਵੇਂ ਹੀ ਗਾਲੜ੍ਹੀ ਸੁਭਾਅ ਦੇ ਸਨ। ਗੁਲਾਮ ਰਸੂਲ ਬ੍ਰਤਾਨੀਆਂ ਸਰਕਾਰ ਦੇ ਮੁਸਲਮਾਨਾਂ ਉਪਰ ਕੀਤੇ ਅਤਿਆਚਾਰਾਂ ਕਰਕੇ ਉਹ ਦੁਖੀ ਸੀ। ਪੈਰਿਸ ਵਿਚ ਹੀ ਦੋਨਾਂ ਦੀ ਦੋਸਤੀ ਪਈ ਸੀ। ਉਹ ਆਪਣਾ ਕਾਫੀ ਸਮਾਂ ਮਹਾਂਰਾਜੇ ਨਾਲ ਬਿਤਾਉਣ ਲਗਿਆ ਪਰ ਅਦਾ ਨੂੰ ਉਹ ਬੰਦਾ ਬਿਲਕੁਲ ਪਸੰਦ ਨਹੀਂ ਸੀ। ਇਹਨਾਂ ਦਿਨਾਂ ਵਿਚ ਮਹਾਂਰਾਜੇ ਨੂੰ ਕੁਝ ਕਰਨ ਲਈ ਹੋਰ ਮਿਲ ਗਿਆ। ਉਸ ਨੂੰ ਪਾਂਡੀਚਰੀ ਤੋਂ ਪੈਰਿਸ ਰਾਹੀਂ ਕੈਪਟਨ ਐਂਡਰਿਊ ਹੇਅਰਸੇ ਦਾ ਲਹੌਰ ਟਰੀਬਿਊਨ ਵਿਚ ਛਪਿਆ ਉਹ ਖਤ ਮਿਲ ਗਿਆ ਜਿਸ ਵਿਚ ਉਸ ਨੇ ਮਹਾਂਰਾਜੇ ਨੂੰ ਤਾਕਤਵਰ ਦਸਦਿਆਂ ਬਰਤਾਨਵੀ ਸਰਕਾਰ ਨੂੰ ਚੇਤਾਵਨੀਆਂ ਦਿਤੀਆਂ ਸਨ। ਇਸ ਚਿੱਠੀ ਵਿਚ ਸਾਰੀ ਸਥਿਤੀ ਦਾ ਮਹਾਂਰਾਜੇ ਦੇ ਹੱਕ ਵਿਚ ਜਾਂਦਾ ਨਰੀਖਣ ਕੀਤਾ ਹੋਇਆ ਸੀ। ਇਸ ਨਾਲ ਮਹਾਂਰਾਜੇ ਵਿਚ ਜਿਵੇਂ ਨਵੀਂ ਰੂਹ ਫੂਕੀ ਗਈ ਹੋਵੇ। ਉਸ ਦੇ ਹੌਂਸਲੇ ਇਕ ਵਾਰ ਫਿਰ ਬੁਲੰਦ ਹੋ ਗਏ। ਉਸ ਨੂੰ ਇਹ ਨਹੀਂ ਸੀ ਪਤਾ ਕਿ ਟੈਵਿਸ ਨੇ ਪਹਿਲਾਂ ਹੀ ਇਹ ਸਭ ਪੜ੍ਹ ਕੇ ਤੇ ਇਕ ਕਾਪੀ ਲੰਡਨ ਦੇ ਵਿਦੇਸ਼ ਦਫਤਰ ਨੂੰ ਭੇਜ ਕੇ ਉਸ ਨੂੰ ਭੇਜੀ ਸੀ। ਉਸ ਨੇ ਟੈਵਿਸ ਨੂੰ ਲਿਖਿਆ;
‘...ਮੇਰੇ ਪਿਆਰੇ ਦੋਸਤ, ਮੇਰੇ ਚਚੇਰੇ ਭਰਾ ਨੇ ਮੈਨੂੰ ਇਹ ਇਕ ਅਖ਼ਬਾਰ ਦੀ ਕਟਿੰਗ ਭੇਜੀ ਹੈ। ਮੇਰੀ ਬੇਨਤੀ ਹੈ ਕਿ ਇਸ ਨੂੰ ਫਰਾਂਸੀਸੀ ਵਿਚ ਤਰਜਮਾ ਕੇ ਮੇਰੇ ਲਈ ਇਸ ਦੀਆਂ ਪੰਜਾਹ ਕਾਪੀਆਂ ਕਰ ਦੇ। ...ਮੈਂ ਤੈਨੂੰ ਇਹ ਉਲਥਾ ਕਰਨ ਦੀ ਤਕਲੀਫ ਦੇਣ ਲਈ ਖਿਮਾਂ ਚਾਹੁੰਦਾ ਹਾਂ ਪਰ ਮੈਂ ਚਾਹੁੰਦਾ ਹਾਂ ਕਿ ਜਲਦੀ ਤੋਂ ਜਲਦੀ ਇਸ ਦੀ ਇਕ ਨਕਲ ਜ਼ਾਰ ਅਗੇ ਪੇਸ਼ ਕਰ ਸਕਾਂ ਤਾਂ ਜੋ ਉਸ ਨੂੰ ਮੇਰੀ ਤਾਕਤ ਦਾ ਪਤਾ ਚਲੇ। ਮੇਰੇ ਦਯਾਵਾਨ ਦੋਸਤ, ਸ਼ਕਤੀਸ਼ਾਲੀ ਕੈਟਕੌਫ ਤੋਂ ਬਿਨਾਂ ਵੀ ਜਿੱਤ ਸਾਡੇ ਨਾਲ ਖੜੀ ਹੈ। ਰੂਸੀ ਤਾਕਤ ਤੋਂ ਬਿਨਾਂ ਵੀ ਹਿੰਦੁਸਤਾਨ ਜਿੱਤਿਆ ਜਾ ਸਕਦਾ ਹੈ, ਮੈਂ ਪੰਜਾਬ ਦਾ ਅੰਦਰਖਾਤੇ ਪੂਰੀ ਤਰ੍ਹਾਂ ਕਬੂਲ ਕੀਤਾ ਹੋਇਆ ਮਹਾਂਰਾਜਾ ਹਾਂ। ...ਹੁਣ ਸਿਰਫ ਹਿੰਦੁਸਤਾਨ ਦੀ ਸਰਹੱਦ ‘ਤੇ ਪੁੱਜ ਕੇ ਉਹਨਾਂ ਏਜੰਟਾਂ ਨੂੰ ਲੱਭਣ ਦੀ ਲੋੜ ਹੈ ਜੋ ਮੇਰੀ ਉਡੀਕ ਕਰ ਰਹੇ ਹਨ। ਮੇਰੇ ਦੋਸਤ ਭਵਿਖਬਾਣੀ ਹੁਣ ਪੂਰੀ ਹੋਣ ਵਾਲੀ ਹੈ। ਹੁਣ ਮੈਂ ਰੂਸ ਤੋਂ ਬਾਹਰ ਵੀ ਚਲੇ ਜਾਵਾਂ ਤਾਂ ਕੋਈ ਫਰਕ ਨਹੀਂ ਪੈਣ ਵਾਲਾ। ਹਿੰਦੁਸਤਾਨ ਵਿਚ ਸ਼ੁਰੂ ਹੋਈ ਅੱਗ ਦਾ ਧੂੰਆਂ ਸਾਫ ਦਿਸ ਰਿਹਾ ਹੈ, ਮੈਂ ਹੁਣ ਇਸ ਨੂੰ ਭਾਂਬੜ ਬਣਾ ਦੇਵਾਂਗਾ। ...ਖੁਸ਼ੀ ਇਹ ਕਿ ਅੰਗਰੇਜ਼ ਨੇ ਆਪਣਾ ਗਲ਼ਾ ਆਪ ਕੱਟ ਲਿਆ ਹੈ ਪਰ ਹੋਣੀ ਨੂੰ ਕੌਣ ਰੋਕ ਸਕਦਾ ਹੈ, ...ਮੇਰੇ ਦੋਸਤ, ਮੈਂ ਇਹ ਕਾਗਜ਼ ਤੈਨੂੰ ਉਲਥਾਉਣ ਲਈ ਕਹਿ ਰਿਹਾ ਹਾਂ ਪਰ ਤੇਰੇ ਬਿਨਾਂ ਹੋਰ ਹੈ ਵੀ ਕੌਣ ਜਿਸ ‘ਤੇ ਮੈਂ ਯਕੀਨ ਕਰ ਸਕਦਾ ਹੋਵਾਂ।’...
ਮਹਾਂਰਾਜਾ ਬਹੁਤ ਖੁਸ਼ ਸੀ। ਉਸ ਨੂੰ ਸਦਾ ਹੀ ਗੁੱਸਾ ਰਿਹਾ ਸੀ ਕਿ ਇੰਗਲੈਂਡ ਦੀਆਂ ਅਖ਼ਬਾਰਾਂ ਉਸ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈ ਰਹੀਆਂ, ਉਸ ਨੂੰ ਯਕੀਨ ਸੀ ਕਿ ਹੁਣ ਕੈਪਟਨ ਹੇਅਰਸੇ ਦੀ ਚਿੱਠੀ ਦੇਖ ਕੇ ਅਖ਼ਬਾਰਾਂ ਉਸ ਦੇ ਕੇਸ ਵਲ ਨਵੀਂ ਪਹੁੰਚ ਅਪਣਾਉਣਗੀਆਂ। ਮਹਾਂਰਾਜੇ ਨੇ ਟੈਵਿਸ ਨੂੰ ਕਾਫੀ ਸਾਰੇ ਲੋਕਾਂ ਦੇ ਸਿਰਨਾਵੇਂ ਭੇਜੇ ਕਿ ਇਸ ਚਿੱਠੀ ਦੀ ਇਕ-ਇਕ ਨਕਲ ਉਹਨਾਂ ਨੂੰ ਵੀ ਭੇਜ ਦਿਤੀ ਜਾਵੇ, ਉਹਨਾਂ ਵਿਚ ਇਕ ਪਰਿੰਸ ਔਫ ਵੇਲਜ਼ ਵੀ ਸੀ, ਮਹਾਂਰਾਣੀ ਵਿਕਟੋਰੀਆ ਦਾ ਵੱਡਾ ਬੇਟਾ। ਉਸ ਨੇ ਇਥੇ ਹੀ ਬਸ ਨਹੀਂ ਕੀਤੀ, ਇਕ ਕਾਪੀ ਪਰੂਸੀਆ ਦੀ ਰਾਜਕੁਮਾਰੀ ਨੂੰ ਵੀ ਭੇਜ ਦਿਤੀ। ਰਾਜਕੁਮਾਰੀ ਪਰੂਸੀਆ ਮਹਾਂਰਾਣੀ ਵਿਕਟੋਰੀਆ ਦੀ ਧੀ ਰਾਜਕੁਮਾਰੀ ਵਿਕਟੋਰੀਆ ਹੀ ਸੀ ਜੋ ਜਰਮਨੀ ਦੇ ਰਾਜਕੁਮਾਰ ਨਾਲ ਵਿਆਹੀ ਹੋਈ ਸੀ ਜਿਸ ਨੇ ਹੁਣ ਅਗੇ ਜਾ ਕੇ ਜਰਮਨੀ ਦੀ ਮਹਾਂਰਾਣੀ ਵੀ ਬਣਨਾ ਸੀ। ਰਾਜਕੁਮਾਰੀ ਨਾਲ ਬਚਪਨ ਵਿਚ ਮਹਾਂਰਾਜਾ ਖੇਡਦਾ ਵੀ ਰਿਹਾ ਸੀ ਜਦ ਉਹ ਉਹਨਾਂ ਦੇ ਓਸਬੌਰਨ ਵਾਲੇ ਮਹਿਲਾਂ ਵਿਚ ਜਾਇਆ ਕਰਦਾ ਸੀ ਇਸ ਲਈ ਰਾਜਕੁਮਾਰੀ ਵਿਕਟੋਰੀਆ ਨਾਲ ਭਾਵੁਕ ਸਾਂਝ ਵੀ ਸੀ। ਉਸ ਨੇ ਲਿਖਿਆ,
‘ਹਰ ਇੰਪੀਰੀਅਲ ਹਾਈਨੈੱਸ, ਰਾਜਕੁਮਾਰੀ ਪਰੂਸੀਆ, ...ਮੈਡਮ: ...ਅਜ ਤੋਂ ਬੱਤੀ ਸਾਲ ਪਹਿਲਾਂ ਜਦ ਮੈਂ ਹਿੰਦੁਸਤਾਨ ਤੋਂ ਇੰਗਲੈਂਡ ਪੁਜਿਆ ਸਾਂ ੳਦੋਂ ਮੈਨੂੰ ਤੁਹਾਡੇ ਓਸਬੌਰਨ ਵਾਲੇ ਮਹੱਲਾਂ ਵਿਚ ਤੁਹਾਡਾ ਸਾਥ ਮਾਨਣ ਦਾ ਮਾਣ ਹਾਸਲ ਹੋਇਆ ਸੀ ਤੇ ਤੁਸੀਂ ਸਾਰੇ ਮੇਰੇ ਪੂਰਬੀ ਪਹਿਰਾਵੇ ਤੇ ਮੇਰੀ ਪੂਰਬੀ ਦਿੱਖ ਦੀ ਸ਼ਲਾਘਾ ਕਰਦੇ ਨਹੀਂ ਸੀ ਥੱਕਦੇ। ਉਦੋਂ ਇਹ ਸੁਫਨਾ ਵੀ ਨਹੀਂ ਸੀ ਲਿਆ ਕਿ ਮੈਂ ਇਸ ਤਰ੍ਹਾਂ ਅੰਗਰੇਜ਼ ਸਰਕਾਰ ਜਾਂ ਤੁਹਾਡੀ ਮਾਣਯੋਗ ਮਾਤਾ ਮਹਾਂਰਾਣੀ ਵਿਕਟੋਰੀਆ ਦੇ ਖਿਲਾਫ ਇਸ ਤਰ੍ਹਾਂ ਇਕ ਦੇਸ਼ਭਗਤ ਬਾਗੀ ਬਣ ਕੇ ਰਹਿ ਜਾਵਾਂਗਾ। ...ਮੈਨੂੰ ਇੰਗਲੈਂਡ ਸਰਕਾਰ ਵਲੋਂ ਬੁਰੀ ਤਰ੍ਹਾਂ ਦਬਾਇਆ ਗਿਆ ਹੈ, ਮੇਰੇ ਨਾਲ ਬੇਇਨਸਾਫੀ ਹੋਈ ਹੈ, ਮੇਰੀ ਬੇਇੱਜ਼ਤੀ ਕੀਤੀ ਗਈ ਹੈ ਕਿ ਇਸਾਈ ਧਰਮ ਵਿਚ ਇਸ ਤੋਂ ਬੁਰੀ ਗੱਲ ਕੋਈ ਹੋ ਹੀ ਨਹੀਂ ਸਕਦੀ। ਮੈਨੂੰ ਮੇਰੇ ਉਪਰ ਹੋਈਆਂ ਜਿ਼ਆਦਤੀਆਂ ਨੇ ਯਕੀਨ ਦਵਾ ਦਿਤਾ ਹੈ ਬਰਤਾਨੀਆਂ ਦਾ ਹਿੰਦੁਸਤਾਨ ਦਾ ਰਾਜ ਬਿਲਕੁਲ ਧੋਖੇ ਨਾਲ ਖੜਾ ਕੀਤਾ ਗਿਆ ਹੈ ਤੇ ਧੋਖੇ ਨੇ ਇਕ ਦਿਨ ਡਿਗਣਾ ਹੀ ਹੁੰਦਾ ਹੈ। ...ਜਦੋਂ ਮੈਂ ਪੈਟਰਿਕ ਕੈਸੀ ਦੇ ਤੌਰ ‘ਤੇ ਗੱਡੀ ਵਿਚ ਸਫਰ ਕਰ ਰਿਹਾ ਸਾਂ ਤਾਂ ਬਰਲਿਨ ਦੇ ਸਟੇਸ਼ਨ ‘ਤੇ ਜਿਸ ਹਿਸਾਬ ਨਾਲ ਮੈਨੂੰ ਲੁੱਟ ਲਿਆ ਗਿਆ ਇਸ ਗੱਲ ਨੇ ਬ੍ਰਤਾਨਵੀ ਸਰਕਾਰ ਨੂੰ ਕੁਝ ਨਾ ਕੁਝ ਖੁਸ਼ੀ ਤਾਂ ਦਿਤੀ ਹੀ ਹੋਵੇਗੀ। ...ਜੋ ਵੀ ਹੋਵੇ ਮੈਂ ਮਹਾਂਰਾਣੀ ਦੇਣਦਾਰ ਹਾਂ ਤੇ ਉਸ ਦੀ ਸਦਾ ਇਜ਼ਤ ਕਰਦਾ ਰਹਾਂਗਾ ਤੇ ਸੱਚਾ ਨੌਕਰ ਰਹਾਂਗਾ। ...ਦਲੀਪ ਸਿੰਘ ਮਹਾਂਰਾਜਾ।’...
ਰਾਜਕੁਮਾਰੀ ਵਿਕਟੋਰੀਆ ਨੂੰ ਪਹਿਲਾਂ ਤਾਂ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇਹ ਮਹਾਂਰਾਜੇ ਦੀ ਹੀ ਚਿੱਠੀ ਹੈ। ਉਸ ਨੂੰ ਮਹਾਂਰਾਜੇ ਦੀ ਸਾਰੀ ਕਹਾਣੀ ਦਾ ਤਾਂ ਪਤਾ ਹੀ ਸੀ, ਉਸ ਨੂੰ ਕਹਾਣੀ ਸੁਣ ਕੇ ਸਦਾ ਉਸ ‘ਤੇ ਤਰਸ ਹੀ ਆਇਆ ਸੀ ਜਿਵੇਂ ਮਹਾਂਰਾਣੀ ਵਿਕਟੋਰੀਆ ਨੂੰ ਆਉਂਦਾ ਸੀ। ਮਹਾਂਰਾਜੇ ਨਾਲ ਕਦੇ ਨਫਰਤ ਨਹੀਂ ਸੀ ਹੋਈ ਪਰ ਜਦੋਂ ਉਸ ਦਾ ਨਾਂ ਪੈਟਰਿਕ ਕੈਸੀ ਨਾਲ ਜੁੜਨ ਲਗਿਆ ਸੀ ਤਾਂ ਗੱਲ ਕੁਝ ਬਦਲਣ ਲਗੀ ਸੀ ਕਿਉਂਕਿ ਜਰਮਨੀ ਦੇ ਸ਼ਾਹੀ ਪਰਿਵਾਰ ਵਿਚ ਆਇਰਸ਼ ਅੱਤਵਾਦੀਆਂ ਨੂੰ ਬਹੁਤ ਨਫਰਤ ਕੀਤੀ ਜਾਂਦੀ ਸੀ। ਜਰਮਨੀ ਦੇ ਬਾਦਸ਼ਾਹ ਨੂੰ ਕਤਲ ਕਰਨ ਦੀ ਸਾਜਿ਼ਸ਼ ਵਿਚ ਇਹਨਾਂ ਲੋਕਾਂ ਦਾ ਨਾਂ ਜੁੜਦਾ ਰਿਹਾ ਸੀ। ਸਾਰੇ ਹੀ ਸ਼ਾਹੀ ਪਰਿਵਾਰ ਵਿਚ ਇਹ ਸੋਚ ਭਾਰੂ ਸੀ ਕਿ ਮਹਾਂਰਾਜਾ ਗਲਤ ਸਲਾਹਕਾਰਾਂ ਦੇ ਹੱਥਾਂ ਵਿਚ ਚੜ੍ਹ ਗਿਆ ਹੈ ਇਸ ਲਈ ਉਲਟੇ ਪਾਸੇ ਤੁਰ ਪਿਆ ਹੈ। ਮਹਾਂਰਾਜੇ ਦੀ ਚਿੱਠੀ ਪੜ੍ਹ ਕੇ ਰਾਜਕੁਮਾਰੀ ਵਿਕਟੋਰੀਆ ਨੂੰ ਮਹਾਂਰਾਜੇ ਦੀ ਯਾਦ ਵੀ ਆਈ ਤੇ ਹਮਦਰਦੀ ਵੀ ਹੋਈ ਤੇ ਇਹ ਵੀ ਸੋਚਣ ਬਹਿ ਗਈ ਕਿ ਉਸ ਨੇ ਉਸ ਨੂੰ ਹੀ ਚਿੱਠੀ ਕਿਉਂ ਲਿਖੀ। ਇਹਨਾਂ ਦਿਨਾਂ ਵਿਚ ਮਹਾਂਰਾਜੇ ਦੀ ਹਰ ਚਾਲ ਪਿੱਛੇ ਕੋਈ ਨਾ ਕੋਈ ਕਾਰਨ ਸਮਝਿਆ ਜਾਣ ਲਗਿਆ ਸੀ। ਉਸ ਨੇ ਇਸ ਚਿੱਠੀ ਬਾਰੇ ਆਪਣੀ ਮਾਂ ਮਹਾਂਰਾਣੀ ਵਿਕਟੋਰੀਆ ਨੂੰ ਚਿੱਠੀ ਲਿਖ ਕੇ ਇਸ ਦੇ ਕਾਰਨ ਜਾਨਣੇ ਚਾਹੇ ਤੇ ਰਾਏ ਵੀ ਮੰਗੀ ਕਿ ਇਸ ਦਾ ਜਵਾਬ ਦੇਵੇ ਕਿ ਨਾ। ਮਹਾਂਰਾਜੇ ਨੂੰ ਉਸ ਦੀ ਚਿੱਠੀ ਦਾ ਰਾਜਕੁਮਾਰੀ ਵਿਕਟੋਰੀਆ ਵਲੋਂ ਕਦੇ ਜਵਾਬ ਨਹੀਂ ਆਇਆ। ਉਸ ਨੂੰ ਇਸ ਦਾ ਪਤਾ ਵੀ ਸੀ, ਉਹ ਤਾਂ ਸਭ ਦਾ ਧਿਆਨ ਇਸ ਪਾਸੇ ਖਿਚਣਾ ਚਾਹੁੰਦਾ ਸੀ ਤੇ ਕਾਮਯਾਬ ਵੀ ਸੀ।
ਮਹਾਂਰਾਜਾ ਹੁਣ ਕਦੇ ਕਦੇ ਨਿਊ ਯਾਰਕ ਟਾਈਮਜ਼ ਨੂੰ ਵੀ ਚਿੱਠੀਆਂ ਲਿਖਦਾ। ਉਥੇ ਵੀ ਉਸ ਬਾਰੇ ਪੜਨ ਵਾਲੇ ਕਾਫੀ ਲੋਕ ਸਨ ਤੇ ਪਾਠਕ ਆਪਣਾ ਪ੍ਰਤੀਕਰਮ ਵੀ ਦਿੰਦੇ ਸਨ। ਇਹਨਾਂ ਦਿਨਾਂ ਵਿਚ ਕੁਝ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਸਨ ਕਿ ਇੰਗਲੈਂਡ ਨੇ ਰੂਸ ਨਾਲ ਲੜਾਈ ਨੂੰ ਟਾਲਣ ਲਈ ਅਫਗਾਨਿਸਤਾਨ ਨੂੰ ਦੋ ਹਿੱਸਿਆਂ ਵਿਚ ਵੰਡਣ ਬਾਰੇ ਸੋਚ ਲਿਆ ਸੀ। ਮਹਾਂਰਾਜੇ ਨੂੰ ਇਸ ਗੱਲ ਨਾਲ ਤਕਲੀਫ ਹੋਣੀ ਕੁਦਰਤੀ ਸੀ ਪਰ ਦੋਸਤਾਂ ਨੂੰ ਚਿੱਠੀਆਂ ਲਿਖਦੇ ਸਮੇਂ ਉਹ ਸਦਾ ਹੀ ਚੜਦੀ ਕਲਾ ਵਿਚ ਹੁੰਦਾ ਜਿਵੇਂ ਕੋਈ ਲੀਡਰ ਜਾਂ ਜਰਨੈਲ ਆਪਣੀ ਫੌਜ ਨੂੰ ਹੌਂਸਲਾ ਦਿੰਦਾ ਅਗੇ ਵਧਣ ਲਈ ਪ੍ਰੇਰਦਾ ਹੈ ਇਸੇ ਤਰ੍ਹਾਂ ਹੀ ਮਹਾਂਰਾਜਾ ਵੀ ਹਰ ਵੇਲੇ ਆਪਣੇ ਦੋਸਤਾਂ ਨੂੰ ਕਰਦਾ। ਹਰ ਵੇਲੇ ਹੌਂਸਲੇ ਵਿਚ ਰਹਿੰਦਾ ਜਾਂ ਦਿਸਣ ਦੀ ਕੋਸਿ਼ਸ਼ ਕਰਦਾ ਰਹਿੰਦਾ। ਇਹਨਾਂ ਦਿਨਾਂ ਵਿਚ ਮਹਾਂਰਾਜੇ ਨੂੰ ਠਿੱਠ ਕਰਦਾ ਇਕ ਆਰਟੀਕਲ ਪੈਰਿਸ ਤੋਂ ਨਿਕਲਦੇ ‘ਮੌਰਨਿੰਗ ਸਟਾਰ’ ਨੇ ਛਾਪਿਆ। ਮਹਾਂਰਾਜਾ ਆਪਣੇ ਸੁਭਾਅ ਦੇ ਉਲਟ ਇਸ ਆਰਟੀਕਲ ਤੋਂ ਬਚਾਅ ਲਈ ਸਾਹਮਣੇ ਆਇਆ। ਬ੍ਰਤਾਨੀਆਂ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਮਹਾਂਰਾਜੇ ਨੂੰ ਬਦਨਾਮ ਕਰਨ ਲਈ ਉਸ ਉਪਰ ਊਜਾਂ ਤਾਂ ਲਗਾਉਂਦੀ ਹੀ ਆਈ ਸੀ, ਕਦੇ ਉਸ ਨੂੰ ਡਬਲ ਏਜੰਟ ਗਰਦਾਨ ਕੇ, ਕਦੇ ਜ਼ਾਰ ਨੂੰ ਮਾਰਨ ਵਾਲੀ ਟੀਮ ਦਾ ਹਿਮਾਇਤੀ ਬਣਾ ਕੇ, ਕਦੇ ਉਸ ਨੂੰ ਲੰਡਨ ਵਿਚ ਬੰਬਾਰੀ ਕਰਾਉਣ ਵਾਲਾ ਕਹਿ ਕੇ ਪਰ ਇਹਨਾਂ ਗੱਲਾਂ ਦਾ ਮਹਾਂਰਾਜੇ ਦਾ ਬਹੁਤਾ ਨੁਕਸਾਨ ਨਹੀਂ ਸੀ ਹੋਇਆ। ਉਸ ਦਾ ਨੁਕਸਾਨ ਤਾਂ ਡੇ-ਗਾਇਰ ਦੀ ਖੇਡੀ ਸਿਆਸਤ ਕਾਰਨ ਹੀ ਹੋਇਆ ਸੀ ਜਾਂ ਫਿਰ ਕੈਟਕੌਫ ਦੀ ਮੌਤ ਕਾਰਨ।
ਇਹਨਾਂ ਦਿਨਾਂ ਵਿਚ ਮਹਾਂਰਾਜੇ ਦਾ ਲੱਕ ਤੋੜਨ ਵਾਲੀ ਇਕ ਖ਼ਬਰ ਆਈ। ਉਹ ਇਹ ਕਿ ਉਸ ਦੇ ਚਚੇਰੇ ਭਰਾ ਠਾਕੁਰ ਸਿੰਘ ਸੰਧਾਵਾਲੀਆ ਦੀ ਪਾਂਡੀਚਰੀ ਵਿਚ ਅਚਾਨਕ ਮੌਤ ਹੋ ਗਈ। ਇਹ ਮੌਤ ਉਸ ਲਈ ਨਾ ਪੂਰਾ ਹੋਣ ਵਾਲਾ ਘਾਟਾ ਸੀ। ਉਸ ਦਾ ਹਿੰਦੁਸਤਾਨ ਵਿਚ ਉਸ ਦੀ ਇਕੋ ਇਕ ਪ੍ਰਮੁੱਖ ਧਿਰ ਜਿਸ ਨੂੰ ਉਹ ਜਾਣਦਾ ਤੇ ਸਮਝਦਾ ਸੀ। ਠਾਕੁਰ ਸਿੰਘ ਦੀ ਮੌਤ ‘ਤੇ ਉਹ ਕਹਿੰਦਾ ਫਿਰ ਰਿਹਾ ਸੀ ਕਿ ਉਹ ਹੁਣ ਉਸ ਤੋਂ ਬਿਨਾਂ ਕੀ ਕਰੇਗਾ। ਉਸ ਦੇ ਸ਼ੰਘਰਸ਼ ਦਾ ਬਹੁਤਾ ਭਾਰ ਠਾਕੁਰ ਸਿੰਘ ਉਪਰ ਹੀ ਸੀ ਬਲਕਿ ਇਸ ਸ਼ੰਘਰਸ਼ ਦੀ ਸ਼ੁਰੂਆਤ ਵਿਚ ਉਸ ਦਾ ਬਹੁਤ ਵੱਡਾ ਹੱਥ ਸੀ, ਉਸ ਦਾ ਪ੍ਰਧਾਨ ਮੰਤਰੀ ਸੀ। ਉਹ ਸਮਝ ਸਕਦਾ ਸੀ ਕਿ ਠਾਕੁਰ ਸਿੰਘ ਦੀ ਮੌਤ ਸ਼ੱਕੀ ਸੀ, ਹਾਲੇ ਕੁਝ ਦਿਨ ਪਹਿਲਾਂ ਤਾਂ ਉਸ ਨੂੰ ਠਾਕੁਰ ਸਿੰਘ ਦੀ ਚਿੱਠੀ ਆਈ ਸੀ ਜਿਸ ਵਿਚ ਅਗਲੀਆਂ ਸਕੀਮਾਂ ਦਾ ਵਰਨਣ ਸੀ। ਐੱਲਵਡਨ ਹਾਲ ਵਿਚ ਤੇ ਫਿਰ ਹਾਲੈਂਡ ਪਾਰਕ ਵਾਲੇ ਘਰ ਵਿਚ ਬੈਠ ਕੇ ਉਹਨਾਂ ਬਹੁਤ ਸਾਰੀਆਂ ਸਕੀਮਾਂ ਬਣਾਈਆਂ ਸਨ। ਇਹ ਖ਼ਬਰ ਉਸ ਨੂੰ ਡਰਾ ਵੀ ਰਹੀ ਸੀ ਤੇ ਉਸ ਦੇ ਭਵਿਖ ਨੂੰ ਧੁੰਦਲਾ ਵੀ ਬਣਾ ਰਹੀ ਸੀ। ਉਹ ਕਈ ਦਿਨ ਤਕ ਠਾਕੁਰ ਸਿੰਘ ਦੀ ਮੌਤ ਦੇ ਸੋਗ ਵਿਚ ਡੁਬਿਆ ਰਿਹਾ। ਰੂਸ ਵਿਚ ਕੋਈ ਅਜਿਹਾ ਦੋਸਤ ਵੀ ਨਹੀਂ ਸੀ ਜਿਸ ਨਾਲ ਦਿਲ ਦੀ ਗੱਲ ਕਰਕੇ ਮਨ ਹੌਲ਼ਾ ਕਰ ਸਕਦਾ। ਫਿਰ ਉਹ ਦਸਵੇਂ ਗੁਰੂ ਦੀ ਭਵਿਖਬਾਣੀ ਨੂੰ ਚੇਤੇ ਕਰਦਾ ਆਪਣੇ ਸਾਹਮਣੇ ਆਉਣ ਵਾਲੇ ਇਸ ਤੋਂ ਵੀ ਵੱਡੇ ਦੁੱਖਾਂ ਬਾਰੇ ਸੋਚਣ ਲਗਦਾ ਤੇ ਆਪਣੇ ਆਪ ਨੂੰ ਹੌਂਸਲਾ ਦਿੰਦਾ ਕਿ ਜਿੱਤ ਉਸ ਦੀ ਹੀ ਹੈ।
ਮਹਾਂਰਾਜਾ ਠਾਕੁਰ ਸਿੰਘ ਬਾਰੇ ਸੋਚਦਾ ਸੋਚਦਾ ਅਰੂੜ ਸਿੰਘ ਬਾਰੇ ਵੀ ਸੋਚਣ ਲਗਿਆ। ਉਸ ਦਾ ਵੀ ਮੁੜ ਕੇ ਕੁਝ ਪਤਾ ਨਹੀਂ ਸੀ ਲਗਿਆ। ਉਸ ਨੇ ਹਿੰਦੁਸਤਾਨ ਜਾ ਕੇ ਕੋਈ ਖ਼ਬਰ ਹੀ ਨਹੀਂ ਸੀ ਭੇਜੀ। ਉਸ ਨੇ ਪਹਿਲਾਂ ਪਾਂਡੀਚਰੀ ਜਾਣਾ ਸੀ ਤੇ ਫਿਰ ਉਸ ਨੇ ਬੰਗਾਲ ਜਾ ਕੇ ਮਹਾਂਰਾਜੇ ਦੇ ਇਕ ਵਿਸ਼ਵਾਸ ਪਾਤਰ ਪੁਲੀਸ ਅਫਸਰ ਜੇ. ਸੀ. ਮਿੱਤਰ ਨੂੰ ਮਿਲਣਾ ਸੀ। ਇਹ ਬੰਗਾਲੀ ਪੁਲੀਸ ਅਫਸਰ ਹਿੰਦੁਸਤਾਨ ਨੂੰ ਅਜ਼ਾਦ ਕਰਾਉਣ ਲਈ ਕੁਝ ਵੀ ਕਰ ਸਕਦਾ ਸੀ। ਮਹਾਂਰਾਜੇ ਨੇ ਉਸ ਲਈ ਕੁਝ ਚਿੱਠੀਆਂ ਭੇਜੀਆਂ ਹੋਈਆਂ ਸਨ। ਫਿਰ ਅਰੂੜ ਸਿੰਘ ਨੇ ਉਤਰੀ ਹਿੰਦੁਸਤਾਨ ਵਲ ਜਾਣਾ ਸੀ। ਦਿੱਲੀ ਵਿਚ ਕੁਝ ਲੋਕਾਂ ਨੂੰ ਮਿਲ ਕੇ ਪੰਜਾਬ ਜਾਣਾ ਸੀ। ਮਹਾਂਰਾਜੇ ਨੂੰ ਯਕੀਨ ਸੀ ਕਿ ਅਰੂੜ ਸਿੰਘ ਨੇ ਪੈਰ ਪੈਰ ‘ਤੇ ਉਸ ਨੂੰ ਪਤਾ ਦਿੰਦੇ ਰਹਿਣਾ ਸੀ ਪਰ ਅਰੂੜ ਸਿੰਘ ਜਿਵੇਂ ਇਕ ਦਮ ਲਾ ਪਤਾ ਹੋ ਗਿਆ ਹੋਵੇ। ਉਹ ਅਰੂੜ ਸਿੰਘ ਬਾਰੇ ਫਿਕਰ ਕਰਦਾ ਕਰਦਾ ਇਕ ਦਮ ਹੌਂਸਲੇ ਵਿਚ ਆ ਜਾਂਦਾ ਤੇ ਆਪਣੇ ਆਪ ਨੂੰ ਕਹਿੰਦਾ ਕਿ ਉਹ ਜ਼ਰੂਰ ਹਿੰਦੁਸਤਾਨ ਵਿਚ ਆਪਣਾ ਕੰਮ ਕਰ ਰਿਹਾ ਹੋਵੇਗਾ। ਵਿਹਲ ਮਿਲਦੇ ਹੀ ਚਿੱਠੀ ਲਿਖੇਗਾ।
ਠਾਕੁਰ ਸਿੰਘ ਦੀ ਮੌਤ ਦੀ ਖ਼ਬਰ ਤੋਂ ਮਹਾਂਰਾਜਾ ਕੁਝ ਉਭਰਿਆ ਹੀ ਸੀ ਕਿ ਇਕ ਹੋਰ ਖ਼ਬਰ ਨੇ ਉਸ ਦੇ ਬੂਹੇ ਆ ਮੱਲੇ। ਮਹਾਂਰਾਣੀ ਬਾਂਬਾ ਅਚਾਨਕ ਚਲਾਣਾ ਕਰ ਗਈ। ਵੈਸੇ ਮਹਾਂਰਾਣੀ ਬਾਂਬਾ ਅਚਾਨਕ ਪੂਰੀ ਨਹੀਂ ਸੀ ਹੋਈ ਪਰ ਮਹਾਂਰਾਜੇ ਨੂੰ ਖ਼ਬਰ ਹੀ ਇਵੇਂ ਮਿਲੀ ਸੀ। ਉਹਨਾਂ ਦੀ ਬੇਟੀ ਰਾਜਕੁਮਾਰੀ ਸੋਫੀਆ ਕੁਝ ਦੇਰ ਤੋਂ ਟਾਈਫਾਈਡ ਨਾਲ ਬਿਮਾਰ ਚਲੀ ਆ ਰਹੀ ਸੀ। ਮਹਾਂਰਾਣੀ ਬਾਂਬਾ ਉਸ ਦੀ ਸੰਭਾਲ ਵਿਚ ਲਗੀ ਹੋਈ ਸੀ। ਹਰ ਵੇਲੇ ਉਸ ਲਈ ਦੁਆ ਵੀ ਕਰਦੀ ਰਹਿੰਦੀ। ਉਸ ਦੀ ਆਪਣੀ ਸਿਹਤ ਬਹੁਤ ਕਮਜ਼ੋਰ ਸੀ, ਸ਼ੂਗਰ ਦੀ ਮਰੀਜ਼ ਤਾਂ ਹੈ ਹੀ ਸੀ ਫਿਰ ਹਾਲਾਤ ਨੇ ਵੀ ਉਸ ਉਪਰ ਬਹੁਤ ਸਾਰਾ ਮਾਨਸਿਕ ਦਬਾਅ ਪਾ ਰਖਿਆ ਸੀ। ਇਸ ਸਾਰੇ ਨੇ ਉਸ ਉਪਰ ਅਜਿਹਾ ਅਸਰ ਕੀਤਾ ਕਿ ਇਕ ਦਿਨ ਉਹ ਬੇਹੋਸ਼ ਹੋ ਕੇ ਡਿਗ ਪਈ। ਬਾਰਾਂ ਘੰਟੇ ਕੋਮੇ ਵਿਚ ਰਹਿ ਕੇ ਚਲਦੀ ਬਣੀ। ਡਾਕਟਰ ਵਿਲੀਅਮ ਗੁੱਲ ਨੇ ਮਹਾਂਰਾਣੀ ਵਿਕਟੋਰੀਆ ਨੂੰ ਮਹਾਂਰਾਣੀ ਬਾਂਬਾ ਦੀ ਮੌਤ ਦੇ ਕਾਰਨ ਲਿਖਦਿਆਂ ਇਹੋ ਕਿਹਾ ਕਿ ਉਸ ਨੂੰ ਧੀਆਂ ਦੀ ਬਿਮਾਰੀ ਤੇ ਆਲੇ ਦੁਆਲੇ ਦੇ ਹਾਲਾਤ ਮੌਤ ਵਲ ਲੈ ਗਏ। ਮਹਾਂਰਾਣੀ ਬਾਂਬਾ ਦੀ ਮੌਤ ਦੀ ਜਿ਼ੰਮੇਵਾਰੀ ਮਹਾਂਰਾਜੇ ਦੇ ਸਿਰ ਹੀ ਮੜ੍ਹੀ ਜਾ ਰਹੀ ਸੀ। ਇਹ ਮਹਾਂਰਾਜਾ ਹੀ ਸੀ ਜੋ ਮਹਾਂਰਾਣੀ ਬਾਂਬਾ ਨੂੰ ਇਕੱਲੀ ਨੂੰ ਦੁੱਖ ਝੱਲਣ ਲਈ ਛੱਡ ਗਿਆ ਸੀ ਤੇ ਮੁੜ ਕੇ ਕੋਈ ਸਾਰ ਨਹੀਂ ਸੀ ਲਈ। ਛੇ ਬੱਚਿਆਂ ਦੀ ਦੇਖ ਭਾਲ, ਖਾਸ ਤੌਰ ਤੇ ਛੋਟੇ ਚਾਰਾਂ ਦੀ ਉਸ ਇਕੱਲੀ ਸਿਰ ਆ ਪਈ ਸੀ ਜਿਸ ਦੇ ਉਹ ਕਾਬਲ ਨਹੀਂ ਸੀ ਫਿਰ ਮਹਾਂਰਾਜੇ ਨੇ ਸ਼ਰੇਆਮ ਅਦਾ ਨੂੰ ਪਤਨੀ ਦੇ ਤੌਰ ‘ਤੇ ਲਿਆ ਰੱਖਿਆ ਸੀ।
ਮਹਾਂਰਾਣੀ ਬਾਂਬਾ ਨੂੰ 23 ਸਤੰਬਰ ਨੂੰ ਐੱਲਵੇਡਨ ਦੇ ਚਰਚ ਵਿਚ ਪੂਰੀ ਇੱਜ਼ਤ ਨਾਲ ਦਫਨਾ ਦਿਤਾ ਗਿਆ। ਲੰਡਨ ਤੋਂ ਉਸ ਦੀ ਦੇਹ ਵਿਸ਼ੇਸ਼ ਗੱਡੀ ਰਾਹੀਂ ਥੈਟਫੋਰਡ ਲਿਆਂਦੀ ਗਈ ਤੇ ਫਿਰ ਐੱਲਵੇਡਨ ਇਸਟੇਟ ਦੇ ਕਰਮਚਾਰੀ ਉਸ ਨੂੰ ਮੋਢਿਆਂ ‘ਤੇ ਚੁੱਕ ਕੇ ਉਸ ਦੀ ਕਬਰ ਤਕ ਲੈ ਕੇ ਗਏ। ਮਹਾਂਰਾਣੀ ਵਿਕਟੋਰੀਆ ਤੇ ਪਰਿੰਸ ਔਫ ਵੇਲਜ਼ ਨੇ ਇਸ ਮੌਕੇ ‘ਤੇ ਫੁੱਲਾਂ ਦੇ ਗੁਲਦਸਤੇ ਭੇਜੇ। ਇਸ ਆਖਰੀ ਰਸਮ ਵੇਲੇ ਮਹਾਂਰਾਣੀ ਦੇ ਸਾਰੇ ਬੱਚਿਆਂ ਸਮੇਤ ਹੋਰ ਵੀ ਬਹੁਤ ਸਾਰੇ ਲੋਕ ਸ਼ਾਮਲ ਹੋਏ। ਲੌਰਡ ਕਰੌਸ ਦੇ ਵਿਸ਼ੇਸ਼ ਦੂਤ ਮਿਸਟਰ ਕਲਿਫਟਨ ਡਾਕਿਨ ਨੇ ਇੰਡੀਆ ਔਫਿਸ ਨੂੰ ਤਾਰ ਦੇ ਕੇ ਦਸਿਆ ਕਿ ਇਹ ਸਾਰੀ ਰਸਮ ਬਹੁਤ ਸਹੀ ਢੰਗ ਨਾਲ ਸਿਰੇ ਚੜੀ, ਮਰਨ ਵਾਲੀ ਦੀ ਇੱਜ਼ਤ ਤੇ ਰੁਤਬੇ ਦਾ ਪੂਰਾ ਧਿਆਨ ਰੱਖਿਆ ਗਿਆ। ਮਹਾਂਰਾਣੀ ਵਿਕਟੋਰੀਆ ਨੇ ਰਾਜਕੁਮਾਰ ਵਿਕਟਰ ਨੂੰ ਇਸ ਮੌਕੇ ਤੇ ਵਿਸੇ਼ਸ਼ ਤਾਰ ਭੇਜ ਕੇ ਆਪਣੇ ਦੁੱਖ ਦਾ ਇਜ਼ਹਾਰ ਕੀਤਾ। ਰਾਜਕੁਮਾਰ ਵਿਕਟਰ ਤੇ ਉਸ ਦਾ ਛੋਟਾ ਭਰਾ ਫਰੈਡਰਿਕ ਆਖਰੀ ਵੇਲੇ ਤਕ ਮਹਾਂਰਾਜੇ ਨੂੰ ਉਡੀਕਦੇ ਰਹੇ। ਉਹ ਵਾਰ ਵਾਰ ਚਰਚ ਦੇ ਨਾਲ ਵਗਦੀ ਸੜਕ ਵਲ ਦੇਖਦੇ ਜਾ ਰਹੇ ਸਨ ਪਰ ਮਹਾਂਰਾਜਾ ਨਾ ਆਇਆ। ਮਹਾਂਰਾਜੇ ਨੇ ਆਪ ਤਾਂ ਕੀ ਆਉਣਾ ਸੀ, ਇਹਨਾਂ ਦਿਨਾਂ ਵਿਚ ਹੀ ਐੱਲਵੇਡਨ ਇਸਟੇਟ ਦੇ ਮੈਨੇਜਰ ਨੂੰ ਉਸ ਦੀ ਇਕ ਚਿੱਠੀ ਆ ਗਈ। ਲਿਖਿਆ ਸੀ;
‘...ਸਾਰੇ ਰਾਜਨੀਤਕ ਤੇ ਹੋਰ ਮਸਲਿਆਂ ਨੂੰ ਇਕ ਪਾਸੇ ਛਡਦਾ ਹੋਇਆ ਮੈਂ ਜਲਦੀ ਹੀ ਕੈਕੂਸਸ, ਜੋ ਕਿ ਸਿ਼ਕਾਰ ਦਾ ਸਵਰਗ ਹੈ, ਵਲ ਸਿ਼ਕਾਰ ਤੇ ਨਿਕਲ ਰਿਹਾ ਹਾਂ, ਮੈਨੂੰ ਇਸ ਮੌਕੇ ‘ਤੇ ਇਸ ਸੂਚੀ ਵਾਲੀਆਂ ਚੀਜ਼ਾਂ ਭੇਜ ਦਿਓ, ਖਾਸ ਤੌਰ ‘ਤੇ ਬਾਂਬਾ ਦੀ ਸਿ਼ਕਾਰ ਖੇਡਣ ਵੇਲੇ ਵਰਤੀ ਜਾਣ ਵਾਲੀ ਘੋੜੇ ਦੀ ਕਾਠੀ ਜੋ ਕਿ ਹੁਣ ਅਦਾ ਦੇ ਕੰਮ ਆਵੇਗੀ।’
ਇਹ ਚਿੱਠੀ ਕਿਸੇ ਪਤਰਕਾਰ ਦੇ ਹੱਥ ਲੱਗ ਗਈ ਤੇ ਮਹਾਂਰਾਜੇ ਦਾ ਖੂਬ ਮਜ਼ਾਕ ਉਡਾਇਆ ਜਾਣ ਲਗਿਆ। ਇਕ ਪਾਸੇ ਉਸ ਦੀ ਘਰਵਾਲੀ ਮਰੀ ਪਈ ਸੀ ਤੇ ਉਹ ਆਪਣੀ ਪਤਨੀ ਵਲੋਂ ਵਰਤੀ ਜਾਣ ਵਾਲੀ ਘੋੜੇ ਦੀ ਕਾਠੀ ਦੀ ਮੰਗ ਕਰ ਰਿਹਾ ਸੀ ਤਾਂ ਜੋ ਉਸ ਦੀ ਦੂਜੀ ਔਰਤ ਦੇ ਕੰਮ ਆ ਸਕੇ। ਮਹਾਂਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਮੁਆਫੀਆਂ ਮੰਗਣੀਆਂ ਸ਼ੁਰੂ ਕਰ ਦਿਤੀਆ ਪਰ ਬ੍ਰਤਾਨਵੀ ਅਖ਼ਬਾਰਾਂ ਕੋਲ ਉਸ ਲਈ ਕੋਈ ਮੁਆਫੀ ਨਹੀਂ ਸੀ। ਇਹ ਗੱਲ ਕਈ ਦਿਨਾਂ ਤਕ ਉਛਾਲੀ ਜਾਂਦੀ ਰਹੀ।
ਪਰਿੰਸ ਔਫ ਵੇਲਜ਼ ਉਸ ਦਾ ਪੁਰਾਣਾ ਦੋਸਤ ਸੀ, ਇਕੱਠੇ ਸਿ਼ਕਾਰ ਖੇਡਦੇ ਰਹੇ ਸਨ। ਉਸ ਨੇ ਮਹਾਂਰਾਜੇ ਨੂੰ ਇਸ ਮੌਕੇ ‘ਤੇ ਅਫਸੋਸ ਪ੍ਰਗਟ ਕਰਦਿਆਂ ਤਾਰ ਭੇਜੀ। ਮਹਾਂਰਾਜੇ ਨੇ ਪਰਿੰਸ ਔਫ ਵੇਲਜ਼ ਦੀ ਤਾਰ ਦਾ ਆਪਣੇ ਹੀ ਅੰਦਾਜ਼ ਵਿਚ ਉਤਰ ਦਿੰਦਿਆਂ ਕਿਹਾ;
‘...ਕਿਸੇ ਹੋਰ ਹਾਲਾਤ ਵਿਚ ਮੈਂ ਤੁਹਾਡੇ ਇਸ ਅਫਸੋਸ ਬਾਰੇ ਬਹੁਤ ਧੰਨਵਾਦੀ ਤੇ ਰਿਣੀ ਹੋਣਾ ਸੀ ਪਰ ਮੌਜੂਦਾ ਹਾਲਾਤ ਵਿਚ ਤੁਹਾਡੀ ਖਾਸਮ-ਖਾਸ ਮਾਂ ਜੋ ਕਿ ਵੱਡੇ ਰਾਜ ਦੀ ਮਾਲਕ ਹੋਣ ਦਾ ਦਾਅਵਾ ਕਰਦੀ ਹੈ ਜਿਹੜਾ ਜਿਸ ਰਾਜ ਦੇ ਕੱਲ ਨੂੰ ਆਪ ਨੇ ਵੀ ਰਾਜਾ ਬਣਨਾ ਹੈ ਤੇ ਇਹ ਰਾਜ ਹੇਰਾ ਫੇਰੀ ਨਾਲ ਹਥਿਆਇਆ ਹੋਇਆ ਹੈ ਤੇ ਇਸ ਕਰਕੇ ਮੈਨੂੰ ਤੁਹਾਡੇ ਇਹ ਲਫਜ਼ ਬਹੁਤ ਖੋਖਲੇ ਜਾਪ ਰਹੇ ਹਨ।’
(ਨਾਵਲ ‘ਆਪਣਾ’ ਵਿਚੋਂ)

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346