‘ਪਿੱਪਲ ਦਿਆ ਪੱਤਿਆ ਕੀ
ਖੜ-ਖੜ ਲਾਈ ਆ,
ਦਿਨ ਗਏ ਪੁਰਾਣੇ ਰੁੱਤ ਨਵਿਆਂ ਦੀ ਆਈ ਆ।’
ਪ੍ਰਸਿੱਧ ਵਿਦਵਾਨ ਖੋਜੀ ਪਿਆਰਾ ਸਿੰਘ ‘ਪਦਮ’ ਨੇ ਸਿੱਖ ਧਰਮ ਬਾਰੇ ਅਨੇਕਾਂ ਪੁਸਤਕਾਂ ਲਿਖ
ਕੇ ਸਿੱਖ ਪੰਥ ਦੀ ਵੱਡਮੁੱਲੀ ਸੇਵਾ ਕੀਤੀ ਹੈ। ਆਪ ਆਪਣੇ ਇੱਕ ਪ੍ਰਸਤਾਵ ਵਿੱਚ ਲਿਖਦੇ ਹਨ:
‘-ਬਾਬਾ ਬਘੇਲ ਸਿੰਘ ਆਖਿਆ ਕਰਦੇ ਸਨ, “ਭੁਝੰਗੀਓ, ਤੁਸੀਂ ਪਹਿਲੀ ਪਾਤਸ਼ਾਹੀ ਦਾ ਨਾਮ ਅੱਧਾ
ਨਾ ਲਿਆ ਕਰੋ, ਕਿਉਂਕਿ ਉਹ ਵੱਡੇ ਬਲਵਾਨ ਸਿੰਘ ਸਨ ਤੇ ਉਹਨਾਂ ਨੇ ਹੀ ਇਸ ‘ਸਿੰਘ ਲਹਿਰ’ ਦੀ
ਨੀਂਹ ਰੱਖੀ ਸੀ।”
‘-ਅਸੀਂ ਕਈ ਵਾਰ ਅਸਲੀਅਤ ਨੂੰ ਨਾਂ ਜਾਣਦਿਆਂ ਬਾਬਾ ਜੀ ਦੀ ਸ਼ਖ਼ਸੀਅਤ ਨੂੰ ਅਣਗੌਲਿਆ ਕਰ ਕੇ
ਕਹਿ ਛੱਡਦੇ, “ਬਾਬਾ ਜੀ, ਅਸੀਂ ਤਾਂ ਕਿਤਾਬ ਵਿੱਚ ਇਹੋ ਨਾਮ ਪੜ੍ਹਿਆ ਹੈ, ਤੇ ਲੋਕੀਂ ਵੀ
ਇਵੇਂ ਹੀ ਕਹਿੰਦੇ ਆ ਰਹੇ ਹਨ।”
‘-ਫਿ਼ਰ ਬਾਬਾ ਜੀ ਜਲਾਲ ਵਿੱਚ ਆ ਕੇ ਉੱਚੀ-ਉੱਚੀ ਬੋਲਦੇ, “ਬੱਚਿਓ! ਤੁਹਾਨੂੰ ਪਤਾ ਹੈ ਕਿ
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਿੰਘ ਉੱਤੇ ਪੂਰੀ ਵਾਰ ਲਿਖੀ ਹੈ, ਤੇ ਵਾਰਾਂ ਹਮੇਸ਼ਾਂ
ਸੂਰਬੀਰ ਯੋਧਿਆਂ, ਵਰਿਆਮਾਂ ਉੱਤੇ ਹੀ ਲਿਖੀਆਂ ਜਾਂਦੀਆਂ ਹਨ। ਫਿ਼ਰ ਇਸ ਵਾਰ ਵਿੱਚ ਕਵੀ ਨੇ
ਸਾਫ਼ ਲਿਖ ਦਿੱਤਾ ਹੈ ਕਿ ਉਹ ਮਹਾਂਪੁਰਸ਼ ਸ਼ੇਰ ਵਾਂਗ ਬੁੱਕਿਆ ਤੇ ਉਸ ਨੇ ਸਾਰੀ ਮ੍ਰਿਗਾਵਲੀ
ਭਜਾ ਦਿੱਤੀ। ਇਹ ਮ੍ਰਿਗਾਵਲੀ ਸੀ ਕਮਜ਼ੋਰ ਤੇ ਬੁਜ਼ਦਿਲ ਪ੍ਰਪੰਚੀ ਸਾਧਾਂ ਦੀ ਮੰਡਲੀ ਜਾਂ
ਕਾਇਰ ਹਾਕਮਾਂ ਦੀ ਟੋਲੀ। ਇਹ ਬਚਨ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ, ਇਹ ਬਚਨ ਉਹਨਾਂ ਦਾ
ਹੈ, ਜੋ ਚਾਰ ਪਾਤਸ਼ਾਹੀਆਂ ਦੀ ਹਜ਼ੂਰੀ ਵਿੱਚ ਰਹੇ ਸਨ ਤੇ ਸਭ ਕੁਝ ਜਾਣਦੇ ਸਨ। ਇਹ ਬਚਨ
ਧਿਆਨ ਨਾਲ ਸੁਣ ਲਵੋ:
“ਸਿੰਘ ਬੁਕੇ ਮ੍ਰਿਗਾਵਲੀ ਭੰਨੀ ਜਾਏ ਨਾ ਧੀਰ ਧਰੋਹਾ,
ਜਾਂ ਬੁਕਿਆ ਸਿੰਘ ਉਜਾੜ ਵਿੱਚ ਸਭ ਮ੍ਰਿਗਾਵਲੀ ਭੰਨੀ ਜਾਈ
ਚੜ੍ਹਿਆ ਚੰਦ ਨ ਲੁਕਈ ਕੱਢ ਕੁਨਾਲੀ ਜੋਤਿ ਛਪਾਈ……।
“ਬਾਬਾ ਨਾਨਕ ਹਰ ਤੀਰਥ ਤੇ ਗਿਆ। ਸੁਮੇਰ ਪਰਬਤ ਦੀ ਚੋਟੀ ’ਤੇ ਪਹੁੰਚਿਆ। ਫੇਰ ਮੱਕੇ ਮਦੀਨੇ,
ਬਗਦਾਦ ਵਿੱਚ ਵੀ ਉਸ ਫੇਰੀ ਪਾਈ। ਪਰ ਉਸ ਦੇ ਸਾਹਮਣੇ ਕੋਈ ਕੁਸਕਿਆ ਤੱਕ ਨਹੀਂ। ਸਭ ਨੇ ਉਸ
ਅੱਗੇ ਸਿਰ ਝੁਕਾਇਆ।”
ਇਹ ਇੱਕ ਪੁਰਾਣੀ ਵਾਰਤਾ ਹੈ। ਮੈਂ ਪਦਮ ਜੀ ਦੀਆਂ ਉਪਰੋਕਤ ਸਤਰਾਂ ਵਾਲੇ ਲੇਖ ਬਾਰੇ ਆਪਣੇ
ਵਿਚਾਰ ਲਿਖ ਰਿਹਾ ਸਾਂ। ਸਬੱਬੀਂ ਸਾਡੇ ਵਿਦਵਾਨ ਮਿੱਤਰ ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਜੀ
ਸਾਨੂੰ ਮਿਲਣ ਲਈ ਆ ਗਏ। ਗੱਲਾਂਬਾਤਾਂ ਕਰਦਿਆਂ ਪਦਮ ਜੀ ਦੇ ਉਪਰੋਕਤ ਲੇਖ ਬਾਰੇ ਵਿਚਾਰ ਛਿੜ
ਪਈ। ਮੈਂ ਉਹਨਾਂ ਨੂੰ ਪਦਮ ਜੀ ਦੇ ਇਸ ਲੇਖ ਬਾਰੇ ਆਪਣੇ ਵੱਲੋਂ ਲਿਖੇ ਜਾ ਰਹੇ ਵਿਚਾਰਾਂ
ਬਾਰੇ ਦੱਸਿਆ ਤਾਂ ਸੋਚ ਸਾਹਬ ਆਖਣ ਲੱਗੇ, “ਜੇ ਲਿਖਣ ਹੀ ਲੱਗੇ ਹੋ ਤਾਂ ਇਹਨਾਂ ਵਿਚਾਰਾਂ
ਨੂੰ ਵਿਅੰਗ ਨਾਲ ਲਿਖੋ। ਸੋ, ਅਸੀਂ ਉਸ ਸਮੇਂ ਜੋ ਵਿਚਾਰ ਲਿਖੇ, ਉਹ ਹੇਠਾਂ ਦਰਜ ਕਰ ਰਹੇ
ਹਾਂ:
ਬਾਬਾ ਬਘੇਲ ਸਿੰਘ ਜੀ ਦੇ ਵਿਚਾਰ ਅੱਜ ਤੱਕ ਪ੍ਰਵਾਨ ਨਹੀਂ ਚੜ੍ਹੇ। ਇਸੇ ਗੱਲ ਦਾ ਹਿਰਖ
ਸ਼ਾਇਦ ਵਿਦਵਾਨ ਪਿਆਰਾ ਸਿੰਘ ‘ਪਦਮ’ ਨੂੰ ਹੈ। ਸਮੇਂ ਨਾਲ ਕਦਮ ਮਿਲਾ ਕੇ ਤੁਰਨਾ ਹੀ ‘ਸਿਆਣੇ
ਪੁਰਸ਼ਾਂ’ ਦਾ ਕੰਮ ਹੈ, ਤੇ ਇਹ ਕੰਮ ਲਾਹੇਵੰਦ ਵੀ ਹੈ।
ਅੱਜ ਸਿੰਘਾਂ ਦੀ ਮਹਿਫ਼ਲ ਵਿੱਚ ਕੋਈ ‘ਦਾਸ’, ‘ਚੰਦ’, ‘ਲਾਲ’ ਅਤੇ ‘ਦੇਵ’ ਆਦਿ ਕਿਵੇਂ
ਸ਼ੋਭਾ ਪਾ ਸਕਦਾ ਹੈ! ਅਸੀਂ ਬਾਬੇ ਦੇ ਨਾਮ ਦੀ ਸਮੁੱਚੀ ਤਬਦੀਲੀ ਕਰਨ ਦੀ ਵਕਾਲਤ ਕਰਾਂਗੇ।
ਗੁਰੂ ਬਾਬੇ ਨੂੰ ਅਸੀਂ ਸਾਰੇ ਸਿੱਖ ‘ਗੁਰੂ ਨਾਨਕ ਦੇਵ ਜੀ’ ਦੇ ਨਾਮ ਨਾਲ ਯਾਦ ਕਰਦੇ ਅਤੇ
ਸਿਮਰਦੇ ਹਾਂ। ਜੇਕਰ ਨਵਾਂ ਨਾਮ ਕਰਨਾ ਹੀ ਹੈ ਤਾਂ ਗੁਰੂ ਬਾਬੇ ਦਾ ਨਾਮ ‘ਗੁਰੂ ਨਾਨਕ ਦੇਵ
ਸਿੰਘ’ ਹੀ ਠੀਕ ਜਾਪੇਗਾ।
ਭਾਈ ਨੰਦ ਲਾਲ ਜੀ ਦੇ ਨਾਂਅ ਨਾਲ ‘ਲਾਲ’ ਸ਼ਬਦ ਨਹੀਂ ਢੁੱਕਦਾ ਤੇ ਅੱਜ ਦੇ ਅਗਾਂਹ-ਵਧੂ
ਸਿੰਘਾਂ ਨੇ ‘ਭਾਈ ਨੰਦ ਲਾਲ ਸਿੰਘ’ ਨਾਮ ਠੀਕ ਹੀ ਰੱਖਿਆ ਹੈ।
ਆਰੰਭ ਵਿੱਚ ਅੰਮ੍ਰਿਤਸਰ ਵਿਸ਼ਵਵਿਦਿਆਲਿਆ ਦਾ ਨਾਮ ‘ਗੁਰੂ ਨਾਨਕ ਯੂਨੀਵਰਸਿਟੀ’ ਸੀ। ਨਾਮ
ਅਧੂਰਾ ਹੋਣ ਕਰਕੇ ਪੂਰਾ ਨਾਮ ਮੁੜ ‘ਗੁਰੂ ਨਾਨਕ ਦੇਵ ਯੂਨੀਵਰਸਿਟੀ’ ਰੱਖਣਾ ਪਿਆ। ਅੱਜ ਦੇ
ਸਿੰਘਾਂ ਦੀ ਸਭਾ ਵਿੱਚ ਇਹ ਨਾਮ ਕਿਵੇਂ ਪ੍ਰਵਾਨ ਚੜ੍ਹੇ? ਯੂਨੀਵਰਸਿਟੀ ਦਾ ਨਾਮ ‘ਗੁਰੂ ਨਾਨਕ
ਦੇਵ ਸਿੰਘ ਯੂਨੀਵਰਸਿਟੀ’ ਹੋਣਾ ਹੀ ਸ਼ੋਭਦਾ ਹੈ। ਅਸੀਂ ਯੂਨੀਵਰਸਿਟੀ ਦੇ ਵਾਈਸ- ਚਾਂਸਲਰ
ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਸ ਪਾਸੇ ਛੇਤੀ ਧਿਆਨ ਦੇਣ ਅਤੇ ਨਾਮ ਦੀ ਸੋਧ-ਸੁਧਾਈ ਕਰਕੇ
ਵਡਮੁੱਲਾ ਕਾਰਜ ਕਰਨ ਦੀ ਸ਼ੋਭਾ ਖੱਟਣ।
ਸਿੱਖ ਇੱਕ ਲੋਕਤੰਤਰੀ ਸਮਾਜ ਹੈ। ਇਸ ਵਿੱਚ ਸਮੇਂ-ਸਮੇਂ ਅਨੁਸਾਰ ਸੁਧਾਰ ਕੀਤਾ ਜਾਂਦਾ ਰਿਹਾ
ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਮਗਰੋਂ ਗੁਰੂ ਸਾਹਿਬ ਦੇ ਸੇਵਕਾਂ ਨੇ ਕਈ
ਰਹਿਤਾਂ-ਕੁਰਹਿਤਾਂ ਸਿਰਜੀਆਂ ਤੇ ਕਈ ਰਹਿਤਨਾਮੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ।
ਰੋਜ਼ਾਨਾ ‘ਅਰਦਾਸ’ ਵਿੱਚ ਵੀ ਅਸੀਂ ਕਈ ਸੋਧਾਂ ਕੀਤੀਆਂ ਹਨ ਤੇ ਕਈ ਨਵੇਂ ਪ੍ਰਕਰਣ ਪਾਏ ਹਨ।
ਚਾਰ ਤਖ਼ਤਾਂ ਦੀ ਥਾਂ ਪੰਜ ਤਖ਼ਤਾਂ ਦੀ ‘ਅਰਦਾਸ’ ਪ੍ਰਵਾਨ ਹੋਈ ਹੈ। ਮਾਤਾਵਾਂ ਦੇ ਨਾਮ ਵੀ
ਬਦਲੇ ਹਨ, ਜਿਵੇਂ:ਮਾਤਾ ਜੀਤੋ ਜੀ ਤੋਂ ਮਾਤਾ ਅਜੀਤ ਕੌਰ ਜੀ, ਮਾਤਾ ਸੁੰਦਰੀ ਜੀ ਤੋਂ ਮਾਤਾ
ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਦੇਵੀ ਤੋਂ ਮਾਤਾ ਸਾਹਿਬ ਕੌਰ ਜੀ ਕਰ ਦਿੱਤਾ ਹੈ। ਜਦੋਂ
ਸਿੰਘਣੀਆਂ ਦੇ ਨਾਮ ਨਾਲ ‘ਕੌਰ’ ਲਾਉਣ ਦਾ ਫ਼ੈਸਲਾ ਹੀ ਪੰਥ ਨੇ ਕਰ ਲਿਆ ਹੈ ਤਾਂ ਮਾਤਾਵਾਂ
ਦੇ ਨਾਮ ਨਾਲ ‘ਕੌਰ’ ਜੋੜਨਾ ਆਵੱਸ਼ਕ ਸੀ।
ਸਹਿਜਧਾਰੀ ਪ੍ਰਣਾਲੀ ਦੀ ਹੁਣ ਕੀ ਲੋੜ ਰਹਿ ਗਈ ਹੈ? ਇਹ ਸਹਿਜੇ-ਸਹਿਜੇ ਤੁਰਨ ਵਾਲੇ ਪੱਛੜੇ
ਲੋਕ ਨੇ। ਅੱਜ ਤਾਂ ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਪ੍ਰਕਿਰਿਆ ਚੱਲ ਪਈ ਹੈ। ਦੌੜ ਲਗਾ ਕੇ
ਇੱਕ-ਦੂਜੇ ਤੋਂ ਅੱਗੇ ਨਿਕਲਣਾ ਸਮੇਂ ਦੀ ਲੋੜ ਹੈ। ਇਹ ਸਹਿਜੇ- ਸਹਿਜੇ ਤੁਰਨ ਵਾਲੇ ਪੁਰਸ਼
ਅੱਜ ਦੇ ‘ਪੰਥ’ ਦੀ ਤਿੱਖੀ ਰਫ਼ਤਾਰ ਨਾਲ ਕਿਵੇਂ ਮੇਲ ਖਾ ਸਕਦੇ ਹਨ? ਭਾਈ ਘਨੲੱੀਆ ਜੀ ਅਤੇ
ਭਾਈ ਨੰਦ ਲਾਲ ਜੀ ਵਰਗੇ ਸਹਿਜਧਾਰੀ ਮਹਾਂਪੁਰਖ਼ਾਂ ਦਾ ਸਹਿਜ ਦੀ ਪਹਿਲੀ ਪੌੜੀ ‘ਤੇ ਸਾਰੀ
ਆਯੂ ਖੜੋਤੇ ਰਹਿਣਾ ਅੱਜ ਕਿਵੇਂ ਪ੍ਰਵਾਨ ਹੋ ਸਕਦਾ ਹੈ? ਸਿੱਖੀ ਦੀ ਸਿਖ਼ਰ ‘ਤੇ ਅੱਪੜਨ ਦੀ
ਪ੍ਰਕਿਰਿਆ ਸਿੰਘ ਸਜਣਾ ਹੈ। ਭਾਈ ਘਨੱਈਆ ਜੀ ਅਤੇ ਭਾਈ ਨੰਦ ਲਾਲ ਜੀ ਦੇ ਨਾਵਾਂ ਵਿੱਚ
ਪਰਿਵਰਤਨ ਕਰਕੇ ਉਹਨਾਂ ਨੂੰ ਸਿੰਘਾਂ ਦੀ ਪ੍ਰਕਿਰਿਆ ਵਿੱਚ ਲਿਆਉਣਾ ਆਵੱਸ਼ਕ ਸੀ। ‘ਭਾਈ
ਘਨੱਈਆ ਸਿੰਘ’ ਅਤੇ ‘ਭਾਈ ਨੰਦ ਲਾਲ ਸਿੰਘ ਜੀ’ ਕਿੰਨੇ ਸੁੰਦਰ ਅਤੇ ਸਜੀਲੇ ਨਾਮ ਹਨ। ਆਪਣੇ
ਬਜ਼ੁਰਗਾਂ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਬਣਦਾ ਹੈ, ਇਸ ਲਈ ਉਹਨਾਂ ਦੇ ਨਾਮ ਸੁੰਦਰ ਰੱਖਣੇ
ਬਣਦੇ ਹਨ।
ਹਰਿਆਣੇ ਦੇ ਸਰ ਛੋਟੂ ਰਾਮ ਵੱਡੇ ਵੱਡੇ ਮਾਅਰਕੇ ਮਾਰ ਗਏ। ਉਹਨਾਂ ਨੂੰ ‘ਛੋਟੂ’ ਆਖਣਾ ਕਿੰਨਾ
ਅਜੋੜ ਹੈ? ਹਰਿਆਣਵੀ ਭਰਾਵਾਂ ਅੱਗੇ ਬੇਨਤੀ ਹੈ ਕਿ ਉਹ ਵੀ ਪੰਜਾਬੀਆਂ ਨਾਲ ਕਦਮ ਮਿਲਾਉਣ।
ਅਸੀਂ ਸਭ ਨਾਮ ਬਦਲਣੇ ਹਨ ਅਤੇ ਸਭ ਨੂੰ ਸ਼ੇਰਾਂ ਦੀ ਸਭਾ ਵਿੱਚ ਲਿਆਉਣਾ ਹੈ। ਤੁਸੀਂ ਸਾਡੀ
ਬੇਨਤੀ ਮੰਨੋ- ਛੋਟੂ ਰਾਮ ਦਾ ਨਾਮ ‘ਵਡਕਾ ਰਾਮ ਸਿੰਘ’ ਰੱਖੋ, ਜੋ ਉਹਨਾਂ ਦੀ ਸ਼ਾਨ ਨੂੰ
ਵਧਾਇਆ ਕਰੇਗਾ ਤੇ ਉਹਨਾਂ ਦੇ ਮਹਾਨ ਕੰਮਾਂ ਦੇ ਨਾਲ ਉਹਨਾਂ ਦਾ ਨਾਮ ‘ਹਾਣੀ’ ਹੋਇਆ ਜਾਪੇਗਾ।
ਸਹਿਜਧਾਰੀ ਪਿਛਲੇ ਸਮੇਂ ਦੀ ਲੋੜ ਸੀ, ਅੱਜ ਉਹਨਾਂ ਦਾ ਪੰਥ ਨਾਲ ਕੀ ਨਾਤਾ ਜੋੜਾਂਗੇ?
ਸ਼ੇਰਾਂ ਦੇ ਸ਼ੇਰ ਹੀ ਪਰਾਹੁਣੇ ਹੁੰਦੇ ਹਨ, ਨਾ ਕਿ ਲੂੰਬੜ ਅਤੇ ਬਿੱਲੀਆਂ।
ਕੁਨੰਦ ਹਮ ਜਿਨਸ ਬਾ ਹਮ ਜਿਨਸ ਪ੍ਰਵਾਜ਼
ਕਬੂਤਰ ਬਾ ਕਬੂਤਰ, ਬਾਜ਼ ਬਾ ਬਾਜ਼
ਕਬੂਤਰ ਕਬੂਤਰਾਂ ਨਾਲ ਅਤੇ ਬਾਜ਼ ਬਾਜ਼ਾਂ ਨਾਲ ਹੀ ਉੱਡਦੇ ਸੋਹਣੇ ਲੱਗਦੇ ਹਨ। ਸਿੰਘ ਪ੍ਰਥਾ
ਦੀ ਨੀਂਹ ਬਾਬਾ ਬਘੇਲ ਸਿੰਘ ਜੀ ਦੇ ਅਨੁਸਾਰ ‘ਬਾਬਾ ਨਾਨਕ ਸਿੰਘ ਜੀ’ ਨੇ ਰੱਖੀ ਸੀ। ਸੰਨ:
1699 ਈ: ਵਿੱਚ ਗੁਰੂ ਦਸਵੇਂ ਪਾਤਸ਼ਾਹ ਨੇ ਇਸ ਪ੍ਰਥਾ ਨੂੰ ਪ੍ਰਵਾਨ ਕਰਕੇ ਅੱਗੇ ਤੋਰਿਆ। ਇਸ
ਲਈ ਸਹੀ ਗੱਲ ਤਾਂ ਇਹ ਬਣਦੀ ਹੈ ਕਿ ਜਿਸ ‘ਬਾਬਾ ਨਾਨਕ ਦੇਵ ਸਿੰਘ’ ਨੇ ‘ਸਿੰਘ ਪ੍ਰਥਾ’ ਚਲਾਈ
ਸੀ, ਉਹਨਾਂ ਦੇ ਅਵਤਾਰ ਧਾਰਨ ਵਾਲੇ ਦਿਨ ਹੀ ‘ਸਿੰਘ ਪ੍ਰਥਾ’ ਦੀ ਵਰ੍ਹੇਗੰਢ ਮਨਾਉਣੀ
ਢੁੱਕਵੀਂ ਗੱਲ ਹੋਵੇਗੀ। ਜੇਕਰ ਮੇਰੀ ਬੇਨਤੀ ਪ੍ਰਵਾਨ ਚੜ੍ਹੇ ਤਾਂ ਮੈਂ ਆਪਣਾ ਧੰਨਭਾਗ
ਸਮਝਾਂਗਾ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਸਿੰਘ ਤੋਂ ਬਾਅਦ ਵਾਲੇ ਉਹਨਾਂ ਦੇ
ਉੱਤਰਾਧਿਕਾਰੀ ਸਾਰੇ ‘ਸਿੰਘ’ ਅਖਵਾਉਣ ਦੇ ਅਧਿਕਾਰੀ ਹਨ।
ਓਸ਼ੋ ਰਜਨੀਸ਼ ਤਾਂ ਆਪਣੇ ਭਾਸ਼ਣਾਂ ਵਿੱਚ ਤੇ ਪ੍ਰਵਚਨਾਂ ਵਿੱਚ ਸਿੱਖ ਧਰਮ ਦੀ ਵਿਚਾਰਧਾਰਾ
ਨੂੰ ‘ਆਜ ਕੀ ਤਾਜ਼ਾ ਖ਼ਬਰ’ ਆਖਦਾ ਸੀ। ਇਹ ਵਿਚਾਰ ਉਦੋਂ ਹੀ ਸਾਰਥਕ ਸਮਝੇ ਜਾਣਗੇ ਜੇ ਕੋਈ
ਢੁੱਕਵੀਂ ਨਵੀਂ ਪਿਰਤ ਦਾ ਆਰੰਭ ਕੀਤਾ ਜਾਵੇ। ਇਸ ਲਈ ਪ੍ਰੋ: ਪਿਆਰਾ ਸਿੰਘ ਪਦਮ ਸਾਡਾ ਸਭ ਦਾ
ਧੰਨਵਾਦ ਕਬੂਲ ਕਰਨ ਕਿ ਉਹਨਾਂ ਨੇ ਭੁੱਲੀ ਵਿਸਰੀ ਗੱਲ ਨੂੰ ਸੰਗਤਾਂ ਦੇ ਸਾਹਮਣੇ ਲਿਆਂਦਾ
ਹੈ।
ਸਿੱਖ ਇਤਿਹਾਸ ਵਿੱਚ ਕਈ ਉਕਾਈਆਂ ਰਹਿ ਗਈਆਂ ਹਨ: ਜਿਵੇਂ ਸ੍ਰੀ ਅਕਾਲ ਬੁੰਗਾ/ ਅਕਾਲ ਤਖ਼ਤ
ਦੀ ਸਾਜਨਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤੀ, ਪਰ ਗੁਰੂ ਸਾਹਿਬ ਨੇ ਇਸ ਦੀ ਸੇਵਾ
ਸੰਭਾਲ ਲਈ ਕੋਈ ਸੇਵਾਦਾਰ ਜਾਂ ਜਥੇਦਾਰ ਆਦਿ ਨਹੀਂ ਸੀ ਥਾਪਿਆ। ਇਸ ਘਾਟ ਨੂੰ ਪੂਰਾ ਕਰਨ ਲਈ
ਅਜੋਕੇ ਸਮੇਂ ਭਾਈ ਗੁਰਦਾਸ ਜੀ ਨੂੰ ਸ੍ਰੀ ਅਕਾਲ ਤਖ਼ਤ ਦੇ ਪਹਿਲੇ ਜਥੇਦਾਰ ਵਜੋਂ ਲਿਖਣਾ
ਆਰੰਭਿਆ ਹੈ। ਸੋ, ਇਸ ਤਰ੍ਹਾਂ ਦੀਆਂ ਹੋਰ ਕਈ ਤਰੁੱਟੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨਾ
ਬਣਦਾ ਹੈ।
ਸੋ, ਉਪਰੋਕਤ ਵਿਚਾਰਾਂ ਨੂੰ ਪੜ੍ਹ ਕੇ ਪਾਠਕ ਇਹ ਨਾ ਸਮਝਣ ਕਿ ਮੈਂ ਇਹਨਾਂ ਵਿਚਾਰਾਂ ਦਾ
ਹਾਮੀ ਹਾਂ। ਪੁਰਾਣੇ ਸਮੇਂ ਦੀਆਂ ਮਹਾਨ ਹਸਤੀਆਂ ਦੇ ਨਾਵਾਂ ਨਾਲ ਖਿਲਵਾੜ ਕਰਨਾ ਇੱਕ ਵੱਡੀ
ਅਵੱਗਿਆ ਹੈ। ਦਿੱਲੀ ਵਿੱਚ ਮਾਤਾ ਸੁੰਦਰੀ ਜੀ ਦਾ ਗੁਰਦੁਆਰਾ ਅਤੇ ਮਾਤਾ ਸੁੰਦਰੀ ਰੋਡ ਅੱਜ
ਵੀ ਮੌਜੂਦ ਹੈ। ਮਾਤਾ ਜੀ ਨੂੰ ਸੁੰਦਰ ਕੌਰ ਆਖਣਾ ਅਢੁੱਕਵਾਂ ਜਾਪਦਾ ਹੈ। ਇਹ ਇਸ ਤਰ੍ਹਾਂ
ਜਾਪਦਾ ਹੈ, ਜਿਵੇਂ ਕਿਸੇ ਪੁਰਸ਼ ਦੇ ਨਾਂਅ ਨਾਲ ‘ਕੌਰ’ ਸ਼ਬਦ ਵਰਤਿਆ ਗਿਆ ਹੋਵੇ। ਸੁੰਦਰੀ
ਸ਼ਬਦ ਇੱਕ ਅਤਿਅੰਤ ਆਕਰਸ਼ਕ ਨਾਮ ਹੈ। ਪ੍ਰਸਿੱਧ ਵਿਦਵਾਨ ਲੇਖਕ ਭਾਈ ਵੀਰ ਸਿੰਘ ਜੀ ਨੇ ਇਸ
ਨਾਂਅ ਤੋਂ ਪ੍ਰਭਾਵਿਤ ਹੋ ਕੇ ‘ਸੁੰਦਰੀ’ ਸਿਰਲੇਖ ਹੇਠ ਇੱਕ ਨਾਵਲ ਲਿਖਿਆ, ਜੋ ਬੇਹੱਦ ਮਕਬੂਲ
ਹੋਇਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਸ਼ਮਸ਼ੇਰ ਸਿੰਘ ਅਸ਼ੋਕ ਜੀ ਨੇ
‘ਹੁਕਮਨਾਮੇ ਤੇ ਨਿਸ਼ਾਨ’ ਪੁਸਤਕ ਦੀ ਪ੍ਰਕਾਸ਼ਨਾ ਕੀਤੀ। ਡਾ: ਗੰਡਾ ਸਿੰਘ ਜੀ ਨੇ ਵੀ ਇਸੇ
ਭਾਂਤ ਦੀ ਪੁਸਤਕ ਲਿਖੀ, ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਛਾਪੀ। ਇਸ ਪੁਸਤਕ ਦੇ ਪੰਨਾ
ਨੰਬਰ 122 ਉੱਤੇ ਮਾਤਾ ਗੁਜਰੀ ਜੀ ਦੇ ਹੁਕਮਨਾਮੇ ਵਿੱਚ ਇਵੇਂ ਲਿਖਿਆ ਮਿਲਦਾ ਹੈ:
ਸ਼੍ਰੀ ਮਾਤਾ ਗੁਜਰੀ ਜੀ ਵੱਲੋਂ ਸੰਗਤਿ ਧਰਿ ਬਸੀਆਂ ਜੋਗੁ……।
ਅਜੋਕੇ ਸਮੇਂ ਅਸੀਂ ਮਹਾਨ ਮਾਤਾ ਦੇ ਆਕਰਸ਼ਕ ਨਾਮ ‘ਮਾਤਾ ਗੁਜਰੀ ਜੀ’ ਨੂੰ ‘ਮਾਤਾ ਗੁਜਰ
ਕੌਰ’ ਲਿਖਣਾ ਆਰੰਭ ਕਰ ਦਿੱਤਾ ਹੈ। ਇਸੇ ਪੁਸਤਕ ਦੇ ਪੰਨਾ 197 ਉੱਤੇ ਮਾਤਾ ਸੁੰਦਰੀ ਜੀ ਦੇ
ਹੁਕਮਨਾਮਾ ਨੰਬਰ 68 ਵਿੱਚ ਇਸ ਤਰ੍ਹਾਂ ਦਰਜ ਹੈ:
ਸ੍ਰ਼ੀ ਮਾਤਾ ਸੁੰਦਰੀ ਜੀ ਵੱਲੋਂ ਸੰਗਤਿ ਵਾਸੀ ਪਟਣੇ ਕੀ ਜੋਗੁ……।
ਇਸ ਪੁਸਤਕ ਵਿੱਚ ਹੁਕਮਨਾਮਾ ਨੰਬਰ 68 ਤੋਂ 73 ਤੱਕ 6 ਹੁਕਮਨਾਮੇ ਛਪੇ ਮਿਲਦੇ ਹਨ, ਜਿਨ੍ਹਾਂ
ਵਿੱਚ ਮਾਤਾ ਸੁੰਦਰੀ ਦੇ ਨਾਂਅ ਨਾਲ ਕਿਧਰੇ ਵੀ ‘ਕੌਰ’ ਸ਼ਬਦ ਵਰਤਿਆ ਨਹੀਂ ਮਿਲਦਾ। ਇਸ
ਪੁਸਤਕ ਵਿੱਚ ਮਾਤਾ ਸੁੰਦਰੀ ਜੀ, ਮਾਤਾ ਸਾਹਬ ਦੇਵੀ ਜੀ ਅਤੇ ਮਾਤਾ ਗੁਜਰੀ ਜੀ ਦੇ ਕਈ
ਹੁਕਮਨਾਮੇ ਦਰਜ ਹਨ, ਜਿਨ੍ਹਾਂ ਵਿੱਚ ਕਿਧਰੇ ਵੀ ਮਾਤਾਵਾਂ ਦੇ ਨਾਂਅ ਨਾਲ ‘ਕੌਰ’ ਸ਼ਬਦ
ਵਰਤਿਆ ਨਹੀਂ ਮਿਲਦਾ।
ਕੁਝ ਦਿਨ ਪਹਿਲਾਂ ਖ਼ਬਰ ਛਪੀ ਸੀ ਕਿ ਦਮਦਮਾ ਸਾਹਬ ਵਿਖੇ ਦੋ ਅਸਥਾਨ ਸੰਤ ਹਰਬੰਸ ਸਿੰਘ
ਕਾਰਸੇਵਾ ਵਾਲਿਆਂ ਨੇ ਜਥੇਦਾਰ ਅਵਤਾਰ ਸਿੰਘ ਮੁਕੜ ਨੂੰ ਸੌਂਪੇ ਹਨ। ਇੱਕ ਦਾ ਨਾਂਅ ਮਾਤਾ
ਸੁੰਦਰ ਕੌਰ ਅਤੇ ਦੂਜੇ ਦਾ ਨਾਂਅ ਮਾਤਾ ਸਾਹਿਬ ਕੌਰ ਰੱਖਿਆ ਗਿਆ ਹੈ। ਮੱਕੜ ਸਾਹਿਬ ਨੇ ਆਪਣੇ
ਨਾਂਅ ਨਾਲੋਂ ਮੱਕੜ ਸ਼ਬਦ ਹਟਾ ਦਿੱਤਾ, ਜੋ ਉਹਨਾਂ ਦਾ ਪ੍ਰਚੱਲਤ ਨਾਂਅ ਸੀ ਤੇ ਮਾਤਾਵਾਂ ਦੇ
ਪ੍ਰਚੱਲਤ ਨਾਵਾਂ ਨਾਲ ‘ਕੌਰ’ ਸ਼ਬਦ ਵਰਤਿਆ ਜਾ ਰਿਹਾ ਹੈ। ਇਹ ਸਭ ਕੁਝ ਉਹ ਆਪਣੀ ਨਿੱਜੀ ਸੋਚ
ਦੇ ਪ੍ਰਭਾਵ ਅਧੀਨ ਕਰ ਰਹੇ ਹਨ, ਜੋ ਇੱਕ ਵੱਡੀ ਅਵੱਗਿਆ ਹੈ।
ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਬ ਦੇ
ਜਥੇਦਾਰ ਸਾਹਬ ਅੱਗੇ ਸਨਿਮਰ ਬੇਨਤੀ ਕਰਦੇ ਹਾਂ ਕਿ ਉਹ ਸਿੱਖ ਪੰਥ ਵਿਚਲੇ ਇਤਿਹਾਸਕ ਨਾਵਾਂ
ਨਾਲ ਹੋ ਰਹੀ ਅਵੱਗਿਆ ਨੂੰ ਹੁਕਮਨਾਮੇ ਜਾਰੀ ਕਰਕੇ ਬੰਦ ਕਰਾਉਣ ਦਾ ਯਤਨ ਕਰਨ। ਇਤਿਹਾਸਕ
ਮਹੱਤਤਾ ਵਾਲੇ ਨਾਵਾਂ ਨੂੰ ਬਦਲਣ ਨਾਲ ਕਈ ਤਰ੍ਹਾਂ ਦੀਆਂ ਉਲਝਣਾਂ ਪੈਦਾ ਹੁੰਦੀਆਂ ਹਨ। ਅਸੀਂ
ਆਪਣੇ ਵਿਦਵਾਨ ਲਿਖਾਰੀਆਂ ਨੂੰ ਬੇਨਤੀ ਕਰਾਂਗੇ ਕਿ ਉਹ ਆਪਣੀਆਂ ਲਿਖਤਾਂ ਵਿੱਚ ਪ੍ਰਚੱਲਿਤ
ਇਤਿਹਾਸਕ ਨਾਂਅ ਹੀ ਵਰਤਣ।
ਇਹ ਪੜ੍ਹ ਕੇ ਤਸੱਲੀ ਹੁੰਦੀ ਹੈ ਕਿ ਮੁਕਤਸਰ ਦੀ ਲੜਾਈ ਵਿੱਚ ਹਿੱਸਾ ਲੈਣ ਵਾਲੀ ਮਹਾਨ ਇਸਤਰੀ
ਮਾਤਾ ਭਾਗੋ ਦਾ ਨਾਂਅ ਹਾਲੇ ਤੱਕ ‘ਮਾਤਾ ਭਾਗੋ’ ਹੀ ਰਹਿਣ ਦਿੱਤਾ ਗਿਆ ਹੈ, ‘ਮਾਤਾ ਭਾਗ
ਕੌਰ’ ਨਹੀਂ ਬਣਾਇਆ ਗਿਆ। ਇਸ ਤੋਂ ਸੇਧ ਲੈਣੀ ਬਣਦੀ ਹੈ.
-0-
|