(1) ਛੰਦ ਪਰਾਗੇ
ਛੰਦ ਪਰਾਗੇ ਬੋਦੀ ਵਾਲਾ ਐਸਾ ਤਾਰਾ ਚੜ੍ਹਿਆ
ਭਾਰਤ ਦੇ ਵਿਚ ਪੌਂਣਾਂ ਤਾਈਂ ਭਗਵਾਂ ਨਾਗ ਹੈ ਲੜਿਆ ।
ਛੰਦ ਪਰਾਗੇ ਇਸ ਤਾਰੇ ਦੀ ਏਡੀ ਲੰਮੀ ਬੋਦੀ
ਹਿੰਦੂਤਵ ਦਾ ਪੱਤਾ ਲਾ ਕੇ ਚੌਣਾਂ ਜਿਤ ਗਿਆ ”ਮੋਦੀ” ।
ਛੰਦ ਪਰਾਗੇ ਇਸ ਰਾਜੇ ਨੇ ਐਸੇ ਹੱਥ ਵਿਖਾਉੇਣੇ
ਕੁੱਝ ਮਰਵਾਉਣੇ ਬੁੱਧੀਜੀਵੀ ਬਾਕੀ ਖੂੰਜੇ ਲਾਉਣੇ ।
ਛੰਦ ਪਰਾਗੇ ਸਾਂਝੇ ਸਭਿਆਚਾਰ ਦਾ ਤੁਖ਼ਮ ਮਿਟਾਉਣਾ
ਇਸ ਨੇ ਅੰਦਰਖਾਤੇ ”ਇੱਕੋ” ਧਰਮ ਦਾ ਛਤਰ ਝੁਲਾਉਣਾ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਤਾਰੇ
ਜ਼ੁਲਮ, ਜਬਰ ਸੰਗ ਜੂਝਣ ਦੇ ਲਈ ਏਕਾ ਕਰ ਲਓ ਸਾਰੇ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਛੈਣਾ
ਹਰ ਮਾਨਵ ਨੂੰ ਆਪੋ ਆਪਣਾ ਫਰਜ਼ ਨਿਭਾਉਣਾ ਪੈਣਾ ।
ਛੰਦ ਪਰਾਗੇ ਧਨ ਲੇਖਕ, ਧਨ ਮਾਵਾਂ ਜਿਨ੍ਹਾਂ ਜਾਏ
ਪੁਰਸਕਾਰ ਸਰਕਾਰੀ ਜਿਨ੍ਹਾਂ ਵਾਪਸ ਮਾਰ ਵਗਾਹੇ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਮੇਲਾ
ਭਾਰਤਵਰਸ਼ ਦੇ ਲੋਕੋ ਜਾਗੋ ਹੁਣ ਜਾਗਣ ਦਾ ਵੇਲਾ ।
(2) ਛੰਦ ਪਰਾਗੇ
ਛੰਦ ਪਰਾਗੇ ਬਟੂਆ ਲੈ ਗਏ ਅਤੇ ਪਾੜ ਗਏ ਝੱਗਾ
ਪੁਲਸੀਏ ਚੋਰਾਂ ਨਾਲੋਂ ਬਦਤਰ ਲ਼ਹੂ ਹੈ ਮੂੰਹ ਨੂੰ ਲੱਗਾ ।
ਛੰਦ ਪਰਾਗੇ ਦਫ਼ਤਰਾਂ ਦੇ ਵਿੱਚ ਬੈਠੇ ਵੱਡੇ ਅਫ਼ਸਰ
ਲਿਸ਼ਕ-ਪੁਸ਼ਕ ਤਾਂ ਬੜੀ ਹੈ ਬਾਹਰੋਂ ਐਪਰ ਅੰਦਰੋਂ ਨਸ਼ਤਰ ।
ਛੰਦ ਪਰਾਗੇ ਅੱਜ ਦੇ ਸ਼ਾਸਕ ਖ਼ੌਫ਼ ਰਤਾ ਨਾ ਖਾਂਦੇ
ਉੱਪਰੋਂ ਲੈ ਕੇ ਹੇਠਾਂ ਤੀਕਰ ਖ਼ਲਕਤ ਲੁੱਟੀ ਜਾਂਦੇ ।
ਛੰਦ ਪਰਾਗੇ ਧੱਨ ਵਿਦੇਸ਼ੀ ਆਪਣੇ ਦੇਸ਼ ”ਚ ਲਾ ਕੇ
ਆਖਣ ਦੂਰ ਗਰੀਬੀ ਕਰਨੀ ਸਿਰ ਤੇ ਕਰਜ਼ ਚੜ੍ਹਾ ਕੇ ।
ਛੰਦ ਪਰਾਗੇ ਭਗਵੇਂ ਵਸਤਰ ਮੱਥੇ ਉੱਤੇ ਟਿੱਕਾ
ਹਿੰਦੀ, ਹਿੰਦੂ, ਹਿੰਦੂਤਵ ਦਾ ਕਹਿਣ ਚਲਾੳੇਣਾ ਸਿੱਕਾ ।
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਸ਼ਾਇਰ
ਕੁੱਝ ਸਰਕਾਰਾਂ ਦੇ ਨਾਲ ਰਲ਼ ਗਏ ਕੁੱਝ ਬਣ ਬੈਠੇ ਕਾਇਰ ।
ਛੰਦ ਪਰਾਗੇ ਉੱਠੋ ਲੋਕੋ ! ਲਾਹ ਦਿਓ ਗਲ਼ੋਂ ਗਲ਼ਾਵਾਂ
ਇੱਕ-ਜੁੱਟ ਹੋ ਕੇ ਹੰਭਲਾ ਮਾਰੋ, ਹੋਵਣ ਦੂਰ ਬਲ਼ਾਵਾਂ ।
ਕਵੀਆ ਓਇ...................।
-0-
ਗੱਦ-ਕਾਵਿ
ਮੈਂ ਕੀ ਵਾਪਸ ਕਰਾਂ !
ਨਾ ਮੈਂ ਜੇ. ਪੀ ਦੇ ਸੰਘਾਸਣ ਤੇ ਬਿਰਾਜਮਾਨ ਹੋਇਆ
ਨਾ ਮੈਂ ਓ.ਬੀ. ਈ ਦੀ ਕਲਗੀ ਸੀਸ ਤੇ ਸਜਾਈ
ਨਾ ਮੈਂ ਐਮ.ਬੀ.ਈ ਦੇ ਦੁਮਾਲੇ ਦਾ ਸਿਰ ਤੇ ਸੂਰਜ ਉਦੇ ਕੀਤਾ
ਨਾ ਮੈਂ ਕਾਊਂਸਲਰ ਦੀ ਉਪਾਧੀ ਪਾ ਕੇ ਸਤਾਰੇ ਵਾਂਗ ਚਮਕਿਆ,
ਜੋ ਮੇਰੇ ਖੱਬੇ ਪੈਰ ਦੀ ਚੀਚੀ ਦੀ ਮਾਰ ਸੀ
ਨਾ ਲਾਰਡ ਮੇਅਰ ਦੀ ਸਰਕਾਰੀ ਸੰਗਲੀ ਗਲ਼ ਵਿਚ ਪਾਈ
ਨਾ ਕਿਸੇ ਸਰਕਾਰੀ,ਅਰਧ-ਸਰਕਾਰੀ ਸੰਸਥਾ ਦੀ
ਸਰਦਾਰੀ ਦੀ ਦਸਤਾਰ ਸਜਾਈ
ਨਾ ਮੈਂ ਅਖਬਾਰਾਂ ਵਿਚ ਸੁਰਖੀਆਂ ਲਗਵਾ ਕੇ
ਸ਼ਬਦਾਂ ਦਾ ਬਾਦਸ਼ਾਹ ਬਣਿਆ
ਨਾ ਕਿਧਰੇ ਕੋਈ ਰਾਸ ਰਚਾਈ, ਨਾ ਕੀਤੀ ਕੋਈ”ਘੁੰਡ ਚੁਕਾਈ”
ਆਪਣੇ ਨਾਂ ਦੀ ਧੂਣੀ ਵੀ ਨਾ ਕਦੇ ਰਮਾਈ
ਉਲਟਾ,ਸਦਾ ਸੱਤਾ ਦੇ ਬਾਗ ਦੇ ਮਾਲੀਆਂ/ ਮਾਲਕਾਂ ਸੰਗ
ਉਮਰ ਭਰ, ਝਗੜਦਾ ਰਿਹਾ,ਲੜਦਾ ਰਿਹਾ
ਫੁੱਲਾਂ ਅਤੇ ਬੂਟਿਆਂ ਦੇ ਹੱਕ ਵਿਚ ਖੜਦਾ ਰਿਹਾ
ਜਦੋਂ ਕਦੀ ਭਾਰਤ ਵੀ ਗਿਆ
ਕਦੀ ਕਿਸੇ ”ਮਹਾਂਰਥੀ” ਨੂੰ ਨਹੀਂ ਮਿਲਿਆ
ਕਦੀ ਕਿਸੇ ਸਾਹਿਤ ਦੇ ਜਰਨੈਲ ਵੱਲ ਦੋਸਤੀ ਦਾ ਹੱਥ ਨਹੀਂ ਵਧਾਇਆ
ਜੇ ਕਿਸੇ ਨਿਮੰਤਰਨ-ਪੱਤਰ ਦਿੱਤਾ ਵੀ ਤਾਂ
ਨਿਮਰਤਾ ਸਹਿਤ ਖਿਮਾ ਅਰਜ਼ ਕਰ ਕੇ ਪੱਲਾ ਛੁਡਾਇਆ
ਇਸ ਡਰ ਨਾਲ ਕਿ ਕਿਤੇ ਉਹ ਵੀ ਪਰਦੇ ਹੇਠੋਂ
ਦਿੱਲੀ ਦੀ ਸਮਰਾਟ,”ਨਾਗਫਣੀ” ਵਾਲੀ ਸ਼ਾਇਰਾ ਵਰਗੀ/ ਵਰਗਾ ਨਾ ਨਿਕਲੇ,
ਦਫ਼ਤਰਾਂ ਵਿਚ ਧੱਕੇ ਖਾ ਕੇ ਵਾਪਸ ਪਰਤ ਆਇਆ
ਅੱਜ ਤਕ ਸਥਾਪਤੀ ਦੇ ਰੰਗੀਨ,ਲੁਭਾਉਣੇ ਰਸਤੇ ਵੱਲ
ਪਿੱਠ ਕਰ ਕੇ ਹੀ ਹਾਂ ਤੁਰਦਾ ਰਿਹਾ
ਪਿੱਠ ਕਰ ਕੇ ਅੱਜ ਵੀ ਹਾਂ ਤੁਰ ਰਿਹਾ
ਪਿੱਠ ਕਰ ਕੇ ਹੀ ਤੁਰਨ ਦੀ ਚਾਹਤ ਰੱਖੀ ਪਾਲ ਹੈ
ਅੱਜ ਜਦੋਂ ਬਹੁਤ ਵੱਡੇ, ,ਕਲਮਾਂ ਦੇ ਸਿਕੰਦਰ
ਭਾਰਤ ਵਿਚ ਹਿੰਦੂ ਫਾਸ਼ੀਵਾਦੀ ਸ਼ਕਤੀਆਂ ਵੱਲੋਂ
ਦਿਨ-ਦੀਵੀਂ ਹੋ ਰਹੇ ਕਤਲਾਂ ਪ੍ਰਤੀ
ਰੋਹ ਵਿਚ ਆਏ ਰੋਸ ਵਜੋਂ
ਸਰਕਾਰ ਅਤੇ ਅਕੈਡਮੀ ਨੂੰ ਵਾਪਸ ਕਰ ਰਹੇ ਹਨ ਅਵਾਰਡ ਅਤੇ ਪੁਰਸਕਾਰ
ਮੈਂ ਉਹਨਾਂ ਦੀ ਹਾਮੀ ਤਾਂ ਅਵੱਸ਼ ਭਰਦਾ ਹਾਂ
ਅਤੇ ਹਿਮਾਲਾ ਵਾਂਗ ਉਹਨਾਂ ਦੇ ਨਾਲ ਖੜਦਾ ਹਾਂ
ਪਰੰਤੂ ਸਮਾਨੰਤਰ ਸੋਚਦਾ ਪਿਆ ਹਾਂ ਰਾਤ ਦਿਨ
ਇਸ ਤੋਂ ਸਿਵਾ ਮੇਰੇ ਪਾਸ ਹੈ ਵੀ ਕੀ
ਜੋ ਮੈਂ ਵਾਪਸ ਕਰਾਂ
ਮੈਂ ਕੀ ਵਾਪਸ ਕਰਾਂ !!
-0-
|